Punjabi Kavita
  

Kafian : Hashmat Shah

ਕਾਫ਼ੀਆਂ ਹਸ਼ਮਤ ਸ਼ਾਹ1. ਮੈਨੂੰ ਸੋਹਣੇ ਦੀ ਜ਼ੁਲਫ਼ ਸਿਆਹ ਦੀ ਕਸਮ

ਮੈਨੂੰ ਸੋਹਣੇ ਦੀ ਜ਼ੁਲਫ਼ ਸਿਆਹ ਦੀ ਕਸਮ ਕਰਦੀ ਬਿਸਮਲ ਦਿਲਾਂ ਨੂੰ ਖ਼ੁਦਾ ਦੀ ਕਸਮ ਕਿਤੇ ਸੰਗਲ ਗਜ਼ਬ ਦੇ ਲਗਾਂਵਦੀ ਰਹੀ ਕਿਤੇ ਡੰਗ ਨਾਗ ਬਣਕੇ ਚਲਾਂਵਦੀ ਰਹੀ ਕਿਤੇ ਤਲਵਾਰ ਬਣਕੇ ਡਰਾਂਵਦੀ ਰਹੀ ਇਕ ਨਾ ਇਕ ਜ਼ੁਲਮ ਆਸ਼ਕ ਤੇ ਢਾਂਵਦੀ ਰਹੀ ਦਿਲੋਂ ਖਾਹਦੀ ਹੈ ਸਾਡੀ ਕਜ਼ਾ ਦੀ ਕਸਮ ਗਿਰਦ ਜੋਬਨ ਦੇ ਪਹਿਰੇ ਸਿਪਾਹੀ ਖੜੇ ਕੀਤੇ ਜ਼ਖਮੀ ਜਿਨ੍ਹਾਂ ਮਿਰਗ ਮਾਹੀ ਖੜੇ ਹੋਕੇ ਕੈਦੀ ਮੁਸਾਫ਼ਰ ਰਾਹੀ ਖੜੇ ਫੜ ਲਏ ਬੇਖਤਾ ਯਾ ਇਲਾਹੀ ਖੜੇ ਸਦਕੇ ਨੈਣਾਂ ਦੇ ਤਿਰਛੀ ਨਿਗਾਹ ਦੀ ਕਸਮ ਆਖੇ ਮੁਲਾਂ ਓ ਮਜਨੂੰ ਸ਼ਰੀਅਤ ਤੋਂ ਡਰ ਛਡ ਦੇ ਲੈਲਾ ਨੂੰ ਜਨਤ 'ਚ ਜਾ ਬੇਖ਼ਤਰ ਆਖੇ ਮਜਨੂੰ ਕੀ ਆਸ਼ਕ ਤੇ ਪੁਛਦਾ ਮਗਰ ਲਖਾਂ ਜੰਨਤ ਦੇਵਾਂ ਫੜਕੇ ਕੁਰਬਾਨ ਕਰ ਮੈਨੂੰ ਲੈਲਾ ਦੀ ਬਾਂਕੀ ਅਦਾ ਦੀ ਕਸਮ ਲਾਕੇ ਆਸ਼ਕ ਕਦੇ ਫੇਰ ਮੁੜਦਾ ਨਹੀਂ ਖੜਕੇ ਦਿਲਦਾਰ ਤੇ ਦਰ ਤੇ ਟੁਰਦਾ ਨਹੀਂ ਕਸਮ ਸ਼ੀਸ਼ੇ ਨੂੰ ਹੈ ਟੁਟਕੇ ਜੁੜਦਾ ਨਹੀਂ ਸ਼ਮਾ ਨੂੰ ਦੇਖ ਪਰਵਾਨਾ ਉਡਦਾ ਨਹੀਂ ਜਲ ਕੇ ਮਰ ਜਾਣਾ ਉਸ ਬੇ-ਨਵਾ ਦੀ ਕਸਮ

