Hasde Hoye : Yashu Jaan
ਹੱਸਦੇ ਹੋਏ : ਯਸ਼ੂ ਜਾਨ
1. ਅੱਜ ਦੇ ਬਾਬਲ ਅਤੇ ਚਿੜੀਆਂ
ਹੁਣ ਗੁੱਡੀਆਂ-ਪਟੋਲੇ ਨਹੀਓਂ ਚੱਲਦੇ,
ਪਰੇਸ਼ਾਨ ਬਾਬੁਲ ਨੇ ਅੱਜ- ਕੱਲ੍ਹ ਦੇ,
ਨਾਲੇ ਚਿੜੀਆਂ ਨੇ ਹੋ ਗਈਆਂ ਚਲਾਕ ਜੀ,
ਕੀ-ਕੀ ਕਰਦੇ ਨੇ ਪੁੱਛੋ ਨਾ ਜਵਾਕ ਜੀ,
ਫੇਸਬੁੱਕ ਤੇ ਬਣਾਉਣਾ ਇੱਕ ਪੇਜ,
ਤੇ ਵੱਟਸ ਅੱਪ ਚਲਾਉਣ ਵਾਸਤੇ,
ਮੈਨੂੰ ਲੈਦੇ ਤੂੰ ਓਪੋ ਦਾ ਫੋਨ ਬਾਬਲਾ,
ਟਿਕ-ਟੌਕ ਉੱਤੇ ਵੀਡੀਓ ਬਣਾਉਣ ਵਾਸਤੇ
ਪਰ ਇੱਕ ਤਗੜੀ ਸਮੱਸਿਆ,
ਲਾਇਟ ਨਹੀਓਂ ਚਾਰਜ ਨਾ ਲੱਗਦਾ,
ਜਿੱਥੇ ਹੈ ਵਿਆਹ ਕੇ ਮੈਨੂੰ ਘੱਲਿਆ,
ਇੱਥੇ ਸਿਮ ਜੀਓ ਦਾ ਨਹੀਂ ਚੱਲਦਾ,
ਪਾਣੀ ਦੀ ਵੀ ਦਿੱਕਤ ਬਥੇਰੀ ਹੈ,
ਬੜੀ ਤੰਗੀ ਹੱਥ ਮੂੰਹ ਵੀ ਧੋਣ ਵਾਸਤੇ,
ਮੈਨੂੰ ਲੈਦੇ ਤੂੰ ਓਪੋ ਦਾ ਫੋਨ ਬਾਬਲਾ,
ਟਿਕ-ਟੌਕ ਉੱਤੇ ਵੀਡੀਓ ਬਣਾਉਣ ਵਾਸਤੇ
ਕੱਪੜੇ ਮੈਂ ਹੱਥ ਨਾਲ ਧੋਂਵਦੀ,
ਐੱਲ. ਜੀ. ਦੀ ਇੱਥੇ ਨਾ ਮਸ਼ੀਨ ਹੈ,
ਮੈਂ ਵੱਟਸ ਅੱਪ ਉੱਤੇ ਸਭ ਭੇਜ ਦਊਂ,
ਤੁਸੀਂ ਸਮਝੋਗੇ ਹਾਲਾਤ ਯਕੀਨ ਹੈ,
ਮੈਨੂੰ ਦਿੰਦਾ ਹੈ ਜਵਾਈ ਥੋਡਾ ਧਮਕੀ,
ਯਸ਼ੂ ਨੂੰ ਸ਼ਿਕਾਇਤ ਲਗਾਉਣ ਵਾਸਤੇ,
ਮੈਨੂੰ ਲੈਦੇ ਤੂੰ ਓਪੋ ਦਾ ਫੋਨ ਬਾਬਲਾ,
ਟਿਕ-ਟੌਕ ਉੱਤੇ ਵੀਡੀਓ ਬਣਾਉਣ ਵਾਸਤੇ
2. ਅੱਜ ਮੇਰੀ ਘਰਵਾਲ਼ੀ ਨੇ
ਅੱਜ ਮੇਰੀ ਘਰਵਾਲ਼ੀ ਨੇ ਸੀ ਚਾਹ ਬਣਾਈ,
ਕਾਹਦੀ ਚਾਹ ਸੀ ਪੱਤੀ ਸੁਧੀ ਬਣਾ ਪਿਲਾਈ,
ਕਹਿੰਦੀ ਪਹਿਲਾਂ ਪੀਤੀ ਹੈ ਕਦੇ ਐਸੀ ਚਾਹ,
ਦੱਸੋ ਮੇਰੀ ਚਾਹ ਦੇ ਬਾਰੇ ਕੀ ਹੈ ਸਲਾਹ,
ਮੈਨੂੰ ਵੀ ਫਿਰ ਕਹਿਣਾ ਪਿਆ ਵਾਹ ! ਵਈ ਵਾਹ,
ਮੈਂ ਨਾ ਪੀਤੀ ਕਦੇ ਐਸੀ ਚਾਹ
ਇੱਕ ਵਾਰੀ ਉਹਨੇ ਭਾਂਡੇ ਧੋਤੇ,
ਸਾਬਣ ਦੇ ਨਾਲ ਮਾਰਤੇ ਪੋਚੇ,
ਕੱਪੜੇ ਧੋਤੇ ਕੀ ਉਸ ਰਾਤੀਂ,
ਪਾੜੇ ਮਾਰ - ਮਾਰ ਕੇ ਥਾਪੀ,
ਕੱਪੜੇ ਧੋਤੇ ਜਾਂ ਕੀਤਾ ਝਾੜਾ,
ਕਹਿੰਦੀ ਸਾਬਣ ਹੀ ਹੈ ਮਾੜਾ
ਅਗਲੇ ਦਿਨ ਧਰ ਬੈਠੀ ਸਾਗ,
ਲੱਸੀ ਨੂੰ ਉਹਨੇ ਲਾਤਾ ਜਾਗ,
ਦੱਸੋ ਭਲਾ ਸਾਗ ਦੇ ਵਿੱਚ ਵੀ,
ਮਟਰ ਹੈ ਪਾਉਂਦਾ ਕੌਣ ਜਨਾਬ,
ਲੱਗਾਂ ਰੋਣ ਮੈਂ ਮੰਜੇ ਬਹਿਕੇ,
