ਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ।
ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ ।
ਇਸ਼ਕ ਪੀਰ ਫ਼ਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ।
ਖਿਲੇ ਤਿਨ੍ਹਾਂ ਦੇ ਬਾਗ਼ ਕਲੂਬ ਅੰਦਰ, ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ ।
ਦੂਈ ਨਾਅਤ ਰਸੂਲ ਮਕਬੂਲ ਵਾਲੀ, ਜੈਂਦੇ ਹੱਕ ਨਜ਼ੂਲ ਲੌਲਾਕ ਕੀਤਾ ।
ਖ਼ਾਕੀ ਆਖ ਕੇ ਮਰਤਬਾ ਵਡਾ ਦਿੱਤਾ, ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ ।
ਸਰਵਰ ਹੋਇਕੇ ਔਲੀਆਂ ਅੰਬੀਆਂ ਦਾ, ਅੱਗੇ ਹੱਕ ਦੇ ਆਪ ਨੂੰ ਖ਼ਾਕ ਕੀਤਾ ।
ਕਰੇ ਉੱਮਤੀ ਉੱਮਤੀ ਰੋਜ਼ ਕਿਆਮਤ, ਖੁਸ਼ੀ ਛੱਡ ਕੇ ਜੀਉ ਗ਼ਮਨਾਕ ਕੀਤਾ ।
ਚਾਰੇ ਯਾਰ ਰਸੂਲ ਦੇ ਚਾਰ ਗੌਹਰ, ਸੱਭੇ ਇੱਕ ਥੀਂ ਇੱਕ ਚੜ੍ਹੰਦੜੇ ਨੇ ।
ਅਬੂ ਬਕਰ ਤੇ ਉਮਰ, ਉਸਮਾਨ, ਅਲੀ, ਆਪੋ ਆਪਣੇ ਗੁਣੀਂ ਸੋਹੰਦੜੇ ਨੇ ।
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਰਾਹ ਰਬ ਦੇ ਸੀਸ ਵਿਕੰਦੜੇ ਨੇ ।
ਜ਼ੌਕ ਛੱਡ ਕੇ ਜਿਨਾਂ ਨੇ ਜ਼ੁਹਦ ਕੀਤਾ, ਵਾਹ ਵਾਹ ਉਹ ਰੱਬ ਦੇ ਬੰਦੜੇ ਨੇ ।
ਮਦਹ ਪੀਰ ਦੀ ਹੁਬ ਦੇ ਨਾਲ ਕੀਚੈ, ਜੈਂਦੇ ਖ਼ਾਦਮਾਂ ਦੇ ਵਿੱਚ ਪੀਰੀਆਂ ਨੀ ।
ਬਾਝ ਓਸ ਜਨਾਬ ਦੇ ਪਾਰ ਨਾਹੀਂ, ਲਖ ਢੂੰਡਦੇ ਫਿਰਨ ਫ਼ਕੀਰੀਆਂ ਨੀ ।
ਜਿਹੜੇ ਪੀਰ ਦੀ ਮਿਹਰ ਮਨਜ਼ੂਰ ਹੋਏ, ਘਰ ਤਿਨ੍ਹਾਂ ਦੇ ਪੀਰੀਆ ਮੀਰੀਆਂ ਨੀ ।
ਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ, ਹੱਥ ਸਜੜੇ ਮਿਲਣਗੀਆਂ ਚੀਰੀਆਂ ਨੀ ।
ਮੌਦੂਦ ਦਾ ਲਾਡਲਾ ਪੀਰ ਚਿਸ਼ਤੀ, ਸ਼ਕਰ-ਗੰਜ ਮਸਉਦ ਭਰਪੂਰ ਹੈ ਜੀ ।
ਖ਼ਾਨਦਾਨ ਵਿੱਚ ਚਿਸ਼ਤ ਦੇ ਕਾਮਲੀਅਤ, ਸ਼ਹਿਰ ਫਕਰ ਦਾ ਪਟਣ ਮਾਮੂਰ ਹੈ ਜੀ ।
ਬਾਹੀਆਂ ਕੁਤਬਾਂ ਵਿੱਚ ਹੈ ਪੀਰ ਕਾਮਲ, ਜੈਂਦੀ ਆਜਜ਼ੀ ਜ਼ੁਹਦ ਮਨਜ਼ੂਰ ਹੈ ਜੀ ।
ਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦਾ ਦੂਰ ਹੈ ਜੀ ।
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ ।
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭ ਸੁਹਣੀ ਨਾਲ ਸੁਣਾਈਏ ਜੀ ।
ਨਾਲ ਅਜਬ ਬਹਾਰ ਦੇ ਸ਼ਿਅਰ ਕਹਿ ਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀ ।
ਯਾਰਾਂ ਨਾਲ ਬਹਿ ਕੇ ਵਿਚ ਮਜਲਿਸਾਂ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ ।
ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ ।
ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ ।
ਬਹੁਤ ਜੀਉ ਦੇ ਵਿੱਚ ਤਦਬੀਰ ਕਰਕੇ, ਫ਼ਰਹਾਦ ਪਹਾੜ ਨੂੰ ਤੋੜਿਆ ਏ ।
ਸੱਭਾ ਵੀਣ ਕੇ ਜ਼ੇਬ ਬਣਾਇ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ ।
ਕੇਹੀ ਤਖ਼ਤ ਹਜ਼ਾਰੇ ਦੀ ਸਿਫ਼ਤ ਕੀਜੇ, ਜਿੱਥੇ ਰਾਂਝਿਆਂ ਰੰਗ ਮਚਾਇਆ ਏ ।
ਛੈਲ ਗੱਭਰੂ, ਮਸਤ ਅਲਬੇਲੜੇ ਨੀ, ਸੁੰਦਰ ਹਿੱਕ ਥੀਂ ਹਿੱਕ ਸਵਾਇਆ ਏ ।
ਵਾਲੇ ਕੋਕਲੇ, ਮੁੰਦਰੇ, ਮਝ ਲੁੰਙੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏ ।
ਕੇਹੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ ।
ਮੌਜੂ ਚੌਧਰੀ ਪਿੰਡ ਦੀ ਪਾਂਧ ਵਾਲਾ, ਚੰਗਾ ਭਾਈਆਂ ਦਾ ਸਰਦਾਰ ਆਹਾ ।
ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ, ਵੱਡ-ਟੱਬਰਾ ਤੇ ਸ਼ਾਹੂਕਾਰ ਆਹਾ ।
ਭਲੀ ਭਾਈਆਂ ਵਿੱਚ ਪਰਤੀਤ ਉਸਦੀ, ਮੰਨਿਆ ਚੌਂਤਰੇ 'ਤੇ ਸਰਕਾਰ ਆਹਾ ।
ਵਾਰਿਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੀ, ਧੀਦੋ ਨਾਲ ਉਸ ਬਹੁਤ ਪਿਆਰ ਆਹਾ ।
ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀਂ ਪਏ ਸੰਗਦੇ ਨੇ ।
ਗੁਝੇ ਮੇਹਣੇ ਮਾਰ ਦੇ ਸੱਪ ਵਾਂਙੂੰ, ਉਸ ਦੇ ਕਾਲਜੇ ਨੂੰ ਪਏ ਡੰਗਦੇ ਨੇ ।
ਕੋਈ ਵੱਸ ਨਾ ਚੱਲੇ ਜੋ ਕੱਢ ਛਡਣ, ਦੇਂਦੇ ਮੇਹਣੇ ਰੰਗ ਬਰੰਗ ਦੇ ਨੇ ।
ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨ ਸੈਨ ਨਾ ਅੰਗ ਦੇ ਨੇ ।
ਤਕਦੀਰ ਸੇਤੀ ਮੌਜੂ ਫ਼ੌਤ ਹੋਇਆ, ਭਾਈ ਰਾਂਝੇ ਦੇ ਨਾਲ ਖਹੇੜਦੇ ਨੇ ।
ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ, ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇ ।
ਨਿੱਤ ਸੱਜਰਾ ਘਾਉ ਕਲੇਜੜੇ ਦਾ, ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੇ ।
ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਏਹਾ ਝੰਝਟ ਨਿੱਤ ਨਬੇੜਦੇ ਨੇ ।
ਹਾਜ਼ਿਰ ਕਾਜ਼ੀ ਤੇ ਪੈਂਚ ਸਦਾਇ ਸਾਰੇ, ਭਾਈਆਂ ਜ਼ਿਮੀਂ ਨੂੰ ਕੱਛ ਪਵਾਈ ਆਹੀ ।
ਵੱਢੀ ਦੇ ਕੇ ਜ਼ਿਮੀਂ ਲੈ ਗਏ ਚੰਗੀ, ਬੰਜਰ ਜ਼ਿਮੀਂ ਰੰਝੇਟੇ ਨੂੰ ਆਈ ਆਹੀ ।
