Adhuri Guftagu : Harjeet Singh Bedi

ਅਧੂਰੀ ਗੁਫ਼ਤਗੂ : ਹਰਜੀਤ ਸਿੰਘ ਬੇਦੀ



ਅਧੂਰੀ ਗੁਫ਼ਤਗੂ

ਗੱਲ ਸ਼ੁਰੂ ਹੀ ਕਿਉਂ ਕਰਨੀ ਸੀ ਜੇ ਅੱਧ ਵਿਚਕਾਰ ਛੱਡਣੀ ਸੀ ਹੁਣ ਇਨ੍ਹਾਂ ਟੁੱਟੀਆਂ ਰੱਸੀਆਂ ਨੂੰ ਗੰਢਦਾ-ਗੰਢਦਾ ਸਾਹਾਂ ਦੀ ਮਾਲਾ ਸਮਝ ਕੇ ਤੁਰਿਆ ਫਿਰਦਾ ਹਾਂ ਕੋਈ ਗੰਢ ਕਿਤੇ ਅਟਕ ਜਾਂਦੀ ਹੈ ਤੇ ਕੋਈ ਹੋਰ ਕਿਤੇ ਤੂੰ ਮੇਰੇ ਨਾਲ ਨਾਲ ਤੁਰਨਾ ਹੀ ਕਿਉਂ ਸੀ ਜੇ ਅੱਧ ਵਿਚਕਾਰੋਂ ਹੀ ਪਰਤ ਜਾਣਾ ਸੀ ਉਲਟ ਦਿਸ਼ਾ ਵੱਲ ਮੈਂ ਹੁੰਗਾਰਾ ਉਡੀਕ ਰਿਹਾਂ ਸਾਂ ਕਿ ਖਿਲਾਅ ਬੋਲਿਆ ਭੋਲਿਆ ਪੰਛੀਆ! ਕਿਸਨੂੰ ਲੱਭਦਾ ਹੈਂ ? ਮੈਂ ਹੁੰਗਾਰਾ ਨਹੀਂ ਮੈਂ ਤਾਂ ਤੇਰੇ ਹਾਉਕੇ ਦੀ ਹੀ ਪ੍ਰਤੀਧ੍ਵਨੀ ਹਾਂ! ਕੀ ਕਾਹਲੀ ਸੀ ਇਹ ਆਖਣ ਦੀ ਕਿ ਉਮਰ ਭਰ ਲਈ ਚੰਦਰਮਾ, ਸੂਰਜ ਗੁਫ਼ਤਗੂ ਕਰਾਂਗੇ! डे ਤਾਰਿਆਂ ਨਾਲ ਜੇ ਦਿਨ ਦੇ ਚਿੱਟੇ ਚਾਨਣੇ ਵਿੱਚ ਹੀ ਤੂੰ ਅਲੋਪ ਹੋ ਜਾਣਾ ਸੀ ਪਾਣੀ ਤੇ ਕਲੋਲ ਕਰਦੀਏ ਲਹਿਰ ਤੂੰ ਕਦੇ ਮੇਰੀ ਅੱਖ ਦਾ ਨੀਰ ਸੀ ਹਵਾ ਵਿੱਚ ਆ ਕੇ ਫੁੱਲੀ ਫਿਰਦੀ ਹੈਂ ? ਪਾਣੀ ਤੇ ਅੱਥਰੂ ਵਿਚਲਾ ਫ਼ਰਕ ਜਦੋਂ ਤੀਕ ਤੈਨੂੰ ਸਮਝ ਆਵੇਗਾ ਪਾਣੀ ਪੁਲਾਂ ਤੋਂ ਬਹੁਤ ਅੱਗੇ ਨਿਕਲ ਚੁੱਕੇ ਹੋਣਗੇ । ਤੇਰੀ ਮੇਰੀ ਬਾਤ ਤੁਰਦੀ-ਤੁਰਦੀ ਏਥੇ ਆ ਕੇ ਕਿਉਂ ਰੁਕੀ ਹੈ! ਮੈਨੂੰ ਲੱਗਦਾ ਹੈ ਕਿ ਇਹ ‘ਮਨੂ ਸਿਮਰਤੀ’ ਲਿਖਣ ਵਾਲੇ ਪੰਡਤ ਨੇ ਕੋਈ ਭਾਨੀ ਮਾਰੀ ਹੈ ! ਰਿਸ਼ਤਿਆਂ ਦੇ ਨਿਰਮਲ ਪਾਣੀਆਂ ਵਿੱਚ ਉਸੇ ਨੇ ਹੀ ਗੰਧਲੀ ਵਰਣ-ਵੰਡ ਦੀ ਕਾਂਜੀ ਘੋਲੀ ਹੈ! ਤੇ ਜਾਂ ਇੰਜ ਹੋਇਆ ਜਾਪਦੈ! ਪਟਵਾਰੀ ਦਾ ਵਹੀ ਖਾਤਾ ਬੋਲ ਪਿਆ ਹੋਵੇਗਾ- ਅਣਤੋਲੀ ਮਿੱਟੀ ਦਾ ਲੇਖਾ-ਜੋਖਾ ਜੋ ਤੇਰੇ ਮੇਰੇ ਰਿਸ਼ਤੇ ਨੂੰ ਮਿੱਟੀ ਕਰ ਗਿਆ! ਸਾਰੇ ਗੁਣਾਂ ਸਮੇਤ ਮੈਂ ਤੇਰੇ 'ਚੋਂ ਮਨਫ਼ੀ ਹੋ ਗਿਆ ਅੱਥਰੀਆਂ ਪੌਣਾਂ ਦੇ ਹਵਾਲੇ ਸਰਮਾਏ ਦੀ ਹਨ੍ਹੇਰੀ 'ਚੋਂ ਉੱਠਿਆ ਕੱਖ ਕਾਨ ਹਰ ਵਾਰ ਸਾਡੀਆਂ ਹੀ ਅੱਖਾਂ ਨੂੰ ਕਿਉਂ ਜ਼ਖ਼ਮੀ ਕਰਦਾ ਹੈ! ਅਸੀਂ ਹੀ ਕਿਉਂ ਥਿੜਕ ਜਾਂਦੇ ਹਾਂ ਹਰ ਵਾਰ ਸਾਡੀ ਹੀ ਗੁਫ਼ਤਗੂ ਕਿਉਂ ਅਧੂਰੀ ਰਹਿ ਜਾਂਦੀ ਹੈ ਬਾਰ-ਬਾਰ

ਮੜ੍ਹੀ ਤੇ ਦੀਵਾ

ਗੁਫ਼ਤਗੂ ਵਧਦੀ ਗਈ ਜ਼ਿੰਦਗੀ ਮਚਲਦੀ ਰਹੀ ਤੇ ਏਦਾਂ ਹੀ ਉਮੀਦਾਂ ਦੀ ਸ਼ਾਮ ਗੁਜ਼ਰਦੀ ਗਈ ਬਹੁਤ ਦੇਰ ਬਾਅਦ ਇਕਰਾਰਾਂ ਦੀ ਗੱਲ ਨਾ ਰਹੀ ਵਿਚਾਰਾਂ ਦੀ ਸ਼ਾਮ ਢਲਦੀ ਰਹੀ ਤੇ ਏਦਾਂ ਹੀ ਸੁਪਨਿਆਂ ਦੀ ਕੰਧ ਡਿੱਗਦੀ ਰਹੀ। ਸ਼ੂਕਦੀ ਹਵਾ ਤੇ ਕਹਿਰ ਦਾ ਤੂਫ਼ਾਨ ਫੇਰ ਵੀ ਮੜ੍ਹੀ ਤੇ ਦੀਵਾ ਬਾਲ ਆਇਆ ਸਾਂ ਤੇ ਭਟਕ ਰਿਹਾ ਹਾਂ ਅਜ ਤੱਕ

ਗੱਲ

ਇਕਰਾਰ ਦੀ ਗੱਲ ਤਕਰਾਰ ਦੀ ਗੱਲ ਬੱਸ ਕਰੋ ਇਹ ਬਹੁਤ ਲੰਬੀ ਹੈ ਗੱਲ ਨਾ ਇਹ ਅੰਦਾਜ਼ਾਂ ਦੀ ਗੱਲ ਨਾ ਇਹ ਅਰਮਾਨਾਂ ਦੀ ਗੱਲ ਇਹ ਤਾਂ ਹੈ... ਬਸ ਸੁਲਗਦੇ ਜ਼ਖ਼ਮਾਂ ਦੀ ਗੱਲ ਚੁੱਪ ਰਹਾਂਗਾ ਕਦੋਂ ਤੱਕ ਦਫ਼ਨਾ ਕੇ ਹਉਕਿਆਂ ਨੂੰ ਹੁਣ ਤਾਂ ਰਹਿ ਗਈ ਕੇਵਲ ਵਿਸ਼ਵਾਸਾਂ ਦੀ ਗੱਲ

ਰਾਤ

ਰਾਤ ਬਹੁਤ ਕਾਲੀ ਸੀ! ਅੱਗੇ ਵੀ ਪਿੱਛੇ ਵੀ ਉੱਪਰ ਵੀ ਹੇਠਾਂ ਵੀ ਹਨੇਰਾ ਹੀ ਹਨੇਰਾ ਸੀ ਮੈਂ ਇਸ ਰਾਤ ਤੋਂ ਦੂਰ ਹੋਣ ਲਈ ਕਈ ਪਹਿਰ ਤੜਫ਼ਦਾ ਰਿਹਾ ਸੂਰਜ ਦੀ ਪਹਿਲੀ ਕਿਰਨ ਆਈ ਤੇ ਮੈਨੂੰ ਉਸਨੇ ਮੁਕਤ ਕਰ ਦਿੱਤਾ ਮੈਂ ਛੱਡ ਆਇਆ ਹਾਂ ਕੁਝ ਪਿੱਛੇ ਡੂੰਘੀਆਂ ਖਾਈਆਂ ਖੌਲਦੇ ਸਮੁੰਦਰ ਧੁੰਦ ਗੁਬਾਰ ਹਨੇਰੀ ਝੱਖੜ ਉੱਬਲਦੇ ਲਾਵੇ ਤੇ ਬਲਦੇ ਜੰਗਲ ਮੈਂ ਵੇਖਣਾ ਚਾਹੁੰਦਾ ਹਾਂ ਬੱਸ ! ਫੁੱਟਦਾ ਹੋਇਆ ਇੱਕ ਅੰਕੁਰ

ਤੁਰਨ ਵਾਲੇ ਪੈਰ

ਤੁਰਨ ਵਾਲੇ ਪੈਰ ਕਦੇ ਥੱਕਦੇ ਨਹੀਂ ਥੱਕ ਵੀ ਜਾਣ ਤਾਂ ਰੁਕਦੇ ਨਹੀਂ । ਥੱਕਦੇ ਨੇ ਪੈਰ ਵਿਹਲੜਾਂ ਦੇ ਉਬਾਸੀਆਂ ਭਰਦੇ ਜ਼ਿੰਦਗੀ ਤੋਂ ਅਵਾਜ਼ਾਰ ਲੋਕਾਂ ਦੇ ਪ੍ਰਤੱਖ ਹੈ ਸੇਧ ਦੇਣ ਵਾਲੇ ਪੈਰ ਕਦੇ ਨਹੀਂ ਥੱਕਦੇ

ਖੇਡ ਜ਼ਿੰਦਗੀ ਦੀ

ਖੇਡ ਜ਼ਿੰਦਗੀ ਦੀ ਖੇਡਦਿਆਂ ਮੁੱਦਤ ਹੋ ਗਈ ਫੇਰ ਵੀ ਅਸੀਂ ਥੱਕੇ ਨਹੀਂ । ਬਚਪਨ ਦੇ ਖਿਡੌਣਿਆਂ ਨੂੰ ਯਾਦਾਂ ਦੇ ਨਜ਼ਾਰਿਆਂ ਨੂੰ ਸਾਂਭ-ਸਾਂਭ ਰੱਖਦੇ ਰਹੇ ਇਕ ਖ਼ਜ਼ਾਨੇ ਦੀ ਤਰ੍ਹਾਂ ਫੇਰ ਵੀ ਅਸੀਂ ਥੱਕੇ ਨਹੀਂ ਖੇਡ ਜ਼ਿੰਦਗੀ ਦੀ ਖੇਡਦਿਆਂ ਗ਼ਰਜ਼ਾਂ ਤੋਂ ਦੂਰ ਮੋਹ ਮੁਲਾਹਜ਼ਿਆਂ ਤੋਂ ਦੂਰ ਸਮੇਂ ਦੀ ਹਰ ਖੇਡ ਖੇਡ ਦੀ ਤਰ੍ਹਾਂ ਖੇਡਦੇ ਰਹੇ ਫੇਰ ਵੀ ਅਸੀਂ ਥੱਕੇ ਨਹੀਂ ਹਰ ਇੱਕ ਇਨਸਾਨ ਦਾ ਆਪਣੇ ਹੀ ਮੁੱਕਦਰ ਦਾ ਬਦਲਦਾ ਪਹਿਰਾਵਾ ਰਿਹਾ ਪਰ ਅਸੀਂ ਸ਼ਾਂਤ ਰਹੇ ਇਕ ਪਲ ਦੀ ਤਰ੍ਹਾਂ ਫੇਰ ਵੀ ਅਸੀਂ ਥੱਕੇ ਨਹੀਂ ਸ਼ੌਕ ਅਜੀਬ ਇਨਸਾਨ ਦਾ ਕੁਰਾਹੇ ਪਏ ਈਮਾਨ ਦਾ ਸਬਰ ਸੰਤੋਖ ਆਉਂਦਾ ਨਹੀਂ ਚੱਕਰ ਜ਼ਿੰਦਗੀ ਦਾ ਚੱਲਦਾ ਰਿਹਾ ਪਰ ਚੁੱਪ ਰਹੇ ਇਕ ਬਾਤ ਦੀ ਤਰ੍ਹਾਂ ਫੇਰ ਵੀ ਅਸੀਂ ਥੱਕੇ ਨਹੀਂ

ਫ਼ਰਜ਼ਾਂ ਦਾ ਪੱਲਾ

ਜਦ ਵੀ ਮੈਂ ਪਰਤਦਾ ਹਾਂ ਤਾਂ ਮਾਯੂਸ ਹੋ ਜਾਂਦਾ ਹਾਂ ਖਾਮੋਸ਼, ਸੁੰਨ ਤੇ ਉਦਾਸ ਘਰ ਨੂੰ ਵੇਖਕੇ ਮੈਂ ਵੇਖਦਾ ਹਾਂ ਆਪਣੀ ਧੀ ਦੀਆਂ ਉਦਾਸ ਅੱਖਾਂ ਵਿੱਚ ਜਿਵੇਂ ਕਹਿ ਰਹੀ ਹੋਵੇ ਡੈਡੀ ਮਾਯੂਸ ਨਾ ਹੋਵੋ ਇਹ ਦੁਨੀਆਂ ਹੈ ਦੁਨੀਆਂਦਾਰ ਬਣੋ ਮੈਂ ਵੇਖਦਾ ਹਾਂ ਇੱਕ ਪਾਸੇ ਬੈਠੀ ਆਪਣੀ ਪਤਨੀ ਵੱਲ ਗ਼ਮ ਵਿੱਚ ਡੁੱਬੀ ਜਿਵੇਂ ਕਹਿ ਰਹੀ ਹੋਵੇ ਇਹ ਜ਼ਿੰਦਗੀ ਹੈ ਅਧੂਰੀ ਗੁਫ਼ਤਗੂ ਹੌਸਲਾ ਨਾ ਛੱਡੋ ਉਹ ਸਭ ਠੀਕ ਕਰੇਗਾ ਤੇ ਫੇਰ ਮੈਂ ਵੇਖਦਾ ਹਾਂ ਦੂਰ ਬੈਠੀ ਆਪਣੀ ਬਿਰਧ ਮਾਂ ਦੀਆਂ ਅੱਖਾਂ ਵਿੱਚ ਜਿਵੇਂ ਸੋਚ ਰਹੀ ਹੋਵੇ ਭਵਿੱਖ ਦੀ ਪੀੜੀ ਲਈ ਮੈਨੂੰ ਸਮਝਾ ਰਹੀ ਹੋਵੇ ਪੁੱਤਰ ! ਦੁੱਖ ਸਹੇ ਜਾਂਦੇ ਨੇ ਟਾਲੇ ਨਹੀਂ ਜਾਂਦੇ ਤੇ ਫੇਰ ਮੈਂ ਸੋਚਦਾ ਹਾਂ ਦੂਰ ਸ਼ਹਿਰ ਬੈਠੇ ਆਪਣੇ ਪੁੱਤਰ ਬਾਰੇ ਸੋਚਦਾ ਹੋਵੇਗਾ ਡੈਡੀ ਤੁਸੀਂ ਦੁਖੀ ਹੋਵੋਗੇ ਵਰਤਮਾਨ ਨੂੰ ਵੇਖਕੇ। ਪਰ ਮਜ਼ਬੂਰ ਹਾਂ ਤੇ ਫੇਰ ਮੈਂ ਸੋਚਦਾ ਹਾਂ ਸੋਚਣਾ ਹੀ ਕਾਫ਼ੀ ਨਹੀਂ ਪੁੱਤਰ ਸਮਝਣਾ ਵੀ ਜ਼ਰੂਰੀ ਹੈ ਖਾਮੋਸ਼ ਤੇ ਉਦਾਸ ਘਰ ਲਈ ਭੈਣ, ਮਾਂ, ਤੇ ਬਿਰਧ ਦਾਦੀ ਲਈ ਜਿਨ੍ਹਾਂ ਨੇ ਤੈਨੂੰ ਪਾਲਦਿਆਂ ਸੱਧਰਾਂ ਦੀ ਗੱਠੜੀ ਸਾਂਭ ਰੱਖੀ ਹੈ ਨਵੇਂ ਚਾਨਣ ਦੀ ਆਸ ਰੱਖੀ ਹੈ ਸਮੇਂ ਨੇ ਚੱਲਦੇ ਜਾਣਾ ਹੈ.... ਫਰਜ਼ਾਂ ਦਾ ਪੱਲਾ ਛੱਡਣਾ ਇਨਸਾਨੀਅਤ ਨਹੀਂ

ਹਨੇਰੀ ਰਾਤ ਤੇ ਦੀਵਾ

ਦੁੱਖ ਤਾਂ ਜ਼ਿੰਦਗੀ ਵਿੱਚ ਆਉਂਦੇ ਰਹਿਣਗੇ ਗ਼ਮ ਵੀ ਹਿੱਕ ਵਿੱਚ ਉੱਭਰਦੇ ਰਹਿਣਗੇ। ਨੈਣਾਂ ਦੀ ਨਦੀ ਜੇ ਏਦਾਂ ਵਗਦੀ ਰਹੀ ਚਿਰਾਗ਼ ਹਰ ਘਰ ਦੇ ਬੁਝਦੇ ਰਹਿਣਗੇ ਦੀਵਾ ਬਨੇਰੇ ਤੇ ਬਾਲਦਿਆਂ ਜੇ ਬੁਝਦਾ ਰਿਹਾ ਪੱਤ ਇਦਾਂ ਹੀ ਨਿਹਥਿਆਂ ਦੀ ਜ਼ਾਲਮ ਲੁੱਟਦੇ ਰਹਿਣਗੇ ਹਰ ਬਸਤੀ ਕਦੋਂ ਤੱਕ ਬੰਜਰ ਬਣਦੀ ਰਹੇਗੀ ਦੋਸਤੋ ਕੀ ਗੁਲਸ਼ਨ ਹਰ ਘਰ ਦੇ ਐਦਾਂ ਹੀ ਲੁੱਟਦੇ ਰਹਿਣਗੇ

ਦਰਦ

ਦਰਦ ਹੋਵੇ ਤਾਂ ਨੀਰ ਵਗਦੇ ਨੇ ਹੰਝੂਆਂ ਦਾ ਵਹਿਣਾ ਕੋਈ ਰੋਗ ਨਹੀਂ ਵਿਯੋਗ ਹੋਵੇ ਤਾਂ ਨੀਰ ਵਗਦੇ ਨੇ ਭਰਮਾਂ ਦਾ ਰਹਿਣਾ ਕੋਈ ਅਜੀਬ ਨਹੀਂ ਤੜਪ ਹੋਵੇ ਤਾਂ ਨੀਰ ਵਗਦੇ ਨੇ ਜੁਦਾਈ ਦਾ ਸਹਿਣਾ ਕੋਈ ਔਖਾ ਨਹੀਂ ਵਸਲ ਹੋਵੇ ਤਾਂ ਨੀਰ ਵਗਦੇ ਨੇ

