ਗੁਲਨਾਰ : ਰਾਜਨੀਤਿਕ ਪ੍ਰਵਚਨ ਡਾ. ਸੈਮੂਅਲ ਗਿੱਲ
ਆਧੁਨਿਕ ਯੁੱਗ ਦੇ ਸਨਅਤੀ ਇਨਕਲਾਬ ਨਾਲ ਸਮਾਜਿਕ ਯਥਾਰਥ ਬੜੀ ਤੇਜ਼ੀ ਨਾਲ ਤਬਦੀਲ ਹੋ ਰਿਹਾ ਹੈ । ਬਦਲੇ ਯਥਾਰਥ ਨੂੰ ਸਮਝਣ ਲਈ ਮਾਨਵੀ ਦ੍ਰਿਸ਼ਟੀਆਂ ਬਦਲਦੀਆਂ ਹਨ ਜੋ ਮਨੁੱਖੀ ਜੀਵਨ ਵਰਤਾਰੇ ਦੇ ਵਿਹਾਰ ਨੂੰ ਪ੍ਰਭਾਵਿਤ ਕਰਦੀਆਂ ਹਨ । ਮਸ਼ੀਨੀਕਰਨ ਦਾ ਅਮਲ ਜਿਸ ਨੇ ਮਨੁੱਖੀ ਸਮਾਜਿਕ ਵਿਹਾਰ ਨੂੰ ਬਦਲਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ, ਪੱਛਮੀ ਪ੍ਰਭਾਵ ਅਧੀਨ ਵਾਪਰਨ ਵਾਲਾ ਕਾਰਜ ਹੈ । ਇਸ ਵਿੱਚ ਸ਼ੱਕ ਨਹੀਂ ਕਿ ਬਰਤਾਨਵੀ ਸਾਮਰਾਜ ਨੇ ਭਾਰਤ ਵਿਚ ਵਿਗਿਆਨ ਵਿੱਦਿਆ ਤੇ ਤਕਨਾਲੌਜੀ ਨੂੰ ਲਿਆਂਦਾ, ਜਿਸ ਨਾਲ ਨਵੀਂ ਚੇਤਨਾ ਦਾ ਆਰੰਭ ਹੋਇਆ । ਭਾਰਤੀ ਸਮਾਜ ਜਿਹੜਾ ਜਗੀਰਦਾਰ ਪ੍ਰਬੰਧ ਤੇ ਕਦਰਾਂ-ਕੀਮਤਾਂ ਦਾ ਧਾਰਨੀ ਸੀ, ਆਧੁਨਿਕ ਸੋਚ ਤਹਿਤ ਪੱਛਮੀ ਸੋਚ ਅਧੀਨ ਚੱਲਣ ਲਈ ਮਜ਼ਬੂਰ ਹੋ ਗਿਆ । ਡਾ. ਭੁਪਿੰਦਰ ਧਾਲੀਵਾਲ ਆਪਣੀ ਪੁਸਤਕ ਆਧੁਨਿਕ ਆਲੋਚਨਾ : ਨਵ-ਪਰਿਪੇਖ ਵਿਚ ਕੰਵਲਜੀਤ ਢਿੱਲੋਂ ਦੇ ਹਵਾਲੇ ਨਾਲ ਲਿਖਦੇ ਹਨ :
"ਬਰਤਾਨਵੀ ਸਾਮਰਾਜ ਦੇ ਆਗਮਨ ਨਾਲ ਆਧੁਨਿਕ ਚੇਤਨਾ ਦਾ ਸ਼੍ਰੀ ਗਣੇਸ਼ ਹੋਇਆ । ਇਹ ਨਿਸ਼ਚੇ ਹੀ ਪੱਛਮੀ ਪ੍ਰਭਾਵ ਅਧੀਨ ਸੀ । ਨਵੀਂ ਪੈਦਾ ਹੋਈ ਮੱਧ ਸ਼੍ਰੇਣੀ ਦੀ ਚੇਤਨਾ ਆਧੁਨਿਕ ਚੇਤਨਾ ਬਣਨ ਲੱਗੀ । ਪੱਛਮ ਦੇ ਅਤਿ ਵਿਕਸਤ ਸਮਾਜ ਆਰਥਿਕ ਅਤੇ ਸਾਂਸਕ੍ਰਿਤਕ ਮਾਹੌਲ ਵਿੱਚ ਵਿਗਸੀਆਂ ਧਾਰਾਵਾਂ ਅਤੇ ਵਿਚਾਰਧਾਰਕ ਪਾਰਟੀਆਂ ਨੇ ਭਾਰਤੀ/ਪੰਜਾਬੀ ਸਮਾਜ ਅਤੇ ਮੱਧਕਾਲੀਨ ਉੱਤੇ ਆਧਾਰਿਤ ਜਗੀਰੂ ਚੇਤਨਾ ਪ੍ਰਵਾਹ ਨੂੰ ਹਰ ਪੱਧਰ ਤੇ ਝੰਜੋੜਨਾ ਸ਼ੁਰੂ ਕਰ ਦਿੱਤਾ।” (1)
ਇਸ ਪਰਿਵਰਨ ਨੇ ਮਨੁੱਖ ਦੀ ਸੋਚ ਤੇ ਸੋਚਣ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ। ਇੱਥੋਂ ਤੱਕ ਕਿ ਸਾਡੀ ਆਸਥਾ, ਧਰਮ ਤੇ ਰਾਜਨੀਤਿਕ ਵਾਤਾਵਰਨ ਦੀਆਂ ਨਵੀਆਂ ਲਕੀਰਾਂ ਉਭਰਨ ਲੱਗੀਆਂ । ਪ੍ਰਚਲਿਤ ਵਿਸ਼ਵਾਸ਼ ਖੰਡਿਤ ਹੋਣ ਲੱਗੇ ਤੇ ਤਰਕ ਤੇ ਦਲੀਲ ਨੇ ਮਨੁੱਖੀ ਸੋਚ ਵਿੱਚ ਪ੍ਰਧਾਨਤਾ ਲੈ ਲਈ । ਪੂੰਜੀਵਾਦੀ ਨਿਜ਼ਾਮ ਦੇ ਫੈਲਾਓ ਨੇ ਵਿਅਕਤੀ ਨੂੰ ਕਦਰਾਂ-ਕੀਮਤਾਂ ਤੋਂ ਦੂਰ ਸਵੈ ਕੇਂਦਰਿਤ ਤੇ ਆਪਾ ਸੋਚੂ ਮਸ਼ੀਨ ਬਣਾ ਦਿੱਤਾ। ਆਪਣੇ ਤੋਂ ਅੱਗੇ ਉਸਦੀ ਨਜ਼ਰ ਤੇ ਨਜ਼ਰੀਆ ਦੋਵੇਂ ਠਹਿਰ ਗਏ। ਅਜਿਹੇ ਹਾਲਤਾਂ ਵਿਚ ਨਵਾਂ ਚਿੰਤਨ ਪ੍ਰਬੰਧ ਪੈਦਾ ਹੁੰਦਾ ਹੈ, ਪਰ ਆਪਣੀ ਭੋਇੰ ਨਾਲ ਜੁੜੇ ਲੋਕ ਆਪਣੇ ਸਭਿਆਚਾਰ ਤੋਂ ਨਾਂ ਤਾਂ ਬੇਮੁੱਖ ਹੋ ਸਕਦੇ ਹਨ ਤੇ ਨਾ ਹੀ ਇਸ ਨੂੰ ਨਕਾਰ ਸਕਦੇ ਹਨ ਕਿਉਂਕਿ ਆਰਥਿਕਤਾ ਦਾ ਸਭਿਆਚਾਰ ਤੇ ਰਾਜਨੀਤੀ ਨਾਲ ਬੜਾ ਨਜ਼ਦੀਕੀ ਸੰਬੰਧ ਹੁੰਦਾ ਹੈ । ਮਨੁੱਖੀ ਸਥਿਰਤਾ ਲਈ ਇਹ ਧਿਰਾਂ ਆਪੋ ਆਪਣਾ ਜ਼ੋਰ ਲਗਾਉਂਦੀਆਂ ਹਨ । ਇਸ ਸੰਬੰਧੀ ਡਾ. ਗੁਰਬਚਨ ਆਪਣੇ ਲੇਖ "ਪੰਜਾਬੀ ਭਾਸ਼ਾ ਅਤੇ ਪੰਜਾਬੀਅਤ" ਵਿਚ ਲਿਖਦਾ ਹੈ "ਆਪਣੀ ਭੋਇੰ ਨਾਲ ਜੁੜੇ ਹੋਏ ਲੋਕ ਆਪਣੇ ਸਭਿਆਚਾਰ ਤੋਂ ਟੁੱਟਦੇ ਨਹੀਂ ਉਨ੍ਹਾਂ ਲਈ ਆਪਣੇ ਸਭਿਆਚਾਰ ਨੂੰ ਬਚਾਉਣ ਲਈ ਸਿਆਸੀ ਜੱਦੋ-ਜ਼ਹਿਦ ਜਰੂਰੀ ਹੋ ਜਾਂਦੀ ਹੈ । ਵਿਸ਼ਵ ਦੇ ਜਿਸ ਕੋਨੇ ਵਿੱਚ ਸ਼ਕਤੀਸ਼ਾਲੀ ਸਭਿਆਚਾਰ ਹਨ, ਉਹ ਬੇਲੋੜੀ ਅਧੀਨਗੀ ਵਿਰੁੱਧ ਉੱਠ ਖੜੇ ਹੁੰਦੇ ਹਨ । ਰੂਸ ਵਿੱਚ ਅਜਿਹਾ ਹੋਇਆ ਤੇ ਭਾਰਤ ਵਿੱਚ ਹੋ ਰਿਹਾ ਹੈ।" (2)
ਗੁਰਭਜਨ ਗਿੱਲ ਅਜ਼ਾਦੀ ਦੀ ਲੜੀ ਲੰਬੀ ਲੜਾਈ ਤੇ ਜੱਦੋ-ਜ਼ਹਿਦ ਅਤੇ ਦੇਸ਼ ਵੰਡ ਤੋਂ ਕੁਝ ਵਰ੍ਹੇ ਬਾਅਦ 1953 ਵਿਚ ਹਿੰਦ-ਪਾਕਿ ਬਾਰਡਰ ਦੇ ਪਿੰਡ ਬਸੰਤਕੋਟ ਵਿਚ ਪੈਦਾ ਹੁੰਦਾ ਹੈ । ਬਚਪਨ ਤੋਂ ਹੀ ਰਾਜਨੀਤੀ ਤੇ ਰਾਜਸੀ ਅਪਰਾਧੀਕਰਣ, ਸ਼ਾਜ਼ਿਸ਼ਾਂ, ਲੁੱਟਾਂ ਵਰਗਾ ਅਰਾਜਕਤਾ ਦਾ ਮਾਹੌਲ ਉਸ ਦਾ ਹਾਣੀ ਰਿਹਾ ਹੈ । ਉਸ ਦੇ ਨਾਲ ਹੀ ਆਜ਼ਾਦੀ ਤੇ ਆਜ਼ਾਦੀ ਤੋਂ ਬਾਅਦ ਦਾ ਪੰਜਾਬ ਪ੍ਰਵਾਨ ਚੜ੍ਹਦਾ ਹੈ । ਪੰਜਾਬ ਨੇ ਰਾਜਨੀਤੀ ਨੇ ਕਈ ਪੜਾਅ ਵੇਖੇ । ਰਾਜਨੀਤੀ ਦੀਆਂ ਕੋਝੀਆਂ ਚਾਲਾਂ ਦਾ ਗ੍ਰਹਿਣ ਧਾਰਮਿਕ, ਸਮਾਜਿਕ-ਸਾਂਸਕ੍ਰਿਤਕ ਪ੍ਰਬੰਧ ਨੂੰ ਲੱਗਦਾ ਹੈ । ਰਾਜ ਨੇਤਾਵਾਂ ਨੇ ਆਪਣੀ ਲਾਲਸਾ ਤੇ ਕੁਰਸੀਆਂ ਖਾਤਰ ਅਮਨ ਪਸੰਦ ਪੰਜਾਬੀਆਂ ਨੂੰ ਕਦੇ ਅਮਨ ਚੈਨ ਨਾਲ ਬੈਠਣ ਨਹੀਂ ਦਿੱਤਾ। ਪੰਜਾਬ ਦੇਸ਼ ਦਾ ਅਟੁੱਟ ਅੰਗ ਹੁੰਦਾ ਹੋਇਆ ਵੀ ਅਨੇਕਾਂ ਬੇਇਨਸਾਫ਼ੀਆਂ ਦਾ ਸ਼ਿਕਾਰ ਰਿਹਾ । ਸਾਕਾ ਨੀਲਾ ਤਾਰਾ ਵਰਗੇ ਮੰਦਭਾਗੇ ਕਾਂਡ ਨੇ ਅਜਿਹਾ ਪੰਜਾਬ ਸੰਕਟ ਖੜਾ ਕਰ ਦਿੱਤਾ ਜਿਸ ਨਾਲ ਹਰ ਪੰਜਾਬੀ ਵਲੂੰਧਰਿਆ ਗਿਆ ।
ਪੰਜਾਬ ਸੰਕਟ ਦੀ ਤ੍ਰਾਸਦੀ ਤੇ ਉਸ ਵਿਚੋਂ ਉਪਜੇ ਦਰਦਨਾਕ ਹਾਲਤਾਂ ਦਾ ਪੰਜਾਬੀਆਂ ਦੇ ਸੰਵੇਦਨਸ਼ੀਲ ਮਨ ਉਪਰ ਜੋ ਪ੍ਰਭਾਵ ਪਇਆ ਉਹ ਸਾਡੇ ਸਾਹਿਤਕਾਰਾਂ ਨੇ ਆਪਣੀ ਯਥਾਯੋਗ ਆਵਾਜ਼ ਵਿਚ ਬਿਆਨ ਕੀਤਾ ਹੈ । ਗੁਰਭਜਨ ਗਿੱਲ ਇਸ ਅਫ਼ਰਾਤਫੜੀ ਤੇ ਤਨਾਓ ਭਰਪੂਰ ਸਥਿਤੀਆਂ ਵਿਚੋਂ ਉਭਰ ਕੇ ਨਵੇਂ ਸਮਾਜ ਦੀ ਸਿਰਜਣਾ ਦੀ ਗੱਲ ਕਰਦਾ ਹੈ । ਉਸ ਦੀ ਸਮੁੱਚੀ ਕਵਿਤਾ ਵਿਚ ਮੰਡੀ ਕਲਚਰ, ਬਹੁਰਾਸ਼ਟਰੀ ਕੰਪਨੀਆਂ, ਨੌਜੁਆਨਾਂ ਦਾ ਨਸ਼ਿਆਂ ਦੀ ਦਲਦਲ ਵਿਚ ਧਸੇ ਜਾਣਾ, ਧੀਆਂ ਕੁੱਖਾਂ ਵਿਚ ਮਾਰੇ ਜਾਣਾ, ਸਭਿਆਚਾਰਕ ਗਿਰਾਵਟ, ਪੰਜਾਬ ਨਾਲ ਹੋ ਰਹੀ ਬੇਇਨਸਾਫ਼ੀ, ਪਿੰਡਾਂ ਤੇ ਸ਼ਹਿਰਾਂ ਦਾ ਪਾੜਾ, ਭਾਸ਼ਾਈ ਤੇ ਧਾਰਮਿਕ ਮਸਲਿਆਂ ਆਦਿ ਦਾ ਵਰਨਣ ਮਿਲਦਾ ਹੈ । ਡਾ. ਗੁਰਇਕਬਾਲ ਸਿੰਘ ਆਪਣੀ ਪੁਸਤਕ ਪੰਜਾਬੀ ਕਵਿਤਾ : ਨਵੇਂ ਪਰਿਪੇਖ ਤੇ ਪਾਸਾਰ ਦੇ ਇਕ ਲੇਖ ਵਿੱਚ ਲਿਖਦਾ ਹੈ :
