ਗੁਰਭਜਨ ਗਿੱਲ : ਗ਼ਜ਼ਲ ਦੇ ਸੰਦਰਭ - ਡਾ. ਨਰੇਸ਼ ਕੁਮਾਰ

ਗੁਰਭਜਨ ਗਿੱਲ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀ ਸ਼ਾਇਰੀ ਦੇ ਖੇਤਰ ਵਿੱਚ ਕਾਰਜਸ਼ੀਲ ਹੈ । ਉਸ ਦੇ ਹੁਣ ਤੱਕ ਚਾਰ ਗ਼ਜ਼ਲ ਸੰਗ੍ਰਹਿ ਹਰ ਧੁਖਦਾ ਪਿੰਡ ਮੇਰਾ ਹੈ (1985), ਮੋਰ ਪੰਖ (2010) ਗੁਲਨਾਰ (2015) ਅਤੇ ਮ੍ਰਿਗਾਵਲੀ (2016) ਅਤੇ ਅੱਠ ਕਾਵਿ ਸੰਗ੍ਰਹਿ - ਸ਼ੀਸ਼ਾ ਝੂਠ ਬੋਲਦਾ ਹੈ (1978), ਬੋਲ ਮਿੱਟੀ ਦਿਆ ਬਾਵਿਆ (1992), ਬੋਲ ਧਰਤੀਏ ਬੋਲ (2000), ਅਗਨ ਕਥਾ (2000), ਖੈਰ ਪੰਜਾਂ ਪਾਣੀਆਂ ਦੀ (2005), ਧਰਤੀ ਨਾਦ (2006), ਪਾਰਦਰਸ਼ੀ (2008) ਅਤੇ ਮਨ ਤੰਦੂਰ (2013) ਅਤੇ ਇਕ ਗੀਤ ਸੰਗ੍ਰਹਿ - ਫੁੱਲਾਂ ਦੀ ਝਾਂਜਰ (2012) ਪ੍ਰਕਾਸ਼ਿਤ ਹੋ ਚੁੱਕੇ ਹਨ । ਗੁਰਭਜਨ ਗਿੱਲ ਦੀ ਸਿਰਜਨਾ ਦਾ ਕਾਲ ਅਤੇ ਆਕਾਰ ਵੱਡਾ ਹੈ ਅਤੇ ਗੁਣਨਾਤਮਕਤਾ, ਗੰਭੀਰਤਾ ਤੇ ਗਹਿਰਾਈ ਵੀ ਆਕਾਰ ਦੇ ਹਾਣ ਦੀ ਹੈ । ਪੰਜਾਬੀ ਸਾਹਿਤ ਵਿੱਚ ਉਸ ਦਾ ਬਿੰਬ ਗ਼ਜ਼ਲਗੋ ਅਤੇ ਕਵੀ ਵੱਜੋਂ ਸਥਾਪਿਤ ਹੋ ਚੁੱਕਾ ਹੈ । ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿੱਚ ਪ੍ਰਗੀਤਕ ਤੱਤ ਭਰਵੇਂ ਰੂਪ ਵਿੱਚ ਪੇਸ਼ ਹੁੰਦੇ ਹਨ । ਨਿੱਜ, ਲੈਅ, ਸੰਗੀਤਕਤਾ ਅਤੇ ਸਰੋਦੀ ਅੰਸ਼ ਚਾਰੇ ਤੱਤ ਮਿਲ ਕੇ ਸਮਾਜਿਕ ਮਸਲਿਆਂ ਨੂੰ ਰੂਪਿਤ ਕਰਦੇ ਹਨ। ਇਹਨਾਂ ਨੁਕਤਿਆਂ ਦੇ ਆਧਾਰ ਉੱਪਰ ਹੀ ਉਸ ਨੂੰ ਸ਼ਾਇਰ ਦਾ ਰੁਤਬਾ ਹਾਸਿਲ ਹੈ । ਉਸ ਦੀ ਸ਼ਾਇਰੀ ਪਾਪੂਲਰ ਸ਼ਾਇਰੀ ਹੈ ਜਾਂ ਸਟੇਜੀ ਰੰਗ ਦੀ ਵੀ ਕਹੀ ਜਾ ਸਕਦੀ ਹੈ । ਇਨ੍ਹਾਂ ਪ੍ਰਵਿਰਤੀਆਂ ਦੀ ਧਾਰਨੀ ਹੋਣ ਕਾਰਨ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਧੇਰੇ ਗੀਤਾਂ ਦੇ ਨੇੜੇ ਚਲੀਆਂ ਜਾਂਦੀਆਂ ਹਨ ਉਸ ਦੀਆਂ ਗ਼ਜ਼ਲਾਂ ਨੂੰ ਗੀਤ ਨੁਮਾ ਗ਼ਜ਼ਲ ਵੀ ਕਿਹਾ ਜਾ ਸਕਦਾ ਹੈ । ਇਹ ਗ਼ਜ਼ਲਾਂ ਆਪਣੇ ਰੂਪਾਕਾਰ ਪੱਖੋਂ ਹੀ ਨਹੀਂ ਸਗੋਂ ਸੁਭਾਅ ਪੱਖੋਂ ਵੀ ਗੀਤਾਤਮਕ ਹਨ । ਸਤਹੀ ਪੱਧਰ ਤੱਕ ਵਿਚਰਨਾ ਵੀ ਇਹਨਾਂ ਦੀ ਪ੍ਰਕਿਰਤੀ ਵਿੱਚ ਸ਼ਾਮਿਲ ਹੈ । ਏਥੇ ਇਸ ਨੁਕਤੇ ਦਾ ਜ਼ਿਕਰ ਕਰਨਾ ਵੀ ਲਾਜ਼ਮੀ ਹੈ ਕਿ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿੱਚ ਜਗਤਾਰ ਅਤੇ ਸੁਰਜੀਤ ਪਾਤਰ ਦੇ ਸਮੇਂ ਨੂੰ ਅਹਿਮ ਦੌਰ ਮੰਨਿਆ ਜਾਂਦਾ ਹੈ । ਪਰ ਇਹ ਦੋਵੇਂ ਗ਼ਜ਼ਲਗੋ ਇਕ ਦੂਸਰੇ ਨੂੰ ਪ੍ਰਵਾਨ ਨਹੀਂ ਕਰਦੇ । ਜਗਤਾਰ ਨੂੰ ਤਾਂ ਆਪਣੇ ਆਪ ਤੋਂ ਬਿਨਾ ਕੋਈ ਗ਼ਜ਼ਲਗੋ ਦਿਖਾਈ ਹੀ ਨਹੀਂ ਦਿੰਦਾ ਸੀ । ਸੁਰਜੀਤ ਪਾਤਰ ਦੀ ਸਥਿਤੀ ਕੁਝ ਵੱਖਰੀ ਹੈ । ਏਥੇ ਡਾ. ਸ਼ਮਸ਼ੇਰ ਮੋਹੀ ਦੁਆਰਾ ਡਾ. ਜਗਤਾਰ ਅਤੇ ਸੁਰਜੀਤ ਪਾਤਰ ਹੁਰਾਂ ਨਾਲ ਕੀਤੀਆਂ ਮੁਲਾਕਾਤਾਂ ਵਿੱਚਲੀਆਂ ਟਿੱਪਣੀਆਂ ਉਪਰ ਝਾਤ ਮਾਰਨੀ ਸਾਡੇ ਕਾਰਜ ਲਈ ਸਹਾਈ ਹੋਵੇਗੀ :