ਸੁਪਨੇ ਦੇ ਖੰਭ

ਕਤਰ ਦਿਉ ਪੰਛੀ ਦੇ ਪਰਾਂ ਨੂੰ ਬੇਸ਼ਕ ਦੋਸਤੋ ਪਰ ਫੇਰ ਵੀ ਰੁੱਖ ਤੇ ਬੈਠ ਕੇ ਗੀਤ ਗਾਉਂਦਾ ਰਹੇਗਾ ਕਹਿਰ ਆਉਣਗੇ ਵਾਵਰੋਲੇ ਬਣਕੇ ਜ਼ਿੰਦਗੀ ਵਿੱਚ ਇਨਸਾਨ ਫੇਰ ਵੀ ਢੱਠੇ ਘਰਾਂ ਨੂੰ ਉਸਾਰਦਾ ਰਹੇਗਾ ਮੜ੍ਹੀ ਤੇ ਦੀਵਾ ਬਾਲਦਿਆਂ ਜੇ ਇੱਦਾਂ ਹੀ ਗੁਜ਼ਰ ਗਈ ਕੌਣ ਬੇਸਹਾਰਿਆਂ ਦੀ ਹਿੱਕ ਨੂੰ ਪਲੋਸਦਾ ਰਹੇਗਾ ਗੁਜ਼ਰ ਚੁੱਕੀ ਕਾਲੀ ਰਾਤ ਅਜੇ ਭੁੱਲੀ ਨਹੀਂ ਕਿਸੇ ਨੂੰ ਕੀ ਮਾਤਮ ਮਨਾਉਂਦਾ ਇਨਸਾਨ ਮਮਤਾ ਜਗਾਉਂਦਾ ਰਹੇਗਾ ਪੁਰਖੀ ਆਸਾਂ ਹੁਣ ਕੇਵਲ ਸੁਪਨੇ ਨਹੀਂ ਰਹਿਣਗੇ ਅੱਜ ਦਾ ਬਾਪ ਇਹਨਾਂ ਸੁਪਨਿਆਂ ਨੂੰ ਤਰਾਸ਼ਦਾ ਰਹੇਗਾ

ਗ਼ਮ

ਦੁੱਖ ਦਰਦ ਤੇ ਗਮਾਂ ਦੀ ਸੂਚੀ ਬੜੀ ਲੰਮੀ ਹੈ ਰੋ ਵੀ ਨਹੀਂ ਸਕਦਾ ਡਰਦਾ ਹਾਂ! ਕਿਤੇ ਤੇਰਾ ਸ਼ਹਿਰ ਹੀ ਨਾ ਡੁੱਬ ਜਾਵੇ ਮੇਰੇ ਹੰਝੂਆਂ ਦੇ ਹੜ੍ਹ ਵਿੱਚ

ਨਾਲ ਨਾਲ

ਮੈਂ ਤੇਰੇ ਨਾਲ ਨਾਲ ਤੁਰਨਾ ਹੈ ਆਦਿ ਤੋਂ ਅੰਤ ਤੀਕ ਅੰਤਹੀਣ ਹਨੇਰੇ ਰਾਹਾਂ ਵਿਚ ਸੂਰਜ ਬਣ ਕੇ ਮੇਰੇ ਨਾਲ ਨਾਲ ਰਹੀਂ ਮੈਂ ਤੇਰੇ ਨਾਲ ਨਾਲ ਤੁਰਨਾ ਹੈ ਤੇਰੇ ਨਾਲ ਹੁੰਦਿਆਂ ਨਾ ਪੈਰ ਥਿੜਕਦੇ ਨੇ ਨਾ ਮਨ ਡੋਲਦਾ ਹੈ. ਤੂੰ ਮੇਰੇ ਨਾਲ ਨਾਲ ਰਹੀਂ ਮੈਂ ਤੇਰੇ ਨਾਲ ਨਾਲ ਤੁਰਨਾ ਹੈ

ਦੂਰ ਕਿਨਾਰਾ

ਅਹਿਸਾਸ ਸੁਲਗਦੇ ਸੁਲਗ ਗਏ ਇਕਰਾਰ ਮੁੱਕਦੇ ਮੁੱਕਦੇ ਮੁੱਕ ਗਏ ਤੇ ਏਦਾਂ ਹੀ ਜ਼ਖ਼ਮ ਭਰਦੇ ਭਰਦੇ ਭਰ ਗਏ ਕਿਨਾਰਾ ਬਹੁਤ ਦੂਰ ਤੋਂ ਨਜ਼ਰ ਤਾਂ ਆ ਰਿਹਾ ਸੀ ਪਰ ਫੇਰ ਵੀ ਗ਼ਮਾਂ ਵਿੱਚ ਡੁੱਬਦੇ ਡੁੱਬਦੇ ਡੁੱਬ ਗਏ

ਅਨੰਤ ਸਫ਼ਰ

ਪਾਂਧੀ ਬਣੋ ਅਨੰਤ ਸਫ਼ਰ ਦੇ ਮੁੱਕ ਜਾਣ ਵਾਲੇ ਸਫ਼ਰ ਆਦਮੀ ਨੂੰ ਬਹੁਤਾ ਤੁਰਨ ਨਹੀਂ ਦੇਂਦੇ । ਨਿਤਾਣਾ ਜਿਹਾ ਬਣਾ ਦੇਂਦੇ ਹਨ ਪੈਰ ਪੈਰ ਤੇ ਡਿੱਗਣ ਡੋਲਣ ਵਾਲਾ। ਲੰਮੇ ਸਫ਼ਰ ਦੇ ਪਾਂਧੀ ਨੂੰ ਚੰਨ ਤਾਰੇ ਤੇ ਦਮਕਦਾ ਸੂਰਜ ਵੀ ਬਹੁਤ ਨਜ਼ਦੀਕ ਲੱਗਦਾ ਹੈ ਤੁਰੋ ਹਮੇਸ਼ਾ ਅਨੰਤ ਸਫ਼ਰ ਵੱਲ

ਬੇਕਦਰਾਂ ਦੀ ਕਬਰ 'ਤੇ

ਸੋਹਿਲੇ ਲਿਖਕੇ ਮੌਤ ਦੇ ਤੜਫਾਉਂਦੇ ਹੋ ਕਿਉਂ ? ਹੰਝੂ ਭਰ-ਭਰ ਕਲਮ ਦੇ ਕਲਪਾਉਂਦੇ ਹੋ ਕਿਉਂ ? ਫੱਟ ਚੀਰ ਕੇ ਰੜਕਾਓ ਭਾਵੇਂ ਲੱਖ ਵਾਰੀ ਪਰ, ਦੀਵਾ ਬੇਕਦਰਾਂ ਦੀ ਕਬਰ ਤੇ ਜਗਾਉਂਦੇ ਹੋ ਕਿਉਂ ।

ਸਿਵੇ ਦੀ ਅੱਗ

ਸਿਵੇ ਦੀ ਅੱਗ ਵਿੱਚ ਬਲ ਕੇ ਵੀ ਉਹ ਲੋਕ ਕਦੇ ਨਹੀਂ ਸੜਦੇ ਜਿਹੜੇ ਜ਼ਿੰਦਗੀ ਦੇ ਖ਼ਾਕੇ ਵਿੱਚ ਪੱਕੇ ਰੰਗ ਭਰਦੇ ਨੇ ਮਾਸ, ਹੱਡੀਆਂ ਅਤੇ ਮਿੱਟੀ ਤੋਂ ਬਗ਼ੈਰ ਵੀ ਬਹੁਤ ਲੋਕ ਹੁੰਦੇ ਨੇ ਜਿੰਨ੍ਹਾਂ ਨੂੰ ਸਿਵੇ ਦੀ ਅੱਗ ਕੁਝ ਨਹੀਂ ਕਹਿੰਦੀ ਆਉ! ਪੱਕੇ ਰੰਗਾਂ ਵਾਲੀ ਚਿਤਰਕਾਰੀ ਕਰੀਏ

ਗੁਜ਼ਰ ਚੁੱਕੇ ਕੱਲ੍ਹ

ਗੁਜ਼ਰ ਚੁੱਕੇ ਕੱਲ੍ਹ ਨੂੰ ਜਦ ਮੈਂ ਸੋਚਦਾ ਹਾਂ ਉਦਾਸ ਹੋ ਜਾਂਦਾ ਹਾਂ। ਤੇ ਮੇਰੀ ਸੋਚ ਮੈਨੂੰ ਬਹੁਤ ਦੂਰ ਕਿਸੇ ਉਜਾੜ ੱਚ ਲੈ ਜਾਂਦੀ ਹੈ । ਤੇ ਫਿਰ ਮੈਂ ਬਹਿ ਜਾਂਦਾ ਹਾਂ ਕੁੱਝ ਦੇਰ ਲਈ ਧੁੱਪ ਦੀ ਠੰਢੀ ਛਾਂ ਥੱਲੇ । ਤੇ ਸੋਚਦਾ ਹਾਂ ਕੀ ਜ਼ਿੰਦਗੀ ਵੀ ਤੱਤੀ ਛਾਂ ਹੈ?

ਚਿਤਰਕਾਰ

ਰੰਗਾਂ ਨਾਲ ਗੱਲਾਂ ਕਰਦਾ ਹੈ ਬੁਰਸ਼ ਨਾਲ ਲੰਮੀਆਂ ਹੇਕਾਂ ਲਾਉਂਦਾ ਹੈ ਕੈਨਵਸ ਦੀ ਧਰਤੀ ਤੇ ਖ੍ਵਾਬਾਂ ਦੀ ਬਾਰਸ਼ ਕਰਕੇ ਮਨਾਂ ਦੀ ਧਰਤੀ ਸਿੰਜਦਾ ਹੈ ਰੰਗ ਗੁਫ਼ਤਗੂ ਕਰਦੇ ਹਨ

ਕਰੂੰਬਲ

ਕੋਮਲ ਮੁਰਝਾਈ ਕਰੂੰਬਲ ਨੂੰ ਬਿਰਖ਼ ਨੇ ਪੁੱਛਿਆ? ਤੂੰ ਉਦਾਸ ਕਿਉਂ ਹੈ? ਅਚਨਚੇਤ ਕਰੂੰਬਲ ਨੇ ਕਿਹਾ ਆਪਣੇ ਵੱਲ ਤਾਂ ਵੇਖ ਕਿਵੇਂ ਲੱਕੜਹਾਰਾ ਤੈਨੂੰ ਚੀਰ ਰਿਹੈ । ਉਦਾਸ ਬਿਰਖ਼ ਆਪਣੀ ਹੋਂਦ ਲਈ ਜੜ੍ਹਾਂ ਵੱਲ ਵੇਖਕੇ ਉਦਾਸ ਹੋ ਸੋਚਦੈ ਜਦ ਜੜ੍ਹ ਹੀ ਪੱਕੀ ਨਹੀਂ ਕਰੂੰਬਲ ਨੇ ਕੀ ਰਹਿਣੈ?

ਧਰਤੀ ਨੇ ਕਿਹਾ

ਧਰਤੀ ਨੇ ਕਿਹਾ ਪੁੱਤਰ! ਕੀ ਕਰੀ ਜਾਂਦੇ ਹੋ ਮੇਰੀ ਮਾਂਗ ਵਿੱਚ ਜ਼ਹਿਰ ਦਾ ਸੰਧੂਰ ਭਰਕੇ ਆਪ ਮਰੀ ਜਾਂਦੇ ਹੋ ਨਿੱਕੀਆਂ-ਨਿੱਕੀਆਂ ਲੋੜਾਂ ਲਈ ਮੇਰੇ ਸਾਹਾਂ ਵਿਚ ਵਿਸ਼ ਨਾ ਘੋਲੋ! ਜੇ ਤੁਸੀਂ ਅਜੇ ਵੀ ਨਾ ਹਟੇ ਤਾਂ ਮੈਂ ਬਾਂਝ ਹੋ ਜਾਵਾਂਗੀ।

ਬਰਫ ਦੀ ਅੱਗ

ਸੁਲਗਦੀ ਅੱਗ ਨੂੰ ਫੜਦਿਆਂ ਮੁੱਦਤ ਹੋ ਗਈ ਫੇਰ ਵੀ ਹੱਥਾਂ ਤੇ ਆਂਚ ਨਹੀਂ ਆਈ। ਬਰਫ਼ ਨੂੰ ਫੜ ਸੋਚਦਾ ਹਾਂ ਜੇ ਇਸਨੂੰ ਹੀ ਅੱਗ ਲੱਗ ਜਾਵੇ। ਸ਼ਾਇਦ ਇੱਕ ਜ਼ਖ਼ਮ ਹੱਥਾਂ ਤੇ ਆ ਜਾਵੇ!

ਇੱਕੀਵੀਂ ਸਦੀ

ਇੱਕੀਵੀਂ ਸਦੀ ਦੇ ਬੂਹੇ ਤੇ ਖਲੋ ਕੇ ਵੀ ਤੁਸੀਂ ਟਲੇ ਨਹੀਂ ਆਪਣੇ ਹੀ ਵੀਰਾਂ ਦੇ ਖ਼ੂਨ ਨਾਲ ਹੱਥ ਰੰਗ ਬੈਠੇ ਹੋ ਭਲਾ ਦੱਸੋ ! ਜੰਗਲ ਵਿੱਚੋਂ ਕਦੋਂ ਨਿਕਲੋਗੇ।

ਤੇਰੇ ਦਰ ਤੇ

ਮੇਰੇ ਗੁਰਾਂ ਨੇ ਨੀਂਦ ਸੁਭਾਗੀ ਮੰਗੀ ਸੀ ਨੀਂਦ ਸੁਭਾਗੀ ਨਾਲ ਹੀ ਸ਼ਹੂ ਦੇ ਦਰਸ਼ਨ ਹੁੰਦੇ ਸੁਪਨੇ ਦੀ ਨਾ ਰੀਸ ਭਰਾਉ ਸੁਪਨੇ ਨੂੰ ਸੁਲਤਾਨ ਕਹਿਣ ਵਾਲੇ ਵੀ ਆਖਣ ਸੌ ਵਰ੍ਹਿਆਂ ਦੇ ਵਿੱਛੜੇ ਪਲ ਵਿੱਚ ਆਣ ਮਿਲਾਵੇ ਅੱਖ ਖੁੱਲਣ ਤੇ ਜਦ ਕਿਧਰੇ ਕੋਈ ਮਿੱਤਰ ਪਿਆਰਾ ਨਜ਼ਰ ਨਾ ਆਵੇ ਹੇ ਸੁਪਨੇ ਸੁਲਤਾਨ ਮੈਂ ਤੇਰੇ ਦਰ ਆਣ ਖੜ੍ਹਾ ਹਾਂ ਦੇਹ ਭਿਖਿਆ ਕਿ ਮੈਂ ਵੀ ਸ਼ਹੁ ਦੇ ਦਰਸ਼ਨ ਪਾਵਾਂ ਸੌ ਵਰ੍ਹਿਆਂ ਦੇ ਨਿੱਖੜੇ ਮਨ ਨੂੰ ਪਲ ਵਿੱਚ ਸ਼ਾਂਤ ਕਰਾਵਾਂ ਹੇ ਸੁਪਨੇ ਸੁਲਤਾਨ ! ਦਰ ਤੇਰੇ ਤੇ ਮੈਂ ਆਇਆ ਮੋਹ ਮਮਤਾ ਦੇ ਭਰਮ ਜਾਲ ਨੇ ਮਨ ਮੇਰਾ ਏਨਾ ਉਲਝਾਇਆ ਮੈਨੂੰ ਕੱਖ ਵੀ ਸਮਝ ਨਾ ਆਇਆ ਅੱਧੀ ਸਦੀ ਹੰਢਾਈ ਕਾਇਆ ਚਾਰ ਚੁਫ਼ੇਰੇ ਖਿੱਲਰੀ ਮਾਇਆ ਘੁੰਮਣ ਘੇਰ 'ਚ ਘਿਰਿਆ ਮੈਂ ਹੁਣ ਤੇਰੇ ਦਰ ਤੇ ਆਣ ਖੜਾ ਹਾਂ

ਅੰਬੜੀ ਦਾ ਵਿਹੜਾ

ਮੇਰੀ ਅੰਬੜੀ ਦਾ ਵਿਹੜਾ ਨੀ ਮੇਰੇ ਬਾਬਲ ਦਾ ਵਿਹੜਾ ਨੀ ਕੇਹਾ ਸੋਹਣਾ ਵਿਹੜਾ ਸੀ ਵਿਆਹ ਗੁੱਡੀਆਂ ਦੇ ਕੀਤੇ ਸੀ ਗੀਟੇ ਵੀ ਖੇਡੇ ਸੀ ਵੀਰੇ ਨਾਲ ਲੜਦੀ ਸੀ ਫਿਰ ਮੇਰੀ ਵਾਰੀ ਸੀ ਫਿਰ ਤੇਰੀ ਵਾਰੀ ਸੀ। ਪੌਣਾਂ ਨੇ ਰੁਖ਼ ਬਦਲੇ ਚੱਲੀਆਂ ਨੇ ਹਵਾਵਾਂ ਨੀ ਬਿਨ ਗਲਪੀ ਗਈ ਪੱਛੋਂ ਤੋਂ ਚੜ੍ਹੀਆਂ ਨੀ ਨਫ਼ਰਤ ਦੀ ‘ਨੇਰ੍ਹੀ ਨੀ' ਮਨੁੱਖ ਦੀ ਗੈਰਤ ਨੀ ਮੇਰੇ ਵੀਰ ਦਾ ਚੀਰਾ ਨੀ ਹੋਇਆ ਲਹੂ ਲੁਹਾਣ ਨੀ ਆਈ ਮਕਾਣ ਨੀ ਇਹ ਕੀਹਦਾ ਕਾਰਾ ਨੀ ਇਹ ਪਰਬਤੋਂ ਭਾਰਾ ਨੀ। ਮੇਰੀ ਇਕ ਅਰਜ਼ੋਈ ਨੀ ਮੇਰੇ ਗੁੱਡੀਆਂ ਪਟੋਲੇ ਨੀ ਮੈਨੂੰ ਵਾਪਿਸ ਦੇ ਦਿਉ ਨੀ ਸੌਂ ਜਾਓ ਹਵਾਓ ਨੀ ਸਬਰਾਂ ਦਾ ਘੁੱਟ ਭਰਕੇ ਮੈਂ ਬੈਠੀ ਰਹਿ ਗਈ ਨੀ ਮੇਰੀ ਅੰਬੜੀ ਦਾ ਵਿਹੜਾ ਨੀ ਮੇਰੇ ਬਾਬਲ ਦਾ ਵਿਹੜਾ ਨੀ ਹੁਣ ਸੱਖਣ-ਮ-ਸੱਖਣਾ ਨੀ

ਤੇਰੇ ਤੋਂ ਰੁਸ਼ਨਾਈ ਲੈ ਕੇ

ਮੈਨੂੰ ਪਤਾ ਸੀ ਤੂੰ ਵੀ ਏਥੋਂ ਤੁਰ ਜਾਣਾ ਏਂ ਮੇਲੇ ਵਿੱਚ ਗੁਆਚੇ ਬੇਬਸ ਬਾਲਕ ਵਾਂਗੂੰ ਮੈਂ ਤੇ ਕੱਲਮ 'ਕੱਲਾ ਏਥੇ ਰਹਿ ਜਾਣਾ ਏਂ ਜਿਵੇਂ ਨਦੀ ਦਾ ਵਗਦਾ ਪਾਣੀ ਕਿਸੇ ਕੋਲੋਂ ਨਹੀਂ ਰੁਕਦਾ ਹੁੰਦਾ ਬੇ-ਮੁਹਾਰ ਹਵਾਵਾਂ ਵਾਂਗੂੰ ਬਿਨ ਚੱਪੂਆਂ ਤੋਂ ਬੇੜੀ ਵਾਂਗੂੰ ਤੂੰ ਵੀ ਇਥੋਂ ਤੁਰ ਜਾਣਾ ਏਂ ਤੇ ਮੈਂ ਕੱਲਮ 'ਕੱਲਾ ਏਥੇ ਰਹਿ ਜਾਣਾ ਏਂ ਚੜ੍ਹਦੀ ਉਮਰੇ ਰੱਬ ਸਬੱਬੀ ਕੁਝ ਕਦਮਾਂ ਦਾ ਸਾਥ ਸੀ ਮਿਲਿਆ ਹੁਣ ਤੱਕ ਉਹਦੀ ਮਹਿਕ ਜਿਉਂਦੀ ਤੇਰੀ ਮਿੱਠੀ ਯਾਦ ਦੀ ਖੁਸ਼ਬੋ ਕੌਣ ਮੁੱਠੀ ਵਿੱਚ ਘੁੱਟ ਸਕਦਾ ਹੈ? ਜਿਹੜੀ ਖੁਸ਼ਬੂ ਸਾਥ ਤੇਰੇ ਦੀ ਬਣੀ ਕਮਾਈ ਮੇਰੀ ਨੂੰ ਦੱਸ ? ਕੌਣ ਲੁਟੇਰਾ ਲੁੱਟ ਸਕਦਾ ਏ ਏਸੇ ਹੀ ਅਹਿਸਾਸ 'ਚ ਮੈਂ ਵੀ, ਜਗਾਂ ਟਟਹਿਣੇ ਵਾਂਗੂੰ ਤੱਕ ਲੈ ਹੋਂਦ ਮੇਰੀ ਕੋਈ ਚੰਨ ਦਾ ਟੋਟਾ ਤੇਰੇ ਤੋਂ ਰੁਸ਼ਨਾਈ ਲੈ ਕੇ ਰਾਤਾਂ ਨੂੰ ਵੀ ਲਿਸ਼ਕ ਰਿਹਾ ਹਾਂ

ਚੰਗਿਆੜੀ

ਵੀਰਾਨ ਧਰਤੀ ਵੀਰਾਨ ਵਾਤਾਵਰਣ ਤੇ ਵੀਰਾਨੀ 'ਚ ਪੁੰਗਰਿਆ ਮੇਰੀ ਪ੍ਰੀਤ ਦਾ ਬੂਟਾ ਦੇਹ ਹੰਝੂਆਂ ਦਾ ਪਾਣੀ ਪਾ ਹਉਕਿਆਂ ਦਾ ਚੋਗਾ ਇਹ ਬੂਟਾ ਜੋ ਮੈਂ ਪਾਲਿਆ ਬਣ ਹਨੇਰੀ ਆਈ ਕਹਿਰ ਤੂਫ਼ਾਨੀ ਆਇਆ ਜ਼ਲਜ਼ਲਾ ਬਰਫ਼ਾਨੀ ਆਇਆ ਧਰਤੀ ਦੀ ਹਿੱਕ ਹਿੱਲੀ ਪ੍ਰੀਤ ਬੂਟਾ ਵੀ ਹਿਲਿਆ ਡਗਮਗਾਉਂਦਾ ਰਿਹਾ ਚਿਰ ਤਾਈਂ ਤੇ ਢਹਿ-ਢੇਰੀ ਹੋ ਗਿਆ ਹਸਰਤਾਂ ਨੂੰ ਦਬੋਚ ਕੇ ਧੁਖ਼ ਕੇ ਚੰਗਿਆੜੇ ਵਾਂਗ ਪਰ ਫੇਰ ਧੁਖ਼ਦਾ ਰਿਹਾ ਮਿੱਟੀ ਸੰਗ ਮਿੱਟੀ ਹੋ ਗਿਆ?

