ਸੰਨ ਸੰਤਾਲੀ ਦੇ ਦਿੱਤੇ ਹੰਝੂਆਂ ਦਾ ਦਰਦਨਾਮਾ : ਗੁਰਭਜਨ ਸਿੰਘ ਗਿੱਲ (ਪ੍ਰੋਃ)

ਮੇਰੀ ਕਿਤਾਬ ਖ਼ੈਰ ਪੰਜਾਂ ਪਾਣੀਆਂ ਦੀ ਦਾ ਮੁੱਢ 2001 ਵਿੱਚ ਬੱਝਾ ਸੀ, ਅੱਜ ਤੋਂ ਲਗਪਗ ਉੱਨੀ ਸਾਲ ਪਹਿਲਾਂ।
ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਫ਼ਖ਼ਰ ਜ਼ਮਾਂ ਸਾਹਿਬ ਦੇ ਬੁਲਾਵੇ ਤੇ ਫਲੈਟੀਜ਼ ਹੋਟਲ ਲਾਹੌਰ (ਪਾਕਿਸਤਾਨ)ਪੁੱਜੇ ਤਾਂ ਮਹਿਸੂਸ ਹੋਇਆ ਕਿ ਗੁਰਮੁਖੀ ਦੇ ਨਾਲ ਨਾਲ ਸ਼ਾਹਮੁਖੀ ਚ ਵੀ ਕਿਤਾਬ ਤਿਆਰ ਕਰਨੀ ਚਾਹੀਦੀ ਹੈ। ਕਾਨਫਰੰਸ ਤੇਂ ਪਰਤ ਕੇ ਮੈਂ ਇਹ ਗੱਲ ਆਪਣੇ ਸ਼ੁਭਚਿੰਤਕ ਵੀਰ ਸ੍ਵ ਪੁਰਦਮਨ ਸਿੰਘ ਬੇਦੀ ਨਾਲ ਸਾਂਝੀ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਹਿੰਦ ਪਾਕਿ ਰਿਸ਼ਤਿਆਂ ਅਤੇ ਸਰਬ ਸਾਂਝੀ ਪੰਜਾਬੀਅਤ ਨਾਲ ਸਬੰਧਿਤ ਕਵਿਤਾਵਾਂ ਹੀ ਇਸ ਲਈ ਚੁਣੀਆਂ ਜਾਣ। ਕੰਪਿਊਟਰ ਤੇ ਟਾਈਪ ਕੀਤਿਆਂ 64 ਪੰਨੇ ਬਣੇ। ਉਰਦੂ ਸ਼ਾਇਰ ਜਨਾਬ ਸਰਦਾਰ ਪੰਛੀ ਜੀ ਨੇ ਇਸ ਦਾ ਸ਼ਾਹਮੁਖੀ ਸਰੂਪ ਤਿਆਰ ਕਰ ਦਿੱਤਾ। ਖੱਬੇ ਪਾਸਿਉਂ ਗੁਰਮੁਖੀ ਤੇ ਸੱਜੇ ਪਾਸਿਉਂ ਸ਼ਾਹਮੁਖੀ ਕਰਦਿਆਂ ਵਿਚਕਾਰਲਾ ਪੰਨਾ ਕੋਰਾ ਰਹਿ ਗਿਆ। ਬਿਲਕੁਲ ਉਵੇਂ ਜਿਵੇ ਨੋ ਮੈਨਜ਼ ਲੈਂਡ ਹੁੰਦੀ ਹੈ। ਦੇਸਾਂ ਵਾਲੇ ਇਸ ਨੂੰ ਜਿਹੜਾ ਨਾਮ ਮਰਜ਼ੀ ਦੇਈ ਜਾਣ ਪਰ ਮੈਂ ਇਸ ਨੂੰ ਰੱਬੀ ਧਰਤੀ ਕਹਿੰਦਾ ਹਾਂ। ਜਿਸ ਤੇ ਕਿਸੇ ਦੀ ਮਾਲਕੀ ਨਹੀਂ। ਪਟਵਾਰੀਆਂ ਦੇ ਖ਼ਾਤੇ ‘ਚ ਕਿਸੇ ਦੇ ਨਾਂ ਨਹੀਂ ਬੋਲਦੀ ਇਹ ਜ਼ਮੀਨ। ਮੈਂ ਇਸ ਪੰਨੇ ਤੇ ਕਾਲ਼ੇ ਰੰਗ ਦਾ ਗੁਲਾਬ ਧਰ ਦਿੱਤਾ। ਮੁਰਝਾ ਕੇ ਅਸੀਂ ਵੀ ਤਾਂ ਬਦਰੰਗ ਹੀ ਹੋ ਗਏ ਹਾਂ ਸੰਤਾਲੀ ਮਗਰੋਂ ਵਿੱਛੜ ਕੇ।

