ਜਗਦੀ ਬੁਝਦੀ ਪੈਂਤੀ ਅੱਖਰੀ ਦੀ ਲੋਅ 'ਚ ਵਿਗਸਦਾ ਪ੍ਰੋਫੈਸਰ ਗੁਰਭਜਨ ਗਿੱਲ : ਸੁਰਜੀਤ ਸਖੀ

ਨੱਬੇਵੇਂ ਦਹਾਕੇ ਦੇ ਕਿਸੇ ਵਰ੍ਹੇ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਕਵੀ-ਦਰਬਾਰ ਸੀ। ਮਿੱਥੇ ਸਮੇਂ ਤੋਂ ਪਹਿਲਾਂ ਹੀ ਕਵੀ ਜਨ ਜੁੜਨੇ ਸ਼ੁਰੂ ਹੋ ਗਏ ਸਨ ਅਤੇ ਇਕ ਦੂਜੇ ਤੋਂ ਖ਼ੈਰ-ਸੁੱਖ ਪੁੱਛਦੇ ਪਏ ਸਨ ਕਿ ਇੱਕ ਸਾਬਤ-ਸੂਰਤ, ਪ੍ਰਭਾਵ-ਸ਼ਾਲੀ ਅਤੇ ਖ਼ੁਸ਼ ਲਿਬਾਸ ਨੌਜਵਾਨ ਕਮਰੇ ਵਿੱਚ ਦਾਖ਼ਿਲ ਹੋਇਆ। ਸਾਰੇ ਕਵੀ ਅੱਗੜ-ਪਿੱਛੜ ਬੋਲ ਪਏ, “ਸ਼ੀਸ਼ਾ ਝੂਠ ਬੋਲਦਾ ਹੈ।" ਮਗਰੋਂ ਪਤਾ ਲੱਗਾ ਕਿ ਇਹ ਨੌਜਵਾਨ ਪ੍ਰੋਫ਼ੈਸਰ ਗੁਰਭਜਨ ਗਿੱਲ ਅਤੇ ਇਸਦਾ ਪਹਿਲਾ ਕਾਵਿ-ਸੰਗ੍ਰਹਿ “ਸ਼ੀਸ਼ਾ ਝੂਠ ਬੋਲਦਾ ਹੈ" ਹੁਣੇ-ਹੁਣੇ ਛਪਿਆ ਹੈ।ਉਦੋਂ, ਇਹ ਸੋਚ ਆਉਣੀ ਸੁਭਾਵਕ ਹੀ ਸੀ ਕਿ ਕਹਿੰਦੇ ਹੁੰਦੇ ਨੇ, ਸ਼ੀਸ਼ਾ ਝੂਠ ਨਹੀਂ ਬੋਲਦਾ ਪਰ ਇਹ....? ਕਾਫ਼ੀ ਚਿਰ ਬਾਅਦ ਕਿਸੇ ਇੰਟਰਵੀਊ 'ਚ ਸੁਣਿਆ ਕਿ “ਠੀਕ ਹੈ, ਚਿਹਰਾ ਮਨ ਦਾ ਅਕਸ ਹੁੰਦਾ ਹੈ ਪਰ, ਵੀਹਵੀਂ ਸਦੀ ਦੇ ਮਨੁੱਖ ਦਾ ਚਿਹਰਾ ਸ਼ੀਸ਼ਾ ਵੀ ਨਹੀਂ ਪੜ੍ਹ ਸਕਦਾ ਕਿਉਂਕਿ ਅੱਜ ਮਨੁੱਖ ਆਪਣੀ ਸੱਚਾਈ ਚਿਹਰੇ 'ਤੇ ਆਉਣ ਹੀ ਨਹੀਂ ਦੇਂਦਾ। ਚਿਹਰਾ ਕੁੱਝ ਕਹਿੰਦਾ ਐ ਤੇ ਜ਼ੁਬਾਨ ਕੁੱਝ ਹੋਰ ਕਹਿੰਦੀ ਹੈ!!"

ਗੁਰਭਜਨ ਗਿੱਲ ਬਹੁ-ਚਰਚਿੱਤ, ਬਹੁ-ਪੱਖੀ ਅਤੇ ਬਹੁ- ਸਾਂਸਥਿਕ ਵਿਅਕਤੀਤਵ ਹੈ। ਉਹ ਇੱਕ ਮਾਣ-ਮੱਤਾ ਪ੍ਰੋਫ਼ੈਸਰ, ਇੱਕ ਸਮਰੱਥ ਕਵੀ, ਸਮਾਜ-ਸੁਧਾਰਕ ਤੇ ਕੁਸ਼ਲ ਪ੍ਰਬੰਧਕ ਹੋਣ ਦੇ ਨਾਲ ਨਾਲ ਸੱਭਿਆਚਾਰਕ ਮੇਲਿਆਂ, ਖੇਡਾਂ ਦੇ ਟੂਰਨਾਮੈਂਟਾਂ ਅਤੇ ਸਾਹਿੱਤਕ ਇਕੱਠਾਂ ਦੀ ਰੂਹ-ਏ-ਰਵਾਂ ਹੈ। ਉਸਦੀ ਸਮੁੱਚੀ ਪ੍ਰਤਿਭਾ ਨੂੰ ਸ਼ਬਦਾਂ ਵਿੱਚ ਸਮੇਟਣਾ ਕੋਈ ਸੌਖਾ ਕੰਮ ਨਹੀਂ।

