Hashim Shah Da Giraain - Baba Najmi : Gurbhajan Gill

ਹਾਸ਼ਮ ਸ਼ਾਹ ਦਾ ਗਿਰਾਈਂ - ਬਾਬਾ ਨਜਮੀ : ਗੁਰਭਜਨ ਗਿੱਲ

ਦੱਖਣੀ ਏਸ਼ੀਆ ਦੇ ਕੱਦਾਵਰ ਆਦਮ ਖਾਣੇ ਜੰਗ ਪੱਖੀ ਦੈਂਤ ਨਾਲ ਲੜਨ ਲਈ ਕਲਮੀ ਸੂਰਮਿਆਂ ਦੀ ਲੰਮੀ ਕਤਾਰ ਹੈ। ਫ਼ੈਜ਼ ਅਹਿਮਦ ਫ਼ੈਜ਼, ਸ਼ਰੀਫ਼ ਕੁੰਜਾਹੀ, ਅਹਿਮਦ ਰਾਹੀ, ਹਬੀਬ ਜਾਲਿਬ ਤੇ ਕਿੰਨੇ ਹੋਰ ਕਲਮ ਦੇ ਸਿਪਾਹੀ ਪੂਰੀ ਉਮਰ ਅਮਨ ਦੀ ਲੋੜ ਤੇ ਮੁਹੱਬਤ ਦੀ ਬਾਤ ਪਾਉਂਦੇ ਰਹੇ ਪਰ ਜੰਗਬਾਜ਼ਾਂ ਨੇ ਆਪਣੀ ਕਰਤੂਤ ਤੇ ਬਦਨੀਤੀ ਨਾਲ ਸਾਨੂੰ ਖੱਜਲ-ਖੁਆਰ ਹੀ ਕੀਤਾ ਹੈ। ਰਾਵੀ ਦੇ ਉਰਵਾਰ ਪਾਰ ਬਲਦੀਆਂ ਸਰਹੱਦਾਂ ਦਾ ਸੇਕ ਸਹਿੰਦਿਆਂ 72 ਵਰ੍ਹੇ ਬੀਤ ਗਏ ਨੇ। ਹਥਿਆਰਾਂ ’ਤੇ ਲੱਗਦੇ ਸਰਮਾਏ ਨਾਲ ਕਿੰਨੇ ਸਕੂਲ, ਕਾਲਜ, ਹਸਪਤਾਲ ਤੇ ਆਵਾਜਾਈ ਦੇ ਰਾਹ ਖਹਿੜੇ ਪੱਕੇ ਪਕੇਰੇ ਤੇ ਜਿਉਣਯੋਗ ਹਾਲਾਤ ਸਿਰਜੇ ਜਾ ਸਕਦੇ ਸਨ।

ਇਸ ਥੁੜਾਂ ਮਾਰੀ ਜ਼ਿੰਦਗੀ ਵਿੱਚੋਂ ਉੱਗੇ ਨਵੇਂ ਨਵੇਲੇ ਅੰਦਾਜ਼ ਦੇ ਸ਼ਾਇਰ ਬਾਬਾ ਨਜਮੀ ਨੂੰ ਵੀ ਇਸੇ ਗਲ ਦਾ ਤੌਖ਼ਲਾ ਹੈ ਕਿ ਮਨੁੱਖ ਲਈ ਜਿਉਣਯੋਗ ਹਾਲਾਤ ਕਦੋਂ ਬਣਨਗੇ। ਕਦੋਂ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਬੰਦ ਹੋਵੇਗੀ।ਉੱਚੇ ਨੀਵੇਂ ਦਾ ਭੇਦ-ਭਾਵ ਮਿਟਾਉਂਦੀ ਉਸਦੀ ਨਾਬਰ ਸ਼ਾਇਰੀ ਸਾਨੂੰ ਨਵੇਂ ਅਨੁਭਵ ਦੇ ਰੂਬਰੂ ਖੜਾ ਕਰਦੀ ਹੈ।

ਜਦੋਂ ਦੇਸ਼ ਦੋ ਟੋਟੇ ਹੋ ਗਿਆ, ਉਸਦੇ ਅੱਬਾ ਹਜ਼ੂਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਤੋਂ ਲਾਹੌਰ ਜਾ ਵੱਸੇ। ਵੰਡ ਤੋਂ ਅਗਲੇ ਸਾਲ ਹੀ ਲਾਹੌਰ ਦੇ ਘੁਮਾਰਪੁਰਾ ਇਲਾਕੇ 'ਚ ਬਾਬਾ ਨਜਮੀ ਦਾ 6 ਸਤੰਬਰ 1948 ਨੂੰ ਜਨਮ ਹੋਇਆ। ਸੁਰਤ ਸੰਭਲੀ ਤਾਂ ਪਤਾ ਲੱਗਾ ਕਿ ਇਹ ਜਗਦੇਵ ਕਲਾਂ ਪਿੰਡ ਤਾਂ ਸੱਸੀ-ਪੁਨੂੰ ਦਾ ਸਮਰੱਥ ਕਿੱਸਾ ਤੇ ਦੋਹੜੇ ਲਿਖਣ ਵਾਲੇ ਉੱਚ ਦੋਮਾਲੜੇ ਸ਼ਾਇਰ ਹਾਸ਼ਮ ਸ਼ਾਹ ਦਾ ਪਿੰਡ ਹੈ। ਹਾਸ਼ਮ ਦਾ ਗਿਰਾਈ ਹੋਣ ਦਾ ਬਾਬਾ ਨਜਮੀ ਨੇ ਪੂਰਾ ਮਾਣ ਰੱਖਿਆ ਹੈ।

ਬਾਬਾ ਨਜਮੀ ਦੇ ਪਹਿਲੇ ਬੋਲ ਪੰਦਰਾਂ ਸੋਲਾਂ ਸਾਲ ਪਹਿਲਾਂ ਜਦ ਮੇਰੇ ਕੰਨੀਂ ਪਏ ਤਾਂ ਇੱਕ ਦਮ ਮਨ ਵਿੱਚ ਹਜ਼ਾਰਾਂ ਜੁਗਨੂੰ ਜਗਮਗਾਏ।ਲੱਗਿਆ ਇਸ ਸ਼ਾਇਰ ਨੇ ਉਹ ਬੋਲੀ ਝੂਠੀ ਪਾ ਦਿੱਤੀ ਹੈ। ਲੋਕ ਬੋਲੀ ਇੰਝ ਸੀ -

