Heer Ranjha : Maula Bakhash Kushta

ਹੀਰ ਰਾਂਝਾ : ਮੌਲਾ ਬਖ਼ਸ਼ ਕੁਸ਼ਤਾ

ਸੁਫ਼ਨੇ ਵਿੱਚ ਮਾਂ ਨਾਲ ਰਾਂਝੇ ਦੀ ਗਿਲਾ ਗੁਜ਼ਾਰੀ

ਮਾਂਵਾਂ ਬਾਝ ਹੈ ਕਿਸੇ ਨੂੰ ਲੋੜ ਕਾਹਦੀ,
ਛਾਵੇਂ ਧੁੱਪਿਓਂ ਚੁਕ ਬਿਠਾਨ ਮਾਏ।
ਜਿਸ ਪੁਤ ਨੂੰ ਜ਼ਿੰਦਗੀ ਵਿਚ ਤੇਰੀ,
ਕਾਮੇ ਮੋਢਿਆਂ ਉਤੇ ਖਿਡਾਨ ਮਾਏ।
ਅੱਜ ਓਸ ਦੇ ਵਾਸਤੇ ਆਣ ਢੁੱਕੇ,
ਇਹ ਕਿਸਮਤਾਂ ਨਾਲ ਸਾਮਾਨ ਮਾਏ।
ਇੱਕ ਬਲਦ ਵੈੜੇ, ਦੂਜਾ ਹੱਲ ਭੈੜਾ,
ਤੀਜਾ ਕਲਰੀ ਰੜਾ ਮੈਦਾਨ ਮਾਏ।
ਚੌਥਾ ਭਾਈਆਂ ਦਾ ਹੋਇਆ ਲਹੂ ਚਿੱਟਾ,
ਪੰਜਵਾਂ ਭਾਬੀਆਂ ਰਿੱਕਤਾਂ ਚਾਨ ਮਾਏਂ।
ਛੇਵਾਂ ਗੋਰ ਦੀ ਤੰਗ ਜ਼ਮੀਨ ਹੋਈ,
ਸੱਤਵਾਂ ਰਾਸ ਨਾਹੀਂ ਆਸਮਾਨ ਮਾਏ।
ਅੱਠਵੀਂ ਆਉਂਦੀ ਸਮਝ ਵਿਚ ਨਹੀਂ 'ਕੁਸ਼ਤਾ'
ਕਰਾਂ ਕੀ, ਜਾਵਾਂ ਕਿਸ ਮਕਾਨ ਮਾਏ?

ਮਾਂ ਦਾ ਦਿਲਾਸਾ

ਦੇਵੇ ਮਾਂ ਤਸੱਲੀਆਂ ਰਾਂਝਣੇ ਨੂੰ,
ਰਹੇ ਰੱਬ ਤੇਰਾ ਨਿਗ੍ਹਾਬਾਨ ਬੇਟਾ।
ਮਦਦ ਰੱਬ ਦੀ ਉਨ੍ਹਾਂ ਨੂੰ ਪਹੁੰਚਦੀ ਏ,
ਜਿਹੜੇ ਸਬਰ ਸੰਤੋਖ ਕਮਾਨ ਬੇਟਾ।
ਕਾਫ਼ਰ ਦਿਲਾਂ ਦੀ ਬਦਲਦੀ ਨਹੀਂ ਹਾਲਤ,
ਮੋਮਨ ਕੋਲ ਹਜ਼ਾਰ ਬਠਾਨ ਬੇਟਾ।
ਹੁੰਦੇ ਹਰੇ ਬਹਾਰ ਵਿਚ ਨਹੀਂ ਪੱਥਰ,
ਭਾਂਵੇਂ ਬਾਰਸ਼ਾਂ ਲੱਖ ਹੋ ਜਾਨ ਬੇਟਾ।
ਮਰਦ ਅੱਖੜਾਂ ਦੇ ਕਾਬੂ ਰਹਿਣ ਰੰਨਾਂ,
ਭਲੇਮਾਣਸਾਂ ਤੇ ਕਾਠੀ ਪਾਨ ਬੇਟਾ।
ਆਵੇ ਅੱਜਲ ਤੇ ਸਾਹ ਮੁੜ ਆਪਣੇ ਹੀ,
ਬਣ ਜਾਣ ਤਲਵਾਰ ਸਨਾਨ ਬੇਟਾ।
ਦਾਣਾ ਪਾਣੀ ਹੁਣ ਚੁਕਿਆ ਗਿਆ ਏਥੋਂ,
ਤੇਰਾ ਹੋਵਸੀ ਝੰਗ ਮਕਾਨ ਬੇਟਾ।
ਹੌਕੇ ਭਰ ਮਰਦਾ ਨਾ ਰਹੇਂ 'ਕੁਸ਼ਤਾ',
ਕਰਸੀ ਮੁਸ਼ਕਲਾਂ ਰੱਬ ਆਸਾਨ ਬੇਟਾ।