ਗੁਰਭਜਨ ਗਿੱਲ ਦੇ ਵਡੇਰੇ ਤਹਿਸੀਲ ਨਾਰੋਵਾਲ-ਜ਼ਿਲਾ ਸਿਆਲਕੋਟ ਤੋਂ 1947 ਵਿੱਚ ਦੇਸ਼ ਦੀ ਵੰਡ ਸਮੇਂ ਪਿੰਡ ਬਸੰਤ- ਕੋਟ (ਡੇਰਾ-ਬਾਬਾ ਨਾਨਕ) ਜ਼ਿਲਾ ਗੁਰਦਾਸਪੁਰ ਵਿੱਚ ਆ ਵੱਸੇ ਸਨ। ਪਿਛਲਾ ਪਿੰਡ ਰਾਵੀ ਤੋਂ ਸੱਤ ਮੀਲ ਪਾਰ ਸੀ ਅਤੇ ਇੱਧਰਲਾ ਪਿੰਡ ਰਾਵੀ ਤੋਂ ਸੱਤ ਮੀਲ ਉਰਾਰ। ਇੰਝ ਕਹੀਏ ਕਿ ਰਾਵੀ ਇਨ੍ਹਾਂ ਦੇ ਅੰਗ-ਸੰਗ ਹੈ। ਇਹ ਜੱਗ-ਜ਼ਾਹਿਰ ਹੈ ਕਿ ਸਿਆਲਕੋਟ ਦੀਆਂ ਫ਼ਸਲਾਂ ਵੀ ਗੀਤ ਗਾਉਂਦੀਆਂ ਨੇ। ਫ਼ੈਜ਼ ਅਹਿਮਦ ਫ਼ੈਜ਼, ਇਕਬਾਲ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਵੀਂ- ਨਸਲ ਦੇ ਮੋਢੀ ਸਾਹਿਤਕਾਰ ਸਿਆਲਕੋਟ ਦੀ ਧਰਤੀ ਉੱਤੇ ਹੀ ਜੰਮੇ-ਪਲੇ। ਪ੍ਰਸਿੱਧ ਕਿੱਸਾ-ਕਾਰ ਕਾਦਰਯਾਰ ਸਿਆਲਕੋਟ ਨਾਲ ਹੀ ਸੰਬੰਧ ਰੱਖਦੇ ਸਨ।

ਰਾਵੀਉਂ ਉਰਾਰ ਦੀ ਗੱਲ ਕਰੀਏ ਤਾਂ ਆਈ.ਸੀ. ਨੰਦਾ, ਸ਼ਿਵ-ਕੁਮਾਰ ਵਰਗੇ ਕਵੀ ਤੇ ਨਾਟਕਕਾਰ ਹੋਏ ਹਨ। ਇਸ ਚੌਗਿਰਦੇ ਦੀਆਂ ਹਵਾਵਾਂ ਵਿੱਚ ਬਾਸਮਤੀ ਦੀ ਖ਼ੁਸ਼ਬੂ ਹੈ ਜਿਸ ਕਾਰਨ ਕਿਸੇ ਵੀ ਹੁਨਰ ਨੂੰ ਪੁੰਗਰਨ ਵਾਸਤੇ ਉਚੇਚ ਨਹੀਂ ਕਰਨੀ ਪੈਂਦੀ, ਰੁੱਤਾਂ ਫ਼ਿਰਦਿਆਂ ਹੀ ਚੁਫ਼ੇਰੇ ਮਹਿਕ ਉੱਠਦੇ ਹਨ।

ਛੱਲੇ-ਮੁੰਦੀਆਂ ਵਟਾਉਣ ਦੀ ਉਮਰੇ ਉਸਨੂੰ ਪੜ੍ਹਨ-ਲਿਖਣ ਦੀ ਚੇਟਕ ਲੱਗ ਗਈ। ਲੇਖਕਾਂ ਨਾਲ ਸੰਗਤ ਕਰਨ ਨਾਲ ਵਿਚਾਰ ਆਇਆ ਕਿ ਸ਼ਬਦਾਂ ਦੀ ਦੋਸਤੀ ਰਾਹੀਂ ਵੀ ਨਾਇਕ ਬਣਿਆ ਜਾ ਸਕਦਾ ਹੈ।ਕਾਲਿਜ ਦੇ ਦਿਨਾਂ ਵਿੱਚ ਪ੍ਰੋ: ਸੁਰਿੰਦਰ ਗਿੱਲ “ਚਾਨਣ ਦੇ ਛੱਟੇ' ਦੇ ਰਿਹਾ ਸੀ, ਕੋਈ ਛਿੱਟਾ ਗੁਰਭਜਨ ਗਿੱਲ ਉੱਤੇ ਵੀ ਪੈ ਗਿਆ ਜਿਸਨੇ ਉਸਨੂੰ ਟਿਕਣ ਨਾ ਦਿੱਤਾ ਤੇ ਉਹ ਕਵਿਤਾ ਵੱਲ ਨੂੰ ਹੋ ਤੁਰਿਆ। ਪ੍ਰਭਾਤੀ ਗਾਉਣ ਵਾਲਿਆਂ ਨੇ ਸੁਣਨ ਦੀ ਚੇਟਕ ਲਾਈ ਤੇ ਸੁਣਦਿਆਂ ਸੁਣਦਿਆਂ ਲਿਖਣ ਵਲ ਰੁਚੀ ਹੋ ਗਈ, ਸੋ, ਇੰਜ ਵੀ ਕਹਿ ਸਕਦੇ ਹਾਂ ਕਿ ਜਦੋਂ ਕੋਈ ਸੁਲੱਖਣਾ ਕਾਰਜ ਹੋਣਾ ਹੋਵੇ ਤਾਂ ਕਾਰਨ ਕਈ ਬਣ ਜਾਂਦੇ ਹਨ।

