Jaag Manukhta Jaag : Pritam Singh Kasad

ਜਾਗ ਮਨੁਖਤਾ ਜਾਗ : ਪ੍ਰੀਤਮ ਸਿੰਘ ਕਾਸਦ

1. ਕਲਮਾਂ ਕੀ ਮੁੜੀਆਂ ਪਰਦੇਸੋਂ ?

ਮਿੱਟੀ ਮੇਰੇ ਜਿਸਮੋਂ ਨਿਖੜੀ, ਤੁਰ ਗਈ ਦੇਸ਼ ਬੇਗਾਨੇ।
ਦੇਸ਼ ਬੇਗਾਨੇ ਉਮਰਾ ਗਾਲੀ, ਲੰਘੇ ਕਈ ਜ਼ਮਾਨੇ।
ਕਈ ਜ਼ਮਾਨੇ ਦੇਸ਼ ਬੇਗਾਨੇ, ਨਜ਼ਰਾਂ ਅੰਦਰ ਛਾਣੇ।
ਧੂਹ ਪਾਈ ਜਾਂ ਦੁੱਧ ਮੇਰੇ ਨੇ, ਆਈ ਵਾਂਗ ਪ੍ਰਵਾਨੇ।
ਮੁੜ ਛਾਤੀ ਮੇਰੀ ਨੂੰ ਚਿੰਬੜੀ, ਇਉਂ ਚਿੰਬੜੀ ਜਿਉਂ ਚਿੰਬੜੇ ਲੇਸ।
ਮਿੱਟੀ ਪਰਤ ਆਈ ਪਰਦੇਸੋਂ, ਉਹ ਰੂਪ ਤੇ ਉਹੋ ਵੇਸ।

ਕਾਂਗਾਂ ਤੁਰ ਪਈਆਂ ਪ੍ਰਦੇਸੀਂ, ਪੇਖਣ ਨਵੇਂ ਨਜ਼ਾਰੇ।
ਪ੍ਰਦੇਸਾਂ ਦੇ ਸੁੰਦਰ ਨਕਸ਼ੇ, ਨੈਣਾਂ ਵਿਚ ਉਤਾਰੇ।
ਨਵੀਆਂ ਕਾਂਗਾਂ, ਨਵੀਆਂ ਛੱਲਾਂ, ਚੁੰਮੇਂ ਨਵੇਂ ਕਿਨਾਰੇ।
ਪਰ ਨਾ ਭੁੱਲੀਆਂ ਆਪਾ ਅਪਣਾ, ਨਾ ਅੰਬਰ ਨਾ ਤਾਰੇ।
ਮੁੜ ਆ ਰਲੀਆਂ ਅਪਣੇ ਸੋਮੇਂ, ਅਪਣੇ ਸਾਗਰ, ਅਪਣੇ ਦੇਸ।
ਕਾਂਗਾਂ ਪਰਤ ਆਈਆਂ ਪ੍ਰਦੇਸੋਂ, ਉਹੋ ਰੂਪ ਤੇ ਉਹੋ ਵੇਸ।

ਪੌਣਾਂ ਘੁਟ ਕਲੇਜੇ ਲਾਈਆਂ, ਪ੍ਰਦੇਸਾਂ ਦੀਆਂ ਪੌਣਾਂ।
ਜੀ ਆਇਆਂ, ਜੀ ਆਇਆਂ ਆਖਨ, ਛੱਲਾਂ ਚੁੱਕ ਚੁੱਕ ਧੌਣਾਂ।
ਨੈਣੀਂ ਸੁੱਤੇ ਕਣੀਆਂ ਹੰਝੂ, ਕਿਰਨਾਂ ਘੱਤ ਵਿਛਾਉਣਾ।
ਗੀਤ ਪਰਾਇਆ ਮੇਰੀਆਂ ਪੌਣਾਂ, ਨਾ ਗਾਇਆ ਨਾ ਗਾਉਣਾ।
ਮੁੜ ਮੁੜ ਚੁੰਮਨ ਅਪਣੇ ਚੰਨ ਨੂੰ, ਜਿਉਂ ਗੋਰੀ ਦੇ ਕਾਲੇ ਕੇਸ।
ਪੌਣਾਂ ਪਰਤ ਆਈਆਂ ਪ੍ਰਦੇਸੋਂ, ਉਹੋ ਰੂਪ ਤੇ ਉਹੋ ਵੇਸ।

