Ik Masiha Hor : Bhushan Dhianpuri

ਇੱਕ ਮਸੀਹਾ ਹੋਰ : ਭੂਸ਼ਨ ਧਿਆਨਪੁਰੀ

ਜ਼ਿੰਦਗੀ ਦੇ ਯੋਰੋਸ਼ਲਮ ਵੱਲ : ਸ਼ਿਵ ਕੁਮਾਰ

(‘ਇੱਕ ਮਸੀਹਾ ਹੋਰ’ ਭੂਸ਼ਨ ਦੀ ਪਲੇਠੀ ਪੁਸਤਕ ਦਾ ਮੁਖਬੰਧ)

ਕਿਸੇ ਸ਼ਖ਼ਸ ਨੂੰ ਕਲਾਕਾਰ ਦੇ ਤੌਰ ‘ਤੇ ਲਿਖਤੀ ਰੂਪ ਵਿੱਚ ਸਾਹਿਤਕ ਜਗਤ ਨਾਲ ਪਰਿਚਿਤ ਕਰਵਾਉਣ ਵਰਗਾ ਅਹਿਮ ਕੰਮ ਮੈਂ ਅਜੇ ਤੱਕ ਆਪਣੇ ਜ਼ਿੰਮੇ ਨਹੀਂ ਸੀ ਲਿਆ । ਇਹ ਵਿਚੋਲਗੀ ਆਲੋਚਕਾਂ ਨੂੰ ਹੀ ਸੋਭਦੀ ਹੈ । ਮੇਰਾ ਦੁਖਾਂਤਕ ਪੱਖ ਸਮਝੋ ਕਿ ਮੈਂ ਪੰਜਾਬੀ ਮੁੱਖ ਬੰਧਕ ਆਲੋਚਨਾ ਨੂੰ ਇੱਕ-ਪੱਖੀ ਤੇ ਉਲਾਰੂ ਹੋਣ ਦੀ ਹੈਸੀਅਤ ਤੋਂ ਵੱਧ ਕਦੇ ਵੀ ਨਹੀਂ ਕਬੂਲਿਆ । ਪਰ ਅੱਜ ਜਦੋਂ ਕਿ ਮੈਂ ਭੂਸ਼ਨ ਧਿਆਨਪੁਰੀ ਦੀ ਪਲੇਠੀ ਕਾਵਿ-ਪੁਸਤਿਕਾ ਦੇ ਸੰਬੰਧ ਵਿੱਚ ਕੁਝ ਲਿਖਣ ਲਈ ਬੈਠਾ ਹਾਂ ਤਾਂ ਇਹ ਮਾਣ ਮਹਿਸੂਸ ਕਰ ਰਿਹਾਂ ਕਿ ਏਡੇ ਵਧੀਆ ਸ਼ਾਇਰ ਅਤੇ ਤੁਹਾਡੇ ਵਿਚਾਲੇ ਖੜ੍ਹਾ ਹੋਣ ਦਾ ਮੈਨੂੰ ਮੌਕਾ ਮਿਲਿਆ ਹੈ ।

ਅੱਜ ਪੰਜਾਬੀ-ਸਾਹਿਤ-ਖੇਤਰ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ । ਚੰਗੀ ਤੋਂ ਚੰਗੀ ਗੱਲ ਨੂੰ ‘ਪਰੰਪਰਾਤਮਕ’ ਕਹਿ ਕੇ ਨਿੰਦਿਆ ਜਾ ਰਿਹਾ ਹੈ ਅਤੇ ‘ਊਲ-ਜਲੂਲ’ ਨਾਲ ਕਈ ਕਈ ਵਾਦ ਤੇ ਵਿਸ਼ੇਸ਼ਣ ਜੋੜੇ ਜਾ ਰਹੇ ਹਨ । ਬਹੁਤ ਵਿਸ਼ੇਸ਼ਣ ਉਹਨਾਂ ਰਿਵਾਜੀ ਜਾਂ ਅਖਾਉਤੀ ਬੁੱਧੀਜੀਵੀਆਂ ਦੇ ਹੀ ਘੜੇ ਹੋਏ ਹੁੰਦੇ ਹਨ ਜਿਨ੍ਹਾਂ ਦੀਆਂ ਲੱਖ ਚਾਲਾਂ , ਚਲਾਕੀਆਂ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਵੀ ਪਾਠਕ ਲੋਕ ਉਹਨਾਂ ਨੂੰ ਨਹੀਂ ਕਬੂਲਦੇ । ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬੀ ਕਵਿਤਾ ਦਾ ਇਹਨਾਂ ਅਖਾਉਤੀ ਬੁੱਧੀਜੀਵੀਆਂ ਨੇ ਕਈ ਵਾਰੀ ਨਾਮ ਕਰਣ ਕੀਤਾ ਹੈ ਪਰ ਨਾ ਉਹ ਅਜਿਹੇ ਨਾਂ ਵਾਲੀ ਕਿਸੇ ਕਵਿਤਾ ਨੂੰ ਤੇ ਨਾ ਹੀ ਉਸ ਨਾਂ ਨੂੰ ਜੀਵਿਤ ਰੱਖਣ ਵਿੱਚ ਕਾਮਯਾਬ ਹੋਏ ਹਨ ਅਤੇ ਹੁਣ ਉਹਨਾਂ ਹੀ ਨਾਵਾਂ ਦੀਆਂ ਕਬਰਾਂ ਉੱਤੇ ਦਿਗੰਬਰ ਪੀੜ੍ਹੀ, ਭੁੱਖੀ ਪੀੜ੍ਹੀ, ਸ਼ਮਸ਼ਾਨਾਂ ਕਵਿਤਾ ਅਤੇ ਅ-ਕਵਿਤਾ ਆਦਿ ਦੇ ਖ਼ੁਤਬੇ ਲਾ ਰਹੇ ਹਨ ।

ਸੱਚੇ ਹੁਨਰ ਨੂੰ ਕਿਸੇ ਖ਼ੁਤਬੇ ਜਾਂ ਵਿਸ਼ੇਸ਼ਣ ਦੀ ਲੋੜ ਨਹੀਂ ਹੁੰਦੀ । ਵਿਸ਼ੇਸ਼ਣ ਜੰਮਦੇ ਤੇ ਮਰਦੇ ਰਹਿੰਦੇ ਹਨ । ਖ਼ੁਤਬੇ ਲੱਗਦੇ ਤੇ ਭੱਜਦੇ ਰਹਿੰਦੇ ਹਨ । ਪਰ ਸੁੱਚੀ ਕਲਾ ਮਨੁੱਖੀ ਮਨ ਦੀਆਂ ਔਝੜਾਂ ਗਾਹੁੰਦੀ ਇਕਸਾਰ ਚੱਲਦੀ ਹੋਈ ਇਕ ਸੇਧ ਪ੍ਰਦਾਨ ਕਰਦੀ ਹੈ । ਮਹਾਨ ਕਲਾ ਦੀ ਦੂਧੀਆ ਤੇ ਨਰੋਈ ਆਤਮਾ ਨੂੰ ਸਮੇਂ ਤੇ ਦੂਰੀ ਦੀ ਧੂੜ ਕਦੇ ਵੀ ਮੈਲਿਆਂ ਨਹੀਂ ਕਰ ਸਕਦੀ ।

