Ik Muhabbat De Baad : Simrat Gagan

ਇਕ ਮੁਹੱਬਤ ਦੇ ਬਾਦ : ਸਿਮਰਤ ਗਗਨ



ਇਕ ਮੁਹੱਬਤ ਦੇ ਬਾਦ

''ਇਕ ਅਰਸੇ ਦੇ ਬਾਦ ਜਾਂ ਇਕ ਮੁਹੱਬਤ ਦੇ ਬਾਦ... ਬਸ, ਇਹ ਇਕ 'ਮੁੱਦਤ' ਹੈ ਆਪਣੇ ਹੁੱਜਰੇ 'ਚ ਸਾਂ... ਇਹ ਨਜ਼ਮਾਂ ਹੁੱਜਰੇ ਦੇ ਹੌਕੇ ਨੇ... ਇਕ ਅੰਤਰਾਲ ਬਾਦ ਨਜ਼ਮਾਂ ਦੇ ਪੰਛੀ ਹੱਥੋਂ ਫੜਫੜਾ ਕੇ ਉੱਡ ਗਏ ਨੇ... ਮੇਰੀ ਮਿੱਟੀ ਦੇ ਬਨੇਰੇ 'ਤੇ ਚਰਾਗ਼ ਧਰ ਗਏ ਨੇ''

ਇਮਰੋਜ਼ ਨੇ ਕਿਹਾ

ਉਸ ਦਿਨ ਮੈਂ ਨਜ਼ਮ ਪੜ੍ਹੀ ''ਘਰ ਅਜੇ ਵੀ ਫ਼ਿਕਸ਼ਨ ਵਿਚ ਹੈ...'' ਉਸ ਕਿਹਾ 'ਬਾਹੀਂ ਚੂੜਾ ਪਾ ਕੇ ਇੰਨੀ ਉਦਾਸ ਨਜ਼ਮ...'' ... ... ... ਨਜ਼ਮ ਹੀ ਸਾਂ ਪਰ ਉਦਾਸ ਹੋ ਗਈ ਹਾਂ ਅਕਤੂਬਰ 2006

ਕੇਂਦਰ ਬਿੰਦੂ

ਮੈਂ ਹਰ ਵਾਰ ਉਹਦੀ 'ਦੇਹ' ਦਾ ਜੰਗਲ ਪਾਰ ਕਰਦੀ ਪਿੰਡੇ ਖੁਭੀਆਂ ਥੋਹਰਾਂ, ਖਿੱਚਦੀ ਮੁਹੱਬਤ...ਖਲੋਤੀ ਹੁੰਦੀ ਮੇਰੇ ਇੰਤਜ਼ਾਰ ਵਿਚ ਮੈਂ ਤੇ ਉਹ ਨਾੜੂ ਦੇ ਰਿਸ਼ਤੇ ਵਾਂਗ... 'ਕਿੱਡਾ' ਸਫ਼ਰ ਪਲ ਵਿਚ ਤੈਅ ਕਰਦੀ... ਮੇਰੇ ਹੱਥ ਪੈਰ ਚੁੰਮਦੀ ਤੇ ਫਿਰ ਬਹਿ ਜਾਂਦੀ ਮੇਰੀ ਆਤਮਾ ਦੇ ਐਨ ਵਿਚਕਾਰ ਮੇਰਾ ਕੇਂਦਰ ਬਿੰਦੂ... 2017

ਉਮੀਦ

ਉਹ ਮੇਰੀ ਕਵਿਤਾ ਤੋਂ ਨਾਰਾਜ਼ ਰਹਿੰਦੈ...

ਕਾਸ਼ਦ ਬੀਚ 'ਤੇ...

ਪਹਾੜਾਂ ਉੱਤੇ ਲਿਖੀ ਤੇਰੀ ਹਰੀ ਕਚੂਰ ਕਵਿਤਾ, ਕਿਤੋਂ ਕਿਤੋਂ, ਭੂਰੀ ਹੋ ਕੇ ਝੜੀ ਪੈਰਾਂ ਦੀ ਪਾਜ਼ੇਬ ਬਣ ਗਈ ਫੁੱਲਾਂ ਉੱਤੇ ਲਿਖੀ ਤੇਰੀ ਨਜ਼ਮ, 'ਮਹਿਕ' ਬਣੀ, ਸਾਹਾਂ 'ਚ ਰਲ਼ ਗਈ ਪਾਣੀਆਂ 'ਚ ਘੁਲ਼ੀ, ਤੇਰੀ ਰੁਬਾਈ ਸ਼ਬਨਮ ਬਣੀ, ਅੱਖ ਭਰ ਗਈ- ਮੁਹੱਬਤ 'ਚ ਲਿਖੀ ਤੇਰੀ ਗ਼ਜ਼ਲ, ਧਰਤੀ ਹੋਈ ਤਾਂ ਮਾਂ ਬਣ ਗਈ....

ਬਾਰਿਸ਼

ਅੱਖਾਂ ਦੀ ਨਜ਼ਮ ਵਰ ਰਹੀ ਲਗਾਤਾਰ...

ਸਫ਼ਰ

ਅਜੇ ਵੀ ਕਿਤੋਂ ਆ ਰਹੀ ਏ ਖੜਾਵਾਂ ਦੀ ਆਹਟ, ਤਸਬੀ ਦਾ ਸਫ਼ਰ ਨਿਰੰਤਰ... ਕਰਮੰਡਲ 'ਚ ਹਰੀ ਗੰਗਾ ਦਾ ਜਲ ਨੀਲਾ ਕੱਚ, ਹੋਇਆ ਪਿਐ ਸ਼ਿੱਦਤ ਨਾਲ, ਸ਼ਦੀਦ ਹੋਇਆ ਪਿਐ ਅੱਖ ਦੇ ਸੱਚ ਵਿਚ ਬੂੰਦ ਬੂੰਦ ਬ੍ਰਹਿਮੰਡ 23.2.2006

ਪੱਤਝੜ

'ਪੱਤਝੜ'... ਕਿੰਨੀ ਖ਼ੂਬਸੂਰਤ ਹੈ ਮੁਹੱਬਤ ਵਰਗੀ ਉਦਾਸ ਤੇ 'ਆਸ' ਨਾਲ ਭਰੀ ਹੋਈ...

ਸ਼ਾਮ ਵੇਲੇ ਸਮੁੰਦਰ ਕੋਲ...

ਤੂੰ ਮਿਲਿਆ...ਤਿੰਨ ਦਹਾਕਿਆਂ ਬਾਅਦ ਬਾਹਵਾਂ ਫੈਲਾਅ ਕੇ, ਮੱਥੇ 'ਤੇ ਸੂਰਜ ਦਾ ਤਿਲਕ ਲਾ ਲੱਖਾਂ ਲਹਿਰਾਂ ਨਾਲ ਝੂਮਦਾ, ਨੱਚਦਾ ਪਿਆਰ ਉਛਾਲਦਾ... ਮੇਰੇ ਕਦਮਾਂ ਨੂੰ ਚੁੰਮਦਾ ਮੇਰੀ 'ਪਿਆਸ' ਪਛਾਣ ਗਿਆ ਮੇਰੇ ਲਈ ਵਿਛ ਗਿਆ... ਤੇਰੀਆਂ ਪਲਕਾਂ ਤੇ ਮੇਰੇ ਤਰਲ ਖ਼ਾਬਾਂ ਦਾ ਘਰ ਉਥੇ ਘੋਗੇ, ਸਿੱਪੀਆਂ, ਮੋਤੀ ਰੱਖੀਂ ਸਭ ਨੂੰ ਦੱਸੀਂ ਮੈਂ ਆਈ ਸਾਂ ਤੇਰੇ ਕੋਲ ਸਭ ਛੱਡ ਕੇ, ਆਵਾਜ਼ਾਂ ਤੋਂ ਭੱਜ ਕੇ ਤੇਰੇ ਪਲ ਪਲ ਬਦਲਦੇ ਰੰਗਾਂ 'ਚ ਘੁਲਣ ਲਈ, ਖੁਰਨ ਲਈ ਤੇਰੇ ਦਿਲ ਦੀ ਗਿੱਲੀ ਰੇਤ ਨੂੰ ਮਿਲਣ ਲਈ... ਤੂੰ ਸਾਗਰ, ਮਹਾਸਾਗਰ ਮੇਰੀ ਅੱਖ ਦੀ ਪੁਤਲੀ 'ਚ ਸਮਾ ਗਿਆ... 28.1.2006

ਘਰ

ਅਜੇ ਵੀ ਫਿਕਸ਼ਨ ਵਿਚ ਹੀ ਹੈ ਤੇ ਜ਼ਿੰਦਗੀ ਲਈ ਮੈਂ ਇਕ ਪੇਇੰਗ ਗੈਸਟ ਨਾ ਪਿੱਛੇ ਮੋਹ ਰਿਹਾ ਨਾ ਅੱਗੇ ਮੋਹ ਪਿਆ ਕਿਤੇ ਵੀ, ਕੋਈ ਵੀ ਮੈਨੂੰ ਨਹੀਂ ਉਡੀਕ ਰਿਹਾ ਬਸ ਐਵੇਂ ਹੀ ਮਾਈ ਬੁੱਢੀ ਦੇ ਝਾਟੇ ਵਾਂਗ ਸਿਖ਼ਰ ਦੁਪਹਿਰੇ ਹਵਾ ਦੇ ਨਾਲ ਨਾਲ ਹਾਂ ਝੜ ਚੁੱਕੇ ਗੁਲਮੋਹਰ ਵਾਂਗ ਜੋ ਆਪਣੀ ਹੀ ਹੈਰਾਨੀ 'ਚ ਖੜ੍ਹਾ ਕੋਈ ਅਹਿਸਾਸ ਨਹੀਂ ਨਾ ਜੂਨ ਦਾ, ਨਾ ਜਨਮ ਦਾ ਤੰਦ ਛੁੱਟ ਗਈ ਏ ਮਾਲ਼ਾ ਦੇ ਮਣਕੇ ਟੁੱਟ ਗਏ ਨੇ ਸਾਹਵੇਂ ਖਿਲਰੇ ਪਏ ਨੇ 'ਸਟਿਲ ਸੀਨ' ਦੀ ਤਰ੍ਹਾਂ ਸਭ ਰੁਕ ਗਿਐ ਕੁਝ ਵੀ ਨਹੀਂ ਚੱਲ ਰਿਹਾ ਇਕ ਕਲਮ ਤੋਂ ਸਿਵਾਅ ਖ਼ੈਰ ਏ... 22.2.2006 (ਪਾਕਿਸਤਾਨ)

ਪਰਲੇ ਪਾਰ

ਮੈਨੂੰ ਧੁਨ ਆਉਂਦੀ ਸੀ ਤੇ ਤੈਨੂੰ ਬੋਲ ਤੂੰ ਬੋਲ ਦੱਸਦਾ ਗਿਆ ਤੇ ਮੈਂ ਉਸ ਪਲ ਜ਼ਿੰਦਗੀ ਦਾ ਗੀਤ ਗਾ ਲਿਆ ਮੇਰਾ ਗੀਤ ਗੁਣਗੁਣਾਉਂਦਾ ਤੇਰੇ ਕਦਮਾਂ 'ਚ ਵਿਛ ਗਿਆ ਤੂੰ ਉਸ 'ਚ ਖ਼ਾਬਾਂ ਦਾ ਬੀਜ ਪਾਇਆ ਮੈਂ ਪਲ ਛਿਣ, ਵੇਲਾ, ਮੁਲਕ ਭੁੱਲ ਗਈ ਤੇ ਮੁਹੱਬਤ ਦਾ ਕਜਲਾ ਪਾ ਬਿਰਹਾ ਦੀ ਅੱਖ, ਖੁੱਲ੍ਹ ਗਈ... 10.3.2006 (ਪਾਕਿਸਤਾਨ)

ਮੁਹੱਬਤ

ਤੂੰ ਮੇਰੇ ਹੋਣ ਦਾ ਸਾਕਸ਼ੀ ਰਿਹਾ ਪਰ ਮੇਰੀ ਪੀੜ ਦਾ ਸਾਕਸ਼ੀ ਨਹੀਂ...

ਬੁੱਕ ਮਾਰਕ

ਤੂੰ ਜ਼ਿੰਦਗੀ ਦਾ ਮਹਾਂਗ੍ਰੰਥ ਮੈਂ ਰੋਜ਼ ਲਿਆ ਮੁੱਖ ਵਾਕ... ਰੂਹ ਦੀ ਸੈਲਫ਼ 'ਤੇ ਪਈ ਸੀ ਜਿਸਮ ਦੀ ਕਿਤਾਬ ਪਤਾ ਨਹੀਂ ਕਦੋਂ ਤੂੰ ਰੱਖ ਦਿੱਤਾ ਮੁਹੱਬਤ ਦਾ ਬੁੱਕ-ਮਾਰਕ... 24.6.2006

ਯਾਦ

ਹੁਣ ਤਾਂ ਚੇਤੇ ਉੱਤੇ ਜ਼ੋਰ ਪਾਉਣ 'ਤੇ ਵੀ ਤੇਰੇ ਧੁੰਦਲੇ ਨਕਸ਼ ਜ਼ਿਹਨ ਦੇ ਕੈਨਵਸ 'ਤੇ ਨਹੀਂ ਉਤਰਦੇ...

ਨਜ਼ਮ

ਸੰਘਣੀਆਂ- ਯਾਦਾਂ ਦੀਆਂ ਖੇਤੀਆਂ ਅੱਖੀਆਂ- ਜਿਉਂ ਨਦੀਆਂ ਚੜ੍ਹਦੀਆਂ ਤ੍ਰੇਹਾਂ- ਪਾਣੀ ਨਹੀਂ ਮੰਗਦੀਆਂ ਨੀਂਦਰਾਂ- ਸੁਪਨੇ ਡੰਗਦੀਆਂ

ਡੈਣ

ਵਾਲੋਂ ਧਰੂਹ ਕੇ ਬਾਹਰ ਕੱਢਦੀ ਅੰਦਰੋ ਅੰਦਰੀ ਰਹਿੰਦੀ ਵੱਢਦੀ ਯਾਦ ਤੇਰੀ ਤਾਂ ਡੈਣ ਬੜੀ ਏ ਕਦੇ ਦੀ ਮੇਰੇ ਘਰ ਵੜੀ ਏ...

ਅਸਮ ਦੇ ਜੰਗਲ 'ਚ...

ਕੁਦਰਤ ਮੌਲ਼ਦੀ ਖ਼ੁਸ਼ਬੂ ਬੋਲਦੀ ਬਾਂਸ ਦੇ ਪੱਤੇ ਕੰਵਲ ਹੱਸੇ ਟਟੀਰੀ ਰੋਕਦੀ ਅਸਮਾਨ ਨਾ ਡਿੱਗੇ- ਘਾਹ ਦੇ ਫੁੱਲ ਪਾਣੀ ਦੀ ਕੂਲ ਪੈਰਾਂ ਨੂੰ ਚੁੰਮੇ...

ਧਿਆਨ

ਤਮਾਮ ਕੰਮ ਛੱਡ ਕੇ ਉਹ ਸਮਾਧੀ 'ਚ ਬੈਠ ਗਈ ਮਾਂ ਆਪਣੇ ਬੱਚੇ ਨੂੰ ਦੁੱਧ ਪਿਆ ਰਹੀ...

ਯਾਦ

ਤੇਰੇ ਚੇਤੇ ਦੀ ਠੰਡੀ ਹਵਾ ਦਾ ਬੁੱਲ੍ਹਾ ਆਇਆ ਦਰਖ਼ਤਾਂ ਤੋਂ ਪੀਲੇ ਪੱਤਿਆਂ ਦਾ ਮੀਂਹ ਵਰ੍ਹਿਆ...

ਸਾਥ

ਮੈਂ ਤੇ ਤੂੰ ਸਮਾਂਤਰ ਵੀ ਨਹੀਂ ਹਾਂ ਪਹਾੜ ਦੇ ਆਰ ਪਾਰ ਖੜ੍ਹੇ ਹਾਂ...

ਖ਼ਰਚ

ਮੇਰਾ ਵਕਤ ਖਰਚ ਹੋ ਰਿਹੈ ਫ਼ਿਜ਼ੂਲ ਖਰਚ... ਮੈਂ ਨਹੀਂ ਕਰ ਰਹੀ ਹੋਰ ਲੋਕ, ਪਤਾ ਨਹੀਂ ਕਿਉਂ ਖਰਚ ਕਰੀ ਜਾ ਰਹੇ ਤੇ ਮੈਂ, ਮੂਕ ਦਰਸ਼ਕ ਵਾਂਗ ਸੂਖ਼ਮ ਹੋ ਕੇ ਵੇਖੀ ਜਾ ਰਹੀ ਮੈਂ ਖ਼ਰਚ ਹੋ ਰਹੀ... 27.7.2006

ਬੇਟੀ ਦੇ ਜਨਮ ਤੋਂ ਪਹਿਲਾਂ

ਸੋਚ ਰਹੀ ਹਾਂ ਬੜੇ ਦਿਨਾਂ ਤੋਂ ਇਸ ਨਜ਼ਮ ਬਾਰੇ, ਸਮਝ ਰਹੀ ਹਾਂ ਅੱਜ ਕੱਲ੍ਹ 'ਅੰਡਜੁ ਜੇਰਜੁ ਸੇਤਜੁ ਕੀਨੀ...' ਆਪਣੇ ਅੰਦਰ ਬੂੰਦ ਤੋਂ ਬ੍ਰਹਿਮੰਡ ਸੁਣਦੀ ਹਾਂ...ਸਮੁੰਦਰ ਦੀਆਂ ਛੱਲਾਂ 'ਚੋਂ ਧੜਕਣ ਦੀ ਆਵਾਜ਼ ਜ਼ਿੰਦਗੀ ਦੀ ਆਗਾਜ਼ ਮਹਿਸੂਸਦੀ ਹਾਂ ਕੁੱਖ ਅੰਦਰ, ਦਰਦ ਦੀ ਦਸਤਕ ਮਿੱਟੀ ਦੀ ਹਰਕਤ, ਮਿੱਟੀ ਦੀ ਕਰਵਟ... ਤੂੰ ਨਹੀਂ ਸੁਣ ਸਕਦਾ, ਸਮਝ ਸਕਦਾ ਕਾਦਰ ਦੇ ਇਸ 'ਹੱਕ' ਦਾ ਸੱਚ ਪਰ ਇਸ ਨਜ਼ਮ ਦਾ ਖ਼ਾਬ ਅਧੂਰਾ ਸੀ ਤੇਰੇ ਸਾਥ ਬਿਨਾਂ ਮੈਂ ਤੇ ਤੂੰ 'ਪੂਰਨਤਾ' ਦੀ ਸਿਖ਼ਰ 'ਤੇ ਹਾਂ... 17.11.2006

ਨਿੱਕਾ ਰੱਬ

ਗੋਦ ਭਰੀ ਭਾਗ ਭਰੀ ਦੀ ਗੋਦ 'ਚ ਹੱਸਦਾ ਨਿੱਕਾ ਜਿਹਾ ਰੱਬ ਟੇਰਦਾ ਬੁੱਲ੍ਹੀਆਂ... ਬੋਲਦੀਆਂ ਅੱਖੀਆਂ ਪਛਾਣਦਾ ਖ਼ੁਸ਼ਬੂ ਆਪਣੀ ਛਾਂ ਦੀ, ਆਪਣੀ ਮਾਂ ਦੀ ਨਿੱਕਾ ਜਿਹਾ ਰੱਬ... ਰੇਸ਼ਮੀ ਨੀਂਦ ਵਿਚ ਸ਼ਹਿਦ ਰੰਗੇ ਖ਼ਾਬ ਕਰੇ ਵਿਧ ਮਾਤਾ ਨਾਲ ਗੱਲਾਂ ਵੇਖਦੀ ਦੁੱਧ ਭਰੀ ਚੜ੍ਹੀਆਂ ਦੁੱਧ ਦੀਆਂ ਛੱਲਾਂ ਨਿੱਕਾ ਜਿਹਾ ਰੱਬ... ਵਿਅਰਥ ਜੀਣੇ ਦਾ ਕਿੰਨਾ ਮਾਸੂਮ ਸਬੱਬ ਗੋਦ 'ਚ ਹੱਸਦਾ ਤੇਰਾ ਤੇ ਮੇਰਾ ਨਿੱਕਾ ਜਿਹਾ ਰੱਬ... 17.2.2006

ਹਾਦਸਾ

ਰਾਤੋ ਰਾਤ ਪੱਕੇ ਖੇਤ ਨੂੰ ਅੱਗ ਲੱਗੀ ਸੜੇ ਪੌਦੇ, ਉਂਝ ਦੇ ਉਂਝ ਹੀ ਖੜ੍ਹੇ ਬਨੇਰੇ ਦੀ ਮਿੱਟੀ 'ਚ ਬੁਝੇ ਦੀਵੇ ਮਿਲੇ ਦੀਵਿਆਂ 'ਚ ਬੱਤੀ ਦਾ ਨਿਸ਼ਾਨ ਉਂਝ ਦਾ ਉਂਝ ਹੀ...

ਬਾਰੀ

ਘਰ ਦੀ ਇਕ ਬੰਦ ਬਾਰੀ ਜੰਗਲ ਵੱਲ ਖੁੱਲ੍ਹਦੀ ਹੈ ਤੇ ਰੂਹ ਝੀਥਾਂ ਰਾਹੀਂ ਧੂੰਏਂ ਵਾਂਗ ਨਿਕਲਦੀ ਹੈ... ਆਪਣੇ ਹੀ ਗ਼ੁਬਾਰ ਨਾਲ ਸੋਚ ਨੂੰ ਉੱਥੂ ਲੱਗ ਜਾਂਦੈ ਤੇ ਅੰਦਰਲੇ ਧੁਆਂਖੇ ਰੁੱਖ ਦੀ ਰਾਖ ਅੱਖਾਂ 'ਚੋਂ ਕਿਰਦੀ ਹੈ... ਘਰ ਦੀ ਇਕ ਬੰਦ ਬਾਰੀ ਜੰਗਲ ਵੱਲ ਖੁੱਲ੍ਹਦੀ ਹੈ... 10.10.2007

ਉਹਲਾ ...

ਦਿਨ ਰੀਂਗਦਾ ਸਰਕਦੀ ਰਾਤ ਅੱਖ ਪਛਤਾਉਂਦੀ ਬੁਝ ਕੇ 'ਬਾਤ'... ਛਣਕਦੇ ਘੁੰਗਰੂ ਮੱਚਦਾ ਨਾਚ ਕਲੀਆਂ ਦੀ ਸੁਗੰਧ ਲਾਹੁੰਦਾ ਉਹ ਕੁੰਜ... 24.12.2007

ਜਲ...

ਤਰਲ ਸਰਲ ਬਰਸਾਤ ਵਾਸ਼ਪ ਬਰਫ਼ ਬੁਲਬੁਲਾ ਬੂੰਦ ਲਹਿਰ ਨਦੀ ਝਰਨਾ ਦਰਿਆ ਸਾਗਰ ਪ੍ਰਾਣ ਮਹਾ ਪ੍ਰਾਣ... ਹੰਝੂ ਪਿਆਸ ਦੁੱਧ ਰਸ ਲਹੂ ਲਾਰ ਸਿਲ੍ਹਣ ਦਲਦਲ ਵੀਰਜ ਮਲ ਇਨਸਾਨ ਮਹਾਂ ਇਨਸਾਨ... ਪਲੀਤ ਪ੍ਰਾਣ...

ਲੋਰੀ ਵੇਲਾ...

ਬਹੁਤ ਡੂੰਘੀ ਰਾਤ ਊਂਘ ਰਿਹੈ ਸਭ ਕੁਝ ਸੌਣ ਲੱਗੀ ਕਾਇਨਾਤ ਧੜਕ ਰਿਹੈ ਚੰਨ ਅਲਸਾਈ ਹਵਾ ਤਾਰਿਆਂ ਦੇ ਮੱਧਮ ਮੱਧਮ ਸਾਹ ਜਾਗ ਰਹੀ ਮਾਂ... ਨਿੱਕਾ ਜਿਹਾ ਬਾਲ, ਲੱਗਾ ਛਾਤੀ ਨਾਲ ਕਰ ਰਹੀ ਗੱਲਾਂ, ਦੇ ਰਹੀ ਨਸੀਹਤਾਂ ਮਾਰ ਰਹੀ ਝਿੜਕਾਂ... ਬੜਾ ਭੈੜਾ ਏ ਰੱਬ ਮੇਰੀ ਬੱਚੀ ਨੂੰ ਤਾਪ ਚੜ੍ਹਾਇਆ ਐਵੇਂ ਈ ਮੀਂਹ ਵਰ੍ਹਾਇਆ ਮੇਰਾ 'ਚੰਨ' ਤਿਲਕ ਗਿਆ ਹੈ ਨਾ ਰੱਬ ਸ਼ਦਾਈ ਮੇਰੀ ਲਾਡੋ ਨੂੰ ਸੱਟ ਲੁਆਈ ਮੈਂ ਬਾਬਾ ਜੀ ਨੂੰ ਜ਼ੋਰ ਦੀ ਮਾਰਾਂਗੀ ਮੇਰੀ ਜਾਨ...ਨਾ ਰੋ... ਸੌਂ ਜਾ...ਮੇਰਾ ਬੱਚਾ... ਹੱਥਾਂ 'ਚ ਲੋਅ ਫੜੀ ਅੱਖਾਂ 'ਚ ਪਾਣੀ ਭਰੀ ਸੁਣ ਰਿਹਾ ਹੈ ਸਭ, ਮਾਂ ਦੇ ਕੋਲ ਬੈਠਾ ਰੱਬ... 25.5.2008

ਸ਼ੁਕਰ ਏ...

ਸ਼ਹਿਰ ਘੁੰਮਦਿਆਂ ਹੋਇਆ ਥਕੇਵਾਂ ਇਕ ਮੰਦਰ ਅੰਦਰ ਕ੍ਰਿਸ਼ਨ ਦੇ ਕਦਮਾਂ 'ਚ ਬੈਠਿਆਂ ਦੂਰੋਂ ਅਜ਼ਾਨ ਸੁਣੀ ਮੈਂ ਵਾਹਿਗੁਰੂ ਦਾ ਸ਼ੁਕਰ ਕੀਤਾ...

ਖਿੱਝ...

ਬੜੇ ਦਿਨਾਂ ਤੋਂ ਮਨ ਘਰ ਤੋਂ ਉੱਕ ਗਿਐ ਸਿਰ ਦੇ ਐਨ ਵਿਚਕਾਰੋਂ ਜਿਵੇਂ ਕੋਈ ਲਾਵਾ ਫੁੱਟ ਪਿਆ ਏ ਕੰਧ ਪਿੱਛੇ ਕੰਧ ਤੇਰੇ ਮੇਰੇ ਵਿਚਕਾਰ ਕੰਧ ਦੀਵਾਰ 'ਤੇ ਰਜਨੀਸ਼, ਹੱਸ ਰਿਹਾ ਏ...

ਇਕੱਲੀ

ਮੈਂ ਏਕਾ ਮਾਈ ਹਰ ਰਿਸ਼ਤੇ ਨੂੰ ਜਨਮ ਦੇ ਕੇ ਵੀ ਇਕੱਲੀ...ਸ਼ੁਰੂ ਤੋਂ ਪਹਿਲਾ ਆਦਿ ਬਿੰਦੂ ਮੈਂ ਹੀ ਤਾਂ ਸੀ ਤਾਂਹੀ ਤੇ ਜਨਮਿਆ ਬ੍ਰਹਿਮੰਡ ਬ੍ਰਹਿਮੰਡ ਨੂੰ ਜਨਮ ਦੇਣ ਵੇਲੇ ਵੀ ਮੈਂ ਤਨਹਾ ਸੀ... ਜਨਮ ਦਾ ਸਿੱਧਾ ਤੇ ਅਸਿੱਧਾ ਹਰ ਸੰਬੰਧ ਮੇਰੇ ਨਾਲ ਹੀ ਤਾਂ ਹੈ ਮੇਰੇ ਤੋਂ ਬਿਨਾਂ 'ਪ੍ਰਸਵ' ਸੰਭਵ ਨਹੀਂ ਕੁਦਰਤ ਤੋਂ ਬਿਨਾਂ, ਕਾਦਰ ਨਹੀਂ... ਮੈਂ ਮੂਲ ਸ਼ਕਤੀ ਦਾ ਕੇਂਦਰ ਬਿੰਦੂ ਪਹਿਲਾਂ ਰਾਧਾ, ਫਿਰ ਕ੍ਰਿਸ਼ਨ ਮੈਂ ਹੀ ਹਾਂ ਮੁਹੱਬਤ, ਪਰ ਉਦਾਸ ਹਾਂ ਮੇਰੇ 'ਚੋਂ ਹੀ ਜਨਮਿਆ ਹਰ ਜਜ਼ਬਾ ਜਨਨੀ ਹਾਂ ਮੈਂ, ਹਰ ਸ਼ੈਅ ਦੀ ਮੈਂ ਮਾਂ ਨੂੰ, ਮਾਂ ਨੇ ਮੈਨੂੰ ਜਨਮਿਆ ਪਹਿਲਾਂ ਮਾਂ ਕਿ ਮੈਂ ਜੋ ਵੀ ਹੈ, ਪਰ ਇਕੱਲੀ ਹੈ ਇਹ ਸਾਰਾ ਸੰਸਾਰ ਪਸਾਰਾ ਜੂਨ, ਜਨਮ, ਸਭ ਮੇਰੀ ਕੁੱਖ ਦਾ ਵਰਤਾਰਾ ਮੈਂ ਜੜ੍ਹ ਹਾਂ ਮੈਂ ਮਾਦਾ ਹਾਂ... 7.10.2008

ਬੇਟੇ ਦੇ ਜਨਮ ਤੋਂ ਪਹਿਲਾਂ

ਅੰਦਰ ਹੀ ਕਿਤੇ ਗਹਿਰੀ ਥਾਵੇਂ ਬੈਠਾ ਹੈ ਉਹ ਧੂਣੀ ਜਮਾ ਕੇ, ਸਮਾਧੀ ਲਾ ਕੇ ਵੇਖ, ਮੇਰੀਆਂ ਅੱਖਾਂ 'ਚ ਝਉਲਾ ਹੈ ਇਬਾਦਤ ਦਾ ਪਾਣੀ ਹੈ ਮੁਹੱਬਤ ਦਾ ਮੇਰੀ ਆਵਾਜ਼ ਛੂਹ ਕੇ ਵੇਖ ਉਹਦਾ ਸੰਗੀਤ ਹੈ, ਕੰਪਨ ਹੈ ਹਰ ਸਾਹ ਹੁਣ, ਚੰਦਨ ਹੈ ਅੰਦਰ ਹੀ ਗਹਿਰੀ ਥਾਵੇਂ ਕਿਤੇ ਬੈਠਾ ਹੈ ਉਹ... ਮੈਂ ਮੂਲ ਬਿੰਦੂ ਵਿਚ ਹਾਂ ਨਹੀਂ, ਮੈਂ ਮੂਲ ਬਿੰਦੂ ਹੀ ਹਾਂ ਕਦੇ ਉਡੀਕ ਨਾ ਤਿੜਕੀ ਮੈਂ ਸਾਰੀ ਉਮਰ ਰਿੜਕੀ ਹੁਣ ਉਮਰ ਤੋਂ ਮੁਕਤ ਹਾਂ ਉਦ੍ਹੀ ਲਿਖੀ ਕੋਈ ਜੁਗਤ ਹਾਂ ਸਮੇਂ ਤੋਂ ਆਜ਼ਾਦ ਹਾਂ ਹੁਣ ਮਹਾਂਨਾਚ ਹਾਂ ਅਖੰਡ ਵਿਸਮਾਦ ਹਾਂ... ਅੰਦਰ ਹੀ ਕਿਤੇ ਗਹਿਰੀ ਥਾਵੇਂ ਬੈਠਾ ਹੈ ਉਹ... 28.11.2008

ਬਟਰ ਫਲਾਈ

ਦੋ ਸਾਲ ਦੀ ਮੇਰੀ ਬੱਚੀ ਹਰ ਜਗ੍ਹਾ, ਮੇਰੇ ਕੋਲੋਂ ਬਟਰਫਲਾਈ ਬਣਵਾਉਂਦੀ ਕਾਗ਼ਜ਼ ਉੱਤੇ, ਹੱਥ ਉੱਤੇ ਫਰਸ਼ 'ਤੇ, ਬਰਫ਼ 'ਤੇ ਪਾਣੀ 'ਤੇ, ਅੱਗ 'ਤੇ ਤੇ ਉਹਦੀ ਬਟਰਫਲਾਈ ਹਰ ਜਗ੍ਹਾ ਉੱਤੇ ਬੈਠ ਜਾਂਦੀ ਮਹਿਕ ਮੰਨ ਕੇ, ਫੁੱਲ ਸਮਝ ਕੇ ਸਹੀ ਸਲਾਮਤ ਰਹਿੰਦੀ ਉੱਡਦੀ ਫਿਰਦੀ ਉਦ੍ਹੇ ਨਿੱਕੇ-ਨਿੱਕੇ ਬੋਲਾਂ ਵਾਂਗ ਮਾ...ਮਾ...ਬਤਰਫਲਈ ਬਾਓ... ***** ਸ਼ਾਖ਼ ਮੇਰੀ 'ਤੇ ਬੂਰ ਹੈ ਪੈਣਾ ਮੌਸਮ ਨੂੰ ਸਮਝਾ ਦੇਵੀਂ, ਕੋਇਲ ਹੱਥ ਨਵਾਂ ਗੀਤ ਭੇਜੀਂ ਪਿਛਲੇ ਸਭ ਦਫ਼ਨਾ ਦੇਵੀਂ...

