ਗੁਰਭਜਨ ਸਿੰਘ ਗਿੱਲ : ਗੀਤਾਂ ਦਾ ਵਣਜਾਰਾ - ਡਾ. ਕਮਲਜੀਤ ਸਿੰਘ ਟਿੱਬਾ

ਪੰਜਾਬੀ ਗੀਤ ਦਾ ਪ੍ਰਮੁੱਖ ਪਛਾਣ ਚਿੰਨ੍ਹ ਸੁਹਜਾਤਮਕ ਆਨੰਦ ਪ੍ਰਦਾਨ ਕਰਨਾ ਹੈ । ਪੰਜਾਬੀ ਗੀਤ ਵਿੱਚ ਸੁਹਜਾਤਮਕ ਆਨੰਦ (Aesthetic Pleasure) ਪ੍ਰਦਾਨ ਕਰਨ ਦਾ ਗੁਣ ਦੂਸਰੇ ਕਾਵਿ-ਰੂਪਾਂ ਤੋਂ ਕਿਤੇ ਵਧੇਰੇ ਤੀਖਣ ਤੇ ਗਹਿਰਾ ਹੁੰਦਾ ਹੈ । ਇਹਨਾਂ ਗੀਤਾਂ ਵਿਚਲਾ ਸੁਹਜ ਪਾਠਕਾਂ-ਸਰੋਤਿਆਂ ਨੂੰ ਆਕਰਸ਼ਿਤ ਤੇ ਭਾਵੁਕ ਕਰਦਾ ਹੈ । ਪੰਜਾਬੀ ਗੀਤ ਦਾ ਸਮੁੱਚ ਅਤੇ ਇਸਦੇ ਅੰਗਾਂ ਵਿੱਚ ਇਕਸੂਤਰਤਾ ਤੇ ਏਕਤਾ ਹੀ ਸੁਹਜ-ਸੰਚਾਰ ਦੇ ਇਸਨੂੰ ਸਮਰੱਥ ਬਣਾਉਂਦੀ ਹੈ । ਗੀਤ ਦੇ ਸੁੰਦਰ ਸ਼ਬਦ, ਅਲੰਕਾਰ, ਛੰਦ ਅਤੇ ਸੰਗੀਤ ਖ਼ਾਸ ਤਰਤੀਬ ਵਿੱਚ ਬੱਝ ਕੇ ਹੀ ਗੀਤਾਂ ਵਿੱਚ ਸੁਹਜ ਗੁਣ ਉਤਪੰਨ ਕਰਦੇ ਹਨ । ਇਹ ਪਾਠਕ ਦੇ ਮਨ ਵਿੱਚ ਸਦਾਚਾਰ ਲਈ ਆਦਰ ਭਾਵ ਜਗਾਉਂਦੇ ਹਨ । ਇਸ ਧਰਾਤਲ ’ਤੇ ਪਹੁੰਚ ਕੇ ਗੀਤ ਵਿੱਚ ਪੇਸ਼ ਵਿਚਾਰ-ਇਕਾਈਆਂ ਇੱਕਸੂਤਰਤਾ ਵਿੱਚ ਬੱਝ ਕੇ ਇਕਾਗਰ ਸਾਰ (Unified Content) ਨੂੰ ਉਦੈ ਕਰਦੀਆਂ ਹਨ । ਉਸਦੀ ਸਾਂਸਕ੍ਰਿਤਕ ਚੇਤਨਾ (Cultural Consciousness) ਕਲਾ ਦੇ ਸੱਚ (Poetic Truth) ਵਿੱਚ ਰੂਪਾਂਤਰਤ ਹੋ ਕੇ ਸੁਹਜਾਤਮਿਕ ਸੰਵੇਦਨਾ ਉਤਪੰਨ ਕਰਦੀ ਹੈ । ਅਜਿਹੀ ਦਸ਼ਾ ਵਿੱਚ ਪਹੁੰਚ ਕੇ ਪਾਠਕ –ਸਰੋਤੇ ਦਾ ਭਾਵ ਵਿਰੇਚਨ (Catharsis) ਹੋ ਜਾਂਦਾ ਹੈ । ਪਾਠਕ ਸਰੋਤੇ ਦੇ ਹਿਰਦੇ ਵਿੱਚ ਰਸ ਦੀ ਉਤਪਤੀ ਹੁੰਦੀ ਹੈ । ਗੁਰਭਜਨ ਗਿੱਲ ਦਾ ਹਰ ਗੀਤ ਸੁਹਜਾਤਮਕ ਆਨੰਦ ਪ੍ਰਦਾਨ ਕਰਨ ਦੇ ਸਮਰੱਥ ਹੈ । ਇਹੋ ਉਸਦੀ ਵੱਖਰੀ ਪਛਾਣ ਹੈ ।

ਮੌਜੂਦਾ ਸਮਿਆਂ ਵਿੱਚ ਪੰਜਾਬੀ ਲੋਕ-ਸੰਸਕ੍ਰਿਤੀ (People’s Culture) ਜੋ ਪੰਜਾਬੀ ਮਨ ਦੀ ਸਿਰਜਣਹਾਰ ਹੈ ਨੂੰ ਕੇਂਦਰਾਂ ’ਚੋਂ ਕਿਨਾਰੇ ਤੇ ਕੱਢ ਕੇ ਤਿਜਾਰਤੀ ਤੇ ਉਪਭੋਗੀ ਸੱਭਿਆਚਾਰ (Consummed Culture) ਨੂੰ ਜੀਵਨ ਦੇ ਕੇਂਦਰ ਵਿੱਚ ਲਿਆਂਦਾ ਜਾ ਰਿਹਾ ਹੈ । ਗਿੱਲ ਦੇ ਗੀਤ ਲੋਕ ਸੰਸਕ੍ਰਿਤੀ ਨੂੰ ਕਿਨਾਰੇ ਤੋਂ ਕੇਂਦਰ ਵਿੱਚ ਲਿਆਉਣ ਲਈ ਹੋ ਰਹੇ ਸਾਂਸਕ੍ਰਿਤਕ ਯਤਨਾਂ ਦਾ ਹੀ ਕਲਾਤਮਕ ਪ੍ਰਗਟਾਵਾ ਕਰਦੇ ਹਨ । ਇਹਨਾਂ ਗੀਤਾਂ ਵਿੱਚ ਸਮਕਾਲੀ ਖਪਤ ਸੱਭਿਆਚਾਰ ਦੇ ਦਬਾਉ ਅਤੇ ਯਥਾਰਥਕ ਚੇਤਨਾ ਦੀ ਘਿਸ਼ਰਣ ਵਿੱਚੋਂ ਗਿੱਲ ਦੀ ਇੱਕ ਤੇਜਸਵੀ ਰਚਨਾਤਮਿਕ ਊਰਜਾ ਫੁੱਟ ਰਹੀ ਹੈ ।

ਆਪਣੀ ਮਿੱਟੀ ਦਾ ਮੋਹ, ਲੋਕ-ਜੀਵਨ ਦੀ ਅਨੁਭਵੀ ਸਮਝ ਤੇ ਲੋਕ –ਸੰਸਕ੍ਰਿਤੀ ਦੀ ਪਕੜ ਨੇ ਉਸਨੂੰ ਮਹਾਂ ਨਗਰਾਂ ਦੀ ਬੇਘਰਤਾ, ਵਿਸੰਗਤੀਆਂ, ਆਪੋ ਧਾਪੀ ਅਤੇ ਇਕੱਲ ਤੋਂ ਉਤਪੰਨ ਬੇਗ਼ਾਨਗੀ ਤੋਂ ਬਚਾਇਆ ਹੋਇਆ ਹੈ । ਉਸ ਵਿੱਚ ਸਾਬਤ ਪੰਜਾਬੀ ਆਚਰਣ ਸਦਾ ਜਿਉਂਦਾ ਰਿਹਾ ਹੈ । ਗੀਤਕਾਰ ਸ਼ਿੱਦਤ ਨਾਲ ਯਥਾਰਥਕ ਦ੍ਰਿਸ਼ਟੀ (Creative Realistic Approach) ਦੇ ਹਥਿਆਰਾਂ ਦੁਆਰਾ ਲੈਸ ਹੋ ਕੇ ਆਪਣੇ ਗੀਤਾਂ ਵਿੱਚ ਸਮਕਾਲੀ ਖੰਗਰ ਹੋ ਰਹੀਆਂ ਸਮਾਜਕ ਕਦਰਾਂ ਕੀਮਤਾਂ ਨਾਲ ਟਕਰਾਉਂਦਾ ਹੈ । ਉਸ ਵਿੱਚ ਮਾਰਕਸਵਾਦੀ ਸੋਚ ਨੂੰ ਕਿੰਨੀ ਵੀ ਲੁਪਤ ਕਿਉਂ ਨਾ ਹੋਵੇ, ਅਸਾਨੀ ਨਾਲ ਨਕਾਰਿਆ ਨਹੀਂ ਜਾ ਸਕਦਾ । ਉਸਨੂੰ ਵਰਤਮਾਨ ਜੀਵਨ ਵਿਵਸਥਾ ਪ੍ਰਵਾਨ ਨਹੀਂ । ਅਣਮਨੁੱਖੀ ਪ੍ਰਸਿਥਤੀਆਂ ਪ੍ਰਤੀ ਰੋਸ ਰੋਹ ਜ਼ਰੂਰ ਬਣਦਾ ਹੈ ਪਰ ਨਾਅਰਾ ਨਹੀਂ । ਦੁੱਲੇ ਭੱਟੀ ਬਾਰੇ ਗੀਤਾਂ ਵਿੱਚ ਇਹ ਪ੍ਰਮੁੱਖ ਦੇਖਿਆ ਜਾ ਸਕਦਾ ਹੈ । ਸਮੇਂ ਦਾ ਵਿਕਰਾਲ ਰੂਪ ਰਚੇਤਾ ਨੂੰ ਕਸਾਈ ਦੀ ਛੁਰੀ ਵਾਂਗ ਕੋਹ-ਕੋਹ ਕੇ ਮਾਰ ਰਿਹਾ ਹੈ । ਇਸ ਅਕਰੋਸ਼ ਦੀ ਝਲਕ ਪਾਠਕ-ਸਰੋਤੇ ਦੇ ਮਨ ਵਿੱਚ ਇਹ ਅਹਿਸਾਸ ਕਿ ਇਹ ਜੀਵਨ ਜਿਉਣ ਜੋਗਾ ਨਹੀਂ, ਹੋਣਾ ਚਾਹੀਦਾ ਹੈ, ਜਗ੍ਹਾ ਜਾਂਦੀ ਹੈ । ਇਹ ਅਹਿਸਾਸ ਸਮਾਜ ਦੀ ਬਿਹਤਰੀ ਲਈ ਨਿਆਂ ਯੁੱਧ ਦਾ ਮੂਲ ਆਧਾਰ ਹੈ । ਉਹ ਪਾਠਕ ਸਰੋਤੇ ਦੇ ਮਨ ਨੂੰ ਤ੍ਰਿਪਤ ਕਰਕੇ ਸ਼ਾਂਤ ਨਹੀਂ ਕਰਦਾ ਸਗੋਂ ਉਸਦੇ ਮਨ ਵਿੱਚ ਇੱਕ ਰਚਨਾਤਮਿਕ ਬੇਚੈਨੀ (Ceative Unrestness) ਉਤਪੰਨ ਕਰ ਜਾਂਦਾ ਹੈ । ਜੋ ਉਸਦੀ ਗੀਤਾਤਮਕ ਚੇਤਨਾ ਦਾ ਉੱਚਤਮ ਪਹਿਲੂ ਹੈ । ਰਚਨਾਤਮਕ ਬੇਚੈਨੀ ਪੈਦਾ ਕਰਨਾ ਮਹਾਨ ਸਾਹਿਤ ਦਾ ਮਹਾਨ ਗੁਣ ਹੈ ।

ਸੁਹਜ-ਸੰਵੇਦਨਾ – ਸੁਹਜ ਵਿੱਚ ਰੁਚੀ ਲੈਣਾ ਮਨੁੱਖੀ ਮਨੋਵਿਰਤੀ ਦੀ ਗੌਰਵਮਈ ਵਿਸ਼ੇਸਤਾ ਹੈ । ਉਹ ਪਰਕਿਰਤਕ ਸੁੰਦਰਤਾ ਨੂੰ ਵੇਖਕੇ, ਪਦਾਰਥਕ ਵਸਤਾਂ ਨੂੰ ਹੰਢਾ ਕੇ ਆਨੰਦਤ ਹੁੰਦਾ ਹੈ ਪਰ ਜੋ ਖੁਸ਼ੀ ਤਸੱਲੀ ਤੇ ਸ਼ਾਂਤੀ ਮਨੁੱਖ ਨੂੰ ਕਲਾ ਵਿੱਚੋਂ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਹਜ ਸ਼ਾਸਤਰ ਵਿੱਚ ਸੁਹਜਾਤਮਿਕ ਆਨੰਦ (Aesthetic Pleasure) ਕਿਹਾ ਜਾਂਦਾ ਹੈ । ਸੁਹਜ ਸੰਵੇਦਨਾ ਹੀ ਸੁਹਜਾਤਮਿਕਤਾ ਪ੍ਰਾਪਤ ਕਰਨ ਦਾ ਕਾਰਨ ਬਣਦੀ ਹੈ । ਮਾਨਵ ਦੀ ਸੁਹਜਾਤਮਕ ਚੇਤਨਤਾ (Aesthetic Consciousness) ਨੂੰ ਭਰਵੇਂ ਰੂਪ ਵਿੱਚ ਗੀਤ ਹੀ ਅਭਿਵਿਅਕਤ ਕਰ ਸਕਦਾ ਹੈ । ਗੁਰਭਜਨ ਗਿੱਲ ਦੇ ਗੀਤਾਂ ਨੂੰ ਸੁਰਤ ਟਿਕਾਕੇ ਪੜ੍ਹੋ, ਸੁਣੋ, ਦੇਖੋ ਇਹ ਮਨੁੱਖ ਦੀ ਸੌਂਦਰਯ ਭੁੱਖ ਨੂੰ ਤ੍ਰਿਪਤ ਕਰਨ ਦੀ ਸ਼ਕਤੀ ਰੱਖਦੇ ਹਨ । ਜੀਵਨ ਦਾ ਸੱਚ ਕਲਾ ਦੇ ਸੱਚ ਵਿੱਚ ਰੂਪਾਂਤਰਤ ਹੁੰਦਾ ਹੋਇਆ ਸੁਹਜਤਾਮਿਕ ਸੰਵੇਦਨਾ ਉਤਪੰਨ ਕਰਦਾ ਹੈ ।

ਰੂਪਕ ਸੰਗਠਨ – ਗੀਤ ਦੀ ਸੰਰਚਨਾ ਵਿੱਚ ਰੂਪਕ ਸੰਗਠਨ ਦੀ ਵੱਡੀ ਮਹੱਤਤਾ ਹੈ ਜੋ ਹੋਰ ਕਾਵਿ ਰੂਪਾਂ ਤੋਂ ਇਸ ਦੀ ਹੋਂਦ ਵੱਖਰੀ ਤੇ ਸੁਤੰਤਰ ਕਰਦੀ ਹੈ । ਸ਼ਿਲਪ ਦ੍ਰਿਸ਼ਟੀ ਤੋਂ ਗੀਤਕਾਰ ਪ੍ਰੇਰਕ ਮਨੋਭਾਵ ਗੀਤ ਦੀ ਸਥਾਈ ਵਿੱਚ ਉਚਾਰਦਾ ਹੈ ਤੇ ਬਾਕੀ ਬੰਦ ਸਥਾਈ ਵੱਲ ਵਾਰ-ਵਾਰ ਪਰਤਦੇ ਹਨ । ਕੇਂਦਰੀ ਵਿਚਾਰ ਦੀ ਗਹਿਰਾਈ, ਉਚਿਆਈ ਤੇ ਵਿਸ਼ਾਲਤਾ ਗੀਤ ਬੰਦਾਂ ਵਿੱਚ ਅਗਲਾ ਵਿਸਤਾਰ ਲੈਂਦੀ ਹੋਈ ਆਪਣੀ ਸ਼ਿਖਰ ਵੱਲ ਵੱਧਦੀ ਜਾਂਦੀ ਹੈ । ਅਸਥਾਈ ਵਿੱਚ ਭਾਵ ਵਿਚਾਰ ਮੁੜ ਇਹ ਸਥਾਈ ਨਾਲ ਮਿਲਾਪ ਕਰਦੇ ਹਨ । ਇਹ ਸਥਾਈ ਦੀ ਤੁਕਾਂਤ ਵਿਉਂਤ ਨਾਲ ਮੇਲ ਖਾਂਦੀ ਹੈ । ਇਹ ਅੰਤਰਿਆਂ ਤੇ ਅਸਥਾਈ ਦੀ ਤੁਕਾਂਤ ਵਿਉਂਤ ਹੁੰਦੀ ਹੈ । ਗੀਤਕਾਰ ਗਿੱਲ ਇਸ ਵਿਉਂਤ ਬੰਦੀ ਦਾ ਮਾਹਰ ਗੀਤਕਾਰ ਹੈ । ਇਸ ਕਾਰੀਗਰੀ ਨੇ ਉਸ ਦੇ ਗੀਤਾਂ ਨੂੰ ਸੰਗੀਤਕਤਾ ਬਖਸ਼ੀ ਹੈ , ਸ਼ਬਦ ਆਪ-ਮੁਹਾਰੇ ਬੋਲਾਂ ਦੇ ਤਰੰਨਮ ਵਿੱਚ ਰੂਪਾਂਤਰਤ ਹੋ ਜਾਂਦੇ ਹਨ ਅਤੇ ਗੀਤ ਇੱਕ ਸੱਭਿਆਚਾਰਕ ਸਿਰਜਨਾ ਬਣ ਜਾਂਦੇ ਹਨ । ਧਿਆਨ ਨਾਲ ਪੜ੍ਹੀਏ, ਮਾਣੀਏ ਅਤੇ ਮਹਿਸੂਸ ਕਰੀਏ ਤਾਂ ਗਿੱਲ ਦੇ ਗੀਤਾਂ ਵਿੱਚ ਉਹ ਸਾਰੇ ਰਚਨਾਤਮਕ ਤੱਤ ਮੌਜੂਦ ਹਨ ਜੋ ਪੰਜਾਬੀ ਗੀਤਾਂ ਦੀ ਪ੍ਰਮੁੱਖ ਪਛਾਣ ਬਣਦੇ ਹਨ । ਉਨ੍ਹਾਂ ਦੇ ਗੀਤਾਂ ਵਿੱਚ ਆਂਤਰਿਕ ਤੇ ਬਾਹਰੀ ਤੱਤਾਂ ਦਾ ਜਿਉਂਦਾ ਸਮੁੱਚ ਹੈ । ਇਉਂ ਗੀਤਕਾਰ ਕਿਸੇ ਇੱਕ, ਮੁੱਖ ਭਾਵ ਵਿਚਾਰ ਦੀਆਂ ਪਰਤਾਂ ਦੇ ਸੂਖਮ ਅਕਾਰਾਂ ਨੂੰ ਬਣਾਉਂਦਾ ਤੇ ਪਕਾਉਂਦਾ ਹੈ । ਗੀਤਕਾਰ ਦੀਆਂ ਵੇਗਮਈ ਭਾਵਨਾਵਾਂ ਸੰਗਠਤ ਹੋ ਕੇ ਗੀਤ ਦਾ ਮੂਲ ਆਧਾਰ ਬਣਦੀਆਂ ਹਨ ।