ਕਲਾ ਮੇਰੇ ਲਈ ਸਿਰਫ਼ ਕਲਾ ਹੈ । ਪਰੰਪਰਾ ਅਤੇ ਆਧੁਨਿਕਤਾ ਵਰਗੇ ਸ਼ਬਦ-ਵਿਸ਼ੇਸ਼ਣ ਨਿਰ-ਅਰਥੇ ਹਨ । ‘ਇੱਕ ਮਸੀਹਾ ਹੋਰ’ ਦੀਆਂ ਕਵਿਤਾਵਾਂ ਦਾ ਲੇਖਕ ਅਜਿਹੇ ਵਕਤੀ ਅਤੇ ਰਿਵਾਜੀ ਜਹੇ ਵਿਸ਼ੇਸ਼ਣਾਂ ਤੋਂ ਆਜ਼ਾਦ ਹੈ । ਉਹਦੀ ਸ਼ੈਲੀ ਸੁਹਜ-ਆਤਮਕ ਚੇਤਨਤਾ ਗ੍ਰਹਿਣ ਕਰਦੀ ਹੈ ਅਤੇ ਪ੍ਰਚੱਲਤ ਕਾਵਿ-ਕੁਹਜ ਨੂੰ ਮੂਲੋਂ ਹੀ ਨਹੀਂ ਕਬੂਲਦੀ । ਇਸਦੀ ਕਲਮ ਵਿੱਚ ਇੱਕ ਤਿੱਖਾ ਵਿਦਰੋਹ ਹੈ ਪਰ ਉਹ ਵਿਦਰੋਹ ਅੱਜ ਦੀ ਅ-ਕਵਿਤਾ ਦੀ ਅਸ਼ਲੀਲਤਾ ਅਤੇ ਕਰੂਪਤਾ ਵਾਂਗ ਅਲਫ਼ ਨੰਗਾ ਨਹੀਂ ਸਗੋਂ ਇੱਕ ਮਹਿਕ-ਭਿੰਨੀ ਧੁੰਦ ਦੇ ਬਸਤਰ ਓਢੀ ਖੜਾ ਹੈ । ਇਹ ਅਰਧ-ਨਗਨਤਾ ਹੀ ਭੂਸ਼ਨ ਦੀ ਕਵਿਤਾ ਦਾ ਕਮਾਲ ਹੈ । ਇਹਦੀ ਪਰੰਪਰਾ-ਮਈ ਸੂਝ ਦੀ ਨਵ-ਵਰਤੋਂ ਪੁਰਾਤਨ ਹੁੰਦਿਆਂ ਹੋਇਆਂ ਵੀ ਲੱਖ ਨਵੀਨ ਵਿਸ਼ੇਸ਼ਣਾਂ ਤੋਂ ਨਵੀਨ ਹੈ । ਅਜਿਹੀ ਪੁਰਾਤਨਤਾ ਤੋਂ ਅਸੰਖ ਨਵੀਨਤਾਈਆਂ ਕੁਰਬਾਨ !

ਕਵਿਤਾਵਾਂ ਆ-ਮੁਹਾਰੀਆਂ, ਬਿਨਾ ਕਿਸੇ ਤਰੱਦਦ ਦੇ ਲਿਖੀਆਂ ਗਈਆਂ ਹਨ । ਕੋਈ ਬੋਝਲਤਾ ਮੈਨੂੰ ਕਿਤੇ ਨਹੀਂ ਦਿਸੀ । ਬੋਲੀ ਘਰਾਟੀ ਆਟੇ ਵਾਂਗ ਜੁੜਵੀਂ ਹੈ । ਇਹਦਾ ਆਪਣਾ ਸਵਾਦ ਹੈ । ਆਪਣੀ ਮਹਿਕ ਹੈ । ਆਪਣਾ ਰੂਪ ਹੈ । ਖ਼ਿਆਲ ਅਤੇ ਪ੍ਰਗਟਾਵੇ ਦੀ ਮੌਲਿਕਤਾ ਪਾਠਕ ਦੀ ਸੋਚ ਨੂੰ ਕੀਲ ਲੈਂਦੀ ਹੈ । ਯੁੱਗ ਦੇ ਹਾਣ ਦੀਆਂ ਇਹ ਕਵਿਤਾਵਾਂ ਹਰ ਦਾਦ ਦੇ ਕਾਬਲ ਹਨ । ਲੇਖਕ ਕੋਲ ਅਨੁਭਵ ਹੈ , ਜਜ਼ਬਾ ਹੈ , ਸ਼ਿੱਦਤ ਹੈ , ਸ਼ੈਲੀ ਹੈ , ਸ਼ੌਕ ਹੈ ।

ਭੂਸ਼ਨ ਦੀ ਕਲਮ ਇੱਕ ਖ਼ਾਸ ਲੈਅ ਤੇ ਤਾਲ ਦੀ ਪਗਡੰਡੀ ਬਣਾ ਕੇ ਤੁਰਦੀ ਹੈ । ਜਜ਼ਬਿਆਂ ਦਾ ਏਡਾ ਤੀਖਣ ਵਹਾ ਅਤੇ ਸਵੈ-ਨਿਰਮਿਤ ਨਿਯਮਾਂ ਦੀ ਸੁਯੋਗ ਪਾਲਣਾ ਪਾਰਖੂ ਤੇ ਸੁਹਿਰਦ ਮਨ ਨੂੰ ਹਲੂਣ ਜਾਂਦੇ ਹਨ ।

ਭਟਕਨਾ ਜ਼ਿੰਦਗੀ ਹੈ ਅਤੇ ਠਹਿਰਾਅ ਮੌਤ । ਸ਼ਾਇਰ ਦੀ ਭਟਕਨਾ ਹਰ ਮੰਜ਼ਿਲ ਨੂੰ ਪੜਾਅ ਆਖ ਕੇ ਨਿਰੰਤਰ ਗਤੀਮਾਨ ਰਹਿੰਦੀ ਹੈ । ਭੂਸ਼ਨ ਦੀ ਭਟਕਨਾ ਤੰਦਰੁਸਤ ਹੈ ।

ਭੂਸ਼ਨ ਤੁਰਦਾ ਬਹੁਤ ਤੇਜ਼ ਹੈ ਪਰ ਲਿਖਦੈ ਬਹੁਤ ਹੌਲੀ । ਪੜ੍ਹਦਾ ਬਹੁਤ ਹੈ । ਜ਼ਹੀਨ ਮੁੰਡਾ ਹੈ । ਇਸਦੀ ਯਾਦ-ਸ਼ਕਤੀ ਤੇ ਤਾਂ ਰਸ਼ਕ ਵੀ ਕਰਨ ਨੂੰ ਜੀਅ ਕਰਦਾ ਹੈ । ਇੱਕ ਵਧੀਆ ਇਨਸਾਨ, ਵਧੀਆ ਮਿੱਤਰ ਅਤੇ ਵਧੀਆ ਸ਼ਾਇਰ ਦਾ ਸੁਮੇਲ ਹੈ ਭੂਸ਼ਨ ਧਿਆਨਪੁਰੀ । ਪੁਰਾਣੇ ਰਸਮਾਂ ਰਿਵਾਜਾਂ ਅਤੇ ਫ਼ਜ਼ੂਲ ਦੇ ਬੰਧਨਾਂ ਨੂੰ ਇਹਦੀ ਜਵਾਨ ਕਲਮ ਨਕਾਰਦੀ ਹੈ । ਥੋਥੀ ਤੇ ਬੋਦੀ ਸੱਭਿਅਤਾ ਤੋਂ ਇਹ ਬਾਗ਼ੀ ਹੈ । ਇਹਦਾ ਹਰ ਸ਼ਬਦ ਅੰਦੋਲਨਸ਼ੀਲ ਹੈ । ਹਜ਼ਾਰ ਸੰਸਿਆਂ , ਸਹਿਮਾਂ ਅਤੇ ਸੀਮਾਵਾਂ ਦੇ ਬਾਵਜੂਦ ਵੀ ਇਸਦਾ ਦ੍ਰਿੜ ਵਿਸ਼ਵਾਸ ਹੈ :

