Harpreet Kaur Sandhu ਹਰਪ੍ਰੀਤ ਕੌਰ ਸੰਧੂ
ਹਰਪ੍ਰੀਤ ਕੌਰ ਸੰਧੂ ਪਟਿਆਲਾ ਵੱਸਦੀ ਪੰਜਾਬੀ ਕਵਿੱਤਰੀ ਹੈ ਜੋ ਨਾਲੋ ਨਾਲ ਹਿੰਦੀ ਚ ਵੀ ਸਮਰੱਥ ਕਵਿਤਾਵਾਂ ਲਿਖਦੀ ਹੈ। ਪੰਜਾਬ ਦੇ ਸਕੂਲ ਵਿਭਾਗ ਵਿਚ ਹਿੰਦੀ ਅਧਿਆਪਕਾ ਵਜੋਂ ਪਟਿਆਲਾ 'ਚ ਹੀ ਪੜ੍ਹਾ ਰਹੀ ਹੈ। ਹਰਪ੍ਰੀਤ ਦੇ ਮਾਪਿਆਂ ਦਾ ਜੱਦੀ ਪਿੰਡ ਆਸਲ ਉਤਾੜ (ਨੇੜੇ ਪੱਟੀ) ਜ਼ਿਲ੍ਹਾ ਤਰਨਤਾਰਨ ਹੈ ਪਰ ਉਸ ਦੇ ਸਤਿਕਾਰਯੋਗ ਪਿਤਾ ਜੀ ਪ੍ਰੋ. ਕਰਤਾਰ ਸਿੰਘ ਸੰਧੂ (ਪਹਿਲਵਾਨ) ਲੰਮੇ ਸਮੇਂ ਤੋਂ ਸਰੀਰਕ ਸਿੱਖਿਆ ਕਾਲਿਜ ਚ ਪੜ੍ਹਾਉਣ ਲਈ ਪਟਿਆਲਾ ਆ ਵੱਸੇ ਸਨ। ਇਥੇ ਹੀ ਉਨ੍ਹਾਂ ਦਾ ਜਨਮ ਮਾਤਾ ਬਖਸ਼ੀਸ਼ ਕੌਰ ਸੰਧੂ ਦੇ ਘਰ 9 ਮਾਰਚ 1971 ਨੂੰ ਹੋਇਆ। ਮਾਪਿਆਂ ਨੇ ਉਸ ਦੀ ਪਰਵਰਿਸ਼ ਇਸ ਤਰੀਕੇ ਨਾਲ ਕੀਤੀ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਸੋਚ ਵਿਕਸਤ ਕਰਨ ਚ ਵਿਸ਼ਵਾਸ ਰੱਖਦੀ ਹੈ। ਉਸਮਾਨ ਸ਼ਹੀਦ (ਹੋਸ਼ਿਆਰਪੁਰ) ਦੇ ਜੰਮਪਲ ਸ: ਮਨਪ੍ਰੀਤ ਸਿੰਘ ਚੀਮਾ ਉਸ ਦੇ ਜੀਵਨ ਸਾਥੀ ਹਨ ਜੋ ਵਰਤਮਾਨ ਸਮੇਂ ਬਾਰਡਰ ਸਿਕਿਓਰਿਟੀ ਫੋਰਸ ਵਿਚ ਡਿਪਟੀ ਕਮਾਂਡੈਂਟ ਵਜੋਂ ਕਾਰਜਸ਼ੀਲ ਹਨ।
ਹਰਪ੍ਰੀਤ ਦੇ ਪਰਿਵਾਰ ਵਿਚ ਸੋਚਣ ਦੀ ਸਮਝਣ ਦੀ ਸੰਪੂਰਨ ਆਜ਼ਾਦੀ ਹੈਨਅਤੇ ਪਰਿਵਾਰ ਦਾ ਹਰੇਕ ਵਿਅਕਤੀ ਆਪਣੇ ਨਿਜੀ ਵਿਚਾਰ ਰੱਖਦਾ ਹੈ। ਇਹ ਵੀ ਜ਼ਰੂਰੀ ਨਹੀਂ ਮੰਨਿਆ ਜਾਂਦਾ ਕਿ ਦੂਜਾ ਉਸ ਨਾਲ ਲਾਜ਼ਮੀ ਸਹਿਮਤ ਹੋਏ । ਉਸ ਦਾ ਜੀਵਨ ਫਲਸਫਾ ਹੈ ਕਿ ਜੋ ਜਿਵੇਂ ਹੈ ਉਸ ਨੂੰ ਉਸੇ ਤਰ੍ਹਾਂ ਹੀ ਅਪਨਾਇਆ ਜਾਏ ਉਸ ਕਦੀ ਵੀ ਕਿਸੇ ਨੂੰ ਆਪਣੇ ਸੰਚੇ ਮੁਤਾਬਕ ਢਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਹਰਪ੍ਰੀਤ ਕੌਰ ਸੰਧੂ ਦੇ ਵਿਚਾਰ ਮੁਤਾਬਕ ਆਜ਼ਾਦੀ ਬੀਜ ਵਾਂਗ ਪੁੰਗਰਦੀ ਹੈ ਪੌਦੇ ਦੀ ਤਰ੍ਹਾਂ ਵਧਦੀ ਹੈ ਤੇ ਦਰਖਤ ਦੀ ਤਰ੍ਹਾਂ ਫੈਲਦੀ ਹੈ। ਗੌਰਮਿੰਟ ਕਾਲਿਜ ਫਾਰ ਵਿਮੈੱਨ ਪਟਿਆਲਾ ਤੋਂ ਗਰੈਜੂਏਸ਼ਨ ਕਰਕੇ ਹਰਪ੍ਰੀਤ ਕੌਰ ਸੰਧੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1993 ਚ ਮਨੋਵਿਗਿਆਨ (psychology) ਵਿਚ ਐੱਮ ਏ ਦੀ ਪੜ੍ਹਾਈ ਕੀਤੀ। ਕਵਿਤਾ ਲਿਖਣ ਪੜ੍ਹਨ ਤੇ ਬੋਲਣ ਦਾ ਸ਼ੌਕਉਸ ਅੰਦਰ ਕਾਲਿਜ ਪੜ੍ਹਾਈ ਸਮੇਂ ਤੋਂ ਹੀ ਪ੍ਰਬਲ ਸੀ। ਮਨੋਵਿਗਿਆਨ ਦੀ ਪੜ੍ਹਾਈ ਨੇ ਉਸਦੀ ਜੀਵਨ ਪ੍ਰਤੀ ਸੋਚ ਨੂੰ ਬੇਹੱਦ ਬਦਲਿਆ ਹੈ। ਹੁਣ ਉਹ ਹਰੇਕ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਤੇ ਹਰ ਪੱਖ ਤੋਂ ਹਰ ਚੀਜ਼ ਨੂੰ ਵੱਖ ਵੱਖ ਜ਼ਾਵੀਏ ਤੋਂ ਦੇਖਦੀ ਹੈ। ਉਸ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਅਪਨਾਇਆ ਹੈ ਕਦੀ ਵੀ ਕਿਸੇ ਕੰਮ ਤੇ ਪਛਤਾਵਾ ਨਹੀਂ ਕੀਤਾ। ਹਰਪ੍ਰੀਤ ਕੌਰ ਸੰਧੂ ਹਾਂ ਪੱਖੀ ਸੋਚ ਲੈ ਕੇ ਅੱਗੇ ਵਧਦੀ ਜਾ ਰਹੀ ਹੈ। ਉਸ ਦੀਆਂ ਲਿਖਤਾਂ ਚੋਂ ਵੀ ਇਹੀ ਝਲਕਦਾ ਹੈ।