Hanjhuan Di Chhabeel : Shiv Kumar Batalvi

ਹੰਝੂਆਂ ਦੀ ਛਬੀਲ : ਸ਼ਿਵ ਕੁਮਾਰ ਬਟਾਲਵੀ

ਯਾਦ ਤੇਰੀ ਦੇ ਤਪਦੇ ਰਾਹੀਂ,
ਮੈਂ ਹੰਝੂਆਂ ਦੀ ਛਬੀਲ ਲਾਈ ।
ਮੈਂ ਜ਼ਿੰਦਗੀ ਦੇ ਧੁਆਂਖੇ ਹੋਠਾਂ ਨੂੰ
ਰੋਜ਼ ਗ਼ਮ ਦੀ ਗਲੋ ਪਿਆਈ ।

ਮੇਰੇ ਗੀਤਾਂ ਦਾ ਹੰਸ ਜ਼ਖ਼ਮੀ
ਮੈਂ ਸੋਚਦੀ ਹਾਂ ਕਿ ਮਰ ਜਾਏਗਾ,
ਜੇ ਜੁਦਾਈ ਵਸਲ ਦੇ ਮੋਤੀ-
ਅੱਜ ਆਪ ਹੱਥੀਂ ਨਾ ਲੈ ਕੇ ਆਈ ।

ਵਰ੍ਹ ਰਹੀਆਂ ਬਦਲੋਟੀਆਂ 'ਤੇ
ਤਾਂ ਚਾਤ੍ਰਿਕ ਨੂੰ ਗਿਲਾ ਨਹੀਂ ਕੋਈ,
ਇਹ ਉਸ ਦੀ ਆਪਣੀ ਹੈ ਬਦਨਸੀਬੀ
ਕਿ ਜੀਭ ਉਹਦੀ ਰਹੀ ਤਿਹਾਈ ।

ਨਿੰਮੜੀ ਦੇ ਕਸੈਲੇ ਫੁੱਲਾਂ
ਦੇ ਵਿਚ ਵੀ ਸੱਜਣਾ ਵੇ ਸ਼ਹਿਦ ਹੁੰਦੈ
ਕਸਮ ਹੈ ਤੈਨੂੰ ਤੂੰ ਮੁੜ ਨਾ ਆਖੀਂ
ਵੇ ਭੌਰਿਆਂ ਨੂੰ ਕਦੇ ਸ਼ੁਦਾਈ ।

ਯਾਦ ਤੇਰੀ ਦੇ ਤਪਦੇ ਰਾਹੀਂ,
ਨੇ ਹਰ ਕਦਮ ਤੇ ਉਜਾੜ ਖੋਲੇ ।
ਬੇਚੈਨ ਹੋਏ ਜਿਹੇ ਉਡਦੇ ਫਿਰਦੇ
ਨੇ ਜਾਂ ਉਮੀਦਾਂ ਦੇ ਵਾਵਰੋਲੇ ।

ਇਹਨਾਂ ਰਾਹਾਂ ਤੋਂ ਗੁਜ਼ਰ ਜਾਂਦੀ
ਹੈ ਰੋਜ਼ ਪੁਨੂੰ ਨੂੰ ਰੋਂਦੀ ਕੋਈ,
ਕਦੇ ਕਦੇ ਜਾਂ ਗੁਜ਼ਰ ਨੇ ਜਾਂਦੇ
ਵੇ ਖੇੜੇ ਹੀਰਾਂ ਦੇ ਲੈ ਕੇ ਡੋਲੇ ।

ਜਾਂ ਇਹਨਾਂ ਰਾਹਾਂ ਦੇ ਮੀਲ-ਪੱਥਰਾਂ
ਤੇ ਰੋਜ਼ ਬਿਰਹੋਂ ਦੇ ਬਾਜ਼ ਬੈਠਣ,
ਜਾਂ ਮਾਸ ਖੋਰੀ ਕੋਈ ਡਾਰ ਗਿੱਧਾਂ ਦੀ
ਹੱਡੋ-ਰੋੜੇ ਪਈ ਟਟੋਲੇ ।

ਇਕ ਸਮਾਂ ਸੀ ਮੈਂ ਸਮਝਦੀ ਸਾਂ
ਵੇ ਪ੍ਰੀਤ-ਅਗਨੀ ਦਾ ਕੁੰਡ ਤੈਨੂੰ,
ਪਰ ਇਕ ਸਮਾਂ ਹੈ ਤੂੰ ਬੁਝ ਗਿਆ ਹੈਂ
ਵੇ ਵਾਂਗ ਧੁਖ਼ਦੇ ਬਿਆਰੀ ਕੋਲੇ ।