“ਇੱਕ ਸੂਲੀ ਹੋਰ ਵਿਯੋਗਣ ਹੈ,
ਇੱਕ ਹੋਰ ਮਸੀਹਾ ਜਾਗੇਗਾ ।“

ਅਤੇ ਮੇਰਾ ਵਿਸ਼ਵਾਸ ਹੈ ਕਿ ਭੂਸ਼ਨ ਆਪਣੇ ਵਿਚਲੀ ਸੇਧ ਮਰਨ ਨਹੀਂ ਦੇਵੇਗਾ । ਉਹ ਰੌਲ-ਘਚੌਲੇ ਅਤੇ ਊਲ-ਜਲੂਲ ਤੋਂ ਲਾਂਭੇ ਰਹਿ ਕੇ ਨਿੱਗਰ ਉਸਾਰੀ ਵਿੱਚ ਜੁੱਟਿਆ ਰਹੇਗਾ । ਸੱਚੇ ਹੁਨਰ ਤੋਂ ਮੂੰਹ ਨਹੀਂ ਮੋੜੇਗਾ । ਵਿਰੋਧਤਾਵਾਂ ਤੋਂ ਨਿਰਾਸ਼ ਨਹੀਂ ਹੋਵੇਗਾ ਅਤੇ ਪੰਜਾਬੀ ਸ਼ਾਇਰੀ ਦਾ ਇਹ ਮਸੀਹਾ ਆਪਣੇ ਹਿੱਸੇ ਦੀ ਸਲੀਬ ਚੁੱਕ ਕੇ ਬਾਕੀ ਮਸੀਹਿਆਂ ਦੇ ਨਾਲ ਪੂਰੀ ਮਹਾਨਤਾ ਦੇ ਮੇਚ ਹੋ ਕੇ ਜ਼ਿੰਦਗੀ ਦੇ ਯੋਰੋਸ਼ਲਮ ਵੱਲ ਵਧਦਾ ਜਾਏਗਾ ।

ਸ਼ਿਵ ਕੁਮਾਰ
(ਬਟਾਲਵੀ)
ਚੰਡੀਗੜ੍ਹ
ਫ਼ਰਵਰੀ 6, 1970


ਇਕ ਹੋਰ ਮਸੀਹਾ

ਅੱਜ ਫਿਰ ਉਹ ਦੁਸ਼ਮਣ ਨਹੀਂ ਆਇਆ ਅੱਜ ਫਿਰ ਬੇ-ਸਬਰ ਪਿਆਲਾ ਹੈ । ਇਹ ਸੂਰਜ ਵੀ ਕੀ ਸੂਰਜ ਹੈ- ਇਸਦਾ ਵੀ ਚਿਹਰਾ ਕਾਲਾ ਹੈ । ਮੈਂ ਵੀ ਤਾਂ ਏਥੇ ਰਹਿਣਾ ਹੈ- ਮੈਂ ਵੀ ਤਾਂ ਕੁਝ ਦਿਨ ਜੀਣਾ ਹੈ- ਕਿਸ ਕਾਰਨ ਤੇਰੇ ਆਖੇ ਵਿੱਚ ਧਰਤੀ ਤੋਂ ਧਾਗੇ ਖੋਲ੍ਹ ਦਿਆਂ ? ਤੂੰ ਬਹੁਤਾ ਪੁੱਛ ਕੇ ਕੀ ਲੈਣੈ ? ਮੈਂ ਇਕ ਬੇ-ਗ਼ਰਜ਼ਾ ਬੰਦਾ ਹਾਂ- ਜੋ ਦਿਲ ਆਵੇ ਸੋ ਕਰਦਾ ਹਾਂ ਜੋ ਮੂੰਹ ਆਵੇ ਸੋ ਬੋਲ ਦਿਆਂ । ਜਦ ਕਦਮਾਂ ਦੀ ਨਾਂਹ ਹੋ ਜਾਵੇ ਜਦ ਜਿਸਮ ਨਕਾਰਾ ਰਹਿ ਜਾਵੇ ਜੀਅ ਕਰਦੈ ਆਪਣੀ ਲਾਸ਼ ਜਹੀ ਗੀਤਾਂ ਦੀ ਨੈਂ ਵਿੱਚ ਰੋੜ੍ਹ ਦਿਆਂ । ਈਕਣ ਪਰ ਕਿਹੜਾ ਮਰਨ ਦਵੇ ਵਹੀਆਂ ਤੇ ਖਾਤੇ ਘੂਰ ਰਹੇ - ਅਗਿਆਤੀ ਥੀਵਣ ਤੋਂ ਪਹਿਲਾਂ ਚੰਗਾ ਹੈ ਕਰਜ਼ੇ ਮੋੜ ਦਿਆਂ । ਮੈਂ ਸ਼ਬਦਾਂ ਦੇ ਘਰ ਜਾਇਆ ਹਾਂ ਮੈਂ ਹਰਫ਼ਾਂ ਦਾ ਹਮਸਾਇਆ ਹਾਂ ਮੇਰੇ ਬੱਚਿਉ ! ਜੇ ਹੁਕਮ ਕਰੋ ਕੁਝ ਸ਼ਿਅਰ ਤੁਸਾਂ ਲਈ ਜੋੜ ਦਿਆਂ? ਉਮਰਾਂ ਦਾ ਹਾਣੀ ਇਕ ਲਮਹਾ ਮੇਰੇ ਵੱਲ ਤੁਰਿਆ ਆਉਂਦਾ ਏ ਮੈਂ ਜ਼ਖ਼ਮ ਕਬੂਲਣ ਤੋਂ ਪਹਿਲਾਂ ਕੁਝ ਪੁਸ਼ਪ ਤੁਹਾਨੂੰ ਤੋੜ ਦਿਆਂ ? ਸਭ ਜੰਤਰ ਮੰਤਰ ਤੰਤਰ ਇਹ ਹੁਣ ਦਿਨ ਦੀਵੀਂ ਸਉਂ ਜਾਣੇ ਨੇ ਆਦਮਖ਼ੋਰਾਂ ਨੂੰ ਆਖ ਦਿਓ ਕ੍ਰਾਂਤੀ ਦਾ ਚਲੀਹਾ ਜਾਗੇਗਾ । ਇਸ਼ਕੇ ਦੀ ਬੰਜਰ ਧਰਤੀ ‘ਤੇ ਤਦ ਹੁਸਨ ਮੁਸਲਸਲ ਬਰਸੇਗਾ ਇੱਕ ਸੂਲੀ ਹੋਰ ਵਿਯੋਗਣ ਹੈ ਇੱਕ ਹੋਰ ਮਸੀਹਾ ਜਾਗੇਗਾ ।।

