Biography and Heer : Hazura Singh

ਹਜ਼ੂਰਾ ਸਿੰਘ ਦੇ ਜੀਵਨ ਅਤੇ ਉਸਦੀ ਹੀਰ ਬਾਰੇ ਜਾਣਕਾਰੀ

ਸਮਰਪਣ :

ਚੜ੍ਹਦੀ ਉਮਰੇ ਟੱਕਰੀ ਓਸ ਹੀਰ ਨੂੰ ਜਿਸ ਨੇ ਮੇਰੇ
ਸ਼ਾਂਤ ਵਗਦੇ ਪਾਣੀਆਂ ਵਿੱਚ ਕੋਹਰਾਮ ਮਚਾ ਦਿੱਤਾ
ਅਤੇ
ਜਿਸ ਦੀਆਂ ਯਾਦਾਂ ਦੀਆਂ ਛੱਲਾਂ ਨਾਲ ਜ਼ਿੰਦਗੀ
ਦੀ ਕਿਸ਼ਤੀ ਹਾਲੇ ਵੀ ਕਿਤੇ ਕਿਤੇ ਡੋਲ ਜਾਂਦੀ ਹੈ।

ਵਲੋਂ :- ਹਰਵਿੰਦਰ ਚਾਹਲ
ਸੰਪਾਦਕ : ਕਿੱਸਾ ਹੀਰ ਹਜ਼ੂਰਾ ਸਿੰਘ
ਪਤਾ : ਪਿੰਡ ਉੱਚੀ ਦੌਦ, ਨੇੜੇ ਮਲੌਦ,
ਜ਼ਿਲ੍ਹਾ ਲੁਧਿਆਣਾ-141119,
ਫੋਨ: 9815417317 : ਕੈਨੇਡਾ

ਆਪਣੇ ਵੱਲੋਂ ਕੁਝ ਸ਼ਬਦ

ਆਪਣੇ ਸਮੇਂ ਵਿਚ ਸ. ਹਜ਼ੂਰਾ ਸਿੰਘ ਮਾਲਵੇ ਦਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਦਾ ਸਿਰਮੌਰ ਗਮੰਤਰੀ ਹੋਇਆ ਹੈ। ਉਸ ਦੁਆਰਾ ਰਚਿਤ ਹੀਰ ਦਾ ਸਾਡੇ ਵੇਖਦਿਆਂ-ਵੇਖਦਿਆਂ ਹੀ ਗੁਆਚਣਾ ਸ਼ੁਰੂ ਹੋ ਜਾਣਾ ਸਾਡੇ ਵਾਸਤੇ ਚਿੰਤਾ ਵਾਲੀ ਗੱਲ ਸੀ। ਕੈਨੇਡਾ ਵਸੇਂਦੇ ਪੰਜਾਬੀ ਮਾਂ ਦੇ ਹੋਣਹਾਰ ਸਪੂਤ ਹਰਵਿੰਦਰ ਸਿੰਘ ਚਾਹਲ ਨੇ ਉਸ ਰਚਨਾ ਨੂੰ ਸਾਂਭਣ ਹਿਤ ਭੱਜ ਨੱਠ ਕਰਕੇ ਖਰੜਾ ਤਿਆਰ ਕੀਤਾ ਅਤੇ ਪੰਜਾਬੀ ਸੱਥ ਦੇ ਸਪੁਰਦ ਕਰ ਦਿੱਤਾ। ਅਸੀਂ ਸ. ਹਜ਼ੂਰਾ ਸਿੰਘ ਦੁਆਰਾ ਰਚਿਤ ਹੀਰ ਨੂੰ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਜਿੱਥੇ ਮੈਂ ਆਪਣੇ ਨਿੱਕੇ ਪੰਜਾਬੀ ਵੀਰ ਹਰਵਿੰਦਰ ਸਿੰਘ ਚਾਹਲ ਦਾ ਧੰਨਵਾਦ ਕਰਦਾ ਹਾਂ, ਉੱਥੇ ਇਹ ਆਸ ਕਰਨੀ ਆਪਣਾ ਹੱਕ ਸਮਝਦਾ ਹਾਂ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਆਪਣੀ ਮਾਂ ਬੋਲੀ ਦੀ ਸੇਵਾ ਕਰਨ ਵਾਸਤੇ ਫ਼ਖ਼ਰ ਮਹਿਸੂਸ ਕਰਦੇ ਰਹਿਣਗੇ।

ਇਕ ਸਮਾਂ ਸੀ ਜਦੋਂ ਕਿੱਸੇ ਸਾਡੇ ਸਭਿਆਚਾਰ ਨੂੰ ਪ੍ਰਫੁਲਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਕਰਦੇ ਸਨ। ਬਦਲਦੇ ਹਾਲਤਾਂ ਦੇ ਪੁੜਾਂ ਵਿਚ ਸਾਡਾ ਕਿੱਸਾ ਸਾਹਿਤ ਦਰੜਿਆ ਜਾਣ ਲੱਗਾ ਪਰ ਅਸੀਂ ਚੁਪ ਚੁਪੀਤੇ ਆਪਣੇ ਘਰਾਂ ਵਿਚ ਟੈਲੀਵਿਜਨ, ਕੰਪਿਊਟਰ, ਟੈਲੀਫੋਨ ਆਦਿ ਨੂੰ ਸਾਇੰਸ ਦੀਆਂ ਸੁਖ ਦੇਣ ਵਾਲੀਆਂ ਕਾਢਾਂ ਸੋਚ ਕੇ ਅਨੰਦ ਮਾਣਦੇ ਰਹੇ।

ਪਿਛਲੇ ਲਗਭਗ ਡੇਢ ਦਹਾਕੇ ਤੋਂ ਬਹੁਤ ਘੱਟ ਗਾਇਕਾਂ ਨੇ ਸਾਡੀਆਂ ਗੌਰਵਮਈ ਲੋਕ ਗਾਥਾਵਾਂ ਨੂੰ ਗਾਉਣ ਦਾ ਜੱਸ ਖੱਟਿਆ ਹੈ। ਅਸੀਂ ਪੰਜਾਬੀਆਂ ਨੇ ਆਪਣੀਆਂ ਧੀਆਂ ਭੈਣਾਂ ਨੂੰ ਅੱਧਾ ਨੰਗਾ ਕਰਕੇ ਨਚਾਉਣ ਵਾਲੇ ਗਾਇਕਾਂ ਨੂੰ ਕਲਾਕਾਰ ਆਖ ਕੇ ਮਾਣ ਸਨਮਾਨ ਹੀ ਨਹੀਂ ਬਖਸ਼ਿਆ ਬਲਕਿ ਉਹਨਾਂ ਅਖਾਉਤੀ ਗਾਇਕਾਂ ਨੂੰ ਆਪਣੇ ਸਿਰ ਉਪਰ ਬਿਠਾਉਣ ਵਿਚ ਹੀ ਆਪਣਾ ਭਲਾ ਸਮਝਿਆ। ਸਾਡੇ ਵਿਦਵਾਨਾਂ ਅਤੇ ਚਿੰਤਕਾਂ ਨੇ ਵੀ ਇਸਨੂੰ ਪੱਛਮੀ ਸਭਿਅਤਾ ਦੀ ਵਗ ਰਹੀ ਹਨੇਰੀ ਦੱਸਣ ਤੱਕ ਹੀ ਆਪਣੇ ਆਪ ਨੂੰ ਸੀਮਿਤ ਰੱਖਿਆ। ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਘੜੰਮ ਚੌਧਰੀਆਂ ਦਾ ਤਾਂ ਇਧਰਲੇ ਪਾਸੇ ਕਦੇ ਧਿਆਨ ਹੀ ਨਹੀਂ ਗਿਆ ਕਿ ਉਹ ਖੁੰਬਾਂ ਵਾਂਗਰ ਉਠ ਰਹੇ ਡੰਗ ਟਪਾਊ ਗੀਤਕਾਰਾਂ ਨੂੰ ਫਿਟਕਾਰਾਂ ਪਾਉਣ।

ਕਿਸੇ ਵੀ ਕਿਤਾਬ ਨੂੰ ਛਾਪ ਕੇ ਪਾਠਕਾਂ ਤੱਕ ਪਹੁੰਚਾਉਣ ਦੇ ਲਈ ਮਾਲੀ ਸਾਧਨਾਂ ਦੀ ਜ਼ਰੂਰਤ ਪੈਂਦੀ ਹੈ। ਹਥਲੀ ਕਿਤਾਬ ਦਾ ਸਮੁੱਚਾ ਖਰਚਾ ਇੰਗਲੈਂਡ ਦੀ ਧਰਤੀ ਦੇ ਜੰਮਪਲ ਇੰਦਰਜੀਤ ਸਿੰਘ ਬਚੜਾ ਨੇ ਆਪਣੇ ਸਿਰ ਲੈ ਕੇ ਸਾਡੇ ਹੌਂਸਲੇ ਬੁਲੰਦ ਕੀਤੇ ਹਨ। ਇੰਦਰਜੀਤ ਬੇਸ਼ੱਕ ਇੰਗਲੈਂਡ ਦੀ ਧਰਤੀ ਉਪਰ ਪਲਿਆ, ਪੜ੍ਹਿਆ ਅਤੇ ਵਿਤੀ ਸਲਾਹਕਾਰ ਦੇ ਤੌਰ 'ਤੇ ਕੰਮ ਕਰ ਰਿਹਾ ਹੈ ਪਰ ਉਸਦੀ ਰਗ ਰਗ ਵਿੱਚੋਂ ਪੰਜਾਬੀਅਤ ਡੁਲ੍ਹ ਡੁਲ੍ਹ ਪੈਂਦੀ ਹੈ। ਮੈਨੂੰ ਇਸ ਉਤਸ਼ਾਹੀ ਨੌਜੁਆਨ ਉਪਰ ਬੇਹੱਦ ਮਾਣ ਹੈ। ਉਹ ਮੇਰੇ ਸੁਹਿਰਦ ਮਿੱਤਰ ਅਤੇ ਯੂਰਪੀ ਪੰਜਾਬੀ ਸੱਥ ਦੇ ਹਿਤੈਸ਼ੀ ਸ. ਦਲਵੀਰ ਸਿੰਘ ਬਚੜਾ, ਵਾਲਸਾਲ, ਯੂ.ਕੇ. ਦਾ ਲਾਇਕ ਸਪੁੱਤਰ ਹੈ। ਸਾਡੀ ਅਰਦਾਸ ਹੈ ਕਿ ਵਾਹਿਗੁਰੂ ਸਮੁੱਚੇ ਪਰਿਵਾਰ ਦੇ ਉਪਰ ਆਪਣਾ ਮਿਹਰ ਭਰਿਆ ਹੱਥ ਰੱਖੇ ਅਤੇ ਉਹ ਆਉਣ ਵਾਲੇ ਸਮੇਂ ਵਿਚ ਵੀ ਆਪਣੀ ਮਾਂ ਬੋਲੀ ਅਤੇ ਸਭਿਆਚਾਰ ਦੇ ਨਾਲ ਜੁੜੇ ਰਹਿਣ। ਰੱਬ ਕਰੇ ਉਹ ਆਪਣੀ ਵਿਰਾਸਤ ਨੂੰ ਸਾਂਭਣ ਲਈ ਵੀ ਆਪਣਾ ਬਣਦਾ ਯੋਗਦਾਨ ਪਾਉਣ ਦਾ ਜੱਸ ਖੱਟਦੇ ਰਹਿਣ।

ਤੋੜਾ : ਤੈਨੂੰ ਹੀਰ ਦੀ ਮੈਂ ਸਿਫਤ ਸੁਣਾਈ ਐ, ਰੱਬ ਵਿਹਲੇ ਵਕਤ ਬਣਾਈ ਐ
ਜਿਵੇਂ ਸੰਚੇ ਭਰੀ ਸੁਰਾਹੀ ਐ, ਜਿੱਥੇ ਝੜੀ ਰੂਪ ਨੇ ਲਾਈ ਐ
ਦੇਖ ਰਾਜੇ ਹੋਣ ਸ਼ੁਦਾਈ ਐ, ਆਸਾ ਕਰ ਰਾਮ ਦੀ।।

ਅਸੀਂ ਤੁਹਾਡੇ ਵੱਲੋਂ ਆਏ ਹੋਏ ਸੁਝਾਵਾਂ ਵਾਸਤੇ ਹਮੇਸ਼ਾਂ ਦੀ ਤਰ੍ਹਾਂ ਉਤਾਵਲੇ ਹਾਂ। ਆਪਣੀ ਮਾਂ ਬੋਲੀ ਉਪਰ ਮਾਣ ਕਰਨ ਵਾਲਾ ਇਕ ਪ੍ਰਦੇਸੀ ਪੰਜਾਬੀ :

ਮਿਤੀ 27 ਦਸੰਬਰ, 2007
ਭੰਗਾਲਾ

ਮੋਤਾ ਸਿੰਘ ਸਰਾਏ
ਯੂਰਪੀ ਪੰਜਾਬੀ ਸੱਥ
ਵਾਲਸਾਲ, ਇੰਗਲੈਂਡ

ਧੰਨਵਾਦ

ਜਿਵੇਂ ਕਹਿੰਦੇ ਨੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ, ਏਸ ਕਿਤਾਬ ਦੇ ਛਪਣ ਲਈ ਵੀ ਕੁਝ ਸਖ਼ਸ਼ੀਅਤਾਂ ਦਾ ਬੇਹੱਦ ਯੋਗਦਾਨ ਹੈ ਜਿਹਨਾਂ ਤੋਂ ਮੈਂ ਜਿਸ ਗੱਲ ਦੀ ਆਸ ਕੀਤੀ ਉਸ ਤੋਂ ਕਿਤੇ ਵੱਧ ਸਹਾਇਤਾ ਉਨ੍ਹਾਂ ਨੇ ਕੀਤੀ। ਉਹਨਾਂ ਸਖ਼ਸ਼ੀਅਤਾਂ ਦਾ ਮੈਂ ਕੋਟ-ਕੋਟ ਧੰਨਵਾਦੀ ਅਤੇ ਰਿਣੀ ਹਾਂ।

ਬਾਬਾ ਜਾਗਰ ਸਿੰਘ ਬੁਟਾਹਰੀ ਜੇ ਮੈਨੂੰ ਨਾ ਮਿਲਦਾ ਤਾਂ ਸ਼ਾਇਦ ਇਹ ਕਿਤਾਬ ਨਾ ਛਪ ਸਕਦੀ। ਇਹ ਕਲੀਆਂ ਇਕੱਠੀਆਂ ਕਰਨ ਦੇ ਦੌਰਾਨ ਹੀ ਵਿਛੜ ਗਏ ਬਾਬਾ ਬਹਾਦਰ ਸਿੰਘ ਬੁਟਾਹਰੀ ਦੇ ਯੋਗਦਾਨ ਨੂੰ ਮੈਂ ਨਹੀਂ ਭੁੱਲ ਸਕਦਾ ਜਿਹੜਾ ਆਪਣੀ ਕਾਪੀ ਤੋਂ ਬੋਲ ਕੇ ਟੇਪ 'ਚ ਕਲੀਆਂ ਰਿਕਾਰਡ ਕਰਦਾ ਕਰਦਾ ਅਜਿਹੀ ਲੋਰ ਵਿੱਚ ਆਉਂਦਾ ਕਿ ਉੱਚੀ ਅਵਾਜ਼ ਵਿੱਚ ਗਾਉਣ ਹੀ ਲੱਗ ਜਾਂਦਾ। ਬਾਬਾ ਭਾਗਮਸੀਹ ਅਤੇ ਬਾਬਾ ਲਹੌਰੀ ਰਾਮ ਬੁਟਾਹਰੀ ਨੇ ਵੀ ਮੇਰੀ ਹਰ ਸੰਭਵ ਮੱਦਦ ਕੀਤੀ। ਇਸੇ ਤਰ੍ਹਾਂ ਤਾਇਆ ਮਿਹਰ ਸਿੰਘ ਉੱਚੀ ਦੌਦ ਨੇ ਵੀ ਕਾਫ਼ੀ ਕਲੀਆਂ ਲਿਖਵਾਈਆਂ, ਜਿਸ ਦੇ ਇੱਕਲੇ ਬੈਠੇ ਦੇ ਜਦੋਂ ਹੌਲ ਉੱਠਦਾ ਹਜ਼ੂਰਾ ਸਿੰਘ ਦੀਆਂ ਕਲੀਆਂ ਗਾਉਣ ਲੱਗ ਪੈਂਦਾ।

ਪੰਜਾਬੀ ਸੱਥ ਵਾਲੇ ਡਾ ਨਿਰਮਲ ਸਿੰਘ ਲਾਂਬੜਾ ਜੀ ਦਾ ਮੈਂ ਰਿਣੀ ਰਹਾਂਗਾ ਜਿਹਨਾਂ ਨੂੰ ਮੈਂ ਤਾਂ ਏਸ ਕਿਤਾਬ ਦਾ ਮੁੱਖ ਬੰਧ ਲਿਖਣ ਦੀ ਹੀ ਬੇਨਤੀ ਕੀਤੀ ਸੀ ਪਰ ਉਹਨਾਂ ਨੇ ਇਸ ਨੂੰ ਛਪਵਾਉਣ ਦਾ ਜ਼ਿੰਮਾ ਲੈ ਲਿਆ। ਉਹ ਸਖ਼ਸ਼ੀਅਤ ਜਿਸ ਦੀ ਬਦੌਲਤ ਏਹ ਕਿਤਾਬ ਏਸ ਰੂਪ 'ਚ ਛਪ ਕੇ ਸਾਹਮਣੇ ਆਈ ਹੈ ਉਹ ਹਨ ਸ. ਮੋਤਾ ਸਿੰਘ ਜੀ ਸਰਾਏ ਵਾਲਸਾਲ (ਯੂਕੇ) ਵਾਲੇ ਵਰਨਾ ਮੈਨੂੰ ਤਾਂ ਆਪ ਨਹੀਂ ਸੀ ਕੁਝ ਸੁਝਦਾ ਕਿ ਕਿਵੇਂ ਕਰਾਂ। ਮੇਰੇ ਮਿੱਤਰ ਸ ਜਸਵੀਰ ਸਿੰਘ ਸ਼ੀਰੀ ਅਤੇ ਸਾਂਵਲ ਧਾਮੀ ਦਾ ਵੀ ਮੈਂ ਉਹਨਾਂ ਦੇ ਯੋਗਦਾਨ ਅਤੇ ਵਡਮੁੱਲੇ ਸੁਝਾਵਾਂ ਲਈ ਬਹੁਤ ਧੰਨਵਾਦੀ ਹਾਂ।

ਅੰਤ ਵਿੱਚ ਮੈਂ ਆਪਣੇ ਦੋਸਤਾਂ ਸ਼ਲਿੰਦਰ ਕੁਮਾਰ ਸਲੂਜਾ ਮਲੌਦ ਅਤੇ ਗੁਰਦੀਪ ਮਡਾਹੜ ਦਾ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਨਾ ਸਿਰਫ਼ ਸਾਰੀ ਸਾਰੀ ਰਾਤ ਮਲੌਦ ਵਿਖੇ ਮੇਰੇ ਨਾਲ ਬੈਠ ਕੇ ਏਸ ਨੂੰ ਟਾਈਪ ਕਰਦੇ/ਕਰਵਾਉਂਦੇ ਅਤੇ ਸੁਧਾਈ ਕਰਵਾਉਂਦੇ ਰਹੇ ਸਗੋਂ ਮੈਨੂੰ ਰੋਟੀ ਖੁਆਉਣ ਅਤੇ ਆਪਣੇ ਘਰ ਸੁਆਉਣ ਦਾ ਜ਼ਿੰਮਾ ਵੀ ਉਠਾਉਂਦੇ ਰਹੇ।

-ਹਰਵਿੰਦਰ ਸਿੰਘ ਚਾਹਲ

ਕਲੀਆਂ ਦੇ ਸ਼ਹਿਨਸ਼ਾਹ ਹਜ਼ੂਰਾ ਸਿੰਘ ਦੀ ਹਜ਼ੂਰੀ ਵਿੱਚ : ਡਾ ਨਿਰਮਲ ਸਿੰਘ

ਇਤਿਹਾਸ, ਭੂਗੋਲ, ਬੋਲੀ ਤੇ ਸਿਆਸਤਾਂ ਨੇ ਪੰਜਾਬ ਦੀਆਂ ਹੱਦਾਂ-ਸਰਹੱਦਾਂ ਦੀ ਕਦੇ ਵੀ ਸਹੀ ਨਿਸ਼ਾਨਦੇਹੀ ਨਹੀਂ ਹੋਣ ਦਿੱਤੀ। ਇਹ ਮੁੱਦਾ ਹਰ ਦੌਰ ਵਿਚ ਈ ਲੜਾਈਆਂ, ਝਗੜਿਆਂ ਤੇ ਫਸਾਦਾਂ ਦਾ ਮੁੱਢ ਬਣਦਾ ਰਿਹਾ ਹੈ। ਇਹਦੇ ਪਿਛੋਕੜ ਵਿਚ ਚੱਕ-ਥਲ ਕਰਨ ਵਾਲੇ ਘੜੰਮ ਚੌਧਰੀਆਂ, ਤਿਗੜਮਬਾਜ਼ ਸਿਆਸਤਦਾਨਾਂ, ਜਨੂੰਨੀ ਮਜ਼੍ਹਬੀ ਆਗੂਆਂ ਅਤੇ ਪੰਜਾਬੀਆਂ ਨੂੰ ਢੱਗਿਆਂ ਵਾਂਗੂੰ ਵਾਹੁਣ ਵਾਲੇ ਗੈਰ ਪੰਜਾਬੀ ਹੁਕਮਰਾਨਾਂ ਦੀਆਂ ਚਾਲਾਂ ਤੇ ਚਲਾਕੀਆਂ ਰਹੀਆਂ ਨੇ। ਇਹ ਇਕ ਅਲੱਗ ਵਿਸ਼ਾ ਹੈ।

ਪੰਜਾਬ ਨੂੰ ਸਹੀ ਅਰਥਾਂ ਵਿਚ ਜੋੜ ਕੇ ਰੱਖਣ ਵਾਲੀ, ਇਜ਼ਤਦਾਰ, ਆਦਰਯੋਗ, ਅਣਖਾਂ ਵਾਲੀ, ਮਨੁੱਖੀ ਆਜ਼ਾਦੀਆਂ ਦੀ ਅਲੰਬਰਦਾਰ ਇਕ ਪੰਜਾਬਣ ਕੁੜੀ ਏ ਜੀਹਦਾਂ ਨਾਂ ਹਰ ਪੰਜਾਬੀ ਗੱਭਰੂ, ਮੁਟਿਆਰ, ਬੁੱਢੇ ਠੇਰੇ ਤੀਕ ਨੂੰ ਧੁਰ ਅੰਦਰੋਂ ਝੰਜੋੜ ਸੁੱਟਦਾ ਏ, ਨਸ਼ਿਆ ਦਿੰਦਾ ਏ, ਸਵੈਮਾਨ ਨਾਲ ਭਰ ਦਿੰਦਾ ਹੈ। ਤਰੋ ਤਾਜ਼ਾ ਕਰ ਕੇ ਮਨਾਂ ਨੂੰ ਸਕੂਨ, ਰੂਹਾਂ ਨੂੰ ਤਾਜ਼ਗੀ ਤੇ ਜਿਸਮਾਂ ਨੂੰ ਬਲ ਬਖਸ਼ਦਾ ਏ। ਹੈਰਾਨੀ ਉਦੇ ਹੁੰਦੀ ਏ ਜਦੋਂ ਸਾਡੇ ਉਤੇ ਕੁੜੀਮਾਰਾਂ ਤੇ ਔਰਤਾਂ ਤੇ ਜ਼ੁਲਮ ਕਰਨ ਦੀਆਂ ਸੱਚੀਆਂ ਝੂਠੀਆਂ ਤੋਹਮਤਾਂ ਲੱਗਦੀਆਂ ਨੇ। ਇਕ ਪਾਸੇ ਅਸੀਂ ਰੰਨਾਂ ਨੂੰ ਘਰ ਪਾੜਨ, ਪੁਆੜਿਆਂ ਦੀਆਂ ਜੜ੍ਹਾਂ, ਲੜਾਈਆਂ ਝਗੜਿਆਂ ਤੇ ਕਤਲਾਂ ਦੇ ਕਾਰਨ ਸਮਝਦੇ ਆਂ ਤੇ ਦੂਜੇ ਪਾਸੇ ਉਹੋ ਹੀ ਸਾਡੇ ਲਈ ਦੇਵੀਆਂ, ਪੂਜਣਯੋਗ ਹਸਤੀਆਂ, ਕਿੱਸਿਆਂ ਕਹਾਣੀਆਂ ਦੀਆਂ ਧੁਰੀਆਂ, ਹੱਕ ਸੱਚ ਲਈ ਮਰ ਮਿਟਣ ਵਾਲੀਆਂ, ਸੱਚੇ ਸੁੱਚੇ ਇਖਲਾਕ ਤੇ ਪਹਿਰਾ ਦੇਣ ਵਾਲੀਆਂ ਸਾਡੀਆਂ ਪ੍ਰੇਰਨਾਵਾਂ ਦੇ ਸੋਮੇ ਦਿਖਾਈ ਦਿੰਦੀਆਂ ਨੇ। ਅਜਿਹੀਆਂ ਪੰਜਾਬ ਦੀਆਂ ਧੀਆਂ, ਸਾਡੇ ਦਰਿਆਵਾਂ ਦਾ ਅੰਮ੍ਰਿਤ ਵਰਗਾ ਪਾਣੀ ਪੀ ਪੀ, ਬੂਰੀਆਂ ਦੇ ਡੋਕੇ ਚੁੰਘ ਚੁੰਘ ਹੋਈਆਂ ਮੁਟਿਆਰਾਂ, ਮੂੰਹੋਂ ਬੋਲਦੀ ਜੁਆਨੀ ਵੇਲੇ ਇਸ਼ਕ ਦੇ ਦਰਿਆ ਤਰਦੀਆਂ, ਸੁੱਘੜ ਸਿਆਣੀਆਂ ਹੋ ਕੇ ਇੱਜ਼ਤਦਾਰ ਸੁਆਣੀਆਂ ਬਣਦੀਆਂ ਤੇ ਬੁੱਢੇ ਵਾਰੇ ਮਾਈਆਂ ਦਾ ਰੁਤਬਾ ਮਾਣਦੀਆਂ ਸਾਡੇ ਕਿੱਸੇ ਕਹਾਣੀਆਂ ਦਾ ਤਾਣਾ ਬਾਣਾ ਤਣਦੀਆਂ ਨੇ। ਇਹਨਾਂ ਸਾਰੀਆਂ 'ਚੋਂ ਸਿਰਮੌਰ, ਸਿਰਕੱਢ ਤੇ ਕੱਦਾਵਰ ਕਿਰਦਾਰ ਵਾਲੀ ਪੰਜਾਬਣ ਝਨ੍ਹਾਂ ਕੰਢੇ ਵੱਸਦੇ ਝੰਗ ਵਾਲੇ ਸਿਆਲ ਜੱਟਾਂ ਦੀ ਧੀ 'ਹੀਰ ’ ਏ। ਏਸ ਕੁੜੀ ਦਾ ਨਾਂ ਸੁਣਨਾ ਸਾਡੇ ਕੰਨਾਂ ਨੂੰ ਚੰਗਾ ਚੰਗਾ ਲੱਗਦਾ ਏ। ਤਨ ਬਦਨ ਨੂੰ ਇਕ ਦਮ ਸੁਚੇਤ ਕਰ ਕੇ ਸਾਧਾਰਨ ਬੰਦੇ ਨੂੰ ਵੀ ਸੋਝੀਵਾਨ ਸਰੋਤਾ ਬਣਾ, ਸੁੱਤੇ ਪਏ ਨੂੰ ਜਗਾ ਤੇ ਬੁੱਢੇ ਨੂੰ ਗਭਰੀਟਾਂ ਦੀ ਉਮਰ ਵਿਚ ਪੁਚਾ ਸਕਣ ਦੀ ਸਮਰੱਥਾ ਰੱਖਦਾ ਹੈ। ਪੰਜਾਬ ਦੇ ਰੋਗੀਆਂ ਦੇ ਅੱਧੇ ਰੋਗ ਸਿਰਫ ਹੀਰ ਦੀਆਂ ਕਲੀਆਂ ਜਾਂ ਬੈਂਤਾਂ ਸੁਣਨ ਨਾਲ ਈ ਕੱਟੇ ਜਾਂਦੇ ਨੇ। ਉਹਨਾਂ ਦੀਆਂ ਅਧਮੀਟੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ, ਉਹਨਾਂ ਦੇ ਅੰਗਾਂ ਪੈਰਾਂ 'ਚ ਹਰਕਤ ਹੋਣੀ ਸ਼ੁਰੂ ਹੋ ਜਾਂਦੀ ਏ ਤੇ ਉਹ ਮੰਜੇ ਤੇ ਪਏ ਪਏ ਉੱਠ ਬੈਠਦੇ ਨੇ।

ਪੰਜਾਬ ਦੀਆਂ ਅਸਲ ਹੱਦਾਂ ਉਥੋਂ ਤੀਕ ਨੇ ਜਿਥੋਂ ਤਾਈਂ ਆਮ ਲੋਕਾਈ ਵਿਚ ਹੀਰ ਦਾ ਨਾਂ ਸੁਣ ਕੇ ਆਹ ਕੁਝ ਵਾਪਰੇ। ਘੱਗਰ-ਜਮਨਾ ਦੇ ਕੰਢਿਆਂ ਤੋਂ ਤੁਰ ਸਿੰਧ ਦੇ ਕਿਨਾਰਿਆਂ ਤੀਕ ਬਰਫਾਂ ਦੀ ਚਾਦਰ ਵਾਲੀਆਂ ਕਾਂਗੜੇ, ਕੁੱਲੂ, ਕਸ਼ਮੀਰ ਦੀਆਂ ਪਹਾੜੀ ਚੋਟੀਆਂ ਤੋਂ ਲੈ ਕੇ ਸਿੰਧ ਰਾਜਸਥਾਨ ਦੇ ਟਿੱਬਿਆਂ ਤੱਕ ਦਾ ਦੇਸ ਅਸਲ ਵਿਚ ਹੀਰ ਦਾ ਘਰ ਜਾਂ ਪੰਜਾਬ ਹੈ। ਏਸ ਪੰਜਾਬ ਦੇ ਏਡੇ ਵੱਡੇ ਲੰਬ-ਚੌੜਾਅ ਵਿਚ ਕਈ ਦੁਆਬੇ, ਮਾਝਾ, ਪੋਠੋਹਾਰ, ਥਲ, ਡੂਗਰ, ਪੁਆਧ, ਪਚਾਧ, ਮਾਲਵਾ, ਬਾਰ, ਜੰਗਲ, ਬਾਂਗਰ, ਬੇਟ, ਕੰਢੀ ਮੰਡ ਵਰਗੇ ਨਾਵਾਂ ਵਾਲੇ ਖਿੱਤੇ ਨੇ। ਇਹਨਾਂ ਸਾਰਿਆਂ 'ਚ ਹੀ ਹੀਰ ਦੀ ਮਸ਼ਹੂਰੀ, ਮਕਬੂਲੀਅਤ ਇਕ ਦੂਜੇ ਤੋਂ ਵੱਧ ਹੈ। ਲਹਿਜ਼ਿਆਂ ਦੇ ਵਖਰੇਵਿਆਂ ਕਾਰਨ ਏਸ ਕਿੱਸੇ ਨੂੰੇ ਗਾਉਣ-ਸੁਣਨ ਦੇ ਢੰਗ ਤਰੀਕੇ ਅਲਹਿਦਾ ਅਲਹਿਦਾ ਹਨ। ਮੋਟੇ ਤੌਰ 'ਤੇ ਹੀਰ ਦੀ ਕਹਾਣੀ ਬੈਂਤਾਂ ਤੇ ਕਲੀਆਂ ਵਿਚ ਵਧੇਰੇ ਗਾਈ ਤੇ ਸੁਣੀ ਜਾਂਦੀ ਹੈ। ਉਂਝ ਪੰਜਾਬ ਦਾ ਕੋਈ ਵੀ ਕਵੀ ਕਵੀਸ਼ਰ, ਗਾਇਕ ਗਮੰਤ੍ਰੀ, ਕਲਮਕਾਰ, ਲੇਖਕ ਅਜਿਹਾ ਨਹੀਂ ਜਿਸਨੇ ਹੀਰ ਦੀ ਕਹਾਣੀ ਨੂੰ ਲਿਖਿਆ ਗਾਇਆ ਨਾ ਹੋਵੇ ਪਰ ਸਭ ਤੋਂ ਵੱਧ ਮਕਬੂਲੀਅਤ ਸ਼ੇਰ ਖਾਂ ਦੇ ਜੰਡਿਆਲੇ ਵਾਲੇ ਸਯੱਦਜ਼ਾਦੇ 'ਮੀਆਂ ਵਾਰਿਸ ਸ਼ਾਹ' ਨੂੰ ਮਿਲੀ ਹੈ। ਉਹਦੀ ਹੀਰ ਲਹਿੰਦੀ ਦੀ ਪੁੱਠ ਵਾਲੇ ਲਹਿਜੇ 'ਚ ਹੋਣ ਦੇ ਬਾਵਜੂਦ ਪੰਜਾਬ ਦੇ ਹਰ ਵਸਨੀਕ ਦੇ ਲੋਕ ਗੀਤਾਂ, ਅਖਾਉਂਤਾਂ, ਮੁਹਾਵਰਿਆਂ ਵਾਂਗ ਮੂੰਹ ਚੜ੍ਹੀ ਹੋਈ ਹੈ। ਕੀਹਦਾ ਕੀਹਦਾ ਨਾਂ ਲਈਏ ਸੈਂਕੜਿਆਂ ਦੀ ਗਿਣਤੀ ਵਿਚ ਹੀਰ ਦੇ ਕਿੱਸੇ ਸਾਡੇ ਕਲਮਕਾਰਾਂ ਨੇ ਲਿਖੇ ਨੇ, ਲਿਖ ਰਹੇ ਨੇ ਤੇ ਲਿਖਦੇ ਰਹਿਣਗੇ।

ਪੰਜਾਬ ਦੇ ਖਿਤਿਆਂ ਤੇ ਲਹਿਜ਼ਿਆਂ ਦੀ ਗੱਲ ਕਰੀਏ ਤਾਂ ਇਹਨਾਂ 'ਚੋਂ ਇਕ ਵੱਡਾ ਤੇ ਮੋਹਰੀ ਖਿੱਤਾ ਏ ਕਿਸੇ ਵੇਲੇ ਟਿੱਬਿਆਂ ਤੇ ਕਿੱਕਰਾਂ ਵਾਲਾ ਮਾਲਵਾ। ਪੰਜਾਬ ਦੀ ਸ਼ਾਹਰਗ ਦਰਿਆ ਸਤਲੁਜ ਤੇ ਆਫ਼ਤ ਦਰਿਆ ਘੱਗਰ ਦੇ ਵਿਚਕਾਰਲਾ ਦੁਆਬਾ। ਇਸ ਇਲਾਕੇ ਵਿਚ ਅੱਜ ਕੱਲ੍ਹ ਦੇ ਚੜ੍ਹਦੇ ਪੰਜਾਬ ਦਾ ਤਕਰੀਬਨ ਦੋ ਤਿਹਾਈ ਹਿੱਸਾ ਆ ਜਾਂਦਾ ਏ। ਇਹਦੀ ਉੱਤਰ ਪੂਰਬੀ ਗੁੱਠ ਨੂੰ ਪੁਆਧ ਕਹਿੰਦੇ ਨੇ ਜਿਸ ਦਾ ਧੁਰਾ ਹੁਣ ਵਾਲਾ ਚੰਡੀਗੜ੍ਹ- ਮੁਹਾਲੀ ਨੇ। ਪੁਆਧ 'ਚ ਰੋਪੜ, ਮੁਹਾਲੀ, ਚੰਡੀਗੜ੍ਹ, ਹਰਿਆਣੇ ਦਾ ਪੰਚਕੂਲਾ, ਅੰਬਾਲਾ, ਫਤਹਿਗੜ੍ਹ ਸਾਹਿਬ ਦਾ ਵੱਡਾ ਹਿੱਸਾ, ਪਟਿਆਲੇ ਦੀ ਰਾਜਪੁਰਾ ਤਹਿਸੀਲ ਆ ਜਾਂਦੇ ਨੇ। ਓਧਰ ਮਾਲਵੇ ਦੇ ਦੱਖਣ ਪੱਛਮ ਵਾਲੇ ਹਿੱਸੇ ਨੂੰ ਜੰਗਲ ਕਹਿੰਦੇ ਨੇ ਜਿਸ ਵਿਚ ਮਾਨਸਾ, ਬਠਿੰਡਾ, ਬਰਨਾਲਾ, ਮੋਗਾ, ਮੁਕਤਸਰ ਅਤੇ ਕੁਝ ਹਿੱਸੇ ਸੰਗਰੂਰ ਤੇ ਫਿਰੋਜ਼ਪੁਰ ਦੇ ਗਿਣੇ ਜਾਂਦੇ ਨੇ। ਦਰਿਆ ਦੇ ਨਾਲ ਲਗਵੇਂ ਇਲਾਕਿਆਂ ਨੂੰ ਬੇਟ ਤੇ ਹਿਠਾੜ ਕਿਹਾ ਜਾਂਦਾ ਹੈ। ਮਾਲਵੇ ਦੇ ਇਹਨਾਂ ਇਲਾਕਿਆਂ ਤੋਂ ਅਲੱਗ ਇਕ ਪੁਆਧ, ਜੰਗਲ ਤੇ ਬੇਟ ਦੇ ਵਿਚਕਾਰਲੀ ਜੂਹ ਹੈ ਜਿਸ ਦਾ ਧੁਰਾ ਜਰਗ-ਛਪਾਰ ਦੇ ਵੱਡੇ ਮੇਲਿਆਂ ਵਾਲੇ ਪਿੰਡ ਨੇ। ਇਸ ਜੂਹ ਵਿਚ ਲੁਧਿਆਣਾ, ਪਟਿਆਲਾ, ਸੰਗਰੂਰ, ਫਤਹਿਗੜ੍ਹ ਸਾਹਿਬ ਦੇ ਇਲਾਕੇ ਆਉਂਦੇ ਨੇ। ਏਥੋਂ ਦੀ ਬੋਲੀ ਭਾਵੇਂ ਮਲਵਈ ਹੀ ਹੈ ਪਰ ਇਹਦੇ 'ਤੇ ਪੁਆਧੀ ਦਾ ਅਸਰ ਪਰਤੱਖ ਦਿਖਾਈ ਦਿੰਦਾ ਹੈ। ਮਾਲਵੇ ਦੇ ਸਾਰੇ ਸੱਭਿਆਚਾਰਕ ਖਿੱਤਿਆਂ ਵਿਚ ਕੋਈ ਕੁਦਰਤੀ ਭੂਗੋਲਿਕ ਸਰਹੱਦੀ ਲੀਕ ਵਾਂਗ ਦਰਿਆ, ਨਦੀ-ਨਾਲਾ ਜਾਂ ਪਹਾੜੀ ਰੋਕ ਨਹੀਂ। ਏਸੇ ਕਾਰਨ ਇਹ ਮਿੱਥਣਾ ਲਗਭਗ ਅਸੰਭਵ ਹੈ ਕਿ ਮਾਲਵਾ ਕਿੱਥੇ ਮੁੱਕਦਾ ਹੈ ਤੇ ਕਿੱਥੋਂ ਸ਼ੁਰੂ ਹੁੰਦਾ ਏ। ਇਕ ਪਾਸੇ ਹੁਣ ਨਹਿਰਾਂ ਵਾਲਾ ਪਹਿਲਾਂ ਬਰਾਨੀ ਰਿਹਾ ਇਲਾਕਾ ਹੈ ਤੇ ਦੂਜੇ ਪਾਸੇ ਅੰਬਾਂ, ਜਾਮਣਾਂ, ਜਮੋਇਆ ਵਾਲਾ। ਜਿੱਥੇ ਇਹ ਦੋਵੇਂ ਰਲ ਗੱਡ ਹੁੰਦੇ ਨੇ ਉਹ ਹਜ਼ੂਰਾ ਸਿੰਘ ਦਾ ਵਤਨ ਹੈ। ਏਥੇ ਨਹਿਰਾਂ ਵੀ ਸਨ ਤੇ ਰੁੱਖਾਂ-ਢੱਕੀਆਂ ਵਾਲੀਆਂ ਸ਼ਾਮਲਾਟਾਂ ਵੀ।