ਹਉਕੇ ਦੀ ਜੂਨ

ਕਿੱਕਰਾਂ ਦੇ ਬੂਟੇ ਕੰਡਿਆਂ ਦੀ ਛਾਵੇਂ ਉਡੀਕਾਂ ਦੇ ਹਾਉਕੇ ਭਰਦਿਆਂ ਉਮੀਦਾਂ ਦੀਆਂ ਲਾਟਾਂ ਬਾਲਦਿਆਂ ਉਮਰਾਂ ਦੀਆਂ ਵਾਟਾਂ ਏਦਾਂ ਹੀ ਲੰਘ ਗਈਆਂ ਉੱਜੜੇ ਰਾਹਾਂ ਤੇ ਉੱਗੇ ਬਰੂਹਾਂ ਤੇ ਕਲੋਲ ਕਰਦਿਆਂ ਸਾਹਾਂ ਦੀ ਮਾਲਾ ਫੇਰਦਿਆਂ ਉਮਰਾਂ ਦੀਆਂ ਵਾਟਾਂ ਏਦਾਂ ਹੀ ਲੰਘ ਗਈਆਂ ਚਿਣਗਾਂ ਜਿਉਂ ਉੱਠੀਆਂ ਅੰਦਰੋਂ ਉਬਾਲ ਇਕ ਐਸਾ ਆਇਆ ਸਵੈ ਮੇਰਾ ਕੰਬਿਆ ਬੱਚਿਆਂ ਸ਼ੁਦਾਈ ਬਣਾਇਆ ਮਚਲਾ ਬਣਾਇਆ ਸਿਆਣਿਆਂ ਜ਼ਿੰਦਗੀ ਦੀਆਂ ਠੰਢਾਂ ਝੱਲਦਿਆਂ ਉਮਰਾਂ ਦੀਆਂ ਵਾਟਾਂ ਏਦਾਂ ਹੀ ਲੰਘ ਗਈਆਂ ਓ - ਰੱਬਾ ! ਗ਼ਮ ਹੀ ਐਨੇ ਦਿੱਤੇ ਨੇ ਹੁਣ ਸਾਂਭਾਂ ਵੀ ਕਿੱਥੇ ਤਾਕਤ ਹੱਥਾਂ 'ਚ ਲਿਆਉਂਦਿਆਂ ਸ਼ਿਕਵੇ ਗਿਲੇ ਸਾਂਭਦਿਆਂ ਉਡੀਕਾਂ ਦੇ ਹਾਉਕੇ ਭਰਦਿਆਂ ਉਮਰ ਦੀਆਂ ਵਾਟਾਂ ਏਦਾਂ ਹੀ ਲੰਘ ਗਈਆਂ ਤਾਕਤ ਦੇਹ ਮੇਰੇ ਰੱਬਾ ਹੰਝੂਆਂ ਦੀ ਮਾਲਾ ਆਸਾਂ ਦੇ ਨਾਲ ਪਰੋਵਾਂ ਤੇ ਦਿਲ ਦੀਆਂ ਸੱਧਰਾਂ ਹਿਜਰਾਂ ਦੇ ਗਲ ਪਾਵਾਂ

ਜ਼ਿੰਦਗੀ

ਜ਼ਿੰਦਗੀ ਦੇ ਫੁੱਲਾਂ ਨੂੰ ਸੁੰਘਣਾ ਤੇ ਸੁੰਘ ਕੇ ਸੁੱਟ ਦੇਣ ਦਾ ਕੋਈ ਅਰਥ ਨਹੀਂ ਹੈ ਜ਼ਿੰਦਗੀ ਨੂੰ ਕੀੜੇ-ਮਕੌੜੇ ਵਾਂਗ ਪੈਰ ਹੇਠ ਮਸਲ ਦੇਣ ਦਾ ਕੋਈ ਅਰਥ ਨਹੀਂ ਹੈ ਹਰੇ ਪੱਤੇ ਤੇ ਪਈ ਇਕ ਬੂੰਦ ਵੀ ਜੀਵਨ ਦਾ ਇਕ ਅਮਿਟ ਛਿਣ ਬਣ ਜਾਂਦਾ ਹੈ ਜ਼ਿੰਦਗੀ ਹੰਢਾਉਣ ਲਈ ਬਣੀ ਹੈ ਦੋਸਤ ਕੱਚੇ ਘੜੇ ਵਾਂਗ ਇਹਨੂੰ ਤੋੜ ਦੇਣ ਦਾ ਕੋਈ ਅਰਥ ਨਹੀਂ ਹੈ

ਪਰਛਾਵੇਂ ਦੀ ਜੂਨ

ਪਰਛਾਵੇਂ ਪਰਛਾਵੇਂ ਏਥੇ ਕਿਸਦੀ ਉਂਗਲ ਫੜ ਕੇ ਭਵਸਾਗਰ ਨੂੰ ਤਰੀਏ ਨਾ ਹੀ ਜੀਵੀਏ ਨਾ ਹੀ ਮਰੀਏ ਰੁੱਖਾਂ ਨੂੰ ਸੰਤਾਪ ਜਿਹਾ ਹੈ ਹਰ ਦਿਨ ਚੜ੍ਹਦਾ ਪਾਪ ਜਿਹਾ ਹੈ ਜੀਵਨ ਕਿਸੇ ਸਰਾਪ ਜਿਹਾ ਹੈ ਕੌਣ ਬਨੇਰੇ ਦੀਵਾ ਧਰੀਏ ਨਾ ਹੀ ਜੀਵੀਏ ਨਾ ਹੀ ਮਰੀਏ ਹਰ ਰਸਤੇ ਵਿੱਚ 'ਨੇਰ੍ਹ ਪਸਰਿਆ ਹਰ ਰਸਤੇ ਵਿਚ ਕਹਿਰ ਪਸਰਿਆ ਥਾਂ-ਥਾਂ ਧਰਤੀ ਮਕਤਲ ਹੋਈ ਕਿਹੜੀ ਥਾਂ ਤੇ ਪੈਰ ਨੂੰ ਧਰੀਏ ਨਾ ਹੀ ਜੀਵੀਏ ਨਾ ਹੀ ਮਰੀਏ ਸੋਨੇ ਵਰਗੀ ਕੁੰਦਨ ਦੇਹੀ ਨਫ਼ਰਤ ਦੀ ਭੱਠੀ ਵਿੱਚ ਸੁੱਟ ਸਾਡੀ ਪੂੰਜੀ ਸਾਡੇ ਸਾਹਮਣੇ ਵੇਖੋ ਯਾਰੋ ਗੈਰਾਂ ਲੁੱਟੀ ਸ਼ਰਮਿੰਦੇ ਹਾਂ ਦੱਸ ਕੀ ਕਰੀਏ ਕਿੱਥੇ ਜਾਈਏ ਕਿੱਥੇ ਮਰੀਏ ?

ਯਾਦ ਤੇਰੀ

ਬਿਨ ਤੇਰੇ ਭਟਕਿਆ ਹਾਂ ਜਿਵੇਂ ਮਾਰੂਥਲ 'ਚ ਗੁਆਚਾ ਮਿਰਗ ਹੋਵੇ ਬਿਨ ਤੇਰੇ ਬੇਹਾਲ ਹਾਂ ਜਿਵੇਂ ਔੜ ਵਿਚ ਅੱਕ ਦਾ ਬਿਰਖ਼ ਹੋਵੇ ਬਿਰਹਾ ਹੋਇਆ ਤਨ ਮੇਰਾ ਜਿਵੇਂ ਬਿਨ ਪਾਣੀ ਰੇਗਿਸਤਾਨ ਹੋਵੇ ਤੜਪਣ ਤਰਲੋ-ਮੱਛੀ ਹੋਈ ਆਸ ਤੇ ਆਮਦ ਤੇਰੀ ਮੁੱਕਦੀ ਸੜਦੀ ਮੜ੍ਹੀ ਤੇ ਬਲਦਾ ਦੀਵਾ ਬਣੀ!

ਦਰਦਾਂ ਦੀ ਕਹਾਣੀ

ਤੇਰੇ ਗ਼ਮਾਂ ਦੀ ਕਹਾਣੀ ਹੀ ਅਜੀਬ ਹੈ ਤੇਰੇ ਦੁੱਖਾਂ ਦੀ ਸਰਗਮ ਵੀ ਅਜੀਬ ਹੈ ਤੇਰੇ ਦਰਦਾਂ ਦੀ ਰਾਤ ਕਾਲੀ ਮੱਸਿਆ ਬਣੀ ਹੈ ਮੈਂ ਚਾਹਿਆ ਤੇਰੇ ਗ਼ਮਾਂ ਦੁੱਖਾਂ ਤੇ ਦਰਦਾਂ ਦਾ ਹਿੱਸਾ ਵੰਡਾਵਾਂ ਮੈਂ ਚਾਹਿਆ ਤੇਰੇ ਲਈ ਮੈਂ ਪੱਤਝੜ ਦੀ ਸ਼ਾਮ ਹਨੇਰੀ ਬਣਾਂ ਮੈਂ ਚਾਹਿਆ ਤੇਰੇ ਲਈ ਮੈਂ ਸਮੁੰਦਰ 'ਚ ਉੱਠ ਰਿਹਾ ਤੂਫ਼ਾਨ ਬਣਾਂ ਮੈਂ ਚਾਹਿਆ ਤੇਰੇ ਲਈ ਮੈਂ ਪਹਾੜ ਚੋਂ ਫੁੱਟ ਕੇ ਨਿਕਲਿਆ ਇਕ ਲਾਵਾ ਬਣਾਂ ਬਣਾਂ ਇਕ ਐਸੀ ਸ਼ਕਤੀ ਕਿ ਸਭ ਲਈ ਮੈਂ ਉਦਾਹਰਣ ਬਣਾਂ ਸਮਾਜ ਦੀਆਂ ਜੰਜ਼ੀਰਾਂ ਤੋਂ ਰਸਮੋ ਰਿਵਾਜਾਂ ਦੇ ਬੰਧਨ ਤੋਂ ਜਾਤ-ਪਾਤ ਦੀ ਦੀਵਾਰਾਂ ਤੋਂ ਤੈਨੂੰ ਮੁਕਤ ਕਰਾਵਾਂ ਤੇ ਫੇਰ ਕਿਤੇ ਦੂਰ ਕਿਸੇ ਟਿੱਲੇ ਤੇ ਬਹਿ ਤੇਰੇ ਗ਼ਮਾਂ-ਦੁੱਖਾਂ-ਦਰਦਾਂ ਦਾ ਸਾਂਝੀਵਾਲ ਬਣਾਂ

ਬਿਰਹਾ ਦੀ ਚੀਸ

ਅੱਜ ਫੇਰ ਤੇਰੇ ਬਿਰਹਾ ਕਾਰਨ ਮੇਰੇ ਅੰਦਰ ਚੀਸ ਉੱਠੀ ਇਹ ਚੀਸ ਕੁਝ ਚਿਰ ਪਹਿਲਾਂ ਵੀ ਉੱਠੀ ਸੀ ਤੇ ਮੈਂ ਉਦੋਂ ਥਿੜਕ ਗਿਆ ਸਾਂ। ਇਹ ਵਸਲ - ਬਿਰਹਾ ਪ੍ਰਾਪਤੀ - ਅਪ੍ਰਾਪਤੀ ਜੀਵਨ ਦਾ ਅੰਗ ਹਨ ਕਿਉਂ ਜੋ ਵਸਲ ੱਚ ਸ਼ਿਕਵਿਆਂ ਦੀ ਉਮਰ ਵਧਦੀ ਹੈ ਬਿਰਹਾ ਇਹ ਦੌੜ ਜ਼ਿੰਦਗੀ ਦੀ ਦਰਦ ਬਣਦੀ ਹੈ ਤੇ ਅੱਗੋਂ ਹੋਰ ਜੀਉਣ ਦਾ ਅਹਿਸਾਸ ਦੇਂਦੀ ਹੈ ਓ ਬੇਵਫ਼ਾ ! ਇਹ ਚੀਸ ਜੋ ਹੁਣ ਉੱਠੀ ਹੈ ਜ਼ਿੰਦਗੀ ਜੀਉਣ ਲਈ ਉੱਠੀ ਹੈ ਫੇਰ ਪ੍ਰਾਪਤੀ ਲਈ ਉੱਠੀ ਹੈ

ਤਾਂਘ

ਹਿਜਰ ਤੇਰਾ ਮੇਰੀ ਵੀਰਾਨ ਜ਼ਿੰਦਗੀ ਦਾ ਕਾਰਨ ਬਣਿਆ ਤੇ ਹਰ ਸੱਧਰ ਮੇਰੀ ਮੇਰੇ ਹੋਠਾਂ ਤੇ ਆ ਅਟਕੀ ਤੂੰ ਹੀ ਦੱਸ ਕੀ ਵਿਛੋੜੇ ਦੀ ਤੜਪਣ ਆਤਮ ਘਾਤ ਨਹੀਂ ? ਕੀ ਸੱਧਰਾਂ ਦਾ ਘਾਤ ਕਤਲ ਨਹੀਂ? ਕੀ ਪਿਆਰ - ਮਿਲਣੀ - ਮਿਲਣੀ ਦਾ ਰੋੜਾ - ਉਧਾਲਾ ਨਹੀਂ? ਪਰ ਹਰ ਬਦਨਸੀਬ ਰਾਗ ਇਹੀ ਗਾਉਂਦਾ ਰਿਹਾ ਤੇ ਆਖਿਰ ਘੋਰੜੂ ਬਣ ਉਹਦੇ ਸਾਹਾਂ ਦਾ ਗਾਹਕ ਬਣ ਗਿਆ

ਉਡੀਕਾਂ ਦੀ ਉਮਰ

ਪੱਤਰ ਦੁੱਖਾਂ ਦੇ ਰਾਖ ਹੋ ਜਾਣਗੇ ਢਲਦੇ ਸਮੇਂ ਦੇ ਨਾਲ ਸੂਲਾਂ ਤੇ ਕੰਡਿਆਂ ਸੰਗ ਅਟੇਰਨ ਬਣੀ ਜ਼ਿੰਦਗੀ ਸਮੇਂ ਦੇ ਗੇੜ ਨਾਲ ਹੱਥ ਪਹੁੰਚਦਾ ਨਹੀਂ ਸੁਖਾਂ ਦੀ ਅੱਟੀ ਵੱਲ ਜੀਉਣ ਭੁੱਲ ਗਿਐ ਸਮੇਂ ਦੇ ਫੇਰ ਨਾਲ ਹਾਕਮਾਂ ਨੇ ਬੇਪਨਾਹ ਕੀਤਾ ਲਾਚਾਰ ਨਿਮਾਣਿਆ ਨੂੰ ਪਿਆਰ ਦੇ ਨਾਲ ਬੇਚੈਨ ਜ਼ਿੰਦਗੀ ਵਿੱਚ ਉਲਝਣ ਗੁੰਝਲ ਬਣੀ ਬਿਰਹਾ ਦੇ ਨਾਲ ਦੋਸਤੋ! ਜ਼ਿੰਦਗੀ ਛਿਣ ਹੈ ਕੋਈ ਮਾਣ ਜਾਂਦਾ ਹੈ ਕੋਈ ਖ਼ਾਕ ਹੋ ਜਾਂਦਾ ਹੈ ਕਾਫ਼ਲਾ ਸਾਹਾਂ ਦਾ ਤੁਰਦਾ ਜਾ ਰਿਹੈ ਉਡੀਕਾਂ ਦੀ ਉਮਰ ਲੰਬੀ ਹੁੰਦੀ ਜਾ ਰਹੀ ਹੈ

ਹੇ ਗੁਰੂ ਨਾਨਕ

ਹੇ ਗੁਰੂ ਨਾਨਕ ! ਚਿੱਟੇ ਕੱਪੜੇ ਰੱਤ ਜੇ ਲੱਗੇ ਜਾਮਾ ਹੋ ਜਾਵੇ ਅਪਵਿੱਤਰ ਬੰਦੇ ਦੀ ਰੱਤ ਪੀ-ਪੀ ਏਥੇ ਵੇਖੋ ਬਾਘੀਆਂ ਪਾਉਂਦੇ ਮਿੱਤਰ । ਤੇਰੇ ਬੋਲ ਉਚਾਰੇ ਬਾਬਾ ਲੋਕਾਂ ਦੇ ਸਿਰਾਂ ਤੋਂ ਲੰਘੇ ਰੱਤ ਪੀਣੇ ਲੋਕਾਂ ਨੇ ਭਾਈ ਲਾਲੋ ਜਹੇ ਸੂਲੀ ਟੰਗੇ। ਕਰਾਮਾਤ ਨੂੰ ਕਹਿਰ ਕਿਹਾ ਤੂੰ ਹੱਕ ਪਰਾਇਆ ਜ਼ਹਿਰ ਕਿਹਾ ਤੂੰ ਤੇਰਾ ਨਾਮ ਪੁਕਾਰ ਕੇ ਬਾਬਾ ਤੇਰੇ ਨਾਂ ਕਰਾਮਾਤਾਂ ਜੁੜੀਆਂ ਬਦਕਿਸਮਤੀ ਵੇਖੋ ਯਾਰੋ ਤੇਰੀਆਂ ਲਿਖੀਆਂ ਕਿਸੇ ਨਾ ਪੜ੍ਹੀਆਂ। ਹੱਕ ਪਰਾਇਆ ਖਾ-ਖਾ ਭਾਗੋ ਗਊ ਵੀ ਖਾਂਦੇ ਸੂਰ ਵੀ ਖਾਂਦੇ ਬਗਲੇ ਭਗਤ ਕਬੂਤਰ ਗੋਲੇ ਨਾਲੇ ਤੇਰਾ ਨਾਮ ਜਪਾਉਂਦੇ । ਹੇ ਗੁਰੂ ਨਾਨਕ ! ਮੇਰੀ ਅਰਜ਼ੋਈ ਹੈ ਡੁੱਬਦਾ ਬੇੜਾ ਡੁੱਬ ਨਾ ਜਾਵੇ ਅੱਜ ਦਾ ਸੂਰਜ ਡੁੱਬ ਨਾ ਜਾਵੇ ਸੱਚ ਦਾ ਸੂਰਜ ਡੁੱਬ ਨਾ ਜਾਵੇ ਐਸੀ ਬਖਸ਼ਿਸ਼ ਕਰ ਦੁਨੀਆਂ ਤੇ ਮਨੁੱਖ-ਮਨੁੱਖ ਵੈਰੀ ਬਣੇ ਨਾ ਕਦਰਾਂ ਕੀਮਤਾਂ ਭੁੱਲ ਨਾ ਜਾਵੇ। ਹੇ ਗੁਰੂ ਨਾਨਕ ਤੇਰਾ ਖ਼ੌਫ ਮੁੱਕ ਨਾ ਜਾਵੇ ਐਸਾ ਇਕ ਮਾਹੌਲ ਬਣਾ ਦੇ ਹਊਮੈ ਦੀ ਅੱਗ ਮੁੱਕ ਹੀ ਜਾਵੇ। ਹੇ ਗੁਰੂ ਨਾਨਕ ਮੇਰੀ ਇਹ ਹੀ ਅਰਜ਼ੋਈ ਹੈ ਮਾਨਵਤਾ ਨੂੰ ਮਾਫ਼ੀ ਦੇ ਕੇ ਧਰਮ ਦੇ ਠੇਕੇਦਾਰਾਂ ਤੋਂ ਮੌਕੇ ਦੇ ਹਾਕਮਦਾਰਾਂ ਤੋਂ ਇਹ ਮੇਰੀ ਅਰਦਾਸ ਹੈ ਤੈਨੂੰ ਇਹ ਮੇਰੀ ਅਰਜ਼ੋਈ ਹੈ ਤੈਨੂੰ ।