ਹੁਨਰ-ਗ਼ਜ਼ਲ

ਜ਼ਿੰਦਗੀ ਦੀ ਰਾਹ ਦੁਸ਼ਵਾਰ ਤਾਂ ਹੈ ਮਗਰ , ਧੋਖਾ ਪੈਰਾਂ ਨੂੰ ਦੇ ਕੇ ਗੁਜ਼ਰ ਜਾਵਾਂਗਾ । ਜਾਨ ਜਦ ਤੀਕ ਹੈ ਗੋਤੇ ਖਾ ਲੈਣ ਦਿਹ , ਮੌਤ ਆਵੇਗੀ ਆਪੇ ਹੀ ਤਰ ਜਾਵਾਂਗਾ । ਤੇਰਾ ਇਲਜ਼ਾਮ ਹੈ ਮੇਰੀ ਤਸਲੀਮ ਹੈ - ਇਹ ਨਾ ਸਮਝੀਂ ਕਿ ਰੱਦੇ ਅਮਲ ਕੁਛ ਨਹੀਂ , ਖ਼ੂਨ ਦੇ ਹੰਝੂ ਕੇਰੇਂਗੀ ਸਾਰੀ ਉਮਰ - ਪਾਰ ਖ਼ੰਜਰ ਦੇ ਦਿਲ ਤੋਂ ਉਤਰ ਜਾਵਾਂਗਾ । ਬਣਕੇ ਮੂਰਤ ਮੈਂ ਮੂਰਤ ਸਦਾ ਵੇਖਨਾਂ , ਇਹ ਹੁਨਰ ਹੈ ਹੁਨਰ ‘ਚੋਂ ਮਜ਼ਾ ਲੈਣ ਦਾ - ਓਸ ਮੂਰਤ ਦੀ ਸ਼ਾਇਦ ਨਜ਼ਰ ਨਾ ਚੜ੍ਹਾਂ , ਬਣਕੇ ਮੂਰਤ ਮੈਂ ਜਿਸਦੀ ਨਜ਼ਰ ਜਾਵਾਂਗਾ । ਭਟਕਦਾ ਹਾਂ ਕਿਸੇ ਚੀਜ਼ ਦੇ ਵਾਸਤੇ , ਭਟਕਣਾ ਆਪ ਵੀ ਤਾਂ ਕੋਈ ਚੀਜ਼ ਹੈ - ਔਸ ਪੱਥਰ ਤਲਕ ਤੂੰ ਮਿਰਾ ਸਾਥ ਕਰ , ਬਾਕੀ ਪੈਂਡਾ ਤੇਰੇ ਨਾਮ ਕਰ ਜਾਵਾਂਗਾ । ਤੇਰੀ ਮਰਜ਼ੀ ਹੈ ਓ ਵਕਤ ਦੇ ਹਾਕਮਾਂ , ਥਾਂ ਨਹੀਂ ਦੇ ਰਿਹਾ ਤੂੰ ਕਬਰ ਵਾਸਤੇ - ਸੋਚ ਉਦੋਂ ਬਣੇਗਾ ਕੀ ਤੇਰਾ ? ਜਦੋਂ , ਸਾਰੀ ਧਰਤੀ ‘ਤੇ ਮੈਂ ਹੀ ਪਸਰ ਜਾਵਾਂਗਾ ।।

ਕਲੀਆਂ ਘਰ ਮਾਤਮ

ਬਾਗ਼ ਮੇਰੇ ਦੀ ਜੂਹ ਵਿੱਚ ਕੋਈ; ਜ਼ਹਿਰੀ ਅੱਖਰ ਘੋਲ ਗਿਆ ਏ । ਰੋ ਰੋ ਮਿਲਦੀ ਟਾਹਣੀ ਟਾਹਣੀ; ਪੱਤਾ ਪੱਤਾ ਡੋਲ ਗਿਆ ਏ । ਰਾਤ-ਬ-ਰਾਤੇ ਆ ਕੇ,ਕਿਹੜਾ- ਮਾਲੀ ਦਾ ਘਰ ਫੋਲ ਗਿਆ ਏ ? ਤਿਤਲੀ ਚੀਕੀ, ਭੌਰਾ ਰੋਇਆ, ਕਦ? ਕਿਸ ਨੇ? ਕਿਸ ਤੋਂ? ਕੀ? ਖੋਹਿਆ?? ਹਰਿਆਵਲ ‘ਤੇ ਹੂੰਝਾ ਫਿਰਿਆ , ਬੂਰ ਵਿਚਾਰਾ ਕੱਚਾ ਕਿਰਿਆ , ਜ਼ੱਰਾ ਜ਼ੱਰਾ ਸੋਗੀ ਹੋਇਆ - ਮੌਸਮ ਦਾ ਸਿਰ, ਫਿਰਿਆ ਫਿਰਿਆ । ਧਰਤੀ ਨੇ ਸਿਰ ਰਾਖ਼ ਰਮਾਈ , ਅਸਮਾਨਾਂ ਨੂੰ ਗੱਲ ਨਾ ਆਈ । ਅਕਲਾਂ ਛਿੱਥੀਆਂ ਹੋ ਹੋ ਮੁੜੀਆਂ - ਚਹੁੰ ਕੂਟਾਂ ਤੇ ਫਿਰੀ ਸਿਆਹੀ । ਮੇਰੇ ਚਮਨ! ਕਹਾਂ ਮੈਂ ਕੀਕਣ- ਜੋ ਹਾਲਤ ਅੱਜ ਤੇਰੀ ਹੋਈ । ਸੂਰਜ ਦੇ ਵਿਹੜੇ ਦੇ ਅੰਦਰ, ਲੋਕੋ, ਰਾਤ ਹਨੇਰੀ ਹੋਈ । ਕਾਦਰ ਦੇ ਨੈਣਾਂ ਦੇ ਸਾਹਵੇਂ , ਕੇਡੀ ਹੇਰਾ-ਫੇਰੀ ਹੋਈ ? ਜੀਵਨ ਦੇ ਰਾਹਾਂ ਦੇ ਅੰਦਰ, ਕਿਸ ਨੇ ਮੌਤ ਖਲੇਰੀ ਹੋਈ? ‘ਬਾਗ਼ਾਂ ਨਾਲ ਬਥੇਰੀ ਹੋਈ’ , ਹਰ ਆਸ਼ਾ ਢਹਿ ਢੇਰੀ ਹੋਈ । ਪਰ, ਇਹ ਘੜੀਆਂ ਕਹਿ ਰਹੀਆਂ ਨੇ- ਕਿ ਅੱਜ ਯਾਦ ਲੰਮੇਰੀ ਹੋਈ । ਕਿ ਤਾਰੀਖ ਵਡੇਰੀ ਹੋਈ । ਹਰ ਸਿਰ ਝੁਕਿਆ, ਹਰ ਗਲ ਭਰਿਆ, ਹਰ ਅੱਖੀ ਵਿੱਚ ਅੱਥਰ ਭਰਿਆ , ਅੱਜ ਕਲੀਆਂ ਘਰ ਮਾਤਮ ਹੋਇਆ, ਅੱਜ ਇਕ ‘ਚੰਬੇ ਦਾ ਫੁਲ’ ਮਰਿਆ । ਇਸ ਧਰਤੀ ਦੇ ਬਾਗ਼ਾਂ ਅੰਦਰ, ਇਕ ਇਕ ਚੰਬਾ ਰੋਜ਼ ਮਰੇਗਾ। ਜਦ ਤੀਕਰ ਸੱਯਾਦਾਂ ਦਾ ਦਿਲ, ਲਹੂਆਂ ਦੇ ਸੰਗ ਨਹੀਂ ਭਰੇਗਾ ।।