ਕਲਮਾਂ ਤੁਰ ਪਈਆਂ ਪ੍ਰਦੇਸੀਂ, ਪਾਵਨ ਪ੍ਰੀਤ, ਬਣਾਵਨ ਮੀਤ।
ਪ੍ਰੀਤ ਵਤਨ ਦੀ ਵੇਚ ਕੇ ਅਪਣੀ, ਹਾਰ ਬਣਾਵਨ ਜੀਤ।
ਰੀਤ ਮੇਰੀ ਸਭਿਅੱਤਾ ਦੀ ਛਡਨ, ਸਿਖਨ ਪਰਾਈ ਰੀਤ।
ਦਿਨੇ ਰਾਤ ਸੋਨੇ ਵਿਚ ਮੜ੍ਹੀਆਂ, ਗਾਉਣ ਪਰਾਏ ਗੀਤ।
ਅਪਣੀ ਭਾਰਤ ਮਾਂ ਦੇ ਦਿਲ ਨੂੰ, ਚੋਭਨ ਚੋਭਾਂ, ਲਾਵਨ ਠੇਸ।
ਕਲਮਾਂ ਕੀ ਮੁੜੀਆਂ ਪ੍ਰਦੇਸੋਂ, ਨਾ ਉਹ ਰੂਪ ਤੇ ਨਾ ਉਹ ਵੇਸ।

2. ਚੋਲੀ ਦਾਮਨ

ਬੜਾ ਸਾਥ ਸੀ ਚੋਲੀ ਦਾਮਨ ਦਾ ਸਾਡਾ,
ਮਗਰ ਚੋਲੀ ਦਾਮਨ ਹੋਏ ਲੀਰਾਂ ਲੀਰਾਂ।

ਜਦੋਂ ਕਿ ਮੁਰੀਦਾਂ ਦੇ ਮਾਸੂਮ ਲਹੂ ਵਿਚ,
ਹੈ ਇਸ਼ਨਾਨ ਕੀਤਾ ਧਰਮ ਦਿਆਂ ਪੀਰਾਂ।
ਕੀ ਇਹੋ ਏ ਸਿੱਖ ! ਇਹੋ ਹਿੰਦੂ ਸਭਿਅਤੈ!
ਇਹੋ ਨੇ ਜੋ ਇਸਲਾਮ ਪਾਈਆਂ ਲਕੀਰਾਂ?
ਕਿ ਮਾਵਾਂ ਦੇ ਨੰਗੇਜ ਪੁੱਤਰਾਂ ਨੇ ਤਕੇ,
ਤੇ ਭੈਣਾਂ ਦੀ ਅਸਮਤ ਨੂੰ ਲੁਟਿਆ ਏ ਵੀਰਾਂ।
ਕਿ ਬਚਿਆਂ ਨੂੰ ਤੱਲ ਤੱਲ ਕੇ ਕੱਬਾਬ ਖਾਧੇ,
ਤੇ ਚਰਬੀ ਨੂੰ ਚੋ ਚੋ ਕੇ ਛਕੀਆਂ ਨੇ ਖੀਰਾਂ।
ਬੜਾ ਸਾਥ ਸੀ ਚੋਲੀ ਦਾਮਨ ਦਾ ਸਾਡਾ,
ਮਗਰ ਚੋਲੀ ਦਾਮਨ ਹੋਏ ਲੀਰਾਂ ਲੀਰਾਂ।