ਕੱਛਾਂ ਮਾਰ ਸ਼ਰੀਕ ਮਜ਼ਾਖ ਕਰਦੇ, ਭਾਈਆਂ ਰਾਂਝੇ ਦੇ ਬਾਬ ਬਣਾਈ ਆਹੀ ।
ਗੱਲ ਭਾਬੀਆਂ ਏਹ ਬਣਾਇ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਹੀ ।
ਮੂੰਹ ਚੱਟ ਜੋ ਆਰਸੀ ਨਾਲ ਵੇਖਣ, ਤਿਨ੍ਹਾਂ ਵਾਹਣ ਕੇਹਾ ਹਲ ਵਾਹੁਣਾ ਈ ।
ਪਿੰਡਾ ਪਾਲ ਕੇ ਚੋਪੜੇ ਪਟੇ ਜਿਨ੍ਹਾਂ, ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਈ ।
ਜਿਹੜਾ ਭੁਇੰ ਦੇ ਮਾਮਲੇ ਕਰੇ ਬੈਠਾ, ਏਸ ਤੋੜ ਨਾ ਮੂਲ ਨਿਬਾਹੁਣਾ ਈ ।
ਪਿਆ ਵੰਝਲੀ ਵਾਹੇ ਤੇ ਰਾਗ ਗਾਵੇ, ਕੋਈ ਰੋਜ਼ ਦਾ ਇਹ ਪ੍ਰਾਹੁਣਾ ਈ ।
ਰਾਂਝਾ ਜੋਤਰਾ ਵਾਹ ਕੇ ਥੱਕ ਰਹਿਆ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ ।
ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ, ਹਾਲ ਆਪਣਾ ਰੋ ਸੁਣਾਂਵਦਾ ਏ ।
ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ, ਸਾਨੂੰ ਵਾਹੀ ਦਾ ਕੰਮ ਨਾ ਭਾਂਵਦਾ ਏ ।
ਭਾਬੀ ਆਖਦੀ ਲਾਡਲਾ ਬਾਪ ਦਾ ਸੈਂ, ਵਾਰਿਸ ਸ਼ਾਹ ਪਿਆਰਾ ਹੀ ਮਾਉਂ ਦਾ ਏ ।
ਰਾਂਝਾ ਆਖਦਾ ਭਾਬੀਉ ਵੈਰਨੋ ਨੀ, ਤੁਸਾਂ ਭਾਈਆ ਨਾਲੋਂ ਵਿਛੋੜਿਆ ਜੇ ।
ਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ ।
ਸਕੇ ਭਾਈਆਂ ਨਾਲੋਂ ਵਿਛੋੜ ਮੈਨੂੰ, ਕੰਡਾ ਵਿੱਚ ਕਲੇਜੇੜੇ ਪੋੜਿਆ ਜੇ ।
ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ, ਵੱਖੋ ਵੱਖ ਹੀ ਚਾਇ ਨਿਖੋੜਿਆ ਜੇ ।
ਨਾਲ ਵੈਰ ਦੇ ਰਿੱਕਤਾਂ ਛੇੜ ਭਾਬੀ, ਸਾਨੂੰ ਮੇਹਣਾ ਹੋਰ ਚਿਮੋੜਿਆ ਜੇ ।
ਜਦੋਂ ਸਫ਼ਾਂ ਹੋ ਟੁਰਨਗੀਆਂ ਤਰਫ ਜੰਨਤ, ਵਾਰਿਸ ਸ਼ਾਹ ਦੀ ਵਾਗ ਨਾ ਮੋੜਿਆ ਜੇ ।
ਕਰੇਂ ਆਕੜਾਂ ਖਾਇ ਕੇ ਦੁੱਧ ਚਾਵਲ, ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ ।
ਆਖਣ ਦੇਵਰੇ ਨਾਲ ਨਿਹਾਲ ਹੋਈਆਂ, ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ ।
ਇਹ ਰਾਂਝੇ ਦੇ ਨਾਲ ਹਨ ਘਿਉ-ਸ਼ੱਕਰ, ਪਰ ਜੀਉ ਦਾ ਭੇਤ ਨਾ ਦੱਸਦੀਆਂ ਨੇ ।
ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ, ਜਿਵੇਂ ਸ਼ਹਿਦ ਵਿਚ ਮੱਖੀਆਂ ਫਸਦੀਆਂ ਨੇ ।
ਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ ।
ਘਰੋਂ ਨਿਕਲਸੇਂ ਤੇ ਜਦੋਂ ਮਰੇਂ ਭੁਖਾ, ਭੁਲ ਜਾਣ ਤੈਨੂੰ ਸੱਭੇ ਖ਼ਰਮਸਤੀਆਂ ਨੇ ।
ਵਾਰਿਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੀ, ਸਭ ਖ਼ਲਕਤਾਂ ਉਨ੍ਹਾਂ ਤੋਂ ਨਸਦੀਆਂ ਨੇ।
ਤੁਸਾਂ ਛੱਤਰੇ ਮਰਦ ਬਣਾ ਦਿੱਤੇ, ਸੱਪ ਰੱਸੀਆਂ ਦੇ ਕਰੋ ਡਾਰੀਉ ਨੀ ।
ਰਾਜੇ ਭੋਜ ਦੇ ਮੂੰਹ ਲਗਾਮ ਦੇ ਕੇ, ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀ ।
ਕੈਰੋ ਪਾਂਡਵਾਂ ਦੀ ਸਫ਼ਾ ਗਾਲ ਸੁੱਟੀ, ਜ਼ਰਾ ਗੱਲ ਦੇ ਨਾਲ ਬੁਰਿਆਰਿਉ ਨੀ ।
ਰਾਵਣ ਲੰਕ ਲੁਟਾਇਕੇ ਗ਼ਰਕ ਹੋਇਆ, ਕਾਰਨ ਤੁਸਾਂ ਦੇ ਹੀ ਹੈਂਸਿਆਰੀਉ ਨੀ ।
ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ ।
ਵਲੀ ਜੇਠ ਤੇ ਜਿਨ੍ਹਾਂ ਦੇ ਫ਼ਤੂ ਦੇਵਰ, ਡੁੱਬ ਮੋਈਆਂ ਉਹ ਭਰਜਾਈਆਂ ਨੀ ।
ਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ ।
ਤੇਰੀ ਗੱਲ ਨਾ ਬਣੇਗੀ ਨਾਲ ਸਾਡੇ, ਜਾ ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ ।
ਮੂੰਹ ਬੁਰਾ ਦਿਸੰਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਏਂ।
ਤੇਰੇ ਗੋਚਰਾ ਕੰਮ ਕੀ ਪਿਆ ਮੇਰਾ, ਸਾਨੂੰ ਬੋਲੀਆਂ ਨਾਲ ਕਿਉਂ ਮਾਰਨੀ ਏਂ।
ਕੋਠੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਹ ਦੇ ਮਹਿਲ ਉਸਾਰਨੀ ਏਂ।
ਵਾਰਿਸ਼ ਸ਼ਾਹ ਦੇ ਨਾਲ ਸਰਦਾਰਨੀ ਤੂੰ, ਪਰ ਪੇਕਿਆਂ ਵੱਲੋਂ ਗਵਾਰਨੀ ਏਂ।
ਸਿੱਧਾ ਹੋਇ ਕੇ ਰੋਟੀਆਂ ਖਾਹਿ ਜੱਟਾ, ਅੜੀਆਂ ਕਾਸ ਨੂੰ ਏਡੀਆਂ ਚਾਈਆਂ ਨੀ ।
ਤੇਰੀ ਪਨਘਟਾਂ ਦੇ ਉੱਤੇ ਪੇਉ ਪੇਈ, ਧੁੰਮਾਂ ਤ੍ਰਿੰਞਣਾਂ ਦੇ ਵਿੱਚ ਪਾਈਆਂ ਨੀ ।
ਘਰ-ਬਾਰ ਵਿਸਾਰ ਕੇ ਖ਼ਵਾਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੇ ਲਾਈਆਂ ਨੀ ।
ਜ਼ੁਲਫਾਂ ਕਾਲੀਆਂ ਕੁੰਢੀਆਂ ਨਾਗ਼ ਕਾਲੇ, ਜੋਕਾਂ ਹਿਕ ਤੇ ਆਣ ਬਹਾਈਆਂ ਨੀ ।
ਵਾਰਿਸ ਸ਼ਾਹ ਏਹ ਜਿਨ੍ਹਾਂ ਦੇ ਚੰਨ ਦੇਵਰ, ਘੋਲ ਘੱਤੀਆਂ ਸਭ ਭਰਜਾਈਆਂ ਨੀ ।
ਅਠਖੇਲਿਆ ਅਹਿਲ ਦੀਵਾਨਿਆਂ ਵੇ, ਥੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏਂ ।
ਚੀਰਾ ਬੰਨ੍ਹ ਕੇ ਭਿੰਨੜੇ ਵਾਲ ਚੋਪੜ, ਵਿੱਚ ਤ੍ਰਿੰਞਣਾਂ ਫੇਰੀਆਂ ਘੱਤਨਾ ਏਂ ।
ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜ੍ਹਾ, ਚਾ ਅੰਙਣੇ ਵਿੱਚ ਪਲੱਟਨਾ ਏਂ ।
ਕੰਮ ਕਰੇਂ ਨਾਹੀਂ ਹੱਛਾ ਖਾਏਂ ਪਹਿਨੇਂ, ਜੜ੍ਹ ਆਪਣੇ ਆਪ ਦੀ ਪੱਟਨਾ ਏਂ ।
ਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖ਼ਸ਼ ਲੈ ਡਾਰੀਏ ਵਾਸਤਾ ਈ ।