ਮਟਰਾਂ ਵਾਲਾ ਸਾਗ ਮਹਿਕੇ
ਪਿੱਛੇ ਹਟੇ ਨਾ ਧਾਰਾਂ ਚੋਣੋਂ,
ਡਰਦੀ ਹੱਥ ਥਣਾਂ ਨੂੰ ਲਾਉਣੋਂ,
ਮੱਝ ਤੇ ਗਾਂ ਵਿੱਚ ਫ਼ਰਕ ਨਾ ਜਾਣੇ,
ਕਰੇ ਪਰਹੇਜ਼ ਹੁਣ ਲਾਗੇ ਆਉਣੋਂ,
ਯਸ਼ੂ ਜਾਨ ਦਾ ਇਹੀਓ ਕਹਿਣਾ,
ਘਰਵਾਲ਼ੀ ਤੋਂ ਬਚਕੇ ਰਹਿਣਾ
3. ਆਪ ਬੀਤੀ ਘਟਨਾ
ਮੈਨੂੰ ਆਖਿਆ ਰਿਸ਼ਤੇਦਾਰਾਂ,
ਕੁਝ ਕੁ ਬੰਦਿਆਂ ਕੁਝ ਕੁ ਨਾਰਾਂ,
ਮੇਰਾ ਸੀ ਕੋਈ ਕੰਮ ਨਾ ਤੀਜਾ,
ਸਹੁਰੇ ਦਾ ਜਵਾਈ ਸਾਲ਼ੀ ਦਾ ਜੀਜਾ,
ਸਾਰੇ ਬੋਲੇ ਸਾਨੂੰ ਲੱਗਾ,
ਬੋਲਦਾ ਨਹੀਂ ਇਹ ਰੱਬ ਦਾ ਬੰਦਾ
ਮੈਂ ਵੀ ਸੋਚਿਆ ਗੱਲ ਕੀ ਕੀਤੀ,
ਹਸਪਤਾਲ਼ ਸੀ ਸਾਡੀ ਬੀਬੀ,
ਥੋੜ੍ਹਾ ਹਾਸਾ ਨਾਲ਼ ਮੈਂ ਪਾਇਆ,
ਤਾਏ ਸਾਡੇ ਬੜਾ ਹਸਾਇਆ,
ਬਣਿਆ ਇੱਕ ਮਹੌਲ਼ ਪਿਆਰਾ,
ਉਹ ਆਖਣ ਮੈਂ ਭਰਾਂ ਹੁੰਗਾਰਾ
ਕਾਹਤੋਂ ਦਿਲ ਦੀ ਗੱਲ ਮੈਂ ਖੋਲ੍ਹਾਂ,
ਜੇ ਕੋਈ ਪੁੱਛੂ ਤਾਹੀਓਂ ਬੋਲਾਂ,
ਭਾਵੇਂ ਮਾੜੇ ਹੋਵਣ ਹਾਲ਼,
ਮੋਢਾ ਜੋੜਕੇ ਖੜਾਂਗਾ ਨਾਲ਼,
ਹੋਵੋ ਸੋਚਕੇ ਨਾ ਪਰੇਸ਼ਾਨ,
ਮੈਨੂੰ ਵੀ ਹੈ ਮਿਲ਼ੀ ਜ਼ੁਬਾਨ
ਜ਼ਾਤ - ਪਾਤ ਤੋਂ ਕੋਹਾਂ ਦੂਰ,
ਮੇਰਾ ਇਹ ਅੰਦਾਜ਼ ਹਜ਼ੂਰ,
ਜੇ ਮੈਂ ਜ਼ਿਆਦਾ ਘੁਲਾਂ - ਮਿਲਾਂਗਾ,
ਐਵੇਂ ਕਿਸੇ ਦੀ ਗੱਲ ਸੁਣਾਂਗਾ,
ਖੁਸ਼ ਰਹੋ ਕਦੇ ਦੁੱਖ ਨਾ ਤੱਕੋ,
ਮੈਨੂੰ ਜ਼ਿਆਦਾ ਦੂਰ ਹੀ ਰੱਖੋ
ਜਿਹੜੇ ਮੈਨੂੰ ਕਹਿਣ ਖ਼ਰਾਬ,
ਸਦਾ ਸੁਖੀ ਉਹ ਰਹਿਣ ਜਨਾਬ,
ਇਹ ਕੁਦਰਤ ਦਾ ਦਸਤੂਰ ਨਹੀਂ,
ਤੇ ਤੁਹਾਡਾ ਵੀ ਕਸੂਰ ਨਹੀਂ,
ਅੱਜ ਆਪਣੀ ਹਾਲਤ ਤੇ ਮੈਂ ਹੱਸਾਂ,
ਮੈਂ ਬਾਹਰਲਾ ਬੰਦਾ ਕੀ ਕੁਝ ਦੱਸਾਂ
ਤੁਹਾਡਾ ਸਭਦਾ ਸੁਭਾਅ ਹੈ ਮਿੱਠਾ,
ਹਸਪਤਾਲ਼ ਮੈਂ ਸਭ ਕੁਝ ਡਿੱਠਾ,
ਮੈਨੂੰ ਲੱਗੇ ਮੈਂ ਹਾਂ ਇਕੱਲਾ,
ਸਿਰ ਨਾ ਮੇਰੇ ਪਿਓ ਦਾ ਪੱਲਾ,
ਭੂਤ, ਚੁੜੇਲਾਂ ਵਰਗੀ ਕੈਸੀ,
ਯਸ਼ੂ ਜਾਨ ਦੀ ਜ਼ਿੰਦਗ਼ੀ ਐਸੀ
4. ਇਹੋ ਜਿਹੀ ਹੁੰਦੀ ਹੈ ਘਰਵਾਲ਼ੀ
ਸ਼ਾਮ ਨੂੰ ਸਾਡਾ ਰਸਤਾ ਤੱਕੇ,
ਪਲ਼ ਦੀ ਦੇਰ ਨਾ ਸਹਿ ਸਕੇ,
ਕੰਮ ਦੇ ਵਿੱਚ ਸਾਰਾ ਦਿਨ ਰੁੱਝੀ,
ਮਨ ਦੀ ਗੱਲ ਨਾ ਕਹਿ ਸਕੇ,
ਉਸਦਾ ਸ਼ੌਂਕ ਹੋਵੇ ਇੱਕ ਅੱਧਾ,