ਜਗਤਾਰ : ਨਹੀਂ ਮੈਂ ਆਪਣੀ ਪੀੜ੍ਹੀ 'ਚੋਂ ਕਿਸੇ ਦੀ ਗੱਲ ਨਹੀਂ ਕਰਦਾ, ਇਹ ਦੀ ਵਜ੍ਹਾ ਇਹ ਹੈ ਕਿ ਮੇਰੀ ਪੀੜ੍ਹੀ 'ਚੋਂ ਕੋਈ ਨਈਂ ਐ, ਮੇਰੀ ਪੀੜ੍ਹੀ 'ਚ ਕੋਈ ਗ਼ਜ਼ਲਗੋ ਨਹਈਂ ਐਂ, ਜਿਹਦਾ ਮੈਂ ਨਾਂ ਲੈ ਸਕਾਂ। (1)

ਜਗਤਾਰ : ਪਾਤਰ ਬਾਰੇ ਮੈਂ ਕੁਝ ਨਈਂ ਕਹਿ ਸਕਦਾ, ਚੰਗਾ ਨਾ ਮੰਦਾ, ਉਹ ਲੋਕਾਂ ਦਾ ਸ਼ਾਇਰ ਐ, ਪਾਪੂਲਰ ਸ਼ਾਇਰ ਐ। I can't say anything ਕਿ ਉਹਦਾ ਕੀ ਮੁਕਾਮ ਐ, ਕੀ ਨਈਂ ਹੈ, ਲੇਕਿਨ ਐਸ ਵੇਲੇ ਸਭ ਤੋਂ ਵੱਡਾ ਝੰਡਾ ਉਹਦਾ ਐ, ਲੇਕਿਨ ਉਹ ਗਾਉਂਦੈ, ਕੁਝ ਉਹਦੇ ਪਿੱਛੇ ਬਹੁਤ ਸਰਕਾਰੀ ਲੋਕ ਐ, ਤੁਹਾਨੂੰ ਇਹ ਤਾਂ ਪਤਾ ਹੀ ਹੋਣੈ ਇਸ ਵਾਰ ਭਾਸ਼ਾ ਵਿਭਾਗ ਦਾ ਇਨਾਮ ਕਿਸ ਤਰ੍ਹਾਂ .....(2)

ਸੁਰਜੀਤ ਪਾਤਰ : ਗ਼ਜ਼ਲ ਆਲੋਚਨਾ ਤਾਂ ਪੰਜਾਬੀ ਵਿੱਚ ਨਾ ਹੋਣ ਦੇ ਬਰਾਬਰ ਹੈ। ਇਹ ਕੋਈ ਰੂਪ ਰੇਖਾ ਨਹੀਂ। (3)

ਇਹਨਾਂ ਟਿੱਪਣੀਆਂ ਤੋਂ ਪਤਾ ਲਗਦਾ ਹੈ ਕਿ ਜਗਤਾਰ ਕਿਸੇ ਹੋਰ ਗ਼ਜ਼ਲਗੋ ਦੀ ਹੋਂਦ ਤੋਂ ਹੀ ਇਨਕਾਰੀ ਹੈ ਅਤੇ ਸੁਰਜੀਤ ਪਾਤਰ ਨੂੰ ਪੰਜਾਬੀ ਚਿੰਤਨ ਗ਼ਜ਼ਲ ਆਲੋਚਨਾ ਤੋਂ ਰਹਿਤ ਪ੍ਰਤੀਤ ਹੁੰਦਾ ਹੈ । ਡਾ. ਜਗਤਾਰ ਦੀਆਂ ਟਿੱਪਣੀਆਂ ਹਊਮੈ ਗਰਸੀਆਂ ਵੀ ਹਨ ਤੇ ਚਿੰਤਾਗ੍ਰਸਤ ਵੀ । ਪਾਤਰ ਹੁਰਾਂ ਨਾਲ 60 ਪ੍ਰਤੀਸ਼ਤ ਸਹਿਮਤ ਹੋਇਆ ਜਾ ਸਕਦਾ ਹੈ । ਪਾਤਰ ਅਤੇ ਜਗਤਾਰ ਤੋਂ ਅਗਾਂਹ ਏਸੇ ਕੜੀ ਵਿੱਚ ਗੁਰਭਜਨ ਗਿੱਲ ਨੂੰ ਵੀ ਰੱਖਿਆ ਜਾ ਸਕਦਾ ਹੈ । ਪਰ ਅਜੇ ਤੀਕਣ ਪੰਜਾਬੀ ਚਿੰਤਨ ਜਗਤ ਵਿੱਚ ਗੁਰਭਜਨ ਗਿੱਲ ਦੀ ਹੀ ਨਹੀਂ ਸਗੋਂ ਸਮੁੱਚੀ ਕਵਿਤਾ ਅਤੇ ਸ਼ਾਇਰੀ ਅਣਗੌਲੀ ਹੀ ਰਹੀ ਹੈ। ਡਾ. ਸ਼ਮਸ਼ੇਰ ਮੋਹੀ ਵੀ ਗੁਰਭਜਨ ਗਿੱਲ ਦਾ ਜ਼ਿਕਰ ਗ਼ਜ਼ਲ ਦੇ ਇਤਿਹਾਸਕ ਪਰਿਪੇਖ ਵਿੱਚ ਨਹੀਂ ਕਰਦਾ। ਇਸ ਦੇ ਕਾਰਨ ਵੀ ਅਜੇ ਜ਼ਾਹਰ ਨਹੀਂ । ਇਨ੍ਹਾਂ ਸਾਰੇ ਨੁਕਤਿਆਂ ਨੂੰ ਨਿਹਾਰਦੇ ਹੋਏ ਅਗਾਂਹ ਗੁਰਭਜਨ ਗਿੱਲ ਦੀ ਸ਼ਾਇਰੀ ਸੰਬੰਧੀ ਡਾ. ਜਗਤਾਰ ਦੀ ਹੀ ਧਾਰਨਾ ਏਥੇ ਦੇਣੀ ਮੁਨਾਸਿਬ ਹੋਵੇਗੀ :

