Gitanjali : Rabindranath Tagore

ਗੀਤਾਂਜਲੀ : ਰਵਿੰਦਰ ਨਾਥ ਟੈਗੋਰ

ਤੇਰੇ ਮਨ ਵਿਚ ਜੀਕਣ ਆਇਆ

ਤੇਰੇ ਮਨ ਵਿਚ ਜੀਕਣ ਆਇਆ
ਤੂੰ ਮੈਨੂੰ ਬੇਅੰਤ ਬਣਾਇਆ,
ਬਾਰ ਬਾਰ ਇਹ ਨਾਜ਼ਕ ਭਾਂਡਾ
ਤੂੰ ਮੇਰਾ ਖ਼ਾਲੀ ਕਰ ਦਿੱਤਾ,
ਤੇ ਮੁੜ ਦੇ ਕੇ ਸੱਜਰਾ ਜੀਵਨ
ਮੂੰਹ ਤੀਕਣ ਇਸ ਨੂੰ ਭਰ ਦਿੱਤਾ ।

ਲੈ ਨਿੱਕੀ ਇਹ ਬਾਂਸ ਦੀ ਪੋਰੀ
ਤੂੰ ਲੰਘਿਆ ਬਨ, ਪਰਬਤ, ਵਾਦੀ
ਤੇ ਫਿਰ ਨਵੇਂ ਨਰੋਏ ਨਗ਼ਮੇ
ਇਸ ਬੰਸੀ ਵਿੱਚੋਂ ਉਪਜਾਏ ।

ਅਮਰ ਛੋਹ ਪਾ ਤੇਰੇ ਹਥ ਦੀ
ਦਿਲ ਨਿੱਕਾ ਜਿਹਾ ਖੁਸ਼ੀਆਂ ਵਿਚ ਦੀ
ਹੱਦਾਂ-ਬੰਨੇ ਸਭ ਖੋ ਬਹਿੰਦਾ
ਅਣਮਿਟ ਨਗ਼ਮੇ ਹੈ ਛੁਹ ਬਹਿੰਦਾ

ਇਹ ਅਣਮੁਕਵੇਂ ਤੁਹਫ਼ੇ ਤੇਰੇ-
ਲੈਣ ਹੱਥ ਅਤ ਨਿਕੜੇ ਮੇਰੇ,
ਜੁਗ ਆਉਂਦੇ ਹਨ, ਜੁਗ ਜਾਂਦੇ ਹਨ
ਪਰ ਹਨ ਅਣਮੁਕ ਤੁਹਫ਼ੇ ਤੇਰੇ ।
ਲੈ ਸੱਕਣ ਦੀ ਹੋਰ ਵੀ ਹਾਲੀ
ਗੁੰਜਾਇਸ਼ ਹੈ, ਥਾਂ ਹੈ ਖ਼ਾਲੀ ।(1)

ਜਦ ਤੂੰ ਮੈਨੂੰ ਗਾਣ ਦੇ ਲਈ ਆਖਿਆ

ਜਦ ਤੂੰ ਮੈਨੂੰ ਗਾਣ ਦੇ ਲਈ ਆਖਿਆ
ਦਿਲ ਮਾਣ ਦੇ ਨਾਲ ਮੇਰਾ ਭਰ ਗਿਆ
ਅੱਖਾਂ ਅਥਰਾਂ ਨਾਲ ਸਿੱਜੀਆਂ, ਛਲਕੀਆਂ
ਨੀਝ ਲਾ ਮੈਂ ਮੂੰਹ ਤਿਰਾ ਤਕਦਾ ਰਿਹਾ ।

ਜ਼ਿੰਦਗੀ ਦੀ ਕੌੜ-ਕਰੜਾਈ ਮਿਰੀ
ਤੇਰੇ ਗੀਤਾਂ ਦੀ ਸੁਧਾ ਵਿਚ ਢਲ ਗਈ,
ਮੇਰੀ ਸਾਰੀ ਸਾਧਨਾ, ਆਰਾਧਨਾ
ਸਾਗਰਾਂ ਤੇ ਉਡਦੇ ਪੰਛੀ ਵਾਂਗਰਾਂ
ਕਰਨ ਲੱਗੀ ਕਾਮਨਾ ਉੱਡਣ ਲਈ ।

ਮੇਰੇ ਗੀਤਾਂ ਤੋਂ ਖੁਸ਼ੀ ਤੂੰ ਮਾਣਦਾ,
ਤੈਨੂੰ ਚੰਗੇ ਲਗਦੇ, ਹਾਂ ਜਾਣਦਾ,
ਇਹਨਾਂ ਗੀਤਾਂ ਦੀ ਹੀ ਸ਼ਕਤੀ ਆਸਰੇ
ਪੁੱਜ ਮੈਂ ਸਕਦਾ ਹਾਂ ਤੇਰੇ ਸਾਹਮਣੇ ।

ਦੂਰ ਤੀਕਣ ਫੈਲੇ ਹੋਏ ਆਪਣੇ
ਗੀਤ-ਖੰਭਾਂ ਦੀਆਂ ਕੋਰਾਂ ਨਾਲ ਮੈਂ
ਛੁਹ ਤੇਰੇ ਕਦਮਾਂ ਦੀ ਸਕਦਾ ਮਾਣ ਹਾਂ
ਨੇੜ ਤੇਰੇ ਆਉਣੋਂ ਪਰ ਸ਼ਰਮਾ ਰਿਹਾਂ ।

ਭੁੱਲ ਜਾਂਦਾ ਹਾਂ ਮੈਂ ਮਦ ਵਿਚ ਮਾਣ ਦੇ
ਸੱਦਦਾ ਤੈਨੂੰ ਹਾਂ ਮਿੱਤਰ ਜਾਣ ਕੇ ।(2)

ਹੇ ਗੁਣਵਾਨ !

ਹੇ ਗੁਣਵਾਨ !
ਕਿਹਾ ਰਸੀਲਾ ਤੂੰ ਗਾਉਂਦਾ ਏਂ ਗਾਣ !
ਹੋਕੇ ਮਸਤ ਰਿਹਾਂ ਮੈਂ ਉਸ ਨੂੰ ਮਾਣ
ਕੇਵਲ ਉਸ ਨੂੰ ਮਾਣ !

ਦੁਨੀਆਂ ਦੇ ਹਰ ਕਣ ਦੇ ਅੰਦਰ
ਤੇਰੇ ਗੀਤ ਦੀ ਜੋਤ ਰਚੀ ਹੈ ।
ਤੇਰੇ ਗੀਤਾਂ ਦੀ ਸੁਰ-ਗੰਗਾ
ਪੱਥਰ-ਗੀਟੇ ਚੀਰ ਵੇਗ ਵਿਚ
ਵੱਗ ਪਈ ਹੈ ।

ਉਨ੍ਹਾਂ ਸੁਰਾਂ ਵਿਚ ਚਾਹਾਂ
ਮੈਂ ਵੀ ਹੇਕ ਮਿਲਾਵਾਂ,
ਮੇਰੇ ਗਲ ਦੇ ਸੁਰ ਪਰ ਤੇਰੇ
ਸੁਰਾਂ ਨਾਲ ਸੁਰ ਹੋ ਨਾ ਸੱਕਣ
(ਕੀਕਣ ਗਾਵਾਂ ?)

ਮੇਰੇ ਚਾਰ-ਚੁਫੇਰੇ
ਵਿਛੇ ਹੋਏ ਸੁਰ ਜਾਲ ਘਨੇਰੇ
ਇਨ੍ਹਾਂ ਵਚਿੱਤਰ ਜਾਲਾਂ ਵਿਚ ਤੂੰ
ਕੀਤਾ ਮੈਨੂੰ ਬੰਦੀਵਾਨ ।
ਹੇ ਗੁਣਵਾਨ !(3)

ਹੇ ਪ੍ਰਾਣਾਂ ਦੇ ਪ੍ਰਾਣ ! ਕਰਾਂਗਾ ਯਤਨ ਮੈਂ

ਹੇ ਪ੍ਰਾਣਾਂ ਦੇ ਪ੍ਰਾਣ ! ਕਰਾਂਗਾ ਯਤਨ ਮੈਂ,
ਰੱਖ ਸਕਾਂ ਜੋ ਨਿਰਮਲ ਅਪਣੀ ਦੇਹ ਨੂੰ,
ਜਾਣ ਇਹੋ ਕਿ ਮੇਰੇ ਹਰ ਇਕ ਅੰਗ ਤੇ
ਤੇਰੀ ਜੀਵਨ-ਦਾਇਕ ਛੁਹ ਦੀ ਟੁੰਬ ਹੈ ।

ਯਤਨ ਰਹਾਂਗਾ ਕਰਦਾ ਏਹੋ ਮੈਂ ਸਦਾ
ਖ਼ਿਆਲ ਜੋ ਰੱਖਾਂ ਪਾਕ ਪਵਿੱਤਰ ਝੂਠ ਤੋਂ
ਕਿਉਂਕਿ ਤੂੰ ਹੀ ਸਚ ਰੂਪ ਜਗਾਈ ਜੋਤ ਹੈ
ਜੋ ਚਾਨਣ ਹੈ ਦੇ ਗਈ ਮੇਰੀ ਦਲੀਲ ਨੂੰ ।

ਯਤਨ ਰਹਾਂਗਾ ਕਰਦਾ ਏਹੋ ਮੈਂ ਸਦਾ
ਹੋਣ ਦਿਆਂ ਪਰਵੇਸ਼ ਨਾ ਮਨ ਵਿਚ ਪਾਪ ਦਾ
ਫੁੱਲ ਬਣਨ ਆਧਾਰ ਮੇਰੇ ਪਿਆਰ ਦਾ
ਰਖ ਕੇ ਇਹ ਵਿਚਾਰ ਕਿ ਹਿਰਦੇ ਵਿੱਚ ਤੂੰ
ਮੇਰੇ ਰਖਦਾ ਵਾਸ ਹਰਦਮ ਆਪ ਏਂ ।

ਸਭ ਕੰਮਾਂ ਵਿਚਕਾਰ ਮੇਰੇ ਹੋਇਗਾ
ਤੇਰਾ ਹੀ ਪ੍ਰਗਟਾਵਾ, ਤੇਰੀ ਪ੍ਰੇਰਨਾ
ਜਾਣ ਇਹੋ ਕਿ ਤੇਰੀ ਸ਼ਕਤੀ ਹੀ ਸਦਾ
ਬਖਸ਼ ਰਹੀ ਬਲ ਮੈਨੂੰ ਕਾਰਜ ਵਾਸਤੇ ।(4)

ਇੱਕ ਪਲ ਹੀ ਨੇੜ ਤੇਰੇ ਬਹਿਣ ਦੀ

ਇੱਕ ਪਲ ਹੀ ਨੇੜ ਤੇਰੇ ਬਹਿਣ ਦੀ
ਮੈਂ ਖਿਮਾਂ ਹਾਂ ਤੇਰੇ ਕੋਲੋਂ ਮੰਗਦਾ,
ਕੰਮ ਜੋ ਵੀ ਹੈਨ ਮੇਰੇ ਹੱਥਲੇ
ਫੇਰ ਇਹਨਾਂ ਨੂੰ ਲਵਾਂਗਾ ਮੈਂ ਮੁਕਾ ।

ਦੀਦ ਤੇਰੀ ਤੋਂ ਦੁਰੇਡੇ ਬੈਠ ਕੇ
ਚੈਨ ਮਨ ਮੇਰਾ ਨਹੀਂ ਸਕਦਾ ਹੈ ਪਾ,
ਔਖ ਦੇ ਅਣ-ਮੁੱਕ ਸਾਗਰ ਵਿਚ ਪੈ-
ਕੰਮ ਬਣ ਜਾਵਣ ਮਿਰੇ ਔਖਾਂ ਅਥਾਹ ।

ਅਜ ਝਰੋਖੇ ਵਿਚ ਮਿਰੇ ਆਈ ਹੁਨਾਲ
ਆਹ ਭਰਦੀ, ਕਰਦੀ ਘੋਰ-ਮਸੋਰੀਆਂ,
ਫੁਲ ਰੁਖ-ਝੁੰਡ ਦੇ ਦਰਬਾਰ ਵਿਚ
ਗੀਤ ਛੁਹ ਰਹੀਆਂ ਨੇ ਨਚ ਮਧੂ-ਮੱਖੀਆਂ ।

ਇਹ ਸਮਾਂ ਐਸਾ ਕਿ ਤੇਰੇ ਸਾਹਮਣੇ
ਪਾ ਕੇ ਅੱਖਾਂ ਵਿਚ ਅੱਖਾਂ ਬੈਠ ਜਾਂ,
ਚੁੱਪ ਤੇ ਵੇਹਲ ਦੀ ਇਸ ਭਰਪੂਰਤਾ-
ਵਿੱਚ, ਜੀਵਨ-ਬਖਸ਼ ਤੇਰੇ ਗੀਤ ਗਾਂ ।(5)

ਤੋੜ ਲੈ ਨਿੱਕਾ ਫੁੱਲ ਇਹ ਤੂੰ ਛੇਤੀ ਭਗਵਾਨ

ਤੋੜ ਲੈ ਨਿੱਕਾ ਫੁੱਲ ਇਹ ਤੂੰ ਛੇਤੀ ਭਗਵਾਨ !
ਡਰ ਹੈ ਧੂੜ 'ਚ ਡਿੱਗ ਨਾ ਹੋਵੇ ਕਿਤੇ ਵਿਰਾਨ ।
ਏਸ ਫੁੱਲ ਨੂੰ ਵੀ ਤਿਰੀ, ਗਲ-ਮਾਲਾ ਵਿਚਕਾਰ
ਥਾਂ ਮਿਲਨੀ ਏਂ ਜਾਂ ਨਹੀਂ ਕਿਸ ਨੂੰ ਇਸ ਦੀ ਸਾਰ ?
ਤੋੜ ਲੈ ਮੈਂ ਹਾਂ ਡਰ ਰਿਹਾ ਹੋ ਨਾ ਜਾਏ ਅਵੇਰ
ਦਿਨ ਪੂਰਾ ਹੋ ਚੱਲਿਆ ਜਾਣਾ ਫੈਲ ਹਨੇਰ ।
ਡਰਦਾ ਹਾਂ, ਨਾ ਮੇਲ ਦਾ
ਲੰਘੇ ਸਮਾਂ ਅਜਾਣ ।

ਇਸ ਫੁੱਲ ਦੀ ਜੋ ਰੰਗਲੀ ਥੋੜ੍ਹੀ ਬਹੁਤ ਨੁਹਾਰ
ਸੁਆਸ-ਸੁਧਾ ਜੋ ਏਸ ਦੇ ਭਰੀ ਰਿਦੇ ਵਿਚਕਾਰ
ਜਦ ਤਕ ਤੇਰੀ ਸੇਵ ਦਾ ਰਹੇ ਮਹੂਰਤ ਹੋਰ
ਓਦੋਂ ਤੀਕਰ ਏਸ ਦਾ ਕਰ ਲੈ ਤੂੰ ਉਪਯੋਗ ।
ਤੋੜ ਲੈ ਨਿੱਕਾ ਫੁੱਲ ਇਹ
ਹੇ ਮੇਰੇ ਭਗਵਾਨ !(6)

ਗੀਤ ਮੇਰੇ ਗਹਿਣੇ ਲਾਹ ਸੁੱਟੇ ਨੇ ਦੂਰ

ਗੀਤ ਮੇਰੇ ਗਹਿਣੇ ਲਾਹ ਸੁੱਟੇ ਨੇ ਦੂਰ
ਨਾ ਸਜੀਲੇ ਵੇਸ ਦਾ ਇਸ ਨੂੰ ਗ਼ਰੂਰ ।

ਗਹਿਣੇ-ਗੱਟੇ ਮੇਰੇ ਇਹ, ਅਪਣੇ ਲਈ-
ਵਸਲ ਦੇ ਵੇਲੇ ਤੇ ਸਨ ਰੋਕਾਂ ਕਈ ।
ਇਨ੍ਹਾਂ ਦੀ ਚੰਚਲ ਜਿਹੀ ਛਣਕਾਰ ਸੀ
ਗੀਤ-ਸੁਰ ਤੇਰੇ ਡੁਬੋਈ ਜਾ ਰਹੀ ।
ਤੇਰੇ ਸਾਹਵੇਂ ਅਪਣੇ ਗਾਇਕ ਹੋਣ ਦਾ
ਗਰਬ ਕਰਨਾ ਮੈਨੂੰ ਨਹੀਓਂ ਸੋਭਦਾ ।

ਹੇ ਮਹਾਂ ਕਵੀ ! ਤੇਰਿਆਂ ਚਰਨਾਂ 'ਚ ਮੈਂ-
ਬੈਠਿਆ ਹਾਂ, ਤੇ ਤੂੰ ਮੇਰੀ ਜ਼ਿੰਦਗੀ-
ਬੰਸਰੀ ਦੇ ਵਾਂਗ ਸਿੱਧੀ, ਸਰਲ ਕਰ
ਓਸ ਦੇ ਸਾਰੇ ਹੀ ਛੇਕਾਂ ਵਿੱਚ ਤੂੰ
ਭਰ ਦੇ ਕੋਈ ਆਪਣੇ ਗੀਤਾਂ ਦੇ ਸੁਰ ।(7)

ਬੱਚਾ ਜਿਹੜਾ ਸਜ ਰਿਹਾ ਸ਼ਾਹੀ ਵੇਸਾਂ ਨਾਲ

ਬੱਚਾ ਜਿਹੜਾ ਸਜ ਰਿਹਾ ਸ਼ਾਹੀ ਵੇਸਾਂ ਨਾਲ
ਹੀਰੇ ਅਤੇ ਜਵਾਹਰਾਂ ਦੀ ਪਾ ਕੇ ਗਲ-ਮਾਲ
ਖੇਡ-ਖੁਸ਼ੀ ਉਹ ਆਪਣੀ ਹਰ ਪਲ ਰਿਹਾ ਗੁਆ
ਵੇਸ ਓਸ ਦਾ ਖੇਡ ਵਿਚ ਰਿਹਾ ਰੋਕ ਹੈ ਪਾ ।
ਪਾਟ ਨ ਜਾਏ ਵੇਸ ਇਹ, ਜਾਏ ਨ ਮਿੱਟੀ ਲੱਗ ।
ਏਸ ਡਰੋਂ ਜਗ-ਮਿੱਤਰੋਂ ਉਹ ਹੋ ਰਹੇ ਅਲੱਗ ।

ਮਾਂ ਸ਼ਾਹੀ ਸਜ-ਧੱਜ ਇਹ, ਹੈ ਬੰਧਨ ਨਿਰਮੂਲ
ਖੇਡ ਉਦ੍ਹੀ ਲਈ ਠੀਕ ਹੈ ਜੀਵਨ ਦਾਇਕ ਧੂਲ;
ਖੋਲ੍ਹ ਦੁਆਰੇ ਲਿਟਣ ਦੇ ਧੂਲ 'ਚ ਵਾਰੋ ਵਾਰ
ਖੇਡ-ਖਿਡਾਰਾਂ ਕਰਨ ਦੇ ਜਗ-ਮੇਲੇ ਵਿਚਕਾਰ ।(8)

ਪਾਗਲਾ ! ਕਰ ਮੋਢਿਆਂ ਤੇ ਭਾਰ ਚੁੱਕਣ ਦਾ ਯਤਨ

ਪਾਗਲਾ ! ਕਰ ਮੋਢਿਆਂ ਤੇ ਭਾਰ ਚੁੱਕਣ ਦਾ ਯਤਨ
ਫੱਕਰਾ ! ਤੂੰ ਭਿੱਖਿਆ ਲਈ ਆਪਣੇ ਦੁਆਰੇ ਹੀ ਆ ।
ਸਾਰੇ ਸੰਸੇ ਤੇ ਹੰਦੇਸੇ ਓਸਦੇ ਹੱਥਾਂ 'ਚ ਦੇਹ
ਜੋ ਕਿ ਇਹਨਾਂ ਸਾਰਿਆਂ ਨੂੰ ਚੁੱਕ ਸੱਕੇ, ਝੱਲ ਸੱਕੇ
ਜੋ ਕਿ ਪਿਛੇ ਪਰਤ ਕੇ ਨਾ ਤਰਸ ਖਾਤਰ ਝਾਕਦਾ ।

ਵਾਸ਼ਨਾ ਤੇਰੀ ਦੇ ਬੁੱਲੇ ਜਿਹੜੇ ਹਨ ਦੀਵੇ ਨੂੰ ਛੋਂਹਦੇ
ਚਾਨਣੇ ਉਸਦੇ ਨੇ ਹਿਸਦੇ, ਇਹਨਾਂ ਦੇ ਵਿਚ ਹੈ ਮਲਿਨਤਾ ।
ਮੈਲਿਆਂ ਹੱਥਾਂ ਦੁਆਰਾ ਕਿਸ ਲਈ ਲੈਨਾ ਏਂ ਤੁਹਫ਼ਾ ?
ਪਿਆਰ ਸੱਚੇ ਨਾਲ ਜਿਹੜਾ ਮਿਲ ਸਕੇ ਲੈ ਓਹੀ ਢੋਆ ।(9)

ਜਿੱਥੇ ਨਿਰਧਨ, ਦੀਨ ਹੀਣੇ ਤੇ ਨਿਮਾਣੇ ਵੱਸਦੇ

ਜਿੱਥੇ ਨਿਰਧਨ, ਦੀਨ ਹੀਣੇ ਤੇ ਨਿਮਾਣੇ ਵੱਸਦੇ
ਓਸ ਥਾਂ ਤੇ ਉਹਨਾਂ ਵਿਚ ਹੈ ਤੇਰੇ ਕਦਮਾਂ ਦਾ ਨਿਵਾਸ ।

ਜਦ ਕਰਾਂ ਪਰਣਾਮ ਤੈਨੂੰ, ਝੁਕਿਆ ਮੱਥਾ ਤਾਂ ਮਿਰਾ,
ਚਰਨ-ਪੱਧਰ ਤੀਕ ਨਿਉਂ ਕੇ ਚਰਨ ਛੁਹ ਸਕਦਾ ਨਹੀਂ,
ਕਿਉਂਕਿ ਹੈ ਉਸ ਥਾਂ ਦੇ ਉੱਤੇ ਤੇਰੇ ਕਦਮਾਂ ਦਾ ਨਿਵਾਸ,
ਜਿੱਥੇ ਨਿਰਧਨ, ਦੀਨ ਹੀਣੇ ਤੇ ਨਿਮਾਣੇ ਵੱਸਦੇ ।
ਤੇ ਨਿਮਾਣੇ, ਹੀਣਿਆਂ ਦੇ ਵੇਸ ਵਿਚ ਜਿੱਥੇ ਰਹੇਂ,
ਓਸ ਥਾਂ ਤੇ ਗਰਬ ਜਾਂ ਹੰਕਾਰ ਜਾ ਸਕਦਾ ਨਹੀਂ ।

ਤੈਨੂੰ ਧਨ ਤੇ ਮਾਣ ਵਿੱਚੋਂ ਲੱਭਿਆ, ਮਿਲਿਆ ਨਹੀਂ
ਸਾਥ ਤੇਰਾ ਨਿਰਧਨਾਂ ਤੇ ਹੀਣਿਆਂ, ਦੀਨਾਂ ਦੇ ਨਾਲ,
ਸਾਥ ਜੀਹਨਾਂ ਦਾ ਕੋਈ ਵੀ ਹੈ ਨਹੀਂ ਤੇਰੇ ਬਗੈਰ ।(10)

ਹੇ ਪੁਜਾਰੀ !

ਹੇ ਪੁਜਾਰੀ !
ਭਜਨ, ਪੂਜਾ, ਸਾਧਨਾ, ਆਰਾਧਨਾ
ਸਾਰਾ ਕੁਝ ਇਹ ਇੱਕ ਪਾਸੇ ਰੱਖ ਦੇ ।
ਦੇਵ-ਘਰ ਦੇ ਵਿਚ ਕਿਉਂ ਇਉਂ ਬੈਠਿਓਂ
ਬੰਦ ਕਰਕੇ ਦੁਆਰ ਲੱਗ ਇਕ ਨੁੱਕਰੇ ?

ਛਿਪ ਕੇ ਅਪਣੇ ਮਨ-ਹਨੇਰੇ ਵਿੱਚ ਤੂੰ
ਮਗਨ ਹੋ ਪੂਜਾ ਏਂ ਕਿਹੜੀ ਕਰ ਰਿਹਾ ?
ਦੇਵਤਾ ਮੰਦਰ ਦੇ ਵਿਚ ਤੇਰਾ ਨਹੀਂ
ਦੇਖ ਤਾਂ ਤੂੰ ਖੋਲ੍ਹ ਕੇ ਅੱਖਾਂ ਰਤਾ ।

ਸਖ਼ਤ ਰੱਕੜ ਰੋਹੀਆਂ ਨੂੰ ਪੁੱਟਦਾ,
ਵਾਹੁੰਦਾ ਤੇ ਬੀਜਦਾ ਜਿੱਥੇ ਕਿਸਾਨ,
ਜਿਸ ਜਗ੍ਹਾ ਤੇ ਪੱਥਰਾਂ ਨੂੰ ਤੋੜ ਤੋੜ
ਕੁੱਟ, ਰਾਹ-ਮਜ਼ਦੂਰ ਪਏ ਰਸਤੇ ਬਣਾਣ ।
ਹੇ ਪੁਜਾਰੀ ! ਜੋ ਹੈ ਤੇਰਾ ਦੇਵਤਾ
ਉਹ ਹੈ ਉਸ ਥਾਂ ਹੀ ਗਿਆ ।

ਧੁੱਪਾਂ ਝੜੀਆਂ ਵਿੱਚ ਉਹ ਇੱਕੋ ਸਮਾਨ
ਲੂਹੇ ਜਾਂਦੇ ਤੇ ਠਿਠਰਦੇ ਹਨ ਸਦਾ
ਹੱਥ ਉਹਨਾਂ ਦੇ ਨੇ ਮਿੱਟੀ ਲਿਬੜੇ ।
ਅਪਣੇ ਸੋਹਣੇ ਬਸਤਰਾਂ ਨੂੰ ਤਿਆਗ ਕੇ
ਓਸੇ ਮਿਟੀਅਲ ਰਾਹ ਤੂੰ ਸਕਦਾ ਏਂ ਜਾ ।(11)

ਪੰਧ ਮੇਰਾ ਹੈ ਲੰਮੇਰਾ-ਤੇ ਮੁਕਾਵਣ ਵਾਸਤੇ-

ਪੰਧ ਮੇਰਾ ਹੈ ਲੰਮੇਰਾ-ਤੇ ਮੁਕਾਵਣ ਵਾਸਤੇ-
ਏਸ ਨੂੰ, ਲੱਗ ਜਾਣੀ ਮੈਨੂੰ ਦੇਰ ਹੈ ਕਾਫ਼ੀ ਅਜੇ ।

ਨੂਰ ਦੀ ਪਹਿਲੀ ਕਿਰਨ ਦਾ ਹੋ ਕੇ ਰੱਥ-ਅਸਵਾਰ ਮੈਂ-
ਆਇਆ, ਜਗ-ਨ੍ਹੇਰੇ ਦੇ 'ਥਾਹ ਸਾਗਰ ਤੇ ਹਾਂ ਤਰਦਾ ਰਿਹਾ;
ਤੇ ਨਛੱਤਰ ਕੱਛਦਾ, ਲੱਖ ਤਾਰਿਆਂ 'ਚੋਂ ਲੰਘਦਾ
ਲੀਹ ਅਪਣੀ ਦੇ ਮੈਂ ਪਿੱਛੇ ਚਿੰਨ੍ਹ ਹਾਂ ਛਡਦਾ ਗਿਆ ।

ਅੱਤ ਲੰਬਾ ਰਾਹ ਹੈ ਉਹ, ਜਿਸ ਦੇ ਉੱਤੇ ਚੱਲ ਕੇ
ਪੁੱਜ ਜਾਣਾ ਚਾਹੁੰਦਾ ਧੁਰ ਤੀਕ, ਤੇਰੇ ਕੋਲ ਹਾਂ,
ਸਿੱਖਿਆ ਉਹ ਉਲਝਵੀਂ ਹੈ, ਅੰਤ ਐਪਰ ਏਸਦਾ
ਯੋਗ ਕਰਦਾ ਹੈ, ਤਿਰੀ ਸੁਰ ਨਾਲ ਸੁਰ ਮੈਂ ਮੇਲ ਲਾਂ ।

ਯਾਤਰੀ ਨੂੰ ਆਪਣੇ ਘਰ ਪੁੱਜ ਸੱਕਣ ਵਾਸਤੇ
ਓਪਰੇ ਕਈਆਂ ਦਰਾਂ ਨੂੰ ਪੈਂਦਾ ਏ ਖੜਕਾਵਣਾ,
ਮਨ-ਡੂੰਘਾਣਾਂ ਦੇ ਪਵਿੱਤਰ ਤੀਰਥਾਂ ਤੇ ਜਾਣ ਨੂੰ
ਬਾਹਰਲੀ ਦੁਨੀਆਂ 'ਚ ਵੀ ਪੈਂਦਾ ਏ ਚੱਕਰ ਲਾਵਣਾ ।

ਭਾਲ ਤੇਰੀ ਵਿੱਚ ਅੱਖਾਂ ਭਟਕੀਆਂ ਨੇ ਦੂਰ ਦੂਰ
ਬੰਦ ਕਰਕੇ ਫਿਰ ਉਨ੍ਹਾਂ ਨੂੰ-'ਏਥੇ ਹੈਂ ?' ਤੂੰ ਆਖਿਆ,
ਉਹਦੇ ਉੱਤਰ ਵਿੱਚ ਬਣ ਕੇ ਚੀਖ਼ ਇਕ ਮੇਰਾ ਸੁਆਲ-
'ਕਿੱਥੇ ?' ਲਖ ਨਦੀਆਂ ਦੇ, ਹੰਝੂਆਂ ਨਾਲ ਮਿਲਿਆ, ਘੁਲ ਗਿਆ

ਫੇਰ ਇਉਂ ਵਿਸਵਾਸ ਦੇ ਤੂਫ਼ਾਨ ਨੇ ਮੈਨੂੰ ਕਿਹਾ
'ਇਸ ਜਗ੍ਹਾ, ਮੈਂ ਇਸ ਜਗ੍ਹਾ, ਹਾਂ ਇਸ ਜਗ੍ਹਾ ।'(12)

ਆਇਆ ਸੀ ਗੀਤ ਗਾਵਣ

ਆਇਆ ਸੀ ਗੀਤ ਗਾਵਣ
ਦੇ ਵਾਸਤੇ ਜੋ, ਅਜ ਤਕ
ਉਹ ਗੀਤ ਗਾ ਨ ਸਕਿਆ ।

ਮੈਂ ਸਾਜ਼ ਦੀਆਂ ਤਾਰਾਂ
ਖੋਲ੍ਹਣ ਕਸਣ ਦੇ ਵਿਚ ਹੀ
ਦਿਨ ਆਪਣੇ ਗੁਜ਼ਾਰੇ ।

ਹਾਲੀ ਨ ਤਾਲ ਸੁਧਾਰੀ,
ਨਾ ਸ਼ਬਦ ਹੀ ਨੇ ਢੁੱਕੇ
ਬਸ ਮੇਰੇ ਮਨ ਦੇ ਅੰਦਰ
ਬੇਚੈਨ ਚਾਹ ਵੱਸੇ ।

ਹਾਲੀ ਕਲੀ ਖਿਲੀ ਨਹੀਂ
ਹੈ ਸਿਰਫ਼ ਇਕ ਹਵਾ ਹੀ
ਜੋ ਕੋਲੋਂ ਆਹ ਭਰਦੀ ।

ਮੈਂ ਵੇਖਿਆ ਨ ਉਸ ਦੇ-
ਚਿਹਰੇ ਨੂੰ, ਨਾ ਹੀ ਉਸ ਸੀ-
ਆਵਾਜ਼ ਨੂੰ ਹੈ ਸੁਣਿਆ ।
ਹੈ ਸਿਰਫ਼ ਉਸ ਦੇ ਪੈਰਾਂ
ਦੀ ਸੁਣੀ ਵਿੜਕ ਹੌਲੀ
ਅਪਣੇ ਮਕਾਨ ਸਾਹਵੇਂ ।

ਉਸ ਨੂੰ ਬਿਠਾਉਣ ਖਾਤਰ
ਮੈਂ ਫ਼ਰਸ਼ ਦੇ ਵਿਛਾਵਣ
ਵਿਚ ਸਾਰਾ ਦਿਨ ਗੁਆਇਆ ।
ਨਾ ਦੀਪ ਹੀ ਜਗਾਇਆ
ਜੋ ਉਸ ਨੂੰ ਘਰ ਦੇ ਅੰਦਰ
ਮੈਂ ਅਪਣੇ ਸੱਦ ਸਕਦਾ ।

ਮੈਂ ਮੇਲ ਓਸ ਦੇ ਦੀ-
ਹਾਂ ਆਸ ਵਿਚ ਜੀਂਦਾ
ਪਰ ਉਹ ਅਜੇ ਨਹੀਂ ਆਇਆ ।(13)

ਮਨ ਮੇਰੇ ਦੀਆਂ ਵਾਸ਼ਨਾਂ ਬੇਅੰਤ ਹਨ

ਮਨ ਮੇਰੇ ਦੀਆਂ ਵਾਸ਼ਨਾਂ ਬੇਅੰਤ ਹਨ
ਤਰਸ ਭਰਿਆ ਰੋਣ ਹੈ ਮੇਰਾ ਅਥਾਹ,
ਆਪਣੇ ਇਨਕਾਰ ਦੀ ਸਖ਼ਤੀ ਦੇ ਨਾਲ
ਤੂੰ ਕੁਰਸਤੇ ਜਾਣ ਤੋਂ ਹੈ ਵਰਜਿਆ ।
ਤਰਸ ਤੇਰਾ ਤਲਖ਼, ਜੋ ਹੈ ਹੋੜਦਾ
ਮੇਰੇ ਜੀਵਨ ਵਿਚ ਹਰ ਥਾਂ ਵਿਆਪਿਆ ।

ਚਾਨਣੇ , ਆਕਾਸ਼, ਤਨ, ਮਨ, ਪ੍ਰਾਣ ਦੀ
ਮੰਗਦਾ ਤੈਥੋਂ ਨਹੀਂ ਮੈਂ ਭਿੱਖਿਆ
ਚਾਹੁੰਦਾ ਹਾਂ ਨਿੱਤ ਦੀਆਂ ਵਾਸ਼ਨਾਂ
ਤੋਂ ਬਚਣ ਦੇ ਯੋਗ ਤੂੰ ਮੈਨੂੰ ਬਣਾ ।
ਤੇਰੇ ਵੱਲੋਂ ਏਹੋ ਮੇਰੇ ਵਾਸਤੇ
ਹੋਣਗੇ ਤੁਹਫ਼ੇ ਅਤੁਲ, ਅਣਮੁੱਲਵੇਂ ।

ਅਪਣੇ ਟੀਚੇ ਵੱਲ, ਥੱਕ-ਅਲਸਾਈਆਂ
ਅੱਖੀਆਂ ਦੇ ਨਾਲ, ਜਿਉਂ ਅਧ-ਜਾਗਿਆ
ਤੁਰ ਤਿਖੇਰੀ ਚਾਲ ਤੈਨੂੰ ਭਾਲਦਾਂ
ਪਰ ਤੂੰ ਲੁਕ ਜਾਨਾ ਏਂ, ਮੇਰੇ ਜ਼ਾਲਮਾ !

ਤੂੰ ਬਚਾ ਕੇ ਏਸ ਮਾਇਆ-ਜਾਲ ਤੋਂ
ਯੋਗ ਅਪਣੇ ਮੇਲ ਦੇ ਹੈਂ ਕਰ ਰਿਹਾ !
ਤਲਖ਼ ਤੇਰੇ ਤਰਸ ਦਾ ਜੋ ਭੇਤ ਹੈ
ਸਮਝ ਲੀਤਾ ਓਸ ਨੂੰ ਮੈਂ ਮਾਲਕਾ !(14)

ਮੈਂ ਆਇਆ ਹਾਂ ਏਥੇ ਕੇਵਲ ਤੇਰਾ ਗੀਤ ਹੀ ਗਾਣ

ਮੈਂ ਆਇਆ ਹਾਂ ਏਥੇ ਕੇਵਲ ਤੇਰਾ ਗੀਤ ਹੀ ਗਾਣ
ਅਪਣੀ ਵਿਸ਼ਵ-ਸਭਾ ਵਿਚ ਮੇਰਾ ਗਾਣਾ ਕਰ ਪਰਵਾਨ ।
ਤੇਰੇ ਜਗ ਦੇ ਹੋਰ ਧੰਦਿਆਂ ਦੇ ਨਹੀਂ ਕਾਬਿਲ
ਹੇ ਪ੍ਰਭ ! ਮੇਰੇ ਪ੍ਰਾਣ ਅਜਾਈਂ ਹੀ ਤੇ ਨਿਸਫਲ-
ਤੇਰੇ ਗੀਤ ਸੁਰਾਂ ਵਿਚ ਇਕ ਸੁਰ ਹੁੰਦੇ ਜਾਣ !

ਇਹ ਸੁਨਸਾਨ ਸਮਾਂ ਹੈ, ਅੱਧੀ ਰਾਤ ਹੈ ਬੀਤੀ
ਮੰਦਰ ਦੇ ਵਿਚਕਾਰ ਹੋ ਰਹੀ ਤਿਰੀ ਆਰਤੀ
ਆਗਿਆ ਦੇ ਹੁਣ ਗੀਤ ਗਾਣ ਦੀ ਹੇ ਭਗਵਾਨ !

