ਗੁਰਭਜਨ ਗਿੱਲ : ਸਿਰਜਣਾਤਮਕ ਭੂਮੀ - ਡਾ. ਜਗੀਰ ਸਿੰਘ ਨੂਰ

'ਗੁਲਨਾਰ' ਗੁਰਭਜਨ ਗਿੱਲ ਰਚਿਤ ਇਕ ਸੌ ਅਠੱਤੀ ਗ਼ਜ਼ਲਾਂ ਦਾ ਸੰਗ੍ਰਹਿ ਹੈ । ਇਸ ਰਚਨਾ ਤੋਂ ਪਹਿਲਾਂ ਗੁਰਭਜਨ ਸਿੰਘ ਗਿੱਲ ਇਕ ਦਰਜਨ ਕਾਵਿ ਸੰਗ੍ਰਿਹਾਂ ਜ਼ਰੀਏ ਪੰਜਾਬੀ ਸ਼ਾਇਰੀ 'ਚ ਆਪਣਾ ਵਿਲੱਖਣ ਸਥਾਨ ਬਣਾ ਚੁੱਕਾ ਹੈ। ਅਨੇਕਾਂ ਕਾਵਿ-ਸੰਮੇਲਨਾਂ, ਕਵੀ-ਦਰਬਾਰਾਂ, ਸੰਸਥਾਵਾਂ, ਸਭਾਵਾਂ ਅਤੇ ਅਕਾਦਮੀਆਂ ਦਾ ਇਹ ਕਵੀ ਸੰਗਠਨਕਾਰੀ, ਬਾਨੀ ਰਹਿਬਰ ਅਤੇ ਅਹਿਲਕਾਰ ਵੀ ਰਹਿ ਚੁੱਕਾ ਹੈ। ਜੀਵਨ ਦੇ ਅਨੇਕਾਂ ਰਸਾਂ, ਰੰਗਾਂ, ਉਤਰਾਵਾਂ-ਚੜ੍ਹਾਵਾਂ ਅਤੇ ਜ਼ਿੰਦਗੀ ਦੀ ਟੁੱਟ-ਭੱਜ ਤੇ ਫਿਰ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਸਮਝ ਕੇ ਇਨ੍ਹਾਂ ਨੂੰ ਸੰਜੋਅ ਦੇਣ ਦੇ ਤੀਖਣ ਅਨੁਭਵਾਂ ਵਿਚੋਂ ਇਸ ਸ਼ਾਇਰ ਦੀ ਸ਼ਾਇਰੀ ਜਨਮ ਲੈਂਦੀ ਹੈ ਅਤੇ ਮਾਨਵੀ ਹਿਰਦੇ ਦੇ ਹਾਵਾਂ, ਭਾਵਾਂ, ਉਲਾਰਾਂ-ਉਦਗਾਰਾਂ ਅਤੇ ਸੰਵੇਦਨਸ਼ੀਲਤਾ 'ਚੋਂ ਪਨਪੀਆਂ ਹੋਈਆਂ ਵਿਭਿੰਨ ਆਕਾਂਖਿਆਵਾਂ ਇਸ ਦੇ ਭਾਵ ਬੋਧ ਨੂੰ ਖੁੱਲ੍ਹੀ ਕਵਿਤਾ, ਛੰਦਬਧ ਕਵਿਤਾ, ਗੀਤ ਅਤੇ ਗ਼ਜ਼ਲ ਦਾ ਰੂਪਾਕਾਰ ਧਾਰਨ ਕਰਕੇ ਪਾਠਕਾਂ ਦੇ ਸਨਮੁੱਖ ਹੋਈ ਨਜ਼ਰ ਪੈਂਦੀ ਹੈ । "ਸ਼ੀਸ਼ਾ ਝੂਠ ਬੋਲਦਾ ਹੈ", "ਬੋਲ ਮਿੱਟੀ ਦੇ ਬਾਵਿਆ", "ਅਗਨ ਕਥਾ", "ਖੈਰ ਪੰਜਾਂ ਪਾਣੀਆਂ ਦੀ", "ਧਰਤੀ ਨਾਦ", "ਪਾਰਦਰਸ਼ੀ" ਅਤੇ "ਮਨ ਤੰਦੂਰ" ਸਾਰੇ ਕਾਵਿ ਸੰਗ੍ਰਹਿ ਹਨ। "ਫੁੱਲਾਂ ਦੀ ਝਾਂਜਰ" ਗੀਤ ਸੰਗ੍ਰਹਿ ਅਤੇ "ਹਰ ਧੁੱਖਦਾ ਪਿੰਡ ਮੇਰਾ ਹੈ", "ਮੋਰ ਪੰਖ" ਅਤੇ ਹਥਲਾ ਸੰਗ੍ਰਹਿ ਨਿਰੋਲ ਗ਼ਜ਼ਲ ਸੰਗ੍ਰਹਿ ਹਨ । ਇਸ ਤੋਂ ਇਲਾਵਾ ਤਿੰਨ ਗ਼ਜ਼ਲ ਸੰਗ੍ਰਹਿ ਅਤੇ ਕਾਵਿ ਸੰਗ੍ਰਹਿ ਹੋਰ ਉਸਦੀਆਂ ਰਚਨਾਵਾਂ ਦੇ ਸੰਪਾਦਿਤ ਸੰਗ੍ਰਹਿ ਹਨ । ਇਨ੍ਹਾਂ ਸਭਨਾਂ ਰਚਨਾਵਾਂ ਦਾ ਸਿਰਜਣਾਤਮਕ ਵਿਵੇਕ, ਮਾਨਵੀ, ਨੈਤਿਕ, ਸਮਾਜਕ, ਰਾਜਨੀਤਿਕ, ਆਰਥਕ ਅਤੇ ਧਾਰਮਿਕ ਮੁੱਲ-ਵਿਧਾਨਾਂ ਦੇ ਆਲੋਚਨਾਤਮਕ ਯਥਾਰਥ ਦੇ ਨਿਰੂਪਣ ਦੇ ਸਰੋਕਾਰਾਂ ਵਿਚ ਨਿਹਿਤ ਹੈ । ਹੋਰ ਮਹੱਤਵਪੂਰਨ ਅਤੇ ਸਾਂਝੀ ਰਚਨਾਤਮਕ ਖੂਬੀ ਇਹ ਵੀ ਹੈ ਕਿ ਗਿੱਲ ਸਾਹਿਬ ਦੀ ਰਗ-ਰਗ, ਲੂੰ-ਲੂੰ ਵਿਚ ਪੰਜਾਬੀਅਤ ਸਮਾਈ ਹੋਈ ਹੈ ਅਤੇ ਜਿਥੋਂ ਪੰਜਾਬੀਅਤ ਦਾ ਜਨਮ ਹੁੰਦਾ ਹੈ, ਉਹ ਮਹੱਤਵਪੂਰਨ ਇਕਾਈ ਪਿੰਡ ਅਤੇ ਪੰਜਾਬੀ ਭਾਸ਼ਾ ਦੀ ਠੇਠ ਮੁਹਾਵਰੇਦਾਰ ਗੁੜਤੀ ਉਸ ਦੇ ਇਕ ਇਕ ਬੋਲ 'ਚੋਂ ਸਹਿਜੇ ਉਚਾਰ ਲਹਿਜੇ 'ਚੋਂ ਪ੍ਰਗਟ ਹੁੰਦੀ ਰਹਿੰਦੀ ਹੈ। ਅਜਿਹੇ ਰਚਨਾਤਮਕ ਵਿਵੇਕ ਸੰਬੰਧੀ ਉਸ ਦਾ ਖੁਦ ਬਿਆਨ ਹੈ ਕਿ -