"ਪ੍ਰਾਪਤ ਯਥਾਰਥ ਦੇ ਵਿਕਰਾਲ, ਸਮਾਜਕ, ਆਰਥਿਕ, ਰਾਜਸੀ, ਧਾਰਮਿਕ, ਸੰਚਾਰਕ, ਭਾਸ਼ਾਈ ਤੇ ਸਭਿਆਚਾਰਕ ਪਾਸਾਰਾਂ ਦੀਆਂ ਬਹੁਤ ਸਾਰੀਆਂ ਅਮਾਨਵੀ ਘਟਨਾਵਾਂ ਦੀਆਂ ਵਿਆਖਿਆਵਾਂ ਦੇ ਅੰਤਰਗਤ ਗਿੱਲ ਦੀ ਕਵਿਤਾ ਮਨੁੱਖੀ ਸੰਤਾਪ ਦੀ ਕਹਾਣੀ ਬਿਆਨ ਕਰਦੀ ਹੈ।" (3)
ਗੁਰਭਜਨ ਗਿੱਲ ਸੰਵੇਦਨਸ਼ੀਲ ਵਿਅਕਤੀ ਹੈ ਤੇ ਸ਼ਾਇਰ ਵੀ, ਗਜ਼ਲ ਵਰਗੀ ਤਕਨੀਕ ਨਾਲੋਂ ਉਸ ਦੇ ਭਾਵ ਤੇ ਵਿਚਾਰ ਹਮੇਸ਼ਾ ਭਾਰੂ ਰਹਿੰਦੇ ਹਨ। ਸ਼ਬਦਾਂ ਦੀ ਚੋਣ ਤੇ ਜੜ੍ਹਤ ਬਣਾਉਣ ਦੀ ਉਸ ਨੂੰ ਬਾਖੂਬੀ ਜਾਚ ਹੈ ਪਰ ਉਹ ਰਾਜਸੀ ਚੇਤਨਾ ਦਾ ਲੋਹਾ ਪੁਸਤਕ "ਗੁਲਨਾਰ" ਵਿੱਚ ਮਨਵਾ ਜਾਂਦਾ ਹੈ । ਜ਼ਿੰਦਗੀ ਦੇ ਅਨੇਕਾਂ ਯਥਾਰਥਕ ਸਰੋਕਾਰਾਂ ਦਾ ਜ਼ਿਕਰ ਕਰਦੀ ਇਹ ਗ਼ਜ਼ਲ ਪੁਸਤਕ ਰਾਜਨੀਤਕ ਨੇਤਾਵਾਂ ਦੀਆਂ ਕੋਝੀਆਂ ਹਰਕਤਾਂ ਤੇ ਚਾਲਾਂ ਵੱਲ ਧਿਆਨ ਕਰਦੀ ਹੋਈ ਭੋਲੀ-ਭਾਲੀ ਜਨਤਾ ਦੀ ਇੰਨ੍ਹਾਂ ਹੱਥੋਂ ਹੁੰਦੀ ਬੇਹੁਰਮਤੀ ਤੇ ਦੁਰਦਸ਼ਾ ਨੂੰ ਬਿਆਨ ਕਰਦੀ ਹੈ । ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਕਿਵੇਂ ਲੁੱਟਦੇ ਤੇ ਇਸ ਨਾਲ ਖਿਲਵਾੜ ਕਰਦੇ ਹਨ, ਇਕ ਸ਼ੇਅਰ ਦੇਖਦੇ ਹਾਂ :
ਅੰਨੇ ਗੁੰਗੇ ਬੋਲੇ ਹੋ ਗਏ ਕੁਰਸੀਆਂ ਵਾਲੇ,
ਸੁਣਦੇ ਨਾ ਫ਼ਰਿਆਦ ਭਲਾ ਜੀ ਕਿਸ ਨੂੰ ਕਹੀਏ ।
(ਪੰਨਾ ਨੰ: 12)
ਇਸ ਵਿਚ ਦੋ ਰਾਵਾਂ ਨਹੀਂ ਕਿ ਭਾਰਤੀ ਰਾਜਨੀਤੀ ਤੇ ਰਾਜਨੇਤਾਵਾਂ ਦਾ ਮਿਆਰ ਇਸ ਹੱਦ ਤੱਕ ਗਿਰ ਚੁੱਕਾ ਹੈ ਕਿ ਜ਼ਿੰਦਗੀ ਦੇ ਕਈ ਮਰਹਲਿਆਂ ਵਿਚ ਫੇਲ੍ਹ ਵਿਅਕਤੀ ਵਧੀਆ ਸਿਆਸਤ ਦਾਨ ਹੋ ਸਕਦਾ ਹੈ ਤੇ ਸਿਆਸਤ ਦੀ ਇਕ ਪਾਉੜੀ ਚੜ੍ਹ ਕੇ ਹੀ ਉਹ ਹੁਕਮਰਾਨ ਬਣ ਜਾਂਦਾ ਹੈ ਅਤੇ ਅਨਪੜ੍ਹ ਵਿਅਕਤੀ ਰਾਜਨੀਤੀ ਵਿਚ ਆ ਕੇ ਪੜ੍ਹੇ ਲਿਖਿਆਂ ਤੇ ਹਕੂਮਤ ਕਰਦਾ ਹੈ ਕਵੀ ਲਿਖਦਾ ਹੈ :
ਲੋਕਾਂ ਦੀ ਕਚਹਿਰੀ ਜਿਹੜੇ ਫੇਲ੍ਹ ਹੋ ਗਏ,
ਉਹੀ ਸਾਨੂੰ ਹੁਕਮ ਸੁਣਾਉਣ ਵਾਲੇ ਨੇ ।
(ਪੰਨਾ ਨੰ: 26)
ਗੁਰਭਜਨ ਗਿੱਲ ਦੀ ਕਵਿਤਾ ਵਿਚ ਪੰਜਾਬੀ ਸਭਿਆਚਾਰ ਦੀਆਂ ਆਰਥਿਕ, ਰਾਜਨੀਤਿਕ ਤੇ ਗਿਆਨਮੂਲਕ ਪਰਸਥਿਤੀਆਂ ਸੰਵਾਦ ਕਰਦੀਆਂ ਹਨ ਪਰ ਸਭਿਆਚਾਰ ਤੋਂ ਬਾਅਦ ਰਾਜਨੀਤੀ ਤੇ ਰਾਜਨੇਤਾਵਾਂ ਦੀਆਂ ਆਪਹੁਦਰੀਆਂ ਗਿੱਲ ਦੀ ਕਵਿਤਾ ਦਾ ਧੁਰਅੰਦਰਲੀ ਸੁਰ ਵਿਚ ਸ਼ਬਦਾਂ ਦੀ ਲਕਸ਼ਣਾ ਸ਼ਕਤੀ ਨੂੰ ਵਿਅੰਗਮਈ ਤਰੀਕੇ ਨਾਲ ਪੇਸ਼ ਕਰਦੀ ਹੈ ਜਿਸ ਰਾਹੀਂ ਭਾਰਤੀ ਰਾਜਨੀਤੀ ਦੀਆਂ ਅਸਲ ਤਸਵੀਰਾਂ ਸਾਡੇ ਸਾਹਮਣੇ ਨਾਚ ਕਰਨ ਲਗਦੀਆਂ ਹਨ ਨਾਲ ਹੀ ਗਿੱਲ ਇੰਨ੍ਹਾਂ ਤੁਕਾਂ ਨੂੰ ਭਾਵ-ਯੁਕਤ ਤੇ ਲੋਕਤੰਤਰੀ ਨੁੰਮਾ ਰੰਗ ਬਖ਼ਸ਼ ਕੇ ਸੰਵਾਦ ਨੂੰ ਸੁਤੰਤਰ ਹੋਂਦ ਪ੍ਰਦਾਨ ਕਰ ਦਿੰਦਾ ਹੈ ਜਿਸ ਨਾਲ ਕਾਵਿ ਦੀ ਰੋਚਕਤਾ ਤੇ ਗਿਆਨ ਭਰਪੂਰਤਾ ਆਪ ਮੁਹਾਰੇ ਹੀ ਪਾਠਕ ਦੀ ਜਿਹਨੀਅਤ ਵਿਚ ਆਵਾਸ ਕਰਨ ਲਗਦੀ ਹੈ।
ਅੰਨ੍ਹੀ ਤਾਕਤ ਅਕਸਰ ਅੰਨ੍ਹਾ ਕਰ ਦੇਂਦੀ ਹੈ।
ਮਨ ਦਾ ਵਿਹੜਾ ਨਾਲ ਹਨ੍ਹੇਰੇ ਭਰ ਦੇਂਦੀ ਹੈ ।
ਜਾਂ
ਕਾਲੀ ਐਨਕ ਹੰਝੂਆਂ ਦੀ ਬਰਸਾਤ ਨਾ ਵੇਖੇ,
ਕੁਰਸੀ ਵੇਖੋ ਕੀ ਕੀ ਕਾਰੇ ਕਰ ਦੇਂਦੀ ਹੈ ।
(ਪੰਨਾ ਨੰ: 55)
ਗਿੱਲ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਵਿਚਾਰਧਾਰਕ ਤੌਰ ਤੇ ਰਾਜਨੀਤਕ ਮਾਨਸਿਕਤਾ ਤੇ ਲੋਕ ਮਾਨਸਿਕਤਾ ਵਿਚਲੇ ਦਵੰਦ ਨੂੰ ਛਰੇਸਟੳਲ ਚਲੲੳਰ ਕਰਨ ਦਾ ਉਪਰਾਲਾ ਕਰਦੀਆਂ ਹਨ । ਗਿੱਲ ਦੀਆਂ ਗ਼ਜ਼ਲਾਂ ਉਸ ਦੇ ਨਿਜੀ ਅਨੁਭਵ ਤੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਵਿਚ ਰਾਜਨੇਤਾਵਾਂ ਦੇ ਲਾਰੇ ਤੇ ਆਮ ਜਨਤਾ ਨੂੰ ਵਰਗਲਾ ਕੇ ਕੀਤੀ ਲੁੱਟ-ਖਸੁੱਟ ਨੂੰ ਪੇਸ਼ ਕਰਨ ਦੀ ਖਾਸ ਵਿਸ਼ੇਸਤਾਈ ਗ੍ਰਹਿਣ ਕਰਦੀਆਂ ਹਨ । ਅਨਪੜ੍ਹ, ਗਰੀਬ ਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀਆਂ ਭਲਾਈ ਸਕੀਮਾਂ ਪਿੱਛੇ ਉਨ੍ਹਾਂ ਦੀ ਪੰਜਾਬੀ ਅਣਖ ਨੂੰ ਖ਼ਤਮ ਕਰਕੇ ਨਿਚਲੇ ਧਰਾਤਲ ਤੇ ਲਿਆ ਖੜਾ ਕਰਨਾ ਉਨ੍ਹਾਂ ਦੀ ਆਰਥਿਕ ਮਜ਼ਬੂਰੀ ਦਾ ਨਜ਼ਾਇਜ ਲਾਭ ਲੈਣ ਵਾਂਗ ਹੈ ਕਿਉਂਕਿ ਅਸਲ ਵਿਚ ਹੁਣ ਪੰਜਾਬ ਕੋਈ ਖੁਸ਼ਹਾਲ ਸੂਬਾ ਨਹੀਂ ਰਿਹਾ ਅਤੇ ਰਾਜਨੇਤਾ ਪੰਜਾਬ ਦੀ ਡਿੱਗ ਰਹੀ ਆਰਥਿਕਤਾ ਤੇ ਬਦਹਾਲ ਕਿਸਾਨੀ ਮਜ਼ਬੂਰੀ ਤੇ ਕਾਮਾ ਸ਼੍ਰੇਣੀ ਦਾ ਰੋਜ਼ ਸ਼ੋਸ਼ਣ ਕਰ ਰਿਹਾ ਹੈ। ਗਿੱਲ ਦੀ ਫ਼ਿਰਕਮੰਦੀ ਉਸ ਪੰਜਾਬੀ ਅਣਖ ਦੇ ਗੁਆਚ ਜਾਣ ਦੀ ਹੈ ਜਿਸ ਦਾ ਉਹ ਜ਼ਿਕਰ ਕਰਦਾ ਹੈ।
ਸੇਰ ਕੁ ਆਟਾ, ਲੱਪ ਕੁ ਦਾਲਾਂ, ਬਸ ਏਨੇ ਵਿਚ,
ਅਣਖ ਜਿਉਂਦੇ ਜੀਅ ਕਿਉਂ ਏਦਾਂ ਮਾਰ ਲਈ ਹੈ।
ਰਾਜਨੀਤੀ ਅੱਜ ਕੱਲ੍ਹ ਆਪਣੇ ਅਸਲੀ ਅਰਥ ਗੁਆ ਚੁੱਕੀ ਹੈ ਅਤੇ ਅਸਲੀ ਸੰਕਟ ਵੀ ਅਸਲੀ ਅਰਥਾਂ ਦੇ ਗੁਆਚ ਜਾਣ ਦਾ ਹੈ। ਕਵੀ ਇਸ ਪ੍ਰਤੀ ਚਿੰਤਤ ਵੀ ਹੈ ਅਤੇ ਉਸ ਦੀ ਕਵਿਤਾ ਦਾ ਸਰੋਕਾਰ ਵੀ ਕਵੀ ਸਮਝ ਗਿਆ ਹੈ ਕਿ ਪੂੰਜੀਵਾਦੀ ਪਰਿਵੇਸ਼ ਵਿਚ ਵਿਚਰਦਿਆਂ ਰਾਜਨੀਤੀ ਇਕ ਪੇਸ਼ਾ, ਧੰਦਾ ਜਾਂ ਵਪਾਰ ਹੈ ।ਪੈਸਾ ਲਗਾਓ ਤੇ ਪੈਸਾ ਕਮਾਓ ਦੀ ਉਕਤੀ ਅਨੁਸਾਰ ਭਾਰਤੀ ਰਾਜਨੀਤੀ ਪੂੰਜੀ ਪੈਸੇ ਅਤੇ ਸਤਾ ਦੁਆਲੇ ਘੁੰਮਦੀ ਹੈ ਕਿਰਦਾਰ, ਇਖ਼ਲਾਕ ਤੇ ਸੇਵਾ ਵਰਗੇ ਸ਼ਬਦ ਆਪਣੇ ਅਰਥ ਗੁਆ ਚੁੱਕੇ ਹਨ ਗਿੱਲ ਲਿਖਦਾ ਹੈ :
ਲੋਕ ਰਾਜ ਦੀ ਲਾੜੀ ਲੈ ਗਏ ਥੈਲੀ ਸ਼ਾਹ,
ਅਕਲਾਂ ਵਾਲੇ ਹਉਕੇ ਭਰਦੇ ਰਹਿ ਗਏ ।
ਜਾਂ
ਇਸ ਧਰਤੀ ਦਾ ਮਾਲ ਖ਼ਜ਼ਾਨੇ ਕੁਰਸੀ ਵਾਲੇ ਚੁੰਘੀ ਜਾਂਦੇ,
ਸਾਡੇ ਹਿੱਸੇ ਹਰ ਵਾਰੀ ਹੀ ਭਾਗਾਂ ਦੀ ਧਰਵਾਸ ਕਿਉਂ ਹੈ ।
