ਦਿਲ ਫ਼ਿਕਰ ਨੇ ਘੇਰਿਆ ਬੰਦ ਹੋਇਆ, ਰਾਂਝਾ ਜੀਊ ਗ਼ੋਤੇ ਲਖ ਖਾਇ ਬੈਠਾ ।
ਸੱਥੋਂ ਹੂੰਝ ਧੂੰਆਂ ਸਿਰ ਚਾ ਟੁਰਿਆ, ਕਾਲੇ ਬਾਗ਼ ਵਿਚ ਢੇਰ ਮਚਾਇ ਬੈਠਾ ।
ਅਖੀਂ ਮੀਟ ਕੇ ਰਬ ਧਿਆਨ ਧਰ ਕੇ, ਚਾਰੋਂ ਤਰਫ਼ ਹੈ ਧੂੰਨੜਾ ਲਾਇ ਬੈਠਾ ।
ਵਟ ਮਾਰ ਕੇ ਚਾਰੋਂ ਹੀ ਤਰਫ਼ ਉੱਚੀ, ਉੱਥੇ ਵਲਗਣਾਂ ਖ਼ੂਬ ਬਣਾਇ ਬੈਠਾ ।
ਅਸਾਂ ਕੱਚ ਕੀਤਾ ਰੱਬ ਸਚ ਕਰਸੀ, ਇਹ ਆਖ ਕੇ ਵੈਲ ਜਗਾਇ ਬੈਠਾ ।
ਭੜਕੀ ਅੱਗ ਜਾਂ ਤਾਉਣੀ ਤਾਉ ਕੀਤਾ, ਇਸ਼ਕ ਮੁਸ਼ਕ ਵਿਸਾਰ ਕੇ ਜਾਇ ਬੈਠਾ ।
ਵਿੱਚ ਸੰਘਣੀ ਛਾਉਂ ਦੇ ਘਤ ਭੂਰਾ, ਵਾਂਗ ਅਹਿਦੀਆਂ ਢਾਸਣਾ ਲਾਇ ਬੈਠਾ ।
ਵਾਰਿਸ ਸ਼ਾਹ ਉਸ ਵਕਤ ਨੂੰ ਝੂਰਦਾ ਈ, ਜਿਸ ਵੇਲੜੇ ਅੱਖੀਆਂ ਲਾਇ ਬੈਠਾ ।
ਮੀਟ ਅੱਖੀਆਂ ਰੱਖੀਆਂ ਬੰਦਗੀ ਤੇ, ਘੱਤੇ ਜੱਲੀਆਂ ਚਿੱਲੇ ਵਿੱਚ ਹੋਇ ਰਹਿਆ ।
ਕਰੇ ਆਜਜ਼ੀ ਵਿੱਚ ਮੁਰਾਕਬੇ ਦੇ, ਦਿਨੇ ਰਾਤ ਖ਼ੁਦਾਇ ਥੇ ਰੋਇ ਰਹਿਆ ।
ਵਿੱਚ ਯਾਦ ਖ਼ੁਦਾਇ ਦੀ ਮਹਿਵ ਰਹਿੰਦਾ, ਕਦੀ ਬੈਠ ਰਹਿਆ ਕਦੀ ਸੋਇ ਰਹਿਆ ।
ਵਾਰਿਸ ਸ਼ਾਹ ਨਾ ਫ਼ਿਕਰ ਕਰ ਮੁਸ਼ਕਲਾਂ ਦਾ, ਜੋ ਕੁਛ ਹੋਵਣਾ ਸੀ ਸੋਈ ਹੋਇ ਰਹਿਆ ।
ਨਿਉਲੀ ਕਰਮ ਕਰਦਾ ਕਦੀ ਅਰਧ ਤਪ ਵਿੱਚ, ਕਦੀ ਹੋਮ ਸਰੀਰ ਜੋ ਲਾਇ ਰਹਿਆ ।
ਕਦੀ ਨਖੀ ਤਪ ਸ਼ਾਮ ਤਪ ਪੌਣ ਭਖੀ, ਸਦਾ-ਬਰਤ ਨੇਮੀ ਚਿੱਤ ਲਾਇ ਰਹਿਆ ।
ਕਦੀ ਉਰਧ ਤਪ ਸਾਸ ਤਪ ਗਰਾਸ ਤਪ ਨੂੰ, ਕਦੀ ਜੋਗ ਜਤੀ ਚਿਤ ਲਾਇ ਰਹਿਆ ।
ਕਦੀ ਮਸਤ ਮਕਜ਼ੂਬ ਲਟ ਹੋ ਸੁਥਰਾ, ਅਲਫ ਸਿਆਹ ਮੱਥੇ ਉੱਤੇ ਲਾਇ ਰਹਿਆ ।
ਆਵਾਜ਼ ਆਇਆ ਬੱਚਾ ਰਾਂਝਣਾ ਵੋ, ਤੇਰਾ ਸੁਬ੍ਹਾ ਮੁਕਾਬਲਾ ਆਇ ਰਹਿਆ ।
ਰੋਜ਼ ਜੁੰਮੇ ਦੇ ਤ੍ਰਿੰਞਣਾਂ ਧੂੜ ਘੱਤੀ, ਤੁਰ ਨਿਕਲੇ ਕਟਕ ਅਰਬੇਲੀਆਂ ਦੇ ।
ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀਂ, ਫਿਰਨ ਘੋੜੇ ਤੇ ਰੱਬ ਮਹੇਲੀਆਂ ਦੇ ।
ਵਾਂਗ ਸ਼ਾਹ ਪਰੀਆਂ ਛਣਾਂ ਛਣ ਛਣਕਣ, ਵੱਡੇ ਤ੍ਰਿੰਞਣ ਨਾਲ ਸਹੇਲੀਆਂ ਦੇ ।
ਧਮਕਾਰ ਪੈ ਗਈ ਤੇ ਧਰਤ ਕੰਬੀ, ਛੁੱਟੇ ਪਾਸਨੇ ਗਰਬ ਗਹੇਲੀਆਂ ਦੇ ।
ਵੇਖ ਜੋਗੀ ਦਾ ਥਾਂਉਂ ਵਿੱਚ ਆ ਵੜੀਆਂ, ਮਹਿਕਾਰ ਪੈ ਗਏ ਚੰਬੇਲੀਆਂ ਦੇ ।
ਵਾਰਿਸ ਸ਼ਾਹ ਉਸ਼ਨਾਕ ਜਿਉਂ ਢੂੰਡ ਲੈਂਦੇ, ਇਤਰ ਵਾਸਤੇ ਹੱਟ ਫੁਲੇਲੀਆਂ ਦੇ ।
ਧੂੰਆਂ ਫੋਲ ਕੇ ਰੋਲ ਕੇ ਸੱਟ ਖੱਪਰ, ਤੋੜ ਸੇਲ੍ਹੀਆਂ ਭੰਗ ਖਿਲਾਰੀਆਂ ਨੇ ।
ਡੰਡਾ ਕੂੰਡਾ ਭੰਗ ਅਫੀਮ ਕੋਹੀ, ਫੋਲ ਫਾਲ ਕੇ ਪੱਟੀਆਂ ਡਾਰੀਆਂ ਨੇ ।
ਧੂੰਆਂ ਸਵਾਹ ਖਿਲਾਰ ਕੇ ਭੰਨ ਹੁੱਕਾ, ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ ।
ਸਾਫ਼ਾ ਸੰਗਲੀ ਚਿਮਟਾ ਭੰਗ ਕੱਕੜ, ਨਾਦ ਸਿਮਰਨਾ ਧੂਪ ਖਿਲਾਰੀਆਂ ਨੇ ।
ਜੇਹਾ ਹੂੰਝ ਬੁਹਾਰ ਤੇ ਫੋਲ ਕੂੜਾ, ਬਾਹਰ ਸੁੱਟਿਆ ਕੱਢ ਪਸਾਰੀਆਂ ਨੇ ।
ਕਰਨ ਹਲੂ ਹਲੂ ਤੇ ਮਾਰ ਹੇਕਾਂ, ਦੇਣ ਧੀਰੀਆਂ ਤੇ ਖਿੱਲੀ ਮਾਰੀਆਂ ਨੇ ।
ਵਾਰਿਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ, ਤਿਵੇਂ ਜੋਗੀ ਨੂੰ ਲੁੱਟ ਉਜਾੜੀਆਂ ਨੇ ।
ਕਿਲੇਦਾਰ ਨੂੰ ਮੋਰਚੇ ਤੰਗ ਢੁੱਕੇ, ਸ਼ਬਖੂਨ ਤੇ ਤਿਆਰ ਹੋ ਸੱਜਿਆ ਈ ।
ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ, ਉਠ ਬੋਤੀਆਂ ਦੇ ਮਨ੍ਹੇ ਗੱਜਿਆ ਈ ।
ਸਭਾ ਨੱਸ ਗਈਆਂ ਇੱਕਾ ਰਹੀ ਪਿੱਛੇ, ਆਇ ਸੋਇਨ ਚਿੜੀ ਉਤੇ ਵੱਜਿਆ ਈ ।
ਹਾਇ ਹਾਇ ਮਾ-ਮੁੰਡੀਏ ਜਾਹ ਨਾਹੀਂ, ਪਰੀ ਵੇਖ ਅਵਧੂਤ ਨਾ ਲੱਜਿਆ ਈ ।
ਨੰਗੀ ਹੋ ਨੱਠੀ ਸੱਟ ਸਤਰ ਜ਼ੇਵਰ, ਸੱਭਾ ਜਾਨ ਭਿਆਣੀਆਂ ਤੱਜਿਆ ਈ ।
ਮਲਕੁਲਮੌਤ ਅਜ਼ਾਬ ਦੇ ਕਰੇ ਨੰਗੀ, ਪਰਦਾ ਕਿਸੇ ਦਾ ਕਦੀ ਨਾ ਕੱਜਿਆ ਈ ।
ਉਤੋਂ ਨਾਦ ਵਜਾਇਕੇ ਕਰੇ ਨਾਹਰਾ, ਅਖੀਂ ਲਾਲ ਕਰਕੇ ਮੂੰਹ ਟੱਡਿਆ ਈ ।
ਵਾਰਿਸ ਸ਼ਾਹ ਹਿਸਾਬ ਨੂੰ ਪਰੀ ਪਕੜੀ, ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ ।
ਕੁੜੀ ਆਖਿਆ ਮਾਰ ਨਾ ਫਾਹੁੜੀ ਵੇ, ਮਰ ਜਾਊਂਗੀ ਮਸਤ ਦੀਵਾਨਿਆਂ ਵੇ ।
ਲੱਗੇ ਫਾਹੁੜੀ ਬਾਹੁੜੀ ਮਰਾਂ ਜਾਨੋਂ, ਰੱਖ ਲਈ ਤੂੰ ਮੀਆਂ ਮਸਤਾਨਿਆਂ ਵੇ ।
ਇਜ਼ਰਾਈਲ ਜਮ ਆਣ ਕੇ ਬਹੇ ਬੂਹੇ, ਨਹੀਂ ਛੁਟੀਂਦਾ ਨਾਲ ਬਹਾਨਿਆਂ ਵੇ ।
ਤੇਰੀ ਡੀਲ ਹੈ ਦੇਉ ਦੀ ਅਸੀਂ ਪਰੀਆਂ, ਇੱਕਸ ਲਤ ਲੱਗੇ ਮਰ ਜਾਨੀਆਂ ਵੇ ।
ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ, ਤੇਰਾ ਲੈ ਸੁਨੇਹੜਾ ਜਾਨੀਆਂ ਵੇ ।
ਮੇਰੀ ਤਾਈ ਹੈ ਜਿਹੜੀ ਤੁੱਧ ਬੇਲਣ, ਅਸੀਂ ਹਾਲ ਥੀਂ ਨਹੀਂ ਬੇਗਾਨੀਆਂ ਵੇ ।
ਤੇਰੇ ਵਾਸਤੇ ਓਸਦੀ ਕਰਾਂ ਮਿੰਨਤ, ਜਾਇ ਹੀਰ ਅੱਗੇ ਟਟਿਆਨੀਆਂ ਵੇ ।
ਵਾਰਿਸ ਆਖ ਕੀਕੂੰ ਆਖਾਂ ਜਾਇ ਉਸ ਨੂੰ, ਅਵੇ ਇਸ਼ਕ ਦੇ ਕੰਮ ਦਿਆ ਬਾਨੀਆਂ ਵੇ ।
ਜਾਇ ਹੀਰ ਨੂੰ ਆਖਣਾ ਭਲਾ ਕੀਤੋ, ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋ ।
ਝੰਡਾ ਸਿਆਹ ਸਫ਼ੈਦ ਸੀ ਇਸ਼ਕ ਵਾਲਾ, ਉਹ ਘੱਤ ਮਜੀਠ ਗ਼ਮ ਲਾਲ ਕੀਤੋ ।
ਦਾਨਾ ਬੇਗ ਦੇ ਮਗਰ ਜਿਉਂ ਪਏ ਗ਼ਿਲਜ਼ੀ ਡੇਰਾ, ਲੁੱਟ ਕੇ ਚਾਇ ਕੰਗਾਲ ਕੀਤੋ ।
ਤਿਲਾ ਕੁੰਦ ਨੂੰ ਅੱਗ ਦਾ ਤਾਉ ਦੇ ਕੇ, ਚਾਇ ਅੰਦਰੋਂ ਬਾਹਰੋਂ ਲਾਲ ਕੀਤੋ ।
ਅਹਿਮਦ ਸ਼ਾਹ ਵਾਂਗੂੰ ਮੇਰੇ ਵੈਰ ਪੈ ਕੇ, ਪੱਟ ਪੱਟ ਕੇ ਚੱਕ ਦਾ ਤਾਲ ਕੀਤੋ ।
ਚਿਹਰੀਂ ਸ਼ਾਦ ਬਹਾਲੀਆਂ ਖੇੜਿਆਂ ਨੂੰ, ਬਰਤਰਫ਼ੀਆਂ ਤੇ ਮਹੀਂਵਾਲ ਕੀਤੋ ।
ਫ਼ਤਿਹਾਬਾਦ ਚਾਇ ਦਿਤੀਆ ਖੇੜਿਆਂ ਨੂੰ, ਭਾਰਾ ਰਾਂਝਣੇ ਦੇ ਵੈਰੋਵਾਲ ਕੀਤੋ ।
ਛੱਡ ਨੱਠੀ ਏ ਸਿਆਲ ਤੇ ਮਹੀਂ ਮਾਹੀ, ਵਿੱਚ ਖੇੜਿਆਂ ਦੇ ਆਇ ਜਾਲ ਕੀਤੋ ।
ਜਾਂ ਮੈਂ ਗਿਆ ਵਿਹੜੇ ਸਹਿਤੀ ਨਾਲ ਰਲ ਕੇ, ਫੜੇ ਚੋਰ ਵਾਂਗੂੰ ਮੇਰਾ ਹਾਲ ਕੀਤੋ ।
ਨਾਦਰ ਸ਼ਾਹ ਥੋਂ ਹਿੰਦ ਪੰਜਾਬ ਥਰਕੇ, ਮੇਰੇ ਬਾਬ ਦਾ ਤੁਧ ਭੁੰਚਾਲ ਕੀਤੋ ।
ਭਲੇ ਚੌਧਰੀ ਦਾ ਪੁਤ ਚਾਕ ਹੋਇਆ, ਚਾਇ ਜਗ ਉੱਤੇ ਮਹੀਂਵਾਲ ਕੀਤੋ ।
ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ, ਜੇਹਾ ਜ਼ਾਲਮੇ ਤੈਂ ਮੇਰੇ ਨਾਲ ਕੀਤੋ ।
ਦਿੱਤੇ ਆਪਣਾ ਸ਼ੌਕ ਤੇ ਸੋਜ਼ ਮਸਤੀ, ਵਾਰਿਸ ਸ਼ਾਹ ਫ਼ਕੀਰ ਨਿਹਾਲ ਕੀਤੋ ।
ਕੁੜੀ ਆਪਣਾ ਆਪ ਛੁੜਾ ਨੱਠੀ, ਤੀਰ ਗ਼ਜ਼ਬ ਦਾ ਜੀਊ ਵਿੱਚ ਕੱਸਿਆ ਈ ।
ਸਹਿਜੇ ਆ ਕੇ ਹੀਰ ਦੇ ਕੋਲ ਬਹਿ ਕੇ, ਹਾਲ ਓਸ ਨੂੰ ਖੋਲ੍ਹ ਕੇ ਦੱਸਿਆ ਈ ।
ਛਡ ਨੰਗ ਨਾਮੂਸ ਫ਼ਕੀਰ ਹੋਇਆ, ਰਹੇ ਰੋਂਦੜਾ ਕਦੀ ਨਾ ਹੱਸਿਆ ਈ ।
ਏਸ ਹੁਸਨ ਕਮਾਨ ਨੂੰ ਹੱਥ ਫੜਕੇ, ਆ ਕਹਿਰ ਦਾ ਤੀਰ ਕਿਉਂ ਕੱਸਿਆ ਈ ।
ਘਰੋਂ ਮਾਰ ਕੇ ਮੁਹਲਿਆਂ ਕਢਿਆ ਈ, ਜਾ ਕੇ ਕਾਲੜੇ ਬਾਗ਼ ਵਿੱਚ ਵੱਸਿਆ ਈ ।
ਵਾਰਿਸ ਸ਼ਾਹ ਦਿੰਹ ਰਾਤ ਦੇ ਮੀਂਹ ਵਾਂਗੂੰ, ਨੀਰ ਓਸ ਦੇ ਨੈਣਾਂ ਥੀਂ ਵੱਸਿਆ ਈ ।
ਕੁੜੀਏ ਵੇਖ ਰੰਝੇਟੜੇ ਕੱਚ ਕੀਤਾ, ਖੋਲ੍ਹ ਜੀਊ ਦਾ ਭੇਤ ਪਸਾਰਿਉ ਨੇ ।
ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ, ਉਸ ਨੂੰ ਤੁਰਤ ਸੂਲੀ ਉੱਤੇ ਚਾੜ੍ਹਿਉ ਨੇ ।
ਰਸਮ ਇਸ਼ਕ ਦੇ ਮੁਲਕ ਦੀ ਚੁਪ ਰਹਿਣਾ, ਮੂੰਹੋਂ ਬੋਲਿਆ ਸੂ ਉਹਨੂੰ ਮਾਰਿਉ ਨੇ ।
ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ, ਐਵੇਂ ਬੋਲਣੋਂ ਅਗਨ ਸੰਘਾਰਿਉ ਨੇ ।
ਯੂਸਫ਼ ਬੋਲ ਕੇ ਬਾਪ ਤੇ ਖ਼ਾਬ ਦੱਸੀ, ਉਸ ਨੂੰ ਖੂਹ ਦੇ ਵਿੱਚ ਉਤਾਰਿਉ ਨੇ ।
ਵਾਰਿਸ ਸ਼ਾਹ ਕਾਰੂੰ ਨੂੰ ਸਣੇ ਦੌਲਤ, ਹੇਠ ਜ਼ਿਮੀਂ ਦੇ ਚਾਇ ਨਿਘਾਰਿਉ ਨੇ ।
ਚਾਕ ਹੋਇ ਕੇ ਖੋਲੀਆਂ ਚਾਰਦਾ ਸੀ, ਜਦੋਂ ਉਸ ਦਾ ਜੀਊ ਤੂੰ ਖੱਸਿਆ ਸੀ ।
ਉਹਦੀ ਨਜ਼ਰ ਦੇ ਸਾਮ੍ਹਣੇ ਖੇਡਦੀ ਸੈਂ, ਮੁਲਕ ਓਸ ਦੇ ਬਾਬ ਦਾ ਵੱਸਿਆ ਸੀ ।
ਆ ਸਾਹੁਰੇ ਵਹੁਟੜੀ ਹੋਇ ਬੈਠੀ, ਤਦੋਂ ਜਾਇਕੇ ਜੋਗ ਵਿੱਚ ਧੱਸਿਆ ਸੀ ।
ਆਇਆ ਹੋ ਫ਼ਕੀਰ ਤਾਂ ਲੜੇ ਸਹਿਤੀ, ਗੜਾ ਕਹਿਰ ਦਾ ਓਸ ਤੇ ਵੱਸਿਆ ਸੀ ।
ਮਾਰ ਮੁਹਲਿਆਂ ਨਾਲ ਹੈਰਾਨ ਕੀਤੋ, ਤਦੋਂ ਕਾਲੜੇ ਬਾਗ਼ ਨੂੰ ਨੱਸਿਆ ਸੀ ।
ਪਿੱਛਾ ਦੇ ਨਾ ਮਾੜਿਆਂ ਜਾਣ ਕੇ ਨੀ, ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ ।
ਡੋਲੀ ਚੜ੍ਹੀ ਤਾਂ ਯਾਰ ਤੋਂ ਛੁੱਟ ਪਈਏਂ, ਤਦੋਂ ਮੁਲਕ ਸਾਰਾ ਤੈਨੂੰ ਹੱਸਿਆ ਸੀ ।
ਜਦੋਂ ਮਹੀਂ ਨੂੰ ਕੂਚ ਦਾ ਹੁਕਮ ਕੀਤਾ, ਤੰਗ ਤੋਬਰਾ ਨਫ਼ਰ ਨੇ ਕੱਸਿਆ ਸੀ ।
ਜਦੋਂ ਰੂਹ ਇਕਰਾਰ ਇਖ਼ਰਾਜ ਕੀਤਾ, ਤਦੋਂ ਜਾਇ ਕਲਬੂਤ ਵਿੱਚ ਧੱਸਿਆ ਸੀ ।
ਜਿਹੜੇ ਨਿਵੇਂ ਸੋ ਉਹ ਹਜ਼ੂਰ ਹੋਏ, ਵਾਰਿਸ ਸ਼ਾਹ ਨੂੰ ਪੀਰ ਨੇ ਦੱਸਿਆ ਸੀ ।
ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ, ਜੁਦਾ ਹੋਇ ਕੇ ਪਿੰਡ ਥੀਂ ਹਾਰ ਰਹਿਆ ।
ਨੈਣਾਂ ਤੇਰਿਆਂ ਜੱਟ ਨੂੰ ਕਤਲ ਕੀਤਾ, ਚਾਕ ਹੋਇਕੇ ਖੋਲ੍ਹੀਆਂ ਚਾਰ ਰਹਿਆ ।
ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ, ਰਾਂਝਾ ਹੋਇ ਕੇ ਟੱਕਰਾਂ ਮਾਰ ਰਹਿਆ ।
ਅੰਤ ਕੰਨ ਪੜਾ ਫ਼ਕੀਰ ਹੋਇਆ, ਘਤ ਮੁੰਦਰਾਂ ਵਿੱਚ ਉਜਾੜ ਰਹਿਆ ।
ਓਸ ਵਤਨ ਨਾ ਮਿਲੇ ਤੂੰ ਸਤਰਖ਼ਾਨੇ, ਥੱਕ ਹੁੱਟ ਕੇ ਅੰਤ ਨੂੰ ਹਾਰ ਰਹਿਆ ।
ਤੈਨੂੰ ਚਾਕ ਦੀ ਆਖਦਾ ਜਗ ਸਾਰਾ, ਇਵੇਂ ਓਸ ਨੂੰ ਮਿਹਣੇ ਮਾਰ ਰਹਿਆ ।
ਸ਼ਕਰ ਗੰਜ ਮਸਊਦ ਮੌਦੂਦ ਵਾਂਗੂੰ, ਉਹ ਨਫ਼ਸ ਤੇ ਹਿਰਸ ਨੂੰ ਮਾਰ ਰਹਿਆ ।
ਸੁਧਾ ਨਾਲ ਤਵੱਕਲੀ ਠੇਲ੍ਹ ਬੇੜਾ, ਵਾਰਿਸ ਵਿੱਚ ਡੁੱਬਾ ਇੱਕੇ ਪਾਰ ਰਹਿਆ ।
ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ, ਜਾ ਲਾ ਲੈ ਜ਼ੋਰ ਜੋ ਲਾਵਣਾ ਈ ।
ਅਸੀਂ ਹੁਸਨ ਤੇ ਹੋ ਮਗ਼ਰੂਰ ਬੈਠੇ, ਚਾਰ ਚਸ਼ਮ ਦਾ ਕਟਕ ਲੜਾਵਣਾ ਈ ।
ਲਖ ਜ਼ੋਰ ਤੂੰ ਲਾ ਜੋ ਲਾਵਣਾ ਈ, ਅਸਾਂ ਬੱਧਿਆਂ ਬਾਝ ਨਾ ਆਵਣਾ ਈ ।
ਸੁਰਮਾ ਅੱਖੀਆਂ ਦੇ ਵਿੱਚ ਪਾਵਣਾ ਈ, ਅਸਾਂ ਵੱਡਾ ਕਮੰਦ ਪਵਾਵਣਾ ਈ ।
ਰੁਖ਼ ਦੇ ਕੇ ਯਾਰ ਭਤਾਰ ਤਾਈਂ, ਸੈਦਾ ਰਾਂਝੇ ਦੇ ਨਾਲ ਲੜਾਵਣਾ ਈ ।
ਠੰਢਾ ਹੋਏ ਬੈਠਾ ਸੈਦਾ ਵਾਂਗ ਦਹਿਸਰ, ਸੋਹਣੀ ਲੰਕ ਨੂੰ ਓਸ ਲੁਟਾਵਣਾ ਈ ।
ਰਾਂਝੇ ਕੰਨ ਪੜਾਇਕੇ ਜੋਗ ਲੀਤਾ, ਅਸਾਂ ਇਸ਼ਕ ਦਾ ਜੋਗ ਲੈ ਲਾਵਣਾ ਈ ।
ਵਾਰਿਸ ਸ਼ਾਹ ਉਹ ਬਾਗ਼ ਵਿੱਚ ਜਾ ਬੈਠਾ, ਹਾਸਲ ਬਾਗ਼ ਦਾ ਅਸਾਂ ਲਿਆਵਣਾ ਈ ।
ਆਕੀ ਹੋਇਕੇ ਖੇੜਿਆਂ ਵਿੱਚ ਵੜੀ ਏਂ, ਇਸ਼ਕ ਹੁਸਨ ਦੀ ਵਾਰਿਸੇ ਜੱਟੀਏ ਨੀ ।
ਪਿੱਛਾ ਅੰਤ ਨੂੰ ਦੇਵਣਾ ਹੋਵੇ ਜਿਸ ਨੂੰ, ਝੁੱਗਾ ਓਸ ਦਾ ਕਾਸ ਨੂੰ ਪੱਟੀਏ ਨੀ ।
ਜਿਹੜਾ ਵੇਖ ਕੇ ਮੁੱਖ ਨਿਹਾਲ ਹੋਵੇ, ਕੀਚੈ ਕਤਲ ਨਾ ਹਾਲ ਪਲੱਟੀਏ ਨੀ ।
ਇਹ ਆਸ਼ਕੀ ਵੇਲ ਅੰਗੂਰ ਦੀ ਏ, ਮੁੱਢੋਂ ਏਸ ਨੂੰ ਪੁੱਟ ਨਾ ਸੱਟੀਏ ਨੀ ।
ਇਹ ਜੋਬਨਾ ਨਿੱਤ ਨਾ ਹੋਵਣਾ ਈ, ਛਾਉਂ ਬੱਦਲਾਂ ਜਦੀ ਜਾਣ ਜੱਟੀਏ ਨੀ ।
ਲੈ ਕੇ ਸੱਠ ਸਹੇਲੀਆਂ ਵਿੱਚ ਬੇਲੇ, ਨਿਤ ਢਾਂਵਦੀ ਸੈਂ ਉਹ ਨੂੰ ਢੱਟੀਏ ਨੀ ।
ਪਿੱਛਾ ਨਾਹਿ ਦੀਚੇ ਸੱਚੇ ਆਸ਼ਕਾਂ ਨੂੰ, ਜੋ ਕੁੱਝ ਜਾਨ ਤੇ ਬਣੇ ਸੋ ਕੱਟੀਏ ਨੀ ।
ਦਾਅਵਾ ਬੰਨ੍ਹੀਏ ਤਾਂ ਖੜਿਆਂ ਹੋ ਲੜੀਏ, ਤੀਰ ਮਾਰ ਕੇ ਆਪ ਨਾ ਛੱਪੀਏ ਨੀ ।
ਅੱਠੇ ਪਹਿਰ ਵਿਸਾਰੀਏ ਨਹੀਂ ਸਾਹਿਬ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ ।
ਜਿਨ੍ਹਾਂ ਕੰਤ ਭੁਲਾਇਆ ਛੁਟੜਾਂ ਨੇ, ਲਖ ਮੌਲੀਆਂ ਮਹਿੰਦੀਆਂ ਘੱਤੀਏ ਨੀ ।
ਉਠ ਝਬਦੇ ਜਾਇਕੇ ਹੋ ਹਾਜ਼ਿਰ, ਏਹੇ ਕੰਮ ਨੂੰ ਢਿੱਲ ਨਾ ਘੱਤੀਏ ਨੀ ।
ਮਿੱਠੀ ਚਾਟ ਹਲਾਇਕੇ ਤੋਤੜੇ ਨੂੰ, ਪਿੱਛੋਂ ਕੰਕਰੀ ਰੋੜ ਨਾ ਘੱਤੀਏ ਨੀ ।
ਜਿਵੇਂ ਮੁਰਸ਼ਦਾਂ ਪਾਸ ਜਾ ਢਹਿਣ ਤਾਲਬ, ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੇਰੇ ।
ਕਰੀਂ ਸਭ ਤਕਸੀਰ ਮੁਆਫ ਸਾਡੀ, ਪੈਰੀਂ ਪਵਾਂ ਮਨਾਏਂ ਜੇ ਨਾਲ ਮੇਰੇ ।
ਬਖ਼ਸ਼ੇ ਨਿਤ ਗੁਨਾਹ ਖੁਦਾਇ ਸੱਚਾ, ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ ।
ਵਾਰਿਸ ਸ਼ਾਹ ਮਨਾਵੜਾ ਅਸਾਂ ਆਂਦਾ, ਸਾਡੀ ਸੁਲਾਹ ਕਰਾਂਵਦਾ ਨਾਲ ਤੇਰੇ ।
ਅਸਾਂ ਕਿਸੇ ਦੇ ਨਾਲ ਕੁੱਝ ਨਹੀਂ ਮਤਲਬ, ਸਿਰੋਪਾ ਲਏ ਖ਼ੁਸ਼ੀ ਹਾਂ ਹੋਇ ਰਹੇ ।
ਲੋਕਾਂ ਮਿਹਣੇ ਮਾਰ ਬੇਪਤੀ ਕੀਤੀ, ਮਾਰੇ ਸ਼ਰਮ ਦੇ ਅੰਦਰੇ ਰੋਇ ਰਹੇ ।
ਗ਼ੁੱਸੇ ਨਾਲ ਇਹ ਵਾਲ ਪੈਕਾਨ ਵਾਂਗੂੰ, ਸਾਡੇ ਜੀਊ ਤੇ ਵਾਲ ਗਡੋਇ ਰਹੇ ।
ਨੀਲ ਮੱਟੀਆਂ ਵਿੱਚ ਡੁਬੋਇ ਰਹੇ, ਲੱਖ ਲੱਖ ਮੈਲੇ ਨਿਤ ਧੋਇ ਰਹੇ ।
ਵਾਰਿਸ ਸ਼ਾਹ ਨਾ ਸੰਗ ਨੂੰ ਰੰਗ ਆਵੇ, ਲਖ ਸੂਹੇ ਦੇ ਵਿੱਚ ਸਮੋਇ ਰਹੇ ।
ਹੀਰ ਆਣ ਜਨਾਬ ਵਿੱਚ ਅਰਜ਼ ਕੀਤਾ, ਨਿਆਜ਼ਮੰਦ ਹਾਂ ਬਖ਼ਸ਼ ਮੈਂ ਗ਼ੋਲੀਆਂ ਨੀ ।
ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ, ਜੋ ਕੁਝ ਲੜਦਿਆਂ ਤੁੱਧ ਨੂੰ ਬੋਲੀਆਂ ਨੀ ।
ਅੱਛੀ ਪੀੜ-ਵੰਡਾਵੜੀ ਭੈਣ ਮੇਰੀ, ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ ।
ਮੇਰਾ ਕੰਮ ਕਰ ਮੁੱਲ ਲੈ ਬਾਝ ਦੰਮਾਂ, ਦੂਣਾ ਬੋਲ ਲੈ ਜੋ ਕੁੱਝ ਬੋਲੀਆਂ ਨੀ ।
ਘਰ ਬਾਰ ਤੇ ਮਾਲ ਜ਼ਰ ਹੁਕਮ ਤੇਰਾ, ਸਭੇ ਤੇਰੀਆਂ ਢਾਂਡੀਆਂ ਖੋਲ੍ਹੀਆਂ ਨੀ ।
ਮੇਰਾ ਯਾਰ ਆਇਆ ਚਲ ਵੇਖ ਆਈਏ, ਪਈ ਮਾਰਦੀ ਸੈਂ ਨਿਤ ਬੋਲੀਆਂ ਨੀ ।
ਜਿਸ ਜ਼ਾਤ ਸਿਫ਼ਾਤ ਚੌਧਰਾਈ ਛੱਡੀ, ਮੇਰੇ ਵਾਸਤੇ ਚਾਰੀਆ ਖੋਲੀਆਂ ਨੀ ।
ਜਿਹੜਾ ਮੁਢ ਕਦੀਮ ਦਾ ਯਾਰ ਮੇਰਾ, ਜਿਸ ਚੂੰਡੀਆਂ ਕਵਾਰ ਦੀਆਂ ਖੋਲ੍ਹੀਆਂ ਨੀ ।
ਵਾਰਿਸ ਸ਼ਾਹ ਗੁਮਰ ਦੇ ਨਾਲ ਬੈਠਾ, ਨਾਹੀਂ ਬੋਲਦਾ ਮਾਰਦਾ ਬੋਲੀਆਂ ਨੀ ।
ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ, ਉਹਨੂੰ ਰਬ ਨਾ ਅਰਸ਼ ਤੇ ਚਾੜ੍ਹਨਾ ਏਂ ।
ਝੂਠ ਬੋਲਿਆਂ ਜਿਨ੍ਹਾਂ ਵਿਆਜ ਖਾਧੇ, ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ ।
ਅਸੀਂ ਜੀਊ ਦੀ ਮੇਲ ਚੁਕਾਇ ਬੈਠੇ, ਵਤ ਕਰਾਂ ਨਾ ਸੀਵਣਾ ਪਾੜਨਾ ਏਂ ।
ਸਾਨੂੰ ਮਾਰ ਲੈ ਭਈਅੜਾ-ਪਿੱਟੜੀ ਨੂੰ, ਚਾੜ੍ਹ ਸੀਖ ਉੱਤੇ ਜੇ ਤੂੰ ਚਾੜ੍ਹਨਾ ਏਂ ।
ਅੱਗੇ ਜੋਗੀ ਥੋਂ ਮਾਰ ਕਰਾਈਆ ਈ, ਹੁਣ ਹੋਰ ਕੀ ਪੜਤਣਾ ਪਾੜਨਾ ਏਂ ।
ਤੌਬਾ ਤੁਨ ਨਸੂਹਨ ਜੇ ਮੈਂ ਮੂੰਹੋਂ ਬੋਲਾਂ, ਨਕ ਵੱਢ ਕੇ ਗਧੇ ਤੇ ਚਾੜ੍ਹਨਾ ਏਂ ।
ਘਰ ਬਾਰ ਥੀਂ ਚਾਇ ਜਵਾਬ ਦਿੱਤਾ, ਹੋਰ ਆਖ ਕੀ ਸੱਚ ਨਿਤਾਰਨਾ ਏਂ ।
ਮੇਰੇ ਨਾਲ ਨਾ ਵਾਰਿਸਾ ਬੋਲ ਐਵੇਂ, ਮਤਾਂ ਹੋ ਜਾਈ ਕੋਈ ਕਾਰਨਾ ਏਂ ।
ਆ ਸਹਿਤੀਏ ਵਾਸਤਾ ਰੱਬ ਦਾ ਈ, ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ ।
ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ, ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ ।
ਕੰਮ ਬੰਦ ਹੋਵੇ ਪਰਦੇਸੀਆਂ ਦਾ, ਨਾਲ ਮਿਹਰ ਦੇ ਓਸ ਨੂੰ ਖੋਲ੍ਹੀਏ ਨੀ ।
ਤੇਰੇ ਜੇਹੀ ਨਿਨਾਣ ਹੋ ਮੇਲ ਕਰਨੀ, ਜੀਊ ਜਾਨ ਭੀ ਓਸ ਤੋਂ ਘੋਲੀਏ ਨੀ ।
ਜੋਗੀ ਚਲ ਮਨਾਈਏ ਬਾਗ਼ ਵਿੱਚੋਂ, ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ ।
ਜੋ ਕੁੱਝ ਕਹੇ ਸੋ ਸਿਰੇ ਤੇ ਮੰਨ ਲਈਏ, ਗ਼ਮੀ ਸ਼ਾਦੀਉਂ ਮੂਲ ਨਾ ਡੋਲੀਏ ਨੀ ।
ਚਲ ਨਾਲ ਮੇਰੇ ਜੀਵੇਂ ਭਾਗ ਭਰੀਏ, ਮੇਲੇ ਕਰਨੀਏ ਵਿੱਚ-ਵਿਚੋਲੀਏ ਨੀ ।
ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ, ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ ।
ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ, ਰਾਜ਼ੀ ਹੋ ਇਬਲੀਸ ਭੀ ਨੱਚਦਾ ਏ ।
ਤਿਵੇਂ ਸਹਿਤੀ ਦੇ ਜੀਊ ਵਿੱਚ ਖ਼ੁਸ਼ੀ ਹੋਈ, ਜੀਊ ਰੰਨ ਦਾ ਛੱਲੜਾ ਕੱਚ ਦਾ ਏ ।
ਜਾ ਬਖ਼ਸ਼ਿਆ ਸਭ ਗੁਨਾਹ ਤੇਰਾ, ਤੈਨੂੰ ਇਸ਼ਕ ਕਦੀਮ ਤੋਂ ਸੱਚ ਦਾ ਏ ।
ਵਾਰਿਸ ਸ਼ਾਹ ਚਲ ਯਾਰ ਮਨਾ ਆਈਏ, ਏਥੇ ਨਵਾਂ ਅਖਾਰੜਾ ਮੱਚਦਾ ਏ ।
ਸਹਿਤੀ ਖੰਡ ਮਲਾਈ ਦਾ ਥਾਲ ਭਰਿਆ, ਚਾਇ ਕਪੜੇ ਵਿੱਚ ਲੁਕਾਇਆ ਈ ।
ਜੇਹਾ ਵਿੱਚ ਨਮਾਜ਼ ਵਿਸ਼ਵਾਸ ਗ਼ੈਬੋਂ, ਅਜ਼ਾਜ਼ੀਲ ਬਣਾ ਲੈ ਆਇਆ ਈ ।
ਉੱਤੇ ਪੰਜ ਰੁਪਏ ਸੂ ਰੋਕ ਰੱਖੇ, ਜਾਇ ਫ਼ਕਰ ਥੇ ਫੇਰੜਾ ਪਾਇਆ ਈ ।
ਜਦੋਂ ਆਂਵਦੀ ਜੋਗੀ ਨੇ ਉਹ ਡਿੱਠੀ, ਪਿਛਾਂ ਆਪਣਾ ਮੁਖ ਭਵਾਇਆ ਈ ।
ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ, ਤਾਉ ਦੋਜ਼ਖ਼ੇ ਦਾ ਕੇਹਾ ਆਇਆ ਈ ।
ਤਲਬ ਮੀਂਹ ਦੀ ਵਗਿਆ ਆਣ ਝੱਖੜ, ਯਾਰੋ ਆਖ਼ਰੀ ਦੌਰ ਹੁਣ ਆਇਆ ਈ ।
ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ, ਅੱਗੋਂ ਮੂਲ ਜਵਾਬ ਨਾ ਆਇਆ ਈ ।
ਆਮਿਲ ਚੋਰ ਤੇ ਚੌਧਰੀ ਜਟ ਹਾਕਮ, ਵਾਰਿਸ ਸ਼ਾਹ ਨੂੰ ਰੱਬ ਵਿਖਾਇਆ ਈ ।
ਜਦੋਂ ਖ਼ਲਕ ਪੈਦਾ ਕੀਤੀ ਰੱਬ ਸੱਚੇ, ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ ।
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ, ਕੁੱਤਾ ਕੁੱਕੜੀ ਬਕਰੀ ਉੱਠ ਸਾਰੇ ।