ਉਹ ਮੁਕਲਾਵਾ ...

ਉਹ ਆਈਆਂ ਸੀ...ਮੈਨੂੰ ਲੈਣ ਚਟਕੀਲੇ, ਭੜਕੀਲੇ ਰੰਗਾਂ ਵਿਚ ਇਕੱਠੀਆਂ ਹੋ ਕੇ ਜਿਵੇਂ ਰੰਗ ਬਰੰਗੀਆਂ ਲੀਰਾਂ ਦੇ ਰੈਗ ਦਾ ਢੇਰ ਜਿਸ ਉੱਤੇ, ਸੁਆਹ ਖਿਲਰੀ ਹੋਵੇ... ਬੜੀ ਖੁੰਦਕ ਹੈ... ਬੜਾ ਸ਼ੋਰ ਕਰਦੀਆਂ ਨੇ ਹੱਥ ਮੂੰਹ ਲਬੇੜ ਕੇ, ਖਿਲਾਰ ਖਿਲਾਰ ਕੇ ਖਾਂਦੀਆਂ ਵੱਡੇ ਤੇ ਉੱਚੇ ਦੰਦ ਕੱਢ ਕੇ, ਹੱਸਦੀਆਂ ਤਾੜੀ ਮਾਰਦੀਆਂ ਲੋਟ ਪੋਟ ਹੁੰਦੀਆਂ, ਅਸ਼ਲੀਲ ਗੱਲਾਂ ਕਰਦੀਆਂ ਇਕ ਦੂਜੇ ਦੇ ਵਾਲ ਖੋਂਹਦੀਆਂ ਮਿੱਟੀ, ਖੇਹ ਉਡਾਉਂਦੀਆਂ ਬੜੀ ਖੁੰਦਕ ਹੈ... ਹੁਣ ਇਹ ਰੈਗ ਦਾ ਢੇਰ ਹਰ ਵੇਲੇ ਮੇਰੀਆਂ ਅੱਖਾਂ ਸਾਹਵੇਂ ਰਹਿੰਦਾ ਜਿਵੇਂ ਭਰਿੰਡਾਂ ਦਾ ਖੱਖਰ ਮੇਰੇ ਸਿਰ 'ਤੇ ਲੱਗਾ ਹੋਵੇ ਇਨ੍ਹਾਂ ਦੀ ਭਿਣਭਿਣਾਹਟ ਨੇ, ਡੰਗਾਂ ਨੇ ਮੇਰੀ ਸੋਚ ਨੂੰ ਸੋਜ ਪਾ ਛੱਡੀ ਏ ਬੜੀ ਖੁੰਦਕ ਹੈ... ਬੜਾ ਸ਼ੋਰ ਕਰਦੀਆਂ, ਹੱਥ ਮਾਰ ਮਾਰ ਚੀਕਦੀਆਂ ਮੈਨੂੰ ਮੇਰੀ ਹੀ ਆਵਾਜ਼ ਨਹੀਂ ਸੁਣਦੀ... 25.11.2008

ਬੀਜ

ਗਰਭ ਵਿਚਲੇ ਬੀਜ ਦਾ ਪਤਾ ਨਹੀਂ ਇਹ ਕਿੰਨਵਾਂ ਜਨਮ ਹੋਵੇਗਾ... ਪਰ ਰੱਬ ਦੀ ਦੀਵਾਰ ਨਾਲ ਖਹਿੰਦਿਆਂ ਤੂੰ ਕਿੱਥੇ ਸੀ ਉਸੇ ਦੀਵਾਰ ਦੇ ਉਹਲੇ ਹੀ ਤਾਂ ਮੁਹੱਬਤ ਦੀ ਝੜੀ ਲੱਗੀ ਪਈ ਸੀ ਵਾਛੜ ਵੀ ਇਧਰ ਦੀ ਹੀ ਸੀ... ਤੂੰ ਪੱਤਝੜ ਦਾ ਭੁਲੇਖਾ ਨਾ ਖਾਵੀਂ ਅਦਾਕਾਰੀ ਕਰੀਂ ਕਿ ਮੈਨੂੰ ਹਮੇਸ਼ਾ ਲਗਦਾ ਰਹੇ ਤੈਨੂੰ ਮੇਰੇ ਨਾਲ ਮੁਹੱਬਤ ਹੈ... ਮੈਂ ਅੰਦਰਲੀ ਦਗੜ ਦਗੜ ਦਾ ਸ਼ਿਕਾਰ ਆਪਣੀ ਕਟਿੰਗ ਓਵਰ ਕਟਿੰਗ ਕਰਦਿਆਂ ਆਪਣੇ ਆਪ ਕੋਲੋਂ ਕਤਰਾਂਦਿਆਂ 'ਆਨੰਦ' ਲਿਖ ਕੇ ਤਸਵੀਰ ਵਾਂਗ ਟੰਗ ਦਿਤੈ... ਵਕਤ ਤੋਂ ਪਾਰ ਕਦੀ ਕਦੀ ਤੇਰੀ ਅੱਖ ਵਿਚ ਮੈਨੂੰ ਚੰਨ, ਮੋਤੀ ਵਾਂਗ ਨਜ਼ਰ ਆਉਂਦੈ ਜੋ ਮਨ ਦੀ ਸਿੱਪੀ ਵਿਚ ਪਿਆ ਸਾਗਰਾਂ ਨਾਲ ਖਹਿੰਦਾ ਰਿਹਾ ਤੇ ਕਿਸੇ ਜਾਦੂਗਰ ਦੀ ਤਰ੍ਹਾਂ ਮੈਂ ਪਿਘਲਦਾ ਸੱਚ ਮੱਥੇ ਦੀ ਉਡੀਕ ਵਿਚ ਸਾਂਭ ਲਿਆ... ਕੰਧਾਂ...ਹਾਣ ਦੀਆਂ ਲੱਗੀਆਂ ਝਰੀਟਾਂ ਖਾਧੀਆਂ, ਔਸੀਆਂ ਪਾਈਆਂ ਝਰਨਿਆਂ ਦੇ ਖ਼ਾਬ ਲਏ... ਪਰ ਹਜ਼ਾਰਾਂ ਫੁੱਟ ਦੀ ਦੂਰੀ ਤੋਂ ਵੀ ਮਕੜੀ...ਮਕੜੀ ਹੀ ਨਜ਼ਰ ਆਈ ਕੰਮਬਖ਼ਤ ਜਾਲਾ ਬੁਣਦੀ ਰਹੀ, ਮੈਂ ਲਾਹੁੰਦੀ ਰਹੀ... ਦੋ-ਧਾਰੀ ਆਰੀ ਦੀ ਲਗਾਤਾਰ ਆਉਂਦੀ ਹੈ ਆਵਾਜ਼ ਚਲਦੀ ਰਹਿੰਦੀ ਹੈ ਅਰਦਾਸ... ਪਰ ਤੂੰ ਅਣਡਿੱਠ ਨਾ ਕਰੀਂ ਆਪਣੀ ਉਦਾਸੀ ਦੀ ਹੂਕ ਜੋ ਹਮੇਸ਼ਾ ਆਖਦੀ ਹੈ ਜਾਗਦੇ ਰਹੋ... ਤੇ ਲੋਗ ਡਰਦੇ ਨੇ 'ਤੀਸਰੇ ਨੇਤਰ' ਤੋਂ ਪਰ ਉਹ ਹੈ ਨਾ ਗਾਵਾਂ ਚਰਾਉਂਦਾ ਹੀ ਰਹੇਗਾ ਅਨੰਤ ਕਾਲ ਤਕ ਸਾਹਵੇਂ ਨਹੀਂ ਆਵੇਗਾ ...ਮਿੱਟੀ ਦੇ ਬੀਜ ਦਾ ਸਫ਼ਰ ਕਦੋਂ ਰੁਕਿਆ 'ਪ੍ਰੇਮ' ਭਲਾ ਕਦੋਂ ਰੁਕਿਆ... (ਬਿਪਨਪ੍ਰੀਤ ਦੀ 'ਨਜਮ' ਪੜ੍ਹਨ ਤੋਂ ਬਾਅਦ)

ਨਾਗ

ਪੂਜਦੀ ਨਾਗ ਪੰਚਮੀ ਚੜ੍ਹਾਉਂਦੀ ਕੱਚੀ ਲੱਸੀ, ਫ਼ਲ, ਮੇਵੇ ਚਮੜੀ, ਦਮੜੀ... ਮੋਗਰਾ, ਚੰਮੇਲੀ ਸੰਗ ਖੇਲਦਾ ਸੇਜ ਉੱਤੇ ਮੇਲ਼ਦਾ... ਮੱਚਦੀ ਭੁੱਖ ਖੋਭਦਾ ਦੰਦ ਚੜ੍ਹਦੀ ਵਿਸ ਸਰ ਜਾਂਦਾ ਡੰਗ ਦੋ ਡੰਗ... ਕੌਡੀਆਂ ਵਾਲਾ ਕਾਲਾ ਰੰਗ ਸਾਂਭਦੀ ਉਹ ਕੁੰਜ ਰਹਿੰਦੀ ਵਰ੍ਹਮੀ ਵਿਚ ਉਦ੍ਹੇ ਅੰਗ-ਸੰਗ... 1.6.2009

ਮੇਰੀ ਚਾਦਰ

ਰਹੀ ਮੇਰੀ ਔਕਾਤ ਦੀ ਪੌਸ਼ਾਕ ਹਮੇਸ਼ਾ ਤੰਗ ਚਾਦਰ ਨੂੰ ਖਿੱਚਦਿਆਂ ਕਦੀ ਪੈਰ ਨੰਗੇ ਕਦੀ ਸਿਰ ਨੰਗਾ ਉਦ੍ਹਾ ਇਖ਼ਲਾਕ ਵੀ ਰਿਹਾ ਬੇਜ਼ਮੀਰਾ ਤੇ ਨੰਗ ਧੜੰਗਾ ਆਪਣੀ ਆਪਣੀ ਜ਼ਾਤ ਦੀ ਸਮੀਕਰਨ ਸਾਥੋਂ ਕਦੀ ਹੱਲ ਨਾ ਹੋਈ..

ਮਜਬੂਰ ਬਾਲ...

ਮਹਾਂਨਗਰ ਹਰ ਪਾਸੇ ਮੁਸਾਫ਼ਰ ਹੋਟਲ ਦੇ ਕੋਲੋਂ ਲੰਘਦੀ ਮੈਟਰੋ... ਤੇ ਉਹ, ਆਪਣੇ ਤੋਂ ਵੱਡੇ ਪਤੀਲੇ ਨਾਲ ਘੁਲਦਾ ਤਿਊੜੀ ਖਰੋਂਚਦਾ ਜੂਠੇ ਭਾਂਡਿਆਂ ਦੇ ਢੇਰ ਹੇਠੋਂ ਚਮਚੇ ਲੱਭਦਿਆਂ ਬਚਪਨ ਕਿਤੇ ਗੁਆਚ ਗਿਆ... ਖੁਰ੍ਹੇ ਦੀ ਜਿੱਲਣ ਰਗੜਦਾ ਕੂੜਾ ਫਰੋਲਦਾ ਗੰਦੀਆਂ ਨਾਲੀਆਂ ਸਾਫ਼ ਕਰਦਾ ਰਗਾਂ 'ਚ ਜਮ੍ਹਾ ਕਰੀ ਜਾਂਦਾ ਨਫ਼ਰਤ ਦਾ ਲਾਵਾ... ਉਨ੍ਹਾਂ ਸਭਨਾਂ ਲਈ ਜਿਨ੍ਹਾਂ ਨੇ ਪੈਦਾ ਕਰਕੇ ਕੁਝ ਦਮੜੀਆਂ ਖ਼ਾਤਰ ਬੰਧੂਆ ਕਰਵਾਇਆ ਮਿੱਟੀ ਦਾ ਬਾਵਾ...

ਕਿਵੇਂ ਹੰਢਣਾ...

ਬਾਰ ਬਾਰ ਗੰਢਾਉਂਦੀ ਹਾਂ ਟੁੱਟੀ ਜੁੱਤੀ ਦੇਖ ਰਹੀ ਹਾਂ ਕਿੰਨਾ ਕੁ ਚਿਰ ਹੰਡੇਗੀ ਮੋਚੀ, ਹਰ ਵਾਰ ਟਾਂਕਾ ਲਾਉਂਦਾ ਮੇਰੇ ਵੱਲ ਟੇਡਾ ਜਿਹਾ ਤੱਕਦਾ...ਹੱਸਦਾ ਆਖਦਾ ''ਹੁਣ ਬੀਬੀ ਜੀ ਇਸ ਬਿਚ ਕੁਸ ਨਾ ਰਿਹਾ ਸਿੱਟ ਦਿਓ, ਛੱਡ ਦਿਓ, ਨਵੀਂ ਲਵੋ ਹੁਣ ਹੋਰ ਨਹੀਂ ਗੰਢੀ ਜਾਣੀ ਇਸ ਨੂੰ ਬਦਲ ਦਿਓ'' ਮੋਚੀ ਵੀ ਹਾਰ ਗਿਆ ਟਾਂਕੇ ਲਾਉਂਦਾ...ਪਰ ਮੈਂ ਨਹੀਂ ਰੋਜ਼ ਪਤਾ ਨਹੀਂ ਕਿੰਨੇ ਕੁ ਤਰੋਪੇ ਲਾਉਂਦੀ ਹਰ ਉੱਖੜੀ ਜਗ੍ਹਾ 'ਤੇ ਇਤਬਾਰ ਦੇ ਕਿੱਠ ਠੋਕਦੀ ਇਕ ਇਕ ਕੰਨੀ ਜੋੜਦੀ ਹੌਸਲੇ ਅਤੇ ਜ਼ਬਤ ਦੀ ਸ਼ਰੇਸ਼ ਲਾਉਂਦੀ ਪਰ ਰਿਸ਼ਤਾ ਹੈ ਕਿ ਹੁਣ ਹੋਰ ਨਹੀਂ ਹੰਢਦਾ ਸੁੱਟਿਆ ਨਾ ਜਾਵੇ, ਵਟਾਇਆ ਨਾ ਜਾਵੇ ਤੇ ਮੈਂ ਚੱਪਲ ਵਾਂਗ ਰਿਸ਼ਤੇ ਦੇ ਪੈਰੀਂ, ਘਸਦੀ, ਟੁੱਟਦੀ ਤੇ ਬਾਰ ਬਾਰ ਜੁੜਦੀ... ਸਿੱਖਦੀ ਹਾਂ ਇਸੇ ਤੋਂ ਕਿਵੇਂ ਹੈ ਹੰਢਣਾ... ਉੱਚੇ ਨੀਵੇਂ, ਟੇਢੇ-ਮੇਢੇ ਰਾਹਾਂ 'ਤੇ ਕਿਤੇਂ ਹੈ ਤੁਰਨਾ... ***** ਦਿਲ ਅਪਨਾ ਪੁਰਾਨਾ ਪਾਪੀ ਹੈ ਬਰਸੋਂ ਮੇਂ ਨਮਾਜ਼ੀ ਹੋ ਨ ਸਕਾ...

ਕੁਰਾਹੀਏ...

ਬਾਬਾ ਪਿਆ ਕੁਰਾਹੇ ਸੱਚਾ ਸੌਦਾ ਕਰ ਆਇਆ ਉਦ੍ਹੇ ਪਿੱਛੇ ਪਿੱਛੇ ਕਾਬਾ ਉਸ ਜਿਧਰ ਕਦਮ ਵਧਾਇਆ... ਬੁੱਲ੍ਹਾ ਨੱਚਿਆ ਚੁਰਾਹੇ ਕੰਜਰੀ ਕਹਾਇਆਮੁ ਰਸ਼ਦ ਦੇ ਦਰ 'ਤੇ ਇਸ਼ਕ ਦਾ ਦੀਵਾ ਧਰ ਆਇਆ... ਮੀਰਾ ਵਿਸ਼ ਦਾ ਪਿਆਲਾ ਪੀਤਾ ਦਾਮਨ 'ਤੇ ਇਲਜ਼ਾਮ ਵੀ ਲੀਤਾ ਪ੍ਰੇਮ ਨੇ ਐਸਾ ਬੇਬਸ ਕੀਤਾ ਕ੍ਰਿਸ਼ਨ ਦਾ ਗੱਚ ਵੀ ਭਰ ਆਇਆ... ਫ਼ਰੀਦ ਭਟਕਿਆ ਘਰ ਤੋਂ ਸਾਂਭੇ ਸੱਜਣ ਲਈ ਲੈਣ ਪਿਆਰੇ ਬਿਨ ਨਾਹੀ ਚੈਨ ਕਾਂਗਾਂ ਨੂੰ ਸਗਰਾ ਮਾਸ ਖੁਆਇਆ ''ਜਉ ਤਉ ਪ੍ਰੇਮ ਖੇਲਨੁ ਕਾ ਚਾਓ'' ਉਹ ਸਿਰ ਰੱਖ ਕੇ ਤਲੀ 'ਤੇ ਆਇਆ...

ਕਵਿਤਾ

ਵੇਖੇਂ ਨਾ, ਬਰਸਾਤ ਹੁੰਦਿਆਂ ਹੀ ਤੂੰ ਆ ਗਈ ਤੇਰਾ ਤੇ ਮੇਰਾ, ਬੂੰਦਾਂ ਨਾਲ ਗੂੜ੍ਹਾ ਰਿਸ਼ਤਾ ਤੂੰ ਹਰੇ ਕਚੂਰ ਪੱਤਿਆਂ ਤੋਂ ਤਿਲਕਦੀ ਪਾਣੀ ਨਾਲ ਭਰੇ ਟੱਬ 'ਚ ਨਹਾਉਂਦੇ ਨਿੱਕੇ ਜਿਹੇ ਬਾਲ ਵਾਂਗ ਮਚਲਦੀ ਕਿਲਕਾਰੀਆਂ ਮਾਰਦੀ, ਆ ਹੀ ਜਾਨੀ ਏਂ ਮੇਰੇ ਕਲਾਵੇ 'ਚ.... ਜਿਵੇਂ ਮੇਰੀ ਨਿੱਕੀ ਜਹੀ ਬੱਚੀ ਮੈਨੂੰ ਵੇਖ ਭੱਜ ਕੇ, ਧਾਹ ਕਰਕੇ ਹਿੱਕ ਨਾਲ ਲੱਗਦੀ ਤੇ ਪੁੱਛਦੀ ਮਾਂ ਤੂੰ ਕਿੱਥੇ ਸੀ... ਤੇ ਉਸੇ ਵੇਲੇ ਅੱਖ ਦੇ ਪਾਣੀ 'ਚ ਤੂੰ ਖ਼ੁਸ਼ੀ ਨਾਲ ਤੈਰਦੀ... ਬਸ ਇਥੇ ਹੀ ਹੁੰਦੀ ਹਾਂ ਮੈਂ ਨੌਕਰੀ ਕਰਦੀ, ਟੱਬਰ ਸਾਂਭਦੀ ਹਰ ਵੇਲੇ ਰੁੱਝੀ, ਕਲਮ ਕਿਤਾਬ ਤਕ ਪਹੁੰਚਦਿਆਂ ਫਿਰ ਅੜ ਜਾਂਦੀ ਹਾਂ ਰਿਸ਼ਤਿਆਂ ਦੀਆਂ ਖੁੰਗੀਆਂ ਨਾਲ... ਪਰ ਤੂੰ ਚਲਦੀ ਰਹਿੰਦੀ ਨਿਰੰਤਰ ਮੇਰੇ ਅੰਦਰ ਮੇਰੇ ਲਿਬਾਸ 'ਤੇ ਲੱਗੀ ਇਕ ਇਕ ਖੁੰਗੀ ਰਫੂ ਕਰਦੀ ਲੈ ਤੁਰਦੀ ਏਂ ਮੈਨੂੰ ਮੇਰੇ ਕਲਬੂਤ ਤੋਂ ਬਾਹਰ ਬਰਸਾਤ ਵਿਚ, ਮਲਹਾਰ ਵਿਚ... ਮੇਰੇ ਕੋਲ ਤੂੰ ਮੇਰੇ ਵਾਂਗ ਸਬ ਅਲੰਕਾਰਾਂ ਨੂੰ ਤੱਜ ਕੇ ਆਉਂਦੀ ਮੱਥੇ 'ਤੇ ਸਿਰਫ਼, ਮੁਹੱਬਤ ਦੀ ਬਿੰਦੀ ਲਾਉਂਦੀ ਮੈਂ ਤੇਰਾ ਹਰ ਨਗ਼ਮਾ ਸੁਣਦੀ ਤੇਰੀ ਤਰਲਤਾ ਤੇ ਸਰਲਤਾ ਨੂੰ ਚੁੰਮਦੀ ਤੇਰੇ ਨਾਲ ਬੂੰਦ ਬੂੰਦ ਵਰ੍ਹਦੀ ਸਿੰਮ ਜਾਂਦੀ ਹਾਂ ਗਿੱਲੀ ਮਿੱਟੀ ਦੀ ਮਹਿਕ ਵਿਚ 29.07.2009

ਨਾਚ

ਅੱਜ ਰੁੱਖ ਬਹੁਤ ਹੈ ਖ਼ੁਸ਼ ਨੱਚ ਰਿਹਾ ਹੈ ਅੰਗ ਅੰਗ ਹਵਾ ਦੇ ਸੰਗੀਤ ਸੰਗ ਅੱਜ ਰੁੱਖ ਬਹੁਤ ਹੈ ਖ਼ੁਸ਼... ਨਿੱਕੀਆਂ ਨਿੱਕੀਆਂ ਕੌਂਪਲਾਂ ਮਟਕਾ ਰਹੀਆਂ ਅੱਖਾਂ ਪੱਤਾ ਪੱਤਾ ਬਾਵਰਾ ਆਲਮ ਹੈ ਕਿ ਨਾਲ ਨੱਚਾਂ... ਅੱਜ ਰੁੱਖ ਬਹੁਤ ਹੈ ਖ਼ੁਸ਼... ਆਪ ਖੜ੍ਹਾ ਹੈ ਅਹਿਲ ਵਿਸਮਾਦ ਨਾਲ ਭਰਿਆ ਹੈ ਮੌਸਮ ਦੀ ਪਾਜੇਬ 'ਤੇ ਨਾਚ ਹਰਿਆ ਹਰਿਆ ਅੱਜ ਰੁੱਖ ਬਹੁਤ ਹੈ ਖ਼ੁਸ਼... ਝੂਮਦੀਆਂ ਟਾਹਣੀਆਂ ਇਕ ਦੂਜੇ ਨੂੰ ਚੁੰਮਦੀਆਂ ਖ਼ੁਸ਼ਬੂ ਨਾਲ ਅਠਖੇਲੀਆਂ ਫੁੱਲਾਂ ਨੂੰ ਟੁੰਬਦੀਆਂ ਅੱਜ ਰੁੱਖ ਬਹੁਤ ਹੈ ਖ਼ੁਸ਼... ਗੱਲਾਂ ਬਹੁਤ ਨੇ ਗੁੱਝੀਆਂ ਸਾਨੂੰ ਕਦੇ ਨਾ ਸੁੱਝੀਆਂ ਰੰਗ ਆਂਦਾ ਜਾਂਦਾ ਕਿਵੇਂ ਛਾਂ ਦੇ ਅਰਥ ਸਮਝਾਉਂਦਾ ਕਿਵੇਂ ਅੱਜ ਰੁੱਖ ਬਹੁਤ ਹੈ ਖ਼ੁਸ਼... ਸੁੱਖ ਵਿਚ ਹੱਸਦਾ ਦੁੱਖ ਵਿਚ ਮੱਚਦਾ ਰੁੱਖ ਦਾ ਪਿਆਰ ਮਨੁੱਖ ਅੱਜ ਰੁੱਖ ਬਹੁਤ ਹੈ ਖ਼ੁਸ਼...

ਅਰਥੀ

ਦੋ ਅੱਗੇ ਦੋ ਪਿੱਛੇ ਲੈ ਕੇ ਜਾ ਰਹੇ ਸਨ ਇਕ ਰੁੱਖ ਦੀ ਲਾਸ਼... (ਅਧੂਰੀ ਰਚਨਾ)

ਉਸਤਾਦ

ਇਕ ਸ਼ਖ਼ਸੀਅਤ, ਹਰ ਦਿਲ ਅਜ਼ੀਜ਼ ਉਸ ਦਾ ਮੱਥਾ, ਖ਼ੁਸ਼ਆਮਦੀਦ ਪਰਤ ਦਰ ਪਰਤ, ਲਹਿੰਦੀ ਨਜ਼ਰ ਭਰਿਆ ਤੇ ਰੱਜਿਆ ਇਕ ਸਫ਼ਰ ਸੰਤੁਸ਼ਟੀ ਜਿਸ ਦਾ ਸੁਭਾਅ ਨਹੀਂ... ਉਹ ਖ਼ੁਦ ਸਿੱਪੀ ਤੇ ਖ਼ੁਦ ਹੀ ਮੋਤੀ ਖ਼ੁਦ ਹੀ ਚਿਰਾਗ਼ ਤੇ ਖ਼ੁਦ ਹੀ ਜੋਤੀ ਉਦ੍ਹੇ ਅੰਦਰ, ਧੁਰ ਅੰਦਰ ਸਫ਼ਰ ਨਿਰੰਤਰ ਇਲਮ ਤੇ ਤਲਿਸਮ ਯਕ ਜਾਂ ਉਹ ਕਦੀ ਛਾਂ, ਕਦੀ ਮਾਂ... ਉਦ੍ਹਾ ਵਰਜਣਾ ਹੀ, ਸਿਰਜਣਾ ਉਹ ਪ੍ਰਤੀਕੂਲ ਦਾ ਅਨੁਕੂਲ ਉਹ ਵਕਤ ਦਾ ਇਕ ਜਲੌ ਇਕ ਸਤੰਭ ਇਕ ਲੋਅ ਸਾਡੇ ਕੋਲ ਬੜੀਆਂ ਉਸਤਾਦੀਆਂ ਪਰ ਉਹ ਸਿਰਫ਼ ਉਸਤਾਦ ਇਕ ਮਾਣ, ਇਕ ਸਨਮਾਨ ਉਹ ਆਪਣਾ, ਬਹੁਤ ਆਪਣਾ ਸੰਪੂਰਨ ਖ਼ਾਬ, ਪੂਰਾ ਸੁਪਨਾ... ਅਨੰਤ ਸਾਗਰ ਗਹਿਰਾਈਆਂ ਨਾਲ ਵਹਿੰਦਾ ਕਈ ਜਹਾਜ਼, ਕਈ ਕਿਸ਼ਤੀਆਂ ਸਭ ਨੂੰ ਰਾਹ ਦਿੰਦਾ... ਕਿੰਨੇ ਅਣਥੱਕ ਵਰ੍ਹਿਆਂ 'ਚ ਵਾਪਰਿਆ ਇਕ ਕ੍ਰਿਸ਼ਮਾ ਮਿਹਨਤ ਤੇ ਇਮਾਨਦਾਰੀ ਦਾ ਇਕ ਮੁਜੱਸਮਾ ਬਸ! ਇਹੋ ਦੁਆ ਇਹ ਅਰਸ਼, ਸਾਡੇ ਜ਼ਿਹਨ ਦੇ ਫਰਸ਼ 'ਤੇ ਕਾਇਮ ਰਹੇ ਸਾਡੇ ਤੋਂ ਪਹਿਲਾਂ ਸਾਡੇ ਨਾਲ ਤੇ ਸਾਡੇ ਬਾਅਦ ਵੀ ਹਮੇਸ਼ਾ ਜ਼ਿੰਦਾ ਰਹੇ, ਪਾਇੰਦਾ ਰਹੇ *** ਅਜੀਬ ਗਰਮ ਮੌਸਮ ਹੈ ਛਾਲਿਆਂ ਦਾ ਅੱਖ ਦੀ ਪੁਤਲੀ ਨੂੰ ਆ ਰਿਹੈ ਪਸੀਨਾ...

ਰੁੱਸੀ ਪਰਵਾਜ਼

ਜਦੋਂ ਪਰਵਾਜ਼ ਰੁੱਸ ਜਾਵੇ ਅਸਮਾਨ ਹੀ ਮੁੱਕ ਜਾਵੇ ਤਾਂ ਫਿਰ ਇਨ੍ਹਾਂ ਪੰਖਾਂ ਦਾ ਕੀ ਲਾਭ ਜਿਨ੍ਹਾਂ ਦਾ ਅੱਜ ਤੀਕ ਨਾ ਸਹਿਮ ਗਿਆ ਨਾ ਵਹਿਮ... ਜਦੋਂ ਜਿਸਮ ਦੀਆਂ ਕੰਧਾਂ ਅੰਦਰ ਸੂਰਜ ਡੁੱਬਦੈ ਤਾਂ ਅੱਖਾਂ ਵਿਚ ਸਿਰਫ਼ ਰਾਤ ਹੀ ਰਹਿੰਦੀ ਹੈ- ਇਹੀ ਰਾਤ ਨਜ਼ਰ ਦੇ ਹਰ ਰਸਤੇ ਵਿਚ ਆਪਣੇ ਵਾਲ ਖਿਲਾਰ ਕੇ ਬਹਿ ਜਾਂਦੀ ਨਜ਼ਰਾਂ ਤੋਂ ਵਹਿੰਦੀ ਬਰਸਾਤ ਵਿਚ ਸਿਰਫ਼ ਅੱਖਾਂ ਦੇ ਰੰਗ ਖੁਰਦੇ ਨੇ ਇੰਤਜ਼ਾਰ 'ਚ ਬੀਤੇ ਵਰ੍ਹੇ ਵੀ ਭਲਾ ਕਦੇ ਮੁੜਦੇ ਨੇ... 21.05.2006

ਸਖੀ

ਤੇਰੀਆਂ ਅੱਖਾਂ ਵਿਚ ਜੋ ਅਸੀਮਤਾ ਛੱਲਾਂ ਮਾਰਦੀ ਏ ਉਹ, ਸਾਗਰ ਜਿੰਨੀ ਗਹਿਰੀ ਏ... ਤੇਰੀ ਮੁਸਕਰਾਹਟ ਜਦੋਂ ਹਰ ਗ਼ਮ ਨੂੰ ਚੀਰ ਕੇ ਤੇਰੇ ਚਿਹਰੇ 'ਤੇ ਖਿੜਦੀ ਏ ਬਹੁਤ ਸੁਨਹਿਰੀ ਏ... ਤੇਰੇ ਪਿਆਰ ਦੀ ਹਰ ਅਦਾ ਵਿਚ ਮਮਤਾ ਵਰਗਾ ਕੰਪਨ ਹੈ ਤੇਰੀ ਲਾਡ ਨਾਲ ਕੱਢੀ ਗਾਲ੍ਹ ਵੀ ਦੋਸਤਾਂ ਲਈ ਚੁੰਮਣ ਹੈ... ਤੇਰੇ ਮੇਰੇ ਵਿਚਕਾਰ ਦੋਸਤੀ ਦਾ ਪੁਲ ਹੈ ਪਰ ਤੈਨੂੰ ਖੁੱਲ੍ਹ ਹੈ ਜਦੋਂ ਜੀਅ ਚਾਹੇ ਮੇਰੇ ਪਾਣੀਆਂ ਨੂੰ ਆਵਾਜ਼ ਮਾਰੀਂ ਤੇਰਾ ਆਖਾ ਨਹੀਂ ਮੋੜਨਗੇ ਵਾਅਦਾ ਨਹੀਂ ਤੋੜਨਗੇ

ਸਵਾਲ

ਤੇਰੇ ਸਵਾਲ ਦਾ ਜਵਾਬ ਮੈਨੂੰ ਵੀ ਨਹੀਂ ਪਤਾ ਕਿ ਪਿਆਰ ਹੈ ਕਿ ਨਹੀਂ ਪਰ ਤੇਰੀ ਗ਼ੈਰਹਾਜ਼ਰੀ ਵਿਚ ਮੈਂ ਕੜਾਹੀ ਦੇ ਸੜਦੇ ਤੇਲ ਵਿਚ ਪਾਣੀ ਦੀ ਬੂੰਦ ਵਾਂਗ ਡਿੱਗਦੀ ਹਾਂ ਤੇ ਤੇਰੀ ਹਾਜ਼ਰੀ ਵਿਚ ਮੈਂ ਆਪਣੇ ਸਾਰੇ ਖਿਲਰੇ ਸਵਾਲਾਂ ਨੂੰ ਦਿਨ ਭਰ ਹੂੰਝਦੀ ਰਹਿੰਦੀ ਹਾਂ ਕਿਤੇ ਮੇਰੇ ਸੁੱਕ ਸੁੱਕ ਕੇ ਝੜੇ ਸਵਾਲ ਤੇਰੇ ਪੈਰਾਂ ਹੇਠ ਆ ਕੇ ਭੁਰ ਹੀ ਨਾ ਜਾਣ... 11.1.2000 **** ਖ਼ਿਆਲ ਤੇਰਾ ਕੁੱਤਾ ਵਿਚਾਰ ਆਇਆ ਭੌਂਕਿਆ ਤੇ ਚਲਾ ਗਿਆ...