ਜੀਵਨ ਦੇ ਵੱਖੋ ਵੱਖ ਰੰਗਾਂ ਦੇ ਨਾਲ ਨਾਲ ਉਸਦੇ ਵਿਸ਼ੇ ਵੀ ਆਪਣਾ ਰੂਪ ਬਦਲਦੇ ਰਹਿੰਦੇ ਹਨ। ਹਰ ਰਚਨਾ ਆਪਣਾ ਰੂਪ ਲੈ ਕੇ ਆਉਂਦੀ ਹੈ ਉਹ ਭਾਵੇਂ ਬੈਂਤ, ਗਜ਼ਲ, ਗੀਤ ਯਾ ਰੁਬਾਈ ਹੋਵੇ। ਮਿੱਥ ਕੇ ਉਹ ਨਹੀਂ ਲਿਖਦਾ। ਯੋਜਨਾ-ਬੱਧ ਲਿਖਤ ਵਿੱਚ ਕਲਾਕਾਰੀ ਤਾਂ ਹੁੰਦੀ ਹੈ ਪਰ ਕਵਿਤਾ ਨਹੀਂ। ਉਹ ਕੋਈ ਵਿਉਂਤ-ਬੰਦੀ ਨਹੀਂ ਕਰਦਾ, ਨਾ ਹੀ ਕੋਈ ਘਾੜਤ ਘੜਦਾ ਹੈ। ਜੋ ਵੀ ਗੱਲ ਕਰਦਾ ਹੈ ਉਹ ਗੱਲ ਉਸਦੇ ਧੁਰ ਅੰਦਰੋਂ ਦਿਲੋਂ ਆਪ-ਮੁਹਾਰੀ ਫੁੱਟਦੀ ਹੈ ਤੇ ਅਸਰ ਰੱਖਦੀ ਹੈ।

ਸਮਾਜਿਕ ਤਾਣੇ-ਬਾਣੇ ਵਿੱਚ, ਜਿੱਥੇ ਵੀ ਅਤੇ ਜੋ ਵੀ ਅਣਸੁਖਾਵਾਂ ਹੋਵੇ, ਉਹ ਉਹਨੂੰ ਹਲੂਣ ਦੇਂਦਾ ਹੈ। ਜਿੰਨੀ ਸ਼ਿੱਦਤ ਨਾਲ ਉਸਦੇ ਉੱਤੇ ਘਟਨਾ ਅਸਰ ਕਰਦੀ ਹੈ ਉਂਨੀ ਹੀ ਸ਼ਿੱਦਤ ਨਾਲ ਉਸਦੇ ਅੰਦਰੋਂ ਉਹ ਕਵਿਤਾ ਯਾ ਕਿਸੇ ਹੋਰ ਸਾਹਿਤਕ ਵਿਧਾ ਦਾ ਰੂਪ ਧਾਰ ਕੇ ਬਾਹਰ ਆਉਂਦੀ ਹੈ ਅਤੇ ਉਵੇਂ ਹੀ ਉਹ ਪਾਠਕਾਂ/ਸ਼੍ਰੋਤਿਆਂ ਉੱਤੇ ਡੂੰਘਾ ਪ੍ਰਭਾਵ ਛੱਡਦੀ ਹੈ।

ਜਿੱਥੇ ਜੀਵਨ ਦੇ ਨਾਂਹ-ਪੱਖੀ ਪਹਿਲੂ ਉਸਨੂੰ ਬੇ-ਚੈਨ ਕਰਦੇ ਹਨ ਉੱਥੇ ਹੀ ਜੀਵਨ ਦੀ ਸੁੰਦਰਤਾ ਵੀ ਉਸਨੂੰ ਭਰਪੂਰ ਹਿਲੋਰ ਵਿੱਚ ਲੈ ਆਉਂਦੀ ਹੈ। ਅਜੋਕੇ ਸਮੇਂ ਵਿੱਚ ਸਥਾਪਤ ਲੇਖਕ ਤਾਂ ਕੀ, ਕਈ ਸਿਖਾਂਦਰੂ ਲੇਖਕ ਵੀ ਅੰਬਰੀਂ ਉਡਾਰੀਆਂ ਮਾਰਨ ਲੱਗਿਆਂ ਸਮਾਜਿਕ ਕਦਰਾਂ-ਕੀਮਤਾਂ ਨੂੰ ਨਕਾਰਦੇ ਹੀ ਨਹੀਂ ਸਗੋਂ ਸੁਚੱਜੇ ਸਮਾਜਿਕ ਪ੍ਰਬੰਧ ਦੀ ਛੱਪੜ ਦੇ ਖਲੋਤੇ-ਬਦਬੂ ਮਾਰਦੇ ਪਾਣੀ ਨਾਲ ਤੁਲਨਾ ਕਰਨ ਲੱਗਦੇ ਹਨ, ਉੱਥੇ ਗੁਰਭਜਨ ਗਿੱਲ ਦਾ ਮੰਨਣਾ ਹੈ ਕਿ ਲੇਖਕ ਕੋਈ ਬਹੁਤੀ ਵੱਡੀ ਸ਼ੈਅ ਨਹੀਂ ਸਗੋਂ ਸਮਾਜ ਦੀ ਹੀ ਉਪਜ ਹਨ ਤੇ ਸਮਾਜ ਨਾਲ ਜੁੜਨ ਵਿੱਚ ਹੀ ਉਨ੍ਹਾਂ ਦੀ ਵਡਿਆਈ ਹੈ।ਦੂਜੇ ਦੇ ਗੁਣਾਂ ਨੂੰ ਸਲਾਹੁਣ ਵਿੱਚ ਮਹਾਨਤਾ ਹੈ। ਉਹ ਕਹਿੰਦਾ ਹੈ:- “ਗੁਰੂ ਨਾਨਕ ਸਾਹਿਬ ਦੇ ਦੱਸਣ ਅਨੁਸਾਰ “ਕਿਛੁ ਸੁਣੀਐ ਕਿਛੁ ਕਹੀਐ” ਦੇ ਸਿਧਾਂਤ ਨੂੰ ਅਪਨਾਉਣਾ ਬਹੁਤ ਜ਼ਰੂਰੀ ਹੈ ਜਦ ਕਿ ਅੱਜ-ਕਲ੍ਹ “ਕਹੀਐ ਹੀ ਕਹੀਐ” ਦੀ ਪ੍ਰਵਿਰਤੀ ਹੀ ਪ੍ਰਧਾਨ ਹੈ, “ਸੁਣੀਐ” ਦੀ ਨਹੀਂ। ਸਮਾਜ ਬਾਰੇ ਵਿਚਾਰ-ਗੋਸ਼ਠੀ ਦਾ ਨਾ ਹੋਣਾ ਅਗਿਆਨਤਾ ਹੈ। ਸੱਚ ਦੀ ਰਾਖੀ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਕਿਸੇ ਦੂਜੇ ਦੀ ਹਸਤੀ ਨੂੰ ਪਛਾਣ ਕੇ ਕਬੂਲੀਏ।"

