Punjabi Poetry : Harpreet Kaur Sandhu

ਪੰਜਾਬੀ ਕਵਿਤਾਵਾਂ : ਹਰਪ੍ਰੀਤ ਕੌਰ ਸੰਧੂ1. ਯਕੀਨ ਰੱਖ

ਮੇਰਾ ਬੋਲਣਾ ਚਹਿਕਣਾ ਲਗਦਾ ਸੀ ਕਦੇ ਮੈਂ ਅਕਸਰ ਪੁੱਛਦੀ ਮੈਂ ਜ਼ਿਆਦਾ ਬੋਲਦੀ ਹਾਂ? ਨਹੀਂ! ਮੈਨੂੰ ਤਾਂ ਬਹੁਤ ਚੰਗਾ ਲਗਦਾ ਹੈ। ਤੇਰਾ ਜਵਾਬ ਹੁੰਦਾ ਚਹਿਕਣ ਨੂੰ ਤੂੰ ਫਿਰ ਚਿੜਚਿੜੇਪਣ ਵਿੱਚ ਬਦਲ ਦਿੱਤਾ ਅਚਨਚੇਤ ਮੇਰਾ ਬੋਲਣਾ ਨਹੀਂ ਤੂੰ ਬਦਲ ਗਿਆ ਸੀ। ਯਕੀਨ ਰੱਖ ਹੁਣ ਮੇਰੀ ਚੁੱਪ ਦੀ ਗਹਿਰਾਈ ਤੇਰੀ ਰੂਹ ਦੀਆਂ ਚੀਕਾਂ ਬਣ ਕੇ ਨਿਕਲੇਗੀ।

2. ਸੌਖਾ ਨਹੀਂ ਹੁੰਦਾ

ਕਹਿੰਦੇ ਨੇ ਸਭ ਤੋਂ ਔਖਾ ਹੁੰਦਾ ਪੁੱਤ ਦੀ ਅਰਥੀ ਚੁੱਕਣਾ ਪਿਓ ਦੇ ਮੋਢਿਆਂ ਤੇ ਸਾਰੀਆਂ ਆਸਾਂ ਉਮੀਦਾਂ ਦਾ ਸੁਆਹ ਹੋ ਜਾਣਾ ਚਿਤਾ ਦੀ ਅਗਨ ਵਿੱਚ। ਸੌਖਾ ਨਹੀਂ ਹੁੰਦਾ। ਪੁੱਤ ਲਈ ਵੀ ਸੌਖਾ ਨਹੀਂ ਪਿਤਾ ਦੇ ਜਨਾਜ਼ੇ ਨੂੰ ਮੋਢਾ ਦੇਣਾ ਜਿਸਦੀ ਉਂਗਲੀ ਫੜ ਕੇ ਤੁਰਨਾ ਸਿੱਖਿਆ ਜਿਸ ਦੇ ਸਿਰ ਤੇ ਹਵਾ ‘ਚ ਉੱਡਣਾ ਸਿੱਖਿਆ ਜੋ ਹੌਸਲਾ ਵੀ ਸੀ ਬੁਨਿਆਦ ਵੀ ਜਿਸ ਨੇ ਪੁੱਤਰ ਦੇ ਜਨਮ ਤੇ ਵੰਡੇ ਸੀ ਲੱਡੂ ਟੰਗੇ ਸੀ ਪੱਤੇ ਦਹਿਲੀਜ਼ ਤੇ ਬੰਦਨਬਾਰ। ਉਸ ਦੀ ਚਿਤਾ ਨੂੰ ਅਗਨ ਦੇਣੀ ਕਿੰਨੀ ਔਖੀ ਹੈ ਇਹ ਪੁੱਤ ਹੀ ਜਾਣਦਾ ਹੈ

3. ਕਣਕ ਕਿਸਾਨ ਦੀ

ਸੜਕਾਂ ਤੇ ਧਰਨੇ ਦੇ ਰਹੇ ਕਿਸਾਨ ਲਾਠੀਆਂ ਲੈ ਕੇ ਖੜ੍ਹੇ ਸਿਪਾਹੀ ਘਰੋਂ ਆਏ ਖਾ ਕੇ ਪਰੌਂਠੇ ਪਰੌਂਠੇ ਕਣਕ ਦੇ ਕਣਕ ਕਿਸਾਨ ਦੀ ਦਫ਼ਤਰਾਂ ਵਿੱਚ ਬੈਠੇ ਅਫ਼ਸਰ ਦੇ ਰਹੇ ਕਿਸਾਨ ਵਿਰੋਧੀ ਹੁਕਮ ਘਰੋਂ ਖਾ ਕੇ ਆਏ ਬ੍ਰਾਊਨ ਬ੍ਰੈੱਡ ਬ੍ਰੈਂਡ ਕਣਕ ਦੀ ਕਣਕ ਕਿਸਾਨ ਦੀ ਸੰਸਦ ਵਿੱਚ ਬੈਠੇ ਨੇਤਾ ਕੱਢ ਰਹੇ ਕਿਸਾਨ ਵਿਰੋਧੀ ਕਾਨੂੰਨ ਸੰਸਦ ਦੀ ਕੰਟੀਨ ਚੋਂ ਸਸਤੇ ਮੁੱਲ ਤੇ ਖਾ ਕੇ ਆਏ ਡੋਸੇ ਡੋਸੇ ਬਣੇ ਦਾਲ ਤੇ ਚੌਲ ਦੇ ਦਾਲ ਤੇ ਚੌਲ ਕਿਸਾਨ ਦੇ। ਖ਼ਬਰਾਂ ਕਰ ਰਹੇ ਪੱਤਰਕਾਰ ਘਰੋਂ ਖਾ ਕੇ ਆਏ ਪੂਰੀਆਂ ਪੂਰੀਆਂ ਆਟੇ ਦੀਆਂ ਆਟਾ ਕਣਕ ਦਾ ਕਣਕ ਕਿਸਾਨ ਦੀ ਟੀਵੀ ਮੂਹਰੇ ਬੈਠੇ ਅਸੀਂ ਸੁਣ ਰਹੇ ਤਕਰੀਰਾਂ ਖਾ ਕੇ ਬੈਠੇ ਭਠੂਰੇ ਭਠੂਰੇ ਮੈਦੇ ਦੇ ਮੈਦਾ ਕਣਕ ਦਾ ਤੇ ਕਣਕ ਕਿਸਾਨ ਦੀ।

4. ਤਿੰਨ ਸੌ ਸੱਠ ਡਿਗਰੀ

ਜ਼ਿੰਦਗੀ ਤੇ ਤਿੰਨ ਸੌ ਸੱਠ ਡਿਗਰੀ ਦੇ ਕੋਣ ਵਿਚ ਬਹੁਤ ਸਮਾਨਤਾ ਹੈ। ਤਿੰਨ ਸੌ ਸੱਠ ਡਿਗਰੀ ਦਾ ਚੱਕਰ ਜਿੱਥੋਂ ਸ਼ੁਰੂ ਹੁੰਦਾ ਉੱਥੇ ਹੀ ਆ ਕੇ ਖ਼ਤਮ ਹੋ ਜਾਂਦਾ। ਕੈਨਵਸ ਵੀ ਉਹੀ ਰਹਿੰਦਾ। ਰੰਗ ਵੀ ਉਹੀ। ਜ਼ਿੰਦਗੀ ਵੀ ਇਸੇ ਤਰ੍ਹਾਂ ਹੈ ਜਿੱਥੋਂ ਸ਼ੁਰੂ ਉੱਥੇ ਹੀ ਆ ਕੇ ਖ਼ਤਮ ਹੋਵੇ। ਜੋ ਦਿੰਦੇ ਹਾਂ ਉਹੀ ਮੁੜ ਆਉਂਦਾ ਜ਼ਿੰਦਗੀ ਦੀ ਤਸਵੀਰ ਦਾ ਕੋਈ ਦੂਜਾ ਪਾਸਾ ਨਹੀਂ ਹੁੰਦਾ। ਜਿੰਨਾ ਗੁੜ ਪਾਓ ਓਨਾ ਮਿੱਠਾ ਜਿੰਨਾ ਜ਼ਹਿਰ ਭਰੋ ਓਨਾ ਜ਼ਹਿਰੀ। ਉਹੀ ਵਾਪਸ ਤੁਹਾਡੀ ਝੋਲੀ ‘ਚ ਪੈਂਦਾ। ਬੱਸ ਸਮਾਂ ਲੱਗਦਾ ਜਵਾਬ ਮਿਲਣ ਵਿੱਚ ਪਰ ਲਾਜ਼ਿਮ ਹੈ ਜਵਾਬ ਮਿਲਣਾ ਜੇ ਕੋਈ ਸੋਚੇ ਬਦੀ ਕਰਕੇ ਨੇਕੀ ਖੱਟ ਲਵੇਗਾ ਨਾ ਮੁਮਕਿਨ ਇਹ ਤਾਂ ਤਿੰਨ ਸੌ ਸੱਠ ਡਿਗਰੀ ਦਾ ਮੋੜ ਹੈ ਵਾਪਸ ਉੱਥੇ ਹੀ ਲਿਜਾ ਕੇ ਖੜ੍ਹਾ ਕਰ ਦਊ ਜਿੱਥੋਂ ਤੁਰੇ ਸਾਂ।

5. ਪਿਆਰ ਮਗਰੋਂ

ਮੈਂ ਚੁੰਮਦੀ ਸੀ ਤੇਰੇ ਪੈਰਾਂ ਦੀਆਂ ਤਲੀਆਂ ਔਰਤ ਦੀ ਆਜ਼ਾਦੀ ਲਈ ਲੜਨ ਵਾਲੀ ਮੈਂ ਦੱਬਦੀ ਸੀ ਤੇਰੇ ਪੈਰ ਤੇਰੀਆਂ ਜੁਰਾਬਾਂ ਤੇਰੇ ਪੈਰਾਂ ਵਿੱਚ ਪਾਉਣਾ ਮੇਰਾ ਨਿਯਮ ਬਣ ਗਿਆ ਸੀ। ਇਹ ਗੁਲਾਮੀ ਨਹੀਂ ਪਿਆਰ ਸੀ ਆਪਣਾਪਣ ਸੀ ਮੈਂ ਜਿੰਨਾ ਝੁਕਦੀ ਗਈ ਤੂੰ ਆਕੜਦਾ ਗਿਆ ਪਿਆਰ ਤਾਕਤ ਹੁੰਦਾ ਹੈ ਕਮਜ਼ੋਰੀ ਨਹੀਂ ਅੱਜ ਦੇਖ ਮੈਂ ਤੇਰੇ ਤੋਂ ਵਿਛੜ ਕੇ ਤਾਕਤਵਰ ਹਾਂ ਤੂੰ ਮੈਨੂੰ ਛੱਡ ਕੇ ਕਮਜ਼ੋਰ ਹੋ ਗਿਆ ਹੈਂ ਕੌਣ ਕਹਿੰਦਾ ਹੈ ਪਿਆਰ ਕਮਜ਼ੋਰ ਕਰ ਦਿੰਦਾ ਹੈ ਪਿਆਰ ਕਰਨ ਵਾਲੇ ਇਰਾਦੇ ਦੇ ਪੱਕੇ ਜੋ ਵੀ ਕਰਦੇ ਹਨ ਸ਼ਿੱਦਤ ਨਾਲ ਫਿਰ ਉਹ ਪਿਆਰ ਹੋਵੇ ਜਾਂ ਨਫਰਤ।

6. ਸੁਫ਼ਨਾ ਅਤੇ ਦਰਦ

ਸੁਫ਼ਨੇ ਵਿੱਚ ਕਿਸੇ ਨੇ ਮੈਨੂੰ ਜ਼ਿੰਦਾ ਜਲਾ ਦਿੱਤਾ ਤ੍ਰਭਕ ਕੇ ਉੱਠੀ ਮੈਂ ਸਰੀਰ ਤੇ ਜਲਣ ਮਹਿਸੂਸ ਹੋਈ। ਯਾਦ ਆਈ ਮਨੀਸ਼ਾ ਕਿਵੇਂ ਸਹਿਣ ਕੀਤਾ ਹੋਣਾ ਤੂੰ ਜਿੰਦ ਇਕੱਲੀ ਤੇ ਦਰਿੰਦੇ ਚਾਰ ਨੋਚਿਆ ਹੋਏਗਾ ਤੈਨੂੰ ਕਿੰਨਾ ਦਰਦ ਕਿੰਨੀ ਲਾਚਾਰੀ ਕਿੰਨੀ ਬੇਬਸੀ ਫਿਰ ਕੱਟੀ ਤੇਰੀ ਜ਼ੁਬਾਨ ਤੇਰਾ ਦਰਦ ਇੰਨਾ ਜ਼ਿਆਦਾ ਮਹਿਸੂਸ ਹੋਣਾ ਵੀ ਹਟ ਜਾਂਦਾ ਇੱਕ ਹੱਦ ਤੋਂ ਗੁਜ਼ਰ ਜਾਣ ਤੋਂ ਬਾਅਦ ਤੋੜੀ ਰੀੜ੍ਹ ਦੀ ਹੱਡੀ ਮੇਰੀ ਬੱਚੀ ਇੰਨੀ ਤਕਲੀਫ ਕਾਸ਼ ਤੂੰ ਉਸੇ ਵੇਲੇ ਮਰ ਜਾਂਦੀ ਪਰ ਢੀਠ ਹੁੰਦੀਆਂ ਨੇ ਕੁੜੀਆਂ ਤੜਫੀ ਹਸਪਤਾਲ ਚ ਫਿਰ ਜੇ ਪ੍ਰਾਣ ਨਿਕਲੇ ਜਲਾ ਦਿੱਤਾ ਤੈਨੂੰ ਅੱਧੀ ਰਾਤ ਮੈਨੂੰ ਸੁਪਨੇ ਚ ਜਲ ਕੇ ਤੇਰੇ ਦਰਦ ਦਾ ਅਹਿਸਾਸ ਹੋਇਆ ਮੇਰੀ ਬੱਚੀ ਹੁਣ ਚੁਰਾਸੀ ਲੱਖ ਜੂਨਾਂ ਵਿੱਚੋਂ ਮਨੁੱਖੀ ਜੂਨ ਚ ਨਾ ਆਈਂ ਕੱਛੂਕੁੰਮਾ ਬਣੀਂ ਜਾ ਤਿਤਲੀ ਬਸ ਕਿਸੇ ਗਰੀਬ ਦੀ ਧੀ ਨਾ ਬਣੀ।

7. ਮਨੀਸ਼ਾ!

ਮੇਰੀ ਬੱਚੀ ਮੈਂ ਤੇਰਾ ਦਰਦ ਮਹਿਸੂਸ ਕਰਦੀ ਹਾਂ ਤੇਰਾ ਦਰਦ। ਸਰੀਰਕ ਕਸ਼ਟ ਅਸਹਿ ਮਾਨਸਿਕ ਬੋਝ ਅਕਹਿ ਰੀੜ੍ਹ ਦੀ ਹੱਡੀ ਦੇ ਨਾਲ ਟੁੱਟਿਆ ਹੋਣੈ ਤੇਰਾ ਵਿਸ਼ਵਾਸ ਰੱਬ ਨਾਂ ਦੀ ਚੀਜ਼ ਤੋਂ ਤੇਤੀ ਕਰੋੜ ਦੇਵੀ ਦੇਵਤਾ ਇੱਕ ਵੀ ਨਾ ਬਹੁੜਿਆ ਤੇਰੇ ਲਈ। ਜ਼ਾਲਮਾਂ ਲਈ ਤਾਂ ਪਹੁੰਚ ਗਏ ਵਰਦੀਆਂ ਪਾ ਕੁਰਸੀਆਂ ਵਾਲੇ। ਬੇਸ਼ੱਕ ਤੇਰੀ ਜ਼ਬਾਨ ਕੱਟ ਦਿੱਤੀ ਪਰ ਤੇਰੀ ਪੁਕਾਰ ਗੂੰਜ ਰਹੀ ਹੈ ਚਹੁੰ ਕੂੰਟਾਂ ‘ਚ ਤੇਰੀਆਂ ਚੀਕਾਂ ਮੈਨੂੰ ਸੌਣ ਨਹੀਂ ਦਿੰਦੀਆਂ ਕ੍ਰਿਸ਼ਨ ਕਿੱਥੇ ਹੈ? ਕਿਉਂ ਨਹੀਂ ਆਇਆ ਆਏਗਾ ਕਿਉਂ ? ਯਾਦਵਾਂ ਖ਼ਿਲਾਫ਼। ਤੂੰ ਦਰੋਪਦੀ ਤਾਂ ਨਹੀਂ ਹੈ ਮਨੀਸ਼ਾ! ਮੇਰੀ ਬੱਚੀ ਇਨਸਾਫ਼ ਦੀ ਉਮੀਦ ਨਾ ਰੱਖੀਂ। ਸ਼ੇਰਨੀ ਬਣ ਕੇ ਜੰਮ ਭਾਵੇਂ ਸੱਪਣੀ ਬਣ ਕੇ ਨਵੇਂ ਜਨਮ ਵਿੱਚ ਆ ਤੇ ਆਪਣਾ ਇਨਸਾਫ ਆਪ ਕਰ।

8. ਪਿਆਰ ਵਿੱਚ

ਸਭ ਸਾਂਝਾ ਹੁੰਦਾ ਪਿਆਰ ਵਿੱਚ ਫੇਰ ਕੀ ਸੁੱਚ ਕੀ ਤੇ ਜੂਠ ਕੀ? ਪਤਨੀ ਸਮਾਜਿਕ ਰੁਤਬੇ ਦੇ ਹੰਕਾਰ ਵਿੱਚ ਪ੍ਰੇਮਿਕਾ ਨੂੰ ਆਖਦੀ ਹੈ ਜੂਠ ਕਿਸੇ ਥਾਂ ਦੀ। ਉਹ ਨਹੀਂ ਜਾਣਦੀ ਸੁੱਚਾ ਪਿਆਰ ਤਾਂ ਮੈਂ ਮਾਣਿਆ ਬੇਗ਼ਰਜ਼ ਪਾਰਦਰਸ਼ੀ ਉਮਰ ਭਰ ਜੂਠ ਤਾਂ ਉਸ ਭੋਗਿਆ ਹੈ ਮੇਰਾ ਉਤਾਰ ਮੇਰਾ ਪਿਆਰ।

9. ਔਰਤ ਤੇ ਜ਼ਮੀਨ

ਆਦਮੀ ਸਿਰਫ਼ ਇੱਛਾਵਾਂ ਦਾ ਵਫਾਦਾਰ ਹੁੰਦਾ ਹੈ ਭਟਕਦਾ ਰਹਿੰਦਾ ਹੈ ਸਰੀਰ ਵਿੱਚ ਮਾਣਦਾ ਹੈ ਖੁਸ਼ਬੋ ਭੌਰੇ ਵਾਂਗ ਕਦੇ ਇਸ ਫੁੱਲ ਤੇ ਕਦੇ ਉਸ ਤੇ ਪਰਾਗ ਹੀ ਤਾਂ ਚਾਹੀਦਾ ਹੈ ਔਰਤ ਧਰਤੀ ਵਾਂਗ ਹੁੰਦੀ ਠੇਕੇ ਤੇ ਲਵੋ, ਅੱਧ ਤੇ ਭਾਵੇ ਆਪ ਬੀਜ ਲਵੋ ਉਸਨੇ ਹਰ ਹਾਲ ਕੁੱਖ ਹਰੀ ਕਰਨੀ ਫਸਲ ਦੀ ਤਰਾਂ ਦੇਣਾ ਤੁਹਾਡਾ ਅੰਸ਼। ਫਿਤਰਤ ਨਹੀਂ ਬਦਲੀ ਸਦੀ ਦਰ ਸਦੀ ਏਹੀ ਹੋਇਆ ਮਰਦ ਦੇ ਬੀਜ ਤੋਂ ਔਰਤ ਨੇ ਰੁੱਖ ਪੈਦਾ ਕੀਤੇ ਜੀਵਨ ਦੇ ਕੇ ਬੇਅੰਤ ਦੁੱਖ ਸਹੇ ਕਦੇ ਪਤਨੀ ਕਦੇ ਪ੍ਰੇਮਿਕਾ ਕਦੇ ਬਦਚਲਨ ਰੂਪ ਹੀ ਬਦਲੇ ਕਰਮ ਨਹੀਂ

10. ਬਹੁਤ ਕੁਝ ਕਹਿ ਗਿਆ

ਬਹੁਤ ਕੁਝ ਕਹਿ ਗਿਆ ਤੇਰਾ ਮੈਨੂੰ ਤੱਕਣਾ ਮੇਰੇ ਸਾਹਮਣੇ ਹੋ ਕੇ ਵੀ ਬਹੁਤ ਕੁਝ ਵਹਿ ਗਿਆ ਪਾਣੀ ਅੱਖਾਂ ਚੋਂ ਨਿੱਕੀਆਂ ਨਿੱਕੀਆਂ ਬੂੰਦਾਂ ਬਣ ਜਾਂਦਾ ਜਾਂਦਾ ਬਹੁਤ ਕੁਝ ਕਹਿ ਗਿਆ ਮੇਰਾ ਦਿਲ ਤੇਰੇ ਨਜ਼ਦੀਕ ਹੋ ਕੇ ਵੀ ਸਹਿ ਗਿਆ ਅੰਦਰ ਹੀ ਅੰਦਰ ਘੁਟਦਾ ਬਹੁਤ ਕੁਝ ਕਹਿ ਗਿਆ ਤੇਰੇ ਅੰਦਰ ਵੀ ਬਲਦਾ ਹੈ ਭਾਂਬੜ ਜੋ ਤੂੰ ਸਹਿ ਗਿਆ ਤੇਰੀ ਅੱਖਾਂ ਦਾ ਸੁੰਨਾਪਣ ਬਹੁਤ ਕੁਝ ਕਹਿ ਗਿਆ ਤੂੰ ਜੀ ਰਿਹਾ ਬੱਧਾ ਰੁੱਧਾ ਤੇਰਾ ਨਜ਼ਰ ਚੁਰਾਉਣਾ ਸਭ ਕੁਛ ਕਹਿ ਗਿਆ ਰੂਹ ਛੱਡ ਗਈ ਸਾਥ ਬਾਕੀ ਸਰੀਰ ਰਹਿ ਗਿਆ।

11. ਇੱਕ ਅੱਖਰ

ਇਕ ਅੱਖਰ ਦੋ ਵਾਰ ਇਕ ਹੋੜਾ ਇਕ ਬਿਹਾਰੀ ਬਸ ਇਕ ਸ਼ਬਦ ਨੇ ਬਦਲ ਦਿੱਤੀ ਮੇਰੀ ਜ਼ਿੰਦਗੀ। ਬਹੁਤ ਕੁਝ ਖੋਹ ਲਿਆ ਬਹੁਤ ਕੁਝ ਸਿਖਾ ਦਿੱਤਾ ਮੈਂਨੂੰ ਬਦਨਾਮ ਕਰਕੇ ਮਾਣ ਮਹਿਸੂਸ ਕਰਦਾ ਹੋਵੇਂਗਾ। ਜਾਹ!ਕਰੀ ਜਾ ਸੁਨਿਆਰੇ ਵਾਲੀ ਸੱਟ ਮੱਠੀ ਮੱਠੀ ਇਕ ਦਿਨ ਲੋਹਾਰ ਬਣਕੇ ਮੈਂ ਤੇਰੀ ਹਰ ਬੇਵਫਾਈ ਦਾ ਜਵਾਬ ਦੇਵਾਂਗੀ ਵਾਅਦਾ ਰਿਹਾ ਤੇਰੀ ਦਿੱਤੀ ਹਰ ਸ਼ੈਅ ਕਈ ਗੁਣਾ ਵਧਾ ਕੇ ਮੋੜਾਂਗੀ ਇੰਤਜ਼ਾਰ ਕਰ।

12. ਮਰ ਤਾਂ ਕਦੋਂ ਦੀ ਗਈ ਹੁੰਦੀ

ਮਰ ਤਾਂ ਕਦੋਂ ਦੀ ਗਈ ਹੁੰਦੀ ਮਰਨ ਨਹੀਂ ਦਿੰਦੇ ਅਲਮਾਰੀ ਚ ਲਟਕਦੇ ਨਵੇਂ ਸੂਟ। ਇੱਕ ਵਾਰ ਪਾ ਲਵਾਂ ਸੋਚ ਕੇ ਮਰਨਾ ਮੁਲਤਵੀ ਹੋ ਜਾਂਦਾ। ਮਰ ਤਾਂ ਕਦੋਂ ਦੀ ਗਈ ਹੁੰਦੀ ਮਰਨ ਨਹੀਂ ਦਿੰਦੇ ਲੌਕਰ ਵਿੱਚ ਪਏ ਗਹਿਣੇ ਸੋਚਦੀ ਹਾਂ ਇੱਕ ਵਾਰ ਪਾ ਕੇ ਮਟਕਾ ਲਵਾਂ। ਮੁਲਤਵੀ ਹੋ ਜਾਂਦਾ ਹੈ ਫੇਰ ਮਰਨਾ ਮਰ ਤਾਂ ਕਦੋਂ ਦੀ ਗਈ ਹੁੰਦੀ ਮਰਨ ਨਹੀਂ ਦਿੰਦਾ ਬੁੱਢੀ ਮਾਂ ਨੂੰ ਦਿੱਤਾ ਵਚਨ ਤੇਰੀ ਮਰੀ ਤੇ ਤੈਨੂੰ ਲੱਕਸ ਨਾਲ ਨੁਹਾ ਕੇ ਸੋਹਣਾ ਸੂਟ ਪਾ ਕੇ ਤੋਰਾਂਗੀ ਤੈਨੂੰ ਸਦਾ ਲਈ। ਮਰਨਾ ਫੇਰ ਹੋ ਜਾਂਦਾ ਹੈ ਮੁਲਤਵੀ ਮਰ ਤਾਂ ਕਦੋਂ ਦੀ ਗਈ ਹੁੰਦੀ ਅੱਖਾਂ ਅੱਗੇ ਆ ਜਾਂਦਾ ਹੈ ਤੇਰਾ ਚਿਹਰਾ ਸ਼ਾਇਦ ਕਦੇ ਜੇ ਦਿਲ ਕੀਤਾ ਤੇਰਾ ਮੈਨੂੰ ਮਿਲਣ ਨੁੰ ਮਰਨਾ ਫੇਰ ਹੋ ਜਾਂਦਾ ਹੈ ਮੁਲਤਵੀ। ਮਰ ਤਾਂ ਕਦੋਂ ਦੀ ਗਈ ਹੁੰਦੀ ਮਰਨ ਨਹੀਂ ਦਿੰਦੀਆਂ ਆਸਾਂ ਮੇਰੀਆਂ ਤੇ ਨਿੰਦਿਆ ਦੂਜਿਆਂ ਦੀਆਂ।

13. ਜਾਹ ਮੁੜ ਜਾ

ਜੋ ਦਿਲ ਵਿੱਚ ਹੈ ਸਾਫ਼ ਕਹਿ ਦੇ ਕਿਉਂ ਪਰਦੇ ਪਾਉਂਦਾ ਹੈ ? ਕਦੀ ਹਾਂ ਤੇ ਕਦੀ ਨਾਂਹ ਆਪਣੇ ਆਪ ਨੂੰ ਨਾ ਤੜਪਾ ਇਸ ਦਲੇਰੀ ਦਾ ਨਾਂ ਹੈ ਜੋ ਡਰਦਾ ਹੈ ਉਹ ਇਸ਼ਕ ਨਹੀਂ ਕਰ ਸਕਦਾ ਦਿਲ ਦੀ ਸੁਣ ਜਾਂ ਦੁਨੀਆਂ ਦੀ ਦੋਹਾਂ ਦਾ ਤਾਲਮੇਲ ਕਦੀ ਨਹੀਂ ਹੋਇਆ ਜਾਂ ਤਾਂ ਆ ਜਾ ਇਕੱਠੇ ਜਿਊਂਦੇ ਹਾਂ ਦੇਖੀ ਜਾਊ ਜੋ ਹੋਊ ਜਾਂ ਫਿਰ ਮੁੜ ਜਾ ਬਣ ਜਾਂ ਲਕੀਰ ਦਾ ਫ਼ਕੀਰ ਟੁਰਿਆ ਜਾਹ ਲੋਕਾਂ ਦੇ ਮਗਰ ਬਣ ਜਾ ਭੀੜ ਦਾ ਹਿੱਸਾ ਪਾਣੀ ਦੇ ਵਹਾਅ ਦੇ ਉਲਟ ਤਰ ਕੋਈ ਨਹੀਂ ਕਰ ਸਕਦਾ ਨਾ ਆਪ ਭੁਲੇਖੇ ਵਿੱਚ ਪੈ ਨਾ ਮੈਨੂੰ ਪਾ ਭੁਲੇਖੇ ਮੁੜ ਜਾ ਅਜੇ ਵੀ ਵਕਤ ਹੈ ਵੇਖੀਂ ਇਸ ਕਸ਼ਮਕਸ਼ ਵਿਚ ਕਿਤੇ ਦੋਵੇਂ ਪਾਸੇ ਨਾ ਗੁਆ ਬੈਠੀਂ। ਮੇਰੀ ਫ਼ਿਕਰ ਨਾ ਕਰ ਮੈਂ ਤਾਂ ਰਮਤਾ ਜੋਗੀ ਆਂ ਤੂੰ ਮੁੜ ਜਾ ਤੈਥੋਂ ਰੁਲਿਆ ਨਹੀਂ ਜਾਣਾ ਸੋਹਲ ਸਰੀਰ ਕੁਮਲਾ ਜਾਣਾ ਵਕਤ ਦੇ ਥਪੇੜਿਆਂ ਨਾਲ ਇਸ਼ਕ ਦਾ ਪੈਂਡਾ ਬਿਖੜਾ ਹੈ ਜਾਹ ਮੁੜ ਜਾ।

14. ਸ਼ਾਇਦ ਜ਼ਰੂਰੀ ਸੀ

ਸ਼ਾਇਦ ਜ਼ਰੂਰੀ ਸੀ ਤੇਰੇ ਤੋਂ ਵਿੱਛੜਨਾ ਆਪਣੇ ਆਪ ਨੂੰ ਮਿਲਣਾ ਤੇਰਾ ਹਰ ਕਦਮ ਮੇਰੇ ਤੋਂ ਦੂਰ ਜਾਣਾ ਮੇਰਾ ਪਲ ਆਪਣੇ ਆਪ ਨੂੰ ਪਾਉਣਾ ਦਿਲ ਦਿਮਾਗ ਜ਼ਿੰਦਗੀ ਵਿਚ ਤੂੰ ਹਰ ਥਾਂ ਕੱਲ੍ਹ ਤੀਕ ਘੇਰੀ ਹੋਈ ਸੀ ਜਿੱਥੇ ਜਿੱਥੇ ਤੂੰ ਸੀ ਉੱਥੇ ਹੁਣ ਮੈਂ ਹੀ ਮੈਂ ਹਾਂ ਯਾਦ ਕਰਦੀ ਹਾਂ ਤੈਨੂੰ ਅਕਸਰ ਕਦੇ ਉਦਾਸ ਹੋ ਕੇ ਕਦੇ ਗੁੱਸੇ ਵਿੱਚ ਤੂੰ ਫ਼ਾਸਲੇ ਪੱਖੋਂ ਦੂਰ ਹੋ ਕੇ ਵੀ ਦਿਲੋਂ ਦੂਰ ਨਹੀਂ ਹੋਇਆ ਤੇਰੇ ਜਾਣ ਪਿੱਛੋਂ ਮਿਲੀ ਹਾਂ ਆਪਣੇ ਆਪ ਨੂੰ ਹੁੰਦਾ ਹੈ ਕਈ ਵਾਰ ਇਸ ਤਰ੍ਹਾਂ ਕੋਈ ਆਪਣਾ ਦੂਰ ਹੋ ਜਾਵੇ ਤਾਂ ਦੁਖਦਾ ਹੈ ਦਿਲ ਪਰ ਇਕ ਸਕੂਨ ਵੀ ਤਾਂ ਮਿਲਦਾ ਹੈ ਅਜ਼ਾਦੀ ਦਾ ਆਪਣਾ ਹੀ ਆਨੰਦ ਹੈ ਆਪਣੀ ਛਾਂ ਆਪ ਬਣਨ ਦਾ ਆਪਣਾ ਹੀ ਆਨੰਦ ਹੈ ਵਿੱਛੜਨਾ ਜ਼ਰੂਰੀ ਸੀ ਤੇਰੇ ਤੋਂ ਆਪਣੇ ਆਪ ਨੂੰ ਪਾਉਣ ਲਈ

15. ਸੁਣਿਆ ਸੀ

ਸੁਣਿਆ ਸੀ ਪਿਆਰ ਕਮਜ਼ੋਰ ਕਰ ਦਿੰਦਾ ਮੈਨੂੰ ਤਾਂ ਮਜ਼ਬੂਤ ਕਰ ਗਿਆ ਕਈ ਕੁਛ ਸਿਖਾ ਗਿਆ ਵਫਾ, ਬੇਵਫਾਈ, ਧੋਖਾ, ਚੁੱਪ ਬੇਰਹਿਮੀ ਤੇ ਬਦਨਾਮੀ ਤੇਰੇ ਪਿਆਰ ਦੇ ਤੋਹਫ਼ੇ ਸਭ ਕਬੂਲ ਨੇ ਸਿਖਾ ਦਿੱਤਾ ਤੂੰ ਅਪਣੇ ਆਪ ਨਾਲ ਜੀਣਾ ਆਪਣੇ ਲਈ ਜੀਣਾ ਸਬਕ ਜੋ ਮਾਂ ਨਾ ਦੇ ਸਕੀ ਇਲਮ ਜੋ ਪਿਓ ਨੇ ਨਾ ਦਿੱਤਾ ਝਿੜਕ ਜੋ ਭਰਾ ਨੇ ਨਾ ਮਾਰੀ ਸੱਟ ਜੋ ਖ਼ੁਦਾ ਨੇ ਨਾ ਲਾਈ ਤੂੰ ਸਭ ਕੁਝ ਦੇ ਗਿਆ ਸਭ ਸਿਖਾ ਗਿਆ। ਬਹੁਤ ਯਕੀਨ ਸੀ ਤੇਰੇ ਤੇ ਰੱਬ ਮੰਨਿਆ ਸੀ ਤੈਨੂੰ ਸਮਝਾ ਦਿੱਤਾ ਤੂੰ ਮੈਨੂੰ ਪਿਆਰ ਵਿੱਚ ਵੀ ਮਰਦ ਰੱਬ ਜਿਹਾ ਨਹੀਂ ਬਣਦਾ ਹਵਸ ਤੇ ਲਾਲਚ ਵਿੱਚ ਭਟਕਿਆ ਹੈਵਾਨ ਹੀ ਰਹਿੰਦਾ ਹੈ। ਤੇਰਾ ਪਿਆਰ ਮੈਨੂੰ ਇਨਸਾਨ ਬਣਾ ਗਿਆ।

16. ਬੂਟੇ ਤੋਂ ਬੂਟਾ ਬਣੇ

ਰੁੱਖ ਦੇ ਤਣੇ ਤੋਂ ਟੁੱਟੀ ਹੋਈ ਟਾਹਣੀ ਡਿਗਦੀ ਹੈ ਧਰਤੀ ਤੇ ਵਿਛੋੜਾ ਦੋਵਾਂ ਨੂੰ ਸਹਿਣਾ ਪੈਂਦਾ ਹੈ। ਤੁਰ ਪੈਂਦੀ ਹੈ ਟਾਹਣੀ ਨਵੀਂ ਰਾਹ ਤੇ ਇਕ ਨਵਾਂ ਪੌਦਾ ਬਣ ਪੁੰਗਰਦੀ ਹੈ। ਬੂਟੇ ਤੋਂ ਬੂਟਾ ਬਣੇ। ਇਕ ਦਿਨ ਉਸੇ ਬੂਟੇ ਦਾ ਰੂਪ ਸਰੂਪ ਬਣੇ ਸਹਿਜ ਸੁਭਾਅ ਜਿਸ ਤੋਂ ਟੁੱਟ ਕੇ ਡਿੱਗੀ ਸੀ ਓਹ ਲਾਵਾਰਿਸ ਬਣ ਇੱਕ ਦਿਨ। ਮਿੱਟੀ ਦੀ ਮਜ਼ਬੂਤ ਪਕੜ ਉਸਨੂੰ ਸੁੱਕਣ ਨਹੀਂ ਦਿੰਦੀ ਮਿੱਟੀ ਤੇ ਪਾਣੀ ਦਾ ਸੁਮੇਲ ਉਸ ਨੂੰ ਇੱਕ ਨਵਾਂ ਜਨਮ ਦਿੰਦਾ ਹੈ ਉਸੇ ਤਰ੍ਹਾਂ ਜਿਵੇਂ ਧੀ ਮਾਂ ਬਾਪ ਤੋਂ ਵਿੱਛੜ ਇਕ ਨਵਾਂ ਸੰਸਾਰ ਸਿਰਜਦੀ ਹੈ।

17. ਮੈਂ ਨਾਲ ਹਾਂ ਸਦਾ

ਤੇਰੀਆਂ ਅੱਖਾਂ ਦਾ ਸੁੰਨਾਪਣ ਤੇਰਾ ਪਾਸਾ ਵੱਟ ਕੇ ਲੰਘ ਜਾਣਾ ਹਾਵ ਭਾਵ ਰਹਿਤ ਚਿਹਰਾ ਹਲਕੀ ਜਿਹੀ ਸੋਜ਼ਿਸ਼ ਜਿਵੇਂ ਸਦੀ ਦਾ ਉਨੀਂਦਾ ਹੋਵੇ ਸਮਝਦੀ ਆਂ ਤੂੰ ਕਹਿਣਾ ਹੈ ਬਹੁਤ ਕੁਛ ਪਰ ਕਹਿ ਨਹੀਂ ਸਕਦਾ। ਤੇਰੀ ਹਾਲਤ ਕੌਣ ਸਮਝ ਸਕਦਾਨ ਮੇਰੇ ਤੋਂ ਸਿਵਾ ਖੁਸ਼ ਰਹਿ ਕਿਹੜਾ ਸਦਾ ਜੀਣਾ ਮੈ ਤੇਰੇ ਨਾਲ ਹਾਂ ਹਮੇਸ਼ਾ ਤੇਰੇ ਅੰਤਰ ਮਨ ਵਿੱਚ ਦੇਵਾਂਗੀ ਤੇਰਾ ਸਾਥ ਤੂੰ ਇਕੱਲਾ ਨਹੀਂ ਮੈ ਨਾਲ ਹਾਂ ਤੇਰੇ ਸਦਾ

18. ਗਵਾਹੀ

ਦੋ ਸਰੀਰਾਂ ਦੇ ਇਕ ਹੋਣ ਦਾ ਗਵਾਹ ਸਮਾਜ ਕਾਨੂੰਨ ਨੂੰ ਮੰਨਦਾ ਜਾਂ ਧਰਮ ਗ੍ਰੰਥਾਂ ਨੂੰ ਅਸੀ ਕਿੱਥੋਂ ਲਿਆਵਾਂਗੇ ਗਵਾਹ। ਸਾਡੀਆਂ ਰੂਹਾਂ ਦੇ ਮੇਲ ਦੀ ਗਵਾਹ ਹੈ ਕੁਦਰਤ ਚੰਨ ਤੇ ਤਾਰੇ ਸਾਰੇ ਦੇ ਸਾਰੇ। ਕੱਤਕ ਦੀ ਹਵਾ ਅੱਧੀ ਰਾਤ ਵੇਲ ਬੂਟੇ ਖੇਤਾਂ ਵਿਚਲੀਆਂ ਸੁੰਨਸਾਨ ਪਗ-ਡੰਡੀਆਂ। ਦੂਰ ਸ਼ੈਲਰ ਦੀ ਫਲੱਡ ਲਾਈਟ ਚੁਬੱਚਾ ਉਸਦੇ ਵਿਚ ਉੱਛਲਦਾ ਕੁੱਦਦਾ ਪਾਣੀ ਮਿੱਟੀ ਵੱਟਾਂ ਖ਼ਾਲ ਵਿਚਲੀ ਕਾਹੀ ਇਹ ਸਭ ਕਿਵੇਂ ਦੇਣਗੇ ਗਵਾਹੀ।

19. ਔਰਤ ਲਈ

ਔਰਤ ਲਈ ਮਰਦ ਸੰਘਣੀ ਛਾਂ ਹੁੰਦਾ ਹਮੇਸ਼ਾਂ ਉਸਦੀ ਛਾਂ ਹੇਠ ਮਨ ਰਹਿਣਾ ਲੋਚਦੈ। ਜੇ ਕਿਰ ਜਾਣ ਪੱਤੇ ਚੁਭਣ ਲੱਗੇ ਧੁੱਪ ਵਿਰਲਾਂ ਵਿਚੋਂ ਸਮਝ ਜਾਂਦੀ ਥਾਂ ਬਣ ਰਹੀ ਕਿਸੇ ਤੀਜੇ ਦੀ। ਜਾਣਦੀ ਦਿਲ ਦੀ ਗਹਿਰਾਈ ਵਿਚ ਇਹ ਵਿਰਲ ਉਸ ਆਪ ਬਣਾਈ ਕੋਸ਼ਿਸ਼ ਨਹੀਂ ਕਰਦੀ ਭਰਨ ਦੀ ਹੋਰ ਦੂਰ ਹੋ ਜਾਂਦੀ ਸਿਰ ਚੜ੍ਹ ਅਹਮ ਦੇ ਹੁਣ ਧੁੱਪ ਸਿੱਧੀ ਸਿਰ ਤੇ ਆ ਗਈ ਇਸ ਤਰਾਂ ਹੀ ਤਿੜਕਦੇ ਨੇ ਰਿਸ਼ਤੇ ਜੇ ਟੁੱਟਿਆਂ ਨੂੰ ਨਾ ਜੋੜੀਏ ਪਿਆਰ ਨਾਲ। ਚੱਲ ! ਟੁੱਟਣੋਂ ਬਚੀਏ।

20. ਆਜ਼ਾਦ ਔਰਤ ਦੀ ਗਾਥਾ

ਮੈਂ ਆਜ਼ਾਦ ਔਰਤ ਹਾਂ ਮੇਰੇ ਲਈ ਆਜ਼ਾਦੀ ਸਿਰਫ਼ ਕੱਪੜੇ ਪਾਉਣ ਦੀ ਆਜ਼ਾਦੀ ਨਹੀਂ ਮੈਂ ਆਰਥਿਕ ਤੌਰ ਤੇ ਆਜ਼ਾਦ ਹਾਂ ਮੈਂ ਮਾਨਸਿਕ ਤੌਰ ਤੇ ਆਜ਼ਾਦ ਹਾਂ ਮੈਂ ਸਮਰੱਥਾ ਆਪਣੇ ਫ਼ੈਸਲੇ ਆਪ ਲੈਣ ਦੇ ਮੈਂ ਆਪਣੇ ਨਾਲ ਜੁੜੇ ਸਾਰੇ ਰਿਸ਼ਤਿਆਂ ਦੀ ਕਦਰ ਕਰਦੀ ਹਾਂ ਮੈਂ ਆਪਣੇ ਸਾਰੇ ਫ਼ਰਜ਼ ਨਿਭਾਉਂਦੀ ਹਾਂ ਇਕ ਹੋਰ ਔਰਤ ਹੋਣ ਦੇ ਨਾਤੇ ਆਪਣੇ ਆਪ ਨੂੰ ਤੇ ਆਪਣੀ ਇੱਜ਼ਤ ਨੂੰ ਸੰਭਾਲ ਕੇ ਚੱਲਦੀ ਹਾਂ ਮੇਰੀ ਮਰਜ਼ੀ ਤੋਂ ਬਿਨਾਂ ਕੋਈ ਮੈਨੂੰ ਕੁਝ ਨਹੀਂ ਕਹਿ ਸਕਦਾ ਕੋਈ ਆਪਣੀ ਇੱਛਾ ਮੇਰੇ ਉੱਤੇ ਥੋਪ ਨਹੀਂ ਸਕਦਾ ਮੈਂ ਕਦੀ ਭੜਕੀਲੇ ਕੱਪੜੇ ਨਹੀਂ ਪਾਉਂਦੀ ਮੈਂ ਆਪਣੇ ਜਿਸਮ ਦੀ ਨੁਮਾਇਸ਼ ਕਰਨਾ ਪਸੰਦ ਨਹੀਂ ਕਰਦੀ ਮੈਂ ਚਾਹੁੰਦੀ ਹਾਂ ਲੋਕ ਮੇਰੀ ਜ਼ਹਿਨੀਅਤ ਦੀ ਕਦਰ ਕਰਨ ਮੈਂ ਚਾਹੁੰਦੀ ਹਾਂ ਮੇਰੇ ਹੁਨਰ ਦੀ ਕਦਰ ਹੋਵੇ ਮੈਂ ਕਦੀ ਕਿਸੇ ਤੋਂ ਕੋਈ ਅਹਿਸਾਨ ਨਹੀਂ ਲਿਆ ਮੈਂ ਕਦੀ ਕਿਸੇ ਨੂੰ ਖੁਸ਼ ਕਰਕੇ ਆਪਣਾ ਕੋਈ ਕੰਮ ਕਰਨ ਬਾਰੇ ਨਹੀਂ ਸੋਚਿਆ ਅਤੇ ਨਾ ਹੀ ਕਦੀ ਸੋਚਾਂਗੀ ਮੇਰੇ ਪੁਰਸ਼ ਮਿੱਤਰ ਹਨ ਪਰ ਮੈਨੂੰ ਆਪਣੀ ਹੱਦ ਦਾ ਪਤਾ ਹੈ ਮੈਂ ਕਦੇ ਵੀ ਉਸ ਸੀਮਾ ਰੇਖਾ ਨੂੰ ਪਾਰ ਨਹੀਂ ਕਰਦੀ ਮੈਂ ਮਾਨਸਿਕ ਤੌਰ ਤੇ ਆਜ਼ਾਦ ਹਾਂ ਮੈਂ ਆਪਣੇ ਘਰ ਦੇ ਸਾਰੇ ਕੰਮ ਕਰਦੀ ਹੈ ਮੈਨੂੰ ਘਰ ਦੇ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਜਦੋਂ ਕੋਈ ਮੇਰੇ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਦਾ ਹੈ ਤਾਂ ਮੈਨੂੰ ਬੁਰਾ ਲੱਗਦਾ ਹੈ ਕੋਈ ਮੈਨੂੰ ਦੇਖ ਕੇ ਸੀਟੀ ਮਾਰਦਾ ਹੈ ਤਾਂ ਮੈਨੂੰ ਤਕਲੀਫ਼ ਹੁੰਦੀ ਹੈ ਕੋਈ ਲਲਚਾਈਆਂ ਨਜ਼ਰਾਂ ਨਾਲ ਦੇਖ ਕੇ ਮੇਰੀ ਤਾਰੀਫ਼ ਕਰਦਾ ਹੈ ਤਾਂ ਮੈਨੂੰ ਚੁਭਦਾ ਹੈ। ਮੈਂ ਕੋਈ ਸਮਝੌਤਾ ਕਰਕੇ ਅੱਗੇ ਵਧਣਾ ਨਹੀਂ ਚਾਹੁੰਦੀ ਮੇਰੇ ਲਈ ਮੇਰਾ ਰੁਤਬਾ ਤੇ ਮੇਰੀ ਇੱਜ਼ਤ ਸਭ ਤੋਂ ਜ਼ਰੂਰੀ ਹਨ ਮੈਨੂੰ ਤਰੱਕੀ ਕਰਨ ਲਈ ਕਿਸੇ ਸਹਾਰੇ ਦੀ ਲੋੜ ਨਹੀਂ ਮੈਂ ਕਿਸੇ ਮਰਦ ਦੀ ਗੁਲਾਮੀ ਸਿਰਫ਼ ਇਸ ਗੱਲ ਲਈ ਨਹੀਂ ਕਰ ਸਕਦੀ ਕਿ ਮੈ ਉਸ ਨੂੰ ਪਿਆਰ ਕਰਦੀ ਹਾਂ ਮੈਂ ਪਿਆਰ ਤੇ ਪ੍ਰਤਾੜਨਾ ਦੇ ਫ਼ਰਕ ਨੂੰ ਸਮਝਦੀ ਹਾਂ ਮੈਂ ਆਪਣੀ ਸੁਰੱਖਿਆ ਆਪ ਕਰ ਸਕਦੀ ਹਾਂ ਮੈਂ ਆਪਣੇ ਸਾਰੇ ਕੰਮ ਆਪ ਕਰਦੀ ਹਾਂ ਮੇਰੀ ਆਜ਼ਾਦੀ ਮੇਰੇ ਅਸਤਿਤਵ ਦਾ ਹਿੱਸਾ ਹੈ ਮੈਂ ਕਾਫ਼ੀ ਹੱਦ ਤਕ ਗੱਲਾਂ ਨੂੰ ਨਜ਼ਰਅੰਦਾਜ਼ ਕਰਦੀ ਹਾਂ ਭਰਮ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੇ ਸਮਰੱਥ ਹਾਂ ਮੈਂ ਆਜ਼ਾਦ ਔਰਤ ਹਾਂ

21. ਮਰਦ ਨੂੰ ਮਰਦਾਨਗੀ ਦਿਖਾਉਣ ਲਈ

ਮਰਦ ਨੂੰ ਮਰਦਾਨਗੀ ਦਿਖਾਉਣ ਲਈ ਔਰਤ ਦਾ ਹੀ ਸਹਾਰਾ ਕਿਉਂ ਜੰਗ ਦੇ ਮੈਦਾਨ ਵਿਚ ਜਿੱਤ ਜਾਣ ਤੋਂ ਬਾਅਦ ਸਾਰੀ ਮਰਦਾਨਗੀ ਹਾਰੇ ਵਰਗ ਦੀਆਂ ਔਰਤਾਂ ਨੂੰ ਹਾਸਿਲ ਕਰਨ ਜਬਰ ਜਨਾਹ ਕਰਨ ਨਾਲ ਹੀ ਕਿਉਂ ਸਾਬਤ ਹੁੰਦੀ ਪਿਓ ਨੂੰ ਆਪਣੀ ਧੀ ਆਪਣੀ ਜਾਇਦਾਦ ਦਾ ਹਿੱਸਾ ਕਿਉਂ ਮਹਿਸੂਸ ਹੁੰਦੀ ਕਿਉਂ ਉਸ ਤੇ ਉਸੇ ਤਰ੍ਹਾਂ ਹੱਕ ਸਮਝਦਾ ਜਿਵੇਂ ਆਪਣੀ ਪੈਲੀ ਤੇ ਕਿਉਂ ਨਹੀਂ ਪੁੱਛਦਾ ਧੀ ਦੀ ਇੱਛਾ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਭਰਾ ਦੀ ਸਾਰੀ ਮਰਦਾਨਗੀ ਭੈਣ ਨੂੰ ਨਜ਼ਰਬੰਦ ਕਰਨ ਵਿਚ ਭੈਣ ਤੇ ਅਧਿਕਾਰ ਜਤਾਉਣ ਵਿੱਚ ਉਸ ਦੀ ਜ਼ਿੰਦਗੀ ਵਿਚ ਦਖਲ ਦੇਣ ਨਾਲ ਕਿਉਂ ਸਾਬਤ ਹੁੰਦੀ ਉਧਲ ਗਈ ਭੈਣ ਨੂੰ ਮਾਰ ਦੇਣਾ ਆਪਣਾ ਅਧਿਕਾਰ ਸਮਝਦਾ ਉਧਾਲੀ ਹੋਈ ਕਿਸੇ ਦੀ ਭੈਣ ਨੂੰ ਆਪਣੀ ਪਤਨੀ ਪਤੀ ਕਿਉਂ ਨਹੀਂ ਸਮਝਦਾ ਪਤਨੀ ਮੁੱਲ ਲਿਆਂਦੀ ਵਸਤ ਨਹੀਂ ਜਿਊਂਦੀ ਜਾਗਦੀ ਇਸਤਰੀ ਹੈ ਆਪਣੇ ਵਿਚਾਰ ਆਪਣੀ ਸੋਚ ਕਿਉਂ ਥੋਪਦਾ ਆਪਣੀ ਪਤਨੀ ਤੇ ਕਿਉਂ ਨਹੀਂ ਸਮਝਦਾ ਪਤਨੀ ਉਸ ਦੀ ਮਲਕੀਅਤ ਨਹੀਂ ਹਰ ਰੂਪ ਵਿਚ ਪੁਰਸ਼ ਆਪਣੀ ਬਹਾਦਰੀ ਹਰ ਰਿਸ਼ਤੇ ਵਿੱਚ ਇਸਤਰੀ ਨੂੰ ਦਬਾ ਕੇ ਕਿਉਂ ਸਾਬਤ ਕਰਨੀ ਚਾਹੁੰਦਾ ਕਿਤੇ ਡਰ ਹੈ ਪੁਰਸ਼ ਦੇ ਮਨ ਵਿੱਚ ਔਰਤ ਦੇ ਮਨ ਦੀ ਮਜ਼ਬੂਤੀ ਦਾ ਜਾਣਦਾ ਹੈ ਜਿਸ ਦਿਨ ਉੱਠ ਖਲੋਈ ਆਪਣੇ ਹੱਕਾਂ ਲਈ ਚੰਡੀ ਬਣ ਉੱਤਰੇਗੀ ਨਹੀਂ ਸੁਣੇਂਗੀ ਕੋਈ ਬਹਾਨਾ ਔਰਤ ਮਜ਼ਲੂਮ ਨਹੀਂ ਮਜ਼ਬੂਤ ਹੁੰਦੀ ਬਸ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਲਈ ਸਮਝੌਤੇ ਕਰਦੀ ਪਰ ਕਿੰਨਾ ਚਿਰ ਕਿੰਨੀਆਂ ਸਦੀਆਂ ਕਰੇਗੀ ਸਮਝੌਤਾ ਜਿਨ੍ਹਾਂ ਦਬਾਇਆ ਜਾਏਗਾ ਉਹਨੇ ਹੀ ਵੇਗ ਨਾਲ ਉੱਠ ਖੜ੍ਹੀ ਹੋਏਗੀ ਆਪਣੇ ਬੁਨਿਆਦੀ ਹੱਕਾਂ ਲਈ

22. ਕਿਤੇ ਸੁੰਨਸਾਨ ਹੈ

ਕਿਤੇ ਸੁੰਨਸਾਨ ਹੈ ਆਪਣੇ ਨੂੰ ਗੁਆ ਲੈਣ ਦਾ ਦਰਦ ਬੇਗੁਨਾਹਾਂ ਦੇ ਹੱਕ ਮੰਗਣ ਜਾਣ ਤੇ ਕਤਲ ਕੀਤੇ ਜਾਣ ਦਾ ਦਰਦ ਕਿਤੇ ਸਿਆਸਤ ਕਿਤੇ ਮੁੱਦੇ ਨੂੰ ਉਛਾਲਣ ਦੀ ਗੱਲ ਕਿਸੇ ਦਾ ਸਾਰਾ ਜ਼ੋਰ ਮੁੱਦੇ ਨੂੰ ਦਬਾਉਣ ਤੇ ਕਿਸੇ ਔਰਤ ਵਿਧਵਾ ਹੋ ਜਾਣਾ ਕਿਸੇ ਦੀ ਗੋਦ ਸੁੰਨੀ ਹੋ ਜਾਵੇ ਕਿਸੇ ਪਿਉ ਦੀ ਰੀੜ੍ਹ ਦੀ ਹੱਡੀ ਦਾ ਟੁੱਟ ਜਾਣਾ ਕਿਸੇ ਨੌਜਵਾਨ ਦਾ ਕਹਿਣਾ ਮੇਰਾ ਜੀਅ ਕਰਦਾ ਉੱਚੀ ਉੱਚੀ ਚੀਕਾਂ ਮਾਰਾ ਕੀ ਹੈ ਇਹ ਸਭ ਸਰਕਾਰਾਂ ਵਿੱਚ ਬੈਠੇ ਲੋਕ ਕਿੰਨੇ ਸੰਵੇਦਨਹੀਣ ਹੋ ਗਏ ਬਾਹਵਾਂ ਵਿੱਚ ਪਾਇਆ ਸੱਜਰਾ ਚੂੜਾ ਵਿਲਕਦੀਆਂ ਮਾਵਾਂ ਪਿਓ ਦਾ ਰੁੜ੍ਹ ਗਿਆ ਬੁਢਾਪਾ ਕਿਉਂ ਨਹੀਂ ਇਨ੍ਹਾਂ ਦੇ ਕਾਲਜੇ ਨੂੰ ਧੂਹ ਪਾਉਂਦਾ ਕੀ ਸਿਆਸਤਦਾਨ ਇਨਸਾਨ ਨਹੀਂ ਰਹਿੰਦੇ ਜਲ੍ਹਿਆਂਵਾਲੇ ਬਾਗ਼ ਲਈ ਅੰਗਰੇਜ਼ਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਹਿੰਦੁਸਤਾਨ ਦੀ ਗੈਰਤ ਲਖੀਮਪੁਰ ਖੀਰੀ ਤੇ ਕਿਉਂ ਸੌਂ ਜਾਂਦੀ ਹੈ ਜੋ ਵੰਡੇ ਜਾਂਦੇ ਹਾਂ ਅਸੀਂ ਯੂ ਪੀ, ਪੰਜਾਬ ਤੇ ਹਰਿਆਣੇ ਵਿਚ ਆਮ ਆਦਮੀ ਸਿਰਫ ਆਮ ਆਦਮੀ ਹੁੰਦਾ ਨਾ ਉਸਦਾ ਕੋਈ ਧਰਮ ਨਾ ਜ਼ਾਤ ਨਾ ਹੀ ਉਸ ਦੀ ਕੋਈ ਕੀਮਤ ਕੀੜੇ ਮਕੌੜਿਆਂ ਵਾਂਗ ਮਸਲ ਦਿੱਤੇ ਜਾਂਦੇ ਸਕਤਿਆਂ ਦੇ ਪੈਰਾਂ ਹੇਠ ਯਾਦ ਹੈ ਟਿੱਡੀ ਦਲ ਕਿਵੇਂ ਭਾਜੜਾਂ ਪੈ ਗਈਆਂ ਸਨ ਸਰਕਾਰਾਂ ਨੂੰ ਆਓ ਇਕੱਠੇ ਹੋ ਕੇ ਟਿੱਡੀ ਦਲ ਬਣੀਏ ਮੁਕਾ ਦੇਈਏ ਜ਼ੁਲਮ ਦੇ ਕੋਹੜ ਨੂੰ ਏਕੇ ਵਿਚ ਬਡ਼ੀ ਤਾਕਤ ਹੁੰਦੀ ਕਪੋਤਰਾਜ ਚਿਤਰਗਰੀਵ ਦੇ ਕਹੇ ਮੁਤਾਬਕ ਕਬੂਤਰਾਂ ਵਾਂਗ ਜਾਲ ਹੀ ਲੈਕੇ ਉੱਡ ਜਾਈਏ ਸ਼ਰਾਫਤ ਸਬਰ ਤੇ ਹਲੀਮੀ ਨੂੰ ਦੁਸ਼ਮਣ ਡਰ ਸਮਝ ਰਿਹਾ ਵੋਟ ਦੇ ਅਧਿਕਾਰ ਨਾਲ ਦਿਖਾ ਦੇਈਏ ਆਪਣੀ ਤਾਕਤ ਤੇ ਉਹਦੀ ਅਸਲੀ ਥਾਂ

23. ਧੀਆਂ ਕੀ ਸਿਰਫ਼

ਧੀਆਂ ਕੀ ਸਿਰਫ਼ ਪੜ੍ਹਨ ਨਾਲ ਖੇਡਣ ਨਾਲ ਮਨ ਮਰਜ਼ੀ ਦੇ ਕੱਪੜੇ ਪਾਉਣ ਨਾਲ ਨੌਕਰੀ ਕਰਨ ਨਾਲ ਪੈਸਾ ਕਮਾਉਣ ਨਾਲ ਇਕੱਲੇ ਸਫ਼ਰ ਕਰਨ ਨਾਲ ਮਜ਼ਬੂਤ ਹੋ ਜਾਣਗੀਆਂ ਕੀ ਜ਼ਰ ਲੈਣਗੀਆਂ ਲੋਕਾਂ ਦੀਆਂ ਨਜ਼ਰਾਂ? ਕੀ ਵਰਤ ਲੈਣਗੀਆਂ ਆਪਣੇ ਪੈਸੇ ਆਪਣੀ ਮਰਜ਼ੀ ਨਾਲ? ਕੀ ਪੜ੍ਹਾਈ ਬਦਲੇਗੀ ਉਨ੍ਹਾਂ ਦੀ ਮਾਨਸਿਕਤਾ? ਇੱਕ ਦਿਨ ਸਮੇਂ ਸਿਰ ਰੋਟੀ ਨਾ ਬਣਨ ਤੇ ਅਪਰਾਧੀ ਮਹਿਸੂਸ ਨਹੀਂ ਕਰਨਗੀਆਂ? ਕੀ ਕਰ ਸਕਣਗੀਆਂ ਆਪਣੀ ਮਰਜ਼ੀ ਦੀ ਨੌਕਰੀ ? ਪਾ ਸਕਣਗੀਆਂ ਆਪਣੀ ਪਸੰਦ ਦੇ ਕੱਪੜੇ? ਧੀਆਂ ਨੂੰ ਸਸ਼ਕਤ ਕਰੋ ਮਾਨਸਿਕਤਾ ਬਦਲੋ ਵਿਹਾਰ ਬਦਲੋ ਮੁੰਡਿਆਂ ਨੂੰ ਸੰਸਕਾਰ ਸਿਖਾਓ ਨਾਂਹ ਦਾ ਮਤਲਬ ਨਾਹ ਹੁੰਦਾ ਇਹ ਗੱਲ ਮੁੰਡਿਆਂ ਦੇ ਖਾਨੇ ਪਾਓ ਫਿਰ ਹੋਵੇਗਾ ਸਸ਼ਕਤੀਕਰਨ ਧੀਆਂ ਦਾ

24. ਤੇਰੇ ਅਲਫਾਜ਼

ਤੇਰੇ ਅਲਫਾਜ਼ ਦੀ ਕੀਮਤ ਤੈਨੂੰ ਨਹੀਂ ਪਤਾ ਇਹ ਚੰਦ ਅਲਫਾਜ਼ ਤੇਰੇ ਲਈ ਦਰਸਾਉਂਦੇ ਨੇ ਤੇਰੇ ਭਾਵਾਂ ਨੂੰ ਪਰ ਕੀ ਤੂੰ ਜਾਣਦਾ ਹੈਂ ਇਹ ਕਿਸੇ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਆਸ ਦੀਆਂ ਸਾਰੀਆਂ ਤੰਦਾਂ ਨੂੰ ਤੋੜ ਦਿੰਦੇ ਜੋ ਕਿਸੇ ਦੇ ਜੀਣ ਦਾ ਸਹਾਰਾ ਹੁੰਦੀਆਂ ਤੂੰ ਨਹੀਂ ਸਮਝ ਸਕਦਾ ਤੇਰੇ ਅਲਫ਼ਾਜ਼ਾਂ ਤੇ ਵੱਸਦੀ ਹੈ ਕਿਸੇ ਦੀ ਦੁਨੀਆਂ ਤੂੰ ਤਾਂ ਸਹਿਜ ਸੁਭਾਅ ਕਹਿ ਜਾਂਦਾ ਜੋ ਸ਼ਾਇਦ ਤੇਰੇ ਦਿਲ ਵਿੱਚ ਵੀ ਨਹੀਂ ਹੁੰਦਾ ਦੂਜੇ ਤੇ ਕੀ ਬੀਤੀ ਇਸ ਤੋਂ ਅਣਜਾਣ ਕਾਸ਼ !ਤੂੰ ਸਮਝ ਪਾਵੇ ਆਪਣੇ ਹੀ ਅਲਫ਼ਾਜ਼ਾਂ ਦਾ ਮੁੱਲ ਆਪਣੇ ਪਿਆਰਿਆਂ ਦੀ ਜ਼ਿੰਦਗੀ ਵਿੱਚ

25. ਕਿਤੋਂ ਲਿਆ ਦਿਓ ਮਿਟਾਉਣ ਵਾਲੀ ਰਬੜ

ਕਿਤੋਂ ਲਿਆ ਦਿਓ ਮਿਟਾਉਣ ਵਾਲੀ ਰਬੜ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਨੂੰ ਮਿਟਾ ਕੇ ਫੇਰ ਪਹਿਲਾਂ ਵਰਗੀ ਕਰ ਦੇਵੇ ਉਹ ਜ਼ਿੰਦਗੀ ਵਿੱਚ ਨਾ ਹੀ ਆਇਆ ਹੁੰਦਾ ਤਾਂ ਚੰਗਾ ਹੁੰਦਾ ਮਿਟਾ ਦੇਣਾ ਚਾਹੁੰਦੀ ਉਸਦੀ ਲਿਖੀ ਹਰ ਇਬਾਰਤ ਜੋ ਪਾਉਂਦੀ ਦੁੱਖਾਂ ਦੀ ਬਾਤ ਉਸ ਦੇ ਲਿਖੇ ਹਰਫ਼ ਜੋ ਤਕਲੀਫ ਦਿੰਦੇ ਜਿੰਨੀ ਵਾਰ ਪੜ੍ਹੇ ਜਾਣ ਭੁੱਲ ਜਾਣਾ ਆਸਾਨ ਨਹੀਂ ਹੁੰਦਾ ਅੰਦਰੋ ਅੰਦਰ ਹੋਈ ਟੁੱਟ ਭੱਜ ਨੂੰ ਕਿਵੇਂ ਜੋਡ਼ਾਂ , ਕਿਵੇਂ ਦਿਖਾਵਾਂ ਮਿਟਾ ਦੇਣਾ ਚਾਹੁੰਦੀ ਉਸ ਦੀ ਹਰ ਯਾਦ ਇਸੇ ਲਈ ਤਾਂ ਮੰਗਦੀ ਮਿਟਾਉਣ ਵਾਲੀ ਰਬੜ ਜੋ ਜ਼ਿੰਦਗੀ ਨੂੰ ਫਿਰ ਬਣਾ ਦੇਵੇ ਕੋਰਾ ਕਾਗਜ਼

26. ਅਜੀਬ ਦਸਤੂਰ ਹੈ ਦੁਨੀਆਂ ਦਾ

ਅਜੀਬ ਦਸਤੂਰ ਹੈ ਦੁਨੀਆਂ ਦਾ ਗ਼ਲਤ ਵੀ ਉਹ ਨਾਰਾਜ਼ ਵੀ ਉਹ ਹਰ ਵੇਲੇ ਖਿਆਲ ਉਸ ਦਾ ਮਗਰੂਰ ਵੀ ਉਹ ਗਰੂਰ ਵੀ ਉਹ ਪਤਾ ਨਹੀਂ ਉਹ ਕੀ ਮੇਰਾ ਲੱਗਦਾ ਦੂਰ ਵੀ ਉਹ ਕਰੀਬ ਵੀ ਉਹ ਦੇਂਦਾ ਦੁਖ ਇੰਤਜ਼ਾਰ ਜਿਸ ਦਾ ਦੋਸਤ ਵੀ ਓਹ ਰਕੀਬ ਵੀ ਉਹ ਪੁਰਾਣਾ ਰਿਸ਼ਤਾ ਸਦੀਆਂ ਦਾ ਪਸੰਦ ਵੀ ਉਹ ਇੰਤਖ਼ਾਬ ਵੀ ਉਹ

27. ਹਰੀਏ ਨੀਂ ਰਸ ਭਰੀਏ ਖਜ਼ੂਰੇ

(ਪੜ੍ਹਨ ਲਿਖਣ ਖੇਡਣ ਖਾਣ ਦੀ ਉਮਰੇ ਕੈਨੇਡਾ ਗਈਆਂ ਕਮਾਈਆਂ ਕਰਦੀਆਂ ਧੀਆਂ ਦੇ ਨਾਮ) ਹਰੀਏ ਨੀਂ ਰਸ ਭਰੀਏ ਖਜ਼ੂਰੇ ਕਿਨ ਭੇਜਿਆ ਐਨੀ ਦੂਰ ਏ ਬਾਬਲ ਮੇਰਾ ਕਰਜ਼ੇ ਹੇਠ ਦੱਬਿਆ ਉਹਨੇ ਭੇਜਿਆ ਇੰਨੀ ਦੂਰ ਏ ਹਰੀਏ ਨੀਂ ਰਸ ਭਰੀਏ ਖਜ਼ੂਰੇ ਕਿਨ ਭੇਜਿਆ ਇੰਨੀ ਦੂਰ ਏ ਵੀਰ ਮੇਰਾ ਤਾਂ ਨਸ਼ਿਆਂ ਵਿੱਚ ਡੁੱਬਿਆ ਉਹਨੇ ਭੇਜਿਆ ਇੰਨੀ ਦੂਰ ਏ ਹਰੀਏ ਨੀਂ ਰਸ ਭਰੀਏ ਖਜ਼ੂਰੇ ਕਿਨ ਭੇਜਿਆ ਇੰਨੀ ਦੂਰ ਏ ਮਾਮੇ ਮੇਰੇ ਨੇ ਲੈ ਲਿਆ ਫਾਹਾ ਉਹਨੇ ਭੇਜਿਆ ਐਨੀ ਦੂਰੇ ਹਰੀਏ ਨੀਂ ਰਸ ਭਰੀਏ ਖਜ਼ੂਰੇ ਕਿਨ ਦਿੱਤਾ ਐਨੀ ਦੂਰੇ ਏ ਮਾਂ ਮੇਰੀ ਤਾਂ ਕੈਂਸਰ ਨੇ ਖਾ ਲਈ ਉਹਨੇ ਭੇਜਿਆ ਐਨੀ ਦੂਰ ਏ ਹਰੀਏ ਨੀਂ ਰਸ ਭਰੀਏ ਖਜ਼ੂਰੇ ਕਿਨ ਭੇਜਿਆ ਐਨੀ ਦੂਰ ਏ ਮਾਹੀਏ ਤੋਂ ਆਈਲੈੱਟਸ ਪਾਸ ਨਾ ਹੋਇਆ ਉਹਨੇ ਭੇਜਿਆ ਇੰਨੀ ਦੂਰ ਏ ਹਰੀਏ ਨੀਂ ਰਸ ਭਰੀਏ ਖਜ਼ੂਰੇ ਕਿੰਜ ਵੱਸਣਾ ਇੰਨੀ ਦੂਰ ਏ ਦੋ ਦੋ ਜੌਬਾਂ ਕਰਕੇ ਵੀ ਨਹੀਂ ਸਰਦਾ ਕੈਨੇਡਾ ਆ ਕੇ ਹੋਈ ਡਾਹਢੀ ਮਜਬੂਰ ਏ ਹਰੀਏ ਨੀਂ ਰਸ ਭਰੀਏ ਖਜ਼ੂਰੇ ਮਜਬੂਰੀਆਂ ਭੇਜਿਆ ਇੰਨੀ ਦੂਰ ਏ

28. ਧੁੱਪ ਨੇ ਬਦਲ ਲਿਆ ਰੰਗ

ਧੁੱਪ ਨੇ ਬਦਲ ਲਿਆ ਰੰਗ ਚੁੱਭਦੀ ਨਹੀਂ ਚੰਗੀ ਲੱਗਦੀ ਠੀਕ ਉਸੇ ਤਰ੍ਹਾਂ ਜਿਵੇਂ ਪਿਆਰ ਭਰੀ ਮੁਸਕੁਰਾਹਟ ਮਨ ਦੇ ਕਿਸੇ ਕੋਨੇ ਵਿਚ ਆਸ ਜਗਾਉਂਦੀ ਹੁੰਗਾਰਾ ਜਿਹਾ ਦਿੰਦੀ ਆਲਾ ਦੁਆਲਾ ਖ਼ੂਬਸੂਰਤ ਜਾਪਣ ਲੱਗਦਾ ਇੰਤਜ਼ਾਰ ਵਿੱਚ ਧੜਕਣਾ ਤੇਜ਼ ਹੋ ਜਾਂਦੀਆਂ ਲੱਗਦਾ ਕਿ ਮਹਿਬੂਬ ਮੌਸਮ ਆਉਣ ਵਾਲਾ ਝੁਲਸਿਆ ਤਨ ਮਨ ਹਲਕੀ ਜਿਹੀ ਠੰਢੀ ਹਵਾ ਨੂੰ ਮਹਿਸੂਸ ਕਰ ਉੱਡਿਆ ਫਿਰਦਾ ਹੌਲਾ ਜਿਹਾ ਹੋ ਆਸਾਂ ਦੇ ਢੇਰ ਤੇ ਉਮੀਦਾਂ ਦੀ ਉਡਾਣ ਪੱਕੀ ਫਸਲ ਦੀ ਖੁਸ਼ਬੋਈ ਸਭ ਕੁਝ ਹਰਿਆ ਹਰਿਆ ਤੇਰੇ ਆਉਣ ਦੀ ਉਮੀਦ ਅੱਸੂ ਦੇ ਮਹੀਨੇ ਸਭ ਪਾਸੇ ਆਸ ਹੀ ਆਸ ਸ਼ਾਲਾ ਹਰੇਕ ਦਾ ਮਹਿਬੂਬ ਹੋਵੇਗਾ ਆਸ-ਪਾਸ

29. ਕਵਿਤਾ ਪੁੱਛਦੀ

ਕਵਿਤਾ ਪੁੱਛਦੀ ਕਿੰਝ ਆਵਾਂ ਘੁੱਪ ਹਨ੍ਹੇਰੀ ਰਾਤਾਂ ਵਿੱਚ ਆਸ ਦਾ ਦੀਵਾ ਬਲਦਾ ਨਹੀਂ ਦਿਸਦਾ ਮਨਾਂ ਵਿੱਚ ਨਿਰਾਸ਼ਾ ਦਾ ਹਨ੍ਹੇਰਾ ਗੁੰਮ ਸੁੰਮ ਖਲਕਤ ਕੋਈ ਆਸ ਦਾ ਚਾਨਣ ਨਹੀਂ ਦਿਸਦਾ ਜ਼ੁਲਮ ਜ਼ਬਰ ਦਾ ਜ਼ੋਰ ਘਟਾ ਚੜ੍ਹੀ ਘਨਘੋਰ ਮਨਾਂ ਵਿੱਚ ਡਰ ਦਾ ਸ਼ੋਰ ਕੋਈ ਤੇਗ ਲਿਸ਼ਕਾਉਂਦਾ ਨਹੀਂ ਦਿਸਦਾ ਖੁੰਝ ਗਈ ਮਨੁੱਖਤਾ ਰਾਹਾਂ ਤੋਂ ਪਾਪਾਂ ਦੀ ਘੁੰਮਣ ਘੇਰੀ ਨੇ ਮਨੁੱਖ ਉਲਝਾਇਆ ਮੇਰੀ ਮੇਰੀ ਨੇ ਤੂੰ ਦੀ ਬਾਤ ਕੋਈ ਪਾਉਂਦਾ ਨਹੀਂ ਦਿੱਸਦਾ ਸਬਰ ਸਿਦਕ ਧਰਦਾ ਨਹੀਂ ਜਿਵੇਂ ਧੱਕਾ ਕੀਤੇ ਬਿਨ ਸਰਦਾ ਨਹੀਂ ਰੂਹ ਕੁਰਲਾਉਂਦੀ ਹੈ ਹਰਦਮ ਕੋਈ ਦਰਦ ਵੰਡਾਉਂਦਾ ਨਹੀਂ ਦੱਸਦਾ ਕਵਿਤਾ ਪੁੱਛੇ ਮੈਂ ਆਵਾਂ ਕਿੰਜ ਤੇਰੇ ਦਿਲ ਦੀਆਂ ਬਾਤਾਂ ਪਾਵਾਂ ਕਿੰਜ ਇਹ ਦੁਨੀਆਂ ਘੁੱਪ ਹਨ੍ਹੇਰੀ ਏ ਦੀਵਾ ਕੋਈ ਚਾਨਣ ਚਮਕਾਉਂਦਾ ਨਹੀਂ ਦਿਸਦਾ

30. ਇਕੱਲੇ ਹੋਣਾ

ਇਕੱਲੇ ਹੋਣਾ ਕਿਸੇ ਦਾ ਸਾਥ ਨਾ ਹੋਣਾ ਨਹੀਂ ਹੁੰਦਾ ਕਿਸੇ ਹੋਰ ਵਿੱਚੋਂ ਆਪਣੇ ਆਪ ਨੂੰ ਲੱਭਣਾ ਨਿਰਾਸ਼ ਹੋਣਾ ਹੁੰਦਾ ਕਿਸੇ ਹੋਰ ਦਾ ਸਾਥ ਲੱਭਣਾ ਆਪਣੇ ਆਪ ਦੀ ਪਛਾਣ ਨਾ ਹੋਣਾ ਹੁੰਦਾ ਇਕੱਲਾਪਨ ਸਿਰਫ਼ ਇਕ ਅਹਿਸਾਸ ਹੁੰਦਾ ਕਈ ਵਾਰ ਜਦੋਂ ਕੋਈ ਨਾਲ ਹੁੰਦਾ ਇਕੱਲੇਪਨ ਦਾ ਉਦੋਂ ਵੀ ਆਭਾਸ ਹੁੰਦਾ ਕਈ ਵਾਰ ਭੀੜ ਵਿੱਚ ਹੁੰਦਿਆਂ ਵੀ ਇਕੱਲੇਪਣ ਦਾ ਅਹਿਸਾਸ ਹੁੰਦਾ ਆਪਣਿਆਂ ਵਿੱਚ ਘਿਰਿਆ ਹੋਇਆ ਮਨੁੱਖ ਵੀ ਇਕੱਲਾ ਤੇ ਉਦਾਸ ਹੁੰਦਾ ਦੁਨੀਆਂ ਵਿੱਚ ਸਭ ਤੋਂ ਉੱਤਮ ਆਪਣੇ ਆਪ ਦਾ ਸਾਥ ਹੁੰਦਾ ਕਿਸੇ ਸ਼ਾਮ ਸਮੁੰਦਰ ਤੱਟ ਤੇ ਬੈਠ ਡੁੱਬਦੇ ਸੂਰਜ ਨੂੰ ਤੱਕਦਿਆਂ ਇਕੱਲੇ ਹੁੰਦੇ ਹੋਇਆਂ ਵੀ ਇਕੱਲਾਪਣ ਨਹੀਂ ਮਹਿਸੂਸ ਹੁੰਦਾ ਕਿਉਂਕਿ ਡੁੱਬਦਾ ਸੂਰਜ ਤੁਹਾਡੇ ਨਾਲ ਹੁੰਦਾ ਇਕੱਲਾ ਤਾਂ ਮਨੁੱਖ ਉਦੋਂ ਹੁੰਦਾ ਜਦੋਂ ਉਹ ਆਪਣੇ ਆਪ ਦੇ ਨਾਲ ਆਪ ਨਹੀਂ ਹੁੰਦਾ ਜਿੱਥੇ ਉਹ ਮੌਜੂਦ ਹੈ ਉਥੇ ਉਸ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਨਹੀਂ ਹੁੰਦਾ ਇਕੱਲਾਪਣ ਕਿੱਸੇ ਦੇ ਹੋਣ ਜਾਂ ਨਾ ਹੋਣ ਨਾਲ ਨਹੀਂ ਆਪਣੇ ਆਪ ਦਾ ਸਾਥ ਹੁੰਦਾ ਮਨ ਕਿਤੇ ਦੂਰ ਜਦੋਂ ਗੁਆਚ ਜਾਂਦਾ ਖਿਆਲਾਂ ਦੇ ਵਿੱਚ ਫਿਰ ਇਕੱਲੇਪਣ ਦਾ ਅਹਿਸਾਸ ਹੁੰਦਾ ਆਪਣੇ ਆਪ ਦਾ ਸਾਥ ਆਤਮਸਾਤ ਲਈ ਸਭ ਤੋਂ ਉਤਮ ਸਾਥ ਹੁੰਦਾ ਇਕੱਲਾਪਣ ਕੇਵਲ ਇੱਕ ਅਹਿਸਾਸ ਹੈ ਜੋ ਸਭ ਦੇ ਹੁੰਦਿਆਂ ਹੋਇਆਂ ਵੀ ਜੇ ਆਪਣਾ ਆਪ ਨਾ ਹੋਵੇ ਨਾਲ ਤਾਂ ਹਾਲ ਬਦ ਹਵਾਸ ਹੁੰਦਾ

31. ਇਕ ਮਾਂ ਨੇ ਮੈਨੂੰ ਜਨਮ ਦਿੱਤਾ

ਇਕ ਮਾਂ ਨੇ ਮੈਨੂੰ ਜਨਮ ਦਿੱਤਾ ਦੂਜੀ ਨੇ ਜ਼ਬਾਨ ਇਕ ਨੇ ਸਿਖਾਇਆ ਤੁਰਨਾ ਦੂਜੀ ਨੇ ਪਰਵਾਜ਼ ਪਹਿਲੀ ਨੇ ਗੋਦੀ ਵਿੱਚ ਲੈ ਕੇ ਦੂਜੀ ਵਿੱਚ ਦਿੱਤੀ ਲੋਰੀ ਪਹਿਲੀ ਕਲਮ ਸਿਖਾਈ ਫੜਨੀ ਦੂਜੀ ਨੇ ਕਲਮ ਹੈ ਤੋਰੀ ਪਹਿਲੀ ਨੇ ਅਹਿਸਾਸ ਦਿੱਤੇ ਦੂਜੀ ਨੇ ਕੀਤੇ ਬਖਾਨ ਪਹਿਲੀ ਨੇ ਹਿੱਕ ਨਾਲ ਲਾ ਕੇ ਰੱਖਿਆ ਦੂਜੀ ਨੇ ਦਿੱਤੀ ਉਡਾਣ ਜਦ ਵੀ ਜੀਵਨ ਵਿੱਚ ਸੁੱਖ ਦੁੱਖ ਆਇਆ ਦੋਵਾਂ ਨੇ ਮੇਰਾ ਸਾਥ ਨਿਭਾਇਆ ਇਕ ਨੇ ਮੇਰੇ ਹੰਝੂ ਪੂੰਝੇ ਦੂਜੀ ਨੇ ਹੌਸਲਾ ਵਧਾਇਆ ਦੂਜੀ ਤੇ ਪੱਲਿਓਂ ਮੈਂ ਖੱਟੀ ਪਹਿਲੀ ਦੀ ਬਣਾਈ ਰੋਟੀ ਦੋਵੇਂ ਦਿੱਤਾ ਪਿਆਰ ਹੈ ਮੈਨੂੰ ਬਣਾਇਆ ਹੈ ਚੰਗੀ ਇਨਸਾਨ ਪਹਿਲੀ ਬਾਪੂ ਨੇ ਪਰਣਾਈ ਦੂਜੀ ਮਾਂ ਪੰਜਾਬੀ ਭਾਈ

32. ਗੰਗਾ ਕੀ ਕੀ ਢੋਏ

ਗੰਗਾ ਕੀ ਕੀ ਢੋਏ ਪਾਪੀਆਂ ਦੇ ਪਾਪ ਧੋਂਦਿਆਂ ਧੋਂਦਿਆਂ ਥੱਕ ਗਈ ਮੈਲੀ ਹੋ ਗਈ ਭਰ ਗਈ ਅਪਰਾਧ ਬੋਧ ਨਾਲ ਸ਼ੰਕਾ ਸੀ ਮਨ ਵਿੱਚ ਇੰਨੇ ਪਾਪ ਕਿਵੇਂ ਧੋਵਾਂਗੀ ਰੋਜ਼ ਵਧਦੇ ਹੀ ਜਾਂਦੇ ਨੇ ਉਪਰੋਂ ਲਾਸ਼ਾਂ ਦੇ ਢੇਰ ਪਰ ਇਹ ਬੇਕਸੂਰ ਲੋਕਾਂ ਦੇ ਜਿਨ੍ਹਾਂ ਦਾ ਪਾਪ ਸਿਰਫ਼ ਗ਼ਰੀਬੀ ਸੀ ਗੰਗਾ ਫਿਰ ਸੁਰ ਨਦੀ ਹੈ ਕਿਵੇਂ ਨਾ ਅਪਨਾਉਣ ਦੀ ਲਾਸ਼ਾਂ ਨੂੰ ਜਿਨ੍ਹਾਂ ਤੋਂ ਮੂੰਹ ਮੋੜ ਲਿਆ ਘਰਦਿਆਂ ਨੇ ਤੇ ਹਾਕਮਾਂ ਨੇ ਗੰਗਾ ਦਾ ਧਰਮ ਹੈ ਹਰ ਸ਼ਰਨਾਗਤ ਨੂੰ ਪਨਾਹ ਦੇਣਾ ਉਹ ਨਿਭਾ ਰਹੀ ਹੈ ਆਪਣਾ ਧਰਮ ਅਧਰਮੀ ਤਾਂ ਅਸੀਂ ਹੋ ਗਏ ਹਾਂ

33. ਬਚਪਨ ਵਿੱਚ

ਬਚਪਨ ਵਿੱਚ ਬੇਰ ਖਾਂਦਿਆਂ ਗਿਟਕ ਵੀ ਖਾ ਲਈ ਡਰਦੀ ਰਹੀ ਢਿੱਡ ਵਿੱਚ ਬੇਰੀ ਉੱਗੇਗੀ ਫਿਰ ਭੁੱਲ ਗਈ ਉਸ ਬੇਰੀ ਦੇ ਕੰਡੇ ਵੇਲੇ ਕੁਵੇਲੇ ਹੁਣ ਆਂਦਰਾ ਵਿੱਚ ਚੁੱਭਦੇ ਨੇ