ਏਹਾ ਮੂਲ ਫ਼ਸਾਦ ਦਾ ਹੋਏ ਪੈਦਾ, ਜਿਨ੍ਹਾਂ ਸਭ ਜਗਤ ਦੇ ਮੌਲ ਮਾਰੇ ।
ਆਦਮ ਕਢ ਬਹਿਸ਼ਤ ਥੀਂ ਖ਼ਵਾਰ ਕੀਤਾ, ਇਹ ਡਾਇਣਾਂ ਧੁਰੋਂ ਹੀ ਕਰਨ ਕਾਰੇ ।
ਇਹ ਕਰਨ ਫ਼ਕੀਰ ਚਾ ਰਾਜਿਆਂ ਨੂੰ, ਇਹਨਾਂ ਰਾਉ ਰਜ਼ਾਦੜੇ ਸਿੱਧ ਮਾਰੇ ।
ਵਾਰਿਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ, ਅਤੇ ਮਹਿਰੀਆਂ ਵਿੱਚ ਨੇ ਐਬ ਭਾਰੇ ।
ਸਹਿਤੀ ਆਖਿਆ ਪੇਟ ਨੇ ਖ਼ੁਆਰ ਕੀਤਾ, ਕਣਕ ਖਾ ਬਹਿਸ਼ਤ ਥੀਂ ਕੱਢਿਆ ਈ ।
ਆਈ ਮੈਲ ਤਾਂ ਜੰਨਤੋਂ ਮਿਲੇ ਧੱਕੇ, ਰੱਸਾ ਆਸ ਉਮੀਦ ਦਾ ਵੱਢਿਆ ਈ ।
ਆਖ ਰਹੇ ਫ਼ਰੇਸ਼ਤੇ ਕਣਕ ਦਾਣਾ, ਨਹੀਂ ਖਾਵਣਾ ਹੁਕਮ ਕਰ ਛੱਡਿਆ ਈ ।
ਸਗੋਂ ਆਦਮੇ ਹੱਵਾ ਨੂੰ ਖ਼ਵਾਰ ਕੀਤਾ, ਸਾਥ ਓਸ ਦਾ ਏਸ ਨਾ ਛੱਡਿਆ ਈ ।
ਫੇੜਨ ਮਰਦ ਤੇ ਸੌਂਪਦੇ ਤਰੀਮਤਾਂ ਨੂੰ, ਮੂੰਹ ਝੂਠ ਦਾ ਕਾਸ ਨੂੰ ਟੱਡਿਆ ਈ ।
ਮਰਦ ਚੋਰ ਤੇ ਠੱਗ ਜਵਾਰੀਏ ਨੇ, ਸਾਥ ਬਦੀ ਦਾ ਨਰਾਂ ਨੇ ਲੱਦਿਆ ਈ ।
ਫਰਕਾਨ ਵਿੱਚ 'ਫ਼ਨਕਰੂ' ਰੱਬ ਕਿਹਾ, ਜਦੋਂ ਵਹੀ ਰਸੂਲ ਨੇ ਸੱਦਿਆ ਈ ।
ਵਾਰਿਸ ਸ਼ਾਹ ਇਹ ਤਰੀਮਤਾਂ ਖਾਣ ਰਹਿਮਤ, ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ ।
ਰੰਨਾਂ ਦਹਿਸਿਰੇ ਨਾਲ ਕੀ ਗਾਹ ਕੀਤਾ, ਰਾਜੇ ਭੋਜ ਨੂੰ ਦੇ ਲਗਾਮੀਆਂ ਨੀ ।
ਸਿਰਕੱਪ ਤੇ ਨਾਲ ਸਲਵਾਹਨੇ ਦੇ, ਵੇਖ ਰੰਨਾਂ ਨੇ ਕੀਤੀਆਂ ਖ਼ਾਮੀਆਂ ਨੀ ।
ਮਰਦ ਹੈਣ ਸੋ ਰੱਖਦੇ ਹੇਠ ਸੋਟੇ, ਸਿਰ ਚਾੜ੍ਹੀਆਂ ਨੇ ਇਹਨਾਂ ਕਾਮੀਆਂ ਨੀ ।
ਜਿਨ੍ਹਾਂ ਨਹੀਂ ਦਾੜ੍ਹੀ ਕੰਨ ਨਕ ਪਾਟੇ, ਕੌਣ ਤਿਨ੍ਹਾਂ ਦੀਆਂ ਭਰੇਗਾ ਹਾਮੀਆਂ ਨੀ ।
ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ, ਓਸ ਮਰਦ ਥੀਂ ਚੰਗੀਆਂ ਤੀਵੀਆਂ ਨੇ ।
ਘਰ ਵਸਦੇ ਔਰਤਾਂ ਨਾਲ ਸੋਹਣੇ, ਸ਼ਰਮਵੰਦ ਤੇ ਸਤਰ ਦੀਆਂ ਬੀਵੀਆਂ ਨੇ ।
ਇੱਕ ਹਾਲ ਵਿੱਚ ਮਸਤ ਘਰ ਬਾਰ ਅੰਦਰ, ਇੱਕ ਹਾਰ ਸ਼ਿੰਗਾਰ ਵਿੱਚ ਖੀਵੀਆਂ ਨੇ ।
ਵਾਰਿਸ ਸ਼ਾਹ ਹਿਆਉ ਦੇ ਨਾਲ ਅੰਦਰ, ਅੱਖੀਂ ਹੇਠ ਜ਼ਿਮੀਂ ਦੇ ਸੀਵੀਆਂ ਨੇ ।
ਵਫ਼ਾਦਾਰ ਨਾ ਰੰਨ ਜਹਾਨ ਉੱਤੇ, ਪੈਂਦੀ ਸ਼ੇਰ ਦੇ ਨੱਕ ਵਿੱਚ ਨੱਥ ਨਾਹੀਂ ।
ਗਧਾ ਨਹੀਂ ਕੁਲੱਦ ਮਨਖੱਟ ਖੋਜਾ, ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂ ।
ਨਾਮਰਦ ਦੇ ਵਾਰ ਨਾ ਕਿਸੇ ਗਾਂਵੀਂ, ਅਤੇ ਗਾਂਡੂਆਂ ਦੀ ਕਾਈ ਸੱਥ ਨਾਹੀਂ ।
ਜੋਗੀ ਨਾਲ ਨਾ ਰੰਨ ਦਾ ਟੁਰੇ ਟੂਣਾਂ, ਜ਼ੋਰ ਨਈਂ ਦਾ ਚੜ੍ਹੇ ਅਗੱਥ ਨਾਹੀਂ ।
ਯਾਰੀ ਸੁੰਹਦੀ ਨਹੀਂ ਸੁਹਾਗਣਾਂ ਨੂੰ, ਰੰਡੀ ਰੰਨ ਨੂੰ ਸੁੰਹਦੀ ਨੱਥ ਨਾਹੀਂ ।
ਵਾਰਿਸ ਸ਼ਾਹ ਉਹ ਆਪ ਹੈ ਕਰਨਹਾਰਾ, ਇਨ੍ਹਾਂ ਬੰਦਿਆਂ ਦੇ ਕਾਈ ਹੱਥ ਨਾਹੀਂ ।
ਮੀਆਂ ਤ੍ਰੀਮਤਾਂ ਨਾਲ ਵਿਆਹ ਸੋਹਣ, ਅਤੇ ਮਰਨ ਤੇ ਸੋਹੰਦੇ ਵੈਣ ਮੀਆਂ ।
ਘਰ ਬਾਰ ਦੀ ਜ਼ੇਬ ਤੇ ਹੈਣ ਜ਼ੀਨਤ, ਨਾਲ ਤ੍ਰੀਮਤਾਂ ਸਾਕ ਤੇ ਸੈਣ ਮੀਆਂ ।
ਇਹ ਤ੍ਰੀਮਤਾਂ ਸੇਜ ਦੀਆਂ ਵਾਰਿਸੀ ਨੇ, ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂ ।
ਵਾਰਿਸ ਸ਼ਾਹ ਇਹ ਜੋਰੂਆਂ ਜੋੜਦੀਆਂ ਨੇ, ਅਤੇ ਮਹਿਰੀਆਂ ਮਹਿਰ ਦੀਆਂ ਹੈਣ ਮੀਆਂ ।
ਸੱਚ ਆਖ ਰੰਨੇ ਕੇਹੀ ਧੁੰਮ ਚਾਈਆ, ਤੁਸਾਂ ਭੋਜ ਵਜ਼ੀਰ ਨੂੰ ਕੁੱਟਿਆ ਜੇ ।
ਦਹਿਸਿਰ ਮਾਰਿਆ ਭੇਤ ਘਰੋਗੜੇ ਨੇ, ਸਣੇ ਲੰਕ ਦੇ ਓਸ ਨੂੰ ਪੁੱਟਿਆ ਜੇ ।
ਕੈਰੋ ਪਾਂਡੋਆਂ ਦੇ ਕਟਕ ਕਈ ਖੂਹਣੀ, ਮਾਰੇ ਤੁਸਾਂ ਦੇ ਸਭ ਨਿਖੁੱਟਿਆ ਜੇ ।
ਕਤਲ ਇਮਾਮ ਹੋਏ ਕਰਬਲਾ ਅੰਦਰ, ਮਾਰ ਦੀਨ ਦਿਆਂ ਵਾਰਿਸਾਂ ਸੁੱਟਿਆ ਜੇ ।
ਜੋ ਕੋ ਸ਼ਰਮ ਹਿਆਂ ਦਾ ਆਦਮੀ ਸੀ, ਜਾਨ ਮਾਲ ਥੋਂ ਓਸ ਨੂੰ ਪੁੱਟਿਆ ਜੇ ।
ਵਾਰਿਸ ਸ਼ਾਹ ਫ਼ਕੀਰ ਤਾਂ ਨੱਸ ਆਇਆ, ਪਿੱਛਾ ਏਸ ਦਾ ਆਣ ਕਿਉ ਖੁੱਟਿਆ ਜੇ ।
ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ, ਖ਼ਾਤਰ ਥੱਲੇ ਨਾ ਕਿਸੇ ਨੂੰ ਲਿਆਵਨਾ ਹੈਂ ।
ਜਿਨ੍ਹਾਂ ਜਾਇਉਂ ਤਿਨ੍ਹਾਂ ਦੇ ਨਾਉਂ ਰੱਖੇ, ਵੱਡਾ ਆਪ ਨੂੰ ਗ਼ੌਸ ਸਦਾਵਨਾ ਹੈਂ ।
ਹੋਵਣ ਤ੍ਰੀਮਤਾਂ ਨਹੀਂ ਤਾਂ ਜਗ ਮੁੱਕੇ, ਵੱਤ ਕਿਸੇ ਨਾ ਜਗ ਤੇ ਆਵਨਾ ਹੈਂ ।
ਅਸਾਂ ਚਿੱਠੀਆਂ ਘਲ ਸਦਾਇਆ ਸੈਂ, ਸਾਥੋਂ ਆਪਣਾ ਆਪ ਛੁਪਾਵਨਾ ਹੈਂ ।
ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ, ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈਂ ।
ਚਾਕ ਸੱਦ ਕੇ ਬਾਗ਼ ਥੀਂ ਕਢ ਛੱਡੂੰ, ਹੁਣੇ ਹੋਰ ਕੀ ਮੂੰਹੋਂ ਅਖਾਵਨਾ ਹੈਂ ।
ਅੰਨ ਖ਼ਾਨਾਂ ਹੈਂ ਰੱਜ ਕੇ ਗਧੇ ਵਾਂਗੂੰ, ਕਦੀ ਸ਼ੁਕਰ ਬਜਾ ਨਾ ਲਿਆਵਨਾ ਹੈਂ ।
ਛੱਡ ਬੰਦਗੀ ਚੋਰਾਂ ਦੇ ਚਲਨ ਫੜਿਉ, ਵਾਰਿਸ ਸ਼ਾਹ ਫ਼ਕੀਰ ਸਦਾਵਨਾ ਹੈਂ ।
ਬਾਗ਼ ਛੱਡ ਗਏ ਗੋਪੀ ਚੰਦ ਜੇਹੇ, ਸ਼ੱਦਾਦ ਫ਼ਰਊਨ ਕਹਾਇ ਗਿਆ ।
ਨੌਸ਼ੇਰਵਾਂ ਛੱਡ ਬਗ਼ਦਾਦ ਟੁਰਿਆ, ਉਹ ਅਪਦੀ ਵਾਰ ਲੰਘਾਇ ਗਿਆ ।
ਆਦਮ ਛਡ ਬਹਿਸ਼ਤ ਦੇ ਬਾਗ ਢੱਠਾ, ਭੁਲੇ ਵਿਸਰੇ ਕਣਕ ਨੂੰ ਖਾਇ ਗਿਆ ।
ਫ਼ਰਊਨ ਖ਼ੁਦਾ ਕਹਾਇਕੇ ਤੇ, ਮੂਸਾ ਨਾਲ ਉਸ਼ਟੰਡ ਉਠਾਇ ਗਿਆ ।
ਨਮਰੂਦ ਸ਼ੱਦਾਦ ਜਹਾਨ ਉੱਤੇ, ਦੋਜ਼ਖ ਅਤੇ ਬਹਿਸ਼ਤ ਬਣਾਇ ਗਿਆ ।
ਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ, ਬੰਨ੍ਹ ਸਿਰੇ ਤੇ ਪੰਡ ਉਠਾਇ ਗਿਆ ।
ਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ, ਮਹਿਖਾਸਰੋਂ ਇੰਦ ਲੁਟਾਇ ਗਿਆ ।
ਸੁਲੇਮਾਨ ਸਿਕੰਦਰੋਂ ਲਾਇ ਸੱਭੇ, ਸੱਤਾਂ ਨਵਾਂ ਤੇ ਹੁਕਮ ਚਲਾਇ ਗਿਆ ।
ਉਹ ਭੀ ਏਸ ਜਹਾਨ ਤੇ ਰਹਿਉ ਨਾਹੀਂ, ਜਿਹੜਾ ਆਪ ਖ਼ੁਦਾ ਕਹਾਇ ਗਿਆ ।
ਮੋਇਆ ਬਖ਼ਤੁਲ ਨੁਸਰ ਜਿਹੜਾ ਚਾੜ੍ਹ ਡੋਲਾ, ਸੱਚੇ ਰਬ ਨੂੰ ਤੀਰ ਚਲਾਇ ਗਿਆ ।
ਤੇਰੇ ਜੇਹੀਆਂ ਕੇਤੀਆਂ ਹੋਈਆਂ ਨੇ, ਤੈਨੂੰ ਚਾ ਕੀ ਬਾਗ਼ ਦਾ ਆਇ ਗਿਆ ।
ਵਾਰਿਸ ਸ਼ਾਹ ਉਹ ਆਪ ਹੈ ਕਰਨ ਕਾਰਨ, ਸਿਰ ਬੰਦਿਆਂ ਦੇ ਗਿਲਾ ਲਾਇ ਗਿਆ ।
ਪੰਡ ਝਗੜਿਆਂ ਦੀ ਕੇਹੀ ਖੋਲ੍ਹ ਬੈਠੋਂ, ਵੱਡਾ ਮਹਿਜ਼ਰੀ ਘੰਡ ਲਟ ਬਾਵਲਾ ਵੇ ।
ਅਸਾਂ ਇੱਕ ਰਸਾਇਣ ਹੈ ਢੂਡ ਆਂਦੀ, ਭਲਾ ਦੱਸ ਖਾਂ ਕੀ ਹੈ ਰਾਵਲਾ ਵੇ ।
ਉੱਤੇ ਰੱਖਿਆ ਕੀ ਏ ਨਜ਼ਰ ਤੇਰੀ, ਗਿਣੇਂ ਆਪ ਨੂੰ ਬਹੁਤ ਚਤਰਾਵਲਾ ਵੇ ।
ਦੱਸੇ ਬਿਨਾਂ ਨਾ ਜਾਪਦੀ ਜ਼ਾਤ ਭੈੜੀ, ਛੜੇ ਬਾਝ ਨਾ ਥੀਂਵਦਾ ਚਾਵਲਾ ਵੇ ।
ਕੀ ਰੋਕ ਹੈ ਕਾਸਦੀ ਇਹ ਬਾਸਨ, ਸਾਨੂੰ ਦੱਸ ਖਾਂ ਸੋਹਣਿਆਂ ਸਾਂਵਲਾ ਵੇ ।
ਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ, ਵਾਰਿਸ ਸ਼ਾਹ ਨਾ ਹੋ ਉਤਾਵਲਾ ਵੇ ।
ਕਰਾਮਾਤ ਹੈ ਕਹਿਰ ਦਾ ਨਾਂਉ ਰੰਨੇ, ਕੇਹਾ ਘੱਤਿਉ ਆਣ ਵਸੂਰਿਆ ਈ ।
ਕਰੇਂ ਚਾਵੜਾਂ ਚਿੱਘੜਾਂ ਨਾਲ ਮਸਤੀ, ਅਜੇ ਤੀਕ ਅਣਜਾਣਾਂ ਨੂੰ ਘੂਰਿਆ ਈ ।
ਫ਼ਕਰ ਆਖਸਨ ਸੋਈ ਕੁੱਝ ਰੱਬ ਕਰਸੀ, ਐਵਂੇ ਜੋਗੀ ਨੂੰ ਚਾ ਵਡੂਰਿਆ ਈ ।
ਉੱਤੇ ਪੰਜ ਪੈਸੇ ਨਾਲ ਰੋਕ ਧਰਿਉ, ਖੰਡ ਚਾਵਲਾਂ ਦਾ ਥਾਲ ਪੂਰਿਆ ਈ ।
ਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁੱਟੇ, ਜਾਇ ਚਿੰਮੜੇ ਦਾਂਦ ਪਤਾਲੂਆਂ ਨੂੰ ।
ਅੰਨਾਂ ਭੇਜਿਆ ਅੰਬ ਅਨਾਰ ਵੇਖਣ, ਜਾਇ ਚਿੰਮੜੇ ਤੂਤ ਸੰਭਾਲੂਆਂ ਨੂੰ ।
ਘਲਿਆ ਫੁੱਲ ਗੁਲਾਬ ਦਾ ਤੋੜ ਲਿਆਵੀਂ, ਜਾਇ ਲੱਗਾ ਹੈ ਲੈਣ ਕਚਾਲੂਆਂ ਨੂੰ ।
ਅੰਨ੍ਹਾਂ ਮੋਹਰੀ ਲਾਈਏ ਕਾਫ਼ਲੇ ਦਾ, ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰ ।
ਖੱਚਰਪਵਾਂ ਦੇ ਚਾਲੜੇ ਕਰਨ ਲੱਗੋਂ, ਅਸਾਂ ਫਾਟਿਆ ਕੁੱਟਿਆ ਚਾਲੂਆਂ ਨੂੰ ।
ਵਾਰਿਸ ਸ਼ਾਹ ਤੰਦੂਰ ਵਿੱਚ ਦੱਬ ਬੈਠਾ, ਕਮਲਾ ਘੱਲਿਆ ਰੰਗਣੇ ਸਾਲੂਆਂ ਨੂੰ ।
ਜਾ ਖੋਲ੍ਹ ਕੇ ਵੇਖ ਜੋ ਸਿਦਕ ਆਵੀ, ਕੇਹਾ ਸ਼ੱਕ ਦਿਲ ਆਪਣੇ ਪਾਇਉ ਈ ।
ਕਿਹਿਆ ਅਸਾਂ ਸੋ ਰੱਬ ਤਹਿਕੀਕ ਕਰਸੀ, ਕੇਹਾ ਆਣ ਕੇ ਮਗ਼ਜ਼ ਖਪਾਇਉ ਈ ।
ਜਾਹ ਵੇਖ ਜੋ ਵਸਵਸਾ ਦੂਰ ਹੋਵੀ, ਕੇਹਾ ਡੌਰੂੜਾ ਆਣ ਵਜਾਇਉ ਈ ।
ਸ਼ੱਕ ਮਿਟੀ ਜੋ ਥਾਲ ਨੂੰ ਖੋਲ੍ਹ ਵੇਖੇਂ, ਏਥੇ ਮਕਰ ਕੀ ਆਣ ਫੈਲਾਇਉ ਈ ।
ਸਹਿਤੀ ਖੋਲ੍ਹ ਕੇ ਥਾਲ ਜਾਂ ਧਿਆਨ ਕੀਤਾ, ਖੰਡ ਚਾਵਲਾਂ ਦਾ ਥਾਲ ਹੋ ਗਿਆ ।
ਛੁਟਾ ਤੀਰ ਫ਼ਕੀਰ ਦੇ ਮੁਅਜਜ਼ੇ ਦਾ, ਵਿੱਚੋਂ ਕੁਫ਼ਰ ਦਾ ਜੀਊ ਪਰੋ ਗਿਆ ।
ਜਿਹੜਾ ਚਲਿਆ ਨਿਕਲ ਯਕੀਨ ਆਹਾ, ਕਰਾਮਾਤ ਨੂੰ ਵੇਖ ਖਲੋ ਗਿਆ ।
ਗਰਮ ਗ਼ਜ਼ਬ ਦੀ ਆਤਸ਼ੋ ਆਬ ਆਹਾ, ਬਰਫ਼ ਕਸ਼ਫ਼ ਦੀ ਨਾਲ ਸਮੋ ਗਿਆ ।
ਐਵੇਂ ਡਾਹਡਿਆਂ ਮਾੜਿਆਂ ਕੇਹਾ ਲੇਖਾ, ਓਸ ਖੋਹ ਲਿਆ ਉਹ ਰੋ ਗਿਆ ।
ਮਰਨ ਵਕਤ ਹੋਇਆ ਸੱਭੋ ਖ਼ਤਮ ਲੇਖਾ, ਜੋ ਕੋ ਜੰਮਿਆਂ ਝੋਵਣੇ ਝੋ ਗਿਆ ।
ਵਾਰਿਸ ਸ਼ਾਹ ਜੋ ਕੀਮੀਆ ਨਾਲ ਛੁੱਥਾ, ਸੋਇਨਾ ਤਾਂਬਿਉਂ ਤੁਰਤ ਹੀ ਹੋ ਗਿਆ ।
ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ, ਦਿਲ ਜਾਨ ਥੀਂ ਚੇਲੜੀ ਤੇਰੀਆਂ ਮੈਂ ।
ਕਰਾਂ ਬਾਂਦੀਆਂ ਵਾਂਗ ਬਜਾ ਖ਼ਿਦਮਤ, ਨਿਤ ਪਾਂਵਦੀ ਰਹਾਂਗੀ ਫੇਰੀਆਂ ਮੈਂ ।
ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ, ਦਿਲ ਜਾਨ ਥੀਂ ਤੁਧ ਤੇ ਹੇਰੀਆਂ ਮੈਂ ।
ਕਰਾਮਾਤ ਤੇਰੀ ਉੱਤੇ ਸਿਦਕ ਕੀਤਾ, ਤੇਰੇ ਕਸ਼ਫ਼ ਦੇ ਹੁਕਮ ਨੇ ਘੇਰੀਆਂ ਮੈਂ ।
ਸਾਡੀ ਜਾਨ ਤੇ ਮਾਲ ਹੈ ਹੀਰ ਤੇਰੀ, ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ ।
ਅਸਾਂ ਕਿਸੇ ਦੀ ਗੱਲ ਨਾ ਕਦੇ ਮੰਨੀ, ਤੇਰੇ ਇਸਮ ਦੇ ਹੁੱਬ ਦੀ ਟੇਰੀਆਂ ਮੈਂ ।
ਇੱਕ ਫ਼ੱਕਰ ਅੱਲਾਹ ਦਾ ਰੱਖ ਤਕਵਾ, ਹੋਰ ਢਾਹ ਬੈਠੀ ਸੱਭੇ ਢੇਰੀਆਂ ਮੈਂ ।
ਪੂਰੀ ਨਾਲ ਹਿਸਾਬ ਨਾ ਹੋ ਸਕਾਂ, ਵਾਰਿਸ ਸ਼ਾਹ ਕੀ ਕਰਾਂਗੀ ਸ਼ੇਰੀਆਂ ਮੈਂ ।
ਘਰ ਆਪਣੇ ਵਿੱਚ ਚਵਾਇ ਕਰਕੇ, ਆਖ ਨਾਗਣੀ ਵਾਂਗ ਕਿਉਂ ਸ਼ੂਕੀਏਂ ਨੀ ।
ਨਾਲ ਜੋਗੀਆਂ ਮੋਰਚਾ ਲਾਇਉਈ, ਰੱਜੇ ਜਟ ਵਾਂਗੂੰ ਵੱਡੀ ਫੂਕੀਏਂ ਨੀ ।
ਜਦੋਂ ਬੰਨ੍ਹ ਝੇੜੇ ਥੱਕ ਹੁਟ ਰਹੀਏ, ਜਾਇ ਪਿੰਡ ਦੀਆਂ ਰੰਨਾਂ ਤੇ ਕੂਕੀਏਂ ਨੀ ।
ਕਢ ਗਾਲੀਆਂ ਸਣੇ ਰਬੇਲ ਬਾਂਦੀ ਘਿਨ ਮੋਲ੍ਹੀਆਂ ਅਸਾਂ ਤੇ ਘੂਕੀਏਂ ਨੀ ।
ਭਲੋ ਭਲੀ ਜਾਂ ਡਿਠੋ ਈ ਆਸ਼ਕਾਂ ਦੀ, ਵਾਂਗ ਕੁੱਤੀਆਂ ਅੰਤ ਨੂੰ ਚੂਕੀਏਂ ਨੀ ।
ਵਾਰਿਸ ਸ਼ਾਹ ਥੀਂ ਪੁਛ ਲੈ ਬੰਦਗੀ ਨੂੰ, ਰੂਹ ਸਾਜ਼ ਕਲਬੂਤ ਵਿੱਚ ਫੂਕੀਏਂ ਨੀ ।
ਸਾਨੂੰ ਬਖਸ਼ ਅੱਲਾਹ ਦੇ ਨਾਂਉ ਮੀਆਂ, ਸਾਥੋਂ ਭੁੱਲਿਆਂ ਇਹ ਗੁਨਾਹ ਹੋਇਆ ।
ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਲਾ, ਧੁਰੋਂ ਆਦਮੋਂ ਭੁਲਣਾ ਰਾਹ ਹੋਇਆ ।
ਆਦਮ ਭੁਲ ਕੇ ਕਣਕ ਨੂੰ ਖਾ ਬੈਠਾ, ਕਢ ਜੰਨਤੋਂ ਹੁਕਮ ਫ਼ਨਾਹ ਹੋਇਆ ।
ਸ਼ੈਤਾਨ ਉਸਤਾਦ ਫ਼ਰਿਸ਼ਤਿਆਂ ਦਾ, ਭੁੱਲਾ ਸਿਜਦਿਉਂ ਕੁਫ਼ਰ ਦੇ ਰਾਹ ਹੋਇਆ ।
ਮੁਢੋਂ ਰੂਹ ਭੁੱਲਾ ਕੌਲ ਵਿਚ ਵੜਿਆ, ਜੁੱਸਾ ਛੱਡ ਕੇ ਅੰਤ ਫ਼ਨਾਹ ਹੋਇਆ ।
ਕਾਰੂੰ ਭੁਲ ਜ਼ਕਾਤ ਕੀਂ ਸ਼ੂਮ ਹੋਇਆ, ਵਾਰਦ ਓਸ ਤੇ ਕਹਿਰ ਅੱਲਾਹ ਹੋਇਆ ।
ਭੁਲ ਜ਼ਕਰੀਏ ਲਈ ਫ਼ਨਾਹ ਹੇਜ਼ਮ, ਆਰੇ ਨਾਲ ਉਹ ਚੀਰ ਦੋ ਫਾਹ ਹੋਇਆ ।
ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ, ਲੋਕਾਂ ਵਿੱਚ ਮੀਆਂ ਵਾਰਿਸ ਸ਼ਾਹ ਹੋਇਆ ।
ਘਰ ਪੇਈੜੇ ਵੱਡੀ ਹਵਾ ਤੈਨੂੰ, ਦਿਤਿਉਂ ਛਿੱਬੀਆਂ ਨਾਲ ਅੰਗੂਠਿਆਂ ਦੇ ।
ਅੰਤ ਸੱਚ ਦਾ ਸੱਚ ਆ ਨਿਤਰੇਗਾ ,ਕੋਈ ਦੇਸ ਨਾ ਵੱਸਦੇ ਝੂਠਿਆਂ ਦੇ ।
ਫ਼ਕਰ ਮਾਰਿਉ ਅਸਾਂ ਨੇ ਸਬਰ ਕੀਤਾ, ਨਹੀਂ ਜਾਣਦੀ ਦਾਉ ਤੂੰ ਘੂਠਿਆਂ ਦੇ ।
ਜੱਟੀ ਹੋ ਫ਼ਕੀਰ ਦੇ ਨਾਲ ਲੜੇਂ, ਛੰਨਾ ਭੇੜਿਉ ਈ ਨਾਲ ਠੂਠਿਆਂ ਦੇ ।
ਸਾਨੂੰ ਬੋਲੀਆਂ ਮਾਰ ਕੇ ਨਿੰਦਦੀ ਸੈਂ, ਮੂੰਹ ਡਿਠੋ ਈ ਟੁੱਕਰਾਂ ਜੂਠਿਆਂ ਦੇ ।
ਵਾਰਿਸ ਸ਼ਾਹ ਫ਼ਕੀਰ ਨੂੰ ਛੇੜਦੀ ਸੈਂ, ਡਿੱਠੋ ਮੁਅਜਜ਼ੇ ਇਸ਼ਕ ਦੇ ਲੂਠਿਆਂ ਦੇ ।
ਕਰੇ ਜਿਨ੍ਹਾਂ ਦੀਆਂ ਰਬ ਹਮਾਇਤਾਂ ਨੀ, ਹੱਕ ਤਿਨ੍ਹਾਂ ਦਾ ਖ਼ੂਬ ਮਾਮੂਲ ਕੀਤਾ ।
ਜਦੋਂ ਮੁਸ਼ਰਿਕਾਂ ਆਣ ਸਵਾਲ ਕੀਤਾ, ਤਦੋਂ ਚੰਨ ਦੋ-ਖੰਨ ਰਸੂਲ ਕੀਤਾ ।
ਕਢ ਪੱਥਰੋਂ ਊਠਣੀ ਰਬ ਸੱਚੇ, ਕਰਾਮਾਤ ਪੈਗ਼ੰਬਰੀ ਮੂਲ ਕੀਤਾ ।
ਵਾਰਿਸ ਸ਼ਾਹ ਨੇ ਕਸ਼ਫ਼ ਦਿਖਾਇ ਦਿੱਤਾ, ਤਦੋਂ ਜੱਟੀ ਨੇ ਫ਼ਕਰ ਕਬੂਲ ਕੀਤਾ ।
ਫਿਰੇਂ ਜ਼ੋਮ ਦੀ ਭਰੀ ਤੇ ਸਾਣ ਚੜ੍ਹੀ, ਆ ਟਲੀਂ ਨੀ ਮੁੰਡੀਏ ਵਾਸਤਾ ਈ ।
ਮਰਦ ਮਾਰ ਮੁਰੱਕਣੇ ਜੰਗ-ਬਾਜ਼ੇ, ਮਾਨ ਮੱਤੀਏ ਗੁੰਡੀਏ ਵਾਸਤਾ ਈ ।
ਬਖ਼ਸ਼ੀ ਸਭ ਗੁਨਾਹ ਤਕਸੀਰ ਤੇਰੀ, ਲਿਆ ਹੀਰ ਨੀ ਨੱਢੀਏ ਵਾਸਤਾ ਈ ।
ਵਾਰਿਸ ਸ਼ਾਹ ਸਮਝਾਇ ਜਟੇਟੜੀ ਨੂੰ, ਲਾਹ ਦਿਲੇ ਦੀ ਘੁੰਢੀਏ ਵਾਸਤਾ ਈ ।
ਜੀਕੂੰ ਤੁਸੀਂ ਫ਼ਰਮਾਉ ਸੋ ਜਾ ਆਖਾਂ, ਤੇਰੇ ਹੁਕਮ ਦੀ ਤਾਬਿਆ ਹੋਈਆਂ ਮੈਂ ।
ਤੈਨੂੰ ਪੀਰ ਜੀ ਭੁਲ ਕੇ ਬੁਰਾ ਬੋਲੀ, ਭੁੱਲੀ ਵਿਸਰੀ ਆਣ ਵਗੋਈਆਂ ਮੈਂ ।
ਤੇਰੀ ਪਾਕ ਜ਼ਬਾਨ ਦਾ ਹੁਕਮ ਲੈ ਕੇ, ਕਾਸਦ ਹੋਇਕੇ ਜਾ ਖਲੋਈਆਂ ਮੈਂ ।
ਵਾਰਿਸ ਸ਼ਾਹ ਦੇ ਮੁਅਜਜ਼ੇ ਸਾਫ਼ ਕੀਤੀ, ਨਹੀਂ ਮੁਢ ਦੀ ਵੱਡੀ ਬਦਖੋਈਆਂ ਮੈਂ ।
ਲਿਆ ਹੀਰ ਸਿਆਲ ਜੋ ਦੀਦ ਕਰੀਏ, ਆ ਜਾਹ ਵੋ ਦਿਲਬਰਾ ਵਾਸਤਾ ਈ ।
ਜਾ ਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ, ਘੁੰਢ ਲਾਹ ਵੋ ਦਿਲਬਰਾ ਵਾਸਤਾ ਈ ।
ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ, ਮਿਸਲ ਮਾਹ ਵੋ ਦਿਲਬਰਾ ਵਾਸਤਾ ਈ ।
ਜ਼ੁਲਫ ਨਾਗ ਵਾਂਗੂੰ ਚੱਕਰ ਘਤ ਬੈਠੀ, ਗਲੋਂ ਲਾਹ ਵੋ ਦਿਲਬਰਾ ਵਾਸਤਾ ਈ ।
ਦਿੰਹ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ, ਤੇਰੀ ਚਾਹ ਵੋ ਦਿਲਬਰਾ ਵਾਸਤਾ ਈ ।
ਲੋੜ੍ਹੇ ਲੁਟਿਆਂ ਨੈਣਾਂ ਦੀ ਝਾਕ ਦੇ ਕੇ, ਲੁੜ੍ਹ ਜਾਹ ਵੋ ਦਿਲਬਰਾ ਵਾਸਤਾ ਈ ।
ਗਲ ਪਲੂੜਾ ਇਸ਼ਕ ਦਿਆਂ ਕੁਠਿਆਂ ਦੇ, ਮੂੰਹ ਘਾਹ ਵੋ ਦਿਲਬਰਾ ਵਾਸਤਾ ਈ ।
ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ, ਮਿਲ ਜਾਹ ਵੋ ਦਿਲਬਰਾ ਵਾਸਤਾ ਈ ।
ਵਾਰਿਸ ਸ਼ਾਹ ਨਿਆਜ਼ ਦਾ ਫਰਜ਼ ਭਾਰਾ, ਸਿਰੋਂ ਲਾਹ ਵੋ ਦਿਲਬਰਾ ਵਾਸਤਾ ਈ ।
ਲੈ ਕੇ ਸੋਹਣੀ ਮੋਹਣੀ ਇੰਦਰਾਣੀ, ਮਿਰਗ-ਨੈਣੀ ਨੂੰ ਜਾਇਕੇ ਘੱਲਨੀ ਹਾਂ ।
ਤੇਰੀਆਂ ਅਜ਼ਮਤਾਂ ਵੇਖ ਕੇ ਪੀਰ ਮੀਆਂ, ਬਾਂਦੀ ਹੋਇਕੇ ਘਰਾਂ ਨੂੰ ਚੱਲਨੀ ਹਾਂ ।
ਪੀਰੀ ਪੀਰ ਦੀ ਵੇਖ ਮੁਰੀਦ ਹੋਈ, ਤੇਰੇ ਪੈਰ ਹੀ ਆਣ ਕੇ ਮੱਲਨੀ ਹਾਂ ।
ਮੈਨੂੰ ਬਖ਼ਸ਼ ਮੁਰਾਦ ਬਲੋਚ ਸਾਈਆਂ, ਤੇਰੀਆਂ ਜੁੱਤੀਆਂ ਸਿਰੇ ਤੇ ਝੱਲਨੀ ਹਾਂ ।
ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ, ਦੀ ਦਰਬਾਰ ਅੱਲਾਹ ਦਾ ਮੱਲਨੀ ਹਾਂ ।
ਸਹਿਤੀ ਜਾਇਕੇ ਹੀਰ ਨੂੰ ਕੋਲ ਬਹਿ ਕੇ, ਭੇਤ ਯਾਰ ਦਾ ਸੱਭ ਸਮਝਾਇਆ ਈ ।
ਜਿਹਨੂੰ ਮਾਰ ਕੇ ਘਰੋਂ ਫ਼ਕੀਰ ਕੀਤੋ, ਉਹ ਜੋਗੀੜਾ ਹੋਇਕੇ ਆਇਆ ਈ ।
ਉਹਨੂੰ ਠਗ ਕੇ ਮਹੀਂ ਚਰਾਇ ਲਈਉਂ, ਏਥੇ ਆਇਕੇ ਰੰਗ ਵਟਾਇਆ ਈ ।
ਤੇਰੇ ਨੈਣਾਂ ਨੇ ਚਾਇ ਮਲੰਗ ਕੀਤਾ, ਮਨੋ ਓਸ ਨੂੰ ਚਾਇ ਭੁਲਾਇਆ ਈ ।
ਉਹ ਤੇ ਕੰਨ ਪੜਾਇਕੇ ਵਣ ਲੱਥਾ, ਆਪ ਵਹੁਟੜੀ ਆਣ ਸਦਾਇਆ ਈ ।
ਆਪ ਹੋ ਜ਼ੁਲੈਖ਼ਾ ਦੇ ਵਾਂਗ ਸੱਚੀ, ਉਹਨੂੰ ਯੂਸਫ਼ ਚਾਇ ਬਣਾਇਆ ਈ ।
ਕੀਤੇ ਕੌਲ ਇਕਰਾਰ ਵਸਾਰ ਸਾਰੇ, ਆਣ ਸੈਦੇ ਨੂੰ ਕੰਤ ਬਣਾਇਆ ਈ ।
ਹੋਇਆ ਚਾਕ ਪਿੰਡੇ ਮਲੀ ਫ਼ਾਕ ਰਾਂਝੇ, ਕੰਨ ਪਾੜ ਕੇ ਹਾਲ ਵਣਜਾਇਆ ਈ ।
ਦੇਣੇਦਾਰ ਮਵਾਸ ਹੋ ਵਿਹਰ ਬੈਠੀ, ਲਹਿਣੇਦਾਰ ਹੀ ਅੱਕ ਕੇ ਆਇਆ ਈ ।
ਗਾਲੀਂ ਦੇ ਕੇ ਵਿਹੜਿਉਂ ਕਢ ਉਸ ਨੂੰ, ਕਲ੍ਹ ਮੋਲ੍ਹਿਆਂ ਨਾਲ ਕੁਟਾਇਆ ਈ ।
ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ, ਤੈਨੂੰ ਬਾਗ਼ ਵਿੱਚ ਓਸ ਬੁਲਾਇਆ ਈ ।
ਜ਼ਿਆਰਤ ਮਰਦ ਕੁੱਫ਼ਾਰਤ ਹੋਣ ਇਸ਼ਯਾਂ, ਨੂਰ ਫ਼ੱਕਰ ਦਾ ਵੇਖਨਾ ਆਇਆ ਈ ।
ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ, ਮੈਨੂੰ ਕਸ਼ਫ਼ ਵੀ ਜ਼ੋਰ ਵਿਖਾਇਆ ਈ ।
ਝੱਬ ਨਜ਼ਰ ਲੈ ਕੇ ਮਿਲ ਹੋ ਰਈਅਤ, ਫ਼ੌਜਦਾਰ ਬਹਾਲ ਹੋ ਆਇਆ ਈ ।
ਉਹਦੀ ਨਜ਼੍ਹਾ ਤੂੰ ਆਬੇਹਿਆਤ ਉਸ ਦਾ, ਕੇਹਾ ਭਾਬੀਏ ਝਗੜਾ ਲਇਆ ਈ ।
ਚਾਕ ਲਾਇਕੇ ਕੰਨ ਪੜਾਇਉ ਨੀ, ਨੈਣਾਂ ਵਾਲੀਏ ਗ਼ੈਬ ਕਿਉਂ ਚਾਇਆ ਈ ।
ਬਚੇ ਉਹ ਫ਼ਕੀਰਾਂ ਥੋਂ ਹੀਰ ਕੁੜੀਏ, ਹੱਥ ਬੰਨ੍ਹ ਕੇ ਜਿਨ੍ਹਾਂ ਬਖ਼ਸ਼ਾਇਆ ਈ ।
ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ, ਇਹ ਮੀਂਹ ਅਨਿਆਉਂ ਦਾ ਆਇਆ ਈ ।
ਅਮਲ ਫ਼ੌਤ ਤੇ ਵੱਡੀ ਦਸਤਾਰ ਫੁੱਲੀ, ਕੇਹਾ ਭੀਲ ਦਾ ਸਾਂਗ ਬਣਾਇਆ ਈ ।
ਵਾਰਿਸ ਕੌਲ ਭੁਲਾਇਕੇ ਕੇ ਖੇਡ ਰੁੱਧੋਂ, ਕੇਹਾ ਨਵਾਂ ਮਖ਼ੌਲ ਜਗਾਇਆ ਈ ।
ਹੀਰ ਆਖਿਆ ਜਾਇਕੇ ਖੋਲ੍ਹ ਬੁੱਕਲ, ਉਹਦੇ ਵੇਸ ਨੂੰ ਫੂਕ ਵਿਖਾਵਨੀ ਹਾਂ ।
ਨੈਣਾਂ ਚਾੜ੍ਹ ਕੇ ਸਾਣ ਤੇ ਕਰਾਂ ਪੁਰਜ਼ੇ, ਕਤਲ ਆਸ਼ਕਾਂ ਦੇ ਉੱਤੇ ਧਾਵਨੀ ਹਾਂ ।
