ਗੁਰਭਜਨ ਗਿੱਲ ਕਾਵਿ : ਵਿਭਿੰਨ ਵਰਤਾਰਿਆਂ ਦੀ ਤਰਜਮਾਨੀ - ਡਾ. ਗੁਰਇਕਬਾਲ ਸਿੰਘ

ਅਜੋਕਾ ਯੁੱਗ ਜਟਿਲ ਵਰਤਾਰਿਆਂ ਦਾ ਯੁੱਗ ਹੈ ਜਿਸ ਦੀਆਂ ਅੱਗੋਂ ਗੁੰਝਲਦਾਰ ਪਰਤਾਂ ਹਨ ।ਇਹਨਾਂ ਵਰਤਾਰਿਆਂ ਨੂੰ ਜਾਣਨਾ, ਸਮਝਣਾ,ਖੋਲ੍ਹਣਾ ਤੇ ਵਖਿਆਉਣਾ ਮੁਸ਼ਕਲ ਨਹੀਂ ਤਾਂ ਅਸੰਭਵ ਜਰੂਰ ਹੈ । ਉੱਤਰ ਸੱਚ ਦੀ ਵਿਸ਼ੇਸ਼ ਦ੍ਰਿਸ਼ਟੀ ਇਹਨਾਂ ਵਰਤਾਰਿਆਂ ਨੂੰ ਹੋਰ ਪੇਚੀਦਾ ਕਰ ਰਹੀ ਹੈ ।ਅੱਜ ਕਾਰਪੋਰੇਟ ਅਤੇ ਇਸ ਦੀਆਂ ਸੰਚਾਲਕ ਸ਼ਕਤੀਆਂ ਵਲੋਂ ਝੂਠ ਨੂੰ ਸੱਚ ਬਣਾ ਕੇ ਪਰੋਸਿਆ ਜਾ ਰਿਹਾ ਹੈ ।ਝੂਠ ਅਤੇ ਸੱਚ ਵਿੱਚ ਅੰਤਰ ਕਰਨਾ ਪੇਚੀਦਾ ਤੇ ਗੁੰਝਲਦਾਰ ਮਸਲਾ ਹੈ ।ਇਹ ਰਾਜਸੀ ਵਰਤਾਰਾ ਹੈ ਤੇ ਇਹ ਅਮਰੀਕਾ ਤੋਂ ਯੂਰਪ ਰਾਹੀਂ ਹੁੰਦਾ ਹੋਇਆ ਅੱਜਕਲ ਭਾਰਤੀ ਰਾਜਸੀ ਪ੍ਰਕਿਰਿਆ ਵਿੱਚ ਕਿਰਿਆਤਮਕ ਰੋਲ ਨਿਭਾ ਰਿਹਾ ਹੈ ।ਇਹ ਇੱਕ ਅਜਿਹਾ ਵਰਤਾਰਾ ਹੈ ਜਿਹੜਾ ਬਾਕੀ ਸਾਰੇ- ਆਰਥਿਕ ,ਰਾਜਸੀ, ਸਮਾਜਿਕ, ਸਭਿਆਚਾਰਕ, ਧਾਰਮਿਕ ਭਾਸ਼ਾਈ,ਨੈਤਿਕ ਤੇ ਰਾਸ਼ਟਰਵਾਦ -ਵਰਤਾਰਿਆਂ ਨੂੰ ਨਿਰਧਾਰਿਤ ਕਰਦਾ ਹੈ ।ਇਕ ਸੰਵੇਦਨਸ਼ੀਲ ਵਿਅਕਤੀ ਇਹਨਾਂ ਵਰਤਾਰਿਆਂ ਨੂੰ ਜਾਨਣ, ਸਮਝਣ,ਖੋਲ੍ਹਣ ਤੇ ਬਿਆਨਣ ਦੀ ਕੋਸ਼ਿਸ਼ ਕਰਦਾ ਹੈ।ਕੋਈ ਵਿਅਕਤੀ ਇਹਨਾਂ ਤੋਂ ਅਪਸਾਰ ਕਰਦਾ ਹੈ, ਕੋਈ ਇਹਨਾਂ ਨਾਲ ਖਹਿ ਕੇ ਲੰਘਦਾ ਹੈ,ਕੋਈ ਟਕਰਾ ਕੇ,ਕੋਈ ਵਿਰੋਧ ਕਰਕੇ ਤੇ ਕੋਈ ਇਹਨਾਂ ਨਾਲ ਮੌਜੂਦਾ ਸਮੇਂ ਵਿੱਚ ਸੰਘਰਸ਼ਸ਼ੀਲ ਹੈ।

ਗੁਰਭਜਨ ਗਿੱਲ ਨਿਰੰਤਰ ਲਿਖਣ ਵਾਲਾ ਸ਼ਾਇਰ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਸਮੇਂ ਸਮੇਂ ਵਾਪਰਨ ਵਾਲੀਆਂ ਵੱਖ ਵੱਖ ਘਟਨਾਵਾਂ ਦੀ ਕਵਿਤਾ ਵਿੱਚ ਨਿਸ਼ਾਨਦੇਹੀ ਹੋ ਜਾਂਦੀ ਹੈ ਤੇ ਇਤਿਹਾਸਿਕ ਪ੍ਰਸੰਗ ਦਾ ਪਤਾ ਲੱਗ ਜਾਂਦਾ ਹੈ । ਪਰ ਦੂਜੇ ਪਾਸੇ ਤਤਕਾਲ ਦਾ ਤੱਥ ਸੱਟ ਪ੍ਰਗਟਾਵਾ ਜਿਹੜਾ ਹਾਲੇ ਸ਼ਾਇਰ ਲੇਖਕ ਦੇ ਅਨੁਭਵ ਦਾ ਗਹਿਰ ਗੰਭੀਰ ਹਿੱਸਾ ਨਹੀਂ ਬਣਿਆ ਹੁੰਦਾ ਪੋਤਲੇਪਣ, ਬਿਆਨਬਾਜ਼ੀ ਤੇ ਦੁਹਰਾਓ ਵਿੱਚ ਪੇਸ਼ ਹੁੰਦਾ ਕਿਸੇ ਲੇਖਕ ਦੀ ਸਥਾਪਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਗੁਰਭਜਨ ਗਿੱਲ ਦੀ ਕਵਿਤਾ ਨੂੰ ਜਾਨਣ -ਸਮਝਣ ਲਈ ਉਸਦੇ ਕਾਵਿ- ਸਫਰ ਵਿੱਚੋਂ ਗੁਜ਼ਰਨਾ ਪਏਗਾ। ਸ਼ੀਸ਼ਾ ਝੂਠ ਬੋਲਦਾ ਹੈ। (1978) ਤੇ ਹਰ ਧੁੱਖਦਾ ਪਿੰਡ ਮੇਰਾ ਹੈ (1985) ਤੋਂ ਚਰਖੜੀ (2001) ਤੇ ਤਾਰਿਆਂ ਦੀ ਗੁਜ਼ਰਗਾਹ (2025) ਤੱਕ ਉਸ ਦੀਆਂ 21 ਕਾਵਿ-ਪੁਸਤਕਾਂ, ਦੋ ਸੰਪਾਦਿਤ ਕਾਵਿ ਸੰਗ੍ਰਹਿ,ਇਕ ਸੁਚਿੱਤਰ ਵਾਰਤਕ ਪੁਸਤਕ,ਛੇ ਸ਼ਾਹਮੁਖੀ ਅਤੇ ਇੱਕ ਹਿੰਦੀ ਵਿੱਚ ਕਾਵਿ -ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਹੜੀਆਂ ਉਸ ਦੇ ਕਾਵਿ ਵਿਕਾਸ ਦੀਆਂ ਸੂਚਕ ਹੋਣ ਦੇ ਨਾਲ ਨਾਲ ਸਮਕਾਲੀ ਇਤਿਹਾਸ ਵਿੱਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਦੀ ਨਿਸ਼ਾਨਦੇਹੀ ਕਰਨ ਦੇ ਨਾਲ ਨਾਲ ਕਵੀ ਦੇ ਇਹਨਾਂ ਬਾਰੇ ਹੁੰਗਾਰੇ ਤੇ ਪ੍ਰਗਟਾਵੇ ਦੀਆਂ ਸੂਚਕ ਹਨ।

ਨਕਸਲਬਾੜੀ ਲਹਿਰ ਦਾ ਉਤਰਾਅ ਤੇ ਖਿੰਡਾਓ,ਐਮਰਜੈਂਸੀ, ਕਾਂਗਰਸ ਦੀ ਨਿਰੰਕਸ਼ ਸੱਤਾ ਦਾ ਮਨਫੀ ਹੋਣਾ ਤੇ ਜਨਤਾ ਪਾਰਟੀ ਰਾਜ ,ਪੰਜਾਬ ਸੰਕਟ, 1990 ਤੋਂ ਵਿਸ਼ਵੀਕਰਨ ਤੇ ਮੌਜੂਦਾ ਦੇਰ ਤੱਕ ਕਰਜ਼ਾ,ਨਸ਼ਾਖੋਰੀ,ਆਤਮ ਹੱਤਿਆਵਾਂ, ਬਲਾਤਕਾਰ ਨਾਰੀ ਚੇਤਨਾ,ਦਲਿਤ ਚੇਤਨਾ ,ਸਭਿਆਚਾਰਕ ਚੇਤਨਾ,ਕਿਸਾਨੀ ਸੰਘਰਸ਼ ਤੇ ਕਰੋਨਾ ਮਹਾਂਮਾਰੀ ਆਦਿ ਅਜਿਹੇ ਮਹੱਤਵਪੂਰਨ ਵਰਤਾਰੇ ਹਨ ਜਿਹਨਾਂ ਨੂੰ ਜਾਨਣਾ ਸਮਝਣਾ ਜ਼ਰੂਰੀ ਹੈ ਕਿ ਇਹਨਾਂ ਪਿੱਛੇ ਕਿਹੜੀਆਂ ਸੰਚਾਲਕ ਸ਼ਕਤੀਆਂ ਹਨ ਕਿ ਅਸੀਂ ਇਤਿਹਾਸ ਦੇ ਇਸ ਨਾਜ਼ੁਕ ਮੋੜ ਤੇ ਅਪੜ ਗਏ ਹਾਂ। ਇਹਨਾਂ ਦੇ ਨਾਲ ਨਾਲ ਹੀ ਗੁਰਭਜਨ ਗਿੱਲ ਦੇ ਪਿਆਰ ਸਫ਼ਰ ਵਿੱਚ ਭਰ ਜਵਾਨੀ ਵਿੱਚ ਕੱਲੇ ਰਹਿ ਜਾਣ ਦਾ ਦਰਦ ਪੰਜਾਬੀ ਭਾਈਚਾਰੇ ਦੇ ਵੰਡੇ ਜਾਣ ਦੀ ਦੁਖਾਂਤਕ ਵੇਦਨਾ ਤੇ ਸਾਂਝੇ ਪੰਜਾਬ ਦੀ ਵਿਰਾਸਤੀ ਨਿੱਘ ਦਾ ਅਹਿਸਾਸ ਉਸ ਦੀ ਕਾਵਿ ਸਿਰਜਣਾ ਦੇ ਮਹੱਤਵਪੂਰਨ ਪ੍ਰਸੰਗ ਹਨ ਜਿਹੜੇ ਉਸ ਦੇ ਨਿੱਜ ਤੇ ਪੰਜਾਬ ਦੀ ਰੂਹ ਨੂੰ ਤਤਕਾਲ ਵਿੱਚ ਹੀ ਚਿਣਗੀ ਸੰਵੇਦਨਾ ਮਘਾਈ ਰੱਖਣ ਦੇ ਅਮਲ ਵਿੱਚ ਹਿੱਸਾ ਪਾ ਰਹੇ ਹਨ।

ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸ਼ੀਸ਼ਾ ਝੂਠ ਬੋਲਦਾ ਹੈ ਦੇ ਮੁੱਖ ਬੰਦ ਵਿੱਚ ਲਿਖਦੇ ਹਨ ਕਿ ਦੁਵਿਧਾ ਦੋਚਿੱਤੀ ਇਸ ਪੀੜ੍ਹੀ ਦਾ ਰੋਗ ਹੀ ਤਾਂ ਹੈ ਤੇ ਇਸ ਰੋਗ ਨੂੰ ਇਹ ਆਪਣੀ ਦੌਲਤ ਸਮਝਦੀ ਹੈ । ਮੇਰੀ ਇਸ ਪੀੜ੍ਹੀ ਨੂੰ ਇਹੀ ਫਰਮਾਇਸ਼ ਹੈ ਕਿ ਜੀਵਨ ਤੇ ਸਮਾਜ ਨੂੰ ਇਨਾ ਬੇਸੁਆਦੀ ਨਾ ਸਮਝੋ ।ਇਸ ਦੇ ਇਸ਼ਕਾਂ ਮੁਸ਼ਕਾਂ ਵਿੱਚ ਲਿਪਟੇ ਰਹੇ, ਜਲ ਵਿੱਚ ਹੀ ਮੁਰਗਾਬੀ ਨਾ ਬਣੋ।

ਗੁਰਬਚਨ ਸਿੰਘ ਭੁੱਲਰ ਗੁਰਭਜਨ ਗਿੱਲ ਦੀ ਕਵਿਤਾ ਬਾਰੇ ਲਿਖਦਾ ਹੈ ਕਿ ਇਕ ਗਜ਼ਲਕਾਰ ਵਜੋਂ ਤੇਰਾ ਮੀਰੀ ਗੁਣ ਸਵੈ- ਕੇਂਦਰਿਤ ਨਾ ਹੋਣਾ ਹੈ ।ਇਹ ਤੇਰੀ ਆਵਾਜ਼ ਨਹੀ ਲੋਕਾਂ ਦੀ ਆਵਾਜ਼ ਹੈ। ਤੂੰ ਉਪਦੇਸ਼ਕ ਹੋਵੇ ਬਿਨਾਂ ਸਮਾਜਿਕ ਸਦਾਚਾਰ ਦੀ ਅਤੇ ਰਾਜਨੀਤਿਕ ਹੋਏ ਬਿਨਾਂ ਰਾਜਨੀਤੀ ਦੀ ਗੱਲ ਕਰ ਜਾਂਦਾ ਹੈ ।ਤੇਰੀ ਗ਼ਜ਼ਲ. ਆਮ ਆਦਮੀ ਦੇ ਰੋਜ਼ਾਨਾ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਪਰੇਸ਼ਾਨੀਆਂ ਨੂੰ ਵੀ ਕਲਾਵੰਤ ਰੂਪ ਵਿੱਚ ਪੇਸ਼ ਕਰਦੀ ਹੈ । ਵਿਚਾਰ ਦੀ ਅਜਿਹੀ ਗਹਿਰਾਈ ਵਾਲੀ ਗ਼ਜ਼ਲ ਹੀ ਪਾਠਕ ਲਈ ਕੋਈ ਅਰਥ ਰੱਖਦੀ ਹੈ।
( ਸੁਰਤਾਲ-2021 )

ਡਾਕਟਰ ਆਤਮਜੀਤ ਗੁਰਭਜਨ ਦੀ ਸ਼ਾਇਰੀ ਬਾਰੇ ਲਿਖਦਾ ਹੈ ਕਿ ਗੁਰਭਜਨ ਗਿੱਲ ਸੁਹਿਰਦ ਸ਼ਾਇਰ ਹੈ ਜਿਸ ਦੇ ਕੇਂਦਰ ਵਿੱਚ ਮਨੁੱਖ ਹੈ ਅਤੇ ਉਹ ਮਨੁੱਖ ਦੇ ਹਰੇਕ ਦੁਸ਼ਮਣ ਦੀ ਗੰਭੀਰਤਾ ਨਾਲ ਨਿਸ਼ਾਨਦੇਹੀ ਕਰਦਾ ਹੈ।... ਉਹ ਬੰਦੇ ਦੇ ਅੰਦਰ ਬੈਠੇ ਵੈਰੀਆਂ ਤੋਂ ਲੈ ਕੇ ਬਾਹਰ ਪਸਰੇ ਕਹਿਰਵਾਨਾਂ ਤੱਕ ਦੀ ਸ਼ਨਾਖਤ ਕਰਦਾ ਹੈ ਤੇ ਸਭ ਨੂੰ ਬੇਬਾਕ ਹੋ ਕੇ ਵੰਗਾਰਦਾ ਹੈ ।
(ਉਹੀ )

