ਗੁਰਭਜਨ ਗਿੱਲ ਦੀਆਂ ਗ਼ਜ਼ਲਾਂ : ਦੋ ਹਰਫ਼ ਰਸੀਦੀ-ਬ੍ਰਹਮ ਜਗਦੀਸ਼ ਸਿੰਘ (ਪ੍ਰੋ:)
ਗੁਰਭਜਨ ਗਿੱਲ ਪੰਜਾਬੀ ਦਾ ਇਕ ਮੋਹਤਬਰ ਸ਼ਾਇਰ ਹੈ। ਮੋਹਤਬਰ ਉਹ ਇਸ ਲਈ ਨਹੀਂ ਕਿ ਹਰ ਥਾਂ ਉਸ ਦੀ ਖ਼ਾਸ ਪੁੱਛ ਪ੍ਰਤੀਤ ਹੈ, ਬਲਕਿ ਇਸ ਲਈ ਕਿ ਸਮਾਜ ਅਤੇ ਸਰਕਾਰ ਦੀਆਂ ਸਾਰੀਆਂ ਅਨੀਤੀਆਂ-ਕੁਰੀਤੀਆਂ ਦੇ ਵਿਰੁੱਧ, ਉਹ ਇਕ ਆਮ ਆਦਮੀ ਦੇ ਹਿਤਾਂ ਲਈ ਆਵਾਜ਼ ਉਠਾਉਂਦਾ ਹੈ ਸਗੋਂ ਉਸ ਦੀ ਵਕਾਲਤ ਕਰਦਾ ਹੈ। ਵੀਹਵੀਂ ਸਦੀ ਵਿਚ ਵਿਸ਼ੇਸ਼ ਕਰਕੇ ਕਵਿਤਾ ਯੁੱਧ ਦਾ ਹਥਿਆਰ ਬਣ ਗਈ ਹੈ ਅਤੇ ਗੁਰਭਜਨ ਗਿੱਲ ਇਸ ਜੰਗ ਦੇ ਅਗਲੇ ਫਰੰਟਾਂ ਤੇ ਲੜਨ ਵਾਲਾ ਇਕ ਵਚਨਬੱਧ ਯੋਧਾ ਹੈ।
‘ਸ਼ੀਸ਼ਾ ਝੂਠ ਬੋਲਦਾ ਹੈ’ (1978), ‘ਹਰ ਧੁਖਦਾ ਪਿੰਡ ਮੇਰਾ ਹੈ' (1986) ਅਤੇ ‘ਬੋਲ ਮਿੱਟੀ ਦਿਆ ਬਾਵਿਆ' (1992) ਤੋਂ ਬਾਅਦ ‘ਦੋ ਹਰਫ਼ ਰਸੀਦੀ’ ਉਸ ਦਾ ਚੌਥਾ ਕਾਵਿ ਸੰਗ੍ਰਹਿ ਹੈ। ਉਸ ਦੇ ਪਲੇਠੇ ਕਾਵਿ ਸੰਗ੍ਰਹਿ ‘ਸ਼ੀਸ਼ਾ ਝੂਠ ਬੋਲਦਾ ਹੈ’ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਭਾਈ ਵੀਰ ਸਿੰਘ ਪੁਰਸਕਾਰ ਨਾਲ 1980 ਵਿੱਚ ਸੁਸ਼ੋਭਿਤ ਕੀਤਾ ਸੀ। ਪੰਜਾਬੀ ਸਾਹਿਤ ਦੇ ਸੁਹਿਰਦ ਪਾਠਕਾਂ ਨੇ ਵੀ ਉਸ ਸਮੇਂ ਗੁਰਭਜਨ ਗਿੱਲ ਦੀ ਕਾਵਿ- ਪ੍ਰਤਿਭਾ ਦਾ ਅਭਿਨੰਦਨ ਕੀਤਾ ਸੀ ਕਿਉਂਕਿ ਅਜੋਕੇ ਇਨਾਮਾਂ-ਸਨਮਾਨਾਂ ਦੀ ਭੀੜ ਦੇ ਪ੍ਰਸੰਗ ਵਿਚ, ਭਾਈ ਵੀਰ ਸਿੰਘ ਪੁਰਸਕਾਰ ਇਕ ਅਜਿਹਾ ਗੌਰਵਮਈ (prestigious) ਸਨਮਾਨ ਹੈ ਜਿਹੜਾ ਨਿਰੋਲ ਸਾਹਿਤਕ ਕਦਰਾਂ-ਕੀਮਤਾਂ ਕਰਕੇ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ ।
