Hockey Jagat Da Dharu Tara-Surjit Singh Randhawa : Gurbhajan Gill
ਹਾਕੀ ਜਗਤ ਦਾ ਧਰੂ ਤਾਰਾ - ਸੁਰਜੀਤ ਸਿੰਘ ਰੰਧਾਵਾ : ਗੁਰਭਜਨ ਗਿੱਲ
ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਜਿਕਰ ਛਿੜਦਿਆਂ ਹੀ ਯਾਦਾਂ ਦੀ ਲੰਮ ਸਲੰਮੀ ਕਤਾਰ ਸਾਹਮਣੇ ਆਣ ਖਲੋਂਦੀ ਹੈ । ਭਾਰਤੀ ਹਾਕੀ ਨੂੰ ਪਿ੍ਥੀਪਾਲ ਸਿੰਘ ਤੋਂ ਮਗਰੋਂ ਮਿਲਿਆ ਚੀਨ ਦੀ ਦੀਵਾਰ ਵਰਗਾ ਮਜ਼ਬੂਤ ਫੁੱਲ ਬੈਕ । ਓਨਾ ਹੀ ਵਧੀਆ ਖਿਡਾਰੀ, ਓਨਾ ਹੀ ਅਣਖੀਲਾ ਤੇ ਖਿਡਾਰੀਆਂ ਦੇ ਹੱਕਾਂ ਦਾ ਸੁਚੇਤ ਪਹਿਰੇਦਾਰ । ਬਟਾਲਾ ਨੇੜੇ ਖੰਡ ਮਿੱਲ ਦੇ ਰਾਹ ਵਿੱਚ ਪੈਂਦੇ ਨਿੱਕੇ ਜਿਹੇ ਪਿੰਡ ਦਾਖਲਾ ਦੇ ਸ: ਮੱਘਰ ਸਿੰਘ ਰੰਧਾਵਾ ਤੇ ਸਰਦਾਰਨੀ ਜੋਗਿੰਦਰ ਕੌਰ ਦਾ ਪਲੇਠਾ ਪੁੱਤਰ । ਖਾਲਸਾ ਹਾਈ ਸਕੂਲ ਬਟਾਲੇ ਤੋਂ ਦਸਵੀਂ ਪਾਸ ਕਰਕੇ ਸੁਰਜੀਤ ਸਪੋਰਟਸ ਸਕੂਲ ਜਲੰਧਰ ਤੇ ਮਗਰੋਂ ਸਪੋਰਟਸ ਕਾਲਜ ਦਾ ਵਿਦਿਆਰਥੀ ਬਣਿਆ । ਗੁਰੂ ਨਾਨਕ ਦੇਵ ਯੂਨੀਵਰਸਿਟੀ ਉਦੋਂ ਅਜੇ ਨਵੀਂ ਨਵੀਂ ਹੀ ਬਣੀ ਸੀ । ਮੈਨੂੰ ਯਾਦ ਹੈ ਕਿ ਮੇਰੇ ਪਿੰਡਾਂ ਦੇ ਜਿਹੜੇ ਮੁੰਡੇ ਹਾਕੀ ਦੀ ਖੇਡ ਵਿੱਚ ਦਿਲਚਸਪੀ ਰੱਖਣ ਵਾਲੇ ਸਨ ਉਹ ਸੁਰਜੀਤ ਨੂੰ ਬਹੁਤ ਵੱਡੀ ਉਮੀਦ ਵਾਂਗ ਵੇਖਦੇ । ਉਸ ਦੇ ਜਮਾਤੀਆਂ ਕਾਲੇ ਨੰਗਲ ਵਾਲੇ ਬਲਜੀਤ ਅਤੇ ਜੋਗਿੰਦਰ ਸ਼ਾਮਪੁਰੇ ਦੇ ਮੂੰਹੋਂ ਕਈ ਵਾਰ ਮੈਂ ਉਸ ਦੀ ਕੀਰਤੀ ਸੁਣੀ ਸੀ । ਇਹ ਦੋਵੇਂ ਖਿਡਾਰੀ ਭਾਵੇਂ ਅਥਲੀਟ ਸਨ ਅਤੇ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਵਿੱਚ ਪੜ੍ਹਨ ਆਏ ਸਨ ਪਰ ਸੁਰਜੀਤ ਦੀ ਸ਼ਕਤੀਸ਼ਾਲੀ ਖੇਡ ਪ੍ਰਤਿਭਾ ਦਾ ਜ਼ਿਕਰ ਉਹ ਅਕਸਰ ਕਰਦੇ ।
1971 ਵਿੱਚ ਮੈਂ ਲੁਧਿਆਣੇ ਜੀ ਜੀ ਐਨ ਖਾਲਸਾ ਕਾਲਜ ਵਿੱਚ ਪੜ੍ਹਨ ਲਈ ਆ ਗਿਆ । ਇਸੇ ਸਾਲ ਜਾਂ ਸ਼ਾਇਦ ਅਗਲੇ ਵਰ੍ਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਨਾਰਥ ਜੋਨ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਫਾਈਨਲ ਮੁਕਾਬਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਨਾਲ ਸੀ । ਇਸ ਟੀਮ ਵਿੱਚ ਸੁਰਜੀਤ, ਵਰਿੰਦਰ, ਬਲਦੇਵ ਵਰਗੇ ਖਿਡਾਰੀ ਸ਼ਾਮਿਲ ਸਨ । ਇਨ੍ਹਾਂ ਦੀ ਟੀਮ ਤਾਂ ਪੰਜਾਬ ਯੂਨੀਵਰਸਿਟੀ ਤੋਂ ਹਾਰ ਗਈ ਪਰ ਉਸ ਦਿਨ ਮੈਂ ਪਹਿਲੀ ਵਾਰ ਸੁਰਜੀਤ ਦੀਆਂ ਅੱਖਾਂ ਵਿੱਚ ਉਹ ਲਾਲੀ ਵੇਖੀ ਜਿਹੜੀ ਜੇਤੂ ਰਹਿਣ ਵਾਲੇ ਬੰਦੇ ਦੀਆਂ ਅੱਖਾਂ ਵਿੱਚ ਹਾਰਨ ਵੇਲੇ ਹੁੰਦੀ ਹੈ । ਇਹ ਤਿੰਨੇ ਖਿਡਾਰੀ ਮਗਰੋਂ ਭਾਰਤੀ ਹਾਕੀ ਟੀਮ ਦੀ ਸ਼ਾਨ ਬਣੇ । ਤਿੰਨੇ 1975 ਵਾਲੇ ਵਿਸ਼ਵ ਕੱਪ ਵਿੱਚ ਜੇਤੂ ਟੀਮ ਦੇ ਮੈਂਬਰ ਸਨ । ਤਿੰਨਾਂ ਨੇ ਹੀ ਇਕੱਠਿਆਂ ਖਿਡਾਰੀਆਂ ਦੇ ਹਿਤਾਂ ਦੀ ਰਾਖੀ ਲਈ ਭਾਰਤੀ ਹਾਕੀ ਟੀਮ ਕੈਂਪ ਰੋਸੇ ਵਿੱਚ ਛੱਡਿਆ ਤੇ ਤਿੰਨਾਂ ਨੂੰ ਹੀ ਮੈਂ ਕੈਂਪ ਛੱਡਣ ਉਪਰੰਤ ਕਿਲ੍ਹਾ ਰਾਏਪੁਰ ਪਿੰਡ ਦੀ ਹਾਕੀ ਟੀਮ ਵਿੱਚ ਸ਼ਾਮਿਲ ਹੋ ਕੇ ਧਮੋਟ (ਲੁਧਿਆਣਾ) ਦੇ ਮਨਜੀਤ ਯਾਦਗਾਰੀ ਖੇਡ ਮੇਲੇ ਵਿੱਚ ਖੇਡਦਿਆਂ ਵੇਖਿਆ । ਧਮੋਟ ਵਾਲੇ ਪ੍ਰੋਫੈਸਰ ਕੇਸਰ ਸਿੰਘ ਗਿੱਲ ਦੇ ਘਰ ਸੁਰਜੀਤ ਨਾਲ ਗੁਜ਼ਾਰੀ ਯਾਦਗਾਰੀ ਸ਼ਾਮ ਅੱਜ ਵੀ ਯਾਦਾਂ ਦੇ ਕਾਫਲੇ ਦੀ ਰੌਸ਼ਨ ਨਿਸ਼ਾਨੀ ਹੈ ।
ਸੁਰਜੀਤ, ਬਲਦੇਵ ਤੇ ਵਰਿੰਦਰ ਕਿਲ੍ਹਾ ਰਾਏਪੁਰ ਦੀ ਹਾਕੀ ਟੀਮ ਵੱਲੋਂ ਅਕਸਰ ਖੇਡਦੇ ਸਨ । ਇਸ ਦਾ ਅਸਲ ਕਾਰਨ ਇਹ ਸੀ ਕਿ ਸੁਰਜੀਤ ਦੀ ਮੇਰੀ ਜੀਵਨ ਸਾਥਣ ਨਿਰਪਜੀਤ ਦੇ ਵੱਡੇ ਵੀਰ ਜਗਵਿੰਦਰ ਗਰੇਵਾਲ ਨਾਲ ਸਪੋਰਟਸ ਕਾਲਜ ਪੜ੍ਹਦਿਆਂ ਵੇਲੇ ਦੀ ਦੋਸਤੀ ਸੀ । ਉਹ ਆਪਣੀਆਂ ਬਹੁਤੀਆਂ ਛੁੱਟੀਆਂ ਏਥੇ ਹੀ ਗੁਜਾਰਦਾ । ਦੋਵੇਂ ਇਕੱਠੇ ਹੀ ਖੇਡਦੇ–ਖੇਡਦੇ ਸੈਂਟਰਲ ਰੇਲਵੇ ਵਿੱਚ ਭਰਤੀ ਹੋ ਗਏ । ਇਕੋ ਕਮਰੇ ਵਿੱਚ ਰਹਿੰਦੇ ਇਕੱਠੇ ਹੀ ਜ਼ਿੰਦਗੀ ਦੇ ਭਵਿੱਖ ਦੇ ਨਕਸ਼ ਉਲੀਕਦੇ । ਸੁਰਜੀਤ ਭਾਰਤੀ ਹਾਕੀ ਟੀਮ ਲਈ ਚੁਣਿਆ ਗਿਆ ਤਾਂ ਜਗਵਿੰਦਰ ਅਤੇ ਬਾਕੀ ਪਰਿਵਾਰ ਨੇ ਪਿੰਡ 'ਚ ਲੱਡੂ ਵੰਡੇ । ਮੈਨੂੰ ਇਹ ਵੀ ਯਾਦ ਹੈ ਕਿ 1975 ਵਾਲਾ ਵਿਸ਼ਵ ਕੱਪ ਜਿੱਤ ਕੇ ਜਦ ਭਾਰਤੀ ਹਾਕੀ ਟੀਮ ਨੂੰ ਉਦੋਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਅਤੇ ਡਾਇਰੈਕਟਰ ਸਪੋਟਰਸ ਸ: ਬਲਬੀਰ ਸਿੰਘ ਸੀਨੀਅਰ ਲੈ ਕੇ ਲੁਧਿਆਣੇ ਆਏ ਤਾਂ ਉਸੇ ਦਿਨ ਹੀ ਇਸੇ ਟੀਮ ਹੱਥੋਂ ਮਿਲਰਗੰਜ ਵੱਲ ਜਾਂਦੇ ਉੱਚੇ ਪੁਲ ਦਾ ਉਦਘਾਟਨ ਕਰਵਾਇਆ ਗਿਆ । ਇਸੇ ਟੀਮ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗਰਾਉਂਡ ਵਿੱਚ ਜਦ ਰੂਸ ਦੀ ਹਾਕੀ ਟੀਮ ਨਾਲ ਮੈਚ ਖੇਡਿਆ ਤਾਂ ਸੁਰਜੀਤ ਨੇ ਸਾਨੂੰ ਸਾਰਿਆਂ ਨੂੰ ਆਪਣੇ ਖਿਡਾਰੀ ਸਾਥੀ ਅਸ਼ੋਕ ਕੁਮਾਰ, ਗੋਵਿੰਦਾ ਅਤੇ ਬਲਦੇਵ ਸਿੰਘ ਨਾਲ ਮਿਲਾਇਆ । ਸੁਰਜੀਤ ਮੇਰੀ ਜ਼ਿੰਦਗੀ ਦੇ ਸਭ ਤੋਂ ਅਹਿਮ ਤਰੀਨ ਫੈਸਲੇ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਾ ਸੱਜਣ ਪਿਆਰਾ ਸੀ । ਮੇੇਰੇ ਵਿਆਹ ਵਿੱਚ ਕਿਲ੍ਹਾ ਰਾਏਪੁਰ ਪਰਿਵਾਰ ਵੱਲੋਂ ਵਿਚੋਲਗਿਰੀ ਉਸੇ ਨੇ ਹੀ ਕੀਤੀ । ਉਨੀਂ ਦਿਨੀਂ ਉਹ ਇੰਡੀਅਨ ਏਅਰ ਲਾਈਨਜ਼ ਵਿੱਚ ਕੰਮ ਕਰਦਾ ਸੀ । ਉਸ ਨੇ ਆਪਣਾ ਹੈੱਡਕੁਆਟਰ ਖੇਡਣ ਖਾਤਰ ਲੁਧਿਆਣਾ ਹੀ ਰੱਖਿਆ ਹੋਇਆ ਸੀ । ਏਥੋਂ ਦੇ ਖਿਡਾਰੀਆਂ ਸੁਖਬੀਰ ਗਰੇਵਾਲ, ਗੁਰਦੀਪ ਸਿੰਘ ਮੰਗੂ, ਬਲਦੇਵ ਸਿੰਘ ਅਤੇ ਹੋਰਨਾਂ ਨਾਲ ਉਹ ਆਰੀਆ ਕਾਲਜ ਦੇ ਖੇਡ ਮੈਦਾਨ ਵਿੱਚ ਜ਼ੋਰ ਕਰਦਾ । ਇਨ੍ਹਾਂ ਸਾਰਿਆਂ ਨੂੰ ਅੰਤਰ ਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨ ਵਿੱਚ ਸੁਰਜੀਤ ਦਾ ਬਹੁਤ ਵੱਡਾ ਯੋਗਦਾਨ ਸੀ । ਸੁਰਜੀਤ ਦੀ ਜੀਵਨ ਸਾਥਣ ਚੰਚਲ ਰੰਧਾਵਾ ਲੁਧਿਆਣਾ ਦੇ ਹੀ ਗੌਰਮਿੰਟ ਕਾਲਜ ਫਾਰ ਵੁਮੈਨ ਵਿੱਚ ਹਾਕੀ ਕੋਚ ਵਜੋਂ ਨਿਯੁਕਤ ਸੀ । ਭਾਰਤ ਨਗਰ ਚਾੌਕ ਦੀ ਪੈਟਰੋਲ ਪੰਪ ਵਾਲੀ ਗਲੀ ਦੇ ਅਖੀਰ ਵਿੱਚ ਸ: ਦਲੀਪ ਸਿੰਘ ਦੇ ਮਕਾਨ ਵਿੱਚ ਸੁਰਜੀਤ ਨਾਲ ਗੁਜਾਰੀਆਂ ਸਵੇਰਾਂ ਤੇ ਸ਼ਾਮਾਂ ਅੱਜ ਵੀ ਯਾਦਾਂ ਦਾ ਸਰਮਾਇਆ ਬਣ ਕੇ ਅੱਖਾਂ ਅੱਗੇ ਆਣ ਖਲੋਂਦੀਆਂ ਹਨ ।
ਸੁਰਜੀਤ ਜਿੰਨਾਂ ਚਿਰ ਭਾਰਤੀ ਹਾਕੀ ਟੀਮ ਵਿੱਚ ਖੇਡਿਆ, ਪੂਰੀ ਅਣਖ ਅਤੇ ਸਵੈ–ਮਾਣ ਨਾਲ ਖੇਡਿਆ । ਇਸੇ ਖੇਡ ਸਦਕਾ ਹੀ ਉਸ ਨੂੰ ਪੰਜਾਬ ਪੁਲਿਸ ਨੇ ਇੰਸਪੈਕਟਰ ਵਜੋਂ ਸਿੱਧਾ ਭਰਤੀ ਕਰਕੇ ਪੰਜਾਬ ਲੈਆਂਦਾ । ਜਲੰਧਰ ਪੁਲਿਸ ਲਾਈਨਜ਼ ਦੀ ਨੁੱਕਰੇ ਉਸ ਦਾ ਘਰ ਮੈਡਲਾਂ ਅਤੇ ਅੰਤਰ ਰਾਸ਼ਟਰੀ ਖੇਡ ਨਿਸ਼ਾਨੀਆਂ ਨਾਲ ਸਜਿਆ ਹੋਇਆ ਤੇ ਭਰਿਆ ਭਕੁੰਨਾ ਘਰ ਛੱਡ ਕੇ ਉਹ ਸਾਨੂੰ ਸਾਰਿਆਂ ਅਲਵਿਦਾ ਕਹਿ ਗਿਆ । ਆਖਰੀ ਸਵਾਸ ਲੈਣ ਤੋਂ ਲਗਪਗ 15 ਦਿਨ ਪਹਿਲਾਂ ਮੈਂ ਆਪਣੇ ਮਿੱਤਰ ਦਰਸ਼ਨ ਸਿੰਘ ਮੱਕੜ ਨਾਲ ਸੁਰਜੀਤ ਨੂੰ ਮਿਲਿਆ ਤਾਂ ਉਸ ਨੇ ਖਿਡਾਰੀਆਂ ਦੇ ਭਲੇ ਲਈ ਬੈਨੀਫਿਟ ਮੈਚ ਦੀ ਯੋਜਨਾਕਾਰੀ ਦੱਸੀ । ਪਹਿਲਾ ਬੈਨੀਫਿਟ ਮੈਚ ਸੁਰਜੀਤ ਵਾਸਤੇ ਹੀ ਜਲੰਧਰ ਦੇ ਬਲਰਟਨ ਪਾਰਕ ਵਿੱਚ ਹੋਣਾ ਸੀ । ਸੁਰਜੀਤ ਦੇ ਨਾਲ ਇਸ ਦੇ ਪ੍ਰਬੰਧਾਂ ਵਿੱਚ ਸਪੋਰਟਸ ਸਕੂਲ ਵਾਲੇ ਕੋਚ ਰਾਮ ਪ੍ਰਤਾਪ ਅਤੇ ਬਾਸਕਟਬਾਲ ਕੋਚ ਓ ਪੀ ਪਾਂਥੇ ਲੱਗੇ ਹੋਏ ਸਨ । ਪਾਕਿਸਤਾਨ ਤੋਂ ਟੀਮ ਨੇ ਅਖਤਰ ਰਸੂਲ ਦੀ ਅਗਵਾਈ ਹੇਠ ਆਉਣਾ ਸੀ । ਪ੍ਰਬੰਧਾਂ ਦੇ ਆਖਰੀ ਪੜਾਅ ਵਿੱਚ ਸੁਰਜੀਤ ਦਾ ਅੰਮਿ੍ਤਸਰੋਂ ਪਰਤਦਿਆਂ ਬਿਧੀਪੁਰ ਚੌਾਕ ਨੇੜੇ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ । ਪਾਂਥੇ ਵੀ ਉਸੇ ਹਾਦਸੇ ਵਿੱਚ ਚਲਾ ਗਿਆ ਅਤੇ ਰਾਮ ਪ੍ਰਤਾਪ ਨੂੰ ਜਖਮੀ ਹਾਲਤ ਵਿੱਚ ਹਸਪਤਾਲਾਂ ਵਿੱਚ ਲੰਮਾ ਸਮਾਂ ਗੁਜ਼ਾਰਨਾ ਪਿਆ । ਸੁਰਜੀਤ ਦਾ ਲਿਆ ਸੁਪਨਾ ਅੱਜ ਤਕ ਵੀ ਅਧੂਰਾ ਹੈ । ਉਸ ਤੋਂ ਮਗਰੋਂ ਕਿਸੇ ਵੀ ਖਿਡਾਰੀ ਦੇ ਭਲੇ ਲਈ ਕੋਈ ਮੈਚ ਇਸ ਧਰਤੀ ਤੇ ਅੱਜ ਤਕ ਨਹੀਂ ਹੋਇਆ । ਉਸ ਬੈਨੀਫਿਟ ਮੈਚ ਦਾ ਸੋਵੀਨੀਅਰ ਵੀ ਛਪ ਚੁੱਕਾ ਸੀ ।
ਆਖਰ ਸੁਰਜੀਤ ਵਿੱਚ ਉਹ ਕਿਹੜੀ ਗੱਲ ਸੀ ਜਿਸ ਸਦਕਾ ਅੱਜ ਉਸ ਦੀ ਯਾਦ ਵਿੱਚ ਵੱਡੇ–ਵੱਡੇ ਖੇਡ ਮੇਲੇ ਲੱਗਦੇ ਹਨ । ਜਲੰਧਰ ਵਿੱਚ ਕੌਮਾਂਤਰੀ ਪੱਧਰ ਦਾ ਹਾਕੀ ਟੂਰਨਾਮੈਂਟ, ਬਟਾਲਾ ਨੇੜੇ ਪਿੰਡ ਕੋਟਲਾ ਸ਼ਾਹੀਆ ਵਿੱਚ ਖਿਡਾਰੀਆਂ ਨੇ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਣਾ ਕੇ ਸਪੋਰਟਸ ਕੰਪਲੈਕਸ ਦੀ ਉਸਾਰੀ ਆਰੰਭੀ ਹੈ । ਲੁਧਿਆਣਾ ਜ਼ਿਲ੍ਹਾ ਵਿੱਚ ਜਰਖੜ ਵਿਖੇ ਪਿ੍ਥੀਪਾਲ ਸਿੰਘ ਦੇ ਨਾਲ ਸੁਰਜੀਤ ਸਿੰਘ ਦਾ ਵੀ ਬੁੱਤ ਲਗਾਇਆ ਗਿਆ ਹੈ । ਬਟਾਲਾ ਵਿੱਚ ਦਾਖਲ ਹੁੰਦਿਆਂ ਹੰਸਲੀ ਦੇ ਪੁਲ ਤੇ ਸੁਰਜੀਤ ਦਾ ਆਦਮ ਕੱਦ ਬੁੱਤ ਤੁਹਾਨੂੰ ਉਸ ਸੂਰਮੇ ਖਿਡਾਰੀ ਦੀ ਯਾਦ ਕਰਵਾਉਂਦਾ ਹੈ । ਖੇਡ ਲਿਖਾਰੀ ਸਰਵਣ ਸਿੰਘ ਆਨੇ ਬਹਾਨੇ ਸੁਰਜੀਤ ਦੀ ਮਰਦਾਵੀਂ ਖੇਡ ਨੂੰ ਸਲਾਮ ਆਖਦਾ ਹੈ ।
ਸੁਰਜੀਤ ਆਪਣੇ ਵੇਲੇ ਭਾਰਤੀ ਹਾਕੀ ਟੀਮ ਦਾ ਸਭ ਤੋਂ ਤਕੜਾ ਫੁੱਲ ਬੈਕ ਖਿਡਾਰੀ ਸੀ ਜਿਸ ਦੀ ਹਾਕੀ ਤੋਂ ਤ੍ਰਭਕ ਕੇ ਵਿਰੋਧੀ ਟੀਮ ਦੇ ਖਿਡਾਰੀ ਪਾਸਾ ਵੱਟਣਾ ਹੀ ਯੋਗ ਸਮਝਦੇ ਉਸ ਦੀਆਂ ਸੁਰਖ ਅੱਖਾਂ ਵਿਰੋਧੀ ਖਿਡਾਰੀ ਦੇ ਮਨ ਵਿੱਚ ਭੈਅ ਦਾ ਪਸਾਰਾ ਕਰ ਦਿੰਦੀਆਂ ਹਨ । ਮਾਝੇ ਦਾ ਪਾਣੀ ਪੀ ਕੇ ਜਵਾਨ ਹੋਇਆ ਸੁਰਜੀਤ ਖੇਡ ਮੈਦਾਨ ਵਿੱਚ ਵੀ ਧੱਕੜ ਵਿਧੀ ਵਰਤਣ ਤੋਂ ਗੁਰੇਜ਼ ਨਾ ਕਰਦਾ ਅਤੇ ਇਸ ਗੱਲ ਦਾ ਸਭ ਤੋਂ ਵੱਧ ਖਤਰਾ ਪਾਕਿਸਤਾਨੀ ਖਿਡਾਰੀ ਮਹਿਸੂਸ ਕਰਦੇ । ਸੁਰਜੀਤ ਰੱਜ ਕੇ ਸ਼ੌਕੀਨ ਸੀ । ਉਸ ਦਾ ਜੂੜੇ ਤੇ ਰੁਮਾਲ ਬੰਨਣ ਦਾ ਅੰਦਾਜ਼ ਵੀ ਨਿਵੇਕਲਾ ਸੀ । ਬੱਚੇ ਉਸ ਦੀ ਤਸਵੀਰ ਵਰਗਾ ਬਣ–ਬਣ ਵਿਖਾਉਂਦੇ । ਮੈਨੂੰ ਯਾਦ ਹੈ ਕਿ ਮੇਰਾ ਨਿੱਕਾ ਭਤੀਜਾ ਨਵਜੀਤ ਸੁਰਜੀਤ ਨੂੰ ਆਪਣਾ ਆਦਰਸ਼ ਮੰਨ ਕੇ ਹਾਕੀ ਖੇਡਣ ਲੱਗਾ ਅਤੇ ਉਹਦੇ ਵਾਂਗ ਹੀ ਜੂੜੇ ਤੇ ਰੁਮਾਲ ਬੰਨ ਕੇ ਪਿਛਲੇ ਪਾਸਿਉਂ ਕੁਝ ਵਾਲ ਹਵਾ ਵਿੱਚ ਲਹਿਰਾਉਣ ਲਈ ਛੱਡ ਦਿੰਦਾ ਤੇ ਆਖਦਾ ਵੇਖ ਲਓ ਮੈਂ ਹੁਣ ਸੁਰਜੀਤ ਅੰਕਲ ਬਣ ਗਿਆ ਹਾਂ । ਉਨੀਂ ਦਿਨੀਂ ਸੁਰਜੀਤ ਅਕਸਰ ਸਾਡੇ ਕ੍ਰਿਸ਼ਨਾ ਨਗਰ, ਲੁਧਿਆਣਾ ਵਾਲੇ ਘਰ ਆਉਂਦਾ ਹੁੰਦਾ ਸੀ ।