ਸੋਨ-ਸੁਨਹਿਰੀ, ਊਸ਼ਾ-ਸਾਜ਼ ਦੇ ਤਾਰ
ਵੱਜ ਉਠਣਗੇ ਜਦੋਂ ਸਵੇਰ ਸਾਰ,
ਤਦ ਤੂੰ ਅਪਣੇ ਵਿਚ ਦਰਬਾਰ-
ਚਾਹਾਂ, ਗਾਣ ਦੀ ਭਿੱਖਿਆ ਦਾ ਦੇ ਦੇਵੇਂ ਦਾਨ ।
ਅਪਣੀ ਵਿਸ਼ਵ-ਸਭਾ ਵਿਚ ਦੇ ਦੇ ਗਾਣ ਦਾ ਮਾਣ ।(15)

ਮੈਨੂੰ, ਜਗ-ਮੇਲੇ 'ਚ ਸ਼ਾਮਿਲ ਹੋਣ ਦਾ ਮਿਲਿਆ ਬੁਲਾਵਾ

ਮੈਨੂੰ, ਜਗ-ਮੇਲੇ 'ਚ ਸ਼ਾਮਿਲ ਹੋਣ ਦਾ ਮਿਲਿਆ ਬੁਲਾਵਾ
ਹੋ ਗਿਆ ਇਸ ਨਾਲ ਹੈ ਮਾਨੁੱਖ-ਜੀਵਨ ਧੰਨ ਮੇਰਾ ।

ਰੂਪ-ਅੰਮ੍ਰਿਤ ਪੀ ਰਹੇ ਹਨ ਨੈਣ ਮੇਰੇ
ਦੈਵੀ-ਸੁਰ ਨੂੰ ਕੰਨ ਸੁਣਦੇ ਹੈਨ ਮੇਰੇ

ਅੱਜ ਇਸ ਉਤਸਵ ਦੇ ਉੱਤੇ
ਬੰਸੀ ਉੱਪਰ ਗਾਣ ਦਾ ਤੂੰ ਭਾਰ ਮੈਨੂੰ ਸੌਂਪਿਆ ਏ
ਜ਼ਿੰਦਗੀ ਦੇ ਹਾਸੇ, ਰੋਣੇ, ਗੀਤ ਸੁਰ ਵਿਚ ਗੁੰਦ ਗਏ ਨੇ ।

ਆ ਗਿਆ ਵੇਲਾ, ਸੁਣਾਂ ਮੇਲੇ 'ਚ ਜਾ ਜੈ ਕਾਰ ਤੇਰੀ
ਤੇਰਿਆਂ ਕਦਮਾਂ ਤੇ ਰੱਖਾਂ ਮੋਨ ਭੇਟਾ ਬੰਦਨਾ ਦੀ ।
ਮਿਲਿਆ ਜਗ-ਮੇਲੇ 'ਚ ਸ਼ਾਮਿਲ ਹੋਣ ਦਾ ਮੈਨੂੰ ਬੁਲਾਵਾ ।(16)

ਪ੍ਰੇਮ ਦੇ ਹੱਥਾਂ 'ਚ ਅਰਪਣ ਹੋਣ ਲਈ ਮੈਂ ਉਡੀਕਾਂ

ਪ੍ਰੇਮ ਦੇ ਹੱਥਾਂ 'ਚ ਅਰਪਣ ਹੋਣ ਲਈ ਮੈਂ ਉਡੀਕਾਂ
ਇਸ ਲਈ ਹੀ ਹੋ ਗਈ ਹੈ ਦੇਰ ਕਾਫ਼ੀ
ਤੇ ਅਨੇਕਾਂ ਹੀ ਮੈਂ ਹਾਂ ਦੋਸ਼ਾਂ ਦਾ ਭਾਗੀ ।

ਮੈਨੂੰ ਨੂੜਨ ਵਾਸਤੇ ਉਹ ਆਉਣ ਲੈ ਨੇਮਾਂ ਦੀ ਡੋਰੀ
ਪਰ ਮੈਂ ਬਚ ਕੇ ਨਿਕਲ ਹੀ ਹਾਂ ਜਾਵੰਦਾ ਉਹਨਾਂ ਤੋਂ ਚੋਰੀ,
ਭੁਗਤ ਲਾਂ ਗਾ ਮੈਂ ਖੁਸ਼ੀ ਦੇ ਨਾਲ ਇਸ ਖਾਤਰ ਸਜ਼ਾਵਾਂ
ਪ੍ਰੇਮ ਦੇ ਹੱਥਾਂ 'ਚ ਆਪਾ ਵਾਰਨੇ ਲਈ ਮੈਂ ਉਡੀਕਾਂ ।

ਲੋਕ, ਨਿੰਦਿਆ ਕਰਨ ਮੇਰੀ, ਨਿੰਦਿਆਂ ਦੇ ਭਾਰ ਨੂੰ ਮੈਂ
ਚਾ ਲਵਾਂ ਸਿਰ ਆਪਣੇ ਤੇ ਸੀਸ ਸਭਨਾਂ ਨੂੰ ਝੁਕਾ ਕੇ ।

ਢਲ ਗਿਆ ਦਿਨ, ਤੇ ਵਪਾਰੀ ਤੁਰ ਗਏ ਵਿਉਪਾਰ ਕਰ ਕੇ,
ਮੈਨੂੰ ਸੱਦਣ ਆਏ ਜੋ, ਬੇਆਸ ਹੋ ਉਹ ਹੈਨ ਪਰਤੇ ।
ਪਰ ਮੈਂ ਇਸ ਥਾਂ ਤੇ ਇਕੱਲਾ
ਪਿਆਰ ਹੱਥੀਂ ਵਿਕਣ ਬੈਠਾ ।(17)

ਬੱਦਲ ਤੇ ਬੱਦਲ ਜੁੜੇ

ਬੱਦਲ ਤੇ ਬੱਦਲ ਜੁੜੇ
ਛਾਂਦਾ ਜਾਏ ਹਨੇਰ;
ਹਾਏ ਪਿਆਰ ! ਤੂੰ ਕਿਸ ਲਈ
ਬਾਹਰ ਵਾਰ, ਦੁਆਰ ਤੋਂ
ਕੱਲ-ਮੁਕੱਲੇ ਤੋਂ ਮਿਰੇ
ਕਰਵਾ ਰਿਹੈਂ ਉਡੀਕ ?

ਰੁੱਝੇ ਹੋਏ ਦੁਪਹਿਰ ਦੇ,
ਕੰਮ-ਪਲਾਂ ਵਿਚਕਾਰ;
ਹੋਵਾਂ ਭੀੜ ਨਾਲ !
ਨ੍ਹੇਰੇ ਦਿਨ ਵਿਚ ਸਿਰਫ ਪਰ
ਕੱਲ-ਮੁਕੱਲਾ ਤਿਰੇ ਲਈ
ਮੈਂ ਰਖਦਾ ਹਾਂ ਆਸ !

ਜੇ ਤੂੰ ਅਪਣਾ ਮੁੱਖੜਾ
ਮੈਥੋਂ ਲਏਂ ਲੁਕੋ ।
ਤੇ ਜੇ ਮੈਨੂੰ ਛੱਡ ਦਏਂ
ਕੱਲ-ਮੁਕੱਲਾ ਤੂੰ;
ਨਾ ਜਾਣਾ ਮੈਂ ਕਿਸ ਤਰ੍ਹਾਂ
ਘੜੀਆਂ ਜਾਵਣ ਬੀਤ !

ਤਕਦਾ ਇਕ-ਟਕ ਮੈਂ ਰਹਾਂ
ਅਸਮਾਨਾਂ ਦੇ ਨ੍ਹੇਰ;
ਮੇਰਾ ਮਨ ਬੇਚੈਨ ਇਹ
ਨਾਲ ਹਵਾ ਦੇ ਭਟਕਦਾ
ਹੂਕੇ ਪਿਆ ਚੁਫੇਰ ।(18)

ਤੂੰ ਨ ਬੋਲੇਂ, ਚੁੱਪ ਵੀ ਤੇਰੀ ਹੈ ਮਨਜ਼ੂਰ

ਤੂੰ ਨ ਬੋਲੇਂ, ਚੁੱਪ ਵੀ ਤੇਰੀ ਹੈ ਮਨਜ਼ੂਰ
ਏਸ ਚੁੱਪ ਦੇ ਨਾਲ ਮਨ ਕਰ ਲਾਂਗਾ ਭਰਪੂਰ ।
ਤੇਰੀ ਵਿੱਚ ਉਡੀਕ ਦੇ ਤਾਰੇ-ਦੀਪਕ ਬਾਲ
ਤਕਦੀ ਨੀਰਵ ਰਾਤ ਜਿਉਂ ਇਕ-ਟਕ ਨੈਣਾਂ ਨਾਲ
ਮੈਂ ਵੀ ਮੂਕ ਉਡੀਕ ਉਹ ਭਰ ਕੇ ਮਨ ਵਿਚ ਠੀਕ
ਤੈਨੂੰ ਤੇਰੀ ਰਾਹ ਤੇ ਲਾਂਗਾ ਹੋਰ ਉਡੀਕ ।

ਆਵੇਗੀ ਪਰਭਾਤ ਤੇ ਉਡ ਜਾਣਾ ਅੰਧਕਾਰ
ਤੇਰੀ ਵੀਣਾ ਵਾਲੜੇ ਸੋਨ-ਸੁਨਹਿਰੀ ਤਾਰ-
ਸੁਰ ਦੀ ਧਾਰਾ ਉਮ੍ਹਲਦੀ ਦੇਣਗੇ ਇਕ ਵਗਾ
ਟੋਟੇ ਕਰ ਅਕਾਸ਼ ਜੋ ਜਾਣੀ ਭੋਂ ਤੇ ਆ ।
ਤਦ ਮਨ-ਪੰਛੀ ਆਲ੍ਹਣਾ ਤੇਰੇ ਗੀਤਾਂ ਨਾਲ-
ਸੁਰਾਂ ਤੇਰਿਆਂ ਨਾਲ ਨਾ ਹੋ ਕੇ ਰਹੂ ਨਿਹਾਲ ?

ਤੇਰੀ ਹੀ ਸੁਰ ਦੀ ਕਲੀ, ਬਾਗ਼ ਮੇਰੇ ਵਿਚਲੀ-
ਬਨ ਦੀ ਵੇਲ ਤੇ ਫੁੱਲ ਬਣ, ਖਿੜ ਜਾਏਗੀ ਕੀ ?(19)

ਓਸ ਦਿਨ ਜਦ ਪੂਰੇ ਜੋਬਨ ਵਿੱਚ ਸੀ ਖਿੜਿਆ ਕੰਵਲ

ਓਸ ਦਿਨ ਜਦ ਪੂਰੇ ਜੋਬਨ ਵਿੱਚ ਸੀ ਖਿੜਿਆ ਕੰਵਲ
ਹਾਏ ਮਨ ਮੇਰਾ ਨਾ ਜਾਣਾ, ਭਟਕਦਾ ਕਿੱਥੇ ਰਿਹਾ;
ਫੁੱਲਾਂ ਵੱਲੋਂ ਹੈ ਸੀ ਓਦੋਂ ਸੱਖਣੀ ਮੇਰੀ ਚੰਗੇਰ,
ਫੁੱਲ ਨੇ ਖਿੜ ਘੁੰਡ ਚਾਇਆ ਮੈਂ ਨਾ ਉਸ ਨੂੰ ਦੇਖਿਆ ।

ਹੁਣ ਕਈ ਸੀ ਵਾਰ ਮਨ ਤੇ ਸੰਘਣਾ ਗ਼ਮ ਛਾਵੰਦਾ
ਸੁਪਨੇ ਵਿੱਚੋਂ ਜਾਗ ਕੇ, ਦੱਖਣ ਤੋਂ ਆਉਂਦੀ ਪੌਣ ਤੋਂ
ਮੈਨੂੰ ਅੱਤ ਮਿੱਠੀ ਸੁਗੰਧੀ ਦਾ ਹੋਇਆ ਅਹਿਸਾਸ ਸੀ ।
ਓਸ ਦੀ ਰਮਜ਼ਾਂ ਭਰੀ ਹੋਈ ਸੁਗੰਧੀ ਨੇ ਮਿਰੇ-
ਮਨ ਅਜਾਣੀ ਵੇਦਨਾ ਸੀ ਲਾਲਸਾ ਦੀ ਭਰ ਦਿੱਤੀ ।
ਏਸ ਮਿਲਣੀ ਦੀ ਖੁਸ਼ੀ ਵਿਚ ਝੂਮ ਪਈ ਜਾਣੋ ਬਸੰਤ ।

ਮੈਂ ਨਹੀਂ ਸੀ ਜਾਣਦਾ ਉਹ ਏਤਨਾ ਮੇਰੇ ਨਜ਼ੀਕ
ਸਿਰਫ ਉਹ ਮੇਰਾ ਹੀ ਹੈ ਨਾ ਏਸ ਦਾ ਵੀ ਗਿਆਨ ਸੀ,
ਏਸ ਤੋਂ ਵੀ ਸੀ ਅਜਾਣਾ ਪੂਰਨ ਮਧੂ-ਮਾਖਿਓਂ ਭਰੀ-
ਉਹ ਕਲੀ ਸੀ ਮੇਰੇ ਮਨ-ਡੂੰਘਾਣ 'ਚੋਂ ਹੀ ਪੁੰਗਰੀ ।(20)

ਆਪਣੀ ਬੇੜੀ ਦਾ ਹੁਣ ਲੰਗਰ ਉਠਾਣਾ ਹੀ ਪਵੇਗਾ

ਆਪਣੀ ਬੇੜੀ ਦਾ ਹੁਣ ਲੰਗਰ ਉਠਾਣਾ ਹੀ ਪਵੇਗਾ
ਆਪਣੀ ਹੁਣ ਯਾਤਰਾ ਲਈ ਮੈਨੂੰ ਜਾਣਾ ਹੀ ਪਵੇਗਾ

ਹਾਏ ਕੰਢਿਆਂ ਤੇ ਹੀ ਖੜਿਆਂ, ਮੈਨੂੰ ਇਕ ਥਾਂ
ਦਿਨ ਦੀਆਂ ਅਲਸਾਈਆਂ ਘੜੀਆਂ ਲੰਘ ਰਹੀਆਂ
ਹਨ ਵਿਦਾ ਹੋਏ ਬਸੰਤੀ ਫੁੱਲ ਖਿੜ ਕੇ
ਫੁੱਲ ਮੁਰਝਾਏ ਹੋਏ ਹੀ ਚੁਣ ਰਿਹਾਂ ਮੈਂ-
ਏਸ ਥਾਂ ਕੀਹਨੂੰ ਉਡੀਕਾਂ ਮੈਂ ਖਲੋ ਕੇ ?

ਲਹਿਰਾਂ ਵਿੱਚ ਇਕ ਸ਼ੋਰ ਉੱਚਾ ਉਠ ਰਿਹਾ ਹੈ
ਤੇ ਕਿਨਾਰੇ ਤੇ ਸ਼ਿਆਮਲ ਕੁੰਜ-ਕਲੀਆਂ-
ਵਿੱਚ ਪੀਲੇ ਪੱਤਿਆਂ ਦਾ ਹੋ ਗਿਆ ਆਰੰਭ ਕਿਰਨਾ

ਤੂੰ ਖੜਾ ਕਿਹੜੀ ਖਲਾ ਵਿਚ ਗੱਡ ਅੱਖਾਂ
ਪੌਣ ਦੇ ਕਣ ਕਣ ਘੁਲੀ ਉੱਲਾਸ-ਛੁਹ ਨੂੰ
ਕੀ ਨਹੀਂ ਤੂੰ ਮਾਣ ਤੇ ਮਹਿਸੂਸ ਸਕਦਾ ?
ਜਿਸ ਦੇ ਵਿਚ ਪਰਲੋ ਦੇ ਗੀਤਾਂ-
ਦਾ ਮਧੁਰ ਸੁਰ ਮਿਲਿਆ ਹੋਇਆ ।(21)

ਅੱਜ ਮੋਨ ਪ੍ਰਭਾਤ ਵਿਚ ਚੁਪ ਚੁਪ ਰਾਤਾਂ ਹਾਰ

ਅੱਜ ਮੋਨ ਪ੍ਰਭਾਤ ਵਿਚ ਚੁਪ ਚੁਪ ਰਾਤਾਂ ਹਾਰ-
ਸੰਘਣੇ ਸਾਵਣ-ਬੱਦਲਾਂ ਦੀ ਛਾਇਆ ਵਿਚਕਾਰ,
ਨਜ਼ਰ ਬਚਾ ਕੇ ਸੱਭ ਦੀ ਨਾ ਤੁਰ ਜਾਵੀਂ ਯਾਰ !

ਕੀਤੇ ਅੱਜ ਪ੍ਰਭਾਤ ਨੇ ਨੈਣ ਆਪਣੇ ਬੰਦ
ਬੁੱਲੇ ਪੂਰਬ ਪੌਣ ਦੇ ਕਰਦੇ ਸ਼ੋਰ ਬੁਲੰਦ ।

ਸਦਾ ਜਾਗਦੇ, ਨੀਲੜੇ ਅੰਬਰ ਦਾ ਮੂੰਹ ਅੱਜ
ਲੀਤਾ ਹੈ ਬਦਲੋਟੀਆਂ ਦੀ ਚਾਦਰ ਨੇ ਕੱਜ

ਬਣਾਂ ਪਹਾੜਾਂ ਵਿੱਚ ਨਾ ਕੋਈ ਸ਼ੋਰ-ਪੁਕਾਰ,
ਹੋਏ ਸਾਰੇ ਘਰਾਂ ਦੇ ਅਜ ਹਨ ਬੰਦ ਦੁਆਰ ।

ਨਿਰਜਨ ਸੁੰਨੇ ਰਾਹ ਤੇ ਤੇਰੀ ਕੱਲੀ ਜਾਨ
ਕਿਨੂੰ ਉਡੀਕੇ, ਕਿਸ ਲਈ ਲਾਈ ਇਕ-ਟਕ ਧਿਆਨ ?

'ਕੱਲੇ ਪ੍ਰੀਤਮ, ਮਿੱਤਰਾ ! ਮੇਰਾ ਖੁਲ੍ਹਾ ਦੁਆਰ,
ਲੁਕ ਜਾਈਂ ਨਾ ਸਾਹਮਣੇ ਆ ਕੇ ਸੁਪਨੇ-ਹਾਰ ।(22)

ਮੇਰੇ ਮਿੱਤਰ !

ਮੇਰੇ ਮਿੱਤਰ !
ਕਿਸ ਪਿਆਰੇ ਦੇ ਮੇਲ ਦੀ ਖ਼ਾਤਰ
ਕਿਹੜੇ ਪਿਆਰ ਦੇ ਪੰਧ ਲੰਮੇਰੇ
ਇਸ ਤੂਫ਼ਾਨੀ, ਸੰਘਣੀ ਰਾਤੇ
ਤੁਰਿਓਂ ਬਾਹਰਵਾਰ ?
ਰੋਂਦਾ ਘੋਰ ਨਿਰਾਸ਼ਾ ਵਿਚ-
ਆਕਾਸ਼ ਵੀ ਧਾਹਾਂ ਮਾਰ !

ਨੀਂਦ ਨਹੀਂ ਨੈਣਾਂ ਵਿਚ ਮੇਰੇ
ਵਾਰ ਵਾਰ ਮੈਂ ਰਾਹ ਨੂੰ ਤੇਰੇ
ਦੇਖ ਰਿਹਾ ਹਾਂ ਬਾਹਰ ਹਨੇਰੇ-
ਦੇ ਵਿਚ ਵਾਰੋ ਵਾਰ !

ਮੈਂ ਸਾਹਵੇਂ ਕੁਝ ਦੇਖ ਨ ਸੱਕਾਂ
ਹੋ ਹੈਰਾਨ ਰਾਹ ਨੂੰ ਤੱਕਾਂ
ਕਿੱਥੇ ਤੇਰੀ ਰਾਹ ਏ ਯਾਰ !

ਵਗਦੀ ਹੋਈ ਨਦੀ ਕਿਨਾਰੇ
ਦੂਰ ਅੰਧਕਾਰ ਵਿਚਕਾਰੇ
ਕਿਸੇ ਭਿਆਨਕ ਜੰਗਲ ਦੇ ਵਿਚ
ਕਿਧਰੇ ਤੁਰ ਤੇ ਨਹੀਂ ਗਿਆ ਤੂੰ
ਛੱਡ ਕੇ ਮੈਨੂੰ ਯਾਰ !(23)

ਜੇਕਰ, ਦਿਨ ਢਲ ਗਿਆ ਤੇ ਪੰਛੀਆਂ ਦੇ ਗੀਤ ਮੁੱਕੇ

ਜੇਕਰ, ਦਿਨ ਢਲ ਗਿਆ ਤੇ ਪੰਛੀਆਂ ਦੇ ਗੀਤ ਮੁੱਕੇ
ਵਗਦੀ ਵਗਦੀ ਜੇ ਹਵਾ ਥਕ-ਹਾਰ ਕੇ ਅਲਸਾ ਗਈ ਏ-
ਤਾਂ ਤੂੰ ਮੈਨੂੰ ਵੀ ਘਟਾ ਦੀ ਸ਼ਾਮ-ਚੁੰਨੀ ਨਾਲ ਢਕ ਦੇ,
ਉਸ ਤਰ੍ਹਾਂ, ਜਿਉਂ ਧਰਤ ਨੂੰ ਤੂੰ ਨੀਂਦ-ਚੁੰਨੀ ਨਾਲ ਢਕਿਆ,
ਜਾਂ ਕੇਵਲ-ਪੱਤੀਆਂ ਨੂੰ ਨਰਮੀ ਨਾਲ ਰਾਤੀਂ ਬੰਦ ਕੀਤਾ ।

ਮੁੱਕਿਆ ਸਾਮਾਨ ਰਸਤੇ ਦਾ ਜਿਦ੍ਹਾ ਮੰਜ਼ਿਲ ਤੋਂ ਪਹਿਲਾਂ
ਤੇ ਜਿਦ੍ਹੇ ਚਿਹਰੇ ਤੇ ਰੇਖਾਂ ਲੀਕੀਆਂ ਡੂੰਘੇ ਗ਼ਮਾਂ ਨੇ,
ਜਿਸ ਦਾ ਪਹਿਰਾਵਾ ਹੈ ਫਟਿਆ, ਲਿਬੜਿਆ, ਮੈਲਾ-ਕੁਚੈਲਾ
ਤੇ ਜਿਦ੍ਹੀ ਸ਼ਕਤੀ ਦਾ ਸੋਮਾ ਸੁੱਕ ਚੁਕਿਆ; ਓਸ ਨੂੰ ਤੂੰ-
ਜਦ ਢਲੇ ਦਿਨ ਤਾਂ ਘਟਾਂ ਦੀ ਸ਼ਾਮ-ਚੁੰਨੀ ਨਾਲ ਢਕ ਦੇ ।(24)

ਥਕ ਟੁਟ ਹੋਈ ਚੂਰ ਰਾਤ ਵਿਚ

ਥਕ ਟੁਟ ਹੋਈ ਚੂਰ ਰਾਤ ਵਿਚ
ਅਪਣੇ ਕਦਮਾਂ ਤੇ ਸਭ ਕੁਝ ਰਖ
ਨਾਲ ਤਸੱਲੀ, ਨਿਸ਼ਚਿੰਤ ਹੋ ਕੇ
ਕੋਲ ਆਪਣੇ ਸੌਂ ਜਾਵਣ ਦੇ ।

ਅਪਣੀ ਪੂਜਾ ਦੀ ਤਿਆਰੀ ਲਈ
ਮੇਰੀ ਥੱਕੀ ਸ਼ਿੱਥਲ ਸ਼ਕਤੀ-
ਨੂੰ ਤੂੰ ਹੁਣ ਮਜਬੂਰ ਕਰੀਂ ਨਾ ।

ਤੂੰ ਹੀ ਦਿਨ ਦੀਆਂ ਥਕੀਆਂ ਪਲਕਾਂ
ਰਾਤ ਦੀ ਚੁੰਨੀ ਨਾਲ ਏਂ ਕਜਦਾ
ਤੇ ਉਹ ਪਿਆਰ-ਖੁਸ਼ੀ ਵਿਚ ਖੀਵਾ
ਸਜਰੇ-ਪਨ ਵਿਚ, ਸਜਰਾ ਸਜਰਾ
ਫੇਰ ਦੁਬਾਰਾ ਨੀਂਦੋਂ ਜਗਦਾ
ਸਫ਼ਰ ਸ਼ੁਰੂ ਫਿਰ ਅਪਣਾ ਕਰਦਾ ।(25)

ਬੈਠਾ ਉਹ ਕੋਲ ਆ ਕੇ

ਬੈਠਾ ਉਹ ਕੋਲ ਆ ਕੇ
ਖੁੱਲ੍ਹੀ ਨਾ ਜਾਗ ਮੇਰੀ
ਨਿਰਭਾਗ ! ਤੈਨੂੰ ਆਈ
ਉਹ ਨੀਂਦ ਕਿਸ ਤਰ੍ਹਾਂ ਦੀ !

ਚੁਪ-ਰਾਤ ਦਾ ਸੀ ਵੇਲਾ
ਜਿਸ ਵਕਤ ਸੀ ਉਹ ਆਇਆ
ਹੱਥਾਂ 'ਚ ਆਪਣੇ ਸੀ
ਵੀਣਾ ਉਹ ਫੜ ਲਿਆਇਆ;
ਝਣਕਾਰ ਵਿਚ ਸੁਰਾਂ ਦੇ
ਸੁਪਨੇ ਮਿਰੇ ਸੀ ਵਹਿ ਗਏ ।

ਮੈਂ ਜਾਗ ਕੇ ਜਾਂ ਤਕਿਆ
ਦੱਖਣ ਦੀ 'ਵਾ ਚੁਫੇਰੇ
ਫੈਲੇ ਹੋਏ ਹਨੇਰੇ-
ਵਿਚ ਘੋਲਦੀ ਸੁਗੰਧਾਂ
ਚਲਦੀ ਸੀ ਚਾਲ ਅਪਣੀ ।

ਨ ਜਾਣਾ, ਮੇਰੀਆਂ ਕਿਉਂ
ਉਹ ਸਾਰੀਆਂ ਹੀ ਰਾਤਾਂ
ਐਵੇਂ ਨੇ ਲੰਘ ਗਈਆਂ ।
ਨੀਂਦਰ ਮਿਰੀ ਨੂੰ ਛੋਹੇ
ਭਾਵੇਂ ਨੇ ਸਾਹ ਉਸ ਦੇ,
ਉਸ ਦੀ ਨ ਦੀਦ ਹੋਈ
ਮੈਂ ਉਹ ਹਮੇਸ਼ ਖੋਈ ।

ਭਾਵੇਂ ਹੈ ਹਾਰ ਉਸਦਾ
ਹਿੱਕ ਨਾਲ ਮੇਰੇ ਛੁਹਿਆ,
ਅਫ਼ਸੋਸ ! ਨਾਲ ਉਸ ਦੇ
ਮੇਰਾ ਨ ਮੇਲ ਹੋਇਆ ।(26)

ਚਾਨਣਾ-ਓ ਚਾਨਣਾ, ਕਿੱਥੇ ਐ ਏਥੇ

ਚਾਨਣਾ-ਓ ਚਾਨਣਾ, ਕਿੱਥੇ ਐ ਏਥੇ ?
ਬਿਰਹੋਂ-ਅਗਨੀ ਨਾਲ ਦੀਵਾ ਬਾਲ ਲੈ ਤੂੰ
ਬੁਝ ਗਏ ਦੀਵੇ ਨੂੰ ਰਖ ਦੇ, ਤੇ ਬ੍ਰਿਹੋਂ ਦੀ
ਲਾਟ ਦੇ ਹੀ ਨਾਲ ਉਹ ਉਜਿਆਲ ਲੈ ਤੂੰ ।

ਕਹਿਣ ਨੂੰ ਤਾਂ ਭਾਵੇਂ ਹੈ ਇਹ ਇੱਕ ਦੀਵਾ
ਪਰ ਕਦੇ ਚਾਨਣ ਰਤੀ ਨਾ ਜਗਮਗਾਇਆ
ਹੇ ਮਨਾ ! 'ਭਾਗਾਂ 'ਚ ਏਵੇਂ ਲਿਖਿਆ ਹੈ'
ਕਹਿਣ ਦੇ ਨਾਲੋਂ ਤਾਂ ਹੈ ਮਰਨਾ ਚੰਗੇਰਾ
ਬਿਰਹੋਂ-ਅਗਨੀ ਨਾਲ ਦੀਵਾ ਬਾਲ ਲੈ ਤੂੰ ।

ਵੇਦਨਾ ਦੁਆਰੇ ਤੇ ਆ ਕੇ ਗਾ ਰਹੀ ਏ:
'ਰੱਬ ਤਿਰੇ ਲਈ ਜਾਗਦਾ ਏ, ਨੀਂ ਜਿੰਦੜੀਏ !
ਰਾਤ ਦੇ ਸੰਘਣੇ ਹਨੇਰੇ ਵਿਚ ਮਿਲਨ ਲਈ
ਸੱਦਦਾ ਤੈਨੂੰ ਏਂ, ਵਾਜਾਂ ਮਾਰਦਾ ਏ।
ਰੱਬ ਤੇਰੇ ਵਾਸਤੇ ਹੀ ਜਾਗਦਾ ਏ ।'

ਬੱਦਲਾਂ ਦੇ ਨਾਲ ਭਰਿਆ ਗਗਨ-ਵਿਹੜਾ
ਬਰਸਦਾ ਪਾਣੀ ਏਂ ਝਰ ਝਰ, ਝਰ ਰਿਹਾ ਏ,
ਘੋਰ ਕਾਲੀ ਰਾਤ ਅੰਦਰ ਮੈਂ ਇਕੱਲਾ
ਕਿਸ ਦੀਆਂ ਕਰਦਾ ਉਡੀਕਾਂ, ਜਾਗਦਾ ਹਾਂ ?
ਬਰਸਦਾ ਪਾਣੀ ਏਂ ਝਰ ਝਰ, ਝਰ ਰਿਹਾ ਏ ।

ਚਮਕਦੀ ਬਿਜਲੀ ਏ ਇਕ ਪਲਕਾਰ ਖ਼ਾਤਰ
ਘਿਰ ਰਹੀ ਬੇੜੀ ਏ ਗੂੜ੍ਹੇ ਨ੍ਹੇਰ ਅੰਦਰ;
ਕਿੰਨੀ ਦੂਰੋਂ ਰਾਤ ਦੇ ਗੰਭੀਰ ਸੁਰ ਦੀ-
ਵਾਜ ਆਵੇ, ਕੌਣ ਇਸ ਨੂੰ ਜਾਣਦਾ ਏ !
ਗੀਤ, ਇਹ ਮੇਰੀ ਸਮੁੱਚੀ ਆਤਮਾ ਨੂੰ
ਪਾ ਰਿਹਾ ਖਿੱਚਾਂ ਏ, ਧੂੰਹਦਾ ਜਾ ਰਿਹਾ ਏ ।
ਚਾਨਣਾ-ਓ ਚਾਨਣਾ, ਕਿੱਥੇ ਐ ਏਥੇ ?
ਬਿਰਹੋਂ-ਅਗਨੀ ਨਾਲ ਦੀਵਾ ਬਾਲ ਲੈ ਤੂੰ ।

ਗੱਜਦੇ ਬੱਦਲ, ਹਵਾ ਸਾਂ ਸਾਂ ਹੈ ਕਰਦੀ
ਲੰਘਿਆ ਵੇਲਾ, ਕਿਤੇ ਨਾ ਜਾ ਸਕਾਂਗਾ ।
ਰਾਤ ਕਾਲੀ, ਕਾਲੇ ਪੱਥਰ ਵਾਂਗ ਕਾਲੀ
ਰਾਤ ਜਾਏ ਨਾ ਅਜਾਈਂ ਇਹ ਹਨੇਰੀ
ਏਸ ਕਾਲੀ ਰਾਤ ਵਿਚ ਪ੍ਰਾਣਾਂ ਨੂੰ ਅਪਣੇ
ਪਿਆਰ-ਦੀਵੇ ਨਾਲ ਹੀ ਉਜਿਆਲ ਲੈ ਤੂੰ
ਬਿਰਹੋਂ-ਅਗਨੀ ਨਾਲ ਦੀਵਾ ਬਾਲ ਲੈ ਤੂੰ ।(27)

ਮੇਰੀ ਜ਼ੰਜੀਰ ਮੋਹ ਦੀ ਸਖ਼ਤ ਹੈ, ਚਾਹਾਂ ਇਹ ਟੁਟ ਜਾਏ

ਮੇਰੀ ਜ਼ੰਜੀਰ ਮੋਹ ਦੀ ਸਖ਼ਤ ਹੈ, ਚਾਹਾਂ ਇਹ ਟੁਟ ਜਾਏ
ਜਦੋਂ ਪਰ ਟੁੱਟਦੀ ਦੇਖਾਂ, ਤਾਂ ਦਿਲ ਨੂੰ ਦੁੱਖ ਹੁੰਦਾ ਏ ।

ਮੈਂ ਸਭ ਕੁਝ ਜਾਣ ਮੁਕਤੀ ਨੂੰ ਹੀ, ਰਖਦਾ ਲੋਚ ਹਾਂ ਉਸ ਦੀ
ਜਦੋਂ ਪਰ ਆਸ ਰੱਖਾਂ ਇਸ ਦੀ ਲੱਜਾਵਾਨ ਹੁੰਦਾ ਹਾਂ ।
ਹੈਂ ਤੂੰ ਹੀ ਜ਼ਿੰਦਗੀ ਮੇਰੀ ਦਾ ਇਕ ਭਰਪੂਰ ਭੰਡਾਰਾ,
ਨਹੀਂ ਕੋਈ ਦੂਸਰਾ ਅਨਮੋਲ ਧਨ ਤੇਰੇ ਜਿਹਾ ਕੋਈ-
ਇਹ ਮੈਂ ਹਾਂ ਜਾਣਦਾ, ਪਰ ਫੇਰ ਵੀ ਜੋ ਘਰ ਦੇ ਵਿਚ ਮੇਰੇ
ਪਏ ਟੁੱਟੇ ਹੋਏ ਭਾਂਡੇ ਨੇ ਸੁੱਟਾਂ ਦਿਲ ਨਹੀਂ ਮੰਨਦਾ ।

ਜੋ ਪਰਦਾ ਕੱਜਦਾ ਮੈਨੂੰ ਉਹ ਘੱਟੇ ਵਿਚ ਲੱਤਾ ਹੈ
ਹੈ ਉਸ ਨੂੰ ਸ੍ਰਾਪ ਮੌਤ ਦਾ ਅਤੇ ਉਸ ਤੇ ਇਹ ਮਨ ਮੇਰਾ
ਧਿਕਾਰਾਂ ਪਾ ਰਿਹਾ, ਉਸ ਨਾਲ ਫਿਰ ਵੀ ਮੋਹ ਹੈ ਮੈਨੂੰ ।
ਅਨੇਕਾਂ ਕਰਜ਼, ਸਿਰ ਮੇਰੇ ਤੇ, ਲਹਿਣੇਦਾਰ ਹਨ ਕਿੰਨੇ
ਮਿਰੇ ਜੀਵਨ ਦੀ ਨਾਕਾਮੀ ਤੇ ਹੇਠੀ ਦੀ ਨਹੀਂ ਸੀਮਾ
ਮੈਂ ਮਨ-ਕਲਿਆਣ ਦੀ ਭਿਖਿਆ ਲਈ ਜਾਂ ਤੇਰੇ ਦਰ ਆਵਾਂ
ਤਾਂ ਡਰਦਾ ਹਾਂ, ਕਿਤੇ ਭਿਖਿਆ ਨਾ ਇਹ ਮਨਜ਼ੂਰ ਹੋ ਜਾਏ ।
ਕਿਤੇ ਇਹ ਤੋੜ ਨਾ ਦੇਵੇਂ ਮਿਰੀ ਜ਼ੰਜੀਰ ਮੋਹ ਵਾਲੀ ।(28)

ਅਪਣੇ ਨਾਂ ਦੇ ਨਾਲ ਮੈਂ

ਅਪਣੇ ਨਾਂ ਦੇ ਨਾਲ ਮੈਂ
ਬੰਨ੍ਹ ਲਿਆ ਹੈ ਜੋ-
ਉਹ ਇਸ ਨਾਂ-ਜ਼ੰਜੀਰ ਦਾ
ਰੋਵੇ ਕੈਦੀ ਹੋ ।

ਚਿਣ ਚਿਣ ਦਿਨ ਤੇ ਰਾਤ ਮੈਂ
ਇਹ ਨਾਂ ਦੀ ਦੀਵਾਰ-
ਬਾਕੀ ਸਾਰਾ ਕੁਝ ਹੀ
ਦਿੱਤਾ ਭੁੱਲ ਵਿਸਾਰ ।

ਜਿਉਂ ਜਿਉਂ ਇਹ ਆਕਾਸ਼ ਵਿਚ
ਉਸਰੇ ਉੱਚੀ ਹੋਰ,
ਅੰਤਹ-ਕਰਨ ਤੇ ਏਸ ਦਾ
ਛਾਵੇ ਨ੍ਹੇਰਾ ਘੋਰ ।

ਰੱਖ ਮਿੱਟੀ ਤੇ ਮਿੱਟੜੀ
ਇਹ ਨਾਂ ਦੀ ਦੀਵਾਰ
ਕਰਦਾ ਜਾਵਾਂ ਉਚੀਓਂ-
ਉੱਚੀ ਹੋਰ ਉਸਾਰ ।

ਚਾਨਣ ਆਵਣ ਵਾਸਤੇ
ਰਹੇ ਨਾ ਇਸ ਵਿਚ ਛੇਕ
ਮੈਨੂੰ ਚਿੰਤਾ ਏਸ ਦੀ
ਲੈਣ ਦਵੇ ਨਾ ਟੇਕ ।

ਲੀਤਾ ਇਸ ਦੀਵਾਰ ਨੇ
ਸੱਚ-ਸਰੂਪ ਲੁਕੋ ।(29)

ਤੈਨੂੰ ਮਿਲਣ ਇਕੱਲੜਾ ਆਇਆ ਬਾਹਰ-ਵਾਰ !

ਤੈਨੂੰ ਮਿਲਣ ਇਕੱਲੜਾ ਆਇਆ ਬਾਹਰ-ਵਾਰ !

ਸੁੰਨੇ ਘੋਰ ਹਨੇਰ ਵਿਚ ਪਤਾ ਨਹੀਂ ਉਹ ਕੌਣ
ਚੁੱਪ-ਚੁਪੀਤਾ ਨਾਲ ਸੀ ਲੱਗਾ ਮੇਰੇ ਔਣ !

ਦੂਰ ਹਟਕਣ ਦੇ ਓਸ ਤੋਂ ਕੀਤੇ ਯਤਨ ਅਨੇਕ
ਵਿੰਗ-ਤੜਿੰਗੇ ਰਸਤਿਆਂ ਤੇ ਰਖ ਦੇਖੀ ਟੇਕ;
ਨਹੀਂ ਰਿਹਾ ਉਹ, ਲੱਗਿਆ ਮੈਨੂੰ ਇਉਂ ਕਈ ਵਾਰ
ਵਿੜਕ ਉਦ੍ਹੀ ਫਿਰ ਲਗ ਪਈ, ਪੈਣ ਕੰਨਾਂ ਵਿਚਕਾਰ ।
ਉਹੋ ਉਡਾਂਦਾ ਜਾ ਰਿਹਾ ਧਰਤੀ ਉੱਤੇ ਧੂਲ
ਚੰਚਲਤਾ ਨਹੁੰ-ਨਹੁੰ ਭਰੀ ਨਹੀਂ ਟੇਕ ਉਸ ਮੂਲ ।
ਮੇਰੇ ਹਰ ਇਕ ਬੋਲ ਵਿਚ, ਮੇਲੇ ਅਪਣਾ ਬੋਲ,
ਪ੍ਰਤਿ-ਛਾਇਆ ਇਹ ਹੈ ਕਿਦ੍ਹੀ ਭੇਤ ਪ੍ਰਭੂ ਇਹ ਖੋਲ੍ਹ ।
ਉਹ ਬੇਸ਼ਰਮ, ਨਿਲੱਜ ਹੈ ਕਿਵੇਂ ਓਸ ਦੇ ਨਾਲ
ਆਵਾਂ ਤੇਰੇ ਦੁਆਰ ਤਕ ਹੁੰਦਾ ਹਾਂ ਜ਼ਿਲਹਾਲ ।

ਤੈਨੂੰ ਮਿਲਣ ਇਕੱਲੜਾ ਆਇਆ ਬਾਹਰ-ਵਾਰ ! (30)

'ਓ ਕੈਦੀ ! ਕੌਣ ਸੀ ਉਹ ਜਿਸ ਨੇ ਤੈਨੂੰ ਕੈਦ ਕਰ ਦਿੱਤਾ ?'

