Janm Peedan : Dawinder Bansal

ਜਨਮ ਪੀੜਾਂ : ਦਵਿੰਦਰ ਬਾਂਸਲ

ਜਦ ਕਦੇ ਵੀ ਮੈਂ ਕਿਸੇ ਇਨਸਾਨ ਦੀਆਂ ਭਾਵਨਾਵਾਂ ਨੂੰ ਮਸਲੇ ਜਾਂਦਿਆਂ ਹੋਇਆਂ ਵੇਖਿਆ ਤਾਂ ਮੇਰੀਆਂ ਭਾਵਨਾਵਾਂ ਵੀ ਬੜੀ ਸ਼ਿੱਦਤ ਨਾਲ ਝੰਜੋੜੀਆਂ ਗਈਆਂ। ਇੱਕ ਔਰਤ ਹੋਣ ਦੇ ਨਾਤੇ ਜ਼ਿੰਦਗੀ ਮੇਰੇ ਲਈ ਵੀ ਕੋਈ ਫੁੱਲਾਂ ਦੀ ਸੇਜ ਨਹੀਂ। ਮੈਨੂੰ ਜਦ ਕਦੀ ਵੀ ਖ਼ੁਸ਼ੀ ਦੇ ਕੋਈ ਪਲ ਮਿਲੇ ਤਾਂ ਉਸ ਲਈ ਮੈਨੂੰ ਬੜੀ ਕਠਨ ਮਿਹਨਤ ਕਰਨੀ ਪਈ।

'ਮੇਰੀਆਂ ਝਾਂਜਰਾਂ ਦੀ ਛਨਛਨ' ਮੇਰੇ ਦਿਲ ਦੀ ਆਵਾਜ਼ ਹੈ। ਮੇਰੀ ਇਹ ਧਾਰਨਾ ਹੈ ਕਿ ਇਨਸਾਨ ਨੂੰ ਸਿਹਤਮੰਦ ਰਹਿਣ ਲਈ, ਆਪਣੇ ਦਿਲ ਉੱਤੇ ਪਿਆ ਕਿਸੇ ਵੀ ਤਰ੍ਹਾਂ ਦਾ ਬੋਝ ਹਲਕਾ ਕਰਨ ਲਈ, ਕੋਈ ਨਾ ਕੋਈ ਤਰਕੀਬ ਜ਼ਰੂਰ ਲੱਭ ਲੈਣੀ ਚਾਹੀਦੀ ਹੈ। ਕਿਸੀ ਵੀ ਗੱਲ ਬਾਰੇ ਮੈਂ ਜਿਸ ਤਰ੍ਹਾਂ ਵੀ ਮਹਿਸੂਸ ਕਰਦੀ ਹਾਂ, ਬਿਨਾਂ ਕਿਸੀ ਲੁਕ-ਲੁਕਾਅ ਦੇ ਉਸਨੂੰ ਆਪਣੀਆਂ ਨਜ਼ਮਾਂ ਵਿੱਚ ਜ਼ਾਹਰ ਕਰ ਦਿੰਦੀ ਹਾਂ। ਮੈਂ ਉਨ੍ਹਾਂ ਵਿਚੋਂ ਨਹੀਂ ਹਾਂ ਜੋ ਜ਼ਿੰਦਗੀ ਭਰ ਜ਼ੁਲਮ ਸਹਿੰਦੇ ਰਹਿੰਦੇ ਹਨ ਪਰ ਆਪਣੇ ਦੁੱਖਾਂ ਤਕਲੀਫ਼ਾਂ ਬਾਰੇ ਕਦੇ ਬੋਲਣ ਦੀ ਹਿੰਮਤ ਨਹੀਂ ਕਰਦੇ।

ਬੇਜ਼ਬਾਨ ਹੋ ਕੇ ਜ਼ੁਲਮ ਸਹੀ ਜਾਣਾ ਜ਼ੁਲਮ ਕਰਨ ਵਾਲੇ ਨੂੰ ਜ਼ੁਲਮ ਕਰਦੇ ਰਹਿਣ ਲਈ ਉਤਸ਼ਾਹ ਦੇਣਾ ਹੈ ਅਤੇ ਆਪਣੀ ਰੂਹ ਦਾ ਕਤਲ ਕਰਨਾ ਹੈ। ਇਹ ਘੋਰ ਅਪਰਾਧ ਹੈ। ਜਿੰਨਾ ਚਿਰ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਜ਼ੁਲਮ ਰਹਿਤ ਜ਼ਿੰਦਗੀ ਜਿਊਣਾ ਹਰ ਇਨਸਾਨ ਦਾ ਕੁਦਰਤੀ ਹੱਕ ਹੈ ਉੱਤੋਂ ਤੱਕ ਅਸੀਂ ਆਪਣੇ ਆਪ ਨਾਲ ਵੀ ਬੇਇਨਸਾਫ਼ੀ ਕਰਦੇ ਰਹਾਂਗੇ।