ਬਾਬਲ!

ਵੇਖ! ਮੇਰੇ ਨੈਣ ਨਕਸ਼, ਰੰਗ ਰੂਪ ਬਿਲਕੁਲ ਤੇਰਾ ਹੀ ਪਰਛਾਵਾਂ ਕ੍ਰਿਸ਼ਮਾ ਹੋਇਆ... ਕਿ ਤੂੰ ਮੇਰਾ ਪਿਤਾ ਤੇ ਤੇਰੀ ਔਰਤ ਮੇਰੀ ਮਾਂ ਬਣੀ... ਤੇਰੀਆਂ ਬਾਂਰਿਸ਼ਾਂ ਦੀ ਇਕ ਸਵਾਂਤ ਬੂੰਦ ਉਦ੍ਹੀ ਮਿੱਟੀ 'ਚ ਜਾ ਰਲੀ ਮੈਂ ਤਾਂ ਸਿਰਫ਼ ਤੇਰੀ ਇਕ ਬੂੰਦ ਦੀ ਕਰਾਮਾਤ ਜਿਸ ਨੇ ਮੇਰਾ ਜਨਮ, ਜੂਨ, ਲਿੰਗ ਨਿਸ਼ਚਿਤ ਕੀਤਾ... ਮਾਂ ਦੇ ਆਲ੍ਹਣੇ 'ਚ ਬੋਟ ਤਾਂ ਮੈਂ ਤੇਰਾ ਹੀ ਹਾਂ ਅਜੇ ਮੈਂ ਉਦ੍ਹੇ ਪੰਖਾਂ ਹੇਠ ਹਾਂ ਤੂੰ...ਇੰਝ ਨਾ ਵੇਖ ਤਿੰਨ ਮਹੀਨਿਆਂ ਦੀ ਗਰਭ ਜੂਨ 'ਚ ਵੀ ਮੈਨੂੰ ਡਰ ਆਉਂਦਾ ਹੈ ਮੇਰੇ ਸਾਹ ਚਲਦੇ ਨੇ ਮੁਸਕਰਾਹਟ ਆਉਂਦੀ ਹੈ, ਦਿਲ ਧੜਕਦਾ ਹੈ ਕੋਈ ਕੋਈ ਖ਼ਾਬ ਵੀ ਆਉਂਦੈ ਐਹ ਵੇਖ...ਮੇਰੇ ਪੋਟੇ ਫਿੰਗਰ ਪ੍ਰਿੰਟ ਵੀ ਬਣ ਗਏ ਨੇ ਮੈਨੂੰ ਤੇਰੀ ਆਵਾਜ਼ ਦੀ ਵੀ ਪਛਾਣ ਹੈ ਮੇਰੇ ਨਿੱਕੇ ਨਿੱਕੇ ਟੋਟੇ ਕਰਵਾ ਕੇ ਤੇਰੇ ਹੱਥ ਆਪਣੇ ਹੀ ਖ਼ੂਨ ਨਾਲ ਰੰਗੇ ਜਾਣਗੇ ਵੇਖ ਅੰਮੀ ਡਰ ਗਈ ਏ ਹੱਥ ਜੋੜ ਰਹੀ ਏ, ਪੈਰ ਫੜ ਰਹੀ ਏ ਤੂੰ ਉਹਨੂੰ ਯਕੀਨ ਦੇ ਮੈਨੂੰ ਬਾਂਹਾਂ 'ਚ ਲੈ ਬਸ...ਇਕ ਵਾਰੀ 'ਧੀ' ਕਹਿ... 15.5.2000

ਸੈਪਰੇਸ਼ਨ

ਇਕੋ ਛੱਤ ਹੇਠ ਵੀ ਰਿਸ਼ਤੇ ਦੀਆਂ ਤੰਦਾਂ ਸਮੇਟ ਵੱਖ ਹੋਇਆ ਜਾ ਸਕਦੈ ਜਿਵੇਂ ਰਹਿੰਦੇ ਨੇ ਰੂਮ ਮੇਟ...

ਬੇਬਸੀ

ਜ਼ਬਰੀਂ ਕਿੱਲੇ ਬੱਝੀ ਗਾਂ ਭੰਨਦੀ ਹੈ ਮੱਥਾ, ਖਿੱਚਦੀ ਹੈ ਰੱਸੀ ਮਾਰਦੀ ਹੈ ਟੱਕਰਾਂ ਇਕ ਨਾ ਇਕ ਦਿਨ ਟੁੱਟ ਹੀ ਜਾਵੇਗਾ ਖਾਹਮਖਾਹ ਦਾ ਕਿੱਲੇ ਨਾਲ ਰਿਸ਼ਤਾ ਮੁੱਕ ਹੀ ਜਾਵੇਗਾ... 16.5.2000

ਨੇੜਤਾ

ਤੂੰ ਮੇਰੀ ਉਦਾਸੀ ਪੜ੍ਹ ਲਈ ਜਿਵੇਂ ਪੋਟਿਆਂ ਨਾਲ ਛੂਹ ਛੂਹ ਕੇ ਕੋਈ ਪੜ੍ਹ ਲੈਂਦਾ ਹੈ ਬਰੇਲ਼...

ਪਿਉ ਧੀ...

ਮੇਰੀ ਨੰਨ੍ਹੀ ਬੱਚੀ ਜਦੋਂ ਆਪਣੇ ਪਿਤਾ ਨਾਲ ਖੇਡਦੀ ਲੋਟ ਪੋਟ ਹੁੰਦੀ, ਹੱਸਦੀ ਤਾਂ ਜਾਪੇ ਵਿਹੜਾ ਅਮਲਤਾਸ ਦੇ ਫੁੱਲਾਂ ਨਾਲ ਭਰ ਗਿਆ ਇਸ ਲੂ ਦੇ ਮੌਸਮ ਵਿਚ ਵੀ ਉਹਦੀਆਂ ਕਿਲਕਾਰੀਆਂ ਦੀ ਝੜੀ ਲੱਗੀ ਰਹਿੰਦੀ ਉਹਦਾ ਪਿਤਾ...ਜਦੋਂ ਘਰ ਪਰਤਦਾ ਕਾਲੇ ਬੱਦਲ ਵਾਂਗ ਸਾਰੀ ਫ਼ਿਜ਼ਾ 'ਤੇ ਛਾ ਜਾਂਦਾ ਉਹ ਵਰ੍ਹਾਊ ਬੱਦਲ ਉਹਦੇ ਲਈ ਕਦੀ ਘੋੜਾ ਬਣਦਾ, ਕਦੀ ਚੋਰ ਕਦੀ ਜੋਕਰ, ਕਦੀ ਨਾਚਾ, ਕਦੀ ਮੋਰ ਜਿਵੇਂ ਤੇਜ਼ ਪੌਣਾਂ ਵਿਚ ਰੁੱਖਾਂ ਦੇ ਗੁੱਥਮਗੁੱਥਾ ਹੁੰਦੇ ਨੇ ਪੱਤੇ ਉਹ ਬੱਚੀ ਦੀ 'ਮਾਂ' ਨੂੰ ਵੀ ਭੁੱਲ ਜਾਂਦਾ ਸਾਰਾ ਘਰ....ਸੰਘਣੇ ਰੁੱਖਾਂ ਦੀ ਛਾਂ ਬਣ ਜਾਂਦਾ ਕਿਤੋਂ ਤੂਤ, ਕਿਤੋਂ ਨਿਮੋਲੀਆਂ ਝੜਦੀਆਂ ਉਹ ਨਿੱਕੇ ਨਿੱਕੇ ਪੈਰਾਂ ਨਾਲ ਅੰਦਰ ਬਾਹਰ ਨੱਚਦੀ ਗੁਲਮੋਹਰ ਪਿਤਾ ਨੂੰ ਸਾਰੇ ਦਿਨ ਦੀਆਂ ਗੱਲਾਂ ਦੱਸਦੀ ਤਾਂ ਮੁਸੀਬਤਾਂ ਤੋਤਲੀਆਂ ਹੋ ਜਾਂਦੀਆਂ ਗ਼ਮ ਥਥਲਾ ਜਾਂਦੈ ਮੈਨੂੰ ਆਪਣਾ ਪਰਿਵਾਰ ਸੰਪੂਰਨ ਜਾਪਦਾ... ਅਚਾਨਕ ਮੇਰੀ ਬਿਰਤੀ ਟੁੱਟਦੀ ਉਹ ਮੇਰੇ ਪੇਟ ਨੂੰ ਚੁੰਮ ਕੇ ਪੁੱਛਦੀ ਅੰਮਾ...ਵੀਰਾ ਕਦੋਂ ਆਵੇਗਾ... 17.5.2000

ਖ਼ਾਮੋਸ਼ੀ

ਸਾਡੇ ਦਰਮਿਆਨ ਚੁੱਪ ਹੈ ਕਿ ਕਿਸੇ ਵੀ ਹਾਦਸੇ ਨਾਲ ਨਹੀਂ ਟੁੱਟਦੀ

ਪੀੜ

ਦਿਲ ਦੀ ਧਰਾਤਲ 'ਤੇ ਹਰ ਵੇਲੇ ਰੀਂਗਦੀ ਕੰਨਖਜੂਰੇ ਵਾਂਗ ਪੈਰ ਖੋਭਦੀ ਵਰ੍ਹਿਆਂ ਬਾਅਦ ਵੀ ਸੱਟ ਉਸੇ ਤਰ੍ਹਾਂ ਦੁਖਦੀ... ਜਿਸ ਪੱਥਰ ਦੀ ਓਟ ਹੈ ਉਸੇ ਉੱਤੇ ਸਿਰ ਮਾਰਦੀ ਫਿਰ ਪੱਥਰ ਉੱਤੋਂ ਲਹੂ ਪੂੰਝਦੀ ਮੱਥੇ 'ਤੇ ਚੁੰਨੀ ਬੰਨ੍ਹਦੀ ਸਾਰਾ ਦਿਨ ਦਰਦ ਹੂੰਝਦੀ ਪੀੜ ਨੂੰ ਚੁੰਮਦੀ, ਵਰ੍ਹਾਉਂਦੀ, ਕੁਝ ਚਿਰ ਲਈ ਥਾਪੜਦੀ, ਝਲੂੰਗੀ 'ਚ ਸੁਆਉਂਦੀ ਉਦ੍ਹਾ ਮਣਕਾ ਮਾਲਾ 'ਚੋਂ ਤੋੜ ਜਬਰੀਂ ਪਰੁੱਚਿਆ ਕਿਤੇ ਹੋਰ ਪੀੜ ਦਾ ਵਲੇਟ ਫਿਰਦਾ ਜਿਵੇਂ ਗਰਭ ਵਿਚ ਬਾਲ ਸਰਕਦਾ ਮਾਂ ਆਖਦੀ 'ਤੇਰਾ ਸੰਜੋਗ'... 31.5.2010

ਮਜ਼ਦੂਰ (ਮਾਂ)

ਨੌਂ ਮਹੀਨੇ ਇੰਤਜ਼ਾਰ ਤੋਂ ਬਾਅਦ ਪੈਦਾ ਕਰਨ ਲਈ ਜਗ੍ਹਾ ਲੱਭਦੀ ਇੰਤਜ਼ਾਮ ਕਰਦੀ ਜ਼ਬਤ ਦਾ ਹੱਥ ਫੜ ਪ੍ਰਸਵ 'ਚੋਂ ਗੁਜ਼ਰਦੀ ਰੱਬ ਥਾਪੜਦਾ ਮਸਤ ਚਾਲ ਆਉਂਦਾ ਉਹ ਦਹਾੜਦਾ, ਛਾਤੀ ਠੋਕਦਾ ਆਪਣਾ ਨਾਮ ਦਿੰਦਾ, ਤੁਰ ਜਾਂਦਾ... ਕੱਚੀਆਂ ਅੱਖਾਂ ਭਰਦੀ ਸ਼ਿਲੇ 'ਚੋਂ ਉੱਠਦੀ... ਰੁਜ਼ਗਾਰ ਕਰਦੀ, ਰੋੜੀ ਕੁਟਦੀ ਇੱਟਾਂ ਚੁੱਕਦੀ ਬੱਚੇ ਪਾਲਦੀ, ਪੋਸਦੀ ਕਿਸੇ ਵੇਲੇ ਥੱਕਦੀ, ਸ਼ਿਕਨ ਪੂੰਝਦੀ ਉਹ ਆਉਂਦਾ ਝੂਲਦਾ ਗਰਮ ਰੋਟੀ, ਨਰਮ ਸੇਜ ਮਾਣਦਾ ਆਪਣੇ 'ਹੋਣ' ਦਾ ਰਸ਼ਕ ਕਰਦਾ ਉਹ ਕਦੀ ਵੇਸਵਾ, ਕਦੀ ਮਾਂ ਬਣਦੀ ਸਾਰੇ ਇੰਤਜ਼ਾਮ ਕਰਦੀ ਆਦਮ ਜਣਦੀ ਤੇ ਆਦਮੀ ਨੂੰ ਪਾਲਦੀ ਵੀ... 5.5.2010

ਬਦਲਦਾ ਮੌਸਮ

ਮੇਰੇ ਅੰਦਰ ਗੁਲਾਬਾਸੀ ਫੁੱਲਾਂ ਦਾ ਢੇਰ ਲੱਗ ਗਿਆ ਇਨ੍ਹਾਂ ਦਾ ਕੀ ਕਰਾਂ... ਤੇਰੇ ਲਈ ਇਕ ਘਰ ਬਣਾਵਾਂ ਛੋਟਾ ਜਿਹਾ ਫੁੱਲਾਂ ਨਾਲ ਭਰ ਦਿਆਂ... ਘਰ ਤੇਰੇ ਨਾਲ ਆਉਂਦਾ, ਤੇਰੇ ਨਾਲ ਜਾਂਦਾ ਮੈਂ ਰੰਗਾਂ ਨਾਲ ਭਰ ਗਈ ਸਿਰ ਤੋਂ ਲੈ ਕੇ ਪੈਰਾਂ ਦੇ ਨਹੁੰਆਂ ਤੀਕ ਮੇਰੇ ਬਨੇਰੇ ਦੀਆਂ ਤਰੇੜਾਂ 'ਚ ਬਰੀਕ, ਮਹੀਨ ਜੜ੍ਹਾਂ ਨਿੱਕੀਆਂ ਨਿੱਕੀਆਂ ਪੱਤੀਆਂ ਉੱਗ ਆਈਆਂ ਹਰੇ ਰੰਗ ਦੇ ਖ਼ਾਬ ਨੇ ਅੱਖਾਂ ਖੋਲ੍ਹੀਆਂ ਹਰ ਪਾਸੇ ਘਾਹ ਦੀ ਮਹਿਕ ਮੇਰਾ ਮੌਸਮ ਬਦਲ ਰਿਹੈ... 22.2.2011

ਅੰਗ ਸੰਗ

ਜਿਵੇਂ ਅੱਖਾਂ 'ਚ ਰੁੱਖ ਉੱਗ ਆਏ ਪਲਕਾਂ ਬੰਦ ਕਰਾਂ ਤਾਂ ਝਿੰਬਰਾਂ ਥੀਂ ਪੱਤੇ ਝੜਦੇ ਸੁੱਕੇ ਪੱਤਿਆਂ ਉੱਤੇ ਕਿਸੇ ਪੈੜ ਦੀ ਆਵਾਜ਼ ਆਉਂਦੀ ਤਾਂ ਜੰਗਲ ਦੀ ਮਹਿਕ ਮੇਰਾ ਲਿਬਾਸ ਬਣ ਜਾਂਦੀ ਉਹਲੇ ਕੌਣ ਖੜ੍ਹਾ ਸੀ... ਟੋਟਾ ਧੁੱਪ ਦਾ ਅੰਦਰ ਉਤਰਦਾ ਸਰਵਰ ਦੇ ਪਾਣੀ 'ਚ ਅਕਸ ਵੇਖਦੀ, ਪੌਣ ਲੂੰ ਲੂੰ ਚੁੰਮਦੀ ਲਹਿਰ ਲਹਿਰ ਕੰਬਦੀ, ਘਬਰਾ ਕੇ ਮੁੜਦੀ ਪਿੱਛੇ ਕੌਣ ਖੜ੍ਹਾ ਸੀ... ਬਦਨ ਤੋਂ ਸਫ਼ਰ ਉਤਾਰਦੀ ਪੈਰਾਂ ਨੂੰ ਵੇਖਦੀ, ਅੱਡੀਆਂ ਕੂਚਦੀ ਸ਼ਾਖ਼ 'ਤੇ ਬੈਠੀ ਨਿੱਕੀ ਚਿੜੀ ਚਹਿਕਦੀ, ਚੂਹਕਦੀ ਮੈਂ ਪੁਚਕਾਰਦੀ ਆਖਦੀ ਤੇਰੇ ਪੰਖ ਨਹੀਂ ਉੱਗੇ ਅਜੇ... ਮੇਰੇ ਝੜ ਗਏ ਨੇ ਪਰ ਅਸੀਂ ਨਵੇਂ ਪੰਖਾਂ ਨਾਲ ਇਕੱਠੇ ਪਰਵਾਜ਼ ਭਰਾਂਗੀਆਂ ਖ਼ੁਦ ਨਾਲ ਗੱਲਾਂ ਕਰਦੀ

ਤ੍ਰੇਹ

ਗੂੜ੍ਹੀ ਰਾਤੇ ਗਹਿਰੀ ਨੀਂਦੇ ਛੱਡ ਕੇ ਆਪਣੀ ਦੇਹ... ਕਲ ਕਲ ਵਗਦੀ ਮੇਰੀ ਤ੍ਰੇਹ ਤੇਰੇ ਦਰ ਅੱਗੇ

ਜੰਗਲ ਦੀ ਚੁੱਪ

ਮੇਰੇ ਅੰਦਰ ਇਕ ਬੇਤਰਤੀਬ ਜੰਗਲ ਬੜੀ ਜੱਦੋਜਹਿਦ ਵਿਚ ਹਾਂ ਇਸ ਬੇਤਰਤੀਬੀ ਦੀ ਖ਼ੂਬਸੂਰਤੀ ਲਈ, ਸੰਜੀਦਗੀ ਲਈ... ਤੇਰਾ ਤੇ ਮੇਰਾ ਰਾਬਤਾ ਇਸੇ ਜੰਗਲ ਦੀ ਦੇਣ ਤੂੰ ਗਵਾਹ ਹੈਂ ਕਸਤੂਰੀ ਪਿੱਛੇ ਦੌੜਦੀ ਹਿਰਨੀ ਸਮੇਂ ਦੀ ਸਰਾਲ੍ਹ ਨੇ ਕਿਸ ਤਰ੍ਹਾਂ ਨਿਗਲੀ ਤੇਰੇ ਹੱਥ ਵਕਤ ਦੇ ਸਾਰੇ ਮੋਹਰੇ ਜਿਨ੍ਹਾਂ ਨੇ ਮੇਰੇ ਖੜਾਵਾਂ, ਤਸਬੀ ਤੇ ਕਰਮੰਡਲ ਤੋੜੇ ਪਰ ਧੂਣੀ ਕੋਲੋਂ ਕਿਵੇਂ ਉੱਠਾਂ ਜਾਂ ਫਿਰ ਆਤਮਾ ਦੀ ਭਬੂਤੀ ਵਿਚ ਅਗਰਬੱਤੀ ਵਾਂਗ ਧੁਖ ਤੇ ਕੋਲ ਬਹਿ ਕੇ ਵੇਖ ਕਿਵੇਂ ਸੁਲਗਦੀ ਹੈ ਚੁੱਪ... 23.2.2011

ਤੇਰੇ ਅੰਗ ਸੰਗ

ਆਉਂਦੀ ਏ ਤੇਰੇ ਸਾਹਾਂ 'ਚੋਂ, ਹੋਠਾਂ ਤੋਂ ਮਹਿਕ ਸਿੱਲੇ ਪੱਤਿਆਂ ਦੀ, ਗਿੱਲੇ ਘਾਹ ਦੀ ਸਫੈਦੇ ਦੇ ਫੁੱਲਾਂ ਦੀ... ਤੇਰੇ ਕੋਲ ਕੋਲ ਜਿਵੇਂ ਸੰਘੜੇ ਚੀੜ, ਦਿਓਦਾਰ, ਚਨਾਰ ਤੇਰੇ ਹੱਸਣ ਨਾਲ ਖਿੜ ਜਾਂਦੇ ਪਲਾਸ਼, ਗੁਲਮੋਹਰ, ਅਮਲਤਾਸ... ਤੇਰੇ ਅੰਦਰ ਵਗਦੇ ਕਈ ਕਲ ਕਲ ਕਰਦੇ ਝਰਨੇ ਨਿੱਕੀਆਂ ਨਿੱਕੀਆਂ ਕੂਲਾਂ ਤੈਨੂੰ ਲਿਪਟੀਆਂ ਰਹਿੰਦੀਆਂ ਮਲੂਕ ਫੁੱਲਾਂ ਲੱਦੀਆਂ ਵੇਲਾਂ ਤੈਨੂੰ ਕੱਟ ਕੇ ਵੱਢ ਕੇ ਛਾਂਗਦੀ ਹਾਂ ਫਿਰ ਵੀ ਝੜਦੇ ਰਹਿੰਦੇ, ਕਿਰਦੇ ਰਹਿੰਦੇ ਮੇਰੇ ਵਿਹੜੇ, ਤੇਰੇ ਜੰਗਲੀ ਗੁਲਾਬ... ਤੇਰੇ ਮਜਬੂਤ ਬਾਜ਼ੂਆਂ 'ਚੋਂ ਮੈਂ ਲੱਭ ਲੈਂਦੀ ਹਾਂ ਆਪਣੀ ਮਰਜ਼ੀ ਦਾ ਕੋਨਾ ਬਣਾ ਲੈਂਦੀ ਹਾਂ ਕਿਸੇ ਸਾਖ਼ 'ਤੇ ਆਲ੍ਹਣਾ... ਤੂੰ ਬਣਦਾ ਹੈ, ਔਝੜ ਰਾਹਾਂ 'ਚ ਮੇਰੇ ਕਦਮਾਂ ਲਈ ਪਗਡੰਡੀ ਤੇ ਮੈਂ ਪਗਡੰਡੀ ਦੇ ਪਿਆਰ 'ਚ ਗਾਹ ਲੈਂਦੀ ਕਈ ਜੰਗਲ, ਬੇਲੇ, ਪਹਾੜ... ਤੂੰ ਕਦੇ ਕਦੇ ਬੋਹੜ ਮੇਰੀ ਦਹਿਲੀਜ਼ ਦਾ ਪਿੱਪਲ ਜਿਵੇਂ ਕੋਈ ਮੌਲੀ ਬੱਝੀ ਸੁੱਖਣਾ ਤੇ ਮੇਰੇ ਅੰਬਰ ਦੀ ਛਾਂ... 20.4.2011

ਬੇਲਾਗ

ਜ਼ਿੰਦਗੀ ਦੀ ਕਿਤਾਬ 'ਚ ਜਿਸ ਪੰਨੇ ਉੱਤੇ ਮੇਰਾ ਜ਼ਿਕਰ ਸੀ ਉਹ ਪੰਨਾ ਕਿਨਾਰੇ ਤੋਂ ਮੋੜ ਕੇ ਤੂੰ ਛੱਡ ਦਿੱਤੈ... ਮੇਰਾ ਦਿੱਤਾ ਬੁੱਕ ਮਾਰਕ ਤੂੰ ਕਿਸੇ ਹੋਰ ਕਿਤਾਬ ਵਿਚ ਰੱਖ ਦਿੱਤਾ ਮੇਰੀ ਦਿੱਤੀ ਕਲਮ ਨਾਲ ਤੂੰ ਕਿਸੇ ਹੋਰ ਹਥੇਲੀ ਉੱਤੇ ਕੀਤੇ ਹਸਤਾਖ਼ਰ ਤੇ ਮੇਰੀ ਨਜ਼ਮ ਵਿਚ ਤੂੰ ਕਿਸੇ ਹੋਰ ਲਈ ਅੰਡਰਲਾਈਨ ਕੀਤੀ ਮੁਹੱਬਤ ਦੀ ਸਤਰ... 31.04.2011

ਹਲਕਾਅ

ਆਉਂਦਾ ਹੈ ਉਹ ਚਾਰ ਪੰਜ ਦਿਨ ਬਾਅਦ 'ਹੌਲਾ' ਹੋਣ ਲਈ ਮੰਨ ਲੈਂਦਾ ਹੈ ਆਪਣੀਆਂ ਊਣਤਾਈਆਂ ਫ਼ਰੇਬ, ਵਧੀਕੀਆਂ ਤੇ ਦਗ਼ਾਬਾਜ਼ੀਆਂ ਕਹਿੰਦਾ ਹੈ-ਤੂੰ ਕਮਾਊ ਔਰਤ ਮੈਂ ਗਵਾਊ ਮਰਦ ਤੇਰੇ ਬਿਨਾਂ ਮੈਂ ਸਿਫ਼ਰ ਹਾਂ ਫਿਰ ਤੋਂ ਅਦਾਕਾਰੀ ਕਰਕੇ ਉਹ 'ਹਲਕਾ' ਹੋ ਜਾਂਦੈ ਤੇ ਮੈਨੂੰ 'ਹਲਕਾਅ' ਹੋ ਜਾਂਦੈ...