2. ਪਲੜਾ ਚੁਕ ਕੇ ਘੁੰਘਟ ਦਾ ਮੁਖੜਾ ਯਾਰ ਦਿਖਾ ਕੇ ਜਾ

(ਬਤਰਜ਼-ਯਾਦ ਨ ਕਰ ਦਿਲੇ ਹਜ਼ੀਂ ਗੁਜ਼ਰੀ ਹੁਈ ਕਹਾਣੀਆਂ) ਪਲੜਾ ਚੁਕ ਕੇ ਘੁੰਘਟ ਦਾ ਮੁਖੜਾ ਯਾਰ ਦਿਖਾ ਕੇ ਜਾ ਦਰ ਤੇ ਖੜੇ ਫਕੀਰ ਦੀ ਆਸ ਨਾ ਦਿਲਦੀ ਢਾ ਕੇ ਜਾ ਹਸਰਤ ਮੇਰੀ ਨਿਤਾਰ ਦੇ, ਜ਼ੁਲਫ਼ਾਂ ਦੇ ਪੇਚ ਸਿੰਗਾਰ ਦੇ, ਪ੍ਰੇਮ ਦੀ ਠੋਕਰ ਯਾਰ ਦੇ, ਕਬਰ ਦੀ ਖ਼ਾਕ ਉਡਾਕੇ ਜਾ ਸਦਕਾ ਅਪਣੀ ਤੇਗ਼ ਦਾ, ਮੰਨ ਸ਼ਹੀਦਾਂ ਦਾ ਵਾਸਤਾ ਤੜਫਦਾ ਛਡ ਨਾ ਕਾਤਲਾ, ਝਗੜਾ ਮੇਰਾ ਮੁਕਾ ਕੇ ਜਾ ਆਯਾ ਪਤੰਗ ਹਾਂ ਦੂਰ ਤੇ, ਆਸ਼ਕ ਸ਼ਮਾ ਦੇ ਨੂਰ ਤੇ, ਬੁਝ ਗਈ ਕਿਸ ਕਸੂਰ ਤੇ ਮੈਨੂੰ ਠਿਕਾਣੇ ਲਗਾ ਕੇ ਜਾ ਪਰਦਾ ਚੁਕ ਦੀਦਾਰ ਦੇ, ਤਾਲਬ ਦੀਦ ਹੈਂ ਖੜੇ, ਮੂਸਾ ਨਹੀਂ ਜੋ ਚੁਪ ਰਹੇ ਸੌ ਸੌ ਵਾਰ ਅਜ਼ਮਾ ਕੇ ਜਾ ਹਸ਼ਮਤਸ਼ਾਹ ਹੈ ਬੇਕਰਾਰ, ਬਾਗ਼ ਦੇ ਵਿਚ ਲੰਘ ਓ ਯਾਰ, ਨਰਗਸ ਖੜਾ ਉਮੀਦਵਾਰ ਫੁਲਾਂ ਨੂੰ ਮਸਤ ਬਣਾਕੇ ਜਾ

3. ਦੀਨ ਤੇ ਈਮਾਨ ਮੇਰਾ ਸੋਹਣੇ ਨੇ ਲੁਟਿਆ ਹਾਏ

(ਬਤਰਜ਼-ਕਜਲੇ ਦੀ ਧਾਰ ਲਾ ਕੇ ਅਖੀਆਂ ਨੇ ਪਟਿਆ ਮਾਏ) ਦੀਨ ਤੇ ਈਮਾਨ ਮੇਰਾ ਸੋਹਣੇ ਨੇ ਲੁਟਿਆ ਹਾਏ ਸੀਨੇ ਤੇ ਤੀਰ ਖ਼ੂਨੀ ਨੈਣਾਂ ਦਾ ਛੁਟਿਆ ਹਾਏ ਸੋਹਣਿਆ ਤੂੰ ਨਾ ਕਰ ਜ਼ੋਰੀ, ਬਰਛੀ ਤੈਂ ਮਾਰੀ ਚੋਰੀ, ਨਾਜ਼ਕ ਸੀ ਦਿਲ ਦਾ ਸ਼ੀਸ਼ਾ ਜ਼ਰਬਾਂ ਨਾਲ ਫਟਿਆ ਹਾਏ ਆਸਾਂ ਦੀ ਕਟਕੇ ਡੋਰੀ, ਮੁਦਤਾਂ ਦੀ ਲਗੀ ਹੋਈ ਤੋੜੀ, ਦੁਖਾਂ ਨਾਲ ਪਾਲਿਆ ਬੂਟਾ ਨੈਣਾਂ ਨੇ ਪਟਿਆ ਹਾਏ ਚਸ਼ਮਾਂ ਨੇ ਕਰਕੇ ਕਾਰੀ, ਸੀਨੇ ਤੇ ਬਰਛੀ ਮਾਰੀ, ਜ਼ੁਲਫ਼ਾਂ ਨੇ ਸੰਗਲ ਪਾਕੇ ਮਿਰਗਾਂ ਨੂੰ ਜੁਟਿਆ ਹਾਏ ਸੋਹਣਿਆਂ ਛਡਦੇ ਬੇਪ੍ਰਵਾਹੀਆਂ, ਆਸ਼ਕ ਨਾਲ ਨਾਜ਼ ਅਦਾਈਆਂ, ਨਖ਼ਰੇ ਦੀ ਛੁਰੀ ਚਲਾ ਕੇ ਜ਼ਖਮੀ ਕਰ ਸੁਟਿਆ ਹਾਏ ਹਸ਼ਮਤ ਨੂੰ ਛਡ ਤੜਫੌਣਾ, ਮੁੜਕੇ ਨਹੀਂ ਜਗ ਤੇ ਔਣਾ, ਪੰਛੀ ਇਹ ਰੂਹ ਦਾ ਜਿਸ ਦਮ ਪਿੰਜਰੇ ਚੋਂ ਛੁਟਿਆ ਹਾਏ