ਗੁਰਭਜਨ ਗਿੱਲ ਦੀ ਗ਼ਜ਼ਲ ਸਿਰਫ਼ ਹੋਠਾਂ ਦੀ ਮੁਸਕਣੀ ਤੇ ਅੱਖਾਂ ਦੇ ਤੀਰਾਂ ਤੱਕ ਮਹਿਦੂਦ ਨਹੀਂ ਹੈ । ਧਰਤੀ ਤੋਂ ਆਕਾਸ਼ ਤੱਕ ਬਿਖ਼ਰੇ ਹੋਏ ਜ਼ਿੰਦਗੀ ਦੇ ਹਜ਼ਾਰਾਂ ਮਸਲਿਆਂ ਨੂੰ, ਧਰਤੀ ਨਾਲ ਜੁੜੇ ਮਨੁੱਖੀ ਸਵਾਲਾਂ ਨੂੰ, ਮੁਲਕਾਂ ਦੀ ਗੈਰ ਕੁਦਰਤੀ ਵੰਡ ਨੂੰ, ਸਮਾਜ ਵਿੱਚ ਪਈ ਕਾਣੀ ਵੰਡ ਨੂੰ, ਸ਼ੋਸ਼ਣ ਅਤੇ ਜ਼ੁਲਮ ਜ਼ਬਰ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ ਅਤੇ ਉਹ ਆਪਣੀ ਗੱਲ ਆਪਣੇ ਪਾਠਕਾਂ ਤੱਕ ਪਹੁੰਚਾਉਣ ਵਿੱਚ ਸਫ਼ਲ ਹੋਇਆ ਹੈ। (4)

ਉਸ ਦੀਆਂ ਰਚਨਾਵਾਂ ਵਿੱਚ ਰਵਾਨਗੀ ਹੈ ਰੂਪਕ ਪੱਖੋਂ ਵੀ ਅਤੇ ਵਿਸ਼ਿਆਂ ਦੇ ਪੱਖੋਂ ਵੀ । ਠੇਠ ਮਾਝੀ ਲੋਕ ਬੋਲੀ ਉਸ ਦੀਆਂ ਰਚਨਾਵਾਂ ਦੀ ਤਸੀਰ ਨੂੰ ਲੋਕ ਮਾਨਸਿਕਤਾ ਨੂੰ ਟੁੰਬਣ ਯੋਗ ਬਣਾਉਂਦੀ ਹੈ ਅਤੇ ਉਸ ਨੂੰ ਪਾਠਕਾਂ ਅਤੇ ਸਰੋਤਿਆਂ ਦਾ ਇੱਕ ਵਿਸ਼ਾਲ ਸੰਸਾਰ ਵੀ ਪ੍ਰਦਾਨ ਕਰਦੀ ਹੈ । ਆਪਣੀ ਭਾਸ਼ਾ, ਸ਼ਬਦ ਚੋਣ ਅਤੇ ਮੁਹਾਵਰੇ ਕਾਰਣ ਗੁਰਭਜਨ ਗਿੱਲ ਆਪਣੇ ਸਮਕਾਲੀ ਅਤੇ ਪੂਰਵਕਾਲੀ ਸ਼ਾਇਰਾਂ ਤੋਂ ਵੱਖਰਾ ਅਤੇ ਨਿਵੇਕਲਾ ਹੈ । ਇਨ੍ਹਾਂ ਨੁਕਤਿਆਂ ਕਰਕੇ ਉਸ ਦੀ ਗ਼ਜ਼ਲ ਰਵਾਇਤੀ ਗ਼ਜ਼ਲ ਤੋਂ ਵਿੱਥ ਸਥਾਪਿਤ ਕਰਦੀ ਨਜ਼ਰ ਆਉਂਦੀ ਹੈ।

'ਗੁਲਨਾਰ' ਗੁਰਭਜਨ ਗਿੱਲ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ਹੈ । ਇਸ ਪੁਸਤਕ ਵਿੱਚ ਉਸ ਦੀਆਂ 138 ਗ਼ਜ਼ਲਾਂ ਦਰਜ ਹਨ। ਗੁਲਨਾਰ ਵਿਚਲੀਆਂ ਗ਼ਜ਼ਲਾਂ ਮਨੁੱਖ ਦੇ ਨਿੱਜ ਦੀ ਪੀੜਾ ਤੋਂ ਸ਼ੁਰੂ ਹੋ ਕੇ ਵਿਭਿੰਨ ਸਮਾਜਿਕ ਮਸਲਿਆਂ ਤੀਕ ਪਹੁੰਚਦੀਆਂ ਹਨ । ਸਮਾਜਿਕ ਸਰੋਕਾਰਾਂ ਅਤੇ ਵੱਖ-ਵੱਖ ਸਮਿਆਂ ਵਿੱਚ ਵਾਪਰੀਆਂ ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਘਟਨਾਵਾਂ ਉੱਪਰ ਉਸ ਦੀ ਤਿੱਖੀ ਨਜ਼ਰ ਟਿਕੀ ਰਹਿੰਦੀ ਹੈ । ਸਮਾਜ ਅਤੇ ਸਾਹਿਤ ਨਾਲ ਉਹ ਇਸ ਕਦਰ ਜੁੜਿਆ ਹੈ ਕਿ ਉਸ ਦੀ ਜ਼ਿੰਦਗੀ ਇਨ੍ਹਾਂ ਦੋਹਾਂ ਚੀਜ਼ਾਂ ਨਾਲ ਹੀ ਵਿਚਰਦੀ ਹੈ । ਸਮਾਜਿਕ ਤਲਖ਼, ਹਾਲਾਤ, ਮਨੁੱਖ ਦੀ ਲੁੱਟ ਅਤੇ ਬੇਕਦਰੀ ਉਸ ਨੂੰ ਤਕਲੀਫ਼ ਦਿੰਦੀ ਹੈ । ਉਹ ਆਪਣੀ ਬੋਲੀ ਅਤੇ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ ਹੈ । ਉਸਦੀ ਮਿਲਾਪੜੀ ਫ਼ਿਤਰਤ ਉਸ ਦੀਆਂ ਰਚਨਾਵਾਂ ਵਿੱਚ ਸਹਿਜ ਸੁਭਾਅ ਬੋਲਦੀ ਨਜ਼ਰ ਆਉਂਦੀ ਹੈ । ਤਲਖ਼ ਵਰਤਾਰਿਆਂ ਨੂੰ ਸਹਿਜਤਾ ਸਹਿਤ ਕਹਿਣ ਦਾ ਉਸ ਨੂੰ ਵਲ ਆਉਂਦਾ ਹੈ ਅਤੇ ਇਨ੍ਹਾਂ ਦੇ ਆਧਾਰਾਂ ਨੂੰ ਸਮਝਣ ਲਈ ਉਸ ਕੋਲ ਨੀਝ ਵੀ ਹੈ । ਇਨ੍ਹਾਂ ਨੁਕਤਿਆਂ ਨੂੰ ਸਪੱਸ਼ਟ ਕਰਨ ਲਈ ਉਸ ਦੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਵੇਖਦੇ ਹਾਂ :