ਕਾਜ਼ੀ ਦਾ ਨਿਕਾਹ ਪੜ੍ਹਾਉਣ ਆਉਣਾ
ਕਲਾਮ ਕਾਜ਼ੀ-

ਕਾਜ਼ੀ ਆਣ ਕੇ ਆਖਿਆ ਕਹੋ ਹੀਰੇ,
ਅੱਲਾ ਇੱਕ ਬਰਹੱਕ ਰਸੂਲ ਹੈ ਨੀ।
ਰੋਜ਼ਾ, ਹੱਜ, ਜ਼ਕਾਤ, ਨਮਾਜ਼, ਕਲਮਾ,
ਮੁਸਲਮਾਨ ਦੇ ਲਈ ਅਸੂਲ ਹੈ ਨੀ।
ਨਾਲ ਕੁਤਬ ਰਸੂਲਾਂ ਤੇ ਹਸ਼ਰ ਮਲਕਾਂ,
ਹੀਰੇ ਆਖ ਈਮਾਨ ਮਾਕੂਲ ਹੈ ਨੀ
ਨਾਲ ਮਿਹਰ ਸ਼ਰੱਈ ਦੇ ਆਖ 'ਕੁਸ਼ਤਾ',
ਸੈਦਾ ਅਜੂ ਦਾ ਪੁਤ ਕਬੂਲ ਹੈ ਨੀ।

ਜਵਾਬ ਹੀਰ-

ਟੁਟ ਪਵੇ ਮੰਜਾ ਜਿਸਤੇ ਆ ਬੈਠੋਂ,
ਲਗੇ ਅੱਗ ਇਹਦੇ ਸੇਰੂ ਬਾਹੀਆਂ ਨੂੰ।
ਸਾਡੇ ਆਣ ਗੁਨਾਹ ਕੀ ਧੋਣ ਲਗੋਂ,
ਪਹਿਲੋਂ ਦਿਲ ਦੀਆਂ ਧੋ ਸਿਆਹੀਆਂ ਨੂੰ।
ਓਏ ਕਾਜ਼ੀਆ ਰੱਬ ਦਾ ਖੌਫ਼ ਕਰ ਕੁਝ,
ਵੱਟੇ ਲਾ ਨਾਹੀਂ ਬੇਗੁਨਾਹੀਆਂ ਨੂੰ।
ਅੱਜ ਕਿਹਾ ਸੁਨੇਹੁੜਾ ਲੇ ਆਇਓਂ,
ਹੋਈਆਂ ਮੁੱਦਤਾਂ ਹੀਰ ਨਕਾਹੀਆਂ ਨੂੰ।
ਧੀਆਂ ਵਾਲੜਾ ਹੋ ਕੇ ਕਾਜੀਆ ਵੇ,
ਦੇਵੇਂ ਖ਼ਸਮ ਤੂੰ ਧੀਆਂ ਵਿਆਹੀਆਂ ਨੂੰ।
ਏਡੀ ਨਹੀਂ ਅੰਞਾਣ ਈਮਾਨ ਛੱਡ ਕੇ,
ਤੇਰੇ ਲਈ ਮੈਂ ਫੜਾਂ ਗੁਮਰਾਹੀਆਂ ਨੂੰ।
ਗੱਲ ਸੁਣ,ਇਨਸਾਫ਼ ਕਰ, ਸਮਝ ਦਿਲ ਵਿਚ
ਛੱਡਾਂ ਕਿਸ ਤਰ੍ਹਾਂ ਸੱਜਨਾਂ ਮਾਹੀਆਂ ਨੂੰ।
ਮੇਰੇ ਵਾਸਤੇ ਹੋ ਕੇ ਚਾਕ ਰਿਹਾ,
ਰਾਂਝਾ ਛੱਡ ਕੇ ਅਪਣੀਆਂ ਵਾਹੀਆਂ ਨੂੰ।
ਮਹਿਲ ਮਾੜੀਆਂ ਛੱਡ ਕੇ ਮਲ ਬੈਠਾ,
ਬੇਲੇ ਸਰਕੜੇ ਤੇ ਬੂਝੇ ਕਾਹੀਆਂ ਨੂੰ।
'ਕੁਸ਼ਤਾ' ਬਖ਼ਸ਼ਿਆ ਰੱਬ ਰਸੂਲ ਰਾਂਝਾ,
ਰਖ ਅਪਣੇ ਕੋਲ ਬਦਰਾਹੀਆਂ ਨੂੰ।

ਕਲਾਮ ਕਾਜ਼ੀ-

ਗੱਲ ਅਕਲ ਸ਼ਊਰ, ਦੀ ਕਰ ਕੋਈ,
ਮੂੰਹੋਂ ਬੋਲ ਕਬੋਲ ਨ ਬੋਲ ਹੀਰੇ।
ਫੜ ਕੇ ਅਕਲ ਦੀ ਤਕੜੀ ਨਜ਼ਰ ਅੰਦਰ,
ਜ਼ਰਾ ਦੋਹਾਂ ਨੂੰ ਜਾਚ ਤੇ ਤੋਲ ਹੀਰੇ।
ਦੇਵੇ ਰੱਬ ਹਦਾਇਤ ਤੇ ਰੰਗਪੁਰ ਜਾ,
ਖਾ ਪਹਿਨ ਤੇ ਕਰ ਕਲੋਲ ਹੀਰੇ।
ਭਲਾ ਖਟ ਕੇ ਚਾਕ ਖਵਾਵਸੀ ਕੀ,
ਜਿਹੜਾ ਆਪ ਖਾਵੇ ਰੋਲ ਖੋਲ ਹੀਰੇ?
ਖੇੜੇ ਤਾਂਘਦੇ ਹਿਨ ਨਕਾਹ ਤਾਈਂ,
ਵਜ ਗਿਆ ਜਹਾਨ ਤੇ ਢੋਲ ਹੀਰੇ।
ਮਾਂ ਪਿਓ, ਦਾ ਹੁਕਮ ਨ ਮੋੜ ਮੋਈਏ,
ਬਣੀ ਰਹਿ ਤੂੰ ਧੀ ਅਨਭੋਲ ਹੀਰੇ।
ਕੋਈ ਈਨ ਜੇ ਹਾਂ ਮਨਾਵਣੀ ਊ,
ਮੇਰੇ ਸਾਹਮਣੇ ਗੱਲ ਤੂੰ ਖੋਲ੍ਹ ਹੀਰੇ।
ਸਿਰ ਵਿਚ ਖੇਹ ਉਡਾ ਕੇ ਪਾ ਨਾਹੀਂ,
ਗੰਦ ਆਪਣਾ ਆਪ ਨ ਫੋਲ ਹੀਰੇ।
ਬਾਂਹੀਂ ਨੀਵੀਆਂ ਕਰ ਘੁਮੰਡ ਦੀਆਂ,
ਕਰ ਮੂਰਖਾਂ ਵਾਂਗ ਨ ਘੋਲ ਹੀਰੇ।
ਅਮਲ ਆਪਣੇ ਆਉਣਗੇ ਕੰਮ 'ਕੁਸ਼ਤਾ',
ਪੈਸਾ ਸੋ ਜਿਹੜਾ ਹੋਵੇ ਕੋਲ ਹੀਰੇ।