ਬੇਅੰਤ ਕਾਫ਼ਰ ਤੇ ਅਤਿਅੰਤ ਮੋਮਨ,
ਤੁਅੱਸਬ ਦੀ ਛੁਰੀਆਂ ਨੇ ਛਿੱਲ ਛਿੱਲ ਕੇ ਮਾਰੇ।
ਮਗਰ ਇਨ੍ਹਾਂ ਦੁਸ਼ਟਾਂ ਦੇ ਮੁੱਕੇ ਨਾ ਫਿਰ ਵੀ,
ਸੁਵੱਰਗਾਂ ਦੇ ਝੂਟੇ ਤੇ ਜੰਨਤ ਦੇ ਲਾਰੇ।
ਪਾ ਪਾ ਦੁਹਾਈਆਂ ਗਵਾਹੀਆਂ ਨੇ ਦੇਂਦੇ,
ਇਹ ਕੱਖਾਂ ਦੇ ਛੱਪਰ, ਇਹ ਖੰਡਰ, ਇਹ ਢਾਰੇ।
ਗ਼ਰੀਬੀ ਦੇ ਬੇਟੇ, ਜਹਾਲਤ ਦੇ ਪੁੱਤਰ,
ਇਹ ਸੱਦੀਆਂ ਤੋਂ ਭੁੱਖੇ ਤੇ ਨੰਗੇ ਵਿਚਾਰੇ।
ਕਿ ਸਾਡੀ ਮੜ੍ਹੀ ਤੇ, ਕੱਬਰ ਤੇ ਉਸਾਰੇ ਨੇ,
ਅਪਣੇ ਮਹੱਲ ਇਨ੍ਹਾਂ ਮਜ਼੍ਹਬੀ ਅਮੀਰਾਂ।
ਬੜਾ ਸਾਥ ਸੀ ਚੋਲੀ ਦਾਮਨ ਦਾ ਸਾਡਾ,
ਮਗਰ ਚੋਲੀ ਦਾਮਨ, ਹੋਏ ਲੀਰਾਂ ਲੀਰਾਂ।

ਅਜ ਫੇਰ ਮੇਰੇ ਵਤਨ ਦੇ ਮਹੱਲ ਨੂੰ,
ਕਿਸੇ ਬਦ-ਨਜ਼ਰ ਦੀ ਨਜ਼ਰ ਖਾ ਗਈ ਏ।
ਕਿ ਬੋਲੀ ਦੇ ਘੁੰਗਟ 'ਚ ਮੁੜ ਕੇ ਮੇਰੇ ਘਰ,
ਇਹ ਫ਼ਿਰਕਾ-ਪ੍ਰਸੱਤੀ ਦੀ ਡੈਣ ਆ ਗਈ ਏ।
ਨਵੇ ਚੰਨ ਚੜ੍ਹੇ ਨੇ, ਜਿਨ੍ਹਾਂ ਦੀ ਚਮਕ,
ਅਜ ਚਕੋਰਾਂ ਦੇ ਦਿਲ ਨੂੰ ਵੀ ਭਰਮਾ ਗਈ ਏ।
ਮਗਰ ਮੇਰੀ ਸੋਨੇ ਦੀ ਚਿੜੀਆ ਦੇ ਅੰਬਰ ਤੇ,
ਨਫ਼ਰਤ ਦੀ ਕਾਲੀ ਘਟਾ ਛਾ ਗਈ ਏ।
ਪੂਰਥ ਤੋਂ ਪੱਛਮ ਤੇ ਉੱਤਰ ਤੋਂ ਦੱਖਣ,
ਝਲਕ ਫੇਰ ਉਠੀਆਂ ਕੁਵੱਲੀਆਂ ਹੀ ਪੀੜਾਂ।
ਬੜਾ ਸਾਥ ਸੀ ਚੋਲੀ ਦਾਮਨ ਦਾ ਸਾਡਾ,
ਮਗਰ ਚੋਲੀ ਦਾਮਨ ਹੋਏ ਲੀਰਾਂ ਲੀਰਾਂ।