ਇਸ ਪੁਸਤਕ ਦਾ ਪਹਿਲਾ ਸੰਸਕਰਨ 2005 ਚ ਛਪਿਆ ਦੋਹਾਂ ਲਿਪੀਆਂ ‘ਚ ਇਕੱਠਾ। ਪਾਕਿਸਤਾਨ ਵੀ ਕੁਝ ਕਾਪੀਆਂ 2006 ਵਿੱਚ ਮੈਂ ਉਦੋਂ ਲੈ ਕੇ ਗਿਆ ਜਦ ਨਨਕਾਣਾ ਸਾਹਿਬ ਨੂੰ ਪਹਿਲੀ ਬੱਸ ਚੱਲੀ ਸੀ। ਮੈਂ ਇਸ ਵਫ਼ਦ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸਃ ਰਣਜੋਧ ਸਿੰਘ ਸਮੇਤ ਸ਼ਾਮਿਲ ਸਾਂ। ਇਸ ਬੱਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਡਾਃ ਮਨਮੋਹਨ ਸਿੰਘ ਜੀ ਨੇ ਅੰਬਰਸਰੋਂ ਤੋਰਿਆ ਸੀ ਝੰਡੀ ਹਿਲਾ ਕੇ।
ਇਸ ਦਾ ਦੂਜਾ ਸੰਸਕਰਨ ਸਿਰਫ਼ ਗੁਰਮੁਖੀ ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਸਾਲ ਵਿੱਚ ਛਪਿਆ।

ਹੁਣ ਦੇਸ਼ ਵੰਡ ਦੀ 75ਵੀਂ ਵਰ੍ਹੇ ਗੰਢ ਨੂੰ ਚੇਤੇ ਕਰਦਿਆਂ ਮੈਂ ਇਸ ਪੁਸਤਕ ਦਾ ਵਿਸਤ੍ਰਿਤ ਸਰੂਪ ਪਾਠਕਾਂ ਹਵਾਲੇ ਕਰ ਰਿਹਾ ਹਾਂ। 2005 ਮਗਰੋਂ ਹਿੰਦ ਪਾਕਿ ਰਿਸ਼ਤਿਆਂ ਅਤੇ ਸਰਬ ਸਾਂਝੀ ਪੰਜਾਬੀਅਤ ਬਾਰੇ ਲਿਖੀਆਂ ਰਚਨਾਵਾਂ ਇਸ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਦੇਸ਼ ਵੰਡ ਵੇਲੇ ਕੁਰਬਾਨ ਹੋਏ ਦਸ ਲੱਖ ਪੰਜਾਬੀਆਂ ਨੂੰ ਯਾਦ ਕਰਦਿਆਂ ਅੱਥਰੂ ਅੱਥਰੂ ਹਾਂ ਲਗਾਤਾਰ।
ਸਿਰਫ਼ ਸ਼ਬਦਾਂ ਦੀ ਅੰਜੁਲੀ ਇਹ ਸੋਚ ਕੇ ਭੇਂਟ ਕਰ ਰਿਹਾਂ ਕਿ ਸੰਤਾਲੀ ਮੁੜ ਨਾ ਆਵੇ।

ਸ਼ੇਖੂਪੁਰਾ ਚ ਰਹਿੰਦਾ ਨਿੱਕਾ ਵੀਰ ਆਸਿਫ਼ ਰਜ਼ਾ ਇਸ ਦਾ ਸ਼ਾਹਮੁਖੀ ਸਰੂਪ ਤਿਆਰ ਕਰੇਗਾ ਤਾਂ ਜੋ ਵਾਘੇ ਦੇ ਆਰ ਪਾਰ ਵੱਸਦੇ ਪੰਜਾਬੀਆਂ ਨੂੰ ਆਪਣੀ ਬਾਤ ਸੁਣਾ ਸਕਾਂ।

ਮੇਰੀ ਮਾਂ ਸਰਦਾਰਨੀ ਤੇਜ ਕੌਰ ਜਦ ਕਦੇ ਵੀ ਸੰਨ ਸੰਤਾਲੀ ਨੂੰ ਚੇਤੇ ਕਰਦੀ ਤਾਂ ਕੰਬ ਉੱਠਦੀ। ਮਰਦੇ ਦਮ ਤੀਕ ਮੈਂ ਉਸਦੇ ਮੂੰਹੋਂ ਆਜ਼ਾਦੀ ਸ਼ਬਦ ਨਹੀਂ ਸੀ ਸੁਣਿਆ। ਉਹ ਇਸ ਸਾਲ ਨੂੰ ਚੇਤੇ ਕਰਦਿਆਂ ਅਕਸਰ ਆਖਦੀ, ਜਦੋਂ ਭਾਜੜਾਂ ਪਈਆਂ ਸਨ। ਇਹ ਗੱਲ ਰੌਲ਼ਿਆਂ ਵੇਲੇ ਦੀ ਹੈ। ਹੱਲੇ ਗੁੱਲਿਆਂ ਵੇਲੇ ਬੰਦਾ ਬੰਦੇ ਨੂੰ ਖਾਣ ਤੀਕ ਜਾਂਦਾ ਸੀ।
ਉੱਜੜਨ ਮਗਰੋਂ ਏਧਰ ਪਿੰਡ ਬਸੰਤਕੋਟ ਚ ਵੱਸਣ ਦੇ ਬਾਦ ਵੀ ਸਾਡੀ ਪੱਤੀ ਦਾ ਨਾਮ ਪਨਾਹੀਆਂ ਦੀ ਪੱਤੀ ਹੈ।
ਇੱਕ ਵਾਰ ਕੋਈ ਸਥਾਨਕ ਵਾਸਣ ਮੇਰੀ ਮਾਂ ਨਾਲ ਲੜਦਿਆਂ ਮਿਹਣੇ ਮਾਰਨ ਲੱਗੀ ਬੋਲੀ, ਬਹੁਤੀ ਆਕੜ ਕੇ ਗੱਲ ਨਾ ਕਰ। ਹੈਂ ਤਾਂ ਓਹੀ ਓ ਨਾ, ਮੁਸਲਮਾਨਾਂ ਨਾਲ ਵਟਾਏ ਹੋਏ। ਮੈਂ ਨਿੱਕਾ ਜਿਹਾ ਸਾਂ ਉਦੋਂ। ਇਸ ਬੋਲ ਦੀ ਰੜਕ ਅਜੇ ਵੀ ਮੇਰੇ ਸੀਨੇ ਵਿੱਚ ਹੈ। ਇਹ ਕਵਿਤਾਵਾਂ ਉਸੇ ਦਰਦ ਦਾ ਦਰਦਨਾਮਾ ਹੈ।

ਇਸੇ ਕਤਲੋਗਾਰਤ ਦੇ ਮੌਸਮ ਨੂੰ ਹੀ ਕਹਾਣੀਕਾਰ ਮਹਿੰਦਰ ਸਿੰਘ ਸਰਨਾ ਨੇ ਛਵ੍ਹੀਆਂ ਦੀ ਰੁੱਤ ਕਿਹਾ ਸੀ।
ਅਹਿਮਦ ਰਾਹੀ ਦੇ ਲਿਖੇ ਤੇ ਬਚਪਨ ਵੇਲੇ ਤੋ ਅਮਰਜੀਤ ਗੁਰਦਾਸਪੁਰੀ ਦੇ ਗਾਏ ਬੋਲ ਮੱਥੇ ਵਿੱਚ ਵੱਜਦੇ ਨੇ ਅੱਜ ਵੀ ਸੰਤਾਲੀ ਚੇਤੇ ਕੀਤਿਆਂ।


ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ

ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ
ਰਾਤ ਹਨੇਰੀ ਖਿੱਲੀਆਂ ਮਾਰੇ
ਸਹਿਕ ਰਹੀਆਂ ਤਕਦੀਰਾਂ, ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ

ਟੁੱਟੀਆਂ ਸਾਰੀਆਂ ਹੱਦਾਂ ਬੰਨੇ
ਇਥੇ ਸਾਰੇ ਹੋ ਗਏ ਅੰਨ੍ਹੇ
ਭੈਣਾਂ ਲੁੱਟੀਆਂ ਵੀਰਾਂ, ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ

ਲੇਖਾਂ ਉਤੇ ਸ਼ਾਹੀਆਂ ਡੁਲ੍ਹੀਆਂ
ਸੇਜੋਂ ਡਿੱਗ ਕੇ ਪੈਰੀਂ ਰੁਲੀਆਂ
ਸੱਸੀਆਂ, ਸੋਹਣੀਆਂ, ਹੀਰਾਂ, ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ

ਭੈਣ ਕਿਸੇ ਦੀ ਪਈ ਕੁਰਲਾਵੇ
ਖੁੰਝਿਆ ਵੇਲਾ ਹੱਥ ਨਾ ਆਵੇ
ਕਰ ਲਉ ਕੁਝ ਤਦਬੀਰਾਂ,
ਵੇ ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ।