ਸਾਡੇ ਉੱਨੀ ਸੌ ਸੰਤਾਲ਼ੀ,
ਘਰ ਵਾਲੇ ਦੀ ਖ਼ੈਰ ਹੀ ਮੰਗੇ,
ਇਹੋ ਜਿਹੀ ਹੁੰਦੀ ਹੈ ਘਰਵਾਲ਼ੀ
ਆਪਣੇ ਘਰਦਿਆਂ ਅੱਗੇ ਉਹ,
ਸਾਡੀਆਂ ਕਰਦੀ ਰਹੇ ਤਰੀਫ਼ਾਂ,
ਘਰ ਵਿੱਚ ਚਾਹੇ ਹੋਵੇ ਤੰਗੀ,
ਦੱਸਦੀ ਨਹੀਂ ਬਾਹਰ ਤਕਲੀਫ਼ਾਂ,
ਉਸਦੀ ਰੀਸ ਕਿਸੇ ਨਾ ਕਰਨੀ,
ਸਾਡੀ ਇੱਜ਼ਤ ਕਰਦੀ ਬਾਹਲ਼ੀ,
ਇਹੋ ਜਿਹੀ ਹੁੰਦੀ ਹੈ ਘਰਵਾਲ਼ੀ
ਖਾਣਾ ਫਿਰ ਬਣਾਉਣ ਲੱਗੇ,
ਸਾਡੀ ਪਸੰਦ ਪੁੱਛਦੀ ਹੈ ਸਾਥੋਂ,
ਜੋ ਬਣਾਵੇ ਖਾਵੋ ਚੁੱਪ ਕਰ,
ਆਪਾਂ ਨਖ਼ਰੇ ਕਰੀਏ ਕਾਹਤੋਂ,
ਰੋਟੀ ਸਬਜ਼ੀ ਨਾਲ ਸਲਾਦ,
ਸਜਾਕੇ ਮੂਹਰੇ ਰੱਖੇ ਥਾਲ਼ੀ,
ਇਹੋ ਜਿਹੀ ਹੁੰਦੀ ਹੈ ਘਰਵਾਲ਼ੀ
ਘਰਦੇ ਖਰਚੇ ਕਾਬੂ ਕਰਕੇ,
ਜੋੜੇ ਪੈਸਾ ਹੱਥ ਘੁੱਟ-ਘੁੱਟ ਕੇ,
ਮਾਂ ਪੁੱਤਰ ਦਾ ਪਿਆਰ ਰਹੇ ਬਣ,
ਉਸ ਕੀ ਲੈਣਾ ਘਰ ਨੂੰ ਪੁੱਟਕੇ,
ਯਸ਼ੂ ਜਾਨ ਅਸੀਂ ਆਪ ਹਾਂ ਮਾੜੇ,
ਬੇਗਾਨੀ ਧੀ ਕਦੇ ਨਾ ਮਾੜੀ,
ਇਹੋ ਜਿਹੀ ਹੁੰਦੀ ਹੈ ਘਰਵਾਲ਼ੀ
5. ਇੰਨਾ ਗੁੱਸਾ ਕਰਿਆ ਨਾ ਕਰ
ਇੰਨਾ ਗੁੱਸਾ ਕਰਿਆ ਨਾ ਕਰ,
ਘਰ ਵਾਲੀ ਨਾਲ਼ ਲੜਿਆ ਨਾ ਕਰ,
ਗੁੱਸੇ ਦੇ ਵਿੱਚ ਆਕੇ ਬੰਦਿਆ,
ਗੁਤਨੀ ਉਹਦੀ ਫੜ੍ਹਿਆ ਨਾ ਕਰ,
ਇੰਨਾ ਗੁੱਸਾ ਕਰਿਆ ਨਾ ਕਰ
ਤੂੰ ਵੀ ਕੱਢਿਆ ਨਾ ਕਰ ਗਾਲਾਂ,
ਉਹ ਵੀ ਬੋਲਣੋ ਹੱਟ ਜਾਊਗੀ,
ਆਟਾ ਜੇਕਰ ਗੁੰਨ੍ਹ ਦਵੇਂਗਾ,
ਇੱਜ਼ਤ ਕਿਹੜਾ ਘੱਟ ਜਾਊਗੀ,
ਘਰਵਾਲ਼ੀ ਦੀ ਕਰੇਂ ਬੁਰਾਈ,
ਬਹੁਤੀਆਂ ਗੱਲਾਂ ਘੜਿਆ ਨਾ ਕਰ,
ਇੰਨਾ ਗੁੱਸਾ ਕਰਿਆ ਨਾ ਕਰ
ਖਾ - ਖਾ ਭਾਂਡੇ ਦਵੇਂ ਲਬੇੜ ਤੂੰ,
ਦੇਖੇਂ ਨਾ ਫਿਰ ਸੁੱਟਣ ਲੱਗੇ,
ਉਹੀਓ ਸਾਂਭੂ ਸਭ ਖਿਲਾਰਾ,
ਅੱਗ ਲੱਗੇ ਤੈਨੂੰ ਚੁੱਕਣ ਲੱਗੇ,
ਗੁੱਸੇ ਕਰਕੇ ਦਿਲ ਤੋੜਕੇ,
ਫਿਰ ਮਨਾਉਣ ਲਈ ਮਰਿਆ ਨਾ ਕਰ,
ਇੰਨਾ ਗੁੱਸਾ ਕਰਿਆ ਨਾ ਕਰ
ਝਾੜੂ ਪੋਚਾ ਉਹ ਲਾਉਂਦੀ ਰੋਜ਼,
ਕੰਮ ਵੀ ਕਰੇ ਡਿੱਗਦੀ ਢਹਿੰਦੀ,
ਜਦੋਂ ਬਿਮਾਰ ਉਹ ਹੋਵੇ ਕਿਧਰੇ,
ਤੇਰੀ ਕਾਹਤੋਂ ਨਜ਼ਰ ਨਾ ਪੈਂਦੀ,
ਉਸਦਾ ਜੇ ਤੂੰ ਖ਼ਿਆਲ ਨਹੀਂ ਰੱਖਣਾ,
ਗੁੱਸੇ ਦੇ ਨਾਲ ਵਰ੍ਹਿਆ ਨਾ ਕਰ,
ਇੰਨਾ ਗੁੱਸਾ ਕਰਿਆ ਨਾ ਕਰ
ਤੇਰੇ ਖਾਨੇ ਗੱਲ ਨਹੀਂ ਪੈਣੀ,