ਜਨਮ ਦਿਨ / ਕੁਝ ਹਾਦਸੇ

ਉਮਰ ਦੇ ਚਿਹਰੇ ‘ਤੇ ਅੱਜ ਆਸਾਰ ਨੇ ਕੁਝ ਇਸ ਤਰ੍ਹਾਂ ਦੇ ਜਿਗਰ ਦਾ ਟੁਕੜਾ ਜਿਵੇਂ ਦਫ਼ਨਾ ਕੇ ਪਰਤੀ ਹੈ ਹੁਣੇ । ਜਿੰਦ ਦੀ ਨਿਰਜਿੰਦ ਰੂਹ ਜਿਉਂ ਮੌਤ ਦੇ ਦਰ ਲੋਹ-ਜੜੇ ਨੂੰ ਇਕ ਵਾਰੀ ਫੇਰ ਅੱਜ ਖੜਕਾ ਕੇ ਪਰਤੀ ਹੈ ਹੁਣੇ । ਜਾਂ ਕੋਈ ਗਰਭਣ ਮਿਰਗਣੀ ਤੀਰ ਖਾ ਕੇ ਘੁੜ-ਚੜੇ ਤੋਂ ਇੰਜ ਅ-ਜਨਮੀ ਜ਼ਾਤ ਸੰਗ ਗਸ਼ ਖਾ ਕੇ ਪਰਤੀ ਹੈ ਹੁਣੇ । ਜਾਂ ਕੋਈ ਗੂੰਗੀ ਹੁਸੀਨਾ ਹੱਥ ਆ ਗਈ ਗੁੰਡਿਆਂ ਦੇ ਪਾਕ ਆਪਣਾ ਨਾਰੀਤਵ ਲੁਟਵਾ ਕੇ ਪਰਤੀ ਹੈ ਹੁਣੇ । ਬਾਲ ਵਿਧਵਾ ‘ਤੇ ਜਿਵੇਂ ਅਣਗਿਣਤ ਅੱਖਾਂ ਹੋਣ ਟਿਕੀਆਂ ਘੁੱਟ ਕੇ ਆਪੇ ਨੂੰ ਉਹ ਸ਼ਰਮਾ ਕੇ ਪਰਤੀ ਹੈ ਹੁਣੇ । ਜਿਉਂ ਕਿਸੇ ਜੋਗਣ ਨੂੰ ਧਾ ਕੇ ਜੋਗ ਮੰਡਲੀ ਪੈ ਗਈ ਏ ਆਪਣੇ ਤਨ ਤੋਂ ਉਹ ਭਗਵਾ ਲਾਹ ਕੇ ਪਰਤੀ ਹੈ ਹੁਣੇ । ਹੈ ਕੇਹਾ ਅੱਜ ਦਾ ਦਿਹਾੜਾ ਪੀੜ ਏਨੀ ਵੱਧ ਗਈ ਏ ਮਰ ਗਈ ਜਿਓਂ ਹੱਦ ਨੂੰ ਹੱਥ ਲਾ ਕੇ ਪਰਤੀ ਹੈ ਹੁਣੇ । ਪ੍ਰੀਤ ਦੇ ਢਾਰੇ ‘ਤੇ ਜਿਓਂ ਨਫ਼ਰਤ ਦੀ ਬਾਰਿਸ਼ ਹੋ ਰਹੀ ਏ ਲਾਰਿਆਂ ਦੇ ਥੰਮ੍ਹ ਜੋ ਥਿੜਕਾ ਕੇ ਪਰਤੀ ਹੈ ਹੁਣੇ । ਬਹੁ-ਮੁਖੀ ਜਹੀ ਯਾਦ ਉਸਦੀ ਫੇਰ ਕਿਤਿਓਂ ਆਣ ਟਪਕੀ ਮੇਰੇ ਹਿੱਸੇ ਦਾ ਸਮਾਂ ਵੀ ਖਾ ਕੇ ਪਰਤੀ ਹੈ ਹੁਣੇ । ਇਹ ਹਨੇਰੀ ਅੱਜ ਮੁੜਕੇ ਸੜ-ਬੁਝੇ ਸੁਪਨੇ ਭਖਾ ਗਈ ਮਾਰ ਪੱਲਾ ਅੱਗ ਨੂੰ ਭੜਕਾ ਕੇ ਪਰਤੀ ਹੈ ਹੁਣੇ । ਹੱਸਦੀ ਦੁਨੀਆ ਭਲੇ ਸੀ ਹਾਲ ਮੇਰਾ ਵੇਖਕੇ ਪਰ ਅੱਜ ਡਿੱਠੈ ਆਪ ਉਹ ਮੁਸਕਾ ਕੇ ਪਰਤੀ ਹੈ ਹੁਣੇ ।।

ਮੌਤ ਦਾ ਤਹਿਵਾਰ

ਐ ਅਗਨ ! ਐ ਗਗਨ !! ਪਾਣੀ !!! ਐ ਹਵਾ !!!! ਮੈਂ ਜਾ ਰਹਿਆਂ । ਐ ਮੇਰੀ ਮਿੱਟੀ !! ਲੈ ਮੇਰੀ ਅਲਵਿਦਾ —- ਮੈਂ ਜਾ ਰਹਿਆਂ ।। ਰੌਸ਼ਨੀ ਰੋਕੋ ਨਾ , ‘ਕੱਠੇ ਇੰਜ ਹੋਵੋ ਦੋਸਤੋ ! ਵਕਤ ਥੋੜ੍ਹਾ ਹੈ, ਸੁਣੋ, ਐਵੇਂ ਨਾ ਰੋਵੋ ਦੋਸਤੋ ! ਹਾਂ, ਮੇਰੇ ਖ਼ਾਬਾਂ ਦੇ ਕਾਤਲ ਨੂੰ ਜ਼ਰਾ ਬੁਲਵਾ ਦਿਓ । ਮਾਤਮੀ ਇੱਕ ਤਾਰ ਮੇਰੇ ਘਰਦਿਆਂ ਨੂੰ ਪਾ ਦਿਓ । ਆਖ ਦੇਵੋ ਕਿ ਪੜੋਸੀ ਦੇ ਪ੍ਰਾਹੁਣੇ ਸੌਣ ਨਾ । ਭੇਜ ਦੇਵੋ ਔਰਤਾਂ ਨੂੰ ਕਿ ਸਿਆਪਾ ਪਾਉਣ ਨਾ । ਬੇ-ਰਹਿਮ, ਜ਼ਾਲਮ ਕਬੂਤਰ ਬਿੱਲੀਆਂ ਨੂੰ ਕੋਹ ਰਹਿਐ। ਵੇਖ ਕੇ ਸੂਰਜ ਨੂੰ ਵੇਖੋ ਕਿਉਂ ਕਤੂਰਾ ਰੋ ਰਹਿਐ । ਇਹ ਹਰਾਮੀ ਮੀਰਜ਼ਾਦਾ ਕਿਉਂ ਧਿੰਗਾਣੇ ਹੈ ਖੜ੍ਹਾ ? ਜਾਨ ‘ਤੇ ਕਿਉਂ ਨਾ ਬਣੇ ਪੰਡਿਤ ਸਿਰ੍ਹਾਣੇ ਹੈ ਖੜ੍ਹਾ । ਆਖ਼ਰੀ ਘੜੀਆਂ ਨੇ ਹੁਣ ਤਾਂ ਹੱਸਦੇ ਚਿਹਰੀਂ ਦਿਖੋ । ਮੈਂ ਲਿਖਾਉਂਦਾ ਹਾਂ, ਹਰਫ਼ ਦੋ ਹੋਣ ਵਾਲੀ ਨੂੰ ਲਿਖੋ । “ਨਾ ਰਹਿਆ ਜੇ ਕੁਆਰ ਦਾ ਮਾਲਕ, ਸਬਰ ਤੂੰ ਕਰ ਲਵੀਂ। ਪਰ, ਕਿਤੇ ਨਾ ਪਿਆਰ ਦੇ ਮਾਲਕ ਦਾ ਘੁੱਟ ਤੂੰ ਭਰ ਲਵੀਂ ।” ਯਾਦ ਆਉਂਦਾ ਹੈ ਕੋਈ, ਜਾਓ ਮੈਂ ਦੋ ਪਲ ਰੋ ਲਵਾਂ । ਕਿ ਬੇਹੋਸ਼ੀ ਤੋਂ ਜ਼ਰਾ ਪਹਿਲਾਂ ਮੈਂ ਪਾਗ਼ਲ ਹੋ ਲਵਾਂ । ਕਲਪਨਾ ਦੇ ਹਰ ਕਿਲ੍ਹੇ ਵਿੱਚ ਕਾਤਲਾਂ ਦਾ ਜ਼ਿਕਰ ਹੈ । ਦੋਸਤਾਂ ਤੋਂ ਵੱਧ ਮੈਨੂੰ ਦੁਸ਼ਮਣਾਂ ਦਾ ਫ਼ਿਕਰ ਹੈ । ਬਾਲਿਓ ਨਾ ਦੀਪ ਤੇ ਵੱਟੀ ਬਣਾਇਓ ਨਾ ਅਜੇ । ਨਾ, ਮੇਰੇ ਬੁੱਲ੍ਹਾਂ ਨੂੰ ਗੰਗਾ-ਜਲ ਛੁਹਾਇਓ ਨਾ ਅਜੇ । ਇਹ ਵੀ ਹੋ ਸਕਦੈ ਘੜੀ ਦੋ ਹੋਰ ਦੁਸ਼ਮਣ ਆਏ ਨਾ । ਖ਼ੂਨ ਮੇਰਾ ਸਾਂਭ ਲਓ ਪਾਣੀ ਕਿਤੇ ਹੋ ਜਾਏ ਨਾ । ਮੌਤ ਮੇਰੀ ਦੀ ਕਿਤੇ ਉਸਨੂੰ ਨਿਰਾਸ਼ਾ ਨਾ ਰਹੇ । ਮੌਤ ਦੇ ਤਹਿਵਾਰ ‘ਤੇ ਕਾਤਲ ਪਿਆਸਾ ਨਾ ਰਹੇ । ਆ ਗਿਆ ਹੈਂ ਵਕਤ ਸਿਰ? ਲੈ, ਆਖ਼ਰੀ ਅੱਜ ਪਿਆਰ ਲੈ । ਅੱਜ ਤੂੰ ਪੀਲੇ ਲਹੂ ਦੇ ਨਾਲ ਹੀ ਕੰਮ ਸਾਰ ਲੈ । ਜੀਣ ਵਾਲਾ, ਜੇ ਕੋਈ ਚਾਹੇ ਨਸੀਹਤ ਲੈ ਲਵੇ । ਜਾਣ ਵਾਲੇ ਦਾ ਕੋਈ ਹੋਵੇ ਵਸੀਹਤ ਲੈ ਲਵੇ । ਹੁਣ ਤਾਂ ਮੇਰੀ ਜੀਭ ਦੇ ਉੱਤੇ ਗ਼ਮਾਂ ਦਾ ਸ਼ੋਰ ਹੈ । ਇੱਕ ਪਾਸੇ ਤੂੰ ਹੈਂ ਤੇ ਦੂਜੇ ਜਮਾਂ ਦਾ ਜ਼ੋਰ ਹੈ । ਖ਼ੂਨ ਪੀ ਕੇ ਦੋਸਤਾਂ ਨੂੰ ਲਾਸ਼ ਵਾਪਸ ਕਰ ਦਈਂ । ਆਹ ਲੈ ‘ਭੂਸ਼ਨ’ ਉਸ ਕੁੜੀ ਨੂੰ ਤਾਸ਼ ਵਾਪਸ ਕਰ ਦਈਂ ।।