ਹਜ਼ੂਰਾ ਸਿੰਘ ਦਾ ਪੁਸ਼ਤੈਨੀ ਪਿੰਡ ਗਰੇਵਾਲਾਂ ਦੇ ਗੜ੍ਹ ਵਿਚ ਡੇਹਲੋਂ ਦੇ ਨੇੜੇ ਬੁਟ੍ਹਾਰੀ ਸੀ। ਇਹ ਪਿੰਡ ਜ਼ਿਲ੍ਹਾ ਲੁਧਿਆਣਾ, ਜਿਸ ਨੂੰ ਏਥੇ ਵੱਸਣ ਵਾਲੇ ਲੋਕ ਲੁਦੇਹਾਣਾ ਕਹਿੰਦੇ ਨੇ, ਵਿਚ ਸਰਹਿੰਦ ਨਹਿਰ ਕੰਢੇ ਹੈ। ਇਹ ਨਹਿਰ ਹਜ਼ੂਰਾ ਸਿੰਘ ਦੀ ਜੁਆਨੀ ਵੇਲੇ ਸਨ 1880 ਦੇ ਨੇੜੇ ਤੇੜੇ ਕੱਢੀ ਗਈ ਸੀ। ਏਸ ਇਲਾਕੇ ੧ਕਲੀਆਂ ਦੇ ਸ਼ਹਿਨਸ਼ਾਹ ਹਜ਼ੂਰਾ ਸਿੰਘ ਦੀ ਹਜ਼ੂਰੀ ਵਿਚ ਵਿਚ ਇਕ ਪਾਸੇ ਅੰਗਰੇਜ਼ਾਂ ਦਾ ਰਾਜ ਸੀ ਤੇ ਦੂਜੇ ਪਾਸੇ ਪੰਜਾਬ ਦੀਆਂ ਦੇਸੀ ਫੂਲਕੀਆਂ ਰਿਆਸਤਾਂ ਨਾਭਾ, ਪਟਿਆਲਾ, ਜ਼ੀਂਦ (ਸੰਗਰੂਰ) ਅਤੇ ਪਠਾਣੀ ਨਵਾਬੀ ਵਾਲੀ ਰਿਆਸਤ ਮਲੇਰਕੋਟਲਾ। ਹਜ਼ੂਰਾ ਸਿੰਘ ਦੇ ਜਨਮ ਵੇਲੇ ਲੁਦੇਹਾਣੇ ਤੇ ਪਰੋਜ਼ਪੁਰ (ਫਿਰੋਜ਼ਪੁਰ) ਅੰਗਰੇਜ਼ੀ ਛਾਉਣੀਆਂ ਲਾਹੌਰ ਉੱਤੇ ਕਬਜ਼ਾ ਹੋਣ ਤੋਂ ਪਹਿਲਾਂ ਈ ਬਣ ਚੁੱਕੀਆਂ ਸਨ। ਸਮੁੱਚੇ ਪੰਜਾਬ ਦੇ ਲੋਕ ਉਦੋਂ ਤੀਕ ਅੰਗਰੇਜ਼ੀ ਗਲਬੇ ਹੇਠ ਆਉਣ ਕਾਰਨ ਹੋਈਆਂ ਹਾਰਾਂ ਦੀ ਬਦੌਲਤ ਹੀਣਤਾਈ ਤੇ ਨਮੋਸ਼ੀਆਂ ਝੱਲਦੇ ਆਪਣੇ ਅਤੀਤ ਦੇ ਕਿੱਸੇ ਕਹਾਣੀਆਂ 'ਚੋਂ ਸੁੱਖ ਚੈਨ ਤੇ ਸਕੂਨ ਲੱਭ ਰਹੇ ਸਨ। ਖਲਕਤ ਦੋ ਧੜਿਆਂ ਵਿਚ ਵੰਡੀ ਹੋਈ ਪ੍ਰਤੀਤ ਹੁੰਦੀ ਸੀ। ਇਕ ਛੋਟਾ ਜਿਹਾ ਖੁਦਗਰਜ਼, ਝੋਲੀ ਚੁੱਕ ਤੇ ਟੁੱਕੜਬੋਚ ਤਬਕਾ ਅੰਗਰੇਜ਼ਾਂ ਨੂੰ ਮਾਈ ਬਾਪ, ਰਿਜ਼ਕ ਦਾਤੇ ਸਮਝਦਾ ਸੀ। ਇਹ ਲੋਕ ਅੰਗਰੇਜ਼ਾਂ ਵਾਲੀ ਰਹਿਣੀ ਬਹਿਣੀ, ਲਿਖਣ ਪੜ੍ਹਨ, ਖਾਣ ਪੀਣ ਤੇ ਆਚਾਰ ਵਿਹਾਰ ਅਪਣਾ ਕੇ ਕਾਲੇ ਅੰਗਰੇਜ਼ ਬਣ ਕੇ ਆਪਣੇ ਆਪ ਨੂੰ ਸੱਭਿਅਕ ਤੇ ਆਦਰਮਾਣ ਵਾਲੇ ਅਖਵਾਉਣ ਲਈ ਹੱਥ ਪੈਰ ਮਾਰਦੇ ਤਰਲੋ ਮੱਛੀ ਹੋ ਰਹੇ ਸਨ। ਇਹਨਾਂ ਦੀ ਬਦੌਲਤ ਤੇ ਅੰਗਰੇਜ਼ਾਂ ਦੀ ਚਤਰਾਈ ਕਾਰਨ ਸਾਡੇ ਸੱਭਿਆਚਾਰ, ਬੋਲੀ, ਇਤਿਹਾਸ, ਲਿਬਾਸ, ਸਿਹਤ, ਤਾਲੀਮ, ਖੇਤੀ, ਕਾਰੋਬਾਰ ਸੰਦ-ਔਜ਼ਾਰ, ਕੰਮ ਧੰਦੇ ਇਕ ਦਮ ਘਟੀਆ ਸਾਬਤ ਕਰ ਦਿੱਤੇ ਗਏ। ਏਥੋਂ ਤੱਕ ਕਿ ਸਾਡੇ ਦੇਸੀ ਧਰਮ, ਅਕੀਦੇ, ਵਿਸ਼ਵਾਸ ਸਭ ਕੁਝ ਹੀ ਯੂਰਪੀ ਤੱਕੜੀ ਨਾਲ ਤੁਲਣ ਲੱਗ ਪਿਆ।

ਸਾਡੀਆਂ ਕਿੱਸੇ ਕਹਾਣੀਆਂ ਨੂੰ ਵੀ ਯੂਰਪ ਦੀ ਨਕਲ ਗਰਦਾਨਣ ਨੂੰ ਖੋਜ ਜਾਂ ਆਲੋਚਨਾ ਆਖ ਸਲਾਹਿਆ ਗਿਆ। ਸਾਡੇ ਲਈ ਅਕਲ, ਇਲਮ, ਰੋਸ਼ਨੀ, ਚਾਨਣ ਸਿਰਫ ਲਹਿੰਦੇ ਵੱਲੋਂ ਚੜ੍ਹਦਾ ਸਾਬਤ ਕਰਨ ਲਈ ਪੂਰੀ ਟਿੱਲ ਲਾਈ ਗਈ। ਏਥੇ ਇਹ ਗੱਲ ਵਰਨਣਯੋਗ ਹੈ ਕਿ ਸਾਡੇ ਇਕ ਬਹੁਤ ਹੀ ਵੱਡੇ ਕੱਦਾਵਰ ਪੰਜਾਬੀ ਵਿਦਵਾਨ ਨੇ ਹੀਰ ਦੀ ਕਹਾਣੀ ਨੂੰ ਵੀ ਯੂਨਾਨ ਤੋਂ ਉਧਾਰੀ ਲਈ ਆਖਣ ਦੀ ਹਿਮਾਕਤ ਕੀਤੀ। ਸਾਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਤਾਂ ਢੋਰ ਡੰਗਰ ਚਾਰਨ ਵਾਲੇ ਉਜੱਡ ਜੰਗਲੇ ਲੋਕ ਹਾਂ। ਹਜ਼ਾਰਾਂ ਸਾਲਾਂ ਦੀ ਬੜੀ ਅਮੀਰ ਵਿਰਾਸਤ ਨੂੰ ਅਸਾਂ ਕੁਝ ਵਰ੍ਹਿਆਂ ਵਿਚ ਹੀ ਤਿਲਾਂਜਲੀ ਦੇ ਕੇ ਗੋਰਿਆਂ ਦੀਆਂ ਤਲੀਆਂ ਚੱਟਣ ਨੂੰ ਅੱਗੇ ਵਧੂ ਤੇ ਸੱਭਿਅਕ ਹੋਣ ਦੀ ਅਹਿਮਕਾਨਾ, ਬਚਕਾਨਾ ਸੋਚ ਦਾ ਮੁਜ਼ਾਹਰਾ ਬਾਖੂਬੀ ਕੀਤਾ। ਏਥੋਂ ਏਸ ਸਾਰੇ ਕੂੜ ਪਸਾਰੇ ਦੀ ਫੂਕ ਕੱਢਣ ਲਈ, ਸੁਨਿਆਰਾਂ ਵਾਲੀ ਠੱਕ ਠੱਕ ਦਾ ਜਵਾਬ ਦੇਣ ਲਈ ਲੁਹਾਰਾਂ ਵਾਲੀਆਂ ਕੁਝ ਕੁ ਸੱਟਾਂ ਹੀ ਕਾਫੀ ਨੇ। ਓਸ ਵੇਲੇ ਜਦੋਂ ਪੰਜਾਬ 'ਚੋਂ ਸ਼ੇਰੇ ਪੰਜਾਬ ਦਾ ਰਾਜ ਖੁੱਸਿਆ ਤਾਂ ਸਾਡੇ ਲੋਕੀ ਇਕ ਸੌ ਪਿੱਛੇ ਅਠਾਰਾਂ ਪੜ੍ਹੇ ਹੋਏ ਸਨ ਤੇ ਇੰਗਲੈਂਡ ਵਾਸੀ ਸਿਰਫ ਤੇਰ੍ਹਾਂ। ਨ੍ਹਾਉਣ ਧੋਣ ਦਾ ਰਿਵਾਜ ਸਮੁੱਚੇ ਯੂਰਪ ਵਿਚ ਈ ਵਿਰਲਾ ਵਾਂਝਾ ਸੀ।

ਯੂਰਪੀ ਵਪਾਰੀ ਲੋਕਾਂ ਤੇ ਚਾਲਾਕ ਮਕਾਰ ਹੁਸ਼ਿਆਰ ਹੁਕਮਰਾਨਾਂ ਨੂੰ ਆਪਣਾ ਵਪਾਰ ਚਮਕਾਉਣ, ਮਜ਼੍ਹਬ ਫੈਲਾਉਣ ਤੇ ਹਕੂਮਤ ਕਰਨ ਲਈ ਹਰ ਸ਼ੈਅ, ਵਰਤਾਰੇ ਨੂੰ ਟੁਕੜੇ ਕਰਕੇ, ਵੰਡ ਕੇ ਵੇਖਣ ਦੀ ਵਾਦੀ ਹੁਣ ਤੀਕ ਵੀ ਬਰਕਰਾਰ ਏ। ਉਹਨਾਂ ਦੀ ਸੋਚ ਨਿੱਜ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਸਾਡੇ ਫਲਸਫੇ 'ਸਰਬੱਤ ਦੇ ਭਲੇ' ਦੀ ਤੇ ਉਹਨਾਂ ਨੂੰ ਥਾਹ ਈ ਨਹੀਂ। ਉਹ ਮੁਨਾਫੇ, ਸੁੱਖ ਅਰਾਮ ਤੇ ਕੁਦਰਤ ਦੀ ਹਰ ਸ਼ੈਅ ਨੂੰ ਸਿਰਫ ਤੇ ਸਿਰਫ ਭੋਗਣ ਵਾਲੀ ਵਸਤ ਈ ਸਮਝਦੇ ਨੇ। ਏਧਰ ਅਸੀਂ ਰੁੱਖਾਂ ਬੂਟਿਆਂ, ਪਹਾੜਾਂ, ਦਰਿਆਵਾਂ ਤੋਂ ਲੈ ਕੇ ਚੰਦ ਸੂਰਜ ਤੀਕ ਸਭ ਦੀ ਪੂਜਾ ਅਰਚਣਾ ਕਰਕੇ ਕਾਦਰ ਦਾ ਤੇ ਕੁਦਰਤ ਦਾ ਸ਼ੁਕਰਾਨਾ ਕਰਦੇ ਹਾਂ। ਇਹੋ ਸੋਚ ਉਹਨਾਂ ਸਮਾਜ ਤੇ ਵੀ ਲਾਗੂ ਕੀਤੀ। ਲੋਕਾਂ ਨੂੰ ਧਰਮਾਂ, ਬੋਲੀਆਂ, ਫਿਰਕਿਆਂ, ਨਸਲਾਂ, ਇਲਾਕਿਆਂ ਦੇ ਅਧਾਰ ਤੇ ਪਾੜਿਆ ਵੰਡਿਆ। ਸਾਡੀ ਸਮੁੱਚਤਾ ਨੂੰ ਟੋਟੇ ਟੋਟੇ ਕਰ ਕੇ ਖੇਰੂ ਖੇਰੂ ਕਰਨ, ਘੱਟੇ ਕੌਡੀਆਂ ਰਲਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਯੂਰਪੀ ਲੋਕਾਂ ਦੀ ਮੰਨੀ ਪਰਮੰਨੀ ਨੀਤੀ ਹੈ ਕਿ ਲੋਕਾਂ ਨੂੰ ਬੋਲੀ, ਧਰਮ, ਇਤਿਹਾਸ ਤੇ ਸੱਭਿਆਚਾਰ ਨਾਲੋਂ ਤੋੜ ਕੇ ਗੋਰਿਆਂ ਦੀਆਂ ਵਿਚਾਰ ਧਾਰਨਾਵਾਂ ਨਾਲ ਜੋੜ ਦਿਉ ਫੇਰ ਰਾਜ ਕਰਨ, ਵਪਾਰ 'ਚ ਮੁਨਾਫਾ ਕਮਾਉਣ 'ਚ ਕੋਈ ਦਿੱਕਤ ਨਹੀਂ ਰਹਿੰਦੀ। ਅਸੀਂ ਉਹਨਾਂ ਦੀ ਇਸ਼ਤਿਹਾਰਬਾਜ਼ੀ, ਚਕਾ-ਚੌਂਧ ਤੋਂ ਪ੍ਰਭਾਵਤ ਹੋ ਕੇ ਖ਼ੁਦ ਬਖ਼ੁਦ ਹੀ ਖਪਤਕਾਰ ਤੇ ਭੋਗ ਵਿਲਾਸੀ ਬਣ ਕੇ ਉਹਨਾਂ ਦੇ ਥੱਲੇ ਲੱਗਣ ਵਿਚ ਕੋਈ ਉਜਰ ਨਹੀਂ ਕਰਦੇ।ਅਜਿਹੇ ਘੋਰ ਕਲਾ ਕਲੇਸ਼ ਦੇ ਕਲਯੁਗੀ ਦੌਰ ਵਿਚ ਸਾਨੂੰ ਰਾਹ ਦਿਖਾਉਣ ਵਾਲੇ ਸਾਡੇ ਸਾਧ ਸੰਤ, ਨਾਥ ਯੋਗੀ, ਸੂਫੀ ਦਰਵੇਸ਼ ਤੇ ਕਿੱਸੇਕਾਰ ਜਾਂ ਗਮੰਤਰੀ ਸਨ। ਇਹ ਲੋਕ ਸਹੀ ਅਰਥਾਂ ਵਿਚ ਸਾਰੇ ਲੋਭ ਲਾਲਚਾਂ ਤੋਂ ਮੁਕਤ, ਆਜ਼ਾਦ ਤਬੀਅਤ, ਖੁੱਲ੍ਹੇ ਖੁਲਾਸੇ ਸੁਭਾਅ ਤੇ ਸਾਡੇ ਆਮ ਲੋਕਾਂ ਵਰਗੇ ਹੀ ਸਨ। ਇਹਨਾਂ ਦੀ ਖੁਰਾਕ, ਪੁਸ਼ਾਕ, ਬੋਲੀ, ਰਹਿਣ ਸਹਿਣ ਤੇ ਜੀਣ ਥੀਣ ਸਾਡੇ ਐਨਾ ਨੇੜੇ ਸੀ ਕਿ ਉਹ ਆਪਣੇ ਵਿਚਾਰਾਂ, ਬੁੱਧੀ, ਕਲਾ ਕਰਕੇ ਤਾਂ ਭਾਵੇਂ ਗੁੱਝੇ ਨਹੀਂ ਸਨ ਰਹਿੰਦੇ ਪਰ ਆਪਣੇ ਵੱਲੋਂ ਉਹ ਕੋਈ ਉਚੇਚ ਵਿਖਾਵਾ ਜਾਂ ਉਚਤਾਈ ਨਹੀਂ ਸਨ ਦਿਖਾਉਂਦੇ। ਉਹ ਕੋਈ ਵੀ ਕਾਰਜ ਕਿਸੇ ਰਾਜੇ ਮਹਾਰਾਜੇ ਨੂੰ ਖੁਸ਼ ਕਰਨ, ਉਹਦੇ ਕੋਲੋਂ ਫਾਇਦਾ ਲੈਣ, ਆਪਣੀਆਂ ਔਲਾਦਾਂ ਨੂੰ ਅਹੁਦੇ ਦਿਵਾਉਣ ਲਈ ਨਹੀਂ ਸਨ ਕਰਦੇ। ਉਹ ਸਹੀ ਅਰਥਾਂ ਵਿਚ ਫੱਕਰ ਕਿਸਮ ਦੇ ਇਨਸਾਨ ਸਨ। ਇਹਨਾਂ ਦੀ ਲੰਬੀ ਲੜੀ ਬਾਬਾ ਫਰੀਦ ਤੋਂ ਸ਼ੁਰੂ ਹੁੰਦੀ ਹੈ, ਸ਼ਾਹ ਹੁਸੈਨ, ਵਾਰਸ, ਪੀਲੂ, ਬੁੱਲ੍ਹੇ ਸ਼ਾਹ, ਕਾਦਰਯਾਰ ਗੁਲਾਮ ਫਰੀਦ, ਹਾਸ਼ਮ, ਭਗਵਾਨ ਸਿੰਘ, ਦਯਾ ਸਿੰਘ ਆਰਫ, ਪੂਰਨ ਚੰਦ, ਦੌਲਤ ਰਾਮ ਤੋਂ ਹੁੰਦੀ ਹਜ਼ੂਰਾ ਸਿੰਘ ਤੋਂ ਅੱਗੇ ਰਜਬ ਅਲੀ ਤੀਕਰ ਪੁੱਜ ਜਾਂਦੀ ਏ। ਇਹਨਾਂ 'ਚੋਂ ਬਹੁਤੇ ਫੱਕਰ ਮਲੰਗ, ਜਨੂੰਨ ਤੋਂ, ਬੰਧਨਾਂ ਤੋਂ ਆਜ਼ਾਦ, ਕਿਸੇ ਨਾਢੂ ਖਾਂ ਦੀ ਟੈਂ ਨਾ ਮੰਨਣ ਵਾਲੇ, ਅਣਖ ਸਵੈਮਾਨ ਤੇ ਪਹਿਰਾ ਦੇਣ ਵਾਲੇ ਲੋਕਾਂ ਲਈ ਪੂਜਣਯੋਗ ਬਣੇ।

ਹਜ਼ੂਰਾ ਸਿੰਘ ਬੁਟ੍ਹਾਰੀ ਦੀ ਮਹਾਨਤਾ ਦਾ ਆਲਮ ਇਹ ਹੈ ਕਿ ਅੰਗਰੇਜ਼ੀ ਪੜ੍ਹਿਆ ਦੇ ਮਿਆਰਾਂ ਮੁਤਾਬਕ ਤਕਰੀਬਨ ਅਨਪੜ੍ਹ ਜੱਟ ਮਲਵਈਆਂ ਤੋਂ ਛੁੱਟ ਅੱਧ ਪਚੱਧੇ ਦੁਆਬੀਆਂ ਤੇ ਵੱਡੀ ਗਿਣਤੀ ਵਿਚ ਬਾਕੀ ਪੰਜਾਬੀਆਂ ਦੇ ਦਿਲਾਂ 'ਤੇ ਲਗਭਗ ਇਕ ਸਦੀ ਰਾਜ ਕਰਦਾ ਰਿਹਾ। ਚਿਟ ਕੱਪੜੀਆਂ ਵਲੋਂ ਗਰਦਾਨੇ ਗਏ ਉਜੱਡਾਂ ਗਵਾਰਾਂ, ਪੇਂਡੂਆਂ, ਪਛੜਿਆ ਹੋਇਆਂ, ਅਨਪੜ੍ਹਾਂ, ਢੋਰਾਂ, ਡੰਗਰਾਂ ਨੂੰ ਉਹ ਅਣਖ, ਸੂਰਮਗਤੀ ਤੇ ਇਖਲਾਕ ਦੇ ਅਜਿਹੇ ਪਾਠ ਪੜ੍ਹਾ ਗਿਆ ਕਿ ਲੋਕਾਈ ਉਹਦੇ ਨਾਲ ਹੀ ਹੋ ਤੁਰੀ। ਤਾਰਾ ਚੜ੍ਹਦੇ ਨਾਲ ਤੁਰੇ ਹਾਲੀ, ਡੰਗਰਾਂ ਦੇ ਪਾਲੀ, ਖੂਹਾਂ ਦੇ ਨਾਕੀ ਤੇ ਹਲਟਾਂ ਦੇ ਹਾਕੀ ਜਦੋਂ ਤੜਕੇ ਵੇਲੇ ਕੁੱਤਿਆਂ ਦੀ ਟੱਕ ਟੱਕ ਨਾਲ ਹੀਰ ਦੀਆਂ ਕਲੀਆਂ ਲਾਉਂਦੇ ਤਾਂ ਇਕ ਵਾਰ ਤੇ ਸਮੁੱਚੀ ਕਾਇਨਾਤ ਹੀ ਗੂੰਜ ਉੱਠਦੀ। ਕਲੀਆਂ ਨੂੰ ਮਾਲਵੇ ਵਿਚ ਆਵਾਜ਼ਾਂ ਲਾਉਣੀਆਂ ਤੇ ਦੁਆਬੇ ਵਿਚ ਬੋਲੇ ਆਖਦੇ ਸਨ। ਇਹ ਤਾਂ ਸੀ ਆਮ ਲੋਕਾਂ ਦੀ ਗੱਲ ਜਿਹੜੇ ਬਗੈਰ ਸਾਜਾਂ ਤੋ ਈ ਹੇਕਾਂ ਲਾ ਲਾ ਆਵਾਜ਼ ਦੇ ਦਮ ਖਮ ਦੀਆਂ ਜਾਦੂਗਰੀਆਂ ਜੌਹਰ ਵਿਖਾਉਂਦੇ ਰਹੇ। ਕਸਬੀ ਕਲੀਆਂ ਗਾਉਣ ਵਾਲਿਆਂ ਦੀ ਤੇ ਗੱਲ ਈ ਹੋਰ ਸੀ। ਉਹਨਾਂ ਦੇ ਚਿੱਟੇ ਚਾਦਰੇ, ਕਲੀਆਂ ਵਾਲੇ ਲੰਬੇ ਕੁੜਤੇ, ਤੁਰਲਿਆਂ ਵਾਲੀਆਂ ਮਾਵਾ ਲੱਗੀਆਂ ਦੁੱਧ ਚਿੱਟੀਆਂ ਪੱਗਾਂ, ਪੈਰੀਂ, ਨੋਕਦਾਰ ਕੱਢਵੀਆਂ ਤਿੱਲੇਦਾਰ ਜੁੱਤੀਆਂ ਜਾਂ ਖੁੱਸੇ ਉਹਨਾਂ ਨੂੰ 'ਗੁੱਝੀ ਰਹੇ ਨਾ ਹੀਰ ਹਜ਼ਾਰ ਵਿਚੋਂ ਵਾਲੀ ਪੰਗਤੀ ਅਨੁਸਾਰ ਨਿਵੇਕਲੀ ਦਿੱਖ ਪ੍ਰਦਾਨ ਕਰਦੇ ਸਨ। ਅਖਾੜਿਆਂ ਵਿਚ ਖਾਸ ਕਰ, ਜਰਗ, ਛਪਾਰ, ਜਗਰਾਵਾਂ, ਮੁਕਸਰ,ਮਾਈਸਰਖਾਨੇ ਜਾਂ ਮਲੇਰਕੋਟਲੇ-ਨਾਭੇ, ਪਟਿਆਲੇ ਕਿਧਰੇ ਵੀ ਕੋਈ ਮੇਲਾ ਹੋਵੇ ਉਹ ਅਰਸ਼ੋਂ ਉਤਰੇ ਮਾਨ ਸਰੋਵਰੋਂ ਆਏ ਹੰਸ ਈ ਤੇ ਜਾਪਦੇ ਸਨ। ਜਦੋਂ ਢੱਡ ਉੱਤੇ ਉਂਗਲੀਆਂ ਨੱਚਦੀਆਂ ਤੇ ਨਾਲ ਸਾਰੰਗੀ ਦਾ ਗਜ਼ ਕਲਾਬਾਜ਼ੀਆਂ ਲਾਉਂਦਾ ਫੇਰ ਹਜ਼ੂਰਾ ਸਿੰਘ ਦੀਆਂ ਕਲੀਆਂ ਗਮੰਤਰੀਆਂ ਮੂੰਹੋਂ ਪੂਰੇ ਵਜਦ ਵਿਚ ਆ ਕੇ ਨਿਕਲਦੀਆਂ। ਸਰੋਤੇ ਅਸ਼ ਅਸ਼ ਕਰ ਉਠਦੇ, ਕੀਲੇ ਜਾਂਦੇ, ਮੰਤਰ ਮੁਗਧ ਹੋਏ ਆਪ ਮੁਹਾਰੇ ਹੀ ਰੁਪਈਆਂ ਦੇ ਮੀਂਹ ਵਰਸਾਉਂਦੇ। ਗੋਲ ਘੇਰੇ ਵਾਲੇ ਅਖਾੜੇ ਵਿਚ ਮਟਕ ਚਾਲ ਗੇੜੇ ਲਾਉਂਦੇ ਬਿਨਾਂ ਕਿਸੇ ਧੁਤੂ ਜਾਂ ਆਰਜੀ ਤੌਰ 'ਤੇ ਉੱਚੀ ਆਵਾਜ਼ ਕਰਨ ਵਾਲੇ ਸਪੀਕਰ ਤੋਂ ਕਲੀਆਂ ਦੀਆਂ ਆਵਾਜ਼ਾਂ ਕੰਨਾਂ ਤੇ ਹੱਥ ਧਰ ਬਾਂਹ ਉੱਚੀ ਕਰ ਚੁੱਕਦੇ ਤਾਂ ਸਰੋਤਿਆਂ ਨੂੰ ਝੰਗ ਸਿਆਲਾਂ-ਰੰਗਪੁਰ ਖੇੜਿਆਂ ਦੀ ਜੂਹ ਵਿਚ ਹੀਰ ਤੇ ਰਾਂਝਾ ਕਲੋਲਾਂ ਕਰਦੇ ਪ੍ਰਤੱਖ ਦਿਖਾਈ ਦੇਣ ਲੱਗਦੇ। ਗੁਰੂ ਗੋਰਥ ਨਾਥ ਦੇ ਟਿੱਲੇ ਤੋਂ ਮੁੰਨਿਆ ਜੱਟ ਜਦੋਂ ਹੀਰ ਨੂੰ ਮਿਲਣ ਰੰਗਪੁਰ ਖੇੜਿਆਂ ਦੀ ਡੰਡੀ ਫੜਦੈ ਤਾਂ ਦਰਸ਼ਕ ਤੇ ਸਰੋਤੇ ਤਾਂ ਕੀਲੇ ਹੀ ਜਾਂਦੇ। ਹਜ਼ੂਰਾ ਸਿੰਘ ਦੀਆਂ ਕਲੀਆਂ ਦੇ ਬੋਲਾਂ ਦੀ ਰਵਾਨਗੀ, ਗਮੰਤਰੀਆਂ ਦੀ ਅਦਾਇਗੀ ਤੇ ਸਰੋਤਿਆਂ ਦੀ ਸੰਜੀਦਗੀ ਅਜਿਹੇ ਭਰਮ ਭੁਲੇਖਿਆਂ ਨੂੰ ਮੂਲੋਂ ਹੀ ਚਕਨਾਚੂਰ ਕਰ ਦਿੰਦੇ ਨੇ ਕਿ ਪੰਜਾਬੀਆਂ ਦਾ ਤੇ ਕੋਈ ਸੱਭਿਆਚਾਰ ਈ ਨਹੀਂ, ਗੀਤ ਸੰਗੀਤ ਦੀ ਕਦਰ ਕਰਨੀ ਕਲਾ ਦੀ ਨਿਰਖ ਪਰਖ ਕਰਨੀ ਇਹਨਾਂ ਦੇ ਵਸ ਦਾ ਰੋਗ ਈ ਨਹੀਂ।

ਕਲੀਆਂ ਦੀਆਂ ਵੰਨਗੀਆਂ :

ਹੀਰ ਦਾ ਹੁਸਨ - ਅੱਧੀ ਸੂਰਤ ਹੀਰ ਦੀ ਕੁੱਲ ਦੁਨੀਆਂ ਨੂੰ ਦਿਸਦੀ ਐ,
ਮੇਰੇ ਨੈਣਾਂ ਦੇ ਵਿਚ ਬਹਿ ਕੇ ਦਿਸਦੀ ਸਾਰੀ।

ਮਨ ਦੀ ਭਟਕਣ - ਪੰਜਾਂ ਦੁਸ਼ਟਾਂ ਦੇ ਮਨ ਹਰਦਮ ਆਖੇ ਚੱਲਦਾ ਹੈ,
ਸੰਗਲ ਰੱਸਾ ਨਾ ਪੈਂਦਾ, ਔਖਾ ਹੈ ਅਟਕਾਉਣਾ।

ਨਸੀਹਤ - ਗੱਬਰ ਮਾਰੀਏ ਰਜਾਈਏ ਟੱਬਰ ਆਪਣਾ,
ਉਠ ਕੇ ਨਿੱਤ ਨਾ ਬਾਲਕਿਆ ਓਏ ਚੋਰੀ ਨੂੰ ਜਾਈਏ।

ਹਜ਼ੂਰਾ ਸਿੰਘ ਰਾਜਿਆਂ ਮਹਾਰਾਜਿਆਂ ਦਾ ਦਰਬਾਰੀ ਟਕੇਦਾਰ ਗਾਇਕ ਨਹੀਂ ਸੀ। ਨਾ ਹੀ ਉਹ ਟਕੇ ਕਮਾਉਣ ਲਈ ਲਿਖਦਾ ਜਾਂ ਗਾਉਂਦਾ ਸੀ। ਕਿਸੇ ਸੜੀ ਸ਼ੋਹਰਤ ਮਸ਼ਹੂਰੀ ਦੀ ਉਹਨੂੰ ਭੋਰਾ ਭਰ ਵੀ ਚਿੰਤਾ ਨਹੀਂ ਸੀ। ਅੜਕ ਮੜਕ, ਹੈਂਕੜ ਹੰਕਾਰ ਤੋਂ ਮੁਕਤ ਉਹ ਸਾਡੇ ਸਧਾਰਨ ਲੋਕਾਂ ਵਾਂਗ ਈ ਖਾਂਦਾ ਪੀਂਦਾ, ਜੀਂਦਾ ਥੀਂਦਾ ਸੀ। ਉਹਨੇ ਆਪਣੇ ਆਪ ਨੂੰ ਖਾਸ ਉਲ ਖਾਸ ਕਦੀ ਨਹੀਂ ਸਮਝਿਆ। ਉਹ ਤਾਂ ਖ਼ੁਦ ਆਪਣੀ, ਆਪਣੇ ਮਿੱਤਰ ਮੇਲੀਆਂ ਤੇ ਆਮ ਮਲਵਈ ਪੰਜਾਬੀਆਂ ਦੀ ਰੂਹ ਰਾਜੀ ਕਰਨ ਲਈ ਗਾਉਂਦਾ ਤੇ ਲਿਖਦਾ ਸੀ। ਉਹਨੇ ਮਾਂ ਬੋਲੀ ਪੰਜਾਬੀ, ਸਾਡੀ ਵਿਰਾਸਤ, ਸੱਭਿਆਚਾਰ ਤੇ ਇਤਿਹਾਸ-ਮਿਥਹਾਸ ਦੀ ਜੋ ਖਿਦਮਤ ਕੀਤੀ ਉਹਦਾ ਦੇਣ ਸ਼ਾਇਦ ਅਸੀਂ ਕਦੇ ਵੀ ਨਾ ਦੇ ਸਕੀਏ। ਉਹਦਾ ਮਲਵਈ ਸ਼ਬਦਾਂ ਦਾ ਭੰਡਾਰ, ਮੁਹਾਵਰਿਆਂ ਅਖਾਉਤਾਂ ਦੀ ਵਰਤੋਂ, ਕਲੀਆਂ ਦਾ ਤੋਲ ਤੁਕਾਂਤ, ਹਿੰਦੁਸਤਾਨੀ ਤੇ ਫਾਰਸੀ-ਅਰਬੀ ਧਰਮਾਂ ਦੀ ਵਾਕਫੀ ਉਹਨੂੰ ਵਾਰਿਸ ਸ਼ਾਹ ਵਾਂਗ ਹੀ ਪ੍ਰਮੁੱਖ ਅਦੀਬ ਸਾਹਿਤਕਾਰ ਦਾ ਦਰਜਾ ਦਿਵਾਉਂਦੀ ਹੈ। ਕਹਾਣੀ ਦੇ ਉਤਰਾ ਚੜ੍ਹਾ, ਵਾਰਤਾਲਾਪ, ਘਟਨਾਵਾਂ ਦਾ ਵਰਨਣ, ਪੰਜਾਬ ਦੇ ਰਸਮਾਂ ਰਿਵਾਜਾਂ ਦਾ ਮਲਵਈ ਰੂਪ, ਜਾਤਾਂ ਗੋਤਾਂ ਦੇ ਵੇਰਵੇ, ਕੁੜੀਆਂ ਚਿੜੀਆਂ ਦੇ ਚੋਹਲ ਮੋਹਲ, ਸਾਧਾਂ ਦੇ ਡੇਰਿਆਂ ਦੀ ਭੰਗ ਸ਼ਰਾਬ ਪੰਜਾਬੀ ਨਾਥਾਂ ਜੋਗੀਆਂ ਨੂੰ ਆਮ ਧਰਤੀ ਦੇ ਮਨੁੱਖ ਬਨਾਉਣ ਦੀ ਪੇਸ਼ਕਾਰੀ ਬੱਸ ਕਮਾਲ ਹੀ ਕਮਾਲ ਹੈ। ਕਲੀਆਂ ਦੇ ਹੋਰ ਵੀ ਬਹੁਤ ਲਿਖਾਰੀ ਗਵੱਈਏ ਹੋਏ ਨੇ ਪਰ 'ਘਰ ਘਰ ਪੁੱਤ ਜੰਮਦੇ ਹਜ਼ੂਰਾ ਸਿੰਘ ਨੀ ਕਿਸੇ ਨੇ ਬਣ ਜਾਣਾ' ਵਾਲੀ ਕਹਾਵਤ ਉਹਦੇ 'ਤੇ ਪੂਰੀ ਢੁੱਕਦੀ ਹੈ। ਕਹਿੰਦੇ ਨੇ ਇਸ਼ਕ ਨੂੰ ਗਾਉਣ ਵਾਸਤੇ ਇਸ਼ਕ ਕਮਾਉਣਾ ਪੈਂਦਾ ਏ ਤੇ ਸਾਡੇ ਹਜ਼ੂਰਾ ਸਿੰਘ ਦੀਆਂ ਕਲੀਆਂ 'ਚੋਂ ਵੀ ਕਿਧਰੇ ਉਹਦੇ ਅੱਧ ਵਿਚਾਲਿਓਂ ਟੁੱਟੇ ਕੱਚੀ ਉਮਰ ਦੇ ਇਸ਼ਕ ਦੀਆਂ ਕਨਸੋਆਂ ਮਿਲਦੀਆਂ ਨੇ। ਕਹਾਣੀ ਦੇ ਨਿੱਕੇ ਨਿੱਕੇ ਵੇਰਵਿਆਂ ਵਿਸਥਾਰਾਂ ਦਾ ਬਹੁਤਾ ਖਲਾਰਾ ਹਜ਼ੂਰਾ ਸਿੰਘ ਨੇ ਨਹੀਂ ਪਾਇਆ ਪਰ ਅਸਲ ਗੱਲ ਇਸ਼ਕ ਦੇ ਦੁਆਲੇ ਈ ਘੁੰਮਦੀ ਏ। ਸਾਡੀ ਪੰਜਾਬੀਆਂ ਦੀ ਪ੍ਰੇਰਨਾ ਦੇ ਸੋਮੇ ਜਾਂ ਸਾਡੇ ਗੁਰੂ ਸਾਹਿਬਾਨ ਨੇ ਜਾਂ ਫੇਰ ਸੂਫੀ ਦਰਵੇਸ਼ ਤੇ ਭਗਤ ਰਹੇ ਨੇ।

ਭਾਈ ਗੁਰਦਾਸ ਹੀਰ ਰਾਂਝੇ ਬਾਬਤ ਲਿਖਦੇ ਨੇ -

'ਰਾਂਝਾ ਹੀਰ ਵਖਾਣੀਏ ਹੋਏ ਪਿਰਮ ਪਰਤੀ।'

ਬਾਬਾ ਬੁੱਲ੍ਹੇ ਸ਼ਾਹ ਇਸ਼ਕ ਧਮਾਲਾਂ ਪਾਉਂਦਾ ਪੈਰੀਂ ਘੁੰਗਰੂ ਬੰਨ੍ਹ ਨੱਚਦਾ ਆਖਦਾ ਏ-

'ਰਾਂਝਣ ਰਾਂਝਣ ਕਰਦੀ ਨੀ ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।'

ਅੱਜ ਦੇ ਸਮਿਆਂ ਦਾ ਪ੍ਰੋ. ਪੂਰਨ ਸਿੰਘ ਤਾਂ ਹੱਦ ਈ ਕਰ ਦਿੰਦਾ ਏ -

'ਆ ਭੈਣੇ ਹੀਰੇ ਤੇ ਆ ਵੀਰਾ ਰਾਂਝਿਆ
ਬਾਝ ਤੁਸਾਂ ਅਸੀਂ ਸੱਖਣੇ।'

ਹੀਰ ਰਾਂਝੇ ਦੀ ਕਹਾਣੀ ਪੰਜਾਬੀਆਂ ਦੀ ਇਬਾਦਤ ਹੈ, ਉਹਨੂੰ ਗਾਉਣਾ ਸੁਣਨਾ ਸਾਡੇ ਲਈ ਭਜਨ ਬੰਦਗੀ ਦੇ ਤੁਲ ਹੈ। ਸਾਡੇ ਗਮੰਤਰੀਆਂ ਨੇ ਭੀ,ਕਿੱਸਾਕਾਰਾਂ ਤੇ ਕਵੀਆਂ ਕਵੀਸ਼ਰਾਂ ਨੇ ਵੀ ਹੀਰ ਦੇ ਮਿਜਾਜ਼ੀ ਇਸ਼ਕ ਨੂੰ ਧੁਰ ਅੰਬਰਾਂ ਤੱਕ ਪੁਚਾ ਇਹਨੂੰ ਇਸ਼ਕ ਹਕੀਕੀ ਜਾਂ ਰੱਬ ਦੀ ਭਗਤੀ ਵਾਲੀ ਪਵਿੱਤਰਤਾ ਪ੍ਰਦਾਨ ਕਰ ਦਿੱਤੀ ਹੈ। ਜਗਦੇਆਂ ਵਾਲਾ ਸੱਸੀ ਦੇ ਕਿੱਸੇ ਦਾ ਲਿਖਾਰੀ ਸੂਫੀ ਹਾਸ਼ਮ ਸ਼ਾਹ ਹਕੀਕੀ ਤੇ ਮਿਜਾਜ਼ੀ ਇਸ਼ਕ ਬਾਬਤ ਕਹਿੰਦਾ ਏ -

'ਰੱਬ ਦਾ ਆਸ਼ਕ ਹੋਣ ਸੁਖੱਲਾ, ਇਹ ਬਹੁਤ ਸੁਖੱਲੀ ਬਾਜ਼ੀ।
ਹਾਸ਼ਮ ਖਾਕ ਰੁਲਾਵੇ ਗਲੀਆਂ ਇਹ ਜ਼ਾਲਮ ਇਸ਼ਕ ਮਿਜਾਜ਼ੀ।'

ਇਸ਼ਕ ਦੀ ਮੰਜ਼ਲ ਖਰੀ ਦੁਹੇਲੀ ਹੈ ਤੇ ਇਸ ਰਾਹ 'ਤੇ ਤੁਰਨ ਵਾਲੇ ਤਾਂ ਇਕ ਪਾਸੇ ਇਹਨੂੰ ਗਾਉਣ ਲਿਖਣ ਵਾਲੇ ਵੀ ਸਿਰ ਧੜ ਦੀ ਬਾਜ਼ੀ ਲਾ ਕੇ ਆਮ ਤੌਰ 'ਤੇ ਘਰ ਫੂਕ ਤਮਾਸ਼ਾ ਵੇਖਦੇ ਨੇ। ਕਿਸੇ ਹੋਰ ਥਾਂ ਹਾਸ਼ਮ ਲਿਖਦਾ ਏ- 'ਆਸ਼ਕ ਨਾਲ ਨਹੀਂ ਸਿਰ ਰੱਖਦੇ'.....

ਹਜ਼ੂਰਾ ਸਿੰਘ ਨੇ ਵੀ ਇਸ਼ਕ ਲਿਖਣ ਦੇ ਵਣਜ 'ਚੋਂ ਧੇਲਾ ਨਹੀਂ ਖੱਟਿਆ। ਨਾ ਕਿੱਸਾ ਛਪਵਾਇਆ ਹੈ ਤੇ ਨਾ ਹੀ ਪੈਸੇ ਵੱਟੇ। ਆਰ ਪਰਿਵਾਰ ਵੀ ਉਹਦਾ ਰੁਲ ਖੁਲ ਗਿਆ ਤੇ ਜ਼ਮੀਨ ਜਾਇਦਾਦ ਵੀ ਖੁਰ ਗਈ। ਸਭ ਕੁਝ ਲੁਟਾ ਕੇ ਆਪਣਾ ਆਪ ਗੁਆ ਕੇ ਜੋ ਉਹ ਸਾਨੂੰ ਦੇ ਗਿਆ ਉਹਦਾ ਮੁੱਲ ਤੇ ਕੋਈ ਪਾਇਆ ਈ ਨਹੀਂ ਜਾ ਸਕਦਾ। ਉਹਦੀ ਅਮੀਰੀ ਤੇ ਧਨ ਦੌਲਤ ਨੂੰ ਪੈਸਿਆਂ ਟਕਿਆਂ 'ਚ ਤੇ ਗਿਣਨਾ ਹੀ ਮੂਰਖਮਤੀ ਹੈ। ਵੇਖੋ - ਨਮੂਨੇ

ਮਾਵਾਂ ਭੈਣਾਂ ਦਾ ਸਤਿਕਾਰ : ਬਾਬੇ ਨਾਨਕ ਨੇ ਅਵਤਾਰ ਬਾਵਾ ਧਾਰ ਲਿਆ,
ਪੇਟੋਂ ਰੰਨਾਂ ਦੇ ਮਰਦਾਨਾ ਵੇ ਮਰਾਸੀ
ਦਸ ਅਵਤਾਰ ਬਾਵਾ ਜੀ ਮਾਈਆਂ ਤੋਂ ਬਾਝ ਨਾ,
ਅਕਾਸ਼ ਪਤਾਲ ਮਿਰਤ ਮੰਡਲ ਦੀ ਰੀਤ ਚਲਾਤੀ।

ਮਿੱਠਾ ਬੋਲਣਾ : ਜ਼ਬਾ ਰਸੀਲੀ ਵੈਰੀ ਮਿੱਤਰ ਲਵੇ ਬਣਾਈ

ਸਾਡੀ ਰਹਿਤਲ : ਹੱਟੀ ਭੱਠੀ ਕਾਰਖਾਨਿਉਂ ਗੱਲਾਂ ਲੱਭਦੀਆਂ

ਪੂਪਨੇ ਸਾਧਾਂ ਦੀ ਅਸਲੀਅਤ : ਡਰਦਾ ਭਾਦੋਂ ਦਾ ਤੂੰ ਜੋਗੀ ਜੱਟਾ ਹੋ ਗਿਐਂ ਵੇ..

ਧੀਆਂ ਧਿਆਣੀਆਂ : ਮਾਪੇ ਵਸਦੇ ਭਲੇ ਧੀਆਂ ਘਰੋਂ ਤੁਰਦੀਆਂ...