ਜਦ ਤੱਕ ਉਹ ਪੇਕੇ ਨਾ ਜਾਵੇ,
ਬਿਨ ਔਰਤ ਤੋਂ ਮਰਦ ਅਧੂਰਾ,
ਕਿਹੜਾ ਤੈਨੂੰ ਹੁਣ ਸਮਝਾਵੇ,
ਯਸ਼ੂ ਜਾਨ ਮਿਲ ਜੁਲ ਕੇ ਰਹਿ ਤੂੰ,
ਇਲਜ਼ਾਮ ਉਹਦੇ ਤੇ ਧਰਿਆ ਨਾ ਕਰ,
ਇੰਨਾ ਗੁੱਸਾ ਕਰਿਆ ਨਾ ਕਰ,
ਘਰ ਵਾਲੀ ਨਾਲ਼ ਲੜਿਆ ਨਾ ਕਰ
6. ਸਾਲਗਿਰਾਹ
ਕਈ ਸਾਲ ਪਹਿਲਾਂ ਦੇ ਕੀਤੇ ਹੋਏ ਗ਼ੁਨਾਹ ਦੀ,
ਮੁਬਾਰਕ ਹੋਵੇ ਸਾਲਗਿਰਾਹ ਆਪਣੇ ਵਿਆਹ ਦੀ
ਉਸ ਵੇਲ਼ੇ ਮੇਰੀ ਜ਼ਿੰਦਗ਼ੀ ਦੇ ਬੂਟੇ ਨੂੰ ਸੀ ਫ਼ਲ ਲੱਗੇ,
ਫੇਰੇ ਲਾਵਾਂ ਹੋਈਆਂ ਸੀ ਗੁਰੂ ਘਰ ਹਜ਼ੂਰ ਅੱਗੇ,
ਮਿਹਰ ਸੀ ਹੋਈ ਉਦੋਂ ਸੱਚੇ ਪਾਤਸ਼ਾਹ ਦੀ,
ਮੁਬਾਰਕ ਹੋਵੇ ਸਾਲਗਿਰਾਹ ਆਪਣੇ ਵਿਆਹ ਦੀ
ਚੰਗੇ ਮਾੜਾ ਸਮਾਂ ਆਇਆ ਖੁਸ਼ ਹੋਕੇ ਕੱਟਿਆ,
ਦੋਹਾਂ ਨੇ ਸੀ ਹੌਂਸਲਾ ਬਰਾਬਰ ਦਾ ਰੱਖਿਆ,
ਅੱਜ ਦੀ ਖੁਸ਼ੀ ਦੇ ਵੇਲੇ ਤੈਨੂੰ ਚੜ੍ਹੇ ਚਾਅ ਦੀ,
ਮੁਬਾਰਕ ਹੋਵੇ ਸਾਲਗਿਰਾਹ ਆਪਣੇ ਵਿਆਹ ਦੀ
ਮਿਹਨਤਾਂ ਨੇ ਕੀਤੀਆਂ ਤਰੱਕੀਆਂ ਉਹ ਬਖ਼ਸ਼ੇ,
ਬਚੀ-ਖੁਚੀ ਜ਼ਿੰਦਗ਼ੀ ਲੰਘ ਜਾਵੇ ਹੱਸ-ਹੱਸਕੇ ,
ਨਹੀਂ ਹੁਣ ਲੋੜ ਸਾਨੂੰ ਕਿਸੇ ਦੀ ਸਲਾਹ ਦੀ,
ਮੁਬਾਰਕ ਹੋਵੇ ਸਾਲਗਿਰਾਹ ਆਪਣੇ ਵਿਆਹ ਦੀ
ਯਸ਼ੂ ਜਾਨ ਜੋੜੀਆਂ ਬਣਾਵੇ ਸੱਚਾ ਪਾਤਸ਼ਾਹ,
ਉਸ ਨਾਲ਼ੋਂ ਵੱਡਾ ਨਹੀਓਂ ਦੁਨੀਆਂ ਤੇ ਬਾਦਸ਼ਾਹ,
ਰੱਟ ਲੱਗ ਗਈ ਹੈ ਸਾਨੂੰ ਉਹਦੇ ਸੱਚੇ ਨਾਂ ਦੀ,
ਮੁਬਾਰਕ ਹੋਵੇ ਸਾਲਗਿਰਾਹ ਆਪਣੇ ਵਿਆਹ ਦੀ
7. ਕਣਕਾਂ ਦੇ ਢੋਲ
ਖਾ ਗਈ ਕਣਕਾਂ ਦੇ ਢੋਲ ਕੁੜੇ,
ਹੋਇਆ ਢਿੱਡ ਵੀ ਗੋਲ਼-ਮਟੋਲ ਕੁੜੇ,
ਪਾਟਣ ਤੇ ਆ ਗਈ ਤੂੰ,
ਮੇਰੇ ਛੱਡਿਆ ਨਾ ਕੁਝ ਕੋਲ਼ ਕੁੜੇ,
ਮੂੰਹ ਰੱਖਿਆ ਬੰਦ ਤੂੰ ਖੋਲ੍ਹ ਕੁੜੇ,
ਪਾਟਣ ਤੇ ਆ ਗਈ ਤੂੰ
ਤੈਨੂੰ ਤਾਂ ਰੱਜ ਆਉਣਾ ਨਹੀਂ,
ਮੇਰੇ ਘਰ ਦੀਆਂ ਕੰਧਾਂ ਖਾ ਕੇ ਵੀ,
ਤੂੰ ਲੱਗਦੀ ਮੈਨੂੰ ਚੜੇਲ ਜਿਹੀ,
ਹੁਣ ਹਾਰ ਸ਼ਿੰਗਾਰ ਲਗਾਕੇ ਵੀ,
ਮੈਂ ਸਮਝਿਆ ਨਾ ਤੇਰੇ ਝੋਲ ਕੁੜੇ,
ਪਾਟਣ ਤੇ ਆ ਗਈ ਤੂੰ
ਸਾਰਾ ਕੁਝ ਲੁੱਟਕੇ ਲੈ ਗਈ ਤੂੰ,
ਪੱਲੇ ਛੱਡੀ ਕਾਣੀ ਕੌਡੀ ਨਾ,
ਜਿੱਥੇ ਜਾ ਕੇ ਜੀ ਸਕਾਂ ਮੈਂ,
ਐਸੀ ਕੋਈ ਛੱਡਦੇ ਥਾਂ,