ਉਸ ਸਮੇਂ ਤੋਂ ਲੈ ਕੇ ਅੱਜ ਤਕ ਗੁਰਭਜਨ ਗਿੱਲ ਕਾਵਿ-ਸਿਰਜਣਾ ਦੀ ਰਹੱਸਮਈ ਅਤੇ ਤਨਹਾ ਡਗਰ ਉੱਤੇ ਪੂਰੇ ਵਿਸ਼ਵਾਸ ਨਾਲ ਚੱਲਦਾ ਆ ਰਿਹਾ ਹੈ। ਗੁਰਭਜਨ ਗਿੱਲ ਦੀ ਕਾਵਿ-ਯਾਤਰਾ ਘੱਟੋ-ਘੱਟ ਡੇਢ ਦੋ ਦਹਾਕੇ ਲੰਬੀ ਤਾਂ ਜ਼ਰੂਰ ਹੀ ਹੈ। ‘ਦੋ ਹਰਫ਼ ਰਸੀਦੀ' ਸੰਬੰਧੀ ਇਹ ਸਤਰਾਂ ਲਿਖਦੇ ਹੋਏ ਮੈਨੂੰ 1975-76 ਦੇ ਉਨ੍ਹਾਂ ਵਰ੍ਹਿਆਂ ਦੀ ਯਾਦ ਆ ਰਹੀ ਹੈ ਜਦੋਂ ਉਹ ਗੌਰਮਿੰਟ ਕਾਲਜ ਲੁਧਿਆਣਾ ਦੇ ਪੋਸਟ-ਗਰੈਜੂਏਟ ਵਿਭਾਗ ਦਾ ਬਹੁ- ਚਰਚਿਤ ਵਿਦਿਆਰਥੀ ਸੀ। ਉਸ ਸਮੇਂ ਭਾਵੇਂ ਸਾਹਿਤ ਅਤੇ ਸਭਿਆਚਾਰ ਸੰਬੰਧੀ ਉਸ ਦੀਆਂ ਧਾਰਨਾਵਾਂ ਪਰਿਪੱਕ ਤਾਂ ਨਹੀਂ ਸਨ ਹੋਈਆਂ ਪਰ ਤਾਂ ਵੀ ਉਹ ਸਾਹਿਤ ਅਤੇ ਸਭਿਆਚਾਰ ਦੀਆਂ ਮੂਲ ਸਥਾਪਨਾਵਾਂ ਬਾਰੇ ਬੜੇ ਵਿਸ਼ਵਾਸ ਨਾਲ ਗੱਲ ਕਰ ਸਕਦਾ ਸੀ। ਮੇਰੇ ਪਰਮ ਮਿੱਤਰ ਮਰਹੂਮ ਡਾ. ਰਣਧੀਰ ਸਿੰਘ ਚੰਦ ਨੂੰ ਇਸ ਗੱਲ ਦਾ ਬੜਾ ਮਾਣ ਸੀ ਕਿ ਗੁਰਭਜਨ ਗਿੱਲ ਵਰਗੇ ਸੰਵੇਦਨਸ਼ੀਲ ਨੌਜਵਾਨ ਉਸ ਦੇ ਮੁੱਢਲੇ ਦੌਰ 'ਚ ਸੰਗੀ ਰਹੇ ਹਨ। ਕੁਝ ਹੀ ਵਰ੍ਹਿਆਂ ਵਿਚ ਪੰਜਾਬੀ ਕਾਵਿ ਦੇ ਦ੍ਰਿਸ਼ ਉਤੇ ਹਾਜ਼ਰ ਹੋ ਕੇ ਗੁਰਭਜਨ ਨੇ ਇਸ ਮਾਣ ਨੂੰ ਸੱਚਾ ਸਿੱਧ ਕਰ ਦਿੱਤਾ ਹੈ।
ਆਪਣੇ ਸਿਰਜਣਾਤਮਕ ਸਫ਼ਰ ਦੇ ਮੁੱਢਲੇ ਦਿਨਾਂ ਤੋਂ ਲੈ ਕੇ ਅੱਜ ਤੀਕ ‘ਸਾਫ਼ਗੋਈ ਗੁਰਭਜਨ ਗਿੱਲ ਦੇ ਕਾਵਿ-ਅਨੁਭਵ ਅਤੇ ਅਭਿਵਿਅੰਜਨ ਵਿਧੀ ਦਾ ਪ੍ਰਮੁਖ ਅੰਗ ਬਣੀ ਰਹੀ ਹੈ।' ਸਚੁ ਸੁਣਾਇਸੀ ਸਚ ਕੀ ਬੇਲਾ' ਦੇ ਮਹਾਨ ਪੰਜਾਬੀ ਕਵੀ ਗੁਰੂ ਨਾਨਕ ਤੋਂ ਪ੍ਰੇਰਨਾ ਲੈ ਕੇ ਗੁਰਭਜਨ ਗਿੱਲ ਵੀ ਸੱਚ ਨੂੰ ਬਿਨਾਂ ਕਿਸੇ ਲਾਗ-ਲਪੇਟ ਅਭਿਵਿਅਕਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਉਹ ਯਥਾ ਸਥਿਤੀਵਾਦੀ ਕਵੀ ਨਹੀਂ ਹੈ। ਉਹ ਨਹੀਂ ਚਾਹੁੰਦਾ ਕਿ ਕੋਈ ਵੀ ਸਥਿਤੀ ਅਸਪਸ਼ਟ ਜਾਂ ਊਲ ਜਲੂਲ ਜਹੀ ਬਣੀ ਰਹੇ। ਇਸ ਲਈ ਉਹ ਬਹੁਤ ਸਾਰੇ ਕੋਨਾਂ, ਅਤੇ ਧਰਾਤਲਾਂ ਤੋਂ ਉਸ ਵਸਤੂ ਸਥਿਤੀ ਅਨੁਭੂਤੀ ਉੱਪਰ ਪ੍ਰਕਾਸ਼ ਪਾਉਂਦਾ ਹੈ ਅਤੇ ਓਨੀ ਦੇਰ ਤਕ ਧੁਨਰੋਕਤੀ ਦਾ ਪ੍ਰਯੋਗ ਕਰਦਾ ਰਹਿੰਦਾ ਹੈ ਜਿੰਨੀ ਦੇਰ ਤਕ ਉਹ ਵਸਤੂ ਸਥਿਤੀ ਜਾਂ ਅਨੁਭੂਤੀ ਪੂਰੀ ਤਰ੍ਹਾਂ ਆਲੋਕਿਤ ਨਹੀਂ ਹੋ ਜਾਂਦੀ। ਕਾਵਿ-ਸ਼ਾਸਤਰ ਦੇ ਪ੍ਰਸੰਗ ਵਿਚ ਇਸ ਵਿਧੀ ਨੂੰ ਕੈਟਾਲਾਗਿੰਗ ਰੋਟਰੈਟਿਕਸ (Cataloguing rhetorics) ਕਿਹਾ ਜਾਂਦਾ ਹੈ। ਬੇਸ਼ਕ ਵਾਲਟ ਵਿਟਮੈਨ ਅਤੇ ਪ੍ਰੋ. ਪੂਰਨ ਸਿੰਘ ਵਰਗੇ ਰੋਮਾਂਟਿਕ ਕਵੀਆਂ ਨੇ ਵੀ ਇਸ ਵਿਧੀ ਦਾ ਪ੍ਰਯੋਗ ਕੀਤਾ ਹੈ ਪਰੰਤੂ ਜਿਥੇ ਰੋਮਾਂਟਿਕ ਕਵੀ ਅਜਿਹੀ ਵਿਧੀ ਦੁਆਰਾ ਅਜਨਬੀਕਰਨ ਕਰਦੇ ਸਨ। ਉਥੇ ਗੁਰਭਜਨ ਗਿੱਲ ਇਸ ਵਿਧੀ ਦੁਆਰਾ ਅਜਨਬੀਕ੍ਰਿਤ-ਯਥਾਰਥ ਨੂੰ ਪਛਾਣ ਯੋਗ ਬਣਾਉਂਦਾ ਹੈ। ਅਜੋਕਾ ਸਮਕਾਲੀ ਯਥਾਰਥ ਏਨਾ ਉਲਝਿਆ ਹੋਇਆ, ਜਟਿਲ ਅਤੇ ਅਸਪਸ਼ਟ ਹੈ ਕਿ ਇਸ ਦੀਆਂ ਤੰਦਾਂ ਨੂੰ ਸਹੀ ਰੂਪ ਵਿਚ ਪਛਾਣ ਕੇ ਨਿਖੇੜ ਸਕਣਾ ਇਕ ਮੁਸ਼ਕਿਲ ਅਤੇ ਜ਼ੋਖ਼ਮ ਭਰਪੂਰ ਕਾਰਜ ਹੈ ਪਰੰਤੂ ਗੁਰਭਜਨ ਗਿੱਲ ਨੇ ਇਸ ਕਾਰਜ ਨੂੰ ਇਕ ਚੁਣੌਤੀ ਸਮਝ ਕੇ ਸਵੀਕਾਰ ਕੀਤਾ ਹੈ। ਇਸ ਪ੍ਰਸੰਗ ਵਿਚ ਉਸ ਦੀ ਗ਼ਜ਼ਲ ਦੇ ਸ਼ਿਅਰ ਵੇਖੇ ਜਾ ਸਕਦੇ ਹਨ।
ਸਾਡੇ ਘਰ ਨੂੰ ਤੀਲੀ ਲਾ ਗੇ ਬਹੁ ਰੰਗੇ ਅਖ਼ਬਾਰ।
ਅੰਨ੍ਹੇ ਕਾਣੇ ਫਿਰਨ ਘੁਮਾਉਂਦੇ ਦੋ ਧਾਰੀ ਤਲਵਾਰ।
ਮਾਂ ਪਿਉ ਜਾਏ ਬਣੇ ਪਰਾਏ ਵੰਡਿਆ ਧਰਤੀ ਅੰਬਰ,
ਵਿਸ਼-ਵਣਜਾਰਿਆਂ ਲੀਕਾਂ ਪਾ ਕੇ ਦਿੱਤਾ ਕਹਿਰ ਗੁਜ਼ਾਰ।
ਅੰਦਰੋਂ ਕੁੰਡੀ ਲਾ ਕੇ ਸੁੱਤੇ ਵੈਦ-ਧੁਨੰਤਰ ਸਾਰੇ,
ਅਪਣੇ ਆਪ ਤਾਂ ਲਹਿ ਨਾ ਸਕਦਾ ਜਾਪੇ ਡਾਢਾ ਤੇਜ਼ ਬੁਖ਼ਾਰ।
ਏਦਾਂ ਗਰਕ ਗਰਕ ਕੇ ਯਾਰੋ ਬਾਕੀ ਰਹਿ ਕੀ ਜਾਊ,
ਵਧਦੀ ਗਈ ਜੇ ਏਦਾਂ ਅਪਣੇ ਗਰਕਣ ਦੀ ਰਫ਼ਤਾਰ |
(ਪੰਨਾ 47)
ਭਾਵ-ਅਭਿਵਿਅੰਜਨ ਲਈ ਕਵੀ ਨੇ ਸਮਕਾਲੀ ਯਥਾਰਥ ਦੀ ਪੇਸ਼ਕਾਰੀ 'ਮਾਈਕਰੋ' ਅਤੇ 'ਮੈਕਰੋ' ਦੋਹਾਂ ਦ੍ਰਿਸ਼ਟੀਆਂ ਦੁਆਰਾ ਕੀਤੀ ਹੈ। ਮਾਈਕਰੋ ਦ੍ਰਿਸ਼ਟੀ ਸਮੇਂ ਉਹ ਆਪਣੇ ਅਨੁਭਵ ਅਤੇ ਅਭਿਵਿਅਕਤੀ ਨੂੰ ਕੇਵਲ ਇਕ ਖੰਡ ਜਾ ਪਿੰਡ ਉਤੇ ਕੇਂਦਰਿਤ ਕਰ ਲੈਂਦਾ ਹੈ ਅਤੇ ਉਸ ਖੰਡ/ਪਿੰਡ ਦੀ ਤ੍ਰਾਸਦੀ ਨੂੰ ਆਪਣੇ ਅਭਿਵਿਅੰਜਨ ਦਾ ਵਿਸ਼ਾ ਬਣਾਉਂਦਾ ਹੈ। ਦੇਖੋ :-