ਅੱਖਾਂ ਉੱਤੇ ਕਾਲੀ ਐਨਕ, ਜੀਭ ਨੂੰ ਤੰਦੂਆ, ਕੰਨੀ ਬੁੱਜੇ, 
ਜਬਰ ਵੇਖ ਕੇ ਕਦ ਬੋਲਣਗੇ, ਗਾਂਧੀ ਤੇਰੇ ਪਾਲੇ ਬਾਂਦਰ
***
ਸੀ ਰੱਬਾਬ ਕਿਤਾਬ ਦਾ ਮਾਲਕ ਉਹ ਪੰਜਾਬ ਹੈ ਕਿੱਥੇ, 
ਸ਼ਬਦ ਗੁਰੂ ਨੂੰ ਭੁੱਲ ਗਏ ਸਾਧੋ, ਧਰਮ ਤਰਾਜ਼ੂ ਸਾਰੇ ।
***
ਔਰੰਗਜ਼ੇਬ ਉਦਾਸ ਕਬਰ ਵਿੱਚ, 
ਅੱਜ ਕੱਲ੍ਹ ਏਦਾਂ ਸੋਚ ਰਿਹਾ ਹੈ, 
ਅੱਜ ਦੇ ਹਾਕਮ ਵਰਗਾ ਬਣਦਾ, 
ਮੈਂ ਖ਼ਤ ਪੜ੍ਹ ਕੇ ਕਿਉਂ ਮਰਨਾ ਸੀ ?
***
ਸਾਡੇ ਘਰ ਤੋਂ ਅਮਰੀਕਾ ਤੱਕ, 
ਜਾਲ ਵਿਛਾਇਆ ਅਣਦਿਸਦਾ, 
ਕਿਹੜਾ ਚਤੁਰ ਸ਼ਿਕਾਰੀ ਹੈ ਜੋ, 
ਉਡਣੇ ਪੰਛੀ ਫਾਹੁੰਦਾ ਹੈ ।
***
ਅਣਖ਼ ਦੀ ਰੋਟੀ ਖਾਂਦੇ ਖਾਂਦੇ, 
ਆਹ ਦਸ ਤੈਨੂੰ ਕੀ ਹੋਇਆ, 
ਇਹ ਅਨਮੋਲ ਜ਼ਮੀਰ ਭਲਾ ਕਿਉਂ,
ਆਟੇ ਖ਼ਾਤਰ ਮਾਰ ਲਈ।
***

'ਗੁਲਨਾਰ' ਵਿੱਚਲੀਆਂ ਗ਼ਜ਼ਲਾਂ ਤਨਜ਼ ਦੇ ਮਾਧਿਅਮ ਰਾਹੀਂ ਪ੍ਰਸ਼ਨ ਖੜੇ ਕਰਦੀਆਂ ਹਨ । ਇਹ ਪ੍ਰਸ਼ਨ ਸਮਕਾਲੀ ਸਿਸਟਮ ਦੀ ਕਾਰਜ-ਸ਼ੈਲੀ ਦਾ ਪਾਜ ਉਧੇੜਦੇ ਹਨ । ਇਸ ਸਿਸਟਮ ਨੂੰ ਉਹ ਸਮੁੱਚਤਾ ਵਿੱਚ ਵੀ ਵੇਖਦਾ ਹੈ ਅਤੇ ਇਸ ਦਾ ਅੰਗ- ਨਿਖੇੜ ਵੀ ਕਰਦਾ ਹੈ । ਸਮਕਾਲੀ ਮਨੁੱਖ ਦੀ ਫ਼ਿਤਰਤ, ਧਾਰਮਿਕ ਲੀਡਰਾਂ ਦੇ ਕਾਰੇ, ਰਾਜਨੀਤਕ ਨੇਤਾਵਾਂ ਦੇ ਦੰਭ ਸਰਕਾਰੀ ਨੌਕਰਸ਼ਾਹੀ ਦਾ ਕਿਰਦਾਰ, ਵਿਹੂਣਾ ਹੋਣਾ ਅਤੇ ਹਰੇਕ ਅਹੁਦੇ ਅਤੇ ਰਿਸ਼ਤੇ ਦਾ ਮਨੋਰਥੀ ਅਤੇ ਵਿਕਾਊ ਹੋਣਾ ਆਦਿ ਅਜਿਹੇ ਮਸਲੇ ਹਨ ਜਿਹੜੇ ਸਮਕਾਲੀ ਸਿਸਟਮ ਦੀ ਉੱਪਜ ਹਨ।ਗੁਰਭਜਨ ਗਿੱਲ ਇਹਨਾਂ ਮਸਲਿਆਂ ਦੇ ਆਧਾਰਾਂ ਦੀ ਪਹਿਚਾਣ ਕਰ ਇਨ੍ਹਾਂ ਦੇ ਸੱਚ ਨੂੰ ਨਸ਼ਰ ਕਰਦਾ ਹੈ । ਇਹ ਮਸਲੇ ਹੈ ਤਾਂ ਸਾਧਾਰਨ ਪਰ ਹਨ ਗੁੰਝਲਦਾਰ । ਸਾਧਾਰਨ ਮਨੁੱਖ ਇਨ੍ਹਾਂ ਨੂੰ ਸਮਝਣ ਤੋਂ ਆਪਣੇ ਆਪ ਨੂੰ ਅਸਮਰੱਥ ਮਹਿਸੂਸ ਕਰਦਾ ਹੈ। ਇਸ ਸਾਰੇ ਵਰਤਾਰੇ ਨੂੰ ਸਾਧਾਰਨ ਮਨੁੱਖ ਦੀ ਸਮਝ ਤੱਕ ਪਹੁੰਚਾਉਣ ਦਾ ਯਤਨ ਗੁਰਭਜਨ ਗਿੱਲ ਆਪਣੀਆਂ ਰਚਨਾਵਾਂ ਦੇ ਜਰੀਏ ਕਰਦਾ ਹੈ ਇਹ ਤਨਜ਼ ਅਤੇ ਪ੍ਰਸ਼ਨ ਕਦੇ ਵੀ ਉਸ ਦੀ ਰਚਨਾ ਉੱਪਰ ਭਾਰੂ ਹੁੰਦੇ ਦਿਖਾਈ ਨਹੀਂ ਦਿੰਦੇ ਸਗੋਂ ਇਹਨਾਂ ਦੋਵੇਂ ਜੁਗਤਾਂ ਸਦਕਾ ਉਸ ਦੀਆਂ ਗ਼ਜ਼ਲਾਂ ਦੀ ਸਾਹਿਤਕਤਾ ਪਰਿਪੱਕ ਹੁੰਦੀ ਹੈ :