ਮੇਰੀ ਜ਼ਿੰਦਗ਼ੀ ਦਿੱਤੀ ਰੋਲ ਕੁੜੇ,
ਪਾਟਣ ਤੇ ਆ ਗਈ ਤੂੰ
ਤੇਰੇ ਭਾਈਆਂ ਨੂੰ ਸ਼ਰਮ ਨਹੀਂ,
ਭੈਣਾਂ ਦੇ ਘਰ ਆ ਰਹਿੰਦੇ ਜੋ,
ਕਦੇ ਸਾਲ਼ ਤੇ ਕਦੇ ਮਹੀਨਾ ਨੀਂ,
ਸਾਰਾ ਦਿਨ ਸੁੱਤੇ ਰਹਿੰਦੇ ਉਹ,
ਯਸ਼ੂ ਜਾਨ ਨੂੰ ਪੈਂਦੇ ਹੌਲ ਕੁੜੇ,
ਪਾਟਣ ਤੇ ਆ ਗਈ ਤੂੰ
8. ਚੰਗਾ ਮੈਂ ਕਰਵਾਇਆ ਵਿਆਹ
ਚੰਗਾ ਮੈਂ ਕਰਵਾਇਆ ਵਿਆਹ,
ਰੋਜ਼ ਹੀ ਹੁੰਦੀ ਹੈ ਲਾਹ - ਪਾਹ,
ਇਹ ਜ਼ਿੰਦਗ਼ੀ ਦਾ ਰਸ ਹੈ ਮਿੱਤਰੋ,
ਮੇਰੇ ਵੀ ਕੀ ਵੱਸ ਹੈ ਮਿੱਤਰੋ,
ਸੂਰਜ ਵਿਹੜੇ ਜਦ ਚੜ੍ਹ ਆਉਂਦਾ,
ਘਰ ਵੀ ਮੇਰਾ ਛੋਰ ਮਚਾਉਂਦਾ,
ਉਹਦੀ ਸੁਣਾਂ ਪੰਜਾਬੀ, ਹਿੰਦੀ,
ਥੱਕਦੀ ਨਹੀਂ ਸਾਨੂੰ ਗਾਲਾਂ ਦਿੰਦੀ,
ਦੇਵਾਂ ਨਾ ਜੇ ਚਾਹ ਬਣਾਕੇ,
ਬੈਠ ਜਾਂਦੀ ਹੈ ਮੂੰਹ ਫੁਲਾਕੇ,
ਆਖੇ ਮੇਰੀਆਂ ਦੁਖਦੀਆਂ ਬਾਹਵਾਂ,
ਰੋਟੀ ਕਿੱਦਾਂ ਮੈਂ ਬਣਾਵਾਂ,
ਹੱਸਦੀ ਚੁਸਕੀ ਲੈਕੇ ਚਾਹ ਦੀ,
ਆਟਾ ਗੁੰਨ੍ਹਣਾ ਗੱਲ ਹੈ ਕਾਹਦੀ,
ਜਦ ਉਸਨੂੰ ਚੜ੍ਹਿਆ ਦਿਸੇ ਥਕੇਵਾਂ,
ਰੋਟੀ ਵੀ ਫਿਰ ਲਾਹ ਹੀ ਦੇਵਾਂ,
ਉਹਦੀ ਤਾਂ ਹੈ ਚਾਂਦੀ - ਚਾਂਦੀ,
ਇੰਨਾ ਦੇਖ ਉਹ ਖੁਸ਼ ਹੋ ਜਾਂਦੀ,
ਐਸਾ ਨਹੀਂ ਉਹ ਕੰਮ ਨਹੀਂ ਕਰਦੀ,
ਕਦੇ - ਕਦੇ ਹੀ ਕਰਦੀ ਮਰਜ਼ੀ,
ਪੋਚਾ ਵੀ ਲਾਵਾਂ ਅੰਦਰੋਂ ਬਾਹਰੋਂ,
ਮੈਨੂੰ ਕਿਹੜਾ ਸ਼ਰਮ ਹੈ ਯਾਰੋ,
ਕਿਸੇ ਗੱਲ ਦਾ ਨਹੀਓਂ ਪੰਗਾ,
ਜੇ ਜੀਵਨ ਸਾਥੀ ਹੋਵੇ ਚੰਗਾ,
ਉਸਦੇ ਦਿਲ ਵਿੱਚ ਖੋਟ ਨਹੀਂ ਹੈ,
ਤੇ ਮੇਰੇ ਦਿਲ ਤੇ ਚੋਟ ਨਹੀਂ ਹੈ,
ਸੁਸਤੀ ਉਸਦੀ ਹੈ ਕਮਜ਼ੋਰੀ,
ਮੈਂ ਕੰਮ ਕਰਾਵਾਂ ਮੱਲੋ - ਜ਼ੋਰੀ,
ਦਾਲ, ਸਬਜ਼ੀ, ਦੁੱਧ ਤੇ ਆਟਾ,
ਫਿਰ ਘਰ ਵਿੱਚ ਕਿਸ ਗੱਲ ਦਾ ਘਾਟਾ,
ਝਗੜਾ ਹੋਵੇ ਚਾਹੇ ਝਮੇਲਾ,
ਲੱਗਾ ਹੀ ਰਹਿੰਦਾ ਸ਼ੁਗਲ - ਮੇਲਾ,
ਯਸ਼ੂ ਜਾਨ ਤਾਂ ਰੱਬ ਦਾ ਬੰਦਾ,
ਉਸਦੀ ਕਿਰਪਾ ਸਭ ਕੁਝ ਚੰਗਾ
9. ਨਵੀਂ ਵਿਆਹੀ
ਨਵੀਂ ਵਿਆਹੀ ਉੱਚੇ ਸੁਰ ਵਿੱਚ ਗੀਤ ਸੁਣਾਉਂਦੀ ਹੈ,
ਹਰ ਘਰ ਦੀ ਨੂੰਹ ਅੱਜ ਰਸੋਈ ਵੱਖਰੀ ਚਾਹੁੰਦੀ ਹੈ
ਬੇਵੱਸ ਹੋਇਆ ਪੁੱਤਰ ਮਾਂ ਨੂੰ ਆਖੇ ਵੀ ਕਿੱਦਾਂ,
ਫਸਿਆ ਭੋਲ਼ਾ ਪੰਛੀ ਗੱਲ ਨੂੰ ਟਾਲੇ ਵੀ ਕਿੱਦਾਂ,
