Ilzaam : Shiv Kumar Batalvi
ਇਲਜ਼ਾਮ : ਸ਼ਿਵ ਕੁਮਾਰ ਬਟਾਲਵੀ
ਮੇਰੇ 'ਤੇ ਮੇਰੇ ਦੋਸਤ
ਤੂੰ ਇਲਜ਼ਾਮ ਲਗਾਇਐ
ਤੇਰੇ ਸ਼ਹਿਰ ਦੀ ਇਕ ਤਿਤਲੀ ਦਾ
ਮੈਂ ਰੰਗ ਚੁਰਾਇਐ
ਪੁੱਟ ਕੇ ਮੈਂ ਕਿਸੇ ਬਾਗ਼ 'ਚੋਂ
ਗੁਲਮੋਹਰ ਦਾ ਬੂਟਾ
ਸੁੰਨਸਾਨ ਬੀਆਬਾਨ
ਮੈਂ ਮੜ੍ਹੀਆਂ 'ਚ ਲਗਾਇਐ ।
ਹੁੰਦੀ ਹੈ ਸੁਆਂਝਣੇ ਦੀ
ਜਿਵੇਂ ਜੜ੍ਹ 'ਚ ਕੁੜਿੱਤਣ
ਓਨਾ ਹੀ ਮੇਰੇ ਦਿਲ ਦੇ ਜੜ੍ਹੀਂ
ਪਾਪ ਸਮਾਇਐ ।
ਬਦਕਾਰ ਹਾਂ ਬਦਚਲਣ ਹਾਂ
ਪੁੱਜ ਕੇ ਹਾਂ ਕਮੀਨਾ
ਹਰ ਗ਼ਮ ਦਾ ਅਰਜ਼ ਜਾਣ ਕੇ
ਮੈਂ ਤੂਲ ਬਣਾਇਐ ।
ਮੈਂ ਸ਼ਿਕਰਾ ਹਾਂ ਮੈਨੂੰ ਚਿੜੀਆਂ ਦੀ
ਸੋਂਹਦੀ ਨੀ ਯਾਰੀ
ਖੋਟੇ ਨੇ ਮੇਰੇ ਰੰਗ
ਮੈਂ ਝੂਠਾ ਹਾਂ ਲਲਾਰੀ
ਸ਼ੁਹਰਤ ਦਾ ਸਿਆਹ ਸੱਪ
ਮੇਰੇ ਗਲ 'ਚ ਪਲਮਦੈ
ਡੱਸ ਜਾਏਗਾ ਮੇਰੇ ਗੀਤਾਂ ਸਣੇ
ਦਿਲ ਦੀ ਪਟਾਰੀ ।
ਮੇਰੀ ਪੀੜ ਅਸ਼ਵਥਾਮਾ ਦੇ
ਵਾਕਣ ਹੀ ਅਮਰ ਹੈ
ਢਹਿ ਜਾਏਗੀ ਪਰ ਜਿਸਮ ਦੀ
ਛੇਤੀ ਹੀ ਅਟਾਰੀ
ਗੀਤਾਂ ਦੀ ਮਹਿਕ ਬਦਲੇ
ਮੈਂ ਕੁੱਖਾਂ ਦਾ ਵਣਜ ਕਰਦਾਂ
ਤੂੰ ਲਿਖਿਆ ਹੈ ਮੈਂ ਬਹੁਤ ਹੀ
ਅੱਲੜ੍ਹ ਹਾਂ ਵਪਾਰੀ ।
ਤੂੰ ਲਿਖਿਐ ਕਿ ਪੁੱਤ ਕਿਰਨਾਂ ਦੇ
ਹੁੰਦੇ ਨੇ ਸਦਾ ਸਾਏ
ਸਾਇਆਂ ਦਾ ਨਹੀਂ ਫ਼ਰਜ਼
ਕਿ ਹੋ ਜਾਣ ਪਰਾਏ
ਸਾਏ ਦਾ ਫ਼ਰਜ਼ ਬਣਦਾ ਹੈ
ਚਾਨਣ ਦੀ ਵਫ਼ਾਦਾਰੀ
ਚਾਨਣ 'ਚ ਸਦਾ ਉੱਗੇ