ਰਾਤ ਨਹੀਂ ਲੰਘਦੀ

ਦਿਨ ਤਾਂ ਲੰਘ ਜਾਂਦਾ ਹੈ ਰਾਤ ਨਹੀਂ ਲੰਘਦੀ ਦਿਨ ਵੇਲੇ ਤਾਂ ਘਰ ਘਰ ਬੂਹੇ ਖੁੱਲਣ ਰਾਤ ਨੂੰ ਲੱਗਣ ਕੁੰਡੇ-ਜਿੰਦੇ ਨਾਲ-ਨਾਲ ਜੁੜੇ ਹੋਏ ਘਰ ਵੀ ਲੱਗਣ ਰੇਲ ਦੇ ਡੱਬੇ ਖਿੱਲਰੇ ਪੈਰਾਂ ਦੀ ਆਹਟ ਵੀ ਚੰਦਰੀ ਜਾਣ ਸੁਕਾਵੇ ਦਿਨ ਦੀ ਦਹਿਸ਼ਤ ਰਾਤ ਨੂੰ ਆ ਕੇ ਦਰ ਖੜਕਾਵੇ ਅੰਦਰ ਦਾ ਸਾਹ ਅੰਦਰ ਰਹਿ ਜੇ ਬਾਹਰ ਨਾ ਆਵੇ ਚੌਕੀਦਾਰ ਦੀ ਸੋਟੀ ਭੌਂਕਣ ਕੁੱਤੇ ਬਹੁਤ ਅਵਾਰਾ ਇਕ ਵਾਰੀ ਦੀ ਖੁੱਲ੍ਹੀ ਨੀਂਦਰ ਪਰਤੇ ਨਾ ਫੇਰ ਦੁਬਾਰਾ ਦਿਨ ਤਾਂ ਲੰਘ ਜਾਂਦਾ ਹੈ ਹੱਸ ਖੇਡ ਕੇ ਇਕ ਦੂਜੇ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਹੇਠਲਿਆਂ ਨੂੰ ਘੂਰ 'ਤੇ ਉਪਰੋਂ ਘੂਰੀ ਖਾ ਕੇ ਪਰ ਰਾਤ ਨਹੀਂ ਲੰਘਦੀ

ਫੇਰ ਵੀ ਇਨਸਾਨ

ਇਸ ਧਰਤੀ ਤੇ ਸਭ ਕੁਝ ਉੱਗਿਆ ਸਾਡਾ ਹੈ ਧੁੱਪਾਂ ਵੀ ਤੇ ਛਾਵਾਂ ਵੀ ਖੁੱਲ੍ਹੀਆਂ ਜੂਹਾਂ ਵਿੱਚ ਘਾਹ ਚਰਦੀਆਂ ਮੱਝਾਂ ਵੀ ਤੇ ਗਾਵਾਂ ਵੀ ਬਸੰਤ ਕਿ ਨਤੀ ਸਭ ਕੁਝ ਸਾਡਾ ਹੈ ਧਰਤੀ ਦੇ ਦੁਖ-ਸੁਖ ਪਿਆਸ - ਭੁੱਖ ਸਭ ਕੁਝ ਸਾਡਾ ਹੈ ਧਰਤੀ ਦੀ ਜੀਣ ਮਰਨ ਏਥੇ ਵੱਸਦੇ ਸਾਰੇ ਵਰਣ ਸਭ ਕੁਝ ਸਾਡਾ ਹੈ ਅਸੀਂ ਇਹਦੇ ਜੰਮੇ ਜਾਏ ਲੋਰੀਆਂ ਦੇ ਦੇ ਗੋਦ ਖਿਡਾਏ ਜੇ ਅੱਜ ਇਸ ਤੋਂ ਵਿਛੜਦੇ ਹਾਂ ਸਮਝੋ ਮਾਂ ਤੋਂ ਨਿੱਖੜਦੇ ਹਾਂ ਆਲ੍ਹਣੇ ਦਾ ਮੋਹ ਜਨੌਰ ਪਾਲਦੇ ਅਸੀਂ ਤਾਂ ਫੇਰ ਵੀ ਇਨਸਾਨ ਹਾਂ

ਪਿਆਸ

ਗੁਲਾਬ ਦੀ ਪੱਤੀ ਵਰਗੇ ਸੁਰਖ ਬੁੱਲਾਂ ਵਾਲੀਏ ਕੁੜੀਏ ਗੁਲਾਬ ਕਿਸੇ ਲਿਪਸਟਿਕ ਦਾ ਮੁਥਾਜ਼ ਨਹੀਂ ਸੂਰਜ ਨੂੰ ਕਿਸੇ ਮਾਨਤਾ ਦੀ ਲੋੜ ਨਹੀਂ ਤਾਰੇ ਵੀ ਸਿਰਨਾਵਾਂ ਕਿਸੇ ਨੂੰ ਨਹੀਂ ਦੱਸਦੇ ਪੰਛੀ ਵੀ ਠਿਕਾਣਾ ਕਿਸੇ ਨੂੰ ਨਹੀਂ ਦੱਸਦੇ ਚੰਨ ਦੇ ਨਾਲ ਚਕੋਰ ਦੀ ਦੋਸਤੀ ਪੱਕੀ ਪੀਆ ਦੇ ਗੁਣ ਗਾ-ਗਾ ਕੋਇਲ ਅਜੇ ਨਾ ਥੱਕੀ ਬਿਰਖ਼ ਵੀ ਝੂਮਦੇ ਤੇ ਗਾਉਂਦੇ ਰਹੇ ਵਗਦੀਆਂ ਹਵਾਵਾਂ ਦੇ ਸਾਜ਼ਾਂ ਦੇ ਨਾਲ ਮੁੱਦਤ ਤੋਂ ਬੈਠੀ ਖਾਮੋਸ਼ ਸਿਰਜਣਾ ਇਨਸਾਨ ਦੀ ਕਿੰਨੀ ਦੇਰ ਜ਼ਿੰਦਗੀ ਤੁਰੇਗੀ ਸਹਾਰਿਆਂ ਦੇ ਨਾਲ

ਸੁੱਚੇ ਰਾਹਾਂ ਤੇ

ਪਹੇ ਤੋਂ ਉੱਖੜੇ ਇਨਸਾਨੋ ਜੇ ਮਾਂ ਤੁਹਾਡੀ ਹਵਾ ਹੈ ਤੇ ਬਾਪ ਬਾਬਾ ਆਦਮ ਹਿੰਮਤ ਕਰੋ ! ਤੇ ਆਓ ਵਰਜਿਤ ਫ਼ਲ ਖਾਈਏ ਸੱਚ ਹੈ ਜ਼ਿੰਦਗੀ ਦੀਆਂ ਉਹੀ ਲੀਹਾਂ ਕੁਆਰੀਆਂ ਨੇ ਜਿਥੇ ਕੋਈ ਨਹੀਂ ਤੁਰਿਆ ਪਰ ਅਜਿਹੇ ਪੈਂਡੇ ਔਖੇ ਪ੍ਰਤੱਖ ਹੈ ਮਿੱਧੇ ਹੋਏ ਰਸਤਿਆਂ ਤੇ ਮਰਦ ਬੱਚੇ ਨਹੀਂ ਤੁਰਦੇ ਜੂਠ ਸਿਰਫ ਕੁੱਤਾ ਖਾਂਦਾ ਹੈ ਹੰਸ ਨਹੀਂ ਜੂਠੇ ਰਸਤਿਆਂ ਤੇ ਨਹੀਂ ਸੁੱਚੇ ਮਾਰਗਾਂ ਤੇ ਤੁਰੀਏ ਮਿੱਥੀਆਂ ਪਗਡੰਡੀਆਂ ਤੇ ਨਹੀਂ ਕੱਚ ਕੁਆਰੇ ਰਾਹਾਂ ਤੇ ਤੁਰੀਏ

ਜ਼ਿੰਦਗੀ ਦਾ ਰੱਥ

ਰੋਜ਼ ਦਿਹਾੜੀ ਵੇਖਦੇ ਹਾਂ ਅੰਬਰ 'ਚ ਗਿਰਝਾਂ ਭੌਂਦੀਆਂ ਜਿਨ੍ਹਾਂ ਦੇ ਬੋਟ ਖੋਹ ਕੇ ਲੈ ਜਾਣ ਖ਼ਬਰੇ ਕਿੰਜ ਮਾਵਾਂ ਸੌਂਦੀਆਂ ਵੀਰੇ ਦੀ ਉਡੀਕ ਵਿੱਚ ਭੈਣ ਰੋਜ਼ ਸੱਖਣੇ ਬਨੇਰੇ ਵੇਖ-ਵੇਖ ਅੱਕ ਗਈ ਹੈ ਥੱਕ ਗਈ ਹੈ ਬਾਬਲ ਦੀ ਸਹੇੜ ਰੋਜ਼ ਮਿਹਣੇ ਮਾਰਦਾ ਤੀਆਂ ਨੂੰ ਨਾ ਲੈਣ ਆਇਆ ਬਹੁਤਿਆਂ ਭਰਾਵਾਂ ਵਾਲੀਏ ਮਾਂ ਰੋਜ਼ ਆਖਦੀ ਮੇਰੀ ਆਂਦਰਾਂ ਦੀ ਸਾਰ ਤਾਂ ਲਿਆਵੋ ਪੁੱਤਰ ! ਚਿੱਤ ਨਾ ਟਿਕਾਣੇ ਆਵੇ ਮੇਰਾ ਜਾਣੇ ਕੀ ਮਾਂ ਵਿਚਾਰੀ ਉਜਾੜ ਪਿੰਡਾਂ ਦੇ ਰਾਹਾਂ ਵਿੱਚ ਅਨੇਕਾਂ ਦਰਿਆ ਵਗਦੇ ਬਿਨ ਪੁਲਾਂ ਦੇ ਗੋਲ-ਗੋਲ ਪਹੀਆਂ ਵਾਲਾ ਰੱਥ ਰਿੜਦਾ ਕੇਵਲ ਪੱਕੀਆਂ ਲੀਹਾਂ ਤੇ ਉਹ ਕੀ ਜਾਨਣ ਰੱਥ ਜ਼ਿੰਦਗੀ ਦਾ ਫਸਿਆ ਹੈ ਕਿਸ ਦਲ-ਦਲ ਵਿੱਚ ਮਨੁੱਖ ਜਿੱਥੇ ਅਸਮਰਥ ਹੈ ਹਥਿਆਰਾਂ ਦੇ ਸਾਹਮਣੇ

ਸੁਪਨਿਆਂ ਦੀ ਸਾਥਣ

ਐ ਮੇਰੀ ਸੁਪਨਿਆਂ ਦੀ ਸਾਥਣ ਤੂੰ ਜਲਦੀ ਆ ਤੇ ਮੇਰੇ ਗ਼ਮਾਂ ਦਾ ਹਿੱਸਾ ਵੰਡਾ ਮੇਰੇ ਗ਼ਮ ਮੇਰੇ ਨਾਸੂਰ ਬਣ ਗਏ ਨੇ ਓ ਮੇਰੇ ਦੁੱਖਾਂ ਦੀ ਸਾਥਣ ਤੂੰ ਜਲਦੀ ਆ ਤੇ ਮੇਰੇ ਨਾਸੂਰ ਦਾ ਪਾਣੀ ਸੁੱਕਾ ਤੇਰੇ ਹਿਜਰ ਕਾਰਨ ਮੈਂ ਨਾਕਾਮ ਬਣ ਗਿਆ ਹਾਂ ਓ ਮੇਰੀ ਹਮਦਮ ਤੂੰ ਜਲਦੀ ਆ ਇਸ ਬਿਰਹੋਂ ਨੂੰ ਵਸਲ ੱਚ ਪਲਟਾ ਤੇਰੀ ਪਨਾਹ ਪਿੱਛੋਂ ਮੈਂ ਗਮਾਂ ਤੋਂ ਬੇਪਨਾਹ ਹੁੰਦਾ ਹਾਂ ਇਸ ਲਈ ਤੂੰ ਜਲਦੀ ਆ ਐ ਮੇਰੀ ਸੁਪਨਿਆਂ ਦੀ ਸਾਥਣ ਤੂੰ ਹੁਣ ਜਲਦੀ ਆ

ਹੁੰਗਾਰਾ ਦਰਦ ਦਾ

ਵਰ੍ਹਿਆਂ ਤੋਂ ਵੇਖਦਾ ਹਾਂ ਦੀਵਾ ਜ਼ਿੰਦਗੀ ਦਾ ਟਿਮਟਿਮਾ ਰਿਹੈ ਇਹ ਦੀਵਾ ਹੁਣ ਮੱਧਮ ਪੈਂਦਾ ਜਾ ਰਿਹੈ ਤੇ ਤੇਲ ਸਾਹਾਂ ਦਾ ਮੁੱਕਦਾ ਜਾ ਰਿਹੈ ਆਸ਼ਾ ਜਿਉਣ ਦੀ ਲੱਕ ਇੱਕ ਤੜਪ ਬਣਦੀ ਜਾ ਰਹੀ ਹੈ ਤੇ ਤੜਪ ਜ਼ਿੰਦਗੀ ਦੀ ਆਦਤ ਬਣਦੀ ਜਾ ਰਹੀ ਹੈ ਹੁਣ ਤਾਂ ਬਦਨਸੀਬ ਤੇਰੀ ਦੇਹ ਕੰਡਿਆਂ ਦੇ ਵਿਛੌਣੇ ਤੇ ਆਰਾਮ ਕਰੇਗੀ ਬਿਰਹਾ ਤੇ ਗ਼ਮ ਦਾ ਓਡਣ ਲੈ ਆਰਾਮ ਕਰੇਗੀ ਤੇ ਮੇਰੇ ਹੀ ਦੋਸਤ ਮੇਰੇ ਦਰਦ ਦਾ ਹੁੰਗਾਰਾ ਭਰਨਗੇ

ਅਭਿਲਾਸ਼ਾ

ਗੁਲਸ਼ਨ ਕਾਹੀ ਦਾ ਬੂਝਾ ਬਣ ਕੇ ਰਹਿ ਗਿਆ ਸੁਗੰਧੀ ਜੀਵਨ 'ਚ ਖਿਲਾਰ ਇੱਕ ਅਭੁੱਲ ਸੁਪਨਾ ਬਣਕੇ ਰਹਿ ਗਿਆ ਸੁਹਾਗਾ ਨਫ਼ਰਤ ਤੇ ਕੁਹਜ ਦਾ ਚੁੱਲਾ ਜੀਵਨ ਉਜਾੜ ਵੀਰਾਨ ਤੇ ਬੇ ਆਸਰਾ ਬਣਕੇ ਰਹਿ ਗਿਆ ਕਿਉਂ ? ਪ੍ਰਾਪਤੀ ਲਈ ਸ਼ੁਹਰਤ ਨਹੀਂ - ਪੈਸਾ ਨਹੀਂ - ਪਹੁੰਚ ਨਹੀਂ ਕੀ ਜੀਵਨ ਗਰੀਬ ਦਾ? ਬੇ-ਨਾਮ ਬੇਆਸਰਾ ਭਟਕਦਾ ਰਹੇਗਾ ਸਦਾ ਕੀ ਮਜਨੂੰ ਤੇ ਰਾਂਝੇ ਏਦਾਂ ਹੀ ਵਿੱਚ ਗਲੀਆਂ ਦੇ ਰੁਲਦੇ ਰਹਿਣਗੇ ਉੱਤਰ ਕੇਵਲ ਦੇਵੇਗਾ ਸਮੇਂ ਦਾ ਇਕ ਝਟਕਾ ਤੇ ਫਿਰ ਹਰ ਗੁਲਸ਼ਨ ਆਬਾਦ ਰਹੇਗਾ

ਸਾਂਝਾਂ ਦੀ ਸੋਚ

ਟੁੱਟ ਚੁੱਕੇ ਰਿਸ਼ਤਿਆਂ ਦੀ ਗੱਲ ਨਾ ਕਰੋ ਨਵੀਆਂ ਸਾਂਝਾਂ ਦੀ ਸੋਚ ਹੀ ਵੱਖਰੀ ਹੈ ਤੁਲਨਾ ਨਵੇਂ ਪੁਰਾਣੇ ਦੀ ਭੇਦ ਤੇਰ ਮੇਰ ਦਾ ਵਾਟ ਫੇਰ ਵੀ ਵੱਖਰੀ ਹੈ ਵਗਦੇ ਪਾਣੀ ਕਿੰਨੀ ਦੇਰ ਵੱਖਰੇ ਹੋਣਗੇ ਆਖਰ ਤਾਂ ਮਿਲਣਾ ਹੈ ਕਿਸੇ ਘਾਟ ਤੇ ਕਵੀਉ - ਲਿਖਾਰੀਓ ! ਆਵਾਜ਼ ਤਾਂ ਉਠਾਓ ਹਿੰਮਤ ਕਰੋ ਇਕ ਨਵੀਂ ਸੋਚ ਇਕ ਨਵਾਂ ਰੁਖ਼ ਆਪਣੀ ਸੋਚ ਨੂੰ ਦਿਓ

ਬੇਵਫ਼ਾਈ ਦੀ ਹੂਕ

ਬੇਵਕਤ ਸਾਰੰਗੀ ਤੋਂ, ਕਿਸੇ ਨੇ ਬਿਰਹੋਂ ਦੀ ਤਾਨ ਛੇੜੀ ਤਾਨ 'ਚੋਂ ਕਿਸੇ ਵੀਰਾਨੇ 'ਚ ਬੈਠੇ ਕਿਸੇ ਬੇਵਫ਼ਾ ਦੀ ਹੂਕ ਨਿਕਲੀ ਜਿਉਂ ਰਾਤ ਨੂੰ ਬੂਹੇ ਦੇ ਬਾਹਰ ਕਿਸੇ ਕੁੱਤੇ ਦੇ ਰੋਣ ਦੀ ਆਵਾਜ਼ ਆਵੇ ਅਭੁੱਲ ਸੱਜਣ ਦੀਆਂ ਯਾਦਾਂ ਨੂੰ ਗ਼ਮਾਂ ਦੇ ਮੋਤੀਏ ਨਾਲ ਪਰੋਈ ਜਾਵੇ ਖ਼ੁਰ-ਖ਼ਰ ਕੇ ਹੱਡਾਂ ਦਾ ਮਾਸ ਹੁਣ ਤਾਂ ਬ ਨਾਲ ਜਾਕੀ ਜਿਸਮ ਹੱਡਾ-ਰੋੜੀ ਬਣੀ ਜਾਵੇ ਖਲੀ - ਉਚ ਤਾਂਘ ਮਿਲਣੇ ਦੀ ਫੇਰ ਵੀ ਮੁੱਕਦੀ ਨਾ ਕੱਚੇ ਘੜੇ ਤੇ ਸੋਹਣੀ ਫੇਰ ਵੀ ਤਰੀ ਜਾਵੇ

ਹਸਰਤ

ਸੂਤ ਵਸਲ ਦਾ ਗ਼ਮਾਂ ਦੇ ਨਾਲ ਕੁੱਤਿਆ ਤੰਦਾਂ ਜ਼ਿੰਦਗੀ ਦੀਆਂ ਕੱਚੀਆਂ ਹੀ ਰਹਿ ਗਈਆਂ ਤਾਂਘ ਮਿਲਣੇ ਦੀ ਤੇਰੀ ਕਦੀ ਨਾ ਮੁੱਕੀ ਆਹਾਂ ਜ਼ਿੰਦਗੀ ਦੀਆਂ ਬੇ-ਬੁਨਿਆਦ ਰਹਿ ਗਈਆਂ ਉਡੀਕ ਦੀ ਪੀਂਘ ਅੰਬਰ ਨੂੰ ਛੂਹਣ ਲੱਗੀ ਤੜਿੱਕ ਕੀਤੀ ਤੇ ਬਾਕੀ ਯਾਦਾਂ ਹੀ ਰਹਿ ਗਈਆਂ ਨਾਸੂਰ ਗ਼ਮਾਂ ਦੇ ਹੁਣ ਸਿੰਮਣ ਲੱਗ ਪਏ ਨੇ ਮਿਲਣੀਆਂ ਪਿਆਰ ਦੀਆਂ ਖੜ੍ਹੀਆਂ ਹੀ ਰਹਿ ਗਈਆਂ ਦੀਵਾ ਪਿਆ ਮੜ੍ਹੀ ਤੇ ਭਾਵੇਂ ਹਰ ਰੋਜ਼ ਬਲੇ ਹਸਰਤਾਂ ਦਿਲਾਂ ਦੀਆਂ ਦਿਲ ਵਿੱਚ ਹੀ ਰਹਿ ਗਈਆਂ

ਦਿਲ ਦੀ ਮੈਲ

ਦਿਲ ਦੀ ਮੈਲ ਧੋਤੀ ਨਾ ਜਾਵੇ ਭਾਵੇਂ ਮਲੀਏ ਵੱਟਣਾ ਲੱਖ ਵਾਰੀ ਗੁਨਾਹਾਂ ਦੀ ਬਦਬੂ ਲੁਕਾਈ ਨਾ ਜਾਵੇ ਭਾਵੇਂ ਦੱਬੀਏ ਪਾਤਾਲਾਂ 'ਚ ਲੱਖ ਵਾਰੀ ਗ਼ਮਾਂ ਦੀ ਭੜਾਸ ਇੱਕਠੀ ਕੀਤੀ ਨਾ ਜਾਵੇ ਭਾਵੇਂ ਹਸਰਤਾਂ ਨੂੰ ਡੋਲੀ 'ਚ ਬਿਠਾਈਏ ਲੱਖ ਵਾਰੀ ਦੋਸਤਾ ! ਪਿਆ ਭੁਲੇਖਾ ਜ਼ਿੰਦਗੀ ਦਾ ਮੁੱਕਦਾ ਨਹੀਂ ਭਾਵੇਂ ਆਂਦਰਾਂ ਦੀ ਡੋਰ ਸੰਭਾਲੀਏ ਲੱਖ ਵਾਰੀ

ਬਦਲਦੀ ਦੁਨੀਆ

ਮੈਂ ਦੁਨੀਆ ਵੇਖੀ ਦੁਨੀਆ ਦੇ ਬੰਦੇ ਵੀ ਵੇਖੇ ਮੈਂ ਪ੍ਰੇਮੀ ਵੇਖੇ ਪਿਆਰ ਦੇ ਪੁਜਾਰੀ ਵੀ ਵੇਖੇ ਵਾਅਦਾ ਵਫ਼ਾ ਦਾ ਕਰ ਬੇਵਫ਼ਾਈ ਕਰਦੇ ਵੀ ਵੇਖੇ ਦਾਅਵਾ ਹੱਕ ਦਾ ਕਰ ਹਕਵਾਈ ਕਰਦੇ ਵੀ ਵੇਖੇ ਪਿਆਰ ਦੇ ਬੁੱਤਾਂ ਨੂੰ ਪੂਜਦੇ ਪਾਖੰਡੀ ਪੁਜਾਰੀ ਵੀ ਵੇਖੇ ਜ਼ਹਿਰ ਵਿੰਨ੍ਹੇ ਮਿੱਠੇ ਤੀਰ ਮਾਰਦੇ ਵੱਡੇ ਸ਼ਿਕਾਰੀ ਵੀ ਵੇਖੇ ਪਿਆਰ ਇਕ ਧੋਖਾ ਹੈ ਵਫ਼ਾ ਇੱਕ ਛਲਾਵਾ ਹੈ ਹੁਣ ਚਾਲ ਸਮੇਂ ਦੀ ਬਦਲ ਗਈ ਹੈ ਯਾਰ ਰਖਵਾਲਾ ਹੀ ਮਨੁੱਖ ਦਾ ਕਾਤਲ ਬਣਦਾ ਜਾ ਰਿਹਾ ਹੈ ਹੁਣ ਤਾਂ ਨਹੁੰਆਂ ਨਾਲੋਂ ਮਾਸ ਵੱਖ ਹੁੰਦਾ ਜਾ ਰਿਹਾ ਹੈ ਹਰ ਮਨੁੱਖ ਦਾ ਕਿਰਦਾਰ ਡਿੱਗਦਾ ਜਾ ਰਿਹਾ ਹੈ ਹੁਣ ਤਾਂ ਹਿੰਮਤ ਤੇ ਦਲੇਰੀ ਦੀ ਲੋੜ ਹੈ ਸਾਨੂੰ ਤੁਹਾਡੀ ਅਣਖ ਦੀ ਮਜ਼ਬੂਤੀ ਤੇ ਦ੍ਰਿੜਤਾ ਦੀ ਲੋੜ ਹੈ ਸਾਨੂੰ ਸ਼ਾਇਦ ਤੁਹਾਡਾ ਸੰਕਲਪ ਹੀ ਮਨੁੱਖ ਦਾ ਵਿਸ਼ਵਾਸ ਬਣ ਜਾਵੇ

ਬੇਦਾਗ਼ ਕੰਵਲ

ਕਸਮ ਖ਼ੁਦਾ ਦੀ ਮੈਂ ਤੈਨੂੰ ਬਹੁਤ ਮਾਣਿਆ ਪਰ ਜਿਸਮ ਨੂੰ ਨਹੀਂ ਤੂੰ ਮੇਰੇ ਜਿਸਮ ਦਾ ਅੰਗ ਬਣੀ ਰਹੀ ਪਰ ਰਹੀ ਬੇਦਾਗ ਕੰਵਲ ਦੇ ਫੁੱਲ ਵਾਂਗ ਵਹਿਣ ਜ਼ਿੰਦਗੀ ਦੇ ਬੇਸ਼ਕ ਥਿੜਕਾ ਦੇਂਦੇ ਨੇ ਪਰ ਮਜ਼ਾ ਦੇਂਦੇ ਨੇ ਯਾਦਾਂ ਦੀ ਬੁੱਕਲ 'ਚ ਬੈਠਕੇ ਯਾਦ ਤੇਰੀ ਇੱਕ ਮਿੱਠਾ ਜ਼ਹਿਰ ਹੈ ਹਰ ਘੁੱਟ ਨਾਲ ਦਰਦ ਪੀਂਦਾ ਜਾ ਰਿਹਾ ਹਾਂ ਸਾਹਾਂ ਦੀ ਉਮਰ ਨਾਲ ਉਡੀਕ ਦੀ ਉਮਰ ਲੰਬੀ ਹੁੰਦੀ ਜਾ ਰਹੀ ਹੈ

ਬੁਝਦੀ ਲਾਟ

ਕਰਮਾਂ ਦੀ ਅਧਰੈਣੀ ਲੂ ਵਿੱਚ ਦਰਦਾਂ ਦੀ ਤਪਦੀ ਰੇਤ ਵਿੱਚ ਗ਼ਮਾਂ ਦੇ ਦਾਣੇ ਭੁਨਾ ਹਰ ਗਾਹਕ ਤੁਰਦਾ ਜਾ ਰਿਹੈ ਭਠਿਆਰਨ ਆਪਣੇ ਗ਼ਮਾਂ ਦਾ ਸੇਕ ਸਹਿ ਤਮੰਨਾਵਾਂ ਨੂੰ ਦਬਾਅ ਬਿਨ ਪਿਆਰ ਦੇ ਭਾੜੇ ਤੋਰ ਜ਼ਿੰਦਗੀ ਦੀ ਤੁਰਦੀ ਜਾ ਰਹੀ ਹੈ ਉਮੀਦਾਂ ਦੀ ਉਡੀਕ ਵਿੱਚ ਕਿਰਨਾਂ ਦੀ ਠੰਢੀ ਆਸ ਵਿੱਚ ਇੱਕ ਬੁਝਦੀ ਲਾਟ ਵਾਂਗੂੰ ਹਰ ਪਲ ਜ਼ਿੰਦਗੀ ਦਾ ਢਲਦਾ ਜਾ ਰਿਹੈ

ਇਹ ਸਭ ਕੀ ਹੋ ਰਿਹੈ

ਦੁਨੀਆਂ ਕਿੰਨੀ ਅਜੀਬ ਹੈ ਜਾਣਦਿਆਂ ਵੀ ਅਣਜਾਣ ਹੈ ਦੁਨੀਆਂ ਕਿੰਨੀ ਅਜੀਬ ਹੈ ਵੇਖ ਕੇ ਅਣਡਿੱਠ ਕਰਦੀ ਜਾ ਰਹੀ ਹੈ ਸੱਚ ਨੂੰ ਅਸੱਚ ਕਰਦੀ ਜਾ ਰਹੀ ਹੈ ਇਹ ਰੋਜ਼ ਕੀ ਹੁੰਦਾ ਜਾ ਰਿਹੈ ਕਤਲ ਇਨਸਾਨੀਅਤ ਦਾ ਮਨੁੱਖ ਦਾ ਮੂੰਹ ਬੰਦ ਹੈ ਸਮਾਜ ਦਾ ਮੂੰਹ ਬੰਦ ਹੈ ਬੋਲੋ ਖਾਂ ਕਲਮਾਂ ਵਾਲਿਓ ਬੋਲੋ ਹੁਣ ਕਵੀ-ਕਵੀਸ਼ਰੋ ਇਹ ਸਭ ਕੀ ਹੋ ਰਿਹਾ ਹੈ ਮਾਵਾਂ ਤੋਂ ਪੁੱਤ ਖੋਹੇ ਜਾ ਰਹੇ ਭੈਣਾਂ ਤੋਂ ਵੀਰ ਵੀ ਚੂੜਾ ਸੂਹਾ ਟੁੱਟਿਆ ਸੰਧੂਰ ਕਿਸੇ ਸੁਹਾਗ ਦਾ ਮਿੱਟੀ 'ਚ ਮਿਲਦਾ ਜਾ ਰਿਹੈ ਖੇਰੂੰ-ਖੇਰੂੰ ਹੋ ਰਿਹਾ ਸਾਰਾ ਨਿਜ਼ਾਮ ਹੀ ਇਹ ਸਭ ਕੀ ਹੋ ਰਿਹਾ ਹੈ ਇਹ ਸਭ ਕੀ ਹੋ ਰਿਹਾ ਹੈ

ਵਫ਼ਾ ਦਾ ਕਤਲ

ਖ਼ੁਦਾ ਦੇ ਮਾਰਿਓ ਕੁਝ ਤਾਂ ਸ਼ਰਮ ਕਰਦੇ ਆਪਣੇ ਹੀ ਮਾਸ ਨੂੰ ਕੁੱਤਿਆਂ ਨੂੰ ਪਾਉਣ ਲੱਗੇ ਕੁਝ ਤਾਂ ਸ਼ਰਮ ਕਰਦੇ ਗੈਰਤ ਦੀ ਤਾਂ ਗੱਲ ਛੱਡੋ ਬੇਸ਼ਰਮੀ ਦੀ ਹੱਦ ਤੋੜਨ ਲੱਗਿਆਂ ਕੁਝ ਤਾਂ ਸ਼ਰਮ ਕਰਦੇ ਵਫ਼ਾ ਦਾ ਕਤਲ ਕਰਨ ਵਾਲਿਓ ਬੇਵਫ਼ਾਈ ਕਰਨ ਲੱਗਿਆਂ ਕੁਝ ਤਾਂ ਝਿਜਕਦੇ ਵਫ਼ਾ ਨੂੰ ਫਾਂਸੀ ਚੜਾਉਣ ਲੱਗਿਆਂ ਕੁਝ ਤਾਂ ਤਰਸ ਖਾਂਦੇ

ਅਣ-ਫੁੱਟਿਆ ਨਾਸੂਰ

ਬੇਵਫ਼ਾਓ, ਤੁਸੀਂ ਕਦੇ ਨਾ ਕਿਸੇ ਦੇ ਬਣ ਸਕੇ ਨਾ ਹੀ ਬਣੇਗਾ ਤੁਹਾਡਾ ਹੁਣ ਕਦੇ ਕੋਈ ਨਾਸੂਰ ਤੁਹਾਡੇ ਸੀਨੇ ਦਾ ਫੁੱਟੇਗਾ ਬੜੀ ਹੀ ਜਲਦੀ ਗ਼ੁਬਾਰ ਗ਼ਮ ਤੇ ਬੇਵਫ਼ਾਈ ਦਾ ਉੱਭਰੇਗਾ ਬੜੀ ਹੀ ਜਲਦੀ ਮਰ੍ਹਮ ਪੱਟੀ ਜੇ ਚਾਹੋਗੇ ਤਾਂ ਮਿਲੇਗੀ ਨਹੀਂ ਕਦੀ ਵਫ਼ਾ ਪਿਆਰ ਤੇ ਰਹਿਮਤ ਚਾਹੋਗੇ ਤਾਂ ਮਿਲੇਗੀ ਨਹੀਂ ਕਦੀ ਤੁਹਾਡੇ ਜ਼ਖਮਾਂ 'ਚੋਂ ਨਾਸੂਰ ਦੀ ਹਰ ਬੂੰਦ ਤੁਹਾਡੀ ਬੇਗ਼ੈਰਤ ਤੇ ਬੇਇਖ਼ਲਾਕੀ ਦੀ ਤਸਵੀਰ ਹੋਵੇਗੀ ਫਿਰ ਮੈਂ ਤੇ ਮੇਰੇ ਦੋਸਤ ਹੀ ਤੁਹਾਡੇ ਅਣ-ਫੁੱਟੇ ਨਾਸੂਰ ਤੇ ਮਰਮ ਪੱਟੀ ਕਰਿਆ ਕਰਾਂਗੇ

ਅਧੂਰੀ ਪੁਸਤਕ

ਜ਼ਿੰਦਗੀ ਦੀ ਪੁਸਤਕ 'ਚੋਂ ਕਰਮਾਂ ਦਾ ਵਰਕਾ ਫੋਲਦਾ ਹਾਂ ਵਰਕੇ ਤੇ ਛਪੇ ਅੱਖਰਾਂ ਤੇ ਮੇਰੀ ਬਦਨਸੀਬੀ ਦੀ ਸਿਆਹੀ ਡੁੱਲੀ ਪਈ ਹੈ ਸਿਆਹੀ ਦਾ ਰੰਗ, ਮੇਰੇ ਦੁੱਖਾਂ ਤੇ ਦਰਦਾਂ ਜਿਹਾ ਕਾਲਾ ਸਿਆਹ ਰੰਗ ਹੈ ਜਿਨ੍ਹਾਂ ਤੋਂ ਮੇਰਾ ਮੁੱਕਦਰ ਪੜ੍ਹਿਆ ਹੀ ਨਹੀਂ ਜਾਂਦਾ ਜ਼ਿੰਦਗੀ ਹੁਣ ਗੁੰਝਲ ਬਣ ਗਈ ਹੈ । ਨਾ ਗੁੰਝਲ ਸੁਲਝਦੀ ਹੈ ਨਾ ਜ਼ਿੰਦਗੀ ਮੁੱਕਦੀ ਹੈ ਬਣਾਉਣ ਵਾਲੇ ਨੇ ਇਹ ਕੇਹੀ ਅਧੂਰੀ ਕਿਤਾਬ ਬਣਾਈ ਹੈ ਨਾ ਪੜ੍ਹੀ ਜਾਂਦੀ ਹੈ ਨਾ ਸੁੱਟੀ ਜਾਂਦੀ ਹੈ

ਸਮਝ ਨਾ ਆਵੇ

ਰਾਤ ਕਾਲੀ ਖਾਵਣ ਨੂੰ ਆਵੇ ਦੀਵਾ ਨਾ ਜਗਾਵਾਂ ਡਰ ਆਵੇ ਮਤ ਕੋਈ ਵੈਣ ਦਰਦਾਂ ਦਾ ਪਾਵੇ ਦੂਰ ਦੁਰਾਡੀਆਂ ਜੂਹਾਂ ਦੇ ਪਾਰ ਕੁੱਤੇ ਭੌਂਕਣ ਉੱਲੂ ਬੋਲਣ ਸਮਝ ਨਾ ਆਵੇ ਕੱਲਰ ਹੋਇਆ ਬਾਬਲ ਦਾ ਵਿਹੜਾ ਲਹੂ ਲੁਹਾਣ ਬਾਬਲ ਦਾ ਵਿਹੜਾ ਖਿਚੋ-ਤਾਣ ਹੈ ਆਲ-ਦੁਆਲੇ ਖੇੜਾ ਇੱਥੇ ਕੌਣ ਲਿਆਵੇ ਸਮਝ ਨਾ ਆਵੇ ਪਿਘਲਿਆ ਦਰਦਾਂ ਦਾ ਲਾਵਾ ਜ਼ਖਮਾਂ 'ਚੋਂ ਰੱਤ ਸਿੰਮਦੀ ਜਾਵੇ ਮਲ੍ਹਮ ਪੱਟੀ ਦੀ ਖ਼ਬਰ ਨਾ ਕੋਈ ਹਰ ਕੋਈ ਨਸ਼ਤਰ ਲਾਈ ਜਾਵੇ ਸਵੈ ਇਨਸਾਨ ਦਾ ਡਗ-ਮਗਾ ਗਿਆ ਹੈ ਸਮਝ ਨਾ ਆਵੇ ਗੇੜੇ ਮੁੱਕਦਰਾਂ ਦੇ ਕੱਢਦਾ ਜਾਵੇ ਸਾਹਾਂ ਦੇ ਪੈਂਡੇ ਕੱਛਦਾ ਜਾਵੇ ਪੱਥਰਾਂ ਨੂੰ ਪਾੜਦਾ ਪਰਬਤਾਂ ਨੂੰ ਚੀਰਦਾ ਸੁਪਨਿਆਂ ਦਾ ਮਹਿਲ ਬਣਾਈ ਜਾਵੇ ਸਮਝ ਨਾ ਆਵੇ ਘੁੰਮਦੀ ਰਹੀ ਸੋਚ ਇਨਸਾਨ ਦੀ ਕਾਲ-ਚੱਕਰ ਦੇ ਫੇਰ ਵਾਂਗੂੰ ਜ਼ਿੰਦਗੀ ਇਨਸਾਨ ਦੀ ਢਲਦੀ ਜਾਵੇ ਡੁੱਬਦੇ ਸੂਰਜ ਦੇ ਪਰਛਾਵੇਂ ਵਾਂਗੂੰ ਸਮਝ ਨਾ ਆਵੇ

ਆਸਾਂ ਦਾ ਦੀਵਾ

ਖ਼ਾਮੋਸ਼ ਸ਼ਹਿਰ ਦੀਆਂ ਸੁੰਨਸਾਨ ਸੜਕਾਂ ਤੇ ਮਨੁੱਖ ਦੀ ਸੋਚ ਮੁੱਕਦੀ ਜਾ ਰਹੀ ਹੈ ਢਲਦੀ ਉਮਰ ਦੇ ਜੀਵਨ ਦੇ ਨਕਸ਼ੇ ਤੇ ਕਦਮਾਂ ਦੀ ਚਾਲ ਮੱਠੀ ਪੈਂਦੀ ਰਹੀ ਹੈ ਸੋਚਾਂ ਦੀਆਂ ਪੈੜਾਂ ਤੇ ਉੱਜੜੇ ਹੋਏ ਰਾਹਾਂ ਤੇ ਯਾਦਾਂ ਦੀ ਲੜੀ ਹੁਣ ਟੁੱਟਦੀ ਜਾ ਰਹੀ ਹੈ ਕਾਗਜ਼ਾਂ ਦੇ ਟੁਕੜਿਆਂ ਨੂੰ ਕਦੋਂ ਤੱਕ ਸਾਂਭਦੇ ਰਹੋਗੇ ਰੇਤੇ ਦੀਆਂ ਨੀਹਾਂ ਤੇ ਕਦੋਂ ਤੱਕ ਮਹਿਲ ਉਸਾਰਦੇ ਰਹੋਗੇ ਸੌਂ ਰਹੇ ਅੰਗਿਆਰਿਆਂ ਚੋਂ ਭਾਂਬੜ ਦੀ ਹੁਣ ਆਸ ਨਹੀਂ ਬੀਤ ਚੁੱਕੇ ਕੱਲ੍ਹ ਤੋਂ ਨਵੀਂ ਸਵੇਰ ਦੀ ਹੁਣ ਆਸ ਨਹੀਂ ਭੁੱਜਦੇ ਥਲਾਂ ਵਿੱਚ ਖੇਡਣ ਦਾ ਸਮਾਂ ਆ ਗਿਆ ਹੈ ਸੂਲਾਂ ਦੀਆਂ ਸੇਜਾਂ ਤੇ ਸੌਣ ਦਾ ਸੰਘਣੇ ਜੰਗਲਾਂ ਨੂੰ ਚੀਰਦਿਆਂ ਡਰ ਦੀਆਂ ਧੂੜਾਂ ਨੂੰ ਧਕੇਲਦਿਆਂ ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਕੇ ਆਸਾਂ ਦਾ ਦੀਵਾ ਫੜਕੇ ਜ਼ਿੰਦਗੀ ਦੀਆਂ ਵਾਟਾਂ ਕੱਟਦਿਆਂ ਮੰਜ਼ਿਲ ਤੇ ਤਾਂ ਆਖ਼ਰ ਪਹੁੰਚਣਾ ਹੈ