ਕਲਪਨਾ – ਗੀਤ ਵਿੱਚ ਕਲਪਨਾ ਜਾਂ ਖ਼ਿਆਲ ਉਡਾਰੀ ਦੀ ਹੋਂਦ ਗੀਤ ਦਾ ਜ਼ਰੂਰੀ ਅੰਗ ਹੈ । ਗਿੱਲ ਦੇ ਗੀਤ ਤੱਥਾਂ ਦਾ ਬਿਆਨ ਕਲਪਨਾ ਦੇ ਪਰਾਂ ’ਤੇ ਟਿਕਾ ਕੇ ਕਰਦੇ ਹਨ ਜੋ ਗੀਤ ਦੇ ਫੈਲਾਅ ਨੂੰ ਉੱਚਿਆਂ ਧਰਾਤਲਾਂ ਤੱਕ ਪਹੁੰਚਾ ਦਿੰਦੇ ਹਨ। ਤੱਥ ਗੀਤ ਵਿੱਚ ਉਸਾਰੀ ਦਾ ਕਾਰਜ ਕਰਦੇ ਹਨ ਤੇ ਕਲਪਨਾ ਗੀਤ ਵਿੱਚ ਰਚਨਾਤਮਿਕਤਾ ਲੈ ਆਉਂਦੀ ਹੈ । ਉਸਾਰੀ (Construction) ਤੇ ਰਚਨਾਤਮਿਕਤਾ (Creation) ਦੀ ਸੁੰਦਰ ਸੁਮੇਲਤਾ ਹੀ ਗੀਤ ਦਾ ਪ੍ਰਭਾਵ ਵਧਾਉਂਦੀ ਹੈ । ਇਸ ਪ੍ਰਭਾਵ ਨੂੰ ਕਲਪਨਾ ਹੋਰ ਗਹਿਰਾ, ਹੋਰ ਸ਼ਕਤੀਸ਼ਾਲੀ ਤੇ ਹੋਰ ਆਨੰਦਮਈ ਬਣਾਉਂਦੀ ਹੈ । ਇਸੇ ਕਰਕੇ ਹੀ ਗਿੱਲ ਦੇ ਗੀਤਾਂ ਵਿੱਚ ਰਸ ਉਤਪੰਨ ਕਰਨ ਦੀ ਸ਼ਕਤੀ ਪ੍ਰਗਟ ਹੁੰਦੀ ਹੈ । ਅਸਲ ਵਿੱਚ ਗੀਤ ਉਹ ਰਚਨਾ ਹੁੰਦੀ ਹੈ ਜਿਸ ਵਿੱਚ ਰਸ ਨਿਸ਼ਪੱਤੀ ਦੀ ਸ਼ਕਤੀ ਮੌਜੂਦ ਹੋਵੇ । ਇਉਂ ਸਾਡਾ ਗੀਤਕਾਰ ਆਪਣੀ ਭਾਵਨਾ ਨੂੰ ਸਰੋਤੇ-ਪਾਠਕਾਂ ਦੇ ਮਨਾਂ ਵਿੱਚ ਪਹੁੰਚਾਉਣ ਵਿੱਚ ਸਫਲ ਹੋ ਜਾਂਦਾ ਹੈ । ਉਹ ਦੂਸਰੇ ਦੀ ਭਾਵਨਾ ਨੂੰ ਆਪਦੀ ਭਾਵਨਾ ਵਿੱਚ ਅਭੇਦ ਕਰ ਲੈਂਦਾ ਹੈ । ਇਹ ਉਸਦੀ ਅਨੂਠੀ ਜਾਦੂਗਰੀ ਹੈ ।

ਲੈਆਤਮਿਕਤਾ (Rhythm) – ਲੈਅ (Rhythm) ਗੀਤ ਦਾ ਉਹ ਤੱਤ ਹੈ ਜਿਸ ਬਿਨਾਂ ਗੀਤ ਦੀ ਸਿਰਜਣਾ ਸੰਭਵ ਹੀ ਨਹੀਂ । ਗੀਤ ਉਹ ਲੈਅਮਈ ਉਚਾਰ ਹੈ ਜੋ ਲੈਅ, ਇੱਕਸੂਤਰਤਾ ਤੇ ਸੁਰੀਲੇਪਣ ਨਾਲ ਆਨੰਦ ਪ੍ਰਦਾਨ ਕਰਦਾ ਹੈ । ਗਿੱਲ ਦੇ ਗੀਤਾਂ ਵਿੱਚ ਲੈਅ ਉਹ ਤੱਤ ਹੈ ਜੋ ਬੋਲਾਂ ਵਿੱਚ ਉਤਰਾ-ਚੜ੍ਹਾਅ ਨੂੰ ਸੰਭਵ ਬਣਾਉਂਦਾ ਹੈ ਜੋ ਬੋਲਾਂ ਵਿੱਚ ਇਕਸਾਰਤਾ ਤੇ ਵਿਸ਼ੇਸ ਤਾਲ ਉਤਪੰਨ ਕਰਦਾ ਹੈ । ਗਿੱਲ ਗੀਤਾਂ ਵਿੱਚ ਲੈਅ, ਪ੍ਰਵਾਹ, ਤੋਲ, ਬਹਿਰ, ਵਜ਼ਨ ਜਾਂ ਸ਼ੁਰਾਂ ਦੀ ਇਕਸਾਰਤਾ ਉਤਪੰਨ ਕਰਨ ਲਈ ਗੀਤਾਂ ਵਿੱਚ ਤੁਕਾਂਤ ਪ੍ਰਣਾਲੀ, ਤਰਜ਼ ਤੇ ਛੰਦਾਂ ਦਾ ਵੀ ਉਚੇਚਾ ਧਿਆਨ ਰੱਖਦਾ ਹੈ ।

ਵਿਚਾਰ (Thought) – ਗੀਤ ਵਿੱਚ ਭਾਵਨਾ ਪਹਿਲ ’ਤੇ ਹੈ । ਵਿਚਾਰ ਭਾਵਨਾ ਰਾਹੀਂ ਪ੍ਰਗਟ ਹੁੰਦਾ ਹੈ । ਅਸਲ ਵਿੱਚ ਗੀਤ ਭਾਵਨਾ, ਪ੍ਰਧਾਨ ਕਾਵਿ ਹੈ ਪਰ ਇਹ ਵਿਚਾਰ ਤੋਂ ਰਹਿਤ ਨਹੀਂ । ਭਾਵਾਂ ਦੀ ਉਤਪੱਤੀ ਵੀ ਜੀਵਨ ਸੱਚ ਨਾਲ ਪੂਰੀ ਤਰ੍ਹਾਂ ਜੁੜੀ ਹੁੰਦੀ ਹੈ । ਗਿੱਲ ਜੀਵਨ ਦਾ ਸਿਰਫ ਵਿਆਖਿਆਕਾਰ ਹੀ ਨਹੀਂ ਸਗੋਂ ਉਹ ਜੀਵਨ ਦੀ ਬੇਹਤਰੀ ਲਈ ਸਮਾਨਤਾ, ਸੁਤੰਤਰਤਾ ਤੇ ਖੁਸ਼ਹਾਲੀ ਦਾ ਆਲੰਬਰਦਾਰ ਹੈ । ਉਹ ਆਮ ਲੋਕਾਈ ਦਾ ਪਹਿਰੇਦਾਰ ਵੀ ਹੈ, ਇਸ ਲਈ ਉਸ ਦੇ ਗੀਤਾਂ ਵਿਚਲੇ ਹਰ ਸ਼ਬਦ ਵਿੱਚ ਪ੍ਰਗਤੀਸ਼ੀਲ ਵਿਚਾਰ ਹਾਜ਼ਰ ਰਹਿੰਦਾ ਹੈ । ਉਸ ਦੇ ਗੀਤ ਦਾ ਵਿਸ਼ਾ ਭਾਵੇਂ ਬੀਤ ਗਏ ਸਮੇਂ ਨਾਲ ਸਬੰਧਿਤ ਹੋਵੇ, ਭਾਵੇਂ ਵਰਤਮਾਨ ਸਮੇਂ ਨਾਲ ਉਹ ਸਥਾਮਤੀ ਨੂੰ ਰੱਦ ਕਰਦਾ ਹੋਇਆ ਨਵੇਂ ਉਚੇਰੇ ਤੋਂ ਸੁਚੇਰੇ ਜੀਵਨ ਪ੍ਰਬੰਧ ਦਾ ਚਾਹਵਾਨ ਦਿਖਦਾ ਹੈ । ਉਹ ਆਪਣੇ ਗੀਤਾਂ ਨੂੰ ਹਥਿਆਰ ਬਣਾ ਕੇ ਜੀਵਨ ਨੂੰ ਸੰਵਾਰਨਾ, ਨਿਖਾਰਨਾ ਤੇ ਉਸਾਰਨਾ ਲੋਚਦਾ ਹੈ । ਇਹੋ ਉਸਦੀ ਵੱਡੀ ਪ੍ਰਾਪਤੀ ਹੈ ਤੇ ਉਸ ਦਾ ਪ੍ਰਮੁੱਖ ਪਛਾਣ ਚਿੰਨ੍ਹ । ਇਸੇ ਗੱਲ ਨੇ ਉਸ ਨੂੰ ਅੱਜ ਦੇ ਸਮੇਂ ਦਾ ਵੱਡਾ ਕਵੀ, ਸਾਹਿਤਕਾਰ ਤੇ ਗੀਤਕਾਰ ਸਥਾਪਤ ਕੀਤਾ ਹੈ ।

ਜ਼ਹਿਰਾਂ ਦੇ ਵਪਾਰੀਆਂ ਨੂੰ ਜੜ੍ਹਾਂ ਤੋਂ ਉਖੇੜਨ ਲਈ ਤੇ ਅੰਮ੍ਰਿਤ ਦੇ ਵਣਜਾਰਿਆਂ ਨੂੰ ਹੁਲਾਰਾ ਦੇਣ ਲਈ ਗੁਰਭਜਨ ਗਿੱਲ ਦੇ ਗੀਤ ਸਰਗਰਮ ਭੂਮਿਕਾ ਨਿਭਾਉਣਗੇ । ਸਥਾਪਿਤ ਤਾਕਤਾਂ ਨੇ ਆਮ ਲੋਕਾਈ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ, ਇਹ ਲੋਕ ਢੇਰੀ ਢਾਈ ਬੈਠੇ ਹਨ । ਇਹਨਾਂ ਨੂੰ ਹੌਸਲਾ ਦੇਣ ਲਈ ਇਹਨਾਂ ਨੂੰ ਉਭਾਰਨ ਲਈ ਗਿੱਲ ਦੀ ਆਵਾਜ਼ ਪੌਣਾਂ ਵਿੱਚ ਮਿਲ ਕੇ ਮਹਿਕਾਂ ਵਿੱਚ ਘੁਲ ਕੇ ਤੇ ਆਪਣੀ ਮੁਕਤੀ ਲਈ ਸੰਘਰਸ਼ੀਲ ਕਾਫ਼ਲਿਆਂ ਵਿੱਚ ਰਲ਼ਕੇ ਹੌਲੀ-ਹੌਲੀ ਇੱਕ ਧਮਾਕਾ ਬਣ ਸਕਦੀ ਹੈ, ਇਹ ਮੇਰਾ ਵਿਸ਼ਵਾਸ ਹੈ । ਉਦਾਸੀ ਰੋਸ ਵਿੱਚ ਬਦਲੇਗੀ , ਰੋਸ ਅਕ੍ਰੋਸ਼ ਵਿੱਚ ਤੇ ਫਿਰ ਜੀਵਨ ਦੀ ਬੇਹਤਰੀ ਲਈ ਇੱਕ ਸੰਗਰਾਮ ਹੋਵੇਗਾ । ਪੰਜਾਬ ਨੂੰ, ਭਾਰਤ ਨੂੰ ਤੇ ਪੂਰੀ ਦੁਨੀਆਂ ਨੂੰ ਅਜਿਹੇ ਹੀ ਸੰਗਰਾਮ ਦੀ ਲੋੜ ਹੈ ਜੋ ਨਿੱਤਰੇ ਪਾਣੀ ਨੂੰ ਸੰਭਾਲ ਕੇ ਗੰਦੇ ਹੋਏ ਪਾਣੀ ਨੂੰ ਪਰਾਂਹ ਸੁੱਟ ਦੇਵੇ ਤਾਂ ਕਿ ਨਵਾਂ ਜੀਵਨ –ਪ੍ਰਬੰਧ ਹੋਂਦ ਵਿੱਚ ਆ ਸਕੇ ਜਿੱਥੇ ਸਭਨਾਂ ਨੂੰ ਰਜਵਾਂ ਅੰਨ੍ਹ ਮਿਲੇ, ਪਹਿਨਣ ਲਈ ਕੱਪੜਾ ਤੇ ਰਹਿਣ ਲਈ ਮਜ਼ਬੂਤ ਛੱਤ । ਗ਼ਮ-ਰਹਿਤ ਜਿਉਣ ਵਸੀਲਾ, ਸਭ ਦੀਆਂ ਕਰਤਾਰੀ ਸ਼ਕਤੀਆਂ ਸਹਿਜ ਨਾਲ ਕਿਰਿਆਸ਼ੀਲ ਹੋਣ ਤੇ ਹਰ ਕੋਈ ਦੂਸਰੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੰਮ ਕਰੇ । ਆਜ਼ਾਦ ਇਹ ਬੰਦਾ ਅਜ਼ਾਦੀ ਮਾਣੇ ਜਿੱਥੇ ਸਭ, ਸਭ ਦਾ ਸਾਂਝਾ ਹੋਵੇ । ਮੇਰ-ਤੇਰ ਕਿਸੇ ਦੀ ਨਾ ਹੋਵੇ । ਬੇਗ਼ਮਪੁਰੇ ਦੀ ਤਰ੍ਹਾਂ ਅਤੇ ਕਰਤਾਰਪੁਰ ਦੀ ਤਰ੍ਹਾਂ ।