ਰਾਈ! ਰਾਈ! ਰਾਈ
ਇਹ ਵੀ ਤੇਰਾ ਸ਼ੁਕਰ ਰੱਬਾ,
ਸਿੱਧੀ ਦਿਲ ਨੂੰ ਜੀਭ ਨਾ ਲਾਈ।

ਪਰ ਬਾਬਾ ਨਜਮੀ ਦੀ ਸ਼ਾਇਰੀ ਤਾਂ ਸਿੱਧੀ ਦਿਲ ਦੀ ਜ਼ਬਾਨ 'ਚੋਂ ਨਿਕਲਦੀ ਪ੍ਰਤੀਤ ਹੋਈ। ਸਿੱਧ-ਅਸਿੱਧਾ ਮਹਿਕਦਾ ਅਹਿਸਾਸ ! ਮਹਿਕ ਵੀ ਉਹ ਸੋਂਧੀ-ਸੋਂਧੀ, ਜੋ ਤਪਦੇ ਜੂਨ ਮਹੀਨੇ ਪਹਿਲੀਆਂ ਕਣੀਆਂ ਪੈਣ ਨਾਲ ਧਰਤੀ 'ਚੋਂ ਆਉਂਦੀ ਹੈ। ਲੱਗਦੈ! ਧਰਤੀ ਕਹਿ ਰਹੀ ਹੈ ਅੰਬਰ ਨੂੰ, ਜੀ ਆਇਆਂ ਨੂੰ। ਸ਼ੁਕਰ ਹੈ ਤੂੰ ਮੇਰੀ ਮਾਂਗ ’ਚ ਜਲ ਭਰਿਆ। ਹੁਣ ਮੈਂ ਦੱਸਾਂਗੀ, ਮੈਂ ਤੇਰਾ ਕੀਤਾ ਕਿਵੇਂ ਮੋੜਦੀ ਹਾਂ! ਅਨਾਜ, ਫ਼ਲ, ਸਬਜ਼ੀਆਂ ਤੇ ਹੋਰ ਅਨੰਤ ਭੰਡਾਰਿਆਂ ਨਾਲ ! ਇਸ ਗੱਲ ਵਿੱਚ ਰੰਚਕ ਮਾਤਰ ਵੀ ਸ਼ੱਕ ਨਹੀਂ ਕਿ ਪਾਰਦਰਸ਼ੀ ਬੋਲਾਂ ਵਾਲੀ ਸ਼ਾਇਰੀ ਨੂੰ ਓਹਲਿਆਂ ਤੇ ਵਿਚੋਲਿਆਂ ਦੀ ਲੋੜ ਨਹੀਂ ਹੁੰਦੀ। ਖ਼ੁਸ਼ਬੂ ਸਿਰਨਾਵੇਂ ਨਹੀਂ ਲੱਭਦੀ, ਵਿੱਥਾਂ ਖੂੰਜਿਆਂ 'ਚ ਵੀ ਪਹੁੰਚ ਜਾਂਦੀ ਹੈ। ਲੋਕ ਪੀੜਾਂ ਦੇ ਹਾਣ ਦੀ ਸ਼ਾਇਰੀ ਸਿਰਜਣ ਵਾਲੇ ਬਾਬਾ ਨਜਮੀ ਨੂੰ ਤ੍ਰੈਕਾਲਦਰਸ਼ੀ ਨਜ਼ਰ ਤੇ ਨਜ਼ਰੀਆ ਨਸੀਬ ਹੈ। ਉਹ ਆਪਣਿਆਂ ਪੁਰਖਿਆਂ ਦੀ ਵਿਰਾਸਤ ਦਾ ਅੰਦਰੋਂ ਭੇਤੀ ਹੋਣ ਕਾਰਨ ਵਰਤਮਾਨ ਲਈ ਕੀ ਲੋੜੀਂਦਾ ਹੈ, ਇਹ ਗੱਲ ਭਲੀ-ਭਾਂਤ ਜਾਣਦਾ ਹੈ। ਵਰਤਮਾਨ ਦੇ ਆਸਰੇ ਹੋਵੇ ਤਾਂ ਕਲਮ ਕੁਰਾਹੇ ਨਹੀਂ ਪੈਂਦੀ। ਥੁੜਾਂ ਮਾਰੇ ਲੋਕਾਂ ਦੀ ਬਹੁਗਿਣਤੀ ਹੋਣ ਕਾਰਨ ਉਨ੍ਹਾਂ ਦੀ ਗੱਲ ਕਰਨ ਵਾਲੇ ਲੋਕਾਂ ਦੀ ਆਵਾਜ਼ ਬਹੁਤ ਬੁਲੰਦ ਹੋਣੀ ਚਾਹੀਦੀ ਹੈ। ਬਾਬਾ ਨਜਮੀ ਏਸੇ ਕਰਕੇ ਜਦ ਵੀ ਕਲਾਮ ਸੁਣਾਉਂਦਾ ਹੈ ਤਾਂ ਬੁੜਕ-ਬੁੜਕ ਪੈਂਦਾ ਹੈ। ਸ਼ਬਦਾਂ ਨੂੰ ਅਗਨ ਬਾਣ ਵਾਂਗ ਦਾਗਦਾ ਹੈ। ਮਾਈਕ੍ਰੋਫੋਨ ਨੂੰ ਆਖਦਾ ਪ੍ਰਤੀਤ ਹੁੰਦਾ ਹੈ, ਹਟ ਪਰੇ, ਮੈਨੂੰ ਆਪਣੇ ਲੋਕਾਂ ਨਾਲ ਸਿੱਧੀ ਗੱਲ ਕਰਨ ਦੇ। ਹੁਣੇ ਖ਼ਤਮ ਹੋਈ ਲਾਹੌਰ ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਵਿੱਚ ਇਹ ਦ੍ਰਿਸ਼ ਮੈਂ ਅੱਖੀਂ ਵੇਖਿਆ ਹੈ। ਆਵਾਜ਼ ਦਾ ਗੜ੍ਹਕਾ ਦੱਸਦਾ ਹੈ ਕਿ ਬਾਬਾ ਨਜਮੀ ਅੰਦਰ ਕਿੰਨਾ ਵੰਗਾਰਸ਼ੀਲ ਰੋਹ ਹੈ। ਉਹ ਜਾਗਦੀ ਜ਼ਮੀਰ ਤੇ ਸੁੱਤੀ ਜ਼ਮੀਰ ਦਾ ਪਹਿਰੇਦਾਰ ਸ਼ਾਇਰ ਹੈ। ਤਾਹੀਓਂ ਕਹਿੰਦੈ-

ਮਿੱਟੀ-ਪਾਣੀ, ਸੰਚਾ ਇੱਕੋ, ਪੱਕੀਆਂ ਇੱਕ ਭੱਠੇ।
ਇਹ ਕਿਉਂ ਨਾਲੀ ਵਿੱਚ ਨੇ ਲੱਗੀਆਂ, ਉਹ ਕਿਉਂ ਮਹਿਲ ਦੇ ਮੱਥੇ।

ਮਾੜੇ ਨੂੰ ਵੱਖ ਬੰਨ੍ਹਣ ਨਾਲੋਂ, ਤਕੜੇ ਦੇ ਸਿੰਗ ਭੰਨੋ,
ਸਾਂਝੀ ਖੁਰਲੀ ਵਿੱਚੋਂ ਜਿਹੜਾ, ਖਾਣ ਨਹੀਂ ਦੇਂਦਾ ਪੱਠੇ।

ਸਾਡੇ ਵਿੱਚ ਕਮੀ ਏ ਕਿਹੜੀ, ਸਾਨੂੰ ਆਖੋ ਕੰਮੀ,
ਸਾਡੇ ਨਾਲ ਖਲੋ ਕੇ ਵੇਖਣ, ਰਾਂਝੇ, ਚੀਮੇ, ਚੱਠੇ ।

ਪਰ੍ਹਿਆ ਦੇ ਵਿੱਚ ਤਾਂ ਆਵਾਂਗਾ, ਸ਼ਰਤ ਮੇਰੀ ਜੇ ਮੰਨੋ,
ਕਿਸੇ ਵੀ ਇੱਕ ਦੀ ਖਾਤਰ ਉੱਥੇ, ਮੰਜਾ ਕੋਈ ਨਾ ਡੱਠੇ।

ਇਹ ਸੱਚ ਮੰਨਿਓ! ਇਹੀ ਬੋਲ ਸਨ ਜੋ ਪਹਿਲੀ ਵਾਰ ਮੈਨੂੰ ਪੜ੍ਹਨ ਲਈ ਲੱਭੇ। ਮੈਨੂੰ ਲੱਗਿਆ ਜ਼ਹੂਰ ਹੁਸੈਨ ਜ਼ਹੂਰ ਵਾਂਗ ਇਸ ਸ਼ਾਇਰ ਕੋਲ ਵੀ ਅੱਥਰੀ ਸ਼ਬਦ ਪੂੰਜੀ ਹੈ ਜੋ ਕਿ ਕਿਸੇ ਜਾਬਰ ਦੇ ਜਬਰ ਨੂੰ ਸਹਿਣ ਦੇ ਸਮਰੱਥ ਹੈ। ਸਬਰ ਕਰਦਿਆਂ ਨੂੰ ਜਗਾਉਂਦੀ ਸ਼ਾਇਰੀ। ਜ਼ਹੂਰ ਹੁਸੈਨ ਜ਼ਹੂਰ ਦੇ ਮੂੰਹੋਂ ਨਵੰਬਰ 1997 'ਚ ਪਹਿਲੀ ਵਾਰ ਨਨਕਾਣਾ ਸਾਹਿਬ (ਪਾਕਿਸਤਾਨ) ਦੇ ਕਵੀ ਦਰਬਾਰ ’ਚ ਇਹ ਬੋਲ ਸੁਣ ਕੇ ਮੈਂ ਤ੍ਰਭਕਿਆ ਸਾਂ।

ਸੋਚਾਂ ਦੀ ਮੱਈਅਤ ਨੂੰ ਲੈ, ਹੁਣ ਮੈਂ ਕਿਹੜੇ ਦਰ ਜਾਵਾਂਗਾ।
ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ।