4. ਡਿਉੜ

ਮਸਤਾਂ ਦੇ ਸਾਕੀ ਅਜ ਬੇੜੇ ਤਰਾਈ ਜਾਂਦਾ, ਭਰ ਭਰ ਪਿਲਾਈ ਜਾਂਦਾ ਜਾਮ ਜ਼ਹੂਰ ਵਾਲੀ ਨਹਿਰ ਚਲਾਈ ਜਾਂਦਾ, ਬਦਲੀ ਬਰਸਾਈ ਜਾਂਦਾ ਜ਼ੁਲਫ਼ਾਂ ਦੇ ਸੰਗਲ ਪਾਕੇ, ਅਬਰੂ ਦੀ ਬਰਛੀ ਲਾਕੇ, ਨੈਣਾਂ ਦੇ ਤੀਰ ਚਲਾਕੇ, ਚਿੜੀਆਂ ਦੇ ਕੋਲੋਂ ਖ਼ੂਨੀ ਬਾਜ਼ ਕੁਹਾਈ ਜਾਂਦਾ, ਕਤਲ ਮਚਾਈ ਜਾਂਦਾ ਬੇਪਰਵਾਹ ਦੇ ਚਾਲੇ, ਗੂਹੜੀਆਂ ਰਮਜ਼ਾਂ ਵਾਲੇ, ਸੋਹਣੇ ਬੇਹਦ ਮਤਵਾਲੇ, ਮਿਟੀ ਦਾ ਜ਼ਰਾ ਸੂਰਜ ਨਾਲੋਂ ਚਮਕਾਈ ਜਾਂਦਾ, ਤੌਰ ਜਲਾਈ ਜਾਂਦਾ ਦੱਸਾਂ ਕੀ ਸ਼ਾਨ ਉਸਦਾ, ਆਸ਼ਕ ਰਹਿਮਾਨ ਉਸਦਾ, ਜ਼ਾਮਨ ਕੁਰਾਨ ਉਸਦਾ, ਨੈਣਾਂ ਤੋਂ ਛਪਕੇ ਖ਼ੂਨੀ ਤੀਰ ਚਲਾਈ ਜਾਂਦਾ, ਬਿਜਲੀ ਗਰਾਈ ਜਾਂਦਾ ਸੋਹਣਾ ਜਦ ਸੈਰ ਨੂੰ ਆਂਦਾ, ਕਿਆਮਤ ਦੀ ਸ਼ਾਨ ਵਖਾਂਦਾ, ਕਸਮ ਬਾਜ਼ਨੀ ਫਰਮਾਂਦਾ, ਕਬਰਾਂ ਦੇ ਮੁਰਦੇ ਠੋਕਰ ਮਾਰ ਜਗਾਈ ਜਾਂਦਾ, ਅਰਸ਼ ਹਲਾਈ ਜਾਂਦਾ ਹਸ਼ਮਤ ਕੀ ਗਲ ਸੁਣਾਵੇ, ਸੋਹਣਾ ਜਦ ਕਰਮ ਕਮਾਵੇ, ਬਰਦਿਆਂ ਨੂੰ ਤਖਤ ਬਹਾਵੇ, ਆਤਸ਼ ਖਲੀਲ ਤਾਈਂ ਜੰਨਤ ਬਨਾਈ ਜਾਂਦਾ, ਜਲਵਾ ਦਖਾਈ ਜਾਂਦਾ