ਭਟਕਣਾ

ਬੰਦ ਦਰਵਾਜ਼ੇ ਅੰਦਰ ਮੇਰਾ ਦਮ ਘੁਟਦਾ ਹੈ ਝੋਕਾ ਹਵਾ ਦਾ ਨਾ ਨਸੀਬ ਹੋਵੇ ਗਠੜੀ ਦੁੱਖਾਂ ਦੀ ਖੋਲ੍ਹਾਂ ਹਨੇਰਿਆਂ ਅੰਦਰ ਪੀੜ ਜਜ਼ਬਿਆਂ ਦੀ ਕਦੀ ਨਾ ਇਕ ਸਾਰ ਹੋਵੇ ਹਰ ਗਲੀ ਦੇ ਮੋੜ ਉੱਤੇ ਹਰ ਸ਼ਹਿਰ ਦੇ ਘਰ ਉੱਤੇ ਗੋਲੀਆਂ ਦੇ ਸੱਜਰੇ ਘਾਉ ਲੱਗੇ ਸਿੰਮਦਾ ਪਿਆ ਹੈ ਜ਼ਖਮਾਂ 'ਚੋਂ ਖ਼ੂਨ ਫੇਰ ਵੀ ਬਰਬਰੀਅਤ ਨਾਚ-ਨੱਚੀ ਜਾਵੇ ਹੋਲੀ ਲਹੂ ਦੀ ਖੇਡਣੋਂ ਨਹੀਂ ਡਰਦੇ ਆਤਿਸ਼ਬਾਜ਼ੀ ਬੇਰਹਿਮੀ ਦੀ ਚੱਲੀ ਜਾਵੇ ਥਾਂ-ਥਾਂ ਲਾਸ਼ਾਂ ਦੇ ਢੇਰ ਲੱਗ ਗਏ ਬੱਚੇ, ਬੁੱਢੇ, ਜਵਾਨ ਦੀ ਨਾ ਪਹਿਚਾਣ ਹੋਵੇ ਮੱਲ ਲਏ ਪਾਰਕ ਤੇ ਫੁੱਟ ਪਾਥ ਲੋਕਾਂ ਹੁਣ ਮਈਅਤ ਨੂੰ ਦਫ਼ਨਾਉਣ ਲਈ ਕਬਰਸਤਾਨ 'ਚ ਕੋਈ ਥਾਂ ਨਹੀਂ ਕਿਸ ਚੰਦਰੀ ਘੜੀ ਦੀ ਹੋਈ ਬਖਸ਼ਿਸ਼ ਤ੍ਰਿਸ਼ਨਾ, ਅੱਗ ਦੀ ਖੇਡ ਬਣੀ ਹੈ ਤਾਂਡਵ ਸ਼ਿਵ ਵਾਲਾ ਹਰ ਕੋਈ ਨਾ ਖੇਡ ਸਕੇ ਪਰ ਫੇਰ ਵੀ ਚੰਗਿਆੜਿਆਂ ਦਾ ਭਾਂਬੜ ਮੱਚੀ ਜਾਵੇ ਭਟਕਣਾ ਮਨੁੱਖਤਾ ਲਈ ਹੁਣ ਬਣੀ ਮਹਿੰਗੀ ਯਕੀਨ ਇਨਸਾਨ ਦਾ ਇਨਸਾਨ ਤੋਂ ਮੁੱਕੀ ਜਾਵੇ ਗ੍ਰਹਿਣੇ ਹੋਏ ਭਵਿੱਖ ਦੀ ਕੋਈ ਤਾਂ ਸਾਰ ਲਵੋ ਤੇਲ ਆਸਾਂ ਦਾ ਚਿਰਾਂ ਤੋਂ ਹੁਣ ਸੁੱਕੀ ਜਾਵੇ

ਮੇਰੀ ਲਾਲਸਾ

ਰੁੱਖਾਂ ਦੇ ਝੁੰਡ ਥੱਲੇ ਉੱਛਲਦੇ ਪਾਣੀਆਂ ਦੇ ਚਸ਼ਮੇ ਧੁੱਪਾਂ ਦੀਆਂ ਨਿੱਘੀਆਂ ਛਾਵਾਂ ਕੌਣ ਬੈਠ ਇਨ੍ਹਾਂ ਦੇ ਰੰਗ ਮਾਣੇ ਥਾਂ-ਥਾਂ ਵਿਸ਼ਵਾਸਾਂ ਦਾ ਕਤਲ ਹੋਵੇ ਜ਼ਿੰਦਗੀ ਰਹਿ ਗਈ ਸੱਟਾ ਬਾਜ਼ਾਰ ਬਣਕੇ ਦਿਲਾਂ ਦਾ ਭੇਤ ਇਕ ਲੰਮਾ ਸਫ਼ਰ ਹੈ ਦਮ ਘੁਟਦਾ ਹੈ ਦਰਦਾਂ ਦੀ ਕਹਾਣੀ ਸੁਣਾ ਕੇ ਉਦਾਸ ਨਿਮੋਝੂਣਾ ਮਨ ਨਿਢਾਲ ਪਿਆ ਹੈ ਮਮਤਾ ਦੇ ਬੰਧਨਾਂ ਦੇ ਚੱਕਰਾਂ 'ਚ ਪੈ ਕੇ ਹਰ ਰੋਜ਼ ਰੇਤੇ ਦੇ ਘਰ ਬਣਾਈ ਜਾਵਾਂ ਵਿਚ ਚੀਚ ਵਹੁਟੀਆਂ ਵਸਾਈ ਜਾਵਾਂ ਲਾਲਸਾ ਰਹੀ ਮੇਰੀ ਰੂਹਾਂ ਦਾ ਕਦੇ ਮੇਲ ਹੋ ਜਾਵੇ ਵਫ਼ਾ ਦੇ ਮੰਦਰਾਂ ਨੂੰ ਪਾਣੀ ਚੜ੍ਹਾਈ ਜਾਵਾਂ

ਓਦਰੇ ਹਾਸੇ

ਕਾਲੀਆਂ ਬੋਲੀਆਂ ਚੁੱਪ ਨੇ ਰਾਤਾਂ, ਦੁੱਖਾਂ ਦੇ ਘੁੱਪ ਹਨੇਰ ਹਉਮੈਂ ਦੀ ਤਪਸ਼ ਨੇ ਲਾ ਦਿੱਤੇ ਨੇ ਲਾਸ਼ਾਂ ਦੇ ਵੇਖੋ ਢੇਰ ਗਿਰਝਾਂ ਨੇ ਬੋਟ ਚੁੱਕੇ, ਕਲੇਜਾ ਪਾਟਿਆ ਨਾ ਕਿਸੇ ਦਾ ਫੇਰ ਕੰਤਾਂ ਵਾਲੀਆਂ ਸੱਥਰ ਵਿਛਾਏ ਪੁੱਤ ਮਾਵਾਂ ਨੂੰ ਨਹੀਂ ਮਿਲਣੇ ਫ਼ੇਰ ਜਜ਼ਬੇ ਸ਼ਰ੍ਹੇਆਮ ਨੇ ਕਤਲ ਹੁੰਦੇ ਪੀੜਾਂ ਲਿਆ ਮਨੁੱਖ ਨੂੰ ਘੇਰ ਰੁੱਖਾਂ ਨੂੰ ਸਿਉਂਕ ਲੱਗ ਗਈ ਬਹਾਰਾਂ ਦੀ ਕਲਪਨਾ ਕਰੋ ਨਾ ਹੁਣ ਫੇਰ ਗ਼ਰਜ਼ਾਂ ਦੀ ਪੰਡ ਖੁੱਲ੍ਹ ਗਈ ਹੱਡਾ ਰੋੜੀਆਂ ਦੇ ਲੱਗ ਗਏ ਢੇਰ ਸੱਦੋ ਨੀ ਫ਼ਕੀਰ ਕਿਸੇ ਨੂੰ ਦੇਵੇ ਮੰਤਰ ਕੋਈ ਇਹੋ ਜਿਹਾ ਕੋਈ ਫੇਰ ਚਿਰਾਂ ਤੋਂ ਨੇ ਓਦਰੇ ਹਾਸੇ ਲਿਆਉ ਬਹਾਰਾਂ ਮੋੜ ਕੇ ਕੋਈ ਫੇਰ

ਕਾਗਜ਼ਾਂ ਦੀ ਬੇੜੀ

ਪੌਣ ਬੇਬਸ ਹੋਈ ਭੌਰਾ ਭਟਕਦਾ ਰਿਹਾ ਖ਼ਲਾਅ ਦਿਲਾਂ ਦਾ ਵਧਦਾ ਗਿਆ ਇਸ ਤੇ ਮਾਹੌਲ ਉੱਸਲ ਵੱਟੇ ਲੈਂਦਾ ਰਿਹਾ ਬੇਚੈਨ ਤਿਤਲੀ ਜ਼ਹਿਰੀ ਫ਼ਿਜ਼ਾ ੱਚ ਘੁੰਮਦੀ ਰਹੀ ਸਹਿਮੀ ਕੋਇਲ ਭੈਭੀਤ ਹੋਈ ਵੈਰਾਗ ਦੇ ਗੀਤ ਗਾਉਂਦੀ ਰਹੀ ਬੁਝੇ ਹੋਏ ਪੈਂਡਿਆਂ ਦੀ ਮੰਜ਼ਿਲ ਹੈ ਦੂਰ ਇੱਕ-ਇੱਕ ਕਰਕੇ ਮੁੱਕਦੀ ਰਹੀ ਡਰਾਉਣੀਆਂ ਆਵਾਜ਼ਾਂ ਕੁਰਲਾਹਟ ਦੀ ਓਟ ਲੈ ਏਦਾਂ ਹੀ ਉਮਰ ਭਰ ਸੁਣਦੀ ਰਹੀ ਪ੍ਰਛਾਵਿਆਂ ਦਾ ਭੇਤ ਪਾਇਆ ਨਹੀਂ ਕਾਗਜ਼ਾਂ ਦੀ ਬੇੜੀ ਤੇ ਭਰੋਸਾ ਨਹੀਂ ਹਨੇਰਿਆਂ ਦੇ ਖਿਡਾਰੀ ਖ਼ੂਨ ਦੇ ਪਿਆਸੇ ਖੇਡ-ਖੇਡੀ ਜਾ ਰਹੇ ਨੇ ਫਨੀਅਰ ਨਾਗਾਂ ਦੀ ਜ਼ਹਿਰ ਸੀਨੇ ਅੰਦਰ ਭਰੀ ਮੌਜੀ ਮੌਜ ਮਾਰ ਰਹੇ ਨੇ ਉੱਠੋ ਸ਼ੇਰੋ ! ਕਦੋਂ ਤੀਕ ਮਾਯੂਸ ਰਹੋਗੇ ਕਾਗਜ਼ਾਂ ਦੀਆਂ ਬੇੜੀਆਂ ਨੂੰ ਛੱਡੋ ਕਦੋਂ ਤੱਕ ਗਿੱਦੜ ਬਣਦੇ ਰਹੋਗੇ

ਮੁਕੱਦਰ

ਮੇਰੇ ਨਸੀਬ ਨੂੰ ਕੀਲਿਆ ਮੰਤਰੇ ਕਿੱਲਾਂ ਨਾਲ ਮੇਰੇ ਹੀ ਦੋਸਤਾਂ ਨੇ ਤੇ ਸੇਹ ਦਾ ਤੱਕਲਾ ਗੱਡਿਆ, ਉਹ ਵੀ ਸ਼ਗਨਾਂ ਦੇ ਨਾਲ ਮੇਰੇ ਹੀ ਦੋਸਤਾਂ ਨੇ ਤੇ ਫੇਰ ਮੇਰਾ ਮੁਕੱਦਰ ਖੜ੍ਹਾ ਹੋ ਗਿਆ 'ਟੇਸ਼ਨ ਤੇ ਲੱਗੇ ਸਾਇਨ ਬੋਰਡ ਵਾਂਗ ਜਿੱਥੋਂ ਆਸ਼ਾ ਦੀ ਹਰ ਗੱਡੀ ਲੰਘਦੀ ਜਾ ਰਹੀ ਹੈ

ਠੋਕਰ

ਠੋਕਰ ਤੇ ਠੋਕਰ ਖਾਣਾ ਮੇਰੀ ਜ਼ਿੰਦਗੀ ਦੀ ਖੇਡ ਬਣ ਚੁੱਕੀ ਹੈ। ਬੇਵਫ਼ਾਈ ਤੇ ਬਦਨਸੀਬੀ, ਮੇਰੀ ਜ਼ਿੰਦਗੀ ਦੀ ਦੌੜ ਬਣ ਚੁੱਕੀ ਹੈ ਵਫ਼ਾ, ਪ੍ਰਾਪਤੀ, ਕਿਸੇ ਦਾ ਨਿੱਘ ਮੇਰੀ ਰੂਹ ਤੋਂ ਕਿਤੇ ਹੀ ਦੂਰ ਹਨ, ਦੁਨੀਆਂ ਦੀ ਹਰ ਛਿਲਤਰ ਮੇਰੀ ਜ਼ਿੰਦਗੀ ਦਾ ਅੰਗ ਬਣ ਚੁੱਕੀ ਹੈ

ਬਗਾਵਤ

ਜ਼ਬਰ ਨੂੰ ਰੂਹ ਦੀਆਂ ਪੀੜਾਂ ਨਾ ਬਣਨ ਦਿਓ ਇਹ ਤੁਹਾਡੇ ਹੰਕਾਰ ਦੇ ਬੁਰਜ਼ ਦੇ ਕਿੰਗਰੇ ਢਾਹ ਸਕਦਾ ਹੈ ਸਮਾਂ ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ ਸਾਵਧਾਨ! ਕਿਸੇ ਦੇ ਵੀ ਸਬਰ ਦਾ ਕਦੇ ਇਮਤਿਹਾਨ ਨਾ ਲਵੋ।

ਜਾਮ

ਨੈਣਾਂ 'ਚੋਂ ਪਿਲਾਵੇਂ ਤਾਂ ਪੀਂਦਾ ਹੀ ਜਾਵਾਂ ਏਨੀ ਪੀਵਾਂ ਕਿ ਮਦਹੋਸ਼ ਹੋ ਜਾਵਾਂ ਅੰਤ ਤੇ ਆਕੇ ਅੜੀ ਨਾ ਕਰੀਂ ਯਾਰਾ, ਕਿਤੇ ਬਦਮਜ਼ਗੀ ਹੀ ਨਾ ਕਰ ਜਾਵਾਂ ।

ਕੱਟੜ ਪੰਥੀ

ਧਰਤੀ ਤੇ ਵਿਚਰਦਾ ਹਰ ਕੱਟੜ ਪੰਥੀ ਮੇਰਾ ਦੁਸ਼ਮਣ ਹੈ ਜੋ ਚਾਹੁੰਦਾ ਹੈ ਧਰਤੀ ਤੇ ਉਹੋ ਕੁਝ ਹੋਵੇ ਜੋ ਉਸ ਨੂੰ ਚੰਗਾ ਲੱਗਦਾ ਹੈ ਜ਼ਾਲਮ ਨੂੰ ਧਰਮ ਦੇ ਬੁਰਕੇ ਵਿੱਚੋਂ ਪਛਾਣੋ ਇਹ ਕਿਤੇ ਵੀ ਕੁਝ ਵੀ ਕਰ ਸਕਦਾ ਹੈ ਅੱਜ ਜੇ ਬਾਹਰ ਫਿਰਦਾ ਹੈ ਤਾਂ ਕੱਲ ਨੂੰ ਤੁਹਾਡੇ ਵਿਹੜੇ ਵਿੱਚ ਵੀ ਆ ਸਕਦਾ ਹੈ। ਇਨਸਾਨੀਅਤ ਦੀ ਸਭ ਤੋਂ ਵੱਡੀ ਦੁਸ਼ਮਣੀ ਹਮੇਸ਼ਾਂ ਹੀ ਕੱਟੜ ਪੰਥੀਆਂ ਨਾਲ ਰਹੀ ਹੈ।

ਪੈਮਾਨਾ

ਮੈਂ ਦੋਸਤ ਲਈ ਕਾਤਲ ਤੇ ਬੇਰਹਿਮ ਵੀ ਬਣ ਸਕਦਾ ਹਾਂ । ਉਸਦੇ ਹਰ ਸੁਖ - ਅਨੰਦ ਲਈ ਆਪਣਾ ਜੀਵਨ ਵੀ ਵਾਰ ਸਕਦਾ ਹਾਂ ਪਰ ਨਾ ਕੋਈ ਦੁਨੀਆਂ ਵਾਲਾ ਇਸ ਪਵਿੱਤਰ ਰਿਸ਼ਤੇ ਤੇ ਦਾਗ ਲਾਵੇ, ਮੈਖ਼ਾਨੇ 'ਚ ਬੈਠੇ ਗ਼ਮ ਪੀ ਰਹੇ ਯਾਰ ਮੈਂ ਦੂਜਾ ਪੈਮਾਨਾ ਵੀ ਬਣ ਸਕਦਾ ਹਾਂ

ਉਮੀਦ

ਕਿਆਰੀ ਵਿੱਚ ਮੈਂ ਫੁੱਲ ਨਹੀਂ ਉਮੀਦਾਂ ਬੀਜਿਆਂ ਸਨ ਸਾਰੀ ਉਮਰ ਮੈਂ ਇਹਨਾਂ ਨੂੰ ਖਾਦ, ਪਾਣੀ ਦਿੱਤਾ ਹੈ ਸਮਾਂ ਕਿੰਨਾ ਬੇ-ਲਿਹਾਜ਼ ਹੋ ਚੱਲਿਆ ਵੰਨ-ਸੁਵੰਨੇ ਕੀੜੇ-ਮਕੌੜੇ ਕਿਆਰੀ ਨੂੰ ਘੇਰੀ ਬੈਠੇ ਹਨ

ਹਿਜਰ ਦੀ ਕਹਾਣੀ

ਗ਼ਮ ਤੇ ਹਿਜਰ ਭਰੀ ਕਹਾਣੀ ਸੁਣ ਲੈ ਓ ਯਾਰ ਦੋ ਘੜੀਆਂ ਬਹਿ ਕੁਝ ਧਰਵਾਸ ਦੇ ਓ ਯਾਰ ਹਰ ਕਿਸੇ ਨੇ ਆਪਣਾ ਬਣਾ ਧੋਖਾ ਦਿੱਤਾ ਮੈਨੂੰ, ਮੇਰੇ ਟੁੱਟੇ ਹੋਏ ਦਿਲ ਦੀ ਹਾਣੀ ਸੁਣ ਲੈ ਓ ਯਾਰ

ਪੁੱਤਰਨ ਜੀਵਾ

ਹਰਾ ਕਚੂਰ ਬੂਟਾ ਹੈ ਪੁੱਤਰਨ ਜੀਵਾ ਸਿਰਫ਼ ਲਿਸ਼ਕਵੇਂ ਪੱਤਿਆਂ ਵਾਲਾ ਪੌਦਾ ਹੀ ਨਹੀਂ ਹੈ ਆਸਾਂ ਦਾ ਸੋਨ ਬਿਰਖ ਹੈ ਮੇਰੇ ਆਉਣ ਦੀ ਉਡੀਕ ਵਿੱਚ ਹਰ ਰੋਜ਼ ਆਪਣੇ ਪੱਤਿਆਂ ਸਮੇਤ ਘਰ ਦੇ ਬਾਹਰ ਖੜਾ ਰਹਿੰਦਾ ਹੈ ਸੂਰਜ ਚੜ੍ਹਨ ਤੋਂ ਡੁੱਬਣ ਤੀਕ ਅਤੇ ਰਾਤ ਵੇਲੇ ਵੀ ਇਕ ਲੱਤ ਦੇ ਭਾਰ ਖੜ੍ਹਾ ਮੇਰੇ ਪਰਿਵਾਰ ਲਈ ਸੁਖ ਸ਼ਾਂਤੀ ਦੀ ਅਰਦਾਸ ਕਰਦਾ ਹੈ ਪੁੱਤਰਨ ਜੀਵਾ