ਗੁਰਭਜਨ ਗਿੱਲ ਦੇ ਗੀਤ ਪੱਥਰ ਹੋਏ ਦਿਲਾਂ ਨੂੰ ਫੁੱਲਾਂ ਵਾਂਗ ਕੋਮਲ ਕਰਨ ਦੇ ਆਹਰ ਵਿੱਚ ਹਨ । ਗੀਤ ਲਿਖਣ ਵੇਲੇ ਉਹ ਸਹਿਜ-ਸੁਹਜ ਤੇ ਸਹਿਚਾਰ ਨਾਲ ਭਰਿਆ ਭਰਿਆ ਹੁੰਦਾ ਹੈ । ਇਸੇ ਕਰਕੇ ਉਸਦੇ ਗੀਤਾਂ ਵਿੱਚ ਸੱਚ, ਸੁੰਦਰਤਾ ਤੇ ਮਾਨਵ ਕਲਿਆਣ ਦੀਆਂ ਝਲਕਾਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ । ਹਰ ਗੀਤ ਕਿਸੇ ਇੱਕ ਰਸ ਦਾ ਇੱਕਰਸ ਪ੍ਰਗਟਾਵਾ ਕਰਦਾ ਹੈ । ਇਹੋ ਰਸਾਤਮਿਕਤਾ ਉਸਦੇ ਗੀਤਾਂ ਨੂੰ ਅਨੂਠਾ ਬਣਾਉਂਦੀ ਹੋਈ ਇੱਕ ਵੱਖਰਾ ਜਲੌਅ ਪੇਸ਼ ਕਰਦੀ ਹੈ । ਗੀਤ ਜਾਨਦਾਰ ਬਣ ਜਾਂਦਾ ਹੈ । ਪੰਜਾਬ ਦੀ ਮਿੱਟੀ ਦਾ ਮੋਹ ਉਸ ਦੇ ਗੀਤਾਂ ਵਿੱਚ ਨਵੇਂ ਰੰਗ, ਮੋਹ ਲੈਣ ਵਾਲੀ ਮਹਿਕ ਅਤੇ ਅਜੀਬ ਆਕਰਸ਼ਣ ਭਰਕੇ ਗੀਤਾਂ ਨੂੰ ਮੁੱਲਵਾਨ ਬਣਾ ਦਿੰਦਾ ਹੈ ।

ਗਿੱਲ ਦੇ ਗੀਤਾਂ ਵਿੱਚ ਦਿਲ ਭਾਰੂ ਰਹਿੰਦਾ ਹੈ ਅਕਲ ਨਹੀਂ । ਅਕਲ ਤਾਂ ਆਪਣੇ ਸਹਿਜ ਰੂਪ ਵਿੱਚ ਕਿਰਿਆਸ਼ੀਲ ਰਹਿੰਦੀ ਹੈ । ਲਿਖੇ ਗੀਤ ਨੂੰ ਤਰਾਸ਼ਣ ਵੇਲੇ, ਵਲ-ਵਿੰਗ ਕੱਢਣ ਸਮੇਂ ਤੇ ਜੀਵਨ ਕਲਿਆਣ ਦੀ ਭਾਵਨਾ ਵਿਅਕਤ ਕਰਨ ਲਈ ਉਹ ਅਕਲ ਨੂੰ ਪੂਰੀ ਸ਼ਿੱਦਤ ਨਾਲ ਵਰਤਦਾ ਹੈ । ਜਿਵੇਂ ਹਵਾ ਦਿਖਦੀ ਨਹੀਂ, ਉਵੇਂ ਗੀਤਾਂ ਵਿੱਚ ਅਕਲ ਦਿਖਦੀ ਨਹੀਂ ।

ਗੁਰਭਜਨ ਗਿੱਲ ਦੀ ਨਿਵੇਕਲੀ ਗੀਤ ਸ਼ੈਲੀ ਉਸਨੂੰ ਗੀਤਕਾਰਾਂ ਵਿੱਚੋਂ ਅਲੱਗ ਕਰਦੀ ਹੈ । ਉਸ ਦੀ ਬੋਲੀ ਲੋਕ ਬੋਲੀ ਨਾਲ ਲਿਪਟ ਕੇ ਗੀਤਾਂ ਨੂੰ ਇੱਕ ਅਨੂਠੀ ਆਭਾ ਪ੍ਰਦਾਨ ਕਰਦੀ ਹੈ । ਉਹ ਭਾਵੇਂ ਲੰਮੇ ਸਮੇਂ ਤੋਂ ਲੁਧਿਆਣਾ ਸ਼ਹਿਰ ਵਿੱਚ ਰਹਿ ਰਿਹਾ ਹੈ ਪਰ ਉਸਦੀ ਰੂਹ ਵਿੱਚ ਆਪਣੇ ਪਿੰਡ ਦੀ ਮਿੱਟੀ ਦੀ ਮਹਿਕ ਸਦਾ ਝਲਕਦੀ ਨਜ਼ਰੀਂ ਪੈਂਦੀ ਹੈ । ਆਮ ਲੋਕਾਈ ਦਾ ਲਹਿਜ਼ਾ, ਨਜ਼ਰੀਆ ਤੇ ਜਿਉਣ ਸਲੀਕਾ ਉਸ ਦੇ ਗੀਤਾਂ ਵਿੱਚ ਅਜਬ ਚਮਕ ਪੈਦਾ ਕਰਦਾ ਹੈ । ਆਲੇ-ਦੁਆਲੇ ਦੀ ਪ੍ਰਕਿਰਤੀ ਦੇ ਦ੍ਰਿਸ਼, ਬਨਾਸਪਤੀ ਦੀ ਹਰਿਆਲੀ ਤੇ ਝੜਦੇ ਪੱਤੇ, ਪੁੰਗਰਦੀਆਂ ਡਾਲੀਆਂ ਉਸਦੇ ਗੀਤਾਂ ਨੂੰ ਵਹਿੰਦੀ ਧਾਰਾ ਵਿੱਚ ਵਗਦੇ ਰੱਖਦੀਆਂ ਹਨ । ਏਹੋ ਉਸ ਦੀ ਗੀਤ-ਸ਼ੈਲੀ ਦਾ ਨਿਵੇਕਲਾਪਣ ਹੈ ਜੋ ਉਸ ਨੂੰ ਆਪਣੇ ਸਮਕਾਲੀ ਕਾਵਿ ਜਗਤ ਵਿੱਚ ਹੱਟਵਾਂ, ਅਨੂਪਮ ਤੇ ਨਿਰਾਲਾ ਬਣਾਈ ਰੱਖਦਾ ਹੈ । ਖੂਬਸੂਰਤੀ ਇਸ ਗੱਲ ਵਿੱਚ ਵੀ ਹੈ ਕਿ ਨਿਰਾਲਾ ਹੁੰਦਾ ਹੋਇਆ ਵੀ ਉਹ ਬਾਬਾ ਫਰੀਦ ਤੋਂ ਸ਼ੁਰੂ ਹੋਈ ਪੰਜਾਬੀ ਕਾਵਿਧਾਰਾ ਦਾ ਅਟੁੱਟਵਾਂ ਅੰਗ ਹੈ । ਦੁੱਲਾ ਭੱਟੀ ਨਾਲ ਸੰਬੰਧਿਤ ਗੀਤ ਪੰਜਾਬੀ ਲੋਕਾਈ ਦੀ ਸਥਾਪਿਤ ਅਣਮਨੁੱਖੀ ਜੀਵਨ ਵਿਵਸਥਾ ਤੋਂ ਨਾਬਰੀ ਨੂੰ ਪ੍ਰਗਟ ਕਰਕੇ ਪੰਜਾਬੀਆਂ ਦੀ ਅਣਖ, ਸਵੈਮਾਣ ਤੇ ਆਜ਼ਾਦੀ ਅਤੇ ਕਿਸੇ ਦਾ ਵੀ ਦਾਬਾ ਨਾ ਝੱਲਣ ਵਾਲੀ ਬਿਰਤੀ ਨੂੰ ਬਾਕਮਾਲ ਪ੍ਰਗਟ ਕਰਦੇ ਹਨ । ਲੱਗਦਾ ਹੈ ਕਿ ਹਵਾ ਦੇ ਰੁਖ਼ ਨਾਲ ਹੀ ਤੁਰੀ ਜਾਣਾ ਉਸ ਨੂੰ ਭਾਉਂਦਾ ਨਹੀਂ । ਉਹ ਦੀ ਮਾਨਸਿਕਤਾ ਗ਼ੈਰਤਹੀਣ ਲੋਕਾਂ ਨਾਲ ਸਦਾ ਹੀ ਟਕਰਾਉਂਦੀ ਰਹਿੰਦੀ ਹੈ । ਇਹੋ ਉਸਦੇ ਗੀਤਾਂ ਦਾ ਨਿਵੇਕਲਾ ਪ੍ਰਮੁੱਖ ਪਛਾਣ ਚਿੰਨ੍ਹ ਹੈ ।