ਏਸੇ ਘਰ ਦਾ ਅੱਜ ਵੀ ਜੀਅ ਹੈ, 
ਸੀਤਾ ਵੀ ਧਰਤੀ ਦੀ ਧੀ ਹੈ, 
ਹਰ ਯੁੱਗ ਅੰਦਰ ਲਛਮਣ-ਰੇਖਾ, 
ਉਸਦੇ ਚਾਰ ਚੁਫ਼ੇਰੇ ਕਿਉਂ ਬਈ।

ਦਾਨਿਸ਼ਵਰ ਲਈ ਮੁਕਤੀਦਾਤਾ, 
ਮਿੱਟੀ ਦਾ ਭਗਵਾਨ ਨਹੀਂ ਹੈ। 
ਏਨੀ ਗੱਲ ਸਮਝਾਉਣੀ ਦਿਲ ਨੂੰ, 
ਏਨੀ ਸਹਿਜ ਆਸਾਨ ਨਹੀਂ ਹੈ।

ਇੱਛੀਆਧਾਰੀ ਨਾਗ ਵਾਂਗਰਾਂ, 
ਰੋਜ਼ ਸਿਆਸਤ ਨੇ ਰੰਗ ਬਦਲੇ, 
ਜੋ ਭਗਵਾਨ ਬਣਾਏ ਹੱਥੀਂ, 
ਓਹੀ ਕਹਿਰ ਗੁਜ਼ਾਰ ਗਏ ਨੇ।

ਵਤਨ ਮੇਰੇ ਵਿਚ ਧੀਆਂ ਪੁੱਤਰ, 
ਇਕ ਵੀ ਰਹਿਣਾ ਚਾਹੁੰਦਾ ਨਹੀਂ, 
ਕਿਹੜਾ ਕਹਿੰਦਾ ਸੋਨ ਚਿੜੀ ਨੂੰ, 
ਹੋਈ ਇਹ ਬਰਬਾਰ ਨਹੀਂ।

ਤੁਸੀਂ ਜੰਮ ਜੰਮ ਲਾਲ ਕਿਲ੍ਹਾ ਭਗਵਾ ਰੰਗ ਲਉ,
ਸਭ ਵੇਖਦੀ ਤਾਰੀਖ ਕਿਹੜੀ ਚਾਲ ਪਿੱਛੇ ਕੌਣ ?

ਉਪਰੋਕਤ ਹਵਾਲਿਆਂ ਦੇ ਆਧਾਰ ਉਪਰ ਗੁਰਭਜਨ ਗਿੱਲ ਦੀ ਸਾਹਿਤਕ ਅਤੇ ਸਮਾਜਕ ਪਕੜ ਸਹਿਜੇ ਹੀ ਸਾਹਮਣੇ ਆ ਜਾਂਦੀ ਹੈ । ਉਸ ਦੀਆਂ ਗ਼ਜ਼ਲਾਂ ਵਿਭਿੰਨਤਾਮੁਖੀ ਹਨ ਦੁਹਰਾਉ ਬਹੁਤ ਘੱਟ ਨਜ਼ਰ ਆਉਂਦਾ ਹੈ । ਏਥੇ ਇਹ ਨੁਕਤਾ ਗੌਲਣਾ ਵੀ ਲਾਜ਼ਮੀ ਹੈ ਕਿ ਕੋਈ ਸਾਹਿਤਕਾਰ ਕਿਸੇ ਸਮਾਜਿਕ ਮਸਲੇ ਨੂੰ ਕਿਸ ਦ੍ਰਿਸ਼ਟੀਕੋਣ ਨਾਲ ਦੇਖਦਾ ਹੈ ਅਤੇ ਉਸ ਦੇ ਵਿਚਾਰਧਾਰਕ ਆਧਾਰ ਕੀ ਹਨ ? ਇਸ ਤੋਂ ਅਗਾਂਹ ਉਸ ਦੀ ਰਚਨਾ ਨੂੰ ਵਸੀਲਾ ਬਣਾਉਂਦੇ ਹੋਏ ਉਸ ਦੇ ਮਾਨਸਿਕ ਅਵਚੇਤਨ ਤੱਕ ਵੀ ਪਹੁੰਚਿਆ ਜਾ ਸਕਦਾ ਹੈ ਜਾਂ ਫਿਰ ਉਸ ਦੇ ਵਿਸ਼ਵ-ਦ੍ਰਿਸ਼ਟੀਕੋਣ ਦੀ ਵੀ ਪਹਿਚਾਣ ਕੀਤੀ ਜਾ ਸਕਦੀ ਹੈ। ਇਹ ਨੁਕਤਿਆਂ ਤੋਂ ਗੁਰਭਜਨ ਗਿੱਲ ਦੀਆਂ 'ਗੁਲਨਾਰ' ਵਿਚਲੀਆਂ ਗ਼ਜ਼ਲਾਂ ਮਨੁੱਖਤਾ ਸਨੇਹੀ ਹਨ । ਉਹ ਮਨੁੱਖਤਾ ਨੂੰ ਮੁਹੱਬਤ ਕਰਨ ਵਾਲਾ ਸ਼ਾਇਰ ਹੈ । ਏਸੇ ਕਾਰਣ ਔਰਤ ਦੀ ਤ੍ਰਾਸਦੀ ਸਥਿਤੀ ਅਤੇ ਪੰਜਾਬ ਸੰਕਟ ਸੰਬੰਧੀ ਉਹ ਬਾਰ-ਬਾਰ ਮੁੜਦਾ ਹੈ । ਔਰਤ ਦਾ ਉਹ ਮਾਂ, ਭੈਣ ਅਤੇ ਪਤਨੀ ਦਾ ਆਦਰਸ਼ ਰੂਪ ਹੀ ਚਿਤਰਦਾ ਹੈ ਔਰਤ ਨੂੰ ਮੁਹੱਬਤ, ਮਮਤਾ ਅਤੇ ਅਬਲਾ ਜਿਹੇ ਲਕਬ ਪ੍ਰਚਲਿਤ ਹਨ ਪਰ ਹੁਣ ਦੇ ਸਮੇਂ ਵਿੱਚ ਔਰਤ ਦੇ ਪ੍ਰਤੀ ਰੂਪਾਂ ਦੀ ਗੱਲ ਕਰਨੀ ਵੀ ਜਰੂਰੀ ਹੈ ਜੋ ਕਿ ਗੁਰਭਜਨ ਗਿੱਲ ਨਹੀਂ ਕਰਦਾ । ਹਾਂ ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਹੋਈ ਅਤੇ ਹੁੰਦੀ ਖੁਆਰੀ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ । ਗੁਰਭਜਨ ਗਿੱਲ ਔਰਤ ਦੀ ਤ੍ਰਾਸਦ ਸਥਿਤੀ ਨੂੰ ਬਿਆਨ ਕਰਨ ਵਿਚ ਵਧੇਰੇ ਰੁੱਝਿਆ ਨਜ਼ਰ ਆਉਂਦਾ ਹੈ :