ੳ) ਮਨ ਤੋਂ ਭਾਰ ਉਤਾਰਨ ਖ਼ਾਤਰ, ਮੈਂ
ਗ਼ਜ਼ਲਾਂ ਨੂੰ ਵੰਡ ਦਿੰਦਾ ਹਾਂ, 
ਜਿੰਨਾ ਲਾਵਾ ਤਪਦਾ ਖਪਦਾ, 
ਰੋਜ਼ ਦਿਹਾੜੀ ਮੇਰੇ ਅੰਦਰ। 
(ਪੰਨਾ – 8) 

ਅ) ਸ਼ਬਦ ਪੋਟਲੀ ਦੇ ਵਿੱਚ ਬੰਨ੍ਹਿਆ, 
ਕੁਝ ਵੀ ਇਸ 'ਚੋਂ ਮੇਰਾ ਨਹੀਂ ਹੈ, 
ਇਹ ਤਾਂ ਕਰਜ਼ ਖੜ੍ਹਾ ਸੀ ਸਿਰ 'ਤੇ,
ਕਿਸ਼ਤਾਂ ਕਰਕੇ ਮਗਰੋਂ ਲਾਹਿਆ।
(ਪੰਨਾ - 145) 

ਗੁਰਭਜਨ ਗਿੱਲ ਦੀ 'ਗ਼ਜ਼ਲ' ਸਨਕੀ ਮਾਨਦੰਡਾਂ ਅਤੇ ਵਿਚਾਰਧਾਰਕ ਸਥਾਪਿਤ ਲੀਹਾਂ ਨੂੰ ਤੋੜ ਕੇ ਪੰਜਾਬੀ ਰੰਗ 'ਚ ਪਾਠਕਾਂ ਦੀ ਮਾਨਸਿਕਤਾ 'ਚ ਘਰ ਕਰ ਲੈਂਦੀ ਹੈ । ਕਹਿਆ- ਸੁਣਿਆ ਜਾਂਦਾ ਕਿ "ਗੁਰਭਜਨ ਗਿੱਲ ਭਾਵੇਂ ਮਿੱਠੀ ਰਸਕਤਾ ਭਰਪੂਰ, ਜੁਬਾਨ ਦਾ ਬੁਲਾਰਾ ਅਤੇ ਪੁਖਤਾ ਸ਼ਾਇਰ ਹੈ, ਪਰ ਉਸ ਵਿਚ ਜਲੇਬੀ ਜਿੰਨੇ ਵਲ਼ ਵੀ ਹਨ, ਪਰ ਇਹ ਸਾਰੇ ਵਲ਼, ਉਸਦੀ ਪੰਜਾਬੀ ਸੱਭਿਆਚਾਰ ਦੇ ਸੰਬੰਧ ਵਿਚ ਡੂੰਘੀਆਂ ਪਰਤਾਂ-ਦਰ-ਪਰਤਾਂ ਦੇ ਛਿਪੇ ਹੋਏ ਸਰੋਕਾਰਾਂ ਦੀ ਪਛਾਣ ਕਰਨ ਵਾਲੇ ਤੀਖਣ ਅਨੁਭਵ ਦੀ ਉਪਜ ਹਨ । ਕਿਉਂ ਜੋ ਪੰਜਾਬੀ ਸੱਭਿਆਚਾਰ ਕੋਈ ਆਮ ਸੱਭਿਆਚਾਰੀਕਰਨ ਦੀ ਹੋਂਦ-ਸਥਿਤੀ ਤੋਂ ਉਤਪੰਨ ਨਹੀਂ ਹੋਇਆ, ਇਸਨੇ ਤਾਂ ਸਮੂਹ ਉੱਤਮ ਤਿੰਨਾਂ ਸੱਭਿਆਤਾਵਾਂ 'ਚ ਵਿਸ਼ੇਸ਼ ਪਛਾਣ ਚਿੰਨ੍ਹ ਸਥਾਪਿਤ ਕਰਕੇ ਵਿਸ਼ਵ ਪੱਧਰ 'ਤੇ ਆਦਿ ਕਾਲ ਤੋਂ ਹੀ ਵਿਲੱਖਣਤਾ ਸਥਾਪਿਤ ਕੀਤੀ ਹੋਈ ਹੈ, ਜਿਸਨੂੰ ਅਜੋਕਾ ਪੰਜਾਬੀ ਵਿਸਾਰ (ਭੁੱਲ) ਰਿਹਾ ਹੈ, ਬਹੁਤਾਤ ਤਾਂ ਭੁੱਲ ਹੀ ਚੁੱਕਾ ਹੈ, ਵਿਖਾਵੇ – ਮਾਤਰ ਸਰਕਾਰੀ ਵਿਭਾਗਾਂ, ਮਨੋ ਜਾਂ ਸਵੈ ਜੜ੍ਹਤ ਕੀਤੀਆਂ ਸਭਾਵਾਂ, ਕਾਨਫਰੰਸਾਂ ਇਤਿਆਦਿ ਜ਼ਰੀਏ ਆਪਣੀਆਂ ਰੋਟੀਆਂ ਸੇਕ ਰਿਹਾ ਹੈ । ਗਿੱਲ ਸਹਿਜ ਦੇਣੇ ਹੀ ਉਚਰਿਤ ਕਰਦਾ ਹੈ ਕਿ :