ਜਦੋਂ ਅਸੀਂ ਗਹੁ ਨਾਲ ਦੇਖਾਂਗੇ ਤੇ ਵਿਚਾਰਾਂਗੇ ਤਾਂ ਏਸ ਦੇ ਗੀਤਾਂ ਵਿੱਚ ਜ਼ਿੰਦਗੀ ਤੇ ਕਲਾ ਇੱਕ ਦੂਜੀ ਨੂੰ ਨਿੱਘੀ ਗਲਵੱਕੜੀ ਪਾਉਂਦੀਆਂ ਮਹਿਸੂਸ ਹੋਣਗੀਆਂ । ਅਸਲ ਵਿੱਚ ਉਹ ਇੱਕ ਆਸ਼ਾਵਾਦੀ ਗੀਤਕਾਰ ਹੈ ਜਿਸ ਦਾ ਹਰ ਗੀਤ ਆਸਾਂ-ਉਮੀਦਾਂ ਦਾ ਸਦਾ ਵਹਿੰਦਾ ਚਸ਼ਮਾ ਹੈ । ਆਪਣੇ ਗੀਤਾਂ ਵਿੱਚ ਉਸ ਨੇ ਕਦੇ ਉਮੀਦ ਦਾ ਪੱਲਾ ਨਹੀਂ ਛੱਡਿਆ । ਉਸ ਦੇ ਗੀਤਾਂ ਵਿੱਚੋਂ ਜੀਵਨ ਦੀ ਬੇਹਤਰੀ ਦੇ ਸੰਦੇਸ਼ ਵੀ ਮਿਲਦੇ ਹਨ । ਗੀਤਾਂ ਵਿੱਚ ਆਦਰਸ਼ ਸੁੰਦਰਤਾ ਤੇ ਆਦਰਸ਼ ਪਿਆਰ ਦਾ ਭਰਵਾਂ ਪਸਾਰਾ ਹੈ । ਅਣਜੰਮੀਆਂ ਧੀਆਂ ਦੀ ਪੁਕਾਰ ਉਸ ਦੀ ਰਚਨਾਤਮਿਕ ਕਲਪਨਾ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਹੈ । ਇਹਨਾਂ ਗੀਤਾਂ ਵਿੱਚੋਂ ਨੇਕੀ ਦੀ ਬਦੀ ਉੱਤੇ ਜਿੱਤ ਦੇ ਸਪਸ਼ਟ ਝਲਕਾਰੇ ਮਿਲਦੇ ਹਨ ਜੋ ਉਸ ਅੰਦਰ ਸਦਾ ਪੁੰਗਰਦੀ, ਵਿਕਸਦੀ ਤੇ ਉਸ ਦੀ ਕਰਾਂਤੀ ਭਾਵਨਾ ਵੱਲ ਇਸ਼ਾਰੇ ਕਰਦੇ ਹਨ । ਉਹ ਸਭ ਲਈ ਸਮਾਨਤਾ ਸਭ ਲਈ ਆਜ਼ਾਦੀ ਤੇ ਸਭ ਲਈ ਖੁਸ਼ਹਾਲੀ ਚਾਹੁੰਦਾ ਹੈ ।

ਗੁਰਭਜਨ ਗਿੱਲ ਦੇ ਗੀਤਾਂ ਵਿੱਚ ਸਾਹਿਤਕਤਾ ਵੀ ਹੈ ਤੇ ਲੋਕਾਚਾਰ ਵੀ । ਆਮ ਲੋਕਾਈ ਦੀ ਬੋਲੀ, ਆਮ ਲੋਕਾਈ ਦਾ ਲਹਿਜ਼ਾ ਤੇ ਆਮ ਲੋਕਾਈ ਦਾ ਨੁਕਤਾ ਨਿਗਾਹ ਹੀ ਉਸ ਦੇ ਗੀਤਾਂ ਦੇ ਫੈਲਾਓ ਤੇ ਪ੍ਰਭਾਵ ਨੂੰ ਗਤੀਵਾਨ ਬਣਾਈ ਰੱਖਦਾ ਹੈ । ਬੋਲੀ, ਸਮਝ ਤੇ ਪੇਸ਼ਕਾਰੀ ਪਾਤਰ ਦੇ ਪੱਧਰ ਦੀ ਹੈ ਪਰ ਹੈ ਰਮਜ਼ ਭਰੀ ਤਾਂ ਕਿ ਪੜ੍ਹਨਹਾਰੇ ਤੇ ਸੁਣਨਹਾਰੇ ਗੀਤ ਵਿੱਚ ਹਾਜ਼ਰ ਰਹਿਣ । ਸੁਣਨ ਵਾਲਾ ਤੇ ਪੜ੍ਹਨ ਵਾਲਾ ਗੀਤ ਵਿੱਚ ਪੇਸ਼ ਖੁਸ਼ੀ ਨੂੰ ਆਪਣੀ ਖੁਸ਼ੀ ਸਮਝੇ ਤੇ ਦੁੱਖ ਨੂੰ ਆਪਣਾ ਦੁੱਖ ਜਾਣੇ । ਇਉਂ ਰਚਨਹਾਰਾ ਪੇਸ਼ਕਾਰ ਤੇ ਪੜ੍ਹਨ-ਸੁਣਨ ਵਾਲਾ ਇੱਕ-ਰਸ ਹੋ ਜਾਂਦੇ ਹਨ । ਸ਼ਾਇਦ ਇਸੇ ਨੂੰ ਹੀ ਭਾਰਤੀ ਕਾਵਿ ਸ਼ਾਸਤਰ ਵਿੱਚ ਸਧਾਰਣੀਕਰਨ ਕਿਹਾ ਗਿਆ ਹੈ ।

ਪੰਜਾਬੀ ਬੋਲੀ ਦੀ ਤਾਕਤ ਨਾਬਰੀ ਦੀਆਂ ਭਾਵਨਾਵਾਂ,ਕ੍ਰਾਂਤੀਕਾਰੀ ਵਿਚਾਰ ਤੇ ਨਵੇਂ ਯੁੱਗ ਦੀਆਂ ਸੁਰਾਂ ਅਲਪਣ ਵਿੱਚ ਹੈ ਜੋ ਕਲਕਾਰ ਗਿੱਲ ਦੇ ਗੀਤਾਂ ਵਿੱਚ ਮੌਜੂਦ ਹੈ । ਬੋਲੀ ਦੀ ਸਹੀ, ਕੁਦਰਤੀ ਤੇ ਸਹਿਜ ਵਰਤੋਂ ਵਿੱਚ ਹੀ ਬੋਲੀ ਦੀ ਸਲਾਮਤੀ ਸਾਬਤ ਹੁੰਦੀ ਹੈ । ਜਦੋਂ ਕਿਸੇ ਬੋਲੀ ਦੇ ਬੁਲਾਰੇ ਜੀਵਨ ਦੀ ਬੇਹਤਰੀ ਲਈ ਯਤਨ ਘੱਟ ਕਰ ਦੇਣ ਜਾਂ ਤਿਆਗ ਦੇਣ ਤਦ ਬੋਲੀ ਆਪਣੇ ਉਭਾਰ ਵੱਲੋਂ ਮੂੰਹ ਮੋੜ ਕੇ ਨਿਘਾਰ ਵੱਲ ਨੂੰ ਆਪਣੀ ਯਾਤਰਾ ਸ਼ੁਰੂ ਕਰ ਦਿੰਦੀ ਹੈ । ਗਿੱਲ ਇਸ ਪ੍ਰਤੀ ਪੂਰਾ ਖ਼ਬਰਦਾਰ ਹੈ । ਇਸੇ ਕਰਕੇ ਉਸ ਦੇ ਗੀਤ ਪੰਜਾਬ ਦੇ ਸਿਰ ਦੀ ਪੱਗ ਬਣ ਕੇ ਉੱਭਰਦੇ ਹਨ ਜਿਸ ਨਾਲ ਪੰਜਾਬੀਅਤ ਨਿਖਰਦੀ, ਉਸਰਦੀ ਤੇ ਸੰਵਰਦੀ ਹੈ । ਇਉਂ ਜਾਪਦਾ ਹੈ ਕਿ ਗੀਤਕਾਰ ਪੰਜਾਬੀਅਤ ਦੀਆਂ ਦਰੀਆਂ ਉੱਤੇ ਆਪਣੇ ਗੀਤਾਂ ਦੀਆਂ ਘੁੱਗੀਆਂ ਤੇ ਮੋਰ ਉਘਾੜਦਾ ਹੋਵੇ । ਉਹ ਪੰਜਾਬ ਦੀ ਉਲਝਦੀ ਤਾਣੀ ਨੂੰ ਹਰ ਪਲ ਸੁਲਝਾਉਂਣਾ ਚਾਹੁੰਦਾ ਹੈ । ਉਸਦੇ ਗੀਤਾਂ ਵਿੱਚ ਦੁਖਾਂਤ ਫਲ਼ ਕਲਾ ਦੇ ਫੁੱਲ ਬਣ ਕੇ ਮਿੱਠੇ ਲੱਗਦੇ ਹਨ, ਸੁਹਜਾਤਮਕ ਆਨੰਦ ਦਿੰਦੇ ਹਨ, ਤਰਾਸਦੀ ਕੋਮਲਤਾ ਵਿੱਚ ਬਦਲ ਜਾਂਦੀ ਹੈ । ਮਨ ਨੂੰ ਅਰਾਮ ਮਹਿਸੂਸ ਹੁੰਦਾ ਹੈ, ਇਹ ਉਦਾਸੀਆਂ ਭਰੀ ਖੁਸ਼ੀ ਹੈ ਤੇ ਖੁਸ਼ੀਆਂ ਭਰੀ ਉਦਾਸੀ ਵੀ । ਇਹੋ ਰਚਨਾਕਾਰ ਦੇ ਮਨ ਦੀ ਕਲਾਤਮਕ ਦੌਲਤ ਹੈ । ਕਲਾਕਾਰ ਦੀ ਕਲਾਤਮਿਕ ਦੌਲਤ ਮਹਿੰਗੇ ਮੁੱਲ ਦੀ ਦੌਲਤ ਹੈ ।

