ਸਾਂਝਾਂ ਦਾ ਪੁਲ ਉਸਾਰਦੀ ਸ਼ਾਇਰੀ : ਗੁਲਨਾਰ-ਪ੍ਰੋਃ ਜਸਪਾਲ ਘਈ

ਗੁਰਭਜਨ ਗਿੱਲ ਸਿਰਫ਼ ਚੜ੍ਹਦੇ ਪੰਜਾਬ ਦਾ ਹੀ ਨਹੀਂ, ਸਗੋਂ ਲਹਿੰਦੇ ਪੰਜਾਬ ਅਤੇ ਪਰਦੇਸੀਂ ਵੱਸੇ ਪੰਜਾਬ ਦਾ ਵੀ ਜਾਣਿਆ ਪਛਾਣਿਆ ਨਾਂ ਹੈ । ਉਹ ਇਕ ਵਧੀਆ ਸ਼ਾਇਰ ਹੋਣ ਦੇ ਨਾਲ ਨਾਲ ਇਕ ਵਧੀਆ ਅਦਬੀ ਅਤੇ ਸਕਾਫ਼ਤੀ ਕਾਰਕੁਨ ਵੀ ਹੈ । ਉਹ ਕਈ ਅਦਬੀ ਅਤੇ ਕਲਚਰਲ ਤਨਜ਼ੀਮਾਂ ਵਿਚ ਸੰਜੀਦਾ ਆਗੂ ਵਜੋਂ ਸਰਕਰਦਾ ਰੋਲ ਨਿਭਾ ਰਿਹਾ ਹੈ । ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਅਲਮ-ਬਰਦਾਰ ਹੈ ਅਤੇ ਪੰਜਾਬੀ ਜ਼ਬਾਨ ਤੇ ਪੰਜਾਬੀ ਰਹਿਤਲ ਦੀ ਸਲਾਮਤੀ, ਤਰੱਕੀ ਅਤੇ ਯਕਜਹਿਤੀ ਲਈ ਲਗਾਤਾਰ ਕੋਸ਼ਿਸ਼ ਕਰਦਾ ਆ ਰਿਹਾ ਹੈ । ਉਸ ਦੀ ਇਹ ਮਾਨਵਵਾਦੀ ਅਤੇ ਭਾਈਚਾਰਕ ਏਕੇ ਵਾਲੀ ਸੋਚ ਜਦੋਂ ਕਾਵਿ ਬਿੰਬ ਵਿਚ ਢਲਦੀ ਹੈ ਤਾਂ 'ਗੁਲਨਾਰ' ਕਿਤਾਬ ਵਿਚ ਸ਼ਾਮਿਲ ਸ਼ਾਇਰੀ ਵਰਗੀ ਖ਼ੂਬਸੂਰਤ ਸ਼ਾਇਰੀ ਵਜੂਦ ਵਿਚ ਆਉਂਦੀ ਹੈ ।

ਗੁਰਭਜਨ ਗਿੱਲ ਦੀ ਸ਼ਾਇਰੀ ਵਿਚਲੇ ਮਜ਼ਾਮੀਨ ਦਾ ਦਾਇਰਾ ਬੜਾ ਵਸੀਹ ਹੈ । ਉਸ ਦੀ ਸ਼ਾਇਰੀ ਮਿਥਿਹਾਸ ਅਤੇ ਇਤਿਹਾਸ ਨੂੰ ਆਪਣੀ ਤੀਜੀ ਅੱਖ ਨਾਲ ਵੇਖਦੀ ਹੋਈ ਸਮਕਾਲ ਦਾ ਮਾਨਵਾਦੀ ਤੇ ਜਮਾਤੀ ਚੇਤਨਾ ਦੇ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਦੀ ਹੈ ਅਤੇ ਭਵਿੱਖ ਦੀ ਸੰਭਾਵਿਤ ਤਸਵੀਰ ਵੀ ਵਿਖਾਉਣ ਦੇ ਆਹਰ ਵਿਚ ਹੈ । ਇੰਝ ਉਸ ਦੀ ਤ੍ਰੈਕਾਲੀ ਸ਼ਾਇਰੀ ਮੌਜੂਦਾ ਹਾਲਾਤ ਦਾ ਵਿਸ਼ਲੇਸ਼ਣ ਕਰਨ ਲਈ ਅਤੀਤ ਦੇ ਇਤਿਹਾਸਕ ਮਿਥਿਹਾਸਕ ਹਵਾਲੇ ਵੀ ਦਿੰਦੀ ਹੈ, ਸਮਕਾਲ ਵਿਚਲੀਆਂ ਵਿਸੰਗਤੀਆਂ ਨੂੰ ਸਮਕਾਲ ਦੇ ਭੋਗਣਹਾਰ ਦੀ ਅੱਖ ਨਾਲ ਵੀ ਵੇਖਦੀ ਹੈ ਅਤੇ ਭਵਿੱਖ ਵਿਚਲੀਆਂ ਸੰਭਾਵਿਤ ਹੋਣੀਆਂ ਵੱਲ ਸੰਕੇਤ ਵੀ ਕਰਦੀ ਹੈ । ਰਿਸ਼ਤਿਆਂ ਦੀ ਟੁੱਟ ਭੱਜ, ਖ਼ੁਦਗ਼ਰਜ਼ੀ ਦਾ ਜ਼ਹਿਰ, ਸਿਆਸੀ ਲੋਕਾਂ ਦਾ ਭਰਮ ਜਾਲ, ਗ਼ਰੀਬਾਂ ਦਾ ਸ਼ੋਸ਼ਨ, ਧਾਰਮਿਕ ਆਗੂਆਂ ਦੀ ਅਮਾਨਵੀ ਪਹੁੰਚ, ਵਿਸ਼ਵੀਕਰਨ ਦੇ ਨਾਂ ਹੇਠ ਸਭ ਕੁਝ ਨੂੰ ਜਿਣਸ ਬਣਾਉਣ ਦੇ ਯਤਨ ਕੁਝ ਅਜਿਹੇ ਵਿਸ਼ੇ ਹਨ, ਜੋ ਉਸ ਦੀ ਸ਼ਾਇਰੀ ਵਿਚ ਵਾਰ ਵਾਰ ਆਉਂਦੇ ਹਨ :