ਕਤਲ-ਏ-ਆਮ

ਇੱਕ ਫ਼ਿਕਰਾ ਅਖ਼ਬਾਰ ਹੋ ਗਿਆ ਕਾਤਲ ਫੇਰ ਫ਼ਰਾਰ ਹੋ ਗਿਆ ਹਿਜਰਾਂ ਖ਼ੁਦਕਸ਼ੀਆਂ ਕਰ ਲਈਆਂ ਰਾਤਾਂ ਦਾ ਨਾਂ ਵਸਲ ਹੋ ਗਿਆ ਹੁਣੇ ਹੁਣੇ ਅਫ਼ਵਾਹ ਉੱਡੀ ਹੈ ‘ਅੱਜ ਚਿੱਟਾ ਦਿਨ ਕਤਲ ਹੋ ਗਿਆ’ ਸੂਰਜ ਦਵੇ ਠੀਕਰੀ ਪਹਿਰਾ ਫਿਰ ਚਿੱਟੇ ਦਿਨ ਕਤਲ ਹੋ ਗਿਆ? ਇਸ਼ਤਿਹਾਰ ਇੱਕ ਛਪਦਾ ਤੱਕਿਐ ਇਨਸਾਨਾਂ ਦੀ ਮੰਡੀ ਹੈ ਕੱਲ੍ਹ ਪਾਰ ਲਕੀਰੋਂ ਜੋ ਆਏ ਨੇ ਖ਼ਬਰ ਉਨ੍ਹਾਂ ਨੇ ਵੰਡੀ ਹੈ ਕੱਲ੍ਹ ਇਕ ਕਤਲ ਇੱਕ ਦਸ ਦੀ ਪਰਚੀ ਇੱਕ ਡੰਗ ਦਾ ਚਾਰਾ ਨਹੀਂ ਹੈ - ਬੰਨ੍ਹ ਲਵੋ ਸਾਮਾਨ ਸਾਥੀਓ ! ਏਥੇ ਹੋਰ ਗੁਜ਼ਾਰਾ ਨਹੀਂ ਹੈ . ਤੋਲ ਤੋਲ ਇਨਸਾਨ ਵਿਕਣਗੇ ਦੇਹੀਆਂ ਦੀ ਹੋਸੀ ਨੀਲਾਮੀ ਜ਼ਿੰਦਾ/ਮੁਰਦਾ ਮਾਸ ਮਿਲੇਗਾ ਏਸ ਮੁਹੱਲੇ ਵਿੱਚ ਕੱਲ੍ਹ ਸ਼ਾਮੀਂ ‘ਕਤਲ’ ਲਫ਼ਜ਼ ਤੋਂ ਕਿਉਂ ਡਰਦੇ ਹੋ? ‘ਕਤਲ’ ਲਫ਼ਜ਼ ਹੁਣ ਆਮ ਹੋਇਗਾ, ਬਦਬੂ-ਭਰੀ ਫਿਜ਼ਾ ਦੇ ਅੰਦਰ ਕੱਲ੍ਹ ਨੂੰ ਕਤਲ-ਏ-ਆਮ ਹੋਇਗਾ ...!