ਇੱਛਾ

ਮੈਨੂੰ ਕਵੀ ਬਨਣ ਦੀ ਇੱਛਾ ਕਦੀ ਨਾ ਹੋਈ । ਮੈਨੂੰ ਪ੍ਰਸਿੱਧੀ ਹਾਸਲ ਕਰਨ ਦੀ ਇੱਛਾ ਕਦੀ ਨਾ ਹੋਈ। ਬਸ ਗ਼ਮ--ਦੇ-ਉਬਾਲ ਕੱਢਣ ਲਈ ਇਹ ਕੁਝ ਲਿਖਦਾ ਹਾਂ, ਮੈਨੂੰ ਸਮਾਜ ੱਚ ਕਿਸੇ ਪ੍ਰਾਪਤੀ ਦੀ ਇੱਛਾ ਕਦੀ ਨਾ ਹੋਈ।

ਜਿਸਮ

ਜਿਸਮ ਤਾਂ ਸਿਰਫ਼ ਮਿੱਟੀ ਹੈ ਜਿਸਨੂੰ ਤੁਸੀਂ ਪਿਘਾਰਦੇ ਹੋ ਇਹ ਤਾਂ ਕੇਵਲ ਕੱਪੜੇ ਨੇ ਜਿਨ੍ਹਾਂ ਨੂੰ ਤੁਸੀਂ ਪਛਾਣਦੇ ਹੋ ਮੈਂ ਤਾਂ ਉਸ ਤੋਂ ਬਹੁਤ ਹੇਠਾਂ ਵੱਸਦਾ ਹਾਂ ਮੇਰੇ ਦੋਸਤੋ ਜਿਸ ਨਾਲ ਤੁਸਾਂ ਕਦੇ ਗੱਲ ਹੀ ਨਹੀਂ ਕੀਤੀ।

ਦੀਦਾਰ

ਅੱਜ ਫੇਰ ਸੌਦਾ ਜ਼ਿੰਦਗੀ ਦਾ ਕਰਨ ਜਾ ਰਿਹਾ ਹਾਂ । ਅੱਜ ਫੇਰ ਉਚੇਚਾ ਤੇਰਾ ਦੀਦਾਰ ਕਰਨ ਜਾ ਰਿਹਾ ਹਾਂ। ਪ੍ਰਤੱਖ ਹੈ ਦੁੱਖ ਦਰਦ ਨਿਰਾਸ਼ਾ ਨੇ ਮੇਰੀ ਝੋਲੀ ਪੈਣਾ ਹੈ, ਫੇਰ ਵੀ ਤੇਰੇ ਹਿਜਰ ਦਾ ਦੀਦਾਰ ਕਰਨ ਜਾ ਰਿਹਾ ਹਾਂ।

ਅੱਖਾਂ ਲਾਲੋ ਲਾਲ

ਧੂੰਏ ਨਾਲ ਬੇਹਾਲ ਹੋਈਆਂ ਅੱਖਾਂ ਲਾਲੋ ਲਾਲ ਚਿਮਨੀਆਂ ਵਿੱਚੋਂ ਕੌੜਾਂ ਧੂੰਆਂ ਬਾਹਰ ਕੱਢਦੇ ਨਵੇਂ ਯੁੱਗ ਦੇ ਨਵੇਂ ਚੰਡਾਲ

ਹਿਜਰ ਦੇ ਦੀਵੇ

ਸੱਟ ਬੇਵਫ਼ਾਈ ਦੀ ਦਿਲ ਤੇ ਖਾ ਰਿਹਾ ਹਾਂ ਵੇਖੋ ਫਿਰ ਵੀ ਮੁਸਕਰਾ ਰਿਹਾ ਹਾਂ ਦੂਰ ਵੈਰਾਨ ਥਲਾਂ ਵਿੱਚ ਬੈਠਾ ਹਾਂ ਗ਼ਮ ਤੇ ਹਿਜਰ ਦੇ ਦੀਵੇ ਜਗਾ ਰਿਹਾ ਹਾਂ

ਕੀ ਕਰਾਂ

ਦੋਸਤਾਂ ਨੇ, ਦੁਸ਼ਮਨੀ ਕੀਤੀਤ ਮੈਂ ਕੀ ਕਰਾਂ ਵਫ਼ਾ ਨੇ ਬੇਵਫ਼ਾਈ ਕੀਤੀ ਮੈਂ ਕੀ ਕਰਾਂ ਸਫ਼ਰ ਆਸਾਂ ਦਾ ਗੁੰਝਲ ਬਣ ਗਿਆ ਹੈ ਗੁੰਝਲ ਹੁਣ ਸੁਲਝਦੀ ਨਹੀਂ ਮੈਂ ਕੀ ਕਰਾਂ

ਮੁੱਲ

ਦਿਲ ਤੇ ਵਹੇ ਨਕਸ਼ਿਆਂ ਦਾ ਕੋਈ ਮੁੱਲ ਨਹੀਂ ਸਮੇਂ ਦੇ ਸਾਹਮਣੇ ਜਜ਼ਬਿਆਂ ਦਾ ਕੋਈ ਮੁੱਲ ਨਹੀਂ ਯਾਦਾਂ ਨੂੰ ਜੜ੍ਹ ਲਵੋ ਸੀਸ਼ਿਆਂ ਵਿੱਚ ਫਰਜ਼ਾਂ ਦੇ ਸਾਹਮਣੇ ਹਸਰਤਾਂ ਦਾ ਕੋਈ ਮੁੱਲ ਨਹੀਂ

ਤੜਪ

ਤੜਪਣ ਜ਼ਿੰਦਗੀ ਦੀ ਮੁੱਕਦੀ ਨਹੀਂ ਪਿਆਸ ਜਿਉਣ ਦੀ ਮੁੱਕਦੀ ਨਹੀਂ ਬਦਨਸੀਬ ਤੈਨੂੰ ਕਿਸੇ ਕਫ਼ਨ ਨਹੀਂ ਪਾਉਣਾ ਪਰ ਫੇਰ ਵੀ ਜਿਉਣ ਦੀ ਆਸ ਮੁੱਕਦੀ ਨਹੀਂ

ਆਓ ਫੁੱਲ ਬੀਜੀਏ

ਕੰਡੇ ਨਹੀਂ ਆਓ ਫੁੱਲ ਬੀਜੀਏ ਆਓ ਫੁੱਲ ਬੀਜੀਏ ਬਹੁਤ ਚਿਰਾਂ ਤੋਂ ਅਸੀਂ ਥੋਹਰਾਂ ਬੀਜੀਆਂ ਆਓ! ਹੁਣ ਗੁਲਾਬ ਬੀਜੀਏ ਮਹਿਕ ਮਹਿਕ ਹੋ ਜਾਈਏ ਝੂਠਾ ਨਹੀਂ ਸੁੱਚਾ ਗੁਲਾਬ ਲਗਾਈਏ ਪਲਾਸਟਿਕ ਯੁੱਗ ਦੇ ਅਸੀਂ ਜਾਏ ਧਰਤੀ ਤੇ ਆਏ ਸਾਰਾ ਕੁਝ ਹੀ ਨਕਲੀ ਮਰਦ - ਔਰਤ ਹਾਸਾ - ਰੋਣਾ ਜੀਣਾ - ਮਰਨਾ ਜਾਤ ਵਰਣ ਸਭ ਨਕਲੀ ਨਕਲੀ ਅੱਖਾਂ ਨਕਲੀ ਦੰਦ ਨਕਲੀ ਚਿਹਰੇ ਨਕਲੀ ਸੰਦ ਅਸਲ ਤੋਂ ਸੋਹਣੀ ਬਣੀ ਬਨਾਵਟ ਨਕਲ ਵੀ ਵੇਖੋ ਬਣੀ ਸਜਾਵਟ ਆਓ ਸ਼ੀਸ਼ੇ ਦੀ ਦੀਵਾਰ ਜੋੜੀਏ ਮਤਾਂ ਪਲਾਸਟਿਕ ਯੁੱਗ ਵਿੱਚ ਅਸੀਂ ਪਲਾਸਟਿਕ ਦੇ ਹੀ ਹੋ ਕੇ ਰਹਿ ਜਾਈਏ

ਊਠ ਦਾ ਬੁੱਲ

ਇਸ ਧਰਤੀ ਤੇ ਕਿਹੜੀ ਥਾਵੇਂ ਪੈਰ ਧਰਾਂ ਮੈਂ ਸਾਰੀ ਧਰਤੀ ਤਪਦਾ ਥਲ ਹੈ ਰੁੱਖਾਂ ਦੀ ਛਾਂ ਰੁੰਡ-ਮਰੁੰਡੀ ਦਾਵਾ ਅਗਨ ਨੇ ਬਹੁ ਤ੍ਰਿਣ ਜਾਲੇ ਕੋਈ ਨਾ ਹਰਿਆ ਬੂਟ ਰਹਿਓ ਰੀ ਕਈ ਵਰ੍ਹਿਆਂ ਦੀ ਘੋਰ ਉਦਾਸੀ ਧਰਤੀ ਮਾਤਾ ਵੇਖ ਪਿਆਸੀ ਅੰਬਰ ਨੇ ਨਾ ਛਿੱਟ ਬਰਸਾਈ ਸੁੱਕੀਆਂ ਜੀਭਾਂ, ਜਾਨ ਸੁਕਾਈ ਧਰਤੀ ਦੀ ਕੁਰਲਾਹਟ ਨਾ ਸੁਣਦੇ ਰਾਜੇ - ਰਾਣੇ, ਅੰਨ੍ਹੇ - ਬੋਲੇ ਰੋਟੀ ਥਾਂ ਬਾਰੂਦ ਖ਼ਰੀਦਣ ਜਾਂ ਬੰਦੂਕਾਂ, ਬੰਬ ਤੇ ਗੋਲੇ ਹਿੱਕ ਥਾਪੜ ਐਲਾਨ ਨੇ ਕਰਦੇ ਹੁਣ ਨਾ ਸਾਡੇ ਕੋਈ ਬਰਾਬਰ ਸਾਡੇ ਸਾਹਮਣੇ ਜੋ ਵੀ ਆਇਆ ਸਾੜ ਦਿਆਂਗੇ, ਫੂਕ ਦਿਆਂਗੇ ਰੋਟੀ ਰੋਜ਼ੀ ਘਰ ਦਾ ਮਸਲਾ ਅੰਦਰ ਬਹਿ ਕੇ ਹੱਲ ਕਰਾਂਗੇ ਦੇਸ਼ ਦੀ ਰਾਖੀ ਪਹਿਲ ਜ਼ਰੂਰੀ ਮਗਰੋਂ ਅੰਨ ਦੀ ਗੱਲ ਕਰਾਂਗੇ ਉੱਠ ਦਾ ਬੁੱਲ ਨਾ ਡਿੱਗਿਆ ਹਾਲੇ ਅੱਧੀ ਸਦੀ ਗੁਜ਼ਾਰ ਲਈ ਹੈ ਭੁੱਖੇ ਨੰਗੇ ਬਾਲ ਨਿਆਣੇ ਬੰਬ - ਬੰਦੂਕਾਂ - ਗੋਲੀਆਂ ਵੱਲ ਨੂੰ ਚੁੱਪ-ਚੁਪੀਤੇ ਘੂਰ ਰਹੇ ਨੇ

ਵਫ਼ਾ

ਵਫ਼ਾ ਨੇ ਜਦ ਨਾ ਕਮਾਈ ਵਫ਼ਾ ਕਿਸੇ ਦੇ ਸੰਗ ਵੀ ਫਿਰ ਵਫ਼ਾ ਲਈ ਐਨਾ ਬੇਤਾਬ ਕਿਉਂ ? ਬੇਵਫ਼ਾ ਮੈਂ ਵਫ਼ਾ ਕਮਾਈ ਹਰ ਇਨਸਾਨ ਦੇ ਨਾਲ ਫਿਰ ਵਫ਼ਾ ਦਾ ਸੁਨਣਾ ਚਾਹੁਣੈ ਇਹ ਰਾਗ ਕਿਉਂ ? ਬੁਲਬੁਲਾਂ ਗੀਤ ਗਾਉਂਦੀਆਂ ਨੇ ਲੋਕ ਬਹੁਤ ਖੁਸ਼ ਹਨ ਓ ਬਦਨਸੀਬ ਬੇਵਫ਼ਾਈ ਕਰਨੀ ਜਦ ਇਨਸਾਨ ਨੇ ਇਨਸਾਨ ਦੇ ਹੀ ਸੰਗ ਫਿਰ ਵਫ਼ਾ ਲਈ ਐਨਾ ਚਾਹਵਾਨ ਕਿਉਂ ?

ਤੂੰ ਆ ਤਾਂ ਸਹੀ

ਟੁੱਟ ਚੁੱਕਾ ਹਾਂ ਜ਼ਿੰਦਗੀ ਤੋਂ ਨਾ ਛੇੜੋ ਇਹਨਾਂ ਟੁਕੜਿਆਂ ਨੂੰ ਮੱਤ ਦਰਦਾਂ ਦੀ ਕੋਈ ਹਾਅ ਇਹਨਾਂ ਬੁੱਝਦੇ ਹਾਉਕਿਆਂ ਨੂੰ ਫਿਰ ਸੁਲਗਾ ਦੇਵੇ ਇਹ ਕੇਹੇ ਹਾਉਕੇ ਨੇ ਜ਼ਿੰਦਗੀ ਦੇ ਮੱਧਮ ਪਏ ਅੰਗਾਰਿਆਂ ਨੂੰ ਬਿਨ ਫੂਕਾਂ ਸੁਲਗਾ ਰਹੇ ਨੇ ਇਹ ਕੇਹੇ ਫੇਰ ਨੇ ਜ਼ਿੰਦਗੀ ਦੇ ਉਮੀਦਾਂ ਤੇ ਉਡੀਕਾਂ ਦੇ ਭਾਂਬੜ ਬੁੱਝਦੇ ਵੀ ਮਚਦੇ ਪਏ ਨੇ ਇਹ ਕੇਹੇ ਅਥਰੂ ਨੇ ਜ਼ਿੰਦਗੀ ਦੇ ਬਸ ਨਿਕੜ ਤਾਲਮ ਤੜਪ ਤੇ ਜੁਦਾਈ ਹੁੰਦਿਆਂ ਵੀ ਨੈਣਾਂ 'ਚ ਖੁਸ਼ਕ ਪਏ ਨੇ ਇਹ ਜੋ ਬਲਦੀ ਪਈ ਹੈ ਅੱਥਰਾਂ ਦੀ ਆਸ ਸੁਲਗਦੀ ਪਈ ਹੈ ਮਘਦੀ ਪਈ ਹੈ ਬੁਝਦੀ ਨਹੀਂ ਮੇਰੀ ਉਮਰਾਂ ਦੀ ਆਸ ਉਹਦੀ ਬੇਵਫ਼ਾਈ ਦੀ ਆਸ ਬੇਵਫ਼ਾ ! ਤੂੰ ਆ ਤਾਂ ਸਹੀ ਸ਼ਾਇਦ ਬਣ ਜਾਵੇਂ ਵਫ਼ਾ ਦੀ ਆਸ!

ਇਕ ਮੋੜ ਤੇ

ਇੱਕ ਅੱਗ ਤੇ ਦੋ ਚਿਹਰੇ ਤੂੰ ਤੇ ਮੈਂ ਗਹਿਰੀ ਧੁੰਧ ਧੁੰਧਲੇ ਪਣ ਵਿੱਚ ਭਟਕਦੇ ਰਹੇ ਅਣਜਾਣ ਬਣ ਕੀ ਮਿਲਿਆ ਕੀ ਗੁਆਚਾ ਨਹੀਂ ਪਤਾ ਸੀਦ ਬਿਨਾਂ ਹੀ ਚਲਦੇ ਰਹੇ ਆਸਾਂ ਦੇ ਸਹਾਰੇ ਉਮੀਦਾਂ ਦੇ ਸਹਾਰੇ ਫਿਰ ਅਣਜਾਣੇ ਹੀ ਇਕ ਮੋੜ ਤੇ ਇਕ ਦੂਜੇ ਨੂੰ ਮਿਲੇ ਤੇ ਪਹਿਚਾਣ ਲਿਆ

ਉਹ ਘੜੀਆਂ

ਜ਼ਿੰਦਗੀ ਦੇ ਮਾਰੂਥਲ ਅੰਦਰ ਨਾ ਕੋਈ ਕੰਡਿਆਲੀ ਬੂਟੀ ਜਿਸਦੀ ਛਾਵੇਂ ਕੁਝ ਪਲ ਬਹਿ ਕੇ ਯਾਦ ਕਰ ਲਵਾਂ ਕੁਝ ਉਹ ਘੜੀਆਂ ਜਦੋਂ ਮਿਲੇ ਸੀ ਆਪਾਂ ਦੋਵੇਂ ਫਿਰ ਵਿਛੜੇ ਸਾਂ। ਪੌਣਾ ਦੇ ਵਿੱਚ ਹਸਤੀ ਉਡ ਗਈ ਪਾਣੀ ਦੇ ਵਿੱਚ ਕਾਇਆ ਖੁਰ ਗਈ ਅਗਨ ਭੇਟ ਰਿਸ਼ਤੇ ਤੇ ਨਾਤੇ ਜ਼ਿੰਦਗੀ ਫਿਰ ਵੀ ਵੇਖ ਜ਼ਰਾ ਉਪਰਾਮ ਨਹੀਂ ਹੈ ਫਿਰ ਕੀ ਹੋਇਆ ਜੇਕਰ ਤੇਰੇ ਹੋਠਾਂ ਉੱਤੇ ਹੁਣ ਵੀ ਮੇਰਾ ਨਾਮ ਨਹੀਂ ਹੈ ਜਦ ਵੀ ਜਾਗੇ ਤਦੇ ਸਵੇਰਾ ਰਿਸ਼ਤਾ ਤਾਂ ਕਦੇ ਮਰਦਾ ਨਹੀਂ ਹੈ ਭਾਵੇਂ ਤੇਰਾ ਦੂਰ ਬਸੇਰਾ ।

ਜ਼ਿੰਦਗੀ ਦੇ ਨੇੜੇ-ਨੇੜੇ

ਜ਼ਿੰਦਗੀ ਦੇ ਨੇੜੇ-ਨੇੜੇ ਤੁਰੋ ਮੌਤ ਬਹੁਤ ਦੂਰ ਰਹਿੰਦੀ ਖਿੜੇ ਹੋਏ ਫੁੱਲਾਂ ਕੋਲ ਅਠਖੇਲੀਆਂ ਕਰਦੇ ਮਾਸੂਮ ਬਾਲ ਖੇਡ ਦੇ ਮੈਦਾਨ ਵਿੱਚ ਖੇਡਦੇ ਬੱਚਿਆਂ ਜਾਂ ਚੜ੍ਹਦੇ ਸੂਰਜ ਦੇ ਅੰਗ-ਸੰਗ ਰਹੋ ਘਾਹ ਤੇ ਪਈ ਤਰੇਲ ਖੁੱਲ੍ਹ ਕੇ ਹੱਸਦੇ ਬੱਚੇ ਦੀ ਕਿਲਕਾਰੀ ਉੱਡਦੇ ਪਰਿੰਦੇ ਦੀ ਪਰਵਾਜ਼ ਤੜਕਸਾਰ ਪ੍ਰਭਾਤ ਵੇਲੇ ਗੁਰਦਵਾਰੇ 'ਚੋਂ ਮੰਦਰ ਤੇ ਮਸੀਤ ਵਿੱਚੋਂ ਉਚਾਰਿਆ ਜਾਂਦਾ ਹੈ ਇੱਕੋ ਰੱਬ ਸੱਚੇ ਦਾ ਨਾਮ ਪੱਤਝੜ ਮਗਰੋਂ ਫੁੱਟਦੇ ਸ਼ਰੀਂਹ ਦੇ ਪੱਤੇ ਪੁੰਗਰਦੀ ਧਰੇਕ ਆੜੂ ਦੇ ਬੂਟੇ ਨੂੰ ਲੱਗੇ ਦੁੱਧ ਚਿੱਟੇ ਫੁੱਲ ਜ਼ਿੰਦਗੀ ਨੂੰ ਤਰੋ-ਤਾਜ਼ਾ ਕਰਨਗੇ ਆਉ ! ਇਨ੍ਹਾਂ ਸਭਨਾਂ ਨੂੰ ਆਪਣੇ ਸਾਹਾਂ ਵਿੱਚ ਰਮਾਈਏ