ਆਮ ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਵੱਡੀਆਂ ਕੁਰਬਾਨੀਆਂ ਤੇ ਅੰਤਰ ਰਾਸ਼ਟਰੀ ਸੰਕਟ ਕਾਰਨ ਫਰੰਗੀ ਸਾਡਾ ਦੇਸ਼ ਛੱਡ ਜਾਵੇਗਾ , ਪਰ ਛੱਡਣ ਲੱਗਿਆਂ ਕਤਲੋਗਾਰਤ ਵਿੱਚ ਦਸ ਲੱਖ ਪੰਜਾਬੀਆਂ ਦੀ ਜਾਨ ਲੈ ਜਾਵੇਗਾ, ਇਹ ਖ਼੍ਵਾਬ ਖ਼ਿਆਲ ਵਿੱਚ ਵੀ ਨਹੀਂ ਸੀ। ਬੰਦੇ ਖਾਣੀ ਰੁੱਤ ਬੰਦੇ ਨੂੰ ਏਨਾ ਹੈਂਸਿਆਰਾ ਤੇ ਜ਼ਾਲਮ ਬਣਾ ਦੇਵੇਗੀ, ਕਦੇ ਨਹੀਂ ਸੀ ਸੋਚਿਆ। ਇਸੇ ਗੱਲ ਨੂੰ ਹੀ ਪ੍ਰੋਃ ਮੋਹਨ ਸਿੰਘ ਨੇ ਆਪਣੀ ਵਿਸ਼ਵ ਪ੍ਰਸਿੱਧ ਨਜ਼ਮ
ਆ ਬਾਬਾ ਤੇਰਾ ਵਤਨ ਮੁੜ ਵੀਰਾਨ ਹੋ ਗਿਆ।
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ ਵਿੱਚ ਪਰੋਇਆ।


ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ ।

'ਕਲਯੁੱਗ ਹੈ ਰੱਥ ਅਗਨ ਦਾ', ਤੂੰ ਆਪ ਆਖਿਆ,
ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ ।

ਜੋ ਖ਼ਾਬ ਸੀ ਤੂੰ ਦੇਖਿਆ, ਵਣ ਥੱਲੇ ਸੁੱਤਿਆਂ,
ਸੋਹਣਾ ਉਹ ਤੇਰਾ ਖ਼ਾਬ ਪਰੇਸ਼ਾਨ ਹੋ ਗਿਆ ।

ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਭੜੇ,
ਪੰਜ-ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ ।

ਉਹ ਝੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ,
ਉਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ ।

ਜੁੱਗਾਂ ਦੀ ਸਾਂਝੀ ਸੱਭਿਤਾ ਪੈਰੀਂ ਲਿਤੜ ਗਈ,
ਸਦੀਆਂ ਦੇ ਸਾਂਝੇ ਖੂਨ ਦਾ ਵੀ ਨਹਾਣ ਹੋ ਗਿਆ ।

ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ,
ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ ।

ਉਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ,
ਏਧਰ ਮਸੀਤੋਂ ਬਾਹਰ ਹੈ ਕੁਰਆਨ ਹੋ ਗਿਆ ।

ਹਿੰਦਵਾਣੀਆਂ, ਤੁਰਕਾਣੀਆਂ ਦੋਹਾਂ ਦੀ ਪਤ ਗਈ
ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ ।

ਇਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ,
ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ ।

ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ,
ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ ।

ਕੁਝ ਐਸਾ ਕੁਫ਼ਰ ਤੋਲਿਆ ਈਮਾਨ ਵਾਲਿਆਂ,
ਕਿ ਕੁਫ਼ਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ ।

ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ,
ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ ।

ਮੁੜ ਭਾਗੋਆਂ ਦੇ ਚਾਦਰੀਂ ਛਿੱਟੇ ਨੇ ਖ਼ੂਨ ਦੇ,
ਮੁੜ ਲਾਲੋਆਂ ਦੇ ਖ਼ੂਨ ਦਾ ਨੁਚੜਾਨ ਹੋ ਗਿਆ ।

ਫਿਰ ਉਚਿਆਂ ਦੇ ਮਹਿਲਾਂ ਤੇ ਸੋਨਾ ਮੜ੍ਹੀ ਰਿਹਾ,
ਫਿਰ ਨੀਵਿਆਂ ਦੀ ਕੁੱਲੀ ਦਾ ਵੀ ਵਾਹਣ ਹੋ ਗਿਆ ।

'ਉਸ ਸੂਰ ਉਸ ਗਾਉਂ' ਦਾ ਹੱਕ ਨਾਹਰਾ ਲਾਇਆ ਤੂੰ
ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ ।