ਹੱਥੋਂ ਤੇਰਿਉਂ ਦੇਸ ਮੈਂ ਛੱਡ ਜਾਸਾਂ, ਰਖ ਘਰ ਹੈਂਸਿਆਰੀਏ ਵਾਸਤਾ ਈ ।
ਦਿਹੇਂ ਰਾਤ ਤੈਂ ਜ਼ੁਲਮ ਤੇ ਲੱਕ ਬੱਧਾ, ਅਣੀ ਰੂਪ ਸ਼ਿੰਗਾਰੀਏ ਵਾਸਤਾ ਈ ।
ਨਾਲ ਹੁਸਨ ਦੇ ਫਿਰੇਂ ਗੁਮਾਨ ਲੱਦੀ, ਸਮਝ ਮਸਤ ਹੰਕਾਰੀਏ ਵਾਸਤਾ ਈ ।
ਜਦੇ ਜਿਸੇ ਦੇ ਨਾਲ ਨਾ ਗੱਲ ਕਰੇਂ, ਕਿਬਰ ਵਾਲੀਏ ਮਾਰੀਏ ਵਾਸਤਾ ਈ ।
ਵਾਰਿਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ, ਅਣੀ ਮੁਣਸ ਪਿਆਰੀਏ ਵਾਸਤਾ ਈ ।
ਸਾਡਾ ਹੁਸਨ ਪਸੰਦ ਨਾ ਲਿਆਵਨਾ ਏਂ, ਜਾ ਹੀਰ ਸਿਆਲ ਵਿਆਹ ਲਿਆਵੀਂ ।
ਵਾਹ ਵੰਝਲੀ ਪ੍ਰੇਮ ਦੀ ਘਤ ਜਾਲੀ, ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ ।
ਤੈਂਥੇ ਵੱਲ ਹੈ ਰੰਨਾਂ ਵਿਲਾਵਣੇਂ ਦਾ, ਰਾਣੀ ਕੋਕਲਾਂ ਮਹਿਲ ਤੋਂ ਲਾਹ ਲਿਆਵੀਂ ।
ਦਿਨੇਂ ਬੂਹਿਉਂ ਕੱਢਣੀਂ ਮਿਲੇ ਨਾਹੀਂ, ਰਾਤੀਂ ਕੰਧ ਪਿਛਵਾੜਿਉਂ ਢਾਹ ਲਿਆਵੀਂ ।
ਵਾਰਿਸ ਸ਼ਾਹ ਨੂੰ ਨਾਲ ਲੈ ਜਾਇ ਕੇ ਤੇ, ਜਿਹੜਾ ਦਾਉ ਲੱਗੇ ਸੋਈ ਲਾ ਲਿਆਵੀਂ ।
ਨੱਢੀ ਸਿਆਲਾਂ ਦੀ ਵਿਆਹ ਲਿਆਵਸਾਂ ਮੈਂ, ਕਰੋ ਬੋਲੀਆਂ ਕਿਉਂੇ ਠਠੋਲੀਆਂ ਨੀ ।
ਬਹੇ ਘੱਤ ਪੀੜ੍ਹਾ ਵਾਂਗ ਮਹਿਰੀਆਂ ਦੇ, ਹੋਵਣ ਤੁਸਾਂ ਜੇਹੀਆਂ ਅੱਗੇ ਗੋਲੀਆਂ ਨੀ ।
ਮੱਝੁ ਵਾਹ ਵਿੱਚ ਬੋੜੀਏ ਭਾਬੀਆਂ ਨੂੰ, ਹੋਵਣ ਤੁਸਾਂ ਜੇਹੀਆਂ ਬੜਬੋਲੀਆਂ ਨੀ ।
ਬਸ ਕਰੋ ਭਾਬੀ ਅਸੀਂ ਰੱਜ ਰਹੇ, ਭਰ ਦਿੱਤੀਆਂ ਜੇ ਤੁਸਾਂ ਝੋਲੀਆਂ ਨੀ ।
ਕੇਹਾ ਭੇੜ ਮਚਾਇਉ ਈ ਕੱਚਿਆ ਵੇ, ਮੱਥਾ ਡਾਹਿਉ ਸੌਂਕਣਾਂ ਵਾਂਙ ਕੇਹਾ ।
ਜਾਹਿ ਸੱਜਰਾ ਕੰਮ ਗਵਾ ਨਾਹੀਂ, ਹੋਇ ਜਾਸੀਆ ਜੋਬਨਾ ਫੇਰ ਬੇਹਾ ।
ਰਾਂਝੇ ਖਾ ਗੁੱਸਾ ਸਿਰ ਧੌਲ ਮਾਰੀ, ਕੇਹੀ ਚੰਬੜੀ ਆਣ ਤੂੰ ਵਾਂਙ ਲੇਹਾ ।
ਤੁਸੀਂ ਦੇਸ ਰੱਖੋ ਅਸੀਂ ਛੱਡ ਚੱਲੇ, ਲਾਹ ਝਗੜਾ ਭਾਬੀਏ ਗੱਲ ਏਹਾ ।
ਹਥ ਪਕੜ ਕੇ ਜੁੱਤੀਆਂ ਮਾਰ ਬੁੱਕਲ, ਰਾਂਝਾ ਹੋਇ ਟੁਰਿਆ ਵਾਰਿਸ ਸ਼ਾਹ ਜੇਹਾ ।
ਖ਼ਬਰ ਭਾਈਆਂ ਨੂੰ ਲੋਕਾਂ ਜਾਇ ਦਿੱਤੀ, ਧੀਦੋ ਰੁੱਸ ਹਜ਼ਾਰਿਉਂ ਚਲਿਆ ਜੇ ।
ਹਲ ਵਾਹੁਣਾ ਓਸ ਤੋਂ ਹੋਏ ਨਾਹੀਂ, ਮਾਰ ਬੋਲੀਆਂ ਭਾਬੀਆਂ ਸੱਲਿਆ ਜੇ ।
ਪਕੜ ਰਾਹ ਟੁਰਿਆ, ਹੰਝੂ ਨੈਣ ਰੋਵਣ, ਜਿਵੇਂ ਨਦੀ ਦਾ ਨੀਰ ਉਛੱਲਿਆ ਜੇ ।
ਵਾਰਿਸ ਸ਼ਾਹ ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ, ਅਧਵਾਟਿਉ ਰਾਹ ਜਾ ਮੱਲਿਆ ਜੇ ।
ਰੂਹ ਛੱਡ ਕਲਬੂਤ ਜਿਉਂ ਵਿਦਾਅ ਹੁੰਦਾ, ਤਿਵੇਂ ਏਹ ਦਰਵੇਸ਼ ਸਿਧਾਰਿਆ ਈ ।
ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ, ਕਸਦ ਝੰਗ ਸਿਆਲ ਚਿਤਾਰਿਆ ਈ ।
ਕੀਤਾ ਰਿਜ਼ਕ ਨੇ ਆਣ ਉਦਾਸ ਰਾਂਝਾ, ਚਲੋ ਚਲੀ ਹੀ ਜੀਉ ਪੁਕਾਰਿਆ ਈ ।
ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ, ਵਾਰਿਸ ਸ਼ਾਹ ਨੇ ਵਤਨ ਵਿਸਾਰਿਆ ਈ ।
ਆਖ ਰਾਂਝਿਆ ਭਾ ਕੀ ਬਣੀ ਤੇਰੇ, ਦੇਸ ਆਪਣਾ ਛੱਡ ਸਿਧਾਰ ਨਾਹੀਂ ।
ਵੀਰਾ ਅੰਬੜੀ ਜਾਇਆ ਜਾਹ ਨਾਹੀਂ, ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ ।
ਏਹ ਬਾਂਦੀਆਂ ਤੇ ਅਸੀਂ ਵੀਰ ਤੇਰੇ, ਕੋਈ ਹੋਰ ਵਿਚਾਰ ਵਿਚਾਰ ਨਾਹੀਂ ।
ਬਖ਼ਸ਼ ਇਹ ਗੁਨਾਹ ਤੂੰ ਭਾਬੀਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ ।
ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ, ਅਤੇ ਭਾਈਆਂ ਬਾਝ ਬਹਾਰ ਨਾਹੀਂ ।
ਭਾਈ ਮਰਨ ਤੇ ਪੈਂਦੀਆਂ ਭਜ ਬਾਹਾਂ, ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ ।
ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ ।
ਭਾਈ ਢਾਂਵਦੇ ਭਾਈ ਉਸਾਰਦੇ ਨੇ, ਭਾਈਆਂ ਬਾਝ ਬਾਹਾਂ ਬੇਲੀ ਯਾਰ ਨਾਹੀਂ ।
ਰਾਂਝੇ ਆਖਿਆ ਉਠਿਆ ਰਿਜ਼ਕ ਮੇਰਾ, ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋ ।
ਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ, ਤੁਸੀਂ ਸਾਕ ਨਾ ਸੈਨ ਨਾ ਅੰਗ ਦੇ ਹੋ ।
ਵਸ ਲੱਗੇ ਤਾਂ ਮਨਸੂਰ ਵਾਂਙੂੰ, ਮੈਨੂੰ ਚਾਇ ਸੂਲੀ ਉਤੇ ਟੰਗਦੇ ਹੋ ।
ਵਿੱਚੋਂ ਖ਼ੁਸ਼ੀ ਹੋ ਅਸਾਂ ਦੇ ਨਿਕਲਣੇ 'ਤੇ, ਮੂੰਹੋਂ ਆਖਦੇ ਗੱਲ ਕਿਉਂ ਸੰਗਦੇ ਹੋ ।
ਭਰਜਾਈਆਂ ਆਖਿਆ ਰਾਂਝਿਆ ਵੇ, ਅਸੀਂ ਬਾਂਦੀਆਂ ਤੇਰੀਆਂ ਹੁੰਨੀਆਂ ਹਾਂ ।
ਨਾਉਂ ਲਿਆ ਹੈ ਜਦੋਂ ਤੂੰ ਜਾਵਣੇ ਦਾ, ਅਸੀਂ ਹੰਝੂਆਂ ਰੱਤ ਦੀਆਂ ਰੁੰਨੀਆਂ ਹਾਂ ।
ਜਾਨ ਮਾਲ ਕੁਰਬਾਨ ਹੈ ਤੁਧ ਉਤੋਂ, ਅਤੇ ਆਪ ਵੀ ਚੋਖਣੇ ਹੁੰਨੀਆਂ ਹਾਂ ।
ਸਾਨੂੰ ਸਬਰ ਕਰਾਰ ਨਾ ਆਂਵਦਾ ਹੈ, ਵਾਰਿਸ ਸ਼ਾਹ ਥੋਂ ਜਦੋਂ ਵਿਛੁੰਨੀਆਂ ਹਾਂ ।
ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ, ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ ।
ਪਹਿਲਾਂ ਸਾੜ ਕੇ ਜੀਊ ਨਿਮਾਨੜੇ ਦਾ, ਪਿੱਛੋਂ ਮਲ੍ਹਮਾਂ ਲਾਵਣੇ ਲਗਦੀਆਂ ਹੋ ।
ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ, ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ ।
ਅਸੀਂ ਕੋਝੜੇ ਰੂਪ ਕਰੂਪ ਵਾਲੇ, ਤੁਸੀਂ ਜੋਬਨੇ ਦੀਆ ਨਈਂ ਵਗਦੀਆਂ ਹੋ ।
ਅਸਾਂ ਆਬ ਤੇ ਤੁਆਮ ਹਰਾਮ ਕੀਤਾ, ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋ ।
ਵਾਰਿਸ਼ ਸ਼ਾਹ ਇਕੱਲੜੇ ਕੀ ਕਰਨਾ, ਤੁਸੀਂ ਸਤ ਇਕੱਠੀਆਂ ਵਗਦੀਆਂ ਹੋ ।
ਵਾਹ ਲਾਇ ਰਹੇ ਭਾਈ ਭਾਬੀਆਂ ਭੀ, ਰਾਂਝਾ ਰੁਠ ਹਜ਼ਾਰਿਉਂ ਧਾਇਆ ਏ ।
ਭੁਖ ਨੰਗ ਨੂੰ ਝਾਗ ਕੇ ਪੰਧ ਕਰਕੇ, ਰਾਤੀਂ ਵਿੱਚ ਮਸੀਤ ਦੇ ਆਇਆ ਏ ।
ਹਥ ਵੰਝਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਭੀ ਖ਼ੂਬ ਬਣਾਇਆ ਏ ।
ਰੰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ, ਸਭਾ ਗਿਰਦ ਮਸੀਤ ਦੇ ਆਇਆ ਏ ।
ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ ।
ਮਸਜਿਦ ਬੈਤੁਲ-ਅਤੀਕ ਮਿਸਾਲ ਆਹੀ, ਖ਼ਾਨਾ ਕਾਅਬਿਉਂ ਡੌਲ ਉਤਾਰਿਆ ਨੇ ।
ਗੋਇਆ ਅਕਸਾ ਦੇ ਨਾਲ ਦੀ ਭੈਣ ਦੂਈ, ਸ਼ਾਇਦ ਸੰਦਲੀ ਨੂਰ ਉਸਾਰਿਆ ਨੇ ।
ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ, ਖ਼ੂਬ ਕੱਢੀ ਇਲਹਾਨਿ-ਪੁਰਕਾਰਿਆ ਨੇ ।
ਤਾਅਲੀਲ ਮੀਜ਼ਾਨ ਤੇ ਸਰਫ ਵਾਹੀ, ਸਰਫ਼ ਮੀਰ ਭੀ ਯਾਦ ਪੁਕਾਰਿਆ ਨੇ ।
ਕਾਜ਼ੀ ਕੁਤਬ ਤੇ ਕਨਜ਼ ਅਨਵਾਹ ਚੌਦਾਂ, ਮਸਊਦੀਆਂ ਜਿਲਦ ਸਵਾਰਿਆ ਨੇ ।
ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ, ਅਤੇ ਹੈਰਤੁਲ-ਫਿਕਾ ਨਵਾਰਿਆ ਨੇ ।
ਫ਼ਤਵ ਬਰਹਿਨਾ ਮਨਜ਼ੂਮ ਸ਼ਾਹਾਂ, ਨਾਲ ਜ਼ਬਦੀਆਂ ਹਿਫ਼ਜ਼ ਕਰਾਰਿਆ ਨੇ ।
ਮਾਰਜ਼ੁਲ ਨਬੁਵਤਾਂ ਅਤੇ ਫ਼ਲਾਸਿਆਂ ਤੋਂ, ਰੌਜ਼ੇ ਨਾਲ ਇਖ਼ਲਾਸ ਪਸਾਰਿਆ ਨੇ ।
ਜ਼ੱਰਾਦੀਆਂ ਦੇ ਨਾਲ ਸ਼ਰ੍ਹਾ ਮੁੱਲਾਂ, ਜ਼ਿਨਜਾਨੀਆਂ ਨਹਿਵ ਨਤਾਰਿਆ ਨੇ ।
ਕਰਨ ਹਿਫਜ਼ ਕੁਰਾਨ ਤਫ਼ਸੀਰ ਦੌਰਾਂ, ਗ਼ੈਰ ਸ਼ਰ੍ਹਾ ਨੂੰ ਦੁੱਰਿਆਂ ਮਾਰਿਆ ਨੇ ।
ਇੱਕ ਨਜ਼ਮ ਦੇ ਦਰਸ ਹਰਕਰਨ ਪੜ੍ਹਦੇ, ਨਾਮ ਹੱਕ ਅਤੇ ਖ਼ਾਲਿਕ ਬਾਰੀਆਂ ਨੇ ।
ਗੁਲਿਸਤਾਂ ਬੋਸਤਾਂ ਨਾਲ ਬਹਾਰ-ਦਾਨਿਸ਼, ਤੂਤੀਨਾਮਿਉਂ ਵਾਹਿਦ-ਬਾਰੀਆਂ ਨੇ ।
ਮੁਨਸ਼ਾਤ ਨਸਾਬ ਤੇ ਅੱਬੁਲਫ਼ਜ਼ਲਾਂ, ਸ਼ਾਹਨਾਮਿਉਂ ਰਾਜ਼ਕ-ਬਾਰੀਆਂ ਨੇ ।
ਕਿਰਾਨੁਲ ਸਾਦੈਨ ਦੀਵਾਨ ਹਾਫਿਜ਼, ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇ ।
ਕਲਮਦਾਨ ਦਫ਼ਤੈਨ ਦਵਾਤ ਪੱਟੀ, ਨਾਵੇਂ ਏਮਲੀ ਵੇਖਦੇ ਲੜਕਿਆਂ ਦੇ ।
ਲਿਖਣ ਨਾਲ ਮਸੌਦੇ ਸਿਆਕ ਖ਼ਸਰੇ, ਸਿਆੇ ਅਵਾਰਜ਼ੇ ਲਿਖਦੇ ਵਰਕਿਆਂ ਦੇ ।
ਇੱਕ ਭੁਲ ਕੇ ਐਨ ਦਾ ਗ਼ੈਨ ਵਾਚਣ, ਮੁੱਲਾਂ ਜਿੰਦ ਕੱਢੇ ਨਾਲ ਕੜਕਿਆਂ ਦੇ ।
ਇੱਕ ਆਂਵਦੇ ਸ਼ੌਕ ਜੁਜ਼ਦਾਨ ਲੈ ਕੇ, ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ ।
ਮੁੱਲਾਂ ਆਖਿਆ ਚੂਨੀਆਂਚੂੰਡਿਆਂ ਦੇਖਦਿਆਂ ਈ ਗ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ ।
ਏਥੇ ਲੁਚਿਆਂ ਦੀ ਕਾਈ ਜਾ ਨਾਹੀਂ ,ਪਟੇ ਦੂਰ ਕਰ ਹੱਕ ਮਨਜ਼ੂਰ ਹੋ ਓਏ ।
ਅਨਲਹੱਕ ਕਹਾਵਣਾ ਕਿਬਰ ਕਰਕੇ, ਓੜਕ ਮਰੇਂਗਾ ਵਾਂਙ ਮਨਸੂਰ ਹੋ ਓਏ ।
ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ, ਭਾਵੇਂ ਰਸਮਸੀ ਵਿੱਚ ਕਾਫ਼ੂਰ ਹੋ ਓਏ ।
ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ, ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ ।
ਅੱਗੇ ਕਢੱ ਕੁਰਾਨ ਤੇ ਬਹੇ ਮਿੰਬਰ ,ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ ।
ਏਹ ਪਲੀਤ ਤੇ ਪਾਕ ਦਾ ਕਰੋ ਵਾਕਿਫ਼, ਅਸੀਂ ਜਾਣੀਏਂ ਸ਼ਰ੍ਹਾ ਗਵਾਹੀਆਂ ਨੂੰ ।
ਜਿਹੜੇ ਥਾਂਓਂ ਨਾਪਾਕ ਦੇ ਵਿੱਚ ਵੜਿਓਂ, ਸ਼ੁਕਰ ਰਬ ਦੀਆਂ ਬੇਪਰਵਾਹੀਆਂ ਨੂੰ ।
ਵਾਰਿਸ ਸ਼ਾਹ ਵਿੱਚ ਹੁਜਰਿਆਂ ਫ਼ਿਅਲ ਕਰਦੇ, ਮੁੱਲਾ ਜੋਤਰੇ ਲਾਂਵਦੇ ਵਾਹੀਆ ਨੂੰ ।
ਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ, ਏਥੇ ਗ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ ।
ਕੁੱਤਾ ਅਤੇ ਫ਼ਕੀਰ ਪਲੀਤ ਹੋਵੇ, ਨਾਲ ਦੁੱਰਿਆਂ ਬੰਨ੍ਹ ਕੇ ਮਾਰੀਏ ਓਏ ।
ਤਾਰਕ ਹੋ ਸਲਾਤ ਦਾ ਪਟੇ ਰੱਖੇ, ਲੱਬਾਂ ਵਾਲਿਆਂ ਮਾਰ ਪਛਾੜਈਏ ਓਏ ।
ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ, ਲੱਬਾਂ ਹੋਣ ਦਰਾਜ਼ ਤਾਂ ਸਾੜੀਏ ਓਏ ।
ਜਿਹੜਾ ਫ਼ਿਕਾ ਅਸੂਲ ਦਾ ਨਹੀਂ ਵਾਕਿਫ਼, ਉਹਨੂੰ ਤੁਰਤ ਸੂਲੀ ਉੱਤੇ ਚਾੜ੍ਹੀਏ ਓਏ ।
ਵਾਰਿਸ ਸ਼ਾਹ ਖ਼ੁਦਾ ਦਿਆਂ ਦੁਸ਼ਮਣਾਂ ਨੂੰ, ਦੂਰੋਂ ਕੁੱਤਿਆਂ ਵਾਂਗ ਦੁਰਕਾਰੀਏ ਓਏ ।
ਸਾਨੂੰ ਦੱਸ ਨਮਾਜ਼ ਹੈ ਕਾਸਦੀ ਜੀ, ਕਾਸ ਨਾਲ ਬਣਾਇ ਕੇ ਸਾਰੀਆ ਨੇ ।
ਕੰਨ ਨਕ ਨਮਾਜ਼ ਦੇ ਹੈਣ ਕਿਤਨੇ, ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰੀਆ ਨੇ ।
ਲੰਬੇ ਕੱਦ ਚੌੜੀ ਕਿਸ ਹਾਣ ਦੀ ਹੈ, ਕਿਸ ਚੀਜ਼ ਦੇ ਨਾਲ ਸਵਾਰੀਆ ਨੇ ।
ਵਾਰਿਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ, ਜਿਸ ਨਾਲ ਇਹ ਬੰਨ੍ਹ ਉਤਾਰੀਆ ਨੇ ।
ਅਸਾਂ ਫ਼ਿੱਕਾ ਅਸੂਲ ਨੂੰ ਸਹੀ ਕੀਤਾ, ਗ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂ ।
ਅਸਾਂ ਦੱਸਣੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂ ।
ਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ, ਨਾਲ ਜਾਇਜ਼ਾ ਸਚ ਨਿਤਾਰਨੇ ਆਂ ।
ਵਾਰਿਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ, ਤਾਜ਼ਿਆਨਿਆਂ ਦੁੱਰਿਆਂ ਮਾਰਨੇ ਆਂ ।
ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ ।
ਅੰਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ, ਕੁਰ੍ਹਾ ਮਰਨ ਜਮਾਣ ਦਾ ਮਾਰਦੇ ਹੋ ।
ਸ਼ਰ੍ਹਾ ਚਾਇ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨ੍ਹਾਗਾਰ ਦੇ ਹੋ ।
ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ, ਚੱਲੋ ਚਲੀ ਹੀ ਪਏ ਪੁਕਾਰਦੇ ਹੋ ।
ਮੁੱਲਾਂ ਆਖਿਆ ਨਾਮਾਕੂਲ ਜੱਟਾ, ਫ਼ਜ਼ਰ ਕੱਟ ਕੇ ਰਾਤ ਗੁਜ਼ਾਰ ਜਾਈਂ ।
ਫ਼ਜ਼ਰ ਹੁੰਦੀ ਥੋਂ ਅੱਗੇ ਹੀ ਉਠ ਏਥੋਂ, ਸਿਰ ਕੱਜ ਕੇ ਮਸਜਦੋਂ ਨਿਕਲ ਜਾਈਂ ।
ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ, ਅਜ਼ਗ਼ੈਬ ਦੀਆਂ ਹੁਜੱਤਾਂ ਨਾ ਉਠਾਈਂ ।
ਵਾਰਿਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ, ਇਹ ਮੁੱਲਾ ਭੀ ਚੰਬੜੇ ਹੈਣ ਬਲਾਈਂ ।
ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ ।
ਉਠ ਗ਼ੁਸਲ ਦੇ ਵਾਸਤੇ ਜਾ ਪਹੁਤੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀ ।
ਰਾਂਝੇ ਕੂਚ ਕੀਤਾ ਆਇਆ ਨਦੀ ਉਤੇ, ਸਾਥ ਲੱਦਿਆ ਪਾਰ ਮੁਹਾਣਿਆਂ ਨੇ ।
ਵਾਰਿਸ ਸ਼ਾਹ ਮੀਆਂ ਲੁੱਡਣ ਵਡਾ ਕੁੱਪਨ, ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ ।
ਰਾਂਝੇ ਆਖਿਆ ਪਰ ਲੰਘਾ ਮੀਆਂ, ਮੈਨੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ ।
ਹਥ ਜੋੜ ਕੇ ਮਿੰਨਤਾ ਕਰੇ ਰਾਂਝਾ, ਤਰਲਾ ਕਰਾਂ ਮੈਂ ਝੱਬ ਦੇ ਵਾਸਤੇ ਤੇ ।
ਤੁਸੀਂ ਚਾੜ੍ਹ ਲਵੋ ਮੈਨੂੰ ਵਿਚ ਬੇੜੀ, ਚੱਪੂ ਧਿਕਸਾਂ ਦੱਬ ਦੇ ਵਾਸਤੇ ਤੇ ।
ਰੁੱਸ ਆਇਆ ਹਾਂ ਨਾਲ ਭਾਬੀਆਂ ਦੇ, ਮਿੰਨਤਾਂ ਕਰਾਂ ਸਬੱਬ ਦੇ ਵਾਸਤੇ ਤੇ ।
ਪੈਸਾ ਖੋਲ੍ਹ ਕੇ ਹੱਥ ਜੋ ਧਰੇ ਮੇਰੇ, ਗੋਦੀ ਚਾਇ ਕੇ ਪਾਰ ਉਤਾਰਨਾ ਹਾਂ ।
ਅਤੇ ਢੇਕਿਆ ! ਮੁਫ਼ਤ ਜੇ ਕੰਨ ਖਾਏਂ, ਚਾਇ ਬੇੜੀਉਂ ਜ਼ਿਮੀਂ ਤੇ ਮਾਰਨਾ ਹਾਂ ।
ਜਿਹੜਾ ਕੱਪੜਾ ਦਏ ਤੇ ਨਕਦ ਮੈਨੂੰ, ਸੱਭੋ ਓਸ ਦੇ ਕੰਮ ਸਵਾਰਨਾ ਹਾਂ ।
ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ, ਅਧਵਾਟੜੇ ਡੋਬ ਕੇ ਮਾਰਨਾ ਹਾਂ ।
ਡੂਮਾਂ ਅਤੇ ਫ਼ਕੀਰਾਂ ਤੇ ਮੁਫ਼ਤਖ਼ੋਰਾਂ, ਦੂਰੋਂ ਕੁੱਤਿਆਂ ਵਾਂਗ ਦੁਰਕਾਰਨਾ ਹਾਂ ।
ਵਾਰਿਸ ਸ਼ਾਹ ਜਿਹਿਆਂ ਪੀਰ ਜ਼ਾਦਿਆਂ ਨੂੰ, ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ ।
ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ, ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ ।
ਛਡ ਅੱਗ ਬੇਗਾਨੜੀ ਹੋ ਗੋਸ਼ੇ, ਪ੍ਰੇਮ ਢਾਂਡੜੀ ਵੱਖ ਜਗਾਇ ਬੈਠਾ ।
ਗਾਵੇ ਸੱਦ ਫ਼ਿਰਾਕ ਦੇ ਨਾਲ ਰੋਵੇ, ਉਤੇ ਵੰਝਲੀ ਸ਼ਬਦ ਵਜਾਇ ਬੈਠਾ ।
ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ, ਪੱਤਣ ਛੱਡ ਕੇ ਓਸ ਥੇ ਜਾਇ ਬੈਠਾ ।
ਰੰਨਾਂ ਲੁੱਡਣ ਝਬੇਲ ਦੀਆਂ ਭਰਨ ਮੁੱਠੀ, ਪੈਰ ਦੋਹਾਂ ਦੀ ਹਿਕ ਟਿਕਾਇ ਬੈਠਾ ।
ਗੁੱਸਾ ਖਾਇਕੇ ਲਏ ਝਬੇਲ ਝਈਆਂ, ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ ।
ਪਿੰਡਾ ! ਬਾਹੁੜੀਂ ਜਟ ਲੈ ਜਾਗ ਰੰਨਾਂ, ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ ।
ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾਂ, ਨਹੀਂ ਜਾਣਦੇ ਕੌਣ ਬਲਾਇ ਬੈਠਾ ।
ਲੁੱਡਣ ਕਰੇ ਬਕਵਾਸ ਜਿਉਂ ਆਦਮੀ ਨੂੰ, ਯਾਰੋ ਵਸਵਸਾ ਆਣ ਸ਼ੈਤਾਨ ਕੀਤਾ ।
ਦੇਖ ਸ਼ੋਰ ਫਸਾਦ ਝਬੇਲ ਸੰਦਾ, ਮੀਏਂ ਰਾਂਝੇ ਨੇ ਜੀਉ ਹੈਰਾਨ ਕੀਤਾ ।
ਬਨ੍ਹ ਸਿਰੇ ਤੇ ਵਾਲ ਤਿਆਰ ਹੋਇਆ, ਤੁਰ ਠਿੱਲ੍ਹਣੇ ਦਾ ਸਮਿਆਨ ਕੀਤਾ ।
ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ, ਜੋ ਕੁੱਝ ਨਬੀ ਨੇ ਨਾਲ ਮਹਿਮਾਨ ਕੀਤਾ ।
ਇਹੋ ਜਿਹੇ ਜੇ ਆਦਮੀ ਹੱਥ ਆਵਣ, ਜਾਨ ਮਾਲ ਪਰਵਾਰ ਕੁਰਬਾਨ ਕੀਤਾ ।
ਆਉ ਕਰਾਂ ਹੈਂ ਏਸ ਦੀ ਮਿੰਨਤ ਜ਼ਾਰੀ, ਵਾਰਿਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ ।
ਸੈਈਂ ਵੰਝੀਂ ਝਨਾਉਂ ਦਾ ਅੰਤ ਨਾਹੀਂ, ਡੁਬ ਮਰੇਂਗਾ ਠਿਲ੍ਹ ਨਾ ਸੱਜਣਾ ਵੋ ।
ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾਂ, ਕੋਈ ਜਾਨ ਤੋਂ ਢਿਲ ਨਾ ਸੱਜਣਾ ਵੋ ।
ਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ, ਰਿਹਿਆ ਕੁਖੜਾ ਹਿਲ ਨਾ ਸੱਜਣਾ ਵੋ ।
ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ, ਡੇਰਾ ਘਤ ਬਹੁ ਹਿਲ ਨਾ ਸੱਜਣਾ ਵੋ ।
ਵਾਰਸ ਸ਼ਾਹ ਮੀਆਂ ਤੇਰੇ ਚੌਖਨੇ ਹਾਂ, ਸਾਡਾ ਕਾਲਜਾ ਸੱਲ ਨਾ ਸੱਜਣਾ ਵੋ ।
ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ, ਮੁੜ ਆਣ ਬੇੜੀ ਵਿੱਚ ਚਾੜ੍ਹਿਆ ਨੇ ।
ਤਕਸੀਰ ਮੁਆਫ ਕਰ ਆਦਮੇ ਦੀ, ਮੁੜ ਆਣ ਬਹਿਸ਼ਤ ਵਿੱਚ ਵਾੜਿਆ ਨੇ ।
ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਢੱਠਾ, ਹੇਠੋਂ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ ।
ਵਾਰਿਸ ਸ਼ਾਹ ਨੂੰ ਤੁਰਤ ਨੁਹਾਇਕੇ ਤੇ, ਬੀਵੀ ਹੀਰ ਦੇ ਪਲੰਘ ਤੇ ਚਾੜ੍ਹਿਆ ਨੇ ।
ਯਾਰੋ ਪਲੰਘ ਕੇਹਾ ਸੁੰਞੀ ਸੇਜ ਆਹੀ, ਲੋਕਾਂ ਆਖਿਆ ਹੀਰ ਜਟੇਟੜੀ ਦਾ ।
ਬਾਦਸ਼ਾਹ ਸਿਆਲਾਂ ਦੇ ਤ੍ਰਿੰਞਣਾਂ ਦੀ, ਮਹਿਰ ਚੂਚਕੇ ਖ਼ਾਨ ਦੀ ਬੇਟੜੀ ਦਾ ।
ਸ਼ਾਹ-ਪਰੀ ਪਨਾਹ ਨਿਤ ਲਏ ਜਿਸ ਥੋਂ, ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ ।
ਅਸੀਂ ਸਭ ਝਬੇਲ ਤੇ ਘਾਟ ਪੱਤਣ, ਸੱਭਾ ਹੁਕਮ ਹੈ ਓਸ ਸਲੇਟੜੀ ਦਾ ।
ਬੇੜੀ ਨਹੀਂ ਇਹ ਜੰਞ ਦੀ ਬਣੀ ਬੈਠਕ, ਜੋ ਕੋ ਆਂਵਦਾ ਸੱਦ ਬਹਾਵੰਦਾ ਹੈ ।
ਗਡਾ-ਵਡ ਅਮੀਰ ਫ਼ਕੀਰ ਬੈਠੇ, ਕੌਣ ਪੁਛਦਾ ਕਿਹੜੇ ਥਾਂਵ ਦਾ ਹੈ ।
ਜਿਵੇਂ ਸ਼ਮ੍ਹਾਂ ਤੇ ਡਿਗਣ ਪਤੰਗ ਧੜ ਧੜ, ਲੰਘ ਨਈਂ ਮੁਹਾਇਣਾ ਆਵੰਦਾ ਹੈ ।
ਖ਼ਵਾਜਾ ਖ਼ਿਜਰ ਦਾ ਬਾਲਕਾ ਆਣ ਲੱਥਾ, ਜਣਾ ਖਣਾ ਸ਼ਰੀਨੀਆਂ ਲਿਆਂਵਦਾ ਹੈ ।
ਲੁੱਡਣ ਨਾ ਲੰਘਾਇਆ ਪਾਰ ਉਸ ਨੂੰ, ਓਸ ਵੇਲੜੇ ਨੂੰ ਪੱਛੋਤਾਂਵਦਾ ਹੈ ।
ਯਾਰੋ ਝੂਠ ਨਾ ਕਰੇ ਖ਼ੁਦਾਇ ਸੱਚਾ, ਰੰਨਾਂ ਮੇਰੀਆਂ ਇਹ ਖਿਸਕਾਂਵਦਾ ਹੈ ।
ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ, ਪੰਖੀ ਡੇਗਦਾ ਮਿਰਗ ਫਹਾਂਵਦਾ ਹੈ ।
ਠਗ ਸੁਣੇ ਥਾਨੇਸਰੋਂ ਆਂਵਦੇ ਨੇ, ਇਹ ਤਾਂ ਜ਼ਾਹਰਾ ਠਗ ਝਨਾਂਵਦਾ ਹੈ ।
ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਵੇਖ ਹੁਣੇ ਝਬੇਲ ਕੁਟਾਂਵਦਾ ਹੈ ।
ਜਾਇ ਮਾਹੀਆਂ ਪਿੰਡ ਵਿੱਚ ਗੱਲ ਟੋਰੀ, ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈ ।
ਉਹਦੇ ਬੋਲਿਆਂ ਮੁਖ ਥੀਂ ਫੁੱਲ ਕਿਰਦੇ, ਲੱਖ ਲੱਖ ਦਾ ਸੱਦ ਉਹ ਲਾਂਵਦਾ ਹੈ ।
ਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ, ਸੇਜ ਹੀਰ ਦੀ ਤੇ ਅੰਗ ਲਾਂਵਦਾ ਹੈ ।
ਵਾਰਿਸ ਸ਼ਾਹ ਕਵਾਰੀਆਂ ਆਫ਼ਤਾਂ ਨੇ, ਵੇਖ ਕੇਹਾ ਫ਼ਤੂਰ ਹੁਣ ਪਾਂਵਦਾ ਹੈ ।
ਲੋਕਾਂ ਪੁੱਛਿਆ ਮੀਆਂ ਤੂੰ ਕੌਣ ਹੁੰਦਾ, ਅੰਨ ਕਿਸੇ ਨੇ ਆਣ ਖਵਾਲਿਆ ਈ ।
ਤੇਰੀ ਸੂਰਤ ਤੇ ਬਹੁਤ ਮਲੂਕ ਦਿੱਸੇ, ਏਡ ਜਫ਼ਰ ਤੂੰ ਕਾਸ ਤੇ ਜਾਲਿਆ ਈ ।
ਅੰਗ ਸਾਕ ਕਿਉਂ ਛਡ ਕੇ ਨੱਸ ਆਇਉਂ, ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ ।
ਓਹਲੇ ਅੱਖੀਆਂ ਦੇ ਤੈਨੂੰ ਕਿਵੇਂ ਕੀਤਾ, ਕਿਨ੍ਹਾਂ ਦੂਤੀਆਂ ਦਾ ਕੌਲ ਪਾਲਿਆ ਈ ।
ਹੱਸ ਖੇਡ ਕੇ ਰਾਤ ਗੁਜ਼ਾਰੀਆ ਸੂ, ਸੁਬ੍ਹਾ ਉਠ ਕੇ ਜੀਉ ਉਦਾਸ ਕੀਤਾ ।
ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ, ਡੇਰਾ ਜਾਇ ਮਲਾਹਾਂ ਦੇ ਪਾਸ ਕੀਤਾ ।
ਅੱਗੇ ਪਲੰਘ ਬੇੜੀ ਵਿੱਚ ਵਿਛਿਆ ਸੀ, ਉਤੇ ਖ਼ੂਬ ਵਿਛਾਵਣਾ ਰਾਸ ਕੀਤਾ ।
ਬੇੜੀ ਵਿੱਚ ਵਜਾਇ ਕੇ ਵੰਝਲੀ ਨੂੰ, ਜਾ ਪਲੰਘ ਉਤੇ ਆਮ ਖ਼ਾਸ ਕੀਤਾ ।
ਵਾਰਿਸ ਸ਼ਾਹ ਜਾ ਹੀਰ ਨੂੰ ਖ਼ਬਰ ਹੋਈ, ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ ।
ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮੱਤੜੀ ਰੂਪ ਗੁਮਾਨ ਦੀ ਜੀ ।
ਬੁਕ ਮੋਤੀਆਂ ਦੇ ਕੰਨੀਂ ਝੁਮਕਦੇ ਸਨ, ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀ ।
ਕੁੜਤੀ ਸੂਹੀ ਦੀ ਹਿੱਕ ਦੇ ਨਾਲ ਫੱਬੀ, ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ ।
ਜਿਸ ਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ, ਜੋਬਨ ਭਿੰਨੜੀ ਕਹਿਰ ਤੂਫਾਨ ਦੀ ਜੀ ।
ਆ ਬੁੰਦਿਆਂ ਵਾਲੀਏ ਟਲੀਂ ਮੋਈਏ, ਅੱਗੇ ਗਈ ਕੇਤੀ ਤੰਬੂ ਤਾਣਦੀ ਜੀ ।
ਵਾਰਿਸ ਸ਼ਾਹ ਮੀਆਂ ਜੱਟੀ ਲੋੜ੍ਹ ਲੁੱਟੀ, ਪਰੀ ਕਿਬਰ ਹੰਕਾਰ ਤੇ ਮਾਨ ਦੀ ਜੀ ।
ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ ।
ਖ਼ੂਨੀ ਚੂੰਡੀਆਂ ਰਾਤ ਜਿਉ ਚੰਨ ਗਿਰਦੇ, ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ ।
ਨੈਣ ਨਰਗਸੀ ਮਿਰਗ ਮਮੋਲੜੇ ਦੇ, ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ ।
ਭਵਾਂ ਵਾਂਙ ਕਮਾਨ ਲਾਹੌਰ ਦੇ ਸਨ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ ।
ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ, ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ ।
ਖੁੱਲ੍ਹੀ ਤ੍ਰਿੰਞਣਾਂ ਵਿੱਚ ਲਟਕਦੀ ਹੈ, ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ ।
ਚਿਹਰੇ ਸੁਹਣੇ ਤੇ ਖ਼ਤ ਖ਼ਾਲ ਬਣਦੇ, ਖ਼ੁਸ਼ ਖ਼ਤ ਜਿਉਂ ਹਰਫ ਕਿਤਾਬ ਦਾ ਜੀ ।
ਜਿਹੜੇ ਵੇਖਣੇ ਦੇ ਰੀਝਵਾਨ ਆਹੇ, ਵੱਡਾ ਫ਼ਾਇਦਾ ਤਿਨ੍ਹਾਂ ਦੇ ਬਾਬ ਦਾ ਜੀ ।
ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ ।
ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸੇਉ ਵਿਲਾਇਤੀ ਸਾਰ ਵਿੱਚੋਂ ।
ਨੱਕ ਅਲਿਫ਼ ਹੁਸੈਨੀ ਦਾ ਪਿਪਲਾ ਸੀ, ਜ਼ੁਲਫ਼ ਨਾਗ਼ ਖ਼ਜ਼ਾਨੇ ਦੀ ਬਾਰ ਵਿੱਚੋਂ ।
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ।
ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ, ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ ।
ਗਰਦਣ ਕੂੰਜ ਦੀ ਉਂਗਲੀਆਂ ਰਵ੍ਹਾਂ ਫਲੀਆਂ, ਹੱਥ ਕੂਲੜੇ ਬਰਗ ਚਨਾਰ ਵਿੱਚੋਂ ।
ਬਾਹਾਂ ਵੇਲਣੇ ਵੇਲੀਆਂ ਗੁੰਨ੍ਹ ਮੱਖਣ, ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ ।
ਛਾਤੀ ਠਾਠ ਦੀ ਉਭਰੀ ਪਟ ਖੇਨੂੰ, ਸਿਉ ਬਲਖ਼ ਦੇ ਚੁਣੇ ਅੰਬਾਰ ਵਿੱਚੋਂ ।
ਧੁੰਨੀ ਬਹਸ਼ਿਤ ਦੇ ਹੌਜ਼ ਦਾ ਮੁਸ਼ਕ ਕੁੱਬਾ, ਪੇਟੂ ਮਖ਼ਮਲੀ ਖ਼ਾਸ ਸਰਕਾਰ ਵਿੱਚੋਂ ।
ਕਾਫ਼ੂਰ ਸ਼ਹਿਨਾਂ ਸਰੀਨ ਬਾਂਕੇ, ਸਾਕ ਹੁਸਨ ਸਤੂਨ ਮੀਨਾਰ ਵਿੱਚੋਂ ।
ਸੁਰਖ਼ੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ, ਖੋਜੇ ਖ਼ਤਰੀ ਕਤਲ ਬਾਜ਼ਾਰ ਵਿੱਚੋਂ ।
ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ ।
ਸੱਈਆਂ ਨਾਲ ਲਟਕਦੀ ਮਾਣ ਮੱਤੀ, ਜਿਵੇਂ ਹਰਨੀਆਂ ਤੁੱਠੀਆਂ ਬਾਰ ਵਿੱਚੋਂ ।
ਅਪਰਾਧ ਅਵਧ ਦਲਤ ਮਿਸਰੀ, ਚਮਕ ਨਿਕਲੀ ਤੇਗ਼ ਦੀ ਧਾਰ ਵਿੱਚੋਂ ।
ਫਿਰੇ ਛਣਕਦੀ ਚਾਉ ਦੇ ਨਾਲ ਜੱਟੀ, ਚੜ੍ਹਿਆ ਗ਼ਜ਼ਬ ਦਾ ਕਟਕ ਕੰਧਾਰ ਵਿੱਚੋਂ ।
ਲੰਕ ਬਾਗ਼ ਦੀ ਪਰੀ ਕਿ ਇੰਦਰਾਣੀ, ਹੂਰ ਨਿਕਲੀ ਚੰਦ ਪਰਵਾਰ ਵਿੱਚੋਂ ।
ਪੁਤਲੀ ਪੇਖਣੇ ਦੀ ਨਕਸ਼ ਰੂਮ ਦਾ ਹੈ, ਲੱਧਾ ਪਰੀ ਨੇ ਚੰਦ ਉਜਾੜ ਵਿੱਚੋਂ ।
ਏਵੇਂ ਸਰਕਦੀ ਆਂਵਦੀ ਲੋੜ੍ਹ ਲੁੱਟੀ, ਜਿਵੇਂ ਕੂੰਜ ਟੁਰ ਨਿਕਲੀ ਡਾਰ ਵਿੱਚੋਂ ।
ਮੱਥੇ ਆਣ ਲੱਗਣ ਜਿਹੜੇ ਭੌਰ ਆਸ਼ਕ, ਨਿੱਕਲ ਜਾਣ ਤਲਵਾਰ ਦੀ ਧਾਰ ਵਿੱਚੋਂ ।
ਇਸ਼ਕ ਬੋਲਦਾ ਨਢੀ ਦੇ ਥਾਂਉਂ ਥਾਂਈਂ, ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂ ।
ਕਜ਼ਲਬਾਸ਼ ਅਸਵਾਰ ਜੱਲਾਦ ਖ਼ੂਨੀ, ਨਿੱਕਲ ਗਿਆ ਏ ਉੜਦ ਬਾਜ਼ਾਰ ਵਿੱਚੋਂ ।
ਵਾਰਿਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ, ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ ।
ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾਂ, ਮਾਰ ਛਮਕਾਂ ਲਹੂ ਲੁਹਾਣ ਕੀਤੇ ।
ਆਣ ਪਲੰਘ ਤੇ ਕੌਣ ਸਵਾਲਿਆ ਜੇ, ਮੇਰੇ ਵੈਰ ਤੇ ਤੁਸਾਂ ਸਾਮਾਨ ਕੀਤੇ ।
ਕੁੜੀਏ ਮਾਰ ਨਾ ਅਸਾਂ ਬੇਦੋਸਿਆਂ, ਨੂੰ ਕੋਈ ਅਸਾਂ ਨਾ ਇਹ ਮਹਿਮਾਨ ਕੀਤੇ ।
ਚੈਂਚਰ-ਹਾਰੀਏ ਰਬ ਤੋਂ ਡਰੀਂ ਮੋਈਏ, ਅੱਗੇ ਕਿਸੇ ਨਾ ਏਡ ਤੂਫ਼ਾਨ ਕੀਤੇ ।
ਏਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀ, ਵਾਰਿਸ ਸ਼ਾਹ ਹੋਰੀਂ ਪਰੇਸ਼ਾਨ ਕੀਤੇ ।
ਜਵਾਨੀ ਕਮਲੀ ਰਾਜ ਏੇ ਚੂਚਕੇ ਦਾ, ਐਵੇਂ ਕਿਸੇ ਦੀ ਕੀ ਪਰਵਾਹ ਮੈਨੂੰ ।
ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾਇ ਸੁੱਟਾਂ, ਆਇਆਂ ਕਿਧਰੋਂ ਇਹ ਬਾਦਸ਼ਾਹ ਮੈਨੂੰ ।
ਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ, ਪਾਸ ਢੁੱਕਿਆਂ ਲਏਗਾ ਢਾਹ ਮੈਨੂੰ ।
ਨਾਹੀਂ ਪਲੰਘ ਤੇ ਏਸ ਨੂੰ ਟਿਕਣ ਦੇਣਾ, ਲਾਇ ਰਹੇਗਾ ਲਖ ਜੇ ਵਾਹ ਮੈਨੂੰ ।
ਇਹ ਬੋਦਲਾ ਪੀਰ ਬਗ਼ਦਾਦ ਗੁੱਗਾ, ਮੇਲੇ ਆਇ ਬੈਠਾ ਵਾਰਿਸ ਸ਼ਾਹ ਮੈਨੂੰ ।
ਉਠੀਂ ਸੁੱਤਿਆ ਸੇਜ ਅਸਾਡੜੀ ਤੋਂ, ਲੰਮਾ ਸੁੱਸਰੀ ਵਾਂਙ ਕੀ ਪਿਆ ਹੈਂ ਵੇ ।
ਰਾਤੀਂ ਕਿਤੇ ਉਨੀਂਦਰਾ ਕੱਟਿਓਈ, ਐਡੀ ਨੀਂਦ ਵਾਲਾ ਲੁੜ੍ਹ ਗਿਆ ਹੈਂ ਵੇ ।
ਸੁੰਞੀ ਵੇਖ ਨਖਸਮੜੀ ਸੇਜ ਮੇਰੀ, ਕੋਈ ਆਹਲਕੀ ਆਣ ਢਹਿ ਪਿਆ ਹੈਂ ਵੇ ।
ਕੋਈ ਤਾਪ ਕਿ ਭੂਤ ਕਿ ਜਿੰਨ ਲੱਗਾ, ਇੱਕੇ ਡਾਇਣ ਕਿਸੇ ਭਖ ਲਿਆ ਹੈਂ ਵੇ ।
ਵਾਰਿਸ ਸ਼ਾਹ ਤੂੰ ਜਿਉਂਦਾ ਘੂਕ ਸੁਤੋਂ, ਇੱਕੇ ਮੌਤ ਆਈ ਮਰ ਗਿਆ ਹੈਂ ਵੇ ।
ਕੂਕੇ ਮਾਰ ਹੀ ਮਾਰ ਤੇ ਪਕੜ ਛਮਕਾਂ, ਪਰੀ ਆਦਮੀ ਤੇ ਕਹਿਰਵਾਨ ਹੋਈ ।
ਰਾਂਝੇ ਉਠ ਕੇ ਆਖਿਆ 'ਵਾਹ ਸੱਜਣ', ਹੀਰ ਹੱਸ ਕੇ ਤੇ ਮਿਹਰਬਾਨ ਹੋਈ ।
ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ, ਜ਼ੁਲਫ਼ ਮੁਖੜੇ ਤੇ ਪਰੇਸ਼ਾਨ ਹੋਈ ।
