Hazura Singh ਹਜ਼ੂਰਾ ਸਿੰਘ

ਹਜ਼ੂਰਾ ਸਿੰਘ ਗਰੇਵਾਲ ਗੋਤ ਦਾ ਜੱਟ ਸੀ। ਉਸਦਾ ਜਨਮ ਪਿੰਡ ਬੁਟਾਹਰੀ (ਨੇੜੇ ਡੇਹਲੋਂ) ਦੀ ਪੱਤੀ ਗਰੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ ਕਾਹਨ ਸਿੰਘ ਦੇ ਘਰ ਹੋਇਆ। ਉਹਦੇ ਨਾਨਕੇ ਪਿੰਡ ਗੁਰਮਾ ਵਿਖੇ ਸਨ। ਹਜ਼ੂਰਾ ਸਿੰਘ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਬੁਟਾਹਰੀ ਦੇ ਬਾਵਾ ਕਿਰਪਾ ਰਾਮ ਉਦਾਸੀ ਸਾਧੂ ਦੇ ਡੇਰੇ ਜਿਹੜਾ ਪਿੰਡ ਦੇ ਵਿਚਕਾਰ ਸਥਿੱਤ ਹੈ, ਤੋਂ ਪ੍ਰਾਪਤ ਕੀਤੀ। ਹਜ਼ੂਰਾ ਸਿੰਘ ਦਾ ਉਸਤਾਦ ਨੇੜਲੇ ਪਿੰਡ ਲਹਿਲ ਦਾ ਰਹਿਣ ਵਾਲਾ ਮਿਸਤਰੀ ਲਹਿਣਾ ਸਿੰਘ ਸੀ।

ਰਚਨਾਵਾਂ : ਪੰਜਾਬੀ ਲੋਕਮਨਾਂ ਵਿੱਚ ਪ੍ਰਵਾਨ ਹੋਈ ਸ਼ਾਇਦ ਹੀ ਕੋਈ ਕਥਾ-ਕਹਾਣੀ ਅਜਿਹੀ ਹੋਵੇ ਜਿਸ ਦਾ ਬ੍ਰਿਤਾਂਤ ਕਿੱਸਾ ਰੂਪ ਵਿੱਚ ਹਜ਼ੂਰਾ ਸਿੰਘ ਨੇ ਨਾ ਲਿਖਿਆ ਹੋਵੇ। 'ਹੀਰ' ਤੋਂ ਬਿਨਾਂ ਉਸਨੇ ਮਿਰਜ਼ਾ-ਸਾਹਿਬਾਂ, ਸੱਸੀ ਪੁੰਨੂ, ਪੂਰਨ ਭਗਤ, ਦੁੱਲਾ ਭੱਟੀ, ਜੈਮਲ ਫੱਤਾ, ਦਹੂਦ ਬਾਦਸ਼ਾਹ, ਸ਼ੰਮੀ, ਕੌਲਾਂ, ਬੇਗੋ ਨਾਰ, ਰਮੇਲ (ਨਹਿਣਾਂ ਕਲਾਲੀ ਦੀ ਲੜਕੀ) ਦਾ ਪ੍ਰਸੰਗ, ਜਿਉਣਾ ਮੌੜ, ਸੁੱਚਾ ਸਿੰਘ ਸੂਰਮਾ, ਸ਼ਹੀਦ ਬਿਲਾਸ, ਸੋਹਣੀ ਮਹੀਂਵਾਲ (ਇਹ ਕਿੱਸਾ ਹਜ਼ੂਰਾ ਸਿੰਘ ਤੋਂ ਪੂਰਾ ਨਹੀਂ ਲਿਖ ਹੋਇਆ, ਜ਼ਿਆਦਾ ਬਿਰਧ ਹੋ ਜਾਣ ਕਰਕੇ ਅਧੂਰਾ ਰਹਿ ਗਿਆ); ਸਾਕਾ ਸਰਹੰਦ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਨਹਿਣੀਆਂ ਦਾ ਪ੍ਰਸੰਗ, ਜੰਝ, ਏਥੋਂ ਤੱਕ ਕਿ ਸ਼ਹਿਰ ਮਲੌਦ ਦੇ ਰਹਿਣ ਵਾਲੇ ਆਪਣੇ ਮਿੱਤਰ ਧਨੀ ਰਾਮ ਵੈਦ ਦੇ ਨੇੜਲੇ ਪਿੰਡ ਰੱਬੋਂ ਦੀ ਗੁਜਰਾਂ ਦੀ ਕੁੜੀ ਤਾਜਾਂ ਨਾਲ ਹੋਏ ਇਸ਼ਕ ਦਾ ਕਿੱਸਾ ਵੀ ਲਿਖ ਦਿੱਤਾ।