ਮੁੜ ਗਾਉਣੇ ਪਏ ਨੇ ਮੈਨੂੰ ਸੋਹਲੇ ਖ਼ੂਨ ਦੇ,
ਪਾ ਪਾ ਕੇ ਕੁੰਗੂ ਰੱਤ ਦਾ ਰਤਲਾਣ ਹੋ ਗਿਆ ।

ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈ:
"ਆਇਆ ਨਾ ਤੈਂ ਕੀ ਦਰਦ ਐਨਾ ਘਾਣ ਹੋ ਗਿਆ

ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਨਜ਼ਮ : 

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ:

ਉਠ ਦਰਦਮੰਦਾਂ ਦਿਆ ਦਰਦਦੀਆ ! ਉਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ

ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ
ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ
ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ
ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ

ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ ਮੂੰਹ ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ

ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ

ਜਿਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ

ਅੱਜ ਸੱਭੇ ਕੈਦੋ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ

ਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !

ਪੰਜਾਬੀ ਕਵੀ ਡਾ. ਹਰਿਭਜਨ ਸਿੰਘ ਨੇ ਵੀ ਦੇਸ਼ ਦੇ ਵੰਡਾਰੇ ਨੂੰ ਪੀੜ ਪਰੁੱਚੇ ਸ਼ਬਦਾਂ ਵਿੱਚ ਬਿਆਨਿਆ ਹੈ। ਉਸ ਦਾ ਆਪਣਾ ਸਰੋਦੀ ਅੰਦਾਜ਼ ਹੈ, ਅਸਲੋਂ ਨਿਵੇਕਲਾ। ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ ਨੂੰ ਮੈਂ ਆਪਣੀ ਨਜ਼ਰ ਵਿੱਚ ਬਹੁਤ ਉਚੇਰੀ ਥਾਂ ਤੇ ਰੱਖਦਾ ਹਾਂ। ਇਲ ਵਿੱਚ ਅੰਮ੍ਰਿਤਾ ਪ੍ਰੀਤਮ ਵਾਂਗ ਕਤਲੇਆਮ ਦਾ ਸਾਫ਼ ਸਪਸ਼ਟ ਜ਼ਿਕਰ ਨਹੀਂ ਪਰ ਪ੍ਰਭਾਵ ਚਿਤਰ ਪੂਰਾ ਦ੍ਰਿਸ਼ ਉਸਾਰਦੇ ਹਨ।


ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ ਚ ਤਾਰਿਆਂ ਦੀ ਡੁੱਬ ਗਈ ਸਵੇਰ।

ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ
ਵੇ ਖਿੰਡ ਗਈਆਂ ਮਹਿਫਲਾਂ ਤੇ ਛਾ ਗਈ ਉਜਾੜ।

ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ।

ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ।

ਵੇ ਜ਼ਿੰਦਗੀ ਬੇਹੋਸ਼ ਤੇ ਖ਼ਾਮੋਸ਼ ਕਾਇਨਾਤ
ਵਿਹਲਾ ਹੋਕੇ ਸੌਂ ਗਿਆ ਐ ਲੋਹਾ ਇਸਪਾਤ।

ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨਾ ਕੇਰ,
ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ।