34. ਤੁਸੀਂ ਹਰ ਉਸ ਰਿਸ਼ਤੇ ਤੋਂ ਬਿਨਾਂ

ਤੁਸੀਂ ਹਰ ਉਸ ਰਿਸ਼ਤੇ ਤੋਂ ਬਿਨਾਂ ਜੀਅ ਸਕਦੇ ਹੋ ਜਿਸ ਬਿਨਾਂ ਜਾਪਦਾ ਨਹੀਂ ਜੀ ਸਕੋਗੇ ਕਿਉਂਕਿ ਜ਼ਿੰਦਾ ਰਹਿਣ ਲਈ ਸਿਰਫ਼ ਸਾਹਾਂ ਦਾ ਚੱਲਣਾ ਜ਼ਰੂਰੀ ਹੈ

35. ਹਾਂ ਮੈਂ ਔਰਤ ਹਾਂ

ਹਾਂ ਮੈਂ ਔਰਤ ਹਾਂ ਮੈਂ ਖ਼ੁਦਮੁਖਤਿਆਰ ਹਾਂ ਮੈਂ ਆਪਣੀ ਸੋਚ ਰੱਖਦੀ ਹਾਂ ਮੈਂ ਆਪਣੇ ਤਰੀਕੇ ਨਾਲ ਜਿਊਣਾ ਚਾਹੁੰਦੀ ਹਾਂ ਮੈਂ ਕਿਸੇ ਵੀ ਗਲਤ ਗੱਲ ਲਈ ਕਦੀ ਨਹੀਂ ਝੁਕਾਂਗੀ ਜੋ ਮੇਰਾ ਮਨ ਨਾ ਮੰਨੇ ਮੈਂ ਨਹੀਂ ਕਰਾਂਗੀ ਇਹ ਵੀ ਸੱਚ ਹੈ ਮੈਂ ਤੈਨੂੰ ਪਿਆਰ ਕਰਦੀ ਹਾਂ ਤੂੰ ਮੇਰੀ ਜ਼ਿੰਦਗੀ ਦਾ ਧੁਰਾ ਹੈ ਮੈਂ ਤੇਰੇ ਲਈ ਆਪਣੇ ਵਿੱਚ ਅਨੇਕਾਂ ਬਦਲਾਅ ਕਰ ਸਕਦੀ ਹਾਂ ਤੇਰੇ ਲਈ ਹਰ ਉਹ ਕੰਮ ਕਰਾਂਗੀ ਜੋ ਤੈਨੂੰ ਪਸੰਦ ਹੋਵੇ ਤੈਨੂੰ ਖੁਸ਼ ਰੱਖਣ ਦਾ ਹਰ ਯਤਨ ਕਰਾਂਗੀ ਪਰ ਯਾਦ ਰੱਖੀਂ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਾਂਗੀ ਸਵੈਮਾਣ ਮੈਨੂੰ ਤੇਰੇ ਤੋਂ ਵੱਧ ਪਿਆਰਾ ਹੈ ਪਿਆਰ ਕਰਦੀ ਹਾਂ ਗੁਲਾਮੀ ਨਹੀਂ ਜੇ ਤੂੰ ਮੈਨੂੰ ਵਸਤ ਸਮਝੇਗਾ ਆਪਣੇ ਅਧੀਨ ਸਮਝੇਗਾ ਮੈਂ ਤੈਥੋਂ ਦੂਰ ਹੋ ਜਾਵਾਂਗੀ ਸ਼ਰਤਾਂ ਤੇ ਪਿਆਰ ਮੈਨੂੰ ਮਨਜ਼ੂਰ ਨਹੀਂ ਜੇ ਮੈਨੂੰ ਪਿਆਰ ਕਰਦਾ ਹੈ ਤਾਂ ਮੈਨੂੰ ਆਪਣਾ ਜਿਵੇਂ ਦੀ ਮੈਂ ਹਾਂ ਉਸੇ ਤਰ੍ਹਾਂ ਮੈਨੂੰ ਮਨਜ਼ੂਰ ਕਰ ਮੈਨੂੰ ਬਦਲਣ ਦੀ ਕੋਸ਼ਿਸ਼ ਨਾ ਕਰ ਕਿਸੇ ਸਾਂਚੇ ਵਿੱਚ ਢਾਲ ਮੈਂ ਕੱਚੀ ਮਿੱਟੀ ਨਹੀਂ ਹਾਂ ਮੈਂ ਫੌਲਾਦ ਹਾਂ ਮਿੱਟੀ ਨਾਲ ਤਾਂ ਹਰ ਕੋਈ ਖੇਡ ਲੈਂਦਾ ਹੈ ਚੱਲ ਸੁਫਨਿਆਂ ਦੀ ਦੁਨੀਆਂ ਬਣਾਈਏ ਜਿਸ ਵਿੱਚ ਤੂੰ ਤੇ ਮੈਂ ਬਰਾਬਰ ਦੇ ਭਾਗੀਦਾਰ ਹੋਈਏ ਇੱਛਾਵਾਂ ਤੇ ਸੱਧਰਾਂ ਮੇਰੀਆਂ ਵੀ ਹਨ ਆ ਰਲ ਮਿਲ ਕੇ ਇਕ ਹੋ ਜਾਈਏ

36. ਤੁਰੇ ਸੀ ਦੋਵੇਂ ਨਾਲ ਨਾਲ

ਤੁਰੇ ਸੀ ਦੋਵੇਂ ਨਾਲ ਨਾਲ ਫਿਰ ਕਿਵੇਂ ਦਿਸ਼ਾਵਾਂ ਬਦਲ ਗਈਆਂ ਮੌਸਮ ਤਾਂ ਅਜੇ ਬਦਲਿਆ ਨਹੀਂ ਫਿਰ ਕਿਵੇਂ ਹਵਾਵਾਂ ਬਦਲ ਗਈਆਂ ਕਹਿੰਦਾ ਹੈ ਤੂੰ ਦਿਲ ਵਿੱਚ ਹੈ ਫਿਰ ਕਿਵੇਂ ਭਾਵਨਾਵਾਂ ਬਦਲ ਗਈਆਂ ਘਰ ਬਾਰ ਛੱਡ ਕਦੋਂ ਦਾ ਜੋਗੀ ਹੋਇਓਂ ਫਿਰ ਕਿਉਂ ਦੁਆਵਾਂ ਬਦਲ ਗਈਆਂ ਮੇਰੇ ਮਾਰੂਥਲ ਤੇ ਬੱਦਲ ਬਣ ਵਰ੍ਹਿਆ ਤੂੰ ਹੁਣ ਕੀ ਦੱਸਾਂ ਦਰਿਆਵਾਂ ਦੀਆਂ ਦਿਸ਼ਾਵਾਂ ਕਿਉਂ ਬਦਲ ਗਈਆਂ

37. ਜਿਨ੍ਹਾਂ ਔਰਤਾਂ ਕੋਲ

ਜਿਨ੍ਹਾਂ ਔਰਤਾਂ ਕੋਲ ਮਰਦ ਰਾਤ ਬਿਤਾਉਂਦੇ ਨੇ ਉਨ੍ਹਾਂ ਨੂੰ ਵੇਸਵਾ ਕਹਿੰਦੇ ਨੇ ਜਿਨ੍ਹਾਂ ਔਰਤਾਂ ਨਾਲ ਮਰਦ ਦਿਨ ਬਿਤਾਉਂਦੇ ਨੇ ਉਨ੍ਹਾਂ ਨੂੰ ਪ੍ਰੇਮਿਕਾ ਕਹਿੰਦੇ ਨੇ ਜਿਨ੍ਹਾਂ ਔਰਤਾਂ ਨਾਲ ਮਰਦ ਜ਼ਿੰਦਗੀ ਬਿਤਾਉਂਦੇ ਨੇ ਉਨ੍ਹਾਂ ਨੂੰ ਪਤਨੀ ਕਹਿੰਦੇ ਨੇ ਮਰਦ ਦਾ ਰੁਤਬਾ ਨਹੀ ਬਦਲਦਾ ਔਰਤ ਦਾ ਹਰ ਰੂਪ ਵੱਖਰਾ ਹੋ ਜਾਂਦਾ ਹੈ ਕੌਣ ਹੈ ਇਸ ਸਭ ਦਾ ਜ਼ਿੰਮੇਵਾਰ ਦੱਸੋ ਕਿਉਂ ਸਮਾਜ ਅੱਖਾਂ ਬੰਦ ਕਰ ਸੌਂ ਜਾਂਦਾ ਹੈ

38. ਤੂੰ ਗੈਰ ਵੀ ਲੱਗਦਾ ਨਹੀਂ

ਤੂੰ ਗੈਰ ਵੀ ਲੱਗਦਾ ਨਹੀਂ ਪਰ ਆਪਣਾ ਵੀ ਤਾਂ ਨਹੀਂ ਇਹ ਦੌਰ ਨਫ਼ਰਤਾਂ ਦਾ ਹੈ ਮੇਰੇ ਦਿਲ ਵਿੱਚ ਪਰ ਨਫ਼ਰਤ ਨਹੀਂ ਕਹਿੰਦੇ ਨੇ ਕਰੋ ਸਭ ਨੂੰ ਪਿਆਰ ਪਰ ਮੁਹੱਬਤ ਕੋਈ ਕਰਦਾ ਨਹੀਂ ਜੋ ਵੀ ਦਿਨ ਚੜ੍ਹਦਾ ਹੈ ਹਰ ਰੋਜ਼ ਬੀਤ ਜਾਂਦਾ ਹੈ ਪਰ ਢਲਦਾ ਨਹੀਂ ਹਰ ਕੋਈ ਹੈ ਵੰਡ ਰਿਹਾ ਮੁਸਕੁਰਾਹਟਾਂ ਕਿਵੇਂ ਕਹਾਂ ਕੋਈ ਕਿਸੇ ਤੋਂ ਸੜਦਾ ਨਹੀਂ ਜ਼ਿੰਦਗੀ ਮੁਸ਼ਕਲ ਬਹੁਤ ਹੈ ਦੋਸਤੋ ਮਰਨ ਨੂੰ ਪਰ ਜੀ ਵੀ ਤਾਂ ਕਰਦਾ ਨਹੀਂ

39. ਚਾਹੁੰਦੀ ਹਾਂ ਤੇਰੇ ਨਾਲ ਜੀਣਾ

ਚਾਹੁੰਦੀ ਹਾਂ ਤੇਰੇ ਨਾਲ ਜੀਣਾ ਪਰ ਇਹ ਕਿਵੇਂ ਸੰਭਵ ਹੋਵੇ ਧੂੜ ਬਣ ਜਾਵਾਂ ਤੇਰੇ ਕਦਮਾਂ ਦੇ ਨਾਲ ਤੇਰੀ ਹਮਕਦਮ ਬਣ ਜਾਵਾਂ ਪਰ ਧੂੜ ਤਾਂ ਤੂੰ ਲਾਹ ਸੁੱਟੇਗਾ ਪਾਣੀ ਨਾਲ ਪਾਣੀ ਬਣ ਜਾਵਾਂ ਕਹਿੰਦੇ ਮਨੁੱਖ ਪਾਣੀ ਤੋਂ ਬਿਨਾ ਨਹੀਂ ਜੀਅ ਸਕਦਾ ਪਰ ਕਦੀ ਗਰਮ ਤੇ ਕਦੀ ਸਰਦ ਹੋ ਕੇ ਤੈਥੋਂ ਫੇਰ ਦੂਰ ਹੋ ਜਾਵਾਂਗੀ ਕਿਉਂ ਨਾ ਹਵਾ ਬਣ ਜਾਵਾਂ ਤੇਰੇ ਸਾਹਾਂ ਵਿੱਚ ਘੁਲ ਜਾਵਾਂ ਪਰ ਕਹਿੰਦੇ ਹਵਾ ਅੰਦਰ ਲਈ ਜਾਂਦੀ ਅਤੇ ਬਾਹਰ ਵੀ ਕੱਢੀ ਜਾਂਦੀ ਨਹੀਂ ਨਾ ਧੂੜ ਨਾ ਪਾਣੀ ਨਾ ਹਵਾ ਮੈਂ ਬਣਾਂਗੀ ਤੇਰਾ ਖ਼ਿਆਲ ਤੇਰਾ ਖ਼ੁਆਬ ਜੋ ਹਰ ਵੇਲੇ ਤੇਰੇ ਜ਼ਿਹਨ ਵਿੱਚ ਰਹੇਗਾ

40. ਨਹੁੰ ਪਾਲਿਸ਼ ਸਾਫ ਕਰਨ ਵਾਲੀ

ਨਹੁੰ ਪਾਲਿਸ਼ ਸਾਫ ਕਰਨ ਵਾਲੀ ਡੱਬੀ ਵਿੱਚੋਂ ਇਕ ਪੱਤਰਾ ਕੱਢਦੀ ਹਾਂ ਆਪਣੇ ਨਹੁੰ ਸਾਫ ਕਰ ਲੈਂਦੀ ਹਾਂ ਵੇਖਦੀ ਹਾਂ ਪੱਤਰਾ ਚਿੱਟੇ ਤੋਂ ਲਾਲ ਹੋ ਗਿਆ ਤੇ ਮੇਰੇ ਨਹੁੰ ਚਿੱਟੇ ਫਿਰ ਕੋਈ ਚਾਹੇ ਤਾਂ ਕਿਸੇ ਦੇ ਦੁੱਖ ਕਿਉਂ ਨਹੀਂ ਹਰ ਸਕਦਾ

41. ਸੁਣਿਆ ਦੁਨੀਆ ਗੋਲ ਹੈ

ਸੁਣਿਆ ਦੁਨੀਆ ਗੋਲ ਹੈ ਮੇਰੀ ਤਾਂ ਤੇਰੇ ਤੋਂ ਸ਼ੁਰੂ ਹੋ ਕੇ ਤੇਰੇ ਤੇ ਹੀ ਆ ਕੇ ਮੁੱਕ ਜਾਂਦੀ ਹੈ

42. ਘੜੀ ਹਰ ਸਮੇਂ ਚਲਦੀ ਰਹਿੰਦੀ ਹੈ

ਘੜੀ ਹਰ ਸਮੇਂ ਚਲਦੀ ਰਹਿੰਦੀ ਹੈ ਟਿਕ ਟਿਕ ਡਿਜੀਟਲ ਹੈ ਲਾਈਟ ਚਲੀ ਜਾਵੇ ਤਾਂ ਬੰਦ ਹੋ ਜਾਂਦੀ ਹੈ ਪਰ ਲਾਈਟ ਦੇ ਆਉਣ ਤੇ ਸਮਾਂ ਸਹੀ ਦਿਖਾਉਂਦੀ ਹੈ ਠੀਕ ਮੇਰੀ ਤਰ੍ਹਾਂ ਉਸ ਦੇ ਜਾਣ ਦੇ ਪਿੱਛੋਂ ਤੜਫ਼ਦੀ ਰਹਿੰਦੀ ਹਾਂ ਪਰ ਜਿਵੇਂ ਹੀ ਨਜ਼ਰੀ ਪੈਂਦਾ ਹੈ ਉਸਦਾ ਮੁਖ ਸਭ ਕੁਝ ਪਹਿਲਾ ਜਿਹਾ ਖ਼ੁਸ਼ਨੁਮਾ ਹੋ ਜਾਂਦਾ ਹੈ

43. ਕਈ ਵਾਰ ਪ੍ਰੇਸ਼ਾਨ ਹੋ ਜਾਂਦੀ ਹਾਂ

ਕਈ ਵਾਰ ਪ੍ਰੇਸ਼ਾਨ ਹੋ ਜਾਂਦੀ ਹਾਂ ਮਨ ਕਰਦੈ ਸਭ ਛੱਡ ਛਡਾ ਕੇ ਜੰਗਲ ਵਿੱਚ ਚਲੀ ਜਾਵਾਂ ਪਰ ਜੰਗਲ ਉੱਥੇ ਤਾਂ ਅਸੀ ਮਹਿਲ ਬਣਾ ਲਏ ਫਿਰ ਸਮਝ ਆਉਂਦਾ ਹੈ ਕਈ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ ਵਿਚ ਆਉਂਦੇ ਉਹ ਵੀ ਕਿੱਥੇ ਜਾਣ ਮੇਰੇ ਵਾਂਗ ਅੱਕੇ ਅਕਾਏ ਲੱਭਦੇ ਨੇ ਕਿਤੇ ਮਨ ਦਾ ਸਕੂਨ

44. ਅਣਗੌਲੀਆ ਚੀਜ਼ਾਂ

ਅਣਗੌਲੀਆ ਚੀਜ਼ਾਂ ਘਰਾਂ ਵਿੱਚ ਹੁੰਦੀਆਂ ਨੇ ਅਨੇਕਾਂ ਅਣਗੌਲ਼ੀਆਂ ਚੀਜ਼ਾਂ ਕੱਪੜੇ ਸੁਕਾਉਣ ਵਾਲੀ ਤਾਰ ਦੱਸਦੀ ਹੈ ਘਰ ਨੂੰ ਵੱਸਦਾ ਰੋਜ਼ ਸਵੇਰੇ ਭਰ ਜਾਂਦੀ ਹੈ ਧੋਤੇ ਹੋਏ ਕੱਪੜਿਆਂ ਨਾਲ ਦੁਪਹਿਰ ਤਕ ਖਾਲੀ ਹੋ ਜਾਂਦੀ ਹੈ ਰੜ੍ਹਦੀ ਹੈ ਧੁੱਪ ਵਿੱਚ ਠਰਦੀ ਹੈ ਠੰਢ ਵਿੱਚ ਪਰ ਅਡੋਲ ਖੜ੍ਹੀ ਰਹਿੰਦੀ ਗੇਟ ਕੋਲ ਪਈ ਇੱਟ ਗੇਟ ਖੁੱਲ੍ਹਣ ਤੇ ਮੂਹਰੇ ਰੱਖ ਦਿੰਦੇ ਹਾਂ ਰੋਕਦੀ ਹੈ ਗੇਟ ਨੂੰ ਅੱਗੇ ਆਉਣ ਤੋਂ ਬਚਾਉਂਦੀ ਹੈ ਸਾਡੀਆਂ ਗੱਡੀਆਂ ਬਣਾਉਂਦੀ ਹੈ ਸਾਡੇ ਲਈ ਰਾਹ ਲੰਘਾਉਂਦੀ ਹੈ ਸਾਨੂੰ ਪਾਰ ਪਈ ਰਹਿੰਦੀ ਹੈ ਗੇਟ ਦੇ ਕੋਲ ਗਰਮੀ ਸਰਦੀ ਸਭ ਕੁਝ ਸਹਿੰਦੀ ਅਡੋਲ ਪਈ ਰਹਿੰਦੀ ਅਣਗੌਲੀਆਂ ਹੀ ਰਹਿ ਜਾਂਦੀਆਂ ਹਨ ਕੁਝ ਸੱਧਰਾਂ ਤੇ ਕੁਝ ਚਾਅ ਇਨ੍ਹਾਂ ਅਣਗੌਲ਼ੀਆਂ ਚੀਜ਼ਾਂ ਤੋਂ ਬਿਨਾਂ ਸਰਦਾ ਵੀ ਨਹੀਂ ਸਾਡਾ

45. ਮੈਂ ਰਬੜ ਦੀ ਗੁੱਡੀ ਨਹੀਂ ਹਾਂ

ਮੈਂ ਰਬੜ ਦੀ ਗੁੱਡੀ ਨਹੀਂ ਹਾਂ ਜਿਸ ਨਾਲ ਜਦੋਂ ਤੇਰਾ ਜੀਅ ਕਰੇ ਖੇਡ ਲਿਆ ਕਰੇਂਗਾ ਫਿਰ ਸਜਾ ਦਏਂਗਾ ਕਿਸੇ ਸ਼ੀਸ਼ੇ ਦੀ ਅਲਮਾਰੀ ਵਿੱਚ ਮੈਂ ਤਾਂ ਸਿਗਰੇਟ ਹਾਂ ਜਦ ਤਕ ਧੁਖ਼ੇਗੀ ਆਨੰਦ ਦਏਗੀ ਖ਼ਤਮ ਹੋ ਜਾਏਗੀ ਫੇਰ ਤੂੰ ਯਾਦ ਕਰੇਗਾ ਪਰ ਵੇਖ ਨਾ ਸਕੇਗਾ

46. ਅੱਜ ਮੈਂ ਤਾਰੀਆਂ ਨੇ

ਅੱਜ ਮੈਂ ਤਾਰੀਆਂ ਨੇ ਤੇਰੀਆਂ ਅਸਥੀਆਂ ਤੂੰ ਸੋਚਦਾ ਹੋਵੇਂਗਾ ਜਿਊਂਦੇ ਦੀਆਂ ਅਸਥੀਆਂ ਕੋਈ ਕਿਵੇਂ ਤਾਰ ਸਕਦਾ ਤੇਰੇ ਖ਼ਤ ਤੇਰੇ ਸੰਦੇਸ਼ ਤੇਰੀਆਂ ਤਸਵੀਰਾਂ ਤੇਰੇ ਦਿੱਤੇ ਤੋਹਫੇ ਅਸਥੀਆਂ ਹੀ ਤਾਂ ਸਨ ਅੱਜ ਮੈਂ ਮੁਕਤ ਹੋ ਗਈ ਨਦੀ ਵਿੱਚ ਵਹਾਉਂਦਿਆਂ ਤੇਰੀਆਂ ਅਸਥੀਆਂ ਮੈਂ ਦੁਆ ਕੀਤੀ ਰੱਬ ਤੇਰੀ ਆਤਮਾ ਨੂੰ ਸ਼ਾਂਤੀ ਦੇਵੇ ਤੈਨੂੰ ਸੰਤੋਖ ਦੇਵੇ ਤੂੰ ਜਿੱਥੇ ਵੀ ਰਹੇ ਖ਼ੁਸ਼ ਰਹੇ ਨਾਲ ਬਿਤਾਏ ਪਲਾਂ ਦਾ ਇਨ੍ਹਾਂ ਹਰਜਾਨਾ ਤਾਂ ਬਣਦਾ ਹੀ ਹੈ

47. ਤੇਰੀਆਂ ਗੱਲਾਂ ਵਿੱਚ ਸੱਚਾਈ ਲੱਗਦੀ ਹੈ

ਤੇਰੀਆਂ ਗੱਲਾਂ ਵਿੱਚ ਸੱਚਾਈ ਲੱਗਦੀ ਹੈ ਦਿਲ ਕਰਦਾ ਹੈ ਤੇਰੇ ਤੇ ਯਕੀਨ ਕਰ ਲਵਾਂ ਪਰ ਦਿਮਾਗ ਦੁਨੀਆਂ ਨੂੰ ਇੰਨੀ ਨਜ਼ਦੀਕ ਤੋਂ ਦੇਖ ਚੁੱਕੀ ਹਾਂ ਕਿ ਹੁਣ ਦਿਮਾਗ ਕਿਸੇ ਦੀ ਚੰਗਿਆਈ ਤੇ ਵੀ ਯਕੀਨ ਨਹੀਂ ਕਰਦਾ ਦਿਲ ਤੇ ਦਿਮਾਗ ਦੀ ਇਸ ਜੰਗ ਵਿਚ ਅਕਸਰ ਦਿਲ ਜਿੱਤ ਜਾਂਦਾ ਹੈ ਇਸੇ ਲਈ ਤਾਂ ਦਿਮਾਗ ਹਰ ਵਾਰ ਸਮਝਾਉਂਦਾ ਹੈ

48. ਸਮਝ ਨਹੀਂ ਆਉਂਦੀ

ਸਮਝ ਨਹੀਂ ਆਉਂਦੀ ਤੇਰੇ ਆਉਣ ਦੀ ਖ਼ੁਸ਼ੀ ਵਿੱਚ ਖ਼ੁਸ਼ ਹੋਵਾਂ ਚ ਤੇਰੀ ਜਾਣ ਦੇ ਗਮ ਵਿੱਚ ਦੁਖੀ ਆਉਂਦਿਆਂ ਹੀ ਜਾਣਾ ਸੁਣਾ ਦਿਤਾ ਦੁਚਿੱਤੀ ਵਿੱਚ ਮੈਨੂੰ ਪਾ ਦਿੱਤਾ ਸਾਰੀ ਉਮਰ ਇਹ ਅੱਖਾਂ ਨਾ ਸੁੱਕੀਆਂ ਕਦੇ ਤੇਰੀ ਆਉਣ ਦੀ ਖੁਸ਼ੀ ਵਿੱਚ ਨਮ ਕਦੇ ਤੇਰੇ ਜਾਣ ਦੇ ਗਮ ਵਿੱਚ ਨਮ ਜੇ ਚਲੇ ਹੀ ਜਾਣਾ ਹੁੰਦਾ ਆਇਆ ਹੀ ਨਾ ਕਰ ਇਕ ਤਰ੍ਹਾਂ ਦੇ ਗ਼ਮ ਦੀ ਆਦਤ ਪਾ ਲੈਣ ਦੇ ਮੈਨੂੰ ਰੋਜ਼ ਨਵੇਂ ਗਮ ਨਾਲ ਤਾਲਮੇਲ ਨਹੀਂ ਬਹਿੰਦਾ

49. ਜ਼ਿੰਦਗੀ ਦੀ ਕਿਤਾਬ

ਜ਼ਿੰਦਗੀ ਦੀ ਕਿਤਾਬ ਹਰ ਨਵੇਂ ਪੰਨੇ ਤੇ ਇਕ ਨਵਾਂ ਪਾਤਰ ਲੈ ਆਉਂਦੀ ਹੈ ਉਹ ਪਾਤਰ ਖੁਸ਼ੀ ਦਿੰਦਾ ਹੈ ਜਾਂ ਸੁੱਖ ਪਰ ਆਪਣੀ ਯਾਦ ਜ਼ਰੂਰ ਛੱਡ ਜਾਂਦਾ ਹੈ ਹਰ ਪਾਤਰ ਨਾਲ ਜੁੜੀਆਂ ਹਨ ਬਹੁਤ ਸਾਰੀਆਂ ਗੱਲਾਂ ਜ਼ਿੰਦਗੀ ਭਰ ਨਾਲ ਚੱਲਦੀਆਂ ਹਨ ਕਈ ਵਾਰ ਸਾਰੇ ਪਾਤਰ ਇਕੱਠੇ ਹੋ ਜਾਂਦੇ ਹਨ ਸਮਝ ਹੀ ਨਹੀਂ ਆਉਂਦੀ ਕੀਹਦੀ ਗੱਲ ਸੁਣਾ ਕੇ ਦੀ ਅਣਸੁਣੀ ਕਰਾਂ ਇੱਕ ਅਜੀਬ ਜਿਹੀ ਬੇਚੈਨੀ ਘੇਰ ਲੈਂਦੀ ਹੈ ਕੁਲ ਪਾਤਰ ਕਹਿੰਦਾ ਹੈ ਕਿ ਮੈਨੂੰ ਜ਼ਿਆਦਾ ਅਹਿਮੀਅਤ ਦਿਓ ਦੂਜਾ ਕਹਿੰਦਾ ਹੈ ਕਿਸੇ ਦੇ ਕਿਰਦਾਰ ਨੂੰ ਥੋੜ੍ਹੀ/ ਬਹੁਤ ਮਦਦ ਕੀਤੀ ਉਸ ਹਿਸਾਬ ਨਾਲ ਮੈਨੂੰ ਅਹਿਮੀਅਤ ਘੱਟ ਮਿਲ ਰਹੀ ਹੈ ਜ਼ਿੰਦਗੀ ਦੇ ਨਾਟਕ ਵਿਚ ਪਾਤਰ ਆਪਸ ਵਿੱਚ ਉਲਝ ਜਾਂਦੇ ਹਨ ਮੈਂ ਤਾਂ ਬੌਂਦਲਿਆਂ ਵਾਂਗ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਜੀਅ ਰਹੀ ਹਾਂ ਮੇਰੇ ਲਈ ਸਭ ਦੀ ਅਹਿਮੀਅਤ ਹੈ ਪਾਤਰ ਚੰਗਾ ਹੈ ਜਾਂ ਮਾੜਾ ਪਰ ਹੈ ਤਾਂ ਉਸ ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ ਵੈਸੇ ਜੇ ਮਾੜੇ ਨਾ ਹੋਣ ਤਾਂ ਚੰਗੇ ਦਾ ਪਤਾ ਕਿਵੇਂ ਲੱਗੇ ਮੇਰੀ ਜ਼ਿੰਦਗੀ ਦਾ ਹਰ ਪਾਤਰ ਮੇਰੇ ਦਿਲ ਦੇ ਕਰੀਬ ਹੈ ਤੁਸੀਂ ਕਦੇ ਸੋਚਿਆ ਹੈ ਆਪਾਂ ਚੰਗਾ ਵਕਤ ਬੇਸ਼ੱਕ ਕਿਸੇ ਵੇਲੇ ਭੁੱਲ ਜਾਈਏ ਪਰ ਮਾੜਾ ਹਰ ਵੇਲੇ ਦਿਲ ਦੇ ਨਜ਼ਦੀਕ ਰਹਿੰਦਾ ਹੈ ਉਸ ਦੀਆਂ ਗੱਲਾਂ ਨੂੰ ਦੁਹਰਾ ਦੁਹਰਾ ਕੇ ਅਸੀਂ ਇਸਨੂੰ ਦੂਰ ਜਾਣ ਕੀ ਨਹੀਂ ਦਿੰਦੇ ਮੇਰੀ ਜ਼ਿੰਦਗੀ ਦੇ ਅਲੱਗ ਅਲੱਗ ਪਾਤਰ ਮੈਨੂੰ ਕਦੀ ਇਕੱਲਾ ਨਹੀਂ ਰਹਿਣ ਦਿੰਦੇ ਹਰ ਵੇਲੇ ਮੇਰੇ ਨਾਲ ਗੱਲਾਂ ਕਰਦੇ ਹਨ ਕੁਝ ਮੈਨੂੰ ਮੱਤਾਂ ਵੀ ਦਿੰਦੇ ਹਨ ਇਹ ਮੇਰੀ ਜ਼ਿੰਦਗੀ ਦਾ ਅਟੁੱਟ ਹਿੱਸਾ ਹਨ

50. ਸਾਡੇ ਤਾਂ

ਸਾਡੇ ਤਾਂ ਸੁਫ਼ਨੇ ਵੀ ਸੁਲਤਾਨ ਨਾ ਹੋਏ ਰੋਜ਼ ਨੇ ਆਉਂਦੇ ਪਰ ਵਿਛੜਿਆਂ ਨੂੰ ਨਹੀਂ ਮਿਲਾਉਂਦੇ

51. ਜ਼ਿੰਦਗੀ ਦੇ

ਜ਼ਿੰਦਗੀ ਦੇ ਅਜੀਬ ਜਿਹੇ ਦਸਤੂਰ ਕੋਈ ਦੂਰ ਹੋ ਕੇ ਵੀ ਨੇਡ਼ੇ ਕੋਈ ਕੋਲ ਹੋ ਕੇ ਵੀ ਦੂਰ

52. ਦੇਖ

ਦੇਖ ਧਿਆਨ ਰੱਖੀ ਅੱਖਾਂ ਦੀ ਚਮਕ ਲੁਕੋ ਲਈ ਇਕੱਲਾ ਬੈਠਾ ਮੁਸਕੁਰਾਈ ਨਾ ਲੋਕ ਚਿਹਰੇ ਪੜ੍ਹ ਲੈਂਦੇ ਨੇ ਨਜ਼ਰ ਲਾ ਦੇਣਗੇ ਅਪਣੇ ਪਿਆਰ ਨੂੰ

53. ਬਹੁਤ ਅਜੀਬ ਲੱਗਦਾ ਹੈ

ਬਹੁਤ ਅਜੀਬ ਲੱਗਦਾ ਹੈ ਫੋਨ ਵਿੱਚ ਕੰਟੈਕਟ ਐਡ ਕਰਕੇ ਕਿਸੇ ਨੂੰ ਜ਼ਿੰਦਗੀ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ ਤੇ ਨੰਬਰ ਡਿਲੀਟ ਕਰ ਕੇ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਫਿਰ ਮੈਨੂੰ ਕਿਉਂ ਨਹੀਂ ਭੁੱਲਦੇ ਰਿਸ਼ਤੇ ਚਿਹਰੇ ਗੱਲਾਂ ਤੇ ਹਾਂ ਨੰਬਰ ਵੀ

54. ਤੈਨੂੰ ਆਪਣੇ ਚੋਂ ਮਨਫ਼ੀ ਕਰਦੀ ਹਾਂ

ਤੈਨੂੰ ਆਪਣੇ ਚੋਂ ਮਨਫ਼ੀ ਕਰਦੀ ਹਾਂ ਤਾਂ ਸਿਫਰ ਵੀ ਨਹੀਂ ਬਚਦਾ ਹੁਣ ਨਾ ਕਿਸੇ ਦੇ ਪਿੱਛੇ ਲੱਗ ਕੇ ਉਸ ਦੀ ਕੀਮਤ ਵਧਾ ਸਕਦੀ ਹਾਂ ਨਾ ਕਿਸੇ ਨਾਲ ਗੁਣਾ ਕਰਕੇ ਉਸ ਦੀ ਕੀਮਤ ਘਟਾ ਸਕਦੀ ਹਾਂ ਕਿਉਂਕਿ ਹੁਣ ਮੈਂ ਸਿਫਰ ਵੀ ਨਹੀਂ ਹਾਂ

55. ਜ਼ਮਾਨਾ ਬਦਲ ਗਿਆ ਹੈ

ਜ਼ਮਾਨਾ ਬਦਲ ਗਿਆ ਹੈ ਹੁਣ ਬਾਪ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਕਰਦਾ ਪੁੱਤ ਜਾਇਦਾਦ ਸੰਭਾਲਦਾ ਤੇ ਧੀ ਮਾਂ ਬਾਪ

56. ਲਿਸ਼ਕਦੀ ਕੜਕਦੀ ਧੁੱਪ ਵਿੱਚ

ਲਿਸ਼ਕਦੀ ਕੜਕਦੀ ਧੁੱਪ ਵਿੱਚ ਤੂੰ ਛਾਂ ਦਾਰ ਬੂਟਾ ਬਣ ਜਾਵੇ ਵਰ੍ਹਦੇ ਕੜਕਦੇ ਮੀਂਹ ਵਿਚ ਬਣ ਜਾਂਦਾ ਹੈ ਛਤਰੀ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਤੂੰ ਨਿੱਘ ਬਣ ਜਾਵੇ ਤਪਦੇ ਜੇਠ ਦੇ ਮਹੀਨੇ ਵਿੱਚ ਤੂੰ ਹਵਾ ਦਾ ਠੰਢਾ ਬੁੱਲਾ ਬਣ ਕੇ ਆਵੇ ਜਦੋਂ ਹੁੰਦੀ ਹੈ ਗ਼ਮਾਂ ਦੀ ਰਾਤ ਤੂੰ ਬਣ ਜਾਂਦੇ ਇੱਕ ਚਮਕਦਾ ਤਾਰਾ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਵਿਚ ਤੂੰ ਮਿਸ਼ਰੀ ਦੀ ਮਿਠਾਸ ਬਣ ਜਾਵੇ ਤੇਰੇ ਹੋਣ ਦਾ ਅਹਿਸਾਸ ਜਿਊਂਦਾ ਰੱਖਦਾ ਹੈ ਮੈਨੂੰ ਹਾਲਾਤ ਕਿਹੋ ਜਿਹੇ ਵੀ ਹੋਣ

57. ਕਹਿੰਦੇ ਨੇ ਪੁੱਤਰ ਜੇ ਪਿਉ ਦੇ

ਕਹਿੰਦੇ ਨੇ ਪੁੱਤਰ ਜੇ ਪਿਉ ਦੇ ਮੋਢਿਆਂ ਤੇ ਜਾਵੇ ਤਾਂ ਉਸ ਤੋਂ ਵੱਡਾ ਕੋਈ ਭਾਰ ਨਹੀਂ ਪਰ ਕਿਉਂ ਨਹੀਂ ਸਮਝਦੇ ਪੁੱਤ ਲਈ ਵੀ ਪਿਉ ਦੇ ਜਨਾਜ਼ੇ ਨੂੰ ਮੋਢਾ ਦੇਣਾ ਸੌਖਾ ਨਹੀਂ ਜਿਸ ਦੀ ਉਂਗਲੀ ਫੜ ਕੇ ਤੁਰਨਾ ਸਿੱਖਿਆ ਜਿਸ ਦੇ ਸਿਰ ਤੇ ਛਾਲਾਂ ਮਾਰੀਆਂ ਜਿਸ ਦੇ ਸਿਰ ਤੇ ਦੁਨੀਆਂ ਨੂੰ ਟਿੱਚ ਕਰਕੇ ਨਾ ਸਮਝਿਆ ਕਿਵੇਂ ਉਸ ਨੂੰ ਚੁੱਪਚਾਪ ਪਿਆ ਦੇਖਿਆ ਸ਼ਾਤ ਅਡੋਲ ਦਿਲ ਵਾਰ ਵਾਰ ਕਹਿੰਦਾ ਹੈ ਬਾਪੂ ਕੁਝ ਤਾਂ ਬੋਲ ਪਰ ਨਹੀਂ ਬੋਲਦਾ ਬਾਪੂ ਜਾ ਚੁੱਕਾ ਹੈ ਇਸ ਬੋਲਣ ਤੇ ਸੁਣਨ ਤੋਂ ਦੂਰ ਉਸ ਬਾਪੂ ਦੀ ਚਿਤਾ ਨੂੰ ਅਗਨੀ ਦੇਣਾ ਜਿਸ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ

58. ਭੈਣਾਂ ਨੂੰ ਵੀਰਾਂ ਤੇ ਬੜਾ ਮਾਣ ਹੁੰਦਾ

ਭੈਣਾਂ ਨੂੰ ਵੀਰਾਂ ਤੇ ਬੜਾ ਮਾਣ ਹੁੰਦਾ ਭਰਾ ਭੈਣਾਂ ਲਈ ਠਾਣਾ ਹੁੰਦੇ ਜਿੱਥੇ ਆਪਣੇ ਬਿਗਾਨੇ ਹਰ ਕਿਸੇ ਦੀ ਸ਼ਿਕਾਇਤ ਕੀਤੀ ਜਾਂਦੀ ਭੈਣ ਦੀ ਸੁਰੱਖਿਆ ਲਈ ਭਰਾ ਕਿਸੇ ਵੀ ਹੱਦ ਤਕ ਜਾਂਦੇ ਭੈਣ ਦੀ ਖ਼ੁਸ਼ੀ ਲਈ ਕੁਝ ਵੀ ਕਰ ਗੁਜ਼ਰਦੇ ਵੀਰਾਂ ਤੇ ਇਸੇ ਮਾਣ ਕਰਕੇ ਸਾਹਿਬਾਂ ਨੇ ਮਿਰਜ਼ੇ ਦਾ ਤਰਕਸ਼ ਜੰਡ ਤੇ ਟੰਗ ਦਿੱਤਾ ਤੀਰਾਂ ਨੂੰ ਤੋਡ਼ ਕੇ ਮਿਰਜ਼ਾ ਤਾਂ ਬਿਗਾਨਾ ਪੁੱਤ ਸੀ ਉਸ ਨੇ ਮਿੰਨਤ ਤਰਲੇ ਤੇ ਵੀ ਭਰਾਵਾਂ ਨੂੰ ਨਹੀਂ ਬਖ਼ਸ਼ਣਾ ਸੀ ਭਰਾ ਤਾਂ ਆਪਣੀ ਅੰਮੀ ਜਾਏ ਸੀ ਸੋਚਿਆ ਹੋਵੇਗਾ ਮਿੰਨਤ ਤਰਲਾ ਕਰ ਮਿਰਜ਼ੇ ਦੀ ਜਾਨ ਬਖਸ਼ਾ ਲਵਾਂਗੀ ਭੈਣ ਦੀ ਖ਼ੁਸ਼ੀ ਲਈ ਭਰਾ ਕੁਝ ਵੀ ਕਰ ਗੁਜ਼ਰਨਗੇ ਪਰ ਸਾਹਿਬਾ ਨਹੀਂ ਜਾਣਦੀ ਸੀ ਜਿਨ੍ਹਾਂ ਅਹਿਮ ਉਸ ਬਿਗਾਨੇ ਪੁੱਤ ਵਿੱਚ ਸੀ ਉਨ੍ਹਾਂ ਹੀ ਅੰਮੀ ਜਾਈ ਪੁੱਤਾਂ ਵਿੱਚ ਵੀ ਸੀ ਰੋਂਦੀ ਵਿਲਕਦੀ ਭੈਣ ਦੀ ਉਨ੍ਹਾਂ ਇੱਕ ਨਾ ਸੁਣੀ ਮਿਰਜ਼ੇ ਨੂੰ ਮਾਰ ਦਿੱਤਾ ਬਖ਼ਸ਼ਿਆ ਸਾਹਿਬਾਂ ਨੂੰ ਵੀ ਨਹੀਂ ਵੀਰਾਂ ਤੇ ਕੀਤਾ ਮਾਣ ਮਿੱਟੀ ਵਿੱਚ ਰੁਲ ਗਿਆ ਤੇ ਸਦੀਆਂ ਲਈ ਬਦਨਾਮੀ ਦਾ ਟਿੱਕਾ ਮੱਥੇ ਲੱਗ ਗਿਆ ਸਾਹਿਬਾਂ ਨੂੰ ਮਿਰਜ਼ਾ ਨਹੀ ਲੈ ਡੁੱਬਿਆ ਭਰਾਵਾ ਤੇ ਕੀਤਾ ਮਾਣ ਲੈ ਬੈਠਾ