'ਓ ਕੈਦੀ ! ਕੌਣ ਸੀ ਉਹ ਜਿਸ ਨੇ ਤੈਨੂੰ ਕੈਦ ਕਰ ਦਿੱਤਾ ?'
'ਮਿਰਾ ਮਾਲਿਕ ਸੀ ਉਹ'-ਕੈਦੀ ਨੇ ਉੱਤਰ ਦੇਂਦਿਆਂ ਕਹਿਆ-
'ਮੈਂ ਇਹ ਸੀ ਸੋਚਿਆ : ਸ਼ਕਤੀ ਤੇ ਦੌਲਤ ਨਾਲ ਮੈਂ ਅਪਣੀ
ਹਰਿਕ ਬੰਦੇ ਨੂੰ ਪਿੱਛੇ ਛੱਡ, ਅੱਗੇ ਲੰਘ ਜਾਵਾਂਗਾ ।
ਮੈਂ ਅਪਣੀ ਹੀ ਤਿਜੌਰੀ ਵਿੱਚ ਮਾਲਕ ਆਪਣੇ ਦਾ ਵੀ-
ਸੀ ਹਿੱਸਾ ਰੱਖਿਆ ਧਨ ਦਾ । ਤੇ ਫਿਰ ਮੈਨੂੰ ਜਾਂ ਨੀਂਦ ਆਈ-
ਮੈਂ ਮਾਲਕ ਆਪਣੇ ਦੀ ਸੇਜ ਤੇ ਹੀ ਨੀਂਦ ਵਿਚ ਸੁੱਤਾ ।
ਜਦੋਂ ਫਿਰ ਜਾਗ ਡਿੱਠਾ ਤਾਂ ਤਿਜੌਰੀ ਦਾ ਮੈਂ ਕੈਦੀ ਸੀ ।'

'ਓ ਕੈਦੀ ! ਕੌਣ ਸੀ ਜਿਸ ਨੇ ਅਟੁੱਟ ਜ਼ੰਜੀਰ ਇਹ ਕੀਤੀ ?'
ਕਿਹਾ ਕੈਦੀ ਨੇ ਉੱਤਰ ਮੋੜ ਕੇ 'ਮੈਂ ਸੀ, ਉਹ ਮੈਂ ਹੀ ਸੀ;
ਜਿਨ੍ਹੇ ਸੀ ਯਤਨ ਕਰ ਘੜਿਆ ਇਨ੍ਹਾਂ ਜ਼ੰਜੀਰ-ਕੜੀਆਂ ਨੂੰ ।
ਮੈਂ ਲੀਤੇ ਸਨ ਸੁਪਨ; 'ਅਪਣੀ ਅਜਿਤ ਬਲਵਾਨਤਾ ਸਦਕਾ
ਜਹਾਨਾਂ ਦੀ ਹਰਿਕ ਸ਼ਕਤੀ ਨੂੰ ਪਾ ਜ਼ੰਜੀਰ ਨਰੜਾਂਗਾ,
ਮੈਂ ਖ਼ੁਦ ਰਹਿ ਕੇ ਸੁਤੰਤਰ ਜਗਤ ਨੂੰ ਆਧੀਨ ਕਰ ਲਾਂਗਾ ।'
ਇਸੇ ਹੀ ਵਾਸਤੇ ਦਿਨ ਰਾਤ ਦੀ ਮੈਂ ਸਖ਼ਤ ਮਿਹਨਤ ਤੋਂ
ਦਹਿਕਦੀ ਅੱਗ ਤੋਂ, ਭਾਰੀ ਵਿਦਾਣਕ ਸਖ਼ਤ ਸੱਟਾਂ ਤੋਂ
ਮੈਂ ਇਸ ਜ਼ੰਜੀਰ ਨੂੰ ਘੜਿਆ, ਮੈਂ ਇਸ ਨੂੰ ਤਿਆਰ ਕਰ ਲੀਤਾ ।

ਜਦੋਂ ਜੁੜ ਕੇ ਅਟੁਟ ਹੋ ਚੁਕੀਆਂ ਜ਼ੰਜੀਰ-ਕੜੀਆਂ ਸਨ
ਤਾਂ ਮੈਂ ਡਿੱਠਾ, ਮੈਂ ਕੈਦੀ ਹਾਂ ਉਨ੍ਹਾਂ ਹੀ ਲੋਹ-ਕੜੀਆਂ ਦਾ ।*(31)

ਜਿਹੜੇ ਜੱਗ ਵਿਚ ਮੈਨੂੰ ਪਿਆਰਨ

ਜਿਹੜੇ ਜੱਗ ਵਿਚ ਮੈਨੂੰ ਪਿਆਰਨ
ਮੋਹ-ਬੰਧਨ ਦੇ ਬੰਨ੍ਹ ਉਹ ਮਾਰਨ ।
ਪਿਆਰ ਤਿਰਾ ਨਹੀਂ ਉਹਨਾਂ ਵਾਲਾ
ਇਹ ਅੱਤ ਉੱਚਾ ਅਤੇ ਨਿਰਾਲਾ,
ਇਹ ਨਹੀਂ ਮੈਨੂੰ ਬੰਨ੍ਹਣ ਪਾਉਂਦਾ
ਨਾ ਹੀ ਮੈਨੂੰ ਦਾਸ ਬਣਾਉਂਦਾ ।

ਮਤਾਂ ਉਨ੍ਹਾਂ ਨੂੰ ਭੁੱਲਾਂ ਭੋਰਾ
ਛਡਦੇ ਮੈਨੂੰ ਨਹੀਂ ਇਕੱਲਾ ।

ਦਿਨ ਦੇ ਦਿਨ ਹਨ ਲੰਘੀ ਜਾਂਦੇ
ਪਰ ਤੂੰ ਨਜ਼ਰ ਨ ਆਵੇਂ ਕਿਧਰੇ ।
ਪ੍ਰਾਰਥਨਾ ਅਪਣੀ ਦੇ ਰਾਹੀਂ
ਮੈਂ ਤੈਨੂੰ ਸੱਦਾਂ ਨਾ ਸੱਦਾਂ,
ਤੇ ਅਪਣੇ ਚਿਤ ਚੇਤੇ ਦੇ ਵਿਚ
ਮੈਂ ਤੈਨੂੰ ਰੱਖਾਂ ਨਾ ਰੱਖਾਂ;
ਪਿਆਰ ਤਿਰਾ ਮੇਰੇ ਲਈ ਫਿਰ ਵੀ
ਪਿਆਰ ਮਿਰੇ ਨੂੰ ਜਾਏ ਉਡੀਕੀ ।(32)

ਉਹ ਮੇਰੇ ਘਰ ਆਏ ਉਸ ਦਿਨ ਤੇ ਕਿਹਾ

ਉਹ ਮੇਰੇ ਘਰ ਆਏ ਉਸ ਦਿਨ ਤੇ ਕਿਹਾ :
'ਬੈਠਣਾ ਕੇਵਲ ਅਸੀਂ ਇਕ ਨੁੱਕਰੇ ।'
ਨਾਲ ਹੀ ਮੈਨੂੰ ਉਨ੍ਹਾਂ ਇਹ ਵੀ ਕਿਹਾ-
'ਦੇਵ-ਪੂਜਾ ਵਿਚ ਤਿਰੀ ਕਰਨੀ ਮੱਦਦ
ਸਾਨੂੰ ਜੋ ਪਰਸਾਦ ਮਿਲ ਸਕੇਗਾ ਫਿਰ
ਲੈ ਕੇ ਉਹ ਸੰਤੁਸ਼ਟ ਹੋ ਰਹਿਣਾ ਅਸੀਂ ।'

ਪਾਟੇ ਮੈਲੇ ਵੇਸ ਵਿਚ ਉਹ ਇਉਂ ਗ਼ਰੀਬ
ਮੇਰੇ ਘਰ ਦੀ ਨੁੱਕਰੇ ਲਗ ਬਹਿ ਗਏ,
ਰਾਤ ਨੂੰ ਪਰ ਹੋ ਗਏ ਬਲਵਾਨ ਉਹ
ਮੇਰੇ ਦੇਵਾਲੇ 'ਚ ਜ਼ੋਰੀਂ ਘੁਸ ਗਏ,
ਤੇ ਉਨ੍ਹਾਂ ਅੱਤ ਮੈਲਿਆਂ ਹੱਥਾਂ ਦੇ ਨਾਲ
ਦੇਵ-ਪੂਜਾ ਦੀ ਸਮੱਗਰੀ ਖੋਹ ਲਈ ।(33)

ਭਿੱਖਿਆ ਤੈਥੋਂ ਹੇ ਮਾਲਕ ! ਏਤਨੀ ਹਾਂ ਮੰਗਦਾ

ਭਿੱਖਿਆ ਤੈਥੋਂ ਹੇ ਮਾਲਕ ! ਏਤਨੀ ਹਾਂ ਮੰਗਦਾ
ਏਤਨੀ ਹੀ ਸਿਰਫ਼ ਮੇਰੇ ਵਿਚ ਹਊਮੈ ਰਹਿਣ ਦੇ
ਨਾਲ ਤੇਰੇ ਮਿਲ ਸਕਾਂ, ਇਕ ਰੂਪ ਹੋ ਚੰਗੀ ਤਰ੍ਹਾਂ !

ਮੇਰੇ ਪੱਲੇ ਰਹਿਣ ਦੇ ਇਤਨੀ ਸੁਤੰਤਰ ਚੇਤਨਾ
ਤਾਂ ਜੋ ਤੈਨੂੰ ਮੈਂ ਚੁਫੇਰੇ ਆਪਣੇ ਮਹਿਸੂਸ ਲਾਂ,
ਰਾਤ ਦਿਨ, ਹਰ ਪਲ ਮੈਂ ਅਪਣਾ ਪਿਆਰ ਤੈਥੋਂ ਵਾਰ ਦਾਂ ।

ਮੇਰੇ ਅੰਦਰ ਸਿਰਫ਼ ਤੂੰ ਇਤਨਾ ਹੀ ਪਰਦਾ ਰਹਿਣ ਦੇ
ਨਾਲ ਜਿਸ ਦੇ, ਮੇਰੀ ਹਊਮੈਂ ਕੱਜ ਨਾ ਤੈਨੂੰ ਸਕੇ
ਤੇਰੀ ਲੀਲਾ ਹੀ ਮਿਰੇ ਜੀਵਨ ਦੇ ਵਿਚ ਚਲਦੀ ਰਹੇ ।

ਏਤਨੇ ਹੀ ਬੰਧਨਾਂ ਦੇ ਨਾਲ ਬੰਨ੍ਹੀ ਈਸ਼ਵਰ !
ਪਿਆਰ ਤੇਰੇ ਦੀ ਹੀ ਡੋਰੀ ਵਿੱਚ ਮੈਂ ਬੱਝਾ ਰਹਾਂ,
ਭਿੱਖਿਆ ਤੈਥੋਂ ਹੇ ਮਾਲਕ ! ਏਤਨੀ ਹੀ ਮੰਗਦਾਂ ।(34)

ਜਿਥੇ ਮਨ ਵਿਚ ਡਰ ਨਹੀਂ

ਜਿਥੇ ਮਨ ਵਿਚ ਡਰ ਨਹੀਂ
ਜਿੱਥੇ ਸਿਰ ਉੱਚਾ ਰਹੇ
ਸੂਝ ਹੈ ਜਿੱਥੇ ਅਜ਼ਾਦ;
ਜਿੱਥੇ ਜਗ ਨਹੀਂ ਸੌੜੀਆਂ-
ਘਰ ਦੀਆਂ ਕੰਧਾਂ ਵਿਚਾਲ
ਟੋਟੇ ਟੋਟੇ ਵੰਡਿਆ;

ਬੋਲ ਜਿੱਥੇ ਬੇ-ਮੁਹਾਰ-
ਸੱਚ ਦੀ ਡੂੰਘਾਣ ਚੋਂ-
ਫੁੱਟ ਕੇ ਹਨ ਆਉਂਦੇ;

ਜਿਸ ਜਗ੍ਹਾ ਉੱਦਮ ਅਥੱਕ
ਪੂਰਨਤਾ ਲਈ ਆਪਣੇ
ਖੋਲ੍ਹ ਬਾਜ਼ੂ ਰੱਖਦਾ;

ਜਿਸ ਜਗ੍ਹਾ ਤੇ ਤਰਕ ਦੀ
ਵੱਗਦੀ ਨਿਰਮਲ ਨਦੀ-
ਪ੍ਰਾਚੀਨਤਾ ਦੀ ਰੀਤ ਦੇ
ਮਾਰੂ ਥਲ ਵਿਚਕਾਰ ਜਾ
ਸੁੱਕ ਮੁਕ ਜਾਂਦੀ ਨਹੀਂ;

ਜਿੱਥੇ ਮਨ ਤੇਰੇ ਸਮੁੱਖ
ਤੇਰੀ ਅਗਵਾਈ ਦੇ ਵਿੱਚ
ਵਿਗਸਦਾ ਰਹਿੰਦਾ ਸਦਾ,
ਭਾਵ ਤੇ ਅਮਲਾਂ ਦੇ ਵਿਚ-
ਲੀਨ, ਰਹਿੰਦਾ ਲੱਗਿਆ;

ਉਸ ਅਜ਼ਾਦੀ ਵਾਲੜੇ
ਸੁਰਗ ਵਿਚ ਮੇਰੇ ਪਿਤਾ !
ਦੇਸ਼ ਮੇਰੇ ਨੂੰ ਜਗਾ
ਦੇਸ਼ ਮੇਰੇ ਨੂੰ ਉਠਾ ।(35)

ਹੇ ਕਿ ਮੇਰੇ ਮਾਲਕਾ !

ਹੇ ਕਿ ਮੇਰੇ ਮਾਲਕਾ !
ਬੇਨਤੀ ਮੇਰੀ ਹੈ ਇਹ
ਮੇਰੇ ਮਨ ਵਿਚ ਵੱਸਦੀ
ਦੀਨਤਾ ਦੇ ਮੂਲ ਤੇ
ਵਾਰ ਕਰ, ਤੂੰ ਵਾਰ ਕਰ ।

ਮੈਨੂੰ ਸ਼ਕਤੀ ਬਖ਼ਸ਼ ਦੇ
ਦੁੱਖ ਨੂੰ ਤੇ ਸੁੱਖ ਨੂੰ
ਹੱਸ ਕੇ ਮੈਂ ਸਹਿ ਸਕਾਂ ।

ਮੈਨੂੰ ਸ਼ਕਤੀ ਬਖ਼ਸ਼ ਦੇ
ਆਪਣੇ ਮੈਂ ਪਿਆਰ ਨੂੰ
ਸੇਵ ਦਾ ਫਲ ਦੇ ਸਕਾਂ ।

ਮੈਨੂੰ ਸ਼ਕਤੀ ਬਖ਼ਸ਼ ਦੇ
ਮੈਂ ਗ਼ਰੀਬਾਂ ਦਾ ਕਦੇ
ਭੁਲ ਨਿਰਾਦਰ ਨਾ ਕਰਾਂ,-
ਬੇ-ਤਰਸ ਬਲ ਸਾਹਮਣੇ
ਸਿਰ ਨੂੰ ਨੀਵਾਂ ਨਾ ਕਰਾਂ ।

ਮੈਨੂੰ ਸ਼ਕਤੀ ਬਖ਼ਸ਼ ਦੇ
ਨਿਤ ਦੇ ਧੰਦਿਆਂ ਤੋਂ ਜੋ
ਹੋ ਸਕੇ ਨਾ ਮਨ ਮਲੀਨ ।

ਮੈਨੂੰ ਸ਼ਕਤੀ ਬਖ਼ਸ਼ ਦੇ
ਤੇਰੇ ਭਾਣੇ ਸਾਹਮਣੇ
ਆਪਣੀ ਸ਼ਕਤੀ ਨੂੰ ਜੋ
ਦਿਲ ਦੇ ਸੁੱਚੇ ਪਿਆਰ ਨਾਲ
ਮੈਂ ਸਮਰਪਣ ਕਰ ਸਕਾਂ ।(36)

ਮੇਰੇ ਮਨ ਵਿਚ ਇੱਕ ਦਿਨ ਆਇਆ ਖ਼ਿਆਲ

ਮੇਰੇ ਮਨ ਵਿਚ ਇੱਕ ਦਿਨ ਆਇਆ ਖ਼ਿਆਲ
ਹੋਇਆ ਸਾਗਰ-ਯਾਤਰਾ ਮੇਰੀ ਦਾ ਅੰਤ
ਆਪਣੀ ਮੰਜ਼ਲ ਤੇ ਮੈਂ ਹਾਂ ਪੁੱਜਿਆ,
ਰਾਹ ਅੱਗੇ ਬੰਦ ਹੈ ਇਉਂ ਲੱਗਿਆ;
ਹੋ ਗਈ ਹੈ ਹੱਦ ਮੇਰੀ ਸ਼ਕਤਿ ਦੀ
ਹੋਏ ਮੰਤਵ-ਹੀਨ ਹਨ ਸਾਰੇ ਯਤਨ
ਹੁਣ ਅਗਾਹਾਂ ਜਾਣ ਦਾ ਮੰਤਵ ਨਹੀਂ,
ਮੌਨਤਾ ਵਿਚ ਲੈ ਸਕੇ ਤਾਂ ਜੋ ਪਨਾਹ
ਜ਼ਿੰਦਗੀ ਮੇਰੀ ਦਾ ਉਹ ਆਇਆ ਸਮਾਂ ।

ਦੇਖਦਾਂ, ਪਰ ਤੇਰੀ ਲੀਲਾ ਦਾ ਕਦੇ
ਅੰਤ ਨਹੀਂਓਂ, ਇਹ ਹਮੇਸ਼ਾਂ ਹੈ ਨਵੀਂ
ਦਿੱਤੀ ਅੱਜ ਮੈਨੂੰ ਨਵੀਂ ਤੂੰ ਜ਼ਿੰਦਗੀ ।
ਜਦ ਪੁਰਾਣੇ ਬੋਲ ਮਰਦੇ ਜੀਭ ਤੋਂ
ਫੁੱਟਦੇ ਨਗ਼ਮੇ ਨਵੇਂ ਦਿਲ-ਸੋਤ 'ਚੋਂ-
ਰਾਹ-ਰੇਖਾਵਾਂ ਪੁਰਾਤਨ ਖੋਣ ਜਦ,
ਨਵਿਆਂ ਦੇਸਾਂ ਦੇ ਤੇ ਪਰਦੇਸਾਂ ਦੇ ਤਦ,
ਨਜ਼ਰ ਦੇ ਸਾਹਵੇਂ ਨਜ਼ਾਰੇ ਨੱਚਦੇ ।
ਅੰਤ ਨਹੀਓਂ ਤੇਰੀ ਲੀਲਾ ਦਾ ਕਦੇ ।(37)

ਮੈਨੂੰ ਤੇਰੀ ਚਾਹ ਹੈ, ਇਕ ਤੇਰੀ ਹੀ ਚਾਹ

ਮੈਨੂੰ ਤੇਰੀ ਚਾਹ ਹੈ, ਇਕ ਤੇਰੀ ਹੀ ਚਾਹ
ਇਕ-ਰਟ ਏਹੋ ਆਖਦਾ ਮਨ ਮੇਰਾ ਕੁਰਲਾ ।
ਸੱਖਣੀਆਂ ਤੇ ਕੂੜੀਆਂ, ਬੇਮਤਲਬ ਹਨ ਉਹ
ਰਾਤ ਦਿਨੇ ਭਟਕਾਉਂਦੀਆਂ ਮੈਨੂੰ ਖ਼ਾਹਸ਼ਾਂ ਜੋ ।

ਜਿਵੇਂ ਹਨੇਰੀ ਰਾਤ ਦੇ ਸੰਘਣੇ-ਪਨ ਵਿਚ ਵਾਸ
ਰੱਖਦੀ ਲੁਕਵੇਂ ਤੌਰ ਤੇ ਚਾਨਣ ਦੀ ਅਰਦਾਸ-
ਓਵੇਂ ਚਿੱਤ ਅਚੇਤ ਚੋਂ ਸੁਣਦੇ ਬੋਲ ਸਦਾ :
*ਮੈਨੂੰ ਤੇਰੀ ਚਾਹ ਹੈ, ਇਕ ਤੇਰੀ ਹੀ ਚਾਹ ।*

ਅੰਤ ਅਮਨ ਹੈ, ਜਾਣ, ਇਉਂ ਉੱਠੇ ਝੱਖੜ ਝੁੱਲ,
ਲਾਉਂਦਾ ਅਮਨ-ਵਿਰੋਧ ਵਿਚ ਅਪਣੀ ਪੂਰੀ ਟਿੱਲ-
ਓਵੇਂ ਤੇਰੇ ਪਿਆਰ ਤੋਂ ਮਨ ਬਾਗ਼ੀ, ਕੁਰਲਾ
ਆਖੇ, 'ਤੇਰੀ ਚਾਹ ਹੈ, ਮੈਨੂੰ ਤੇਰੀ ਚਾਹ ।'(38)

ਜ਼ਿੰਦਗੀ ਦਾ ਜਦ ਸਰੋਵਰ ਸੁੱਕ ਜਾਏ

ਜ਼ਿੰਦਗੀ ਦਾ ਜਦ ਸਰੋਵਰ ਸੁੱਕ ਜਾਏ
ਮਨ-ਕੰਵਲ ਦੀਆਂ ਖੰਭੀਆਂ ਜਦ ਜਾਣ ਲੂਹੀਆਂ
ਆਪਣੇ ਕਰੁਣਾ ਦੇ ਬੱਦਲਾਂ ਨਾਲ ਤਾਂ ਫਿਰ-
ਘੋਰਦਾ ਤੇ ਉਮਡਦਾ ਹੋਇਆ ਤੂੰ ਆਈਂ ।

ਜ਼ਿੰਦਗੀ ਦੀ ਸਾਰੀ ਮਿੱਠਤ
ਜਦ ਕਿ ਕੌੜੇ ਬੰਜਰਾਂ ਵਿਚ ਬਦਲ ਜਾਏ,
ਆਪਣੇ ਗੀਤਾਂ ਦੀ ਬਣ ਕੇ ਮਿੱਠ ਬਰਖਾ
ਤੂੰ ਅਕਾਸ਼ੋਂ ਵੱਸ ਜਾਈਂ ।

ਜੱਗ ਦੇ ਜਦ ਧੰਦਿਆਂ ਦਾ, ਹਰਿਕ ਪਾਸੇ
ਸ਼ੋਰ ਉੱਠੇ, ਗੂੰਜੇ ਗੱਜੇ
ਤੇ ਉਹ ਮੈਨੂੰ ਆਪਣੀ ਸੀਮਾ ਦੇ ਅੰਦਰ ਕੈਦ ਕਰ ਲਏ
ਸ਼ਾਨਤੀ ਦੇ ਪੁੰਜ ਮਾਲਕ !
ਸ਼ਾਨਤੀ ਤੇ ਚੈਨ ਦਾ ਤੂੰ ਦੂਤ ਬਣ ਕੇ ਕੋਲ ਆਈਂ ।

ਜਦ ਮੇਰਾ ਦਿਲ ਦੀਨ-
ਅਪਣੇ ਆਪ ਦੇ ਵਿਚ ਸੁੰਗੜ ਕੇ ਕੋਨੇ ਨੂੰ ਮੱਲੇ
ਤਦ ਮਿਰੇ ਹੇ ਉਦਾਰ ਸੁਆਮੀ !
ਖੋਲ੍ਹ ਕੇ ਮੇਰੇ ਦੁਆਰੇ-
ਝਟ ਮਿਰੇ ਘਰ ਵਿੱਚ, ਸ਼ਾਹੀ ਠਾਠ ਲੈ ਕੇ ਪੈਰ ਪਾਈਂ ।

ਲਾਲਸਾਂ ਜਦ ਤੇਜ਼ ਅਪਣੀ ਗਰਦ ਧੂੜਨ
ਤੇ ਬਹੁਤ ਚਮਕੀਲੀਆਂ ਲੈ ਵੰਚਨਾਵਾਂ
ਕਰਨ ਆ ਮੱਤ-ਹੀਣ, ਅੰਨ੍ਹਾ,
ਤਦ ਸੁਆਮੀ ! ਆਪਣਾ ਗੰਭੀਰ ਚਾਨਣ ਨਾਲ ਲਿਆਈਂ ।(39)

ਪਿਛਲੇ ਕਈ ਦਿਨਾਂ ਤੋਂ ਲੈ ਕੇ

ਪਿਛਲੇ ਕਈ ਦਿਨਾਂ ਤੋਂ ਲੈ ਕੇ
ਔੜਾਂ ਮਾਰੇ ਮਨ ਮੇਰੇ ਤੇ
ਵਰ੍ਹੀ ਨਹੀਂ ਹੈ ਬਾਰਿਸ਼ ਆ ਕੇ
ਹੇ ਮੇਰੇ ਭਗਵਾਨ !

ਅੱਤ ਮਹੀਨ ਪਤਲੀਓਂ ਪਤਲੀ
ਬਦਲੋਟੀ ਦੀ ਸੂਖ਼ਮ ਝਿੱਲੀ
ਦਿੱਸੇ ਨਾ ਦਿਸਹੱਦੇ ਉੱਤੇ
ਨੰਗਾ ਹੈ ਅਸਮਾਨ ।

ਕਾਲੀ ਮੌਤ ਦੇ ਜਿਹਾ ਲਿਆ ਕੇ
ਗੁੱਸੇ ਦਾ ਤੂਫ਼ਾਨ ਝੁਲਾ ਦੇ
ਰਜ਼ਾ ਤਿਰੀ ਵਿਚ, ਬਿਜਲੀ-ਲਹਿਰਾਂ
ਤ੍ਰਿਭਕਾਵਣ ਅਸਮਾਨ ।

ਧੁੱਪ ਤ੍ਰਿੱਖੀ, ਜ਼ਾਲਮ ਗਰਮੀ,
ਮਨ ਮਾਯੂਸੀ ਦੇ ਵਿਚ ਲੂੰਹਦੀ
ਪਰਤਾ ਲੈ, ਪਰਤਾ ਲੈ ਇਸ ਨੂੰ
ਹੇ ਮੇਰੇ ਭਗਵਾਨ !

ਵਰ੍ਹਨ ਮਿਹਰ ਦੇ ਬੱਦਲਾਂ ਨੂੰ ਦੇਹ
ਹੰਝ-ਭਰੀ ਮਾਂ ਤੱਕਣੀ ਵਾਂਗੂੰ
ਜੋ ਬੱਚੇ ਤੇ ਝੁਕਦੀ, ਪਿਉ ਦਾ
ਚੜ੍ਹੇ ਗ਼ੁਸਾ ਜਦ ਸਾਣ ।(40)

ਸਭ ਤੋਂ ਪਿੱਛੇ ਹਟ ਕਿਉਂ ਪਿਆਰੇ

ਸਭ ਤੋਂ ਪਿੱਛੇ ਹਟ ਕਿਉਂ ਪਿਆਰੇ
ਛੁਪ ਗਏ ਸੰਘਣੀ ਛਾਂ ਵਿਚਕਾਰੇ ?
ਉਹੋ ਤੁਹਾਨੂੰ ਧਕ ਸੁਟ ਜਾਂਦੇ,
ਧੂੜ ਭਰੇ ਦੇ ਰਸਤੇ ਉੱਤੇ ।

ਮੈਂ ਲੈ ਕੇ ਪੂਜਾ ਦੀ ਥਾਲੀ
ਕਦ ਤੋਂ ਦੇਖਾਂ ਰਾਹ ਤੁਹਾਡੀ ।
ਵਾਰੋ ਵਾਰੀ ਆਵਣ ਰਾਹੀ
ਤੇ ਆ ਕੇ ਚੰਗੇਰ 'ਚੋਂ ਮੇਰੀ
ਫੁੱਲਾਂ ਨੂੰ ਉਹ ਜਾਵਣ ਚੁਕਦੇ
ਫੁੱਲ ਚੰਗੇਰੋਂ ਜਾਵਣ ਮੁਕਦੇ ।

ਬੀਤ ਗਿਆ ਸਰਘੀ ਦਾ ਵੇਲਾ
ਲੰਘਿਆ ਸਿਰ ਤੋਂ ਸਿਖਰ ਦੁਪਹਿਰਾ
ਸ਼ਾਮ ਦੇ ਸਾਏ ਹੇਠਾਂ, ਅਖੀਆਂ-
ਨੀਂਦ 'ਚ ਬੋਝਲ ਹੋ ਕੇ ਝੁਕੀਆਂ ।
ਘਰ ਵਲ ਪਰਤ ਰਹੇ ਉਹ ਲੋਕੀ,
ਨਜ਼ਰ ਉਠਾ ਤੱਕਣ ਵਲ ਮੇਰੀ ।

ਸੁੱਟਣ ਵਿਅੰਗ ਨਾਲ ਮੁਸਕਾਣਾਂ
ਸ਼ਰਮ ਨਾਲ ਮੈਂ ਨੈਣ ਝੁਕਾਵਾਂ,
ਮੰਗਤੀ ਜਿਉਂ ਮੈਂ ਇਥੇ, ਵਿਚਾਰਾ
ਚੁੰਨੀ ਨਾਲ ਹਾਂ ਮੂੰਹ ਢਕ ਬੈਠਾ ।
ਲੋਕੀ ਜਦ ਪੁੱਛਣ, 'ਕੀ ਚਾਹੇਂ ?'
ਤਾਂ ਮੈਂ ਨੈਣ ਝੁਕਾ ਕੇ ਅਪਣੇ
ਚੁੱਪ ਚੁਪੀਤਾ ਹੀ ਬਹਿ ਜਾਵਾਂ
ਤੇ ਉੱਤਰ ਤਕ ਨਾ ਪਰਤਾਵਾਂ ।

ਦੱਸ ਸਕਾਂ ਇਤਨਾ ਵੀ ਨਾ ਹਾਏ !
'ਰਾਹ ਤੁਹਾਡੀ ਦੇ ਵਿਚ ਬਹਿ ਕੇ
ਇੰਤਜ਼ਾਰ ਮੈਂ ਕਰਾਂ ਤੁਹਾਡੀ
ਆਸ ਦਿਲੇ ਵਿਚ ਧਰਾਂ ਤੁਹਾਡੀ ।'

ਇਹ ਦਸਦੇ ਵੀ ਲਾਜ ਹੈ ਆਉਂਦੀ :
ਇਹ ਗ਼ਰੀਬੀ-ਅੱਟੀ ਝੋਲੀ
ਭੇਟਾ ਖਾਤਰ ਅਪਣੇ ਸ਼ਾਹ ਦੀ
ਅਪਣੇ ਕੋਲ ਸਾਂਭ ਕੇ ਰੱਖੀ ।
ਇਹ ਗੌਰਵ ਵਿਚ ਮਨ-ਡੂੰਘਾਂ ਦੇ,
ਰੱਖ ਛੱਡਾਂ ਮੈਂ ਨੱਪ, ਛੁਪਾ ਕੇ ।

ਅੱਜ ਬੈਠਾ ਮੈਂ ਸਾਵੇ ਘਾਹ ਤੇ
ਇਕ ਟਕ ਤੱਕਾਂ ਅੰਬਰ ਵੱਲੇ
ਤਿਰੇ ਅਚਾਨਕ ਆ ਜਾਵਣ ਦਾ
ਸੁਪਨਾ ਲੈ ਦਿਲ ਇਉਂ ਪਰਚਾਵਾਂ:-

'ਜਗਮਗ ਜਗ ਉਠੀਆਂ ਸਭ ਜੋਤਾਂ,
ਝੁਲੀਆਂ ਰਥ ਦੀਆਂ ਸੋਨ-ਝੰਡੀਆਂ;
ਤੇ ਫਿਰ ਰਥ 'ਚੋਂ ਉਤਰ ਤੁਸਾਂ ਨੇ
ਧੂੜ ਭਰੀ ਧਰਤੀ ਤੋਂ ਚੁਕ ਕੇ,
ਮੈਨੂੰ ਅਪਣੇ ਕੋਲ ਬਿਠਾਇਆ ।
ਮੈਲੇ ਫਟੇ ਪਰ੍ਹਾਵੇ ਵਾਲੀ
ਅੱਤ ਮਲੀਨ ਜਿਹੀ ਇਸ ਮੰਗਤੀ
ਨੂੰ ਅਪਣੇ ਪੱਲੇ ਥੀਂ ਕਜਿਆ
ਮਾਣ 'ਚ ਇਸਦਾ ਜੁੱਸਾ ਕੰਬਿਆ,
ਜਿਵੇਂ ਬਾਹਰ ਦੀ 'ਵਾ ਦੇ ਅੰਦਰ
ਲਗਰ ਝੂਮ ਕੇ ਕੰਬੇ ਥਰ ਥਰ ।'

ਇਹ ਸੁਪਨਾ, ਰਿਹਾ ਕੇਵਲ ਸੁਪਨਾ
ਵਕਤ ਆਇਆ ਤੇ ਲੰਘਿਆ ਕਿਤਨਾ;
ਦਿੱਤੀ ਨਾ ਆਵਾਜ਼ ਸੁਣਾਈ
ਤੇਰੇ ਰਥ ਦੇ ਪਹੀਆਂ ਵਾਲੀ ।
ਗਏ ਜਲੂਸ ਅਨੇਕਾਂ ਭਾਰੇ,
ਸ਼ੋਰ ਮਚਾਉਂਦੇ, ਲਾਉਂਦੇ ਨਾਹਰੇ ।
ਖ ਫੁੱਲਾਂ ਨੂੰ ਉਹ ਜਾਵਣ ਚੁਕਦੇ
ਖੜੇ ਰਹੇ ਤੁਸੀਂ ਛਾਂ ਵਿਚ ਹਟ ਕੇ
ਸਭ ਤੋਂ ਪਾਸੇ ਸਭ ਤੋਂ ਪਿੱਛੇ ।

ਅਤੇ ਉਡੀਕਾਂ ਦੀਆਂ ਲੰਬੀਆਂ
ਥੱਕ ਹਾਰ ਕੇ ਕੱਟਾਂ ਘੜੀਆਂ ।
ਦਿਲ-ਪੀੜਾ ਨੂੰ ਹੰਝੂਆਂ ਰਾਹੀਂ
ਬੈਠ ਰਿਹਾ ਹਾਂ ਕੁੰਲਜ ਦੇਣ ਲਈ ।(41)

ਅੱਜ ਸਵੇਰੇ ਹੀ ਕਿਸੇ

ਅੱਜ ਸਵੇਰੇ ਹੀ ਕਿਸੇ
ਕਿਹਾ ਕੰਨ ਵਿਚਕਾਰ :
'ਅੱਜ ਅਸਾਂ ਨੇ ਚੱਲਣਾ,
ਹੋ ਬੇੜੀ ਅਸਵਾਰ !'

'ਜਾਣਾ ਤੂੰ ਤੇ ਮੈਂ ਹੀ
ਦੁਨੀਆਂ ਦੀ ਕੋਈ ਰੂਹ,
ਕੱਢ ਸਕੇਗੀ ਨਾ ਕਦੇ
ਸਾਡੇ ਸਫ਼ਰ ਦੀ ਸੂਹ ।
ਸਫ਼ਰ ਜਿੜ੍ਹਾ ਕਿ ਹੈ ਨਹੀਂ
ਕਿਸੇ ਦੇਸ਼ ਦੇ ਵੱਲ;
ਨਾ ਹੀ ਕੋਈ ਲਖਸ਼ ਹੈ
ਸਾਨੂੰ ਰਿਹਾ ਲਿਚੱਲ ।

ਇਸ ਸਾਗਰ ਬੇਅੰਤ ਵਿਚ
ਤੇਰੀ ਬਿਨਾਂ ਜ਼ੁਬਾਨ
ਕੰਨ ਲਾ ਲਾ ਕੇ ਸੁਣਨ ਦੀ
ਦੇਖ, ਮਧੁਰ ਮੁਸਕਾਨ
ਗੀਤ ਮਿਰੇ ਲਹਿਰਾਂ ਤਰ੍ਹਾਂ
ਢਲ ਨਗ਼ਮੇ ਵਿਚਕਾਰ
ਵਿਗਸਣ ਲਗਦੇ ਸ਼ਬਦ-ਮਈ
ਬੰਧਨੋਂ ਪਾ ਛੁਟਕਾਰ ।

ਹਾਲੇ ਹੋਰ ਕੀ ਕੰਮ ਹਨ ?
ਸਮਾਂ ਨ ਢੁੱਕਾ ਆਣ ?
ਕੰਢੀਂ ਸ਼ਾਮਾਂ ਲੱਥੀਆਂ
ਚਾਨਣ ਹਿਸਦੇ ਜਾਣ ।
ਤੇ ਸਾਗਰ ਤੋਂ ਆ ਰਹੇ
ਪੰਛੀ ਵਾਰੋ ਵਾਰ
ਆਲ੍ਹਣਿਆਂ ਵਲ ਆਪਣੇ
ਲੰਮੀ ਮਾਰ ਉਡਾਰ ।

ਕਦ ਜ਼ੰਜੀਰਾਂ ਟੁੱਟਣਾ ?
ਕਿਸਨੂੰ ਇਸਦੀ ਸਾਰ ?
ਡੁਬਦੇ ਸੂਰਜ ਵਾਂਗਰਾਂ
ਦੇਹ ਅੰਤਮ ਝਲਕਾਰ-
ਬੇੜੀ ਨੇ ਹੋ ਜਾਵਣਾ
ਲੋਪ ਨ੍ਹੇਰ ਵਿਚਕਾਰ ।(42)

ਇੱਕ ਦਿਹੁੰ ਜਦ ਮੈਂ ਤੇਰੇ ਸੁਆਗਤ ਦੀ ਖ਼ਾਤਰ

ਇੱਕ ਦਿਹੁੰ ਜਦ ਮੈਂ ਤੇਰੇ ਸੁਆਗਤ ਦੀ ਖ਼ਾਤਰ
ਅਪਣੇ ਆਪ ਨੂੰ ਕੀਤਾ ਹੋਇਆ ਤਿਆਰ ਨਹੀਂ ਸੀ,
ਓਦੋਂ ਬਿਨਾਂ ਅਵਾਜ਼ੋਂ ਮੇਰੇ ਮਨ ਦੇ ਅੰਦਰ-
ਆਮ ਅਤੇ ਅਣਜਾਣੇ ਜੇਹੇ ਮਾਨੁਖ ਵਾਕਰ
ਤੂੰ ਓ ਮੇਰੇ ਰਾਜਾ ! ਆ ਕੇ ਦਾਖਲ ਹੋਇਓਂ ।
ਮੇਰੇ ਜੀਵਨ ਦੇ-ਤੇਜ਼ੀ ਦੇ ਨਾਲ ਗੁਜ਼ਾਰਦੇ-
ਪਲ-ਘੜੀਆਂ ਤੇ ਛਾਪ ਅਨਾਦੀ ਅਪਣੀ ਲਾਈ ।

ਤੇ ਅੱਜ, ਜਦੋਂ ਅਚਾਨਕ ਹੀ ਮੈਂ, ਚਾਨਣ ਦੇ ਵਿਚ-
ਤੱਕਾਂ, ਨਜ਼ਰੀਂ ਆਉਂਦੇ ਹਨ ਤੇਰੇ ਹੱਥ-ਅੱਖਰ,
ਤੇ ਮੈਨੂੰ ਇਉਂ ਲੱਗੇ ਜੀਕਣ ਧੂੜ 'ਚ ਖਿੰਡੇ-
ਗ਼ਮਾਂ ਅਤੇ ਖ਼ੁਸ਼ੀਆਂ ਦੀ ਯਾਦਾਂ-ਗੁੱਧੇ, ਮਿੱਸੇ
ਮੇਰੇ ਭੁੱਲੇ ਵਿਸਰੇ ਹੋਏ ਹੋਣ ਦਿਹਾੜੇ ।

ਮਿੱਟੀ ਵਿਚ ਤੂੰ ਮਿਰੀਆਂ ਬਾਲ-ਖਿਡਾਰਾਂ ਤਕੀਆਂ
ਪਰ ਘਿਰਨਾ ਦੇ ਨਾਲ ਨਹੀਂ ਪਰਤਾਈਆਂ ਅੱਖੀਆਂ
ਖੇਡ-ਕੋਠੜੀ ਵਿਚ ਜੋ ਤੇਰੀ ਵਿੜਕ ਸੁਣੀ ਸੀ
ਤਾਰਿਆਂ ਦੇ ਵਿਚ ਗੂੰਜ ਰਹੀ ਆਵਾਜ਼ ਉਹ ਹੁਣ ਵੀ ।(43)

ਮੇਰੀ ਏਹੋ ਹੈ ਖ਼ੁਸ਼ੀ, ਮੈਂ ਰਾਹ ਦੇ ਵਿਚ ਬੈਠ ਕੇ

ਮੇਰੀ ਏਹੋ ਹੈ ਖ਼ੁਸ਼ੀ, ਮੈਂ ਰਾਹ ਦੇ ਵਿਚ ਬੈਠ ਕੇ,
ਨੱਸਦੇ ਪਰਛਾਵਿਆਂ ਨੂੰ ਦੇਖ ਲਾਂ ਨੂਰਾਂ ਪਿਛਾਂਹ;
ਗਰਮੀਆਂ ਦੀ ਰੁੱਤ ਪਿੱਛੋਂ ਆਏ ਰੁੱਤ ਬਰਸਾਤ ਦੀ,
ਤੇ ਉਡੀਕਾਂ ਵਿੱਚ ਹੀ ਮੈਂ ਓਸ ਦੇ ਬੈਠਾ ਰਹਾਂ ।

ਦੂਤ, ਜੋ ਲਿਆਵਣ ਅਜਾਣੇ ਆਸਮਾਨਾਂ ਦੀ ਖ਼ਬਰ
ਉਹ ਖ਼ੁਸ਼ੀ ਵਿਚ ਮਿਲਕੇ ਤੁਰਦੇ ਨਾਲ ਨੇ ਰਸਤਾ ਸਦਾ;
ਮਨ ਮਿਰੇ ਨੂੰ ਚੜ੍ਹਦੀਆਂ ਖ਼ੁਸ਼ੀਆਂ ਅਥਾਹ ਓਦੋਂ ਨੇ ਆ
ਅੱਤ ਮਿੱਠੀ ਜਾਪਦੀ ਹੈ ਵਗ ਰਹੀ ਠੰਡੀ ਹਵਾ ।

ਪਹੁ-ਫੁਟਾਲੇ ਤੋਂ ਲੈ ਆਥਣ ਦੇ ਮੂੰਹ-ਨ੍ਹੇਰੇ ਤੀਕਰਾਂ
ਸਾਹਮਣੇ ਬੈਠਾ ਮੈਂ ਰਹਿੰਦਾ ਆਪਣੇ ਹਾਂ ਦੁਆਰ ਤੇ
ਉਹ ਸਮਾਂ ਖ਼ੁਸ਼ੀਆਂ ਦਾ ਭਰਿਆ ਆਇਗਾ ਇਕ ਦਿਨ ਜ਼ਰੂਰ,
ਆਇਗਾ, ਜਿਸ ਨੂੰ ਕਿ ਮੈਂ ਦੇਖਾਂਗਾ ਨੈਣਾਂ ਸਾਹਮਣੇ ।

ਇਸ ਸਮੇਂ ਬਿਲਕੁਲ ਇਕੱਲਾ ਹੱਸਦਾਂ, ਰੂਹ ਗਾ ਰਹੀ,
ਤੇ ਹਵਾ ਦੇ ਵਿੱਚ ਖ਼ੁਸ਼ਬੂ ਹੈ 'ਕਰਾਰਾਂ ਦੀ ਭਰੀ ।(44)

ਵਿੜਕ ਪੈਰਾਂ ਦੀ ਨਹੀਂ ਤੈਨੂੰ ਸੁਣੀ ਕੀ ?