5. ਅੱਖੀਆਂ

ਅੱਖੀਆਂ ਦੇ ਦੇਖਣੇ ਨੂੰ ਬੇਤਾਬ ਹੋਣ ਅਖੀਆਂ ਜ਼ਖਮੀ ਦਿਲਾਂ ਤੇ ਵਧ ਵਧ ਨਸ਼ਤਰ ਚੁਭੋਨ ਅਖੀਆਂ ਬਣਕੇ ਹਬੀਬ ਜਿਤ ਵਲ ਲੜ ਅਪਨਾ ਜੋੜ ਦੇਵਣ, ਬਹਿਰ ਗ਼ਮਾਂ ਦੇ ਵਿਚ ਕਿਸ਼ਤੀ ਹਸ ਕੇ ਰੋੜ੍ਹ ਦੇਵਣ, ਹੰਝੂਆਂ ਦੇ ਤਾਰ ਮੋਤੀ ਤਸਬੀ ਪਰੋਨ ਅਖੀਆਂ ਰੰਗੀਆਂ ਗਜ਼ਬ ਰੰਗ ਵਿਚ ਨਿਤ ਰਹਿੰਦੀਆਂ ਗੁਲਾਬੀ, ਮਸਤੀ 'ਚ ਮਸਤ ਹੋਈਆਂ ਇਹ ਬੇਖਬਰ ਸ਼ਰਾਬੀ, ਯਾਕੂਬ ਕਿਤੇ ਬਨ ਕੇ ਯੂਸਫ ਨੂੰ ਮਰਵੌਣ ਅਖੀਆਂ ਅਖੀਆਂ ਤੇ ਕਿਤੇ ਅਖੀਆਂ ਕਾਤਲ ਹੋ ਬਹਿੰਦੀਆਂ ਨੇ, ਕਿਤੇ ਬਨਕੇ ਦਰਦਮੰਦ ਜਾ ਕਦਮਾਂ ਤੇ ਢਹਿੰਦੀਆਂ ਨੇ, ਕਿਤੇ ਨੋਕ ਸੂਲੀ ਉਪਰ ਹਸ ਹਸ ਖਲੋਨ ਅਖੀਆਂ ਮਹਿਮਲ 'ਚ ਛੁਪਕੇ ਹਸ਼ਮਤ ਮੁਖੜਾ ਕਿਤੇ ਛਪਾਵਨ, ਕੁਤਿਆਂ ਦੇ ਪੈਰ ਚੁੰਮ ਕੇ ਦਿਲ ਦੀ ਲਗੀ ਬੁਝਾਵਨ, ਖੁਦ ਆਪ ਜ਼ਖਮ ਕਰਕੇ ਰੋ ਰੋ ਕੇ ਧੋਣ ਅਖੀਆਂ