ਹਜ਼ੂਰਾ ਸਿੰਘ ਆਪਣੀਆਂ ਕਲੀਆਂ ਵਿਚ ਸਿੱਖਿਆ ਵੀ ਦਿੰਦਾ ਏ, ਵੇਖੋ -

'ਜੇ ਦਿਲ ਕੋਠੀ ਬੰਗਲੇ ਮੰਗ ਲੂ ਮੰਡਪ ਮਾੜੀਆਂ,
ਮੰਗੇ ਨਾ ਮਿਲਣੇ, ਕੱਚੇ ਆਪਣੇ ਕਿਉਂ ਢਾਹੀਏ।'

ਘਰ ਦਾ ਭੇਤੀ ਲੰਕਾ ਢਾਹੇ : 'ਭੇਤ ਚੋਰਾਂ ਯਾਰਾਂ, ਭੇਤ ਮਰਵਾਵੇ ਡਾਕੂਆਂ...'

ਸਾਡੇ ਜੀਵਨ ਦੀ ਸਮੁੱਚਤਾ, ਸੰਸਾਰ ਦੀ ਨਾਸ਼ਮਾਨਤਾ, ਰਿਸ਼ਤਿਆਂ ਦੀ ਮਹੱਤਤਾ ਤੇ ਕਿਰਦਾਰ ਦੀ ਉਚੱਤਾ ਨੂੰ ਕਿੱਸਾਕਾਰਾਂ ਨਾਲੋਂ ਵੱਧ ਕਦੀ ਵੀ ਕੋਈ ਨਹੀਂ ਸਮਝ ਸਕਿਆ। ਉਹ ਦੋਗਲੇ ਕਿਰਦਾਰ, ਦੰਭੀ ਮਾਨਸਿਕਤਾ ਤੇ ਚਲਾਕ ਹੁਸ਼ਿਆਰ ਵਰਤੋਂ ਵਿਹਾਰ ਦੇ ਮੁੱਢੋਂ ਮੁਖਾਲਿਫ ਰਹੇ। ਖਾਣ ਪੀਣ, ਪਹਿਨਣ ਪਰਚਣ ਤੇ ਰਹਿਣ ਸਹਿਣ ਵਿਚ ਵਿਖਾਵਿਆਂ, ਹੈਂਕੜ, ਸ਼ੋਹਰਤ ਤੇ ਝੂਠੀਆਂ ਸ਼ਾਨਾਂ ਦੇ ਵੀ ਉਹ ਵਿਰੋਧੀ ਨੇ। ਉਹ ਬੇਜੋੜ ਵਿਆਹਾਂ ਦੇ ਹਮੇਸ਼ਾਂ ਖਿਲਾਫ ਰਹੇ। ਉਹਨਾਂ ਦੇ ਬਹੁਤੇ ਕਿੱਸੇ ਮਨੁੱਖੀ ਆਜ਼ਾਦੀ ਲਈ ਕਾਬਜ਼ ਤਬਕੇ ਵਲੋਂ ਲਾਈਆਂ ਬੰਦਸ਼ਾਂ ਦੇ ਖਿਲਾਫ ਜਦੋ ਜਹਿਦ ਕਰਨ ਵਾਲਿਆਂ ਸੂਰਮਿਆਂ, ਸ਼ਹੀਦਾਂ, ਆਸ਼ਕਾਂ, ਮਾਸ਼ੂਕਾਂ ਦੀਆਂ ਦਾਸਤਾਨਾਂ ਨੇ। ਇਹਨਾਂ ਕਿੱਸਾਕਾਰਾਂ ਨੇ ਮਾਪਿਆਂ ਦੀ, ਸਮਾਜ ਦੀ, ਧਰਮ ਦੀ ਇਕ ਪਾਸੇ ਵਿਰੋਧਤਾ ਕੀਤੀ ਤੇ ਦੂਜੇ ਪਾਸੇ ਸੱਚਾ ਸੁੱਚਾ ਕਿਰਦਾਰ, ਪਾਕ ਮੁਹੱਬਤ ਤੇ ਆਦਰਸ਼ ਸਮਾਜ ਉਸਾਰੀ ਇਹਨਾਂ ਕਹਾਣੀਆਂ ਦਾ ਮਕਸਦ ਰਿਹਾ। ਇਹ ਜਾਤਾਂ ਪਾਤਾਂ, ਮਜ੍ਹਬੀ ਜਨੂੰਨਾਂ, ਅਮੀਰੀ ਗਰੀਬੀ ਦੇ ਪਾੜਿਆਂ ਤੇ ਊਚ ਨੀਚ ਦੀਆਂ ਵੰਡੀਆਂ ਵਿਰੁੱਧ ਜਦੋ ਜਹਿਦ ਕਰਨ ਵਾਲੇ ਮੁਜਾਹਿਦ ਤੇ ਸੂਰਬੀਰ ਜੋਧੇ ਸਨ। ਇਹਨਾਂ ਦੀਆਂ ਕਲਮਾਂ ਦੀ ਕਦਰ ਅਜੇ ਤੀਕ ਅਸੀਂ ਨਹੀਂ ਪਾ ਸਕੇ। ਹੁਣ ਵੇਲਾ ਬਦਲ ਰਿਹਾ ਏ ਸਮਾਂ ਕਰਵਟਾਂ ਲੈ ਰਿਹਾ ਏ ਤੇ ਲੋਕੀ ਇਹਨਾਂ ਮਹਾਨ ਮਨੁੱਖਾਂ ਨੂੰ ਸਹੀ ਸਥਾਨ ਦੇਣ ਦਿਵਾਉਣ ਲਈ ਆਹਰ ਕਰਦੇ ਵਿਖਾਈ ਦਿੰਦੇ ਨੇ।

ਹਜ਼ੂਰਾ ਸਿੰਘ ਬੁਟ੍ਹਾਰੀ ਵਾਲੇ ਨੂੰ ਜਿੰਨਾ ਕੁ ਅਸੀਂ ਜਾਣਿਆ ਏ ਉਸ ਤੋਂ ਉਹ ਪੰਜਾਬ ਦੀ ਸ਼ਾਨਾ ਮੱਤੀ ਵਿਰਾਸਤ ਦਾ ਇਕ ਅਨਮੋਲ ਹੀਰਾ ਸਿੱਧ ਹੁੰਦਾ ਹੈ। ਉਹ ਬੇਗਰਜ, ਕਲਾ ਦੀ ਹਉਮੈ ਹੰਕਾਰ ਤੋਂ ਮੁਕਤ, ਸਿੱਧਾ ਸਪਾਟ, ਸਹਿਜ ਸੁਭਾ, ਗੋਦੜੀ 'ਚ ਲੁਕਿਆ ਲਾਲ ਸੀ। ਏਡਾ ਵੱਡਾ ਅਫਲਾਤੂ ਵਿਦਮਾਨ ਹੋਣ ਦੇ ਬਾਵਜੂਦ ਉਹ ਸਾਨੂੰ ਆਪਣਾ-ਆਪਣਾ, ਚੰਗਾ ਚੰਗਾ ਲੱਗਦਾ ਏ। ਉਹਦੇ ਬੋਲ ਪੀੜ੍ਹੀਆਂ ਤੋਂ ਸਾਨੂੰ ਨਸ਼ਿਆਉਂਦੇ, ਭਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਸਹਾਈ ਹੁੰਦੇ ਰਹੇ ਨੇ ਤੇ ਸਦੀਆਂ ਤੀਕਰ ਸਾਡੇ ਮਲਵਈਆਂ ਦੀ ਹੀ ਨਹੀਂ ਸਮੂਹ ਪੰਜਾਬੀਆਂ ਦੀ ਰੂਹ ਰਾਜੀ ਕਰਦੇ ਰਹਿਣਗੇ।

- ਡਾ. ਨਿਰਮਲ ਸਿੰਘ ਬਰਵਾਲੀ
ਸੇਵਾਦਾਰ ਪੰਜਾਬੀ ਸੱਥ
ਲਾਂਬੜਾ-ਜਲੰਧਰ।

ਮੈਂ ਤੇ ਹੀਰ ਹਜ਼ੂਰਾ ਸਿੰਘ : ਹਰਵਿੰਦਰ ਸਿੰਘ ਚਹਿਲ

ਹਜ਼ੂਰਾ ਸਿੰਘ ਦੀ 'ਹੀਰ' ਨਾਲ ਮੇਰਾ ਵਾਹ ਮੇਰੀ ਸੁਰਤ ਸੰਭਾਲਣ ਤੋਂ ਹੀ ਪੈਂਦਾ ਰਿਹਾ ਹੈ। ਮੇਰੇ ਨਾਨਕੇ ਪਿੰਡ ਬੇਰ ਕਲਾਂ ਵਿਖੇ ਮੇਰੇ ਨਾਨਾ ਤੇ ਨਾਨੀ ਹੀ ਰਹਿੰਦੇ ਸਨ। ਮਾਮਾ ਸਾਡੇ ਕੋਈ ਹੈ ਨਹੀਂ ਸੀ। ਨਾਨੇ ਦੀ ਭੈਣ ਸਾਡੇ ਲਾਗਲੇ ਪਿੰਡ ਸੀਹਾਂ ਦੌਦ ਵਿਖੇ ਵਿਆਹੀ ਹੋਈ ਸੀ, ਜਿਸਦੇ ਦੋ ਲੜਕੇ ਮਹਿੰਦਰ ਸਿੰਘ ਤੇ ਤੇਜਾ ਸਿੰਘ ਢੱਡ ਸਾਰੰਗੀ ਨਾਲ ਕਿੱਸਿਆਂ ਦਾ ਗੌਣ ਗਾਉਣ ਵਾਲੇ ਗਵੰਤਰੀ ਸਨ। ਮੇਰੇ ਨਾਨੇ ਦੇ ਕੋਈ ਲੜਕਾ ਨਾ ਹੋਣ ਕਾਰਨ ਪਹਿਲਾਂ ਮਾਮਾ ਮਹਿੰਦਰ ਸਿੰਘ ਉੱਥੇ ਰਹਿੰਦਾ ਰਿਹਾ ਤੇ ਫਿਰ ਸਮੇਂ ਦੇ ਬੀਤਣ ਨਾਲ ਮੇਰੀ ਵਾਰੀ ਆ ਗਈ। ਮਾਮਾ ਮਹਿੰਦਰ ਸਿੰਘ ਅਕਸਰ ਹੀ ਉੱਥੇ ਆਉਂਦਾ ਰਹਿੰਦਾ 'ਤੇ ਨਾਲ ਆਪਣੀ ਸਾਰੰਗੀ ਲੈ ਆਉਂਦਾ। ਰਾਤ ਉਸਨੇ ਰਹਿਣਾ ਹੀ ਹੁੰਦਾ ਸੀ। ਨਹੀਂ ਤਾਂ ਦਸਮੀ ਵਾਲੇ ਦਿਨ ਤਾਂ ਸਾਡਾ ਅਖਾੜਾ ਪੱਕਾ ਹੀ ਲਗਦਾ। ਓਸ ਦਿਨ ਮਾਮਾ ਮਹਿੰਦਰ ਸਿੰਘ ਨੇ ਪਿੰਡ ਢੋਡੇ ਵਿਖੇ ਦਸਮੀ 'ਤੇ ਜਾਣਾ ਹੁੰਦਾ ਸੀ 'ਤੇ ਮੈਂ ਬੇਰ ਕਲਾਂ ਵਿਖੇ ਹੀ। ਸ਼ਾਮ ਨੂੰ ਮਾਮਾ ਬੇਰ ਕਲਾਂ ਮੁੜ ਆਉਂਦਾ। ਓਦਣ ਰਾਤ ਨੂੰ ਮਾਮੇ ਮਹਿੰਦਰ ਸਿੰਘ ਨੇ ਆਪਣਾ ਗੌਣ ਸ਼ੁਰੂ ਕਰ ਲੈਣਾ ਅਤੇ ਮੈਂ ਤੇ ਨਾਨੀ ਨੇ ਸੁਣੀਂ ਜਾਣਾ। ਪਤਾ ਨਹੀਂ ਕਿਉਂ ਉਦੋਂ ਵੀ ਮੇਰਾ ਮਨਪਸੰਦ ਗੌਣ ਹੀਰ ਰਾਂਝੇ ਦਾ ਹੀ ਹੁੰਦਾ ਸੀ। ਹੀਰ ਮਾਮਾ ਮਹਿੰਦਰ ਸਿੰਘ ਹਜ਼ੂਰਾ ਸਿੰਘ ਦੀ ਹੀ ਗਾਉਂਦਾ ਸੀ। ਸ਼ਾਇਦ ਇਹਦਾ ਇੱਕ ਕਾਰਨ ਇਹ ਵੀ ਸੀ ਕਿ ਹਜ਼ੂਰਾ ਸਿੰਘ ਮੇਰੀ ਪੜਨਾਨੀ ਜਿਹੜੀ ਗੁਰਮਾਂ ਪਿੰਡ ਦੀ ਸੀ, ਦੀ ਭੂਆ ਦਾ ਪੁੱਤ ਸੀ। ਇਸ ਕਾਰਨ ਵੀ ਮੇਰਾ ਉਹਦੇ ਤੇ ਉਹਦੀ 'ਹੀਰ' ਨਾਲ ਲਗਾਓ ਜਿਹਾ ਹੋ ਗਿਆ ਸੀ। ਜਦੋਂ ਕੁਝ ਕਲੀਆਂ ਤੋਂ ਬਾਅਦ ਮਾਮੇ ਨੇ ਪੂਰਨ ਭਗਤ ਜਾਂ ਕੌਲਾਂ ਦਾ ਕਿੱਸਾ ਸ਼ੁਰੂ ਕਰਨਾ ਤਾਂ ਮੈਨੂੰ ਜਿਵੇਂ ਹੀਰ ਸੁਣਨ ਦੀ ਤਮੰਨਾ ਹੁੰਦੀ। ਮੈਂ ਉਸਤੋਂ ਕਿੰਨੀਆਂ ਹੀ ਹੀਰ ਦੀਆਂ ਕਲੀਆਂ ਹੋਰ ਸੁਣ ਲੈਂਦਾ। 'ਮਾਮਾ! ਇਸ ਤੋਂ ਅੱਗੇ ਕੀ ਹੋਇਆ? ਗਾਹਾਂ ਫੇਰ ਕੀ ਹੋਇਆ?' ਕਿੰਨਾ ਕਿੰਨਾ ਚਿਰ ਤਾਂ ਉਹ ਸੁਣਾਈਂ ਜਾਂਦਾ, ਜਦ ਮੈਂ ਫੇਰ ਵੀ ਉਹਦਾ ਖਹਿੜਾ ਨਾ ਛੱਡਦਾ ਤਾਂ ਉਹ ਮੇਰੀ ਨਾਨੀ ਨੂੰ ਸੁਣਾ ਕੇ ਕਹਿੰਦਾ, 'ਮਾਮੀ! ਮੁੰਡਾ ਵਿਗੜਦਾ ਜਾਂਦੈ।' ਫਿਰ ਮੇਰੇ ਕੋਲ ਕੋਈ ਚਾਰਾ ਨਾ ਹੁੰਦਾ ਤੇ ਮੈਨੂੰ ਚੁੱਪ ਕਰਨਾ ਪੈਂਦਾ। ਵਿੱਚ ਵਿੱਚ ਮੇਰੀ ਨਾਨੀ ਵੀ ਬੋਲ ਪੈਂਦੀ 'ਤੇ ਕਹਿੰਦੀ, 'ਲੈ ਮੇਰੇ ਯਾਦ ਆ ਗਿਆ। ਮੈਂ ਥੋਨੂੰ ਉਹ ਗੱਲ ਸੁਣਾਉਂਨੀ ਆਂ ਜਿਹੜੀ ਆਪਣੀ ਬੀਬੀ ਬਚਨੀ (ਘਰਾਂ 'ਚੋ ਲਗਦੀ ਮੇਰੀ ਮਾਸੀ ਜਿਹੜੀ ਬੁਰਜ ਹਰੀ ਸਿਉਂ ਵਿਖੇ ਵਿਆਹੀ ਹੋਈ ਸੀ 'ਤੇ ਜਿਸਨੂੰ ਹਮ ਉਮਰ ਹੋਣ ਕਾਰਨ ਮੇਰੀ ਨਾਨੀ 'ਬੀਬੀ' ਨਾਲ ਸੰਬੋਧਨ ਕਰਦੀ ਸੀ) ਨੇ ਲਿਖੀ ਆ।' 'ਤੇ ਉਹ ਸ਼ੁਰੂ ਹੋ ਜਾਂਦੀ।

ਲੱਗੀ ਸੀ ਚੜਿੱਕ ਵਾਲੀ ਮੰਡੀ
ਮੈਸ੍ਹ ਵੇਚਣ ਗਿਆ ਲੰਡੀ
ਜਾ ਕੇ ਗੱਡ ਤੀ ਸੀ ਝੰਡੀ
ਮਾਰਤਾ ਸੀ ਹੋਕਰਾ।
ਹੈ ਨਈਂ ਕੋਈ ਸੌਦੇ ਦੇ ਕਰਨ ਜੋਕਰਾ।

ਡਾਚੀ ਵੱਟੇ ਸੀ ਵਟਾਈ
ਉਹਦੇ ਹੱਥ 'ਚ ਫੜਾਈ
ਛੇਤੀ ਕੀਤੀ ਲਿਖਵਾਈ
ਮਾਰ ਦਿੱਤੀ ਤਾੜੀ ਐ।
ਮੱਝ ਮੇਰੀ ਦੋਸਤਾ ਬਹੁਤ ਮਾੜੀ ਐ।

ਅੱਗੋਂ ਡਾਚੀ ਵਾਲਾ ਬੋਲੇ
ਤੂੰ ਕੀ ਵੱਟਲੇਂਗਾ ਹੋਲੇ
ਇਹਦੀਆਂ ਅੱਖਾਂ ਵਿੱਚ ਫੋਲੇ
ਤੇ ਘੁਮਾਉਂਦੀ ਚਰਖੀ।
ਓਥੇ ਡਿਗ ਪੈਂਦੀ ਜਿੱਥੇ ਬਹੁਤੀ ਗਰਕੀ।

ਇਹ ਕਵਿਤਾ ਅੱਜ ਕੱਲ੍ਹ ਦੇ ਗੀਤਾਂ ਵਾਂਗੂੰ ਪੰਜ ਸੱਤ ਪੈਰ੍ਹਿਆਂ ਦੀ ਨਹੀਂ ਸੀ ਸਗੋਂ 25-30 ਪੈਰ੍ਹਿਆਂ ਦੀ ਸੀ। ਸਾਡੀ ਮਾਸੀ ਬਚਨੀ ਨੇ ਵੀ ਇਸ ਤਰ੍ਹਾਂ ਦੀਆਂ ਬੇਸ਼ੁਮਾਰ ਕਵਿਤਾਵਾਂ ਜੋੜੀਆਂ ਹੋਈਆਂ ਸਨ।

ਇਹ ਸਾਰੀਆਂ ਕਵਿਤਾਵਾਂ ਉਹਨੇ ਲਿਖੀਆਂ ਕਿਤੇ ਨਹੀਂ ਸੀ ਸਗੋਂ ਮੂੰਹ ਜ਼ੁਬਾਨੀ ਹੀ ਯਾਦ ਕੀਤੀਆਂ ਹੋਈਆਂ ਸਨ। ਮੈਨੂੰ ਦੁੱਖ ਰਹੇਗਾ ਕਿ ਮੈਂ ਇਹ ਕਵਿਤਾਵਾਂ ਉਸ ਤੋਂ ਸੁਣ ਕੇ ਲਿਖ ਨਾ ਸਕਿਆ।

ਇਸ ਤਰਾਂ ਕਰਦਿਆਂ ਮਾਮਾ ਜੈਮਲ ਫੱਤਾ, ਮਿਰਜ਼ਾ ਸਾਹਿਬਾਂ, ਗੁਰੂ ਨਾਨਕ ਦੇਵ ਜੀ, ਜੰਗ ਚਮਕੌਰ, ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ, ਸੱਸੀ-ਪੁਨੂੰ, ਸ਼ੀਰੀ ਫਰਿਹਾਦ, ਦੁੱਲਾ ਭੱਟੀ, ਗੁੱਗਾ ਤੇ ਜੌੜੇ, ਰੂਪ ਬਸੰਤ ਤੋਂ ਹੁੰਦਾ ਹੋਇਆ ਦਹੂਦ ਬਾਦਸ਼ਾਹ ਤੇ ਮੋਰਧਜ ਰਾਜੇ ਤੱਕ ਦੇ ਗੌਣ ਸੁਣਾਉਂਦਾ ਜਾਂਦਾ। ਜੇ ਹਰੇਕ ਗੌਣ ਸ਼ੁਰੂ ਤੋਂ ਅਖ਼ੀਰ ਤੱਕ ਗਾਉਣਾ ਹੋਵੇ ਤਾਂ ਕਈ ਕਈ ਦਿਨ ਇੱਕੋ ਗੌਣ ਲਈ ਚਾਹੀਦੇ ਸਨ। ਹਜ਼ੂਰਾ ਸਿੰਘ ਦੀ ਹੀਰ ਤਾਂ ਸਵਾ ਮਹੀਨੇ 'ਚ ਪੂਰੀ ਹੁੰਦੀ ਸੀ। ਮਾਸੀ ਬਚਨੀ ਤੋਂ ਵੀ ਕਿਤੇ ਵੱਡਾ ਦੁੱਖ ਮੈਨੂੰ ਇਹ ਰਹੇਗਾ ਕਿ ਮੈਂ ਪੁਰਾਤਨ ਗੌਣਾਂ ਦੀ ਚਲਦੀ ਫਿਰਦੀ ਲਾਇਬਰੇਰੀ ਮਾਮਾ ਮਹਿੰਦਰ ਸਿੰਘ ਤੋਂ ਕੁਝ ਵੀ ਲਿਖ ਨਾ ਸਕਿਆ। ਉਦੋਂ ਮਾਮਾ ਮਹਿੰਦਰ ਸਿੰਘ ਤੇ ਮਾਮਾ ਤੇਜਾ ਸਿੰਘ ਹੋਰੀਂ ਮੇਲਿਆਂ ਉੱਪਰ ਵੀ ਗਾਉਂਦੇ ਹੁੰਦੇ ਸਨ। ਉਹਨਾਂ ਤੋਂ ਹੀ ਮੈਨੂੰ ਵੀ ਮੇਲੇ ਦੇਖਣ ਖ਼ਾਸ ਕਰਕੇ ਮੇਲਿਆਂ ਉੱਪਰ ਪੁਰਾਣੇ ਗੌਣ ਸੁਣਨ ਦੀ ਚੇਟਕ ਲੱਗ ਗਈ। ਕਿਸੇ ਵੀ ਮੇਲੇ 'ਤੇ ਜਾਣ ਬਾਰੇ ਉਹ ਮੈਨੂੰ ਪਹਿਲਾਂ ਹੀ ਦੱਸ ਦਿੰਦੇ। ਉਹਨਾਂ ਦੇ ਨਾਲ ਹੀ ਮੈਂ ਵੀ ਆਪਣਾ ਸਾਈਕਲ ਚੁੱਕ ਲੈਂਦਾ। ਸਾਰੇ ਰਾਹ ਉਹਨਾਂ ਦੀਆਂ ਗੱਲਾਂ ਸੁਣਦਿਆਂ ਪਤਾ ਹੀ ਨਾ ਲੱਗਦਾ ਕਦੋਂ ਅਸੀਂ ਮੇਲੇ ਵਿੱਚ ਪਹੁੰਚ ਜਾਂਦੇ। ਬਾਕੀ ਦੇ ਗਾਉਣ ਵਾਲੇ ਵੀ ਜਾਂ ਤਾਂ ਸਾਈਕਲਾਂ ਰਾਹੀਂ ਜਾਂ ਬੱਸਾਂ ਰਾਹੀਂ ਉੱਥੇ ਪਹੁੰਚੇ ਹੁੰਦੇ।

ਮੈਂ ਸੋਚਦਾ ਹਾਂ ਕਿ ਕਾਪੀਆਂ ਤੋਂ ਪੜ੍ਹਕੇ ਲਚਰ ਗੀਤ ਗਾਉਣ ਵਾਲੇ ਅੱਜ ਦੇ ਅਖੌਤੀ ਗਾਇਕ ਹਰ ਮਹਿੰਗੀ ਤੋਂ ਮਹਿੰਗੀ ਗੱਡੀ ਲਈ ਫਿਰਦੇ ਹਨ ਅਤੇ ਪ੍ਰੋਗਰਾਮਾਂ ਤੇ ਆਉਂਦੇ ਵੀ ਸੌ ਸੌ ਨਖ਼ਰੇ ਦਿਖਾਉਂਦੇ ਹਨ ਪਰ ਮਾਮੇ ਮਹਿੰਦਰ ਸਿੰਘ ਵਰਗੇ ਲੋਕ ਕਲਾਕਾਰ ਜਿਹੜੇ ਬਿਨਾਂ ਕਿਸੇ ਕਾਪੀ ਤੋਂ ਸਵਾ ਸਵਾ ਮਹੀਨਾ ਇੱਕੋ ਕਹਾਣੀ/ਗੌਣ ਗਾ ਸਕਦੇ ਸਨ, ਜਿਹੜੇ ਬਿਨਾਂ ਕਿਸੇ ਮਾਈਕ ਤੋਂ ਅੱਜ ਦੇ ਕਲਾਕਾਰਾਂ ਤੋਂ ਉੱਚੀ ਅਵਾਜ਼ 'ਚ ਗਾਉਂਦੇ ਸਨ, ਉਹ ਵਿਚਾਰੇ ਆਪਣਾ ਸਾਰਾ ਖ਼ਜ਼ਾਨਾ ਨਾਲ ਲੈ ਕੇ ਅਣਗੌਲੇ ਹੀ ਤੁਰ ਗਏ।

ਓਦੋਂ ਬੇਰ ਕਲਾਂ ਵਿਖੇ ਸਾਡੇ ਘਰ ਛਪੇ ਹੋਏ ਪੁਰਾਣੇ ਚਿੱਠਿਆਂ ਦਾ ਭਰਿਆ ਹੋਇਆ ਇੱਕ ਝੋਲਾ ਟੰਗਿਆ ਹੁੰਦਾ ਸੀ। ਇਹਨਾਂ ਵਿੱਚ ਕਰਤਾਰ ਸਿੰਘ ਘਰਾਚੋਂ ਵਾਲੇ, ਦਯਾ ਸਿੰਘ ਆਰਿਫ, ਮੱਘਰ ਸਿੰਘ, ਹਦਾਇਤ ਉੱਲਾ ਆਦਿ ਦੇ ਲਿਖੇ ਚਿੱਠੇ ਹੁੰਦੇ ਸੀ। ਇਹ ਸਾਰੇ ਚਿੱਠੇ ਮੈਂ ਕਈ ਕਈ ਵਾਰ ਪੜ੍ਹ ਲਏ ਸਨ। ਪਰ ਜਿਸ ਚਿੱਠੇ ਦੀ ਮੈਨੂੰ ਭਾਲ ਹੁੰਦੀ, ਉਹ ਮੈਨੂੰ ਕਿਧਰੇ ਨਜ਼ਰ ਨਾ ਪੈਂਦਾ। ਜਿਉਂ ਜਿਉਂ ਵੱਡਾ ਹੁੰਦਾ ਗਿਆ, ਤਿਉਂ ਤਿਉਂ ਹਜ਼ੂਰਾ ਸਿੰਘ ਵਾਲੀ ਹੀਰ ਦੇ ਕਿੱਸੇ ਦੀ ਭਾਲ ਵਧਦੀ ਗਈ।

ਜਦੋਂ ਕਿਧਰੋਂ ਵੀ ਮੈਨੂੰ ਇਹ ਕਿੱਸਾ ਨਾ ਮਿਲਿਆ ਤਾਂ ਹਾਰ ਕੇ ਮੈਂ ਹਜ਼ੂਰਾ ਸਿੰਘ ਦੇ ਪਿੰਡ ਬੁਟਾਹਰੀ ਦਾ ਰੁਖ ਕੀਤਾ ਜਿੱਥੋਂ ਮੈਨੂੰ ਪਤਾ ਲੱਗਾ ਕਿ ਹਜ਼ੂਰਾ ਸਿੰਘ ਦੇ ਮਰਨ ਤੋਂ ਬਾਅਦ ਉਹਦੇ ਪੋਤਰੇ ਨੇ ਉਸਦਾ ਟਰੰਕ ਚੁੱਕ ਕੇ ਨਾਲ ਵਗਦੀ ਨਹਿਰ 'ਚ ਵਗਾਹ ਮਾਰਿਆ ਸੀ ਤੇ ਇਸ ਤਰਾਂ ਹਜ਼ੂਰਾ ਸਿੰਘ ਵੱਲੋਂ ਰਚਿਆ ਮਣਾਂ ਮੂੰਹੀਂ ਸਾਹਿਤ ਬੁਟਾਹਰੀ ਵਾਲੀ ਨਹਿਰ ਦੀ ਭੇਂਟ ਚੜ੍ਹ ਗਿਆ। ਇਸ ਸਮੇਂ ਤੱਕ ਮਾਮਾ ਮਹਿੰਦਰ ਸਿੰਘ ਵੀ ਇਸ ਦੁਨੀਆਂ 'ਚ ਨਹੀਂ ਰਿਹਾ ਸੀ। ਪਰ ਜਿਵੇਂ ਕਹਿੰਦੇ ਨੇ ਜਿੱਥੇ ਚਾਹ ਓਥੇ ਰਾਹ। ਬੁਟਾਹਰੀ ਪਿੰਡ ਦੇ ਚੱਕਰਾਂ ਦੌਰਾਨ ਹੀ ਮੇਰਾ ਉਥੇ ਇੱਕ ਬਜ਼ੁਰਗ ਜਾਗਰ ਸਿੰਘ ਨਾਲ ਮੇਲ ਹੋਇਆ, ਜਿਹੜਾ ਮੇਰੇ ਵਾਸਤੇ ਸੰਜੀਵਨੀ ਬੂਟੀ ਸਿੱਧ ਹੋਇਆ। 10 ਕੁ ਕਲੀਆਂ ਤਾਂ ਬਾਬਾ ਜਾਗਰ ਸਿੰਘ ਦੇ ਯਾਦ ਸੀ, ਉਹ ਉਹਨੇ ਮੈਨੂੰ ਲਿਖਵਾ ਦਿੱਤੀਆਂ। ਫੇਰ ਉਹ ਮੈਨੂੰ ਆਪਣੇ ਹੀ ਪਿੰਡ ਦੇ ਬਾਬਾ ਬਹਾਦਰ ਸਿੰਘ ਕੋਲ ਲੈ ਕੇ ਗਿਆ ਜਿਸ ਕੋਲ ਇੱਕ ਬੇਹੱਦ ਖਸਤਾ ਜਿਹੀ ਕਾਪੀ ਉੱਪਰ 50 ਕੁ ਕਲੀਆਂ ਲਿਖੀਆਂ ਹੋਈਆਂ ਸਨ। ਉਹ ਉਹਨੇ ਬੋਲ ਕੇ ਟੇਪ 'ਚ ਰਿਕਾਰਡ ਕਰ ਦਿੱਤੀਆਂ, 'ਤੇ ਬਾਅਦ 'ਚ ਮੈਂ ਸੁਣ ਕੇ ਲਿਖ ਲਈਆਂ। ਫਿਰ ਬਾਬਾ ਜਾਗਰ ਸਿੰਘ ਨੇ ਮੈਨੂੰ ਬੁਟਾਹਰੀ ਦੇ ਹੀ ਬਾਬਾ ਭਾਗਮਸੀਹ ਨੂੰ ਮਿਲਾਇਆ ਜਿਸ ਕੋਲ ਉਰਦੂ ਅੱਖਰਾਂ ਵਿੱਚ ਕੁਝ ਕਲੀਆਂ ਆਪਣੀ ਕਾਪੀ ਉੱਪਰ ਲਿਖੀਆਂ ਹੋਈਆਂ ਸਨ। ਭਾਵੇਂ ਛਪਿਆ ਹੋਇਆ ਉਰਦੂ ਮੈਂ ਪੜ੍ਹ ਲੈਂਦਾ ਹਾਂ ਪਰ ਇਹ ਹੱਥ ਲਿਖਤ ਹੋਣ ਕਾਰਨ ਕੁਝ ਮੁਸ਼ਕਲ ਲੱਗਾ। ਬਾਬਾ ਭਾਗਮਸੀਹ ਉਹਨੀਂ ਦਿਨੀਂ ਬੇਹੱਦ ਬਿਮਾਰ ਸੀ। ਉਰਦੂ ਪੜ੍ਹਨ ਦਾ ਹੱਲ ਵੀ ਫਿਰ ਬਾਬਾ ਜਾਗਰ ਸਿੰਘ ਨੇ ਆਪ ਹੀ ਕੱਢਿਆ। ਉਸਨੇ ਆਪਣੇ ਪਿੰਡ ਦੇ ਇੱਕ ਹੋਰ ਬਜ਼ੁਰਗ ਲਹੌਰੀ ਰਾਮ ਦੀ ਡਿਊਟੀ ਉਰਦੂ ਪੜ੍ਹਨ ਦੀ ਲਾ ਦਿੱਤੀ। ਬਾਬਾ ਲਹੌਰੀ ਰਾਮ ਨੂੰ ਲੈ ਕੇ ਮੈਂ ਆਪਣੇ ਨਾਨਕੇ ਪਿੰਡ ਬੇਰ ਕਲਾਂ ਆ ਗਿਆ। ਏਥੇ ਉਹ ਬੋਲੀ ਜਾਂਦਾ 'ਤੇ ਮੈਂ ਲਿਖੀ ਜਾਂਦਾ। ਇਸੇ ਤਰਾਂ ਮੇਰੇ ਪਿੰਡ ਦੇ ਇੱਕ ਬਜ਼ੁਰਗ ਮਿਹਰ ਸਿੰਘ ਨੂੰ ਪੰਦਰਾਂ ਕੁ ਕਲੀਆਂ ਯਾਦ ਸਨ। ਕਾਫੀ ਕਲੀਆਂ ਸ਼ੇਰ ਸਿੰਘ ਉੱਚੀ ਦੌਦ ਜਿਹੜਾ ਆਪ ਵੀ ਗਾਉਂਦਾ ਰਿਹਾ ਹੈ, ਨੂੰ ਯਾਦ ਸਨ। ਉਹਨਾਂ ਨੇ ਮੈਨੂੰ ਲਿਖਵਾ ਦਿੱਤੀਆਂ। ਕੁਝ ਕਲੀਆਂ ਮੈਨੂੰ ਛਪਾਰ ਦੇ ਮੇਲੇ ਤੇ ਮੇਰੇ ਮਿੱਤਰ ਬਣੇ ਬੂਟਾ ਸਿੰਘ 'ਤੇ ਉਸਦੇ ਭਰਾ ਸੁਰਜੀਤ ਸਿੰਘ ਨੇ ਲਿਖਵਾਈਆਂ, ਜਿਹੜੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ 'ਚੋਂ ਹਰ ਸਾਲ ਮੇਲਾ ਦੇਖਣ ਆਉਂਦੇ ਸਨ। ਇੱਕ ਕਲੀ ਮੈਨੂੰ ਪੰਜਾਬ ਯੂਨੀਵਰਸਿਟੀ ਵੇਲੇ ਦੇ ਮੇਰੇ ਦੋਸਤ ਹਰਜੀਤ ਗਿੱਲ ਦੇ ਵਿਆਹ ਦੌਰਾਨ ਪਿੰਡ ਕੋਕਰੀ ਕਲਾਂ ਤੋਂ ਮਿਲੀ। ਇਸ ਵਿਆਹ ਵਿੱਚ ਰਾਤ ਨੂੰ ਮੁੰਡਿਆਂ ਨੂੰ ਨੱਚਦਿਆਂ ਦੇਖ ਨੇੜੇ ਬੈਠੇ ਇੱਕ ਬਜ਼ੁਰਗ ਨੂੰ ਅਜਿਹੀ ਲੋਰ ਆਈ ਕਿ ਉਹ ਹਜ਼ੂਰਾ ਸਿੰਘ ਦੀ 'ਹੀਰ' ਗਾਉਣ ਲੱਗ ਪਿਆ। ਅੰਨ੍ਹਾ ਕੀ ਭਾਲੇ ਦੋ ਅੱਖਾਂ! ਮੈਂ ਤੁਰੰਤ ਹੀ ਕਾਗਜ਼ ਲੱਭ ਕੇ ਤੇ ਉਸ ਬਾਬੇ ਨੂੰ ਇੱਕ ਪਾਸੇ ਲੈ ਜਾ ਕੇ ਉਹ ਕਲੀ ਲਿਖਣ ਲੱਗ ਪਿਆ। ਸ਼ਾਇਦ ਮੈਂ ਹੋਰ ਵੀ ਕਲੀਆਂ ਲਿਖ ਲੈਂਦਾ ਜੇ ਮੇਰੇ ਦੋਸਤ ਮੈਨੂੰ ਧੱਕੇ ਨਾਲ ਨੱਚਣ ਵਾਲੇ ਅਖਾੜੇ 'ਚ ਨਾ ਲੈ ਜਾਂਦੇ। ਉਸ ਤੋਂ ਬਾਅਦ ਕਾਫ਼ੀ ਕੋਸ਼ਿਸ ਕਰਨ ਤੇ ਵੀ ਉਸ ਬਜ਼ੁਰਗ ਨਾਲ ਮੇਲ ਨਾ ਹੋ ਸਕਿਆ। ਕਾਫ਼ੀ ਕਲੀਆਂ ਅਜਿਹੀਆਂ ਵੀ ਹੁੰਦੀਆਂ ਸਨ ਜਿਹੜੀਆਂ ਕਈ ਕਈ ਥਾਵਾਂ ਤੋਂ ਮਿਲ ਜਾਂਦੀਆਂ ਸਨ 'ਤੇ ਬਹੁਤੀ ਵਾਰ ਸ਼ਬਦਾਂ ਵਿੱਚ ਵੀ ਥੋੜ੍ਹਾ ਬਹੁਤ ਫ਼ਰਕ ਆ ਜਾਂਦਾ ਸੀ। ਇਸੇ ਤਰ੍ਹਾਂ ਪਿੰਡ ਮਾਹਮਦਪੁਰ (ਨੇੜੇ ਮਲੇਰਕੋਟਲਾ) ਦਾ ਇੱਕ ਬਜ਼ੁਰਗ ਹਰਨੇਕ ਸਿੰਘ ਟੱਕਰ ਗਿਆ ਜਿਸਨੇ ਮੈਨੂੰ ਦੱਸਿਆ ਕਿ ਉਸ ਕੋਲ ਦੀਦਾਰ ਸਿੰਘ ਰਟੈਂਡੇ ਵਾਲੇ ਦੀਆਂ ਗਾਈਆਂ ਹਜ਼ੂਰਾ ਸਿੰਘ ਦੀਆਂ ਕਲੀਆਂ ਦੀ ਰੀਲ੍ਹ ਪਈ ਹੈ। ਇਸੇ ਤਰਾਂ ਕਿਸੇ ਨੇ ਦੱਸਣਾ ਕਿ ਪਿੰਡ ਸਰੌਦ ਦੇ ਕਿਸੇ ਮਰਾਸੀ ਨੂੰ ਹਜ਼ੂਰਾ ਸਿੰਘ ਦੀਆਂ ਬਹੁਤ ਸਾਰੀਆਂ ਕਲੀਆਂ ਯਾਦ ਹਨ। ਕਿਸੇ ਨੇ ਪਿੰਡ ਸਿਆੜ੍ਹ ਦੇ ਕਿਸੇ ਮਾਸਟਰ ਕੋਲ ਹਜ਼ੂਰਾ ਸਿੰਘ ਦੀਆਂ ਕਲੀਆਂ ਦੀ ਕਾਪੀ ਹੋਣ ਬਾਰੇ ਦੱਸਣਾ, ਕਿਸੇ ਨੇ ਪਿੰਡ ਜੱਸੋਵਾਲ ਦੇ ਕਿਸੇ ਮੇਜਰ ਸਿੰਘ ਨਾਂ ਦੇ ਬੰਦੇ ਕੋਲ ਅਤੇ ਕਿਸੇ ਨੇ ਪਿੰਡ ਰੋੜੀਆਂ ਦੇ ਕਿਸੇ ਵਿਅਕਤੀ ਕੋਲ ਹਜ਼ੂਰਾ ਸਿੰਘ ਦੀਆਂ ਕਲੀਆਂ ਹੋਣ ਬਾਰੇ ਦੱਸਣਾ। ਪਰ ਮਿਲਿਆ ਇਹਨਾਂ ਥਾਵਾਂ ਤੋਂ ਕੁਝ ਨਹੀਂ। ਬਹੁਤੀ ਵਾਰ ਤਾਂ ਇਸ ਤਰਾਂ ਹੋਇਆ ਕਿ ਅਗਲਿਆ ਨੇ ਇਹ ਕਹਿ ਕੇ ਕਿ ਮੈਥੋਂ ਤਾਂ ਫਲਾਨੇ ਪਿੰਡ ਦਾ ਫਲਾਨਾ ਬੰਦਾ ਲੈ ਗਿਆ ਸੀ। ਉਸਨੇ ਅੱਗੋਂ ਕਿਸੇ ਹੋਰ ਦਾ ਨਾਂ ਲੈ ਦੇਣਾ 'ਤੇ ਇਸ ਤਰਾਂ ਸਿਲਸਿਲਾ ਅੱਗੇ ਤੋਂ ਅੱਗੇ ਚਲਦਾ ਗਿਆ। ਕਾਫ਼ੀ ਚਿਰ ਤਾਂ ਮੈਂ ਅਜਿਹੇ ਗਧੀ ਗੇੜਾਂ 'ਚ ਪਿਆ ਰਿਹਾ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਆਮ ਸੁਣਨ 'ਚ ਆ ਰਿਹਾ ਸੀ ਕਿ ਹਜ਼ੂਰਾ ਸਿੰਘ ਨੇ 996 ਕਲੀਆਂ 'ਚ ਹੀਰ ਲਿਖੀ ਹੈ, ਪਰ ਮੇਰੇ ਕੋਲ ਤਾਂ ਹਾਲੇ 300 ਵੀ ਪੂਰੀਆਂ ਨਹੀਂ ਸੀ ਹੋਈਆ।