ਕੁਰਸੀ, ਕੁਰਸੀ, ਕੁਰਸੀ ਕੂਕਣ ਅਸਲ ਨਿਸ਼ਾਨਾ ਤਾਕਤ ਹੈ ,
ਵੱਖੋ ਵੱਖਰੇ ਝੰਡੇ ਭਾਵੇਂ, ਅੰਦਰੋਂ ਇੱਕੋ ਰੰਗ ਦੇ ਨੇ ।

------

ਇਹ ਪਤਾ ਨਾ ਨਾਲ ਦੇ ਘਰ ਕੌਣ ਆਇਆ, ਤੁਰ ਗਿਆ ,
ਪਿੰਡ ਦੇ ਅੰਦਰ ਵੀ ਦਾਖ਼ਲ ਹੋ ਗਿਆ ਹੁਣ ਸ਼ਹਿਰ ਹੈ ।

-------

ਸ਼ਹਿਰਾਂ ਤੋਂ ਤਾਂ ਰਾਜਧਾਨੀ ਚਹੁੰ ਕਦਮਾਂ ਤੇ ,
ਪਿੰਡਾਂ ਤੋਂ ਹੀ ਦੂਰ ਸਫ਼ਰ ਹੈ ਚੰਡੀਗੜ੍ਹ ਦਾ ।

-------

ਨਾ ਧਰਤੀ ਨਾ ਅੰਬਰ ਝੱਲੇ, ਅੱਜ ਵੀ ਅਸੀਂ ਪਨਾਹੀਆਂ ਵਰਗੇ ,
ਘਸਦੇ ਘਸਦੇ ਘਸ ਚੱਲੇ ਆਂ, ਘਾਹੀਆਂ ਦੇ ਪੁੱਤ ਘਾਹੀਆਂ ਵਰਗੇ ।

------

ਜੋ ਕੁਝ ਵੀ ਬਾਜ਼ਾਰ ਤੋਂ ਬਚਿਆ ਓਹੀ ਸਾਡਾ ਵਿਰਸਾ ,
ਘਟਦੇ, ਘਟਦੇ ਘਟ ਚੱਲੇ ਨੇ ਇਸ ਨੂੰ ਜਾਨਣਹਾਰੇ ।

------

ਪਹਿਲਾਂ ਗੋਲ਼ੀਆਂ ਦਾ ਕਹਿਰ, ਹੁਣ ਪੁੜੀਆਂ ਚ ਜ਼ਹਿਰ ,
ਕਿੱਦਾਂ ਮਰ ਮੁੱਕ ਚੱਲੇ ਸਾਡੇ ਘਰੀਂ ਜਾਏ ਛਿੰਦੇ ।

------

ਅਮਰੀਕਾ ਤੋਂ ਦਿੱਲੀ ਥਾਣੀ ਮਾਲ ਪਲਾਜ਼ੇ ਆ ਗਏ ਨੇ ,
ਬੁਰਕੀ ਬੁਰਕੀ ਕਰਕੇ ਖਾ ਗਏ ਨਿੱਕੀਆਂ ਨਿੱਕੀਆਂ ਮੰਡੀਆਂ ਨੂੰ ।

--------

ਦੇਸ਼ ਵੰਡ ਨੂੰ ਭਾਵੇਂ ਪੌਣੀ ਸਦੀ ਤੋਂ ਉੱਤੇ ਸਮਾਂ ਬੀਤ ਚੁੱਕਾ ਹੈ, ਪਰ ਹਾਲੇ ਵੀ ਇਸ ਉਜਾੜੇ ਦੇ ਜ਼ਖ਼ਮ ਭਰ ਨਹੀਂ ਸਕੇ । ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਮੌਜੂਦਾ ਦੌਰ ਦੇ ਅਦਬ ਵਿਚ ਵੀ ਵੰਡ ਨੂੰ ਵੱਡੀ ਪੱਧਰ 'ਤੇ ਇਕ ਮਜ਼ਮੂਨ ਵਜੋਂ ਅਪਣਾਇਆ ਜਾਣਾ ਇਸ ਗੱਲ ਨੂੰ ਤਸਦੀਕ ਕਰਦਾ ਹੈ । ਗੁਰਭਜਨ ਗਿੱਲ ਨੇ ਆਪਣੇ ਇਕ ਸ਼ਿਅਰ ਵਿਚ ਇਕ ਬੜਾ ਸੋਹਣਾ ਨੁਕਤਾ ਉਠਾਇਆ ਹੈ ਕਿ ਜਿਹੜੇ ਸ਼ਾਇਰਾਂ ਦੀ ਪੈਦਾਇਸ਼ ਹੀ ਵੰਡ ਤੋਂ ਬਾਅਦ ਦੀ ਹੈ, ਉਨ੍ਹਾ ਦੀ ਸ਼ਾਇਰੀ ਵਿਚ ਵੀ ਵੰਡ ਦਾ ਦਰਦ ਮੌਜੂਦ ਹੋਣ ਦਾ ਕੀ ਕਾਰਨ ਹੋ ਸਕਦਾ ਹੈ :