ਮੈਨੂੰ ਲੱਗਿਆ ਕਿ ਬਾਬਾ ਨਜਮੀ ਮਰਨ ਤੋਂ ਬੇਖੌਫ਼ ਹੋ ਕੇ ਜੀਣ ਖਾਤਰ ਲਿਖ ਰਿਹਾ ਹੈ। ਬਾਬਾ ਨਜਮੀ ਨੇ ਲਾਹੌਰ ਦੇ ਹੀ ਸਰਕਾਰੀ ਸਕੂਲਾਂ 'ਚੋਂ ਤਾਲੀਮ ਹਾਸਲ ਕਰਕੇ ਦਸਵੀਂ ਤਾਂ ਪਾਸ ਕਰ ਲਈ ਪਰ ਘਰ ਦੀ ਤੰਗਦਸਤੀ ਕਾਰਨ ਉਹ ਕਾਲਿਜ ਨਾ ਜਾ ਸਕਿਆ। ਵੱਡਾ ਭਰਾ 22 ਸਾਲ ਦਾ ਹੋ ਕੇ ਮਰ ਗਿਆ ਤਾਂ ਮਾਂ-ਬਾਪ ਲਈ ਕਮਾਊ ਸਹਾਰਾ ਬਣਨ ਲਈ ਉਸ ਨੇ ਕਲੀ ਕੂਚੀ ਦੇ ਕੰਮ ਨੂੰ ਅਪਣਾਇਆ। ਇੱਕ ਵੱਡੇ ਇੰਟਰਕਾਂਟੀਨੈਂਟਲ ਹੋਟਲ ਦੀ ਉਸਾਰੀ ਹੋ ਰਹੀ ਸੀ, ਲਾਹੌਰ 'ਚ ਕਿਸੇ ਦੋਸਤ ਨਾਲ ਮਿਲ ਕੇ ਰੰਗ ਰੋਗਨ ਦਾ ਠੇਕਾ ਲੈ ਲਿਆ। ਕੰਮ ਬਹੁਤਾ ਸੀ, ਕਮਾਈ ਘਟ ਗਈ, ਘਾਟਾ ਪਿਆ ਤਾਂ ਘਰ ਦੇ ਗਹਿਣੇ ਗੱਟੇ ਵੀ ਰੁੜ੍ਹ ਗਏ।

ਕਿਸੇ ਸੱਜਣ ਨੇ ਰਹਿਮ ਕਰਕੇ ਇੱਕ ਫ਼ਿਲਮ ਕੰਪਨੀ 'ਚ ਕਲਰਕ ਲੁਆ ਦਿੱਤਾ। ਈਮਾਨਦਾਰੀ ਕਾਰਨ ਬਾਬਾ ਨਜਮੀ ਕੰਪਨੀ ਵਾਲਿਆਂ ਲਈ ਹਰਫ਼ਨਮੌਲਾ ਬਣ ਗਿਆ। ਉਨ੍ਹਾਂ ਰਾਵੀ ਫ਼ਿਲਮਜ਼ ਦਾ ਮੈਨੇਜਰ ਬਣਾ ਦਿੱਤਾ। ਕਿਸੇ ਹੋਰ ਦੀ ਕਰਤੂਤ ਦਾ ਖਮਿਆਜ਼ਾ ਬਾਬਾ ਨਜਮੀ ਨੂੰ ਭੁਗਤਣਾ ਪਿਆ ਜਿਸ ਕਾਰਨ 1977 ’ਚ ਰਾਵੀ ਫ਼ਿਲਮਜ਼ ਦਾ ਰੁਜ਼ਗਾਰ ਛੁੱਟ ਗਿਆ। 7 ਸਾਲ ਜਾਨ ਤੋੜ ਕੇ ਕੀਤੇ ਕੰਮ ਨੇ ਲਾਹੌਰ 'ਚ ਇਜੱਤ ਬਣਾਈ ਪਰ ਬੇਰੁਜ਼ਗਾਰ ਹੋ ਕੇ ਰੁਲਣਾ ਉਸ ਪ੍ਰਵਾਨ ਨਾ ਕੀਤਾ ਤੇ ਪਰਿਵਾਰ ਸਮੇਤ ਕਰਾਚੀ ਚਲਾ ਗਿਆ।

ਬਾਬਾ ਨਜਮੀ ਨੂੰ ਉਰਦੂ ਸ਼ਾਇਰੀ ਪੜ੍ਹਨ ਮਗਰੋਂ ਲਿਖਣ ਦਾ ਵੀ ਝੱਸ ਪੈ ਗਿਆ।ਉਹ ਕਰਾਚੀ ਦੀਆਂ ਅਦਬੀ ਮਹਿਫ਼ਲਾਂ 'ਚ ਜਾਣ ਲੱਗਾ ਤਾਂ ਉੱਥੇ ਓਸ ਵੇਖਿਆ ਕਿ ਵੱਡੇ ਸ਼ਹਿਰ ਦੀਆਂ ਜਿੱਥੇ ਚੁਣੌਤੀਆਂ ਵੱਡੀਆਂ ਹਨ ਉੱਥੇ ਪਿੰਡਾਂ ਥਾਵਾਂ ਤੋਂ ਆਏ ਗੁਆਚੇ ਬੰਦੇ ਵੀ ਆਪੋ-ਆਪਣੀ ਸ਼ਨਾਖ਼ਤ ਲੱਭਦੇ ਗੁਆਚੇ ਫਿਰ ਰਹੇ ਨੇ। ਇਹ ਗੁਆਚੇ ਬੰਦੇ ਪਹਿਲਾਂ ਤਾਂ ਬਹੁਗਿਣਤੀ ਦੇ ਮਗਰ ਲੱਗ ਤੁਰਦੇ ਨੇ ਪਰ ਜਲਦੀ ਹੀ ਸੰਭਲ ਕੇ ਆਪੋ ਆਪਣੀ ਧਰਤ ਤਲਾਸ਼ਦੇ ਨੇ। ਧਰਤ ਤਲਾਸ਼ਦਿਆਂ ਉਨ੍ਹਾਂ ਨੂੰ ਸਿਰਫ਼ ਮਾਂ ਬੋਲੀ ਹੀ ਸੰਭਾਲਦੀ ਏ। ਆਖ਼ਦੀ ਏ, ਪੁੱਤਰਾ ਡੋਲੀਂ ਨਾ, ਜਦ ਤੀਕ ਮੈਂ ਤੇਰੇ ਨਾਲ ਹਾਂ, ਕਦੇ ਇਕੱਲਾ ਮਹਿਸੂਸ ਨਾ ਕਰੀਂ। ਲੋਕ ਸਮਝਦੇ ਨੇ ਕਿ-

ਮਾਂ ਬੋਲੀ ਹੈ ਸ਼ਕਤੀ ਸਾਡੀ।
ਏਸੇ ਵਿੱਚ ਹੈ ਭਗਤੀ ਸਾਡੀ।

ਉਸ ਵੱਡੇ-ਵੱਡੇ ਮੁਸ਼ਾਇਰਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਸਭ ਲੋਕ ਆਪੋ-ਆਪਣੀ ਮਾਂ ਬੋਲੀ ਚ ਕਵਿਤਾ ਸੁਣਾਉਂਦੇ। ਸਿੰਧੀ, ਗੁਜਰਾਤੀ, ਸਰਾਇਕੀ ਤੇ ਹੋਰ ਜ਼ਬਾਨਾਂ ਵਾਲੇ ਕਦੇ ਹੀਣਭਾਵ ਨਾ ਮੰਨਦੇ। ਇੱਕ ਦਿਨ ਬਾਬਾ ਨਜਮੀ ਨੇ ਵੀ ਸਾਰਾ ਤਾਣ ਇਕੱਠਾ ਕਰਕੇ ਇੱਕ ਗ਼ਜ਼ਲ ਲਿਖ ਮਾਰੀ। ਦੋ ਸ਼ਿਅਰ ਏਦਾਂ ਸਨ।

ਬੇਹਿੰਮਤੇ ਨੇ ਜਿਹੜੇ ਬਹਿ ਕੇ, ਸ਼ਿਕਵਾ ਕਰਨ ਮੁਕੱਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ।

ਮੰਜ਼ਿਲ ਦੇ ਮੱਥੇ 'ਤੇ ਲੱਗਦੀ, ਤਖ਼ਤੀ ਉਨ੍ਹਾਂ ਲੋਕਾਂ ਦੀ।
ਜਿਹੜੇ ਘਰੋਂ ਬਣਾ ਕੇ ਤੁਰਦੇ, ਨਕਸ਼ਾ ਆਪਣੇ ਸਫ਼ਰਾਂ ਦਾ।

ਇਹ ਗ਼ਜ਼ਲ ਸੁਣਾਉਣ ਦੀ ਦੇਰ ਸੀ ਕਿ ਬਾਬਾ ਨਜਮੀ ਰਾਤੋ ਰਾਤ ਪ੍ਰਵਾਨਤ ਸ਼ਾਇਰ ਹੋ ਗਿਆ। ਕਰਾਚੀ ਵੱਸਦੇ ਇਨਕਲਾਬੀ ਸ਼ਾਇਰ ਹਬੀਬ ਜਾਲਿਬ ਉਸ ਮੁਸ਼ਾਇਰੇ ’ਚ ਸਨ। ਬੋਲੇ, ਬਾਬਾ ਨਜਮੀ ਦੇ ਰੂਪ 'ਚ ਮੈਨੂੰ ਆਪਣਾ ਯੋਗ ਵਾਰਿਸ ਮਿਲ ਗਿਆ। ਕੋਲ ਬੁਲਾ ਕੇ ਮੱਥਾ ਚੁੰਮਿਆ ਤੇ ਕੰਨ 'ਚ ਕਿਹਾ, ਹੁਣ ਤੈਨੂੰ ਕੋਈ ਨਹੀਂ ਰੋਕ ਸਕਦਾ, ਤੇਰੀ ਸ਼ਾਇਰੀ ਨੂੰ ਪਹੀਏ ਲੱਗੇ ਹੋਏ ਨੇ। ਤੌਕੀਰ ਚਕਤਾਈ ਨੇ ਵੀ ਸ਼ਲਾਘਾ ਕੀਤੀ।