59. ਜ਼ਿੰਦਗੀ ਜੀਣ ਦਾ ਹੁਨਰ

ਜ਼ਿੰਦਗੀ ਜੀਣ ਦਾ ਹੁਨਰ ਕੁਦਰਤ ਤੋਂ ਸਿੱਖੋ ਨਦੀ ਵਹਿੰਦੀ ਹੈ ਤਾਂ ਇਹ ਨਹੀਂ ਸੋਚਦੀ ਕਿ ਉਸ ਦੇ ਵਹਾਅ ਵਿੱਚ ਕੌਣ ਕੌਣ ਵਹਿ ਜਾਂਦਾ ਹਵਾ ਆਪਣੇ ਵੇਗ ਵਿੱਚ ਵਹਿੰਦਿਆਂ ਕੀ ਕੀ ਉਡਾਉਂਦੀ ਉਸ ਨੂੰ ਖੁਦ ਨਹੀਂ ਪਤਾ ਲਿਸ਼ਕਦੀ ਧੁੱਪ ਜਿੱਥੇ ਗੰਦਗੀ ਨੂੰ ਸੁਕਾਉਂਦੀ ਉੱਥੇ ਕਈ ਵਾਰ ਬੇਤਹਾਸ਼ਾ ਸੇਕ ਵੀ ਦਿੰਦੀ ਪਰ ਉਸ ਦੀ ਫਿਤਰਤ ਹੈ ਲਿਸ਼ਕਣਾ ਦਰੱਖਤ ਵਧਦੇ ਤਾਂ ਇਹ ਨਹੀਂ ਸੋਚਦੇ ਕਿ ਜਗ੍ਹਾ ਹੈ ਜਾਂ ਨਹੀਂ ਵਧਦੇ ਜਾਂਦੇ ਖਿੱਲਰਦੇ ਪਸਰਦੇ ਪੰਛੀ ਗਾਉਂਦੇ ਚਹਿਚਹਾਉਂਦੇ ਤੜਕਸਾਰ ਉੱਡਦੇ ਜਾਂਦੇ ਇਹ ਨਹੀਂ ਸੋਚਦੇ ਕਿ ਕਿਸ ਦੀ ਨੀਂਦ ਖਰਾਬ ਹੁੰਦੀ ਕੌਣ ਸੁਣ ਕੇ ਖ਼ੁਸ਼ ਹੁੰਦਾ ਅੱਗ ਸਭ ਕੁਝ ਸਾੜ ਦਿੰਦੀ ਹ ਜੋ ਇਸ ਦੀ ਜ਼ੱਦ ਵਿੱਚ ਆਉਂਦਾ ਨਹੀਂ ਫਰਕ ਕਰਦੀ ਚੰਗੇ ਤੇ ਮਾੜੇ ਦਾ ਕੁਦਰਤ ਨਾਲ ਇਕਸੁਰ ਹੋ ਕੇ ਜੀਓ ਆਪਣੀ ਕਿਸਮਤ ਨੂੰ ਆਪਣੇ ਹੱਥੀਂ ਲਿਖਣ ਦੀ ਕੋਸ਼ਿਸ਼ ਨਾ ਕਰੋ ਕੁਦਰਤ ਨੇ ਸਿਰਫ਼ ਜ਼ਿੰਦਗੀ ਦਿੱਤੀ ਕਿਸੇ ਦਾ ਮਾੜਾ ਨਾ ਤੱਕੋ ਕਿਸੇ ਦਾ ਦਿਲ ਨਾ ਦੁਖਾਓ ਕੁਦਰਤ ਵਾਂਗ ਜਿਊਂਦੇ ਜਾਓ

60. ਮਰਦਾਂ ਕੋਲ ਬੜੀ ਤਰੀਕੇ ਨੇ

ਮਰਦਾਂ ਕੋਲ ਬੜੀ ਤਰੀਕੇ ਨੇ ਔਰਤ ਨੂੰ ਭਲੋ ਲੈਣ ਦੇ ਕਦੇ ਪਿਆਰ ਨਾਲ ਕਦੇ ਇਜ਼ਹਾਰ ਨਾਲ ਕਦੇ ਤੋਹਫ਼ਿਆਂ ਨਾਲ ਅਕਸਰ ਲਫਜ਼ੀ ਹੇਰ ਫੇਰ ਨਾਲ ਸਭ ਤੇਰਾ ਹੀ ਤਾਂ ਹੈ ਇਸ ਵਾਕ ਨਾਲ ਕਿੰਨੀਆਂ ਔਰਤਾਂ ਇਸ ਵਹਿਮ ਵਿੱਚ ਜਿਊਂਦੀਆਂ ਹਨ ਕਿ ਸਭ ਕੁਝ ਓਹਦਾ ਹੈ ਨਹੀਂ ਸਮਝਦੀਆਂ ਹੱਕ ਤਾਂ ਉਨ੍ਹਾਂ ਨੂੰ ਆਪਣੇ ਸਰੀਰ ਤੇ ਨਹੀਂ ਜਿਸ ਪੁਰਸ਼ ਨੂੰ ਉਹ ਆਪਣਾ ਸਮਝਦੀਆਂ ਹਨ ਉਹੀ ਪੁਰਸ਼ ਇਕ ਦਿਨ ਹਮਬਿਸਤਰ ਹੋਣ ਲਈ ਨਾਹ ਕਰਨ ਤੇ ਮੂੰਹ ਵੱਟ ਲੈਂਦਾ ਹੈ ਫਿਰ ਵੀ ਨਹੀਂ ਸਮਝਦੀ ਔਰਤ ਆਪਣੀ ਔਕਾਤ ਉਸਦੇ ਜੀਵਨ ਵਿਚ ਔਰਤ ਦਾ ਚਿਰਾਂ ਤੋਂ ਗੁਲਾਮ ਰਹਿਣਾ ਉਸ ਦੇ ਮਨ ਨੂੰ ਇਸ ਹੱਦ ਤਕ ਗੁਲਾਮ ਬਣਾ ਦਿੰਦਾ ਹੈ ਕਿ ਔਰਤ ਆਪਣੀ ਖੁਸ਼ੀ ਸਿਰਫ਼ ਮਰਦ ਨੂੰ ਖੁਸ਼ ਕਰਨ ਵਿੱਚ ਹੀ ਸਮਝਦੀ ਹੈ ਨਹੀਂ ਕਰਦੀ ਸਵਾਲ ਜੇ ਸਭ ਕੁਝ ਮੇਰਾ ਹੈ ਤਾਂ ਮੇਰੀ ਮਰਜ਼ੀ ਕਿਉ ਨਹੀਂ ਚੱਲਦੀ ਮੇਰੀ ਮਰਜ਼ੀ ਦਾ ਮਾਲਕ ਤੂੰ ਕਿਉਂ ਜਿਹੜੀਆਂ ਪੁੱਛਦੀਆਂ ਹਨ ਸਵਾਲ ਕਰਦੀਆਂ ਹਨ ਉਹ ਬਦਚਲਨ ਕਹਿਲਾਉਂਦੀਆਂ ਹਨ ਔਰਤਾਂ ਦੀ ਆਜ਼ਾਦੀ ਸਿਰਫ਼ ਗਹਿਣੇ ਤੇ ਕੱਪੜੇ ਪਹਿਨਣ ਦੀ ਆਜ਼ਾਦੀ ਹੈ ਜੋ ਕਿ ਆਜ਼ਾਦੀ ਨਹੀਂ ਸਿਰਫ ਆਪਣੇ ਮਾਲਿਕ ਨੂੰ ਖੁਸ਼ ਕਰਨ ਦਾ ਤਰੀਕਾ ਹੈ ਉਸ ਨੂੰ ਲੁਭਾਉਣ ਵਾਲੀਆਂ ਅਦਾਵਾਂ ਵਿੱਚ ਵਾਧਾ ਕਰਨ ਦਾ ਇਕ ਤਰੀਕਾ ਔਰਤ ਆਜ਼ਾਦ ਉਸ ਦਿਨ ਹੋਏਗੀ ਜਿਸ ਦਿਨ ਉਸ ਦੀ ਫ਼ਿਤਰਤ ਵਿੱਚ ਆਜ਼ਾਦੀ ਹੋਵੇਗੀ ਜੋ ਇੱਕ ਬੀਜ ਦੀ ਤਰ੍ਹਾਂ ਪੁੰਗਰੇਗੀ ਬੂਟੇ ਦੀ ਤਰ੍ਹਾਂ ਵਧੇਗੀ ਤੇ ਦਰਖਤ ਦੀ ਤਰ੍ਹਾਂ ਫੈਲ ਜਾਏਗੀ

61. ਕਹਿਣਾ ਤਾਂ ਸਭ ਨੂੰ ਆਉਂਦਾ ਹੈ

ਕਹਿਣਾ ਤਾਂ ਸਭ ਨੂੰ ਆਉਂਦਾ ਹੈ ਜਰਨਾ ਵੀ ਸਾਰੇ ਸਿੱਖ ਲਓ ਕਹਿ ਕੇ ਅਕਸਰ ਮਸਲੇ ਵਿਗੜ ਜਾਂਦੇ ਹਨ ਇਨ੍ਹਾਂ ਵਿਗੜਿਆਂ ਨੂੰ ਜਰ ਕੇ ਸੰਭਾਲਿਆ ਜਾ ਸਕਦਾ ਬਹੁਤ ਗੱਲਾਂ ਕਹੀਆਂ ਨਾ ਜਾਣ ਤਾਂ ਹੀ ਚੰਗਾ ਹੈ ਜੋ ਮੂੰਹ ਚੋਂ ਨਿਕਲ ਕੇ ਦੂਰੀ ਵਧਾ ਦੇਵੇ ਉਸ ਗੱਲ ਨੂੰ ਕੀ ਕਰਨਾ ਥੋੜ੍ਹਾ ਜਰ ਲਓ ਰਿਸ਼ਤੇ ਬਣੇ ਰਹਿਣਗੇ ਮਿਠਾਸ ਕਾਇਮ ਰਹੇਗੀ ਦੂਜੇ ਤੇ ਅਧਿਕਾਰ ਦਾ ਮਤਲਬ ਇਹ ਨਹੀਂ ਕਿ ਉਹੀ ਕਹੇ ਜੋ ਸਾਨੂੰ ਪਸੰਦ ਹੈ ਉਹਦੀ ਹਰ ਗੱਲ ਨੂੰ ਪਸੰਦ ਕਰਨਾ ਇਹ ਵੀ ਤਾਂ ਜ਼ਰੂਰੀ ਹੈ ਜੇ ਚਾਹੁੰਦੇ ਹੋ ਰਿਸ਼ਤਿਆਂ ਵਿੱਚ ਪਿਆਰ ਬਣਿਆ ਰਹੇ ਜਰਨਾ ਸਿੱਖੋ

62. ਮੈਂ ਸੱਚ ਬੋਲਦੀ ਹਾਂ

ਮੈਂ ਸੱਚ ਬੋਲਦੀ ਹਾਂ ਕਿਉਂਕਿ ਮੇਰੀ ਯਾਦਦਾਸ਼ਤ ਕਮਜ਼ੋਰ ਹੈ

63. ਮੈਂ, ਤੂੰ ਅਤੇ ਸੋਚ

ਮੈਂ, ਤੂੰ ਅਤੇ ਸੋਚ ਜ਼ਿੰਦਗੀ ਬੜੀ ਖੁਸ਼ਨੁਮਾ ਸੀ ਜਦੋਂ ਮੈਂ ਸੀ ਸਭ ਕੁਛ ਮੇਰੇ ਮੁਤਾਬਿਕ ਸੀ ਜ਼ਿੰਦਗੀ ਹੋਰ ਵੀ ਖੁਸ਼ਨੁਮਾ ਹੋ ਗਈ ਜਦੋਂ ਤੂੰ ਆਇਆ ਹੁਣ ਸਭ ਤੇਰੇ ਮੁਤਾਬਿਕ ਸੀ ਫੇਰ ਸੋਚ ਆਈ ਮੈਨੂੰ ਲੱਗਿਆ ਸਭ ਤੇਰੇ ਮੁਤਾਬਿਕ ਕਿਉਂ ਤੈਨੂੰ ਜਾਪਿਆ ਇਹਦੀ ਮਰਜ਼ੀ ਦਾ ਇਹ ਸਭ ਕੁਝ ਕਿਉਂ ਹੁੰਦਾ ਹੈ ਫਿਰ ਤੂੰ ਤੇ ਮੈਂ ਉਲਝ ਗਏ ਮਹਿਸੂਸ ਕਰਨ ਦੀ ਜਗ੍ਹਾ ਸੋਚਣ ਲੱਗ ਗਏ ਸੋਚਾਂ ਨੇ ਹਰ ਗੱਲ ਨੂੰ ਬਹੁਤ ਵਧਾ ਦਿੱਤਾ ਸੋਚ ਸੋਚ ਕੇ ਫ਼ਾਸਲੇ ਵਧ ਗਏ ਹੁਣ ਤੂੰ ਮੇਰੇ ਮੁਤਾਬਕ ਨਹੀਂ ਚੱਲਣਾ ਚਾਹੁੰਦਾ ਸੀ ਮੈਂ ਤੇਰੇ ਮੁਤਾਬਿਕ ਨਹੀਂ ਰਹਿਣਾ ਚਾਹੁੰਦੀ ਸੀ ਆਪਾਂ ਅਲੱਗ ਹੋ ਗਏ ਸੋਚ ਦੀ ਮਰਜ਼ੀ ਚੱਲ ਗਈ

64. ਅਕਸਰ ਦੇਖਦੀ ਹਾਂ

ਅਕਸਰ ਦੇਖਦੀ ਹਾਂ ਕਿਸੇ ਦੀ ਮੌਤ ਦਾ ਮੰਜ਼ਰ ਤੇ ਰੋਣ ਵਾਲੇ ਆਪਣੀ ਆਪਣੀ ਜ਼ਰੂਰਤ ਨੁੰ ਰੋ ਰਹੇ ਹੁੰਦੇ ਮੁਰਦੇ ਨੂੰ ਕੋਈ ਯਾਦ ਨ੍ਹੀਂ ਕਰਦਾ ਯਾਦ ਸਿਰਫ਼ ਆਪਣੀਆਂ ਜ਼ਰੂਰਤਾਂ ਨੂੰ ਕਰਦੇ ਗਿਲ੍ਹਾ ਇਸ ਗੱਲ ਦਾ ਹੁੰਦਾ ਕਿ ਇਨ੍ਹਾਂ ਨੂੰ ਕੌਣ ਪੂਰਾ ਕਰੇਗਾ ਹੁਣ ਸਾਡੀ ਦੇਖਭਾਲ ਕੌਣ ਕਰੇਗਾ ਅਸੀਂ ਸੁਰੱਖਿਅਤ ਕਿਵੇਂ ਰਵਾਂਗੇ ਹੁਣ ਮੈਂ ਦਿਲ ਦੀ ਗੱਲ ਕੀਹਦੇ ਨਾਲ ਕਰੂੰ ਘਰ ਦਾ ਖਰਚਾ ਪਾਣੀ ਕਿਵੇਂ ਚੱਲੂ ਕੁੜੀ ਦਾ ਵਿਆਹ ਕਿਵੇਂ ਹੋਊ ਜੋ ਚਲਾ ਗਿਆ ਉਸ ਬਾਰੇ ਕੋਈ ਨਹੀਂ ਸੋਚਦਾ ਕਿੱਥੇ ਗਿਆ ਕਿਵੇਂ ਰਹੂ ਨਾਲ ਤਾਂ ਕੁਝ ਵੀ ਨਹੀਂ ਲੈ ਕੇ ਗਿਆ ਆਪਣਾ ਸਰੀਰ ਵੀ ਨਹੀਂ ਉਥੇ ਕੱਲੇ ਦਾ ਜੀ ਕਿਵੇਂ ਲੱਗੂ ਉਹ ਆਪਣੇ ਦਿਲ ਦੀ ਗੱਲ ਕਿਸ ਨਾਲ ਕਰੁੂ ਉਹਦੀ ਦੇਖਭਾਲ ਕੌਣ ਕਰੂ ਪਤਾ ਨਹੀਂ ਕਿਹੜੇ ਬਿਖੜੇ ਰਾਹਾਂ ਤੇ ਤੁਰ ਗਿਆ ਕਿਉਂ ਕਰਾਂਗੇ ਅਸੀਂ ਉਸ ਦਾ ਫ਼ਿਕਰ ਸਾਨੂੰ ਤਾਂ ਆਪਣੇ ਸੁਆਰਥ ਦੇ ਅੱਗੇ ਕੁਝ ਵੀ ਨਜ਼ਰ ਨਹੀਂ ਆਉਂਦਾ ਮੌਤ ਦੇ ਖ਼ੌਫ਼ਨਾਕ ਮੰਜ਼ਰ ਦੇ ਵੇਲੇ ਅਸੀਂ ਫਿਰ ਆਪਣੇ ਆਪ ਲਈ ਹੀ ਰੋਂਦੇ ਹਾਂ ਮੋਇਆਂ ਨੂੰ ਕੋਈ ਨਹੀਂ ਰੋਂਦਾ ਰੋਦਾ ਹੈ ਆਪਣੀਆਂ ਲੋੜਾਂ ਨੂੰ

65. ਮੇਰੀ ਗ਼ਲਤੀ

ਮੇਰੀ ਗ਼ਲਤੀ ਸਿਰਫ਼ ਇੰਨੀ ਸੀ ਉਹ ਮੈਨੂੰ ਆਪਣਾ ਜਾਪਿਆ ਜਿਵੇਂ ਚਿਰਾਂ ਤੋਂ ਵਿੱਛੜਿਆ ਦੋਸਤ ਹੋਵੇ ਰੂਹ ਦਾ ਸਾਥੀ ਉਸ ਦੀਆਂ ਗੱਲਾਂ ਵਿੱਚ ਅਪਣੱਤ ਸੀ ਮੇਰੀ ਰੂਹ ਤੱਕ ਸੁੰਨਸਾਨ ਸੀ ਉਸ ਦੇ ਚਮਕਦੇ ਚਿਹਰੇ ਨੂੰ ਦੇਖ ਇੰਝ ਲੱਗਾ ਸੁੰਨਸਾਨ ਕਬਰ ਤੇ ਦੀਵਾ ਜਗਿਆ ਹੋਵੇ ਮੈਂ ਚਾਹੁੰਦੀ ਸੀ ਉਹਦੇ ਨਾਲ ਦਿਲ ਦੀਆਂ ਗੱਲਾਂ ਕਰਨਾ ਇਹੀ ਤਰੀਕਾ ਸੀ ਰੂਹ ਤਕ ਅੱਪੜਨ ਦਾ ਪਰ ਉਹ ਦੀ ਖਵਾਹਿਸ਼ ਰੂਹ ਤੋਂ ਪਹਿਲਾਂ ਸਰੀਰ ਤੇ ਹੀ ਮੁੱਕ ਰਹੀ ਸੀ ਮੈਂ ਵਾਰ ਵਾਰ ਕਹਿੰਦੀ ਆਪਾਂ ਗੱਲਾਂ ਕਰੀਏ ਮਿਲ ਕੇ ਕਰਾਂਗੇ ਹਰ ਵਾਰ ਇਹੀ ਜਵਾਬ ਮਿਲਦਾ ਜਿਨ੍ਹਾਂ ਦੀ ਤਾਂਘ ਸਰੀਰ ਤੱਕ ਹੋਵੇ ਉਹ ਰਾਤਾਂ ਲੋਚਦੇ ਨੇ ਇਕੱਠਿਆਂ ਬਿਤਾਉਣਾ ਮੈਨੂੰ ਮੇਰੀ ਮੰਜ਼ਿਲ ਤਕ ਪਹੁੰਚਣ ਦਾ ਰਾਹ ਨਾ ਮਿਲਿਆ ਉਹਨੂੰ ਉਹਦੀ ਮੰਜ਼ਿਲ ਪਹੁੰਚ ਤੋਂ ਬਾਹਰ ਲੱਗੀ ਅਸੀਂ ਆਪਣੇ ਆਪਣੇ ਰਾਹ ਪੈ ਗਏ ਅਜਿਹੇ ਹਾਦਸੇ ਜਦੋਂ ਵਾਪਰ ਦੇ ਨੇ ਇੱਕ ਖਲਾਅ ਪੈਦਾ ਕਰ ਜਾਂਦੇ ਨੇ ਲੋਕ ਤੁਹਾਨੂੰ ਛੱਡ ਕੇ ਕਦੇ ਨਹੀਂ ਜਾਂਦੇ ਮਨ ਦੀ ਕਾਲ ਕੋਠੜੀ ਵਿਚ ਕਿਸੇ ਖੂੰਜੇ ਵਿੱਚ ਪਏ ਰਹਿੰਦੇ ਨੇ ਜਦੋਂ ਵੀ ਤੁਸੀਂ ਇਕੱਲੇ ਹੁੰਦੇ ਆਣ ਖਲੋਂਦੀ ਨੇ ਅੱਖਾਂ ਮੂਹਰੇ ਯਾਦਾਂ ਦੇ ਪ੍ਰੇਤ

66. ਖੁਸਰਾ ਉਹ ਨਹੀਂ ਹੁੰਦਾ

ਖੁਸਰਾ ਉਹ ਨਹੀਂ ਹੁੰਦਾ ਜੋ ਤੀਜਾ ਲਿੰਗ ਹੈ ਨਾ ਔਰਤ ਨਾ ਮਰਦ ਜੋ ਸਾਡੇ ਸਮਾਜ ਤੋਂ ਵੱਖ ਹੁੰਦਾ ਹੈ ਸਾਡੀਆਂ ਖ਼ੁਸ਼ੀਆਂ ਵਿਚ ਸ਼ਰੀਕ ਖੁਸਰਾ ਤਾਂ ਉਹ ਹੁੰਦਾ ਜੋ ਔਰਤ ਨੂੰ ਵਰਤਣ ਦੀ ਸ਼ੈਅ ਸਮਝੇ ਜੋ ਔਰਤ ਦੇ ਵੱਕਾਰ ਤੇ ਸੱਟ ਮਾਰੇ ਜੋ ਔਰਤ ਨੂੰ ਸਰੇ ਬਾਜ਼ਾਰ ਚਰਿੱਤਰ ਤੇ ਧੱਬਾ ਲਾ ਕੇ ਨੰਗਾ ਕਰਨ ਦਾ ਯਤਨ ਕਰੇ ਜੋ ਪ੍ਰੇਮਿਕਾ ਤੇ ਸਾਰੇ ਇਲਜ਼ਾਮ ਲਾ ਕੇ ਆਪ ਪਾਕ ਸਾਫ਼ ਬਣ ਜਾਏ ਚੁੱਪ ਪਤਨੀ ਨੂੰ ਵੀ ਧੋਖਾ ਦੇਵੇ ਤੇ ਪ੍ਰੇਮਿਕਾ ਨੂੰ ਵੀ ਜੋ ਮੂੰਹ ਲੁਕਾ ਕੇ ਭੱਜਦਾ ਫਿਰੇ ਮੁਨਕਰ ਹੋ ਜਾਏ ਹਰ ਵਾਅਦੇ ਤੋਂ ਜੋ ਉਮਰਾਂ ਦਾ ਵਾਅਦਾ ਦਿਨਾਂ ਵਿਚ ਹੀ ਤੋੜ ਦੇਵੇ ਜੋ ਨਾ ਰੱਖ ਸਕੇ ਇਸਤਰੀ ਦੇ ਦਿਲ ਦਾ ਭੇਦ ਜੋ ਔਰਤ ਨੂੰ ਭੋਗ ਕੇ ਉਸਦੇ ਚਰਿੱਤਰ ਤੇ ਚਿੱਕੜ ਸੁੱਟੇ ਖੁਸਰਾ ਉਹ ਹੈ ਪੁਰਸ਼ ਹੁੰਦੇ ਹੋਏ ਵੀ ਪੋਰੁਸ਼ ਤੋਂ ਸੱਖਣਾ ਹੋਵੇ

67. ਮੇਰੀਆਂ ਖਾਹਿਸ਼ਾਂ

ਮੇਰੀਆਂ ਖਾਹਿਸ਼ਾਂ ਜ਼ਿਆਦਾ ਸੀ ਥੋੜ੍ਹਾ ਪਿਆਰ ਥੋੜ੍ਹਾ ਇਜ਼ਹਾਰ ਪਰ ਤੂੰ ਤੋਹਫਿਆਂ ਵਿਚ ਉਲਝਿਆ ਰਿਹਾ

68. ਮੇਰਾ ਚਿਹਰਾ

ਮੇਰਾ ਚਿਹਰਾ ਪੜ੍ਹ ਲੈਣ ਦਾ ਦਾਅਵਾ ਕਰਦਾ ਸੀ ਫਿਰ ਕਿਉਂ ਨਹੀਂ ਦਿਸਿਆ ਮੇਰੇ ਚਿਹਰੇ ਤੋਂ ਮੇਰਾ ਨਿਰਾਸ਼ ਹੋਣਾ ਉਦਾਸ ਹੋਣਾ ਹਰ ਪਲ ਦਿਲੋਂ ਦੂਰ ਹੋਣਾ ਪਰ ਕਿਵੇਂ ਪੜ੍ਹਦਾ ਤੂੰ ਮੇਰੇ ਵਲ ਗਹੁ ਨਾਲ ਵੇਖਿਆ ਹੀ ਨਹੀਂ ਤੇਰੀ ਬੇਰੁਖੀ ਮੈਂਨੂੰ ਤੇਰੇ ਤੋਂ ਦੂਰ ਕਰਦੀ ਰਹੀ ਮੈਂਨੂੰ ਜਾਪਿਆ ਤੂੰ ਸਮਝ ਜਾਵੇਗਾ ਮੇਰੀ ਉਮੀਦ ਤੇ ਤੇਰੀ ਉਦਾਸੀਨਤਾ ਨੇ ਫਾਸਲਾ ਏਨ੍ਹਾ ਵਧਾ ਦਿੱਤਾ ਹੁਣ ਨਾਮੁਮਕਿਨ ਹੈ ਆਪਣਾ ਇਕ ਹੋਣਾ

69. ਚਿੜੀ ਨੇ ਆਲ੍ਹਣਾ ਬਣਾਇਆ

ਚਿੜੀ ਨੇ ਆਲ੍ਹਣਾ ਬਣਾਇਆ ਆਂਡੇ ਦਿੱਤੇ ਸੁਫ਼ਨੇ ਦੇਖੇ ਨ੍ਹੇਰੀ ਆਈ ਤੇ ਆਲ੍ਹਣਾ ਡਿੱਗ ਪਿਆ ਸਾਰੇ ਸੁਫਨੇ ਬਿੱਲੀ ਦੇ ਢਿੱਡ ਵਿਚ ਗਏ ਚਿੜੀ ਫਿਰ ਆਲ੍ਹਣਾ ਬਣਾਉਣ ਲੱਗੀ ਤੂੰ ਤਾਂ ਫਿਰ ਆਦਮੀ ਐਂ ਢੇਰੀ ਨਾ ਢਾਹ

70. ਜਦੋਂ ਤੂੰ ਮੈਨੂੰ ਫਲਸਫੇ

ਜਦੋਂ ਤੂੰ ਮੈਨੂੰ ਫਲਸਫੇ ਸਮਝਾਉਂਦਾ ਹੈ ਸਵੈ ਮੋਹ ਚੋਂ ਨਿਕਲਣ ਨੂੰ ਕਹਿੰਦਾ ਹੈ ਮੇਰਾ ਦਿਲ ਕਰਦੈ ਤੇਰਾ ਹੀ ਮੋਹ ਛੱਡਦਿਆਂ

71. ਸੱਚੋ ਸੱਚ ਦੱਸ

ਸੱਚੋ ਸੱਚ ਦੱਸ ਜਦੋਂ ਲਾਲ ਚਿਪਸ ਦਾ ਪੈਕੇਟ ਲੈਂਦੈ ਕੀ ਤੈਨੂੰ ਮੇਰੀ ਯਾਦ ਆਉਂਦੀ ਹੈ ਕੇ ਖਾ ਲੈਂਦੇ ਕੱਲਾ ਟਿੱਕੀਆਂ ਦੀ ਪਲੇਟ ਚੋਂ ਕੋਈ ਤੋੜ ਬੁਰਕੀਆਂ ਤੇਰੇ ਮੂੰਹ ਵਿੱਚ ਪਾਉਂਦੀ ਹੈ ਕਿ ਖਾ ਲੈਂਦੇ ਕੱਲਾ

72. ਤੋਤੇ ਨੇ ਜਿਉਂ ਹੀ ਉੱਡਣਾ ਸਿੱਖਿਆ

ਤੋਤੇ ਨੇ ਜਿਉਂ ਹੀ ਉੱਡਣਾ ਸਿੱਖਿਆ ਮੈਂ ਪਿੰਜਰਾ ਖੋਲ੍ਹ ਦਿੱਤਾ ਕਿਸੇ ਦੀ ਆਜ਼ਾਦੀ ਖੋਹਣਾ ਠੀਕ ਨਹੀਂ ਫਿਰ ਤੈਨੂੰ ਕਿਵੇਂ ਬੰਨ੍ਹੀ ਰੱਖਦੀ

73. ਬੰਦੇ ਦਾ ਬੰਦਾ ਹੋਣਾ ਜ਼ਰੂਰੀ ਹੈ

ਬੰਦੇ ਦਾ ਬੰਦਾ ਹੋਣਾ ਜ਼ਰੂਰੀ ਹੈ ਬੰਦੇ ਤਾਂ ਸੱਚਾ ਹੋਣਾ ਜ਼ਰੂਰੀ ਹੈ ਬੰਦੇ ਦਾ ਬੰਦੇ ਦੇ ਕੰਮ ਹੋਣਾ ਜ਼ਰੂਰੀ ਹੈ ਕੀ ਰੱਖਿਐ ਜ਼ਾਤਾਂ ਪਾਤਾਂ ਵਿੱਚ ਮੈਂ ਜਾਤ ਪਾਤ ਨੂੰ ਨਹੀਂ ਮੰਨਦਾ ਸਭ ਦਾ ਮਿੱਤਰ ਹਾਂ ਸਭ ਨਾਲ ਰੋਟੀ ਦੀ ਸਾਂਝ ਹੈ ਮੈਂ ਤਾਂ ਸੀਰੀ ਨਾਲ ਬਹਿ ਕੇ ਵੀ ਰੋਟੀ ਖਾ ਲੈਂਦਾ ਘਰੇ ਆਏ ਨੂੰ ਨਾਲ ਕੁਰਸੀ ਤੇ ਬਿਠਾਉਂਦਾ ਮੈਂ ਖੁੱਲ੍ਹੇ ਵਿਹਾਰ ਵਾਲਾ ਬੰਦਾ ਗੁਰਬਾਣੀ ਨੂੰ ਮੰਨਦਾ ਪਿੰਡ ਦੇ ਹਰ ਗੁਰਦੁਆਰੇ ਵਿੱਚ ਮੱਥਾ ਟੇਕਦਾ ਧਰਮ ਤੇ ਜਾਤ ਦੀ ਬਹਿਸ ਨੂੰ ਇਕ ਗੱਲ ਨਾਲ ਮੁਕਾ ਦਿੰਦਾ ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਪਰ ਇਹ ਮੁੰਡੀਰ ਕੀ ਕਹਿੰਦੀ ਹੈ ਪਿੰਡ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ ਭਲਾ ਦੱਸੋ ਇਹ ਕਿਵੇਂ ਹੋ ਸਕਦੈ ਹੁਣ ਜੱਟ ਵਿਹੜੇ ਵਾਲਿਆਂ ਦੇ ਗੁਰਦੁਆਰੇ ਜਾਣਗੇ ਨਹੀਂ ਭਾਈ ਗੁਰਦੁਆਰਾ ਤਾਂ ਆਪਣਾ ਆਪਣਾ ਠੀਕ ਹੈ ਉਦਾ ਰਲ ਮਿਲ ਕੇ ਰਹੋ ਕੀ ਰੱਖਿਐ ਜਾਤਾਂ ਪਾਤਾਂ ਵਿੱਚ

74. ਵੇਸਵਾ

ਵੇਸਵਾ ਔਰਤ ਜੋ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣਾ ਸਰੀਰ ਵੇਚਦੀ ਹੈ ਇਹ ਉਸ ਦੀ ਮਜਬੂਰੀ ਹੈ ਵੇਸਵਾ ਗਮਨੀ ਕੋਈ ਸ਼ੌਕ ਨੂੰ ਨਹੀਂ ਕਰਦਾ ਕੁਝ ਨੂੰ ਜ਼ਬਰਦਸਤੀ ਇਸ ਕਿੱਤੇ ਵਿੱਚ ਧਕੇਲਿਆ ਜਾਂਦਾ ਹੈ ਕੁਝ ਮਜਬੂਰੀਵੱਸ ਇਸ ਵਿੱਚ ਪੈ ਜਾਂਦੀਆਂ ਹਨ ਤੇ ਇਹ ਉਨ੍ਹਾਂ ਦੀ ਹੋਣੀ ਹੋ ਨਿੱਬੜਦਾ ਵੇਸਵਾ ਹੋਣਾ ਔਰਤ ਲਈ ਕਲੰਕ ਹੈ ਕਿਸੇ ਔਰਤ ਨੂੰ ਚਰਿੱਤਰ ਪੱਖੋਂ ਹਿਨਾ ਕਰਨਾ ਹੋਵੇ ਤਾਂ ਉਸ ਨੂੰ ਵੇਸਵਾ ਕਹਿ ਦਿੱਤਾ ਜਾਂਦਾ ਹੈ ਕਦੀ ਸੋਚਿਆ ਹੈ ਜੋ ਪੁਰਸ਼ ਵੇਸਵਾ ਕੋਲ ਜਾਂਦਾ ਹੈ ਕਿਉਂ ਮਜਬੂਰ ਹੈ ਨਹੀਂ ਉਹ ਕੇਵਲ ਵਾਸਨਾ ਦੀ ਤ੍ਰਿਪਤੀ ਲਈ ਵੇਸਵਾ ਨੂੰ ਮੁੱਲ ਖਰੀਦਦਾ ਹੈ ਕਈ ਵਾਰ ਉਹ ਆਪਣੇ ਮਨੋਰੰਜਨ ਲਈ ਵੀ ਉਸ ਦਾ ਮੁੱਲ ਤਾਰਦਾ ਹੈ ਵੇਸਵਾ ਲਈ ਇਹ ਕੰਮ ਮਜਬੂਰੀ ਹੈ ਮਰਦ ਲਈ ਮਨੋਰੰਜਨ ਵੇਸਵਾ ਹੋਣਾ ਫਿਰ ਅੋਰਤ ਦੀ ਗਾਲ ਕਿਓਂ ਚਰਿੱਤਰ ਪੱਖੋਂ ਉਸ ਤੇ ਹੀ ਉਂਗਲੀ ਕਿਉਂ ਕੀ ਮਰਦ ਗੁਨਾਹਗਾਰ ਨਹੀਂ ? ਵੇਸਵਾ ਦਾ ਚਰਿੱਤਰ ਜੇ ਦਾਗ਼ਦਾਰ ਹੈ ਮਰਦ ਵੀ ਪਾਕ ਸਾਫ਼ ਨਹੀਂ ਦੋਗਲਾਪਨ ਕਿਉਂ ਮਜਬੂਰੀ ਵੇਚਣ ਵਾਲੇ ਦੀ ਹੈ ਖ਼ਰੀਦਣ ਵਾਲਾ ਤਾਂ ਇੱਛਾ ਨਾਲ ਜਾਂਦਾ ਹੈ ਫਿਰ ਸਮਾਜ ਕਹਿੰਦਾ ਹੈ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਜਿਵੇਂ ਸ਼ੇਰਨੀਆਂ ਦੇ ਮੂੰਹ ਤਾਂ ਇਹ ਰੋਜ਼ ਧੋ ਕੇ ਆਉਂਦੇ ਹਨ ਮਰਦ ਪ੍ਰਧਾਨ ਸਮਾਜ ਨੇ ਔਰਤ ਦੀ ਸੋਚ ਨੂੰ ਸਿਰ ਚੁੱਕਣ ਹੀ ਨਹੀਂ ਦਿੱਤਾ ਹਰ ਬੁਰਾਈ ਔਰਤ ਦੇ ਸਿਰ ਤੇ ਥੱਪ ਦਿੱਤੀ ਮੈਂ ਆਪ ਪਾਕ ਸਾਫ਼ ਹੋ ਗਿਆ ਸਮਾਜ ਤੇ ਧੱਬਾ ਵੇਸਵਾ ਨਹੀਂ ਵੇਸਵਾ ਦਾ ਗਾਹਕ ਹੈ

75. ਮੁਹੱਬਤ

ਮੈਂ ਤੈਨੂੰ ਪਿਆਰ ਕਰਦੀ ਹਾਂ ਕੀ ਤੂੰ ਵੀ ਪਿਆਰ ਕਰਦਾ ਹੈ ਮੈਨੂੰ ਜੇ ਤੇਰਾ ਜਵਾਬ ਹਾਂ ਹੋਇਆ ਤਾਂ ਵੀ ਮੁਹੱਬਤ ਤਾਂ ਨਹੀਂ ਜਿਸ ਪਲ ਮੁਹੱਬਤ ਹੋਈ ਤੂੰ ਤੇ ਮੈਂ ਨਹੀਂ ਰਹਾਂਗੇ ਦੋਹਾਂ ਦਾ ਰਲ ਕੇ ਇਕ ਹੋ ਜਾਣਾ ਹੀ ਮੁਹੱਬਤ ਹੈ

76. ਹਜ਼ਾਰਾਂ ਦੀ ਭੀੜ

ਹਜ਼ਾਰਾਂ ਦੀ ਭੀੜ ਚੋਂ ਉਹਦਾ ਚਿਹਰਾ ਦਿਲਕਸ਼ ਸੀ ਮੇਰੇ ਨਾਲ ਸਮੱਸਿਆ ਹੀ ਐਹੋ ਚਿਹਰਾ ਵੇਖ ਪਿਆਰ ਹੋ ਜਾਂਦੈ ਗੁਲਾਬੀ ਕਮੀਜ਼ ਬੜੀ ਫੱਬਦੀ ਗੋਰਾ ਰੰਗ ਚਿਹਰੇ ਤੇ ਚਮਕ ਥਿੰਕਰਜ਼ ਹੈਡ ਉਹਦੀ ਪ੍ਰਤਿਭਾ ਨੂੰ ਦਰਸਾਉਂਦਾ ਕੋਈ ਵੀ ਆਕਰਸ਼ਿਤ ਹੋ ਜਾਂਦਾ ਮੈਂ ਵੀ ਹੋ ਗਈ ਕੁਛ ਕੁਛ ਅੱਗੇ ਵਧੇ ਦੋਵੇਂ ਪਰ ਮੇਰਾ ਤੇਜ ਸ਼ਾਇਦ ਜ਼ਿਆਦਾ ਸੀ ਉਹ ਸੰਭਲ ਨਾ ਸਕਿਆ ਤੇ ਪਿਛਾਂਹ ਮੁੜ ਗਿਆ

77. ਘਰਦਿਆ ਕਿਹਾ

ਘਰਦਿਆ ਕਿਹਾ ਕਾਲਜ ਜਾਣ ਲਗਿਆ ਅਪਣੀ ਮਰਜ਼ੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਬਸ ਮੁੰਡਾ ਜੱਟਾਂ ਦਾ ਹੋਵੇ ਸੋਹਣਾ ਹੋਵੇ ਜ਼ਮੀਨ ਹੋਵੇ ਨੌਕਰੀ ਚੰਗੀ ਹੋਵੇ ਮਾਂ ਵੀ ਸਾਡੇ ਗੋਤ ਦੀ ਨਾ ਹੋਵੇ ਬਾਕੀ ਤੇਰੀ ਪਸੰਦ ਸਾਨੂੰ ਮਨਜੂਰ ਦੱਸੋ ਇਸ਼ਕ ਲਈ ਸ਼ਰਤਾਂ

78. ਕਿਸੇ ਤੀਜੇ ਦਾ

ਕਿਸੇ ਤੀਜੇ ਦਾ ਵਿਚਾਲੇ ਆ ਜਾਣਾ ਅਖਰਦਾ ਤਾਂ ਬਹੁਤ ਪਰ ਵਿਚਾਲੇ ਥਾਂ ਵੀ ਤਾਂ ਛੱਡੀ ਹੁੰਦੀ

79. ਕਹਿੰਦੇ ਨੇ ਯੁੱਗ ਬਦਲ ਗਿਆ

ਕਹਿੰਦੇ ਨੇ ਯੁੱਗ ਬਦਲ ਗਿਆ ਹੁਣ ਮਰਦ ਤੇ ਔਰਤ ਬਰਾਬਰ ਹਨ ਕੋਈ ਬੁੱਧੀਜੀਵੀ ਕਹਿੰਦਾ ਕਿਸੇ ਦਾ ਵੀ ਨਾ ਲਓ ਉਹ ਦੱਸ ਸਕਦਾ ਹੈ ਉਸ ਔਰਤ ਨੇ ਡਿਗਰੀ ਲੈਣ ਲਈ ਜਾਂ ਐਵਾਰਡ ਕਿਹੜੀ ਰਾਤ ਕਿਸ ਨਾਲ ਕਿੱਥੇ ਗੁਜ਼ਾਰੀ ਸਿਰਫ਼ ਇਕ ਗੱਲ ਮਨ ਵਿੱਚ ਖਟਕੀ ਕੀ ਉਹ ਭੱਦਰ ਪੁਰਸ਼ ਆਪਣੇ ਆਪ ਬਾਰੇ ਜਾਣਦਾ ਹੈ ਜਿਵੇਂ ਉਹ ਬਾਕੀ ਔਰਤਾਂ ਨੂੰ ਜਾਣਦਾ ਹੈ ਕੀ ਪਤਾ ਕੁਝ ਔਰਤਾਂ ਉਸ ਨੂੰ ਵੀ ਜਾਣਦੀਆਂ ਹੋਣ ਕੀ ਉਸਨੇ ਉਨ੍ਹਾਂ ਮਰਦਾਂ ਦਾ ਸਮਾਜਿਕ ਬਹਿਸ਼ਕਾਰ ਕੀਤਾ ਜਿਹੜੇ ਐਵਾਰਡ ਜੇ ਡਿਗਰੀ ਦੇਣ ਲਈ ਕਿਸੇ ਔਰਤ ਨਾਲ ਸੌਂ ਜਾਂਦੇ ਹਨ ਸਦਾਚਾਰ ਦਾ ਸਿਰਫ਼ ਔਰਤਾਂ ਨੇ ਠੇਕਾ ਲਿਆ ਹੈ ਅਜਿਹੀ ਸੋਚ ਵਾਲੇ ਸਾਹਿਤਕਾਰ ਕਿਹੋ ਜਿਹੇ ਸਾਹਿਤ ਦੀ ਰਚਨਾ ਕਰਦੇ ਹੋਣਗੇ ਕੇਰਲਾ ਦੀ ਕਥਨੀ ਤੇ ਕਰਨੀ ਵਿਚ ਕੋਈ ਅੰਤਰ ਹੋਏਗਾ ਕੀ ਜੋ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਆਪਣੀਆਂ ਲਿਖਤਾਂ ਵਿਚ ਜ਼ਿੰਦਗੀ ਵਿੱਚ ਵੀ ਉਹੋ ਜਿਹੇ ਹਨ ਬੜੇ ਸਵਾਲ ਨੇ ਪੁੱਛਦੀ ਰਹਾਂਗੀ ਔਰਤ ਨੂੰ ਪੁੱਛਣੇ ਚਾਹੀਦੇ ਹਨ ਜਦ ਤੱਕ ਜਵਾਬ ਨਹੀਂ ਮਿਲ ਜਾਂਦਾ