ਅੱਗੇ ਚਾਕ ਸੀ ਫ਼ਾਕ ਕਰ ਸਾੜ ਸੁੱਟਾਂ, ਉਹਦੇ ਇਸ਼ਕ ਨੂੰ ਸਿਕਲ ਚੜ੍ਹਾਵਨੀ ਹਾਂ ।
ਉਹਦੇ ਪੈਰਾਂ ਦੀ ਖ਼ਾਕ ਹੈ ਜਾਨ ਮੇਰੀ, ਸਾਰੀ ਸੱਚ ਦੀ ਨਿਸ਼ਾ ਦੇ ਆਵਨੀ ਹਾਂ ।
ਮੋਇਆ ਪਿਆ ਹੈ ਨਾਲ ਫ਼ਿਰਾਕ ਰਾਂਝਾ, ਈਸਾ ਵਾਂਗ ਮੁੜ ਫੇਰ ਜੀਵਾਵਨੀ ਹਾਂ ।
ਵਾਰਿਸ ਸ਼ਾਹ ਪਤੰਗ ਨੂੰ ਸ਼ਮ੍ਹਾਂ ਵਾਂਗੂੰ, ਅੰਗ ਲਾਇਕੇ ਸਾੜ ਵਿਖਾਵਨੀ ਹਾਂ ।
ਹੀਰ ਨ੍ਹਾਇਕੇ ਪੱਟ ਦਾ ਪਹਿਨ ਤੇਵਰ, ਵਾਲੀਂ ਇਤਰ ਫਲੇਲ ਮਲਾਂਵਦੀ ਹੈ ।
ਵਲ ਪਾਇਕੇ ਮੀਢੀਆਂ ਖ਼ੂਨੀਆਂ ਨੂੰ, ਗੋਰੇ ਮੁਖ ਤੇ ਜ਼ੁਲਫ਼ ਪਲਮਾਂਵਦੀ ਹੈ ।
ਕੱਜਲ ਭਿੰਨੜੇ ਨੈਣ ਅਪਰਾਧ ਲੱਥੇ, ਦੋਵੇਂ ਹੁਸਨ ਦੇ ਕਟਕ ਲੈ ਧਾਂਵਦੀ ਹੈ ।
ਮਲ ਵਟਣਾ ਹੋਠਾਂ ਤੇ ਲਾ ਸੁਰਖ਼ੀ, ਨਵਾਂ ਲੋੜ੍ਹ ਤੇ ਲੋੜ੍ਹ ਚੜਾਂਵਦੀ ਹੈ ।
ਸਿਰੀਸਾਫ਼ ਸੰਦਾ ਭੋਛਨ ਸੁੰਹਦਾ ਸੀ, ਕੰਨੀਂ ਬੁੱਕ ਬੁੱਕ ਵਾਲੀਆਂ ਪਾਂਵਦੀ ਹੈ ।
ਕੀਮਖ਼ਾਬ ਦੀ ਚੋਲੜੀ ਹਿੱਕ ਪੈਧੀ, ਮਾਂਗ ਚੌਂਕ ਲੈ ਤੋੜ ਵਲਾਂਵਦੀ ਹੈ ।
ਘੱਤ ਝਾਂਜਰਾਂ ਲੋੜ੍ਹ ਦੇ ਸਿਰੇ ਚੜ੍ਹ ਕੇ, ਹੀਰ ਸਿਆਲ ਲਟਕਦੀ ਆਂਵਦੀ ਹੈ ।
ਟਿੱਕਾਬੰਦਲੀ ਬਣੀ ਹੈ ਨਾਲ ਲੂਹਲਾਂ, ਵਾਂਗ ਮੋਰ ਦੇ ਪਾਇਲਾਂ ਪਾਂਵਦੀ ਹੈ ।
ਹਾਥੀ ਮਸਤ ਛੁੱਟਾ ਛਣਾ ਛਣ ਛਣਕੇ, ਕਤਲ ਆਮ ਖ਼ਲਕਤ ਹੁੰਦੀ ਆਂਵਦੀ ਹੈ ।
ਕਦੀ ਕਢ ਕੇ ਘੁੰਢ ਲੋੜ੍ਹਾ ਦੇਂਦੀ, ਕਦੀ ਖੋਲ੍ਹ ਕੇ ਮਾਰ ਮੁਕਾਂਵਦੀ ਹੈ ।
ਘੁੰਡ ਲਾਹ ਕੇ ਲਟਕ ਵਿਖਾ ਸਾਰੀ, ਜੱਟੀ ਰੁੱਠੜਾ ਯਾਰ ਮਨਾਂਵਦੀ ਹੈ ।
ਵਾਰਿਸ ਮਾਲ ਦੇ ਨੂੰ ਸੱਭਾ ਖੋਲ੍ਹ ਦੌਲਤ, ਵੱਖੋ ਵੱਖ ਕਰ ਚਾਇ ਵਿਖਾਂਵਦੀ ਹੈ ।
ਵਾਰਿਸ ਸ਼ਾਹ ਸ਼ਾਹ ਪਰੀ ਦੀ ਨਜ਼ਰ ਚੜ੍ਹਿਆ, ਖ਼ਲਕਤ ਸੈਫ਼ੀਆਂ ਫੂਕਣੇ ਆਂਵਦੀ ਹੈ ।
ਰਾਂਝਾ ਵੇਖ ਕੇ ਆਖਦਾ ਪਰੀ ਕੋਈ, ਇੱਕੇ ਭਾਵੇਂ ਤਾਂ ਹੀਰ ਸਿਆਲ ਹੋਵੇ ।
ਕੋਈ ਹੂਰ ਕਿ ਮੋਹਣੀ ਇੰਦਰਾਣੀ, ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ ।
ਨੇੜੇ ਆ ਕੇ ਕਾਲਜੇ ਧਾਹ ਗਿਉਸ, ਜਿਵੇਂ ਮਸਤ ਕੋਈ ਨਸ਼ੇ ਨਾਲ ਹੋਵੇ ।
ਰਾਂਝਾ ਆਖਦਾ ਅਬਰ ਬਹਾਰ ਆਇਆ, ਬੇਲਾ ਜੰਗਲਾ ਲਾਲੋ ਹੀ ਲਾਲ ਹੋਵੇ ।
ਹਾਠ ਜੋੜ ਕੇ ਬੱਦਲਾਂ ਹਾਂਝ ਬੱਧੀ, ਵੇਖਾਂ ਕੇਹੜਾ ਦੇਸ ਨਿਹਾਲ ਹੋਵੇ ।
ਚਮਕੀ ਲੈਲਾਤੁਲਕਦਰ ਸਿਆਹ ਸ਼ਬ ਥੀਂ, ਜਿਸ ਤੇ ਪਵੇਗੀ ਨਜ਼ਰ ਨਿਹਾਲ ਹੋਵੇ ।
ਡੌਲ ਢਾਲ ਤੇ ਚਾਲ ਦੀ ਲਟਕ ਸੁੰਦਰ, ਜੇਹਾ ਪੇਖਣੇ ਦਾ ਕੋਈ ਖ਼ਿਆਲ ਹੋਵੇ ।
ਯਾਰ ਸੋਈ ਮਹਿਬੂਬ ਥੋਂ ਫ਼ਿਦਾ ਹੋਵੇ, ਜੀਊ ਸੋਈ ਜੋ ਮੁਰਸ਼ਦਾਂ ਨਾਲ ਹੋਵੇ ।
ਵਾਰਿਸ ਸ਼ਾਹ ਆਇ ਚੰਬੜੀ ਰਾਂਝਣੇ ਨੂੰ, ਜੇਹਾ ਗਧੇ ਦੇ ਗਲੇ ਵਿੱਚ ਲਾਲ ਹੋਵੇ ।
ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ, ਰਹਿਆ ਹੋਸ਼ ਨਾ, ਅਕਲ ਥੀਂ ਤਾਕ ਕੀਤਾ ।
ਲੰਕ ਬਾਗ਼ ਦੀ ਪਰੀ ਨੇ ਝਾਕ ਦੇ ਕੇ, ਸੀਨਾ ਪਾੜ ਕੇ ਚਾਕ ਦਾ ਚਾਕ ਕੀਤਾ ।
ਬੰਨ੍ਹ ਮਾਪਿਆਂ ਜ਼ਾਲਮਾਂ ਟੋਰ ਦਿੱਤੀ, ਤੇਰੇ ਇਸ਼ਕ ਨੇ ਮਾਰ ਕੇ ਖ਼ਾਕ ਕੀਤਾ ।
ਮਾਂ ਬਾਪ ਤੇ ਅੰਗ ਭੁਲਾ ਬੈਠੀ, ਅਸਾਂ ਚਾਕ ਨੂੰ ਆਪਣਾ ਸਾਕ ਕੀਤਾ ।
ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ, ਸੀਨਾ ਸਾੜ ਕੇ ਬਿਰਹੋਂ ਨੇ ਖ਼ਾਕ ਕੀਤਾ ।
ਵੇਖ ਨਵੀਂ ਨਰੋਈ ਅਮਾਨ ਤੇਰੀ, ਸ਼ਾਹਦ ਹਾਲ ਦਾ ਮੈਂ ਰਬ ਪਾਕ ਕੀਤਾ ।
ਅੱਲਾਹ ਜਾਣਦਾ ਹੈ ਏਨ੍ਹਾਂ ਆਸ਼ਕਾਂ ਨੇ, ਮਜ਼ੇ ਜ਼ੌਕ ਨੂੰ ਚਾਇ ਤਲਾਕ ਕੀਤਾ ।
ਵਾਰਿਸ ਸ਼ਾਹ ਲੈ ਚਲਣਾ ਤੁਸਾਂ ਸਾਨੂੰ, ਕਿਸ ਵਾਸਤੇ ਜੀਊ ਗ਼ਮਨਾਕ ਕੀਤਾ ।
ਚੌਧਰਾਈਆਂ ਛੱਡ ਕੇ ਚਾਕ ਬਣੇ, ਮਹੀਂ ਚਾਰ ਕੇ ਅੰਤ ਨੂੰ ਚੋਰ ਹੋਏ ।
ਕੌਲ ਕਵਾਰੀਆਂ ਦੇ ਲੋੜ੍ਹੇ ਮਾਰੀਆਂ ਦੇ, ਅਲੋਹਾਰੀਆਂ ਦੇ ਹੋਰੋ ਹੋਰ ਹੋਏ ।
ਮਾਂ ਬਾਪ ਇਕਰਾਰ ਕਰ ਕੌਲ ਹਾਰੇ, ਕੰਮ ਖੇੜਿਆਂ ਦੇ ਜ਼ੋਰੋ ਜ਼ੋਰ ਹੋਏ ।
ਰਾਹ ਸੱਚ ਦੇ ਤੇ ਕਦਮ ਧਰਨ ਨਾਹੀਂ, ਜਿਨ੍ਹਾਂ ਖੋਟਿਆਂ ਦੇ ਮਨ ਖੋਰ ਹੋਏ ।
ਤੇਰੇ ਵਾਸਤੇ ਮਿਲੀ ਹਾਂ ਕਢ ਦੇਸੋਂ, ਅਸੀਂ ਆਪਣੇ ਦੇਸ ਦੇ ਚੋਰ ਹੋਏ ।
ਵਾਰਿਸ ਸ਼ਾਹ ਨਾ ਅਕਲ ਨਾ ਹੋਸ਼ ਰਹਿਆ, ਮਾਰੇ ਹੀਰ ਦੇ ਸਿਹਰ ਦੇ ਮੋਰ ਹੋਏ ।
ਮਿਹਤਰ ਨੂਹ ਦਿਆਂ ਬੇਟਿਆਂ ਜ਼ਿੱਦ ਕੀਤੀ, ਡੁਬ ਮੋਏ ਨੇ ਛੱਡ ਮੁਹਾਣਿਆਂ ਨੂੰ ।
ਯਾਕੂਬ ਦਿਆਂ ਪੁੱਤਰਾਂ ਜ਼ੁਲਮ ਕੀਤਾ, ਸੁਣਿਆ ਹੋਸੀਆ ਯੂਸੁਫ਼ੋਂ ਵਾਣਿਆਂ ਨੂੰ ।
ਹਾਬੀਲ ਕਾਬੀਲ ਦੀ ਜੰਗ ਹੋਈ, ਛੱਡ ਗਏ ਨੇ ਕੁਤਬ ਟਿਕਾਣਿਆਂ ਨੂੰ ।
ਜੇ ਮੈਂ ਜਾਣਦੀ ਮਾਪਿਆਂ ਬੰਨ੍ਹ ਦੇਣੀ, ਛਡ ਚਲਦੀ ਝੰਗ ਸਮਾਣਿਆਂ ਨੂੰ ।
ਖ਼ਾਹਿਸ਼ ਹੱਕ ਦੀ ਕਲਮ ਤਕਦੀਰ ਵੱਗੀ, ਮੋੜੇ ਕੌਣ ਅੱਲਾਹ ਦਿਆਂ ਭਾਣਿਆਂ ਨੂੰ ।
ਕਿਸੇ ਤੱਤੜੇ ਵਖ਼ਤ ਸੀ ਨੇਹੁੰ ਲੱਗਾ, ਤੁਸਾਂ ਬੀਜਿਆ ਭੁੰਨਿਆਂ ਦਾਣਿਆਂ ਨੂੰ ।
ਸਾਢੇ ਤਿੰਨ ਹੱਥ ਜ਼ਿਮੀਂ ਹੈ ਮਿਲਖ ਤੇਰੀ, ਵਲੇਂ ਕਾਸ ਨੂੰ ਏਡ ਵਲਾਣਿਆਂ ਨੂੰ ।
ਗੁੰਗਾ ਨਹੀਂ ਕੁਰਾਨ ਦਾ ਹੋਇ ਹਾਫਿਜ਼, ਅੰਨ੍ਹਾ ਵੇਖਦਾ ਨਹੀਂ ਟਿਟ੍ਹਾਣਿਆਂ ਨੂੰ ।
ਵਾਰਿਸ ਸ਼ਾਹ ਅੱਲਾਹ ਬਿਨ ਕੌਣ ਪੁੱਛੇ, ਪਿੱਛਾ ਟੁੱਟਿਆਂ ਅਤੇ ਨਮਾਣਿਆਂ ਨੂੰ ।
ਤੇਰੇ ਮਾਪਿਆਂ ਸਾਕ ਕੁਥਾਂ ਕੀਤਾ, ਅਸੀਂ ਰੁਲਦੇ ਰਹਿ ਗਏ ਪਾਸਿਆਂ ਤੇ ।
ਆਪੇ ਰੁਮਕ ਗਈ ਏਂ ਨਾਲ ਖੇੜਿਆਂ ਦੇ, ਸਾਡੀ ਗੱਲ ਗਵਾਈਆ ਹਾਸਿਆਂ ਤੇ ।
ਸਾਨੂੰ ਮਾਰ ਕੇ ਹਾਲ ਬੇਹਾਲ ਕੀਤੋ, ਆਪ ਹੋਈ ਏਂ ਦਾਬਿਆਂ ਧਾਸਿਆਂ ਤੇ ।
ਸਾਢੇ ਤਿੰਨ ਮਣ ਦਿਹ ਮੈਂ ਫ਼ਿਦਾ ਕੀਤੀ, ਅੰਤ ਹੋਈ ਹੈ ਤੋਲਿਆਂ ਮਾਸਿਆਂ ਤੇ ।
ਸ਼ਸ਼ ਪੰਜ ਬਾਰਾਂ ਦੱਸਣ ਤਿੰਨ ਕਾਣੇ, ਲਿਖੇ ਏਸ ਜ਼ਮਾਨੇ ਦੇ ਪਾਸਿਆਂ ਤੇ ।
ਵਾਰਿਸ ਸ਼ਾਹ ਵਸਾਹ ਕੀ ਜ਼ਿੰਦਗੀ ਦਾ, ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ ।
ਜੋ ਕੋ ਏਸ ਜਹਾਨ ਤੇ ਆਦਮੀ ਹੈ, ਰੌਂਦਾ ਮਰੇਗਾ ਉਮਰ ਥੀਂ ਝੂਰਦਾ ਈ ।
ਸਦਾ ਖ਼ੁਸ਼ੀ ਨਾਹੀਂ ਕਿਸੇ ਨਾਲ ਨਿਭਦੀ, ਏਹ ਜ਼ਿੰਦਗੀ ਨੇਸ਼ ਜ਼ੰਬੂਰ ਦਾ ਈ ।
ਬੰਦਾ ਜੀਵਣੇ ਦੀਆਂ ਨਿਤ ਕਰੇ ਆਸਾਂ, ਇਜ਼ਰਾਈਲ ਸਿਰੇ ਉੱਤੇ ਘੂਰਦਾ ਈ ।
ਵਾਰਿਸ ਸ਼ਾਹ ਇਸ ਇਸ਼ਕ ਦੇ ਕਰਨਹਾਰਾ, ਵਾਲ ਵਾਲ ਤੇ ਖਾਰ ਖਜੂਰ ਦਾ ਈ ।
ਤੁਸੀਂ ਕਰੋ ਜੇ ਹੁਕਮ ਤਾਂ ਘਰ ਜਾਈਏ, ਨਾਲ ਸਹਿਤੀ ਦੇ ਸਾਜ਼ ਬਨਾਈਏ ਜੀ ।
ਬਹਿਰ ਇਸ਼ਕ ਦਾ ਖ਼ੁਸ਼ਕ ਗ਼ਮ ਨਾਲ ਹੋਇਆ, ਮੀਂਹ ਅਕਲ ਦੇ ਨਾਲ ਭਰਾਈਏ ਜੀ ।
ਕਿਵੇਂ ਕਰਾਂ ਕਸ਼ਾਇਸ਼ ਮੈਂ ਅਕਲ ਵਾਲੀ, ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ ।
ਜਾ ਤਿਆਰੀਆਂ ਟੁਰਨ ਦੀਆਂ ਝਬ ਕਰੀਏ, ਸਾਨੂੰ ਸੱਜਣੋਂ ਹੁਕਮ ਕਰਾਈਏ ਜੀ ।
ਹਜ਼ਰਤ ਸੂਰਾ ਇਖ਼ਲਾਸ ਲਿਖ ਦੇਵੋ ਮੈਨੂੰ, ਫਾਲ ਕੁਰ੍ਹਾ ਨਜ਼ੂਮ ਦਾ ਪਾਈਏ ਜੀ ।
ਖੋਲ੍ਹੋ ਫ਼ਾਲ-ਨਾਮਾ ਤੇ ਦੀਵਾਨ ਹਾਫ਼ਿਜ਼, ਵਾਰਿਸ ਸ਼ਾਹ ਥੀਂ ਫ਼ਾਲ ਕਢਾਈਏ ਜੀ ।
ਅੱਵਲ ਪੈਰ ਪਕੜੇ ਇਅਤਕਾਦ ਕਰਕੇ, ਫੇਰ ਨਾਲ ਕਲੇਜੇ ਦੇ ਲੱਗ ਗਈ ।
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ, ਵੇਖੋ ਜਲ ਪਤੰਗ ਤੇ ਅੱਗ ਗਈ ।
ਕਿਹੀ ਲਗ ਗਈ ਚਿਣਗ ਜੱਗ ਗਈ, ਖ਼ਬਰ ਜੱਗ ਗਈ ਵੱਜ ਧਰੱਗ ਗਈ ।
ਯਾਰੋ ਠਗਾਂ ਦੀ ਰਿਉੜੀ ਹੀਰ ਜੱਟੀ, ਮੂੰਹ ਲਗਦਿਆਂ ਯਾਰ ਨੂੰ ਠੱਗ ਗਈ ।
ਲੱਗਾ ਮਸਤ ਹੋ ਕਮਲੀਆਂ ਕਰਨ ਗੱਲਾਂ, ਦੁਆ ਕਿਸੇ ਫ਼ਕੀਰ ਦੀ ਵੱਗ ਗਈ ।
ਅੱਗੇ ਧੂੰਆਂ ਧੁਖੇਂਦੜਾ ਜੋਗੀੜੇ ਦਾ, ਉਤੋਂ ਫੂਕ ਕੇ ਝੁੱਗੜੇ ਅੱਗ ਗਈ ।
ਯਾਰ ਯਾਰ ਦਾ ਬਾਗ਼ ਵਿੱਚ ਮੇਲ ਹੋਇਆ, ਗੱਲ ਆਮ ਮਸ਼ਹੂਰ ਹੋ ਜੱਗ ਗਈ ।
ਵਾਰਿਸ ਤਰੁਟਿਆਂ ਨੂੰ ਰਬ ਮੇਲਦਾ ਏ, ਵੇਖੋ ਕਮਲੜੇ ਨੂੰ ਪਰੀ ਲੱਗ ਗਈ ।
ਹੀਰ ਹੋ ਰੁਖ਼ਸਤ ਰਾਂਝੇ ਯਾਰ ਕੋਲੋਂ, ਆਖੇ ਸਹਿਤੀਏ ਮਤਾ ਪਕਾਈਏ ਨੀ ।
ਠੂਠਾ ਭੰਨ ਫ਼ਕੀਰ ਨੂੰ ਕੱਢਿਆ ਸੀ, ਕਿਵੇਂ ਓਸ ਨੂੰ ਖ਼ੈਰ ਭੀ ਪਾਈਏ ਨੀ ।
ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ, ਨਾਲ ਕਰਮ ਦੇ ਬੰਨੜੇ ਲਾਈਏ ਨੀ ।
ਮੇਰੇ ਵਾਸਤੇ ਓਸ ਨੇ ਲਏ ਤਰਲੇ, ਕਿਵੇਂ ਓਸ ਦੀ ਆਸ ਪੁਜਾਈਏ ਨੀ ।
ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ, ਦੋਵੇਂ ਆਪਣੇ ਯਾਰ ਹੰਢਾਈਏ ਨੀ ।
ਰਾਂਝਾ ਕੰਨ ਪੜਾ ਫ਼ਕੀਰ ਹੋਇਆ, ਸਿਰ ਓਸ ਦੇ ਵਾਰੀ ਚੜ੍ਹਾਈਏ ਨੀ ।
ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ, ਕਿਵੇਂ ਸਹਿਤੀਏ ਡੌਲ ਬਣਾਈਏ ਨੀ ।
ਹੋਇਆ ਮੇਲ ਜਾਂ ਚਿਰੀਂ ਵਿਛੁੰਨਿਆਂ ਦਾ, ਯਾਰ ਰੱਜ ਕੇ ਗਲੇ ਲਗਾਈਏ ਨੀ ।
ਜੀਊ ਆਸ਼ਕਾਂ ਦਾ ਅਰਸ਼ ਰੱਬ ਦਾ ਹੈ, ਕਿਵੇਂ ਓਸ ਨੂੰ ਠੰਢ ਪਵਾਈਏ ਨੀ ।
ਕੋਈ ਰੋਜ਼ ਦਾ ਹੁਸਨ ਪਰਾਹੁਣਾ ਈ, ਮਜ਼ੇ ਖ਼ੂਬੀਆਂ ਨਾਲ ਹੰਢਾਈਏ ਨੀ ।
ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ, ਕੋਈ ਆਉ ਖਾਂ ਮਕਰ ਫੈਲਾਈਏ ਨੀ ।
ਬਾਗ਼ ਜਾਂਦੀਆਂ ਅਸੀਂ ਨਾ ਸੁੰਹਦੀਆਂ ਹਾਂ, ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ ।
ਗਲ ਘੱਤ ਪੱਲਾ ਮੂੰਹ ਘਾਹ ਲੈ ਕੇ, ਪੈਰੀਂ ਲੱਗ ਕੇ ਪੀਰ ਮਨਾਈਏ ਨੀ ।
ਵਾਰਿਸ ਸ਼ਾਹ ਗੁਨਾਹਾਂ ਦੇ ਅਸੀਂ ਲੱਦੇ, ਚਲੋ ਕੁੱਲ ਤਕਸੀਰ ਬਖ਼ਸ਼ਾਈਏ ਨੀ ।
ਅੱਗੋਂ ਰਾਇਬਾਂ ਸੈਰਫ਼ਾਂ ਬੋਲੀਆਂ ਨੇ, ਕੇਹਾ ਭਾਬੀਏ ਨੀ ਮੱਥਾ ਖੇੜਿਆ ਈ ।
ਭਾਬੀ ਆਖ ਕੀ ਲਧੀਉ ਟਹਿਕ ਆਈਏਂ, ਸੋਇਨ ਚਿੜੀ ਵਾਂਗੂੰ ਰੰਗ ਫੇਰਿਆ ਈ ।
ਮੋਈ ਗਈ ਸੈਂ ਜਿਉਂਦੀ ਆ ਵੜੀਏਂ, ਸੱਚ ਆਖ ਕੀ ਸਹਿਜ ਸਹੇੜਿਆ ਈ ।
ਅੱਜ ਰੰਗ ਤੇਰਾ ਭਲਾ ਨਜ਼ਰ ਆਇਆ, ਸਭੋ ਸੁਖ ਤੇ ਦੁਖ ਨਿਬੇੜਿਆ ਈ ।
ਨੈਣ ਸ਼ੋਖ ਹੋਏ ਰੰਗ ਚਮਕ ਆਇਆ, ਕੋਈ ਜ਼ੋਬਨੇ ਦਾ ਖੂਹ ਗੇੜਿਆ ਈ ।
ਆਸ਼ਕ ਮਸਤ ਹਾਥੀ ਭਾਵੇਂ ਬਾਗ਼ ਵਾਲਾ, ਤੇਰੀ ਸੰਗਲੀ ਨਾਲ ਖਹੇੜਿਆ ਈ ।
ਕਦਮ ਚੁਸਤ ਤੇ ਸਾਫ਼ ਕਨੌਤੀਆਂ ਨੇ, ਹੱਕ ਚਾਬਕ ਅਸਵਾਰ ਨੇ ਫੇਰਿਆ ਈ ।
ਵਾਰਿਸ ਸ਼ਾਹ ਅੱਜ ਹੁਸਨ ਮੈਦਾਨ ਚੜ੍ਹ ਕੇ, ਘੋੜਾ ਸ਼ਾਹ ਅਸਵਾਰ ਨੇ ਫੇਰਿਆ ਈ ।
ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ ਹੋਈਆਂ, ਡੁੱਕਾਂ ਭੰਨ ਚੋਲੀ ਵਿੱਚ ਟੇਲੀਆਂ ਨੀ ।
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ, ਪੇਡੂ ਨਾਲ ਵਲੂੰਧਰਾਂ ਮੇਲੀਆਂ ਨੀ ।
ਕਿਸੇ ਅੰਬ ਤੇਰੇ ਅੱਜ ਚੂਪ ਲਏ, ਤਿਲ ਪੀੜ ਕਢੇ ਜਿਵੇਂ ਤੇਲੀਆਂ ਨੀ ।
ਤੇਰਾ ਕਿਸੇ ਨਢੇ ਨਾਲ ਮੇਲ ਹੋਇਆ, ਧਾਰਾਂ ਕਜਲੇ ਦੀਆਂ ਸੁਰਮੀਲੀਆਂ ਨੀ ।
ਤੇਰੀਆਂ ਗੱਲ੍ਹਾਂ ਤੇ ਦੰਦਾਂ ਦੇ ਦਾਗ਼ ਦਿੱਸਣ, ਅੱਜ ਸੋਧੀਆਂ ਠਾਕਰਾਂ ਚੇਲੀਆਂ ਨੀ ।
ਅੱਜ ਨਹੀਂ ਇਆਲੀਆਂ ਖ਼ਬਰ ਲੱਧੀ, ਬਘਿਆੜਾਂ ਨੇ ਰੋਲੀਆਂ ਛੇਲੀਆਂ ਨੀ ।
ਅੱਜ ਖੇੜਿਆਂ ਨੇ ਨਾਲ ਮਸਤੀਆਂ ਦੇ, ਹਾਥੀਵਾਨਾਂ ਨੇ ਹਥਣੀਆਂ ਪੇਲੀਆਂ ਨੀ ।
ਛੁੱਟਾ ਝਾਂਜਰਾਂ ਬਾਗ਼ ਦੇ ਸੁਫ਼ੇ ਵਿੱਚੋਂ, ਗਾਹ ਕੱਢੀਆਂ ਸਭ ਹਵੇਲੀਆਂ ਨੀ ।
ਥੱਕ ਹੁੱਟ ਕੇ ਘਰਕਦੀ ਆਣ ਪਈਏਂ, ਵਾਰਿਸ ਮੁੱਠੀਆਂ ਭਰਨ ਸਹੇਲੀਆਂ ਨੀ ।
ਸਭੋ ਮਲ ਦਲ ਸੁਟੀਏਂ ਵਾਂਗ ਫੁੱਲਾਂ, ਝੋਕਾਂ ਤੇਰੀਆਂ ਮਾਣੀਆਂ ਬੇਲੀਆਂ ਨੇ ।
ਕਿਸੇ ਜ਼ੋਮ ਭਰੇ ਫੜ ਨੱਪੀਏਂ ਤੂੰ, ਧੜਕੇ ਕਾਲਜਾ ਪੌਂਦੀਆਂ ਤ੍ਰੇਲੀਆਂ ਨੇ ।
ਵੀਰਾਂ ਵਹੁਟੀਆਂ ਦਾ ਖੁੱਲ੍ਹਾ ਅੱਜ ਬਾਰਾ, ਕੌਂਤਾਂ ਰਾਵੀਆਂ ਢਾਹ ਕੇ ਮੇਲੀਆਂ ਨੇ ।
ਕਿਸੇ ਲਈ ਉੁਸ਼ਨਾਕ ਨੇ ਜਿਤ ਬਾਜ਼ੀ, ਪਾਸਾ ਲਾਇਕੇ ਬਾਜ਼ੀਆਂ ਖੇਲੀਆਂ ਨੇ ।
ਸੂਬਾਦਾਰ ਨੇ ਕਿਲੇ ਨੂੰ ਢੋ ਤੋਪਾਂ, ਕਰਕੇ ਜ਼ੇਰ ਸਭ ਰਈਅਤਾਂ ਮੇਲੀਆਂ ਨੇ ।
ਜਿਵੇਂ ਸੋਹਣੇ ਆਦਮੀ ਫਿਰਨ ਬਾਹਰ, ਕਿਚਰਕ ਦੌਲਤਾਂ ਰਹਿਣ ਛੁਪਾਈਆਂ ਨੇ ।
ਅੱਜ ਭਾਵੇਂ ਤਾਂ ਬਾਗ਼ ਵਿੱਚ ਈਦ ਹੋਈ, ਖਾਧੀਆਂ ਭੁਖਿਆਂ ਨੇ ਮਠਿਆਈਆਂ ਨੇ ।
ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ, ਜਮ ਜਮ ਜਾਣ ਬਾਗ਼ੀਂ ਭਰਜਾਈਆਂ ਨੇ ।
ਵਸੇ ਬਾਗ਼ ਜੁੱਗਾਂ ਤਾਈਂ ਸਣੇ ਭਾਬੀ, ਜਿੱਥੇ ਪੀਣ ਫ਼ਕੀਰ ਮਲਾਈਆਂ ਨੇ ।
ਖ਼ਾਕ ਤੋਦਿਆਂ ਤੇ ਵੱਡੇ ਤੀਰ ਛੁੱਟੇ, ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨੇ ।
ਅੱਜ ਜੋ ਕੋਈ ਬਾਗ਼ ਵਿੱਚ ਜਾ ਵੜਿਆ, ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੇ ।
ਪਾਣੀ ਬਾਝ ਸੁੱਕੀ ਦਾੜ੍ਹੀ ਖੇੜਿਆਂ ਦੀ, ਅੱਜ ਮੁੰਨ ਕਢੀ ਦੋਹਾਂ ਨਾਈਆਂ ਨੇ ।
ਸਿਆਹ ਭੌਰ ਹੋਈਆਂ ਚਸ਼ਮਾਂ ਪਿਆਰਿਆਂ ਦੀਆਂ, ਭਰ ਭਰ ਪਾਉਂਦੇ ਰਹੇ ਸਲਾਈਆਂ ਨੇ ।
ਅੱਜ ਆਬਦਾਰੀ ਚੜ੍ਹੀ ਮੋਤੀਆਂ ਨੂੰ, ਜੀਊ ਆਈਆਂ ਭਾਬੀਆਂ ਆਈਆਂ ਨੇ ।
ਵਾਰਿਸ ਸ਼ਾਹ ਹੁਣ ਪਾਣੀਆਂ ਜ਼ੋਰ ਕੀਤਾ, ਬਹੁਤ ਖ਼ੁਸ਼ੀ ਕੀਤੀ ਮੁਰਗ਼ਾਈਆਂ ਨੇ ।
ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ, ਅੱਜ ਕਿਸੇ ਉਸ਼ਨਾਕ ਨੇ ਲੁੱਟ ਲਏ ।
ਤੇਰੇ ਸੀਨੇ ਨੂੰ ਕਿਸੇ ਟਟੋਲਿਆ ਈ, ਨਾਫੇ ਮੁਸ਼ਕ ਵਾਲੇ ਦੋਵੇਂ ਪੁਟ ਲਏ ।
ਜਿਹੜੇ ਨਿਤ ਨਿਸ਼ਾਨ ਛੁਪਾਂਵਦੀ ਸੈਂ, ਕਿਸੇ ਤੀਰ ਅੰਦਾਜ਼ ਨੇ ਚੁੱਟ ਲਏ ।
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ, ਵਿੱਚੇ ਫੁੱਲ ਗੁਲਾਬ ਦੇ ਘੁਟ ਲਏ ।
ਕਿਸੇ ਹੋ ਬੇਦਰਦ ਕਸ਼ੀਸ਼ ਦਿੱਤੀ, ਬੰਦ ਬੰਦ ਕਮਾਨ ਦੇ ਤਰੁਟ ਗਏ ।
ਆਖ ਕਿਨ੍ਹਾਂ ਫੁਲੇਲਿਆਂ ਪੀੜੀਏਂ ਤੂੰ, ਇਤਰ ਕੱਢ ਕੇ ਫੋਗ ਨੂੰ ਸੱਟ ਗਏ ।
ਤੇਰੀ ਗਾਧੀ ਨੂੰ ਅੱਜ ਕਿਸੇ ਧੱਕਿਆ ਈ, ਕਿਸੇ ਅੱਜ ਤੇਰਾ ਖੂਹਾ ਗੇੜਿਆ ਈ ।
ਲਾਇਆ ਰੰਗ ਨਿਸੰਗ ਮਲੰਗ ਭਾਵੇਂ, ਅੱਗ ਨਾਲ ਤੇਰੇ ਅੰਗ ਭੇੜਿਆ ਈ ।
ਲਾਹ ਚੱਪਣੀ ਦੁੱਧ ਦੀ ਦੇਗਚੀ ਦੀ, ਕਿਸੇ ਅੱਜ ਮਲਾਈ ਨੂੰ ਛੇੜਿਆ ਈ ।
ਸੁਰਮੇਦਾਨੀ ਦਾ ਲਾਹ ਬਰੋਚਨਾ ਨੀ, ਸੁਰਮੇ ਸੁਰਮਚੂ ਕਿਸੇ ਲਿਬੇੜਿਆ ਈ ।
ਵਾਰਿਸ ਸ਼ਾਹ ਤੈਨੂੰ ਪਿੱਛੋਂ ਆਇ ਮਿਲਿਆ, ਇੱਕੇ ਨਵਾਂ ਹੀ ਕੋਈ ਸਹੇੜਿਆ ਈ ।
ਭਾਬੀ ਅੱਜ ਜੋਬਨ ਤੇਰੇ ਲਹਿਰ ਦਿੱਤੀ, ਜਿਵੇਂ ਨਦੀ ਦਾ ਨੀਰ ਉੱਛੱਲਿਆ ਈ ।
ਤੇਰੀ ਚੋਲੀ ਦੀਆਂ ਢਿੱਲੀਆਂ ਹੈਣ ਤਣੀਆਂ, ਤੈਨੂੰ ਕਿਸੇ ਮਹਿਬੂਬ ਪਥੱਲਿਆ ਈ ।
ਕੁਫ਼ਲ ਜੰਦਰੇ ਤੋੜ ਕੇ ਚੋਰ ਵੜਿਆ, ਅੱਜ ਬੀੜਾ ਕਸਤੂਰੀ ਦਾ ਹੱਲਿਆ ਈ ।
ਸੂਹਾ ਘੱਗਰਾ ਲਹਿਰਾਂ ਦੇ ਨਾਲ ਉਡੇ, ਬੋਕਬੰਦ ਦੋ-ਚੰਦ ਹੋ ਚੱਲਿਆ ਈ ।
ਸੁਰਖ਼ੀ ਹੋਠਾਂ ਦੀ ਕਿਸੇ ਨੇ ਚੂਪ ਲਈ, ਅੰਬ ਸੱਖਣਾਂ ਮੋੜ ਕੇ ਘੱਲਿਆ ਈ ।
ਕਸਤੂਰੀ ਦੇ ਮਿਰਗ ਜਿਸ ਢਾਹ ਲਏ, ਕੋਈ ਵੱਡਾ ਹੇੜੀ ਆ ਮਿਲਿਆ ਈ ।
ਤੇਰੇ ਸਿਆਹ ਤਤੋਲੜੇ ਕੱਜਲੇ ਦੇ, ਠੋਡੀ ਅਤੇ ਗੱਲ੍ਹਾਂ ਉਤੋਂ ਗੁੰਮ ਗਏ ।
ਤੇਰੇ ਫੁਲ ਗੁਲਾਬ ਦੇ ਲਾਲ ਹੋਏ, ਕਿਸੇ ਘੇਰ ਕੇ ਰਾਹ ਵਿੱਚ ਚੁੰਮ ਲਏ ।
ਤੇਰੇ ਖਾਂਚੇ ਇਹ ਸ਼ੱਕਰ ਪਾਰਿਆਂ ਦੇ, ਹੱਥ ਮਾਰ ਕੇ ਭੁੱਖਿਆਂ ਲੁੰਮ ਲਏ ।
ਧਾੜਾ ਮਾਰ ਕੇ ਧਾੜਵੀ ਮੇਵਿਆਂ ਦੇ, ਚੱਲੇ ਝਾੜ ਬੂਟੇ ਕਿਤੇ ਗੁੰਮ ਗਏ ।
ਵੱਡੇ ਵਣਜ ਹੋਏ ਅੱਜ ਜੋਬਨਾਂ ਦੇ, ਕੋਈ ਨਵੇਂ ਵਣਜਾਰੇ ਘੁੰਮ ਗਏ ।
ਕੋਈ ਧੋਬੀ ਵਲਾਇਤੋਂ ਆ ਲੱਥਾ, ਸਰੀ ਸਾਫ਼ ਦੇ ਥਾਨ ਚੜ੍ਹ ਖੁੰਮ ਗਏ ।
ਤੇਰੀ ਚੋਲੀ ਵਲੂੰਧਰੀ ਸਣੇ ਸੀਨੇ, ਪੇਂਜੇ ਤੂੰਬਿਆਂ ਨੂੰ ਜਿਵੇਂ ਤੁੰਮ ਗਏ ।
ਖੇੜੇ ਕਾਬਲੀ ਕੁੱਤਿਆਂ ਵਾਂਗ ਏਥੇ, ਵਢਵਾਇ ਕੇ ਕੰਨ ਤੇ ਦੁੰਮ ਗਏ ।
ਵਾਰਿਸ ਸ਼ਾਹ ਅਚੰਬੜਾ ਨਵਾਂ ਹੋਇਆ, ਸੁੱਤੇ ਪਾਹਰੂ ਨੂੰ ਚੋਰ ਟੁੰਮ ਗਏ ।
ਕਿਸੇ ਕੇਹੇ ਨਪੀੜੇਨੇ ਪੀੜੀਏਂ ਤੂੰ, ਤੇਰਾ ਰੰਗ ਹੈ ਤੋਰੀ ਦੇ ਫੁੱਲ ਦਾ ਨੀ ।
ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੇ, ਇਹ ਤਾਂ ਕੰਮ ਹੋਇਆ ਹਿਲਜੁੱਲ ਦਾ ਨੀ ।
ਤੇਰਾ ਲੱਕ ਕਿਸੇ ਪਾਇਮਾਲ ਕੀਤਾ, ਢੱਗਾ ਜੋਤਰੇ ਜਿਵੇਂ ਹੈ ਘੁੱਲਦਾ ਨੀ ।
ਵਾਰਿਸ ਸ਼ਾਹ ਮੀਆਂ ਇਹ ਦੁਆ ਮੰਗੋ, ਖੁੱਲ੍ਹ ਜਾਏ ਬਾਰਾ ਅੱਜ ਕੁੱਲ ਦਾ ਨੀ ।
ਪਰਨੇਹਾਂ ਦਾ ਮੈਨੂੰ ਅਸਰ ਹੋਇਆ, ਰੰਗ ਜ਼ਰਦ ਹੋਇਆ ਏਸੇ ਵਾਸਤੇ ਨੀ ।
ਛਾਪਾਂ ਖੁੱਭ ਗਈਆਂ ਗੱਲ੍ਹਾਂ ਮੇਰੀਆਂ ਤੇ, ਦਾਗ਼ ਲਾਲ ਪਏ ਏਸੇ ਵਾਸਤੇ ਨੀ ।
ਕੱਟੇ ਜਾਂਦੇ ਨੂੰ ਭਜ ਕੇ ਮਿਲੀ ਸਾਂ ਮੈਂ, ਤਾਣੀਆਂ ਢਿੱਲੀਆਂ ਨੇ ਏਸੇ ਵਾਸਤੇ ਨੀ ।
ਰੁੰਨੀ ਅਥਰੂ ਡੁੱਲ੍ਹੇ ਸਨ ਮੁਖੜੇ ਤੇ, ਘੁਲ ਗਏ ਤਤੋਲੜੇ ਪਾਸਤੇ ਨੀ ।
ਮੂਧੀ ਪਈ ਬਨੇਰੇ ਤੇ ਵੇਖਦੀ ਸਾਂ, ਪੇਡੂ ਲਾਲ ਹੋਏ ਏਸੇ ਵਾਸਤੇ ਨੀ ।
ਸੁਰਖਖ਼ੀ ਹੋਠਾਂ ਦੀ ਆਪ ਮੈਂ ਚੂਪ ਲਈ, ਰੰਗ ਉਡ ਗਿਆ ਏਸੇ ਵਾਸਤੇ ਨੀ ।
ਕੱਟਾ ਘੁਟਿਆ ਵਿੱਚ ਗਲਵੱਕੜੀ ਦੇ, ਡੁੱਕਾਂ ਲਾਲ ਹੋਈਆਂ ਏਸੇ ਵਾਸਤੇ ਨੀ ।
ਮੇਰੇ ਪੇਡੂ ਨੂੰ ਕੱਟੇ ਨੇ ਢੁੱਡ ਮਾਰੀ, ਲਾਸਾਂ ਬਖਲਾਂ ਦੀਆਂ ਮੇਰੇ ਮਾਸ ਤੇ ਨੀ ।
ਹੋਰ ਪੁਛ ਵਾਰਿਸ ਮੈਂ ਗ਼ਰੀਬਣੀ ਨੂੰ, ਕੀ ਆਖਦੇ ਲੋਕ ਮੁਹਾਸਤੇ ਨੀ ।
ਭਾਬੀ ਅੱਖੀਆਂ ਦੇ ਰੰਗ ਰੱਤ ਵੰਨੇ, ਤੈਨੂੰ ਹੁਸਨ ਚੜ੍ਹਿਆ ਅਨਿਆਉਂ ਦਾ ਨੀ ।
ਅੱਜ ਧਿਆਨ ਤੇਰਾ ਆਸਮਾਨ ਉੱਤੇ, ਤੈਨੂੰ ਆਦਮੀ ਨਜ਼ਰ ਨਾ ਆਉਂਦਾ ਨੀ ।