ਮੇਰੀਆਂ ਨਜ਼ਮਾਂ ਮੇਰੀਆਂ ਖ਼ੁਸ਼ੀਆਂ, ਗ਼ਮੀਆਂ, ਆਸ਼ਾਵਾਂ, ਨਿਰਾਸ਼ਾਵਾਂ, ਇੱਛਾਵਾਂ, ਉਮੰਗਾਂ ਅਤੇ ਭਾਵਨਾਵਾਂ ਦਾ ਹੀ ਪ੍ਰਗਟਾਵਾ ਹੈ। ਇਹ ਨਜ਼ਮਾਂ ਔਰਤ ਦਾ ਔਰਤ ਨਾਲ ਸੰਵਾਦ ਵੀ ਹੈ ਅਤੇ ਔਰਤ ਦਾ ਮਰਦ ਨਾਲ ਵੀ। ਪਿਛਲੇ ਤਕਰੀਬਨ ੨੫ ਵਰ੍ਹਿਆਂ ਤੋਂ ਸਭਿਆਚਾਰ ਦੇ ਖੇਤਰ ਵਿੱਚ ਅਤੇ ਇੱਕ ਨਰਸ ਦੇ ਤੌਰ ਤੇ ਕੰਮ ਕਰਨ ਸਦਕਾ ਮੈਨੂੰ ਔਰਤ ਅਤੇ ਮਰਦ ਦੇ ਦਰਮਿਆਨ ਪਸਰੇ ਹੋਏ ਸੂਖਮ ਰਿਸ਼ਤਿਆਂ ਦੀ ਤੰਦ-ਤਾਣੀ ਅਤੇ ਵਹਿਸ਼ੀਪੁਣੇ ਦੇ ਅਨੇਕਾਂ ਪਹਿਲੂਆਂ ਨੂੰ ਬੜੀ ਗਹਿਰਾਈ ਵਿੱਚ ਸਮਝਣ ਦੇ ਮੌਕੇ ਮਿਲਦੇ ਰਹੇ ਹਨ। ਇਸੇ ਤਰ੍ਹਾਂ ਪੁਲਿਸ ਵਿਭਾਗ ਦੇ ਉਸ ਵਿਭਾਗ ਨਾਲ ਵੀ ਕਈ ਵਰ੍ਹਿਆਂ ਤੋਂ ਵਲੰਟੀਅਰ ਦੇ ਤੌਰ ਤੇ ਕੰਮ ਕਰਨ ਦਾ ਵੀ ਮੌਕਾ ਮਿਲਿਆ ਹੈ ਜਿੱਥੇ ਕਿ ਇਨਸਾਨ ਦੀ ਦਰਿੰਦਗੀ ਦਾ ਸ਼ਿਕਾਰ ਹੋਈਆਂ ਔਰਤਾਂ ਮਦਦ ਲਈ ਆਉਂਦੀਆਂ ਹਨ। ਅਜਿਹੀਆਂ ਔਰਤਾਂ ਦੇ ਦਰਦ ਦੀਆਂ ਕਹਾਣੀਆਂ ਸੁਣਦਿਆਂ ਅਨੇਕਾਂ ਵਾਰ ਮੈਂ ਸੁੰਨ ਹੋ ਕੇ ਕਹਿ ਗਈ ਸੀ, ਕਿ ਕੀ ਇਨਸਾਨ ਇਤਨਾ ਵਹਿਸ਼ੀ ਵੀ ਹੋ ਸਕਦਾ ਹੈ?

ਛੋਟੀ ਉਮਰ ਤੋਂ ਹੀ ਮੈਨੂੰ ਡਾਇਰੀ ਲਿਖਣ ਦਾ ਸ਼ੌਕ ਸੀ। ਇਹੀ ਸ਼ੌਕ ਹੌਲੇ ਹੌਲੇ ਮੇਰੀ ਨਜ਼ਮਾਂ ਦੇ ਰੂਪ ਵਿੱਚ ਬਦਲ ਗਿਆ। ਜਦੋਂ ਕਦੀ ਵੀ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਜੋ ਦਿਲ ਦੀ ਗੱਲ ਕਰਨੀ ਚਾਹੁੰਦੀ ਸੀ ਉਹ ਪੂਰੀ ਤਰ੍ਹਾਂ ਕਹਿ ਨਹੀਂ ਹੋਈ ਜਾਂ ਕੁੱਝ ਅਜਿਹੀਆਂ ਭਾਵਨਾਵਾਂ ਜੋ ਸ਼ਬਦਾਂ ਵਿੱਚ ਪ੍ਰਗਟ ਨਹੀਂ ਕੀਤੀਆਂ ਜਾ ਸਕਦੀਆਂ ਉਹ ਵਿੰਗੀਆਂ ਟੇਢੀਆਂ ਰੇਖਾਵਾਂ ਦੇ ਤਾਣੇ-ਬਾਣੇ 'ਚੋਂ ਸ਼ਕਲਾਂ ਦਾ ਰੂਪ ਧਾਰਨ ਲੱਗੀਆਂ; ਅਤੇ ਇਸ ਤਰ੍ਹਾਂ ਮੈਂ ਆਪਣੀਆਂ ਡਰਾਇੰਗ ਅਤੇ ਨਜ਼ਮਾਂ ਨੂੰ ਇਕੱਠੇ ਰੂਪ ਵਿੱਚ ਦੇਖਣ ਲੱਗੀ।

ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬੀ ਸਾਹਿਤ ਦੇ ਪਾਠਕ ਮੇਰੀ ਇਸ ਕੋਲਾਜ ਕਿਤਾਬ ਦਾ ਓਨੇ ਹੀ ਚਾਅ ਨਾਲ ਸਵਾਗਤ ਕਰਨਗੇ ਜਿੰਨੇ ਚਾਅ ਨਾਲ ਕਿ ਮੈਂ ਉਨ੍ਹਾਂ ਨੂੰ ਇਹ ਕਿਤਾਬ ਭੇਟਾ ਕਰ ਰਹੀ ਹਾਂ।

ਜੇਕਰ ਸੰਵਾਦ ਦੇ ਸੰਪਾਦਕ ਸੁਖਿੰਦਰ ਮੈਨੂੰ ਪੰਜਾਬੀ ਸ਼ਾਇਰੀ ਵੱਲ ਆਉਣ ਲਈ ਉਤਸ਼ਾਹਿਤ ਨਾ ਕਰਦੇ ਤਾਂ ਮੇਰਾ ਇਹ ਚਿਰਾਂ ਦਾ ਸੁਪਨਾ ਸ਼ਾਇਦ ਅਧਵਾਟੇ ਹੀ ਰਹਿ ਜਾਂਦਾ। ਇਸ ਪੁਸਤਕ ਦੀ ਵਿਉਂਤਬੰਦੀ ਕਰਨ, ਸੰਪਾਦਕੀ ਕਰਨ, ਮੇਰੀਆਂ ਕੁੱਝ ਨਜ਼ਮਾਂ ਅਤੇ ਡਾਇਰੀ ਦੇ ਪੰਨਿਆਂ ਨੂੰ ਅੰਗਰੇਜ਼ੀ ਰੂਪ ਤੋਂ ਪੰਜਾਬੀ ਰੂਪ ਵਿੱਚ ਢਾਲਣ ਲਈ, ਅਤੇ ਮੇਰੀਆਂ ਡਰਾਇੰਗਾਂ ਦੇ ਪਹਿਲੇ ਆਲੋਚਕ ਅਤੇ ਸਲਾਹਕਾਰ ਦੇ ਤੌਰ ਤੇ ਕੰਮ ਕਰਦਿਆਂ ਸੁਖਿੰਦਰ ਹੋਰਾਂ ਕਦਮ ਕਦਮ ਉੱਤੇ ਜਿਸ ਸ਼ਿੱਦਤ ਅਤੇ ਸੰਜੀਦਗੀ ਨਾਲ ਮੇਰੀ ਅਗਵਾਈ ਕੀਤੀ ਹੈ ਅਤੇ ਸ਼ਾਇਰੀ ਦੇ ਅਨੇਕਾਂ ਕਲਾਤਮਕ ਪਹਿਲੂਆਂ ਬਾਰੇ ਮੇਰੀ ਚੇਤਨਾ ਤਿੱਖੀ ਕੀਤੀ ਹੈ ਉਸ ਲਈ ਮੈਂ ਉਨ੍ਹਾਂ ਦੀ ਅਹਿਸਾਨਮੰਦ ਹਾਂ।

ਇਸ ਪੁਸਤਕ ਲਈ ਆਪਣੇ ਕੀਮਤੀ ਵਿਚਾਰ ਲਿਖਣ ਲਈ ਡਾ. ਸਤਿੰਦਰ ਸਿੰਘ ਨੂਰ, ਸੁਖਿੰਦਰ (ਕੈਨੇਡਾ) ਅਤੇ ਅਮਰ ਜਿਉਤੀ (ਹਾਲੈਂਡ) ਦੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ।
ਇਸ ਪੁਸਤਕ ਦੀ ਵਧੀਆ ਛਪਾਈ ਅਤੇ ਪ੍ਰਕਾਸ਼ਨ ਕਰਨ ਲਈ ਮੈਂ ਸਵਰਨਜੀਤ ਸਵੀ ਹੋਰਾਂ ਦੀ ਸ਼ੁਕਰਗੁਜ਼ਾਰ ਹਾਂ।
ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਮੇਰੇ ਪਤੀ ਕਸ਼ਮੀਰ ਅਤੇ ਬੱਚਿਆਂ ਪਾਲ ਅਤੇ ਐਰਨ ਨੇ ਇਸ ਪੁਸਤਕ ਦੀ ਤਿਆਰੀ ਦੌਰਾਨ ਹਰ ਔਖ-ਸੌਖ ਵਿੱਚ ਮੇਰਾ ਸਾਥ ਦਿੱਤਾ ਹੈ।

ਮਈ 1, 1998
ਦਵਿੰਦਰ ਬਾਂਸਲ
ਸਕਾਰਬੋ, ਕੈਨੇਡਾ

  • ਮੁੱਖ ਪੰਨਾ : ਦਵਿੰਦਰ ਬਾਂਸਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