ਬਾਬਾ ਨਜਮੀ ਨੇ ਰੋਟੀ ਦਾ ਪਹੀਆ ਗੋਲ ਕਰਨ ਲਈ ਕਰਾਚੀ ਵਿੱਚ ਸੜਕਾਂ ਤੇ ਮਜ਼ਦੂਰੀ ਵੀ ਕੀਤੀ। ਉਹ ਅਵਾਮੀ ਸ਼ਾਇਰ ਬਣ ਗਿਆ। ਹਰ ਧਰਨੇ ਮੁਜ਼ਾਹਰੇ ਵਿੱਚ ਉਸ ਦੇ ਬੋਲ ਗੂੰਜਣ ਲੱਗੇ। ਲੋਕ ਦਰਦੀ ਸ਼ਾਇਰ ਦੀ ਸੋਅ ਮੀਡੀਆ ਤੱਕ ਵੀ ਪੁੱਜੀ। ਅੰਗ੍ਰੇਜ਼ੀ ਅਖ਼ਬਾਰ ਡਾਨ ਤੇ ਜੰਗ ਵਿੱਚ ਉਸ ਦੀ ਕਵਿਤਾ ਬਾਰੇ ਅੱਧੇ-ਅੱਧੇ ਸਫ਼ੇ ਦੇ ਲੇਖ ਛਪੇ ਜਿਸ ਨਾਲ ਉਸ ਦੀ ਪਛਾਣ ਕੌਮੀ ਪੱਧਰ ਦੇ ਕਵੀਆਂ 'ਚ ਉੱਭਰੀ।

ਕਰਾਚੀ 'ਚ ਮਜ਼ਦੂਰੀ ਕਰਦਿਆਂ ਉਸ ਲਈ ਕਈ ਵਾਰ ਉਹ ਮੌਕੇ ਵੀ ਆਏ ਜਦ ਉਹ ਸੜਕ 'ਤੇ ਦਿਹਾੜੀ ਕਰ ਰਿਹਾ ਹੁੰਦਾ ਸੀ ਤੇ ਮੁਜ਼ਾਹਰਾਕਾਰੀ ਮਜ਼ਦੂਰ ਉਸਦੇ ਲਿਖੇ ਨਾਅਰਿਆਂ ਵਾਲੇ ਬੈਨਰ ਚੁੱਕ ਕੇ ਤੁਰ ਰਹੇ ਹੁੰਦੇ ਸਨ। ਉਸ ਦੇ ਭਾਂਬੜ ਵਰਗੇ ਬੋਲ ਤੀਰ ਵਾਂਗ ਵੈਰੀ ਦੀ ਹਿੱਕ 'ਚ ਵੱਜਦੇ।

ਅੱਗ ਵੀ ਹਿੰਮਤੋਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ।
ਭਾਂਬੜ ਜਿਹੀਆਂ ਧੁੱਪਾਂ ਵਿੱਚ ਵੀ, ਮੇਰੇ ਲੀੜੇ ਗਿੱਲੇ ਰਹੇ।

ਦੋਸ਼ ਦਿਓ ਨਾ ਝੱਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ,
ਕਿੱਲੇ ਠੀਕ ਨਹੀਂ ਠੋਕੇ, ਖ਼ਬਰੇ, ਸਾਥੋਂ ਰੱਸੇ ਢਿੱਲੇ ਰਹੇ।

ਬਾਬਾ ਨਜਮੀ ਉਹ ਸ਼ਾਇਰ ਹੈ ਜਿਸ ਨੂੰ ਜਿੱਥੋਂ ਮਰਜ਼ੀ ਪੜ੍ਹਨਾ ਜਾਂ ਜਾਨਣਾ ਸ਼ੁਰੂ ਕਰ ਦਿਓ, ਹਰ ਵੇਲੇ, ਹਰ ਥਾਂ ਸੱਜਰਾ ਤੇ ਨਵਾਂ ਨਵੇਲਾ ਅਹਿਸਾਸ ਦੇਵੇਗਾ। ਉਸ ਦੀ ਸ਼ਾਇਰੀ ਦਾ ਜਾਦੂ ਸਿਰ ਚੜ੍ਹ ਬੋਲਦਾ ਹੈ। ਬਾਬਾ ਨਜਮੀ ਦਾ ਕਲਾਮ ਪੜ੍ਹ ਕੇ ਹੀ ਪੰਜਾਬੀ ਮੂਲ ਦੇ ਸਮਰੱਥ ਬੁੱਤ ਤਰਾਸ਼ ਮਨਜੀਤ ਸਿੰਘ ਗਿੱਲ ਘੱਲ ਕਲਾਂ (ਮੋਗਾ) ਨੇ ਉਸਤਾਦ ਦਾਮਨ ਦੇ ਬਰਾਬਰ ਹੀ ਬਾਬਾ ਨਜਮੀ ਦਾ ਬੁੱਤ ਤਿਆਰ ਕੀਤਾ ਹੈ। ਇਹ ਬੁੱਤ ਪੂਜਾ ਲਈ ਨਹੀਂ, ਸਨਮਾਨ ਵਜੋਂ ਘੜਿਆ ਹੈ। ਖ਼ੁਦ ਮੂੰਹੋਂ ਬੋਲਦਾ ਬੁੱਤ। ਬਾਬਾ ਨਜਮੀ ਇਸ ਬੁੱਤ ਬਾਰੇ ਗੱਲਾਂ ਕਰਦਾ ਮੋਹ ਦੇ ਲਬਰੇਜ਼ ਪਿਆਲੇ ਵਾਂਗ ਭਰ ਜਾਂਦਾ ਹੈ। ਫ਼ਰਵਰੀ 2019 ਦੇ ਪਹਿਲੇ ਹਫ਼ਤੇ ਮੇਰੀ ਲਾਹੌਰ ਫੇਰੀ ਦੌਰਾਨ ਜਦ ਮੈਂ ਬਾਬਾ ਨਜਮੀ ਦੇ ਬੁੱਤ ਦੀ ਗੱਲ ਛੋਹੀ ਤਾਂ ਉਸ ਨੇ ਖੁਸ਼ੀ 'ਚ ਖੀਵੇ ਹੁੰਦਿਆਂ ਮੈਨੂੰ ਕਲਾਵੇ 'ਚ ਲੈ ਲਿਆ। ਕਿੰਨਾ ਹੀ ਚਿਰ ਅਸੀਂ ਇੱਕ ਬੁੱਕਲ ਚ ਬਗਲਗੀਰ ਰਹੇ। ਬਾਬਾ ਨਜਮੀ ਨੂੰ ਉਸਦਾ ਜੱਦੀ ਪਿੰਡ ਜਗਦੇਵ ਕਲਾਂ ਵੀ ਉਡੀਕਦਾ ਹੈ।

ਬਾਬਾ ਨਜਮੀ ਨੂੰ ਸਿਆਸੀ ਕਵਿਤਾਵਾਂ ਕਹਿੰਦਿਆਂ ਵਧੇਰੇ ਸੌਖ ਰਹਿੰਦੀ ਹੈ। ਸਿਆਸੀ ਮਸਲੇ ਨੂੰ ਬੜੇ ਸਹਿਜ ਸੁਭਾਅ ਕਹਿਣ ਦੀ ਮੁਹਾਰਤ ਰੱਖਦਾ ਹੈ ਉਹ। ਉਸਤਾਦ ਦਾਮਨ ਦਾ ਰੰਗ ਹੀ ਕਿਤੇ-ਕਿਤੇ ਵੇਖਣ ਨੂੰ ਲੱਭਦਾ ਹੈ। ਭਾਵੇਂ ਉਹ ਪਾਕਿਸਤਾਨ ਪੀਪਲਜ਼ ਪਾਰਟੀ ਦਾ ਹਮਦਰਦ ਰਿਹਾ ਹੈ ਪਰ ਬੇਨਜ਼ੀਰ ਭੁੱਟੋ ਦੀ ਹਕੂਮਤ ਵੇਲੇ ਜਦ ਆਟੇ ਦੀਆਂ ਕੀਮਤਾਂ ਅਸਮਾਨੇ ਜਾ ਚੜ੍ਹੀਆਂ ਤਾਂ ਬਾਬਾ ਨਜਮੀ ਕੁਰਲਾ ਉੱਠਿਆ!