ਸੁਰਜੀਤ ਪਾਤਰ ਸੁਰਤਾਲ ਗ਼ਜ਼ਲ ਸੰਗ੍ਰਹਿ ਦੀ ਭੂਮਿਕਾ ਵਿੱਚ ਲਿਖਦਾ ਹੈ ਕਿ ਉਸਦੀਆਂ ਗ਼ਜ਼ਲਾਂ ਹਰ ਪੱਖੋਂ ਪੰਜਾਬ ਦੀ ਧਰਤੀ ਦੀਆਂ ਜਾਈਆਂ ਲੱਗਦੀਆਂ ਹਨ। ਸਿਰਫ ਵਿਰਾਸਤੀ ਸ਼ਬਦਾਵਲੀ ਨੂੰ ਹੀ ਨਹੀਂ ਗੁਰਭਜਨ ਨੇ ਆਪਣੇ ਅਜੋਕੇ ਪੰਜਾਬ ਨੂੰ ਵੀ ਸਮੁੱਚੇ ਸਮਾਜਿਕ ਸਭਿਆਚਾਰਕ ਤੇ ਰਾਜਨੀਤਿਕ ਵਰਤਾਰਿਆਂ ਸਮੇਤ ਆਪਣੀਆਂ ਗਜ਼ਲਾਂ ਵਿੱਚ ਸਮੋਇਆ ਹੈ । ... ਗੁਰਭਜਨ ਗਿੱਲ ਦੀ ਗਜ਼ਲ ਦੇ ਸਰੋਕਾਰ ਪੰਜਾਬ ਦੇ ਦਰਾਂ ਘਰਾ,ਖੇਤਾਂ ਖਲਿਹਾਣਾਂ, ਪਗਡੰਡੀਆਂ ਸ਼ਾਹਰਾਹਾਂ,ਦਰਿਆ ਮਹਿਲਾਂ,ਰਾਜੇ ਰੰਕਾ, ਅਣਹੋਇਆ ਤੇ ਕਹਿੰਦੇ ਕਹਾਉਂਦਿਆਂ ਤੱਕ ਫੈਲੇ ਹੋਏ ਹਨ ਅਤੇ ਇਹ ਸਭ ਕੁਝ ਦੇ ਦਰਮਿਆਨ ਗੁਰਭਜਨ ਗਿੱਲ ਦਾ ਮੋਹ ਤੇ ਰੋਹ ਬਰਕਰਾਰ ਹੈ।
(ਸੁਰਤਾਲ ਗ਼ਜ਼ਲ ਦੀ ਜ਼ਰਖੇਜ਼ ਜ਼ਮੀਨ, ਪੰਨਾ 9-12 )

ਡਾਕਟਰ ਸਰਬਜੀਤ ਸਿੰਘ ਗੁਰਭਜਨ ਗਿੱਲ ਦੀ ਕਵਿਤਾ ਬਾਰੇ ਲਿਖਦਾ ਹੈ ਕਿ ਭਾਵੇਂ ਉਹ ਪੰਜਾਬੀ ਸਭਿਆਚਾਰ ਦੀਆਂ ਅਮੀਰ ਪਰੰਪਰਾਵਾਂ ਦਾ ਜ਼ਨ ਸਿਰਜਕ ਰਿਹਾ ਹੋਵੇ, ਭਾਵੇਂ ਉਹ ਗੁਆਚ ਰਹੇ ਸਭਿਆਚਾਰ ਪ੍ਰਤੀ ਚਿੰਤਿਤ ਹੋਵੇ,ਭਾਵੇਂ ਉਹ ਸਮਕਾਲ ਦੇ ਵਰਤਾਰਿਆਂ ਪ੍ਰਤੀ ਆਪਣੀ ਪ੍ਰਤਿਉੱਤਰ ਸਿਰਜ ਰਿਹਾ ਹੋਵੇ,ਭਾਵੇਂ ਉਹ ਵਿਅਕਤੀ ਵਿਸ਼ੇਸ਼ ਸੰਬੰਧੀ ਆਪਣੇ ਭਾਵਾਂ ਦਾ ਪ੍ਰਗਟਾਵਾ ਕਰ ਰਿਹਾ ਹੋਵੇ,ਪੰਜਾਬੀ ਸਭਿਆਚਾਰਿਕ ਸਵੇਦਨਾ ਉਸ ਦੇ ਸ਼ਬਦਾਂ ਦੀ ਧੁਨੀ ਬਣ ਕੇ ਸਮਾਈ ਰਹਿੰਦੀ ਹੈ ।ਉਹ ਵਿਚਾਰਧਾਰਕ ਕਵਿਤਾ ਨੂੰ ਬੌਧਿਕ ਕਾਵਿ ਭਾਸ਼ਾ ਚ ਘੜਨ ਦੀ ਥਾਵੇਂ ਲੋਕ ਰਹਿਤਲ ਵਾਲੀ ਬੋਲ ਵਿਹਾਰ ਦੀ ਕਾਵਿ ਭਾਸ਼ਾ ਵਿੱਚ ਬਹੁਤ ਸਮਰੱਥ ਰੂਪ ਵਿੱਚ ਸਿਰਜਦਾ ਹੈ ।
(ਸਭਿਆਚਾਰਕ ਸੰਵੇਦਨਾ ਦੀ ਕਵਿਤਾ, ਚਰਖੜੀ, ਪੰਨਾ 9)

ਉਪਰੋਕਤ ਤੋਂ ਇਹ ਪ੍ਰਵਚਨ ਉਸਰਦਾ ਹੈ ਕਿ ਗੁਰਭਜਨ ਗਿੱਲ ਦੀ ਕਾਵਿ ਸਾਧਨਾ ਦਾ ਕੇਂਦਰ ਮਨੁੱਖ ਹੈ। ਉਹ ਜਨ ਸਧਾਰਨ ਦੇ ਮਸਲਿਆਂ ਤੇ ਵਿਹਾਰਾਂ ਦੀ ਪੇਸ਼ਕਾਰੀ ਕਰਦਾ ਲੋਕਾਂ ਦਾ ਕਵੀ ਹੈ ਜਿਹੜਾ ਵਿਭਿੰਨ ਵਰਤਾਰਿਆਂ ਦੀ ਨਬਜ਼ ਤੇ ਮਰਜ਼ ਪਛਾਣਦਾ ਮਾਨਵਤਾ ਦੇ ਦੁਸ਼ਮਣ ਦੀ ਨਿਸ਼ਾਨਦੇਹੀ ਕਰਦਾ ਹੈ ।ਉਹ ਪੰਜਾਬ ਦੀ ਰਹਿਤਲ ਤੇ ਸਭਿਆਚਾਰਕ ਵਿਰਾਸਤ ਦਾ ਜਾਮਨ ਦੁਰਪੇਸ਼ ਹਰ ਚੁਣੌਤੀ ਨੂੰ ਸਵੀਕਾਰ ਕਰਦਾ ਹੈ ਤੇ ਬਦਲਵੇਂ ਰੂਪ ਵਿੱਚ ਵੰਗਾਰ ਪਾਉਂਦਾ ਵੀ ਇਸ ਦੇ ਨਤੀਜਿਆਂ ਤੋਂ ਦੁਬਿਧਾ ਗ੍ਰਸਤ ਹੈ। ਸੇਖੋਂ ਦੇ ਕਹਿਣ ਮੁਤਾਬਕ ਜੇ ਕਵੀ \ਲੇਖਕ ਨੇ ਸਿਸਟਮ ਦੇ ਸੱਚ ਨੂੰ ਬਦਲਣਾ ਹੈ ਤਾਂ ਉਸ ਨੂੰ ਸੱਚ ਨਾਲ ਸਪਸ਼ਟ ਰੂਪ ਵਿੱਚ ਟੱਕਰਨਾ ਪਏਗਾ।

ਨਕਸਲਬਾੜੀ ਲਹਿਰ ਨੇ ਇੱਕ ਸੀਮਤ ਸਮੇਂ ਵਿੱਚ ਇੱਕ ਪਾਸੇ ਇੱਕ ਵਿਸ਼ੇਸ਼ ਸ਼੍ਰੇਣੀ ਨੂੰ ਸਿਆਸੀ ਪੱਧਰ ਤੇ ਉਹਨਾਂ ਦੇ ਹੱਕਾਂ ਬਾਰੇ ਚੇਤੰਨ ਕੀਤਾ ਅਤੇ ਸਮਾਜ ਦੇ ਮੂਲ ਦਵੰਦ ਨੂੰ ਕਿਸੇ ਹੱਦ ਤੱਕ ਸਮਝਣ ਸਮਝਾਉਣ ਦਾ ਉਪਰਾਲਾ ਕਰਦਿਆਂ ਪੂੰਜੀ ਦੀ ਦੁਬਾਰਾ ਵੰਡ ਦੇ ਸਿਧਾਂਤ ਦੀ ਪੈਰਵੀ ਕੀਤੀ ਅਤੇ ਸੰਘਰਸ਼ ਰਾਹੀਂ ਇਸ ਨੂੰ ਅਮਲੀ ਰੂਪ ਦੇਣ ਦਾ ਯਤਨ ਕੀਤਾ । ਦੂਜੇ ਪਾਸੇ ਕਲਾ ਪੱਧਰ ਤੇ ਇਸ ਲਹਿਰ ਨੇ ਕਾਲਜ ਦੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਸ਼ਬਦ ਦੀ ਸਦੀਵੀ ਅਹਿਮੀਅਤ ਨੂੰ ਸਥਾਪਤ ਕਰਦਿਆਂ ਸਮਾਜ ਵਿੱਚ ਇੱਕ ਸਹਿੱਤਕ ਕਲਚਰ ਦੀ ਲਹਿਰ ਪੈਦਾ ਕੀਤੀ। ਇਹ ਇਸ ਸਮੇਂ ਦੀ ਪ੍ਰਾਪਤੀ ਹੈ। ਇਸ ਸਾਹਿੱਤਕ ਕਲਚਰ ਦਾ ਯਥਾਰਥ ਬੋਧ ਨਕਸਲਬਾੜੀ ਲਹਿਰ ਦੇ ਹਥਿਆਰਬੰਦ ਲੜਾਈ ਦੇ ਸੰਕਲਪ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹ ਲਹਿਰ ਛਾਪਾਮਾਰ ਲੜਾਈ ਦੇ ਪਰਿਪੇਖ ਵਿੱਚ ਸਮਾਜ ਦੇ ਕਰੂਰ ਯਥਾਰਥ ਨੂੰ ਸੰਭਾਵੀ ਯਥਾਰਥ ਵਿੱਚ ਰੂਪਾਂਤਰਿਤ ਕਰਨ ਲਈ ਖਰਵੇ ਕਾਵਿ ਮੁਹਾਵਰੇ ਨੂੰ ਜਨਮ ਦਿੰਦੀ ਹੈ ਤੇ ਪ੍ਰਵਾਨ ਚੜ੍ਹਾਉਂਦੀ ਰਣਤੱਤੇ ਵਿੱਚ ਹਾਰ ਗਏ ਯਥਾਰਥ ਦੀ ਗੱਲ ਕਰਦੀ ਹੈ। ਗੁਰਭਜਨ ਗਿੱਲ ਵੀ ਉਸ ਸਮੇਂ ਉੱਠੀ ਉਸ ਸਹਿੱਤਕ ਕਲਚਰ ਦੀ ਪੈਦਾਵਾਰ ਹੈ ਅਤੇ ਇਸੇ ਮੁੱਖ ਤਣਾਉ ਨੂੰ ਉਹ ਆਪਣੇ ਕਾਵਿਕ ਅਨੁਭਵ ਦਾ ਹਿੱਸਾ ਬਣਾਉਂਦਾ ਹੈ :

ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ
ਸਾਡੇ ਹੀ ਪੁੱਤਰ ਵੀਰ ਉਸ ਚੁੱਲੇ 'ਚ ਬਾਲਣੇ
ਲੱਭਾਂਗੇ ਮਘਦਾ ਸੂਰਜ ਗੁੰਮਿਆ ਗਵਾਚਿਆ
ਭਾਵੇਂ ਅਸਾਨੂੰ ਪੈਣ ਹੁਣ ਸਾਗਰ ਹੰਗਾਲਣੇ

ਮਾਏ ਨੀ ਮਾਏ ਤੇਰਾ ਪੁੱਤ ਦੱਸਣੋਂ ਸ਼ਰਮਾਏ
ਕੱਢੇ ਜੇ ਆਵਾਜ਼ ਮੂੰਹੋ ਪੁੱਤ ਤੇਰਾ ਬਾਂਕੜਾ ਨੀ
ਪੈਣ ਉਹਨੂੰ ਕੁੱਤੇ ਹਲਕਾਏ

ਰਣ ਖੇਤਰ ਵਿੱਚ ਖੂਬ ਲੜੇ ਆ,ਹੋਰ ਲੜਾਂਗੇ ਰੀਝ ਲਈ
ਕੀ ਹੋਇਆ ਜੇ ਬੇਹਥਿਆਰੀ ਫਿਰ ਸਾਡੀ ਧਿਰ ਹਾਰ ਗਈ

ਇੱਕ ਇਕੱਲੇ ਕਿਰਤੀ ਦੇ ਪੁੱਤ ਨੂੰ ਚੂੰਢਣ ਵਾਲੇ ਕਿੰਨੇ
ਥਾਂ ਥਾਂ ਦਫਤਰ ਚੁੰਗੀਆਂ ਠਾਣੇ ਹਾਕਮ ਵੱਢੀ ਖੋਰ

ਜਿੱਥੇ ਕਿਧਰੇ ਚੀਕਾਂ ਤੇ ਕੁਰਲਾਹਟਾਂ ਦੀ ਆਵਾਜ਼ ਸੁਣੇ
ਹਰ ਬਸਤੀ ਘਰ ਸ਼ਹਿਰ ਦੇਸ਼ ਤੇ ਹਰ ਧੁੱਖਦਾ ਪਿੰਡ ਮੇਰਾ ਹੈ

1958 ਦਾ ਅੰਨਘਾਟਾ 1960 ਦੇ ਸਾਮਰਾਜੀ ਅਮਰੀਕਾ ਦੇ ਸੰਕਲਪ ਹਰੀ ਕ੍ਰਾਂਤੀ ਦੇ ਸੁਪਨੇ ਵਿੱਚ ਰੂਪਾਂਤਰਿਤ ਹੋ ਕੇ ਭਾਰਤ ਤੇ ਖਾਸ ਕਰ ਪੰਜਾਬ ਦੇ ਲੋਕਾਂ ਲਈ ਕਈ ਨਵੇਂ ਭਰਮ ਜਾਲ ਸਿਰਜਦਾ ਹੈ। ਖੇਤੀ ਦਾ ਮਸ਼ੀਨੀਕਰਨ ਹੁੰਦਾ ਹੈ ਤੇ ਮਸ਼ੀਨੀਕਰਨ ਲਈ ਪੰਜਾਬ ਦੇ ਕਿਸਾਨ ਕਰਜ਼ੇ ਦੇ ਸੰਮੋਹਕ ਫੰਦੇ ਵਿੱਚ ਫਸ ਕੇ ਦੁਖਾਂਤਕ ਹੋਣੀ ਦਾ ਸ਼ਿਕਾਰ ਹੁੰਦੇ ਹਨ। ਪਰ ਇਸ ਦਾ ਇੱਕ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਪੰਜਾਬੀ ਨਵੇਂ ਦਿਸੱਹਦਿਆਂ ਦੀ ਤਲਾਸ਼ ਵੱਲ ਰੁਚਿਤ ਹੁੰਦਾ ਹੈ। ਇਸ ਕਾਲ ਵਿੱਚ ਵਿਦਿਅਕ ਪਸਾਰੇ ਨਾਲ ਨੌਜਵਾਨ ਅਨਪੜ੍ਹਤਾ ਤੋਂ ਮੁਕਤੀ ਪ੍ਰਾਪਤ ਕਰਕੇ ਨਵੀਆਂ ਸੰਭਾਵਨਾਵਾਂ ਨੂੰ ਜੀ ਆਇਆ ਕਹਿਣ ਵੱਲ ਵੀ ਭਰਮ ਸਿਰਜਦੇ ਹਨ ਕਿਉਂਕਿ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਪੰਜਾਬ ਨੂੰ ਕੱਚੇ ਮਾਲ ਦੀ ਮੰਡੀ ਦੇ ਰੂਪ ਵਿੱਚ ਹੀ ਵਿਕਸਿਤ ਕੀਤਾ ਜਾਂਦਾ ਹੈ । ਭਾਵੇਂ ਨਵੇਂ ਉਦਯੋਗਾਂ ਦੇ ਵਿਕਾਸ ਕਰਨ ਨਾਲ ਜਿੱਥੇ ਪੇਂਡੂ ਅਰਥਚਾਰੇ ਤੇ ਬੋਝ ਘਟਣ ਲੱਗਦਾ ਹੈ, ਉੱਥੇ ਸ਼ਹਿਰੀਕਰਨ ਦੇ ਵਿਕਾਸ ਨਾਲ ਨਵੀਆਂ ਸੰਭਾਵਨਾਵਾਂ ਜਾਗਦੀਆਂ ਹਨ। ਪਰ ਨਾਲ ਨਾਲ ਪੇਂਡੂ ਤੇ ਸ਼ਹਿਰੀ ਸਭਿਆਚਾਰਕ ਤਣਾਓ ਵੀ ਉਤਪੰਨ ਹੁੰਦਾ ਹੈ। ਸ਼ਹਿਰੀਕਰਨ ਦਾ ਵਿਕਾਸ ਇੱਕ ਪਾਸੇ ਪੇਡੂ ਤੇ ਸ਼ਹਿਰੀ ਰਿਸ਼ਤੇ ਨੂੰ ਤੋੜਦਾ ਹੈ, ਉੱਚੇ ਨੀਂਵੇ, ਜ਼ਾਤ ਪਾਤ ਦੀ ਸੰਭਾਵਨਾ ਵਿੱਚ ਤਬਦੀਲ ਕਰਦਾ ਹੈ, ਉਥੇ ਵਿਅਕਤੀ ਨੂੰ ਸਵਾਰਥੀ ਤੇ ਹਉਂ ਕੇਂਦਰਤ ਵੀ ਕਰ ਦਿੰਦਾ ਹੈ। ਜ਼ਿੰਦਗੀ ਵਿੱਚ ਆਈਆਂ ਨਵੀਆਂ ਸੰਭਾਵਨਾਵਾਂ ਦੀ ਆਰਥਿਕ ਪੱਧਰ ਤੇ ਅਪੂਰਤੀ ਉਹਦੇ ਵਿਅਕਤਿਤਵ ਨੂੰ ਖੰਡਿਤ ਕਰ ਦਿੰਦੀ ਹੈ। ਇਹ ਜ਼ਿੰਦਗੀ ਵਿੱਚ ਆਏ ਪਰਸਪਰ ਤਣਾਉ \ਸੰਕਟ ਮਨੁੱਖ ਦੀ ਸਮੁੱਚੀ ਜ਼ਿੰਦਗੀ ਦੇ ਵਿਹਾਰ ਨੂੰ ਬਦਲ ਕੇ ਰੱਖ ਦਿੰਦੇ ਹਨ ਅਤੇ ਵਿਅਕਤੀ ਮਨ ਦਾ ਸਾਹਮਣਾ ਦੁਚਿੱਤੀ, ਵਿਸੰਗਤੀ, ਤੁੱਛਤਾ,ਸਵਾਰਥਪੁਣੇ, ਅਸੰਤੁਲਨਤਾ ਨਾਲ ਹੁੰਦਾ ਹੈ। ਸੰਵੇਦਨਸ਼ੀਲ ਕਵੀ ਮਨ ਇਹਨਾਂ ਵੇਦਨਾਵਾਂ ਨੂੰ ਆਪਣੀ ਅਭਿਵਿਅਕਤੀ ਦਾ ਆਧਾਰ ਬਣਾਉਂਦਾ ਹੈ।

ਦੂਜੇ ਪਾਸੇ ਨਕਸਲਬਾੜੀ ਲਹਿਰ ਦੇ ਸੰਭਾਵਿਤ ਯਥਾਰਥ ਦੇ ਸਿਸਟਮੀ ਯਥਾਰਥ ਦੇ ਤਸ਼ੱਦਦ ਸਾਹਮਣੇ ਰਣਤੱਤੇ ਵਿੱਚ ਹਾਰ ਜਾਣ ਕਾਰਨ ਇਹ ਲਹਿਰ ਰਸਾਤਲ ਵੱਲ ਜਾਣੀ ਸ਼ੁਰੂ ਹੁੰਦੀ ਹੈ। ਪੜਚੋਲ ਤੇ ਸਵੈ-ਪੜਚੋਲ ਦਾ ਵਿਸ਼ਲੇਸ਼ਣ ਸਮਾਜਿਕ ਯਥਾਰਥ ਨੂੰ ਬੌਧਿਕ ਪੱਧਰ ਤੇ ਸਮਝਣ ਸਮਝਾਉਣ ਵੱਲ ਅਗਰਸਰ ਹੁੰਦਾ ਹੈ। ਲਹਿਰ ਭੰਨ ਤੋੜ ਦੀਆਂ ਕਾਰਵਾਈਆਂ ਵੱਲ ਰੁਚਿਤ ਹੋਣ ਕਰਕੇ ਖੀਣ ਹੋਣ ਲੱਗਦੀ ਹੈ। ਸਿਸਟਮੀ ਸੱਚ ਦੀ ਕਰੂਰਤਾ ਸਾਹਮਣੇ ਇਸ ਲਹਿਰ ਦੇ ਕਾਰਕੁਨ ਤੇ ਹਰਾਵਲ ਦਸਤਾ ਵਿਦੇਸ਼ਾਂ ਵੱਲ ਪ੍ਰਵਾਸ ਕਰਦਾ ਹੈ। ਅਤੇ ਇਸ ਕਾਰਨ ਡਰ, ਸਹਿਮ ,ਉਪਰਾਮਤਾ, ਉਦਾਸੀ, ਨਿਰਾਸ਼ਾ ਤੇ ਮੌਤ ਸੰਕਲਪਕ ਸ਼ਬਦਾਂ ਵਿੱਚ ਪਸਾਰ ਕਰਦੇ ਹਨ। ਪ੍ਰਵਾਸ ਦੇ ਨਾਲ ਨਾਲ ਇਸ ਦਾ ਦੂਜਾ ਪੱਖ ਇਸ ਲਹਿਰ ਜਾਂ ਯਥਾਰਥ ਤੋਂ ਅਪਸਾਰਤਾ ਦਾ ਹੁੰਦਾ ਹੈ। ਸਮੁੱਚੀ ਲਹਿਰ ਦੇ ਵਿਚਾਰਧਰਾਈ ਅਧਾਰਾਂ ਤੋਂ ਮੋਹ ਭੰਗ ਹੋਣ ਕਰਕੇ ਇਸ ਨਾਲ ਜੁੜੇ ਵਿਅਕਤੀ ਛਟਪਟਾਉਂਦੇ ਹਨ। ਦੁਚਿੱਤੀ, ਵਿਸੰਗਤੀ, ਉਪਰਾਮਤਾ ਦੇ ਆਲਮ ਵਿੱਚ ਗਰਕਦੇ ਹਨ ।ਇਸ ਕਾਲ ਦੇ ਇਹ ਕੁਝ ਜ਼ਿੰਦਗੀ ਦੇ ਵਿਹਾਰ ਹਨ ਜਿਹੜੇ ਵਿਅਕਤੀ ਮਨ ਵਿੱਚ ਸੰਦੇਹ ਪੈਦਾ ਕਰਕੇ ਉਸ ਨੂੰ ਖੰਡਿਤ ਕਰ ਦਿੰਦੇ ਹਨ। ਇਹੀ ਡਰ, ਸਹਿਮ, ਮੌਤ,ਅਵਿਸ਼ਵਾਸ, ਉਦਾਸੀ,ਨਿਰਾਸ਼ਾ,ਦੁਚਿੱਤੀ, ਉਪਰਾਮਤਾ, ਤੁੱਛਤਾ, ਅਜਨਬੀਅਤ, ਵਿਅਕਤਿਤਵ ਖੰਡਿਤਾ, ਵਿਸੰਗਤੀ ਆਦਿ ਇਸ ਸਮੇਂ ਦੀ ਵਿਸ਼ੇਸ਼ਤਾ ਰਹੇ ਹਨ ਅਤੇ ਇਸ ਕਾਲ ਦੀ ਸਮਕਲੀਨ ਕਵਿਤਾ ਦਾ ਵਿਚਾਰਧਰਾਈ ਆਧਾਰ ਬਣਦੇ ਹਨ। ਗੁਰਭਜਨ ਗਿੱਲ ਦੀ ਇਸ ਸਮੇਂ ਦੀ ਕਵਿਤਾ (ਸ਼ੀਸ਼ਾ ਝੂਠ ਬੋਲਦਾ ਹੈ ਅਤੇ ਹਰ ਧੁੱਖਦਾ ਪਿੰਡ ਮੇਰਾ ਹੈ) ਜ਼ਿੰਦਗੀ ਦੇ ਇਹਨਾਂ ਵਿਹਾਰਾਂ ਵਿੱਚ ਹੀ ਅਰਥ ਗ੍ਰਹਿਣ ਕਰਦੀ ਹੈ।ਸ਼ਹਿਰ ਭੀੜ ਦਾ ਅਯਾਮ ਬਣਦੇ ਹਨ। ਭੀੜ ਵਿੱਚ ਕੇਵਲ ਰੌਲਾ ਹੈ ਤੇ ਭੀੜ ਬੇਪਛਾਣ ਹੁੰਦੀ ਹੈ ।ਇਸ ਭੀੜ ਵਿੱਚ ਹੀ ਵਿਅਕਤੀ ਛਟਪਟਾਉਂਦਾ ਖੰਡਿਤ ਵਿਅਕਤੀਤਵ ਨੂੰ ਜਨਮ ਦਿੰਦਾ ਹੈ :

ਕਿਹੜੇ ਨੇ ਇਹ ਬਾਹਾਂ ਵਾਲੇ ਟੁੰਡੇ ਲੋਕੀ
ਰੋਜ਼ ਸਵੇਰੇ ਆਪਣੇ ਪਰਛਾਵੇਂ ਦੇ ਪਿੱਛੇ ਲੱਗ ਤੁਰਦੇ ਨੇ
ਸ਼ਾਮ ਢਲਦਿਆਂ ਆਪਣੇ ਪਰਛਾਵੇਂ ਤੋਂ ਡਰ ਕੇ
ਅੱਗੇ ਅੱਗੇ ਨੱਸ ਤੁਰਦੇ ਨੇ

ਕਿੰਜ ਦੀ ਹੈ ਇਹ ਸ਼ਾਮ
ਕਿ ਸ਼ੀਸ਼ਾ ਝੂਠ ਬੋਲ ਕੇ ਹੱਸ ਰਿਹਾ ਹੈ
ਮੇਰਾ ਖੱਖੜੀ ਚਿਹਰਾ
ਚੰਦਰਾ ਅਜੇ ਸਬੂਤਾ ਦੱਸ ਰਿਹਾ ਹੈ

ਪੈੜਾਂ ਤੇ ਕੁਝ ਰਿਸ਼ਤੇ ਨਵੇਂ ਨਵੇਲੇ
ਇਕਲਾਪੇ ਵਿਚ ਇਹੀਓ ਸਾਥ ਸੁਹੇਲੇ
ਤੇ ਹੁਣ ਇਕਲਾਪੇ ਦੀ ਪੰਡ ਨੂੰ ਸਿਰ ਟਿਕਾਈ
ਫਿਰ ਰਿਹਾ ਅੱਜ ਵੀ

