Ih Rang Ghazal Da : Hari Kishan Ratan

ਇਹ ਰੰਗ ਗ਼ਜ਼ਲ ਦਾ (ਗ਼ਜ਼ਲ ਸੰਗ੍ਰਹਿ) : ਹਰੀ ਕਿਸ਼ਨ 'ਰਤਨ'


ਹੁੰਦਾ ਨਹੀ ਗੁਜ਼ਾਰਾ

ਕੰਜੂਸ ਬਣ ਕੇ ਸਾਕੀ, ਹੁੰਦਾ ਨਹੀਂ ਗੁਜ਼ਾਰਾ ਅਪਣੇ ਪਿਆਸਿਆਂ ਨੂੰ, ਲਾ ਇਸ ਤਰ੍ਹਾਂ ਨਾ ਲਾਰਾ ਲੱਖਾਂ ਮੁਸੀਬਤਾਂ ਨੇ, ਕੰਮਜ਼ੋਰ ਦਿਲ ਹੈ ਮੇਰਾ ਤੇਰੇ ਹੀ ਦਰ ਤੇ ਮੈਨੂੰ, ਲੱਭਦਾ ਹੈ ਇਕ ਸਹਾਰਾ ਅਨਮੋਲ ਚੀਜ਼ ਦੀ ਕੀ, ਕੀਮਤ ਮੈਂ ਦੇ ਸਕਾਂਗਾ? ਸਾਕੀ ਦੇ ਜਾਮ ਬਦਲੇ, ਰਖਿਆ ਹੈ ਦਿਲ ਉਧਾਰਾ ਮਿੱਟੀ ਦਾ ਮਾਲ ਆਖਰ, ਮਿੱਟੀ ਨੇ ਸਾਂਭ ਲੈਣਾ ਭਾਵੇਂ ਕੋਈ ਸਿਕੰਦਰ, ਭਾਵੇਂ ਕੋਈ ਹੈ ਦਾਰਾ ਬਚਦਾ ਹੈ ਜਾਨ ਦੇ ਕੇ, ਇਹ ਦੇਖਿਆ ਹੈ ਅਕਸਰ ਹੱਥ ਕਾਲ ਦਾ ਹੈ ਪੈਂਦਾ, ਜਦ ਆਣ ਕੇ ਕਰਾਰਾ ਸੂਰਜ ਦੇ ਵਾਂਗ ਉਸਦਾ, ਵਧਦਾ ਹੈ ਤੇਜ ਹਰ ਦੰਮ ਬੰਦੇ ਦਾ ਚਮਕਦਾ ਹੈ, ਜਦ ਆਣ ਕੇ ਸਤਾਰਾ ਮੈਨੂੰ ਭਰਮ ਇਹ ਪੈਂਦਾ, ਆਸ਼ਕ ਦਾ ਦਿਲ ਹੈ ਟੁਟਿਆ ਆਕਾਸ਼ ਤੇ ਹੈ ਟੁਟਦਾ, ਰਾਤੀਂ ਜਾਂ ਕੋਈ ਤਾਰਾ ਹੋਣੀ ਦੇ ਸਾਹਮਣੇ ਕੀ, ਬੰਦੇ ਦੀ ਪੇਸ਼ ਜਾਵੇ ਮਜਬੂਰ ਨੇ ਫਰਿਸ਼ਤੇ, ਬੰਦਾ ਹੈ ਕੀ ਬਚਾਰਾ ਇਹ ਜਾਨ ਵੀ ਹੈ ਤੇਰੀ, ਈਮਾਨ ਵੀ ਹੈ ਤੇਰਾ ਤੇਰੇ ਲਈ ਹੇ ਪ੍ਰੀਤਮ, ਦਿਲ ਚੀਜ਼ ਹੈ ਨਕਾਰਾ ਅਪਣੀ ਵੀ ਦਿਲ ਲਗੀ ਦਾ, ਕੀਤਾ ਹੈ ਤੂੰ ਇਹ ਸਾਧਨ ਮੇਰੇ ਹੀ ਵਾਸਤੇ ਨਹੀਂ, ਦੁਨੀਆਂ ਦਾ ਸਭ ਪਸਾਰਾ ਦਿਲ ਨੂੰ ਰੁਲਾਣ ਵਿਚ ਕੁਝ, ਉਨ੍ਹਾਂ ਦਾ ਦੋਸ਼ ਵੀ ਸੀ ਗੋ ਮੰਨ ਲਿਆ ਅਸੀਂ ਹੀ, ਅਪਣਾ ਕਸੂਰ ਸਾਰਾ ਹਿੰਮਤ ਦੀ ਡੋਰ ਆਖਰ, ਕਿਸਮਤ ਦੇ ਹੱਥ ਸੌਂਪੀ ਬੇਬੱਸ 'ਰਤਨ' ਦਾ ਕੋਈ ਜੱਦ ਚੱਲਿਆ ਨਾ ਚਾਰਾ ਰੁਬਾਈ ਤੇਰਾ ਸਭ ਮਾਲ ਹੈ ਮੇਰੀ ਨਾ ਕੋਈ ਮੇਰ ਪੀਆ ਤੂੰ ਜੇ ਚਾਹੇਂ ਤਾਂ ਮੁਆਫੀ ਨੂੰ ਨਹੀਂ ਦੇਰ ਪੀਆ ਅਪਣੇ ਪੁੰਨਾਂ ਦਾ ਕੋਈ ਬਦਲਾ ਨਹੀਂ ਮੈਂ ਮੰਗਦਾ ਪਰ ਮੇਰੇ ਪਾਪ ਦੇ ਪੰਨੇ ਤੇ ਕਲਮ ਫੇਰ ਪੀਆ ਦੋ ਸ਼ਿਅਰ ਇੱਕ ਵਾਰੀ ਪਿਆ ਕੇ ਦੋ ਘੁੱਟਾਂ ਅੱਖ ਕਿਉਂ ਤੂੰ ਚੁਰਾ ਗਿਆ ਸਾਕੀ ਕੀ ਨਸ਼ਾ ਹੈ ਤੇਰੇ ਪਿਆਲੇ ਵਿਚ ਜਿਸ ਦਾ ਹੁਣ ਵੀ ਖ਼ੁਮਾਰ ਹੈ ਬਾਕੀ

ਆਓ ਕਦੇ ਕਦੇ

ਕੁਟੀਆ ਤੇ ਇਸ ਫਕੀਰ ਦੀ ਆਓ ਕਦੇ ਕਦੇ ਸੁੱਤੇ ਹੋਏ ਨਸੀਬ ਜਗਾਓ ਕਦੇ ਕਦੇ ਇਕ ਵਾਰ ਚੜ੍ਹਕੇ ਫੇਰ ਨਾ ਲੱਥੇ ਕਦੇ ਖੁਮਾਰ ਐਸਾ ਵੀ ਕੋਈ ਜਾਮ ਪਿਲਾਓ ਕਦੇ ਕਦੇ ਘਾਇਲ ਕਰਨ ਦੀ ਦਿਲ ਨੂੰ ਜੇ ਆਦਤ ਹੈ ਬਣ ਗਈ ਮਰਹੱਮ ਵੀ ਇਸ ਤੇ ਕੋਈ ਲਗਾਓ ਕਦੇ ਕਦੇ ਤਿਰਛੇ ਜਹੇ ਇਹ ਤੀਰ ਨਾ ਹੁੰਦੇ ਜਿਗਰ ਤੋਂ ਪਾਰ ਸਿੱਧਾ ਜਿਹਾ ਵੀ ਤੀਰ ਚਲਾਓ ਕਦੇ ਕਦੇ ਉਜੜੀ ਹੋਈ ਗ਼ਰੀਬ ਦੀ ਦੁਨੀਆਂ ਸਦਾ ਰਹੀ ਮਿਹਰਾਂ ਦੇ ਨਾਲ ਇਸ ਨੂੰ ਬਸਾਓ ਕਦੇ ਕਦੇ ਪਰਦੇ ਦੇ ਪਿੱਛੇ ਬੈਠ ਕੀ ਲੁਕ ਲੁਕ ਹੋ ਝਾਕਦੇ ਪਰਦਾ ਹਟਾਕੇ ਸਾਹਮਣੇ ਆਓ ਕਦੇ ਕਦੇ ਜੁੱਗਾਂ ਦੇ ਪਿਆਸੇ ਨੈਣ ਤਰਸਦੇ ਨੇਂ ਦਰਸ ਨੂੰ ਦੀਦਾਰ ਦੇਕੇ ਪਿਆਸ ਬੁਝਾਓ ਕਦੇ ਕਦੇ ਡੱਕ ਡੋਲੇ ਚਿਰ ਤੋਂ ਪਿਆਰ ਦੀ ਬੇੜੀ ਹੈ ਖਾ ਰਹੀ ਕੰਢੇ ਵਸਲ ਦੇ ਇਸ ਨੂੰ ਲਗਾਓ ਕਦੇ ਕਦੇ ਗ਼ੈਰਾਂ ਨੂੰ ਅਪਣੇ ਪਾਸ ਬਿਠਾਂਦੇ ਰਹੇ ਯਾਰਾਂ ਨੂੰ ਵੀ ਤਾਂ ਪਾਸ ਬਿਠਾਓ ਕਦੇ ਕਦੇ ਸਾਡੇ ਤੇ ਕਰਕੇ ਜ਼ੁਲਮ ਖੁਸ਼ ਹੁੰਦੇ ਰਹੇ ਤੁਸੀਂ ਗ਼ੈਰਾਂ ਨੂੰ ਇਸ ਤਰ੍ਹਾਂ ਹੀ ਸਤਾਓ ਕਦੇ ਕਦੇ ਉਲਫ਼ਤ ਦੀ ਖਿੱਚ ਦਾ ਅਸਰ ਆਵੇਗਾ ਤਦ ਨਜ਼ਰ ਅਪਣੇ ‘ਰਤਨ’ ਨੂੰ ਆਕੇ ਮਨਾਓ ਕਦੇ ਕਦੇ ਰੁਬਾਈ ਵੇਦਨਾ ਦਿਲ ਦੀ ਪ੍ਰੀਤਮ ਨੂੰ ਸੁਣਾਈ ਨਾ ਗਈ ਗੱਲ ਤੋਰਨ ਨੂੰ ਕੋਈ ਗੱਲ ਬਣਾਈ ਨਾ ਗਈ ਇਸ ਤਰ੍ਹਾਂ ਹੁਸਨ ਦਾ ਪਰਭਾਵ ਪਿਆ ਦਿਲ ਉੱਤੇ ਝਾਲ ਝੱਲੀ ਨਾ ਗਈ ਅੱਖ ਮਲਾਈ ਨਾ ਗਈ ਦੋ ਸ਼ਿਅਰ ਸੋਨੇ ਚਾਂਦੀ ਦੇ ਢੇਰ ਪਾਕੇ ਵੀ ਛਾਈ ਦਿਲ ਤੇ ਅਜੇ ਉਦਾਸੀ ਹੈ ਪੇਟ ਤਾਂ ਤੇਰਾ ਭਰ ਗਿਆ ਮਿੱਤਰ ਰੂਹ ਸ਼ਾਇਦ ਅਜੇ ਪਿਆਸੀ ਹੈ

ਕਰਮਾਂ ਦੇ ਮਾਰਿਆਂ ਨੂੰ

ਹਿਜਰ ਹੈ ਯਾ ਵਿਸਾਲ ਹੈ ਪਿਆਰੇ ਤੇਰਾ ਹਰ ਦੰਮ ਖ਼ਿਆਲ ਹੈ ਪਿਆਰੇ ਵਾਰ ਸਕਦਾ ਹਾਂ ਜਾਨ ਵੀ ਪ੍ਰੀਤਮ ਦਿਲ ਵੀ ਤੇਰਾ ਹੀ ਮਾਲ ਪਿਆਰੇ ਦਿਲ ਦੀ ਦੁਨੀਆਂ ਬਸੀ ਹੈ ਜਿਸ ਦੇ ਨਾਲ ਬੱਸ ਉਹ ਤੇਰਾ ਖ਼ਿਆਲ ਹੈ ਪਿਆਰੇ ਜਿਸ ਦੇ ਹੱਥੋਂ ਰਿਸ਼ੀ ਮੁਨੀ ਨਾ ਬਚੇ ਇਸ਼ਕ ਦਾ ਐਸਾ ਜਾਲ ਹੈ ਪਿਆਰੇ ਕੱਚੇ ਘੜਿਆਂ ਤੇ ਹੈ ਤਰਾ ਦੇਂਦਾ ਇਸ ਦੀ ਐਸੀ ਹੀ ਚਾਲ ਹੈ ਪਿਆਰੇ ਇਸ਼ਕ ਦੇ ਹੱਥੋਂ ਜ਼ਿੰਦਗੀ ਅੰਦਰ ਆ ਗਿਆ ਇਕ ਭੁੰਚਾਲ ਹੈ ਪਿਆਰੇ ਨਜ਼ਰ ਜਿਸ ਤੇ ਮਿਹਰ ਦੀ ਹੋ ਜਾਵੇ ਬੱਸ ਉਹ ਹੁੰਦਾ ਨਿਹਾਲ ਹੈ ਪਿਆਰੇ ਮੇਰੇ ਭਾਣੇਂ ਜੁਦਾਈ ਦਾ ਇਕ ਦਿਨ ਇੱਕ ਪੂਰਾ ਹੀ ਸਾਲ ਹੈ ਪਿਆਰੇ ਕਿਸ ਨੂੰ ਤੇਰੇ ਜਿਹਾ ਹਾਂ ਕਹਿ ਸਕਦਾ ਤੇਰੀ ਕਿੱਥੇ ਮਿਸਾਲ ਹੈ ਪਿਆਰੇ ਤੇਰੀ ਸੂਰਤ ਨੂੰ ਦੇਖ ਦਿਲ ਨੇ ਕਿਹਾ ਇਹ ਕਿਸੇ ਦਾ ਕਮਾਲ ਹੈ ਪਿਆਰੇ ਮੈਂ ਤੇਰੀ ਚਾਹ ਨੂੰ ਤਿਆਗ ਦਿਆਂ ਮਿਲਣਾ ਜੇ ਕਰ ਮੁਹਾਲ ਹੈ ਪਿਆਰੇ? ਬੇ ਵਫ਼ਾ ਨੂੰ ਜੋ ਬੇ ਵਫ਼ਾ ਆਖੇ 'ਰਤਨ' ਦੀ ਕੀ ਮਜਾਲ ਹੈ ਪਿਆਰੇ ਰੁਬਾਈ ਪੈਸੇ ਪੈਸੇ ਲਈ ਤੂੰ ਜਾਨ ਦੀ ਬਾਜ਼ੀ ਲਾਈ ਦੁਜਿਆਂ ਵਾਸਤੇ ਗਲ ਪਾਪ ਦੀ ਫਾਹੀ ਪਾਈ ਜਿਨ੍ਹਾਂ ਦੇ ਵਾਸਤੇ ਈਮਾਨ ਦਾ ਤੂੰ ਕੀਤਾ ਖ਼ੂੰਨ ਅੰਤ ਵੇਲੇ ਨਾ ਤੇਰੇ ਕੰਮ ਉਹ ਆਏ ਭਾਈ ਤਿੰਨ ਸ਼ਿਅਰ ਮੈਨੂੰ ਹੁਣ ਤਕ ਨਹੀਂ ਪਤਾ ਲੱਗਾ ਕੌਣ ਮੂਰਖ ਹੈ ਕੌਣ ਦਾਨਾ ਹੈ ਘੱਟ ਲੁਕਮਾਨ ਤੋਂ ਨਹੀਂ ਦਿੱਸਦਾ ਭਾਵੇਂ ਕੋਈ ਗੱਧੇ ਦਾ ਨਾਨਾ ਹੈ ਬਣਿਆ ਫਿਰਦਾ ਹੈ ਉਹ ਵੀ ਸਾਹੂਕਾਰ ਪੱਲੇ ਜਿਸ ਦੇ ਨਾ ਇਕ ਆਨਾ ਹੈ।

ਦਿਖਾਏ ਨਾ ਜਾ ਸਕੇ

ਕਿੱਸੇ ਮੁਹੱਬਤਾਂ ਦੇ ਸੁਣਾਏ ਨਾ ਜਾ ਸਕੇ। ਦਿਲ ਦੇ ਜ਼ਖ਼ਮ ਉਨ੍ਹਾਂ ਨੂੰ ਦਿਖਾਏ ਨਾ ਜਾ ਸਕੇ ਉਨ੍ਹਾਂ ਦੀ ਬੇਵਫਾਈ ਦੇ ਹੱਥੋਂ ਜੋ ਬੁਝ ਗਏ ਮੁੜਕੇ ਉਹ ਦੀਪ ਫੇਰ ਜਗਾਏ ਨਾ ਜਾ ਸਕੇ ਸਾਨੂੰ ਮੁਹੱਬਤਾਂ ਦੀ ਮੁਸੀਬਤ ਦਾ ਸੀ ਪਤਾ ਦਾਮਨ ਉਨ੍ਹਾਂ ਤੋਂ ਅਪਣੇ ਬਚਾਏ ਨਾ ਜਾ ਸਕੇ ਜਿਸ ਜਿਸ ਨੂੰ ਤੇਰੀ ਬਜ਼ਮ ਚੋਂ ਹੈ ਮਿਲ ਗਿਆ ਜਵਾਬ ਮੁੜ ਕੇ ਉਹ ਫੇਰ ਉਥੇ ਬੁਲਾਏ ਨਾ ਜਾ ਸਕੇ ਨਕਸ਼ੇ ਮੁਹੱਬਤਾਂ ਦੇ ਜੋ ਦਿਲ ਤੇ ਨੇ ਖੁੱਦ ਗਏ ਜਤਨਾ ਦੇ ਨਾਲ ਵੀ ਉਹ ਮਿਟਾਏ ਨਾ ਜਾ ਸਕੇ ਸਕਿਆ ਨਾ ਦੱਸ ਸਾਹਮਣੇ ਉਨ੍ਹਾਂ ਦੇ ਦਿਲ ਦਾ ਹਾਲ ਚਿਹਰੇ ਦੇ ਹਾਵ ਭਾਵ ਲੁਕਾਏ ਨਾ ਜਾ ਸਕੇ ਸਾਨੂੰ ਸਿਆਣੇ ਪ੍ਰੇਮ ਤੋਂ ਗੋ ਵਰਜਦੇ ਰਹੇ ਜਜ਼ਬੇ ਮੁਹੱਬਤਾਂ ਦੇ ਦਬਾਏ ਨਾ ਜਾ ਸਕੇ ਜਿਹੜੇ ਸਮੇਂ ਦੇ ਫੇਰ ਦਾ ਹਨ ਹੋ ਗਏ ਸ਼ਿਕਾਰ ਮੁੜਕੇ ਉਹ ਖੇਲ ਫੇਰ ਰਚਾਏ ਨਾ ਜਾ ਸਕੇ ਭਾਵੇਂ ਉਨ੍ਹਾਂ ਦੇ ਹੁਸਨ ਨੂੰ ਦਿੱਤਾ ਅਸੀਂ ਨਿਖਾਰ ਇਹਸਾਨ ਸਾਥੋਂ ਅਪਣੇ ਜਤਾਏ ਨਾ ਜਾ ਸਕੇ ਮੈਂ ਹਿਜਰ ਤੋਂ ਗੋ ਮੌਤ ਨੂੰ ਚੰਗਾ ਸੀ ਜਾਣਦਾ ਇਹਸਾਨ ਮੌਤ ਦੇ ਵੀ ਉਠਾਏ ਨਾ ਜਾ ਸਕੇ ਭਾਵੇਂ 'ਰਤਨ' ਪੜ੍ਹਾਣ ਵਿਚ ਉਸਤਾਦ ਸੀ ਅਸੀਂ ਉਸ ਨੂੰ ਵਫ਼ਾ ਦੇ ਪਾਠ ਪੜ੍ਹਾਏ ਨਾ ਜਾ ਸਕੇ ਰੁਬਾਈ ਭੁੱਖ ਇਨਸਾਨ ਦਾ ਕਰਦੀ ਹੈ ਸਦਾ ਹਾਲ ਬੁਰਾ ਭੁਖ ਇਨਸਾਨ ਤੋਂ ਦਿੰਦੀ ਹੈ ਬਹੁਤ ਪਾਪ ਕਰਾ ਹੱਥ ਦੀ ਤੰਗੀ ਦਾ ਫਿਰ ਵੀ ਹੈ ‘ਰਤਨ’ ਕੋਈ ਇਲਾਜ ਦਿਲ ਦੀ ਤੰਗੀ ਹੈ ਬੁਰੀ ਇਸ ਨੂੰ ਸਕੇ ਕੌਣ ਮਿਟਾ ਸ਼ਿਅਰ ਸਾਲਾਂ ਤੋਂ ਉਸਦੇ ਦਰ ਤੇ ਫੇਰੇ ਮੈਂ ਪਾ ਰਿਹਾ ਹਾਂ ਫਿਰ ਵੀ ਨਹੀਂ ਹੈ ਉਸ ਨੂੰ ਕੋਈ ਸਿਆਣ ਮੇਰੀ ਮਿਤਰ ਸਮੇਂ ਖੁਸ਼ੀ ਦੇ ਬਹਿੰਦੇ ਸੀ ਕੋਲ ਹਰਦੰਮ ਔਖੇ ਸਮੇਂ ਉਨ੍ਹਾਂ ਨੂੰ ਭੁਲੀ ਪਛਾਣ ਮੇਰੀ

