Hai Raat Kinni Ku Der Haale : Shiv Kumar Batalvi
ਹੈ ਰਾਤ ਕਿੰਨੀ ਕੁ ਦੇਰ ਹਾਲੇ : ਸ਼ਿਵ ਕੁਮਾਰ ਬਟਾਲਵੀ
ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ,
ਮੈਂ ਰੱਤ ਚੋ ਚੋ ਨੇ ਦੀਪ ਬਾਲੇ ।
ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ,
ਕੋਈ ਜ਼ਿੰਦਗੀ ਦਾ ਨਾ ਆ ਹਿਸਾਲੇ ।
ਜਾਂ ਪੌ-ਫੁਟਾਲਾ ਮਨੁੱਖਤਾ ਦਾ,
ਨਾ ਹੋਣ ਤੀਕਰ ਲੋਅ ਸਾਥ ਪਾਲੇ ।
ਜਾਂ ਨੀਲ ਰਲੇ ਦੋ ਨੈਣ ਸਿੱਲ੍ਹੇ,
ਵੇ ਜਾਣ ਕਿਧਰੇ ਸੂ ਨਾ ਜੰਗਾਲੇ ।
ਵੇ ਦੂਰ ਦਿਸਦੀ ਹੈ ਭੋਰ ਹਾਲੇ ।
ਵੇ ਦੂਰ ਦਿਸਦੀ ਹੈ ਭੋਰ ਹਾਲੇ ।
ਸਮੇਂ ਦੇ ਥੇਹ 'ਤੇ ਵੇਖ ਅੜਿਆ,
ਕੋਈ ਬਿੱਲ-ਬਤੌਰੀ ਪਈ ਬੋਲਦੀ ਹੈ ।
ਵੇ ਅਮਰ ਜੁਗਨੂੰ ਕੋਈ ਆਤਮਾ ਦਾ,
ਚਿਰਾਂ ਤੋਂ ਦੁਨੀਆਂ ਪਈ ਟੋਲਦੀ ਹੈ ।
ਬੇਤਾਲ ਸ਼ੂਕਰ ਵੇ ਰਾਕਟਾਂ ਦੀ,
ਸੁਣ ਸੁਣ ਕੇ ਧਰਤੀ ਪਈ ਝੋਲਦੀ ਹੈ ।
ਵੇ ਆਖ ਅੱਲੜ੍ਹ ਮਨੁੱਖ ਹਾਲੇ ਵੀ,
ਘੁੱਗੀਆਂ ਦੀ ਥਾਂ ਬਾਜ਼ ਪਾਲੇ ।
ਵੇ ਘੋਰ ਕਾਲੀ ਹੈ ਰਾਤ ਹਾਲੇ ।
ਵੇ ਘੋਰ ਕਾਲੀ ਹੈ ਰਾਤ ਹਾਲੇ ।
ਵੇ ਬਾਝ ਤੇਰੇ ਨੇ ਫੋਗ ਸਹਿਰਾ,
ਵੇ ਬਿਨ ਸਕੂੰ ਦੇ ਹੈ ਫੋਗ ਮਸਤੀ ।
ਵੇ ਦਿਲ ਮੁਸੱਵਰ ਦੇ ਬਿਨ ਅਜੰਤਾ,
ਹੈ ਪੱਬਾਂ ਦੀ ਬੇ-ਹਿੱਸ ਬਸਤੀ ।
ਵੇ ਚਾਤ੍ਰਿਕ ਲਈ ਤਾਂ ਪਾਕ ਗੰਗਾ,
ਵੇ ਪਾਣੀਆਂ ਦੀ ਹੈ ਖ਼ਾਕ ਹਸਤੀ ।
ਵੇ ਚੰਨ ਦੀ ਥਾਂ ਚਕੋਰੀਆਂ ਤੋਂ,
ਹਾਏ ਜਾਣ ਸਾਗਰ ਕਿਵੇਂ ਹੰਗਾਲੇ ।
ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ ।
ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ ।
ਵੇ ਹੋ ਵੀ ਸਕਦੈ ਕਿ ਪੌਣ ਮਿੱਠੀ,
ਜੋ ਵਗ ਰਹੀ ਹੈ ਤੂਫ਼ਾਨ ਹੋਵੇ ।
ਜਾਂ ਹੋ ਵੀ ਸਕਦੈ ਕਿ ਮੇਰੇ ਘਰ
ਕੱਲ੍ਹ ਢੁਕਣੀ ਮੇਰੀ ਮਕਾਣ ਹੋਵੇ ।
ਜਾਂ ਹੋ ਵੀ ਸਕਦੈ ਕਿ ਕੱਲ੍ਹ ਤੀਕਣ,
ਨਾ ਹੋਣ ਡਲਾਂ ਨਾ ਡਾਣ ਹੋਵੇ ।
ਜਾਂ ਗੋਰ ਅੰਦਰ ਹੋਣ ਕਿਧਰੇ
ਨਾ ਮੁਰਦਿਆਂ ਲਈ ਵੇ ਸਾਹ ਸੰਭਾਲੇ ।
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ ।
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ ।
ਮੈਂ ਸੋਚਦੀ ਹਾਂ ਕਿ ਵਿੱਸ ਕਾਲੀ,
ਹਨੇਰਿਆਂ ਦੀ ਨੂੰ ਕੌਣ ਪੀਵੇ ।
ਵੇ ਨੰਗ-ਮੁਨੰਗੀ ਜਿਹੀ ਧਰਤ ਭੁੱਖੀ,
ਵੇ ਹੋਰ ਕਿੰਨੀ ਕੁ ਦੇਰ ਜੀਵੇ ।
ਯੁੱਗ ਵਿਹਾਏ ਨੇ ਬਾਲਦੀ ਨੂੰ
ਹਾਏ ਰੱਤ ਚੋ ਚੋ ਕੇ ਰੋਜ਼ ਦੀਵੇ ।
ਪਰ ਨਾ ਹੀ ਬੀਤੀ ਇਹ ਰਾਤ ਕਾਲੀ
ਹੈ ਨਾ ਹੀ ਬਹੁੜੀ ਉਸ਼ੇਰ ਹਾਲੇ ।
ਹੈ ਰਾਤ ਕਿੰਨੀ ਕੁ ਦੇਰ ਹਾਲੇ ।
ਹੈ ਰਾਤ ਕਿੰਨੀ ਕੁ ਦੇਰ ਹਾਲੇ ।