ਰਾਜਨੀਤੀ ਦੇ ਦਿਨ-ਬ-ਦਿਨ ਡਿੱਗ ਰਹੇ ਮਿਆਰ ਨੇ ਆਦਮੀ ਦੇ ਅੰਦਲਾ ਸੱਚ ਧਰਾਤਲ ਤੇ ਲਿਆ ਖੜ੍ਹਾ ਕੀਤਾ ਹੈ ਸਮਕਾਲੀ ਰਾਜਨੀਤੀ ਦੇ ਅੰਦਰਲੇ ਅਪਰਾਧੀਕਰਨ ਦੀਆਂ ਪਰਤਾਂ ਨੂੰ ਵਿਅੰਗਮਈ ਤੇ ਚਿੰਤਾਮੂਲਕ ਸਥਿਤੀਆਂ ਵਿਚ ਲਿਜਾ ਖੜ੍ਹਾ ਕਰਦਾ ਹੈ ਜਿਸ ਵਿਚ ਉਸ ਦੇ ਪੰਜਾਬ ਦੀ ਵੰਡ, ਪੰਜਾਬ ਸੰਕਟ ਤੇ ਉਸ ਤੋਂ ਉਪਜੇ ਹਾਲਾਤਾਂ ਦਾ ਅੱਖੀ ਵੇਖਿਆ ਤੇ ਜਿਹਨੀ ਤੌਰ ਤੇ ਹੰਡਾਇਆ ਸੱਚ ਉਸ ਦੀ ਕਵਿਤਾ ਵਿਚ ਪਾਕੀਜ਼ਗੀ ਤੇ ਨਿਰਮਲਤਾ ਬਖਸ਼ਦਾ ਹੈ । ਉਹ ਗੰਧਲੀ ਸਿਆਸਤ ਤੇ ਅਮਾਨਵੀ ਵਿਹਾਰ ਤੇ ਰਿਸ਼ਤਿਆਂ ਨੂੰ ਪ੍ਰਵਾਨ ਨਹੀਂ ਕਰਦਾ । ਇਸ ਸੰਬੰਧੀ ਤਾਂ ਡਾ. ਗੁਰਇਕਬਾਲ ਸਿੰਘ ਵੀ ਹਾਮੀ ਭਰਦਿਆਂ ਕਹਿੰਦੇ ਹਨ :
"ਅਜੋਕੇ ਸਮਾਜਕ ਯਥਾਰਥ ਦੇ ਸਥਾਪਤ ਹੋ ਚੁੱਕੇ ਰਾਜਸੀ ਪਰਿਪੇਖ ਵਿਚਲੀਆਂ ਅਪਰਾਧੀਕਰਨ ਦੀਆਂ ਪਰਤਾਂ ਤੇ ਪਸਾਰਾਂ ਨੂੰ ਵਿਅੰਗਾਰਥੀ ਸੰਵੇਦਨਾ ਵਿਚ ਬੰਨ੍ਹ ਕੇ ਗਿੱਲ ਇੱਥੇ ਸਹਿਜ ਵਿਅੰਗ ਸਿਰਜਣ ਦੀ ਵਿੱਧੀ ਤੇ ਅਬੂਰ ਹਾਸਲ ਕਰਨ ਦਾ ਯਤਨ ਕਰਦਾ ਹੈ ਉੱਥੇ ਦੇਸ਼ ਦੀ ਸੰਪੂਰਨ ਰਾਜਨੀਤੀ ਵਿਚਲੇ ਕਰੂਰ ਤੇ ਭਾਰੀ ਯਥਾਰਥ ਦੇ ਸਰੂਪ ਨੂੰ ਵੀ ਨੰਗਾ ਕਰ ਜਾਂਦਾ ਹੈ।" (4)
ਗਿੱਲ ਆਪਣੀਆਂ ਗ਼ਜ਼ਲਾਂ ਵਿੱਚ ਲਿਖਦਾ ਹੈ : ਸੁਣੋਂ ਸਿਆਸਤ ਦਾਨਾਂ ਨੂੰ ਤਾਂ ਇੰਝ ਕਿਉਂ ਲਗਦਾ ਰਹਿੰਦਾ ਏ, ਗਿਰਗਿਟ ਵਰਗੇ ਬੰਦੇ ਬੇਇਤਬਾਰੇ ਗੱਲਾਂ ਕਰਦੇ ਨੇ । ਜਾਂ ਆ ਬੈਠਾ ਏ ਭੇਸ ਬਦਲ ਕੇ, ਅੱਜ ਫਿਰ ਕਿੰਨੀਆਂ ਸਦੀਆਂ ਮਗਰੋਂ ਔਰੰਗਜੇਬ ਅਜੇ ਵੀ ਉਹੀ, ਤਾਹੀਓਂ ਸਾਡਾ ਯਾਰ ਨਹੀਂ। ਜਾਂ ਏਸ ਵਤਨ ਦਾ ਹੁਣ ਕੀ ਕਰੀਏ । ਬੀਜੋ ਫਸਲਾਂ ਉਗਣ ਸਰੀਏ ।
ਭਾਰਤੀ ਰਾਜਨੀਤੀ ਦਾ ਦਸਤੂਰ ਹੋ ਗਿਆ ਕਿ ਲੋਕਾਂ ਨੂੰ ਭਰਮ ਜਾਲ ਵਿਚ ਪਾ ਕੇ ਉਲਝਾ ਕੇ, ਧਰਮ ਦੇ ਨਾਮ ਤੇ ਲੜਾ ਕੇ, ਅਮੀਰ ਗਰੀਬ ਦਾ ਪਾੜਾ ਵਧਾ ਕੇ ਆਪ ਇਕ ਤਰਫ਼ ਬੈਠ ਕੇ ਤਮਾਸ਼ਾ ਵੇਖਣਾ । ਰਾਜਨੇਤਾ ਦੀ ਨਜ਼ਰ ਤਾਂ ਸਿਰਫ਼ ਭੀੜ ਤੇ ਉਸ ਵਿਚ ਪਈਆਂ ਵੋਟਾਂ ਦੀ ਗਿਣਤੀ ਤੇ ਹੈ । ਰਾਜਨੇਤਾ ਵੰਡੀਆਂ ਪਾਉਣ, ਧੜੇ ਵਧਾਉਣ ਤੇ ਆਪਸੀ ਨਫ਼ਰਤ ਵਧਾਉਣ ਵਿਚ ਮੁਹਾਰਤ ਹਾਸਲ ਕਰ ਚੁੱਕਾ ਹੈ । ਗਿੱਲ ਇੰਨ੍ਹਾਂ ਨੂੰ ਨੰਗਾ ਕਰਦਾ ਵਿਅੰਗ ਕਰਦਾ ਹੈ :
ਆਈਆਂ ਚੋਣਾਂ, ਘਰ-ਘਰ ਰੋਣਾ,
ਫਿਰ ਧੜਿਆਂ ਵਿਚ ਵੰਡਣਗੇ ।
ਬਕਰੇ ਦੀ ਮਾਂ ਕਿੰਝ ਉਡੀਕੇ,
ਦੱਸੋ ਜੀ ਬਕਰੀਦਾਂ ਨੂੰ ।
ਗਿੱਲ ਸਪੱਸ਼ਟਵਾਦੀ ਹੋ ਕੇ ਨੇਤਾਵਾਂ ਦੇ ਅਮਾਨਵੀ ਕਿਰਦਾਰ ਨੂੰ ਲੋਕਾਂ ਸਾਹਮਣੇ ਲਿਆਉਂਦਾ ਹੋਇਆ ਦੇਸ਼ ਦੀਆਂ ਸੰਚਾਲਕ ਸ਼ਕਤੀਆਂ ਨੂੰ ਵਿਅੰਗ ਦਾ ਪਾਤਰ ਬਣਾਉਂਦਾ ਹੈ ਜਿਥੇ ਉਹ ਆਖਦਾ ਹੈ ਕਿ ਇਨ੍ਹਾਂ ਨੂੰ ਕੁਰਸੀ ਤੋਂ ਸਿਵਾ ਕੁਝ ਨਜ਼ਰ ਨਹੀਂ ਆਉਂਦਾ, ਉਸ ਲਈ ਇਹ ਕੁਝ ਵੀ ਕਰ ਸਕਦੇ ਹਨ। ਇਨ੍ਹਾਂ ਨੂੰ ਤਾਂ ਰੱਬ ਵੀ ਭੁੱਲਿਆ ਹੋਇਆ ਹੈ ਅਤੇ ਧਰਮ ਨੂੰ ਵੀ ਇਹ ਆਪਣੀ ਕੁਰਸੀ ਖਾਤਰ ਵਰਤਦੇ ਹਨ । ਕੋਈ ਮਰਦਾ ਤਾਂ ਮਰੇ ਇਨ੍ਹਾਂ ਦਾ ਮਤਲਬ ਤੇ ਮਕਸਦ ਹੱਲ ਹੋਣਾ ਚਾਹੀਦਾ । ਕਵੀ ਲਿਖਦਾ ਹੈ:
ਵਿੱਚ ਅਯੋਧਿਆ ਮਸਜਿਦ ਢਾਹ ਕੇ,
ਅੱਲਾ ਬੇਘਰ ਕਰ ਦਿੱਤਾ,
ਤੀਨ ਲੋਕ ਦੇ ਮਾਲਕ ਖਾਤਰ,
ਜਿਸ ਥਾਂ ਬਣਨਾ ਮੰਦਿਰ ਹੈ।