“ਸ਼ਰਾਬ ਦੀ ਮਹਿਮਾ ਅਤੇ ਹਥਿਆਰਾਂ ਵਾਲੇ ਗੀਤ ਮਾਨਸਿਕਤਾ ਖੰਡਤ ਕਰਦੇ ਹਨ ਅਤੇ ਬੱਚਿਆਂ ਨੂੰ ਸੰਵੇਦਨਸ਼ੀਲ ਬਣਾਉਣਾ ਜ਼ਰੂਰੀ ਹੈ, ਸੰਵੇਦਨਸ਼ੀਲਤਾ ਗਿਆਨ ਦਾ ਘੇਰਾ ਵਿਸ਼ਾਲ ਕਰਦੀ ਹੈ। ਆਪਣਾ ਮੂਲ ਪਛਾਨਣਾ ਬਹੁਤ ਜ਼ਰੂਰੀ ਹੈ।” ਇਹੋ ਜਿਹੇ ਕਿੰਨੇ ਹੀ ਅਣਮੁੱਲੇ ਵਿਚਾਰ ਉਸਦੀ ਗੱਲਬਾਤ ਵਿੱਚ ਸ਼ਾਮਿਲ ਹੁੰਦੇ ਹਨ। ਧਰਮ ਵਿੱਚ ਡੂੰਘੀ ਆਸਥਾ ਹੈ ਉਸਦੀ। ਆਸਾ ਜੀ ਦੀ ਵਾਰ ਦਾ ਕੀਰਤਨ ਬਿਨਾ-ਨਾਗਾ ਸੁਣਨਾ ਉਸਦੇ ਜੀਵਨ ਦਾ ਅੰਗ ਹੈ। ਆਪਣੇ ਅਧਿਆਪਕ ਦੇ ਕਲਮਾਂ ਘੜਨ ਵਾਲੇ ਮਹਾਨ ਗੁਣ ਦੇ ਪ੍ਰਭਾਵ-ਸਦਕਾ ਕਦੀ ਦਰਿਆ-ਕੰਢਿਉ ਕਾਨੇ ਲਿਆ ਕੇ ਕਲਮਾਂ ਘੜ-ਘੜ ਵੰਡਦਾ ਇਹ ਮਾਣਮੱਤਾ ਕਵੀ ਜੀਵਨ ਦਾ ਵਲ ਸਿੱਖਦਾ ਰਿਹਾ। ਉਸਦੀ ਇਹ ਖ਼ੂਬਸੂਰਤ ਕਵਿਤਾ ਹਰ ਪੜ੍ਹਨ ਸੁਣਨ ਵਾਲੇ ਨੂੰ ਬਚਪਨ ਵਿੱਚ ਲੈ ਜਾਂਦੀ ਹੈ:-

ਯਾਦਾਂ ਵਾਲੇ ਉੱਡਣੇ ਪੰਛੀ, ਜਦ ਵਿਹੜੇ ਵਿੱਚ ਆ ਜਾਂਦੇ ਨੇ,
ਉੱਡਦੇ ਬਹਿੰਦੇ ਚੁੱਪ ਚੁਪੀਤੇ, ਦਿਲ ਦੀ ਤਾਰ ਹਿਲਾ ਜਾਂਦੇ ਨੇ।।

-O-

ਚਾਕੂ ਨਾਲ ਕਲਮ ਨੂੰ ਘੜ ਕੇ, ਜਿਵੇਂ ਗਿਆਨੀ ਜੀ ਸੀ ਲਿਖਦੇ,
ਪੈਂਤੀ-ਅੱਖਰ ਜਗਦੇ ਬੁਝਦੇ, ਹੁਣ ਵੀ ਰਾਹ ਰੁਸ਼ਨਾ ਜਾਂਦੇ ਨੇ।।

ਗੁਰੂ ਨਾਨਕ, ਬਾਬਾ ਫ਼ਰੀਦ, ਹਾਸ਼ਿਮਸ਼ਾਹ, ਕਾਦਰਯਾਰ, ਵਾਰਿਸ਼ਸ਼ਾਹ ਅਤੇ ਹੋਰ ਅਨੇਕ ਆਧੁਨਿਕ ਕਵਿਤਾ ਦੇ ਰਚਨਾਕਾਰਾਂ ਦਾ ਸ਼ੈਦਾਈ ਗੁਰਭਜਨ ਗਿੱਲ ਪਤਾ ਨਹੀਂ ਕਿਹੜੇ ਲੋਰ ਵਿੱਚ ਪੰਜ ਵਾਰ ਪਾਕਿਸਤਾਨ ਜਾ ਕੇ ਆਇਐ। ਬੁਲੰਦ ਵਿਚਾਰਾਂ ਦਾ ਧਾਰਨੀ ਦੱਸਦਾ ਹੈ ਕਿ ਧਰਤੀ ਦੀ ਮਰਿਆਦਾ ਸ਼ਬਦ ਦੀ ਇੱਜ਼ਤ ਕਰਨੀ ਹੈ । ਜੇ ਕਿਸੇ ਦਾ ਇੱਕ ਵੀ ਸ਼ਿਅਰ ਕਿਸੇ ਵਿੱਚ ਬਦਲਾਅ ਲਿਆ ਸਕਦਾ ਹੋਵੇ ਤਾਂ ਕਮਾਲ ਹੈ।

