Hazar Harf Hamesh : Anoop Virk
ਹਾਜ਼ਰ ਹਰਫ਼ ਹਮੇਸ਼ : ਅਨੂਪ ਵਿਰਕ
ਦਿਵਸ ਰਾਤ ਨਿਰੰਤਰ ਤੁਰਦੇ
ਦਿਵਸ ਰਾਤ ਨਿਰੰਤਰ ਤੁਰਦੇ ਵਹਿਣ ਪਏ ਦਰਿਆ ਧਰਤੀ ਸੂਰਜ ਇਸ਼ਕ ਕਰੇਂਦੇ ਤਾਰੇ ਚੰਨ ਗਵਾਹ ਕੁਦਰਤ ਦੀ ਸਭ ਕਰਨ ਇਬਾਦਤ ਸ਼ਬਦਾਂ ਦੀ ਦਰਗਾਹ ਸ਼ਬਦ ਆਪ ਹੀ ਨੂਰ ਇਲਾਹੀ ਆਪੇ ਸ਼ਬਦ ਖੁਦਾ ਓਟ ਇਲਮ ਦੀ ਮਿਹਰ ਮਾਹੀ ਦੀ ਲੀਤੀ ਜੋਤ ਜਗਾ ਸੁੱਚਾ ਸ਼ਬਦ ਜੇ ਲੱਗਿਆ ਜੂਠਾ ਦੇਣਾ ਬਖਸ਼ ਗੁਨਾਹ
ਸ਼ਾਇਰ ਏਸ ਜਹਾਨ ਵਿੱਚ ਬਹੁਤ ਹੋਏ
ਸ਼ਾਇਰ ਏਸ ਜਹਾਨ ਵਿੱਚ ਬਹੁਤ ਹੋਏ, ਓਟ ਕੁੱਲ ਕਲਾਮ ਦੀ ਤੱਕਦਾ ਹਾਂ ਆਸ਼ਕ ਪੀਰ ਫਕੀਰ ਦੀ ਮਿਹਰ ਬਾਝੋਂ, ਅੱਖਰ ਇਕ ਵੀ ਲਿਖ ਨਾ ਸਕਦਾ ਹਾਂ ਅੱਗ ਅੱਖਰਾਂ ਦੀ ਧੂਣੀ ਫੱਕਰਾਂ ਦੀ, ਮੈਂ ਤਾਂ ਪਾਣੀ ਦੇ ਨੈਣਾਂ ਵਿੱਚ ਮੱਚਦਾ ਹਾਂ ਕਲਾ ਕਹੋ ਜਾਂ ਕਲਾ ਦਾ ਕਤਲ ਆਖੋ, ਫੁੱਲਾਂ ਨਾਲ ਮੈਂ ਸ਼ੀਸ਼ੇ ਨੂੰ ਕੱਟਦਾ ਹਾਂ ਜਿੱਥੇ ਸਦਾ ਲਈ ਸੱਥਰਾਂ ਵਿਛ ਗਈਆਂ, ਖੁੰਢ ਉਸ ਦਰਵਾਜ਼ੇ ਦੀ ਸੱਥ ਦਾ ਹਾਂ ਜਿਹੜੀ ਮਿੱਟੀ ਨਾ ਕਦੇ ਆਰਾਮ ਕੀਤਾ, ਉਹਦੇ ਨੈਣ ਉਨੀਂਦਰੇ ਵੱਸਦਾ ਹਾਂ ਕਵਿਤਾ ਕਸਮ ਕਰਾਰ ਕਬੂਲ ਦੀ ਏ, ਅਕਲ ਇਲਮ ਦੇ ਅੰਬਰੀਂ ਝੂਲਦੀ ਏ ਕਵਿਤਾ ਹੁਸਨ ਹੈ ਸ਼ਬਦ ਸੁਹੰਦੜੇ ਦਾ, ਸਦਾ ਝੂਠ ਫਰੇਬ ਤੇ ਝੂਰਦੀ ਏ ਕਵਿਤਾ ਬਖਸ਼ਦੀ ਦਰਦ ਫਿਰਾਕ ਹੰਝੂ, ਤੇ ਵਿਜੋਗ ਵੈਰਾਗ ਵਸੂਲਦੀ ਏ ਕਵਿਤਾ ਸੂਝ ਸਿਆਣਪ ਦੀ ਸ਼ਰ੍ਹਾ ਹੁੰਦੀ, ਇਹ ਰਹਿਤ ਮਰਿਆਦਾ ਅਸੂਲ ਦੀ ਏ ਕਵਿਤਾ ਸੱਚ ਤੇ ਸੁੱਚ ਦਾ ਸੁਖਨ ਹੁੰਦੀ, ਮਹਿਕ ਮਿੱਟੀ ਦੇ ਮੁੱਢ ਦੇ ਮੂਲ ਦੀ ਏ ਕਵਿਤਾ ਕਬਰ ਦੇ ਵਾਂਗ ਨਾ ਕਦੇ ਸੌਂਦੀ, ਪੌਣ ਪਾਣੀ ਦਾ ਸੰਗ ਕਬੂਲਦੀ ਏ ਨਾ ਮੈਂ ਸ਼ਾਇਰ ਨਾ ਸ਼ਾਇਰ ਦੀ ਅੰਸ਼ ਵਿੱਚੋਂ, ਨਾ ਹੀ ਸ਼ਾਇਰੀ ਦੇ ਰੰਗ ਵਿੱਚ ਰੱਤੜਾ ਹਾਂ ਰੀਤ ਜੱਗ ਦੀ ਕਦੇ ਨਾ ਰਾਸ ਆਈ, ਰਹਿੰਦਾ ਜੱਗ ਵਿੱਚ ਜੱਗ ਤੋਂ ਵੱਖਰਾਂ ਹਾਂ ਜਿਨੂੰ ਆਪਣੀ ਛਾਂ ਨੇ ਆਪ ਖਾਧਾ, ਰੁੱਖ ਐਸਾ ਨਿਕਰਮਾ ਨਿਪੱਤਰਾ ਹਾਂ ਜਿੱਥੇ ਰੂਹਾਂ ਦੀ ਰੁੱਤ ਦੀ ਰੱਤ ਡੁੱਲ੍ਹੀ, ਖੂੰਨੀ ਵਕਤ ਇਤਿਹਾਸ ਦਾ ਪੱਤਰਾ ਹਾਂ ਜਿਨੂੰ ਮਿਲੀ ਨਾ ਬਾਂਹ ਸੁਹਾਗਣਾਂ ਦੀ, ਟੁੱਟੀ ਵੰਗ ਨਿਕਰਮੀ ਦਾ ਨਖ਼ਰਾ ਹਾਂ ਜਿਹੜੀ ਬੂੰਦ ਬੰਬੀਹੇ ਤੋਂ ਵਿੱਛੜੀ ਏ, ਓਸ ਦੁਖੀ ਅਭਾਗਣ ਦਾ ਕਤਰਾ ਹਾਂ ਰੱਖੇ ਰੋਜ਼ਿਆਂ ਵਿੱਚ ਜੋ ਜਿਬਾਹ ਹੋਇਆ, ਮੈਂ ਤਾਂ ਐਸਾ ਕੁਰਬਾਨੀ ਦਾ ਬੱਕਰਾ ਹਾਂ ਲੱਕੋਂ ਵੱਢਿਆ ਵੰਡਿਆ ਫੇਰ ਅੱਗੋਂ, ਟੋਟੇ-ਟੋਟੇ ਪੰਜਾਬ ਦਾ ਡੱਕਰਾ ਹਾਂ ਸ਼ਾਇਰ ਹੋਣ ਦੀ ਮਿਲੀ ਏ ਸਜ਼ਾ ਭਾਰੀ, ਹੋਰ ਕਿਹੜਾ ਹੈ ਅਸੀਂ ਗੁਨਾਹ ਕੀਤਾ ਅਸੀਂ ਉਸ ਦਰਿਆ ਦਾ ਦਰਦ ਲਿਖਿਆ, ਜਿਹਦੇ ਕੰਢਿਆਂ ਉਹਨੂੰ ਫਨਾਹ ਕੀਤਾ ਅਸੀਂ ਕੁੱਖ ਦੀ ਲੇਰ ਦਾ ਜ਼ਿਕਰ ਕੀਤਾ, ਕੀਤਾ ਨਜ਼ਰ ਜਿਸ ਜਬਰ ਜਨਾਹ ਕੀਤਾ ਉਹੀਓ ਵਤਨ ਵਿਰਾਸਤ ਵੀਰਾਨ ਕਰਦੇ, ਜਿਨ੍ਹਾਂ ਲਈ ਇਤਿਹਾਸ ਵਿੱਚ ਥਾਂ ਕੀਤਾ ਖੁਰਾ ਖੋਜ ਮਿਟਾਣ ਦੀ ਉਸ ਠਾਣੀ, ਜੀਹਦਾ ਜੱਗ ਤੇ ਅਸੀਂ ਹੈ ਨਾਂ ਕੀਤਾ ਕੱਚੇ ਘੱੜੇ ਨੂੰ ਅਸੀਂ ਕੀ ਦੋਸ਼ ਦੇਈਏ, ਸਾਡੇ ਨਾਲ ਨਹੀਂ ਭਲਾ ਝਨਾਅ ਕੀਤਾ
ਅਰਾਧਨਾ
ਰਿਸ਼ੀਆਂ ਨੇ ਜੋ ਸੀ ਰਚਿਆ ਗੁਰੂਆਂ ਨੇ ਜੋ ਸੀ ਦਸਿਆ ਅੱਜ ਅਚਾਨਕ ਇਲਮ ਦਾ ਅੰਦਰ ਕੋਈ ਮੀਂਹ ਹੈ ਵਸਿਆ ਵੇਦ ਵੀ ਸਭ ਵਹਿਮ ਨੇ ਉਲਝੇ ਵੀ ਪਏ ਭਗਵਾਨ ਨੇ ਕਿਤੋਂ ਤੋੜਦੇ ਕਿਤੇ ਜੋੜਦੇ ਕਿੰਝ ਦੇ ਇਹ ਸਭ ਪੁਰਾਨ ਨੇ ਕਰਨਾ ਨਾ ਕੋਈ ਉਪਦੇਸ਼ ਮੈਂ ਹੋਣਾ ਕਿਸੇ ਦਾ ਰਾਮ ਨਾ ਕੋਈ ਨਾ ਦਾਅਵਾ ਸੱਚ ਦਾ ਮੈਂ ਕਿਸੇ ਦਾ ਸ਼ਾਮ ਨਾ ਧੋਖਾ ਨਾ ਪੂਜਾ ਪਾਠ ਦਾ ਨਾ ਕੋਈ ਲਾਰਾ ਧਰਮ ਦਾ ਮੈਂ ਮਿਲਾਵਾਂ ਰੱਬ ਨੂੰ ਦਾਅਵਾ ਨਾ ਐਸੇ ਭਰਮ ਦਾ ਮਿੱਟੀ ਨੇ ਸਭ ਕੁੱਝ ਸਿਰਜਿਆ ਮਿੱਟੀ ਨੇ ਸਭ ਸਮੇਟਣਾ ਮਿੱਟੀ ਨੇ ਮਹਿਰਮ ਬਖਸ਼ਣਾ ਮਿੱਟੀ ਨੇ ਦੁੱਖ ਸੁੱਖ ਵੇਖਣਾ ਇਹ ਹੁਸਨ ਜੋ ਇਹ ਨਕਸ਼ ਨੇ ਨੈਣਾਂ ਦਾ ਜੇਹੜਾ ਨੂਰ ਹੈ ਕੋਈ ਕਿਸੇ ਦੇ ਪਾਸ ਹੈ ਕੋਈ ਕਿਸੇ ਤੋਂ ਦੂਰ ਹੈ ਕਿਧਰੇ ਤਿਆਰੀ ਜਾਣ ਦੀ ਕਿਧਰੇ ਮਿਲਣ ਦੀ ਆਸ ਹੈ ਕੋਈ ਕੋਲ ਰਹਿ ਕੇ ਦੂਰ ਹੈ ਕੋਈ ਦੂਰ ਰਹਿ ਕੇ ਪਾਸ ਹੈ ਕਿਧਰੇ ਹੈ ਮਾਣ ਅਕਲ ਦਾ ਕਿਧਰੇ ਹੁਸਨ ਦਾ ਭਰਮ ਹੈ ਕਿਧਰੇ ਇਹ ਮਹਜਬ ਮਸਲਦਾ ਕਿਧਰੇ ਇਹ ਕਾਤਲ ਧਰਮ ਹੈ ਕਿਧਰੇ ਹੈ ਪਹਿਰਾ ਪਾਪ ਦਾ ਧੋਖਾ ਕਿਤੇ ਵਿਸ਼ਵਾਸ਼ ਦਾ ਮਾਵਾਂ ਦਾ ਕਿਧਰੇ ਮੋਹ ਹੈ ਕਿਧਰੇ ਡਰਾਵਾ ਬਾਪ ਦਾ ਕਿਤੇ ਰਸਮ ਹੈ ਕਿਤੇ ਰੋਕ ਹੈ ਬੰਧਨ ਨੇ ਕਿਤੇ ਸਮਾਜ ਦੇ ਕਈ ਜਾਗਦੇ ਵੀ ਸੌਂ ਰਹੇ ਕਈ ਸੁੱਤੇ ਹੋਏ ਵੀ ਜਾਗਦੇ ਇਹ ਸਾਰਾ ਅਡੰਬਰ ਜੀਣ ਦਾ ਹੈ ਮੌਤ ਤੀਕਰ ਜਾਣਦਾ ਚਲਦਾ ਰਹੇਗਾ ਸਿਲਸਿਲਾ ਕਿਤੋਂ ਆਉਣ ਦਾ ਕਿਤੇ ਜਾਣ ਦਾ ਦੇਹੀ ਨੂੰ ਦੇਹੀ ਭੋਗਦੀ ਦੇਹੀ ਨੂੰ ਦੇਹੀ ਭਾਲਦੀ ਦੇਹੀ ਤੇ ਦਸਤਕ ਦੇਣ ਲਈ ਹੈ ਉਮਰ ਸਾਰੀ ਗਾਲਦੀ ਦੇਹੀ ਹੀ ਦੁੱਖ ਨੂੰ ਜੰਮਦੀ ਦੇਹੀ ਹੀ ਸੁੱਖ ਨੂੰ ਪਾਲਦੀ ਦੇਹੀ ਹੀ ਅੰਮ੍ਰਿਤ ਬਖਸ਼ਦੀ ਦੇਹੀ ਹੀ ਬਿਖ ਨਿਕਾਲਦੀ ਦੇਹੀ 'ਚ ਚੜਦਾ ਚੰਨ ਹੈ ਦੇਹੀ 'ਚ ਅੰਬਰ ਵਿਗਸਦੇ ਦੇਹੀ 'ਚ ਸੂਰਜ ਦਹਿਕਦਾ ਦੇਹੀ 'ਚ ਤਾਰੇ ਲਿਸ਼ਕਦੇ ਦੇਹੀ 'ਚ ਲੱਖ ਪਤਾਲ ਨੇ ਦੇਹੀ 'ਚ ਲੱਖ ਅਕਾਸ਼ ਨੇ ਦੇਹੀ ’ਚ ਪੈਦਾ ਹੋਏ ਸੀ ਦੇਹੀ 'ਚ ਹੋਣੇ ਨਾਸ ਨੇ ਦੇਹੀ 'ਚ ਸਿਮਰਨ ਸੁਰਤ ਦੀ ਦੇਹੀ 'ਚ ਸੁਰਤੀ ਸ਼ਾਇਰ ਦੀ ਦੇਹੀ ’ਚ ਦਾਰੂ ਦਰਦ ਦਾ ਮੰਨਤ ਹੈ ਸਭ ਦੇ ਖੈਰ ਦੀ ਦੇਹੀ ਦੇ ਦਰਬਾਰ 'ਚ ਹਾਜ਼ਰ ਹਮੇਸ਼ਾਂ ਹਰਫ ਨੇ ਸ਼ਬਦਾਂ ਦੇ ਸਰਵਰ ਨਹਾ ਕੇ ਹੁੰਦੇ ਪਵਿੱਤਰ ਅਰਥ ਨੇ ਦੇਹੀ ਮੇਰਾ ਕਰਮ ਹੈ ਦੇਹੀ ਹੀ ਮੇਰਾ ਧਰਮ ਹੈ ਦੇਹੀ ਦੇ ਅੰਦਰ ਧਰਮ ਹੈ ਬਾਹਰ ਸਭ ਕੁਛ ਭਰਮ ਹੈ ਦੇਹੀ ਨੇ ਜਦ ਤਕ ਵਿਚਰਨਾ ਰਹਿਣੀ ਮੇਰੀ ਆਵਾਜ਼ ਹੈ ਦੇਹੀ ਹੀ ਮੇਰੀ ਸੁਰ ਤੇ ਦੇਹੀ ਹੀ ਮੇਰਾ ਸਾਜ਼ ਹੈ ਮੇਰੀ ਨਾ ਕੋਈ ਮੇਨਕਾ ਮੈਂ ਵਿਸ਼ਵਾ ਮਿੱਤਰ ਹਾਂ ਨਹੀਂ ਅੰਦਰ ਹੀ ਮੇਰੇ ਧੁੱਪ ਹੈ ਬਾਹਰ ਕਿਧਰੇ ਛਾਂ ਨਹੀਂ ਨੌਂ ਦਰਵਾਜ਼ੇ ਜਿੰਦ ਦੇ ਰੱਖੇ ਉਮਰ ਭਰ ਖੋਹਲਕੇ ਥੋੜਾ ਗੁਆਇਆ ਸੁਣਕੇ ਬਹੁਤਾ ਗੁਆਇਆ ਬੋਲਕੇ ਮੜੀਆਂ ਮਸੀਤਾਂ ਪੂਜੀਆਂ ਭਗਤੀ ਦਾ ਬੜਾ ਗਰੂਰ ਸੀ ਪੱਥਰਾਂ 'ਚੋਂ ਪਾਣੀ ਭਾਲਿਆ ਦਸਵਾਂ ਦੁਆਰ ਦੂਰ ਸੀ ਹੋਇਆ ਅਚਾਨਕ ਮੇਲ ਮੁੜ ਮਿਲਿਆ ਮੈਂ ਆਪਣੇ ਆਪ ਨੂੰ ਦੇਹੀ ਨੇ ਸਭ ਤਿਆਗਿਆ ਹਰ ਪੁੰਨ ਨੂੰ ਹਰ ਪਾਪ ਨੂੰ ਨੂਰ ਦੀ ਇਕ ਕਣੀ ਨੇ ਕਣ ਕਣ 'ਚ ਚਾਨਣ ਬੀਜਿਆ ਦੁਨੀਆਂ ਦੇ ਛੱਡ ਤਮਾਮ ਰੰਗ ਮੈਂ ਰੂਹ ਦੇ ਰੰਗ ਤੇ ਰੀਝਿਆ ਕੀਤਾ ਕਰਿਸ਼ਮਾ ਕਣ ਨੇ ਤਿਣਕੇ ਤੋਂ ਤਾਰਾ ਹੋ ਗਿਆ ਬਲਿਆ ਉਹ ਬਣ ਚਰਾਗ ਕੀ ਸੂਰਜ ਮੈਂ ਸਾਰਾ ਹੋ ਗਿਆ ਆਇਓ ਵੇ ਮੇਰੇ ਮਹਿਰਮੋਂ ਖੁਲ੍ਹਿਆ ਇਹ ਦਸਵਾ ਦੁਆਰ ਹੈ ਫੁੱਲ ਦੇਹੀ ਦਾ ਮਹਿਕਦਾ ਆਸਾਂ ਦੀ ਆਬਸ਼ਾਰ ਹੈ ਵਸਿਓ ਆਨੰਦ ਮਾਣਿਉਂ ਪ੍ਰਕਾਸ਼ ਹੀ ਪ੍ਰਕਾਸ਼ ਹੈ ਜੋ ਚਾਹੋਗੇ ਜੋ ਪਾਉਗੇ ਧਰਤ ਧਵਲ ਆਕਾਸ਼ ਹੈ ਸ਼ਬਦ ਸਮੁੰਦਰ ਸਹਿਜ ਹੈ ਅਰਥਾਂ ਦੀ ਕਰਿਉ ਭਾਲ ਵੇ ਸ਼ਾਇਰੀ ਦੇ ਮੋਤੀ ਲੱਭਿਓ ਸਾਗਰ ਨੂੰ ਦਿਉ ਹੰਗਾਲ ਵੇ ਸੁਰਤੀ ਹੈ ਮੇਰੀ ਬਿਖਰਦੀ ਮੈਨੂੰ ਵੀ ਰੱਖਿਉ ਨਾਲ ਵੇ ਬਿਰਤੀ ਹੈ ਮੇਰੀ ਬਿਖਰਦੀ ਮੈਂ ਅੰਝਾਣਾ ਬਾਲ ਵੇ ਛੱਡਕੇ ਨਾ ਕੱਲੇ ਜਾਵਣਾ ਜੰਗਲ ਸਰਾਪੀ ਸੋਚ ਦਾ ਸੱਚ ਖੰਡ ਨਾ ਮੈਨੂੰ ਚਾਹੀਦਾ ਜੀਵ ਹਾਂ ਮਾਤ ਲੋਕ ਦਾ ਮੈਨੂੰ ਵੀ ਜਰਾ ਕੁ ਦੱਸਣਾ ਜਿਥੇ ਕੁ ਰੂਹ ਦਾ ਰਾਜ ਹੈ ਜਿਥੇ ਕਥੂਰੀ ਜਿੰਦ ਦੀ ਜਿਥੇ ਕੁ ਅਨਹਦ ਨਾਦ ਹੈ ਮੈਨੂੰ ਨਾ ਮੁਕਤੀ ਚਾਹੀਦੀ ਮੈਨੂੰ ਨਾ ਭਗਤੀ ਚਾਹੀਦੀ ਮੈਨੂੰ ਨਾ ਸੋਭਾ ਚਾਹੀਦੀ ਮੈਨੂੰ ਨਾ ਸ਼ਕਤੀ ਚਾਹੀਦੀ ਮੇਰੀ ਤਾਂ ਇਹੋ ਅਰਾਧਨਾ ਮੇਰੀ ਤਾਂ ਇਹੋ ਰੀਝ ਹੈ ਜਿਥੇ ਕੁ ਸ਼ਾਇਰੀ ਵੱਸਦੀ ਰਹਿਣਾ ਮੈਂ ਉਹਦੇ ਕਰੀਬ ਹੈ ਮੇਰੇ ਲਈ ਸਗਲ ਸ੍ਰਿਸ਼ਟੀ ਸ਼ਾਇਰੀ ਦਾ ਸੁੰਦਰ ਸਰੂਪ ਹੈ ਉਥੇ ਵਿਲੀਨ ਹੋਵਣਾ ਜੋ ਸਿਰਜਣਾ ਦਾ ਰੂਪ ਹੈ ਦੇਹੀ 'ਚ ਸ਼ਬਦ ਸੁਲਘਦੇ ਅਰਥ ਦਾ ਕਲਬੂਤ ਹੈ ਅੰਦਰੋਂ ਵੀ ਉਹ ਅਨੂਪ ਹੈ ਬਾਹਰੋਂ ਵੀ ਉਹ ਅਨੂਪ ਹੈ ।
ਤੇਰੀ ਜੇ ਨਿਗਾਹ ਹੋਵੇ
ਤੇਰੀ ਜੇ ਨਿਗਾਹ ਹੋਵੇ ਮੈਂ ਮੈਂ ਤੋਂ ਜੁਦਾ ਹੋਵੇ ਤੇਰੀ ਜੇ ਰਜ਼ਾ ਹੋਵੇ ਖ਼ੁਦ ਖ਼ੁਦੀ ਤੋਂ ਖ਼ੁਦਾ ਹੋਵੇ ਇਹ ਹੁਸਨ ਸਰਿਸ਼ਟੀ ਦਾ ਕੁਦਰਤ ਦੀ ਦਰਿਸ਼ਟੀ ਦਾ ਤੇਰੀ ਰਹਿਮਤ ਕਲਮ ਬਣੇ ਸਾਗਰ ਦੀ ਸਿਆਹੀ ਹੋਵੇ ਸੂਰਜ ਦਾ ਸਫਾ ਹੋਵੇ ਤੇਰੀ ਜੇ ਨਿਗਾਹ ਹੋਵੇ ਤੇਰੀ ਜਦ ਨਦਰਿ ਹੋਏ ਕੱਖਾਂ ਦੀ ਕਦਰ ਹੋਏ ਹਰਫਾਂ ਦਾ ਹੰਸ ਮਿਲੇ ਸ਼ਬਦਾਂ ਦੇ ਸਰਵਰ ਤੇ ਅਰਥਾਂ ਤੇ ਫ਼ਿਦਾ ਹੋਵੇ ਤੇਰੀ ਜੇ ਨਿਗਾਹ ਹੋਵੇ ਧਰਤੀ ਨੂੰ ਧਿਆਨ ਮਿਲੇ ਗਗਨਾਂ ਨੂੰ ਗਿਆਨ ਮਿਲੇ ਦਰ ਦਸਤਕ ਦੇਵਣ ਲਈ ਚੰਨ ਤਾਰੇ ਹਵਾ ਹੋਵਣ ਤੇਰੀ ਐਸੀ ਅਦਾ ਹੋਵੇ ਤੇਰੀ ਜੇ ਨਿਗਾਹ ਹੋਵੇ ਰੁੱਤਾਂ ਦੇ ਦਰਦ ਬੜੇ ਧੁੱਪਾਂ ਸਿਰ ਕਰਜ਼ ਬੜੇ ਕੁਲ ਕਸ਼ਟ ਨਿਵਾਰਨ ਲਈ ਕਾਇਆ ਕਿਰਪਾਨ ਹੋਏ ਮਰਨੇ 'ਚ ਮਜ਼ਾ ਹੋਵੇ ਤੇਰੀ ਜੇ ਨਿਗਾਹ ਹੋਵੇ ਜਦ ਗੀਤ ਜੁਦਾ ਹੋਵੇ ਬਾਬਲ ਦੀ ਪੱਗ ਰੋਵੇ ਘਰ ਸੱਖਣਾ ਹੋ ਜਾਵੇ ਮਨ ਮਸਤਕ ਮਾਂ ਕੋਲੋਂ ਧੀ ਵਾਂਗ ਵਿਦਾ ਹੋਵੇ ਤੇਰੀ ਜੇ ਨਿਗਾਹ ਹੋਵੇ ਮੈਨੂੰ ਭਾਵੇਂ ਰਾਤ ਮਿਲੇ ਜੱਗ ਨੂੰ ਪ੍ਰਭਾਤ ਮਿਲੇ ਨੀਹਾਂ ਵਿੱਚ ਚਿਣ ਜਾਵਾਂ ਮੈਨੂੰ ਚਮਕੌਰ ਮਿਲੇ ਜੂਝਣ ਦੀ ਫਿਜ਼ਾ ਹੋਵੇ ਤੇਰੀ ਜੇ ਨਿਗਾਹ ਹੋਵੇ ਕੋਈ ਐਸੀ ਕਾਇਨਾਤ ਮਿਲੇ ਮਜ਼ਹਬਾਂ ਤੋਂ ਨਿਜਾਤ ਮਿਲੇ ਸ਼ਾਇਰੀ ਸੁਕਰਾਤ ਬਣੇ ਸ਼ੁਭ ਕਰਮਨ ਕਰਨੇ ਲਈ ਗੀਤਾਂ ਨੂੰ ਸਜ਼ਾ ਹੋਵੇ ਤੇਰੀ ਜੇ ਨਿਗਾਹ ਹੋਵੇ ।
ਗੀਤ ਪਿਤਾ ਗੀਤ ਮੇਰੀ ਮਾਤਾ
ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ ਧਰਤੀ ਪੌਣ ਬਸੰਤਰ ਪਾਣੀ ਮੈਂ ਗੀਤਾਂ ਵਾਂਗ ਹੰਢਾਇਆ ਗੀਤ ਤਾਂ ਚੰਦਨ ਗੀਤ ਤਾਂ ਕੇਸਰ ਗੀਤ ਸੱਜਣ ਦੇ ਹਾਸੇ ਗੀਤ ਤਾਂ ਵੱਸਦੇ ਕਿਣਮਿਣ ਕਣੀਆਂ ਮਨ ਦੇ ਬਾਗ ਪਿਆਸੇ ਛੱਡਕੇ ਬਾਗ ਪਿਆਸੇ ਮਰਦੇ ਮੈਂ ਕਿੱਥੇ ਟੁਰ ਆਇਆ ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ ਗੀਤਾਂ ਦਾ ਚੰਨ ਝੰਗ ਸਿਆਲੀਂ ਰੋਸ਼ਨ ਤਖਤ ਹਜ਼ਾਰਾ ਗੀਤ ਦਾ ਜੋਬਨ ਰੂਹ ਮਿਰਜ਼ੇ ਦੀ ਜੰਡ ਦਾ ਜ਼ਖਮ ਪਿਆਰਾ ਗੀਤ ਦੀ ਹੋਣੀ ਥਲ ਦੇ ਲੇਖੇ ਸੱਸੀ ਯਾਰ ਗੁਆਇਆ ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ ਗੀਤ ਜਗਾਈਏ ਸੁੰਨੇ ਵਿਹੜੇ ਕੋਈ ਚਾਨਣ ਨਾ ਹਾਸੇ ਗੀਤ ਤਾਂ ਧਰੀਏ ਬਾਬਲ ਚਰਨੀਂ ਜਿਉਂਦੇ ਪੁੱਤ ਗੁਆਚੇ ਗੀਤ ਬਣਾਈਏ ਧੀ ਦਾ ਸਾਲੂ ਜੀਹਦਾ ਕੰਤ ਨਾ ਮੁੜਕੇ ਆਇਆ ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ ਮਾਂ ਦਾ ਮੁੱਖੜਾ ਧੋ ਵੇ ਗੀਤਾ ਸਾਰ ਨਾ ਪੁੱਤਰਾਂ ਜਾਣੀ ਸ਼ਬਦਾਂ ਦੀ ਪਰਕਰਮਾ ਮਿੱਠੀ ਮੱਥੇ ਸੁੱਚੀ ਬਾਣੀ ਗੀਤੋਂ ਪੜ੍ਹੀਏ, ਗੀਤੋਂ ਸੁਣੀਏ ਜੋ ਮਾਂ ਦਰਦ ਹੰਢਾਇਆ ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ ਗੀਤ ਤਾਂ ਘੱਲੀਏ ਸੰਘਣੇ ਜੰਗਲੀਂ ਗੀਤ ਮੌਤ ਸੰਗ ਸੌਂਦੇ ਸੱਥਰਾਂ ਉਤੇ ਰਾਤ ਗੁਜ਼ਾਰਨ ਮਿੱਤਰ ਪਿਆਰਾ ਗਾਉਂਦੇ ਗੀਤ ਗੁਆਚੇ ਮੋੜ ਲਿਆਵੋ ਇਹ ਸਾਡਾ ਸਰਮਾਇਆ ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ ਫੁੱਲ ਬੀਜੀਏ ਫੁੱਲ ਨਾ ਚੁਗੀਏ ਰੁੱਤ ਰੋਗੀ ਨਾ ਕਰੀਏ ਆਪਣਿਆਂ ਹੱਥੋਂ ਸਰਵਣ ਮਰਦੇ ਦੁੱਖ ਦਰਿਆ ਦਾ ਜਰੀਏ ਗੀਤ ਨੂੰ ਘੱਲੀਏ ਪੂਰਨ ਸੱਦੀਏ ਬਾਗ ਤੇਰਾ ਕੁਮਲਾਇਆ ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ
ਤੂੰ ਹੀ ਸੂਰਜ ਤੂੰ ਹੀ ਚੰਦਾ
ਗੀਤਾ ਵੇ ਅਸੀਂ ਤੈਨੂੰ ਰੱਬ ਬਨਾਣਾ ਲੋਕੀਂ ਤਾਂ ਜਾਵਣ ਕਾਅਬੇ ਮੱਕੇ ਅਸਾਂ ਦਰ ਤੇਰੇ ਤੇ ਜਾਣਾ ਤੂੰ ਹੀ ਸੂਰਜ ਤੂੰ ਹੀ ਚੰਦਾ ਤੂੰ ਅੰਬਰ ਦਾ ਤਾਰਾ ਤੇਰਾ ਮੁੱਖ ਸੁਹਾਵੀ ਧਰਤੀ ਤੂੰ ਹੀ ਤਖਤ ਹਜ਼ਾਰਾ ਪਹਿਲ ਪਲੇਠੀ ਕਿਰਨ ਵੇਖੀਏ ਵੇਖਦਿਆਂ ਰਹਿ ਜਾਣਾ ਗੀਤਾ ਵੇ ਅਸੀਂ ਧੁਰ ਦਰਗਾਹੋਂ ਤੈਨੂੰ ਸਿਜਦਾ ਕਰੀਏ ਜਿਸ ਦਿਨ ਤੇਰੇ ਦਰਸ ਨਾ ਕਰੀਏ ਉਸ ਦਿਨ ਰੋਹੀਏ ਚੜੀਏ ਗੀਤਾ ਵੇ ਅਸੀਂ ਸੁਭਾ ਸਵੇਰੇ ਤੈਨੂੰ ਭਾਲਣ ਜਾਣਾ ਗੀਤਾ ਵੇ ਸਾਡੀ ਸੁਣ ਅਰਜੋਈ ਦੇਦੇ ਦਰਦ ਹੁਧਾਰਾ ਲੋਕ ਤਾਂ ਦਰਦੋਂ ਦੂਰ ਭਜਾਂਦੇ ਸਾਨੂੰ ਦਰਦ ਪਿਆਰਾ ਜਿਸ ਦੇ ਕਰਮੀਂ ਦਰਦ ਨਾ ਲਿਖਿਆ ਉਸ ਕੀ ਜੋਗ ਕਮਾਣਾ ਗੀਤਾ ਵੇ ਅਸੀਂ ਤੇਰੇ ਬਾਝੋਂ ਜਿਉਂ ਕਬਰਾਂ ਦਾ ਹਾਸਾ ਜਾਂ ਕੋਈ ਸਉਣ ਮਹੀਨੇ ਵਿੱਚ ਵੀ ਰਹਿ ਜੇ ਰੁੱਖ ਪਿਆਸਾ ਗੀਤਾ ਵੇ ਅਸੀਂ ਦੂਰ ਦੇਸ਼ ਤੋਂ ਸਾਡਾ ਬਹੁਤੀ ਦੂਰ ਟਿਕਾਣਾ ਗੀਤਾ ਵੇ ਕਦੀ ਪਾਵੀਂ ਫੇਰਾ ਜੂਹ ਦੇ ਰੁੱਖ ਉਦਾਸੇ ਆਣ ਵੱਸੀਂ ਵੇ ਕਿਣਮਿਣ ਕਣੀਆਂ ਰੂਹ ਦੇ ਹੋਠ ਪਿਆਸੇ ਚੇਤਰ ਦਾ ਚੰਨ ਬਣ ਕੇ ਆਵੀਂ ਫੱਗਣ ਨੇ ਤੁਰ ਜਾਣਾ ਗੀਤਾਂ ਵੇ ਆ ਧੰਮੀ ਵੇਲੇ ਝੱਖੜ ਝਾਂਜਾ ਜਰੀਏ ਕੱਚਿਆਂ ਸੰਗ ਮਨ ਪੱਕਾ ਕਰਕੇ ਡੁੱਬ ਡੁੱਬ ਕੇ ਵੀ ਤਰੀਏ ਗੀਤਾ ਵੇ ਅਸੀਂ ਦੁੱਖ ਦੀ ਨਦੀਏ ਰੋਜ਼ ਨਹਾਵਣ ਜਾਣਾ ਗੀਤਾ ਵੇ ਆ ਸਿਖਰ ਦੁਪਹਿਰੇ ਕਹਿਰ ਵਕਤ ਦਾ ਜਰੀਏ ਤੱਤੀ ਰੇਤ ਗੁਆਚੇ ਸੁਪਨੇ ਠੰਢੇ ਹੌਕੇ ਭਰੀਏ ਗੀਤਾਂ ਵੇ ਸਾਨੂੰ ਮਿਲ ਸੰਧਿਆ ਨੂੰ ਸੂਰਜ ਸੰਗ ਡੁੱਬ ਜਾਣਾ ਗੀਤਾ ਵੇ ਕਦੀ ਰਾਤੀਂ ਆਵੇਂ ਗਲ ਲੱਗ ਕੇ ਸੌਂ ਜਾਈਏ ਸੁਪਨੇ ਦੀ ਫੁੱਲਕਾਰੀ ਕੱਢੀਏ ਤੰਦ ਸਾਹਾਂ ਦੀ ਪਾਈਏ ਤੁਸਾਂ ਤਾਂ ਰਹਿਣਾ ਸਦਾ ਸੁਹਾਗਣ ਅਸਾਂ ਤਾਂ ਮਰ ਮੁੱਕ ਜਾਣਾ ਲੋਕੀਂ ਤਾਂ ਜਾਵਣ ਕਾਅਬੇ ਮੱਕੇ ਅਸੀਂ ਦਰ ਤੇਰੇ ਤੇ ਜਾਣਾ