ਜੋ ਕੁਝ ਵੀ ਬਾਜ਼ਾਰ ਤੋਂ ਬਚਿਆ, ਉਹੀ ਸਾਡਾ ਵਿਰਸਾ,
ਘਟਦੇ ਘਟਦੇ ਘਟ ਚੱਲੇ ਨੇ ਇਸ ਨੂੰ ਜਾਨਣਹਾਰੇ।
ਨਾ ਵੀਣਾ, ਮਿਰਦੰਗ, ਸਰੋਦਾਂ, ਸਾਰੰਗੀਆਂ ਨੇ ਏਥੇ,
ਮੁਰਲੀਧਰ ਬਣ ਫਿਰੇਂ ਗੁਆਚਾ, ਦੱਸ ਤੂੰ ਕ੍ਰਿਸ਼ਨ ਮੁਰਾਰੇ।
ਸੀ ਰੱਬਾਬ, ਕਿਤਾਬ ਦਾ ਮਾਲਕ, ਉਹ ਪੰਜਾਬ ਹੈ ਕਿੱਥੇ,
ਸ਼ਬਦ ਗੁਰੂ ਨੂੰ ਭੁੱਲ ਗਏ ਸਾਧੋ, ਧਰਮ ਤਰਾਜ਼ੂ ਸਾਰੇ।
(ਪੰਨਾ – 9)

ਰਾਵੀ ਦੀ ਰਹਿਤਲ ਦੀ ਸਿੱਲ੍ਹ 'ਚੋਂ ਜੰਮਿਆ ਗੁਰਭਜਨ ਗਿੱਲ ਆਪਣੀ ਹੋਂਦ ਸਥਿਤੀ ਨੂੰ ਕਦੇ ਵੀ ਨਹੀਂ ਭੁੱਲਦਾ, ਵਿਸਾਰਦਾ ਅਤੇ ਅਣਗੌਲਿਆ ਕਰਦਾ । ਉਹ ਤਾਂ ਸਦਾ ਤੱਤਪਰ ਹੈ, ਰਾਵੀ ਕੰਢੜੇ ਖੇਤਾਂ, ਕਾਹੀਆਂ, ਬੂਝਿਆਂ, ਝੋਨੇ, ਪਰਾਲੀਆਂ, ਚੰਗੇਰਾਂ, ਭੱਠੀਆਂ, ਹੱਟੀਆਂ, ਗਲੀਆਂ, ਪੱਤੀਆਂ ਕੋਠਿਆਂ-ਬਨੇਰਿਆਂ, ਹਲਾਂ-ਪੰਜਾਲੀਆਂ, ਖੱਭੜਾ, ਰੱਸੀਆਂ, ਮੱਕੀਆਂ, ਕਮਾਦਾਂ, ਬਰੂਆਂ, ਲਵੇਰਿਆਂ-ਮੱਝਾਂ, ਗਾਵਾਂ, ਵੱਛੇ-ਵੱਛੀਆਂ, ਕੱਟੇ- ਕੱਟੀਆਂ, ਨੱਥਾਂ, ਨਕੇਲਾਂ, ਪਲਾਣਿਆਂ-ਤਿਲਹਾਰਿਆ, ਵਾਗਾਂ- ਲਗਾਮਾਂ, ਘੁੱਗੀਆਂ, ਕਾਵਾਂ, ਤੋਤਿਆਂ, ਚਿੜੀਆਂ, ਕਬੂਤਰਾਂ, ਵੰਝਲੀ, ਅਲਗੋਜ਼ਿਆਂ, ਮੋਟੀਆਂ-ਲਕੜੀਆਂ, ਤੂੰਬੀਆਂ- ਤੂੰਬਿਆਂ, ਘੜਿਆਂ-ਗਾਗਰਾਂ, ਚਿਮਟੇ-ਛੈਣਿਆਂ, ਕੌਲੀਆਂ, ਘੜਵੰਜੀਆਂ-ਚਾਟੀਆਂ ਮਧਾਣੀਆਂ, ਤਵੀਤਾਂ, ਕੈਂਠਿਆਂ, ਕੜਾਹੀਆਂ, ਦੇਗਾਂ, ਵਲਟੋਹੀਆਂ, ਖੇਤਾਂ, ਬੰਨਿਆਂ, ਛੋਲਿਆਂ ਦੀਆਂ ਹੋਲਕਾਂ, ਤੂਤਾਂ ਦੀਆਂ ਗੋਹਲਾਂ, ਮੇਲਿਆਂ, ਮੁਸਾਹਵਿਆਂ, ਛਿੰਝਾਂ ਤੇ ਪਿੜਾਂ, ਘੋਲ-ਕਬੱਡੀਆਂ, ਦਾਰੂ-ਸਿੱਕਿਆਂ, ਬੱਕਰਿਆਂ ਅਤੇ ਕੁੱਕੜਾਂ ਅਤੇ ਗੁਰੂਆਂ, ਪੀਰਾਂ, ਫਕੀਰਾਂ ਦੀਆਂ ਥਾਵਾਂ ਆਦਿ ਨੂੰ ਆਪਣੀ ਚੇਤਨਾ ਦੀ ਧਰਾਤਲ ਭੂਮੀ ਬਣਾਉਂਦਾ ਹੈ।