ਪੌਣ ਵਗੇ ਤਾਂ ਪੈਲਾਂ ਪਾਈਏ, ਚਿਤ ਪਰਚਾਈਏ
ਮੋਰ ਵਾਂਗ ਚਿਤਕਬਰੇ
ਸਾਡਾ ਆਪਣਾ ਕੋਈ ਰੰਗ ਨਹੀਂ

1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ,1974 ਵਿੱਚ ਜੈ ਪ੍ਰਕਾਸ਼ ਨਰਾਇਣ ਦੀ ਚਲਾਈ ਸ਼ਾਂਤਮਈ ਲੋਕਤੰਤਰੀ ਸੁਧਾਰਕ ਲਹਿਰ, 1975 ਵਿੱਚ ਦੇਸ਼ ਵਿਚਲੀ ਐਮਰਜੈਂਸੀ ਅਤੇ ਸਿਆਸੀ ਅਪਰਾਧੀਕਰਨ ਦੀ ਰੁਚੀ,ਜੂਨ 1975 ਵਿੱਚ ਜੈ ਪ੍ਰਕਾਸ਼ ਨਰਾਇਣ ਦਾ ਇੰਦਰਾ ਗਾਂਧੀ ਦੇ ਬੈਲਟ ਬੋਕਸ ਦੀ ਚੁਨੌਤੀ ਨੂੰ ਸਵੀਕਾਰ ਕਰਨਾ,1977 ਵਿੱਚ ਐਮਰਜੈਂਸੀ ਦਾ ਹਟਣਾ ਤੇ ਚੋਣਾਂ ਅਤੇ ਜਨਤਾ ਪਾਰਟੀ ਦਾ ਰਾਜ, 1980 ਵਿੱਚ ਦੁਬਾਰਾ ਕਾਂਗਰਸ ਦਾ ਰਾਜ ਸਤਾ ਵਿੱਚ ਆਉਣਾ- ਇਹ ਕੁਝ ਅਹਿਮ ਘਟਨਾਵਾਂ ਹਨ ਜਿਨਾਂ ਨੇ ਦੇਸ਼ ਵਿੱਚਲੇ ਸਮੁੱਚੇ ਆਰਥਿਕ, ਸਮਾਜਿਕ ,ਰਾਜਮੀ, ਧਰਮ ਤੇ ਸਭਿਆਚਾਰਕ ਵਰਤਾਰਿਆਂ ਨੂੰ ਪ੍ਰਭਾਵਿਤ ਕੀਤਾ। ਇਹਨਾਂ ਵਰਤਾਰਿਆਂ ਦੇ ਅੰਤਰਗਤ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਛਾਣ ਦਾ ਮਸਲਾ ਜੁੜਿਆ ਹੋਇਆ ਹੈ । ਆਰਥਿਕ ਪੱਧਰ ਤੇ ਪੰਜਾਬ ਨੂੰ ਕੇਵਲ ਕੱਚੇ ਮਾਲ ਦੀ ਮੰਡੀ ਦੇ ਰੂਪ ਵਿੱਚ ਹੀ ਜਾਰੀ ਰੱਖਣਾ ਤੇ ਵੱਡੇ ਉਦਯੋਗਾਂ ਨੂੰ ਨਾ ਖੋਲ੍ਹਣ ਕਰਕੇ ਬੇਰੁਜ਼ਗਾਰੀ ਦੀ ਸਮੱਸਿਆ ਦਾ ਵੱਡੇ ਪੱਧਰ ਤੇ ਸਾਹਮਣਾ ਕਰਨਾ ਪੈਂਦਾ ਹੈ ਜਿਹੜੀ ਕਿ ਨੌਜਵਾਨਾਂ ਵਿੱਚ ਰੋਸ ਪੈਦਾ ਕਰਦੀ ਹੈ ।ਸਿਆਸੀ ਪੱਧਰ ਤੇ ਐਮਰਜੈਂਸੀ ਦੌਰਾਨ ਅਕਾਲੀ ਦਲ ਦੇ ਲਾਏ ਮੋਰਚੇ ਦੇ ਪ੍ਰਤੀਕਰਮ ਵਜੋਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਦਾ ਦੁਬਾਰਾ ਸੱਤਾ ਵਿੱਚ ਆਉਣ ਕਰਕੇ ਬਦਲਾ ਲੈਣਾ ਤੇ ਭਾਸ਼ਾ, ਧਰਮ, ਸਭਿਆਚਾਰ ਦੇ ਖੇਤਰ ਦੇ ਅਧਾਰ ਤੇ ਨਵੀਆਂ ਗੰਭੀਰ ਸਮੱਸਿਆਵਾਂ ਨੂੰ ਬੜਾਵਾ ਦੇਣ ਨਾਲ ਪੰਜਾਬ ਦੇ ਸੰਕਟ ਦਾ ਕਾਰਨ ਬਣਦਾ ਹੈ,ਪੰਜਾਬ ਦੇ ਕੁਦਰਤੀ ਸੋਮਿਆਂ ਦੀ ਰਾਜਸੀ ਲਾਹਾ ਲੈਣ ਲਈ ਲੁੱਟ ਕਸੁੱਟ ਕਰਨਾ ਤੇ ਪ੍ਰਤੀਕਰਮ ਵਜੋਂ ਕਪੂਰੀ ਦਾ ਮੋਰਚਾ ਲੱਗਣਾ ਤੇ ਬਾਅਦ ਵਿੱਚ ਇਸ ਦਾ ਧਰਮ ਸੰਕਟ ਵਿੱਚ ਵਟ ਜਾਣਾ। ਭਾਸ਼ਾ ਦੀ ਪੱਧਰ ਤੇ ਕੇਂਦਰੀ ਭਾਰਤ ਦੀ ਹਿੰਦੀ ਭਾਸ਼ਾ ਨੂੰ ਹਰ ਪੱਧਰ ਤੇ ਪੰਜਾਬ ਵਿੱਚ ਤਰਜੀਹ ਦੇ ਕੇ ਪੰਜਾਬੀ ਭਾਈਚਾਰੇ ਵਿੱਚ ਦਰਾੜ ਪੈਦਾ ਕਰਨ ਵਿੱਚ ਕਾਮਯਾਬ ਹੋਣਾ ਅਤੇ ਸਭਿਆਚਾਰਕ ਪੱਧਰ ਤੇ ਪੰਜਾਬੀ ਤੇ ਖਾਸ ਕਰ ਇਸ ਨੂੰ ਸਿੱਖੀ ਪਛਾਣ ਤੇ ਕੇਂਦਰਿਤ ਕਰਨਾ,ਉਹ ਕੁਝ ਵਿਸ਼ੇਸ਼ ਕਾਰਨ ਹਨ ਜਿਹਨਾਂ ਨੇ ਪੰਜਾਬ ਸੰਕਟ ਨੂੰ ਜਨਮ ਦਿੱਤਾ। ਅਕਾਲੀ ਨਿਰਕਾਰੀ ਵਿਵਾਦ ਨੇ ਇਸ ਬਲਦੀ ਤੇ ਤੇਲ ਪਾ ਕੇ ਇਸ ਨੂੰ ਧਾਰਮਿਕ ਜੰਨੂਨ ਦੀ ਪੱਧਰ ਤੱਕ ਗੰਭੀਰ ਤੇ ਨਾਜ਼ੁਕ ਬਣਾ ਦੇਣ ਕਾਰਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਪੈਦਾਵਾਰ ਨੇ ਇਸ ਨੂੰ ਜੂਨ 1984 ਹਰਿਮੰਦਰ ਸਾਹਿਬ ਦੀ ਸਾਕਾ ਨੀਲਾ ਤਾਰਾ ਵਿੱਚ ਰੂਪਾਂਤਰਤ ਕਰ ਦੇਣ ਦੇ ਵਿਹਾਰ ਨੇ ਪੰਜਾਬੀ ਦਿਲਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਪ੍ਰਤੀਕਰਮ ਵਜੋਂ ਪ੍ਰਧਾਨ ਮੰਤਰੀ ਦੇ ਕਤਲ ਤੇ ਨਵੰਬਰ 1984 ਦੇ ਦਿੱਲੀ ਵਿੱਚ ਤੇ ਭਾਰਤ ਦੇ ਹੋਰਨੀਂ ਥਾਈਂ ਰਾਜ ਸੱਤਾ ਪਾਰਟੀ ਵੱਲੋਂ ਆਯੋਜਿਤ ਸਿੱਖ ਵਿਰੋਧੀ ਦੰਗੇ ਪੰਜਾਬ ਦੀ ਦੁਖਾਂਤਿਕ ਹੋਣੀ ਦਾ ਮੂਲ ਆਧਾਰ ਬਣਦੇ ਹਨ।

ਨਕਸਲਬਾੜੀ ਲਹਿਰ ਦਾ ਕੁਝ ਕਾਡਰ ਜਿਹਨਾਂ ਇਸ ਲਹਿਰ ਵੇਲੇ ਸਰਕਾਰੀ ਤਸ਼ੱਦਦ ਦੀ ਸੰਤਾਪੀ ਹੋਣੀ ਨੂੰ ਆਪਣੇ ਪਿੰਡਿਆਂ ਤੇ ਸਹਿਆ ਸੀ ਅਤੇ ਜਿਹੜੇ ਲੋਕ ਆਧਾਰ ਦੇ ਸੰਕਲਪ ਨੂੰ ਵੀ ਜਾਣਦੇ ਸਨ ਸਿਸਟਮ ਤੋਂ ਆਪਣਾ ਪਿੱਛਲਾ ਬਦਲਾ ਲੈਣ ਲਈ ਖਾਲਿਸਤਾਨੀ ਲਹਿਰ ਵਿੱਚ ਸ਼ਾਮਿਲ ਹੁੰਦੇ ਹਨ। ਦੂਜੇ ਪਾਸੇ ਕੁਝ ਉਹ ਲੋਕ ਸਨ ਜਿਹੜੇ ਕੇਵਲ ਐਡਵੈਂਚਰਿਸਟ ਵਿਹਾਰ ਜਾਂ ਫੈਸ਼ਨਪ੍ਰਸਤੀ ਕਾਰਨ ਪੈਸੇ ਅਤੇ ਮਾਲ ਅਸਬਾਬ ਦੀ ਪ੍ਰਾਪਤੀ ਲਈ ਇਸ ਲਹਿਰ ਵਿੱਚ ਸ਼ਾਮਿਲ ਹੁੰਦੇ ਹਨ । ਤੀਜੇ ਉਹ ਲੋਕ ਸਨ ਜਿਹੜੇ ਬੇਰੁਜ਼ਗਾਰੀ ਦੇ ਸਤਾਏ ਹੋਏ ਅਤੇ ਕੁਝ ਧਰਮ ਪ੍ਰੇਰਨਾ ਦੇ ਵਰਸੋਏ ਅਤੇ ਕੁਝ 84 ਦੇ ਦੰਗਿਆਂ ਦੇ ਵਿਨਾਸ਼ ਵਿੱਚੋਂ ਬਚੇ ਲੋਕ ਜਿਹੜੇ ਇਸ ਲਹਿਰ ਵਿੱਚ ਸ਼ਾਮਿਲ ਹੁੰਦੇ ਹਨ ।ਪਹਿਲਾ ਪਹਿਲ ਇਸ ਲਹਿਰ ਨੂੰ ਲੋਕਾਂ ਵੱਲੋਂ ਸ਼ੈਲਟਰ ਮਿਲੀ ਤੇ ਲਹਿਰ ਦੀ ਸਫਲਤਾ ਦਾ ਆਧਾਰ ਵੀ ਬਣੇ ।ਪਰ ਮਗਰੋਂ ਇਸ ਸ਼ੈਲਟਰ ਨੂੰ ਨਜਾਇਜ਼ ਰੂਪ ਵਿੱਚ ਵਿਅਕਤੀਗਤ ਜਿਨਸੀ ਤੇ ਆਰਥਿਕ ਸ਼ੋਸ਼ਣ ਦੇ ਕਾਰਨ ਇਸ ਵਿਰੁੱਧ ਰੋਸ ਪੈਦਾ ਹੋਇਆ ਜਿਹੜਾ ਇਸ ਦੇ ਖਤਮ ਹੋਣ ਦਾ ਕਾਰਨ ਬਣਿਆ। ਦੂਜਾ ਸਟੇਟ ਸ਼ਕਤੀ ਨਾਲ ਇਸ ਲਹਿਰ ਦੇ ਆਹਮੋ ਸਾਹਮਣੇ ਲੜਨ ਦੇ ਸੰਕਲਪ ਨੇ ਇਸ ਦੀ ਸ਼ਕਤੀ ਨੂੰ ਛੇਤੀ ਖਤਮ ਕਰ ਦਿੱਤਾ ਕਿਉਂਕਿ ਇਹ ਲੜਾਈ ਆਮ ਕਰਕੇ ਗੁਰੀਲਾ ਹੁੰਦੀ ਹੈ। ਤੀਜਾ ਇਹ ਲਹਿਰ ਧਰਮ ਨਾਲ ਜੁੜਨ ਕਰਕੇ ਹਿੰਦੂ ਸਿੱਖਾਂ ਦੇ ਭਾਈਚਾਰਕ ਰਿਸ਼ਤਿਆਂ ਵਿੱਚ ਇੱਕ ਬੰਧਨ ਵਜੋਂ ਉਭਾਰੀ ਜਾਣ ਕਰਕੇ ਖੀਣ ਹੋ ਗਈ । ਸਮੇਂ ਅਤੇ ਸਥਾਨ ਦੀ ਵਿਡੰਬਣਾ ਹੈ ਕਿ ਗੁਰਭਜਨ ਗਿੱਲ ਇਸ ਆਉਣ ਵਾਲੇ ਪੰਜਾਬ ਸੰਕਟ ਤੇ ਵਰਤਾਰੇ ਬਾਰੇ ਤੇ ਇਸ ਦੀ ਪਛਾਣ ਬਾਰੇ ਪਹਿਲਾਂ ਹੀ ਸੰਕੇਤ ਕਰ ਦਿੰਦਾ ਹੈ :

ਸੰਕਟ ਕਾਲ ਚ ਜੰਮੇ ਜਾਏ ਪੁੱਛਣਗੇ ਜਦ ਸਾਨੂੰ
ਸਿਵਿਆਂ ਦੇ ਵਿਸਤਾਰ ਦੇ ਬਾਰੇ ਕਿਹੜਾ ਦੇਊ ਜਵਾਬ

ਜਦੋਂ ਸਮੁੱਚਾ ਸਮਾਜਿਕ ਵਰਤਾਰਾ ਇਸ ਦੇ ਪ੍ਰਭਾਵ ਵਸ ਆ ਜਾਂਦਾ ਹੈ ਤਾਂ ਇਹ ਮਨੁੱਖੀ ਰਿਸ਼ਤਿਆਂ ਵਿਚਲੀ ਨਿਯਮਾਵਲੀ ਵਿੱਚ ਵੀ ਅਸਰ ਅੰਦਾਜ਼ ਹੁੰਦਾ ਹੈ। ਪੰਜਾਬ ਦਾ ਇਹ ਸੰਕਟ ਕਾਲ ਦਾ ਸਮਾਂ ਇਸੇ ਪਰਿਪੇਖ ਦੀ ਪੈਦਾਵਾਰ ਹੈ ਜਿਹੜਾ ਬਾਅਦ ਵਿੱਚ ਵਿਕਰਿਤ ਰੂਪ ਧਾਰ ਕੇ ਪੰਜਾਬ ਦੀ ਦੁਖਾਂਤ ਹੋਣੀ ਦਾ ਕਾਰਨ ਬਣਦਾ ਹੈ । ਪੰਜਾਬੀ ਨੂੰ ਸਰਕਾਰੀ ਤੇ ਖਾਲਿਸਤਾਨੀ ਦੋਵਾਂ ਤਰ੍ਹਾਂ ਦੇ ਜ਼ਾਲਮਾਨਾ ਦੁਖਾਂਤਕ ਅਨੁਭਵ ਵਿੱਚੋਂ ਗੁਜ਼ਰਨਾ ਪੈਂਦਾ ਹੈ। ਮਨੁੱਖੀ ਹੋਣੀ ਦਾ ਦੁਖਾਂਤਕ ਤੇ ਤਾਰਕਿਕ ਅਨੁਭਵ ਇਸ ਕਾਲ ਦਾ ਆਧੁਨਿਕ ਕਾਵਿਬੋਧ ਹੈ। ਅਰਾਜਕਤਾ,ਡਰ, ਸਹਿਮ, ਖ਼ੌਫ਼ ,ਮੌਤ ਦੇ ਮਾਹੌਲ ਵਿੱਚ ਮਨੁੱਖੀ ਹੋਂਦ ਮਨਫੀ ਹੋ ਜਾਂਦੀ ਹੈ । ਪੰਜਾਬੀ ਮਾਤਭੂਮੀ ਦੀ ਸੂਰਤ ਤੇ ਸੀਰਤ ਵਿੱਚ ਪਲਿਆ ਮਿੱਟੀ ਦਾ ਬਾਵਾ ਨਿਸ਼ਕਿਰਿਆ ਸਿਮਰਤੀ ਸਿਰਜਣਾ ਦੇ ਘੇਰੇ ਵਿੱਚ ਨਿਰਲਿਪਤ ਹੋ ਜਾਂਦਾ ਹੈ। ਵਿਅਕਤੀ ਮਨ ਡਰ, ਸਹਿਮ ਤੇ ਮੌਤ ਦੇ ਅੰਤਰਗਤ ਸਥਿਤੀ, ਘਟਨਾ, ਮਾਹੌਲ ਤੇ ਸਵੈ ਤੋਂ ਅਪਸਾਰਤ ਹੁੰਦਾ ਹੈ। ਪੰਜਾਬ ਸੰਕਟ ਤੋਂ ਉਪਜੇ ਦੁਖਾਂਤਕ ਅਨੁਭਵ ਦੀ ਪੇਸ਼ਕਾਰੀ ਗੁਰਭਜਨ ਗਿੱਲ ਦੀ ਕਾਵਿ ਸੰਵੇਦਨਾ ਨੂੰ ਤੀਬਰ ਕਰਦੀ ਹੈ ।

ਕਿਕਲੀ ਕਲੀਰ ਦੀ ਬਈ ਕਿੱਕਲੀ ਕਲੀਰ ਦੀ
ਲੀਰੋ ਲੀਰ ਚੁੰਨੀ ਮੇਰੀ ਪਾਟੀ ਪੱਗ ਵੀਰ ਦੀ

ਖੰਭ ਖਿਲਰੇ ਨੇ ਕਾਵਾਂ ਦੇ
ਰੋਕ ਲਓ ਨਿਸ਼ਾਨੇਬਾਜ਼ੀਆਂ
ਪੁੱਤ ਮੁੱਕ ਚੱਲੇ ਮਾਵਾਂ ਦੇ

ਕੁਝ ਦੱਸ ਤਾਂ ਮਿੱਟੀ ਦਿਆ ਬਾਵਿਆ
ਸਾਡਾ ਸੂਰਜ ਕਿਸ ਨੇ ਖਾ ਲਿਆ
ਤੂੰ ਵੀ ਡਰਦਾ ਮਿੱਟੀ ਦਿਆ ਬਾਵਿਆ
ਕਿੱਥੇ ਜਾਏਂਗਾ ਮਿੱਟੀ ਦਿਆ ਬਾਵਿਆ