6. ਵਿਚ ਇਸਦੇ ਫਰਕ ਨਹੀਂ ਤਿਲ ਦਾ

ਵਿਚ ਇਸਦੇ ਫਰਕ ਨਹੀਂ ਤਿਲ ਦਾ, ਖੁਦ ਜਾਨਦਾ ਭੇਦ ਖੁਦਾ ਦਿਲ ਦਾ ਖੁਲ ਜਾਂਦੀ ਗੰਢ ਹਕੀਕਤ ਦੀ, ਹੁੰਦਾ ਦਿਲ ਦੇ ਅੰਦਰ ਰਾਹ ਦਿਲ ਦਾ ਵਾਹ ਚੋਰਾ ਕੀ ਦਸਤੂਰ ਕੀਤਾ, ਦਿਨ ਦੀਵੀਂ ਲੁਟ ਮਜਬੂਰ ਕੀਤਾ ਦਿਲ ਕਢ ਲਿਆ ਸੀਨਾ ਚੂਰ ਕੀਤਾ, ਦਿਤਾ ਸਾਫ ਨਿਸ਼ਾਨ ਮਿਟਾ ਦਿਲ ਦਾ ਹਨੇਰੀ ਝੁਲ ਗਈ ਵਿਚ ਫਲ ਡਾਲੀ ਦੇ, ਖੁਸੇ ਪਰ ਬੁਲਬੁਲ ਮਤਵਾਲੀ ਦੇ, ਕਹਿਨੇ ਲਗਕੇ ਹਸਨ ਦੇ ਮਾਲੀ ਦੇ, ਦਿਤਾ ਆਪੇ ਹੀ ਬਾਗ਼ ਲੁਟਾ ਦਿਲ ਦਾ ਇਕ ਜਗ ਦੇ ਵਿਚ ਬੇਜ਼ਾਰ ਹੋਯਾ, ਦੂਜਾ ਯਾਰ ਦਾ ਨਾ ਦੀਦਾਰ ਹੋਯਾ, ਤੀਜਾ ਰਬ ਤੋਂ ਬੀ ਗੁਨਾਹਗਾਰ ਹੋਯਾ, ਕਹਿਣਾ ਮਨ ਕ ਬੇਪਰਵਾਹ ਦਿਲ ਦਾ ਕਾਹਨੂੰ ਲਭਦਾ ਮਸਜਦ ਮੰਦਰ ਤੂੰ, ਕਰ ਖਾਲੀ ਅਪਣਾ ਅੰਦਰ ਤੂੰ, ਬਣ ਜਾਵੀਂ ਮਸਤ ਕਲੰਦਰ ਤੂੰ, ਵਿਚੋਂ ਝਗੜਾ ਸਾਫ਼ ਮੁਕਾ ਦਿਲ ਦਾ ਛਡ ਲੁਕਨ ਛਿਪਨ ਦੀਆਂ ਘਾਤਾਂ ਨੂੰ, ਚੋਰੀ ਦਾ ਲਾਵਣਾ ਉਠ ਰਾਤਾਂ ਨੂੰ, ਛਡ ਉਰਲੀਆਂ ਪਰਲੀਆਂ ਬਾਤਾਂ ਨੂੰ, ਕਿੱਸਾ ਯਾਰ ਨੂੰ ਅਸਲ ਸੁਣਾ ਦਿਲ ਦਾ ਕੁਛ ਹੋਣਾ ਤੇ ਛਡ ਦੇ ਹੋਣੇ ਨੂੰ ਕਿੱਨ ਪੁਛਣਾ ਨਹੀਂ ਰੋਣ ਧੋਣੇ ਨੇ ਜੇ ਤੂੰ ਰਾਜ਼ੀ ਕਰਨਾ ਸੋਹਣੇ ਨੂੰ, ਉਠ ਕਰ ਨਜ਼ਰਾਨਾ ਜਾ ਦਿਲ ਦਾ ਵੇਲਾ ਗੁਜ਼ਰਿਆ ਹਥ ਨਹੀਂ ਆਵਣਾ ਏਂ, ਪਿਛੋਂ ਰੋ ਰੋ ਪਿਆ ਪਛਤਾਵਨਾ ਏਂ, ਜੇ ਤੂੰ ਦਿਲਬਰ ਯਾਰ ਨੂੰ ਪਾਵਣਾ ਏਂ, ਖਹਿੜਾ ਛਡਦੇ ਤੂੰ ਹਸ਼ਮਤ ਸ਼ਾਹ ਦਿਲ ਦਾ