ਮਰਦਾ ਰਿਹਾ ਹਾਂ

ਕਿਸੇ ਦੇ ਹੁਸਨ ਤੇ ਮੈਂ ਮਰਦਾ ਰਿਹਾ ਹਾਂ ਕਿਸੇ ਨੂੰ ਸਦਾ ਯਾਦ ਕਰਦਾ ਰਿਹਾ ਹਾਂ ਮੁਹੱਬਤ ਦੇ ਵਿਚ ਇੰਜ ਲੰਘੀ ਹੈ ਮੇਰੀ ਨਾ ਜੀਂਦਾ ਰਿਹਾ ਹਾਂ ਨਾ ਮਰਦਾ ਰਿਹਾ ਹਾਂ ਕਿਸੇ ਦੇ ਸਿਦਕ ਦਾ ਮੈਂ ਫੜ ਕੇ ਸਹਾਰਾ ਮੁਹੱਬਤ ਦੇ ਸਾਗਰ ਨੂੰ ਤਰਦਾ ਰਿਹਾ ਹਾਂ ਤੇਰੇ ਇਸ਼ਕ ਵਿਚ ਇਹ ਮੇਰਾ ਹਾਲ ਹੋਇਆ ਕਿਸੇ ਘਾਟ ਦਾ ਤੇ ਨਾ ਘਰ ਦਾ ਰਿਹਾ ਹਾਂ ਮੈਂ ਤੇਰੀ ਖੁਸ਼ੀ ਵਿਚ ਖੁਸ਼ੀ ਸਮਝਦਾ ਹਾਂ ਤੇਰੇ ਗ਼ਮ ਖੁਸ਼ੀ ਨਾਲ ਜਰਦਾ ਰਿਹਾ ਹਾਂ ਠਿਕਾਣਾ ਹੈ ਇੱਥੇ ਕੋਈ ਚਾਰ ਦਿਨ ਦਾ ਮੈਂ ਇਸ ਜੀਣ ਉੱਤੇ ਨਾ ਮਰਦਾ ਰਿਹਾ ਹਾਂ ਮੇਰੀ ਹੋਂਦ ਨੇ ਭੇਦ ਰੱਬੀ ਲੁਕਾਏ ਮੈਂ ਆਪੇ ਤੋਂ ਅਪਣਾ ਹੀ ਪਰਦਾ ਰਿਹਾ ਹਾਂ ਮੁਹੱਬਤ ਦਾ ਰਸਤਾ ਜਿਨ੍ਹੇ ਦੱਸਿਆ ਹੈ ਮੈਂ ਉਸਦਾ ਸਦਾ ਪਾਣੀ ਭਰਦਾ ਰਿਹਾ ਹਾਂ ਕਿਸੇ ਦੀ ਮੁਹੱਬਤ ਜੇ ਹੈ ਪਾਪ ਕੋਈ 'ਰਤਨ' ਤਾਂ ਮੈਂ ਇਹ ਪਾਪ ਕਰਦਾ ਰਿਹਾ ਹਾਂ

ਕਰਦਾ ਤੈਨੂੰ ਯਾਦ ਰਿਹਾ

ਅਕਸਰ ਹਿਜਰਾਂ ਦੀਆਂ ਰਾਤਾਂ ਵਿਚ ਮੈਂ ਕਰਦਾ ਤੈਨੂੰ ਯਾਦ ਰਿਹਾ ਦੁੱਖਾਂ ਤੇ ਹਨੇਰੇ ਅੰਦਰ ਵੀ ਦਿਲ ਮੇਰਾਂ ਕੁਝ ਤਾਂ ਸ਼ਾਦ ਰਿਹਾ ਇਤਨਾਂ ਇਹਸਾਨ ਪਿਆਕਾਂ ਦਾ ਸਾਕੀ ਦੇ ਸਿਰ ਵੀ ਬਾਕੀ ਹੈ ਹੋਏ ਭਾਵੇਂ ਬਰਬਾਦ ਮਗਰ ਮੈਖ਼ਾਨਾ ਤਾਂ ਆਬਾਦ ਰਿਹਾ ਇਸ ਇਸ਼ਕ ਦੀ ਦੁਨੀਆਂ ਵੱਖਰੀ ਏ, ਇਸਦਾ ਕੁਝ ਨਸ਼ਾ ਨਿਰਾਲਾ ਏ ਜਿਸ ਨੇ ਇਹ ਸਬਕ ਹੈ ਪੜ੍ਹ ਲੀਤਾ, ਉਸਨੂੰ ਕੁਝ ਹੋਰ ਨਾ ਯਾਦ ਰਿਹਾ ਮੈਂ ਪੀਣ ਨੂੰ ਚੰਗਾ ਕਹਿੰਦਾ ਨਹੀਂ, ਪਰ ਫੇਰ ਵੀ ਪੀ ਹੀ ਲੈਂਦਾ ਹਾਂ ਦੋ ਘੜੀਆਂ ਤਾਂ ਵਿਚ ਠੇਕੇ ਦੇ, ਮੈਂ ਫ਼ਿਕਰਾਂ ਤੋਂ ਆਜ਼ਾਦ ਰਿਹਾ ਜੰਨਤ ਦੀਆਂ ਆਸਾਂ ਤੇ ਜ਼ਾਹਿਦ, ਦੁਨੀਆਂ ਵਿਚ ਪੀਣੋਂ ਸੰਗਦਾ ਹੈਂ ਜੋ ਇਥੇ ਪੀ ਹੈ ਖੁਸ਼ ਰਹਿੰਦਾ, ਉਹ ਸਭ ਦਾ ਹੀ ਉਸਤਾਦ ਰਿਹਾ ਤਦਬੀਰ ਨੇ ਰਾਂਝੇ ਨੂੰ ਮੁੜਕੇ, ਗੋ ਹੀਰ ਦੇ ਨਾਲ ਮਿਲਾ ਦਿੱਤਾ ਪਰ ਕਿਸਮਤ ਦਾ ਹੇਟਾ ਰਾਂਝਾ, ਪਾ ਹੀਰ ਨੂੰ ਵੀ ਬਰਬਾਦ ਰਿਹਾ ਦੁਨੀਆਂ ਵਿਚ ਭੇਜਕੇ ਫ਼ਿਰ ਮੇਰਾ ਉਸਨੂੰ ਨਾ ਕੁਝ ਭੀ ਫ਼ਿਕਰ ਰਿਹਾ ਪੁੱਛਿਆ ਨਾ ਮੁੜ ਕੇ ਫੇਰ ਉਸ ਨੇ ਮੈਂ ਸ਼ਾਦ ਰਿਹਾ ਨਾਂਸ਼ਾਦ ਰਿਹਾ

ਦੁਨੀਆਂ ਦੇ ਹਨੇਰੇ

ਜਤਨ ਲੋਕਾਂ ਨੇ ਗੋ ਕੀਤੇ ਬਥੇਰੇ ਨਾ ਹੋਏ ਦੂਰ ਦੁਨੀਆਂ ਦੇ ਹਨੇਰੇ ਮੈਂ ਭੱਜਿਆ, ਦੌੜਿਆ, ਨੱਸਿਆ ਬਥੇਰਾ ਮੇਰੀ ਮੰਜ਼ਿਲ ਗਈ ਹੁੰਦੀ ਪਰੇਰੇ ਕਿਵੇਂ ਮਜਨੂੰ ਦੀ ਹੋ ਉਸ ਤਕ ਰਸਾਈ ਬੜੇ ਉੱਚੇ ਨੇ ਲੈਲਾ ਦੇ ਮੁਨੇਰੇ ਖੁਸ਼ੀ ਦਾ ਇਕ ਸੁਨੇਹਾ ਦੇਣ ਵਾਲੇ ਗ਼ਰੀਬਾਂ ਦੇ ਨਾ ਆਏ ਉਹ ਸਵੇਰੇ ਬੁਰੇ ਵਕਤਾਂ ਦੇ ਵਿਚ ਨਾ ਕੰਮ ਆਏ ਜਿਨ੍ਹਾਂ ਨੂੰ ਮੈਂ ਸਦਾ ਕਹਿੰਦਾ ਸੀ ਮੇਰੇ ਜੇ ਮੈਂ ਦੁੱਖਾਂ ਦੇ ਵਿਚ ਫਸਿਆ ਰਿਹਾ ਹਾਂ ਮਿਰੇ ਪ੍ਰੀਤਮ ਕੀ ਆਇਆ ਹੱਥ ਤੇਰੇ ਕਦੇ ਉਸ ਨੇ ਨਾ ਪੁੱਛਿਆ ਹਾਲ ਮੇਰਾ ਮੈਂ ਗੋ ਪਾਂਦਾ ਰਿਹਾ ਉਸ ਦਰ ਤੇ ਫੇਰੇ ਕਦੇ ਨਾ ਯਾਦ ਅਪਣੀ ਮੌਤ ਆਈ ਟੁਰੇ ਅੱਖਾਂ ਦੇ ਸਾਂਵੇ ਗੋ ਬਥੇਰੇ ਫਰੇਬੀ, ਚੋਰ, ਝੂਠੇ, ਪਾਪ-ਕਰਮੀ ਅਸੀਂ ਸੱਭ ਕੁਝ ਹਾਂ, ਪਰ ਆਖਰ ਹਾਂ ਤੇਰੇ ਤੂੰ ਅਪਣੀ ਮਿਹਰ ਵੱਲ ਭਰ ਕੇ ਨਜ਼ਰ ਦੇਖ ਭਲਾ ਕੀਹ ਤੱਕਦਾ ਹੈਂ ਪਾਪ ਮੇਰੇ 'ਰਤਨ’ ਆਸ਼ਕ ਨਾ ਖਾਲੀ ਜਾਣ ਮੁੜਕੇ ਕਿਸੇ ਦਰ ਤੇ ਜਦੋਂ ਲਾਂਦੇ ਨੇ ਡੇਰੇ ਰੁਬਾਈ ਅੱਜ ਧੋਖੇ ਦਾ ਬਹੁਤ ਗਰਮ ਹੈ ਦਿਸਦਾ ਬਾਜ਼ਾਰ ਲਾਭ ਦੇ ਵਾਸਤੇ ਹਰ ਬੰਦਾ ਬੜਾ ਹੈ ਹੁਸ਼ਿਆਰ ਫੇਰ ਵੀ ਭੁੱਖ ਨਾ ਬੰਦੇ ਦੀ ਕਦੇ ਮਿਟਦੀ ਹੈ ਲੋਭ ਨੇ ਨਰਕ ਬਣਾ ਦਿੱਤਾ ਹੈ ਦੇਖੋ ਸੰਸਾਰ ਦੋ ਸ਼ਿਅਰ ਕਿੱਨਾਂ ਪਿਆਰਾ ਹੈ ਉਸਦਾ ਨਾਂ ਦੇਖੋ ਯਾਦ ਵਿਚ ਇਕ ਸਰੂਰ ਮਿਲਦਾ ਹੈ ਭਾਲ ਕਰ ਤੇ ਯਕੀਨ ਰਖ ਮਿੱਤਰ ਉਹ ਮਿਲਦਾ, ਜ਼ਰੂਰ ਮਿਲਦਾ ਹੈ

ਇਹ ਤਾਰੇ ਨਾ ਹੁੰਦੇ

ਸੁਹਣੇ ਇਹ ਐਨੇ ਪਿਆਰੇ ਨਾ ਹੁੰਦੇ ਤਾਂ ਆਸ਼ਕ ਮੁਹੱਬਤ ਦੇ ਮਾਰੇ ਨਾ ਹੁੰਦੇ ਹੁਸਨ ਨੂੰ ਨੁਮਾਇਸ਼ ਦਾ ਜੇ ਚਾ ਨਾ ਹੁੰਦਾ ਇਹ ਅੰਬਰ ਨਾ ਹੁੰਦਾ, ਇਹ ਤਾਰੇ ਨਾ ਹੁੰਦੇ ਕਦੇ ਕੈਸ ਵੀ ਖੁਲ੍ਹਾ ਦੀਦਾਰ ਕਰਦਾ ਜੇ ਲੈਲਾ ਦੇ ਉੱਚੇ ਚੁਬਾਰੇ ਨਾ ਹੁੰਦੇ ਇਹ ਦੁਨੀਆਂ ਹੀ ਸਾਡੀ ਸੁਰਗ-ਰੂਪ ਹੁੰਦੀ ਜੇ ਸੁਰਗਾਂ ਦੇ ਇਹ ਝੂਠੇ ਲਾਰੇ ਨਾ ਹੁੰਦੇ ਇਸ਼ਕ ਸੂਲੀਆਂ ਤੇ ਨਾ ਹੱਸ ਹੱਸ ਕੇ ਚੜ੍ਹਦਾ ਹੁਸਨ ਦੇ ਜੇ ਕੁਝ ਕੁਝ ਇਸ਼ਾਰੇ ਨਾ ਹੁੰਦੇ ਖ਼ੁਦਾ ਤੋਂ ਵੀ ਹੋ ਜਾਂਦਾ ਇਨਕਾਰ ਸ਼ਾਇਦ ਜੇ ਕੁਦਰਤ ਦੇ ਖੁਲ੍ਹੇ ਨਜ਼ਾਰੇ ਨਾ ਹੁੰਦੇ ਪਤੰਗਾ ਸ਼ਮਾਅ ਤੇ ਨਾ ਯੂੰ ਜਾਨ ਦਿੰਦਾ ਸਿਦਕ ਦੇ ਜੇ ਦਿਲ ਵਿਚ ਹੁਲਾਰੇ ਨਾ ਹੁੰਦੇ ਵਸਲ ਦੀ ਵੀ ਜੇ ਕਰ ਕੋਈ ਆਸ ਹੁੰਦੀ ਤਾਂ ਨਖਰੇ ਹੁਸੀਨਾਂ ਦੇ ਭਾਰੇ ਨਾ ਹੁੰਦੇ ਤ੍ਰਿਸ਼ਨਾ ਦਾ ਦਰਿਆ ਬਹਾ ਲੈਂਦਾ ਸੱਭ ਨੂੰ ਜੇ ਸੰਜਮ ਦੇ ਉੱਚੇ ਕਿਨਾਰੇ ਨਾ ਹੁੰਦੇ ਘਟਾ ਵਿਚੋਂ ਸੂਰਜ ਤਾਂ ਨਿੱਕਲ ਹੀ ਆਉਂਦਾ ਜੇ ਚਿਹਰੇ ਤੇ ਗੇਸੂ ਖਿਲਾਰੇ ਨਾ ਹੁੰਦੇ ਕਵੀ ਦੀ ਕਲਮ ਕੋਈ ਕਵਿਤਾ ਨਾ ਰਚਦੀ ਹੁਸਨ ਨੇ ਜੋ ਜਜ਼ਬੇ ਉਭਾਰ ਨਾ ਹੁੰਦੇ ਕਦੇ ਸ਼ਿਅਰ ਵਿਚ ਨਾ ਕੋਈ ਜਾਨ ਪੈਂਦੀ ਜੇ ਜਜ਼ਬੇ ਅਛੂਤੇ ਕੰਵਾਰੇ ਨਾ ਹੁੰਦੇ ਇਹ ਆਸ਼ਕ ਕਦੋਂ ਦੇ ਹੀ ਮਰ ਮੁੱਕ ਜਾਂਦੇ ਜੀਉਂਦੇ ਜੇ ਤੇਰੇ ਸਹਾਰੇ ਨਾ ਹੁੰਦੇ ਭਲਾ ਮੌਤ ਕੀਹ ਮਾਰਦੀ ਆਸ਼ਕਾਂ ਨੂੰ ਜੇ ਤੇਰੇ ਵੀ ਕੁਝ ਕੁਝ ਇਸ਼ਾਰੇ ਨਾ ਹੁੰਦੇ ਹਿਜਰ ਵਿਚ ਕਦੇ ਮੌਤ ਮਹਿੰਗੀ ਨਾ ਦਿਸਦੀ ਜੇ ਇਹਸਾਨ ਦੇ ਬੋਝ ਭਾਰੇ ਨਾ ਹੁੰਦੇ ਇਸ਼ਕ ਕੰਨ ਪੜਵਾ ਕੇ ਜੋਗੀ ਨਾ ਬਣਦਾ ਕਿਸੇ ਹੋਰ ਦੇ ਜੇ ਇਸ਼ਾਰੇ ਨਾ ਹੁੰਦੇ ਕਦੇ ਤਾਂ ਮੁਰਾਦਾਂ ਦਾ ਹੱਥ ਆਉਂਦਾ ਪੱਲਾ 'ਰਤਨ, ਕਿਸਮਤਾਂ ਦੇ ਜੇ ਮਾਰੇ ਨਾ ਹੁੰਦੇ

ਇਸ਼ਕ ਦਾ ਫ਼ਸਾਨਾ

ਭਾਵੇਂ ਬਹੁਤ ਹੈ ਲੰਬਾ ਏਸ ਇਸ਼ਕ ਦਾ ਫ਼ਸਾਨਾ ਪਰ ਏਸ ਤੋਂ ਅਜੇ ਤੱਕ, ਅਕਿਆ ਨਹੀਂ ਜ਼ਮਾਨਾ ਉਸ ਵਿਚ ਕੋਈ ਬੁਲੰਦੀ, ਮੈਨੂੰ ਨਹੀਂ ਹੈ ਦਿੱਸਦੀ ਜੇ ਕਰ ਸਤਾਰਿਆਂ ਤੋਂ ਉੱਚਾ ਨਹੀਂ ਨਿਸ਼ਾਨ। ਸ਼ੂਮਾਂ ਦਾ ਮਾਲ ਆਖਰ ਜਾਂਦਾ ਹੈ ਸਭ ਅਕਾਰਥ ਮਿੱਟੀ ਦੇ ਵਿਚ ਮਿਲਿਆ ਕਾਰੂੰ ਦਾ ਸਭ ਖ਼ਜ਼ਾਨਾ ਜਦ ਮੌਤ ਦਾ ਫਰਿਸ਼ਤਾ ਸਿਰ ਤੇ ਹੈ ਆਣ ਚੜ੍ਹਦਾ ਉਸ ਦੰਮ ਸਿਆਣਿਆਂ ਨੂੰ ਸੁਝਦਾ ਨਹੀਂ ਬਹਾਨਾ ਦੌਲਤ ਅਕਲ ਦੀ ਐਦਾਂ ਵੰਡੀ ਗਈ ਹੈ ਇਥੇ ਮੂਰਖ ਨੂੰ ਇਹ ਸਮਝ ਹੈ ਮੈਂ ਵੀ ਹਾਂ ਇਕ ਦਾਨਾ ਮੁੜ ਕੇ ਨਾ ਉਸ ਦੀ ਗੁੱਡੀ ਆਕਾਸ਼ ਤੇ ਹੈ ਚੜ੍ਹਦੀ ਅੱਖਾਂ ਤੋਂ ਹੈ ਗਿਰਾਂਦਾ ਜਿਸ ਨੂੰ ਕਦੇ ਜ਼ਮਾਨਾ ਦਿਲ ਦੇ ਜ਼ਖਮ ਤੂੰ ਮੇਰੇ ਮੁੜ ਮੁੜ ਉਚੇੜਦਾ ਹੈਂ ਮੁਤਰਬ ਤੂੰ ਛੇੜਦਾ ਹੈਂ ਕਿਉਂ ਇਸ਼ਕ ਦਾ ਤਰਾਨਾ ਮਜਨੂੰ ਦੇ ਕਿੱਸਿਆਂ ਨੂੰ ਦੁਨੀਆਂ ਨੇ ਭੁਲ ਜਾਣਾ ਜਦ ਛੇੜਨਾ 'ਰਤਨ' ਹੈ ਅਪਣਾ ਅਸੀਂ ਫ਼ਸਾਨਾ

ਬੇਕਾਰ ਹੋਇਆ

ਨਸੀਹਤ ਦਾ ਅਸਰ ਬੇਕਾਰ ਹੋਇਆ ਜਦ ਉਹਨਾਂ ਨਾਲ ਮੈਨੂੰ ਪਿਆਰ ਹੋਇਆ ਭੜਕ ਉੱਠੀ ਜੁਆਲਾ ਦਿਲ ਦੇ ਅੰਦਰ ਜਦੋਂ ਦੀਦਾਰ ਪਹਿਲੀ ਵਾਰ ਹੋਇਆ ਮੈਂ ਹਾਂ ਬੇਚੈਨ, ਉਹ ਵੀ ਹੋਣਗੇ ਹੀ! ਮੁਹੱਬਤ ਦਾ ਅਸਰ ਇਕ ਸਾਰ ਹੋਇਆ ਕੋਈ ਜਾਦੂ ਜਿਹਾ ਹੈ ਦਿਲ ਤੇ ਛਾਇਆ ਜਦੋਂ ਉਸ ਸ਼ੋਖ ਦਾ ਦੀਦਾਰ ਹੋਇਆ ਸਦਾ ਲਈ ਦਿਲ ਗਏ ਵਿੰਨ੍ਹੇ ਅਸਾਡੇ ਜਦੋਂ ਨੈਣਾ ਦਾ ਪਹਿਲਾ ਵਾਰ ਹੋਇਆ ਕਸੱਕ ਮਿੱਠੀ ਜਿਹੀ ਦਿਲ ਵਿਚ ਉੱਠੀ ਮੈਂ ਕੀ ਜਾਣਾ ਭਲਾਂ ਕੀ ਪਿਆਰ ਹੋਇਆ? ਮੁਹੱਬਤ ਦੀ ਝਨਾਂ ਨੂੰ ਤਰਨ ਵਾਲਾ ਨਾ ਡੁੱਬਾ ਨਾ ਕਦੀ ਉਹ ਪਾਰ ਹੋਇਆ ਮੁਹੱਬਤ ਵਿਚ ਝਗੜੇ ਇੰਜ ਮੁੱਕੇ ਨਾ ਗੱਲ ਤਸਬੀਹ ਤੇ ਨਾ ਜ਼ੁੱਨਾਰ ਹੋਇਆ ਕੁਝ ਅਪਣੇ ਆਪ ਤੋਂ ਹੀ ਖੋ ਗਿਆ ਮੈਂ ਜਦੋਂ ਦਾ ਇਸ਼ਕ ਗਲ ਦਾ ਹਾਰ ਹੋਇਆ ਚੁਭੇ ਬਾਗ਼ਾਂ ਦੇ ਵਿਚ ਹਿਜਰਾਂ ਦੇ ਕੰਡੇ ਹਰ ਇਕ ਫੁੱਲ ਮੇਰੀ ਖ਼ਾਤਰ ਖ਼ਾਰ ਹੋਇਆ ਦਿਲਾਂ ਦਾ ਮੁੱਲ ਉਥੇ ਪੈਣ ਲਗਾ ਹੁਸਨ ਦਾ ਗਰਮ ਜਦ ਬਾਜ਼ਾਰ ਹੋਇਆ ਹਮੇਸ਼ਾ ਦੀ ਉਮਰ ਤਦ ਇਸ ਨੇ ਪਾਈ ਹੁਸਨ ਦਾ ਇਸ਼ਕ ਪਹਿਰੇਦਾਰ ਹੋਇਆ ਮੁਹੱਬਤ ਦਾ ਸ਼ੁਰੂ ਤੋਂ ਹੈ ਇਹ ਦਸਤੂਰ ਜੋ ਸਰ ਦੇਵੇ ਉਹੀ ਸਰਦਾਰ ਹੋਇਆ ਗਈ ਭੁੱਲ ਹੀਰ ਅਪਣਾ ਰੂਪ ਸਾਰਾ ਜਦੋਂ ਰਾਂਝਨ ਦਾ ਸੀ ਦੀਦਾਰ ਹੋਇਆ ਕੋਈ ਦਿਲ ਵਿਚ ਘਰ ਕਰ ਬੈਠਦਾ ਹੈ ਇਸੇ ਨੂੰ ਆਖਦੇ ਨੇ ਪਿਆਰ ਹੋਇਆ ਭਲਾ ਉਸ ਨਾਲ ਕਿੱਦਾਂ ਇਸ਼ਕ ਕਰੀਏ ਨਿਰਾਕਾਰੋਂ ਨਾ ਜੋ ਸਾਕਾਰ ਹੋਇਆ 'ਰਤਨ' ਉਸ ਦਾ ਖਿਆਲ ਆਉਂਦਾ ਹੀ ਰਹਿੰਦੈ ਹੈ ਉਸ ਦਾ ਮੇਲ ਗੋ ਦੁਸ਼ਵਾਰ ਹੋਇਆ