ਅੱਥਰੂ

ਨਹਿਰ ਦੀ ਛਾਤੀ 'ਤੇ ਭੁਰ ਭੁਰ ਕੇ ਕਿਰ ਰਹੇ ਸਫ਼ੈਦਿਆਂ ਦੇ ਫੁੱਲ ਹੰਝੂ ਪਾਣੀਆਂ 'ਤੇ ਤੈਰਦੇ... 30.04.2011

ਪੱਤੇ

ਦਿਮਾਗ਼ 'ਚ ਜਿਵੇਂ ਸੁੱਕੇ ਪੱਤਿਆਂ ਦਾ ਢੇਰ ਤੇਰਾ ਖ਼ਿਆਲ ਤੁਰਦਾ ਇਕ ਇਕ ਪੱਤਾ ਭੁਰਦਾ... ਅੰਦਰ ਸ਼ੋਰ ਨਾਲ ਭਰ ਜਾਂਦਾ ਜੜ੍ਹ ਸਰਕਦੀ ਸਾਹ ਆਉਂਦਾ, ਸਾਹ ਜਾਂਦਾ 'ਸੋਚ', 'ਰਵਾਲ' 'ਚ ਅਟਕਦੀ ਪੱਤੇ ਬਾਰ ਬਾਰ ਉੱਡਦੇ ਕੁਝ ਫਰੋਲਦੀ, ਹੂੰਝਦੀ ਸੁਲਗਾ ਦਿੰਦੀ ਜ਼ਿੰਦਗੀ ਦੇ 'ਸੂਟੇ' ਲਈ... 21.4.2011

ਸਾਡੇ ਕੰਮ ਦੀ ਨਹੀਂ

ਲੱਭ ਰਹੀ ਸਾਂ ਬੜੀ ਬੇਤਾਬੀ ਨਾਲ ਰਸੋਈ 'ਚੋਂ ਚਾਕੂ 'ਉਸ' ਵੇਖਿਆ ਤੇ ਮੇਰੇ ਕੋਲ ਸਬਜ਼ੀ ਰੱਖ ਕੇ ਕਿਹਾ ਆਹ ਕੱਟ ਕੇ ਧਰ ਲੈ ਦੋ ਡੰਗ ਦਾ ਆਹਰ ਕਰ ਲੈ... ਮੈਂ ਬਿਨਾਂ ਵੇਖੇ ਪਾਰਸਲ ਦੀ ਡੋਰੀ ਨੂੰ ਕੱਟਿਆ ਕਿਤਾਬਾਂ ਨੂੰ ਬੜੇ ਲਾਡ ਨਾਲ ਤੱਕਿਆ ਉਸ ਮੱਥਾ ਵੱਟਿਆ ਤੇ ਖਿਝ ਕੇ ਬੋਲੀ ਕਿਥੋਂ ਲੱਭੀ ਏ ਤੈਨੂੰ ਆਹ ਬਹੁਤੀ ਪੜ੍ਹੀ ਲਿਖੀ ਸਾਡੇ ਕੰਮ ਦੀ ਨਹੀਂ ਕਿਸੇ ਢੰਗ ਦੀ ਨਹੀਂ... 26.12.2011

ਕਾਲਖ਼

ਵੇਖ ਰਹੀ ਹਾਂ ਮੇਰੀ ਬੱਚੀ ਦੀ ਰੰਗਾਂ ਦੀ ਪਟਾਰੀ ਹਰੇਕ ਰੰਗ ਦੀਆਂ ਕਈ ਕਈ ਸ਼ੇਡਜ਼ ਨੇ... ਸੋਚਦੀ ਹਾਂ ਮੇਰੀ ਪਟਾਰੀ ਵਿਚ ਪਤਾ ਨਹੀਂ ਕਦੋਂ ਸੁਰਮਈ ਰੰਗ, ਸਾਂਵਲਾ ਸਾਂਵਲਾ ਰੰਗ, ਕਾਲਾ ਕਾਲੇ ਤੋਂ ਸਿਆਹ ਕਾਲਾ ਸ਼ਾਹ ਕਾਲੇ ਤੋਂ ਕਾਲਖ ਤੇ ਕਾਲਖ ਤੋਂ ਹਨੇਰਾ ਹੋ ਗਿਆ ਬਸ ਇਕੋ ਭੈਅ ਕਿਤੇ ਇਹ ਕਾਲਖ ਕਲੰਕ ਨਾ ਬਣ ਜਾਏ... ਖੁਰਚਦੀ ਰਹਿੰਦੀ ਹਾਂ ਕਾਲਖ ਨੂੰ ਖੁਰਚ ਖੁਰਚ ਕੇ ਲਹੂ ਸਿੰਮ ਆਉਂਦੈ ਮੱਥੇ 'ਚੋਂ, ਸੋਚਾਂ 'ਚੋਂ, ਅੰਗਾਂ 'ਚੋਂ ਸੰਜੋਗਾਂ 'ਚੋਂ... ਰੋੜੀ ਕੁੱਟਦਿਆਂ ਰੋਜ਼ ਹਥੌੜੀ ਉਂਗਲ 'ਤੇ ਆਣ ਵੱਜਦੀ ਰਿਸ਼ਤਿਆਂ ਦੀ ਆਇਤ, ਵਰਗ, ਤਿਕੋਣ ਹਰੇਕ ਦਾ ਉਹਲਾ, ਹਰੇਕ ਦੀ ਨੁੱਕਰ ਮੇਰੀ ਵੱਖੀ ਵਿਚ ਹੀ ਖੁਭਦੀ ਦਰ ਭੀੜਦਿਆਂ, ਉਂਗਲ ਫਿਰ ਪੀਚੀ ਗਈ... ਹਨੇਰਾ ਮੇਰੀ ਹੋਂਦ ਤੇ ਸੁਆਹ ਵਾਂਗ ਵਰ੍ਹ ਰਿਹੈ ਰਾਤ ਗੂੜ੍ਹੀ ਹੋ ਰਹੀ ਮੇਰੀ ਬੱਚੀ ਨੀਂਦਰ ਦੇ ਖ਼ਾਬਾਂ ਵਿਚ ਹੈ ਮੈਂ ਜਲਦੀ ਨਾਲ ਉਦ੍ਹੀ ਪਟਾਰੀ 'ਚੋਂ ਕਾਲਾ ਰੰਗ ਕੱਢਿਆ ਤੇ ਵਗਾਹ ਕੇ ਬਾਹਰ ਸੁੱਟਿਆ... 9.5.2012

ਵਾਬਸਤਗੀ

ਜਦੋਂ ਜ਼ਖ਼ਮਾਂ ਵਿਚੋਂ ਦਰਦ ਪਰਵਾਜ਼ ਭਰ ਜਾਏ ਤਾਂ ਉਹ ਅਜ਼ੀਜ਼ ਨਹੀਂ ਰਹਿੰਦੇ

ਜ਼ਾਤ

ਮੈਂ ਬਿਜੜੇ ਦੀ ਜ਼ਾਤ ਕਰ ਰਹੀ ਹਾਂ ਕੋਸ਼ਿਸ਼ ਬਾਲਾਂ ਵਾਸਤੇ ਇਕ ਮਹਿਫ਼ੂਜ਼ ਘਰ ਲਈ ਬਣਾ ਰਹੀ ਹਾਂ ਨਿੱਕੇ ਨਿੱਕੇ ਕਮਰੇ ਲੱਭ ਲੱਭ ਕੇ ਰੱਖੀ ਰਹੀ ਹਾਂ ਜੁਗਨੂੰ ਬੀਜ ਰਹੀ ਹਾਂ, ਚਾਣਨ ਚੁਰਾ ਰਹੀ ਹਾਂ ਸਵਾਂਤ ਬੂੰਦਾਂ ਚਿਣ ਰਹੀ ਹਾਂ, ਕਦਰਾਂ ਕੀਮਤਾਂ ਦੀਆਂ ਛੱਤਾਂ ਭੁਗਤ ਰਹੀ ਹਾਂ ਕਿਸ਼ਤਾਂ ਖੜ੍ਹੀ ਹਾਂ ਹਰ ਖ਼ਤਰੇ ਸਾਹਵੇਂ ਦੀਵਾਰ ਵਾਂਗ- ਸਾਂਭ ਰਹੀ ਹਾਂ ਉਨ੍ਹਾਂ ਨੂੰ ਖੰਭਾਂ ਹੇਠਾਂ ਰੱਖ ਰਹੀ ਹਾਂ ਖੁਰਦਰੀਆਂ ਆਵਾਜ਼ਾਂ ਤੋਂ ਤੇ ਖੋਖਲੇ ਕਿਰਦਾਰਾਂ ਤੋਂ ਦੂਰ ਪੜ੍ਹ ਰਹੀ ਹਾਂ ਨੀਂਦਰ ਦੇ ਸਫ਼ਿਆਂ 'ਚੋਂ ਉਨ੍ਹਾਂ ਦੇ ਸੁਪਨੇ ਚੁੰਮਦੀ ਹਾਂ, ਕੰਬਦੀਆਂ ਪਲਕਾਂ ਲਰਜ਼ਦੇ ਹੋਂਠ ਲੱਭਦੀ ਹਾਂ ਚੋਗਾ, ਬੁਣਦੀ ਹਾਂ ਤੀਲਾ ਤੀਲਾ ਮੈਂ ਇਕ ਖ਼ੁਦਮੁਖਤਿਆਰ ਪੰਛੀ ਭਰਦੀ ਹਾਂ ਬਾਂਹਵਾਂ ਵਿਚ ਅੰਬਰ ਬੰਨ੍ਹਦੀ ਹਾਂ ਹਰ ਲਮਹੇ 'ਤੇ ਮੌਲ਼ੀ ਝੱਖੜ, ਝੇੜਿਆਂ 'ਚ ਘਰ ਡੋਲਦਾ ਸਾਖ਼ ਕੰਬਦੀ ਪਰ ਮੈਨੂੰ ਯਕੀਨ ਹੈ, ਜੜ੍ਹ 'ਤੇ ਭਰੋਸਾ ਹੈ ਖ਼ੁਦ 'ਤੇ ਈਮਾਨ ਹੈ ਖ਼ੁਦਾ 'ਤੇ ਉਹ ਬਾਲਾਂ ਨੂੰ ਹਾਲਾਤਾਂ ਦੀ ਤਲਖ਼ ਧੁੱਪ ਲਈ ਛਾਂ ਦੇਵੇਗਾ ਤੇ ਹਰ ਛਿਣ ਲਈ ਮਾਂ ਦੇਵੇਗਾ... 4.4.2012

ਮੱਕੜੀ

ਜ਼ਿਹਨ 'ਚ ਲਟਕੇ ਪਰਦਿਆਂ ਦੀਆਂ ਚੁੰਨਟਾਂ ਵਿਚ ਵੀ ਜਾਲਾ ਬਣਾ ਲੈਂਦੀ ਕਮਬਖ਼ਤ ਇਹ ਮੱਕੜੀ ਜਾਲਾ ਝਾੜਨ ਤੋਂ ਬਾਅਦ ਹਿੱਕ ਵਿਚ ਲਟਕ ਗਈ ਏ ਸੋਚਦੀ ਏ, ਸ਼ਾਇਦ ਮੈਂ ਬੀਮਾਰ ਹਾਂ ਉਦ੍ਹਾ ਕੋਈ ਸ਼ਿਕਾਰ ਹਾਂ ਪਰ ਅਸਲ 'ਚ ਉਦ੍ਹੇ ਡੰਗ ਦੀ ਐਡਿਕਸ਼ਨ ਹੈ... ਫੇਫੜਿਆਂ ਵਿਚੋਂ ਲੰਘਦੀ ਜਾਂਦੀ ਆਪਣੀਆਂ ਲੱਤਾਂ ਦਿਲ ਦੇ ਵਿਚ ਖੋਭ ਕੇ ਬਹਿ ਜਾਂਦੀ ਨੀਲੀਆਂ ਨਾੜਾਂ ਹੋਰ ਫੁੱਲ ਜਾਂਦੀਆਂ ...ਵਧੀਆ ਹੈ... ਡੰਗਦੀ ਫਿਰਦੀ, ਪਿੰਡੇ 'ਤੇ ਨੀਲ ਪਾਉਂਦੀ ਅੰਦਰੇ ਅੰਦਰ ਰੀਂਗਦੀ ਲਾਰਾਂ ਛੱਡਦੀ, ਨਸਾਂ ਨਾੜਾਂ 'ਚ ਜਾਲੇ ਬੁਣਦੀ ਰੀਝਾਂ, ਸੁਪਨੇ, ਸੋਚਾਂ ਪਰੇਸ਼ਾਨੀਆਂ, ਬਦਗੁਮਾਨੀਆਂ ਟਰੈਪ ਕਰਦੀ ਤੇ ਖਾ ਜਾਂਦੀ... 1.11.2012

ਪਗਡੰਡੀ

ਪਗਡੰਡੀਆਂ ਤੇਰੇ ਵਰਗੀਆਂ ਵਲ-ਵਲੇਵੇਂ ਖਾਂਦੀਆਂ ਨਿਖੜ ਵੀ ਜਾਂਦੀਆਂ ਲੱਭ ਲੱਭ ਜੋੜਨੀਆਂ ਪੈਂਦੀਆਂ ਮੋੜਨੀਆਂ ਪੈਂਦੀਆਂ ਖਿੱਚ ਖਿੱਚ ਗੰਢਣੀਆਂ ਪੈਂਦੀਆਂ ਕਦਮਾਂ ਅੱਗੇ-ਅੱਖਾਂ ਉੱਗ ਆਉਂਦੀਆਂ ਕਦੀ ਮੇਰੀ ਬਰਸਾਤ ਵਿਚ ਖੁਰ ਜਾਂਦੀਆਂ, ਰੁੜ ਜਾਂਦੀਆਂ ਫਿਰ ਅਚਾਨਕ ਤੂੰ ਕਿਧਰੇ ਨਜ਼ਰੀਂ ਪੈਂਦਾ ਝਉਲਾ ਪਾਉਂਦਾ ਛਲਾਵਾ, ਕਦੀ ਇਧਰ ਕਦੀ ਉਧਰ ਪੈਰਾਂ ਨੂੰ ਸਫ਼ਰ ਦੀ ਆਦਤ ਫਿਰ ਤੋਂ ਕਈ ਪਗਡੰਡੀਆਂ ਬਣ ਜਾਂਦੀਆਂ ਨਾਗ ਵਲ ਖਾਂਦੀਆਂ ਗੰਡੋਇਆਂ ਵਾਂਗ ਗੁੱਥਮਗੁੱਥਾ ਹੁੰਦੀਆਂ ਮੁੱਠੀ ਲੂਣ ਦੀ ਉੱਤੇ ਪਾਉਂਦੀ ਉਲਝੀ ਤਾਣੀ ਸੁਲਝਾਉਂਦੀ ਰਾਹ ਸੁੰਭਰਦੀ, ਸੰਵਾਰਦੀ ਫੁੱਲ ਬੂਟੇ ਲਾਉਂਦੀ ਕੋਈ ਝਰਨਾ ਆਉਂਦਾ ਪਗਡੰਡੀ, ਪਾਣੀ ਬਣ ਜਾਂਦੀ ਬੱਦਲ ਹੋ ਜਾਦੀਂ ਵਾਸ਼ਪ ਬਣ ਜਾਂਦੀ ਮੇਰੀ ਮਿੱਟੀ 'ਚ ਤ੍ਰੇੜਾਂ ਆਂਉਦੀਆਂ ਮਿੱਟੀ ਬਰਸਾਤ ਉਡੀਕਦੀ... ੨੨.੮.੨੦੧੨

ਮੇਰਾ ਬਸਤਾ

ਹੁਣ ਉਹ ਫ਼ਰਜ਼ਾਂ ਨੂੰ ਮੇਰੀ ਮਰਜ਼ੀ ਤੇ ਮੇਰੇ ਸਫ਼ਰ ਨੂੰ ਫ਼ਰਜ਼ੀ ਆਖਣ ਲੱਗ ਪਏ ਨੇ... ਸਭ ਤੁਰੇ ਨੇ ਆਪਣੇ ਰਸਤੇ ਪਰ ਮੇਰੇ ਗਲ਼ ਫ਼ਰਜ਼ਾਂ ਦੇ ਬਸਤੇ... 28.8.2012

ਸਹਿਮ

ਵਰ੍ਹਿਆਂ ਬਾਅਦ ਵੀ ਤੇਰਾ ਖ਼ਾਬ ਆਉਂਦਾ ਤਾਂ ਤੇਰੀ ਮੁਹੱਬਤ ਦਾ ਸਹਿਮ ਵੀ ਨਾਲ ਹੀ ਆ ਜਾਂਦਾ 'ਨਜਾਇਜ਼' ਦਾ ਇਲਜ਼ਾਮ ਲੈ ਕੇ ਖ਼ਾਬ ਵਿਚ ਵੀ ਦਰਦ ਉਸੇ ਸ਼ਿੱਦਤ ਨਾਲ ਧੜਕਦਾ ਦਹਾਕਿਆਂ ਬਾਅਦ ਵੀ ਆਉਂਦੇ ਜਾਂਦੇ ਸਾਹਾਂ ਵਿਚ ਤੇਰਾ ਚੇਤਾ... ਖ਼ੁਸ਼ਬੂ ਵਾਂਗ ਲਰਜ਼ਦਾ ਤੇ 'ਸਹਿਮ' ਦਾ ਸੱਪ ਮੁਹੱਬਤ ਦੀ ਹਿੱਕ 'ਤੇ ਸਰਕਦਾ- 28.1.2013

ਜਨਮ

ਸ਼ਾਇਦ ਵੇਸਵਾਗਿਰੀ ਦੇ ਸਮਾਜ ਵਿਚ ਵੀ ਕਦੀ ਕਿਤੇ, ਕਿਸੇ ਪਲ ਰਹਿਮ ਆ ਜਾਂਦਾ ਹੋਵੇਗਾ ਮੇਰੇ ਪਲਰਣ ਦਾ, ਥੋੜ੍ਹਾ ਇੰਤਜ਼ਾਰ ਕੀਤਾ ਜਾਂਦਾ ਹੋਏਗਾ ਮੇਰੀ ਮਰਜ਼ੀ ਦਾ ਸ਼ਾਇਦ ਕਦੀ ਇਹਤਰਾਮ ਕੀਤਾ ਜਾਂਦਾ ਹੋਵੇਗਾ ਪਰ ਇਸ ਸਭਯ ਸਮਾਜ ਵਿਚ ਮੈਂ ਅਜੇ ਟਾਹਣੀ 'ਤੇ ਖਿੜੀ ਨਹੀਂ ਹੁੰਦੀ ਖਿੜਨ ਤੋਂ ਪਹਿਲਾਂ ਕਰੂੰਬਲ ਵਲੂੰਧਰੀ ਜਾਂਦੀ ਏ ਤੇ ਹੁਣ ਤਾਂ... ਫੁੱਲ ਦੀ ਡੋਡੀ ਤੋੜ ਕੇ ਜਬਰਦਸਤੀ ਖੋਲ੍ਹ ਕੇ ਨਿੱਕੀਆਂ ਨਿੱਕੀਆਂ ਮਹੀਨ ਰੰਗ-ਬਰੰਗੀਆਂ ਪੱਤੀਆਂ ਵੀ ਮਸਲ ਕੇ ਸੁੱਟ ਦਿੱਤੀਆਂ ਜਾਂ ਫਿਰ ਮੈਨੂੰ ਸੀਖ ਕਬਾਬ ਬਣਾ ਲਿਆ ਜਾਂਦੈ ਕਿਤੇ ਸਰੀਏ ਨਾਲ ਵਿੰਨ੍ਹਿਆ ਜਾਂਦੈ ਕਿਤੇ ਦਾਜ ਦੀ ਅੱਗ 'ਚ ਭੁੰਨਿਆ ਜਾਂਦੈ ਕਿਤੇ ਪੱਥਰਾਂ ਨਾਲ ਮਾਰਿਆ ਜਾਂਦੈ ਕਿਤੇ ਤੇਜ਼ਾਬ ਨਾਲ ਸਾੜਿਆ ਜਾਂਦੈ ਕਿਤੇ ਇੱਜ਼ਤਾਂ ਖ਼ਾਤਰ ਵਾਰਿਆ ਜਾਂਦੈ ਕਿਤੇ ਬਲੇਡਾਂ ਨਾਲ ਕੱਟਿਆ ਜਾਂਦੈ ਕਿਤੇ ਦੰਦਾਂ ਨਾਲ ਵੱਢਿਆ ਜਾਂਦੈ ਕਿਤੇ ਵਸਤੂ ਵਾਂਗ ਵੇਚਿਆ ਜਾਂਦੈ ਤੇ ਭੇੜੀਏ ਵਾਂਗ ਵੇਖਿਆ ਜਾਂਦੈ... ਜੋ ਰਿਸ਼ਤਿਆਂ ਦੀ ਨੀਂਹ ਰੱਖਦੀ ਉਹ ਅੱਜ, ਹਰ ਰਿਸ਼ਤੇ ਤੋਂ ਡਰ ਰਹੀ ਇੱਜ਼ਤਾਂ ਦੇ ਰਾਖੇ, ਇੱਜ਼ਤਾਂ ਦੇ ਚੋਰ ਹੋ ਗਏ ਨੇ ਪਹਿਲਾਂ ਕੁੜੀ ਮਾਰ ਸੀ, ਹੁਣ ਕੁੜੀ ਖੋਰ ਹੋ ਗਏ ਨੇ ਮੈਂ ਜਨਮ ਦੇਣ ਵੇਲੇ ਵੀ ਤੜਪਦੀ ਜਨਮ ਲੈ ਕੇ ਵੀ ਤੜਪਦੀ ਸਦੀਆਂ ਤੋਂ ਮੇਰੀ ਵਾੜ ਹੀ ਮੈਨੂੰ ਖਾ ਰਹੀ ਪਿਤਾ ਦਾ ਸੀਨਾ ਫਟ ਰਿਹਾ ਮਾਂ ਦੀ ਕੁੱਖ ਚਿੱਲਾ ਰਹੀ ਜੇ ਰੱਬ ਹੈ.... ਜੇ ਰੱਬ ਹੈ ਤਾਂ ਉਹ ਵੀ 'ਉਸ ਪਲ' ਉਥੇ ਚੁੱਪਚਾਪ ਖੜ੍ਹਾ ਰਹਿੰਦੈ ਤੇ ਫਿਰ ਮੇਰਾ ਜਨਮ ਹੀ ਮੇਰੀ ਜ਼ਿੱਲਤ ਬਣ ਜਾਂਦੈ... 23.4.2013

ਨਜ਼ਮ

ਕਿਸੇ ਵੀ ਲਲਾਰੀ ਕੋਲ ਰੰਗ ਐਸਾ ਨਹੀਂ ਜੋ ਮੇਰੇ ਕਾਲੇ ਦੁਪੱਟੇ ਉੱਤੇ ਚੜ੍ਹ ਜਾਵੇ... ਜ਼ਿੰਦਗੀ ਦੇ ਪਾਣੀਆਂ 'ਚ ਜ਼ਹਿਰ ਐਸਾ ਘੁਲ ਗਿਆ ਖ਼ਾਹਿਸ਼ਾਂ ਦੀ ਮਛਲੀ ਕਿੱਦਾਂ ਤਰ ਜਾਵੇ...

ਰਸੋਈ...

ਹੁਣ, ਮੇਰੀ ਨਜ਼ਮਾਂ ਦੀ ਡਾਇਰੀ ਘਰ ਦੇ ਖਰਚ ਦਾ ਹਿਸਾਬ ਲਿਖਣ ਲਈ ਵਰਤਦੀ ਹਾਂ ਹਰ ਦਿਨ, ਹਰ ਮਹੀਨੇ ਬਣਦੀ ਹੈ ਬਜਟ ਦੀ ਨਜ਼ਮ ਤੇ ਮਹਿੰਗਾਈ ਦੀ ਕਵਿਤਾ... ਸਭ ਤੋਂ ਪਹਿਲਾਂ ਬਿੱਲ, ਈ.ਐੱਮ.ਆਈ., ਐੱਲ.ਆਈ.ਸੀ., ਟੈਕਸ ਫੀਸਾਂ, ਸਲੰਡਰ, ਦਵਾਈਆਂ, ਬੱਸ ਪਾਸ ਕਿਤਾਬਾਂ ਤੇ ਅਖ਼ੀਰ 'ਤੇ ਰਸੋਈ ਦਾ ਸਾਮਾਨ ਰਸੋਈ ਖਲੋਤੀ ਹੁੰਦੀ ਹੈ ਚੁੱਪਚਾਪ ਆਪਣੀਆਂ ਬਰਕਤਾਂ ਦੀ ਪੁਰਾਣੀ ਇਬਾਰਤ ਲੈ ਕੇ ਸਾਰੀਆਂ ਕਿਰਸਾਂ ਕਰਦੀ ਹੈ ਰਸੋਈ ਕੱਟ ਦਿੰਦੀ ਹਾਂ ਲੂਣ ਤੋਂ ਇਲਾਵਾ, ਨਮਕਦਾਣੀ ਦੇ ਸਾਰੇ ਮਸਾਲੇ ਕੁਕੀਜ਼ ਦੀ ਜਗ੍ਹਾ ਗੁਲੂਕੋਜ਼ ਦੇ ਬਿਸਕੁਟ ਰਸੋਈ ਬੈਠੀ ਹੈ ਮੇਰੇ ਨਾਲ ਕਰਦੀ ਹੈ ਰਿਪਲੇਸਮੈਂਟ ਪੁਡਿੰਗ ਦੀ ਜਗ੍ਹਾ ਸੂਜੀ ਪਾਸਤਾ ਦੀ ਜਗ੍ਹਾ ਦਲੀਆ ਮਕੈਨ ਦੀ ਜਗ੍ਹਾ ਫੁਲਵੜੀਆਂ ਡਰਾਈ ਫਰੂਟ ਦੀ ਜਗ੍ਹਾ ਭੁੱਜੇ ਛੋਲੇ ਭੁਜੀਆ ਦੀ ਜਗ੍ਹਾ ਦਾਲ, ਪਰਮਲ ਮੱਕੀ ਸ਼ਰਬਤ ਤੇ ਜੂਸ ਦੀ ਜਗ੍ਹਾ ਕੱਚੀ ਲੱਸੀ ਸਿਰਫ਼ ਆਟਾ, ਦਾਲ, ਘਿਓ, ਖੰਡ ਨਹੀਂ ਬਦਲਦੀ ਅੱਗੀ ਦੀ ਥਾਂ ਅੱਗ ਲਿਖਦੀ ਚਾਹੇ ਪੇਟ ਦੀ ਅੱਗ ਜਾਂ ਮਹਿੰਗਾਈ ਦੀ ਅੱਗ ਚੁੱਲ੍ਹੇ ਦੀ ਅੱਗ ਜਾਂ, ਜਾਂ ਦਿਲ ਦੀ ਅੱਗ ਰਸੋਈ ਅੱਗ ਸਾਂਭ ਲੈਂਦੀ ਹੈ ਤੇ ਰਿੱਝਦੀ ਹੈ ਮੇਰੇ ਨਾਲ...

ਦੁਆ

ਤੂੰ ਫ਼ੋਨ ਕੀਤਾ ਹੈ ਰਿੰਗ ਜਾ ਰਹੀ ਹੈ ਦੁਆ ਕਰਦੀ ਹਾਂ ਤੂੰ ਫ਼ੋਨ ਨਾ ਚੁੱਕੇਂ... ਕਹਿ ਦਿੰਦੀ ਹੈ ਰਿੰਗਟੋਨ ਵੀ ਬੜਾ ਕੁਝ

ਨਜ਼ਮ

ਸਵਖ਼ਤੇ ਨਜ਼ਮ ਪੜ੍ਹੀ ਜਿਵੇਂ ਸਾਰੇ ਦਿਨ ਲਈ ਮੁੱਖ ਵਾਕ ਲੈ ਲਿਆ ਹੋਵੇ ਚੁੱਪ ਹੋਰ ਗਹਿਰੀ ਹੋ ਗਈ... ਤੇ ਉਦ੍ਹੀ ਜੇਬ ਵਿਚ ਮੈਂ ਇਕ ਨੈਪਕਿਨ ਵੱਧ ਪਾ ਦਿੱਤਾ... ਪਰ ਗੋਤਾਖੋਰ ਬਸਤੀ ਦੇ ਲੋਕਾਂ ਨੂੰ ਸਮੁੰਦਰ ਵਿਚੋਂ ਵੀ ਕੁਝ ਨਹੀਂ ਲੱਭਣਾ ਤੇਰੇ ਸੰਤੁਲਨ ਦਾ ਸੰਕੇਤ ਮੇਰੀ ਅੱਧੀ ਉਮੀਦ ਨੂੰ ਝਉਲਿਆਂ ਤੇ ਪ੍ਰਤੀਬਿੰਬਾਂ ਤੋਂ ਮੁਕਤ ਕਰ ਗਿਆ ਸ਼ੁਕਰੀਆ...

ਨਜ਼ਮ

ਹਰ ਰੁੱਤੇ ਪੁੰਗਰਦਾ ਰੁੱਖ ਨਿਹਾਇਤ ਖ਼ੂਬਸੂਰਤ ਅੰਤਾਂ ਦੀ ਖ਼ੂਬਸੂਰਤੀ ਉਦ੍ਹੇ ਸਾਵੇਂ ਰੰਗ ਦੀ ਰੰਗ ਦੀ ਖ਼ੁਸ਼ਬੂ ਹਰ ਪਾਸੇ ਪਿਆਰ ਵੀ ਇਸੇ ਖ਼ੂਬਸੂਰਤੀ ਤੇ ਸ਼ਿੱਦਤ ਨਾਲ ਹਰ ਰੁੱਤੇ, ਹਰ ਵਾਰ ਪੁੰਗਰਦਾ ਪਰ ਰੁੱਖ ਵਾਂਗ ਪਲਰਦਾ ਨਹੀਂ...

ਬੱਦਲ

ਮੈਨੂੰ ਇਕਦਮ ਆਣ ਦਿਓ ਤੇ ਇਕਦਮ ਚਲੇ ਜਾਣ ਦਿਓ ਬੱਦਲ ਵਰ੍ਹਿਆ ਹੀ ਚੰਗਾ ਵਰਨਾ, ਫਟ ਜਾਵੇਗਾ...

ਰੇਤ.. .ਸਫ਼ਰ

ਮੈਂ ਕੋਈ ਘੋਗਾ ਜਾਂ ਸਿੱਪੀ ਹਾਂ ਬਸ ਆਪਣੇ ਸ਼ੈੱਲ ਵਿਚ ਸਾਂ ਤੁਹਾਡੇ ਕੋਲ ਹੀ ਹਾਂ ਧਿਆਨ ਨਾਲ ਤੁਰਨਾ ਤੁਹਾਡੇ ਪੈਰਾਂ ਹੇਠਲੀ, ਗਿੱਲੀ ਰੇਤ ਵਿਚ ਹਾਂ ਬੜੀ ਤਲਿੱਸਮੀ ਹੈ ਰੇਤ ਝੂਠਾ ਘਰ ਨਹੀਂ ਬਣਾਉਂਦੀ ਪਹਾੜ ਬਣਾਉਂਦੀ ਜਿਸ ਵਿਚੋਂ ਮੈਂ ਆਰ-ਪਾਰ ਜਾ ਸਕਾਂ ਪਹਾੜ ਨੂੰ ਸਰ ਕਰ ਸਕਾਂ ਮੇਰੇ ਅੰਗਾਂ 'ਚੋਂ ਕਿਰਦੀ ਖ਼ਾਬਾਂ 'ਚੋਂ ਭੁਰਦੀ ਪੈਰਾਂ ਦੇ ਨਾਲ-ਨਾਲ ਤੁਰਦੀ ਮੁੱਠੀ 'ਚੋਂ ਕਿਰ ਜਾਂਦੀ ਵਗਦੇ ਪਾਣੀਆਂ 'ਚ ਠਹਿਰ ਜਾਂਦੀ ਅੱਖਾਂ ਅੱਗੇ ਫੈਲਦੀ ਮੇਰਾ ਸਫ਼ਰ ਮੁੱਕਦਾ ਨਹੀਂ ਕਰਦੀ... ਮੈਨੂੰ ਰੇਤ ਨਾਲ ਇਸ਼ਕ ਹੈ ਅਜੇ ਰੇਤ ਠੰਡੀ ਹੈ ਤਪੇਗੀ ਤਾਂ ਮੈਨੂੰ ਫਿਰ ਤੋਰ ਦੇਵੇਗੀ ਸਮੁੰਦਰ ਵੱਲ... 14.9.2013

ਹੇ ਪ੍ਰੇਮ!

ਕੁਝ ਵਰ੍ਹੇ ਪਹਿਲਾਂ ਆਪਣੀ ਚਿਖ਼ਾ ਬਾਲ ਕੇ ਤੁਰੀ ਸਾਂ ਅਚਾਨਕ ਯਾਦ ਆਇਆ ਅਜੇ ਤੀਕ ਮੈਂ ਅਸਥੀਆਂ ਚੁਣੀਆਂ ਹੀ ਨਹੀਂ ਦੂਰ ਕਿਤੇ...ਸੰਖ ਨਾਦ ਹੈ ਘੰਟੀਆਂ ਦੀ ਆਵਾਜ਼ ਹੈ ਉਦੋਂ ਤੂੰ ਮੈਨੂੰ ਮਿਲਦਾ ਸੀ ਕਿਤਾਬਾਂ ਵਿਚ ਮੋਰ ਪੰਖ ਵਾਂਗ ਸਫ਼ਰ ਵਿਚ ਜਿਵੇਂ ਬਾਂਸੁਰੀ ਦੀ ਤਾਨ ਤੇ ਕਦੀ ਕਦੀ ਵ੍ਰਿੰਦਾਵਨ ਦੇ ਰੰਗ ਮੈਨੂੰ ਮੇਰੇ ਦੁਪੱਟੇ ਵਿਚ ਮਿਲਦੇ... ਤੂੰ ਹਰ ਦਮ ਗਊਆਂ ਗੋਪੀਆਂ ਸੰਗ ਹੁੰਦਾ ਮੇਰੀ ਪ੍ਰੇਮ ਕਵਿਤਾ ਸੁਣਦਾ, ਮੁਸਕਰਾਉਂਦਾ ਮੇਰੀ ਝੋਲੀ ਅੱਖਰ ਪਾਉਂਦਾ ਮੈਂ ਅੱਖਰ ਅੱਖਰ ਪਰੋਂਦੀ ਅਰਥ ਸੰਜੋਦੀ ਤੇਰੇ ਗਲੇ ਦੇ ਹਾਰ ਦਾ, ਪੁਸ਼ਪ ਹੋਣਾ ਲੋਚਦੀ ਪ੍ਰੇਮ ਕਰਦੀ ਅਚਾਨਕ ਤੂੰ ਮੈਨੂੰ ਕਰਮੰਡਲ ਫੜਾ ਕੇ ਚਲਾ ਗਿਆ ਤੇ ਮੇਰੇ ਪੈਰਾਂ ਹੇਠਲੀ ਜ਼ਮੀਨ ਲਾਲ ਹੋ ਗਈ ਪ੍ਰੇਮ...ਤੇਰੇ ਨਾਲ ਹੀ ਚਲਾ ਗਿਆ ਤੇ ਹੁਣ, ਕਰਮੰਡਲ ਵਿਚ ਕਰਤੱਵ ਵਸਤਰਾਂ 'ਤੇ ਭਬੂਤੀ ਤੇ ਸਾਹਮਣੇ ਜੰਗਲ ਹੇ ਹਠ! ਹੇ ਪ੍ਰੇਮ ਤੂੰ ਫਿਰ ਤੋਂ ਆ ਤੇ ਹੁਣ, ਮੇਰਾ ਸਾਰਥੀ ਬਣ ਜਾ... 28.11.2013

ਅਰਦਾਸ

ਦਾਤਾਰ! ਤੇਰੇ ਲੰਗਰ ਦੀ ਕਤਾਰ ਵਿਚ ਖੜ੍ਹੀ ਹਾਂ ਪਰ ਇਹ ਅਖੌਤੀ ਸੇਵਾਦਾਰ ਮੈਨੂੰ ਬੈਠਣ ਨਹੀਂ ਦੇ ਰਹੇ ਕੀ ਮੈਂ ਇੰਤਜ਼ਾਰ ਕਰਾਂ ਕਿ ਤੂੰ ਮੇਰੇ ਲਈ ਨਵੀਂ ਪੰਗਤ ਬਿਠਾਏਂਗਾ... ਪਰਵਰਦਿਗਾਰ! ਮੈਂ ਖੜ੍ਹੀ ਹਾਂ ਹੱਥ ਬੰਨ੍ਹ ਕੇ ਤੇਰੇ ਦਿੱਤੇ ਪ੍ਰਸ਼ਾਦੇ ਨਾਲ ਰੱਜੇਗਾ ਪਰਿਵਾਰ ਆ ਰਹੀ ਹੈ ਹੁਮਹੁਮਾ ਕੇ ਸੰਗਤ ਬਣ ਰਹੀ ਹੈ ਬਾਰ ਬਾਰ ਪੰਗਤ ਪਰ ਹਰ ਵਾਰ ਤੇਰੇ ਸੇਵਾਦਾਰ ਮੈਨੂੰ ਹੀ ਧਿੱਕਾਰਦੇ ਹੇ ਗ਼ਮਗੁਜ਼ਾਰ! ਤੇਰੇ ਵਿਛੇ ਮਖ਼ਮਲੀ ਗਲੀਚਿਆਂ 'ਤੇ ਮੈਨੂੰ ਬੈਠਣ ਨਹੀਂ ਦੇ ਰਹੇ ਤੇਰੀ ਛਬੀਲ 'ਤੇ ਮੈਨੂੰ ਨਹੀਂ ਮਿਲ ਰਿਹਾ ਕਾਸਾ ਤੇਰੇ ਦਰ 'ਤੇ ਮੰਗਣਾ ਹੀ ਮੇਰਾ ਰੁਜ਼ਗਾਰ ਦਾਤਾਰ! ਮੇਰੇ ਮਿਹਨਤਕਸ਼ ਹੱਥ ਨੇ ਖ਼ਾਲੀ ਮੇਰਾ ਇਖ਼ਲਾਕ ਵੀ ਸਵਾਲੀ ਤੇਰੇ ਸਰਵਰ ਦੇ ਕੰਢੇ ਤਰਿਹਾਈ ਮੇਰੀ ਪਿਆਸ ਮੈਂ ਤੇਰੇ ਦਰ 'ਤੇ ਡਿੱਗੀ ਅਰਦਾਸ... ਮੈਂ ਤੇਰੇ ਦਰ 'ਤੇ ਡਿੱਗੀ ਅਰਦਾਸ... (ਜਦੋਂ ਕਿਸੇ ਨੂੰ ਉਹਦੇ ਰੁਜ਼ਗਾਰ ਦੇ ਖੁੱਸਣ ਦਾ ਖ਼ੌਫ਼ ਹੋਵੇ...।) 28.1.2014

ਜਦੋਂ ਅੱਕ ਦੀਆਂ ਅੰਬੀਆਂ ਫੁੱਟੀਆਂ...