ਫੇਰ ਮੈਂ ਕੁਝ ਅਜਿਹੀਆਂ ਸੋਚਾਂ ਵਿੱਚ ਹੀ ਜਿੰਨੀਆਂ ਕੁ ਕਲੀਆਂ ਇੱਕਠੀਆਂ ਹੋਈਆਂ ਸਨ, ਉਨ੍ਹਾਂ ਨੂੰ ਇੱਕ ਪਾਸੇ ਰੱਖ ਏਧਰੋਂ ਬੇਧਿਆਨਾ ਹੋ ਗਿਆ। ਛੇ ਸੱਤ ਸਾਲ ਲੰਘ ਗਏ। ਹਾਲੇ ਹੋਰ ਵੀ ਪਤਾ ਨਹੀਂ ਕਿੰਨੇ ਸਾਲ ਲੰਘ ਜਾਂਦੇ ਜਾਂ ਖ਼ਬਰੇ ਇਹ ਨਾ ਹੀ ਛਪਦਾ ਜੇ ਮੈਂ ਕਨੇਡਾ ਨਾ ਜਾਂਦਾ। ਉੱਥੇ ਜਾ ਕੇ ਪਤਾ ਨਹੀਂ ਕਿਉਂ ਮੈਨੂੰ ਹਜ਼ੂਰਾ ਸਿੰਘ ਦੀ ਇਸ ਨਿਸ਼ਾਨੀ ਨੂੰ ਛਪਵਾਉਣ ਦੀ ਅੱਚਵੀ ਜਿਹੀ ਲੱਗ ਗਈ। ਨਾਲ ਹੀ ਬਾਬਾ ਜਾਗਰ ਸਿੰਘ ਦੀ ਇਹ ਗੱਲ ਵੀ ਦਿਲੋਂ ਨਾ ਲਹੇ ਕਿ ਜੇ ਸਾਡੇ ਜਿਉਂਦੇ ਜੀਅ ਇਹ ਛਪ ਜਾਏ ਤਾਂ ਸਾਡੇ ਮਨ ਤੋਂ ਵੀ ਭਾਰ ਲਹਿ ਜਾਊ। ਇੱਕ ਕਾਰਨ ਪ੍ਰਸਿੱਧ ਅਮਰੀਕੀ ਚਿੰਤਕ ਸੈਮੂਅਲ ਪੀ ਹੰਟਿੰਗਟਨ (SAMUEL P. HUNTINGTON) ਦੀਆਂ ਕਿਤਾਬਾਂ 'The Clash Of Civilizations & Remaking Of The World Order' ਅਤੇ 'Who Are We?' ਦਾ ਪੜ੍ਹਨਾ ਵੀ ਬਣਿਆ। ਇਹਨਾਂ ਵਿੱਚ ਉਹ ਲਿਖਦਾ ਹੈ ਕਿ ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਸਾਡੀ ਬੋਲੀ, ਸਾਡੇ ਸੱਭਿਆਚਾਰ ਨੂੰ ਖ਼ਤਰਾ ਪੈਦਾ ਹੋ ਗਿਆ ਹੈ ਤਾਂ ਉਹ ਮੁੜ ਆਪਣੀ ਬੋਲੀ, ਆਪਣੇ ਸੱਭਿਆਚਾਰ ਵੱਲ ਨੂੰ ਮੁੜਦੇ ਹਨ 'ਤੇ ਅਜਿਹਾ ਦੁਨੀਆਂ ਦੇ ਕਈ ਦੇਸ਼ਾਂ, ਭਾਈਚਾਰਿਆਂ ਵਿੱਚ ਵਾਪਰਨਾ ਸ਼ੁਰੂ ਵੀ ਹੋ ਚੁੱਕਾ ਹੈ। ਭਾਵੇਂ ਪੰਜਾਬੀਆਂ ਦਾ ਵਹਿਣ ਅੱਜ ਕੱਲ੍ਹ ਇਸਦੇ ਪੂਰਾ ਉਲਟ ਵਹਿ ਰਿਹਾ ਹੈ ਪਰ ਆਸ ਰਖੀ ਜਾ ਸਕਦੀ ਹੈ ਕਿ ਪੰਜਾਬੀ ਵੀ ਕੱਲ੍ਹ ਨੂੰ ਆਪਣੀ ਬੋਲੀ, ਆਪਣੀ ਪੁਰਾਣੀ ਤਹਿਜੀਬ, ਆਪਣੇ ਸੱਭਿਆਚਾਰ ਵੱਲ ਨੂੰ ਮੁੜਨਗੇ। ਕਿਤੇ ਅਜਿਹਾ ਨਾ ਹੋਵੇ ਕਿ ਉਦੋਂ ਤੱਕ ਸਾਡਾ ਬਹੁਤ ਕੁਝ ਗੁਆਚ ਜਾਵੇ। ਕੁਝ ਅਜਿਹਾ ਹੀ ਸੋਚਦਿਆਂ ਮੈਂ ਉਪਰੋਕਤ ਕਿੱਸਾ ਛਪਵਾਉਣ ਦਾ ਫ਼ੈਸਲਾ ਕੀਤਾ। ਤਿੰਨੀਂ ਮਹੀਨੀਂ ਵਾਪਸ ਪੰਜਾਬ ਆਉਣ ਦਾ ਇੱਕ ਕਾਰਨ ਇਹ ਵੀ ਸੀ।

ਕੈਨੇਡਾ 'ਚ ਰਹਿੰਦਿਆਂ ਮੈਨੂੰ ਮੇਰੇ ਇੱਕ ਅੰਗਰੇਜ਼ ਦੋਸਤ ਡੇਵਿਡ ਜੂਲਜ਼ ਵੈਂਡਰਗੁਗਟਨ ਨੇ ਪੋਲੈਂਡ ਦੇ ਫੋਕ ਮਿਊਜ਼ਿਕ (ਲੋਕ ਸੰਗੀਤ) ਦੀ ਇੱਕ ਸੀਡੀ ਲਿਆ ਕੇ ਦਿੱਤੀ ਜਿਹੜੀ ਉੱਥੋਂ ਦੇ ਲੋਕਕਲਾਕਾਰਾਂ ਵੱਲੋਂ ਪੋਲੈਂਡ ਦੇ ਰਵਾਇਤੀ ਸਾਜਾਂ ਨਾਲ ਗਾਈ ਗਈ ਹੈ। ਉਸਨੇ ਦੱਸਿਆ ਕਿ ਭਾਵੇਂ ਇਸ ਦੀ ਬੋਲੀ ਸਮਝ ਨਹੀਂ ਆਉਂਦੀ ਪਰ ਫਿਰ ਵੀ ਇਹ ਮਿਊਜ਼ਿਕ ਯੂਰਪ, ਕੈਨੇਡਾ ਅਤੇ ਅਮਰੀਕਾ 'ਚ ਏਨਾ ਮਕਬੂਲ ਹੈ ਕਿ ਇਸ ਦੀਆਂ ਕਰੋੜਾਂ ਹੀ ਕਾਪੀਆਂ ਵਿਕ ਚੁੱਕੀਆਂ ਹਨ। ਜਦੋਂ ਉਹ ਸੀਡੀ ਮੈਂ ਸੁਣੀ ਤਾਂ ਮੈਨੂੰ ਉਹ ਗਾਉਣ ਬਿਲਕੁਲ ਸਾਡੇ ਢੱਡ ਸਾਰੰਗੀ ਦੇ ਗਾਉਣ ਵਰਗਾ ਲੱਗਿਆ। ਮੈਂ ਵੀ ਵਾਰ ਵਾਰ ਉਹ ਸੀਡੀ ਸੁਣੀ। ਇਸ ਗੱਲ ਨੇ ਵੀ ਇਹ ਕਿੱਸਾ ਛਪਵਾਉਣ ਲਈ ਮੇਰਾ ਉਤਸ਼ਾਹ ਵਧਾਇਆ। ਅਸੀਂ ਲੋਕ ਕਿੰਨੀ ਹੀਣ ਭਾਵਨਾ ਦਾ ਸ਼ਿਕਾਰ ਹਾਂ ਕਿ ਆਪਣੇ ਲੋਕਸੰਗੀਤ ਨੂੰ ਸੁਣਨਾ ਵੀ ਅਨਪੜ੍ਹਤਾ, ਗੰਵਾਰਤਾ ਦੀ ਨਿਸ਼ਾਨੀ ਸਮਝਦੇ ਹਾਂ ਪਰ ਸਦਕੇ ਜਾਈਏ ਪੋਲੈਂਡ ਵਾਲਿਆਂ ਦੇ ਕਿ ਉਹਨਾਂ ਨੇ ਅਮਰੀਕਾ, ਕੈਨੇਡਾ 'ਤੇ ਯੂਰਪ ਤੱਕ ਆਪਣੇ ਲੋਕਸੰਗੀਤ ਦਾ ਲੋਹਾ ਮੰਨਵਾਇਆ ਹੈ। ਕਾਸ਼! ਕੋਈ ਸਾਡੇ ਢੱਡ ਸਾਰੰਗੀ ਜਾਂ ਤੂੰਬੇ ਅਲਗੋਜ਼ਿਆਂ ਦੇ ਗਾਉਣ ਦਾ ਅਜਿਹਾ ਮੁੱਲ ਪਵਾ ਸਕਦਾ।

ਹਜ਼ੂਰਾ ਸਿੰਘ ਦਾ ਸ਼ਾਹਕਾਰ - 'ਹੀਰ' : ਹਰਵਿੰਦਰ ਸਿੰਘ ਚਹਿਲ

ਹਜ਼ੂਰਾ ਸਿੰਘ ਗਰੇਵਾਲ ਗੋਤ ਦਾ ਜੱਟ ਸੀ। ਉਸਦਾ ਜਨਮ ਪਿੰਡ ਬੁਟਾਹਰੀ (ਨੇੜੇ ਡੇਹਲੋਂ) ਦੀ ਪੱਤੀ ਗਰੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ ਕਾਹਨ ਸਿੰਘ ਦੇ ਘਰ ਹੋਇਆ। ਉਹਦੇ ਨਾਨਕੇ ਪਿੰਡ ਗੁਰਮਾ ਵਿਖੇ ਸਨ।

ਹਜ਼ੂਰਾ ਸਿੰਘ ਦੇ ਪਿੰਡ ਬੁਟਾਹਰੀ ਦਾ ਬਾਬਾ ਭਾਗਮਸੀਹ ਮੈਨੂੰ ਸੰਨ 2000 ਵਿੱਚ ਮਿਲਿਆ। ਹਜ਼ੂਰਾ ਸਿੰਘ ਦੇ ਜਨਮ ਸੰਬੰਧੀ ਪੁੱਛਣ ਤੇ ਉਹ ਦਸਦਾ ਹੈ ਕਿ ਜਦੋਂ ਹਜ਼ੂਰਾ ਸਿੰਘ ਸਵਰਗਵਾਸ ਹੋਇਆ ਉਦੋਂ ਮੇਰੀ ਉਮਰ 22 ਸਾਲ ਸੀ। ਹੁਣ ਮੇਰੀ ਉਮਰ 80 ਸਾਲ ਹੈ। ਜਦੋਂ ਉਸਦੀ ਮੌਤ ਹੋਈ ਉਦੋਂ ਵੀ ਉਸਦੀ ਉਮਰ 100 ਸਾਲ ਤੋਂ ਵੱਧ ਭਾਵੇਂ ਹੋਵੇ ਘੱਟ ਨਹੀਂ ਸੀ। ਮਰਨ ਵੇਲੇ ਉਹ ਬਲਿਕੁੱਲ ਕੁੱਬਾ ਹੋ ਗਿਆ ਸੀ। ਇਸ ਤਰ੍ਹਾਂ ਨਾਲ ਬਾਬਾ ਭਾਗਮਸੀਹ ਦਾ ਜਨਮ 1920 ਵਿਚ ਹੋਇਆ ਸੀ ਤੇ ਇਸ ਹਿਸਾਬ ਨਾਲ ਹਜ਼ੂਰਾ ਸਿੰਘ ਦੀ ਮੌਤ 1942 ਵਿਚ ਹੋਈ ਸੀ । ਉਸਦਾ ਜਨਮ ਸਾਲ ਫਿਰ 1840-42 ਦੇ ਨੇੜੇ ਤੇੜੇ ਬਣਦਾ ਹੈ।ਬੁਟਾਹਰੀ ਪਿੰਡ ਦੇ ਹੀ ਬਾਬਾ ਜਾਗਰ ਸਿੰਘ ਦੇ ਦੱਸਣ ਅਨੁਸਾਰ ਹਜ਼ੂਰਾ ਸਿੰਘ ਹੱਲਿਆਂ (1947) ਤੋਂ ਦੋ ਸਾਲ ਪਹਿਲਾਂ ਮਰਿਆ ਸੀ। ਉਹ ਇਹ ਵੀ ਕਹਿੰਦਾ ਹੈ ਕਿ ਮਰਨ ਵੇਲੇ ਹਜ਼ੂਰਾ ਸਿੰਘ ਦੀ ਉਮਰ 100 ਸਾਲ ਹਰ ਹਾਲਤ 'ਚ ਸੀ। ਮਰਨ ਵੇਲੇ ਉਹ ਕੜ੍ਹਿਆ ਪਿਆ ਸੀ। ਇਸ ਹਿਸਾਬ ਨਾਲ ਜੇ ਹਜ਼ੂਰਾ ਸਿੰਘ ਦੀ ਮੌਤ 1945 ਵਿੱਚ ਹੋਈ ਸੀ ਤਾਂ ਉਸਦਾ ਜਨਮ ਸਾਲ 1845 ਈਸਵੀ ਬਣਦਾ ਹੈ।

ਹਜ਼ੂਰਾ ਸਿੰਘ ਦਾ ਵਿਆਹ ਪਿੰਡ ਝੰਮਟ ਵਿਖੇ ਨਿਹਾਲ ਕੌਰ (ਨਿਹਾਲੋ) ਨਾਲ ਹੋਇਆ, ਜਿਸਦੀ ਜੁਆਨੀ ਵਿੱਚ ਹੀ ਮੌਤ ਹੋ ਗਈ। ਨਿਹਾਲੋ ਤੋਂ ਹਜ਼ੂਰਾ ਸਿੰਘ ਦੇ ਦੋ ਲੜਕੇ ਅਤੇ ਦੋ ਲੜਕੀਆਂ ਪੈਦਾ ਹੋਈਆਂ। ਹਜ਼ੂਰਾ ਸਿੰਘ ਦੇ ਵੱਡੇ ਲੜਕੇ ਦਾ ਨਾਂ ਕਰਤਾਰ ਅਤੇ ਛੋਟੇ ਦਾ ਨਾਂ ਘੁੱਕੋ ਸੀ। ਲੜਕੀਆਂ ਕਰਤਾਰੋ ਅਤੇ ਪੰਜਾਬੋ ਸਨ ਜਿਹੜੀਆਂ ਕਰਮਵਾਰ ਪਿੰਡ ਦਾਦਾਂ ਅਤੇ ਪੰਡੋਰੀ ਵਿਖੇ ਵਿਆਹੀਆਂ ਹੋਈਆਂ ਸਨ। ਹਜ਼ੂਰਾ ਸਿੰਘ ਦੇ ਦੋਵੇਂ ਪੁੱਤਰ ਕਿਸੇ ਕੰਮ ਦੇ ਨਾ ਨਿਕਲੇ। ਕਰਤਾਰ ਛੜਾ ਸੀ। ਘੁੱਕੋ ਨੇ ਪਿੰਡ ਵਿੱਚੋਂ ਹੀ ਹਰ ਕੁਰ ਨਾਂ ਦੀ ਕਿਸੇ ਦੀ ਜਨਾਨੀ ਜਿਹੜੀ ਪਿੱਛੋਂ ਜੜਤੌਲੀ ਪਿੰਡ ਦੀ ਸੀ, ਕੱਢ ਲਿਆਂਦੀ ਜਿਸ ਤੋਂ ਉਸਦੇ ਛੱਜੂ ਨਾਂ ਦਾ ਇੱਕ ਲੜਕਾ ਅਤੇ ਚਾਰ ਲੜਕੀਆਂਵੱਡੀ ਬਚਨੀ, ਉਸਤੋਂ ਛੋਟੀ ਸੀਤੋ, ਉਸਤੋਂ ਛੋਟੀ ਗਾਲ ਜਾਂ ਗੇਲੋ 'ਤੇ ਸਾਰਿਆਂ ਤੋਂ ਛੋਟੀ ਜਮ੍ਹੇਰੋ ਪੈਦਾ ਹੋਈਆਂ। ਬਚਨੀ ਅਤੇ ਸੀਤੋ ਮਕਸੂਦੜੇ ਵਿਆਹੀਆਂ ਗਈਆਂ, ਗਾਲ ਪਾਇਲ ਕੋਲ ਨਵੇਂ ਪਿੰਡ ਅਤੇ ਜਮ੍ਹੇਰੋ ਪਿੰਡ ਮੋਰਾਂਵਾਲੀ ਵਿਖੇ ਵਿਆਹ ਦਿੱਤੀ ਗਈ । ਛੱਜੂ ਨੂੰ ਕਿਸੇ ਨੇ ਬਸੰਤ ਕੌਰ ਨਾਂ ਦੀ ਇੱਕ ਤੁਰਦੀ ਫਿਰਦੀ ਜਨਾਨੀ ਲਿਆ ਦਿੱਤੀ ਜਿਸਦੇ ਮਗਰ ਇੱਕ ਕੁੜੀ ਸੀ ਜਿਸਨੂੰ ਉਸਨੇ ਪਾਲ ਕੇ ਪਿੰਡ ਬੀਜੇ (ਜਾਂ ਭੌਰਲੇ) ਵਿਆਹ ਦਿੱਤਾ। ਦਸਦੇ ਹਨ ਕਿ ਉਦੋਂ ਦੇ ਕਿਸੇ ਬਦਮਾਸ਼ਾਂ ਵਗੈਰਾ ਤੋਂ ਛੱਜੂ ਨੇ ਇਹ ਜਨਾਨੀ ਮੁੱਲ ਖਰੀਦੀ ਸੀ। ਮਗਰੋਂ ਉਸ ਜਨਾਨੀ ਨੇ ਛੱਜੂ ਨੂੰ ਕੁਝ ਖੁਆ ਕੇ ਪਾਗਲ ਕਰ ਦਿੱਤਾ 'ਤੇ ਆਪ ਸਾਰੀ ਜ਼ਮੀਨ ਵੇਚ ਕੇ ਆਪਣੀ ਕੁੜੀ ਕੋਲ ਚਲੀ ਗਈ। ਬਾਅਦ ਵਿੱਚ ਛੱਜੂ ਵੀ ਪਰਲੋਕ ਸਿਧਾਰ ਗਿਆ। ਇਸ ਤਰ੍ਹਾਂ ਪਿੰਡ ਬੁਟਾਹਰੀ ਜਿੱਥੇ ਕਦੇ ਹਜ਼ੂਰਾ ਸਿੰਘ ਦੀ ਤੂਤੀ ਬੋਲਦੀ ਸੀ ਤੇ ਜਿਸ ਨੂੰ ਹਜ਼ੂਰਾ ਸਿੰਘ ਦੇ ਨਾਂ ਕਰਕੇ ਲੋਕ ਸੈਂਕੜੇ ਮੀਲਾਂ ਤੱਕ ਜਾਣਦੇ ਸਨ, ਓਸੇ ਪਿੰਡ ਵਿੱਚ ਹਜ਼ੂਰਾ ਸਿੰਘ ਦੇ ਵੰਸ਼ ਦਾ ਅੰਤ ਹੋ ਗਿਆ। ਹੁਣ ਉਸ ਪਿੰਡ ਵਿੱਚ ਹਜ਼ੂਰਾ ਸਿੰਘ 'ਤੇ ਉਸਦੇ ਖਾਨਦਾਨ ਦੀ ਇੱਕੋ ਇੱਕ ਨਿਸ਼ਾਨੀ ਇੱਕ ਡਾਟ ਖੜ੍ਹੀ ਹੈ, ਜਿਸ ਬਾਰੇ ਬਾਬਾ ਜਾਗਰ ਸਿੰਘ ਦਸਦਾ ਹੈ ਕਿ ਸਾਡੇ ਪਿੰਡ ਜੇ ਕੋਈ ਗਵੰਤਰੀ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਬੰਦਾ ਆਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇਸ ਡਾਟ ਨੂੰ ਨਿਮਸ਼ਕਾਰ ਕਰਦਾ ਹੈ।

ਹਜ਼ੂਰਾ ਸਿੰਘ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਬੁਟਾਹਰੀ ਦੇ ਬਾਵਾ ਕਿਰਪਾ ਰਾਮ ਉਦਾਸੀ ਸਾਧੂ ਦੇ ਡੇਰੇ ਜਿਹੜਾ ਪਿੰਡ ਦੇ ਵਿਚਕਾਰ ਸਥਿੱਤ ਹੈ, ਤੋਂ ਪ੍ਰਾਪਤ ਕੀਤੀ। ਇਸ ਡੇਰੇ ਦਾ ਹੁਣ ਗੁਰਦਵਾਰਾ ਬਣਾ ਦਿੱਤਾ ਗਿਆ ਹੈ ਤੇ ਇਸਨੂੰ ਵੱਡਾ ਗੁਰਦਵਾਰਾ ਕਿਹਾ ਜਾਂਦਾ ਹੈ।

ਹਜ਼ੂਰਾ ਸਿੰਘ ਦਾ ਉਸਤਾਦ ਨੇੜਲੇ ਪਿੰਡ ਲਹਿਲ ਦਾ ਰਹਿਣ ਵਾਲਾ ਮਿਸਤਰੀ ਲਹਿਣਾ ਸਿੰਘ ਸੀ। ਕਈ ਲੋਕ ਤਾਂ ਏਥੋਂ ਤੱਕ ਕਹਿ ਦਿੰਦੇ ਹਨ ਕਿ ਹੀਰ ਦਾ ਕਿੱਸਾ ਤਾਂ ਲਿਖਿਆ ਹੀ ਲਹਿਣਾ ਸਿੰਘ ਦਾ ਹੋਇਆ ਹੈ। ਹਜ਼ੂਰਾ ਸਿੰਘ ਤਾਂ ਸਿੱਧਾ ਸਾਦਾ ਆਦਮੀ ਸੀ। ਲਹਿਣਾ ਸਿੰਘ ਆਪਣਾ ਨਾਂ ਨਹੀਂ ਪਾਉਣਾ ਚਾਹੁੰਦਾ ਸੀ। ਇਸ ਕਰਕੇ ਉਹਨੇ ਆਪਣੇ ਚੇਲੇ ਹਜ਼ੂਰਾ ਸਿੰਘ ਦਾ ਨਾਂ ਪਾ ਦਿੱਤਾ। ਇਸੇ ਤਰ੍ਹਾਂ ਉਸਦੇ ਖੇਤ ਵਿੱਚ ਇੱਕ ਸੰਤ ਦੇ ਰਹਿਣ ਬਾਰੇ ਅਤੇ ਇਹ ਕਿੱਸਾ ਉਸ ਸੰਤ ਵੱਲੋਂ ਲਿਖੇ ਹੋਣ ਬਾਰੇ ਵੀ ਸੁਣਿਆ ਹੈ। ਏਥੇ ਵੀ ਸੰਤ ਆਪਣਾ ਨਾਂ ਨਹੀਂ ਪਾਉਣਾ ਚਾਹੁੰਦਾ ਸੀ। ਅਖੇ ਉਸਨੇ ਹਜ਼ੂਰਾ ਸਿੰਘ ਦੀ ਸੇਵਾ ਤੋਂ ਖੁਸ਼ ਹੋ ਕੇ ਇਸ ਕਿੱਸੇ ਵਿੱਚ ਉਸਦਾ ਨਾਂ ਪਾ ਦਿੱਤਾ। ਪਰ ਇਹਨਾਂ ਗੱਲਾਂ ਦੀ ਫੂਕ ਉਦੋਂ ਨਿਕਲ ਜਾਂਦੀ ਹੈ ਜਦੋਂ ਹਜ਼ੂਰਾ ਸਿੰਘ ਨੇ ਨੇੜਲੇ ਸ਼ਹਿਰ ਮਲੌਦ ਦੇ ਰਹਿਣ ਵਾਲੇ ਆਪਣੇ ਮਿੱਤਰ ਧਨੀ ਰਾਮ ਵੈਦ (ਜਿਸ ਨਾਲ ਉਸਦੀ ਯਾਰੀ ਅਤੇ ਉੱਠਣ ਬੈਠਣ ਬਾਰੇ ਹਰ ਕੋਈ ਜਾਣਦਾ ਹੈ ਅਤੇ ਜੀਹਦੇ ਨਾਲ ਨਾ ਲਹਿਣਾ ਸਿੰਘ ਨੂੰ ਕੋਈ ਮਤਲਬ ਹੈ ਨਾ ਉਸ ਸੰਤ ਨੂੰ) ਦੇ ਏਥੋਂ ਨੇੜੇ ਪੈਂਦੇ ਪਿੰਡ ਰੱਬੋਂ ਦੀ ਗੁੱਜਰਾਂ ਦੀ ਕੁੜੀ ਨਾਲ ਹੋਏ ਇਸ਼ਕ ਦਾ ਕਿੱਸਾ ਲਿਖ ਧਰਿਆ। ਇਸ ਕਿੱਸੇ ਦੇ ਹਵਾਲੇ ਅੱਗੇ ਆਉਣਗੇ। ਇਸ ਤੋਂ ਇਲਾਵਾ ਲੋਕਾਂ ਨੂੰ ਹਜ਼ੂਰਾ ਸਿੰਘ ਦੀ ਆਪਣੀ ਪਰੇਮ ਕਹਾਣੀ ਬਾਰੇ ਪਤਾ ਹੋਣਾ ਅਤੇ ਉਸ ਵੱਲੋਂ ਇਹ ਲਿਖਣਾ ਕਿ 'ਲੱਗੀ ਆਪਣੇ ਤਨ ਨੂੰ ਦੇਖੀ ਹੈ ਬੁਝਾ ਕੇ' ਕੋਈ ਭੁਲੇਖਾ ਨਹੀਂ ਰਹਿਣ ਦਿੰਦਾ।

ਇਸੇ ਤਰਾਂ ਦੀ ਇੱਕ ਕਹਾਣੀ ਬਾਬਾ ਜਾਗਰ ਸਿੰਘ ਵੀ ਦਸਦਾ ਹੈ। ਉਹ ਕਹਿੰਦਾ ਹੈ ਕਿ ਹਜ਼ੂਰਾ ਸਿੰਘ ਹੋਰੀਂ ਕੁੱਲ ਚਾਰ ਲਿਖਾਰੀ ਸਨ। ਹਜ਼ੂਰਾ ਸਿੰਘ ਤੋਂ ਬਿਨਾਂ ਦੂਸਰਾ ਵਿਅਕਤੀ ਖਟੜੇ ਪਿੰਡ ਦਾ ਤਰਖਾਣ ਜੀਵਾ ਸਿੰਘ ਸੀ ਜਿਹੜਾ ਬਾਬਾ ਜਾਗਰ ਸਿੰਘ ਨੇ ਨਹੀਂ ਦੇਖਿਆ। ਤੀਸਰਾ ਮਹਿਮਾ ਸਿੰਘ ਤੇਲੀ ਪਿੰਡ ਬੁਟਾਹਰੀ ਦਾ ਸੀ ਜਿਹੜਾ ਬਾਬਾ ਜਾਗਰ ਸਿੰਘ ਨੇ ਚੱਜ ਨਾਲ ਦੇਖਿਆ ਹੈ। ਚੌਥਾ ਪਿੰਡ ਬੁਟਾਹਰੀ ਦਾ ਰਾਮਦਾਸੀਆ ਹੀਰਾ ਸਿੰਘ ਸੀ। ਹੀਰਾ ਸਿੰਘ ਵੀ ਜਾਗਰ ਸਿੰਘ ਨੇ ਚੰਗੀ ਤਰਾਂ ਦੇਖਿਆ ਹੈ। ਇਹਨਾਂ ਚਾਰਾਂ ਦਾ ਆਗੂ ਹਜ਼ੂਰਾ ਸਿੰਘ ਸੀ। ਉਪਰੋਕਤ ਤਿੰਨਾਂ ਦੇ ਲਿਖੇ ਨੂੰ ਹਜ਼ੂਰਾ ਸਿੰਘ ਸੋਧ ਕੇ ਲਿਖਦਾ ਸੀ। ਇਹਨਾਂ ਦਾ ਮੋਢੀ ਹੋਣ ਕਰਕੇ ਨਾਂ ਹਜ਼ੂਰਾ ਸਿੰਘ ਆਪਣਾ ਪਾਉਂਦਾ ਸੀ।

ਪ੍ਰੰਤੂ ਹਜ਼ੂਰਾ ਸਿੰਘ ਦੀ ਹੀਰ ਜਾਂ ਦੂਸਰੀਆਂ ਰਚਨਾਵਾਂ ਨੂੰ ਪੜ੍ਹਦਿਆਂ ਕਿਤੇ ਵੀ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਇੱਕ ਤੋਂ ਵੱਧ ਵਿਅਕਤੀਆਂ ਦੀ ਰਚਨਾ ਹੈ। ਕਿਸੇ ਘਟਨਾ/ ਕਹਾਣੀ ਨੂੰ ਚਾਰੇ ਵਿਅਕਤੀ ਇੱਕੋ ਜਿੰਨੀ ਸ਼ਿੱਦਤ ਨਾਲ ਲਿਖ ਜਾਂ ਮਹਿਸੂਸ ਨਹੀਂ ਕਰ ਸਕਦੇ। ਬਾਕੀ ਕੋਈ ਰਚਨਾ ਸਮੂਹਿਕ ਨਹੀਂ ਹੁੰਦੀ। ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਹਜ਼ੂਰਾ ਸਿੰਘ ਵੱਲੋਂ ਪਹਿਲੀ ਉਮਰੇ ਆਪ ਜਥਾ ਬਣਾ ਕੇ ਗਾਉਣ ਬਾਰੇ ਪਤਾ ਲੱਗਦਾ ਹੈ। ਇਹ ਤਿੰਨੋ ਵਿਅਕਤੀ ਉਸਦੇ ਜਥੇ ਦੇ ਮੈਂਬਰ ਹੋਣਗੇ ਜਿਨਾਂ ਨਾਲ ਉਹ ਗਾਉਂਦਾ ਰਿਹਾ ਹੈ। ਏਥੇ ਵੀ ਹਜ਼ੂਰਾ ਸਿੰਘ ਵੱਲੋਂ ਲਿਖੀਆਂ ਇਹ ਲਾਈਨਾਂ 'ਹੀਰ ਰਾਂਝੇ ਤਾਈਂ ਗਰਜ ਹਜ਼ੂਰਾ ਸਿੰਘ ਕੀ, ਲੱਗੀ ਆਪਣੇ ਤਨ ਨੂੰ ਦੇਖੀ ਹੈ ਬੁਝਾ ਕੇ।' ਅਤੇ 'ਹੀਰ ਰਾਂਝੇ ਦਾ ਨਿਸ਼ਾਨਾ ਰੱਖ ਹਜ਼ੂਰਾ ਸਿੰਘ, ਲੇਖਾ ਆਪਣੇ ਕਰਮਾਂ ਦਾ ਸਾਫ਼ ਮੈਂ ਕਰਦਾ।' ਪੜ੍ਹ ਕੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਹ ਰਚਨਾ ਸਿਰਫ਼ ਤੇ ਸਿਰਫ਼ ਹਜ਼ੂਰਾ ਸਿੰਘ ਦੀ ਹੀ ਹੈ।

ਹਜ਼ੂਰਾ ਸਿੰਘ ਦਾ ਕੱਦ ਭਾਵੇਂ ਮਧਰਾ ਸੀ ਪਰ ਉਂਝ ਉਹ ਸੁਣੱਖਾ ਸੀ। ਸਰੀਰ ਵੀ ਉਸਦਾ ਇਕਹਿਰਾ ਜਿਹਾ ਸੀ। ਦਾੜ੍ਹੀ ਉਸਦੀ ਹੌਲੀ ਸੀ, ਪਤਲੀ ਜਿਹੀ। ਉਸਨੂੰ ਵੀ ਉਹ ਕਟਾ ਕੇ ਰੱਖਦਾ ਸੀ। ਪਹਿਰਾਵਾ ਉਸਦਾ ਕੁੜਤਾ ਚਾਦਰਾ ਸੀ। ਸਿਰ ਤੇ ਪੱਗ ਬੰਨਦਾ ਸੀ।

ਉਹ ਹਿਕਮਤ ਵੀ ਕਰਦਾ ਸੀ। ਬੁਖਾਰ ਵਾਲੇ ਨੂੰ ਭਾਵੇਂ ਗੋਲੀਆਂ ਵੀ ਦਿੰਦਾ ਸੀ ਪਰ ਬੁਖਾਰ ਬਾਰੇ ਉਸਦਾ ਇਹ ਕਹਿਣਾ ਸੀ ਕਿ 'ਬੁਖਾਰ ਨੂੰ ਹਾੜ੍ਹੇ ਕੱਢ ਕੇ ਨਹੀਂ ਲਾਹੁਣਾ। ਜੁੱਤੀ ਨਾਲ ਲਾਹੁਣਾ ਹੈ।' ਜਿਸਦਾ ਇਲਾਜ ਕਰਦਾ ਸੀ, ਉਸ ਤੋਂ ਇੱਕ ਰੁਪਈਆ ਲੈਂਦਾ ਸੀ, ਨਾਲ ਪਾਥੀਆ ਦਾ ਟੋਕਰਾ ਜ਼ਰੂਰ ਲੈਂਦਾ ਸੀ ਜਿਨ੍ਹਾਂ ਨੂੰ ਉਹ ਦਵਾਈਆਂ ਬਣਾਉਣ ਲਈ ਵਰਤਦਾ ਸੀ। ਹਜ਼ੂਰਾ ਸਿੰਘ ਜਿਸ ਮਰੀਜ਼ ਦਾ ਇਲਾਜ ਕਰਦਾ ਸੀ, ਉਸ ਕੋਲ ਮੁੜ ਮੁੜ ਗੇੜੇ ਮਾਰਦਾ ਸੀ ਕਿ ਠੀਕ ਹੋ ਗਿਐ ਜਾਂ ਨਹੀਂ। ਬਾਬਾ ਜਾਗਰ ਸਿੰਘ ਦਸਦਾ ਹੈ ਕਿ ਇੱਕ ਵਾਰ ਉਸਦੀ ਭੈਣ ਦੇ ਮੌਰਾਂ ਉੱਪਰ ਮੋਗਰੀ ਫੋੜਾ ਨਿਕਲ ਆਇਆ। ਕਈ ਵੈਦਾਂ ਨੂੰ ਉਹ ਦਿਖਾਇਆ ਪਰ ਕਿਸੇ ਤੋਂ ਠੀਕ ਨਾ ਹੋਇਆ। ਅਖ਼ੀਰ ਹਜ਼ੂਰਾ ਸਿੰਘ ਨੇ ਠੀਕ ਕੀਤਾ ਸੀ। ਇਸ ਤੋਂ ਇਲਾਵਾ ਉਹ ਸਿਆਣਪ ਵੀ ਕਰਦਾ ਸੀ। ਕਸਰਾਂ ਵਗੈਰਾ ਦੀ ਛਾਇਆ ਛੁਪਾਇਆ ਵੀ ਕਰਦਾ ਸੀ।

ਹਜ਼ੂਰਾ ਸਿੰਘ ਆਪਣੇ ਕੋਲ ਹਰ ਵੇਲੇ ਇੱਕ ਬੱਕਰੀ ਰੱਖਦਾ ਸੀ 'ਤੇ ਇੱਕ ਉਹਦੇ ਕੋਲ ਆਹਲਾ ਦਰਜ਼ੇ ਦੀ ਸ਼ਿਕਾਰੀ ਕੁੱਤੀ ਸੀ ਜਿਸਦਾ ਨਾਂ 'ਸਬਜ਼ੀ' ਸੀ। ਪੁਰਾਣੇ ਸਮਿਆਂ ਦੇ ਨਵਾਬਾਂ, ਰਾਜਿਆਂ, ਜਗੀਰਦਾਰਾਂ ਨੂੰ ਕੁੱਤੇ ਅਤੇ ਘੋੜੀਆਂ ਰੱਖਣ ਦਾ ਸ਼ੌਕ ਹੁੰਦਾ ਸੀ। ਜਿਸ ਬੰਦੇ ਕੋਲ ਵਧੀਆ ਨਸਲ ਦਾ ਕੁੱਤਾ ਜਾਂ ਘੋੜੀ ਹੁੰਦੀ ਸੀ, ਉਹ ਜਿਹੜੇ ਮਰਜ਼ੀ ਅਫ਼ਸਰ/ਰਾਜੇ/ਨਵਾਬ ਕੋਲ ਚਲਾ ਜਾਵੇ, ਉਸਦੀ 'ਆ! ਬੈਠ!' ਹੁੰਦੀ ਸੀ। ਹਜ਼ੂਰਾ ਸਿੰਘ ਕੋਲ ਵਧੀਆ ਨਸਲ ਦੀ ਸ਼ਿਕਾਰੀ ਕੁੱਤੀ ਹੋਣ ਕਰਕੇ ਹੀ ਉਸਦੀ ਮਲੇਰਕੋਟਲੇ ਦੇ ਨਵਾਬ ਨਾਲ ਦੰਦ ਟੁੱਕਵੀਂ ਸਾਂਝ ਸੀ। ਇਹੀ ਕਾਰਨ ਹਜ਼ੂਰਾ ਸਿੰਘ ਦਾ ਨਾਭੇ ਵਾਲੇ ਰਾਜੇ ਹੀਰਾ ਸਿੰਘ ਨਾਲ ਨੇੜਤਾ ਹੋਣ ਦਾ ਮਾਲੂਮ ਹੁੰਦਾ ਹੈ। ਰਾਜੇ ਹੀਰਾ ਸਿੰਘ ਕੋਲ ਅਜਿਹਾ ਬਾਜ਼ ਸੀ ਜਿਹੜਾ ਸਹੇ ਨੂੰ ਭਾਲ ਕੇ ਚੁੱਕ ਲਿਆਉਂਦਾ ਸੀ। ਦੱਸਣ ਵਾਲੇ ਦਸਦੇ ਹਨ ਕਿ ਇੱਕ ਵਾਰ ਰਾਜਾ ਅਤੇ ਹਜ਼ੂਰਾ ਸਿੰਘ ਬੈਠੇ ਇੱਕ ਨਾਚੀ ਦਾ ਨਾਚ ਦੇਖ ਰਹੇ ਸਨ ਕਿ ਰਾਜੇ ਨੇ ਹਜ਼ੂਰਾ ਸਿੰਘ ਤੋਂ ਉਸਦੀ ਕੁੱਤੀ 'ਸਬਜ਼ੀ' ਮੰਗ ਲਈ। ਬਦਲੇ ਵਿਚ ਉਸਨੂੰ ਜੋ ਵੀ ਉਹ ਮੰਗ ਸਕਦਾ ਸੀ, ਮੰਗਣ ਲਈ ਕਿਹਾ। ਕਹਿੰਦੇ ਨੇ ਹਜ਼ੂਰਾ ਸਿੰਘ ਨੇ ਨੱਚਣ ਵਾਲੀ ਉਹ ਨਾਚੀ ਮੰਗ ਲਈ। ਆਪਣੀ ਕੁੱਤੀ ਦੇ ਕੇ ਨੱਚਣ ਵਾਲੀ ਉਹ ਲੜਕੀ ਆਪਣੇ ਘਰ ਲੈ ਆਂਦੀ। ਪਰ ਬਹੁਤਾ ਚਿਰ ਉਹ ਵੀ ਹਜ਼ੂਰਾ ਸਿੰਘ ਦੇ ਨਹੀਂ ਵਸੀ 'ਤੇ ਆਖ਼ਰ ਉਹਨੂੰ ਛੱਡ ਕੇ ਚਲੀ ਗਈ।

ਹਜ਼ੂਰਾ ਸਿੰਘ ਹਾਲੇ ਜੁਆਨ ਹੀ ਸੀ ਜਦੋਂ ਉਸਦੀ ਘਰ ਵਾਲੀ ਨਿਹਾਲੋ ਦੀ ਮੌਤ ਹੋ ਗਈ। ਹਜ਼ੂਰਾ ਸਿੰਘ ਇੱਕਲਾ ਰਹਿ ਗਿਆ। ਇਸ ਇੱਕਲ ਨੇ ਹਜ਼ੂਰਾ ਸਿੰਘ ਨੂੰ ਏਨਾ ਸਤਾਇਆ ਕਿ ਇਸ ਵਿੱਚੋਂ ਇੱਕ ਰਿਸ਼ਤੇ ਦਾ ਜਨਮ ਹੋਇਆ ਜਿਹੜਾ ਅੱਗੋਂ ਜਾ ਕੇ 'ਹੀਰ' ਦਾ ਕਿੱਸਾ ਰਚਣ ਦਾ ਅਧਾਰ ਬਣਿਆ। ਇਸ ਤਰਾਂ ਦੇ ਹਾਲਾਤਾਂ ਵਿੱਚ ਹਜ਼ੂਰਾ ਸਿੰਘ ਦਾ ਆਪਣੇ ਹੀ ਪਿੰਡ ਬੁਟਾਹਰੀ ਵਿਖੇ ਵਿਆਹੀ ਵਰ੍ਹੀ ਝਿਉਰਾਂ ਦੀ ਇੱਕ ਔਰਤ ਨਾਲ ਪਿਆਰ ਪੈ ਗਿਆ। ਇਹ ਪਿਆਰ ਏਥੋਂ ਤੱਕ ਵੱਧ ਗਿਆ ਕਿ ਉਹ ਔਰਤ ਆਪਣੇ ਘਰ ਵਾਲੇ ਨੂੰ ਛੱਡਕੇ ਹਜ਼ੂਰਾ ਸਿੰਘ ਦੇ ਘਰ ਵਿੱਚ ਆ ਕੇ ਰਹਿਣ ਲੱਗ ਪਈ। ਉਸ ਦੇ ਆਪਣੇ ਪਹਿਲੇ ਘਰ ਵਾਲੇ ਤੋਂ ਇੱਕ ਲੜਕੀ ਸੀ, ਉਹ ਵੀ ਆਪਣੀ ਮਾਂ ਦੇ ਨਾਲ ਹੀ ਆ ਗਈ। ਫਿਰ ਤਾਂ ਕਹਿੰਦੇ ਹਨ ਕਿ ਹਜ਼ੂਰਾ ਸਿੰਘ ਹੱਥੀਂ ਚੱਕੀ ਚਲਾ ਕੇ ਆਟਾ ਪੀਠਿਆ ਕਰੇ 'ਤੇ ਉਸਦੀ ਮਸ਼ੂਕ ਉਹਨੂੰ ਰੋਟੀਆਂ ਪਕਾ ਕੇ ਦਿਆ ਕਰੇ। ਇੱਕ ਵਾਰ ਉਸ ਨੇ ਹਜ਼ੂਰਾ ਸਿੰਘ ਅੱਗੇ ਇਹ ਸ਼ਰਤ ਰੱਖੀ ਕਿ ਮੈਂ ਤੈਨੂੰ ਤਾਂ ਮੰਨਾਂ ਜੇ ਖੇਤ 'ਚ ਚੁਬਾਰਾ ਪਾ ਕੇ ਅੰਗੂਰਾਂ ਦੀਆਂ ਵੇਲਾਂ ਲਗਵਾਵੇਂ। ਹਜ਼ੂਰਾ ਸਿੰਘ ਨੇ ਇਸੇ ਤਰਾਂ ਕੀਤਾ। ਪਿੰਡ ਦੀ ਨਿਆਈਂ 'ਚ ਸਿਆੜ੍ਹ ਵਾਲੇ ਰਾਹ ਉੱਪਰ ਚੜ੍ਹਦੇ ਪਾਸੇ ਉਸਦੀ 20 ਕੁ ਵਿੱਘੇ ਜ਼ਮੀਨ ਸੀ। ਉੱਥੇ ਚੁਬਾਰਾ ਪਾ ਕੇ ਅੰਗੂਰਾਂ ਦੀਆਂ ਵੇਲਾਂ ਲਗਵਾਈਆਂ ਗਈਆਂ। ਇਹੀ ਉਹ ਚੁਬਾਰਾ ਹੈ ਜਿੱਥੇ ਬੈਠ ਕੇ ਹਜ਼ੂਰਾ ਸਿੰਘ ਨੇ 'ਹੀਰ' ਦਾ ਕਿੱਸਾ ਲਿਖਿਆ।