ਹਮੇਸ਼ ਨਹੀਂ ਮਨੁੱਖ ਤੇ ਕੁੱਦਣਾ ਜਨੂੰਨ
ਹਮੇਸ਼ ਨਹੀਂ ਡੁੱਲਣਾ ਜ਼ਮੀਨ ਉੱਤੇ ਖ਼ੂਨ।

ਹਮੇਸ਼ ਨਾ ਵੀਰਾਨ  ਹੋਣੀ ਅੱਜ ਵਾਂਗ ਰਾਤ
ਸੌਂ ਜਾ ਮੇਰੇ ਮਾਲਕਾ ਵੀਰਾਨ  ਹੋਈ ਰਾਤ।

ਹੁਸ਼ਿਆਰਪੁਰ ਦੇ ਪਿੰਡ ਬੈਰਮਪੁਰ ਤੋਂ ਉੱਜੜ ਕੇ ਲਾਇਲਪੁਰ ਵੱਸੇ ਟੱਬਰ ਦੀ 1947 ਤੋਂ 26 ਸਾਲ ਮਗਰੋਂ ਜੰਮੀ ਧੀ ਸਫ਼ੀਆ ਹਯਾਤ ਦੱਸਦੀ ਹੈ ਕਿ ਉਸ ਦੇ ਮਾਪਿਆਂ ਨੇ ਹਮੇਸ਼ਾਂ ਅੰਬਾਂ ਦੀ ਰੁੱਤੇ ਟੋਕਰੇ ਭਰ ਭਰ ਅੰਬ ਚੂਪਦਿਆਂ ਆਪਣਾ ਹੋਸ਼ਿਆਰਪੁਰ ਨਾ ਵਿੱਸਰਨ ਦਿੱਤਾ। ਉਨ੍ਹਾਂ ਦਾ ਸਰੀਰ ਭਾਵੇਂ ਲਾਇਲਪੁਰ ਚ ਵੱਸਦਾ ਸੀ ਪਰ ਰੂਹ ਸੱਜਣਾਂ ਦੇ ਡੇਰੇ ਭਾਵ ਹੁਸ਼ਿਆਰਪੁਰ ਚ ਹੀ ਰਹਿੰਦੀ ਸੀ। ਬਿਲਕੁਲ ਮੇਰੇ ਮਾਂ ਬਾਪ ਵਾਂਗ। ਮੇਰੇ ਮਾਪੇ ਵੀ ਮਰਦੇ ਦਮ ਤੀਕ ਨਿੱਦੋ ਕੇ(ਨਾਰੋਵਾਲ ) ਪਾਕਿਸਤਾਨ ਤੋਂ ਮੁਕਤ ਨਾ ਹੋ ਸਕੇ। ਰੋਮ ਰੋਮ ਵਿੱਚ ਉਹ ਜੂਹਾਂ ਤੇ ਪੈਲ਼ੀ ਬੰਨਾ ਜਿਉਂਦਾ ਜਾਗਦਾ ਰਿਹਾ।

ਉਸਤਾਦ ਦਾਮਨ ਦਰਵੇਸ਼ ਸ਼ਾਇਰ ਸੀ। ਉਸ ਨੇ ਰੱਜ ਕੇ ਸਾਂਝੇ ਪੰਜਾਬ ਦਾ ਦਰਦ ਗਾਇਆ। ਉਸ ਦੀ ਹਰ ਸਤਰ ਚੋਂ ਪੀੜ ਨੁੱਚੜਦੀ ਹੈ, ਜਿਵੇਂ ਵੇਲਣੇ ਚ ਗੰਨੇ ਨਹੀਂ, ਬੰਦੇ ਪੀੜੇ ਜਾ ਰਹੇ ਹੋਣ। ਦੇਸ਼ ਉਜਾੜੇ ਤੋ ਕਈ ਸਾਲ ਬਾਦ ਉਸਤਾਦ ਦਾਮਨ ਜਦ ਚੜ੍ਹਦੇ ਪੰਜਾਬ ਆਇਆ ਤਾਂ ਉਸ ਆਜ਼ਾਦੀ ਦਿਹਾੜੇ ਨੂੰ ਚਿਤਵ ਕੇ ਕੁਝ ਏਦਾਂ ਬਿਆਨ ਕੀਤਾ।


ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿੱਚੀ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।

ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁਝ  ਉਮੀਦ ਏ ਜਿੰਦਗੀ ਮਿਲ ਜਾਏਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।

ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।

ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।

ਇਸੇ ਗੱਲ ਨੂੰ ਲੋਕ ਕਵੀ ਗੁਰਦਾਸ ਰਾਮ ਆਲਮ ਕੁਝ ਇਸ ਤਰ੍ਹਾ ਬਿਆਨ ਕਰਦਾ ਹੈ। ਕਿਰਤੀ ਲੋਕਾਂ ਦਾ ਨਜ਼ਰੀਆ ਪੇਸ਼ ਕਰਦਾ ਸ਼ਾਇਰ ਕਹਿੰਦਾ ਹੈ :


ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,
ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ।
ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ,
ਬੜੀ ਭੀੜ ਉਸਦੇ ਦੁਆਲੇ ਖੜ੍ਹੀ ਸੀ।

ਆਈ ਨੂੰ ਤਾਂ ਭਾਵੇਂ ਤੀਆ ਸਾਲ ਬੀਤਾ,
ਅਸੀਂ ਤਾਂ ਅਜੇ ਤੱਕ ਦਰਸ਼ਣ ਨਹੀਂ ਕੀਤਾ।
ਦਿੱਲੀ ’ਚ ਆਉਂਦੀ ਹੈ ਸਰਦੀ ਦੀ ਰੁੱਤੇ,
ਤੇ ਹਾੜਾਂ ’ਚ ਰਹਿੰਦੀ ਪਹਾੜਾਂ ਦੇ ਉੱਤੇ।

ਗ਼ਰੀਬਾਂ ਨਾਲ ਲਗਦੀ ਲੜੀ ਹੋਈ ਆ ਖ਼ਬਰੇ,
ਅਮੀਰਾਂ ਦੇ ਹੱਥੀਂ ਚੜ੍ਹੀ ਹੋਈ ਆ ਖ਼ਬਰੇ।
ਅਖ਼ਬਾਰਾਂ ’ਚ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਿਹੀ ਏ।

ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ,
ਛੰਨਾਂ ਤੇ ਢਾਰਿਆਂ ’ਚ ਭੁੰਜੇ ਸਵਾਈਏ।
ਪਰ ਏਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ,
ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਏ।

ਸ਼ਿਮਲੇ ਤਾਂ ਓਸ ਅੱਗੇ ਆਂਡੇ ਹੁੰਦੇ ਨੇ,
ਬਈ ਸਾਡੀ ਤਾਂ ਖੁਰਲੀ ’ਚ ਟਾਂਡੇ ਹੁੰਦੇ ਨੇ।

ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਇਸ ਸਾਲ ਜ਼ਸ਼ਨ ਮਨਾਏ ਜਾਣਗੇ। ਘਰ ਘਰ ਤਿਰੰਗਾ ਤਾਂ ਲਹਿਰਾਇਆ ਜਾ ਸਕਦਾ ਹੈ ਪਰ ਆਜ਼ਾਦੀ ਦੇ ਅਸਲ ਅਰਥਾਂ ਤੀਕ ਸਾਨੂੰ ਤਿਰੰਗੇ ਦੇ ਤਿੰਨ ਰੰਗ ਕਦੋਂ ਲੈ ਕੇ ਜਾਣਗੇ? ਸਾਨੂੰ ਕਿਉਂ ਲੱਗਦਾ ਹੈ ਕਿ ਅਸੀਂ ਦਿਨ ਦੀਵੀਂ ਠੱਗੇ ਗਏ। ਸ਼ਹੀਦ ਪੁੱਛਦੇ ਹਨ, ਜੇਕਰ ਲੋਕਾਂ ਨੂੰ ਆਜ਼ਾਦੀ ਦੀ ਥਾਂ ਅਵਾਜਾਰੀ ਹੀ ਮਿਲਣੀ ਸੀ ਤਾਂ ਅਸੀਂ ਜਾਨਾਂ ਕਿਉਂ ਵਾਰੀਆਂ। ਟੋਡੀ ਬੱਚਿਆਂ ਨੇ ਸਾਡੀ ਸ਼ਹਾਦਤ ਤੇ ਹੀ ਸੁਆਲ ਚੁੱਕਣੇ ਸੀ ਤਾਂ ਅਸੀਂ ਕਿਉਂ ਸੀਸ ਵਾਰ ਗਏ? ਇਹ ਬਰਛੇ ਵਰਗਾ ਸੁਆਲ ਸਿੱਧ ਮ ਸਿੱਧਾ ਵਕਤ ਦੇ ਸਨਮੁਖ ਖੜ੍ਹਾ ਹੈ। ਜੱਲਿਆਂ ਵਾਲੀ ਬਾਗ ਪੁੱਛਦਾ ਹੈ, ਮੇਰੇ ਘਰ ਖੂਨੀ ਵਿਸਾਖੀ ਵਰਤਾਉਣ ਵਾਲਾ ਜਨਰਲ ਡਾਇਰ ਸਤਿਕਾਰ ਯੋਗ ਕਿਉਂ ਬਣ ਗਿਆ? ਮੁਖਬਰੀਆਂ ਕਰਕੇ ਮੁਰੱਬੇ ਲੈਣ ਵਾਲੇ ਪੌਣੀ ਸਦੀ ਕਿਉਂ ਬਾਘੀਆਂ ਪਾਉਂਦੇ ਫਿਰੇ, ਜੁਆਬ ਦਿਉ। ਮੈਂ ਨਿਰ ਉੱਤਰ ਹਾਂ, ਵਕਤ ਦੇ ਸਾਹਮਣੇ। ਮੇਰੀ ਅਰਦਾਸ ਹੈ ਕਿ ਆਜ਼ਾਦੀ ਲਈ ਕੁਰਬਾਨ ਹੋਏ ਸੂਰਮਿਆਂ ਦੀ ਰੀਝ ਵਾਲੀ ਆਜ਼ਾਦੀ ਮੇਰੇ ਵਤਨ ਦੇ ਦਰ ਖੜਕਾਵੇ ਪਰ ਸੰਤਾਲੀ ਮੁੜ ਨਾ ਆਵੇ।


ਅੱਥਰੂ ਅੱਥਰੂ ਦਿਲ ਦਾ ਵਿਹੜਾ,
ਦੋਹਾਂ ਨੂੰ ਸਮਝਾਵੇ ਕਿਹੜਾ,
ਸਾਡੇ ਪੱਲੇ ਪਾਈ ਜਾਂਦੇ ਹਾਉਕੇ ਹੰਝੂ ਹਾਵੇ।
ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ।