ਮੇਰਾ ਐਸਾ ਗੀਤ ਗੁਆਚ ਗਿਆ
ਮੇਰਾ ਐਸਾ ਗੀਤ ਗੁਆਚ ਗਿਆ ਜਿਦ੍ਹੀ ਰੂਹ ਵਿਚ ਰੋਸ਼ਨ ਸੂਰਜ ਸੀ ਜਿਦ੍ਹਾ ਚਿਹਰਾ ਸੀ ਪ੍ਰਭਾਤ ਜਿਹਾ ਉਸ ਗੀਤ ਨੂੰ ਭਾਲਣ ਜਦ ਤੁਰਿਆ ਚੰਨ ਤਾਰੇ ਮੇਰੇ ਨਾਲ ਗਏ ਮੈਂ ਕੀਤੀ ਅਰਜ਼ ਸਰਿਸ਼ਟੀ ਨੂੰ ਮੇਰਾ ਧਰਮ ਜਨਮ ਨਾ ਜਾਤ ਰਹੇ ਮੈਨੂੰ ਸੁਖ਼ਨ ਦੇ ਸੂਰਜ ਬਖਸ਼ ਦਿਓ ਹੋਵੇ ਹਸ਼ਰ ਭਾਵੇਂ ਸੁਕਰਾਤ ਜਿਹਾ ਮੇਰਾ ਐਸਾ ਗੀਤ ਗੁਆਚ ਗਿਆ ਜਦੋਂ ਅਕਲ ਇਲਮ ਦੀ ਗੱਲ ਤੋਰੀ ਮੈਨੂੰ ਸ਼ਬਦ ਸਹਾਰਾ ਨਾ ਮਿਲਿਆ ਕਦੇ ਚਰਨੀਂ ਰਖਦਾ ਬੇਦਾਵਾ ਮੈਨੂੰ ਮਿੱਤਰ ਪਿਆਰਾ ਨਾ ਮਿਲਿਆ ਮਿਲਿਆ ਨਾ ਚਾਨਣ ਮੁਕਤੀ ਦਾ ਕੁੱਲ ਜੀਵਨ ਕਾਲੀ ਰਾਤ ਜਿਹਾ ਮੇਰਾ ਐਸਾ ਗੀਤ ਗੁਆਚ ਗਿਆ ਮਨ ਰੀਝ ਸਮੁੰਦਰ ਰਿੜਕਣ ਦੀ ਹਰ ਪਾਸੇ ਰੇਗਿਸਤਾਨ ਮਿਲੇ ਸਿੱਖ, ਮੁਸਲਿਮ, ਹਿੰਦੂ ਲੱਖ ਮਿਲਗੇ ਮੈਨੂੰ ਕਿਧਰੇ ਨਾ ਇਨਸਾਨ ਮਿਲੇ ਜਿਨੂੰ ਦਰਦ ਸੁਣਾਇਆ ਦਿਲ ਵਾਲਾ ਉਹ ਪੱਥਰਾਂ ’ਤੇ ਬਰਸਾਤ ਜਿਹਾ ਮੇਰਾ ਐਸਾ ਗੀਤ ਗੁਆਚ ਗਿਆ ਜਿਸ ਦਰ 'ਤੇ ਅਲਖ ਜਗਾਈ ਸੀ ਉਹਦੇ ਦਰ ਦਰਵਾਜ਼ੇ ਭੀੜੇ ਸੀ ਮਜ਼੍ਹਬਾਂ ਦੀ ਮਹਿੰਦੀ ਗੂੜ੍ਹੀ ਸੀ ਜਾਤਾਂ ਦੇ ਪਾਏ ਕਲੀਰੇ ਸੀ ਨਾ ਰੱਬ ਮਿਲਿਆ ਨਾ ਸ਼ਾਇਰ ਬਣੇ ਨਾ ਰੁਤਬਾ ਆਸ਼ਕ ਜਾਤ ਜਿਹਾ ਮੇਰਾ ਐਸਾ ਗੀਤ ਗੁਆਚ ਗਿਆ ਮੇਰੀ ਸ਼ਾਇਰੀ ਦੀ ਫਰਿਆਦ ਇਹੋ ਕੋਈ ਐਸਾ ਇਕ ਨਿਜ਼ਾਮ ਹੋਏ ਗੀਤਾਂ ਦੀ ਸੁਗੰਧੀ ਸਾੜੇ ਨਾ ਕਵਿਤਾ ਦਾ ਨਾਂ ਕਤਲੇਆਮ ਹੋਏ ਸਦਾ ਰਹੇ ਸਲਾਮਤ ਅਰਥਾਂ ਦਾ ਸ਼ਬਦਾਂ ਦੇ ਸਿਰ 'ਤੇ ਤਾਜ ਜਿਹਾ ਮੇਰਾ ਐਸਾ ਗੀਤ ਗੁਆਚ ਗਿਆ ਜੇ ਸੁਣਦਾ ਹੋਵੇ ਰੱਬ ਕਿਧਰੇ ਮੇਰੇ ਗੀਤਾਂ ਨੂੰ ਇਹ ਵਰ ਦੇਵੇ ਕੁਲ ਦਰਦ ਜ਼ਮਾਨੇ ਦਾ ਸਾਰਾ ਮੇਰੇ ਗੀਤਾਂ ਦੇ ਨਾਂ ਕਰ ਦੇਵੇ ਮੇਰਾ ਗੀਤਾਂ ਵਿਚ ਯਕੀਨ ਬੜਾ ਰੀਤਾਂ ਤੋਂ ਉਠ ਵਿਸ਼ਵਾਸ ਗਿਆ ਮੇਰਾ ਐਸਾ ਗੀਤ ਗੁਆਚ ਗਿਆ ਜਿਦ੍ਹੀ ਰੂਹ ਵਿਚ ਰੋਸ਼ਨ ਸੂਰਜ ਸੀ ਜਿਦ੍ਹਾ ਚਿਹਰਾ ਸੀ ਪ੍ਰਭਾਤ ਜਿਹਾ
ਜੋ ਦਰਦ ਪਛਾਣੇ ਰਾਤਾਂ ਦਾ
ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ ਹੋਵੇ ਹਰ ਹਰਫ਼ ਚਿਰਾਗ ਜਿਹਾ ਗੀਤਾਂ ਦੇ ਦੀਵੇ ਬਾਲ ਰਿਹਾਂ ਮੈਂ ਵਕਤ ਵਿਛੋੜਾ ਹਾਸ਼ਮ ਦਾ ਉਦਰੇਵਾਂ ਤਖਤ ਹਜ਼ਾਰੇ ਦਾ ਸ਼ਿਕਵਾ ਹਾਂ ਸ਼ਾਹ ਮੁਹੰਮਦ ਦਾ ਬੇਦਾਵਾ ਮਿੱਤਰ ਪਿਆਰੇ ਦਾ ਹਾਂ ਵਾਰਿਸ ਵਿਰਸਾ ਸ਼ਾਇਰਾਂ ਦਾ ਪਰ ਸ਼ਾਇਰੀ ਬਾਝ ਕੰਗਾਲ ਰਿਹਾਂ ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ ਹੱਦਾਂ ਸਰਹੱਦਾਂ ਕੀ ਜਾਨਣ ਦੁੱਖ ਦਰਦ ਨੇ ਜੋ ਦਰਿਆਵਾਂ ਦੇ ਪਾਣੀ ਦੇ ਵੀ ਦੋ ਸਿਰਨਾਵੇਂ ਨੇ ਨਾਂ ਵੱਖੋ-ਵੱਖਰੇ ਮਾਵਾਂ ਦੇ ਨਫਰਤ ਦੇ ਸਿੱਕੇ ਰਹੇ ਢਲਦੇ ਬਣਿਆ ਮੈਂ ਉਹ ਟਕਸਾਲ ਰਿਹਾਂ ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ ਜਿਸ ਫੁੱਲ ਦੀ ਮਹਿਕ ਮੁਹੱਬਤ ਸੀ ਉਹ ਪੱਤੀ ਪੱਤੀ ਬਿਖਰ ਗਿਆ ਦੁੱਖ ਸੁੱਖ ਦਾ ਸੂਰਜ ਸਾਂਝਾ ਸੀ ਅੱਜ ਚਾਨਣ ਉਹਦਾ ਕਿਧਰ ਗਿਆ ਇਸ ਸਦੀ ਦੀ ਜੋ ਸ਼ਰਮਿੰਦਗੀ ਹੈ ਉਸਦੀ ਮੈਂ ਬਣ ਤਿਰਕਾਲ ਰਿਹਾਂ ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ ਇਹ ਕੇਹੜੀ ਹੋਣੀ ਵਰਤ ਗਈ ਸਾਡੇ ਵਿੱਚ ਏਨਾ ਫਰਕ ਪਿਆ ਕੋਈ ਧਰਮ ਹੀ ਮੈਨੂੰ ਦੱਸ ਦੇਵੇ ਕਿਉਂ ਆਦਮ ਏਨਾ ਗਰਕ ਗਿਆ ਸੱਚ ਕਹਿਣੋਂ ਸ਼ਾਇਰ ਵੀ ਸੰਗਦਾ ਏ ਮੈਂ ਖੁਦ ਵੀ ਕਰ ਇਕਬਾਲ ਰਿਹਾਂ ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ ਸ਼ਬਦਾਂ ਦਾ ਅਰਥ ਗੁਆਚੇ ਨਾ ਮਨ ਮੇਰੇ ਇਹੋ ਫਿਕਰ ਪਿਆ ਜੋ ਨੂਰ ਇਲਾਹੀ ਬਾਣੀ ਦਾ ਕਿਉਂ ਚੇਤੇ ਵਿੱਚੋਂ ਵਿਸਰ ਗਿਆ ਜੋ ਸਿੰਘ ਸਿਰਜਿਆ ਗੋਬਿੰਦ ਨੇ ਇਸ ਖਲਕਤ ਵਿੱਚੋਂ ਭਾਲ ਰਿਹਾਂ ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ ਧੀਆਂ ਜਿਹੀ ਫਸਲ ਪਿਆਰੀ ਨੂੰ ਅੱਜ ਵੀ ਅਬਦਾਲੀ ਲੁੱਟਦਾ ਏ ਰੱਬ, ਰਾਜੇ, ਰਾਵਣ ਇਕ ਕਿਉਂ ਧਰਤੀ ਨੂੰ ਹਾਲੀ ਪੁੱਛਦਾ ਏ ਖੁਦਕੁਸ਼ੀ ਨਾ ਉੱਗੇ ਖੇਤਾਂ 'ਚ ਮੈਂ ਐਸੀ ਫਸਲ ਸੰਭਾਲ ਰਿਹਾਂ ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ ਕਿੱਸਾ ਜੋ ਕ੍ਰਿਸ਼ਨ ਸੁਦਾਮੇ ਦਾ ਅੱਜ ਸਾਰੇ ਅਰਥ ਗੁਆ ਬੈਠਾ ਦਿੱਲੀ ਹੈ ਰਥ ਦਰਯੋਧਨ ਦਾ ਅਰਜਨ ਹੈ ਉਸ ਵਿੱਚ ਜਾ ਬੈਠਾ ਮੇਰੀ ਭੀਸ਼ਮ ਜਿਹੀ ਮਜ਼ਬੂਰੀ ਹੈ ਅੱਜ ਤੀਕਰ ਉਸਨੂੰ ਟਾਲ ਰਿਹਾਂ ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ ਅਯੁਧਿਆ ਵਿੱਚ ਅਜੇ ਹਨੇਰਾ ਹੈ ਉਹਦਾ ਦਰਦ ਦੀਵਾਲੀ ਕੀ ਜਾਣੇ ਕਿਉਂ ਮਸਜਿਦ ਥਰ ਥਰ ਕੰਬਦੀ ਹੈ ਇਸ ਬਾਗ ਦਾ ਮਾਲੀ ਹੀ ਜਾਣੇ ਜਿਹੜੀ ਸਾੜੇ ਅੱਗ ਮਾਸੂਮਾਂ ਨੂੰ ਮੈਂ ਖੁਦ ਵੀ ਸੜਦਾ ਨਾਲ ਰਿਹਾਂ ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ ਮੇਰਾ ਮੁਰਸ਼ਦ ਬੁੱਲ੍ਹੇ ਸ਼ਾਹ ਹੋਵੇ ਮੇਰੀ ਕਾਇਆ ਵਿੱਚ ਕਬੀਰ ਰਹੇ ਮੇਰੀ ਰੂਹ ਰਵਿਦਾਸ ਦਾ ਰੂਪ ਰਹੇ ਮੇਰੇ ਅੰਗ ਸੰਗ ਮੀਆਂ ਮੀਰ ਰਹੇ ਮਨ ਮਸਤਕ ਵਿੱਚ ਮਰਦਾਨਾ ਹੈ ਹਰ ਯੁੱਗ ਵਿੱਚ ਨਾਨਕ ਨਾਲ ਰਿਹਾਂ ਜੋ ਦਰਦ ਪਛਾਣੇ ਰਾਤਾਂ ਦਾ ਕੋਈ ਐਸਾ ਸੂਰਜ ਭਾਲ ਰਿਹਾਂ ਹੋਵੇ ਹਰ ਹਰਫ਼ ਚਿਰਾਗ਼ ਜਿਹਾ ਗੀਤਾਂ ਦੇ ਦੀਵੇ ਬਾਲ ਰਿਹਾਂ
ਸੁਖ਼ਨ ਸੁਗੰਧੀ
ਕੁਝ ਸੁਖ਼ਨ ਸੁਗੰਧੀ ਬਿਖਰ ਗਈ ਕੁਝ ਹਰਫ਼ ਹਕੀਕੀ ਮਾਰ ਗਏ ਅਸੀਂ ਸ਼ਬਦਾਂ ਦੀ ਸ਼ਤਰੰਜ ਖੇਡੀ ਪਰ ਸ਼ਾਇਰੀ ਹੱਥੋਂ ਹਾਰ ਗਏ ਮੈਂ ਵੀ ਤਾਂ ਜੋਗੀ ਪੂਰਨ ਸੀ ਪਰ ਲੂਣਾ ਮੇਰੇ ਅੰਦਰ ਸੀ ਸੁੰਦਰਾਂ ਦੀਆਂ ਹਾਕਾਂ ਸੁਣ ਲੈਂਦਾ ਮੈਂ ਬਣ ਜਾਣਾ ਪੈਗੰਬਰ ਸੀ ਜੋ ਦੀਨ ਦੁਨੀ ਦੇ ਦਰਦ ਮਿਲੇ ਮੈਨੂੰ ਕਰਦੇ ਹੋਰ ਲਾਚਾਰ ਗਏ ਕੁਝ ਹਰਫ਼ ਹਕੀਕੀ ਮਾਰ ਗਏ ਰਾਵਣ ਕੋਲ ਅਕਲ ਦਾ ਅੰਬਰ ਸੀ ਉਹ ਤਾਰੇ ਗਿਣਦਾ ਬਿਖਰ ਗਿਆ ਹਉਮੈਂ ਹੀ ਉਹਦੀ ਹਿਮਾਕਤ ਸੀ ਉਹਨੂੰ ਵੇਦ ਵਿਧੀ ਸਭ ਵਿਸਰ ਗਿਆ ਸੀਤਾ ਦੇ ਸੁਖਨ ਤਾਂ ਸੱਚੇ ਸੀ ਲੋਕੀ ਰਾਮ ਤੇ ਕਰ ਇਤਬਾਰ ਗਏ ਕੁਝ ਹਰਫ਼ ਹਕੀਕੀ ਮਾਰ ਗਏ ਅਰਜਨ ਕੋਲ ਤੀਰ ਬਥੇਰੇ ਸੀ ਵੈਰੀ ਵਿੱਚ ਦਿਸਦੇ ਵੀਰ ਖੜੇ ਫਰਜ਼ਾਂ ਦੇ ਸਿਰ ਤੇ ਕਰਜ਼ ਬੜੇ ਗੁਰੂ ਪੀਰ ਵੀ ਖਿੱਚ ਲਕੀਰ ਖੜੇ ਰਥਵਾਨ ਤਾਂ ਬਣ ਭਗਵਾਨ ਗਿਆ ਯੋਧੇ ਜੰਗ ਜਿੱਤ ਕੇ ਵੀ ਹਾਰ ਗਏ ਕੁਝ ਹਰਫ਼ ਹਕੀਕੀ ਮਾਰ ਗਏ ਜੋ ਰਾਹ ਨਾਨਕ ਦਾ ਰੋਸ਼ਨ ਹੈ ਜਿੱਥੋਂ ਵਾਰਸ ਬੁੱਲਾ ਆਇਆ ਹੈ ਮੈਂ ਆਸ਼ਕ ਸ਼ਾਹ ਮੁਹੰਮਦ ਦਾ ਮੇਰਾ ਹਾਸ਼ਮ ਵੀ ਸਰਮਾਇਆ ਹੈ ਰਹਿਣੇ ਗੀਤ ਗੋਬਿੰਦ ਗੁਰੂ ਏਥੇ ਲੱਖ ਲੰਘਕੇ ਸ਼ਾਹ ਅਸਵਾਰ ਗਏ ਕੁਝ ਹਰਫ਼ ਹਕੀਕੀ ਮਾਰ ਗਏ ਅੱਖਰਾਂ ਲਈ ਇਸ਼ਕ ਇਬਾਦਤ ਹੈ ਮੈਨੂੰ ਅਕਲਾਂ ਤੇ ਕੋਈ ਮਾਣ ਨਹੀਂ ਸੁਰ ਸਾਜ਼ ਤੋਂ ਸੱਖਣੀ ਸ਼ਾਇਰੀ ਜੋ ਮੇਰੇ ਵਿਰਸੇ ਦੀ ਪਹਿਚਾਣ ਨਹੀਂ ਮੇਰੇ ਗੀਤ ਇਹ ਲੋਕ ਅਮਾਨਤ ਨੇ ਨਹੀਂ ਹਾਕਮ ਦੇ ਦਰਬਾਰ ਗਏ ਕੁਝ ਹਰਫ਼ ਹਕੀਕੀ ਮਾਰ ਗਏ ਮੇਰੇ ਬੋਲ ਹਵਾ ਵਿੱਚ ਰਹਿਣ ਸਦਾ ਮੇਰਾ ਐਸਾ ਕੋਈ ਵਿਸਵਾਸ਼ ਨਹੀਂ ਲੋਕੀ ਨਾਮ ਹਮੇਸ਼ਾਂ ਲੈਣ ਮੇਰਾ ਮੇਰੀ ਐਸੀ ਵੀ ਕੋਈ ਖਾਹਸ਼ ਨਹੀਂ ਬਸ ਮਹਿਕ ਨਾ ਭੁੱਲਣ ਮਿੱਟੀ ਦੀ ਜੇਹੜੇ ਗੀਤ ਸਮੁੰਦਰੋਂ ਪਾਰ ਗਏ ਕੁਝ ਹਰਫ਼ ਹਕੀਕੀ ਮਾਰ ਗਏ ਸ਼ਾਇਰਾਂ ਲਈ ਇਹ ਅਰਦਾਸ ਮੇਰੀ ਤੁਹਾਡੀ ਸ਼ਾਇਰੀ ਵਿੱਚ ਅਸਮਾਨ ਰਹੇ ਤੁਸੀਂ ਤਾਰੇ ਤੋੜੋ ਅਰਸ਼ਾਂ ਦੇ ਪਰ ਮਿੱਟੀ ਲਈ ਸਨਮਾਨ ਰਹੇ ਉਹੀ ਸ਼ਾਇਰ ਸਦਾ ਪਰਵਾਨ ਹੋਏ ਜੇ ਲੋਕਾਂ ਦੇ ਵਿਚਕਾਰ ਗਏ ਕੁਝ ਸੁਖ਼ਨ ਸੁਗੰਧੀ ਬਿਖਰ ਗਈ ਕੁਝ ਹਰਫ਼ ਹਕੀਕੀ ਮਾਰ ਗਏ
ਮੈਨੂੰ ਗੀਤ ਲਿਖਣ ਲਈ
ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ ਇੱਕ ਅੱਥਰੂ ਅੱਖ ਵਿੱਚ ਬਾਕੀ ਸੀ ਅੱਜ ਉਹ ਵੀ ਵਿਚਾਰਾ ਵਹਿ ਚੱਲਿਐ ਵਰ ਮੰਗਿਆ ਮਾਂ ਨੇ ਪੀਰਾਂ ਤੋਂ ਮੇਰੇ ਨੂਰ ਦੀ ਇਹ ਤੌਫ਼ੀਕ ਰਹੇ ਕੁੱਲ ਅੱਥਰੂ ਸਾਲਮ ਆਲਮ ਦਾ ਮੇਰੇ ਪੁੱਤ ਦੇ ਨਾਂ ਤਸਦੀਕ ਰਹੇ ਉਸ ਦਿਨ ਤੋਂ ਡੁੱਬਦਾ ਹਰ ਸੂਰਜ ਮੇਰੇ ਖੂਨ 'ਚ ਡੂੰਘਾ ਲਹਿ ਚੱਲਿਐ ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ ਇਕ ਮਿਲਿਆ ਜ਼ਖਮ ਜਵਾਨੀ ਤੋਂ ਅਸੀ ਚੰਨ ਨੂੰ ਯਾਰ ਬਣਾ ਬੈਠੇ ਜੋ ਲੱਪ ਕੁ ਚਾਨਣ ਪੱਲੇ ਸੀ ਦਰ ਉਹਦੇ ਅਰਘ ਚੜ੍ਹਾ ਬੈਠੇ ਚੰਨ ਅੰਬਰੋਂ ਥੱਲੇ ਆਇਆ ਨਾ ਚਾਅ ਗਲ ਮਿਲਣੇ ਦਾ ਰਹਿ ਚੱਲਿਐ ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ ਜਦੋਂ ਮੰਗਿਆ ਸਾਥ ਹਵਾਵਾਂ ਦਾ ਜੰਗਲ ਤੋਂ ਇਹ ਇਲਜ਼ਾਮ ਲਿਆ ਰੁੱਖਾਂ ਦੇ ਦੁੱਖ ਨੂੰ ਕੀ ਜਾਣੇ ਇਹ ਬੰਦਿਆਂ ਵਰਗਾ ਆਮ ਜਿਹਾ ਨਾ ਪੌਣ ਬਣੇ ਨਾ ਛਾਂ ਹਾਸਲ ਪੰਧ ਉਮਰ ਦਾ ਥੋੜ੍ਹਾ ਰਹਿ ਚੱਲਿਐ ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ ਇੱਕ ਦਿੱਤਾ ਦੁੱਖ ਹਮਸਾਇਆਂ ਨੇ ਮਿੱਟੀ ਦੀ ਸੁੱਚ ਗਵਾ ਬੈਠੇ ਧਰਮਾਂ ਦਾ ਸੌਦਾ ਵੇਚਣ ਲਈ ਬੋਲੀ ਨੂੰ ਦਾਅ ਤੇ ਲਾ ਬੈਠੇ ਲੋਰੀ ਜੇ ਲਹੂ ਵਿੱਚ ਡੁੱਬ ਜਾਵੇ ਪਾਪ ਕਿਹੜਾ ਫਿਰ ਰਹਿ ਚਲਿਐ ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ ਜਿੱਥੇ ਸੁਪਨੇ ਬੀਜੇ ਨੈਣਾਂ ਨੇ ਉਹ ਧਰਤ ਤਾਂ ਕੱਲਰ ਮਾਰੀ ਸੀ ਲੱਖ ਬੱਦਲ ਵਰਸੇ ਰਹਿਮਤ ਦੇ ਸਾਗਰ ਦੀ ਸੋਚ ਤਾਂ ਖਾਰੀ ਸੀ ਮਨ ਰੀਝ ਸੀ ਮਾਨ ਸਰੋਵਰ ਦੀ ਬਸ ਛੱਪੜ ਜੋਗਾ ਰਹਿ ਚੱਲਿਐ ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ ਇਕ ਪੀੜ ਮਿਲੀ ਹੈ ਖਲਕਤ ਤੋਂ ਇਕ ਕੇਹੀ ਹਨੇਰੀ ਝੁੱਲੀ ਹੈ ਮਿੱਟੀ ਨਾ ਆਦਮ ਖੋਰ ਬਣੇ ਰੱਤ ਧਰਤ ਤੇ ਏਨੀ ਡੁੱਲੀ ਹੈ ਰੱਬ ਖ਼ੈਰ ਕਰੇ ਸਭ ਠੀਕ ਰਹੇ ਹਰ ਟੁੱਟਦਾ ਤਾਰਾ ਕਹਿ ਚੱਲਿਐ ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ
ਪੌਣਾਂ ਦੀ ਝਾਂਜਰ
ਕੁਝ ਗੀਤ ਵੀ ਐਸੇ ਹੁੰਦੇ ਨੇ ਪੌਣਾਂ ਦੀ ਝਾਂਜਰ ਬਣਦੇ ਨੇ ਧਰਤੀ ਦੇ ਕੰਨੀ ਬੁੰਦੇ ਨੇ ਕੁਝ ਗੀਤ ਤਾਂ ਮਿਲਕੇ ਇੱਕ ਵਾਰੀ ਅੰਬਰਾਂ ਤੇ ਉੱਚਾ ਉੱਡ ਜਾਂਦੇ ਰਾਹ ਘਰ ਪਰਤਣ ਦਾ ਭੁੱਲ ਜਾਂਦੇ ਸੀਨੇ ਦਾ ਭਰਕੇ ਰੁੱਗ ਜਾਂਦੇ ਜਲ ਥਲ ਵਿੱਚ ਕਿਧਰੇ ਨਹੀਂ ਲੱਭਦੇ ਕਰ ਜਾਣ ਉਮਰ ਲਈ ਸੁੰਞੇ ਨੇ ਕੁਝ ਗੀਤ ਵੀ ਐਸੇ ਹੁੰਦੇ ਨੇ ਕੁਝ ਗੀਤ ਹੁੰਦੇ ਨੇ ਰੁੱਖ ਵਰਗੇ ਦੁੱਖ ਆਪਣਾ ਮੂਲ ਨਾ ਦੱਸਦੇ ਨੇ ਕਦੀ ਛਾਂ ਬਣਦੇ ਕਦੀ ਮਾਂ ਬਣਦੇ ਕਦੀ ਬੱਦਲ ਬਣਕੇ ਵੱਸਦੇ ਨੇ ਧਰਤੀ ਦੇ ਸਭੇ ਸੁਪਨੇ ਹੀ ਪੱਤਿਆਂ ਵਿੱਚ ਸੋਹਣੇ ਗੁੰਦੇ ਨੇ ਕੁਝ ਗੀਤ ਵੀ ਐਸੇ ਹੁੰਦੇ ਨੇ ਕੁਝ ਗੀਤ ਹੁੰਦੇ ਮਹਿਬੂਬ ਜਹੇ ਮਿਲਕੇ ਵੀ ਕਦੀ ਉਹ ਮਿਲਦੇ ਨਹੀਂ ਕੰਢਿਆਂ ਤੇ ਕਰਨ ਉਡੀਕ ਸਦਾ ਕੱਚਿਆਂ ਸੰਗ ਕਿਧਰੇ ਠਿੱਲਦੇ ਨਹੀਂ ਸੰਗਮਰਮਰ ਵਾਂਗ ਹੁਸੀਨ ਬੜੇ ਕੁਝ ਸੁਣਦੇ ਨਹੀਂ ਇਹ ਗੁੰਗੇ ਨੇ ਕੁਝ ਗੀਤ ਵੀ ਐਸੇ ਹੁੰਦੇ ਨੇ ਕੁਝ ਗੀਤ ਹੁੰਦੇ ਨੇ ਮਾਂ ਵਰਗੇ ਕੁੱਲ ਕਸ਼ਟ ਜਾਨ 'ਤੇ ਸਹਿੰਦੇ ਨੇ ਫੁੱਲਾਂ ਨੂੰ ਬਹਾਰਾਂ ਬਖਸ਼ਣ ਲਈ ਖੁਦ ਉਮਰਾਂ ਪੱਤਝੜ੍ਹ ਰਹਿੰਦੇ ਨੇ ਪੁੱਤਰਾਂ ਨੂੰ ਪਲਕ ਬਿਠਾਂਦੇ ਨੇ ਖੁਦ ਗਿੱਲੇ ਸੌਂਦੇ ਭੁੰਜੇ ਨੇ ਕੁਝ ਗੀਤ ਵੀ ਐਸੇ ਹੁੰਦੇ ਨੇ ਕੁਝ ਗੀਤ ਹੁੰਦੇ ਨੇ ਲੋਕਾਂ ਦੇ ਲੋਕਾਂ ਦੀ ਵਿਰਾਸਤ ਬਣ ਜਾਂਦੇ ਬਣ ਜਾਂਦੇ ਹੁਸਨ ਲੋਕਾਈ ਦਾ ਜ਼ਿੰਦਗੀ ਦੀ ਨਫ਼ਾਸਤ ਬਣ ਜਾਂਦੇ ਉਹ ਗੀਤ ਰਹਿਣਗੇ ਸਦਾ ਸਦਾ ਉਹੀ ਮੰਦਰ ਮਸਜਿਦ ਬੁੰਗੇ ਨੇ ਕੁਝ ਗੀਤ ਵੀ ਐਸੇ ਹੁੰਦੇ ਨੇ ਕੁਝ ਗੀਤ ਹਾਂ ਰਾਹ ਵਿੱਚ ਛੱਡ ਆਏ ਕੁਝ ਗੀਤ ਅਸਾਥੋਂ ਵਿਸਰ ਗਏ ਅਸੀਂ ਦੋਚਿਤੀ ਦੀ ਮਿੱਟੀ ਸਾਂ ਰੇਤੇ ਦੇ ਵਾਂਗੂ ਬਿਖਰ ਗਏ ਉਹ ਜ਼ਖਮ ਬੜੇ ਹੀ ਡੂੰਘੇ ਨੇ ਉਹੀ ਗੀਤ ਤਾਂ ਦਰਦ ਪਰੁੰਨੇ ਨੇ ਕੁਝ ਗੀਤ ਵੀ ਐਸੇ ਹੁੰਦੇ ਨੇ ਕੁਝ ਗੀਤ ਹੁੰਦੇ ਅਸਮਾਨ ਜਿਹੇ ਸੌਂਦੇ ਨੇ ਸਦਾ ਹੀ ਸੱਥਰਾਂ ਤੇ ਫੁੱਲਾਂ ਦੀ ਸੁਗੰਧੀ ਬਣਦੇ ਨੇ ਉੱਕਰੇ ਨੇ ਕਰੂੰਬਲਾਂ ਪੱਤਰਾਂ ਤੇ ਨਾ ਰੱਬ ਮਾਰੇ ਨਾ ਅੱਗ ਸਾੜੇ ਨਾ ਹੁੰਦੇ ਹੋਏ ਵੀ ਹੁੰਦੇ ਨੇ ਕੁਝ ਗੀਤ ਵੀ ਐਸੇ ਹੁੰਦੇ ਨੇ।
ਪਾਣੀ ਸਦਾ ਵਗਦਾ ਰਹੇ
ਉਚਿਆਂ ਪਹਾੜਾਂ ਦਿਆਂ ਵੱਡੇ ਵੱਡੇ ਪੱਥਰਾਂ 'ਚੋਂ ਨੀਵੀਂ ਨੀਵੀਂ ਨਦੀ ਪਈ ਵਹੇ ਉਚਿਆਂ ਪਹਾੜਾਂ ਨੇ ਤਾਂ ਇਕੋ ਥਾਏਂ ਖੜੇ ਰਹਿਣੈ ਪਾਣੀ ਸਦਾ ਵਗਦਾ ਰਹੇ ਰੇਤਿਆਂ ਦੇ ਚੇਤਿਆਂ 'ਚ ਰੁਕੇ ਨਹੀਉਂ ਰਹਿਣਾ ਸਦਾ ਸਾਗਰਾਂ ਦੀ ਸਿੱਕ ਸਦਾ ਖਿਚਦੀ ਅਗਨੀ ਆਕਾਸ਼ ਪਾਉਣਾ ਪਾਣੀਆਂ ਪਤਾਲ ਸੌਣਾ ਪੌਣਾਂ ਦੀ ਪਿਆਸ ਨਹੀਂਉ ਮਿਟਦੀ ਟੁੱਟੇ ਹੋਏ ਤਾਰਿਆਂ ਤੇ ਨੈਣਾਂ ਦਿਆ ਮਾਰਿਆਂ ਦੇ ਕੇਹੜਾ ਕਦੀ ਕੋਲ ਕੋਈ ਬਹੇ ਨੀਵੀਂ ਨੀਵੀਂ ਨਦੀ ਪਈ ਵਹੇ ਦੂਰ ਦੂਰ ਅੰਬਰਾਂ ਤੇ ਪੰਛੀਆਂ ਦੀ ਸੋਚ ਉੱਡੇ ਰੁੱਤ ਵਿੱਚ ਰੁੱਖਾਂ ਦੀ ਤਾਸੀਰ ਏ ਪਿੱਪਲਾਂ ਤੇ ਬੋਹੜਾਂ ਦੀਆਂ ਜੜ੍ਹਾਂ ਨੇ ਪਤਾਲ ਵੰਨੀ ਪੱਤਿਆਂ ਦੀ ਮਿੱਟੀ ਤਕਦੀਰ ਏ ਪਾਣੀ ਨਾਲੋਂ ਰੁੱਸਿਆਂ ਤੇ ਮਿੱਟੀ ਨਾਲੋਂ ਟੁੱਟਿਆਂ ਦੀ ਕਾਇਆ ਕਦੀ ਕਾਇਮ ਨਾ ਰਹੇ ਨੀਵੀਂ ਨੀਵੀਂ ਨਦੀ ਪਈ ਵਹੇ ਫੁੱਲਾਂ ਦਿਆਂ ਨੈਣਾਂ ਵਿੱਚ ਸੁਪਨੇ ਸੁਗੰਧੀ ਸਦਾ ਬੀਜ ਬਣ ਜਾਈਏ ਇਹੋ ਰੀਝ ਏ ਮਹਿਕਾਂ ਨੇ ਹੈ ਸਾਥ ਸਦਾ ਪੌਣਾਂ ਦਾ ਕਬੂਲਣਾ ਫੁੱਲਾਂ ਦਾ ਵਜੂਦ ਰਹਿਣ ਕੰਡਿਆਂ ਕਰੀਬ ਏ ਆਸ਼ਕ ਅਦੀਬ ਹੁੰਦੇ ਫੁੱਲਾਂ ਦੀਆਂ ਵਾਦੀਆਂ ਵਾਦੀ ਸਦਾ ਵੱਸਦੀ ਰਹੇ ਨੀਵੀਂ ਨੀਵੀਂ ਨਦੀ ਪਈ ਵਹੇ ਵੱਡੇ ਵੱਡੇ ਸੁਪਨੇ ਤੇ ਨਿੱਕੀ ਜਿਹੀ ਜਿੰਦ ਮੇਰੀ ਏਨਾ ਕੁਝ ਕਿੰਝ ਇਹ ਸੰਭਾਲਦੀ ਕਿਤੇ ਕ਼ੂੜ ਦੇ ਹਨੇਰੇ ਸਾਧਾਂ ਸੰਤਾਂ ਦੇ ਡੇਰੇ ਅੱਗ ਅਕਲਾਂ ਦੀ ਕਿੱਥੇ ਕਿੱਥੇ ਬਾਲਦੀ ਮੌਤ ਦੇ ਹਨੇਰਿਆਂ ਤੇ ਗੀਤਾਂ ਦੇ ਬਨੇਰਿਆਂ ਤੇ ਦੀਵਾ ਹਰਫ਼ਾਂ ਦਾ ਬਲਦਾ ਰਹੇ ਨੀਵੀਂ ਨੀਵੀਂ ਨਦੀ ਪਈ ਵਹੇ ਉੱਚੇ ਉੱਚੇ ਰੁਤਬੇ ਦੀ ਰੁੱਤ ਨਹੀਉਂ ਰਹਿਣੀ ਸਦਾ ਸਮਿਆਂ ਦੀ ਤੋਰ ਨਹੀਂਉਂ ਰੁਕਣੀ ਪੌਣਾਂ ਤੇ ਪਰਿੰਦਿਆਂ ਦੇ ਕੇਹੜੇ ਸਨਮਾਨ ਹੁੰਦੇ ਬੰਦੇ ਵਾਲੀ ਭੁੱਖ ਨਹੀਂਉਂ ਮੁੱਕਣੀ ਸ਼ੋਹਰਤਾਂ ਦੇ ਸਾੜਿਆਂ ਤੇ ਹਉਮੈਂ ਦਿਆਂ ਮਾਰਿਆਂ ਨੂੰ ਖ਼ਾਕ ਵੀ ਨਾ ਆਪਣੀ ਕਹੇ ਨੀਵੀਂ ਨੀਵੀਂ ਨਦੀ ਪਈ ਵਹੇ।