ਵਿੜਕ ਪੈਰਾਂ ਦੀ ਨਹੀਂ ਤੈਨੂੰ ਸੁਣੀ ਕੀ ?
ਆ ਰਿਹੈ ਉਹ-ਆ ਰਿਹਾ ਹੈ-ਆ ਰਿਹਾ ਹੈ ।
ਹਰਿਕ ਯੁਗ, ਹਰ ਪਲ, ਘੜੀ ਤੇ ਰਾਤ ਦਿਨ ਹੀ
ਆ ਰਿਹੈ ਉਹ-ਆ ਰਿਹਾ ਹੈ-ਆ ਰਿਹਾ ਹੈ ।

ਮੈਂ ਅਨੇਕਾਂ ਗੀਤ ਉਸ ਦੇ
ਮਨ-ਤਰੰਗਾਂ ਨਾਲ ਗਾਏ
ਉਹਨਾਂ ਸਭ ਗੀਤਾਂ ਦੀ ਸੁਰ-
ਵਿੱਚੋਂ ਇਹੋ ਆਵਾਜ਼ ਆਏ :
'ਆ ਰਿਹੈ ਉਹ, ਆ ਰਿਹਾ ਹੈ, ਆ ਰਿਹਾ ਹੈ ।'

ਸੌਣ ਦੀ ਹਰ ਇਕ ਹਨੇਰੀ
ਰਾਤ ਦੇ ਵਿਚ ਘੋਰਦੇ ਹੋਏ-
ਬੱਦਲਾਂ ਦੀ ਰਥ ਸਵਾਰੀ ਕਰਕੇ ਆਏ ।
ਦੁੱਖ ਪਰ ਹਨ ਦੁੱਖ ਛਾਏ
ਦੁਖ ਨਹੀਂ, ਇਹ ਕਦਮ ਉਸ ਨੇ
ਮੇਰੇ ਦਿਲ ਨੂੰ ਹਨ ਛੁਹਾਏ ।
ਸੁਖ ਦਾ ਜਦ ਅਹਿਸਾਸ ਹੋਵੇ
ਵਿੜਕ ਪੈਰਾਂ ਉਸਦਿਆਂ ਦੀ
ਮੇਰੇ ਦਿਲ ਤੇ ਗੀਤ ਗਾਏ :
ਆ ਰਿਹੈ ਉਹ, ਆ ਰਿਹਾ ਹੈ, ਆ ਰਿਹਾ ਹੈ ।

ਸੰਘਣੇ ਗ਼ਮ ਹੋਰ ਹੋ ਜਾਵਣ ਘਨੇਰੇ
ਪੈਰ ਉਸ ਦੇ ਛੁਹਣ ਆ ਹਿਰਦੇ ਨੂੰ ਮੇਰੇ;
ਓਸ ਦੇ ਪੈਰਾਂ ਦੀ ਤਦ ਇਹ ਸੋਨ-ਛੁਹ ਹੀ
ਜਗਮਗਾਉਣ ਦੇ ਲਈ ਖ਼ੁਸ਼ੀਆਂ ਜਗਾਏ
ਆ ਰਿਹੈ ਉਹ, ਆ ਰਿਹਾ ਹੈ, ਆ ਰਿਹਾ ਹੈ ।(45)

ਕਿੰਨੇ ਚਿਰ ਤੋਂ, ਕਿੰਨੀ ਦੂਰੋਂ

ਕਿੰਨੇ ਚਿਰ ਤੋਂ, ਕਿੰਨੀ ਦੂਰੋਂ,
ਮੇਲ ਮਿਰੇ ਲਈ ਤੁਰਦਾ ਆਇਓਂ,
ਇਸ ਦੀ ਮੈਨੂੰ ਕੋਈ ਨਾ ਸਾਰ ।

ਤੇਰੇ, ਸੂਰਜ, ਚੰਨ, ਸਿਤਾਰੇ,
ਤੈਨੂੰ ਮੇਰੀ ਨਜ਼ਰੋਂ ਉਹਲੇ-
ਕਰ ਨਹੀਂ ਸਕਦੇ ਇਕ ਪਲਕਾਰ !

ਕਿੰਨੀਆਂ ਸ਼ਾਮਾਂ ਅਤੇ ਸਵੇਰਾਂ-
ਨੂੰ ਤੇਰੇ ਪੈਰਾਂ ਦੀਆਂ ਵਿੜਕਾਂ
ਪਈਆਂ ਹਨ ਕੰਨਾਂ ਵਿਚਕਾਰ ।

ਤੇ ਚੁਪ ਚਾਪ ਪੈਗ਼ੰਬਰ ਤੇਰਾ
ਮਨ ਮੇਰੇ ਵਿਚ ਆ ਕੇ ਲੁਕਿਆ ।
ਰਿਹਾ ਭੇਤ ਵਿਚ ਸੱਦ ਪੁਕਾਰ ।

ਪਤਾ ਨਹੀਂ ਕਿਉਂ ਜੀਵਨ ਮੇਰਾ
ਅਜ ਥੱਰਾਉਂਦਾ, ਤੇ ਮਨ ਮੇਰਾ
ਖ਼ੁਸ਼ੀਆਂ ਵਿਚ ਆਪੇ ਤੋਂ ਬਾਹਰ !

ਮੈਂ ਮਹਿਸੂਸਾਂ, ਜੀਕਣ ਆਇਆ,
ਕੰਮ ਮੁਕਾਵਣ ਦਾ ਹੈ ਵੇਲਾ,
ਅਤੇ ਫ਼ਿਜ਼ਾ ਵਿਚ ਹੋਂਦ ਤਿਰੀ ਹੈ
ਮਹਿਕਾਂ ਰਹੀ ਖਿਲਾਰ ।(46)

ਤੱਕਦਿਆਂ ਉਸ ਦੇ ਰਾਹ ਵਲ ਹੀ

ਤੱਕਦਿਆਂ ਉਸ ਦੇ ਰਾਹ ਵਲ ਹੀ,
ਲਗਭਗ ਸਾਰੀ ਰਾਤ ਹੈ ਬੀਤੀ ।
ਡਰਦਾਂ, ਏਦਾਂ ਨਾ ਹੋ ਜਾਵੇ
ਸੌਂ ਜਾਂ ਮੈਂ, ਦਰ ਤੇ ਉਹ ਆਵੇ ।
ਰਖ ਛੱਡਣੇ ਦਰ ਖੁਲ੍ਹੇ ਮੇਰੇ
ਮਿੱਤਰੋ ! ਰੋਕ ਨਾ ਦੇਣਾ ਕਿਧਰੇ
ਉਸ ਨੂੰ ਟੋਕ ਨਾ ਦੇਣਾ ਕਿਧਰੇ ।

ਉਸ ਦੇ ਪੈਰਾਂ ਦਾ ਖੜਕਾ, ਜੇ
ਮੈਨੂੰ ਟੁੰਬ ਜਗਾ ਨਾ ਸੱਕੇ
ਤਾਂ ਨਾ ਤੁਸੀਂ ਜਗਾਣਾ ਮੈਨੂੰ
ਇਹ ਹੈ ਮੇਰੀ ਅਰਜ਼ ਤੁਹਾਨੂੰ ।
ਮੈਂ ਨਹੀਂ ਚਾਹੁੰਦਾ-ਸਰਘੀ ਵੇਲੇ
ਜਦ ਲੱਗਣ ਕਿਰਨਾਂ ਦੇ ਮੇਲੇ
ਜਦ ਪੰਛੀ ਹਨ ਗਾਣੇ ਗਾਉਂਦੇ
ਪੌਣ ਦੇ ਬੁੱਲੇ ਸ਼ੋਰ ਮਚਾਉਂਦੇ-
ਗੂਹੜੀ ਨੀਂਦੋਂ ਜਾਗ ਮੈਂ ਉੱਠਾਂ
ਚੈਨ ਨਾਲ ਮੈਂ ਸੌਣਾ ਚਾਹਾਂ,
ਚਾਣਚੱਕ ਜੇ ਮਾਲਕ ਮੇਰੇ-
ਆ ਜਾਵਣ ਮੇਰੇ ਦਰ ਉੱਤੇ,
ਤਾਂ ਵੀ ਮੈਨੂੰ ਨਹੀਂ ਜਗਾਣਾ
ਚੈਨ ਨਾਲ ਮੈਂ ਸੌਣਾ ਚਾਹਾਂ ।

ਨੀਂਦਰ ਮੇਰੀ, ਅਮੋਲਕ ਨੀਂਦਰ
ਕੇਵਲ ਉਸ ਦੀ ਛੁਹ ਹਾਸਲ ਕਰ
ਗੁੰਮ ਕਿਤੇ ਹੋ ਜਾਣਾ ਲੋਚੇ
ਦੂਰ ਕਿਤੇ ਖੋ ਜਾਣਾ ਲੋਚੇ ।
ਨੀਂਦ-ਮੁੰਦੀਆਂ ਮੇਰੀਆਂ ਅੱਖਾਂ-
ਕੇਵਲ ਓਸਦੀਆਂ ਮੁਸਕਾਣਾਂ-
ਦੀ ਛੁਹ ਪਾ ਸੱਕਣ ਦੀ ਖ਼ਾਤਰ
ਚੁੱਕ ਲੈਣਗੀਆਂ ਪਲਕਾਂ ਉੱਪਰ ।
ਉਹ ਆਵੇਗਾ ਸਾਹਵੇਂ ਇੱਕਣ
ਘੋਰ ਹਨੇਰੀ ਨੀਂਦੋਂ ਫੁਟ ਕੇ
ਸੁਪਨਾ ਬਾਹਰ ਆਵੇ ਜਿੱਕਣ ।
ਉਸ ਨੂੰ ਮੇਰੀਆਂ ਅੱਖਾਂ ਸਾਹਵੇਂ
ਆਵਣ ਦੇਣਾ ਜਦ ਉਹ ਆਵੇ
ਜਿਵੇਂ ਜਗਤ ਵਿਚ ਪਹਿਲੀ ਵਾਰੀ
ਜੋਤ-ਕਿਰਨ ਤੇ ਰੰਗ-ਰੂਪ ਨੇ
ਅਪਣੀ ਹੈ ਸੀ ਸ਼ਾਨ ਖਿਲਾਰੀ ।
ਮੇਰੀ ਹੈ ਏਹੋ ਹੀ ਇੱਛਾ
ਜਾਗ ਰਹੀ ਇਸ ਮੇਰੀ ਰੂਹ ਦਾ
ਹੋਵੇ ਪਹਿਲਾ ਪ੍ਰੀਤ-ਹੁਲਾਰਾ
ਉਸ ਦਾ ਪਾਵਾਂ ਜਦੋਂ ਨਜ਼ਾਰਾ ।
ਮੁੜ ਕੇ ਚੇਤਨਤਾ ਵਿਚ ਆਣਾ
ਮੇਰਾ ਮਾਲਕ ਵਿਚ ਮਿਲ ਜਾਣਾ-
ਹੋ ਜਾਵੇ ਮੈਂ ਏਹੋ ਚਾਹਾਂ,
ਮੇਰੇ ਮਨ ਦੀ ਇਹੋ ਚਾਹਨਾਂ ।(47)

ਚੁੱਪ-ਭਰੀ ਪਰਭਾਤ ਦਾ ਸਾਗਰ

ਚੁੱਪ-ਭਰੀ ਪਰਭਾਤ ਦਾ ਸਾਗਰ
ਚਿੜੀਆਂ ਦੇ ਸੰਗੀਤ ਦੇ ਅੰਦਰ-
ਫੁੱਟ ਪਿਆ ਸੀ ।
ਫੁੱਲ ਅਨੇਕਾਂ ਸੜਕ ਕਿਨਾਰੇ ।
ਮਸਤੀ ਵਿਚ ਆ ਖਿੜ ਗਏ ਸਾਰੇ
ਖਿੰਡੇ ਸੋਨ-ਕਣ ਦਿਸ-ਹੱਦੇ ਤੇ
ਘੁੰਮਦੇ ਮੇਘ-ਟੁਕੜਿਆਂ ਉੱਤੇ
ਵਧਦੇ ਗਏ ਅਸੀਂ ਪਰ ਅੱਗੇ-
ਅਪਣੇ ਰਾਹ, ਖ਼ਿਆਲੀਂ ਰੁੱਝੇ ।

ਅਸੀਂ ਖ਼ੁਸ਼ੀ ਦੇ ਗੀਤ ਨਾ ਗਾਏ,
ਨਾ ਹੀ ਕੋਈ ਸਾਜ਼ ਵਜਾਏ,
ਨਾ ਹੀ ਪਿੰਡ ਦੇ ਮੇਲੇ ਅੰਦਰ
ਅਸੀਂ ਗਏ ਸੌਦੇ ਦੀ ਖ਼ਾਤਰ ।
ਅਸੀਂ ਕੋਈ ਵੀ ਬੋਲ ਨ ਬੋਲੇ,
ਬੁੱਲ੍ਹ ਮੁਸਕਾਣ ਲਈ ਨਾ ਖੋਲ੍ਹੇ ।
ਇਕ ਘੜੀ ਪਲ ਦੀ ਖ਼ਾਤਰ ਵੀ
ਕੀਤਾ ਨਾ ਆਰਾਮ ਅਸੀਂ ਸੀ;
ਕਦਮਾਂ ਦੇ ਵਿਚ ਤੇਜ਼ੀ ਭਰ ਕੇ
ਅਸੀਂ ਵਧੇ ਅੱਗੇ ਹੀ ਅੱਗੇ ।

ਤੇ ਫਿਰ ਆਖ਼ਰ, ਸਿਖਰ ਦੁਪਹਿਰੇ
ਸੂਰਜ ਲਿਸ਼ਕਣ ਲੱਗਾ ਸਿਰ ਤੇ
ਛਾਵਾਂ ਵਿਚ ਆ ਟਿਕੀਆਂ ਘੁਗੀਆਂ
ਸਿਖਰ ਦੁਪਹਿਰਾਂ ਦੀਆਂ ਲੂਆਂ-
ਲੂਹਣ ਲਗੀਆਂ ਬਿਰਛ-ਪੱਤੀਆਂ-
ਜੋ ਸੁਕ ਝੜ ਕੇ ਨੱਚਣ ਲਗੀਆਂ ।
ਸੰਘਣੀਆਂ ਰੁਖ-ਛਾਵਾਂ ਹੇਠਾਂ
ਸੁਪਨ-ਲੀਨ ਹੋ ਪਾਲੀ ਸੁੱਤਾ ।
ਇਕ ਸਰੋਵਰ ਨੇੜੇ ਮੈਂ ਵੀ
ਘਾਹ ਤੇ ਲਿਟਿਆ ਪੈਰ ਪਸਾਰੀ ।

ਮੇਰੇ ਸਾਥੀ; ਮੇਰੇ ਉੱਤੇ
ਸਾਰੇ ਹੀ ਮਿਲ ਹੱਸਣ ਲੱਗੇ
ਗਰਬ ਨਾਲ ਸਿਰ ਕਰਕੇ ਉੱਚੇ
ਉਹ ਵਧਦੇ ਗਏ ਅੱਗੇ ਅੱਗੇ,
ਪਿੱਛੇ ਵੱਲ ਨਾ ਨੈਣ ਭਵਾਏ
ਬਿੰਦ ਰੁਕੇ ਨਾ ਉਹ ਸਸਤਾਏ ।
ਚਲਦੇ ਚਲਦੇ ਉਹ ਗੁੰਮ ਹੋ ਗਏ
ਨਭ ਦੀ ਨੀਲੱਤਣ ਵਿਚ ਖੋ ਗਏ ।
ਓਹ ਅਸੰਖਾਂ ਪਰਬਤ ਲੰਘੇ
ਦੂਰ ਦੂਰ-ਦੇ ਦੇਸੀਂ ਘੁੰਮੇਂ
ਪਰ, ਮੈਂ ਕੇਵਲ ਉਸੇ ਜਗ੍ਹਾ ਤੇ
ਰਿਹਾ ਲੇਟਿਆ ਕੱਲਾ ਘਾਹ ਤੇ ।

ਆਤਮ-ਹੀਣਤ, ਲੋਕ-ਲਾਜ ਆ
ਕਿੰਨੀ ਵਾਰੀ ਟੁੰਬ ਜਗਾਇਆ,
ਅਸਰ ਨ ਹੋਇਆ ਕੁਝ ਉਸ ਦਾ ਵੀ
ਤੇ ਆਖ਼ਰ ਨੂੰ ਤਿਰਸਕਾਰ ਦੀ,
ਸੁਖ-ਦਾਇਕ ਡੂੰਘਾਈ ਅੰਦਰ
ਤੇ ਉਸ ਧੁੰਦਲੇ ਧੁੰਦਲੇ ਅੰਬਰ-
ਦੀ ਛਾਇਆ ਵਿਚ ਲੀਨ ਮੈਂ ਹੋਇਆ,
ਬਿਲਕੁਲ ਅਪਣਾ ਆਪਾ ਖੋਇਆ ।(48)

ਤੂੰ ਬੈਠਾ ਓਥੇ ਅਪਣੇ

ਤੂੰ ਬੈਠਾ ਓਥੇ ਅਪਣੇ
ਉੱਚੇ ਸਿੰਘਾਸਣਾਂ ਤੇ;
ਮੈਂ ਬੈਠਾ ਇਕ ਕੋਨੇ-
ਵਿਚ ਗੀਤ ਗਾ ਰਿਹਾ ਸੀ ।
ਕੰਨਾਂ 'ਚ ਤੇਰੇ; ਮੇਰੇ-
ਪੁੱਜੇ ਜਦੋਂ ਆ ਨਗ਼ਮੇ
ਤੂੰ ਹੇਠ ਉਤਰ ਮੇਰੇ
ਘਰ ਦੇ ਦੁਆਰ ਦੀਆਂ
ਆ ਪੌੜੀਆਂ 'ਚ ਖੜਿਆ ।

ਦਰਬਾਰ ਤੇਰੇ ਅੰਦਰ
ਬੇ-ਅੰਤ ਗੁਣੀ-ਗਵੱਈਏ
ਗੁਣ-ਹੀਣ ਹਾਂ ਮੈਂ, ਮੇਰੇ-
ਗੀਤਾਂ ਨੇ ਹੀ ਏ ਤੇਰੇ
ਪਰ ਪਿਆਰ ਨੂੰ ਜਗਾਇਆ ।

ਦੁਨੀਆਂ ਦੇ ਗੀਤਾਂ ਵਿੱਚੋਂ
ਮੇਰੇ ਹੀ ਕਰੁਣ ਸੁਰ ਨੇ
ਤੈਨੂੰ ਸਪਰਸ਼ ਕੀਤਾ ।

ਵਰ-ਮਾਲਾ ਹੱਥ ਲੈ ਕੇ
ਤੂੰ ਹੇਠ ਉਤਰ ਆਇਆ
ਤੇ ਏਸ ਮੇਰੇ ਸੁੰਨੇ-
ਘਰ ਦੇ ਦੁਆਰ ਦੀਆਂ
ਆ ਪੌੜੀਆਂ 'ਚ ਖੜਿਆ ।(49)

ਮੈਂ ਤੁਰਦਾ ਉਸ ਪਿੰਡ ਦੇ ਰਸਤੇ

ਮੈਂ ਤੁਰਦਾ ਉਸ ਪਿੰਡ ਦੇ ਰਸਤੇ
ਖੈਰ ਮੰਗਦਾ ਸੀ ਦਰ ਦਰ ਤੇ ।
ਸੋਨ-ਮਈ ਰਥ ਤੇਰਾ ਆਉਂਦਾ
ਜਦ ਮੈਂ ਦੂਰੀ ਤੋਂ ਹੀ ਤਕਿਆ
ਤਾਂ ਮੈਨੂੰ ਉਹ ਏਕਣ ਲੱਗਾ,
ਸੋਹਣਾ ਸੁਪਨਾ ਜਿਉਂ ਕੋਈ ਡਿੱਠਾ ।
ਹੱਦ ਰਹੀ ਨਾ ਹੈਰਾਨੀ ਦੀ
ਜੋ ਆਉਂਦਾ ਹੈ ਮੇਰੇ ਵੰਨੀਂ
ਕੌਣ ਰਾਜਿਆਂ ਦਾ ਹੈ ਰਾਜਾ ?
ਸੋਚ ਰਿਹਾ ਅਪਣੀ ਦੌੜਾਂਦਾ ।

ਸਿਰ ਚੁਕ ਉਠੀਆਂ ਮੇਰੀਆਂ ਆਸਾਂ
ਸੋਚਿਆ; ਸ਼ਾਇਦ ਮੇਰੀਆਂ ਘੜੀਆਂ-
ਦੁੱਖ, ਦਰਿਦਰ; ਹੀਣਤ ਦੀਆਂ-
ਅਜ ਸਭੇ ਹੀ ਹਨ ਮੁਕ ਚੁੱਕੀਆਂ !
ਤੇ ਫਿਰ ਓਥੇ ਚੁੱਪ ਖੜੋਤਾ
ਮੈਂ ਫਿਰ ਏਕਣ ਸੋਚਣ ਲੱਗਾ;
'ਮੰਗਤਿਆਂ ਦੇ ਪੱਲੇ ਭਰਦੇ
ਰਾਜੇ ਦੇ ਦੁਏ ਹੱਥ ਉਠਣਗੇ,
ਤੁਰਦੇ ਰਥ 'ਚੋਂ ਧੂੜ ਦੇ ਅੰਦਰ
ਸੋਇਨ-ਮੁਹਰਾਂ ਡਿਗਸਣ ਕਿਰ ਕਿਰ ।'

ਰੱਥ ਅਚਾਨਕ ਓਥੇ ਰੁਕਿਆ
ਮੈਂ ਸੀ ਜਿਥੇ ਖਲੋਤਾ ਹੋਇਆ;
ਉੱਠੇ ਨੈਣ ਉਤਾਹਾਂ ਤੇਰੇ
ਮਿਲ ਗਏ ਨੈਣਾਂ ਨਾਲ ਜੋ ਮੇਰੇ;
ਤੇ ਫਿਰ ਤੂੰ ਮੁਸਕਾਂਦਾ ਹੋਇਆ
ਰਥ ਤੋਂ ਹੇਠਾਂ ਉਤਰ ਖਲੋਇਆ ।
ਤੇ ਮੈਂ ਮਨ ਵਿਚ ਸੋਚਣ ਲੱਗਾ
ਭਾਗ ਦਾ ਸੂਰਜ ਚੜ੍ਹਣਾ ਮੇਰਾ ।

ਕੋਲ ਮਿਰੇ ਤੂੰ ਅਚਾਨਕ ਆ ਕੇ
ਮੈਂ ਵਲ ਦੱਖਣੀ ਹਥ ਵਧਾ ਕੇ
ਇਉਂ ਮੈਨੂੰ ਤੂੰ ਆਖਣ ਲੱਗਾ :
*ਦੇਹ ਮੈਨੂੰ ਜੋ ਦੇਣ ਲਿਆਇਆ ।*
ਸੀ ਉਹ ਕਿਹਾ ਮਖ਼ੌਲ ਨਿਰਾਲਾ
ਮੰਗਤੇ ਅੱਗੇ ਇਕ ਰਾਜੇ ਨੇ
ਮੰਗਣ ਲਈ ਸੀ ਹੱਥ ਵਧਾਇਆ ।
ਕੁਝ ਚਿਰ ਮੈਂ ਹੈਰਾਨੀ ਭਰਿਆ
ਚੁੱਪ ਚਪੀਤਾ ਤੱਕਣ ਲੱਗਾ ।
ਤੇ ਝੋਲੀ 'ਚੋਂ ਇਕ ਚਾਵਲ ਦੀ
ਨਿੱਕੀ ਡਲੀ(ਕਣੀ) ਤੇਰੇ ਹੱਥ ਰਖੀ ।

ਪਰ ਮੇਰੀ ਹੈਰਾਨੀ ਵਾਲੀ
ਹੱਦ ਰਹੀ ਨਾ ਕੋਈ ਬਾਕੀ-
ਦਿਹੁੰ ਢਲੇ ਜਦ ਅਪਣੀ ਝੋਲੀ
ਖ਼ਾਲੀ ਕਰਨ ਲਈ ਮੈਂ ਖੋਲ੍ਹੀ;
ਝੋਲੀ ਦੇ ਚੌਲਾਂ ਵਿਚ ਤਕਿਆ
ਸੋਨੇ ਦਾ ਵੀ ਸੀ ਇਕ ਕਿਣਕਾ ।

ਦੇਖ ਕੇ ਇਹ ਮੈਂ ਰੋਵਣ ਲੱਗਾ,
ਧੀਰਜ ਦਿਲ ਦਾ ਖੋਵਣ ਲੱਗਾ,
ਜੋ ਕੁਝ ਝੋਲੀ ਵਿੱਚ ਸੀ ਰਖਿਆ
ਕਿਉਂ ਤੈਨੂੰ ਸਾਰਾ ਨਾ ਦਿੱਤਾ ।(50)

ਫੈਲ ਗਏ ਸਨ ਸੰਘਣੇ ਨ੍ਹੇਰੇ

ਫੈਲ ਗਏ ਸਨ ਸੰਘਣੇ ਨ੍ਹੇਰੇ
ਕੰਮ ਦਿਹੁੰ ਭਰ ਦੇ ਸਨ ਮੁੱਕੇ ।
ਅਸੀਂ ਸੋਚਿਆ ਆਵਣ ਵਾਲੇ
ਆ ਚੁੱਕੇ ਹਨ ਕੁੱਲ ਪਰਾਹੁਣੇ ।
ਅਤੇ ਪਿੰਡ ਦੇ ਵੱਡੇ ਦੁਆਰੇ
ਬੰਦ ਅਸੀਂ ਕਰ ਲੀਤੇ ਸਾਰੇ ।
ਕਿਹਾ ਇਹ ਕੇਵਲ ਪਰ ਕੁਝ ਜਣਿਆਂ:-
'ਹਾਲੀ ਰਾਜਾ ਆਵਣ ਵਾਲਾ ।'
ਹੱਸ ਅਸੀਂ ਪਰ ਉੱਤਰ ਦਿੱਤਾ-
'ਨਹੀਂ, ਨਹੀਂ, ਇਹ ਹੋ ਨਹੀਂ ਸਕਦਾ ।'

ਫਿਰ ਸ਼ਾਇਦ ਇਉਂ ਸਾਨੂੰ ਲਗਿਆ
ਜਿਵੇਂ ਕਿਸੇ ਨੇ ਦਰ ਖੜਕਾਇਆ ।
ਅਸੀਂ ਕਿਹਾ :'ਨਹੀਂ ਕੁਝ ਵੀ ਏਹੇ
ਕੇਵਲ ਹੈਨ ਹਵਾ ਦੇ ਬੁੱਲੇ ।'
ਆਪਣੇ ਫੇਰ ਬੁਝਾ ਕੇ ਦੀਵੇ
ਸੌਂ ਜਾਣ ਦੀ ਖ਼ਾਤਰ ਲੇਟੇ ।
ਕਿਹਾ ਇਹ ਕੇਵਲ ਪਰ ਕੁਝ ਜਣਿਆਂ:-
'ਰਾਜ-ਦੂਤ ਹੈ ਆਇਆ ਇਹ ਤਾਂ ।'
ਐਪਰ ਹੱਸ ਅਸੀਂ ਕਹਿ ਦਿੱਤਾ !
'ਨਹੀਂ ਹਵਾ ਦਾ ਸੀ ਇਹ ਬੁੱਲਾ ।'

ਫਿਰ ਜਦ ਰਾਤ ਗਈ ਸੀ ਅੱਧੀ
ਵਾਜ ਇੱਕ ਸੁਨਸਾਨ 'ਚੋਂ ਉੱਠੀ ।
ਅਸੀਂ ਸੋਚਿਆ ਸੁੱਤੇ ਸੁੱਤੇ
ਦੂਰ ਕਿਤੇ ਬੱਦਲ ਹਨ ਗੱਜੇ ।
ਧਰਤੀ ਕੰਬੀ, ਹਿੱਲੀਆਂ ਕੰਧਾਂ
ਵਿਘਨ ਪਿਆ ਨੀਂਦਰ ਵਿਚ ਸੁਤਿਆਂ
ਪਰ ਕੇਵਲ ਕੁਝ ਨੇ ਕਹਿ ਦਿੱਤਾ :
'ਬੋਲ ਹੈ ਇਹ ਰਥ-ਪਹੀਆਂ ਦਾ ।'
ਅਸੀਂ ਕਿਹਾ ਹੌਲੇ ਅਲਸਾਕੇ :
'ਨਹੀਂ, ਇਹ ਬੱਦਲ ਹੀ ਹਨ ਗੜ੍ਹਕੇ ।'

ਅਜੇ ਹਨੇਰੀ ਰਾਤ ਸੀ ਹਾਲੀ
ਗੂੰਜੀ ਚੋਟ ਨਗਾਰੇ ਵਾਲੀ ।
ਤੇ ਆਈ ਆਵਾਜ਼ ਤਿਖੇਰੀ :
'ਉੱਠੋ, ਕਰੋ ਨਾ ਭੋਰਾ ਦੇਰੀ ।'
ਛਿੜ ਗਏ ਸਾਨੂੰ ਡਰ ਦੇ ਕਾਂਬੇ
ਦਿਲ ਅਪਣੇ ਹੱਥਾਂ ਵਿਚ ਸਾਂਭੇ;
ਕਿਹਾ ਕੁਝ ਕੁ ਜਣਿਆਂ : 'ਔਹ ਤੱਕੋ-
ਰਾਜੇ ਦਾ ਝੰਡਾ ਰਥ ਉੱਤੇ !'
ਝਟ ਪਟ ਉੱਠੇ ਅਤੇ ਖਲੋ ਗਏ
ਤੇ 'ਕੱਠੇ ਹੀ ਸਾਰੇ ਬੋਲੇ :
'ਕਾਹਲ ਕਰੋ, ਨਾ ਦੇਰ ਕਰੋ ਹੁਣ,
ਸਮਾਂ ਨਹੀਂ, ਨਾ ਦੇਰ ਕਰੋ ਹੁਣ ।'

ਰਾਜਾ ਆ ਚੁਕਿਆ ਸੀ ਓਥੇ
ਐਪਰ ਪੂਜਾ-ਦੀਪ ਸੀ ਕਿੱਥੇ ?
ਪਹਿਨਾਵਣ ਲਈ ਮਾਲਾ ਕਿੱਥੇ ?
ਤਖ਼ਤ ਬਿਠਾਵਣ ਵਾਲਾ ਕਿੱਥੇ ?
ਕਿੱਥੇ ਸੀ ਉਹ ਮੰਡਪ ਸਜਿਆ ?
ਲੱਜਿਆ, ਲੱਜਿਆ, ਕਿੰਨੀ ਲੱਜਿਆ !
ਕੁਝ ਜਣਿਆਂ ਪਰ ਇਉਂ ਕਹਿ ਦਿੱਤਾ :
'ਬੇ-ਮਤਲਬ ਹੈ ਇਹ ਵਿਆਕੁਲਤਾ ।
ਕਰੋ ਸੁਆਗਤ ਖਾਲੀ ਹੱਥੀਂ
ਸੁੰਨ-ਘਰਾਂ ਵਿਚ ਲਿਆਵੋ ਉਹਨੀਂ ।'

ਅਪਣੇ ਦਰ ਦਰਵਾਜ਼ੇ ਖੋਲ੍ਹੋ,
ਤੇ ਸੰਖਾਂ ਨੂੰ ਵੱਜਣ ਦੇਵੋ ।
ਰਾਤ ਦੇ ਸੰਘਣੇ-ਨ੍ਹੇਰ 'ਚ ਆਇਆ
ਜਿਹੜਾ ਹੈ ਅਜ ਰਾਜਾ ਸਾਡਾ
ਉਸਦਾ ਕਰੋ ਸੁਆਗਤ, ਆਦਰ ।
ਅੰਬਰ ਦੇ ਵਿਚ ਬਿਜਲੀ ਕੜਕੇ
ਲਿਸ਼ਕ ਜਿਦ੍ਹੀ ਵਿਚ ਨ੍ਹੇਰਾ ਲਰਜ਼ੇ ।
ਅਪਣੀ ਫਟੀ ਚਟਾਈ ਲਿਆਓ
ਆਂਗਣ ਦੇ ਵਿਚ ਖੋਲ੍ਹ ਵਿਛਾਓ ।

ਸਾਡੀਆਂ ਅੱਤ ਭਿਆਨਕ ਰਾਤਾਂ-
ਦਾ ਇਹ ਏਥੇ ਸਾਡਾ ਰਾਜਾ
ਅੱਜ ਅਚਾਨਕ ਹੀ ਹੈ ਆਇਆ
ਮੀਂਹ-ਨ੍ਹੇਰੀ ਹੈ ਨਾਲ ਲਿਆਇਆ ।(51)

ਇਕ ਵਾਰੀ ਮਨ ਮੇਰਾ ਕੀਤਾ

ਇਕ ਵਾਰੀ ਮਨ ਮੇਰਾ ਕੀਤਾ
ਮੰਗ ਲਵਾਂ ਗਲ-ਹਾਰ ਮੈਂ ਤੇਰਾ ।
ਪਰ ਮੇਰੀ ਹਿੰਮਤ ਨਾ ਹੋਈ,
ਬੋਲ ਨਾ ਮੂੰਹੋਂ ਫੁਰਿਆ ਕੋਈ ।
ਸਰਘੀ ਤਕ ਮੈਂ ਰਹੀ ਤਕਾਂਦੀ
ਆਸ ਇਹੋ ਮਨ ਦੇ ਵਿਚ ਰੱਖੀ :
ਤੇਰੇ ਜਾਣ ਦੇ ਪਿੱਛੋਂ ਤੇਰੀ-
ਸੇਜ ਤੋਂ ਤੇਰੇ ਫੁੱਲ ਚੁਣਾਂਗੀ ।

ਪਹੁ-ਫੁਟਦੇ ਹੀ ਸਾਰ ਮੈਂ ਉੱਠੀ
ਵਾਂਗ ਭਿਖਾਰੀ ਲੱਭਣ ਲੱਗੀ ।
ਫੁੱਲ ਨਹੀਂ ਸਨ, ਹਾਰ ਨਹੀਂ ਸੀ
ਮਿਲੀਆਂ ਖਿੰਡੀਆਂ ਦੋ ਖੰਭੀਆਂ ਹੀ ।
ਇਹ ਕੀ ! ਬਹੁਤ ਹੋਈ ਹੈਰਾਨੀ
ਇਹ ਕਿਹੀ ਤੇਰੀ ਪਿਆਰ-ਨਿਸ਼ਾਨੀ ?
ਨਾ ਇਹ ਫੁੱਲ ਤੇ ਨਾ ਹੀ ਕਲੀਆਂ
ਨਾ ਇਹ ਅਤਰ ਫੁਲੇਲ ਸੁਗੰਧਾਂ :
ਇਹ ਤਾਂ ਉਹ ਤਲਵਾਰ ਹੈ ਤੇਰੀ
ਜੌਹਰ ਭਰੀ ਹੈ ਜਿਸਦੀ ਸ਼ਕਤੀ
ਅੱਗ ਵਾਂਗ ਜੋ ਲਪਟੇ, ਭੜਕੇ
ਜੋ ਬਿਜਲੀ ਜਿਉਂ ਲਿਸ਼ਕੇ ਕੜਕੇ ।

ਇਕ ਮੁਟਿਆਰ ਕਿਰਨ ਸਰਘੀ ਦੀ
ਖਿੜਕੀ ਦੇ ਵਿੱਚੀਂ ਹੈ ਆਈ ।
ਤੇ ਉਹ ਖਿੰਡ ਗਈ ਹੈ ਆਪੇ
ਸੇਜ ਤਿਰੀ ਦੇ ਉੱਤੇ ਆ ਕੇ ।
ਤੇ ਪਰਭਾਤ ਦੇ ਪੰਛੀ ਆ ਆ
ਪੁੱਛ ਰਹੇ ਹਨ ਗੀਤ ਕੁਈ ਗਾ :
'ਮੁਟਿਆਰੇ ਸਾਨੂੰ ਦੱਸ ਖਾਂ ਨੀ !
ਤੈਨੂੰ ਕਿਹੜੀ ਮਿਲੀ ਨਿਸ਼ਾਨੀ ?'
ਨਾ ਇਹ ਫੁੱਲ ਤੇ ਨਾ ਹਨ ਕਲੀਆਂ
ਨਾ ਹੀ ਅਤਰ ਫੁਲੇਲ ਸੁਗੰਧਾਂ
ਇਹ ਤਾਂ ਉਹ ਤਲਵਾਰ ਹੈ ਤੇਰੀ
ਜੌਹਰ ਭਰੀ ਹੈ ਸ਼ਕਤੀ ਜਿਸਦੀ ।
ਮੈਂ ਸੋਚਾਂ ਹੈਰਾਨੀ-ਮੱਤੀ :
'ਪਿਆਰ ਦੀ ਭੇਟਾ ਹੈ ਇਹ ਕੈਸੀ ?'
ਮੈਂ ਹੁਣ ਇਸਨੂੰ ਕਿੱਥੇ ਰੱਖਾਂ ?
ਇਸ ਦੇ ਪਹਿਨਣ ਤੋਂ ਮੈਂ ਝੱਕਾਂ
ਜਦ ਇਸ ਨੂੰ ਹਿੱਕ ਨਾਲ ਵੀ ਲਾਵਾਂ
ਤਾਂ ਮੈਂ ਪੀੜ ਜਿਹੀ ਮਹਿਸੂਸਾਂ
ਫਿਰ ਵੀ ਪੀੜਾ-ਦਾਇਕ ਤੇਰੀ,
ਪਿਆਰ ਨਿਸ਼ਾਨੀ ਮੈਂ ਪਹਿਨਾਂਗੀ ।

ਹੁਣ ਮੈਨੂੰ ਸੰਸਾਰ ਦੇ ਅੰਦਰ,
ਨਹੀਂ ਰਿਹਾ ਹੈ ਕੋਈ ਵੀ ਡਰ ।
ਇਸ ਜੀਵਨ ਦੇ ਜੁੱਧ 'ਚ ਮੇਰੀ,
ਹਰ ਪਾਸੇ ਹੈ ਵਿਜੈ ਵਿਜੈ ਹੀ ।
ਇਹ ਮਿਰਤੂ ਦੀ ਦੂਤਣ, ਚੇਰੀ-
ਰਹਿਣੀ ਜੀਵਨ ਸਾਥਣ ਮੇਰੀ ।
ਜੀਵਨ-ਗਹਿਣੇ ਨਾਲ ਮੈਂ ਇਸ ਦਾ
ਕਰਨਾ ਹੈ ਸ਼ਿੰਗਾਰ ਹਮੇਸ਼ਾ ।
ਕੋਲ ਮਿਰੇ ਤਲਵਾਰ ਇਹ ਤੇਰੀ
ਬੰਧਨ ਮੇਰੇ ਕੱਟ ਸੁਟੇਗੀ ।
ਹੁਣ ਮੈਨੂੰ ਸੰਸਾਰ ਦੇ ਅੰਦਰ,
ਨਹੀਂ ਰਿਹਾ ਹੈ ਕੋਈ ਵੀ ਡਰ ।
ਹੁਣ ਤੋਂ ਅਪਣੇ ਗਹਿਣੇ-ਗੱਟੇ
ਮੈਂ ਸਾਰੇ ਹੀ ਤਜ ਦੇਣੇ ਨੇ ।
ਹੇ ਕਿ ਦੇਵਤਾ ! ਮੇਰੇ ਮਨ ਦੇ
ਹੁਣ ਮੈਂ ਕਿਸੇ ਹਨੇਰੇ ਕੋਣੇ-
ਦੇ ਵਿਚ ਬਹਿ ਕੇ, ਰੋਂਦੀ ਰੋਂਦੀ
ਰਾਹ ਤੇਰੇ ਨੂੰ ਨਾ ਤੱਕਾਂਗੀ ।