ਆਟਾ ਸੱਤ ਰੁਪਈਏ ਸੇਰ।
ਬੀਬੀ ਰਾਣੀ ਬੜਾ ਹਨੇਰ।

ਆਟਾ ਲੈਣ ਬਿਲਾਵਲ ਜਾਵੇ।
ਨੰਗੇ ਪੈਰੀਂ ਸੜਦਾ ਆਵੇ।

ਖ਼ਾਲੀ ਅੱਗੇ ਧਰੇ ਚੰਗੇਰ ।
ਬੀਬੀ ਰਾਣੀ ਬੜਾ ਹਨੇਰ ।

(ਬਿਲਾਵਲ=ਬੇਨਜ਼ੀਰ ਭੁੱਟੋ ਦਾ ਪੁੱਤਰ)

ਬਾਬਾ ਨਜਮੀ ਲੋਕ ਪੱਖੀ ਸ਼ਾਇਰ ਹੋਣ ਕਰਕੇ ਲੋਕਮੁੱਖਤਾ ਦਾ ਪੱਲਾ ਨਹੀਂ ਛੱਡਦਾ।ਉਸ ਲਈ ਲੋਕ ਸ਼ਕਤੀ ਹੀ ਸੁਪਰੀਮ ਹੈ, ਸਰਵੋਤਮ ਥਾਂ 'ਤੇ। ਬਾਬਾ ਨਜਮੀ ਜਾਣਦਾ ਹੈ ਕਿ ਪੁਆੜੇ ਦੀ ਅਸਲ ਜੜ੍ਹ ਬੰਦੇ ਦਾ ਬੰਦਾ ਨਾ ਬਣਨਾ ਹੈ। ਫ਼ਿਰਕੂ ਵੰਡੀਆਂ ਨੇ ਸਾਡੀ ਮਾਨਸਿਕਤਾ ਦਾ ਕੁਤਰਾ ਕਰ ਸੁੱਟਿਆ ਹੈ। ਇਹ ਗੱਲ ਉਹ ਭਲੀ ਭਾਂਤ ’ਚ ਜਾਣਦਾ ਹੈ ਕਿ ਵੰਡੇ ਹੋਏ ਭਾਈਚਾਰੇ ਨੂੰ ਲੁੱਟਣਾ ਤੇ ਕੁੱਟਣਾ ਆਸਾਨ ਹੁੰਦਾ ਹੈ। ਉਸ ਦਾ ‘ਰੱਬ’ ਸਰਬ ਧਿਆਨੀ ਹੈ, ਕੋਈ ਗੈਬੀ ਤਾਕਤ ਨਹੀਂ। ਤਾਂਹੀਉਂ ਉਹ ਲਿਖਦਾ ਹੈ-

ਇਹ ਧਰਤੀ ਜੇ ਰੱਬ ਦੀ ਹੁੰਦੀ
ਕਸਮ ਇਹ ਰੱਬ ਦੀ, ਸਭ ਦੀ ਹੁੰਦੀ।

ਦਿਲ ਸਮੁੰਦਰ ਰਹਿਣ ਨਹੀਂ ਦਿੱਤਾ, ਫਾਦਰ, ਪੰਡਿਤ, ਮੁੱਲਾਂ ਨੇ।
ਜੱਗ ਨੂੰ ਰਲ ਕੇ ਬਹਿਣ ਨਹੀਂ ਦਿੱਤਾ, ਫਾਦਰ, ਪੰਡਿਤ, ਮੁੱਲਾਂ ਨੇ।

ਸਾਡੇ ਕੋਲੋਂ ਥੇਹ ਕਰਵਾਇਆ, ਗਿਰਜੇ, ਮਸਜਿਦ, ਮੰਦਰ ਨੂੰ,
ਆਪਣਾ ਥੜਾ ਵੀ ਢਹਿਣ ਨਹੀਂ ਦਿੱਤਾ, ਫਾਦਰ, ਪੰਡਿਤ, ਮੁੱਲਾਂ ਨੇ।

ਸਾਡੀ ਅੱਖ ਨਹੀਂ ਖੁੱਲ੍ਹਦੀ ਸਾਡੇ, ਆਣ ਸਿਰ੍ਹਾਣੇ ਬਹਿੰਦੇ ਨੇ,
ਕੁੱਖ ਦਾ ਲਹੂ ਵੀ ਲਹਿਣ ਨਹੀਂ ਦਿੱਤਾ, ਫਾਦਰ, ਪੰਡਿਤ, ਮੁੱਲਾਂ ਨੇ।

ਜ਼ਾਤਪਾਤ ਦੇ ਭਰਮਜਾਲ ਨੂੰ ਤਿਆਗ ਕੇ ਇਨਸਾਨ ਬਣਨ ਦਾ ਸੁਨੇਹਾ ਉਹ ਕੋਠੇ ਚੜ੍ਹ ਕੇ ਸੁਣਾਉਂਦਾ ਹੈ। ਉਸ ਨੂੰ ਝੁਗੀਆਂ ਵਿੱਚ ਵੱਸਦੇ ਭਰਾਵਾਂ -ਭੈਣਾਂ ਦੀ ਪੀੜ ਦਾ ਅਹਿਸਾਸ ਹੈ। ਏਸੇ ਕਰਕੇ ਉਹ ਇਸ ਧਰਤੀ ਦੇ ਸਾਈਆਂ ਨੂੰ ਝੁੱਗੀਆਂ ਵਿੱਚ ਆ ਕੇ ਦਰਦ ਵੇਖਣ ਦੀ ਦਾਅਵਤ ਦਿੰਦਾ ਹੈ।

ਅਯੁੱਧਿਆ ਵਿੱਚ ਰਾਮ ਮੰਦਰ ਤੇ ਬਾਬਰੀ ਮਸਜਿਦ ਦੇ ਟਕਰਾਉ ਵਿੱਚੋਂ ਉਹ ਸੁਆਲ ਲੱਭ ਕੇ ਸਾਨੂੰ ਜਵਾਬਾਂ ਦੇ ਰੂਬਰੂ ਖੜ੍ਹਾ ਕਰ ਦਿੰਦਾ ਹੈ। ਉਸ ਨੂੰ ਪਤਾ ਹੈ ਕਿ ਮਨੁੱਖ ਦੀਆਂ ਜ਼ਰੂਰਤਾਂ ਮੁਹੱਬਤ ਨੇ ਪੂਰੀਆਂ ਕਰਨੀਆਂ ਹਨ, ਨਫ਼ਰਤ ਨੇ ਨਹੀਂ। ਇਸੇ ਕਰਕੇ ਬੜੀ ਬੁਲੰਦ ਆਵਾਜ਼ 'ਚ ਬਾਬਾ ਨਜਮੀ ਕਹਿੰਦਾ ਹੈ।

ਮਸਜਿਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ।
ਆ ਜਾ ਦੋਵੇਂ ਬਹਿ ਕੇ ਪੜ੍ਹੀਏ, ਇੱਕ ਦੂਜੇ ਦੇ ਅੰਦਰ ਨੂੰ।

ਸਦੀਆਂ ਵਾਂਗੂੰ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ, ਤੇਰੇ ਮੇਰੇ ਖੰਜਰ ਨੂੰ।

ਰੱਬ ਕਰੇ ਤੂੰ ਮੰਦਰ ਵਾਂਗੂੰ, ਵੇਖੇਂ ਮੇਰੀ ਮਸਜਿਦ ਨੂੰ,
ਰੱਬ ਕਰੇ ਮੈਂ ਮਸਜਿਦ ਵਾਂਗੂੰ , ਵੇਖਾਂ ਤੇਰੇ ਮੰਦਰ ਨੂੰ।

ਤੂੰ ਬਿਸਮਿਲਾ ਪੜ੍ਹ ਕੇ ਮੈਨੂੰ, ਨਾਨਕ ਦਾ ਪਰਸ਼ਾਦ ਫੜਾ,
ਮੈਂ ਨਾਨਕ ਦੀ ਬਾਣੀ ਪੜ੍ਹ ਕੇ, ਦਿਆਂ ਹੁਸੈਨੀ ਲੰਗਰ ਨੂੰ।

ਸਾਡੇ ਸਿੰਗਾਂ ਫਸਦਿਆਂ ਰਹਿਣਾ, ਖੁਰਲੀ ਢਹਿੰਦੀ ਰਹਿਣੀ ਏ,
ਜਿੰਨਾ ਤੀਕਰ ਨੱਥ ਨਾ ਪਾਈ ਨਫ਼ਰਤ ਵਾਲੇ ਡੰਗਰ ਨੂੰ।