ਪਿਆਰਾਂ ਦੀ ਉਹ ਖ਼ੁਮਾਰੀ

ਖ਼ਾਕੀ ਹਾਂ ਇਕ ਬੰਦਾ, ਨੂਰੀ ਹਾਂ ਮੈਂ ਨਾ ਨਾਰੀ ਇਸ਼ਕਾਂ ਦਾ ਮੈਂ ਉਪਾਸਕ, ਹੁਸਨਾਂ ਦਾ ਮੈਂ ਪੁਜਾਰੀ ਮੈਂ ਅਪਣੀ ਬੇ ਬਸੀ ਨੂੰ, ਮਹਿਸੂਸ ਤਦ ਹਾਂ ਕਰਦਾ ਨੈਣਾ ਦੀ ਵੱਜਦੀ ਹੈ, ਦਿਲ ਤੇ ਜਦੋਂ ਕਟਾਰੀ ਕੱਚੇ ਘੜੇ ਨੇ ਦਿੱਤਾ, ਸੁਹਣੀ ਨੂੰ ਇਹ ਸੁਨੇਹਾ ਮੈਨੂੰ ਨਾ ਹੱਥ ਪਾਵੀਂ, ਜੇ ਜਾਨ ਹੈ ਪਿਆਰੀ ਕੱਚੇ ਤੇ ਪੱਕਿਆਂ ਦੀ, ਰਹਿੰਦੀ ਪਛਾਣ ਕੀ ਹੈ ਜਦ ਇਸ਼ਕ ਦੀ ਝਨਾਂ ਵਿਚ, ਲਗਦੀ ਹੈ ਇਕ ਤਾਰੀ ਜੋਗੀ ਨੂੰ ਦੇਖ ਸਹਿਤੀ ਕਹਿੰਦੀ ਸੀ ਹੀਰ ਨੂੰ ਇਹ ਦਰਸ਼ਣ ਦੀ ਭਿਖ ਮੰਗੇ, ਦਰ ਦਾ ਤੇਰੇ ਭਿਖਾਰੀ ਇਨਸਾਨ ਦਾ ਬਣਾਂਦੀ, ਇਨਸਾਨ ਨੂੰ ਹੈ ਵੈਰੀ ਪਿਆਰਾਂ ਨੂੰ ਚੀਰਦੀ ਹੈ, ਨਫਰਤ ਦੀ ਤੇਜ਼ ਆਰੀ ਦੁਨੀਆਂ 'ਚ ਆ ਕੇ ਬੰਦਾ, ਕੁਝ ਖੇਡ ਹੈ ਰਚਾਂਦਾ ਆਖਰ ਹੈ ਕੂਚ ਕਰਦਾ, ਆਂਦੀ ਜਦੋਂ ਹੈ ਵਾਰੀ ਜੀਵਨ ਦਾ ਭੇਦ ਕੋਈ, ਆਇਆ ਨਾ ਹੱਥ ਇਸਦੇ ਬੇਚੈਨੀਆਂ 'ਚ ਦੇਖੀ, ਦੁਨੀਆਂ ਭਟਕਦੀ ਸਾਰੀ ਉਥੇ ਅਕਲ ਦੀ ਕੋਈ, ਦੇਖੀ ਨਾ ਪੇਸ਼ ਜਾਂਦੀ ਜਿਥੇ ਨੇ ਵਾਰ ਕਰਦੇ ਨੈਣਾ ਦੇ ਬਾਣ ਕਾਰੀ ਨੈਣਾਂ ਦੇ ਪਿਆਲਿਆਂ ਚੋਂ, ਜਿਸ ਨੇ ਕਦੇ ਹੈ ਪੀਤੀ ਫਿਰ ਲੱਥਦੀ ਨਾ ਚੜ੍ਹਕੇ, ਪਿਆਰਾਂ ਦੀ ਉਹ ਖ਼ੁਮਾਰੀ ਗਰਮੀ ਦੀ ਰੁੱਤ, ਦੁਪਹਿਰਾ ਸੂਰਜ ਦੀ ਤੇਜ਼ ਧੁੱਪਾਂ ਸੱਸੀ ਨੇ ਪਰ ਥਲਾਂ ਵਿਚ, ਹਿੰਮਤ ਨਹੀਂ ਹੈ ਹਾਰੀ ਪੁੰਨੂੰ ਦੇ ਪਿਆਰ ਅੰਦਰ, ਯੂੰ ਮਸਤ ਹੋ ਗਈ ਉਹ ਹੋਤਾਂ ਦੀ ਦੁਸ਼ਮਣੀ ਵੀ, ਸੱਸੀ ਨੇ ਨਾ ਵਿਚਾਰੀ ਘਰ ਬਾਰ ਛੱਡ ਅਪਣਾ, ਮੱਝਾਂ ਵੀ ਚਾਰਦੇ ਨੇ ਇਸ਼ਕਾਂ ਦੇ ਵਿਚ ਐਵੇਂ ਜਾਂਦੀ ਹੈ ਮੱਤ ਮਾਰੀ ਦੁਨੀਆਂ ਦੇ ਧੰਦਿਆਂ ਵਿਚ, ਗੋ ਉਮਰ ਲੰਘਦੀ ਹੈ ਪਰ ਕੂਚ ਦੀ ਨਾ ਇਥੋਂ, ਹੁੰਦੀ ਕਦੇ ਤਿਆਰੀ ਦਿਲ ਕੌਡੀਆਂ ਦੇ ਭਾ ਇਹ, ਦਿੰਦੇ ਨੇ ਵੇਚ ਅਕਸਰ ਘਾਟੇ ਦਾ ਕਰਨ ਸੌਦਾ, ਏਸ ਇਸ਼ਕ ਦੇ ਵਪਾਰੀ ਉਸ ਦੇ ਨਾ ਦਿਲ ਤੇ ਇਸਦਾ, ਕੋਈ ਅਸਰ ਹੈ ਦਿਸਦਾ ਸੌ ਵਾਰ ਜਾਨ ਅਪਣੀ, ਭਾਵੇਂ ਮੈਂ ਉਸ ਤੇ ਵਾਰੀ ਇਸ ਦਾ 'ਰਤਨ' ਨਾ ਕੋਈ, ਮੁੱਲ ਪਾ ਸਕੇ ਨੇ ਬੰਦੇ ਭਾਵੇਂ ਇਹ ਜਾਨ ਸਾਨੂੰ, ਮਿਲਦੀ ਹੈ ਕੁਝ ਉਧਾਰੀ

ਅਲਖ ਜਗਾਵਾਂਗਾ

ਤੇਰੇ ਦਰ ਤੇ ਅਲਖ ਜਗਾਵਾਂਗਾ ਇਥੋਂ ਖ਼ਾਲੀ ਨਾ ਮੁੜਕੇ ਜਾਵਾਂਗਾ ਅਪਣੀ ਹਸਤੀ ਨੂੰ ਮੈਂ ਮਿਟਾਵਾਂਗਾ ਤੇਰੀ ਹਸਤੀ ਦੇ ਵਿਚ ਸਮਾਵਾਂਗਾ ਜੋ ਮੇਰੀ ਰੂਹ ਨੂੰ ਕਰੇ ਚਾਨਣ ਜੋਤ ਦਿਲ ਵਿਚ ਓਹੀ ਜਗਾਵਾਂਗਾ ਮੇਰੀ ਸੂਰਤ ਕਹੇਗੀ ਮੇਰਾ ਹਾਲ ਬੋਲ ਕੇ ਕੁਝ ਵੀ ਨਾ ਸੁਣਾਵਾਂਗਾ ਤੇਰੇ ਚਰਨਾਂ ਤੇ ਭੇਂਟ ਦੀ ਖਾਤਰ ਦਿਲ ਦੀ ਵਸਤੂ ਨੂੰ ਹੀ ਲਿਆਵਾਂਗਾ ਦਿਲ ਨੂੰ ਕਹਿੰਦੇ ਨੇ ਦਿਲ ਦੇ ਨਾਲ ਹੈ ਰਾਹ ਇਸ ਕਥਨ ਨੂੰ ਮੈਂ ਆਜ਼ਮਾਵਾਂਗਾ ਤੂੰ ਕਿਤੇ ਹੋਰ ਕੁਝ ਕਰੇਂ ਨਾ ਖਿਆਲ ਜ਼ਖ਼ਮ ਸੀਨੇ ਦੇ ਨਾ ਦਿਖਾਵਾਂਗਾ ਜਿਸ ਨੇ ਕੀਤਾ ਚਿਰਾਂ ਤੋਂ ਹੈ ਬੇਚੈਨ ਪਿਆਸ ਨੈਣਾ ਦੀ ਉਹ ਬੁਝਾਵਾਂਗਾ ਖਿੱਚ ਦੇਖਾਂਗਾ ਦਿਲ ਦੇ ਜਜ਼ਬੇ ਦੀ ਮਿੰਨਤਾਂ ਕਰ ਨਹੀਂ ਮਨਾਵਾਂਗਾ ਭਾਲ ਤੇਰੀ ਚਿਰਾਂ ਤੋਂ ਹੈ ਜਾਰੀ ਤੈਨੂੰ ਆਖ਼ਰ ਕਦੇ ਤਾਂ ਪਾਵਾਂਗਾ ਦਿਲ ਤਾਂ ਰੋਂਦਾ ਰਹੇ 'ਰਤਨ' ਭਾਵੇਂ ਨੀਰ ਅਖਾਂ ਚੋਂ ਨਾ ਵਗਾਵਾਂਗਾ ਰੁਬਾਈ ਜੱਗ ਵਿਚ ਐਸ਼ ਦਾ ਸਾਮਾਨ ਬਣਾਂਦਾ ਹੀ ਰਿਹਾ ਭਾਲ ਵਿਚ ਸੁਖ ਦੀ ਸਦਾ ਧਰਮ ਗੰਵਾਂਦਾ ਹੀ ਰਿਹਾ ਜੋ ਹੈ ਆਨੰਦ ਦਾ ਸੋਮਾ ਅਤੇ ਸੁਖ ਦਾ ਭੰਡਾਰ ਉਸ ਪ੍ਰੀਤਮ ਤੋਂ ਸਦਾ ਅੱਖ ਚੁਰਾਂਦਾ ਹੀ ਰਿਹਾ ਇਕ ਖਿਆਲ ਅਪਣਾ ਕਬਜ਼ਾ ਜਮਾਣ ਦੀ ਖ਼ਾਤਰ ਦੂਜਿਆਂ ਨਾਲ ਜੰਗ ਕਰਦਾ ਹੈਂ ਸਾਥ ਤਾਂ ਤੇਰੇ ਕੁਝ ਨਹੀਂ ਜਾਣਾ ਦਿਲ ਨੂੰ ਐਵੇਂ ਹੀ ਤੰਗ ਕਰਦਾ ਹੈਂ

ਨਸ਼ਾ ਨਿਰਾਲਾ ਹੈ

ਇਸ਼ਕ ਦਾ ਕੁਝ ਨਸ਼ਾ ਨਿਰਾਲਾ ਹੈ ਇਸ਼ਕ ਮਸਤੀ ਦਾ ਇਕ ਪਿਆਲਾ ਹੈ ਹਾਲ ਦਿਲ ਦਾ ਨਾ ਦੱਸਿਆ ਜਾਂਦਾ ਜੀਭ ਤੇ ਲੱਗ ਜਾਂਦਾ ਤਾਲਾ ਹੈ ਕੱਚੇ ਘੜਿਆਂ ਤੇ ਹੈ ਤਰਾ ਦਿੰਦਾ ਪੈਂਦਾ ਜਦ ਇਸ਼ਕ ਨਾਲ ਪਾਲਾ ਹੈ ਤਖ਼ਤ ਤੇ ਤਾਜ਼ ਛੱਡਣੇ ਪੈਂਦ ਔਖਾ ਭਰਨਾ ਇਸ਼ਕ ਦਾ ਹਾਲਾ ਹੈ ਕੈਸ ਦੀ ਅੱਖ ਉਸ ਨੂੰ ਕਹਿੰਦੀ ਹੂਰ ਰੰਗ ਲੈਲਾ ਦਾ ਭਾਵੇਂ ਕਾਲਾ ਹੈ। ਜਿਸ ਦੇ ਅੱਗੇ ਕੋਈ ਠਹਿਰ ਨਾ ਸਕੇ ਇਸ਼ਕ ਉਹ ਤੁੰਦ ਤੇਜ਼ ਨਾਲਾ ਹੈ ਯਾਰ ਦੀ ਸ਼ਕਲ ਤਦ ਨਜ਼ਰ ਆਵੇ ਦਿਲ ਦੇ ਅੰਦਰ ਜੇ ਕੁਝ ਉਜਾਲਾ ਹੈ ਕੋਈ ਆਸ਼ਕ ਹੀ ਦੱਸ ਸਕਦਾ ਹੈ ਮਰਨਾ ਔਖਾ ਹੈ ਯਾ ਸੁਖਾਲਾ ਹੈ ਸਿਰ ਤੇ ਕੱਫਣ ਜੋ ਬੰਨ੍ਹ ਤੁਰਦਾ ਹੈ ਹੁੰਦਾ ਉਸ ਦਾ ਹੀ ਬੋਲ ਬਾਲਾ ਹੈ ਇਸ਼ਕ ਨੂੰ ਜੋ ਹੱਵਸ ਸਮਝ ਬੈਠੇ ਉਹ ਹੈ ਝੂਠਾ ਉਹ ਦਿਲ ਦਾ ਕਾਲਾ ਹੈ ਮਰਤਬਾ ਸਿਦਕ ਨਾਲ ਮਿਲਦਾ ਹੈ ਕੋਈ ਅਦਨਾ ਹੈ ਭਾਵੇਂ ਆਲਾ ਹੈ ਰੂਹ ਵਿਚੋਂ ਜਨਮ ਹੈ ਲੈਂਦਾ ਇਸ਼ਕ ਦਿਲ ਦਾ ਸਮਝੋ ਨਾ ਇਹ ਉਛਾਲਾ ਹੈ ਜਿਸ ਦੇ ਅੰਦਰ ਜਹਾਨ ਦਿੱਸਦਾ ਹੈ ਦਿਲ ਉਹ ਜਮਸ਼ੈਦ ਦਾ ਪਿਆਲਾ ਹੈ ਭਾਵੇਂ 'ਕੁਸ਼ਤਾ' ਗ਼ਜ਼ਲ ਦਾ ਸੀ ਉਸਤਾਦ 'ਰਤਨ' ਦਾ ਰੰਗ ਕੁਝ ਨਿਰਾਲਾ ਹੈ ਰੁਬਾਈ ਅੱਜ ਦੀ ਦੁਨੀਆਂ ਦਿਸੇ ਪਿਆਰ ਤੋਂ ਖਾਲੀ ਖਾਲੀ ਗੰਧ ਤੋਂ ਹੀਨ ਭਰੇ ਫੁੱਲ ਨੇ ਡਾਲੀ ਡਾਲੀ ਪਿਆਰ ਦੀ ਜੋਤ ਬਿਨਾਂ ਦਿਲ ਨਜ਼ਰ ਆਉਂਦੇ ਇਦਾਂ ਚੰਦ ਬਿਨ ਰਾਤ ਜਿਵੇਂ ਦਿਸਦੀ ਹੈ ਕਾਲੀ ਕਾਲੀ

ਆਸ ਦਿਸਦੀ ਹੈ

ਮੇਲ ਦੀ ਕੁਝ ਤਾਂ ਆਸ ਦਿਸਦੀ ਹੈ ਅੱਜ ਕਿਸਮਤ ਵੀ ਰਾਸ ਦਿਸਦੀ ਹੈ ਤਾਬ ਦੀਦਾਰ ਦੀ ਜੋ ਲਾ ਸਕਦੀ ਉਹ ਨਜ਼ਰ ਕੋਈ ਖਾਸ ਦਿਸਦੀ ਹੈ ਅਕਲ ਨੂੰ ਦੂਰ ਜੋ ਦਿਸੇ ਮੰਜ਼ਿਲ ਇਸ਼ਕ ਨੂੰ ਉਹ ਵੀ ਪਾਸ ਦਿਸਦੀ ਹੈ ਅਪਣੇ ਦਿਲ ਵਿਚ ਨਾ ਜੇ ਖੁਸ਼ੀ ਹੋਵੇ ਸਾਰੀ ਦੁਨੀਆਂ ਉਦਾਸ ਦਿਸਦੀ ਹੈ ਭਾਵੇਂ ਹੋਣੀ ਨੂੰ ਸਮਝਦੇ ਨੇ ਬੜਾ ਇਸ਼ਕ ਦੀ ਉਹ ਵੀ ਦਾਸ ਦਿਸਦੀ ਹੈ ਦਿਲ ਦੇ ਸ਼ੀਸ਼ੇ 'ਚ ਯਾਰ ਦੀ ਸੂਰਤ ਹਰ ਘੜੀ ਹਰ ਸੁਆਸ ਦਿਸਦੀ ਹੈ ਮੁਰਦਿਆਂ ਨੂੰ ਜਵਾਏ ਜੋ ਅਕਸੀਰ ਉਹ ਵੀ ਸਾਕੀ ਦੇ ਪਾਸ ਦਿਸਦੀ ਹੈ ਹੇ ਹਕੀਮੇਂ ਨਾ ਸ਼ਰਬਤਾਂ ਦੇ ਨਾਲ ਬੁਝਦੀ ਦਿਲ ਦੀ ਪਿਆਸ ਦਿਸਦੀ ਹੈ ਜਾਲ ਵਿਚ ਇਸ਼ਕ ਦੇ ਜੋ ਆ ਫਸਿਆ ਉਸ ਦੀ ਮੁਸ਼ਕਲ ਖਲਾਸ ਦਿਸਦੀ ਹੈ ਹੱਥੋਂ ਦੁਨੀਆਂ ਦੇ ਹੇ 'ਰਤਨ' ਸਾਡੀ ਪੂਰੀ ਹੁੰਦੀ ਨਾ ਆਸ ਦਿਸਦੀ ਹੈ।

ਕਾਲੀ ਘਟਾ ਹੈ ਛਾਈ

ਅਜ ਫਿਰ ਅਕਾਸ਼ ਉਤੇ ਕਾਲੀ ਘਟਾ ਹੈ ਛਾਈ ਇਹ ਪੀਣ ਦਾ ਸੁਨੇਹਾ, ਮੇਰੇ ਲਈ ਲਿਆਈ ਕਾਲੀ ਘਟਾ ਨੇ ਦੇਖੇ, ਬਿਜਲੀ ਹੈ ਯੂੰ ਲੁਕਾਈ ਜਿਉਂ ਇਸ਼ਕ ਦੀ ਚਿੰਗਾਰੀ, ਆਸ਼ਕ ਦੇ ਦਿਲ ਸਮਾਈ ਧਰਤੀ ਦੇ ਉਤੇ ਬਰਖਾ ਏਦਾਂ ਬਰਸ ਰਹੀ ਹੈ ਪ੍ਰੇਮੀ ਦੀ ਅੱਖੀਆਂ ਜਿਉਂ ਹੰਝੂ ਝੜੀ ਹੋ ਲਾਈ ਕਾਲੀ ਘਟਾ ਨੂੰ ਤੱਕ ਕੇ ਮੈਨੂੰ ਯਕੀਨ ਹੋਇਆ ਤੇਰੇ ਹੀ ਗੇਸੂਆਂ ਦੀ ਰੰਗਤ ਹੈ ਇਸ ਉਡਾਈ ਬਿਜਲੀ ਚਮਕ ਘਟਾ ਚੋਂ ਏਦਾਂ ਹੈ ਮੂੰਹ ਛੁਪਾਂਦੀ ਸੁਹਣੇ ਨੇ ਮੂੰਹ ਦਿਖਾਕੇ ਸੂਰਤ ਜਿਵੇਂ ਛੁਪਾਈ ਕਾਲੀ ਘਟਾ ਨੂੰ ਤੱਕ ਕੇ ਯੂੰ ਮੋਰ ਨੱਚਦਾ ਹੈ ਵਿਛੜੇ ਪ੍ਰੇਮੀਆਂ ਦੀ ਜਿਉਂ ਆਸ ਬਰ ਹੋ ਆਈ ਇਕ ਬੂੰਦ ਦਾ ਪਿਆਲਾ ਬੇਚੈਨ ਹੈ ਪਪੀਹਾ ਜਿਉਂ ਪ੍ਰੇਮ ਰੋਗ ਦੀ ਨਾ, ਲੱਭਦੀ ਕੋਈ ਦਵਾਈ ਬੱਦਲ ਹੋਏ ਇਕੱਠੇ ਏਦਾਂ ਅਕਾਸ਼ ਉਤੇ ਗ਼ੰਮ ਦੀ ਹੈ ਫੌਜ ਕਰਦੀ ਆਸ਼ਕ ਤੇ ਜਿਉਂ ਚੜ੍ਹਾਈ ਸੁਹਣੇ ਦੇ ਚਿਹਰੇ ਉਤੇ ਜਿਉਂ ਕੇਸ ਬਿਖਰ ਜਾਂਦੇ ਕਾਲੀ ਘਟਾ ਹੈ ਬੈਠੀ ਸੂਰਜ ਨੂੰ ਯੂੰ ਲੁਕਾਈ ਇਕ ਬਾਰ ਬਰਸ ਬੱਦਲ ਮੁੜ ਮੁੜ ਕੇ ਬਰਸਦਾ ਹੈ ਪਰੇਮੀ ਦੇ ਦਿਲ ਦੀ ਪੀੜਾ ਹੁੰਦੀ ਜਿਵੇਂ ਸਵਾਈ ਐਦਾਂ ਚਮਕ ਰਹੇ ਨੇ ਜੁਗਨੂੰ ਹਨੇਰਿਆਂ ਵਿਚ ਲੋ ਆਸ ਦੀ ਪ੍ਰੇਮੀ ਦਿਲ ਵਿਚ ਹੋ ਟਿਮਟਮਾਈ ਕਾਲੀ ਘਟਾ ਹੈ ਦਿੰਦੀ ਮਸਤੀ ਦਾ ਇਕ ਸੁਨੇਹਾ ਹੜ੍ਹ ਮਸਤੀਆਂ ਦਾ ਅਪਣੇ ਹੈ ਨਾਲ ਇਹ ਲਿਆਈ ਨਦੀਆਂ ਪਹਾੜ ਉਤੋਂ ਹੇਠਾਂ ਨੂੰ ਇੰਜ ਦੌੜਨ ਜੰਗਲ ਨੂੰ ਨੱਸਦਾ ਹੈ ਜਿੱਦਾਂ ਕੋਈ ਸੁਦਾਈ ਬੱਤੀ ਦੇ ਗਿਰਦ ਐਦਾਂ ਉੜਦੇ ਫਿਰਨ ਪਤੰਗੇ ਠੇਕੇ ਦੇ ਦਰ ਸ਼ਰਾਬੀ ਦਿੰਦੇ ਜਿਵੇਂ ਦਿਖਾਈ ਅੱਖਾਂ ਦੇ ਅੱਗੇ ਫਿਰਿਆ, ਬਰਸਾਤ ਦਾ ਨਜ਼ਾਰਾ ਮਹਿਫਿਲ ਦੇ ਵਿਚ 'ਰਤਨ' ਨੇ ਜਦ ਇਹ ਗ਼ਜ਼ਲ ਸੁਣਾਈ ਦੋ ਸ਼ਿਅਰ ਸੁਖ ਲਈ ਰੋਜ਼ ਦੁੱਖ ਜਰਦਾ ਹੈਂ ਮੌਤ ਦੇ ਡਰ ਤੋਂ ਰੋਜ਼ ਮਰਦਾ ਹੈਂ ਸੋਨੇ ਚਾਂਦੀ ਦੇ ਟੁਕੜਿਆਂ ਖ਼ਾਤਰ ਆਤਮਾਂ ਦਾ ਵੀ ਖੂੰਨ ਕਰਦਾ ਹੈਂ