ਅਪਣੇ ਘਰ ਪਰਦੇਸੀਆਂ ਵਾਂਗੂੰ ਪਰਤਣ ਦਾ ਅਹਿਸਾਸ ਕਿਉਂ ਹੈ ?
ਮੈਂ ਸੰਤਾਲੀ ਮਗਰੋਂ ਜੰਮਿਆਂ, ਮੇਰੇ ਪਿੰਡੇ ਲਾਸ ਕਿਉਂ ਹੈ ?

ਕਾਰਨ ਸਾਫ਼ ਹੈ ਕਿ ਅਜੋਕੀ ਨਸਲ ਨੂੰ ਜਦੋਂ ਇਸ ਖ਼ੂਨੀ ਵੰਡ ਦਾ ਕੋਈ ਵਾਜਬ ਕਾਰਨ ਨਹੀਂ ਲੱਭਦਾ ਤਾਂ ਅਜੋਕੀ ਨਸਲ ਵਧੇਰੇ ਦੁਖੀ ਹੁੰਦੀ ਹੈ । ਵੰਡ ਤੋਂ ਬਾਅਦ ਜ਼ੁਬਾਨ, ਅਦਬ ਤੇ ਕਲਚਰ ਪੱਖੋਂ ਹੋਏ ਨੁਕਸਾਨ ਬਾਰੇ ਸੋਚਦੀ ਹੈ ਤਾਂ ਹੋਰ ਵੀ ਦੁਖੀ ਹੁੰਦੀ ਹੈ । ਅਜੋਕੀ ਨਸਲ ਦੀ ਸ਼ਾਇਰੀ ਵਿਚ ਵੰਡ ਦੇ ਮੰਜ਼ਰ ਨਹੀਂ ਹਨ, ਸਗੋਂ ਵੰਡ ਦੇ ਪ੍ਰਭਾਵ ਹਨ, ਭਾਈਚਾਰਕ ਸਾਂਝ ਦੀ ਖ਼ਾਹਿਸ਼ ਹੈ, ਆਪਸੀ ਪਾੜੇ ਘੱਟ ਕਰਨ ਦਾ ਸੁਨੇਹਾ ਹੈ । ਗੁਰਭਜਨ ਗਿੱਲ ਦੀ ਸ਼ਾਇਰੀ ਦਾ ਇਕ ਵੱਡਾ ਹਿੱਸਾ ਏਸੇ ਮੌਜ਼ੂ ਨੂੰ ਆਪਣਾਉਂਦਾ ਹੈ । ਉਹ ਦੋਵੇਂ ਪਾਸੇ ਦੀਆਂ ਸਿਆਸੀ ਚਾਲਾਂ ਦੀ ਤਸ਼ਹੀਰ ਕਰਦਾ ਹੈ, ਅਮਨ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਾ ਹੈ, ਸਾਂਝੇ ਸਭਿਆਚਾਰਕ ਵਿਰਸੇ ਦੀ ਗੱਲ ਕਰਦਾ ਹੈ ਅਤੇ ਸਾਂਝਾ ਦਾ ਇਕ ਪੁਲ ਉਸਾਰਨ ਦਾ ਸੱਦਾ ਦਿੰਦਾ ਹੈ :

ਮੈਂ ਵੀ ਨਾਰੋਵਾਲ ਨੂੰ ਹਾਂ ਤਰਸਦਾ ,
ਤੂੰ ਵੀ ਆ, ਰਾਹੋਂ, ਜਲੰਧਰ ਵੇਖ ਲੈ ।

------

ਮਰਦੇ ਦਮ ਤਕ ਬਾਪੂ ਜੀ ਸੀ
ਇੱਕੋ ਗੱਲ ਹੀ ਪੁੱਛੀ ਜਾਂਦੇ ,
ਨਾਰੋਵਾਲ ਭਲਾ ਬਈ ਦੱਸੋ
ਕਿਉਂ ਰਾਵੀ ਤੋਂ ਪਾਰ ਗਿਆ ?