ਸਾਡੇ ਪਿੰਡ ਤਾਂ ਫੂਹੜੀ ਵਿਛ ਗਈ ਇਸ ਕਹਿਰ ਤੋਂ ਮਗਰੋਂ
ਸ਼ਹਿਰਾਂ ਦੇ ਵਿਚ ਲਾਉਡ ਸਪੀਕਰ ਉੱਚੀ ਉੱਚੀ ਗਾਵੇ।
(ਪੰਨਾ 56)
ਪਰੰਤੂ ਜਦੋਂ ਉਹ ਮੈਕਰੋ ਵਿਧੀ ਦਾ ਪ੍ਰਯੋਗ ਕਰ ਰਿਹਾ ਹੁੰਦਾ ਹੈ ਤਾਂ ਉਸਦੀ ਦ੍ਰਿਟੀ ਸਮੁੱਚੇ ਪੰਜਾਬ ਉੱਤੇ ਕੇਂਦ੍ਰਿਤ ਹੁੰਦੀ ਹੈ। ਇਸ ਵਿਧੀ ਨਾਲ ਲਿਖੀਆਂ ਗ਼ਜ਼ਲਾਂ ਸਮਕਾਲੀ ਯਥਾਰਥ ਦੀ ਪੇਸ਼ਕਾਰੀ ਵਧੇਰੇ ਸਫ਼ਲਤਾ ਨਾਲ ਕਰਦੀਆਂ ਹਨ। ਕਈ ਵਾਰ ਅਜਿਹੀਆਂ ਗ਼ਜ਼ਲਾਂ ਦੀ ਸਿਰਜਣਾ ਸਮੇਂ ਕਵੀ ਦਾ ਸੁਰ ਕੁਝ ਉੱਚਾ (Loud) ਵੀ ਪ੍ਰਤੀਤ ਹੁੰਦਾ ਹੈ ਪਰੰਤੂ ਵਕਤ ਦੇ ਤਕਾਜ਼ੇ ਅਤੇ ਆਪਣੀ ਵਚਨਬੱਧਤਾ ਨੂੰ ਨਿਭਾਉਂਦਾ ਹੋਇਆ ਜੇ ਅੱਜ ਦਾ ਕਵੀ ਉੱਚਾ (Loud) ਵੀ ਹੁੰਦਾ ਹੈ ਤਾਂ ਸਾਨੂੰ ਉਸ ਉਪਰ ਦੋਸ਼-ਮਨਰੋਪਣ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਸੰਕਟ ਅਸਥੈਟਿਕਸ' ਦਾ ਨਹੀਂ ਸਮੁੱਚੀ 'ਕਲਚਰ' ਦਾ ਹੈ। ਗੁਰਭਜਨ ਗਿੱਲ ਨੇ ਕਲਚਰ ਦੇ ਇਸ ਸੰਕਟ ਨੂੰ ਪਹਿਚਾਣਦਿਆਂ ਹੋਇਆਂ ਕਈ ਬੜੀਆਂ ਪ੍ਰਸੰਗਿਕ ਗ਼ਜ਼ਲਾਂ ਕਹੀਆਂ ਹਨ। ਉਦਾਹਰਣ ਦੇਖੋ।
ਜਿਨ੍ਹਾਂ ਦੇ ਪਿੰਡਿਆਂ ਨੇ ਪਾਏ ਲਿਸ਼ਕ ਪੁਸ਼ਕਵੇਂ ਬਸਤਰ ਸੀ।
ਉਨ੍ਹਾਂ ਹੀ ਤਾਂ ਬੇ-ਤਰਤੀਬੀ ਕੀਤੀ ਸਾਡੀ ਨੀਂਦਰ ਸੀ।
ਖੁਸ਼ੀਆਂ ਵਿਚ ਮਖ਼ਮੂਰ ਜਦੋਂ ਸਨ ਮੇਰੀ ਜਾਨ ਦੇ ਵੈਰੀ ਲੋਕ,
ਮੇਰੇ ਅੰਦਰ ਖ਼ੌਲ ਰਿਹਾ ਤਦ ਦੁੱਖ ਦਾ ਤਲਖ਼ ਸਮੁੰਦਰ ਸੀ।
ਗਰਮ ਹਵਾ ਦੇ ਰੋੜ੍ਹ 'ਚ ਰੁੜ੍ਹ ਗਏ ਕਿਣਕੇ ਕੱਲੇ ਕੱਲੇ ਸਨ,
ਵੇਖਣ ਨੂੰ ਜੋ ਲੱਗਦੇ ਭਾਵੇਂ ਗਿੱਲੇ ਰੇਤੇ ਦਾ ਘਰ ਸੀ।
ਹਰ ਵਾਰੀ ਇਸ ਬਕਸੇ ਵਿਚੋਂ ਮੌਤ ਸੁਨੇਹਾ ਨਿਕਲ ਆਇਆ,
ਹਰ ਵਾਰੀ ਉਸ ਪਰਚੀ ਉਤੇ ਅਪਣੇ ਹੀ ਹਸਤਾਖ਼ਰ ਸੀ।
(ਪੰਨਾ 57)