ਚੰਨ ਇਕ ਰੋਜ਼ ਚੜ੍ਹੇ
ਮੇਰੇ ਅੰਦਰ ਚੰਨ ਇਕ ਰੋਜ ਚੜ੍ਹੇ ਕਵਿਤਾ ਦਾ ਕਰਜ਼ ਉਤਾਰਣ ਲਈ ਰੂਹ ਰੋਜ਼ ਹਨੇਰੇ ਨਾਲ ਲੜੇ ਆਦਮ ਤੋਂ ਬੰਦਾ ਸਿਰਜਣ ਲਈ ਏਥੇ ਲੱਖ ਵਾਰੀ ਭਗਵਾਨ ਆਏ ਐ ਕੁਦਰਤ ਕਰਾਂ ਇਬਾਦਤ ਮੈਂ ਏਥੇ ਇਕ ਵਾਰੀ ਇਨਸਾਨ ਆਏ ਹੋਵੇ ਸਦਾ ਸਦੀਵੀ ਸੂਰਜ ਉਹ ਸ਼ਾਇਰੀ ਸਿਰ ਸਰਘੀ ਤਾਜ ਧਰੇ ਰੂਹ ਰੋਜ਼ ਹਨੇਰੇ ਨਾਲ ਲੜੇ ਸੂਲੀ ਦੀ ਸ਼ਹਾਦਤ ਜੋ ਸਿਰਜੇ ਸੂਲਾਂ ਦੀ ਸੇਜ ਦੀ ਪੀੜ ਜਰੇ ਫੁੱਲਾਂ ਦੀ ਇਬਾਦਤ ਜੇ ਲਿਖਣੀ ਕੰਡਿਆਂ ਤੇ ਵੀ ਨੰਗੇ ਪੈਰ ਧਰੇ ਜੇ ਰਾਹ ਨਵਿਆਂ ’ਤੇ ਤੁਰਨਾ ਏ ਪਹਿਲਾਂ ਹੱਥ ਆਪਣੇ ’ਤੇ ਸੀਸ ਧਰੇ ਰੂਹ ਰੋਜ਼ ਹਨੇਰੇ ਨਾਲ ਲੜੇ ਮੇਰੇ ਸ਼ਾਇਰ ਯਾਰ ਤਪੱਸਵੀ ਨੇ ਹਰਫਾਂ ਨੂੰ ਬਹੁਤ ਧਿਆਉਂਦੇ ਨੇ ਸਦਾ ਤੋਲ ਤੁਕਾਂਤ ਤਰਤੀਬ ਰਹੇ ਸ਼ਬਦਾਂ ਨੂੰ ਸੋਹਜ ਸਿਖਾਉਂਦੇ ਨੇ ਅਰਥਾਂ ਦੇ ਅਦਬ ਦੀ ਨਹੀਂ ਚਿੰਤਾ ਚਿੰਤਨ ਦੀ ਸੂਲੀ ਕੌਣ ਚੜ੍ਹੇ ਰੂਹ ਰੋਜ਼ ਹਨੇਰੇ ਨਾਲ ਲੜੇ ਜੋ ਅਦਬ ਅਦੀਬ ਆਲੋਚਕ ਨੇ ਬੜੀ ਸਾਹਿਤ ਤਪੱਸਿਆ ਕਰਦੇ ਨੇ ਧੜਿਆਂ ਦਾ ਧੂੰਆਂ ਧੁਖਾਉਂਦੇ ਨੇ ਹਉਮੇ ਦੀ ਧੂਣੀ ਸੜਦੇ ਨੇ ਰੁਤਬੇ ਦਾ ਸਿਰ ਸਿਰਤਾਜ ਰਹੇ ਗਰਜ਼ਾਂ ਦੀ ਗੁਫਾ ਧਿਆਨ ਧਰੇ ਰੂਹ ਰੋਜ਼ ਹਨੇਰੇ ਨਾਲ ਲੜੇ ਉਹ ਕਿੱਥੇ ਵਕਤ ਵਿਹਾਜ ਗਏ ਕੀਤੇ ਲੋਕਾਂ ਸੰਗ ਇਕਰਾਰ ਬੜੇ ਹਰ ਮੋੜ ਸਲੀਬਾਂ ਚੁੰਮਾਂਗੇ ਮਕਤਲ ਲਈ ਫ਼ਿਦਾ ਸੀ ਯਾਰ ਬੜੇ ਮੰਨਿਆ ਕਿ ਰਾਤ ਲੰਮੇਰੀ ਏ ਚਾਨਣ ਵੀ ਨਹੀਂ ਬਹੁਤਾ ਦੂਰ ਪਰੇ ਰੂਹ ਰੋਜ਼ ਹਨੇਰੇ ਨਾਲ ਲੜੇ ਦੁਬਿਧਾ ਦੀ ਦੰਭ ਦਰਿਸ਼ਟੀ ਨੇ ਅਮਲਾਂ ਦਾ ਪਾਠ ਪੜਾਇਆ ਨਾ ਸਸਤੀ ਜਿਹੀ ਸ਼ੋਹਦੀ ਸ਼ੋਹਰਤ ਨੇ ਸਾਨੂੰ ਕਿਸੇ ਕਿਨਾਰੇ ਲਾਇਆ ਨਾ ਜੂਝਣ ਲਈ ਅਗਨ ਤਿਆਰ ਸਦਾ ਮੱਚਣ ਲਈ ਕੋਈ ਤਾਂ ਚਿਣਗ ਧਰੇ ਰੂਹ ਰੋਜ਼ ਹਨੇਰੇ ਨਾਲ ਲੜੇ ਸਭ ਸ਼ਾਇਰਾਂ ਨੂੰ ਨਤਮਸਤਕ ਹਾਂ ਮੇਰੇ ਲਈ ਪੀਰ ਪੈਗੰਬਰ ਨੇ ਕੋਈ ਇਕ ਅੱਧ ਪੋਰਸ ਰਹਿ ਜਾਂਦਾ ਬਣ ਗਏ ਸਭ ਸਾਹਿਤ ਸਿਕੰਦਰ ਨੇ ਹੁਣ ਵੀ ਤਾਂ ਜਾਬਰ ਬਾਬਰ ਨੇ ਨਾਨਕ ਜਿਹੀ ਕੋਈ ਤਾਂ ਗੱਲ ਕਰੇ ਰੂਹ ਰੋਜ਼ ਹਨੇਰੇ ਨਾਲ ਲੜੇ
ਮਿੱਟੀ ਨੂੰ ਸਲਾਮ
ਲਾਏ ਅੰਬਰਾਂ ਨੇ ਐਵੇਂ ਇਲਜ਼ਾਮ ਜੋਗੀਆ ਸਾਡੀ, ਮਿੱਟੀ ਨੂੰ ਹੀ ਸਦਾ ਹੈ ਸਲਾਮ ਜੋਗੀਆ। ਜਿਹੜੀ ਮਿੱਟੀ ਕੋਲੋਂ ਮਿੱਟੀ ਨੂੰ ਆਰਾਮ ਨਾ ਮਿਲੇ ਉਹਨੂੰ ਮੱਕਾ ਨਾ ਮਿਲੇ ਉਹਨੂੰ ਰਾਮ ਨਾ ਮਿਲੇ। ਸ਼ਾਇਰਾਂ ਆਸ਼ਕਾਂ ਪੀਰਾਂ ਦਾ ਇੱਕੋ ਨਾਮ ਜੋਗੀਆ ਲਾਏ ਅੰਬਰਾਂ ਨੇ ਐਵੇਂ ਇਲਜ਼ਾਮ ਜੋਗੀਆ ਮਿੱਟੀ ਮਿਲ ਕੇ ਹੀ ਮਿੱਟੀ ਦਾ ਹੈ ਮੋਹ ਭੋਗਦੀ ਮਿੱਟੀ ਮਿੱਟੀਆਂ ਤੋਂ ਮੰਗੇ ਸਦਾ ਭੀਖ ਜੋਗ ਦੀ। ਮਿੱਟੀ ਵਿੱਛੜੇ ਤੇ ਜਿਉਣ ਹੈ ਹਰਾਮ ਜੋਗੀਆ ਲਾਏ ਅੰਬਰਾਂ ਨੇ ਐਵੇਂ ਇਲਜ਼ਾਮ ਜੋਗੀਆ ਜਿਹੜੇ ਮਿੱਟੀਆਂ ਦੇ ਮਨਾਂ ਵਿੱਚ ਫਿੱਕ ਪਾਣਗੇ ਉਹੋ ਮਿੱਟੀਆਂ ਦੇ ਮਨਾਂ ਵਿੱਚੋਂ ਮਿਟ ਜਾਣਗੇ। ਮਿੱਟੀ ਅੰਬਰੀ ਆਵੇਸ਼ ਇਲਹਾਮ ਜੋਗੀਆ ਲਾਏ ਅੰਬਰਾਂ ਨੇ ਐਵੇਂ ਇਲਜ਼ਾਮ ਜੋਗੀਆ ਜਾਤ ਮਿੱਟੀ ਦੀ ਜੋ ਪੁੱਛੇ ਰੁੱਖ ਸੁੱਕ ਜਾਣਗੇ ਜਿਹੜੇ ਮਿੱਟੀ ਨਾਲੋਂ ਟੁੱਟੇ ਮਰ ਮੁੱਕ ਜਾਣਗੇ। ਜੁੜੋ ਮਿੱਟੀ ਸੰਗ ਪੌਣਾਂ ਦਾ ਪੈਗਾਮ ਜੋਗੀਆ ਲਾਏ ਅੰਬਰਾਂ ਨੇ ਐਵੇਂ ਇਲਜ਼ਾਮ ਜੋਗੀਆ
ਨਦੀਓਂ ਪਾਰ
ਸਾਈਆਂ ਵੇ ਸਾਨੂੰ ਲੈ ਚਲ ਨਦੀਓਂ ਪਾਰ ਸਾਈਆਂ ਵੇ ਸਾਡਾ ਉਥੇ ਵਸਦਾ ਯਾਰ ਨਦੀਓਂ ਪਾਰ ਮੁਹੱਬਤਾਂ ਸੁੱਚੀਆਂ ਮਨ ਨੀਵੇਂ ਤੇ ਮੱਤਾਂ ਉੱਚੀਆਂ ਮੈਂ ਵਿਚ ਮੈਂ ਹਾਂ ਸੜਦਾ ਰਹਿੰਦਾ ਮੈਂ ਨਾ ਦੇਵੇ ਮਾਰ ਸਾਈਆਂ ਵੇ ਸਾਨੂੰ ਲੈ ਚਲ ਨਦੀਓਂ ਪਾਰ ਓਸ ਪਾਰ ਕੋਈ ਜਾਤ ਨਹੀਂ ਪੁੱਛਦਾ ਏਸ ਪਾਰ ਕੋਈ ਵਾਤ ਨਹੀਂ ਪੁੱਛਦਾ ਫੁੱਲ ਦੇਹੀ ਦਾ ਜਿਸ ਲਈ ਮਹਿਕੇ ਉਹ ਲੋੜੇ ਅੰਗਿਆਰ ਸਾਈਆਂ ਵੇ ਸਾਨੂੰ ਲੈ ਚਲ ਨਦੀਓਂ ਪਾਰ ਉਸ ਪਾਰ ਸਦ ਖੁਸ਼ੀਆਂ ਖੇੜਾ ਇਸ ਪਾਰ ਪੀੜਾਂ ਦਾ ਡੇਰਾ ਪੌਣ ਪਾਣੀ ਨੂੰ ਵੰਡਣ ਵਾਲੇ ਕਿਸਦੇ ਬੇਲੀ ਯਾਰ ਸਾਈਆਂ ਵੇ ਸਾਨੂੰ ਲੈ ਚਲ ਨਦੀਓਂ ਪਾਰ ਉਸ ਪਾਰ ਸਾਡਾ ਨੂਰ ਇਲਾਹੀ ਉਸ ਪਾਰ ਸਾਡਾ ਰਾਂਝਣ ਮਾਹੀ ਰਾਂਝਣ ਰੂਹ ਦਾ ਰੌਣਕ ਮੇਲਾ ਰਾਂਝਣ ਰਾਗ ਮਲ੍ਹਾਰ ਸਾਈਆਂ ਵੇ ਸਾਨੂੰ ਲੈ ਚਲ ਨਦੀਓਂ ਪਾਰ ਸਾਈਆਂ ਵੇ ਸਾਡਾ ਉਥੇ ਵਸਦਾ ਯਾਰ
ਮੈਨੂੰ ਬੇਦਾਵੇ ਤੋਂ ਮੁਕਤ ਕਰੇ
ਮੈਨੂੰ ਬੇਦਾਵੇ ਤੋਂ ਮੁਕਤ ਕਰੇ ਇੱਕ ਮਿੱਤਰ ਪਿਆਰਾ ਮੰਗਦਾ ਹਾਂ ਮੇਰਾ ਇਕ ਅੱਧ ਗੀਤ ਰਹੇ ਜੀਉਂਦਾ ਕੋਈ ਦਰਦ ਹੁਧਾਰਾ ਮੰਗਦਾ ਹਾਂ ਹੋਇਆ ਅਦਬ ਇਲਮ ਜੋ ਹਾਸਲ ਹੈ ਉਸ ਇਕੋ ਗੱਲ ਸਮਝਾਈ ਹੈ ਸ਼ਬਦਾਂ ਦੀ ਸੰਗਤ ਸੁੱਚੀ ਹੈ ਬਾਕੀ ਹਰ ਵਸਤ ਪਰਾਈ ਹੈ ਇਹ ਕਰਮ ਧਰਮ ਸਭ ਝੰਜਟ ਨੇ ਇਹਨਾਂ ਤੋਂ ਕਿਨਾਰਾ ਮੰਗਦਾ ਹਾਂ ਦਿਲ ਵਿੱਚ ਜੇ ਦਰਦ ਹੈ ਲੋਕਾਂ ਦਾ ਰੂਹ ਸੱਤ ਅਸਮਾਨੀਂ ਉਡਦੀ ਏ ਮਾਵਾਂ ਦਾ ਮੋਹ ਭਗਵਾਨ ਬਣੇ ਹਰ ਖਾਹਸ਼ ਖੁਦਾ ਨੂੰ ਪੁੱਜਦੀ ਏ ਪੀ ਜਾਵਾਂ ਜ਼ਹਿਰ ਜ਼ਮਾਨੇ ਦਾ ਇਕ ਤੇਰਾ ਹੁੰਗਾਰਾ ਮੰਗਦਾ ਹਾਂ ਜੋ ਖੁਦ ਖਾਤਰ ਹੀ ਜੀਉਂਦੇ ਨੇ ਐਸਾ ਨਾ ਕੋਈ ਵੀ ਸਾਥ ਮਿਲੇ ਮਿੱਟੀ ਦੇ ਮੋਹ ਲਈ ਮੌਤ ਮਿਲੇ ਮੈਨੂੰ ਜੂਝਣ ਦਾ ਅਹਿਸਾਸ ਮਿਲੇ ਹਰ ਗੀਤ ਮੇਰਾ ਸੁਕਰਾਤ ਬਣੇ ਦੁੱਖ ਦਰਦ ਮੈਂ ਸਾਰਾ ਮੰਗਦਾ ਹਾਂ ਦੁੱਖ ਸੁੱਖ ਸਭ ਰੱਬ ਦੀ ਬਖਸ਼ਿਸ਼ ਏ ਮੇਰਾ ਐਸਾ ਕੋਈ ਵਿਸ਼ਵਾਸ ਨਹੀਂ ਚੁੱਪ ਚਾਪ ਜ਼ੁਲਮ ਨੂੰ ਜਰ ਜਾਵਾਂ ਇਹ ਮੇਰਾ ਤਾਂ ਇਤਿਹਾਸ ਨਹੀਂ ਮੇਰਾ ਗੀਤ ਅਜੀਤ ਜੁਝਾਰ ਬਣੇ ਮਾਹੀ ਦਾ ਇਸ਼ਾਰਾ ਮੰਗਦਾ ਹਾਂ ਮੇਰੀ ਰੂਹ ਵਿੱਚ ਵਾਰਿਸ ਵਸਦਾ ਏ ਹਰ ਹਰਫ ਹਮੇਸ਼ਾਂ ਹੀਰ ਬਣੇ ਜੋ ਦਰਦ ਹੰਢਾਇਆ ਰਾਂਝਣ ਨੇ ਮੇਰੇ ਗੀਤਾਂ ਦੀ ਤਕਦੀਰ ਬਣੇ ਮੈਂ ਸੁਪਨਾ ਝੰਗ ਸਿਆਲਾਂ ਦਾ ਕੋਈ ਤਖਤ ਹਜ਼ਾਰਾ ਮੰਗਦਾ ਹਾਂ ਕੁੱਝ ਕੱਚੀ ਰੁੱਤ ਦੇ ਗੀਤ ਮੇਰੇ ਕੱਚਿਆਂ ਸੰਗ ਯਾਰੀ ਲਾ ਬੈਠੇ ਜਦੋਂ ਵਗੀ ਹਨੇਰੀ ਹਰਫਾਂ ਦੀ ਅਰਥਾਂ ਦੇ ਅਰਥ ਗੁਆ ਬੈਠੇ ਹਰਫਾਂ ਦੀ ਪੀੜ ਪਛਾਨਣ ਲਈ ਇਕ ਜਨਮ ਦੁਬਾਰਾ ਮੰਗਦਾ ਹਾਂ ਮੈਨੂੰ ਬੇਦਾਵੇ ਤੋਂ ਮੁਕਤ ਕਰੇ ਇੱਕ ਮਿੱਤਰ ਪਿਆਰਾ ਮੰਗਦਾ ਹਾਂ ਮੇਰਾ ਇਕ ਅੱਧ ਗੀਤ ਰਹੇ ਜੀਉਂਦਾ ਕੋਈ ਦਰਦ ਹੁਧਾਰਾ ਮੰਗਦਾ ਹਾਂ
ਭੁੱਲਣਾ ਮੈਂ ਚਾਹਿਆ
ਭੁੱਲਣਾ ਮੈਂ ਚਾਹਿਆ ਉਸਨੂੰ ਸਭ ਕੁੱਝ ਭੁਲਾਉਣਾ ਪੈ ਗਿਆ ਹੋਂਦ ਨੂੰ ਨਿਰਹੋਂਦ ਦਾ ਦੀਵਾ ਜਗਾਉਣਾ ਪੈ ਗਿਆ ਧਰਤ ਦੀ ਹਰ ਸ਼ੈਅ ਹੀ ਮੈਥੋਂ ਪਰਾਈ ਹੋ ਗਈ ਆਪਣੀ ਹੀ ਕਾਇਆ ਵਿਸਰੀ ਆਪੇ ਜੁਦਾਈ ਹੋ ਗਈ ਆਪਣੀ ਹੀ ਰੂਹ ਦੀ ਮਹਿਕ ਨੂੰ ਆਪੇ ਹੰਢਾਉਣਾ ਪੈ ਗਿਆ ਮਜ਼ਹਬਾਂ ਨੇ ਜੋ ਸੀ ਸਿਰਜਿਆ ਉਹ ਅਡੰਬਰ ਰੋ ਪਿਆ ਕੱਲ ਮਿੱਟੀ ਦਾ ਕਣ ਸੀ ਅੱਜ ਪੈਗੰਬਰ ਹੋ ਗਿਆ ਮਨ ਨੂੰ ਮੁੜ ਮਨਾਉਣ ਲਈ ਮਿੱਤਰ ਮਨਾਉਣਾ ਪੈ ਗਿਆ ਸਾਰੀ ਸਰਿਸ਼ਟੀ ਸਿਮਟਕੇ ਖਿਆਲ ਬਣਕੇ ਰਹਿ ਗਈ ਅਗਨ ਪਾਣੀ ਪੌਣ ਮਿੱਟੀ ਸਿਫਰ ਬਣ ਕੇ ਰਹਿ ਗਈ ਮਿਟ ਨਾ ਜਾਏ ਸਿਰਜਣਾ ਫਿਰ ਬੁੱਤ ਬਨਾਉਣਾ ਪੈ ਗਿਆ ਮੈਂ 'ਚ ਮੁੜਕੇ ਆਉਣ ਲਈ ਫਿਰ ਬੁਲਾਇਆ ਖ਼ੁਦੀ ਨੂੰ ਮੋਹ ਦਾ ਮੰਦਰ ਉਸਰੇ ਫਿਰ ਜਗਾਇਆ ਖ਼ੁਦੀ ਨੂੰ ਜੋ ਬੀਜ ਅੰਦਰ ਬੈਠਿਆ ਉਹਨੂੰ ਬਾਹਰ ਆਉਣਾ ਪੈ ਗਿਆ ਫਿਰ ਮੈਂ ਆਪਣਾ ਆਪ ਹਾਂ ਪਿਆਰ ਦਾ ਪੈਗਾਮ ਹਾਂ ਜ਼ਿੰਦਗੀ ਦੀ ਜੁਸਤਜੂ ਪਰ ਮੌਤ ਦਾ ਮੁਕਾਮ ਹਾਂ ਹਸਤੀ ਨੂੰ ਆਪਣੇ ਹਸ਼ਰ ਦਾ ਗੀਤ ਗਾਉਣਾ ਪੈ ਗਿਆ ਹੋਂਦ ਨੂੰ ਨਿਰਹੋਂਦ ਦਾ ਦੀਵਾ ਜਗਾਉਣਾ ਪੈ ਗਿਆ ਭੁੱਲਣਾ ਮੈਂ ਚਾਹਿਆ ਉਸਨੂੰ ਸਭ ਕੁਝ ਭੁਲਾਉਣਾ ਪੈ ਗਿਆ
ਸੱਜਣ ਅਸੀਂ ਇੰਝ ਮਿਲੀਏ
ਸੱਜਣ ਅਸੀਂ ਇੰਝ ਮਿਲੀਏ ਜਿਉਂ ਦਿਵਸ ਦੇਹੀ ਵਿੱਚ ਰਾਤ ਸੱਜਣ ਅਸੀਂ ਇੰਝ ਮਿਲੀਏ ਜਿਉਂ ਪੌਣ ਪਾਣੀ ਦਾ ਸਾਥ ਕੋਈ ਧਰਤੀ ਅਸਮਾਨ ਨਾ ਹੋਏ ਪਾਣੀ ਅਗਨ ਪ੍ਰਾਣ ਨਾ ਹੋਏ ਜਿਉਂ ਮੌਤ ਦੇਹੀ ਵਿੱਚ ਵਾਸ ਸੱਜਣ ਅਸੀਂ ਇੰਝ ਮਿਲੀਏ ਧਰਮ ਕਿਤੇ ਭਗਵਾਨ ਨਾ ਹੋਵੇ ਗੀਤਾ ਵੇਦ ਕੁਰਾਨ ਨਾ ਹੋਵੇ ਬੱਸ ! ਹਵਾ ਆਦਮ ਦੀ ਜਾਤ ਸੱਜਣ ਅਸੀਂ ਇੰਝ ਮਿਲੀਏ ਦਿਵਸ ਨਾ ਹੋਵੇ ਰਾਤ ਨਾ ਹੋਵੇ ਨੂਰ ਹੋਵੇ ਪ੍ਰਭਾਤ ਨਾ ਹੋਵੇ ਜਿਉਂ ਅੱਖ ਵਿੱਚ ਅੱਥਰੂ ਵਾਸ ਸੱਜਣ ਅਸੀਂ ਇੰਝ ਮਿਲੀਏ ਉਮਰ, ਜਨਮ ਕੋਈ ਜਾਤ ਨਾ ਹੋਵੇ ਨੀਰ ਵਰੇ ਬਰਸਾਤ ਨਾ ਹੋਵੇ ਜਿਉਂ ਜਲ ਦਾ ਥਲ ਵਿੱਚ ਵਾਸ ਸੱਜਣ ਅਸੀਂ ਇੰਝ ਮਿਲੀਏ ਕਾਇਆ ਕਸਮ ਕਰਾਰ ਨਾ ਹੋਵੇ ਕੋਈ ਸਾਹਾਂ ਵਿਚਕਾਰ ਨਾ ਹੋਵੇ ਬਸ ! ਮਨ ਦਾ ਮੇਲ ਮਿਲਾਪ ਸੱਜਣ ਅਸੀਂ ਇੰਝ ਮਿਲੀਏ ਫੁੱਲ ਵਿੱਚ ਵੱਸੇ ਜਿਉਂ ਖੁਸ਼ਬੋਈ ਹਾਜ਼ਰ ਹੈ ਪਰ ਹੋਂਦ ਨਾ ਕੋਈ ਜਿਉਂ ਰੇਤ ਪਏ ਬਰਸਾਤ ਸੱਜਣ ਅਸੀਂ ਇੰਝ ਮਿਲੀਏ
ਮੈਂ ਕੋਲੋਂ ਪਾਰ ਲੰਘਣਾ
ਮੈਂ ਕੋਲੋਂ ਪਾਰ ਲੰਘਣਾ ਤੇਰੇ ਬਿਨ ਲੰਘਿਆ ਨਾ ਜਾਵੇ ਤੇਰੇ ਕੋਲੋਂ ਤੈਨੂੰ ਮੰਗਣਾ ਤੇਰੇ ਬਿਣ ਮੰਗਿਆ ਨਾ ਜਾਵੇ ਪੌਣ ਪਰਦੇਸੀ ਸਦਾ ਸੱਜਣਾਂ ਨੂੰ ਲੱਭਦੀ ਮੇਲ ਤੇ ਜੁਦਾਈ ਜਿੰਦ ਕਦੇ ਵੀ ਨਾ ਰੱਜਦੀ ਪੌਣ ਦਾ ਲਿਬਾਸ ਮੰਗਣਾ ਤੇਰੇ ਬਿਨ ਮੰਗਿਆ ਨਾ ਜਾਵੇ ਮੈਂ ਕੋਲੋਂ ਪਾਰ ਲੰਘਣਾ ਪਾਣੀ ਦੇ ਨਸੀਬਾਂ ਵਿੱਚ ਸਾਥ ਸਦਾ ਰੇਤ ਦਾ ਅੰਬਰਾਂ 'ਤੇ ਜਾ ਕੇ ਪਾਣੀ ਮਿੱਟੀ ਵੱਲ ਵੇਖਦਾ ਪਾਣੀ ਵਾਲਾ ਰੰਗ ਮੰਗਣਾ ਤੇਰੇ ਬਿਨ ਮੰਗਿਆ ਨਾ ਜਾਵੇ ਮੈਂ ਕੋਲੋਂ ਪਾਰ ਲੰਘਣਾ ਅਗਨੀ ਦੇ ਅੰਗਾਂ ਵਿਚ ਪਾਣੀ ਦੀ ਪਿਆਸ ਏ ਬਲਦੇ ਚਿਰਾਗ ਰਹਿਣ ਇਹੋ ਅਰਦਾਸ ਏ ਅੱਗ ਦਾ ਕਲੀਰਾ ਮੰਗਣਾ ਤੇਰੇ ਬਿਨ ਮੰਗਿਆ ਨਾ ਜਾਵੇ ਮੈਂ ਕੋਲੋਂ ਪਾਰ ਲੰਘਣਾ ਮਿੱਟੀ ਮੇਰੀ ਮਾਂ ਅਤੇ ਮਿੱਟੀ ਅੰਗ ਸਾਕ ਏ ਮਿੱਟੀ ਮੇਰੀ ਭੁੱਖ ਮਿੱਟੀ ਹੀ ਪਿਆਸ ਏ ਮਿੱਟੀ ਕੋਲੋਂ ਮੋਹ ਮੰਗਣਾ ਤੇਰੇ ਬਿਨ ਮੰਗਿਆ ਨਾ ਜਾਵੇ ਮੈਂ ਕੋਲੋਂ ਪਾਰ ਲੰਘਣਾ ਸੂਹੇ ਸੂਹੇ ਰੰਗ ਸੋਹਣੇ ਖਿੜਦੇ ਗੁਲਾਬ ਨੇ ਸੀਨੇ ਖੁਸ਼ਬੋਈ ਸਿਰ ਕੰਡਿਆਂ ਦੇ ਤਾਜ ਨੇ ਕੰਡਿਆਂ ਤੋਂ ਫੁੱਲ ਮੰਗਣਾ ਤੇਰੇ ਬਿਨ ਮੰਗਿਆ ਨਾ ਜਾਵੇ ਮੈਂ ਕੋਲੋਂ ਪਾਰ ਲੰਘਣਾ ਦੇਹੀ ਵਿੱਚ ਦੋਸਤੀ ਤੇ ਰੂਹ 'ਚ ਵੈਰਾਗ ਏ ਹਰਫ਼ਾਂ ਦਾ ਹੰਸ ਹਾਂ ਸ਼ਾਇਰੀ ਪਰਵਾਜ਼ ਏ ਸ਼ਬਦਾਂ ਦੇ ਸਰ ਮੰਗਣਾ ਤੇਰੇ ਬਿਨ ਮੰਗਿਆ ਨਾ ਜਾਵੇ ਮੈਂ ਕੋਲੋਂ ਪਾਰ ਲੰਘਣਾ ਆਤਮਾ ਤਾਂ ਅੰਬਰਾਂ 'ਤੇ ਮਾਰਦੀ ਉਡਾਰੀ ਏ ਤਾਰਿਆਂ ਦੇ ਨਾਲ ਸਾਡੀ ਸ਼ੁਰੂ ਤੋਂ ਹੀ ਯਾਰੀ ਏ ਚੰਨ ਤੋਂ ਚਰਾਗ਼ ਮੰਗਣਾ ਤੇਰੇ ਬਿਨ ਮੰਗਿਆ ਨਾ ਜਾਵੇ ਮੈਂ ਕੋਲੋਂ ਪਾਰ ਲੰਘਣਾ ਤੇਰੇ ਬਿਨ ਲੰਘਿਆ ਨਾ ਜਾਵੇ ਤੇਰੇ ਕੋਲੋਂ ਤੈਨੂੰ ਮੰਗਣਾ ਤੇਰੇ ਬਿਣ ਮੰਗਿਆ ਨਾ ਜਾਵੇ
ਮੰਨਿਆ ਤੂੰ ਮੇਰਾ ਰੱਬ ਵੇ
ਮੰਨਿਆ ਤੂੰ ਮੇਰਾ ਰੱਬ ਵੇ ਪਰ ਕਦੇ ਤਾਂ ਕੱਲਿਆਂ ਛੱਡ ਵੇ ਕੁਦਰਤ ਨੇ ਕਲਬੂਤ ਸਿਰਜਿਆ ਸਿਰਜੀ ਵਿੱਚ ਸਰਿਸ਼ਟੀ ਰੂਹ ਦੀ ਰਮਜ਼ ਤਿਨ੍ਹਾਂ ਨੇ ਜਾਣੀ ਜਿਨ੍ਹਾਂ ਹਾਸਿਲ ਦਿੱਬ ਦਰਸ਼ਿਟੀ ਮੈਂ ਵਿੱਚ ਮੈਂ ਦਾ ਮਾਣ ਨਾ ਕਰੀਏ ਛੱਡਣਾ ਪੈਣਾ ਜੱਗ ਵੇ ਇਸ ਦੇਹੀ ਵਿਚ ਸੌ-ਸੌ ਸੂਰਜ ਲੱਖ ਕਰੋੜਾਂ ਤਾਰੇ ਤਨ ਦੀ ਪੋਥੀ ਸਾਰੇ ਪੜ੍ਹਦੇ ਮਨ ਦੀ ਕੌਣ ਵਿਚਾਰੇ ਅੰਦਰ ਅੱਲਾ, ਅੰਦਰ ਮੌਲਾ ਅੰਦਰ ਸੌ-ਸੌ ਹੱਜ ਵੇ ਦੇਹੀ ਦੇ ਵਿੱਚ ਗੀਤ ਸੁਲਗਦੇ ਨੈਣੀਂ ਨੂਰ ਨਜ਼ਾਰਾ ਝੰਗ ਸਿਆਲੇਂ ਚੰਨ ਚਮਕਦਾ ਰੋਸ਼ਨ ਤਖਤ ਹਜ਼ਾਰਾ ਕਾਇਆ ਕਰਮ ਧਰਮ ਸਭ ਤੇਰੇ ਕੀ ਲੋਕਾਂ ਦੀ ਲੱਜ ਵੇ ਮਿੱਟੀ ਕਾਇਆ, ਮਿੱਟੀ ਮਾਇਆ ਮਿੱਟੀ ਜਗਤ ਪਸਾਰਾ ਮਿੱਟੀ ਬੋਲੇ ਦੁੱਖ ਸੁੱਖ ਫੋਲੇ ਮਿੱਟੀ ਭੇਖ ਨਜ਼ਾਰਾ ਰਿਸ਼ਤੇ ਨਾਤੇ ਮਰ ਮੁੱਕ ਜਾਣੇ ਭਾਂਡਾ ਜਾਣਾ ਭੱਜ ਮੰਨਿਆ ਤੂੰ ਮੇਰਾ ਰੱਬ ਵੇ
ਅਸੀਂ ਰਾਵੀ ਦੇ ਵਿਚਕਾਰ ਗਏ
ਕੁਝ ਦੁਸ਼ਮਣ ਬਣਕੇ ਦੂਰ ਗਏ ਕੁਝ ਮਿਤਰ ਬਣਕੇ ਮਾਰ ਗਏ ਪਾਣੀ ਦੀ ਪੀੜ ਪਛਾਨਣ ਲਈ ਅਸੀਂ ਰਾਵੀ ਦੇ ਵਿਚਕਾਰ ਗਏ ਜਿਸ ਮਿੱਟੀਉਂ ਦੇਹ ਨੇ ਜਨਮ ਲਿਆ ਉਹਦੀ ਇਹ ਕੈਸੀ ਪਹਿਚਾਣ ਬਣੀ ਰੂਹ ਰੱਤ ਦਾ ਪਾਕਿਸਤਾਨ ਬਣੀ ਦੇਹ ਦਰਦ ਦਾ ਹਿੰਦੁਸਤਾਨ ਬਣੀ ਮੋਹ ਮਾਣ ਮੁਹਬੱਤ ਪਾਵਣ ਲਈ ਅਸੀਂ ਜੱਗ ਦੀ ਬਾਜ਼ੀ ਹਰ ਗਏ ਕੁਝ ਆਰ ਰਹੇ ਕੁਝ ਪਾਰ ਗਏ ਅਸੀਂ ਵਿਰਸਾ ਵਾਰਿਸ ਕੁਕਨੂਸ ਦਾ ਜਿਹੜੇ ਅੱਗ 'ਤੇ ਆਹਲਣਾ ਆ ਧਰਦੈ ਜੇ ਛੱਡਕੇ ਜਾਵਣ ਘਰ ਖੁਸਦੈ ਜੇ ਵਿੱਚ ਬੈਠਦੈ ਸੜ ਮਰਦੈ ਕੋਈ ਲਾਹਨਤ ਨਾ ਇਤਿਹਾਸ ਬਣੇ ਅਸੀਂ ਖੁਦ ਹੀ ਖੁਦੀ ਨੂੰ ਮਾਰ ਗਏ ਕੁਝ ਆਰ ਰਹੇ ਕੁਝ ਪਾਰ ਗਏ ਤਨ ਤਪਦਾ ਵਾਂਗ ਤੰਦੂਰ ਰਿਹਾ ਅਗਨੀ ਦੀ ਜੂਨ ਹੰਢਾਉਂਦੇ ਰਹੇ ਪਾ ਬਾਲਣ ਆਪਣੇ ਬੋਟਾਂ ਦਾ ਹੋਰਾਂ ਦੀ ਭੁੱਖ ਮਿਟਾਉਂਦੇ ਰਹੇ ਕੁੱਲ ਉਮਰ ਨਿਛਾਵਰ ਕਰ ਦਿੱਤੀ ਉਹੀਓ ਹੀ ਸਾਨੂੰ ਮਾਰ ਗਏ ਕੁਝ ਆਰ ਰਹੇ ਕੁਝ ਪਾਰ ਗਏ ਰਿਸ਼ਤੇ ਜੋ ਜਾਤਾਂ ਮਜ਼ਹਬਾਂ ਦੇ ਸਭ ਕੂੜ ਹੈ ਕਪਟ ਅਡੰਬਰ ਦਾ ਜੱਗ ਜੀਉਂਦਾ ਰਿਸ਼ਤਾ ਮਿੱਟੀ ਦਾ ਇਕ ਰਿਸ਼ਤਾ ਨਿਭਦਾ ਅੰਦਰ ਦਾ ਜਾਂ ਰਿਸ਼ਤਾ ਸੁੱਚਾ ਸ਼ਬਦਾਂ ਦਾ ਜੋ ਉਮਰੋਂ ਬਾਅਦ ਵੀ ਨਾਲ ਰਹੇ ਕੁਝ ਆਰ ਰਹੇ ਕੁਝ ਪਾਰ ਗਏ ਹੁਣ ਢਲਦੀ ਉਮਰੇ ਗੀਤ ਮੇਰੇ ਕੋਈ ਮਾਨਸਰੋਵਰ ਭਾਲ ਰਹੇ ਅਰਥਾਂ ਦੇ ਮੋਤੀ ਬਿਖਰ ਗਏ ਹਰਫ਼ਾਂ ਦੇ ਹੰਝੂ ਨਾਲ ਰਹੇ ਜਿਨੂੰ ਹੱਜ ਸਮਝਿਆ ਸ਼ਬਦਾਂ ਨੇ ਉਹ ਹੰਸ ਉਡਾਰੀ ਮਾਰ ਗਏ ਕੁਝ ਆਰ ਰਹੇ ਕੁਝ ਪਾਰ ਗਏ ਇਹ ਲੋਕ ਭਰੇ ਖੁਦਗਰਜ਼ੀ ਦੇ ਗਰਜ਼ਾਂ ਦੇ ਮਾਰੇ ਜੀ ਲੈਂਦੇ ਸੂਈ ਮੋਹ ਦੀ ਧਾਗਾ ਲਾਲਚ ਦਾ ਲੋੜਾਂ ਦਾ ਚੋਲਾ ਸੀ ਲੈਂਦੇ ਸੱਜਣ ਪਰਵਾਸੀ ਪੰਛੀ ਨੇ ਰੁੱਤ ਫਿਰੀ ਉਡਾਰੀ ਮਾਰ ਗਏ ਕੁਝ ਆਰ ਰਹੇ ਕੁਝ ਪਾਰ ਗਏ ਕੁਝ ਦੁਸ਼ਮਣ ਬਣਕੇ ਦੂਰ ਗਏ ਕੁਝ ਮਿਤਰ ਬਣਕੇ ਮਾਰ ਗਏ ਪਾਣੀ ਦੀ ਪੀੜ ਪਛਾਨਣ ਲਈ ਅਸੀਂ ਰਾਵੀ ਦੇ ਵਿਚਕਾਰ ਗਏ