ਗ਼ਜ਼ਬ ਹੈ ਖ਼ੁਦਾ ਦਾ, ਕਿ ਹਿੰਦੂਆਂ ਤੇ ਸਿੱਖਾਂ,
ਨੂੰ ਦੋ ਚਾਰ ਬੰਦੇ ਨਿਖੇੜਨ ਲੱਗੇ ਨੇ।
ਸਮਾਂ ਤੋਂ ਪਤੰਗੇ, ਤੇ ਫੁੱਲਾਂ ਤੋਂ ਖੁਸ਼ਬੂ,
ਤੇ ਨਾਖ਼ਨ ਤੋਂ ਗੋਸ਼ਤ ਉਚੇੜਨ ਲੱਗੇ ਨੇ।
ਐ ਸ਼ੰਕਰ ਸਲੋਨੇ, ਇਹ ਤ੍ਰਿਸ਼ੂਲ ਤਿਰੇ ਨੂੰ,
ਵੀਰਾਂ ਦੇ ਲਹੂ ਵਿਚ ਲਬੇੜਨ ਲੱਗੇ ਨੇ।
ਐ ਦਸ਼ਮੇਸ਼, ਤੇਰੇ ਧਰਮ ਰਾਖੇ ਖੰਡੇ ਤੋਂ,
ਵੀਰਾਂ ਦੀ ਚਮੜੀ ਉਧੇੜਨ ਲੱਗੇ ਨੇ।
ਵੀਹਵੀਂ ਸਦੀ ਦੇ ਇਹ ਕੰਬਖ਼ਤ 'ਕੈਦੋ',
ਵਿਛੋੜਨ ਲੱਗੇ ਜੇ ਭਈ 'ਰਾਂਝੇ' ਤੇ 'ਹੀਰਾਂ'।
ਬੜੀ ਸਾਂਝ ਹੈ ਚੋਲੀ ਦਾਮਨ ਦੀ ਸਾਡੀ,
ਇਹ ਚੋਲੀ, ਇਹ ਦਾਮਨ, ਨਹੀਂ ਹੋਣੇ ਲੀਰਾਂ।

ਭਾਰਤ ਦੀਆਂ ਚੌਦਾਂ ਨਾੜਾਂ 'ਚ ਵਹਿੰਦੇ,
ਹੋਏ ਪਾਕ ਲਹੂ, ਦੀ ਕਹਾਣੀ ਏ ਸਾਂਝੀ।
ਜਿਵੇਂ ਸਾਂਝੀ ਗੀਤਾ, ਪੁਰਾਨਾਂ ਕੁੱਰਾਨਾਂ,
ਤੇ ਵੇਦਾਂ, ਗ੍ਰੰਥਾਂ ਦੀ ਬਾਣੀ ਏ ਸਾਂਝੀ।
ਨਿਖੜੋ ਨਾ ਮਿੱਤਰੋ, ਇਹ ਬੇੜੀ ਵਤਨ ਦੀ,
ਮੁਹੱਬਤ ਦੇ ਚੱਪੂਆਂ ਚਲਾਣੀ ਏ ਸਾਂਝੀ।
ਨਿਖੇੜੋ ਨਾ ਦੁਸ਼ਟੋ, ਅਸਾਂ ਸਾਮਰਾਜਾਂ,
ਦੀ ਨਾਪਾਕ ਅੱਰਥੀ ਉਠਾਣੀ ਏ ਸਾਂਝੀ।
ਸਾਂਝੀ ਮੁਹੱਬਤ ਦੀਆਂ 'ਰਾਮ', 'ਗੌਤਮ',
'ਮੁਹੰਮਦ' ਤੇ 'ਨਾਨਕ' ਨੇ ਪਾਈਆਂ ਲਕੀਰਾਂ।
ਬੜੀ ਸਾਂਝ ਹੈ ਚੋਲੀ ਦਾਮਨ ਦੀ ਸਾਡੀ,
ਇਹ ਚੋਲੀ, ਇਹ ਦਾਮਨ, ਨਹੀਂ ਹੋਣੇ ਲੀਰਾਂ।

3. ਸਤਵਾਰਾ

ਐਤਵਾਰ:

ਐਤਵਾਰ ਅੰਗਿਆਰਾਂ ਦੀ ਸੇਜ ਉਤੇ,
ਕੀਤਾ ਸੌਣ ਦਾ ਅਸਾਂ ਸਾਮਾਨ ਬੇਲੀ।
ਖੂਬਸੂਰਤ ਸਪੋਲੀਆ ਸਣੇਂ ਸੱਪਾਂ,
ਲਿਆ ਦਿਲ ਨੇ ਕਰ ਮਹਿਮਾਨ ਬੇਲੀ।
ਆਪਣੇ ਜਿੱਗਰ ਦੇ ਰਾਂਗਲੇ ਲਹੂ, ਉਤੇ,
ਪਾਲ ਪੋਸ ਕੇ ਕੀਤਾ ਜਵਾਨ ਬੇਲੀ।
ਜਾਂਦੀ ਵਾਰ ਮੁਸੀਬਤਾਂ ਇਸ਼ਕ ਦੀਆਂ,
ਪੱਲੇ ਪਾ ਗਿਆ ਰੂਪ ਸੁਲਤਾਨ ਬੇਲੀ।
ਲੜੀਆਂ ਚਾਰ ਚਸ਼ਮਾਂ, ਚਲੇ ਤੀਰ ਤਿਖੇ,
ਗੁਲਸ਼ਨ ਦਿਲ ਦਾ ਹੋਇਆ ਵੀਰਾਨ ਬੇਲੀ।
ਫੋਲ ਫਾਲ ਕੇ ਵੇਖਿਆ ਕਾਲਜੇ ਨੂੰ,
ਪਿਛੇ ਰਹਿ ਗਏ ਚੰਦ ਅਰਮਾਨ ਬੇਲੀ।

ਸੋਮਵਾਰ:

ਸੋਮਵਾਰ ਸੱਦਾ ਆਇਆ ਮਿਲ ਮੈਨੂੰ,
ਬਹਿ ਕੇ ਕਰਾਂਗੇ ਪਿਆਰ ਦੀ ਬਾਤ ਬੇਲੀ।
ਮੇਰੇ ਖੱੜਖੜੇ ਪਿੰਜਰ 'ਚ ਜਾਨ ਪੈ ਗਈ,
ਮੇਰੇ ਵਾਸਤੇ ਆਈ ਸ਼ਬਰਾਤ ਬੇਲੀ।
ਜਨਮ ਜਨਮ ਤੋਂ ਪਿਆਸੀਆਂ ਬੁਲ੍ਹੀਆਂ ਨੂੰ,
ਅਜ ਮਿਲੇਗਾ ਆਬਿ-ਹਯਾਤ ਬੇਲੀ।
ਪੱਲੇ ਬੰਨ੍ਹ ਲਏ ਨੈਣਾਂ ਦੀ ਸਿਪੀਆਂ ਚੋਂ,
ਦਿਲਬਰ ਵਾਸਤੇ ਮੋਤੀ ਸੌਗ਼ਾਤ ਬੇਲੀ।
ਜੀਹਦੇ ਰੂਪ ਨੂੰ ਵੇਖ ਕੇ ਚੰਨ ਪਿੱਘਲੇ,
ਚੋਏ ਚਾਨਣੀ ਵਾਂਗ ਬਰਸਾਤ ਬੇਲੀ।
ਉਥੇ ਕਿਵੇਂ ਮੈਂ ਹੋਸ਼ ਨੂੰ ਕਾਇਮ ਰਖਦਾ,
ਭਲਾ ਕੀ ਸੀ ਮੇਰੀ ਔਕਾਤ ਬੇਲੀ।

ਮੰਗਲਵਾਰ:

ਮੰਗਲਵਾਰ ਮਦਹੋਸ਼ ਨੂੰ ਹੋਸ਼ ਆਈ,
ਕੇਹਾ ਸਾਕੀ ਨੂੰ ਘੁਟ ਪਿਆਲ ਬੇਲੀ।
ਉਹਨੇ ਆਖਿਆ ਮਾਰ ਕੇ ਚਾਰ ਧੱਕੇ,
ਇਹਨੂੰ ਮਹਿਫ਼ਲ ਚੋਂ ਦਿਉ ਨਿਕਾਲ ਬੇਲੀ।
ਮੈਂ ਆਖਿਆ, ਸੋਨਾ ਜੇ ਦਿਲ ਮੇਰਾ,
ਪਰਖੋ ਇਸ਼ਕ ਦੀ ਅੱਗ ਨੂੰ ਬਾਲ ਬੇਲੀ।
ਉਹਨੇ ਆਖਿਆ ਨੈਣਾਂ ਦੇ ਡਾਕੂਆਂ ਨੂੰ,
ਇਹਨੂੰ ਲੁੱਟ ਕੇ ਕਰੋ ਕੰਗਾਲ ਬੇਲੀ।
ਉਨ੍ਹਾਂ ਲੁੱਟ ਲਿਆ, ਮੈਂ ਰਿਹਾ ਰੋਂਦਾ,
ਬੁਰੇ ਹਾਲ ਬੇਲੀ, ਬੁਰੇ ਹਾਲ ਬੇਲੀ।
ਨਾਲੇ ਮਾਲ ਗਿਆ, ਨਾਲੇ ਕੈਦ ਕੀਤਾ,
ਉਹਨੇ ਸੁੱਟ ਕੇ ਜੁਲਫਾਂ ਦਾ ਜਾਲ ਬੇਲੀ।