ਜਦੋਂ ਈਮਾਨ ਤੋਂ ਸੱਖਣੇ ਲੋਕਾਂ ਨੇ ਪੰਜਾਬ ਨੂੰ ਨਿਗਲਣਾ ਚਾਹਿਆ ਤੇ ਗਿੱਲ ਦੀ ਰੂਹ ਤੜਪ ਉੱਠੀ ਉਸ ਲਹੂ ਭਿੱਜੀਆਂ ਭਾਵਨਾਵਾਂ ਨੂੰ ਕਈ ਗੀਤਾਂ ਵਿੱਚ ਗਾਇਆ । ਇੱਕ ਪਾਸੇ ਸਮੇਂ ਦੀ ਹਕੂਮਤ ਸੀ ਤੇ ਦੂਜੇ ਪਾਸੇ ਗੁੱਸੇ ਹੋਈ ਪੰਜਾਬ ਦੀ ਜਵਾਨੀ । ਪੰਜਾਬ ਦੋਹਾਂ ਦੇ ਸੰਨ੍ਹ ਵਿੱਚ ਆ ਗਿਆ । ਬਾਂਕੇ ਪੁੱਤਰ ਮੌਤ ਦੇ ਰਾਹ ਪੈ ਗਏ, ਸ਼ੈਤਾਨਾਂ ਦੇ ਜਾਲ ਵਿੱਚ ਫਸ ਗਏ । ਦੋਹਾਂ ਪਾਸੇ ਸ਼ੈਤਾਨਾਂ ਦੀ ਚੜ੍ਹ ਮੱਚੀ । ਰਚਨਾਕਾਰ ਦੀ ਬੇਚੈਨੀ ਰਚਨਾਤਮਿਕ ਬੇਚੈਨੀ ਵਿੱਚ ਪਲਟ ਗਈ ਤੇ ਕਈ ਮੁੱਲਵਾਨ ਗੀਤ ਲਿਖੇ ਗਏ । ਇਹ ਤਪੇ ਹੋਏ ਤਵੇ ’ਤੇ ਬੈਠਣ ਵਾਲੀ ਗੱਲ ਸੀ । ਉਹ ਗੁਰੂ ਦਾ ਰਾਹ ਤਲਾਸ਼ਦਾ ਹੈ । ਉਸਨੂੰ ਪਤਾ ਹੈ ਕਿ ਸੱਚ ਤੋਂ ਊਣੇ ਅੰਧ-ਵਿਸ਼ਵਾਸ ਦਾ ਸ਼ਿਕਾਰ ਹੁੰਦੇ ਹਨ । ਬੁਰੀਆਂ ਨੀਤਾਂ ਵਾਲੇ ਬੁਰੇ ਹੀ ਹੁੰਦੇ ਹਨ । ਗੁਰੂ ਸ਼ਬਦ ਹੀ ਸੱਚਾ ਗੁਰੂ ਹੈ । ਸੱਚੇ ਗੁਰੂ ਦੇ ਲੜ ਲੱਗ ਕੇ ਹੀ ਸੁਖਾਲਾ, ਖੁਸ਼ਹਾਲ ਤੇ ਸਹਿਜ ਜੀਵਨ ਜੀਵਿਆ ਜਾ ਸਕਦਾ ਹੈ । ਸੱਚ ਤੇ ਵਿਸ਼ਵਾਸ ਕਰੀਏ, ਸੱਚ ’ਚ ਸ਼ਰਧਾ ਰੱਖੀਏ ਤੇ ਸੱਚ ਤੇ ਹੀ ਅਮਲ ਕਰੀਏ, ਏਹੋ ਗੁਰੂ ਮਾਰਗ ਹੈ ਅਰਥਾਤ ਸੱਚ ਦਾ ਮਾਰਗ । ਜ਼ਿੰਦਗੀ ਦੀ ਵੇਲ ਵਿਰੋਧੀ ਮੌਸਮਾਂ ਵਿੱਚ ਵੀ ਵੱਧਦੀ ਰਹੀ ਹੈ ਤੇ ਫੈਲਦੀ ਰਹੀ ਹੈ । ਉਹ ਪੁੱਤਰ ਧੀਆਂ ਦੋਹਾਂ ਨੂੰ ਇੱਕ ਸਮਾਨ ਮੰਨਦੇ ਹਨ, ਜੀਵਨ ਦੇ ਮਹਿਕਦੇ ਫੁੱਲ । ਪ੍ਰਦੇਸ਼ੀਂ ਵਸਦੇ ਪੰਜਾਬੀ ਮਾਂ ਦੇ ਜਾਏ, ਵੰਡੇ ਗਏ ਪੰਜਾਬੀਆਂ ਦਾ ਦਰਦ, ਬੇਰੁਜ਼ਗਾਰ ਬਾਂਕੇ ਪੁੱਤਰਾਂ ਦੀ ਪੀੜ, ਕੁੱਖਾਂ ’ਚ ਮਰ ਰਹੀਆਂ ਧੀਆਂ ਦੀਆਂ ਖਾਮੋਸ਼ ਚੀਕਾਂ-ਆਦਿ ਉਸਦੇ ਮਨ ਮੰਦਰ ਵਿੱਚ ਆ ਕੇ ਜਗਦੇ ਦੀਵੇ ਬਣ ਜਾਂਦੀਆਂ ਹਨ ਤੇ ਇਹਨਾਂ ਦੀਵਿਆਂ ਦੀ ਲੋਅ ਗੀਤਾਂ ਵਿੱਚ ਪਲਟ ਜਾਂਦੀ ਹੈ । ਉਸਦੇ ਗੀਤ ਜਗਦੇ ਦੀਵੇ ਹਨ ਜੋ ਸਭਨਾਂ ਲਈ ਰਾਹ ਦਸੇਰੇ ਹਨ ।

ਉਸਦੇ ਗੀਤ ਹਿਰਦੇ ਦੇ ਸੂਖਮ ਭਾਵਾਂ ਦਾ ਪ੍ਰਤੱਖ ਬੋਲਗਤ ਪ੍ਰਗਟਾਵਾ ਹਨ । ਇਹ ਭਾਵਾਂ ਦੀ ਅਰੂਪ ਤੋਂ ਰੂਪ ਵੱਲ ਦੀ ਯਾਤਰਾ ਹੈ । ਗੀਤ ਦਾ ਸਮੁੱਚਾ ਸ਼ਬਦ-ਜਗਤ ਇੱਕੋ ਭਾਵ ਖੇਤਰ ਨਾਲ ਸੰਬੰਧਿਤ ਹੁੰਦਾ ਹੈ । ਇੱਕ ਭਾਵ ਦੀ ਗਹਿਰਾਈ, ਵਿਸ਼ਾਲਤਾ ਤੇ ਉਚਿਆਈ ਨੂੰ ਰਮਜ਼ ਭਰੇ ਲਹਿਜੇ ਵਿੱਚ ਬਿਆਨ ਕਰਦਾ ਹੈ । ਭਾਵ ਦੀ ਇਕਾਗਰਤਾ ਹੀ ਗੀਤ ਦੀ ਤਾਕਤ ਹੈ । ਇਸੇ ਲਈ ਗੀਤ ਵਿੱਚ ਟਿਕਾਅ ਹੁੰਦਾ ਹੈ, ਟਕਰਾਅ ਨਹੀਂ । ਗੀਤ ਹਮੇਸ਼ਾ ਸਿਸ਼ਟਾਚਾਰ ਦੀ ਧੁਨ ਅਪਣਾਉਂਦਾ ਹੈ । ਇਉਂ ਗੁਰਭਜਨ ਗਿੱਲ ਦੇ ਗੀਤ ਪੰਜਾਬੀ ਲੋਕਮਨ ਦੀ ਅਜਿਹੀ ਉਪਜ ਹਨ ਜੋ ਰਚੇਤਾ ਦੇ ਸੱਚ, ਸੁੰਦਰਤਾ ਤੇ ਲੋਕ-ਕਲਿਆਣ ਦੇ ਭਾਵਾਂ ਨੂੰ ਸੰਗੀਤਕ ਤੇ ਗਾਉਣਯੋਗ ਬਣਾ ਦਿੰਦੇ ਹਨ । ਇਹ ਗਾਉਣਯੋਗਤਾ ਤੇ ਸੰਗੀਤਕਤਾ ਗੀਤ ਦੀ ਰਚਨ-ਕਿਰਿਆ ਵਿੱਚ ਹੀ ਮੌਜੂਦ ਹੁੰਦੀ ਹੈ । ਰੱਬ ਬਾਰੇ ਦੱਸਿਆ ਗਿਆ ਹੈ ਕਿ ਉਹ ਕਰਤਾ ਪੁਰਖ, ਸਭ ਕੁੱਝ ਕਰਨ ਵਾਲਾ ਹੈ, ਹਰ ਸ਼ੈਅ ਦਾ ਸਿਰਜਣਹਾਰ ਹੈ । ਗੀਤ ਰਚੇਤਾ ਦਾ ਮਨ ਵੀ ਉਸ ਰੱਬੀ ਗੁਣ ਨਾਲ ਮੇਲ ਖਾਂਦਾ ਹੈ । ਉਹ ਵੀ ਸੰਵੇਦਨਸ਼ੀਲ, ਸਿਰਜਣਸ਼ੀਲ ਤੇ ਕਿਰਿਆਸ਼ੀਲ ਹੁੰਦਾ ਹੈ । ਹਰ ਪਲ ਕੁੱਝ ਨਵਾਂ ਰਚਦਾ ਹੈ -ਨਵੇਂ ਖਿਆਲ, ਨਵੇਂ ਫੁਰਨੇ, ਨਵੇਂ ਅਹਿਸਾਸ, ਨਵੇਂ ਭਾਵ, ਨਵੇਂ ਜਜ਼ਬਾਤ ਆਦਿ । ਇਉਂ ਗੁਰਭਜਨ ਗਿੱਲ ਦੇ ਗੀਤ ਪੜ੍ਹਦਿਆਂ ਸੁਣਦਿਆਂ ਨੂੰ ਪਿਆਰਦੇ, ਹੁਲਾਰਦੇ ਤੇ ਦੁਲਾਰਦੇ ਹੋਏ ਧੁਰ ਅੰਦਰੋਂ ਪ੍ਰੇਰਦੇ, ਜਗਾਉਂਦੇ ਤੇ ਉਠਾਉਂਦੇ ਹਨ । ਕੁੱਝ ਉਚੇਰਾ ਕਰਨ ਲਈ ਚੰਗੇਰਾ ਕਰਨ ਲਈ ਤੇ ਵਡੇਰਾ ਕਰਨ ਲਈ । ਉਸ ਦੇ ਗੀਤ ਪੜ੍ਹ ਕੇ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਸੁੱਕੇ ਪੱਤੇ ਝੜ ਰਹੇ ਹਨ ਅਤੇ ਨਵੀਆਂ ਕਰੂੰਬਲਾਂ ਫੁੱਟ ਰਹੀਆਂ ਹਨ। ਜਿਸ ਰੁੱਖ ਦੇ ਪੱਤੇ ਸੁੱਕ ਕੇ ਝੜਦੇ ਰਹਿਣ ਤੇ ਨਵੀਆਂ ਕਰੂੰਬਲਾਂ ਫੁਟਦੀਆਂ ਰਹਿਣ, ਉਹ ਰੁੱਖ ਹੀ ਲੰਮੀ ਤੇ ਸੁਖਦ ਉਮਰ ਭੋਗਦਾ ਹੈ । ਗੁਰਭਜਨ ਗਿੱਲ ਵੀ ਇਸੇ ਤਰ੍ਹਾਂ ਦਾ ਹੀ ਇੱਕ ਹਰਿਆ ਭਰਿਆ ਰੁੱਖ ਹੈ ਜੋ ਸਦਾ ਹੀ ਮੋਲਦਾ ਰਿਹਾ ਹੈ । ਉਸ ਦੀ ਸਿਰਜਣਸ਼ੀਲਤਾ ਨੇ ਕਈ ਤਰ੍ਹਾਂ ਦੇ ਸਾਹਿਤਕ ਫੁੱਲ ਉਗਾਏ ਤੇ ਖਿਲਾਏ ਹਨ। ਉਸ ਵੱਲੋਂ ਲਿਖੇ ਗੀਤ ਉਸਦੀ ਸਿਰਜਣਸ਼ਕਤੀ ਦਾ ਸੁਰਖ ਗੁਲਾਬ ਕਹੇ ਜਾ ਸਕਦੇ ਹਨ ਜਿਨ੍ਹਾਂ ਵਿੱਚ ਉਹ ਦੀ ਰੂਹ ਦੀ ਮਹਿਕ ਵੀ ਹੈ ਤੇ ਰੂਹ ਦਾ ਸੁਹੱਪਣ ਵੀ । ਇਹ ਉਸ ਦੀ ਰੂਹ ਦਾ ਖੇੜਾ ਵੀ ਹਨ ਤੇ ਖਿੜੀ ਰੂਹ ਦਾ ਪ੍ਰਕਾਸ਼ ਵੀ । ਅਸਲ ਵਿੱਚ ਉਸ ਦੇ ਗੀਤ ਉਸ ਦੇ ਗਾਉਂਦੇ ਆਪੇ ਦੀ ਸੁੰਦਰ ਤਸਵੀਰ ਹਨ । ਇਸ ਤਸਵੀਰ ਵਿੱਚੋਂ ਕੋਈ ਪਾਰਖੂ, ਮਾਨਵੀ ਭਾਵਨਾਵਾਂ ਦੀ ਸੱਤ ਰੰਗੀ ਪੀਂਘ ਵੀ ਦੇਖ ਸਕਦਾ ਹੈ । ਇਹ ਪੀਂਘ ਪੜ੍ਹਨ ਹਾਰਾਂ ਤੇ ਸੁਣਨਹਾਰਾਂ ਨੂੰ ਹੁਲਾਰਦੀ, ਪਿਆਰਦੀ ਤੇ ਨਿਖ਼ਾਰਦੀ ਰਹਿੰਦੀ ਹੈ । ਇਹ ਗਿੱਲ ਦੀ ਵੱਡੀ ਪ੍ਰਾਪਤੀ ਹੈ ਤੇ ਉਸ ਦੀ ਕਲਾਤਮਿਕ ਨਿਸ਼ਾਨਦੇਹੀ ਵੀ ਜਿਸ ਨੇ ਉਸਦੀ ਅਨੂਠੀ, ਅਨੂਪਮ ਤੇ ਨਿਵੇਕਲੀ ਪਛਾਣ ਸਥਾਪਿਤ ਕੀਤੀ ਹੈ । ਗੁਰੂ ਦੇ ਭਜਨ ਗਾਉਣ ਵਾਲਾ, ਗੁਰੂ ਦੀ ਨਾਬਰੀ ਦਾ ਜਾਪ ਕਰਨ ਵਾਲਾ ਤੇ ਗੁਰੂ ਦੇ ਰਾਹਾਂ ਦਾ ਪਹੁਤਾ-ਪਾਂਧੀ ਗੁਰਭਜਨ ਗਿੱਲ ਦੇ ਗੀਤਾਂ ਵਿੱਚ ਸੱਚ, ਸੁੰਦਰਤਾ ਤੇ ਮਾਨਵੀ ਕਲਿਆਣ ਕਦੇ ਪ੍ਰਤੱਖ ਤੇ ਕਦੇ ਲੁਕਵਾਂ ਨਜ਼ਰ ਆਉਂਦਾ ਹੈ ।