ਡਰਦੇ-ਡਰਦੇ ਦੀ ਫਿਰ ਹਿੰਮਤ ਆਖਰ ਨੂੰ ਪੈਂਦੀ,
ਮੈਂ ਅੱਡ ਰਸੋਈ ਕਰਨੀ ਹੈ ਤੇਰੀ ਨੂੰਹ ਰਾਣੀ ਕਹਿੰਦੀ,
ਪੁੱਤਰ ਦੀ ਗੱਲ ਸੁਣਕੇ ਮਾਂ ਥੋੜ੍ਹਾ ਮੁਸਕਾਉਂਦੀ ਹੈ,
ਹਰ ਘਰ ਦੀ ਨੂੰਹ ਅੱਜ ਰਸੋਈ ਵੱਖਰੀ ਚਾਹੁੰਦੀ ਹੈ
ਸਭ ਭਰਾ ਫਿਰ ਗੁੱਸੇ ਹੋਵਣ ਇੰਨਾ ਬਦਨੀਤਾ ਤੂੰ,
ਕੀ ਦੋਸ਼ ਭਰਾ ਨੂੰ ਦਈਏ ਭਾਬੀ ਇਹ ਕੀ ਕੀਤਾ ਤੂੰ,
ਬੇਬੇ ਸਾਡੀ ਦੇ ਪਹਿਲੀ ਨਜ਼ਰੇ ਪਸੰਦ ਆਈ ਸੈਂ,
ਤੈਨੂੰ ਕੀ ਦੱਸਾਂ ਕਿੰਨੇ ਚਾਵਾਂ ਨਾਲ ਵਿਆਹੀ ਸੈਂ,
ਪਰ ਹਾਲੇ ਵੀ ਮੇਰੀ ਮਾਂ ਤੇਰੀ ਗੱਲ ਤੇ ਪਰਦੇ ਪਾਉਂਦੀ ਹੈ,
ਉਹਨੇ ਆਖ ਦਿੱਤਾ ਨੂੰਹ ਰਾਣੀ ਸਭ ਵੱਖਰਾ ਚਾਹੁੰਦੀ ਹੈ
ਨਿੱਕੇ ਹੁੰਦੇ ਸੀ ਚਾਰ ਭਰਾ ਇੱਕ ਕਮਰੇ ਵਿੱਚ ਸੁੱਤੇ,
ਅੱਜ ਇਹ ਘਰ ਝੱਲਿਆ ਤੂੰ ਦੱਸਦੈਂ ਦਮ ਤੇਰਾ ਘੁੱਟੇ,
ਜੱਗ ਦੇਖ ਤਮਾਸ਼ਾ ਹੱਸੇਗਾ ਘਰ ਕਾਂ-ਕਾਂ ਹੁੰਦੀ ਹੈ,
ਮੈਨੂੰ ਲੱਗਦਾ ਇਹ ਬੋਲੇ ਝੂਠ ਬੜਾ ਭਾਬੀ ਮਾਂ ਹੁੰਦੀ ਹੈ,
ਦੱਸ ਯਸ਼ੂ ਜਾਨ ਦੇ ਨਾਲ ਕਿਉਂ ਕਿਸਮਤ ਖੇਡ ਰਚਾਉਂਦੀ ਹੈ,
ਹਰ ਘਰ ਦੀ ਨੂੰਹ ਅੱਜ ਰਸੋਈ ਵੱਖਰੀ ਚਾਹੁੰਦੀ ਹੈ
10. ਨਿੱਕੀ ਜਿਹੀ ਕਹਾਣੀ
ਮੇਰੀ ਨਿੱਕੀ ਜਿਹੀ ਕਹਾਣੀ,
ਜਿਉਂ ਬਾਰਿਸ਼ ਵਿੱਚ ਟਪਕੇ ਪਾਣੀ,
ਮੇਰੇ ਘਰ ਵਿੱਚ ਪੰਜ ਜਣੇ ਨੇ,
ਲੱਗੀ ਰਹਿੰਦੀ ਆਉਣੀ ਜਾਣੀ
ਰੱਬ ਨੇ ਦਿੱਤੀ ਦੌਲਤ - ਸ਼ੌਹਰਤ,
ਤੇ ਦਿੱਤੀ ਇੱਕ ਨਾਰੀ ਹੈ,
ਜਿਸ ਲਈ ਚਾਹ ਬਣਾਉਣ ਦੀ,
ਮੇਰੀ ਹੀ ਜ਼ਿੰਮੇਦਾਰੀ ਹੈ,
ਰੋਟੀ-ਟੁੱਕ ਉਹ ਵੀ ਕਰ ਦਿੰਦੀ,
ਪੁੱਛਦੀ ਪਾਣੀ - ਧਾਣੀ ,
ਮੇਰੇ ਘਰ ਵਿੱਚ ਪੰਜ ਜਣੇ ਨੇ,
ਲੱਗੀ ਰਹਿੰਦੀ ਆਉਣੀ ਜਾਣੀ
ਉਸਦੇ ਨਾਲ਼ ਵਟਾਵਾਂ ਹੱਥ ਮੈਂ,
ਝਾੜੂ-ਪੋਚਾ ਜੋ ਵੀ ਹੋਵੇ,
ਚਾਹ ਸਵੇਰ ਦੀ ਕੰਮ ਹੈ ਸਾਡਾ,
ਭਾਂਡਾ-ਟੀਂਡਾ ਉਹੀਓ ਧੋਵੇ,
ਘਰਦਾ ਸਾਰਾ ਕੰਮ ਕਰੂਗੀ,
ਇੰਨੀ ਵੀ ਉਹ ਨਹੀਂ ਸਿਆਣੀ,
ਮੇਰੇ ਘਰ ਵਿੱਚ ਪੰਜ ਜਣੇ ਨੇ,
ਲੱਗੀ ਰਹਿੰਦੀ ਆਉਣੀ ਜਾਣੀ
ਸਾਥੋਂ ਕਾਹਤੋਂ ਖਿਝੀ ਹੀ ਰਹਿੰਦੀ,
ਗੁੱਸਾ ਬਿਨ ਗੱਲੋਂ ਹੀ ਆਵੇ,
ਜਾਨ ਯਸ਼ੂ ਦੀ ਫਸੀ ਰਹੇ ਜੀ,