ਮਾਂ ਕੋਲੋਂ ਧੀ ਪੁੱਛਦੀ
ਮਾਂ ਕੋਲੋਂ ਧੀ ਪੁੱਛਦੀ ਦੱਸ ਫੁੱਲਾਂ 'ਚ ਸੁਗੰਧੀ ਕਿਵੇਂ ਆਉਂਦੀ ਉਹ ਕਿਹੜੀ ਰੁੱਤ ਅੰਮੀਏ ਜਦੋਂ ਸੁੱਤਿਆਂ ਨੀਂਦ ਨਾ ਆਉਂਦੀ ਕਿੱਕਰਾਂ ਨੂੰ ਫੁੱਲ ਲਗਦੇ ਕੌੜੀ ਨਿੰਮ ਨੂੰ ਨੇ ਲਗਦੇ ਪਤਾਸੇ ਖੁਸ਼ੀਆਂ ਦਾ ਮੀਂਹ ਵੱਸਦਾ ਜਿੰਦ ਬੀਜਦੀ ਸੁਨਹਿਰੀ ਹਾਸੇ ਗੱਲੇ ਕੱਥੇ ਰੋਣ ਆਂਵਦਾ ਰੂਹ ਕੂੰਜ ਦੇ ਵਾਂਗ ਕੁਰਲਾਉਂਦੀ ਸਤਰੰਗੀ ਪੀਂਘ ਅੰਮੀਏ ਜਦੋਂ ਦਿਲ ਦੇ ਅੰਬਰ ਤੇ ਪੈਂਦੀ ਰੀਝਾਂ ਦੀਆਂ ਪੈਣ ਵਾਛੜਾਂ ਜਿੰਦ ਸੋਚਾਂ 'ਚ ਨੁਚੜਦੀ ਰਹਿੰਦੀ ਬੱਦਲਾਂ ਦਾ ਦਿਲ ਧੜਕੇ ਮਾਰੇ ਸੈਣਤਾਂ ਤੇ ਬਿਜਲੀ ਬੁਲਾਉਂਦੀ ਗੰਨਿਆਂ 'ਚ ਘੁਲੇ ਮਿਸ਼ਰੀ ਪੈਣ ਕਣੀਆਂ ਤੇ ਬਣਨ ਮਖਾਣੇ ਸਿੱਟਿਆਂ ਨੂੰ ਬੂਰ ਆਂਵਦਾ ਪੈਣ ਮੱਕੀਆਂ ਨੂੰ ਦੋਧੇ ਦਾਣੇ ਆਪਣੇ ਹੀ ਅੰਗ ਵੇਖ ਕੇ ਅੱਖ ਹੱਸਦੀ ਤੇ ਨਾਲੇ ਸ਼ਰਮਾਉਂਦੀ ਕੰਘੀ ਕੋਲੋਂ ਕੇਸ ਸੰਗਦੇ ਬੁੱਲ੍ਹਾਂ ਕੋਲੋਂ ਸੰਗਦਾ ਦੰਦਾਸਾ ਅੱਖੀਆਂ ਤੋਂ ਡਰੇ ਸੁਰਮਾ ਬਦੋ ਬਦੀ ਆਵੇ ਪਿਆ ਹਾਸਾ ਹਵਾ ਦੀ ਹੋਜੇ ਅੱਖ ਕਾਸ਼ਨੀ ਜਦੋਂ ਧੁੱਪ ਸੰਗ ਧੁੱਪ ਟਕਰਾਉਂਦੀ ਸੂਰਜੇ ਤੋਂ ਠੰਢ ਲੱਗਦੀ ਜਿੰਦ ਆਪਣੇ ਹੀ ਭਰਦੀ ਕਲਾਵੇ ਚੰਨ ਕੋਲੋਂ ਸੰਗ ਲੱਗਦੀ ਕੋਈ ਆਪਣਾ ਨਾ ਚੰਨ ਬਣ ਜਾਵੇ ਤਾਰਿਆਂ ਦੀ ਜੰਞ ਆਂਵਦੀ ਗੀਤ ਅੰਬਰਾਂ ਦਾ ਧਰਤੀ ਗਾਉਂਦੀ ਬਾਬਲੇ ਤੋਂ ਡਰ ਲੱਗਦਾ ਹੋਵੇ ਮਿੱਠਾ ਜਿਹਾ ਵੀਰਾਂ ਤੋਂ ਸ਼ਰੀਕਾ ਅੰਮੜੀ ਤੋਂ ਪੈਣ ਝਿੜਕਾਂ ਸਿਖ ਸਾਊਆਂ ਵਾਲਾ ਧੀਏ ਨੀ ਸਲੀਕਾ ਮਾਪਿਆਂ ਨੂੰ ਕਿਵੇਂ ਦੱਸੀਏ ਸਾਨੂੰ ਕੱਲ੍ਹਿਆਂ ਨੂੰ ਰਾਤ ਡਰਾਉਂਦੀ । ਮਾਂ ਕੋਲੋਂ ਧੀ ਪੁੱਛਦੀ ਦੱਸ ਫੁੱਲਾਂ 'ਚ ਸੁਗੰਧੀ ਕਿਵੇਂ ਆਉਂਦੀ ਉਹ ਕਿਹੜੀ ਰੁੱਤ ਅੰਮੀਏ ਜਦੋਂ ਸੁੱਤਿਆਂ ਨੀਂਦ ਨਾ ਆਉਂਦੀ
ਕਾਜ ਤੂੰ ਰਚਾਈਂ ਬਾਬਲਾ
ਸਾਡਾ ਉਹਦੇ ਨਾਲ ਕਾਜ ਤੂੰ ਰਚਾਈਂ ਬਾਬਲਾ ਸੁੱਚੇ ਸੁਪਨੇ ਦੇ ਸਾਹਾਂ ਦਾ ਜੋ ਸਾਈਂ ਬਾਬਲਾ ਮੈਨੂੰ ਰਾਮ ਤੇ ਰਹੀਮ ਦੀ ਨਾ ਲੋੜ ਬਾਬਲਾ ਮੇਰੀ ਜਿੰਦੜੀ 'ਚ ਰਾਂਝਣੇ ਦੀ ਥੋੜ੍ਹਾ ਬਾਬਲਾ ਸਾਂਝ ਤਖਤ ਹਜ਼ਾਰੇ ਸੰਗ ਪਾਈਂ ਬਾਬਲਾ ਦੇਈਂ ਦਾਜ ਵਿੱਚ ਸਉਣ ਦਾ ਮਹੀਨਾ ਬਾਬਲਾ ਅਸੀਂ ਤੀਆਂ ਵਾਂਗੂ ਚਾਰ ਦਿਨ ਜੀਣਾ ਬਾਬਲਾ ਸਾਡੇ ਸ਼ਗਨਾਂ ਤੇ ਮੇਘਲਾ ਬੁਲਾਈਂ ਬਾਬਲਾ ਸਾਨੂੰ ਮੱਠੇ ਮੱਠੇ ਨਿੱਘ ਵਾਲੀ ਅੱਗ ਚਾਹੀਦੀ ਚੁੰਨੀ ਕਾਸ਼ਨੀ ਗੁਲਾਬੀ ਇੱਕ ਪੱਗ ਚਾਹੀਦੀ ਹੱਥੀਂ ਸੂਰਜੇ ਦੇ ਪੱਲਾ ਤੂੰ ਫੜਾਈਂ ਬਾਬਲਾ ਚੁੱਪ ਧਰਤੀ ਦੇ ਜੇਰੇ ਜਿਹੀ ਮਾਂ ਬਾਬਲਾ ਸਾਡੇ ਸਿਰ ਤੇਰੇ ਅੰਬਰਾਂ ਦੀ ਛਾਂ ਬਾਬਲਾ ਧੀ ਕੂੰਜ ਇਹਨੂੰ ਕਾਵਾਂ ਤੋਂ ਬਚਾਈਂ ਬਾਬਲਾ ਸਭੇ ਸੋਹਣੇ ਸੋਹਣੇ ਵੀਰ ਜਿਵੇਂ ਰੁੱਖ ਬਾਬਲਾ ਜਿਹੜੇ ਜਰਕੇ ਵੀ ਦੱਸਦੇ ਨਾ ਦੁੱਖ ਬਾਬਲਾ ਬੂਟਾ ਮਹਿੰਦੀ ਵਾਲਾ ਵਿਹੜੇ ਵਿੱਚ ਲਾਈਂ ਬਾਬਲਾ ਸਾਡੇ ਬੇਰੀਆਂ ਦੇ ਬੇਰਾਂ ਜਿਹੇ ਚਾਅ ਬਾਬਲਾ ਸਾਡੇ ਲਿਖਦੇ ਨਸੀਬਾਂ ਚ ਹਵਾ ਬਾਬਲਾ ਫੁੱਲਾਂ ਤਾਰਿਆਂ ਨੂੰ ਜੰਝ 'ਚ ਬੁਲਾਈਂ ਬਾਬਲਾ ਸਾਡਾ ਉਹਦੇ ਨਾਲ ਕਾਜ ਤੂੰ ਰਚਾਈ ਬਾਬਲਾ ਸੁੱਚੇ ਸੁਪਨੇ ਦੇ ਸਾਹਾਂ ਦਾ ਜੋ ਸਾਈਂ ਬਾਬਲਾ
ਮਹਿਕ ਬੜਾ ਰੋਈ
ਇਕ ਕੂੰਜ ਵਿਦਾ ਹੋਈ ਇਕ ਪੌਣ ਜੁਦਾ ਹੋਈ ਫੁੱਲਾਂ ਦੇ ਗਲ ਲੱਗ ਕੇ ਅੱਜ ਮਹਿਕ ਬੜਾ ਰੋਈ ਸਭ ਸੁੱਖ ਸਹੂਲਤ ਸੀ ਮਮਤਾ ਦੀ ਦੌਲਤ ਸੀ ਹੋਣੀ ਨੇ ਸੀ ਜੋ ਲਿਖਿਆ ਆਖਿਰ ਨੂੰ ਉਹੀ ਹੋਈ ਚਾਨਣ ਦੀਆਂ ਝਿੜਕਾਂ ਸੀ ਬਾਬਲ ਦੀਆਂ ਝਿੜਕਾਂ ਸੀ ਇਸ ਮਿੱਠੀ ਉਦਾਸੀ ਤੇ ਹਰ ਰੀਝ ਫਿਦਾ ਹੋਈ ਇਹ ਵਕਤ ਵੀ ਆਉਣੇ ਸੀ ਘਰ ਹੋਰ ਬਣਾਉਣੇ ਸੀ ਜਿੰਦ ਅੱਧੋ ਅੱਧ ਵੰਡਣੀ ਇਹ ਕੇਹੀ ਸਜ਼ਾ ਹੋਈ ਇਕ ਹੌਕਾ ਅੱਗ ਵਰਗਾ ਇਕ ਹੌਕਾ ਜੱਗ ਵਰਗਾ ਦੋਹਾਂ ਦੇ ਨਸੀਬ ਇੱਕੋ ਇਹ ਕੇਹੀ ਰਜ਼ਾ ਹੋਈ ਇਕ ਕੂੰਜ ਵਿਦਾ ਹੋਈ ਇਕ ਪੌਣ ਜੁਦਾ ਹੋਈ ਫੁੱਲਾਂ ਦੇ ਗਲ ਲੱਗ ਕੇ ਅੱਜ ਮਹਿਕ ਬੜਾ ਰੋਈ
ਮਾਵਾਂ ਠੰਢੀਆਂ ਛਾਵਾਂ
ਮਾਵਾਂ ਤਾਂ ਹੁੰਦੀਆਂ ਠੰਢੀਆਂ ਛਾਵਾਂ ਛਾਵਾਂ ਦੀ ਸਭ ਨੂੰ ਲੋੜ ਨੀ ਮਾਏ ਧੀਆਂ ਵੀ ਇਕ ਦਿਨ ਛਾਂ ਹੈ ਬਣਨਾ ਹੱਸ ਹੱਸ ਹੱਥੀਂ ਤੋਰ ਨੀ ਮਾਏ ਧੀਆਂ ਧਰੇਕਾਂ ਵਧਣਾ ਫੁੱਲਣਾ ਇਉਂ ਨਾ ਚਿੱਤੋਂ ਡੋਲ ਨੀ ਮਾਏ ਧੀਆਂ ਤੇ ਕਣਕਾਂ ਪਾਲਣ ਵਾਲੇ ਕਦੇ ਨਾ ਰਖਦੇ ਕੋਲ ਨੀ ਮਾਏ ਧੀਆਂ ਦਾ ਧੰਨ ਤਾਂ ਸਰਪਰ ਲੁੱਟਣੈ ਸਾਧ ਮਿਲੇ ਜਾਂ ਚੋਰ ਨੀ ਮਾਏ ਧੀਆਂ ਤਾਂ ਤੇਰੇ ਬਾਗ ਪਨੀਰੀ ਪੁੱਟ ਕੇ ਹੋਰ ਥਾਂ ਲੱਗਣੀ ਜੋਤ ਜਿਹੜੀ ਤੂੰ ਕੁੱਖੋਂ ਜਾਈ ਹੋਰ ਵਿਹੜੇ ਵਿੱਚ ਜਗਣੀ ਆਪਣੇ ਲਹੂ ਸੰਗ ਸਿੰਝਿਆ ਬੂਟਾ ਪੁੱਟ ਲੈ ਜਾਵਣ ਹੋਰ ਨੀ ਮਾਏ ਤੂੰ ਚੰਬੇ ਦਾ ਬੂਟਾ ਅੰਮੜੀ ਅਸੀਂ ਹਾਂ ਤੇਰੀਆਂ ਕਲੀਆਂ ਇੱਕ ਦਿਨ ਸਾਨੂੰ ਸੁਪਨਾ ਥੀਸਣ ਇਹ ਬਾਬਲ ਦੀਆਂ ਗਲੀਆਂ ਮਹਿਕ ਤਾਂ ਜੰਮੇ ਤੇਰੇ ਵਿਹੜੇ ਜਾਂ ਵੰਡੀਏ ਕਿਤੇ ਹੋਰ ਨੀ ਮਾਏ ਧੀਆਂ ਦਾ ਬੂਟਾ ਅੰਬਰੀਂ ਉਗਦਾ ਧਰਤ ਤੇ ਪੈਂਦੇ ਫੁੱਲ ਨੀ ਮਾਏ ਧੀਆਂ ਦਾ ਮੇਵਾ ਕਰਮੀਂ ਸੰਦੜਾ ਇਹ ਹੋਣੀ ਨਾ ਭੁੱਲ ਨੀ ਮਾਏ ਧੀਆਂ ਤੇ ਬੱਦਲ ਹੋਰ ਥਾਂ ਜੰਮਦੇ ਜਾ ਵੱਸਦੇ ਕਿਤੇ ਹੋਰ ਨੀ ਮਾਏ ਹੱਸ ਹੱਸ ਹੱਥੀਂ ਤੋਰ ਨੀ ਮਾਏ।
ਉੱਚੀਆਂ ਲੰਮੀਆਂ ਟਾਹਲੀਆਂ
ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ ਉਤੋਂ ਜੋਬਨ ਦਾ ਕਹਿਰ ਨੀਂ ਮਾਏ ਸਾਵਣ ਤਾਂ ਵਸਦਾ ਕਦੇ ਕਦਾਈਂ ਅਸੀਂ ਤਾਂ ਚੱਤੋ ਪਹਿਰ ਨੀਂ ਮਾਏ ਉਚੀਆਂ ਤੇ ਲੰਮੀਆਂ ਟਾਹਲੀਆਂ ਨੇ ਵਿੱਚ ਚਾਨਣ ਦੀ ਲੀਕ ਨੀਂ ਮਾਏ ਚੰਦ ਤਾਂ ਚੜ੍ਹਦਾ ਕਦੇ ਕਦਾਈਂ ਸਾਨੂੰ ਤਾਂ ਨਿੱਤ ਉਡੀਕ ਨੀਂ ਮਾਏ ਉਚੀਆਂ ਤੇ ਲੰਮੀਆਂ ਟਾਹਲੀਆਂ ਨੇ ਦੂਰ ਤਾਂ ਬੋਲੇ ਕੂੰਜ ਨੀਂ ਮਾਏ ਇਹ ਅੱਥਰੂ ਸਾਡਾ ਮੁੱਢ ਕਦੀਮੀ ਇਹ ਅੱਥਰੂ ਨਾ ਪੂੰਝ ਨੀਂ ਮਾਏ ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ ਮਹਿੰਦੀ ਦੇ ਕਾਲੇ ਬਾਗ ਨੀਂ ਮਾਏ ਕੌਣ ਕਰੇਂਦਾ ਯਾਦ ਪੁਨੂੰ ਨੂੰ ਸੱਸੀ ਜੇ ਪੈਂਦੀ ਜਾਗ ਨੀਂ ਮਾਏ ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ ਚੀਂ ਚੀਂ ਤਾਂ ਕਰਦੇ ਬੋਟ ਨੀਂ ਮਾਏ ਚੋਗ ਚੁਗੀਵਣ ਮਾਪੇ ਜਾਵਣ ਰੱਖ ਕੇ ਰੱਬ ਦੀ ਓਟ ਨੀਂ ਮਾਏ ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ ਕਿਤੇ ਕੋਲ ਵਗੇ ਦਰਿਆ ਨੀਂ ਮਾਏ ਕੱਚੇ ਘੜੇ ਤੋਂ ਕਾਹਦਾ ਡਰਨਾ ਜੇ ਮਿਲਣੇ ਦਾ ਚਾਅ ਨੀਂ ਮਾਏ ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ ਸੂਕੇ ਜਿਸਮ ਦਾ ਨਾਗ ਨੀਂ ਮਾਏ ਰੂਹ ਦੇ ਬਾਗੀਂ ਜੋਗੀ ਸੁੱਤੇ ਕਹੇ ਲਿਖਾਏ ਭਾਗ ਨੀਂ ਮਾਏ ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ ਉਤੋਂ ਤਾਂ ਪੈਗੀ ਰਾਤ ਨੀਂ ਮਾਏ ਸੁੱਖ ਕਸੁੰਭੜਾ ਚਾਰ ਦਿਨਾਂ ਦਾ ਦੁੱਖ ਉਮਰਾਂ ਦਾ ਸਾਥ ਨੀਂ ਮਾਏ ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ ਵਿਚ ਤਾਂ ਬੋਲਣ ਮੋਰ ਨੀਂ ਮਾਏ ਆਵੇ ਵੇ ਕੋਈ ਬੱਦਲ ਬਣ ਕੇ ਛਮ ਛਮ ਵਰਸੇ ਜ਼ੋਰ ਨੀਂ ਮਾਏ ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ ਪੱਤੇ ਤਾਂ ਪਾਵਣ ਸ਼ੋਰ ਨੀਂ ਮਾਏ ਸਾਡੇ ਤਾਂ ਨੈਣੀਂ ਰਾਂਝਣ ਵੱਸਦਾ ਤਖਤ ਹਜ਼ਾਰੇ ਨੂੰ ਤੋਰ ਨੀਂ ਮਾਏ ਉੱਚੀਆਂ ਤੇ ਲੰਮੀਆਂ ਟਾਹਲੀਆਂ ਨੇ ਨਵੇਂ ਨਵੇਲੇ ਪੱਤ ਨੀਂ ਮਾਏ ਸਭੇ ਤਾਂ ਰਾਤਾਂ ਚੰਨ ਦੇ ਲੇਖੇ ਰਾਤ ਅਜੋਕੜੀ ਰੱਖ ਨੀਂ ਮਾਏ
ਗੀਤ ਵਿਚਾਰਾ ਕੀ ਕਰੇ
ਗੀਤ ਵਿਚਾਰਾ ਕੀ ਕਰੇ ਨਾ ਕੋਈ ਦਿਲ ਦਰਵੇਸ਼ਾਂ ਵਾਲੇ ਨਾ ਕੋਈ ਦਿਲ ਦੀ ਗੱਲ ਕਰੇ ਗੀਤ ਤਾਂ ਚਾਹਵੇਂ ਨਾਨਕ ਆਵੇ ਗਾਵੇ ਸੁੱਚੀ ਬਾਣੀ ਅਨਹਦ ਨਾਦ ਰੂਹਾਂ ਵਿੱਚ ਵਿਚਰੇ ਵਰਸੇ ਮੋਹ ਦਾ ਪਾਣੀ ਕੋਟ ਜਨਮ ਤੋਂ ਧਰਤ ਪਿਆਸੀ ਕੋਈ ਅੰਮ੍ਰਿਤ ਬੂੰਦ ਵਰ੍ਹੇ ਗੀਤ ਵਿਚਾਰਾ ਕੀ ਕਰੇ ਗੀਤ ਤਾਂ ਚਾਹਵੇ ਅਰਜਨ ਆਵੇ ਦੁਬਿਧਾ ਦੂਰ ਕਰਾਈਏ ਭਾਣਾ ਮੰਨਦੇ ਮੁੱਕ ਨਾ ਜਾਈਏ ਕਿਸ ਬਿੱਧ ਰੋਸ ਜਗਾਈਏ ਪੈਰੀਂ ਜੇ ਕੋਈ ਅਗਨੀ ਬਾਲੇ ਪਾਣੀ ਸਿਰ ਕਿਉਂ ਦੋਸ਼ ਧਰੇ ਗੀਤ ਵਿਚਾਰਾ ਕੀ ਕਰੇ ਗੀਤ ਉਡੀਕੇ ਤੇਗ ਬਹਾਦਰ ਮੁੜਕੇ ਆਣ ਝੰਜੋੜੇ ਬਲ ਹੋਇਆਂ ਬੰਧਨ ਤਾਂ ਟੁੱਟਦੇ ਜੇ ਤੇਗ ਇਲਮ ਨੂੰ ਲੋੜੇ ਅਕਲੀਂ ਫਤਹਿ ਨਸੀਬ ਹਮੇਸ਼ਾਂ ਜੇ ਹਿੰਮਤ ਨਦਰ ਕਰੇ ਗੀਤ ਵਿਚਾਰਾ ਕੀ ਕਰੇ ਗੀਤ ਤਾਂ ਚਾਹਵੇ ਗੋਬਿੰਦ ਆਵੇ ਦੁੱਖ ਦਿਲਾਂ ਦਾ ਜਾਣੇ ਪਾਣੀ ਸੁੱਕੇ ਪੁੱਤਰ ਮੁੱਕੇ ਮੁੱਕੇ ਨਾ ਜਰਵਾਣੇ ਟੁੱਟ ਜਾਵਣ ਤਾਰੇ ਨਾ ਸਾਰੇ ਅੰਬਰ ਇਹੋ ਫਿਕਰ ਕਰੇ ਗੀਤ ਵਿਚਾਰਾ ਕੀ ਕਰੇ ਗੀਤ ਤਾਂ ਚਾਹਵੇ ਵਾਰਸ ਆਵੇ ਹਰਫ ਇਸ਼ਕ ਦਾ ਪੜ੍ਹੀਏ ਇਸ਼ਕ ਮਾਹੀ ਦਾ ਨੂਰ ਇਲਾਹੀ ਇਸ਼ਕ ਨੂੰ ਸਜਦਾ ਕਰੀਏ ਰੂਹ ਦੇ ਰਿਸ਼ਤੇ ਪਾਕ ਪਵਿੱਤਰ ਹੋਰ ਤਾਂ ਸੱਭੇ ਕੂੜ ਭਰੇ ਗੀਤ ਵਿਚਾਰਾ ਕੀ ਕਰੇ ਗੀਤ ਤਾਂ ਚਾਹਵੇ ਪੀਲੂ ਆਵੇ ਸੱਦ ਮਿਰਜ਼ੇ ਦੀ ਲਾਵੇ ਇਸ਼ਕ ਤੋਂ ਪਹਿਲਾਂ ਮੌਤ ਕਬੂਲੇ ਫਿਰ ਯਾਰਾਂ ਦਰ ਜਾਵੇ ਸ਼ਾਇਰ ਆਸ਼ਕ ਪੀਰ ਪੈਗੰਬਰ ਜੀਵਦਿੰਆਂ ਵੀ ਰਹਿਣ ਮਰੇ ਗੀਤ ਵਿਚਾਰਾ ਕੀ ਕਰੇ ਗੀਤ ਤਾਂ ਚਾਹਵੇ ਬੁੱਲ੍ਹਾ ਆਵੇ ਮੁੜਕੇ ਇਹ ਸਮਝਾਵੇ ਕਰਮ ਬੰਦੇ ਦਾ ਧਰਮ ਬਣੀਂਦਾ ਧਰਮ ਨਾ ਜਾਤ ਬਣਾਵੇ ਧਰਮ ਤੇ ਧਰਤੀ ਭੇਦ ਨਾ ਰੱਖਦੇ ਦੂਈ ਤੋਂ ਧਰਮ ਪਰੇ ਗੀਤ ਵਿਚਾਰਾ ਕੀ ਕਰੇ ਗੀਤ ਉਡੀਕੇ ਸ਼ਾਹ ਮੁਹੰਮਦ ਰਲ ਕੋਈ ਬਣਤ ਬਣਾਈਏ ਜਿੱਤੇ ਹੋਏ ਵੀ ਹਾਰ ਹਾਂ ਜਾਂਦੇ ਜਿੱਤ ਨੂੰ ਕਿਵੇਂ ਬਚਾਈਏ ਆਪਣੇ ਮਾਰਨ, ਆਪ ਉਜਾੜਨ ਹੋਰਾਂ ਸਿਰ ਕੀ ਦੋਸ਼ ਧਰੇ ਗੀਤ ਵਿਚਾਰਾ ਕੀ ਕਰੇ
ਆਵੇ ਵੇ ਕੋਈ ਆਵੇ
ਆਵੇ ਵੇ ਕੋਈ ਆਵੇ ਬਦਲੋਂ ਵਿਛੜੀ ਇਕ ਕਣੀ ਨੂੰ ਧਰਤੀ ਤੀਕ ਪੁਚਾਵੇ ਨਾ ਸਾਡਾ ਅਸਮਾਨ ਹੈ ਕੋਈ ਨਾ ਧਰਤੀ ਸੰਗ ਰਿਸ਼ਤਾ ਹਰ ਇਕ ਯਾਰ ਹਨੇਰੀ ਵਰਗਾ ਪੱਲਾ ਫੜੀਏ ਕਿਸ ਦਾ ਨੈਣਾਂ ਵਿਚ ਸਮੁੰਦਰ ਭਰਿਆ ਕਿਤੇ ਐਵੇਂ ਨਾ ਡੁੱਲ੍ਹ ਜਾਵੇ ਆਵੇ ਵੇ ਕੋਈ ਆਵੇ ਜਿਸ ਦਿਨ ਅੰਮੜੀ ਸਾਨੂੰ ਜਾਇਆ ਸੂਰਜ ਚੜ੍ਹਿਆ ਊਣਾ ਮੱਥੇ ਦੇ ਵਿੱਚ ਅੱਗ ਸਿਵਿਆਂ ਦੀ ਕਿਸਮਤ ਕੀਤਾ ਟੂਣਾ ਜਿੰਦ ਦੀ ਖੈਰ ਮੰਗੇ ਤਨਹਾਈ ਜੁਗ ਜੁਗ ਰੂਪ ਹੰਢਾਵੇ ਆਵੇ ਵੇ ਕੋਈ ਆਵੇ ਸੱਤ-ਰੰਗੀਆਂ ਪੀਘਾਂ ਜਿਹੀ ਉਮਰਾ ਪਲ ਦੋ ਪਲ ਲਈ ਜੀਂਦੀ ਰਾਂਝਣ ਬਾਝੋਂ ਰੂਹ ਪਰਦੇਸਣ ਬੁਕ ਬੁਕ ਹੰਝੂ ਪੀਂਦੀ ਜੇਠ ਹਾੜ ਦੀਆਂ ਸਿਖਰ ਦੁਪਹਿਰਾਂ ਜਿੰਦ ਕਿਸ ਛਾਵੇਂ ਜਾਵੇ ਆਵੇ ਵੇ ਕੋਈ ਆਵੇ ਜਿਸ ਰੁੱਖ ਦੀ ਵੀ ਛਾਵੇਂ ਬੈਠੇ ਉਸਦੇ ਪੱਤ ਅੰਗਿਆਰੇ ਜਿਹੜੀ ਧੁੱਪ ਨੂੰ ਯਾਰ ਬਣਾਇਆ ਕੋਮਲ ਸੁਪਨੇ ਸਾੜੇ ਹਰ ਇਕ ਰੀਝ ਕਰੂੰਬਲ ਵਰਗੀ ਮੋਹ ਬਾਝੋਂ ਮੁਰਝਾਵੇ ਆਵੇ ਵੇ ਕੋਈ ਆਵੇ ਫੁੱਲਾਂ ਵਰਗੇ ਲੋਕਾਂ ਕੋਲੋਂ ਦੋ ਪਲ ਮਹਿਕ ਦੇ ਮੰਗੇ ਫੁੱਲ-ਪੱਤੀਆਂ ਜਿਹੇ ਸ਼ਬਦ ਬੁੱਲਾਂ ਤੇ ਦਿਲ ਵਿੱਚ ਬੀਜਣ ਕੰਡੇ ਸ਼ਬਦਾਂ ਤੇ ਅਰਥਾਂ ਦਾ ਰਿਸ਼ਤਾ ਕੀਕਣ ਕੋਈ ਸਮਝਾਵੇ ਆਵੇ ਵੇ ਕੋਈ ਆਵੇ ਬਦਲੋਂ ਵਿਛੜੀ ਇਕ ਕਣੀ ਨੂੰ ਧਰਤੀ ਤੀਕ ਪੁਚਾਵੇ
ਏਸ ਬੋਲ ਨੂੰ ਅਜੇ ਨਾ ਬੋਲੀਂ
ਏਸ ਬੋਲ ਨੂੰ ਅਜੇ ਨਾ ਬੋਲੀਂ, ਅਜੇ ਤੂੰ ਰੱਖ ਲੈ ਕੋਲ, ਅਜੇ ਤਾਂ ਇਸਨੇ ਸੁਰਤ ਨਾ ਸੰਭਲੀ, ਅਜੇ ਬੜਾ ਅਨਭੋਲ। ਰੋਜ਼ ਰਾਤ ਨੂੰ ਸੁਪਨਾ ਆਉਂਦਾ, ਸੁਪਨਾ ਬਹੁਤ ਅੰਝਾਣਾ, ਅਜੇ ਤਾਂ ਉਹ ਹੈ ਦੋਧੇ ਦੰਦੀ, ਅਜੇ ਤਾਂ ਖੇਡਣ ਜਾਣਾ, ਅਜੇ ਤਾਂ ਉਹ ਹੈ ਫੁੱਲ ਦੀ ਉਮਰੇ ਲੋਰੀ ਕਰੇ ਕਲੋਲ ਏਸ ਬੋਲ ਨੂੰ ਅਜੇ ਨਾ ਬੋਲੀਂ ਅਜੇ ਤੂੰ ਰੱਖ ਲੈ ਕੋਲ। ਏਸ ਬੋਲ ਦੀ ਬਿਰਤੀ ਦੇ ਵਿੱਚ ਰੀਝ ਕਰੂੰਬਲ ਵਰਗੀ, ਏਸ ਬੋਲ ਨੇ ਰੁੱਖ ਹੈ ਬਣਨਾ, ਮੌਸਮ ਬੜਾ ਬੇਦਰਦੀ, ਏਸ ਬੋਲ ਦੇ ਨੈਣੀ ਚੰਬਾ ਅਜੇ ਸ਼ਬਦ ਨੇ ਸੋਹਲ ਏਸ ਬੋਲ ਨੂੰ ਅਜੇ ਨਾ ਬੋਲੀਂ-ਅਜੇ ਤੂੰ ਰੱਖ ਲੈ ਕੋਲ। ਏਸ ਬੋਲ ਦਾ ਬਚਪਨ ਪੂਰਨ ਜਿਉਂਦੇ ਮੋਈਆਂ ਮਾਵਾਂ, ਬਾਬਲ ਰਾਜਾ ਤਖਤ ਦਾ ਵਾਲੀ ਪੁੱਤਰ ਫਿਰੇ ਨਿਥਾਵਾਂ, ਬੇਬਸ ਮਮਤਾ ਅੰਨ੍ਹੀ ਬੋਲੀ ਕੱਟਣੀ ਉਮਰ ਅਬੋਲ ਏਸ ਬੋਲ ਨੂੰ ਅਜੇ ਨਾ ਬੋਲੀਂ, ਅਜੇ ਤੂੰ ਰੱਖ ਲੈ ਕੋਲ । ਏਸ ਬੋਲ ਸਰਵਣ ਦੀ ਜੂਨੇ ਚੁਕਣੀ ਦੁੱਖ ਦੀ ਵਹਿੰਗੀ, ਮਿੱਤਰਾਂ ਦਾ ਰਿਣ ਪੂਰਾ ਕਰਦੇ ਕੱਟਣੀ ਉਮਰਾ ਰਹਿੰਦੀ, ਮੋਇਆਂ ਦੇ ਸਿਰਨਾਵੇਂ ਲੱਭਦੇ ਜਿੰਦ ਲੈਣੀ ਏ ਰੋਲ ਏਸ ਬੋਲ ਨੂੰ ਅਜੇ ਨਾ ਬੋਲੀਂ, ਅਜੇ ਤੂੰ ਰੱਖ ਲੈ ਕੋਲ। ਪੰਛੀ ਤੇ ਪਰਦੇਸੀ ਵਾਲਾ ਹਾਲ ਹੈ ਇਸਦਾ ਹੋਣਾ ਧੁਖਦੇ ਰੁੱਖ ਦੀ ਛਾਂ ਦਾ ਸੁਪਨਾ ਬੇ-ਵਤਨਾਂ ਲਈ ਰੋਣਾ, ਕਿਸ ਬੋਲੀ ਵਿਚ ਇਸਨੂੰ ਬੋਲਾਂ ਮਨਚਿਤ ਡਾਵਾਂ ਡੋਲ ਏਸ ਬੋਲ ਨੂੰ ਅਜੇ ਨਾ ਬੋਲੀਂ, ਅਜੇ ਤੂੰ ਰੱਖ ਲੈ ਕੋਲ। ਰਾਤ ਹਨੇਰੀ ਪੈਰੀਂ ਪੱਥਰ ਅਜੇ ਤਾਂ ਦੂਰ ਟਿਕਾਣਾ ਦਿਲਬਰ, ਦੇਸ, ਦਿਸ਼ਾ ਨਾ ਕੋਈ ਭਾਲਦਿਆਂ ਮਰ ਜਾਣਾ, ਕਿਸੇ ਨਾ ਲੈਣੀ ਸਾਰ ਏਸਦੀ ਕਿਸੇ ਨਾ ਬਹਿਣਾ ਕੋਲ ਏਸ ਬੋਲ ਨੂੰ ਅਜੇ ਨਾ ਬੋਲੀਂ, ਅਜੇ ਤੂੰ ਰੱਖ ਲੈ ਕੋਲ ਅਜੇ ਤਾਂ ਇਸਨੇ ਸੁਰਤ ਨਾ ਸੰਭਲੀ, ਅਜੇ ਬੜਾ ਅਣਭੋਲ।
ਪਿੱਪਲ ਦਿਆ ਪੱਤਿਆ ਵੇ
