Jad Vi Tera : Shiv Kumar Batalvi
ਜਦ ਵੀ ਤੇਰਾ : ਸ਼ਿਵ ਕੁਮਾਰ ਬਟਾਲਵੀ
ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ
ਜਿਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ
ਇੰਞ ਲੱਗਦਾ ਹੈ 'ਸ਼ਿਵ' ਦੇ ਸ਼ਿਅਰਾਂ 'ਚੋਂ
ਕੋਈ ਧੁਖ਼ਦਾ ਅੰਗਾਰ ਹੋਵੇਗਾ