ਜਦ ਤੱਕ ਉਸਨੂੰ ਨਾ ਮਨਾਵੇ,
ਮਾਤਾ ਜੀ ਵੀ ਕਹਿੰਦੇ ਰਹਿੰਦੇ,
ਹਾਲੇ ਤਾਂ ਕੁੜੀ ਹੈ ਨਿਆਣੀ,
ਮੇਰੇ ਘਰ ਵਿੱਚ ਪੰਜ ਜਣੇ ਨੇ,
ਲੱਗੀ ਰਹਿੰਦੀ ਆਉਣੀ ਜਾਣੀ
11. ਪਤੀ ਸ਼ਰਾਬੀ
ਤੇਰੀ ਮਾਂ ਨੇ ਕਰਕੇ ਧੋਖ਼ਾ,
ਹੋਰ ਤਸਵੀਰ ਦਿਖਾਈ ਵੇ,
ਮੇਰੇ ਮਾਪਿਆਂ ਨੂੰ ਥੋਡੀ ਚਲਾਕੀ,
ਸੀ ਸਮਝ ਨਾ ਆਈ ਵੇ,
ਚੰਦਰੀ ਵਿਚੋਲਣ ਕਰ ਗਈ ਧੋਖ਼ੇ,
ਮੇਰਾ ਤਾਹੀਓਂ ਮਾੜਾ ਹਾਲ,
ਵੇ ਮੇਰੇ ਕਰਮ ਸੀ ਪੁੱਠੇ,
ਮੈਂ ਫਸ ਗਈ ਤੇਰੇ ਨਾਲ਼
ਕਹਿੰਦੀ ਸੀ ਮੁੰਡਾ ਹੈ ਸਾਊ,
ਨਸ਼ੇ ਦਾ ਨਹੀਓਂ ਆਦਿ,
ਕੀ ਪਤਾ ਸੀ ਲੜ ਲੱਗ ਜਾਊ,
ਸਿਰੇ ਦਾ ਤੂੰ ਸ਼ਰਾਬੀ,
ਚੰਗਾ ਸ਼ਬਦ ਨਾ ਤੇਰੇ ਮੂੰਹ ਚੋਂ,
ਨਿੱਕਲਦੀ ਹੈ ਗਾਲ,
ਵੇ ਮੇਰੇ ਕਰਮ ਸੀ ਪੁੱਠੇ,
ਮੈਂ ਫ਼ਸ ਗਈ ਤੇਰੇ ਨਾਲ਼
ਕੰਮ ਹੈ ਉਹਦਾ ਜ਼ੋਰਾਂ ਉੱਤੇ,
ਪੈਸੇ ਬੜੇ ਕਮਾਉਂਦਾ,
ਕਵੈਤ ਦੇਸ਼ ਵਿੱਚ ਚੱਲਣ ਟਰਾਲੇ,
ਨੋਟ ਬੜਾ ਘਰ ਆਉਂਦਾ,
ਨੰਗਾਂ ਦੇ ਘਰ ਮੇਰੀ ਡੋਲੀ,
ਛੱਡੀ ਕਿਸ ਚੰਡਾਲ,
ਵੇ ਮੇਰੇ ਕਰਮ ਸੀ ਪੁੱਠੇ,
ਮੈਂ ਫ਼ਸ ਗਈ ਤੇਰੇ ਨਾਲ਼
ਯਸ਼ੂ ਜਾਨ ਨੇ ਰੋਕਿਆ ਸੀ,
ਮੁੰਡਾ ਸਿਰੇ ਦਾ ਐਬੀ,
ਇਹਨਾਂ ਦੇ ਘਰ ਕੁੜੀ ਟੋਰਕੇ,
ਨਾ ਬਣਾਇਓ ਕੈਦੀ,
ਮੇਰੀ ਕਿਸਮਤ ਨਾਲ਼ ਮੇਰੇ ਸੀ,
ਟੇਢੀ ਖੇਡੀ ਚਾਲ਼,
ਵੇ ਮੇਰੇ ਕਰਮ ਸੀ ਪੁੱਠੇ,
ਮੈਂ ਫ਼ਸ ਗਈ ਤੇਰੇ ਨਾਲ਼
12. ਪਤੀ- ਪਤਨੀ ਦੇ ਝਗੜੇ
ਪਤੀ- ਪਤਨੀ ਦੇ ਝਗੜੇ ਦਾ ਇੱਕ ਇਲਾਜ ਹੈ,
ਇਲਾਜ ਔਖ਼ਾ ਤਾਂ ਹੈ ਪਰ ਲਾਜਵਾਬ ਹੈ
ਦੋਹਾਂ ਚੋਂ ਕੋਈ ਇੱਕ ਜਣਾ ਜਾਂ ਚੁਪ ਰਹੇ,
ਜਾਂ ਮੁੱਦਾ ਬਦਲ ਕੇ ਗੱਲ ਕੋਈ ਹੋਰ ਕਰੇ,
ਲੈਕੇ ਬੈਠ ਜਾਣ ਜਾਂ ਕੋਈ ਹਿਸਾਬ - ਕਿਤਾਬ ਹੈ,
ਪਤੀ- ਪਤਨੀ ਦੇ ਝਗੜੇ ਦਾ ਇੱਕ ਇਲਾਜ ਹੈ,
ਇਲਾਜ ਔਖ਼ਾ ਤਾਂ ਹੈ ਪਰ ਲਾਜਵਾਬ ਹੈ
ਮੂੰਹ ਵਿੱਚ ਪਾਣੀ ਭਰਕੇ ਕਰਨ ਗਰਾਰੇ ਜੀ,
ਮੂੰਹ ਨਾ ਹੋਵੇ ਵਿਹਲਾ ਗੱਲ ਉਚਾਰੇ ਕੀ,
ਮੂੰਹਾਂ ਉੱਤੋਂ ਦੇਵੋ ਉਤਾਰ ਜੋ ਲਾਇਆ ਨਕਾਬ ਹੈ,
ਪਤੀ- ਪਤਨੀ ਦੇ ਝਗੜੇ ਦਾ ਇੱਕ ਇਲਾਜ ਹੈ,
ਇਲਾਜ ਔਖ਼ਾ ਤਾਂ ਹੈ ਪਰ ਲਾਜਵਾਬ ਹੈ