7. ਦਿਲਦਾਰ ਹੁਸਨ ਦਾ ਮਤਵਾਲਾ

ਦਿਲਦਾਰ ਹੁਸਨ ਦਾ ਮਤਵਾਲਾ ਹਰ ਹਰ ਵਿਚ ਝੋਕ ਬਸਾ ਬੈਠਾ ਕਿਤੇ ਤੂਰ ਤੇ ਬਸਤਰ ਲਾ ਬੈਠਾ, ਕਿਤੇ ਸੂਲੀ ਤੇ ਯਾਰ ਮਨਾ ਬੈਠਾ ਫਾਇਨਮਾ ਤੇ ਤੂ ਆਖ ਕਿਤੇ ਨਹਨੋ ਅਕਰਬ ਵਿਚ ਜਾ ਬੈਠਾ ਕਿਤੇ ਬਣਿਆ ਇਮਾਮ ਜਾ ਵਿਚ ਮਸਜਦ ਬੁਤਖ਼ਾਨੇ ਤਿਲਕ ਲਗਾ ਬੈਠਾ ਕੋਈ ਐਹਦੋਂ ਐਹਮਦ ਬਨ ਸਰਵਰ ਰਫਰਫ ਦੀ ਵਾਗ ਉਠਾ ਬੈਠਾ ਸ਼ਬ ਰਾਤ ਮਾਅਰਾਜ ਉਡੀਕ ਅੰਦਰ, ਕੋਈ ਬਾਗ਼ ਬਹਿਸ਼ਤ ਸਜਾ ਬੈਠਾ ਸਖ਼ੀ ਪਾਕ ਹੁਸੈਨ ਸੀ ਅਬਨ ਅਲੀ ਸਚਾ ਇਸ਼ਕ ਖ਼ੁਦਾ ਨਾਲ ਲਾ ਬੈਠਾ ਕੀਤਾ ਸਬਰ ਸ਼ੁਕਰ ਵਿਚ ਕਰਬਲ ਦੇ ਗੋਦੀ ਵਿਚ ਫਰਜ਼ੰਦ ਕੁਹਾ ਬੈਠਾ ਸਖ਼ੀ ਗੌਸੁੱਲਾਜ਼ਮ ਜੀਲਾਨੀ ਸੁਨ ਹਸ਼ਮਤ ਸ਼ਾਹ ਦੀਆਂ ਅਰਜ਼ਾਂ ਨੂੰ ਸਾਨੂੰ ਕੁਠਕੇ ਹਿੰਦੁਸਤਾਨ ਅੰਦਰ ਸੋਹਣਾ ਵਿਚ ਬਗ਼ਦਾਦ ਦੇ ਜਾ ਬੈਠਾ