-1 ਅੱਕ ਦੀ ਅੰਬੀ 'ਚ ਕੈਦ ਹਾਂ ਤਿੱਖੜ ਦੁਪਹਿਰਾ ਏ ਪਤਾ ਨਹੀਂ ਕਦੋਂ ਇਹ ਫੁੱਟੇਗੀ ਤੇ ਮਾਈ ਬੁੱਢੀ ਦੇ ਝਾਟੇ ਵਾਂਗ ਮੇਰੀ ਰੂਹ ਉੱਡ ਜਾਏਗੀ... -2 ਤੂੰ ਤੇ ਮੈਂ ਮਿਲੇ ਸਾਂ ਮਾਈ ਬੁੱਢੀ ਦੇ ਝਾਟਿਆਂ ਵਾਂਗ ਫ਼ਿਜ਼ਾ ਵਿਚ ਉਡਦੇ ਇਧਰ-ਉਧਰ ਬਿਨਾਂ ਬੰਦਸ਼, ਬਿਨਾਂ ਰੰਜਸ਼ ਕਦੇ ਕਦੇ ਹਵਾ ਦੇ ਮਿਜਾਜ਼ ਮੁਤਾਬਕ ਮਿਲਦੇ, ਵਿਛੜਦੇ, ਆਪੋ ਵਿਚ ਉਲਝਦੇ ਫਿਰ ਖਿੰਡ ਗਏ, ਨਿੱਖੜ ਗਏ ਆਪਣੇ ਆਪਣੇ ਸਫ਼ਰ ਲਈ... ਤੂੰ ਬੱਦਲ ਨਾਲ ਰਲ ਕੇ ਕਿਤੇ ਹੋਰ ਵਰ੍ਹਿਆ ਤੇ ਪਲਰਿਆ ਤੇ ਮੈਂ 'ਮਾਈ ਬੁੱਢੀ ਦਾ ਝਾਟਾ' ਫਿਰ ਅੱਕ ਦੇ ਦੁੱਧ ਵਿਚ ਡਿੱਗ ਪਿਆ... -3- ਸਿਖ਼ਰ ਦੁਪਹਿਰੇ, ਤੁਰਦਿਆਂ ਤੂੰ ਮਿਲਿਆ ਰਾਹ ਰੋਕਿਆ ਮੇਰੇ ਹੱਥ, ਖਿੜੇ ਕਾਨਿਆਂ ਦੇ ਫੁੱਲ ਫੜਾਏ ਹਜ਼ਾਰਾਂ ਅੱਕ ਦੀਆਂ ਫੰਬੜੀਆਂ ਫ਼ਿਜ਼ਾ 'ਚ ਉੱਡੀਆਂ ਸਰਕੜਾ, ਸਰਕੰਡਾ ਵੀ ਮਹਿਕਿਆ ਤੂੰ ਖਿੜ ਖਿੜਾ ਕੇ ਹੱਸਿਆ... ਆਪਣੇ ਇੰਤਜ਼ਾਮ ਉੱਤੇ ਤੇ ਮੇਰੇ ਅਹਿਤਰਾਮ ਉੱਤੇ -4- ਕੰਜਕ ਉਮਰੇ ਬੜਾ ਪਿਆਰਿਆ ਮੈਂ ਨਾਨੀ ਦੀ ਪਰਾਤ ਦਾ ਮਿੱਸਾ ਆਟਾ ਨਾਨੇ ਦੀਆਂ ਫੈਣੀਆਂ ਵਾਲਾ ਬਾਟਾ... ਜੇਠ ਮਹੀਨੇ ਸਿਖ਼ਰ ਦੁਪਹਿਰੇ ਅੱਕ ਦੀਆਂ ਅੰਬੀਆਂ ਲੱਭਦੀ 'ਫਟਕ' ਅੰਬੀ ਫੁੱਟਦੀ ਰੁੱਗਾਂ ਦੇ ਰੁੱਗ, ਮਾਈ ਬੁੱਢੇ ਦੇ ਝਾਟੇ ਰੂਹਾਂ ਵਾਂਗ ਉੱਡਦੇ ਮੈਂ ਨੱਚਦੀ, ਉਨ੍ਹਾਂ ਦੇ ਨਾਲ-ਨਾਲ ਉੱਡਦੀ ਉੱਛਲ ਉੱਛਲ ਕੇ ਫੜਦੀ ਪੈਰਾਂ ਹੱਥਾਂ 'ਤੇ ਧਮੂੜੀ ਲੜਦੀ ਝੋਲੀ ਭਰਦੀ, ਘਰ ਪਰਤਦੀ... ਮਾਂ ਪਰੇਸ਼ਾਨ ਮੇਰੇ ਵਾਲਾਂ 'ਚੋਂ, ਫਰਾਕ ਤੋਂ ਅੱਖਾਂ ਤੋਂ, ਝੋਲੀ 'ਚੋਂ ਅੱਕ ਦੀਆਂ ਫੰਬੜੀਆਂ ਚੁਣਦੀ ਝਾੜਦੀ ਤੇ ਆਖਦੀਇਹ ਰੂਹਾਂ ਕਿਥੋਂ ਚੰਬੜਾ ਲਿਆਈ ਏਂ ''ਚੰਦਰੀਆਂ ਰੂਹਾਂ'' ਮਗਰ ਪੈ ਜਾਣ ਤੇ ਸਾਰੀ ਉਮਰ ਮਗਰੋਂ ਨਹੀਂ ਲਹਿੰਦੀਆਂ ਤੂੰ ਬਾਲੜੀ ਰੁੱਤੇ ਛਾਵਾਂ ਮਾਣ ਮੇਰੀ ਧੀ ਨਾ ਫਿਰਿਆ ਕਰ ਧੁੱਪੇ... -5- ਇੰਨਾ ਲੰਬੇ ਤੇ ਉਦਾਸ ਦਿਨਾਂ 'ਚ ਜਦੋਂ ਮੇਰੀ ਕਬਰ 'ਤੇ ਕਿੱਕਰ ਦੇ ਫੁੱਲ ਡਿੱਗਦੇ ਤਾਂ ਰੂਹ ਨੂੰ ਮਿਲਦਾ ਆਸਰਾ ਖਿੜੇ ਹੋਏ ਪਲਾਸ਼ ਦਾ ਗੁਲਮੋਹਰ ਦਾ, ਅਮਲਤਾਸ ਦਾ ਤੇ ਇਨ੍ਹਾਂ ਦੇ ਸਿਰਾਂ ਉੱਤੇ ਮੱਚਦੀ ਅੱਗ ਦੀ ਛਾਂ ਦਾ... ਪਸਮਤਾ, ਅੱਕ ਦਾ ਦੁੱਧ ਉੱਡਦੀਆਂ ਅੱਕ ਦੀਆਂ ਫੰਬੜੀਆਂ ਤੇ ਟੁੱਟ ਜਾਂਦੀ ਪੱਥਰ ਨਜ਼ਰ ਦੀ ਚੁੱਪ ਮੁੱਢ ਤੋਂ ਮੇਰਾ ਇਨ੍ਹਾਂ ਨਾਲ ਸਾਕ ਨਿਭਦਾ ਰਿਹਾ ਬਿਨਾਂ ਵਾਕ... -6- ਮੈਂ ਹਯਾਤੀ ਦੀ 'ਲੂ' ਵਿਚ ਮਾਈ ਬੁੱਢੀ ਦੇ ਝਾਟੇ ਵਾਂਗ ਉੱਡਦੀ ਤੇ ਵਗਦੀ 'ਲੂ' ਕੋਲੋਂ ਆਣ ਵਾਲੇ ਹਰ ਹਾਦਸੇ ਦਾ ਪਤਾ ਪੁੱਛਦੀ 'ਲੂ' ਤਲੀ 'ਤੇ ਛਾਲਾ ਰੱਖਦੀ ਮੇਰੇ ਉੱਤੇ ਹੱਸਦੀ ਹਾਲਾਤ ਨੇ ਹਰ ਵਾਰ ਫਰੇਬਾਂ ਦੀ ਤੱਪਦੀ ਰੇਤ ਵਿਚ ਮੈਨੂੰ ਛੱਲੀ ਵਾਂਗ ਗੇੜਿਆ ਤੇ ਉਸ ਰੇਤ ਵਿਚ ਮੈਂ ਮੱਕੀ ਵਾਂਗ ਖਿੜਦੀ... ਜਦੋਂ ਵਕਤ ਦੀ ਸ਼ਾਖ਼ ਤੋਂ ਫੁੱਲ ਝੜਨਗੇ ਦੋਸਤ ਤੇ ਦੁਸ਼ਮਣ ਵੀ ਨਾਲ ਤੁਰਨਗੇ ਮੈਂ ਆਪਣੇ ਪਿਛਲੇ ਸਫ਼ਰ ਦਾ ਲਿਬਾਸ ਬਦਲ ਰਹੀ ਹਾਂ ਤੇ ਅਗਲੇ ਸਫ਼ਰ ਲਈ ਹੁਣ ਤੋਂ ਸੰਭਲ ਰਹੀ ਹਾਂ 25.5.2014

ਬੀਤਦੇ ਮਾਪੇ

ਵੇਖ ਰਹੀ ਹਾਂ ਮਾਤਾ ਪਿਤਾ ਨੂੰ ਬੀਤਦੇ ਪਰ ਉਨ੍ਹਾਂ ਦਾ ਬੀਤਦਾ ਵਕਤ ਠਹਿਰ ਗਿਆ ਹੈ ਜਿਵੇਂ ਉਨ੍ਹਾਂ ਦੇ ਸਾਹਵੇਂ ਉਮਰਾਂ ਦੇ ਕੋਈ ਜ਼ਹਿਰ ਪਿਆ ਏ ਉਹ ਆਪਣੀ ਉਮਰ ਦੇ ਦਹਾਕੇ ਗਿਣਦੇ ਨੇ ਰੋਜ਼ ਪੁੱਛਦੇ ਨੇ ਨਜੂਮੀ ਨੂੰ ਕਿੰਨੇ ਕੁ ਦਿਨ ਨੇ ਹੋਰ... 20.8.2014

ਡਰ

ਦਿਲ ਭਰਿਆ ਖ਼ਾਲੀਪਨ ਦੇ ਨਾਲ ਮਨ ਡਰਿਆ ਆਪਣੇਪਨ ਤੋਂ ਯਾਰ...

ਰਸੀਦ

ਕੀ ਲੱਭ ਰਹੀ ਹਾਂ ਇਨ੍ਹਾਂ ਕਾਗ਼ਜ਼ਾਂ ਤੇ ਰੁੱਕਿਆਂ ਦੇ ਢੇਰ 'ਚੋਂ ਕੀਤੇ ਹੋਏ ਖਰਚਿਆਂ ਦੇ ਹਿਸਾਬ ਅਣਸੁਣੇ ਸਵਾਲਾਂ ਦੇ ਜਵਾਬ ਜਾਂ ਫਿਰ ਖਿਲਰੀ ਤੇ ਉਧੜੀ ਨਜ਼ਮਾਂ ਦੀ ਕਿਤਾਬ... ਜੋ ਲੱਭਣਾ ਸੀ, ਉਹ ਕੀ ਸੀ ਮੈਨੂੰ ਭੁੱਲ ਗਿਆ ਏ ਮੇਰੇ ਨਗ਼ਮੇ ਦਾ ਹੰਝੂ ਅੱਖ ਵਿਚ ਹੀ ਡੁੱਲ੍ਹ ਗਿਆ ਏ... ਜਿਥੇ ਜੋ ਖ਼ਰਚ ਹੋਇਆ ਉਹ ਸਭ ਰਸੀਦਾਂ ਲੱਭੀਆਂ ਪਰ ਜਿਥੇ ਮੈਂ ਖਰਚ ਹੋਈ ਉਹਦੀ ਰਸੀਦ ਹੀ ਨਹੀਂ ਕੋਈ... 18.8.2014

ਰਾਤ

ਰਾਤ ਦੀ ਪਰਾਤ ਵਿਚ ਹਨੇਰਾ ਗੁੰਨ੍ਹਦੀ ਕਾਲਖ਼ ਦਾ ਪਲੇਥਣ ਲਾ ਕੇ 'ਰਾਤ' ਦੀ ਰੋਟੀ ਵੇਲਦੀ, ਵਕਤ ਦਾ ਤਵਾ ਤਪ ਜਾਂਦਾ ਤੇ ਮੈਂ ਕੁਆਸੀ ਰੋਟੀ ਵਾਂਗ ਧੁਖਦੀ

ਖ਼ਾਬ

ਤੂੰ ਮੇਰੀ ਨੀਂਦਰ ਦਾ ਨਹੀਂ ਜਾਗਦੀ ਅੱਖ ਦਾ ਖ਼ਾਬ ਹੈਂ ਜੋ ਮੈਨੂੰ ਸੌਣ ਨਹੀਂ ਦੇਂਦਾ...

ਕੋਈ ਫ਼ਰਕ ਨਹੀਂ ਪੈਂਦਾ

ਆਪਣੀ ਜਿੱਤ ਜਾਂ ਹਾਰ ਦਾ ਕੋਈ ਮਲਾਲ ਨਹੀਂ ਉਹ ਮੇਰੀ ਔਕਾਤ ਦੇ ਹਿਸਾਬ ਨਾਲ ਬਿਸਾਤ ਵਿਛਾਉਂਦਾ ਹੈ ਮੈਨੂੰ ਫ਼ਾਇਦੇ ਤੇ ਨੁਕਸਾਨ ਦਾ ਕੋਈ ਹਿਰਖ਼ ਨਹੀਂ ਉਹ ਮੇਰੇ ਖ਼ਰਚੇ ਦੀ ਚਾਦਰ ਦੇਖ ਕੇ ਹਿਸਾਬ ਬਣਾਉਂਦਾ ਹੈ ਕਿਸੇ ਮੁਨਸਫ਼ ਜਾਂ ਗਵਾਹ ਦੀ ਕੋਈ ਜ਼ਰੂਰਤ ਨਹੀਂ ਉਹ ਮੇਰੇ ਗੁਨਾਹ ਮੁਤਾਬਕ ਹੀ ਇਲਜ਼ਾਮ ਲਗਾਉਂਦਾ ਹੈ

ਤੇਰੇ ਨਾਂਵੇਂ ਖ਼ਤ

ਮੁਸਲਸਲ, ਸ਼ਦੀਦ ਖ਼ਾਮੋਸ਼ੀ ਤਨਹਾਈ, ਯਖ਼ ਸਰਦ ਰੁੱਤ ਤੇ ਲਿਖ ਲਿਖ ਕੇ ਖ਼ਤ ਪਾੜਨ ਦਾ ਸਿਲਸਿਲਾ ਕਿਆ ਸੋਹਣਾ ਕਾਂਬੀਨੇਸ਼ਨ ਹੈ... ਕਿੱਥੇ ਕਰਨੇ ਨੇ ਇਰਸਾਲ ਜੀਹਨੂੰ ਦੇਣੇ ਨੇ ਖ਼ਤ ਉਹ ਵੀ ਨਾਲ ਜੀਹਦੇ ਲਈ ਨੇ ਖ਼ਤ, ਉਹ ਵੀ ਨਾਲ ਦੂਰੀ ਇਕ 'ਰਵਾਲ' ਜਿੰਨੀ ਪਾਰ ਨਹੀਂ ਹੁੰਦੀ... ਅਕਸਰ ਮੈਂ-ਤੂੰ ਬਣ ਕੇ ਹੀ ਆਪਣੇ ਖ਼ਤਾਂ ਦੇ ਦਿੱਤੇ ਜਵਾਬ ਕਈ ਵਾਰ ਬੱਦਲ ਫਟਿਆ ਮੱਥੇ ਦੀ ਨਾੜ ਫਟੀ, ਧੜਕਣ ਡੁੱਬੀ ਤੇ ਪਲਸ ਫੇਰ ਚੱਲ ਪਈ... ਖ਼ਤ ਲਿਖਣ ਤਕ ਸਾਹ ਰੁਕੇ ਰਹਿੰਦੇ ਖ਼ਤ ਪਾੜ ਕੇ ਧੜਕਣ ਤੁਰ ਪੈਂਦੀ ਚਲਦੀ ਧੜਕਣ, ਖ਼ਤ ਦਾ ਜਵਾਬ ਹੈ... ਮੈਨੂੰ ਮੁਹੱਬਤ ਲਈ ਵੀ ਮੁਸ਼ੱਕਤ ਕਰਨੀ ਪੈਂਦੀ ਹੈ...

ਤੂੰ ਕੁਝ ਨਾ ਕਰ

ਮੇਰੇ ਲਈ ਤੂੰ ਭਾਵੇਂ ਕੁਝ ਵੀ ਨਾ ਕਰ ਪਰ ਮੇਰੀ ਰੂਹ ਵਿਚ ਬੈਠਾ ਰਹਿ ਤੇਰਾ ਜ਼ਿੰਦਗੀ 'ਚ ਸ਼ੁਮਾਰ ਰਹਿਣਾ ਹੀ ਮੇਰਾ ਸਾਥ ਦੇਣਾ ਹੈ... ਮੇਰੇ ਸਥੂਲ ਵਿਚ ਜੋ ਤੇਰੀ ਸੂਖਮਤਾ ਹੈ ਉਹੀ ਹੈ ਊਰਜਾ ਫ਼ਰਜ਼ਾਂ ਦੇ ਪਹਾੜ ਸਰ ਕਰਨ ਲਈ ਸ਼ਾਇਦ ਮੁਹੱਬਤ ਹੈ ਇਹੀ ਮੈਨੂੰ ਸਮਝ ਨਹੀਂ ਸਾਰੇ ਦਰਿਆ ਪਾਰ ਕਰਕੇ ਤੇਰੇ ਸਾਹਵੇਂ ਜੇਤੂ ਵਾਂਗ ਖੜ੍ਹੇ ਹੋਣਾ ਤੇ ਤੇਰੀ ਬੇਨਿਆਜ਼, ਖ਼ਾਮੋਸ਼ੀ ਅੱਗੇ ਅੜੇ ਰਹਿਣਾ ਮੰਗ ਕੇ ਸ਼ਾਬਾਸ਼ ਲੈਣੀ ਕਹਿ ਕੇ ਦਾਦ ਲੈਣੀ ਤੇ ਬਿਨਾਂ ਕੁਝ ਕਹੇ ਤੂੰ ਸਮਝਾ ਦੇਣਾ ਕਿ ਮੇਰਾ ਕਰਮ ਹੈ ਇਹੀ... 13.4.2015

ਸਿਖ਼ਰ ਦੁਪਹਿਰੇ

ਸਿਖ਼ਰ ਦੁਪਹਿਰੇ ਰੁੱਖ ਦੀ ਛਾਂ ਪਾਣੀ 'ਚ ਨਹਾਉਂਦੀ ਚਿੜੀ ਪੱਤੇ ਹੇਠਾਂ ਲੁਕੀ ਤਿਤਲੀ ਵੇਖ ਤੇਰਾ ਹੀ ਖ਼ਿਆਲ ਆਇਆ ਸਿਖ਼ਰ ਦੁਪਹਿਰੇ ਹੋਂਠਾਂ 'ਤੇ ਰੁਕੀ ਤ੍ਰੇਹ ਦੀ ਬੂੰਦ ਫੁੱਲ ਪੱਤੀਆਂ 'ਚ ਲੁਕਿਆ ਲੇਡੀ ਬਰਡ ਪਾਣੀ ਦੇ ਗਲਾਸ ਵਿਚ ਤੈਰਦੀ ਬਰਫ਼ ਵੇਖ ਤੇਰਾ ਹੀ ਖ਼ਿਆਲ ਆਇਆ

ਵਿਦਾ

ਵਿਦਾ ਵੇਲੇ ਤੇਰੀ ਪਿੱਠ ਨਾਲ ਦੋ ਅੱਖਾਂ ਚਿੰਬੜ ਗਈਆਂ... ਕਿਤੇ ਹੋਰ ਕਮੀਜ਼ ਨਾ ਝਾੜੀ ਮੇਰੀ ਨਜ਼ਰ 'ਚ ਘੱਟਾ ਪੈ ਜਾਏਗਾ...

ਗੀਤ

ਮੁੱਦਤ ਹੋਈ, ਮੁੱਦਤਾਂ ਬੀਤੀਆਂ ਨਾ ਸ਼ਕਲਾਂ ਵੇਖੀਆਂ, ਜ਼ਬਾਨਾਂ ਸੀਤੀਆਂ ਸ਼ਿੱਦਤ ਮੋਈ, ਸ਼ਿੱਦਤਾਂ ਪੀਤੀਆਂ ਹਿਜਰਾਂ ਮਾਰਿਆ, ਉਡੀਕਾਂ ਕੀਤੀਆਂ ਪੱਤੇ ਝੜੇ ਕੀ ਰੁੱਖਾਂ ਨਾਲ ਬੀਤੀਆਂ ਸ਼ਗਨਾਂ ਰੋ ਲਿਆ, ਰੀਤਾਂ ਕੁਰੀਤੀਆਂ ਟਾਹਣੀ ਕੰਬੀ, ਆਲ੍ਹਣਾ ਡਿੱਗ ਪਿਆ ਪੰਛੀ ਉੱਡ ਗਏ, ਨੀਤਾਂ ਬਦਨੀਤੀਆਂ ਪੌਣਾਂ ਪੱਲੇ ਅੱਥਰੂ ਬੱਝ ਗਏ ਨੈਣੀਂ ਰੁਕ ਗਏ, ਗੰਢਾਂ ਪੀਡੀਆਂ ਅੱਥਰੀ ਰਾਤ ਦੇ ਕੇਸ ਖੁੱਲ੍ਹ ਗਏ ਵਾਹਵਾਂ ਪੱਟੀਆਂ ਤੇ ਗੁੰਦਾਂ ਮੀਡੀਆਂ ਮੁੱਦਤ ਹੋਈ, ਮੁੱਦਤਾਂ ਬੀਤੀਆਂ ਨਾ ਸ਼ਕਲਾਂ ਵੇਖੀਆਂ, ਜ਼ਬਾਨਾਂ ਸੀਤੀਆਂ

ਰੂਹ ਦਾ ਮੌਸਮ

ਫਿਰ ਮੌਸਮ ਆਇਆ ਪੀਲੇ ਪੱਤਿਆਂ ਦੀ ਬਰਸਾਤ ਦਾ ਅੱਗ ਵਰਗੇ ਅਮਲਤਾਸ ਦਾ ਪਰ ਹੁਣ ਤੇਰੇ ਤਰਲੇ ਪਿਘਲਾਉਂਦੇ ਨਹੀਂ ਵਿਛੋੜੇ ਦੇ ਬੱਦਲ ਡਰਾਉਂਦੇ ਨਹੀਂ ਮਨ ਅੰਦਰ ਸਭ ਠਹਿਰ ਗਿਆ ਏ ਰੂਹ ਦਾ ਮੌਸਮ ਬਦਲ ਰਿਹਾ ਏ...

'ਮੈਂ' ਨੂੰ 'ਤੂੰ' ਹੋਣ ਤਕ

ਤੇਰੀ ਮਹਿਕ ਦਾ ਭਰਿਆ ਬੱਦਲ ਕਿਤੇ ਹੋਰ ਵਰ੍ਹਦਾ ਤਾਂ ਖ਼ਾਬਾਂ ਦੇ ਮਿੰਜਰ ਮੇਰੀ ਨੀਂਦਰ ਦੇ ਵਿਚ ਝੜਦੇ... ਤੇਰੇ ਹੱਥਾਂ ਦੇ ਗੁਲਾਬ ਸੂਲਾਂ ਦੀ ਤਹਿਰੀਰ ਜੋ ਲਿਖਦੇ ਪਲਕਾਂ ਜ਼ਖ਼ਮੀ ਹੁੰਦੀਆਂ ਪੜ੍ਹਦੇ ਪੜ੍ਹਦੇ... ਜ਼ਿੰਦਗੀ ਤੇਰੀਆਂ ਬਰੂਹਾਂ 'ਤੇ ਰੁਕ ਗਈ ਧੋਖਾ ਦੇ ਗਈ ਮੌਤ ਵੀ ਮਰਦੇ ਮਰਦੇ... 'ਮੈਂ' ਨੂੰ 'ਤੂੰ' ਹੁੰਦਿਆਂ ਉਮਰਾਂ ਬੀਤੀਆਂ ਜਨਮਾਂ ਵਾਲੇ ਰੁੱਖ ਤੋਂ ਜੂਨਾਂ ਦੇ ਪੱਤਰ ਝੜਦੇ... 28.11.2015

ਮਹਿਬੂਬ ਤੇ ਮੁਹੱਬਤ

ਜੋ ਮਹਿਸੂਸ ਹੋਵੇ, ਉਹ ਮਹਿਬੂਬ ਹੈ ਫੜੀ ਨਾ ਛਲੇਡਾ ਹੈ, ਛਲਾਵਾ ਹੈ ਉਹਦੇ ਤਲਿਸਮ ਦਾ ਅੰਬਰ ਜਿੱਡਾ ਕਲਾਵਾ ਹੈ ਜੋ ਖ਼ੁਆਰ ਕਰੇ, ਉਹ ਪਿਆਰ ਹੈ ਉੱਡੀਂ ਨਾ ਇਹ ਪੈਰਾਂ ਹੇਠੋਂ ਜ਼ਮੀਨ ਖਿੱਚ ਦਿੰਦੈ ਬਗ਼ਾਵਤ ਹੈ, ਜ਼ਿੰਦਗੀ ਜਿੱਡੀ ਇਬਾਦਤ ਹੈ ਜ਼ਖ਼ਮ ਦੀ ਲੱਜ਼ਤ ਆਵੇ, ਤਾਂ ਮੁਹੱਬਤ ਹੈ ਤੜਪੀਂ ਨਾ-ਇਹ ਸ਼ਿੱਦਤ ਹੈ, ਨਫਾਸਤ ਹੈ ਅਖ਼ੀਰ ਤੋਂ ਪਹਿਲਾਂ ਕਿਆਮਤ ਹੈ ਹਿਜਰ ਦੇ ਕੋਲ ਤੜਪਣ ਦੀ ਲਿਆਕਤ ਹੈ ਵੇਖ ਜਰਾ, ਹਰ ਸੂ ਓਹੀ ਹੂਬਹੂ ਤੇ ਰੂਬਰੂ ਦੀ ਜੁਸਤਜੂ, ਹਿਮਾਕਤ ਹੈ