ਹਿੰਮਤ ਦੇ ਰਾਹੀਓ ਤੁਸੀਂ ਜ਼ਿੰਦਗੀ ਉਸਾਰਨਾ ।
ਭਾਗਾਂ ਦੇ ਭੁਲੇਖਿਆਂ 'ਚ ਹੌਸਲਾ ਨਾ ਹਾਰਨਾ ।
(ਪੰਨਾ - 139)

ਗੁਰਭਜਨ ਗਿੱਲ 'ਸ਼ਬਦ' ਦੇ ਪਸਾਰੇ ਨੂੰ ਸ਼ਿਦਤ ਨਾਲ ਗ੍ਰਹਿਣ ਕਰਕੇ ਅਰਥ-ਸੰਚਾਰ ਕਰਨ ਦੀ ਸੁਹਜਮਈ ਜੁਗਤ ਦਾ ਧਾਰਨੀ ਹੈ। ਸਮਤੋਲ 'ਚ ਰਹਿਣਾ, ਜ਼ੁਬਾਨ ਦੀ ਸੀਰੀ ਤੋਂ ਖੱਟਣਾ, ਚੜ੍ਹਦੀ ਕਲਾ ਦਾ ਮਾਰਗ ਦਰਸਾਣਾ, ਗਿਆਨ ਅਤੇ ਵਿਗਿਆਨ ਦੇ ਸੰਦਰਭਾਂ ਨੂੰ ਘੋਖਣਾ ਆਦਿ ਹੋਰ ਅਨੇਕਾਂ ਪਹਿਲੂ ਅਤੇ ਸਰੋਕਾਰ ਹਨ, ਜੋ ਹਥਲੇ ਗ਼ਜ਼ਲ ਸੰਗ੍ਰਹਿ ਦੀ ਸਿਰਜਣਾਤਮਕ ਧਰਾਤਲ ਭੂਮੀ ਦੀ ਸਿਰਜਣਾ ਹਨ, ਇਨ੍ਹਾਂ ਸਭਨਾਂ ਦੇ ਭਾਵ ਬੋਧ ਦੀ ਸਿਰਜਣਾ ਹੀ ਇਹ ਸਭ ਪੁਖਤਾ ਗ਼ਜ਼ਲਾਂ ਹਨ।

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