ਅਨੂਪ ਵਿਰਕ ਪੰਜਾਬ ਦੀ ਸਰਬ ਸਾਂਝੀ ਵਿਰਾਸਤ ਦਾ ਸੁਰੀਲਾ ਪੇਸ਼ਕਾਰ ਹੈ। ਉਸ ਨੇ ਆਪਣੀ ਕਾਵਿ ਯਾਤਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜ੍ਹਦਿਆਂ ਸ਼ੁਰੂ ਕੀਤੀ ਜਿੱਥੇ ਉਸ ਨੂੰ ਕੁਲਵੰਤ ਗਰੇਵਾਲ, ਸੁਤਿੰਦਰ ਸਿੰਘ ਨੂਰ, ਤ੍ਰੈਲੋਚਨ, ਰਵਿੰਦਰ ਭੱਠਲ ਤੇ ਸੁਰਜੀਤ ਪਾਤਰ ਦੀ ਸੰਗਤ ਮਿਲੀ।
ਅਨੂਪ ਵਿਰਕ ਦਾ ਜਨਮ 21 ਮਾਰਚ 1946 ਨੂੰ ਪਿੰਡ ਨੱਡਾ (ਜ਼ਿਲ੍ਹਾ ਗੁਜਰਾਂਵਾਲਾ) ਵਿੱਚ ਹੋਇਆ ਜੋ ਦੋਧੇ ਦੰਦਾਂ ਦੀ ਉਮਰੇ ਪਾਕਿਸਤਾਨ ਵਿੱਚ ਰਹਿ ਗਿਆ।
15 ਅਕਤੂਬਰ 2023 ਨੂੰ ਅਮਰੀਕਾ ਦੇ ਮੋਡੈਸਟੋ (ਕੈਲੇਫੋਰਨੀਆ) ਸੂਬੇ ਵਿੱਚ ਸਦੀਵੀ ਵਿਛੋੜਾ ਦੇਣ ਵਾਲੇ ਵਿਰਕ ਨੇ ਕਿਰਤੀ ਕਾਲਿਜ ਨਿਆਲ ਪਾਤੜਾਂ (ਪਟਿਆਲਾ) ਸਰਕਾਰੀ ਰਣਬੀਰ ਕਾਲਜ, ਸੰਗਰੂਰ, ਰਿਪੁਦਮਨ ਕਾਲਜ, ਨਾਭਾ ਅਤੇ ਮਹਿੰਦਰਾ ਕਾਲਜ ਪਟਿਆਲਾ ਵਿੱਚ ਵੀ ਪੜ੍ਹਾایا।
ਪਹਿਲੀ ਕਾਵਿ ਪੁਸਤਕ 'ਅਨੁਭਵ ਦੇ ਅੱਥਰੂ' 1971 ਵਿੱਚ, 'ਪੌਣਾਂ ਦਾ ਸਿਰਨਾਵਾਂ' 1981 ਵਿੱਚ, 'ਪਿੱਪਲ ਦਿਆ ਪੱਤਿਆ ਵੇ' 1991, 'ਦਿਲ ਅੰਦਰ ਦਰਿਆਉ' 1993, ਮਾਟੀ ਰੁਦਨ ਕਰੇਂਦੀ ਯਾਰ 1993, ਦੁੱਖ ਦੱਸਣ ਦਰਿਆ 1998 ਤੇ ਜੂਨ 2014 ਵਿੱਚ ਚੋਣਵੀਂ ਕਾਵਿ ਪੁਸਤਕ 'ਹਾਜ਼ਰ ਹਰਫ਼ ਹਮੇਸ਼' ਛਪੀ। ਅਨੂਪ ਵਿਰਕ ਦੀ ਵਾਰਤਕ ਪੁਸਤਕ ਰੂਹਾਂ ਦੇ ਰੂਬਰੂ ਕਮਾਲ ਦੀ ਰਚਨਾ ਹੈ।
ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ 'ਸ੍ਰੋਮਣੀ ਪੰਜਾਬੀ ਕਵੀ ਪੁਰਸਕਾਰ' ਉਸਨੂੰ 2001 ਵਿੱਚ ਮਿਲਿਆ ਸੀ। ਪ੍ਰੋਃ ਅਨੂਪ ਵਿਰਕ ਦੋ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵੀ ਰਹੇ। — ਗੁਰਭਜਨ ਗਿੱਲ