ਟਿੱਕੀ

ਯਾਦ ਆਉਂਦਾ ਹੈ ਨਾਣਕਾ (ਦੀਨਾਨਗਰ) ਬੜਾ ਚੇਤੇ ਆਉਂਦੀ ਮਾਮੇ ਦੀ ਧੀ ਹਰ ਵੇਲੇ ਘਰ ਘਰ ਖੇਡਦੀ ਮੈਨੂੰ ਨਾਲ ਨਾਲ ਧੂੰਹਦੀ ਕੰਜਕਾਂ 'ਚ ਮਿਲੇ ਰੰਗ-ਬਰੰਗੇ ਗੀਟੇ ਇਕੱਠੇ ਕਰਦੀ ਬਰੰਟੇ ਖੇਡਦੀ, ਹੱਥ ਛੱਡ ਕੇ ਸਾਈਕਲ ਚਲਾਉਂਦੀ ਮੁੰਡਿਆਂ ਵਰਗੀ ਭੈਣ ਭੂਤਨੀ ਜਿਹੀ ਨਿਰੀ ਡੈਣ... ਸਾਈਕਲ ਦੀਆਂ ਟੁੱਟੀਆਂ ਸਲਾਈਆਂ ਉੱਤੇ ਗੋਟੇ ਦੀ ਪਤਲੀ ਕਿਨਾਰੀ ਦਾ ਸਵੈਟਰ ਉਣਦੀ ਗੁੱਡੀ ਨੂੰ ਪਾਉਂਦੀ ਮਿੱਟੀ ਦਾ ਨਿੱਕਾ ਜਿਹਾ ਚੁੱਲ੍ਹਾ ਬਣਾਉਂਦੀ ਵੰਨ-ਸੁਵੰਨੀਆਂ ਖ਼ਾਲੀ ਡੱਬੀਆਂ ਦੇ ਢੱਕਣਾਂ ਨੂੰ ਰਸੋਈ ਦੇ ਭਾਂਡੇ ਬਣਾ, ਦਾਅਵਤਾਂ ਕਰਦੀ ਗੁੱਡੀਆਂ ਦੇ ਵਿਆਹ ਕਰਨ ਵੇਲੇ ਕਾਗ਼ਜ਼ ਦੀਆਂ ਨਿੱਕੀਆਂ ਨਿੱਕੀਆਂ ਟੋਪੀਆਂ ਲਾ ਕੇ ਆਪਣੀਆਂ ਗੁੱਡੀਆਂ ਜਵਾਨ ਕਰ ਲੈਂਦੀ 'ਬਾਲ-ਮਾਤਾ' ਦੇ ਮੰਦਰ ਜਾਂਦੀ, ਮੈਂ ਨਾਲ ਹੁੰਦੀ 'ਨਕਾਸੀ' 'ਚ ਖੇਤਰੀ ਪੂਜਦੀ ਮੈਨੂੰ ਆਪਣੀ ਧੀ ਬਣਾ ਕੇ ਸਾਰਾ ਦਿਨ ਮੇਰਾ ਪਿਓ ਲੱਭਦੀ ਰਹਿੰਦੀ ਮੇਰੇ ਕਿਸੇ ਵੀ ਹਮਨਾਮ ਨੂੰ ਕੁੱਟ ਦਿੰਦੀ ਛੇਵੀਂ ਦਾ ਸਿਲੇਬਸ, ਮੈਨੂੰ ਤੀਜੀ 'ਚ ਕਰਾ ਦਿੰਦੀ ਜੇ ਮੈਂ ਨਾ ਪੜ੍ਹਦੀ ਤਾਂ ਚਪੇੜਾਂ ਮਾਰਦੀ ਮੈਂ ਰੋਂਦੀ, ਫਿਰ ਘੁੱਟ ਘੁੱਟ ਕੇ ਚੁੰਮਦੀ ਆਖਦੀ ਨੀਲੀਆਂ ਅੱਖਾਂ ਮੇਰੀ ਧੀ ਦੀਆਂ ਨੀਲੇ ਪਾਣੀ 'ਚ ਕਿਉਂ ਡੁੱਬ ਗਈਆਂ.... ਮੈਂ ਉਹਦੇ ਹੱਥਾਂ ਦੀ ਕਠਪੁਤਲੀ ਬਣੀ ਸਾਰਾ ਦਿਨ ਉਹਦੇ ਨਾਲ ਨੱਚਦੀ 'ਦੋਹਰਾ ਪੁਲ' ਅਸੀਂ ਅੰਬ ਚੂਪਦੀਆਂ ਮੱਠ ਤੋਂ ਖੰਘ ਦੀ ਦਵਾਈ ਲੈਂਦੀਆਂ ਰਾਮਲੀਲਾ ਵੇਖਦੀਆਂ, ਬੇਰ ਖਾਂਦੀਆਂ ਸਟੇਸ਼ਨ ਤੋਂ ਖੱਟੇ ਤੂਤ ਤੋੜਦੀਆਂ ਇਮਲੀ ਘੋਲ ਘੋਲ ਪੀਂਦੀਆਂ ਉਹ ਸਕੂਲੋਂ ਭੱਜੀ ਭੂਆ ਘਰ ਆਉਂਦੀ ਬਸਤਾ ਸੁੱਟਦੀ, ਮੈਨੂੰ ਲੱਭਦੀ, ਚੁੱਕਦੀ, ਲੈ ਤੁਰਦੀ... ਇੱਟਾਂ ਪੀਸ ਕੇ ਰੰਗ ਬਣਾਉਂਦੀ ਮੇਰੇ ਹੱਥਾਂ 'ਤੇ ਮਹਿੰਦੀ ਲਾਉਂਦੀ ਅਸੀਂ ਰੱਸੀ ਟੱਪਦੀਆਂ, ਬੇਰ ਤੋੜਦੀਆਂ ਅਮਰੂਦਾਂ ਦੀਆਂ ਕਰੂੰਬਲਾਂ ਵੀ ਰਗੜ ਜਾਂਦੀਆਂ ਬੋਲੇ ਦੇ ਖੋਲੇ 'ਚੋਂ ਗੋਲਾਂ ਖਾਂਦੀਆਂ ਮੰਦਰੋਂ ਪ੍ਰਸ਼ਾਦ ਚੁੱਕਦੀਆਂ, ਲੋਹੜੀ ਮੰਗਦੀਆਂ ਗੁਰਦੁਆਰੇ ਜੋੜੇ ਸਾਂਭਦੀਆਂ ਕੱਟੇ ਆਲੂ ਦੇ ਇਕ ਪਾਸੇ ਨੀਲ ਲਾਉਂਦੀਆਂ ਹੋਲੀ ਮਨਾਉਂਦੀਆਂ, ਠੱਪੇ ਲਾਉਂਦੀਆਂ ਰੇਲਵੇ ਲਾਈਨ 'ਤੇ ਪੈਸਾ ਰੱਖ ਕੇ ਗੱਡੀ ਲੰਘਣ ਦੀ ਉਡੀਕ ਕਰਦੀਆਂ ਗੱਡੀ ਲੰਘਦੀ, ਪੈਸਾ ਚੌੜਾ ਹੋ ਜਾਂਦਾ ਉਹ ਗਲ 'ਚ ਪਰੋ ਕੇ ਪਾ ਲੈਂਦੀ ਨਿਰੀ ਜੋਗਣ, ਨਿਰੀ ਰੋਗਣ ਉਹ ਵਰਤ ਰੱਖਦੀ ਸਿਤਾਰ ਵਜਾਉਂਦੀ ਰਾਧਾ ਬਣ ਕੇ ਸਾਰਾ ਦਿਨ ਗਾਂਦੀ, ਕ੍ਰਿਸ਼ਨ ਉਡੀਕਦੀ ਅਸੀਂ ਸਾਰੀ ਰਾਤ ਗੱਲਾਂ ਕਰਦੀਆਂ ਹੁਣ ਉਹਦੇ ਕੋਲੋਂ ਪੱਕੀ ਫ਼ਸਲ ਦੀ ਮਹਿਕ ਆਉਂਦੀ ਅਜੇ ਵੀ ਆਪਣੇ ਬਾਲਾਂ ਨਾਲ 'ਘਰ ਘਰ' ਖੇਡਦੀ ਦੋ ਦਹਾਕੇ ਵੱਡੇ ਦੇ ਲੜ ਲਾਈ ਉਹਦਾ ਮਰਦ ਕਿਤੇ ਹੋਰ ਹੁੰਦਾ ਰਿਹਾ ਖਰਚ ਮੇਰੇ ਵਿਆਹ ਦੀ ਰਾਤ ਆਈ, ਮੇਰੇ ਅੱਧੇ ਸਿਰ ਦੀ ਪੀੜ ਸਾਰੀ ਰਾਤ ਕਰਦੀ ਰਹੀ 'ਰੇਕੀ' ਆਖਦੀ-ਦੁੱਖ ਵੰਡਾਇਆ ਜਾ ਸਕਦੈ ਵਟਾਇਆ ਨਹੀਂ ਜਾ ਸਕਦਾ... ਬੜੀ ਸਧਾਰਨਤਾ ਨਾਲ ਕਹਿੰਦੀਬਹੁ ਤਾ ਨਾ ਸੋਚ, ਉਹ ਤੈਨੂੰ ਪੰਘੂੜੇ 'ਤੇ ਬਿਠਾਉਣਗੇ ਹੱਥੀਂ ਛਾਵਾਂ ਕਰਨਗੇ, ਪਲਕਾਂ ਵਿਛਾਉਣਗੇ ਮੇਰੀ ਨੀਲੋਫ਼ਰ ਦੇ ਵਾਰੇ ਵਾਰੇ ਜਾਣਗੇ... ਅੱਜ ਵਰ੍ਹਿਆਂ ਬਾਅਦ ਉਹਦੀ ਅਸੀਸ ਮੇਰੀ ਤਲੀ ਉੱਤੇ ਪਰੇਸ਼ਾਨ ਅੱਖਾਂ ਨਾਲ ਵੇਖਦੀ ਏ ਤੇ ਸ਼ਾਇਦ 'ਉਹ' ਕਿਤੇ ਕੰਜਕ ਉਮਰੇ ਬਣਾਇਆ 'ਆਪਣਾ ਘਰ' ਲੱਭ ਰਹੀ ਏ 23.2.2011

ਖ਼ਤ

ਉਦੋਂ ਡਰਦੇ ਸਾਂ ਰੁੱਕੇ ਭੇਜਣ ਤੋਂ ਮਹਿਕਾਂ ਭਰੇ ਰੁੱਕਿਆਂ ਨੂੰ ਸੁੰਘ ਲੈਂਦੀ ਸੀ ਕੋਈ ਨਾ ਕੋਈ ਹੋਣੀ ਨੱਪ ਲੈਂਦੀ ਸੀ ਪੈੜ, ਕੱਢਦੀ ਸੀ ਵੈਰ ਖ਼ੂਨ ਨਾਲ ਲਿਖੇ ਫੁੱਲ ਪੱਤੀਆਂ ਪਾ ਕੇ ਰੱਖੇ ਖ਼ਤ ਕੋਈ ਆਖ਼ਰੀ, ਕੋਈ ਪਹਿਲਾ ਡਾਕੀਆ ਖ਼ੁਦਾ ਜਾਪਦਾ, ਰਿਸ਼ਤੇਦਾਰ ਲੱਗਦਾ... ਕਈ ਵਾਰ ਬਿਨਾਂ ਸਿਰਣਾਵਿਓਂ ਲਿਖ ਲੈਣੇ ਤਦਬੀਰਾਂ, ਤਹਿਰੀਰਾਂ, ਤਫਸੀਲਾਂ ਰਾਤ ਭਰ ਜਾਗ ਕੇ, ਪੂਰੇ ਚੰਨ ਦੀ ਚਾਣਨੀ 'ਚ ਲਿਖ ਲਿਖ ਕੇ ਮੇਟਿਆ ਵੀ ਪੜ੍ਹ ਲੈਣਾ ਸੌ ਸੌ ਵਾਰ ਪੜ੍ਹਨੇ, ਚੁੰਮਣੇ ਇਮਾਮੇ ਜ਼ਾਮਿਨ ਬੰਨਣੇ ਕੋਈ 'ਤਾਰਾ ਰਾਣੀ' ਦੀ ਕਥਾ ਵਰਗੇ ਤੇ ਕੋਈ ਬਿਲਕੁਲ ਖ਼ਾਲੀ... ਅੱਖਾਂ ਨਾਲ ਲਿਖੇ, ਹੰਝੂਆਂ ਨਾਲ ਭਿੱਜੇ ਨਜ਼ਰ ਪੜ੍ਹਦੀ, ਨਜ਼ਰ ਫੜਦੀ ਨਜ਼ਰ ਲਿਖਦੀ ਕਦੀ ਕਦੀ ਸਾਰੇ ਖ਼ਤ ਪਟਾਰੀ 'ਚੋਂ ਸੱਪ ਵਾਂਗ ਕੱਢਣੇ ਘੰਟਿਆਂ ਬੱਧੀ ਪੜ੍ਹਨੇ ਜਿਵੇਂ ਖ਼ੁਸ਼ੀ ਜਾਂ ਗ਼ਮੀ ਦਾ ਅਖੰਡ ਪਾਠ ਰੱਖੀਦੈ ਖ਼ੁਸ਼ੀ 'ਚ ਝੂਮਣਾ, ਨੱਚਣਾ ਕਿਸੇ ਨਾ ਕਿਸੇ 'ਚ ਜਾ ਵੱਜਣਾ ਤੇ ਅੱਖਾਂ ਨੇ ਘੂਰਨਾ... ਕੁਝ ਪੌਣਾਂ ਹੱਥ, ਕੁਝ ਬੱਦਲਾਂ ਹੱਥ ਭੇਜਣੇ ਬੱਦਲ, ਪੌਣ, ਰਲਦੇ, ਵਰ੍ਹਦੇ ਤੇ ਖ਼ਤ ਮਿਲ ਜਾਂਦੇ... ਕੁਝ ਖ਼ਤ ਸਿਰਫ਼ ਟੈਲੀਪੈਥਿਕ ਹੁੰਦੇ ਉਦ੍ਹਾ ਹੰਝੂ ਆਪਣੀ ਅੱਖ 'ਚ ਆ ਜਾਣਾ ਉਦ੍ਹੀ ਨੀਂਦਰ ਦਾ ਖ਼ਾਬ ਬਣ ਜਾਣਾ ਸ਼ਦੀਦ ਤੋਂ ਸ਼ਦੀਦਤਰ ਹੋ ਜਾਣਾ ਹੱਥ ਲਾਇਆਂ, ਦੁੱਖ ਜਾਣਾ ਘੂਰਨਾ ਤੇ ਟੁੱਟ ਜਾਣਾ ਰੁੱਸਣਾ ਤੇ ਮੁੱਕ ਜਾਣਾ ਉਹਦੀ ਦਹਿਲੀਜ਼, ਦਰਗਾਹ ਹੋਣੀ ਉਹਦੀ ਅੱਖ ਖ਼ਾਬਗਾਹ ਹੋਣੀ... ਉਦੋਂ ਬੜਾ ਡਰਦੇ ਸੀ ਤੇ ਹੁਣ ਭੇਜ ਦਿੰਦੇ ਹਾਂ ਬਿਨਾਂ ਝਕੇ ਬਿਨਾਂ ਡਰੇ ਦੋ ਸਤਰਾਂ ਦਾ ਐੱਸ.ਐੱਮ.ਐੱਸ. ਗ਼ਲਤੀ ਇਰੇਜ਼ ਕਰਕੇ, ਬਿਨਾਂ ਕੋਈ ਗੁਰੇਜ਼ ਕਰਕੇ ਖ਼ੂਨ ਦੀ ਜਗ੍ਹਾ ਲਾਲ ਡਰਾਪ ਚੁੰਮਣ ਦੀ ਤਸਵੀਰ ਗਲਵੱਕੜੀ ਦੀ ਫੋਟੋ ਜਨਮ ਦਿਨ ਦਾ ਕੇਕ ਜਾਂ ਹੈਸ਼ ਟੈਗ, ਦੇਖ ਲੈਂਦੇ ਹਾਂ, ਮਿਲ ਲੈਂਦੇ ਹਾਂ ਵੈਬ ਕੈਮ 'ਤੇ... ਕੀ ਕਰਨਾ ਹੈ ਹੁਣ ਇਨ੍ਹਾਂ ਰੁੱਕਿਆਂ ਦਾ ਕਦੋਂ ਦੇ ਮੁੱਕ ਚੁੱਕੇ ਮੁੱਕਿਆਂ ਦਾ ਮੈਂ ਖ਼ਤਾਂ ਦੇ ਬੀਜ ਭੋਇੰ 'ਚ ਪਾ ਦਿੱਤੇ ਅੱਜ ਸਾਰੇ ਖ਼ਤ ਜਲਾ ਦਿੱਤੇ ਹੁਣ ਖ਼ਤ ਉੱਗਣਗੇ, ਫੁੱਲ ਬਣ ਕੇ ਤੈਨੂੰ ਮਿਲ ਜਾਣਗੇ ਮਹਿਕ ਬਣ ਕੇ...

ਟਿਕਾਣਾ

ਪੇਚੀਦਗੀਆਂ ਨੇ ਬਸ ਹੋਰ ਕੋਈ ਖੇਚਲ ਮੇਰੇ ਜ਼ਿਹਨ ਨੂੰ ਨਹੀਂ... ਖ਼ਲਾਅ ਹੈ ਜਾਂ ਤੇਰਾ ਖ਼ਿਆਲ ਹੈ ਹੋਰ ਕੋਈ ਜਗ੍ਹਾ ਮੇਰੇ ਰਹਿਣ ਨੂੰ ਨਹੀਂ...

ਖਰਚਾ

ਨਾ ਧਰੀਂ ਆਖ਼ਰੀ ਵਿਦਾਈ ਵੇਲੇ ਵੀ ਮੇਰੇ ਹੱਥ 'ਤੇ ਅੱਗੇ ਲਈ, ਸਵਾ ਰੁਪਈਆ ਖਰਚਾ... ਨਾ ਮੰਗਿਓ ਮੇਰੇ ਪੇਕਿਆਂ ਕੋਲੋਂ ਮੇਰੇ ਬਾਲਣ ਤੇ ਕਫ਼ਨ ਦਾ ਖ਼ਰਚਾ ਨਾ ਮੰਗਿਓਂ ਸਸਕਾਰ ਵੇਲੇ ਦਾ ਸੂਟ ਨਾ ਮੰਗਿਓਂ, ਸ਼ਰੀਕਾਂ ਦੀ ਰੋਟੀ ਦਾ ਖਰਚਾਖਰਚਾ, ਮਿਲਣੀਆਂ ਦਾ ਨੌਗਿਆਂ ਦਾ, ਜੰਮਣੀਆਂ ਦਾ ਕਾਰ ਵਿਹਾਰਾਂ ਦਾ, ਟੂੰਮਾਂ, ਕੱਪੜੇ, ਤਿਉਹਾਰਾਂ ਦਾ ਲੈ ਚੁੱਕੇ ਹੋ ਲਾਵਾਂ ਤੋਂ ਬਾਅਦ ਮੇਰੇ ਰਾਸ਼ਨ ਦਾ ਖਰਚਾ ਦਹੇਜ ਦੇ ਨਾਮ ਦਾ, ਬੱਚਾ ਸੰਭਾਲਣ ਦਾ ਨੌਕਰੀ ਕਰਨ ਦਾ, ਘਰ ਵਿਚ ਰੱਖਣ ਦਾ ਸਭ ਖਰਚਾ ਲੈ ਚੁੱਕੇ ਹੋ ਸੂਦ ਸਮੇਤ... ਕਿਸੇ 'ਕੰਮ ਵਾਲੀ' ਤੋਂ ਵੀ ਕਿਤੇ ਵੱਧ ਮੈਨੂੰ ਵਰਤ ਚੁੱਕੇ ਹੋ ਹੁਣ ਮੈਥੋਂ ਤੁਹਾਡੀ ਜੂਠ ਹੋਰ ਨਹੀਂ ਮਾਂਜੀ ਜਾਂਦੀ ਤੁਹਾਡਾ ਹੋਰ ਗੰਦ ਨਹੀਂ ਧੋ ਹੋਣਾ ਤੁਹਾਡੀ ਗਾਲ੍ਹ ਨਹੀਂ ਸੁਣੀ ਜਾਂਦੀ ਮੇਰੀ ਦਸਾਂ ਨਹੁੰਆਂ ਦੀ ਕਿਰਤ, ਮੈਨੂੰ ਬਖ਼ਸ਼ ਦਿਓ... ਜਿੰਨਾ ਕੁ ਮੇਰੇ ਕੋਲ ਬੱਚਿਆ ਹੈ, ਰਹਿਣ ਦਿਓ ਕੋਈ ਵਿਉਂਤ ਕੋਈ ਯੋਜਨਾ ਨਾ ਬਣਾਓ ਬੜੇ ਤਰੀਕੇ ਨੇ ਤੁਹਾਨੂੰ 'ਤੇਰਾ ਫ਼ਰਜ਼ ਹੈ' ਕਹਿ ਕੇ ਮੈਨੂੰ ਘੇਰਨ ਦੇ ਮੇਰਾ ਦਿਮਾਗ਼ ਫੇਰਨ ਦੇ ਸਮਾਜ ਦੇ ਨਾਂ 'ਤੇ, ਰਿਸ਼ਤਿਆਂ ਦੇ ਨਾਂ 'ਤੇ ਹੁਣ ਰਹਿਣ ਦਿਓ, ਮੈਨੂੰ ਜਾਣ ਦਿਓ... ਨਾ ਮੰਗੋ ਮੈਥੋਂ ਹੋਰ ਖਰਚਾ ਮੈਥੋਂ ਹੁਣ ਨਹੀਂ ਪੈਣਾ ਤੁਹਾਡੇ ਝੂਠ 'ਤੇ ਪਰਦਾ ਹੁਣ ਨਹੀਂ ਮੈਥੋਂ ਦੇ ਹੋਣੇ ਤੀਜ ਤਿਉਹਾਰਾਂ ਦੇ ਪੈਸੇ ਦੀਵਾਲੀ ਰੱਖੜੀ ਦੇ ਸ਼ਗਨ ਹੁਣ ਕੁਝ ਨਾ ਚੁੱਕਿਓ ਤੇ ਚੁਰਾਇਓ ਮੈਨੂੰ ਆਜ਼ਾਦ ਕਰ ਦਿਓ, ਬੰਧਨ ਖੋਲ੍ਹ ਦਿਓ ਤੋੜ ਦਿਓ ਜ਼ੰਜੀਰਾਂ ਤਾਂ ਕਿ ਮੈਂ ਉੱਡ ਸਕਾਂ ਤੇ ਦੇ ਸਕਾਂ ਹੁਣ ਆਪਣੇ ਬੋਟਾਂ ਨੂੰ ਚੋਗਾ ਉਨ੍ਹਾਂ ਦੇ ਹਿੱਸੇ ਦਾ ਵਕਤ, ਉਨ੍ਹਾਂ ਦਾ ਸੱਚ ਮੈਨੂੰ ਤੁਹਾਡੀ ਤੇ ਤੁਹਾਨੂੰ ਮੇਰੀ ਸਮੀਕਰਨ ਸਮਝ ਨਹੀਂ ਆਉਂਦੀ ਕਹਿ ਦੇਣਾ, ਭੱਜ ਗਈ ਆਪਣੇ ਕਤੂਰੇ ਲੈ ਕੇ ਮੈਨੂੰ ਜਨਮ ਦੇਣ ਵਾਲਿਆਂ ਨੂੰ ਕੋਸਿਓ ਹਮੇਸ਼ਾ ਵਾਂਗ ਸਿਰ 'ਚ ਸੁਆਹ ਪਾਇਓ ਮੇਰੀਆਂ ਸੱਤ ਪੁਸ਼ਤਾਂ ਨੂੰ ਗਾਲ੍ਹ ਕੱਢਿਓ ਆਪਣੀ ਭੁੱਲ ਕੇ ਮੇਰੀ 'ਜ਼ਾਤ' ਤੇ ਔਕਾਤ ਦਾ ਜੁਗਰਾਫੀਆ ਮਿਣਿਓ ਪਰ ਖ਼ੁਦਾ ਦੇ ਵਾਸਤੇ ਮੈਨੂੰ ਭੁੱਲ ਜਾਇਓ... ਤੇ ਤੂੰ ਕੋਈ ਪਾਠ ਨਾ ਧਰਾਵੀਂ ਮੇਰੀ ਰੂਹ ਨਹੀਂ ਭਟਕਣੀ ਬਸ ਤੂੰ ਰਿਸ਼ਤੇ ਦਾ ਮਰਸੀਆ ਪੜ੍ਹੀਂ... ਮੈਂ ਫਿਰ ਤੋਂ ਜਮ੍ਹਾ ਕਰਨਾ ਹੈ ਖ਼ੁਦ ਨੂੰ ਨਵੇਂ ਖਰਚਿਆਂ ਲਈ ਹੁਣ ਮੈਂ ਆਪਣੀ ਲੋਰ ਵਿਚ ਹਾਂ ਆਪਣੇ ਬਾਲਾਂ ਦੇ ਸ਼ੋਰ ਵਿਚ ਹਾਂ ਮੇਰਾ ਧਿਆਨ ਭੰਗ ਨਾ ਕਰੀਂ ਮੈਂ ਅਖੰਡ ਪਾਠ ਵਿਚ ਹਾਂ... (ਜਦੋਂ ਨੌਕਰੀ ਕਰਦੀ ਕੁੜੀ ਲੱਭ ਕੇ ਵਿਆਉਂਦੇ ਨੇ ਤੇ ਦੁਲਹਨ ਹੀ ਦਹੇਜ ਕਹਿ ਕੇ, ਕੰਮ ਵਾਲੀ ਲੈ ਜਾਂਦੇ ਨੇ।) 27.8.2015

ਉਡੀਕ

ਉਡੀਕ ਦੇ ਸਾਰੇ ਪਿੰਡੇ 'ਤੇ ਅੱਖਾਂ ਉੱਗ ਆਈਆਂ ਨੇ ਨਜਾਇਜ਼ ਦਾ ਇਲਜ਼ਾਮ ਲੈ ਕੇ ਉਹ ਖ਼ੌਫ਼ਨਾਕ ਹੋ ਗਈ ਏ ਹੁਣ ਜੇ ਤੂੰ ਆਏਂਗਾ, ਡਰ ਜਾਵੇਂਗਾ ਕਿ ਹਿਜਰ ਦੀ ਚੀਸ ਨਾਲ ਦਰਦਨਾਕ ਹੋ ਗਈ ਏ ਜੇ ਤੂੰ ਪਰਤਿਆ, ਲੁਕ ਜਾਏਂਗਾ ਕਿ ਉਹਦੇ ਕਾਲੇ ਵਾਲ ਖੁੱਲ੍ਹ ਕੇ ਗਲ ਪੈ ਗਏ ਨੇ ਉਹਦੇ ਪੈਰ, ਤੇਰੀ ਦਹਿਲੀਜ਼ 'ਤੇ ਰਹਿ ਗਏ ਨੇ ਰੁਦਾਲੀ ਵਾਂਗ ਬਿਰਹਾ ਦੇ ਵੈਣ ਕਰਦੀ ਨਾ ਇੰਤਜ਼ਾਰ ਮਰਦਾ, ਨਾ ਆਪ ਮਰਦੀ ਕੰਨ ਲਾ ਕੇ ਦਰਿਆ ਦੀ ਆਵਾਜ਼ ਸੁਣਦੀ ਪਾਣੀ ਦੀ ਖ਼ੁਸ਼ਬੂ ਸੁੰਘਦੀ ਅੱਗ ਨੂੰ ਛੂੰਹਦੀ, ਹਵਾ ਵੇਖ ਲੈਂਦੀ ਸਾਹਾਂ ਦੀ ਕੰਨੀ ਧਰੂੰਦੀ ਮੁਹੱਬਤ ਦੇ ਗੀਤ ਨੂੰ ਖੁਭੀਆਂ ਛਿਲਤਰਾਂ ਪਲਕਾਂ ਨਾਲ ਕੱਢਦੀ, ਰੋਂਦੀ, ਜ਼ਖ਼ਮ ਧੋਂਦੀ ਔਂਸੀਆਂ ਦੀ ਮਜ਼ਾਰ 'ਤੇ ਚਰਾਗ਼ ਧਰਦੀ ਹਾਲ ਪੈਂਦਾ, ਤਾ ਥੱਈਆ ਨੱਚਦੀ (ਸੋਚਦੀ) ਜੇ ਤੂੰ ਆਵੇਂਗਾ ਕੀ ਗਲ ਨਾਲ ਲਾਏਂਗਾ...? 25.7.2016

ਆਪਟੀਕਲ ਇਲਿਊਯਨ

ਡੋਲੀ 'ਚੋਂ ਉਤਰਦਿਆਂ ਹੀ ਅੱਲ੍ਹਾ ਨਾਲ ਨਰਾਜ਼ ਹੋ ਗਈ ਸਾਂ... ਹਰੇ ਭਰੇ ਦਰਖ਼ਤ ਨਾਲੋਂ ਜਬਰੀਂ ਤੋੜ ਮੇਰੀ ਪਿਓਂਦ ਉਹਦੇ ਵਿਹੜੇ 'ਚ ਲਾ ਦਿੱਤੀ ਉਸ ਰੇਤਲੀ ਜ਼ਮੀਨ 'ਚ ਪੁੰਗਰ ਵੀ ਪਈ ਸਾਂ ਪਰ ਮੇਰਾ ਇਕ ਪਾਸਾ ਕੈਕਟਸ ਬਣ ਗਿਆ ਕੰਡਿਆਂ ਨਾਲ ਭਰ ਗਿਆ ਬਿਨ ਪਾਣੀਓਂ, ਫੁੱਲ ਖਿੜ ਜਾਂਦਾ ਫੁੱਲ ਖਿੜੇ... ਤੇ ਮੈਂ ਜੜ੍ਹਾਂ ਸਮੇਤ ਤੁਰ ਪਈ ਤੇ ਹੁਣ ਸਹਿਰਾ ਵਿਚ ਹਰ ਪਾਸੇ ਮਰੀਚਿਕਾ... ਪਰ ਮੈਨੂੰ 'ਰਾਮ' ਲੱਭਣ ਨਹੀਂ ਆਏਗਾ ਮੈਂ ਰਿਸ਼ੀ ਕੁਟੀਆ ਵਿਚ 'ਫੁੱਲਾਂ' ਸਮੇਤ ਸਮਾਧੀ ਵਿਚ ਹਾਂ... 6.8.2016

ਨਿਰਭਯਾ ਕਾਂਡ ਤੋਂ ਬਾਦ

ਨਜ਼ਮਾਂ ਤੇ ਬਹੁਤ ਸਨ, ਸ਼ਦੀਦ ਤੋਂ ਸ਼ਦੀਦ ਪਰ ਚੰਬੜਿਆ ਰਿਹਾ ਹੋਠਾਂ 'ਤੇ ਇਹੋ ਉਦਾਸ ਗੀਤ... ਅੱਗ ਦੀ ਜੋ ਮੈਂ ਲਾਟ ਸੀ, ਮੁਹੱਬਤਾਂ ਦੀ ਬਾਤ ਸੀ ਇੱਜਤਾਂ ਦਾ ਵਾਅਦਾ ਸੀ, ਮੈਂ ਤੇ ਇਕ ਮਰਿਆਦਾ ਸੀ ਜਨਮ ਤੋਂ ਪਹਿਲਾਂ ਮਾਰਿਆ ਤੇ ਚੂੜੇ ਵਾਂਗ ਖਿਲਾਰਿਆ ਜੜ੍ਹ ਤੋਂ ਮੈਨੂੰ ਪੁੱਟਿਆ, ਨਰਭਖਸ਼ੀਆਂ ਨੇ ਲੁੱਟਿਆ ਪੂਜਦੇ ਨੇ ਕੰਜਕਾਂ, ਕੰਜਕਾਂ ਦੇ ਨਾਲ ਹੀ ਰੰਜਸ਼ਾਂ ਮੈਨੂੰ ਆਦਿ ਮਾਤਾ ਆਖਦੇ, ਜਗਰਾਤਿਆਂ 'ਚ ਜਾਗਦੇ ਨਾ ਹੋਂਦ ਮੇਰੀ ਮਿਟਾ ਸਕੇ, ਨਾ ਮਾਤ ਮੈਥੋਂ ਖਾ ਸਕੇ ਮੇਰੇ 'ਤੇ ਜ਼ੁਲਮ ਨੇ ਕਰ ਰਹੇ, ਮੇਰੇ ਕੋਲੋਂ ਹੀ ਡਰ ਰਹੇ ਕੀ ਮਤੇਈ ਕੀ ਸਕੀ, ਵਿਚ ਬਾਜ਼ਾਰਾਂ ਮੈਂ ਵਿਕੀ ਮੇਰੇ ਹੀ ਜਾਏ ਉੱਠਦੇ, ਕਿੰਨੇ ਦੀ ਹੈ ਇਹ ਪੁੱਛਦੇ ਮਿੱਟੀ ਮੇਰੀ ਨੂੰ ਰੋਲਦੇ, ਚੀਜ਼ਾਂ ਵਾਂਗੂੰ ਤੋਲਦੇ ਮੂੰਹ 'ਤੇ ਤੇਜ਼ਾਬਾਂ ਸੁੱਟਦੇ, ਇੱਜ਼ਤਾਂ ਲਈ ਇੱਜ਼ਤਾਂ ਲੁੱਟਦੇ ਦੁਲਹਨ ਵੀ ਤਾਂ ਦਹੇਜ ਹੈ, ਕਹਿ ਕੇ ਡੋਲੀ ਲੈ ਜਾਂਦੇ ਲਛਮੀ ਕਹਿ ਕੇ ਤਾੜਦੇ ਤੇ ਦਾਜ ਲਈ ਹੀ ਸਾੜਦੇ ਨੌਕਰੀ ਤੇ ਚਾਕਰੀ, ਦੋਵੇਂ ਹੀ ਕੰਮ ਮੈਂ ਕਰ ਲੈਂਦੀ ਚਮੜੀ ਦਮੜੀ ਦੇ ਕੇ, ਮੈਂ ਭੁੱਖੀਆਂ ਨੀਅਤਾਂ ਭਰ ਦਿੰਦੀ ਛੇ, ਸੋਲਾਂ, ਚਾਹੇ ਸੱਠ ਸਹੀ, ਉਮਰਾਂ ਬਾਰੇ ਨਾ ਸੋਚਦੇ ਸ਼ਿਕਰਿਆਂ ਵਾਂਗੂੰ ਉੱਡਦੇ, ਅੰਬਰਾਂ ਤੋਂ ਪੰਛੀ ਨੋਚਦੇ ਧੁਰ ਤੋਂ ਹੁੰਦੀ ਆ ਰਹੀ, ਮੇਰੀ ਵਾੜ ਮੈਨੂੰ ਖਾ ਰਹੀ ਤੇਤੀ ਕਰੋੜ ਨੇ ਦੇਵਤੇ, ਪੱਤ ਮੇਰੀ ਰੁਲਦੇ ਵੇਖਦੇ ਨਾ ਸੀਤਾ ਹਾਂ ਨਾ ਦਰੋਪਦੀ, ਕਿਸੇ ਯੁਗ ਦਾ ਕੋਈ ਕਸੂਰ ਨਹੀਂ ਕੀ ਤ੍ਰੇਤਾ ਕੀ ਦੁਆਪਰ ਹੈ, ਇਥੇ ਤਾਂ ਸਬ ਬਰਾਬਰ ਹੈ ਹੁਣ ਕੋਈ ਰੱਬ ਨਹੀਂ ਜੰਮਣਾ, ਮੈਂ 'ਮੇਰਾ' ਆਖਾ ਮੰਨਣਾ ਹੁਣ ਤੇ ਮੈਂ ਇਕ ਆਤਮਾ, ਮੇਰਾ ਕੌਣ ਹੈ ਪਰਮਾਤਮਾ ਕਿੱਥੇ ਗਿਆ ਪਰਮਾਤਮਾ ਕੋਈ ਨਹੀਂ ਪਰਮਾਤਮਾ... (ਰਾਸ਼ਟਰਪਤੀ ਕਵੀ ਦਰਬਾਰ, ਦਿੱਲੀ, 2015)

ਰਿਸ਼ਤਾ

ਤੂੰ ਮੇਰੀ ਹਰ ਗ਼ਲਤ ਤੇ ਸਹੀ ਗੱਲ ਦਾ ਹੁੰਗਾਰਾ...