80. ਕਸ਼ਮਕਸ਼

ਮਾਂ ਕਹਿੰਦੀ ਮੇਰੀ ਬੜੀ ਰੂਹ ਸੀ ਧੀ ਦੀ ਲੰਬੀ ਗੁੱਤ ਹੋਵੇ ਪਤੀ ਦਾ ਕਹਿਣਾ ਮੇਰੇ ਕਹੇ ਤੇ ਵਾਲ ਛੋਟੇ- ਛੋਟੇ ਨਹੀਂ ਕਟਵਾ ਸਕਦੀ ਕੀਹਨੂੰ ਖੁਸ਼ ਕਰਾਂ ਸਮਝ ਨਹੀਂ ਆਈ ਆਪਣਾ ਆਪ ਤਾਂ ਕਿਤੇ ਵਿੱਚ ਵਿਚਾਲੇ ਹੀ ਰਹਿ ਗਿਆ

81. ਪ੍ਰੇਮਿਕਾ

ਪ੍ਰੇਮਿਕਾ ਸਦਾ ਪਤਨੀ ਹੋਣਾ ਲੋਚਦੀ ਰਹੀ ਪਤਨੀ ਚਾਹੁੰਦੀ ਰਹੀ ਕਿ ਪ੍ਰੇਮਿਕਾ ਬਣ ਜਾਵਾਂ ਇਸ ਕਸ਼ਮਕਸ਼ ਦੇ ਵਿਚ ਕਿਸੇ ਔਰਤ ਨੂੰ ਮਰਦ ਪੂਰਾ ਨਹੀਂ ਮਿਲਿਆ ਪਰ ਮਰਦ ਨੂੰ ਔਰਤ ਹਰ ਰੂਪ ਵਿੱਚ ਪੂਰਨ ਹੀ ਮਿਲੀ

82. ਕਿਤੇ ਸੁਣਿਆ ਸੀ

ਕਿਤੇ ਸੁਣਿਆ ਸੀ ਜਿਊਂਦਿਆਂ ਦਾ ਨਰਕ ਹਿੰਦੁਸਤਾਨ ਹੈ ਜੋ ਸੁਣਿਆ ਸੀ ਉਹ ਅੱਜ ਸੱਚ ਸਾਬਤ ਹੋ ਗਿਆ ਦੇਖ ਲਓ ਸੜਦੀਆਂ ਗਲਦੀਆਂ ਲਾਸ਼ਾਂ ਹਰ ਪਾਸੇ ਬਸ ਲਾਸ਼ਾਂ ਹੀ ਲਾਸ਼ਾਂ ਨਹੀਂ ਰੋਟੀ ਦੇ ਸਕਦੀਆਂ ਸਰਕਾਰਾਂ ਨਾ ਸਹੀ ਕਫ਼ਨ ਦਫ਼ਨ ਤਾਂ ਦੇਣ ਅਰਬਾਂ ਖਰਬਾਂ ਦੇ ਘਰ ਬਣਾਉਣ ਵਾਲੇ ਦੋ ਗਜ਼ ਕੱਪੜਾ ਦੱਬਣ ਲਈ ਸਥਾਨ ਤਾਂ ਦੇਣ ਸੰਸਕਾਰਾਂ ਦੀ ਦੁਹਾਈ ਦੇਣ ਵਾਲੇ ਜਿਊਂਦਿਆਂ ਦਾ ਸਤਿਕਾਰ ਨਾ ਸਹੀ ਮਰੇ ਹੋਏ ਨੂੰ ਮਾਣ ਤਾਂ ਦੇਣ ਇਹ ਮੇਰਾ ਭਾਰਤ ਨਹੀਂ ਹੋ ਸਕਦਾ ਜਿੱਥੇ ਬਜ਼ੁਰਗ ਕਹਿੰਦੇ ਸੀ ਮੋਇਆਂ ਪਸ਼ੂ ਜਾਂ ਪੰਛੀ ਵੀ ਮਿਲੇ ਦੱਬ ਦਿਓ ਤੇ ਹਾਂ ਦੱਬਣ ਤੋਂ ਪਹਿਲਾਂ ਸਾਫ਼ ਤੇ ਕੋਰਾ ਕੱਪੜਾ ਜ਼ਰੂਰ ਪਾਇਓ ਜੋ ਮੰਜ਼ਰ ਇਨ੍ਹਾਂ ਅੱਖਾਂ ਨੇ ਦੇਖੇ ਕਦੀ ਨਹੀਂ ਭੁੱਲਣੇ ਪਰ ਦੇਖਿਓ ਮੇਰੇ ਦੇਸ਼ਵਾਸੀਓ ਕਿਤੇ ਵੋਟਾਂ ਵੇਲੇ ਨਾ ਭੁੱਲ ਜਾਇਓ

83. ਮੈਨੂੰ ਲੱਗਦਾ ਸੀ

ਮੈਨੂੰ ਲੱਗਦਾ ਸੀ ਤੇਰੇ ਬਿਨਾਂ ਮਰ ਜਾਵਾਂਗੀ ਪਰ ਦੇਖ ਸਾਹ ਅਜੇ ਵੀ ਚੱਲਦੇ ਨੇ

84. ਕਈ ਦਿਨ ਤੋਂ

ਕਈ ਦਿਨ ਤੋਂ ਮਿਲਿਆ ਨਹੀਂ ਦਿਲ ਉਦਾਸ ਸੀ ਜਦੋਂ ਦਾ ਮਿਲ ਕੇ ਗਿਆ ਦਿਲ ਉਦਾਸ ਹੈ

85. ਮਾਰੂਥਲ

ਮਾਰੂਥਲ ਜਿਹੀ ਜ਼ਿੰਦਗੀ ਚ ਤੂੰ ਹਵਾ ਦਾ ਬੁੱਲ੍ਹਾਂ ਬਣ ਲੰਘਿਆ ਹੁਣ ਵੱਧ ਗਈ ਤਪਸ਼

86. ਲੋਕ ਪਤਾ ਨਹੀਂ ਕਿਵੇਂ

ਲੋਕ ਪਤਾ ਨਹੀਂ ਕਿਵੇਂ ਇਕ ਪਲ ਵਿਚ ਕਿਸੇ ਨੂੰ ਬੇਗਾਨਾ ਕਰ ਦਿੰਦੇ ਹਨ ਕਿਸੇ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਦੀ ਗੱਲ ਨਾ ਸੁਣਨਾ ਕਿਸੇ ਦੇ ਮੈਸੇਜ ਨਾ ਪੜ੍ਹਨਾ ਕਿਸੇ ਨੂੰ ਲਾਹ ਕੇ ਪਰ੍ਹਾਂ ਸਿੱਟ ਦੇਣਾ ਕਿਸੇ ਦੇ ਅਸਤਿੱਤਵ ਤੇ ਸਵਾਲ ਖੜ੍ਹਾ ਕਰ ਦੇਣਾ ਕਿਸੇ ਨੂੰ ਜਿਊਂਦੇ ਜੀਅ ਮਾਰ ਦੇਣਾ ਕੀ ਇਹ ਕਤਲ ਨਹੀਂ ?

87. ਸਾਡੀ ਪਤੀ ਪਤਨੀ ਦੀ

ਸਾਡੀ ਪਤੀ ਪਤਨੀ ਦੀ ਆਪਸ ਵਿੱਚ ਬਹੁਤ ਬਣਦੀ ਹੈ ਮੈਂ ਕਦੇ ਉਸ ਦਾ ਫੋਨ ਨਹੀਂ ਦੇਖਦੀ ਉਹ ਕਦੇ ਮੇਰਾ ਫੋਨ ਦੇਖਣ ਦੀ ਕੋਸ਼ਿਸ਼ ਨਹੀਂ ਕਰਦਾ ਅੱਸੀ ਇੱਕ ਦੂਜੇ ਨੂੰ ਕਦੇ ਨਹੀਂ ਪੁੱਛਿਆ ਕਿ ਕਦੋਂ ਆਉਣਾ ਹੈ ਘਰ ਵਾਪਸ ਅਸੀਂ ਨਹੀਂ ਇੱਕ ਦੂਜੇ ਨੂੰ ਪੁੱਛਦੇ ਕਿ ਤੂੰ ਪੈਸੇ ਕਿੱਥੇ ਖਰਚੇ ਅਸੀਂ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਕੋਈ ਦਖ਼ਲ ਨਹੀਂ ਦਿੰਦੇ ਅਸੀਂ ਇੱਕ ਦੂਜੇ ਦੀ ਖ਼ੁਸ਼ੀ ਦਾ ਸਬੱਬ ਬਣੀਏ ਜਾਂ ਨਾ ਇੱਕ ਦੂਜੇ ਦੀ ਪਰੇਸ਼ਾਨੀ ਦਾ ਸਬੱਬ ਨਹੀਂ ਬਣਦੇ ਇਸੇ ਲਈ ਤਾਂ ਸਾਡੀ ਬਹੁਤ ਬਣਦੀ ਹੈ

88. ਸੱਤਾਧਾਰੀ ਕਿਉਂ ਚੁੱਪ ਹਨ

ਸੱਤਾਧਾਰੀ ਕਿਉਂ ਚੁੱਪ ਹਨ ਲਾਸ਼ਾਂ ਦੇ ਢੇਰ ਉਪਰ ਰਾਜ ਕਰਨਾ ਹੈ ਜਦ ਦੇਸ਼ ਵਿਚ ਕੋਈ ਬਸ਼ਿੰਦਾ ਹੀ ਨਾ ਰਿਹਾ ਫਿਰ ਸਰਕਾਰ ਕਿਸ ਤੇ ਰਾਜ ਕਰੇਗੀ ਕੀ ਤੁਸੀਂ ਆਦਮ ਤੇ ਹਵਾ ਦੇ ਜਾਏ ਨਹੀਂ ਹੋ ਕੀ ਤੁਹਾਨੂੰ ਨਹੀਂ ਸੁਣਦੇ ਸਿਸਕੀਆਂ ਤੇ ਹਉਕੇ ਸਾਹਾਂ ਨੂੰ ਤਰਸਦੀ ਖਲਕਤ ਮੋਢਿਆਂ ਤੇ ਲਾਸ਼ਾਂ ਢੋ ਰਹੇ ਲੋਕ ਕੀ ਤੁਹਾਨੂੰ ਨਹੀਂ ਪਤਾ ਰਾਜ ਧਰਮ ਦਾ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਅੰਨ੍ਹੇ ਗੂੰਗੇ ਤੇ ਬੋਲ਼ੇ ਹੋ ਕਿੰਨੀ ਵਾਰ ਸਾਬਤ ਕਰੋਗੇ ਦਿੱਲੀ ਦੇ ਦੰਗੇ ਬੰਬਈ ਦੇ ਦੰਗੇ ਹਰ ਵਾਰ ਵੱਖ ਵੱਖ ਧਰਮਾਂ ਦੇ ਲੋਕ ਨਿਸ਼ਾਨਾ ਬਣਦੇ ਰਹੇ ਆਪਸ ਵਿੱਚ ਲੜਦੇ ਰਹੇ ਲੱਗ ਕੇ ਤੁਹਾਡੇ ਮਗਰ ਪਰ ਅੱਜ ਸਾਰਾ ਮੁਲਕ ਤੜਫ਼ ਰਿਹਾ ਹੈ ਗੰਗਾ ਵੀ ਲਾਸ਼ਾਂ ਦਾ ਭਾਰ ਨਹੀਂ ਸਹਾਰ ਪਾ ਰਹੀ ਦੇਵ ਨਦੀ ਦਾ ਹਾਲ ਕੀ ਹੋ ਗਿਆ ਕਿਉਂ ਨਹੀਂ ਜਾਗਦੀ ਤੁਹਾਡੀ ਜ਼ਮੀਰ ਖ਼ਾਸ ਨਹੀਂ ਆਉਂਦਾ ਤੁਹਾਨੂੰ ਤੁਸੀਂ ਸਭ ਕੁਝ ਵੇਚ ਦਿੱਤਾ ਦੇਸ਼ ਦਾ ਸਭ ਤੋਂ ਪਹਿਲਾਂ ਵੇਚਿਆ ਆਪਣਾ ਜ਼ਮੀਰ

89. ਮਨੁੱਖ ਨੂੰ

ਮਨੁੱਖ ਨੂੰ ਸਮੇ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਨਹੀਂ ਮਿਲਦਾ ਇਹ ਕ੍ਰਿਸ਼ਨ ਨੂੰ ਕਿਵੇਂ ਪਤਾ ਲਗਾ ਮੈਂਨੂੰ ਤਾਂ ਉਹ ਮਿਲਿਆ ਵੀ ਨਹੀਂ

90. ਉਸ ਬੂਹਾ ਢੋਇਆ

ਉਸ ਬੂਹਾ ਢੋਇਆ ਤੇ ਕੁੰਡੀ ਮਾਰ ਲਈ ਕੁੰਡੀ ਬੂਹੇ ਦੇ ਦੋਵੇਂ ਪਾਸੇ ਹੁੰਦੀ

91. ਅਜ ਦੇ ਦੌਰ ਵਿੱਚ

ਅਜ ਦੇ ਦੌਰ ਵਿੱਚ ਹਰ ਕਿਸੇ ਨੂੰ ਸਪੇਸ ਚਾਹੀਦੀ ਪਰ ਰਿਸ਼ਤੇ ਵਿੱਚ ਦੂਜੇ ਦਾ ਪੂਰਾ ਧਿਆਨ ਵੀ ਚਾਹੀਦਾ ਕਿਵੇਂ ਮੁਮਕਿਨ ਦੋਨੋ ਨਾਲ-ਨਾਲ

92. ਪੁਰਸ਼

ਪੁਰਸ਼ ਇਸਤਰੀ ਨੂੰ ਹਮੇਸ਼ਾ ਜੰਗ ਵਾਂਗ ਜਿੱਤਣਾ ਚਾਹੁੰਦਾ ਹੈ ਪਿਆਰ ਦੇ ਦਿਖਾਏ ਚੋਜ ਸਾਮ, ਦਾਮ ਦੰਡ, ਭੇਦ ਸਭ ਇਸਤੇਮਾਲ ਕਰਦਾ ਹੈ ਕਦੇ ਪਿਆਰ ਨਾਲ ਬੋਲਦਾ ਕਦੇ ਨਜ਼ਰਅੰਦਾਜ਼ ਕਰਦਾ ਅਪਣੇ ਵਲੋਂ ਜਿਗਿਆਸਾ ਵਧਾਉਂਦਾ ਨਹੀਂ ਸਮਝ ਪਾਉਂਦਾ ਇਸਤਰੀ ਦਾ ਮਨ ਇਹਨੂੰ ਜਿਤਣਾ ਸਿਰਫ ਤੇ ਸਿਰਫ ਪਿਆਰ ਨਾਲ ਮੁਮਕਿਨ ਹੈ

93. ਮਰਦ ਨੂੰ

ਮਰਦ ਨੂੰ ਖਿਡੌਣਾ ਜਾਪਦੀ ਹੈ ਹਰ ਉਹ ਔਰਤ ਜੋ ਹੱਸ ਕੇ ਬੋਲਦੀ ਹੈ ਉਹਦੇ ਨਾਲ ਉਹ ਸਿਰਫ ਬਿਸਤਰ ਤੱਕ ਅੱਪੜਨਾ ਲੋਚਦਾ ਔਰਤ ਹਮਦਰਦ ਹਮਰਾਹ ਚਾਹੁੰਦੀ ਹੈ ਮਰਦ ਦੋਸਤੀ ਦੇ ਨਾਂ ਨਾਲ ਬਿਸਤਰ ਤੱਕ ਦਾ ਸਫਰ ਕਰਨਾ ਚਾਹੁੰਦਾ ਔਰਤ ਬਿਸਤਰ ਰਾਹੀਂ ਦਿੱਲ ਤੱਕ ਪਹੁੰਚਣਾ ਚਾਹੁੰਦੀ ਦੋਨੋਂ ਸਹੀ ਹੁੰਦੇ ਅਪਣੀ ਅਪਣੀ ਥਾਂ

94. ਤੂੰ ਅਜ ਵੀ

ਤੂੰ ਅਜ ਵੀ ਜਿਸਮ ਚ ਉਲਝਿਆ ਹੈ ਮੈ ਤਾਂ ਮੁਹੱਬਤ ਤੋਂ ਇਸ਼ਕ ਦੇ ਸਫਰ ਵਿੱਚ ਹਾਂ

95. ਤੂੰ ਧੁੱਪ ਬਣ ਲਿਸ਼ਕਿਆ

ਤੂੰ ਧੁੱਪ ਬਣ ਲਿਸ਼ਕਿਆ ਕੁਛ ਪਲ ਮੈਂ ਸੁਘੜ ਸੁਆਣੀ ਬਣ ਤਾਰਾਂ ਭਰ ਦਿੱਤੀਆਂ ਧੋ-ਧੋ ਕੱਪੜੇ ਤੂੰ ਜਾ ਲੁਕਿਆ ਬੱਦਲਾ ਉਹਲੇ ਫਟਾਫਟ ਇਕੱਠੇ ਕੀਤੇ ਤਾਰਾਂ ਤੇ ਸਲੀਕੇ ਨਾਲ ਟੰਗੇ ਕੱਪੜੇ ਸਭ ਰਲਗੱਡ ਬੇਤਰਤੀਬੇ ਇਹੋ ਹੋਇਆ ਭਾਵਨਾਵਾਂ ਨਾਲ ਤੇਰੇ ਜਾਣ ਪਿੱਛੋਂ

96. ਤੇਰਾ ਹੱਥ

ਤੇਰਾ ਹੱਥ ਮੇਰੇ ਹੱਥ ਵਿੱਚ ਹੋਵੇ ਏਹੀ ਨਾਲ ਹੋਣਾ ਨਹੀਂ ਹੁੰਦਾ ਤੇਰੇ ਖਿਆਲ ਵਿੱਚ ਮੈਂ ਹੋਵਾ ਦੂਰ ਹੋਵਾਂ ਜਾ ਨਾਲ ਹੋਵਾਂ ਸੁੱਤੇ ਜਾਗਦੇ ਮੇਰਾ ਖਿਆਲ ਹੁੰਦਾ ਹੈ ਤੇਰੇ ਨਾਲ ਫਿਰ ਮੈ ਕਿੱਥੇ ਦੂਰ

97. ਮੈ ਤੇਰੇ ਨਾਲ ਜੀਣਾ

ਮੈ ਤੇਰੇ ਨਾਲ ਜੀਣਾ ਚਾਹੁੰਦਾ ਹਾਂ ਡੁੱਬ ਕੇ ਜੀਣਾ ਉਸ ਕਿਹਾ ਮੈਂ ਮਾਰੂਥਲ ਵਰਗੀ ਤਪਦੀ ਜ਼ਿੰਦਗੀ ਵਿਚੋ ਬਾਹਰ ਆਉਣ ਦੀ ਕਲਪਨਾ ਨਾਲ ਮਹਿਕ ਗਈ ਉਤੋਂ ਉਤੋਂ ਮਨਾ ਕੀਤਾ ਦਿਲ ਵਿੱਚ ਸੋਚਿਆ ਅਗਲੀ ਵਾਰ ਕਹੇਗਾ ਤਾਂ ਮੰਨ ਜਾਊਂਗੀ ਜਦੋਂ ਮਨ ਬਣਾਇਆ ਡੁੱਬ ਕੇ ਜੀਣ ਦਾ ਉਸ ਮੁੜ ਕਿਹਾ ਹੀ ਨਹੀਂ

98. ਬੜਾ ਔਖਾ ਹੁੰਦੈ

ਬੜਾ ਔਖਾ ਹੁੰਦੈ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੈਂ ਕੋਸ਼ਿਸ਼ ਕੀਤੀ ਭਾਵਨਾਵਾਂ ਨੂੰ ਦਬਾਉਣ ਦੀ ਭਾਵਨਾਵਾਂ ਦੀ ਪ੍ਰਬਲਤਾ ਨੇ ਮਜਬੂਰ ਕਰ ਦਿੱਤਾ ਤੇਰੇ ਸਾਹਮਣੇ ਸ਼ਬਦਾਂ ਵਿੱਚ ਆਪਣੇ ਦਿਲ ਦਾ ਹਾਲ ਬਿਆਨ ਕਰਨ ਲਈ ਤੂੰ ਕੋਈ ਜਵਾਬ ਨਾ ਦਿੱਤਾ ਅਸਲ ਵਿਚ ਇਹ ਮਨਜ਼ੂਰ ਹੀ ਨਹੀਂ ਕਰ ਸਕਦਾ ਕਿ ਪਹਿਲ ਔਰਤ ਕਰ ਲਵੇ ਤੂੰ ਨਾ ਹਾਂ ਕੀਤੀ ਨਾ ਨਾਂ ਵਿਚ ਵਿਚਾਲੇ ਲਟਕਾ ਰੱਖਿਆ ਕਦੇ ਸੋਚਿਆ ਵੀ ਨਹੀਂ ਹੋਵੇਗਾ ਇਹ ਫੈਸਲੇ ਔਰਤਾਂ ਵੀ ਲੈ ਲੈਂਦੀਆਂ ਮਨ ਤਾਂ ਔਰਤਾਂ ਦੇ ਵੀ ਹੁੰਦੇ ਹਨ ਮੈਂ ਤਾਂ ਮਨ ਤੋਂ ਸਿਵਾਏ ਕੁਝ ਵੀ ਨਹੀਂ ਸੀ ਮੰਗਿਆ ਪਰ ਜੋ ਬੂਹੇ ਬੰਦ ਹੋਣ ਉਨ੍ਹਾਂ ਵਿੱਚੋਂ ਹਵਾ ਤਾਂ ਲੰਘ ਸਕਦੀ ਹੈ ਇਨਸਾਨ ਨੀਂ

99. ਪਿਆਰ

ਪਿਆਰ ਜੇ ਫੋਟੋ ਨਾਲ ਦਿਖਾਉਣਾ ਪੈਦਾ ਫੇਰ ਉਹ ਪਿਆਰ ਨਹੀਂ ਖੁਸ਼ੀ ਜੇ ਦੱਸਣ ਦੀ ਲੋੜ ਪਵੇ ਫੇਰ ਉਹ ਖੁਸ਼ੀ ਨਹੀਂ ਸੰਤੁਸ਼ਟੀ ਜੇ ਕਹਿ ਕੇ ਦੱਸੀਏ ਫੇਰ ਉਹ ਸੰਤੁਸ਼ਟੀ ਨਹੀਂ ਇਹ ਸਭ ਚਮਕਦਾ ਚਿਹਰਾ ਹੀ ਬਿਆਨ ਕਰ ਦਿੰਦਾ ਦਿਖਾਵਾ ਉਦੋਂ ਕਰਨਾ ਪੈਂਦਾ ਜਦੋ ਭਰਮ ਦੂਜੇ ਨੂੰ ਪਾਉਣਾ ਹੋਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਹਾਲਾਤ ਨਾਲ ਹਾਂ ਜ਼ਿਆਦਾ ਦਿਖਾਵਾ ਤੁਹਾਡੇ ਸੱਚ ਨੂੰ ਦਰਸਾ ਜਾਂਦਾ

100. ਅਜੀਬ ਜ਼ਿੰਦਗੀ ਹੈ

ਅਜੀਬ ਜ਼ਿੰਦਗੀ ਹੈ ਹਰ ਚੀਜ਼ ਬੋਲਦੀ ਹੈ ਪਰ ਤੂੰ ਕਿਉਂ ਚੁੱਪ ਹੈ ਕੀ ਚੀਜ਼ਾਂ ਨੇ ਤੇਰੀ ਆਵਾਜ਼ ਦੱਬ ਲਈ ਹੈ ਕਿ ਹੁਣ ਤੂੰ ਮਲਕੀਅਤ ਦਾ ਗੁਲਾਮ ਹੈ ਤੂੰ ਭੁੱਲ ਗਿਆ ਹੈ ਆਪਣੇ ਆਪ ਨੂੰ ਕਿੱਥੇ ਗੁੰਮ ਹੋ ਗਿਆ ਹੈ ਤੇਰਾ ਆਪਾ ਇਨ੍ਹਾਂ ਮਸ਼ੀਨਾਂ ਦੇ ਸ਼ੋਰ ਨੇ ਦੱਬ ਲਈ ਹੈ ਤੇਰੀ ਆਵਾਜ਼ ਬਹੁਤ ਕੁਝ ਹੈ ਤੇਰੇ ਕੋਲ ਹੈ ਪਰ ਕੁਝ ਵੀ ਨਹੀਂ ਰਿਸ਼ਤਿਆਂ ਦੀ ਭੀੜ ਵਿਚ ਵੀ ਇਕੱਲਾ ਕੁਝ ਨਹੀਂ ਲੱਭਣਾ ਇਹ ਦੁਨਿਆਵੀ ਚੀਜ਼ਾਂ ਚੋਂ ਮੁੜ ਜਾ ਬੀਬਾ ਅਜੇ ਵੀ ਆਪਣੇ ਅੰਦਰ ਦੇਖ ਸਮਝ ਪਹਿਲਾਂ ਆਪਣੇ ਆਪ ਨੂੰ ਆਪਣੀ ਪਛਾਣ ਕਰ ਦੁਨੀਆਂ ਨੂੰ ਫੇਰ ਸਮਝ ਲਵਾਂਗੇ ।

101. ਤੂੰ

ਤੂੰ ਮੇਰੇ ਮਾਪਿਆਂ ਦੇ ਘਰ ਜਿਹਾ ਜਿੱਥੋਂ ਮੈਂ ਕਦੇ ਖਾਲੀ ਨਹੀਂ ਮੁੜੀ ਭਰੀ ਹੋਈ ਮੁੜਦੀ ਹਾਂ ਪਿਆਰ ਨਾਲ ਅਪਣਤ ਨਾਲ ਤੇ ਜ਼ਿੰਦਗੀ ਨਾਲ

102. ਬਿਨਾਂ ਸਵਾਲ ਕੀਤੇ

ਬਿਨਾਂ ਸਵਾਲ ਕੀਤੇ ਮੈਂ ਤੇਰੀ ਗੱਲ ਮੰਨ ਕੇ ਮਨ ਵਿੱਚ ਹੱਸਦੀ ਹਾਂ ਅਸਲ ਵਿੱਚ ਮੂਰਖ ਤੂੰ ਬਣ ਰਿਹਾ ਹੁੰਦਾ ਤੇ ਸਮਝਦਾ ਮੈਨੂੰ ਬਣਾਇਆ

103. ਨੇੜੇ ਹੋ ਕੇ ਵੀ ਤੂੰ ਦਿਲ ਤੋਂ ਦੂਰ ਰਿਹਾ

ਨੇੜੇ ਹੋ ਕੇ ਵੀ ਤੂੰ ਦਿਲ ਤੋਂ ਦੂਰ ਰਿਹਾ ਕਿਸ ਗੱਲ ਤੇ ਯਾਰਾ ਇਨ੍ਹਾਂ ਮਗਰੂਰ ਰਿਹਾ ਮੰਨਿਆ ਤੇਰੀ ਸ਼ੋਹਰਤ ਦੀ ਦੁਨੀਆਂ ਵਿੱਚ ਚਰਚੇ ਨੇ ਸਾਡਾ ਵੀ ਕੁਝ ਹੱਥ ਤਾਂ ਵਿੱਚ ਜ਼ਰੂਰ ਰਿਹਾ ਤੂੰ ਬਣ ਕੇ ਸੂਰਜ ਸਮਝ ਸਮਝੇ ਸਭ ਤੇਰੇ ਪਿੱਛੇ ਘੁੰਮਣ ਚੰਦ ਤਾਂ ਫਿਰ ਵੀ ਧਰਤੀ ਦੁਆਲੇ ਘੁੰਮ ਰਿਹਾ ਇਨ੍ਹਾਂ ਮਾਣ ਨਾ ਕਰ ਆਪਣੀ ਹਸਤੀ ਦਾ ਤੂੰ ਸਦਾ ਨਹੀਂ ਕੋਈ ਦੁਨੀਆਂ ਨੂੰ ਮਨਜ਼ੂਰ ਰਿਹਾ ਮੇਰੇ ਇਸ਼ਕ ਹਕੀਕੀ ਨੂੰ ਤੂੰ ਕੀ ਸਮਝੇ ਤੇਰਾ ਇਸ਼ਕ ਮਿਜਾਜ਼ੀ ਚਕਨਾਚੂਰ ਰਿਹਾ ਨਾ ਕਰ ਐਵੇਂ ਮੇਰਾ ਮੇਰਾ ਸੰਭਲ ਵੀ ਜਾ ਸਦਾ ਰਹਿਣ ਦਾ ਦੁਨੀਆਂ ਤੇ ਨਹੀਂ ਦਸਤੂਰ ਰਿਹਾ

104. ਦਿਲ ਚ ਵੱਸ ਕੇ ਵੀ ਰਖਦੈਂ ਸਾਥੋਂ ਦੂਰੀਆਂ

ਦਿਲ ਚ ਵੱਸ ਕੇ ਵੀ ਰਖਦੈਂ ਸਾਥੋਂ ਦੂਰੀਆਂ ਐਸੀਆਂ ਵੀ ਕੀ ਨੇ ਦੱਸ ਤੇਰੀਆਂ ਮਜਬੂਰੀਆਂ ਤੇਰੇ ਬਿਨਾਂ ਨੇ ਰਾਤ ਦਿਨ ਇੱਕੋ ਜਿਹੇ ਕੀ ਧੁੱਪਾਂ ਦਾ ਚਮਕਣਾ ਤੇ ਕੀ ਨੇ ਰਾਤਾਂ ਨ੍ਹੇਰੀਆਂ ਫ਼ਾਸਲਾ ਤੇਰੇ ਮੇਰੇ ਦਰਮਿਆਨ ਕੋਈ ਨਾ ਸੀ ਜਾਣੇ ਖ਼ੁਦਾ ਫਿਰ ਕਿੱਥੋਂ ਆ ਗਈਆਂ ਨੇ ਦੂਰੀਆਂ ਗ਼ਲਤਫ਼ਹਿਮੀ ਦੀ ਦੀਵਾਰ ਕਿੱਡੀ ਉਸਰ ਗਈ ਦਿੱਸਦੀਆਂ ਰਹੀਆਂ ਬਸ ਗਲਤੀਆਂ ਤੇਰੀਆਂ ਤੇ ਮੇਰੀਆਂ ਮੈਂ ਖ਼ੁਦਾ ਤੂੰ ਵਿੱਚ ਦੁਆਵਾਂ ਮੰਗ ਲੈਣਾ ਸੀ ਤੈਨੂੰ ਤੈਨੂੰ ਹੀ ਪਰ ਲੱਗਦੀਆਂ ਸੀ ਹੋਰਾ ਦੀਆਂ ਮਿੱਠੀਆਂ ਚੂਰੀਆਂ

105. ਮੇਰੇ ਵੱਲ ਏਦਾਂ ਨਾ ਝਾਕਿਆ ਕਰੋ

ਮੇਰੇ ਵੱਲ ਏਦਾਂ ਨਾ ਝਾਕਿਆ ਕਰੋ ਮੈਂ ਖ਼ੂਬਸੂਰਤ ਹਾਂ ਮੈਨੂੰ ਪਤਾ ਹੈ ਆਪਣੀਆਂ ਲਲਚਾਈਆਂ ਅੱਖਾਂ ਨਾਲ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਮੈਂ ਆਪਣੇ ਬਾਰੇ ਸਭ ਜਾਣਦੀ ਹਾਂ ਮੇਰੇ ਅੱਗੇ ਪਿੱਛੇ ਗੇੜੀ ਲਾਉਣ ਨਾਲ ਕੁਝ ਨਹੀਂ ਹੋਣਾ ਮੈਨੂੰ ਆਨੇ ਬਹਾਨੇ ਬੁਲਾਉਣ ਦੀ ਕੋਸ਼ਿਸ਼ ਵੀ ਨਾ ਕਰੋ ਮੇਰਾ ਫੋਨ ਨੰਬਰ ਲੈ ਕੇ ਕੀ ਕਰੋਗੇ ਮੈਂ ਸਿਰਫ ਉਸ ਨਾਲ ਗੱਲ ਕਰਦੀ ਹਾਂ ਜੋ ਮੈਨੂੰ ਪਸੰਦ ਹੋਵੇ ਮੇਰੀ ਮਰਜ਼ੀ ਤੋਂ ਬਿਨਾਂ ਤੁਸੀਂ ਮੇਰੇ ਨਜ਼ਦੀਕ ਨਹੀਂ ਆ ਸਕਦੇ ਆਪਣਾ ਸਮਾਂ ਅਜਾਈਂ ਨਾ ਗੁਆਓ ਮੈਂ ਆਪਣੇ ਆਪੇ ਤੋਂ ਬਾਖੂਬੀ ਵਾਕਿਫ ਹਾਂ ਤੁਹਾਡੇ ਮੈਨੂੰ ਪਸੰਦ ਕਰਨ ਤੋਂ ਜ਼ਿਆਦਾ ਮਾਅਨੇ ਮੇਰੀ ਪਸੰਦ ਰੱਖਦੀ ਹੈ

106. ਇਸ ਵਾਰ

ਇਸ ਵਾਰ ਤੂੰ ਨਹੀਂ ਮੈਂ ਛੱਡਾਂਗੀ ਤੈਨੂੰ ਚਲੀ ਜਾਵਾਂਗੀ ਚੁੱਪਚਾਪ ਬਿਨਾਂ ਕੁੱਝ ਕਹੇ ਬਿਨਾਂ ਕਿਸੇ ਕਸੂਰੋਂ ਛੱਡੇ ਜਾਣ ਦੀ ਪੀੜ ਤੇਰੀਆਂ ਨਸਾਂ ਵਿੱਚ ਪਾਰਾ ਬਣ ਕੇ ਤੈਨੂੰ ਅੰਦਰੋ ਅੰਦਰ ਪਾੜੇਗੀ ਕਿਉਂ ਛੱਡ ਦਿੱਤਾ ਮੈਨੂੰ ਇਹ ਸਵਾਲ ਤੇਰੇ ਜ਼ਿਹਨ ਵਿੱਚੋਂ ਕਦੀ ਨਹੀਂ ਨਿਕਲੇਗਾ ਇਸ ਸਭ ਦੇ ਨਾਲ ਜਾਹ ਬੁੱਧ ਬਣ ਕੇ ਦਿਖਾ

107. ਉਦਾਸ ਹੋ ਜਾਂਦੀ

ਉਦਾਸ ਹੋ ਜਾਂਦੀ ਜਦੋਂ ਖ਼ਿਆਲ ਆਉਂਦਾ ਕਿ ਮੈਂ ਜੀ ਰਹੀ ਹਾਂ ਉਧਾਰ ਦੀ ਜ਼ਿੰਦਗੀ ਜੋ ਮੇਰੀ ਨਹੀਂ ਜੋ ਸ਼ਾਇਦ ਕਿਸੇ ਦੀ ਵੀ ਨਹੀਂ ਅਕਸਰ ਸੋਚਦੀ ਕੀ ਪਾਪ ਕੀਤੇ ਹੋਣਗੇ ਪਿਛਲੇ ਜਨਮਾਂ ਵਿਚ ਜੋ ਸਜ਼ਾ ਇਸ ਜਨਮ ਵਿੱਚ ਮਿਲ ਰਹੀ ਕਿੰਨਾ ਚਿਰ ਜੀਅ ਸਕਦਾ ਕੋਈ ਬਿਗਾਨੀ ਆਸ ਤੇ ਰੱਬ ਕਿਤੇ ਮਿਲਦਾ ਹੋਵੇ ਤਾਂ ਜ਼ਰੂਰ ਪੁੱਛਾਂ ਗੁਨਾਹਗਾਰ ਤਾਂ ਹੋਰ ਵੀ ਬਹੁਤ ਹੋਣਗੇ ਫਿਰ ਮੈਂ ਕੀ ਗੁਨਾਹ ਕਰ ਦਿੱਤਾ ਜੋ ਮੇਰੇ ਹਿੱਸੇ ਸਿਰਫ਼ ਤੇ ਸਿਰਫ਼ ਇਕੱਲਾਪਣ ਆਇਆ

108. ਫੁੱਲਾਂ ਦੀ ਅਜੀਬ ਹੀ ਕਹਾਣੀ

ਫੁੱਲਾਂ ਦੀ ਅਜੀਬ ਹੀ ਕਹਾਣੀ ਜਨਮ ਤੇ ਜਨਮ ਦਿਨ ਤੇ ਵਿਆਹ ਤੇ ਬੱਚੇ ਦੀ ਪੈਦਾਇਸ਼ ਕੋਈ ਵੀ ਖ਼ੁਸ਼ੀ ਦਾ ਮੌਕਾ ਦਿਨ ਤਿਉਹਾਰ ਧਰਮ ਸਥਾਨ ਤੇ ਮ੍ਰਿਤਕ ਦੀ ਦੇਹ ਤੇ ਹਰ ਕਿਤੇ ਆਪਣੀ ਥਾਂ ਬਣਾ ਲੈਂਦੇ ਆਪਣੀ ਖੁਸ਼ਬੂ ਲੁਟਾਉਂਦੇ ਸੁਹੱਪਣ ਬਿਖੇਰਦੀ ਕੁਝ ਪਲਾਂ ਦੀ ਜ਼ਿੰਦਗੀ ਜੀ ਅਲਵਿਦਾ ਕਹਿ ਜਾਂਦੇ

109. ਮੈਂ ਇੱਕ ਸ਼ਾਂਤ ਨਦੀ

ਮੈਂ ਇੱਕ ਸ਼ਾਂਤ ਨਦੀ ਜੋ ਆਪਣੀ ਮੌਜ ਵਿੱਚ ਵਹਿੰਦੀ ਤੁਸੀਂ ਪੱਥਰ ਸੁੱਟਦੇ ਹੋ ਛਪਾਕ ਦੀ ਆਵਾਜ਼ ਥੋੜ੍ਹਾ ਜਿਹਾ ਪਾਣੀ ਉੱਪਰ ਉੱਠਦਾ ਮੈਂ ਅਡੋਲ ਸ਼ਾਂਤ ਤੁਸੀਂ ਇੰਜ ਹੀ ਪੱਥਰ ਸਿੱਟੋਗੇ ਮੇਰਾ ਰੂਪ ਬਦਲੇਗਾ ਆਪਣੀ ਜੱਦ ਵਿੱਚ ਆਉਂਦੀ ਹਰ ਚੀਜ਼ ਨੂੰ ਵਹਾ ਲੈ ਜਾਵਾਂਗੀ

110. ਇੱਛਾਵਾਂ ਦਾ ਕੀ ਹੈ

ਇੱਛਾਵਾਂ ਦਾ ਕੀ ਹੈ ਆਕਾਸ਼ ਮੰਗਦੀਆਂ ਨੇ ਕੁੜੀਆਂ ਦਾ ਕੀ ਹੈ ਪਰਵਾਜ਼ ਮੰਗਦੀਆਂ ਨੇ ਰੂਹਾਂ ਦਾ ਕੀ ਹੈ ਅਹਿਸਾਸ ਮੰਗਦੀਆਂ ਨੇ ਲੋੜਾਂ ਦਾ ਕੀ ਹੈ ਪਰਵਾਸ ਮੰਗਦੀਆਂ ਨੇ ਸੱਧਰਾਂ ਦਾ ਕੀ ਏ ਅਲਫ਼ਾਜ਼ ਮੰਗਦੀਆਂ ਨੇ ਪੀੜਾਂ ਦਾ ਕੀ ਐ ਧਰਵਾਸ ਮੰਗਦੀਆਂ ਨੇ ਲੋਥਾਂ ਦਾ ਕੀ ਹੈ ਸਵਾਸ ਮੰਗਦੀਆਂ ਨੇ

111. ਬੇਸ਼ੱਕ ਦੱਬਿਆ ਹੈ ਫ਼ਿਕਰਾਂ ਨੇ

ਬੇਸ਼ੱਕ ਦੱਬਿਆ ਹੈ ਫ਼ਿਕਰਾਂ ਨੇ ਤੂੰ ਮੁਸਕਰਾਹਟ ਆ ਸਕਦਾ ਹੈ ਤੇਰਾ ਘਰ ਦੂਰ ਹੀ ਸੀ ਤੂੰ ਮਿਲਣ ਆ ਸਕਦਾ ਹੈ ਕਿ ਜੇ ਮੈਂ ਰੁੱਸ ਗਿਆ ਹਾਂ ਤੂੰ ਮਨਾ ਤਾ ਸਕਨਾ ਏਂ

112. ਬੇਸ਼ੱਕ ਤੈਨੂੰ ਦੱਬ ਰੱਖਿਆ ਹੈ ਫ਼ਿਕਰਾਂ ਨੇ

ਬੇਸ਼ੱਕ ਤੈਨੂੰ ਦੱਬ ਰੱਖਿਆ ਹੈ ਫ਼ਿਕਰਾਂ ਨੇ ਤੂੰ ਮੁਸਕਰਾ ਤਾਂ ਸਕਦੈ ਰੁੱਸ ਗਿਆ ਹੈ ਕੋਈ ਜਾਨੋ ਪਿਆਰਾ ਤੇਰੇ ਤੋਂ ਤੂੰ ਮਨਾ ਤਾਂ ਸਕਦੈ ਮੰਨਿਆ ਸਭ ਪਾਸੇ ਧੋਖਾ ਤੇ ਬੇਵਫਾਈ ਤੂੰ ਨਿਭਾਅ ਤਾਂ ਸਕਦੈ ਤੇਰੇ ਆਪਣੇ ਮਿਲ ਗਏ ਜਾ ਕੇ ਗ਼ੈਰਾਂ ਨਾਲ ਤੂੰ ਦਿਲੋਂ ਭੁਲਾ ਤਾਂ ਸਕਦੈਂ ਚਾਰੇ ਪਾਸੇ ਬੇਈਮਾਨੀ ਕਾਲਾਬਾਜ਼ਾਰੀ ਤੂੰ ਹੱਕ ਦੀ ਖਾ ਤਾਂ ਸਕਦੈਂ ਕੋਈ ਕਿਸੇ ਨੂੰ ਖ਼ੁਸ਼ ਦੇਖ ਕੇ ਰਾਜ਼ੀ ਨਹੀਂ ਤੂੰ ਖਿਲ ਖਿਲਾ ਤਾਂ ਸਕਦੈਂ

113. ਕਿੱਥੇ ਕਿੱਥੇ ਤੇਰੀ ਯਾਰੀ

ਕਿੱਥੇ ਕਿੱਥੇ ਤੇਰੀ ਯਾਰੀ ਦੱਸ ਤਾਂ ਸਹੀ ਕੱਲ੍ਹ ਸੀ ਕਿੱਥੇ ਰਾਤ ਗੁਜ਼ਾਰੀ ਦੱਸ ਤਾਂ ਸਹੀ ਕਿਸ ਦੇ ਨਾਲ ਵਸਲ ਦੀ ਤਿਆਰੀ ਦੱਸ ਤਾਂ ਸਹੀ ਕਿਸ ਕਿਸ ਨਾਲ ਮੁਲਾਹਜ਼ੇਦਾਰੀ ਦੱਸ ਤਾਂ ਸਹੀ ਕਿਹੜੀ ਸੱਭ ਤੋਂ ਤੈਨੂੰ ਪਿਆਰੀ ਦੱਸ ਤਾਂ ਸਹੀ