ਗੁਰਭਜਨ ਗਿੱਲ ਸਥਿਤੀ ਤੋਂ ਉਪਜੇ ਤਣਾਉ ਨੂੰ ਸਿਰਜ ਕੇ ਇਕ ਜੀਵੰਤ ਸਮਾਜ ਦਾ ਅਹਿਮ ਪ੍ਰਸ਼ਨ ਪੈਦਾ ਕਰਦਾ ਹੈ। ਜੀਵੰਤ ਸਮਾਜ ਨੂੰ ਬਣਾਈ ਰੱਖਣ ਲਈ ਉਹ ਆਪਣੇ ਕਾਵਿ ਨਾਇਕ ਨੂੰ ਅਜੋਕੀ ਸਥਿਤੀ ਦੇ ਅੰਤਰਗਤ ਸਭਿਆਚਾਰ ਸੰਤੁਲਨ ਨੂੰ ਸਮਤੋਲ ਕਰਨ ਲਈ ਸਥਾਪਤੀ ਅਤੇ ਵਿਸਥਾਪਤੀ ਦੇ ਤਣਾਉ ਦਰਮਿਆਨ ਕਾਰਜਸ਼ੀਲ ਕਰਦਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦੀ ਖਾਨਾਜੰਗੀ ਵੇਲੇ ਸ਼ਾਹ ਮੁਹੰਮਦ ਦੇ ਜੰਗਨਾਮੇ ਦੇ 33ਵੇਂ ਬੰਦ ਵਿੱਚ ਇਹ ਨਾਇਕ ਨਿਸ਼ਕਿਰਿਆ ਹੋ ਕੇ ਅਪਸਾਰਤਾ ਦਾ ਰਾਹ ਚੁਣਦਾ ਹੈ। ਪਰ ਗਿੱਲ ਦੀ ਕਵਿਤਾ ਵਿੱਚ ਇਹ ਸਭਿਆਚਾਰਿਕ ਨਾਇਕ ਦੀ ਨਿਸ਼ਕਿਰਿਆ ਨੂੰ ਵਰਤਮਾਨ ਦੀ ਕਾਰਜਸ਼ੀਲਤਾ ਵਿੱਚ ਰੂਪਾਂਤਰਿਤ ਕਰਦਾ ਮੁੱਲਵਾਨ ਪ੍ਰਾਪਤੀ ਕਰਦਾ ਹੈ :

ਹੱਟ ਹਾਕਮਾਂ ਤੇ ਤੂੰ ਵੀ ਟੱਲ ਸ਼ੇਰ ਬੱਲਿਆ
ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ

ਗੁਰਭਜਨ ਗਿੱਲ ਕਾਵਿ ਵਿਅਕਤੀ ਸਮਾਜ ਨੂੰ ਸਥਿਤੀਆਂ ਨਾਲ ਟੱਕਰ ਲੈਣ ਦੀ ਪ੍ਰਵਿਰਤੀ ਰੁਚਿਤ ਕਰਕੇ ਮਨੁੱਖੀ ਜੀਵੰਤਤਾ ਨੂੰ ਬਚਾਈ ਰੱਖਣ ਦਾ ਸੰਘਰਸ਼ ਪੂਰਨ ਰਾਹ ਤਿਆਰ ਕਰਦਾ ਆਪਣੀ ਚਿੰਤਾ ਤੇ ਚਿੰਤਨ ਦਾ ਵਿਸ਼ਾ ਬਣਾਉਂਦਾ ਹੈ ।

1990 ਦੇ ਨੇੜੇ ਤੇਰੇ ਗਲੋਬਲ ਚੇਤਨਾ ਦੇ ਵਿਸ਼ਵ ਪੱਧਰ ਤੇ ਪਸਾਰ ਕਰਨ ਨਾਲ ਸੰਸਾਰ ਇੱਕ ਪਿੰਡ ਵਿੱਚ ਬਦਲ ਗਿਆ ।ਵਿਸ਼ਵ ਮੰਡੀਕਰਨ ਦੀ ਵਿਵਸਥਾ ਦੇ ਅੰਤਰਗਤ ਬਿਜਲੀ ਅਤੇ ਸੰਚਾਰ ਮਾਧਿਅਮਾਂ ਦੇ ਅਤਿਵਿਕਸਿਤ ਰੂਪ ਆਉਣ ਨਾਲ ਖਪਤ ਸਭਿਆਚਾਰ ਪੈਦਾ ਹੋਇਆ ।ਸਮਾਜਿਕ ਪਰਿਵਰਤਨ ਵਿੱਚ ਇੱਕ ਮੁੱਢ ਤਬਦੀਲੀ ਨਾਲ ਜ਼ਿੰਦਗੀ ਦੀਆਂ ਮਾਨਵੀ ਕੀਮਤਾਂ ਬਦਲ ਗਈਆਂ ।ਮਨੁੱਖ ਖੁਦ ਮੰਡੀ ਦੀ ਵਸਤੂ ਬਣ ਗਿਆ। ਵਿਸ਼ਵੀਕਰਨ, ਸੰਚਾਰ ਤਕਨੀਕ ਅਤੇ ਨਵੀਂ ਜਾਣਕਾਰੀ ਨੇ ਸੰਸਾਰ ਨੂੰ ਇਤਿਹਾਸ ਦੇ ਨਵੇਂ ਅਯਾਮੀ ਪੜਾਅ ਵਿੱਚ ਪ੍ਰਵੇਸ਼ ਕਰਵਾਇਆ। ਅਜਿਹੇ ਸਮਾਜ ਦੀ ਸਿਰਜਣਾ ਕੀਤੀ ਜਿਸ ਨੇ ਸਮਾਜ ਤੇ ਮਾਨਵੀ ਮਾਨਸਿਕਤਾ ਨੂੰ ਬਦਲ ਦਿੱਤਾ। ਬਹੁਰਾਸ਼ਟਰੀ ਕੰਪਨੀਆਂ ਦੇ ਭਾਰਤ ਵਿੱਚ ਪ੍ਰਵੇਸ਼ ਕਰਨ ਨਾਲ ਮੁਕਾਬਲੇ ਦੀ ਦੌੜ ਸ਼ੁਰੂ ਹੋਈ। ਇਸ ਨੇ ਉਦਯੋਗ ਦੇ ਵਿਕਾਸ ਵੱਲ ਕਦਮ ਪੁੱਟੇ ਤੇ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ।ਪਰ ਛੋਟੇ ਉਦਯੋਗ ਨੂੰ ਬਹੁਤ ਪ੍ਰਭਾਵਿਤ ਵੀ ਕੀਤਾ। ਇਹਨਾਂ ਕੰਪਨੀਆਂ ਦਾ ਮੁੱਖ ਸੁਭਾਅ ਪੂੰਜੀ ਤੇ ਅਜਾਰੇਦਾਰੀ ਕਾਇਮ ਕਰਨ ਦਾ ਹੁੰਦਾ ਹੈ ਅਤੇ ਨਿੱਜੀ ਅਜਾਰੇਦਾਰੀ ਜਿਹੜੀ ਸਾਮਰਾਜੀ ਮੁਲਕਾਂ ਦਾ ਖਾਸਾ ਰਿਹਾ ਹੈ। ਸਮਾਜ ਨੂੰ ਹਰ ਪੱਧਰ ਤੇ ਅਮਾਨਵੀ ਕੀਮਤਾਂ ਵੱਲ ਧੱਕਦਾ ਹੈ। ਦੂਜੇ ਬਿਜਲਈ ਸਾਧਨਾਂ ਦੀ ਮਾਅਰਕੇਬਾਜ਼ ਰੁਚੀ ਨੇ ਨਵੀ ਪੀੜੀ ਨੂੰ ਐਡਵੈਚਰਿਸਟ ਦਿਸਹੱਦਿਆਂ ਵੱਲ ਧੱਕ ਦਿੱਤਾ ਜਿਸ ਦੀ ਭਰਮ ਮੁਕਤੀ ਡਰਗਜ਼ ਜਾਂ ਖੁਦਕੁਸ਼ੀ ਹੈ। ਤੀਜੇ ਨਵੇਂ ਚੈਨਲਾਂ ਦੀ ਮਾਰੂ ਰੁਚੀ ਨੇ ਪੰਜਾਬੀ ਸਭਿਆਚਾਰ ਦੇ ਅਰਥ ਬਦਲ ਕੇ ਇਸ ਦੀ ਹੋਂਦ ਲਈ ਖਤਰਾ ਪੈਦਾ ਕਰ ਦਿੱਤਾ। ਚੌਥੇ ਅੱਜ ਕੱਲ ਮਸਨੂਈ ਬੌਧਿਕਤਾ ਨੇ ਮਨੁੱਖ ਵਿਸ਼ੇਸ਼ ਤੇ ਪ੍ਰਸ਼ਨ ਚਿੰਨ ਲਾ ਦਿੱਤਾ। ਅਜੋਕਾ ਵਿਹਾਰ ਪ੍ਰਲੋਕਿਕ ਅਭਿਧਾਰਨਾ ਨੂੰ ਚੁਨੰਤੀ ਦਿੰਦਾ ਹੈ। ਪਰ ਧਾਰਮਿਕ ਵਲਗਣ ਵਿੱਚ ਕੈਦ ਵੀ ਹੋ ਰਿਹਾ ਹੈ ਅਤੇ ਸਭਿਆਚਾਰਕ ਬਣਤਰ ਨੂੰ ਨਿਖੇਧਾਤਮਕ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ ।ਇਸ ਤਰ੍ਹਾਂ ਇਹ ਸਮਾਂ ਹਾਦਸਿਆਂ, ਅਸਵੀਕ੍ਰਿਤੀ, ਅਸੰਤੁਸ਼ਟਤਾ, ਅਨਾਸਥਾ, ਅਤ੍ਰਿਪਤੀ, ਖਪਤ ਸੱਭਿਆਚਾਰ ਦਾ ਯੁੱਗ ਹੈ ਜਿਹੜਾ ਬਹੁਰਾਸ਼ਟਰੀ ਕੰਪਨੀਆਂ ਦੀ ਅਜਾਰੇਦਾਰੀ ਕੀਮਤਾਂ ਵਿੱਚ ਅਰਥ ਗ੍ਰਹਿਣ ਕਰ ਰਿਹਾ ਹੈ। ਇਸ ਸਮੁੱਚੇ ਵਰਤਾਰੇ ਦੇ ਅੰਤਰਗਤ ਗੁਰਭਜਨ ਗਿੱਲ ਦੀ ਕਵਿਤਾ 2000 ਤੋਂ ਲੈ ਕੇ 2020 ਤੱਕ ਸਮਾਜਿਕ- ਇਤਿਹਾਸਿਕ ਅਤੇ ਸਮਾਜਿਕ- ਆਰਥਿਕ ਬਣਤਰ ਵਾਲੇ ਕੁਝ ਫਿਕਰਾਂ ਨੂੰ ਲੈ ਕੇ ਹਾਜ਼ਰ ਹੁੰਦੀ ਹੈ। ਇਸ ਸਮੇਂ ਤੱਕ ਆ ਕੇ ਪੰਜਾਬ ਵਿਚਲੀ ਹਿੰਸਕ ਰਾਜਨੀਤੀ ਦਾ ਸਮੁੱਚਾ ਵਰਤਾਰਾ ਆਰਥਿਕ ਰਾਜਨੀਤੀ ਵਿੱਚ ਰੂਪਾਂਤਰਿਤ ਹੋ ਜਾਂਦਾ ਹੈ। ਆਰਥਿਕ ਰਾਜਨੀਤੀ ਦੇ ਅੰਤਰਗਤ ਸੰਸਾਰ ਸਰਮਾਏਦਾਰੀ ਜਾਂ ਸਾਮਰਾਜਵਾਦ ਦੀ ਉਦਾਰੀਕਰਨ, ਬਾਜ਼ਾਰੀਕਰਨ ਅਤੇ ਵਪਾਰੀਕਰਨ ਦੀ ਨੀਤੀ ਨੇ ਮਨੁੱਖੀ ਰਿਸ਼ਤਿਆਂ ਵਿੱਚ ਇੱਕ ਮੁੱਢ ਤਬਦੀਲੀ ਕਰ ਦਿੱਤੀ।

ਡਾਕਟਰ ਜਸਵਿੰਦਰ ਸਿੰਘ ਅਨੁਸਾਰ ਅਜੋਕੀ ਪੰਜਾਬੀ ਕਵਿਤਾ ਵਿੱਚ ਇਹ ਵਾਮਨ ਸਰੋਕਾਰ ਪਛਾਣ, ਆਤਮ-ਪਛਾਣ, ਲਿੰਗ ਕਾਮ, ਦੇਹ, ਉਮਰ, ਜਾਤ ਆਦਿ ਨੂੰ ਆਰਥਿਕਤਾ, ਰਾਜਨੀਤੀ,ਸੰਸਾਰਿਕਤਾ, ਤਬਦੀਲੀ ਤੇ ਕ੍ਰਾਂਤੀ ਆਦਿ ਦੇ ਸਰੋਕਾਰਾਂ ਨਾਲੋਂ ਤੋੜ ਕੇ ਪੇਸ਼ ਕਰਨ ਦਾ ਯਤਨ ਕਰਦੇ ਹਨ। ਗੁਰਭਜਨ ਗਿੱਲ ਦੀ ਕਵਿਤਾ ਇਹਨਾਂ ਪ੍ਰਸੰਗਾਂ ਬਾਰੇ ਸੁਹਿਰਦਤਾ ਤੇ ਸ਼ਿੱਦਤ ਨਾਲ ਦੋ ਚਾਰ ਹੁੰਦੀ ਹੈ। ਇਸ ਦੌਰ ਦੀ ਪਹਿਲੀ ਕਵਿਤਾ ਵਿੱਚ ਪੰਜਾਬ ਸੰਕਟ ਦੇ ਪਿਛਲੇ ਦੌਰ ਨੂੰ ਮਨ ਦੀ ਕੁੰਠਾ ਤੇ ਤਨ ਦੇ ਸੰਤਾਪ ਦੇ ਅੰਤਰਗਤ ਪੇਸ਼ ਕੀਤਾ ਗਿਆ ਹੈ। ਪ੍ਰਾਪਤ ਮਾਹੌਲ ਦੀ ਦਿਸ਼ਾਹੀਣਤਾ,ਮੰਡੀ ਕਲਚਰ, ਬਹੁ ਰਾਸ਼ਟਰੀ ਕੰਪਨੀਆਂ,ਉਪਭੋਗੀ ਕਲਚਰ, ਕਲੱਬ ਚੇਤਨਾ ਅਤੇ ਵਿਕਸਿਤ ਸੰਚਾਰ ਮਾਧਿਅਮਾਂ ਦੀ ਅਸ਼ਲੀਲ ਵਿਗਿਆਨਿਕ ਵਿਗਿਆਪਨ ਰੁਚੀ ਨੇ ਸਾਡੇ ਸਮਾਜ ਦੇ ਜੀਵਨ ਮੁੱਲਾਂ ਨੂੰ ਅਮਾਨਵੀ ਮੁੱਲਾਂ ਵਿੱਚ ਪਰਿਵਰਤਿਤ ਕਰ ਦੇਣ ਦਾ ਗਿੱਲ ਨੂੰ ਫਿਕਰ ਹੈ। ।ਦਿਨੋਂ-ਦਿਨ ਵਿਕਸਿਤ ਮਨੁੱਖੀ ਯਾਂਤਰਿਕ ਜੀਵਨ ਵਿੱਚ ਸ਼ਹਿਰੀ ਮਨੁੱਖ ਦੀ ਲਘੂਤਮ ਹੋਂਦ ਸਵੈ- ਕੈਦ ਦੀ ਜਕੜ ਦੇ ਰੂਪਾਂ ਨਾਲ ਗਿੱਲ ਧੁਰੋਂ ਅੰਦਰੋਂ ਜ਼ਖ਼ਮੀ ਹੈ ।ਪ੍ਰਾਪਤ ਯਥਾਰਥ ਦੇ ਪਸਾਰਾਂ ਦੀਆਂ ਬਹੁਤ ਸਾਰੀਆਂ ਅਮਾਨਵੀ ਘਟਨਾਵਾਂ ਦੀਆਂ ਵਿਆਖਿਆਵਾਂ ਦੇ ਅੰਤਰਗਤ ਗਿੱਲ ਦੀ ਕਵਿਤਾ ਮਨੁੱਖੀ ਸੰਤਾਪ ਦੀ ਕਹਾਣੀ ਬਿਆਨ ਕਰਦੀ ਹੈ ।ਸਰਮਾਏਦਾਰੀ ਲੁੱਟ, ਧਰਮ ਦਾ ਵਿਕਰਾਲ ਰੂਪ ਸੰਪਰਦਾਇਕਤਾ, ਪੰਜਾਬ ਸੰਕਟ, ਅਮਾਨਵੀਕਰਨ,ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ,ਹਕੂਮਤ ਦਾ ਸਭਿਆਚਾਰ ਨੂੰ ਕਲੰਕਿਤ ਕਰਨਾ, ਸੰਚਾਰ ਸਾਧਨਾਂ ਦੁਆਰਾ ਮਨੁੱਖੀ ਮਨ ਵਿੱਚ ਵਿਕਰਿਤ ਭਾਵਨਾ ਪੈਦਾ ਕਰਨਾ, ਅੰਧ- ਵਿਸ਼ਵਾਸ, ਬਲਾਤਕਾਰ, ਛਲ ਕਪਟੀ ਨਾਹਰੇ, ਗਰੀਬੀ, ਸਵਾਰਥ, ਅਖੌਤੀ ਗੌਰਵਤਾ, ਨੌਕਰਸ਼ਾਹੀ, ਚੋਣਾਂ, ਨਿਆਂਪਾਲਕਾ, ਛੂਤਛਾਤ,ਰੰਗ ਨਸਲ, ਪੁਲਿਸਗਰਦੀ, ਸਾਹਿੱਤਕ ਪ੍ਰਦੂਸ਼ਣ, ਸ਼ਹਿਰੀ ਯਾਂਤਰਿਕ ਜੀਵਨ, ਜ਼ਿੰਦਗੀ ਦੀ ਵਿਗੜੀ ਤਰਤੀਬ ਆਦਿ ਸਮੁੱਚੇ ਸਮਾਜ ਵਿੱਚ ਕਿਰਿਆਸ਼ੀਲ ਅਮਾਨਵੀ ਰਿਸ਼ਤਿਆਂ, ਅਮਾਨਵੀ ਸਥਿਤੀਆਂ ਘਟਨਾਵਾਂ ਅਤੇ ਸਰੋਕਾਰਾਂ ਦੀ ਗਿੱਲ ਆਪਣੀ ਇਸ ਸਮੇਂ ਦੀ ਕਵਿਤਾ ਵਿੱਚ ਗੱਲ ਕਰਦਾ ਹੈ :