ਯਾਰੋ ਦੁਹਾਈ

ਦੁਹਾਈ ਇਸ਼ਕ ਤੋਂ ਯਾਰੋ ਦੁਹਾਈ ਹਕੀਮਾਂ ਨੂੰ ਨਹੀਂ ਲੱਭੀ ਦਵਾਈ ਝਨਾਂ ਨੂੰ ਕੱਚਿਆਂ ਤੇ ਤਰਨ ਵਾਲੀ ਇਨੂੰ ਕੱਚਾ ਵੀ ਨਾ ਦਿੱਤਾ ਦਿਖਾਈ ? ‡ਮੇਰੇ ਦਿਲ ਦੀ ਕਲੀ ਨਾ ਖਿੜ ਸਕੀ ਜਦ ‡ਮੋਰੇ ਭਾਣੇ ਬਹਾਰ ਆਈ ਨਾ ਆਈ +ਮੇਰੀ ਨਜ਼ਰਾਂ ਤੋਂ ਲੁਕ ਕੇ ਰਹਿਣ ਵਾਲੇ ‡ਤੇਰੀ ਸੂਰਤ ਤਾਂ ਹੈ ਦਿਲ ਵਿਚ ਸਮਾਈ ਕੋਈ ਪੁੱਛੇ ਤਾਂ ਉਸ ਸੁਹਣੇ ਤੋਂ ਜਾ ਕੇ ਇਹ ਕਿਸਨੇ ਅੱਗ ਸੀਨੇ ਵਿਚ ਲਾਈ ਜ਼ਰਾ ਚਿੱਤ-ਚੋਰ ਮੇਰੇ ਦੱਸ ਮੈਨੂੰ ਇਹ ਚੋਰੀ ਕਿਸ ਨੇ ਹੈ ਤੈਨੂੰ ਸਖਾਈ ਉਹ ਭੋਲਾ ਹੈ ਜਾਂ ਉਸ ਨੂੰ ਸ਼ੋਖ ਆਖੋ ਲਗਾਈ ਅੱਗ ਤੇ ਫਿਰ ਨਾ ਬੁਝਾਈ ਮੇਰਾ ਵਿਸ਼ਵਾਸ ਹੈ ਹੋ ਹੀ ਹੈ ਜਾਂਦੀ ਮੁਹੱਬਤ ਵਿਚ ਵੀ ਦਿਲ ਦੀ ਸਫਾਈ ਬੁਝਾਏ ਕੋਈ ਸ਼ਰਬਤ ਪਿਆਸ ਦਿਲ ਦੀ ਤਰਿਹ ਵਧਦੀ ਹੈ ਨਿੱਤ ਦੂਣੀ ਸਵਾਈ ਮਹੱਬਤ ਅੱਗ ਹੈ, ਇਕ ਅੱਗ ਜਿਹੜੀ ਹੈ ਲਗਦੀ ਆਪ ਨਾ ਬੁਝਦੀ ਬੁਝਾਈ ਜੇ ਹੋ ਜਾਵਣ ਕਦੇ ਇਕ ਬਾਰ ਦਰਸ਼ਨ ਮੈਂ ਸਮਝਾਂਗਾ ਬੜੀ ਕੀਤੀ ਕਮਾਈ ਜੋ ਔਖੇ ਵਕਤ ਆਵੇ ਕੰਮ ਅਪਣੇ 'ਰਤਨ' ਦਿੰਦਾ ਨਹੀਂ ਕੋਈ ਦਿਖਾਈ ‡ਮਿਰੇ ਪੜ੍ਹੋ +ਮਿਰੀ ਪੜ੍ਹੋ ‡ਤਿਰੀ ਪੜ੍ਹੋ ਦੋ ਰੁਬਾਈਆਂ [੧] ਅੱਜ ਇਨਸਾਨ ਦਾ ਈਮਾਨ ਹੈ ਬਣਿਆਂ ਪੈਸਾ ਪ੍ਰੇਮ ਦੇ ਦਰ ਦਾ ਵੀ ਦਰਬਾਨ ਹੈ ਬਣਿਆਂ ਪੈਸਾ ਇਸ ਤੋਂ ਵੱਡਾ ਨਾ ਕੋਈ ਇਸ਼ਟ ਦਿਖਾਈ ਦੇਵੇ ਅੱਜ ਇਨਸਾਨ ਦਾ ਭਗਵਾਨ ਹੈ ਬਣਿਆਂ ਪੈਸਾ [੨] ਦੂਜਿਆਂ ਵਾਸਤੇ ਦੁਖ ਕੌਣ ਹੈ ਐਵੇਂ ਜਰਦਾ ਇਕ ਦੀ ਆਈ ਭਲਾਂ ਕੌਣ ਹੈ ਦੂਜਾ ਮਰਦਾ ਜਦ ਕਿਸੇ ਬੰਦੇ ਤੇ ਹੈ ਆਕੇ ਮੁਸੀਬਤ ਪੈਂਦੀ ਗੱਲਾਂ ਦੇ ਨਾਲ ਹਰ ਇਕ ਪੂਰਾ ਹੈ ਆ ਘਰ ਕਰਦਾ

ਸ਼ਰਮਾਂਦਾ ਰਿਹਾ ਹਾਂ

ਹਜ਼ੂਰੀ ਤੋਂ ਮੈਂ ਕਤਰਾਂਦਾ ਰਿਹਾ ਹਾਂ ਗੁਨਾਹ ਕਰਦਾ ਤੇ ਪਛਤਾਂਦਾ ਰਿਹਾ ਹਾਂ ਜਵਾਨੀ ਵਿਚ ਢੋ ਪਾਪਾਂ ਦੇ ਭਾਰੇ ਬੁੜ੍ਹਾਪੇ ਵਿਚ ਸ਼ਰਮਾਂਦਾ ਰਿਹਾ ਹਾਂ ਗੁਨਾਹਾਂ ਵਿਚ ਮੈਂ ਕਰਕੇ ਦਲੇਰੀ *ਤੇਰੀ ਰਹਿਮਤ ਨੂੰ ਅਜ਼ਮਾਂਦਾ ਰਿਹਾ ਹਾਂ ਗੁਨਾਹਾਂ ਦਾ ਨਾ ਸੁਝਿਆ ਕੁਝ ਬਹਾਨਾ ਇਸੇ ਕਾਰਨ ਮੈਂ ਘਬਰਾਂਦਾ ਰਿਹਾ ਹਾਂ ਬਹਾਰਾਂ ਵਿਚ ਇਕ ਦੋ ਘੁੱਟ ਪੀ ਕੇ ਮੈਂ ਚੰਚਲ ਮਨ ਨੂੰ ਪਰਚਾਂਦਾ ਰਿਹਾ ਹਾਂ ਸਮਝਦਾ ਹੀ ਰਿਹਾ ਫਾਨੀ ਨੂੰ ਬਾਕੀ ਮੈਂ ਇਹ ਧੋਖਾ ਸਦਾ ਖਾਂਦਾ ਰਿਹਾ ਹਾਂ ਨਾ ਖਾਲੀ ਹੋਣ ਜਿਖੇ ਸੁਰਖ਼ ਪਿਆਲੇ ਮੈਂ ਉਸ ਮਹਿਫਲ ਤੋਂ ਕਤਰਾਂਦਾ ਰਿਹਾ ਹਾਂ ਧਰਮ ਨੇ ਜਿਧਰੋਂ ਰੋਕਾਂ ਸੀ ਪਾਈਆਂ ਮੈਂ ਉਧਰ ਨੱਸ ਕੇ ਜਾਂਦਾ ਰਿਹਾ ਹਾਂ 'ਰਤਨ' ਬਖਸ਼ਿਸ਼ ਦਾ ਦਰ ਭਾਵੇਂ ਹੈ ਖੁਲ੍ਹਾ ਸਜ਼ਾ ਤੋਂ ਫਿਰ ਵੀ ਘਬਰਾਂਦਾ ਰਿਹਾ ਹਾਂ *ਤਿਰੀ ਪੜ੍ਹੋ

ਖ਼ਬਰ ਕੋਈ

ਜਾਨ ਦਾ ਜੇ ਨਾ ਹੁੰਦਾ ਡਰ ਕੋਈ ਇਸ਼ਕ ਕਰ ਦੇਖਦਾ ਤਾਂ ਹਰ ਕੋਈ ਮੇਰੀਆਂ ਆਹਾਂ ਦਾ ਹੈ ਪੱਥਰ ਦਿਲ! ਤੇਰੇ ਦਿਲ ਤੇ ਨਹੀਂ ਅਸਰ ਕੋਈ ਭਾਲ ਵਿਚ ਤੇਰੀ ਖੋ ਗਿਆ ਹਾਂ ਮੈਂ ਅਪਣੀ ਮੈਨੂੰ ਨਹੀਂ ਖ਼ਬਰ ਕੋਈ ਮੱਥਾ ਰਗੜਾਂ ਮੈਂ ਕਿਹੜੀ ਥਾਂ ਉਤੇ ਤੇਰਾ ਦਿਸਦਾ ਨਹੀਂ ਹੈ ਦਰ ਕੋਈ ਤੇਰੇ ਘਰ ਦੀ ਹੀ ਖੋਜ ਕਰਦਾ ਹਾਂ ਭਾਵੇਂ ਤੇਰਾ ਨਹੀਂ ਹੈ ਘਰ ਕੋਈ ਰੋਕ ਸਕਦਾ ਹੈ ਇਸ਼ਕ ਦਾ ਹੜ੍ਹ ਕੌਣ ਦਿਲ ਤੇ ਕਿੱਦਾਂ ਕਰੇ ਜਬਰ ਕੋਈ ਇਹ ਹੈ ਔਖਾ, ਬਹੁਤ ਬਹੁਤ ਔਖਾ ਇਸ਼ਕ ਵਿਚ ਕਰ ਸਕੇ ਸਬਰ ਕੋਈ ਜਿਸ ਨੂੰ ਮਿਲਦਾ ਹੈ ਕੁਝ ਪਤਾ ਤੇਰਾ ਰਹਿੰਦੀ ਅਪਣੀ ਨਹੀਂ ਖ਼ਬਰ ਕੋਈ ਹੈ ਹਕੀਮੋਂ ਜੁਦਾਈ ਵਿਚ ਦਿਲ ਤੇ ਕਰਦੀ ਦਾਰੂ ਨਹੀਂ ਅਸਰ ਕੋਈ ਕੀ ਕਰੇਗੀ ਮਲਾਹ ਦੀ ਹਿੰਮਤ ਕੰਢਾ ਆਵੇ ਨਾ ਜਦ ਨਜ਼ਰ ਕੋਈ ਜ਼ੁਲਮ ਤੇਰੇ ਅਸੀਂ ਸਹਾਰਾਂਗੇ ਅਪਣੀ ਛੱਡੀਂ ਨਾ ਤੂੰ ਕਸਰ ਕੋਈ ਵਧਦੀ ਜਾਂਦੀ ਹੈ ਦਿਲ ਦੀ ਬੇਚੈਨੀ ਹੋ ਨਾ ਜਾਏ ਕਿਤੇ ਗ਼ਦਰ ਕੋਈ ਤੂੰ ਛੁਪਾਇਆ ਹੈ ਇਸ ਲਈ ਚਿਹਰਾ ਲਗ ਨਾ ਜਾਏ ਕਿਤੇ ਨਜ਼ਰ ਕੋਈ ਹੱਥ ਖਾਲੀ ਹੀ ਟੁਰ ਪਿਆ ਪਰਲੋਕ ਐਦਾਂ ਕਰਦਾ ਨਹੀਂ ਸਫਰ ਕੋਈ ਅੱਡ ਬਾਂਹਾਂ 'ਰਤਨ' ਦੁਆ ਖ਼ਾਤਰ ਜਦ ਦਵਾ ਦਾ ਨਹੀਂ ਅਸਰ ਕੋਈ

ਕਰ ਲਿਆ ਮੰਨਜ਼ੂਰ

ਇਸ਼ਕ ਨੇ ਉਸ ਨੂੰ ਕਰ ਲਿਆ ਮੰਨਜ਼ੂਰ ਲੈਲਾ ਭਾਵੇਂ ਨਹੀਂ ਸੀ ਕੋਈ ਹੂਰ ਅੱਜ ਭਰ ਕੇ ਪਿਆਲਾ ਦੇਹ ਸਾਕੀ ਥੱਕਾ ਹੋਇਆ ਹਾਂ ਮੈਂ ਤੇ ਮੰਜ਼ਿਲ ਦੂਰ ਪੱਛਮੀ ਸੱਭਿਯਤਾ ਦੇ ਚਾਨਣ ਵਿਚ ਮੈਨੂੰ ਦਿਸਦਾ ਨਹੀਂ ਹੈ ਕੋਈ ਨੂਰ ਹਰ ਜੁਰਮ ਦੀ ਸਜ਼ਾ ਮਿਲੇ ਇਥੇ ਭਾਵੇਂ ਕਰਦਾ ਹੈ ਕੋਈ ਹੋ ਮਜਬੂਰ ਫਿਰ ਵੀ ਧਨਵਾਨ ਨਾਜ਼ ਕਰਦਾ ਹੈ ਉਸ ਦੀ ਖ਼ਾਤਰ ਕਮਾਏ ਗੋ ਮਜ਼ਦੂਰ ਅੱਜ ਮੈਨੂੰ ਨਾ ਛੇੜ ਤੂੰ ਜ਼ਾਹਿਦ ਅੱਜ ਹਾਂ ਮੈਂ ਬਹੁਤ ਨਸ਼ੇ ਵਿਚ ਚੂਰ ਹੁਸਨ ਦੀ ਕਿਸੇ ਨੇ ਪੁੱਛ ਕਰਨੀ ਸੀ ਇਸ਼ਕ ਨੇ ਕੀਤਾ ਏਸ ਨੂੰ ਮਸ਼ਹੂਰ ਭੁੱਲ ਕੇ ਤੈਨੂੰ ਦਿਲ ਹਾਂ ਦੇ ਬੈਠਾ ਮੇਰੀ ਗ਼ਲਤੀ ਹੈ, ਇਹ ਹੈ ਮੇਰਾ ਕਸੂਰ ਤੂੰ ਜੇ ਚਾਹੇਂ ਮਿਲਾਪ ਹੋ ਸਕਦੈ ਤੈਥੋਂ ਤੇਰਾ 'ਰਤਨ' ਨਹੀਂ ਕੁਝ ਦੂਰ

ਦੂਈ ਦਾ ਪਰਦਾ ਹੈ

ਕੋਈ ਜੀਂਦਾ ਹੈ ਯਾ ਕਿ ਮਰਦਾ ਹੈ ਇਸ ਦੀ ਪਰਵਾਹ ਕੌਣ ਕਰਦਾ ਹੈ ਮੈਨੂੰ ਮਹਿਫ਼ਿਲ ਚੋਂ ਕੱਢ ਕਹਿੰਦੇ ਨੇ ਇਸ ਦਾ ਕੀ ਹੈ ? ਇਹ ਬੰਦਾ ਘਰ ਦਾ ਹੈ ਇਸ ਦੀ ਪਰਵਾਹ ਨਹੀਂ ਝਨਾਵਾਂ ਨੂੰ ਡੁੱਬਦਾ ਹੈ ਕੋਈ ਕਿ ਤਰਦਾ ਹੈ ਲੁੱਕ ਕੇ ਬਹਿਣਾ ਨਹੀਂ ਹੈ ਜੇ ਮੰਨਜ਼ੂਰ ਤਾਣਿਆ ਕਿਸ ਲਈ ਇਹ ਪਰਦਾ ਹੈ ਤਦ ਹੀ ਸੜਦਾ ਹੈ ਕੋਈ ਇਸ਼ਕ ਅੰਦਰ ਜਦ ਨਾ ਇਸ ਤੋਂ ਬਗ਼ੈਰ ਸਰਦਾ ਹੈ ਸੜਨ ਵਿਚ ਵੀ ਸੁਆਦ ਹੈ ਕੋਈ ਤਾਂ ਪਤੰਗਾ ਇਹ ਦੁੱਖ ਜਰਦਾ ਹੈ ਉਹ ਨਾ ਡਰਿਆ ਕਿਸੇ ਮੁਸੀਬਤ ਤੋਂ ਜਿਸ ਦੇ ਦਿਲ ਇਸ਼ਕ ਤੇਰੇ ਦਰ ਦਾ ਹੈ ਤੈਨੂੰ ਸਾਡੇ ਬਗ਼ੈਰ ਸਰ ਸਕਦੈ ਸਾਨੂੰ ਤੇਰੇ ਬਿਨਾਂ ਨਾ ਸਰਦਾ ਹੈ ਕਹਿਣੀ ਕਰਨੀ ਦੇ ਵਿਚ ਬੜਾ ਹੈ ਫਰਕ ਕੋਈ ਕਹਿੰਦਾ ਤੇ ਕੋਈ ਕਰਦਾ ਹੈ ਤੂੰ ਤੇ ਮੈਂ ਵਿਚ ਫਰਕ ਨਹੀਂ ਦਿਸਦਾ ਉਠਦਾ ਜਦ ਦੂਈ ਦਾ ਪਰਦਾ ਹੈ ਗੱਲ ਹੁੰਦੀ ਕੋਈ 'ਰਤਨ' ਹੈ ਜ਼ਰੂਰ ਕੌਣ ਐਵੇਂ ਕਿਸੇ ਤੇ ਮਰਦਾ ਹੈ। ਦੋ ਰੁਬਾਈਆਂ [੧] ਆ ਗਈ ਉਮਡ ਕੇ ਆਕਾਸ਼ ਤੇ ਫਿਰ ਕਾਲੀ ਘਟਾ ਦਿਲ ਦੇ ਭਾਂਬੜ ਨੂੰ ਹਵਾ ਦਿੰਦੀ ਹੈ ਕੁਝ ਹੋਰ ਹਵਾ ਤੇਰਾ ਦਿਲ ਕਹਿੰਦਾ ਏ ਸਾਕੀ ਤਾਂ ਪਿਆਲਾ ਭਰਦੇ ਇਹ ਜ਼ਰੂਰੀ ਤਾਂ ਨਹੀਂ ਮੈਂ ਹੀ ਕਹਾਂ 'ਅੱਜ ਪਿਆ'। [੨] ਹਿੰਦੂ ਵੀ ਮੁਸਲਮਾਨ ਵੀ ਬਣ ਸਕਦਾ ਹੈ ਇਹ ਰਿਸ਼ੀ, ਦੇਵਤਾ, ਭਗਵਾਨ ਵੀ ਬਣ ਸਕਦਾ ਹੈ ਦਿਲ ਤੇ ਹੱਥ ਧਰਕੇ 'ਰਤਨ' ਮੈਨੂੰ ਕੋਈ ਇਹ ਦੱਸੇ ਅੱਜ ਦਾ ਆਦਮੀ 'ਇਨਸਾਨ' ਵੀ ਬਣ ਸਕਦਾ ਹੈ ?