ਬੇਹੋਸ਼ੀ ਤੋਂ ਜਾਗੀ ਨਾ ਸੀ

ਬੇਹੋਸ਼ੀ ਤੋਂ ਜਾਗੀ ਨਾ ਸੀ ਜਿਸ ਤਤੜੀ ਨੇ ਮਰ ਕੇ ਜਾਇਆ , ਅੰਮੜੀ ਤੇਰਾ ਮੂੰਹ ਨਾ ਤੱਕਿਆ ਤੂ ਦੁਧੀਆਂ ਨੂੰ ਮੂੰਹ ਨਾ ਲਾਇਆ , ਤੈਨੂੰ ਇਹ ਦੁਨੀਆਂ ਨਾ ਭਾਈ ਜਾਂ ਤੂੰ ਨਾ ਦੁਨੀਆਂ ਨੂੰ ਭਾਇਆ , ਤੇਰੇ ਬਾਬਲ ਤੈਨੂੰ ਮੁੜਕੇ ਪੇਟ ਜਹੇ ਭੋਰੇ ਵਿਚ ਪਾਇਆ । ਤੂੰ ਕੀ ਜਾਣੇ ਮਾਂ ਦੀ ਮਮਤਾ ਤੂੰ ਬਾਬਲ ਦੀ ਪ੍ਰੀਤੋਂ ਊਣਾ , ਤੂੰ ਕੀ ਜਾਣੇ ਆਜ਼ਾਦੀ ਨੂੰ ਤੂੰ ਨਾ ਹੋਇਉਂ ਬੰਧ-ਵਿਹੂਣਾ , ਤੂੰ ਕੀ ਜਾਣੇ ਇਸ਼ਕ ਦੇ ਕਿੱਸੇ ਤੂੰ ਕੀ ਹੁਸਨਾਂ ਸਾਹਵੇਂ ਕੂਣਾ , ਤੂੰ ਕੀ ਜਾਣੇ ਕਿਹੜੀ ਇੱਛਰਾਂ ਤੂੰ ਕੀ ਜਾਣੇ ਕਿਹੜੀ ਲੂਣਾ ? ਇਕ ਕੁੜੀ ਚੰਬੇ ਦੀ ਅੜਿਆ! ਤੇਰੇ ਬਾਬਲ ਦੀ ਘਰ ਵਾਲੀ , ਤੇਰੇ ਵਾਕਣ ਓਸ ਕੁੜੀ ਨੂੰ ਜਾਪੇ ਜਗਤ ਨਿਆਂ ਤੋਂ ਖਾਲੀ, ਤੇਰਾ ਬਾਬਲ ਓਸ ਕੁੜੀ ਦੇ ਬਾਬਲ ਵਾਕਣ ਦਏ ਵਿਖਾਲੀ, ਤੈਨੂੰ ਪੰਗੂ ਕਰ ਕੇ ਧਰ ਗਈ ਉਸ ਅਗਨੀ ਦੀ ਚਾਲ ਕੁਚਾਲੀ। ਹੱਥ ਵਢਾ ਕੇ ਤੂੰ ਇਹ ਜਾਤਾ ਇਹ ਮਾਵਾਂ ਦੀ ਪ੍ਰੀਤ ਹੋਏਗੀ , ਤੂੰ ਜਾਤਾ ਸਲਵਾਨ ਜਹੀ ਹੀ ਹਰ ਬਾਬਲ ਦੀ ਨੀਤ ਹੋਏਗੀ , ਭੋਰੇ ਵਾਕਣ ਖੂਹ ਵੀ ਖ਼ਬਰੇ ਇਸ ਦੁਨੀਆਂ ਦੀ ਰੀਤ ਹੋਏਗੀ, ਪੇਟ ਅਤੇ ਭੋਰੇ ਦੇ ਵਾਕਣ ਇਹ ਵੀ ਅਉਧ ਬਤੀਤ ਹੋਏਗੀ। ਸੁਣ ਵੇ ਮੇਰੇ ਭੋਲੇ ਪੂਰਨ! ਸੁਣ ਮੇਰੇ ਖ਼ਾਬਾਂ ਦੇ ਹਾਣੀ , ਮੇਰੇ ਸੁਪਨੇ ਅੰਗ-ਵਿਹੂਣੇ ਪਾਉਂਦੇ ਤੇਰੀ ਰੋਜ਼ ਕਹਾਣੀ , ਅੰਨ੍ਹੇ ਹੋ ਕੇ ਪੀ ਜਾਂਦੇ ਨੇ ਅੰਨ੍ਹੇ ਖੂਹ ਦਾ ਮੈਲਾ ਪਾਣੀ , ਹੁਣ ਤਾਂ ਬਾਬੇ ਗੋਰਖ ਵਾਲੀ ਹੁੰਦੀ ਜਾਪੇ ਬਾਤ ਪੁਰਾਣੀ । ਮੁੱਦਤ ਤੋਂ ਇਹਨਾਂ ਮੋਇਆਂ ਨੂੰ ਹੈ ਗੋਰਖ ਦੀ ਇੰਤਜ਼ਾਰੀ , ਰੋਜ਼ ਹੀ ਏਥੋਂ ਲੰਘ ਲੰਘ ਜਾਂਦੇ ਸੈਆਂ ਨਾਥ ਜਟਾਵਾਂ ਧਾਰੀ , ਪਰ ਨਾ ਕੋਈ ਵਾਹਰੂ ਬਣਿਆਂ ਪਰ ਨਾ ਝਾਤ ਕਿਸੇ ਨੇ ਮਾਰੀ , ਤੁਰਦੀ ਤੁਰਦੀ ਏਥੇ ਆ ਕੇ ਹੋ ਗਈ ਚੁੱਪ ਕਹਾਣੀ ਸਾਰੀ । ਮੇਰੇ ਖ਼ਾਬ ਜਦੋਂ ਤੱਕ ਵਿਲਕਣ ਮੈਂ ਕੀਕਣ ਸੁੱਖ ਨਾਲ ਬਹਾਂਗਾ , ਮੈਂ ਸਾਵੇਂ ਹੰਝੂ ਕੇਰਾਂਗਾ ਮੈਂ ਸਾਵੀਂ ਦੁੱਖ ਪੀੜ ਸਹਾਂਗਾ , ਉਸ ਗੋਰਖ ਦੇ ਆਵਣ ਤੀਕਰ ਜੇ ਮੈਂ ਜ਼ਿੰਦਾ ਆਪ ਰਹਾਂਗਾ , ਹੋਰ ਕਹਾਣੀ ਫੇਰ ਕਹਾਂਗਾ ਹੋਰ ਕਹਾਣੀ ਫੇਰ ਕਹਾਂਗਾ ।।

ਅੱਜ ਬਲਵਾਨ ਕਲਪਣਾ ਦੇ ਪਰ

ਅੱਜ ਬਲਵਾਨ ਕਲਪਣਾ ਦੇ ਪਰ, ਮੈਨੂੰ ਭਾਰੇ - ਭਾਰੇ ਲੱਗੇ ! ਸੋਚਾਂ ਦੇ ਮਿੱਠੇ ਸਾਗਰ ਦੇ- ਪਾਣੀ ਖਾਰੇ ਖਾਰੇ ਲੱਗੇ ! ਜਾਂ ਤਾਂ ਉਹ ਮਜ਼ਦੂਰ ਨਹੀਂ ਸਨ , ਜਾਂ ਫਿਰ ਉਹ ਮਜਬੂਰ ਹੋਣਗੇ , ਵੇਖਾ ਵੇਖੀ ਪੈਰ ਪੁਟੀਂਦੇ , ਪੱਥਰ ਦੇ ਬੁੱਤ ਸਾਰੇ ਲੱਗੇ ! ਊਠਾਂ ਦੇ ਬੁੱਲ੍ਹ ਲਟਕ ਰਹੇ ਨੇ , ਹੁਣ ਵੀ ਡਿੱਗੇ; ਹੁਣ ਵੀ ਡਿੱਗੇ , ਇਹੀਓ ਬਾਤ ਵਿਚਾਰ ਕੇ ਖਵਰੇ ਕਿੰਨੇ ਮਗਰ ਵਿਚਾਰੇ ਲੱਗੇ ! ਸਿਰ ਮੇਰਾ ਸੂਰਜ ਨੇ ਖਾਧਾ, ਸੜਕਾਂ ਪੈਰਾਂ ਨੂੰ ਖਾ ਗਈਆਂ , ਕੰਨ ਵਿਚਾਰੇ ਕੱਚੇ ਕੱਚੇ ; ਬੁੱਲ੍ਹ ਵੀ ਹਾਰੇ ਹਾਰੇ ਲੱਗੇ ! ਸਾਡੇ ਚੌਂਕੇ ਚਾਨਣ ਚਾਨਣ , ਸਾਡੇ ਕੋਠੇ ਕਿਰਨਾਂ ਕਿਰਨਾਂ , ਜੀਕਣ ਇਸ ਵਾਰੀ ਕਣਕਾਂ ਨੂੰ- ਸਿੱਟਿਆਂ ਦੀ ਥਾਂ ਤਾਰੇ ਲੱਗੇ ! ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ, ਇਹ ਤਾਂ ਮੌਸਮ ਦੇ ਸਿਰ ਸਿਹਰਾ , ਜੇ ਮੇਰੇ ਗੁਲਦਸਤੇ ਵਿਚਲੇ - ਤੈਨੂੰ ਫੁੱਲ ਪਿਆਰੇ ਲੱਗੇ !