-------

ਇਕ ਦੂਜੇ ਨੂੰ ਧੁੱਪੇ ਸੁੱਟ ਕੇ ਵੇਖ ਲਿਆ ਏ ,
ਆ ਜਾ ਦੋਵੇਂ ਇਕ ਦੂਜੇ ਦੀ ਛਾਵੇਂ ਬਹੀਏ ।

ਸ਼ਾਇਰੀ ਦਿਲ ਦੇ ਦਰਦ ਤੋਂ ਜਹਾਨ ਦੇ ਦਰਦ ਤਕ ਦਾ ਸਫ਼ਰ ਹੈ । ਸ਼ਾਇਰ ਦੀ ਖ਼ਾਸੀਅਤ ਆਪਣੇ ਦਿਲ ਦੇ ਦਰਦ ਨੂੰ ਇਸ ਤਰਾਂ ਪੇਸ਼ ਕਰਨ ਵਿਚ ਹੈ ਕਿ ਉਸ ਦਾ ਦਰਦ ਪੜ੍ਹਨ ਸੁਣਨ ਵਾਲੇ ਨੂੰ ਆਪਣਾ ਦਰਦ ਲੱਗੇ । ਸ਼ਾਇਰ ਗੁਰਭਜਨ ਗਿੱਲ ਵੀ ਬਿਰਹਾ ਦੀ ਪੀੜ ਮਨ ਵਿਚ ਦੱਬੀ ਬੈਠਾ ਹੈ ਜੋ ਉਸ ਦੇ ਬਹੁਤ ਸਾਰੇ ਸ਼ਿਅਰਾਂ ਵਿਚ ਉੱਛਲ ਕੇ ਬਾਹਰ ਆ ਜਾਂਦੀ ਹੈ । ਉਸ ਦੇ ਇਨ੍ਹਾ ਸ਼ਿਅਰਾਂ ਵਿਚ ਇਕ ਨਿਰਮੋਹੀ ਮਹਿਬੂਬਾ ਦੇ ਨਕਸ਼ ਉਭਰਦੇ ਹਨ, ਹੌਕਿਆਂ ਦਾ ਸੇਕ ਤੇ ਹੰਝੂਆਂ ਦਾ ਸੈਲਾਬ ਮਹਿਸੂਸ ਹੁੰਦਾ ਹੈ । ਉਸ ਦੀ ਸ਼ਾਇਰੀ ਦੀ ਖ਼ੂਬਸੂਰਤੀ ਇਨ੍ਹਾ ਜਜ਼ਬਿਆਂ ਦੇ ਉੱਦਾਤੀਕਰਨ ਵਿਚ ਹੈ, ਜਿਸ ਨਾਲ ਗ਼ਜ਼ਲ ਦਾ ਦਰਦੇ-ਦਿਲ ਵਾਲਾ ਰਵਾਇਤੀ ਰੰਗ ਬਹੁਤ ਵਧੀਆ ਉੱਘੜਦਾ ਹੈ :

ਤੂੰ ਮੈਥੋਂ ਦੂਰ ਨਾ ਜਾ ਇਸ ਤਰਾਂ ਬੇਆਸਰਾ ਕਰਕੇ ।
ਮੈਂ ਕਿੱਦਾਂ ਜੀ ਸਕਾਂਗਾ ਰੂਹ ਨੂੰ ਖ਼ੁਦ ਤੋਂ ਜੁਦਾ ਕਰਕੇ ।

--------

ਕਿੱਥੇ ਬਿਰਾਜਮਾਨ ਹੈਂ ਤੂੰ ਦਿਲ ਦੇ ਮਹਿਰਮਾ ,
ਦੇ ਜਾ ਉਧਾਰ ਜ਼ਖ਼ਮ ਫਿਰ, ਪਹਿਲਾ ਤਾਂ ਭਰ ਗਿਆ ।

-------

ਧੁੱਪਾਂ ਵਿਚ, ਛਾਵਾਂ ਵਿਚ, ਹਰ ਵੇਲੇ ਸਾਹਵਾਂ ਵਿਚ ,
ਨੀਂਦਰਾਂ ਚੁਰਾਉਣ ਵਾਲੇ ਅੱਖੀਆਂ ਚੁਰਾਉਣਗੇ ।

ਗੁਰਭਜਨ ਗਿੱਲ ਨੇ ਸਿਰਫ਼ ਗ਼ਜ਼ਲ ਹੀ ਤਖ਼ਲੀਕ ਹੀ ਨਹੀਂ ਕੀਤੀ, ਸਗੋਂ ਗ਼ਜ਼ਲ ਸਿਨਫ਼ ਬਾਰੇ ਕੁਝ ਕੁਝ ਸੰਜੀਦਾ ਗੱਲਾਂ ਵੀ ਕੀਤੀਆਂ ਹਨ ਅਤੇ ਅਜਿਹੀਆਂ ਗੱਲਾਂ ਉਹ ਸ਼ਖ਼ਸ ਹੀ ਕਰ ਸਕਦਾ ਹੈ ਜਿਸ ਦੀ ਰੂਹ ਵਿਚ ਗ਼ਜ਼ਲ ਪੂਰੀ ਤਰਾਂ ਨਾਲ ਰਚੀ ਹੋਈ ਹੋਵੇ ਅਤੇ ਜੋ ਗ਼ਜ਼ਲ ਸਿਰਫ਼ ਬਾਰੇ ਤਰਬੀਅਤ ਯਾਫ਼ਤਾ ਹੋਵੇ । ਗੁਰਭਜਨ ਗਿੱਲ ਨੂੰ ਗ਼ਜ਼ਲ ਸ਼ਾਸਤਰ ਬਾਰ ਹੀ ਨਹੀਂ, ਪੰਜਾਬੀ ਤੇ ਉਰਦੂ ਗ਼ਜ਼ਲ ਰਵਾਇਤ ਬਾਰੇ ਵੀ ਵਾਕਫ਼ੀਅਤ ਹੈ । ਪੰਜਾਬੀ ਦੇ ਬਹੁਤੇ ਸਿਰਕੱਢ ਸ਼ਾਇਰਾਂ ਵਾਂਗ ਭਾਵੇਂ ਉਸ ਦਾ ਵੀ ਉਸਤਾਦੀ ਸ਼ਾਗਿਰਦੀ ਰਵਾਇਤ ਵਿਚ ਯਕੀਨ ਨਹੀਂ ਪਰ ਉਸ ਨੂੰ ਉਸਤਾਦਾਂ ਅਤੇ ਵੱਡੇ ਸ਼ਾਇਰਾਂ ਦੀ ਕਦਰ ਕਰਨੀ ਆਉਂਦੀ ਹੈ । ਹੇਠ ਲਿਖੇ ਸ਼ਿਅਰ ਵਿਚ ਉਹ ਸੱਤ ਨਾਮਵਰ ਗ਼ਜ਼ਲਗੋਆਂ ਸ. ਸ. ਮੀਸ਼ਾ, ਪ੍ਰਿ. ਤਖ਼ਤ ਸਿੰਘ, ਰਣਧੀਰ ਸਿੰਘ ਚੰਦ, ਠਾਕੁਰ ਭਾਰਤੀ, ਦੀਪਕ ਜੈਤੋਈ, ਮੁਰਸ਼ਦ ਬੁੱਟਰਵੀ ਅਤੇ ਡਾ. ਜਗਤਾਰ ਜੀ ਨੂੰ ਯਾਦ ਕਰਦਾ ਹੈ ਅਤੇ ਖ਼ਿਰਾਜੇ-ਅਕੀਦਤ ਭੇਂਟ ਕਰਦਾ ਹੈ :