ਜਗਾਣ ਮੈਨੂੰ

ਪੰਡਿਤ ਜੀ ਆ ਰਹੇ ਨੇ, ਅਜ ਕੁਝ ਸਿਖਾਣ ਮੈਨੂੰ ਜਾਗੇ ਹੋਏ ਨੂੰ ਦੇਖੋ, ਆਏ ਜਗਾਣ ਮੈਨੂੰ ਮਦਰਾ ਦੇ ਪੀਣ ਨੂੰ ਮੈਂ, ਕਿਦਾਂ ਤਿਆਗ ਦੇਵਾਂ ਅਜ਼ਲਾਂ ਤੋਂ ਪੈ ਗਈ ਹੈ, ਜਦ ਇਸ ਦੀ ਬਾਂਣ ਮੈਨੂੰ ਦੁਨੀਆਂ ਦੇ ਭੇਦ ਦਸੋ, ਕਿਦਾਂ ਹਾਂ ਜਾਣ ਸਕਦਾ ਹੋਈ ਨਹੀਂ ਅਜੇ ਤਾਂ ਅਪਣੀ ਪਛਾਣ ਮੈਨੂੰ ਪਾਪੀ ਹਾਂ ਮੈਂ ਤਾਂ ਕੀ ਹੈ ਦੰਭੀ ਨਹੀਂ ਹਾਂ ਕੋਈ ਤਾਹਨੇ ਦੇ ਭਗਤ ਜੀ ਕਿਉਂ ਆਏ ਸਤਾਣ ਮੈਨੂੰ ਰਹਿਮਤ ਨੇ ਹਰ ਗੁਨਾਹ ਹੈ ਕਰਨਾ ਮੁਆਫ਼ ਆਖ਼ਰ ਇਹ ਦਿਲ ਦੇ ਵਸਵਸੇ ਹੀ ਆਏ ਡਰਾਣ ਮੈਨੂੰ ਮਿੱਤਰ ਨੇ ਪਾਸ ਆਏ, ਪਰ ਤਦ ਮਜ਼ਾ ਹੈ ਜੇ ਕਰ ਉਸ ਦਾ ਕੋਈ ਸੁਨੇਹਾ, ਆਕੇ ਸੁਨਾਣ ਮੈਨੂੰ ਹੈ ਜ਼ਹਿਰ ਤੋਂ ਵੀ ਕੌੜਾ, ਉਸ ਦੇ ਬਗ਼ੈਰ ਜੀਣਾ ਅੰਮ੍ਰਿਤ ਨੂੰ ਨਾ ਕਬੂਲਾਂ, ਜੇਕਰ ਪਿਆਣ ਮੈਨੂੰ ਦੁਨੀਆਂ ਦੇ ਵਿਚ ਆਕੇ ਕਿਹੜਾ ਅਮਰ ਰਿਹਾ ਏ ਕਿਉਂ ਲੋਕ ਮੌਤ ਤੋਂ ਨੇ, ਲੱਗੇ ਡਗਣ ਮੈਨੂੰ ਸਿਆਣੇ ਮੁਹੱਬਤਾਂ ਤੋਂ ਮੈਨੂੰ ਵਰਜ ਰਹੇ ਨੇ ਪੱਟੀ 'ਰਤਨ' ਇਹ ਉਲਟੀ ਆਏ ਪੜ੍ਹਾਣ ਮੈਨੂੰ

ਨਜ਼ਰ ਜੁਦਾ ਹੈ

ਸੱਸੀ ਦੇ ਸਿਰ ਤੇ ਦੇਖੋ, ਅੱਜ ਕੂਕਦੀ ਕਜ਼ਾ ਹੈ ਪੁਨੂੰ ਦੀ ਡਾਚੀਆਂ ਦਾ, ਲੱਭਦਾ ਨਹੀਂ ਪਤਾ ਹੈ ਜਿਸ ਆਦਮੀ ਦੇ ਦਿਲ ਵਿਚ, ਤੂੰ ਆਕੇ ਵੱਸ ਗਿਆ ਹੈਂ ਭਾਵੇਂ ਫ਼ਕੀਰ ਹੈ ਉਹ, ਦੁਨੀਆਂ ਦਾ ਬਾਦਸ਼ਾਹ ਹੈ ਇਹ ਇਸ਼ਕ ਵਿਚ ਮਰਨਾ, ਜਿਉਣਾ ਹੀ ਜਾਣਦਾ ਹੈ ਆਸ਼ਕ ਦਾ ਦੀਨ ਯਾਰੋ, ਦੁਨੀਆਂ ਤੋਂ ਵੱਖਰਾ ਹੈ ਤੈਨੂੰ ਸ਼ਰਾਬ ਵਿੱਸ ਹੈ, ਮੇਰੇ ਲਈ ਹੈ ਅੰਮ੍ਰਿਤ ਤੇਰੀ ਨਜ਼ਰ ਤੋਂ ਜ਼ਾਹਿਦ, ਮੇਰੀ ਨਜ਼ਰ ਜੁਦਾ ਹੈ ਐਵੇਂ ਹਕੀਮ ਨੁਸਖੇ, ਲਿਖ ਲਿਖ ਕੇ ਦੇ ਰਿਹਾ ਹੈਂ ਪ੍ਰੀਤਮ ਦੇ ਰੋਗੀਆਂ ਨੂੰ, ਬੇਕਾਰ ਹਰ ਦਵਾ ਹੈ ਮਿਲਦਾ ਹੈ ਆਦਮੀ ਨੂੰ, ਗੋ ਚਾਰ ਦਿਨ ਦਾ ਜੀਵਨ ਫਿਰ ਵੀ ਇਹ ਅਪਣੀ ਮੂਰਖ ਬੰਨ੍ਹਦਾ ਪਿਆ ਹਵਾ ਹੈ ਹੂਰਾਂ ਦੇ ਸੁਪਨਿਆਂ ਵਿਚ, ਜ਼ਾਹਿਦ ਹੈ ਮਸਤ ਹੋਇਆ ਇਹ ਹੁਸਨ ਦਾ ਪਿਆਸਾ, ਇਸ ਵਿਚ ਨਾ ਸ਼ੱਕ ਜ਼ਰਾ ਹੈ ਅਕਲਾਂ ਦਾ ਲੈ ਸਹਾਰਾ, ਤੂੰ ਭਾਲਦਾ ਹੈਂ ਰਸਤਾ ਸਾਨੂੰ ਤਾਂ ਇਸ਼ਕ ਦਾ ਹੀ, ਬੱਸ ਇਕ ਆਸਰਾ ਹੈ ਬੇ ਆਬਰੂ ਹੈ ਕਰਨਾ, ਬੇ ਆਬਰੂ ਹੀ ਕਰਦੇ ਦਿੱਤਾ ਹੈ ਸਿਰ ਝੁਕਾ ਮੈਂ, ਜੇ ਤੇਰੀ ਇਹ ਰਜ਼ਾ ਹੈ ਭਾਵੇਂ ਜ਼ਲੀਲ ਕਰਦੇ, ਭਾਵੇਂ ਤੂੰ ਚੁੱਕ ਉਂਚਾ ਤੇਰਾ 'ਰਤਨ' ਹੈ ਤੇਰਾ, ਅੱਛਾ ਹੈ ਯਾ ਬੁਰਾ ਹੈ

ਗੁਨਾਹ ਨਹੀਂ

ਲੱਭਦਾ ਤੇਰੇ ਦਰ ਦਾ ਰਾਹ ਨਹੀਂ ਪੂਰੀ ਹੁੰਦੀ ਦਰਸ ਦੀ ਚਾਹ ਨਹੀਂ ਕੌਣ ਹੈ ਜਿਹੜਾ ਜੱਗ ਵਿਚ ਆਕੇ ਕਰਦਾ ਜ਼ਾਹਿਦ ਕੋਈ ਗੁਨਾਹ ਨਹੀਂ ਕੌਣ ਕਿਸਮਤ ਦਾ ਹੈ ਬਲੀ ਜਿਹੜਾ ਇਸ਼ਕ ਵਿਚ ਹੋ ਗਿਆ ਤਬਾਹ ਨਹੀਂ ਕਿਸ ਤਰ੍ਹਾਂ ਮੈਂ ਕਹਾਂ ਤੂੰ ਜ਼ਾਲਿਮ ਹੈਂ ਜਦ ਕਿ ਮੇਰਾ ਕੋਈ ਗਵਾਹ ਨਹੀਂ ਤੇਰੇ ਦਿਲ ਤੇ ਅਸਰ ਕਿਵੇਂ ਹੋਵੇ ਪੁਜਦੀ ਤੇਰੇ ਤਕ ਤਾਂ ਆਹ ਨਹੀਂ ਜੇ ਤੂੰ ਐਦਾਂ ਹੀ ਚੁਪ ਰਹਿਣਾ ਹੈ ਫੇਰ ਹੋਣਾ ਮੇਰਾ ਨਿਬਾਹ ਨਹੀਂ ਰਾਂਝਿਆ ! ਹੀਰ ਨੇ ਨਹੀਂ ਮਿਲਣਾ ਪਾਂਦਾ ਸਿਰ ਵਿਚ ਅਗਰ ਸੁਆਹ ਨਹੀਂ ਇਸ਼ਕ ਕਰਦਾ ਹੈ ਪੂਰਾ ਅਪਣਾ ਕੌਲ ਹੁਸਨ ਦਾ ਭਾਵੇਂ ਕੁਝ ਵਿਸਾਹ ਨਹੀਂ ਕਿੱਥੇ ਜਾਈਏ ਤਿਆਗ ਤੇਰਾ ਦਰ ਮਿਲਦੀ ਇਥੇ ਵੀ ਜੇ ਪਨਾਹ ਨਹੀਂ ਤੇਰੇ ਦਰ ਦਾ ਜੋ ਬਣ ਗਿਆ ਹੈ ਫ਼ਕੀਰ ਉਸ ਤੋਂ ਚੰਗਾ ਕੋਈ ਵੀ ਸ਼ਾਹ ਨਹੀਂ ਹੋ ਗਏ ਭਾਵੇਂ ਜੱਗ ਵਿਚ ਬਦਨਾਮ ਤੂੰ ਤਾਂ ਦਿਲ ਤੋਂ ਅਸਾਨੂੰ ਲਾਹ ਨਹੀਂ ਇਸ਼ਕ ਨੂੰ ਜੇ ਤੁਸੀਂ ਗੁਨਾਹ ਆਖੋ ਇਸ ਤੋਂ ਮਿੱਠਾ ਕੋਈ ਗੁਨਾਹ ਨਹੀਂ ਤੇਰੇ ਦਰਸ਼ਨ ਦੀ ਤਾਂਘ ਹੈ ਰਹਿੰਦੀ ਹੋਰ ਤਾਂ ਮੇਰੀ ਕੋਈ ਚਾਹ ਨਹੀਂ ਗ਼ਜ਼ਲ ਫਿਰ ਵੀ 'ਰਤਨ' ਦੀ ਹੈ ਅਨਮੋਲ ਹੁੰਦੀ ਜੇ ਇਸ ਤੇ ਵਾਹ ਵਾਹ ਨਹੀਂ

ਨਿਗਾਹ ਫੇਰੀ

ਪੂਰੀ ਹੁੰਦੀ ਨਹੀਂ ਜੇ ਚਾਹ ਤੇਰੀ ਕਿਉਂ ਹੈਂ ਬੈਠਾ ਤੂੰ ਫੇਰ ਢਾ ਢੇਰੀ ਮਿਲ ਹੀ ਜਾਂਦੈ ਕਦੇ ਤਾਂ ਦਰ ਉਸਦਾ ਭਾਵੇਂ ਲਗਦੀ ਹੈ ਇਸ ਵਿਚ ਦੇਰੀ ਛੱਡ ਦੇਵਾਂ ਵਫ਼ਾ ਦਾ ਮਂ ਰਸਤਾ ਐਸੀ ਆਦਤ ਨਹੀਂ ਸਨਮ ਮੇਰੀ ਤੇਰੇ ਦਰ ਤੋਂ ਨਹੀਂ ਮੈਂ ਉਠ ਸਕਦਾ ਹੁੰਦੇ ਦਰਸ਼ਣ ਨਹੀਂ ਜਾਂ ਇਕ ਵੇਰੀ ਸਾਰੀ ਦੁਨੀਆਂ ਦੀ ਫਿਰ ਗਈ ਹੈ ਨਜ਼ਰ ਜਿਸ ਘੜੀ ਤੋਂ ਹੈ ਤੈਂ ਨਜ਼ਰ ਫੇਰੀ ਭਾਵੇਂ ਮਿਲ ਜਾਏ ਧਨ ਵੀ ਕਾਰੂੰ ਦਾ ਹੁੰਦੀ ਬੰਦੇ ਦੀ ਫੇਰ ਨਾ ਸੇਰੀ ਛੱਡ ਸਕਦਾਂ ਮੈਂ ਹੋਰ ਤਾਂ ਹੋਰ ਚੀਜ਼ ਛੱਡੀ ਜਾਂਦੀ ਨਹੀਂ ਹੈ ਚਾਹ ਤੇਰੀ ਹੱਥ ਪਹਿਲਾਂ ਮਿਲਾ 'ਰਤਨ' ਲੋਕੀ ਕਰਦੇ ਰਹਿੰਦੇ ਨੇ ਫੇਰ ਹੱਥ ਫੇਰੀ

ਤਾਬ ਨਹੀਂ

ਤੇਰੇ ਦਰ ਤੋਂ ਮੁੜਨ ਦੀ ਤਾਬ ਨਹੀਂ ਮਿਲਦਾ ਜਦ ਤਕ ਕੋਈ ਜਵਾਬ ਨਹੀਂ ਕਿਸ ਲਈ ਦੱਸ ਬਾਗ਼ ਵਿਚ ਜਾਵਾਂ ਤੈਥੋਂ ਸੁਹਣਾ ਕੋਈ ਗੁਲਾਬ ਨਹੀਂ ਚਿੱਠੀਆਂ ਰੋਜ਼ ਉਸ ਨੂੰ ਲਿਖਦਾ ਹਾਂ ਉਸ ਦਾ ਆਇਆ ਕਦੇ ਜਵਾਬ ਨਹੀਂ ਮੂਸਾ ਦਰਸ਼ਣ ਦੀ ਜ਼ਿੱਦ ਕਰਦਾ ਹੈਂ ਝਾਲ ਝੱਲਣ ਦੀ ਤੈਨੂੰ ਤਾਬ ਨਹੀਂ ਕੋਈ ਕਰਦਾ ਤੇ ਕੋਈ ਭਰਦਾ ਹੈ ਸਮਝ ਆਉਂਦਾ ਇਹ ਕੁਝ ਹਿਸਾਬ ਨਹੀਂ ਤੈਨੂੰ ਜ਼ਾਹਿਦ ਸੁਆਦ ਦਾ ਕੀ ਪਤਾ ਤੂੰ ਤਾਂ ਪੀਤੀ ਕਦੇ ਸ਼ਰਾਬ ਨਹੀਂ ਖੇੜਿਆਂ ਦੀ ਗਲੀ ਫਿਰੇ ਜੋਗੀ ਪੈਰ ਜੁੱਤੀ ਨਹੀਂ ਜੁਰਾਬ ਨਹੀਂ ਕੈਸ ਤੇਰਾ ਇਸ਼ਕ ਅਧੂਰਾ ਹੈ ਮਿਲਿਆ ਮਜਨੂੰ ਦਾ ਜੇ ਖ਼ਿਤਾਬ ਨਹੀਂ ਪ੍ਰੇਮ ਦਾ ਪਾਠ ਕੀ ਪੜ੍ਹੇਂਗਾ 'ਰਤਨ' ਤੂੰ ਤਾਂ ਖੋਲੀ ਅਜੇ ਕਿਤਾਬ ਨਹੀਂ

ਭੁਲਾ ਲਈਏ

ਆ ਬੈਠ ਕਿਸੇ ਮੈਖ਼ਾਨੇ ਵਿਚ, ਦੁਨੀਆਂ ਦਾ ਦੁੱਖ ਭੁਲਾ ਲਈਏ ਜੇ ਚਾਰ ਦਿਹਾੜੇ ਜੀਣਾ ਹੈ, ਤਾਂ ਦਿਲ ਨੂੰ ਤਾਂ ਪਰਚਾ ਲਈਏ ਜੱਦ ਤਕ ਇਨਸਾਨ ਜਿਉਂਦਾ ਹੈ, ਗ਼ਮ ਇਸਦਾ ਖਹਿੜਾ ਨਹੀਂ ਛੱਡਦੇ ਆ ਪੀਕੇ ਆਪਾ ਭੁੱਲ ਜਾਈਏ, ਕੁਝ ਘੜੀਆਂ ਫ਼ਿਕਰ ਮਿਟਾ ਲਈਏ ਇਸ ਦੁਨੀਆਂ ਦੇ ਵਿਚ ਪਿਆਰ ਦੀ ਥਾਂ, ਨਫ਼ਰਤ ਵਧਦੀ ਜਾਂਦੀ ਹੈ ਆ ਪ੍ਰੇਮ ਨਗਰ ਦੇ ਵਾਸੀ ਬਣ, ਕੁਝ ਗੀਤ ਖੁਸ਼ੀ ਦੇ ਗਾ ਲਈਏ ਜੋ ਪ੍ਰੇਮ ਬਿਨਾਂ ਖ਼ਾਲੀ ਖ਼ਾਲੀ, ਤੇ ਉਜੜੀ ਉਜੜੀ ਰਹਿੰਦੀ ਹੈ ਇਸ ਦਿਲ ਦੀ ਬਸਤੀ ਨੂੰ ਮਿੱਤਰ, ਆ ਮੁੜ ਕੇ ਫੇਰ ਬਸਾ ਲਈਏ ਜਿਸ ਦਾ ਚਾਨਣ ਮਨ ਮੰਦਰ ਵਿਚ, ਇਕ ਨੂਰ ਜਿਹਾ ਭਰ ਦਿੰਦਾ ਹੈ ਆ ਦਿਲ ਦੇ ਵਿਚ ਪਿਆਰਾਂ ਦਾ, ਉਹ ਦੀਵਾ ਫੇਰ ਜਗਾ ਲਈਏ ਸਾਡੇ ਉਲਟੇ ਕੰਮਾਂ ਕਰਕੇ, ਜੋ ਸਾਥੋਂ ਗੁੱਸੇ ਰਹਿੰਦਾ ਹੈ ਉਸ ਰੁੱਸੇ ਹੋਏ ਪ੍ਰੀਤਮ ਨੂੰ, ਆ ਮੁੜਕੇ ਫੇਰ ਮਨਾ ਲਈਏ ਇਹ ਅਕਲ ਇਸ਼ਕ ਦਾ ਝਗੜਾ ਵੀ, ਇਕ ਬੜਾ ਪੁਰਾਣਾ ਝਗੜਾ ਹੈ ਆ ਪੀ ਕੇ ਮੈਖ਼ਾਨੇ ਅੰਦਰ, ਇਸ ਝਗੜੇ ਨੂੰ ਨਿਪਟਾ ਲਈਏ ਹੈ ਪਿਆਰ ਪਿਆਰਾਂ ਨੂੰ ਖਿੱਚਦਾ, ਨਫ਼ਰਤ ਤੋਂ ਨਫ਼ਰਤ ਵਧਦੀ ਹੈ ਭਾਵੇਂ ਇਹ ਝੂਠੀ ਲੱਗਦੀ ਏ, ਇਸ ਗੱਲ ਨੂੰ ਵੀ ਅਜ਼ਮਾ ਲਈਏ ਜਿਸ ਦੇ ਸ਼ਿਅਰਾਂ ਦੀ ਗਰਮੀ ਨੂੰ, ਸਾਰੀ ਦੁਨੀਆਂ ਹੀ ਮੰਨਦੀ ਏ ਆ 'ਰਤਨ' ਦੀਆਂ ਗ਼ਜ਼ਲਾਂ ਪੜ੍ਹ ਕੇ, ਇਸ ਮਹਿਫ਼ਲ ਨੂੰ ਗਰਮਾ ਲਈਏ

ਦਰ ਤੇ ਆਇਆ ਹੈ

ਅੱਜ ਫੇਰ ਪੁਰਾਣਾ ਇਕ ਗਾਹਕ, ਸਾਕੀ ਦੇ ਦਰ ਤੇ ਆਇਆ ਹੈ ਸ਼ਾਇਦ ਜੀਵਨ ਦਾ ਭੇਦ ਕੋਈ, ਇਸ ਨੇ ਇਸ ਦਰ ਤੋਂ ਪਾਇਆ ਹੈ ਭਾਈ ਕਿਉਂ ਬੁੜ ਬੁੜ ਕਰਦਾ ਹੈਂ, ਮੈਂ ਅਪਣੇ ਪੈਸੇ ਖਰਚੇ ਨੇ ਕੀ ਹੋਇਆ ਜੇ ਦੋ ਘੁੱਟਾਂ ਪੀ, ਮੈ ਅਪਣਾ ਮਨ ਪਰਚਾਇਆ ਹੈ ਕਿਉਂ ਐਵੇਂ ਖਪ ਖਪ ਮਰਦਾ ਹੈਂ, ਤੇ ਨੱਸ ਭਜਾਈ ਕਰਦਾ ਏਂ ਨਿਰਨਾ ਹੈ ਮੌਤ ਨੇ ਕਰ ਦੇਣਾ, ਕੀ ਖੋਇਆ ਹੈ ਕੀ ਪਾਇਆ ਹੈ ਜੀਵਨ ਤੇ ਮੌਤ ਦੀ ਉਲਝਣ ਵਿਚ, ਐਵੇਂ ਹੀ ਫਸੇ ਸਿਆਣੇ ਨੇ ਭਾਵੇਂ ਗੱਲ ਬਿਲਕੁਲ ਸਿੱਧੀ ਹੈ, ਉਹ ਜਾਂਦਾ ਹੈ ਜੋ ਆਇਆ ਹੈ ਭਾਈ ਜੀ ਜੋ ਕੁਝ ਕਹਿੰਦੇ ਹੋ, ਇਹ ਮੰਨਣਾ ਨਹੀਂ ਪਿਆਕਾਂ ਨੇ ਇਸ ਦਾ ਪੀਣਾ ਤਾਂ ਚੰਗਾ ਨਹੀਂ, ਇਹ ਠੀਕ ਤੁਸਾਂ ਫ਼ਰਮਾਇਆ ਹੈ ਮੈਖ਼ਾਨੇ ਦੇ ਅੰਦਰ ਆ ਕੇ, ਮੈਂ ਭੁੱਲ ਜਾਂਦਾ ਹਾਂ ਫ਼ਿਕਰਾਂ ਨੂੰ ਇਹ ਸਭ ਸਾਕੀ ਦੀ ਬਰਕਤ ਹੈ, ਇਹ ਸਭ ਸਾਕੀ ਦੀ ਮਾਇਆ ਹੈ ਬਿਨ ਪੀਤੇ ਮਸਤੀ ਚੜ੍ਹਦੀ ਹੈ, ਸਾਕੀ ਦਾ ਦਰਸ ਜਦੋਂ ਹੋਵੇ ਮੇਰੇ ਉਤੇ ਤਾਂ ਸਾਕੀ ਦਾ, ਪੈ ਜਾਂਦਾ ਕੋਈ ਸਾਇਆ ਹੈ ਦੁਨੀਆਂ ਤਾਂ ਅਪਣਾ ਮਾਲ ਜ਼ਰਾ, ਇਸ ਨੂੰ ਨਾ ਦਿੰਦੀ ਲੈਂਦੀ ਹੈ ਬੰਦਾ ਇਥੋਂ ਉਹ ਲੈ ਜਾਂਦੈ, ਜੋ ਅਪਣੇ ਨਾਲ ਲਿਆਇਆ ਹੈ ਖੁਸ਼ੀਆਂ ਵਿਚ ਹਰ ਕੋਈ ਸਾਥੀ ਹੈ, ਪਰ ਔਖੇ ਵੇਲੇ ਛੱਡ ਜਾਂਦੇ ਦੁਨੀਆਂ ਨੂੰ 'ਰਤਨ' ਅਸੀਂ ਕਾਫ਼ੀ, ਇਥੇ ਆਕੇ ਅਜ਼ਮਾਇਆ ਹੈ।