ਅੱਜ ਕੱਲ੍ਹ ਮਾਂ ਬੀਮਾਰ ਹੈ

ਹੁਣ ਮੈਂ ਮਾਂ ਦੇ ਸਾਏ ਨੂੰ ਵੀ ਸਿੰਜਦੀ ਹਾਂ ਉਹਦੀ ਉਮਰ ਤੇ ਆਪਣੇ ਖ਼ੌਫ਼ ਨੂੰ ਦਿਨ ਰਾਤ ਪਿੰਜਦੀ ਹਾਂ ਉਹਦੇ ਮੱਧਮ ਚੱਲ ਰਹੇ ਸਾਹਾਂ ਕੋਲੋਂ ਸਹਿਮ ਕੇ ਲੰਘਦੀ ਹਾਂ ਉਹਦੀ ਨੀਂਦਰ ਨੂੰ ਥਾਪੜਦੀ ਤੇ ਹੌਕੇ ਤੋਂ ਘਾਬਰਦੀ ਹਾਂ ਉਹ ਹੰਝੂ ਡਿੱਗਣ ਦੀ ਆਵਾਜ਼ ਵੀ ਸੁਣ ਲੈਂਦੀ ਆਪਣਾ ਹੱਠ ਤੇ ਮੇਰਾ ਹੌਸਲਾ ਦੋਵੇਂ ਗੁੰਨ੍ਹ ਲੈਂਦੀ ਹੈ ਅੰਦਰੋਂ ਬੜੀ ਖ਼ੁਸ਼ ਹੈ... ਕਿ ਹੁਣ ਜਾਣ ਦੀ ਬੇਲਾ ਹੈ ਕਾਦਰ ਦੇ ਭੇਜੇ ਰੁੱਕਿਆਂ ਨੂੰ ਪੜ੍ਹਨ ਸਮਝਣ ਦਾ ਵੇਲਾ ਹੈ ਮੈਂ ਰੱਬ ਦੇ ਲਾਗੇ ਉੱਗੀ, ਉਮੀਦ ਦੀ ਹਰ ਬੂਟੀ ਪੁੱਟ ਛੱਡੀ ਹੈ ਤੇ ਉਹਦੀ ਜਿੰਦ ਦੇ ਖੂਹ ਵਿਚ ਹਯਾਤੀ ਦੀ ਲੱਜ ਸੁੱਟ ਛੱਡੀ ਹੈ... ਅੰਮੀ, ਸੋਚਾਂ ਦੀ ਕੰਨੀ ਫੜ ਕੇ ਗੋਲੇ ਬਣਾਉਂਣੀ ਮੇਰੇ ਉਧੜੇ ਹਾਲਾਤਾਂ ਨੂੰ ਸਲਾਈਆਂ 'ਤੇ ਉਣਦੀ ਬਾਰ ਬਾਰ ਕੋਈ ਘੁਰਾ ਛੁੱਟਦਾ, ਕੋਈ ਕੁੰਦਾ ਡਿੱਗਦਾ ਅੱਖਾਂ ਚੁੰਞੀਆਂ ਕਰਦੀ, ਫਿਰ ਉਧੇੜਦੀ ਬੁਣਤੀਆਂ ਪਾਉਂਦੀ, ਬੜੇ ਜਜ਼ਬੇ ਨਾਲ ਮੇਰੇ ਲਈ ਜ਼ਬਤ ਦਾ ਸਵੈਟਰ ਬਣਾਉਂਦੀ... ਪਾਣੀ ਵਾਰਨ ਤੋਂ ਬਾਅਦ ਉਹ ਵਹੁਟੀ ਨਹੀਂ ਬਣੀ ਸਿਰਫ਼ ਮਾਂ ਬਣੀ, ਸਾਡੇ ਲਈ ਆਲ੍ਹਣਾ ਲੱਭਦੀ ਉਹਦਾ ਆਪਣਾ ਘਰ, ਫਿਕਸ਼ਨ 'ਚ ਠਹਿਰ ਗਿਆ ਅਸੀਂ ਜਿਥੇ ਉਹਦੇ ਨਾਲ ਹੁੰਦੇ ਉਹੀ ਜਗ੍ਹਾ ਉਹਦਾ ਘਰ ਬਣ ਜਾਂਦੀ ਹੁਣ ਮੈਂ ਉਹਨੂੰ 'ਘਰ' ਬਣਾ ਕੇ ਦਿੱਤੈ ਉਹ ਉਹਨੂੰ ਆਪਣਾ ਨਹੀਂ ਲੱਗਦਾ ਕਹਿੰਦੀ-'ਘਰ' ਅਤੇ 'ਕਮਾਈ' ਖਸਮ ਦਿੰਦਾ ਦੋ ਬਾਲਾਂ ਦੀ ਮਾਂ ਹੋ ਕੇ-ਮੈਂ ਪੁੱਛਿਆ ਅੰਮਾ-ਉਹ ਕੀ ਹੁੰਦਾ...? ਮੈਂ ਜ਼ੋਰ ਨਾਲ ਹੱਸਦੀ ਉਹ ਕਹਿੰਦੀ, ''ਵੇਖ ਮੱਕੀ ਦੇ ਦਾਣੇ ਖਿੜ ਗਏ'' ਉਹਦੀ ਸਿਲਾਈ ਮਸ਼ੀਨ ਸਾਡੇ ਕੱਜਣ ਕੱਜ ਦਿੰਦੀ ਕੁਝ ਵੀ ਜ਼ਾਇਆ ਨਹੀਂ ਹੋਣ ਦਿੰਦੀ ਹੁਣ ਵਾਧੇ ਪੈ ਗਈ ਹੈ ਮੈਂ ਉਹਦਾ ਰੱਜ ਤੇ ਉਹ ਮੇਰੀ ਰੂਹ ਦਾ 'ਰੁੱਗ' ਹੈ ਉਹਦੇ ਸੂਈ ਧਾਗੇ, ਸਾਡੇ ਦੁਪੱਟਿਆਂ 'ਚ ਫੁੱਲ ਤੇ ਰੰਗ ਧਰਦੇ ਉਹਦੇ ਕਿਰਤੀ ਹੱਥ ਸਾਡੀ ਮਿੱਟੀ 'ਚ ਇਖ਼ਲਾਕ ਭਰਦੇ... ਮੇਰੇ ਫਟ ਚੁੱਕੇ ਯਕੀਨ ਨੂੰ ਉਹ ਰਫੂ ਕਰਦੀ ਟੁੱਟੇ ਵਿਸ਼ਵਾਸ ਨੂੰ ਗੰਢਦੀ, ਮੈਂ ਕੱਬਾ ਬੋਲਦੀ ਉਹ ਬਾਲਾਂ ਵਾਂਗ ਰੋਂਦੀ ਮੇਰੀ ਧੀ ਬਣਦੀ ਬਣਦੀ ਵੀ, ਮਾਂ ਹੀ ਰਹਿੰਦੀ ਉਹ ਮਿਹਨਤਕਸ਼ ਔਰਤ... ਬਾਲ ਜੰਮਦੀ, ਦਾਈ ਨੂੰ ਪੈਸੇ ਦਿੰਦੀ ਕੱਚੇ ਹੱਡਾਂ ਨਾਲ ਖ਼ੂਨ ਦੇ ਅੱਥਰੂ ਰੋਂਦੀ ਚਾਰ ਪੱਥਰਾਂ ਦੇ ਬਾਪ ਨੂੰ ਉਡੀਕਦੀ ਸਿੱਲ੍ਹ ਬਣ ਜਾਂਦੀ... ਬਾਲ ਪੱਥਰ ਗੀਟੇ ਖੇਡਦੇ ਉਹਦੇ ਜ਼ਖ਼ਮ ਪਲੋਸਦੇ ਉਹ ਜੋਸ਼ ਨਾਲ ਭਰਦੀ ਫਿਰ ਹੋਣੀ ਵੀ ਉਹਦੇ ਕੋਲੋਂ ਡਰਦੀ ਉਹ ਅਸ਼ਟਭੁਜੀ... ਸਾਰੀ ਸਾਰੀ ਰਾਤ ਚਰਖਾ ਕੱਤਦੀ ਨਾਲੋ ਨਾਲ ਇੰਤਜ਼ਾਰ ਦੀ ਰੋਟੀ ਥੱਲਦੀ ਕਦੀ ਕਦੀ ਕਵਿਤਾ ਲਿਖਦੀ, ਗੁਣਗੁਣਾਉਂਦੀ ਕਮਾਉਂਦੀ, ਘਰ ਸਾਂਭਦੀ ਜਵਾਨ ਹੁੰਦੀਆਂ ਧੀਆਂ ਨੂੰ ਘੂਰਦੀ ਹਿਰਸ ਨਹੀਂ, ਕਿਰਸ ਕਰਦੀ ਤੇ ਰਾਤ ਨੂੰ ਸਾਡੇ ਸਾਰਿਆਂ ਅੰਦਰ ਥੋੜ੍ਹੀ ਥੋੜ੍ਹੀ ਬਹਿ ਜਾਂਦੀ ਰਹੱਸਮਈ, ਤਲਿਸਮੀ ਹੋ ਜਾਂਦੀ ਸਾਡੀ ਨੀਂਦਰ ਵਿਚ ਵੜ ਕੇ ਸਾਡੇ ਖ਼ਾਬ ਦੇਖ ਲੈਂਦੀ ਤੇ ਸੁਪਨੇ ਸੁੰਘਦੀ... ਮਾਂ! ਹੁਣ ਤੂੰ ਮੇਰੇ ਗਰਭ ਵਿਚ ਆ ਮੈਂ ਤੇਰੇ ਨਾਲ ਜਨਮ ਜੂਨ ਦੇ ਗੇੜ ਵਿਚ ਰਹਿਣਾ ਹੈ ਅਸੀਂ ਇਕ ਦੂਜੇ ਦੀ ਚਿਖਾ ਦੀ ਰਾਖ 'ਚੋਂ ਜੰਮੀਆਂ ਤੂੰ ਮੇਰੀ ਤੇ ਮੈਂ ਤੇਰੀ ਕੁੱਖ ਦੀ ਪੀੜ ਨੂੰ ਸਹਿਣਾ ਹੈ... ਅਸੀਂ ਇਕ ਦੂਜੇ ਦੀਆਂ ਕਿਰਸਾਂ ਦੇ ਗਵਾਹ ਮੈਂ ਤੇਰੀ ਨਜ਼ਰ ਦੀ ਮੱਧਮ ਹੁੰਦੀ ਰੌਸ਼ਨੀ 'ਚੋਂ ਚਾਣਨ ਵੇਖਿਆ ਤੂੰ ਹੱਥ 'ਚ ਕਲਮ ਫੜਾਈ, ਇਲਮ ਸਮਝਾਇਆ ਸੱਚ ਦਾ ਕਲਮਾ ਪੜ੍ਹਾਇਆ ਮੋਢੇ ਫ਼ਰਜ਼ਾਂ ਦਾ ਬਸਤਾ ਪਾਇਆ... ਤੂੰ ਬੇਤਾਲ ਚੁੱਕ ਕੇ ਫਿਰਦੀ ਰਹੀ ਆਪਣੀਆਂ ਰੀਝਾਂ ਦੀ ਰੋੜੀ ਕੁੱਟਦੀ ਰਹੀ ਹੁਣ ਤੂੰ ਮੇਰੀ ਕੁੱਖ ਵਿਚ ਆ ਮੈਂ ਤੈਨੂੰ ਆਪਣੇ ਲਹੂ ਮਾਸ ਨਾਲ ਗੁੰਨ੍ਹਾਂਗੀ ਤੈਨੂੰ ਜਨਮਾਂਗੀ, ਮੋਢੇ ਲਾਵਾਂਗੀ, ਗੋਦ ਖਿਡਾਵਾਂਗੀ ਉਹ ਸਭ ਕਰਾਂਗੀ, ਜੋ ਜੋ ਤੂੰ ਮੇਰੇ ਲਈ ਕਰਨਾ ਚਾਹਿਆ ਮਾਂ ਮੇਰੇ ਕੋਲ ਮਾਈ ਬੁੱਢੀ ਦੇ ਝਾਟੇ ਵਾਂਗ ਹੈ ਵੇਟਲੈੱਸ (ਭਾਰ ਹੀਣ) ਹੋ ਗਈ ਹੈ ਕਿਸੇ ਗ਼ੈਬੀ ਤੇ ਦੈਵੀ ਰੂਹ ਵਾਂਗ ਕਹਿੰਦੀ, ''ਤੈਨੂੰ ਵਿਦਾ ਕੀਤਾ ਸੀ ਹੁਣ ਤੂੰ ਮੈਨੂੰ ਵਿਦਾ ਕਰਨਾ ਹੈ ਮੇਰੀ ਚਿਖ਼ਾ ਨੂੰ ਅਗਨ ਤੂੰ ਦੇਵੀਂ ਤੂੰ ਮੇਰਾ ਬੱਬਰ ਸ਼ੇਰ ਤੈਨੂੰ ਮੈਂ ਰੋਣਾ ਨਹੀਂ, ਗਰਜਣਾ ਸਿਖਾਇਐ ਤੂੰ ਆਪਣਾ ਰਾਂਝਾ ਆਪ ਤੂੰ ਕਿਸੇ ਤੋਂ ਕੁਝ ਨਹੀਂ ਲੈਣਾ ਤੂੰ ਨਹੀਂ ਕਿਸੇ ਦੀ ਮੁਥਾਜ...'' ਮੈਂ ਸ਼ੈਲੇ, ਰਜਨੀਸ਼ ਗੀਤਾ ਤੇ ਨਾਨਕ ਪੜ੍ਹਦੀ ਅੱਜ ਕੱਲ੍ਹ 'ਮਾਂ' ਪੜ੍ਹ ਰਹੀ ਹਾਂ ਉਹਦੀ ਹਰ ਦੁਆ, ਅਸਰ ਵੱਲ ਹੈ ਤੇ ਉਹ ਖ਼ਾਮੋਸ਼ੀ ਨਾਲ ਸਥੂਲ ਤੋਂ ਸੂਖਮ ਦੇ ਸਫ਼ਰ ਵੱਲ ਹੈ... 2016

ਮਿਲਾਪ

ਬਾਰਿਸ਼ ਉਡੀਕਦੇ ਫਿਰ ਬੂੰਦਾਂ 'ਚ ਨਹਾਉਂਦੇ ਸਾਵੇ ਪੱਤੇ...

ਇੰਤਜ਼ਾਰ

ਵੇਖ ਨਾ... ਹਨੇਰੇ ਵਿਚ ਵੀ ਦਿਸ ਰਿਹੈ ਅਸੀਂ ਕੋਲ ਕੋਲ ਬੈਠੇ... ਇਕ ਦੂਜੇ ਨੂੰ ਸ਼ਿੱਦਤ ਨਾਲ ਉਡੀਕ ਰਹੇ... 5.9.2016

ਸਾਂਵਲ

ਕਿੱਥੇ ਨੇ ਹੁਣ ਰਾਹ ਸਾਂਵਲ ਮੁੱਕਦੇ ਜਾਂਦੇ ਸਾਹ ਸਾਂਵਲ ਆਪ ਹਯਾਤੀਓਂ ਦੂਰ ਹੋ ਬੈਠਾ ਸਾਨੂੰ ਚਰਖਾ ਦਿੱਤਾ ਈ ਡਾਹ ਸਾਂਵਲ ਖ਼ਾਲੀ ਨੇ ਚਿਰਾਗ਼ ਵੇ ਪੀਰਾ ਰੂਹ ਲਟ ਲਟ ਪਈ ਬਲਦੀ ਏ ਤੇਰੇ ਨਾਂ ਦੀ ਅਫਸ਼ਾਂ ਸਾਂਵਲ ਅਜ਼ਲਾਂ ਤੋਂ ਰਾਹ ਤਕਦੀ ਏ... 6.9.2016

ਵਿਖਾਵਾ

ਅਸੀਂ ਇਕੋ ਛੱਤ ਹੇਠਾਂ ਸੌਂਦੇ ਹਾਂ ਪਰ ਵੱਖੋ ਵੱਖ 'ਘਰ' ਵਿਚ ਰਹਿੰਦੇ ਹਾਂ 27.9.2016

ਡਰ

ਮੇਰੇ ਸਾਹਵੇਂ ਉਹਨੇ ਪਹਿਲਾਂ ਕੰਧ ਉਸਾਰੀ ਤੇ ਘਬਰਾ ਗਿਆ... ਫਿਰ ਤਾਕੀ ਰੱਖੀ ਤਾਕੀ 'ਚ ਸਲਾਖਾਂ ਲਾਈਆਂ ਜਾਲੀ ਲਾਈ, ਸ਼ੀਸ਼ਾ ਲਾਇਆ ਤੇ ਫਿਰ ਪਰਦਾ ਵੀ ਲਾ ਲਿਆ... ਉਹ ਸਿਰਫ਼ ਮੇਰੇ ਤੋਂ ਨਹੀਂ ਮੇਰੇ ਵੱਲੋਂ ਆ ਰਹੀ ਜਨੂੰਨੀ ਹਵਾ ਤੋਂ ਵੀ ਡਰ ਰਿਹਾ ਸੀ...

ਪਹਿਲਾਂ

ਪਹਿਲੋਂ ਤੂੰ ਵਰ੍ਹਾਊ ਬੱਦਲ ਸੀ ਹੁਣ ਤੇਰਾ ਸਾਕ ਮੈਨੂੰ ਨਲਕੇ ਵਾਂਗ ਗੇੜਨਾ ਪੈਂਦਾ ਖੂਹ 'ਚੋਂ ਲੱਜ ਨਾਲ ਭਰਨਾ ਪੈਂਦਾ...

ਫਲੈਸ਼ ਬੈਕ

ਦੇਖ ਰਹੀ ਹਾਂ ਬੜੀ ਦੇਰ ਤੋਂ ਛੱਤ ਨੂੰ ਟਿਕਟਿਕੀ ਲਾ ਕੇ...

ਮੈਨੂੰ ਨਹੀਂ ਪਤਾ

ਮੈਨੂੰ ਕਵਿਤਾ ਦੀ ਸਮੀਕਰਨ ਪਤਾ ਨਹੀਂ ਪਰ ਜਦੋਂ ਤੀਕ ਮੇਰੇ ਅੰਦਰ ਮੁਹੱਬਤ ਕਰਨ ਵਾਲੀ ਸ਼ਿੱਦਤ ਸਾਹ ਲੈਂਦੀ ਹੈ ਮੈਨੂੰ ਤੇਰਾ ਹਰ ਹੁੰਗਾਰਾ ਕਵਿਤਾ ਲਗਦੈ... ਨਜ਼ਰ, ਉਡੀਕ ਦੇ ਸਾਗਰ ਹੰਗਾਲਦੀ ਤੇ ਲਹਿਰਾਂ ਵਿਚਲੀ ਇਕ ਇਕ ਬੂੰਦ ਗਿਣਦੀ ਤੇ ਮੇਰਾ ਕਾਸਾ ਖ਼ਾਲੀ ਨਹੀਂ ਹੁੰਦਾ ਕਦੇ ਪੌਣ ਤੇ ਕਦੇ ਪਾਣੀ ਨਾਲ ਭਰਿਆ ਰਹਿੰਦੈ... ਮੈਨੂੰ ਕਵਿਤਾ ਦੀ ਸਮੀਕਰਨ ਨਹੀਂ ਪਤਾ... 24.10.2016

ਬੇ-ਤਆਲੁਕ

ਦੋਹਾਂ ਨੇ ਇਕ ਦੂਜੇ ਨੂੰ ਕੋਈ ਸੰਪਰਕ ਨਹੀਂ ਕਰਨਾ ...ਪਰ ਉਡੀਕ ਰਹੇ ਹਾਂ...

ਮੁਫ਼ਤਖੋਰ

ਜੇ ਕਿਤੇ ਉਹ ਮੈਨੂੰ ਨਾ ਵਰਤੇ ਤਾਂ ਮੇਰੇ ਪਿਆਰ ਨੂੰ ਵੀ 'ਵਿਸ' ਨਹੀਂ ਚੜ੍ਹਦੀ... ਕੰਘੀ 'ਚ ਅੜੇ ਵਾਲਾਂ ਵਾਂਗ ਉਹ ਮੈਨੂੰ ਕੰਘੀ 'ਚੋਂ ਕੱਢਦਾ ਉਂਗਲ 'ਤੇ ਲਪੇਟਦਾ ਸੁੱਟ ਦਿੰਦਾ... ਬੜੇ ਪਿਆਰ ਦਾ ਇਜ਼ਹਾਰ ਕਰਨਾ ਤੇ ਵਰਤਣਾ ਉਹੀ 'ਅਦਾ' ਹੈ... 27.2.2017

ਪਿਤਾ ਦੇ ਖ਼ਤ

ਤਿੰਨ ਦਹਾਕਿਆਂ 'ਚ ਰੰਗ ਖ਼ਤਾਂ ਦਾ ਚਿੱਟੇ ਤੋਂ ਪੀਲਾ ਤੇ ਪੀਲੇ ਤੋਂ ਭੂਰਾ ਹੋ ਗਿਆ ਸੀ ਪਰ ਸਿਆਹੀ ਕਾਲੀ ਹੀ ਰਹੀ ਮਾਂ ਦੇ ਲੇਖਾਂ ਵਾਂਗ...

ਖੁੰਨਸ

ਹਰ ਵੇਲੇ ਉਹ ਮੇਰੇ ਜੰਮਣ ਵਾਲਿਆਂ 'ਤੇ ਮੇਰੇ 'ਤੇ ਲਾਹਨਤਾਂ ਪਾਉਂਦੈ ਪਰ ਜਦੋਂ ਉਹ ਕਿਤੇ ਜਾਣ ਲਈ ਤਿਆਰ ਹੁੰਦੈ ਤੇ ਮੇਰਾ ਹਾਸਾ ਨਿਕਲ ਜਾਂਦੈ ਘਰ ਦੇ ਜਿਸ ਸ਼ੀਸ਼ੇ ਵਿਚ ਵੀ ਉਹ ਮੂੰਹ ਦੇਖਦੈ ਉਹੀ ਮੈਂ ਆਪਣੇ ਥੁੱਕ ਨਾਲ ਸਾਫ਼ ਕੀਤਾ ਹੁੰਦੈ... 7.4.2017

ਅੱਗ ਆਪੋ ਆਪਣੀ

ਆਪੋ ਆਪਣੀ ਹਯਾਤੀ ਦੀ ਅੱਗ ਦਾ ਸੇਕ ਹੈ ਜੀ ਕਈ ਕੁਆਸੀ ਰੋਟੀ ਵਾਂਗ ਪੱਕਦੇ ਕਈਆਂ ਦੇ ਛਾਲੇ ਪੈਂਦੇ ਤੇ ਕਈ ਭੁੱਜ ਜਾਂਦੇ ਕਈ ਉਬਲਦੇ ਤੇ ਕਈ ਮੱਚਦੇ... ਆਪੋ ਆਪਣੀ ਅੱਗ ਹੰਢਾਉਣ ਦਾ ਵਲ ਹੈ ਜੀ ਕਈ ਬਾਲਣ ਬਣਦੇ, ਕੋਲਿਆਂ ਵਾਂਗ ਦਗ਼ਦੇ ਕਈ ਛਿਟੀਆਂ, ਕਈ ਪਾਥੀਆਂ ਤੇ ਕਈ ਭੁੱਬਲ ਬਣਦੇ ਕਈ ਗਿੱਲੀ ਲੱਕੜ ਵਾਂਗ ਧੁਖਦੇ ਤੇ ਕਈ ਅਧਜਲੇ ਰਹਿ ਜਾਂਦੇ ਪਰ ਜ਼ਿੰਦਗੀ ਦਾ ਤੰਦੂਰ ਬੁਝਣ ਨਹੀਂ ਦਿੰਦੇ ਆਪੋ ਆਪਣੀ ਹਯਾਤ ਦੀ ਅੱਗ ਹੈ ਜੀ... 29.4.2017

ਦੂਰ-ਦੂਰ

ਸ਼ੋਰ ਨਾਲ ਭਰ ਗਈ ਹਾਂ ਇਸੇ ਲਈ ਤੇਰੇ ਕੋਲ ਨਹੀਂ ਹਾਂ...

ਆਪਣੇ ਕੋਲ ਕੋਲ

ਕਿੰਨਾ ਖ਼ੂਬਸੂਰਤ ਹੈ ਆਪਣੇ ਆਪ ਦੇ ਨਾਲ ਹੋਣਾ ਖ਼ੁਦ ਕੋਲ ਬਹਿਣਾ ਚੁੱਪ ਨਾਲ ਕਲੋਲ ਕਰਨੀ ਤੇ ਰੂਹ ਦੇ ਨੇੜੇ ਨੇੜੇ ਰਹਿਣਾ... ਉਦ੍ਹੇ ਦਰ 'ਤੇ ਧੂਫ਼ ਵਾਂਗ ਧੁਖਣਾ ਪੱਤਿਆਂ ਉੱਤੋਂ ਤ੍ਰੇਲ ਵਾਂਗ ਸੁੱਕਣਾ ਪ੍ਰਿਜ਼ਮ 'ਚੋਂ ਸਤਰੰਗੀ ਹੋ ਕੇ ਲੰਘਣਾ ਕਿੰਨਾ ਖ਼ੂਬਸੂਰਤ ਹੈ... ਅਨਹਦ 'ਚ ਲੀਨ ਹੋਣਾ ਬੰਦ ਅੱਖੀਆਂ ਨਾਲ ਉਹਨੂੰ ਵੇਖ ਲੈਣਾ ਫੁੱਲਾਂ 'ਚ ਖ਼ੁਸ਼ਬੂ ਨਾਲ ਰਹਿਣਾ ਕਿੰਨਾ ਖ਼ੂਬਸੂਰਤ ਹੈ... ਹਜ਼ੂਮ ਤੋਂ ਦੂਰ, ਉਹਦੇ ਰੂਬਰੂ ਹੋਣਾ ਸਜਦੇ 'ਚ ਜ਼ਾਰ ਜ਼ਾਰ ਰੋਣਾ ਦਿਲ ਦੇ ਦਾਗ਼ ਧੋਣਾ ਕਿੰਨਾ ਖ਼ੂਬਸੂਰਤ ਹੈ ਉਹਦੀ ਯਾਦ ਵਿਚ 'ਤਨਹਾ' ਹੋਣਾ... 16.2.2017

ਮੈਨੂੰ ਨਾ ਲੱਭ

ਹਕੀਕਤ 'ਚ ਮੈਂ ਕਿਤੇ ਵੀ ਨਹੀਂ ਤੂੰ ਮੈਨੂੰ ਨਾ ਲੱਭ... ਮੈਂ ਤੇ ਬਸ ਤੇਰੀ ਅੱਖ ਦਾ ਝਪਕਣਾ ਤੇਰਾ ਝਿੰਬਰਾਂ 'ਚੋਂ ਤੱਕਣਾ ਤੇਰਾ ਆਂਦਾ ਜਾਂਦਾ ਸਾਹ ਤੇਰੇ ਕਦਮਾਂ ਹੇਠ ਵਿਛਿਆ ਸਫ਼ਰ ਤੇਰੇ ਸੁਫ਼ਨਿਆਂ ਦਾ ਰਾਹ ਚੁੱਪਚਾਪ ਕਿਰਿਆ ਹੰਝੂ ਪ੍ਰਸਵ ਪੀੜਾ ਤੋਂ ਬਾਅਦ ਵਾਲੀ ਨੀਂਦਰ ਮੈਂ ਸਥੂਲ ਨਹੀਂ, ਸੂਖ਼ਮ ਨਹੀਂ ਬਸ...ਐਬਸਟਰੈਕਟ ਹਾਂ... 22.2.2016

ਭਰਮ

ਹਰ ਭਰਮ ਦੀ ਉਮਰ ਹੁੰਦੀ ਏ ਪਰ ਮੈਨੂੰ ਤੇਰਾ ਭਰਮ 'ਰੱਬ' ਵਰਗਾ ...ਨਹੀਂ ਟੁੱਟਦਾ...

ਬੁਰੀ ਔਰਤ

ਅਸਲ 'ਚ ਤੇਰੀ ਨਜ਼ਰ ਵਿਚ ਮੈਂ ਬੁਰੀ ਔਰਤ ਹਾਂ ਜੋ ਗਾਲ੍ਹ ਨਹੀਂ ਸੁਣਦੀ ਤੇ ਇਖ਼ਲਾਕ ਦੇ ਟਿੱਲੇ ਤੋਂ ਮੂਧੇ ਮੂੰਹ ਨਹੀਂ ਡਿੱਗਦੀ... ਨਾ ਕਦੇ ਕੁਝ ਮੰਗਦੀ ਨਾ ਅਸੂਲ ਛਿੱਕੇ ਟੰਗਦੀ ਰਿਸ਼ਤਿਆਂ ਨੂੰ ਸੀਉਂਦੀ, ਪਰੋਂਦੀ, ਗੰਢਦੀ ਖ਼ੁਦਮੁਖਤਿਆਰ ਔਰਤ ਬੋਟਾਂ ਨੂੰ ਤਹਿਜ਼ੀਬ ਦੇ ਆਲ੍ਹਣੇ 'ਚ ਰੱਖਦੀ ਤੇ ਤੈਨੂੰ ਤੇਰੇ ਫ਼ਰਜ਼ਾਂ ਲਈ ਕੋਈ ਤਕਰੀਰ ਨਹੀਂ ਕਰਦੀ ਬਹੁਤ ਬਦਦਿਮਾਗ਼ ਹਾਂ ਤੇਰੀ ਚੂਲੀ ਦਾ ਜੂਠਾ ਪਾਣੀ ਨਹੀਂ ਪੀਂਦੀ ਟੀਸ ਨੂੰ ਜ਼ਿੰਦਾ ਰੱਖਦੀ ਤੇ ਰਿਸਦੇ ਜ਼ਖ਼ਮ ਨਹੀਂ ਸੀਂਦੀ ਇਕ ਹੰਕਾਰੀ ਔਰਤ ਕਿਰਦਾਰ ਦਾ ਚੀਰਹਰਣ ਨਹੀਂ ਹੋਣ ਦਿੰਦੀ ਤੇ ਹਰ ਹਾਦਸੇ ਨੂੰ ਕੁੱਛੜ ਚੁੱਕ ਖਿਡਾ ਲੈਂਦੀ ਬਹੁਤ ਕੁਰਖਤ ਮਾਂ ਹਾਂ ਬਾਲਾਂ ਨੂੰ ਪਰੀ ਕਥਾ ਨਹੀਂ ਸੁਣਾਉਂਦੀ ਤੇ ਨਾ ਹੀ ਹੈਪੀ ਐਂਡਿੰਗ ਦੀ ਗੇਜ ਪਾਉਂਦੀ... ਇਕ ਬਾਗ਼ੀ ਤੇ ਨਾਸਤਕ ਔਰਤ ਜੋ ਰੱਬ ਦੀ ਦਹਿਲੀਜ਼ ਦੇ ਮੱਥੇ ਨਹੀਂ ਟੇਕਦੀ ਆਰ ਜਾਂ ਫਿਰ ਪਾਰ ਕਰਦੀ ਨਸੀਬਾਂ ਦੇ ਰਾਹ ਨਹੀਂ ਵੇਖਦੀ ਮੈਂ ਇਕ ਬੇਵਫ਼ਾ ਪ੍ਰੇਮਿਕਾ ਵੀ ਹਾਂ ਜੋ ਗ਼ਰਜ਼ਾਂ ਦੀ ਨਹੀਂ ਫ਼ਰਜ਼ਾਂ ਦੀ ਸੂਲੀ ਝੂਲ ਗਈ ਕੰਮਬਖ਼ਤ ਪਿਆਰ ਲਈ ਮਰ ਨਾ ਸਕੀ ਵੈਸੇ ਮੈਂ ਇਕ ਚੰਗੀ ਧੀ ਵੀ ਨਹੀਂ ਜਾਇਜ਼ ਨੀਂਦਰ ਵਿਚ ਨਜਾਇਜ਼ ਖ਼ਾਬ ਵੇਖਦੀ ਤੇ ਜੰਮਣ ਵਾਲਿਆਂ ਦੀ ਇੱਜ਼ਤ ਲਈ ਕਈ ਵਾਰ ਆਪਣੇ ਸਿਵੇ ਦੀ ਅੱਗ ਵੀ ਸੇਕਦੀ ਨਾ ਅਨੁਕੂਲ ਨਾ ਪ੍ਰਤੀਕੂਲ ਨਾ ਤੇਰੇ ਮੁਤਾਬਕ ਨਾ ਮੁਨਾਸਬ ਇਕ ਖੁੱਦਾਰ ਔਰਤ ਹਾਂ ਜੋ ਕਿੱਲੇ ਨਾਲ ਬੱਝੀ ਬਾਂ ਬਾਂ ਨਹੀਂ ਕਰਦੀ ਜੋ ਹਾਂ 'ਚ ਹਾਂ ਨਹੀਂ ਮਿਲਾਉਂਦੀ ਸਿਰਫ਼ ਰੋਜ਼ੀ ਰੋਟੀ ਹੀ ਨਹੀਂ ਮੁਸ਼ੱਕਤ ਨਾਲ ਮੁਹੱਬਤ ਵੀ ਕਮਾਉਂਦੀ ਖ਼ੈਰ! ਤੇਰੀ ਨਜ਼ਰ 'ਚ ਮੈਂ ਇਕ ਬੁਰੀ ਔਰਤ ਹੀ ਸਹੀ...