ਤੇ ਚਾਨਣ 'ਚ ਹੀ ਮਰ ਜਾਏ ।
ਦੁੱਖ ਹੁੰਦੈ ਜੇ ਪਿੰਜਰੇ ਦਾ ਵੀ
ਉੱਡ ਜਾਏ ਪੰਖੇਰੂ
ਪਰ ਮੈਂ ਤੇ ਨਵੇਂ ਰੋਜ਼ ਨੇ
ਡੱਕੇ 'ਤੇ ਉਡਾਏ
ਕਾਰਨ ਹੈ ਹਵਸ ਇਕੋ
ਮੇਰੇ ਦਿਲ ਦੀ ਉਦਾਸੀ
ਜੋ ਗੀਤ ਵੀ ਮੈਂ ਗਾਏ ਨੇ
ਮਾਯੂਸ ਨੇ ਗਾਏ ।
ਤੂੰ ਹੋਰ ਵੀ ਇਕ ਲਿਖਿਐ
ਕਿਸੇ ਤਿਤਲੀ ਦੇ ਬਾਰੇ
ਜਿਸ ਤਿਤਲੀ ਨੇ ਮੇਰੇ ਬਾਗ਼ 'ਚ
ਕੁਝ ਦਿਨ ਸੀ ਗੁਜ਼ਾਰੇ
ਜਿਸ ਤਿਤਲੀ ਨੂੰ ਕੁਝ ਚਾਂਦੀ ਦੇ
ਫੁੱਲਾਂ ਦਾ ਠਰਕ ਸੀ
ਜਿਸ ਤਿਤਲੀ ਨੂੰ ਚਾਹੀਦੇ ਸੀ
ਸੋਨੇ ਦੇ ਸਿਤਾਰੇ ।
ਪਿਆਰਾ ਸੀ ਉਹਦਾ ਮੁੱਖੜਾ
ਜਿਉਂ ਚੰਨ ਚੜ੍ਹਿਆ ਉਜਾੜੀਂ
ਮੇਰੇ ਗੀਤ ਜਿਦ੍ਹੀ ਨਜ਼ਰ ਨੂੰ
ਸਨ ਬਹੁਤ ਪਿਆਰੇ
ਮੰਨਦਾ ਸੈਂ ਤੂੰ ਮੈਨੂੰ ਪੁੱਤ
ਕਿਸੇ ਸਰਸਵਤੀ ਦਾ
ਅੱਜ ਰਾਏ ਬਦਲ ਗਈ ਤੇਰੀ
ਮੇਰੇ ਹੈ ਬਾਰੇ ।
ਆਖ਼ਿਰ 'ਚ ਤੂੰ ਲਿਖਿਐ
ਕੁਝ ਸ਼ਰਮ ਕਰਾਂ ਮੈਂ
ਤੇਜ਼ਾਬ ਦੇ ਇਜ ਹੌਜ 'ਚ
ਅੱਜ ਡੁੱਬ ਮਰਾਂ ਮੈਂ
ਬਿਮਾਰ ਜਿਹੇ ਜਿਸਮ
ਤੇ ਗੀਤਾਂ ਦੇ ਸਣੇ ਮੈਂ
ਟੁਰ ਜਾਵਾਂ ਤੇਰੇ ਦੋਸ਼ ਦੀ
ਅੱਜ ਜੂਹ 'ਚੋਂ ਪਰ੍ਹਾਂ ਮੈਂ ।
ਮੇਰੀ ਕੌਮ ਨੂੰ ਮੇਰੇ ਥੋਥੇ ਜਿਹੇ
ਗ਼ਮ ਨਹੀਂ ਲੋੜੀਂਦੇ
ਮੈਨੂੰ ਚਾਹੀਦੈ ਮਜ਼ਦੂਰ ਦੇ
ਹੱਕਾਂ ਲਈ ਲੜਾਂ ਮੈਂ
ਮਹਿਬੂਬ ਦਾ ਰੰਗ ਵੰਡ ਦਿਆਂ
ਕਣਕਾਂ ਨੂੰ ਸਾਰਾ
ਕੁੱਲ ਦੁਨੀਆਂ ਦਾ ਗ਼ਮ
ਗੀਤਾਂ ਦੀ ਮੁੰਦਰੀ 'ਚ ਜੜਾਂ ਮੈਂ ।