ਸਹਿਣਾ ਹੀ ਪੈਂਦਾ ਹੈ

ਕਦੇ ਉਹਨਾਂ ਨੂੰ ਦਿਲ ਦਾ ਹਾਲ ਗੋ ਕਹਿਣਾ ਹੀ ਪੈਂਦਾ ਹੈ ਕਦੇ ਗੁੱਸੇ ਨੂੰ ਤੱਕ ਕੇ ਚੁੱਪ ਵੀ ਰਹਿਣਾ ਹੀ ਪੈਂਦਾ ਹੈ ਨਹੀਂ ਫੁੱਲਾਂ ਦੀ ਕੋਈ ਸੇਜ ਇਹ, ਪਰ ਫੇਰ ਵੀ ਮਿੱਤਰ ਉਮਰ ਕੱਟਣ ਦੀ ਖ਼ਾਤਰ, ਜੱਗ ਵਿਚ ਰਹਿਣਾ ਹੀ ਪੈਂਦਾ ਹੈ ਬੜਾ ਔਖਾ ਹੈ ਭਾਵੇਂ ਆਦਮੀ ਦੇ ਜ਼ੁਲਮ ਨੂੰ ਸਹਿਣਾ ਹੁਸੀਨਾਂ ਦਾ ਜ਼ੁਲਮ ਬੰਦੇ ਨੂੰ ਪਰ ਸਹਿਣਾ ਹੀ ਪੈਂਦਾ ਹੈ ਮੈਂ ਮੰਨਦਾਂ ਤੇਰੀ ਹੱਸਤੀ ਫੁੱਲ ਦੀ ਪੱਤੀ ਤੋਂ ਨਾਜ਼ੁਕ ਹੈ ਕਦੇ ਫੁੱਲਾਂ ਨੂੰ ਖ਼ਾਰਾਂ ਨਾਲ ਵੀ ਖਹਿਣਾ ਹੀ ਪੈਂਦਾ ਹੈ ਮੁਸੀਬਤ ਦੇ ਮੁਕਾਬਿਲ ਡੱਟ ਕੇ ਖੜਨਾ ਹੈ ਬੜੀ ਖੂਬੀ ਕਦੇ ਦਰਿਆ ਦੇ ਪਾਣੀ ਨੂੰ ਨਾਲ ਗੋ ਬਹਿਣਾ ਹੀ ਪੈਂਦਾ ਹੈ ਬੜਾ ਔਖਾ ਹੈ ਭਾਵੇਂ ਆਦਮੀ ਦਾ ਆਦਮੀ ਬਣਨਾ ਹਰ ਇਕ ਇਨਸਾਨ ਨੂੰ ਪਰ ਆਦਮੀ ਕਹਿਣਾ ਹੀ ਪੈਂਦਾ ਹੈ 'ਰਤਨ' ਅੱਛਾ ਹੈ ਦੁਨੀਆਂ ਤੋਂ ਅਛੋਹ ਰਹਿਕੇ ਤੂੰ ਟੁਰ ਜਾਵੇਂ ਕੰਵਲ ਨੂੰ ਜਿਸ ਤਰ੍ਹਾਂ ਪਾਣੀ ਦੇ ਵਿਚ ਰਹਿਣਾ ਹੀ ਪੈਂਦਾ ਹੈ

ਫ਼ਕੀਰ ਨਹੀਂ

ਭਾਵੇਂ ਰਾਂਝਾ ਕੋਈ ਅਮੀਰ ਨਹੀਂ ਛੱਡਦੀ ਉਸਦਾ ਪੱਲਾ ਹੀਰ ਨਹੀਂ ਫੱਟ ਦਾ ਉਹ ਸੁਆਦ ਕੀ ਜਾਣੇ ਜਿਸ ਨੇ ਖਾਦਾ ਨਜ਼ਰ ਦਾ ਤੀਰ ਨਹੀਂ ਹਰ ਕੋਈ ਇਸ਼ਕ ਹੈ ਕਮਾ ਸਕਦਾ ਸੁਹਣੀ ਸੱਸੀ ਦੀ ਇਹ ਜਗੀਰ ਨਹੀਂ ਸੱਚ ਸਮਝੋ ਬੜਾ ਗ਼ਰੀਬ ਹੈ ਉਹ ਦਿਲ ਦਾ ਜੋ ਆਦਮੀ ਅਮੀਰ ਨਹੀਂ ਉਹ ਫ਼ਕੀਰੀ ਨੂੰ ਲਾਜ ਲਾਂਦਾ ਹੈ ਜਿਹੜਾ ਦਰ ਦਾ *ਤੇਰੇ ਫ਼ਕੀਰ ਨਹੀਂ ਮੌਤ ਦਾ ਮੈਨੂੰ ਦੱਸ ਡਰ ਕੀ ਹੈ ਭਾਵੇਂ ਰਹਿੰਦਾ ਸਦਾ ਸਰੀਰ ਨਹੀਂ ਛੱਡ ਘਰ ਬਾਰ ਕੰਨ ਪੜਵਾਏ ਐਵੇਂ ਮਿਲਦੀ ਕਿਸੇ ਨੂੰ ਹੀਰ ਨਹੀਂ ਇਸ਼ਕ ਹੈ ਮੌਤ ਤੋਂ ਬਹੁਤ ਉੱਚਾ ਮੌਤ ਤਾਂ ਇਸ਼ਕ ਦਾ ਅਖ਼ੀਰ ਨਹੀਂ ਹੀਰ ਨੇ ਇਹ ਕਿਹਾ ਸੀ ਕਾਜ਼ੀ ਨੂੰ ਕੱਠੇ ਹੋਏ ਦਿਲਾਂ ਨੂੰ ਚੀਰ ਨਹੀਂ ਭਾਲ ਕਰਦਾ ਹਾਂ ਓਸ ਸਹਣੇ ਦੀ ਜਿਸ ਦੀ ਮਿਲਦੀ ਕਿਤੇ ਨਜ਼ੀਰ ਨਹੀਂ ਕਰਦਾ ਬੇਸੁਧ ਹੈ ਇਸ਼ਕ ਦਾ ਜਾਦੂ ਇਸ ਦਾ ਕੋਈ ਗੁਰੂ ਤੇ ਪੀਰ ਨਹੀਂ ਸ਼ੌਕ ਦੇ ਨਾਲ ਤੂੰ ਚਲਾ ਦਿਲ ਤੇ ਹੋਰ ਕੀ ਤੇਰੇ ਕੋਲ ਤੀਰ ਨਹੀਂ? ਰੱਬ ਦਾ ਹੈ ਫ਼ਕੀਰ ਫਿਰ ਵੀ ਸ਼ਾਹ ਕੋਲ ਇਸਦੇ 'ਰਤਨ' ਗੋ ਲੀਰ ਨਹੀਂ *ਤਿਰੇ ਪੜ੍ਹੋ

ਜਲਵਾ ਯਾਰ ਦਾ

ਉੱਠਦਾ ਜਜ਼ਬਾ ਹੈ ਦਿਲ ਵਿਚ ਪਿਆਰ ਦਾ ਜਦ ਨਜ਼ਰ ਆਉਂਦਾ ਹੈ ਜਲਵਾ ਯਾਰ ਦਾ ਜਿਸ ਦੇ ਦਿਲ ਵਿਚ ਪਿਆਰ ਹੈ ਦਿਲਦਾਰ ਦਾ ਉਹ ਕਦੇ ਹਿੰਮਤ ਨਹੀਂ ਹੈ ਹਾਰਦਾ ਉਲਟਾ ਰਸਤਾ ਦੇਖ ਤੂੰ ਸੰਸਾਰ ਦਾ ਪਿਆਰ ਨੂੰ ਇਨਆਮ ਹੈ ਅੰਗਿਆਰ ਦਾ ਇਸ਼ਕ ਨੂੰ ਹੈ ਵਾਸਤਾ ਇਕਰਾਰ ਦਾ ਕੀ ਫ਼ਿਕਰ ਹੈ ਹੁਸਨ ਦੇ ਇਨਕਾਰ ਦਾ ਉਸਦਾ ਜੋਬਨ ਦਿਲ ਤੇ ਡਾਕੇ ਮਾਰਦਾ ਠੱਗ ਜਿਸ ਨੂੰ ਆਖਦੇ ਬਾਜ਼ਾਰ ਦਾ ਭੋਲਾ ਦਿਲ ਐਵੇਂ ਹੈ ਧੋਖਾ ਖਾ ਰਿਹਾ ਰੰਗ ਹੈ ਇਕਰਾਰ ਵਿਚ ਇਨਕਾਰ ਦਾ ਉਸ ਨੂੰ ਕੋਈ ਏਸ ਦੀ ਪਰਵਾਹ ਨਹੀਂ ਜਾਨ ਭਾਵੇਂ ਉਸ ਤੇ ਹਾਂ ਮੈਂ ਵਾਰਦਾ ਪਿਆਰ ਤੋਂ ਜੋ ਦਿਲ ਰਿਹਾ ਹੈ ਸੱਖਣਾ ਕੀ ਪਤਾ ਉਸਨੂੰ ਕਿਸੇ ਦੇ ਪਿਆਰ ਦਾ? ਜੀਭ ਦੇ ਨਾ ਫੱਟ ਮਿਲਦੇ ਨੇ ਕਦੀ ਫੱਟ ਮਿਲ ਜਾਂਦਾ ਹੈ ਗੋ ਤਲਵਾਰ ਦਾ ਪਿਆਸ ਬਿਨ ਦੇਖੇ ਨਾ ਉਸ ਦੀ ਬੁਝ ਸਕੀ ਜੋ ਤਿਹਾਇਆ ਹੈ ਤੇਰੇ ਦੀਦਾਰ ਦਾ ਹੁਸਨ ਨੂੰ ਕੁਦਰਤ ਪਿਆਰਾ ਰੱਖਦੀ ਫ਼ੁੱਲ ਤੇ ਪਹਿਰਾ ਬਿਠਾਇਆ ਖ਼ਾਰ ਦਾ ਫੁੱਲ ਹੈ ਖ਼ੁਸ਼ਬੂ ਬਿਨਾਂ ਬਿਲਕੁਲ ਫ਼ਜ਼ੂਲ ਰੰਗ ਭਾਵੇਂ ਸ਼ੋਖ ਹੈ ਗੁਲਨਾਰ ਦਾ ਹੈ ਘੜਾ ਕੱਚਾ ਤੇ ਤੂਫਾਨੀ ਹੈ ਰਾਤ ਨਜ਼ਰ ‡ਨਹੀਂ ਆਂਦਾ ਹੈ ਕੰਢਾ ਪਾਰ ਦਾ ਇਸ਼ਕ ਦੇ ਹੱਥਾਂ 'ਚ ਬੇੜੀ ਆ ਗਈ ਦੇਖੀਏ ਹੈ ਡੋਬਦਾ ਯਾ ਤਾਰਦਾ ਤੇਰੇ ਦਰ ਤੇ ਆ ਗਿਆ ਤੇਰਾ 'ਰਤਨ' ਹੈ ਸਿਰਫ ਤਾਲਬ ਤੇਰੇ ਦੀਦਾਰ ਦਾ ‡ਨਈਂ ਪੜ੍ਹੋ

ਸਮਾ ਗਿਆ ਕੋਈ

ਐਸਾ ਜਲਵਾ ਦਿਖਾ ਗਿਆ ਕੋਈ ਦਿਲ ਦੇ ਅੰਦਰ ਸਮਾ ਗਿਆ ਕੋਈ ਲਿਸ਼ਕ ਬਿਜਲੀ ਦੀ ਜਿਸ ਤਰ੍ਹਾਂ ਹੋਵੇ ਇੰਜ ਸੂਰਤ ਦਿਖਾ ਗਿਆ ਕੋਈ ਨਾ ਬੁਝੇ ਫੇਰ ਜਿਹੜੀ ਸਾਰੀ ਉਮਰ ਅੱਗ ਐਸੀ ਲਗਾ ਗਿਆ ਕੋਈ ਸੁਪਨਾ ਜਿੱਦਾਂ ਕੋਈ ਹੈ ਛੁਪ ਜਾਂਦਾ ਸਾਹਮਣੇ ਤੋਂ ਚਲਾ ਗਿਆ ਕੋਈ ਦੀਪ ਆਸਾਂ ਦੇ ਜੋ ਬੁਝੇ ਚਿਰ ਤੋਂ ਦਰਸ ਦੇ ਕੇ ਜਗਾ ਗਿਆ ਕੋਈ ਸੁੱਤੀ ਹੋਈ ਕਲੀ ਸੀ ਇਸ ਦਿਲ ਦੀ ਮੁੜਕੇ ਇਸ ਨੂੰ ਖਿਲਾ ਗਿਆ ਕੋਈ ਜ਼ਿੰਦਗੀ ਮੌਤ ਦੀ ਹਕੀਕਤ ਨੂੰ ਆ ਕੇ, ਜਾ ਕੇ, ਦਿਖਾ ਗਿਆ ਕੋਈ ਜਿਸ ਦਾ ਹੁਣ ਵੀ ਖ਼ੁਮਾਰ ਬਾਕੀ ਹੈ ਨੈਣਾਂ ਥਾਈਂ ਪਿਲਾ ਗਿਆ ਕੋਈ ਉਜੜੀ ਹੋਈ ਦਿਲ ਦੀ ਦੁਨੀਆਂ ਨੂੰ 'ਰਤਨ' ਮੁੜਕੇ ਬਸਾ ਗਿਆ ਕੋਈ

ਚੱਲਦਾ ਨਾ ਜ਼ੋਰ ਹੈ

ਦਿਲ ਦੇ ਅੰਦਰ ਦਿਲ ਦਾ ਵਸਦਾ ਚੋਰ ਹੈ ਜਿਸ ਤੇ ਮੇਰਾ ਚੱਲਦਾ ਨਾ ਜ਼ੋਰ ਹੈ ਭਾਵੇਂ ਹਰ ਸੁਹਣਾ ਹੈ ਪਿਆਰਾ ਲੱਗਦਾ ਪਰ ਮੇਰੇ ਪ੍ਰੀਤਮ ਦੀ ਗੱਲ ਕੁਝ ਹੋਰ ਹੈ ਹੈ ਸ਼ਰੀਫ਼ਾਂ ਨੂੰ ਸਦਾ ਕਰਦਾ ਜ਼ਲੀਲ ਇਸ ਜ਼ਮਾਨੇ ਦੀ ਵੀ ਉਲਟੀ ਤੋਰ ਹੈ ਰੋਕਦਾ ਇਸ ਨੂੰ ਰਿਹਾ ਹਾਂ ਇਸ਼ਕ ਤੋਂ ਦਿਲ ਬੜਾ ਜ਼ਿੱਦੀ ਬੜਾ ਮੂੰਹ ਜ਼ੋਰ ਹੈ ਇਹ ਨਹੀਂ ਕਰਦੀ ਕਿਸੇ ਦਾ ਇੰਤਜ਼ਾਰ ਵੱਕਤ ਦੀ ਐਸੀ ਅਰੁਕਵੀਂ ਤੋਰ ਹੈ ਪੁਤਲੀਆਂ ਦੇ ਵਾਂਗ ਹਾਂ ਨੱਚਦਾ ਰਿਹਾ ਹੱਥ ਵਿਚ ਕਿਸਮਤ ਦੇ ਮੇਰੀ ਡੋਰ ਹੈ ਜਿਸ ਦੇ ਕਾਰਨ ਜੱਗ ਵਿਚ ਰੌਣਕ ਦਿਸੇ ਇਸ਼ਕ ਦਾ ਰੌਲਾ, ਹੁਸਨ ਦਾ ਸ਼ੋਰ ਹੈ ਕਿਸ ਲਈ ਸਾਨੂੰ ਹੈ ਦੁਨੀਆਂ ਰੋਲਦੀ ਕੱਢਦੀ ਕਿਹੜੇ ਜਨਮ ਦਾ ਖੋਰ ਹੈ ਹੋਰ ਵੀ ਸ਼ਾਇਰ ਗ਼ਜ਼ਲ ਲੈਂਦੇ ਨੇ ਲਿੱਖ 'ਰਤਨ' ਦਾ ਪਰ ਰੰਗ ਯਾਰੋ ਹੋਰ ਹੈ

ਸੁਣਾ ਨਾ ਸਕੇ

ਉਸਦੀ ਮਹਿਫ਼ਿਲ ਦੇ ਵਿਚ ਜਾ ਨਾ ਸਕੇ ਅਪਣੀ ਕਿਸਮਤ ਵੀ ਆਜ਼ਮਾ ਨਾ ਸਕੇ ਭਾਵੇਂ ਹਿੰਮਤ ਰਹੇ ਬਹੁਤ ਕਰਦੇ ਵੇਦਨਾ ਦਿਲ ਦੀ ਪਰ ਸੁਣਾ ਨਾ ਸਕੇ ਹੱਥ ਖਾਲੀ ਹੀ ਆ ਗਏ ਉਥੋਂ ਇੱਥੋਂ ਵੀ ਕੋਈ ਸ਼ੈ ਲਜਾ ਨਾ ਸਕੇ ਐਸੀ ਦਿਲ ਖਿੱਚਵੀਂ ਹੈ ਉਹ ਦੁਨੀਆਂ ਜੋ ਗਏ ਫੇਰ ਮੁੜ ਕੇ ਆ ਨਾ ਸਕੇ ਭਾਲ ਵਿਚ ਜਿਹੜੇ ਖੋ ਗਏ ਤੇਰੀ ਕੁਝ ਅਪਣਾ ਪਤਾ ਵੀ ਪਾ ਨਾ ਸਕੇ ਜਤਨ ਕੀਤੇ ਬਹੁਤ ਹਕੀਮਾਂ ਨੇ ਮੌਤ ਸਾਂਵੇਂ ਕਦਮ ਜਮਾ ਨਾ ਸਕੇ ਅੱਗ ਐਸੀ ਲਗਾਈ ਦਿਲ ਅੰਦਰ ਮੁੜ ਕੇ ਜਿਸ ਨੂੰ ਕਦੇ ਬੁਝਾ ਨਾ ਸਕੇ ਖੁੱਦ ਗਿਆ ਨਕਸ਼ ਜੋ ਮੁਹੱਬਤ ਦਾ ਦਿਲ ਤੋਂ ਉਸ ਨੂੰ ਕਦੇ ਮਿਟਾ ਨਾ ਸਕੇ ਜ਼ਖ਼ਮ ਦਿਲ ਦੇ ਜੋ ਬਣ ਗਏ ਨਾਸੂਰ ਚੀਰ ਕੇ ਤੈਨੂੰ ਦਿਲ ਦਿਖਾ ਨਾ ਸਕੇ ਜਤਨ ਭਾਵੇਂ ਬਹੁਤ ਰਹੇ ਕਰਦੇ ਉਮਰ ਦੀ ਇਕ ਘੜੀ ਵਧਾ ਨਾ ਸਕੇ ਵਾਰਦੇ ਗੋ ਰਹੇ ਹਾਂ ਅਪਣੀ ਜਾਨ ਤੇਰੇ ਦਿਲ ਵਿੱਚ ਪਰ ਸਮਾ ਨਾ ਸਕੇ 'ਰਤਨ' ਨੇ ਹਿਜਰ ਵਿਚ ਗ਼ਜ਼ਲ ਜੋ ਕਹੀ ਸਾਹਮਣੇ ਉਸ ਦੇ ਉਹ ਵੀ ਗਾ ਨਾ ਸਕੇ ਕਮਾਈ ਕੋਈ ਉਥੋਂ ਲਿਆਂਦਾ ਕੁਝ ਨਹੀਂ ਹੈ ਕੋਈ ਇਥੋਂ ਲਜਾਂਦਾ ਕੁਝ ਨਹੀਂ ਹੈ ਕਮਾਈ ਆਦਮੀ ਕਰਦੈ ਬਥੇਰੀ ਹਕੀਕਤ ਵਿਚ ਕਮਾਂਦਾ ਕੁਝ ਨਹੀਂ ਹੈ

ਕਿਹੜੀ ਥਾਂ ਜਾਵਾਂ

ਤੇਰੇ ਦਰ ਤੇ ਵੀ ਜੇ ਨਾ ਮੈਂ ਆਵਾਂ ਫੇਰ ਦੱਸ ਹੋਰ ਕਿਹੜੀ ਥਾਂ ਜਾਵਾਂ ਫੇਰ ਹੈ ਮੇਰੀ ਸ਼ਾਇਰੀ ਬੇਕਾਰ ਗੀਤ ਤੇਰੇ ਵੀ ਜੇ ਨਾ ਮੈਂ ਗਾਵਾਂ ਮੈਨੂੰ ਤੂੰ ਹੀ ਦਿਖਾ ਦੇ ਉਹ ਰਸਤਾ ਚੱਲ ਕੇ ਜਿਸ ਤੇ ਤੈਨੂੰ ਭਾ ਜਾਵਾਂ ਭਾਲ ਵਿਚ ਤੇਰੀ ਹਾਲ ਇਹ ਹੋਇਆ ਕੁਝ ਮੈਂ ਅਪਣਾ ਪਤਾ ਵੀ ਨਾ ਪਾਵਾਂ ਜਿਸ ਘੜੀ ਲੱਗੀਆਂ ਸੀ ਇਹ ਅੱਖਾਂ ਉਸ ਘੜੀ ਨੂੰ ਮੈਂ ਰੋਜ਼ ਪਛਤਾਵਾਂ ਭਾਵੇਂ ਦਿਲ ਵਿਚ ਕਰਾਂ ਦਲੀਲਾਂ ਰੋਜ਼ ਹਾਲ ਅਪਣਾ ਕਹਿਣ ਤੋਂ ਸ਼ਰਮਾਵਾਂ ਹਿਜਰ ਵਿਚ ਜੋ ਉਦਾਸ ਰਹਿੰਦਾ ਹੈ ਕਿਸ ਤਰ੍ਹਾਂ ਓਸ ਦਿਲ ਨੂੰ ਪਰਚਾਵਾਂ ਜਾਣਦਾ ਦਿਲ ਹੈ ਇਸ਼ਕ ਦਾ ਸਿੱਟਾ ਸਮਝੇ ਹੋਏ ਨੂੰ ਕੀ ਮੈਂ ਸਮਝਾਵਾਂ ਆਸ ਦਿੰਦੀ ਰਹੀ ਸਦਾ ਧੋਖਾ ਧੋਖਾ ਖਾਵਾਂ ਤੇ ਕਿਸ ਤਰ੍ਹਾਂ ਖਾਵਾਂ ਔਖੇ ਵੇਲੇ ਹੈ ਕੌਣ ਦਿੰਦਾ ਸਾਥ ਜਾਂਦੀਆਂ ਬੱਚਿਆਂ ਨੂੰ ਛੱਡ ਮਾਵਾਂ ਜਾਨ ਜਾਂਦੀ ਹੈ ਜੇ 'ਰਤਨ' ਜਾਵੇ ਏਸ ਕੈਦੀ ਨੂੰ ਕਿਉਂ ਮੈਂ ਅਟਕਾਵਾਂ ਇਕ ਖ਼ਿਆਲ ਚੰਦ, ਸੂਰਜ, ਅਕਾਸ਼, ਪ੍ਰਿਥਵੀ ਵਿਚ ਤੇਰਾ ਹਰ ਥਾਂ ਜ਼ਹੂਰ ਦਿਸਦਾ ਹੈ ਜੇ ਮੈਂ ਤੈਨੂੰ ਨਹੀਂ ਹਾਂ ਸਕਦਾ ਦੇਖ ਮੇਰੀ ਅੱਖ ਦਾ ਕਸੂਰ ਦਿਸਦਾ ਹੈ