ਤੇਰੇ ਸੁਰਮੇ ਦੀਆਂ ਧਾਰੀਆਂ ਦੌੜ ਰਹੀਆਂ, ਜਿਵੇਂ ਕਾਟਕੂ ਮਾਲ ਤੇ ਧਾਉਂਦਾ ਨੀ ।
ਰਾਜਪੂਤ ਮੈਦਾਨ ਵਿੱਚ ਲੜਣ ਤੇਗ਼ਾਂ, ਅੱਗੇ ਢਾਡੀਆਂ ਦਾ ਪੁੱਤ ਗਾਉਂਦਾ ਨੀ ।
ਰੁਖ ਹੋਰ ਦਾ ਹੋਰ ਹੈ ਅੱਜ ਵਾਰਿਸ, ਚਾਲਾ ਨਵਾਂ ਕੋਈ ਨਜ਼ਰ ਆਉਂਦਾ ਨੀ ।
ਮੁੱਠੀ ਮੁੱਠੀ ਮੈਨੂੰ ਕੋਈ ਅਸਰ ਹੋਇਆ, ਅੱਜ ਕੰਮ ਤੇ ਜੀਊ ਨਾ ਲਗਦਾ ਨੀ ।
ਭੁੱਲੀ ਵਿਸਰੀ ਬੂਟੀ ਉਲੰਘ ਆਈ, ਇੱਕੇ ਪਿਆ ਭੁਲਾਵੜਾ ਠੱਗ ਦਾ ਨੀ ।
ਤੇਵਰ ਲਾਲ ਮੈਨੂੰ ਅੱਜ ਖੇੜਿਆਂ ਦਾ, ਜਿਵੇਂ ਲੱਗੇ ਉਲੰਬੜਾ ਅੱਗ ਦਾ ਨੀ ।
ਅੱਜ ਯਾਦ ਆਏ ਮੈਨੂੰ ਸੇਈ ਸੱਜਣ, ਜੈਂਦਾ ਮਗਰ ਉਲਾਂਭੜਾ ਜੱਗ ਦਾ ਨੀ ।
ਖੁਲ੍ਹ ਖੁਲ੍ਹ ਜਾਂਦੇ ਬੰਦ ਚੋਲੜੀ ਦੇ, ਅੱਜ ਗਲੇ ਮੇਰੇ ਕੋਈ ਲੱਗਦਾ ਨੀ ।
ਘਰ ਬਾਰ ਵਿੱਚੋਂ ਡਰਨ ਆਂਵਦਾ ਹੈ, ਜਿਵੇਂ ਕਿਸੇ ਤਤਾਰਚਾ ਵੱਗਦਾ ਨੀ ।
ਇੱਕੇ ਜੋਬਨੇ ਦੀ ਨਈਂ ਨੇ ਠਾਠ ਦਿੱਤੀ, ਬੂੰਬਾ ਆਂਵਦਾ ਪਾਣੀ ਤੇ ਝੱਗਦਾ ਨੀ ।
ਵਾਰਿਸ ਸ਼ਾਹ ਬੁਲਾਉ ਨਾ ਮੂਲ ਮੈਨੂੰ, ਸਾਨੂੰ ਭਲਾ ਨਾਹੀਂ ਕੋਈ ਲੱਗਦਾ ਨੀ ।
ਅੱਜ ਕਿਸੇ ਭਾਬੀ ਤੇਰੇ ਨਾਲ ਕੀਤੀ, ਚੋਰ ਯਾਰ ਫੜੇ ਗੁਨਾਹਗਾਰੀਆਂ ਨੂੰ ।
ਭਾਬੀ ਅੱਜ ਤੇਰੀ ਗੱਲ ਉਹ ਬਣੀ, ਦੁੱਧ ਹੱਥ ਲੱਗਾ ਦੁਧਾਧਾਰੀਆਂ ਨੂੰ ।
ਤੇਰੇ ਨੈਣਾਂ ਦੀਆਂ ਨੋਕਾਂ ਦੇ ਖ਼ਤ ਬਣਦੇ, ਵਾਢ ਮਿਲੀ ਹੈ ਜਿਵੇਂ ਕਟਾਰੀਆਂ ਨੂੰ ।
ਹੁਕਮ ਹੋਰ ਦਾ ਹੋਰ ਅੱਜ ਹੋ ਗਿਆ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ ।
ਤੇਰੇ ਜੋਬਨੇ ਦਾ ਰੰਗ ਕਿਸੇ ਲੁਟਿਆ, ਹਨੂਮਾਨ ਜਿਉਂ ਲੰਕ ਅਟਾਰੀਆਂ ਨੂੰ ।
ਹੱਥ ਲੱਗ ਗਈ ਏਂ ਕਿਸੇ ਯਾਰ ਤਾਈਂ, ਜਿਵੇਂ ਕਸਤੂਰੀ ਦਾ ਭਾਅ ਵਪਾਰੀਆਂ ਨੂੰ ।
ਤੇਰੀ ਤੱਕੜੀ ਦੀਆਂ ਕਸਾਂ ਢਿਲੀਆਂ ਨੇ, ਕਿਸੇ ਤੋਲਿਆ ਲੌਂਗ ਸੁਪਾਰੀਆਂ ਨੂੰ ।
ਜਿਹੜੇ ਨਿੱਤ ਸਵਾਹ ਵਿੱਚ ਲੇਟਦੇ ਸਨ, ਅਜ ਲੈ ਬੈਠੇ ਸਰਦਾਰੀਆਂ ਨੂੰ ।
ਅੱਜ ਸਿਕਦਿਆਂ ਕਵਾਰੀਆਂ ਕਰਮ ਖੁਲ੍ਹੇ, ਨਿਤ ਢੂੰਡਦੇ ਸਨ ਜਿਹੜੇ ਯਾਰੀਆਂ ਨੂੰ ।
ਚੂੜੇ ਬੀੜੇ ਤੇ ਚੌੜ ਸ਼ਿੰਗਾਰ ਹੋਏ, ਠੋਕਰ ਲਗ ਗਈ ਮਨਿਆਰੀਆਂ ਨੂੰ ।
ਵਾਰਿਸ ਸ਼ਾਹ ਜਿਨ੍ਹਾਂ ਮਲੇ ਇਤਰ ਸ਼ੀਸ਼ੇ, ਉਹਨਾਂ ਕੀ ਕਰਨਾ ਫ਼ੌਜਦਾਰੀਆਂ ਨੂੰ ।
ਕੇਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ, ਖ਼ੁਆਰ ਕੀਤਾ ਜੇ ਮੈਂ ਨਿੱਘਰ ਜਾਂਦੜੀ ਨੂੰ ।
ਭੱਈਆਂ ਪਿੱਟੜੀ ਕਦੋਂ ਮੈਂ ਗਈ ਕਿਧਰੇ, ਕਿਉ ਰਵਾਇਆ ਜੇ ਮੁਣਸ ਖਾਂਦੜੀ ਨੂੰ ।
ਛੱਜ ਛਾਣਨੀ ਘੱਤ ਉਡਾਇਆ ਜੇ, ਮਾਪੇ ਪਿੱਟੜੀ ਤੇ ਲੁੜ੍ਹ ਜਾਂਦੜੀ ਨੂੰ ।
ਵਾਰਿਸ ਸ਼ਾਹ ਦੇ ਢਿਡ ਵਿੱਚ ਸੂਲ ਹੁੰਦਾ, ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ ।
ਕਿਸੇ ਹੋ ਬੇਦਰਦ ਲਗਾਮ ਦਿੱਤੀ, ਅੱਡੀਆਂ ਵੱਖੀਆਂ ਵਿੱਚ ਚੁਭਾਈਆਂ ਨੇ ।
ਢਿੱਲਿਆਂ ਹੋ ਕੇ ਕਿਸੇ ਮੈਦਾਨ ਦਿੱਤਾ, ਲਈਆਂ ਕਿਸੇ ਮਹਿਬੂਬ ਸਫ਼ਾਈਆਂ ਨੇ ।
ਸਿਆਹ ਕਾਲਾ ਹੋਠਾਂ ਤੇ ਲਹੂ ਲੱਗਾ, ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੇ ।
ਵਾਰਿਸ ਸ਼ਾਹ ਮੀਆਂ ਹੋਣੀ ਹੋ ਰਹੀ, ਹੁਣ ਕੇਹੀਆਂ ਰਿੱਕਤਾਂ ਚਾਈਆਂ ਨੇ ।
ਲੁੜ੍ਹ ਗਈ ਜੇ ਮੈਂ ਧਰਤ ਪਾਟ ਚੱਲੀ, ਕੁੜੀਆਂ ਪਿੰਡ ਦੀਆਂ ਅੱਜ ਦੀਵਾਨੀਆਂ ਨੇ ।
ਚੋਚੇ ਲਾਉਂਦੀਆਂ ਧੀਆਂ ਪਰਾਈਆਂ ਨੂੰ, ਬੇਦਰਦ ਤੇ ਅੰਤ ਬੇਗਾਨੀਆਂ ਨੇ ।
ਮੈਂ ਬੇਦੋਸੜੀ ਅਤੇ ਬੇਖ਼ਬਰ ਤਾਈਂ, ਰੰਗ ਰੰਗ ਦੀਆਂ ਲਾਂਦੀਆਂ ਕਾਨੀਆਂ ਨੇ ।
ਮਸਤ ਫਿਰਨ ਉਤਮਾਦ ਦੇ ਨਾਲ ਭਰੀਆਂ, ਟੇਢੀ ਚਾਲ ਚੱਲਣ ਮਸਤਾਨੀਆਂ ਨੇ ।
ਭਾਬੀ ਜਾਣਨੇ ਹਾਂ ਅਸੀਂ ਸਭ ਚਾਲੇ, ਜਿਹੜੇ ਮੂੰਗ ਤੇ ਚਣੇ ਖਿਡਾਵਨੀ ਹੈਂ ।
ਆਪ ਖੇਡੇ ਹੈਂ ਤੂੰ ਗੁਹਤਾਲ ਚਾਲੇ, ਸਾਨੂੰ ਹਸਤੀਆਂ ਚਾਇ ਬਣਾਵਨੀ ਹੈ ।
ਚੀਚੋਚੀਚ ਕੰਧੋਲੀਆਂ ਆਪ ਖੇਡੇਂ, ਅੱਡੀ ਟਾਪਿਆਂ ਨਾਲ ਵਿਲਾਵਨੀ ਹੈਂ ।
ਆਪ ਰਹੇਂ ਬੇਦੋਸ਼ ਬੇਗਰਜ਼ ਬਣ ਕੇ, ਮਾਲ ਖੇੜਿਆਂ ਦਾ ਲੁਟਵਾਵਨੀ ਹੈਂ ।
ਅੜੀਉ ਕਸਮ ਮੈਨੂੰ ਜੇ ਯਕੀਨ ਕਰੋ, ਮੈਂ ਨਰੋਲ ਬੇਗਰਜ਼ ਬੇਦੋਸੀਆਂ ਨੀ ।
ਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ ਹੋ, ਨਹੀਂ ਜਾਣਦੀ ਮੈਂ ਚਾਪਲੋਸੀਆਂ ਨੀ ।
ਮੈਂ ਤਾਂ ਪੇਕਿਆਂ ਨੂੰ ਨਿੱਤ ਯਾਦ ਕਰਾਂ, ਪਈ ਪਾਉਨੀ ਹਾਂ ਨਿਤ ਔਸੀਆਂ ਨੀ ।
ਵਾਰਿਸ ਸ਼ਾਹ ਕਿਉਂ ਤਿਨ੍ਹਾਂ ਆਰਾਮ ਆਵੇ, ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੀ ।
ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ, ਤੇਰੀ ਇਹੋ ਜੇਹੀ ਕਲ੍ਹ ਡੌਲ ਸੀ ਨੀ ।
ਬਾਗ਼ੋਂ ਧੜਕਦੀ ਘਰਕਦੀ ਆਣ ਪਈ ਏਂ, ਦਸ ਖੇੜਿਆਂ ਦਾ ਤੈਨੂੰ ਹੌਲ ਸੀ ਨੀ ।
ਘੋੜੀ ਤੇਰੀ ਨੂੰ ਅੱਜ ਆਰਾਮ ਆਇਆ, ਜਿਹੜੀ ਨਿਤ ਕਰਦੀ ਪਈ ਔਲ ਸੀ ਨੀ ।
ਬੂਟਾ ਸੱਖਣਾ ਅੱਜ ਕਰਾਇ ਆਇਉਂ, ਕਿਸੇ ਤੋੜ ਲਿਆ ਜਿਹੜਾ ਮੌਲ ਸੀ ਨੀ ।
ਰਾਹ ਜਾਂਦੀ ਮੈਂ ਝੋਟੇ ਨੇ ਢਾਹ ਲੀਤੀ, ਸਾਨੂੰ ਥੁੱਲ ਕੁਥੁੱਲ ਕੇ ਮਾਰਿਆ ਨੀ ।
ਹਬੂੰ ਕਬੂੰ ਵਗਾਇਕੇ ਭੰਨ ਚੂੜਾ, ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨੀ ।
ਡਾਹਢਾ ਮਾੜਿਆਂ ਨੂੰ ਢਾਹ ਮਾਰ ਕਰਦਾ, ਜ਼ੋਰਾਵਰਾਂ ਅੱਗੇ ਅੰਤ ਹਾਰੀਆਂ ਨੀ ।
ਨੱਸ ਚੱਲੀ ਸਾਂ ਓਸ ਨੂੰ ਵੇਖ ਕੇ ਮੈਂ, ਜਿਵੇਂ ਦੁਲ੍ਹੜੇ ਤੋਂ ਜਾਣ ਕਵਾਰੀਆਂ ਨੀ ।
ਸੀਨਾ ਫਿਹ ਕੇ ਭੰਨਿਉਸ ਪਾਸਿਆਂ ਨੂੰ, ਦੋਹਾਂ ਸਿੰਗਾਂ ਉੱਤੇ ਚਾਇ ਚਾੜ੍ਹੀਆਂ ਨੀ ।
ਰੜੇ ਢਾਇਕੇ ਖਾਈ ਪਟਾਕ ਮਾਰੀ, ਸ਼ੀਂਹ ਢਾਹ ਲੈਂਦੇ ਜਿਵੇਂ ਪਾੜ੍ਹੀਆਂ ਨੀ ।
ਮੇਰੇ ਕਰਮ ਸਨ ਆਣ ਮਲੰਗ ਮਿਲਿਆ, ਜਿਸ ਜੀਂਵਦੀ ਪਿੰਡ ਵਿੱਚ ਵਾੜੀਆਂ ਨੀ ।
ਵਾਰਿਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ, ਹੀਰੇ ਹਰਨ ਮੈਂ ਤੱਤੜੀ ਦਾੜੀਆਂ ਨੀ ।
ਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ, ਹਿਲਿਆ ਹੋਇਆ ਕਦੀਮ ਦਾ ਮਾਰਦਾ ਦੀ ।
ਤੂੰ ਭੀ ਵਹੁਟੜੀ ਪੁੱਤਰ ਸਰਦਾਰ ਦੇ ਦੀ, ਉਸ ਭੀ ਦੁੱਧ ਪੀਤਾ ਸਰਦਾਰ ਦਾ ਈ ।
ਸਾਨ੍ਹ ਲਟਕਦਾ ਬਾਗ਼ ਵਿੱਚ ਹੋ ਕਮਲਾ, ਹੀਰ ਹੀਰ ਹੀ ਨਿਤ ਪੁਕਾਰਦਾ ਈ ।
ਤੇਰੇ ਨਾਲ ਉਹ ਲਟਕਦਾ ਪਿਆਰ ਕਰਦਾ, ਹੋਰ ਕਿਸੇ ਨੂੰ ਮੂਲ ਨਾ ਮਾਰਦਾ ਈ ।
ਪਰ ਉਹ ਹੀਲਤ ਬੁਰੀ ਹਿਲਾਇਆ ਈ, ਪਾਣੀ ਪੀਂਵਦਾ ਤੇਰੀ ਨਸਾਰ ਦਾ ਈ ।
ਤੂੰ ਭੀ ਝੰਗ ਸਿਆਲਾਂ ਦੀ ਮੋਹਣੀ ਏਂ, ਤੈਨੂੰ ਆਣ ਮਿਲਿਆ ਹਿਰਨ ਬਾਰ ਦਾ ਈ ।
ਵਾਰਿਸ ਸ਼ਾਹ ਮੀਆਂ ਸੱਚ ਝੂਠ ਵਿੱਚੋਂ, ਪੁੰਨ ਕਢਦਾ ਪਾਪ ਨਿਤਾਰਦਾ ਈ ।
ਅਨੀ ਭਰੋ ਮੁਠੀ ਉਹ ਉਹ ਮੁਠੀ, ਕੁੱਠੀ ਬਿਰਹੋਂ ਨੇ ਢਿਡ ਵਿੱਚ ਸੂਲ ਹੋਇਆ ।
ਲਹਿਰ ਪੇਡੂਓਂ ਉਠ ਕੇ ਪਵੇ ਸੀਨੇ, ਮੇਰੇ ਜੀਉ ਦੇ ਵਿੱਚ ਡੰਡੂਲ ਹੋਇਆ ।
ਤਲਬ ਡੁਬ ਗਈ ਸਰਕਾਰ ਮੇਰੀ, ਮੈਨੂੰ ਇੱਕ ਨਾ ਦਾਮ ਵਸੂਲ ਹੋਇਆ ।
ਲੋਕ ਨਫ਼ੇ ਦੇ ਵਾਸਤੇ ਲੈਣ ਤਰਲੇ, ਮੇਰਾ ਸਣੇ ਵਹੀ ਚੌੜ ਮੂਲ ਹੋਇਆ ।
ਅੰਬ ਬੀਜ ਕੇ ਦੁਧ ਦੇ ਨਾਲ ਪਾਲੇ, ਭਾ ਤੱਤੀ ਦੇ ਅੰਤ ਬਬੂਲ ਹੋਇਆ ।
ਖੇੜਿਆਂ ਵਿੱਚ ਨਾ ਪਰਚਦਾ ਜੀਊ ਮੇਰਾ, ਸ਼ਾਹਦ ਹਾਲ ਦਾ ਰੱਬ ਰਸੂਲ ਹੋਇਆ ।
ਭਾਬੀ ਜ਼ੁਲਫ ਗੱਲ੍ਹਾਂ ਉੱਤੇ ਪੇਚ ਖਾਵੇ, ਸਿਰੇ ਲੋੜ੍ਹ ਦੇ ਸੁਰਮੇ ਦੀਆਂ ਧਾਰੀਆਂ ਨੀ ।
ਗਲ੍ਹਾਂ ਉੱਤੇ ਭੰਬੀਰੀਆਂ ਉਡਦੀਆਂ ਨੇ, ਨੈਣਾਂ ਸਾਣ ਕਟਾਰੀਆਂ ਚਾੜ੍ਹੀਆਂ ਨੀ ।
ਤੇਰੇ ਨੈਣਾਂ ਨੇ ਸ਼ਾਹ ਫ਼ਕੀਰ ਕੀਤੇ, ਸਣੇ ਹਾਥੀਆਂ ਫ਼ੌਜ ਅੰਮਾਰੀਆਂ ਨੀ ।
ਵਾਰਿਸ ਸ਼ਾਹ ਜ਼ੁਲਫਾਂ ਨਾਗ ਨੈਣ ਖ਼ੂਨੀ, ਫ਼ੌਜਾਂ ਕਤਲ ਉੱਤੇ ਚਾਇ ਚਾੜ੍ਹੀਆਂ ਨੀ ।
ਬਾਰਾਂ ਬਰਸ ਦੀ ਔੜ ਸੀ ਮੀਂਹ ਵੁਠਾ, ਲੱਗਾ ਰੰਗ ਫਿਰ ਖ਼ੁਸ਼ਕ ਬਗ਼ੀਚਿਆਂ ਨੂੰ ।
ਫ਼ੌਜਦਾਰ ਤਗੱਈਅਰ ਬਹਾਲ ਹੋਇਆ, ਝਾੜ ਤੰਬੂਆਂ ਅਤੇ ਗਲੀਚਿਆਂ ਨੂੰ ।
ਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ, ਵੇਖ ਹੁਸਨ ਦੀ ਜ਼ਿਮੀਂ ਦੇ ਪੀਚਿਆਂ ਨੂੰ ।
ਵਾਰਿਸ ਵਾਂਗ ਕਿਸ਼ਤੀ ਪਰੇਸ਼ਾਨ ਸਾਂ ਮੈਂ, ਪਾਣੀ ਪਹੁੰਚਿਆ ਨੂਹ ਦਿਆਂ ਟੀਚਿਆਂ ਨੂੰ ।
ਸਹਿਤੀ ਭਾਬੀ ਦੇ ਨਾਲ ਪਕਾਇ ਮਸਲਤ, ਵੱਡਾ ਮਕਰ ਫੈਲਾਇਕੇ ਬੋਲਦੀ ਹੈ ।
ਗਰਦਾਨਦੀ ਮਕਰ ਮੁਵੱਤਲਾਂ ਨੂੰ, ਅਤੇ ਕਨਜ਼ ਫ਼ਰੇਬ ਦੀ ਖੋਲ੍ਹਦੀ ਹੈ ।
ਅਬਲੀਸ ਮਲਫੂਫ ਖੰਨਾਸ ਵਿੱਚੋਂ, ਰਵਾਇਤਾਂ ਜਾਇਜ਼ੇ ਟੋਲਦੀ ਹੈ ।
ਵਫ਼ਾ ਗੱਲ ਹਦੀਸ ਮਨਸੂਖ਼ ਕੀਤੀ, ਕਾਜ਼ੀ ਲਾਅਨਤ ਅੱਲਾਹ ਦੇ ਕੋਲ ਦੀ ਹੈ ।
ਤੇਰੇ ਯਾਰ ਦਾ ਫ਼ਿਕਰ ਦਿਨ ਰਾਤ ਮੈਨੂੰ, ਜਾਨ ਮਾਪਿਆਂ ਤੋਂ ਪਈ ਡੋਲਦੀ ਹੈ ।
ਵਾਰਿਸ ਸ਼ਾਹ ਸਹਿਤੀ ਅੱਗੇ ਮਾਉਂ ਬੁੱਢੀ, ਵੱਡੇ ਗ਼ਜ਼ਬ ਦੇ ਕੀਰਨੇ ਫੋਲਦੀ ਹੈ ।
ਅਸੀਂ ਵਿਆਹ ਆਂਦੀ ਕੂੰਜ ਫਾਹ ਆਂਦੀ, ਸਾਡੇ ਭਾ ਦੀ ਬਣੀ ਹੈ ਔਖੜੀ ਨੀ ।
ਵੇਖ ਹੱਕ ਹਲਾਲ ਨੂੰ ਅੱਗ ਲਗਸੁ, ਰਹੇ ਖਸਮ ਦੇ ਨਾਲ ਇਹ ਕੋਖੜੀ ਨੀ ।
ਜਦੋਂ ਆਈ ਤਦੋਕਣੀ ਰਹੇ ਢਠੀ, ਕਦੀ ਹੋ ਨਾ ਬੈਠੀਆ ਸੌਖੜੀ ਨੀ ।
ਲਾਹੂ ਲੱਥੜੀ ਜਦੋਂ ਦੀ ਵਿਆਹ ਆਂਦੀ, ਇੱਕ ਕਲ੍ਹ ਦੀ ਜ਼ਰਾ ਹੈ ਚੋਖੜੀ ਨੀ ।
ਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਵਸਦੀ, ਇਹ ਉਜਾੜੇ ਦਾ ਮੂਲ ਹੈ ਛੋਕਰੀ ਨੀ ।
ਵਾਰਿਸ ਸ਼ਾਹ ਨਾ ਅੰਨ ਨਾ ਦੁੱਧ ਲੈਂਦੀ, ਭੁੱਖ ਨਾਲ ਸੁਕਾਂਵਦੀ ਕੋਖੜੀ ਨੀ ।
ਹਾਥੀ ਫ਼ੌਜ ਦਾ ਵੱਡਾ ਸਿੰਗਾਰ ਹੁੰਦਾ, ਅਤੇ ਘੋੜੇ ਸੰਗਾਰ ਹਨ ਨਰਾਂ ਦੇ ਨੀ ।
ਹੱਛਾ ਪਹਿਨਣਾ ਖਾਵਣਾ ਸ਼ਾਨ ਸ਼ੌਕਤ, ਇਹ ਸਭ ਬਣਾਇ ਹਨ ਜ਼ਰਾਂ ਦੇ ਨੀ ।
ਘੋੜੇ ਖਾਣ ਖੱਟਣ ਕਰਾਮਾਤ ਕਰਦੇ, ਅਖੀਂ ਵੇਖਦਿਆਂ ਜਾਣ ਬਿਨ ਪਰਾਂ ਦੇ ਨੀ ।
ਮਝੀਂ ਗਾਈਂ ਸਿੰਗਾਰ ਦੀਆਂ ਸੱਥ ਟੱਲੇ, ਅਤੇ ਨੂੰਹਾਂ ਸ਼ਿੰਗਾਰ ਹਨ ਘਰਾਂ ਦੇ ਨੀ ।
ਖ਼ੈਰਖ਼ਾਹ ਦੇ ਨਲ ਬਦਖ਼ਾਹ ਹੋਣਾ, ਇਹ ਕੰਮ ਹਨ ਗੀਦੀਆਂ ਖਰਾਂ ਦੇ ਨੀ ।
ਮਸ਼ਹੂਰ ਹੈ ਰਸਮ ਜਹਾਨ ਅੰਦਰ, ਪਿਆਰ ਵਹੁਟੀਆਂ ਦੇ ਨਾਲ ਵਰਾਂ ਦੇ ਨੀ ।
ਦਿਲ ਔਰਤਾਂ ਲੈਣ ਪਿਆਰ ਕਰਕੇ, ਇਹ ਗਭਰੂ ਮਿਰਗ ਹਨ ਸਰਾਂ ਦੇ ਨੀ ।
ਤਦੋਂ ਰੰਨ ਬਦਖੂ ਨੂੰ ਅਕਲ ਆਵੇ, ਜਦੋਂ ਲੱਤ ਵੱਜਸ ਵਿੱਚ ਫ਼ਰਾਂ ਦੇ ਨੀ ।
ਸੈਦਾ ਵੇਖ ਕੇ ਜਾਏ ਬਲਾ ਵਾਂਗੂੰ, ਵੈਰ ਦੋਹਾਂ ਦੇ ਸਿਰਾਂ ਤੇ ਧੜਾਂ ਦੇ ਨੀ ।
ਪੀੜ੍ਹਾ ਘਤ ਕੇ ਕਦੀ ਨਾ ਬਹੇ ਬੂਹੇ, ਅਸੀਂ ਏਸ ਦੇ ਦੁਖ ਵਿੱਚ ਮਰਾਂਗੇ ਨੀ ।
ਏਸ ਦਾ ਜੀਊ ਨਾ ਪਰਚਦਾ ਪਿੰਡ ਸਾਡੇ, ਅਸੀਂ ਇਹਦਾ ਇਲਾਜ ਕੀ ਕਰਾਂਗੇ ਨੀ ।
ਸੁਹਣੀ ਰੰਨ ਬਾਜ਼ਾਰ ਨਾ ਵੇਚਣੀ ਹੈ, ਵਿਆਹ ਪੁਤ ਦਾ ਹੋਰ ਧਿਰ ਕਰਾਂਗੇ ਨੀ ।
ਮੁੱਲਾਂ ਵੈਦ ਹਕੀਮ ਲੈ ਜਾਣ ਪੈਸੇ, ਕਿਹੀਆਂ ਚੱਟੀਆਂ ਗ਼ੈਬ ਦੀਆਂ ਭਰਾਂਗੇ ਨੀ ।
ਵਹੁਟੀ ਗੱਭਰੂ ਦੋਹਾਂ ਨੂੰ ਵਾੜ ਅੰਦਰ, ਅਸੀਂ ਬਾਹਰੋਂ ਜੰਦਰਾ ਜੜਾਂਗੇ ਨੀ ।
ਸੈਦਾ ਢਾਇਕੇ ਏਸ ਨੂੰ ਲਏ ਲੇਖਾ, ਅਸੀਂ ਚੀਕਣੋਂ ਜ਼ਰਾ ਨਾ ਡਰਾਂਗੇ ਨੀ ।
ਸ਼ਰਮਿੰਦਗੀ ਸਹਾਂਗੇ ਜ਼ਰਾ ਜੱਗ ਦੀ, ਮੂੰਹ ਪਰ੍ਹਾਂ ਨੂੰ ਜ਼ਰਾ ਚਾ ਕਰਾਂਗੇ ਨੀ ।
ਕਦੀ ਚਰਖੜਾ ਡਾਹ ਨਾ ਛੋਪ ਕੱਤੇ, ਅਸੀਂ ਮੇਲ ਭੰਡਾਰ ਕੀ ਕਰਾਂਗੇ ਨੀ ।
ਵਾਰਿਸ ਸ਼ਾਹ ਸ਼ਰਮਿੰਦਗੀ ਏਸ ਦੀ ਥੋਂ, ਅਸੀਂ ਡੁੱਬ ਕੇ ਖੂਹ ਵਿੱਚ ਮਰਾਂਗੇ ਨੀ ।
ਇਜ਼ਰਾਈਲ ਬੇਅਮਰ ਅਯਾਰ ਆਹਾ, ਹੀਰ ਚਲ ਕੇ ਸੱਸ ਥੇ ਆਂਵਦੀ ਹੈ ।
ਸਹਿਤੀ ਨਾਲ ਮੈਂ ਜਾਇਕੇ ਖੇਤ ਵੇਖਾਂ, ਪਈ ਅੰਦਰੇ ਉਮਰ ਵਿਹਾਵਦੀ ਹੈ ।
ਪਿੱਛੋਂ ਛਿਕਦੀ ਨਾਲ ਬਹਾਨਿਆਂ ਦੇ, ਨਢੀ ਬੁਢੀ ਥੇ ਫੇਰੜੇ ਪਾਂਵਦੀ ਹੈ ।
ਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ, ਅਜ਼ਗ਼ੈਬ ਦੀ ਬਾਂਗ ਸੁਣਾਂਵਦੀ ਹੈ ।
ਚੱਲ ਭਾਬੀਏ ! ਵਾਉ ਜਹਾਨ ਦੀ ਲੈ, ਬਾਹੋਂ ਹੀਰ ਨੂੰ ਪਕੜ ਉਠਾਂਵਦੀ ਹੈ ।
ਵਾਂਗ ਬੁਢੀ ਇਮਾਮ ਨੂੰ ਜ਼ਹਿਰ ਦੇਣੀ, ਕਿੱਸਾ ਗ਼ੈਬ ਦਾ ਜੋੜ ਸੁਣਾਂਵਦੀ ਹੈ ।
ਕਾਜ਼ੀ ਲਾਅਨਤ ਅੱਲਾਹ ਦਾ ਦੇ ਫਤਵਾ, ਅਬਲੀਸ ਨੂੰ ਸਬਕ ਪੜ੍ਹਾਂਵਦੀ ਹੈ ।
ਇਹਨੂੰ ਖੇਤ ਲੈ ਜਾ ਕਪਾਹ ਚੁਣੀਏ, ਮੇਰੇ ਜੀਊ ਤਦਬੀਰ ਇਹਆਂਵਦੀ ਹੈ ।
ਵੇਖੋ ਮਾਉਂ ਨੂੰ ਧੀ ਵਲਾਂਵਦੀ ਹੈ, ਕੇਹੀਆਂ ਫੋਕੀਆਂ ਰੁੰਮੀਆਂ ਲਾਂਵਦੀ ਹੈ ।
ਤਲੀ ਹੇਠ ਅੰਗਿਆਰ ਟਿਕਾਂਵਦੀ ਹੈ, ਉਤੋਂ ਬਹੁਤ ਪਿਆਰ ਕਰਾਂਵਦੀ ਹੈ ।
ਸ਼ੇਖ ਸਾਅਦੀ ਦੇ ਫ਼ਲਕ ਨੂੰ ਖ਼ਬਰ ਨਾਹੀਂ, ਜੀਕੂੰ ਰੋਇਕੇ ਫ਼ਨ ਚਲਾਂਵਦੀ ਹੈ ।
ਵੇਖੋ ਧੀਉ ਅੱਗੇ ਮਾਉਂ ਝੁਰਨ ਲੱਗੀ, ਹਾਲ ਨੂੰਹ ਦਾ ਖੋਲ੍ਹ ਸੁਣਾਂਵਦੀ ਹੈ ।
ਇਹਦੀ ਪਈ ਦੀ ਉਮਰ ਵਿਹਾਂਵਦੀ ਹੈ, ਜ਼ਾਰ ਜ਼ਾਰ ਰੋਂਦੀ ਪੱਲੂ ਪਾਂਵਦੀ ਹੈ ।
ਕਿਸ ਮਨ੍ਹਾਂ ਕੀਤਾ ਖੇਤ ਨਾ ਜਾਏ, ਕਦਮ ਮੰਜੀਓਂ ਹੇਠ ਨਾ ਪਾਂਵਦੀ ਹੈ ।
ਦੁਖ ਜੀਊ ਦਾ ਖੋਲ੍ਹ ਸੁਣਾਂਵਦੀ ਹੈ, ਪਿੰਡੇ ਸ਼ਾਹ ਜੀ ਦੇ ਹੱਥ ਲਾਂਵਦੀ ਹੈ ।
ਇਨਸਾਫ਼ ਦੇ ਵਾਸਤੇ ਗਵਾਹ ਕਰਕੇ, ਵਾਰਿਸ ਸ਼ਾਹ ਨੂੰ ਕੋਲ ਬਹਾਂਵਦੀ ਹੈ ।
ਨੂੰਹ ਲਾਲ ਜਹੀ ਅੰਦਰ ਘੱਤੀਆ ਈ, ਪਰਖ ਬਾਹਰਾਂ ਲਾਲ ਵਣਜਾਵਣੀ ਹੈਂ ।
ਤੇਰੀ ਇਹ ਫੁਲੇਲੜੀ ਪਦਮਣੀ ਸੀ, ਵਾਉ ਲੈਣ ਖੁਣੋਂ ਤੂੰ ਗਵਾਵਣੀ ਹੈਂ ।
ਇਹ ਫੁੱਲ ਗੁਲਾਬ ਦਾ ਘੁਟ ਅੰਦਰ, ਪਈ ਦੁਖੜੇ ਨਾਲ ਸੁਕਾਵਣੀ ਹੈਂ ।
ਅੱਠੇ ਪਹਿਰ ਹੀ ਤਾੜ ਕੇ ਵਿੱਚ ਕੋਠੇ, ਪੱਤਰ ਪਾਨਾਂ ਦੇ ਪਈ ਵੰਜਾਵਣੀ ਹੈਂ ।
ਵਾਰਿਸ ਧੀਉ ਸਿਆਲਾਂ ਦੀ ਮਾਰਨੀ ਹੈਂ, ਦੱਸ ਆਪ ਨੂੰ ਕੌਣ ਸਦਾਵਣੀ ਹੈਂ ।
ਨੂੰਹਾਂ ਹੁੰਦੀਆਂ ਖ਼ਿਆਲ ਜੀਊ ਪੇਖਣੇ, ਦਾ ਮਾਨ ਮੱਤੀਆ ਬੂਹੇ ਦੀਆਂ ਮਹਿਰੀਆਂ ਨੇ ।
ਪਰੀ ਮੂਰਤਾਂ ਸੁਘੜ ਰਾਚੰਦਰਾਂ ਨੀ, ਇੱਕ ਮੋਮ ਤਬਾਅ ਇੱਕ ਠਹਿਰੀਆਂ ਨੇ ।
ਇੱਕ ਇਰਮ ਦੇ ਬਾਗ ਦੀਆਂ ਮੋਰਨੀਆਂ ਨੇ, ਇੱਕ ਨਰਮ ਮਲੂਕ ਇੱਕ ਨਹਿਰੀਆਂ ਨੇ ।
ਅੱਛਾ ਖਾਣ ਪਹਿਨਣ ਲਾਡ ਨਾਲ ਚੱਲਣ, ਲੈਣ ਦੇਣ ਦੇ ਵਿੱਚ ਲੁਧੇਰੀਆਂ ਨੇ ।
ਬਾਹਰ ਫਿਰਨ ਜਿਉਂ ਬਾਰ ਦੀਆਂ ਵਾਹਣਾਂ ਨੇ, ਸਤਰ ਵਿੱਚ ਬਹਾਈਆਂ ਸ਼ਹਿਰੀਆਂ ਨੇ ।
ਵਾਰਿਸ ਸ਼ਾਹ ਇਹ ਹੁਸਨ ਗੁਮਾਨ ਸੰਦਾ, ਅਖੀਂ ਨਾਲ ਗੁਮਾਨ ਦੇ ਗਹਿਰੀਆਂ ਨੇ ।
ਜਾਏ ਮੰਜਿਉਂ ਉਠ ਕੇ ਕਿਵੇਂ ਤਿਲਕੇ, ਹੱਡ ਪੈਰ ਹਿਲਾਇਕੇ ਚੁਸਤ ਹੋਵੇ ।
ਵਾਂਗ ਰੋਗਣਾਂ ਰਾਤ ਦਿਹੁੰ ਰਹੇ ਢਠੀ, ਕਿਵੇਂ ਹੀਰ ਵਹੁਟੀ ਤੰਦਰੁਸਤ ਹੋਵੇ ।
ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ, ਧੀਉ ਨੂੰਹ ਬੂਹੇ ਉੱਤੇ ਸੁਸਤ ਹੋਵੇ ।
ਵਾਰਿਸ ਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ, ਸਹਿਤੀ ਜਿਹੀਆਂ ਦੀ ਜੈਂਨੂੰ ਪੁਸ਼ਤ ਹੋਵੇ ।
ਹੀਰ ਆਖਿਆ ਬੈਠ ਕੇ ਉਮਰ ਸਾਰੀ, ਮੈਂ ਤਾਂ ਆਪਣੇ ਆਪ ਨੂੰ ਸਾੜਨੀ ਹਾਂ ।
ਮਤਾਂ ਬਾਗ਼ ਗਿਆਂ ਮੇਰਾ ਜੀਊ ਖੁਲ੍ਹੇ, ਅੰਤ ਇਹ ਭੀ ਪਾੜਣਾ ਪਾੜਨੀ ਹਾਂ ।
ਪਈ ਰੋਨੀ ਹਾਂ ਕਰਮ ਮੈਂ ਆਪਣੇ ਨੂੰ, ਕੁੱਝ ਕਿਸੇ ਦਾ ਨਹੀਂ ਵਿਗਾੜਨੀ ਹਾਂ ।
ਵਾਰਿਸ ਸ਼ਾਹ ਮੀਆਂ ਤਕਦੀਰ ਆਖੇ, ਵੇਖੋ ਨਵਾਂ ਮੈਂ ਖੇਲ ਪਸਾਰਨੀ ਹਾਂ ।
ਅੜੀਉ ਆਉ ਖਾਂ ਬੈਠ ਕੇ ਗਲ ਗਿਣੀਏ, ਸੱਦ ਘੱਲੀਏ ਸਭ ਸਹੇਲੀਆਂ ਨੇ ।
ਕਈ ਕਵਾਰੀਆਂ ਕਈ ਵਿਆਹੀਆਂ ਨੇ, ਚੰਨ ਜਹੇ ਸਰੀਰ ਮਥੇਲੀਆਂ ਨੇ ।
ਰਜੂਅ ਆਣ ਹੋਈਆਂ ਸਭੇ ਪਾਸ ਸਹਿਤੀ, ਜਿਵੇਂ ਗੁਰੂ ਅੱਗੇ ਸਭ ਚੇਲੀਆਂ ਨੇ ।
ਜਿਨ੍ਹਾਂ ਮਾਉਂ ਤੇ ਬਾਪ ਨੂੰ ਭੁੰਨ ਖਾਧਾ, ਮੁੰਗ ਚਨੇ ਕਵਾਰੀਆਂ ਖੇਲੀਆਂ ਨੇ ।
ਵਿੱਚ ਹੀਰ ਸਹਿਤੀ ਦੋਵੇਂ ਬੈਠੀਆਂ ਨੇ, ਦਵਾਲੇ ਬੈਠੀਆਂ ਅਰਥ ਮਹੇਲੀਆਂ ਨੇ ।
ਵਾਰਿਸ ਸ਼ਾਹ ਸ਼ਿੰਗਾਰ ਮਹਾਵਤਾਂ ਨੇ, ਸਿਵੇਂ ਹਥਣੀਆਂ ਕਿਲੇ ਨੂੰ ਪੇਲੀਆਂ ਨੇ ।
ਵਖ਼ਤ ਫਜਰ ਦੇ ਉਠ ਸਹੇਲੀਉ ਨੀ, ਤੁਸੀਂ ਆਪਦੇ ਆਹਰ ਹੀ ਆਵਣਾ ਜੇ ।
ਮਾਂ ਬਾਪ ਨੂੰ ਖ਼ਬਰ ਨਾ ਕਰੋ ਕੋਈ, ਭਲਕੇ ਬਾਗ਼ ਨੂੰ ਪਾਸਣਾ ਲਾਵਣਾ ਜੇ ।
ਵਹੁਟੀ ਹੀਰ ਨੂੰ ਬਾਗ਼ ਲੈ ਚਲਣਾ ਹੈ, ਜ਼ਰਾ ਏਸ ਦਾ ਜੀਊ ਵਲਾਵਣਾ ਜੇ ।
ਲਾਵਣ ਫੇਰਨੀ ਵਿੱਚ ਕਪਾਹ ਭੈਣਾਂ, ਕਿਸੇ ਪੁਰਸ਼ ਨੂੰ ਨਹੀਂ ਵਿਖਾਵਣਾ ਜੇ ।
ਰਾਹ ਜਾਂਦੀਆਂ ਪੁਛੇ ਲੋਕ ਅੜੀਉ, ਕੋਈ ਇਫ਼ਤਰਾ ਚਾ ਬਣਾਵਣਾ ਜੇ ।
ਖੇਡੋ ਸੰਮੀਆਂ ਤੇ ਘੱਤੋ ਪੰਭੀਆਂ ਨੀ, ਭਲਕੇ ਖੂਹ ਨੂੰ ਰੰਗ ਲਗਾਵਣਾ ਜੇ ।
ਵੜੋ ਵਟ ਲੰਗੋਟੜੇ ਵਿੱਚ ਪੈਲੀ, ਬੰਨਾ ਵਟ ਸਭ ਪੁੱਟ ਵਖਾਵਣਾ ਜੇ ।
ਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ, ਤੇ ਮੰਡਾਸਿਆਂ ਰੰਗ ਸੁਹਾਵਣਾ ਜੇ ।
ਵੱਡੇ ਰੰਗ ਹੋਸਨ ਇੱਕੋ ਜੇਡੀਆਂ ਦੇ, ਰਾਹ ਜਾਂਦਿਆਂ ਦੇ ਸਾਂਗ ਲਾਵਣਾ ਜੇ ।
ਮੰਜਿਉਂ ਉਠਦੀਆਂ ਸਭ ਨੇ ਆ ਜਾਣਾ, ਇੱਕ ਦੂਈ ਨੂੰ ਸੱਦ ਲਿਆਵਣਾ ਜੇ ।
ਵਾਰਿਸ ਸ਼ਾਹ ਮੀਆਂ ਇਹੋ ਅਰਥ ਹੋਇਆ, ਸਭਨਾ ਅਜੂ ਦੇ ਫਲੇ ਨੂੰ ਆਵਣਾ ਜੇ ।
ਮਤਿਆਂ ਵਿੱਚ ਉਮਾਹ ਦੀ ਰਾਤ ਗੁਜ਼ਰੀ, ਤਾਰੇ ਗਿਣਦੀਆਂ ਸਭ ਉਦਮਾਦੀਆਂ ਨੇ ।
ਗਿਰਧੇ ਪਾਉਂਦੀਆਂ ਘੁੰਬਰਾਂ ਮਾਰਦੀਆਂ ਸਨ, ਜਹੀਆਂ ਹੋਣ ਮੁਟਿਆਰਾਂ ਦੀਆਂ ਵਾਦੀਆਂ ਨੇ ।
ਨਖਰੀਲੀਆ ਇੱਕ ਨਕ ਤੋੜਣਾਂ ਸਨ, ਹਿਕ ਭੋਲੀਆਂ ਸਿਧੀਆ ਸਾਦੀਆਂ ਨੇ ।