114. ਤੇਰਾ ਕੱਦ

ਤੇਰਾ ਕੱਦ ਜ਼ਿੰਦਗੀ ਤੋਂ ਵੱਡਾ ਜਾਪਦਾ ਇੰਨੀ ਸਮਝ ਬੂਝ ਸੰਜੀਦਗੀ ਸਲੀਕਾ ਠਰੰਮਾ ਕਈ ਵਾਰ ਇਨਸਾਨ ਨਾ ਹੋ ਕਿਸੇ ਹੋਰ ਦੁਨੀਆਂ ਚੋਂ ਆਇਆ ਲੱਗਦਾ ਕਿਵੇਂ ਹੋ ਜਾਵਾਂ ਤੇਰੇ ਮੇਚ ਦੀ ਮੇਰੇ ਕੋਲ ਤੈਨੂੰ ਪਾ ਲੈਣ ਦੀ ਇੱਛਾ ਤੋਂ ਸਿਵਾ ਕੁਝ ਵੀ ਨਹੀਂ ਕੁਝ ਬੁਰਾਈਆਂ ਅਪਣਾ ਇੱਕੋ ਜਿਹੇ ਹੋ ਜਾਈਏ ਮੈਥੋਂ ਤੇਰੇ ਜਿੰਨਾ ਚੰਗਾ ਨ੍ਹੀਂ ਹੋਇਆ ਤੂੰ ਹੀ ਮੇਰੇ ਵਰਗਾ ਹੋ ਜਾ

115. ਇੱਕ ਇੱਕ ਕਦਮ ਪੁੱਟਦੇ ਹੋਏ

ਇੱਕ ਇੱਕ ਕਦਮ ਪੁੱਟਦੇ ਹੋਏ ਦੋ ਅਜਨਬੀ ਬਹੁਤ ਨੇੜੇ ਆ ਜਾਂਦੇ ਇਕ ਹੋ ਜਾਂਦੇ ਵਿਸ਼ਵਾਸ ਜਿੰਨਾ ਵੱਧਦਾ ਕੋਸ਼ਿਸ਼ ਘਟਦੀ ਅਣਗੌਲਿਆਂ ਕਰਦੇ ਇੱਕ ਇੱਕ ਕਦਮ ਪਿੱਛੇ ਹਟਦੇ ਫਿਰ ਅਜਨਬੀ ਬਣ ਜਾਂਦੇ

116. ਲੋੜ ਤੋਂ ਵੱਧ

ਲੋੜ ਤੋਂ ਵੱਧ ਕੋਈ ਵੀ ਚੀਜ਼ ਨੁਕਸਾਨਦਾਇਕ ਹੋ ਜਾਂਦੀ ਸਮੁੰਦਰ ਵਿੱਚ ਪਾਣੀ ਮਾਰੂਥਲ ਵਿੱਚ ਰੇਤ ਬੇਹਿਸਾਬੇ ਹੁੰਦੇ ਪਰ ਕਿਸੇ ਕੰਮ ਦੇ ਨਹੀਂ ਮੋਹ ਦੀਆਂ ਤੰਦਾਂ ਜ਼ਿਆਦਾ ਪੀਡੀਆਂ ਹੋਣ ਤੇ ਬੇੜੀਆਂ ਬਣ ਜਾਂਦੀਆਂ ਰਿਸ਼ਤੇ ਲੋੜ ਤੋਂ ਵੱਧ ਸਮਾਂ ਜਾਂ ਦਾ ਧਿਆਨ ਮੰਗਦੇ ਤਾਂ ਬੋਝ ਬਣ ਜਾਂਦੇ ਲੋੜ ਤੋਂ ਵੱਧ ਪੈਸਾ ਹਵਸ ਬਣ ਜਾਂਦਾ ਲੈ ਜਾਂਦਾ ਗਿਰਾਵਟ ਵੱਲ ਜ਼ਰੂਰਤ ਤੋਂ ਵੱਧ ਮਿਲਦਾ ਪਿਆਰ ਆਪਣੀ ਕੀਮਤ ਗੁਆ ਬੈਠਦਾ ਹਰ ਸ਼ੈਅ ਥੋੜ੍ਹੀ ਥੋੜ੍ਹੀ ਹਰੇਕ ਨੂੰ ਮਿਲੇ ਤਾਂ ਜ਼ਿੰਦਗੀ ਖੁਸ਼ਗਵਾਰ ਰਹਿੰਦੀ

117. ਕਿਸੇ ਕੋਲ ਸਮਾਂ ਹੀ ਨਹੀਂ

ਕਿਸੇ ਕੋਲ ਸਮਾਂ ਹੀ ਨਹੀਂ ਨਾ ਗੱਲ ਕਰਨ ਦਾ ਨਾ ਗੱਲ ਸੁਣਨ ਦਾ ਇਸੇ ਖ਼ਾਲੀਪਣ ਵਿੱਚ ਖ਼ਤਮ ਹੋ ਰਹੇ ਰਿਸ਼ਤੇ ਰਿਸ਼ਤਿਆਂ ਵਿੱਚ ਸਾਂਝ ਗੱਲਬਾਤ ਦੀ ਹੁੰਦੀ ਜੇ ਗੱਲਬਾਤ ਹੀ ਨਾ ਰਹੀ ਤਾਂ ਰਿਸ਼ਤੇ ਵੀ ਕਾਹਦੇ ਹਰ ਕੋਈ ਰੁੱਝਿਆ ਹੋਇਆ ਇੱਕ ਦੌੜ ਜਿਹੀ ਲੱਗੀ ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਇਸ ਦੌੜ ਭੱਜ ਵਿੱਚ ਕਿਤੇ ਗੁਆਚ ਜਾਂਦਾ ਸੰਵੇਦਨਸ਼ੀਲ ਮਨ ਇੰਜ ਜਾਪਦਾ ਆਪਣੇ ਖੋਲ ਵਿਚ ਲੁੱਕ ਜਾਵਾਂ ਜਿੱਥੇ ਨਾ ਕੋਈ ਉਮੀਦ ਨਾ ਕੋਈ ਆਸ ਬਸ ਆਪਣਾ ਸਾਥ ਉਤਰ ਜਾਵਾਂ ਆਪਣੇ ਅੰਦਰ ਤਲਾਸ਼ ਕਰਨਾ ਆਪਣੇ ਆਪ ਨੂੰ ਤੇ ਆਪਣੀ ਸਾਥੀ ਆਪ ਬਣ ਜਾਵਾਂ ਸਕੂਨ ਭਰੀ ਜ਼ਿੰਦਗੀ ਦਾ ਇਹੀ ਤਰੀਕਾ

118. ਤੂੰ ਏਂ ਨਾ ਸਮਝ

ਤੂੰ ਏਂ ਨਾ ਸਮਝ ਕਿ ਮੈਂ ਤੇਰੇ ਨਾਲ ਨਹੀਂ ਮੈਂ ਤੇਰੇ ਤੋਂ ਦੂਰ ਹੋ ਕੇ ਵੀ ਤੇਰੇ ਨਾਲ ਹਾਂ ਜੋ ਤਕਲੀਫ ਪਿੰਡੇ ਤੇ ਹੰਢਾਉਂਦਾ ਹੈ ਮੈਂ ਉਹੀ ਤਕਲੀਫ ਮਨ ਤੇ ਹੰਢਾਉਂਦੀ ਹਾਂ ਮੇਰਾ ਵੱਸ ਨਹੀਂ ਚਲਦਾ ਨਹੀਂ ਤਾਂ ਤੇਰਾ ਹਰ ਦੁੱਖ ਹਰ ਲਵਾਂ ਦੂਰੀ ਬਹੁਤ ਤਕਲੀਫ ਦਿੰਦੀ ਹੈ ਖ਼ਾਸ ਤੌਰ ਤੇ ਜਦੋਂ ਕੋਈ ਆਪਣਾ ਤਕਲੀਫ ਵਿੱਚ ਹੋਵੇ ਮੈਂ ਢਾਲ ਬਣ ਕੇ ਖੜ੍ਹੀ ਹੋਵਾਂਗੀ ਤੇਰੇ ਤੇ ਦੁੱਖਾਂ ਦੇ ਵਿਚਕਾਰ ਮੇਰਾ ਪਿਆਰ ਇੰਨਾ ਮਜ਼ਬੂਤ ਹੈ ਕਿ ਤੈਨੂੰ ਤੱਤੀ ਵਾ ਵੀ ਲੱਗਣ ਨਹੀਂ ਦੇਵੇਗਾ

119. ਸੁਣਿਆ ਦੁਨੀਆ ਗੋਲ ਹੈ

ਸੁਣਿਆ ਦੁਨੀਆ ਗੋਲ ਹੈ ਮੇਰੀ ਤਾਂ ਤੇਰੇ ਤੋਂ ਸ਼ੁਰੂ ਹੋ ਕੇ ਤੇਰੇ ਤੇ ਹੀ ਆ ਕੇ ਮੁੱਕ ਜਾਂਦੀ ਹੈ

120. ਚਾਹੁੰਦੀ ਹਾਂ ਤੈਨੂੰ ਮਹਿਸੂਸ ਕਰਨਾ

ਚਾਹੁੰਦੀ ਹਾਂ ਤੈਨੂੰ ਮਹਿਸੂਸ ਕਰਨਾ ਤੇਰੀ ਆਗੋਸ਼ ਦਾ ਨਿੱਘ ਤੇਰੇ ਸਾਹਾਂ ਦੀ ਮਹਿਕ ਤੇਰੀ ਛੋਹ ਆਪਣੇ ਥਿਰਕਦੇ ਬੁੱਲ੍ਹਾਂ ਤੇ ਤੇਰੇ ਬੁੱਲ੍ਹ ਤੇਰਾ ਆਲਿੰਗਨ ਜਿਸ ਵਿੱਚ ਮਹਿਸੂਸ ਹੋਵੇ ਅਪਣੱਤ ਸੁਰੱਖਿਆ ਤੇਰੇ ਪਸੀਨੇ ਦੀ ਖ਼ੁਸ਼ਬੋ ਆ ਆਪਾਂ ਇੱਕ ਹੋ ਜਾਈਏ ਆਪਣੇ ਆਲੇ ਦੁਆਲੇ ਪਿਆਰ ਦਾ ਘੇਰਾ ਬਣਾਈਏ

121. ਸੁੱਕੀ ਨਦੀ

ਸੁੱਕੀ ਨਦੀ ਦੇਖਦੀ ਡੈਮ ਦੇ ਗੇਟ ਵੱਲ ਕਦੋਂ ਖੁੱਲ੍ਹਣਗੇ ਤੇ ਮੈਨੂੰ ਲਬਾਲਬ ਕਰਨਗੇ ਕਦੀ ਵੇਖਦੀ ਬੱਦਲਾਂ ਵੱਲ ਕਦੋਂ ਵਰ੍ਹਨਗੇ ਮੈਨੂੰ ਸਰਸ਼ਾਰ ਕਰਨਗੇ

122. ਉਸ ਨੂੰ ਦੇਵਤਾ ਕੀ ਮੰਨਿਆ

ਉਸ ਨੂੰ ਦੇਵਤਾ ਕੀ ਮੰਨਿਆ ਉਹ ਪੱਥਰ ਦਾ ਹੋ ਗਿਆ ਪਹਿਲਾਂ ਉਸ ਦੀਆਂ ਲੱਤਾਂ ਪੱਥਰ ਦੀਆਂ ਹੋਈਆਂ ਮਿਲਣਾ ਜੁਲਣਾ ਘੱਟ ਕਰ ਦਿੱਤਾ ਫਿਰ ਉਸ ਦੇ ਹੱਥ ਪੱਥਰ ਦੇ ਹੋਏ ਫੋਨ ਕਰਨਾ ਬੰਦ ਕਰ ਦਿੱਤਾ ਫਿਰ ਉਸ ਦਾ ਮੂੰਹ ਪੱਥਰ ਦਾ ਹੋਇਆ ਗੱਲਬਾਤ ਕਰਨਾ ਬੰਦ ਕਰ ਦਿੱਤਾ ਅਖ਼ੀਰ ਉਸ ਦਾ ਦਿਲ ਪੱਥਰ ਦਾ ਹੋ ਗਿਆ ਮਹਿਸੂਸ ਕਰਨਾ ਬੰਦ ਕਰ ਦਿੱਤਾ ਇਸ ਤਰ੍ਹਾਂ ਉਹ ਪੱਥਰ ਦਾ ਬੁੱਤ ਬਣ ਮੇਰੇ ਮਨ ਦੇ ਮੰਦਰ ਤੋਂ ਲਹਿ ਗਿਆ

123. ਸੜਕ ਕਿਨਾਰੇ ਰੋੜੀ ਕੁੱਟਦੀ

1 ਸੜਕ ਕਿਨਾਰੇ ਰੋੜੀ ਕੁੱਟਦੀ ਘਸਿਆ ਸੂਟ ਪਾਈ ਮੁੜ੍ਹਕੋ ਮੁੜ੍ਹਕੀ ਹੋਈ ਧੁੱਪ ਨਾਲ ਸੜੀ ਚਮੜੀ ਦੂਰ ਖੇਤ ਦੀ ਆੜ ਵਿੱਚ ਪਿਆ ਬਾਲ ਜ਼ਾਰ ਜ਼ਾਰ ਰੋਂਦਾ ਬੱਚੇ ਨੂੰ ਚੁੱਪ ਕਰਾਉਂਦੀ ਦੂਰੋਂ ਹੀ ਤੇ ਰੋੜੀ ਕੁੱਟੀ ਜਾਂਦੀ 2 ਸੜਕ ਤੇ ਕਾਰ ਵਿੱਚ ਦੋ ਮੇਮ ਸਾਹਿਬ ਗੱਲਾਂ ਕਰਦਿਆਂ ਮਰਦਾਂ ਦੀ ਜ਼ੁਲਮ ਦੀਆਂ ਚਲਾਉਣ ਵਾਲੀ ਡਰਦੀ ਪਤੀ ਦੀ ਕਾਰ ਤੇ ਕੋਈ ਨਿਸ਼ਾਨ ਨਾ ਪੈ ਜਾਵੇ ਦੂਜੀ ਚਿਹਰੇ ਤੇ ਵੱਜੀ ਰਾਤ ਦੀ ਚਪੇੜ ਦੇ ਨਿਸ਼ਾਨ ਨੂੰ ਬਲੱਸ਼ਰ ਲਾ ਕੇ ਲੁਕਾਉਂਦੀ 3 ਦਫ਼ਤਰ ਵਿੱਚ ਸਹਾਇਕ ਅਫ਼ਸਰ ਆਪਣੇ ਸੀਨੀਅਰ ਦੇ ਬੁਲਾਉਣ ਤੇ ਕੈਬਿਨ ਵਿੱਚ ਜਾਣ ਤੋਂ ਝਿਜਕਦੀ ਥਾਂ ਕੁਥਾਂ ਹੱਥ ਲਾਉਂਦਾ ਬਹਾਨੇ ਨਾਲ ਅਫ਼ਸਰ ਉਹ ਘੁੱਟਦੀ ਚੁੱਪ ਰਹਿੰਦੀ 4 ਸੜਕ ਤੇ ਜਾਂਦਿਆਂ ਕਾਲਜ ਦੀਆਂ ਕੁੜੀਆਂ ਫਿਕਰੇ ਕੱਸ ਦੀ ਮਨਚਲੇ ਡਰਦੀਆਂ ਤੇਜ਼ ਤੁਰਨ ਲੱਗਦੀਆਂ 5 ਘਰ ਦੇ ਬਾਹਰ ਖੇਡਦੀ ਚਾਰ ਵਰ੍ਹਿਆਂ ਦੀ ਬਾਲੜੀ ਨਜ਼ਰ ਨਾ ਆਉਂਦੀ ਤਾਂ ਮਾਂ ਪ੍ਰੇਸ਼ਾਨ ਹੋ ਲੱਭਣ ਲੱਗਦੀ ਮਨ ਵਿਚ ਤੌਖ਼ਲਾ ਜਿਹਾ ਰਹਿੰਦਾ ਕਿਤੇ ਕੋਈ ਭਾਣਾ ਨਾ ਵਾਪਰ ਜਾਵੇ 6 ਪ੍ਰੇਮਿਕਾ ਹਰ ਵੇਲੇ ਫੱਬਣ ਦੀ ਕੋਸ਼ਿਸ਼ ਕਰਦੀ ਦਰਦੀ ਕਿਤੇ ਪ੍ਰੇਮੀ ਛੱਡ ਨਾ ਚਲਾ ਜਾਏ 7 ਬਿਮਾਰ ਪਤਨੀ ਸਰੀਰਕ ਯਾਤਨਾ ਤੋਂ ਡਰਦੀ ਅੱਖਾਂ ਬੰਦ ਕਰ ਸੁੱਤੇ ਹੋਣ ਦਾ ਨਾਟਕ ਕਰਦੀ ਪਤੀ ਨਾਲ ਹਮਬਿਸਤਰ ਹੋਣ ਤੋਂ ਬਚਣ ਲਈ ਇਹ ਸਭ ਹਰ ਪਲ ਵਾਪਰ ਰਿਹਾ ਹੈ ਫਿਰ ਵੀ ਤੁਹਾਨੂੰ ਮਹਿਲਾ ਦਿਵਸ ਦੀਆਂ ਮੁਬਾਰਕਾਂ

124. ਰੇਸ਼ਮ ਦੇ ਧਾਗੇ ਨਾਲ

ਰੇਸ਼ਮ ਦੇ ਧਾਗੇ ਨਾਲ ਸੁਰੱਖਿਆ ਦਾ ਵਾਅਦਾ ਕਿਸ ਉਮੀਦ ਨਾਲ ਉਨ੍ਹਾਂ ਭਰਾਵਾਂ ਤੋਂ ਜੋ ਦੂਜਿਆਂ ਦੀਆਂ ਭੈਣਾਂ ਨੂੰ ਅਸ਼ਲੀਲ ਨਜ਼ਰਾਂ ਨਾਲ ਤੱਕਦੇ ਤੱਕਦੇ ਇਹ ਭੁੱਲ ਜਾਂਦੇ ਉਨ੍ਹਾਂ ਦੇ ਘਰ ਵੀ ਹੈਗੀਆਂ ਨੇ ਭੈਣਾਂ ਜਿਨ੍ਹਾਂ ਨੂੰ ਹੋਰਾਂ ਦੇ ਭਰਾ ਤੱਕਦੇ ਹੋਣਗੇ ਅਸ਼ਲੀਲ ਨਜ਼ਰਾਂ ਨਾਲ

125. ਵੀਰਾ

ਵੀਰਾ ਤੂੰ ਮੇਰਾ ਸਹਾਰਾ ਬਣੀ ਲੋਕਾਂ ਨਾਲ ਤਾਂ ਮੈਂ ਆਪੇ ਲੜ ਲਵਾਂਗੀ ਜੋ ਮੇਰੇ ਵੱਲ ਉੱਠੇਗੀ ਨਜ਼ਰ ਮਾੜੀ ਨੀਅਤ ਨਾਲ ਉਸ ਦਾ ਮੁਕਾਬਲਾ ਆਪੇ ਕਰ ਲਵਾਂਗੀ ਵੀਰ ਹਰ ਥਾਂ ਨਹੀਂ ਹੋ ਸਕਦਾ ਮੇਰੇ ਨਾਲ ਮੈਂ ਜ਼ਿੰਦਗੀ ਵਿਚ ਅੱਗੇ ਵਧਣਾ ਸੁੰਨੀਆਂ ਅਣਜਾਣ ਰਾਹਾਂ ਤੇ ਆਪਣੀ ਤਰੱਕੀ ਦਾ ਰਾਹ ਲੱਭਣਾ ਕਿੱਥੇ ਕਿੱਥੇ ਜਾਵੇਗਾ ਉਹ ਆਪਣਾ ਘਰ ਬਾਰ ਛੱਡ ਮੇਰੇ ਨਾਲ ਮੈਨੂੰ ਆਪਣੇ ਲਈ ਆਪ ਹੀ ਲੜਨਾ ਪੈਣਾ ਅੱਜ ਰੇਸ਼ਮ ਦਾ ਧਾਗਾ ਵੀਰ ਦੇ ਗੁੱਟ ਤੇ ਬੰਨ੍ਹ ਉਸ ਤੋਂ ਮੰਗਦੀ ਕਿ ਆਪਣੀ ਧੀ ਨੂੰ ਮਜ਼ਬੂਤ ਬਣਾਵੇ ਸਮਝੌਤੇ ਕਰਨੇ ਨਾ ਸਿਖਾਵੇ ਸਿਖਾਵੇ ਉਸ ਨੂੰ ਹਰ ਚੰਗੀ ਬੁਰੀ ਨਜ਼ਰ ਦਾ ਸਾਹਮਣਾ ਕਰਨਾ ਹਰ ਮੁਸ਼ਕਿਲ ਨਾਲ ਡਟ ਕੇ ਲੜਨਾ ਮੈਨੂੰ ਇਹੋ ਤੋਹਫਾ ਚਾਹੀਦਾ ਰੱਖੜੀ ਦਾ ਮਜ਼ਬੂਤ ਹੋਵੇ ਮੇਰੇ ਪੰਜਾਬ ਦੀ ਹਰ ਧੀ ਜੋ ਵਾਰਸ ਹੈ ਮਾਈ ਭਾਗੋ ਦੀ

126. ਹਰ ਕਿਸੇ ਨੂੰ

ਹਰ ਕਿਸੇ ਨੂੰ ਸੋਹਣੀ,ਗੋਰੀ, ਪਤਲੀ, ਲੰਬੀ ਜੀਵਨ ਸਾਥਣ ਚਾਹੀਦੀ ਮੋਟੀਆਂ ਕਾਲੀਆਂ ਤੇ ਮਧਰੀਆਂ ਕੁੜੀਆਂ ਨਾਲ ਕੌਣ ਵਿਆਹ ਕਰਵਾਉਂਗਾ ਹਰ ਕੁੜੀ ਨੂੰ ਲੰਬਾ,ਸੁਨੱਖਾ,ਅਫ਼ਸਰ ਜ਼ਮੀਨ ਜਾਇਦਾਦ ਵਾਲਾ ਵਰ ਚਾਹੀਦਾ ਆਮ ਜਿਹੇ,ਬੇਜ਼ਮੀਨੇ,ਬੇਰੁਜ਼ਗਾਰ ਮੁੰਡਿਆਂ ਨਾਲ ਕੌਣ ਵਿਆਹ ਕਰਵਾਏਗੀ ਨਸ਼ਾ ਕਰਨ ਵਾਲੇ ਨੂੰ ਨਾ ਪਰਿਵਾਰ ਪਸੰਦ ਕਰੇ ਨਾ ਰਿਸ਼ਤਾ ਹੋਵੇ ਜਦ ਅਪਣੱਤ ਹੀ ਨਹੀਂ ਨਸ਼ਾ ਕਿਵੇਂ ਛੁੱਟੇਗਾ ਜੀਵਨ ਕਿਵੇਂ ਸੁਧਰੇਗਾ ਬਲਾਤਕਾਰ ਦੀ ਸ਼ਿਕਾਰ ਕੁੜੀ ਨੂੰ ਕੋਈ ਨਹੀਂ ਅਪਨਾਉਂਦਾ ਉਸ ਦਾ ਜੀਵਨ ਕੌਣ ਬਣਾਏਗਾ ਸਿਰਫਿਰੇ ਆਸ਼ਕ ਨੇ ਮੂੰਹ ਤੇ ਤੇਜ਼ਾਬ ਸੁੱਟਿਆ ਲੈ ਲਿਆ ਬਦਲਾ ਹੁਣ ਉਸ ਧੀ ਨੂੰ ਕਿਹੜਾ ਆਪਣੇ ਲੜ ਲਾਏਗਾ ਸੂਰਤ ਦੀ ਹਰ ਪਾਸੇ ਚਰਚਾ ਸੀਰਤ ਦਾ ਕੋਈ ਨਾਂ ਨਾ ਲੈਂਦਾ ਫਿਰ ਜ਼ਿੰਦਗੀ ਵਿਚ ਸੁੱਖ ਕਿੱਥੋਂ ਆਏਗਾ ਸੋਚੋ ਸਮਝੋ ਤੇ ਵਿਚਾਰੋ ਜੀਵਨ ਦਾ ਹਰ ਪੱਖ ਸਵਾਰੋ ਰੂਪ ਰੰਗ ਵਿੱਚ ਕੁਝ ਨਹੀਂ ਰੱਖਿਆ ਗੁਣ ਹੀ ਬੇੜਾ ਬੰਨੇ ਲਾਏਗਾ

127. ਮਾਰੂਥਲ ਜਿਹੀ ਜ਼ਿੰਦਗੀ ਵਿਚ

ਮਾਰੂਥਲ ਜਿਹੀ ਜ਼ਿੰਦਗੀ ਵਿਚ ਮੋਹ ਦੀਆਂ ਕਣੀਆਂ ਬੁੱਲ੍ਹਾਂ ਤੇ ਆਈ ਸਿੱਕਰੀ ਲਈ ਘਿਓ ਦੀਆਂ ਬੂੰਦਾਂ ਵੀਰਾਨ ਪਈ ਜ਼ਿੰਦਗੀ ਲਈ ਬਹਾਰਾਂ ਦੇ ਮੌਸਮ ਰਿਸਦੇ ਹੋਏ ਜ਼ਖਮਾਂ ਲਈ ਰੂੰਅ ਦਾ ਫੈਹਾ ਸੁੰਨਸਾਨ ਦਿਲ ਲਈ ਦਿਲਕਸ਼ ਸੰਗੀਤ ਯਖ਼ ਠੰਢੇ ਅਹਿਸਾਸ ਲਈ ਕੋਸੀ ਜਿਹੀ ਧੁੱਪ ਬੇਮਕਸਦ ਜ਼ਿੰਦਗੀ ਲਈ ਜੀਣ ਦਾ ਬਹਾਨਾ ਝੂਠ ਦੇ ਪਸਾਰੇ ਵਿੱਚ ਸੱਚ ਦੀ ਰੋਸ਼ਨੀ ਪੱਥਰ ਹੋ ਚੁੱਕੇ ਸਰੀਰ ਲਈ ਮੋਹ ਦੀ ਗਲਵੱਕੜੀ ਸੁੱਤੇ ਹੋਏ ਅਹਿਸਾਸਾਂ ਨੂੰ ਜਗਾਉਣ ਲਈ ਇੱਕ ਹਲੂਣਾ ਤਪਦੀ ਹੋਈ ਜਿੰਦ ਲਈ ਪੱਛੋਂ ਦਾ ਬੁੱਲ੍ਹਾ ਮਰ ਚੁੱਕੇ ਅਹਿਸਾਸਾਂ ਲਈ ਪੁਰੇ ਦੀ ਹਵਾ ਬੇਭਰੋਸਗੀ ਤੋਂ ਮੁਕਤ ਕਰਨ ਲਈ ਮੱਥੇ ਦਾ ਚੁੰਮਣ ਰੂਹ ਨੂੰ ਆਜ਼ਾਦ ਕਰਨ ਲਈ ਕਲਾਵਾ ਭਰਨਾ ਦੁਨੀਆਂ ਲਈ ਕੁਝ ਵੀ ਹੋਏ ਮੇਰੇ ਲਈ ਬਣਿਆ ਮੁਕਤੀ ਦਾ ਰਾਹ

128. ਕੀ ਹੈ ਅਜਿਹਾ

ਕੀ ਹੈ ਅਜਿਹਾ ਚੁੰਬਕੀ ਪ੍ਰਭਾਵ ਤੇਰੇ ਵਿੱਚ ਜੋ ਆਪਣੇ ਵੱਲ ਖਿੱਚਦਾ ਹਰ ਕਿਸੇ ਨੂੰ ਤੂੰ ਕਿਸੇ ਕੋਨੇ ਵਿੱਚ ਵੀ ਹੋਵੇ ਸਭ ਦਾ ਧਿਆਨ ਤੇਰੇ ਵੱਲ ਕਿਉਂ ਹੋ ਜਾਂਦਾ ਇੱਕ ਜਾਦੂਈ ਤਿਲਸਮ ਲੱਗਦਾ ਤੇਰੇ ਆਲੇ ਦੁਆਲੇ ਕੋਈ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਪਰ ਤੂੰ ਅਣਭਿੱਜ ਆਪਣੀ ਇਸ ਖਿੱਚ ਤੋਂ ਵਿਚਰਦਾ ਆਮ ਲੋਕਾਂ ਵਾਂਗ ਤੇਰਾ ਇਹੀ ਗੁਣ ਤੈਨੂੰ ਖ਼ਾਸ ਬਣਾਉਂਦਾ

129. ਜੋ ਦਿਸਦਾ

ਜੋ ਦਿਸਦਾ ਤੂੰ ਉਹ ਨਹੀਂ ਤੇਰੇ ਚਿਹਰੇ ਦੀ ਚਮਕ ਤੇਰੇ ਮਨ ਦੀ ਕਾਲਖ ਨੂੰ ਲੁਕਾ ਨਹੀਂ ਸਕਦੀ ਤੇਰੀਆਂ ਮਿੱਠੀਆਂ ਗੱਲਾਂ ਤੇਰੇ ਅੰਦਰ ਦੀ ਕੁੜੱਤਣ ਨੂੰ ਘਟਾ ਨਹੀਂ ਸਕਦੀਆਂ ਤੇਰਾ ਪਹਿਰਾਵਾ ਸੋਚ ਦੀ ਅਪੰਗਤਾ ਨੂੰ ਲੁਕਾ ਨਹੀਂ ਸਕਦਾ ਅਸਲੀ ਰੂਪ ਦੇਖ ਲਿਆ ਜੋ ਬਹੁਤ ਭਿਆਨਕ ਹੈ ਮਨੁੱਖਤਾ ਤੋਂ ਕੋਹਾਂ ਦੂਰ ਵਹਿਸ਼ੀ ਮਨ ਮੁੱਖ ਤੇ ਗੱਲਾਂ ਕਦਰਾਂ ਕੀਮਤਾਂ ਦੀਆਂ ਤੇ ਸੋਚ ਨੈਤਿਕਤਾ ਤੋਂ ਕੋਹਾਂ ਦੂਰ ਹੁਣ ਜਦੋਂ ਕੋਈ ਤੈਨੂੰ ਵੱਡਾ ਕਹਿੰਦਾ ਮਨ ਹੀ ਮਨ ਵਿੱਚ ਹੱਸਦੀ ਨਹੀਂ ਜਾਣਦੇ ਲੋਕ ਤੇਰੇ ਅਸਲੀ ਰੂਪ ਨੂੰ ਜੋ ਉਨ੍ਹਾਂ ਹੀ ਕੋਝਾ ਜਿੰਨਾ ਕੋਈ ਵਹਿਸ਼ੀ ਦਰਿੰਦਾ

130. ਇੰਝ ਲੱਗਿਆ

ਇੰਝ ਲੱਗਿਆ ਕੰਨਾਂ ਵਿੱਚ ਕਿਸੇ ਨੇ ਸੀਸਾ ਘੋਲ ਕੇ ਪਾ ਦਿੱਤਾ ਜਦ ਛੇਵੀਂ ਦੇ ਉਸ ਬੱਚੇ ਨੇ ਡਰਦਿਆਂ ਡਰਦਿਆਂ ਕਿਹਾ ਦਸਵੀਂ ਜਮਾਤ ਦਾ ਮੁੰਡਾ ਮੈਨੂੰ ਕਮਰੇ ਵਿੱਚ ਲਿਜਾ ਆਪਣੀ ਸਹੇਲੀ ਬਣਨ ਨੂੰ ਕਹਿੰਦਾ ਪਿਛਲੇ ਪਾਸੇ ਉਂਗਲਾਂ ਦਿੰਦਾ ਇੰਨਾ ਕਹਿ ਪਰਲ ਪਰਲ ਹੰਝੂ ਵਹਿਣ ਲੱਗੇ ਉਸ ਦੀਆਂ ਅੱਖਾਂ ਵਿੱਚੋਂ ਮੈਂ ਹੈਰਾਨ ਪਰੇਸ਼ਾਨ ਕਿਵੇਂ ਦੱਸਾਂ ਮਾਸੂਮ ਬਾਲ ਨੂੰ ਇਹ ਵੀ ਬਲਾਤਕਾਰ ਹੁੰਦਾ

131. ਮੈਨੂੰ ਪਿੰਡ ਹੀ ਰਹਿਣ ਦਿਓ

ਮੈਂ ਸ਼ਹਿਰ ਨਹੀਂ ਹੋਣਾ ਚਾਹੁੰਦਾ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਚੌੜੀਆਂ ਸੜਕਾਂ ਸੜਕਾਂ ਤੇ ਲੱਗੀਆਂ ਸਟ੍ਰੀਟ ਲਾਈਟਾਂ ਹਰੇ ਭਰੇ ਇਕੋ ਜਿਹੇ ਦਰੱਖਤ ਬੇਸ਼ੁਮਾਰ ਗੱਡੀਆਂ ਦੁਪਹੀਆ ਵਾਹਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਸ਼ੋਰਗੁਲ ਸ਼ੌਪਿੰਗ ਮੌਲ ਫੂਡ ਜੌਇੰਟ ਅਣਜਾਣ ਗੁਆਂਢੀ ਖ਼ੂਬਸੂਰਤ ਸ਼ਮਸ਼ਾਨ ਘਰ ਤਰਤੀਬ ਨਾਲ ਬਣੇ ਫਲੈਟ ਸ਼ਾਮ ਦੀ ਸੈਰ ਤੇ ਟਹਿਲਦੇ ਲੋਕ ਇਸ ਸਭ ਵਿੱਚ ਗੁਆਚ ਜਾਏਗਾ ਮੇਰਾ ਨਿੱਘ ਮੇਰੀ ਅਪਣੱਤ ਮੇਰੇ ਨਿਵਾਸੀਆਂ ਦਾ ਆਪਸੀ ਮੋਹ ਇੱਕ ਦੂਜੇ ਦੇ ਨਾਨਕੇ ਦਾਦਕਿਆਂ ਤਕ ਦੀ ਸਾਂਝ ਸਾਂਝੇ ਦੁੱਖ ਸੁੱਖ ਬੋਹੜ ਹੇਠ ਬੈਠੇ ਬਾਬੇ ਸਾਂਝੀਆਂ ਮਕਾਣਾਂ ਧੁੱਪੇ ਡਾਹੇ ਮੰਜੇ ਪੀੜ੍ਹੀਆਂ ਦੀ ਸਾਂਝ ਸਾਂਝੇ ਲੰਗਰ ਖੁਰਲੀਆ ਤੇ ਬੰਨ੍ਹੇ ਡੰਗਰ ਸਾਂਝੀਆਂ ਲੋਹੜੀਆਂ ਮੇਲੇ ਜਾਂਦੀਆਂ ਟਰਾਲੀਆਂ ਹੱਸਦੇ ਖੇਡਦੇ ਕਿਸਾਨ ਤੇ ਕਾਮੇ ਸਾਧਾਰਨ ਜਾਮੇ ਮੈਂ ਖ਼ੁਸ਼ ਹਾਂ ਸਾਦਗੀ ਵਿੱਚ ਨਹੀਂ ਬਣਨਾ ਆਧੁਨਿਕ ਮੈਨੂੰ ਪਿੰਡ ਹੀ ਰਹਿਣ ਦਿਓ

132. ਜ਼ੈਲਾ

ਜ਼ੈਲਾ ਸਾਡਾ ਸੀਰੀ ਨਿੱਕੀ ਜਿਹੀ ਗੱਲ ਤੇ ਝੱਟ ਫੋਨ ਕਰ ਦਿੰਦਾ ਫਲਾਨੇ ਨੇ ਆਪਣੀ ਵ੍ਹੱਟ ਤੋਂ ਦਰੱਖਤ ਵੱਢ ਲਿਆ ਫਲਾਨਾ ਅੱਜ ਚਰੀ ਦੀ ਭਰੀ ਲੈ ਗਿਆ ਨਿੱਕੀ ਨਿੱਕੀ ਗੱਲ ਤੇ ਚਿੰਤਾਤੁਰ ਹੋ ਜਾਂਦਾ ਸਮਝ ਨਾ ਆਉਂਦੀ ਫ਼ਿਕਰ ਕਿਉਂ ਕਰਦਾ ਸਿਰਫ ਕੰਮ ਹੀ ਕਰਦਾ ਸਾਡੇ ਨਾਲ ਜਦੋਂ ਮੋਰਚੇ ਤੇ ਦਿੱਲੀ ਗਿਆ ਸਮਝ ਆਈ ਜ਼ਮੀਨ ਨਾਂ ਸਾਡੇ ਸੀ ਪਰ ਮਾਂ ਉਹਦੀ ਵੀ ਸੀ

133. ਇਜ਼ਹਾਰ

ਮਿਲ ਕੇ ਗੱਲ ਕਰਿਆ ਕਰ ਫੋਨ ਤੇ ਹਾਵ ਭਾਵ ਨਹੀਂ ਦਿਸਦੇ ਮਨ ਪ੍ਰੇਸ਼ਾਨ ਹੋ ਜਾਂਦਾ ਕਿਤੇ ਤੂੰ ਉੱਪਰੋਂ ਉੱਪਰੋਂ ਤਾਂ ਨਹੀਂ ਕਹਿ ਰਿਹਾ ਜਾਣਨਾ ਚਾਹੁੰਦੀ ਕੀ ਤੇਰੀਆਂ ਅੱਖਾਂ ਤੇਰੀ ਜ਼ੁਬਾਨ ਦਾ ਸਾਥ ਦੇ ਰਹੀਆਂ ਪੜ੍ਹਨਾ ਚਾਹੁੰਦੀ ਤੇਰਾ ਚਿਹਰਾ ਤੇਰੇ ਬੋਲਾਂ ਤੋਂ ਜ਼ਿਆਦਾ ਤੇਰੀਆਂ ਅੱਖਾਂ ਤੇ ਯਕੀਨ ਜ਼ਬਾਨ ਝੂਠ ਬੋਲ ਸਕਦੀ ਪਰ ਅੱਖਾਂ ਸਭ ਸੱਚ ਬਿਆਨਦੀਆਂ ਸਾਹਮਣੇ ਬਹਿ ਦਿਲ ਦੀ ਗੱਲ ਕਹਿ ਮੋਬਾਇਲ ਤੇ ਕਿਹਾ ਆਈ ਲਵ ਯੂ ਜਿਸ ਚੋਂ ਹੁਣ ਆਈ ਵੀ ਹਟ ਗਿਆ ਰਹਿ ਗਿਆ ਕੱਲਾ ਲਵ ਯੂ ਇੰਜ ਲੱਗਦਾ ਸੁਣਾਇਆ ਮੈਨੂੰ ਜਾਂਦਾ ਕਿਹਾ ਕਿਸੇ ਹੋਰ ਨੂੰ ਆ ਆਹਮੋ ਸਾਹਮਣੇ ਬਹਿ ਜਜ਼ਬਾਤ ਦਾ ਇਜ਼ਹਾਰ ਕਰੀਏ

134. ਮੁਹੱਬਤ ਵਿਹੂਣੇ

ਮੁਹੱਬਤ ਵਿਹੂਣੇ ਦਿਲ ਮੇਲੇ ਵਿਚ ਗੁਆਚੇ ਬੱਚੇ ਵਾਂਗ ਹੁੰਦੇ ਜਿਸ ਚੋਂ ਮਾਂ ਦਾ ਝਾਉਲਾ ਪੈਂਦਾ ਉਸੇ ਮਗਰ ਲੱਗ ਤੁਰਦੇ ਥੋੜ੍ਹੀ ਦੂਰ ਪਹੁੰਚ ਚਿਹਰਾ ਮੋਹਰਾ ਤਕ ਜਾਣ ਲੈਂਦੇ ਉਹ ਆਪਣਾ ਨਹੀਂ ਜਿਸ ਦੀ ਤਲਾਸ਼ ਵਿੱਚ ਭਟਕ ਰਹੇ ਕਿਸੇ ਹੋਰ ਗੁਲਾਬੀ ਚੁੰਨੀ ਵੱਲ ਮੁੜ ਪੈਂਦੇ ਦਰ ਬ ਦਰ ਮੁਹੱਬਤ ਤੋਂ ਸੱਖਣੇ ਭਟਕਦੇ ਰਹਿੰਦੇ ਤਲਾਸ਼ ਵਿੱਚ

135. ਦੇਵਤਾ ਹੋਇਆ ਪੱਥਰ

ਉਸ ਨੂੰ ਦੇਵਤਾ ਕੀ ਮੰਨਿਆ ਉਹ ਪੱਥਰ ਦਾ ਹੋ ਗਿਆ ਪਹਿਲਾਂ ਉਸ ਦੀਆਂ ਲੱਤਾਂ ਪੱਥਰ ਦੀਆਂ ਹੋਈਆਂ ਆਉਣਾ ਜਾਣਾ ਘੱਟ ਕਰ ਦਿੱਤਾ ਫਿਰ ਉਸ ਦੇ ਹੱਥ ਪੱਥਰ ਦੇ ਹੋਏ ਫੋਨ ਕਰਨਾ ਬੰਦ ਕਰ ਦਿੱਤਾ ਫਿਰ ਉਸ ਦਾ ਮੂੰਹ ਪੱਥਰ ਦਾ ਹੋਇਆ ਗੱਲਬਾਤ ਕਰਨਾ ਬੰਦ ਕਰ ਦਿੱਤਾ ਅਖ਼ੀਰ ਉਸ ਦਾ ਦਿਲ ਪੱਥਰ ਦਾ ਹੋ ਗਿਆ ਮਹਿਸੂਸ ਕਰਨਾ ਬੰਦ ਕਰ ਦਿੱਤਾ ਇਸ ਤਰ੍ਹਾਂ ਉਹ ਪੱਥਰ ਦਾ ਬੁੱਤ ਬਣ ਮੇਰੇ ਮਨ ਦੇ ਮੰਦਰ ਤੋਂ ਲਹਿ ਗਿਆ