ਬਾਬਾ ਨਜਮੀ ਆਪਣੇ ਮੁਆਸ਼ਰੇ ਦੀ ਹਰ ਪੀੜ ਨੂੰ ਭਲੀ ਭਾਂਤ ਜਾਣਦਾ, ਪਛਾਣਦਾ, ਵੇਖਦਾ, ਪਰਖ਼ਦਾ, ਜਾਂਚਦਾ ਤੇ ਵਿਸ਼ਲੇਸ਼ਣ ਕਰਦਾ ਹੈ। ਪਾਕਿਸਤਾਨ ਹੋਵੇ ਜਾਂ ਭਾਰਤ, ਧੀਆਂ ਦੇ ਲੇਖ ਇੱਕੋ ਜਹੇ ਨੇ। ਜਾਗੀਰਦਾਰੀ ਨਿਜ਼ਾਮ ਹੋਵੇ ਜਾਂ ਉਦਯੋਗਕ ਵਿਕਾਸ ਦੇ ਭਰਮਜਾਲ ਵਿੱਚ ਫ਼ਸਿਆ ਭਾਈਚਾਰਾ। ਔਰਤ ਦੀ ਹੋਣੀ ਕਿਸੇ ਤਰਾਂ ਵੀ ਵੱਖਰੀ ਨਹੀਂ। ਸਿਰਫ਼ ਦੁਸ਼ਮਣ ਤਾਕਤਾਂ ਦਾ ਮੂੰਹ ਮੁਹਾਂਦਰਾ ਬਦਲਦਾ ਹੈ।

ਬਾਬਾ ਨਜ਼ਮੀ ਦੀ ਸ਼ਾਇਰੀ ’ਚ ਕਾਇਨਾਤ ਦੇ ਸਤੇ ਰੰਗ ਵਿਦਮਾਨ ਨੇ। ਬੜੇ ਗੂੜ੍ਹੇ ਅੰਦਾਜ਼ ਵਿੱਚ ਵੱਖ-ਵੱਖ ਵੀ ਤੇ ਆਪਸ 'ਚ ਘੁਲੇ-ਮਿਲੇ ਵੀ। ਕਿਸੇ ਸ਼ਾਇਰ ਦੀ ਸਰਬ ਪੱਖਤਾ ਹੀ ਉਸਨੂੰ ਤ੍ਰੈਕਾਲ ਦਰਸ਼ੀ ਦ੍ਰਿਸ਼ਟੀਵੇਤਾ ਬਣਾਉਂਦੀ ਹੈ। ਬਾਬਾ ਨਜਮੀ ਆਪਣੇ ਪੂਰਬਲੇ ਕਵੀਆਂ ਲਈ ਸਤਿਕਾਰ ਰੱਖਦਾ ਹੈ ਤੇ ਮਗਰਲਿਆਂ ਲਈ ਆਸਵੰਦ ਹੈ। ਉਸ ਨੂੰ ਮਾਣ ਹੈ ਕਿ ਉਸ ਦੀ ਜ਼ਬਾਨ ਦੇ ਕਵੀ ਧਰਮ ਦੇ ਤੰਦੂਆ ਜਾਲ ਤੋਂ ਮੁਕਤ ਹੋ ਕੇ ਆਪਣੀ ਆਜ਼ਾਦ ਗੱਲ ਕਹਿਣੀ ਜਾਣਦੇ ਨੇ।

ਆਪਣੀ ਬੇਬਾਕੀ ਅਤੇ ਸਪੱਸ਼ਟਤਾ ਦੇ ਨਾਲ-ਨਾਲ ਬਾਬਾ ਨਜਮੀ ਵਿਸ਼ਵ ਰਾਜਨੀਤੀ ਦਾ ਵੀ ਪੂਰਨ ਗਿਆਤਾ ਹੈ। ਉਸ ਦੇ ਵਤਨ ਪਾਕਿਸਤਾਨ ਦੇ ਲੋਕਾਂ ਲਈ ਕਿਸ ਦੇਸ਼ ਨਾਲ ਦੋਸਤੀ ਚੰਗੀ ਹੈ ਜਾਂ ਨਹੀਂ, ਉਹ ਬੜਾ ਹੀ ਪਾਰਦਰਸ਼ੀ ਹੈ।

ਨਾ ਜਾ ਅਮਰੀਕਾ ਨਾਲ ਕੁੜੇ।
ਸਾਨੂੰ ਤੇਰਾ ਬੜਾ ਖ਼ਿਆਲ ਕੁੜੇ।

ਇਸ ਖ਼ਿਆਲ ਵਿੱਚ ਖ਼ਦਸ਼ਾ ਸ਼ਾਮਿਲ ਹੈ, ਕਿਉਂਕਿ ਉਸ ਨੂੰ ਭਾਸਦਾ ਹੈ ਕਿ ਅਮਰੀਕਾ ਆਪਣੀ ਗਰਜ਼ ਲਈ ਕਿਸੇ ਨਾਲ ਕੋਈ ਵੀ ਭਾਣਾ ਵਰਤਾ ਸਕਦਾ ਹੈ। ਓਹੀ ਗੱਲ ਹੋਈ, ਜਿਸ ਦਾ ਡਰ ਸੀ। ਅਮਰੀਕੀ ਸਾਮਰਾਜ ਦੇ ਜ਼ਾਲਮ ਖੂਨੀ ਪੰਜੇ ਦੀ ਨੀਅਤ ਤੇ ਨੀਤੀ ਬਾਰੇ ਉਹ ਖੁੱਲ੍ਹ ਕੇ ਬੋਲਦਿਆਂ ਬਹੁਤ ਚਿਰ ਪਹਿਲਾਂ “ਸੋਚਾਂ ਵਿੱਚ ਜਹਾਨ” 'ਚ ਬੋਲਿਆ,

ਦੇਵੇ ਬੁਸ਼ ਬਹਾਦਰ ਜਿਹੜਾ
ਸਾਨੂੰ ਹੁਕਮ ਸੁਣਾਵੇ ਬੁੱਢਾ।

ਭਰ ਕੇ ਛੱਜ ਪਤਾਸੇ ਵੰਡਾਂ,
ਸਾਡੇ ਸਿਰ ਤੋਂ ਲਾਹਵੇ ਬੁੱਢਾ।

ਉਸ ਦੀ ਇੱਕ ਨਜ਼ਮ ਗੁੱਗਾ ਪੀਰ ਬੜੀ ਹੀ ਕਮਾਲ ਦੀ ਹੈ। ਇਸ ਵਿੱਚ ਸੱਪਾਂ ਦੀਆਂ ਨਸਲਾਂ ਦੇ ਹਵਾਲੇ ਨਾਲ ਉਹ ਸਾਨੂੰ ਸਿਆਸੀ ਦ੍ਰਿਸ਼ ਦੇ ਰੁਬਰੂ ਖੜ੍ਹਾ ਕਰ ਦਿੰਦਾ ਹੈ।

ਸਾਂਝੇ ਪੰਜਾਬ ਦੀ ਸਾਂਝੀ ਰਹਿਤਲ, ਸਾਂਝੇ ਸੂਰਮੇ ਤੇ ਸਾਂਝੀ ਲੋਕ-ਸ਼ਕਤੀ ਉਸ ਦੀ ਸ਼ਾਇਰੀ ਦੀ ਸਮਰਥ ਸ਼ਕਤੀ ਹੈ। ਉਹ 1947 ਤੋਂ ਪਹਿਲਾਂ ਵਾਲੇ ਜੰਗੇ ਆਜ਼ਾਦੀ ਦੇ ਸੰਘਰਸ਼ ਵਿੱਚ ਕੁਰਬਾਨ ਹੋਏ ਸੂਰਮਿਆਂ ਦਾ ਵਾਰਿਸ ਹੈ ਅਤੇ ਇਹ ਵਿਰਾਸਤ ਅੱਗੇ ਆਪਣੇ ਪੁੱਤਰ ਨੂੰ ਸੌਂਪਣੀ ਚਾਹੁੰਦਾ ਹੈ। ਉਸਨੂੰ ਸੁਰਖ਼ ਸੋਚ ਨਾਲ ਉਣਸ ਹੈ, ਇਸੇ ਕਰਕੇ ਸ਼ਹੀਦ ਭਗਤ ਸਿੰਘ ਉਸਨੂੰ ਆਪਣਾ ਵੀਰ ਲੱਗਦਾ ਹੈ। ਇਸ ਵੀਰ ਦੇ ਪੈਰ ਚਿੰਨ੍ਹਾਂ ਤੇ ਪੁੱਤਰ ਨੂੰ ਤੋਰਨ ਲਈ, ਇੰਜ ਬੋਲਦਾ ਹੈ-

ਨੱਚਾਂ ਗਾਵਾਂ
ਭੰਗੜੇ ਪਾਵਾਂ
ਦੇਗਾਂ ਚਾੜ੍ਹਾਂ ਰਾਤ ਦਿਨੇ
ਮੇਰਾ ਪੁੱਤਰ ਮੇਰਾ ਵੀਰ
ਆਪਣੇ ਤਾਏ ਭਗਤ ਸਿੰਘ ਦੇ
ਪੈਰਾਂ ਉੱਤੇ ਪੈਰ ਧਰੇ।
ਮੇਰੀ ਪੂਰੀ ਆਸ ਕਰੇ।