ਇੱਕ ਨੇਕ ਬਖ਼ਤਾਂ ਇੱਕ ਬੇਜ਼ਬਾਨਾਂ, ਹਿਕ ਨਚਨੀਆਂ ਤੇ ਮਾਲਜ਼ਾਦੀਆਂ ਨੇ ।
ਗੰਢ ਫਿਰੀ ਰਾਤੀਂ ਵਿੱਚ ਖੇੜਿਆਂ ਦੇ, ਘਰੋਂ ਘਰੀ ਵਿਚਾਰ ਵਿਚਾਰਿਉ ਨੇ ।
ਭਲਕੇ ਖੂਹ ਤੇ ਜਾਇਕੇ ਕਰਾਂ ਕੁਸ਼ਤੀ ਇੱਕ ਦੂਸਰੀ ਨੂੰ ਖੁੰਮ ਮਾਰਿਉ ਨੇ ।
ਚਲੋ ਚਲੀ ਹੀ ਕਰਨ ਛਨਾਲ ਬਾਜ਼ਾਂ, ਸਭ ਕੰਮ ਤੇ ਕਾਜ ਵਿਸਾਰਿਉ ਨੇ ।
ਬਾਜ਼ੀ ਦਿਤਿਆ ਨੇ ਪੇਵਾਂ ਬੁੱਢਿਆਂ ਨੂੰ, ਲਬਾ ਮਾਂਵਾਂ ਦੇ ਮੂੰਹਾਂ ਤੇ ਮਾਰਿਉ ਨੇ ।
ਸ਼ੈਤਾਨ ਦੀਆਂ ਲਸ਼ਕਰਾਂ ਫੈਲਸੂਫਾਂ, ਬਿਨਾ ਆਤਸ਼ੋਂ ਫ਼ਨ ਪੰਘਾਰਿਉ ਨੇ ।
ਗਿਲਤੀ ਮਾਰ ਲੰਗੋਟੜੇ ਵਟ ਟੁਰੀਆਂ, ਸਭੋ ਕਪੜਾ ਚਿਥੜਾ ਝਾੜਿਉ ਨੇ ।
ਸਭਾ ਭੰਨ ਭੰਡਾਰ ਉਜਾੜ ਛੋਪਾਂ, ਸਣੇ ਪੂਣੀਆਂ ਪਿੜੀ ਨੂੰ ਸਾੜਿਉ ਨੇ ।
ਤੰਗ ਖਿਚ ਸਵਾਰ ਤਿਆਰ ਹੋਏ, ਕੜਿਆਲੜੇ ਘੋੜੀਆਂ ਚਾੜ੍ਹਿਉ ਨੇ ।
ਰਾਤੀਂ ਲਾ ਮਹਿੰਦੀ ਦਿੰਹ ਘਤ ਸੁਰਮਾ, ਗੁੰਦ ਚੁੰਡੀਆਂ ਕੁੰਭ ਸ਼ਿੰਗਾਰਿਉ ਨੇ ।
ਤੇੜ ਲੁੰਗੀਆਂ ਬਹੁਕਰਾਂ ਦੇਣ ਪਿੱਛੋਂ, ਸੁਥਣ ਚੂੜੀਆ ਪਾਂਉਚੇ ਚਾੜ੍ਹਿਉ ਨੇ ।
ਕੱਜਲ ਪੂਛਲਿਆਲੜੇ ਵਿਆਹੀਆਂ ਦੇ, ਹੋਠੀਂ ਸੁਰਖ਼ ਦੰਦਾਸੜੇ ਚਾੜ੍ਹਿਉ ਨੇ ।
ਜ਼ੁਲਫਾਂ ਪਲਮ ਪਈਆਂ ਗੋਰੇ ਮੁਖੜੇ ਤੇ, ਬਿੰਦੀਆਂ ਪਾਇਕੇ ਰੂਪ ਸ਼ਿੰਗਾਰਿਉ ਨੇ ।
ਗੱਲ੍ਹਾਂ ਫ਼ੋਡੀਆ ਤੇ ਬਣੇ ਖਾਲ ਦਾਣੇ, ਰੜੇ ਹੁਸਨ ਨੂੰ ਚਾਇ ਉਘਾੜਿਉ ਨੇ ।
ਛਾਤੀਆਂ ਖੋਲ੍ਹ ਕੇ ਹੁਸਨ ਦੇ ਕੱਢ ਲਾਟੂ ਵਾਰਿਸ ਸ਼ਾਹ ਨੂੰ ਚਾਇ ਉਜਾੜਿਉ ਨੇ ।
ਦੇ ਦੁਆਈਆਂ ਰਾਤ ਮੁਕਾ ਸੁੱਟੀ, ਵੇਖੋ ਹੋਵਣੀ ਕਰੇ ਸ਼ਤਾਬੀਆਂ ਜੀ ।
ਜਿਹੜੀ ਹੋਵਣੀ ਗੱਲ ਸੋ ਹੋ ਰਹੀ, ਸੱਭੇ ਹੋਵਣੀ ਦੀਆਂ ਖ਼ਰਾਬੀਆਂ ਜੀ ।
ਏਸ ਹੋਵਣੀ ਸ਼ਾਹ ਫ਼ਕੀਰ ਕੀਤੇ, ਪੰਨੂ ਜੇਹਿਆਂ ਕਰੇ ਸ਼ਰਾਬੀਆਂ ਜੀ ।
ਮਜਨੂੰ ਜੇਹਿਆਂ ਨਾਮ ਮਜਜ਼ੂਬ ਹੋਏ, ਸ਼ਹਿਜ਼ਾਦੀਆਂ ਕਰੇ ਬੇਆਬੀਆਂ ਜੀ ।
ਮਾਸ਼ੂਕ ਨੂੰ ਬੇਪਰਵਾਹ ਕਰਕੇ, ਵਾਏ ਆਸ਼ਕਾਂ ਰਾਤ ਬੇਖ਼ਾਬੀਆਂ ਜੀ ।
ਅਲੀ ਜੇਹਿਆਂ ਨੂੰ ਕਤਲ ਗ਼ੁਲਾਮ ਕੀਤਾ, ਖ਼ਬਰ ਹੋਈ ਨਾ ਮੂਲ ਅਸਹਾਬੀਆਂ ਜੀ ।
ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ, ਲੈਣੀ ਅੱਜ ਕੰਧਾਰ ਪੰਜਾਬੀਆਂ ਜੀ ।
ਵਾਰਿਸ ਸ਼ਾਹ ਮੀਆਂ ਫਲੇ ਖੇੜਿਆਂ ਦੇ, ਜਮ੍ਹਾਂ ਆਣ ਹੋਈਆਂ ਹਰਬਾਬੀਆਂ ਜੀ ।
ਇਸ਼ਕ ਇੱਕ ਤੇ ਇਫਤਰੇ ਲਖ ਕਰਨੇ, ਯਾਰੋ ਔਖੀਆਂ ਯਾਰਾਂ ਦੀਆਂ ਯਾਰੀਆਂ ਨੀ ।
ਕੇਡਾ ਪਾੜਣਾ ਪਾੜਿਆ ਇਸ਼ਕ ਪਿੱਛੇ, ਸਦ ਘੱਲੀਆਂ ਸਭ ਕਵਾਰੀਆਂ ਨੀ ।
ਏਨ੍ਹਾਂ ਯਾਰੀਆਂ ਰਾਜਿਆਂ ਫ਼ਕਰ ਕੀਤਾ, ਇਸ਼ਕ ਕੀਤਾ ਖ਼ਲਕਤਾਂ ਸਾਰੀਆਂ ਨੀ ।
ਕੋਈ ਹੀਰ ਹੈ ਨਵਾਂ ਨਾ ਇਸ਼ਕ ਕੀਤਾ, ਇਸ਼ਕ ਕੀਤਾ ਖ਼ਲਕਤਾਂ ਸਾਰੀਆ ਨੀ ।
ਏਸ ਇਸ਼ਕ ਨੇ ਵੇਖ ਫ਼ਰਹਾਦ ਕੁੱਠਾ, ਕੀਤੀਆਂ ਯੂਸਫ਼ ਨਾਲ ਖਵਾਰੀਆਂ ਨੀ ।
ਇਸ਼ਕ ਸੋਹਣੀ ਜਹੀਆਂ ਸੂਰਤਾਂ ਭੀ, ਡੋਬ ਵਿੱਚ ਦਰਿਆ ਦੇ ਮਾਰੀਆਂ ਨੀ ।
ਮਿਰਜ਼ੇ ਜੇਹੀਆਂ ਸੂਰਤਾਂ ਇਸ਼ਕ ਨੇ ਹੇ, ਅੱਗ ਲਾਇਕੇ ਬਾਰ ਵਿੱਚ ਸਾੜੀਆਂ ਨੀ ।
ਵੇਖ ਬੂਬਨਾਂ ਮਾਰੂਨ ਕਹਿਰ ਘੱਤੀ, ਕਈ ਹੋਰ ਕਰ ਚੱਲੀਆਂ ਯਾਰੀਆਂ ਨੀ ।
ਵਾਰਿਸ ਸ਼ਾਹ ਜਹਾਨ ਦੇ ਚਲਨ ਨਿਆਰੇ, ਅਤੇ ਇਸ਼ਕ ਦੀਆਂ ਧਜਾਂ ਨਿਆਰੀਆਂ ਨੇ ।
ਸੁਬ੍ਹਾ ਚਲਣਾ ਖੇਤ ਕਰਾਰ ਹੋਇਆ, ਕੁੜੀਆਂ ਮਾਵਾਂ ਦੀਆਂ ਕਰਨ ਦਿਲਦਾਰੀਆਂ ਨੀ ।
ਆਪੋ ਆਪਣੇ ਥਾਂ ਤਿਆਰ ਹੋਈਆਂ, ਕਈ ਵਿਆਹੀਆਂ ਕਈ ਕਵਾਰੀਆਂ ਨੀ ।
ਰੋਜ਼ੇ ਦਾਰ ਨੂੰ ਈਦ ਦਾ ਚੰਨ ਚੜ੍ਹਿਆ, ਜਿਵੇਂ ਹਾਜੀਆਂ ਹਜ ਤਿਆਰੀਆਂ ਨੀ ।
ਜਿਵੇਂ ਵਿਆਹ ਦੀ ਖ਼ੁਸ਼ੀ ਦਾ ਚਾ ਚੜ੍ਹਦਾ, ਅਤੇ ਮਿਲਣ ਮੁਬਾਰਕਾਂ ਕਵਾਰੀਆਂ ਨੀ ।
ਚਲੋ ਚਲ ਹਿਲ ਜੁਲ ਤਰਥੱਲ ਧੜ ਧੜ, ਖ਼ੁਸ਼ੀ ਨਾਲ ਨੱਚਣ ਮਤਿਆਰੀਆਂ ਨੀ ।
ਥਾਉਂ ਥਾਈ ਚਵਾ ਦੇ ਨਾਲ ਫੜਕੇ, ਮੁੱਠੇ ਚੂੜੀਆਂ ਦੇ ਮਿਨਹਾਰੀਆਂ ਨੀ ।
ਗਿਰਦ ਫਲੇ ਦੀ ਖੁਰਲੀ ਆਣ ਹੋਈਆਂ, ਸਭ ਹਾਰ ਸ਼ਿੰਗਾਰ ਕਰ ਸਾਰੀਆਂ ਨੀ ।
ਏਧਰ ਸਹਿਤੀ ਨੇ ਮਾਉਂ ਤੋਂ ਲਈ ਰੁਖਸਤ, ਚਲੋ ਚਲ ਜਾਂ ਸਭ ਪੁਕਾਰੀਆਂ ਨੀ ।
ਏਵੇਂ ਬੰਨ੍ਹ ਕਤਾਰ ਹੋ ਸਫ਼ਾਂ ਟੁਰੀਆਂ, ਜਿਵੇਂ ਲਦਿਆ ਸਾਥ ਬਿਉਪਾਰੀਆਂ ਨੀ ।
ਏਵੇਂ ਸਹਿਤੀ ਨੇ ਕਵਾਰੀਆਂ ਮੇਲ ਲਈਆਂ, ਜਿਵੇਂ ਝੁੰਡ ਮੇਲੇ ਜਟਾਧਾਰੀਆਂ ਨੀ ।
ਖ਼ਤਰੇਟੀਆਂ ਅਤੇ ਬਹਿਮਨੇਟੀਆਂ ਨੀ, ਜਟੇਟੀਆਂ ਨਾਲ ਸੁਨਿਆਰੀਆਂ ਨੀ ।
ਘੋੜੇ ਛੁੱਟੇ ਅਬਾਰ ਜਿਉਂ ਫਿਰਨ ਨਚਦੇ, ਚੱਲਣ ਟੇਢੜੀ ਚਾਲ ਮੁਟਿਆਰੀਆਂ ਨੀ ।
ਵਾਰਿਸ ਸ਼ਾਹ ਹੁਣ ਹੀਰ ਨੂੰ ਸੱਪ ਲੜਦਾ, ਚੈਂਚਰ ਪਾਉਂਦੀਆਂ ਚੈਂਚਰ ਹਾਰੀਆਂ ਨੀ ।
ਹੁਕਮ ਹੀਰ ਦਾ ਮਾਂਉਂ ਥੋਂ ਲਿਆ ਸਹਿਤੀ, ਗਲ ਗਿਣੀ ਸੂ ਨਾਲ ਸਹੇਲੀਆਂ ਦੇ ।
ਤਿਆਰ ਹੋਈਆਂ ਦੋਵੇਂ ਨਿਨਾਣ ਭਾਬੀ, ਨਾਲ ਚੜ੍ਹੇ ਨੇ ਕਟਕ ਅਲਬੇਲੀਆਂ ਦੇ ।
ਛਡ ਪਾਸਨੇ ਤੁਰਕ ਬੇਰਾਹ ਚਲੇ, ਰਾਹ ਮਾਰਦੇ ਨੇ ਅਠਖੇਲੀਆਂ ਦੇ ।
ਕਿੱਲੇ ਪੁਟ ਹੋ ਗਈ ਵਿੱਚ ਵਿਹੜਿਆਂ ਦੇ, ਰਹੀ ਇੱਕ ਨਾ ਵਿੱਚ ਹਵੇਲੀਆਂ ਦੇ ।
ਸੋਹਣ ਬੈਂਸਰਾਂ ਨਾਲ ਬਲਾਕ ਬੁੰਦੇ, ਟਿੱਕੇ ਫਬ ਰਹੇ ਵਿੱਚ ਮਥੇਲੀਆਂ ਦੇ ।
ਧਾਗੇ ਪਾਂਉਦੇ ਬੰਨ੍ਹ ਕੇ ਨਾਲ ਬੋਦੇ, ਗੋਇਆ ਫਿਰਨ ਦੁਕਾਨ ਫੁਲੇਲਿਆਂ ਦੇ ।
ਜਟਾ ਧਾਰੀਆਂ ਦਾ ਝੁੰਡ ਤਿਆਰ ਹੋਇਆ, ਸਹਿਤੀ ਗੁਰੂ ਚਲਿਆ ਨਾਲ ਚੇਲੀਆਂ ਦੇ ।
ਰਾਜੇ ਇੰਦਰ ਦੀ ਸਭਾ ਵਿੱਚ ਹੋਈ ਫੇਰੀ, ਪਏ ਅਜਬ ਛਨਕਾਰ ਅਰਬੇਲੀਆਂ ਦੇ ।
ਆਪ ਹਾਰ ਸ਼ਿੰਗਾਰ ਕਰ ਦੌੜ ਚਲੀਆਂ, ਅਰਥ ਕੀਤੀਆਂ ਨੇ ਨਾਲ ਬੇਲੀਆਂ ਦੇ ।
ਵਾਰਿਸ ਸ਼ਾਹ ਕਸਤੂਰੀ ਦੇ ਮਿਰਗ ਛੁਟੇ, ਥਈਆ ਥਈਆ ਸਰੀਰ ਮਥੇਲੀਆਂ ਦੇ ।
ਫ਼ੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ, ਤੁਰਤ ਚਾ ਲੰਗੋਟੜੇ ਵੱਟਿਉ ਨੇ ।
ਸੰਮੀ ਘਤਦੀਆਂ ਮਾਰਦੀਆਂ ਫਿਰਨ ਗਿੱਧਾ, ਪੰਭੀ ਘਤ ਬੰਨਾਂ ਵਟ ਪੱਟਿਉ ਨੇ ।
ਤੋੜ ਕਿੱਕਰੋਂ ਸੂਲ ਦਾ ਵੱਡਾ ਕੰਡਾ, ਪੈਰ ਚੋਭ ਕੇ ਖੂਨ ਪਲੱਟਿਉ ਨੇ ।
ਸਹਿਤੀ ਮਾਂਦਰਨ ਫ਼ਨ ਦਾ ਨਾਗ ਭਛਿਆ, ਦੰਦੀ ਮਾਰ ਕੇ ਖ਼ੂਨ ਉਲੱਟਿਉ ਨੇ ।
ਸ਼ਿਸਤ ਅੰਦਾਜ਼ ਨੇ ਮਕਰ ਦੀ ਸ਼ਿਸਤ ਕੀਤੀ, ਓਸ ਹੁਸਨ ਦੇ ਮੋਰ ਨੂੰ ਫੱਟਿਉ ਨੇ ।
ਵਾਰਿਸ ਯਾਰ ਦੇ ਖਰਚ ਤਹਿਸੀਲ ਵਿੱਚੋਂ, ਹਿੱਸਾ ਸਰਫ਼ ਕਸੂਰ ਦਾ ਕੱਟਿਉ ਨੇ ।
ਦੰਦ ਮੀਟ ਘਸੀਟ ਇਹ ਹੱਡ ਗੋਡੇ, ਚਿੱਬੇ ਹੋਠ ਗੱਲ੍ਹਾਂ ਕਰ ਨੀਲੀਆਂ ਜੀ ।
ਨੱਕ ਚਾੜ੍ਹ ਦੰਦੇੜਕਾ ਵੱਟ ਰੋਏ, ਕੱਢ ਅੱਖੀਆਂ ਨੀਲੀਆਂ ਪੀਲੀਆਂ ਜੀ ।
ਥਰ ਥਰ ਕੰਬੇ ਤੇ ਆਖੇ ਮੈਂ ਮੋਈ ਲੋਕਾ, ਕੋਈ ਕਰੇ ਝਾੜਾ ਬੁਰੇ ਹੀਲੀਆਂ ਜੀ ।
ਮਾਰੇ ਲਿੰਗ ਤੇ ਪੈਰ ਬੇਸੁਰਤ ਹੋਈ, ਲਏ ਜੀਊ ਨੇ ਕਾਜ ਕਲੇਲੀਆਂ ਜੀ ।
ਸ਼ੈਤਾਨ ਸ਼ਤੂੰਗੜੇ ਹੱਥ ਜੋੜਣ, ਸਹਿਤੀ ਗੁਰੂ ਤੇ ਅਸੀਂ ਸਭ ਚੇਲੀਆਂ ਜੀ ।
ਹੀਰ ਮੀਟ ਕੇ ਦੰਦ ਪੈ ਰਹੀ ਬੇਖ਼ੁਦ, ਸਹਿਤੀ ਹਾਲ ਬੂ ਸ਼ੋਰ ਪੁਕਾਰਿਆ ਈ ।
ਕਾਲੇ ਨਾਗ ਨੇ ਫ਼ਨ ਫੈਲਾਇ ਵੱਡਾ, ਡੰਗ ਵਹੁਟੀ ਦੇ ਪੈਰ ਤੇ ਮਾਰਿਆ ਈ ।
ਕੁੜੀਆਂ ਕਾਂਗ ਕੀਤੀ ਆ ਪਈ ਵਾਹਰ, ਲੋਕਾਂ ਕੰਮ ਤੇ ਕਾਜ ਵਿਸਾਰਿਆ ਈ ।
ਮੰਜੇ ਪਾਇਕੇ ਹੀਰ ਨੂੰ ਘਰੀ ਘਿੰਨਿਆ, ਜਟੀ ਪਲੋ ਪਲੀ ਰੰਗ ਨੂੰ ਹਾਰਿਆ ਈ ।
ਦੋਖੋ ਫਾਰਸੀ ਤੋਰਕੀ ਨਜ਼ਮ ਨਸਰੋਂ, ਇਹ ਮਕਰ ਘਿਉ ਵਾਂਗ ਨਿਤਾਰਿਆ ਈ ।
ਅੱਗੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹਿਆ, ਜੇਹਾ ਖ਼ਚਰੀਆਂ ਖ਼ਚਰਪੌ ਸਾਰਿਆ ਈ ।
ਸ਼ੈਤਾਨ ਨੇ ਆਣ ਸਲਾਮ ਕੀਤਾ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ ।
ਅਫ਼ਲਾਤੂਨ ਦੀ ਰੀਸ਼ ਮਿਕਰਾਜ਼ ਕੀਤੀ, ਵਾਰਿਸ ਕੁਦਰਤਾਂ ਵੇਖ ਕੇ ਵਾਰਿਆ ਈ ।
ਖੜਕੇ ਸ਼ਾਂਘਰੋਂ ਦਿਲਬਰਾਂ ਕਾਂਗ ਕੀਤੀ, ਸਾਰੇ ਦੇਸ ਤੇ ਧੁੰਮ ਭੁੰਚਾਲ ਆਹੀ ।
ਘਰੀਂ ਖ਼ਬਰ ਹੋਈ ਕਿੜਾਂ ਦੇਸ ਸਾਰੇ, ਨੂੰਹ ਖੇੜਿਆਂ ਦੀ ਜੇਹੜੀ ਸਿਆਲ ਆਹੀ ।
ਸਰਦਾਰ ਸੀ ਖ਼ੂਬਾਂ ਦੇ ਤ੍ਰਿੰਞਣਾਂ ਦੀ, ਜਿਸ ਦੀ ਹੰਸ ਤੇ ਮੋਰ ਦੀ ਚਾਲ ਆਹੀ ।
ਖੇੜੇ ਨਾਲ ਸੀ ਓਸ ਅਜੋੜ ਮੁਢੋਂ, ਦਿਲੋਂ ਸਾਫ਼ ਰੰਝੇਟੇ ਦੇ ਨਾਲ ਆਹੀ ।
ਓਸ ਨਾਗਨੀ ਨੂੰ ਕੋਈ ਸੱਪ ਲੜਿਆ, ਸੱਸ ਓਸ ਨੂੰ ਵੇਖ ਨਿਹਾਲ ਆਹੀ ।
'ਇੰਨਾ ਕਈਦਾ ਕੁੰਨਾ' ਬਾਬਾ ਔਰਤਾਂ ਦੇ, ਧੁਰੋਂ ਵਿੱਚ ਕੁਰਾਨ ਦੇ ਫ਼ਾਲ ਆਹੀ ।
ਵਾਰਿਸ ਸ਼ਾਹ ਸੁਹਾਗੇ ਤੇ ਅੱਗ ਵਾਂਗੂੰ, ਸਿਉਨਾ ਖੇੜਿਆਂ ਦਾ ਸਭੋ ਗਾਲ ਆਹੀ ।
ਸਦ ਮਾਂਦਰੀ ਖੇੜਿਆਂ ਲਖ ਆਂਦੇ, ਫ਼ਕਰ ਵੈਦ ਤੇ ਭਟ ਮਦਾਰੀਆਂ ਦੇ ।
ਤਰਿਆਕ ਅਕਬਰ ਅਫ਼ਲਾਤੂਨ ਵਾਲਾ, ਦਾਰੂ ਵੱਡੇ ਫ਼ਰੰਗ ਪਸਾਰੀਆਂ ਦੇ ।
ਜਿਨ੍ਹਾਂ ਜ਼ਾਤ ਹਜ਼ਾਰ ਦੇ ਸੱਪ ਕੀਲੇ, ਘੱਤ ਆਂਦੇ ਨੇ ਵਿੱਚ ਪਟਾਰੀਆਂ ਦੇ ।
ਗੰਡੇ ਲੱਖ ਤਾਅਵੀਜ਼ ਤੇ ਧੂਪ ਧੂਣੀ, ਸੂਤ ਆਂਦੇ ਨੇ ਕੰਜ ਕਵਾਰੀਆਂ ਦੇ ।
ਕੋਈ ਅੱਕ ਚਵਾ ਖਵਾਇ ਗੰਢੇ, ਨਾਗਦੌਣ ਧਾਤਾ ਸਭੇ ਸਾਰਿਆਂ ਦੇ ।
ਕਿਸੇ ਲਾ ਮਣਕੇ ਲੱਸੀ ਵਿੱਚ ਘੱਤੇ, ਪਰਦੇ ਚਾਇ ਪਾਏ ਨਰਾਂ ਨਾਰੀਆਂ ਦੇ ।
ਤੇਲ ਮਿਰਚ ਤੇ ਬੂਟੀਆਂ ਦੁੱਧ ਪੀਸੇ, ਘਿਉ ਦੇਂਦੇ ਨੇ ਨਾਲ ਖ਼ਵਾਰੀਆਂ ਦੇ ।
ਵਾਰਿਸ ਸ਼ਾਹ ਸਪਾਧਿਆਂ ਪਿੰਡ ਬੱਧੇ, ਦੱਸਣ ਜ਼ਹਿਰ ਮਹੁਰੇ ਧਾਤਾਂ ਮਾਰੀਆਂ ਦੇ ।
ਦਰਦ ਹੋਰ ਤੇ ਦਾਰੂੜਾ ਹੋਰ ਕਰਦੇ, ਫ਼ਰਕ ਪਵੇ ਨਾ ਲੋੜ੍ਹ ਵਿੱਚ ਲੁੜ੍ਹੀ ਹੈ ਨੀ ।
ਰੰਨਾ ਵੇਖ ਕੇ ਆਖਦੀਆਂ ਜ਼ਹਿਰ ਧਾਣੀ, ਕੋਈ ਸਾਇਤ ਇਹ ਜਿਉਂਦੀ ਕੁੜੀ ਹੈ ਨੀ ।
ਹੀਰ ਆਖਦੀ ਜ਼ਹਿਰ ਹੈ ਖਿੰਡ ਚੱਲੀ, ਛਿੱਬੀ ਕਾਲਜਾ ਚੀਰ ਦੀ ਛੁਰੀ ਹੋ ਨੀ ।
ਮਰ ਚੱਲੀ ਹੈ ਹੀਰ ਸਿਆਲ ਭਾਵੇਂ, ਭਲੀ ਬੁਰੀ ਓਥੇ ਆਣ ਜੁੜੀ ਹੈ ਨੀ ।
ਜਿਸ ਵੇਲੇ ਦੀ ਸੂਤਰੀ ਇਹ ਸੁੰਘੀ, ਭਾਗੀਂ ਹੋ ਗਈ ਹੈ ਨਾਹੀਂ ਮੁੜੀ ਹੈ ਨੀ ।
ਵਾਰਿਸ ਸ਼ਾਹ ਸਦਾਈਏ ਵੈਦ ਰਾਂਝਾ, ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ ।
ਸਹਿਤੀ ਆਖਿਆ ਫ਼ਰਕ ਨਾ ਪਵੇ ਮਾਸਾ, ਇਹ ਸੱਪ ਨਾ ਕੀਲ ਤੇ ਆਂਵਦੇ ਨੇ ।
ਕਾਲੇ ਬਾਗ਼ ਵਿੱਚ ਜੋਗੀੜਾ ਸਿੱਧ ਦਾਤਾ, ਓਹਦੇ ਕਦਮ ਪਾਇਆਂ ਦੁਖ ਜਾਂਵਦੇ ਨੇ ।
ਬਾਸ਼ਕ ਨਾਂਗ ਕਰੂੰਡੀਏ ਮੇਂਡ ਭੱਸ਼ਕ, ਛੀਣੇ ਤਿੱਤਰੇ ਸਭ ਨਿਉਂ ਆਂਵਦੇ ਨੇ ।
ਕਲਗ਼ੀਧਰ ਤੇ ਉਡਣਾਂ ਭੂੰਡ ਆਬੀ, ਅਸਰਾਲ ਘਰਾਲ ਡਰ ਖਾਂਵਦੇ ਨੇ ।
ਤੰਦੂਰੜਾ ਬੋਰੜਾ ਫਣੀ ਫ਼ਨੀਅਰ, ਸਭ ਆਣ ਕੇ ਸੀਸ ਨਿਵਾਂਵਦੇ ਨੇ ।
ਮਣੀਦਾਰ ਦੋ ਸਿਰੇ ਤੇ ਖੜੱਪਿਆਂ ਥੇ, ਮੰਤਰ ਪੜ੍ਹੇ ਤਾਂ ਕੀਲ ਤੇ ਆਂਵਦੇ ਨੇ ।
ਕੰਗੂਰੀਆ ਧਾਮੀਆ ਲੁਸਲੁਸਾ ਵੀ, ਰਤਵਾਰੀਆ ਕਜਲੀਆ ਝਾਂਵਦੇ ਨੇ ।
ਖੰਜੂਰੀਆ ਤੇਲੀਆ ਨਿਪਟ ਜੰਘਾ ਹਥਵਾਰੀਆ ਗੋਝੀਆ ਗਾਂਵਦੇ ਨੇ ।
ਬਲਿਸ਼ਤੀਆ ਛੀਣੀਆ ਸੰਘ-ਟਾਪੂ, ਚਿਚਲਾਵੜਾ ਕੁਲਨਾਸੀਆ ਦਾਂਵਦੇ ਨੇ ।
ਕੋਈ ਦੁਖ ਤੇ ਦਰਦ ਨਾ ਰਹੇ ਭੋਰਾ, ਜਾਦੂ ਜਿੰਨ ਤੇ ਭੂਤ ਸਭ ਜਾਂਵਦੇ ਨੇ ।
ਰਾਉ ਰਾਜੇ ਤੇ ਵੈਦ ਤੇ ਦੇਵ ਪਰੀਆਂ, ਸਭ ਓਸ ਥੋਂ ਹੱਥ ਵਿਖਾਂਵਦੇ ਨੇ ।
ਹੋਰ ਵੈਦ ਸਭ ਵੈਦਗੀ ਲਾ ਥੱਕੇ, ਵਾਰਿਸ ਸ਼ਾਹ ਜੋਗੀ ਹੁਣ ਆਂਵਦੇ ਨੇ ।
ਖੇੜਿਆਂ ਆਖਿਆ ਸੈਦੇ ਨੂੰ ਘਲ ਦੀਚੈ, ਜਿਹੜਾ ਡਿੱਗੇ ਫ਼ਕੀਰ ਦੇ ਜਾ ਪੈਰੀਂ ।
ਸਾਡੀ ਕਰੀਂ ਵਾਹਰ ਨਾਮ ਰਬ ਤੇ, ਕੋਈ ਫ਼ਜ਼ਲ ਦਾ ਪਲੂੜਾ ਚਾ ਫੇਰੀਂ ।
ਸਾਰਾ ਖੋਲ੍ਹ ਕੇ ਹਾਲ ਅਹਿਵਾਲ ਆਖੀਂ, ਨਾਲ ਮਹਿਰੀਆਂ ਬਰਕਤਾਂ ਵਿੱਚ ਦੈਰੀਂ ।
ਚਲੋ ਵਾਸਤੇ ਰਬ ਦੇ ਨਾਲ ਮੇਰੇ, ਕਦਮ ਘਤਿਆਂ ਫ਼ਕਰ ਦੇ ਹੋਣ ਖ਼ੈਰੀਂ ।
ਦਮ ਲਾਇਕੇ ਸਿਆਲ ਵਿਆਹ ਲਿਆਂਦੀ, ਜੰਜ ਜੋੜ ਕੇ ਗਏ ਸਾਂ ਵਿੱਚ ਡੇਰੀਂ ।
ਬੈਠ ਕੋੜਮੇ ਗਲ ਪਕਾ ਛੱਡੀ, ਸੈਦਾ ਘੱਲੀਏ ਰਲਣ ਜਾ ਐਰ ਗੈਰੀਂ ।
ਜੀਕੂੰ ਜਾਣਸੇਂ ਤਿਵੇਂ ਲਿਆ ਜੋਗੀ, ਕਰ ਮਿੰਨਤਾਂ ਲਾਵਣਾ ਹੱਥ ਪੈਰੀਂ ।
ਵਾਰਿਸ ਸ਼ਾਹ ਮੀਆਂ ਤੇਰਾ ਇਲਮ ਹੋਇਆ, ਮਸ਼ਹੂਰ ਵਿੱਚ ਜਿੰਨ ਤੇ ਇਨਸ ਤੈਰੀਂ ।
ਅਜੂ ਆਖਿਆ ਸੈਦਿਆ ਜਾਹ ਭਾਈ, ਇਹ ਵਹੁਟੀਆਂ ਬਹੁਤ ਪਿਆਰੀਆਂ ਜੀ ।
ਜਾ ਬੰਨ੍ਹ ਕੇ ਹੱਥ ਸਲਾਮ ਕਰਨਾ, ਤੁਸਾਂ ਤਾਰੀਆਂ ਖ਼ਲਕਤਾਂ ਸਾਰੀਆਂ ਜੀ ।
ਅੱਗੇ ਨਜ਼ਰ ਰੱਖੀਂ ਸਭੋ ਹਾਲ ਦੱਸੀਂ, ਅੱਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਜੀ ।
ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ, ਖੋਲ੍ਹ ਕਹੇਂ ਹਕੀਕਤਾਂ ਸਾਰੀਆਂ ਜੀ ।
ਆਖੀਂ ਵਾਸਤੇ ਰਬ ਦੇ ਚਲੋ ਜੋਗੀ, ਸਾਨੂੰ ਬਣੀਆਂ ਮਸੀਬਤਾਂ ਭਾਰੀਆਂ ਜੀ ।
ਜੋਗੀ ਮਾਰ ਮੰਤਰ ਕਰੇ ਸੱਪ ਹਾਜ਼ਰ, ਜਾ ਲਿਆ ਵਿਲਾਇਕੇ ਵਾਰੀਆਂ ਜੀ ।
ਵਾਰਿਸ ਸ਼ਾਹ ਓਥੇ ਨਾਹੀਂ ਫੁਰੇ ਮੰਤਰ, ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਜੀ ।
ਸੈਦਾ ਵੱਟ ਬੁੱਕਲ ਬੱਧੀ ਪਚਾਰਿੱਕੀ, ਜੁੱਤੀ ਚਾੜ੍ਹ ਕੇ ਡਾਂਗ ਲੈ ਕੜਕਿਆ ਈ ।
ਵਾਹੋ ਵਾਹ ਚਲਿਆ ਖੁਰੀਂ ਬੰਨ੍ਹ ਖੇੜਾ, ਵਾਂਗ ਕਾਟਕੂ ਮਾਲ ਤੇ ਸਰਕਿਆ ਈ ।
ਕਾਲੇ ਬਾਗ਼ ਵਿੱਚ ਜੋਗੀ ਥੇ ਜਾ ਵੜਿਆ, ਜੋਗੀ ਵੇਖ ਕੇ ਜਟ ਨੂੰ ਦੜਕਿਆ ਈ ।
ਖੜਾ ਹੋ ਮਾਹੀ ਮੁੰਡਿਆ ਕਹਾਂ ਆਵੇਂ, ਮਾਰ ਫਾਹੁੜਾ ਸ਼ੋਰ ਕਰ ਭੜਕਿਆ ਈ ।
ਸੈਦਾ ਸੰਗ ਕੇ ਥਰ ਥਰ ਖੜਾ ਕੰਬੇ, ਉਸ ਦਾ ਅੰਦਰੋਂ ਕਾਲਜਾ ਧੜਕਿਆ ਈ ।
ਓਥੋਂ ਖੜੀ ਕਰ ਬਾਂਹ ਪੁਕਾਰਦਾ ਈ, ਏਹਾ ਖ਼ਤਰੇ ਦਾ ਮਾਰਿਆ ਯਰਕਿਆ ਈ ।
ਚੱਲੀਂ ਵਾਸਤੇ ਰਬ ਦੇ ਜੋਗੀਆ ਵੇ, ਖ਼ਾਰ ਵਿੱਚ ਕਲੇਜੇ ਦੇ ਰੜਕਿਆ ਈ ।
ਜੋਗੀ ਪੁੱਛਦਾ 'ਬਣੀ ਹੈ ਕੌਣ ਤੈਨੂੰ, ਏਸ ਹਾਲ ਆਂਇਉ ਜੱਟਾ' ਬੜ੍ਹਕਿਆ ਈ ।
ਜਟੀ ਵੜੀ ਕਪਾਹ ਵਿੱਚ ਬੰਨ੍ਹ ਝੋਲੀ, ਕਾਲਾ ਨਾਗ ਅਜ਼ਗ਼ੈਬ ਥੀਂ ਕੜਕਿਆ ਈ ।
ਵਾਰਿਸ ਸ਼ਾਹ ਜੋਂ ਚੋਟੀਆਂ ਕਢ ਆਏ, ਅਤੇ ਸੱਪ ਸਰੋਟਿਓਂ ਲੜਕਿਆ ਈ ।
ਤਕਦੀਰ ਨੂੰ ਮੋੜਨਾ ਭਾਲਦਾ ਏਂ, ਸੱਪ ਨਾਲ ਤਕਦੀਰ ਦੇ ਡੰਗਦੇ ਨੇ ।
ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ, ਦੀਦਵਾਨ ਕਜ਼ਾ ਦੇ ਰੰਗ ਦੇ ਨੇ ।
ਜਿਹੜੇ ਛੱਡ ਜਹਾਨ ਉਜਾੜ ਵਸਣ, ਸੁਹਬਤ ਔਰਤਾਂ ਦੀ ਕੋਲੋਂ ਸੰਗਦੇ ਨੇ ।
ਕਦੀ ਕਿਸੇ ਦੀ ਕੀਲ ਵਿੱਚ ਨਹੀਂ ਆਏ, ਜਿਹੜੇ ਸੱਪ ਸਿਆਲ ਤੇ ਝੰਗ ਦੇ ਨੇ ।
ਅਸਾਂ ਚਾਇ ਕੁਰਾਨ ਤੇ ਤਰਕ ਕੀਤੀ, ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇ ।
ਮਰਨ ਦੇ ਜੱਟੀ ਜ਼ਰਾ ਵੈਣ ਸੁਣੀਏਂ, ਰਾਗ ਨਿਕਲਣ ਰੰਗ ਬਰੰਗ ਦੇ ਨੇ ।
ਜਵਾਨ ਮੇਰ ਮਹਿਰੀ ਬੜੇ ਰੰਗ ਹੋਤੇ, ਖ਼ੁਸ਼ੀ ਹੋਤੇ ਹੈਂ ਰੂਹ ਮਲੰਗ ਦੇ ਨੇ ।
ਵਾਰਿਸ ਸ਼ਾਹ ਮੁਨਾਇਕੇ ਸੀਸ ਦਾੜ੍ਹੀ, ਹੋ ਰਹੇ ਜਿਉਂ ਸੰਗਤੀ ਗੰਗ ਦੇ ਨੇ ।
ਹੱਥ ਬੰਨ੍ਹ ਨੀਵੀਂ ਧੌਣ ਘਾਹ ਮੂੰਹ ਵਿੱਚ, ਕਢ ਦੰਦੀਆਂ ਮਿੰਨਤਾਂ ਘਾਲਿਆ ਵੋ ।
ਤੇਰੇ ਚਲਿਆਂ ਹੁੰਦੀ ਹੈ ਹੀਰ ਚੰਗੀ, ਧਰੋਹੀ ਰਬ ਦੀ ਮੁੰਦਰਾਂ ਵਾਲਿਆ ਵੋ ।
ਅੱਠ ਪਹਿਰ ਹੋਏ ਭੁਖੇ ਕੋੜਮੇ ਨੂੰ, ਲੁੜ੍ਹ ਗਏ ਹਾਂ ਫਾਕੜਾ ਜਾਲਿਆ ਵੋ ।
ਜਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ, ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ ।
ਚੰਗੀ ਹੋਏ ਨਾਹੀਂ ਜੱਟੀ ਨਾਗ ਡੰਗੀ, ਤੇਰੇ ਚੱਲਿਆਂ ਖ਼ੈਰ ਰਵਾਲਿਆ ਵੋ ।
ਜੋਗੀ ਵਾਸਤੇ ਰਬ ਦੇ ਤਾਰ ਸਾਨੂੰ, ਬੇੜਾ ਲਾ ਬੰਨੇ ਅੱਲਾਹ ਵਾਲਿਆ ਵੋ ।
ਲਿਖੀ ਵਿੱਚ ਰਜ਼ਾ ਦੇ ਮਰੇ ਜੱਟੀ, ਜਿਸ ਨੇ ਸੱਪ ਦਾ ਦੁਖ ਹੈ ਜਾਲਿਆ ਵੋ ।
ਤੇਰੀ ਜੱਟੀ ਦਾ ਕੀ ਇਲਾਜ ਕਰਨਾ, ਅਸਾਂ ਆਪਣਾ ਕੋੜਮਾ ਗਾਲਿਆ ਵੋ ।
ਵਾਰਿਸ ਸ਼ਾਹ ਰਜ਼ਾ ਤਕਦੀਰ ਵੇਲਾ, ਪੀਰਾਂ ਔਲੀਆਵਾਂ ਨਾਹੀਂ ਟਾਲਿਆ ਵੋ ।
ਚੁਪ ਹੋ ਜੋਗੀ ਸਹਿਜ ਨਾਲ ਬੋਲੇ, ਜੱਟਾ ਕਾਸ ਨੂੰ ਪਕੜਿਉਂ ਕਾਹੀਆਂ ਨੂੰ ।
ਅਸੀਂ ਛੱਡ ਜਹਾਨ ਫ਼ਕੀਰ ਹੋਏ, ਛੱਡ ਦੌਲਤਾਂ ਨਾਲ ਬਾਦਸ਼ਾਹੀਆਂ ਨੂੰ ।
ਯਾਦ ਰਬ ਦੀ ਛੱਡ ਕੇ ਕਰਾਂ ਝੇੜੇ, ਢੂੰਡਾਂ ਉਡਦੀਆਂ ਛੱਡ ਕੇ ਫਾਹੀਆਂ ਨੂੰ ।
ਤੇਰੇ ਨਾਲ ਨਾ ਚੱਲਿਆਂ ਨਫ਼ਾ ਕੋਈ, ਮੇਰਾ ਅਮਲ ਨਾ ਫੁਰੇ ਵਿਵਾਹੀਆਂ ਨੂੰ ।
ਰੰਨਾ ਪਾਸ ਫ਼ਕੀਰ ਨੂੰ ਐਬ ਜਾਣਾ, ਜੇਹਾ ਨੱਸਣਾ ਰਣੋਂ ਸਿਪਾਹੀਆਂ ਨੂੰ ।
ਵਾਰਿਸ ਕਢ ਕੁਰਾਨ ਤੇ ਬਹੇਂ ਮਿੰਬਰ, ਕੇਹਾ ਅੱਡਿਉ ਮਕਰ ਦੀਆਂ ਫਾਹੀਆਂ ਨੂੰ ।
ਸੈਦਾ ਆਖਦਾ ਰੋਂਦੜੀ ਪਈ ਡੋਲੀ, ਚੁਪ ਕਰੇ ਨਾਹੀਂ ਹਤਿਆਰੜੀ ਵੋ ।
ਵਡੀ ਜਵਾਨ ਬਾਲਗ਼ ਕੋਈ ਪਰੀ ਸੂਰਤ, ਤਿੰਨ ਕਪੜੀਂ ਵੱਡੀ ਮੁਟਿਆਰੜੀ ਵੋ ।
ਜੋ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ, ਚਾਇ ਘੱਤਦੀ ਚੀਕ ਚਿਹਾੜੜੀ ਵੋ ।
ਹਥ ਲਾਵਣਾ ਪਲੰਘ ਨੂੰ ਮਿਲੇ ਨਾਹੀਂ, ਖ਼ੌਫ਼ ਖ਼ਤਰਿਉਂ ਰਹੇ ਨਿਆਰੜੀ ਵੋ ।
ਮੈਨੂੰ ਮਾਰ ਕੇ ਆਪ ਨਿਤ ਰਹੇ ਰੋਂਦੀ, ਏਸੇ ਬਾਣ ਉਹ ਰਹੇ ਕਵਾਰੜੀ ਵੋ ।
ਨਾਲ ਸੱਸ ਨਿਨਾਣ ਦੇ ਗਲ ਨਾਹੀਂ, ਪਈ ਮਚਦੀ ਨਿਤ ਖ਼ਵਾਰੜੀ ਵੋ ।
ਅਸਾਂ ਓਸ ਨੂੰ ਮੂਲ ਨਾ ਹੱਥ ਲਾਇਆ, ਕਾਈ ਲੋਥ ਲਾਗਰ ਹੈ ਭਾਰੜੀ ਵੋ ।
ਐਵੇਂ ਗ਼ਫ਼ਲਤਾਂ ਵਿੱਚ ਬਰਬਾਦ ਕੀਤੀ, ਵਾਰਿਸ ਸ਼ਾਹ ਏਹ ਉਮਰ ਵਿਚਾਰੜੀ ਵੋ ।
ਜੋਗੀ ਕੀਲ ਕੀਤੀ ਪਿੜੀ ਵਿੱਚ ਚੌਂਕੇ, ਛੁਰੀ ਓਸ ਦੇ ਵਿੱਚ ਖੁਭਾਈਆ ਸੂ ।
ਖਾ ਕਸਮ ਕੁਰਾਨ ਦੀ ਬੈਠ ਜੱਟਾ, ਕਸਮ ਚੋਰ ਨੂੰ ਚਾਇ ਕਰਾਈਆ ਸੂ ।