136. ਹੱਥ

ਗੋਰੇ ਗੋਰੇ ਮਲੂਕ ਜਿਹੇ ਹੱਥ ਪਾੜ੍ਹਿਆਂ ਦੇ ਹੱਥ ਕਲਮਾਂ ਵਾਲਿਆਂ ਦੇ ਹੱਥ ਲੰਮੇ ਪਤਲੇ ਸੁਰੀਲੇ ਜਿਹੇ ਹੱਥ ਬਾਤ ਚੀਤ ਨਾਲ ਨ੍ਰਿਤ ਕਰਦੇ ਹੱਥ ਪ੍ਰਚਾਰਕਾਂ ਦੇ ਹੱਥ ਸਜੇ ਸੰਵਰੇ ਮੁੰਦਰੀਆਂ ਵਾਲੇ ਹੱਥ ਮਹਿੰਦੀ ਵਾਲੇ ਹੱਥ ਝੂਮਦੇ ਹੱਥ ਸੱਜ ਵਿਆਹੀਆਂ ਦੇ ਹੱਥ ਸਾਦੇ ਜਿਹੇ ਆਮ ਦਿਖਦੇ ਹੱਥ ਜੋੜਾਂ ਤੋਂ ਚਿੱਟੇ ਖੁਸ਼ੀ ਭਰੇ ਹੱਥ ਘਰਾਂ ਵਿੱਚ ਕੰਮ ਕਰਦੀਆਂ ਨਾਰੀਆਂ ਦੇ ਹੱਥ ਰੁੱਖੇ ਸੁੱਖੇ ਥਾਂ ਥਾਂ ਤੋਂ ਪਾਟੇ ਕਤਰੇ ਹੋਏ ਹੱਥ ਖੁਰਦਰੇ ਹੱਥ ਕਾਮਿਆਂ ਦੇ ਹੱਥ ਮਜ਼ਦੂਰਾਂ ਦੇ ਹੱਥ ਕਾਮਿਆਂ ਦੇ ਹੱਥ

137. ਹੋਲੀ

ਮਨ ਦੇ ਕੈਨਵਸ ਤੇ ਰੰਗ ਰੰਗ ਦੇ ਫੁੱਲਾਂ ਦੀ ਬਹਾਰ ਖ਼ੁਸ਼ੀਆਂ ਤੇ ਖੇੜੇ ਪੀ ਕੇ ਸਾਰੀ ਕੁੜੱਤਣ ਜ਼ਮਾਨੇ ਦੀ ਨੀਲ ਰੰਗੀ ਹੋ ਭੋਲੇ ਨਾਥ ਦੀ ਤਰ੍ਹਾਂ ਸੁਰਖੁਰੂ ਹੋ ਮਾਂਗ ਵਿੱਚ ਭਰੇ ਸੰਧੂਰ ਦੀ ਤਰ੍ਹਾਂ ਖਿੜ ਜਾਣ ਸੱਧਰਾਂ ਦੁਪਹਿਰ ਖਿੜੀ ਦੀ ਤਰ੍ਹਾਂ ਸੋਨ ਰੰਗੀ ਪਿਲੱਤਣ ਨਾਲ ਭਰ ਮਹਿਕ ਜਾ ਗੁਲਾਬਾਂ ਦੀ ਤਰ੍ਹਾਂ ਮੌਲੀ ਧਰਤੀ ਮੌਲਿਆ ਅੰਬਰ ਰਚ ਵਸ ਜਾ ਕੁਦਰਤੀ ਦੀ ਨਿਰੰਤਰ ਖੇਡੀ ਜਾ ਰਹੀ ਹੋਲੀ ਵਿੱਚ

138. ਅੱਜ ਦੀ ਨਾਰੀ

ਕਦੀ ਕਿਸੇ ਨੇ ਸੋਹਣੀ ਨਹੀਂ ਕਿਹਾ ਕਿਉਂਕਿ ਮੈਂ ਬਿਹਤਰ ਹੋਣਾ ਜਾਣਦੀ ਹਾਂ ਕਦੀ ਕਿਸੇ ਨੇ ਸਾਊ ਨਹੀਂ ਕਿਹਾ ਕਿਉਂਕਿ ਮੈਂ ਹੱਕਾਂ ਲਈ ਬੋਲਣਾ ਜਾਣਦੀ ਹਾਂ ਕਦੀ ਕਿਸੇ ਨੇ ਸਮਝਦਾਰ ਨਹੀਂ ਕਿਹਾ ਕਿਉਂਕਿ ਮੈਂ ਸਹੀ ਦੇ ਹੱਕ ਵਿੱਚ ਭੁਗਤਣਾ ਜਾਣਦੀ ਹਾਂ ਕਦੀ ਕਿਸੇ ਨੇ ਨਿਮਰ ਨਹੀਂ ਕਿਹਾ ਕਿਉਂਕਿ ਮੈਂ ਸਿਤਮ ਸਹਿਣ ਤੋਂ ਇਨਕਾਰੀ ਹੋਣਾ ਜਾਣਦੀ ਹਾਂ ਕਦੀ ਕਿਸੇ ਨੇ ਪਿਆਰੀ ਨਹੀਂ ਕਿਹਾ ਕਿਉਂਕਿ ਮੈਂ ਪਿਆਰ ਤੇ ਪ੍ਰਤਾੜਨਾ ਵਿਚਲਾ ਫਰਕ ਜਾਣਦੀ ਹਾਂ ਕਦੀ ਕਿਸੇ ਨੇ ਸ਼ਰੀਫ ਨਹੀਂ ਕਿਹਾ ਕਿਉਂਕਿ ਮੈਂ ਦੂਜਿਆਂ ਲਈ ਬੋਲਣਾ ਜਾਣਦੀ ਹਾਂ ਕਦੀ ਨਹੀਂ ਬੱਝ ਸਕਦੀ ਖੋਖਲੇ ਨੇਮਾਂ ਵਿੱਚ ਕਿਉਂਕਿ ਮੈਂ ਖੁੱਲ੍ਹੇ ਅੰਬਰਾਂ ਵਿੱਚ ਉੱਡਣਾ ਜਾਣਦੀ ਹਾਂ

139. ਬੇਲਿਹਾਜ਼ ਔਰਤ

ਮੈਂ ਬੇਲਿਹਾਜ਼ ਔਰਤ ਹਾਂ ਬੇਬਾਕੀ ਨਾਲ ਆਪਣੀ ਗੱਲ ਕਹਿਣ ਵਾਲੀ ਜੇ ਕੋਈ ਪੁਰਸ਼ ਮੈਨੂੰ ਪਸੰਦ ਹੈ ਤਾਂ ਅਗਾਂਹ ਵਧ ਕੇ ਖ਼ੁਦ ਕਹਾਂਗੀ ਪਰ ਜੇ ਕੋਈ ਮੇਰੇ ਮਨ ਨੂੰ ਨਹੀਂ ਭਾਉਂਦਾ ਉਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੈਂ ਉਸ ਦੀ ਨਹੀਂ ਹੋ ਸਕਦੀ ਮੇਰੇ ਲਈ ਮੇਰੀ ਮਰਜ਼ੀ ਮੇਰੀ ਇੱਛਾ ਜ਼ਰੂਰੀ ਹੈ ਮੈਂ ਸਿਰਫ਼ ਰਿਸ਼ਤੇ ਨਿਭਾਉਣ ਲਈ ਰਿਸ਼ਤੇ ਨਹੀਂ ਨਿਭਾਉਂਦੀ ਮੈਂ ਰੂਹ ਨਾਲ ਰਿਸ਼ਤੇ ਨਿਭਾਉਂਦੀ ਹਾਂ ਜਿੱਥੇ ਮੈਨੂੰ ਲੱਗੇ ਨੀਅਤ ਰਿਸ਼ਤਾ ਨਿਭਾਉਣ ਦੀ ਨਹੀਂ ਮੈਂ ਪਿਛਾਂਹ ਹਟ ਜਾਂਦੀ ਹਾਂ ਤੇਰਾ ਧੰਨ ਦੌਲਤ ਤੇਰਾ ਰੁਤਬਾ ਤੇਰੀ ਚਮਕਦੀ ਕਾਰ ਤੇਰਾ ਆਲੀਸ਼ਾਨ ਘਰ ਮੇਰੀ ਰੂਹ ਨੂੰ ਨਹੀਂ ਬੰਨ੍ਹ ਸਕਦੇ ਮੈਨੂੰ ਚੀਜ਼ਾਂ ਦੀ ਨਹੀਂ ਖ਼ੁਸ਼ੀ ਦੀ ਲੋੜ ਹੈ ਅਪਣੱਤ ਚਾਹੁੰਦੀ ਹਾਂ ਬਿਨਾਂ ਸ਼ਰਤਾਂ ਤੋਂ ਪਿਆਰ ਕਰ ਸਕਦਾ ਹੈ ਤਾਂ ਆ ਸ਼ਰਤਾਂ ਤੇ ਵਪਾਰ ਹੁੰਦਾ ਹੈ ਪਿਆਰ ਨਹੀ

140. ਅਸਲ ਧਰਮ

ਇਕ ਲੱਤ ਇਕ ਹੱਥ ਵਾਲਾ ਬਾਸ਼ਿੰਦਾ ਵਿੱਚ ਬਹਿਸ਼ਤਾਂ ਆਇਆ ਬਾਬੇ ਨਾਨਕ ਵੇਖਿਆ ਉਹਨੂੰ ਗਲ ਨਾਲ ਲਾਇਆ ਪੁੱਛਿਆ ਬਾਬੇ ਪਿਆਰ ਨਾਲ ਕਿੰਜ ਆਇਆ ਬੱਲਿਆ ਚੁੱਪ ਚਾਪ ਉਹ ਵੇਖੇ ਨਾ ਬੋਲਿਆ ਨਾ ਹਲਿਆ ਬਾਬੇ ਦਿੱਤਾ ਹੌਸਲਾ ਹੱਥ ਫੜ ਕੋਲ ਬਿਠਾਇਆ ਪਿਆਰ ਨਾਲ ਫਿਰ ਪੁੱਛਿਆ ਇਕ ਹੱਥ ਕਿੱਥੇ ਛੱਡ ਆਇਆ ਡਰਦਾ ਡਰਦਾ ਬੋਲਿਆ ਹੋ ਗਈ ਬੇਅਦਬੀ ਮੈਥੋਂ ਹੱਥ ਮੇਰਾ ਉਹਨੂੰ ਵੱਢਿਆ ਕਹਿੰਦੇ ਹੁਣ ਚੱਲ ਜਾ ਇੱਥੋਂ ਸਿਰ ਹੱਥ ਬਾਬੇ ਨੇ ਫੇਰਿਆ ਪਿਆਰ ਨਾਲ ਨੇਡ਼ੇ ਲਾਇਆ ਬੇਅਦਬੀ ਹੁੰਦੀ ਦਿਲਾਂ ਤੋਂ ਨਹੀਂ ਹੁੰਦੀ ਹੱਥ ਲਾਇਆ ਪੈਂਤੀ ਵਰ੍ਹਿਆਂ ਦਾ ਨੌਜਵਾਨ ਡਾਹਢਾ ਕੁਰਲਾਇਆ ਬੋਲਿਆ ਬਾਬਾ ਤੇਰੇ ਨਾਂ ਤੇ ਮੈਨੂੰ ਮਾਰ ਮੁਕਾਇਆ ਬਾਬਾ ਸੋਚੀਂ ਪੈ ਗਿਆ ਮੈਂ ਬੜਾ ਸਮਝਾਇਆ ਕਿਉਂ ਨ੍ਹੀਂ ਲੋਕੀਂ ਸਮਝਦੇ ਕੋਈ ਨਹੀਂ ਪਰਾਇਆ ਮੈਂ ਵਿਚ ਦਿਲਾਂ ਦੇ ਵੱਸਦਾ ਇਨ੍ਹਾਂ ਨੂੰ ਸਮਝ ਨਾ ਆਇਆ ਡੁੱਬ ਗਏ ਵਿਚ ਪਾਖੰਡ ਦੇ ਧਰਮ ਦਿਲੋਂ ਭੁਲਾਇਆ ਸਭ ਬੰਦੇ ਕੁਦਰਤ ਦੇ ਨੂਰ ਇੱਕੋ ਸਭ ਵਿੱਚ ਆਇਆ ਗਲ ਏਨੀ ਨਹੀਂ ਸਮਝਦੇ ਇਨ੍ਹਾਂ ਕਿਉਂ ਭੜਥੂ ਪਾਇਆ ਇੱਕ ਜਿੰਦ ਮੁਕਾ ਕੇ ਸੋਚਦੇ ਇਨ੍ਹਾਂ ਰੱਬ ਬਚਾਇਆ ਡੁੱਬੇ ਵਿੱਚ ਭਰਮ ਭੁਲੇਖਿਆਂ ਰੱਬ ਮਾਰ ਮੁਕਾਇਆ

141. ਤੇਰਾ ਮੇਰਾ ਸਾਥ

ਮੈਂ ਜੀਣਾ ਚਾਹੁੰਦੀ ਤੇਰੇ ਨਾਲ ਜ਼ਿੰਦਗੀ ਦੇ ਆਖ਼ਰੀ ਪੜਾਅ ਤਕ ਦੇਖਣਾ ਚਾਹੁੰਦੀ ਤੇਰੇ ਵਾਲਾਂ ਵਿਚ ਚਾਂਦੀ ਦੀ ਚਮਕ ਜਦੋਂ ਕਦੀ ਧੁੱਪੇ ਬੈਂਚ ਤੇ ਬੈਠਿਆਂ ਥੱਕ ਜਾਵੇ ਬਣਨਾ ਚਾਹੁੰਦੀ ਲੱਕੜੀ ਦੀ ਖੂੰਡੀ ਜਿਸ ਨੂੰ ਫੜ ਉੱਠ ਖਲੋਵੇ ਖਾਣਾ ਖਾਂਦਿਆਂ ਜਦੋਂ ਕਿਰ ਜਾਵੇ ਦਾਲ ਚਾਹੁੰਦੀ ਰੁਮਾਲ ਬਣ ਪੂੰਝਣਾ ਤੇਰਾਂ ਮੂੰਹ ਸੌਣ ਤੋਂ ਪਹਿਲਾਂ ਹੱਥ ਫੜ ਕਰਨਾ ਚਾਹੁੰਦੀ ਬੀਤੇ ਦਿਨਾਂ ਨੂੰ ਯਾਦ ਜਦੋਂ ਜਾਈਏ ਗਵਾਚ ਪੁਰਾਣੇ ਸਮੇਂ ਵਿੱਚ ਚਾਹੁੰਦੀ ਫੜਾਉਣਾ ਰਾਤ ਨੂੰ ਗਰਮ ਦੁੱਧ ਦਾ ਗਿਲਾਸ ਚਾਹੁੰਦੀ ਵਾਰ ਵਾਰ ਉੱਠ ਕੇ ਦੇਖਣਾ ਤੈਨੂੰ ਸੁੱਤਿਆ ਸਵੇਰੇ ਫਿਰ ਕੱਠਿਆਂ ਬਹਿ ਚਾਹ ਪੀਣਾ ਬਸ ਜ਼ਿਆਦਾ ਨਹੀਂ ਇੰਨਾ ਕੁ ਹੀ ਚਾਹੁੰਦੀ ਸਾਥ

142. ਮੀਂਹ

ਨਵ ਵਿਆਹੁਤਾ ਜੋੜੇ ਨੂੰ ਮੌਸਮ ਸੁਹਾਵਣਾ ਲੱਗ ਰਿਹਾ ਠੰਢਕ ਵਿੱਚ ਇੱਕ ਦੂਜੇ ਦਾ ਨਿੱਘ ਪਿਆਰ ਦੀ ਗਰਮਜੋਸ਼ੀ ਨੂੰ ਮੱਠਾ ਮੱਠਾ ਸੇਕ ਦਿੰਦਾ ਕਿਸਾਨ ਵਾਰ ਵਾਰ ਦੇਖਦਾ ਜੋ ਮੀਂਹ ਫ਼ਸਲ ਨੂੰ ਘਿਓ ਵਾਂਗ ਲੱਗ ਰਿਹਾ ਸੀ ਬਹੁਤਾਤ ਹੋਣ ਤੇ ਫ਼ਸਲ ਦੀ ਤਬਾਹੀ ਦਾ ਕਾਰਨ ਬਣ ਰਿਹਾ ਨੌਕਰੀ ਪੇਸ਼ਾ ਖ਼ੁਸ਼ ਹੈ ਸ਼ਨੀਵਾਰ ਐਤਵਾਰ ਦੇ ਮੀਂਹ ਤੋਂ ਪਤਨੀ ਨੂੰ ਪਕੌੜੇ ਬਣਾਉਣ ਦੀ ਸਲਾਹ ਦੇ ਹੱਸਦਿਆਂ ਦੋਸਤ ਨੂੰ ਕਹਿੰਦਾ ਸਾਡੀ ਕਿਹੜਾ ਫ਼ਸਲ ਭਿੱਜਦੀ ਦਫ਼ਤਰ ਵਿੱਚ ਬੈਠੀ ਮੈਡਮ ਨਾਲਦੀਆਂ ਨੂੰ ਕਹਿੰਦੀ ਸ਼ੁਕਰ ਹੋਇਆ ਠੰਢ ਪਈ ਕੋਟ ਪਾ ਹੋ ਗਏ ਇਸ ਵਾਰ ਇੱਕ ਦੋ ਦਿਨ ਹੋਰ ਪੈ ਜਾਵੇ ਮੇਰੇ ਦੋ ਨਵੇਂ ਰਹਿੰਦੇ ਪਾਉਣ ਵਾਲੇ ਚਿਂਓਦੀ ਝੁੱਗੀ ਵਿੱਚ ਨਿੱਕੇ ਨਿੱਕੇ ਬਾਲਾਂ ਨੂੰ ਘਸੇ ਹੋਏ ਕੰਬਲ ਨਾਲ ਵਾਰ ਵਾਰ ਢਕਦੀ ਦਿਹਾੜੀਦਾਰ ਔਰਤ ਕੋਸਦੀ ਮੀਂਹ ਨੂੰ ਤੇ ਰੱਬ ਨੂੰ ਟੁੱਟ ਜੋ ਗਈ ਦਿਹਾਡ਼ੀ ਮਰੀਅਲ ਜਿਹਾ ਕੁੱਤਾ ਦੁਬਕਿਆ ਬੈਠਾ ਝਾੜੀਆਂ ਵਿੱਚ ਦੋ ਦਿਨਾਂ ਦਾ ਭੁੱਖਾ ਮੌਸਮ ਤੋਂ ਬੇਹਾਲ ਦੇਖ ਤਾਂ ਸੂਰਜ ਦਾ ਰਾਹ ਸੁਆਣੀ ਪਰੇਸ਼ਾਨ ਕਈ ਦਿਨਾਂ ਤੋਂ ਪੈਂਦੇ ਮੀਂਹ ਨੇ ਕੱਪੜੇ ਸੁੱਕਣ ਹੀ ਨਹੀਂ ਦਿੱਤੇ ਕਮਰੇ ਵਿਚ ਥਾਂ ਥਾਂ ਪਏ ਸਿੱਲੇ ਕੱਪੜੇ ਦਿੰਦੇ ਦੀ ਠੰਢਕ ਦਾ ਅਹਿਸਾਸ ਰਿਕਸ਼ਾ ਚਾਲਕ ਵੇਖ ਰਿਹਾ ਰਾਹ ਕਿਸੇ ਸਵਾਰੀ ਦਾ ਮਿਲ ਜਾਵੇ ਜੇ ਕੋਈ ਸਵਾਰੀ ਲੂਣ ਨਾਲ ਰੋਟੀ ਦਾ ਇੰਤਜ਼ਾਮ ਹੋ ਜਾਵੇ ਕਲੱਬ ਵਿੱਚ ਬੈਠੇ ਅਫ਼ਸਰ ਵਿਸਕੀ ਦੀ ਬੋਤਲ ਖੋਲ੍ਹ ਲੈ ਰਹੇ ਆਨੰਦ ਠੰਢੇ ਮੌਸਮ ਦਾ ਪਾਰਕਿੰਗ ਵਿੱਚ ਖਡ਼੍ਹੇ ਡਰਾਈਵਰ ਮਨ ਵਿੱਚ ਕਾਹਲੇ ਘਰ ਜਾ ਕੇ ਖੋਲ੍ਹਣਗੇ ਦੇਸੀ ਦਾਰੂ ਦੀ ਬੋਤਲ ਸਰਹੱਦ ਤੇ ਡਿਊਟੀ ਦੇ ਰਿਹਾ ਫ਼ੌਜੀ ਜਵਾਨ ਹੈਰਾਨ ਪਰੇਸ਼ਾਨ ਠੰਢ ਨਾਲ ਬੇਹਾਲ ਤਣਿਆ ਹੋਇਆ ਫ਼ਰਜ਼ ਲਈ

143. ਤਰਤੀਬ

ਟੇਬਲ ਤੇ ਪਈਆਂ ਕਿਤਾਬਾਂ ਅਲਮਾਰੀ ਵਿਚ ਪਏ ਕੱਪੜੇ ਰੈਕ ਵਿਚ ਪਏ ਜੁੱਤੇ ਦਿਮਾਗ ਵਿਚ ਪਏ ਵਿਚਾਰ ਦਿਲ ਦੇ ਅਹਿਸਾਸ ਹਰ ਸ਼ੈਅ ਵਿਚ ਤਰਤੀਬ ਭਾਲਦਾ ਮਨੁੱਖ

144. ਰਿਸ਼ਤਾ

ਜੁਰਾਬਾਂ ਵਾਲਾ ਬੈਗ ਖੋਲ੍ਹ ਜੋੜੇ ਬਣਾ ਬਣਾ ਰੱਖਦੀ ਲਾਲ ਜੁਰਾਬ ਦਾ ਇੱਕੋ ਪੈਰ ਹੱਥ ਆਉਂਦਾ ਫੋਲਦੀ ਸਾਰਾ ਬੈਗ ਬਾਰ ਬਾਰ ਦੂਜਾ ਪੈਰ ਨਜ਼ਰ ਨਾ ਆਉਂਦਾ ਪਰੇਸ਼ਾਨ ਹੋ ਰੱਖ ਦਿੰਦੀ ਇਕੱਲੇ ਪੈਰ ਨੂੰ ਸਾਂਭ ਕਈ ਦਿਨਾਂ ਬਾਅਦ ਫੇਰ ਫੋਲਦੀ ਉਹੀ ਬੈਗ ਲਾਲ ਜੁਰਾਬ ਦਾ ਦੂਜਾ ਪੈਰ ਉਸੇ ਵਿੱਚੋਂ ਥਿਆਉਂਦਾ ਸਮਝ ਨਹੀਂ ਆਉਂਦੀ ਸਾਹਮਣੇ ਹੋ ਕੇ ਵੀ ਪਹਿਲਾਂ ਨਜ਼ਰ ਕਿਉਂ ਨਹੀਂ ਸੀ ਆਉਂਦਾ ਤੇਰਾ ਮੇਰਾ ਰਿਸ਼ਤਾ ਇਸੇ ਤਰ੍ਹਾਂ ਦਾ ਹੋ ਗਿਆ ਇਕ ਨੂੰ ਦੂਜਾ ਸਾਹਮਣੇ ਹੁੰਦਿਆਂ ਨਜ਼ਰ ਨਾ ਆਉਂਦਾ

145. ਮਨ

ਮਨ ਉਹ ਗੱਲਾਂ ਵੀ ਸੁਣ ਲੈਂਦਾ ਜੋ ਕਹੀਆਂ ਨਹੀਂ ਜਾਂਦੀਆਂ ਪੜ੍ਹ ਲੈਂਦਾ ਚਿਹਰੇ ਦੇ ਹਾਵ ਭਾਵ ਬੁਝ ਲੈਂਦਾ ਅਣਕਹੀਆਂ ਬੁਝਾਰਤਾਂ ਐਵੇਂ ਨਹੀਂ ਹੁੰਦਾ ਉਦਾਸ ਸਮਝ ਲੈਂਦਾ ਧੁਰ ਅੰਦਰ ਦੀ ਦਸ਼ਾ ਅਹਿਸਾਸ ਨਾਲ ਹੀ ਖਿੜ ਜਾਂਦਾ ਤੇ ਬੁਝ ਵੀ ਜਾਂਦਾ ਅੱਖੀਆਂ ਚੋਂ ਪੜ੍ਹ ਬਦਲੀ ਹੋਈ ਇਬਾਰਤ ਕੋਸ਼ਿਸ਼ ਹਜ਼ਾਰ ਕਰੇ ਕੋਈ ਜਿੱਤ ਨਹੀਂ ਹੁੰਦਾ ਹਾਰ ਜਾਂਦਾ ਇੱਕ ਮੁਸਕਾਨ ਨਾਲ ਭਾਂਪ ਲੈਂਦਾ ਹੋਣ ਵਾਲੀਆਂ ਅਸੁਖਾਵੀਆਂ ਘਟਨਾਵਾਂ ਅਣਹੋਣੀ ਵਾਪਰਨ ਤੋਂ ਪਹਿਲਾਂ ਡੋਬੂ ਜਿਹਾ ਪੈਂਦਾ ਮਨ ਨੂੰ ਛਲਕ ਛਲਕ ਜਾਂਦਾ ਅੱਖਾਂ ਰਾਹੀਂ ਵਲੂੰਧਰਿਆ ਹੋਇਆ ਖੀਵਾ ਹੋਇਆ ਵੀ ਡੁੱਲ੍ਹ ਡੁੱਲ੍ਹ ਪੈਂਦਾ ਅੱਖੀਆਂ ਚੋਂ ਭੇਤ ਪਾਉਣਾ ਬੜਾ ਔਖਾ ਮਨ ਦਾ ਜਿਸ ਜਿੱਤ ਲਿਆ ਆਪਣਾ ਮਨ ਬੇਪਰਵਾਹ ਚਮਕਦਾ ਤਾਰਿਆਂ ਚ ਚੰਨ

146. ਅਜੀਬ ਦਸਤੂਰ

ਅਜੀਬ ਦਸਤੂਰ ਹੈ ਮੈਂ ਆਪਣੇ ਕਿਸੇ ਸਾਥੀ ਨੂੰ ਘਰ ਨਹੀਂ ਬੁਲਾ ਸਕਦੀ ਮੈਂ ਆਪਣੇ ਕਿਸੇ ਜਮਾਤੀ ਨਾਲ ਕੌਫ਼ੀ ਪੀਣ ਨਹੀਂ ਜਾ ਸਕਦੀ ਮੈਂ ਆਪਣੇ ਕਿਸੇ ਦੋਸਤ ਨਾਲ ਘੁੰਮਣ ਨਹੀਂ ਜਾ ਸਕਦੀ ਪਰ ਇੱਕ ਦਿਨ ਇੱਕ ਅਣਜਾਣ ਪੁਰਸ਼ ਨਾਲ ਢੋਲ ਢਮੱਕੇ ਵਜਾ ਤੋਰ ਦਿੱਤੀ ਜਾਂਦੀ ਹਾਂ ਸਦਾ ਲਈ ਪਰਾਈ ਕਰ ਇੱਥੇ ਹੀ ਖ਼ਤਮ ਨਹੀਂ ਹੁੰਦੀ ਗੱਲ ਮੈਂ ਉਸ ਦੀ ਸ਼ਿਕਾਇਤ ਨਹੀਂ ਕਰ ਸਕਦੀ ਕਿਸੇ ਕੋਲ ਸਹਿਣੇ ਹੀ ਪੈਂਦੇ ਨੇ ਚੁੱਪਚਾਪ ਉਸ ਦੇ ਬੋਲ ਮੰਨਣਾ ਪੈਂਦਾ ਹੈ ਉਸਦੇ ਧੱਕੇ ਨੂੰ ਪਿਆਰ ਆਪਣਾ ਸਰੀਰ ਸਾਂਝਾ ਕਰਨ ਤੋਂ ਨਹੀਂ ਕਰ ਸਕਦੀ ਇਨਕਾਰ ਚਾਰ ਫੇਰੇ ਮੈਨੂੰ ਬਿਗਾਨੀ ਕਰ ਦਿੰਦੇ ਨੇ ਜਿੱਥੇ ਕਿਸੇ ਬਿਗਾਨੇ ਨੂੰ ਆਪਣਾ ਬਣਾ ਦਿੰਦੇ ਨੇ ਮੇਰੇ ਆਪਣੇ ਕਹਿੰਦੇ ਨੇ ਲੜ ਬਖ਼ਤਾਵਰਾਂ ਦੇ ਲਾਈ ਅੱਗੇ ਤੇਰੇ ਭਾਗ ਬੱਚੀਏ ਭੁੱਲ ਜਾਂਦੇ ਨੇ ਭਾਗ ਤਾਂ ਤੁਸਾਂ ਬਣਾਏ ਕੀ ਮੈਨੂੰ ਪੁੱਛਿਆ ਲਈ ਮੇਰੀ ਰਜ਼ਾਮੰਦੀ ਕਿਸੇ ਦੇ ਲੜ ਲਾਉਣ ਤੋਂ ਪਹਿਲਾਂ ਮੇਰੇ ਤਾਂ ਸਰੀਰ ਤੇ ਵੀ ਮੇਰਾ ਹੱਕ ਨਹੀਂ ਕਿਸ ਨਾਲ ਸਾਂਝਾ ਕਰਾਂ ਮੇਰੀ ਕੌਣ ਲੈਂਦਾ ਮਨਜ਼ੂਰੀ ਜ਼ਿੰਦਗੀ ਬਣ ਜਾਂਦੀ ਮਜਬੂਰੀ ਸ਼ਿਕਾਇਤ ਕਰਾਂ ਤਾਂ ਕਿਸ ਨੂੰ ਬਿਗਾਨੇ ਤਾਂ ਬਿਗਾਨੇ ਆਪਣੀ ਵੀ ਪਰਾਏ ਦੱਸੋ ਧੀ ਕਿੱਧਰ ਨੂੰ ਜਾਏ

147. ਮੁੱਕ ਰਿਹਾ ਸਭ ਕੁਝ

ਪਾਣੀ ਮੁੱਕ ਰਹੇ ਹਨ ਜ਼ਮੀਨ ਦੀ ਤਹਿ ਚੋਂ ਜਜ਼ਬਾਤ ਸੁੱਕ ਰਹੇ ਹਨ ਮਨ ਦੀ ਤਹਿ ਚੋਂ ਤਹਿਜ਼ੀਬ ਮਨਫੀ ਹੋ ਰਹੀ ਹੈ ਲਿਹਾਜ਼ ਦੀ ਤਹਿ ਚੋਂ ਭਰੋਸਾ ਗੁਆਚ ਰਿਹਾ ਹੈ ਰਿਸ਼ਤਿਆਂ ਦੀ ਤਹਿ ਚੋਂ ਪਿਆਰ ਗੁੰਮ ਰਿਹਾ ਹੈ ਅਹਿਸਾਸ ਦੀ ਤਹਿ ਚੋਂ ਮਨੁੱਖ ਲੱਭਦਾ ਹੀ ਨਹੀਂ ਇਨਸਾਨੀਅਤ ਦੀ ਤਹਿ ਚੋਂ ਜ਼ਿੰਦਗੀ ਹਾਸ਼ੀਏ ਤੇ ਹੈ ਯੁੱਧ ਦੇ ਹਾਲਾਤ ਦੀ ਤਹਿ ਚੋਂ ਧਰਮ ਗਲਤਾਣ ਹੋ ਰਿਹਾ ਅਹਿਮ ਦੀ ਤਹਿ ਚੋਂ ਰੁੱਖ ਮੁੱਕ ਗਏ ਨੇ ਜੰਗਲਾਤ ਦੀ ਤਹਿ ਚੋਂ ਮੁੱਕ ਰਿਹਾ ਸਭ ਕੁਝ ਆਹਿਸਤਾ ਆਹਿਸਤਾ ਇੱਕ ਤੂੰ ਨਹੀਂ ਮੁੱਕਦਾ ਮੇਰੀ ਯਾਦ ਦੀ ਤਹਿ ਚੋਂ

148. ਮੈਲੀਆਂ ਨਿਗਾਹਾਂ

ਮੰਨਿਆ ਮੈਂ ਤੇਰੀ ਧੀ ਨਹੀਂ ਭੈਣ ਨਹੀਂ ਸਾਕ ਸਬੰਧੀਆਂ ਚੋਂ ਨਹੀਂ ਮਿੱਤਰ ਨਹੀਂ ਪਰ ਔਰਤ ਹਾਂ ਮੇਰੇ ਸਰੀਰ ਦੀ ਬਣਤਰ ਉਨ੍ਹਾਂ ਔਰਤਾਂ ਵਰਗੀ ਹੀ ਹੈ ਜੋ ਤੇਰੇ ਘਰ ਵਿਚ ਮੌਜੂਦ ਤੇਰੀਆਂ ਆਪਣੀਆਂ ਜਿਨ੍ਹਾਂ ਪ੍ਰਤੀ ਤੇਰੇ ਮਨ ਵਿੱਚ ਇੱਜ਼ਤ ਜਿਨ੍ਹਾਂ ਦੀ ਸੁਰੱਖਿਆ ਲਈ ਤੂੰ ਹਮੇਸ਼ਾ ਫਿਕਰਮੰਦ ਫਿਰ ਮੇਰੇ ਵੱਲ ਮੈਲੀਆਂ ਨਿਗਾਹਾਂ ਨਾਲ ਨਾ ਦੇਖ

149. ਫ਼ਰਕ

ਬਚਪਨ ਵਿੱਚ ਖੁੱਲ੍ਹ ਕੇ ਹੱਸਦੇ ਰੱਜ ਕੇ ਖੇਡਦੇ ਨਾ ਕੋਈ ਡਰ ਨਾ ਕੋਈ ਫ਼ਿਕਰ ਜਦੋਂ ਤਕ ਅਹਿਸਾਸ ਨਹੀਂ ਸੀ ਕੁੜੀ ਹਾਂ ਫਿਰ ਸਭ ਬਦਲ ਗਿਆ ਨ੍ਹੇਰੇ ਬਾਹਰ ਨਾ ਜਾਣਾ ਵੇਲੇ ਸਿਰ ਮੁੜ ਆਉਣਾ ਲੱਤਾਂ ਜੋੜ ਕੇ ਬਹਿਣਾ ਛਾਤੀ ਢੱਕ ਕੇ ਰੱਖਣਾ ਅਸੁਰੱਖਿਆ ਦੀ ਭਾਵਨਾ ਵਿੱਚ ਜੀਣਾ ਕਿਸੇ ਮੁੰਡੇ ਨਾਲ ਬੋਲਣ ਦੀ ਆਜ਼ਾਦੀ ਨਾ ਹੋਣਾ ਤੇ ਇੱਕ ਦਿਨ ਇਕ ਪਰਾਏ ਮੁੰਡੇ ਨਾਲ ਹਮੇਸ਼ਾਂ ਲਈ ਤੋਰ ਦਿੱਤਾ ਗਿਆ ਉਹ ਕਦੇ ਆਪਣਾ ਹੁੰਦਾ ਕਦੇ ਪਰਾਇਆ ਹੋ ਜਾਂਦਾ ਕੋਈ ਨਾ ਕੋਈ ਭੁੱਖ ਉਸ ਨੂੰ ਦੁਆਲੇ ਹੀ ਰੱਖਦੀ ਕਦੇ ਬਾਲਣ ਤੇ ਰੋਟੀਆਂ ਲਾਹੁੰਦੀ ਕਦੇ ਆਪ ਬਾਲਣ ਹੋ ਜਾਂਦੀ ਇਸ ਭੁੱਖ ਵਿੱਚੋਂ ਉਪਜੇ ਦੋ ਫੁੱਲ ਜਿਨ੍ਹਾਂ ਨੂੰ ਸਾਂਭ ਸਾਂਭ ਰੱਖਦੀ ਸੋਚਦੀ ਇਹ ਜ਼ਿੰਦਗੀ ਦਾ ਸਰਮਾਇਆ ਕੁਝ ਸਾਲਾਂ ਬਾਅਦ ਉਹ ਵੀ ਪਰਾਏ ਹੋ ਗਏ ਹਰ ਰਿਸ਼ਤਾ ਸਮੇਂ ਨਾਲ ਮੇਰਾ ਨਾਂ ਰਿਹਾ ਅੰਦਰੋ ਅੰਦਰ ਧੁਖ਼ਦੀ ਰਹੀ ਕੋਸ਼ਿਸ਼ ਕੀਤੀ ਮੇਕਅੱਪ ਅਤੇ ਗਹਿਣਿਆਂ ਨਾਲ ਚਮਕ ਬਰਕਰਾਰ ਰੱਖਣ ਦੀ ਅੰਦਰੋਂ ਸਿਉਂਕ ਲੱਗੀ ਹੋਵੇ ਤਾਂ ਬੂਟੇ ਨੂੰ ਪਾਣੀ ਹਰਾ ਨਹੀਂ ਕਰਦਾ

150. ਮੁਹੱਬਤ

ਜਦੋਂ ਕਿਸੇ ਨੂੰ ਗੁਆ ਦੇਣ ਦਾ ਡਰ ਪਾ ਲੈਣ ਦੀ ਖ਼ੁਸ਼ੀ ਤੋਂ ਜ਼ਿਆਦਾ ਹੋ ਜਾਵੇ ਸਮਝੋ ਮੁਹੱਬਤ ਹੋ ਗਈ ਜਦੋਂ ਕਿਸੇ ਦਾ ਗ਼ਮ ਆਪਣੀ ਖ਼ੁਸ਼ੀ ਨਾਲੋਂ ਜ਼ਿਆਦਾ ਤਕਲੀਫ ਦੇਣ ਲੱਗੇ ਸਮਝੋ ਮੁਹੱਬਤ ਹੋ ਗਈ ਜਦੋਂ ਕਿਸੇ ਦੀ ਖ਼ੁਸ਼ੀ ਵਿੱਚ ਮਨ ਅੰਬਰੀਂ ਉਡਾਰੀਆਂ ਲਾਵੇ ਖ਼ੁਸ਼ੀ ਸਾਂਭੀ ਨਾ ਜਾਵੇ ਸਮਝੋ ਮੁਹੱਬਤ ਹੋ ਗਈ ਜਦੋਂ ਕੋਈ ਪਰਾਇਆ ਹੁੰਦਿਆਂ ਵੀ ਆਪਣਿਆਂ ਤੋਂ ਵੱਧ ਪਿਆਰਾ ਹੋ ਜਾਵੇ ਸਮਝੋ ਮੁਹੱਬਤ ਹੋ ਗਈ ਜਦੋਂ ਸੌਂਦਿਆਂ ਜਾਗਦਿਆਂ ਖ਼ੁਆਬਾਂ ਖ਼ਿਆਲਾਂ ਵਿੱਚ ਕੁਝ ਫੇਰਾ ਪਾਉਣ ਲੱਗੇ ਸਮਝੋ ਮੁਹੱਬਤ ਹੋ ਗਈ ਜਦੋਂ ਆਪਣਾ ਪਿਆਰਾ ਆਪਣਾ ਇਸ਼ਟ ਜਾਪਣ ਲੱਗੇ ਉਸ ਦੀ ਰਜ਼ਾ ਮਨ ਨੂੰ ਭਾਵੇ ਸਮਝੋ ਮੁਹੱਬਤ ਮੁਕੰਮਲ ਹੋ ਗਈ

151. ਹੰਭਲਾ

ਉੱਠ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਛਟ ਜਾਵੇਗਾ ਸਾਰਾ ਗੁਬਾਰ ਕਰ ਹੌਸਲਾ ਹਿੰਮਤ ਨਾ ਹਾਰ ਮੰਨਿਆ ਸਭ ਧੁੰਦਲਾ ਤੇਰੀ ਨਜ਼ਰ ਸਾਹਵੇਂ ਕੋਈ ਦ੍ਰਿਸ਼ ਨਹੀਂ ਸਾਕਾਰ ਟੋਹ ਆਪਣੇ ਮਨ ਨੂੰ ਅੰਦਰ ਝਾਤੀ ਮਾਰ ਜੋ ਕੁਝ ਵੀ ਹੈ ਤੇਰੇ ਵਿੱਚ ਹੈ ਕੁਝ ਵੀ ਨਹੀਂ ਤੇਰੇ ਤੋਂ ਬਾਹਰ ਪੀ ਜਾ ਜ਼ਮਾਨੇ ਦੀ ਸਾਰੀ ਕੁੜੱਤਣ ਇਸ ਤਰ੍ਹਾਂ ਅੰਦਰ ਦੀ ਜ਼ਹਿਰ ਮਾਰ ਐਵੇਂ ਨਾ ਹੋ ਖੁਆਰ ਉੱਠ ਕੇ ਹੰਭਲਾ ਮਾਰ ਰੋ ਨਾ ਤੂੰ ਇਕੱਲਾ ਤਾਂ ਨਹੀਂ ਜੋ ਰਿਹਾ ਆਪਣਿਆਂ ਤੋਂ ਹਾਰ ਇਹ ਜੱਗ ਘੁੰਮਣ ਘੇਰੀ ਆ ਨਿਕਲੀਏ ਇਸ ਤੋਂ ਬਾਹਰ

152. ਮਾਰੂਥਲ

ਮਾਰੂਥਲ ਵਿੱਚ ਤ੍ਰਿਹਾਇਆ ਦੀ ਬਾਤ ਹਰ ਕੋਈ ਪਾਉਂਦਾ ਪਰ ਮਾਰੂਥਲ ਤ੍ਰੇਹ ਉਹਨੂੰ ਵੀ ਲੱਗਦੀ ਹਿੱਕ ਤੇ ਵਗਦੇ ਸੁੱਕੇ ਦਰਿਆ ਰੋਮ ਰੋਮ ਪਿਆਸਾ ਤੜਫਦਾ ਇਕ ਬੂੰਦ ਲਈ ਕੋਈ ਛਾਂ ਨਹੀਂ ਲੱਭਦੀ ਆਸੇ ਪਾਸੇ ਡੂੰਘੀ ਉਤਰ ਚੁੱਕੀ ਤ੍ਰੇਹ ਨਾਲ ਭਰਿਆ ਵੇਖਦਾ ਆਕਾਸ਼ ਵੱਲ ਉਮੀਦ ਭਰੀਆਂ ਅੱਖਾਂ ਨਾਲ ਪਿੰਡੇ ਤੇ ਪਏ ਸੁੱਕ ਦੇ ਨਿਸ਼ਾਨ ਖੁਸ਼ਕ ਸਿਕਰੀ ਖੁਰਕ ਕਰ ਹੋ ਜਾਣਾ ਚਾਹੁੰਦਾ ਲਹੂ ਲੁਹਾਣ ਕਿਤੇ ਲਹੂ ਨਾਲ ਹੀ ਬੁਝ ਜਾਵੇ ਅੰਤਾਂ ਦੀ ਤ੍ਰੇਹ