ਝਨਾ ਨਾ ਤਰਦੀ

ਕੋਇਲ ਹੈ ਬਾਗ਼ ਨੂੰ ਕਿਉਂ ਹੂਕਾਂ ਦੇ ਨਾਲ ਭਰਦੀ ਰੁੱਖਾਂ ਦੇ ਵਿਚ ਲੱਭੇ, ਸ਼ਾਇਦ ਇਹ ਦਿਲ ਦਾ ਦਰਦੀ ਜੇ ਇਸ਼ਕ ਨੂੰ ਵਫ਼ਾ ਦੀ, ਮੁਢੋਂ ਨਾ ਬਾਣ ਹੁਦੀ ਕੱਚੇ ਘੜੇ ਤੇ ਸੁਹਣੀ, ਐਦਾਂ ਝਨਾ ਨਾ ਤਰਦੀ ਰਸਤਾ ਮੁਹੱਬਤਾਂ ਦਾ, ਹੁੰਦਾ ਜੇ ਸਾਫ ਸਿੱਧਾ ਰਾਂਝਾ ਨਾ ਜੋਗ ਲੈਂਦਾ, ਨਾ ਹੀਰ ਉਸ ਤੇ ਮਰਦੀ ਬੰਦੇ ਦੀ ਉਮਰ ਸਾਰੀ, ਦੁੱਖਾਂ ਦੇ ਵਿਚ ਲੰਘੇ ਆਖਰ ਹੈ ਮੌਤ ਆ ਕੇ, ਸਭ ਦੁੱਖ ਦੂਰ ਕਰਦੀ ਇਕ ਉਸਦੀ ਬੇ ਰੁਖ਼ੀ ਦੀ ਝੱਲੀ ਨਾ ਤਾਬ ਜਾਂਦੀ ਇਹ ਜਾਨ ਹਰ ਤਸੀਹਾ ਭਾਵੇਂ ਰਹੀ ਹੈ ਜਰਦੀ ਬੰਦੇ ਦੀ ਭੁਖ ਮਿਟਦੀ, ਦੇਖੀ ਨਾ ਜੱਗ ਅੰਦਰ ਹਰ ਰੋਜ਼ ਹਿਰਸ ਆ ਕੇ ਇਸ ਨੂੰ ਹੈ ਤੰਗ ਕਰਦੀ ਦੁੱਖਾਂ ਦਾ ਭਾਵੇਂ ਭਰਿਆ, ਫਿਰ ਵੀ ਹੈ ਮਿੱਠਾ ਜੀਵਨ ਕੀੜੀ ਵੀ ਮੌਤ ਕੋਲੋਂ, ਦੇਖੋ ਪਈ ਹੈ ਡਰਦੀ ਪੁਨੂੰ ਦਾ ਇਸ਼ਕ ਜੇ ਕਰ ਦਿਲ ਵਿਚ ਨਾ ਅੱਗ ਲਾਂਦਾ ਸੱਸੀ 'ਰਤਨ' ਥਲਾਂ ਵਿਚ ਐਦਾਂ ਨਾ ਭੁਜ ਮਰਦੀ

ਪਿਆਰ ਨਾ ਕਰ

ਪਰਵਾਹ ਨਹੀਂ ਜਿਸ ਨੂੰ ਤੇਰੀ, ਉਸ ਨਾਲ ਕਦੀ ਤੂੰ ਪਿਆਰ ਨਾ ਕਰ ਝੂਠੇ ਜਹੇ ਲਾਰੇ ਲਾਂਦੇ ਨੇ, ਇਹਨਾਂ ਦਾ ਕੁਝ ਇਤਬਾਰ ਨਾ ਕਰ ਪ੍ਰੀਤਮ ਦੇ ਪਿਆਰ 'ਚ ਡੁਬ ਸੁਹਣੀ, ਕਹਿੰਦੀ ਸੀ ਝਨਾਂ ਦੀਆਂ ਲਹਿਰਾਂ ਨੂੰ ਡੁਬਣ ਦੇ ਅੱਧ ਵਿਚਕਾਰੇ ਹੀ, ਉਹ ਕੱਚਿਆ ਮੈਨੂੰ ਪਾਰ ਨਾ ਕਰ ਇਕ ਸੁਰਖ ਜਿਹਾ ਭਰਿਆ ਪਿਆਲਾ, ਜ਼ਾਹਿਦ ਆਖ਼ਰ ਤੂੰ ਪੀ ਹੀ ਗਿਆ ਭਾਵੇਂ ਸਾਕੀ ਨੂੰ ਕਹਿੰਦਾਂ ਸੀ, ਮਜਬੂਰ ਨਾ ਕਰ, ਲਾਚਾਰ ਨਾ ਕਰ ਸੁਹਣੇ ਜਿਹੇ ਬੁੱਤ ਨੂੰ ਦੇਖਕੇ ਮੈਂ, ਦਿਲ ਨੂੰ ਯੂੰ ਮੱਤਾਂ ਦਿੰਦਾ ਹਾ ਇਸ ਸੂਰਤ ਨੂੰ ਤੂੰ ਤੱਕ ਜ਼ਰਾ, ਬੁੱਤ ਘਾੜੇ ਤੋਂ ਇਨਕਾਰ ਨਾ ਕਰ ਉਹ ਨਲ ਦੀ ਪਿਆਰੀ ਦਮਯੰਤੀ, ਇੰਜ ਰੋਂਦੀ ਰੋਂਦੀ ਕਹਿੰਦੀ ਧੋਖਾ ਦੇ ਕੇ ਹਨ ਛੱਡ ਜਾਂਦੇ, ਮਰਦਾਂ ਦਾ ਕੁਝ ਇਤਬਾਰ ਨਾ ਕਰ ਮੈਂ ਪੀਂਦਾ ਹਾਂ ਯਾ ਨਹੀਂ ਪੀਂਦਾ, ਕੀ ਜ਼ਾਹਿਦ ਤੈਨੂੰ ਮਤਲਬ ਹੈ ਮੇਰੇ ਜਹੇ ਮਸਤਾਂ ਨਾਲ ਕਦੀ, ਝਗੜਾ ਨਾ ਕਰ, ਤਕਰਾਰ ਨਾ ਕਰ ਰੂੰ ਤੇ ਸਿਕੰਦਰ ਦੋਨਾਂ ਨੇ, ਮਰਦੇ ਹੋਏ ਕੂਕ ਸੁਣਾ ਦਿੱਤਾ ਉਨੇ ਚਾਂਦੀ ਦਾ ਮਾਣ ਕਦੇ, ਇਸ ਦੁਨੀਆਂ ਵਿਚ ਜ਼ਰਦਾਰ ਨਾ ਕਰ ਜੋਬਨ ਦੇ ਮੱਤੇ ਫੁੱਲ ਨੂੰ ਕਿਉਂ, ਬੁਲਬੁਲ ਯੂੰ ਕਹਿੰਦੀ ਫਿਰਦੀ ਹੈ ਦੋ ਦਿਨ ਦੇ ਹੁਸਨ ਜਵਾਨੀ ਤੇ, ਐਨੀ ਆਕੜ ਦਿਲਦਾਰ ਨਾ ਕਰ ਦੁਨੀਆਂ ਦੀਆਂ ਸੱਟਾਂ ਸਹਿ ਸਹਿ ਕੇ, ਦਿਲ ਬੜਾ ਨਿਮਾਣਾ ਹੋਇਆ ਹੈ ਤਾਂ ਅਨਿਆਲੇ ਤੀਰਾਂ ਦੇ, ਹੇ ਪ੍ਰੀਤਮ ਇਸ ਤੇ ਵਾਰ ਨਾ ਕਰ ਥਰ ਜਹੇ ਦਿਲ ਦੇ ਅੰਦਰ ਤਾਂ, ਇਸ਼ਕਾਂ ਦਾ ਸੋਮਾ ਫੁਟਦਾ ਨਹੀਂ ਇਸ਼ਕੋਂ ਮੁਨਕਰ, ਮੂਰਖ ਬੰਦੇ, ਉਲਟੀ ਗੱਲ ਦਾ ਪਰਚਾਰ ਨਾ ਕਰ ਇਹ ਜੀਵਨ ਜੋਤ ਜਗਾਂਦੀ ਹੈ, ਰਸ ਭਰਦੀ ਹੈ, ਨਿੱਘ ਦਿੰਦੀ ਹੈ ਜੀਵਨ ਦਾ ਸੁਆਦ ਜੇ ਹੈ ਲੈਣਾ, ਤਾਂ ਕਵਿਤਾ ਤੋਂ ਇਨਕਾਰ ਨਾ ਕਰ

ਗਾਲ ਬੈਠਾ ਹਾਂ

ਪਹਾੜਾਂ ਜੰਗਲਾਂ ਜੂਹਾਂ 'ਚ ਤੈਨੂੰ ਭਾਲ ਬੈਠਾ ਹਾਂ ਜਵਾਨੀ ਦਾ ਸਮਾਂ ਏਸੇ ਲਗਨ ਵਿਚ ਗਾਲ ਬੈਠਾ ਹਾਂ ਭੁਲਾ ਬੈਠਾ ਹਾਂ ਤੇਰੇ ਇਸ਼ਕ ਵਿਚ ਮੈਂ ਅਪਣੀ ਹਸਤੀ ਨੂੰ ਮੈਂ ਤੇਰੇ ਪ੍ਰੇਮ ਵਿਚ ਦੁਨੀਆਂ ਦੇ ਧੰਦੇ ਜਾਲ ਬੈਠਾ ਹਾਂ ਸਵਾਏ ਦਿਲ ਦੀ ਦੌਲਤ ਦੇ, ਕੀ ਮੇਰੇ ਕੋਲ ਸੀ ਪ੍ਰੀਤਮ ਲੁਟਾ ਉਸ ਮਾਲ ਨੂੰ ਮੈਂ ਅੱਜ ਹੋ ਕੰਗਾਲ ਬੈਠਾ ਹਾਂ ਖ਼ੁਦਾ ਬਣ ਕੇ ਨਾ ਮੈਂ ਮਨਸੂਰ ਦੇ ਕਜ਼ੀਏ ਸਹੇੜਾਂਗਾ ਖ਼ੁਦੀ ਦੇ ਤੋੜਕੇ ਮੈਂ ਇਸ ਲਈ ਜੰਜਾਲ ਬੈਠਾ ਹਾਂ ਨਹੀਂ ਮੈਂ ਅੱਗ ਦੇ ਇਸ ਸੇਕ ਤੋਂ ਬੱਚ ਬੱਚ ਕੇ ਜੀ ਸਕਦਾ ਇਹ ਉਹ ਭਾਂਬੜ ਹੈ ਜੋ ਮੈਂ ਅਪਣੇ ਹੱਥੀਂ ਬਾਲ ਬੈਠਾ ਹਾਂ ਨਦਾਮਤ ਦਾ ਹੈ ਚਮਕਾ ਪੈ ਗਿਆ ਕੁਝ ਇਸ਼ਕ ਵਿਚ ਇਸ ਨੂੰ ਹਠੀ ਮਨ ਨੂੰ ਮੈਂ ਮੋੜਨ ਦੀ ਤਾਂ ਕਰ ਸੌ ਚਾਲ ਬੈਠਾ ਹਾਂ 'ਰਤਨ' ਦੁਨੀਆਂ 'ਚ ਆਕੇ ਸੌਦਾ ਘਾਟੇ ਦਾ ਸਦਾ ਕੀਤਾ ਕਿ ਬਦਲੇ ਕੌਡੀਆਂ ਦੇ ਵੇਚ ਅਕਸਰ ਲਾਲ ਬੈਠਾ ਹਾਂ

ਬੁਰਾਈ ਹੋ ਹੀ ਜਾਂਦੀ ਹੈ

ਕਦੇ ਭਲਿਆਂ ਤੋਂ ਵੀ ਕੋਈ ਬੁਰਾਈ ਹੋ ਹੀ ਜਾਂਦੀ ਹੈ ਜ਼ਹਿਰ ਦਾ ਰੂਪ ਵੀ ਕੋਈ ਦਵਾਈ ਹੋ ਹੀ ਜਾਂਦੀ ਹੈ ਨਾ ਘਾਬਰ ਰਾਂਝਿਆ ਰੰਗਪੁਰ ਦੀਆਂ ਕੁੜੀਆਂ ਦੇ ਹਾਸੇ ਤੋਂ ਮੁਹੱਬਤ ਵਿਚ ਸੱਜਣਾ, ਜਗ ਹਸਾਈ ਹੋ ਹੀ ਜਾਂਦੀ ਹੈ ਅਜੇ ਅਸਲੀ ਮੁਹੱਬਤ ਦੀ ਨਹੀਂ ਪੀੜਾ ਤੇਰੇ ਦਿਲ ਵਿਚ ਜੇ ਹੋਵੇ ਦਰਦ ਤਾਂ ਅਕਸਰ ਦਵਾਈ ਹੋ ਹੀ ਜਾਂਦੀ ਹੈ ਮੈਂ ਰੱਬ ਨੂੰ ਛੱਡ ਕੇ ਪ੍ਰੀਤਮ ਦਾ ਅਕਸਰ ਨਾਮ ਜਪਦਾ ਹਾਂ ਮੁਹੱਬਤ ਵਿਚ ਵੀ ਦਿਲ ਦੀ ਸਫਾਈ ਹੋ ਹੀ ਜਾਂਦੀ ਹੈ ਉਹ ਚੱਲਿਆ ਸੈਰ ਨੂੰ ਤੇ ਨਾਲ ਦਿਲ ਮੇਰਾ ਵੀ ਲੈ ਟੁਰਿਆ ਕਦੇ ਦੁਨੀਆਂ 'ਚ ਐਵੇਂ ਵੀ ਕਮਾਈ ਹੋ ਹੀ ਜਾਂਦੀ ਹੈ ਕਿਸੇ ਉਮੀਦ ਤੇ ਰਾਹੀਂ ਕਈ ਟੁਰਦੇ ਨੇ ਇਸ ਰਾਹ ਤੇ ਕਿ ਰੱਬ ਦੇ ਘਰ ਕਿਸੇ ਦੀ ਤਾਂ ਰਸਾਈ ਹੋ ਹੀ ਜਾਂਦੀ ਹੈ +ਮੇਰਾ ਦਿਲ ਹੋ ਕੇ ਬੇ ਕਾਬੂ ‡ਤੇਰੇ ਘਰ ਵਲ ਨੂੰ ਖਿੱਚਦਾ ਹੈ ਕਸ਼ਿਸ਼ ਜਿਧਰ ਹੋ ਉਧਰ ਆਵਾ ਜਾਈ ਹੋ ਹੀ ਜਾਂਦੀ ਹੈ ਮੈਂ ਮੰਨਦਾਂ ਪ੍ਰੇਮ ਫੁੱਟ ਸਕਦਾ ਹੈ ਇਸ ਮਜ਼ਹਬ ਦੇ ਸਮੇਂ ਤੋਂ ਕਦੇ ਮਜ਼ਹਬ ਦੇ ਨਾਂ ਤੇ ਪਰ ਲੜਾਈ ਹੋ ਹੀ ਜਾਂਦੀ ਹੈ 'ਰਤਨ' ਖ਼ਾਲੀ ਨਹੀਂ ਜਾਂਦਾ ਹੈ ਇਹ ਜਜ਼ਬਾ ਮੁਹੱਬਤ ਦਾ ਕਿ ਤੂਰ ਉਤੇ ਕਿਸੇ ਦੀ ਰੂਨੁਮਾਈ ਹੋ ਹੀ ਜਾਂਦੀ ਹੈ ‡ਤਿਰੇ ਪੜ੍ਹੋ, +ਮਿਰਾ ਪੜ੍ਹੋ

ਦਿਲ ਪਰਚਾ ਨਹੀਂ ਸਕਦਾ

{ਇਕ ਮਸਤੀ ਦੇ ਵੇਗ ਵਿਚ ਲਿਖੀ ਹੋਈ ਗ਼ਜ਼ਲ} ਮੈਂ ਨੱਚਦਾ ਹਾਂ ਜਿਵੇਂ ਇਕ ਮੋਰ ਬਾਗ਼ਾਂ ਵਿਚ ਨੱਚਦਾ ਹੈ ‡ਮੇਰੇ ਦਿਲ ਦੀ ਖ਼ੁਸ਼ੀ ਦੀ ਥਾਹ ਕੋਈ ਪਾ ਨਹੀਂ ਸਕਦਾ ਇਹ ਜਜ਼ਬੇ ਮੇਰੇ ਦਿਲ ਦੇ ਮੇਰੀ ਦੁਨੀਆਂ ਨੂੰ ਜਗਾਂਦੇ ਨੇ ਬਿਨਾ ਮਸਤੀ ਦੇ ਮੈਂ ਕੋਈ ਤਰਾਨਾ ਗਾ ਨਹੀਂ ਸਕਦਾ ‡ਮੇਰੇ ਦਿਲ ਨੂੰ ਕਿਸੇ ਦਾ ਪ੍ਰੇਮ ਆਕੇ ਮਸਤ ਕਰਦਾ ਹੈ ਨਸ਼ਾ ਇਸ ਪ੍ਰੇਮ ਦਾ ਮਦਰਾ ਦੇ ਅੰਦਰ ਪਾ ਨਹੀਂ ਸਕਦਾ ਕਿਸੇ ਦੇ ਮੱਧਭਰੇ ਨੈਣਾ ਨੇ ਜਿਸ ਨੂੰ ਮਸਤ ਕੀਤਾ ਹੈ ਉਹ ਠੇਕੇ ਵਿਚ ਸ਼ਰਾਬਾਂ ਨਾਲ ਦਿਲ ਪਰਚਾ ਨਹੀਂ ਸਕਦਾ ਮੇਰੀ ਮਸਤੀ ਚੋਂ ਮੈਨੂੰ ਸੁਰਗ ਦਾ ਆਨੰਦ ਮਿਲਦਾ ਹੈ ਉਧਾਰਾ ਕੋਈ ਲਾਰਾ ਮੈਨੂੰ ਹੁਣ ਭਰਮਾ ਨਹੀਂ ਸਕਦਾ ਪ੍ਰੇਮ ਦਿਲ ਦਾ ਇਕ ਲੱਛਣ ਸਿਆਣੇ ਦੱਸਦੇ ਮੈਨੂੰ ਉਹ ਧੋਖਾ ਦੇ ਨਹੀਂ ਸਕਦਾ ਉਹ ਧੋਖਾ ਖਾ ਨਹੀਂ ਸਕਦਾ ‡ਮਿਰੇ ਪੜ੍ਹੋ

ਮਗ਼ਰੂਰ ਹੈ ਸਾਕੀ

*ਤੇਰੀ ਤਸਵੀਰ ਮੇਰੀ ਅੱਖੀਆਂ ਦਾ ਨੂਰ ਹੈ ਸਾਕੀ ਸਮਾਇਆ ਦਿਲ ਦੇ ਅੰਦਰ, ਅੱਖੀਆਂ ਤੋਂ ਦੂਰ ਹੈ ਸਾਕੀ +ਤੇਰੇ ਨੈਣਾਂ ਦੀ ਮਸਤੀ ਮੇਰੀਆਂ ਅੱਖਾਂ ਚੋਂ ਦਿਸਦੀ ਹੈ ਰਸੀਲੇ ਮੱਧਭਰੇ ਨੈਣਾਂ ਨੇ ਕੀਤਾ ਚੂਰ ਹੈ ਸਾਕੀ ਜਦੋਂ ਤੋਂ ਅੱਖੀਆਂ ਦਾ ਮੇਲ ਹੋਇਆ ਹੈ ਕਿਸੇ ਰਾਹ ਤੇ ਹੋਈ ਅੱਖਾਂ ਦੇ ਵਿਚੋਂ ਨੀਂਦ ਵੀ ਕਾਫੂਰ ਹੈ ਸਾਕੀ +ਤੇਰ ਦੀਦਾਰ ਮੈਨੂੰ ਮਸਤ ਨਹੀਂ ਬੇਸੁਧ ਵੀ ਕੀਤਾ ਹੈ ਮੇਰੇ ਭਾਣੇ ਤਾਂ ਬਣਿਆ ਅੱਜ ਕੋਹੇ ਤੂਰ ਹੈ ਸਾਕੀ ਇਹ ਮੋਤੀ ਹੰਝੂਆ ਦੇ, ਨਿੱਤ ਜੋ ਬਹਿੰਦੇ ਨੇ ਅੱਖਾਂ ਚੋਂ ਮੇਰਾ ਪੱਲਾ ਇਨ੍ਹਾਂ ਦੇ ਨਾਲ ਹੁਣ ਭਰਪੂਰ ਹੈ ਸਾਕੀ ਕੋਈ ਉਸ ਦੇ ਹੁਸਨ ਦਾ ਸਾਹਮਣਾ ਕਰਕੇ ਦਖਾਵੇ ਤਾਂ ਉਹ ਸੱਚਾ ਹੈ ਜੇ ਅਪਣੇ ਰੂਪ ਤੇ ਮਗ਼ਰੂਰ ਹੈ ਸਾਕੀ 'ਰਤਨ' ਪਰਦਾ ਦੂਈ ਦਾ ਦੂਰ ਹੋ ਜਾਵੇ ਤਾਂ ਦੇਖਾਂਗੇ ਬਹੁਤ ਨੇੜੇ ਹੈ ਭਾਵੇਂ ਅੱਜ ਦਿਸਦਾ ਦੂਰ ਹੈ ਸਾਕੀ *ਤਿਰੀ ਪੜ੍ਹੋ, +ਤਿਰੇ ਪੜ੍ਹੋ

ਬਹਾਰ ਆਈ ਹੈ

ਬਾਗ਼ ਵਿਚ ਮੁੜ ਬਹਾਰ ਆਈ ਹੈ ਨਾਲ ਖੇੜੇ ਦਾ ਹੜ੍ਹ ਲਿਆਈ ਹੈ ਹਿਜਰ ਦਾ ਦੁੱਖ ਪੁੱਛ ਬੁਲਬੁਲ ਤੋਂ ਜਿਸ ਨੇ ਲੰਬੀ ਸਹੀ ਜੁਦਾਈ ਹੈ ਕੰਡੇ ਤਦ ਹੀ ਗੁਲਾਬ ਖਾਂਦਾ ਹੈ ਇਸ ਨੇ ਰੰਗਤ ਕਿਤੋਂ ਚੁਰਾਈ ਹੈ ਚਾਰ ਦਿਨ ਹੈ ਗੁਲਾਬ ਦਾ ਖੇੜਾ ਇਹ, ਕਲੀ ਦੇਖ ਮੁਸਕਰਾਈ ਹੈ ਫੁੱਲ ਫਿਰ ਵੀ ਹੈ ਖੁਸ਼ ਨਜ਼ਰ ਆਉਂਦਾ ਪੱਲੇ ਇਸ ਦੇ ਨਾ ਇਕ ਪਾਈ ਹੈ ਅੱਖ ਨਰਗਸ ਦੀ ਦੇਖ ਕੇ ਮੈਨੂੰ ਤੇਰੇ ਨੈਣਾਂ ਦੀ ਯਾਦ ਆਈ ਹੈ ਚਾਰ ਦਿਨ ਹੈ ਬਹਾਰ ਦਾ ਖੇੜਾ ਭੋਲੀ ਬੁਲਬੁਲ ਬਣੀ ਸੁਦਾਈ ਹੈ ਮੇਰੇ ਦਿਲ ਦੀ ਕਲੀ ਜੇ ਖਿੜ ਜਾਵੇ 'ਰਤਨ' ਸਮਝੇ ਬਹਾਰ ਆਈ ਹੈ