ਐਵੇਂ ਮਿੱਠੇ ਬੋਲਾਂ ਰਾਹੀਂ
ਉਸਤਤ-ਗਾਣੇ ਨਾ ਗਾਵਾਂਗੀ ।
ਇਹ ਤੇਰੀ ਤਲਵਾਰ ਸਦਾ ਹੀ
ਤਨ ਦਾ ਬਣ ਸ਼ਿੰਗਾਰ ਰਹੇਗੀ ।
ਜੋ ਨਕਲੀ ਹਨ ਗਹਿਣੇ-ਗੱਟੇ
ਉੱਕਾ ਤਜ ਦੇਵਾਂਗੀ ਸਾਰੇ ।(52)

ਲੱਖ-ਤਾਰਿਆਂ-ਰਤਨਾਂ-ਰੰਗਾਂ

ਲੱਖ-ਤਾਰਿਆਂ-ਰਤਨਾਂ-ਰੰਗਾਂ,
ਜੜੀਆਂ ਹੋਈਆਂ ਤੇਰੀਆਂ ਵੰਗਾਂ,
ਕਿੰਨੀਆਂ ਸੁੰਦਰ ਸ਼ੋਭਾਵਾਨ ।
ਪਰ ਇਹਨਾਂ ਤੋਂ ਸੋਹਣੀ, ਬਾਂਕੀ,
ਮੇਰੇ ਲਈ ਕਿਰਪਾਨ ਏ ਤੇਰੀ,
ਧਾਰ ਜਿਦ੍ਹੀ ਹੈ ਬਿੱਜ ਸਮਾਨ !
ਤੇਜ ਜਿਦ੍ਹਾ ਹੈ ਪਾਕ ਪਵਿੱਤਰ,
ਵਿਸ਼ਨੂੰ-ਗਰੜ ਦੇ ਖੰਭਾਂ ਵਾਕਰ,
ਜੋ ਡੁਬਦੇ ਦੀ ਲਾਲੀ ਉੱਪਰ
ਤਣੇ ਹੋਏ ਹਨ ਰੋਹ ਦੇ ਤ੍ਰਾਣ ।

ਮੌਤ ਦੇ ਵਾਰ ਅਖ਼ੀਰੀ ਉੱਪਰ,
ਜੀਵਨ ਦੀ ਮਿਠ-ਪੀੜਾ ਵਾਕਰ,
ਕੰਬਣ ਵਾਲੀ ਇਹ ਕਿਰਪਾਨ-
ਪਾਕ ਹੈ ਆਤਮ-ਜਵਾਲਾ ਵਾਂਗੂੰ
ਕਰਦੀ ਜੋ ਜਗ-ਇਛਿਆਵਾਂ ਨੂੰ
ਲਪਟ, ਸਾੜ ਕੇ ਰਾਖ ਸਮਾਨ ।

ਸਚ ਮੁਚ ਤੇਰੀਆਂ ਸੁੰਦਰ ਵੰਗਾਂ,
ਤਾਰੇ-ਰਤਨਾਂ ਜੜੀਆਂ ਵੰਗਾਂ ।
ਪਰ ਹੇ ਬਿੱਜ-ਲੋਕ ਭਗਵਾਨ !
ਤੇਰੀ ਹੈ ਕਿਰਪਾਨ ਸੁਹਾਣੀ
ਸੁੰਦਰਤਾ ਨਾ ਜਾਏ ਬਿਆਨੀ-
ਅਜਬ, ਅਲੌਕਿਕ ਸ਼ਕਤੀਵਾਨ !
ਦੇਖ ਸਕਣ ਤੇ ਹੀ ਨਹੀਂ, ਜਿਸ ਦੇ
ਸਗਵਾਂ ਸੋਚਣ ਲਈ ਵੀ ਜਿਸ ਤੇ
ਰੂਹ ਨੂੰ ਛਿੜਦੀ ਕੰਬਣੀ ਆਣ ।(53)

ਮੈਂ ਤੈਥੋਂ ਕੁਝ ਵੀ ਨਾ ਮੰਗਿਆ

ਮੈਂ ਤੈਥੋਂ ਕੁਝ ਵੀ ਨਾ ਮੰਗਿਆ,
ਏਥੋਂ ਤੀਕ ਕੇ ਅਪਣਾ ਨਾਂ ਵੀ
ਨਾ ਤੇਰੇ ਕੰਨਾਂ ਵਿਚ ਦਸਿਆ ।

ਜਦ ਤੂੰ ਲੱਗਾ ਲੈਣ ਵਿਦੈਗੀ
ਖੜਾ ਰਿਹਾ ਮੈਂ ਨਾਲ ਖ਼ਮੋਸ਼ੀ ।
ਉਸ ਖੂਹ ਤੇ ਮੈਂ 'ਕੱਲਾ ਹੀ ਸੀ
ਜਿੱਥੇ ਸੀ ਰੁਖ-ਛਾਇਆ ਪਸਰੀ ।
ਮੂੰਹੋਂ ਮੂੰਹ ਭਰ ਅਪਣੇ ਘੜਿਆਂ-
ਨੂੰ ਮੁੜੀਆਂ ਸਨ ਮੁਟਿਆਰਾਂ ।
ਮੈਨੂੰ ਉਨ੍ਹਾਂ ਕਿਹਾ ਸੀ ਏਕਣ
'ਚਲ ਸਾਡੇ ਸੰਗ, ਹੋ ਗਈ ਆਥਣ ।'
ਪਰ ਬੇ-ਮਤਲਬ, ਗਾਣੇ ਗਾਂਦਾ
ਮੈਂ ਓਸੇ ਥਾਂ ਰਿਹਾ ਖਲੋਤਾ ।
ਮੈਂ ਤੇਰੇ ਪੈਰਾਂ ਦੀਆਂ ਵਿੜਕਾਂ,
ਸੁਣ ਸਕਿਆ ਨਾ ਜਦ ਤੂੰ ਆਇਆ ।
ਤੈਂ ਮੇਰੇ ਵਲ ਪਾਈ ਝਾਤੀ,
ਤਦ ਤੇਰੀ ਸੀ ਨਜ਼ਰ ਉਦਾਸੀ;
ਥਕੀ ਥਕੀ ਆਵਾਜ਼ ਸੀ ਤੇਰੀ
ਜਦੋਂ ਕਿਹਾ ਸੀ ਤੂੰ ਇਉਂ, ਹੌਲੀ :
'ਉਫ਼ ! ਮੈਂ ਹਾਂ ਇਕ ਪਿਆਸਾ ਰਾਹੀ ।'

ਜਾਗ ਪਿਆ ਮੈਂ ਦਿਨ-ਸੁਪਨੇ ਤੋਂ
ਤੇ ਅਪਣੀ ਗਾਗਰ ਦੇ ਵਿੱਚੋਂ
ਦੋ ਹੱਥਾਂ ਦੀ ਓਕ 'ਚ ਤੇਰੇ
ਨਿਰਮਲ ਪਾਣੀ ਪਾਵਣ ਲੱਗਾ ।
ਉਸ ਵੇਲੇ ਰੁੱਖਾਂ ਦੇ ਪੱਤੇ
'ਖੜ ਖੜ' ਗਿੱਧਾ ਪਾਵਣ ਲੱਗੇ ।
ਤੇ ਅਣ-ਦਿੱਸ ਹਨੇਰੇ ਵਿਚੋਂ
ਕੋਇਲ 'ਕੂ ਕੂ' ਗਾਵਣ ਲੱਗੀ
ਸੜਕ-ਮੋੜ ਤੋਂ, ਫੁੱਲ ਬਾਬਲਾ-
ਦੀ ਖ਼ੁਸ਼ਬੋਈ ਆਵਣ ਲੱਗੀ ।

ਜਦ ਤੂੰ ਮੇਰਾ ਨਾਉਂ ਪੁੱਛਿਆ
ਖੜਾ ਰਿਹਾ ਮੈਂ ਚੁਪ ਸ਼ਰਮਾਇਆ ।
ਮੈਂ ਕਿਹੜਾ ਉਪਕਾਰ ਅਜੇਹਾ-
ਕੀਤਾ ਸੀ, ਜੋ ਮੈਨੂੰ ਚੇਤੇ-
ਰੱਖਣ ਲਈ ਤੂੰ ਨਾਉਂ ਪੁੱਛਦਾ ?

ਹਾਂ, ਪਾਣੀ ਮੈਂ ਦੇ ਸਕਿਆ, ਪਰ,
ਤੇਰੀ ਤ੍ਰੇਹ ਬੁਝਾਵਣ ਖ਼ਾਤਰ ।
ਦਿਲ ਮੇਰੇ ਵਿਚ ਯਾਦ ਮਿਠੇਰੀ
ਹਰਦਮ ਹੀ ਇਹ ਬਣੀ ਰਹੇਗੀ;
ਜੋ ਮੇਰੇ ਜੀਵਨ ਦੀਆਂ ਘੜੀਆਂ
ਕਰਦੀ ਰਹੂ ਹਮੇਸ਼ਾ ਮਿਠੀਆਂ ।

ਦੂਰ ਹੈਨ ਸਰਘੀ ਦੀਆਂ ਘੜੀਆਂ
ਪੰਛੀ-ਸੁਰਾਂ, ਥੱਕ-ਅਲਸਾਈਆਂ;
'ਸਾਂ ਸਾਂ' ਕਰਦੇ ਨਿੰਮ ਦੇ ਪੱਤੇ
ਝੂਲ ਰਹੇ ਹਨ ਸਿਰ ਦੇ ਉੱਤੇ;
ਤੇ ਮੈਂ ਬੈਠਾ, ਸੋਚ ਰਿਹਾ ਹਾਂ,
ਸੋਚ ਰਿਹਾ ਹਾਂ, ਸੋਚੀ ਜਾਨਾਂ ।(54)

ਜਾਗ, ਜਾਗਦੇ ਹੇ ਇਨਸਾਨ !

ਜਾਗ, ਜਾਗਦੇ ਹੇ ਇਨਸਾਨ !

ਮਨ ਤੇਰਾ ਹੈ ਥਕ-ਅਲਸਾਇਆ
ਨੀਂਦ-ਬੋਝ ਦੇ ਨਾਲ ਤੇਰੀਆਂ
ਪਲਕਾਂ ਬੰਦ ਹੁੰਦੀਆਂ ਜਾਣ ।

ਕੀ ਤੈਨੂੰ ਨਹੀਂ ਮਿਲੀਆਂ ਸੋਆਂ ?
ਕੰਡਿਆਂ ਉੱਤੇ ਰਾਜ ਕਰੇਂਦਾ-
ਫੁੱਲ ਹੱਸ ਕੇ ਨਾਲ ਅਭਿਮਾਨ ।

ਜਾਗ, ਜਾਗਦੇ ਹੋਏ ਮਾਨਵ
ਤੇ ਅਪਣੇ ਵੇਲੇ ਨੂੰ ਐਵੇਂ-
ਹੀ ਤੂੰ ਬਿਰਥਾ ਨਾ ਦੇਹ ਜਾਣ ।

ਪਥਰੀਲੇ ਤੇ ਬਿਖੜੇ ਬਿਖੜੇ,
ਤੇਰੇ ਰਾਹ ਦੇ ਆਖ਼ਰ ਉੱਤੇ,
ਦੇਸ ਨਿਰਾਲੇ ਤੇ ਸੁਨਸਾਨ-

ਬੈਠਾ ਸਾਥੀ ਤਿਰਾ ਇਕੱਲਾ
ਦੇ ਦੇਵੀਂ ਨਾ ਉਸਨੂੰ ਧੋਖਾ-
ਜਾਗ, ਜਾਗਦੇ ਹੇ ਇਨਸਾਨ !

ਕੀ ਹੋਇਆ ਜੇ ਸਿਖਰ ਦੁਪਹਿਰਾਂ-
ਕੜਕਦੀਆਂ ਤੇ ਕਹਿਰੀ ਧੁੱਪਾਂ-
ਨਾਲ ਕੰਬਦਾ ਹੈ ਅਸਮਾਨ !

ਦਗਦੀ ਦਗਦੀ ਰੇਤ ਚੁਫ਼ੇਰੇ
ਤ੍ਰੇਹ-ਵਿਆਕੁਲਤਾ ਪਈ ਬਿਖੇਰੇ
ਨਾ ਹੋ ਫਿਕਰਾਂ ਵਿਚ ਗ਼ਲਤਾਨ ।

ਕੀ ਤੇਰੇ ਮਨ ਦੇ ਵਿਚਕਾਰੇ
ਖ਼ੁਸ਼ੀਆਂ ਦੇ ਨਹੀਂ ਰਹੇ ਹੁਲਾਰੇ ?
ਕਦਮ ਕਦਮ ਤੇ ਕੀ ਅਣਜਾਣ-

ਤਿਰੀਆਂ ਪਦ-ਚਾਪਾਂ ਦੀ ਛੁਹ ਤੋਂ
ਕੀ ਵੀਣਾ ਦੇ ਤਾਰਾਂ ਵਿੱਚੋਂ
ਫੁਟ ਵਗਦੇ ਨਹੀਂ ਕਰੁਣਾ ਗਾਨ ?(55)

ਸੱਭੇ ਖੁਸ਼ੀਆਂ ਤੇਰੀਆਂ ਦਾ ਮੈਂ ਹਾਂ ਆਧਾਰ

ਸੱਭੇ ਖੁਸ਼ੀਆਂ ਤੇਰੀਆਂ ਦਾ ਮੈਂ ਹਾਂ ਆਧਾਰ
ਮੇਲ ਮਿਰੇ ਲਈ ਆਪ ਨੂੰ ਲੀਤਾ ਹੇਠ ਉਤਾਰ ।
ਹੋਂਦ ਨ ਮੇਰੀ ਹੋਂਵਦੀ ਜੇ ਤਾਂ ਤੇਰਾ ਪਿਆਰ-
ਕਿੱਥੇ ਜਾਂਦਾ ਮਾਲਕਾ ! ਸੁਰਗਾਂ ਦੇ ਸਰਦਾਰ ?

ਜਗ-ਮਾਇਆ ਦਾ ਰੱਖਿਆ ਮੈਨੂੰ ਹਿੱਸੇ ਦਾਰ
ਅਣਮੁਕ ਲੀਲਾ ਲਈ ਥਾਂ ਮੱਲੀ ਮਨ ਵਿਚਕਾਰ,
ਮੇਰੇ ਜੀਵਨ ਵਿੱਚ ਹੀ ਤੇਰੀ ਲੀਲਾ ਆ,
ਵੰਨ-ਸੁਵੰਨੇ ਰੂਪ ਵਿਚ ਕਰਦੀ ਹੈ ਪ੍ਰਗਟਾ ।

ਮਨ ਮੇਰੇ ਦੀ ਜਿੱਤ ਲਈ ਹੇ ਸ਼ਾਹਾਂ ਦੇ ਸ਼ਾਹ !
ਅਪਣਾ ਆਪ ਸਜਾਉਨੈਂ ਸੋਹਣੇ ਗਹਿਣੇ ਪਾ ।

ਪਿਆਰ ਤੇਰਾ ਇਹ ਪ੍ਰੇਮੀਆਂ ਲਈ ਦਏ ਆਪਾ ਖੋ,
ਲੈ ਆਵੇ ਇਕਸਾਰਤਾ ਦੁਹਾਂ ਧਿਰਾਂ ਵਿਚ ਜੋ ।(56)

ਓ ਚਾਨਣ ! ਮੇਰੇ ਚਾਨਣ !! ਵਿਸ਼ਵ ਦੇ ਵਿਚ ਵਿਆਪਦੇ ਚਾਨਣ ! ! !

ਓ ਚਾਨਣ ! ਮੇਰੇ ਚਾਨਣ !! ਵਿਸ਼ਵ ਦੇ ਵਿਚ ਵਿਆਪਦੇ ਚਾਨਣ ! ! !
ਓ ਨੈਣਾਂ ਨੂੰ ਲੁਭਾਵਣ ਵਾਲੇ, ਦਿਲ ਦੇ ਰਸ-ਭਰੇ ਚਾਨਣ !

ਇਹ ਚਾਨਣ ਹੀ ਮਿਰੇ ਜੀਵਨ-ਧੁਰੇ ਤੇ ਨਾਚ ਛੋਂਹਦਾ ਹੈ ।
ਇਹ ਚਾਨਣ ਹੀ ਪਿਆਰਾ, ਪ੍ਰੇਮ-ਤਾਰਾਂ ਝੁਣਝੁਣਾਉਂਦਾ ਹੈ;
ਤੇ ਖੁੱਲ੍ਹਣ ਦਰ ਅਕਾਸ਼ਾਂ ਦੇ, ਹਵਾ ਵਿਚ ਵੇਗ ਆਉਂਦਾ ਹੈ
ਅਤੇ ਧਰਤੀ ਦੇ ਕਣ ਕਣ ਵਿੱਚ ਆ ਖੇੜਾ ਸਮਾਉਂਦਾ ਹੈ ।

ਤਿਤਲੀਆਂ ਤਰਦੀਆਂ ਚਾਨਣ ਦੇ ਹਨ ਆਗਾਧ ਸਾਗਰ ਤੇ
ਖਿੜਨ ਲਿੱਲੀ, ਜੁਹੀ-ਕਲੀਆਂ ਕਿਰਨ-ਲਹਿਰਾਂ ਦੀ ਟੀਸੀ ਤੇ ।
ਇਹੋ ਚਾਨਣ ਹਰਿੱਕ ਬੱਦਲ ਨੂੰ ਦੇਂਦਾ ਸੋਨ-ਮਈ ਰੰਗ ਹੈ
ਇਹੋ ਚਾਨਣ ਅਸੰਖਾਂ ਮੋਤੀ ਬੇ-ਪਰਵਾਹ ਬਿਖਰਾਉਂਦਾ
ਖੁਸ਼ੀ ਵਿਚ ਝੂਮਦੇ ਪੱਤੇ, ਅਥਾਹ ਖੇੜਾ ਹੈ ਲਹਿਰਾਉਂਦਾ ।

ਸਵਰਗੀ ਨੂਰ-ਧਾਰਾ ਨੇ ਕਿਨਾਰੇ ਆਪਣੇ ਡੋਬੇ,
ਤੇ ਜਲ-ਪਰਵਾਹ ਖੇੜੇ ਦਾ ਚੁਫੇਰੇ ਫੈਲ ਚੁਕਿਆ ਏ !(57)

ਸਾਰੀ ਘੁਲ ਮਿਲ ਜਾਣ ਦੇ ਖੇੜੇ ਦੀ ਝੁਣਕਾਰ

ਸਾਰੀ ਘੁਲ ਮਿਲ ਜਾਣ ਦੇ ਖੇੜੇ ਦੀ ਝੁਣਕਾਰ
ਮੇਰੇ ਅੰਤਮ ਗੀਤ ਦੇ ਵਿਚ ਇੱਕੋ ਹੀ ਵਾਰ ।

ਖੇੜਾ-ਜੋ ਝੂਮਾ ਰਿਹਾ, ਘਾਹ, ਰੁੱਖਾਂ ਦੇ ਡਾਲ
ਧਰਤੀ ਵੀ ਇਹ ਝੂਮਦੀ ਰਲ ਜੀਹਨਾਂ ਦੇ ਨਾਲ;
ਖੇੜਾ-ਜੋ ਨਚਵਾਉਂਦਾ ਰੰਗ-ਮੰਚ ਤੇ ਲਿਆ
ਜਾਏ ਇੱਕੋ ਮਾਂ ਦੇ ਜੀਵਨ, ਮੌਤ ਭਰਾ ।

ਖੇੜਾ-ਝੂਣ ਜਗਾਉਂਦਾ ਜੋ ਜੀਵਨ ਵਿਚਕਾਰ
ਹਰ ਥਾਂ ਹਾਸੇ ਵਾਲੜੀ ਸੁਆਦ ਰੂਪ ਛਣਕਾਰ ।

ਖੇੜਾ-ਜੋ ਦੁਖ ਰੱਤੜੇ ਕੰਵਲ-ਪਤਾਂ ਵਿਚਕਾਰ
ਚੁੱਪ-ਚੁਪੀਤਾ ਸੋਭਦਾ ਅਪਣੇ ਹੰਝੂ ਵਾਰ ।

ਖੇੜਾ-ਜਿਹੜਾ ਆਪਣਾ ਸਭ ਕੁਝ ਮਿੱਟੀ ਰੋਲ
ਦੱਸਣਾ ਮੂਲ ਨ ਚਾਹੁੰਦਾ ਕੁਝ ਵੀ ਮੂੰਹੋਂ ਬੋਲ ।(58)

ਹਾਂ, ਮੈਂ ਹਾਂ ਇਹ ਜਾਣਦਾ

ਹਾਂ, ਮੈਂ ਹਾਂ ਇਹ ਜਾਣਦਾ
ਮਨ ਮੇਰੇ ਦੇ ਪੀ !
ਤੇਰੇ ਪਿਆਰ ਬਗ਼ੈਰ ਇਹ
ਕੁਝ ਵੀ ਹੋਰ ਨਹੀਂ :

ਨਚਦਾ ਹੋਇਆ ਸੋਨ-ਮਈ
ਪੱਤਿਆਂ ਤੇ ਪਰਕਾਸ਼,
ਜਿੱਲ੍ਹੇ ਉਡ ਰਹੇ ਮੇਘਲੇ
ਅਸਮਾਨੀਂ ਬੇ-ਵਾਸ !

ਕੋਲੋਂ ਲੰਘਦੀ ਹੋਈ ਇਹ
ਠੰਡੀ ਠੰਡੀ 'ਵਾ;
ਛਡਦੀ ਮਸਤਕ ਤੇ ਮੇਰੇ
ਸੀਤਲ ਸੀਤਲ ਸਾਹ ।

ਨੂਰ ਊਸ਼ਾ ਦਾ ਅੱਖੀਏਂ
ਵਹਿੰਦਾ ਵਾਂਗ ਆਵੇਸ਼,
ਮੇਰੇ ਦਿਲ ਦੇ ਲਈ ਹੈ
ਇਹ ਤੇਰਾ ਸੰਦੇਸ਼ ।

ਤੇਰਾ ਮੁਖੜਾ ਉਪਰੋਂ
ਝੁਕਿਆ ਹੁੰਇਆ ਹਿਠਾਂਹ,
ਨਜ਼ਰ ਮਿਰੀ ਦੇ ਨਾਲ ਹਨ
ਮਿਲ ਰਹੀਆਂ ਨਜ਼ਰਾਂ ।

ਤੇਰੇ ਚਰਨਾਂ ਵਾਲੜੀ
ਪਾਕ ਪਵਿੱਤਰ ਛੁਹ,
ਮਨ ਮੇਰੇ ਨੂੰ ਅੱਜ ਤਾਂ
ਰਹੀ ਏ ਹਾਸਲ ਹੋ ।(59)

ਲੱਖ ਦੁਨੀਆਂ ਦਾ ਸਾਗਰ-ਕੰਢਾ

ਲੱਖ ਦੁਨੀਆਂ ਦਾ ਸਾਗਰ-ਕੰਢਾ
ਇਕ ਬਾਲਾਂ ਦਾ ਮੇਲਾ ਲੱਗਾ ।
ਮੌਨ, ਅਨੰਤ ਅਕਾਸ਼ ਉਤਾਹਾਂ
ਹੇਠਾਂ ਸਾਗਰ ਤਰਲ-ਤਰੰਗਾਂ ।

ਲੱਖ ਅਸੰਖਾਂ ਸੰਸਾਰਾਂ ਦੇ,
ਏਸ ਅਥਾਹ ਸਾਗਰ ਦੇ ਕੰਢੇ;
ਸ਼ੋਰ ਸ਼ਰਾਬਾ ਕਰਦੇ ਹੋਏ,
ਨਚਦੇ ਟਪਦੇ ਬਾਲ ਨੇ ਆਉਂਦੇ ।
ਰੇਤ-ਘਰੌਂਦੇ ਬਾਲ ਉਸਾਰਨ
ਖਾਲੀ ਕੌਡਾਂ ਖੇਡ ਰਚਾਵਣ ।
ਸੁਕਿਆਂ ਪਤਿਆਂ ਦੀ ਨਉਕਾ ਨੂੰ
ਸਾਗਰ-ਪਾਣੀ ਵਿੱਚ ਚਲਾਵਣ ।
ਲੱਖ ਦੁਨੀਆਂ ਦਾ ਸਾਗਰ-ਕੰਢਾ
ਇਕ ਬਾਲਾਂ ਦਾ ਮੇਲਾ ਲੱਗਾ ।

ਤਾਰੀ ਲਾਉਣਾ ਨਹੀਂਉਂ ਔਂਦਾ
ਜਾਲ ਵਿਛਾਉਣਾ ਨਹੀਂਉਂ ਔਂਦਾ;
ਮੋਤੀ ਦੇ ਜੋ ਸ਼ੌਂਕੀ ਹੁੰਦੇ
ਉਹ ਮੋਤੀ ਲਈ ਗੋਤੇ ਲੌਂਦੇ,
ਸੋਨੇ ਚਾਂਦੀ ਦੇ ਸੌਦਾਗਰ
ਜਾਣ ਜਹਾਜ਼ੀਂ ਧਨ ਦੀ ਖਾਤਰ ।
ਪਰ ਬੱਚੇ ਸਾਗਰ ਦੇ ਕੰਢੇ-
ਕੌਡਾਂ ਜੋੜਨ, ਜੋੜ ਖਿਲਾਰਨ
ਉਹ ਨਹੀਂ ਇਸ ਧੁਨ ਦੇ ਦੀਵਾਨੇ
ਲੱਭ ਸਕਣ ਕੋਈ ਲੁਕੇ ਖ਼ਜ਼ਾਨੇ ।

ਸਾਗਰ ਦੀਆਂ ਤਰਲ-ਤਰੰਗਾਂ
ਹਠ ਕਰ ਜਾਵਣ ਉਛਲ ਉਤਾਹਾਂ ।
ਰੇਖਾ ਇਕ ਸਾਗਰ ਦੇ ਕੰਢੇ-
ਝੱਗ-ਮੁਸਕਣੀਆਂ ਦੀ ਖਿਚ ਜਾਏ ।

ਮੌਤ ਦੀਆਂ ਪੈਗ਼ੰਬਰ ਲਹਿਰਾਂ
ਛੁਹ ਛੁਹ ਕੇ ਬੇ-ਮਤਲਬ ਨਗ਼ਮਾ,
ਉਹਨਾਂ ਬੱਚਿਆਂ ਤਾਈਂ ਸੁਣਾਵਣ;
ਜਿਉਂ ਝੂਲੇ ਵਿਚ ਲੇਟੇ ਹੋਏ
ਅਪਣੇ ਕਿਸੇ ਅੰਞਾਣੇ ਬੱਚੇ
ਖਾਤਰ ਮਾਵਾਂ ਲੋਰੀ ਗਾਵਣ ।
ਰਾਹ-ਹੀਣ ਆਕਾਸ਼ ਦੇ ਅੰਦਰ
ਆਉਂਦੇ ਹਨ ਤੂਫ਼ਾਨ ਭਿਅੰਕਰ ।
ਰਾਹ-ਹੀਣ ਸਾਗਰ ਦੀਆਂ ਲਹਿਰਾਂ
ਟਕਰਾ ਦਿੰਦੀਆਂ ਹੈਨ ਜਹਾਜ਼ਾਂ ।
ਮੌਤ ਆਜ਼ਾਦੀ ਨਾਲ ਚੁਫੇਰੇ
ਘੁੰਮੇ, ਟਹਿਲੇ, ਮਾਰੇ ਫੇਰੇ,
ਪਰ ਸਾਗਰ ਦੇ ਕੰਢੇ ਉਤੇ
ਕੌਡਾਂ ਖੇਡ ਰਹੇ ਨੇ ਬੱਚੇ ।

ਲੱਖ ਦੁਨੀਆਂ ਦਾ ਸਾਗਰ-ਕੰਢਾ
ਇਕ ਬਾਲਾਂ ਦਾ ਮੇਲਾ ਲੱਗਾ ।(60)

ਨੀਂਦਰ ਸੁਹਲ ਮਲੂਕ ਇਹ ਬਾਲ-ਅਖਾਂ ਵਿਚਕਾਰ

ਨੀਂਦਰ ਸੁਹਲ ਮਲੂਕ ਇਹ ਬਾਲ-ਅਖਾਂ ਵਿਚਕਾਰ
ਕਿਥੋਂ ਆਵੇ, ਕਿਸੇ ਨੂੰ ਹੈ ਕੁਝ ਇਸ ਦੀ ਸਾਰ ?

ਹਾਂ, ਸੁਣਦੇ ਹਾਂ ਪਿੰਡ ਇਕ ਪਰੀਆਂ ਦਾ ਕੁਝ ਦੂਰ,
ਜੋ ਵਸਿਆ ਬਣ ਵਿੱਚ ਹੈ ਜਿੱਥੇ ਸੰਘਣੀ ਛਾਂ;
ਜਿਸ ਥਾਂ ਖਿੰਡੇ ਜੁਗਨੂੰਆਂ ਦਾ ਮੱਧਮ ਜਿਹਾ ਨੂਰ,
ਖਿਲ ਰਹੀਆਂ ਉਸ ਥਾਂ ਦੇ ਉੱਤੇ ਦੋ ਕਲੀਆਂ ।
ਉਸ ਥਾਂ ਤੋਂ ਹੀ ਉੱਤਰ ਕੇ ਓਹੋ ਆਉਂਦੀ ਏ
ਤਾਂ ਜੋ ਬਾਲ-ਪਪੋਟਿਆਂ ਨੂੰ ਉਹ ਚੁੰਮ ਸਕੇ ।

ਬਾਲ-ਬੁੱਲ੍ਹੀਆਂ ਦੇ ਉੱਤੇ ਖੇਡ ਰਹੀ ਮੁਸਕਾਣ,
ਸੁੱਤਿਆਂ, ਕਿਥੋਂ ਆਉਂਦੀ ਕੀ ਕੋਈ ਸਕਿਆ ਜਾਣ ?

ਹਾਂ, ਸੁਣਦੇ ਹਾਂ ਦੂਜ ਦੀ ਚੰਨ-ਕਿਰਨ ਮੁਟਿਆਰ
ਛੁਹੀ ਬਸੰਤੀ ਮੇਘ ਦੀ ਕੰਨੀ ਸੀ ਇਕ ਵਾਰ-
ਤ੍ਰੇਲ-ਨਹਾਤੀ ਊਸ਼ਾ ਦੇ ਸੁਪਨ 'ਚੋਂ ਪਹਿਲਾਂ ਆ
ਤਦ ਓਥੇ ਮੁਸਕਾਣ ਨੇ ਜਨਮ ਸੀ ਧਾਰ ਲਿਆ ।
ਬਾਲ-ਬੁੱਲ੍ਹੀਆਂ ਤੇ ਉਹੀ ਖੇਡ ਰਹੀ ਮੁਸਕਾਣ,
ਜਦ ਹੁੰਦਾ ਹੈ ਨੀਂਦ ਦੇ ਵਿਚ ਬੱਚਾ ਗ਼ਲਤਾਨ ।

ਬਾਲ-ਅੰਗਾਂ ਤੇ ਮਹਿਕਦੀ ਮਿੱਠੀ ਸੁਹਲ, ਸਵੱਛ
ਕਿੱਥੋਂ ਜਾਗੇ ਤਾਜ਼ਗੀ ਕੀ ਸਕਦਾ ਕੋਈ ਦੱਸ ?

ਹਾਂ, ਅੱਲੜ੍ਹ ਮੁਟਿਆਰ ਸੀ ਜਦੋਂ ਓਸ ਦੀ ਮਾਂ
ਉਸ ਦੇ ਦਿਲ ਨੂੰ ਏਸ ਹੀ ਸਜਰੇ-ਪਣ ਨੇ ਤਾਂ-
ਮੂਕ ਪਿਆਰ ਦੇ ਮਿੱਠੜੇ ਕੂਲੇ, ਕੋਮਲ ਸੋਹਲ
ਭੇਤ ਦੇ ਵਿੱਚੋਂ ਲੱਭਿਆ, ਰਖਿਆ ਅਪਣੇ ਕੋਲ ।
ਮਿੱਠੀ ਕੂਲੀ ਤਾਜ਼ਗੀ ਹੈ ਇਹ ਉਹੀਓ ਹੀ;
ਬੱਚੇ ਦੇ ਹਰ ਅੰਗ ਤੇ ਜੋ ਟਹਿਕ ਰਹੀ ।(61)

ਮੇਰੇ ਬੱਚੇ ! ਜਦ ਤਿਰੇ ਲਈ ਮੈਂ ਰੰਗਲੇ ਲਿਆਵਾਂ ਖਿਡਾਉਣੇ

ਮੇਰੇ ਬੱਚੇ ! ਜਦ ਤਿਰੇ ਲਈ ਮੈਂ ਰੰਗਲੇ ਲਿਆਵਾਂ ਖਿਡਾਉਣੇ
ਜਾਣ ਜਾਵਾਂ, ਬੱਦਲਾਂ ਤੇ ਪਾਣੀਆਂ ਤੇ ਇਸ ਤਰ੍ਹਾਂ ਕਿਉਂ-
ਰੰਗ ਹੌਲੀ ਖੇਡਦੇ, ਕਿਉਂ ਹੋਣ ਫੁਲ ਰੰਗਲੇ ਸੁਹਾਉਣੇ ।
ਮੇਰੇ ਬੱਚੇ ! ਜਦ ਤਿਰੇ ਲਈ ਮੈਂ ਰੰਗਲੇ ਲਿਆਵਾਂ ਖਿਡਾਉਣੇ ।

ਜਿਸ ਸਮੇਂ ਤੈਨੂੰ ਨਚਾਵਣ ਦੇ ਲਈ ਮੈਂ ਗੀਤ ਗਾਵਾਂ
ਕਿਸ ਲਈ ਬਿਰਛਾਂ ਦੇ ਪੱਤ ਸੰਗੀਤ ਛੋਹਣ, ਜਾਣ ਜਾਵਾਂ;
ਕਿਸ ਲਈ ਸਾਗਰ-ਤਰੰਗਾਂ ਮਿਲਵੀਆਂ ਹੇਕਾਂ 'ਚ ਗਾਵਣ
ਕੰਨ ਲਾ ਸੁਣਦੀ ਹੋਈ ਧਰਤੀ ਦੇ ਦਿਲ ਤਾਈਂ ਸੁਣਾਵਣ ।
ਜਿਸ ਸਮੇਂ ਤੈਨੂੰ ਨਚਾਵਣ ਦੇ ਲਈ ਮੈਂ ਗੀਤ ਗਾਵਾਂ ।

ਜਦ ਮੈਂ ਤੇਰੇ ਲੋਭੀ ਹੱਥਾਂ ਤੇ ਮਿੱਠੇ ਪਕਵਾਨ ਰੱਖਾਂ
ਸਮਝ ਜਾਂਦਾ ਹਾਂ, ਇਹ ਫੁੱਲਾਂ ਦੀ ਸੁਰਾਹੀ ਵਿੱਚ ਕਿਸ ਲਈ,
ਮਾਖਿਓਂ ਭਰਿਆ ਤੇ ਫੁਲ ਹਨ ਕਿਸ ਲਈ ਏਨੇ ਰਸੀਲੇ,
ਜਦ ਮੈਂ ਤੇਰੇ ਲੋਭੀ ਹੱਥਾਂ ਤੇ ਮਿੱਠੇ ਪਕਵਾਨ ਰੱਖਾਂ ।

ਜਿਸ ਸਮੇਂ ਤੈਨੂੰ ਹਸਾਵਣ ਦੇ ਲਈ ਮੈਂ ਚੁੰਮਦਾ ਹਾਂ
ਸਮਝ ਜਾਂਦਾ ਹਾਂ ਮੈਂ ਕਿਉਂ ਆਕਾਸ਼ 'ਚੋਂ ਸਰਘੀ ਦੇ ਵੇਲੇ-
ਫੁਟ ਰਹੀ ਅਨੰਦ-ਧਾਰਾ ਵਿਚ ਕੀ ਹੈ ਭੇਤ ਲੁਕਿਆ,
ਤੇ ਬਸੰਤੀ ਰੁੱਤ ਦੀ ਜਦ ਪੌਣ ਛੋਹੇ ਜਿਸਮ ਮੇਰਾ
ਮੇਰੇ ਲੂੰ ਲੂੰ ਵਿਚ ਕਿਉਂ ਹੈ ਇਸ ਤਰ੍ਹਾਂ ਰੋਮਾਂਚ ਭਰਦਾ ।
ਜਿਸ ਸਮੇਂ ਤੈਨੂੰ ਹਸਾਵਣ ਦੇ ਲਈ ਮੈਂ ਚੁੰਮਦਾ ਹਾਂ ।(62)

ਕਿੰਨਿਆਂ ਅਣਜਾਣਾਂ ਦੇ ਨਾਲ ਤੂੰ

ਕਿੰਨਿਆਂ ਅਣਜਾਣਾਂ ਦੇ ਨਾਲ ਤੂੰ-
ਕਰਵਾਈ ਏ ਮਿਰੀ ਪਛਾਣ,
ਕਿੰਨਿਆਂ ਘਰਾਂ ਪਰਾਇਆਂ ਵਿਚ ਤੂੰ
ਮੈਨੂੰ ਦਿੱਤਾ ਹੈ ਅਸਥਾਨ ।
ਦੂਰ ਦਿਆਂ ਨੂੰ ਨੇੜੇ ਕਰ ਲਏਂ
ਕਰੇਂ ਪਰਾਇਆਂ ਨੂੰ ਤੂੰ ਮੀਤ ।

ਛੱਡ ਪੁਰਾਣੇ ਘਰ ਅਪਣੇ ਨੂੰ
ਮੈਂ ਹੋਇਆ ਸੀ ਚਿੰਤਾ ਮੌਨ,
ਓਸ ਅਜਾਣੇ ਅਤੇ ਨਵੇਂ ਘਰ
ਮੇਰਾ ਅਪਣਾ ਹੋਊ ਕੌਣ ?
ਭੁਲ ਗਿਆ ਸੀ ਤੂੰ ਹੋਵੇਂਗਾ
ਉਸ ਥਾਂ ਤੇ ਵੀ ਮੇਰੇ ਨਾਲ,
ਮੇਰਾ ਚਿਰ ਦਾ ਜਾਣੂ, ਜਿਸ ਨੂੰ
ਆਖ ਸਕਾਂਗਾ ਦਿਲੀ ਹਵਾਲ !
ਦੂਰ ਦਿਆਂ ਨੂੰ ਨੇੜੇ ਕਰ ਲਏਂ
ਕਰੇਂ ਪਰਾਇਆਂ ਨੂੰ ਤੂੰ ਮੀਤ ।

ਜੀਵਨ, ਮਰਣ, ਲੋਕ, ਪਰਲੋਕ 'ਚ
ਲੈ ਜਾਵੇਂਗਾ ਤੂੰ ਜਿਸ ਥਾਂ,
ਜਨਮ ਜਨਮ ਤੋਂ ਚਿਰ ਦਾ ਜਾਣੂ
ਸਾਥ ਹੋਇਗਾ ਤੇਰਾ ਤਾਂ;
ਤੈਨੂੰ ਜਾਣਦਿਆਂ ਅਣਜਾਣਾ
ਰਹਿ ਸਕਾਂਗਾ ਕਿਸ ਦੇ ਨਾਲ ?
ਕਿਤੇ ਜਾਣ ਵਿਚ ਦੁੱਖ ਨ ਹੋਣਾ
ਨਾ ਭੈ ਹੋਣਾ ਰਤਾ ਰਵਾਲ ।
ਤੂੰ ਕੁਲ ਜਗਤ ਇਕੱਤਰ ਕਰ ਕੇ
ਜਾਗੇਂ, ਪਾਲੇਂ ਰੱਖਿਆ-ਰੀਤ
ਦੂਰ ਦਿਆਂ ਨੂੰ ਨੇੜੇ ਕਰ ਦਏਂ
ਕਰੇਂ ਪਰਾਇਆਂ ਨੂੰ ਤੂੰ ਮੀਤ ।(63)