ਬੱਚੇ ਆਪਣੇ ਕਮਰੇ ਅੰਦਰ
ਪੜ੍ਹਦੇ ਜਾਂ ਫਿਰ ਟੀਵੀ ਤੱਕਦੇ ਸੌ ਜਾਂਦੇ ਨੇ
ਸਾਹਿਬ ਜਦੋਂ ਦੌਰੇ ਤੇ ਜਾਵੇ
ਮੇਮ ਸਾਹਿਬ ਨੂੰ ਇਸੇ ਡੋਗੀ ਦਾ ਬੜਾ ਸਹਾਰਾ

ਕਈ ਵਾਰ ਇਉਂ ਲੱਗਦਾ ਹੈ
ਯੰਤਰ ਬਣ ਕੇ ਵਿਚਰ ਰਹੇ ਹਾਂ
ਖੌਰੇ ਕਿੱਥੇ ਗਰਕ ਗਿਆ ਹੈ
ਸਾਡੇ ਵਿਚਲਾ ਜਿਉਂਦਾ ਬੰਦਾ

ਹਰ ਬੰਦੇ ਦੇ ਅੰਦਰ ਕਬਰਾਂ,
ਕਿੰਨੇ ਝੋਰੇ ਤੇ ਹਟਕੋਰੇ

ਸੰਸਾਰੀਕਰਨ ਦੇ ਅੰਤਰਗਤ ਸਾਮਰਾਜਵਾਦ ਦੋ ਤਰੀਕਿਆਂ ਨਾਲ ਵਿਕਾਸਸ਼ੀਲ ਅਤੇ ਅਵਿਕਸਿਤ ਦੇਸ਼ਾਂ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇਕ ਪਾਸੇ ਇਸ ਦਾ ਸੂਖਮ ਰੂਪ ਹੈ ਤੇ ਦੂਜੇ ਪਾਸੇ ਸਥੂਲ ਰੂਪ। ਸੂਖਮ ਰੂਪ ਵਿੱਚ ਸੰਸਾਰੀਕਰਨ ਦੇ ਅੰਤਰਗਤ ਆਰਥਿਕ ਵਿਕਾਸ ਦੀ ਧਾਰਨਾ ਖਪਤ ਸਭਿਆਚਾਰ, ਉਪਭੋਗੀ ਰੁਚੀ ਅਤੇ ਬਜ਼ਾਰੂ ਲੋੜ ਦੇ ਅੰਤਰਗਤ ਮਨੁੱਖ ਦੇ ਸੁਪਨਿਆਂ ਦੇ ਸੰਸਾਰ ਨੂੰ ਭੰਗ ਕਰ ਰਹੀ ਹੈ। ਬਾਜ਼ਾਰ ਘਰ ਵਿੱਚ ਦਾਖਲ ਹੋ ਕੇ ਕੀਮਤ ਪ੍ਰਬੰਧ ਨੂੰ ਤੋੜ ਰਿਹਾ ਹੈ। ਬਜ਼ਾਰੂ ਸ਼ਕਤੀਆਂ ਬਿਜਲਈ ਮਾਧਿਅਮਾਂ ਅਤੇ ਪ੍ਰਿੰਟ ਮੀਡੀਏ ਰਾਹੀਂ ਇਹ ਸਥਾਪਿਤ ਕਰਨ ਵਿੱਚ ਸਫ਼ਲ ਹੋ ਗਈਆਂ ਹਨ ਕਿ ਮਨੁੱਖ ਜਿੰਨਾ ਵੱਡਾ ਖਰੀਦਦਾਰ ਹੋਵੇਗਾ ਉਨਾ ਵੱਡਾ ਮਨੁੱਖ ਹੋਵੇਗਾ ।ਇਸ ਪ੍ਰਵਾਨਗੀ ਨੇ ਪਰਿਵਾਰ ਅਤੇ ਸਮਾਜਿਕ ਰਿਸ਼ਤਿਆਂ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਸਥੂਲ ਰੂਪ ਵਿੱਚ ਬਹੁ ਰਾਸ਼ਟਰੀ ਕੰਪਨੀਆਂ ਦੁਆਰਾ ਸਰਮਾਏਦਾਰੀ ਦੀ ਅਜਾਰੇਦਾਰੀ ਦੇ ਪਦਾਰਥ ਦੇ ਭੋਗ ਦੀ ਰੁਚੀ ਨੂੰ ਬੜਾਵਾ ਦੇ ਕੇ ਲੋੜ ਰੂਪ ਵਿੱਚ ਸਥਾਪਿਤ ਕਰ ਦਿੱਤਾ ਹੈ ਤੇ ਮਨੁੱਖੀ ਮਨ ਵਿੱਚੋਂ ਸੰਵੇਦਨਾ ਨੂੰ ਖਤਮ ਕਰ ਦਿੱਤਾ ਹੈ। ਅੱਜ ਹਰ ਪੱਧਰ ਤੇ ਭੋਗਣ, ਵਰਤਨ ਅਤੇ ਬਚਦੇ ਨੂੰ ਸੁੱਟ ਪਾਉਣ ਅਤੇ ਬਣ ਰਹੇ ਭਾਰ ਤੋਂ ਮੁਕਤੀ ਪਾਉਣ ਦੀ ਖਤਰਨਾਕ ਰੁਚੀ ਨੇ ਭਰਮਕ ਰਿਸ਼ਤਿਆਂ ਦੀ ਵਿਆਕਰਨ ਨੂੰ ਸਿਰਜ ਦਿੱਤਾ ਹੈ। ਬਾਜ਼ਾਰ ਅੱਧਨੰਗੇ ਜਿਸਮਾਂ ਦੀ ਨੁਮਾਇਸ਼ ਬਣ ਗਿਆ ਹੈ। ਸਰਮਾਏਦਾਰੀ ਦੇ ਨਵੇਂ ਰੂਪ ਦਾ ਸਿਰਜਕ ਬਣ ਕੇ ਆ ਰਿਹਾ ਹੈ। ਮਨੁੱਖ ਬਾਜ਼ਾਰ ਦੀ ਵਸਤੂ ਬਣ ਗਿਆ ਹੈ। ਸਿਰਜਕ ਬਾਜ਼ਾਰ ਦਾ ਹਿੱਸਾ ਬਣ ਗਿਆ ਹੈ। ਅਕਲ ਤੇ ਇਲਮ ਬਾਜ਼ਾਰ ਦੀਆਂ ਵਿਕਾਉ ਅਵਸਥਾ ਵਿੱਚ ਬਦਲ ਗਈਆਂ ਹਨ। ਬਾਜ਼ਾਰ ਕੂੜਾ ਕਰਕਟ ਨੂੰ ਨਵੇਂ ਰੂਪਾਂ ਦੀ ਭਰਮਕ ਚਕਾਚੌਂਧ ਵਿੱਚ ਪੇਸ਼ ਕਰ ਰਿਹਾ ਹੈ, ਬਾਜ਼ਾਰ ਮਨੁੱਖੀ ਰੀਝਾਂ ਦੇ ਕਤਲ ਤੇ ਤੁਹਾਡੀ ਪੂੰਜੀ ਦੀ ਹੋਣੀ ਦੀ ਸ਼ਕਤੀ ਬਣ ਰਿਹਾ ਹੈ ਤੇ ਇਸ ਤੋਂ ਵੀ ਵੱਧ ਬਾਜ਼ਾਰ ਨੇ ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਅਸੰਤੁਲਨ ਪੈਦਾ ਕਰ ਦਿੱਤਾ ਹੈ। ਖਾਸ ਕਰਕੇ ਧੀ ਦੇ ਪ੍ਰਸੰਗ ਵਿੱਚ ਜਿਸ ਨੂੰ ਵੀ ਇਸੇ ਬਾਜ਼ਾਰ ਦੇ ਪ੍ਰਸੰਗ ਵਿੱਚ ਜਨਮ ਤੋਂ ਪਹਿਲਾਂ ਹੀ ਵਿਸਰਜਿਤ ਕੀਤਾ ਜਾ ਰਿਹਾ ਹੈ ਤੇ ਸਭ ਤੋਂ ਖਤਰਨਾਕ ਰੁਚੀ ਇਹ ਕਿ ਬਾਜ਼ਾਰ ਨੇ ਮਨੁੱਖੀ ਕਿਰਿਆਸ਼ੀਲਤਾ ਨੂੰ ਨਿਸ਼ਕਿਰਿਆ ਵਿੱਚ ਰੂਪਾਂਤਰਿਤ ਕਰ ਦਿੱਤਾ ਹੈ। ਗਿੱਲ ਦੀ ਕਵਿਤਾ ਬਹੁਤ ਹੀ ਅਹਿਮ ਤੇ ਵੱਡੇ ਫਿਕਰਾਂ ਨਾਲ ਇਸ ਨੂੰ ਪੇਸ਼ ਕਰਦੀ ਹੈ :

ਬਾਜ਼ਾਰ ਵਿੱਚ ਭੀੜ ਹੈ
ਗਾਹਕ ਹਨ, ਸੌਦਾ ਹੈ
ਤਕੜੀਆਂ ਹਨ, ਵੱਟੇ ਹਨ
ਵਣਜ ਹੈ, ਵਪਾਰ ਹੈ, ਲਿਫ਼ਾਫ਼ੇ ਹਨ

ਸ਼ੀਸ਼ੇ ਵਿੱਚ ਬੰਦ ਪਲਾਸਟਰ ਆਫ ਪੈਰਿਸ ਦੀਆਂ
ਅੱਧ ਧੜੰਗੀਆਂ ਤਰੀਮਤਾਂ ਹਨ
ਜਿਸਮਾਂ ਦੀ ਨੁਮਾਇਸ਼ ਹੈ।

20ਵੀਂ ਸਦੀ ਦਾ ਕੂੜਾ ਕਰਕਟ
ਮਨ ਅੰਦਰਲਾ ਜੰਗਲ ਨੇਰ੍ਹਾ
ਰੱਦੀ ਕਾਗ਼ਜ਼ ਵਰਗਾ ਨਿਕਸੁਕ
ਆਪਣਾ ਕੋਝਾ ਚਿਹਰਾ ਲੈ ਕੇ
ਨਵੀਂ ਸਦੀ ਦੇ ਵੇਹੜੇ ਆਇਆ

ਮੂੰਹ ਵਿਚਲੀ ਜੀਭ ਵੀ ਸੁੰਗੜ ਗਈ ਹੈ
ਬਾਹਾਂ ਦਾ ਕੀ ਪੁੱਛਦਾ ਹੈ?
ਕਦੇ ਮੁੱਕਾ ਬਣ ਕੇ ਲਹਿਰਾਂ ਵਿੱਚ ਲਹਿਰਾਉਂਦੀਆਂ ਹੀ ਨਹੀਂ

ਸਾਮਰਾਜ ਦੀ ਸਫਲਤਾ ਦਾ ਰਾਜ ਦੇਸ਼ /ਸਮਾਜ/ ਮਨੁੱਖ ਦੀ ਵਿਕੇਂਦਰਿਤਤਾ ਹੈ। ਇਸ ਭਾਵਨਾ ਨੇ ਮਨੁੱਖ ਨੂੰ ਮੈਂ-ਮੁਲਕਤਾ,ਸਵੈ-ਸ੍ਰੇਸ਼ਟਤਾ, ਧਾਰਮਿਕ ਵਡਿੱਤਣਤਾ, ਸਭਿਆਚਾਰਕ ਉਤਸ਼ਟਤਾ, ਭਾਸ਼ਾਈ ਉੱਤਮਤਾ ਅਤੇ ਰੰਗ ਨਸਲ ਦੀ ਸੁਘੱੜਤਾ ਦੇ ਗੁੰਬਦ ਤੇ ਲਿਆ ਖੜ੍ਹਾ ਕੀਤਾ ਹੈ। ਇਹ ਮਨੁੱਖ ਦਾ ਸਭ ਤੋਂ ਖਤਰਨਾਕ ਰੂਪ ਹੈ ਜੋ ਸਾਮਰਾਜ ਨੂੰ ਰਾਸ ਆਉਂਦਾ ਹੈ ਤੇ ਇਹ ਰੂਪ ਅੱਜ ਕੱਲ ਭਾਰਤ ਦੀ ਰਾਜਨੀਤੀ ਦਾ ਵੱਡਾ ਪਹਿਲੂ ਬਣ ਕੇ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਪੈਦਾ ਕਰ ਰਿਹਾ ਹੈ। ਗਿੱਲ ਸਮੁੱਚੇ ਵਰਤਾਰੇ ਵਿੱਚ ਵਿਆਪਤ ਇਹਨਾਂ ਅਮਾਨਵੀ ਪ੍ਰਕਿਰਿਆਵਾਂ ਨੂੰ ਵੀ ਆਪਣੀ ਚਿੰਤਾ ਦਾ ਵਿਸ਼ਾ ਬਣਾਉਂਦਾ ਹੈ। ਸਥੂਲ ਰੂਪ ਵਿੱਚ ਸਾਮਰਾਜਵਾਦ ਵਿਕਾਸਸ਼ੀਲ ਤੇ ਅਰਧ ਵਿਕਸਿਤ ਦੇਸ਼ਾਂ ਵਿੱਚ ਲੋਕਤੰਤਰੀ ਪ੍ਰਕਿਰਿਆ ਦੀ ਬਹਾਲੀ ਦੇ ਅੰਤਰਗਤ ਅਮਨ ਸ਼ਾਂਤੀ ਕਾਇਮ ਕਰਨ ਲਈ ਅਤੇ ਉਹਨਾਂ ਨੂੰ ਵਿਕਾਸ ਦੀ ਪ੍ਰਕਿਰਿਆ ਵੱਲ ਤੋਰਨ ਲਈ, ਅਸਭਿਅਕ ਤੋਂ ਸਭਿਅਕ ਬਣਾਉਣ ਲਈ ਅਤੇ ਅਣਕਲਚਰਡ ਤੋਂ ਕਲਚਰਡ ਕਰਨ ਲਈ ਜੰਗ ਦੀ ਭੱਠੀ ਵਿੱਚ ਝੋਕਦਾ ਹੈ। ਇਸ ਪਿੱਛੇ ਉਸਦਾ ਇੱਕੋ ਇੱਕ ਮਕਸਦ ਉਹਨਾਂ ਦੇਸ਼ਾਂ ਦੇ ਪ੍ਰਕਿਰਤਕ ਸਾਧਨਾਂ ਨੂੰ ਆਪਣੇ ਕਾਬੂ ਵਿੱਚ ਕਰਕੇ ਆਪਣੇ ਆਰਥਿਕ ਵਿਕਾਸ ਨੂੰ ਉੱਚਾ ਚੁੱਕਣਾ ਹੈ। ਇਸ ਪ੍ਰਕਿਰਿਆ ਦੇ ਅੰਤਰਗਤ ਅੱਜ ਇੱਕ ਧਰੁਵੀ ਮਹਾ ਸ਼ਕਤੀ ਅਮਰੀਕਾ ਲਤੀਨੀ ਅਮਰੀਕਾ ਅਤੇ ਏਸ਼ੀਆ ਦੇ ਮੁਲਕਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਬਰਬਾਦ ਕਰ ਰਿਹਾ ਹੈ। ਗਿੱਲ ਇਸ ਬਾਰੇ ਵੀ ਫਿਕਰਮੰਦ ਹੋਇਆ ਇਸ ਨੂੰ ਮਾਨਵੀ ਦੁਖਾਂਤ ਦੇ ਰੂਪ ਵਿੱਚ ਪੇਸ਼ ਕਰਦਾ ਹੈ :