ਕਲਾਮ ਹੀਰ-

ਪੋਥੀ ਕਹੀ ਅਜ ਆਣਕੇ ਖੋਲ੍ਹਿਓ ਈ,
ਬੈਠੋਂ ਆਣ ਜਗਾ ਪਖੰਡ ਕਾਜ਼ੀ।
ਮੈਂ ਤਾਂ ਜਾਣਦੀ ਸਾਂ ਸੂਫ਼ੀ ਮੁਨਸ਼ ਤੈਨੂੰ,
ਤੂੰ ਤਾਂ ਨਿਕਲਿਉਂ ਝਗੜੇ ਦੀ ਪੰਡ ਕਾਜ਼ੀ।
ਕਰ ਸ਼ਰਮ ਕੁਝ ਧੀਆਂ ਪਰਾਈਆਂ ਨੂੰ,
ਐਵੇਂ ਜਗ ਦੇ ਵਿਚ ਨਾ ਭੰਡ ਕਾਜ਼ੀ।
ਤੈਨੂੰ ਹੈ ਯਕੀਨ ਮਨਾ ਲੈਸੇਂ,
ਉੱਚੀ ਬੋਲ ਕੇ ਪਾ ਕੇ ਡੰਡ ਕਾਜ਼ੀ?
ਮੇਰੇ ਲਈ ਕਸ਼ਮੀਰ ਦਾ ਹੈ ਹਾਕਮ,
ਮੈਨੂੰ ਚਾਕ ਦੇ ਨਾਲ ਹੈ ਠੰਢ ਕਾਜ਼ੀ।
ਮੌਲਾ, ਮੇਲ ਅਸਚਰਜ ਮਿਲਾ ਦਿੱਤਾ,
ਹੀਰ ਸ਼ੀਰ ਤੇ ਚਾਕ ਹੈ ਖੰਡ ਕਾਜ਼ੀ।
ਮੋਛੇ ਪਾਕੇ ਦੇਗ਼ ਦੇ ਹੇਠ ਡਾਹਵਾਂ,
ਖੇੜੇ ਕੌਣ ਕਰੀਰ ਤੇ ਜੰਡ ਕਾਜ਼ੀ।
ਰਚਿਆ ਲੂੰ ਲੂੰ ਵਿਚ ਹੈ ਚਾਕ 'ਕੁਸ਼ਤਾ',
ਗਿਆ ਜਾਨ ਦੇ ਨਾਲ ਹੈ ਹੰਡ ਕਾਜ਼ੀ।

ਕਲਾਮ ਕਾਜ਼ੀ-

ਕਰੀਏ ਹੁੱਤ ਨਾ ਸਾਹਮਣੇ ਮਾਪਿਆਂ ਦੇ,
ਅੱਲਾ ਵਿਚ ਕੁਰਾਨ ਦੇ ਕਹਿਣ ਹੀਰੇ।
ਕੰਮ ਉਨ੍ਹਾਂ ਦੇ ਰੱਬ ਸਵਾਰਦਾ ਏ,
ਜਿਹੜੇ ਵੱਡਿਆਂ ਦੇ ਤਾਬੇ ਰਹਿਣ ਹੀਰੇ।
ਪਾਸੇ ਅੰਤ ਨੂੰ ਉਹ ਛਿਲਵਾ ਲੈਂਦੇ,
ਜਿਹੜੇ ਖਿੰਗਰਾਂ ਦੇ ਨਾਲ ਖਹਿਣ ਹੀਰੇ।
ਜੇ ਤੂੰ ਫਲਣਾ ਫੁਲਣਾ ਲੋੜਦੀ ਏਂ,
ਨੀਵੇਂ ਕਰ ਜਵਾਨੀ ਦੇ ਟਹਿਣ ਹੀਰੇ।
ਸੈਦਾ ਸੱਭਾ ਦਾ ਸਮਝ ਸ਼ਿੰਗਾਰ ਸੁੰਦਰ,
ਅਤੇ ਚਾਕ ਹੈ ਚੰਦ-ਗ੍ਰਹਿਣ ਹੀਰੇ।
ਹੋਵੇ ਧੀ ਮੁਟਿਆਰ ਦਾ ਵਿਆਹ 'ਕੁਸ਼ਤਾ',
ਸਿਰੋਂ ਮਾਪਿਆਂ ਦੇ ਭਾਰ ਲਹਿਣ ਹੀਰੇ।