ਸਮੇਂ ਦੇ ਬੀਤਣ ਨਾਲ ਹਜ਼ੂਰਾ ਸਿੰਘ 'ਤੇ ਉਸਦੀ ਮਸ਼ੂਕ 'ਚ ਅਣਬਣ ਹੋਣੀ ਸ਼ੁਰੂ ਹੋ ਗਈ। ਇਹ ਅਣਬਣ ਏਥੋਂ ਤੱਕ ਵਧ ਗਈ ਕਿ ਇੱਕ ਦਿਨ ਜਦੋਂ ਹਜ਼ੂਰਾ ਸਿੰਘ ਬਾਹਰੋਂ ਆਇਆ ਤਾਂ ਉਸ ਔਰਤ ਨੇ ਉਸਦੇ ਆਉਂਦੇ ਨੂੰ ਖੀਰ ਬਣਾ ਕੇ ਵਿੱਚ ਸੰਖੀਆ ਪਾ ਕੇ ਰੱਖ ਦਿੱਤੀ। ਉਸਨੂੰ ਖੀਰ 'ਚ ਸੰਖੀਆ ਪਾਉਂਦੀ ਨੂੰ ਉਸਦੀ ਲੜਕੀ ਨੇ ਦੇਖ ਲਿਆ ਸੀ।

ਜਦੋਂ ਹਜ਼ੂਰਾ ਸਿੰਘ ਨੇ ਘਰ ਆ ਕੇ ਰੋਟੀ ਮੰਗੀ ਤਾਂ ਉਸ ਔਰਤ ਨੇ ਖੀਰ ਫੜਾ ਦਿੱਤੀ। ਜਦੋਂ ਉਹ ਖਾਣ ਲੱਗਾ ਤਾਂ ਉਸ ਔਰਤ ਦੀ ਲੜਕੀ ਨੇ ਹਜ਼ੂਰਾ ਸਿੰਘ ਨੂੰ ਸਾਰੀ ਗਲ ਦਸ ਦਿੱਤੀ ਕਿ ਖੀਰ ਵਿੱਚ ਮਾਂ ਨੇ ਕੁਛ ਪਾਇਆ ਹੈ। ਉਸਨੇ ਉਸੇ ਵੇਲੇ ਖੀਰ ਨੇੜੇ ਬੈਠੇ ਕੁੱਤੇ ਨੂੰ ਪਾ ਦਿੱਤੀ ਜਿਹੜਾ ਉਸੇ ਸਮੇਂ ਖੀਰ ਖਾ ਕੇ ਮਰ ਗਿਆ। ਇਹ ਦੇਖ ਕੇ ਉਸਦੀ ਮਸ਼ੂਕ ਕਹਿਣ ਲੱਗੀ 'ਚਾਹੇ ਮਾਰ ਚਾਹੇ ਛੱਡ! ਮੈਂ ਨੀ ਹੁਣ ਤੇਰੇ ਵਸਣਾਂ!' ਫਿਰ ਉਹ ਮੁੜਕੇ ਹਜ਼ੂਰਾ ਸਿੰਘ ਦੇ ਨਹੀਂ ਵਸੀ।

ਇਸ ਗੱਲ ਤੋਂ ਹਜ਼ੂਰਾ ਸਿੰਘ ਦੇ ਮਨ ਨੂੰ ਬਹੁਤ ਸੱਟ ਲੱਗੀ। ਉਸਦਾ ਮਨ ਬਹੁਤ ਵੈਰਾਗ'ਚ ਆਇਆ। ਉਸਨੇ ਵਾਰਿਸ ਸ਼ਾਹ ਦੀ ਹੀਰ ਪੜ੍ਹੀ। ਦਮੋਦਰ ਦੀ ਹੀਰ ਪੜ੍ਹੀ 'ਤੇ ਫਿਰ ਆਪ 'ਹੀਰ' ਦਾ ਕਿੱਸਾ ਲਿਖਿਆ। ਇਸ ਤਰ੍ਹਾਂ ਹਜ਼ੂਰਾ ਸਿੰਘ ਦੀ ਹੀਰ ਦੀ ਪਿੱਠਭੂਮੀ ਵਿੱਚ ਜਿਹੜੀ ਪਰੀਆਂ ਵਰਗੀ ਸੂਰਤ ਖੜੀ ਹੈ, ਉਹ ਉਸਦੀ ਏਹੋ ਮਸ਼ੂਕ ਹੈ। ਹਜ਼ੂਰਾ ਸਿੰਘ ਆਪ ਵੀ ਆਪਣੀ ਰਚਨਾ ਵਿੱਚ ਇਸ ਬਾਰੇ ਸਪਸ਼ਟ ਇਸ਼ਾਰੇ ਕਰਦਾ ਹੈ। ਜਿਸ ਤਰਾਂ ਵਾਰਿਸ ਸ਼ਾਹ ਦੀ ਹੀਰ ਸੰਬੰਧੀ ਇੱਕ ਧਾਰਨਾ ਇਹ ਪਾਈ ਜਾਂਦੀ ਹੈ ਕਿ ਵਾਰਿਸ ਸ਼ਾਹ ਦਾ ਭਾਗਭਰੀ ਨਾਂ ਦੀ ਇੱਕ ਮੁਟਿਆਰ ਨਾਲ ਪਿਆਰ ਹੋ ਗਿਆ, ਜਿਸਨੂੰ ਅਧਾਰ ਬਣਾ ਕੇ ਉਸਨੇ 'ਹੀਰ' ਦਾ ਕਿੱਸਾ ਲਿਖਿਆ। ਹਜ਼ੂਰਾ ਸਿੰਘ ਦੀ ਹੀਰ ਬਾਰੇ ਤਾਂ ਉਸਨੇ ਆਪ ਹੀ ਸਪੱਸ਼ਟ ਤੌਰ ਤੇ ਲਿਖ ਦਿੱਤਾ ਹੈ ਕਿ ਮੈਨੂੰ ਹੀਰਰਾਂਝੇ ਨਾਲ ਕੋਈ ਵਾਸਤਾ ਨਹੀਂ ਹੈ, ਮੈਂ ਤਾਂ ਹੀਰ ਰਾਂਝੇ ਦੀ ਕਹਾਣੀ ਦੇ ਓਹਲੇ 'ਚ ਆਪਣੇ ਤਨ ਨੂੰ ਲੱਗੀ ਹੋਈ ਅੱਗ ਬੁਝਾ ਕੇ ਦੇਖੀ ਹੈ।

ਪਹਿਲੀ ਹੀ ਕਲੀ (ਇਸ ਕਿਤਾਬ ਵਿੱਚ) 'ਚ ਉਹ ਲਿਖਦਾ ਹੈ:

ਹੀਰ ਰਾਂਝੇ ਦਾ ਨਿਸ਼ਾਨਾ ਰੱਖ ਹਜ਼ੂਰਾ ਸਿੰਘ ਲੇਖਾ ਆਪਣੇ ਕਰਮਾਂ ਦਾ ਸਾਫ਼ ਮੈਂ ਕਰਦਾ। 'ਤੇ ਆਖ਼ਰੀ ਕਲੀਆਂ 'ਚ ਉਹ ਕੋਈ ਭੁਲੇਖਾ ਨਹੀਂ ਰਹਿਣ ਦਿੰਦਾ ਜਦੋਂ ਉਹ ਕਹਿੰਦਾ ਹੈ;

ਹੀਰ ਰਾਂਝੇ ਤਾਈਂ ਗਰਜ਼ ਹਜ਼ੂਰਾ ਸਿੰਘ ਕੀ?
ਲੱਗੀ ਅਪਣੇ ਤਨ ਨੂੰ ਦੇਖੀ ਹੈ ਬੁਝਾ ਕੇ।

ਆਪਣੀ ਮਸ਼ੂਕ ਨਾਲ ਤੋੜ ਵਿਛੋੜਾ ਹੋਣ ਵੇਲੇ ਵੀ ਹਜ਼ੂਰਾ ਸਿੰਘ ਹਾਲੇ ਜੁਆਨ ਹੀ ਸੀ। ਕੋਈ 30-35 ਸਾਲ ਦਾ ਹੋਵੇਗਾ। ਇਸ ਤੋਂ ਛੇਤੀ ਬਾਅਦ ਹਜ਼ੂਰਾ ਸਿੰਘ ਵੱਲੋਂ 'ਹੀਰ' ਰਚਣੀ ਸ਼ੁਰੂ ਹੋ ਜਾਂਦੀ ਹੈ। ਸੋ ਜੇ ਹਜ਼ੂਰਾ ਸਿੰਘ ਦਾ ਜਨਮ 1842-45 'ਚ ਹੋਇਆ ਹੋਵੇ ਤਾਂ ਉਸਦੇ ਸਭ ਤੋਂ ਪ੍ਰਸਿੱਧ ਕਿੱਸੇ 'ਹੀਰ' ਦਾ ਰਚਨਾ ਕਾਲ 1870-80 ਦੇ ਨੇੜੇ ਤੇੜੇ ਬਣਦਾ ਹੈ। ਇਹ ਉਸਦਾ ਪਹਿਲਾ ਕਿੱਸਾ ਮਾਲੂਮ ਹੁੰਦਾ ਹੈ। ਇਸ ਤੋਂ ਬਾਅਦ ਤਾਂ ਫਿਰ ਪੰਜਾਬੀ ਲੋਕਮਨ, ਲੋਕ-ਸਾਹਿਤ ਦੀ ਸ਼ਾਇਦ ਹੀ ਕੋਈ ਕਥਾ-ਕਹਾਣੀ ਹੋਵੇ ਜਿਸ ਉੱਪਰ ਹਜ਼ੂਰਾ ਸਿੰਘ ਨੇ ਕਿੱਸਾ ਨਾ ਰਚਿਆ ਹੋਵੇ। ਜਿਸ ਤਰਾਂ ਬਾਵਾ ਬਲਵੰਤ ਆਪਣੀ ਸਾਰੀ ਰਚਨਾ ਦੇ ਰਚਣ ਦਾ ਕਾਰਨ ਉਸਦੇ ਜੀਵਨ ਵਿੱਚ ਆਈ ਕ੍ਰਿਸ਼ਨਾ ਨਾਂ ਦੀ ਕੁੜੀ ਨੂੰ ਮੰਨਦਾ ਹੈ 'ਤੇ ਪ੍ਰੋਫੈਸਰ ਮੋਹਣ ਸਿੰਘ ਆਪਣੀ ਸਮੁੱਚੀ ਸਾਇਰੀ ਨੂੰ ਆਪਣੀ ਪਹਿਲੀ ਪਤਨੀ ਬਸੰਤ ਦੀ ਦੇਣ ਮੰਨਦਾ ਹੈ, ਇਸੇ ਤਰਾਂ ਜੇ ਹਜ਼ੂਰਾ ਸਿੰਘ ਦੀ ਸਮੁੱਚੀ ਰਚਨਾ ਨੂੰ ਉਸਦੀ ਉਪਰੋਕਤ ਮਸ਼ੂਕ ਦੇ ਨਾਂ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਬਹੁਤ ਹੱਦ ਤੱਕ ਸੱਚ ਪ੍ਰਤੀਤ ਹੁੰਦਾ ਹੈ।

ਜਿੱਥੋਂ ਤੱਕ ਗਾਉਣ ਦਾ ਸਵਾਲ ਹੈ, ਜੁਆਨੀ ਵੇਲੇ ਹਜ਼ੂਰਾ ਸਿੰਘ ਆਪ ਵੀ ਗਾਉਂਦਾ ਰਿਹਾ ਹੈ ਪਰ ਬਾਅਦ ਵਿੱਚ ਉਸਨੇ ਗਾਉਣਾ ਛੱਡ ਦਿੱਤਾ 'ਤੇ ਇਹ ਕੰਮ ਉਸਦੇ ਚੇਲੇ ਕਰਦੇ ਰਹੇ। ਉਸਦੇ ਚੇਲਿਆਂ ਵਿੱਚ ਹਰਨਾਮ ਸਿੰਘ ਅਤੇ ਸਿਆਮ ਸਿੰਘ ਮਜਹਬੀ ਭਰਾ ਪਿੰਡ ਬੁਟਾਹਰੀ, ਨਾਹਰ ਸਿੰਘ ਬੁਟਾਹਰੀ ਨਰਾਇਣ ਸਿੰਘ ਬੁਟਾਹਰੀ, ਇੱਕ ਹੋਰ ਨਰਾਇਣ ਸਿੰਘ, ਇੱਕ ਤੀਸਰਾ ਨਰਾਇਣ ਸਿਉਂ ਸਾਰੰਗੀ ਵਜਾਉਂਦਾ ਸੀ; ਰਤਨ ਸਿੰਘ, ਫਤਹਿ ਸਿੰਘ ਬੁਟਾਹਰੀ, ਪ੍ਰਸਿੱਧ ਢਾਡੀ ਦੀਦਾਰ ਸਿੰਘ ਰਟੈਂਡੇ ਵਾਲਾ, ਪੰਡਤ ਕਾਂਸ਼ੀ ਰਾਮ ਡੇਹਲੋਂ ਅਤੇ ਈਸੜੂ ਵਾਲਾ ਨਗੀਨਾ ਪ੍ਰਮੁੱਖ ਹਨ। ਉਸ ਵੇਲੇ ਦੀਆਂ ਕਈ ਔਰਤ ਗਵੰਤਰੀਆਂ ਵੱਲੋਂ ਵੀ ਹਜ਼ੂਰਾ ਸਿੰਘ ਦੀ ਹੀਰ ਗਾਉਣ ਬਾਰੇ ਜ਼ਿਕਰ ਮਿਲਦਾ ਹੈ। ਤਾਈ ਰਾਮ ਕੌਰ ਗੋਬਿੰਦਪੁਰੇ ਵਾਲੀ, ਪੰਜਾਬੀ ਪੂਹਲੇ ਵਾਲੀ ਅਤੇ ਸੰਤੀ ਸੁਨਿਆਰੀ ਟਹਿਣੇ ਵਾਲੀ ਉਸ ਸਮੇਂ ਦੇ ਮਸ਼ਹੂਰ ਗਵੰਤਰੀ ਮੋਦਨ ਮਰ੍ਹਾਜ ਵਾਲਾ ਅਤੇ ਜਿਉਣੇ ਨਾਲ ਹਜ਼ੂਰਾ ਸਿੰਘ ਦੀ ਹੀਰ ਗਾਉਂਦੀਆਂ ਰਹੀਆਂ ਹਨ।

ਬਾਬਾ ਲਹੌਰੀ ਰਾਮ ਪਿੰਡ ਬੁਟਾਹਰੀ ਦੇ ਦੱਸਣ ਅਨੁਸਾਰ ਇੱਕ ਵਾਰ ਝੱਲ ਝੂੰਦਾਂ ਦੇ ਅਨਾਇਤ ਖਾਂ, ਵਲਾਇਤ ਖਾਂ ਹੋਰੀਂ ਮੁਸਲਮਾਨਾਂ ਜਿਹਨਾਂ ਕੋਲ ਬਾਰਾਂ ਤੇਰਾਂ ਸੌ ਵਿੱਘੇ ਜ਼ਮੀਨ ਸੀ, ਨੇ ਆਪਣੇ ਪਿੰਡ ਵਿਖੇ ਲਹੌਰੀ ਰਾਮ ਦੇ ਚਾਚਿਆਂ ਹਰਨਾਮ ਸਿੰਘ ਅਤੇ ਸਿਆਮ ਸਿੰਘ ਤੋਂ ਹਜ਼ੂਰਾ ਸਿੰਘ ਦੀ 'ਹੀਰ' ਦਾ ਗੌਣ ਲਗਵਾਇਆ ਸੀ। ਨਾਲ ਇਹਨਾਂ ਦੀ ਭੂਆ ਦਾ ਪੁੱਤ ਮਾਘੀ ਫਰਵਾਲੀ ਵਾਲਾ ਸੀ। ਉਹ ਸਵੇਰੇ ਨੌਂ ਵਜੇ ਤੋਂ ਸ਼ੁਰੂ ਕਰਕੇ ਸੂਰਜ ਛਿਪਣ ਤੱਕ ਗਾਉਂਦੇ ਸਨ। ਪੂਰਾ ਸਵਾ ਮਹੀਨਾ ਇਹ ਗੌਣ ਚਲਦਾ ਰਿਹਾ। ਗੌਣ ਖਤਮ ਹੋਏ ਤੋਂ ਉਹਨਾਂ ਨੇ ਤਿੰਨ ਤੋਲੇ ਦਾ ਕੰਠਾ ਪਾਇਆ ਸੀ। ਰੁਪਈਆਂ ਦਾ ਤਾਂ ਕੋਈ ਅੰਤ ਹੀ ਨਹੀਂ ਛੱਡਿਆ। ਇਸੇ ਤਰਾਂ ਜਿਹੜੇ ਪਿੰਡਾਂ ਵਿੱਚ ਡੰਗਰਾਂ ਨੂੰ ਮੂੰਹਖੁਰ ਦੀ ਬਿਮਾਰੀ ਪੈ ਜਾਂਦੀ ਸੀ, ਉੱਥੇ ਵੀ ਲੋਕਾਂ ਵੱਲੋਂ 'ਹੀਰ' ਹਜ਼ੂਰਾ ਸਿੰਘ ਦਾ ਸਵਾ ਮਹੀਨੇ ਦਾ ਗੌਣ ਲਗਵਾਇਆ ਜਾਂਦਾ 'ਤੇ ਜਾਂ ਫਿਰ ਸਵਾ ਮਹੀਨੇ ਦਾ ਹੀ 'ਪੂਰਨ' (ਲੇਖਕ: ਕਰਮ ਸਿੰਘ ਟੂਸਿਆਂ ਵਾਲਾ) ਦਾ ਗੌਣ ਲਗਵਾਇਆ ਜਾਂਦਾ ਸੀ। ਲੋਕਾਂ ਦਾ ਵਿਸਵਾਸ਼ ਸੀ ਕਿ ਇਹਨਾਂ ਗੌਣਾਂ ਨਾਲ ਉਪਰੋਕਤ ਬਿਮਾਰੀ ਹਟ ਜਾਂਦੀ ਸੀ।

ਉਹਨਾਂ ਸਮਿਆਂ ਵਿੱਚ ਢੱਡ ਸਾਰੰਗੀ ਦਾ ਗਾਉਣ ਇਸ ਕਦਰ ਮਕਬੂਲ ਅਤੇ ਲੋਕਾਂ ਵਿੱਚ ਪਰਵਾਨ ਸੀ ਕਿ ਬਾਬਾ ਜਾਗਰ ਸਿੰਘ ਦੇ ਦੱਸਣ ਅਨੁਸਾਰ ਉਹਨਾਂ ਦੇ ਪਿੰਡ ਵਿੱਚ ਮੁੰਡੇ ਹਰ ਰੋਜ਼ ਰਾਤ ਨੂੰ ਅਖਾੜਾ ਲਾਉਂਦੇ ਹੁੰਦੇ ਸਨ। ਕੋਈ ਹੀ ਦਿਨ ਭਾਵੇਂ ਖਾਲੀ ਜਾਂਦਾ ਹੋਵੇ । ਕਈ ਵਾਰ ਤਾਂ ਕਈ ਕਈ ਅਖਾੜੇ ਹੋ ਜਾਂਦੇ ਸਨ।

ਹਜ਼ੂਰਾ ਸਿੰਘ ਦੀ ਲਿਖੀ 'ਹੀਰ' ਦੀਆਂ ਕੁੱਲ 996 ਕਲੀਆਂ ਹੋਣ ਬਾਰੇ ਹਰ ਥਾਂ ਤੋਂ ਪਤਾ ਲੱਗਦਾ ਰਿਹਾ। ਇਸ ਗੌਣ ਦੇ ਸਵਾ ਮਹੀਨੇ ਵਿੱਚ ਖਤਮ ਹੋਣ ਤੋਂ ਵੀ ਇਹ ਗਿਣਤੀ 996 ਜਾਂ ਇਸਦੇ ਆਸ ਪਾਸ ਹੋਣ ਬਾਰੇ ਪਤਾ ਲੱਗਦਾ ਹੈ। ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਦੋਂ ਜਦੋਂ ਉਸਦੇ ਸਮਕਾਲੀ ਸਾਧੂ ਦਯਾ ਸਿੰਘ ਆਰਫ ਵਰਗਿਆਂ ਦੀਆਂ ਰਚਨਾਵਾਂ ਪ੍ਰਕਾਸ਼ਤਿ ਹੋ ਰਹੀਆਂ ਸਨ, ਹਜ਼ੂਰਾ ਸਿੰਘ ਨੇ ਆਪਣੀ ਰਚਨਾ ਕਿਉਂ ਨਾ ਪ੍ਰਕਾਸ਼ਤਿ ਕਰਵਾਈ। ਘੱਟੋਘੱਟ ਏਨੀ ਪ੍ਰਸਿੱਧ ਰਚਨਾ ਆਪਣੇ ਅਸਲੀ ਰੂਪ ਵਿੱਚ ਤਾਂ ਸਾਂਭੀ ਜਾਂਦੀ। ਇਸਦਾ ਜਵਾਬ ਮੈਨੂੰ ਪਿੰਡ ਲੱਡੇ (ਸੰਗਰੂਰ) ਦੇ ਰਹਿਣ ਵਾਲੇ ਇੱਕ ਪੁਰਾਣੇ ਗਵੰਤਰੀ ਗੁਰਦਿਆਲ ਸਿੰਘ ਤੋਂ ਮਿਲਿਆ। ਉਸਨੇ ਦੱਸਿਆ ਕਿ ਹਜ਼ੂਰਾ ਸਿੰਘ ਆਪਣੇ ਸਮੇਂ ਦੇ ਗਵੰਤਰੀਆਂ ਨੂੰ ਪੰਜ ਪੰਜ ਰੁਪਏ ਵਿਚ ਇਕ ਇਕ ਕਲੀ ਵੇਚਦਾ ਸੀ। ਪੰਜ ਰੁਪਏ ਲੈ ਕੇ ਕਾਗਜ਼ ਉੱਪਰ ਇੱਕ ਕਲੀ ਲਿਖਕੇ ਦੇ ਦੇਂਦਾ ਸੀ। ਜੇ ਉਹ ਕਿਤਾਬ ਛਪਵਾ ਦਿੰਦਾ ਤਾਂ ਹਰ ਕੋਈ ਕਿਤਾਬ ਖ਼ਰੀਦ ਸਕਦਾ ਸੀ 'ਤੇ ਇਹ ਉਪਰੋਕਤ ਆਮਦਨ ਬੰਦ ਹੋ ਜਾਣੀ ਸੀ। ਕਿਤਾਬ ਦੀ ਰਾਇਲਟੀ ਬਾਰੇ ਸ਼ਾਇਦ ਉਹ ਅਣਜਾਣ ਸੀ ਜਾਂ ਸਿੱਧੀ ਆਮਦਨੀ ਉਹਨੂੰ ਰਾਇਲਟੀ ਤੋਂ ਕਿਤੇ ਵੱਧ ਲਗਦੀ ਸੀ। ਗਵੰਤਰੀ ਵੀ ਪੰਜ ਰੁਪਏ ਦੀ ਇੱਕ ਕਲੀ ਤਾਂ ਹੀ ਖਰੀਦਦੇ ਹੋਣਗੇ ਜੇ ਉਹ ਇਹਨਾਂ ਕਲੀਆਂ ਨੂੰ ਗਾ ਕੇ ਇਸ ਤੋਂ ਜ਼ਿਆਦਾ ਕਮਾਉਂਦੇ ਹੋਣਗੇ। ਇਸਤੋਂ ਹਜ਼ੂਰਾ ਸਿੰਘ ਦੀ ਹੀਰ ਦੀ ਪ੍ਰਸਿੱਧੀ ਅਤੇ ਲੋਕਾਂ ਵਿੱਚ ਢੱਡ ਸਾਰੰਗੀ ਦੇ ਗੌਣਾਂ ਦੀ ਮਕਬੂਲੀਅਤ ਦਾ ਪਤਾ ਚਲਦਾ ਹੈ।

ਅਜਿਹੀਆਂ ਗੱਲਾਂ ਵੀ ਸੁਣੀਆਂ ਹਨ ਕਿ ਉਹਨਾਂ ਵੇਲਿਆਂ ਵਿੱਚ ਮਰਨ ਕਿਨਾਰੇ ਪਏ ਬਜ਼ੁਰਗਾਂ ਤੋਂ ਜਦੋਂ ਉਹਨਾਂ ਦੀ ਆਖ਼ਰੀ ਇੱਛਾ ਪੁੱਛੀ ਜਾਂਦੀ ਸੀ ਤਾਂ ਉਹਨਾਂ ਦਾ ਜਵਾਬ ਹੁੰਦਾ ਸੀ ਕਿ 'ਬੱਸ! ਹਜ਼ੂਰਾ ਸਿੰਘ ਦੀ ਹੀਰ ਸੁਣਾ ਦਿਉ। ਹੋਰ ਕੁਸ਼ ਨੀ ਚਾਹੀਦਾ।' ਇਹਦੇ ਨਾਲ ਮਿਲਦੀ ਜੁਲਦੀ ਗੱਲ ਸੰਨ 2000 ਵਿੱਚ ਜਰਗ ਦੇ ਮੇਲੇ ਉੱਪਰ ਮੈਂ ਆਪ ਆਪਣੀਆਂ ਅੱਖਾਂ ਨਾਲ ਦੇਖੀ। ਮੈਂ ਉੱਥੇ ਢੱਡ ਸਾਰੰਗੀ ਵਾਲਾ ਗੌਣ ਸੁਣ ਰਿਹਾ ਸਾਂ। ਗੋਸਲਾਂ ਵਾਲੇ ਵਲਾਇਤ ਖ਼ਾਨ ਦਾ ਜੱਥਾ ਦਹੂਦ ਬਾਦਸ਼ਾਹ ਗਾ ਰਿਹਾ ਸੀ, ਜਦੋਂ ਇੱਕ ਜੀਪ ਆ ਕੇ ਰੁਕੀ। ਪਿੰਡ ਰਾਜੇਵਾਲ ਦੇ 105 ਸਾਲਾ ਇੱਕ ਬਜ਼ੁਰਗਨੂੰ ਉਸਦੇ ਦੋ ਲੜਕਿਆਂ ਵੱਲੋਂ ਜੀਪ ਵਿੱਚੋਂ ਮਸਾਂ ਬਾਹਰ ਉਤਾਰਿਆ ਗਿਆ। ਨਾਲ ਉਹ ਇੱਕ ਕੁਰਸੀ ਲੈ ਕੇ ਆਏ। ਤੁਰਨ ਜੋਗਾ ਤਾਂ ਉਹ ਬਾਹਲਾ ਹੈ ਨਹੀਂ ਸੀ। ਗਵੰਤਰੀਆਂ ਦੇ ਨੇੜੇ ਕਰਕੇ ਉਸਨੂੰ ਕੁਰਸੀ ਡਾਹ ਕੇ ਉਸ ਉੱਪਰ ਬਿਠਾ ਦਿੱਤਾ ਗਿਆ। ਉਸਦੇ ਮੁੰਡਿਆਂ ਨੇ ਦੱਸਿਆ ਕਿ ਇਹ ਪੰਦਰਾਂ ਵੀਹ ਦਿਨਾਂ ਤੋਂ ਸਾਨੂੰ ਹਰ ਰੋਜ਼ ਕਹੀਂ ਜਾਂਦਾ ਹੈ ਕਿ ਜਰਗ ਦੇ ਮੇਲੇ 'ਤੇ ਮੈਨੂੰ ਹਜ਼ੂਰਾ ਸਿੰਘ ਦੀ ਹੀਰ ਸੁਣਾ ਲਿਆਉ। ਫੇਰ ਚਾਹੇ ਮੈਂ ਮਰ ਹੀ ਜਾਂਵਾ। ਢਾਡੀਆਂ ਨੂੰ ਵੀ ਉਹ ਬਜ਼ੁਰਗ ਵਾਰ- ਵਾਰ ਕਹੀਂ ਜਾਵੇ ਕਿ ਮੈਨੂੰ ਹਜ਼ੂਰਾ ਸਿਉਂ ਦੀ ਹੀਰ ਸੁਣਾ ਦਿਉ। ਦਹੂਦ ਦੇ ਚੱਲ ਰਹੇ ਗੌਣ ਨੂੰ ਪੂਰਾ ਕਰਕੇ ਉਹਨਾਂ ਹੀਰ ਸ਼ੁਰੂ ਕਰ ਦਿੱਤੀ। ਜਿਸ ਬਜ਼ੁਰਗ ਦਾ 10 ਮਿੰਟ ਪਹਿਲਾਂ ਬੋਲ ਮਸਾਂ ਨਿਕਲਦਾ ਸੀ, ਉਹ ਉੱਚੀ ਅਵਾਜ਼ ਵਿੱਚ ਉਹਨਾਂ ਦੇ ਨਾਲ ਆਪ ਵੀ ਗਾਉਣ ਲੱਗ ਪਿਆ। ਨਾਲੇ ਉਹ ਗਾਉਣ ਵਾਲਿਆਂ ਉੱਪਰੋਂ ਰੁਪਈਏ ਵਾਰੀਂ ਜਾਵੇ। ਇਸ ਤਰਾਂ ਕਿੰਨਾ ਹੀ ਚਿਰ ਉਹ ਹੀਰ ਦਾ ਗੌਣ ਸੁਣਦਾ ਰਿਹਾ। ਜਾਣ ਲੱਗੇ ਦੇ ਉਹਦੇ ਮੂੰਹੋਂ ਨਿਕਲਿਆ 'ਹੁਣ ਚਾਹੇ ਰੱਬ ਮੈਨੂੰ ਜਦ ਮਰਜ਼ੀ ਲੈ ਜਾਏ।'

ਢੱਡ ਸਾਰੰਗੀ ਦੇ ਗੌਣ ਦੀ ਉਦੋਂ ਦੇ ਪੰਜਾਬੀ ਸਮਾਜ ਵਿੱਚ ਮਕਬੂਲੀਅਤ ਦਾ ਪਤਾ ਇੱਕ ਹੋਰ ਗੱਲ ਤੋਂ ਵੀ ਲੱਗਦਾ ਹੈ। ਚਾਰ ਕੁ ਸਾਲ ਪਹਿਲਾਂ ਸਾਡੇ ਗੁਆਂਢੀ ਪਿੰਡੋਂ ਮੇਰਾ ਇੱਕ ਦੋਸਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਿਆ। ਉਸ ਨੇ ਦੱਸਿਆ ਕਿ ਇਧਰੋਂ ਗਏ ਹੋਏ ਅਤੇ ਹੁਣ ਬੁੱਢੇ ਹੋ ਚੁੱਕੇ ਵਿਅਕਤੀ ਉੱਧਰ ਵੀ ਪਹਿਰਾਵਾ ਕੁੜਤਾ ਚਾਦਰਾ ਹੀਪਾਉਂਦੇ ਨੇ। ਨਾਲੇ ਉਹ ਵਾਰ ਵਾਰ ਪੁੱਛਦੇ ਰਹੇ ਕਿ ਛਪਾਰ ਦੇ ਮੇਲੇ 'ਤੇ ਹੁਣ ਵੀ ਢੱਡ ਸਾਰੰਗੀ ਵਾਲਾ ਗੌਣ ਲਗਦਾ ਹੈ ਕਿ ਨਹੀਂ।

ਪੰਜਾਬੀ ਲੋਕਮਨਾਂ ਵਿੱਚ ਪ੍ਰਵਾਨ ਹੋਈ ਸ਼ਾਇਦ ਹੀ ਕੋਈ ਕਥਾ-ਕਹਾਣੀ ਅਜਿਹੀ ਹੋਵੇ ਜਿਸ ਦਾ ਬ੍ਰਿਤਾਂਤ ਕਿੱਸਾ ਰੂਪ ਵਿੱਚ ਹਜ਼ੂਰਾ ਸਿੰਘ ਨੇ ਨਾ ਲਿਖਿਆ ਹੋਵੇ। 'ਹੀਰ' ਤੋਂ ਬਿਨਾਂ ਉਸਨੇ ਮਿਰਜ਼ਾ-ਸਾਹਿਬਾਂ, ਸੱਸੀ ਪੁੰਨੂ, ਪੂਰਨ ਭਗਤ, ਦੁੱਲਾ ਭੱਟੀ, ਜੈਮਲ ਫੱਤਾ, ਦਹੂਦ ਬਾਦਸ਼ਾਹ, ਸ਼ੰਮੀ, ਕੌਲਾਂ, ਬੇਗੋ ਨਾਰ, ਰਮੇਲ (ਨਹਿਣਾਂ ਕਲਾਲੀ ਦੀ ਲੜਕੀ) ਦਾ ਪ੍ਰਸੰਗ, ਜਿਉਣਾ ਮੌੜ, ਸੁੱਚਾ ਸਿੰਘ ਸੂਰਮਾ, ਸ਼ਹੀਦ ਬਿਲਾਸ, ਸੋਹਣੀ ਮਹੀਂਵਾਲ (ਇਹ ਕਿੱਸਾ ਹਜ਼ੂਰਾ ਸਿੰਘ ਤੋਂ ਪੂਰਾ ਨਹੀਂ ਲਿਖ ਹੋਇਆ, ਜ਼ਿਆਦਾ ਬਿਰਧ ਹੋ ਜਾਣ ਕਰਕੇ ਅਧੂਰਾ ਰਹਿ ਗਿਆ); ਸਾਕਾ ਸਰਹੰਦ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਨਹਿਣੀਆਂ ਦਾ ਪ੍ਰਸੰਗ, ਜੰਝ, ਏਥੋਂ ਤੱਕ ਕਿ ਸ਼ਹਿਰ ਮਲੌਦ ਦੇ ਰਹਿਣ ਵਾਲੇ ਆਪਣੇ ਮਿੱਤਰ ਧਨੀ ਰਾਮ ਵੈਦ ਦੇ ਨੇੜਲੇ ਪਿੰਡ ਰੱਬੋਂ ਦੀ ਗੁਜਰਾਂ ਦੀ ਕੁੜੀ ਤਾਜਾਂ ਨਾਲ ਹੋਏ ਇਸ਼ਕ ਦਾ ਕਿੱਸਾ ਵੀ ਲਿਖ ਦਿੱਤਾ। ਕਬਿੱਤ ਛੰਦ ਵਿੱਚ ਲਿਖੇ ਇਸ ਕਿੱਸੇ ਦੇ ਕੁਝ ਅੰਸ਼ ਇਸ ਤਰਾਂ ਹਨ :


ਅਗਨੀ ਦੇ ਵਿੱਚ ਤੂੰ ਅਹਾਰ ਦੇਵੇਂ ਜੀਵ ਤਾਈਂ, ਕੱਟ ਕੇ ਦਸੌਂਟਾ ਭੁੱਲ ਜਾਨੈਂ ਨੌਂ ਮਾਹੀਂ ਦਾ। ਫੇਰ ਬਖ਼ਸ਼ਿੰਦਾ ਦਿੰਦਾ ਭੁਲਿਆਂ ਪਰਮਗਤ, ਨਾਮ ਦੇ ਅਧਾਰ ਤੂੰ ਜ਼ੰਜ਼ੀਰ ਗਲੋਂ ਲਾਹੀਂ ਦਾ। ਕਿੱਸਾ ਧਨੀ ਰਾਮ ਤਾਜਾਂ ਦਾ ਹਜ਼ੂਰਾ ਸਿੰਘ, ਤੇਰੇ ਪਰਤਾਪ ਨਾਲ ਉੱਚਰਨਾ ਚਾਹੀਂਦਾ। ਛਿਆਨਵੇਂ ਕਰੋੜ ਲੋੜ ਦੇਵਤੇ ਵੀ ਰਹੇ ਤੈਨੂੰ, ਕਿਸੇ ਨੇ ਨਾ ਅੰਤ ਪਾਇਆ ਕੁਦਰਤ ਨਿਰਾਲੀ ਦਾ। ਲੱਖਾਂ ਜੀਆ ਜੰਤ ਸੰਤ ਪੰਡਤ ਮੁਲਾਣੇ ਸਿਆਣੇ, ਕੋਈ ਨਾ ਪਛਾਣੇ ਭੇਤ ਫੁੱਲ ਕਿਸ ਡਾਲੀ ਦਾ। ਤੇਰੀਆਂ ਹੀ ਤੂੰ ਹੀ ਜਾਣੇ ਕਿੱਥੇ ਕਿਸ ਗੱਲ ਰਾਜ਼ੀ, ਕਰਕੇ ਮਿਹਰ ਬੇੜਾ ਤਾਰੋ ਜੀ ਸਵਾਲੀ ਦਾ। ਆਸ਼ਕਾਂ ਦਾ ਬਾਗ਼ ਲੱਗਾ ਬੀਜਣ ਹਜ਼ੂਰਾ ਸਿੰਘ, ਤੇਰੇ ਲਾਇਆਂ ਲੱਗੂ ਫ਼ਲ਼ ਜ਼ੋਰ ਨਹੀਂ ਮਾਲੀ ਦਾ। ਦਾਸ ਨੇ ਧਿਆਈ ਵਰ ਦੇਣਾ ਹੋਊ ਮਹਾਂ ਮਾਈ, ਸੁੱਤੀ ਏਂ ਤਾਂ ਜਾਗਮੱਈਆ ਕਾਂਗੜੇ ਦੀ ਰਾਣੀਏਂ। ਕੰਠ ਵਸ ਆਉ ਤੇ ਬਤਾਉ ਭੁੱਲੇ ਅੱਖਰਾਂ ਨੂੰ, ਫੁਰੇ ਵਾਕ ਧਾਈ ਧਾਈ ਤਾਂਹੀ ਤੈਨੂੰ ਜਾਣੀਏਂ। ਸੇਵਕਾਂ ਦੇ ਕਾਜ ਲਾਜ ਰੱਖਦੀ ਹਮੇਸ਼ਾਂ ਆਈ, ਨਾਮ ਦੀ ਦੁਹਾਈ ਤੂੰ ਗਿਆਨ ਦੇਹ ਗਿਆਨੀਏਂ। ਤਾਜਾਂ ਧਨੀ ਰਾਮ ਕਿੱਸਾ ਦੋਹਾਂ ਦਾ ਹਜ਼ੂਰਾ ਸਿੰਘ, ਉਚਰਨ ਲੱਗਾ ਕੇਰਾਂ ਬਹੁੜ ਤੂੰ ਭਵਾਨੀਏਂ। ਸ਼ਹਿਰ ਮਲੌਦ ਸਰਦਾਰ ਵਾਲਾ ਵੱਜਦਾ ਹੈ, ਵੱਡੇ ਭਾਗਵਾਨ ਲੋਕ ਸ਼ਾਹੂਕਾਰਾ ਵੱਸਦਾ। ਮੇਲਾ ਰਾਮ ਲੀਲਾ ਦਾ ਕਰਨ ਵੱਡੀ ਰੀਝ ਨਾਲ, ਆਸ਼ਕ ਹਜ਼ਾਰ ਪੀ ਸ਼ਰਾਬ ਫਿਰੇ ਹੱਸਦਾ। ਉਮਦਾ ਬਜ਼ਾਰ ਤਰਾਂ ਤਰਾਂ ਦੀ ਬਹਾਰ, ਨਿੱਤ ਰਹੇ ਗੁਲਜ਼ਾਰ ਲੁੱਚਾ ਚੋਰ ਡਰ ਨੱਸਦਾ। ਆਸ਼ਕਾਂ ਦੇ ਭਾਣੇ ਰੋਹੀ ਸ਼ਹਿਰ ਹਜ਼ੂਰਾ ਸਿੰਘ, ਇੱਕੇ ਜੇਹੀ ਜਗਾ ਬਕਬਾਦ ਕੀਹਨੂੰ ਦੱਸਦਾ। ਸ਼ਹਿਰ ਮਲੌਦ ਵਿੱਚ ਮਿਸਰ ਗੋਬਿੰਦ ਜਸ, ਵੱਡਾ ਮਸ਼ਾਹੂਰ ਲੋਕ ਦੂਰ ਦੂਰ ਜਾਣਦੇ । ਓਸ ਗ੍ਰਹਿ ਪੁਤ੍ਰ ਜਨਮਿਆ ਸ਼ਗਨ ਸ਼ੁਭ, ਨਾਮ ਧਨੀ ਰਾਮ ਧਰਿਆ ਵਾਚਕ ਪੁਰਾਣ ਦੇ। ਝਬਦੇ ਈ ਇਲਮ ਹਾਸਲ ਕੀਤਾ ਸੂਰਮੇ ਨੇ, ਫ਼ਾਰਸੀ ਅੰਗਰੇਜ਼ੀ ਡਾਕਟਰੀ ਨਾਲ ਤਾਣ ਦੇ । ਆਸ਼ਕਾਂ ਚੋਂ ਸੇਲ੍ਹੀ ਟੋਪੀ ਲੈ ਗਿਆ ਹਜ਼ੂਰਾ ਸਿੰਘ, ਅੱਗੇ ਚੱਲ ਏਹਨਾਂ ਗੱਲਾਂ ਨੂੰ ਲੋਕ ਨੀ ਸਿਆਣਦੇ। ਕੱਦ ਦੇ ਬੁਲੰਦ ਮੁਖ ਚੌਧਵੀਂ ਦਾ ਚੰਦ, ਦੰਦ ਹਾਰ ਮੋਤੀ ਦਾਣੇ ਹੁਸਨ ਅਨਾਰਾਂ ਦੇ। ਬਿਭਲਾ ਜਵਾਨ ਤੇ ਦੀਦਾਰ ਕੀਤੇ ਜਾਇ ਭੁੱਖ, ਦੇਖਕੇ ਛਬੀਲਾਂ ਹੀਏਂ ਡੋਲ ਜਾਣ ਨਾਰਾਂ ਦੇ। ਸੇਬ ਜੇਹਾ ਰੰਗ ਅੰਗ ਸੁਭਕ ਬਰੀਕ ਵੰਗ, ਲਾਇਕ ਤਾਰੀਫ਼ ਵਿੱਚੋਂ ਚੁਗਵਾਂ ਹਜ਼ਾਰਾਂ ਦੇ। ਧਨੀ ਰਾਮ ਜੈਸਾ ਨਾ ਦਿਦਾਰੀ ਹਰ ਨੱਗਰਾਂ 'ਚ, ਕਵੀ ਜੈਸਾ ਨਾ ਗੁਨਾਹੀ ਵਿੱਚ ਗੁਨਾਹਗਾਰਾਂ ਦੇ। ਸਰੂਪਤ ਬਾਗਦੀ ਤਰਾਵਤ ਦਿਮਾਗਦੀ, ਤੇ ਹਾਨੜਾ ਹੈ ਰਾਗਦੀ, ਧਨ ਪਤ ਆਗਦੀ। ਫੁੱਲ ਪੱਤ ਪਾਗਦੀ, ਔਲਾਦ ਹੈ ਤਿਆਗਦੀ, ਸਫਾਈ ਪਤ ਲਾਗਦੀ, ਤੇ ਮਾਪੇ ਪਤ ਵੈਰਾਗਦੀ। ਚਿੰਤਾ ਪਤ ਜਾਗਦੀ, ਜ਼ਹਿਰ ਪਤ ਨਾਗਦੀ, ਤੇ ਸੂਤ ਪਤ ਜਾਗਦੀ, ਗੁਲਾਲ ਪਤ ਫਾਗਦੀ। ਸੁਹਣਿਆਂ ਛਬੀਲਿਆਂ ਦੀ ਪਤ ਐਸੇ ਧਨੀ ਰਾਮ, ਜਿਉਂ ਹਜ਼ੂਰਾ ਸਿੰਘ ਪਤ ਨੱਥ ਹੈ ਸੁਹਾਗਦੀ। ਵੈਦਗੀ ਜੁਰਾਹੀ ਤੇ ਇਲਾਜ਼ ਕਰੇ ਰੋਗੀਆਂ ਦੇ, ਇੱਕੇ ਪੁੜੀ ਨਾਲ ਹੀ ਉਡਾਏ ਦੇਵੇ ਤਾਪ ਨੂੰ। ਸੰਗਰਹਿਣੀ ਸੁੰਨ ਪਾਤ ਗੁਰਦਾ ਦਰਦ ਕੌਣ, ਆਤਸਕ ਤੇ ਸੁਜਾਕ ਤੋੜੇ ਐਸੇ ਪਾਪ ਨੂੰ। ਵਰਤੇ ਦਵਾਈ ਅੰਗਰੇਜੀ ਤੇਜੀ ਦੂਰ ਕਰ, ਗਾਰੜੂ ਵੀ ਐਸਾ ਮੋੜ ਲਿਆਵੇ ਲੜੇ ਸਾਪ ਨੂੰ। ਲੱਬ ਨਾ ਕਰੇ ਗਰੀਬਾਂ ਰੋਗੀਆਂ ਦਾ ਮਾਈ ਬਾਪ, ਕਵੀ ਕਹੇ ਧਨੀ ਰਾਮ ਏਹ ਤੁਫੀਕਾਂ ਆਪ ਨੂੰ। ਜਿਤਨਾ ਕਮਾਵੇ ਤੇ ਉਡਾਵੇ ਖਾਵੇ ਮੌਜ ਨਾਲ, ਚੰਗੀਆਂ ਪੁਸ਼ਾਕਾਂ ਪਹਿਨੇ ਭਾਉਂਦੀਆਂ ਅੰਬੀਰੀਆਂ। ਉਡਦੀ ਸ਼ਰਾਬ ਤੇ ਕਬਾਬ ਨਿੱਤ ਚਾਰ ਯਾਰੀ, ਦਿਨੇਂ ਰਾਤ ਉੱਡੀਆਂ ਹੀ ਰਹਿਣ ਭੰਬੀਰੀਆਂ। ਚਿੱਤ ਦਾ ਖੁਲਾਸਾ ਹਾਸੋ ਹੀਲੜੇ ਸੁਭਾਉ ਵਾਲਾ, ਧੀਮਾਂ ਹੈ ਮਜਾਜ ਬਾਤਾਂ ਕਰੇ ਨਾਲ ਧੀਰੀਆਂ। ਥੁੱਕ ਦੇ ਬਰੋਬਰ ਰੁਪਈਆ ਜਾਣੇ ਧਨੀ ਰਾਮ, ਏਹ ਹਜ਼ੂਰਾ ਸਿੰਘ ਸਭ ਪੈਦਾ ਦੀਆਂ ਪੀਰੀਆਂ। ਨੀਵੀਂ ਰੱਬੋਂ ਨਿੰਮ ਵਾਲੀ ਅਦਨੀ ਜ੍ਹੀ ਜਾਤ ਭਾਲੀ, ਘਰ ਪੀਰ ਬਖ਼ਸ਼ ਗੁੱਜਰ ਜੰਮੀ ਪੁੱਤਰੀ। ਜੰਮਦੀ ਦੇ ਕੰਨ ਫੂਕ ਮਾਰਦਾ ਇਸ਼ਕ ਖੂੰਨੀ, ਮੇਰਾ ਪੈੜਾ ਆਇਆ ਉਡ ਜਾਵੇਂਗੀ ਅਛੁੱਤਰੀ। ਵਿਹੁ ਮਾਤਾ ਘੜੀ ਕਿਸੇ ਬੈਠਕੇ ਤੇ ਵਿਹਲੇ ਵੇਲੇ, ਦੇਣ ਨੂੰ ਸ਼ਹੂਰ ਦੇ ਅਕਾਸ਼ੋਂ ਪਰੀ ਉੱਤਰੀ। ਮੇਵਿਆਂ ਦਾ ਬਾਗ਼ ਮਾਲੀ ਬੀਜਿਆ ਹਜ਼ੂਰਾ ਸਿੰਘ, ਦੇਊਗਾ ਬਹਾਰ ਦੇਖੀਂ ਜਦੋਂ ਆਊ ਰੁੱਤਰੀ। ਰੰਗਤੇ ਸੰਧੂਰੀ ਸੂਹੇ ਫੁੱਲ ਸ਼ਰਮਿੰਦੇ ਹੋਣ, ਹੋਵੇ ਸ਼ਰਮਿੰਦੀ ਕਲੀ ਵਜਨੌਰ ਵੇਲ ਦੀ। ਲਪਟਾਂ ਦੇ ਨਾਲ ਧਨੀ ਰਾਮ ਜੇਹੇ ਰੱਜ ਲੈਣ, ਹਵਾ ਫਿਰੇ ਖਿੜੇ ਭਿੰਨੀ ਅਤਰ ਫੁਲੇਲ ਦੀ। ਆਸ਼ਕਾਂ 'ਚ ਨਿੱਤ ਹੌਲ ਪਵੇ ਦੇਖ ਕੇ ਜਾਂ, ਲੌਣਿਉਂ ਦੀ ਲੰਘ ਜਾਵੇ ਨਾਗ ਵਾਂਗੂੰ ਮੇਲ੍ਹਦੀ। ਦੇਖ ਮੁੱਖ ਭੁੱਖ ਦੂਰ ਹੋਂਵਦੀ ਹਜ਼ੂਰਾ ਸਿੰਘ, ਫੜਲੀ ਇਸ਼ਕ ਬਾਂਹ ਗੁਜ਼ਰੀ ਅਲੇਲ ਦੀ। ਅਤਰ ਫੁਲੇਲ ਲਾਇ ਨਿਕਲੇ ਬਾਹਰ ਧਾਇ, ਦੇਖ ਕੇ ਫਟਣ ਨਿੱਤ ਆਸ਼ਕਾਂ ਦੀਆਂ ਛਾਤੀਆਂ। ਥੋੜ੍ਹੇ ਦਿਨੀਂ ਹੂਰ ਨੇੜੇ ਦੂਰ ਮਸ਼ਾਹੂਰ ਹੋਈ, ਏਹੋ ਜੇਹੀਆਂ ਚੀਜ਼ਾਂ ਕਦ ਰਹਿਣ ਛੁਪਾਤੀਆਂ। ਏਸਨੂੰ ਨਿਕਾਹੋ ਝੱਬ ਦਾਗ ਲਾਊ ਸਾਡੇ ਤਾਈਂ, ਏਹ ਹਜ਼ੂਰਾ ਸਿੰਘ ਗੱਲਾਂ ਮਾਪਿਆਂ ਪਛਾਤੀਆਂ। ਕਰਕੇ ਸਲਾਹ ਭਾਈਚਾਰੇ ਵਿੱਚ ਮਾਪਿਆਂ ਨੇ, ਤਾਜਾਂ ਦੇ ਨਿਕਾਹ ਦੀ ਤਿਆਰੀ ਕਰਵਾਉਂਦੇ। ਕਿੱਥੇ ਜਾ ਨਿਕਾਹੀ ਪਾਸ ਲਹਿਰੇ ਦੇ ਪੁਹੀੜ ਪਿੰਡ, ਆਸ਼ਕਾਂ ਦਾ ਮਾਲ ਕੂੰਜ ਪੱਲੇ ਪਾਈ ਕਾਉਂ ਦੇ। ਵਿਆਹ ਵਾਲਾ ਕਿੱਸਾ ਤੂਲ ਮੂਲ ਨਾ ਵਧਾਇ, ਕੇਹਾ ਪੜ੍ਹਨ ਸੁਣਨ ਵਾਲੇ ਚਿੱਤ ਨਹੀਂ ਲਾਉਂਦੇ। ਤੀਸਰੇ ਹੀ ਰੋਜ਼ ਮੰਗਵਾਈ ਮੋੜ ਮਾਪਿਆਂ ਨੇ, ਹੁਣ ਖਿੜੂ ਫੁੱਲ ਕਵੀ ਰਾਇ ਫੁਰਮਾਉਂਦੇ। ਜਿਵੇਂ ਧੋਬੀ ਕਰ ਜਾਇ ਕੱਪੜੇ ਨੂੰ ਆਭ ਆਇ, ਸੋਨਾ ਸੋਭਾ ਪਾਇ ਹੱਥ ਲੱਗੇ ਸੁਨਿਆਰ ਦੇ। ਦਿੱਤੇ ਖਟਿਆਈ ਰੰਗ ਖਿੜੇ ਜਿਉਂ ਕਸੁੰਭ ਦਾ ਈ, ਜੌਹਰ ਨਿਕਲਣ ਸਾਣ ਲਾਈ ਤਲਵਾਰ ਦੇ। ਸੰਦ ਕਰ ਕਾਰੀਗਰ ਪਿੱਛੋਂ ਧਰੇ ਸਾਫ਼ ਕਰ, ਜਿਉਂ ਸਫ਼ਾਈ ਆਵੇ ਜੰਤੀ ਵਿੱਚੀਂ ਖਿੱਚੀ ਤਾਰ ਦੇ। ਤਿਮੇਂ ਰੰਗ ਖਿੜਨ ਹਜ਼ੂਰਾ ਸਿੰਘ ਦਿਨਾਂ ਵਿੱਚ, ਲਾਲੀ ਲਹਿਰਾਂ ਦੇਵੇ ਮੁਟਿਆਰ ਵਿਆਹੀ ਨਾਰ ਦੇ। ਕੌਲ ਜੇਹਾ ਮੁੱਖ ਨੈਣ ਮਸਤ ਨਛੱਈਆਂ ਵਾਗੂੰ, ਜ਼ੁਲਫਾਂ ਕੁੰਡਲਦਾਰ ਭਵਾਂ ਘਟ ਕਾਲੀਆਂ। ਟਿੱਕੇ ਬਿੰਦੀ ਲਾਇ ਬਾਝ ਪਰਾਂ ਉੱਡ ਉੱਡ ਜਾਇ, ਸੋਨੇ ਵਾਂਗ ਦਗਣ ਸਰੀਰ ਵਿੱਚੋਂ ਲਾਲੀਆਂ। ਪਵੇ ਛਣਕਾਟ ਜਦੋਂ ਚੱਲਦੀ ਹਜ਼ੂਰਾ ਸਿੰਘ, ਐਹੋ ਜਿਹੀਆਂ ਚੀਜ਼ਾਂ ਹੱਥ ਆਉਂਦੀਆਂ ਨਾ ਭਾਲੀਆਂ। ਜਰਾ ਮੁਸ਼ਕਾਇ ਲਵੇ ਚਿੱਤ ਨੂੰ ਚੁਰਾਇ, ਝੱਲਣੀ ਉਖੇਰੀ ਝਾਲ ਨੈਣਾਂ ਵਾਲੀ ਚੋਟ ਦੀ। ਛਲੀਆ ਛੁਲੇਟੀ ਬੇਟੀ ਹੂਰ ਦੀ ਹੈ ਗੁਜਰੇਟੀ, ਲਾਡ ਨਾਲ ਬੋਲ ਚਿੱਤ ਆਸ਼ਕਾਂ ਦੇ ਫੋਟ ਦੀ। ਕਾਗਜ਼ਾਂ ਦੇ ਵਿੱਚੋਂ ਜਾਣੀਂ ਅੱਜ ਹੀ ਲਪੇਟੀ ਕੱਢੀ, ਰੂਪ ਦੀ ਬੇਅੰਤ ਪਰੀ ਅੱਛਰਾਂ ਦੇ ਜੋਟ ਦੀ। ਖੜ੍ਹਿਆਂ ਦੇ ਅੱਡੇ ਮੂੰਹ ਰਹਿਣ ਹਜ਼ੂਰਾ ਸਿੰਘ, ਸਾਹਮਣੇ ਜਾਂ ਆਵੇ ਕਲਬੂਤਰੀ ਜਿਉਂ ਲੋਟ ਦੀ। ਚਾਰ ਕੋਹ ਮਲੌਦੋਂ ਵਾਟ ਪੂਰਵ ਦਿਸ਼ਾ ਦੇ ਵੱਲ, ਉੱਚੀ ਨੀਵੀਂ ਰੱਬਵਾਂ, ਦੋ ਨੱਗਰ ਸਦਾਉਂਦੇ। ਤਿੰਨ ਸੈ ਕਰਮ ਵਿਚਕਾਰ ਦੋਹਾਂ ਨੱਗਰਾਂ ਦੇ, ਰਹੇ ਲੱਗੀ ਰੌਣਕ ਹਮੇਸ਼ਾਂ ਵਿੱਚ ਗਾਉਂ ਦੇ। ਉੱਚੀ ਰੱਬੋਂ ਖੱਤਰੀ ਲਸਾੜੇ ਵੱਲ ਹੱਟ ਕਰੇ, ਨਾਮ ਲਾਲਾ ਸੋਹਣ ਲਾਲ ਆਖ ਕੇ ਬੁਲਾਉਂਦੇ। ਓਸ ਨਾਲ ਮੇਲਾ ਧਨੀ ਰਾਮ ਦਾ ਹਜ਼ੂਰਾ ਸਿੰਘ, ਗਏ ਨੂੰ ਇਲਾਜ ਕਰਨ ਸਿਫ਼ਤ ਸੁਣਾਉਂਦੇ। ਇੱਕ ਦਿਨ ਨਾਲ ਇਤਫ਼ਾਕ ਬੈਠੇ ਹੱਟ ਵਿੱਚ, ਤੁਰੀ ਗੱਲ ਤਾਜਾਂ ਵਾਲੇ ਹੁਸਨ ਸ਼ਕਲ ਦੀ। ਸੁਣਕੇ ਪਕੜ ਹੋਈ ਚਿਤ ਧਨੀ ਰਾਮ ਦੇ ਨੂੰ, ਸੋਹਣ ਪਾਸੋਂ ਛੇੜ ਪੁੱਛੇ ਗੱਲ ਤਾਜਾਂ ਵੱਲ ਦੀ। ਜਾਤ ਦੀ ਹੈ ਕੌਣ ਤਾਜਾਂ ਰੰਗਰੂਪ ਕੇਹਾ ਜੇਹਾ, ਹੈ ਖਲਾਸੀ ਪਤਲੀ ਕਿ ਭਾਰੀ ਮਸਾਂ ਹੱਲਦੀ। ਸੂਮਣੀ ਦਲੇਰ ਕੁਆਰੀ ਵਿਆਹੀ ਕਿ ਹਜ਼ੂਰਾ ਸਿੰਘ, ਦੱਸ ਕੌਣ ਜਿਸ ਦੀ ਸਿਫ਼ਤ ਹੋਵੇ ਕੱਲ੍ਹ ਦੀ। ਪਤਲੀ ਪਤੰਗ ਗੋਰਾ ਰੰਗ ਹੈ ਸੁਭਕ ਅੰਗ, ਜ਼ੁਲਫਾਂ ਭੁਬੰਗ ਡੰਗ ਦੇਣ ਸ਼ਰਾਆਮ ਨੂੰ। ਐਹੋ ਜੀ ਦੋਧਾਰੀ ਨਾਰੀ, ਵਿੱਚ ਨਾ ਪੰਜਾਬ ਸਾਰੀ, ਝੂਠ ਜੇ ਮੈਂ ਆਖਾਂ ਸਾਰੇ ਪੁੱਛ ਲੈ ਗਰਾਂਮ ਨੂੰ। ਲਪਟ ਲਪੇਟੀ ਐਸੀ ਹੈ ਨਾ ਕੋਈ ਕੰਜਰੇਟੀ, ਸੱਚ ਜੇ ਨਾ ਆਵੇ ਤਾਂ ਦਿਖਾਇ ਲਿਆਵਾਂ ਸ਼ਾਮ ਨੂੰ। ਜਾਤ ਗੁਜਰੇਟੀ ਬੇਟੀ ਹੂਰ ਦੀ ਹਜ਼ੂਰਾ ਸਿੰਘ, ਸੋਹਣ ਲਾਲ ਸਿਫ਼ਤ ਸੁਣਾਵੇ ਧਨੀ ਰਾਮ ਨੂੰ। ਮੋਟੀ ਜ੍ਹੀ ਬੇਹੂਦਾ ਜਾਤ, ਪਾਸ ਬੈਠੇ ਸੁਰਮਾਤ, ਬਾਤ ਕਰਨੇ ਦੀ ਵੀ ਨਾ ਲਿਆਕਤ ਗਵਾਰਾਂ ਦੇ। ਬੋਲਣੀ ਉੜਾਕ ਬੋਲੀ ਗਾਉਣਾ ਅੜਾਟ ਬਾਟ, ਗਲ਼ੀਂ ਧਾਗੇ ਉੰਨ ਕੱਤ ਪਾਏ ਨਰ ਨਾਰਾਂ ਦੇ। ਥੱਬੇ ਥੱਬੇ ਕੌਡਾਂ ਬੰਨ ਲੈਣ ਗੁੱਤਾਂ ਨਾਲਿਆਂ ਨੂੰ, ਜੋ ਸ਼ਿੰਗਾਰ ਪਾਏ ਹੁੰਦੇ ਉੱਠਾਂ ਰਿੱਛਾਂ ਦਾਰਾਂ ਦੇ। ਮਾਰੇ ਬਦਬੋਇ ਪਾਸ ਖੜੇ, ਕਹੇ ਧਨੀ ਰਾਮ, ਏਸ ਜਾਤ ਵਿਚ ਐਸੀ ਕਿੱਥੇ ਵੇ ਮੁਹਾਰਾਂ ਦੇ। ਧਨੀ ਰਾਮ ਏਹ ਗੱਲ, ਕਹੀ ਸੁਣੀ ਸੋਹਣ ਮੱਲ, ਉੱਠ ਕਹੇ ਆ ਦਿਖਾਵਾਂ ਬਾਹੋਂ ਫੜ ਤੋਰਿਆ। ਤਾਂ ਤੂੰ ਝੂਠ ਮੰਨੇਂ ਜੇ ਵਲੈਤ ਕਿਤੇ ਦੂਰ ਹੋਵੇ, ਰੇਲ ਦਾ ਕਿਰਾਇਆ ਤੇ ਖਰਚ ਲੱਗੇ ਹੋਰਿਆ। ਨਾਈਆ ਵਾਲ ਕਿੱਡੇ ਕਿੱਡੇ, ਕਹੇ ਜਜਮਾਨ, ਨਾਈ ਮੁੰਨੇ ਅੱਗੇ ਸਿੱਟ ਕੇ ਬਣਾਇ ਰੋਡ ਭੋਰਿਆ। ਹੱਥ ਦੇ ਕੰਙਣ ਨੂੰ ਕੀ ਆਰਸੀ ਹਜ਼ੂਰਾ ਸਿੰਘ, ਅੱਖੀਂ ਆਪ ਦੇਖ ਚੱਲ ਚੰਦ ਨੂੰ ਚਕੋਰਿਆ। ਜਾਇ ਕੇ ਦਿਖਾਈ, ਸਾਰ ਦੇਖਣੇ ਪਸੰਦ ਆਈ, ਨੈਣਾਂ ਦੀ ਲੜਾਈ, ਵਾਂਗ ਜੁਟੇ ਕਲਜੋਗਣਾਂ। ਹੁਸਨ ਭੁਜੰਗ ਡੰਗ ਮਾਰ ਕੀਤਾ ਚਾਹਬੰਦ, ਹੋਇ ਤੇਰਾ ਆਸ਼ਕ ਪਿਆ ਨੀ ਦੁੱਖ ਭੋਗਣਾ। ਬਿਜਲੀ ਦੀ ਲਸ਼ਕ, ਆਸ਼ਕ ਨੂੰ ਮਸ਼ੂਕ ਵਾਲੀ, ਫਟਿ ਨੂੰ ਪਲੰਮ ਦੌੜੇ ਪਏ ਜਿਉਂ ਛਲੋਗਣਾਂ। ਧਨੀ ਰਾਮ ਹੋਇਆ ਤਾਜਾਂ ਗੋਚਰਾ ਹਜ਼ੂਰਾ ਸਿੰਘ, ਜਿਉਂ ਜਨਾਨੇ ਜ਼ੇਲਖ਼ਾਨੇ ਗੋਚਰੇ ਦਰੋਗਣਾਂ। ਚੰਦ ਨੂੰ ਚਕੋਰ ਘਨਘੋਰ ਜਿਉਂ ਮਸਤਾਨਾ ਮੋਰ, ਗੁੱਡੀ ਵੱਸ ਡੋਰ ਐਸਾ ਆਸ਼ਕ ਮਸ਼ੂਕ ਦੇ। ਦੀਪਕ ਪਤੰਗ ਅੰਗ ਆਪਣਾ ਜਲਾਇ ਜਿਉਂ, ਬੰਬੀਹੇ ਦੇ ਪਰਾਨ ਜਾਣ ਮੀਂਹ ਮੀਂਹ ਕੂਕਦੇ। ਆਸ਼ਕ ਮਸਤ ਸਦਾ ਆਪਣੇ ਮਸ਼ੂਕ ਦੇਖ, ਬੀਨ ਤੇ ਮਸਤ ਜਿਉਂ ਖੜੱਪੇ ਨਾਗ ਸ਼ੂਕਦੇ। ਤਾਜਾਂ ਦੇ ਦਵਾਰੇ ਇਉਂ ਹਜ਼ੂਰਾ ਸਿੰਘ, ਧਨੀ ਰਾਮ ਹੋਰੀਂ ਪਏ ਤੜਫਣ ਫਟੇ ਨੈਣਾਂ ਦੀ ਬੰਦੂਕ ਦੇ। ਨਿੱਤ ਫੇਰੇ ਪਾਇ ਕੱਚੇ ਦੁੱਧ ਦੇ ਬਹਾਨੇ ਜਾਇ, ਲੈਣਾਂ ਮਨਜ਼ੂਰ ਕੀਤਾ ਡੇਢ ਆਨੇ ਸੇਰ ਨੂੰ। ਆਥਣ ਸਵੇਰੇ ਡੇਰੇ ਲਾਇ ਬੂਹੇ ਬੈਠ ਜਾਇ, ਕਹੇ ਕਦ ਤੋੜ ਖਾਵਾਂ ਟੀਸੀ ਵਾਲੇ ਬੇਰ ਨੂੰ। ਅੱਗਾ ਪਿੱਛਾ ਦੇਖ ਚੋਰੀ ਮਾਪਿਆਂ ਤੇ ਗੁਜ਼ਰੀ ਨੂੰ, ਹੱਸ ਕੇ ਬੁਲਾਵੇ ਤੇ ਜਗਾਵੇ ਇਸ਼ਕ ਸ਼ੇਰ ਨੂੰ। ਆਪਣੇ ਵਕਤ ਨੂੰ ਉਡੀਕਦਾ ਹਜ਼ੂਰਾ ਸਿੰਘ, ਜਿਕੂੰ ਨਿੱਤ ਚੋਰਟੇ ਉਡੀਕਦੇ ਹਨ੍ਹੇਰ ਨੂੰ। ਇਸ ਤੋਂ ਬਿਨਾਂ ਹਜ਼ੂਰਾ ਸਿੰਘ ਵੱਲੋਂ ਲਿਖੀਆਂ ਦੂਸਰੀਆਂ ਰਚਨਾਵਾਂ ਦੇ ਕੁਝ ਨਮੂਨੇ ਦੇਖੋ : ਮਿਰਜਾ : ਘੋੜਿਆਂ ਦੀ ਭਾਜ ਦੇਣ ਸਿਰ ਆਪਣਾ, ਭਲਾ ਮੂਰਖਾਂ ਨੂੰ ਕੌਣ ਕਹੇ। ਜ਼ੋਰ ਪਰਾਏ ਮੌਤ ਕਬੂਲਦੇ, ਅਦਨੀ ਜਿਹੀ ਗੱਲ ਤੇ ਖਹੇ। ਮਰਜ਼ੀ ਭੱਜਣ ਘੋੜੇ ਨਾ ਭੱਜਣ, ਫੇਰ ਕੁਸ਼ ਖੋਣ ਤੋਂ ਰਹੇ। ਤਾਹੀਂ ਖੋਹਿਆ ਉਏ ਰਾਜ ਪੰਜਾਬ ਤੋਂ, ਸਾਡੇ ਲੋਕ ਐਹੇ ਜਹੇ। ਬਾਰਾਂ ਕੋਤਲ ਬੱਕੀ ਵਿੱਚ ਤੇਰਵੀਂ, ਪੈ ਗਏ ਫੋਗੂਆਣੇ ਜੰਡ ਦੇ ਪਹੇ। ਮਿਰਜ਼ੇ ਤੋਂ ਲੱਗਿਆ ਉਏ ਚਾਬਕ ਵਿਸਰਕੇ, ਬੱਕੀ ਜਿਹੜੀ ਛਮਕ ਨਾ ਸਹੇ। ***** ਬੱਕੀ ਜੱਟ ਮਿਰਜ਼ੇ ਨੂੰ ਮੁੜ ਬੋਲਦੀ, ਫੇਰ ਹੱਥ ਮਾਰੀਂ ਨਾ ਉਠਾਲ। ਤਾਜੀ ਹਰਖੀ ਸੱਟ ਕਦ ਸਹਿਣਗੇ, ਜੰਮਕੇ ਖਾਧੀ ਜਿਨ੍ਹਾਂ ਨਾ ਗਾਲ਼। ਸੱਤ ਜੀਅ ਉੱਤਰੇ ਮਿਰਜ਼ਿਆ ਅਰਸ਼ ਤੋਂ, ਪੰਜ ਭਰਾ ਭੈਣਾਂ ਦੋ ਨਾਲ। ਅਲੀ, ਗੁੱਗੇ, ਦੁਲੇ, ਰਸੂਲ, ਦਹੂਦ ਨੂੰ, ਭਾਈ ਮੇਰੇ ਦਿੱਤੇ ਵੇ ਸੰਭਾਲ। ਭੈਣ ਮੇਰੀ ਹੇਠਾਂ ਐ ਕੱਕੀ ਸੁਲਤਾਨ ਦੇ, ਚੌਹਾਂ ਕੂੰਟਾਂ ਦੀ ਇੱਕ ਛਾਲ। ਬੱਕੀ ਹੱਥ ਮੈਂ ਲੱਗੀ ਤੇਰੇ ਮੂਰਖ ਦੇ, ਮਾਰਕੇ ਹੰਟਰ ਕੀਤੀ ਮੈਂ ਨਿਢਾਲ। ਹੁਰਮਤ ਮੈਂ ਵਿੱਚ ਜੱਟਾ ਐਤਨੀ, ਆਸਣੋਂ ਸਿੱਟਾਂ ਜਾਣੀਂ ਉਛਾਲ। ਸਿਰ ਕਟਵਾਵਾਂ ਓ ਸੱਥ ਵਿੱਚ ਸਿਆਲਾਂ ਦੇ, ਮੇਰੀ ਹਮਾਇਤ ਨਾ ਹੁਣ ਭਾਲ। ***** ਪ੍ਰਸੰਗ ਸਾਹਿਬਜ਼ਾਦੇ : ਮਨ ਵਿੱਚ ਪੁਰਸ਼ਾਂਤਮਈ ਮਾਤਾ ਬੋਲਦੀ ਗੰਗੂ ਨੂੰ, ਇੱਕੀ ਸਾਲ ਨੌਕਰ ਰਹਿਕੇ ਗੁਰੂ ਦੁਆਰੇ। ਜਾਮਾ ਪਹਿਨ ਝੂਠ ਦਾ ਬਚਨ ਬੋਲਦੈਂ ਸੱਤਿਆ ਦੇ, ਕਰਕੇ ਸੰਗਤ ਗੁਰੂ ਦੀ ਬਚਨ ਆਪਦੇ ਹਾਰੇ। ਕੋਈ ਸੱਚ ਨਾ ਆਵੇ ਤੇਰੀ ਗੱਲ ਦਾ ਬੱਚਿਆ ਵੇ, ਅੰਬਰ ਨਾ ਖੇਤੀ ਉਗਦੀ, ਜਿਮੀਂ ਉੱਗਣ ਨਾ ਤਾਰੇ। ਹੁਣ ਹਜ਼ੂਰਾ ਸਿੰਘ ਕਹੇ, ਮੈਂ ਦੁਖਿਆਰੀ ਦੁੱਖਾਂ ਦੀ, ਚੁਗਲੀ ਵਿਸ਼ਨੂੰ ਵਰਗਿਆਂ ਦੀ ਕਰਨੋਂ ਨਾ ਹਾਰੇ। ***** ਵਿੱਚ ਦੁਆਪਰ ਦੇ ਦਰਵਾਸਾ ਕੀਤਾ ਕਾਰਬ ਕੀ, ਦੇਹ ਸਰਾਪ ਯਾਦਵਾਂ ਤਾਈਂ ਕਹਿਰ ਕਮਾਇਆ। ਨਾਲ ਅੰਬਰੀਕ ਭਲਾ ਕੀ ਕੀਤਾ ਦੱਸ ਗੱਲ ਖੋਲ੍ਹ ਕੇ, ਵਰਤ ਓਸ ਵਿਚਾਰੇ ਦਾ ਤੁਸੀਂ ਭਨਾਇਆ। ਜਹਿਰ ਦਹੀਂ 'ਚ ਪਾ ਕੇ ਦੇ ਲਈ ਹਰਿ ਗੋਬਿੰਦ ਨੂੰ, ਭਲਾ ਦੱਸੋ ਤੁਸੀਂ ਕਿਹੜੇ ਨਾਲ ਕਮਾਇਆ। ਚੋਰੀ ਚੋਰ ਤਜੇ, ਬਾਜ ਨਾ ਆਉਂਦਾ ਆਦਤੋਂ, ਬਾਂਦਰ ਰਾਜ ਕਰੇ ਨਾ, ਜਾਵੇ ਤਖਤ ਬਹਾਇਆ। ਪਿਛਲੀ ਮੁਕਦੀ ਕਰ ਤੂੰ ਹਜ਼ੂਰਾ ਸਿੰਘਾ ਵਾਰਤਾ, ਅੱਗੇ ਵਰਤੇਗੀ ਸੋ, ਜਾਵੇ ਹਾਲ ਸੁਣਾਇਆ। ***** ਮਾਇਆ ਕੋਲ ਰਹੂਗੀ ਨਾਲੇ ਲਊਂ ਇਨਾਮ ਮੈਂ, ਏਨੀ ਸਮਝ ਦਲੀਲ ਫੜਾਉਣ ਦਾ ਬਣਾਇਆ। ਰਸਤ ਕੱਠੀ ਕਰਦਾ ਤੁਰ ਗਿਆ ਆਪ ਮੋਰਿੰਡੇ ਨੂੰ, ਹਾਲ ਪਠਾਣ ਜਾਨੀ ਮਾਨੀ ਨੂੰ ਸੁਣਾਇਆ। ਬੇਟੇ ਸਤਿਗੁਰਾਂ ਦੇ ਤੀਜੀ ਮਾਤਾ ਸਤਿਗੁਰ ਦੀ, ਚਲੋ ਫੜ ਲਓ ਚੱਲ ਕੇ, ਮੈਂ ਬਹਾ ਕਰ ਆਇਆ। ਪਹਿਨ ਵਰਦੀਆਂ ਲੈ ਹਥਿਆਰ ਚੜ੍ਹੇ ਨਾਲ਼ ਗੰਗੂ ਦੇ, ਫੌਜਾਂ ਚਾੜ੍ਹ ਮੋਰਿੰਡਿਉਂ ਦਲ ਖੇੜੀ ਨੂੰ ਆਇਆ। ਆਲੇ-ਦੁਆਲੇ ਫੌਜਾਂ ਬਾਹਰ ਖੜ੍ਹਾ ਕੇ ਖੇੜੀਉਂ, ਸੁੱਤਾ ਭਾਵੀ ਨੇ ਹਜ਼ੂਰਾ ਸਿੰਘ ਜਗਾਇਆ। ***** ਸਾਕਾ ਸਰਹੰਦ : ਸਤਿਗੁਰ ਨੂੰ ਔਰੰਗਜ਼ੇਬ ਨੇ ਲਿਖ ਲਈ ਅਰਜੀ। ਬੱਕਰੀ ਮੂਹਰੇ ਸ਼ੇਰ ਦੇ ਕੀ ਖੋਹ ਲਊ ਗੁਰਜੀ। ਸੁਣਨ ਸਾਰ ਗੱਲ ਆ ਮਿਲੋ, ਭੇਟਾ ਲੈ ਕੁਸ਼ ਜਰ ਜੀ। ਕਸਮ ਰਸੂਲ ਨਾ ਮਾਰਨਾ ਆਵੇ ਵੈਰੀ ਘਰ ਜੀ। ਜੇ ਨਾ ਮਿਲੇ ਤਾਂ ਕਰੂੰ ਕਤਲ ਜਿਉਂ ਲੀਰਾਂ ਦਰਜੀ। ਕਰੂੰ ਖਾਲਸਿਉਂ ਮੁਸਲਮਾਨ ਸਭ ਨਾਰੀ ਨਰ ਜੀ। ਦੁਨੀਆਂ ਕਰ ਦੇਊਂ ਇੱਕ ਦੀਨ ਦਿਲ ਏਹ ਲਿਆ ਧਰ ਜੀ, ਸਾਤੋਂ ਡਰਦੀ ਪ੍ਰਿਥਮੀ ਕੰਬਦੀ ਥਰ ਥਰ ਜੀ। ***** ਕਿੱਸਾ ਜਿਉਣਾ ਮੌੜ : ਦੋਹਰਾ। ਪੇਸ਼ੀ ਕਿਸ਼ਨੇ ਮੌੜ ਦੀ ਹੋਈ ਵਿੱਚ ਹਜ਼ੂਰ। ਹੁਕਮ ਸੁਣ ਕਾਲੇ ਪਾਣੀ, ਉਡੇ ਮਸਤਕੋਂ ਨੂਰ। ਲਿਖਿਆ ਲੇਖ ਨਸੀਬ ਦਾ, ਨਾ ਸਿਰ ਕਿਸੇ ਕਸੂਰ। ਫਲ ਜੋ ਕੀਤੇ ਕਰਮ ਦਾ, ਭੁਗਤੂ ਮੌੜ ਜਰੂਰ। ਜਵਾਬ ਜੱਜ ਸਾਹਿਬ ਹੁਕਮ ਕਾਲੇ ਪਾਣੀ ਕਿਸ਼ਨੇ ਨੂੰ ਹੁਕਮ ਸੁਣਾ ਕੇ ਜੱਜ ਨੇ, ਦਿੱਤਾ ਕਿਸ਼ਨੇ ਨੂੰ ਸਮਝਾਇ। ਜੱਟ ਦੇ ਬੇੜੀ ਪਾ ਟਾਂਮਕੀਨ, ਦਿੱਤੀ ਪਹਿਰੇ ਗਾਰਦ ਲਾਇ। ਉਹਦੀ ਜਾਮਾ ਤਲਾਸ਼ੀ ਕਰਕੇ ਦੇਣ ਵਾਰਸਾਂ ਮਾਲ ਫੜਾਇ। ਹਿੰਦ ਤਾਜੀਰਾਤ ਕਿਤਾਬ ਦਾ, ਦੇਣ ਦਫ਼ਾ ਕਨੂੰਨ ਲਗਾਇ। ਕੁੱਲ ਡਾਕਿਆਂ ਦੇ ਜੁਰਮ ਦੀ ਕਾਲੇ ਪਾਣੀ ਦੇਣ ਸਜਾਇ। ਮੁਲਾਕਾਤ ਕਰਾਕੇ ਵਾਰਸਾਂ ਗੱਡੀ ਰਾਤ ਦੀ ਦੇਣ ਚੜ੍ਹਾਇ। ਮੁੜੇ ਵਾਰਸ ਧਾਹਾਂ ਮਾਰਕੇ ਜਮ ਲੈ ਗਏ ਰੇਲ ਬਹਾਇ। ਕਿਸ਼ਨਾ ਕਾਲੇ ਪਾਣੀ ਪਹੁੰਚਿਆ ਭਾਵੀ ਦੇਵੇ ਕੌਣ ਮਟਾਇ। ਭਾਵੀ ਵਰਤੀ ਰਾਜੇ ਰੌਣ ਤੇ ਦਿੱਤੇ ਲੰਕਾ ਕੋਟ ਢਹਾਇ। ਭਾਵੀ ਵਰਤੀ ਦੁੱਲੇ ਰਾਠ ਤੇ, ਟੱਬਰ ਬੰਨ੍ਹਿਆ ਅੱਕ ਬਛਾਇ। ਭਾਵੀ ਜਨਮੇਜੇ ਪੁਰ ਵਰਤਗੀ, ਦਿੱਤਾ ਦੇਹੀ ਕੁਸ਼ਟ ਲਾਇ। ਭਾਵੀ ਪ੍ਰਿਥੀ ਸਿੰਘ ਰਜਪੂਤ ਨੂੰ ਦਿੱਤੀ ਜਹਿਰ ਪੁਛਾਕ ਭਨਾਇ। ਭਾਵੀ ਮੌੜਾਂ ਦੇ ਪੁਰ ਵਰਤਗੀ, ਦਿੱਤੇ ਬਖਤ ਦਸੌਂਟੇ ਪਾਇ। ਡੋਗਰ ਭਾਈ ਬਣਕੇ ਧਰਮ ਦਾ, ਗਿਆ ਦਗਾ ਹਜ਼ੂਰ ਕਮਾਇ। ਦੋਹਰਾ : ਚਿੱਠੀ ਲਿਖਦਾ ਰਾਮ ਸਿੰਘ, ਕਰਕੇ ਬਹੁਤ ਖਿਆਲ। ਜਿਉਂਦਾ ਮਰ ਗਿਆ ਜਿਉਣਿਆਂ, ਸਾਡਾ ਬੁਰਾ ਹਵਾਲ। ਚਿੱਠੀ ਲਿਖਦਾ ਧਾੜਵੀ ਨੂੰ ਬੈਠ ਕੇ, ਚਾਚਾ ਜਿਉਣੇ ਦਾ ਲਾਕੇ ਜੋਰ। ਪਹਿਲਾਂ ਲਿਖੀ ਬੰਦਗੀ ਬੇਨਤੀ, ਪਿੱਛੋਂ ਦੁੱਖੜੇ ਲਿਖੇ ਨੇ ਹੋਰ। ਜਾਂ ਰਬ ਜਾਣੇ ਜਾਂ ਅਸੀਂ ਜਾਣਦੇ, ਦੁਸ਼ਮਣ ਕਢਦੇ ਜਿਨ੍ਹਾਂ ਨਾਲ ਖੋਰ। ਆਪ ਫਿਰੇਂ ਤੂੰ ਮੌਜਾਂ ਮਾਣਦਾ, ਸਾਨੂੰ ਝੱਲੇ ਸਿਵਾ ਨਾ ਗੋਰ। ਸਾਨੂੰ ਲਾਗੀ ਮਾਰਦੇ ਬੋਲੀਆਂ, ਅਹਿਮਦ ਰੱਖੇ ਮਚਾਈਂ ਸ਼ੋਰ। ਸੁਣਕੇ ਸੀਨੇ ਹੋਈਆਂ ਮੋਰੀਆਂ, ਮੇਰੇ ਸੁਣੇ ਹੋਰ ਕੌਣ ਨਹੋਰ। ਅਸੀਂ ਜਿਉਂਦੇ ਮਰਗੇ ਜਿਉਣ ਸਿਆਂ, ਸਾਨੂੰ ਗਏ ਸਿਵਿਆਂ ਨੂੰ ਤੋਰ। ਦੁਖੀਆ ਜੀਵੇ ਨਾ ਮਿਲੇ ਮੌਤ ਮੰਗਮੀਂ, ਜਿਮੇਂ ਚੰਦ ਬਜੋਗ ਚਕੋਰ। ਅੱਗੇ ਸਿਵੇ 'ਚ ਮੱਚਣ ਲੱਕੜਾਂ, ਚਿੱਠੀ ਲਿਖਕੇ ਦਿੱਤੀਆਂ ਠੋਰ। ਹੋਰ ਦੱਸ ਜਬਾਨੀਂ ਗੱਲ ਮੀਰ ਨੂੰ, ਦਿੱਤਾ ਭਿਆਣੀ ਦੇ ਬੀੜ ਨੂੰ ਤੋਰ। ਹਜ਼ੂਰਾ ਸਿੰਘ ਦੀਆਂ ਲਿਖੀਆਂ ਸਾਰੀਆਂ ਰਚਨਾਵਾਂ ਵਿੱਚੋਂ ਉਸਦੀ 'ਹੀਰ' ਬਹੁਤੀ ਪ੍ਰਸਿੱਧ ਹੋਈ। ਇਸ ਦਾ ਕਾਰਨ ਹਜ਼ੂਰਾ ਸਿੰਘ ਵੱਲੋਂ ਵਾਰਿਸ ਸ਼ਾਹ ਵਾਂਗ ਇਸ਼ਕ ਨੂੰ ਆਪਣੇ ਪਿੰਡੇ ਉੱਪਰ ਹੰਢਾਉਣਾ ਸੀ। ਉਸ ਦੀਆਂ ਕਲੀਆਂ ਦੀਆਂ ਬਹੁਤੀਆਂ ਲਾਈਨਾਂ ਆਪ ਮੁਹਾਰੇ ਲੋਕਾਂ ਦੇ ਮੂੰਹ ਚੜ੍ਹਨ ਦੀ ਸਮਰੱਥਾ ਰੱਖਦੀਆਂ ਹਨ ਜਿਵੇ : ਮੇਰਾ ਮੁੱਕਜੇ ਕਜ਼ੀਆ ਤੂੰ ਰੌਂਦਾ ਤੁਰ ਜਾਮੇਂਗਾ, ਲੈ ਜਾਏਂ ਕੀ ਸਿਆਲਾਂ 'ਚੋਂ ਝੋਲੀਆਂ ਭਰਾ ਕੇ। ਸਿਦਕਾਂ ਹਾਰਨ ਜਿਹੜੇ ਕਰਕੇ ਕੌਲ ਕਰਾਰਾਂ ਨੂੰ, ਆਖ਼ਰ ਵੇਲੇ ਮਰਨ ਹਜ਼ੂਰਾ ਸਿੰਘ ਪਛਤਾ ਕੇ। ਜਿਹੜੀ ਨਾਲ਼ਾ ਕਸਣ ਨਾ ਜਾਣੇ ਤਾਹਨੇ ਮਾਰੂਗੀ, ਪਿਉਕੀਂ ਯਾਰ ਹੰਢਾ ਕੇ ਆਗੀ ਹੀਰ ਕੁਆਰੀ। ਜੱਫੀਆਂ ਪਾ ਪਾ ਮਿਲ ਲਓ ਕੁੜੀਓ ਮੇਰੇ ਹਾਣ ਦੀਓ, ਅਸੀਂ ਫੇਰ ਨਾ ਆਉਣਾ ਨੀ ਏਹਨੀਂ ਬਜ਼ਾਰੀਂ। ਥੋਡੀ ਕਾੜ੍ਹਨੀ ਤੋਂ ਚੱਪਣ ਲਾਹ ਲਿਆ ਬਿੱਲੇ ਨੇ, ਥੋਡੀਆਂ ਖਾ ਗਿਆ ਖੇੜਿਉ ਖਾਸ ਮਲਾਈਆਂ। ਤੈਂ ਜਹੇ ਮੂਰਖ ਨੂੰ ਕਿਨੇ ਹੀਰ ਵੇ ਨਿਕਾਹੁਣੀ ਸੀ, ਛੇਕੜ ਤਖ਼ਤ ਹਜ਼ਾਰੇ ਆ ਵੜਿਆ ਝੱਖ ਮਾਰ ਸੀ। ਚੰਗੀ ਚਾਹੇਂ ਦਰਸ਼ਣ ਕਰਕੇ ਘਰ ਨੂੰ ਮੁੜਜਾ ਤੂੰ, ਤਂੈ ਜਹੇ ਮੁੰਡਿਆਂ ਤੋਂ ਨੀ ਜਾਣਾ ਜੋਗ ਕਮਾਇਆ। ਅਜੇ ਸੰਭਲ ਕੁਛ ਨੀ ਬਿਗੜਿਆ ਘਰ ਨੂੰ ਮੁੜਜਾ ਤੂੰ, ਸੌ ਸੌ ਇੱਲਤਾਂ ਕਰਦੇ ਤੇਰੇ ਵਰਗੇ ਨਿਆਣੇ। ਸੂਰਤ ਦੇਖਣ ਸਾਰ ਜਤੀ ਡੋਲਦੇ ਹੀਰ ਦੀ, ਤੁੱਛਕ ਮਾਤਰ ਕਵੀ ਹਜ਼ੂਰਾ ਸਿੰਘ ਉਚਾਰੀ। ਮੁਫਤ ਨਜਾਰਾ ਲੈ ਵੇ ਇੱਕ ਤੇ ਇੱਕ ਚੜ੍ਹੇਂਦੀ ਦਾ, ਕੁੜੀਆਂ ਖੇੜਿਆਂ ਦੀਆਂ, ਪਰੀਆਂ ਸਬਜ਼ ਮਮੋਲੀਆਂ। ਰੰਗਪੁਰ ਪਿਆ ਹੰਕਾਰਾ ਰੂਪ ਦੇਖ ਕੇ ਜੋਗੀ ਦਾ, ਮੁੜ ਮੁੜ ਗਈਆਂ ਹਜ਼ੂਰਾ ਸਿੰਘ ਦੇਖ ਕਈ ਟੋਲੀਆਂ। ਏਸ ਰੰਗਪੁਰ ਵਿੱਚ ਕੀ ਹਨੇਰ ਗਰਦੀ ਮੱਚ ਗਈ ਐ, ਮਾਪੇ ਕਿਉਂ ਨਹੀਂ ਰਖਦੇ ਧੀਆਂ ਨੂੰ ਸਮਝਾ ਕੇ। ਮੰਗਤਿਆਂ ਨਾਲ ਫਕੀਰਾਂ ਠੱਠੇ ਕਰਨ ਉੱਠ ਕੁੜੀਆਂ ਜੇ, ਪੂਰੀ ਕੀ ਪਾਉਣੀ ਹੈ, ਏਹਨਾਂ ਸਹੁਰੀਂ ਜਾ ਕੇ। ਐਸੀ ਚੰਦਰੀ ਸ਼ੈਂਤ ਵਿਆਹ ਬੂਹੇ ਵਿੱਚ ਵਾੜੀ ਐ, ਓਸੇ ਦਿਨ ਦੀ ਹੀਰ ਮੰਜੇ ਪਈ ਬਿਮਾਰ ਵੇ। ਤੇਰੇ ਹੱਥੋਂ ਜੇ ਦੁੱਖ ਟੁੱਟਜੇ ਮੇਰੀ ਭਾਬੋ ਦਾ, ਸਾਡੇ ਖੇੜਿਆਂ ਵਿੱਚ ਤਾਂ ਏਹੋ ਬਹੂ ਸ਼ਿੰਗਾਰ ਵੇ। ਜੋਗੀ ਦੇਖਿਆ ਭਾਬੋ ਤੇਰੇ ਸਾਡੇ ਹਾਣ ਦਾ, ਅਜੇ ਦਾੜ੍ਹੀ ਜੋਗੀ ਦੇ ਮੁੱਛਾਂ ਨੀ ਆਈਆਂ। ਤੇਰੇ ਮੁਖੜੇ ਨਾਲੋਂ ਪੈਰ ਚੰਗੇਰੇ ਜੋਗੀ ਦੇ, ਤੂੰ ਤਾਂ ਕਰਦੀ ਐਂ ਭਾਬੋ ਰੂਪ ਦੀਆਂ ਵਡਿਆਈਆਂ। ਰਿੱਧੀ ਸਿੱਧੀ ਵਾਲੇ ਸਾਧੂ ਜੱਗ ਵਿੱਚ ਵਿਰਲੇ ਐ, ਬਹੁਤੇ ਚਿੱਤੜ ਫੁਲਾਈਂ ਫਿਰਨ ਮਖਣੀਆਂ ਖਾ ਕੇ। ਥੋਡੀ ਦੱਸ ਹਜ਼ੂਰਾ ਸਿੰਘ ਸਹਿਤੀ ਨੇ ਪਾ ਲਈ ਐ, ਚਲੋ ਜ਼ਰੂਰ ਨਾਥ ਜੀ ਔਖੇ ਸੌਖੇ ਹੋ ਕੇ। ਮੁੜਜਾ ਘਰਨੂੰ ਦੇਹ ਜਵਾਬ ਜਿਸ ਨੇ ਭੇਜਿਆ ਉਏ, ਏਸ ਗੱਲ ਦਾ ਨਾ ਹਜ਼ੂਰਾ ਸਿੰਘ ਵਪਾਰੀ। ਸਹਿਤੀ ਆਪ ਬਾਗ'ਚੋਂ ਜਾ ਕੇ ਲਿਆਵੇ ਜੋਗੀ ਨੂੰ, ਜਿਸਨੇ ਬਾਹਰ ਲਿਜਾ ਕੇ ਸੱਪ ਲੜਾਇਆ ਹੀਰ ਦੇ। ਹੋਣਹਾਰ ਨੂੰ ਮਿਟਾਵੇ ਕੌਣ ਵਰਤੂਗੀ, ਭਾਵੀ ਟਲੇ ਹਜ਼ੂਰਾ ਸਿੰਘ ਕਦੇ ਨਾ ਟਾਲੀ।