ਦੂਰ ਦੇਸ਼ ਚੱਲਦੇ ਪਟਾਕੇ
ਜੇ ਅੱਜ ਤੁਹਾਡੇ ਘਰ ਖ਼ਬਰਾਂ ਘੱਲ
ਤਾਂ ਕੱਲ ਨੂੰ ਚਿੱਟੀਆਂ ਚੁੰਨੀਆਂ ਵੀ ਭੇਜ ਸਕਦੇ ਨੇ

ਜਿਨ੍ਹਾਂ ਕੋਲ ਹਥਿਆਰ ਹਨ
ਉਹ ਬਿਲਕੁਲ ਨਹੀਂ ਜਾਣਦੇ
ਕਿ ਉਹਨਾਂ ਦੇ ਵਿਰੋਧੀਆਂ ਦੇ ਬੱਚੇ ਵੀ
ਖਿਡਾਉਣਿਆਂ ਨਾਲ ਖੇਡਣਾ ਚਾਹੁੰਦੇ ਨੇ

ਪਹਿਲਾਂ ਹਥਿਆਰ ਫੜਾਵੇ
ਮਗਰੋਂ ਫਿਰ ਸੁਲਹਾ ਕਰਾਵੇ
ਕਿੱਦਾਂ ਦਾ ਚਾਤਰ ਥਾਣੇਦਾਰ ਵੇ ਹਾਂ

ਇਸ ਤਰ੍ਹਾਂ ਮਹਾਂਸ਼ਕਤੀ ਇੱਕ ਅਖੌਤੀ ਦਹਿਸ਼ਤਗਰਦੀ ਨੂੰ ਖਤਮ ਕਰਨ ਲਈ, ਆਪਣੇ ਜਾਤੀ ਮੁਫ਼ਾਦ ਲਈ ਦੂਜੀ ਕਿਸਮ ਦੀ ਦਹਿਸ਼ਤਗਰਦੀ ਨੂੰ ਜਨਮ ਦੇ ਰਹੀ ਹੈ।ਅਸਲ ਵਿੱਚ ਇਹ ਸਮੁੱਚਾ ਪ੍ਰਸੰਗ 21ਵੀਂ ਸਦੀ ਦੇ ਦੂਜੇ ਦਹਾਕੇ ਦੀ ਕਵਿਤਾ ਵਿੱਚ ਨਵ-ਪੂੰਜੀਵਾਦ, ਨਵ-ਬਸਤੀਵਾਦ ਅਤੇ ਨਵ ਸਾਮਰਾਜਵਾਦ ਨਾਲ ਜੁੜਿਆ ਹੋਇਆ ਹੈ।

21ਵੀਂ ਸਦੀ ਦੇ ਦੂਜੇ ਦਹਾਕੇ ਦੀ ਕਵਿਤਾ ਦਾ ਬਲਸ਼ਾਲੀ ਵਰਤਾਰਾ ਰਾਜਸੀ ਵਰਤਾਰਾ ਹੈ ਜੋ ਅੰਧ- ਰਾਸ਼ਟਰਵਾਦ ਦੇ ਅੰਤਰਗਤ ਭਾਰਤੀ ਰਾਜਨੀਤਿਕ ਪ੍ਰਬੰਧ,ਅੰਧਵਿਸ਼ਵਾਸ, ਵਰਣ ਆਸ਼ਰਮ ਤੇ ਧਾਰਮਿਕ ਮੂਲ ਦੀਆਂ ਨੀਹਾਂ ਤੇ ਉਸਰ ਰਿਹਾ ਹੈ ਜਿਸ ਨੇ ਘੱਟ ਗਿਣਤੀਆਂ ਵਿੱਚ ਸਹਿਮ, ਡਰ, ਦਹਿਸ਼ਤ ਤੇ ਵਹਿਸ਼ਤ ਭਰ ਦਿੱਤੀ ਹੈ ਅਤੇ ਭਾਸ਼ਾ ਨੂੰ ਹਜੂਮੀ ਹਿੰਸਾ, ਅਰਬਨ ਨਕਸਲ ਤੇ ਦੇਸ਼ ਧ੍ਰੋਹੀ ਆਦਿ ਅਨੇਕਾਂ ਸ਼ਬਦਾਂ/ਧਾਰਨਾਵਾਂ ਰਾਹੀਂ ਹਿੰਸਕ ਵਾਤਾਵਰਨ ਨੂੰ ਸਿਰਜ ਦਿੱਤਾ ਹੈ। ਅਜਿਹੇ ਸਮੇਂ ਪੰਜਾਬੀ ਕਵਿਤਾ ਹਿੰਸਕ, ਦਰਿੰਦਰਾਨਾ ਤੇ ਜਾਬਰਾਨਾ ਵਿਹਾਰ ਨਾਲ ਦੇ ਚਾਰ ਹੁੰਦੀ ਹੈ ਤੇ ਇਸ ਵਿਰੁੱਧ ਮਾਨਵੀ ਕੀਮਤਾਂ ਦੀ ਤਰਜਮਾਨੀ ਕਰਦੀ ਹੈ। ਗਿੱਲ ਦੀ ਇਸ ਸਮੇਂ ਦੀ ਕਵਿਤਾ ਵਿਚ ਇਹ ਵਿਚਾਰ ਉੱਘੜ ਕੇ ਸਾਹਮਣੇ ਆਉਂਦਾ ਹੈ :

ਉਨ੍ਹਾਂ ਨੂੰ ਕਹੋ
ਸਾਨੂੰ ਨਾ ਵੇਚਣ ਸਾਰਾਗੜ੍ਹੀ ਦਾ ਮੈਦਾਨ
ਯੁੱਧ ਕਹਿ ਕੇ ਗੁਲਾਮੀ ਦਾ ਸਮਾਨ
ਕੇਸਰੀ ਪੁੜੀ ਵਿੱਚ ਬੰਨ੍ਹਿਆ ਚੋਣ ਨਿਸ਼ਾਨ
ਪਰ ਇਹ ਧਾੜਾਂ ਕਿਧਰੋਂ ਚੜ੍ਹੀਆਂ?
ਹੱਥਾਂ ਵਿਚ ਤਲਵਾਰਾਂ ਕਿਰਚਾਂ
ਬਹੁਤਿਆਂ ਨੇ ਤ੍ਰਿਸ਼ੂਲਾਂ ਫੜੀਆਂ
ਪੌਣ ਕਸ਼ੀਦਣ ਵਾਲੇ ਕਿਹੜੇ?...
ਜਾਗ ਮੁਸਾਫ਼ਰ,ਜਾਗਣ ਵੇਲਾ
ਹੋ ਨਾ ਜਾਵੇ ਹੋਰ ਕਲੇਰਾਂ

ਧਾਰਮਿਕ ਯਥਾਰਥ ਅਤੇ ਰਾਜਸੀ ਯਥਾਰਥ ਦੇ ਬਹੁ ਵਿਕਰਾਲੀ ਰੂਪ ਦੇ ਭਾਰਤੀ ਰਾਜਨੀਤੀ ਵਿੱਚ ਧਰਮਮੰਤਰੀ ਪਖੰਡ ਦੀ ਪਰਵਾਣਤ ਰੂਪ ਵਿੱਚ ਸਵੀਕ੍ਰਿਤੀ ਨੂੰ ਮੰਡੀ ਦੇ ਮੱਕੜ ਜਾਲ ਦੇ ਅੰਤਰਗਤ ਹਾਕਮ ਧਿਰ ਅਤੇ ਪੁਰੋਹਤ ਵਰਗ ਦੇ ਲੋਕ ਲੁੱਟ ਦੇ ਸੰਕਲਪ ਵਿੱਚ ਬਦਲ ਦਿੱਤਾ ਹੈ। ਅਜੋਕੇ ਧਰਮ ਦਾ ਸੰਸਥਾਗਤ ਰੂਪ ਲੋਕ ਵਿਰੋਧੀ ਪੈਂਤੜੇ ਵਾਲਾ ਹੈ। ਇਹ ਵਰਤਾਰਾ ਧਰਮਤੰਤਰ ਦੇ ਮਾਇਆਵੀ ਪ੍ਰਸ਼ਨ ਨੂੰ ਧਾਰਮਿਕ ਲੁੱਟ ਕਸੁੱਟ ਦਾ ਸਾਧਨ ਬਣਾਉਂਦਾ ਹੈ ।ਗੁਰਭਜਨ ਕਹਿੰਦਾ ਹੈ :

ਤੱਕ ਲੈ ਬੁੱਲਿਆ ਧਰਮਾਂ ਵਾਲੇ, ਕੈਸੀ ਅਮਰ ਵੇਲ ਨੇ ਘੇਰੇ
ਧਰਮਸ਼ਾਲ ਵਿੱਚ ਵਜਦੇ ਧਾੜੇ, ਬੁੱਢੇ ਚੋਰ ਮਸੀਤੀ ਡੇਰੇ

ਧਰਮਾਂ ਦੀ ਮੰਡੀ ਵੀ, ਨੀਲਾਮ ਘਰ ਹੋ ਗਈ
ਵੇਚਦਾ ਬਾਜ਼ਾਰ ਹੁਣ, ਗਧਿਆਂ ਨੂੰ ਪੀਰੀਆਂ

ਜਬਰ ਜ਼ੁਲਮ ਦੀ ਇਸ ਤੋਂ ਵੱਧ ਕੀ ਹੋਰ ਹਨੇਰੀ ਵਗਣੀ
ਧਰਮ ਸਿਆਸਤ ਜਿੱਥੇ ਰਲ ਕੇ ਕਰਦੇ ਘਾਲੇ ਮਾਲੇ

ਭਾਰਤ ਧਰਮ ਦੇ ਨਾਂ ਤੇ ਕਤਲ ਕਰਨ ਦੀ ਜ਼ਮੀਨ ਬਣ ਗਿਆ । ਜਾਤ ਪਾਤ ਵਿੱਚ ਵੰਡਿਆ ਸਮਾਜ ਜਬਰ ਨੂੰ ਹੰਢਾ ਰਿਹਾ ਹੈ। ਪਿਤਰੀ ਸਤਾ ਦੇ ਦਮਨ ਵਿੱਚ ਨਾਰੀ ਦੇਹਕ ਤੇ ਮਾਨਸਿਕ ਸ਼ੋਸ਼ਣ ਦੀ ਸ਼ਿਕਾਰ ਹੈ। ਇਹ ਵਰਤਾਰਾ ਰਾਜਸੀ ਧਾਰਮਿਕ ਰੰਗਤ ਦੇ ਵਰਤਮਾਨ ਰੂਪ ਵਿੱਚ ਹਿੰਸਕ ਰੂਪ ਵਿੱਚ ਸਾਹਮਣੇ ਆਇਆ ਹੈ ਤੇ ਭਾਰਤ ਦੀ ਵਿਭਿੰਨਤਾ ਨੂੰ ਇੱਕ ਰੰਗ ਵਿੱਚ ਰੰਗਣ ਲਈ ਇਕ ਦੇਸ਼, ਇਕ ਨਿਸ਼ਾਨ ਇਕ ਧਰਮ, ਇਕ ਸਭਿਆਚਾਰ ਵਿੱਚ ਸਥਾਪਤ ਕਰਨ ਦੇ ਯਤਨ ਵਿੱਚ ਹੈ।

ਵਿਸ਼ਵ ਪੱਧਰ ਤੇ ਇਸ ਸਮੇਂ ਦਾ ਸਭ ਤੋਂ ਖੌਫਜ਼ਦਾ ਤੇ ਭਿਆਨਕ ਵਰਤਾਰਾ ਕਰਨਾ ਮਹਾਂਮਾਰੀ ਹੈ ਜਿਸ ਨੇ ਸਮੁੱਚੇ ਵਿਸ਼ਵ ਦੀ ਆਰਥਿਕਤਾ ਨੂੰ ਸੱਟ ਮਾਰੀ । ਅਣਗਿਣਤ ਲੋਕ ਬੇਰੁਜ਼ਗਾਰੀ ਤੇ ਭੁੱਖਮਰੀ ਦਾ ਸ਼ਿਕਾਰ ਹੋਏ ਤੇ ਬਹੁਤ ਵੱਡੀਆਂ ਅਰਥ ਵਿਵਸਥਾਵਾਂ ਜ਼ਮੀਨ ਤੇ ਆ ਡਿੱਗੀਆਂ। ਡਾਕਟਰ ਸਰਬਜੀਤ ਸਿੰਘ ਅਨੁਸਾਰ ਇਹਨਾਂ ਵਿਵਸਥਾਵਾਂ ਵਿੱਚੋਂ ਮਨੁੱਖ ਗੈਰਹਾਜ਼ਰ ਰਿਹਾ ਤੇ ਇਹਨਾਂ ਵਿਵਸਥਾਵਾਂ ਨੇ ਮੰਡੀ ਅਤੇ ਮੁਨਾਫ਼ੇ ਨੂੰ ਮਹੱਤਤਾ ਦੇ ਕੇ ਸਿਹਤ ਸਹੂਲਤਾਂ ਵਰਗੇ ਪ੍ਰਬੰਧ ਨੂੰ ਤਹਿਸ ਨਹਿਸ ਕਰ ਦਿੱਤਾ ਤੇ ਤਾਲਾਬੰਦੀ ਨੇ ਸਮੁੱਚੇ ਸੰਸਾਰ ਨੂੰ ਠਹਿਰਾ ਦਿੱਤਾ; ਜਿਵੇਂ ਗੁਰਭਜਨ ਕਹਿੰਦਾ ਹੈ :

