Ik Sikh Bachche Di Bahaduri : Barkat Singh Anand

ਇਕ ਸਿਖ ਬੱਚੇ ਦੀ ਬਹਾਦਰੀ : ਬਰਕਤ ਸਿੰਘ 'ਅਨੰਦ'


ਇਕ ਰੋਜ਼ ਇਕ ਬੁਢੜੀ ਮਾਈ, ⁠ਫ਼ਰਖ਼ਸੀਅਰ ਅਗੇ ਕੁਰਲਾਈ। ਦੇਵੇ ਰਬ ਤੈਨੂੰ ਇਕ ਬਾਲ, ⁠ਨਿਆਉਂ ਕਰੀਂ ਮੈਂ ਰੰਡੀ ਨਾਲ। ਫੌਜ ਤੇਰੀ ਜੋ ਕੈਦੀ ਪਕੜੇ, ⁠ਵਿਚ ਬੇੜੀਆਂ ਕੜੀਆਂ ਜਕੜੇ। ਵਿਚ ਉਹਨਾਂ ਪੁਤ ਮੇਰਾ ਆਇਆ, ⁠ਨਵਾਂ ਵਿਆਹ ਹੈ ਉਸ ਕਰਾਇਆ। ਨਾ ਉਹ ਸਿਖ ਨਾਂ ਸਿਖ ਦਾ ਭਾਈ, ⁠ਫੌਜ ਭੁਲੇਖੇ ਵਿਚ ਲੈ ਆਈ। ਛਡ ਉਸਨੂੰ ਨਾ ਜਾਨੋਂ ਮਾਰੀਂ, ⁠ਮੇਰੇ ਤੇ ਨਾਂ ਕਹਿਰ ਗੁਜ਼ਾਰੀ। ਉਹੋ ਸਬਰ ਆਸ ਏ ਮੇਰੀ, ⁠ਝੁਲੀ ਮੇਰੇ ਸੀਸ ਹਨੇਰੀ। ਮੇਰੀ ਦੁਨੀਆਂ ਹੋਈ ਹਨੇਰੀ, ⁠ਬਖਸ਼ ਕਰਾਂ ਮੈਂ ਮਿੰਨਤ ਤੇਰੀ। ਰਹਿਮ ਫ਼ਰਖ਼ਸੀਅਰ ਨੂੰ ਆਇਆ, ਲੜਕਾ ਆਪਣੇ ਕੋਲ ਮੰਗਾਇਆ। ਜਾ ਕਾਕਾ ਮੈਂ ਛਡਾਂ ਤੈਨੂੰ, ⁠ਤੂੰ ਨਹੀਂ ਸਿਖ ਮਾਂ ਕਹੇ ਤੇਰੀ ਮੈਨੂੰ। ਇਉਂ ਗਭਰੂ ਨੇ ਦਿਤਾ ਉਤਰ, ⁠ਮੈਂ ਹਾਂ ਸਿਖ, ਸਿਖ ਦਾ ਪੁਤਰ। ਵੇਖ ਕੜਾ ਐਹ ਸਿਰ ਤੇ ਕੇਸ, ⁠ਗੁਰੂ ਮੇਰਾ ਹੈ ਸ੍ਰੀ ਦਸਮੇਸ। ਮਾਈ ਬੋਲੇ ਝੂਠ ਜ਼ਬਾਨੋਂ, ⁠ਹੋ ਬੇਮੁਖ ਕਿਉਂ ਮਰਾਂ ਜਹਾਨੋਂ। ਖੰਡੇ ਦੀ ਮੈਂ ਪੌਹਲ ਏ ਪੀਤੀ, ⁠ਪੰਜ ਕਕਾਰ ਦੀ ਧਾਰਨ ਕੀਤੀ। ਭੁਲੀਂ ਵੇਖ ਨਾ ਮੈਨੂੰ ਬਚਾ, ⁠ਮੈਂ ਹਾਂ ਸਿਖ ਗੁਰੂ ਦਾ ਬਚਾ। ਮੈਂ ਨਹੀਂ ਕਰਨੀ ਜਾਨ ਪਿਆਰੀ, ⁠ਕਰਾਂ ਫਰੇਬ ਨਾਂ ਵਾਂਗ ਮਦਾਰੀ। ਛੇਤੀ ਕਰੋ ਨਾਂ ਲਾਵੋ ਦੇਰ, ⁠ਸਾਥੀਆਂ ਨਾਲ ਰਲਾਵੋ ਫੇਰ। ਖੁੰਝ ਨਾ ਜਾਵਾਂ ਕਿਧਰੇ ਕੱਲਾ, ⁠ਕਰੋ ਕੀਮੀਆਂ ਨਾਲ ਤਸੱਲਾ। ਡੈਣ ਹੈ ਏਹ, ਨਹੀਂ ਮੇਰੀ ਮਾਈ, ⁠ਮੇਰਾ ਧਰਮ ਜੋ ਖਾਵਣ ਆਈ। ਛੇਤੀ ਮੇਰਾ ਸੀਸ ਉਡਾਉ, ⁠ਕਲਗੀਧਰ ਦੇ ਪਾਸ ਪੁਚਾਉ।