ਉਸਦਾ ਨਜ਼ਰੀਆ ਹੈ ਕਿ ਲੋਕ-ਸਾਹਿਤ ਸਮੇਂ-ਸਮੇਂ ਆਪਣਾ ਰੂਪ ਬਦਲਦਾ ਹੈ। ਹਰ ਧਰਤੀ ਦੀ ਪੀੜ ਸਮੇਂ-ਸਮੇਂ ਆਪਣੀ ਤਾਸੀਰ ਬਦਲਦੀ ਹੈ। ਬੋਲੀ ਦਾ ਵਿਕਾਸ ਨਵੇਂ ਸ਼ਬਦ ਜੋੜਨ ਨਾਲ ਹੁੰਦਾ ਹੈ। ਭਾਸ਼ਾ ਸਿੱਧੀ ਸਾਦੀ ਹੋਵੇ ਜੋ ਲੋਕ ਸਮਝ ਲੈਣ। ਕਾਲਜਾਂ-ਯੂਨੀਵਰਸਿਟੀਆਂ ਦੀ ਜਟਿਲਤਾ ਤੋਂ ਭਾਸ਼ਾ ਦੀ ਮੁਕਤੀ ਦੀ ਲੋੜ ਹੈ।

ਸ਼ਬਦ ਗੁਰੂ ਦੀ ਰੌਸ਼ਨੀ ਵਿੱਚ ਜੀਣਾ-ਥੀਣਾ ਹੀ ਉਸ ਲਈ ਆਪਣੀ ਮੰਜ਼ਲ ਦੀ ਪ੍ਰਾਪਤੀ ਦਾ ਸਾਧਨ ਹੈ। ਜੀਵਨ ਦਾ ਲੇਖਾ-ਜੋਖਾ ਆਪ ਹੀ ਨਬੇੜਨ ਵਿੱਚ ਵਿਸ਼ਵਾਸ਼ ਹੈ ਉਸਦਾ। ਰੱਬ ਨੂੰ ਯਾਰ ਕਹਿਣ ਵਾਲੀ ਖ਼ੁਮਾਰੀ ਵਿੱਚ ਉਸਦੇ ਅੰਦਰ ਤਰਬਾਂ ਛਿੜਦੀਆਂ ਹਨ, ਸਾਜ਼ ਵੱਜਦੇ ਹਨ, ਅਨਹਦ-ਨਾਦ ਗੂੰਜਦਾ ਹੈ, ਮਰਦਾਨੇ ਦੀ ਰਬਾਬ ਚੇਤੇ ਆਉਂਦੀ ਐ ਤੇ ਉਹ ਬਿਹਬਲ ਹੋ ਕੇ ਕਹਿ ਉੱਠਦਾ ਹੈ:- “ਸੱਚੀਂ ਯਾਰ ! ਮਿਲ ਜਾਇਆ ਕਰ।”

ਇਹ ਸੁੰਦਰ ਖ਼ਿਆਲ ਵੇਖੋ:-

ਮੌਸਮ ਦੇ ਪੈਰਾਂ ਵਿੱਚ ਝਾਂਜਰ, ਫੁੱਲਾਂ ਨੇ ਛਣਕਾਈ ਫ਼ੇਰ,
ਟਾਹਣੀਆਂ ਉੱਤੇ ਬੈਠੇ ਰੱਬ ਦੇ, ਪੀਲੇ, ਲਾਲ ਗੁਲਾਬੀ ਵੇਸ॥

ਗੱਲ ਕੀ, ਜਿਉਂ ਜਿਉਂ ਬੰਦਾ ਉਸ ਨੂੰ ਪੜ੍ਹਦਾ ਹੈ, ਸੁਣਦਾ ਹੈ, ਕਿਸੇ ਹੋਰ ਹੀ ਦੁਨੀਆਂ ਵਿੱਚ ਵਿੱਚਰ ਰਿਹਾ ਮਹਿਸੂਸਦਾ ਹੈ। ਉਸਦੀ ਭਾਸ਼ਾ ਜਿੱਥੇ ਸਰਲ-ਸ-ਸ਼ਕਤ ਹੈ ਉੱਥੇ ਮਿਕਨਾਤੀਸੀ ਖਿੱਚ ਨਾਲ ਭਰਪੂਰ ਹੈ ਜਿਸ ਕਾਰਨ ਪੜ੍ਹਦਿਆਂ/ਸੁਣਦਿਆਂ ਅਕੇਵਾਂ/ਥਕੇਵਾਂ ਨੇੜੇ ਨਹੀਂ ਆਉਂਦਾ ਸਗੋਂ ਇੱਕ ਅਨੰਦ-ਮਈ ਅਵਸਥਾ ਰਹਿੰਦੀ ਹੈ।