ਉਸ ਇਕਾਂਤ ਨਦੀ ਦੇ ਕੰਢੇ

ਉਸ ਇਕਾਂਤ ਨਦੀ ਦੇ ਕੰਢੇ
ਉਸ ਢਲਵਾਨ 'ਚ ਜਾਂਦੇ ਰਾਹ ਤੇ
ਜਿੱਥੇ ਲੰਬਾ ਘਾਹ ਸੀ ਉਗਿਆ
ਮੈਂ ਓਥੇ ਉਸ ਨੂੰ ਇਉਂ ਪੁੱਛਿਆ :
'ਢਕ ਪੱਲੇ ਨਾਲ ਇਸ ਦੀਵੇ ਨੂੰ
ਰੂਪ-ਮੱਤੀਏ ! ਜਾਏਂ ਕਿੱਥੇ ਤੂੰ ?
ਦੇਹ ਦੀਵਾ ਇਹ ਮੰਗਵਾਂ, ਮੇਰੇ
ਘਰ ਦੇ ਵਿਚ ਹਨ ਘੋਰ ਹਨੇਰੇ ।'

ਪਲ ਦੀ ਪਲ ਉਸ ਸੁਰਮਈ ਅੱਖਾਂ
ਚੁੱਕ ਮੇਰੇ ਚਿਹਰੇ ਤੇ ਗੱਡੀਆਂ !
'ਮੈਂ ਆਈ ਇਸ ਲਈ ਦਰਿਆ ਤੇ-'
ਇਉਂ ਬੋਲੀ ਉਹ ਚੀਰ ਹਨੇਰੇ
'ਤਾਂ ਜੋ ਮੈਂ ਦੀਵਾ ਇਹ ਅਪਣਾ
ਰਾਤੀਂ ਧਾਰਾ ਵਿੱਚ ਵਹਾਵਾਂ ।'
ਮੈਂ ਚੁਪਚਾਪ ਹਰਾਨੀ ਭਰਿਆ
ਓਥੇ ਉਸ ਵਲ ਰਿਹਾ ਤਕਾਂਦਾ ।
ਉਸ ਦਾ ਟਿਮ ਟਿਮ ਕਰਦਾ ਦੀਵਾ
ਐਵੇਂ ਲਹਿਰੀਂ ਤਰਦਾ ਤਕਿਆ ।

ਮੈਂ ਪੁੱਛਿਆ ਫਿਰ, ਚੁੱਪ-ਚੁਫੇਰੇ
ਵਿਚ ਜਦ ਪਲਮਣ ਲੱਗੇ ਨ੍ਹੇਰੇ :
'ਨੀ ਸੋਹਣੀ ਅੱਲੜ੍ਹ ਮੁਟਿਆਰੇ !
ਜਗਮਗ ਤੇਰੇ ਦੀਵੇ ਸਾਰੇ ।
ਫਿਰ ਤੂੰ ਕਿਸ ਲਈ, ਕਿੱਧਰ, ਕਿੱਥੇ
ਤੁਰ ਚੱਲੀਂ ਏਂ ਦੀਵੇ ਲੈ ਕੇ ?
ਦੇਹ ਦੀਵਾ ਇਹ ਮੰਗਵਾਂ, ਮੇਰੇ
ਘਰ ਦੇ ਵਿਚ ਹਨ ਘੋਰ ਹਨੇਰੇ ।'

ਪਲ ਦੀ ਪਲ ਉਸ ਸੁਰਮਈ ਅੱਖਾਂ
ਚੁੱਕ ਮੇਰੇ ਚਿਹਰੇ ਤੇ ਗੱਡੀਆਂ ।
ਤੇ ਕੁਝ ਸ਼ੱਕ ਜਿਹਾ ਉਹ ਕਰਦੀ
ਮੈਨੂੰ ਏਕਣ ਆਖਣ ਲੱਗੀ :
'ਮੈਂ ਸੁੰਨੇ ਆਕਾਸ਼ ਦੀ ਭੇਟਾ
ਲੈ ਕੇ ਆਈ ਹਾਂ ਇਹ ਦੀਵਾ ।'
ਚੁਪਚਾਪ ਹੈਰਾਨੀ ਭਰਿਆ
ਮੈਂ ਓਥੇ ਉਸ ਵਲ ਰਿਹਾ ਤਕਦਾ ।
ਐਵੇਂ, ਸੁੰਨ ਅਕਾਸ਼ 'ਚ ਉਸ ਦੀ
ਸੀ ਦੀਵੇ ਦੀ ਬੱਤੀ ਬਲਦੀ ।

ਚੰਨ-ਸੱਖਣੀ, ਮੱਸਿਆ ਰਾਤੇ
ਪੁੱਛਣ ਲਗਾ ਉਸ ਵਲ ਤਕ ਕੇ :
'ਰੱਖ ਦੀਵਾ ਇਹ ਦਿਲ ਦੇ ਨੇੜੇ
ਕਿਸ ਨੂੰ ਭਾਲ ਰਹੀ ਮੁਟਿਆਰੇ ?
ਦੇਹ ਦੀਵਾ ਮੰਗਵਾਂ ਇਹ, ਮੇਰੇ
ਘਰ ਦੇ ਵਿਚ ਹਨ ਘੋਰ ਹਨੇਰੇ ।'

ਇਕ ਪਲ ਰੁਕ ਉਹ ਸੋਚਣ ਲੱਗੀ
ਮੈਨੂੰ ਨ੍ਹੇਰ 'ਚ ਆਖਣ ਲੱਗੀ :
ਦੀਵਾਲੀ ਦੀਆਂ ਰੰਗ-ਰਲੀਆਂ ਲਈ
ਇਹ ਦੀਵਾ ਮੈਂ ਲੈ ਕੇ ਆਈ ।'
ਚੁੱਪ ਚਾਪ ਹੈਰਾਨੀ ਭਰਿਆ
ਮੈਂ ਓਥੇ ਉਸ ਵਲ ਰਿਹਾ ਤਕਦਾ ।

ਲੱਖ ਜੋਤਾਂ ਵਿਚ ਉਸ ਦਾ ਦੀਵਾ
ਐਵੇਂ ਸੀ ਪਿਆ ਹਿਸਦਾ ਜਾਂਦਾ ।(64)

ਹੇ ਕਿ ਮੇਰੇ ਦੇਵਤਾ !

ਹੇ ਕਿ ਮੇਰੇ ਦੇਵਤਾ !
ਮੇਰੇ ਜੀਵਨ ਦਾ ਕਟੋਰਾ ਭਰ ਰਿਹਾ ਅੰਮ੍ਰਿਤ ਦੇ ਨਾਲ
ਕਿਸ ਤਰ੍ਹਾਂ ਦੇ ਦੈਵੀ ਰਸ ਨੂੰ ਤੂੰ ਏਂ ਪੀਣਾ ਲੋਚਦਾ ?

ਆਪਣੀ ਸਾਜੀ ਹੋਈ ਜਗ-ਮੂਰਤੀ, ਮੇਰੇ ਕਵੀ !
-ਮੇਰਿਆਂ ਨੈਣਾਂ ਦੇ ਵਿੱਚੋਂ ਕੀ ਤੂੰ ਤਕਣੀ ਚਾਹੁੰਦਾ ?
ਤੇ ਠਹਿਰ ਚੁਪ ਚਾਪ ਮੇਰੇ ਕੰਨ-ਦਰਵਾਜ਼ੇ ਦੇ ਕੋਲ
ਦੈਵੀ ਸੁਰ ਨਿਜ-ਗੀਤ ਦਾ ਸੁਣਨਾ ਹੈ ਪਿਆਰਾ ਲੱਗਦਾ ?

ਸਿਰਜਨਾ ਤੇਰੀ, ਮਿਰੇ ਮਨ ਬੁਣਦੀ ਸੁੰਦਰ ਸ਼ਬਦ-ਜਾਲ,
ਖੇੜੇ-ਦਾਇਕ ਪਿਆਰ ਤੇਰਾ ਭਰ ਰਿਹਾ ਸ਼ਬਦਾਂ 'ਚ ਗੀਤ,
ਏਸੇ ਨਾਤੇ ਗੀਤ ਮੇਰੇ ਆ-ਮੁਹਾਰੇ ਫੁੱਟਦੇ,
ਪਿਆਰ ਦੇ ਵਿਚ ਆਪਣਾ ਸਭ ਮੇਰੇ ਦਿਲ ਨੂੰ ਅਰਪਦਾ
ਸਾਰੀ ਮਿੱਠਤ ਆਪਣੀ ਮੇਰੇ 'ਚ ਤੱਕਣਾ ਲੋਚਦਾ !
ਹੇ ਕਿ ਮੇਰੇ ਦੇਵਤਾ !
ਮੇਰੇ ਜੀਵਨ ਦਾ ਕਟੋਰਾ ਭਰ ਗਿਆ ਅੰਮ੍ਰਿਤ ਦੇ ਨਾਲ ।(65)

ਆਪਣੇ ਜੀਵਨ ਦੇ ਅੰਤਮ ਗੀਤ ਰਾਹੀਂ ਪ੍ਰੀਤਮਾ !

ਆਪਣੇ ਜੀਵਨ ਦੇ ਅੰਤਮ ਗੀਤ ਰਾਹੀਂ ਪ੍ਰੀਤਮਾ !
ਤੇਰਿਆਂ ਕਦਮਾਂ 'ਚ ਉਸ ਨੂੰ ਭੇਟ ਦੇਣੀ ਆਖ਼ਰੀ ।

ਜੋ ਮਿਰੇ ਜੀਵਨ 'ਚ ਘੁਲ ਮਿਲ ਕੇ ਸਦਾ ਵਸਦੀ ਰਹੀ
ਸਰਘੀਆਂ ਦੇ ਨੂਰ ਵਿਚ ਵੀ ਘੁੰਡ ਨਾ ਜਿਸ ਚੁੱਕਿਆ;
ਸ਼ਬਦ ਜਿਸ ਨੂੰ ਲੈ ਸਕੇ ਅਪਣੇ ਕਲਾਵੇ ਵਿਚ ਨਹੀਂ
ਜਿਸ ਨੂੰ ਗੀਤਾਂ ਦੇ ਸੁਰਾਂ ਨੇ ਵੀ ਨਹੀਂ ਹੈ ਕੀਲਿਆ ।

ਜਿਸ ਦਾ ਮਨਮੋਹਣਾ ਸੁਹੱਪਣ ਰੂਪ ਨਿਤ ਧਾਰੇ ਨਵੇਂ
ਤੇਰਿਆਂ ਕਦਮਾਂ 'ਚ ਉਸ ਨੂੰ ਭੇਟ ਦੇਣੀ ਆਖ਼ਰੀ
ਆਪਣੇ ਜੀਵਨ ਦੇ ਅੰਤਮ ਗੀਤ ਰਾਹੀਂ ਪ੍ਰੀਤਮਾ !
ਇਕ ਦੇਸੋਂ ਦੇਸ ਦੂਜੇ ਵਿਚ ਮੈਂ ਘੁੰਮਦਾ ਰਿਹਾ
ਦਿਲ ਦੀਆਂ ਤੈਹਾਂ 'ਚ ਉਸ ਨੂੰ ਮੈਂ ਲੁਕਾਈ ਰੱਖਿਆ;
ਉਸ ਦੁਆਲੇ ਜ਼ਿੰਦਗੀ ਮੇਰੀ ਦਾ ਚੱਕਰ ਚੱਲਿਆ
ਓਸ ਦੇ ਹੀ ਆਸਰੇ ਉਠਦਾ ਰਿਹਾ, ਡਿਗਦਾ ਰਿਹਾ ।

ਮੇਰਿਆਂ ਕੰਮਾਂ, ਖਿਆਲਾਂ ਤੇ ਸਦਾ ਛਾਈ ਰਹੀ,
ਮੇਰੇ ਸੁਪਨੇ, ਸੱਧਰਾਂ ਤੇ ਓਸਦੀ ਸ਼ਾਹੀ ਰਹੀ,
ਐਪਰਾਂ ਹੁਣ ਤੀਕਰਾਂ ਉਹ ਕੱਲੀ-ਕਾਰੀ ਹੀ ਰਹੀ ।

ਲੋਕ ਕਿੰਨੇ ਆਉਂਦੇ ਖੜਕਾਉਂਦੇ ਆ ਕੇ ਦੁਆਰ,
ਉਸ ਦੀ ਬਾਬਤ ਪੁੱਛਦੇ, ਪਰ ਪਰਤਦੇ ਖੋ ਕੇ ਕਰਾਰ;
ਜੱਗ ਵਿਚ ਕੋਈ ਨਹੀਂ ਜਿਸ ਓਸ ਦਾ ਕੀਤਾ ਦਿਦਾਰ,
ਓਸਦੇ ਹੋਏ ਕਿਸੇ ਵੀ ਨਾਲ ਨਾ ਹਨ ਨੈਣ ਚਾਰ,
ਉਹ ਇਕੱਲਾ ਵਿਚ ਉਡੀਕਾਂ ਤੇਰੀ ਹੀ ਖ਼ਾਤਰ ਕਰੇ
ਆਸ ਹੈ ਏਹੋ ਉਨੂੰ ਪਹਿਚਾਣ ਤੇਰੀ ਹੋ ਸਕੇ ।
ਤੇਰਿਆਂ ਕਦਮਾਂ 'ਚ ਉਸ ਨੂੰ ਭੇਟ ਦੇਣੀ ਆਖ਼ਰੀ
ਆਪਣੇ ਜੀਵਨ ਦੇ ਅੰਤਮ ਗੀਤ ਰਾਹੀਂ ਪ੍ਰੀਤਮਾ ।(66)

ਤੂੰ ਹੀ ਹੈਂ ਆਕਾਸ਼ ਤੇ ਉਸ ਦਾ ਆਲ੍ਹਣਾ

ਤੂੰ ਹੀ ਹੈਂ ਆਕਾਸ਼ ਤੇ ਉਸ ਦਾ ਆਲ੍ਹਣਾ
ਇਹ ਤੇਰਾ ਹੀ ਪਿਆਰ ਸੁੰਦਰ ਮੋਹਣੇ !
ਏਸ ਆਲ੍ਹਣੇ ਵਿੱਚ ਸੁੱਤੀ ਰੂਹ ਨੂੰ
ਜੋ ਅਪਣੇ ਰੰਗ-ਰੂਪ; ਸੁਗੰਧੀ, ਛੋਹ ਤੋਂ
ਅਪਣੇ ਹੈ ਅੱਤ ਨੇੜ 'ਚ ਲੈ ਕੇ ਆਉਂਦੀ ।

ਸੋਨ-ਊਸ਼ਾ ਹੈ ਆਉਂਦੀ ਰੂਪ ਸ਼ਿੰਗਾਰਦੀ,
ਡਾਲੀ ਸੋਨ-ਸੁਨਹਿਰੀ ਅਪਣੇ ਹੱਥ ਲੈ,
ਪਹਿਨਾ ਸੱਕੇ ਤਾਂ ਜੋ ਮੁਕਟੀ ਧਰਤ ਨੂੰ ।

ਸੁੰਨ-ਮਸਾਣ ਉਜਾੜਾਂ, ਨਿਰਜਨ ਘਾਟੀਆਂ-
ਵਿਚ ਦੀ ਅਪਣੇ ਰਾਹ ਅਨੋਖੇ ਚੱਲਦੀ
ਅਤ ਸ਼ਾਂਤੀ-ਭਰਪੂਰ ਪੱਛਮ ਸਾਗਰੋਂ-
ਅਪਣੀ ਸੋਨ-ਸੁਰਾਹੀ ਦੇ ਵਿਚ ਅਮਨ ਦਾ
ਸੀਤਲ ਅੰਮ੍ਰਿਤ ਭਰ ਲੈ ਆਥਣ ਆਉਂਦੀ ।

ਪਰ ਓਥੇ, ਜਿਸ ਥਾਂ ਤੇ ਰੂਹ ਦੇ ਵਾਸਤੇ
ਅੰਬਰ ਖੁਲ੍ਹਾ ਬਿਅੰਤ ਉਡਾਰੀ ਲਾਣ ਨੂੰ,
ਉਸ ਥਾਂ ਉਤੇ ਸਵੱਛ ਤੇ ਚਿੱਟੇ ਚਾਨਣੇ
ਦਾ ਹੀ ਚਾਰ ਚੁਫੇਰੇ ਵਿਚ ਵਿਸਤਾਰ ਹੈ ।
ਨਾ ਹੀ ਦਿਹੁੰ ਤੇ ਰਾਤ ਹੀ ਕੋਈ ਓਸ ਥਾਂ,
ਨਾ ਹੀ ਰੂਪ-ਅਕਾਰ ਤੇ ਨਾ ਹੀ ਰੰਗ ਨੇ
ਕਦੇ ਕੋਈ ਵੀ ਕਾਲ ਨ ਕੋਈ ਬੋਲ ਹੈ ।(67)

ਆਪਣੀਆਂ ਬਾਹਾਂ ਫ਼ੈਲਾ ਕੇ

ਆਪਣੀਆਂ ਬਾਹਾਂ ਫ਼ੈਲਾ ਕੇ
ਇਸ ਮੇਰੀ ਧਰਤੀ ਤੇ; ਤੇਰੀ
ਸੂਰਜ-ਰਿਸ਼ਮ ਉਤਰਦੀ ਆ ਕੇ;
ਤੇ ਉਹ ਮੇਰੇ ਹੰਝੂ, ਹੌਕੇ
ਤੇ ਗੀਤਾਂ ਦੇ ਬਦਲਾਂ ਤਾਈਂ
ਤੇਰੇ ਚਰਨਾਂ ਤੀਕ ਪੁਚਾਵਣ-
ਖ਼ਾਤਰ ਮੇਰੇ ਦਰਵਾਜ਼ੇ ਤੇ
ਸਾਰਾ ਦਿਨ ਆ ਰਹੇ ਖਲੋਤੀ ।

ਤੂੰ ਸਧਰਾਂ ਵਿਚ ਨਾਲ ਖ਼ੁਸ਼ੀ ਦੇ
ਤਾਰਿਆਂ-ਭਰੀ ਆਪਣੀ ਹਿਕ ਤੇ
ਧੁੰਦ-ਬਦਲਾਂ ਦੀ ਚੁੰਨੀ ਲੈ ਕੇ
ਅਤੇ ਅਨੇਕਾਂ ਰੂਪਾਂ, ਤੈਹਾਂ
ਵਿਚ ਬਦਲਾ ਕੇ ਤੇ ਤਹਿ ਕਰ ਕੇ,
ਪਲ ਪਲ ਵਿਚ ਪਲਟਦੇ ਜਾਂਦੇ
ਰੰਗਾਂ ਦੇ ਵਿਚ ਰੰਗਦਾ ਜਾਏਂ ।
ਹੇ ਅਣਛੁਹ, ਗੰਭੀਰ ਤੇ ਸਾਦੇ !
ਚੁੰਨੀ ਤਿਰੀ ਇਹ ਛੁਹਲੀ ਕੂਲੀ
ਹੰਝੂਆਂ-ਅੱਟੀ, ਸੁਰਮੇਂ-ਰੰਗੀ-
ਇਸੇ ਲਈ ਇਹ ਤੈਨੂੰ ਪਿਆਰੀ ।
ਏਸੇ ਕਾਰਨ ਅੱਤ ਤਿਖੇਰੇ
ਚਿੱਟੇ ਚਿੱਟੇ ਚਾਨਣ ਤੇਰੇ-
ਨੂੰ ਅਪਣੀ ਕਰੁਣਾ ਦੇ ਸਾਏ
ਹੇਠਾਂ ਹੈ ਇਹ ਕਜਦੀ ਰਹਿੰਦੀ ।(68)

ਜੀਵਨ-ਧਾਰਾ, ਜਿਹੜੀ ਮੇਰੀ

ਜੀਵਨ-ਧਾਰਾ, ਜਿਹੜੀ ਮੇਰੀ
ਰਗ ਰਗ ਦੇ ਵਿਚ ਵੱਗ ਰਹੀ ਏ
ਉਹ ਓਸੇ ਸੁਰ-ਤਾਲ, ਚਾਲ, ਵਿਚ
ਦੁਨੀਆਂ ਭਰ ਵਿਚ ਵਗਦੀ ਜਾਏ !

ਓਹੀ ਜੀਵਨ-ਧਾਰਾ ਇਹ, ਜੋ-
ਧਰਤ-ਖ਼ਾਕ 'ਚੋਂ ਸਾਵਾ ਸਾਵਾ
ਘਾਹ-ਪਤੀਆਂ ਦਾ ਰੂਪ ਦਿਖਾਏ !
ਤੇ ਇਹ ਓਹੀ ਹੈ ਜੋ ਲੱਖਾਂ
ਨਵੇਂ ਕਚੂਰ ਪੱਤਿਆਂ, ਫੁੱਲਾਂ-
ਦੇ ਰੂਪਾਂ ਤਾਈਂ ਪ੍ਰਗਟਾਏ ।

ਇਹ ਓਹੀ ਏ, ਜੀਵਨ-ਮਿਰਤੂ-
ਨੂੰ ਜੋ ਸਾਗਰ ਦੀਆਂ ਲਹਿਰਾਂ-
ਦੇ ਝੂਲੇ ਵਿਚ ਪੀਂਘ ਝੁਟਾਏ !
ਇਸ ਜਗ-ਜੀਵਨ ਦੀ ਛੁਹ ਨੇ ਹੀ
ਸ਼ਾਨ ਭਰੇ ਰੂਪਾਂ ਵਿਚ ਮੇਰੇ
ਤਨ, ਮਨ; ਅੰਗ ਅੰਗ ਬਦਲਾਏ !
ਜੁਗ-ਨਾਚ ਵਿਚ, ਜੀਵਨ ਥਰਕਣ-
ਲੁਕੀ ਹੋਈ ਜੋ, ਰੱਤ ਮਿਰੀ ਵਿਚ
ਓਹੀ ਥਰਕਣ ਛਿੜਦੀ ਜਾਏ ।

ਇਸ ਦਾ ਅਨੁਭਵ ਮਨ ਮੇਰੇ ਵਿਚ
ਮਾਣ ਹਮੇਸ਼ਾ ਭਰਦਾ ਜਾਏ ।(69)

ਏਸ ਖ਼ੁਸ਼ੀ ਦੇ ਵੇਗ ਦੀ ਚਾਲ ਤਿਖੇਰੀ ਨਾਲ

ਏਸ ਖ਼ੁਸ਼ੀ ਦੇ ਵੇਗ ਦੀ ਚਾਲ ਤਿਖੇਰੀ ਨਾਲ
ਜੋੜੇਂਗਾ ਕਿੰਜ ਆਪਣੇ ਛੰਦਾਂ ਦੇ ਸੁਰ-ਤਾਲ ?

ਮੌਤ, ਦਿਸ਼ਾਂ, ਚੰਨ, ਸੂਰਜਾਂ ਦੀ ਸੁਰ ਚਾਲ ਅਮੋੜ,
ਨਾਲ ਉਨ੍ਹਾਂ ਦੇ ਆਪਣੇ ਕਿੰਜ ਸਕਦੈਂ ਸੁਰ ਜੋੜ ?

ਸਭ ਦੀ ਚਾਲ ਦੇ ਵਿੱਚ ਹੈ ਭਰਿਆ ਵੇਗ ਅਨੰਤ,
ਚਾਹ ਨਹੀਂ ਵਿਸ਼ਰਾਮ ਦੀ ਰਖਦੇ ਉਹੋ ਕਦੰਤ ।

ਕੋਈ ਵੀ ਨਹੀਂ ਦੇਖਦਾ ਪਰਤ ਪਿਛਾਹਾਂ ਵੱਲ,
ਕਿਸੇ ਰੋਕ ਦੇ ਰੋਕਿਆਂ ਸਕਦੇ ਨਾ ਉਹ ਖੱਲ ।

ਵੇਗਵਾਨ ਸੰਗੀਤ ਦੀ ਅਣਰੁਕ ਆਮਦ ਨਾਲ,
ਰੁੱਤਾਂ ਝੁੰਮਰ ਪਾਉਂਦੀਆਂ, ਆਉਣ ਜਾਣ ਹਰ ਕਾਲ ।

ਇਹਨਾਂ ਦੇ ਇਸ ਆਗਮਨ ਨਾਲ ਗੀਤ, ਗੰਧ, ਰੰਗ
ਧਰਤੀ ਤੇ ਪਰਵਾਹ ਇਕ ਲੈ ਕੇ ਆਉਣ ਨਿਸ਼ੰਗ ।(70)

ਅਪਣੇ ਆਪ ਨੂੰ ਵੱਡਾ ਜਾਣਾਂ

ਅਪਣੇ ਆਪ ਨੂੰ ਵੱਡਾ ਜਾਣਾਂ
ਤੇ ਹਰ ਪਾਸੇ ਵੱਲ ਅਗਾਹਾਂ,
ਵਧੀ ਜਾਣ ਦਾ ਯਤਨ ਕਰਾਂ ਮੈਂ;
ਤੇ ਇਉਂ ਤੇਰੀ ਚਮਕ ਦਮਕ ਤੇ
ਰੰਗ-ਭਰੇ ਪਰਛਾਵੇਂ ਪਾਵਾਂ
ਤੇਰੀ ਹੈ ਐਸੀ ਹੀ ਮਾਇਆ ।

ਤੂੰ ਅਪਣੀ ਹਸਤੀ ਦੇ ਦੁਆਲੇ
ਵਲਗਣ ਪਾਵੇਂ ਹੱਦ-ਬੰਦੀਆਂ ਦੇ,
ਵੱਖ ਹੋਏ ਇਸ ਭਾਗ ਨੂੰ ਅਪਣੇ
ਸ਼ੋਭਨੀਕ ਇਕ ਨਾਂ ਦੇਨਾਂ ਏਂ,
ਇਹ ਤੇਰਾ ਵਖਰੇਵਾਂ, ਮੇਰੇ-
ਤਨ ਦੇ ਵਿਚ ਸਾਕਾਰ ਹੋਇਆ ਏ ।

ਲੱਖ ਰੰਗੀਨ ਅੱਥਰੂਆਂ ਵਿੱਚੋਂ
ਮੁਸਕਣੀਆਂ, ਡਰ, ਆਸਾਂ ਵਿਚੋਂ
ਕਸਕ-ਪਰੁੱਤਾ ਗੀਤ ਇਕ ਸਾਰੇ,
ਗੂੰਜ ਰਿਹਾ ਗਗਨਾਂ ਵਿਚਕਾਰੇ;
ਉਭਰ ਉਭਰ ਕੇ ਲਹਿਰਾਂ ਉੱਠਣ
ਅਤੇ ਦੁਬਾਰਾ ਡਿਗ ਡੁੱਬ ਜਾਵਣ,
ਸੁਪਨੇ ਬਣਨ, ਅਤੇ ਟੁਟ ਜਾਵਣ
ਮੇਰੇ ਵਿਚ ਇਹ ਹਾਰ ਤਿਰੀ ਏ ।

ਇਹ ਜੋ ਪਰਦਾ ਤੂੰ ਲਟਕਾਇਆ,
ਦਿਹੋਂ-ਰਾਤ ਦੀ ਕੂਚੀ ਇਸ ਤੇ
ਚਿਤਰ ਹਜ਼ਾਰਾਂ ਹੀ ਹਨ ਚਿਤਰੇ ।
ਇਸ ਪਰਦੇ ਦੇ ਪਿੱਛੇ ਤੇਰੀ
ਥਾਂ ਜਿਹੜੀ ਹੈ ਬੈਠਣ ਵਾਲੀ,
ਉਹ ਅਸਚਰਜ, ਰਹੱਸਾਂ ਵਾਲੇ
ਤੰਦ-ਵਲੇਵੇਂ ਬੁਣੀ ਹੋਈ ਏ ।
ਇਸ ਬੇ-ਰੰਗ ਬੁਣਤੀ-ਰੇਖਾਵਾਂ
ਦੇ ਵਿਚ ਕੋਈ ਸੇਧ ਨਹੀਂ ਏਂ ।

ਤੇਰਾ ਮੇਰਾ ਮਹਾਂ ਨਜ਼ਾਰਾ
ਗਗਨਾਂ ਦੇ ਵਿਚ ਕਰੇ ਪਸਾਰਾ,
ਤੇਰੀਆਂ ਮੇਰੀਆਂ ਤਾਨਾਂ ਦੁਆਰਾ
ਗੂੰਜੇ ਵਾਯੂ-ਮੰਡਲ ਸਾਰਾ;
ਤੇਰੀ ਮੇਰੀ ਲੁੱਕਣ-ਮੀਟੀ
ਵਿਚ ਜਾਵਣ ਜੁਗ ਤੇ ਜੁਗ ਬੀਤੀ ।(71)

ਇਹ ਓਹੀ ਏ

ਇਹ ਓਹੀ ਏ-
ਜਿਹੜਾ ਮੇਰੇ ਮਨ ਵਿਚਕਾਰੇ
ਅੱਤ ਡੂੰਘਾਣਾਂ ਦੇ ਵਿਚ ਬਹਿ ਕੇ
ਲੁਕੀਆਂ ਲੁਕੀਆਂ ਛੋਹਾਂ ਲਾ ਕੇ
ਰੂਹ ਨੂੰ ਟੁੰਬ ਜਗਾਏ ।

ਇਹ ਓਹੀ ਏ-
ਜਿਹੜਾ ਇਹਨਾਂ ਅੱਖੀਆਂ ਵਿਚ ਆ,
ਅਪਣਾ ਜਾਦੂ ਭਰਦਾ ਰਹਿੰਦਾ,
ਦਿਲ-ਤਾਰਾਂ ਤੇ ਜੋ ਖੇੜੇ ਵਿਚ-
ਸੁਖ-ਦੁਖ-ਨਗ਼ਮੇ ਗਾਏ ।

ਇਹ ਓਹੀ ਏ-
ਜੋ ਸੋਨੇ ਚਾਂਦੀ ਦੇ ਤਾਰਾਂ
ਨਾਲ ਬੁਣੇ ਮਾਇਆ ਦਾ ਤਾਣਾ
ਤੇ ਇਸ ਲੋਕ 'ਚ ਪੈਰ ਛੁਹਾਏ;
ਸਵਾਦ-ਲੀਨ ਹੋ ਛੁਹ ਜਿਸ ਦੀ ਤੋਂ-
ਸੁਧ-ਬੁਧ ਵਿੱਸਰ ਜਾਏ ।

ਵਾਰੋ ਵਾਰੀ ਹਨ ਦਿਨ ਆਂਦੇ
ਜੁੱਗਾਂ ਤੇ ਜੁਗ ਬੀਤੀ ਜਾਂਦੇ;
ਇਹ ਓਹੀ ਏ, ਜਿਹੜਾ ਮੇਰੇ-
ਦਿਲ ਨੂੰ ਵਖੋ ਵਖਰੇ ਨਾਂ ਦੇ-
ਵਖ ਵਖ ਰੂਪਾਂ, ਦੁਖ ਸੁਖ ਦੀਆਂ-
ਲਹਿਰਾਂ ਵਿਚ ਵਹਾਏ ।(72)

ਤਿਆਗ ਦੇਣ ਤੇ ਕੁਲ ਜਹਾਨ

ਤਿਆਗ ਦੇਣ ਤੇ ਕੁਲ ਜਹਾਨ
ਮਿਲਨੀ ਨਾ ਮੈਨੂੰ ਨਿਰਵਾਣ ।
ਖੁਸ਼ੀਆਂ ਦੇ ਲੱਖ ਬੰਧਨਾਂ ਅੰਦਰ
ਮੈਂ ਆਜ਼ਾਦੀ ਦੀ ਗਲਵਕੜੀ-
ਰਿਹਾ ਹਾਂ ਮਾਣ ।

ਤੇਰੀ ਵਖ ਵਖ ਰੰਗਾਂ ਵਾਲੀ
ਸਜਰੀ, ਮਧੁਰ ਸੁਗੰਧਾਂ ਵਾਲੀ
ਮਦਰਾ ਦੇ ਘੁਟ ਡੁੱਲ੍ਹ ਅਜਾਣ;
ਇਸ ਮਿੱਟੀ ਦੇ ਭਾਡੇ ਤਾਈਂ
ਮੂੰਹ ਮੂੰਹ ਤੀਕਰ ਭਰਦੇ ਜਾਣ ।

ਤੇਰੀ ਜਵਾਲਾ ਨਾਲ ਅਸੰਖਾਂ
ਵੱਖੋ ਵੱਖਰੇ, ਅਪਣੀ ਦੁਨੀਆਂ-
ਦੇ ਦੀਪਾਂ ਨੂੰ ਬਾਲ ਲਵਾਂਗਾ;
ਤੇ ਮੰਦਰ ਦੀ ਜਗ-ਵੇਦੀ ਤੇ
ਰੱਖ ਦਿਆਂਗਾ ਨਾਲ ਧਿਆਨ ।

ਨਹੀਂ ਨਹੀਂ, ਮੈਂ ਇੰਦਰਿਆਂ ਦੇ
ਬੰਦ ਕਰਾਂਗਾ ਨਾ ਦਰਵਾਜ਼ੇ;
ਮੇਰੇ ਤੱਕਣ, ਸੁਣਨ, ਛੁਹਣ ਵਿਚ-
ਖੁਸ਼ੀ ਤਿਰੀ ਰਹਿਣੀ ਪਰਧਾਨ ।

ਖੁਸ਼ੀਆਂ ਦੀ ਜਵਾਲਾ ਵਿਚ ਬਲ ਕੇ
ਭਰਮ ਮੇਰੇ ਸਭ ਰੌਸ਼ਨ ਹੋਣੇ;
ਤੇ ਹਰ ਇਕ ਵਾਸ਼ਨਾ ਮੇਰੀ
ਪ੍ਰੀਤ-ਫਲਾਂ ਦੇ ਰੂਪ 'ਚ ਹੋਣੀ
ਪੱਕ ਬਲਵਾਨ ।(73)

ਦਿਨ ਮੁੱਕਿਆ ਏ, ਸਾਇਆ

ਦਿਨ ਮੁੱਕਿਆ ਏ, ਸਾਇਆ
ਧਰਤੀ ਤੇ ਛਾ ਗਿਆ ਏ;
ਹੁਣ ਵੇਲਾ ਹੈ ਮੈਂ ਅਪਣੀ
ਗਾਗਰ ਭਰਨ ਦੀ ਖ਼ਾਤਰ
ਜਾਵਾਂ ਨਦੀ ਕਿਨਾਰੇ ।

ਆਥਣ ਦੀ ਪੌਣ, ਪਾਣੀ
ਦੀ ਚਿੰਤਾ-ਰਾਗਨੀ ਤੋਂ
ਬੇ-ਚੈਨ ਹੋ ਰਹੀ ਏ ।
ਇਹ ਨ੍ਹੇਰ ਵਿੱਚ ਮੈਨੂੰ
ਬਾਹਰ ਬੁਲਾ ਰਹੀ ਏ ।
ਗਾਗਰ ਭਰਨ ਦੀ ਖ਼ਾਤਰ
ਜਾਵਾਂ ਨਦੀ ਕਿਨਾਰੇ ।

ਸੁਨਸਾਨ ਰਾਹ ਉੱਤੇ
ਕੋਈ ਨਹੀਂ ਹੈ ਰਾਹੀ ।
ਮੂੰਹ-ਜ਼ੋਰ ਹੈ ਹਵਾ ਹੀ,
ਦਰਿਆ 'ਚ ਉੱਠ ਰਹੀਆਂ-
ਹਨ ਬਾਰ ਬਾਰ ਲਹਿਰਾਂ ।

ਘਰ ਪਰਤ ਹੀ ਸਕਾਂਗੀ
ਇਹ ਜਾਣਦੀ ਨਹੀਂ ਹਾਂ,
ਕਿਸ ਨਾਲ ਕੀ ਪਤਾ ਏ
ਹੋ ਜਾਏ ਮੇਲ ਮੇਰਾ ।
ਬੇੜੀ ਦੇ ਵਿੱਚ ਬੈਠਾ-
ਉਸ ਥਾਂ ਨਦੀ ਕਿਨਾਰੇ
ਕੋਈ ਅਜਾਣ ਬੰਦਾ
ਮੁਰਲੀ ਪਿਆ ਵਜਾਵੇ ।

ਗਾਗਰ ਭਰਨ ਦੀ ਖ਼ਾਤਰ
ਜਾਵਾਂ ਨਦੀ ਕਿਨਾਰੇ ।(74)

ਤੇਰੇ ਤੋਹਫ਼ੇ, ਕੋਲ ਆ ਮੇਰੇ

ਤੇਰੇ ਤੋਹਫ਼ੇ, ਕੋਲ ਆ ਮੇਰੇ
ਪਰਤ ਪੈਣ ਫਿਰ ਕੋਲ ਉਹ ਤੇਰੇ;
ਪੂਰ ਪੂਰ ਕੇ ਮੇਰੀਆਂ ਲੋੜਾਂ
ਪੂਰੀ ਤਰ੍ਹਾਂ ਫੇਰ ਮੁੜ ਜਾਂਦੇ ।

ਵਗ ਵਗ ਕੇ ਦਰਿਆਉ ਹਮੇਸ਼ਾ
ਖੇਤਾਂ, ਜੂਹਾਂ ਸਿੰਜਦਾ ਰਹਿੰਦਾ;
ਤੇ ਫਿਰ ਚਰਨ ਧੋਣ ਲਈ ਤੇਰੇ
ਪਾ ਲੈਂਦਾ ਤੇਰੇ ਵਲ ਮੋੜੇ ।

ਫੁੱਲ ਅਪਣੀ ਮਿੱਠੀ ਖ਼ੁਸ਼ਬੋਈ
ਘੱਲ ਕਰੇ 'ਵਾ ਭਿੰਨੀ,
ਪਰ ਇਸਦਾ ਵੀ ਅੰਤ ਨਿਸ਼ਾਨਾ
ਤੇਰੀ ਖ਼ਾਤਰ ਅਰਪਨ ਹੋਣਾ ।

ਤੇਰੀ ਪੂਜਾ ਦੁਨੀਆਂ ਤਾਈਂ
ਕਦੀ ਨਹੀਂ ਹੈ ਦੀਨ ਬਣਾਉਂਦੀ;
ਤੇਰੀ ਭਿੱਖਿਆ, ਭਿਖ-ਮੰਗੇ ਨੂੰ
ਕਦੇ ਨਹੀਂ ਕੰਗਾਲ ਦਿਖਾਉਂਦੀ ।

ਲੋਕ, ਕਵੀ ਦੇ ਬੋਲਾਂ ਵਿੱਚੀਂ
ਪਾਉਣ ਭਾਵਨਾ ਨਿਜ-ਮਨ-ਚਾਹੀ;
ਜਿਹੜੇ ਅਰਥ ਉਨ੍ਹਾਂ ਵਿਚਕਾਰੇ
ਉਹ ਤੈਨੂੰ ਹੀ ਕਰਨ ਇਸ਼ਾਰੇ ।(75)

ਹੇ ਮੇਰੇ ਜੀਵਨ ਦੇ ਸੁਆਮੀ !

ਹੇ ਮੇਰੇ ਜੀਵਨ ਦੇ ਸੁਆਮੀ !
ਕੀ ਮੈਨੂੰ ਆਏ ਦਿਨ ਏਵੇਂ
ਤੇਰੇ ਸਾਹਵੇਂ, ਔਣਾ ਪਏਗਾ ?
ਹੇ ਸਾਰੇ ਜਗਤਾਂ ਦੇ ਵਾਲੀ !
ਕੀ ਆਏ ਦਿਨ ਹੱਥ ਜੋੜ ਕੇ,
ਤੇਰੇ ਸਾਹਵੇਂ, ਖਲੋਣਾ ਪਏਗਾ ?

ਕੀ ਤੇਰੇ ਇਸ ਖੁੱਲ੍ਹੇ ਸੁੰਨੇ
ਚੁੱਪ ਮੌਨ ਆਕਾਸ਼ ਦੇ ਥੱਲੇ
ਨੀਵੀਂ ਪਾ ਖੜ ਰਹਿਣਾ ਪਏਗਾ ?

ਧੰਦੀਂ ਰੁੱਝੇ ਹੋਏ ਜਗ ਦੇ
ਮਿਹਨਤ ਤੇ ਸੰਗਰਾਮ ਵਿਚਾਲੇ
ਲੋਕਾਂ ਦੇ ਅੱਤ ਭੀੜ-ਭੜੱਕੇ
ਵਿਚ ਕੀ ਮੈਨੂੰ ਦਿਨ ਦਿਨ ਤੇਰੇ
ਸਾਹਵੇਂ ਆ, ਖੜ ਰਹਿਣਾ ਪਏਗਾ ?