ਆਪਣੀ ਕ੍ਰਾਂਤੀਕਾਰੀ ਸੁਰ ਵਿਚ ਜਨਸਮੂਹ ਤੇ ਉਤਪੀੜਨ ਤੇ ਵਿਨਾਸ਼ਕਾਰੀ ਸਥਿਤੀਆਂ ਲਈ ਇਨ੍ਹਾਂ ਰਾਜਨੇਤਾਵਾਂ ਨੂੰ ਜ਼ਿੰਮੇਵਾਰ ਗਰਦਾਨਦਾ ਹੈ । ਉਹ ਉਪ ਭਾਵੁਕ ਹੋ ਕੇ ਜਨਸਾਧਾਰਨ ਦੀ ਆਵਾਜ਼ ਵੀ ਬਣਦਾ ਹੈ ਤੇ ਉਸ ਨੂੰ ਨਸੀਹਤ ਦੇਂਦਾ ਹੋਇਆ ਆਗਾਹ ਵੀ ਕਰਦਾ ਹੈ ਕਿ ਜਿਹੜੀਆਂ ਸ਼ਕਤੀਆਂ ਨੇ ਜਨਸਾਧਾਰਨ ਦੀ ਰਾਖੀ ਦੀ ਜ਼ਿੰਮੇਵਾਰੀ ਲਈ ਹੈ ਉਹ ਆਪਣੇ ਅਸਲ ਉਦੇਸ਼ ਤੋਂ ਲਾਂਭੇ ਹੋ ਕੇ ਲੋਟੂਆਂ ਨੂੰ ਲੁੱਟਣ ਦੀਆਂ ਸਕੀਮਾਂ ਤੇ ਰਾਜ ਕਰ ਰਹੀ ਹੈ ਕਵੀ ਲਿਖਦਾ ਹੈ :
ਇਸ ਧਰਤੀ ਤੇ ਬਹੁਤੇ ਡਾਕੇ ਇਸ ਕਰਕੇ,
ਰੱਖਵਾਲੇ ਹੀ ਅੱਖਾਂ ਲਾਂਭੇ ਕਰ ਜਾਂਦੇ ਨੇ ।
ਅਤੀਤ ਵਿੱਚ ਵਾਪਰੇ ਹਾਦਸਿਆਂ ਨੂੰ ਕਵੀ ਆਪਣੇ ਜਿਹਨ ਵਿਚੋਂ ਮਨਫ਼ੀ ਨਹੀਂ ਕਰ ਸਕਿਆ । ਉਹ ਇਨ੍ਹਾਂ ਹਾਦਸਿਆਂ ਤੋਂ ਮੁਕਤ ਹੋਣਾ ਵੀ ਨਹੀਂ ਚਾਹੁੰਦਾ ਅਜਿਹਾ ਕਰਨ ਨਾਲ ਉਹ ਆਪਣਿਆਂ ਨਾਲੋਂ ਟੁੱਟ ਕੇ ਦੁਨੀਆਂ ਦੀ ਦਲਦਲ ਵਿਚ ਧੱਸ ਕੇ ਗੁਆਚ ਜਾਵੇਗਾ । ਕਵੀ ਇਨ੍ਹਾਂ ਜ਼ਖ਼ਮਾਂ ਨੂੰ ਉਹ ਭਾਵੇਂ ਸੰਤਾਲੀ ਦੀ ਵੰਡ ਦੇ ਹੋਣ ਜਾਂ ਖਾੜਕੂਵਾਦ ਦੇ, ਪੰਜਾਬ ਸੰਕਟ ਦੇ ਹੋਣ ਬਾਰੇ ਮਹਿਸੂਸਦਾ ਹੈ ਕਿ ਨੁਕਸਾਨ ਤਾਂ ਸਾਡਾ ਹੀ ਹੋਇਆ, ਸਾਡੇ ਮਰੇ, ਵਿਛੋੜੇ ਤੇ ਸੰਤਾਪ ਵੀ ਅਸੀਂ ਹੀ ਹੰਡਾ ਰਹੇ ਹਾਂ ਕਵੀ ਲਿਖਦਾ ਹੈ :
ਮੈਂ ਆਜ਼ਾਦੀ ਨੂੰ ਆਜ਼ਾਦੀ, ਦਸ ਕਿਹੜੇ ਮੂੰਹ ਕਹਾਂ, ਜਖ਼ਮ ਮੇਰੇ ਪੁਰਖਿਆਂ ਦੇ ਵੇਖੇ ਲੈ ਉਵੇਂ ਹਰੇ। ਆਪਣੇ ਘਰ ਪਰਦੇਸੀਆਂ ਵਾਗੂੰ, ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ ਸੰਤਾਲੀ ਮਗਰੋਂ ਜੰਮਿਆਂ, ਮੇਰੇ ਪਿੰਡੇ, ਲਾਸ਼ ਕਿਉਂ ਹੈ? ਮੁੱਕ ਚੱਲੇ ਆ, ਮਰਦੇ-ਮਰਦੇ, ਸਰਹੱਦਾਂ ਦੀ ਰਾਖੀ ਕਰਦੇ, ਰਾਜਘਰਾਂ ਲਈ ਸਾਡੇ ਪੁੱਤਰ, ਬਣ ਗਏ ਸਿਫ਼ਰ ਵਰਗੇ।
ਸੱਤਾ ਤੇ ਸ਼ਕਤੀ ਦਾ ਕੇਂਦਰ ਬਣ ਚੁੱਕੇ ਚੰਡੀਗੜ੍ਹ ਵਰਗੇ ਸ਼ਹਿਰ ਹੁਕਮਰਾਨਾ ਨੇ ਉੱਤੇ ਬੈਠਿਆਂ ਹੀ ਸਕੀਮਾਂ ਤੇ ਫਰਮਾਨ ਜਾਰੀ ਕਰਨ ਨਾਲ ਆਮ ਜਨਤਾ ਵਿਚ ਰੋਹ ਤੇ ਵਿਦਰੋਹੀ ਸੁਰ ਪੈਦਾ ਕਰਦਾ ਹੈ । ਕਵੀ ਸੱਤਾ ਦੀਆਂ ਇਨ੍ਹਾਂ ਸੰਚਾਲਕ ਸ਼ਕਤੀਆਂ ਵਿਰੁੱਧ ਲਾਮਬੰਦੀ ਤੇ ਨਾਅਰੇਬਾਜ਼ੀ ਤਾਂ ਨਹੀਂ ਕਰਦਾ ਪਰ ਉਸ ਦਾ ਹਿਰਦਾ ਜ਼ਰੂਰੀ ਵਲੂੰਧਰਿਆ ਜਾਂਦਾ ਹੈ ਜਦੋਂ ਉਸ ਨੂੰ ਸੱਤਾ ਧਾਰੀਆਂ ਦੇ ਫ਼ਰਮਾਨ ਸਾਡੀ ਫ਼ਸਲਾਂ ਦੀ ਕਾਸ਼ਤਕਾਰੀ ਬਾਰੇ ਮਿਲਦੇ ਹਨ। ਕਵੀ ਮਹਿਸੂਸ ਕਰਦਾ ਹੈ ਕਿ ਰਾਜਨੀਤੀ ਨੇ ਸਾਡਾ ਆਰਥਿਕ ਆਜ਼ਾਦੀ ਦਾ ਅਧਿਕਾਰ ਵੀ ਖੋਹ ਲਿਆ ਹੈ ਕਵੀ ਇਸ ਸੰਬੰਧੀ ਆਪਣਾ ਰੋਸ ਪ੍ਰਗਟ ਕਰਦਿਆਂ ਲਿਖਦਾ ਹੈ :
ਧਰਤੀ ਅੰਦਰ ਸੁਪਨੇ ਫ਼ਸਲਾਂ,
ਆਹ ਬੀਜੋ ਤੇ ਆਹ ਨਾ ਬੀਜੋ,
ਚੰਡੀਗੜ੍ਹ ਕਿਉਂ ਹੁਕਮ ਭੇਜਦੈ,
ਸਾਡੇ ਪਿੰਡ ਦੇ ਹਾਲੀ ਖਾਤਰ ।