ਬੁਧਵਾਰ:

ਬੁਧਵਾਰ ਬੇ-ਰੰਗ ਮੈਂ ਲੌਟ ਆਇਆ,
ਨੈਣੀਂ ਜਲ ਤੇ ਕਾਲਜੇ ਸੱਲ ਬੇਲੀ।
ਸਾਗਰ ਉਮਰ ਦੇ ਕੰਢੇ ਉਡੀਕਿਆ ਮੈਂ,
ਉਹਦੇ ਇਸ਼ਕ ਦੀ ਆਈ ਨਾ ਛੱਲ ਬੇਲੀ।
ਮੇਰੇ ਪਿਆਰ ਦੀ ਕੇਸਰ ਕਿਆਰੀਆਂ ਤੇ,
ਗੜ੍ਹੇ-ਮਾਰ ਹੋਈ ਪੱਲ ਪੱਲ ਬੇਲੀ।
ਕੰਕਰ ਤਾਹਨੇ ਰਕੀਬਾਂ ਦੇ ਚੂਰ ਕਰ ਗਏ,
ਮੇਰੀ ਆਸ ਦਾ ਸ਼ੀਸ਼-ਮਹੱਲ ਬੇਲੀ।
ਉਹਨੇ ਜਿੰਦ ਮੰਗੀ, ਦਿੱਤੀ ਜਿੰਦ ਬੇਲੀ,
ਉਹਨੇ ਖੱਲ ਮੰਗੀ, ਦਿੱਤੀ ਖੱਲ ਬੇਲੀ।
ਫਿਰ ਵੀ ਹੋਇਆ ਨਾ ਕਿਸੇ 'ਮੰਨਸੂਰ' ਪਾਸੋਂ,
ਉਹਦੀ ਜ਼ੁਲਫ ਦਾ ਸਿੱਧੜਾ ਵੱਲ ਬੇਲੀ।

ਵੀਰਵਾਰ:

ਵੀਰਵਾਰ ਵਿਜੋਗ ਦੀ ਅੱਗ ਖ਼ੂਨੀ,
ਫੂਕ ਸੁਟਿਆ ਵਾਂਗ ਕੱਬਾਬ ਬੇਲੀ।
ਠੰਡ ਘੱਤ ਕਲੇਜੇ ਦੇ ਥੱਲ ਅੰਦਰ,
ਕੁਝ ਖਟ ਲੈ ਅੱਜ ਸਵਾਬ ਬੇਲੀ।
ਸੌਣ ਵਸਿਆ ਨੈਣ-ਬਦਲੋਟੀਆਂ ਚੋਂ,
ਕਾਂਗਾਂ ਚੜ੍ਹੀਆਂ ਵਾਂਗ 'ਚਨਾਬ' ਬੇਲੀ।
ਤੇਰੇ ਵੱਸਲ ਦੇ ਸੁਕਿਆਂ ਲਾਰਿਆਂ ਤੇ,
ਮੇਰਾ ਮੁਰਦਾ ਹੋਇਆ ਖ਼ਰਾਬ ਬੇਲੀ।
ਜੇ ਤੂੰ ਨਹੀਂ ਸੀ ਵੱਸਲ ਦਾ ਘੁਟ ਦੇਣਾ,
ਨਾ ਦਿੰਦੋਂ, ਪਰ ਦੇਂਦੋਂ ਜਵਾਬ ਬੇਲੀ।
ਨਸ਼ਾ ਵੱਸਲ ਦਾ ਉਨ੍ਹਾਂ ਤੇ ਕੀ ਚੜ੍ਹਨਾਂ,
ਪੀਤੀ ਗ਼ਮਾਂ ਦੀ ਜਿਨ੍ਹਾਂ ਸ਼ਰਾਬ ਬੇਲੀ।