ਉਹਦੇ ਨਾਲ ਤੂੰ ਨਾਹੀਂਉ ਅੰਗ ਲਾਇਆ, ਛੁਰੀ ਪੁਟ ਕੇ ਧੌਣ ਰਖਾਈਆ ਸੂ ।
ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ, ਤਾਹੀਂ ਓਸ ਤੋਂ ਕਸਮ ਕਰਾਈਆ ਸੂ ।
ਵਾਰਿਸ ਰਬ ਨੂੰ ਛੱਡ ਕੇ ਪਿਆ ਝੰਜਟ, ਐਵੇਂ ਰਾਇਗਾਂ ਉਮਰ ਗਵਾਈਆ ਸੂ ।
ਖੇੜੇ ਨਿਸ਼ਾ ਦਿੱਤੀ ਅੱਗੇ ਜੋਗੀੜੇ ਦੇ, ਸਾਨੂੰ ਕਸਮ ਹੈ ਪੀਰ ਫ਼ਕੀਰ ਦੀ ਜੀ ।
ਮਰਾਂ ਹੋਇਕੇ ਏਸ ਜਹਾਨ ਕੋੜ੍ਹਾ, ਸੂਰਤ ਡਿੱਠੀ ਜੇ ਮੈਂ ਹੀਰ ਦੀ ਜੀ ।
ਸਾਨੂੰ ਹੀਰ ਜੱਟੀ ਧੌਲੀ ਧਾਰ ਦਿੱਸੇ, ਕੋਹਕਾਫ਼ ਤੇ ਧਾਰ ਕਸ਼ਮੀਰ ਦੀ ਜੀ ।
ਲੰਕਾ ਕੋਟ ਪਹਾੜ ਦਾ ਪਾਰ ਦਿੱਸੇ, ਫ਼ਰਹਾਦ ਨੂੰ ਨਹਿਰ ਜਿਉਂ ਸ਼ੀਰ ਦੀ ਜੀ ।
ਦੂਰੋਂ ਵੇਖ ਕੇ ਫ਼ਾਤਿਹਾ ਆਖ ਛੱਡਾਂ, ਗੋਰ ਪੀਰ ਪੰਜਾਲ ਦੇ ਪੀਰ ਦੀ ਜੀ ।
ਸਾਨੂੰ ਕਹਿਕਹਾ ਇਹ ਦੀਵਾਰ ਦਿੱਸੇ, ਢੁੱਕਾਂ ਜਾਇ ਤਾਂ ਕਾਲਜਾ ਚੀਰ ਦੀ ਜੀ ।
ਉਸ ਦੀ ਝਾਲ ਨਾ ਅਸਾਂ ਥੋਂ ਜਾਏ ਝੱਲੀ, ਝਾਲ ਕੌਣ ਝੱਲੇ ਛੁੱਟੇ ਤੀਰ ਦੀ ਜੀ ।
ਭੈਂਸ ਮਾਰ ਕੇ ਸਿੰਗ ਨਾ ਦੇ ਢੋਈ, ਐਵੇਂ ਹੌਂਸ ਕੇਹੀ ਦੁੱਧ ਖੀਰ ਦੀ ਜੀ ।
ਲੋਕ ਆਖਦੇ ਪਰੀ ਹੈ ਹੀਰ ਜੱਟੀ, ਅਸਾਂ ਨਹੀਂ ਡਿੱਠੀ ਸੂਰਤ ਹੀਰ ਦੀ ਜੀ ।
ਵਾਰਿਸ ਝੂਠ ਨਾ ਬੋਲੀਏ ਜੋਗੀਆਂ ਥੇ, ਖ਼ਿਆਨਤ ਨਾ ਕਰੀਏ ਚੀਜ਼ ਪੀਰ ਦੀ ਜੀ ।
ਜੋਗੀ ਰੱਖ ਕੇ ਅਣਖ ਤੇ ਨਾਲ ਗ਼ੈਰਤ, ਕਢ ਅੱਖੀਆਂ ਰੋਹ ਥੀਂ ਫੁੱਟਿਆ ਈ ।
ਏਹ ਹੀਰ ਦਾ ਵਾਰਿਸੀ ਹੋਇ ਬੈਠਾ, ਚਾ ਡੇਰਿਉਂ ਸਵਾਹ ਵਿੱਚ ਸੁੱਟਿਆ ਈ ।
ਸਣੇ ਜੁੱਤੀਆਂ ਚੌਂਕੇ ਵਿੱਚ ਆ ਵੜਿਉਂ, ਸਾਡਾ ਧਰਮ ਤੇ ਨੇਮ ਸਭ ਪੁੱਟਿਆ ਈ ।
ਲੱਥ ਪੱਥ ਕੇ ਨਾਲ ਨਿਖੁਟਿਆ ਈ, ਕੁਟ ਫਾਟ ਕੇ ਖੇਹ ਵਿੱਚ ਸੁੱਟਿਆ ਈ ।
ਬੁਰਾ ਬੋਲਦਾ ਨੀਰ ਪੱਲਟ ਅਖੀਂ, ਜੇਹਿਆ ਬਾਣੀਆਂ ਸ਼ਹਿਰ ਵਿੱਚ ਲੁੱਟਿਆ ਈ ।
ਪਕੜ ਸੈਦੇ ਨੂੰ ਨਾਲ ਫੌਹੜੀਆਂ ਦੇ, ਚੋਰ ਯਾਰ ਵਾਂਗੂੰ ਢਾਹ ਕੁੱਟਿਆ ਈ ।
ਖੜਤਲਾਂ ਤੇ ਫੌਹੜੀਆਂ ਖ਼ੂਬ ਜੜੀਆਂ, ਧੌਣ ਸੇਕਿਆ ਨਾਲ ਨਝੁੱਟਿਆ ਈ ।
ਦੋਵੇਂ ਬੰਨ੍ਹ ਬਾਹਾਂ ਸਿਰੋਂ ਲਾਹ ਪਟਕਾ, ਗੁਨਾਹਗਾਰ ਵਾਂਗੂੰ ਉੱਠ ਜੁੱਟਿਆ ਈ ।
ਸ਼ਾਨਾ ਖੋਹ ਕੇ ਕੁਟ ਚਕਚੂਰ ਕੀਤਾ, ਲਿੰਗ ਭੰਨ ਕੇ ਸੰਘ ਨੂੰ ਘੁੱਟਿਆ ਈ ।
ਵਾਰਿਸ ਸ਼ਾਹ ਖੁਦਾ ਦੇ ਖ਼ੌਫ਼ ਕੋਲੋਂ, ਸਾਡਾ ਰੋਂਦਿਆਂ ਨੀਰ ਨਿਖੁੱਟਿਆ ਈ ।
ਖੇੜਾ ਖਾਇਕੇ ਮਾਰ ਤੇ ਭੱਜ ਚਲਿਆ, ਵਾਹੋ ਵਾਹ ਰੋਂਦਾ ਘਰੀਂ ਆਂਵਦਾ ਹੈ ।
ਇਹ ਜੋਗੀੜਾ ਨਹੀਂ ਜੇ ਧਾੜ ਕੜਕੇ, ਹਾਲ ਆਪਣਾ ਖੋਲ੍ਹ ਸੁਣਾਂਵਦਾ ਹੈ ।
ਇਹ ਕਾਂਵਰੂੰ ਦੇਸ ਦਾ ਸਿਹਰ ਜਾਣੇ, ਵੱਡੇ ਲੋੜ੍ਹ ਤੇ ਕਹਿਰ ਕਮਾਂਵਦਾ ਹੈ ।
ਇਹ ਦੇਵ ਉਜਾੜ ਵਿੱਚ ਆਣ ਲੱਥਾ, ਨਾਲ ਕੜਕਿਆਂ ਜਾਨ ਗਵਾਂਵਦਾ ਹੈ ।
ਨਾਲੇ ਪੜ੍ਹੇ ਕੁਰਾਨ ਤੇ ਦੇ ਬਾਂਗਾਂ, ਚੌਂਕੇ ਪਾਂਵਦਾ ਸੰਖ ਵਜਾਂਵਦਾ ਹੈ ।
ਮੈਨੂੰ ਮਾਰ ਕੇ ਕੁੱਟ ਤਹਿ ਬਾਰ ਕੀਤਾ, ਪਿੰਡਾ ਖੋਲ੍ਹ੍ਹਕੇ ਫੱਟ ਵਿਖਾਂਵਦਾ ਹੈ ।
ਅਜੂ ਆਖਿਆ ਲਉ ਅਨ੍ਹੇਰ ਯਾਰੋ, ਵੇਖੋ ਗ਼ਜ਼ਬ ਫ਼ਕੀਰ ਨੇ ਚਾਇਆ ਜੇ ।
ਮੇਰਾ ਸੋਨੇ ਦਾ ਕੇਵੜਾ ਮਾਰ ਜਿੰਦੋਂ, ਕੰਮ ਕਾਰ ਥੀਂ ਚਾਇ ਗਵਾਇਆ ਜੇ ।
ਫ਼ਕਰ ਮਿਹਰ ਕਰਦੇ ਸਭ ਖ਼ਲਕ ਉੱਤੇ, ਓਸ ਕਹਿਰ ਜਹਾਨ ਤੇ ਚਾਇਆ ਜੇ ।
ਵਾਰਿਸ ਸ਼ਾਹ ਮੀਆਂ ਨਵਾਂ ਸਾਂਗ ਵੇਖੋ, ਦੇਵ ਆਦਮੀ ਹੋਇਕੇ ਆਇਆ ਜੇ ।
ਸਹਿਤੀ ਆਖਿਆ ਬਾਬਲਾ ਜਾਹ ਆਪੇ, ਸੈਦਾ ਆਪ ਨੂੰ ਵੱਡਾ ਸਦਾਂਵਦਾ ਏ ।
ਨਾਲ ਕਿਬਰ ਹੰਕਾਰ ਦੇ ਮਸਤ ਫਿਰਦਾ, ਖਾਤਰ ਥੱਲੇ ਨਾ ਕਿਸੇ ਨੂੰ ਲਿਆਂਵਦਾ ਏ ।
ਸਾਨ੍ਹੇ ਵਾਂਗਰਾਂ ਸਿਰੀ ਟਪਾਂਵਦਾ ਹੈ, ਅੱਗੋਂ ਆਕੜਾਂ ਪਿਆ ਵਿਖਾਂਵਦਾ ਏ ।
ਜਾਹ ਨਾਲ ਫ਼ਕੀਰ ਦੇ ਕਰੇ ਆਕੜ, ਗ਼ੁੱਸੇ ਗ਼ਜ਼ਬ ਨੂੰ ਪਿਆ ਵਧਾਂਵਦਾ ਏ ।
ਮਾਰ ਨੂੰਹ ਦੇ ਦੁਖ ਹੈਰਾਨ ਕੀਤਾ, ਅਜੂ ਘੋੜੇ ਤੇ ਚੜ੍ਹ ਦੁੜਾਂਵਦਾ ਏ ।
ਯਾਰੋ ਉਮਰ ਸਾਰੀ ਜੱਟੀ ਨਾ ਲੱਧੀ, ਰਹਿਆ ਸੁਹਣੀ ਢੂੰਡ ਢੂੰਡਾਂਵਦਾ ਏ ।
ਵਾਰਿਸ ਸ਼ਾਹ ਜਵਾਨੀ ਵਿੱਚ ਮਸਤ ਰਹਿਆ, ਵਖ਼ਤ ਗਏ ਤਾਈਂ ਪਛੋਤਾਂਵਦਾ ਏ ।
ਜਾ ਬੰਨ੍ਹ ਖੜਾ ਹੱਥ ਪੀਰ ਅੱਗੇ, ਤੁਸੀਂ ਲਾਡਲੇ ਪਰਵਰਦਗਾਰ ਦੇ ਹੋ ।
ਤੁਸੀਂ ਫ਼ਕਰ ਇਲਾਹ ਦੇ ਪੀਰ ਪੂਰੇ, ਵਿੱਚ ਰੇਖ ਦੇ ਮੇਖ ਨੂੰ ਮਾਰਦੇ ਹੋ ।
ਹੋਵੇ ਦੁਆ ਕਬੂਲ ਪਿਆਰਿਆਂ ਦੀ, ਦੀਨ ਦੁਨੀ ਦੇ ਕੰਮ ਸਵਾਰਦੇ ਹੋ ।
ਅੱਠੇ ਪਹਿਰ ਖ਼ੁਦਾ ਦੀ ਯਾਦ ਅੰਦਰ, ਤੁਸੀਂਂ ਨਫ਼ਸ ਸ਼ੈਤਾਨ ਨੂੰ ਮਾਰਦੇ ਹੋ ।
ਹੁਕਮ ਰੱਬ ਦੇ ਥੋਂ ਤੁਸੀਂ ਨਹੀਂ ਬਾਹਰ, ਤੁਸੀਂ ਕੀਲ ਕੇ ਸੱਪ ਨੂੰ ਮਾਰਦੇ ਹੋ ।
ਲੁੜ੍ਹੇ ਜਾਨ ਬੇੜੇ ਅਵਗੁਣਹਾਰਿਆਂ ਦੇ, ਕਰੋ ਫਜ਼ਲ ਤਾਂ ਪਾਰ ਉਤਾਰਦੇ ਹੋ ।
ਤੇਰੇ ਚੱਲਿਆਂ ਨੂੰਹ ਮੇਰੀ ਜਿਉਂਦੀ ਹੈ, ਲੱਗਾ ਦਾਮਨੇ ਸੋ ਤੁਸੀਂ ਤਾਰਦੇ ਹੋ ।
ਵਾਰਿਸ ਸ਼ਾਹ ਦੇ ਉਜ਼ਰ ਮੁਆਫ਼ ਕਰਨੇ, ਬਖਸ਼ਣਹਾਰ ਬੰਦੇ ਗੁਨਾਹਗਾਰ ਦੇ ਹੋ ।
ਛਡ ਦੇਸ ਜਹਾਨ ਉਜਾੜ ਮੱਲੀ, ਅਜੇ ਜੱਟ ਨਾਹੀਂ ਪਿੱਛਾ ਛੱਡਦੇ ਨੇ ।
ਅਸਾਂ ਛੱਡਿਆ ਇਹ ਨਾ ਮੂਲ ਛੱਡਣ, ਕੀੜੇ ਮੁੱਢ ਕਦੀਮ ਦੇ ਹੱਡ ਦੇ ਨੇ ।
ਲੀਹ ਪਈ ਮੇਰੇ ਉੱਤੇ ਝਾੜੀਆਂ ਦੀ, ਪਾਸ ਜਾਣ ਨਾਹੀਂ ਪਿੰਜ ਗੱਡ ਦੇ ਨੇ ।
ਵਾਰਿਸ ਸ਼ਾਹ ਜਹਾਨ ਥੋਂ ਅੱਕ ਪਏ, ਅੱਜ ਕਲ ਫ਼ਕੀਰ ਹੁਣ ਲੱਦਦੇ ਨੇ ।
ਚਲੀਂ ਜੋਗੀਆ ਰਬ ਦਾ ਵਾਸਤਾ ਈ, ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ ।
ਜੋ ਕੁੱਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ, ਜਾਨ ਮਾਲ ਪਰਿਵਾਰ ਨੂੰ ਵਾਰਨੇ ਹਾਂ ।
ਪਏ ਕੁਲ ਦੇ ਕੋੜਮੇ ਸਭ ਰੋਂਦੇ, ਅਸੀਂ ਕਾਗ ਤੇ ਮੋਰ ਉਡਾਰਨੇ ਹਾਂ ।
ਹੱਥ ਬੰਨ੍ਹ ਕੇ ਬੇਨਤੀ ਜੋਗੀਆ ਵੋ, ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ ।
ਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ, ਤੇਰੀਆਂ ਕੁਦਰਤਾਂ ਤੋਂ ਅਸੀਂ ਵਾਰਨੇ ਹਾਂ ।
ਵਾਰਿਸ ਸ਼ਾਹ ਵਸਾਹ ਕੀ ਏਸ ਦਮ ਦਾ, ਐਵੇਂ ਰਾਇਗਾਂ ਉਮਰ ਕਿਉ ਹਾਰਨੇ ਹਾਂ ।
ਜੋਗੀ ਚੱਲਿਆ ਰੂਹ ਦੀ ਕਲਾ ਹਲੀ, ਤਿੱਤਰ ਬੋਲਿਆ ਸ਼ਗਨ ਮਨਾਵਣੇ ਨੂੰ ।
ਐਤਵਾਰ ਨਾ ਪੁੱਛਿਆ ਖੇੜਿਆਂ ਨੇ, ਜੋਗੀ ਆਂਦਾ ਨੇ ਸੀਸ ਮੁਨਾਵਣੇ ਨੂੰ ।
ਵੇਖੋ ਅਕਲ ਸ਼ਊਰ ਜੋ ਮਾਰਿਉ ਨੇ, ਤੁਅਮਾ ਬਾਜ਼ ਦੇ ਹੱਥ ਫੜਾਵਣੇ ਨੂੰ ।
ਭੁੱਖਾ ਖੰਡ ਤੇ ਖੀਰ ਦਾ ਭਇਆ ਰਾਖਾ, ਰੰਡਾ ਘੱਲਿਆ ਸਾਕ ਕਰਾਵਣੇ ਨੂੰ ।
ਸੱਪ ਮਕਰ ਦਾ ਪਰੀ ਦੇ ਪੈਰ ਲੜਿਆ, ਸੁਲੇਮਾਨ ਆਇਆ ਝਾੜਾ ਪਾਵਣੇ ਨੂੰ ।
ਅਨਜਾਣ ਜਹਾਨ ਹਟਾ ਦਿੱਤਾ, ਆਏ ਮਾਂਦਰੀ ਕੀਲ ਕਰਾਵਣੇ ਨੂੰ ।
ਰਾਖਾ ਜੌਆਂ ਦੇ ਢੇਰ ਦਾ ਗਧਾ ਹੋਇਆ, ਅੰਨ੍ਹਾਂ ਘੱਲਿਆ ਹਰਫ਼ ਲਿਖਾਵਣੇ ਨੂੰ ।
ਮਿੰਨਤ ਖਾਸ ਕਰਕੇ ਓਹਨਾਂ ਸਦ ਆਂਦਾ, ਮੀਆਂ ਆਇਆ ਹੈ ਰੰਨ ਖਿਸਕਾਵਣੇ ਨੂੰ ।
ਉਹਨਾਂ ਸੱਪ ਦਾ ਮਾਂਦਰੀ ਢੂੰਡ ਆਂਦਾ, ਸਗੋਂ ਆਇਆ ਹੈ ਸੱਪ ਲੜਾਵਣੇ ਨੂੰ ।
ਵਸਦੇ ਝੁਗੜੇ ਚੌੜ ਕਰਾਵਣੇ ਨੂੰ, ਮੁੱਢੋਂ ਪੁੱਟ ਬੂਟਾ ਲੈਂਦੇ ਜਾਵਣੇ ਨੂੰ ।
ਵਾਰਿਸ ਬੰਦਗੀ ਵਾਸਤੇ ਘੱਲਿਆ ਸੈਂ, ਆ ਜੁੱਟਿਆ ਪਹਿਨਣੇ ਖਾਵਣੇ ਨੂੰ ।
ਭਲਾ ਹੋਇਆ ਭੈਣਾਂ ਹੀਰ ਬਚੀ ਜਾਣੋਂ, ਮੰਨ ਮੰਨੇ ਦਾ ਵੈਦ ਹੁਣ ਆਇਆ ਨੀ ।
ਦੁਖ ਦਰਦ ਗਏ ਸੱਭੇ ਦਿਲ ਵਾਲੇ, ਕਾਮਲ ਵਲੀ ਨੇ ਫੇਰੜਾ ਪਾਇਆ ਨੀ ।
ਜਿਹੜਾ ਛੱਡ ਚੌਧਰਾਈਆਂ ਚਾਕ ਬਣਿਆ, ਵਤ ਓਸ ਨੇ ਜੋਗ ਕਮਾਇਆ ਨੀ ।
ਜੈਂਦੀ ਵੰਝਲੀ ਦੇ ਵਿੱਚ ਲਖ ਮੰਤਰ, ਓਹੋ ਰੱਬ ਨੇ ਵੈਦ ਮਿਲਾਇਆ ਨੀ ।
ਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ, ਸਾਵਣ ਮਾਹ ਜਿੱਥੇ ਮੀਂਹ ਵਸਾਇਆ ਨੀ ।
ਨਾਲੇ ਸਹਿਤੀ ਦੇ ਹਾਲ ਤੇ ਰਬ ਤਰੁਠਾ, ਜੋਗੀ ਦਿਲਾਂ ਦਾ ਮਾਲਕ ਆਇਆ ਨੀ ।
ਤਿੰਨਾਂ ਧਿਰਾਂ ਦੀ ਹੋਈ ਮੁਰਾਦ ਹਾਸਲ, ਧੂਆਂ ਏਸ ਚਰੋਕਣਾ ਪਾਇਆ ਨੀ ।
ਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ, ਇਸਮ ਆਜ਼ਮ ਅਸਰ ਕਰਾਇਆ ਨੀ ।
ਮਹਿਮਾਨ ਜਿਉਂ ਆਂਵਦਾ ਲੈਣ ਵਹੁਟੀ, ਅੱਗੋਂ ਸਾਹੁਰਿਆਂ ਪਲੰਘ ਵਿਛਾਇਆ ਨੀ ।
'ਵੀਰਾ ਰਾਧ' ਵੇਖੋ ਏਥੇ ਕੋਈ ਹੋਸੀ, ਜੱਗ ਧੂੜ ਭੁਲਾਵੜਾ ਪਾਇਆ ਨੀ ।
ਮੰਤਰ ਇੱਕ ਤੇ ਪੁਤਲੀਆਂ ਦੋਏਂ ਉੱਡਣ, ਅੱਲਾਹ ਵਾਲਿਆਂ ਖੇਲ ਰਚਾਇਆ ਨੀ ।
ਖਿਸਕੂ ਸ਼ਾਹ ਹੋਰੀਂ ਅੱਜ ਆਣ ਲੱਥੇ, ਤੰਬੂ ਆਣ ਉਧਾਲੂਆਂ ਲਾਇਆ ਨੀ ।
ਧਰਨਾ ਮਾਰ ਬੈਠਾ ਜੋਗੀ ਮੁੱਦਤਾਂ ਦਾ, ਅੱਜ ਖੇੜਿਆਂ ਨੇ ਖ਼ੈਰ ਪਾਇਆ ਨੀ ।
ਕੱਖੋਂ ਲਖ ਕਰ ਦਏ ਖ਼ੁਦਾ ਸੱਚਾ, ਦੁਖ ਹੀਰ ਦਾ ਰੱਬ ਗਵਾਇਆ ਨੀ ।
ਉਨ੍ਹਾਂ ਸਿਕਦਿਆਂ ਦੀ ਦੁਆ ਰੱਬ ਸੁਣੀ, ਓਸ ਨੱਡੜੀ ਦਾ ਯਾਰ ਆਇਆ ਨੀ ।
ਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ, ਰਬ ਵਿਛੜਿਆਂ ਨਾਲ ਮਿਲਾਇਆ ਨੀ ।
ਸਹਿਤੀ ਆਪਣੇ ਹੱਥ ਇਖਤਿਆਰ ਲੈ ਕੇ, ਡੇਰਾ ਡੂਮਾਂ ਦੀ ਕੋਠੜੀ ਪਾਇਆ ਨੀ ।
ਰੰਨਾਂ ਮੋਹ ਕੇ ਲੈਣ ਸ਼ਹਿਜ਼ਾਦਿਆਂ ਨੂੰ, ਵੇਖੋ ਇਫਤਰਾ ਕੌਣ ਬਣਾਇਆ ਨੀ ।
ਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ, ਪਿੱਛੋਂ ਸਾਂਘਰੂ ਢੋਲ ਵਜਾਇਆ ਨੀ ।
ਭਲਕੇ ਏਥੇ ਨਾ ਹੋਵਸਨ ਦੋ ਕੁੜੀਆਂ, ਸਾਨੂੰ ਸ਼ਗਨ ਏਹੋ ਨਜ਼ਰ ਆਇਆ ਨੀ ।
ਵਾਰਿਸ ਸ਼ਾਹ ਸ਼ੈਤਾਨ ਬਦਨਾਮ ਕਰਸੋ, ਲੂਣ ਥਾਲ ਦੇ ਵਿੱਚ ਪਿਹਾਇਆ ਨੀ ।
ਕੁੜੀਆਂ ਆਖਿਆ ਆਣ ਕੇ ਹੀਰ ਤਾਈਂ, ਅਨੀ ਵਹੁਟੀਏ ਅੱਜ ਵਧਾਈ ਏਂ ਨੀ ।
ਮਿਲੀ ਆਬੇ ਹਿਆਤ ਪਿਆਸਿਆਂ ਨੂੰ, ਹੁੰਣ ਜੋਗੀਆਂ ਦੇ ਵਿੱਚ ਆਈ ਏਂ ਨੀ ।
ਤੈਥੋਂ ਦੋਜ਼ਖ਼ੇ ਦੀ ਆਂਚ ਦੂਰ ਹੋਈ, ਰਬ ਵਿੱਚ ਬਹਿਸ਼ਤ ਦੇ ਪਾਈ ਏਂ ਨੀ ।
ਜੀਊੜੇ ਰਬ ਨੇ ਮੇਲ ਕੇ ਤਾਰੀਏਂ ਤੂੰ, ਮੋਤੀ ਲਾਲ ਦੇ ਨਾਲ ਪੁਰਾਈ ਏਂ ਨੀ ।
ਵਾਰਿਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ,ਅੱਜ ਰੱਬ ਨੇ ਚੌੜ ਕਰਾਈ ਏਂ ਨੀ ।
ਜੋਗੀ ਆਖਿਆ ਫਿਰੇ ਨਾ ਮਰਦ ਔਰਤ, ਪਵੇ ਕਿਸੇ ਦਾ ਨਾ ਪਰਛਾਵਣਾ ਵੋ ।
ਕਰਾਂ ਬੈਠ ਨਿਵੇਕਲਾ ਜਤਨ ਗੋਸ਼ੇ, ਕੋਈ ਨਹੀਂ ਜੇ ਛਿੰਜ ਪਵਾਵਣਾ ਵੋ ।
ਕੰਨ ਸੰਨ ਵਿੱਚ ਵਹੁਟੜੀ ਆਣ ਪਾਵੋ, ਨਹੀਂ ਧੁੰਮ ਤੇ ਸ਼ੋਰ ਕਰਾਵਣਾ ਵੋ ।
ਇੱਕੋ ਆਦਮੀ ਆਵਣਾ ਮਿਲੇ ਸਾਥੇ, ਔਖਾ ਸੱਪ ਦਾ ਰੋਗ ਗਵਾਵਣਾ ਵੋ ।
ਕਵਾਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ, ਨਹੀਂ ਹੋਰ ਕਿਸੇ ਏਥੇ ਆਵਣਾ ਵੋ ।
ਸੱਪ ਨੱਸ ਜਾਏ ਛਲ ਮਾਰ ਜਾਏ, ਖਰਾ ਔਖੜਾ ਛਿਲਾ ਕਮਾਵਣਾ ਵੋ ।
ਲਿਖਿਆ ਸੱਤ ਸੈ ਵਾਰ ਕੁਰਾਨ ਅੰਦਰ, ਨਾਹੀਂ ਛੱਡ ਨਮਾਜ਼ ਪਛਤਾਵਣਾ ਵੋ ।
ਵਾਰਿਸ ਸ਼ਾਹ ਨਿਕੋਈ ਤੇ ਬੰਦਗੀ ਕਰ, ਵਤ ਨਹੀਂ ਜਹਾਨ ਤੇ ਆਵਣਾ ਵੋ ।
ਸਹਿਤੀ ਕੁੜੀ ਨੂੰ ਸੱਦ ਕੇ ਸੌਂਪਿਉ ਨੇ, ਮੰਜਾ ਵਿੱਚ ਐਵਾਨ ਦੇ ਪਾਇਕੇ ਤੇ ।
ਪਿੰਡੋਂ ਬਾਹਰਾ ਡੂਮਾਂ ਦਾ ਕੋਠੜਾ ਸੀ, ਓਥੇ ਦਿੱਤੀ ਨੇ ਥਾਉਂ ਬਣਾਇਕੇ ਤੇ ।
ਜੋਗੀ ਪਲੰਘ ਦੇ ਪਾਸੇ ਬਹਾਇਉ ਨੇ, ਆ ਬੈਠਾ ਹੈ ਸ਼ਗਨ ਮਨਾਇਕੇ ਤੇ ।
ਨਾਢੂ ਸ਼ਾਹ ਬਣਿਆ ਮਸਤ ਜੋ ਆਸ਼ਕ, ਮਾਸ਼ੂਕ ਨੂੰ ਪਾਸ ਬਹਾਇਕੇ ਤੇ ।
ਖੇੜੇ ਆਪ ਜਾ ਘਰੀਂ ਬੇਫ਼ਿਕਰ ਸੁੱਤੇ, ਤੁਅਮਾ ਬਾਗ਼ ਦੇ ਹੱਥ ਫੜਾਇਕੇ ਤੇ ।
ਸਿਰ ਤੇ ਹੋਵਣੀ ਆਇਕੇ ਕੂਕਦੀ ਹੈ, ਚੁਟਕੀ ਮਾਰ ਕੇ ਹੱਥ ਬੰਨ੍ਹਾਇਕੇ ਤੇ ।
ਉਨ੍ਹਾਂ ਖੇਹ ਸਿਰ ਘੱਤ ਕੇ ਪਿੱਟਣਾ ਹੈ, ਜਿਨ੍ਹਾਂ ਵਿਆਹੀਆਂ ਧੜੀ ਬੰਨ੍ਹਾਇਕੇ ਤੇ ।
ਵਾਰਿਸ ਸ਼ਾਹ ਹੁਣ ਤਿਨ੍ਹਾਂ ਨੇ ਵੈਣ ਕਰਨੇ, ਜਿਨ੍ਹਾਂ ਵਿਆਹਿਉਂ ਘੋੜੀਆਂ ਗਾਇਕੇ ਤੇ ।
ਅੱਧੀ ਰਾਤ ਰਾਂਝੇ ਪੀਰ ਯਾਦ ਕੀਤੇ, ਤੁਰ੍ਹਾ ਖਿਜ਼ਰ ਦਾ ਹੱਥ ਲੈ ਬੋਲਿਆ ਈ ।
ਸ਼ਕਰ ਗੰਜ ਦਾ ਪਕੜ ਰੁਮਾਲ ਚੁੰਮੇ, ਵਿੱਚ ਮੁਸ਼ਕ ਤੇ ਇਤਰ ਦੇ ਝੋਲਿਆ ਈ ।
ਖੰਜਰ ਕੱਢ ਮਖਦੂਮ ਜਹਾਨੀਏ ਦਾ, ਵਿੱਚੋਂ ਰੂਹ ਰੰਝੇਟੇ ਦਾ ਡੋਲਿਆ ਈ ।
ਖੂੰਡੀ ਪੀਰ ਬਹਾਉਦੀਨ ਵਾਲੀ, ਮੰਦਰਾ ਲਾਲ ਸ਼ਹਿਬਾਜ਼ ਦਾ ਟੋਲਿਆ ਈ ।
ਪੀਰ ਬਹਾਉਦੀਨ ਜ਼ਕਰੀਏ ਧਮਕ ਦਿੱਤੀ, ਕੰਧ ਢਾਇਕੇ ਰਾਹ ਨੂੰ ਖੋਲ੍ਹਿਆ ਈ ।
ਜਾ ਬੈਠਾ ਹੈਂ ਕਾਸ ਨੂੰ ਉਠ ਜੱਟਾ, ਸਵੀਂ ਨਾਹੀਂ ਤੇਰਾ ਰਾਹ ਖੋਲ੍ਹਿਆ ਈ ।
ਵਾਰਿਸ ਸ਼ਾਹ ਪਛੋਤਾਵਸੇਂ ਬੰਦਗੀ ਨੂੰ, ਇਜ਼ਰਾਈਲ ਜਾਂ ਧੌਣ ਚੜ੍ਹ ਬੋਲਿਆ ਈ ।
ਨਿਕਲ ਕੋਠਿਉਂ ਤੁਰਨ ਨੂੰ ਤਿਆਰ ਹੋਇਆ, ਸਹਿਤੀ ਆਣ 'ਹਜ਼ੂਰ ਸਲਾਮ' ਕੀਤਾ ।
ਬੇੜਾ ਲਾ ਬੰਨੇ ਅਸਾਂ ਆਜਜ਼ਾਂ, ਦਾ ਰਬ ਫਜ਼ਲ ਤੇਰੇ ਉੱਤੇ ਆਮ ਕੀਤਾ ।
ਮੇਰਾ ਯਾਰ ਮਿਲਾਵਣਾ ਵਾਸਤਾ ਈ, ਅਸਾਂ ਕੰਮ ਤੇਰਾ ਸਰੰਜਾਮ ਕੀਤਾ ।
ਭਾਬੀ ਹੱਥ ਫੜਾਇਕੇ ਤੋਰ ਦਿੱਤੀ, ਕੰਮ ਖੇੜਿਆਂ ਦਾ ਸਭੋ ਖ਼ਾਮ ਕੀਤਾ ।
ਤੇਰੇ ਵਾਸਤੇ ਮਾਪਿਆਂ ਨਾਲ ਕੀਤੀ, ਜੋ ਕੁੱਝ ਅਲੀ ਦੇ ਨਾਲ ਗ਼ੁਲਾਮ ਕੀਤਾ ।
ਜੋ ਕੁੱਝ ਹੋਵਣੀ ਸੀਤਾ ਦੇ ਨਾਲ ਕੀਤੀ, ਅਤੇ ਦਹਿਸਰੇ ਨਾਲ ਜੋ ਰਾਮ ਕੀਤਾ ।
ਵਾਰਿਸ ਸ਼ਾਹ ਜਿਸ ਤੇ ਮਿਹਰਬਾਨ ਹੋਵੇ, ਓਥੇ ਫਜ਼ਲ ਨੇ ਆਣ ਮੁਕਾਮ ਕੀਤਾ ।
ਰਾਂਝੇ ਹੱਥ ਉਠਾਇ ਦੁਆ ਮੰਗੀ, ਰੱਬਾ ਮੇਲਣਾ ਯਾਰ ਗਵਾਰਨੀ ਦਾ ।
ਏਸ ਹੁਬ ਦੇ ਨਾਲ ਹੈ ਕੰਮ ਕੀਤਾ, ਬੇੜਾ ਪਾਰ ਕਰਨਾ ਕੰਮ ਸਾਰਨੀ ਦਾ ।
ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਆਈ, ਰੱਬਾ ਯਾਰ ਮੇਲੀਂ ਏਸ ਯਾਰਨੀ ਦਾ ।
ਫਜ਼ਲ ਰੱਬ ਕੀਤਾ ਯਾਰ ਆ ਮਿਲਿਆ, ਓਸ ਸ਼ਾਹ ਮੁਰਾਦ ਪੁਕਾਰਨੀ ਦਾ ।
ਡਾਚੀ ਸ਼ਾਹ ਮੁਰਾਦ ਦੀ ਆਣ ਰਿੰਗੀ, ਉੱਤੋਂ ਬੋਲਿਆ ਸਾਈਂ ਸਵਾਰੀਏ ਨੀ ।
ਸ਼ਾਲਾ ਢੁਕ ਆਵੀਂ ਹੁਸ਼ ਢੁਕ ਨੇੜੇ, ਆ ਚੜ੍ਹੀਂ ਕਚਾਵੇ ਤੇ ਡਾਰੀਏ ਨੀ ।
ਮੇਰੀ ਗਈ ਕਤਾਰ ਕੁਰਾਹ ਘੁੱਥੀ, ਕੋਈ ਸਿਹਰ ਕੀਤੋ ਟੂਣੇ ਹਾਰੀਏ ਨੀ ।
ਵਾਈ ਸੂਈ ਦੀ ਪੋਤਰੀ ਇਹ ਡਾਚੀ, ਘਿੰਨ ਝੋਕ ਪਲਾਣੇ ਦੀ ਲਾੜੀਏ ਨੀ ।
ਵਾਰਿਸ ਸ਼ਾਹ ਬਹਿਸ਼ਤ ਦੀ ਮੋਰਨੀ ਤੂੰ, ਇਹ ਫ਼ਰਿਸ਼ਤਿਆਂ ਉੱਠ ਤੇ ਚਾੜ੍ਹੀਏ ਨੀ ।
ਸਹਿਤੀ ਲਈ ਮੁਰਾਦ ਤੇ ਹੀਰ ਰਾਂਝੇ, ਰਵਾਂ ਹੋ ਚੱਲੇ ਲਾੜੇ ਲਾੜੀਆਂ ਨੇ ।
ਰਾਤੋ ਰਾਤ ਗਏ ਲੈ ਬਾਜ਼ ਕੂੰਜਾਂ, ਸਿਰੀਆਂ ਨਾਗਾਂ ਦੀਆਂ ਸ਼ੀਹਾਂ ਲਤਾੜੀਆਂ ਨੇ ।
ਆਪੋ ਧਾਪ ਗਏ ਲੈ ਕੇ ਵਾਹੋ ਦਾਹੀ, ਬਘਿਆੜਾਂ ਨੇ ਤਰੰਡੀਆਂ ਪਾੜੀਆਂ ਨੇ ।
ਫ਼ਜਰ ਹੋਈ ਕਿੜਾਊਆਂ ਗਜ ਘੱਤੇ, ਵੇਖੋ ਖੇੜਿਆਂ ਵਾਹਰਾਂ ਚਾੜ੍ਹੀਆਂ ਨੇ ।
ਜੜ੍ਹਾਂ ਦੀਨ ਈਮਾਨ ਦੀਆਂ ਕੱਟਣੇ ਨੂੰ, ਇਹ ਮਹਿਰੀਆਂ ਤੇਜ਼ ਕੁਹਾੜੀਆਂ ਨੇ ।
ਮੀਆਂ ਜਿਨ੍ਹਾਂ ਬੇਗਾਨੜੀ ਨਾਰ ਰਾਵੀ, ਮਿਲਣ ਦੋਜ਼ਖ਼ੀਂ ਤਾਉ ਚਵਾੜੀਆਂ ਨੇ ।
ਵਾਰਿਸ ਸ਼ਾਹ ਨਾਈਆਂ ਨਾਲ ਜੰਗ ਬੱਧਾ, ਖੇੜਿਆਂ ਕੁਲ ਮਨਾਇਕੇ ਦਾੜ੍ਹੀਆਂ ਨੇ ।
ਇੱਕ ਜਾਣ ਭੰਨੇ ਬਹੁਤ ਨਾਲ ਖ਼ੁਸ਼ੀਆਂ, ਭਲਾ ਹੋਇਆ ਫ਼ਕੀਰਾਂ ਦੀ ਆਸ ਹੋਈ ।
ਇੱਕ ਜਾਣ ਰੋਂਦੇ ਜੂਹ ਖੇੜਿਆਂ ਦੀ, ਅੱਜ ਵੇਖੋ ਤਾਂ ਚੌੜ ਨਖ਼ਾਸ ਹੋਈ ।
ਇੱਕ ਲੈ ਡੰਡੇ ਨੰਗੇ ਜਾਣ ਭੰਨੇ, ਯਾਰੋ ਪਈ ਸੀ ਹੀਰ ਉਦਾਸ ਹੋਈ ।
ਇੱਕ ਚਿੱਤੜ ਵਜਾਂਵਦੇ ਫ਼ਿਰਨ ਭੌਂਦੇ, ਜੋ ਮੁਰਾਦ ਫ਼ਕੀਰਾਂ ਦੀ ਰਾਸ ਹੋਈ ।
ਵਾਰਿਸ ਸ਼ਾਹ ਕੀ ਮੁੰਨਦਿਆਂ ਢਿਲ ਲੱਗੇ, ਜਦੋਂ ਉਸਤਰੇ ਨਾਲ ਪਟਾਸ ਹੋਈ ।
ਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ, ਅੱਗੋਂ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ ।
ਪਕੜ ਤਰਕਸ਼ਾਂ ਅਤੇ ਕਮਾਨ ਦੌੜੇ, ਖੇੜੇ ਨਾਲ ਹਥਿਆਰਾਂ ਦੇ ਮਾਰ ਦਿੱਤੇ ।
ਮਾਰ ਬਰਛੀਆਂ ਆਣ ਬਲੋਚ ਕੜਕੇ, ਤੇਗ਼ਾਂ ਮਾਰ ਕੇ ਵਾਹਰੂ ਝਾੜ ਦਿੱਤੇ ।
ਮਾਰ ਨਾਵਕਾਂ ਮੋਰਚੇ ਭੰਨ ਦਿੱਤੇ, ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇ ।
ਵਾਰਿਸ ਸ਼ਾਹ ਜਾਂ ਰਬ ਨੇ ਮਿਹਰ ਕੀਤੀ, ਬੱਦਲ ਕਹਿਰ ਦੇ ਲੁਤਫ਼ ਨੇ ਪਾੜ ਦਿੱਤੇ ।
ਦੂਈਆਂ ਵਾਹਰਾਂ ਰਾਂਝੇ ਨੂੰ ਆਣ ਮਿਲੀਆਂ, ਸੁੱਤਾ ਪਿਆ ਉਜਾੜ ਵਿੱਚ ਘੇਰਿਉ ਨੇ ।
ਦੁੰਦ ਮਾਰਦੇ ਬਰਛੀਆਂ ਫੇਰਦੇ ਨੇ, ਘੋੜੇ ਵਿੱਚ ਮੈਦਾਨ ਦੇ ਫੇਰਿਉ ਨੇ ।
ਸਿਰ ਹੀਰ ਦੇ ਪਟ ਤੇ ਰੱਖ ਸੁੱਤਾ, ਸੱਪ ਮਾਲ ਤੋਂ ਆਣ ਕੇ ਛੇੜਿਉ ਨੇ ।
ਹੀਰ ਪਕੜ ਲਈ ਰਾਂਝਾ ਕੈਦ ਕੀਤਾ, ਵੇਖੋ ਜੋਗੀ ਨੂੰ ਚਾ ਖਦੇੜਿਉ ਨੇ ।
ਲਾਹ ਸੇਲ੍ਹੀਆਂ ਬੰਨ੍ਹ ਕੇ ਹੱਥ ਦੋਵੇਂ, ਪਿੰਡਾਂ ਚਾਬਕਾਂ ਨਾਲ ਉਚੇੜਿਉ ਨੇ ।
ਵਾਰਿਸ ਸ਼ਾਹ ਫ਼ਕੀਰ ਅੱਲਾਹ ਦੇ ਨੂੰ, ਮਾਰ ਮਾਰ ਕੇ ਚਾ ਖਦੇੜਿਉ ਨੇ ।
ਹੀਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ ।
ਨੀਂਦ ਵਲੀ ਤੇ ਗ਼ੌਸ ਤੇ ਕੁਤਬ ਮਾਰੇ, ਨੀਂਦ ਲੁੱਟਿਆ ਰਾਹ ਪੰਧਾਣਿਆਂ ਨੂੰ ।
ਏਸ ਨੀਂਦ ਨੇ ਸ਼ਾਹ ਫ਼ਕੀਰ ਕੀਤੇ, ਰੋ ਬੈਠੇ ਨੇ ਵਖ਼ਤ ਵਿਹਾਣਿਆਂ ਨੂੰ ।
ਨੀਂਦ ਸ਼ੇਰ ਤੇ ਦੇਵ ਇਮਾਮ ਕੁੱਠੇ, ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ ।
ਸੁੱਤੇ ਸੋਈ ਵਿਗੁਤੜੇ ਅਦਹਮ ਵਾਂਗੂੰ, ਗ਼ਾਲਬ ਨੀਂਦ ਹੈ ਦੇਵ-ਰੰਝਾਣਿਆਂ ਨੂੰ ।
ਨੀਂਦ ਹੇਠ ਸੁਟਿਆ ਸੁਲੇਮਾਨ ਤਾਈਂ, ਦੇਂਦੀ ਨੀਂਦ ਛੁਡਾ ਟਿਕਾਣਿਆਂ ਨੂੰ ।