ਬਾਬਾ ਨਜਮੀ ਦੇ ਪਹਿਲੇ ਸੰਗ੍ਰਹਿ ਅੱਖਰਾਂ ਵਿੱਚ ਸਮੁੰਦਰ 'ਚ ਉਸਨੇ 1992 'ਚ ਹੀ ਲਿਖ ਦਿੱਤਾ ਸੀ।

ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ ਹਰ ਜਾਈਏ ਤੇ ਚੰਗਾ ਏ।
ਭੱਜਣ ਨਾਲੋਂ ਵਿਚ ਮੈਦਾਨੇ ਮਰ ਜਾਈਏ ਤਾਂ ਚੰਗਾ ਏ।

ਚੜ੍ਹੀ ਹਨ੍ਹੇਰੀ ਰੱਬ ਈ ਜਾਣੇ ਕਿਹੜਾ ਰੰਗ ਵਿਖਾਏਗੀ,
ਇਹਦੇ ਆਉਣ ਤੋਂ ਪਹਿਲਾਂ ਘਰ ਜਾਈਏ ਤੇ ਚੰਗਾ ਏ।

ਖ਼ੌਰੇ ਕੱਲ੍ਹ ਮਿਲੇ ਨਾ ਮੌਕਾ ਫੇਰ ਇਕੱਠਿਆਂ ਹੋਵਣ ਦਾ,
ਕੱਲ੍ਹ ਦੀਆਂ ਵੀ ਕੁਝ ਅੱਜ ਗੱਲਾਂ ਕਰ ਜਾਈਏ ਤੇ ਚੰਗਾ ਏ।

ਬਾਬਾ ਨਜਮੀ ਨੇ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਬੜੀ ਹੀ ਸਮਰਥ ਗ਼ਜ਼ਲ ਕਹੀ ਹੈ। ਇਸ ਨੂੰ ਪੰਜਾਬੀ ਜ਼ਬਾਨ ’ਚ ਮੈਨੀਫੈਸਟੋ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ। ਉਹ ਆਪਣੀ ਜ਼ਬਾਨ ਤੇ ਸਮਰੱਥਾ, ਜ਼ਰੂਰਤ ਤੇ ਸ਼ਕਤੀ ਦੇ ਅਜਿਹੇ ਬੋਲ ਉਚਰਦਾ ਹੈ, ਜਿੰਨ੍ਹਾਂ ਨੂੰ ਪੜ੍ਹਦਿਆਂ ਬੜੀ ਜ਼ੁੰਬਸ਼ ਮਿਲਦੀ ਹੈ। ਜ਼ਬਾਨ ਨਾਲ ਮੁਹੱਬਤ ਦਾ ਰਿਸ਼ਤਾ ਪ੍ਰਪੱਕ ਹੁੰਦਾ ਹੈ।

ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ।

ਧੂੜਾਂ ਨਾਲ ਕਦੇ ਨ ਮਰਨਾ ਸ਼ੀਸ਼ੇ ਦੇ ਲਿਸ਼ਕਾਰੇ ਨੇ,
ਜਿੰਨੀ ਮਰਜ਼ੀ ਤਿੱਖੀ ਬੋਲੇ, ਉਰਦੂ ਬਾਲ ਪੰਜਾਬੀ ਦਾ।

ਲੋਕੀਂ ਮੰਗ ਮੰਗਾ ਕੇ ਅਪਣਾ ਬੋਹਲ ਬਣਾ ਕੇ ਬਹਿ ਗਏ ਨੇ,
ਅਸਾਂ ਤੇ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ।

ਜਿਹੜੇ ਆਖਣ ਵਿਚ ਪੰਜਾਬੀ ਵੁਸਅਤ ਨਈਂ, ਤਹਿਜ਼ੀਬ ਨਈਂ,
ਪੜ੍ਹ ਕੇ ਵੇਖਣ ਵਾਰਿਸ, ਬੁੱਲ੍ਹਾ, ਬਾਹੂ, ਲਾਲ, ਪੰਜਾਬੀ ਦਾ।

ਤਨ ਦਾ ਮਾਸ ਖਵਾ ਦਿੰਦਾ ਏ ਜਿਹੜਾ ਇਹਨੂੰ ਪਿਆਰ ਕਰੇ,
ਕੋਈ ਵੀ ਜਬਰਨ ਕਰ ਨਈਂ ਸਕਦਾ ਵਿੰਗਾ ਵਾਲ ਪੰਜਾਬੀ ਦਾ।

ਮਾਂ ਬੋਲੀ ਦੀ ਘਰ ਵਿਚ ਇੱਜ਼ਤ ਕੰਮੀ ਜਿੰਨੀ ਵੇਖ ਰਿਹਾਂ,
ਦੇਸ ਪਰਾਏ ਕੀ ਹੋਵੇਗਾ ਖੌਰੇ ਹਾਲ ਪੰਜਾਬੀ ਦਾ।

ਗ਼ਰਜ਼ਾਂ ਵਾਲੀ ਜੋਕ ਨੇ ਸਾਡੇ ਮਗਰੋਂ ਜਦ ਤਕ ਲਹਿਣਾ ਨਈਂ,
ਓਨਾ ਚਿਰ ਤੇ ਹੋ ਨਹੀਂ ਸਕਦਾ ਹੱਕ ਬਹਾਲ ਪੰਜਾਬੀ ਦਾ।

ਹੱਥ ਹਜ਼ਾਰਾਂ ਵਧ ਕੇ ‘ਬਾਬਾ’ ਘੁੱਟ ਦਿੰਦੇ ਨੇ ਮੇਰਾ ਮੂੰਹ,
ਪਰ੍ਹਿਆ ਦੇ ਵਿਚ ਜਦ ਵੀ ਚੁੱਕਨਾਂ ਕੋਈ ਸਵਾਲ ਪੰਜਾਬੀ ਦਾ।

ਲੱਗਦੇ ਹੱਥ, ਇੱਥੇ ਆਪਣੇ ਮਨ ਚਿੱਤ ਦੀ ਗੱਲ ’ਚੋਂ ਵੀ ਦੱਸ ਦਿਆਂ। ਹਾਲ ਹੀ ਵਿੱਚ ਲਾਹੌਰ ਚ ਸਮਾਪਤ ਹੋਈ ਵਿਸ਼ਵ ਪੰਜਾਬੀ ਅਮਨ ਕਾਨਫ਼ਰੰਸ ਦੇ ਮਤੇ ਲਿਖਣ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਤਾਂ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਬਾਬਾ ਨਜਮੀ ਦੀ ਇਹ ਗ਼ਜ਼ਲ ਮੇਰਾ ਰਾਹ ਦਸੇਰਾ ਬਣੀ। ਅਸਾਂ ਮੰਗ ਕੀਤੀ ਕਿ ਪੰਜਾਬ ਅਸੰਬਲੀ 'ਚ ਉਵੇਂ ਹੀ ਪੰਜਾਬੀ ਬੋਲਣ ਦੀ ਪ੍ਰਵਾਨਗੀ ਹੋਵੇ ਜਿਵੇਂ ਸਿੰਧ ਵਿੱਚ ਸਿੰਧੀ, ਪਖ਼ਤੂਨਵਾ ’ਚ ਪਸ਼ਤੋ ਤੇ ਬਲੋਚਿਸਤਾਨ 'ਚ ਬਲੋਚੀ ਬੋਲੀ ਜਾਂਦੀ ਹੈ। ਅੱਠ ਕਰੋੜ ਤੋਂ ਵੱਧ ਵਸੋਂ ਵਾਲੇ ਪੰਜਾਬ ਦੀ ਜ਼ਬਾਨ ਜੇ ਪੰਜਾਬੀ ਹੈ ਤਾਂ ਅਸੰਬਲੀ ’ਚ ਉਰਦੂ ਦੀ ਸਰਦਾਰੀ ਕਿਉਂ ਹੋਵੇ। ਇਵੇਂ ਹੀ ਮੰਗ ਕੀਤੀ ਕਿ ਪ੍ਰਾਇਮਰੀ ਪੱਧਰ ਤੋਂ ਪੰਜਾਬੀ ਜ਼ਬਾਨ ਪੜ੍ਹਾਉਣ ਦਾ ਯੋਗ ਪ੍ਰਬੰਧ ਸੂਬਾਈ ਹਕੂਮਤ ਹਾਈ ਸਕੂਲ ਪੱਧਰ ਤੀਕ ਕਰੇ। ਬਾਬਾ ਨਜਮੀ ਜ਼ਿੰਦਾਬਾਦ ਹੋ ਗਿਆ, ਮੇਰੀ ਧਿਰ ਬਣ ਕੇ।