ਸ਼ੁਕਰਵਾਰ:

ਸ਼ੁਕਰਵਾਰ ਸ਼ਹਾਦਤ ਦਾ ਜਾਮ ਪੀ ਕੇ,
ਆਸ਼ਕ ਤੁਰ ਗਿਆ ਛੱਡ ਸੰਸਾਰ ਬੇਲੀ।
ਨੈਣ ਅਜੇ ਵੀ ਨੇ ਇੰਤਜ਼ਾਰ ਅੰਦਰ,
ਸੁਣੋ ਕਹਿੰਦੇ ਜੇ ਕੁਝ ਪੁਕਾਰ ਬੇਲੀ।
"ਜੋੜ ਜੋੜ ਕੇ ਮੇਰੇ ਅਰਮਾਨ ਲੱਖਾਂ,
ਕਰਨਾ ਮੇਰਾ ਮਜ਼ਾਰ ਤਿਆਰ ਬੇਲੀ।
ਕਹਿਣਾ ਸ਼ਮਾਂ ਨੂੰ ਸਬਰ ਕਰ ਰਾਣੀਏਂ ਨੀ,
ਤੇਰੇ ਵਾਸਤੇ ਭੰਭਟ ਹਜ਼ਾਰ ਬੇਲੀ।
ਵੈਰੀ ਬਣੇ ਰਹੇ, ਤੇਰੇ ਬੇਦਰਦ ਲਾਰੇ,
ਸੱਚਾ ਸਾਥੀ ਸੀ ਤੇਰਾ ਇਨਕਾਰ ਬੇਲੀ।
ਫਿਰ ਵੀ ਰਿਣੀ ਹਾਂ ਕੱਚੜੇ ਘੜੇ ਦਾ ਮੈਂ,
ਭਾਵੇਂ ਡੋਬਿਆ ਸੂ, ਵਿਚਕਾਰ ਬੇਲੀ।"

ਸਨਿੱਚਰਵਾਰ:

ਸਨਿੱਚਰਵਾਰ ਸੋਹਣੇ ਵੇਖੀ ਡਾਕ ਫ਼ਜਰੀਂ,
ਨਜ਼ਰ ਪਿਆ ਸੂ ਪਾਟਿਆ ਕਾਟ ਬੇਲੀ।
ਜੀਦ੍ਹੇ ਲਹੂ ਨੂੰ ਗਲ੍ਹਾਂ 'ਚ ਭਰ ਲਿਆ ਈ,
ਉਹ ਬਣ ਗਿਆ ਈ, ਚਿੱਤਾ ਦਾ ਕਾਠ ਬੇਲੀ।
ਪੰਛੀ ਦਿਲ ਜੀਦ੍ਹਾ ਪਹਿਲਾਂ ਫਾਹ ਲਿਆ ਈ,
ਪਾ ਕੇ ਰੂਪ ਦੀ ਮਿੱਠੜੀ ਚਾਟ ਬੇਲੀ।
ਤੇਰੀ ਯਾਦ ਦਾ ਕਫ਼ਨ ਲਪੇਟ ਸੁਤੱਈ,
ਆ ! ਵੇਖ ਲੈ ਓਸ ਦੇ ਠਾਠ ਬੇਲੀ।
ਆਸਾਂ ਤਿੜਕੀਆਂ, ਜਿਵੇਂ ਪਤੰਗ ਤਿੜਕੇ,
ਬਲਦੀ ਸ਼ਮਾਂ ਦੀ ਰਾਂਗਲੀ ਲਾਟ ਬੇਲੀ।
ਦੀਵਾ ਬੁਝ ਗਿਆ, ਕੋਹਲੂ ਦੀ ਛਾਂ ਹੇਠਾਂ,
ਪਿਆਸਾ ਮਰ ਗਿਆ, ਗੰਗਾ ਦੇ ਘਾਟ ਬੇਲੀ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੀਤਮ ਸਿੰਘ ਕਾਸਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