ਨੀਂਦ ਪੁੱਤਰ ਯਾਕੂਬ ਦਾ ਖੂਹ ਪਾਇਆ, ਸੁਣਿਆ ਹੋਸੀਆ ਯੂਸਫ਼-ਵਾਣਿਆਂ ਨੂੰ ।
ਨੀਂਦ ਜ਼ਿਬਾ ਕੀਤਾ ਇਸਮਾਈਲ ਤਾਈਂ, ਯੂਨਸ ਪੇਟ ਮੱਛੀ ਵਿੱਚ ਪਾਣਿਆਂ ਨੂੰ ।
ਨੀਂਦ ਫ਼ਜਰ ਦੀ ਕਜ਼ਾ ਨਮਾਜ਼ ਕਰਦੀ, ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰ ।
ਨੀਂਦ ਵੇਖ ਜੋ ਸੱਸੀ ਨੂੰ ਵਖ਼ਤ ਪਾਇਆ, ਫ਼ਿਰੇ ਢੂੰਡਦੀ ਪੈਰੋਂ ਵਾਹਣਿਆਂ ਨੂੰ ।
ਰਾਂਝੇ ਹੀਰ ਨੂੰ ਬਨ੍ਹ ਲੈ ਟੁਰੇ ਖੇੜੇ, ਦੋਵੇਂ ਰੋਂਦੇ ਨੇ ਵਖ਼ਤ ਵਿਹਾਣਿਆਂ ਨੂੰ ।
ਸਾਢੇ ਤਿੰਨ ਹੱਥ ਜ਼ਿਮੀਂ ਹੈ ਮਿਲਕ ਤੇਰੀ, ਵਾਰਿਸ ਵਲੇਂ ਕਿਉਂ ਐਡ ਵਲਾਣਿਆਂ ਨੂੰ ।
ਹਾਏ ਹਾਏ ਮੁੱਠੀ ਮਤ ਨਾ ਲਈਆ, ਦਿੱਤੀ ਅਕਲ ਹਜ਼ਾਰ ਚਕੇਟਿਆ ਵੇ ।
ਵਸ ਪਿਉਂ ਤੂੰ ਵੈਰੀਆਂ ਸਾਂਵਿਆਂ ਦੇ, ਕੇਹੀ ਵਾਹ ਹੈ ਮੁਸ਼ਕ ਲਪੇਟਿਆ ਵੇ ।
ਜਿਹੜਾ ਛਿੜਿਆ ਵਿੱਚ ਜਹਾਨ ਝੇੜਾ, ਨਹੀਂ ਜਾਵਣਾ ਮੂਲ ਸਮੇਟਿਆ ਵੇ ।
ਰਾਜਾ ਅਦਲੀ ਹੈ ਤਖ਼ਤ ਤੇ ਅਦਲ ਕਰਦਾ, ਖੜੀ ਬਾਂਹ ਕਰ ਕੂਕ ਰੰਝੇਟਿਆ ਵੇ ।
ਬਿਨਾ ਅਮਲ ਦੇ ਨਹੀਂ ਨਜ਼ਾਤ ਤੇਰੀ, ਪਿਆ ਮਾਰੀਏਂ ਕੁਤਬ ਦਿਆ ਬੇਟਿਆ ਵੇ ।
ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦਾ, ਗਧਾ ਜ਼ਰੀ ਦੇ ਵਿੱਚ ਲਪੇਟਿਆ ਵੇ ।
ਅਸਰ ਸੁਹਬਤਾਂ ਦੇ ਕਰ ਜਾਣ ਗ਼ਲਬਾ, ਜਾ ਰਾਜੇ ਦੇ ਪਾਸ ਜਟੇਟਿਆ ਵੇ ।
ਵਾਰਿਸ ਸ਼ਾਹ ਮੀਆਂ ਲੋਹਾ ਹੋਏ ਸੋਇਨਾ, ਜਿੱਥੇ ਕੀਮਿਆਂ ਦੇ ਨਾਲ ਭੇਟਿਆ ਵੇ ।
ਕੂ ਕੂ ਕੀਤਾਇ ਕੂਕ ਰਾਂਝੇ, ਉੱਚਾ ਕੂਕਦਾ ਚਾਂਗਰਾਂ ਧਰਾਸਦਾ ਈ ।
ਬੂ ਬੂ ਮਾਰ ਲਲਕਰਾਂ ਕਰੇ ਧੁੰਮਾਂ, ਰਾਜੇ ਪੁੱਛਿਆ ਸ਼ੋਰ ਵਸਵਾਸ ਦਾ ਈ ।
ਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ, ਕਰਮ ਰਬ ਦਾ ਫ਼ਿਕਰ ਗਮ ਕਾਸ ਦਾ ਈ ।
ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ, ਤੇਰਾ ਰਾਜ ਤੇ ਹੁਕਮ ਆਕਾਸ਼ ਦਾ ਈ ।
ਤੇਰੀ ਧਾਂਕ ਪਈ ਏ ਰੂਮ ਸ਼ਾਮ ਅੰਦਰ, ਬਾਦਸ਼ਾਹ ਡਰੇ ਆਸ ਪਾਸ ਦਾ ਈ ।
ਤੇਰੇ ਰਾਜ ਵਿੱਚ ਬਿਨਾ ਤਕਸੀਰ ਲੁਟਿਆ, ਨਾ ਗੁਨਾਹ ਤੇ ਨਾ ਕੋਈ ਵਾਸਤਾ ਈ ।
ਮੱਖੀ ਫਾਸਦੀ ਸ਼ਹਿਦ ਵਿੱਚ ਹੋ ਨੇੜੇ, ਵਾਰਿਸ ਸ਼ਾਹ ਏਸ ਜਗ ਵਿੱਚ ਫਾਸਦਾ ਈ ।
ਰਾਜੇ ਹੁਕਮ ਕੀਤਾ ਚੜ੍ਹੀ ਫ਼ੌਜ ਬਾਂਕੀ, ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ ।
ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ, ਛਡ ਦਿਉ ਖਾਂ ਛਲ ਦਰੇੜਿਆਂ ਨੂੰ ।
ਰਾਜੇ ਆਖਿਆ ਚੋਰ ਨਾ ਜਾਣ ਪਾਵੇ, ਚਲੋ ਛੱਡ ਦੇਵੋ ਝਗੜਿਆਂ ਝੇੜਿਆਂ ਨੂੰ ।
ਪਕੜ ਵਿੱਚ ਹਜ਼ੂਰ ਦੇ ਲਿਆਉ ਹਾਜ਼ਰ, ਰਾਹਜ਼ਨਾਂ ਤੇ ਖੋਹੜੂ ਬੇੜ੍ਹਿਆਂ ਨੂੰ ।
ਬੰਨ੍ਹ ਖੜਾਂਗੇ ਇੱਕੇ ਤਾਂ ਚਲੋ ਆਪੇ, ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ ।
ਵਾਰਿਸ ਸ਼ਾਹ ਚੰਦ ਸੂਰਜਾਂ ਗ੍ਰਹਿਣ ਲੱਗੇ, ਉਹ ਭੀ ਫੜੇ ਨੇ ਆਪਣੇ ਫੇੜਿਆਂ ਨੂੰ ।
ਖੇੜੇ ਰਾਜੇ ਦੇ ਆਣ ਹਜ਼ੂਰ ਕੀਤੇ, ਸੂਰਤ ਬਣੇ ਨੇ ਆਣ ਫ਼ਰਿਆਦੀਆਂ ਦੇ ।
ਰਾਂਝੇ ਆਖਿਆ ਖੋਹ ਲੈ ਚੱਲੇ ਨੱਢੀ, ਇਹ ਖੋਹੜੂ ਫੇਰ ਬੇਦਾਦੀਆਂ ਦੇ ।
ਮੈਥੋਂ ਖੋਹ ਫ਼ਕੀਰਨੀ ਉਠ ਨੱਠੇ, ਜਿਵੇਂ ਪੈਸਿਆਂ ਨੂੰ ਡੂਮ ਸ਼ਾਦੀਆਂ ਦੇ ।
ਮੇਰਾ ਨਿਆਉਂ ਤੇਰੇ ਅੱਗੇ ਰਾਏ ਸਾਹਿਬ, ਇਹ ਵੱਡੇ ਦਰਬਾਰ ਨੇ ਆਦੀਆਂ ਦੇ ।
ਚੇਤਾਂ ਦਾੜ੍ਹੀਆਂ ਪਗੜੀਆਂ ਵੇਖ ਭੁੱਲੇਂ, ਸ਼ੈਤਾਨ ਨੇ ਅੰਦਰੋਂ ਵਾਦੀਆਂ ਦੇ ।
ਵਾਰਿਸ ਬਾਹਰੋਂ ਸੂਹੇ ਤੇ ਸਿਆਹ ਅੰਦਰੋਂ, ਤੰਬੂ ਹੋਣ ਜਿਵੇਂ ਮਾਲਜ਼ਾਦੀਆਂ ਦੇ ।
ਖੇੜਿਆਂ ਜੋੜ ਕੇ ਹੱਥ ਫ਼ਰਿਆਦ ਕੀਤੀ, ਨਹੀਂ ਵਖ਼ਤ ਹੁਣ ਜ਼ੁਲਮ ਕਮਾਵਣੇ ਦਾ ।
ਇਹ ਠਗ ਹੈ ਮਹਿਜ਼ਰੀ ਵੱਡਾ ਘੁੱਠਾ, ਸਿਹਰ ਜਾਣਦਾ ਸਰ੍ਹੋਂ ਜਮਾਵਣੇ ਦਾ ।
ਵਿਹੜੇ ਵੜਦਿਆਂ ਨਢੀਆਂ ਮੋਹ ਲੈਂਦਾ, ਇਸ ਥੇ ਇਲਮ ਜੇ ਰੰਨਾਂ ਵਲਾਵਣੇ ਦਾ ।
ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ, ਉਹ ਵਖ਼ਤ ਸੀ ਮਾਂਦਰੀ ਲਿਆਵਣੇ ਦਾ ।
ਸਹਿਤੀ ਦੱਸਿਆ ਜੋਗੀੜਾ ਬਾਗ਼ ਕਾਲੇ, ਢਬ ਜਾਣਦਾ ਝਾੜਿਆਂ ਪਾਵਣੇ ਦਾ ।
ਮੰਤਰ ਝਾੜਣੇ ਨੂੰ ਅਸਾਂ ਸਦ ਆਂਦਾ, ਸਾਨੂੰ ਕੰਮ ਸੀ ਜਿੰਦ ਛੁਡਾਵਣੇ ਦਾ ।
ਲੈਂਦੋ ਦੋਹਾਂ ਨੂੰ ਰਾਤੋ ਹੀ ਰਾਤ ਨੱਠਾ, ਫ਼ਕਰ ਵਲੀ ਅੱਲਾਹ ਪਹਿਰਾਵਣੇ ਦਾ ।
ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਤੇ, ਇਸ ਥੇ ਵੱਲ ਜੇ ਭੇਖ ਵਟਾਵਣੇ ਦਾ ।
ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ, ਸੂਲੀ ਰਸਮ ਹੈ ਚੋਰ ਚੜ੍ਹਾਵਣੇ ਦਾ ।
ਭਲਾ ਕਰੋ ਤਾਂ ਏਸ ਨੂੰ ਮਾਰ ਸੁੱਟੋ, ਵਕਤ ਆਇਆ ਹੈ ਚੋਰ ਮੁਕਾਵਣੇ ਦਾ ।
ਵਾਰਿਸ ਸ਼ਾਹ ਤੋਂ ਅਮਲ ਹੀ ਪੁੱਛਈਣਗੇ, ਵਖ਼ਤ ਆਵਸੀ ਅਮਲ ਤੁਲਾਵਣੇ ਦਾ ।
ਰਾਂਝੇ ਆਖਿਆ ਸੁਹਣੀ ਰੰਨ ਡਿੱਠੀ, ਮਗਰ ਲਗ ਮੇਰੇ ਆ ਘੇਰਿਆ ਨੇ ।
ਨੱਠਾ ਖ਼ੌਫ਼ ਥੋਂ ਇਹ ਸਨ ਦੇਸ ਵਾਲੇ, ਪਿੱਛੇ ਕਟਕ ਅਜ਼ਗ਼ੈਬ ਦਾ ਛੇੜਿਆ ਨੇ ।
ਪੰਜਾਂ ਪੀਰਾਂ ਦੀ ਇਹ ਮੁਜਾਉਰਨੀ ਏ, ਇਹਨਾਂ ਕਿਧਰੋਂ ਸਾਕ ਸਹੇੜਿਆ ਨੇ ।
ਸਭ ਰਾਜਿਆਂ ਏਨ੍ਹਾਂ ਨੂੰ ਧੱਕ ਦਿੱਤਾ, ਤੇਰੇ ਮੁਲਕ ਵਿੱਚ ਆਇ ਕੇ ਛੇੜਿਆ ਨੇ ।
ਵੇਖੋ ਵਿੱਚ ਦਰਬਾਰ ਦੇ ਝੂਠ ਬੋਲਣ, ਇਹ ਵੱਡਾ ਹੀ ਫੇੜਣਾ ਫੇੜਿਆ ਨੇ ।
ਮਜਰੂਹ ਸਾਂ ਗ਼ਮਾਂ ਦੇ ਨਾਲ ਭਰਿਆ, ਮੇਰਾ ਅੱਲੜਾ ਘਾਉ ਉਚੇੜਿਆ ਨੇ ।
ਕੋਈ ਰੋਜ਼ ਜਹਾਨ ਤੇ ਵਾਉ ਲੈਣੀ, ਭਲਾ ਹੋਇਆ ਨਾ ਚਾਇ ਨਿਬੇੜਿਆ ਨੇ ।
ਆਪ ਵਾਰਸੀ ਬਣੇ ਏਸ ਵਹੁਟੜੀ ਦੇ, ਮੈਨੂੰ ਮਾਰ ਕੇ ਚਾਇ ਖਦੇੜਿਆ ਨੇ ।
ਰਾਜਾ ਪੁੱਛਦਾ ਕਰਾਂ ਮੈਂ ਕਤਲ ਸਾਰੇ, ਤੇਰੀ ਚੀਜ਼ ਨੂੰ ਜ਼ਰਾ ਜੇ ਛੇੜਿਆ ਨੇ ।
ਸੱਚ ਆਖ ਤੂੰ ਖੁਲ੍ਹ ਕੇ ਕਰਾਂ ਪੁਰਜ਼ੇ, ਕੋਈ ਬੁਰਾ ਇਸ ਨਾਲ ਜੇ ਫੇੜਿਆ ਨੇ ।
ਛਡ ਅਰਲੀਆਂ ਜੋਗ ਭਜਾਇ ਨੱਠੇ, ਪਰ ਖੂਹ ਨੂੰ ਅਜੇ ਨਾ ਗੇੜਿਆ ਨੇ ।
ਵਾਰਿਸ ਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ, ਸੁਰੇਮ ਸੁਰਮਚੂ ਨਹੀਂ ਲਿਬੇੜਿਆ ਨੇ ।
ਰਾਜੇ ਆਖਿਆ ਤੁਸਾਂ ਤਕਸੀਰ ਕੀਤੀ, ਏਹ ਵੱਡਾ ਫ਼ਕੀਰ ਰੰਜਾਣਿਆ ਜੇ ।
ਨਕ ਕੰਨ ਵਢਾਇਕੇ ਦਿਆਂ ਸੂਲੀ, ਐਵੇਂ ਗਈ ਇਹ ਗੱਲ ਨਾ ਜਾਣਿਆ ਜੇ ।
ਰੱਜੇ ਜਟ ਨਾ ਜਾਣਦੇ ਕਿਸੇ ਤਾਈਂ, ਤੁਸੀਂ ਅਪਣੀ ਕਦਰ ਪਛਾਣਿਆ ਜੇ ।
ਰੰਨਾਂ ਖੋਹ ਫ਼ਕੀਰਾਂ ਦੀਆਂ ਰਾਹ ਮਾਰੋ, ਤੰਬੂ ਗਰਬ ਗੁਮਾਨ ਦਾ ਤਾਣਿਆ ਜੇ ।
ਰਾਤੀਂ ਚੋਰ ਤੇ ਦਿਨੇ ਉਧਾਲਿਆਂ ਤੇ, ਸ਼ੈਤਾਨ ਵਾਂਗੂੰ ਜਗ ਰਾਣਿਆ ਜੇ ।
ਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ, ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇ ।
ਇਹ ਨਿਤ ਹੰਕਾਰ ਨਾ ਮਾਲ ਰਹਿੰਦੇ, ਕਦੀ ਮੌਤ ਤਹਿਕੀਕ ਪਛਾਣਿਆ ਜੇ ।
ਵਾਰਿਸ ਸ਼ਾਹ ਸਰਾਏ ਦੀ ਰਾਤ ਵਾਂਗੂੰ, ਦੁਨੀਆ ਖ਼ਾਬ ਖ਼ਿਆਲ ਕਰ ਜਾਣਿਆ ਜੇ ।
ਜਦੋਂ ਸ਼ਰ੍ਹਾ ਦੇ ਆਣ ਕੇ ਰਜੂਹ ਹੋਏ, ਕਾਜ਼ੀ ਆਖਿਆ ਕਰੋ ਬਿਆਨ ਮੀਆਂ ।
ਦਿਉ ਖੋਲ੍ਹ ਸੁਣਾਇ ਕੇ ਬਾਤ ਸਾਰੀ, ਕਰਾਂ ਉਮਰ ਖ਼ਿਤਾਬ ਦਾ ਨਿਆਂ ਮੀਆਂ ।
ਖੇੜੇ ਆਖਿਆ ਹੀਰ ਸੀ ਸਾਕ ਚੰਗਾ, ਘਰ ਚੂਚਕ ਸਿਆਲ ਦੇ ਜਾਣ ਮੀਆਂ ।
ਅਜੂ ਖੇੜੇ ਦੇ ਪੁੱਤਰ ਨੂੰ ਖ਼ੈਰ ਕੀਤਾ, ਹੋਰ ਲਾ ਥੱਕੇ ਲੋਕ ਤਾਣ ਮੀਆਂ ।
ਜੰਞ ਜੋੜ ਕੇ ਅਸਾਂ ਵਿਆਹ ਲਿਆਂਦੀ, ਟਕੇ ਖ਼ਰਚ ਕੀਤੇ ਖ਼ੈਰ ਦਾਨ ਮੀਆਂ ।
ਲੱਖ ਆਦਮਾਂ ਦੇ ਢੁੱਕੀ ਲਖਮੀ ਸੀ, ਹਿੰਦੂ ਜਾਣਦੇ ਤੇ ਮੁਸਲਮਾਨ ਮੀਆਂ ।
ਦੋਦ ਰਸਮ ਕੀਤੀ, ਮੁੱਲਾਂ ਸਦ ਆਂਦਾ, ਜਿਸ ਨੂੰ ਹਿਫਜ਼ ਸੀ ਫ਼ਿਕਾ ਕੁਰਾਨ ਮੀਆਂ ।
ਮੁੱਲਾਂ ਸ਼ਾਹਦਾਂ ਨਾਲ ਵਕੀਲ ਕੀਤੇ, ਜਿਵੇਂ ਲਿਖਿਆ ਵਿੱਚ ਕੁਰਾਨ ਮੀਆਂ ।
ਅਸਾਂ ਲਾਇਕੇ ਦੰਮ ਵਿਆਹ ਆਂਦੀ, ਦੇਸ ਮੁਲਕ ਰਹਿਆ ਸਭੋ ਜਾਣ ਮੀਆਂ ।
ਰਾਵਣ ਵਾਂਗ ਲੈ ਚਲਿਆ ਸੀਤਾ ਤਾਈਂ, ਇਹ ਛੋਹਰਾ ਤੇਜ਼ ਜ਼ਬਾਨ ਮੀਆਂ ।
ਵਾਰਿਸ ਸ਼ਾਹ ਨੂੰਹ ਰਹੇ ਜੇ ਕਿਵੇਂ ਸਾਥੇ, ਰੱਬਾ ਜ਼ੁਮਲ ਦਾ ਰਹੇ ਈਮਾਨ ਮੀਆਂ ।
ਰਾਜਾ ਆਖਦਾ ਪੁੱਛੋ ਖਾਂ ਇਹ ਛਾਪਾ, ਕਿੱਥੋਂ ਦਾਮਨੇ ਨਾਲ ਚਮੋੜਿਆ ਜੇ ।
ਰਾਹ ਜਾਂਦੜੇ ਕਿਸੇ ਨਾ ਪੌਣ ਚੰਬੜ, ਇਹ ਭੂਤਨਾ ਕਿੱਥੋਂ ਸਹੇੜਿਆ ਜੇ ।
ਸਾਰੇ ਮੁਲਕ ਜੋ ਝਗੜਦਾ ਨਾਲ ਫਿਰਿਆ, ਕਿਸੇ ਹਟਕਿਆ ਨਾਹੀਂ ਹੋੜਿਆ ਜੇ ।
ਵਾਰਿਸ ਸ਼ਾਹ ਕਸੁੰਭੇ ਦੇ ਫੋਗ ਵਾਂਗੂੰ, ਉਹਦਾ ਅਕਰਾ ਰਸਾ ਨਿਚੋੜਿਆ ਜੇ ।
ਕਿਤੋਂ ਆਇਆ ਕਾਲ ਵਿੱਚ ਭੁੱਖ ਮਰਦਾ, ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ ।
ਲੋਕ ਕਰਨ ਵਿਚਾਰ ਜਵਾਨ ਬੇਟੀ, ਉਹਨੂੰ ਫ਼ਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ ।
ਛੈਲ ਨੱਢੜੀ ਵੇਖ ਕੇ ਮਗਰ ਲੱਗਾ, ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ ।
ਮਹੀਂ ਚਾਰ ਕੇ ਮੱਚਿਆ ਦਾਅਵਿਆਂ ਤੇ, ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ ।
ਮੌਜੂ ਚੌਧਰੀ ਦਾ ਪੁੱਤ ਆਖਦੇ ਸਨ, ਪਿਛਲੱਗ ਹਜ਼ਾਰੇ ਦੀਆਂ ਧੋਲੀਆਂ ਦਾ ।
ਹੱਕ ਕਰੀਂ ਜੋ ਉਮਰ ਖ਼ਿਤਾਬ ਕੀਤਾ, ਹੱਥ ਵੱਢਣਾ ਝੂਠਿਆਂ ਰੋਲੀਆਂ ਦਾ ।
ਨੌਸ਼ੀਰਵਾਂ ਗਧੇ ਦਾ ਅਦਲ ਕੀਤਾ, ਅਤੇ ਕੰਜਰੀ ਅਦਲ ਤੰਬੋਲੀਆਂ ਦਾ ।
ਨਾਦ ਖੱਪਰੀ ਠਗੀ ਦੇ ਬਾਬ ਸਾਰੇ, ਚੇਤਾ ਕਰੀਂ ਧਿਆਨ ਜੇ ਝੋਲੀਆਂ ਦਾ ।
ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ, ਬੇਰ ਨਿੰਮ ਦੀਆਂ ਕਰੇ ਨਮੋਲੀਆਂ ਦਾ ।
ਕੰਘੀ ਲੋਹੇ ਦੀ ਤਾਇ ਕੇ ਪਟੇ ਵਾਹੇ, ਸਰਦਾਰ ਹੈ ਵੱਡੇ ਕੰਬੋਲੀਆਂ ਦਾ ।
ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ, ਬਣੇ ਮੱਕਿaੁਂ ਬਾਲਕਾ ਔਲੀਆਂ ਦਾ ।
ਵਾਰਿਸ ਸ਼ਾਹ ਸਭ ਐਬ ਦਾ ਰਬ ਮਹਿਰਮ, ਐਵੇਂ ਸਾਂਗ ਹੈ ਪਗੜੀਆਂ ਪੋਲੀਆਂ ਦਾ ।
ਕਾਜ਼ੀ ਆਖਿਆ ਬੋਲ ਫ਼ਕੀਰ ਮੀਆਂ, ਛੱਡ ਝੂਠ ਦੇ ਦੱਬ ਦਰੇੜਿਆਂ ਨੂੰ ।
ਅਸਲ ਗੱਲ ਸੋ ਆਖ ਦਰਗਾਹ ਅੰਦਰ, ਲਾ ਤਜ਼ੱਕਰ ਝਗੜਿਆਂ ਝੇੜਿਆਂ ਨੂੰ ।
ਸਾਰੇ ਦੇਸ ਵਿੱਚ ਠਿੱਠ ਹੋ ਸਣੇ ਨੱਢੀ, ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ ।
ਪਿੱਛੇ ਮੇਲ ਕੇ ਚੋਇਆ ਰਿੜਕਿਆਈ, ਉਹ ਰੁੰਨਾਂ ਸੀ ਵਖ਼ਤ ਸਹੇੜਿਆਂ ਨੂੰ ।
ਭਲੇ ਜੱਟਾਂ ਦੀ ਸ਼ਰਮ ਤੂੰ ਲਾਹ ਸੁੱਟੀ, ਖਵਾਰ ਕੀਤਾ ਈ ਸਿਆਲਾਂ ਤੇ ਖੇੜਿਆਂ ਨੂੰ ।
ਪਹਿਲਾਂ ਸੱਦਿਆ ਆਣ ਕੇ ਦਾਅਵਿਆਂ ਤੇ, ਸਲਾਮ ਹੈ ਵਲ ਛਲਾਂ ਤੇਰਿਆਂ ਨੂੰ ।
ਆਭੂ ਭੁੰਨਦਿਆਂ ਝਾੜ ਕੇ ਚੱਬ ਚੁੱਕੋਂ, ਹੁਣ ਵਹੁਟੜੀ ਦੇਹ ਇਹ ਖੇੜਿਆਂ ਨੂੰ ।
ਆਓ ਵੇਖ ਲੌ ਸੁਣਨ ਗਿਣਨ ਵਾਲਿਉ ਵੇ, ਏਹ ਮਲਾਹ ਜੇ ਡੋਬਦੇ ਬੋੜਿਆਂ ਨੂੰ ।
ਦੁਨੀਆਂਦਾਰ ਨੂੰ ਔਰਤਾਂ ਜ਼ੁਹਦ ਫ਼ੱਕਰਾਂ, ਮੀਆਂ ਛਡ ਦੇ ਸ਼ੁਹਦਿਆਂ ਝੇੜਿਆਂ ਨੂੰ ।
ਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ, ਬੇਟੀ ਅਪਣੀ ਬਖ਼ਸ਼ ਦੇ ਖੇੜਿਆਂ ਨੂੰ ।
ਨਿਤ ਮਾਲ ਪਰਾਏ ਹਨ ਚੋਰ ਖਾਂਦੇ, ਇਹ ਦੱਸ ਮਸਲੇ ਰਾਹੀਂ ਭੇੜਿਆਂ ਨੂੰ ।
ਛਡ ਜਾ ਹਿਆਉ ਦੇ ਨਾਲ ਜੱਟੀ, ਨਹੀਂ ਜਾਣਸੇਂ ਦੁੱਰਿਆਂ ਮੇਰਿਆਂ ਨੂੰ ।
ਐਬੀ ਕੁਲ ਜਹਾਨ ਦੇ ਪਕੜੀਅਣਗੇ, ਵਾਰਿਸ ਸ਼ਾਹ ਫ਼ਕੀਰ ਦੇ ਫੇੜਿਆਂ ਨੂੰ ।
ਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ, ਮਾਰੋ ਇਹ ਫ਼ਕੀਰ ਦਗ਼ੋਲੀਆ ਜੇ ।
ਵਿੱਚੋਂ ਚੋਰ ਤੇ ਯਾਰ ਤੇ ਲੁੱਚ ਲੁੰਡਾ, ਵੇਖੋ ਬਾਹਰੋਂ ਵਲੀ ਤੇ ਔਲੀਆ ਜੇ ।
ਦਗ਼ਾਦਾਰ ਤੇ ਝਾਗੜੂ ਕਲਾਕਾਰੀ, ਬਣ ਫ਼ਿਰੇ ਮਸ਼ਇਖ਼ ਤੇ ਔਲੀਆ ਜੇ ।
ਵਾਰਿਸ ਦਗ਼ੇ ਤੇ ਆਵੇ ਤਾਂ ਸਫ਼ਾਂ ਗਾਲੇ, ਅਖੀਂ ਮੀਟ ਬਹੇ ਜਾਪੇ ਰੌਲੀਆ ਜੇ ।
ਹੀਰ ਖੋਹ ਖੇੜੇ ਚਲੇ ਵਾਹੋ ਦਾਹੀ, ਰਾਂਝਾ ਰਹਿਆ ਮੂੰਹ ਗੁੰਝ ਹੈਰਾਨ ਯਾਰੋ ।
ਉਡ ਜਾਏ ਕਿ ਨਿਘਰੇ ਗ਼ਰਕ ਹੋਵੇ, ਵੇਹਲ ਦੇਵਸ ਨਾ ਜ਼ਿਮੀਂ ਅਸਮਾਨ ਯਾਰੋ ।
ਖੇਪ ਮਾਰ ਲਏ ਖੇਤੜੇ ਸੜੇ ਬੋਹਲ, ਹੁੱਕੇ ਅਮਲੀਆਂ ਦੇ ਰੁੜ੍ਹ ਜਾਣ ਯਾਰੋ ।
ਡੋਰਾਂ ਵੇਖ ਕੇ ਮੀਰ ਸ਼ਿਕਾਰ ਰੋਵਣ, ਹੱਥੋਂ ਜਿਨ੍ਹਾਂ ਦਿਉਂ ਬਾਜ਼ ਉਡ ਜਾਣ ਯਾਰੋ ।
ਉਹਨਾਂ ਹੋਸ਼ ਤੇ ਅਕਲ ਨਾ ਤਾਣ ਰਹਿੰਦਾ, ਸਿਰੀਂ ਜਿਨ੍ਹਾਂ ਦੇ ਪੌਣ ਵਦਾਨ ਯਾਰੋ ।
ਹੀਰ ਲਾਹ ਕੇ ਘੁੰਢ ਹੈਰਾਨ ਹੋਈ, ਸਤੀ ਚਿੱਖਾ ਦੇ ਵਿੱਚ ਮੈਦਾਨ ਯਾਰੋ ।
ਤਿੱਖਾ ਦੀਦੜਾ ਵਾਂਗ ਮਹਾ ਸਤੀ ਦੇ, ਮੱਲ ਖੜੀ ਸੀ ਇਸ਼ਕ ਮੈਦਾਨ ਯਾਰੋ ।
ਵਿੱਚ ਓਢਣੀ ਸਹਿਮ ਦੇ ਨਾਲ ਜੱਟੀ, ਜਿਵੇਂ ਵਿੱਚ ਕਿਰਬਾਨ ਕਮਾਨ ਯਾਰੋ ।
ਖੂੰਡੇ ਅਤੇ ਚੌਗਾਨ ਲੈ ਦੇਸ ਨੱਠਾ, ਵੇਖਾਂ ਕਿਹੜੇ ਫੁੰਡ ਲੈ ਜਾਣ ਯਾਰੋ ।
ਚੁਪ ਸੱਲ ਹੋ ਬੋਲਣੋਂ ਰਹੀ ਜੱਟੀ, ਬਿਨਾਂ ਰੂਹ ਦੇ ਜਿਵੇਂ ਇਨਸਾਨ ਯਾਰੋ ।
ਵਾਰਿਸ ਸ਼ਾਹ ਦੋਵੇਂ ਪਰੇਸ਼ਾਨ ਹੋਏ, ਜਿਵੇਂ ਪੜ੍ਹਿਆ ਲਾਹੌਲ ਸ਼ੈਤਾਨ ਯਾਰੋ ।
ਰਾਂਝਾ ਆਖਦਾ ਜਾਹ ਕੀ ਵੇਖਦੀ ਹੈਂ, ਬੁਰਾ ਮੌਤ ਥੀਂ ਏਹ ਵਿਜੋਗ ਹੈ ਨੀ ।
ਪਏ ਧਾੜਵੀ ਲੁਟ ਲੈ ਚੱਲੇ ਮੈਨੂੰ, ਏਹ ਦੁੱਖ ਕੀ ਜਾਣਦਾ ਲੋਗ ਹੈ ਨੀ ।
ਮਿਲੀ ਸੈਦੇ ਨੂੰ ਹੀਰ ਤੇ ਸਵਾਹ ਮੈਨੂੰ, ਤੇਰਾ ਨਾਮ ਦਾ ਅਸਾਂ ਨੂੰ ਟੋਗ ਹੈ ਨੀ ।
ਬੁੱਕਲ ਲੇਫ ਦੀ ਤੇ ਜੱਫੀ ਵਹੁਟੀਆਂ ਦੀ, ਇਹ ਰੁਤ ਸਿਆਲ ਦਾ ਭੋਗ ਹੈ ਨੀ ।
ਸੌਂਕਣ ਰੰਨ ਗਵਾਂਢ ਕੁਪੱਤਿਆਂ ਦਾ, ਭਲੇ ਮਰਦ ਦੇ ਬਾਬ ਦਾ ਰੋਗ ਹੈ ਨੀ ।
ਖ਼ੁਸ਼ੀ ਨਿਤ ਹੋਵਣ ਮਰਦ ਫੁੱਲ ਵਾਂਗੂੰ, ਘਰੀਂ ਜਿਨ੍ਹਾਂ ਦੇ ਨਿੱਤ ਦਾ ਸੋਗ ਹੈ ਨੀ ।
ਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਇਆ, ਗਲੇ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀ ।
ਜਿਹੜਾ ਬਿਨਾਂ ਖ਼ੁਰਾਕ ਦੇ ਕਰੇ ਕੁਸ਼ਤੀ, ਓਸ ਮਰਦ ਨੂੰ ਜਾਣੀਏ ਫੋਗ ਹੈ ਨੀ ।
ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ, ਬਾਕੀ ਜਿਨ੍ਹਾਂ ਦੀ ਜ਼ਿਮੀਂ ਤੇ ਚੋਗ ਹੈ ਨੀ ।
ਜਦੋਂ ਕਦੋਂ ਮਹਿਬੂਬ ਨਾ ਛੱਡਣਾ ਏਂ, ਕਾਲਾ ਨਾਗ ਖ਼ੁਦਾਇ ਦੇ ਜੋਗ ਹੈ ਨੀ ।
ਕਾਉਂ ਕੂੰਜ ਨੂੰ ਮਿਲੀ ਤੇ ਸ਼ੇਰ ਫਾਹਵੀ, ਵਾਰਿਸ ਸ਼ਾਹ ਇਹ ਧੁਰੋਂ ਸੰਜੋਗ ਹੈ ਨੀ ।
ਬਰ ਵਕਤ ਜੇ ਫ਼ਜ਼ਲ ਦਾ ਮੀਂਹ ਵੱਸੇ, ਬੁਰਾ ਕੌਣ ਮਨਾਂਵਦਾ ਵੁੱਠਿਆਂ ਨੂੰ ।
ਲਬ ਯਾਰ ਦੇ ਆਬਿ-ਹਯਾਤ ਬਾਝੋਂ, ਕੌਣ ਜ਼ਿੰਦਗੀ ਬਖ਼ਸ਼ਦਾ ਕੁੱਠਿਆਂ ਨੂੰ ।
ਦੋਵੇਂ ਆਹ ਫ਼ਿਰਾਕ ਦੀ ਮਾਰ ਲਈਏ, ਕਰਾਮਾਤ ਮਨਾਵਸੀ ਰੁੱਠਿਆਂ ਨੂੰ ।
ਮੀਆਂ ਮਾਰ ਕੇ ਆਹ ਤੇ ਸ਼ਹਿਰ ਸਾੜੋ, ਬਾਦਸ਼ਾਹ ਜਾਣੇਂ ਅਸਾਂ ਮੁੱਠਿਆਂ ਨੂੰ ।
ਤੇਰੀ ਮੇਰੀ ਪ੍ਰੀਤ ਗਈ ਲੁੜ੍ਹ ਐਵੇਂ, ਕੌਣ ਮਿਲੈ ਹੈ ਵਾਹਰਾਂ ਛੁੱਟਿਆਂ ਨੂੰ ।
ਬਾਝ ਸੱਜਣਾਂ ਪੀੜ-ਵੰਡਾਵਿਆਂ ਦੇ, ਨਿੱਤ ਕੌਣ ਮਨਾਂਵਦਾ ਰੁੱਠਿਆਂ ਨੂੰ ।
ਬਿਨਾਂ ਤਾਲਿਆ ਨੇਕ ਦੇ ਕੌਣ ਮੋੜੇ, ਵਾਰਿਸ ਸ਼ਾਹ ਦਿਆਂ ਦਿਹਾਂ ਅਪੁੱਠਿਆਂ ਨੂੰ ।
ਹੀਰ ਨਾਲ ਫ਼ਿਰਾਕ ਦੇ ਆਹ ਮਾਰੀ, ਰੱਬਾ ਵੇਖ ਅਸਾਡੀਆਂ ਭਖਣ ਭਾਹੀਂ ।
ਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ, ਸਾਡੀ ਵਾਹ ਨਾ ਚਲਦੀ ਚੌਹੀਂ ਰਾਹੀਂ ।
ਇੱਕੇ ਮੇਲ ਰੰਝੇਟੜਾ ਉਮਰ ਜਾਲਾਂ, ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂ ।
ਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ, ਏਸ ਸ਼ਹਿਰ ਨੂੰ ਕਾਦਰਾ ਅੱਗ ਲਾਈਂ ।
ਰੱਬਾ ਕਹਿਰ ਪਾਈਂ ਕਹਿਰ ਸ਼ਹਿਰ ਉੱਤੇ, ਜਿਹੜਾ ਘੱਤ ਫ਼ਰਊਨ ਡੁਬਾਇਆ ਈ ।
ਜਿਹੜਾ ਨਾਜ਼ਲ ਹੋਇਆ ਜ਼ਕਰੀਏ ਤੇ, ਉਹਨੂੰ ਘੱਤ ਸ਼ਰੀਹ ਚਿਰਵਾਇਆ ਈ ।
ਜਿਹੜਾ ਪਾਇ ਕੇ ਕਹਿਰ ਦੇ ਨਾਲ ਗ਼ੁੱਸੇ, ਵਿੱਚ ਅੱਗ ਖ਼ਲੀਲ ਪਵਾਇਆ ਈ ।
ਜਿਹੜਾ ਪਾਇਕੇ ਕਹਿਰ ਤੇ ਸੁੱਟ ਤਖ਼ਤੋਂ, ਸੁਲੇਮਾਨ ਨੂੰ ਭੱਠ ਝੁਕਾਇਆ ਈ ।
ਜਿਹੜੇ ਕਹਿਰ ਦਾ ਯੂਨਸ ਤੇ ਪਿਆ ਬੱਦਲ, ਉਹਨੂੰ ਡੰਭਰੀ ਥੋਂ ਨਿਗਲਾਇਆ ਈ ।
ਜਿਹੜੇ ਕਹਿਰ ਤੇ ਗ਼ਜ਼ਬ ਦੀ ਪਕੜ ਕਾਤੀ, ਇਸਮਾਈਲ ਨੂੰ ਜਿਬ੍ਹਾ ਕਰਾਇਆ ਈ ।
ਜਿਹੜਾ ਘਤਿਉ ਗ਼ਜ਼ਬ ਤੇ ਵੈਰ ਗ਼ੁੱਸਾ, ਯੂਸਫ਼ ਖੂਹ ਵਿਚ ਬੰਦ ਕਰਵਾਇਆ ਈ ।
ਜਿਹੜੇ ਕਹਿਰ ਦੇ ਨਾਲ ਸ਼ਾਹ ਮਰਦਾਂ, ਇਕਸ ਨਫ਼ਰ ਤੋਂ ਕਤਲ ਕਰਾਇਆ ਈ ।
ਜਿਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ, ਇਮਾਮ ਹੁਸੈਨ ਨੂੰ ਚਾਇ ਕੁਹਾਇਆ ਈ ।
ਕੱਕੀ ਫੋਹੜੀ ਤੇਜ਼ ਜ਼ਬਾਨ ਖੋਲ੍ਹੋਂ, ਹਸਨ ਜ਼ਹਿਰ ਦੇ ਨਾਲ ਮਰਵਾਇਆ ਈ ।
ਓਹਾ ਕਹਿਰ ਘੱਤੀਂ ਏਸ ਦੇਸ ਉੱਤੇ, ਜਿਹੜਾ ਇਤਨਿਆਂ ਦੇ ਸਿਰ ਆਇਆ ਈ ।
ਰਾਂਝੇ ਹੱਥ ਉਠਾ ਦੁਆ ਮੰਗੀ, ਤੇਰਾ ਨਾਮ ਕਹਾਰ ਜੱਬਾਰ ਸਾਈਂ ।
ਤੂੰ ਤਾਂ ਅਪਣੇ ਨਾਉਂ ਨਿਆਉਂ ਪਿੱਛੇ, ਏਸ ਦੇਸ ਤੇ ਗ਼ੈਬ ਦਾ ਗ਼ਜ਼ਬ ਪਾਈ ।
ਸਾਰਾ ਸ਼ਹਿਰ ਉਜਾੜਕੇ ਸਾੜ ਸਾਈਆਂ, ਕਿਵੇਂ ਮੁਝ ਗ਼ਰੀਬ ਥੇ ਦਾਦ ਪਾਈਂ ।
ਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ, ਬੰਨੇ ਬੇੜੀਆਂ ਸਾਡੀਆਂ ਚਾ ਲਾਈਂ ।
ਵਾਰਿਸ ਸ਼ਾਹ ਪੀਰਾ ਸੁਣੀ ਕੂਕ ਸਾਡੀ, ਅੱਜੇ ਰਾਜੇ ਦੇ ਸ਼ਹਿਰ ਨੂੰ ਅੱਗ ਲਾਈਂ ।
ਜਿਵੇਂ ਇੰਦਰ ਤੇ ਕਹਿਰ ਦੀ ਨਜ਼ਰ ਕਰਕੇ, ਮਹਿਖਾਸਰੋਂ ਪੁਰੀ ਲੁਟਵਾਇਆ ਈ ।
ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ, ਦੇਵ ਪੁਰੀ ਮੁਖ ਆਸਣ ਲਾਇਆ ਈ ।
ਕਹਿਰ ਕਰੀਂ ਜਿਉਂ ਭਦਰਕਾ ਕੋਹ ਮਾਰੀ, ਰੁੰਡ ਮੁੰਡ ਮੁਖਾ ਉੱਤੇ ਧਾਇਆ ਈ ।
ਰਕਤ ਬੀਜ ਮਹਿਖਾਸਰੋਂ ਲਾ ਸੱਭੇ, ਪਰਚੰਡ ਕਰ ਪਲਕ ਵਿੱਚ ਆਇਆ ਈ ।
ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ, ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ ।
ਓਹਾ ਕ੍ਰੋਧ ਕਰ ਜਿਹੜਾ ਪਾਇ ਰਾਵਣ, ਰਾਮ ਚੰਦ ਥੋਂ ਲੰਕ ਲੁਟਵਾਇਆ ਈ ।
ਓਹਾ ਕ੍ਰੋਪ ਕਰ ਜਿਹੜਾ ਪਾਂਡੋਆਂ ਤੇ, ਚਿਖਾਬੂਹ ਦੇ ਵਿੱਚ ਕਰਵਾਇਆ ਈ ।
ਦਰੋਣਾਂ ਚਾਰਜੋਂ ਲਾਇਕੇ ਭੀਮ ਭੀਖਮ ,ਜਿਹੜਾ ਕੈਰਵਾਂ ਦੇ ਗਲ ਪਾਇਆ ਈ ।
ਕਹਿਰ ਪਾ ਜੋ ਘਤ ਹਕਨਾਕਸ਼ੇ ਤੇ, ਨਾਲ ਨਖਾਂ ਦੇ ਢਿਡ ਪੜਵਾਇਆ ਈ ।
ਘਤ ਕ੍ਰੋਪ ਜੋ ਪਾਇਕੇ ਕੰਸ ਰਾਜੇ, ਬੋਦਾ ਕਾਨ੍ਹ ਥੋਂ ਚਾਇ ਪੁਟਾਇਆ ਈ ।
ਘਤ ਕ੍ਰੋਪ ਜੋ ਪਾਇ ਕੁਲਖੇਤਰੇ ਨੂੰ, ਕਈ ਖੂਹਣੀ ਸੈਨਾ ਗਲਵਾਇਆ ਈ ।
ਘਤ ਕ੍ਰੋਪ ਜੋ ਦਰੋਪਦੀ ਨਾਲ ਹੋਈ, ਪੱਤ ਨਾਲ ਫਿਰ ਅੰਤ ਬਚਾਇਆ ਈ ।
ਜੁਧ ਵਿੱਚ ਜੋ ਰਾਮ ਨਲ ਨੀਲ ਲਛਮਣ, ਕੁੰਭ ਕਰਨ ਦੇ ਬਾਬ ਬਣਾਇਆ ਈ ।
ਘਤ ਕ੍ਰੋਪ ਜੋ ਬਾਲੀ ਤੇ ਰਾਮ ਕੀਤਾ, ਅਤੇ ਤਾੜਕਾ ਪਕੜ ਚਿਰਵਾਇਆ ਈ ।
ਘਤ ਕ੍ਰੋਪ ਸੁਬਾਹੂ ਮਾਰੀਚ ਮਾਰਿਉ, ਮਹਾ ਦੇਵ ਦਾ ਕੁੰਡ ਭਨਵਾਇਆ ਈ ।
ਉਹ ਕ੍ਰੋਪ ਕਰ ਜਿਹੜਾ ਏਨਿਆਂ ਤੇ, ਜੁਗਾ ਜੁਗ ਹੀ ਧੁੰਮ ਕਰਾਇਆ ਈ ।
ਉਸ ਦਾ ਆਖਿਆ ਰੱਬ ਮਨਜ਼ੂਰ ਕੀਤਾ, ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ ।
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ, ਧੁੰਮ ਰਾਜੇ ਦੇ ਪਾਸ ਫ਼ਿਰ ਆਇਆ ਈ ।
ਵਾਰਿਸ ਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ, ਚਾਰੋਂ ਤਰਫ਼ ਹੀ ਅੱਗ ਮਚਾਇਆ ਈ ।
ਲੱਗੀ ਅੱਗ ਚੌਤਰਫ਼ ਜਾਂ ਸ਼ਹਿਰ ਸਾਰੇ, ਕੀਤਾ ਸਾਫ਼ ਸਭ ਝੁੱਗੀਆਂ ਝਾਹੀਆਂ ਨੂੰ ।
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ, ਖ਼ਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ ।
ਲੋਕਾਂ ਆਖਿਆ ਫ਼ਕਰ ਬਦ-ਦੁਆ ਦਿੱਤੀ, ਰਾਜੇ ਭੇਜਿਆ ਤੁਰਤ ਸਿਪਾਹੀਆਂ ਨੂੰ ।
ਪਕੜ ਖੇੜਿਆਂ ਨੂੰ ਕਰੋ ਆਣ ਹਾਜ਼ਰ, ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ ।
ਜਾ ਘੇਰ ਆਂਦੇ ਚਲੋ ਹੋਓ ਹਾਜ਼ਰ, ਖੇੜੇ ਫੜੇ ਨੇ ਵੇਖ ਲੈ ਗਾਹੀਆਂ ਨੂੰ ।
ਵਾਰਿਸ ਸੋਮ ਸਲਵਾਤ ਦੀ ਛੁਰੀ ਕੱਪੇ, ਇਹਨਾਂ ਦੀਨ ਈਮਾਨ ਦੀਆਂ ਫਾਹੀਆਂ ਨੂੰ ।
ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ, ਕਰੀਂ ਜੋਗੀਆ ਖ਼ੈਰ ਦੁਆ ਮੀਆਂ ।
ਰਾਂਝੇ ਹੱਥ ਉਠਾ ਕੇ ਦੁਆ ਦਿੱਤੀ, ਤੂੰ ਹੈਂ ਜਲ ਜਲਾਲ ਖ਼ੁਦਾ ਮੀਆਂ ।
ਤੇਰੇ ਹੁਕਮ ਤੇ ਮੁਲਕ ਤੇ ਖ਼ੈਰ ਹੋਵੇ, ਤੇਰੀ ਦੂਰ ਹੋ ਕੁੱਲ ਬਲਾ ਮੀਆਂ ।
ਅੰਨ ਧੰਨ ਤੇ ਲਛਮੀ ਹੁਕਮ ਦੌਲਤ, ਨਿਤ ਹੋਵਣੀ ਦੂਣ ਸਵਾ ਮੀਆਂ ।
ਘੋੜੇ ਊਠ ਹਾਥੀ ਦਮ ਤੋਪ ਖ਼ਾਨੇ, ਹਿੰਦ ਸਿੰਧ ਤੇ ਹੁਕਮ ਚਲਾ ਮੀਆਂ ।
ਵਾਰਿਸ ਸ਼ਾਹ ਰਬ ਨਾਲ ਹਿਆ ਰੱਖੇ, ਮੀਟੀ ਮੁਠ ਹੀ ਦੇ ਲੰਘਾ ਮੀਆਂ ।
ਲੈ ਕੇ ਚਲਿਆ ਆਪਣੇ ਦੇਸ ਤਾਈਂ, ਚਲ ਨੱਢੀਏ ਰੱਬ ਵਧਾਈਏਂ ਨੀ ।
ਚੌਧਰਾਣੀਏ ਤਖ਼ਤ ਹਜ਼ਾਰੇ ਦੀਏ, ਪੰਜਾਂ ਪੀਰਾਂ ਨੇ ਆਣ ਬਹਾਈਏਂ ਨੀ ।
ਕੱਢ ਖੇੜਿਆਂ ਤੋਂ ਰੱਬ ਦਿੱਤੀਏ ਤੂੰ, ਅਤੇ ਮੁਲਕ ਪਹਾੜ ਪਹੁੰਚਾਈਏਂ ਨੀ ।
ਹੀਰ ਆਖਿਆ ਇਵੇਂ ਜੇ ਜਾ ਵੜਸਾਂ, ਰੰਨਾ ਆਖਸਣ ਉਧਲੇ ਆਈਏਂ ਨੀ ।
ਪੇਈਏ ਸਹੁਰੇ ਡੋਬ ਕੇ ਗਾਲਿਉ ਨੀ, ਖੋਹ ਕੌਣ ਨਵਾਲੀਆਂ ਆਈਏਂ ਨੀ ।
ਲਾਵਾਂ ਫੇਰਿਆਂ ਅਕਦ ਨਕਾਹ ਬਾਝੋਂ, ਐਵੇਂ ਬੋਦਲੀ ਹੋਇਕੇ ਆਈਏਂ ਨੀ ।
ਘੱਤ ਜਾਦੂੜਾ ਦੇਵ ਨੇ ਪਰੀ ਠੱਗੀ, ਹੂਰ ਆਦਮੀ ਦੇ ਹੱਥ ਆਈਏਂ ਨੀ ।
ਵਾਰਿਸ ਸ਼ਾਹ ਪਰੇਮ ਦੀ ਜੜੀ ਘੱਤੀ, ਮਸਤਾਨੜੇ ਚਾਕ ਰਹਾਈਏਂ ਨੀ ।
ਰਾਹੇ ਰਾਹ ਜਾਂ ਸਿਆਲਾਂ ਦੀ ਜੂਹ ਆਈ, ਹੀਰ ਆਖਿਆਂ ਵੇਖ ਲੈ ਜੂਹ ਮੀਆਂ ।
ਜਿੱਥੋਂ ਖੇਡਦੇ ਗਏ ਸਾਂ ਚੋਜ ਕਰਦੇ, ਤਕਦੀਰ ਲਾਹੇ ਵਿੱਚ ਖੂਹ ਮੀਆਂ ।
ਜਦੋਂ ਜੰਞ ਆਈ ਘਰ ਖੇੜਿਆਂ ਦੀ, ਤੂਫ਼ਾਨ ਆਇਆ ਸਿਰ ਨੂਹ ਮੀਆਂ ।
ਇਹ ਥਾਂਉ ਜਿੱਥੇ ਕੈਦੋ ਫਾਂਟਿਆ ਸੀ, ਨਾਲ ਸੇਲ੍ਹੀਆਂ ਬੰਨ੍ਹ ਧਰੂਹ ਮੀਆਂ ।
ਮਾਹੀਆਂ ਆਖਿਆ ਜਾ ਕੇ ਵਿੱਚ ਸਿਆਲੀਂ, ਨਢੀ ਹੀਰ ਨੂੰ ਚਾਕ ਲੈ ਆਇਆ ਜੇ ।
ਦਾੜ੍ਹੀ ਖੇੜਿਆਂ ਦੀ ਸੱਭਾ ਮੁੰਨ ਸੁੱਟੀ, ਪਾਣੀ ਇੱਕ ਫੂਹੀ ਨਾਹੀਂ ਲਾਇਆ ਜੇ ।
ਸਿਆਲਾਂ ਆਖਿਆ ਪਰ੍ਹਾਂ ਨਾ ਜਾਣ ਕਿਤੇ, ਜਾ ਕੇ ਨੱਢੜੀ ਨੂੰ ਘਰੀਂ ਲਿਆਇਆ ਜੇ ।
ਆਖੋ ਰਾਂਝੇ ਨੂੰ ਜੰਞ ਬਣਾ ਲਿਆਵੇ, ਬਨ੍ਹ ਸਿਹਰੇ ਡੋਲੜੀ ਪਾਇਆ ਜੇ ।
ਜੋ ਕੁੱਝ ਹੈ ਨਸੀਬ ਸੋ ਦਾਜ ਦਾਮਨ, ਸਾਥੋਂ ਤੁਸੀਂ ਭੀ ਚਾ ਲੈਜਾਇਆ ਜੇ ।
ਏਧਰੋਂ ਹੀਰ ਤੇ ਰਾਂਝੇ ਨੂੰ ਲੈਣ ਚੱਲੇ, ਓਧਰੋਂ ਖੇੜਿਆਂ ਦਾ ਨਾਈ ਆਇਆ ਜੇ ।
ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ, ਕੋਈ ਖ਼ੈਰ ਦੇ ਪੇਚ ਨਾ ਪਾਇਆ ਜੇ ।
ਹੀਰ ਵਿਆਹ ਦਿੱਤੀ ਮੋਈ ਗਈ ਸਾਥੋਂ, ਮੂੰਹ ਧੀਉ ਦਾ ਨਾ ਵਿਖਾਇਆ ਜੇ ।
ਮੁੜੀ ਤੁਸਾਂ ਥੋਂ ਉਹ ਕਿਸੇ ਖੂਹ ਡੁੱਬੀ, ਕੇਹਾ ਦੇਸ ਤੇ ਪੁਛਨਾ ਲਾਇਆ ਜੇ ।
ਸਾਡੀ ਧੀਉ ਦਾ ਖੋਜ ਮੁਕਾਇਆ ਜੇ, ਕੋਈ ਅਸਾਂ ਤੋਂ ਸਾਕ ਦਿਵਾਇਆ ਜੇ ।
ਓਵੇਂ ਮੋੜ ਕੇ ਨਾਈ ਨੂੰ ਟੋਰ ਦਿੱਤਾ, ਮੁੜ ਫੇਰ ਨਾ ਅਸਾਂ ਵੱਲ ਆਇਆ ਜੇ ।
ਵਾਰਿਸ ਤੁਸਾਂ ਥੋਂ ਇਹ ਉਮੀਦ ਆਹੀ, ਡੰਡੇ ਸੁਥਰਿਆਂ ਵਾਂਗ ਵਜਾਇਆ ਜੇ ।
ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ, ਰਾਂਝਾ ਨਾਲ ਹੀ ਘਰੀਂ ਮੰਗਾਇਉ ਨੇ ।
ਲਾਹ ਮੁੰਦਰਾਂ ਜਟਾਂ ਮੁਨਾਇ ਸੁੱਟੀਆਂ, ਸਿਰ ਸੋਹਣੀ ਪੱਗ ਬਨ੍ਹਾਇਉ ਨੇ ।
ਘਿਨ ਘੱਤ ਕੇ ਖੰਡ ਤੇ ਦੁੱਧ ਚਾਵਲ, ਅੱਗੇ ਰਖ ਪਲੰਘ ਬਹਾਇਉ ਨੇ ।
ਯਾਕੂਬ ਦੇ ਪਿਆਰੜੇ ਪੁਤ ਵਾਂਗੂੰ, ਕੱਢ ਖੂਹ ਥੀਂ ਤਖ਼ਤ ਬਹਾਇਉ ਨੇ ।
ਜਾ ਭਾਈਆਂ ਦੀ ਜੰਞ ਜੋੜ ਲਿਆਵੀਂ, ਅੰਦਰ ਵਾੜ ਕੇ ਬਹੁਤ ਸਮਝਾਇਉ ਨੇ ।
ਨਾਲ ਦੇਇ ਲਾਗੀ ਖ਼ੁਸ਼ੀ ਹੋ ਸਭਨਾਂ, ਤਰਫ਼ ਘਰਾਂ ਦੇ ਓਸ ਪਹੁੰਚਾਇਉ ਨੇ ।
ਭਾਈਚਾਰੇ ਨੂੰ ਮੇਲ ਬਹਾਇਉ ਨੇ, ਸਭੋ ਹਾਲ ਅਹਿਵਾਲ ਸੁਣਾਇਉ ਨੇ ।
ਵੇਖੋ ਦਗ਼ੇ ਦੇ ਫੰਦ ਲਾਇਉ ਨੇ, ਧੀਉ ਮਾਰਨ ਦਾ ਮਤਾ ਪਕਾਇਉ ਨੇ ।
ਵਾਰਿਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇ, ਵੇਖ ਨਵਾਂ ਪਾਖੰਡ ਰਚਾਇਉ ਨੇ ।
ਰਾਂਝੇ ਜਾਇ ਕੇ ਘਰੇ ਆਰਾਮ ਕੀਤਾ, ਗੰਢ ਫੇਰੀਆ ਸੂ ਵਿੱਚ ਭਾਈਆਂ ਦੇ ।
ਸਾਰਾ ਕੋੜਮਾ ਆਇਕੇ ਗਿਰਦ ਹੋਇਆ, ਬੈਠਾ ਪੈਂਚ ਹੋ ਵਿੱਚ ਭਰਜਾਈਆਂ ਦੇ ।
ਚਲੋ ਭਾਈਉ ਵਿਆਹ ਕੇ ਸਿਆਲ ਲਿਆਈਏ, ਹੀਰ ਲਈ ਹੈ ਨਾਲ ਦੁਆਈਆਂ ਦੇ ।
ਜੰਞ ਜੋੜ ਕੇ ਰਾਂਝੇ ਤਿਆਰ ਕੀਤੀ, ਟਮਕ ਚਾ ਬੱਧੇ ਮਗਰ ਨਾਈਆਂ ਦੇ ।
ਵਾਜੇ ਦੱਖਣੀ ਧਰੱਗਾਂ ਦੇ ਨਾਲ ਵੱਜਣ, ਲਖ ਰੰਗ ਛੈਣੇ ਸਰਨਾਈਆਂ ਦੇ ।
ਵਾਰਿਸ ਸ਼ਾਹ ਵਸਾਹ ਕੀ ਜੀਊਣੇ ਦਾ, ਬੰਦਾ ਬੱਕਰਾ ਹੱਥ ਕਸਾਈਆਂ ਦੇ ।
ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ, ਭਲੇ ਆਦਮੀ ਗ਼ੈਰਤਾਂ ਪਾਲਦੇ ਨੀ ।
ਯਾਰੋ ਗਲ ਮਸ਼ਹੂਰ ਜਹਾਨ ਉੱਤੇ, ਸਾਨੂੰ ਮੇਹਣੇ ਹੀਰ ਲਿਆਲ ਦੇ ਨੀ ।
ਪੱਤ ਰਹੇਗੀ ਨਾ ਜੇ ਟੋਰ ਦਿੱਤੀ, ਨੱਢੀ ਨਾਲ ਮੁੰਡੇ ਮਹੀਂਵਾਲ ਦੇ ਨੀ ।
ਫਟ ਜੀਭ ਦੇ ਕਾਲਖ ਬੇਟੀਆਂ ਦੀ, ਐਬ ਜੁਆਨੀ ਦੇ ਮੇਹਣੇ ਗਾਲ੍ਹ ਦੇ ਨੀ ।
ਜਿੱਥੋਂ ਆਂਵਦੇ ਤਿੱਥੋਂ ਦਾ ਬੁਰਾ ਮੰਗਣ, ਦਗ਼ਾ ਕਰਨ ਜੋ ਮਹਿਰਮ ਹਾਲ ਦੇ ਨੀ ।
ਕਬਰ ਵਿੱਚ ਦਾਉਸ ਖ਼ਨਜ਼ੀਰ ਹੋਸਣ, ਜਿਹੜੇ ਲਾਡ ਕਰਨ ਧਨ ਮਾਲ ਦੇ ਨੀ ।
ਔਰਤ ਆਪਣੀ ਕੋਲ ਜੇ ਗ਼ੈਰ ਵੇਖਣ, ਗ਼ੈਰਤ ਕਰਨ ਨਾ ਓਸ ਦੇ ਹਾਲ ਦੇ ਨੀ ।
ਮੂੰਹ ਤਿੰਨ੍ਹਾਂ ਦਾ ਵੇਖਣਾ ਖ਼ੂਕ ਵਾਂਗੂੰ, ਕਤਲ ਕਰਨ ਰਫ਼ੀਕ ਜੋ ਨਾਲ ਦੇ ਨੀ ।
ਸੱਯਦ ਸ਼ੈਖ਼ ਨੂੰ ਪੀਰ ਨਾ ਜਾਣਨਾ ਈ, ਅਮਲ ਕਰਨ ਜੋ ਉਹ ਚੰਡਾਲ ਦੇ ਨੀ ।
ਹੋਏ ਚੂਹੜਾ ਤੁਰਕ ਹਰਾਮ ਮੁਸਲਮ, ਮੁਸਲਮਾਨ ਸਭ ਓਸ ਦੇ ਨਾਲ ਦੇ ਨੀ ।
ਦੌਲਤਮੰਦ ਦੇਉਸ ਦੀ ਤਰਕ ਸੁਹਬਤ, ਮਗਰ ਲੱਗੀਏ ਨੇਕ ਕੰਗਾਲ ਦੇ ਨੀ ।
ਕੋਈ ਕਚਕੜਾ ਲਾਲ ਨਾ ਹੋ ਜਾਂਦਾ, ਜੇ ਪਰੋਈਏ ਨਾਲ ਉਹ ਲਾਲ ਦੇ ਨੀ ।
ਜ਼ਹਿਰ ਦੇ ਕੇ ਮਾਰੀਏ ਨੱਢੜੀ ਨੂੰ, ਗੁਨਾਹਗਾਰ ਹੋ ਜਲਜਲਾਲ ਦੇ ਨੀ ।
ਮਾਰ ਸੁੱਟਿਆ ਹੀਰ ਨੂੰ ਮਾਪਿਆਂ ਨੇ, ਇਹ ਪੇਖਨੇ ਓਸ ਦੇ ਖ਼ਿਆਲ ਦੇ ਨੀ ।
ਬਦ-ਅਮਲੀਆਂ' ਜਿਨ੍ਹਾਂ ਥੋਂ ਕਰੇਂ ਚੋਰੀ, ਮਹਿਰਮ ਹਾਲ ਤੇਰੇ ਵਾਲ ਵਾਲ ਦੇ ਨੀ ।
ਸਾਨੂੰ ਜੰਨਤੀਂ ਸਾਥ ਰਲਾਉਨਾ ਏਂ, ਅਸਾਂ ਆਸਰੇ ਫਜ਼ਲ ਕਮਾਲ ਦੇ ਨੀ ।
ਜਿਹੜੇ ਦੋਜ਼ਖਾਂ ਨੂੰ ਬੰਨ੍ਹ ਟੋਰੀਅਨਗੇ, ਵਾਰਿਸ ਸ਼ਾਹ ਫ਼ਕੀਰ ਦੇ ਨਾਲ ਦੇ ਨੀ ।
ਹੀਰ ਜਾਨੇ-ਬਹੱਕ ਤਸਲੀਮ ਹੋਈ, ਸਿਆਲਾਂ ਦਫ਼ਨਾ ਕੇ ਖ਼ਤ ਲਿਖਾਇਆ ਈ ।
ਵਲੀ ਗ਼ੌਸ ਤੇ ਕੁਤਬ ਸਭ ਖ਼ਤਮ ਹੋਏ, ਮੌਤ ਸੱਚ ਹੈ ਰੱਬ ਫ਼ੁਰਮਾਇਆ ਈ ।
'ਕੁਲ ਸ਼ੈਅਨ ਹਾਲਿਕੁਲ ਇੱਲਾ ਵਜ ਹਾ ਹੂ', ਹੁਕਮ ਵਿੱਚ ਕੁਰਾਨ ਦੇ ਆਇਆ ਈ ।
ਅਸਾਂ ਸਬਰ ਕੀਤਾ ਤੁਸਾਂ ਸਬਰ ਕਰਨਾ, ਇਹ ਧੁਰੋਂ ਹੀ ਹੁੰਦੜਾ ਆਇਆ ਈ ।
ਅਸਾਂ ਹੋਰ ਉਮੀਦ ਸੀ ਹੋਰ ਹੋਈ, ਖ਼ਾਲੀ ਜਾਏ ਉਮੀਦ ਫ਼ੁਰਮਾਇਆ ਈ ।
ਇਹ ਰਜ਼ਾ ਕਤਈ ਨਾ ਟਲੇ ਹਰਗਿਜ਼, ਲਿਖ ਆਦਮੀ ਤੁਰਤ ਭਜਾਇਆ ਈ ।
ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ, ਖ਼ਤ ਰੋਇਕੇ ਹੱਥ ਫੜਾਇਆ ਈ ।
ਇਹ ਰੋਵਣਾ ਖ਼ਬਰ ਕੀ ਲਿਆਇਆ ਏ, ਮੂੰਹ ਕਾਸ ਥੋਂ ਬੁਰਾ ਬਣਾਇਆ ਈ ।
ਮਾਜ਼ੂਲ ਹੋਇਉਂ ਤਖ਼ਤ ਜ਼ਿੰਦਗੀ ਥੋਂ, ਫ਼ਰਮਾਨ ਤਗ਼ੱਈਅਰ ਦਾ ਆਇਆ ਈ ।
ਮੇਰੇ ਮਾਲ ਨੂੰ ਖ਼ੈਰ ਹੈ ਕਾਸਦਾ ਓ, ਆਖ ਕਾਸਨੂੰ ਡੁਸਕਣਾ ਲਾਇਆ ਈ ।
ਤੇਰੇ ਮਾਲ ਨੂੰ ਧਾੜਵੀ ਉਹ ਪਿਆ, ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਈ ।
ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ, ਮੈਨੂੰ ਸਿਆਲਾਂ ਨੇ ਅੱਜ ਭਿਜਵਾਇਆ ਈ ।
ਵਾਰਿਸ ਸ਼ਾਹ ਮੀਆਂ ਗੱਲ ਠੀਕ ਜਾਣੀਂ, ਤੈਥੇ ਕੂਚ ਦਾ ਆਦਮੀ ਆਇਆ ਈ ।
ਰਾਂਝੇ ਵਾਂਗ ਫ਼ਰਹਾਦ ਦੇ ਆਹ ਕੱਢੀ, ਜਾਨ ਗਈ ਸੂ ਹੋ ਹਵਾ ਮੀਆਂ ।
ਦੋਵੇਂ ਦਾਰੇ ਫ਼ਨਾ ਥੀਂ ਗਏ ਸਾਬਤ, ਜਾ ਰੁੱਪੇ ਨੇ ਦਾਰੇ ਬਕਾ ਮੀਆਂ ।
ਦੋਵੇਂ ਰਾਹ ਮਜਾਜ਼ ਦੇ ਰਹੇ ਸਾਬਤ, ਨਾਲ ਸਿਦਕ ਦੇ ਗਏ ਵਹਾ ਮੀਆਂ ।
ਵਾਰਿਸ ਸ਼ਾਹ ਇਸ ਖ਼ਾਬ ਸਰਾਏ ਅੰਦਰ, ਕਈ ਵਾਜੜੇ ਗਏ ਵਜਾ ਮੀਆਂ ।
ਕਈ ਬੋਲ ਗਏ ਸ਼ਾਖ਼ ਉਮਰ ਦੀ ਤੇ, ਏਥੇ ਆਲ੍ਹਣਾ ਕਿਸੇ ਨਾ ਪਾਇਆ ਈ ।
ਕਈ ਹੁਕਮ ਤੇ ਜ਼ੁਲਮ ਕਮਾ ਚੱਲੇ, ਨਾਲ ਕਿਸੇ ਨਾ ਸਾਥ ਲਦਾਇਆ ਈ ।
ਵੱਡੀ ਉਮਰ ਆਵਾਜ਼ ਔਲਾਦ ਵਾਲਾ, ਜਿਸ ਨੂਹ ਤੂਫ਼ਾਨ ਮੰਗਵਾਇਆ ਈ ।
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ, ਨਾਲ ਅਕਲ ਦੇ ਮੇਲ ਮਿਲਾਇਆ ਈ ।
ਅਗੇ ਹੀਰ ਨਾ ਕਿਸੇ ਨੇ ਕਹੀ ਐਸੀ, ਸ਼ਿਅਰ ਬਹੁਤ ਮਰਗ਼ੂਬ ਬਣਾਇਆ ਈ ।
ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ, ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ ।
ਸਨ ਯਾਰਾਂ ਸੈ ਅੱਸੀਆਂ ਨਬੀ ਹਿਜ਼ਰਤ, ਲੰਮੇ ਦੇਸ ਦੇ ਵਿੱਚ ਤਿਆਰ ਹੋਈ ।
ਅਠਾਰਾਂ ਸੈ ਤੇਈਸੀਆਂ ਸੰਮਤਾਂ ਦਾ, ਰਾਜੇ ਬਿਕਰਮਾਜੀਤ ਦੀ ਸਾਰ ਹੋਈ ।
ਜਦੋਂ ਦੇਸ ਤੇ ਜੱਟ ਸਰਦਾਰ ਹੋਏ, ਘਰੋ ਘਰੀ ਜਾਂ ਨਵੀਂ ਸਰਕਾਰ ਹੋਈ ।
ਅਸ਼ਰਾਫ਼ ਖ਼ਰਾਬ ਕਮੀਨ ਤਾਜ਼ੇ, ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ ।
ਚੋਰ ਚੌਧਰੀ ਯਾਰਨੀ ਪਾਕ ਦਾਮਨ, ਭੂਤ ਮੰਡਲੀ ਇੱਕ ਥੀਂ ਚਾਰ ਹੋਈ ।
ਵਾਰਿਸ ਸ਼ਾਹ ਜਿਨ੍ਹਾਂ ਕਿਹਾ ਪਾਕ ਕਲਮਾ, ਬੇੜੀ ਤਿਨ੍ਹਾਂ ਦੀ ਆਕਬਤ ਪਾਰ ਹੋਈ ।
ਖਰਲ ਹਾਂਸ ਦਾ ਸ਼ਹਿਰ ਮਸ਼ਹੂਰ ਮਲਕਾ, ਜਿੱਥੇ ਸ਼ਿਅਰ ਕੀਤਾ ਨਾਲ ਰਾਸ ਦੇ ਮੈਂ ।
ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿੱਚ ਨਖ਼ਾਸ ਦੇ ਮੈਂ ।
ਪੜ੍ਹਣ ਗਭਰੂ ਦਿਲੀਂ ਵਿੱਚ ਖ਼ੁਸ਼ੀ ਹੋ ਕੇ, ਫੁੱਲ ਭੇਜਿਆ ਵਾਸਤੇ ਬਾਸ ਦੇ ਮੈਂ ।
ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮੈਥੇ, ਕਰਾਂ ਮਾਣ ਨਿਮਾਨੜਾ ਕਾਸ ਦੇ ਮੈਂ ।
ਅਫ਼ਸੋਸ ਮੈਨੂੰ ਆਪਣੀ ਨਾਕਸੀ ਦਾ, ਗੁਨਾਹਗਾਰ ਨੂੰ ਹਸ਼ਰ ਦੇ ਸੂਰ ਦਾ ਏ ।
ਇਹਨਾਂ ਮੋਮਨਾਂ ਖ਼ੌਫ਼ ਈਮਾਨ ਦਾ ਏ, ਅਤੇ ਹਾਜੀਆਂ ਬੈਤ ਮਾਮੂਰ ਦਾ ਏ ।
ਸੂਬਾ ਦਾਰ ਨੂੰ ਤਲਬ ਸਿਪਾਹ ਦੀ ਦਾ, ਅਤੇ ਚਾਕਰਾਂ ਕਾਟ ਕਸੂਰ ਦਾ ਏ ।
ਸਾਰੇ ਮੁਲਕ ਖ਼ਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫ਼ਸੋਸ ਕਸੂਰ ਦਾ ਏ ।
ਸਾਨੂੰ ਸ਼ਰਮ ਹਿਆ ਦਾ ਖ਼ੌਫ਼ ਰਹਿੰਦਾ, ਜਿਵੇਂ ਮੂਸਾ ਨੂੰ ਖ਼ੌਫ਼ ਕੋਹ ਤੂਰ ਦਾ ਏ ।
ਇਹਨਾਂ ਗ਼ਾਜ਼ੀਆਂ ਕਰਮ ਬਹਿਸ਼ਤ ਹੋਵੇ, ਤੇ ਸ਼ਹੀਦਾਂ ਨੂੰ ਵਾਅਦਾ ਹੂਰ ਦਾ ਏ ।
ਐਵੇਂ ਬਾਹਰੋਂ ਸ਼ਾਨ ਖ਼ਰਾਬ ਵਿੱਚੋਂ, ਜਿਵੇਂ ਢੋਲ ਸੁਹਾਵਣਾ ਦੂਰ ਦਾ ਏ ।
ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ, ਸ਼ਾਗਿਰਦ ਮਖ਼ਦੂਮ ਕਸੂਰ ਦਾ ਏ ।
ਰਬ ਆਬਰੂ ਨਾਲ ਈਮਾਨ ਬਖ਼ਸ਼ੇ, ਸਾਨੂੰ ਆਸਰਾ ਫ਼ਜ਼ਲ ਗ਼ਫੂਰ ਦਾ ਏ ।
ਵਾਰਿਸ ਸ਼ਾਹ ਨਾ ਅਮਲ ਦੇ ਟਾਂਕ ਮੈਥੇ, ਆਪ ਬਖਸ਼ ਲਕਾ ਹਜ਼ੂਰ ਦਾ ਏ ।
ਵਾਰਿਸ ਸ਼ਾਹ ਹੋਵੇ ਰੌਸ਼ਨ ਨਾਮ ਤੇਰਾ, ਕਰਮ ਹੋਵੇ ਜੇ ਰਬ ਸ਼ਕੂਰ ਦਾ ਏ ।
ਵਾਰਿਸ ਸ਼ਾਹ ਤੇ ਜੁਮਲਿਆਂ ਮੋਮਨਾਂ ਨੂੰ, ਹਿੱਸਾ ਬਖ਼ਸ਼ਿਆ ਆਪਣੇ ਨੂਰ ਦਾ ਏ ।
ਖ਼ਤਮ ਰਬ ਦੇ ਕਰਮ ਦੇ ਨਾਲ ਹੋਈ, ਫ਼ਰਮਾਇਸ਼ ਪਿਆਰੜੇ ਯਾਰ ਦੀ ਸੀ ।
ਐਸਾ ਸ਼ਿਅਰ ਕੀਤਾ ਪੁਰਮਗ਼ਜ਼ ਮੋਜ਼ੂੰ, ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ ।
ਤੂਲ ਖੋਲ੍ਹ ਕੇ ਜ਼ਿਕਰ ਬਿਆਨ ਕੀਤਾ, ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀ ।
ਤਮਸੀਲ ਦੇ ਨਾਲ ਬਣਾਇ ਕਹਿਆ, ਜੇਹੀ ਜ਼ੀਨਤ ਲਾਲ ਦੇ ਹਾਰ ਦੀ ਸੀ ।
ਜੋ ਕੋ ਪੜ੍ਹੇ ਸੋ ਬਹੁਤ ਖੁਰਸੰਦ ਹੋਵੇ, ਵਾਹ ਵਾਹ ਸਭ ਖ਼ਲਕ ਪੁਕਾਰਦੀ ਸੀ ।
ਵਾਰਿਸ ਸ਼ਾਹ ਨੂੰ ਸਿੱਕ ਦੀਦਾਰ ਦੀ ਹੈ, ਜੇਹੀ ਹੀਰ ਨੂੰ ਭਟਕਨਾ ਯਾਰ ਦੀ ਸੀ ।
ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ, ਪੜ੍ਹਣ ਵਾਲਿਆਂ ਕਰੀਂ ਅਤਾ ਸਾਈ ।
ਸੁਣਨ ਵਾਲਿਆਂ ਨੂੰ ਬਖਸ਼ ਖ਼ੁਸ਼ੀ ਦੌਲਤ, ਰੱਖੀਂ ਜ਼ੌਕ ਤੇ ਸ਼ੌਕ ਦਾ ਚਾ ਸਾਈਂ ।
ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ, ਮੀਟੀ ਮੁਠ ਹੀ ਦੇਈਂ ਲੰਘਾ ਸਾਈ ।
ਵਾਰਿਸ ਸ਼ਾਹ ਤਮਾਮੀਆਂ ਮੋਮਨਾਂ ਨੂੰ, ਦੇਈਂ ਦੀਨ ਈਮਾਨ ਲਕਾ ਸਾਈਂ ।
ਹੀਰ ਰੂਹ ਤੇ ਚਾਕ ਕਲਬੂਤ ਜਾਣੋ, ਬਾਲਨਾਥ ਏਹ ਪੀਰ ਬਣਾਇਆ ਈ ।
ਪੰਜ ਪੀਰ ਹਵਾਸ ਇਹ ਪੰਜ ਤੇਰੇ, ਜਿਨ੍ਹਾਂ ਥਾਪਣਾ ਤੁੱਧ ਨੂੰ ਲਾਇਆ ਈ ।
ਕਾਜ਼ੀ ਹੱਕ ਝਬੇਲ ਨੇ ਅਮਲ ਤੇਰੇ, ਇਆਲ ਮੁਨਕਰ ਨਕੀਰ ਠਹਿਰਾਇਆ ਈ ।
ਕੋਠਾ ਗੋਰ ਇਜ਼ਰਾਈਲ ਹੈ ਇਹ ਖੇੜਾ, ਜਿਹੜਾ ਲੈਂਦੋ ਹੀ ਰੂਹ ਨੂੰ ਧਾਇਆ ਈ ।
ਕੈਦੋ ਲੰਙਾ ਸ਼ੈਤਾਨ ਮਲਊਨ ਜਾਣੋ, ਜਿਸ ਨੇ ਵਿੱਚ ਦੀਵਾਨ ਫੜਾਇਆ ਈ ।
ਸਈਆਂ ਹੀਰ ਦੀਆਂ ਰੰਨ ਘਰ ਬਾਰ ਤੇਰਾ, ਜਿਨ੍ਹਾਂ ਨਾਲ ਪੈਵੰਦ ਬਣਾਇਆ ਈ ।
ਵਾਂਗ ਹੀਰ ਦੇ ਬੰਨ੍ਹ ਲੈ ਜਾਣ ਤੈਨੂੰ, ਕਿਸੇ ਨਾਲ ਨਾ ਸਾਥ ਲਦਾਇਆ ਈ ।
ਜਿਹੜਾ ਬੋਲਦਾ ਨਾਤਕਾ ਵੰਝਲੀ ਹੈ, ਜਿਸ ਹੋਸ਼ ਦਾ ਰਾਗ ਸੁਣਾਇਆ ਈ ।
ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ, ਇਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ ।
ਸ਼ਹਿਵਤ ਭਾਬੀ ਤੇ ਭੁਖ ਰਬੇਲ ਬਾਂਦੀ, ਜਿਨ੍ਹਾਂ ਜੰਨਤੋਂ ਮਾਰ ਕਢਾਇਆ ਈ ।
ਜੋਗੀ ਹੈ ਔਰਤ ਕੰਨ ਪਾੜ ਜਿਸ ਨੇ, ਸਭ ਅੰਗ ਬਿਭੂਤ ਰਮਾਇਆ ਈ ।
ਦੁਨੀਆਂ ਜਾਣ ਐਵੇਂ ਜਿਵੇਂ ਝੰਗ ਪੇਕੇ, ਗੋਰ ਕਾਲੜਾ ਬਾਗ਼ ਬਣਾਇਆ ਈ ।
ਤ੍ਰਿੰਞਣ ਇਹ ਬਦ ਅਮਲੀਆਂ ਤੇਰੀਆਂ ਨੇ, ਕੱਢ ਕਬਰ ਥੀਂ ਦੋਜ਼ਖ਼ੇ ਪਾਇਆ ਈ ।
ਉਹ ਮਸੀਤ ਹੈ ਮਾਂਉਂ ਦਾ ਸ਼ਿਕਮ ਬੰਦੇ, ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਈ ।
ਅਦਲੀ ਰਾਜਾ ਏਹ ਨੇਕ ਨੇ ਅਮਲ ਤੇਰੇ, ਜਿਸ ਹੀਰ ਈਮਾਨ ਦਿਵਾਇਆ ਈ ।
ਵਾਰਿਸ ਸ਼ਾਹ ਮੀਆਂ ਬੇੜੀ ਪਾਰ ਤਿਨ੍ਹਾਂ, ਕਲਮਾ ਪਾਕ ਜ਼ਬਾਨ ਤੇ ਆਇਆ ਈ ।