ਵਰਤਮਾਨ ਪੰਜਾਬੀ ਕਵਿਤਾ ਵਿਚ ਇਕ ਇਹ (ਕੁ) ਰੁਚੀ ਵੀ ਕਾਫ਼ੀ ਪ੍ਰਧਾਨ ਹੈ ਕਿ ਕਿਸੇ ਵੀ ਸਮਾਜਿਕ-ਸਾਂਸਕ੍ਰਿਤਿਕ ਸੰਕਟ ਦਾ ਚਿਤ੍ਰਣ ਜਾਂ ਵਿਸ਼ਲੇਸ਼ਣ ਕਰਨ ਸਮੇਂ ਕਵੀ ਆਪ ਉਸ ਸਮਾਜਿਕ-ਸਾਂਸਕ੍ਰਿਤਿਕ ਸੰਕਟ ਤੋਂ ਉੱਪਰ ਉੱਠ ਜਾਂਦਾ ਹੈ। ਉਹ ਇਸ ਤਰ੍ਹਾਂ ਦਰਸਾਉਣ ਲੱਗਦਾ ਹੈ ਜਿਵੇਂ ਉਹ ਆਪ ਕਿਸੇ ਵੀ ਸਮਾਜਿਕ-ਸਾਂਸਕ੍ਰਿਤਿਕ ਸੰਕਟ ਤੋਂ ਵੱਖਰਾ ਜਾਂ ਅਲਹਿਦਾ ਹੋਵੇ। ਉਸਦਾ ਮਤਲਬ ਇਹ ਸਿੱਧ ਕਰਨਾ ਹੁੰਦਾ ਹੈ ਕਿ ਸਮਾਜ ਵਿਚ ਫ਼ੈਲੀ ਕਿਸੇ ਵੀ ਕੁਰੀਤੀ ਜਾਂ ਅਨੀਤੀ ਲਈ ਉਹ ਜ਼ਿੰਮੇਵਾਰ ਨਹੀਂ। ਦੂਜੇ ਸ਼ਬਦਾਂ ਵਿਚ ਉਹ ਖ਼ਾਹਮਖ਼ਾਹ ਪੈਗ਼ੰਬਰ ਜਾਂ ਨਾਇਕ ਬਣਨ ਦੀ ਕੋਸ਼ਿਸ਼ ਕਰਦਾ ਹੈ। ਇਸ ਸੂਰਤ ਵਿਚ ਕਵੀ ਦੀ ਕਵਿਤਾ ਅਤੇ ਸ਼ਖਸੀਅਤ ਦੋਵੇਂ ਹੀ ਪ੍ਰਮਾਣੀਕ ਨਹੀਂ ਰਹਿੰਦੀਆਂ। ਅੱਜ ਦਾ ਹਰ ਚੇਤੰਨ ਪਾਠਕ ਜਾਣਦਾ ਹੈ ਕਿ ਸਮਕਾਲੀ ਜਾਂ ਕਿਸੇ ਵੀ ਯੁੱਗ ਵਿਚਲੇ ਸੰਕਟ ਸਮੇਂ ਕੋਈ ਕਵੀ ਜਾਂ ਕਲਾਕਾਰ ਕਿਤਨਾ ਕੁ ਦਲੇਰ ਹੋ ਸਕਦਾ ਹੈ। ਸੋ ਜਦੋਂ ਕਈ ਕਵੀ ਆਪਣੇ ਕਲਾਮ ਵਿਚ ਨਾਇਕ ਬਣਨ ਦੀ ਖਾਹਮਖਾਹ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਅਭਿਵਿਅਕਤੀ ਮਿਥਿਆ ਅਤੇ ਅਪ੍ਰਮਾਣੀਕ ਬਣ ਜਾਂਦੀ ਹੈ। ਨਕਸਲਵਾਦੀ ਲਹਿਰ ਦੇ ਉਥਾਨ ਸਮੇਂ ਬਹੁਤ ਸਾਰੇ ਨਵੇਂ ਪੁਰਾਣੇ ਕਵੀਆਂ ਨੇ ਇਸ ਵਿਧੀ ਦਾ ਪ੍ਰਯੋਗ ਕਰਕੇ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਜਿਵੇਂ ਕਿ ਹਰ ਕੋਈ ਜਾਣਦਾ ਹੈ ਉਨ੍ਹਾਂ ਵਿਚੋਂ ਕੋਈ ਵੀ ਆਪਣੀ ਕੋਸ਼ਿਸ਼ ਵਿਚ ਪੂਰੀ ਤਰ੍ਹਾਂ ਸਫ਼ਲ ਨਾ ਹੋ ਸਕਿਆ। ਹਾਂ, ਇਹ ਵੱਖਰੀ ਗੱਲ ਹੈ ਕਿ ਅਜਿਹੇ ਬਹੁਤ ਸਾਰੇ ਕਵੀ ਵਕਤੀ ਤੌਰ ਤੇ ਕਾਫ਼ੀ ਪ੍ਰਸਿੱਧ ਹੋ ਗਏ ਹਨ।
ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰਭਜਨ ਗਿੱਲ ਦੇ ਕਾਵਿ ਦੀ ਯਾਤਰਾ ਇਸ ਦਿਸ਼ਾ ਵੱਲ ਨਹੀਂ ਤੁਰਦੀ। ਕਿਸੇ ਵੀ ਸਮਾਜਿਕ-ਸਾਂਸਕ੍ਰਿਤਿਕ ਸੰਕ੍ਰਾਂਤੀ ਦੇ ਸਮੇਂ ਵਿਚ ਨਾ ਕੇਵਲ ਉਹ ਇਕ ਲੇਖਕ ਦੇ ਸੀਮਿਤ ਰੋਲ ਤੋਂ ਪਰਿਚਿਤ ਹੈ ਸਗੋਂ ਸਮੇਂ-ਸਮੇਂ ਲੇਖਕੀਯ ਕਮਜ਼ੋਰੀਆਂ ਸੀਮਾਵਾਂ ਤੋਂ ਪਰਦਾ ਚੁੱਕ ਕੇ ਉਹ ਆਪਣੇ ਪਾਠਕਾਂ ਵਰਗਾ 'ਲੱਗਣ ਲਈ ਸਦਾ ਤਤਪਰ ਰਹਿੰਦਾ ਹੈ। ਹੋ ਸਕਦਾ ਹੈ ਅਜਿਹੀ ਕਵਿਤਾ ਨੂੰ ਤਤਫੱਟ ਸ਼ੋਹਰਤ ਨਾ ਮਿਲੇ ਪਰ ਅਜਿਹੀ ਕਵਿਤਾ ਦੇਰ ਤੱਕ ਜ਼ਰੂਰ ਜ਼ਿੰਦਾ ਰਹਿੰਦੀ ਹੈ। ਇਸ ਪ੍ਰਸੰਗ ਵਿਚ ਇਕ ਉਲੇਖਯੋਗ ਗੱਲ ਇਹ ਵੀ ਹੈ ਕਿ ਕਵੀ ਆਪਣੀਆਂ ਕਮਜ਼ੋਰੀਆਂ ਨਾਲ ਕਿਧਰੇ ਵੀ ਸਮਝੌਤਾ ਕਰਦਾ ਨਜ਼ਰ ਨਹੀਂ ਆਉਂਦਾ ਸਗੋਂ ਹਰ ਸਮੇਂ ਇਨ੍ਹਾਂ ਤੋਂ ਮੁਕਤ ਹੋਣ ਦੀ ਈਮਾਨਦਾਰ ਕੋਸ਼ਿਸ਼ ਵਿਚ ਰੁੱਝਿਆ ਦਿਖਾਈ ਦਿੰਦਾ ਹੈ। ਉਸ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਵਿਚ ਇਸ ਕੈਫ਼ੀਅਤ ਦੇ ਸ਼ੇਅਰ ਵੇਖੇ ਜਾ ਸਕਦੇ ਹਨ। ਜਿਵੇਂ :
ਦਿੱਲੀ ਦੱਖਣ ਗਾਹੁਣ ਮਗਰੋਂ ਘਰ ਵਿਚ ਆਣ ਖਲੋ ਜਾਈਏ,
ਛਾਵਾਂ ਖਾਤਰ ਜੁੜ ਜਾਂਦੇ ਹਾਂ ਨਿੱਕੀਆਂ-ਨਿੱਕੀਆਂ ਥਾਵਾਂ ਨਾਲ।
ਮੰਜ਼ਿਲ ਤਾਂ ਸੀ ਟੇਢੀ ਮੇਢੀ ਉਂਝ ਵੀ ਸੀ ਵੀਰਾਨ ਜਹੀ,
ਐਵੇਂ ਯਾਰ ਪਰਚੇ ਗਏ ਆਂ ਸਿਧ-ਮ-ਸਿੱਧੀਆਂ ਰਾਹਵਾਂ ਨਾਲ।
(ਪੰਨਾ 21)
'ਦੋ ਹਰਫ਼ ਰਸੀਦੀ' ਦੀਆਂ ਕਈ ਗ਼ਜ਼ਲਾਂ ਵਿਚ ਅਤੀਤ ਦੀਆਂ ਸੁਖਦ ਯਾਦਾਂ ਦਾ ਹੇਰਵਾ (nostalgia) ਵੀ ਇਕ ਮੁੱਲਪਰਕ ਵੇਰਵੇ ਵਜੋਂ ਅਭਿਵਿਅਕਤ ਹੋਇਆ ਹੈ। ਅਸਲ ਵਿਚ ਹਰ ਵਿਅਕਤੀ ਦੀ ਸ਼ਨਾਖ਼ਤ ਕੁਝ ਪਿੰਡਾਂ-ਥਾਵਾਂ ਅਤੇ ਵਿਅਕਤੀਆਂ ਨਾਲ ਜੁੜੀ ਰਹਿੰਦੀ ਹੈ। ਰੁਜ਼ਗਾਰ ਦੀ ਤਲਾਸ਼ ਵਿਚ ਜਦ ਵਿਅਕਤੀ ਇਨ੍ਹਾਂ ਪਿੰਡਾਂ-ਥਾਵਾਂ-ਵਿਅਕਤੀਆਂ ਨਾਲੋਂ ਟੁੱਟ ਜਾਂਦਾ ਹੈ ਤਾਂ ਉਸ ਲਈ ਸ਼ਨਾਖ਼ਤ ਦਾ ਸੰਕਟ (identity-crisis) ਪੈਦਾ ਹੋ ਜਾਂਦਾ ਹੈ। ਭਾਵੇਂ ਇਹ ਸੰਕਟ ਵਕਤੀ ਹੀ ਹੁੰਦਾ ਹੈ ਪਰ ਇਹਸਾਸ ਦੇ ਥੋੜੇ ਜਹੇ ਪਲ ਵੀ ਕਈ ਵਾਰ ਯੁਗਾਂ ਜਿਤਨੇ ਲੰਬੇ ਹੋ ਜਾਂਦੇ ਹਨ। ਮੌਜੂਦਾ ਸ਼ਹਿਰੀ ਸੰਸਕ੍ਰਿਤੀ ਵਿਚ ਜੇ ਇਸ ਸੰਕਟ ਦੀ ਪ੍ਰਕ੍ਰਿਤੀ ਹੋਵੇ ਤਾਂ ਜਟਿਲ ਰੂਪ ਧਾਰਨ ਕਰ ਜਾਂਦੀ ਹੈ ਕਿਉਂਕਿ ਹਰ ਕੋਈ ਆਪਣਾ-ਆਪਣਾ ਮੁਖੌਟਾ ਚੁੱਕੀ ਫਰਿਦਾ ਹੈ। ਇਹੀ ਕਾਰਨ ਹੈ ਕਿ ਆਧੁਨਿਕ ਗ਼ਜ਼ਲ ਵਿਚ ਸ਼ਨਾਖਤ ਦੇ ਸੰਕਟ ਦੀ ਪੇਸ਼ਕਾਰੀ ਇਕ ਪ੍ਰਿਯ ਵਿਸ਼ਾ ਰਿਹਾ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਵੀ ਇਹ ਵਿਸ਼ਾ ਬੜੀ ਖੂਬਸੂਰਤੀ ਨਾਲ ਅਭਿਵਿਅਕਤ ਹੋਇਆ ਹੈ। ਉਦਾਹਰਣ ਲਈ ਉਸ ਦੇ ਕੁਝ ਸ਼ਿਅਰ ਵੇਖੋ :
ਹਵਾ ਵਿਚ ਉੱਡ ਰਿਹਾ ਸੀ ਡਿੱਗ ਪਿਆ ਹਾਂ।
ਤੁਹਾਥੋਂ ਵਿੱਛੜ ਚੁੱਕਿਆ ਆਦਮੀ ਹਾਂ।
ਸਮਾਂ ਸੀ ਖੰਭ ਸਨ ਜਦ ਸਾਥ ਦੇਂਦੇ,
ਮੈਂ ਖੰਭਾਂ ਤੋਂ ਵਿਹੂਣਾ ਬੇ-ਪਰਾ ਹਾਂ।
ਚੁਫ਼ੇਰੇ ਸ਼ਹਿਰ ਹੈ ਸੱਪਾਂ 'ਚ ਘਿਰਿਆ,
ਜਵਾਨੀ ਵਿਚ ਹੋਇਆ ਹਾਦਸਾ ਹਾਂ ।
ਤੂੰ ਮੈਥੋਂ ਦੂਰ ਹੀ ਸਹੀ 'ਵਾਜ਼ ਤਾਂ ਦੇਹ,
ਸੁਰਾਂ ਨੂੰ ਸਹਿਕਦਾ ਮੈਂ ਬੇ-ਸੁਰਾ ਹਾਂ।
ਤਰਸਦਾ ਹਾਂ ਮੈਂ ਤੇਰੀ ਚਾਨਣੀ ਨੂੰ
ਮੈਂ ਤੇਰੇ ਬਾਝ ਤਾਂ ਬੁਝਿਆ ਪਿਆ ਹਾਂ।
(ਪੰਨਾ 63)
ਆਧੁਨਿਕ ਜੀਵਨ ਵਿਚ ਹੇਰਵਾ (Nostalgia) ਦੇ ਨਾਲ ਇਕ ਹੋਰ ਬਾਰ ਬਾਰ ਵਰਤਿਆ ਜਾਣ ਵਾਲਾ ਸ਼ਬਦ Absurdity (ਵਿਸੰਗਤੀ) ਹੈ। ਇਹ ਸ਼ਬਦ ਅੱਜ ਦੀ ਤੇਜ਼- ਤਰਾਰ ਅਤੇ ਅੰਤਰ-ਵਿਰੋਧਾਂ ਵਿਚ ਘਿਰੀ ਜ਼ਿੰਦਗੀ ਵਿਚ ਵਾਪਰਨ ਵਾਲੇ ਬਹੁਤ ਸਾਰੇ ਹਾਦਸਿਆਂ ਬਾਰੇ ਜਾਣਕਾਰੀ ਦਿੰਦਾ ਹੈ। ਆਪਣੀ ਹੀ ਧੁਰੀ ਦੇ ਦੁਆਲੇ ਘੁੰਮਦਾ ਹੋਇਆ ਮਨੁੱਖ ਆਪਣੇ ਵੇਗ ਦੀ ਅੰਨ੍ਹੀ ਸ਼ਕਤੀ ਦੁਆਰਾ ਏਨੀ ਦੂਰ ਜਾ ਡਿੱਗਾ ਹੈ ਕਿ ਉਸ ਦੀਆਂ ਸਾਰੀਆਂ ਦਿਸ਼ਾਵਾਂ ਖੋ ਗਈਆਂ ਹਨ। ਉਸਦੇ ‘ਚਾਹੁਣ’ ਅਤੇ ‘ਹੋਣ’ ਵਿਚ ਇਕ ਅੰਤਰਾਲ (gap) ਪੈਦਾ ਹੋ ਗਿਆ ਹੈ। ਲੱਖ ਯਤਨ ਕਰਨ ਦੇ ਬਾਵਜੂਦ ਉਹ ਇਸ ਅੰਤਰਾਲ ਨੂੰ ਪੂਰ ਨਹੀਂ ਸਕਦਾ। ਆਧੁਨਿਕ ਜੀਵਨ ਦੇ ਇਸ ਸੰਕਟ ਨੂੰ ਵੀ ਗੁਰਭਜਨ ਗਿੱਲ ਨੇ ਬੜੇ ਪ੍ਰਮਾਣੀਕ ਅੰਦਾਜ਼ ਵਿਚ ਅਭਿਵਿਅਕਤ ਕੀਤਾ ਹੈ।
ਜਸ਼ਨਾਂ 'ਚ ਰੁੱਝੇ ਲੋਕ ਨੇ ਬਲ ਰਿਹਾ ਹਾਂ ਮੈਂ,
ਵੱਜਦੇ ਨਗਾਰੇ ਕੁੜੀਆਂ ਪਏ ਖੜਕਦੇ ਨੇ ਢੋਲ।