ਪਿੱਪਲ ਦਿਆ ਪੱਤਿਆ ਵੇ ਦੱਸ ਦੇਈਂ ਹਵਾਵਾਂ ਨੂੰ ਪੁੱਤ ਰੋਹੀਏ ਰੁਲਦੇ ਨੇ ਨਹੀਂ ਲੱਭਣੇ ਮਾਵਾਂ ਨੂੰ ਪਿੱਪਲ ਦਿਆ ਪੱਤਿਆ ਵੇ ਟੁੱਟੇ ਟਾਹਣ ਨਾ ਜੁੜਦੇ ਨੇ ਰੁੱਸੇ ਤਾਂ ਮੁੜ ਆਵਣ ਮੋਏ ਕਦ ਮੁੜਦੇ ਨੇ ਪਿੱਪਲ ਦਿਆ ਪੱਤਿਆ ਵੇ ਅਸੀਂ ਹੋ ਮਜ਼ਬੂਰ ਗਏ ਧੀਆਂ ਨੂੰ ਕਹਿ ਦੇਈਂ ਬਾਬਲ ਬੜੀ ਦੂਰ ਗਏ ਪਿੱਪਲ ਦਿਆ ਪੱਤਿਆ ਵੇ ਸਾਡੇ ਦਰਦ ਘਨੇਰੇ ਨੇ ਜਿਸ ਰਾਹੇ ਤੁਰ ਪਏ ਹਾਂ ਉਹਦੇ ਪੰਧ ਲਮੇਰੇ ਨੇ ਪਿੱਪਲ ਦਿਆ ਪੱਤਿਆ ਵੇ ਢਹਿ ਗਏ ਬਨੇਰੇ ਨੇ ਕਬਰਾਂ ਵਿਚ ਦੀਵੇ ਨੇ ਘਰ ਘੋਰ ਹਨੇਰੇ ਨੇ ਪਿੱਪਲ ਦਿਆ ਪੱਤਿਆ ਵੇ ਪੱਤਿਆ ਨੇ ਝੜ੍ਹ ਜਾਣੈ ਰੂਹਾਂ ਤਾਂ ਰੋਸ਼ਨ ਨੇ ਪਿੰਡਿਆਂ ਨੇ ਸੜ ਜਾਣੈ ਪਿੱਪਲ ਦਿਆ ਪੱਤਿਆ ਵੇ ਸਾਡੇ ਕਰਮੀਂ ਦਰਦ ਬੜਾ ਵਤਨਾਂ ਦੀ ਮਿੱਟੀ ਦਾ ਸਾਡੇ ਸਿਰ ਕਰਜ਼ ਖੜ੍ਹਾ ਪਿੱਪਲ ਦਿਆ ਪੱਤਿਆ ਵੇ ਸਾਡੀ ਭੁੱਲ ਚੁੱਕ ਮਾਫ ਕਰੀਂ ਬੇਨਾਮ ਸ਼ਹੀਦਾਂ ਦਾ ਤੂੰ ਖੁਦ ਇਨਸਾਫ ਕਰੀਂ ਪਿੱਪਲ ਦਿਆ ਪੱਤਿਆ ਵੇ ਇਹ ਯਾਦ ਕਰਾ ਦੇਵੀਂ ਜੋ ਬੀਤੀ ਸਾਡੇ ਤੇ ਸਭਨਾਂ ਨੂੰ ਸੁਣਾ ਦੇਵੀਂ ਪਿੱਪਲ ਦਿਆ ਪੱਤਿਆ ਵੇ ਸਾਨੂੰ ਵੀ ਭੁਲਾ ਦੇਵੀਂ ਮੱਥੇ ਜੋ ਚਿਣਗ ਬਲੇ ਅੱਗੋਂ ਜੋਤ ਜਗਾ ਦੇਵੀਂ
ਸੂਹੇ ਵੇ ਚੀਰੇ ਵਾਲਿਆ
ਸੂਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ ਮਿੱਤਰ ਗਏ ਗੁਆਚ ਵਿਗੋਚੇ ਮਿੱਤਰਾਂ ਦੇ ਸੂਹੇ ਵੇ ਚੀਰੇ ਵਾਲਿਆ ਖੰਭ ਤਿੱਤਰਾਂ ਦੇ ਕਿੱਧਰ ਗਏ ਕਰਾਰ ਕਦੇ ਨਾ ਵਿੱਛੜਾਂਗੇ ਸੂਹੇ ਵੇ ਚੀਰੇ ਵਾਲਿਆ ਦੁੱਖ ਭਾਗਾਂ ਦੇ ਦਿਨ ਨੂੰ ਕਹਿਰ ਹਨੇਰ ਰਾਤ ਭਰ ਜਾਗਾਂਗੇ ਸੂਹੇ ਵੇ ਚੀਰੇ ਵਾਲਿਆ ਜੂਹ ਬਾਗਾਂ ਦੀ ਕਿਸ ਨੇ ਦਿੱਤੀ ਖੋਹਲ ਪਟਾਰੀ ਨਾਗਾਂ ਦੀ ਸੂਹੇ ਵੇ ਚੀਰੇ ਵਾਲਿਆ ਕੱਖ ਝੁੱਗੀਆਂ ਦੇ ਕਾਵਾਂ ਲਏ ਉਜਾੜ ਆਲ੍ਹਣੇ ਘੁੱਗੀਆਂ ਦੇ ਸੂਹੇ ਵੇ ਚੀਰੇ ਵਾਲਿਆ ਚੀਰਾ ਪਾਟ ਗਿਆ ਨਹੁੰਆਂ ਨਾਲੋਂ ਵੱਖ ਕਿਵੇਂ ਹੋ ਮਾਸ ਗਿਆ ਸੂਹੇ ਵੇ ਚੀਰੇ ਵਾਲਿਆ ਥੁੜ੍ਹ ਛਾਵਾਂ ਦੀ ਕੌਣ ਮੰਗੇਗਾ ਖੈਰ ਨਪੁੱਤੀਆਂ ਮਾਵਾਂ ਦੀ ਸੂਹੇ ਵੇ ਚੀਰੇ ਵਾਲਿਆ ਰਾਹਾਂ ਸੁੰਨੀਆਂ ਨੇ ਪੱਗਾਂ ਲੀਰੋ ਲੀਰ ਪਾਟੀਆਂ ਚੁੰਨੀਆਂ ਨੇ ਸੂਹੇ ਵੇ ਚੀਰੇ ਵਾਲਿਆ ਚੀਰਾ ਢਹਿ ਚੱਲਿਆ ਅਜੇ ਵੀ ਲਓ ਸੰਭਾਲ ਡਿੱਗਦਾ ਕਹਿ ਚੱਲਿਆ
ਨਾ ਰੋ ਮਿੱਟੀ ਦਿਆ ਬਾਵਿਆ
ਨਾ ਰੋ ਮਿੱਟੀ ਦਿਆ ਬਾਵਿਆ ਕਿੰਝ ਮਿਲੇ ਮਾਹੀ ਦਾ ਦੇਸ਼ ਰੋਇਆਂ ਨਾ ਮਿਲਣੀ ਸੋਹਣੀ ਧਰਤੀ ਰੋਇਆ ਨਾ ਮਿਟੇ ਕਲੇਸ਼ ਨਾ ਰੋ ਮਿੱਟੀ ਦਿਆ ਬਾਵਿਆ ਤੇਰੀ ਧਿਰ ਨਾ ਕੋਈ ਅਸਮਾਨ ਹੰਸ ਚੁਗੇਂਦੇ ਸੁੱਚੇ ਮੋਤੀ ਕਾਵਾਂ ਨੂੰ ਕੀ ਪਹਿਚਾਣ ? ਨਾ ਰੋ ਮਿੱਟੀ ਦਿਆ ਬਾਵਿਆ ਤੇਰੇ ਸੋਹਣੇ ਲੰਮੜੇ ਕੇਸ ਮਿੱਠੀ ਨਾ ਲੱਗਦੀ ਬੋਲੀ ਮਾਂ ਦੀ ਮੈਲੇ ਤਾਂ ਸਾਡੇ ਵੇਸ ਨਾ ਰੋ ਮਿੱਟੀ ਦਿਆ ਬਾਵਿਆ ਕੌਣ ਸੁਣੇਗਾ ਚੀਕ ਜਿਨ੍ਹਾਂ ਖਾਤਰ ਦੁੱਧ ਪੁੱਤ ਵਾਰੇ ਔਖੀ ਖਿੱਚਣੀ ਲੀਕ ਨਾ ਰੋ ਮਿੱਟੀ ਦਿਆ ਬਾਵਿਆ ਸੁਣ ਵੰਗਾਂ ਦੇ ਵੈਣ ਧੀਆਂ ਦੇ ਦੁੱਖ ਧਰਤੀ ਜਾਣੇ ਵੀਰਾਂ ਦਾ ਜਾਣੇ ਭੈਣ ਨਾ ਰੋ ਮਿੱਟੀ ਦਿਆ ਬਾਵਿਆ ਮੱਤ ਦਏ ਦਰਵੇਸ਼ ਮਾਂ ਮਿੱਟੀ ਦਾ ਮੋਹ ਨਾ ਜਿਸ ਨੂੰ ਉਹਨਾਂ ਲਈ ਸਭ ਪਰਦੇਸ ਨਾ ਰੋ ਮਿੱਟੀ ਦਿਆ ਬਾਵਿਆ ਆਸ਼ਕ ਦਏ ਅਸੀਸ ਸੁਣੀ ਜਾਵੇਗੀ ਧੁਰ ਦਰਗਾਹੀਂ ਜੋ ਉਠੇ ਕਲੇਜੇ ਚੀਸ ਨਾ ਰੋ ਮਿੱਟੀ ਦਿਆ ਬਾਵਿਆ ਲਿਖ ਆਪਣੀ ਤਕਦੀਰ ਸੁੱਕੇ ਬਾਗ ਹਰੇ ਹੋ ਥੀਵਣ ਕਰ ਐਸੀ ਤਦਬੀਰ ਨਾ ਰੋ ਮਿੱਟੀ ਦਿਆ ਬਾਵਿਆ ਸੁਣ ਅੰਬਰ ਦੀ ਗੱਲ ਅੱਜ ਨੂੰ ਜੇ ਤੂੰ ਲੇਖੇ ਲਾਵੇਂ ਤੇਰਾ ਫੇਰ ਖਿੜੇਗਾ ਕੱਲ੍ਹ ਨਾ ਰੋ ਮਿੱਟੀ ਦਿਆ ਬਾਵਿਆ ਤੱਕ ਸੂਰਜ ਦੀ ਲੋਅ ਏਸੇ ਮਿੱਟੀਓਂ ਜਨਮ ਲਿਆ ਇਹਦੀ ਬਣ ਖੁਸ਼ਬੋ
ਕੋਠੇ ਤੋਂ ਉਡ ਕਾਵਾਂ
ਕੋਠੇ ਤੋਂ ਉੱਡ ਕਾਵਾਂ ਜਾ ਪੁੱਛ ਵੇ ਰੁੱਖਾਂ ਨੂੰ ਕਿਸ ਮੈਲਾ ਕੀਤਾ ਏ, ਮੇਰੇ ਪਿੰਡ ਦੀਆਂ ਧੁੱਪਾਂ ਨੂੰ ਕੋਠੇ ਤੋਂ ਉੱਡ ਕਾਵਾਂ ਜਾ ਮਿਲ ਆ ਰੁੱਖਾਂ ਨੂੰ ਮਾਵਾਂ ਨੇ ਕਦ ਮਿਲਣੈ, ਰੋਹੀਏ ਗਏ ਪੁੱਤਾਂ ਨੂੰ ਕੋਠੇ ਤੋਂ ਉੱਡ ਕਾਵਾਂ ਇਹ ਝੱਖੜਾਂ ਝੰਬਿਆ ਹੈ ਕਿੰਝ ਸਾਡੇ ਪਾਣੀ ਨੂੰ, ਇੰਝ ਲਹੂ ਵਿੱਚ ਰੰਗਿਆ ਹੈ ਕੋਠੇ ਤੋਂ ਉੱਡ ਕਾਵਾਂ ਉੱਡ ਬੈਠ ਕਰੀਰਾਂ ਤੇ ਕੰਧਾਂ ਵੀ ਡੋਲ ਗਈਆਂ ਟੁੱਟਾ ਕਹਿਰ ਸ਼ਤੀਰਾਂ ਤੇ ਕੋਠੇ ਤੋਂ ਉੱਡ ਕਾਵਾਂ ਕੋਠਾ ਨਾ ਢਹਿ ਜਾਵੇ ਕੜੀਆਂ ਤਾਂ ਤਿੜਕ ਗਈਆਂ ਮਲਬਾ ਹੀ ਨਾ ਰਹਿ ਜਾਵੇ ਕੋਠੇ ਤੋਂ ਉੱਡ ਕਾਵਾਂ ਦੁੱਖ ਪੁੱਛ ਆ ਮਾਵਾਂ ਦੇ ਕਿਵੇਂ ਸੱਥ ਵਿਚ ਬੈਠਾਂਗੇ ਅਸੀਂ ਬਾਝ ਭਰਾਵਾਂ ਦੇ ਕੋਠੇ ਤੋਂ ਉੱਡ ਕਾਵਾਂ ਜਾ ਬਹਿ ਜਾ ਟਾਹਣੀ ਤੇ ਸੁਣ ਰੱਬ ਵੀ ਰੋਵੇਗਾ ਸਾਡੀ ਦਰਦ ਕਹਾਣੀ ਤੇ ਕੋਠੇ ਤੋਂ ਉੱਡ ਕਾਵਾਂ ਕੋਠੇ ਵਿਚ ਪਾੜ ਪਿਆ ਕੋਈ ਸਾਡੀ ਜਿੰਦ ਬਣਕੇ ਸਾਨੂੰ ਕਿਉਂ ਮਾਰ ਗਿਆ ਕੋਠੇ ਤੋਂ ਉੱਡ ਕਾਵਾਂ ਰੁੱਖ ਡਿਗਿਆ ਪੁੰਗਰ ਪਿਆ ਪੰਧ ਕੁੱਖ ਤੋਂ ਕਬਰਾਂ ਦਾ ਕਿਉਂ ਏਨਾ ਸੁੰਗੜ ਗਿਆ।
ਸਾਡਾ ਚਿੜੀਆਂ ਦਾ ਚੰਬਾ ਵੇ
ਸਾਡਾ ਚਿੜੀਆਂ ਦਾ ਚੰਬਾ ਵੇ ਅੰਮੜੀ ਤੈਨੂੰ ਅਰਜ਼ ਕਰੇ ਸਾਡੇ ਸਰਵਣ ਵੀਰਾਂ ਤੇ ਕਿੱਦਾਂ ਦੇ ਕਹਿਰ ਚੜ੍ਹੇ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਤੈਨੂੰ ਅਰਜ਼ ਕਰੇ ਕੋਈ ਵੱਢ ਕੇ ਅੰਬਾਂ ਨੂੰ ਅੱਕਾਂ ਦੀ ਨਾ ਵਾੜ ਕਰੇ ਸਾਡਾ ਚਿੜੀਆਂ ਦਾ ਚੰਬਾ ਵੇ ਵੀਰਾ ਤੇਰੀ ਮਿੰਨਤ ਕਰੇ ਕੋਈ ਪੁੱਤਰ ਪਾਣੀ ਦਾ ਪਾਣੀ ਨਾ ਕਤਲ ਕਰੇ ਸਾਡਾ ਚਿੜੀਆਂ ਦਾ ਚੰਬਾ ਵੇ ਅਗਨੀ ਤੇਰੀ ਮਿੰਨਤ ਕਰੇ ਕਿਸੇ ਮਾਂ ਦਾ ਸੁਪਨਾ ਨਾ ਸਿਵਿਆਂ ਵਿਚ ਰੋਜ਼ ਸੜੇ ਸਾਡਾ ਚਿੜੀਆਂ ਦਾ ਚੰਬਾ ਵੇ ਰੁੱਤੇ ਤੈਨੂੰ ਅਰਜ਼ ਕਰੇ ਫੁੱਲ ਚੰਬੇ ਮਰੂਏ ਦੇ ਨਾਗਾਂ ਦੀ ਨਾ ਜ਼ਹਿਰ ਚੜ੍ਹੇ ਸਾਡਾ ਚਿੜੀਆਂ ਦਾ ਚੰਬਾ ਵੇ ਜੰਗਲ ਤੈਨੂੰ ਅਰਜ਼ ਕਰੇ ਰੁੱਖ ਵਾਂਗ ਭਰਾਵਾਂ ਦੇ ਰਹਿਣ ਰੁੱਖ ਹਰੇ ਭਰੇ ਸਾਡਾ ਚਿੜੀਆਂ ਦਾ ਚੰਬਾ ਵੇ ਧੀਏ ਤੈਨੂੰ ਅਰਜ਼ ਕਰੇ ਮਾਵਾਂ ਢਲਦੀਆਂ ਛਾਵਾਂ ਨੇ ਧੀਏ ਤੇਰੇ ਫਰਜ਼ ਬੜੇ ਸਾਡਾ ਚਿੜੀਆਂ ਦਾ ਚੰਬਾ ਵੇ ਅੰਬਰ ਤੈਨੂੰ ਅਰਜ਼ ਕਰੇ ਬਹੁੰ ਤਾਰੇ ਟੁੱਟ ਗਏ ਨੇ ਕੱਲਾ ਚੰਨ ਕਿੰਝ ਚੜ੍ਹੇ ਸਾਡਾ ਚਿੜੀਆਂ ਦਾ ਚੰਬਾ ਵੇ ਧਰਤੀ ਤੈਨੂੰ ਅਰਜ਼ ਕਰੇ ਮਿੱਟੀ ਵੀ ਤੜਪ ਰਹੀ ਮਿੱਟੀ ਬੜੇ ਕਹਿਰ ਜਰੇ ਸਾਡਾ ਚਿੜੀਆਂ ਦਾ ਚੰਬਾ ਵੇ ਚੰਨਾ ਤੇਰੀ ਮਿੰਨਤ ਕਰੇ ਇਹ ਬਾਗ ਬਹਿਸ਼ਤਾਂ ਦਾ ਹਾੜਾ ਨਾ ਰੁੱਖ ਸੜੇ ਸਾਡਾ ਚਿੜੀਆਂ ਦਾ ਚੰਬਾ ਵੇ ਲੋਕਾ ਤੇਰੀ ਮਿੰਨਤ ਕਰੇ ਛੰਭ ਮੋਹ ਦੇ ਸੁੱਕ ਚੱਲੇ ਕੂੰਜ ਕਿੱਥੇ ਚੁੰਝ ਭਰੇ ਸਾਡਾ ਚਿੜੀਆਂ ਦਾ ਚੰਬਾ ਵੇ ਸਾਊਆ ਤੈਨੂੰ ਅਰਜ਼ ਕਰੇ ਕੋਈ ਪਿੰਡ ਤਾਂ ਰਹਿ ਜਾਵੇ ਜਿੱਥੋਂ ਕੋਈ ਜੰਝ ਚੜ੍ਹੇ ਸਾਡਾ ਚਿੜੀਆਂ ਦਾ ਚੰਬਾ ਵੇ ਸ਼ੇਰਾ ਤੇਰੀ ਮਿੰਨਤ ਕਰੇ ਤੇਰੀ ਜੂਹ ਵਿਚ ਰਹਿ ਕੇ ਵੀ ਹਿਰਨਾਂ ਦੀ ਨਾ ਡਾਰ ਡਰੇ ਸਾਡਾ ਚਿੜੀਆਂ ਦਾ ਚੰਬਾ ਵੇ ਪੀਰਾ ਤੈਨੂੰ ਅਰਜ਼ ਕਰੇ ਪਿੰਡ ਰਹਿਣ ਸਲਾਮਤ ਵੇ ਹਾੜ੍ਹਾ ! ਰੱਬ ਖੈਰ ਕਰੇ ਸਾਡਾ ਚਿੜੀਆਂ ਦਾ ਚੰਬਾ ਵੇ ਰਾਤੇ ਤੈਨੂੰ ਅਰਜ਼ ਕਰੇ ਚੰਨ ਆਪਣੇ ਚਾਨਣ ਦਾ ਸਰਘੀ ਸਿਰ ਤਾਜ ਧਰੇ
ਜਾਹ ! ਉਡ ਜਾ ਚਿੜੀਏ ਨੀ
ਜਾਹ ਉਡ ਜਾ ਚਿੜੀਏ ਨੀ ਦੁੱਖ ਧਰਤੀ ਫੋਲੇਗੀ ਉੱਜੜ ਸਭ ਬਾਗ ਗਏ ਕਿੱਥੇ ਬੁਲਬੁਲ ਬੋਲੇਗੀ ਜਾਹ ਉਡ ਜਾ ਚਿੜੀਏ ਨੀ ਕਿੰਨੇ ਟੁੱਟਗੇ ਤਾਰੇ ਨੇ ਚਾਅ ਮਹਿਲ ਬੇਗਾਨੇ ਦੇ ਢਾਏ ਆਪਣੇ ਢਾਰੇ ਨੇ ਕੁਝ ਦਸੀਂ ਚਿੜੀਏ ਨੀ ਕਿਵੇਂ ਦਰਦ ਸੰਭਾਲਾਂਗੇ ਰੁੱਸੇ ਤਾਂ ਮੁੜ ਪੈਂਦੇ ਮੋਏ ਕਿੱਥੋਂ ਭਾਲਾਂਗੇ ਆਹ ਵੇਖੀਂ ਚਿੜੀਏ ਨੀ ਤੂੰ ਹਾਲਤ ਮਾਵਾਂ ਦੀ ਅਜੇ ਤੀਕ ਪਈ ਵਿਲਕੇ ਮਿੱਟੀ ਸਭਰਾਵਾਂ ਦੀ ਕੁਝ ਦੱਸ ਵੀ ਚਿੜੀਏ ਨੀ ਕੌਣ ਗਲ ਨੂੰ ਲਾਵੇਗਾ ਅੰਬਰ ਜੇ ਰੁੱਸ ਬੈਠਾ ਚੰਨ ਕਿੱਧਰ ਜਾਵੇਗਾ ਇੰਜ ਲੱਗਦੈ ਚਿੜੀਏ ਨੀ ਹਿਰਨਾਂ ਦੀ ਹਾਅ ਲੱਗੀ ਕੁੱਲ ਜੰਗਲ ਸਹਿਮ ਗਿਆ ਬੜੀ ਪੁੱਠੀ ’ਵਾ ਵੱਗੀ ਜਾ ਲੁਕ ਜਾ ਚਿੜੀਏ ਨੀ ਏਥੇ ਕਦਰ ਨਾ ਜਾਨਾਂ ਦੀ ਰੁੱਖ ਜੜ੍ਹ ਤੋਂ ਡੋਲ ਗਏ ਬਦ ਨੀਤ ਤੂਫਾਨਾਂ ਦੀ ਚਿੜੀਏ ਦੱਸ ਬੋਟਾਂ ਨੂੰ ਵੇਲੇ ਕਰੜੇ ਆ ਰਹੇ ਨੇ ਪੁੱਤ ਜੀਉਂਦੇ ਬਾਪੂ ਦਾ ਕਿਉਂ ਸਿਵਾ ਜਗਾ ਰਹੇ ਨੇ ਕਿੱਥੇ ਜਾਏਂਗੀ ਚਿੜੀਏ ਨੀ ਹਾਣੀ ਵੀ ਮੁੱਕ ਗਏ ਨੇ ਜਿੱਥੇ ਜਾ ਕੇ ਬਹਿਣਾ ਸੀ ਉਹ ਟਾਹਣ ਹੀ ਟੁੱਟ ਗਏ ਨੇ ਆ ਬਹਿ ਜਾ ਚਿੜੀਏ ਨੀ ਕੋਈ ਘਰ ਦੀ ਗੱਲ ਕਰੀਏ ਬੜਾ ਵਕਤ ਭਿਆਨਕ ਏ ਇਹਦਾ ਰਲਕੇ ਦੁੱਖ ਜਰੀਏ ਘੁੱਗੀ ਨੂੰ ਘੱਲ ਚਿੜੀਏ ਉਹਨਾਂ ਨੂੰ ਕਹਿ ਆਵੇ ਆਪਾਂ ਤਾਂ ਮੁੱਕ ਜਾਣੈ ਪਿੰਡ ਵੱਸਦਾ ਰਹਿ ਜਾਵੇ ਜਾ ਉਡ ਜਾ ਚਿੜੀਏ ਨੀ ਉਡ ਬਹਿ ਜਾ ਕਿੱਕਰਾਂ 'ਤੇ ਕੀ ਬੀਤੀ ਹੋਵੇਗੀ ਬੇਲੇ ਗਏ ਮਿੱਤਰਾਂ 'ਤੇ ਜਾ ਉਡ ਜਾ ਚਿੜੀਏ ਨੀ, ਉਡ ਬਹਿ ਜਾ ਬੇਰੀ 'ਤੇ ਦਰਦਾਂ ਦੇ ਕਿੱਸੇ ਵੀ, ਹਰ ਥਾਂ ਨਹੀਂਉ ਛੇੜੀਦੇ
ਖ਼ਤ
ਐਵੇਂ ਕਰੀ ਉਡੀਕ ਖਤਾਂ ਦੀ ਚਿਹਰੇ ਪੜ੍ਹੀਏ ਰਾਹਵਾਂ ਦੇ ਪਾਟੇ ਖਤ ਦੀ ਥਾਵੇਂ ਅੱਜ ਕੱਲ੍ਹ ਪੁੱਤਰ ਆਉਣ ਗਿਰਾਵਾਂ ਦੇ ਕਿੱਥੋਂ ਕਰਾਂ ਉਡੀਕ ਖਤਾਂ ਦੀ ਦਰਜ਼ ਮੁਕੱਦਮੇਂ ਛਾਵਾਂ ਤੇ ਰੁੱਖ ਉਦਾਸੇ, ਪੰਛੀ ਰੋਂਦੇ ਟੁੱਟੇ ਕਹਿਰ ਹਵਾਵਾਂ ਤੇ ਹਲਦੀ ਲੱਗੇ ਖਤ ਨਹੀਂ ਆਉਣੇ ਸਉਣ ਮਹੀਨੇ ਮੋਰ ਨਹੀਂ ਨੱਚਣੇ ਰਾਤ-ਬਰਾਤੇ ਲਹੂ ਵਰ੍ਹਦਾ ਏ ਹੁਣ ਤੀਆਂ ਵਿਚ ਮੀਂਹ ਨਹੀਂ ਵੱਸਣੇ ਹੁਣ ਨਾ ਭੈਣਾਂ ਘੋੜੀ ਗਾਵਣ ਹੁਣ ਨਾ ਵੀਰਨ ਘੋੜੀ ਚੜ੍ਹਦੇ ਧੀਆਂ, ਮਾਵਾਂ, ਬਾਬਲ ਰਲਕੇ ਸੇਕ ਸਿਵੇ ਦਾ ਠੰਢਾ ਕਰਦੇ ਹੁਣ ਤਾਂ ਤੈਨੂੰ ਖਤ ਆਵਣਗੇ ਅੰਬਰੋਂ ਟੁੱਟੇ ਤਾਰੇ ਵਰਗੇ ਬੇਦਾਵੇ ਦੀਆਂ ਚੀਸਾਂ ਵਰਗੇ ਵਿਛੜੇ ਮਿੱਤਰ ਪਿਆਰੇ ਵਰਗੇ ਖਤ ਆਵਣਗੇ ਲਹੂ ਵਿੱਚ ਡੁੱਬੇ ਸੀਸ ਤੇ ਚੱਲਦੇ ਆਰੇ ਵਰਗੇ ਕਬਰੀਂ ਬਲਦੇ ਦੀਵੇ ਵਰਗੇ ਉੱਜੜੇ ਤਖਤ ਹਜ਼ਾਰੇ ਵਰਗੇ ਹਰ ਅੱਖਰ ਕੁਝ ਇੰਝ ਬਲੇਗਾ ਅੰਬਰ ਧਰਤੀ ਚੀਕ ਪਵੇਗੀ ਸਿਖਰ ਦੁਪਹਿਰੇ ਸੂਰਜ ਡੁੱਬੂ ਧੁੱਪ ਦੇ ਸੀਨੇ ਚੀਸ ਪਵੇਗੀ ਇਕ ਖਤ ਤੈਨੂੰ ਬਾਪ ਲਿਖੇਗਾ ਰੁਲਦੇ ਧੌਲੇ ਦਾੜ੍ਹੀ ਦੇ ਕਿੱਦਾਂ ਹੱਥੀਂ ਅੱਗ ਵਿਖਾਈਏ ਜੋ ਚਾਵਾਂ ਨਾਲ ਪਾਲੀ ਦੇ ਇਕ ਖਤ ਤੈਨੂੰ ਮਾਂ ਦਾ ਆਉਣੈ ਹੁਣ ਕਿਸ ਪੱਤ ਸਰੀਂਹ ਦੇ ਬੰਨ੍ਹਣੇ ਹੁਣ ਤਾਂ ਘਰੋਂ ਗੁਆਚੇ ਪੁੱਤ ਦੇ ਮੌਜੇ ਬੂਹੇ ਉੱਤੇ ਟੰਗਣੇ ਇਕ ਖਤ ਤੈਨੂੰ ਭੈਣ ਲਿਖੇਗੀ ਹੁਣ ਨਹੀਂ ਵੀਰ ਸੰਧਾਰੇ ਘੱਲਣੇ ਕਿੱਥੇ, ਕਦੋਂ ਤੇ ਕਿਹੜੇ ਵੇਲੇ ਚਿੱਟੀਆਂ ਚੁੰਨੀਆਂ ਵਿਹੜੇ ਮੱਲਣੇ ਇਕ ਖਤ ਤੈਨੂੰ ਵੀਰ ਲਿਖੇਗਾ ਉਜੜੀ ਫਸਲ ਨਿਕੰਮੀ ਦਾ ਮਾਂ-ਜਾਇਆਂ ਨੂੰ ਰੋ ਤਾਂ ਜਾਂਦੋ ਏਨਾਂ ਡਰ ਨਹੀਂ ਮੰਨੀਦਾ ਇਕ ਖਤ ਤੈਨੂੰ ਯਾਰ ਲਿਖਣਗੇ ਸ਼ਾਇਰਾ ਕੂੜ ਨਹੀਂ ਬੋਲੀਦਾ ਕੁੰਜ ਨਾਗ ਦੀ ਖੰਭ ਮੋਰ ਦਾ ਇਕ ਪੱਲੜੇ ਨਹੀਂ ਤੋਲੀਦਾ ਇਕ ਖਤ ਤੈਨੂੰ ਹਵਾ ਲਿਖੇਗੀ ਵੇਖ ਧਰਤ ਦੇ ਜੇਰੇ ਨੂੰ ਮਰੇ-ਮਾਰੇ ਦੀ ਕੋਈ ਨਾ ਗਿਣਤੀ ਰੋਈਏ ਕਿਹੜੇ-ਕਿਹੜੇ ਨੂੰ ਇਕ ਖਤ ਤੈਨੂੰ ਪਿੰਡ ਲਿਖਣਗੇ ਲੇਰ ਤਾਂ ਸੁਣ ਜਾ ਰੁੱਖਾਂ ਦੀ ਪਿੰਡ ਦੇ ਪਿੱਪਲੀਂ ਪੀਂਘਾਂ ਥਾਵੇਂ ਲਾਸ਼ ਲਟਕਦੀ ਪੁੱਤਾਂ ਦੀ ਇਕ ਖਤ ਤੈਨੂੰ ਫੁੱਲ ਲਿਖਣਗੇ ਡੂੰਘੇ ਦੁੱਖੜੇ ਕਲੀਆਂ ਦੇ ਨਿਤ ਮਕਾਣਾਂ, ਕੱਖ ਵੀ ਰੋਂਦੇ ਬਾਬਲ ਵਾਲੀਆਂ ਗਲੀਆਂ ਦੇ ਇਕ ਖਤ ਤੈਨੂੰ ਸਿਵੇ ਲਿਖਣਗੇ ਕਿਸ ਕਿਸ ਫੁੱਲ ਨੂੰ ਸਾੜਾਂਗੇ ਮਿੱਟੀ ਵਿੱਚ ਵੀ ਜਾਨ ਹੈ ਹੁੰਦੀ ਕਦ ਤੱਕ ਸੇਕ ਸਹਾਰਾਂਗੇ ਹੋਰ ਨਾ ਕਰੀਂ ਉਡੀਕ ਖਤਾਂ ਦੀ ਨਾ ਕਰ ਮੋਹ ਪਰਛਾਵੇਂ ਦਾ ਇਕ ਦਿਨ ਆਖਿਰ ਇਹ ਵੀ ਆਉਣੈ ਖੁਦ ਨੂੰ ਲਾਂਬੂ ਲਾਵੇਂਗਾ ਤੂੰ ਜੋ ਲਿਖਦੈਂ ਤੂੰ ਜੋ ਸੁਣਦੈਂ ਇਹ ਸੱਚ ਦਾ ਅਹਿਸਾਸ ਨਹੀਂ ਐਵੇਂ ਭਰਮ ਭੁਲੇਖੇ ਪਾਲੇਂ ਇਹ ਹੁਣ ਦਾ ਇਤਿਹਾਸ ਨਹੀਂ ਇਹ ਖਤ ਐਵੇਂ ਸਾਂਭ ਨਾ ਬੈਠੀ ਉਮਰਾਂ ਲਈ ਪਛਤਾਵੇਂਗਾ ਇਹ ਖਤ ਐਵੇਂ ਸਾੜ ਨਾ ਬੈਠੀ ਰੂਹ ਤੀਕਰ ਮੱਚ ਜਾਵੇਂਗਾ ਚੁੱਪ-ਚੁਪੀਤੇ ਇਹ ਖਤ ਲੈ ਕੇ ਪਾਣੀ ਵਿਚ ਵਹਾ ਆਵੀਂ ਏਸ ਬਹਾਨੇ ਦੁਬਿਧਾ ਮਾਰੀ ਸ਼ਾਇਰੀ ਦੇ ਫੁੱਲ ਪਾ ਆਵੀਂ
ਪਾਣੀ
ਪਾਣੀ ਧਰਤੀ 'ਚੋਂ ਸਿੰਮਦਾ ਭਰਾਵਾਂ ਜਿਹਾ ਵਰ੍ਹੇ ਅੰਬਰਾਂ ਤੋਂ ਪਾਣੀ ਜੋ ਮਾਵਾਂ ਜਿਹਾ ਜਿਹੜਾ ਵੱਸਦਾ ਏ ਅੱਖੀਆਂ ਦੇ ਉੱਜੜੇ ਘਰੀਂ ਉਹ ਮੇਰੇ ਹੀ ਵਾਂਗੂ ਨਿਥਾਵਾਂ ਜਿਹਾ ਜਿਹੜਾ ਪਾਣੀ ਹਵਾਵਾਂ ਦਾ ਆਦਰ ਕਰੇ ਉਹ ਔੜਾਂ 'ਚ ਬਣਕੇ ਘਟਾਵਾਂ ਵਰ੍ਹੇ ਉਹਨੂੰ ਧੀਆਂ ਤੇ ਤੀਆਂ ਉਡੀਕਣ ਸਦਾ ਉਹ ਤੇ ਬੋਹੜਾਂ ਤੇ ਪਿੱਪਲਾਂ ਦੀ ਛਾਵਾਂ ਜਿਹਾ ਜਿਹੜਾ ਪਾਣੀ ਰਬਾਬੀ ਮਰਦਾਨਾ ਬਣੇ ਸੁੱਚੇ ਸ਼ਬਦਾਂ ਦੀ ਰੂਹ ਦਾ ਤਰਾਨਾ ਬਣੇ ਉ ਹਨੂੰ ਨਾਨਕ ਦੇ ਨੈਣਾਂ ਦਾ ਚਾਨਣ ਮਿਲੇ ਜਾਪੇ ਜੰਨਤ ਦੀ ਰੂਹ ਦਾ ਸਿਰਨਾਵਾਂ ਜਿਹਾ ਉਹ ਪਾਣੀ ਜੋ ਮਿੱਤਰਾਂ ਦੇ ਦਰ ਤੇ ਗਿਆ ਉਹ ਹਮੇਸ਼ਾ ਹੀ ਕੱਚਿਆਂ ਤੇ ਤੁਰ ਕੇ ਗਿਆ ਜਿਸਮ ਡੁੱਬਿਆ ਤੇ ਰੂਹਾਂ ਨੂੰ ਜ਼ਿੰਦਗੀ ਮਿਲੀ ਰੂਪ ਹੁਸਨਾਂ ਦਾ ਹੋਇਆ ਝਨਾਵਾਂ ਜਿਹਾ ਪਾਣੀ ਲੋਕਾਂ ਦੇ ਦੁੱਖ ਦਾ ਹੁੰਗਾਰਾ ਬਣੇ ਉਹ ਮੁਰੀਦਾਂ ਦਾ ਮਿੱਤਰ ਪਿਆਰਾ ਬਣੇ ਉਹਦੇ ਕਦਮਾਂ ਲਈ ਧਰਤੀ ਹੈ ਸੌੜੀ ਜਿਹੀ ਅੰਬਰ ਹੱਥ ਦਾ ਲੱਗੇ ਪਰਛਾਵਾਂ ਜਿਹਾ ਜਿਹੜਾ ਸਾਗਰ ਦੀ ਹਉਮੈਂ ਦੀ ਹਾਮੀ ਭਰੇ ਉਹਦੀ ਫਿਤਰਤ ਨੂੰ ਕੁਦਰਤ ਵੀ ਖਾਰਾ ਕਰੇ ਉਹਨੂੰ ਪੀ ਕੇ ਵੀ ਪੰਛੀ ਪਿਆਸਾ ਰਹੇ ਉਹ ਕੌੜੇ ਕੁਸੈਲੇ ਸੁਭਾਵਾਂ ਜਿਹਾ ਵਾਂਗ ਸਰਸਾ ਦੇ ਉਹ ਬੇਮੁਹਾਰਾ ਬਣੇ ਯਾਦ ਕੌੜੀ ਨਾ ਕੋਈ ਵੀ ਕਿਨਾਰਾ ਬਣੇ ਜਿਹੜਾ ਹੋਰਾਂ ਨੂੰ ਡੋਬਣ ਦੇ ਸੁਪਨੇ ਲਵੇ ਉਹ ਤਾਂ ਮੜ੍ਹੀਆਂ ਦੇ ਛੱਪੜਾਂ-ਤਲਾਵਾਂ ਜਿਹਾ ਮੇਰੇ ਮਿੱਤਰੋ ਮੈਂ ਚਾਹੁੰਦਾ ਹਾਂ ਪਾਣੀ ਬਣੋ ਰਾਵੀ ਸਤਲੁਜ ਝਨਾਂ ਦੀ ਰਵਾਨੀ ਬਣੋ ਇੰਝ ਨਾ ਉਛਲੋ ਕਿ ਖਿੱਲਰੋ ਤੇ ਚਿੱਕੜ ਬਣੋ ਲਓ ਸੁਪਨਾ ਨਾ ਅੱਕ ਦੀਆਂ ਛਾਵਾਂ ਜਿਹਾ ਐਸੀ ਛੱਲ ਨਾ ਬਣੋ ਕੰਢਾ ਆਪਣਾ ਖੁਰੇ ਐਸਾ ਹੜ੍ਹ ਨਾ ਬਣੋ ਘਰ ਆਪਣਾ ਰੁੜ੍ਹੇ ਪੁਲ ਆਪਣਾ ਹੀ ਵੱਢ ਕੋਈ ਤੁਰਦਾ ਬਣੇ ਮਿਲੇ ਮੁੜਕੇ ਨਾ ਦੁੱਖ ਸਭਰਾਵਾਂ ਜਿਹਾ ਸ਼ਾਲਾ ! ਧਰਤੀ ਦੇ ਵਾਂਗੂ ਸਲਾਮਤ ਰਹੋ ਕੁਲ ਆਲਮ ਦੇ ਸੁੱਖ ਦੀ ਅਮਾਨਤ ਰਹੋ ਇੰਝ ਜੀਵੋ ਕਿ ਸੂਰਜ ਵੀ ਸਿਜਦਾ ਕਰੇ ਚਾਅ-ਚਸ਼ਮੇ ਦਾ ਦਿਲ ਦਰਿਆਵਾਂ ਜਿਹਾ ਪਾਣੀ ਧਰਤੀ 'ਚੋਂ ਸਿੰਮਦਾ ਭਰਾਵਾਂ ਜਿਹਾ ਵਰ੍ਹੇ ਅੰਬਰਾਂ ਤੋਂ ਪਾਣੀ ਜੋ ਮਾਵਾਂ ਜਿਹਾ ਜਿਹੜਾ ਵੱਸਦਾ ਏ ਅੱਖੀਆਂ ਦੇ ਉੱਜੜੇ ਘਰੀਂ ਉਹ ਮੇਰੇ ਹੀ ਵਾਂਗੂ ਨਿਥਾਵਾਂ ਜਿਹਾ ਪਾਣੀ ਧਰਤੀ 'ਚੋਂ ਸਿੰਮਦਾ ਭਰਾਵਾਂ ਜਿਹਾ ਵਰ੍ਹੇ ਅੰਬਰਾਂ ਤੋਂ ਪਾਣੀ ਜੋ ਮਾਵਾਂ ਜਿਹਾ ਜਿਹੜਾ ਵੱਸਦਾ ਏ ਅੱਖੀਆਂ ਦੇ ਉੱਜੜੇ ਘਰੀਂ ਉਹ ਮੇਰੇ ਹੀ ਵਾਂਗੂ ਨਿਥਾਵਾਂ ਜਿਹਾ