ਭਾਰਤੀ ਯੂਨੀਵਰਸਿਟੀਆਂ ਦੀ ਸਾਂਝੀ ਹਾਕੀ ਟੀਮ ਜਦ ਆਸਟਰੇਲੀਆ ਦੇ ਦੌਰੇ ਤੇ ਗਈ ਤਾਂ ਸ: ਬਾਲ ਕ੍ਰਿਸ਼ਨ ਸਿੰਘ ਉਨ੍ਹਾਂ ਦੀ ਟੀਮ ਦੇ ਕੋਚ ਸਨ । ਉਹ ਆਪਣੀ ਖੇਡ ਲਿਆਕਤ ਨੂੰ ਸ਼ਿੰਗਾਰਨ ਲਈ ਬਾਕੀ ਖਿਡਾਰੀਆਂ ਨਾਲੋਂ ਦੁੱਗਣਾ ਸਮਾਂ ਖੇਡ ਮੈਦਾਨ ਵਿੱਚ ਗੁਜ਼ਾਰਦਾ । ਉਹ ਇਕੱਲਾ ਹੀ ਗਹਿਰ ਗੰਭੀਰੇ ਅੰਦਾਜ਼ ਨਾਲ ਗੋਲ ਪੋਸਟ ਵਿੱਚ ਗੋਲ ਦਾਗੀ ਜਾਂਦਾ । ਆਪਣੀ ਹਿੱਟ ਦੀ ਸ਼ਕਤੀ ਵਧਾਉਂਦਾ ਰਹਿੰਦਾ । ਪ੍ਰਿਥੀਪਾਲ ਤੋਂ ਬਾਅਦ ਸਾਟ ਕਾਰਨਰ ਦਾ ਧਨੀ ਅਖਵਾਇਆ । ਸੁਰਜੀਤ ਦਾ ਜਨਮ 8 ਅਕਤੂਬਰ 1951 ਨੂੰ ਹੋਇਆ । ਉਸ ਦੇ ਪਿੰਡ ਨੂੰ ਹੁਣ ਦਾਖਲਾ ਨਹੀਂ ਸਗੋਂ ਸੁਰਜੀਤ ਸਿੰਘ ਵਾਲਾ ਆਖਦੇ ਹਨ । ਪਹਿਲਾਂ ਪਹਿਲ ਉਹ ਸੈਂਟਰਲ ਹਾਫ ਖੇਡਦਾ ਸੀ ਅਤੇ ਮਗਰੋਂ ਫੁੱਲ ਬੈਕ ਬਣਿਆ । ਆਪਣੇ ਕੋਚ ਗੁਰਦੀਪ ਸਿੰਘ ਨੂੰ ਉਹ ਆਪਣਾ ਅਸਲ ਉਸਤਾਦ ਮੰਨਦਾ ਸੀ । 22 ਸਾਲ ਦੀ ਉਮਰ ਵਿੱਚ ਸੁਰਜੀਤ ਭਾਰਤੀ ਹਾਕੀ ਟੀਮ ਲਈ ਚੁਣਿਆ ਗਿਆ ।ਉਦੋਂ ਉਹ ਸੈਂਟਰਲ ਰੇਲਵੇ ਮੁੰਬਈ ਦਾ ਖਿਡਾਰੀ ਸੀ । ਅਮੈਸਟਰਡਮ (ਹਾਲੈਂਡ) ਵਿਖੇ ਹੋਏ ਇੱਕ ਮੈਚ ਵਿੱਚ ਉਹ ਪਹਿਲੀ ਵਾਰ ਭਾਰਤੀ ਟੀਮ ਵੱਲੋਂ ਖੇਡ ਮੈਦਾਨ ਵਿੱਚ ਉਤਰਿਆ ਅਤੇ ਉਸ ਨੇ ਪਹਿਲੇ ਪੰਜ–ਛੇ ਮਿੰਟਾਂ ਵਿੱਚ ਹੀ ਸਾਟ ਕਾਰਨਰ ਨਾਲ ਦੋ ਗੋਲ ਕਰ ਚੁੱਕੇ ਕੁਮੈਂਟਰੀ ਵਾਲਿਆਂ ਨੇ ਉਸ ਨੂੰ ਵਿਸ਼ਵ ਨਾਇਕ ਬਣਾ ਧਰਿਆ । ਟੀਮ ਫਾਈਨਲ ਵਿੱਚ ਤਾਂ ਭਾਵੇਂ ਹਾਰ ਗਈ ਪਰ ਸੁਰਜੀਤ ਦੀ ਸਰਦਾਰੀ ਕਾਇਮ ਹੋ ਗਈ ।
1974 ਵਿੱਚ ਤਹਿਰਾਨ ਵਿਖੇ ਹੋਈਆਂ ਏਸ਼ੀਅਨ ਖੇਡਾਂ ਮੌਕੇ ਉਹ ਭਾਰਤੀ ਹਾਕੀ ਟੀਮ ਵਿੱਚ ਸ਼ਾਮਿਲ ਹੋ ਕੇ ਦੇਸ਼ ਵੱਲੋਂ ਖੇਡਿਆ ਏਥੇ ਹੀ ਉਸ ਨੂੰ ਆਲ ਏਸ਼ੀਆ ਟੀਮ ਵਿੱਚ ਵੀ ਸ਼ਾਮਿਲ ਕੀਤਾ ਗਿਆ ਅਤੇ ਇਨ੍ਹਾਂ ਦੀ ਟੀਮ ਨੇ ਯੂਰਪ ਵਿਰੁੱਧ ਮੈਚ ਬਰਾਬਰੀ ਨਾਲ ਖੇਡਿਆ । ਏਸ਼ੀਅਨ ਆਲ ਸਟਾਰ ਟੀਮ ਦੇ ਮੈਂਬਰ ਵਜੋਂ ਉਸ ਨੇ ਪਾਕਿਸਤਾਨ ਅਤੇ ਭਾਰਤ ਦਾ ਦੌਰਾ ਕੀਤਾ । 1975 ਵਿੱਚ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਕੋਚਿੰਗ ਦਾ ਜ਼ਿੰਮਾਂ ਪੰਜਾਬ ਸਿਰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੈਂਪ ਲੁਆਇਆ । ਪੰਜਾਬ ਦੇ ਖੇਡ ਨਿਰਦੇਸ਼ਕ ਅਤੇ ਤਿੰਨ ਵਾਰ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਖੇਡ ਚੁੱਕੇ ਸ: ਬਲਬੀਰ ਸਿੰਘ ਸੀਨੀਅਰ ਨੂੰ ਇਸ ਟੀਮ ਦਾ ਕੋਚ ਤੇ ਮੈਨੇਜਰ ਬਣਾਇਆ ਗਿਆ । ਖੁਰਾਕ ਤੇ ਸਿਖਲਾਈ ਵੱਲੋਂ ਕੋਈ ਕਸਰ ਬਾਕੀ ਨਾ ਰਹੀ । ਸੁਰਜੀਤ ਦੀ ਖੇਡ ਦੇ ਨਿਖਾਰ ਦਾ ਇਹ ਸ਼ੁਭ ਸਮਾਂ ਸੀ । ਖੇਡ ਲਿਖਾਰੀ ਸਰਵਣ ਸਿੰਘ ਸੁਰਜੀਤ ਦੀ ਇੱਕ ਅੰਦਰਲੀ ਕਮਜ਼ੋਰੀ ਦਾ ਜ਼ਿਕਰ ਕਰਦਿਆਂ ਅਕਸਰ ਦਸਦਾ ਹੈ ਕਿ ਸੁਰਜੀਤ ਵਹਿਮੀ ਬੜਾ ਸੀ । ਇੱਕ ਵਾਰ ਉਹ ਖੇਡ ਮੈਦਾਨ ਵਿੱਚ ਚੱਲ ਨਹੀਂ ਸੀ ਰਿਹਾ ਤਾਂ ਉਸ ਨੂੰ ਤਿਲ ਤੇ ਗੁੜ ਮੰਗਵਾ ਕੇ ਦਿੱਤੇ ਗਏ, ਉਸ ਮਗਰੋਂ ਉਹ ਚੰਗਾ ਭਲਾ ਸੀ । ਓਹਦੇ ਵਹਿਮ ਦੀ ਇਕ ਹੋਰ ਗੱਲ ਇਹ ਵੀ ਮਸ਼ਹੂਰ ਸੀ ਕਿ ਉਹ ਚਾਰ ਨੰਬਰ ਦੀ ਜਰਸੀ ਪਾ ਕੇ ਕਦੇ ਨਹੀਂ ਸੀ ਖੇਡਦਾ । ਉਹ ਇਸ ਨੂੰ ਨੈਸ਼ ਮੰਨਦਾ ਸੀ ।
1976 ਦੀਆਂ ਉਲੰਪਿਕ ਖੇਡਾਂ ਲਈ ਉਹ ਫਿਰ ਚੁਣਿਆ ਗਿਆ । ਉਨੀਂ ਦਿਨੀਂ ਹੀ ਉਸ ਦੀ ਮੁਹੱਬਤ ਹਾਕੀ ਖਿਡਾਰਨ ਚੰਚਲ ਕੋਹਲੀ ਨਾਲ ਹੋਈ ਅਤੇ ਦੋਵੇਂ ਵਿਆਹ ਬੰਧਨ ਵਿੱਚ ਵੱਜ ਗਏ । ਅਜੀਤਪਾਲ ਸਿੰਘ ਨਾਲ ਉਸ ਦਾ ਭਰਾਵਾਂ ਵਾਲਾ ਰਿਸ਼ਤਾ ਸੀ । ਦੋਹਾਂ ਦੀ ਆਪਸੀ ਸੁਰ ਦਾ ਹੀ ਪ੍ਰਤਾਪ ਸੀ ਕਿ ਸਾਟ ਕਾਰਨਰ ਲਾਉਣ ਵਾਲੇ ਅਜੀਤਪਾਲ ਹੱਥ ਨਾਲ ਬਾਲ ਰੋਕਦਾ ਤਾਂ ਸੁਰਜੀਤ ਪੈਂਤੜਾ ਲੈ ਕੇ ਹਾਕੀ ਠੋਕ ਦਿੰਦਾ । ਸੁਰਜੀਤ ਤਹਿਰਾਨ ਦੀਆਂ ਏਸ਼ੀਆ ਖੇਡਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ । ਸ਼੍ਰੀਲੰਕਾ ਵਿਰੁੱਧ ਤਿੰਨ ਗੋਲ ਇਕੱਠੇ ਕਰਕੇ ਉਸ ਨੇ ਵਿਸ਼ਵ ਦੀਆਂ ਅਖਬਾਰਾਂ ਦਾ ਪਹਿਲਾ ਸਫਾ ਮੱਲਿਆ । ਨਿਊਜ਼ੀਲੈਂਡ ਦੇ ਇੱਕ ਦੌਰੇ ਦੌਰਾਨ ਉਸ ਨੇ 17 ਗੋਲ ਕੀਤੇ ।
ਮੇਰਾ ਸੁਭਾਗ ਹੈ ਕਿ ਲੁਧਿਆਣਾ ਵਿੱਚ ਰਹਿਣ ਕਰਕੇ ਮੈਂ ਸ: ਪ੍ਰਿਥੀਪਾਲ ਸਿੰਘ ਅਤੇ ਸੁਰਜੀਤ ਸਿੰਘ ਰੰਧਾਵਾ ਦੀਆਂ ਵੱਖ–ਵੱਖ ਸਮੇਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਨੇੜਿਉਂ ਜਾਣਿਆ ਤੇ ਮਾਣਿਆ ਹੈ । 1982 ਦੀਆਂ ਨਵੀਂ ਦਿੱਲੀ ਵਿਖੇ ਹੋਈਆਂ ਏਸ਼ੀਆਈ ਖੇਡਾਂ ਮੌਕੇ ਪਿ੍ਥੀਪਾਲ ਸਿੰਘ ਵੀ ਭਾਰਤੀ ਉਲੰਪਿਕ ਸੰਘ ਨਾਲ ਗੁੱਸੇ ਰਾਜੀ ਸੀ ਅਤੇ ਸੁਰਜੀਤ ਵੀ । ਪਿ੍ਥੀਪਾਲ ਨੂੰ ਉਸ ਦਾ ਸਮਕਾਲੀ ਪਾਕਿਸਤਾਨੀ ਖਿਡਾਰੀ ਗੁਲਾਮ ਰਸੂਲ ਨਵੀਂ ਦਿੱਲੀ ਵਿੱਚ ਉਡੀਕਦਾ ਰਿਹਾ ਪਰ ਪਿ੍ਥੀਪਾਲ ਉਥੇ ਨਹੀਂ ਗਿਆ । ਪਾਕਿਸਤਾਨ ਪਰਤਦਿਆਂ ਗੁਲਾਮ ਰਸੂਲ ਪਿ੍ਥੀਪਾਲ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਮਿਲ ਕੇ ਗਿਆ । ਸੁਰਜੀਤ ਨੂੰ ਵੀ ਉਸ ਦੇ ਖਿਡਾਰੀ ਸਾਥੀ ਮਿਲ ਕੇ ਹੀ ਵਾਹਗਾ ਟੱਪੇ । ਮੈਨੂੰ ਸੁਰਜੀਤ ਅਤੇ ਪ੍ਰਿਥੀਪਾਲ ਵਿਚਕਾਰ ਸਾਂਝੀ ਤੰਦ ਉਹ ਭਾਵਕੁਤਾ ਅਤੇ ਜਜ਼ਬਾਤ ਦਿਸਦੇ ਹਨ ਜਿਨ੍ਹਾਂ ਕਾਰਨ ਉਹ ਸਮੇਂ ਦੀ ਮੁੱਖ ਧਾਰਾ ਦੇ ਨਾਲ ਤੁਰਨ ਤੋਂ ਅਸਮਰੱਥ ਰਹੇ । ਉਹ ਕਿਸੇ ਦੀ ਟੈਂਅ ਨਹੀਂ ਸਨ ਮੰਨਦੇ । ਬਿਲਕੁਲ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੇ ਨਾਇਕ ਵਾਂਗ । ਬਿਊਨਿਸ ਏਅਰਜ ਵਰਲਡ ਕੱਪ ਦੀ ਤਿਆਰੀ ਵੇਲੇ ਉਹ ਬਲਦੇਵ ਅਤੇ ਵਰਿੰਦਰ ਸਮੇਤ ਐਨ ਆਈ ਐਸ ਪਟਿਆਲਾ ਵਿੱਚ ਲੱਗਿਆ ਕੈਂਪ ਛੱਡ ਕੇ ਘਰੋਂ ਘਰੀ ਆ ਗਏ । ਪੂਰੇ ਵਿਸ਼ਵ ਵਿੱਚ ਤਹਿਲਕਾ ਮਚ ਗਿਆ । ਖਿਡਾਰੀ ਪ੍ਰੇਸ਼ਾਨ ਸਨ ਕਿ ਭਾਰਤ ਹੁਣ ਕੀ ਕਰੇਗਾ? ਹਾਕੀ ਟੀਮ ਦੇ ਇਕ ਚੋਣਕਾਰ ਨੇ ਪੰਜਾਬ ਦੇ ਖਿਲਾਫ ਕੋਈ ਬੇਹੂਦਾ ਗੱਲ ਆਖੀ ਸੀ ਜੋ ਸੁਰਜੀਤ ਨੂੰ ਨਾ ਖੁਸ਼ਗਵਾਰ ਗੁਜ਼ਰੀ । ਉਸ ਨੇ ਰੋਸ ਵਜੋਂ ਉਹ ਸਾਰਾ ਕੁਝ ਕਹਿ ਸੁਣਾਇਆ ਜੋ ਅਣਖੀਲੇ ਪੰਜਾਬੀ ਵੱਲੋਂ ਕਹਿਣਾ ਬਣਦਾ ਸੀ । ਮਸਲੇ ਨੂੰ ਸੁਲਝਾਉਣ ਵਾਲਿਆਂ ਨੇ ਵਰਿੰਦਰ ਅਤੇ ਬਲਦੇਵ ਨੂੰ ਟੀਮ ਵਿੱਚ ਵਾਪਸ ਲੈ ਲਿਆ ਪਰ ਸੁਰਜੀਤ ਨੂੰ ਨਾ ਬੁਲਾਇਆ । ਟੀਮ ਬੁਰੀ ਤਰ੍ਹਾਂ ਹਾਰੀ । ਇਸ ਨਮੋਸ਼ੀ ਭਰਪੂਰ ਹਾਰ ਦੀ ਰੇਡੀਓ ਕੁਮੈਂਟਰੀ ਸੁਰਜੀਤ ਦੇ ਕੋਲ ਬੈਠ ਕੇ ਸੁਣਨ ਦਾ ਮੈਨੂੰ ਵੀ ਮੌਕਾ ਮਿਲਿਆ । ਰੇਡੀਓ ਕੁਮੈਂਟੇਟਰ ਜਸਦੇਵ ਸਿੰਘ ਵਾਰ–ਵਾਰ ਸੁਰਜੀਤ ਨੂੰ ਚੇਤੇ ਕਰ ਰਿਹਾ ਸੀ ਪਰ ਲੁਧਿਆਣੇ ਬੈਠਾ ਸੁਰਜੀਤ ਸਿਰਫ ਕਚੀਚੀਆਂ ਵੱਟ ਰਿਹਾ ਸੀ ।
1978 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਵਿੱਚ ਸੁਰਜੀਤ ਦੀ ਭਾਰਤੀ ਹਾਕੀ ਟੀਮ ਵਿੱਚ ਮੁੜ ਵਾਪਸੀ ਹੋਈ । ਉਹ ਫਾਈਨਲ ਮੈਚ ਵਿੱਚ ਪਾਕਿਸਤਾਨ ਦੇ ਖਿਲਾਫ ਖੇਡਿਆ । ਰੇਡੀਓ ਵਾਲੇ ਦੱਸ ਰਹੇ ਸਨ ਕਿ ਇਸ ਮੈਚ ਵਿੱਚ ਇਕ ਪਾਸੇ ਪੂਰੀ ਪਾਕਿਸਤਾਨੀ ਟੀਮ ਹੈ ਅਤੇ ਦੂਜੇ ਪਾਸੇ ਇਕੱਲਾ ਸੁਰਜੀਤ ਖੇਡ ਰਿਹਾ ਹੈ । ਇਕੱਲਾ ਹੀ ਪਾਕਿਸਤਾਨੀ ਟੀਮ ਨੂੰ ਡੱਕੀ ਖੜ੍ਹਾ ਸੀ ਮਾਝੇ ਦਾ ਜਰਨੈਲ । ਬੈਂਕਾਕ ਖੇਡਣ ਤੋਂ ਬਾਅਦ ਉਹ ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਇਕ ਅੰਤਰ ਰਾਸ਼ਟਰੀ ਟੂਰਨਾਮੈਂਟ ਖੇਡਣ ਗਿਆ । ਚੰਗੀ ਖੇਡ ਵਿਖਾਉਣ ਕਾਰਨ ਉਸ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਥਾਪਿਆ ਗਿਆ । ਉਸ ਦੀ ਕਪਤਾਨੀ ਵਿੱਚ ਭਾਰਤੀ ਹਾਕੀ ਟੀਮ ਨੇ ਰੂਸ ਵਿਰੁੱਧ ਤਿੰਨ ਨੁਮਾਇਸ਼ੀ ਮੈਚ ਖੇਡੇ ਜਿਨ੍ਹਾਂ ਵਿਚੋਂ ਦੋ ਭਾਰਤ ਨੇ ਜਿੱਤੇ । ਇਨ੍ਹਾਂ ਵਿਚੋਂ ਹੀ ਇਕ ਮੈਚ ਲੁਧਿਆਣੇ ਹੋਇਆ ਸੀ । ਉਸ ਦੀ ਅਗਵਾਈ ਹੇਠ ਹੀ ਭਾਰਤੀ ਹਾਕੀ ਟੀਮ ਮਾਸਕੋ ਗਈ ਜਿਥੇ ਪ੍ਰੀ ਉਲੰਪਿਕਸ ਟੂਰਨਾਮੈਂਟ ਹੋਇਆ ਜਿਸ ਵਿੱਚ ਭਾਰਤ ਨੂੰ ਦੂਜਾ ਸਥਾਨ ਮਿਲਿਆ । 