ਭਿੰਨੇ ਵਾਲ ਚੂਣੇ ਮੱਥੇ ਚੰਦ ਰਾਂਝਾ, ਨੈਣੀਂ ਕੱਜਲੇ ਦੀ ਘਮਸਾਨ ਹੋਈ ।
ਸੂਰਤ ਯੂਸਫ਼ ਦੀ ਵੇਖ ਤੈਮੂਸ ਬੇਟੀ, ਸਣੇ ਮਾਲਕੇ ਬਹੁਤ ਹੈਰਾਨ ਹੋਈ ।
ਨੈਣ ਮਸਤ ਕਲੇਜੜੇ ਵਿੱਚ ਧਾਣੇ, ਜਿਵੇਂ ਤਿੱਖੜੀ ਨੋਕ ਸਨਾਨ ਹੋਈ ।
ਆਇ ਬਗ਼ਲ ਵਿੱਚ ਬੈਠ ਕੇ ਕਰੇ ਗੱਲਾਂ, ਜਿਵੇਂ ਵਿੱਚ ਕਿਰਬਾਨ ਕਮਾਨ ਹੋਈ ।
ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ ।
ਰੂਪ ਜੱਟ ਦਾ ਵੇਖ ਕੇ ਜਾਗ ਲਧੀ, ਹੀਰ ਘੋਲ ਘੱਤੀ ਕੁਰਬਾਨ ਹੋਈ ।
ਵਾਰਿਸ ਸ਼ਾਹ ਨਾ ਥਾਉਂ ਦਮ ਮਾਰਨੇ, ਦੀ ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ ।
ਰਾਂਝਾ ਆਖਦਾ ਇਹ ਜਹਾਨ ਸੁਫ਼ਨਾ, ਮਰ ਜਾਵਣਾ ਈਂ ਮਤਵਾਲੀਏ ਨੀ ।
ਤੁਸਾਂ ਜਿਹਿਆਂ ਪਿਆਰਿਆਂ ਇਹ ਲਾਜ਼ਮ, ਆਏ ਗਏ ਮੁਸਾਫਰਾਂ ਪਾਲੀਏ ਨੀ ।
ਏਡਾ ਹੁਸਨ ਦਾ ਨਾ ਗੁਮਾਨ ਕੀਜੇ, ਇਹ ਲੈ ਪਲੰਘ ਹਈ ਸਣੇ ਨਿਹਾਲੀਏ ਨੀ ।
ਅਸਾਂ ਰੱਬ ਦਾ ਆਸਰਾ ਰੱਖਿਆ ਏ, ਉੱਠ ਜਵਾਨਾਂ ਈਂ ਨੈਣਾਂ ਵਾਲੀਏ ਨੀ ।
ਵਾਰਿਸ ਸ਼ਾਹ ਦੇ ਮਗਰ ਨਾ ਪਈਂ ਮੋਈਏ, ਏਸ ਭੈੜੇ ਦੀ ਗੱਲ ਨੂੰ ਟਾਲੀਏ ਨੀ ।
ਇਹ ਹੀਰ ਤੇ ਪਲੰਘ ਸਭ ਥਾਉਂ ਤੇਰਾ, ਘੋਲ ਘੱਤੀਆਂ ਜਿਊੜਾ ਵਾਰਿਆ ਈ ।
ਨਾਹੀਂ ਗਾਲ੍ਹ ਕੱਢੀ ਹੱਥ ਜੋੜਨੀ ਹਾਂ, ਹਥ ਲਾਇ ਨਾਹੀਂ ਤੈਨੂੰ ਮਾਰਿਆ ਈ ।
ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ, ਤੈਥੋਂ ਘੋਲਿਆ ਕੋੜਮਮਾਂ ਸਾਰਿਆਂ ਈ ।
ਅਸਾਂ ਹਸ ਕੇ ਆਣ ਸਲਾਮ ਕੀਤਾ, ਆਖ ਕਾਸ ਨੂੰ ਮਕਰ ਪਸਾਰਿਆ ਈ ।
ਸੁੰਞੇ ਪਰ੍ਹੇ ਸਨ ਤ੍ਰਿੰਞਣੀਂ ਚੈਨ ਨਾਹੀਂ, ਅੱਲ੍ਹਾ ਵਾਲਿਆ ਤੂੰ ਸਾਨੂੰ ਤਾਰਿਆ ਈ ।
ਵਾਰਿਸ ਸ਼ਾਹ ਸ਼ਰੀਕ ਹੈ ਕੌਣ ਉਸ ਦਾ, ਜਿਸ ਦਾ ਰੱਬ ਨੇ ਕੰਮ ਸਵਾਰਿਆ ਈ ।
ਮਾਨ-ਮੱਤੀਏ ਰੂਪ ਗੁਮਾਨ ਭਰੀਏ, ਅਠਖੇਲੀਏ ਰੰਗ ਰੰਗੀਲੀਏ ਨੀ ।
ਆਸ਼ਕ ਭੌਰ ਫ਼ਕੀਰ ਤੇ ਨਾਗ ਕਾਲੇ, ਬਾਝ ਮੰਤਰੋਂ ਮੂਲ ਨਾ ਕੀਲੀਏ ਨੀ ।
ਏਹ ਜੋਬਨਾ ਠਗ ਬਾਜ਼ਾਰ ਦਾ ਈ, ਟੂਣੇ-ਹਾਰੀਏ ਛੈਲ ਛਬੀਲੀਏ ਨੀ ।
ਤੇਰੇ ਪਲੰਘ ਦਾ ਰੰਗ ਨਾ ਰੂਪ ਘਟਿਆ, ਨਾ ਕਰ ਸ਼ੁਹਦਿਆਂ ਨਾਲ ਬਖ਼ੀਲੀਏ ਨੀ ।
ਵਾਰਿਸ ਸ਼ਾਹ ਬਿਨ ਕਾਰਦੋਂ ਜ਼ਿਬ੍ਹਾ ਕਰੀਏ, ਬੋਲ ਨਾਲ ਜ਼ਬਾਨ ਰਸੀਲੀਏ ਨੀ ।
ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ, ਬੇਲੀ ਦੱਸ ਖਾਂ ਕਿਧਰੋਂ ਆਵਨਾ ਏਂ ।
ਕਿਸ ਮਾਨ-ਮੱਤੀ ਘਰੋਂ ਕਢਿਉਂ ਤੂੰ, ਜਿਸ ਵਾਸਤੇ ਫੇਰੀਆਂ ਪਾਵਨਾ ਏਂ ।
ਕੌਣ ਛਡ ਆਇਉਂ ਪਿੱਛੇ ਮਿਹਰ ਵਾਲੀ, ਜਿਸ ਦੇ ਵਾਸਤੇ ਪੱਛੋਤਾਵਨਾ ਏਂ ।
ਕੌਣ ਜ਼ਾਤ ਤੇ ਵਤਨ ਕੀ ਸਾਈਆਂ ਦਾ, ਅਤੇ ਜੱਦ ਦਾ ਕੌਣ ਸਦਾਵਨਾਂ ਏਂ ।
ਤੇਰੇ ਵਾਰਨੇ ਚੌਖਨੇ ਜਾਨੀਆਂ ਮੈਂ, ਮੰਙੂ ਬਾਬਲੇ ਦਾ ਚਾਰ ਲਿਆਵਨਾ ਏਂ ।
ਮੰਙੂ ਬਾਬਲੇ ਦਾ ਤੇ ਤੂੰ ਚਾਕ ਮੇਰਾ, ਇਹ ਵੀ ਫੰਧ ਲੱਗੇ ਜੇ ਤੂੰ ਲਾਵਨਾ ਏਂ ।
ਵਾਰਿਸ ਸ਼ਾਹ ਚਹੀਕ ਜੇ ਨਵੀਂ ਚੂਪੇਂ, ਸਭੇ ਭੁਲ ਜਾਣੀਂ ਜਿਹੜੀਆਂ ਗਾਵਨਾਂ ਏਂ ।
ਤੁਸਾਂ ਜਹੇ ਮਾਸ਼ੂਕ ਜੇ ਥੀਣ ਰਾਜ਼ੀ, ਮੰਗੂ ਨੈਣਾਂ ਦੀ ਧਾਰ ਵਿੱਚ ਚਾਰੀਏ ਨੀ ।
ਨੈਣਾਂ ਤੇਰਿਆਂ ਦੇ ਅਸੀਂ ਚਾਕ ਹੋਏ, ਜਿਵੇਂ ਜੀਉ ਮੰਨੇ ਤਿਵੇਂ ਸਾਰੀਏ ਨੀ ।
ਕਿੱਥੋਂ ਗੱਲ ਕੀਚੈ ਨਿਤ ਨਾਲ ਤੁਸਾਂ, ਕੋਈ ਬੈਠ ਵਿਚਾਰ ਵਿਚਾਰੀਏ ਨੀ ।
ਗੱਲ ਘਤ ਜੰਜਾਲ ਕੰਗਾਲ ਮਾਰੇਂ, ਜਾਇ ਤ੍ਰਿੰਞਣੀਂ ਵੜੇਂ ਕੁਆਰੀਏ ਨੀ ।
ਹੱਥ ਬੱਧੜੀ ਰਹਾਂ ਗੁਲਾਮ ਤੇਰੀ, ਸਣੇ ਤ੍ਰਿੰਞਣਾਂ ਨਾਲ ਸਹੇਲੀਆਂ ਦੇ ।
ਹੋਸਣ ਨਿਤ ਬਹਾਰਾਂ ਤੇ ਰੰਗ ਘਣੇ,ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ ।
ਸਾਨੂੰ ਰੱਬ ਨੇ ਚਾਕ ਮਿਲਾਇ ਦਿੱਤਾ, ਭੁੱਲ ਗਏ ਪਿਆਰ ਅਰਬੇਲੀਆਂ ਦੇ ।
ਦਿਨੇ ਬੇਲਿਆਂ ਦੇ ਵਿੱਚ ਕਰੀਂ ਮੌਜਾਂ, ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ ।
ਨਾਲ ਨੱਢੀਆਂ ਘਿੰਨ ਕੇ ਚਰਖੜੇ ਨੂੰ, ਤੁਸਾਂ ਬੈਠਣਾ ਵਿੱਚ ਭੰਡਾਰ ਹੀਰੇ ।
ਅਸੀਂ ਰੁਲਾਂਗੇ ਆਣ ਕੇ ਵਿੱਚ ਵਿਹੜੇ, ਸਾਡੀ ਕੋਈ ਨਾ ਲਏਗਾ ਸਾਰ ਹੀਰੇ ।
ਟਿੱਕੀ ਦੇਇ ਕੇ ਵਿਹੜਿਉਂ ਕਢ ਛੱਡੇਂ, ਸਾਨੂੰ ਠਗ ਕੇ ਮੂਲ ਨਾ ਮਾਰ ਹੀਰੇ ।
ਸਾਡੇ ਨਾਲ ਜੇ ਤੋੜ ਨਿਬਾਹੁਣੀ ਏਂ, ਸੱਚਾ ਦੇਹ ਖਾਂ ਕੌਲ ਕਰਾਰ ਹੀਰੇ ।
ਮੈਨੂੰ ਬਾਬਲੇ ਦੀ ਸੌਂਹ ਰਾਂਝਣਾ ਵੇ, ਮਰੇ ਮਾਉਂ ਜੇ ਤੁਧ ਥੀਂ ਮੁਖ ਮੋੜਾਂ ।
ਤੇਰੇ ਬਾਝ ਤੁਆਮ ਹਰਾਮ ਮੈਨੂੰ, ਤੁਧ ਬਾਝ ਨਾ ਨੈਣ ਨਾ ਅੰਗ ਜੋੜਾਂ ।
ਖ਼ੁਆਜਾ ਖਿਜ਼ਰ ਤੇ ਬੈਠ ਕੇ ਕਸਮ ਖਾਧੀ, ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ ।
ਕੁਹੜੀ ਹੋ ਕੇ ਨੈਣ ਪਰਾਣ ਜਾਵਣ, ਤੇਰੇ ਬਾਝ ਜੇ ਕੌਂਤ ਮੈਂ ਹੋਰ ਲੋੜਾਂ ।
ਚੇਤਾ ਮੁਆਮਲੇ ਪੈਣ ਤੇ ਛੱਡ ਜਾਏਂ, ਇਸ਼ਕ ਜਾਲਣਾ ਖਰਾ ਦੁਹੇਲੜਾ ਈ ।
ਸਚ ਆਖਣਾ ਈ ਹੁਣੇ ਆਖ ਮੈਨੂੰ, ਏਹੋ ਸਚ ਤੇ ਝੂਠ ਦਾ ਵੇਲੜਾ ਈ ।
ਤਾਬ ਇਸ਼ਕ ਦੀ ਝੱਲਣੀ ਖਰੀ ਔਖੀ, ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈ ।
ਏਥੋਂ ਛੱਡ ਈਮਾਨ ਜੇ ਨੱਸ ਜਾਸੇਂ, ਅੰਤ ਰੋਜ਼ ਕਿਆਮਤੇ ਮੇਲੜਾ ਈ ।