ਪੈਂਡੇ ਦੋਹਾਂ ਦੇ ਘਟਣ ਦੀ ਥਾਂ ਵਧ ਰਹੇ ਨੇ ਹੋਰ,
ਜਿੰਨਾ ਵੀ ਦੋਵੇਂ ਆ ਰਹੇ ਆਂ ਖ਼ੁਦ ਦੇ ਕੋਲ ਕੋਲ।
ਕਿੰਨਾ ਅਜੀਬ ਹਾਦਿਸਾ ਕਿ ਮਰ ਗਿਆ ਹਾਂ ਮੈਂ,
ਦੁਸ਼ਮਣ ਤਾਂ ਖ਼ਾਲੀ ਹੱਥ ਸੀ ਹਥਿਆਰ ਮੇਰੇ ਕੋਲ।
(ਪੰਨਾ 39)
ਪ੍ਰੋ. ਗੁਰਭਜਨ ਗਿੱਲ ਦੀਆਂ ਇਨ੍ਹਾਂ ਗ਼ਜ਼ਲਾਂ ਦੇ ਇਸ ਸੰਖਿਪਤ ਜਹੇ ਸਰਵੇਖਣ ਤੋਂ ਬਾਅਦ ਸਹਿਜੇ ਹੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਸ ਨੇ ਸਮਕਾਲੀ ਯਥਾਰਥ ਦੇ ਸੰਕਟ-ਕਾਲ ਸਮੇਂ ਲੇਖਕ ਦੇ ਕਰਤੱਵ ਨੂੰ ਬਾਖ਼ੂਬੀ ਪਹਿਚਾਣਿਆ ਹੈ ਅਤੇ ਬੜੀ ਈਮਾਨਦਾਰੀ ਨਾਲ ਆਮ ਆਦਮੀ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ ਸਮੁੱਚੀ ਪ੍ਰਕ੍ਰਿਆ ਵਿਚ ਉਸ ਨੇ ਕਿਧਰੇ ਵੀ ਪੈਗ਼ੰਬਰੀ ਲਹਿਜਾ ਅਖ਼ਤਿਆਰ ਕਰਕੇ ਆਪਣੇ ਕਲਾਮ ਦੇ ਮਜ਼ਾਜ ਅਤੇ ਮੁਹਾਵਰੇ ਨੂੰ ਬਣਾਉਟੀ ਜਾਂ ਮਿਥਿਆ ਨਹੀਂ ਹੋਣ ਦਿੱਤਾ।ਆਧੁਨਿਕ ਵਿਅਕਤੀ ਦੇ ਜੀਵਨ ਦੀ ਅੱਕਾਸੀ ਕਰਨ ਵਾਲੇ ਬਹੁਤ ਸਾਰੇ ਸੰਦਰਭ ਇਨ੍ਹਾਂ ਗ਼ਜ਼ਲਾਂ ਵਿਚ ਰੂਪਮਾਨ ਹੋਏ ਹਨ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕਵੀ ਆਪਣੇ ਯੁਗ ਦੀ ਹਰ ਤਤਕਾਲੀ/ਸਰਬਕਾਲੀ ਰੌਅ ਪ੍ਰਤੀ ਸੰਵੇਦਨਸ਼ੀਲ ਹੈ। ਉਸ ਦੀਆਂ ਇਹ ਗ਼ਜ਼ਲਾਂ ਕਿਸੇ ਫ਼ਾਰਸੀ ਜਾਂ ਉਰਦੂ ਸਕੂਲ ਦੀ ਦੇਣ ਨਹੀਂ, ਸਗੋਂ ਉਸ ਨੇ ਗ਼ਜ਼ਲ ਦੀ ਪੰਜਾਬੀ ਪਰੰਪਰਾ ਵਿਚ ਨਿਰੰਤਰ ਸਾਧਨਾ ਕਰਦਿਆਂ ਹੋਇਆਂ ਇਕ ਵਿਲੱਖਣ ਅੰਦਾਜ਼ ਦੀ ਪ੍ਰਾਪਤੀ ਕੀਤੀ ਹੈ। ਗੁਰਭਜਨ ਗਿੱਲ ਅਤੇ ਉਸ ਦੇ ਸਮਕਾਲੀ ਗ਼ਜ਼ਲਗੋਆਂ ਦੀ ਜਾਗਰੂਕਤਾ ਸਦਕਾ ਪੰਜਾਬੀ ਗ਼ਜ਼ਲ ਨੇ ਨਿਸ਼ਚੇ ਹੀ ਆਪਣੀ ਵੱਖਰੀ ਪਹਿਚਾਣ ਅਤੇ ਮੁਹਾਵਰਾ ਪਾ ਲਿਆ ਹੈ, 'ਦੋ ਹਰਫ਼ ਰਸੀਦੀ' ਵਿਚ ਸੰਕਲਿਤ ਗ਼ਜ਼ਲਾਂ ਦਾ ਪਾਠ ਮੇਰੇ ਇਸ ਕਥਨ ਦੀ ਭਰਪੂਰ ਗਵਾਹੀ ਦੇਵੇਗਾ।
ਬ੍ਰਹਮ ਜਗਦੀਸ਼ ਸਿੰਘ (ਪ੍ਰੋ:)
26.6.1996
ਬ੍ਰਿਜਿੰਦਰਾ ਸਰਕਾਰੀ ਕਾਲਜ,
ਫ਼ਰੀਦਕੋਟ