ਯਾਦ ਤੇਰੀ ਦੇ ਤਪਦੇ ਰਾਹੀਂ
ਵੇ ਹੋਰ ਮੈਥੋਂ ਨਾ ਟੁਰਿਆ ਜਾਏ ।
ਕੌਣ ਥੋਰ੍ਹਾਂ ਨੂੰ ਸਮਝ ਕਲੀਆਂ
ਵੇ ਜਾਣ ਬੁਝ ਕੇ ਗਲੇ ਲਗਾਏ ।

ਸੜ੍ਹੈਂਦ ਲੱਦੀ ਹਵਾ ਸਮੇਂ ਦੀ
'ਚ ਕੌਣ ਖ਼ੁਸ਼ੀਆਂ ਦਾ ਇਤਰ ਛਿੜਕੇ,
ਕੌਣ ਗਿਰਝਾਂ ਥਾਂ ਹਸਰਤਾਂ ਦੇ
ਵੇ ਧੁੰਧਲੇ ਅਰਸ਼ੀਂ ਹੁਮਾ ਉਡਾਏ ।

ਕੌਣ ਇਸ਼ਕੇ ਦੀ ਖ਼ੂਨੀ ਮਿੱਟੀ 'ਚ
ਸੁਪਨਿਆਂ ਦੇ ਵੇ ਬੀਜ ਬੀਜੇ,
ਕੌਣ ਦਿਲ ਦੀ ਵੀਰਾਨ ਧਰਤੀ
ਤੇ ਰੁੱਖ ਮੰਧਾਰੀ ਦੀ ਕਲਮ ਲਾਏ ।

ਕੌਣ ਜ਼ਖ਼ਮਾਂ 'ਚੋਂ ਪੀਕ ਸਿੰਮਦੀ
ਤੇ ਧੂੜੇ ਹੱਥੀਂ ਵੇ ਆਪ ਮਿਰਚਾਂ,
ਕੌਣ ਜ਼ੁਲਫ਼ਾਂ ਦੇ ਮਹਿਕੇ ਲੱਛਿਆਂ
'ਚ ਹੂੰਝ ਰਾਹਵਾਂ ਦੀ ਖੇਹ ਮਿਲਾਏ ।

ਯਾਦ ਤੇਰੀ ਦੇ ਤਪਦੇ ਰਾਹੀਂ
ਮੈਂ ਔਸੀਆਂ ਪਾ ਪਾ ਉਮਰ ਹੈ ਗਾਲੀ
ਇਕ ਮੇਲ ਤੇਰੇ ਦੀ ਮੈਲੀ ਖਿੰਦੜੀ
ਵੇ ਘੋਲ ਕੱਲਰ ਮੈਂ ਨਿੱਤ ਹੰਗਾਲੀ ।

ਨਿੱਤ ਉਡੀਕਾਂ ਦੀ ਅੱਗ ਪੀ ਪੀ ਕੇ
ਦਿਲ ਦਾ ਪਿੱਤਾ ਮੈਂ ਸਾੜ ਲੀਤਾ,
ਮੈਂ ਆਪ ਆਪਣੀ ਖ਼ੁਸ਼ੀ ਦੇ ਚੰਬੇ ਦੀ
ਛਾਂਗ ਸੁੱਟੀ ਹੈ ਡਾਲੀ ਡਾਲੀ ।

ਤੇਲ ਹੁੰਦਿਆਂ ਵੀ ਮੇਰੀ ਮਹਿਫ਼ਲ ਦੇ
ਸਾਰੇ ਦੀਵੇ ਕਿਉਂ ਬੁਝ ਗਏ ਨੇ,
ਪਤਾ ਨਹੀਂ ਮਾਲੀ ਤੋਂ ਹਰ ਲਗਰ ਨੂੰ
ਕਿਉਂ ਸੁਹਣਾ ਲੱਗਦਾ ਹੈ ਅੱਜ ਅਯਾਲੀ ?

ਠਹਿਰ ਮੌਤੇ ਨੀ ਲੈ ਜਾ ਮੈਨੂੰ-
ਨਿਰਾਸ ਹੋ ਕੇ ਕਿਉਂ ਮੁੜ ਚੱਲੀ ਏਂ,
ਖਾਲੀ ਮੋੜਨ ਨੂੰ ਜੀ ਨਹੀਂ ਕਰਦਾ
ਜਦੋਂ ਦਰ 'ਤੇ ਆਇਆ ਕੋਈ ਸਵਾਲੀ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