ਕੁਝ ਸੰਕੇਤ

ਹੀਰ ਰਾਂਝਾ: - ਹੀਰ ਝੰਗ ਸਿਆਲਾਂ ਦੀ ਇਕ ਅੱਤ ਸੁਹਣੀ ਕੁੜੀ ਸੀ। ਇਸਦੇ ਬਾਪ ਦਾ ਨਾਂ ਚੂਚਕ ਸੀ ਤੇ ਮਾਂ ਦਾ ਨਾਂ ਮਲਕੀ। ਰਾਂਝਾ ਜਿਸ ਦਾ ਅਸਲੀ ਨਾਂ ਧੀਦੋ ਸੀ। ਅੱਜੂ ਜੱਟ ਦਾ ਪੁਤਰ ਸੀ। ਰਾਂਝਾ ਇਸ ਦੀ ਜ਼ਾਤ ਸੀ ਅਤੇ ਤਖ਼ਤਹਜ਼ਾਰੇ ਦਾ ਵਸਨੀਕ ਸੀ। ਪਿਉ ਦੇ ਮਰਨ ਪਿਛੋਂ ਭਰਜਾਈਆਂ ਨੇ ਤੰਗ ਕੀਤਾ ਤਾਂ ਰਾਂਝਾ ਘਰੋਂ ਨਿਕਲ ਕੇ ਝੰਗ ਵਲ ਚਲਿਆ ਗਿਆ। ਉਥੇ ਪੱਤਣ ਉਤੇ ਹੀਰ ਦੀ ਇਸ ਨਾਲ ਭੇਂਟ ਹੋ ਗਈ। ਹੀਰ ਇਸ ਨੂੰ ਦੇਖਕੇ ਇਸ ਉਤੇ ਮੋਹਤ ਹੋ ਗਈ ਅਤੇ ਅਪਣੇ ਘਰ ਲੈ ਗਈ। ਚੂਚਕ ਨੇ ਉਸ ਨੂੰ ਮੱਝਾਂ ਚਾਰਨ ਦਾ ਕੰਮ ਸੰਭਾਲ ਦਿੱਤਾ। ਬਾਰਾਂ ਸਾਲ ਰਾਂਝਾ ਇਹ ਕੰਮ ਕਰਦਾ ਰਿਹਾ। ਫੇਰ ਚੂਚਕ ਨੇ ਹੀਰ ਦਾ ਵਿਆਹ ਉਸ ਦੀ ਮਰਜ਼ੀ ਦੇ ਵਿਰੁਧ ਰੰਗ ਪੁਰ ਦੇ ਸੈਦੇ ਜੱਟ ਨਾਲ ਕਰ ਦਿੱਤਾ। ਹੀਰ ਨੇ ਬਥੇਰੀ ਨਾਹ ਨੁਕਰ ਕੀਤੀ ਪਰ ਕਾਜ਼ੀ ਨੇ ਮੱਲੋ ਜ਼ੋਰੀ ਨਿਕਾਹ ਪੜ੍ਹਾ ਦਿਤਾ। ਰਾਂਝਾ ਬਾਲ ਨਾਬ ਦੇ ਟਿੱਲੇ ਪੁਜਾ ਅਤੇ ਕੰਨ ਪੜਵਾਕੇ ਜੋਗੀ ਬਣ ਗਿਆਂ ਫੇਰ ਹੀਰ ਨੂੰ ਮਿਲਣ ਲਈ ਰੰਗ ਪੁਰ ਪੁਜਾ। ਪਿੰਡ ਦੇ ਬਾਹਰ ਧੂਣਾ ਲਾ ਦਿੱਤਾ। ਪਿੰਡ ਦੀਆਂ ਕੁੜੀਆਂ ਨੇ ਉਸ ਨੂੰ ਮਲੂਕ ਜਿਹਾ ਦੇਖਕੇ ਬੜਾ ਮਖੌਲ ਕੀਤਾ। ਅਖੀਰ ਹੀਰ ਦੀ ਨਨਾਣ ਸਹਿਤੀ ਦੀ ਸਹਾਇਤਾ ਨਾਲ ਹੀਰ ਨੂੰ ਉਧਾਲ ਕੇ ਲੈ ਗਿਆ ਪਰ ਹੀਰ ਦੇ ਮਾਪਿਆਂ ਨੇ ਧੋਖੇ ਨਾਲ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਰਾਂਝਾ ਵੀ ਉਸੇ ਕਬਰ ਵਿਚ ਸਮਾ ਗਿਆ। ਇਨ੍ਹਾਂ ਘਟਨਾਵਾਂ ਦਾ ਸੰਕੇਤ ਇਨ੍ਹਾਂ ਗ਼ਜ਼ਲਾਂ ਵਿਚ ਬਹੁਤ ਥਾਵਾਂ ਤੇ ਮਿਲਦਾ ਹੈ।

ਸੱਸੀ ਪੁਨੂੰ: - ਸੱਸੀ ਸ਼ਹਿਰ ਭੰਬੋਰ ਦੇ ਬਾਦਸ਼ਾਹ ਦੀ ਪੁਤਰੀ ਸੀ। ਪਿਉ ਨੇ ਮਨਹੂਸ ਜਾਣਕੇ ਜੰਮਦੇ ਸਾਰ ਹੀ ਇਕ ਸੰਦੂਕ ਵਿਚ ਪਾ ਕੇ ਹੜਾ ਦਿੱਤੀ। ਇਕ ਧੋਬੀ ਦੇ ਘਰ ਪਲੀ। ਪੁੰਨੂੰ ਦੀ ਤਸਵੀਰ ਦੇਖ ਕੇ ਉਸ ਉਤੇ ਆਸ਼ਕ ਹੋ ਗਈ। ਪੁੰਨੂੰ ਵੀ ਇਸ ਦੇ ਪਾਸ ਆ ਗਿਆ ਪਰ ਉਸ ਦੇ ਭਰਾਵਾਂ ਨੇ ਉਸ ਨੂੰ ਰਾਤ ਵੇਲੇ ਸੱਸੀ ਨਾਲੋਂ ਅੱਡ ਕਰ ਲਿਆ ਅਤੇ ਅਪਣੇ ਸ਼ਹਿਰ ਲੈ ਗਏ। ਸੱਸੀ ਜਾਗੀ ਪੁੰਨੂੰ ਨੂੰ ਨਾ ਦੇਖ ਕੇ ਨੰਗੇ ਪੈਰੀਂ ਥਲਾਂ ਵਿਚ ਜਾਕੇ ਭੁਜ ਕੇ ਮਰ ਗਈ। ਪੁੰਨੂੰ ਵੀ ਅਪਣੇ ਸ਼ਹਿਰੋਂ ਉਸ ਵੱਲ ਮੁੜਿਆ ਅਤੇ ਉਸ ਦੀ ਕਬਰ ਉਤੇ ਹੀ ਅਪਣੀ ਜਾਨ ਦੇ ਦਿੱਤੀ।

ਸੁਹਣੀ ਮਹੀਂਵਾਲ: - ਮਹੀਂਵਾਲ ਇਕ ਸ਼ਹਿਜ਼ਾਦਾ ਸੀ। ਸੁਹਣੀ ਦੇ ਇਸ਼ਕ ਦੇ ਕਾਰਨ ਚਨਾਬ ਦੀ ਇਕ ਬਰੇਤੀ ਵਿਚ ਕੁੱਲੀ ਪਾ ਕੇ ਬੈਠ ਗਿਆ। ਸੁਹਣੀ ਇਕ ਘੜੇ ਉਤੇ ਤਰ ਕੇ ਰਾਤ ਵੇਲੇ ਉਸ ਨੂੰ ਮਿਲਣ ਜਾਇਆ ਕਰਦੀ ਸੀ। ਦੁਸ਼ਮਣਾਂ ਨੇ ਇਕ ਦਿਨ ਪੱਕੇ ਘੜੇ ਦੀ ਥਾਂ ਕੱਚਾ ਰਖ ਦਿੱਤਾ। ਸੁਹਣੀ ਉਸ ਕੱਚੇ ਘੜੇ ਤੇ ਹੀ ਤਰਨ ਲਗ ਪਈ ਪਰ ਦਰਿਆ ਦੀਆਂ ਛੱਲਾਂ ਵਿਚ ਅਪਣੇ ਪ੍ਰੀਤਮ ਦੇ ਪਿਆਰ ਵਿਚ ਡੁੱਬ ਮਰੀ। ਮਹੀਂਵਾਲ ਵੀ ਉਹਨਾਂ ਲਹਿਰਾਂ ਵਿਚ ਹੀ ਸਮਾ ਗਿਆ।

ਲੈਲ ਮਜਨੂੰ: - ਮਜਨੂੰ ਦਾ ਅਸਲੀ ਨਾਂ ਕੈਸ ਸੀ ਇਹ ਦੋਨੋਂ ਅਰਬ ਦੇ ਰਹਿਣ ਵਾਲੇ ਸੀ। ਲੈਲਾ ਅਰਬੀ ਵਿਚ ਰਾਤ ਨੂੰ ਆਖਦੇ ਹਨ। ਕਹਿੰਦੇ ਨੇ ਲੈਲਾ ਦਾ ਰੰਗ ਸਾਂਵਲਾ ਸੀ। ਕੈਸ ਉਸ ਦੇ ਪ੍ਰੇਮ ਵਿਚ ਪਾਗਲ ਬਣ ਗਿਆ ਏਸ ਕਰਕੇ ਲੋਕ ਉਸ ਨੂੰ ਮਜਨੂੰ ਅਰਥਾਤ ਪਾਗਲ ਕਹਿਣ ਲਗ ਪਏ। ਉਰਦੁ, ਫਾਰਸੀ ਅਤੇ ਅਰਬੀ ਸਾਹਿੱਤ ਵਿਚ ਇਸ ਪ੍ਰੇਮੀ ਜੋੜੇ ਦੇ ਪਿਆਰ ਨੂੰ ਆਦਰਸ਼ਕ ਮੰਨਿਆਂ ਜਾਂਦਾ ਹੈ।

ਮਨਸੂਰ: - ਈਰਾਨ ਦਾ ਇਕ ਸੂਫੀ ਫ਼ਕੀਰ ਸੀ। ਏਸ ਨੇ ਅੱਨਲ ਹੱਕ [ਮੈਂ ਰੱਬ ਹਾਂ] ਦਾ ਨਾਹਰਾ ਬੁਲੰਦ ਕੀਤਾ। ਲੋਕਾਂ ਨੇ ਇਸ ਨੂੰ ਕਾਫ਼ਰ ਸਮਝ ਕੇ ਇਸ ਦੀ ਬਾਦਸ਼ਾਹ ਕੋਲ ਸ਼ਕਾਇਤ ਕੀਤੀ ਅਤੇ ਏਸ ਨੂੰ ਫਾਂਸੀ ਦੀ ਸਜ਼ਾ ਮਿਲੀ।

ਜਮਸੈਦ: - ਫਾਰਸ ਦਾ ਇਕ ਬਾਦਸ਼ਾਹ ਇਸ ਦੇ ਕੋਲ ਇਕ ਪਿਆਲਾ ਸੀ ਜਿਸ ਵਿਚੋਂ ਉਹ ਸਾਰੀ ਦੁਨੀਆਂ ਦਾ ਹਾਲ ਦੇਖ ਸਕਦਾ ਸੀ।

ਕੁਸ਼ਤਾ: - ਮੌਲਾ ਬਖਸ਼ ਕੁਸ਼ਤਾ ਪੰਜਾਬੀ ਦੇ ਇਕ ਪਰਸਿਧ ਕਵੀ ਸਨ ਜਿਨ੍ਹਾਂ ਅਪਣਾ ਗ਼ਜ਼ਲਾਂ ਦਾ ਦੀਵਾਨ ਸਭ ਤੋਂ ਪਹਿਲਾਂ ਪੰਜਾਬੀ ਵਿਚ ਪ੍ਰਕਾਸ਼ਤ ਕੀਤਾ ਹੈ।

ਮੂਸਾ: - ਇਕ ਪੈਗ਼ੰਬਰ ਹੋਏ ਹਨ। ਇਨ੍ਹਾਂ ਨੇ ਤੂਰ ਨਾਮੀ ਪਹਾੜ ਉਤੇ ਜਾਕੇ ਰੱਬ ਮੁਹਰੇ ਅਰਦਾਸ ਕੀਤੀ ਅਤੇ ਦਰਸ਼ਣਾਂ ਦੀ ਲੋਚਾ ਕੀਤੀ। ਬੜੀ ਜ਼ਿੱਦ ਕੀਤੀ। ਰੱਬ ਜੀ ਨੇ ਕਿਹਾ ਜੇ ਤੂੰ ਮੈਨੂੰ ਦੇਖਣਾ ਚਾਹੁੰਦਾ ਹੈਂ ਤਾਂ ਓਸ ਤੂਰ ਪਹਾੜ ਨੂੰ ਦੇਖ ਲੈ। ਉਥੇ ਮੂਸਾ ਨੇ ਉਹ ਨੂਰ ਦੇਖਿਆ ਜਿਸ ਦੀ ਝਾਲ ਨਾ ਝਲ ਕੇ ਤਿੰਨ ਦਿਨ ਬੇਸੁਧ ਪਏ ਅਤੇ ਤੂਰ ਪਹਾੜ ਜਲ ਕੇ ਸੁਰਮਾ ਬਣ ਗਿਆ।

ਨਲ ਦਮਯੰਤੀ: - ਨਲ ਰਾਜਾ ਸੀ। ਜੂਏ ਵਿਚ ਸਭ ਕੁਛ ਹਾਰ ਗਿਆ ਅਤੇ ਅਪਣੀ ਰਾਣੀ ਦਮਯੰਤੀ ਨੂੰ ਵੀ ਧੋਖਾ ਦੇ ਕੇ ਜੰਗਲ ਵਿਚ ਇਕੱਲੀ ਛੱਡ ਗਿਆ।

ਸਿਕੰਦਰ ਤੇ ਦਾਰਾ: - ਦੋ ਬੜੇ ਬਾਦਸ਼ਾਹ ਹੋ ਚੁਕੇ ਹਨ। ਸਿਕੰਦਰ ਨੇ ਭਾਰਤ ਉਤੇ ਵੀ ਹੱਲਾ ਕੀਤਾ ਸੀ। ਦਾਰਾ ਜਿਹੜਾ ਈਰਾਨ ਦਾ ਬਹੁਤ ਬੜਾ ਬਾਦਸ਼ਾਹ ਸੀ ਨੂੰ ਵੀ ਸਿਕੰਦਰ ਨੇ ਭਾਂਜ ਦਿੱਤੀ ਸੀ।

ਕਾਰੂੰ: - ਇਕ ਪੁਰਾਣਾ ਬਾਦਸ਼ਾਹ ਜਿਸ ਦੇ ਪਾਸ ਬਹੁਤ ਜ਼ਿਆਦਾ ਧਨ ਸੀ। ਅਖੀਰ ਧਰਤੀ ਵਿਚ ਹੀ ਸਮਾ ਗਿਆ।


ਸ਼ਬਦਾਰਥ

ਸਾਕੀ - ਸ਼ਰਾਬ ਪਿਲਾਣ ਵਾਲਾ। ਅਧਿਆਤਮ ਵਾਦ ਵਿਚ ਗੁਰੂ ਨੂੰ ਵੀ ਆਖਿਆ ਜਾਂਦਾ ਹੈ। ਜਾਮ - ਸ਼ਰਾਬ ਦਾ ਪਿਆਲਾ ਫਰਿਸ਼ਤਾ - ਦੇਵਤਾ ਈਮਾਨ - ਧਰਮ ਖ਼ੁਮਾਰ - ਨਸ਼ਾ, ਮਸਤੀ ਗੈਰ - ਪਰਾਏ, ਦੁਸ਼ਮਣ ਉਲਫਤ - ਪ੍ਰੇਮ ਹਿਜਰ - ਜੁਦਾਈ ਵਿਸਾਲ - ਮਿਲਾਪ ਮੁਹਾਲ - ਅਸੰਭਵ ਦਾਮਨ - ਪਲਾ ਬਜ਼ਮ - ਮਜਲਸ, ਮਹਿਫਲ ਮੈਖ਼ਾਨਾ - ਠੇਕਾ, ਸ਼ਰਾਬ ਖ਼ਾਨਾ ਜੰਨਤ - ਸੁਰਗ ਜ਼ਾਹਦ - ਪਰਹੇਜ਼ ਗਾਰ ਉਸਤਾਦ - ਚਤੁਰ, ਚਾਲਾਕ ਕਿਸਮਤ ਦਾ ਹੇਟਾ - ਕਿਸਮਤ ਦਾ ਮਾਰਿਆ ਹੋਇਆ ਮੰਜ਼ਿਲ - ਪਹੁੰਚਣ ਦੀ ਥਾਂ ਨੁਮਾਇਸ਼ - ਦਖਾਵਾ ਸ਼ਮਾਅ - ਮੋਮ ਬੱਤੀ ਤ੍ਰਿਸ਼ਨਾ - ਧਨ, ਪੁਤਰ ਅਤੇ ਜਸ ਦੀ ਹਿਰਸ ਸੰਜਮ - ਅਪਣੇ ਆਪ ਨੂੰ ਕਾਬੂ ਰੱਖਣਾ ਗੈਸੂ - ਕੇਸ ਕੰਵਾਰੇ - ਅਛੋਹ ਦੇ ਅਰਥਾਂ ਵਿਚ ਵਰਤਿਆ ਗਿਆ ਹੈ ਫ਼ਸਾਨਾ - ਕਹਾਣੀ ਬੁਲੰਦੀ - ਉਚਾਈ ਅੱਖਾਂ ਤੋਂ ਗਿਰਾਣਾ - ਜ਼ਲੀਲ ਕਰਨਾ ਮੁਤਰਿੱਬ - ਗਵੱਈਆ ਜੁਆਲਾ - ਅੱਗ ਦੀਦਾਰ - ਦਰਸ਼ਨ ਸ਼ੋਖ - ਚੰਚਲ ਝਨਾ - ਚਨਾਬ ਦਰਿਆ ਤਸਬੀਹ - ਮਾਲਾ ਜ਼ੁੱਨਾਰ - ਜਨਿਉ, ਪਵਿੱਤਰ ਧਾਗਾ ਖ਼ਾਰ - ਕੰਡਾ ਨਿਰਾਕਾਰ - ਜਿਸ ਦੀ ਕੋਈ ਸ਼ਕਲ ਨਹੀਂ ਸਾਕਾਰ - ਸ਼ਕਲ ਵਾਲਾ ਦੁਸ਼ਵਾਰ - ਔਖਾ ਖ਼ਾਕੀ - ਮਿਟੀ ਦਾ ਬਣਿਆ ਹੋਇਆ (ਆਦਮੀ) ਨੂਰੀ - ਨੂਰ ਦਾ ਬਣਿਆ ਹੋਇਆ [ਫਰਿਸ਼ਤਾ] ਨਾਰੀ - ਅੱਗ ਤੋਂ ਬਣਿਆ ਹੋਇਆ [ਸ਼ੈਤਾਨ] ਉਪਾਸਕ - ਪੁਜਾਰੀ ਹਸਤ - ਹੋਂਦ [Being] ਰੂਹ - ਆਤਮਾ ਹਾਲਾ - ਮਾਮਲਾ, ਲਗਾਨ ਹੂਰ - ਅਪੱਛਰਾਂ ਹਵਸ - ਕਾਮ ਅਦਨਾ - ਛੋਟਾ ਅਕਸੀਰ - ਰਸਾਇਣ, ਦਵਾ ਹਜ਼ੂਰੀ - ਸਾਹਮਣੇ ਆਉਣਾ ਫਾਨੀ - ਨਾਸ਼ਵਾਨ ਜਬਰ - ਸਖਤੀ, ਕਾਬੂ ਮਨਜ਼ੂਰ ਕਰਨਾ - ਚੁਣ ਲੈਣਾ ਅਜ਼ਲ - ਦੁਨੀਆਂ ਦੇ ਆਰੰਭ ਦਾ ਸਮਾਂ ਦੰਭੀ - ਧੋਖੇਬਾਜ਼ ਰਜ਼ਾ - ਮਰਜ਼ੀ ਹਥਫੇਰੀ ਕਰਨਾ - ਧੋਖਾ ਦੇਣਾ ਗੁਲਨਾਰ - ਸੁਰਖ਼ ਰੰਗ ਦਾ ਇਕ ਖੁਸ਼ਬੂ ਤੋਂ ਸੱਖਣਾ ਫੁੱਲ ਤਾਲਬ - ਚਾਹਵਾਨ ਖੋਰ - ਜ਼ਿੱਦ ਨਕਸ਼ - ਨਿਸ਼ਾਨ ਨਾਸੂਰ - ਸਦਾ ਰਿਸਦਾ ਰਹਿਣ ਵਾਲਾ ਜ਼ਖ਼ਮ ਤਕਰਾਰ - ਝਗੜਾ ਖ਼ੁਦੀ - ਗ਼ਰਰ, ਹਉਮੈਂ ਰਸਾਈ - ਪਹੁੰਚ ਰੂਨੁਮਾਈ - ਦਰਸ਼ਨ ਆਲਾ - ਬੜਾ ਖਲਾਸ - ਛੁਟਕਾਰਾ ਰਹਿਮਤ - ਕਿਰਪਾ ਬਾਕੀ - ਅਮਰ ਗ਼ਦਰ - ਬੇ ਕਾਬੂ ਹੋਣਾ ਮਦਰਾ - ਸ਼ਰਾਬ ਕਜ਼ਾ - ਮੌਤ ਸੇਰੀ - ਰੱਜ ਜਾਣਾ ਨਿਰਣਾ - ਫੈਸਲਾ ਨਜ਼ੀਰ - ਮਸਾਲ ਜ਼ਲੀਲ - ਬੇ ਇਜ਼ਤ ਵੇਦਨਾ - ਤਕਲੀਫ਼ ਬੁਤ - ਮਾਸ਼ੂਕ ਮੁਨਕਰ - ਕਿਨਕਾਰ ਕਰਨ ਵਾਲਾ ਨਦਾਮਤ - ਬੇ ਇਜ਼ਤੀ ਕਸ਼ਿਸ਼ - ਖਿੱਚ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਰੀ ਕਿਸ਼ਨ 'ਰਤਨ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