ਕਲੰਦਰਾ

ਦੇ ਪੂਣੀਆਂ ਮੈਂ ਕੱਤਣ ਆਈ ਆਂ ਚਰਖਾ ਕੀਤਾ ਵਲ ਮੈਂ ਸਾਈਆਂ ਦੇ ਬੱਤੀਆਂ ਵੇ ਚਰਾਗ਼ ਨੇ ਖ਼ਾਲੀ ਤੱਕ ਪੀਰਾ ਨਜ਼ਰਾਂ ਨੇ ਸਵਾਲੀ ਸਾਹਾਂ ਦੀ ਜੂਹ 'ਤੇ ਮੈਂ ਬੈਠੀ ਲੱਗੀਆਂ ਵਾਲੇ ਖੂਹ ਪਈ ਗੇੜਾਂ ਗੁੰਦੇ ਵਾਲ ਮੈਂ ਹੱਥੀਂ ਖੋਲ੍ਹੇ ਇਸ਼ਕ ਮੇਰੇ ਸਿਰ ਚੜ੍ਹ ਕੇ ਬੋਲੇ ਨੱਚ ਨੱਚ ਅੱਡੀਆਂ ਫਟੀਆਂ ਹੋਈਆਂ ਸੱਟਾਂ ਦੀਆਂ ਅੱਖਾਂ ਟੱਡੀਆਂ ਪਈਆਂ ਸੁਣ ਮੇਰੇ ਕਾਸੇ ਦੀ ਅਰਜੋਈ ਤਾਲੋਂ ਕਦੇ ਬੇਤਾਲ ਨਾ ਹੋਈ ਲੱਗ ਗਿਆ ਰੋਗ ਮੈਨੂੰ ਵੇ ਚੰਦਰਾ ਕੱਢ ਮੇਰਾ ਕੋਈ ਹਲ ਕਲੰਦਰਾ... 14.2.2017

ਗੀਤ

ਅੱਜ ਤਰੀਕ ਲਿਖ ਕੇ ਸੱਜਣਾ ਮੁੜ ਮੁੜ ਸਜਦੇ ਕੀਤੇ ਤਾ-ਥਈਆ ਮੈਂ ਨੱਚੀ ਅੜਿਆ ਘੁੱਟ ਦਰਦਾਂ ਦੇ ਪੀਤੇ ਸੁਪਨੇ ਨੂੰ ਮੇਰੇ ਦੰਦਲ ਪੈ ਗਈ ਅੱਖੀਆਂ ਬੂਹੇ ਮੀਚੇ ਔਂਸੀਆਂ ਦੀ ਹੁਣ ਗਿਣਤੀ ਭੁੱਲ ਗਈ ਹੱਥ ਕੋਲਿਆਂ ਕਾਲੇ ਕੀਤੇ ਝੋਲੀ ਵੱਟਿਆਂ ਦੇ ਨਾਲ ਭਰ ਗਈ ਪਾਟੀ ਜਾਵਣ ਖੀਸੇ ਕਾਲੀ ਚੁੰਨੀ ਨੂੰ ਰੰਗ ਨਾ ਚੜ੍ਹਦਾ ਤਰਲੇ ਰੰਗਰੇਜ਼ ਦੇ ਕੀਤੇ ਆਪਣੀ ਮਿੱਟੀ 'ਚ ਲੇਟੀਆਂ ਮਾਰੇਂ ਮੰਗਣੋਂ ਨਾ ਹਟੀਂ ਤੂੰ ਢੀਠੇ ਖੁੱਲ੍ਹੇ ਫੱਟ ਮੇਰੇ ਮੱਖੀਆਂ ਬੈਠਣ ਹੁਣ ਨਾ ਜਾਵਣ ਸੀਤੇ 22.2.2017

ਆਪਣੀ ਜੰਗ

ਉਹ ਮੇਰੀਆਂ ਬੇਚਾਰਗੀਆਂ ਦੇ 'ਮੁੰਡ' ਲੱਭਦਾ, ਪਰੋਂਦਾ 'ਮੁੰਡ ਮਾਲਾ' ਬਣਾਉਂਦਾ ਤੇ ਮੇਰੇ ਗਲ ਪਾ ਦਿੰਦਾ ਮੇਰੀ ਅੰਦਰਲੀ ਅਵੇਸਲੀ ਅੱਗ ਜਾਗਦੀ ਬਲਦੀ ਅੱਖਾਂ 'ਚ, ਮਘਦੀ ਹੋਠਾਂ 'ਤੇ ਸੜਦਾ ਰੋਮ ਰੋਮ ਝੁਲਸਦਾ ਵਜੂਦ, ਸੁਲਗਦੀ ਰੂਹ... ਪਰ ਹਰ ਵਾਰ ਮੈਂ ਕਾਸੇ ਵਿਚ ਆਪਣਾ ਹੀ ਲਹੂ ਪੀਤਾ ਸੋਚਾਂ ਦੇ ਰਾਖ਼ਸ਼ਾਂ ਨੂੰ ਮਾਰਿਆ ਕ੍ਰੋਧ ਚੁੱਪ ਵਿਚ ਬਦਲ ਗਿਆ 'ਚੁੱਪ' ਟੁੱਟਣ ਨਹੀਂ ਦਿੱਤੀ ਰਿਸ਼ਤੇ ਦੀ ਕਸ਼ੀਦਗੀ ਵਿਚ ਪੇਚੀਦਗੀ ਵਿਚ ਚੁੱਪ, ਗਹਿਰੀ ਨਹੀਂ ਗੁੰਝਲਦਾਰ ਹੋ ਗਈ ਹੁਣ ਤਾਂ ਸਵਾਲ ਸ਼ੁਰੂ ਹੋਣ ਤੋਂ ਪਹਿਲਾਂ ਜਵਾਬ ਆਪਣਾ ਵਜੂਦ ਗੁਆ ਲੈਂਦਾ ਪਿਆਰ ਤੋਂ ਬਿਨਾਂ ਜ਼ਿੰਦਗੀ ਜਿਊਣਾ ਜੰਗ ਹੈ 22.12.2006

ਮੁਲਾਕਾਤ

ਦਹਾਕਿਆਂ ਬਾਅਦ ਵਿਛੜੇ ਮਿਲੇ ਸਾਂ... ਮੇਰੇ ਹੱਥ ਕਵਿਤਾਵਾਂ ਤੇ ਤੇਰੇ ਹੱਥ ਚਿਰਾਗ਼... ਮੈਂ ਮਜ਼ਾਰ 'ਤੇ ਬੰਨ੍ਹਿਆ ਦੁਆ ਵਾਲਾ ਧਾਗਾ ਖੋਲ੍ਹਿਆ... ਤੂੰ ਚਾਦਰ ਚੜ੍ਹਾਈ ਦੁਆ ਪੂਰੀ ਹੋਈ ਨਾ ਹੱਸੇ ਨਾ ਰੋਏ ਅਸੀਂ ਫਿਰ ਵਿਛੜੇ ਪਰ ਵਿਦਾ ਨਹੀਂ ਹੋਏ... ਤੇਰੇ 'ਸ਼ਬਦ ਬੀਜ' ਪੁੰਗਰੇ ਐਹ ਵੇਖ... ਹੁਣ ਮੇਰੇ ਹੱਥ ਜਨਮਾਂ ਦੇ ਪੱਤਰੇ ਤੇਰੇ ਬਾਝੋਂ ਕੌਣ ਪੜ੍ਹੇ 27.11.2017

ਟਿਕਾਅ

ਅਸੰਖ ਤਾਰੇ, ਸਿਤਾਰੇ ਗ੍ਰਹਿ, ਉਪ-ਗ੍ਰਹਿ, ਅਕਾਸ਼ ਗੰਗਾਵਾਂ ਬਣਾ ਬਣਾ ਉਹਨੇ ਆਪਣੇ ਝੋਲੇ (ਸਪੇਸ) ਵਿਚ ਸੁੱਟ ਦਿੱਤੇ... ਅੱਜ ਤੀਕ ਸਭ ਆਪੋ ਆਪਣੀ ਧੁਨ 'ਚ ਲਗਨ 'ਚ, ਚੱਕਰ ਕੱਟ ਰਹੇ ਮੰਜ਼ਲ ਲੱਭ ਰਹੇ... ਮੁਹੱਬਤ ਨੇ ਸਭ ਟਿਕਾਅ ਕੇ ਰੱਖਿਐ... 15.2.2017

ਖਰਚ

ਤੇਰਾ ਇਨਕਾਰ ਜੇਬ ਵਿਚ ਤਾਂ ਪਾ ਲਿਆ ਪਰ ਖਰਚ ਕਿੱਥੇ ਕਰਾਂ...

ਮੈਂ ਅਤੇ ਤੂੰ...

ਮੈਂ ਤੇ ਤੂੰ ਪ੍ਰਿਥਵੀ ਦੇ ਪਹਿਲੇ ਤੇ ਆਖ਼ਰੀ ਸਿਰੇ 'ਤੇ ਉੱਗੇ ਰੁੱਖ...ਮੁਹੱਬਤ ਦੇ ਪੱਤੇ, ਫੁੱਲ ਪੁੰਗਰਦੇ, ਵਧਦੇ, ਫੁਲਦੇ, ਝੜਦੇ ਤੇ ਸਪੇਸ 'ਚ ਖਿਲਰਦੇ ਕਿਸੇ 'ਸ਼ਬਦ ਨਾਦ' ਦੀ ਗੂੰਜ ਵਿਚ ਹੌਲੀ ਹੌਲੀ ਭੁਰਦੇ ਰਹਿੰਦੇ ਜਾਂ ਮੈਂ ਤੇ ਤੂੰ ਪ੍ਰਿਥਵੀ ਦੇ ਪਹਿਲੇ ਤੇ ਆਖ਼ਰੀ ਸਿਰੇ 'ਤੇ ਖੜ੍ਹੇ ਅਟੱਲ, ਅਹਿਲ ਪਰਬਤ ਮਸਤਕ 'ਤੇ ਜੰਮੇ ਗਲੇਸ਼ੀਅਰ ਸੂਰਜ ਦੀ ਤਪਸ਼ ਨਾਲ ਪਿਘਲਦੇ... ਮੁਹੱਬਤ ਜਾ ਰਲਦੀ ਸਾਗਰਾਂ, ਮਹਾਂਸਾਗਰਾਂ, ਨਦੀਆਂ ਦਰਿਆਵਾਂ, ਝਰਨਿਆਂ 'ਚ ਵਾਸ਼ਪੀਕਰਨ ਹੁੰਦਾ ਛਾਏ ਰਹਿੰਦੇ ਬੱਦਲ ਵਰ੍ਹਦੀ ਰਹਿੰਦੀ ਬਰਸਾਤ ਪਸਰੀ ਰਹਿੰਦੀ ਗਹਿਰੀ ਧੁੰਦ ਡਿੱਗਦੀ ਰਹਿੰਦੀ ਤ੍ਰੇਲ ਪੱਤਿਆਂ 'ਤੇ, ਫੁੱਲਾਂ 'ਤੇ ਪਾਣੀ ਪਹੁੰਚਦਾ ਤੇਰੇ ਤਕ ਮੇਰੇ ਤਕ 30.11.2016

ਮੁਹੱਬਤ

ਮੁਹੱਬਤ ਪਹਿਲੇ ਤੋਂ ਨੌਵੇਂ ਮਾਹ ਤਕ ਕਰਦੀ ਇੰਤਜ਼ਾਰ ਸਿਰਜਦੀ ਜੂਨ ਦਿੰਦੀ ਜਨਮ ਸਿਰੇ ਚਾੜ੍ਹਦੀ ਜੀਵਨ... ਦਿੰਦੀ ਅਹਿਸਾਸ ਨੂੰ ਜ਼ੁਬਾਨ ਸਵਾਸ ਨੂੰ ਰਿਦਮ ਨਜ਼ਰ ਨੂੰ ਨਜ਼ਰੀਆ ਕਦਮਾਂ ਨੂੰ ਰਾਹ... ਜ਼ਿੰਦਗੀ ਨੂੰ ਤਰਲਤਾ ਪ੍ਰੇਮ ਨੂੰ ਸਰਲਤਾ ਸੋਚ ਨੂੰ ਮਕਸਦ ਨਿਸ਼ਚੇ ਨੂੰ ਹੱਠ ਨੀਂਦਰ ਨੂੰ ਖ਼ਾਬ ਪਿਆਸ ਨੂੰ ਆਬ ਭੁੱਖ ਨੂੰ ਰੱਜ ਉਹ... ਲੱਖ ਮੱਕਿਆਂ ਦਾ ਹੱਜ ਕਰਦੀ ਤਪ ਤੇ ਧਿਆਨ ਰਹਿੰਦੀ ਆਯੁਸ਼ਮਾਨ 30.11.2016

ਬਕੌਲ ਤੇਰੇ

ਤੜਕਸਾਰ ਕੱਚੀ ਨੀਂਦਰ ਵਿਚ ਸਾਂ ਕਿ ਤੂੰ ਆ ਕੇ ਹੌਲੀ ਜਹੀ ਕੰਨ 'ਚ ਕਿਹਾ ''ਮੇਰਾ ਸਰੀਰ ਵੀ ਹੋਣ ਲੱਗਾ ਏ ਬੇਗ਼ਾਨਾ ਜੋ ਫੁੱਲ ਬਣ ਕੇ ਅੱਜ ਤੀਕ ਤੇਰੀ ਦਹਿਲੀਜ਼ 'ਤੇ ਪਿਆ ਰਿਹਾ ਤੂੰ ਪੂਜਾ ਵਿਚ ਵੀ ਨਹੀਂ ਵਰਤਿਆ ਕਿਸ ਕੰਮ ਦਾ ਸੀ... ਠੀਕ ਐਸ ਵੇਲੇ ਹੋ ਰਿਹੈ ਕਿਸੇ ਹੋਰ ਦਾ ਪਰ ਮੈਂ ਫਿਰ ਤੇਰੀ ਦੇਹਰੀ 'ਤੇ ਖੜ੍ਹਾ ਰੂਹ ਬਣ ਕੇ ਆ ਕਿ ਰੂਹਾਂ ਦਾ ਮੇਲ ਹੋਵੇ ਆਪਣਾ ਸਰੀਰ ਵੀ ਰਹਿਣ ਦੇ ਕਿਸੇ ਹੋਰ ਦੇ ਨੇੜੇ ਚੱਲ ਪਿਆਰ ਦੇ ਨਾਦ ਵਿਚ ਰੂਹਾਂ ਦੇ ਨਾਚ ਵਿਚ...'' ...(ਖ਼ਾਬ ਸੀ)... ਅੱਖ ਖੁੱਲ੍ਹ ਗਈ, ਭਰ ਕੇ ਡੁੱਲ੍ਹ ਗਈ ਮੈਂ ਸਰੀਰ ਵਿਚ ਸਾਂ ਸੂਖ਼ਮ ਹੋ ਗਈ ਹਾਂ ਅੰਤਾਂ ਦੀ ਖ਼ੁਸ਼ੀ ਉਦਾਸ ਕਰ ਗਈ ਗਹਿਰੀ ਚੁੱਪ ਦੇ ਗਈ ਰੂਹ ਦੀ ਜ਼ੰਜੀਰ ਖੁੱਲ੍ਹ ਗਈ ਆਖ਼ਰਕਾਰ ਮੰਨ ਹੀ ਲਈ ਤੂੰ ਵੀ ਦੇਹੀ ਅੱਗੇ ਹਾਰ ਕਿੰਨੀ ਕੁ ਦੇਰ ਕੋਈ ਕਰ ਸਕਦੈ ਸਿਰਫ਼ ਪਿਆਰ ਨੂੰ ਪਿਆਰ ਸਰੀਰ ਦੀਆਂ ਲਾਵਾਂ, 'ਕਾਮ' ਦਾ ਕਾਜ ਬਸ ਇਕ ਰਿਵਾਜ... ਆਪਣਾ ਸੰਜੋਗ ਦੇਹਾਂ ਦਾ ਨਹੀਂ ਰੂਹਾਂ ਦਾ ਏ ਬਦਨ ਦੀਆਂ ਜੂਹਾਂ ਤੋਂ ਪਰ੍ਹੇ ਇਕ ਰੂਹਦਾਰੀ ਹੈ... ਰੂਹਾਂ...ਜੋ ਰਹਿੰਦੀਆਂ ਕੁਆਰੀਆਂ ਜਿਨ੍ਹਾਂ ਦਾ 'ਸ਼ੀਲ' ਭੰਗ ਨਹੀਂ ਹੁੰਦਾ ਜੋ ਮਿਲ ਲੈਂਦੀਆਂ ਸਰੀਰਾਂ ਤੋਂ ਪਰ੍ਹੇ ਪੂਰੀ ਸ਼ਿੱਦਤ ਨਾਲ ਜਿਵੇਂ ਬੱਦਲ 'ਚ ਬੱਦਲ ਸਮਾਉਂਦਾ ਤੇ ਮੇਘ ਵਰ੍ਹਦਾ ਕਿਸੇ ਖ਼ੁਮਾਰ ਵਿਚ ਹਾਂ ਮੈਂ ਫਿਰ (ਤੇਰੇ) ਪਿਆਰ ਵਿਚ ਹਾਂ... 25.12.2016

ਇੰਤਜ਼ਾਰ

ਮੈਨੂੰ ਪਤੈ 'ਪਰਤਣਾ' ਤੇਰੇ ਵੱਸ ਵਿਚ ਹੀ ਨਹੀਂ ਸੀ...

ਸਾਗਰ ਕਿਨਾਰੇ

ਕੀ ਤੈਨੂੰ ਯਾਦ ਆਇਆ ਮੈਂ ਅਜੇ ਵੀ ਸਿੱਪੀਆਂ ਚੁਣ ਰਹੀ ਹਾਂ... ਰੇਤ ਦੇ ਜ਼ਰ੍ਹੇ ਗਿਣ ਰਹੀ ਹਾਂ... 15.5.2017

ਮਾਂ ਦੀ ਆਵਾਜ਼

ਕਿਸੇ ਅਜ਼ਾਨ ਤੋਂ ਵੱਧ ਪਾਕ ਹੈ ਮਾਂ ਦੀ ਦਿੱਤੀ ਆਵਾਜ਼...

ਲਾਡ

ਮਾਂ ਰੋਟੀਆਂ ਪਕਾਉਂਦੀ ਸਾਡੀ ਭੁੱਖ ਰਜਾਉਂਦੀ ਫੂਕਣੀ ਨਾਲ ਫੂਕਾਂ ਮਾਰਦੀ ਚੁੱਲ੍ਹਾ ਠੰਡਾ ਨਾ ਹੋਣ ਦਿੰਦੀ ਤੇ ਜਦੋਂ ਤਵਾ ਪੁੱਠਾ ਮਾਰਦੀ ਮੈਂ ਪੁੱਛਦੀ ਮਾਂ, ਅੰਬਰ ਦੇ ਤਾਰੇ ਤੇਰੇ ਤਵੇ ਪਿੱਛੇ ਕਿਵੇਂ ਚਮਕਦੇ... ਉਹ ਸਾਡੀਆਂ ਅੱਖਾਂ ਚੁੰਮਦੀ ਤੇ ਹੱਸ ਕੇ ਕਹਿੰਦੀ ''ਮੈਂ ਅੰਬਰ ਡੀਕ ਲਾ ਕੇ ਪੀ ਲਿਐ ਜਿਥੇ ਮੇਰੇ ਬਾਲ ਸਾਰੇ ਉਥੇ ਹੀ ਲੈ ਆਵਾਂਗੀ ਝੜੁੰਬ ਕੇ ਤਾਰੇ...'' ਫਿਰ ਕਲਾਵੇ 'ਚ ਲੈਂਦੀ ਤੇ ਰੱਬ ਨੂੰ ਕਹਿੰਦੀ ਮੇਰੇ ਬਾਲਾਂ ਦਾ ਅਸਮਾਨ ਮਹਿਫ਼ੂਜ਼ ਰੱਖੀਂ ਜਦ ਤਕ ਮੈਂ ਜ਼ਿੰਦਾ ਹਾਂ ਦਿਨ ਚਿੱਟੇ ਰੱਖਾਂਗੀ ਮੇਰੇ ਬਾਅਦ ਬੱਚਿਆਂ ਨੂੰ ਕਾਲੀਆਂ ਰਾਤਾਂ ਤੋਂ ਦੂਰ ਰੱਖੀਂ... 15.6.2017

ਉਸ ਸੋਚਿਆ

ਮੇਰੀ ਮਿੱਟੀ 'ਤੇ 'ਸਿਆਹ' ਬੱਦਲ ਚੜ੍ਹਿਆ ਕੜਕਿਆ ਕਾਲਾ ਮੀਂਹ ਵਰ੍ਹਿਆ... ਉਸ ਸੋਚਿਆ ਬੀਜ...ਕੋਲੇ ਬਣ ਜਾਣਗੇ ਅੰਗਾਰ ਉੱਗ ਪੈਣਗੇ ਅੱਗ ਨੱਚੇਗੀ ਜੰਗਲ ਦਗ਼ ਦਗ਼ ਬਲੇਗਾ ਰੁੱਖ ਪੱਤੇ ਆਲ੍ਹਣੇ ਫੁੱਲ ਸੜ ਜਾਣਗੇ ਪਰ ਇੰਝ ਨਾ ਹੋਇਆ ਮੈਂ ਤੇ ਮੇਰੇ ਫੁੱਲ ਮਹਿਕ ਰਹੇ ਨੇ...

ਉਤਸਵ

ਇਤਮਿਨਾਨ ਨਾਲ ਭਰੇ ਯਕੀਨ ਨਾਲ ਰੱਜੇ ਮੈਂ ਤੇ ਤੂੰ ਸਬੱਬ ਨਾਲ ਹੋਏ 'ਕੱਠੇ ਘਾਹ ਦੇ ਨਿੱਕੇ-ਨਿੱਕੇ ਚਿੱਟੇ ਫੁੱਲਾਂ ਨਾਲ ਖੇਡਦਿਆਂ... ਵਾਦੀ ਵਿਚ ਅਸੀਂ ਹਾਣੋ-ਹਾਣੀ ਹੋਏ ਖ਼ੁਸ਼ੀ ਵਿਚ ਰੱਜ ਕੇ ਰੋਏ... ਤੂੰ ਸਾਲਾਂ ਦੀ ਜਮ੍ਹਾ ਘਟਾਉ ਕਰਕੇ ਬਚਪਨ ਮੋੜ ਲਿਆਂਦਾ ਮੈਂ ਸਭ ਤੋਂ ਚੋਰੀ ਮੁਹੱਬਤ ਦੀ ਸ਼ਾਖ਼ ਤੋਂ ਕੁਝ ਵੇਲਾਂ ਤੋੜ ਲਿਆਂਦੀਆਂ ਸੁਣਦੇ ਰਹੇ... ਅੰਦਰ ਵਗਦੇ ਦਰਿਆ ਦੀ ਕਲਕਲ ਬਉਰਿਆਂ ਵਾਂਗ ਨੱਚਦੇ ਮਨਾਉਂਦੇ ਰਹੇ ਉਤਸਵ ਜਹੇ ਪਲ...

ਗੀਤ

ਨੀ ਜਿੰਦੇ ਤੈਨੂੰ ਕੀਹਦਾ ਪੋਖਾ ਜਿਉਂ ਜਿਉਂ ਕੰਮ ਮੁਕਾਈ ਜਾਵੇਂ ਹੋਈ ਜਾਵੇ ਚੋਖਾ ਨੀ ਜਿੰਦੇ ਤੈਨੂੰ ਕੀਹਦਾ ਪੋਖਾ... ਉਮਰਾਂ ਲੰਘੀਆਂ ਵੇਲੇ ਟੱਪੇ ਕਿੰਨਾ ਸਖੀਏ ਹੰਡੇ ਵਰਤੇ ਦਿਲ ਦਾ ਕੱਪੜਾ ਛਿੱਜਦਾ ਜਾਵੇ ਕਿੰਨੇ ਕੁ ਹੁਣ ਲਾਈਏ ਤਰੋਪੇ ਚਰਖਾ ਵੀ ਹੁਣ ਦੇਵੇ ਧੋਖਾ ਨੀ ਜਿੰਦੇ... ਗੋਡੀ ਕੀਤੀ ਪਾਣੀ ਲਾਏ ਬੱਦਲਾਂ ਕਦੇ ਨਾ ਮੀਂਹ ਵਰਸਾਏ ਪੁੰਗਰਾਂ ਨੂੰ ਪੰਖੇਰੂ ਪੈ ਗਏ ਹੱਥੋਂ ਵੇਲਾ ਛੁੱਟਦਾ ਜਾਏ ਅੱਲ੍ਹਾ ਰੁੱਸਿਆ ਪਿਐ ਚਰੋਕਾ... ਨੀ ਜਿੰਦੇ...

ਦੀਵਾਰ

ਕੱਚੀ ਕੰਧ ਦੇ ਉਹਲੇ ਬੈਠੀ ਮੈਂ... ਕਦੇ ਇਦ੍ਹੇ ਮੋਢੇ ਚੜ੍ਹ ਜਾਂਦੀ ਕਦੀ ਆਸਰਾ ਬਣਾ ਲੈਂਦੀ ਹੰਭ ਜਾਂਦੀ ਤਾਂ ਢਾਸ ਲਾ ਕੇ ਬਹਿ ਜਾਂਦੀ ਸਾਹ ਨਹੀਂ ਆਉਂਦਾ ਤਾਂ ਦੋ ਇੱਟਾਂ ਵਿਚੋਂ ਕੱਢ ਦਿੰਦੀ ਲਿਪਦੀ, ਪੋਚਦੀ, ਸਵਾਰਦੀ... ਪਿਆਰ 'ਚ ਜਜ਼ਬਾਤੀ ਹੋ ਜਾਂਦੀ ਵੰਨ ਸੁਵੰਨੇ ਕਲੰਡਰ, ਤਸਵੀਰਾਂ ਟੰਗਦੀ ਇਸ ਉੱਤੇ ਗੀਤ ਲਿਖ ਲੈਂਦੀ ਇਹਨੂੰ ਸੁਣਾ ਵੀ ਦਿੰਦੀ ਬੰਨ੍ਹੇ 'ਤੇ ਫੁੱਲ ਰੱਖਦੀ ਚਰਾਗ਼ ਧਰਦੀ ਅੱਡੀਆਂ ਚੁੱਕ ਚੁੱਕ ਪਰਲੇ ਪਾਰ ਵੇਖਦੀ ਇਸ 'ਤੇ ਔਂਸੀਆਂ ਪਾ ਦਿੰਦੀ ਕਦੇ ਇਸ ਨਾਲ ਟੱਕਰਾਂ ਮਾਰਦੀ ਲਹੂ ਲੁਹਾਨ ਹੁੰਦੀ, ਪਸ਼ੇਮਾਨ ਹੁੰਦੀ ਫਿਰ 'ਹੋਈ ਮਾਤਾ' ਬਣਾਉਂਦੀ ਬਥੇਰੇ ਰੰਗ ਭਰਦੀ, ਸਜਾਉਂਦੀ ਇਹ ਕੱਚੀ ਕੰਧ ਕਦੇ ਕੁਝ ਨਹੀਂ ਬੋਲੀ ਪਰ ਅੱਜ ਦੌੜਨ ਲੱਗੀ ਤਾਂ ਦੀਵਾਰ ਬਣ ਕੇ ਅੱਗੇ ਖਲੋ ਗਈ ਏ ਟੱਪਣ ਲੱਗੀ ਤਾਂ ਹੋਰ ਉੱਚੀ ਹੋ ਗਈ ਏ ਢਾਹੁਣ ਲੱਗੀ ਤਾਂ 'ਪੱਕੀ' ਹੋ ਗਈ ਏ... 05.09.2017

ਭਿੱਖਿਆ

ਮੇਰੇ ਕੋਲ ਕਰਮੰਡਲ ਅੱਖਰ ... ... ਤੂੰ ਤਕ ਸ਼ਬਦ ਬਣ ਕੇ ਅਰਥਾਂ ਨਾਲ ਰਸ ਜਾਣਗੇ...

ਪਿਆਰ ਵਿਚ

ਤੇਰੇ ਦਰ 'ਤੇ ਧੂਣੀ ਬਣ ਧੁਖਦਿਆਂ ਕਵਿਤਾ ਲਿਖਦਿਆਂ ਕਸਮ ਤੇਰੀ... ਕਦੀ ਪਰਮਾਤਮਾ ਵੀ ਯਾਦ ਨਹੀਂ ਆਇਆ...

ਮੇਰੀ ਦੌਲਤ

...ਤੇ ਉਹ ਮੈਨੂੰ ਆਪਣੀ ਜੇਬ 'ਚ ਪਿਆ ਚਿੱਲਰ ਸਮਝਦੈ...

ਪਹਿਲੀ ਮੁਹੱਬਤ

ਮਾਂ ਕਹਿੰਦੀ ਪੁਰਾਣੀਆਂ ਜੁਰਾਬਾਂ ਸੁੱਟ ਦੇ ... ... ... ਮੈਂ ਪੁਰਾਣੀਆਂ ਪਾ ਕੇ ਉੱਤੋਂ ਹੋਰ ਚੜ੍ਹਾ ਲੈਂਦੀ (ਪੈਰਾਂ ਨੂੰ) ਬੜਾ ਨਿੱਘ ਚੜ੍ਹਦਾ 'ਯਖ਼' ਸਫ਼ਰ ਵਿਚ ਕਾਂਬਾ ਨਹੀਂ ਛਿੜਦਾ...

  • ਮੁੱਖ ਪੰਨਾ : ਕਾਵਿ ਰਚਨਾਵਾਂ, ਸਿਮਰਤ ਗਗਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