ਇਸ ਤਰ੍ਹਾਂ ਕਵੀ ਅਨੁਸਾਰ ਹਿੰਸਕ ਰਾਜਨੀਤੀ ਆਪਣੇ ਪੈਰ ਪਾਸਾਰਦੀ ਹੋਈ ਸਾਡੀ ਆਰਥਿਕਤਾ ਦੇ ਮੂਲ ਨੂੰ ਹੱਥ ਪਾ ਰਹੀ ਹੈ । ਜਿਸ ਨਾਲ ਜਨਸਾਧਾਰਨ ਦਾ ਜੀਵਨ ਅਸਹਿਜ ਤੇ ਚਿੰਤਾਤੁਰ ਹੁੰਦਾ ਜਾ ਰਿਹਾ ਹੈ ਜੋ ਕੋਈ ਸ਼ੁਭ ਸੰਦੇਸ਼ ਨਹੀਂ ਪਰ ਕਵੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਰਾਜਸੀ ਚੇਤਨਾ ਪੈਦਾ ਕਰ ਰਿਹਾ ਹੈ।
ਅਜਿਹੀ ਹਿੰਸਕ ਰਾਜਨੀਤੀ ਸਮਾਜ ਨੂੰ ਇਸ ਕਦਰ ਵੰਡ ਦੇ ਬਰਬਾਦੀ ਦੇ ਰਾਹ ਤੋਰ ਰਹੀ ਹੈ ਕਿ ਇਥੇ ਵਿਨਾਸ਼ ਤੋਂ ਸਿਵਾ ਕੁਝ ਨਹੀਂ। ਬਹੁਗਿਣਤੀਆਂ ਜਿਸ ਕਦਰ ਘੱਟ ਗਿਣਤੀਆਂ ਨੂੰ ਦਬਾ ਕੇ ਆਪਣਾ ਹਰ ਫ਼ਤਵਾ ਮਨਵਾਉਣ ਜਾ ਰਹੀਆਂ ਹਨ, ਇਸ ਨਾਲ ਸਮਾਜਕ ਕੁੜੱਤਣ ਤੇ ਨਫ਼ਰਤ ਤੋਂ ਸਿਵਾ ਕੁਝ ਨਹੀਂ । ਧਰਮ ਤੇ ਧਾਰਮਿਕ ਚਿੰਨ੍ਹਾਂ ਨੂੰ ਨਵ ਪ੍ਰਭਾਸ਼ਿਤ ਕਰਨ ਅਤੇ ਇਨ੍ਹਾਂ ਪ੍ਰਤੀ ਦੰਭੀ ਪ੍ਰਚਾਰ ਬੰਦ ਕਰਨਾ ਸਮੇਂ ਦੀ ਵੰਗਾਰ ਹੈ। ਧਾਰਮਿਕ ਅੰਧਵਿਸ਼ਵਾਸ਼ ਨੂੰ ਧਾਰਮਿਕ ਯਥਾਰਥ ਸਾਹਮਣੇ ਲਿਆ ਕੇ ਧਾਰਮਿਕ ਮੁੱਲ ਵਿਧਾਨ ਵਾਪਿਸ ਕੀਤਾ ਜਾ ਸਕਦਾ ਹੈ । ਕਵੀ ਬਹੁਗਿਣਤੀਆਂ ਵਿਚ ਰਲਣ ਦੀ ਬਜਾਏ ਆਮ ਜਨਤਾ ਦੀ ਆਵਾਜ਼ ਬਣਦਾ ਹੋਇਆ ਲਿਖਦਾ ਹੈ :
ਤੂੰ ਤ੍ਰਿਸ਼ੂਲ ਘੁਮਾ ਕੇ ਸਮਝੇਂ, ਹਲ ਹੈ ਇਹ ਹਰ ਮਸਲੇ ਦਾ,
ਤੈਥੋਂ ਵਖਰਾ ਸੋਚ ਰਹੇ ਨੇ, ਲੋਕੀ ਸਗਲ ਦਿਸ਼ਾਵਾਂ ਦੇ ।
ਕਵੀ ਚੇਤੰਨ ਮਨੁੱਖ ਹੁੰਦਾ ਹੋਇਆ ਜਾਣਦਾ ਹੈ ਕਿ ਰਾਜਨੀਤਿਕ ਢਾਂਚੇ ਦੀਆਂ ਅਣਗਿਣਤ ਵਿਸੰਗਤੀਆਂ ਨੇ ਪੰਜਾਬੀਆਂ ਦੇ ਮਨਾ ਅੰਦਰ ਮਣਾਮੂੰਹੀ ਰੋਹ ਵਿਦਰੋਹ ਦੀ ਭਾਵਨਾ ਭਰ ਦਿੱਤੀ ਹੈ । ਪੰਜਾਬ ਤੇ ਪੰਜਾਬੀਆਂ ਨੂੰ ਨੀਵਾਂ ਵਿਖਾਉਣ, ਲੜਾਉਣ, ਖਾਨਾਜੰਗੀ ਕਰਵਾਉਣ, ਧਾਰਮਿਕ, ਭਾਵਨਾਵਾਂ ਭੜਕਾਉਣ ਦੀਆਂ ਕੋਝੀਆਂ ਚਾਲਾਂ ਸ਼ੁਰੂ ਤੋਂ ਹੀ ਹੁੰਦੀਆਂ ਆ ਰਹੀਆਂ ਹਨ। ਇਹੀ ਵਿਦਰੋਹ ਕਵੀ ਅੰਦਰੋਂ ਲਾਵੇ ਵਾਂਗ ਫੁੱਟਦਾ ਹੈ ਜਿਹੜਾ ਸਮੁੱਚੇ ਪੰਜਾਬੀਆਂ ਦੀ ਤਰਜਮਾਨੀ ਕਰ ਜਾਂਦਾ ਹੈ ਉਹ ਲਿਖਦਾ ਹੈ :
ਅਗਲਾ ਪਿਛਲਾ ਲੇਖਾ ਜੋਖਾ
ਲੈ ਲੈਣਾ ਏ ਗਿਣ ਗਿਣ ਕੇ,
ਜਿਸ ਦਿਨ ਸਾਡਾ ਹੱਥ ਪੈ ਗਿਆ,
ਸਿੱਧਾ ਜ਼ਾਲਮ ਘੰਡੀਆਂ ਨੂੰ।
ਪੰਜਾਬੀ ਰਹਿਤਲ ਵਿਚ ਮਿਲੀ ਗੁੜਤੀ ਨੇ ਪੰਜਾਬੀਆਂ ਦਾ ਗੁੱਸਾ ਤੇ ਸੁਭਾ ਅਜਿਹਾ ਬਣਾ ਦਿੱਤਾ ਹੈ ਕਿ ਪਿਆਰ ਨਾਲ ਭਾਵੇਂ ਪੋਰੀ ਪੋਰੀ ਵੰਡ ਲਵੋ ਪਰ ਜੋਰੀ ਤੇ ਧੱਕਾਸ਼ਾਹੀ ਕਦੇ ਬਰਦਾਸ਼ਤ ਨਹੀਂ। ਇਸੇ ਕਰਕੇ ਪੰਜਾਬੀਆਂ ਦਾ ਨਾਇਕ ਕੋਈ ਫ਼ਕੀਰ ਜਾਂ ਫ਼ਕਰ ਤਾਂ ਹੋ ਸਕਦਾ ਹੈ ਪਰ ਰਾਜਾ ਜਾਂ ਅਮੀਰ ਵਿਅਕਤੀ ਨਹੀਂ ਜਿੰਨ੍ਹਾਂ ਹੁਕਮਰਾਨਾਂ ਨੇ ਪਿਆਰ ਨਾਲ ਪੰਜਾਬੀਆਂ ਨੂੰ ਸਮਝਿਆ ਤੇ ਸਮਝਾਇਆ ਉਹਨਾਂ ਇਨ੍ਹਾਂ ਦੇ ਦਿਲਾਂ ਤੇ ਵੀ ਰਾਜ ਕੀਤਾ, ਨਹੀਂ ਤਾਂ ਇਨ੍ਹਾਂ ਅਣਖੀ ਜੋਧੇ ਬਹਾਦਰਾਂ ਨੇ ਟੈਂ ਨਹੀਂ ਮੰਨੀ। ਕਵੀ ਲਿਖਦਾ ਹੈ :
ਦਿਲੀ ਬਹਿ ਕੇ ਰਾਜ ਕਰੇਂਦਿਆ ਵੇਖੀ ਸੋਚੀ ਅਤੇ ਵਿਚਾਰੀ