ਕਰਤਾਪੁਰ ਦੇ ਲਾਂਘੇ ਨਾਲ ਸਬੰਧਿਤ ਉਸ ਦਾ ਲੰਮੇਰਾ ਗੀਤ ਕਰਤਾਰਪੁਰ ਦੇ ਲਾਂਘੇ ਦੀ ਗਾਥਾ ਵਿੱਚ ਸਦਾ ਯਾਦ ਰੱਖਿਆ ਜਾਵੇਗਾ । ਜਜ਼ਬੇ ਦੀ ਪ੍ਰਚੰਡਤਾ ਬਹੁਤੀ ਦੇਰ ਨਹੀਂ ਰਹਿੰਦੀ ਇਸ ਕਰਕੇ ਗੀਤ ਦੀ ਲੰਮਾਈ 3-4 ਅੰਤਰੇ ਹੁੰਦੀ ਹੈ ਪਰ ਇਹ ਗੀਤ, ਇੱਕਸਾਰਤਾ ਤੇ ਇਕਰੂਪਕਤਾ ਨੂੰ ਜਿਉਂਦਾ ਰੱਖਦਾ ਹੈ । ਇਹ ਗੀਤ ਦੀ ਰੂਪਕ ਬਣਤਰ ਵਿੱਚ ਨਵਾਂ ਤੇ ਸਫਲ ਤਜ਼ਰਬਾ ਹੈ । ਇਸ ਦੀ ਸਫਲਤਾ ਦਾ ਪ੍ਰਗਟਾਵਾ ਇਸ ਤੱਥ ਨਾਲ ਵੀ ਮਿਲਦਾ ਹੈ ਕਿ ਇਸ ਗੀਤ ਨੂੰ ਵੱਡੇ ਗਾਇਕਾਂ ਨੇ ਸਮਰੱਥ ਸੰਗੀਤਕ ਧੁਨਾਂ ਨਾਲ ਇੱਕਸੁਰ ਹੋ ਕੇ ਗਾਇਆ ਹੈ । ਇਹ ਗੀਤਕਾਰ ਦੀ ਸਿਰਜਣ ਸਮਰੱਥਾ ਦਾ ਟੁਣਕਵਾਂ ਸਬੂਤ ਹੈ । ਤੁਕਾਂਤ ਵਿਉਂਤ ਕਿਤੇ ਵੀ ਅੱਖੜਦੀ ਨਹੀਂ ਰਵਾਨਗੀ ਤੇ ਲੈਅ ਬਣੀ ਰਹਿੰਦੀ ਹੈ । ਇਸ ਗੀਤ ਨੇ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਇਤਿਹਾਸਕ ਜਜ਼ਬਾਤੀ ਪਲਾਂ ਨੂੰ ਵੀ ਸੰਭਾਲ ਲਿਆ ਹੈ । ਪੰਜਾਬੀ ਰਿਸ਼ਤਿਆਂ ਦਾ ਧਰਮ ਪਾਲਣ ਵਾਲੇ ਗੀਤਕਾਰ ਗੁਰਜਨ ਗਿੱਲ ਪੰਜਾਬੀ ਸੱਭਿਆਚਾਰ ਦੀਆਂ ਅਨੇਕਾਂ ਤਹਿਆਂ ਨੂੰ ਫਰੋਲ਼ਦਾ ਹੋਇਆ ਪੰਜਾਬੀ ਮਨਾਂ ਦੀਆਂ ਪੀੜਾਂ ਤੇ ਖੁਸ਼ੀਆਂ ਦਾ ਹੁਲਾਰਾ ਗੀਤਾਂ ਵਿੱਚ ਪੇਸ਼ ਕਰਦਾ ਹੈ । ਉਹ ਪੰਜਾਬੀ ਮਨ ਦੀ ਸਾਧਾਰਨਤਾ ਨੂੰ ਅਸਲੋਂ ਹੀ ਇੱਕ ਨਿਵੇਕਲ਼ੇ ਢੰਗ ਨਾਲ ਬਿਆਨਦਾ ਹੈ । ਇਸ ਦੇ ਗੀਤਾਂ ਵਿੱਚ ਆਂਤਰਿਕ ਭਾਵਨਾਵਾਂ ਇਉਂ ਪੇਸ਼ ਹਨ, ਜਿਵੇਂ ਕਿਸੇ ਫੁੱਲ ਵਿੱਚ ਮਹਿਕ ਹੁੰਦੀ ਹੈ । ਇਹ ਉਸ ਨੂੰ ਜ਼ੋਰ ਦੇ ਕੇ ਪਾਉਣੀ ਨਹੀਂ ਪੈਂਦੀ । ਉਹ ਗੀਤਾਂ ਦੀ ਰਚਨਾ ਮੋਹਲ਼ੇਧਾਰ ਮੀਂਹ ਦੀ ਤਰ੍ਹਾਂ ਨਹੀਂ ਕਰਦਾ, ਸਗੋਂ ਨਿੱਕੀ-ਨਿੱਕੀ ਕਣੀ ਦੇ ਮੀਂਹ ਵਾਂਗ ਕਰਦਾ ਹੈ, ਜੋ ਪਾਠਕ ਜਾਂ ਸਰੋਤੇ ਦੇ ਮਨ ਦੀ ਧਰਤੀ ਵਿੱਚ ਹੌਲ਼ੀ-ਹੌਲ਼ੀ ਰਚਦਾ ਰਹਿੰਦਾ ਹੈ । ਇਹ ਉਸ ਦੇ ਪੰਜਾਬੀ ਵਿਰਾਸਤ ਨਾਲ਼ ਘਿਓ-ਖਿਚੜੀ ਹੋਏ ਹੋਣ ਦਾ ਪ੍ਰਤੀਫਲ ਹੈ । ਪੰਜਾਬੀ ਵਿਰਾਸਤ ਵਿਸ਼ਾਲ ਸੰਕਲਪ ਹੈ । ਇਸ ਵਿੱਚ ਪੰਜਾਬ ਦੀਆਂ ਜ਼ਮੀਨਾਂ ਦੇ ਮਾਲਕ ਜਾਗੀਰਦਾਰ ਤੇ ਆਮ ਕੰਮਕਾਰ ਕਰਨ ਵਾਲੇ ਵੱਡੀ ਗਿਣਤੀ ਲੋਕ ਸਨ । ਇਹ ਖੇਤਰ ਖੇਤੀ ਪ੍ਰਧਾਨ ਹੋਣ ਕਰਕੇ ਕਿਸਾਨ-ਕੇਂਦਰਿਤ ਸਮਾਜ ਰਿਹਾ ਹੈ । ਪੰਜਾਬੀ ਕਾਵਿ ਵਿੱਚ ਜਾਗੀਰੂ ਅਨੁਭਵ ਤੇ ਕਿਸਾਨ ਦਾ ਕਿਰਤ-ਕੇਂਦਰਿਤ ਅਨੁਭਵ ਦੋਵੇਂ ਪ੍ਰਗਟ ਹੁੰਦੇ ਹਨ । ਪੰਜਾਬੀ ਗੀਤਾਂ ਵਿੱਚ ਜਾਗੀਰੂ (ਜੱਟਵਾਦ) ਅਨੁਭਵ ਤੇ ਕਿਸਾਨੀ ਦਾ ਕਿਰਤ-ਕੇਂਦਰਿਤ ਅਨੁਭਵ ਨੂੰ ਪੂਰੇ ਸਲੀਕੇ ਤੇ ਸਹਿਜਤਾ ਨਾਲ ਪੇਸ਼ ਕਰਦੇ ਹਨ । ਜੇ ਗਹੁ ਨਾਲ ਦੇਖੀਏ ਤਾਂ ਜਗੀਰੂ ਅਨੁਭਵ ਪੂੰਜੀਵਾਦੀ ਅਨੁਭਵ ਨਾਲ ਘੁਲ-ਮਿਲ ਕੇ ਖ਼ਪਤ ਸੱਭਿਆਚਾਰ ਪੈਦਾ ਕਰ ਰਿਹਾ ਹੈ । ਬਿਲਕੁਲ ਇਸੇ ਸਮੇਂ ਖ਼ਪਤ ਸੱਭਿਆਚਾਰ (Consumed Culture) ਦੇ ਮੁਕਾਬਲੇ ਲੋਕ ਸੱਭਿਆਚਾਰ (People’s Culture) ਵੀ ਆਪਣੀ ਪੂਰੀ ਤਾਕਤ ਨਾਲ ਉੱਭਰਦਾ ਜਾ ਰਿਹਾ ਹੈ । ਖ਼ਪਤ ਸੱਭਿਆਚਾਰ ਪੰਜਾਬੀ ਲੋਕਾਈ ਵਿੱਚ ਭੇਡਾਂ ਦੇ ਝੁੰਡ ਵਰਗਾ ਏਕੀਕਰਨ (Passive Integration) ਪੈਦਾ ਕਰਨ ਦੇ ਆਹਰ ਵਿੱਚ ਹੈ । ਇਹ ਵਰਤਮਾਨ, ਭਵਿੱਖ ਤੇ ਅਤੀਤ ਵਿੱਚ ਕੋਈ ਰਿਸ਼ਤਾ ਪੈਦਾ ਨਹੀਂ ਕਰਦਾ । ਅਜਿਹਾ ਸੱਭਿਆਚਾਰ ਉਦਾਸੀਨਤਾ, ਉਤਸ਼ਾਹਹੀਣਤਾ ’ਤੇ ਡੂੰਘੀ ਨਿਰਾਸ਼ਾ ਨੂੰ ਉਤਪੰਨ ਕਰਦਾ ਹੈ । ਇਹ ਹਿੱਸਾ ਚਿੱਟੇ ਕੁੜਤੇ-ਪਜਾਮੇ ਪਾ ਕੇ ਵਿਹਲੇ ਫਿਰਨ ਨੂੰ ਆਪਣੀ ਸ਼ਾਨ ਸਮਝਦੇ ਹਨ । ਇਹ ਝੂਠੀ ਸ਼ਾਨ ਹੈ, ਇਹ ਸੱਚੀ ਪੰਜਾਬੀਅਤ ਦਾ ਅਪਮਾਨ ਹੈ, ਜਦੋਂਕਿ ਪੰਜਾਬ ਦਾ ਬਹੁ-ਗਿਣਤੀ ਕਿਸਾਨ ਕਰਜ਼ੇ ਦੇ ਬੋਝ ਥੱਲੇ ਦੱਬਿਆ ਪਿਆ ਉਦਾਸ ਹੈ, ਖ਼ੁਦਕੁਸ਼ੀਆਂ ਵੱਲ ਨੂੰ ਵਧ ਰਿਹਾ ਹੈ, ਉਦੋਂ ਹੀ ਬਾਜ਼ਾਰੂ ਗੀਤਕਾਰ ਤੇ ਗਵੱਈਏ, ਇਸ ਨੂੰ ਨੱਚਦਾ ਦਿਖਾ ਕੇ ਭਰਮ ਭਰਿਆ ਸੁਪਨਮਈ ਜਗਤ ਉਸਾਰਦੇ ਹੋਏ ਆਪਣੀ ਕਲਾ ਨੂੰ ਮੰਡੀ ਦਾ ਮਾਲ ਬਣਾ ਰਹੇ ਹਨ । ਇਹ ਉਹਨਾਂ ਦੀ ਬੌਧਿਕ ਤੇ ਮਾਨਸਿਕ ਕੰਗਾਲੀ ਦਾ ਲੱਛਣ ਹੈ । ਇਸੇ ਵੇਲੇ ਹੀ ਅਸਲੀ ਲੋਕ ਸੱਭਿਆਚਾਰ ਵੀ ਆਪਣੀ ਪ੍ਰਚੰਡਤਾ ਤੇ ਆਪਣੇ ਪੂਰੇ ਜਲੌਅ ਨਾਲ ਪੇਸ਼ ਹੈ । ਲੋਕ ਸੱਭਿਆਚਾਰ ਕੋਈ ਜਮਾਤ ਆਧਾਰਿਤ ਵਰਤਾਰਾ ਨਹੀਂ ਤੇ ਨਾ ਹੀ ਕਿਸੇ ਜਾਤ, ਬਰਾਦਰੀ ਜਾਂ ਧਰਮ ਦਾ ਸੰਕਲਪ ਹੈ । ਪੰਜਾਬੀ ਦੇ ਮਿਆਰੀ ਗੀਤਾਂ ਦੀ ਸਿਰਜਣ-ਭੂਮੀ ਇਹੋ ਲੋਕ ਸੱਭਿਆਚਾਰ ਹੈ, ਜੋ ਲੋਕਾਂ ਦੇ ਜੀਵਨ ਵਿੱਚ ਗੁਣਾਤਮਿਕ ਪਰਿਵਰਤਨ ਕਰਨ ਦੀ ਸਮਰੱਥਾ ਰੱਖਦੀ ਹੈ । ਅਜਿਹੇ ਗੀਤਾਂ ਦੇ ਸਿਰਜਣਹਾਰਿਆਂ ਦੀ ਇੱਕ ਲੰਮੀ ਕਤਾਰ ਹੈ । ਗੁਰਭਜਨ ਗਿੱਲ ਅਜਿਹੇ ਹੀ ਗੀਤਾਂ ਦੇ ਵਣਜਾਰਿਆਂ ਦੇ ਕਾਫ਼ਲੇ ਦਾ ਸੁਹਿਰਦ ਗੀਤਕਾਰ ਮੈਨੂੰ ਜਾਪਦਾ ਹੈ ।