ਜਦ ਮੇਰਾ ਕੰਮ ਮੁਕ ਜਾਏਗਾ,
ਸੁੰਨ ਮੌਨ ਆਕਾਸ਼ ਦੇ ਹੇਠਾਂ,
ਕੀ ਫਿਰ ਵੀ ਏਵੇਂ ਹੀ ਮੈਨੂੰ
ਤੇਰੇ ਸਾਹਵੇਂ, ਖਲੋਣਾ ਪਏਗਾ ?(76)

ਦੇਵਤਾ ਤੈਨੂੰ ਸਮਝ ਕੇ ਦੂਰ ਹੀ ਖੜ੍ਹਦਾ ਹਾਂ ਮੈਂ

ਦੇਵਤਾ ਤੈਨੂੰ ਸਮਝ ਕੇ ਦੂਰ ਹੀ ਖੜ੍ਹਦਾ ਹਾਂ ਮੈਂ-
ਆਪ ਜੇਹਾ ਜਾਣ ਤੇਰੇ ਕੋਲ ਮੈਂ ਆਉਂਦਾ ਨਹੀਂ,
ਜਾਣ ਕੇ ਤੈਨੂੰ ਪਿਤਾ ਕਦਮਾਂ ਤੇ ਝੁਕਦਾ ਹਾਂ ਤਿਰੇ,
ਜਾਣ ਮਿੱਤਰ, ਹੱਥ ਤੇਰੇ ਹੱਥ ਨੂੰ ਪਾਉਂਦਾ ਨਹੀਂ !

ਪਿਆਰ ਮੇਰੇ ਬੰਨ੍ਹਿਆ ਤੂੰ ਜਿਹੜੇ ਰਾਹੋਂ ਉੱਤਰੇ,
ਨਾਲ ਤੇਰੇ ਮੀਤ ਬਣ ਉਸ ਤੋਂ ਦੀ ਜਾ ਸਕਦਾ ਨਹੀਂ ।
ਤੂੰ ਸਕਾ ਸਾਥੀ ਮਿਰੇ ਲਈ, ਮੇਰੇ ਸਕਿਆਂ ਦੀ ਤਰ੍ਹਾਂ,
ਫਿਰ ਵੀ ਪਰ ਪਿਆਰੇ ! ਤਿਰੇ ਮੈਂ ਕੋਲ ਆ ਸਕਦਾ ਨਹੀਂ ।

ਵੰਡ ਕੇ ਸਕਿਆਂ ਸੰਬੰਧਾਂ ਵਿਚ ਦੌਲਤ ਆਪਣੀ
ਤੇਰਾ ਹਿੱਸੇਦਾਰ, ਤੇਰੇ ਕੋਲ ਖੜ੍ਹ ਰਹਿੰਦਾ ਹਾਂ ਮੈਂ;
ਥੱਕ ਕੇ ਵੀ ਤੇ ਅਮੁੱਕ ਪੈਂਡੇ ਨੂੰ ਅਪਣੇ ਦੇਖ ਕੇ
ਜੀਣ-ਰਾਹ ਤਜ, ਜਿੰਦ-ਸਾਗਰ ਵਿਚ ਨਹੀਂ ਵਹਿੰਦਾ ਹਾਂ ਮੈਂ ।

ਦੇਵਤਾ ਤੈਨੂੰ ਸਮਝ ਕੇ ਦੂਰ ਹੀ ਖੜ੍ਹਦਾ ਹਾਂ ਮੈਂ-
ਆਪ ਜੇਹਾ ਜਾਣ ਤੇਰੇ ਕੋਲ ਮੈਂ ਆਉਂਦਾ ਨਹੀਂ ।(77)

ਸਿਰਜਨਾ ਸੀ ਸ੍ਰਿਸ਼ਟ ਦੀ ਜਦ ਸੱਜਰੀ

ਸਿਰਜਨਾ ਸੀ ਸ੍ਰਿਸ਼ਟ ਦੀ ਜਦ ਸੱਜਰੀ
ਤਾਰੇ ਰੌਸ਼ਨ ਨਹੀਂ ਸਨ ਸ਼ਾਨ ਵਿਚ,
ਦੇਵਤੇ ਸਾਰੇ ਇਕੱਤਰ ਹੋ ਗਏ ਅਸਮਾਨ ਵਿਚ;
ਸਾਰਿਆਂ ਮਿਲ ਛੁਹ ਲਿਆ ਇਕ ਗੀਤ ਸੀ-
*ਵਾਹ ! ਇਸ ਤਸਵੀਰ ਦਾ ਦੈਵੀ ਕਮਾਲ
ਕਿੰਨਾ ਹੈ ਭਰਪੂਰ ਜਗ ਸੁੱਚਮ ਦੇ ਨਾਲ !*
ਪਰ ਅਚਾਨਕ ਹੀ ਕਿਤੋਂ ਆਈ ਅਵਾਜ਼-
'ਲੱਗਦਾ ਹੈ ਇੱਕ ਤਾਰਾ ਖੋ ਗਿਆ,
ਟੁਟ ਗਿਆ ਹੈ ਹਾਰ ਕਿਧਰੋਂ ਨੂਰ ਦਾ,
ਤਾਰਿਆਂ 'ਚੋਂ ਕਿੱਥੇ ਤਾਰਾ ਗੁੰਮਿਆ !'

ਦੇਵ-ਵੀਣਾ ਦੇ ਸੁਨਹਿਰੀ ਤਾਰ ਮੌਨ-
ਹੋ ਗਏ, ਮਚ ਗਈ ਚੁਫ਼ੇਰੇ ਇਕ ਪੁਕਾਰ :
'ਆਹ, ਤਾਰਾ ਸੀ ਉਹੀ ਸਭ ਤੋਂ ਹੁਸੀਨ ।
ਸੀ ਸਵਰਗੀ ਸ਼ਾਨ ਦਾ ਓਹੀ ਅਧਾਰ ।'

ਓਸੇ ਦਿਨ ਤੋਂ ਓਸ ਤਾਰੇ ਦੇ ਲਈ
ਇੱਕ ਅਣਮੁਕ ਭਾਲ ਹੈ ਚਲਦੀ ਪਈ;
ਸਾਰੇ ਇਕ-ਸੁਰ ਹੋ ਇਹੋ ਹਨ ਕਹਿ ਰਹੇ
'ਵਿਸ਼ਵ ਦੀ ਉਸ ਬਿਨ ਖ਼ੁਸ਼ੀ ਸਭ ਖੋ ਗਈ ।'

ਸਿਰਫ ਸੰਘਣੇ ਨ੍ਹੇਰਿਆਂ 'ਚੋਂ ਰਾਤ ਦੇ
ਤਾਰੇ ਇਕ ਦੂਏ ਨੂੰ ਕਹਿੰਦੇ ਮੁਸਕਰਾ :
'ਭਾਲ ਦੀ ਇਹ ਭਟਕਣਾ ਐਵੇਂ ਫ਼ਜ਼ੂਲ
ਹੈ ਅਟੁਟ ਪਰਬੀਨਤਾ ਸਾਰੇ ਸਦਾ ।'(78)

ਜੇ ਕਰ ਇਸ ਜੀਵਨ ਵਿਚ ਮੈਨੂੰ

ਜੇ ਕਰ ਇਸ ਜੀਵਨ ਵਿਚ ਮੈਨੂੰ
ਹੇ ਪ੍ਰਭ ਮਿਲ ਹੀ ਨਾ ਸਕਿਆ ਤੂੰ
ਤਾਂ ਇਹ ਹਸਰਤ ਸੂਲਾਂ ਵਾਂਗੂੰ
ਪੱਛਦੀ ਹੀ ਰਹਿਵੇਗੀ ਮੈਨੂੰ ।
ਮਨ ਮੇਰੇ ਨੂੰ ਪਲ ਪਲ ਛੁਹ ਕੇ
ਪੀੜ ਏਸ ਦੀ ਸੌਂਦੇ ਜਗਦੇ
ਰਾਤ ਦਿਨੇ ਬੇ-ਚੈਨ ਕਰੇਗੀ
ਇਹ ਗੱਲ ਨਹੀਓਂ ਭੁੱਲ ਸਕੇਗੀ ।

ਮੈਂ ਕਿੰਨੇ ਹਨ ਦਿਹੁੰ ਗੁਜ਼ਾਰੇ
ਜਗ ਦੀ ਭਰੀ ਮੰਡੀ ਵਿਚਕਾਰੇ
ਮੇਰੇ ਇਹਨਾਂ ਦੋਹਾਂ ਹੱਥਾਂ
ਕੀਤਾ ਲਾਭ ਪਰਾਪਤ ਲੱਖਾਂ
ਪਰ ਉਹ ਐਵੇਂ ਸਮਾਂ ਗਵਾਇਆ
ਜਦ ਤੈਨੂੰ ਮੈਂ ਦੇਖ ਨ ਪਾਇਆ ।
ਇਹ ਗਲ ਮੇਰੇ ਮਨ ਦੇ ਅੰਦਰ
ਚੁਭਦੀ ਹੀ ਰਹੀ ਸੂਲਾਂ ਵਾਕਰ ।

ਜਦੋਂ ਥਕਾਵਟ ਦੇ ਮੈਂ ਮਾਰੇ
ਬਹਿ ਜਾਂਦਾ ਹਾਂ ਸੜਕ ਕਿਨਾਰੇ,
ਤੇ ਆਰਾਮ ਕਰਨ ਦੀ ਖ਼ਾਤਰ
ਬਿਸਤਰ ਲਾਵਾਂ ਧਰਤੀ ਉਪਰ
ਲੱਗੇ ਹਾਲੇ ਬਹੁਤ ਲੰਮੇਰਾ
ਬਾਕੀ ਰਹਿੰਦਾ ਪੈਂਡਾ ਮੇਰਾ
ਯਾਦਾਂ ਵਿਚੋਂ ਤਦ ਫੁਰ ਆਉਂਦਾ
'ਕਿਉਂ ਤੂੰ ਬੇਮਤਲਬ ਸਸਤਾਉਂਦਾ ?'
ਤੈਨੂੰ ਦੇਖ ਨ ਮੈਂ ਸੱਕਾਂਗਾ
ਮਨ ਮੇਰਾ ਇਹ ਨਹੀਂ ਭੁਲਾਉਂਦਾ ।
ਭੁੱਲ ਜਾਵੇਂ ਨਾ ਮੈਨੂੰ ਕਿਧਰੇ
ਚਿੰਤਾ ਰਹਿੰਦੀ ਸੌਂਦੇ ਜਗਦੇ ।

ਕਿੰਨੀ ਹੀ ਮੇਰੇ ਘਰ ਅੰਦਰ
ਰਹੇ ਗੂੰਜਦੀ ਬੰਸੀ ਦੀ ਸੁਰ
ਕਿੰਨਾ ਹੀ ਘਰ ਲਿਸ਼ਕੇ ਦਮਕੇ
ਕਿੰਨਾ ਇਸ ਵਿਚ ਹਾਸਾ ਛਣਕੇ
ਐਪਰ 'ਤੂੰ ਨਹੀਓਂ ਏਂ ਆਣਾ'
ਸੋਚ ਨਾ ਕੋਈ ਰਹੇ ਟਿਕਾਣਾ ।

ਭੁੱਲ ਜਾਵੇਂ ਨਾ ਮੈਨੂੰ ਕਿਧਰੇ
ਇਹੋ ਚਿੰਤਾ ਸੌਂਦੇ ਜਗਦੇ,
ਦਿਨ ਤੇ ਰਾਤ ਸਤਾਵੇ ਮੈਨੂੰ
ਪਲ ਵੀ ਟੇਕ ਨ ਆਵੇ ਮੈਨੂੰ ।(79)

ਘੁੰਮ ਰਹੀ ਆਕਾਸ਼ ਦੇ ਉੱਤੇ

ਘੁੰਮ ਰਹੀ ਆਕਾਸ਼ ਦੇ ਉੱਤੇ
ਰੁੱਤ ਬਸੰਤੀ ਦੀ ਬਦਲੋਟੀ
ਵਾਂਗੂੰ, ਬਿਨ ਮਤਲਬ ਆਵਾਰਾ
ਮੈਂ ਵੀ ਘੁੰਮਾਂ ਲਖਸ਼-ਵਿਹੂਣਾ ।

ਹਰਦਮ ਜਗਮਗ ਮੇਰੇ ਸੂਰਜ !
ਅਜੇ ਤੀਕਰਾਂ ਮਿਰੇ ਕਣਾਂ ਨੂੰ
ਛੁਹ ਤੇਰੀ ਨੇ ਨਹੀਂ ਪੰਘਰਾਇਆ;
ਜਿਹੜੀ ਛੁਹ ਤੋਂ ਇਹ ਕਣ ਮੇਰੇ
ਖੋ ਜਾਂਦੇ ਚਾਨਣ ਵਿਚ ਤੇਰੇ !
ਇਸ ਲਈ ਪੈ ਗਏ ਹੈਨ ਗਿਣੀਣੇ
ਬੀਤ ਰਹੇ ਜੋ ਤਿਰੇ ਵਿਛੋੜੇ-
ਵਿਚ ਹਨ ਮੇਰੇ ਸਾਲ, ਮਹੀਨੇ !
ਜੇ ਕਰ ਏਹੋ ਇੱਛਾ ਤੇਰੀ
ਜੇ ਕਰ ਏਹੋ ਖੇਲ ਹੈ ਤੇਰਾ,
ਤਾਂ ਫਿਰ ਮੇਰੇ ਸੱਖਣੇ-ਪਣ ਵਿਚ
ਤੂੰ ਅਪਣੇ ਰੰਗਾਂ ਨੂੰ ਭਰ ਦੇ,
ਸੋਨੇ ਨਾਲ ਸੁਨਹਿਰੀ ਕਰ ਦੇ,
ਉਡਦੀ 'ਵਾ ਤੇ ਤਾਰ, ਉਡਾ ਦੇ
ਤੇ ਹਰ ਕੌਤਕ ਵਿਚ ਫੈਲਾ ਦੇ ।

ਤੇ ਦੋਬਾਰਾ, ਜੇ ਤੂੰ ਚਾਹੇਂ
ਏਸ ਖੇਡ ਦੇ ਮੁਕ ਜਾਵਣ ਤੇ
ਰਾਤੀਂ ਆਪ ਹਨੇਰੇ ਦੇ ਵਿਚ
ਪੰਘਰ ਕੇ ਮੈਂ ਖੋ ਜਾਵਾਂਗਾ;
ਤੇ ਜਾਂ ਸਰਘੀ ਦੇ ਹੋਠਾਂ ਦੀ
ਇਕ ਮੁਸਕਣੀ ਹੋ ਜਾਵਾਂਗਾ,
ਜਾਂ ਸੁੱਚੀ ਨਿਰਮਲਤਾ ਲੈ ਕੇ
ਤ੍ਰੇਲ-ਰੂਪ ਬਣ ਚੋ ਜਾਵਾਂਗਾ ।(80)

ਆਪਣੇ ਵਿਹਲੇ ਦਿਨਾਂ ਦੇ ਵਿਚ ਅਨੇਕਾਂ ਵਾਰ ਹੀ

ਆਪਣੇ ਵਿਹਲੇ ਦਿਨਾਂ ਦੇ ਵਿਚ ਅਨੇਕਾਂ ਵਾਰ ਹੀ
ਮੈਂ ਅਜਾਈਂ ਹੀ ਗੁਆਏ ਵਕਤ ਲਈ ਹਾਂ ਝੂਰਿਆ,
ਪਰ ਅਜਾਈਂ ਹੀ ਗੁਆਇਆ ਨਹੀਂ ਉਹ ਸਮਾਂ
ਮੇਰੇ ਜੀਵਨ-ਪਲ ਸਭੋ ਹਨ ਹੱਥ ਤੇਰੇ ਮਾਲਕਾ !

ਮਨ-ਡੂੰਘਾਣਾਂ ਵਿਚ, ਲੁਕ ਛਿਪ ਬੈਠ ਕੇ ਹਰ ਚੀਜ਼ ਦੇ
ਰੂਪ ਹਰ ਇਕ ਚੀਜ਼ ਦੇ ਨੂੰ ਤੂੰ ਸਦਾ ਵਿਕਸਾ ਰਿਹਾ,
ਬੀਜ ਬਦਲੇਂ ਬੂਟਿਆਂ ਵਿਚ, ਫੁੱਲ ਕਲੀਆਂ ਨੂੰ ਕਰੇਂ;
ਰੂਪ ਫੁੱਲਾਂ ਦਾ ਫਲਾਂ ਦੇ ਰੂਪ ਵਿਚ ਪਲਟਾ ਰਿਹਾ ।

ਸੌਂ ਰਿਹਾ ਸੀ ਸੁਸਤ ਅਪਣੀ ਸੇਜ ਤੇ ਮੈਂ ਥੱਕਿਆ
ਅੰਤ ਮੇਰੇ ਕੰਮ ਦਾ ਹੋਣਾ ਨਹੀਂ, ਸੀ ਸੋਚਦਾ ।

ਜਦ ਸਵੇਰ ਉਠਿਆ, ਅਪਣਾ ਬਗੀਚਾ ਦੇਖਿਆ
ਉਹ ਸੀ ਫੁੱਲਾਂ ਦੇ ਅਚੰਭੇ ਨਾਲ ਭਰ ਮੁਸਕਾ ਰਿਹਾ ।(81)

ਮੇਰੇ ਮਾਲਕ ! ਤੇਰੇ ਹੱਥਾਂ ਵਿਚ ਸਮਾਂ ਬੇ-ਅੰਤ ਹੈ

ਮੇਰੇ ਮਾਲਕ ! ਤੇਰੇ ਹੱਥਾਂ ਵਿਚ ਸਮਾਂ ਬੇ-ਅੰਤ ਹੈ
ਤੇਰੀਆਂ ਘੜੀਆਂ ਦੀ ਜੋ ਗਿਣਤੀ ਕਰੇ, ਕੋਈ ਨਹੀਂ ।
ਅਣਗਿਣਤ ਦਿਨ ਰਾਤ ਇਕ ਇਕ ਆ ਰਹੇ ਤੇ ਜਾ ਰਹੇ
ਤੇ ਜੁਗਾਂ ਦੇ ਜੁੱਗ ਫੁੱਲਾਂ ਵਾਂਗ ਖਿੜ ਮੁਸਕਾ ਰਹੇ
ਪਰ ਉਡੀਕਾਂ ਤੇਰੀਆਂ ਦੀ ਧੀਰਤਾ ਖੋਈ ਨਹੀਂ ।

ਨਿੱਕੇ ਇਕ ਬਨ-ਫੁੱਲ ਨੂੰ ਪੂਰਾ ਖਿੜਾਵਣ ਦੇ ਲਈ
ਇਕ ਦੂਈ ਤੋਂ ਬਾਦ ਲੰਘਣ ਤੇਰੀਆਂ ਸਦੀਆਂ ਕਈ ।

ਕੋਲ ਸਾਡੇ ਰੋਲਣੇ ਤੇ ਖਾਵਣੇ ਲਈ ਪਲ ਨਹੀਂ,
ਇਹ ਸਮੇਂ ਦੀ ਟੋਟ ਸਾਨੂੰ ਘਾਬਰਾਂ ਹੈ ਪਾ ਰਹੀ,
ਇੱਕ ਪਲ ਦੀ ਵੀ ਅਸੀਂ ਦੇਰੀ ਨੂੰ ਸਹਿ ਸਕਦੇ ਨਹੀਂ ।
ਵਕਤ ਮੇਰਾ, ਝਗੜਦੇ ਹੋਏ ਦਾਹਵੇਦਾਰਾਂ ਵਿੱਚ ਹੀ
ਬੀਤਦਾ, ਜੋ ਇਸ ਤੇ ਦਾਵਾ ਕਰਦੇ ਨਿਜ-ਅਧਿਕਾਰ ਦਾ,
ਤੇਰੀ ਵੇਦੀ ਅੰਤ ਤੀਕਰ ਰਹਿੰਦੀ ਭੇਟੋਂ ਸੱਖਣੀ ।

ਦੇਰ ਦੇ ਡਰ ਤੋਂ ਮੈਂ ਧੀਰਜ ਖੋ ਬਹਾਂ ਦਿਨ ਦੇ ਅਖ਼ੀਰ,
ਹੁੰਦਾ ਡਰ, ਨਾ ਤੇਰਾ ਦਰ ਹੀ ਬੰਦ ਹੋ ਜਾਵੇ ਕਿਤੇ;
ਹੋਂਵਦਾ ਹੈਰਾਨ ਹਾਂ, ਇਹ ਦੇਖਦਾ ਹਾਂ, ਮੈਂ ਜਦੋਂ
ਤੇਰਾ ਦਰ ਖੁਲ੍ਹਾ ਤੇ ਬਾਕੀ ਹੈ ਸਮਾਂ ਕਾਫ਼ੀ ਅਜੇ ।(82)

ਸੋਨ-ਥਾਲ ਅਜ ਤਿਰਾ ਸਜਾਇਆ

ਸੋਨ-ਥਾਲ ਅਜ ਤਿਰਾ ਸਜਾਇਆ,
ਦੁੱਖ ਭਰੇ ਹੰਝੂਆਂ ਦੀ ਧਾਰ ।
ਹੇ ਮਾਂ ! ਗੁੰਦ ਗਲੇ ਵਿਚ ਪਾਇਆ
ਮੈਂ ਤੇਰੇ ਹੈ ਮੋਤੀ-ਹਾਰ ।

ਚੰਦ ਸੂਰਜ ਪੈਰਾਂ ਵਿਚ ਤੇਰੇ
ਰਤਨਾਂ ਵਾਂਗੂੰ ਜੜੇ ਹੋਏ ਨੇ,
ਹਿੱਕ ਤੇਰੀ ਤੇ ਸੋਭ ਰਹੇ ਹਨ
ਮੇਰੇ ਦੁੱਖਾਂ ਦੇ ਅਲੰਕਾਰ ।

ਧਨ ਤੇ ਅੰਨ ਤਿਰੀ ਹੈ ਦੌਲਤ
ਕਰ ਵਰਤੋਂ ਇਹਨਾਂ ਦੀ ਤੂੰ,
ਦੇਣਾ ਚਾਹੇਂ ਦੇ ਦੇ ਮੈਨੂੰ
ਨਹੀਂ ਤਾਂ ਨਾ ਦੇ ਇਹਨਾਂ ਨੂੰ ।

ਦੁਖ ਹੀ ਤੁਹਫ਼ਾ ਮੇਰੇ ਘਰ ਦਾ
ਤੇ ਤੂੰ ਪਰਖਵਾਨ ਏਂ ਸੱਚਾ
ਮੈਨੂੰ ਹੈ ਵਿਸ਼ਵਾਸ ਕਿ ਤੈਨੂੰ
ਮੁੱਲ ਏਸ ਦੇ ਦੀ ਹੈ ਸਾਰ ।

ਜਿਸ ਵਿਸ ਖੁਸ਼ੀ ਤਿਰੀ ਹੈ
ਕਰ ਲੈ ਤੂੰ ਉਸ ਨੂੰ ਸਵੀਕਾਰ !(83)

ਤੇਰੀ ਵਿਯੋਗ-ਪੀੜ ਹੀ

ਤੇਰੀ ਵਿਯੋਗ-ਪੀੜ ਹੀ
ਦੁਨੀਆਂ 'ਚ ਫੈਲ ਕੇ
ਰੂਹਾਂ ਅਨੰਤ ਅਰਸ਼ 'ਚੋਂ
ਜਨਮਾ ਜਗਾ ਰਹੀ ।

ਏਹੋ ਵਿਯੋਗ-ਪੀੜ ਹੈ
ਹਰ ਇਕ ਤਾਰੇ ਵਿੱਚ ਜੋ
ਤਕਦੀ ਤਕਾ ਰਹੀ ।

ਤੇ ਏਹੋ ਮਾਹ ਸੌਣ ਦੇ
ਗੂਹੜੇ ਹਨੇਰ ਵਿਚ
ਹੈ ਸਰ ਸਰਾਉਂਦੇ ਪੱਤਿਆਂ-
'ਚ ਗੀਤ ਗਾ ਰਹੀ ।

ਇਹੋ ਹੀ ਪੀੜ ਫੈਲੀ ਹੈ
ਸੱਧਰ ਪਿਆਰ ਵਿਚ
ਇਨਸਾਨੀ ਘਰਾਂ ਵਿਚ ਜੋ
ਦੁਖ ਸੁਖ ਬਣਾ ਰਹੀ ।

ਏਹੋ ਵਿਯੋਗ-ਪੀੜ ਹੈ
ਹਰਦਮ ਹੀ ਪੰਘਰ ਕੇ
ਜੋ ਮੇਰੇ ਕਵੀ-ਮਨ 'ਚੋਂ
ਸਦਾ ਵਗਦੀ ਜਾ ਰਹੀ ।(84)

ਅਪਣੇ ਪ੍ਰਭੂ ਦੇ ਘਰ ਤੋਂ ਆਏ

ਅਪਣੇ ਪ੍ਰਭੂ ਦੇ ਘਰ ਤੋਂ ਆਏ
ਜਿਹੜੇ ਦਿਨ ਉਹ ਬੀਰ ਸਿਪਾਹੀ,
ਪਤਾ ਨਹੀਂ ਉਸ ਦਿਨ ਤੋਂ ਸ਼ਕਤੀ
ਅਪਣੀ ਕਿੱਥੇ ਉਨ੍ਹਾਂ ਲੁਕਾਈ ।
ਕਿੱਥੇ ਗਏ ਹਥਿਆਰ ਉਨ੍ਹਾਂ ਦੇ
ਉਹ ਬਾਜ਼ੂ ਬਲਕਾਰ ਉਨ੍ਹਾਂ ਦੇ ?

ਉਹ ਬਲਹੀਣੇ ਦੇਣ ਦਿਖਾਈ
ਨਾ ਉਹਨਾਂ ਦਾ ਦਿਸੇ ਸਹਾਈ,
ਹਰ ਪਾਸੇ ਤੋਂ ਉਹਨਾਂ ਉੱਤੇ
ਬਾਣ ਅਨੇਕਾਂ ਬਰਸਣ ਲੱਗੇ ।

ਉਹਨਾਂ ਦੇ ਬਲ-ਮਾਣ ਗਏ ਕਿੱਥੇ !
ਧਨੁਸ਼, ਬਾਣ, ਕਿਰਪਾਣ ਗਏ ਕਿੱਥੇ ?
ਜਿਹੜੇ ਦਿਨ ਉਹ ਬੀਰ ਸਿਪਾਹੀ,
ਮਾਲਕ ਦੇ ਘਰ ਤੋਂ ਤੁਰ ਆਏ ?

ਫੇਰ ਜਦੋਂ ਉਹ ਬੀਰ ਸਿਪਾਹੀ
ਪਰਤੇ ਬਣ ਪ੍ਰਭ-ਰਾਹ ਦੇ ਰਾਹੀ,
ਜਿੱਥੇ ਉਹਨਾਂ ਬਲ ਤੇ ਸ਼ਕਤੀ
ਅਪਣੀ ਨੱਪ ਲੁਕਾ ਸੀ ਰੱਖੀ !

ਉਹਨਾਂ ਨੇ ਕਿਰਪਾਨਾਂ ਸੁੱਟੀਆਂ
ਅਪਣੇ ਤੀਰ, ਕਮਾਨਾਂ ਸੁੱਟੀਆਂ
ਤੇ ਉਹਨਾਂ ਦੇ ਮੱਥੇ ਤੇ ਸੀ
ਅਮਨ, ਖ਼ੁਸ਼ੀ ਦੀ ਜੋਤੀ ਜਗਦੀ
ਤੇ ਉਹ ਅਪਣੇ ਜਗ-ਜੀਵਨ ਦੇ
ਫਲ ਦਾ ਤਿਆਗ ਸੀ ਕਰਕੇ ਚੱਲੇ ।

ਪ੍ਰਭ ਦੇ ਘਰ ਨੂੰ ਪਰਤ ਰਹੇ ਸੀ
ਅਪਣੀ ਰਾਹ ਦੇ ਬੀਰ ਸਿਪਾਹੀ ।(85)

ਤੇਰਾ ਅੱਜ ਸੁਨੇਹਾ ਲੈ ਕੇ

ਤੇਰਾ ਅੱਜ ਸੁਨੇਹਾ ਲੈ ਕੇ
ਮੌਤ ਆਈ ਹੈ ਮੇਰੇ ਦੁਆਰੇ
ਇਸ ਥਾਂ ਪੁੱਜਣ ਲਈ ਉਸ ਕੀਤੇ
ਸਾਗਰ ਕਈ ਅਨਜਾਣੇ ਪਾਰ ।

ਰਾਤ ਹਨੇਰੀ ਹੈ, ਮਨ ਮੇਰਾ
ਡਰ ਦੇ ਨਾਲ ਹੈ ਭਰਿਆ ਭਰਿਆ
ਫ਼ਿਰ ਵੀ ਦੀਵਾ ਹੱਥ 'ਚ ਲੈ ਕੇ
ਮੈਂ ਖੋਲ੍ਹਾਂਗਾ ਅਪਣਾ ਦੁਆਰ ।

ਸੀਸ ਝੁਕਾ ਕੇ ਅਪਣਾ, ਕਰਨਾ-
ਮੈਂ ਸੁਆਗਤ ਹੈ ਅੱਗੋਂ ਉਸਦਾ
ਤੇਰੀ ਦੂਤ ਸੁਨੇਹਾ ਲੈ ਕੇ
ਆਣ ਖੜੀ ਹੈ ਮੇਰੇ ਬਾਰ ।

ਹੱਥ ਜੋੜ ਹੰਝੂ ਭਰ ਨੈਣੀਂ
ਮੈਂ ਉਸ ਦੀ ਪੂਜਾ ਹੈ ਕਰਨੀ
ਤੇ ਉਸ ਦੇ ਚਰਨਾਂ ਤੇ ਰੱਖਣਾ
ਇਸ ਮਨ ਦਾ ਅਣਮੁੱਲ ਭੰਡਾਰ ।

ਅਪਣਾ ਅਣਦਿਸ ਕੰਮ ਮੁਕਾ ਕੇ
ਤੇ ਮੇਰੀ ਸਰਘੀ ਦੇ ਉੱਤੇ
ਗੂਹੜੇ ਕਾਲੇ, ਘੁੱਪ ਹਨੇਰੇ-
ਦਾ ਪਰਛਾਵਾਂ ਸੁੱਟ ਖਿਲਾਰ,
ਪਰਤ ਪਵੇਗੀ ਤੇ ਫਿਰ ਮੇਰੇ
ਸੁੰਨੇ ਸੁੰਨੇ ਘਰ ਵਿਚਕਾਰੇ-
ਰਹੇਗੀ ਮੇਰੀ ਹਉਮੈ, ਤੈਨੂੰ-
ਭੇਟ ਦੇਣ ਲਈ ਅੰਤਿਮ ਵਾਰ ।(86)

ਦਿਲ 'ਚ ਮਘਦੀ ਆਸ ਲੈ ਕੇ, ਉਹਨੂੰ ਘਰ ਵਿਚ ਆਪਣੇ

ਦਿਲ 'ਚ ਮਘਦੀ ਆਸ ਲੈ ਕੇ, ਉਹਨੂੰ ਘਰ ਵਿਚ ਆਪਣੇ,
ਕੋਨਾ ਕੋਨਾ ਲੱਭਿਆ, ਪਰ ਉਹਨੂੰ ਲੱਭ ਸਕਿਆ ਨਹੀਂ;
ਮੇਰਾ ਘਰ ਛੋਟਾ ਜਿਹਾ ਹੈ ਇਸ ਦੇ ਵਿਚ ਇਕ ਵਾਰ ਜੋ
ਖੋ ਗਿਆ ਸੋ ਖੋ ਗਿਆ, ਮੁੜ ਫੇਰ ਉਹ ਮਿਲਿਆ ਨਹੀਂ ।

ਮੇਰੇ ਮਾਲਕ ! ਇਹ ਮਹਿਲ ਤੇਰਾ ਹੈ ਅਣਮੁਕ ਤੇ ਵਿਸ਼ਾਲ
ਭਾਲ ਕਰਦਾ ਓਸਦੀ ਮੈਂ ਤੇਰੇ ਦਰ ਤਕ ਆ ਗਿਆ,
ਸ਼ਾਮ ਦੇ, ਸੋਨੇ ਜੜੇ ਆਕਾਸ਼ ਦੇ ਮੰਡਪ ਹਿਠਾਂਹ
ਮੈਂ ਖਲੋ, ਸਧਰਾਈ ਤਕਣੀ ਨਾਲ ਤੈਨੂੰ ਦੇਖਦਾਂ ।

ਮੈਂ ਅਨੰਤ ਸਾਗਰ ਦੇ ਉਸ ਕੰਢੇ ਤੇ ਏਥੇ ਪੁਜਦਾਂ
ਪੁੱਜਕੇ ਕੁਝ ਵੀ ਕਦੇ ਮਿਟ ਸੱਕਦਾ ਜਿੱਥੇ ਨਹੀਂ,
ਜਿੱਥੇ ਪੁਜ ਕੇ ਹੰਝੂਆਂ ਦੇ ਉਹਲਿਆਂ 'ਚੋਂ, ਐਪਰਾਂ
ਸੁਖ, ਖ਼ੁਸ਼ੀ ਤੇ ਆਸ ਜਗ ਦਾ ਰੂਪ ਤਕ ਸਕਦੇ ਨਹੀਂ ।

ਧੁਰ ਡੁੰਘਾਈਆਂ ਤੱਕ ਇਸ ਸਾਗਰ 'ਚ, ਮੇਰੀ ਜ਼ਿੰਦਗੀ-
ਸੱਖਣੀ ਹੈ ਜੋ, ਉਹਨੂੰ ਚੰਗੀ ਤਰ੍ਹਾਂ ਤੂੰ ਡੋਬਦੇ,
ਮੈਨੂੰ ਇਕ ਵਾਰੀ ਦੁਬਾਰਾ ਫੇਰ ਸਾਰੇ ਜੱਗ ਵਿਚ-
ਵਿਆਪਦੀ ਹੋਈ ਅੱਤ ਮਿੱਠੀ ਛੁਹ ਪਰਾਪਤ ਕਰਨ ਦੇ ।(87)

ਟੁੱਟੇ ਮੰਦਰ ਦੇ ਦੇਵਤਾ ! ਹੁਣ ਤਾਂ

ਟੁੱਟੇ ਮੰਦਰ ਦੇ ਦੇਵਤਾ ! ਹੁਣ ਤਾਂ-
ਤੇਰੀ ਉਸਤਤ ਅਲਾਪਦੇ ਨਹੀਓਂ
ਟੁੱਟ ਚੁੱਕੇ ਇਹ ਤਾਰ ਵੀਣਾ ਦੇ ।
ਤੇਰੀ ਪੂਜਾ ਦੀ ਸੂਚਨਾ ਖ਼ਾਤਰ
ਸ਼ਾਮ ਵੇਲੇ ਨਾ ਟੱਲੀਆਂ ਖੜਕਨ
ਮੌਨ ਟਿਕਵੀਂ ਹੈ ਪੌਣ ਵੀ ਏਥੇ ।

ਤੇਰੀ ਟੁੱਟੀ ਵੀਰਾਨ ਕੁੱਲ੍ਹੀ ਵਿਚ
ਔਣ ਬੁੱਲੇ ਬਾਹਰ(ਬਹਾਰ) ਮੌਸਮ ਦੇ
ਜੀਹਨਾਂ ਵਿਚ ਹੈ ਸੁਗੰਧ ਫੁੱਲਾਂ ਦੀ
ਫੁੱਲ ਤੇਰੀ ਜੋ ਭੇਟ ਨਾ ਹੁੰਦੇ ।

ਤੇਰੀ ਪੂਜਾ ਦੀ ਕਾਮਨਾ ਲੈ ਕੇ
ਆਉਂਦਾ ਪਹਿਲਾਂ ਤਿਰਾ ਪੁਜਾਰੀ ਹੈ
ਪਰ ਆ ਐਵੇਂ ਹੀ ਪਰਤ ਉਹ ਜਾਵੇ
ਸ਼ਾਮ ਵੇਲੇ ਜਾਂ ਚਾਨਣੇ ਸਾਏ-
ਮਿਲਦੇ ਮਿੱਟੀ ਦੀ ਧੁੰਦ ਦੇ ਅੰਦਰ,
ਤਾਂ ਪੁਜਾਰੀ ਉਹ ਥੱਕਿਆ ਟੁੱਟਿਆ
ਦਿਲ 'ਚ ਭੁੱਖਾਂ ਦਾ ਹਾਬੜਾ ਲੈ ਕੇ
ਟੁੱਟੇ ਮੰਦਰ ਦੇ ਵਿੱਚ ਆਉਂਦਾ ਹੈ ।

ਟੁੱਟੇ ਮੰਦਰ ਦੇ ਦੇਵਤਾ ! ਕਿੰਨੇ-
ਆਉਂਦੇ ਦਿਨ ਹੈਨ ਮੇਲਿਆਂ ਵਾਲੇ
ਰੰਗ ਰਾਗਾਂ ਤੋਂ ਸੱਖਣੇ ਐਵੇਂ
ਪੂਜਾ ਤੇਰੀ ਦੀਆਂ ਕਈ ਰਾਤਾਂ
ਜਗਦੇ ਦੀਵੇ ਬਿਨਾ ਹੀ ਲੰਘ ਜਾਵਣ ।
ਜਿਹੜੇ ਸਿਰਜਕ ਨੇ ਚਤੁਰ ਹੁਨਰਾਂ ਦੇ
ਕਰਨ ਸਾਕਾਰ ਕਲਪਨਾਂ ਨਵੀਆਂ
ਜੋ ਅਜਾਣੀ ਪਵਿੱਤ ਧਾਰਾ ਵਿਚ
ਵਕਤ ਆਵਣ ਤੇ ਰੋੜ੍ਹੀਆਂ ਜਾਵਣ ।

ਟੁੱਟੇ ਮੰਦਰ ਦਾ ਦੇਵਤਾ ਕੇਵਲ-
ਇਕ ਅਮਰਤਾ ਦੀ ਊਣਤਾ ਬਦਲੇ
ਪੂਜਾ ਵੱਲੋਂ ਹੈ ਸੱਖਣਾ ਰਹਿੰਦਾ ।(88)

ਮਾਲਕ ਮਿਰੇ ਦੀ ਏਹੀ

ਮਾਲਕ ਮਿਰੇ ਦੀ ਏਹੀ-
ਹੁਣ ਹੈ ਰਜ਼ਾ ਕਿ ਕੁਝ ਵੀ
ਮੈਂ ਬੋਲ ਬੋਲ ਉੱਚਾ
ਮੂੰਹੋਂ ਨਾ ਕੁਝ ਪੁਕਾਰਾਂ ।
ਕਹਿਣਾ ਪਏਗਾ ਸਭ ਕੁਝ
ਕੰਨ ਵਿੱਚ ਹੌਲੀ ਹੌਲੀ,
ਭਰਨੀ ਪਵੇਗੀ ਮੈਨੂੰ
ਗੀਤਾਂ ਦੀ ਗੁਣਗੁਣਾਹਟ-
ਵਿਚ ਵੇਦਨਾ ਦਿਲੇ ਦੀ ।

ਮੂੰਹ-ਜ਼ੋਰ ਜਾਣ ਲੋਕੀ-
ਰਾਜੇ ਦੇ ਹੱਟ ਵੰਨੀਂ,
ਆਏ ਨੇ ਓਸ ਥਾਂ ਤੇ
ਹਰ ਚੀਜ਼ ਦੇ ਵਪਾਰੀ ।
ਪਰ, ਮੈਂ ਸਿਖਰ ਦੁਪਹਿਰੇ
ਕੰਮ ਕਾਰ ਦੇ ਰੁਝੇਵੇਂ
ਨੂੰ ਤਿਆਗ ਕੇ ਕੁਵੇਲੇ
ਹੱਥ ਅਪਣਾ ਖਿੱਚਿਆ ਏ ।

ਹੁਣ ਮੇਰੇ ਬਾਗ਼ ਅੰਦਰ-
ਕਿਉਂ ਨਾ ਭਲਾ ਕੁਵੇਲੇ-
ਹੀ ਫੁੱਲ ਮੁਸਕਰਾਵਣ,
ਤੇ ਕਿਉਂ ਨਾ ਹੁਣ ਕੁਵੇਲੇ-
ਮਧੂ-ਮੱਖੀਆਂ ਆ ਮਿੱਠੇ-
ਗੀਤਾਂ ਨੂੰ ਛੁਹਣ ਗਾਵਣ ।

ਚੰਗੇ ਅਤੇ ਬੁਰੇ ਦੀ
ਕਰਦੀ ਪਛਾਣ, ਸਾਰੀ-
ਮੇਰੀ ਏ ਉਮਰ ਲੰਘੀ,
ਪਰ ਮੇਰੇ ਖੇਲ੍ਹ-ਆੜੀ
ਦੀ ਇਛਿਆ ਇਹੋ ਏ
ਬਣ ਖੇਲ੍ਹ ਦਾ ਖਿਲਾੜੀ
ਖੇਲਾਂ ਮੈਂ ਨਾਲ ਉਹਦੇ ।
ਮੈਨੂੰ ਪਤਾ ਨਾ ਇਸ ਦਾ
ਬੇ-ਅਰਥ ਹੀ ਏ ਮੈਨੂੰ
ਕਾਹਦੇ ਲਈ ਬੁਲਾਇਆ ?(89)

ਦਿਹੁੰ ਢਲੇ ਜਦ ਮੌਤ ਨੇ ਆਉਣਾ ਤੇਰੇ ਦੁਆਰ

ਦਿਹੁੰ ਢਲੇ ਜਦ ਮੌਤ ਨੇ ਆਉਣਾ ਤੇਰੇ ਦੁਆਰ
ਓਸ ਸਮੇਂ ਕੀ ਓਸ ਨੂੰ ਦੇਵੇਂਗਾ ਉਪਹਾਰ ?