ਨਫ਼ਰਤ ਦੀ ਅੱਗ

ਅੱਗ ਤਾਂ ਹਮੇਸ਼ਾਂ ਸਾੜਦੀ ਹੈ ਭਾਵੇਂ ਨਫ਼ਰਤ ਦੀ ਹੋਵੇ ਜਾਂ ਲੱਕੜਾਂ ਦੀ ਨਫ਼ਰਤ ਦੀ ਅੱਗ ਲਈ ਤੁਹਾਡਾ ਬਦਨ ਹੀ ਭੱਠੀ ਹੈ ਇਸ ਵਿੱਚੋਂ ਨਿਕਲਦਾ ਧੂੰਆਂ ਤੁਹਾਡੀ ਆਤਮਾ ਦੇ ਫੁੱਲ ਨੂੰ ਸਾੜ ਸਕਦਾ ਹੈ । ਬਚੋ! ਬਚੋ! ਬੱਚੋ ! ਜਨਾਬ ਇਸ ਅੱਗ ਤੋਂ ਬਚੋ ! ਨਫ਼ਰਤ ਦੀ ਅੱਗ ਦੇ ਵਣਜ ਵਿੱਚ ਖ਼ੁਦ ਕੋਲਾ ਹੋ ਜਾਉਗੇ ਕੀ ਖੱਟੋਗੇ ? ਬਾਗ ਵਿੱਚੋਂ ਨਿੱਖੜ ਕੇ ਸਵਾਹ ਬਣ ਜਾਉਗੇ ਸਿਰਫ਼ ਬਦਨਾਮ ਮੱਥਿਆਂ ਜੋਗੇ ਰਹਿ ਜਾਉਗੇ ਤੁਹਾਡੀ ਸ਼ਕਤੀ ਲਗਰ ਬਣਨ ਵਿੱਚ ਹੈ ਸੜ ਕੇ ਕੋਲਾ ਬਣਨ ਵਿੱਚ ਨਹੀਂ ਰੰਗਾਂ ਤੇ ਫੁੱਲਾਂ ਸੰਗ ਖੇਡਦੇ-ਖੇਡਦੇ ਇਸ ਅੱਗ ਦਾ ਵਣਜ ਕਿਉਂ ਕਰਦੇ ਹੋ! ਨਫ਼ਰਤ ਦੀ ਅੱਗ ਸਾਡਾ ਵਿਰਸਾ ਨਹੀਂ ਹੈ

ਅੱਧੀ ਰਾਤ ਵੇਲੇ ਚੰਨ

ਅੱਧੀ ਰਾਤ ਵੇਲੇ ਚੰਨ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਬਿਲਕੁਲ ਤੇਰੇ ਚਿਹਰੇ ਵਾਂਗ ਖਿੜਿਆ-ਖਿੜਿਆ ਰੌਸ਼ਨ-ਰੌਸ਼ਨ ਠੰਡਕ ਤੇ ਸ਼ੀਤਲਤਾ ਵਰਤਾਉਂਦਾ ਹਿਰਦੇ ਨੂੰ ਠਾਰਦਾ ਹੈ ਅੱਧੀ ਰਾਤ ਵੇਲੇ ਚੰਨ ! ਨਿੱਕੀ ਜਹੀ ਬਾਲੜੀ ਮੁਸਕਾਨ ਵਰਗਾ ਚੰਨ ਮੇਰੇ ਬਨੇਰੇ ਤੇ ਆਣ ਕੇ ਬਹਿ ਜਾਂਦਾ ਹੈ ਮੇਰੇ ਨਾਲ ਗੱਲਾਂ ਕਰਦਾ ਕਰਦਾ ਇਹ ਚੰਨ ਕਦੇ ਮੇਰਾ ਵੱਡਾ-ਵਡੇਰਾ ਬਣ ਜਾਂਦਾ ਹੈ ਠੰਡੀ ਛਤਰੀ ਵਾਂਗ ਆਪਣਾ ਹੱਥ ਮੇਰੇ ਸਿਰ ਤੇ ਧਰਦਾ ਤੇ ਕਦੇ ਮੇਰੀ ਗੋਦ ਵਿੱਚ ਖੇਡਦਾ ਮੇਰਾ ਪੁੱਤਰ ਬਣ ਜਾਂਦਾ ਹੈ ਮਸੀਂ ਇੱਕ ਦੋ ਸਾਲ ਦਾ ਅਜੇ ਤੁਰਨਾ ਨਾ ਜਾਣਦਾ! ਮੇਰੀ ਉਂਗਲੀ ਫੜ ਕੇ ਮੈਨੂੰ ਬਹੁਤ ਪਿੱਛੇ ਲੈ ਜਾਂਦਾ ਹੈ ਅੱਧੀ ਰਾਤ ਵੇਲੇ ਚੰਨ

ਅਮਨ ਦਾ ਬੂਟਾ

ਪੈਰੋਂ ਨੰਗੇ ਬੱਚੇ ਨੂੰ ਅਮਨ ਚਾਹੀਦਾ ਹੈ ਸੱਖਣੇ ਪੇਟ ਅਤੇ ਨੰਗੇ ਧੜ ਨੂੰ ਵੀ ਜੰਗ ਦੇ ਖਿਡੌਣੇ ਤੋਂ ਉਸ ਨੇ ਕੀ ਕਰਵਾਉਣਾ ਹੈ ਲਾਸ਼ਾਂ ਦਾ ਵਣਜ ਕਦੇ ਵੀ ਉਸ ਲਈ ਰੋਟੀ ਨਹੀਂ ਬਣਨਾ ਤੇ ਨਾ ਹੀ ਕੱਪੜਾ ਬਣਨਾ ਹੈ ਨਾ ਪੈਰਾਂ ਦੀ ਜੁੱਤੀ ਮੇਰੀ ਮਾਂ ਅਤੇ ਹਰ ਬਿਰਧ ਬਾਪ ਨੂੰ ਅਮਨ ਚਾਹੀਦਾ ਹੈ ਮੇਰੀਆਂ ਭੈਣਾਂ ਤੇ ਵੀਰਾਂ ਨੂੰ ਵੀ ਹਰ ਜਿਉਂਦੇ ਆਦਮੀ ਤੇ ਔਰਤ ਨੂੰ ਵੀ। ਅਮਨ ਚਾਹੀਦਾ ਹੈ ਜੰਗ ਦੀ ਭੱਠੀ ਵਿੱਚ, ਪੁੱਤਰ ਝੋਕ-ਝੋਕ ਕੇ, ਅੱਜ ਤੱਕ ਕਿਸੇ ਨੂੰ ਕਦੇ ਕੁਝ ਨਹੀਂ ਮਿਲਿਆ!

ਦਰਿਆ ਕੰਢੇ

ਦਰਿਆ ਦੇ ਕੰਢੇ ਤੁਰਦਿਆਂ ਬਹੁਤ ਕੁਝ ਚੇਤੇ ਆਉਂਦਾ ਹੈ ਦੁੱਧ ਚਿੱਟੀ ਵਾਲਾ ਬਿਰਧ ਬਾਪ ਸੁਪਨਿਆਂ ਦੇ ਕੰਵਲ-ਫੁੱਲ ਬੀਜਦਾ-ਬੀਜਦਾ ਗੁਲਾਬਾਂ ਦੀ ਬਗੀਚੀ ਸਿਰਜਦਾ ਅਚਾਨਕ ਸੁਪਨਾ ਹੋ ਗਿਆ ! ਹਰ ਸਾਲ ਚਿਰਾਗ ਬਾਲਦੇ ਹਾਂ . ਸਾਰੇ ਭੈਣ-ਭਰਾ ਇੱਕਠੇ ਬੈਠਕੇ ਉਹ ਚਿਹਰਾ ਨਹੀਂ ਲੱਭਦਾ ਬਿਰਧ ਮਾਂ ਦੀ ਵਧਦੀ ਉਮਰ ਦਰਿਆ ਕਿਨਾਰੇ ਰੁੱਖੜੇ ਵਾਂਗ ਦਿਲ ਨੂੰ ਡੋਬੂ ਪਾਉਂਦੀ ਹੈ ਹਾਦਸਿਆਂ ਵਿੱਚ ਗੁਆਚੇ ਕਿੰਨੇ ਸਾਰੇ ਰਿਸ਼ਤੇ ਇਸੇ ਦਰਿਆ ਵਿੱਚ ਰੁੜ੍ਹ ਗਏ ਹਨ ਸਮਾਂ ਕਾਲ ਤੇ ਪਾਣੀ ਕਿਸੇ ਦਾ ਲਿਹਾਜ਼ ਨਹੀਂ ਕਰਦੇ ਸਾਰਾ ਕੁਝ ਰੋੜ੍ਹ ਕੇ ਲਈ ਜਾਂਦੇ ਹਨ

ਸਿਰਜਣਾ

ਨਾਚ ਪੈਰਾਂ ਵਿੱਚ ਨਹੀਂ ਮਨ ਵਿੱਚ ਹੁੰਦਾ ਹੈ! ਪੱਬ ਤੇ ਅੱਡੀ ਤਾਂ ਸਿਰਫ਼ ਮਾਧਿਅਮ ਹੈ ਹੇਕ ਗਲੇ ਵਿੱਚ ਨਹੀਂ ਹੁੰਦੀ ਸੁਪਨਿਆਂ ਵਿੱਚ ਹੁੰਦੀ ਹੈ ਅਧੂਰੀਆਂ/ਅਧੂਰੀਆਂ ਰੀਝਾਂ ਤੇ ਉਮੰਗਾਂ ਵਿੱਚ ਨਹੀਂ ਹੁੰਦੀ । ਗਲਾ ਤਾਂ ਕੇਵਲ ਵਸੀਲਾ ਹੈ ਮੋਏ ਸੁਪਨੇ ਵਾਲੀ ਆਵਾਜ਼ ਵਿੱਚੋਂ ਦਰਦ ਦੀ ਡੂੰਘਾਈ ਨੂੰ ਕੌਣ ਮਾਪ ਸਕਦਾ ਹੈ । ਤਾਲ ਤਲੀਆਂ ਵਿੱਚ ਨਹੀਂ ਦਿਲ ਵਿੱਚ ਜੰਮਦਾ ਹੈ ਧੜਕਣ ਦੇ ਨਾਲ-ਨਾਲ ਧੜਕਦਾ! ਤੇ ਕਵਿਤਾ ਵੀ ਅੱਖਰਾਂ ਵਿੱਚ ਨਹੀਂ ਆਪੋ-ਆਪਣੀ ਜਿੰਦ ਦੀਆਂ ਉੱਘੜ-ਦੁੱਗੜੀਆਂ ਤੰਦਾਂ ਮੁਤਾਬਿਕ ਹੀ ਜੰਮਦੀ ਹੈ ਕੁੱਝ ਵੀ ਸਿੱਧਾ-ਸਪਾਟ ਨਹੀਂ ਹੁੰਦਾ ਹਾਉਕਿਆਂ ਤੇ ਸੁਪਨਿਆਂ ਦੀ ਧਰਤੀ ਤੇ ਵਿੰਗ ਤੜਿੰਗਾ ਉਗਮਦਾ ਹੈ

ਰੁਤਬੇ

ਰੁਤਬੇ ਤਾਂ ਜੁਰਾਬਾਂ ਹਨ ਰਿਸ਼ਤਿਆਂ ਦੇ ਪਵਿੱਤਰ ਮੰਦਰ ਵਿੱਚ ਕਦੇ ਇਨ੍ਹਾਂ ਸਮੇਤ ਨਾ ਵੜੋ! ਤੁਹਾਡੇ ਪੈਰਾਂ ਨੂੰ ਧਰਤੀ ਦੀ ਛੋਹ ਨਸੀਬ ਨਹੀਂ ਹੁੰਦੀ ਸਰਦੀ ਗਰਮੀ ਤਪਸ਼ ਤੇ ਠੰਢਕ ਤੋਂ ਆਦਮੀ ਨਾਵਾਕਿਫ਼ ਰਹਿ ਜਾਂਦਾ ਹੈ ਜੁਰਾਬਾਂ ਸਮੇਤ ਇਸ ਤੋਂ ਪਹਿਲਾਂ ਕਿ ਰੁਤਬਾ ਆਦਮੀ ਨੂੰ ਜੁਰਾਬ ਬਣਾ ਦੇਵੇ ਨਾਈਲੋਨ ਦੀ ਜੁਰਾਬ ਹਰ ਪੈਰ ਨੂੰ ਪੂਰੀ ਆਉਣ ਦੇ ਕਾਬਿਲ ਸੁਚੇਤ ਹੋ ਜਾਉ ! ਇਹ ਜੁਰਾਬ ਤੁਹਾਨੂੰ ਜਜ਼ਬ ਕਰ ਸਕਦੀ ਹੈ ਆਪਣੇ-ਆਪ ਵਿੱਚ ਪੈਰਾਂ ਵਿੱਚ ਪਈ ਜੁਰਾਬ ਬਣਨ ਤੋਂ ਪਹਿਲਾਂ ਧਰਤੀ ਦੀ ਠੰਢਕ ਤੇ ਤਪਸ਼ ਨਾਲ ਰਿਸ਼ਤਾ ਜੋੜੋ !

ਬਹੁਤ ਦੇਰ ਪਹਿਲਾਂ

ਬਹੁਤ ਦੇਰ ਪਹਿਲਾਂ ਤੈਨੂੰ ਦਫ਼ਨਾ ਤਾਂ ਗਿਆ ਸਾਂ ਮੈਨੂੰ ਯਾਦ ਹੈ ਗੋਰਕਨ ਨੇ ਮੱਯਤ ਨੂੰ ਕਬਰ 'ਚ ਉਤਾਰ ਕਿਹਾ ਗੁਲਾਬ ਜਲ ਛਿੜਕਿਆ ਸੀ ਫਿਰ ਸਭ ਨੇ ਉਸਤੇ ਮਿੱਟੀ ਵੀ ਪਾਈ ਸੀ ਪਰ ਫਿਰ ਕਿਉਂ ਤੇਰੀ ਕਬਰ ਤੇ ਆ ਜਾਂਦਾ ਹਾਂ ਆਪਣੀ ਗ੍ਰਹਿਣੀ ਰੂਹ ਨਾਲ ਚੁੱਪ ਕਰਕੇ ਬੈਠਾ ਰਹਿੰਦਾ ਹਾਂ ਤੇ ਸੋਚਦਾ ਹਾਂ ਸ਼ਾਇਦ ਤੇਰੇ ਨਾਲ ਹੀ ਦਫ਼ਨ ਹੋ ਗਿਆ ਹਾਂ

ਤੇਰੇ ਪੈਰਾਂ ਦੀ ਆਹਟ

ਤੇਰੇ ਪੈਰਾਂ ਦੀ ਆਹਟ ਮੇਰੇ ਦਿਲ ਦੀ ਧੜਕਣ ਇਕ ਦੂਜੇ ਤੋਂ ਦੂਰ ਸੋਹਣੇ ਦਿਨਾਂ ਦੀ ਉਡੀਕ ਜ਼ਿੰਦਗੀ ਦੇ ਰਹਿੰਦੇ ਪਲ ਰਹਿਣਗੇ ਇੱਕ ਦੂਜੇ ਤੋਂ ਦੂਰ ਮਿਲਣ ਦਾ ਜਜ਼ਬਾ, ਇੱਕ ਝੱਲਾ ਜਿਹਾ ਨਗ਼ਮਾ ਅੰਦਰੋਂ ਹੀ ਅੰਦਰ ਰਹੇਗਾ ਮੇਰੇ ਹੀ ਕੋਲ

ਹੇ ਮੇਰੀ ਕਵਿਤਾ

ਕੁਝ ਲੋਕ ਸਿਰਫ਼ ਰੋਂਦੇ ਹਨ ਕਰਦੇ ਕੁਝ ਵੀ ਨਹੀਂ ਅੱਥਰੂਆਂ ਦੀ ਖੇਤੀ ਵਿੱਚੋਂ ਹੀ ਸਾਰਾ ਕੁਝ ਲੱਭਦੇ ਹਨ ਕੁਝ ਲੋਕ ਸਿਰਫ਼ ਮਿੱਟੀ ਫੋਲਦੇ ਹਨ ਨਸੀਬ ਲੱਭਣ ਲਈ ਤੇ ਪੂਰੀ ਉਮਰ ਗੁਆ ਲੈਂਦੇ ਹਨ ਹੱਥਾਂ ਦੀਆਂ ਰੇਖਾਵਾਂ ਦੇ ਸਿਆੜ ਪਛਾਨਣ ਵਿੱਚ ਪੂਰਾ ਜਨਮ ਗੁਜ਼ਾਰ ਬਹਿੰਦੇ ਹਨ ਸਫ਼ਰ ਤੇ ਪੈਣ ਦੀ ਥਾਂ ਕਿੱਲੇ ਦੁਆਲੇ ਹੀ ਤੁਰੇ ਫਿਰਦੇ ਹਨ ਥੱਕਦੇ ਜ਼ਰੂਰ ਹਨ ਪਰ ਪੈਂਡਾ ਨਹੀਂ ਮੁਕਾਉਂਦੇ! ਹੇ ਮੇਰੀ ਕਵਿਤਾ! ਤੂੰ ਇਹੋ ਜਿਹਾ ਕੁਝ ਵੀ ਨਾ ਕਰੀਂ

ਖੁਰਲੀ ਬੱਧੇ ਪਸ਼ੂ

ਖੁਰਲੀ ਬੱਧੇ ਪਸ਼ੂ ਮਾਲਕਾਂ ਨੂੰ ਬਹੁਤ ਚੰਗੇ ਲੱਗਦੇ ਹਨ ਚੰਗਾ ਮਾੜਾ - ਜਿਹੋ-ਜਿਹਾ ਮਿਲਿਆ ਚਾਰਾ ਚਰ ਕੇ ਜੁਗਾਲੀ ਕਰਦੇ ਰਹਿੰਦੇ ਹਨ! ਜਦੋਂ ਲੋੜ ਪਏ ਪੰਜਾਲੀ ਵਿੱਚ ਜੋੜ ਸਕਦੇ ਹੋ ਖੁਰਲੀ ਬੱਧੇ ਪਸ਼ੂ ਕਦੇ ਉਜਰ ਨਹੀਂ ਕਰਦੇ ਸਿੱਧੇ ਤੁਰੇ ਰਹਿੰਦੇ ਹਨ ਮਾਲਕ ਦੇ ਇਸ਼ਾਰਿਆਂ ਮੁਤਾਬਿਕ ਥੋੜ੍ਹੀ ਜਿੰਨੀ ਪੁਚਕਾਰ ਨਾਲ ਹੀ ਥਕੇਵਾਂ ਨਹੀਂ ਮੰਨਦੇ ਤੁਰੇ ਰਹਿੰਦੇ ਹਨ ਨੌਕਰੀ ਪੇਸ਼ਾ ਆਦਮੀ ਵਾਂਗ!

ਸ਼ਮਲੇ ਵਾਲੀ ਪੱਗ

ਮੈਂ ਵੀ ਬੜਾ ਚਿਰ ਬੰਨ੍ਹੀ ਰੱਖੀ ਹੈ ਸ਼ਮਲੇ ਵਾਲੀ ਪੱਗ ਹੁਣ ਸਿਰਫ਼ ਫ਼ੋਟੋ ਵਿੱਚ ਹੀ ਜਿਉਂਦੀ ਹੈ ਚੜ੍ਹਦੀ ਜਵਾਨੀ ਦਾ ਵੇਗ-ਮੱਤਾ ਪਹਿਲਾ ਸਫ਼ਰ ਭੰਗੜੇ ਦੇ ਪਿੜ ਵਿੱਚ ਜੱਲੀਆਂ ਪਾਉਂਦਿਆਂ ਲੱਕ ਦੇ ਹੁਲਾਰਿਆਂ ਤੇ ਮਟਕੀਲੀ ਚਾਲ ਨਾਲ ਕਵਿਤਾ ਲਿਖਦਿਆਂ ਤੁਰਦਿਆਂ-ਤੁਰਦਿਆਂ ਕਿਤਾਬਾਂ ਨੇ ਮੇਰੇ ਤੇ ਕਾਠੀ ਪਾਈ ਤੇ ਮੈਂ ਘੋੜਾ ਬਣ ਗਿਆ ਲੰਮੀ ਦੌੜ ਦਾ ਘੋੜਾ ਹਿਰਨ ਦੀ ਚਾਲ ਵਾਲੇ ਮੁੰਡੇ ਵੇਖਕੇ ਅੱਜ ਵੀ ਜੀਅ ਕਰਦੈ ਮੈਂ ਫੇਰ ਚਿਣ ਕੇ ਬੱਧੀ ਪੱਗ ਨੂੰ ਮਾਵਾ ਲੁਆਵਾਂ ਭੰਗੜੇ ਦੇ ਪਿੜ ਵਿੱਚ ਜਾਵਾਂ ਤੇ ਆਖਾਂ ! ਲਾ ਦੇ ਸੱਦ ਓ ਤੇਲੀਆ ਤੇ ਖਿੱਚ ਕੇ ਡਗਾ ਮਾਰ ਓ ਗਰੀਬ ਦਾਸ ਢੋਲ ਵਾਲਿਆ

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਜੀਤ ਸਿੰਘ ਬੇਦੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