ਉਹ ਜਿਵੇਂ ਕਿਸੇ ਪਹਿਰੇਦਾਰ ਵਾਂਗ ਹਯਾਤੀ ਦੇ ਚੌਰਸਤੇ ਉੱਤੇ ਖਲੋਤਾ ਲੰਘਦੀਆਂ ਪਲੰਘਦੀਆਂ ਨਿੱਕੀਆਂ/ਵੱਡੀਆਂ ਘਟਨਾਵਾਂ ਅਤੇ ਵਰਤ ਰਹੇ ਵਰਤਾਰਿਆਂ ਨੂੰ ਘੋਖਦਾ/ਪਰਖਦਾ ਰਹਿੰਦਾ ਐ। ਐਸਾ ਕੁੱਝ ਵੀ ਜੋ ਉਹਦੀ ਅੱਖ 'ਚ ਰੜ੍ਹਕੇ, ਪਲ 'ਚ ਦਬੋਚ ਕੇ ਉਸਨੂੰ ਕਿਸੇ-ਨਾ-ਕਿਸੇ ਸਾਹਿੱਤਕ ਵੰਨਗੀ ਵਿੱਚ ਚਿੱਤਰ ਲੈਂਦਾ ਹੈ। ਵਿਸ਼ਾ-ਵਸਤੂ ਉਸ ਕੋਲ ਬਲਵਾਨ ਹੀ ਹੁੰਦਾ ਹੈ ਤੇ ਅਦਭੁਤ ਸ਼ਬਦਾਵਲੀ ਉਸਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੀ ਹੈ। ਵਿਸ਼ਾਲ ਸ਼ਬਦ ਭੰਡਾਰ ਹੈ ਉਸ ਕੋਲ ਤੇ ਸ਼ਬਦ ਇੰਨੇ ਸਾਊ ਅਤੇ ਆਗਿਆਕਾਰ ਹਨ ਉਸਦੇ ਕਿ ਅੱਖ ਦੇ ਇਸ਼ਾਰੇ ਨਾਲ ਹੀ ਅਣਗਿਣਤ ਹੱਥ ਬੰਨ੍ਹੀ ਉਦ੍ਹੇ ਅੱਗੇ ਪਿੱਛੇ ਘੁੰਮਣ ਲੱਗਦੇ ਹਨ। ਉਹ ਸ਼ਬਦ ਦੀ ਮਰਿਆਦਾ ਚੰਗੀ ਤਰ੍ਹਾਂ ਸਮਝਦਾ ਹੈ, ਆਦਰ ਕਰਨਾ ਜਾਣਦਾ ਹੈ ਤੇ ਇਸੇ ਤਰ੍ਹਾਂ ਸ਼ਬਦ ਅਤੇ ਗੁਰਭਜਨ ਗਿੱਲ ਇੱਕ ਦੂਜੇ ਦੀ ਆਬਰੂ ਬਣ ਜਾਂਦੇ ਹਨ। ਉਸਦੇ “ਜਵਾਨੀ ਨੂੰ ਸ਼ਸਤਰ ਦੀ ਨਹੀਂ ਸ਼ਾਸਤਰ ਦੀ ਲੋੜ ਹੈ" ਅਜਿਹੇ ਕਿੰਨੇ ਹੀ ਵਾਕ ਮਹਾਂਵਾਕ ਬਣਨ ਦੀ ਸਮਰੱਥਾ ਰੱਖਦੇ ਹਨ। ਹਰ ਦਿਨ ਹੱਥੀਂ ਕਿਰਤ ਕਰਕੇ ਜੀਵਨ ਤੋਰਨ ਵਾਲਿਆਂ ਵਾਸਤੇ ਉਹ ਦੋ-ਟੂਕ ਗੱਲ ਕਰਦਾ ਹੈ। ਉਸਦੀ ਸਾਫ਼ਗੋਈ ਹੈ ਕਿ:-

“ਮਜ਼ਦੂਰ ਦਾ ਕੋਈ ਦਿਹਾੜਾ ਨਹੀਂ ਹੁੰਦਾ, ਸਿਰਫ਼ ਦਿਹਾੜੀ ਹੁੰਦੀ ਹੈ। ਦਿਹਾੜੀ ਟੁੱਟਦਿਆਂ ਮਜ਼ਦੂਰ ਟੁੱਟਦਾ ਹੈ, ਘਰ-ਬਾਹਰ ਟੁੱਟਦਾ ਹੈ।

ਮਜ਼ਦੂਰ ਟੁੱਟਦਾ ਹੈ, ਘਰ-ਬਾਹਰ ਟੁੱਟਦਾ ਹੈ।”

-0-

ਜਦੋਂ ਧਰਤ ਸੌਂ ਜਾਂਦੀ ਹੈ, ਕਿਤੇ ਦੂਰ ਟਟੀਹਰੀ ਬੋਲਦੀ ਹੈ, ਗਲੀਆਂ 'ਚ ਚੁੱਪ ਪਸਰੀ ਹੈ, ਤੇ ਅਜੇ ਤੀਕ ਮਾਂ ਦਾ ਜਾਗਣਾ ਉਸਨੂੰ ਝਿੰਜੋੜਦਾ ਹੈ ਤੇ ਉਹ ਆਖਦਾ ਹੈ:- “ਮਾਂ ਵੱਡਾ ਸਾਰਾ ਰੱਬ ਹੈ।

ਉਸਦਾ ਸਮੁੱਚਾ ਕਾਵਿ-ਪ੍ਰਬੰਧ ਵੇਖਦਿਆਂ ਪਰਖਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਕਵਿਤਾ ਲਿਖਦਾ ਨਹੀਂ ਸਗੋਂ ਕਵਿਤਾ ਉਸਨੂੰ ਉਤਰਦੀ ਹੈ ਯਾ ਕਹੀਏ ਕਿ ਨਾਜ਼ਿਲ ਹੁੰਦੀ ਹੈ। ਸਿਰਜਣ ਪ੍ਰਕਿਰਿਆ ਦੌਰਾਨ ਤਮਾਮ ਕਾਇਨਾਤ ਉਸਦੇ ਅੰਗ- ਸੰਗ ਹੁੰਦੀ ਹੈ। ਉਸਦੀ ਜੱਗਦੀ-ਬੁਝਦੀ ਸ਼ਬਦਾਵਲੀ ਤਾਰਿਆਂ ਦੀ ਛੱਪਣ-ਛੋਤ ਦਾ ਭਰਮ ਪਾਉਂਦੀ ਹੈ ਅਤੇ ਧਰਤੀ-ਅੰਬਰ ਇੱਕੋ ਜਿਹੇ ਲੱਗਣ ਲੱਗ ਪੈਂਦੇ ਹਨ। ਉਸਦੀ ਸਿਰਜਣਾ ਦਾ ਧਰਾਤਲ ਇੰਨਾ ਵਿਸ਼ਾਲ ਹੈ ਕਿ ਉਹ ਮੁੱਢ-ਕਦੀਮੀ ਮਨੁੱਖੀ ਸਮੱਸਿਆਵਾਂ ਤੋਂ ਲੈ ਕੇ ਅੱਜ ਤਕ ਦੇ ਜੀਵਨ ਵਿੱਚ ਪੈਰ-ਪੈਰ ਤੋਂ ਆਉਂਦੀਆਂ ਔਕੜਾਂ ਅਤੇ ਅੱਜ ਦੇ ਕੋਰੋਨਾ-ਮਹਾਂਮਾਰੀ ਦੇ ਪ੍ਰਕੋਪ ਦੀ ਧੁੱਪ/ਛਾਂ ਤੋਂ ਵੀ ਭਲੀ ਭਾਂਤ ਚੇਤੰਨ ਹੈ।

ਉਸਦੀ ਲਿਖੀ ਹੋਈ “ਲੋਰੀ” ਜੋ ਹਰ ਪੰਜਾਬੀ ਦੀ ਰੂਹ ਤਕ ਅੱਪੜੀ ਹੈ:-

ਹਸਪਤਾਲ ਦੇ ਕਮਰੇ ਅੰਦਰ,
ਪਈਆਂ ਨੇ ਜੋ ਅਜਬ ਮਸ਼ੀਨਾਂ,
ਪੁੱਤਰਾਂ ਨੂੰ ਇਹ ਕੁੱਝ ਨਾ ਆਖਣ,
ਸਾਡੇ ਲਈ ਕਿਉਂ ਬਣਨ ਸੰਗੀਨਾਂ ?