ਲੱਕ ਲੱਕ ਹੋਏ ਬਾਜਰੇ ਚਰ੍ਹੀਆਂ।
ਰਾਵੀ ਕੰਢੇ ਰੀਝਾਂ ਮਰੀਆਂ।
ਕਿਸਨੂੰ ਕੌਣ ਦਏ ਦਿਲਬਰੀਆਂ।
ਅੱਧੀ ਸਦੀ ਗੁਜ਼ਾਰ ਕੇ ਪੱਲੇ,
ਅੱਜ ਵੀ ਸਿਰਫ਼ ਪਛਤਾਵੇ।
ਅੱਜ ਅਰਦਾਸ ਕਰੋ, ਸੰਤਾਲੀ ਮੁੜ ਨਾ ਆਵੇ।

ਚੌਧਰ ਤੇ ਕਾਬਜ਼ ਹੈ ਗੁੰਡੀ। 
ਨਰਮੇ ਨੂੰ ਅਮਰੀਕਨ ਸੁੰਡੀ ?
ਅੱਜ ਤੱਕ ਸਮਝ ਨਾ ਆਈ ਘੁੰਡੀ ।
ਧਰਮ ਪੰਖ ਲਾ ਉਡਰਿਆ ਏਥੋਂ,
ਕੋਈ ਨਾ ਲੱਭਣ ਜਾਵੇ।
ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ।

ਪੈ ਗਈ ਔੜ, ਗਈ ਹਰਿਆਲੀ।
ਚਿਹਰਿਆਂ ਉਤੋਂ ਉੱਡ ਗਈ ਲਾਲੀ।
ਫੁੱਲਾਂ ਤੋਂ ਬਿਨ ਸੁੰਨੀ ਡਾਲੀ।
ਇਸ ਮੌਸਮ ਵਿਚ ਭਲਾ ਪਪੀਹਾ,
ਕਿਹੜਾ ਗੀਤ ਸੁਣਾਵੇ ?
ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ।

ਸੁਰਖ਼ ਲਹੂ ਵਿਚ ਘੁਲਿਆ ਪਾਣੀ।
ਚਾਟੀ ਸਣੇ ਉਦਾਸ ਮਧਾਣੀ।
ਕੱਲੀ ਤੰਦ ਨਾ ਉਲਝੀ ਤਾਣੀ।
ਜੀਂਦੇ ਜੀਅ ਅਸੀਂ ਬੰਦਿਓਂ ਬਣ ਗਏ,
ਰਾਜ ਤਖ਼ਤ ਦੇ ਪਾਵੇ।
ਅੱਜ ਅਰਦਾਸ ਕਰੋ,
ਸੰਤਾਲੀ ਮੁੜ ਨਾ ਆਵੇ।

ਉਨ੍ਹਾਂ ਦਸ ਲੱਖ ਵਿੱਛੜੀਆਂ ਰੂਹਾਂ ਨੂੰ ਚਿਤਵਦਿਆਂ ਇਹੀ ਕਾਮਨਾ ਹੈ ਕਿ ਦੱਖਣੀ ਏਸ਼ੀਆ ਦੇ ਮਹੱਤਵ ਪੂਰਨ ਮੁਲਕਾਂ ਭਾਰਤ ਤੇ ਪਾਕਿਸਤਾਨ ਦੇ ਬੂਹਿਉਂ ਸਦੀਵ ਕਾਲ ਲਈ ਸੇਹ ਦਾ ਤੱਕਲਾ ਪੁੱਟਿਆ ਜਾਵੇ, ਜਿਸ ਨਾਲ ਆਪਸੀ ਸਹਿਯੋਗ ਤੇ ਸਹਿਹੋਂਦ ਰਾਹੀਂ ਲੋਕਾਂ ਦੀ ਜੀਣ ਸੁਖਾਲਾ ਹੋ ਸਕੇ।

ਇਹ ਕਿਤਾਬ ਨਹੀਂ ਕੁਝ ਕੁ ਅੱਥਰੂ ਹਨ ਉਨ੍ਹਾਂ ਮੜ੍ਹੀਆਂ ਤੇ ਕਬਰਾਂ ਲਈ, ਜੋ ਧਰਤੀ ਤੇ ਨਹੀਂ ਲੱਭਦੀਆਂ ਪਰ ਹਰ ਸੰਵੇਦਨਸ਼ੀਲ ਬੰਦੇ ਅੰਦਰ ਹੁਬਕੀਂ ਹੁਬਕੀਂ ਰੋਂਦੀਆਂ ਕੁਰਲਾਉਂਦੀਆਂ ਅੱਜ ਵੀ ਵੈਣ ਪਾਉਂਦੀਆਂ ਸਾਨੂੰ ਸੌਣ ਨਹੀਂ ਦੇਂਦੀਆਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