ਭੈਣ ਨੇ ਭੇਜੀ ਰੱਖੜੀ

ਰੱਖੜੀ ਦਾ ਤਿਉਹਾਰ ਹੈ , ਮੈਂ ਭੈਣਾਂ ਤੋਂ ਦੂਰ ! ਭੈਣਾਂ ਵੀ ਮਜਬੂਰ ਨੇ , ਮੈਂ ਵੀ ਹਾਂ ਮਜਬੂਰ ! ਕੱਲ-ਮੁਕੱਲੀ ਜੰਗਲੀਂ , ਜਿਉਂ ਉੱਗੀ ਏ ਭੱਖੜੀ- ਭੈਣ ਨੇ ਭੇਜੀ ਰੱਖੜੀ ! ਇੱਕ ਲਿਫ਼ਾਫ਼ਾ ਸੰਦਲੀ - ਵਿੱਚ ਜਾਪੇ ਕੁਝ ਭਾਰ , ਦੇ ਗਿਆ ਬਾਬੂ ਡਾਕੀਆ- ਤੱਕਿਆ ਕਵਰ ਉਤਾਰ ! ਤੰਦੀਂ ਬੱਧਾ ਫੁੱਲ ਸੀ - ਫੁੱਲ ‘ਤੇ ਲਾਲ ਚਰੱਖੜੀ, ਭੈਣ ਨੇ ਭੇਜੀ ਰੱਖੜੀ ..! ਖ਼ੌਰੇ ਕਿੰਨੀ ਦੇਰ ਤੋਂ - ਭੈਣ ਰਹੀ ਸੀ ਗੁੰਦ , ਤਾਰੇ ਤੋੜੇ ਅਰਸ਼ ਤੋਂ - ਮੋਤੀ ਲਏ ਸਮੁੰਦ ..! ਰੀਝਾਂ,ਚਾਅ ਤੇ ਸੱਧਰਾਂ- ਜਾਲ ਬਣਾਇਆ ਮੱਕੜੀ, ਭੈਣ ਨੇ ਭੇਜੀ ਰੱਖੜੀ ....! ਇਸਦੇ ਬਦਲੇ ਕੀ ਦਿਆਂ?- ਤੂੰ ਆਪੇ ਹੀ ਬੋਲ , ਮੈਨੂੰ ਤਾਂ ਨਹੀਂ ਜਾਪਦਾ - ਕੁਝ ਵੀ ਇਸ ਦੇ ਤੋਲ ! ਝੁਕਸੀ ਤੇਰਾ ਪੱਲੜਾ - ਜੇ ਮੈਂ ਫੜ੍ਹ ਲਈ ਤੱਕੜੀ , ਭੈਣ ਨੇ ਭੇਜੀ ਰੱਖੜੀ ...! ਹਾਂ ਜੇ ਮੇਰੀ ਜ਼ਿੰਦਗੀ - ਆ ਸਕਦੀ ਹੈ ਕੰਮ , ਜਿੱਥੇ ਮਰਜ਼ੀ ਵਰਤ ਲੈ - ਹੱਡੀ , ਚਰਬੀ , ਚੰਮ ! ਭੂਸ਼ਨ ਤੇਰੇ ਪਾਸ ਹੈ - ਹਰ ਦਮ,ਹਰ ਪਲ,ਹਰ ਘੜੀ, ਭੈਣ ਨੇ ਭੇਜੀ ਰੱਖੜੀ .....!

ਕਿਰਣੋਂ ਨੀ ਕਰਿਓ ਫੈਸਲਾ

(ਪੂਰਵ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਜੀ ਦੇ ਗੁਜ਼ਰ ਜਾਣ ‘ਤੇ ਲਿਖੀ ਕਵਿਤਾ) ਕਿਰਣੋਂ ਨੀ ਕਰਿਓ ਫੈਸਲਾ, ਸੀ ਉਹ ਆਦਮੀ ਜਾਂ ਕਿ ਦੇਵਤਾ । ਨੀ ਉਹ ਬਾਦਸ਼ਾਹ ਮੇਰੇ ਦੇਸ਼ ਦਾ , ਸੁਣਿਆ ਹੈ ਕਿ ਅੱਜ ਮਰ ਗਿਆ , ਆਲਮ ਨੂੰ ਸੋਗੀ ਕਰ ਗਿਆ । ਉਹਦੇ ਜਾਣ ਦੀ ਗੱਲ ਸੋਚ ਕੇ ਮੇਰੀ ਸੋਚ ਦਾ ਦਿਲ ਡਰ ਗਿਆ , ਮੇਰੀ ਕਲਮ ਦੀ ਅੱਖ ਚੋਅ ਪਈ , ਮੇਰੇ ਗੀਤ ਦਾ ਗਲ ਭਰ ਗਿਆ । ਕੋਈ ਰਹੀ ਨਾ ਹੋਸ਼ ਰਦੀਫ਼ ਨੂੰ , ਪਿਆ ਲੜਖੜਾਵੇ ਕਾਫ਼ੀਆ , ਨੀ ਇਹ ਕਿਸ ਤਰ੍ਹਾਂ ਦੀ ਖ਼ਬਰ ਹੈ , ਨੀ ਇਹ ਕਿਸ ਤਰ੍ਹਾਂ ਦਾ ਹਾਦਸਾ । ਉਸਦੀ ਸੁਨਹਿਰੀ ਪੈੜ ਨੂੰ ਰਿਸ਼ਮੋਂ ਨੀਂ ਚੁੰਮਿਓ ਆਣ ਕੇ , ਸਾਂਭੋ ਨੀ ਉਸਦੀ ਯਾਦ ਨੂੰ ਸਾਹਾਂ ਦੇ ਤੰਬੂ ਤਾਣ ਕੇ , ਚਾਨਣ ਖਿਲਾਰਨ ਵਾਲੜਾ ਕਿਤੇ ਲੁਕ ਗਿਆ ਜੇ ਜਾਣਕੇ । ਇਹ ਸੱਚ ਮੰਨਣ ਵਾਸਤੇ ਮੇਰੀ ਸੋਚ ਨੇ ਸਿਰ ਫੇਰਤਾ , ਕਿਰਣੋਂ ਨੀ ਕਰਿਓ ਫੈਸਲਾ , ਸੀ ਉਹ ਆਦਮੀ ਜਾਂ ਕਿ ਦੇਵਤਾ । ਕਰਿਓ ਨੀ ਕਰਿਓ ਫੈਸਲਾ , _ _ _ _ _ ।।

  • ਮੁੱਖ ਪੰਨਾ : ਭੂਸ਼ਨ ਧਿਆਨਪੁਰੀ - ਪੰਜਾਬੀ ਕਵਿਤਾਵਾਂ ਤੇ ਵਾਰਤਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