ਵਿਸ਼ਵ ਅਮਨ ਦੀ ਸਲਾਮਤੀ ਲਈ ਉਸਦੀ ਕਲਮ ਹਮੇਸ਼ਾ ਹੀ ਫ਼ਿਕਰਮੰਦ ਤੇ ਸਿਰਜਣ ਸ਼ੀਲ ਰਹੀ ਹੈ। ਉਸ ਨੂੰ ਹਿੰਦ-ਪਾਕ ਤਣਾਉ ਉਦਾਸ ਹੀ ਨਹੀਂ, ਤੰਗ ਕਰਦਾ ਹੈ। ਉਹ ਜਾਣਦਾ ਹੈ ਕਿ-

ਗੰਦੇ ਅੰਡੇ ਏਧਰ ਵੀ ਨੇ, ਓਧਰ ਵੀ।
ਕੁਝ ਮੁਸ਼ਟੰਡੇ ਏਧਰ ਵੀ ਨੇ, ਓਧਰ ਵੀ।

ਕਿਹਨਾਂ ਦੇ ਹੁਣ ਗਾਉਣੇ ‘ਦੱਸੋ ਮੁੱਲਾਂ ਜੀ’,
ਹਲਵੇ ਮੰਡੇ ਏਧਰ ਵੀ ਨੇ, ਓਧਰ ਵੀ।

ਜਿਹਨਾਂ ਸਿੰਗ ਵਿਖਾ ਕੇ ਖਾਧਾ ਅਜ਼ਲਾਂ ਤੇ,
ਲੋਕੋ ਸੰਢੇ ਏਧਰ ਵੀ ਨੇ, ਓਧਰ ਵੀ।

ਬਾਬਾ ਨਜਮੀ ਦੀ ਇੱਕ ਕਵਿਤਾ ‘ਗੋਲ਼ੀ’ ਪੜ੍ਹਦਿਆਂ ਮੈਨੂੰ ਬਹੁਤ ਕੁਝ ਚੇਤੇ ਆਇਆ। ਵਿਸ਼ੇਸ਼ ਕਰਕੇ ਆਪਣੀ ਨਜ਼ਮ ਕਾਵਿ ਸੰਗ੍ਰਹਿ ਅਗਨ ਕਥਾ ਵਾਲੀ ‘ਨਿਜ਼ਾਮ’ ਚੇਤੇ ਆਈ-

ਇਸ ਦਾ ਕੱਲ੍ਹਾ ਮੂੰਹ ਨਾ ਵੇਖੋ।
ਮੂੰਹ ਅੰਦਰਲੇ ਦੰਦ ਵੀ ਵੇਖੋ।

ਮੀਸਣੀਆਂ ਮੁਸਕਾਨਾਂ ਓਹਲੇ,
ਜੋ ਜੋ ਚਾੜ੍ਹੇ ਚੰਦ ਵੀ ਵੇਖੋ ।

ਇਹਦਾ ਕੀਤਾ ਜਬਰ ਵੀ ਵੇਖੋ।
ਧਰਤੀ ਮਾਂ ਦਾ ਸਬਰ ਵੀ ਵੇਖੋ !

ਫ਼ਸਲਾਂ ਦੀ ਥਾਂ ਬੰਦੇ ਬੀਜੇ,
ਲੰਮ ਸਲੰਮੀ ਕਬਰ ਵੀ ਵੇਖੋ।

ਮੈਨੂੰ ‘ਗੋਲ਼ੀ’ ਕਵਿਤਾ ਬੜੀ ਹੀ ਮੁੱਲਵਾਨ ਰਚਨਾ ਲੱਗਦੀ ਹੈ।

ਗੋਲ਼ੀ ਅੰਨ੍ਹੀ, ਗੁੰਗੀ ਬੋਲੀ,
ਸੰਗੀਓ ਇਹਦਾ ਸੰਗ ਨਈਂ ਚੰਗਾ।
ਇਹਦਾ ਕੋਈ ਵੀ ਰੰਗ ਨਈਂ ਚੰਗਾ।
ਇਹਦਾ ਕੋਈ ਵੀ ਫਾਇਦਾ ਨਹੀਂ ਜੇ।

ਇਹਦਾ ਕੋਈ ਵੀ ਕਾਇਦਾ ਨਈਂ ਜੇ।

ਗੋਲ਼ੀ ਇਹਨਾਂ ਵੱਲੋਂ ਚੱਲੇ ।
ਗੋਲ਼ੀ ਉਹਨਾਂ ਵੱਲੋਂ ਚੱਲੇ ।

ਗੋਲ਼ੀ ਨਾਲ ਪੁਆੜਾ ਪੈਂਦਾ।
ਗੋਲ਼ੀ ਨਾਲ ਉਜਾੜਾ ਪੈਂਦਾ।

ਏਧਰ ਵੀ ਇਹ ਬੰਦਾ ਮਾਰੇ ।
ਓਧਰ ਵੀ ਇਹ ਬੰਦਾ ਮਾਰੇ ।

ਆਪਣੇ ਬੰਦੇ ਮਾਰਨ ਨਾਲ਼ੋਂ ।
ਕਬਰਾਂ ਵਿੱਚ ਉਤਾਰਨ ਨਾਲ਼ੋਂ।
ਮੇਰੀ ਮੰਨੋ, ਮੇਰੇ ਚੰਨੋ ।

ਇੱਕ ਦੂਜੇ ਦੇ ਸੀਨੇ ਲੱਗੋ ।
ਫੁੱਲਾਂ ਦੇ ਗੁਲਦਸਤੇ ਲੱਭੋ ।
ਬੰਦੇ ਖਾਣੀ ਗੋਲ਼ੀ ਦੱਬੋ ।

ਵਾਘਾ ਸਰਹੱਦ ’ਤੇ ਰੀਟਰੀਟ ਰਸਮ ਵੇਲੇ ਦੀ ਪਰੇਡ ਵਿਚਲੀ ਭਿਆਨਕਤਾ ਦੇ ਖਿਲਾਫ਼ ਮਤਾ ਲਿਖਣ ਵੇਲੇ ਵੀ ਇਹ ਕਵਿਤਾ ਮੇਰੇ ਸਨਮੁੱਖ ਸੀ। ਮਹਿਕੰਦੜੇ ਰਿਸ਼ਤੇ ਉਹ ਜਾਣਦੈ ਕਿ ਵਿਕਾਸ ਦੀ ਜਾਮਨੀ ਭਰਦੇ ਨੇ। ਬਾਬਾ ਨਜਮੀ ਮਨੁੱਖਤਾ ਦਾ ਸ਼ਾਇਰ ਹੈ, ਇਸੇ ਕਰਕੇ ਉਸ ਦੀ ਲੋਕ ਪੱਖੀ, ਅਮਨ ਮੰਗਦੀ ਸ਼ਾਇਰੀ ਨੂੰ ਸਲਾਮ ਕਹਿਣ ਨੂੰ ਦਿਲ ਕਰਦਾ ਹੈ।

ਬਾਬਾ ਨਜਮੀ ਸਾਡੇ ਵੇਲਿਆਂ ਦਾ ਉਹ ਸ਼ਾਇਰ ਹੈ, ਜਿਸ ਕੋਲ ਅਮਨ ਦੀ ਤਾਂਘ ਦੇ ਨਾਲ-ਨਾਲ ਸਮਰੱਥ ਸ਼ਬਦ ਬਾਣ ਵੀ ਹਨ ਜੋ ਵਕਤ ਦੇ ਰਾਵਣਾਂ ਦੀ ਨਾਭੀ ਵਿੱਚ ਸਿੱਧੇ ਵੱਜਦੇ ਹਨ। ਐਟਮ ਦੇ ਖ਼ਿਲਾਫ਼ ਉਸ ਦੀਆਂ ਸਤਰਾਂ ਨਾਲ਼ ਹੀ ਗੱਲ ਮੁਕਾਵਾਂਗਾ।

ਡੰਗਰ ਬਣ ਗਏ ਆਦਮ ਜਾਏ
ਬੰਦਿਆਂ ਨੇ ਬਘਿਆੜ ਭੁਲਾਏ।

ਬਾਬਾ ਨਜਮੀ ਦੀ ਸਮਰਥ ਸ਼ਾਇਰੀ ਨੂੰ ਮੇਰਾ ਸਲਾਮ । ਪੰਜਾਬੀ ਕਵਿਤਾ ਦੇ ਇਸ ਬੁਲੰਦ ਅੰਦਾਜ਼ ਨੂੰ ਮਾਂ ਬੋਲੀ ਚਿਰਾਂ ਤੋਂ ਉਡੀਕ ਰਹੀ ਸੀ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