153. ਲੜਾਂਗੀ

ਲੜਾਂਗੀ ਆਪਣੇ ਆਪ ਲਈ ਖੜ੍ਹਾਂਗੀ ਮੇਰਾ ਮਜ਼ਹਬ ਮੇਰੀ ਤਾਲੀਮ ਮੇਰਾ ਹੱਕ ਹੈ ਆਪਣੇ ਹੱਕ ਲਈ ਲੜਾਂਗੀ ਨਹੀਂ ਡਰਾਂਗੀ ਕਿਸੇ ਤੋਂ ਨਹੀਂ ਡਰਾਂਗੀ ਮੋਮ ਦੀ ਗੁੱਡੀ ਨਹੀਂ ਜੋ ਪਿਘਲ ਜਾਵਾਂਗੀ ਹੱਡ ਮਾਸ ਦੀ ਬਣੀ ਹਾਂ ਸੰਭਲ ਜਾਵਾਂਗੀ ਹਾਲਾਤ ਕਿੰਨੇ ਵੀ ਹੋ ਜਾਣ ਖ਼ਿਲਾਫ਼ ਝੁਕਾਂਗੀ ਨਹੀਂ ਗ਼ਲਤ ਗੱਲ ਦੇ ਸਾਹਮਣੇ ਸਿਰ ਉੱਚਾ ਕਰ ਆਪਣੇ ਆਪ ਲਈ ਮਜ਼ਹਬ ਤੇ ਤਾਲੀਮ ਲਈ ਵਿਅਕਤੀਗਤ ਆਜ਼ਾਦੀ ਲਈ ਚੱਟਾਨ ਬਣਕੇ ਖੜ੍ਹਾਂਗੀ

154. ਮਸਲੇ

ਆਓ ਕੁਝ ਔਰ ਬਾਤ ਕਰੇਂ ਮੁਹੱਬਤ ਕੇ ਸਿਵਾ ਭੀ ਮਸਲੇ ਬਹੁਤ ਹੈ ਦੇਖ ਕਰ ਭੀ ਤੁਝੇ ਅਨਦੇਖਾ ਕਰਤੀ ਹੂੰ ਤੇਰੇ ਮੇਰੇ ਬੀਚ ਮੇਂ ਅਬ ਫਾਸਲੇ ਬਹੁਤ ਹੈ ਪੂਛਨਾ ਚਾਹਤੀ ਹੂੰ ਤੇਰੀ ਉਦਾਸੀ ਕਾ ਸਬੱਬ ਗੁਜ਼ਰੇ ਮੇਰੇ ਸਾਥ ਭੀ ਹਾਦਸੇ ਬਹੁਤ ਹੈ ਤੇਰੇ ਚਿਹਰੇ ਕੀ ਸ਼ਿਕਨ ਸੋਨੇ ਨਹੀਂ ਦੇਤੀ ਮੁਝ ਕੋ ਵਰਨਾ ਖ਼ੁਆਬੋਂ ਮੇਂ ਮੁਕਾਮ ਮੁਝੇ ਦੇਖਨੇ ਬਹੁਤ ਹੈ

155. ਤਸਵੀਰਾਂ

ਤਸਵੀਰਾਂ ਵਿੱਚ ਦਿਸਣ ਵਾਲਾ ਕੁਝ ਵੀ ਸੱਚ ਨਹੀਂ ਹੁੰਦਾ ਤਸਵੀਰਾਂ ਦਾ ਮੰਤਵ ਝੂਠਾ ਸੰਸਾਰ ਸਿਰਜਣਾ ਲੋੜ ਹੁੰਦੀ ਸਬੂਤਾਂ ਦੀ ਰਿਸ਼ਤੇ ਤਸਵੀਰਾਂ ਦੇ ਮੁਥਾਜ ਨਹੀਂ ਭਾਵਨਾਵਾਂ ਹੋਣ ਤਾਂ ਤਸਵੀਰਾਂ ਦੀ ਜ਼ਰੂਰਤ ਨਹੀਂ ਦੋ ਰੂਹਾਂ ਦੇ ਮੇਲ ਦਾ ਸਬੂਤ ਕਿਸ ਤਸਵੀਰ ਨੂੰ ਬਣਾਓਗੇ ਦਿਖਾਵੇ ਦੇ ਰਿਸ਼ਤਿਆਂ ਵਿੱਚ ਤਸਵੀਰਾਂ ਤਾਂ ਬਹੁਤ ਹੁੰਦੀਆਂ ਪਿਆਰ ਨਦਾਰਦ ਹੁੰਦਾ ਦਿਲ ਨਾਲ ਦਿਲ ਦਾ ਰਿਸ਼ਤਾ ਨਾ ਮੰਗਦਾ ਸਬੂਤ ਨਾ ਤਸਵੀਰਾਂ ਭਰੋਸੇ ਦੀ ਨੀਂਹ ਤੇ ਟਿਕਿਆ ਅਪਣੱਤ ਦਾ ਮਹਿਲ ਜਿਸ ਦਾ ਹਾਕਮ ਵਸਦਾ ਅੱਖਾਂ ਦੀਆਂ ਪੁਤਲੀਆਂ ਵਿੱਚ ਤਸਵੀਰਾਂ ਜਿਸ ਨੂੰ ਕੈਦ ਨਹੀਂ ਕਰ ਸਕਦੀਆਂ

156. ਤੇਰਾ ਮੇਰਾ ਮਿਲਣਾ

ਅਕਸਰ ਸੋਚਦੀ ਉਨ੍ਹਾਂ ਪਲਾਂ ਬਾਰੇ ਜਦੋਂ ਆਪਾਂ ਮਿਲਾਂਗੇ ਤਿੱਤਰ ਖੰਭੀ ਬੱਦਲੀ ਛਾਈ ਹੋਵੇਗੀ ਅਸਮਾਨ ਤੇ ਗੰਨਿਆਂ ਵਿੱਚ ਪੈ ਜਾਵੇਗੀ ਮਿਠਾਸ ਬੈਠੇ ਹੋਵਾਂਗੇ ਹੱਥ ਵਿੱਚ ਲੈ ਕੌਫ਼ੀ ਦੇ ਕੱਪ ਸੁਣਾਂਗੀ ਤੇਰੀਆਂ ਗੱਲਾਂ ਤੂੰ ਬਸ ਕਹਿੰਦਾ ਜਾਈਂ ਥੱਕਾਗੀ ਨਹੀਂ ਤੈਨੂੰ ਸੁਣਦਿਆਂ ਸ਼ਾਮ ਦੇ ਢਲਦਿਆਂ ਤੇਰੀ ਖਵਾਹਿਸ਼ ਕਮਰੇ ਵੱਲ ਜਾਣ ਦੀ ਹੋਵੇਗੀ ਹੋਵੇਗੀ ਮੇਰੀ ਵੀ ਪਰ ਮੰਨਾਂਗੀ ਨਹੀਂ ਤੂੰ ਮੈਨੂੰ ਮਨਾ ਲਈਂ ਭੋਗਣਾ ਚਾਹੁੰਦੀ ਹਾਂ ਤੇਰੀ ਆਗੋਸ਼ ਦਾ ਨਿੱਘ ਚਾਹੁੰਦੀ ਹਾਂ ਤੂੰ ਵਰ੍ਹ ਜਾਏ ਸਾਵਣ ਦੀ ਬੱਦਲੀ ਬਣ ਠਾਰ ਦੇਵੇ ਮੇਰੀ ਤਪਸ਼ ਨੂੰ ਪਿਆਰ ਸਮਰਪਣ ਹੀ ਤਾਂ ਹੁੰਦਾ ਦੋ ਰੂਹਾਂ ਦੇ ਮੇਲ ਦਾ ਜ਼ਰੀਆ ਸਰੀਰ ਹੀ ਬਣਦੇ

157. ਜੀ.ਐੱਸ.ਟੀ.

ਬਾਜ਼ਾਰ ਵਿੱਚ ਘੁੰਮਦਿਆਂ ਈਜ਼ੀਡੇ ਤੋਂ ਰਾਸ਼ਨ ਲੈ ਬਿੱਲ ਦੇਣ ਤੋਂ ਰੋਕਿਆ ਪਤੀ ਦੇਵ ਨੇ ਆਪ ਦਿੱਤੇ ਛਿਆਨਵੇ ਸੌ ਰੁਪਏ ਆਖ ਮੇਰਾ ਫਰਜ਼ ਤੂੰ ਆਪਣੀ ਤਨਖ਼ਾਹ ਜਿੱਥੇ ਚਾਹੇ ਖ਼ਰਚ ਘਰ ਦਾ ਖਰਚ ਮੈਂ ਹੀ ਕਰਾਂਗਾ ਐਡੀਡਾਸ ਦੇ ਸ਼ੋਅਰੂਮ ਚੋਂ ਸੋਲ਼ਾਂ ਹਜ਼ਾਰ ਦੇ ਜੁੱਤੇ ਲੈ ਮੇਰੇ ਵੱਲ ਵੇਖਿਆ ਤੇ ਮੰਗਿਆ ਕਾਰਡ ਪਤੀ ਮੈਨੂੰ ਜਾਪਿਆ ਸਰਕਾਰ ਵਰਗਾ ਜੀਐੱਸਟੀ ਨਾਲ ਪੈਸੇ ਵਸੂਲ ਕਰਦਾ

158. ਸਮਝਾਉਣਾ

ਗ਼ਲਤੀ ਹੋਈ ਤੇ ਸਮਝਾਉਣਾ ਬਣਦਾ ਡਰਾਉਣਾ ਬਣਦਾ ਪਰ ਮਾਰ ਦੇਣਾ ਇਹ ਤਾਂ ਕੋਈ ਹੱਲ ਨਹੀਂ ਦੋਸਤੀ ਕੁੜੀਆਂ ਨੇ ਮੁੰਡਿਆਂ ਨਾਲ ਹੀ ਕਰਨੀ ਜ਼ਮਾਨਾ ਬਦਲ ਗਿਆ ਗੁਆਂਢਣ ਨਾਲ ਚੁਗਲੀਆਂ ਕਰਨ ਦੀ ਥਾਂ ਮੈਂ ਨੈੱਟਫਲਿਕਸ ਦੇਖਦੀ ਇਸੇ ਗੱਲ ਨੂੰ ਫੈਲਾਉਣ ਲਈ ਗੁਆਂਢਣ ਕੋਲ ਨਹੀਂ ਜਾਣਾ ਪੈਂਦਾ ਮੋਬਾਈਲ ਮਿੰਟਾਂ ਵਿਚ ਗੱਲ ਫੈਲਾ ਦਿੰਦਾ ਰਹਿਣ ਸਹਿਣ ਬਦਲ ਗਿਆ ਖਾਣ ਪੀਣ ਬਦਲ ਗਿਆ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਪਡ਼੍ਹਦੇ ਗਰਲਫ੍ਰੈਂਡ ਬੁਆਏਫ੍ਰੈਂਡ ਆਮ ਗੱਲ ਹੋ ਗਈ ਫਿਰ ਕਿਉਂ ਇੱਕ ਚੌਦਾਂ ਸਾਲ ਦੇ ਮੁੰਡੇ ਨੂੰ ਸਿਰਫ਼ ਇਸ ਲਈ ਮਾਰ ਦਿੱਤਾ ਜਾਂਦਾ ਕਿਉਂ ਕਿਸੇ ਕੁੜੀ ਨਾਲ ਦੋਸਤੀ ਕਰਦਾ ਜਦੋਂ ਵਿਦੇਸ਼ ਵਿੱਚ ਆਪਣੀ ਕੁੜੀ ਨੂੰ ਪੜ੍ਹਨ ਭੇਜਦੇ ਕੀ ਪਤਾ ਨਹੀਂ ਹੁੰਦਾ ਕਿ ਉੱਥੇ ਕੀ ਮਾਹੌਲ ਕੁੜੀ ਪੱਕਾ ਮੁੰਡਾ ਲੱਭ ਲਵੇ ਘਰ ਦੇ ਖੁਸ਼ੀ ਨਾਲ ਦੂਹਰੇ ਹੋ ਜਾਂਦੇ ਹਿੰਦੁਸਤਾਨ ਵਿੱਚ ਇੰਨਾ ਇਤਰਾਜ਼ ਕਿਉਂ ਸੱਭਿਅਤਾ ਤੇ ਸੰਸਕ੍ਰਿਤੀ ਅਹਿੰਸਾ ਵੀ ਤਾਂ ਸਿਖਾਉਂਦੀ ਨੌਜਵਾਨ ਬੱਚੇ ਹੀ ਗਲਤੀਆਂ ਕਰਦੇ ਉਨ੍ਹਾਂ ਨੂੰ ਸਮਝਾਉਣਾ ਬਣਦਾ ਮਾਰ ਦੇਣਾ ਤਾਂ ਕੋਈ ਹੱਲ ਨਹੀਂ ਮੇਰਾ ਪੁਰਸ਼ ਮਿੱਤਰ ਹੋ ਸਕਦਾ ਮੇਰੀ ਬੱਚੀ ਦਾ ਕਿਉਂ ਨਹੀਂ ਆਧੁਨਿਕ ਸਮੇਂ ਦੀ ਹਰ ਸਹੂਲਤ ਮੈਨੂੰ ਚਾਹੀਦੀ ਫਿਰ ਆਧੁਨਿਕ ਸੋਚ ਕਿਓਂ ਨਹੀਂ ਕਿੰਨਾ ਚਿਰ ਦਿੰਦੇ ਰਹਾਂਗੇ ਅਸੀਂ ਧੀਆਂ ਪੁੱਤਰਾਂ ਦੀ ਬਲੀ ਆਪਣੀ ਸੌੜੀ ਸੋਚ ਤੇ ਕਿਹੜੀਆਂ ਕਦਰਾਂ ਕੀਮਤਾਂ ਕੀ ਕਦਰਾਂ ਕੀਮਤਾਂ ਕਹਿੰਦੀਆਂ ਕਿਸੇ ਨੂੰ ਮਾਰ ਦਿਓ ਪਾਣੀ ਵਗਦੇ ਹੀ ਸੋਂਹਦੇ ਨੇ ਸਮੇਂ ਨਾਲ ਬਦਲਣਾ ਸਿੱਖਣਾ ਹੀ ਪੈਣਾ ਸਿੱਖਣਾ ਵੀ ਚਾਹੀਦਾ ਅੱਜਕੱਲ੍ਹ ਦੇ ਬੱਚੇ ਵੱਖਰੀ ਸੋਚ ਰੱਖਦੇ ਮੀਡੀਆ ਪਰੋਸਦਾ ਥਾਲ ਵਿੱਚ ਸਜਾ ਨਵੇਂ ਖ਼ਿਆਲਾਤ ਆਪਣੇ ਬੱਚਿਆਂ ਦੇ ਦੋਸਤ ਬਣੋ ਪਿਆਰ ਨਾਲ ਸਮਝਾਓ ਮਾਰ ਦੇਣਾ ਕੋਈ ਹੱਲ ਨਹੀਂ

159. ਔਰਤ

ਔਰਤ ਹਾਂ ਜ਼ਰੂਰੀ ਨਹੀਂ ਕਮਜ਼ੋਰ ਹੋਵਾਂ ਕੋਮਲ ਹੋ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਸਹਾਰਾ ਲੱਭਾਂ ਸਾਥ ਲੱਭ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਵੇਲ ਬਣਨਾ ਬੂਟਾ ਹੋ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਬੇਸਹਾਰਾ ਹੋਵਾਂ ਸਹਾਰਾ ਹੋ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਸਮਝੌਤਾ ਕਰਾਂ ਸ਼ਰਤ ਰੱਖ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਇਜਾਜ਼ਤ ਮੰਗਾਂ ਹੱਕ ਮੰਗ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਚਰਨਾ ਦੀ ਦਾਸੀ ਬਣਾ ਦਿਲ ਦੀ ਮਲਿਕਾ ਬਣ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਸੁਰੱਖਿਆ ਮੰਗਾਂ ਚੰਡੀ ਹੋ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਪਰਛਾਵਾਂ ਬਣਾ ਧੁੱਪ ਹੋ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਪੁੱਤ ਬਣ ਕੇ ਦਿਖਾਵਾਂ ਧੀ ਹੋ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਪਰਾਈ ਹੋ ਜਾਵਾਂ ਮਾਪਿਆਂ ਦੀ ਡਗੋਰੀ ਹੋ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਖ਼ੂਬਸੂਰਤ ਹੋਵਾਂ ਮਜ਼ਬੂਤ ਹੋ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਟੁੱਟ ਕੇ ਬਿਖਰ ਜਾਵਾਂ ਚੱਟਾਨ ਬਣ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਪਤੀ ਰੂਪੀ ਸਿਰ ਦੀ ਛੱਤ ਲੱਭਾਂ ਹਮਸਫ਼ਰ ਲੱਭ ਸਕਦੀ ਹਾਂ ਔਰਤ ਹਾਂ ਜ਼ਰੂਰੀ ਨਹੀਂ ਹਾਦਸਿਆਂ ਨਾਲ ਪੱਥਰ ਹੋ ਜਾਵਾਂ ਕਵਿੱਤਰੀ ਹੋ ਸਕਦੀ ਹਾਂ

160. ਨਾਟਕ

ਮੈਂ ਪ੍ਰੇਸ਼ਾਨ ਹਾਂ ਆਪਣੇ ਵਿੱਚ ਆਓਣ ਵਾਲੀਆਂ ਆਤਮਾਵਾਂ ਤੋਂ ਇਕ ਰਾਤ ਬੁੱਧ ਆਉਂਦਾ ਹੈ ਨਿਰਵਾਣ ਪ੍ਰਾਪਤੀ ਲਈ ਉਕਸਾਉਂਦਾ ਹੈ ਕਹਿੰਦਾ ਹੈ ਉੱਠ ਛੱਡ ਘਰ ਬਾਰ ਸਾਰਾ ਸੰਸਾਰ ਚੱਲ ਬੋਧੀ ਬਿਰਖ ਤੈਨੂੰ ਉਡੀਕਦਾ ਹੈ ਇਕ ਰਾਤ ਬਾਬਾ ਨਾਨਕ ਆਉਂਦਾ ਹੈ ਕਹਿੰਦਾ ਹੈ ਕਿਰਤ ਕਰ ਵੰਡ ਛਕ ਨਾਮ ਜਪ ਮੰਗ ਸਰਬੱਤ ਦਾ ਭਲਾ ਇਕ ਰਾਤ ਕਬੀਰ ਆਉਂਦਾ ਹੈ ਸਮਝਾਉਂਦਾ ਹੈ ਇੱਥੇ ਚਲਦੀ ਨੂੰ ਗੱਡੀ ਕਹਿੰਦੇ ਨੇ ਕੁਰੱਖਤ ਜ਼ੁਬਾਨ ਕਰ ਸੱਚ ਨੂੰ ਸੱਚ ਕਹਿ ਕੀ ਕਰਾਂ ਸਮਝ ਨਹੀਂ ਆਉਂਦੀ ਉਸ ਰਾਤ ਜਦੋਂ ਬਹੁਤ ਪਰੇਸ਼ਾਨ ਹੋ ਜਾਵਾਂ ਸ਼ੇਕਸਪੀਅਰ ਆਉਂਦਾ ਹੈ ਦੁਨੀਆਂ ਇੱਕ ਨਾਟਕ ਹੈ ਅਸੀਂ ਸਾਰੇ ਪਾਤਰ ਸਮਝਾਉਂਦਾ ਹੈ

161. ਆਪਣਾ ਰਿਸ਼ਤਾ

ਆਪਣਾ ਰਿਸ਼ਤਾ ਮੁਥਾਜ ਨਹੀਂ ਉਮਰ ਦਾ ਨਾ ਹੀ ਜ਼ਿੰਦਗੀ ਦਾ ਜਦੋਂ ਮੇਰੇ ਵਾਲਾਂ ਦੀ ਚਾਂਦੀ ਚਮਕਣ ਲੱਗੇਗੀ ਵਾਲਾਂ ਵਿਚ ਤੇਰਾ ਹੱਥ ਉਨ੍ਹਾਂ ਹੀ ਸਕੂਨ ਦਏਗਾ ਜਦੋਂ ਤੁਰਨ ਲਈ ਤੈਨੂੰ ਸਹਾਰੇ ਦੀ ਜ਼ਰੂਰਤ ਪਵੇਗੀ ਮੈਂ ਤੇਰੀ ਖੂੰਡੀ ਬਣਾਂਗੀ ਮੇਰਾ ਹੱਥ ਫੜ ਤੁਰਾਂਗੀ ਤੇਰੇ ਨਾਲ ਨਾਲ ਜਦੋਂ ਰੋਟੀ ਖਾਂਦਿਆਂ ਮੂੰਹ ਵਿੱਚੋਂ ਕਿਰ ਜਾਵੇਗੀ ਥੋੜ੍ਹੀ ਜਿਹੀ ਦਾਲ ਪੂੰਝਾਂਗੀ ਮੈਂ ਤੇਰਾ ਮੂੰਹ ਆਪਣੀ ਚੁੰਨੀ ਨਾਲ ਤਾਰਿਆਂ ਦੀ ਲੋਏ ਬੈਠ ਸੁਣਾਂਗੀ ਤੇਰੀਆਂ ਗੱਲਾਂ ਜਦੋਂ ਹੋਰ ਕੋਈ ਸੁਣਨ ਵਾਲਾ ਨਾ ਹੋਇਆ ਜੇ ਕਿਤੇ ਪਹਿਲਾਂ ਵਿਛੜ ਗਈ ਤੇਰੇ ਤੋਂ ਤਾਂ ਵੀ ਰਹਾਂਗੀ ਤੇਰੇ ਨਾਲ ਸਰੀਰ ਤੋਂ ਬੇਸ਼ੱਕ ਦੂਰ ਹੋ ਜਾਵਾਂ ਆਤਮਾ ਤੇਰੇ ਨਾਲ ਹੀ ਰਹੇਗੀ ਪਿਆਰ ਕਦੇ ਖ਼ਤਮ ਨਹੀਂ ਹੁੰਦਾ ਨਾ ਉਮਰ ਨਾਲ ਨਾ ਜ਼ਿੰਦਗੀ ਨਾਲ ਇਹ ਜਨਮ ਜਨਮਾਂਤਰ ਤਕ ਚਲਦਾ ਹੈ

162. ਬੁਨਿਆਦੀ ਹੱਕ

ਮਰਦ ਨੂੰ ਮਰਦਾਨਗੀ ਦਿਖਾਉਣ ਲਈ ਔਰਤ ਦਾ ਹੀ ਸਹਾਰਾ ਕਿਉਂ ਜੰਗ ਦੇ ਮੈਦਾਨ ਵਿਚ ਜਿੱਤ ਜਾਣ ਤੋਂ ਬਾਅਦ ਸਾਰੀ ਮਰਦਾਨਗੀ ਹਾਰੇ ਵਰਗ ਦੀਆਂ ਔਰਤਾਂ ਨੂੰ ਹਾਸਿਲ ਕਰਨ ਜਬਰ ਜਨਾਹ ਕਰਨ ਨਾਲ ਹੀ ਕਿਉਂ ਸਾਬਤ ਹੁੰਦੀ ਪਿਓ ਨੂੰ ਆਪਣੀ ਧੀ ਆਪਣੀ ਜਾਇਦਾਦ ਦਾ ਹਿੱਸਾ ਕਿਉਂ ਮਹਿਸੂਸ ਹੁੰਦੀ ਕਿਉਂ ਉਸ ਤੇ ਉਸੇ ਤਰ੍ਹਾਂ ਹੱਕ ਸਮਝਦਾ ਜਿਵੇਂ ਆਪਣੀ ਪੈਲੀ ਤੇ ਕਿਉਂ ਨਹੀਂ ਪੁੱਛਦਾ ਧੀ ਦੀ ਇੱਛਾ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਭਰਾ ਦੀ ਸਾਰੀ ਮਰਦਾਨਗੀ ਭੈਣ ਨੂੰ ਨਜ਼ਰਬੰਦ ਕਰਨ ਵਿਚ ਭੈਣ ਤੇ ਅਧਿਕਾਰ ਜਤਾਉਣ ਵਿੱਚ ਉਸ ਦੀ ਜ਼ਿੰਦਗੀ ਵਿਚ ਦਖਲ ਦੇਣ ਨਾਲ ਕਿਉਂ ਸਾਬਤ ਹੁੰਦੀ ਉਧਲ ਗਈ ਭੈਣ ਨੂੰ ਮਾਰ ਦੇਣਾ ਆਪਣਾ ਅਧਿਕਾਰ ਸਮਝਦਾ ਉਧਾਲੀ ਹੋਈ ਕਿਸੇ ਦੀ ਭੈਣ ਨੂੰ ਆਪਣੀ ਪਤਨੀ ਪਤੀ ਕਿਉਂ ਨਹੀਂ ਸਮਝਦਾ ਪਤਨੀ ਮੁੱਲ ਲਿਆਂਦੀ ਵਸਤ ਨਹੀਂ ਜਿਊਂਦੀ ਜਾਗਦੀ ਇਸਤਰੀ ਹੈ ਆਪਣੇ ਵਿਚਾਰ ਆਪਣੀ ਸੋਚ ਕਿਉਂ ਥੋਪਦਾ ਆਪਣੀ ਪਤਨੀ ਤੇ ਕਿਉਂ ਨਹੀਂ ਸਮਝਦਾ ਪਤਨੀ ਉਸ ਦੀ ਮਲਕੀਅਤ ਨਹੀਂ ਹਰ ਰੂਪ ਵਿਚ ਪੁਰਸ਼ ਆਪਣੀ ਬਹਾਦਰੀ ਹਰ ਰਿਸ਼ਤੇ ਵਿੱਚ ਇਸਤਰੀ ਨੂੰ ਦਬਾ ਕੇ ਕਿਉਂ ਸਾਬਤ ਕਰਨੀ ਚਾਹੁੰਦਾ ਕਿਤੇ ਡਰ ਹੈ ਪੁਰਸ਼ ਦੇ ਮਨ ਵਿੱਚ ਔਰਤ ਦੇ ਮਨ ਦੀ ਮਜ਼ਬੂਤੀ ਦਾ ਜਾਣਦਾ ਹੈ ਜਿਸ ਦਿਨ ਉੱਠ ਖਲੋਈ ਆਪਣੇ ਹੱਕਾਂ ਲਈ ਚੰਡੀ ਬਣ ਉੱਤਰੇਗੀ ਨਹੀਂ ਸੁਣੇਂਗੀ ਕੋਈ ਬਹਾਨਾ ਔਰਤ ਮਜ਼ਲੂਮ ਨਹੀਂ ਮਜ਼ਬੂਤ ਹੁੰਦੀ ਬਸ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਲਈ ਸਮਝੌਤੇ ਕਰਦੀ ਪਰ ਕਿੰਨਾ ਚਿਰ ਕਿੰਨੀਆਂ ਸਦੀਆਂ ਕਰੇਗੀ ਸਮਝੌਤਾ ਜਿਨ੍ਹਾਂ ਦਬਾਇਆ ਜਾਏਗਾ ਉਹਨੇ ਹੀ ਵੇਗ ਨਾਲ ਉੱਠ ਖੜ੍ਹੀ ਹੋਏਗੀ ਆਪਣੇ ਬੁਨਿਆਦੀ ਹੱਕਾਂ ਲਈ

163. ਗਲਵੱਕੜੀ

ਕਿੰਨੇ ਰੂਪ ਨੇ ਕਿੰਨੇ ਰੰਗ ਗਲਵੱਕੜੀ ਦੇ ਮਾਂ ਦੀ ਗਲਵੱਕੜੀ ਨਿੱਘ ਦਾ ਅਹਿਸਾਸ ਕਰਾਉਂਦੀ ਸੁਰੱਖਿਆ ਦਿੰਦੀ ਇੰਜ ਜਾਪਦਾ ਸਭ ਦੁੱਖ ਦੂਰ ਹੋ ਗਏ ਇੰਜ ਜਾਪਦਾ ਕਹਿ ਰਹੀ ਹੋਵੇ ਸਦਾ ਮੌਜੂਦ ਹਾਂ ਤੇਰੇ ਲਈ ਪਿਓ ਦੀ ਗਲਵੱਕੜੀ ਹੌਸਲਾ ਦਿੰਦੀ ਦੁਨੀਆਂ ਨੂੰ ਜਿੱਤ ਲੈਣ ਦੀ ਤਾਕਤ ਦਿੰਦੀ ਅਹਿਸਾਸ ਦਿਵਾਉਂਦੀ ਕੋਈ ਹੈ ਜੋ ਤੇਰਾ ਸਾਥ ਸਦਾ ਦਏਗਾ ਹਾਲਾਤ ਕਿਹੋ ਜਿਹੇ ਵੀ ਹੋਣ ਧੀ ਦੀ ਗਲਵੱਕੜੀ ਰੱਬ ਹੋਣ ਦਾ ਅਹਿਸਾਸ ਕਰਾਉਂਦੀ ਇੰਜ ਜਾਪਦਾ ਇਸ ਦੇ ਸਭ ਦੁੱਖ ਹਰ ਲਵਾਂ ਉਹਦੇ ਰਾਹ ਤੇ ਸਭ ਕੰਢੇ ਚੁਗ ਲਵਾਂ ਮਹਿਬੂਬ ਦੀ ਗਲਵੱਕੜੀ ਰੂਹ ਨੂੰ ਠੰਡ ਪਾਉਂਦੀ ਇੰਜ ਜਾਪਦਾ ਇੱਕ ਮਿੱਕ ਹੋ ਗਈਅਾਂ ਦੋ ਰੂਹਾਂ ਸੁਪਨਿਆਂ ਦੀ ਦੁਨੀਆਂ ਵਿੱਚ ਲੈ ਜਾਂਦੀ ਜਿਵੇਂ ਕਹਿ ਰਹੀ ਹੋਵੇ ਮੈਂ ਤੇਰੇ ਨਾਲ ਹਾਂ ਹਰ ਪਲ ਤੇਰੇ ਹਰ ਸੁੱਖ ਦੁੱਖ ਵਿੱਚ ਸ਼ਾਮਲ ਦੋ ਰੂਹਾਂ ਦਾ ਮੇਲ ਕਰਵਾਉਂਦੀ ਗੁਰੂ ਦੀ ਗਲਵੱਕੜੀ ਦੁਨਿਆਵੀ ਬੰਧਨਾਂ ਤੋਂ ਪਾਰ ਲੈ ਜਾਂਦੀ ਗੁਰੂ ਦੀ ਸ਼ਰਨ ਵਿੱਚ ਪਹੁੰਚ ਮੋਹ ਮਾਇਆ ਤੋਂ ਛੁੱਟ ਜਾਂਦਾ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਵਾਉਂਦੀ ਜਾਅਲੀ ਜੇ ਇੱਕ ਪਾਉਂਦਾ ਸਾਡਾ ਨੇਤਾ ਵੀ ਗਲਵੱਕੜੀ ਵੋਟਾਂ ਦੇ ਦਿਨ ਨੇੜੇ ਆਉਂਦੇ ਕਾਰਪੋਰੇਟ ਤੇ ਨੇਤਾ ਹੱਥ ਮਿਲਾਉਂਦੇ ਪਾਉਂਦੇ ਨੇ ਗਲਵੱਕੜੀ ਇਹ ਗਲਵੱਕੜੀ ਮਿਲ ਕੇ ਸਭ ਦਾ ਸਾਹ ਰੋਕਣ ਦਾ ਕੰਮ ਕਰਦੀ ਭਾਰੀ ਪੈਂਦੀ ਸਾਡੇ ਨਿੱਤ ਦੇ ਕੰਮਾਂ ਤੇ ਗਲਵੱਕੜੀ ਦੁਨੀਆਂ ਦਾ ਸਭ ਤੋਂ ਪਿਆਰਾ ਬੰਧਨ ਗੱਲਵੱਕੜੀ

164. ਧੁੱਪ ਨੇ ਬਦਲ ਲਿਆ ਰੰਗ

ਧੁੱਪ ਨੇ ਬਦਲ ਲਿਆ ਰੰਗ ਚੁੱਭਦੀ ਨਹੀਂ ਚੰਗੀ ਲੱਗਦੀ ਠੀਕ ਉਸੇ ਤਰ੍ਹਾਂ ਜਿਵੇਂ ਪਿਆਰ ਭਰੀ ਮੁਸਕੁਰਾਹਟ ਮਨ ਦੇ ਕਿਸੇ ਕੋਨੇ ਵਿਚ ਆਸ ਜਗਾਉਂਦੀ ਹੁੰਗਾਰਾ ਜਿਹਾ ਦਿੰਦੀ ਆਲਾ ਦੁਆਲਾ ਖ਼ੂਬਸੂਰਤ ਜਾਪਣ ਲੱਗਦਾ ਇੰਤਜ਼ਾਰ ਵਿੱਚ ਧੜਕਣਾ ਤੇਜ਼ ਹੋ ਜਾਂਦੀਆਂ ਲੱਗਦਾ ਕਿ ਮਹਿਬੂਬ ਮੌਸਮ ਆਉਣ ਵਾਲਾ ਝੁਲਸਿਆ ਤਨ ਮਨ ਹਲਕੀ ਜਿਹੀ ਠੰਢੀ ਹਵਾ ਨੂੰ ਮਹਿਸੂਸ ਕਰ ਉੱਡਿਆ ਫਿਰਦਾ ਹੌਲਾ ਜਿਹਾ ਹੋ ਆਸਾਂ ਦੇ ਢੇਰ ਤੇ ਉਮੀਦਾਂ ਦੀ ਉਡਾਣ ਪੱਕੀ ਫਸਲ ਦੀ ਖੁਸ਼ਬੋਈ ਸਭ ਕੁਝ ਹਰਿਆ ਹਰਿਆ ਤੇਰੇ ਆਉਣ ਦੀ ਉਮੀਦ ਅੱਸੂ ਦੇ ਮਹੀਨੇ ਸਭ ਪਾਸੇ ਆਸ ਹੀ ਆਸ ਸ਼ਾਲਾ ਹਰੇਕ ਦਾ ਮਹਿਬੂਬ ਹੋਵੇਗਾ ਆਸ-ਪਾਸ

165. ਕਵਿਤਾ

ਕਵਿਤਾ ਤੁਹਾਡੇ ਮਨ ਦੇ ਵਲਵਲਿਆਂ ਚੋਂ ਜਨਮ ਲੈਂਦੀ ਸਿਰਜਦੀ ਆਪਣੇ ਆਪ ਨੂੰ ਤੁਹਾਡੇ ਅਹਿਸਾਸਾਂ ਦੇ ਨਾਲ ਤੁਹਾਡੀ ਰਗ ਰਗ ਵਿੱਚ ਸਮਾ ਜਾਂਦੀ ਵਾਵਰੋਲੇ ਵਾਂਗ ਦਿਲ ਦਿਮਾਗ ਤੇ ਛਾ ਜਾਂਦੀ ਉੱਠਦੀ ਹੈ ਕਵਿਤਾ ਦਿਲ ਦੀ ਟੀਸ ਵਿੱਚੋਂ ਬਿਰਹਣ ਦੀਆਂ ਕੂਕਾਂ ਵਿਚੋਂ ਵਸਲ ਦੇ ਨਿੱਘ ਵਿੱਚੋਂ ਇੰਤਜ਼ਾਰ ਵਿਚ ਬੀਤਦੀਆਂ ਘੜੀਆਂ ਵਿਚੋਂ ਦੁੱਖ ਨਾਲ ਵਲੂੰਧਰੇ ਹਿਰਦਿਆਂ ਵਿੱਚੋਂ ਭੁੱਖ ਨਾਲ ਕਸਮਸਾਉਦੇ ਢਿੱਡ ਵਿੱਚੋਂ ਗਲ ਪਈਆਂ ਪਾਟੀਆਂ ਲੀਰਾਂ ਵਿੱਚੋਂ ਵਿਜੋਗਣ ਦੇ ਬੁੱਲ੍ਹਾਂ ਤੇ ਸਿੱਕਰੀ ਵਿੱਚੋਂ ਗਲਵੱਕੜੀ ਨੂੰ ਤਰਸਦੀਆਂ ਬਾਹਵਾਂ ਵਿੱਚੋਂ ਸੁੰਨੀ ਹੋ ਜਾਣ ਵਾਲੀ ਮਾਂ ਦੀ ਕੁੱਖ ਵਿੱਚੋਂ ਪੁੱਤ ਦੀ ਚਿਖਾ ਬਾਲ ਕੀ ਆਏ ਪਿਓ ਦੀਆਂ ਸੁੰਨੀਆਂ ਅੱਖਾਂ ਵਿੱਚੋਂ ਵਿਦੇਸ਼ ਗਏ ਪੁੱਤ ਨੂੰ ਵੇਖਣ ਲਈ ਤਰਸਦੀਆਂ ਅੱਖਾਂ ਵਿੱਚੋਂ ਜੰਗ ਤੇ ਗਏ ਫ਼ੌਜੀ ਦੀਆਂ ਚਿੱਠੀਆਂ ਵਿੱਚੋਂ ਹਰ ਉਸ ਥਾਂ ਤੋਂ ਫੁੱਟਦੀ ਹੈ ਕਵਿਤਾ ਜਿੱਥੋਂ ਫੁੱਟਦੇ ਨੇ ਜਜ਼ਬਾਤ

166. ਫ਼ਰਕ ਨਹੀਂ ਪੈਂਦਾ

ਹੁਣ ਮੈਨੂੰ ਫਰਕ ਨਹੀਂ ਪੈਂਦਾ ਕੋਈ ਬੁਲਾ ਲਵੇ ਜਾਂ ਨਾ ਬੁਲਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਕੋਈ ਮੈਨੂੰ ਅਪਣਾਵੇ ਜਾਂ ਨਾ ਅਪਣਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਕੋਈ ਮੇਰੇ ਹੰਝੂ ਪੂੰਝੇ ਜਾਂ ਰੋਂਦਿਆਂ ਛੱਡ ਜਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਕੋਈ ਮੇਰੇ ਲਈ ਤੋਹਫਾ ਲਿਆਵੇ ਜਾਂ ਮੇਰਾ ਹੀ ਕੁਝ ਖੋਹ ਕੇ ਲੈ ਜਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਕੋਈ ਚਾਲ ਖੇਡੀ ਜਾਵੇ ਤੇ ਮੈਨੂੰ ਹਰਾ ਜਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਕੋਈ ਆਪਣਾ ਬਣ ਕੇ ਧੋਖਾ ਦੇ ਜਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਕੋਈ ਜ਼ਿੰਦਗੀ ਦੇ ਬਿਖੜੇ ਪੈਂਡਿਆਂ ਤੇ ਮੈਨੂੰ ਇਕੱਲਾ ਛੱਡ ਜਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਕੋਈ ਜ਼ਿੰਦਗੀ ਭਰ ਦਾ ਸਾਥ ਕਰ ਅੱਧ ਵਿਚਾਲੇ ਛੱਡ ਜਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਉਹ ਮੇਰਾ ਹੁੰਦਿਆਂ ਵੀ ਕਿਸੇ ਹੋਰ ਦਾ ਹੋ ਜਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਜਦੋਂ ਕੋਈ ਆਪਣੇ ਕਿਰਦਾਰ ਦੀ ਅਸਲੀਅਤ ਦਿਖਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਉਹ ਵਾਪਸ ਆਵੇ ਜਾਂ ਨਾ ਆਵੇ ਹੁਣ ਮੈਨੂੰ ਫਰਕ ਨਹੀ ਪੈਂਦਾ ਕੋਈ ਆਪਣਾ ਰਹੀ ਜਾਂ ਪਰਾਇਆ ਹੋ ਜਾਵੇ ਹੁਣ ਮੈਨੂੰ ਫਰਕ ਨਹੀਂ ਪੈਂਦਾ ਕੋਈ ਕਿੰਨੇ ਵੀ ਰੂਪ ਵਟਾਏ ਹੁਣ ਮੈਨੂੰ ਫਰਕ ਨਹੀਂ ਪੈਂਦਾ ਸੱਚੀਂ ਹੁਣ ਮੈਨੂੰ ਫ਼ਰਕ ਨਹੀਂ ਪੈਂਦਾ

167. ਸਰ੍ਹਾਣਾ

ਸਰ੍ਹਾਣਾ ਸੱਚਾ ਦੋਸਤ ਹੁੰਦਾ ਹੈ ਪਤਾ ਨਹੀਂ ਕਿੰਨੇ ਹੰਝੂ ਸਾਂਭ ਲੈਂਦਾ ਆਪਣੇ ਦਾਮਨ ਵਿੱਚ ਪਤਾ ਨਹੀਂ ਕਿੰਨੇ ਹਓੁਕੇ ਘੁੱਟੇ ਹੁੰਦੇ ਇਸ ਅੰਦਰ ਇਹ ਗਵਾਹ ਹੈ ਜਾਗ ਕੇ ਬਿਤਾਈਆਂ ਰਾਤਾਂ ਦਾ ਅਨੇਕਾਂ ਅਣਸੁਲਝੀਆਂ ਸਮੱਸਿਆਵਾਂ ਦਾ ਸਾਂਝੀ ਹਜ਼ਾਰਾਂ ਖਵਾਹਿਸ਼ਾਂ ਦਾ ਗਵਾਹ ਜੋ ਕਦੇ ਪੂਰੀਆਂ ਨਹੀਂ ਹੁੰਦੀਆਂ ਵਰ੍ਹਿਆਂ ਤੋਂ ਵੀ ਲੰਬੀਆਂ ਉਦਾਸ ਰਾਤਾਂ ਨੂੰ ਸੁਣਦਾ ਹਰ ਸੁਖ ਦੁਖ ਰਾਜ਼ ਨੂੰ ਰਾਜ਼ ਰੱਖਦਾ ਕਿਸੇ ਨੂੰ ਕਦੀ ਕੋਈ ਗੱਲ ਨਾ ਦੱਸਦਾ ਨਾਲ ਸੁੱਤੇ ਹਮਸਫ਼ਰ ਤੋਂ ਵੱਧ ਨੇੜੇ ਮਹਿਸੂਸ ਕਰਦਾ ਨਮ ਅੱਖਾਂ ਨੂੰ ਸੋਖ ਲੈਂਦਾ ਸਾਰੀ ਸਿੱਲ ਉਸਲਵੱਟੇ ਲੈਂਦਿਆਂ ਤੇ ਕਦੀ ਉਲ੍ਹਾਮਾ ਨਾ ਦਿੰਦਾ ਨਾ ਬੋਲਦਾ ਕੋਈ ਕੁਰੱਖ਼ਤ ਸ਼ਬਦ ਮਾਂ ਵਰਗਾ ਨਿੱਘ ਦਿੰਦਾ ਚਿਹਰੇ ਨੂੰ ਪਲੋਸਦਾ ਮਾਂ ਦੇ ਹੱਥ ਵਾਂਗ ਕਦੀ ਕਦੀ ਘੁੱਟ ਕਾਲਜੇ ਨਾਲ ਲੱਗ ਜਾਂਦਾ ਇਕੱਲੇਪਣ ਦੀ ਵਲਗਣ ਚੋਂ ਕੱਢ ਨਿੱਘ ਦਿੰਦਾ ਸਾਥੀ ਤੇ ਹਮਰਾਜ਼ ਸਰ੍ਹਾਣਾ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