ਹਜ਼ੂਰਾ ਸਿੰਘ ਦੀ ਸਾਰੀ ਰਚਨਾ ਦੀ ਬੋਲੀ ਮਲਵਈ ਪ੍ਰਭਾਵ ਵਾਲੀ ਹੈ।ਇਸ ਤੋਂ ਵੀ ਅੱਗੇ ਸਾਡੇ ਇਲਾਕੇ ਦਾ ਸਥਾਨਿਕ ਰੰਗ ਇਸ ਉੱਪਰ ਬਹੁਤ ਉੱਘੜਵਾਂ ਹੈ। ਮਿਸਾਲ ਵਜੋਂ ਇਕੱਲੇ ਹੀਰ ਦੇ ਕਿੱਸੇ ਵਿੱਚ ਬੇਸ਼ੁਮਾਰ ਸ਼ਬਦ ਅਜਿਹੇ ਮਿਲਦੇ ਹਨ, ਜਿਹਨਾਂ ਨੂੰ ਮਾਲਵੇ ਦੇ ਇਸ ਸਥਾਨਿਕ ਇਲਾਕੇ ਦੀ ਬੋਲੀ ਕਹਿਣਾ ਜ਼ਿਆਦਾ ਠੀਕ ਹੋਵੇਗਾ ਜਿਵੇ: ਸਕੀਰੀ (ਰਿਸ਼ਤੇਦਾਰੀ), ਲੌਣਿਉਂ (ਨੇੜਿਉਂ), ਫੰਘ (ਖੰਭ), ਮੇਤੋਂ (ਮੈਥੋਂ), ਸਿੱਟਿਆ (ਸੁੱਟਿਆ), ਰਮੰਨਾ (ਰਵਾਨਾ), ਬਗਜੂੰ (ਚਲਾ ਜਾਊਂ), ਛੀਏ (ਛੇ ਹੀ), ਜਾਦਾ (ਜ਼ਿਆਦਾ), ਕਾਲ਼ਸ (ਕਾਲਖ), ਖਲ੍ਹਾਉਣ (ਖਿਡਾਉਣ), ਪੜਦੇ (ਪਰਦੇ), ਸਦੋਂ (ਸਦਾ ਹੀ), ਜਰਮ (ਜਨਮ), ਬਚਾਰੇ (ਵਿਚਾਰੇ), ਲਖਣਾ (ਲੰਘਣਾ), ਕੈ (ਕਿੰਨੇ), ਮਤਾਜ (ਮਥਾਜ), ਦਖਾਲਾਂ (ਦਿਖਾਵਾਂ), ਠਕਾਣਾ (ਟਿਕਾਣਾ), ਦਗੇਦਾਰ (ਦਗੇਬਾਜ਼), ਲੀੜੇ (ਕੱਪੜੇ), ਅਗਲਾ (ਵਾਪਰ ਚੁੱਕੇ ਲਈ), ਖਾਮਾਂ (ਖਾਵਾਂ), ਮੁਕਾਮਾਂ (ਮੁਕਾਵਾਂ), ਧਿਆਮਾਂ (ਧਿਆਮਾਂ), ਸਿਉਨਾ (ਸੋਨਾ) ਆਦਿ ਕਿੰਨੇ ਹੀ ਸ਼ਬਦ ਹਨ ਜਿੰਨ੍ਹਾਂ ਦਾ ਉਚਾਰਨ ਅਤੇ ਲਿਖਣ ਢੰਗ ਪੰਜਾਬੀ ਦੇ ਪ੍ਰਚੱਲਤ ਸ਼ਬਦਾਂ ਨਾਲੋਂ ਵੱਖਰਾ ਹੈ। ਹਜ਼ੂਰਾ ਸਿੰਘ ਦੀ ਰਚਨਾ ਦਾ ਇਹ ਉੱਘੜਵਾਂ ਲੱਛਣ ਹੈ। ਇਸੇ ਤਰਾਂ ਉਸਦੀ ਰਚਨਾ ਵਿੱਚੋਂ ਅਨੇਕਾਂ ਹੀ ਨਵੇਂ ਅਤੇ ਅਲੋਪ ਹੋ ਰਹੇ ਸ਼ਬਦਾਂ ਦੇ ਦਰਸ਼ਨ ਹੁੰਦੇ ਹਨ ਜਿਸ ਤਰਾਂ : ਝੰਮਣ, ਝੁੰਗੜ ਮਾਟਾ, ਹਾਂਗਿਆ, ਹਾਲ਼ਾ, ਝੁਣ, ਟਮਕ, ਕਣਸਾਉਂਣਾ, ਤੁੰਬਲ, ਚਾਦਰਵੱਟ, ਜੌਗਲ, ਕੌਗਲ, ਤੌਗਲ, ਸ਼ੋਰ੍ਹਮਸ਼੍ਹੋਰੀ, ਟਾਹੁਣਾ, ਆਮਣਮੱਤੀ।

ਭਾਵੇਂ ਹਜ਼ੂਰਾ ਸਿੰਘ ਦੀ ਹੀਰ ਸਥਾਨਿਕ ਇਲਾਕੇ ਅਤੇ ਬੋਲੀ ਦਾ ਪ੍ਰਭਾਵ ਕਬੂਲ ਕਰਦੀ ਹੈ ਪਰ ਜਿੱਥੋਂ ਤੱਕ ਇਸਦੇ ਗਾਉਣ ਦਾ ਸੰਬੰਧ ਹੈ, ਇਸ ਨੇ ਸਭਨਾਂ ਇਲਾਕਿਆਂ ਦੇ ਬੰਧਨ ਤੋੜ ਛੱਡੇ ਹਨ। ਜੇ ਹਜ਼ੂਰਾ ਸਿੰਘ ਦੀਆਂ ਕਲੀਆਂ ਨੂੰ ਦੁਆਬੇ ਦੇ ਪ੍ਰਸਿੱਧ ਢਾਡੀ ਦੀਦਾਰ ਸਿੰਘ ਰਟੈਂਡੇ ਵਾਲੇ ਨੇ ਗਾਇਆ ਹੈ, ਤਾਂ ਉੱਥੇ ਮੋਦਨ ਮਰ੍ਹਾਜ (ਬਠਿੰਡੇ) ਵਾਲਾ, ਮੌਜੂਦਾ ਦੌਰ 'ਚ ਬਲਕਾਰ ਸਿੱਧੂ ਦੀ ਕੈਸਿਟ 'ਚਰਖੇ' 'ਚ (ਮੇਰੇ ਮੂੰਹੋਂ ਸਿਫ਼ਤ ਨਾ ਸਜਦੀ ਹੀਰ ਸਿਆਲ ਦੀ), ਪਾਲੀ ਦੇਤਵਾਲੀਆ, ਸਿਮਰਨ ਸਿੰਮੀ (ਫੂਲਾਂ ਹੱਸ ਮੁਸਕੜੀਏਂ ਮੂਹਰੇ ਬਹਿ ਗਈ ਜੋਗੀ ਦੇ, ਮੇਤੋਂ ਪੁੱਛ ਤੂੰ ਜੋਗੀਆ ਜੋ ਪੁੱਛਣਾ ਦਰਕਾਰ ਵੇ) ਤੱਕ ਨੇ ਗਾਇਆ ਹੈ। ਹਜ਼ੂਰਾ ਸਿੰਘ ਦੀ ਭਾਸ਼ਾਈ ਸਮਰੱਥਾ ਅਤੇ ਕਾਵਿ ਨਿਪੁੰਨਤਾ ਦਾ ਉੱਦੋਂ ਪਤਾ ਲਗਦਾ ਹੈ ਜਦੋਂ ਪੰਜਾਬੀ ਕਿੱਸਾ ਕਾਵਿ ਨੂੰ ਦੇਸ਼ਾਂ ਦੀਆਂ ਹੱਦਾਂ ਤੋਂ ਪਰੇ ਲੈ ਜਾਣ ਵਾਲੇ ਤੂੰਬੇ ਅਤੇ ਅਲਗੋਜ਼ਿਆਂ ਨਾਲ ਗਾਉਣ ਵਾਲੇ ਪਾਕਿਸਤਾਨ ਦੇ ਗਵੰਤਰੀ ਮਹੁੰਮਦ ਸਦੀਕ 'ਤੇ ਮਹੁੰਮਦ ਸ਼ਰੀਫ਼ ਉਸਦੀਆਂ ਕਲੀਆਂ ਗਾਉਂਦੇ ਹਨ। ਇੱਕੋ ਕਲੀ ਦਾ ਅੱਧਾ ਹਿੱਸਾ ਉਹ ਢੱਡ ਸਾਰੰਗੀ ਦੇ ਭਾਅ 'ਤੇ ਗਾਉਂਦੇ ਹਨ ਅਤੇ ਅਗਲਾ ਅੱਧਾ ਹਿੱਸਾ ਤੂੰਬੇ ਅਲਗੋਜਿਆਂ ਦੇ ਗੌਣ ਦੇ ਭਾਅ 'ਤੇ। ਹਜ਼ੂਰਾ ਸਿੰਘ ਦੀਆਂ ਲਿਖੀਆਂ ਕਈ ਕਲੀਆਂ ਵਿੱਚ ਉਹਨਾਂ ਇਹ ਤਜ਼ਰਬਾ ਕਰਕੇ ਦਿਖਾਇਆ ਹੈ। ਦੋ ਵੱਖਰੀਆਂ-ਵੱਖਰੀਆਂ ਗੌਣ ਵੰਨਗੀਆਂ ਵਿੱਚ ਇੱਕੋ ਕਲੀ ਨੂੰ ਏਨੀ ਮੁਹਾਰਤ ਨਾਲ ਗਾਉਣਾ ਤਾਂ ਹੀ ਸੰਭਵ ਹੋਇਆ ਹੈ ਜੇ ਲਿਖਤ 'ਚ ਕਿਸੇ ਪੱਖੋਂ ਉਣਤਾਈ ਨਹੀਂ ਹੈ। ਢੱਡ ਸਾਰੰਗੀ ਦਾ ਗੌਣ ਭਾਵੇਂ ਹੁਣ ਬਹੁਤ ਸਿਮਟ ਕੇ ਰਹਿ ਗਿਆ ਹੈ ਪਰ ਮੌਜੂਦਾ ਦੌਰ 'ਚ ਜਿਹੜੇ ਜਥੇ ਹਾਲੇ ਬਚੇ ਹੋਏ ਹਨ, ਜਿਵੇਂ ਦੇਸ ਰਾਜ ਲਚਕਾਣੀ (ਪਟਿਆਲਾ), ਪੰਡਤ ਵਿੱਦਿਆ ਸਾਗਰ ਡੇਹਲੋਂ, ਵਲਾਇਤ ਖ਼ਾਨ ਗੋਸਲਾਂ ਵਾਲਾ, ਅਰਜਨ ਸਿੰਘ ਗੁਆਰਾ, ਸੁਦਾਗਰ ਸਿੰਘ ਗਾਲਬ ਕੋਕਰੀ, ਗੁਰਮੇਲ ਪੰਧੇਰ ਅਜਨੌਦੇ ਵਾਲਾ, ਗੁਰਦਿਆਲ ਸਿੰਘ ਲੱਡੇ ਵਾਲਾ, ਜਾਗਰ ਸਿੰਘ ਪੰਜ ਗਰਾਈਆਂ, ਆਦਿ ਜਦੋਂ ਹੀਰ ਗਾਉਂਦੇ ਹਨ ਤਾਂ ਉਹ ਹਜ਼ੂਰਾ ਸਿੰਘ ਦੀ ਹੀ ਗਾਉਂਦੇ ਹਨ।

ਹਜ਼ੂਰਾ ਸਿੰਘ ਦੀ ਸਫ਼ਲਤਾ ਇਸ ਗੱਲ ਵਿੱਚ ਹੈ ਕਿ ਉਹ ਨਾ ਸਿਰਫ ਭਾਰਤੀ ਅਤੇ ਸਾਮੀ ਮਿਥਿਹਾਸਿਕ ਕਹਾਣੀਆਂ ਤੋਂ ਪੂਰੀ ਤਰਾਂ ਵਾਕਫ਼ ਹੈ ਸਗੋਂ ਪੰਜਾਬੀ ਸਮਾਜ ਦੇ ਸਭਨਾਂ ਰਸਮ ਰਿਵਾਜ਼ਾਂ ਖ਼ਾਸ ਕਰਕੇ ਵਿਆਹ ਵਰਗੀ ਸਭ ਤੋਂ ਮਹੱਤਵਪੂਰਨ ਰਸਮ ਨੂੰ ਇਸ ਢੰਗ ਨਾਲ ਪੇਸ਼ ਕਰਦਾ ਹੈ ਕਿ ਉਸ ਜ਼ਮਾਨੇ ਦੇ ਵਿਆਹ ਦਾ ਨਕਸ਼ਾ ਅੱਖਾਂ ਅੱਗੇ ਲੈ ਆਉਂਦਾ ਹੈ :


ਪੰਜ ਰੁਪਈਏ ਇੱਕ ਦੁਸ਼ਾਲਾ ਹਰ ਇੱਕ ਜਾਨੀ ਨੂੰ, ਕੜਿਆਂ ਸਣੇ ਪੁਸ਼ਾਕ ਸੈਦੇ ਨੂੰ ਪਹਿਨਾਈ। ਇੱਕੀ ਮਹੀਂ ਤੇ ਉਨਤਾਲੀ ਘੋੜੇ ਘੋੜੀਆਂ, ਛੇ ਹਜ਼ਾਰ ਰੁਪਈਆ ਭਰ ਪਰਾਂਤ ਫੜਾਈ। ਝੋਟੀ ਨਾਈ ਨੂੰ 'ਤੇ ਘੋੜਾ ਇੱਕ ਮਰਾਸੀ ਨੂੰ, ਰੱਥ ਗੱਡਿਆਂ ਵਾਲਿਆਂ ਨੂੰ ਮਿਲ ਗਈ ਵਡਿਆਈ। ਸਣੇ ਬੈਲਾਂ ਦੇ ਰੱਥ ਜੁੜੇ ਜੁੜਾਏ ਦੇ ਲਏ ਐ, ਐਸੀ ਡੋਲੀ ਖ਼ਾਤਰ ਹੀਰ ਦੀ ਕਰਵਾਈ। ਰਲ ਕੇ ਗੀਤ ਗਾਉਣ ਲੱਗੀਆਂ ਦਾਦੇ ਪੋਤਰੀਆਂ, ਬੀਜੇ ਧਾਨੜੇ ਅੱਜ ਹੋਈ ਐ ਪਰਾਈ। ਬਾਹੋਂ ਫੜਕੇ ਗਹਿਣਾ ਪਾ ਲਿਆ ਹੀਰ ਸਿਆਲ ਦੇ, ਮੱਥੇ ਟਿੱਕਾ ਬਿੰਦੀ ਹਾਰ ਸ਼ਿੰਗਾਰ ਲਗਾਏ। ਕੰਘੀ ਪੱਟੀ ਕਰਕੇ ਹੀਰੋਂ ਹੂਰ ਬਣਾ ਲਈ ਐ, ਮਾਮਾ ਸੱਦਿਆ ਗੋਦੀ ਹੀਰ ਨੂੰ ਉਠਾਏ। ਢੋਲ ਵਜਾਏ ਮਰਾਸਣ ਹੇਅਰੇ ਲਾਉਣ ਮੇਲਣਾਂ, ਮੋਹਰਾਂ ਟਕੇ ਵਾਰਕੇ ਪੱਲੇ ਪਾਉਂਦੀ ਸਾਲੀ। ਲ਼ਾਗੀ ਲਾਗਲੈ ਖੜੋਤੇ ਜਿੰਨੇ ਕੁ ਰਹਿੰਦੇ ਸੀ, ਰੰਗਲਾ ਝੰਮਣ ਚੱਕ ਕੇ ਡੋਲੀ ਹੀਰ ਬਹਾਲੀ। ਸਹਿਤੀ ਚਾਈਂ ਚਾਈਂ ਕੱਠੀ ਕਰਦੀ ਕੁੜੀਆਂ ਨੂੰ, ਰਲ ਕੇ ਤੁਰੀਆਂ ਗੀਤ ਗਾਉਣ ਸ਼ਗਨ ਸ਼ਮਾਰ ਦਾ। ਕਰ ਕੇ ਗੱਠਚੁਤਾਵਾ ਡੋਲੀ ਵਿੱਚੋਂ ਉਤਾਰੀ ਐ, ਪਾਣੀ ਵਾਰ ਕੇ ਪੀਤਾ ਸੱਸ ਨੇ ਸੱਤ ਸੱਤ ਵਾਰ ਦਾ। ਚਲੋ ਖਲ੍ਹਾਈਏ ਹੀਰ ਨੂੰ ਛਟੀਆਂ ਤੇ ਕੰਙਣਾ ਨੀ, ਤੁਸੀਂ ਛੇਤੀ ਲਾਉ ਸ਼ਿੰਗਾਰ ਨੀ ਸਵਾਣੀਉਂ। ਸੈਦੇ ਹੀਰ ਨੂੰ ਖਲ੍ਹਾਉਣ ਲੱਗੇ ਕੰਙਣਾ, ਵਿੱਚ ਦਲਾਨ ਦੇ ਸ਼ਤਰੰਜੀ ਲਿਆਣ ਵਿਛਾਈ। ਵਿੱਚ ਵਿਚਾਲੇ ਕੁੜੀਆਂ ਲੈ ਕੇ ਬੈਠਣ ਹੀਰ ਨੂੰ, ਲੱਸੀ ਲਿਆ ਕੇ ਵਿੱਚ ਪਰਾਂਤ ਦੇ ਪੁਆਈ। ਚੌਲ ਗੋਤਕਨਾਲੇ ਦੇ ਮਾਂ ਸਾਂਭੇ ਸੈਦੇ ਕਾਣੇ ਦੀ, ਮੁੱਖੜੇ ਹੀਰ ਸਿਆਲ ਦੇ ਫਿਰੀਆਂ ਜ਼ਰਦਾਈਆਂ। ਛੱਲਾ, ਰੁਪਈਆ, ਟਕਾ, ਕੰਙਣਾ ਕੱਢ ਪਰਾਂਤ 'ਚੋਂ, ਲੱਸੀ ਡੋਲ੍ਹ ਕੇ ਸ਼ਤਰੰਜਾਂ ਝਾੜ ਉਠਾਈਆਂ।

ਮੱਧਕਾਲੀ ਪੰਜਾਬੀ ਸਮਾਜ ਵਿੱਚ ਔਰਤ ਨੂੰ ਆਸਾਂ, ਉਮੰਗਾਂ, ਭਾਵਨਾਵਾਂ ਤੋਂ ਸੱਖਣੀ ਇੱਕ ਵਸਤੂ ਦੇ ਰੂਪ ਵਿੱਚ ਲਿਆ ਜਾਂਦਾ ਸੀ। ਅਣਜੋੜ ਰਿਸ਼ਤਿਆਂ ਨੂੰ ਸਿਰੇ ਚੜ੍ਹਾਉਣ ਲਈ ਭਾਵੇਂ ਕਾਜ਼ੀ 'ਤੇ ਮੁਲਾਣਿਆਂ ਨੂੰ ਵੱਢੀ ਤੱਕ ਕਿਉਂ ਨਾ ਦੇਣੀ ਪਵੇ, ਪਰ ਔਰਤ ਦੀ ਮਰਜ਼ੀ ਦਾ ਉੱਥੇ ਕੋਈ ਸਵਾਲ ਪੈਦਾ ਨਹੀਂ ਹੋ ਸਕਦਾ। ਭਾਵੇਂ ਉਦੋਂ ਦੇ ਸਮਾਜਿਕ-ਆਰਥਿਕ ਢਾਂਚੇ ਵਿੱਚ ਰਾਂਝੇ ਦਾ ਸਥਾਨ ਸੈਦੇ ਨਾਲੋਂ ਕਿਸੇ ਤਰਾਂ ਘੱਟ ਨਹੀਂ ਸੀ ਪਰ ਮਾਪਿਆਂ ਅਤੇ ਭਾਈਚਾਰੇ ਦੀ ਮਰਜ਼ੀ ਮੂਹਰੇ ਸਭ ਦਲੀਲਾਂ ਥੋਥੀਆਂ ਹਨ। ਇਸ ਵਰਤਾਰੇ ਵਿੱਚ ਮੌਜੂਦਾ ਸਮੇਂ ਵੀ ਬਹੁਤਾ ਬਦਲਾਅ ਨਹੀਂ ਆਇਆ, ਸ਼ਾਇਦ ਏਸ ਕਾਰਨ ਵੀ ਇਹਨਾਂ ਲੋਕ ਕਹਾਣੀਆਂ ਦੀ ਸਾਰਥਿਕਤਾ ਅਜੇ ਤੱਕ ਓਵੇਂ ਜਿਵੇਂ ਬਣੀ ਹੋਈ ਹੈ:

ਹੀਰ ਤਾਹੀਂ ਖੇੜਿਆਂ ਦੀ ਡੋਲੀ ਵਿੱਚ ਸਿੱਟਲੀ ਐ,
ਵਾਢੀ ਖਾ ਕੇ ਫਿੱਟਗੇ ਕਾਜ਼ੀ ਤੇ ਮੁਲਾਣੇ।

ਓਦੋਂ ਦੇ ਮਰਦਪ੍ਰਧਾਨ ਸਮਾਜਿਕ ਤਾਣੇਬਾਣੇ ਵਿੱਚ ਔਰਤਾਂ ਏਥੋਂ ਤੱਕ ਕਿ ਹੀਰ ਦੇ ਵਿਆਹ ਵਿੱਚ ਉਸਦੀ ਮਾਂ ਦੀ ਕੋਈ ਭੂਮਿਕਾ ਨਹੀਂ, ਜਦੋਂ ਉਹ ਰਾਂਝੇ ਨੂੰ ਕਹਿੰਦੀ ਹੈ :

ਹੋਰ ਜੇ ਤੂੰ ਆਖੇਂ ਖੇੜੀਂ ਤੋਰੀ ਤੁੱਲੀ ਨੇ,
ਮੇਰੇ ਮੂੰਹ ਨੂੰ ਕਾਲਸ਼ ਵੇ ਝੂਠੀ ਕਿਉਂ ਲਾਉਂਦਾ।
ਤੋਰਨ ਵਾਲੇ ਬੱਚਾ ਪਿੱਟੇ ਹੋਰ ਬਥੇਰੇ ਐ,
ਸਾਤੋਂ ਵਖ਼ਤ ਬੁਢੇਪੇ ਪੁੱਛਕੇ ਕੌਣ ਤੁਰਾਉਂਦਾ।

ਦੁਨਿਆਵੀਂ ਚੌਧਰਾਂ ਅਤੇ ਮਾਇਆ ਵਾਲਿਆਂ ਅੱਗੇ ਹਾਰ ਮੰਨ ਚੁੱਕੇ ਹੀਣੇ ਬੰਦੇ ਦੀ ਢੋਈ ਫਿਰ ਰੱਬ ਦੀ ਦਰਗਾਹ ਹੀ ਹੁੰਦੀ ਹੈ :

ਓਥੇ ਖੇੜੇ ਸਿਆਲ ਮਾਇਆ ਕੋਲ ਨਾ ਹੋਣੀ ਐ,
ਖਾਲੀ ਹੱਥੀਂ ਜਾਣਾ ਦੋਨੋਂ ਹੱਥ ਪਸਾਰੀਂ।

ਅਜਿਹੇ ਸਮਾਜ ਵਿੱਚ ਕੁੜੀਆਂ ਦੀ ਬੇਬਸੀ ਅਤੇ ਹਰ ਤਰਾਂ ਦੇ ਹੱਕਾਂ, ਅਧਿਕਾਰਾਂ ਤੋਂ ਹੀਣੇ ਹੋਣ ਦੇ ਬ੍ਰਿਤਾਂਤ/ਦੁਖਾਂਤ ਵਿੱਚ ਏਹਨਾਂ ਕਥਾ ਕਹਾਣੀਆਂ ਦੇ ਹੋਰ ਬੁਲੰਦੀਆਂ ਛੂਹਣ ਦੀ ਸੰਭਾਵਨਾ ਪਈ ਹੁੰਦੀ ਹੈ।

ਹੈ ਧਨ ਧੀਆਂ ਦਾ ਨਿਮਾਣਾ ਮੇਰਾਂ ਕੂੜ ਦੀਆਂ,
ਰੱਬ ਸਰਾਵੇ ਦਿਨੀਂ ਤਿਹਾਰੀਂ ਮੁੱਖ ਦਿਖਾਵਣਾ।
ਘੁੱਗਕੇ ਸੁੱਖ ਵਸੇਂਦੀ ਬਾਬਾ ਤੇਰੀ ਨਗਰੀ ਵੇ,
ਜਿੱਥੇ ਜੰਮੀਆਂ ਧੀਆਂ ਲਾਡਲੀਆਂ ਨਾ ਆਵਣਾ।
ਮਾਪੇ ਜੁੱਗ-ਜੁੱਗ ਜਿਉਂਦੇ ਰਹਿਣ ਜਹਾਨ 'ਤੇ,
ਜਿਨ੍ਹਾਂ ਤੋਂ ਸਰਿਆ ਹੈ ਨਾ ਅੱਜ ਦੀ ਰੈਣ ਕਟਾਵਣਾ।

ਅਜਿਹੀ ਹਾਲਤ ਵਿੱਚ ਫਿਰ ਸਮਾਜਿਕ ਬੰਧਨਾਂ ਦੀ ਪਾਲਣਾ ਕਰਦਿਆਂ ਕੁੜੀਆਂ ਜਿੰਨਾ ਕੁ ਵਸ ਚੱਲ ਸਕਦਾ ਸੀ,ਆਪਣੀ ਵਾਹ ਲਾਉਂਦੀਆਂ ਹਨ। ਹੀਰ ਦੀ ਕਹਾਣੀ ਵਿੱਚ ਉਸਦੀ ਡੋਲੀ ਤੁਰਨ ਵੇਲੇ ਉਸਦੀਆਂ ਸਹੇਲੀਆਂ ਵੱਲੋਂ ਜਿਵੇਂ ਰਾਂਝੇ ਨਾਲ ਹੀਰ ਦੀ ਆਖ਼ਰੀ ਮੁਲਾਕਾਤ ਕਰਵਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ, ਉਹ ਔਰਤ ਦੀ ਬੇਬਸੀ ਨੂੰ ਹੀ ਪ੍ਰਗਟ ਕਰਦਾ ਹੈ।


ਪੰਜ ਸੱਤ ਕੁੜੀਆਂ ਰਲ ਕੇ ਕੁੜੀ ਬਣਾ ਕੇ ਰਾਂਝੇ ਨੂੰ, ਅਸੀਂ ਲਿਆਉਂਦੇ ਹਾਂ ਤੂੰ ਕੋਈ ਮਕਰ ਖਿਲਾਰੀਏ। ਗਲ ਦਾ ਹਾਰ ਤੋੜਕੇ ਪੱਜ ਬਣਾ ਲੈ ਅਟਕਣ ਦਾ, ਅਸੀਂ ਭੇਸ ਜਨਾਨਾ ਰਾਂਝੇ ਦਾ ਜਾ ਧਾਰੀਏ। ਦਾੜ੍ਹੀ ਮੁੱਛ ਨਾ ਤੇਰੇ ਕੱਪੜੇ ਪਹਿਨ ਜਨਾਨੇ ਤੂੰ, ਪਟੀਆਂ ਗੁੰਦ ਕੇ ਕਰਲੈ ਹੀਰੋਂ ਰੂਪ ਸਵਾਇਆ ਵੇ। ਰਲ ਕੇ ਕੁੜੀਆਂ ਦੇ ਵਿੱਚ ਸੋਹੀਂ ਦੀਦੀਂ ਜਾ ਮਿਲ ਤੂੰ, ਕਿਨੇਂ ਨਾ ਪੁੱਛਣਾ ਵਿਆਹ ਵਿੱਚ ਮੇਲ਼ ਬਥੇਰਾ ਆਇਆ ਵੇ। ਹਜ਼ੂਰਾ ਸਿੰਘ ਦੀ ਇੱਕ ਹੋਰ ਕਾਵਿ ਕੌਸ਼ਲਤਾ ਉਸ ਵੱਲੋਂ ਨਾ ਸਿਰਫ਼ ਪ੍ਰਚੱਲਿਤ ਲੋਕ ਕਹਾਵਤਾਂ ਨੂੰ ਚੂਨੇ ਇੱਟ ਜੜਨ ਵਾਂਗ ਵਰਤਿਆ ਗਿਆ ਹੈ ਸਗੋਂ ਬਹੁਤੀ ਥਾਈਂ ਨਵੀਆਂ ਕਹਾਵਤਾਂ ਘੜਨ ਵਰਗੇ ਤਜ਼ਰਬੇ ਵੀ ਕੀਤੇ ਹਨ: ਨਾਦ ਲੱਭਣੇ ਸਾਰ ਹਰਖਿਆ ਉੱਤੇ ਚਾਕ ਦੇ, ਕੁੱਛੜ ਕੁੜੀ ਤੇ ਗਰਾਉਂ ਦੇ ਢੂੰਡਾਰੀ। ਲੈ ਕੇ ਨਾਦ ਤੇਰੇ ਹੁਣ ਚਰਨੀਂ ਡਿਗ ਪੈਨਾਂ ਮੈਂ, ਜੇ ਗੁੜ ਦਿੱਤਿਆਂ ਮਰੇ ਕਿਉਂ ਦੇਣੀ ਜ਼ਹਿਰ ਕਟੋਰੀ। ਰੂਪ ਅੱਧਾ ਰਿਜ਼ਕ ਜਹਾਨੀਂ ਸਾਰੀ ਕਹਿੰਦੀ ਐ, ਰਿਜ਼ਕ ਸਾਰਾ ਰੂਪ ਸਮਝਣ ਵਿੱਚ ਹਮਾਰੇ। ਖਾਨੈਂ ਕੋਹੜੀ ਤੇ ਕਲੰਕੀ ਛੱਡਦੈਂ ਹੋ ਗਈ ਐ, ਸੱਪ ਦੇ ਮੂੰਹ ਵਿੱਚ ਕਿਰਲੀ ਵਾਲੀ ਹੈ ਲਾਚਾਰੀ। ਜੋਗ ਲੈ ਕੇ ਬਣ ਗਿਆ ਰੱਸੀ ਦਾ ਸੱਪ ਜੋਗੀਆਂ, ਮਗਰੋਂ ਬੁੱਕਿਆ ਮਤਲਬ ਲੈ ਆਟੇ ਦਿਆ ਸੀਹਾਂ। ਝੂਠ ਬਰਾਬਰ ਪਾਪ ਸੱਚ ਬਰਾਬਰ ਤਪ ਨਾ ਉਏ, ਝੂਠੇ ਅਯਾਲੀਆ ਲਿਖਿਆ ਸੁਣਲੈ ਵੇਦ ਪੁਰਾਣ ਦਾ। ਬਾਜਾਂ ਨਾਲ ਬਟੇਰੀ ਅਯਾਲੀ ਕਾਹਨੂੰ ਖਹਿੰਦੀ ਐ, ਖਹਿਕੇ ਆਪਣੇ ਹੀ ਖੰਭਾਂ ਨੂੰ ਤੁੜਾਵੇ। ਮਾਪਿਆਂ ਦੋਜ਼ਕ ਜਾਣਿਆਂ ਕਿਸ ਬਿਪਤਾ ਵਿੱਚ ਸਿੱਟ ਲਈ ਐਂ, ਸੁੱਥਣ ਨਾ ਲਹੇ ਸਹਿਤੀਏ ਛੇਤੀ ਨੀ ਗ਼ਲ ਥਾਣੀਂ। ਜੇ ਉਹ ਸੋਹਣਾ ਲਗਦਾ ਆਪ ਕਰ ਲਵੇ ਜੋਗੀ ਨੂੰ, ਬਿਨਾਂ ਪਾਣੀਉਂ ਇਹ ਮੁਰਗਾਈ ਫਿਰੇ ਤਰਦੀ। ਲੱਗੀ ਅੱਗ ਬਗਾਨੇ ਘਰ ਨੂੰ ਬਸੰਤਰ ਦਿਸਦੀ ਐ, ਹੋਵੇ ਘਰ ਨੂੰ ਲੱਗੀ ਮਖੌਲ ਕਾਹਨੂੰ ਕਰਦੀ। ਕਦੇ ਨਾ ਬਚਦੀ ਹੁਣ ਕੀ ਮੱਛੀਆਂ ਭਾਲਦੈਂ ਮੂਤ 'ਚੋਂ, ਸਬਰ ਕਰਕੇ ਮੁੜਜਾ ਗਈ ਐ ਗੱਲ ਨਿਤਾਰੀ। ਜੇ ਮੈਂ ਝੂਠਾ ਹੁੰਦਾ ਮਿਲ ਕਿਉਂ ਜਾਂਦੀ ਅਦਲੀ ਦਿਉਂ, ਚੋਰਾਂ ਤੇ ਮੋਰ ਪੈ ਗਏ, ਮੋਰਾਂ ਤੇ ਕਜ਼ਾਈਂ। ਇਸ਼ਕ ਕਮਾਉਣਾ ਹੈ ਘਰ ਫੂਕ ਤਮਾਸ਼ਾ ਦੇਖਣ ਨੂੰ, ਉੰਨੀ ਆਸ਼ਕ ਹਾਲ ਇੱਕੋ ਸਤਰ ਨਿਬੇੜੇ। ਇਸੇ ਤਰਾਂ ਕਈ ਤੁਕਾਂ ਨੂੰ ਨਵੀਆਂ ਘੜੀਆਂ ਕਹਾਵਤਾਂ ਕਿਹਾ ਜਾ ਸਕਦਾ ਹੈ : ਜਿਸਨੂੰ ਚਾਰ ਚਿੰਬੜ ਗਏ ਖੋਟੀ ਕਿਸਮਤ ਓਸ ਦੀ, ਇਸ਼ਕ, ਰੋਗ, ਭੂਤ 'ਤੇ ਅਮਲ ਕਿਸੇ ਪਰਕਾਰੀ। ਇਸ਼ਕ ਸਮੁੰਦਰ ਦੇ ਵਿੱਚ ਤਾਰੂ ਤਰ ਨੀ ਸਕਦਾ ਹੈ, ਜਿਹੜਾ ਵੜੂ ਹਜ਼ੂਰਾ ਸਿੰਘ ਡੁੱਬੂ ਆਖ਼ਰ ਵਾਰੀ। ਇੱਕ ਨੂੰ ਘੜੇ ਹਜ਼ੂਰਾ ਸਿੰਘ ਹੋਣ ਕੰਨ ਸਭਨਾਂ ਨੂੰ, ਤੀਵੀਂ ਕੁੜੀ ਨਾਥ ਸਭ ਖੇੜਿਆਂ ਦੀ ਸਮਝਾਈ। ਬੋਲੇ ਝੂਠ ਬਿਨਾਂ ਨਾ ਕਿੱਤਾ ਕੋਈ ਤੁਰਦਾ ਹੈ, ਹੋਏ ਮੁਕੱਦਮਾ ਵੀ ਨਾ ਝੂਠ ਬਿਨਾਂ ਸਰਕਾਰਾਂ। ਆਸ਼ਕ ਬੱਕਰੇ ਵੇ ਕਸਾਈਆਂ ਹੱਥ ਮਸ਼ੂਕਾਂ ਦੇ, ਛੁਰੀ ਪਰੇਮ ਦੀ ਦੋਹਾਂ ਨੂੰ ਕਤਲ ਕਰਾਉਂਦੀ। ਮਾਪੇ ਵਸਦੇ ਭਲੇ, ਧੀਆਂ ਘਰੋਂ ਤੁਰਦੀਆਂ, ਸਹੁਰੀਂ ਸਦੋਂ ਪੇਕੀਂ ਆਉਣਾ ਦਿਨੀਂ ਤਿਹਾਰ ਨੀ। ਲੈ ਕੇ ਹੀਰ ਅਸਾਂ ਨੂੰ ਜੋਗ ਵਰਗਾ ਸਮਝੇਂਗਾ, ਭੁੱਖੇ ਮਾਣਸ ਨੂੰ ਫ਼ਲ ਦੇਣਾ ਕੀ ਸਰੀਹਾਂ।