ਸਾਗਰ ਮੇਰੀ ਜਿੰਦ ਦਾ ਰਤਨਾਂ ਥੀਂ ਭਰਪੂਰ
ਰਖਣੇ ਸਾਰੇ ਰਤਨ ਉਹ, ਉਸ ਦੇ ਹੈਨ ਹਜ਼ੂਰ
ਜਿਸ ਦਿਨ ਮਿਰਤੂ-ਦੂਤ ਨੇ ਖੜਨਾ ਦਰ ਤੇ ਆ,
ਖਾਲੀ ਹੱਥ ਨਾ ਓਸ ਨੂੰ ਮੈਂ ਦੇਣਾ ਪਰਤਾ ।

ਸਰਘੀ, ਸ਼ਾਮ, ਬਸੰਤ ਤੇ ਲੰਘੇ ਸਿਆਲ ਹੁਨਾਲ-
ਦੀ ਦਿਨ ਰਾਤ ਬਗੀਚੀਓਂ ਫੁੱਲ-ਰਸਾਂ ਦੇ ਨਾਲ,
ਜੀਵਨ-ਭਾਂਡਾ ਅੱਜ ਤਾਂ ਹੈ ਮੇਰਾ ਭਰਿਆ,
ਸੁਖ ਦੁਖ, ਚਾਨਣ ਨ੍ਹੇਰ ਵਿਚ ਮਨ ਮੇਰਾ ਸਜਿਆ ।

ਹੁਣ ਤਕ ਜੋੜੀ ਹੋਈ ਜੋ ਦੌਲਤ ਮੇਰੇ ਪਾਸ
ਹੁਣ ਤਕ ਮੇਰੀ ਜ਼ਿੰਦਗੀ ਦੀ ਜੋ ਪੂੰਜੀ-ਰਾਸ,
ਅਪਣੇ ਜੀਵਨ ਅੰਤ ਤੇ, ਰਖਣੀ ਜੋੜ ਸਜਾ-
ਮਿਰਤੂ ਸਾਹਵੇਂ, ਆਇਗੀ ਜਦ ਬੂਹਾ ਖੜਕਾ ।(90)

ਹੇ ਮੇਰੀ ਜ਼ਿੰਦਗੀ ਦੀ ਆਖ਼ਰੀ ਸੱਧਰ ਦੀ ਪੂਰਨਤਾ !

ਹੇ ਮੇਰੀ ਜ਼ਿੰਦਗੀ ਦੀ ਆਖ਼ਰੀ ਸੱਧਰ ਦੀ ਪੂਰਨਤਾ !
ਤੂੰ ਆ ਹੇ ਮੌਤ ! ਮੇਰੀ ਮੌਤ ! ਮੇਰੇ ਨਾਲ ਕਰ ਗੱਲਾਂ ।

ਮੈਂ ਸਾਰਾ ਜਨਮ ਤੇਰੇ ਵਾਸਤੇ ਝਾਗੇ ਨੇ ਜਗਰਾਤੇ
ਤਿਰੇ ਸੁਖ-ਦੁਖ ਦਾ ਬੋਝਾ ਕੰਧਿਆਂ ਤੇ ਚੁਕ ਰਿਹਾ ਘੁੰਮਦਾ
ਹੇ ਮੇਰੀ ਮੌਤ ! ਆ ਹੇ ਮੌਤ ! ਮੇਰੇ ਨਾਲ ਕਰ ਗੱਲਾਂ ।

ਮੈਂ ਜੋ ਕੁਝ ਹਾਂ, ਜੋ ਕੁਝ ਮੇਰਾ, ਤੇ ਜੀਵਨ ਕਰਮ ਹੈ ਕੀਤਾ,
ਮਿਰੀ ਉੱਮੀਦ, ਮੇਰਾ ਮੋਹ ਰਹੱਸ-ਭਰਪੂਰ ਰਸਤੇ ਤੇ
ਉਹ ਸਾਰੇ ਸੇਧ ਤੇਰੀ ਤੇ ਤਿਰੇ ਵਲ ਤੁਰਦੇ ਆਉਂਦੇ ਨੇ !
ਤਿਰੀ ਇਕ ਅਖ਼ਰੀ ਤੱਕਣੀ ਦੇ ਬਦਲੇ ਜ਼ਿੰਦਗੀ ਮੇਰੀ,
ਸਮੁੱਚੇ ਆਪਣੇ ਆਪੇ ਨੂੰ ਤੈਥੋਂ ਵਾਰ ਦੇਵੇਗੀ ।

ਚੁਣੇ ਹਨ ਪੁਸ਼ਪ ਜਾ ਚੁੱਕੇ ਅਤੇ ਵਰ-ਹਾਰ ਹੈ ਬਣਿਆ,
ਉਹ ਸੁੰਦਰ ਪਹਿਨ ਕੇ ਪੋਸ਼ਾਕ ਲੈ ਮੁਸਕਾਨ ਪੁੱਜੇਗਾ;
ਮੈਂ ਬਣ ਕੇ ਸਜ-ਵਿਆਹੀ ਆਪਣਾ ਇਹ ਵਾਸ ਛੱਡਾਂਗਾ
ਪਤੀ-ਪਤਨੀ ਦਾ ਨ੍ਹੇਰੇ ਦੀ ਇਕੱਲ ਵਿਚ ਮੇਲ ਪੁੱਗੇਗਾ ।(91)

ਇਹ ਮੈਂ ਜਾਣਾ

ਇਹ ਮੈਂ ਜਾਣਾ
ਇਕ ਦਿਨ ਆਣਾ
ਜਦ ਮੇਰੇ ਨੈਣਾਂ ਦੇ ਅੱਗੋਂ
ਇਸ ਧਰਤੀ ਓਝਲ ਹੋ ਜਾਣਾ ।
ਤੇ ਨੈਣਾਂ ਤੇ ਅਪਣਾ ਅੰਤਮ
ਪਰਦਾ ਪਾ ਕੇ
ਚੁੱਪ-ਚਪਾਤੇ
ਇਸ ਪਿੰਜਰ 'ਚੋਂ
ਪ੍ਰਾਣ-ਪੰਖੇਰੂ ਉਡ, ਖੋ ਜਾਣਾ ।

ਪਹਿਲਾਂ ਵਾਂਗੂੰ
ਪਰ ਰਾਤਾਂ ਨੂੰ
ਤਦ ਵੀ ਤਾਰੇ,
ਟਿਮ ਟਿਮ ਸਾਰੇ;
ਚਮਕਣਗੇ, ਤੇ
ਸਰਘੀ ਵੇਲੇ ਸੂਰਜ ਚੜ੍ਹਨਾ ।
ਸਾਗਰ ਦੀਆਂ ਲਹਿਰਾਂ ਵਾਂਗੂੰ
ਪਲ ਘੜੀਆਂ ਨੇ ਉਛਲ ਉਭਰਨਾ !
ਜੀਆਂ ਵਿੱਚੋਂ ਦੁਖ-ਸੁਖ ਦਾ ਅਰਮਾਨ ਨਿਕਲਨਾ ।

ਜਦ ਜੀਵਨ ਦੇ ਇਨ੍ਹਾਂ ਪਲਾਂ ਦੇ
ਆਖ਼ਿਰ ਦੀ ਮੈਂ ਕਰਾਂ ਕਲਪਨਾ
ਟੁਟ ਜਾਵਣ ਸਮਿਆਂ ਦੀਆਂ ਹੱਦਾਂ
ਤੇ ਮੈਂ ਮੌਤ-ਜੋਤ ਵਿਚ ਤੱਕਾਂ
ਖਿੰਡੇ ਹੋਏ ਦੁਨੀਆਂ ਵਿਚਕਾਰੇ
ਬੇ ਪਰਵਾਹੀ ਭਰੇ-ਭੰਡਾਰੇ ।
ਇਸ ਦੀ ਹਰ ਨੀਵੀਂ ਥਾਂ ਉੱਤੇ
ਤੇ ਇਸ ਦੇ ਹਰ ਹੀਣੇ ਬੰਦੇ-
ਵਿਚ ਹਨ ਚਮਤਕਾਰ ਪਏ ਲਸਦੇ ।

ਮੇਰੇ ਮਨ ਦੀਆਂ
ਕੁੱਲ ਮੁਰਾਦਾਂ,
ਤੇ ਹੱਥ ਆਏ ਹੋਏ ਖ਼ਜ਼ਾਨੇ
ਇਕ ਇਕ ਕਰਕੇ, ਮੇਰੇ ਅੱਗੋਂ
ਲੰਘ ਰਹੇ ਨੇ
ਲੰਘਣ ਦੇਵੋ ।
ਮੇਰੇ ਕੋਲ ਰਹਿਣ ਦਿਓ ਓਹੀ
ਜਿਸ ਦਾ ਮੈਂ ਅਪਮਾਨ ਹੈ ਕੀਤਾ
ਤੇ ਜਿਸ ਨੂੰ ਪਾ ਸੱਕਣ ਖ਼ਾਤਰ
ਰਿਹਾ ਉਦਾਸੀ ।(92)

ਮੈਨੂੰ ਜਾਣ ਦੀ ਛੁੱਟੀ ਮਿਲ ਗਈ

ਮੈਨੂੰ ਜਾਣ ਦੀ ਛੁੱਟੀ ਮਿਲ ਗਈ
ਸ਼ੁਭ-ਇੱਛਕ ਹੋਵੇ ਮੇਰੇ ਲਈ,
ਲਓ ਮੇਰਾ ਪਰਣਾਮ ਭਰਾਵੋ !
ਮੈਨੂੰ ਅੰਤ-ਵਿਦੈਗੀ ਆਖੋ ।

ਲਓ ਕੁੰਜੀ ਆਹ ਮੇਰੇ ਦਰ ਦੀ
ਲੱਦ ਗਏ ਹਨ ਹੱਕ ਤੇ ਹਸਤੀ
ਹੋਰ ਤੁਹਾਥੋਂ ਕੁਝ ਨਾ ਮੰਗਾਂ
ਬੋਲ ਵਿਦੈਗੀ ਦੇ ਦੋ ਚਾਹਾਂ !

ਕਿੰਨੇ ਚਿਰ ਤਕ ਨਾਲ ਨਾਲ ਹੀ
ਇਕ ਦੂਜੇ ਦੇ ਰਹੇ ਗਵਾਂਢੀ,
ਲਿਆ ਤੁਹਾਥੋਂ ਚੰਗਾ ਚੋਖਾ
ਪਰ ਦਿੱਤਾ ਮੈਂ ਕਾਫ਼ੀ ਥੋੜ੍ਹਾ ।

ਪਹੁ ਫੁੱਟੀ ਹੈ ਨਵੇਂ ਦਿਹੁੰ ਦੀ
ਬੁਝ ਗਈ ਨੂਰ ਮਿਰੇ ਦੀ ਬੱਤੀ ।

ਦੂਰ ਦੇਸ ਤੋਂ ਆਇਆ ਸੱਦਾ
ਤਿਆਰ ਤੁਰਨ ਲਈ ਮੈਂ ਹਾਂ ਹੋਇਆ,
ਲਓ ਮੇਰਾ ਪਰਣਾਮ ਭਰਾਵੋ !
ਮੈਨੂੰ ਅੰਤ-ਵਿਦੈਗੀ ਆਖੋ ।(93)

ਇਸ ਵਿਦਾਈ ਦੇ ਸਮੇਂ ਤੇ ਮਿੱਤਰੋ !

ਇਸ ਵਿਦਾਈ ਦੇ ਸਮੇਂ ਤੇ ਮਿੱਤਰੋ !
ਮੇਰੇ ਲਈ ਸ਼ੁਭ ਕਾਮਨਾ ਸਾਰੇ ਕਰੋ ।

ਛਾ ਰਹੀ ਆਕਾਸ਼ ਤੇ ਊਸ਼ਾ ਦੀ ਲਾਲੀ,
ਵਾਟ ਮੇਰੀ ਹੋ ਰਹੀ, ਸੁੰਦਰ ਸੁਖਾਲੀ;
ਇਹ ਨਾ ਪੁੱਛੋ ਦੇਣ ਦੇ ਲਈ-
ਉਸ ਜਗ੍ਹਾ ਤੇ ਕੋਲ ਕੀ ਕੀ !

ਹੱਥ ਖ਼ਾਲੀ, ਪਰ ਹੈ ਦਿਲ ਦੇ ਵਿੱਚ ਆਸ਼ਾ
ਆਸਰੇ ਏਸੇ ਸਫ਼ਰ ਆਰੰਭ ਕੀਤਾ ।

ਮੈਂ ਤੁਰਾਂਗਾ ਵਿਆਹ ਦੀ ਪੋਸ਼ਾਕ ਪਾ ਕੇ,
ਪਹਿਨਣੇ ਕਪੜੇ ਨ ਸਫ਼ਰੀ ਲਾਲ ਭੂਰੇ !
ਭਾਵੇਂ ਰਾਹ ਰੋਕੇ ਖ਼ਤਰਿਆਂ,
ਫੇਰ ਵੀ ਪਰ ਮੈਂ ਨਿਡਰ ਹਾਂ ।(94)

ਨਾ ਜਾਣਾ, ਮੈਂ ਕਦ ਜੀਵਨ ਦੀ

ਨਾ ਜਾਣਾ, ਮੈਂ ਕਦ ਜੀਵਨ ਦੀ
ਸਰਦਲ ਪਹਿਲੋਂ ਪਾਰ ਸੀ ਕੀਤੀ ।

ਕਿਹੜੀ ਸ਼ਕਤੀ ਸੀ ਉਹ ਜਿਸ ਨੇ
ਏਸ ਵਿਸ਼ਾਲ ਰਹੱਸਕ ਜਗ ਦੇ-
ਵਿਚ ਖਿੜਨੇ ਲਈ
ਉਕਸਾਇਆ ਸੀ,
ਜਿਉਂ ਜੰਗਲ ਵਿਚ ਅੱਧੀ ਰਾਤੇ
ਫੁੱਟ-ਕਲੀ ਫੁੱਟੇ, ਖਿੜ ਉੱਠੇ

ਸਰਘੀ ਵੇਲੇ ਚਾਨਣ ਦੀਆਂ,
ਜਦ ਮੈਂ ਸਨ ਉਹ ਕਿਰਨਾਂ ਤਕੀਆਂ;
ਪਲ ਭਰ ਵਿਚ ਹੀ ਜਾਣ ਗਿਆ ਮੈਂ
ਓਸ ਰਹੱਸਕ ਦੇਸ਼ ਦੇ ਵਿਚ ਨਾ-
ਬੇਗਾਨਾ, ਅਨਜਾਣ ਰਿਹਾ ਮੈਂ ।
ਨਿਰਾਕਾਰ ਸ਼ਕਤੀ ਨੇ ਮੈਨੂੰ
ਗੋਦ ਲਿਆ ਮੇਰੀ ਮਾਂ ਵਾਂਗੂੰ ।

ਮਰਨ ਸਮੇਂ ਵੀ ਉਹੀ ਅਜਾਣੀ,
ਜੁਗਾਂ ਜੁਗਾਂ ਤੋਂ ਪਰ ਪਹਿਚਾਣੀ;
ਮਾਤਾ ਦੀ ਸਮ-ਰੂਪਕ ਸ਼ਕਤੀ
ਮੈਨੂੰ ਆ ਕੇ ਗੋਦ ਲਵੇਗੀ ।
ਮੋਹ ਰਿਹਾ ਹੈ ਇਸ ਜੀਵਨ ਦਾ
ਮੌਤ ਨਾਲ ਵੀ ਪਿਆਰ ਪਵੇਗਾ ।

ਬੱਚੇ ਦੇ ਮੂੰਹ 'ਚੋਂ ਮਾਂ ਸੱਜਾ
ਥਣ ਕਢ ਜਦ ਪਾਸਾ ਪਰਤਾਵੇ,
ਦੁਧ-ਧਾਰਾ ਤੋਂ ਵਖਰਾ ਹੋ ਕੇ
ਤਾਂ ਬੱਚਾ ਰੋਵੇ ਕੁਰਲਾਵੇ;
ਪਰ ਜਦ ਖੱਬੇ ਦੁੱਧ ਨੂੰ ਚੁੰਘੇ
ਤਾਂ ਉਹ ਪਹਿਲਾਂ ਜਿਉਂ ਬਿਰ ਜਾਏ
ਜੀਵਨ ਖੋ ਜਾਣਾ ਮਿਰਤੂ ਨੂੰ
ਕੇਵਲ ਹੈ ਏਸੇ ਦੇ ਵਾਂਗੂੰ ।(95)

ਇਸ ਵਿਦਾਈ ਦੇ ਸਮੇਂ ਏਹੋ ਕਹਾਂ

ਇਸ ਵਿਦਾਈ ਦੇ ਸਮੇਂ ਏਹੋ ਕਹਾਂ
ਜੋ ਲਿਆ, ਡਿੱਠਾ ਉਦ੍ਹੀ ਉਪਮਾਂ ਨਹੀਂ ।

ਜੋਤ-ਸਾਗਰ ਵਿਚ ਖਿੜਿਆ ਜੋ ਕੰਵਲ
ਓਸ ਦਾ ਮਧੂ-ਮਾਖਿਓਂ ਪੀ ਮਸਤ ਹਾਂ ।
ਖੇਲ੍ਹ-ਘਰ ਦੇ ਵਿੱਚ ਇਸ ਸੰਸਾਰ ਦੇ
ਮੈਂ ਅਨੇਕਾਂ ਖੇਲ੍ਹ ਹਾਂ ਰਿਹਾ ਖੇਲ੍ਹਦਾ,
ਤੇ ਦੁਹਾਂ ਹੀ ਆਪਣੇ ਨੈਣਾਂ ਦੇ ਨਾਲ
ਮੈਂ ਸੁਹੱਪਣ-ਮਧੂ ਅਮਿਣਵਾਂ ਪੀ ਲਿਆ ।

ਛੋਹ ਵੀ ਮਿਲਣੀ ਨਹੀਂ ਸੰਭਵ ਜਿਦ੍ਹੀ,
ਓਸ ਨੇ ਲੂੰ ਲੂੰ 'ਚ ਮੇਰੇ ਜਿਸਮ ਦੇ,
ਰਚ ਕੇ ਮੇਰੀ ਜਿੰਦ ਨੂੰ ਦਿੱਤੀ ਖ਼ੁਸ਼ੀ
ਕਰ ਕੇ ਹਾਸਲ ਮੈਂ ਜਿਹਨੂੰ ਸਰਸ਼ਾਰ ਹਾਂ ।
ਇਸ ਲਈ ਮੈਂ ਤੁਰਦਿਆਂ ਏਹੋ ਕਹਾਂ-
'ਜੋ ਵੀ ਮੈਂ ਏਥੋਂ ਲਿਆ ਤੇ ਦੇਖਿਆ
ਉਹ ਅਨੂਪਮ ਹੈ ਅਤੇ ਅਨਮੋਲ ਹੈ,
ਔਣ ਦੇਵੋ ਅੰਤ ਜੇ ਆਉਂਦਾ ਮਿਰਾ'
ਮੈਂ ਵਿਦਾਈ ਦੇ ਸਮੇਂ ਏਹੋ ਕਹਾਂ ।(96)

ਰਹੇ ਜਦੋਂ ਤਕ ਖੇਡਦੇ ਇਕ ਦੂਜੇ ਦੇ ਨਾਲ

ਰਹੇ ਜਦੋਂ ਤਕ ਖੇਡਦੇ ਇਕ ਦੂਜੇ ਦੇ ਨਾਲ
'ਕੌਣ ਏਂ ਤੂੰ ?' ਨਾ ਪੁੱਛਿਆ ਤੈਥੋਂ ਕਦੇ ਸਵਾਲ ।
ਨਾ ਡਰ ਤੈਥੋਂ ਸੀ ਕੋਈ ਨਾ ਸੀ ਸ਼ਰਮ ਹਯਾ
ਓਦੋਂ ਮੇਰੀ ਜ਼ਿੰਦਗੀ ਸੀ ਤੂਫ਼ਾਨੀ 'ਵਾ ।
ਕਿੰਨੀ ਕਿੰਨੀ ਵਾਰ ਹੀ ਉੱਚੀ ਸੱਦ ਪੁਕਾਰ
ਮੈਨੂੰ ਰਿਹਾ ਜਗਾਉਂਦਾ ਤੂੰ ਏਂ ਸਰਘੀ ਸਾਰ ।
ਤੇ ਤੂੰ ਗੂਹੜੇ ਆੜੀਆਂ ਵਾਂਗੂੰ ਮੈਨੂੰ ਜਾਣ
ਨਾਲ ਨਸਾ ਕੇ ਲੈ ਗਿਆ ਗਾਂਹਦਾ ਹਰੇ ਮਦਾਨ ।

ਚਿੰਤਾ ਕੀਤੀ ਨਾ ਕਦੇ ਸੀ ਜੋ ਸੱਕਾਂ ਜਾਣ
ਕੀ ਮਤਲਬ ਹੈ ਰੱਖਦੀ ਗੀਤ ਤਿਰੇ ਦੀ ਤਾਨ ।
ਹੇਕ ਤਿਰੀ ਦੇ ਨਾਲ ਹੀ ਅਪਣੀ ਹੇਕ ਮਿਲਾ
ਮੈਂ ਵੀ ਇਕ-ਸੁਰ ਲੀਨ ਹੋ ਲੈਂਦਾ ਸਾਂ ਕੁਝ ਗਾ,
ਤੇ ਅਣਡਿਠੇ ਚਾਅ ਵਿਚ ਹੀ ਮੇਰਾ ਮਨ ਆ
ਆਪ-ਮੁਹਾਰਾ ਨੱਚਦਾ ਅਪਣਾ ਆਪ ਭੁਲਾ ।
ਹੁਣ ਜਦ ਸਾਡੀ ਮੁੱਕ ਗਈ ਪਹਿਲੀ ਖੇਡ-ਖਿਡਾਰ,
ਅਤੇ ਅਚਾਨਕ ਵੇਖਦਾ ਮੈਂ ਹਾਂ ਝਾਤੀ ਮਾਰ;
ਝੁਕਿਆ ਚਰਨਾਂ ਤੇਰਿਆਂ ਤੇ ਹੈ ਵਿਸ਼ਵ ਅਚੇਤ
ਮੌਨ ਚੰਦਰਮਾ, ਤਾਰਿਆਂ, -ਚੁੱਪ ਅਕਾਸ਼-ਸਮੇਤ ।(97)

ਹਾਰ ਅਪਣੀ ਹਾਰ ਦੇ ਮੈਂ ਲੈ ਕੇ

ਹਾਰ ਅਪਣੀ ਹਾਰ ਦੇ ਮੈਂ ਲੈ ਕੇ
ਵਿਜੈ-ਚਿੰਨ੍ਹ-ਸ਼ਿੰਗਾਰ ਮੈਂ ਲੈ ਕੇ
ਤਿਰਾ ਕਰਾਂਗਾ ਅੱਜ ਸ਼ਿੰਗਾਰ ।
ਹਾਰ-ਹੀਣ ਹੋ ਬਚ ਕੇ ਜਾਣਾ
ਮੇਰੇ ਵੱਸ ਦੀ ਗੱਲ ਨਹੀਂ ਇਹ,
ਹੈ ਸ਼ਕਤੀ ਤੋਂ ਬਾਹਰ ।

ਚੰਗੀ ਤਰ੍ਹਾਂ ਜਾਣਨਾਂ, ਮੇਰਾ
ਮਾਣ ਹੋਇਗਾ ਚਕਨਾ ਚੂਰ;
ਅਤੇ ਅਥਾਹ ਪੀੜਾ 'ਚੋਂ ਸੋਮੇ
ਫੁੱਟਣਗੇ ਜੀਵਨ-ਭਰਪੂਰ;
ਡੁਸਕੇਗਾ ਸਖਣਾ ਮਨ ਮੇਰਾ
ਬਿਖੜੇ ਖਿੰਡੇ ਸੁਰਾਂ ਵਿਚਕਾਰ-
ਤੇ ਪੱਥਰ ਵੀ ਪੰਘਰ ਪਵੇਗਾ-
ਅਥਰਾਂ ਨਾਲ; ਹੈ ਮੈਨੂੰ ਸਾਰ ।
ਸੈਆਂ ਕੰਵਲ-ਪੱਤੀਆਂ ਹਰਦਮ
ਬੰਦ ਨ ਰਹਿਣਾ, ਇਸ ਦਾ ਗਿਆਨ,
ਰਸ-ਭੰਡਾਰ ਏਸ ਦਾ ਭਰਿਆ
ਰਹਿਣਾ ਨਾ ਨਿਤ ਇੱਕ ਸਮਾਨ ।

ਨੀਲ-ਗਗਨ ਤੋਂ ਮੇਰੇ ਵਲ, ਦੋ
ਨੈਣ ਤਕਣਗੇ ਨੀਝਾਂ ਲਾ,
ਚੁੱਪ-ਚੁਪੀਤੇ ਹੀ ਉਹ ਮੈਨੂੰ
ਲੈਣਗੇ ਅਪਣੇ ਕੋਲ ਬੁਲਾ ।
ਮੇਰੇ ਲਈ ਕੁਝ ਵੀ ਨ ਰਹੇਗਾ,
ਕੁਝ ਨ ਰਹੇਗਾ ਬਚ ਪਿੱਛੇ,
ਮੌਤ ਦਾ ਹੀ ਵਰਦਾਨ ਮਿਲੇਗਾ
ਮੈਨੂੰ ਤੇਰੇ ਕਦਮਾਂ ਤੇ ।
ਅੱਜ ਹਾਰ ਤੇ ਗਹਿਣੇ ਪਾ ਕੇ
ਕਰਨਾ ਮੈਂ ਤੇਰਾ ਸ਼ਿੰਗਾਰ ।(98)

ਜਦ ਬੇੜੀ ਦੇ ਛੱਡ ਦਿਆਂ ਪਤਵਾਰ

ਜਦ ਬੇੜੀ ਦੇ ਛੱਡ ਦਿਆਂ ਪਤਵਾਰ;
ਤਾਂ ਜਾਂਣਾ, ਵੇਲਾ ਆ ਢੁੱਕਾ
ਤੇਰੇ ਹੱਥੋਂ ਸਭ ਕੁਝ ਹੋਣਾ,
ਤੂੰ ਲੈਣਾ ਏਂ ਸਾਂਭ ਏਸ ਨੂੰ
ਯਤਨ ਮਿਰੇ ਬੇਕਾਰ ।

ਏਸ ਲਈ ਤੂੰ ਹੇ ਮਨ ਮੇਰੇ !
ਹਾਰ ਮੰਨ ਲੈ ਚੁੱਪ-ਚੁਪੀਤੇ
ਭਾਗਾਂ ਵਾਲਾ ਜਾਣ ਆਪ ਨੂੰ
ਜੋ ਥਾਂ ਮਿਲ ਚੁੱਕੀ ਹੈ ਉਥੇ
ਬੈਠ ਮੋਨਤਾ ਧਾਰ ।

ਵਗ ਵਗ ਨਿੱਕੇ 'ਵਾ ਦੇ ਬੁੱਲੇ
ਦੇਣ ਬੁਝਾ ਮੇਰੇ ਆ ਦੀਵੇ ।
ਸਾਰਾ ਕੁਝ ਮੈਂ ਭੁਲ ਜਾਂਦਾ ਹਾਂ
ਯਤਨ ਜਗਾਵਣ ਦਾ ਜਦ ਕਰਦਾ
aਹਨੀਂ ਵਾਰੋ ਵਾਰ ।

ਖੋਲ੍ਹ ਚਟਾਈ ਧਰਤੀ ਉਤੇ,
ਧੀਰਜ ਕਰ ਕੇ ਵਿੱਚ ਹਨੇਰੇ,
ਬੈਠਾਂਗਾ ਮੈਂ ਵਿੱਚ ਉਡੀਕਾਂ-
ਹੋ ਚੇਤਨ ਇਸ ਵਾਰ ।

ਜਦ ਵੀ ਤੇਰੇ ਦਿਲ ਵਿਚ ਆਵੇ
ਚੁੱਪ-ਚੁਪੀਤਾ ਕੋਲ ਤੂੰ ਆ ਕੇ
ਬੈਠੀਂ ਪ੍ਰਾਣ-ਆਧਾਰ !(99)

ਰੂਪ-ਰਤਨਾਂ ਦੇ ਭਰੇ ਸਾਗਰ ਦੀ ਮੈਂ ਡੂੰਘਾਣ ਵਿਚ

ਰੂਪ-ਰਤਨਾਂ ਦੇ ਭਰੇ ਸਾਗਰ ਦੀ ਮੈਂ ਡੂੰਘਾਣ ਵਿਚ
ਚੁੱਭੀ ਲਾਉਂਦਾ ਹਾਂ, ਅਰੂਪ ਅਨਮੋਲ ਮੋਤੀ ਦੇ ਲਈ ।

ਮੌਸਮਾਂ-ਮਾਰੀ ਹੋਈ ਹੁਣ ਆਪਣੀ ਬੇੜੀ ਨੂੰ ਮੈਂ
ਇੱਕ ਘਾਟੋਂ, ਘਾਟ ਦੂਜੇ ਤੇ ਨਹੀਂ ਲੈ ਜਾਵਣਾ;
ਲਹਿਰਾਂ ਉਤੇ ਖੇਡਣੇ ਦੇ ਦਿਨ ਚਰੋਕੇ ਲੰਘ ਗਏ
ਹੁਣ ਅਮਰਤਾ ਦੇ ਅਥਾਹ ਸਾਗਰ 'ਚ ਮਿਲਨਾ ਲੋਚਦਾਂ ।

ਉਸ ਅਥਾਹ ਅੰਧਕਾਰ-ਪੂਰਨ ਹੀ ਸਭਾ ਦੇ ਅੰਦਰੇ
ਜ਼ਿੰਦਗੀ ਅਪਣੀ ਦੀ ਵੀਣਾ ਨੂੰ ਹੈ ਹੁਣ ਲੈ ਜਾਵਣਾ,
ਇਸ ਜਗ੍ਹਾ ਉਤੇ ਸੁਰਾਂ ਤੋਂ ਸਖਣੀਆਂ ਤਾਰਾਂ ਦੇ ਗੀਤ
ਹਨ ਅਨਾਦੀ ਕਾਲ ਤੋਂ ਲੈ ਕੇ ਅਲਾਪੇ ਜਾ ਰਹੇ ।

ਉਸ ਜਗ੍ਹਾ ਹੀ ਮੈਂ ਅਨੰਤ ਸੁਰ ਨਾਲ, ਸੁਰ ਕਰ ਲਾਂਗਾ ਉਹ
ਤੇ ਅਖ਼ੀਰੀ ਗੀਤ ਨੂੰ ਗਾ ਗਾ ਕੇ ਇਹ ਵੀਣਾ ਮਿਰੀ-
ਬੇ-ਸ਼ਬਦ ਹੋ ਜਾਇਗੀ, ਸੁਰ-ਹੀਨ ਜਦ ਹੋ ਜਾਇਗੀ,
ਮੂਕ ਅਪਣੇ ਇਸ਼ਟ ਦੇ ਕਦਮਾਂ 'ਚ ਰਖ ਦੇਵਾਂਗਾ ਉਹ ।(100)

ਮੈਂ ਅਪਣੇ ਗੀਤਾਂ ਦੇ ਦੁਆਰਾ

ਮੈਂ ਅਪਣੇ ਗੀਤਾਂ ਦੇ ਦੁਆਰਾ
ਲੱਭਾ ਤੈਨੂੰ ਜੀਵਨ ਸਾਰਾ ।
ਗੀਤ ਇਹ ਤੇਰੀ ਭਾਲ 'ਚ ਲੈ ਗਏ
ਮੈਨੂੰ ਘਰ ਘਰ, ਦੁਆਰੇ ਦੁਆਰੇ ।
ਇਹਨਾਂ ਗੁੱਝੀ ਰਮਜ਼ ਸਿਖਾਈ
ਆਪੇ ਦੀ ਪਹਿਚਾਣ ਕਰਾਈ ।

ਇਹਨਾਂ ਗੀਤਾਂ ਦੇ ਰਾਹੀਂ ਆ
ਮੈਨੂੰ ਤਿਰਾ ਸੁਨੇਹਾ ਮਿਲਿਆ ।
ਕਈ ਰਹੱਸਕ ਰਾਹ ਦਿਖਾਏ
ਤੇ ਮੇਰੇ ਸਾਹਵੇਂ ਲੈ ਆਏ-
ਜਗਦੇ, ਮਨ-ਅੰਬਰ ਵਿਚਕਾਰੇ,
ਕਿੰਨੇ ਹੀ ਅਨਗਿਣਤ ਸਿਤਾਰੇ,
ਇਹਨਾਂ, ਦਿਨ ਭਰ ਭੇਤ-ਭਰੇ ਹੋਏ
ਸੁਖ-ਦੁਖ ਦੇ ਦੇਸਾਂ ਵਿਚ ਮੇਰੇ,
ਮੇਰੀ ਹੈ ਕੀਤੀ ਅਗਵਾਈ-
ਤੇ ਜਦ ਸਫ਼ਰ ਦੀ ਆਥਣ ਆਈ-
ਕਿਹੜੇ ਮਹਿਲ-ਦੁਆਰੇ ਅੱਗੇ
ਇਹ ਮੈਨੂੰ ਆਖ਼ਰ ਲੈ ਆਏ ?(101)

ਮੈਂ ਹਾਂ ਤੈਨੂੰ ਜਾਣਦਾ, ਸੀ ਏਸਦਾ ਅਭਿਮਾਨ ਮੈਨੂੰ

ਮੈਂ ਹਾਂ ਤੈਨੂੰ ਜਾਣਦਾ, ਸੀ ਏਸਦਾ ਅਭਿਮਾਨ ਮੈਨੂੰ ।
ਮੇਰੀ ਹਰ ਰਚਨਾ 'ਚ ਲੋਕੀ ਤੇਰੀ ਮੂਰਤ ਦੇਖਦੇ ਨੇ ।
ਪੁੱਛਦੇ ਆ ਕੇ ਨੇ ਏਥੇ ਓਹ ਮੈਥੋਂ, 'ਕੌਣ ਹੈ ਇਹ ?'
ਕੀ ਕਹਾਂ ਮੈਂ ? ਆਖਦਾ ਹਾਂ, 'ਸੱਚ ਮੁਚ ਮੈਨੂੰ ਪਤਾ ਨਹੀਂ ।'
ਉਹ ਮਿਰੇ ਤੇ ਦੋਸ਼ ਲਾ, ਅਪਮਾਨ ਕਰ ਮੂੰਹ ਫੇਰ ਤੁਰਦੇ ।
ਤੇ ਤੂੰ ਬੈਠਾ ਚੁੱਪ-ਚੁਪੀਤਾ ਮੁਸਕਰਾਈ ਜਾਏਂ ਏਥੇ ।

ਮੈਂ ਅਮਰ ਗੀਤਾਂ 'ਚ ਤੇਰੀ ਹੀ ਕਹਾਣੀ ਬੰਨ੍ਹਦਾ ਹਾਂ
ਮੇਰੇ ਦਿਲ-ਸੋਮੇ 'ਚੋਂ ਤੇਰੇ ਗੀਤ ਫੁਟ ਮੂੰਹ-ਜ਼ੋਰ ਵਗਦੇ ।
ਪੁੱਛਦੇ ਆ ਕੇ ਨੇ ਉਹ, 'ਕੀ ਅਰਥ ਹੈ ਗੀਤਾਂ ਦਾ ਤੇਰੇ ?'
ਕੀ ਕਹਾਂ ਉਹਨਾਂ ਨੂੰ ? ਆਖਾਂ, 'ਕੌਣ ਜਾਣੇ ਅਰਥ ਕੀ ਏ ?'
ਮੁਸਕਰਾ ਅਪਮਾਨ ਕਰ, ਮੂੰਹ ਫੇਰ ਕੇ ਉਹ ਪਰਤ ਜਾਂਦੇ
ਤੇ ਤੂੰ ਬੈਠਾ ਏਸ ਥਾਂ ਤੇ ਮੁਸਕਰਾਈ ਜਾ ਰਿਹਾ ਏਂ ।(102)

ਹੇ ਮਾਲਿਕ ! ਤੂੰ ਬਖ਼ਸ਼ ਦੇ

ਹੇ ਮਾਲਿਕ ! ਤੂੰ ਬਖ਼ਸ਼ ਦੇ
ਇਕ ਐਸਾ ਵਰਦਾਨ,
ਮੇਰੇ ਸਾਰੇ ਇੰਦਰੇ
ਮੇਰੇ ਨੈਣ-ਪਰਾਣ-
ਹੋਣ ਵਿਸ਼ਾਲ ਤੇ ਤੇਰਿਆਂ
ਚਰਨਾਂ ਤੇ ਝੁਕ ਉਹ,
ਇੱਕੋ ਹੀ ਪਰਣਾਮ ਵਿਚ
ਲੈਣ ਜਗਤ ਕੁਲ ਛੁਹ ।

ਅਣ-ਬਰਸੇ, ਰੁੱਤ ਸੌਣ ਦੇ
ਸੰਘਣੇ ਬੱਦਲਾਂ ਹਾਰ,
ਇਹ ਮਨ ਇਕ ਪਰਣਾਮ ਵਿਚ
ਢਹਿ ਪਏ ਤੇਰੇ ਦੁਆਰ ।
ਵੰਨ-ਸੁਵੰਨੇ ਗੀਤ ਮਿਲ
ਤਰਲ ਸੁਰਾਂ ਦੇ ਰਾਹ
'ਕੱਠਾ ਕਰਨ ਅਲਾਪ ਦਾ
ਇਕ-ਧਾਰਾ ਪਰਵਾਹ;
ਤੇ ਇੱਕੋ ਪਰਣਾਮ ਵਿੱਚ
ਇਹ ਸਾਰੇ ਹੀ ਗਾਣ
ਚੁੱਪ-ਸਾਗਰ ਵਲ ਵਗਣ ਤੇ-
ਉਸ ਵਿਚ ਮਿਲਨ, ਸਮਾਣ ।

ਘਰ-ਉਦਰੇਵੇਂ ਵਿੱਚ ਆ
ਜਿਉਂ ਕੂੰਜਾਂ ਦੀ ਡਾਰ,
ਪਰਤੇ ਪਰਬਤ ਆਲ੍ਹਣੀਂ
ਲਾ ਦਿਨ ਰਾਤ ਉਡਾਰ ।
ਓਵੇਂ ਸਾਗਰ-ਯਾਤਰਾ
ਪਿਛੋਂ ਮੇਰੇ ਪ੍ਰਾਣ
ਇਕ ਪਰਣਾਮ 'ਚ, ਪਰਤ ਕੇ
ਅਪਣੇ ਘਰ ਵਲ ਜਾਣ ।(103)

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਾਬਿੰਦਰ ਨਾਥ ਟੈਗੋਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਰਾਬਿੰਦਰ ਨਾਥ ਟੈਗੋਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