ਜਨਕ-ਦੁਲਾਰੀ ਲਈ ਕੁੱਜੀ, 
ਮਹਾਰਾਜੇ ਦੀ ਮਾਂ ਲਈ ਮਹੁਰਾ, 
ਹਰ ਯੁਗ ਅੰਦਰ, ਹਰ ਧੀ ਖਾਤਰ, 
ਸੱਸੀ ਵਾਂਗ ਸੰਦੂਕ ਕਿਉਂ ਹੈ?

ਹਰ ਮਾਂ ਹੁੰਦੀ ਵੱਡੀ ਬੁੱਕਲ, 
ਪੁੱਤਰ, ਧੀਆਂ, ਟੱਬਰ ਸਾਂਭੇ 
ਇਸ ਧਰਤੀ ਦੇ ਉੱਤੇ ਫਿਰ ਕਿਉਂ, 
ਮਮਤਾ ਦਾ ਸਤਿਕਾਰ ਨਹੀਂ ਹੈ ।

ਅੱਜ ਵੀ ਮੇਰਾ ਧਰਮੀ ਬਾਬਲ 
ਸੋਚਾਂ ਵਿਚ ਗਲਤਾਨ ਕਿਉਂ ਹੈ? 
ਅਣਜੰਮੀ ਨੂੰ ਮਾਰਨ ਖ਼ਾਤਰ, 
ਸਮਝੇ ਆਪਣੀ ਸ਼ਾਨ ਕਿਉਂ ਹੈ ?

ਗੁਰਭਜਨ ਗਿੱਲ ਪੰਜਾਬ ਨਾਲ ਸੰਬੰਧਿਤ ਤਲਖ਼ ਵਰਤਾਰਿਆਂ ਦਾ ਬਾਰ-ਬਾਰ ਜ਼ਿਕਰ ਕਰਦਾ ਹੈ । ਉਹ ਸਮਕਾਲੀ ਨਸ਼ਿਆਂ ਦੀ ਗ੍ਰਿਫਤ ਵਿੱਚ ਆਈ ਨੌਜਵਾਨ ਪੀੜ੍ਹੀ ਦੀ ਦੁਰਦਸ਼ਾ ਲਈ ਰਾਜਨੀਤਕ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ । ਉਹ ਸਮਕਾਲੀ ਪੰਜਾਬ ਦੇ ਨਸ਼ਿਆਂ ਵਿਚ ਗਲਤਾਨ ਹੋਣ ਨੂੰ ਅੱਤਵਾਦ ਦੇ ਦਹਿਸ਼ਤਗਰਦੀ ਦੇ ਸਮੇਂ ਨਾਲ ਰੱਖ ਕੇ ਵੇਖਦਾ ਹੈ । ਪੰਜਾਬ ਸੰਕਟ ਦੇ ਸਮੇਂ ਵੀ ਨਿਕੰਮੀ ਸਿਆਸਤ ਕਾਰਣ ਕਈ ਘਰਾਂ ਦੇ ਚਿਰਾਗ ਬੁਝ ਗਏ ਸਨ ਅਤੇ ਹੁਣ ਨਸ਼ਿਆਂ ਕਾਰਣ ਓਸੇ ਤਰ੍ਹਾਂ ਦਾ ਖੌਫ਼ ਅਤੇ ਸੰਤਾਪ ਲੋਕ ਹੰਡਾ ਰਹੇ ਹਨ। ਪੁਸਤਕ ਸਭਿਆਚਾਰ ਤੋਂ ਪੰਜਾਬ ਟੁੱਟਾ ਨਹੀਂ ਤੋੜਿਆ ਗਿਆ ਹੈ ਤੇ ਹਥਿਆਰਾਂ ਅਤੇ ਨਸ਼ਿਆਂ ਦੇ ਵਸ ਪਾਇਆ ਗਿਆ ਹੈ । ਇਹ ਸਮੇਂ ਦੇ ਸਿਆਸਤਦਾਨਾਂ ਲਈ ਮੁਆਫਿਕ ਹੈ । 'ਗੁਲਨਾਰ' ਵਿਚਲੀਆਂ ਗ਼ਜ਼ਲਾਂ ਦੇ ਕਈ ਸ਼ਿਅਰ ਇਸ ਸਭ ਕਾਸੇ ਨੂੰ ਚਿੰਤਨੀ ਸੁਰ ਵਿੱਚ ਪੇਸ਼ ਕਰਦੇ ਹਨ :