ਸੱਥਾਂ ਚੌਕ ਚੁਰਸਤੇ ਚੁੱਪ ਨੇ
ਬਿਰਖ ਉਦਾਸ ਹਵਾ ਨਾ ਰੁਮਕੇ
ਟਾਹਣੀਏਂ ਬੈਠੇ ਪੰਛੀ ਝੁਰਦੇ
ਆਪਸ ਦੇ ਵਿੱਚ ਗੱਲਾਂ ਕਰਦੇ
ਏਸ ਗਿਰਾਂ ਨੂੰ ਕੀ ਹੋਇਆ ਹੈ?
ਪਤਾ ਨਹੀਂ ਕਦ ਹਨੇਰੀ ਥੰਮੇ
ਹੋਈ ਜਾਂਦੇ ਰੋਜ਼ ਦਿਹਾੜੀ
ਫਿਕਰਾਂ ਦੇ ਪਰਛਾਵੇਂ ਲੰਮੇ

ਇਸ ਮਹਾਂਮਾਰੀ ਨੇ ਚੇਤਨ ਮਨੁੱਖ ਨੂੰ ਮਨੁੱਖ ਬਾਰੇ ਹੀ ਨਹੀਂ ਸਗੋਂ ਸੰਸਾਰ ਵਿੱਚ ਵਿਚਰ ਰਹੇ ਹੋਰ ਜੀਵਾ ਬਾਰੇ ਵੀ ਸੋਚਣ ਲਈ ਮਜਬੂਰ ਕੀਤਾ ਤੇ ਮਨੁੱਖ ਵਾਤਾਵਰਨ ਪ੍ਰਦੂਸ਼ਣ ਬਾਰੇ ਜ਼ਿਆਦਾ ਚੇਤਨ ਰੂਪ ਵਿੱਚ ਕਾਰਜਸ਼ੀਲ ਹੋਇਆ।

ਮਨੁੱਖ ਅਤੇ ਜੀਵਨ ਹਰ ਯੁੱਗ ਦੀ ਸਮੱਸਿਆ ਦਾ ਮੁੱਖ ਮੁੱਦਾ ਹੈ। ਇਸ ਸਮੱਸਿਆ ਵਿੱਚੋਂ ਲੰਘਦਿਆਂ ਉਹ ਉਸ ਸਮੇਂ ਦੀਆਂ ਜਟਿਲ ਪੇਚੀਦਗੀਆਂ ਦੇ ਸਨਮੁੱਖ ਹੁੰਦਾ ਰਿਹਾ ਹੈ ਪਰ ਉਹ ਹਰ ਸਮੇਂ ਹਾਕਮ ਧਿਰ ਦੀਆਂ ਵਧੀਕੀਆਂ ਉਤਪੀੜਨ ਤੇ ਜ਼ੁਲਮ ਦਾ ਸ਼ਿਕਾਰ ਹੁੰਦਾ ਹੈ। ।ਗੁਰਭਜਨ ਗਿੱਲ ਦੀ ਗ਼ਜ਼ਲ /ਕਵਿਤਾ ਸਮਾਜ ਦੀਆਂ ਸੰਤਾਪੀਆਂ ਧਿਰਾਂ ਖਾਸਕਰ ਕਿਸਾਨੀ ਧਿਰ ਦੇ ਦੁੱਖ- ਪੀੜਾ- ਉਤਪੀੜਨ ਦੇ ਯਥਾਰਥ ਚਿੱਤਰ ਪੇਸ਼ ਕਰਦੀ ਹੈ। ਸਾਸ਼ਕ ਵਰਗ ਦੁਆਰਾ ਕਿਰਤੀ ਕਿਸਾਨ ਦੀ ਲੁੱਟ ਅਤੇ ਉਹਨਾਂ ਦੀ ਸੰਤਾਪੀ ਜ਼ਿੰਦਗੀ ਦੇ ਅਤੀਤ ਤੇ ਵਰਤਮਾਨ ਵਿਵਸਥਾ ਦੇ ਪ੍ਰਸੰਗ ਵਿੱਚ ਉਹ ਰੋਸ ਜਾਗਰਿਤ ਕਰਦਾ ਹੈ। ਨਿੱਜੀ ਪੀੜਾ ਨੂੰ ਸਮਾਜਿਕ ਪੀੜਾ ਵਿੱਚ ਬਦਲ ਕੇ ਆਰਥਿਕ ਆਜ਼ਾਦੀ ਅਤੇ ਲੋੜਾਂ-ਥੁੜਾ, ਜ਼ੁਲਮ ,ਤਸ਼ਦਦ,ਵਧੀਕੀਆਂ ਤੋਂ ਜਾਗਰਿਤ ਕਰਕੇ ਇਸ ਨੂੰ ਬਦਲਣ ਦਾ ਪ੍ਰਵਚਨ ਗਿੱਲ ਦੀ ਕਾਲ ਸਵੇਦਨਾ ਦਾ ਮੁੱਖ ਮੁੱਦਾ ਹੈ। ਸਮਾਜਿਕ ਨਾਬਰਾਬਰੀ, ਕਰਜ਼ਾ, ਆਤਮਘਾਤ,ਸਲਫਾਸ, ਨਸ਼ਾ, ਕਿਰਤੀ -ਕਿਸਾਨ ਦਾ ਭੁੱਖ ਦੁੱਖ ਦਾ ਪ੍ਰਸੰਗ ਉਜਾਗਰ ਕਰਕੇ ਉਹ ਉਸ ਦੇ ਦੁਸ਼ਮਣ ਦੀ ਪਛਾਣ ਵੱਲ ਅਹੁੱਲਦਾ ਹੈ। ਇਸ ਪਛਾਣ ਵਿੱਚੋਂ ਹੀ ਕਿਸਾਨੀ ਲਹਿਰ ਜਿਸ ਨੇ ਪੰਜਾਬ, ਭਾਰਤ ਤੇ ਸੰਸਾਰ ਵਿੱਚ ਹੁੰਦੇ ਉਨ੍ਹਾਂ ਦੇ ਸ਼ੋਸ਼ਣ ਤੋਂ ਹੀ ਜਾਗਰਤ ਨਹੀਂ ਕੀਤਾ ਸਗੋਂ ਉਹਨਾਂ ਨੂੰ ਚੇਤਨ ਅਵਸਥਾ ਵਿੱਚ ਇੱਕ ਲਲਕਾਰ ਵੀ ਪੈਦਾ ਕੀਤੀ ਹੈ :

ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗੱਲ ਕਟੀਅਨ ਦੇ ਪਾਸ ਅਜੇ ਵੀ
ਛੇ ਸਦੀਆਂ ਦਾ ਪਹੀਆ ਘੁੰਮਿਆਂ ਬਦਲਣ ਦੀ ਨਾ ਆਸ ਅਜੇ ਵੀ

ਫਸਲਾਂ ਵਾਲੀ ਧਰਤੀ ਬੰਜਰ, ਉੱਜੜ ਚੱਲੇ ਸੁਪਨ- ਬਗੀਚੇ
ਬਿਰਖਾਂ ਨਾਲ ਲਮਕਦੇ ਅਥਰੂ, ਖਾ ਚਲਿਆ ਸਲਫ਼ਾਸ ਦਾ ਬੂਟਾ

ਚਾਰ ਚੁਫ਼ੇਰਿਓਂ ਘਿਰਿਆ ਬੰਦਾ ਫਾਹਾ ਲੈ ਕੇ ਕਿਉਂ ਮਰਦਾ ਹੈ
ਪੈੜ ਪਛਾਣੋ ਕਿੱਧਰ ਜਾਂਦੀ ਉਸਦੇ ਆਤਮ ਘਾਤ ਦੀ

ਸਾਂਝੇ ਪੰਜਾਬ ਦੀ ਸੂਰਤ ਤੇ ਸੀਰਤ ਸਾਡੇ ਪੰਜਾਬੀਆਂ ਦਾ ਮਸਲਾ ਰਹੀ ਹੈ। ਵੰਡ ਵਰਗੀ ਮਹਾਂ ਤਰਾਸਦੀ ਦੀ ਉਤਪੀੜਨਾ ਨੂੰ ਉਮਰਾਂ ਤੱਕ ਸਹਿੰਦੇ ਰਹਿਣ ਦੀ ਸਵੇਦਨਾ ਭਾਵੇਂ ਸਾਡੇ ਹਿਰਦੇ ਵਿੱਚੋਂ ਮਨਫੀ ਨਾ ਵੀ ਹੋਵੇ ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਤਾਂ ਵੀ ਪੰਜਾਬੀ ਸੁਭਾਅ ਵਿੱਚ ਸਾਂਝ ਦੀ ਸ਼ਿੱਦਤ ਤੇ ਸੁਹਿਰਦਤਾ ਸਾਡੇ ਤਿਲਸਮੀ ਸਾਂਝ ਮੇਲ ਦਾ ਗਹਿਰ ਗੰਭੀਰ ਮਸਲਾ ਹੈ। ਅਸੀਂ ਵੰਡ ਦੀ ਪੀੜਾ ਦੀ ਕਬਰ ਤੇ ਖੜੇ ਵੀ ਸਾਂਝੇ ਪੰਜਾਬ ਦੀ ਸਾਂਝੀ ਵਿਰਾਸਤ, ਰਹਿਤਲ ਨੂੰ ਰਸਾਤਲ ਤੇ ਖਿੰਡਾਉ ਵੱਲ ਜਾਂਦਾ ਬਰਦਾਸ਼ਤ ਨਹੀਂ ਕਰ ਸਕਦੇ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪ੍ਰਵਚਨ ਸਾਂਝੇ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਦਾ ਉਹ ਅਲਾਪ ਹੈ ਜੋ ਅੱਜ ਵੀ ਸਾਂਝੇ ਪੰਜਾਬ ਦੀ ਧੜਕਦੀ ਵਿਰਾਸਤ ਨੂੰ ਇੱਕ ਦੂਜੇ ਨਾਲ ਅਤੇ ਖ਼ਾਸਕਰ ਹਾਕਮ ਧਿਰਾਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ। ਪੰਜਾਬੀਆਂ ਨੂੰ ਵਿਰਾਸਤੀ ਰਦੋ ਬਦਲ ਪ੍ਰਵਾਨ ਨਹੀਂ ਸਗੋਂ ਉਹ ਸਾਂਝੀ ਵਿਰਾਸਤ ਨੂੰ ਹਾਂ-ਪੱਖੀ ਮਹਾਂਦਰੇ ਵਜੋਂ ਵਿਕਸਿਤ ਹੋਇਆ ਵੇਖਣਾ ਚਾਹੁੰਦੇ ਹਨ ਜਿਹਦੇ ਵਿੱਚ ਮੋਹ- ਪਿਆਰ- ਖਲੂਸ -ਸਾਦਗੀ- ਸੁਹਿਰਦਤਾ-ਸੂਰਬੀਰਤਾ- ਲੋਕ ਨਾਇਕਾਂ ਦੀ ਵਡਿੱਤਣ- ਪ੍ਰਹੋਣਾਚਾਰੀ- ਸਧਾਰਨਤਾ ਦੀ ਖੁੱਲ੍ਹ ਖੇਡ ਸ਼ਾਮਿਲ ਹਨ। ਗੁਰਭਜਨ ਗਿੱਲ ਸਾਂਝੇ ਪੰਜਾਬ ਦੀ ਸਾਂਝੀ ਵਿਰਾਸਤ, ਸਾਂਝੀ ਰਹਿਤਲ ਦੇ ਸੁਪਨੇ ਨੂੰ ਸਾਡੇ ਮਨਾਂ ਵਿੱਚ ਵਸਾਉਣਾ ਚਾਹੁੰਦਾ ਹੈ :

ਸਾਡੇ ਵੱਲ ਭੇਜ ਹੋਰ ਸੰਦਲੀ ਸਮੀਰ
ਅਸਾਂ ਤੈਨੂੰ ਰਾਵੀ ਤੇ ਚਨਾਬ ਭੇਜਿਆ

ਪੰਜ ਦਰਿਆ ਪੰਜਾਬ ਸੀ ਮੈਂ ਤਾਂ, ਸਾਂਝੀ ਤਾਕਤ ਕਿੱਧਰ ਗਈ
ਸਤਲੁਜ, ਬਿਆਸ, ਝਨਾਂ ਤੇ ਰਾਵੀ, ਪੁੱਛਦੇ ਜੇਹਲਮ ਪਾਣੀਆਂ ਨੂੰ

ਗੁਰਭਜਨ ਗਿੱਲ ਦੀ ਕਵਿਤਾ ਵਿੱਚ ਇਹ ਵਰਤਾਰੇ ਕਿਸ ਪ੍ਰਸੰਗ ਵਿੱਚ ਉਭਰ ਕੇ ਸਾਹਮਣੇ ਆ ਰਹੇ ਹਨ ਇਹ ਉਸ ਦੀ ਸਮੁੱਚੀ ਸ਼ਖ਼ਸੀਅਤ ਦੇ ਉਸਾਰ ਵਿੱਚੋਂ ਉਜਾਗਰ ਹੁੰਦੇ ਹਨ। ਗੁਰਭਜਨ ਗਿੱਲ ਦੀ ਸਮੁੱਚੀ ਸ਼ਖ਼ਸੀਅਤ ਵਿਚਾਰਧਾਰਕ ਦੁਬਿਧਾ ਦਾ ਸ਼ਿਕਾਰ ਹੈ। ਕੋਈ ਇੱਕ ਰਚਨਾ ਦ੍ਰਿਸ਼ਟੀ ਉਸ ਦੀ ਕਵਿਤਾ ਦੇ ਅਮਲ ਵਿੱਚ ਗਤੀਸ਼ੀਲ ਨਹੀਂ ਸਗੋਂ ਵੱਖ-ਵੱਖ ਵਿਚਾਰਧਰਾਵਾਂ ਦਾ ਸਮਿਲਨ ਉਸ ਦੀ ਰਚਨਾ ਦ੍ਰਿਸ਼ਟੀ ਨੂੰ ਨਿਰਧਾਰਿਤ ਕਰ ਰਿਹਾ ਹੈ। ਇੱਕ ਪਾਸੇ, ਉਹ ਨਕਸਲਵਾੜੀ ਲਹਿਰ ਦੀ ਸਾਹਿਤ ਕਲਚਰ ਦੀ ਪੈਦਾਵਾਰ ਹੈ, ਦੂਜੇ ਪਾਸੇ, ਉਹ ਸਮਾਜ ਦੀਆਂ ਚੰਗੀਆਂ ਸਨਾਤਨੀ ਕੀਮਤਾਂ ਦਾ ਧਾਰਨੀ ਹੈ ਤੇ ਤੀਜੇ ਪਾਸੇ, ਰੱਬੀ ਹੋਂਦ/ ਅਧਿਆਤਮ ਦਾ ਪ੍ਰਵਚਨ ਤੇ ਅਮਲ ਉਸ ਦੀ ਸ਼ਖ਼ਸੀਅਤ ਦਾ ਉਸਾਰ ਹੋਣ ਕਰਕੇ ਕਵਿਤਾ ਦੀ ਉਪਯੋਗਤਾ ਵਿੱਚ ਦਖਲ ਦੇ ਰਹੇ ਹਨ। ਇਸੇ ਕਰਕੇ ਉਹ ਇਹਨਾਂ ਵਰਤਾਰਿਆਂ ਦੀ ਪੇਸ਼ਕਾਰੀ ਤੇ ਸੰਘਰਸ਼ ਦੇ ਨਾਲ -ਨਾਲ ਨਸੀਹਤਾਂ ਵੀ ਦਿੰਦਾ ਨਜ਼ਰ ਆਉਂਦਾ ਹੈ।

ਗੁਰਇਕਬਾਲ ਸਿੰਘ (ਡਾ)
624-ਪਾਲਮ ਵਿਹਾਰ
ਪੱਖੋਵਾਲ ਰੋਡ, ਸਾਹਮਣੇ ਪਿੰਡ ਦਾਦ,
ਲੁਧਿਆਣਾ-142022
9815826301

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