ਰੋਂਦੀਆਂ ਫਿਰਨ ਹਵਾਵਾਂ
ਸੱਜਣ ਮੈਂ ਕਿਸ ਕਿਸ ਨੂੰ ਗਲ ਲਾਵਾਂ ਅੰਬਰ ਰੋਂਦਾ ਧਰਤੀ ਰੋਂਦੀ ਰੋਂਦੀਆਂ ਫਿਰਨ ਹਵਾਵਾਂ ਲਹੂ ਆਪਣੇ ਨੂੰ ਆਪੇ ਪੀ ਕੇ ਕਿਹੜੀ ਪਿਆਸ ਬੁਝਾਈਏ ਅੱਧ ਮੋਏ ਜਿਹੇ ਸੁਪਨੇ ਲੈ ਕੇ ਕਿਸ ਦਾ ਦਰ ਖੜਕਾਈਏ ਮੈਨੂੰ ਕਤਲ ਕਰਨ ਨੂੰ ਫਿਰਦਾ ਮੇਰਾ ਹੀ ਪਰਛਾਵਾਂ ਰੁੱਖ ਤਾਂ ਹੁੰਦੇ ਰੀਝ ਰੁੱਤਾਂ ਦੀ ਰੁੱਤ ਦੀ ਖੈਰ ਮਨਾਈਏ ਘਰਾਂ ਦੇ ਦੀਵੇ ਬੁੱਝ ਚੱਲੇ ਨੇ ਹਵਾ ਦਾ ਰੁੱਖ ਪਲਟਾਈਏ ਰੁੱਖ ਰੁੱਖਾਂ ਸੰਗ ਖਹਿ ਖਹਿ ਡਿਗਦੇ ਜ਼ਖਮੀਂ ਹੋਈਆਂ ਛਾਵਾਂ ਧੁੱਪ ਦੇ ਸੁਪਨੇ ਮਾਛੀਵਾੜੇ ਸੂਲਾਂ ਸੇਜ ਹੰਢਾਉਂਦੇ ਧੁੱਪ ਦੇ ਸੁਪਨੇ ਨੀਹਾਂ ਵਿੱਚ ਵੀ ਰੱਬ ਦਾ ਸ਼ੁਕਰ ਮਨਾਉਂਦੇ ਸਭਰਾਵਾਂ ਦੀ ਚੀਕ ਬੁਲਬੁਲੀ ਕਿੰਨੀ ਵਾਰ ਦੁਹਰਾਵਾਂ ਨੈਣਾਂ ਵਿੱਚੋਂ ਪਾਣੀ ਸੁੱਕਗੇ ਬੁੱਲਾਂ ਵਿੱਚੋਂ ਹਾਸੇ ਮਨ ਦਾ ਮਾਨ ਸਰੋਵਰ ਸੁੱਕਿਆ ਜਾਵਣ ਹੰਸ ਪਿਆਸੇ ਆਪਣੇ ਘਰ ਵਿੱਚ ਰਹਿੰਦਾ ਹੋਇਆ ਮੈਂ ਹੋ ਗਿਆ ਨਿਥਾਵਾਂ ਆਪਣੇ ਲੜ ਲੜ ਮੁੱਕ ਚੱਲੇ ਨੇ ਸੱਖਣੀਆਂ ਹੋਈਆਂ ਮਾਵਾਂ ਜ਼ਾਤ ਸ਼ਾਇਰ ਦੀ ਪਾਕ ਮੁਹੱਬਤ ਕਿਹੜਾ ਧਰਮ ਲਿਖਾਵਾਂ ਅੱਗ ਖਾਧਿਆਂ ਅੱਗ ਨਹੀਂ ਬੁੱਝਦੀ ਕਿਸ ਕਿਸ ਨੂੰ ਸਮਝਾਵਾਂ ਸੱਜਣ ਮੈਂ ਕਿਸ ਕਿਸ ਨੂੰ ਗਲ ਲਾਵਾਂ
ਵੇ ਅੜਿਆ ਸਾਨੂੰ ਮਿਲਿਆ ਨਾ ਕਰ
ਵੇ ਅੜਿਆ ਸਾਨੂੰ ਮਿਲਿਆ ਨਾ ਕਰ ਮਿਲਿਆਂ ਤੜਪ ਵਧੇਰੀ ਜੋਗੀ ਜੰਗਲਾਂ ਵਿੱਚ ਹੀ ਸੋਂਹਦੇ ਬਾਰੀਂ ਬਰਸੀਂ ਫੇਰੀ ਵੇ ਅੜਿਆ ਸਾਨੂੰ ਮਿਲਿਆ ਨਾ ਕਰ ਮਿਲਿਆਂ ਬਹੁਤ ਖੁਆਰੀ ਕਿੱਥੇ ਹੱਸਦੇ ਕਿੱਥੇ ਵੱਸਦੇ ਕੀ ਬੱਦਲਾਂ ਦੀ ਯਾਰੀ ਵੇ ਅੜਿਆ ਸਾਨੂੰ ਮਿਲਿਆ ਨਾ ਕਰ ਮਿਲਣ ਮੁਹੱਬਤ ਮਾੜੀ ਤਨ ਦੀ ਮਹਿਕ ਸਦਾ ਨਾ ਰਹਿਣੀ ਰੂਹ ਦੀ ਰੁੱਤ ਪਿਆਰੀ ਵੇ ਅੜਿਆ ਸਾਨੂੰ ਮਿਲਿਆ ਨਾ ਕਰ ਚੰਨ ਦੇ ਕਿਸ ਤੇ ਦਾਅਵੇ ਤਾਰੇ ਮਿਲਦੇ ਟੁੱਟ ਭੱਜ ਜਾਂਦੇ ਸੂਰਜ ਜੱਗ ਰੁਸ਼ਨਾਵੇ ਵੇ ਅੜਿਆ ਸਾਨੂੰ ਮਿਲਿਆ ਨਾ ਕਰ ਭਟਕਣ ਪੌਣ ਤੇ ਪਾਣੀ ਉਹੀਓ ਸਦਾ ਇਬਾਦਤ ਸੁੱਚੀ ਜਿਸ ਬਿਰਹਾ ਰਮਜ਼ ਪਛਾਣੀ ਵੇ ਅੜਿਆ ਸਾਨੂੰ ਮਿਲਿਆ ਨਾ ਕਰ ਮਿਲਿਆਂ ਦਰਦ ਘਨੇਰੇ ਅੰਬਰ ਧਰਤੀ ਕਦ ਮਿਲਦੇ ਨੇ ਨਾ ਵੱਸ ਤੇਰੇ ਮੇਰੇ ਵੇ ਅੜਿਆ ਸਾਨੂੰ ਮਿਲਿਆ ਨਾ ਕਰ ਮਿਲਿਆਂ ਹੋਰ ਉਨੀਂਦੇ ਸਰਪ ਜੀਭ ਦੀ ਜੂਨ ਹੰਢਾਦੇ ਮਾੜੇ ਲੋਕ ਸੁਣੀਂਦੇ ਵੇ ਅੜਿਆ ਸਾਨੂੰ ਮਿਲਿਆ ਨਾ ਕਰ ਮਿਲਿਆਂ ਬੂਰ ਝੜੀਂਦੇ ਕੀਕਣ ਦਿਲ ਦੇ ਮਹਿਰਮ ਕਹੀਏ ਖੂਨ ਜਿਗਰ ਦਾ ਪੀਂਦੇ ਵੇ ਅੜਿਆ ਸਾਨੂੰ ਮਿਲਿਆ ਨਾ ਕਰ ਮਿਲਿਆ ਹੋਰ ਪਿਆਸੇ ਹੰਝੂ ਸਾਡੀ ਕਬਰ ਦਾ ਦੀਵਾ ਸੋਹਣ ਨਾ ਸਾਨੂੰ ਹਾਸੇ ਵੇ ਅੜਿਆ ਸਾਨੂੰ ਮਿਲਿਆ ਨਾ ਕਰ ਮਿਲਿਆਂ ਮਿਲੇ ਨਾ ਮੁਕਤੀ ਮੋਇਆਂ ਬਾਦ ਵੀ ਚੈਨ ਨਾ ਮਿਲਣੀ ਸਦਾ ਤੇਰੇ ਵਿੱਚ ਸੁਰਤੀ ਵੇ ਅੜਿਆ ਸਾਨੂੰ ਮਿਲਿਆ ਨਾ ਕਰ ਮਿਲਿਆਂ ਮਨ ਭਰ ਆਵੇ ਦੀਦ ਵਿਛੋੜਾ ਹੋ ਜੇ ਥੋੜ੍ਹਾ ਮਿਲਣ ਨਾ ਪਾਰ ਲੰਘਾਵੇ
ਵਗਦੀ ਏ ਰਾਵੀ
ਵਗਦੀ ਏ ਰਾਵੀ ਚੰਨਾ ਰਾਤਾਂ ਹਨੇਰੀਆਂ ਦਾਈਏ ਨੇ ਉੱਚੇ-ਸੁੱਚੇ ਲਾਮਾਂ ਲੰਮੇਰੀਆਂ ਵਗਦੀ ਏ ਰਾਵੀ ਉਤੋਂ ਚੜ੍ਹੀਆਂ ਹਨੇਰੀਆਂ ਮੋਰਾਂ ਦੀਆਂ ਜੂਹਾਂ ਅੱਜ ਨਾਗਾਂ ਨੇ ਘੇਰੀਆਂ ਵਗਦੀ ਏ ਰਾਵੀ ਚੰਨਾ ਉੱਗੀਆਂ ਧਰੇਕਾਂ ਨੇ ਲੂਹੇ ਨੇ ਕੋਮਲ ਸੁਪਨੇ ਸਿਵਿਆਂ ਦੇ ਸੇਕਾਂ ਨੇ ਵਗਦੀ ਏ ਰਾਵੀ ਚੰਨਾ ਜੋਬਨ ਤੇ ਲਹਿਰਾਂ ਨੇ ਪਿੰਡਾਂ ਵਿਚ ਨੇਰ੍ਹਾ ਕੀਤਾ ਗੈਰਾਂ ਦੇ ਕਹਿਰਾਂ ਨੇ ਵਗਦੀ ਏ ਰਾਵੀ ਉੱਤੇ ਉੱਡਣ ਭੰਬੀਰੀਆਂ ਮਿਲਦੇ ਨੇ ਸੱਜਣ ਜਿਨ੍ਹਾਂ ਨਦੀਆਂ ਨੇ ਚੀਰੀਆਂ ਵਗਦੀ ਏ ਰਾਵੀ ਚੰਨਾ ਝੁੱਲੀਆਂ ਹਨੇਰੀਆਂ ਧਰਤੀ ਹੈ ਸੌੜੀ ਸੋਚਾਂ ਉੱਚੀਆਂ ਲੰਮੇਰੀਆਂ ਵਗਦੀ ਏ ਰਾਵੀ ਚੰਨਾ ਕੰਢੇ ਤੇ ਬੇਰੀਆਂ ਅੰਬਰ ਹੈ ਮੰਜ਼ਿਲ ਸਾਡੀ ਵਾਟਾਂ ਲੰਮੇਰੀਆਂ ਵਗਦੀ ਏ ਰਾਵੀ ਲੋਕੀਂ ਮਾਲੀ ਨੂੰ ਪੁੱਛਣਗੇ ਰੁੱਖਾਂ ਤੋਂ ਕੱਚੇ ਫਲ ਇਹ ਕਦੋਂ ਤਕ ਟੁੱਟਣਗੇ ਵਗਦੀ ਏ ਰਾਵੀ ਰੁੱਖ ਸਭਨਾ ਨੂੰ ਦੱਸਣਗੇ ਫਜ਼ਲਾਂ ਦੇ ਮੀਂਹ ਵੀ ਇਕ ਦਿਨ ਵਤਨਾਂ ਤੇ ਵੱਸਣਗੇ
ਮੈਂ ਜਦ ਵੀ ਭਾਲਣ ਗੀਤ ਗਿਆ
ਮੈਂ ਜਦ ਵੀ ਭਾਲਣ ਗੀਤ ਗਿਆ ਕੋਈ ਸ਼ਬਦ ਨਾ ਅਰਥਾਂ ਤੀਕ ਗਿਆ ਕੋਈ ਸ਼ਬਦ ਨਾ ਉਹਨਾਂ ਮਾਵਾਂ ਲਈ ਢਲ ਸਿਖਰ ਦੁਪਹਿਰੇ ਛਾਵਾਂ ਲਈ ਨੈਣੀਂ ਨੇਰਾ ਸੂਰਜ ਡੁੱਬਿਆਂ ਦਾ ਦੁੱਖ ਕੁੱਖ ਤੋਂ ਕਬਰਾਂ ਤੀਕ ਗਿਆ ਕੋਈ ਸ਼ਬਦ ਨਾ ਅਰਥਾਂ ਤੀਕ ਗਿਆ ਮੈਨੂੰ ਮਿਲਿਆ ਬਾਬਲ ਰੁੱਖ ਵਰਗਾ ਮੂੰਹ ਉਜੜੀ ਕਬਰ ਦੀ ਚੁੱਪ ਵਰਗਾ ਪੈਰੀਂ ਸੂਲ ਸਫਰ ਦੀਆਂ ਸੂਲਾਂ ਦਾ ਮੇਰੀ ਰੂਹ ਦੀ ਬਣਦਾ ਚੀਕ ਗਿਆ ਕੋਈ ਸ਼ਬਦ ਨਾ ਅਰਥਾਂ ਤੀਕ ਗਿਆ ਵਿਲਕੇ ਪਿਆ ਵੀਰ ਵੀਰਾਨ ਜਿਹਾ ਚਿਹਰਾ ਸੁੰਨੀ ਸੱਥ ਸਮਸ਼ਾਨ ਜਿਹਾ ਬਣ ਸਤਲੁਜ, ਰਾਵੀ ਰੱਤ ਹੋਇਆ ਰੁੜ ਬੁੰਗਾ ਮੰਦਰ ਮਸੀਤ ਗਿਆ ਕੋਈ ਸ਼ਬਦ ਨਾ ਅਰਥਾਂ ਤੀਕ ਗਿਆ ਮੈਨੂੰ ਚੇਤਾ ਆਇਆ ਸ਼ਾਇਰਾਂ ਦਾ ਕਦੀ ਜ਼ਿਕਰ ਨਾ ਕੀਤਾ ਕਹਿਰਾਂ ਦਾ ਕੀ ਕਰਨੈ ਐਸੇ ਗੀਤਾਂ ਦਾ ਜੀਹਦਾ ਬੋਲ ਨਾ ਲੋਕਾਂ ਤੀਕ ਗਿਆ ਕੋਈ ਸ਼ਬਦ ਨਾ ਅਰਥਾਂ ਤੀਕ ਗਿਆ
ਪਾਣੀ ਦਾ ਪਿਆਰ
ਆਖੇ ਪਾਣੀ ਦਾ ਪਿਆਰ ਕੋਈ ਵੇਖੇ ਆਰ ਪਾਰ ਕਿਵੇਂ ਸੀਨਿਆਂ 'ਚ ਸਿਵਿਆਂ ਦੀ ਅੱਗ ਮੱਚਦੀ ਜਿੰਦ ਸੂਲੀਆਂ ਤੇ ਚੜ੍ਹ ਕੇ ਵੀ ਰਹੀ ਨੱਚਦੀ ਮੋਏ ਮਿੱਤਰਾਂ ਦੀ ਮਿੱਟੀ ਜਾ ਕੇ ਅੰਬਰਾਂ ਤੇ ਪਿੱਟੀ ਸਾਡੀ ਹੋਣੀ ਕੇਹੀ ਲਿਖੀ ਇਹਨਾਂ ਅੱਖੀਆਂ 'ਚ ਸੋਹਣੀ ਤੇ ਝਨਾਂ ਵੱਸਦੀ ਜਿੰਦ ਸੂਲੀਆਂ ਤੇ ਚੜ੍ਹ ਕੇ ਵੀ ਰਹੀ ਨੱਚਦੀ ਆਸ ਪਾਟੀ ਹੋਈ ਚਿੱਠੀ ਟੁੱਟੀ ਕਲਮ ਨੇ ਲਿਖੀ ਸਹਿਮੇ ਸਾਹਾਂ ਜਦੋਂ ਡਿੱਠੀ ਮਰੇ ਮਾਰੇ ਗਏ ਵਾਲਾ ਸਿਰਨਾਵਾਂ ਦੱਸਦੀ ਜਿੰਦ ਸੂਲੀਆਂ ਤੇ ਚੜ੍ਹ ਕੇ ਵੀ ਰਹੀ ਨੱਚਦੀ ਅੱਧ ਸੜਿਆ ਹਾਂ ਰੁੱਖ ਸਿਰ ਜ਼ੁਲਮਾਂ ਦੀ ਧੁੱਪ ਝੜੇ ਪੱਤਿਆਂ ਦਾ ਦੁੱਖ ਛਾਂ ਰੋਹੀਆਂ ਵਿੱਚ ਕਿਹਨੂੰ ਸਾਰਾ ਹਾਲ ਦਸਦੀ ਜਿੰਦ ਸੂਲੀਆਂ ਤੇ ਚੜ੍ਹ ਕੇ ਵੀ ਰਹੀ ਨੱਚਦੀ ਮਨ ਅੱਧ ਢੱਠਾ ਘਰ ਛੱਤ ਡਿੱਗਣੇ ਦਾ ਡਰ ਬਾਹਰੋਂ ਬੰਦ ਹੋਇਆ ਦਰ ਰੂਹ ਨਾਜ਼ਕ ਮਾਸ਼ੂਕ ਏਥੇ ਇੰਝ ਵੱਸਦੀ ਜਿੰਦ ਸੂਲੀਆਂ ਤੇ ਚੜ੍ਹ ਕੇ ਵੀ ਰਹੀ ਨੱਚਦੀ ਕਿਵੇਂ ਸੀਨਿਆਂ 'ਚ ਸਿਵਿਆਂ ਦੀ ਅੱਗ ਮੱਚਦੀ
ਸਾਡਾ ਟੁੱਟਿਆ ਵਸਾਹ
ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਸਾਡੀ ਸ਼ੁਰੂ ਤੋਂ ਲੜਾਈ ਹੈ ਹਨੇਰਿਆਂ ਦੇ ਨਾਲ ਛੱਡ ਮਹਿਲਾਂ ਵਾਲੇ ਸੁੱਖ ਸਹੇ ਜੋਗ ਵਾਲੇ ਦੁੱਖ ਡੂੰਘੀ ਪੀੜ ਹੈ ਹੰਢਾਈ ਸੁੰਨੇ ਡੇਰਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਜਿਹੜੇ ਕਿਲਿਆਂ ਦੇ ਜਾਏ ਸਾਨੂੰ ਕਦੀ ਵੀ ਨਾ ਭਾਏ ਮੋਹ ਗੜ੍ਹੀ ਦਿਆਂ ਕੱਚਿਆਂ ਬਨੇਰਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਮੁੱਲ ਸਿਰਾਂ ਦੇ ਪੁਆਏ ਬੰਨੇ ਜਾਂਦੇ ਵੀ ਛੁਡਾਏ ਵਾਹ ਸ਼ੁਰੂ ਤੋਂ ਹੀ ਪਿਆ ਹੈ ਲੁਟੇਰਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਵੱਡੇ ਤਖਤਾਂ ਦੇ ਵਾਲੀ ਸਾਡੇ ਦਰ ਤੇ ਸੁਆਲੀ ਅਸੀਂ ਇੰਝ ਵੀ ਨਿਭਾਈ ਹੈ ਬਥੇਰਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਅਸੀਂ ਮਿਰਜ਼ੇ ਦੀ ਪੀੜ ਭਾਵੇਂ ਟੁੱਟ ਜਾਣ ਤੀਰ ਲੜੇ ਖਾਲੀ ਹੱਥ ਮੌਤ ਦੇ ਥਪੇੜਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਅਸੀਂ ਰਾਂਝਣੇ ਦੇ ਵੀਰ ਹੋਈਏ ਹੀਰ ਲਈ ਫਕੀਰ ਰੱਖੀ ਖਿੱਚ ਕੇ ਲਕੀਰ ਪਰ ਖੇੜਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਸਦਾ ਸੱਚ ਦੀ ਲੜਾਈ ਸਦਾ ਹੱਕ ਦੀ ਲੜਾਈ ਜਿੰਦ ਵਾਰ ਕੇ ਨਿਭਾਈ ਵੱਡੇ ਜੇਰਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਸਾਨੂੰ ਗੁਰਾਂ ਨੇ ਸਿਖਾਇਆ ਇਹੋ ਪਾਠ ਹੈ ਪੜ੍ਹਾਇਆ ਰਹਿਣੈ ਅੰਗ ਸੰਗ ਸਦਾ ਕੱਚੇ ਵਿਹੜਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਅਸੀਂ ਚਾਨਣ ਦੇ ਜਾਏ ਗਏ ਨੀਹਾਂ ਚ ਚਿਣਾਏ ਕੇਹੜੇ ਵੇਲਿਆਂ ਦੇ ਜੂਝੇ ਕੇਹੜੇ ਕੇਹੜਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਸਾਡੀ ਮੋਰਾਂ ਸੰਗ ਯਾਰੀ ਜੇਹੜੇ ਨਾਗਾਂ ਦੇ ਪੁਜਾਰੀ ਸਾਡੀ ਕਦੇ ਵੀ ਨਾ ਨਿਭਣੀ ਸਪੇਰਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ਮੈਲੇ ਮਨ ਦੇ ਮਲਾਹ ਸਾਡਾ ਟੁੱਟਿਆ ਵਸਾਹ ਸਾਂਝ ਰੱਖਣੀ ਨਾ ਹੁਣ ਐਸੇ ਬੇੜਿਆਂ ਦੇ ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ
ਮੇਰਾ ਰੁੱਸਿਆ ਐਸਾ ਗੀਤ
ਮੇਰਾ ਰੁੱਸਿਆ ਐਸਾ ਗੀਤ ਮੈਂ ਕਣ ਕਣ ਬਿਖਰ ਗਿਆ ਨਾ ਕੋਈ ਮਿਲਣ ਉਡੀਕ ਸਭ ਕੁਝ ਵਿਸਰ ਗਿਆ ਉਸ ਬਿਨਾਂ ਮੇਰੀ ਹੋਂਦ ਨਾ ਕੋਈ ਉਸ ਬਿਨਾਂ ਕੀ ਜੀਣਾ ਉਹ ਅੰਮ੍ਰਿਤ ਦਾ ਸਰਵਰ ਭਰਿਆ ਇੱਕੋ ਘੁੱਟ ਮੈਂ ਪੀਣਾ ਉਸ ਇੱਕ ਤੋਂ ਮੈਂ ਲੱਖ ਕਰੋੜਾਂ ਉਸ ਬਿਨ ਹੋ ਮੈਂ ਸਿਫਰ ਗਿਆ ਮਨ ਮਿਲਿਆਂ ਜੇ ਮੇਲ ਨਾ ਹੋਵੇ ਜਿੰਦੜੀ ਜਾਏ ਸਰਾਪੀ ਸਾਥ ਸੱਜਣ ਦਾ ਮਿਲ ਕੇ ਵਿਛੜੇ ਰੂਹ ਹੋਵੇ ਇਕਲਾਪੀ ਜਿਸ ਦੇ ਦਰ 'ਤੇ ਅਲਖ ਜਗਾਈ ਖਬਰੇ ਹੁਣ ਉਹ ਕਿਧਰ ਗਿਆ ਅਸੀਂ ਤਾਂ ਮੰਗਿਆ ਮੀਂਹ ਰਹਿਮਤ ਦਾ ਉਸ ਅਗਨੀ ਵਰਸਾਈ ਅਸੀਂ ਤਾਂ ਮੰਗਿਆ ਮੇਲ ਮੁਹੱਬਤ ਪੱਲੇ ਪਈ ਜੁਦਾਈ ਸਾਰੀ ਉਮਰ ਉਡੀਕ ਸੀ ਰਹਿਣੀ ਚੰਗਾ ਮੁੱਕ ਇਹ ਫਿਕਰ ਗਿਆ ਇੰਝ ਕਦੇ ਤਾਂ ਹੋ ਨਹੀਂ ਸਕਦਾ ਯਾਦ ਨਾ ਸਾਡੀ ਆਏ ਬਦਲੋਂ ਵਿਛੜੀ ਕਣੀ ਦੇ ਵਾਂਗੂ ਗੀਤ ਵੀ ਪਿਆ ਕੁਰਲਾਏ ਉਸਦਾ ਜ਼ਬਤ ਸਮੁੰਦਰ ਵਰਗਾ ਮੈਂ ਰੇਤੇ ਜਿਉਂ ਬਿਖਰ ਗਿਆ ਤਨ ਸਮਝਾਇਆ ਮਨ ਸਮਝਾਇਆ ਸਮਝ ਸਮਝਕੇ ਹਾਰੇ ਜਿੰਦ ਰਾਤ ਦੇ ਅੰਬਰ ਉੱਤੇ ਯਾਦ ਦੇ ਲਿਸ਼ਕਣ ਤਾਰੇ ਖੂਨ ਮੇਰੇ ਦੀ ਖਸਲਤ ਬਣਿਆ ਇਸ ਲਈ ਕਰਨਾ ਜ਼ਿਕਰ ਪਿਆ ਬੀਆਬਾਨ ਕੰਡਿਆਂ 'ਤੇ ਤੁਰਨਾ ਲਹੂ ਸੰਗ ਲਿਖ ਸਿਰਨਾਵਾਂ ਯਾਦਾਂ ਦੀ ਫੁਲਕਾਰੀ ਕੱਢਾਂ ਹੰਝੂਆਂ ਦੇ ਫੁੱਲ ਪਾਵਾਂ ਮੂੰਹ ਤੋਂ ਉਸਦਾ ਨਾਮ ਨਾ ਚਿਤਵਾਂ ਚਿੱਤ ਵਿੱਚ ਉਸਦਾ ਫਿਕਰ ਪਿਆ ਮੇਰਾ ਰੁੱਸਿਆ ਐਸਾ ਗੀਤ ਮੈਂ ਕਣ ਕਣ ਬਿਖਰ ਗਿਆ ਨਾ ਕੋਈ ਮਿਲਣ ਉਡੀਕ ਸਭ ਕੁਝ ਵਿਸਰ ਗਿਆ
ਸ਼ਬਦਾਂ ਦੀ ਸੁੱਚ
ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ ਐਵੇਂ ਅਰਥਾਂ ਦੇ ਸਿਵੇ ਨਾ ਜਗਾ ਸ਼ਾਇਰੀ ਰੋਹੀਆਂ ਵਾਲਾ ਰੁੱਖ ਜਿਵੇਂ ਖੰਡਰਾਂ ਦੀ ਚੁੱਪ ਕਿਸੇ ਪੁੱਛਣਾ ਨੀ ਦੁੱਖ ਸ਼ਾਇਰੀ ਮੌਤ ਕੋਲੋਂ ਖੋਹੇ ਹੋਏ ਸਾਹ ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ ਸ਼ਾਇਰੀ ਮਿਰਜ਼ੇ ਦੇ ਤੀਰ ਸ਼ਾਇਰੀ ਰਾਂਝਣੇ ਦੀ ਪੀੜ ਸ਼ਾਇਰੀ ਡੋਲੀ ਚੜ੍ਹੀ ਹੀਰ ਸ਼ਾਇਰੀ ਸੱਸੀ ਵਾਂਗ ਹੋਣਾ ਹੈ ਤਬਾਹ ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ ਸ਼ਾਇਰੀ ਸੱਥਰਾਂ ਤੇ ਸੌਣਾ ਸੁੱਤੇ ਸ਼ੇਰਾਂ ਨੂੰ ਜਗਾਉਣਾ ਯਾਰੀ ਮੌਤ ਸੰਗ ਲਾਉਣਾ ਸ਼ਾਇਰੀ ਸੋਹਣੀ ਵਾਲਾ ਮਿਲਣੇ ਦਾ ਚਾਅ ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ ਸ਼ਾਇਰੀ ਅੱਗ ਦੇ ਕਲੀਰੇ ਲੀਰੋ ਲੀਰ ਹੋਏ ਚੀਰੇ ਹਾਜ਼ਰ ਹਰਫ਼ ਹਮੇਸ਼ ਪਾਟੇ ਸ਼ਗਨਾਂ ਦੇ ਲੀੜੇ ਡੂੰਘੇ ਜ਼ਖਮਾਂ ਦਾ ਕੰਬਦਾ ਵਿਸਾਹ ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ ਸ਼ਾਇਰੀ ਝੋਰਿਆਂ ਦੀ ਬਾਤ ਕਾਲੀ ਅਣਮੁੱਕ ਰਾਤ ਤਾਰੇ ਟੁੱਟਦੇ ਦਾ ਸਾਥ ਰੁੱਖ ਡਿੱਗਦੇ ਦੇ ਵੈਣ ਪਾਉਂਦੀ ਵਾਅ ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ ਯਾਰੀ ਮੋਰਾਂ ਸੰਗ ਲਾਵੇਂ ਘਰ ਸੱਪਾਂ ਦੇ ਵੀ ਜਾਵੇਂ ਗੀਤ ਦੋਹਾਂ ਦੇ ਹੀ ਗਾਵੇਂ ਖੰਭ ਮੋਰਾਂ ਦੇ ਤੂੰ ਬੀਨ ਨਾ ਬਣਾ ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ ਸ਼ਾਇਰੀ ਅੰਬਰਾਂ ਦੀ ਛੋਹ ਨਾਲ ਤਾਰਿਆਂ ਖਲੋ ਚੰਨ ਡੁੱਬਦੇ ਨੂੰ ਰੋਅ ਅੱਗ ਮੱੜੀਆਂ ਦੀ ਘਰੀਂ ਨਾ ਲਿਆ ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ ਐਵੇਂ ਅਰਥਾਂ ਦੇ ਸਿਵੇ ਨਾ ਜਗਾ
ਚੰਨਾ ਸਾਨੂੰ ਮਨਸ ਦੇਈਂ