ਯਾਦ ਕਰਨ ਉਸ ਵੇਲ਼ੇ ਨੂੰ ਜਦ ਲਈਆਂ ਲਾਵਾਂ,
ਇੱਕ ਦੂਜੇ ਨਾਲ ਕੀਤੇ ਵਾਅਦੇ ਅਤੇ ਦੁਆਵਾਂ,
ਕਰੋ ਪੂਰਾ ਯਸ਼ੂ ਜਾਨ ਜੋ ਅਧੂਰਾ ਖ਼ੁਆਬ ਹੈ,
ਪਤੀ- ਪਤਨੀ ਦੇ ਝਗੜੇ ਦਾ ਇੱਕ ਇਲਾਜ ਹੈ,
ਇਲਾਜ ਔਖ਼ਾ ਤਾਂ ਹੈ ਪਰ ਲਾਜਵਾਬ ਹੈ
13. ਪਿਆਰ ਮੇਰਾ ਪੱਕਾ ਹੈ
ਮੈਂ ਜੋੜਿਆ ਜੋ ਨਾਲ਼ ਤੇਰੇ,
ਰਿਸ਼ਤਾ ਉਹ ਸੱਚਾ ਹੈ,
ਮੇਰੀਆਂ ਕਵਿਤਾਵਾਂ ਵਾਂਗ,
ਪਿਆਰ ਮੇਰਾ ਪੱਕਾ ਹੈ,
ਸਮਝੀਂ ਨਾ ਤੂੰ ਕਿਧਰੇ,
ਮੈਂ ਬਦਲ ਗਿਆ ਹਾਂ,
ਮੈਨੂੰ ਹੀ ਪਤਾ ਨਹੀਂ ਹਾਲੇ,
ਦਿਲ ਮੇਰਾ ਬੱਚਾ ਹੈ
ਦਿਨ-ਰਾਤ ਨੈਣ ਮੇਰੇ,
ਲੱਭਦੇ ਫਿਰਨ ਤੈਨੂੰ,
ਜੇ ਗੀਤ ਲਿਖਾਂ ਤੇਰੇ ਤੇ,
ਆਖਦੇ ਸ਼ੁਦਾਈ ਮੈਨੂੰ,
ਜੇ ਮੈਂ ਰੋਕਾਂ ਹੱਥਾਂ ਨੂੰ,
ਇਹ ਵੀ ਤਾਂ ਧੱਕਾ ਹੈ,
ਮੇਰੀਆਂ ਕਵਿਤਾਵਾਂ ਵਾਂਗ,
ਪਿਆਰ ਮੇਰਾ ਪੱਕਾ ਹੈ
ਮਿੱਠਾ ਸ਼ਹਿਦ ਨਾਮ ਤੇਰਾ,
ਤੇ ਮੇਰੀ ਤੂੰ ਮ੍ਰਿਦੁਲਾ,
ਦਿਲ ਤੇ ਤੂੰ ਰਾਜ ਕਰੇਂ,
ਹੋਇਆ ਯਸ਼ੂ ਕਮਲਾ,
ਸਾਰਾ ਦਿਨ ਉਂਝ ਉਹ,
ਤੋੜਦਾ ਨਾ ਡੱਕਾ ਹੈ,
ਮੇਰੀਆਂ ਕਵਿਤਾਵਾਂ ਵਾਂਗ,
ਪਿਆਰ ਮੇਰਾ ਪੱਕਾ ਹੈ,
ਮੈਂ ਜੋੜਿਆ ਜੋ ਨਾਲ਼ ਤੇਰੇ,
ਰਿਸ਼ਤਾ ਉਹ ਸੱਚਾ ਹੈ
14. ਬੱਚਿਆਂ ਅੱਗੇ ਨਾ ਲੜੋ
ਬੱਚਿਆਂ ਅੱਗੇ ਨਾ ਲੜੋ,
ਅਸਰ ਚੰਗਾ ਨਾ ਪੈਂਦਾ ਹੈ,
ਉਹਨਾਂ ਦੇ ਮਨ ਦੀ ਪੜ੍ਹੋ,
ਅੱਜ ਇਹ ਬੰਦਾ ਕਹਿੰਦਾ ਹੈ,
ਬੱਚਿਆਂ ਅੱਗੇ ਨਾ ਲੜੋ
ਉਹ ਕੀ ਸੋਚਣਗੇ ਬੇਬੇ - ਬਾਪੂ,
ਕਿੱਸਾ ਕੀ ਬਣਾਇਆ,
ਜੇ ਲੜਨਾ ਹੀ ਸੀ ਦੋਹਾਂ ਨੇ,
ਵਿਆਹ ਕਾਹਤੋਂ ਕਰਵਾਇਆ,
ਕੁਝ ਸ਼ਰਮ ਹਿਆ ਤਾਂ ਕਰੋ,
ਅਸਰ ਨਾ ਚੰਗਾ ਪੈਂਦਾ ਹੈ,
ਬੱਚਿਆਂ ਅੱਗੇ ਨਾ ਲੜੋ
ਜੇ ਕੋਈ ਝਗੜਾ ਹੁੰਦਾ ਹੈ,
ਆਪਸ ਵਿੱਚ ਬੈਠ ਨਬੇੜ ਲਵੋ,
ਪਰ ਇਸਦਾ ਇਹ ਨਹੀਂ ਕਿ,
ਫਿਰ ਦੁਬਾਰਾ ਛੇੜ ਲਵੋ,
ਜ਼ਿੱਦ ਐਸੀ ਨਾ ਤੁਸੀਂ ਫੜ੍ਹੋ,
ਅਸਰ ਨਾ ਚੰਗਾ ਪੈਂਦਾ ਹੈ,
ਬੱਚਿਆਂ ਅੱਗੇ ਨਾ ਲੜੋ
ਇਹ ਜੋ ਰਿਸ਼ਤਾ ਬਣਿਆ ਹੈ,
ਤੁਸੀਂ ਚੰਗੀ ਤਰ੍ਹਾਂ ਨਿਭਾਵੋ ਹੁਣ,
ਯਸ਼ੂ ਜਾਨ ਨੇ ਜੋ ਲਿਖਿਆ ਹੈ,
ਝਗੜੇ ਵੇਲ਼ੇ ਲੈਣਾ ਸੁਣ,
ਝਗੜੇ ਉੱਤੇ ਨਾ ਅੜੋ,
ਬੱਚਿਆਂ ਅੱਗੇ ਨਾ ਲੜੋ