ਜਾਂ

ਸੁੱਤਿਆਂ ਲਈ ਸੌ ਯਤਨ ਵਸੀਲੇ,
ਜਾਗਦਿਆਂ ਨੂੰ ਕਿਵੇਂ ਜਗਾਵਾਂ !!

ਇਹ ਗੀਤ ਸੁਣਕੇ ਕਈ ਪੱਥਰ ਦਿਲ ਪਿਘਲੇ ਅਤੇ ਧੀ-ਪੁੱਤਰ ਦੇ ਵਖਰੇਵੇਂ ਦੇ ਰੁਝਾਨ ਵਿੱਚ ਤਬਦੀਲੀ ਵੀ ਆਈ। ਲੋਕਾਂ ਨੇ ਧੀਆਂ ਦੀਆਂ ਲੋਹੜੀਆਂ ਵੰਡਣੀਆਂ ਸ਼ੁਰੂ ਕੀਤੀਆਂ। ਜੋ ਲਿਖਤ ਸਮਾਜਕ ਬਦਲਾਅ ਦੀ ਸਮਰੱਥਾ ਰੱਖਦੀ ਹੋਵੇ, ਉਹ ਲਿਖਤ ਸਾਰਥਕ ਹੋ ਜਾਂਦੀ ਹੈ।

ਕੋਰੋਨਾ ਮਹਾਂਮਾਰੀ ਤੋਂ ਬਚਾਅ ਵਾਸਤੇ ਲਾੱਕ ਡਾਊਨ ਦੀ ਸ਼ਲਾਘਾ ਕਰਦਿਆਂ ਉਹ ਲਿਖਦਾ ਹੈ:-

ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਹਨ
ਕੁਝ ਵੀ ਨਾ ਕਰਕੇ।
ਹਵਾ ਨੂੰ ਸਾਹ ਆਉਣ ਲੱਗਾ ਹੈ,
ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ,
ਚੁੱਪ ਦਾ ਸਾਜ਼ ਸੁਣਾਈ ਦੇ ਰਿਹਾ ਹੈ,
ਗਗਨ ਦਾ ਨੀਲਾ ਚੰਦੋਆ ਧੋਤਾ ਗਿਆ ਹੈ,
ਆਕਾਸ਼ ਗੰਗਾ, ਸਿਤਾਰੇ ਝਿਲਮਿਲ ਕਰਨ ਲੱਗੇ ਹਨ,
ਸੁਹਾਵੀ ਧਰਤੀ ਅਪਣੇ ਜੀਅ ਜੰਤ ਸੰਗ ਮੁੜ ਪਰਤੀ ਹੈ,
ਆਪਣੇ ਆਪੇ ਕੋਲ।।

ਕਦੇ ਕਦੇ ਤਾਂ ਜਾਪਦਾ ਹੈ ਕਿ ਗੁਰਭਜਨ ਗਿੱਲ ਸਾਹਿੱਤਕ ਸੂਰਜ ਦੀਆਂ ਸੁਨਹਿਰੀ ਰਿਸ਼ਮਾਂ ਨਾਲ ਪ੍ਰਿਜ਼ਮੀਆਂ ਸਿਰਜਨਾ ਦੀਆਂ ਬਰਫ਼ੀਲੀਆਂ ਚੋਟੀਆਂ ਚੋਂ ਫੁੱਟਦਾ ਅਲ-ਮਸਤ ਝਰਨਾ ਹੈ ਜੋ ਬੇ-ਫ਼ਿਕਰ ਅਪਣੀ ਧੁਨ ਵਿੱਚ ਉੱਛਲਦਾ, ਗਾਉਂਦਾ ਵਹੀ ਜਾ ਰਿਹਾ ਹੈ। ਜੋ ਵਾਸਤਵਿਕਤਾ ਦੀ ਦ੍ਰਿਸ਼ਟੀ ਤੋਂ ਵੇਖੋ ਤਾਂ ਇਸਦਾ ਉਦਗਮ ਸਥਲ ਤਾਂ ਭਾਵੇਂ ਬਸੰਤਕੋਟ ਹੀ ਹੈ ਪਰ ਇਸਦੀ ਆਦਿ-ਧਾਰਾ ਕਿਤੋਂ ਨਾਰੋਵਾਲ ਤੋਂ ਹੀ ਗਤੀਸ਼ੀਲ ਹੈ। ਇਸਦੇ ਚੰਚਲ ਪਾਣੀਆਂ ਦੀ ਤਹਿ ਵਿੱਚ ਜੋ ਮਿੱਟੀ ਬਿਰਾਜਮਾਨ ਹੈ ਉਹ ਕਿਸੇ ਵੇਲੇ ਖੌਰੂ ਪਾਉਂਦੀ ਹੈ, ਗਾਉਂਦੀ ਹੈ ਤੇ ਗੁਰਭਜਨ ਗਿੱਲ ਆਪ-ਮੁਹਾਰੇ ਹੀ ਸਿਰਜਕ ਹੋ ਜਾਂਦਾ ਹੈ।