ਮੀਸ਼ਾ, ਤਖ਼ਤ ਉਜਾੜ ਗਿਆ ਤੇ ਚੰਦ ਤੋਂ ਪਿੱਛੋਂ ਠਾਕੁਰ ਤੁਰਿਆ ,
ਦੀਪਕ ਬੁਝਿਆ, ਮੁਰਸ਼ਦ ਤੁਰਿਆ, ਦਿਨ ਚੜ੍ਹਦੇ ਜਗਤਾਰ ਗਿਆ।

ਗੁਰਭਜਨ ਗਿੱਲ ਨੂੰ ਯਕੀਨ ਹੈ ਕਿ ਸਿਰਫ਼ ਕਾਫ਼ੀਆ ਪੈਮਾਈ ਅਤੇ ਬਹਿਰ ਦੀ ਰੁਕਨ ਪੂਰਤੀ ਲਈ ਲਿਖੀ ਗਈ ਗ਼ਜ਼ਲ ਨੂੰ ਗ਼ਜ਼ਲ ਨਹੀਂ ਆਖਿਆ ਜਾ ਸਕਦਾ । ਬਹਿਰ ਤਕ ਜਾਣ ਲਈ ਮਨ ਦਾ ਲਹਿਰ ਵਿਚ ਹੋਣਾ ਜ਼ਰੂਰੀ ਹੈ । ਅੰਦਾਜ਼ਿ-ਬਿਆਂ ਵਿਖਾਉਣ ਲਈ ਕੋਈ ਮੌਜ਼ੂ-ਏ-ਬਿਆਂ ਵੀ ਤਾਂ ਹੋਣਾ ਚਾਹੀਦਾ ਹੈ ਅਤੇ ਇਲਮੇ ਅਰੂਜ਼ ਦੇ ਨਾਲ ਨਾਲ ਇਲਮੇ-ਹਯਾਤ ਵੀ ਜ਼ਰੂਰੀ ਹੈ :

ਲਿਖਣਹਾਰੇ, ਸ਼ਬਦ ਘਾੜੇ, ਕਰਨਗੇ ਅਹਿਸਾਸ ਕਦ ,
ਤੋਲ ਹੈ ਸ਼ਬਦਾਂ ਦਾ ਪੂਰਾ, ਜ਼ਿੰਦਗੀ ਬੇ-ਬਹਿਰ ਹੈ ।

-------

ਹੌਕੇ, ਹਾਵੇ, ਅੱਥਰੂ ਮੇਰੇ ਕੋਰੇ ਸਫ਼ਿਆਂ ਸਾਂਭ ਲਏ ਸੀ ,
ਦਰਦ ਸਮੁੰਦਰ ਉੱਛਲਿਆ ਤਾਂ ਗ਼ਜ਼ਲਾਂ ਦਾ ਦੀਵਾਨ ਬਣ ਗਿਆ ।

-------

ਸਿੱਧੇ ਸਾਦੇ ਸ਼ਬਦਾਂ ਵਿਚ ਮੈਂ ਬਾਤ ਸੁਣਾਉਂਦਾ ਹਾਂ ,
ਸ਼ਿਅਰ ਮੇਰੇ ਏਸੇ ਲਈ ਉਲਝੀ ਤਾਣੀ ਨਈਂ ਹੁੰਦੇ ।

ਏਸੇ ਕਰਕੇ ਗੁਰਭਜਨ ਗਿੱਲ ਨੇ ਆਪਣੀ ਗ਼ਜ਼ਲ ਵਿਚ ਸ਼ਬਦੀ ਕਲਾਬਾਜ਼ੀਆਂ ਨਾਲੋਂ ਸਰਲ ਤੇ ਸਪਸ਼ਟ ਗੱਲ ਨੂੰ ਸਰਲ ਤੇ ਸਪਸ਼ਟ ਢੰਗ ਨਾਲ ਕਹਿਣ ਵੱਲ ਹੀ ਧਿਆਨ ਦਿੱਤਾ ਹੈ । ਉਸ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਅਰੂਜ਼ੀ ਬਹਿਰਾਂ ਦੇ ਨਾਲ ਕੁਝ ਦੇਸੀ ਛੰਦ ਵੀ ਵਰਤੇ ਹਨ । ਉਸ ਨੇ ਵਧੇਰੇ ਕਰਕੇ ਆਮ ਪ੍ਰਚੱਲਿਤ ਬਹਿਰਾਂ ਰਮਲ, ਹਜ਼ਜ਼ ਅਤੇ ਬਹਿਰ ਮੁਤਦਾਰਿਕ ਦੇ ਫ਼ੇਲੁਨ ਫ਼ੇਲੁਨ ਵਾਲੇ ਰੂਪ ਨੂੰ ਹੀ ਵਰਤਿਆ ਹੈ । ਫ਼ੇਲੁਨ ਬਹਿਰ ਦਾ ਇਸਤੇਮਾਲ ਸਭ ਤੋਂ ਵੱਧ ਹੋਇਆ ਹੈ । ਇਕ ਤਾਂ ਫ਼ੇਲੁਨੀ ਬਹਿਰ ਵਿਚ ਰਵਾਨੀ ਬਹੁਤ ਹੈ, ਦੂਜਾ ਇਸ ਵਿਚਲੇ ਰੁਕਨ ਫ਼ੇਲੁਨ ਦੀ ਗਿਣਤੀ ਨੂੰ ਲੋੜ ਅਨੁਸਾਰ ਵਧਾਇਆ ਘਟਾਇਆ ਜਾ ਸਕਦਾ ਹੈ ਅਤੇ ਤੀਜਾ ਪੱਖ ਇਹ ਹੈ ਕਿ ਇਹ ਬਹਿਰ ਪਿੰਗਲ ਦੇ ਕਈ ਛੰਦਾਂ ਦੇ ਬੜਾ ਨੇੜੇ ਵਿਚਰਦੀ ਹੈ । ਉਂਝ ਗੁਰਭਜਨ ਗਿੱਲ ਨੇ ਕੁਝ ਔਖੀਆਂ ਸਮਝੀਆਂ ਜਾਂਦੀਆਂ ਬਹਿਰਾਂ ਨੂੰ ਵੀ ਬੜੀ ਸਫ਼ਲਤਾ ਨਾਲ ਨਿਭਾਇਆ ਹੈ । ਮਿਸਾਲ ਵਜੋਂ ਹੇਠਾਂ ਦਿੱਤੇ ਸ਼ਿਅਰਾਂ ਵਿਚ ਅਜਿਹਾ ਵਜ਼ਨ ਹੈ, ਜਿਸ ਨੂੰ ਨਿਭਾਉਣ ਵਿਚ ਵੱਡੇ ਵੱਡੇ ਸ਼ਾਇਰ ਵੀ ਟਪਲਾ ਖਾ ਜਾਂਦੇ ਹਨ :

ਪੰਛੀ ਉਡਾਣ ਭਰ ਕੇ, ਸਾਗਰ ਚੋਂ ਜਾ ਰਿਹਾ ਹੈ ।
ਏਸੇ ਤੋਂ ਸਮਝ ਜਾਓ, ਤੂਫ਼ਾਨ ਆ ਰਿਹਾ ਹੈ ।
(ਮਫ਼ਊਲ ਫ਼ਾਇਲਾਤੁਨ, ਮਫ਼ਊਲ ਫ਼ਾਇਲਾਤੁਨ)

--------

ਖ਼ੁਸ਼ਬੂ ਦਾ ਫੁੱਲ ਤੋਂ ਵਿਛੜਨਾ ਕੀ ਕਹਿਰ ਕਰ ਗਿਆ ।
ਖਿੜਿਆ ਗੁਲਾਬ ਆਪਣੇ ਸਾਏ ਤੋਂ ਡਰ ਗਿਆ ।
(ਮਫ਼ਊਲ ਫ਼ਾਇਲਾਤ ਮੁਫ਼ਾਈਲ ਫ਼ਾਇਲੁਨ)

--------

ਉਸ ਦੀ ਗ਼ਜ਼ਲ ਵਿਚ ਰਵਾਇਤੀ ਗ਼ਜ਼ਲ ਵਿਚ ਮੰਨੇ ਗਏ ਬਹੁਤ ਸਾਰੇ ਮੁਹਾਸਿਨ ਯਾਨੀ ਸ਼ਿਅਰੀ ਖ਼ੂਬੀਆਂ ਮੌਜੂਦ ਹਨ । ਤਨਜ਼, ਤੱਜ਼ਾਦ, ਤਸ਼ਬੀਹਾਂ, ਇਸ਼ਤਿਆਰੇ, ਤਲਮੀਹਾਂ, ਟੁਕੜੀਆਂ ਆਦਿ ਕਿੰਨੇ ਹੀ ਗੁਣ ਉਸ ਦੇ ਸ਼ਿਅਰਾਂ ਨੂੰ ਮਿਆਰੀ ਸ਼ਿਅਰ ਬਣਾਉਂਦੇ ਹਨ ਅਤੇ ਉਸ ਦੀ ਗ਼ਜ਼ਲ ਵਿਚ ਤਗ਼ਜ਼ਲ ਦਾ ਰੰਗ ਭਰਦੇ ਹਨ :