ਰੰਗਪੁਰ ਦੀ ਇੱਕ ਵਹੁਟੀ ਦਾ ਝੰਗ ਨੂੰ ਜਾਣਾ ਤੇ
ਹੀਰ ਦਾ ਉਸ ਦੇ ਹੱਥ ਰਾਂਝੇ ਵਲ ਸੁਨੇਹਾ ਘਲਣਾ

ਇੱਕ ਵਹੁਟੜੀ ਰੰਗਪੁਰ ਖੇੜਿਆਂ ਥੀਂ,
ਚਲੀ ਸਾਹੁਰੇ ਝੰਗ ਸਿਆਲ ਵਲੇ।
ਮਿਲ ਕੇ ਆਂਢ ਗਵਾਂਢ ਦੀ ਛੋਹਰੀਆਂ ਨੂੰ,
ਆਈ ਮਿਲਣ ਫਿਰ ਹੀਰ ਨਿਢਾਲ ਵਲੇ।
ਲਗੀ ਹੀਰ ਦੇ ਜਖ਼ਮਾਂ ਤੇ ਚੋਭ ਆਕੇ,
ਆਇਆ ਦਿਲ ਦਾ ਖ਼ੂਨ ਉਛਾਲ ਵਲੇ।
ਮਿਲੀਆਂ ਆਣ ਗਲਵਕੜੀ ਪਾ ਦੋਵੇਂ,
ਚੀਕਾਂ ਗਈਆਂ ਜਨੂਬ ਸ਼ਮਾਲ ਵਲੇ।
ਮੁੜੇ ਸਾਹ ਨ ਰੋਂਦਿਆਂ ਥਮ੍ਹੇਂ ਅੱਥਰ,
ਹੋਈਆਂ ਹਾਲ ਥੀਂ ਸਖ਼ਤ ਬੇਹਾਲ ਵਲੇ।
ਆਖੇ ਉਜੜੇ ਨਗਰ ਵਿਚ ਜਦੋਂ ਵੜੀਓਂ,
ਜਾਵੇਂ ਹੀਰ ਦੇ ਚਾਕ ਚਰਵਾਲ ਵਲੇ।
ਆਖੇਂ ਹੀਰ ਨੂੰ ਮਨੋਂ ਵਿਸਾਰ ਕੇ ਤੇ,
ਯਾਰਾ ਰੁਝਿਓਂ ਕਿਸ ਦੀ ਭਾਲ ਵਲੇ?
'ਕੁਸ਼ਤਾ' ਭੇਸ ਵਟਾ ਕੇ ਜੋਗੀਆਂ ਦਾ,
ਚਲਿਆ ਆ ਇਸ ਹੀਰ ਗਵਾਲ ਵਲੇ।

ਗੁਰੂ ਦਾ ਛਿੱਥਿਆਂ ਪੈਣਾ

ਅਰੇ ਜਾ ਬੇ ਜਾਟ ਗਵਾਰ ਛਿਪਰੇ,
ਤੁਝ ਪੈ ਬੜਾ ਇਹਸਾਨ ਹੈ ਕੀਆ ਹਮ ਨੇ।
ਚੇਲੇ ਛੋੜ ਕੇ ਦੂਸਰੇ ਤੁਝੇ ਪਹਿਲੇ,
ਉਪਦੇਸ਼ ਹੈ ਜੋਗ ਕਾ ਦੀਆ ਹਮ ਨੇ।
ਅਪਨੇ ਹਾਥ ਸੇ ਮਲੀ ਭਬੂਤ ਤੁਝ ਪਰ,
ਤੇਰਾ ਆਪ ਮੁੰਡਨ ਕਰ ਦੀਆ ਹਮ ਨੇ।
ਕਿਸੀ ਚੀਜ਼ ਕਾ ਲੋਭ ਹੈ ਨਹੀਂ 'ਕੁਸ਼ਤਾ',
ਜਲ ਤੀਕ ਨਹੀਂ ਤੁਮਸੇ ਪੀਆ ਹਮ ਨੇ।

ਰਾਂਝੇ ਦਾ ਮਤਲਬ ਕੱਢ ਕੇ ਆਕੜਨਾ

ਨਾਥਾ ! ਲਾਹ ਲੈ ਅਪਣੀਆਂ ਮੁੰਦਰਾਂ ਨੂੰ,
ਜਿਹੜੇ ਕੰਨ ਪਾੜੇ ਨੇ ਦਰੁਸਤ ਕਰ ਦੇ।
ਪਟੇ ਸਿਰ ਦੇ ਲਾ ਦੇ ਮੁੜ ਮੇਰੇ,
ਮੁੱਛਾਂ ਮੇਰੀਆਂ ਮੂੰਹ ਤੇ ਚੁਸਤ ਕਰ ਦੇ।
ਮੇਰੇ ਬਦਨ ਤੋਂ ਆਪਣੀ ਰਾਖ ਲਾਹ ਲੈ,
ਪਿੰਡਾ ਮੁੜ ਮੇਰਾ ਤੰਦਰੁਸਤ ਕਰ ਦੇ।
ਜਾਂ ਹੀਰ ਨੂੰ ਮੇਲ ਦੇ ਮੀਆਂ 'ਕੁਸ਼ਤਾ',
ਅਤੇ ਵੈਰੀਆਂ ਦੇ ਤਾਈਂ ਸੁਸਤ ਕਰ ਦੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੌਲਾ ਬਖ਼ਸ਼ ਕੁਸ਼ਤਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