ਉਸਦੇ ਸਮਾਨਾਂਤਰ ਵਿਚਾਰਧਾਰਾਵਾਂ ਦੀਆਂ ਅਨੇਕ ਨਿੱਕੀਆਂ।ਵੱਡੀਆਂ ਨਦੀਆਂ ਵੀ ਵਲ-ਵਲੇਵੇਂ ਖਾਂਦੀਆਂ, ਕਦੇ ਠਰਮੇ ਅਤੇ ਕਦੇ ਵੇਗ ਵਿੱਚ ਵਗਦੀਆਂ ਹਨ, ਉਹ ਉਨ੍ਹਾਂ ਨਾਲ ਗੱਲਾਂ-ਬਾਤਾਂ ਕਰਦਾ, ਰਚਨਾਵਾਂ ਰਾਂਹੀਂ ਦੁਖ-ਸੁਖ ਸਾਂਝੇ ਕਰਦਾ, ਟਿੱਚਰਾਂ ਕਰਦਾ, ਖ਼ੈਰ-ਸੁੱਖ ਪੁਛਦਾ ਕਦਮ-ਤਾਲ ਕਰਦਾ ਹੈ। ਉਹ ਉਨ੍ਹਾਂ ਦੀਆਂ ਉੱਛਲ ਉੱਛਲ ਪੈਂਦੀਆਂ ਲਹਿਰਾਂ ਨਾਲ ਦੁਨੀਆਂ ਭਰ ਵਿੱਚ ਵਾਪਰਦੀਆਂ ਘਟਨਾਵਾਂ, ਬੇ-ਇਨਸਾਫ਼ੀ ਹੱਕ-ਨਾ-ਹਕ ਦਾ ਚਰਚਾ ਤਾਂ ਖੁਲ੍ਹ ਕੇ ਕਰਦਾ ਹੈ ਪਰ ਉਨ੍ਹਾਂ ਵਿੱਚ ਰਲਦਾ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਅਪਣੇ-ਆਪ ਉੱਤੇ ਹਾਵੀ ਹੋਣ ਦੇਂਦਾ ਹੈ। ਕਦੀ ਕਦਾਈਂ ਇਹ ਵੀ ਲੱਗਦਾ ਹੈ ਕਿ ਜ਼ਰਾ ਕੁ ਵਿੱਥ ਉੱਤੇ ਵਗਦੀ ਪ੍ਰੋਫੈਸਰ ਮੋਹਣ ਸਿੰਘ ਦੀ ਕਾਵਿ- ਧਾਰਾਂ ਚੋਂ ਕੋਈ ਵੱਡੀ ਸਾਰੀ ਛੱਲ ਸੁਤੇ-ਸਿੱਧ ਹੀ ਇਸ ਝਰਨੇ ਵਿੱਚ ਆ ਰਲੀ ਹੋਵੇ।

ਅੱਜ ਦਾ ਸਮਾਂ ਗੁੰਝਲਾਂ ਨਾਲ ਭਰਿਆ ਹੋਇਆ ਹੈ, ਉਲਝੇਵਿਆਂ ਦੀਆਂ ਤੰਦਾਂ ਦਾ ਕੋਈ ਸਿਰਾ ਹੀ ਹੱਥ ਨਹੀਂ ਆਉਂਦਾ। ਤਾਣੀਆਂ ਤਾਂ ਸੁਲਝਣ ਦੀ ਥਾਂ ਹੋਰ ਹੀ ਉਲਝਦੀਆਂ ਜਾਂਦੀਆਂ ਹਨ। ਕਹਿੰਦੇ ਹਨ ਕਿ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ, ਪਰ, ਅੱਜ ਹਰ ਇੱਕ ਗੰਭੀਰ ਸਮੱਸਿਆ ਉੱਤੇ ਵੀ ਕੁੱਝ ਇਸ ਤਰ੍ਹਾਂ ਬਿਆਨ-ਬਾਜ਼ੀਆਂ ਤਕ ਗੱਲ ਸੀਮਤ ਹੋ ਜਾਂਦੀ ਹੈ ਕਿ ਉਹ ਅੱਜ ਹੋਰ ਤੇ ਕਲ੍ਹ ਹੋਰ ਪੇਤਲਾਪਨ ਅਖ਼ਤਿਆਰ ਕਰ ਲੈਂਦੀ ਹੈ ਤੇ ਅੰਤ ਮਰ-ਮੁੱਕ ਜਾਂਦੀ ਹੈ ਤੇ ਫਿਰ ਉਸ ਵਰਗੀਆਂ ਕਈ ਹੋਰ ਸਮੱਸਿਆਵਾਂ ਸਿਰ ਚੁੱਕ ਲੈਂਦੀਆਂ ਹਨ।

ਬੁੱਧੀਜੀਵੀ ਵਰਗ ਨੂੰ ਗੰਭੀਰ ਹੋਣ ਦੀ ਲੋੜ ਹੈ। ਨਿਜੀ ਸੁਪਨਿਆਂ ਦੀ ਥਾਂ ਸਾਂਝੇ ਸੁਪਨੇ ਸਿਰਜਣ ਦਾ ਵੇਲਾ ਹੈ। ਸਮੱਸਿਆਵਾਂ ਉਭਾਰ ਕੇ ਸਾਹਮਣੇ ਲਿਆ ਕੇ ਸਾਂਝੇ ਤੌਰ ਤੇ ਉਹਨਾਂ ਨੂੰ ਕਿਸੇ ਸੁਖਾਵੇਂ ਹਲ ਵਲ ਤੋਰਿਆ ਜਾਏ।

ਗੁਰਭਜਨ ਗਿੱਲ ਤੋਂ ਇਸ ਤਰ੍ਹਾਂ ਦੀ ਆਸ ਬੱਝਦੀ ਹੈ ਕਿ ਸੰਵੇਦਨਾ ਕੇਵਲ ਭਾਵਨਾਵਾਂ ਤਕ ਸੀਮਤ ਨਾ ਰਹਿ ਕੇ ਕਿਸੇ ਠੋਸ ਵਿਚਾਰਧਾਰਾ ਦਾ ਰੂਪ ਲਵੇ।

ਸ਼ੁਭ ਇੱਛਾਵਾਂ !!

ਫਰੀਮੋਂਟ (ਕੈਲੀਫ਼ੋਰਨੀਆ)
ਯੂ.ਐਸ.ਏ.
ਸੰਪਰਕ:
1(408) 791-7918

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