ਕਦੇ ਨਸ਼ਿਆਂ ਦੀ ਮਾਰ, ਕਦੇ ਹੱਥ ਹਥਿਆਰ,
ਓਥੇ ਏਹੀ ਕੁਝ ਹੋਊ, ਜਿੱਥੋਂ ਖੁੱਸ ਗਈ ਕਿਤਾਬ।

ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿੱਚ ਬੀਤ ਗਏ ਲਈ ਹੇਰਵਾ ਵੀ ਹੈ। ਏਥੇ ਸੋਚਨ ਵਾਲੀ ਇਹ ਗੱਲ ਹੈ ਕਿ ਬੀਤ ਗਏ ਸਮੇਂ ਨਾਲ ਬਹੁਤ ਕੁਝ ਹੋਰ ਵੀ ਚਲਾ ਜਾਂਦਾ ਹੈ ਅਤੇ ਨਵੇਂ ਦੌਰ ਵਿੱਚ ਬਹੁਤ ਕੁਝ ਨਵਾਂ ਜੁੜ ਜਾਂਦਾ ਹੈ । ਵਿਰਸੇ ਪ੍ਰਤੀ ਭਾਵੁਕ ਤਾਂ ਹਰ ਕੋਈ ਮਨੁੱਖ ਹੁੰਦਾ ਹੈ ਪਰ ਵਿਰਸੇ ਪ੍ਰਤੀ ਉਪਭਾਵੁਕ ਬਿਰਤੀ ਨਹੀਂ ਹੋਣੀ ਚਾਹੀਦੀ । ਗੁਰਭਜਨ ਗਿੱਲ ਵਿਰਸੇ ਪ੍ਰਤੀ ਉਪਭਾਵੁਕ ਹੁੰਦਾ ਵੀ ਵਿਖਾਈ ਦਿੰਦਾ ਹੈ । 'ਗੁਲਨਾਰ' ਵਿਚਲੀਆਂ ਗ਼ਜ਼ਲਾਂ ਸੱਭਿਅਤਾ ਅਤੇ ਪ੍ਰਕਿਰਤੀ ਵਿਚਲੇ ਤਨਾਉ ਨੂੰ ਵੀ ਉਘਾੜਦੀਆਂ ਹਨ। ਇਹ ਤਨਾਉ ਬਦਲੀ ਹੋਈ ਜੀਵਨ ਜਾਂਚ ਅਤੇ ਕਾਰ-ਵਿਹਾਰ ਕਾਰਨ ਵੀ ਪੈਦਾ ਹੁੰਦਾ ਹੈ ਅਤੇ ਉਮਰਾਂ ਦੇ ਨਾਲ ਵੀ । ਪਿੰਡਾਂ ਦੇ ਕੱਚੇ ਘਰ ਚੰਗੇ ਲੱਗਣਾ ਉਪਭਾਵੁਕ ਬਿਰਤੀ ਹੀ ਹੈ । ਪਰ ਇਸ ਦੇ ਨਾਲ ਹੀ ਸਭਿਅਤਾ ਦੇ ਵਿਕਾਸ ਦੇ ਨਾਂ ਤੇ ਜੋ ਮਨੁੱਖ ਦੀਆਂ ਚੰਗੀਆਂ ਕਦਰਾਂ/ਕੀਮਤਾਂ ਉਸ ਤੋਂ ਖੋਹ ਲਈਆਂ ਜਾਂਦੀਆਂ ਹਨ ਉਹ ਚਿੰਤਾ ਦਾ ਮਸਲਾ ਹੈ । ਸਮਕਾਲੀ ਪੂੰਜੀਵਾਦੀ ਮੰਡੀ ਦੇ ਯੁੱਗ ਵਿੱਚ ਹਰ ਵਸਤ, ਵਰਤਾਰੇ, ਸ਼ੈਅ, ਰਿਸ਼ਤਿਆਂ ਅਤੇ ਮਨੁੱਖ ਤੱਕ ਵਪਾਰ ਅਤੇ ਮੁਨਾਫ਼ੇ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਂਦਾ ਹੈ, ਖਰੀਦਿਆ ਅਤੇ ਵੇਚਿਆ ਜਾਂਦਾ ਹੈ । ਅਜਿਹੇ ਹਾਲਤਾਂ ਵਿੱਚ ਰਿਸ਼ਤੇ ਨਾਤੇ ਨਾਮ ਦੇ ਰਹਿ ਜਾਂਦੇ ਹਨ । ਭਾਵਨਾਵਾਂ ਦੀ ਥਾਂ ਮਾਇਆ ਲੈ ਲੈਂਦੀ ਹੈ। ਮਨੁੱਖ ਤੋਂ ਮਨੁੱਖ ਟੁੱਟਦਾ ਜਾਂਦਾ ਹੈ । ਮਨੁੱਖ ਦੇ ਹਿੱਸੇ ਸਰੀਰਕ ਤੇ ਮਾਨਸਿਕ ਸੰਤਾਪ ਹੀ ਬਚਦਾ ਹੈ :


ਘਰ ਰਹੇ ਨਾ ਘਰ, ਇਹ ਬਣ ਗਏ ਕੈਦਖ਼ਾਨੇ ਵੇਖ ਲੈ, 
ਸ਼ਹਿਰ ਵਾਂਗੂ ਪਿੰਡ ਅੰਦਰ ਸਹਿਕਦੇ ਹੁਣ ਚੌਂਤਰੇ ।

ਮੈਂ ਮਿਸੀ ਖਾਣ ਵਾਲਾ ਆਦਮੀ ਸਾਂ, 
ਮੇਰੀ ਥਾਲੀ 'ਚ ਬਰਗਰ ਆ ਗਿਆ ਹੈ ।

ਸਾਡੇ ਪੁੱਤਰ ਕਿੱਥੇ ਤੁਰ ਗਏ, 
ਸੁਣਿਐ ਸ਼ਹਿਰੀਂ ਰਹਿੰਦੇ ਨੇ, 
ਸਾਡੇ ਪਿੰਡ ਦੇ ਕੱਚੇ ਕੋਠੇ, 
ਢਾਰੇ ਗੱਲਾਂ ਕਰਦੇ ਨੇ।

