Harjeet Singh Bedi ਹਰਜੀਤ ਸਿੰਘ ਬੇਦੀ
ਸ. ਹਰਜੀਤ ਸਿੰਘ ਬੇਦੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੱਖੋਵਾਲ (ਨੇੜੇ ਸ਼੍ਰੀ ਹਰਗੋਬਿੰਦਪੁਰ) ਵਿਖੇ ਸ. ਕਰਤਾਰ ਸਿੰਘ ਬੇਦੀ ਤੇ
ਮਾਤਾ ਜੀ ਸੁਰਿੰਦਰ ਕੌਰ ਦੇ ਘਰ 5 ਅਕਤੂਬਰ 1942 ਨੂੰ ਪੈਦਾ ਹੋਏ।
ਡੀ ਏ ਵੀ ਕਾਲਿਜ ਜਲੰਧਰ ਵਿੱਚ ਪੜ੍ਹਦਿਆਂ ਆਪ ਕੌਮੀ ਪੱਧਰ ਦੇ ਭੰਗੜਾ ਕਲਾਕਾਰ ਬਣੇ ਅਤੇ ਕਈ ਸਾਲ ਲਗਾਤਾਰ
ਗਣਤੰਤਰ ਦਿਵਸ ਦੀ ਨਵੀਂ ਦਿੱਲੀ ਵਿਖੇ ਹੋਣ ਵਾਲੀ ਪਰੇਡ ਵਿੱਚ ਪੰਜਾਬ ਦੀ ਭੰਗੜਾ ਟੀਮ ਵਿੱਚ ਸ਼ਮੂਲੀਅਤ ਕੀਤੀ।
ਭਾਰਤ ਸਰਕਾਰ ਦੇ ਸੈਂਟਰਲ ਐਕਸਾਈਜ਼ ਤੇ ਕਸਟਮਜ਼ ਵਿਭਾਗ ਵਿੱਚ ਨੌਕਰੀ ਕਰਦਿਆਂ ਆਈ ਆਰ ਐੱਸ ਅਫ਼ਸਰ ਵਜੋਂ
2002 ਵਿੱਚ ਸੇਵਾਮੁਕਤ ਹੋਏ। ਨੌਕਰੀ ਦੌਰਾਨ ਆਪ ਨੇ ਐੱਮ ਏ ਕਰ ਉਪਰੰਤ ਲਾਅ ਵਿੱਚ ਵੀ ਮਾਸਟਰਜ਼ ਡਿਗਰੀ ਹਾਸਲ
ਤਕਨ ਦੇ ਨਾਲ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬਿਜਨਸ ਮੈਨੇਜਮੈਂਟ ਵਿੱਚ ਵੀ ਡਿਪਲੋਮਾ ਹਾਸਲ ਕੀਤਾ।
ਪੰਜਾਬ ਦੀਆਂ ਸੱਭਿਆਚਾਰਕ ਸੱਥਾਂ ਤੇ ਯੂਨੀਵਰਸਿਟੀਆਂ ਦੇ ਜੱਜਮੈਂਟ ਪੈਨਲ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਆਪ ਸ. ਜਗਦੇਵ ਸਿੰਘ
ਜੱਸੋਵਾਲ ਜੀ ਦੇ ਵੀ ਨਿਕਟ ਸਨੇਹੀ ਸਨ। ਆਪ ਨੂੰ ਪ੍ਰੋ. ਮੇਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵਿੱਚ ਵੀ ਬਤੌਰ ਸੀਨੀਅਰ ਮੀਤ
ਪ੍ਰਧਾਨ ਲਗ ਪਗ ਦਸ ਸਾਲ ਕੰਮ ਕਰਨ ਦਾ ਮੌਕਾ ਮਿਲਿਆ।
ਆਪ ਦੀ ਚੇਅਰਮੈਨ ਸ਼ਿਪ ਹੇਠ ਸ. ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ ( ਗੁਰਦਾਸਪੁਰ) ਦਾ ਗਠਨ 1994 ਵਿੱਚ
ਕੀਤਾ ਗਿਆ ਅਤੇ ਇਸ ਵੱਲੋਂ ਹਰ ਸਾਲ ਸ. ਸੋਭਾ ਸਿੰਘ ਯਾਦਗਾਰੀ ਸੱਭਿਆਚਾਰਕ ਮੇਲਾ ਕਰਵਾਉਣਾ ਆਰੰਭਿਆ ਜਿਸ ਵਿੱਚ
ਨਾਮਵਰ ਗਾਇਕਾਂ ਤੇ ਚਿਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਆਪ ਦੇ ਦੋ ਕਾਵਿ ਸੰਗ੍ਰਹਿ “ਆਂਦਰਾਂ ਦੀ ਡੋਰ” (1992)ਤੇ “ਅਧੂਰੀ ਗੁਫ਼ਤਗੂ”(2001) ਪ੍ਰਕਾਸ਼ਿਤ ਹੋਏ।
ਉਹ ਹਰ ਸਾਲ ਆਪਣੇ ਜੱਦੀ ਪਿੰਡ ਸੱਖੋਵਾਲ ਵਿਖੇ ਸਾਰੇ ਭੈਣ ਭਰਾਵਾਂ ਦਾ ਪਰਿਵਾਰ ਇਕੱਠਿਆਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ
ਵਿਸਾਖੀ ਦਿਹਾੜਾ ਮਨਾਉਂਦੇ ਤੇ ਪਰਿਵਾਰ ਵੱਲੋਂ ਲੰਗਰ ਲਾਉਂਦੇ ਸਨ। 14ਅਪ੍ਰੈਲ 2002 ਦੀ ਵਿਸਾਖੀ ਮੌਕੇ ਲੰਗਰ ਦੀ ਸੇਵਾ ਨਿਭਾਉਣ
ਉਪਰੰਤ ਖ਼ੁਦ ਪਰਿਵਾਰ ਨਾਲ ਪੰਗਤ ਚ ਬਹਿ ਕੇ ਪਰਸ਼ਾਦਾ ਛਕ ਰਹੇ ਸਨ ਕਿ ਅਚਾਨਕ ਦਿਲ ਦਾ ਦੌਰਾ ਪਿਆ ਜੋ ਜਾਨ ਲੇਵਾ ਸਾਬਤ ਹੋਇਆ।
ਆਪ ਅਪਣੇ ਪਿੱਛੇ ਜੀਵਨ ਸਾਥਣ ਪ੍ਰਿੰਸੀਪਲ ਇੰਦਰਜੀਤ ਕੌਰ ਬੇਦੀ , ਬੇਟਾ ਡਾ. ਹਰਮਨਦੀਪ ਸਿੰਘ ਬੇਦੀ ਤੇ ਬੇਟੀ ਰਿੰਮੀ ਬੇਦੀ ਤੋਂ ਇਲਾਵਾ
ਬਜ਼ੁਰਗ ਮਾਤਾ ਜੀ ਤੇ ਭੈਣ ਭਰਾਵਾਂ ਦਾ ਵਿਲਕਦਾ ਪਰਿਵਾਰ ਛੱਡ ਗਏ।
ਸਾਡੇ ਸਭ ਮਿੱਤਰ ਦਾਇਰੇ ਲਈ ਉਹ ਬਹੁਤ ਵੱਡੀ ਬੁੱਕਲ ਵਾਲੇ ਵੱਡੇ ਵੀਰ ਸਨ।
-ਗੁਰਭਜਨ ਗਿੱਲ