ਚੰਨਾ ਸਾਨੂੰ ਮਨਸ ਦੇਈਂ ਤੇਰੇ ਅੰਬਰਾਂ ਤੇ ਕਿੰਨੇ ਸਾਰੇ ਤਾਰੇ ਝੰਗ ਨਾਲੋਂ ਸਾਂਝ ਟੁੱਟ ਗਈ ਸਾਡੇ ਰੁੱਸਗੇ ਨੇ ਤਖਤ ਹਜ਼ਾਰੇ ਜਿੰਦ ਅਲਕ ਵਛੇਰੀ ਵਾਟ ਮੋਹ ਦੀ ਲੰਮੇਰੀ ਧੁੱਪ ਸਮੇਂ ਦੀ ਤਿਖੇਰੀ ਸਾਥੋਂ ਯਾਰ ਵਿਛੜਗੇ ਸਾਰੇ ਇਸ਼ਕ ਅੱਲਾ ਦੀ ਏ ਜਾਤ ਪਿਆਰ ਪੁੱਨਿਆਂ ਦੀ ਰਾਤ ਮਾਹੀ ਪੁੱਛਦਾ ਨਹੀਂ ਵਾਤ ਅਸੀਂ ਕਰ ਕਰ ਮਿੰਨਤਾਂ ਹਾਰੇ ਕੱਲ੍ਹੇ ਘੁੱਪ ਨੇਰ੍ਹੀ ਰਾਤ ਮਿਲੇ ਮਿੱਤਰਾਂ ਦਾ ਸਾਥ ਪਾਈਏ ਦੁੱਖਾਂ ਵਾਲੀ ਬਾਤ ਸਾਨੂੰ ਜਿੰਦ ਨਾਲੋਂ ਦੁੱਖ ਨੇ ਪਿਆਰੇ ਰਹੀ ਸਦਾ ਇਹ ਉਡੀਕ ਕੋਈ ਪੀਵੇ ਲਾ ਕੇ ਡੀਕ ਤੋੜੇ ਜੱਗ ਵਾਲੀ ਗੀਤ ਪੁੰਨ ਪਾਪ ਹੰਢਾ ਲਏ ਅਸਾਂ ਸਾਰੇ ਮਿਲੀਂ ਸ਼ਗਨਾਂ ਦੇ ਵਾਂਗ ਵਰ੍ਹੀਂ ਬੱਦਲਾਂ ਦੇ ਵਾਂਗ ਰੁੱਸੀਂ ਸੱਜਣਾਂ ਦੇ ਵਾਂਗ ਸਾਡੇ ਅਜੇ ਤੀਕ ਚਾਅ ਨੇ ਕੁਆਰੇ
ਕੋਈ ਨੀਂਦਰ ਬਣਕੇ ਆਏ
ਜਿੰਦੇ ਨੀ ਕੌਣ ਗੀਤ ਤੇਰਾ ਗਾਏ ਹਰ ਇਕ ਸ਼ਬਦ ਸੰਧੂਰੀ ਰੰਗ ਦਾ ਅਰਥਾਂ ਤੋਂ ਸ਼ਰਮਾਏ ਗੀਤ ਮੇਰੇ ਦੇ ਹਰ ਅੱਖਰ ਵਿੱਚ ਮਹਿਕ ਹੈ ਸੰਦਲੀ ਸਾਹਾਂ ਦੀ ਜਿਸ ਗਲੀਓਂ ਸਾਡਾ ਯਾਰ ਗੁਜਰਦਾ ਧੂੜ ਹਾਂ ਉਹਨਾਂ ਰਾਹਾਂ ਦੀ ਹਾੜਾ ਵੇ ! ਕੋਈ ਦਏ ਦਿਲਾਸਾ ਪੈਰ ਨਾ ਪੁੱਟਿਆ ਜਾਏ ਗੀਤ ਮੇਰਾ ਉਸ ਬੋਹੜ ਦੀ ਟਾਹਣੀ ਜਿੱਥੇ ਕੁੜੀਆਂ ਝੂਟਣ ਪੀਂਘਾਂ ਆਪ ਤਾਂ ਝੱਟ ਘਰੀਂ ਤੁਰ ਜਾਵਣ ਸਾਡੇ ਨੈਣ ਨਾ ਨੀਂਦਾਂ ਅਸੀਂ ਉਨੀਂਦੇ ਕਈ ਜਨਮ ਤੋਂ ਕੋਈ ਨੀਂਦਰ ਬਣਕੇ ਆਏ ਤਾਰੇ ਤਾਂ ਟੁੱਟਦੇ ਲੱਗੀ ਵਾਂਗੂ ਸੂਰਜ ਕੱਲ ਮੁਕੱਲਾ ਅੱਜ ਡੁੱਬਕੇ ਕੱਲ ਫਿਰ ਚੜ੍ਹ ਆਵੇ ਲੈ ਕਿਰਨਾਂ ਦਾ ਪੱਲਾ ਚੰਨ ਵਰਗੇ ਨਿਰਮੋਹੀ ਮਿਤਰਾ ਕੇਹੜਾ ਤੋੜ ਨਿਭਾਏ ਮੋਹ ਦਾ ਸਾਧੂ ਦਰ ਤੋਂ ਮੁੜਜੇ ਸੁਪਨੇ ਜਾਣ ਸਰਾਪੇ ਕੋਈ ਇਛਰਾਂ ਪੂਰਨ ਨਾ ਜੰਮੇ ਜੀਂਦੇ ਮਰ ਜਾਣ ਮਾਪੇ ਸਭੇ ਗੀਤ ਮੇਰੇ ਲੂਣਾ ਵਰਗੇ ਜੋਬਨ ਕੌਣ ਹੰਢਾਏ ਗੀਤ ਮੇਰੇ ਦੀਆਂ ਸਭੇ ਸਧਰਾਂ ਸੁਪਨਾ ਜਿਵੇਂ ਕੁਆਰੀ ਦਾ ਨਵੀਂ ਵਿਆਂਦੜ ਦੀ ਸੰਗ ਵਰਗਾ ਜਦ ਪਾਣੀ ਸਿਰ ਤੋਂ ਵਾਰੀ ਦਾ ਜਿੰਦ-ਕਸਤੂਰੀ ਮਹਿਕਾਂ ਵੰਡਦੀ ਅੱਜ ਝੋਲੀ ਕੌਣ ਪੁਆਏ ਮੋਹ ਦਾ ਸਾਕ ਜਿਨਾ ਸੰਗ ਕੀਤਾ ਬਣਗੇ ਵਾਂਗ ਸ਼ਰੀਕਾਂ ਦੁੱਧ ਦਾ ਰੂਪ ਧਾਰਕੇ ਆਏ ਅੱਜ ਪਾਣੀ ਦੀਆਂ ਲੀਕਾਂ ਅੱਧ-ਅਸਮਾਨੀ ਹੂਕ ਹਿਜਰ ਦੀ ਜਿੰਦ ਕੂੰਜ ਵਾਂਗ ਕੁਰਲਾਏ ਗੀਤ ਮੇਰੇ ਦਿਆਂ ਨੈਣਾਂ ਦੇ ਵਿੱਚ ਸੁਪਨੇ ਲੱਖ ਦਰਿਆਵਾਂ ਦੇ ਮੋਏ ਪੁੱਤ ਨੂੰ ਰੋਜ਼ ਉਡੀਕਣ ਦਰਦ ਅਜਿਹੀਆਂ ਮਾਵਾਂ ਦੇ ਪੁੱਤ ਜੰਮਕੇ ਵੀ ਬਨਣ ਨਾ ਮਾਵਾਂ ਮੇਰੇ ਗੀਤ ਉਹਨਾਂ ਦੇ ਜਾਏ ਜਿੰਦੇ ਨੀ ਕੌਣ ਤੇਰਾ ਗਾਏ ਹਰ ਇਕ ਸ਼ਬਦ ਸੰਧੂਰੀ ਰੰਗ ਦਾ ਅਰਥਾਂ ਤੋਂ ਸ਼ਰਮਾਏ
ਸਮੇਂ ਵਾਂਗੂ ਬੀਤ ਜਾਵਣਾ
ਸਮੇਂ ਵਾਂਗੂ ਬੀਤ ਜਾਵਣਾ ਸਾਨੂੰ ਯਾਦ ਕਰੇਗਾ ਕੋਈ ਹਵਾ ਵਿਚ ਬੋਲ ਗੂੰਜਣੇ ਸਾਨੂੰ ਕਿਧਰੇ ਨਾ ਮਿਲਣੀ ਢੋਈ ਅਸੀਂ ਕਿਹੜਾ ਨਿੱਤ ਆਵਣੈ ਜੋਗੀਆਂ ਜਿਹਾ ਸਾਡਾ ਫੇਰਾ ਮੋਹ ਵਾਲੀ ਭੀਖ ਮੰਗਦੇ ਸਾਡਾ ਪਾਰ ਅੰਬਰ ਤੋਂ ਡੇਰਾ ਤਾਰਿਆਂ ਤੋਂ ਯਾਰੀ ਲਭਦੇ ਸਾਡੀ ਚੰਨ ਨੇ ਕੀਤੀ ਬਦਖੋਈ ਸੁਪਨੇ ਦੀ ਖੇਤੀ ਬੀਜਦੇ ਸਾਡਾ ਯਾਰ ਕੱਲਰ ਤੋਂ ਮਾੜਾ ਧਰਤੀ ਦੀ ਹਿੱਕ ਲੂਹ ਗਿਆ ਝੂਠਾ ਦੇ ਕੇ ਉੱਗਣ ਦਾ ਲਾਰਾ ਉਮਰਾਂ ਦੀ ਭੁੱਖ ਦੇ ਗਿਆ ਸਾਨੂੰ ਆਪਣਾ ਆਖਕੇ ਕੋਈ ਮਿੱਟੀ ਜਿਹੀ ਲਾਸ਼ ਚੁੱਕ ਕੇ ਅਸੀਂ ਸੂਰਜਾਂ ਦੇ ਦਰ ਤੇ ਸਵਾਲੀ ਸਿਵਿਆਂ ਦੇ ਵਾਂਗ ਮੱਚਦੇ ਸਾਡੀ ਰੂਹ ਸੱਜਣਾਂ ਨੇ ਖਾ ਲਈ ਜੋਬਨ ਸੀ ਪਹਿਲੇ ਤੋੜ ਦਾ ਸੁੱਕਾ ਪੀ ਗਿਆ ਗਟਾ ਗਟ ਕੋਈ ਰੁੱਖ ਸਾਡਾ ਦੁੱਖ ਪੁੱਛਦੇ ਰਾਤੀਂ ਅੱਖੀਆਂ ਚੋਂ ਨੀਰ ਵਹਾਂਦੇ ਧੂਣੀ ਵਾਂਗੂੰ ਗੀਤ ਧੁਖਦੇ ਰਲ ਨਾਲ ਹਵਾ ਦੇ ਗਾਂਦੇ ਜਿਦੇ ਲਈ ਮੈਂ ਗੀਤ ਲਿਖਦਾ ਉਹਦੀ ਇਕ ਵਾਰੀ ਅੱਖ ਵੀ ਨਾਂ ਰੋਈ ਯਾਰ ਸਾਡਾ ਚਿੱਟੀ ਬਦਲੀ ਕੋਈ ਛਾਂ ਨਾ ਅੱਖਾਂ ਦੇ ਵਿਚ ਪਾਣੀ ਖੇਤੀ ਮੈਂ ਗਰੀਬ ਜੱਟ ਦੀ ਜਿਹੜੀ ਮੀਂਹ ਦੇ ਲਾਰੇ ਤੇ ਸੁੱਕ ਜਾਣੀ ਉਹਨੂੰ ਅਸੀਂ ਦੁੱਖ ਦੱਸੀਏ ਜਿਨੂੰ ਦੁੱਖਾਂ ਦੀ ਸਾਰ ਨਾ ਕੋਈ ਇਕੋ ਸਾਡੀ ਰੀਝ ਆਖਰੀ ਸਾਡੇ ਕੱਫਨ ਤੇ ਕੱਢਦੇ ਕਸੀਦਾ ਉਮਰਾਂ ਦਾ ਘੁੱਟ ਬਚਦਾ ਇਹਨੂੰ ਦਾਰੂ ਦੇ ਗਲਾਸ ਵਾਂਗੂ ਪੀ ਜਾ ਸਿਖਰ ਦੁਪਹਿਰ ਜਿੰਦ ਦੀ ਸੁੱਕੇ ਕਾਨਿਆਂ 'ਚ ਅੱਗ ਮੈਂ ਲਕੋਈ ਸਮੇਂ ਵਾਂਗੂ ਬੀਤ ਜਾਵਣਾ ਸਾਨੂੰ ਯਾਦ ਕਰੇਗਾ ਕੋਈ ਹਵਾ ਵਿਚ ਬੋਲ ਗੂੰਜਣੇ ਸਾਨੂੰ ਕਿਧਰੇ ਨਾ ਮਿਲਣੀ ਢੋਈ
ਪਰਵਾਸੀ ਪੰਛੀ
ਅਸੀਂ ਪਰਵਾਸੀ ਪੰਛੀ ਵੇ ਹਾਣੀਆ ਦੇਸ਼ ਤੇਰੇ ਵਿਚ ਆਏ ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ ਅਸੀਂ ਕਿਥੋਂ ਆਏ ਵੇ ਹਾਣੀਆ ਕਿਸ ਪਾਸੇ ਵੱਲ ਜਾਣਾ ਕੂੰਜ ਕੋਈ ਡਾਰੋਂ ਵਿਛੜੀ ਵੇ ਰਾਤ ਲਈ ਲਭਦੀ ਫਿਰੇ ਟਿਕਾਣਾ ਕੋਈ ਜੂਹ ਬੇਗਾਨੀ ਏਂ ਵੈਰੀਆ ਰੁੱਖ ਵੀ ਗਲ ਨਾ ਲਾਏ ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ ਸਾਡੀ ਰੁਲੇ ਜਵਾਨੀ ਵੇ ਮਹਿਰਮਾ ਜੋਬਨ ਬਿਰਥਾ ਜਾਏ ਰੁੱਖ ਖੂਹਾਂ ਕੰਢੇ ਤੇ ਦੋਸਤਾ ਰਹਿਣ ਸਦਾ ਤਰਿਹਾਏ ਸਾਡੀ ਹਾਲਤ ਤੱਕ ਵੇ ਕਮਲਿਆ ਪੰਛੀ ਵੀ ਕੁਰਲਾਏ ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ ਜਦ ਮੌਸਮ ਬਦਲੇਗਾ ਸੱਜਣ ਜੀ ਸਿੱਟਿਆਂ 'ਚ ਪੈਣਗੇ ਦਾਣੇ ਤੇਰੇ ਵਤਨ ਨੂੰ ਛੱਡ ਕੇ ਵੇ ਹਾਣੀਆ ' ਜਾਣਾ ਦੇਸ਼ ਬੇਗਾਨੇ ਕੋਈ ਜਿਸਮ ਹੀ ਬਣ ਜਾਂਦੇ ਕਿਉਂ ਜੂਨ ਰੂਹਾਂ ਦੀ ਆਏ ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ ਤੂੰ ਨੀਰ ਸਮੁੰਦਰਾਂ ਦਾ ਕੋਈ ਇਕ ਬੂੰਦ ਲਈ ਤਰਸੇ ਅਸੀਂ ਬਦਲ ਬਣਕੇ ਵੀ ਲੱਖ ਵਾਰ ਮਿਲਣ ਲਈ ਵਰਸੇ ਕੋਈ ਹੰਝੂ ਪੀ ਕੇ ਵੇ ਕਿਸ ਤਰ੍ਹਾਂ ਦਿਲ ਦੀ ਅੱਗ ਬੁਝਾਏ ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ ਇੱਟ ਚੁਬਾਰੇ ਦੀ ਅਸੀਂ ਗਲੀਆਂ ਦੇ ਕੱਖ ਨਿਮਾਣੇ ਧਰਤ ਸੁਹਾਵੀ ਵੇ ਸਾਨੂੰ ਇਕ ਕਿਣਕਾ ਨਾ ਜਾਣੇ ਅਸੀਂ ਚੰਬਾ ਚਿੜੀਆਂ ਦਾ ਇੱਥੇ ਚੋਗ ਚੁਗਣ ਲਈ ਆਏ ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ ਮਹਿਲੀਂ ਸੁੱਤਾ ਵੇ ਸਾਡੀ ਨੈਣੀਂ ਨੀਂਦ ਨਾ ਆਏ ਜਦ ਝੱਖੜ ਝੁੱਲਦੇ ਨੇ ਕੱਖ ਕੁੱਲੀਆਂ ਦੇ ਘਬਰਾਏ ਇਕ ਵਾਰ ਬੁਲਾ ਲੈ ਵੇ ਪਾਪੀਆ ਦਿਨ ਵਿਛੜਨ ਦੇ ਆਏ ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ
ਦੁੱਖਾਂ ਵਾਲੀ ਗਾਥਾ
ਸੁਣੀ ਸੁਣੀ ਵੇ ਤੂੰ ਨਾਥਾ ਸਾਡੇ ਦੁੱਖਾਂ ਵਾਲੀ ਗਾਥਾ ਕਾਹਨੂੰ ਦੇਨੈ ਹੱਥ ਕਾਸਾ ਅਸੀਂ ਮੋੜ ਕੇ ਲਿਆਉਣੈ ਸਾਡਾ ਰੁੱਸ ਗਿਆ ਹਾਸਾ ਯਾਰ ਅਰਸ਼ ਦੀ ਬੁਲੰਦੀ ਸੂਹੇ ਫੁੱਲਾਂ ਦੀ ਸੁਗੰਧੀ ਸਾਡੇ ਲੇਖਾਂ 'ਚ ਮਲੰਗੀ ਸਾਡੇ ਪੈਰਾਂ 'ਚ ਫਕੀਰੀ ਸਾਡਾ ਖਾਨਗਾਹੀਂ ਵਾਸਾ ਯਾਰੀ ਖੰਡਰਾਂ ਦਾ ਖੂਹ ਸੱਪ ਸ਼ੀਹਾਂ ਵਾਲੀ ਜੂਹ ਮੋਏ ਮਿੱਤਰਾਂ ਦੀ ਰੂਹ ਜਿਨੇ ਯਾਰ ਦਰ ਜਾਣਾ ਉਹਦਾ ਟੁੱਟ ਜਾਣੈ ਕਾਸਾ ਰੋਂਦੇ ਰੁੱਖਾਂ ਦੀ ਕਹਾਣੀ ਸਾਥੋਂ ਸੁਣੀ ਨਹੀਉਂ ਜਾਣੀ ਬੋੜੇ ਖੂਹ ਵਾਲਾ ਪਾਣੀ ਉਹਨੇ ਤੇਹ ਕੀ ਬੁਝਾਣੀ ਜੇਹੜਾ ਆਪੂ ਹੀ ਪਿਆਸਾ ਜੋਗੀ ਕਿੱਕਰਾਂ ਦੇ ਬੀਅ ਜੇਹੜਾ ਘੋਟ ਲਵੇ ਪੀ ਉਹਦਾ ਰਾਜੀ ਹੋਜੇ ਜੀਅ ਜੇਹੜਾ ਬੀਜ ਦੇਵੇ ਵੇਹੜੇ ਹੋ ਜੇ ਕੰਡਿਆਂ ਦਾ ਵਾਸਾ ਜੋਗ ਅੰਬਰਾਂ ਦਾ ਤਾਰਾ ਦੂਰੋਂ ਲੱਗਦਾ ਪਿਆਰਾ ਮੋਏ ਬੰਦੇ ਵਾਲਾ ਲਾਰਾ ਕਿਨਾਂ ਚਿਰ ਕੋਈ ਉਡੀਕੇ ਪੱਲੇ ਪੈਣੀ ਏ ਨਿਰਾਸ਼ਾ
ਜਰਾ ਸੁਣੀ ਵੇ ਤੂੰ ਜੋਗੀ
ਜਰਾ ਸੁਣੀਂ ਵੇ ਤੂੰ ਜੋਗੀ ਹੋਇਆ ਕਿਉਂ ਤੂੰ ਵਿਜੋਗੀ ਮੋਹ ਬਾਝੋਂ ਇਹ ਫਕੀਰੀ ਤੈਥੋਂ ਜਾਣੀ ਨਹੀਂਉ ਭੋਗੀ ਦਰ ਖੇੜਿਆਂ ਦੇ ਜਾਣਾ ਨਾਥ ਤੇਰਾ ਹੈ ਅੰਝਾਣਾ ਦੱਸ ਸਕੇ ਨਾ ਟਿਕਾਣਾ ਜਿਹਨੂੰ ਲੱਭਦਾ ਏ ਤੇਰਾ ਮਨ ਲੋਭੀ ਪਾ ਕੇ ਭਗਵੇਂ ਇਹ ਬਾਣੇ ਖਾਕ ਜੰਗਲਾਂ ਦੀ ਛਾਣੇ ਦੁੱਖ ਰੁੱਖਾਂ ਦਾ ਨਾ ਜਾਣੇ ਮੰਗੇਂ ਮੁਕਤੀ ਤੂੰ ਦੱਸ ਕੀਹਦੇ ਜੋਗੀ ਪੈਰੀਂ ਪਾ ਕੇ ਖੜਾਵਾਂ ਲੱਭੇ ਰੁੱਖਾਂ ਬਿਣਾਂ ਛਾਵਾਂ ਭਾਵੇਂ ਪੁੱਤ ਬਿਣਾਂ ਮਾਵਾਂ ਖਿੰਡੀ ਬਿਰਤੀ ਤੇ ਸੁੱਤੀ ਹੋਈ ਸੋਝੀ ਤਨ ਸੁੰਦਰਾਂ ਦੇ ਵਾਂਗ ਮਨ ਲੂਣ ਵਾਲੀ ਤਾਂਘ ਦੋਵੇਂ ਜੋਗ ਵਾਲੀ ਬਾਂਗ ਅੱਖ ਅੱਥਰੂ ਨੇ ਦੱਸ ਕਦੇ ਭੋਗੀ ਐਵੇਂ ਧੂਣੀਆਂ ਧੁਖਾਵੇਂ ਮਾਲਾ ਸ਼ਬਦਾਂ ਦੀ ਪਾਵੇਂ ਧੋਖਾ ਆਪਣੇ ਤੋਂ ਖਾਵੇਂ ਅੱਗ ਅਰਥਾਂ ਦੀ ਹੁੰਦੀ ਜੀਣ ਜੋਗੀ ਗੱਲ ਸੁਣ ਲੈ ਤੂੰ ਸੱਚੀ ਨਹੀਉਂ ਝੂਠ ਇੱਕ ਰੱਤੀ ਨਹੀਉਂ ਹੀਰ ਬਿਨਾਂ ਗਤੀ ਮੋਹ ਮਿੱਤਰਾ ਦਾ ਮੇਲਾ ਏ ਸੰਜੋਗੀ
ਇਕ ਹਰਫ਼ ਸੱਜਣ ਸਾਡੇ ਨਾਂ ਕਰਦੇ
ਇਕ ਹਰਫ਼ ਸੱਜਣ ਸਾਡੇ ਨਾਂ ਕਰਦੇ ਸਿਰ ਸੁੰਨੇ ਸੱਖਣੇ ਸ਼ਬਦਾਂ ਦੇ ਕਾਈ ਇਲਮ ਅਦਬ ਦੀ ਛਾਂ ਕਰਦੇ ਸਾਨੂੰ ਬਖਸ਼ ਸਮੁੰਦਰ ਆਲਮ ਦਾ ਇੱਕ ਹਉਕਾ ਅੰਬਰ ਸਾਲਮ ਦਾ ਸਭ ਹੰਝ ਖਿਲਾਅ ਵਿੱਚ ਲਟਕੇ ਨੇ ਇਕ ਅੱਧ ਲਈ ਜਿਮੀਂ ਤੇ ਥਾਂ ਕਰਦੇ ਰੋਹੀਆਂ ਵਿੱਚ ਜੰਡ ਦਾ ਰੁੱਖ ਹੋਵੇ ਸਾਹਿਬਾਂ ਦੀ ਸੱਖਣੀ ਕੁੱਖ ਰੋਵੇ ਸਮਿਆਂ ਦੀ ਸੋਚ ਸਰਾਪੀ ਹੈ ਮਿਰਜ਼ੇ ਸੰਗ ਕਿਵੇਂ ਨਿਆਂ ਕਰਦੇ ਜੋਗੀ ਜ਼ਖਮ ਸਰਾਪੀਆਂ ਰੁੱਤਾਂ ਦੇ ਕੀ ਝੰਗ ਸਿਆਲੋਂ ਪੁੱਛਾਂਗੇ ਕਿੰਝ ਤਖਤ ਹਜ਼ਾਰੇ ਪਰਤਾਂਗੇ ਸਾਡੇ ਮੋਹ ਦੇ ਨਾਮ ਝਨਾਂ ਕਰਦੇ ਚਿੱਟੇ ਚੌਲ ਨੇ ਸੁਪਨੇ ਸੁੰਦਰਾਂ ਦੇ ਕੱਚੇ ਕੌਲ ਨੇ ਕੱਚ ਦੀਆਂ ਮੁੰਦਰਾਂ ਦੇ ਅਜਲਾਂ ਤੋਂ ਜਿੰਦ ਵਿਜੋਗਣ ਹੈ ਕਿਸੇ ਨਾਂਹ ਵਰਗੀ ਹੀ ਹਾਂ ਕਰਦੇ ਮੈਂ ਪੂਰਨ ਹਾਂ ਪਰ ਪੂਰਨ ਨਹੀਂ ਕਿਸੇ ਲੂਣਾ ਬਿਨਾਂ ਸੰਪੂਰਨ ਨਹੀਂ ਕਾਇਆ ਤਾਂ ਸਦਾ ਸਲਵਾਨ ਜਿਹੀ ਕਦੀ ਰੂਹ ਨੂੰ ਹੀ ਇੱਛਰਾਂ ਮਾਂ ਕਰਦੇ ਇਕ ਹਰਫ਼ ਸੱਜਣ ਸਾਡੇ ਨਾਂ ਕਰਦੇ।
ਮੇਰਾ ਰੂਪ ਇਹੋ ਪਰਵਾਨ ਕਰੋ
ਮੈਂ ਅੱਜ ਦਾ ਅਰਥ ਅਹੱਲਿਆ ਦਾ ਮੇਰਾ ਰੂਪ ਇਹੋ ਪਰਵਾਨ ਕਰੋ ਮੈਂ ਮੋਹ ਮਾਇਆ ਦੀ ਕਾਇਆ ਹਾਂ ਮੈਨੂੰ ਪੱਥਰ ਤੋਂ ਭਗਵਾਨ ਕਰੋ ਕੋਈ ਸਦੀਆਂ ਤੀਕ ਉਡੀਕ ਕਰੇ ਮੈਨੂੰ ਹਰਗਿਜ਼ ਇਹ ਮਨਜ਼ੂਰ ਨਹੀਂ ਜਿਨੂੰ ਤੱਕਿਆਂ ਅੱਖ ਚੁੰਧਿਆ ਜਾਵੇ ਕੋਈ ਐਸਾ ਕੋਹਿਤੂਰ ਨਹੀਂ ਤੁਸੀਂ ਮੰਦਰ ਮੇਰੇ ਅੰਦਰ ਦਾ ਜਰਾ ਆਪੇ ਦੀ ਪਹਿਚਾਣ ਕਰੋ ਮੈਂ ਮੋਹ ਮਾਇਆ ਦੀ ਕਾਇਆ ਹਾਂ ਮੈਨੂੰ ਪੱਥਰ ਤੋਂ ਭਗਵਾਨ ਕਰੋ ਸਾਡਾ ਸੱਚ ਵੀ ਸੀਤਾ ਨਾ ਹੋਇਆ ਤੁਹਾਡਾ ਝੂਠਾ ਵੀ ਬਣਿਆ ਰਾਮ ਰਿਹਾ ਅਸੀਂ ਇਲਮ ਨੂੰ ਇਸ਼ਟ ਬਣਾ ਬੈਠੇ ਸਾਡੇ ਇਸ਼ਕ ਤੇ ਇਹ ਇਲਜ਼ਾਮ ਰਿਹਾ ਮੈਂ ਰਾਵਣ ਰੂਪ `ਚ ਜੀ ਲਾਂਗਾ ਮੇਰੇ ਗੀਤ ਨੂੰ ਨਾ ਪਰੇਸ਼ਾਨ ਕਰੋ ਮੈਂ ਮੋਹ ਮਾਇਆ ਦੀ ਕਾਇਆ ਹਾਂ ਮੈਨੂੰ ਪੱਥਰ ਤੋਂ ਭਗਵਾਨ ਕਰੋ ਸਾਡੀ ਅੱਖਰ ਵਰਗੀ ਹਸਤੀ ਹੈ ਸਾਨੂੰ ਸ਼ਬਦ ਸਮਝ ਸਵੀਕਾਰ ਕਰੋ ਸਾਡਾ ਵੀ ਨਿਕਲੇ ਅਰਥ ਕੋਈ ਸਾਡੇ ਤੇ ਪਰਉਪਕਾਰ ਕਰੋ ਸਾਡੇ ਬੋਲ ਨੀਹਾਂ ਵਿੱਚ ਚਿਣੇ ਗਏ ਸਾਨੂੰ ਗੀਤਾਂ ਤੋਂ ਕੁਰਬਾਨ ਕਰੋ ਮੈਂ ਮੋਹ ਮਾਇਆ ਦੀ ਕਾਇਆ ਹਾਂ ਮੈਨੂੰ ਪੱਥਰ ਤੋਂ ਭਗਵਾਨ ਕਰੋ ਤੁਸੀਂ ਚਾਨਣ ਬਣਕੇ ਆ ਜਾਇਓ ਅਸੀਂ ਅੱਗ ਅੱਖਰਾਂ ਦੀ ਬਾਲੀ ਹੈ ਸਾਨੂੰ ਇੱਕ ਅੱਧ ਚਿਣਗ ਹੁਧਾਰ ਦਿਓ ਸਾਡੀ ਅੱਗ ਇਹ ਬੁਝਣ ਵਾਲੀ ਹੈ ਮੇਰਾ ਮੀਤ ਸੰਗੀਤ ਤੇ ਗੀਤ ਤੁਸੀਂ ਮੇਰਾ ਜੱਗ ਤੇ ਨਾਮ-ਨਿਸ਼ਾਨ ਕਰੋ ਮੈਂ ਮੋਹ ਮਾਇਆ ਦੀ ਕਾਇਆ ਹਾਂ ਮੈਨੂੰ ਪੱਥਰ ਤੋਂ ਭਗਵਾਨ ਕਰੋ ਤੁਸੀਂ ਕਿਣ-ਮਿਣ ਕਣੀਆਂ ਬਣ ਜਾਇਓ ਸਾਡੀ ਪਿਆਸ ਬੁਝਾਓ ਸਦੀਆਂ ਦੀ ਤੁਸੀਂ ਨੇਕੀ ਬਣਕੇ ਵਰਸ ਜਾਓ ਸਾਡੀ ਜੂਨ ਬਦਲ ਦਿਓ ਬਦੀਆਂ ਦੀ ਸਾਨੂੰ ਦੁੱਖ ਦੇ ਰੁੱਖ ਦਾ ਸੁੱਖ ਦੇਣਾ ਸਾਡੇ ਸਿਰ ਇਹ ਅਹਿਸਾਨ ਕਰੋ ਮੈਂ ਮੋਹ ਮਾਇਆ ਦੀ ਕਾਇਆ ਹਾਂ ਮੈਨੂੰ ਪੱਥਰ ਤੋਂ ਭਗਵਾਨ ਕਰੋ ਤੁਸੀਂ ਦਿਨ ਦੇ ਵਾਂਗੂ ਚੜੇ ਰਹੋ ਅਸੀਂ ਰਾਤਾਂ ਬਣਕੇ ਜੀਅ ਲਾਂਗੇ ਤੁਸੀਂ ਚਾਨਣ ਦੇ ਘੁੱਟ ਭਰ ਲੈਣਾ ਅਸੀਂ ਦਰਦ ਹਨੇਰਾ ਪੀ ਲਾਂਗੇ ਸਾਡੀ ਮੱਸਿਆ ਪੀੜ ਹੈ ਪੁੰਨਿਆਂ ਦੀ ਸਾਡੇ ਦਰਦਾਂ ਦਾ ਸਨਮਾਨ ਕਰੋ ਮੈਂ ਮੋਹ ਮਾਇਆ ਦਾ ਕਾਇਆ ਹਾਂ ਮੈਨੂੰ ਪੱਥਰ ਤੋਂ ਭਗਵਾਨ ਕਰੋ
ਸਾਡੇ ਦੁੱਖਾਂ ਵਾਲੀ ਸੁਣ ਲੈ ਕਹਾਣੀ
ਸਾਡੇ ਦੁੱਖਾਂ ਵਾਲੀ ਸੁਣ ਲੈ ਕਹਾਣੀ ਦੁੱਖ ਸਾਨੂੰ ਨਿੱਤ ਡੱਸਦੇ ਜੇਹੜੀ ਨਾਲ ਘੜੀ ਤੇਰੇ ਮਾਣੀ ਉਹਦਾ ਸਾਨੂੰ ਮੁੱਲ ਦੱਸਦੇ ਉਮਰਾਂ ਦਾ ਪਾਣੀ ਚੰਨਾ ਲੱਕ ਲੱਕ ਆ ਗਿਆ ਬੂਟੜਾ ਜਵਾਨੀ ਵਾਲਾ ਜਾਪੇ ਕੁਮਲਾ ਗਿਆ ਤੇਰੇ ਨਾਂ ਤੇ ਇੰਤਕਾਲ ਕੀਤੇ ਬਾਕੀ ਜੇਹੜੇ ਦਿਨ ਬਚਦੇ ਤਾਰਿਆਂ ਤੋਂ ਸੱਖਣੀ ਏਂ ਜਿੰਦੜੀ ਦੀ ਰਾਤ ਵੇ ਗੋਰੇ ਚਿੱਟੇ ਬਦਲਾਂ ਤੋਂ ਕਾਹਦੀ ਬਰਸਾਤ ਵੇ ਪਾਰਾ ਬਣਕੇ ਯਾਦਾਂ ਦੇ ਤਾਰੇ ਹੱਡਾਂ ਵਿੱਚ ਜਾਣ ਰਚਦੇ ਤੇਰੀਆਂ ਮੁਹੱਬਤਾਂ ਦਾ ਬੂਟਾ ਜੋ ਸੀ ਪਾਲਿਆ ਸਮੇਂ ਦੀ ਸਿਉਂਕ ਉਹਨੂੰ ਜੜ੍ਹਾਂ ਤੋਂ ਹੀ ਖਾ ਲਿਆ ਹੀਰੇ ਵਰਗੀ ਜਵਾਨੀ ਜਿਥੇ ਵਾਰੀ ਨਿਕਲੇ ਉਹ ਨਗ ਕੱਚਦੇ ਜਦ ਵੀ ਖਿਆਲ ਆਵੇ ਤੇਰਿਆਂ ਕਰਾਰਾਂ ਦਾ ਮਾਤਮੀ ਜਲੂਸ ਦਿੱਸੇ ਬੀਤੀਆਂ ਬਹਾਰਾਂ ਦਾ ਜੇਹੜੇ ਲਾਉਣਗੇ ਹਵਾ ਸੰਗ ਯਾਰੀ ਅੱਗ ਵਾਂਗ ਰਹਿਣ ਮੱਚਦੇ ਦੋਸਤੀ ਦੀ ਦਾਰੂ ਵਿੱਚ ਨਸ਼ਾ ਨਿਰਾ ਸੋਗ ਦਾ ਇਸ਼ਕੇ ਦਾ ਫੁੱਲ ਕਦੀ ਉਮਰਾਂ ਨਹੀਂ ਭੋਗਦਾ ਸਾਡੇ ਕਫ਼ਨ ਲਈ ਕੱਢ ਫੁਲਕਾਰੀ ਫੁੱਲ ਪਾਕੇ ਬੀਤੇ ਸੱਚਦੇ ਸਾਂਝਾਂ ਵਾਲਾ ਸਾਕ ਹੁੰਦਾ ਵੰਗ ਨਹੀਂਉ ਕੱਚ ਦੀ ਬਰਫਾਂ ਦੇ ਸੇਕ ਸੰਗ ਅੱਗ ਨਹੀਂਉ ਮੱਚਦੀ ਜੇਹੜੇ ਬੱਦਲਾਂ ਦੀ ਕਰਦੇ ਸਵਾਰੀ ਉਹੀਓ ਬਣ ਪਾਣੀ ਵੱਸਦੇ ਜੇਹੜੀ ਨਾਲ ਘੜੀ ਤੇਰੇ ਮਾਣੀ ਉਹਦਾ ਸਾਨੂੰ ਮੁੱਲ ਦੱਸਦੇ ਸਾਡੇ ਦੁੱਖਾਂ ਵਾਲੀ ਸੁਣ ਲੈ ਕਹਾਣੀ ਦੁੱਖ ਸਾਨੂੰ ਨਿੱਤ ਡੱਸਦੇ
ਤੇਰੇ ਹਿਜਰਾਂ ਦਾ ਦਰਦ ਪੁਰਾਣਾ