ਗੁਰਭਜਨ ਗਿੱਲ ਸਮਕਾਲੀ ਤ੍ਰਾਸਦ ਹਲਾਤਾਂ ਤੋਂ ਨਿਰਾਸ਼ ਨਹੀਂ ਹੁੰਦਾ ਸਗੋਂ ਉਹ ਆਪਣੇ ਪਾਠਕ ਤੋਂ ਵਿਰੋਧ ਦੀ ਹੀ ਨਹੀਂ ਵਿਦਰੋਹ ਤਕ ਦੀ ਆਸ ਕਰਦਾ ਹੈ । ਉਸ ਨੂੰ ਇਸ ਗੱਲ ਦੀ ਸਮਝ ਹੈ ਭਾਰਤੀ ਇਤਿਹਾਸ ਵਿਚ ਕੀ ਕੁਝ ਅਸਲ ਵਿਚ ਵਾਪਰਿਆ ਹੈ । ਬਿਨਾ ਸੰਘਰਸ਼ ਤੋਂ ਇਤਿਹਾਸ ਗਵਾਹ ਹੈ ਕਿ ਕਦੇ ਵੀ ਮਨੁੱਖ ਨੂੰ ਨਿਜਾਤ / ਆਜ਼ਾਦੀ ਨਹੀਂ ਮਿਲੀ । ਉਹ ਮਨੁੱਖੀ ਸੰਘਰਸ਼ ਵਿਚ ਵਿਸ਼ਵਾਸ ਰੱਖਦਾ ਹੈ:

ਖੜਗ ਢਾਲ ਤੋਂ ਬਿਨਾ ਆਜ਼ਾਦੀ,
ਆਈ ਜੋ ਤੂੰ ਕੂਕ ਰਿਹਾ ਏਂ,
ਚਰਖ਼ੇ ਨਾਲ ਲਿਆਇਆ, ਜਿਹੜੀ,
ਬਾਪੂ ਵਾਲਾ ਦਾਜ ਨਹੀਂ ਸੀ।

ਜਿਥੋਂ ਤੀਕ ਗੁਲਨਾਰ ਵਿਚਲੀਆਂ ਗ਼ਜ਼ਲਾਂ ਦੀਆਂ ਸੀਮਾਵਾਂ ਦੀ ਗੱਲ ਹੈ ਤਾਂ ਕਈ ਗ਼ਜ਼ਲਾਂ ਇਕ ਹੀ ਪੈਟਰਨ ਅਤੇ ਕਾਫ਼ੀਏ (9) ਰਦੀਫ ਵਿਚ ਹੋਣ ਦੇ ਨਾਲ ਵਿਚਾਰਾਂ ਦਾ ਵੀ ਦੁਹਰਾਉ ਹਨ । ਜਿਵੇਂ ਪੰਨੇ - 78, 101 ਅਤੇ 109 ਦੀਆਂ ਗ਼ਜ਼ਲਾਂ । ਇਸ ਤਰ੍ਹਾਂ ਹੀ ਕਿਧਰੇ-ਕਿਧਰੇ ਵਜ਼ਨ ਕਾਰਣ ਗ਼ਜ਼ਲਗੋ ਸ਼ਬਦਾਂ ਨੂੰ ਤੋੜਦਾ ਵੀ ਨਜ਼ਰ ਆਉਂਦਾ ਹੈ ਜਿਸ ਕਾਰਣ ਅਰਥ ਸੰਚਾਰ ਵਿਚ ਰੁਕਾਵਟ ਆਉਂਦੀ ਹੈ । ਗੁਰਭਜਨ ਗਿੱਲ ਧਰਮ, ਵਿਗਿਆਨ ਅਤੇ ਇਤਿਹਾਸ ਪ੍ਰਤੀ ਦਵੰਦਮਈ ਮਾਨਸਿਕਤਾ ਦਾ ਸ਼ਿਕਾਰ ਹੋਇਆ ਵੀ ਨਜ਼ਰ ਆਉਂਦਾ ਹੈ। ਕਈ ਥਾਂਈ ਮੁਕੰਮਲ ਵਿਚਾਰ ਵੀ ਪੇਸ਼ ਨਹੀਂ ਹੁੰਦਾ । ਪਹਿਲੀ ਸੱਤਰ ਨੂੰ ਦੂਸਰੀ ਸੱਤਰ ਤਰਦੀ ਨਹੀਂ ਕਰਦੀ । ਇਨ੍ਹਾਂ ਸੀਮਾਵਾਂ ਤੋਂ ਜਿਆਦਾ ਉਸ ਦੀ ਗ਼ਜ਼ਲ ਦੀਆਂ ਸੰਭਾਵਨਾਵਾਂ ਹਨ । ਉਹ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਇਕ ਸਥਾਪਿਤ ਹਸਤਾਖ਼ਰ ਹੈ । ਉਸਦੀ ਗ਼ਜ਼ਲ ਦਾ ਅਜੇ ਨਿੱਠ ਕੇ ਅਧਿਐਨ ਨਹੀਂ ਹੋਇਆ ਜਦ ਕਦੇ ਪੰਜਾਬੀ ਵਿਦਵਾਨਾਂ ਜਾਂ ਖੋਜਾਰਥੀਆਂ ਦਾ ਧਿਆਨ ਉਸ ਦੀ ਰਚਨਾ ਵੱਲ ਜਾਏਗਾ ਫਿਰ ਇਸ ਵਿਚਲੀਆਂ ਕਈ ਜੁਗਤਾਂ ਅਤੇ ਪਰਤਾਂ ਖੁਲ੍ਹਕੇ ਸਾਹਮਣੇ ਆ ਸਕਣਗੀਆਂ । 'ਗੁਲਨਾਰ' ਪੰਜਾਬੀ ਗ਼ਜ਼ਲ ਦੀਆਂ ਹੁਣ ਤੱਕ ਦੀਆਂ ਕੁਝ ਕੁ ਪੁਸਤਕਾਂ ਵਿਚੋਂ ਇਕ ਅਹਿਮ ਦਸਤਾਵੇਜ਼ ਹੈ । ਅਜਿਹੀ ਇਸ ਗ਼ਜ਼ਲ ਸੰਗ੍ਰਹਿ ਪ੍ਰਤੀ ਮੇਰੀ ਧਾਰਨਾ ਬਣੀ ਹੈ। ***

ਹਵਾਲੇ ਤੇ ਟਿੱਪਣੀਆਂ

1. ਡਾ. ਸ਼ਮੇਸ਼ਰ ਮੋਹੀ, ਗਜ਼ਲ ਸੰਵਾਦ, ਪੰਨਾ : 17
2.----ਉਹੀ----ਪੰਨੇ : 24-25
3.----ਉਹੀ----ਪੰਨੇ : 42
4. ਗੁਰਭਜਨ ਗਿੱਲ, ਮਨ ਦੇ ਬੂਹੇ ਬਾਰੀਆਂ ਪੰਨਾ : 13

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