ਦਿਲ ਦੀ ਦਿੱਲੜੀ ਜੋ ਨਹੀਂ ਬਹਿੰਦਾ, ਉਹ ਸਾਡਾ ਸੁਲਤਾਨ ਨਹੀਂ ਹੈ।
"ਇਸ ਤਰ੍ਹਾਂ ਸਮਾਜਕ ਚੇਤੰਨ ਕਵੀ ਆਪਣੀ ਕਵਿਤਾ ਵਿਚ ਸਮਾਜਕ ਯਥਾਰਥ ਵਿਚਲਾ ਮਾਨਸਿਕ ਦਵੰਦ, ਹੁਕਮਰਾਨਾ ਤੇ ਬੇਇਤਬਾਰੀ, ਗੌਰਵਮਈ ਇਤਿਹਾਸ ਦੀ ਮੁਹੱਬਤ ਅਤੇ ਸੰਘਰਸ਼ ਚੇਤਨਾ ਦਾ ਅਹਿਸਾਸ ਕਰਾਉਂਦੀ ਹੈ । ਸਾਹਿਤ ਸਾਡੇ ਆਲੇ-ਦੁਆਲੇ ਦੇ ਜਟਿਲ ਸਮਾਜਕ ਸੱਚ ਵਿਚੋਂ ਵਿਸ਼ੇ ਦੀ ਚੋਣ ਕਰਦਾ ਹੈ ਪਰ ਅੰਦਰਲਾ ਦਵੰਦ ਕਈ ਵਾਰ ਮੁੱਖ ਸੁਰ ਬਣ ਕੇ ਉਭਰਦਾ ਹੈ। ਮਾਨਵੀ ਕਦਰਾਂ - ਕੀਮਤਾਂ ਤੇ ਮਜਲੂਮਾਂ ਦੇ ਹੱਕ ਵਿੱਚ ਖੜੇ ਹੋਣ ਕਰਕੇ ਗੁਰਭਜਨ ਗਿੱਲ ਸਥਾਪਤੀ ਦਾ ਕਵੀ ਹੈ ਕਿਉਂਕਿ ਉਹ ਮਾਨਵੀ ਸਰੋਕਾਰਾਂ ਨਾਲ ਜੋੜਦਾ ਇਨਸਾਨੀਅਤ ਨੂੰ ਪਹਿਲ ਦਿੰਦਾ ਹੈ । ਗੁਰਬਚਨ ਸਿੰਘ ਭੁੱਲਰ ਗਿੱਲ ਦੀ ਕਵਿਤਾ ਬਾਰੇ ਲਿਖਦਾ ਹੈ "ਤੂੰ ਉਪਦੇਸ਼ਕ ਹੋਏ ਬਿਨਾ ਸਮਾਜਕ ਸਦਾਚਾਰ ਦੀ ਅਤੇ ਰਾਜਨੀਤਕ ਹੋਏ ਬਿਨਾਂ ਰਾਜਨੀਤੀ ਦੀ ਗੱਲ ਕਰ ਜਾਂਦਾ ਹੈਂ । ਤੇਰੀ ਗ਼ਜ਼ਲ ਕੇਵਲ ਵੱਡੇ ਮਸਲਿਆਂ ਨੂੰ ਨਹੀਂ ਸਗੋਂ ਆਮ ਆਦਮੀ ਦੇ ਰੋਜ਼ਾਨਾ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਪਰੇਸ਼ਾਨੀਆਂ ਨੂੰ ਵੀ ਕਲਾਵੰਤ ਰੂਪ ਵਿੱਚ ਪੇਸ਼ ਕਰਦੀ ਹੈ।" (5)
ਦੇਸ਼ ਦੀ ਰਾਜਨੀਤਕ ਤ੍ਰਾਸਦੀ ਦੇ ਆਮ ਜਨਤਾ ਦੀ ਹੁਕਮਰਾਨਾ ਤੋਂ ਬੇਇਤਬਾਰੀ ਤੇ ਬੇਭਰੋਸਗੀ ਦਾ ਆਲਮ ਹਰ ਦਿਮਾਗ਼ ਉਪਰ ਹੈ। ਜਨਤਾ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਤੋਂ ਵਾਕਿਫ਼ ਹੁੰਦੀ ਜਾ ਰਹੀ ਹੇ। ਅਸੁਰੱਖਿਆ ਦਾ ਮਾਹੌਲ ਪਸਰ ਰਿਹਾ ਹੈ। ਅਜਿਹੇ ਮਾਹੌਲ ਵਿੱਚ ਆਮ ਆਦਮੀ ਦੀ ਗੱਲ ਕੌਣ ਕਰੇ । ਕਾਰਜਪਾਲਿਕਾ ਤੇ ਨਿਆਂਪਾਲਿਕਾ ਤੋਂ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਅਫ਼ਰਾਤਫਰੀ ਦੇ ਇਸ ਮਾਹੌਲ ਨੂੰ ਕਵੀ ਨੇ ਬਾਖੂਬੀ ਸਿਰਜਿਆ ਹੈ :
ਹਰ ਕੁਰਸੀ ਦੇ ਰਾਖੀ ਬੈਠੇ,
ਦਿਨ ਤੇ ਰਾਤ ਵਰਦੀਆਂ ਵਾਲੇ,
ਹੱਕ ਸੱਚ ਇਨਸਾਫ਼ ਦਾ ਰਾਖਾ,
ਇਕ ਵੀ ਪਹਿਰੇਦਾਰ ਨਹੀਂ ।
ਇਸ ਤਰ੍ਹਾਂ ਗਿੱਲ ਦੀ ਕਵਿਤਾ ਸਥਾਪਤ ਨਿਜ਼ਾਮ ਵਿੱਚ ਰਾਜਨੀਤਿਕ ਵਾਤਾਵਰਣ ਤੇ ਉਸ ਦੇ ਸਿੱਧੇ ਅਸਿੱਧੇ ਪ੍ਰਭਾਵ ਨਾਲ ਪ੍ਰਭਾਵਿਤ ਲੋਕਾਈ ਦੀ ਪੀੜ ਨੂੰ ਆਪਣੀ ਕਵਿਤਾ ਰਾਹੀਂ ਵਿਅਕਤ ਕਰਨ ਵਿੱਚ ਸਫ਼ਲ ਰਹੀ ਹੈ ।
ਹਵਾਲੇ ਤੇ ਟਿੱਪਣੀਆਂ
1. ਭੁਪਿੰਦਰ ਸਿੰਘ ਧਾਲੀਵਾਲ (ਡਾ.), ਆਧੁਨਿਕ ਆਲੋਚਨਾ: ਨਵ ਪਰਿਪੇਖ, ਪੰਨਾ ਨੰ: 17-18
2. ਧਨਵੰਤ ਕੌਰ (ਸੰਪਾ:) "ਪੰਜਾਬੀਅਤ ਸੰਕਲਪ ਅਤੇ ਸਰੂਪ' ਪੰਨਾ ਨੰ: 31
3. ਗੁਰਇਕਬਾਲ ਸਿੰਘ (ਡਾ:) ਪੰਜਾਬੀ ਕਵਿਤਾ : ਨਵੇਂ ਪਰਿਪੇਖ ਤੇ ਪਾਸਾਰ, ਪੰਨਾ ਨੰ: 96
4. ਉਹੀ, ਪੰਨਾ ਨੰ: 158
5. ਗੁਰਭਜਨ ਗਿੱਲ, ਗੁਲਨਾਰ, ਪੰਨਾ ਨੰ: 146