ਆਦਮੀ ਨੂੰ ਆਦਮੀ ਨਾ ਸਮਝਦਾ ਅੱਜ ਤਕ ਨਿਜ਼ਾਮ,
ਕਹਿਰਵਾਨੋ ! ਕਹਿਰ ਹੈ, ਬਸ ਕਹਿਰ ਹੈ, ਇਹ ਕਹਿਰ ਹੈ ।

--------

ਕੱਜ ਲੈ ਨੰਗੇਜ਼ ਰੂਹ ਦਾ ਜਿਸਮਾਂ ਨੂੰ ਚੀਰ ਕੇ ,
ਸੱਚ ਦਿਆਂ ਤਾਣਿਆਂ ਤੇ ਸੁੱਚ ਦਿਆ ਪੇਟਿਆ ।

-------

ਰੂਹ ਦੇ ਬਹੁਤ ਨਜ਼ੀਕ ਜਿਹੀ ਏਂ, ਤੂੰ ਚਾਨਣ ਦੀ ਲੀਕ ਜਿਹੀ ਏਂ ,
ਤੇਰੇ ਨੈਣੀਂ ਡੁੱਬਿਆ ਬੰਦਾ, ਸੁਣਿਆ ਮਰ ਕੇ ਤਰ ਜਾਂਦਾ ਹੈ ।

ਗੁਰਭਜਨ ਗਿੱਲ ਵਰਗੇ ਨਾਮਵਰ ਸ਼ਾਇਰ ਦੇ ਗੁਰਮੁਖੀ ਅੱਖਰਾਂ ਵਿਚ ਛਪੇ ਅਤੇ ਬਹੁਤ ਮਕਬੂਲ ਹੋਏ ਗ਼ਜ਼ਲ ਪਰਾਗੇ 'ਗੁਲਨਾਰ' ਦਾ ਸ਼ਾਹਮੁਖੀ ਰਸਮੁਲ ਖ਼ਤ ਵਿਚ ਛਪਣਾ, ਅਤੇ ਉਹ ਵੀ ਚੜ੍ਹਦੇ ਪੰਜਾਬ ਵਿਚ, ਜਿੱਥੇ ਸ਼ਾਹਮੁਖੀ ਅੱਖਰਾਂ ਤੋਂ ਵਾਕਿਫ਼ ਲੋਕਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੈ, ਓਪਰੀ ਨਜ਼ਰੇ ਵੇਖਿਆਂ ਬੜੀ ਹੈਰਾਨੀ ਦਾ, ਪਰ ਗਹਿਰੀ ਨਜ਼ਰੇ ਵੇਖਿਆਂ ਬੜੇ ਫ਼ਖ਼ਰ ਦਾ ਬਾਇਸ ਹੈ ।

ਸਾਡੇ ਦੇਸ਼ ਦੀ ਵੰਡ ਸਿਰਫ਼ ਧਰਤੀ ਦੀ ਵੰਡ ਨਹੀਂ ਸੀ, ਸਗੋਂ ਸਾਡੀ ਜ਼ਬਾਨ ਨੂੰ ਦੋ ਤਰਾਂ ਦੇ ਰਸਮੁਲ ਖ਼ਤ ਵਿਚ ਵੰਡ ਕੇ ਸਾਨੂੰ ਜ਼ਬਾਨ,ਅਦਬ ਅਤੇ ਕਲਚਰ ਪੱਖੋਂ ਵੰਡਣ ਦੀ ਕੋਝੀ ਚਾਲ ਵੀ ਚੱਲੀ ਗਈ । ਚੜ੍ਹਦੇ ਪੰਜਾਬ ਦੇ ਸਕੂਲਾਂ ਵਿੱਚੋਂ ਸ਼ਾਹਮੁਖੀ ਅਤੇ ਲਹਿੰਦੇ ਪੰਜਾਬ ਦੇ ਸਕੂਲਾਂ ਮਦਰੱਸਿਆਂ ਵਿੱਚੋਂ ਗੁਰਮੁਖੀ ਦੀ ਤਾਲੀਮ ਦਾ ਖ਼ਾਤਮਾ ਇਸ ਕੋਝੀ ਚਾਲ ਉੱਪਰ ਦੋਵਾਂ ਪਾਸਿਆਂ ਦੀ ਸੱਤਾ ਦੀ ਲਗਾਈ ਗਈ ਮੋਹਰ ਸੀ । ਲਿਹਾਜਾ ਹਾਲਾਤ ਇਹ ਬਣ ਗਏ ਕਿ ਇੱਕੋ ਜ਼ਬਾਨ ਨੂੰ ਬੋਲਣ ਵਾਲੇ ਕਿਸੇ ਇਕ ਰਸਮੁਲਖ਼ਤ ਲਈ ਸੁਜਾਖੇ ਤੇ ਦੂਜੀ ਰਸਮੁਲਖ਼ਤ ਲਈ ਅੰਨ੍ਹੇ ਹੋ ਗਏ । ਹੁਣ ਕੁਝ ਸਿਰੜੀ ਲੋਕਾਂ ਨੇ ਇਸ ਪੱਖੋਂ ਪੁਲ ਉਸਾਰਨ ਦੀ ਕੋਸ਼ਿਸ਼ ਕੀਤੀ ਹੈ । ਪਹਿਲੀ ਕੋਸ਼ਿਸ਼ ਦੋਵਾਂ ਪੰਜਾਬ ਵਿਚ ਇਕ ਦੂਜੇ ਦੇ ਲੇਖਕਾਂ ਨੂੰ ਆਪਣੇ ਖਿੱਤੇ ਵਿਚ ਪ੍ਰਚੱਲਿਤ ਰਸਮੁਲਖ਼ਤ ਵਿਚ ਛਾਪਣ ਦੀ ਹੈ । ਦੂਜੀ ਕੋਸ਼ਿਸ਼ ਇੱਕੋ ਕਿਤਾਬ ਨੂੰ ਦੋਵਾਂ ਲਿੱਪੀਆਂ ਵਿਚ ਛਾਪਣ ਦੀ ਹੈ । ਗੁਰਭਜਨ ਗਿੱਲ ਨੇ ਗੁਰਮੁਖੀ ਸਮਝਣ ਵਾਲਿਆਂ ਦੀ ਬਹੁ ਗਿਣਤੀ ਵਾਲੇ ਚੜ੍ਹਦੇ ਪੰਜਾਬ ਵਿਚ ਸ਼ਾਹਮੁਖੀ ਅੱਖਰਾਂ ਵਿਚ ਕਿਤਾਬ ਛਪਵਾ ਕੇ ਤੀਜੀ ਤਰਾਂ ਦੀ ਕੋਸ਼ਿਸ਼ ਦਾ ਆਰੰਭ ਕੀਤਾ ਹੈ, ਜੋ ਆਪਣੇ ਆਪ ਵਿਚ ਵਿਲੱਖਣ ਵੀ ਹੈ ਅਤੇ ਮੁੱਲਵਾਨ ਵੀ । ਮੇਰਾ ਖ਼ਿਆਲ ਹੈ ਇਸ ਤਰਾਂ ਦਾ ਯਤਨ ਹਾਲੇ ਤਕ ਲਹਿੰਦੇ ਪੰਜਾਬ ਵਿਚ ਨਹੀਂ ਹੋਇਆ ਹੋਣਾ ।