ਗਿੱਲ ਦੀ ਅਲੌਕਿਕ ਗੀਤਕਾਰੀ, ਗੀਤਾਂ ਅੰਦਰਲੀ ਸੰਗੀਤਕਤਾ ਤੇ ਗਾਉਣਯੋਗਤਾ ਉਸ ਦੇ ਮਨ ਦੇ ਭਾਵ-ਵਿਚਾਰਾਂ ਨੂੰ ਸਹਿਜ-ਸੁਹਜ ਤੇ ਸੂਖਮਤਾ ਨਾਲ ਬਿਆਨ ਕਰਦੇ ਹੋਏ ਹਰ ਸੁਣਨਹਾਰੇ ਤੇ ਪੜ੍ਹਨਹਾਰੇ ਨੂੰ ਤ੍ਰਿਪਤ ਕਰਕੇ ਜੀਵਨ ਦੀ ਬੇਹਤਰੀ ਲਈ ਕੁੱਝ ਸੋਚਣ ਲਈ ਤੇ ਕੁੱਝ ਕਰਨ ਲਈ ਪ੍ਰੇਰਦੇ ਹਨ । ਅਸਲ ਵਿੱਚ ਉਹ ਸੁੱਚੀਆਂ ਭਾਵਨਾਵਾਂ ਦੀ ਸਾਈ ਫੜਾ ਕੇ ਸਾਡੇ ਨਾਲ ਲਫਜ਼ਾਂ ਦਾ ਵਣਜ ਕਰਦਾ ਹੈ, ਲਫਜ਼ ਜੋ ਗੀਤ ਬਣਦੇ ਹਨ, ਸੰਗੀਤ ਬਣਦੇ ਹਨ ਤੇ ਗਾਇਕਾਂ ਦੇ ਮੀਤ ਬਣਦੇ ਹਨ । ਮੈਂ ਇਸ ਮਾਣਮੱਤੇ ਗੀਤਕਾਰ ਦੇ ਗੀਤਾਂ ਨੂੰ ਪੜ੍ਹਿਆ, ਮਾਣਿਆਂ ਤੇ ਮਹਿਸੂਸ ਕੀਤਾ ਹੈ । ਸ਼ਬਦਾਂ ਦਾ ਸੰਗੀਤ, ਸੁਖਾਲ਼ੀਆਂ ਤਰਜ਼ਾਂ ਤੇ ਬੋਲੀ ਵਿਚਲੀ ਲੈਆਤਮਿਕਤਾ ਇਹਨਾਂ ਦੀ ਸਫ਼ਲ ਪੇਸ਼ਕਾਰੀ ਦੀ ਗਵਾਹੀ ਭਰਦੀਆਂ ਹਨ । ਮੈਨੂੰ ਪੂਰੀ ਉਮੀਦ ਹੈ ਕਿ ਗੁਰਭਜਨ ਗਿੱਲ ਆਪਣੀਆਂ ਜਾਗਦੀਆਂ ਅੱਖਾਂ ਦੇ ਸੁਪਨਿਆਂ ਨੂੰ ਸੁੰਦਰ ਸ਼ਬਦਾਂ ਰਾਹੀਂ ਆਪਣੇ ਗੀਤਾਂ ਵਿੱਚ ਪਾਉਂਦਾ ਰਹੇਗਾ ਤਾਂ ਕਿ ਪੰਜਾਬੀ ਲੋਕਾਈ ਜਾਗਦੀ ਰਹੇ, ਜਗਦੀ ਰਹੇ ਤੇ ਮਘਦੀ ਰਹੇ । ਇਸੇ ਕਰਕੇ ਤਾਂ ਉਸ ਨੂੰ ਗੀਤਾਂ ਦਾ ਵਣਜਾਰਾ ਕਹਿਣਾ ਉਚਿੱਤ ਹੀ ਹੋਵੇਗਾ ।

ਸ਼ੁਭ ਕਾਮਨਾਵਾਂ
(ਡਾ. ਕਮਲਜੀਤ ਸਿੰਘ ਟਿੱਬਾ)

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