'ਹੀਰ' ਦਾ ਪਾਠ ਕਰਦਿਆਂ ਓਦੋਂ ਦੀ ਸਮਾਜਿਕ, ਸੱਭਿਆਚਾਰਕ ਹਾਲਤ ਦੀ ਮੂੰਹ ਬੋਲਦੀ ਤਸਵੀਰ ਦੇ ਦਰਸ਼ਨ ਹੁੰਦੇ ਹਨ। ਲੋਕਾਂ ਦੇ ਨਿੱਤ ਦਿਨ ਦੇ ਕੰਮ ਧੰਦੇ, ਰਸਮ-ਰਿਵਾਜ਼, ਦੇਸੀ ਇਲਾਜ਼ ਪ੍ਰਣਾਲੀਆਂ, ਵਹਿਮਾਂ ਭਰਮਾਂ ਆਦਿ ਸਭ ਕੁਝ ਦਾ ਜੀਵੰਤ ਚਿਤ੍ਰਣ ਮਿਲਦਾ ਹੈ, ਜਿਸਨੂੰ ਪੜ੍ਹ ਕੇ ਪੰਜਾਬ ਦੇ ਅੱਜ ਦੇ ਸਮਾਜ 'ਚੋ ਬਹੁਤ ਕੁਝ ਮਨਫ਼ੀ ਹੋ ਗਿਆ ਪ੍ਰਤੀਤ ਹੁੰਦਾ ਹੈ:

ਅੱਗੇ ਭੋਗਾ ਬੈਠਾ ਚੋਵੇ ਫੱਟੜ ਗਊ ਨੂੰ,
ਤੋੜ ਨਿਆਣਾ ਦੁੱਧ ਡੁਲ੍ਹਾ ਡੋਹਣੀ ਭੰਨਾਈ।

ਮਿੱਟੀ ਬੀਬੜਿਆਂ ਦੀ ਸੁੱਖਾਂ ਰੋਟ ਚਾੜ੍ਹਕੇ,
ਮੱਥਾ ਹੇਠ ਪਨਾਲ਼ੇ ਟੇਕ ਕੇ ਲੈ ਜਾਵੇ।

ਹੋਰ ਕੁਮਾਰ, ਦਾਰੂ, ਗੰਢਾ, ਅਦਰਕ ਦੇ ਲਏ ਨੇ,
ਮਿਰਚਾਂ, ਘਿਉ ਪਿਲਾਇਆ, ਮੂੰਹ ਹੀਰ ਦਾ ਸੜਿਆ।

ਕੂਕਣ ਕੋਇਲਾਂ, ਮੋਰ, ਬੰਬੀਹੇ, ਚੜ੍ਹੀਆਂ ਸ਼ਿਆਮ ਘਟਾਂ,
ਚਿੜੀਆਂ ਅਗਨ ਮਮੋਲਿਆਂ ਬਹੀਆਂ ਪਈ ਚਿਚਲਾਉਣ ਦੀ।

ਸਾਡੀਆਂ ਬਹੁਤੀਆਂ ਪ੍ਰੀਤ ਕਹਾਣੀਆਂ ਠਾਠਾਂ ਮਾਰ ਵਗਦੇ ਦਰਿਆਵਾਂ ਕਿਨਾਰੇ ਵਾਪਰਦੀਆਂ ਰਹੀਆਂ ਹਨ । ਹੁਣ ਭਾਵੇਂ ਸਾਡੇ ਦਰਿਆ ਸਾਡੀਆਂ ਕਰਤੂਤਾਂ ਕਾਰਨ ਸੁੱਕ ਗਏ ਹਨ, ਉਹਨਾਂ ਦੇ ਬੰਨੇ ਉੱਜੜ ਗਏ ਹਨ ਪਰ ਉਹਨਾਂ ਸਮਿਆਂ 'ਚ ਠਾਠੀਂ ਵਗਦੇ ਇਹ ਦਰਿਆ ਸਾਡਾ ਸਹਾਰਾ ਵੀ ਬਣਦੇ ਰਹੇ ਹਨ ਤੇ ਰੁਕਾਵਟਾਂ ਵੀ। ਵਗਦੇ ਦਰਿਆਵਾਂ ਦੇ ਅੰਗ-ਸੰਗ ਰਹਿਣਾ ਕਿਸ ਤਰ੍ਹਾਂ ਦਾ ਮਹੌਲ ਸਿਰਜਦਾ ਸੀ, ਇਸਦੇ ਦਰਸ਼ਨ ਇਸ ਕਿੱਸੇ 'ਚੋਂ ਹੋ ਜਾਂਦੇ ਹਨ।

ਪੱਤਣ, ਬੇੜੀ, ਵੰਝ ਨਾ ਚੱਪਾ ਠਾਠੀਂ ਵਗਦੀ ਐ,
ਲੰਘੀਏ ਕਿਹੜੀ ਬਿਧ ਦੇ ਨਾਲ ਨੀ ਮੁਟਿਆਰੇ।
ਵਗਦੀ ਨਹਿੰ ਚਾਦਲ ਬੇਹਾਥ ਪਾਣੀ ਜ਼ੋਰ ਕਰੇ,
ਟੱਕਰ ਮਾਰ ਨਾਗਰ ਮੱਛ ਨੇ ਡੱਕੇ ਖਿੰਡਾਏ।

ਉੱਦੋਂ ਦੇ ਹਰੇ ਭਰੇ ਪੰਜਾਬ ਦਾ ਨਕਸ਼ਾ ਮੁੜ ਜੀਵੰਤ ਹੋ ਉੱਠਦਾ ਹੈ ਜਦੋਂ ਅਸੀਂ ਉਦੋਂ ਦੇ ਪਾਤਰਾਂ ਨੂੰ ਪੈਰ ਪੈਰ ਤੇ ਜੰਗਲਾਂ, ਝੱਲਾਂ, ਬੇਲਿਆਂ ਥਾਣੀਂ ਲੰਘਦੇ ਅਤੇ ਭਾਂਤ-ਸੁਭਾਂਤੇ ਪੰਛੀਆਂ, ਪਰਿੰਦਿਆਂ ਅਤੇ ਜੰਗਲੀਂ ਰਹਿੰਦੇ ਜਾਨਵਰਾਂ ਦੇ ਰੂਬਰੂ ਹੁੰਦੇ ਦੇਖਦੇ ਹਾਂ। ਅਜਿਹਾ ਕਰਦਿਆਂ ਸਾਡੇ ਕੋਲੋਂ ਬਹੁਤ ਕੁਝ ਜਾਂ ਇਉਂ ਕਹੀਏ ਪੰਜਾਬ ਦੀ ਰੂਹ ਗੁਆਚ ਜਾਣ ਦਾ ਝੋਰਾ ਵੀ ਲੱਗਦਾ ਹੈ। ਉਦੋਂ ਦੇ ਔਝੜੇ ਰਾਹਾਂ, ਡੰਡੀਆਂ, ਰੋਹੀਆਂ, ਢੱਕੀਆਂ ਜਿੱਥੇ ਅਕਸਰ ਰਾਹੀ ਰਾਹ ਭੁੱਲ ਜਾਂਦੇ ਸਨ, ਕਿਸੇ ਮੂੰਹ ਜ਼ੋਰ, ਅਲਬੇਲੇ, ਰੰਗ-ਰੰਗੀਲੇ ਇਲਾਕੇ ਦੀ ਦੱਸ ਪਾਉਂਦੇ ਨਜ਼ਰ ਆਉਂਦੇ ਹਨ।

ਚੱਲ ਪੁੱਤ ਖਾਣਾ ਖਾਹ ਤੈਂ ਨਾਲੇ ਜਾਣਾ ਹੀਰ ਦੇ,
ਛੇਤੀ ਤੁਰਜਾ ਡੰਡੀਆਂ ਔਝੜ ਨੀ ਥਿਆਉਂਦੀਆਂ।
ਓਥੇ ਲੱਗਜੂ ਪਤਾ ਪਿਆਰ ਤੇ ਬੁਰਿਆਈ ਦਾ,
ਜਿੱਥੇ ਮਾਹੀ, ਪਾਲੀ ਬੈਠਣ ਮੱਝੀਆਂ ਗਾਈਆਂ।
ਜੰਡਾਂ ਵਾਲੀ ਢਾਬ ਉੱਤੇ ਜਾ ਕੇ ਬੈਠ ਗਿਆ।
ਸਿਆਣ ਲੋਕਾਂ ਨੇ ਜਾ ਖ਼ਬਰਾਂ ਘਰੀਂ ਪੁਚਾਈਆਂ।

ਉਦੋਂ ਦੇ ਪੰਜਾਬੀ ਸਮਾਜ ਵਿੱਚ ਨਾਥ ਜੋਗੀਆਂ ਦਾ ਬੋਲਬਾਲਾ ਹੋਣਾ ਖਾਸ ਕਰਕੇ ਉਹਨਾਂ ਦੇ ਗੁਰੂ ਗੋਰਖ ਨਾਥ ਦੀ ਜਨੂੰਨ ਦੀ ਹੱਦ ਤੱਕ ਉਪਮਾ ਹੋਣੀ, ਉਹਨਾਂ ਦੀ ਬੇਹੱਦ ਔਖੀ ਘਾਲਕਮਾਈ ਅਤੇ ਅਤਿਅੰਤ ਕਰੜੇ ਇਮਤਿਹਾਨਾਂ ਵਿੱਚੋਂ ਲੰਘ ਕੇ ਲੋਕਾਂ 'ਚ ਪਰਵਾਨ ਹੋਣਾ ਤੇ ਵੱਡੀ ਇੱਜ਼ਤ ਪਾਉਣੀ ਮੱਧਕਾਲੀ ਪੰਜਾਬੀ ਸਮਾਜ ਦੇ ਅਹਿਜੇ ਉੱਘੜਵੇਂ ਪੱਖ ਹਨ ਜਿਨ੍ਹਾਂ ਨੇ ਏਥੋਂ ਦੀ ਸਮਾਜਿਕ ਸੱਭਿਆਚਾਰਕ ਜਿੰਦਗੀ ਨੂੰ ਸਭ ਤੋਂ ਵੱਧ ਪ੍ਰਭਾਵਤ ਕੀਤਾ ਹੈ, ਭਾਵੇਂ ਉਹ ਸਮਾਜ ਨਾਥ ਜੋਗੀਆਂ ਦੀ ਵਿਚਾਰਧਾਰਾ ਤੋਂ ਉਲਟ ਮੁਸਲਮਾਨੀ ਧਰਮ ਨੂੰ ਮੰਨਣ ਵਾਲਾ ਹੀ ਕਿਉਂ ਨਾ ਹੋਵੇ:

ਆਉਂਦੇ ਸਾਰ ਮੇਤੋਂ ਜੋਗ ਮੰਗਦੈਂ ਘੂਰ ਕੇ,
ਪਾਣੀ ਢੋਇਆ ਧੂੰਆਂ ਤੈਂ ਇੱਕ ਦਿਨ ਨਹੀਂ ਪਾਇਆ।
ਬਾਰਾਂ ਬਾਰਾਂ ਵਰ੍ਹਿਆਂ ਦੇ ਮੇਰੇ ਦਰ ਬੈਠੇ ਐ,
ਕਾਰਾਂ ਕਰਦੇ ਮਰਗੇ, ਅਜੇ ਜੋਗ ਨੀ ਥਿਆਇਆ।

ਚਿਮਟਾ, ਤੂੰਬੀ, ਚਿੱਪੀ, ਸੇਲ੍ਹੀ, ਟੋਪੀ, ਪਰਨਾ ਵੇ,
ਫਰੂਆ, ਫਹੁੜੀ, ਮਾਲਾ, ਬਰਾਗਣ ਮੈਂ ਲੁਕੋਈ।

ਪੁੱਤਰ ਅਮੀਰਾਂ ਦੇ ਆ ਚੇਲੇ ਬਣਦੇ ਗੋਰਖ ਦੇ,
ਐਸ਼ ਇਸ਼ਰਤ ਰਾਜ ਰਾਣੀਆਂ ਭੁਲਾ ਕੇ।

ਚੇਲਾ ਗੋਰਖ ਦਾ ਤੂੰ ਮਾਰਨ ਚੱਲਿਐਂ ਜੇਹੜੇ ਨੂੰ,
ਪਿੰਡ ਨੂੰ ਪੱਟ ਦੇਣਗੇ ਭੇਖ ਜੇ ਆ ਗਿਆ ਚੜ੍ਹਕੇ।
ਜਿਨ੍ਹਾਂ ਨੇ ਸਾਧ ਦੁਖਾਏ ਖਾਲੀ ਗਏ ਜਹਾਨ 'ਚੋਂ,
ਅੱਗੇ ਵਿਲ੍ਹਕਣਗੇ ਵਿੱਚ ਭਾਅ ਦੋਜਕ ਦੀ ਸੜਕੇ।

ਢਾਕਾ ਅਤੇ ਬੰਗਾਲਾ, ਕੌਰੂ ਥਰ ਥਰ ਕੰਬਦੇ ਐ,
ਅੱਜ ਦਿਨ ਸਤਿਗੁਰ ਗੋਰਖ ਦੀ ਚਲਦੀ ਐ ਹੱਕੀ।

ਮੱਧਕਾਲੀ ਪੰਜਾਬੀ ਸਮਾਜ ਕਿਉਂਕਿ ਮਰਦ ਪ੍ਰਧਾਨ ਸੀ, ਔਰਤਾਂ ਨੂੰ ਪੈਰ ਦੀ ਜੁੱਤੀ ਬਰੋਬਰ ਸਮਝਿਆ ਜਾਂਦਾ ਸੀ, ਇਸ ਕਰਕੇ ਔਰਤਾਂ ਨੂੰ ਭੰਡਣ ਦਾ ਕੋਈ ਮੌਕਾ ਹੱਥੋਂ ਨਹੀਂ ਖੁੰਝਾਇਆ ਜਾਂਦਾ ਸੀ। ਹਜ਼ੂਰਾ ਸਿੰਘ ਵੀ ਏਸ ਪ੍ਰਭਾਵ ਤੋਂ ਮੁਕਤ ਨਹੀਂ ਸੀ। ਔਰਤਾਂ ਬਾਰੇ ਲਿਖਦਾ ਉਹ ਉਦੋਂ ਦੀ ਸਮਾਜੀ ਬਣਤਰ ਦਾ ਬਿਆਨ ਹੀ ਕਰ ਰਿਹਾ ਹੈ।

ਵਿਹਲੀ ਰੰਨ ਹਜ਼ੂਰਾ ਸਿੰਘ ਸਿਆਣੇ ਆਖਦੇ,
ਦਰ ਦਰ ਫਿਰਦੀ ਘਰ ਨੂੰ ਆਉਂਦੀ ਕੁੱਤੇ ਭਕਾ ਕੇ।

ਸੱਤ ਸਲਾਮਾਂ ਹਜ਼ੂਰਾ ਸਿੰਘਾ ਏਹਨਾਂ ਨਾਰਾਂ ਨੂੰ,
ਵੱਡੇ ਆਲਮ ਫਾਜ਼ਲ ਰਿਖੀ ਮੁਨੀ ਸਭ ਚੇਲੇ।

ਕਰੀਂ ਸਲਾਮ ਹਜ਼ੂਰਾ ਸਿੰਘਾ ਏਹਨਾਂ ਨਾਰਾਂ ਨੂੰ,
ਦੂਰ ਵਸੰਦਿਆਂ ਏਹਨਾਂ ਡੈਣਾਂ ਤੋਂ ਬਚ ਜਾਈਏ।

ਡਰਦੇ ਰਹੀਏ ਹਜ਼ੂਰਾ ਸਿੰਘਾ ਏਹਨਾਂ ਨਾਰਾਂ ਤੋਂ,
ਚਾਲੇ ਦੇਖ ਸ਼ੈਤਾਨ ਅਹੀ ਤਹੀ ਵਿੱਚ ਵੜਿਆ।

ਮਦਾਰੀ ਠੂਠੇ ਪਿਆਲੀ ਵਿੱਚੋਂ ਉਡਾਉਂਦੇ ਗੋਲੀਆਂ,
ਏਹਨਾਂ ਨੇ ਆਦਮੀ ਉਡਾ ਲਏ ਵਾਂਗ ਪਟੋਲੇ।

ਖੋਟਾ ਪੁੱਤਰ ਦਾਗ਼ ਲਗਾਉਂਦਾ ਥੋੜ੍ਹਾ ਮਾਪਿਆਂ ਨੂੰ,
ਖੋਟੀ ਧੀ ਤਾਂ ਜਾਣੋਂ ਕੁਲ ਦੀ ਕਰੇ ਸਫ਼ਾਈ।

ਏਹਨਾਂ ਲੋਕ ਕਹਾਣੀਆਂ ਦਾ ਇੱਕ ਬਹੁਤ ਉੱਘੜਵਾਂ ਲੱਛਣ ਜਿਹੜਾ ਏਹਨਾਂ 'ਚ ਵਾਰ ਵਾਰ ਪ੍ਰਗਟ ਹੁੰਦਾ ਰਿਹਾ ਹੈ, ਉਹ ਇਹਨਾਂ ਦੀਆਂ ਨਾਇਕਾਵਾਂ ਦਾ ਕਿਸੇ ਗ਼ੈਰ ਮਰਦ ਭਾਵੇਂ ਉਹ ਉਹਨਾਂ ਦਾ ਪਤੀ ਹੀ ਕਿਉਂ ਨਾ ਹੋਵੇ, ਨਾਲ ਅੰਗ ਨਾ ਛੁਹਾਣ ਦਾ ਹੈ। ਸ਼ਾਇਦ ਏਹਨਾਂ ਕਹਾਣੀਆਂ ਦੀ ਸਫ਼ਲਤਾ ਅਤੇ ਲੋਕਮਨਾਂ ਵਿੱਚ ਪ੍ਰਵਾਨਗੀ ਹੋਰ ਸਭਨਾਂ ਪੱਖਾਂ ਨਾਲੋਂ ਇਸ ਇੱਕਲੇ ਪੱਖ ਉੱਪਰ ਵਧੇਰੇ ਨਿਰਭਰ ਕਰਦੀ ਹੈ। ਮਿਸਾਲ ਦੇ ਤੌਰ ਤੇ ਹਜ਼ੂਰਾ ਸਿੰਘ ਦੀ ਹੀਰ ਵਿੱਚੋਂ ਵੀ ਇਸ ਪੱਖ ਦੇ ਦਰਸ਼ਨ ਹੁੰਦੇ ਹਨ ਜਦੋਂ ਜੋਗੀ ਬਣਿਆ ਰਾਂਝਾ ਸੈਦੇ ਤੋਂ ਹੀਰ ਦੇ ਕੁੰਵਾਰੀ ਹੋਣ ਬਾਰੇ ਤਸਦੀਕ ਕਰਦਾ ਹੈ ਜਾਂ ਕਹਿ ਲਈਏ ਕਿ ਏਸ ਬਹਾਨੇ ਹਜ਼ੂਰਾ ਸਿੰਘ ਆਪਣੇ ਪਾਠਕਾਂ ਨੂੰ ਹੀਰ ਦੇ ਕੁੰਵਾਰੀ ਹੋਣ ਦੀ ਸੂਚਨਾ ਦਿੰਦਾ ਹੈ :

ਵਿਆਹੀਆਂ ਉੱਤੇ ਮੇਰਾ ਮੰਤਰ ਨੀ ਚਲਦਾ ਮੂਰਖਾ,
ਹੋਵੇ ਕੁੰਵਾਰੀ ਤਾਂ ਕਲਾਮ ਵਿਹੁ ਉਤਾਰ ਦੀ।
ਖਬ੍ਹਰੇ ਕਿੰਨੇ ਬਰਸ ਹੋਏ ਤੇਰੇ ਘਰ ਵਸਦੀ ਨੂੰ,
ਹੀਰ ਨਾ ਵਸਦੀ ਤੇਰੇ ਘਰ ਵਰ੍ਹੇ ਪੰਜ ਚਾਰ ਦੀ।

ਅੱਗੋਂ ਹੀਰ ਦਾ ਪਤੀ ਸੈਦਾ ਖੁਦ ਹੀਰ ਦੇ ਕੁੰਵਾਰੀ ਹੋਣ ਬਾਰੇ ਸੂਚਨਾ ਹੈ :

ਹੀਰ ਕੁੰਵਾਰੀ ਹੈ ਜੇ ਪੁੱਛਦੇ ਓਂ ਨਾਲ ਈਮਾਨ ਦੇ,
ਨਾ ਮੈਂ ਦੇਹੀ ਟੋਲ੍ਹੀ ਨਾ ਮੈਂ ਹੱਥ ਲਗਾਣਾ।
ਅਸੀਂ ਝੂਠੇ ਨਿਕਾਹ ਦੇ ਚੋਰ ਬਣਗੇ ਬਾਵਾ ਜੀ,
ਮੈਨੂੰ ਭੈਣ ਬਰਾਬਰ ਹੀਰ ਜੇ ਸੱਚ ਪੁਛਾਣਾ।

ਉਹ ਏਥੇ ਹੀ ਬੱਸ ਨਹੀਂ ਕਰਦਾ ਸਗੋਂ ਖੁਦ ਹੀਰ ਤੋਂ ਵੀ
ਉਹਦੇ ਕੁੰਵਾਰੀ ਹੋਣ ਦੀ ਤਸਦੀਕ ਕਰਵਾਉਂਦਾ ਹੈ।

ਛੇ ਮਹੀਨੇ ਘਰ ਤਾਂ ਮੈਂ ਕਾਣੇ ਦੇ ਕੱਟ ਲਏ ਵੇ,
ਜਿਵੇਂ ਪੁੱਤਰਾਂ ਕੋਲੇ ਕੱਟਦੀ ਰਾਂਝਿਆ ਮਾਈ।

ਹਾਲੇ ਵੀ ਸਾਡੇ ਲੋਕ ਮਨ ਦੀ ਤਸੱਲੀ ਨਹੀਂ ਹੁੰਦੀ। ਇਹ ਇਸ਼ਕ ਕਹਾਣੀਆਂ ਦਾ ਅਜਿਹਾ ਪੱਖ ਹੈ ਕਿ ਮਰਕੇ ਵੀ ਇਸਤੋਂ ਖਹਿੜਾ ਨਹੀਂ ਛੁਡਾਇਆ ਜਾ ਸਕਦਾ। ਮਰਨ ਤੋਂ ਬਾਅਦ ਦਰਗਾਹ ਵਿੱਚੋਂ ਵੀ ਉਪਰੋਕਤ ਗੱਲ ਤੇ ਮੋਹਰ ਲਗਵਾਈ ਜਾਂਦੀ ਹੈ। ਏਡੇ ਕਰੜੇ ਇਮਤਿਹਾਨ ਵਿੱਚੋਂ ਲੰਘ ਕੇ ਹੀ ਕੋਈ ਔਰਤ ਮਨਜ਼ੂਰਏਨਜ਼ਰ ਹੋ ਸਕਦੀ ਹੈ।

ਸਾਰਾ ਦਫ਼ਤਰ ਫੋਲਿਆ ਚਤਰ ਗੁਪਤ ਲਿਖਾਰੀ ਦਾ,
ਕਲਮ ਨਾ ਲੱਗੀ ਨਿੱਕਲੀ ਕਿਸੇ ਗੁਨਾਹ ਪਰ ਭਰ ਕੇ।
ਸੁੱਚੇ ਮੋਤੀ ਵਰਗੀ ਹੀਰ ਸੁੱਚੀ ਸੱਤ ਜਨਮਾਂ ਦੀ,
ਫੇਰ ਨੀ ਜੰਮਣਾ ਪੈਣਾ ਏਸ ਜਨਮ ਵਿੱਚ ਮਰ ਕੇ।

ਤਵਕੋ ਨਹੀਂ ਕੀਤੀ ਜਾਂਦੀ। ਉਹਨਾਂ ਨੂੰ ਇਹਨਾਂ ਗਲਾਂ ਤੋਂ ਪਰ ਮੱਧਕਾਲ ਦੇ ਮਰਦ ਪ੍ਰਧਾਨ ਸਮਾਜ ਵਿੱਚ ਕਿਸੇ ਮਰਦ ਤੋਂ ਅਜਿਹੇ ਕਿਸੇ ਵੀ ਇਮਤਿਹਾਨ ਵਿੱਚ ਪੈਣ ਦੀ ਜਿਵੇਂ ਛੋਟ ਹੈ। ਉਦਾਹਰਨ ਦੇ ਤੌਰ ਤੇ ਰਾਂਝੇ ਨੂੰ ਅਸੀਂ ਕਿਤੇ ਵੀ ਉਪਰੋਕਤ ਕਿਸਮ ਦੀ ਸਫ਼ਾਈ ਦਿੰਦੇ ਨਹੀਂ ਦੇਖਦੇ ਜਿਹੜੀ ਹੀਰ ਨੂੰ ਪੈਰ ਪੈਰ ਤੇ ਦੇਣੀ ਪੈ ਰਹੀ ਹੈ। ਕਿੱਸਾਕਾਰਾਂ ਨੇ ਇਹਨਾਂ ਕਿੱਸਿਆਂ ਨੂੰ ਲੋਕ ਪਰਵਾਨਗੀ ਜਾਂ ਕਹਿ ਲਈਏ ਉਦੋਂ ਦੇ ਧਰਮ ਦੇ ਬੋਲਬਾਲੇ ਵਾਲੇ ਸਮਾਜ ਵਿੱਚ ਧਾਰਮਿਕ ਪਰਵਾਨਗੀ ਦਿਵਾਉਣ ਲਈ ਇਸ਼ਕ ਮਜ਼ਾਜ਼ੀ ਤੋਂ ਇਸ਼ਕ ਹਕੀਕੀ ਵੱਲ ਦੀ ਯਾਤਰਾ ਕਰਵਾਈ ਹੈ।

ਤੂੰ ਹੀ ਮੱਕਾ ਮਦੀਨਾ ਤੂੰ ਰੱਬ ਰਾਂਝਾ ਹੀਰ ਦਾ,
ਸਾਬਤ ਨਾਲ ਈਮਾਨ ਕਹੂੰ ਆਕਬਤ ਵਿੱਚ ਜਾਈ।

ਹੀਰੇ ਮੰਗਲੈ ਜੋ ਕੁਛ ਮੰਗਣਾ ਅੱਲਾ ਪਾਕ ਕਹੇ,
ਹੀਰ ਦੀਦਾਰ ਮੰਗਿਆ ਰਾਂਝੇ ਦਾ ਡਰ ਡਰ ਕੇ।

ਚੌਂਕੀਦਾਰ ਸੰਤਰੀ ਮੂਹਰੇ ਲੱਗ ਰੰਝੇਟੇ ਹੀਰ ਦੇ,
ਜਿੰਨੇ ਥਾਉਂ ਸੁਰਗਦੇ ਸਾਰੇ ਫੇਰ ਦਿਖਾਏ।
ਨੋਹ ਨਬੀ ਯੋਜਨਾ ਮੂਸਾ ਜਿਹੇ ਪੈਗੰਬਰਾਂ ਦੇ,
ਹਜ਼ਰਤ ਈਸਾ ਦੇ ਵੀ ਜਾਇ ਦੀਦਾਰ ਕਰਾਏ।

ਰਾਂਝੇ ਵੱਲੋਂ ਹੀਰ ਨੂੰ ਲੈ ਕੇ ਖੇੜਿਆਂ ਦਿਉਂ ਦੌੜ ਜਾਣ ਤੋਂ ਬਾਅਦ ਉਹ ਝਨਾਂ ਦਰਿਆ ਪਾਰ ਕਰ ਲੈਂਦੇ ਹਨ। ਇੱਥੇ ਸਾਡੇ ਲੋਕ ਇਤਿਹਾਸ ਮਿਥਿਹਾਸ ਦਾ ਪਰੰਪਰਿਕ ਪੱਖ ਕਲ 'ਤੇ ਨਾਰਦ ਪ੍ਰਗਟ ਹੁੰਦੇ ਹਨ ਜਿੱਥੇ ਕਲ ਹੀਰ ਰਾਂਝੇ ਦੀ ਨੇੜ ਭਵਿੱਖ ਵਿੱਚ ਹੋਣ ਵਾਲੀ ਮੌਤ ਦੀ ਸੂਚਨਾ ਦਿੰਦੀ ਹੈ :

ਅੱਗੇ ਹਜ਼ਾਰਾਂ ਭੱਛੀਆਂ ਪਰੀਆਂ ਜਿਹੀਆਂ ਸੂਰਤਾਂ,
ਕਿਸ ਦੀ ਗਿਣਤੀ ਦੇ ਵਿੱਚ ਤੇਰੇ ਰਾਂਝਾ ਹੀਰੀ।
ਹੁਣ ਦਿਨ ਥੋੜੇ ਰਹਿੰਦੇ ਇਹ ਜੋੜੀ ਛਿਪ ਜਾਣ ਦੇ,
ਚੱਖਣੀ ਪਊ ਮੌਤ ਦੀ ਓੜਕ ਸਭਨੂੰ ਸ਼ੀਰੀ।
ਸਰਾਪ ਇੰਦਰ ਦਾ ਹੈ ਦੋਹਾਂ ਹੀਰ ਰਾਂਝੇ ਨੂੰ,
ਮਿਸਲ ਕੱਢ ਦਫ਼ਤਰੋਂ ਇੰਦਰ ਦਿਉਂ ਲਿਆਈ।
ਹੀਰ ਹੱਥੀਂ ਮਾਰਨੀ ਜ਼ਹਿਰ ਦੇ ਕੇ ਤੁੱਲੀ ਨੇ,
ਸਾਰੀ ਖੋਲ੍ਹ ਬਾਤ ਹਜ਼ੂਰਾ ਸਿੰਘ ਬਤਾਈ।

ਤਖ਼ਤ ਹਜ਼ਾਰੇ ਜਾਣ ਤੋਂ ਪਹਿਲਾਂ ਹੀਰ ਨੂੰ ਆਪਣੀ ਜੰਮਣ ਭੋਇੰ, ਮਾਪਿਆਂ 'ਤੇ ਸਹੇਲੀਆਂ ਦਾ ਹੇਰਵਾ ਉੱਠਣਾ ਤੇ ਉਸ ਵੱਲੋਂ ਰਾਂਝੇ ਨੂੰ ਪਹਿਲਾਂ ਸਿਆਲੀਂ ਜਾਣ ਲਈ ਮਨਾਉਣਾ ਉਹਨਾਂ ਦੀ ਮੌਤ ਦਾ ਮੁੱਢ ਬੰਨ੍ਹ ਦਿੰਦਾ ਹੈ :

ਹੀਰ ਰਾਂਝੇ ਤਾਈਂ ਅਰਜ ਕਰੇ ਹੱਥ ਜੋੜ ਕੇ,
ਜੰਮਣ ਭੋਮ ਉੱਠਿਆ ਮਾਪਿਆਂ ਦਾ ਪਿਆਰ ਵੇ।
ਹੁਣ ਤਾਂ ਮਿਲ ਗਈ ਤੈਨੂੰ ਅਦਲੀ ਦੇ ਅਦਲ 'ਚੋਂ,
ਰਹਿ ਕੀ ਗਈ ਖੇੜੇ ਮਾਪਿਆਂ ਦੇ ਅਖ਼ਤਿਆਰ ਵੇ।
ਮੇਰਾ ਜੀਅ ਲੋਚਦਾ ਮਿਲਣਾ ਕੁੜੀਆਂ ਮਿੱਠੀ ਨੂੰ,
ਮੇਰੇ ਤੇਰੇ ਦੁੱਖ ਸੁੱਖ ਦੀ ਜਿਨ੍ਹਾਂ ਨੂੰ ਸਾਰ ਵੇ।
ਤੇਰੀ ਮੇਰੀ ਸਹੀ ਸਲਾਮਤ ਰਹਿਗੀ ਜਿੰਦੜੀ,
ਕੇਰਾਂ ਚੱਲ ਸਿਆਲੀਂ ਦੇ ਚੱਲੀਏ ਫਿਟਕਾਰ ਵੇ।

ਓਧਰ ਹੀਰ ਰਾਂਝੇ ਦੇ ਆਉਣ ਬਾਰੇ ਸੁਣਕੇ ਸਿਆਲ ਕਾਹਲੀ ਵਿੱਚ ਆਪਣੀ ਪੰਚਾਇਤ ਸੱਦਦੇ ਹਨ ਜਿੱਥੇ ਹੀਰ ਦੇ ਬਾਪ ਚੂਚਕ ਨੂੰ ਕਾਜ਼ੀ ਆਪਣਾ ਫੈਸਲਾ ਸੁਣਾਉਂਦਾ ਹੈ:

ਜਾਂ ਤੇ ਬੰਨ੍ਹ ਕੇ ਹੀਰ ਖੇੜਿਆਂ ਦੇ ਘਰ ਤੋਰ ਦੇ,
ਨਹੀਂ ਤਾਂ ਜ਼ਹਿਰ ਦੇ ਕੇ ਮਾਰ ਦਿਓ ਇੱਕ ਵਾਰੀ।
ਕੁੜੀਆਂ ਸਿਆਲਾਂ ਦੀਆਂ ਨਾ ਕਿਨੇਂ ਲੈਣੀਆਂ ਚੂਚਕਾ,
ਜਹੀ ਕੁ ਹੀਰ ਤੇਰੀ ਨੇ ਕੀਤੀ ਹੈ ਖ਼ੁਆਰੀ।

ਸਿਆਲ ਸਲਾਹ ਕਰਕੇ ਰਾਂਝੇ ਨੂੰ ਕਹਿੰਦੇ ਹਨ ਕਿ ਜੇ ਤੂੰ ਹੀਰ ਨੂੰ ਇਵੇਂ ਜਿਵੇਂ ਲੈ ਗਿਆ ਤਾਂ ਉਧਾਲੇ ਦਾ ਦਾਗ਼ ਸਦਾ ਵਾਸਤੇ ਲੱਗ ਜਾਵੇਗਾ। ਤੂੰ ਤਖ਼ਤ ਹਜ਼ਾਰਿਉਂ ਜੰਞ ਲੈ ਕੇ ਆ ਜਾ 'ਤੇ ਹੀਰ ਨੂੰ ਨਿਕਾਹ ਕੇ ਲੈ ਜਾ। ਰਾਂਝੇ ਨੂੰ ਤਸੱਲੀ ਦੇਣ ਵਾਸਤੇ ਏਹੀ ਗੱਲ ਹੀਰ ਤੋਂ ਰਾਂਝੇ ਨੂੰ ਅਖਵਾਈ ਗਈ। ਇਸ ਤੋਂ ਪਹਿਲਾਂ ਹੀਰ ਨੂੰ ਸੱਚ ਮਨਵਾਉਣ ਲਈ ਪਰਿਵਾਰ ਦੇ ਸਾਰੇ ਜੀਅ ਪਵਿੱਤਰ ਕੁਰਾਨ ਸ਼ਰੀਫ਼ ਨੂੰ ਹੱਥ ਲਾ ਕੇ ਹੀਰ ਨੂੰ ਰਾਂਝੇ ਨਾਲ ਨਿਕਾਹੁਣ ਦਾ ਭਰੋਸਾ ਦਿੰਦੇ ਹਨ। ਅੱਗੋਂ ਇਸ ਗੱਲ ਨੂੰ ਹੋਰ ਪੱਕੀ ਕਰਨ ਲਈ ਚੌਥੇ ਵੀਰਵਾਰ ਦੇ ਨਿਕਾਹ ਦੀ ਚਿੱਠੀ ਲਿਖ ਕੇ ਰਾਂਝੇ ਨੂੰ ਫੜਾਉਂਦੇ ਹਨ। ਰਾਂਝੇ ਨੂੰ ਭਾਵੇਂ ਅਖ਼ੀਰ ਤੱਕ ਖੇੜਿਆਂ ਦੀ ਨੀਅਤ ਉੱਪਰ ਸ਼ੱਕ ਰਹਿੰਦਾ ਹੈ ਪਰ ਉਹ ਸਾਰੇ ਸਿਆਲਾਂ ਵੱਲੋਂ ਕੁਰਾਨ ਸ਼ਰੀਫ਼ ਉੱਪਰ ਹੱਥ ਰੱਖ ਕੇ ਸਹੁੰ ਖਾਣ ਦੀ ਹੀਰ ਦੀ ਦੱਸੀ ਗੱਲ 'ਤੇ ਵਿਸ਼ਵਾਸ ਕਰਕੇ ਚਿੱਠੀ ਲੈ ਕੇ ਤਖ਼ਤ ਹਜ਼ਾਰੇ ਨੂੰ ਚਲਾ ਜਾਂਦਾ ਹੈ। ਪਿੱਛੋਂ ਸਿਆਲ ਆਪਣੀ ਗੁੰਦੀ ਵਿਉਂਤ ਮੁਤਾਬਿਕ ਹੀਰ ਦੀ ਮਾਂ ਤੁੱਲੀ ਤੋਂ ਉਸ ਨੂੰ ਦੁੱਧ ਵਿੱਚ ਜ਼ਹਿਰ ਮਿਲਵਾ ਕੇ ਪਿਲਾ ਦਿੰਦੇ ਹਨ ਤੇ ਫਿਰ ਹੀਰ ਦੇ ਮਰਨ ਦੀ ਚਿੱਠੀ ਰਾਂਝੇ ਕੋਲ ਤਖ਼ਤ ਹਜ਼ਾਰੇ ਭਿਜਵਾ ਦਿੰਦੇ ਹਨ।

ਬੋਹਲ਼ ਸੋਨੇ ਦਾ ਵੇ ਲੁੱਟਿਆ ਤੇਰਾ ਵੈਰੀਆ,
ਹੱਥੀਂ ਖਰੀ ਪਿਆਰੀ ਮਾਂ ਨੇ ਜ਼ਹਿਰ ਖਵਾਈ।
ਹੀਰ ਮਰ ਗਈ ਬੇੜਾ ਰੁੜ੍ਹ ਗਿਆ ਰਾਂਝੇ ਮਾਹੀ ਦਾ,
ਚਿੱਠੀ ਲਿਖਾ ਕੇ ਸਿਆਲਾਂ ਕਾਸਦ ਹੱਥ ਫੜਾਈ।

ਰਾਂਝਾ ਪਹਿਲਾਂ ਤਾਂ ਹੀਰ ਦੇ ਮਰਨ ਦੀ ਖ਼ਬਰ ਸੁਣ ਕੇ ਮੂਰਛਿਤ ਹੋ ਜਾਂਦਾ ਹੈ ਪਰ ਫਿਰ ਹੋਸ਼ ਆਉਣ ਤੇ ਸਿਆਲਾਂ ਨੂੰ ਚਾਲੇ ਪਾ ਦਿੰਦਾ ਹੈ। ਹੀਰ ਦੀ ਕਬਰ ਤੇ ਜਾ ਕੇ ਗੋਰਖ ਨਾਥ ਨੂੰ ਧਿਆਉਂਦਾ ਹੈ। ਗੋਰਖ ਹੀਰ ਨੂੰ ਕਬਰ ਵਿੱਚੋਂ ਕੱਢ ਕੇ ਆਬੇਹਯਾਤ ਦਾ ਛਿੱਟਾ ਦੇ ਕੇ 'ਤੇ ਹੀਰ ਦੇ ਮੂੰਹ ਵਿੱਚ ਪਾ ਕੇ ਦੁਬਾਰਾ ਜਿਉਂਦੀ ਕਰ ਦਿੰਦਾ ਹੈ। ਫਿਰ ਦੋਵਾਂ ਨੂੰ ਬਬਾਨੀਂ ਚੜ੍ਹਾ ਕੇ ਸੁਰਗਾਂ ਨੂੰ ਭੇਜ ਦਿੱਤਾ ਅਤੇ ਉਹਨਾਂ ਦੇ ਬੁੱਤਾਂ ਨੂੰ ਇੱਕੋ ਕਬਰ ਵਿੱਚ ਇੱਕਠੇ ਹੀ ਦਫਨਾ ਕੇ ਗੋਰਖ ਨਾਥ ਆਪਣੇ ਟਿੱਲੇ ਨੂੰ ਪਰਤ ਜਾਂਦੇ ਹਨ।

ਕਬਰੋਂ ਬਾਹਰ ਨਿਕਾਲੀ ਮੂਹਰੇ ਪਾ ਲਈ ਰਾਂਝੇ ਦੇ,
ਜਿਉਂਦੀ ਕੀਤੀ ਛਿੱਟਾ ਦੇ ਲਿਆ ਮੂੰਹ ਵਿੱਚ ਪਾ ਕੇ।
ਚਾੜ੍ਹ ਬਬਾਨੀਂ ਗੋਰਖ ਦੋਵੇਂ ਭੇਜੇ ਸੁਰਗਾਂ ਨੂੰ,
ਕਬਰ ਬਣਾਈ ਜਨਾਜ਼ੇ ਕੱਠੇ ਹੀ ਦਫਨਾ ਕੇ।

ਹੀਰ ਦੇ ਜਿਉਂਦਾ ਕਰਨ ਦੀ ਅਣਹੋਣੀ ਘਟਨਾ ਨੂੰ ਕਰਾਮਾਤੀ ਰੂਪ ਦੇ ਕੇ ਸਹੀ ਸਿੱਧ ਕਰਨ ਲਈ ਹਜ਼ੂਰਾ ਸਿੰਘ ਸਾਡੇ ਇਤਿਹਾਸ ਮਿਥਿਹਾਸ 'ਚ ਵਾਪਰ ਚੁੱਕੀਆਂ ਘਟਨਾਵਾਂ ਦੇ ਹਵਾਲੇ ਦੇ ਕੇ ਸੱਚ ਸਾਬਤ ਕਰਦਾ ਹੈ।

ਕਥਾ ਹੀਰ ਰਾਂਝੇ ਦੀ ਪੂਰੀ ਕਰਕੇ ਭੋਗ ਪਾਉ,
ਖਬ੍ਹਰੇ ਕੈ ਦਿਨ ਰਹਿਣਾ ਏਸ ਜਗਤ ਵਿੱਚ ਜਾਨ ਨੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਜ਼ੂਰਾ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