8. ਵਾਹ ਮਸੱਵਰਾ ਇਹ ਮੂਰਤਾਂ ਬਨਾਵਣ ਵਾਲਿਆ

ਵਾਹ ਮਸੱਵਰਾ ਇਹ ਮੂਰਤਾਂ ਬਨਾਉਣ ਵਾਲਿਆ ! ਮਿਟੀ ਵਿਚ ਜਲਵੇ ਨੂਰ ਦੇ ਚਮਕਾਉਣ ਵਾਲਿਆ ! ਪਹਿਲੀ ਮੂਰਤ ਅਪਨੇ ਵਰਗੀ ਦੇਖਕੇ ਬਨਾਈ ਤੈਂ, ਅਪਨੇ ਉਤੋਂ ਆਪੇ ਜਾਨ ਵਾਰ ਕੇ ਦਿਖਾਈ ਤੈਂ, ਆਸ਼ਕ ਹੋਕੇ ਅਰਸ਼ ਫਰਸ਼ ਵਾਲੀ ਮੌਜ ਲਾਈ ਤੈਂ, ਗਫਲਤ ਵਿਚੋਂ ਖ਼ਲਕਤ ਮਾਰ ਠੋਕਰਾਂ ਜਗਾਈ ਤੈਂ ਬੁਰਕਾ ਮੀਮ ਪਾਕੇ ਜਗ ਨੂੰ ਭਰਮਾਉਣ ਵਾਲਿਆ ਜਦੋਂ ਮੂਰਤਾਂ ਦਾ ਸ਼ੌਕ ਦਿਲ ਦੇ ਵਿਚ ਬਹਿ ਗਿਆ, ਬਹੁਤ ਮੂਰਤਾਂ ਬਨਾਈਆਂ ਡਾਢਾ ਸ਼ੋਰ ਪੈ ਗਿਆ ਖਾਕੀ ਮੂਰਤ ਦੇਖ ਨੂਰੀਆਂ ਦਾ ਮਾਨ ਢਹਿ ਗਿਆ, ਝੁਕ ਜਾਓ ਅਗੇ ਉਸਦੇ ਮੂਰਤਾਂ ਨੂੰ ਆਪ ਕਹਿ ਗਿਆ ਆਪ ਆਖ ਕੇ ਅਲਸਤ ਪਰਦਾ ਪਾਉਣ ਵਾਲਿਆ ਅਪਣੀ ਹਟੀ ਵਿਚ ਮੂਰਤਾਂ ਸਜਾ ਕੇ ਦਸਦਾ, ਸੋਹਣੀ ਮੂਰਤੀ ਜੇਹੜੀ ਉਹਦੇ ਵਿਚ ਨਹੀਓਂ ਵਸਦਾ ਹੋਈਆਂ ਮੂਰਤਾਂ ਜ਼ਿਆਦਾ ਹਟੀ ਛਡ ਨਸਦਾ, ਸ਼ੁਗਲ ਮੂਰਤਾਂ ਦੇ ਦੇਖ ਉਹਲੇ ਬਹਿ ਬਹਿ ਹਸਦਾ ਗ਼ਮਜ਼ੇ ਹੁਸਨ ਤੇ ਅੰਦਾਜ਼ ਦੇ ਲੜਾਉਣ ਵਾਲਿਆ ਆਪੇ ਮੂਰਤ ਹੁਸੈਨ ਤੈਂ ਬਣਾਈ ਜਾਣ ਕੇ, ਨੂਰੀ ਨਾਰੀਆਂ ਦੀ ਹੋਸ਼ ਤੈਂ ਭੁਲਾਈ ਜਾਣ ਕੇ ਇਜ਼ਤ ਦੇਕੇ ਆਪੇ ਖਾਕ ਵਿਚ ਰੁਲਾਈ ਜਾਣ ਕੇ, ਆਪੇ ਗਲ ਕਹਿਕੇ ਪਿਛੋਂ ਉਲਟਾਈ ਜਾਣ ਕੇ ਤੌਕ ਲਾਅਨਤ ਦਾ ਗਲੇ ਦੇ ਵਿਚ ਪਾਉਣ ਵਾਲਿਆ ਵਾਰੋ ਵਾਰੀ ਵਿਚ ਮੂਰਤਾਂ ਦੇ ਆਂਵਦਾ ਰਿਹਾ, ਕਾਰੀਗਰੀ ਤੇ ਮਸੱਵਰੀ ਜਤਾਂਵਦਾ ਰਿਹਾ ਖਾਕੀ ਮੂਰਤ ਵਾਲ ਨੂਰ ਨੂੰ ਚਮਕਾਂਵਦਾ ਰਿਹਾ, ਅਲਫ਼ ਮੀਮ ਇਕੋ ਸ਼ਾਨ ਇਹ ਸੁਣਾਂਵਦਾ ਰਿਹਾ ਕਾਲਾ ਕੰਬਲ ਲੈਕੇ ਅਰਬ ਵਿਚ ਆਉਣ ਵਾਲਿਆ ਹੈਰਤ ਗੁੰਮ ਹੁੰਦੀ ਤੇਰੀ ਇਹ ਮਅਮਾਰੀ ਦੇਖ ਕੇ, ਸੋਹਣੀ ਮੂਰਤਾਂ ਦੀ ਨਕਸ਼ ਨਗਾਰੀ ਦੇਖ ਕੇ ਮੂਰਤ ਸੂਰਤ ਉਤੇ ਮਰਦੀ ਸੋਹਣੀ ਪਿਆਰੀ ਦੇਖ ਕੇ ਆਸ਼ਕ ਖਾਕੀ ਉਤੇ ਹੋ ਗਏ ਨੂਰੀ ਨਾਰੀ ਦੇਖ ਕੇ ਸੋਹਣੀ ਸ਼ਕਲ ਅਰਬੀ ਅਹਿਮਦੀ ਬਨਾਉਣ ਵਾਲਿਆ ਤੇਰਾ ਦਸਾਂ ਕੀ ਮਸੱਵਰਾ ਬਿਆਨ ਖੋਲ ਕੇ, ਆਸ਼ਕ ਮੂਰਤਾਂ ਨੂੰ ਮੂਰਤਾਂ ਤੇ ਕਰੇਂ ਟੋਲ ਕੇ ਆਯਾ ਤਰਸ ਨਾਹੀਂ ਤੈਨੂੰ ਮਾਰ ਰੋਲ ਰੋਲ ਕੇ, ਹਸ਼ਮਤ ਸ਼ਾਹ ਤੈਨੂੰ ਦੁਖ ਕੀ ਸੁਨਾਵੇ ਫੋਲ ਕੇ ਆਪੇ ਮੂਰਤਾਂ ਬਣਾਕੇ ਪਿਛੋਂ ਢਾਉਣ ਵਾਲਿਆ