ਇਸ ਯਤਨ ਦੇ ਕਈ ਸਾਰਥਿਕ ਪੱਖ ਹਨ । ਪਹਿਲੀ ਗੱਲ, ਭਾਰਤ ਵਿਚ ਹੀ ਉਰਦੂ ਬੋਲਦੇ ਇਲਾਕੇ ਹਨ, ਜੋ ਪੰਜਾਬੀ ਵੀ ਸਮਝਦੇ ਹਨ । ਦੂਜੀ ਗੱਲ, ਇਕ ਤੀਜਾ ਪੰਜਾਬ ਵੀ ਮੌਜੂਦ ਹੈ ਜੋ ਪਰਵਾਸੀ ਪੰਜਾਬੀਆਂ ਨੇ ਵੱਖ ਵੱਖ ਦੋਸ਼ਾਂ ਵਿਚ ਜਾ ਕੇ ਵਸਾਇਆ ਹੈ । ਇਸ ਤੀਜੇ ਪੰਜਾਬ ਵਿਚ ਦੋਵਾਂ ਪੰਜਾਬਾਂ ਦੇ ਅਤੇ ਦੋਵਾਂ ਲਿੱਪੀਆਂ ਨਾਲ ਜੁੜੇ ਹੋਏ ਲੋਕ ਬੈਠੇ ਹਨ । ਤੀਜੇ ਪੰਜਾਬ ਦੇ ਸ਼ਾਹਮੁਖੀ ਸਮਝਣ ਵਾਲਿਆਂ ਲਈ ਇਹ ਕਿਤਾਬ ਗੁਰਭਜਨ ਗਿੱਲ ਦਾ ਭੇਜਿਆ ਨਾਯਾਬ ਤੋਹਫ਼ਾ ਹੋਵੇਗਾ । ਤੇ ਲਹਿੰਦੇ ਵਾਲਿਆਂ ਲਈ ਤਾਂ ਇਹ ਕਿਤਾਬ ਮਹੱਤਵਪੂਰਨ ਹੋਵੇਗੀ ਹੀ । ਆਖ਼ਰੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸ਼ਾਹਮੁਖੀ ਤੋਂ ਅਣਜਾਣ ਲੋਕ ਜਦੋਂ ਇਸ ਕਿਤਾਬ ਉੱਪਰ ਆਪਣੇ ਪਸੰਦੀਦਾ ਸ਼ਾਇਰ ਦੀ ਤਸਵੀਰ ਵੇਖਣਗੇ ਤਾਂ ਉਨ੍ਹਾ ਦੇ ਮਨ ਵਿਚ ਇਕ ਟੀਸ ਜ਼ਰੂਰ ਪੈਦਾ ਹੋਵੇਗੀ ਅਤੇ ਉਹ ਆਖ ਉੱਠਣਗੇ : 'ਕਾਸ਼ ! ਸਾਨੂੰ ਵੀ ਸ਼ਾਹਮੁਖੀ ਆਉਂਦੀ ਹੁੰਦੀ ।' ਸਾਡੇ ਮਨਾਂ ਵਿਚ ਇਹ ਟੀਸ ਪੈਦਾ ਕਰਨਾ ਹੀ ਗੁਰਭਜਨ ਗਿੱਲ ਦਾ ਸਭ ਤੋਂ ਵੱਡਾ ਹਾਸਿਲ ਹੈ ।

ਪ੍ਰੋ. ਜਸਪਾਲ ਘਈ
ਫ਼ਿਰੋਜ਼ਪੁਰ
99150-99926

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