ਕਤਲ ਕਰ ਦੇਣਾ

ਸੁਣਕੇ ਗਲ ਬਚੇ ਦੀ ਸਾਰੀ, ⁠ਭਖ ਗਿਆ ਸ਼ਾਹ ਵਾਂਗ ਅੰਗਾਰੀ। ਕੰਨਾਂ ਉਤੇ ਹਥ ਲਗਾਵੇ, ⁠ਮੌਤ ਵੇਖ, ਸਿਖ ਖੁਸ਼ੀ ਮਨਾਵੇ। ਹੇ ਅਲਾ! ਮੈਨੂੰ ਸਮਝ ਨਾ ਆਈ, ⁠ਸਿਖ ਨੂੰ ਕੇਹੜੀ ਮਿਟੀ ਲਾਈ। ਪੀਰ ਪੈਗ਼ੰਬਰ ਬਲੀ ਹਜ਼ਾਰਾਂ, ⁠ਮੌਤ ਅਗੇ ਸੁਟਣ ਤਲਵਾਰਾਂ। ਪਰ ਸਿਖ ਵੇਖ ਕੇ ਭੁੰਬਰ ਪਾਵੇ, ⁠ਚੜ੍ਹ ਸੂਲੀ ਤੇ ਢੋਲੇ ਗਾਵੇ। ਸਦ ਜਲਾਦਾਂ ਤਾਈਂ ਕਹਿੰਦਾ, ⁠ਸਿਖ ਅਨਮੋੜ ਨ ਮੋੜਿਆਂ ਰਹਿੰਦਾ। ਹੁਣੇ ਕਤਲਗਾਹ ਵਿਚ ਲਿਜਾਉ, ⁠ਇਸ ਦਾ ਧੜ ਤੋਂ ਸੀਸ ਉਡਾਉ। ਉਸੇ ਘੜੀ ਜਲਾਦਾਂ ਫੜਿਆ, ⁠ਵਿਚ ਕਤਲਗਾਹ ਸਿਖ ਨੂੰ ਖੜਿਆ। ਤੇਗ਼ ਦਾ ਇਕੋ ਵਾਰ ਚਲਾਕੇ, ⁠ਧਰਤੀ ਤੇ ਸੁਟਿਆ ਝਟਕਾਕੇ। ਗਿਆ ਸਚਖੰਡ ਨੂੰ ਸਿਖ ਪਰਵਾਨਾ, ⁠ਖਿੜੇ ਮਥੇ ਮੰਨ ਰਬ ਦਾ ਭਾਣਾ। 'ਅਨੰਦ' ਜੋੜ ਹਥ ਜਾਂਦੀ ਵਾਰੀ, ⁠'ਵਾਹਿਗੁਰੂ ਦੀ ਫਤਹਿ' ਉਚਾਰੀ। ('ਸ਼ਹੀਦੀ ਜੋਤਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਸਿੰਘ 'ਅਨੰਦ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