ਤੇਰੇ ਹਿਜਰਾਂ ਦਾ ਦਰਦ ਪੁਰਾਣਾ ਹੰਝੂਆਂ ਦੇ ਭਾਅ ਵਿਕਿਐ ਹਵਾ ਵਾਂਗਰਾਂ ਕੋਲੋਂ ਦੀ ਲੰਘ ਜਾਣਾ ਹੰਝੂਆਂ ਦੇ ਭਾਅ ਵਿਕਿਐ ਤੇਰੇ ਜਿਹਾ ਜਦ ਵੀ ਦਿਨ ਚੜ੍ਹਿਆ ਸੂਰਜ ਆਪਣੀ ਧੁੱਪ ਤੋਂ ਡਰਿਆ ਇਹਨਾਂ ਕਿਰਨਾਂ ਨਾਂ ਸਾਥ ਨਿਭਾਣਾ ਹਵਾ ਤੇਰੀ ਜਦੋਂ ਗੱਲ ਹੈ ਕਰਦੀ ਧੁੱਪ ਚੇਤਰ ਦੀ ਹੌਕੇ ਭਰਦੀ ਮਹਿਕ ਵਾਂਗਰਾਂ ਫੁੱਲਾਂ ਨੇ ਮੁੱਕ ਜਾਣਾ ਸੰਝ ਦਾ ਸੂਰਜ ਲਏ ਉਬਾਸੀ ਹੋਰ ਵੀ ਗੂੜੀ ਹੋਏ ਉਦਾਸੀ ਰਾਤ ਸਿਰ ਤੇ ਕੋਈ ਨਾਂ ਟਿਕਾਣਾ ਚੰਨ ਰਾਤ ਦਾ ਈਕਣ ਚੜਿਆ ਸਿਲੇ 'ਚ ਜੀਕਣ ਬੱਚਾ ਮਰਿਆ ਮਾਂ ਤੱਤੜੀ ਨੂੰ ਮੂੰਹ ਨਹੀਂ ਵਿਖਾਣਾ ਰੂਹਾਂ ਦਾ ਪਰਛਾਵਾਂ ਲੱਭੀਏ ਅੰਬਰ ਦਾ ਸਿਰਨਾਵਾਂ ਲੱਭੀਏ ਅਸੀਂ ਤਾਰਿਆਂ 'ਚ ਰਲ ਮਿਲ ਜਾਣਾ ਹੁਣ ਤਾਂ ਈਕਣ ਦਿਨ ਲੰਘਾਈਏ ਆਪਣੇ ਸਿਵੇ ਦਾ ਸੇਕ ਹੰਢਾਈਏ ਜਿਵੇਂ ਯਾਰ ਦੀ ਮੁਕਾਣੇ ਪਵੇ ਜਾਣਾ ਸੰਸਕਾਰਾਂ ਦੀ ਧੁੱਪ ਤਿਖੇਰੀ ਸਾਂਝਾਂ ਦੀ ਛਾਂ ਮਿਲਦੀ ਜੇਹੜੀ ਵਾਂਗ ਬਦਲੀ ਸਿਰਾਂ ਤੋਂ ਲੰਘ ਜਾਣਾ ਹੰਝੂਆਂ ਦੇ ਭਾਅ ਵਿਕਿਐ ਤੇਰੇ ਹਿਜਰਾਂ ਦਾ ਦਰਦ ਪੁਰਾਣਾ
ਗੀਤੋ ਵੇ ਅਰਦਾਸ ਕਰੋ
ਗੀਤੋ ਵੇ ਅਰਦਾਸ ਕਰੋ ਮੁੱਕ ਜਾਵਣ ਲੋਕਾਂ ਦੇ ਦੋਖੀ ਜ਼ੁਲਮ ਜਬਰ ਦਾ ਨਾਸ ਕਰੋ ਫਸਲ ਕੁਆਰੀ ਦਾ ਜੋਬਨ ਲੁੱਟਦੇ ਮੇਹਨਤ ਤੇ ਜੋ ਗੜੇ ਨੇ ਸੁੱਟਦੇ ਪਰਦਾ ਉਹਨਾਂ ਦਾ ਫਾਸ਼ ਕਰੋ ਗੀਤੋ ਵੇ ਅਰਦਾਸ ਕਰੋ ਦਿਨ ਨੂੰ ਡਾਕੇ ਮਾਰਨ ਜੇਹੜੇ ਕਿਰਤ ਦੇ ਭੁੱਖੇ ਰੱਖਣ ਵੇਹੜੇ ਕਤਲ ਉਹਨਾਂ ਦੀ ਖਾਹਸ਼ ਕਰੋ ਗੀਤੋ ਵੇ ਅਰਦਾਸ ਕਰੋ ਉਹ ਕੰਜਕ ਜਿਦਾ ਬਾਬਲ ਗਹਿਣੇ ਵੀਰ ਦਾਜ ਲਈ ਵੇਚਣੇ ਪੈਣੇ ਉਹਦੇ ਸੁਪਨਿਆਂ ਦਾ ਬਨਵਾਸ ਕਰੋ ਗੀਤੋ ਵੇ ਅਰਦਾਸ ਕਰੋ ਲਹੂ ਦੇ ਅੱਥਰੂ ਰੋਂਦੀਆਂ ਮਾਵਾਂ ਮਾਰੇ ਪੁੱਤ ਦਾ ਕੀ ਸਿਰਨਾਵਾਂ ਹਾਜ਼ਰ ਹਰਫ਼ ਹਮੇਸ਼ ਉਸ ਦੁੱਖ ਦਾ ਅਹਿਸਾਸ ਕਰੋ ਗੀਤੋ ਵੇ ਅਰਦਾਸ ਕਰੋ ਲੋਕ-ਯੁੱਧ ਨੂੰ ਪੂਜਣ ਜਿਹੜੇ ਹੱਕਾਂ ਖਾਤਰ ਜੂਝਣ ਜਿਹੜੇ ਉਨ੍ਹਾਂ ਤੇ ਵਿਸ਼ਵਾਸ ਕਰੋ ਗੀਤੋ ਵੇ ਅਰਦਾਸ ਕਰੋ ਮੁੱਕ ਜਾਵਨ ਲੋਕਾਂ ਦੇ ਦੋਖੀ ਜ਼ੁਲਮ ਜਬਰ ਦਾ ਨਾਸ ਕਰੋ
ਕੱਚੇ ਘੜਿਆਂ ਜਿਹੇ ਯਾਰ
ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ ਕੱਚੇ ਘੜਿਆਂ ਜਿਹੇ ਯਾਰ ਜੇਹੜੇ ਖੁਰ ਜਾਣ ਦੇ ਤੇਰੇ ਨਾਲ ਹਾਂ ਹਮੇਸ਼ਾਂ ਜਿੰਦ ਜਾਨ ਵਾਂਗਰਾਂ ਕਦੀ ਇਕ ਵਾਰੀ ਮਿਲ ਇਨਸਾਨ ਵਾਂਗਰਾਂ ਜੇਹੜੇ ਅੱਗ ਕੋਲੋਂ ਡਰਦੇ ਨੇ ਮੁੜ ਜਾਣਦੇ ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ ਕਿਸੇ ਸੁੰਦਰਾਂ ਨੂੰ ਅੱਜ ਵਾਜ ਮਾਰ ਲੈਣ ਦੇ ਸਾਨੂੰ ਲੂਣਾ ਵਾਲਾ ਕਰਜ਼ਾ ਉਤਾਰ ਲੈਣ ਦੇ ਮਾਂ ਇਛਰਾਂ ਦੇ ਮੋਹ ਸੰਗ ਜੁੜ ਜਾਣ ਦੇ ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ ਤੁਹਮਤਾਂ ਦੇ ਨਾਗ ਸਾਨੂੰ ਨਿੱਤ ਡੱਸਦੇ ਪੀਕੇ ਜ਼ਹਿਰ ਦਾ ਪਿਆਲਾ ਅਸੀਂ ਰਹੇ ਹੱਸਦੇ ਖੱਲਾਂ ਪੁੱਠੀਆਂ ਲੁਹਾਕੇ ਜੱਗੋਂ ਤੁਰ ਜਾਣਦੇ ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ ਸਾਡੀ ਅੱਖ ਵਾਲੇ ਸੁਪਨੇ ਨੂੰ ਬਲ ਲੈਣ ਦੇ ਤੱਤੀ ਤਵੀ ਵਾਲਾ ਸੇਕ ਸਾਨੂੰ ਜਰ ਲੈਣ ਦੇ ਟੁੱਟੀ ਯਾਰੀ ਵਾਲੀ ਤੰਦ ਅੱਜ ਜੁੜ ਜਾਣ ਦੇ ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ ਮਾਛੀਵਾੜੇ ਵਿੱਚ ਯਾਰਾਂ ਬਾਰੇ ਲਿਖ ਲੈਣ ਦੇ ਜੀਂਦੇ ਨੀਹਾਂ ਵਿੱਚ ਚਿਣੇ ਜਾਣਾ ਸਿੱਖ ਲੈਣ ਦੇ ਜ਼ਾਲਮ, ਨਦੀਆਂ ਦੇ ਕੰਢੇ ਵਾਂਗ ਭੁਰ ਜਾਣਦੇ ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ ਮਿਲੇ ਮੌਤ ਮੁਕਲਾਵੇ ਵਾਲੀ ਰੀਝ ਵਾਂਗਰਾਂ ਡੁੱਲੇ ਖੂਨ ਜਿੱਥੇ ਫੁੱਟ ਪੈਣਾ ਬੀਜ ਵਾਂਗਰਾ ਰਹੇ ਸੱਜਣ ਉਡੀਕ ਸਾਨੂੰ ਤੁਰ ਜਾਣਦੇ ਜਿੰਦ ਤਰ ਲੈਣ ਦੇ ਤਨ ਰੁੜ ਜਾਣ ਦੇ
ਧੀਆਂ ਦਾ ਕਾਹਦਾ ਜੀਣਾ
ਧੀਆਂ ਦਾ ਕਾਹਦਾ, ਜੀਣਾ ਵੇ ਬਾਬਲ ਧੀਆਂ ਦਾ ਕਾਹਦਾ ਜੀਣਾ ਆਪਣੇ ਹੱਥੀਂ ਲਹੂ ਆਪਣੇ ਨੂੰ ਚੂਲੀਆਂ ਭਰ-ਭਰ ਪੀਣਾ ਵੇ ਬਾਬਲ ਧੀਆਂ ਦਾ ਕਾਹਦਾ ਜੀਣਾ ਧੀਆਂ ਦਾ ਜੰਮਣਾ ਧੁਰਦਾ ਸਰਾਪ ਵੇ ਧੀਆਂ ਜੰਮੇ ਤੋਂ ਮਰ ਜਾਂਦੇ ਨੇ ਬਾਪ ਵੇ ਆਪਣੀ ਪੱਗ ਬੇਗਾਨੇ ਪੈਰੀਂ ਉਮਰਾਂ ਲਈ ਹੋਣਾ ਹੀਣਾ ਵੇ ਬਾਬਲ ਸਾਡੇ ਤਾਂ ਵੇਹੜੇ ਵਿੱਚ ਕਿੱਕਰਾਂ ਦੇ ਰੁੱਖ ਵੇ ਧੀਆਂ ਦੇ ਮਾਮਲੇ ਉਮਰਾਂ ਦੇ ਦੁੱਖ ਵੇ ਜਿਉਂ ਜਿਉਂ ਧੀਆਂ ਨੇ ਵਧਣਾ ਫੁੱਲਣਾ ਮਾਪਿਆਂ ਦਾ ਔਖਾ ਜੀਣਾ ਵੇ ਬਾਬਲ ਸਾਡੇ ਤਾਂ ਵੇਹੜੇ ਵਿੱਚ ਉੱਗੀ ਧਰੇਕ ਵੇ ਧੀਆਂ ਤਾਂ ਤੋਰਨਾ ਸਿਵਿਆ ਦਾ ਸੇਕ ਵੇ ਤੋੜਕੇ ਆਪਣੇ ਮਾਸ ਦੀ ਬੋਟੀ ਗੈਰ-ਜਿਸਮ ਸੰਗ ਸੀਣਾ ਵੇ ਬਾਬਲ ਸਾਡੇ ਤੇ ਵੇਹੜੇ ਵਿੱਚ ਅੰਬੀਆਂ ਦੇ ਰੁੱਖ ਵੇ ਦੁਧੀਂ ਨਹਾਵਣ ਮਾਵਾਂ, ਜੰਮਦੇ ਨੇ ਪੁੱਤ ਵੇ ਪੁੱਤਾਂ ਦਾ ਜੰਮਣਾ ਧੁੱਪ ਚੇਤਰ ਦੀ ਸਾਡੇ ਲਈ ਹਾੜ ਮਹੀਨਾ ਵੇ ਬਾਬਲ ਧੀਆਂ ਦਾ ਕਾਹਦਾ, ਜੀਣਾ ਵੇ ਬਾਬਲ ਧੀਆਂ ਦਾ ਕਾਹਦਾ ਜੀਣਾ
ਰੋਂਦੀ ਰੂਹ ਹਾਣੀਆ
ਰੋਂਦੀ ਰੂਹ ਹਾਣੀਆ, ਜਿੰਦ ਜਾਨ ਹਾਣੀਆ ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ ਅਸੀਂ ਯਾਰਾਂ ਦੇ ਕਰਾਰਾਂ ਵਿੱਚੋਂ ਕੀ ਲੱਭੀਏ ਮੋਏ ਸੁਪਨੇ ਹਜ਼ਾਰਾਂ ਦੱਸ ਕਿਥੇ ਦੱਬੀਏ ਸਾਨੂੰ ਕਿਸੇ ਵੀ ਨਾ ਆਉਣਾ ਅੱਗ ਲਾਣ ਹਾਣੀਆ ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ ਅਸੀਂ ਕਬਰਾਂ ਦੇ ਕੁੱਜੇ ਵਾਂਗ ਖਾਲੀ ਹੀ ਰਹੇ ਰਹੀ ਝੂਠੀ ਇਹ ਉਡੀਕ ਕੋਈ ਆਪਣਾ ਕਹੇ ਸਾਡਾ ਹੋਇਆ ਨਾ ਇਹ ਹਾਣ ਪਰਵਾਨ ਹਾਣੀਆ ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ ਅਸੀਂ ਬੱਦਲਾਂ ਦੇ ਵਾਂਗ ਬਾਹਰੋਂ ਹੱਸਦੇ ਰਹੇ ਸੋਹਣੇ ਲੱਗਦੇ ਪਹਾੜ ਅਸੀਂ ਵੱਸਦੇ ਰਹੇ ਰੁਲੇ ਪੱਥਰਾਂ 'ਚ ਹੋਏ ਹਾਂ ਵੀਰਾਨ ਹਾਣੀਆ ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ ਪਿਆ ਅੰਬੀਆਂ ਨੂੰ ਬੂਰ ਅਸੀਂ ਤਕਦੇ ਰਹੇ ਸੁੱਕੇ ਕਾਨਿਆਂ ਦੇ ਵਾਂਗ ਕੋਲ ਮੱਚਦੇ ਰਹੇ ਕੋਈ ਕੋਇਲ ਵੀ ਨਾ ਸਕੀ ਪਹਿਚਾਣ ਹਾਣੀਆ ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ ਤੇਰਾ ਸਾਥ ਸਾਡਾ ਘਾਹ ਤੇ ਤਰੇਲ ਵਾਂਗਰਾਂ ਕਿਸੇ ਬੀਆਬਾਨ ਪੁਲ ਅਤੇ ਰੇਲ ਵਾਂਗਰਾਂ ਪਰਦੇਸੀਆਂ ਦਾ ਕਾਹਦਾ ਹੁੰਦੈ ਮਾਣ ਹਾਣੀਆ ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ ਤੇਰੀ ਜੂਹ ਵਿੱਚ ਆਏ ਅਸੀਂ ਕੂੰਜ ਵਾਂਗਰਾਂ ਕਿਸੇ ਉਡਦੇ ਜਹਾਜ਼ ਵਾਲੀ ਗੂੰਜ ਵਾਂਗਰਾਂ ਸਾਡਾ ਧਰਤੀ ਨਾ ਕੋਈ ਅਸਮਾਨ ਹਾਣੀਆ ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ
ਮੇਰੀਏ ਉਦਾਸ ਹੋਣੀਏਂ
ਮੇਰੀਏ ਉਦਾਸ ਹੋਣੀਏਂ ਪਾਵੇ ਧਰਤੀ ਵੀ ਗਮ ਦੀ ਕਹਾਣੀ ਬਿਰਖਾਂ ਦੇ ਬੁੱਲ੍ਹ ਸੁੱਕਗੇ ਸੁੱਕਾ ਅੰਬਰਾਂ ਦੀ ਅੱਖ ਵਿੱਚੋਂ ਪਾਣੀ ਸਿਰ ਤੇ ਪਹਾੜ ਦੁੱਖਾਂ ਦੇ, ਜਿੰਦ ਫੁੱਲਾਂ ਦੀ ਪੱਤੀ ਤੋਂ ਕੂਲੀ ਕੰਡਿਆਂ ਦੀ ਪੀੜ ਨਾ ਸਹੇ, ਲਿਖੀ ਕਰਮਾਂ 'ਚ ਮਿਲ ਗਈ ਸੂਲੀ ਵਰ੍ਹਿਆਂ ਦੇ ਨੀਲ ਮੱਥੇ ਤੇ, ਜਾਵੇ ਆਪਣੀ ਨਾ ਸ਼ਕਲ ਪਛਾਣੀ ਬਿਰਖਾਂ ਦੇ ਬੁੱਲ੍ਹ ਸੁੱਕਗੇ ਸੁੱਕਾ ਅੰਬਰਾਂ ਦੀ ਅੱਖ ਵਿੱਚੋਂ ਪਾਣੀ ਪਲਕਾਂ 'ਚ ਜੇਹੜਾ ਵੱਸਿਆ, ਖੂੰਨ ਰੱਜ ਕੇ ਜਿਗਰ ਦਾ ਪੀਤਾ ਕੱਢਕੇ ਕਲੇਜਾ ਖਾ ਗਿਆ, ਅਸੀਂ ਹੋਕੇ ਜਿੰਨਾ ਰੰਜ ਵੀ ਨਾ ਕੀਤਾ ਅੱਗ ਵਾਂਗੂ ਰਹੇ ਮੱਚਦੇ, ਸੇਕ ਆਪਣੇ ਤੋਂ ਸੜਗੀ ਜਵਾਨੀ ਬਿਰਖਾਂ ਦੇ ਬੁੱਲ੍ਹ ਸੁੱਕਗੇ ਸੁੱਕਾ ਅੰਬਰਾਂ ਦੀ ਅੱਖ ਵਿੱਚੋਂ ਪਾਣੀ ਯਾਰ ਅਸਾਂ ਦੁੱਧ ਮੰਨਿਆ, ਆਪੂੰ ਬਣਗੇ ਨਿਮਾਣੇ ਪਾਣੀ ਪਹਿਲਾਂ ਰਹੀ ਅੱਗ ਸਾੜਦੀ, ਫਿਰ ਅੰਗ ਅੰਗ ਭੰਨਿਆ ਮਧਾਣੀ ਮੇਟ ਦਿਤੀ ਹੋਂਦ ਆਪਣੀ, ਸਾਨੂੰ ਫਿਰ ਵੀ ਨਾ ਕਿਹਾ ਕਿਸੇ ਹਾਣੀ ਮੇਰੀਏ ਉਦਾਸ ਹੋਣੀਏਂ ਪਾਵੇ ਧਰਤੀ ਵੀ ਗਮ ਦੀ ਕਹਾਣੀ ਬਿਰਖਾਂ ਦੇ ਬੁੱਲ੍ਹ ਸੁੱਕਗੇ ਸੁੱਕਾ ਅੰਬਰਾਂ ਦੀ ਅੱਖ ਵਿੱਚੋਂ ਪਾਣੀ
ਰੋਕੇ ਵੇ ਕੋਈ ਰੋਕੇ
ਰੋਕੇ ਵੇ ਕੋਈ ਰੋਕੇ ਜਿੰਦ-ਕੂੰਜ ਦਾ ਮਾਸ ਮਖਮਲੀ ਬਾਜ ਬਿਰਹੋਂ ਦਾ ਨੋਚੇ ਮੌਸਮ ਦੀ ਇਹ ਕੈਸੀ ਨਿਘ ਹੈ ਮਾਤਮ ਜੱਫੀਆਂ ਪਾਵੇ ਮੌਸਮ ਕੋਲੋਂ ਕੇਹੜਾ ਪੁੱਛੇ ਹਰ ਪੱਤਾ ਕਿਉਂ ਕਰਲਾਵੇ ਮੌਸਮ ਨੂੰ ਅੱਜ ਕੇਹੜਾ ਆਖੇ ਚਿਤ ਯਾਰ ਮਿਲਣ ਨੂੰ ਲੋਚੇ ਬਾਝੋਂ ਤੇਰੇ ਖੁਸ਼ੀਆਂ ਯਾਰਾ ਜਿਉਂ ਕਬਰਾਂ ਦਾ ਹਾਸਾ ਜਾਂ ਕੋਈ ਸੌਣ ਮਹੀਨੇ ਵਿੱਚ ਵੀ ਰਹਿ ਜੇ ਰੁੱਖ ਪਿਆਸਾ ਰੁੱਤ-ਬਸੰਤੀ ਹਿਜ਼ਰਾਂ ਮਾਰੀ ਰੁੱਖ ਬਿਰਹਣ ਵਾਗ ਖਲੋਤੇ ਸਾਹਾਂ ਦੇ ਵਿੱਚ ਮਹਿਕ ਮਿਲਣ ਦੀ ਹੰਝੂਆਂ ਵਿੱਚ ਅਰਜੋਈ ਹੋਠਾਂ ਤੇ ਫਰਿਆਦ ਨਿਮਾਣੀ ਅੱਜ ਆਪਣਾ ਆਖੇ ਕੋਈ ਅੱਜ ਕਲ ਮੌਤ ਨਾ ਉਮਰਾਂ ਪੁੱਛਦੀ ਕਦ ਜਿੰਦ ਲੈਜੇ ਖੋਹ ਕੇ ਰੋਕੇ ਵੇ ਕੋਈ ਰੋਕੇ ਜਿੰਦ ਕੂੰਜ ਦਾ ਮਾਸ ਮਖਮਲੀ ਬਾਜ਼ ਬਿਰਹੋਂ ਦਾ ਨੋਚੇ
ਮਾਏ ਨੀ ਸੁਣ ਮੇਰੀਏ ਮਾਏ
ਮਾਏ ਨੀ ਸੁਣ ਮੇਰੀਏ ਮਾਏ ਦਿਲ ਦੀ ਧਰਤੀ ਜੰਗਲ ਸੰਘਣਾ ਜਿੱਥੇ ਗੂੜ੍ਹੇ ਗਮ ਦੇ ਸਾਏ ਨਾ ਕੋਈ ਸਾਵਣ ਸਾਡਾ ਹੋਇਆ ਨਾ ਰੁੱਤ ਮੇਰੇ ਆਈ ਖਾਨਗਾਹ ਜੋ ਵਿੱਚ ਉਜਾੜਾਂ ਨਾ ਕਿਸੇ ਜੋਤ ਜਗਾਈ ਨਾ ਕੋਈ ਦਿਲ ਦਾ ਮਹਿਰਮ ਮਿਲਿਆ ਨਾ ਕਿਸੇ ਦਰਦ ਵੰਡਾਏ ਮਾਏ ਨੀ ਸੁਣ ਮੇਰੀਏ ਮਾਏ ਇਕ ਅਗਨੀ ਜਿਲ੍ਹਾ ਰੰਗ ਗੁਲਾਬੀ ਕੱਦ ਚੰਦਨ ਦਾ ਬੂਟਾ ਰੂਪ ਜਿਦ੍ਹਾ ਚੜਦੇ ਦੀ ਲਾਲੀ ਸੂਰਜ ਪੈਜੇ ਝੂਠਾ ਇਕੋ ਕਿਰਨ ਪਿਆਰ ਦੀ ਮੰਗੀ ਕਾਸ਼ ਨਾ ਠੁਕਰਾਏ ਮਾਏ ਨੀ ਸੁਣ ਮੇਰੀਏ ਮਾਏ ਅਸੀਂ ਤਾਂ ਓਹਦੇ ਮਹਿਲਾਂ ਅੱਗੇ ਸਿਜਦਾ ਕਰਦੇ ਮੋਏ ਸ਼ਹਿਰ ਉਹਦੇ ਦੀ ਮਿੱਟੀ ਚੁੰਮੀ ‘ਪੌਣਾਂ’ ਗਲ ਲਗ ਰੋਏ ਜੋ ਵੀ ਚੇਹਰਾ ਤੇਰਾ ਲੱਗਿਆ ਅਸੀਂ ਰਾਹੀਂ ਨੈਣ ਵਿਛਾਏ ਮਾਏ ਨੀ ਸੁਣ ਮੇਰੀਏ ਮਾਏ ਸੁੱਕਾ ਰੁੱਖ ਦਰਿਆਵਾਂ ਕੰਢੇ ਕੀਕਣ ਪਿਆਸ ਬੁਝਾਏ ਨਾ ਕੋਈ ਉਹਦੀ ਛਾਵੇਂ ਬੈਠੇ ਨਾ ਚਾਨਣ ਗਲ ਲਾਏ ਦਰਿਆਵਾਂ ਦੇ ਨੀਰ ਨਾ ਘਟਦੇ ਜੇ ਪੰਛੀ ਹੋਣ ਤਿਹਾਏ ਮਾਏ ਨੀ ਸੁਣ ਮੇਰੀਏ ਮਾਏ ਉਹਦਾ ਰੂਪ ਸਮੁੰਦਰ ਵਰਗਾ ਲੱਖ ਦਰਿਆਵਾਂ ਆਣਾ ਐਪਰ ਸਾਡੇ ਵਾਂਗ ਕਿਸੇ ਨਾ ਗੀਤ ਦਰਦ ਦਾ ਗਾਣਾ ਰੋਜ਼ ਨਾ ਪੈਰੀਂ ਝਾਂਜਰ ਛਣਕੇ ਨਾ ਕੋਈ ਮਹਿੰਦੀ ਲਾਏ ਮਾਏ ਨੀ ਸੁਣ ਮੇਰੀਏ ਮਾਏ ਸਾਡੀ ਤਾਂ ਉਹਦੇ ਦਰ ਤੇ ਇੱਕੋ ਉਮਰਾਂ ਦੀ ਅਰਜੋਈ ਮੋਹ ਦਾ ਕਾਜਲ ਨੈਣੀਂ ਪਾ ਕੇ ਆਪਣਾ ਆਖੇ ਕੋਈ ਉਹਦੀ ਛੋਹ ਨੂੰ ਤਰਸੇ ਮੱਥਾ ਇਕ ਵਾਰੀ ਚੁੰਮ ਜਾਏ ਮਾਏ ਨੀ ਸੁਣ ਮੇਰੀਏ ਮਾਏ ਦਿਲ ਦੀ ਧਰਤੀ ਜੰਗਲ ਸੰਘਣਾ ਜਿੱਥੇ ਗੂੜ੍ਹੇ ਗਮ ਦੇ ਸਾਏ
ਰੂਹ ਦੀਆਂ ਪੀੜਾਂ
ਰੂਹ ਦੀਆਂ ਪੀੜਾਂ ਯਾਰੋ ਕੇਹੜਾ ਜਾਣਦੈ ਸੱਧਰਾਂ ਦੀ ਸੇਜ ਸੁੰਨੀ ਕੇਹੜਾ ਮਾਣਦੈ ਅਸੀਂ ਉਹ ਜੁਆਨੀ ਜੇਹੜੀ ਕਦੇ ਆਈ ਨਾ ਅਸੀਂ ਉਹ ਕਹਾਣੀ ਜੇਹੜੀ ਕਿਸੇ ਪਾਈ ਨਾ ਅਸੀਂ ਉਹ ਬਹਾਰਾਂ ਜਿਨੂੰ ਫੁੱਲਾਂ ਲੁੱਟਿਆ ਕੰਡਿਆਂ ਦੀ ਪੀੜ ਨੂੰ ਨਾ ਕਿਸੇ ਪੁੱਛਿਐ ਅਸੀਂ ਉਹ ਹਵਾਵਾਂ ਜਿਨੂੰ ਛਾਵਾਂ ਸਾੜਿਐ ਅਸੀਂ ਉਹ ਘਟਾਵਾਂ ਜਿਨੂੰ ਪਾਣੀ ਮਾਰਿਐ ਫੁੱਲ ਜੇਹੜੇ ਖਿੜਨੇ ਤੋਂ ਪਹਿਲਾਂ ਟੁੱਟ ਗਏ ਸਫਰ ਜੇਹੜੇ ਤੁਰਨੇ ਤੋਂ ਪਹਿਲਾਂ ਮੁੱਕ ਗਏ ਅਸੀਂ ਤਕਦੀਰ ਜੇਹੜੀ ਕਿਸੇ ਲਿਖੀ ਨਾ ਅਸੀਂ ਉਹ ਜ਼ੁਬਾਨ ਜੇਹੜੀ ਕਿਸੇ ਸਿਖੀ ਨਾ ਸਾਡੀਆਂ ਕਹਾਣੀਆਂ ਦੇ ਨਾਇਕ ਕੋਈ ਨਾ ਸਾਡੀਆਂ ਜੁਆਨੀਆਂ ਦੇ ਲਾਇਕ ਕੋਈ ਨਾ ਕੋਈ ਵੀ ਨਾ ਅੱਖਰ ਸਾਡੀ ਲਿਪੀ ਜਾਣਦੇ ਕੋਈ ਵੀ ਨਾ ਸ਼ਬਦ ਸਾਡੇ ਅਰਥ ਮਾਣਦੇ ਕੋਈ ਸੰਵਿਧਾਨ ਸਾਡੀ ਗੱਲ ਨਾ ਕਰੇ ਕੋਈ ਵੀ ਕਾਨੂੰਨ ਸਾਡੀ ਹਾਮੀ ਨਾ ਭਰੇ ਗਮ ਵੀ ਨਾ ਹੋਇਆ ਕਦੀ ਸਾਡੇ ਹਾਣ ਦਾ ਮੌਤ ਨਾਲੋਂ ਗੂੜਾ ਰੰਗ ਸਾਡੀ ਮੁਸਕਾਨ ਦਾ ਅਸੀਂ ਉਹ ਲਕੀਰ ਜੇਹੜੀ ਦੇਸ਼ ਵੰਡਦੀ ਦੋਹਾਂ ਦਿਆਂ ਸੀਨਿਆਂ ਨੂੰ ਚੀਰ ਲੰਘਦੀ ਅੱਖਾਂ ਵਿੱਚ ਅੱਥਰੂ ਤੇ ਮੂੰਹਾਂ ਤੇ ਵੀਰਾਨੀਆਂ ਸਮੇਂ ਦੀਆਂ ਪੀੜਾਂ ਸਾਥੋਂ ਸਹੀਆਂ ਨਹੀਂਓ ਜਾਣੀਆਂ ਮਰਨੇ ਤੋਂ ਪਹਿਲਾਂ ਸਾਨੂੰ ਜਿੰਦ ਮਾਰਿਆ। ਵਧੀਕੀਆਂ ਦੀ ਅੱਗ ਸਾਨੂੰ ਰੋਜ ਸਾੜਿਆ। ਰੋਏ ਜਦੋਂ ਅੰਬਰਾਂ ਦੇ ਗਲ ਲੱਗ ਕੇ ਟੁੱਟਿਆਂ ਕੋਈ ਤਾਰਾ ਸਾਡੇ ਸੀਨੇ ਵੱਜ ਕੇ। ਅੰਬਰਾਂ ਤੇ ਕੰਮ ਕੀ ਯਤੀਮ ਆਣਦਾ। ਦੇਖਿਆ ਤਮਾਸ਼ਾ ਯਾਰਾਂ ਜਾਂਦੀ ਜਾਨ ਦਾ ਰੂਹ ਦੀਆਂ ਪੀੜਾਂ ਯਾਰੋ ਕੇਹੜਾ ਜਾਣਦੈ। ਸਧਰਾਂ ਦੀ ਸੇਜ ਸੁੰਨੀ ਕੇਹੜਾ ਮਾਣਦੈ।
ਨਹੀਂਉ ਲੱਗਦਾ ਮੇਰਾ ਜੀ
ਸੱਜਣ ਮੇਰਾ ਨਹੀਂ ਲੱਗਦਾ ਨਹੀਂਉ ਲੱਗਦਾ ਮੇਰਾ ਜੀ ਸੱਜਣ ਮੈਨੂੰ ਦੱਸ ਦੇਵੀਂ ਤੂੰ ਲੱਗਦਾ ਮੇਰਾ ਕੀ ਰਾਤ ਰਾਤ ਭਰ ਤਾਰੇ ਗਿਣਦਾ ਇਕ ਵੀ ਨਾ ਆਪਣਾ ਤਾਰਾ ਕਿਸ ਤਾਰੇ ਨੂੰ ਗਲ ਨਾਲ ਲਾਵਾਂ ਦੂਰ ਤਾਂ ਮਿੱਤਰ ਪਿਆਰਾ ਚੰਨ ਕਟੋਰਾ ਚਾਨਣ ਭਰਿਆ ਘੁੱਟ ਘੁੱਟ ਕਰਕੇ ਪੀ ਸੱਜਣ ਮੇਰਾ ਨਹੀਂ ਲੱਗਦਾ ਨਹੀਂਉ ਲੱਗਦਾ ਮੇਰਾ ਜੀ ਧਰਤ ਸੁਹਾਵੀ ਵਰਗੇ ਦਿਲਬਰ ਮੈਂ ਬੱਦਲ ਅਸਮਾਨੀ ਪੌਣਾਂ ਦੇ ਸੰਗ ਉਡਦੇ ਉਡਦੇ ਬਿਰਥਾ ਗਈ ਜੁਆਨੀ ਮੈਂ ਪਾਣੀ ਤੂੰ ਧਰਤ ਪਿਆਸੀ ਕਿਣਮਿਣ ਕਣੀਆਂ ਪੀ ਨਹੀਂਉ ਲੱਗਦਾ ਮੇਰਾ ਜੀ ਤੂੰ ਚੰਦਨ ਤੂੰ ਕੇਸਰ ਅੜਿਆ ਬਾਗ ਬਹਿਸ਼ਤੀਂ ਮੇਵਾ ਜਦ ਸਾਹਾਂ ਦੀ ਪੱਤਰੀ ਫੋਲਾਂ ਨਿਕਲੇ ਤੇਰਾ ਟੇਵਾ ਤੇਰਾ ਸਾਥ ਨਸੀਬ ਜੇ ਹੋ ਜੇ ਦੋ ਪਲ ਲਵਾਂ ਮੈਂ ਜੀ ਨਹੀਂਉ ਲੱਗਦਾ ਮੇਰਾ ਜੀ ਆਪਣਾ ਦਰਦ ਅਸਾਨੂੰ ਬਖਸ਼ੀਂ ਸਾਨੂੰ ਦਰਦ ਪਿਆਰਾ ਏਸ ਜਨਮ ਵਿੱਚ ਲਾਹ ਨਹੀਂ ਸਕਦਾ ਤੇਰਾ ਕਰਜ਼ ਪਿਆਰਾ ਪੁਨਰ ਜਨਮ ਤੈਨੂੰ ਫੇਰ ਮਿਲਾਂਗਾ ਏਸ ਜਨਮ ਦਾ ਕੀ ਨਹੀਂਉ ਲੱਗਦਾ ਮੇਰਾ ਜੀ ਰੁੱਖ ਉਮਰ ਦਰਿਆ ਦਾ ਕੰਢਾ ਆਖਰ ਨੂੰ ਖੁਰ ਜਾਣਾ ਦਰ ਤੇਰੇ ਤੇ ਅਲਖ ਜਗਾ ਕੇ ਇਕ ਦਿਨ ਹੈ ਤੁਰ ਜਾਣਾ ਅੱਜ ਕੱਲ ਮੌਤ ਨਾ ਉਮਰਾਂ ਪੁਛਦੀ ਕੀ ਤੋਂ ਹੋ ਜੇ ਕੀ ਸੱਜਣ ਮੇਰਾ ਨਹੀਂ ਲੱਗਦਾ ਨਹੀਂਉ ਲੱਗਦਾ ਮੇਰਾ ਜੀ। ਸੱਜਣ ਮੈਨੂੰ ਦੱਸ ਦੇਵੀਂ ਤੂੰ ਲੱਗਦਾ ਮੇਰਾ ਕੀ