1980 ਵਿੱਚ ਉਸ ਨੂੰ ਫਿਰ ਚੈਪੀਅਨਜ਼ ਟਰਾਫੀ ਖੇਡਣ ਲਈ ਪਾਕਿਸਤਾਨ ਜਾਣ ਵਾਲੀ ਟੀਮ ਦਾ ਕਪਤਾਨ ਬਣਾਇਆ ਗਿਆ । ਅੰਤਰ ਰਾਸ਼ਟਰੀ ਖੇਡ ਮੈਦਾਨ ਵਿੱਚ ਸੁਰਜੀਤ ਨੇ ਲਗਪਗ ਡੇਢ ਦਹਾਕਾ ਆਪਣੀ ਸਰਦਾਰੀ ਕਾਇਮ ਰੱਖੀ । ਪਤਲੀਆਂ ਮੁੱਛਾਂ ਨੂੰ ਹਮੇਸ਼ਾਂ ਸਿਰੇ ਤੋਂ ਖੜੀਆਂ ਰੱਖਿਆ । ਸੁਰਜੀਤ ਦੀ ਬੇਟੀ ਚੈਰੀ ਦਾ ਜਨਮ ਲੁਧਿਆਣੇ ਹੋਇਆ । ਹਾਕੀ ਉਲੰਪੀਅਨ ਸੁਖਬੀਰ ਗਰੇਵਾਲ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਰਣਜੋਧ ਕੌਰ ਤਾਂ ਸੁਰਜੀਤ ਨੂੰ ਆਪਣਾ ਤੀਜਾ ਪੁੱਤਰ ਗਿਣਦੇ ਸਨ । ਉਸੇ ਰਿਸ਼ਤੇ ਨੂੰ ਸੁਰਜੀਤ ਨੇ ਆਖਰੀ ਸਾਹਾਂ ਤੀਕ ਨਿਭਾਇਆ । ਸੁਰਜੀਤ ਦੇ ਘਰ ਪੁੱਤਰ ਹੌਬੀ ਜੰਮਿਆ ਤਾਂ ਅਸੀਂ ਦੋਵੇਂ ਜੀਅ ਉਸ ਨੂੰ ਵੇਖਣ ਜਲੰਧਰ ਗਏ । ਸੁਰਜੀਤ ਦੇ ਘਰ ਸੁਰਜੀਤ ਹੀ ਜੰਮਿਆ ਜਾਪਦਾ ਸੀ । ਉਹੀ ਅੱਖ, ਉਹੀ ਨਕਸ਼, ਉਹੀ ਮੁਹਾਂਦਰਾ । ਸਾਡੇ ਕਿਲ੍ਹਾ ਰਾਏਪੁਰ ਪਰਿਵਾਰ ਦੀ ਹਰ ਖੁਸ਼ੀ ਗਮੀ ਵਿੱਚ ਸੁਰਜੀਤ ਸ਼ਾਮਿਲ ਸੀ । ਵੱਡੇ ਤੋਂ ਵੱਡੇ ਫੈਸਲਿਆਂ ਵਿੱਚ ਵੀ ।
1984 ਦੀ ਉਹ ਮਨਹੂਸ ਸਵੇਰ ਹੁਣ ਵੀ ਮੇਰੀ ਰੀੜ ਦੀ ਹੱਡੀ ਵਿੱਚ ਕਾਂਬਾ ਛੇੜ ਜਾਂਦੀ ਹੈ ਜਦ ਦੂਰਦਰਸ਼ਨ ਦੇ ਚੀਫ ਨਿਊਜ਼ ਐਡੀਟਰ ਜਗਦੀਸ਼ ਚੰਦਰ ਵੈਦਿਆ ਨੇ ਇਹ ਮੰਦੀ ਖਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆ ਕੇ ਸਾਨੂੰ ਸੁਣਾਈ ਕਿ ਅੱਜ ਸਵੇਰੇ ਸੁਰਜੀਤ ਨਹੀਂ ਰਿਹਾ । ਉਸ ਦਾ ਸਾਥੋਂ ਏਨੀ ਜਲਦੀ ਵਿਛੜ ਜਾਣਾ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ । ਸੁਰਜੀਤ ਨੂੰ ਚੇਤੇ ਕਰਦਿਆਂ ਮੇਰੀ ਅੱਖ ਵਿੱਚ ਅੱਥਰੂ ਵੀ ਹਨ ਅਤੇ ਉਹ ਹਓਕਾ ਵੀ ਜਿਸ ਨੂੰ ਹੁਣ ਮੈਂ ਇਕੱਲਾ ਹੀ ਮਹਿਸੂਸ ਕਰ ਸਕਦਾ ਹਾਂ ਕਿਉਂਕਿ ਮੇਰੇ ਨਾਲ ਦਰਦਾਂ ਦੀ ਭਾਈਵਾਲ ਮੇਰੀ ਜੀਵਨ ਸਾਥਣ ਨਿਰਪਜੀਤ ਵੀ 1993 ਵਿੱਚ ਮੈਨੂੰ ਸਦੀਵੀ ਅਲਵਿਦਾ ਆਖ ਚੁੱਕੀ ਹੈ । ਸੁਰਜੀਤ ਦੇ ਵਿਆਹ ਮੌਕੇ ਗਾਈਆਂ ਘੋੜੀਆਂ ਅਤੇ ਉਸ ਦੀ ਘੋੜੀ ਦੀ ਗੁੰਦੀ ਵਾਗ ਵਾਲੀਆਂ ਤਸਵੀਰਾਂ ਮੈਨੂੰ ਅੱਜ ਵੀ ਉਦਾਸ ਕਰਦੀਆਂ ਹਨ । ਸੁਰਜੀਤ ਨਹੀਂ ਰਿਹਾ ਪਰ ਯਾਦਾਂ ਸਹੀ ਸਲਾਮਤ ਹਨ ।