About Ghazals of Noor Muhammad Noor
ਨੂਰ ਮੁਹੰਮਦ ਨੂਰ ਬਾਰੇ ਅੱਡ ਅੱਡ ਰਾਵਾਂ
ਯਾਦਾਂ ਦੇ ਅੱਖਰ'ਨੂਰ' ਅਤੇ ਗ਼ਜ਼ਲ
ਨੂਰ ਮੁਹੰਮਦ 'ਨੂਰ' ਅਤੇ ਉਸ ਦੀ ਗ਼ਜ਼ਲ, ਦੋਵੇਂ ਹੀ ਘਬਰੇਟ ਹਨ, ਅਤੇ ਪਕਿਆਈ ਪੱਖੋਂ ਹਮ-ਉਮਰ ਲੱਗਦੇ ਹਨ ! ਉਮਰ ਦੇ ਚੜ੍ਹਤ ਵਾਲੇ ਪਾਸੇ ਹੋਣ ਕਰਕੇ 'ਨੂਰ' ਜਜ਼ਬਿਆਂ, ਰੀਝਾਂ ਅਤੇ ਉਮੰਗਾਂ ਦੀ ਆਯੂ ਹੰਢਾ ਰਿਹਾ ਹੈ।ਉਸ ਦੀਆਂ ਗ਼ਜ਼ਲਾਂ ਦਾ ਜਜ਼ਬਿਆਂ ਨਾਲ ਨੱਕੋ-ਨੱਕ ਭਰੇ ਹੋਣਾ ਅਤੇ ਉਸ ਦੇ ਗ਼ਜ਼ਲ ਸਿਰਜਣ ਦਾ ਵੇਗ, ਦੋਹਾਂ ਤੋਂ ਸਾਡੇ ਉਪ੍ਰੋਕਤ ਕਥਨ ਦੀ ਗੁਆਹੀ ਸੁੱਤੇ-ਸਿੱਧ ਹੀ ਪੈ ਜਾਂਦੀ ਹੈ।ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਰੁਮਾਂਸ ਦੀ ਆਯੂ ਵਿੱਚੋਂ ਲੰਘਦਾ ਹੋਣ ਕਰ ਕੇ, ਉਸ ਦੀਆਂ ਗ਼ਜ਼ਲਾਂ ਪਰੰਪਰਾ-ਗਤ, ਰੋਮਾਂਸ ਦੇ ਰੰਗ ਵਿਚ ਗੜੁੱਚ ਹਨ।ਸੋ, ਸਮੁੱਚੇ ਤੌਰ 'ਤੇ 'ਨੂਰ' ਇਕ ਪਰੰਪਰਾਵਾਦੀ ਗ਼ਜ਼ਲ-ਗੋ ਹੋ ਨਿਬੜਦਾ ਹੈ।ਉਸ ਦੀਆਂ ਗ਼ਜ਼ਲਾਂ ਦੇ ਸਰਸਰੀ ਅਧਿਐਨ ਤੋਂ ਹੀ, ਉਸ ਦੇ ਇਸ਼ਕ ਵਿਚ ਗੜੁੱਚ ਰੁਮਾਂਸ ਦਾ ਜਾਦੂ ਪਾਠਕਾਂ ਦੇ ਸਿਰ-ਚੜ੍ਹ ਬੋਲਦਾ ਹੈ।ਹੋ ਸਕਦਾ ਹੈ ਕਿ ਉਹ ਸਦੀਆਂ ਤੋਂ ਚਲੇ ਆ ਰਹੇ ਧਾਰਮਕ ਪ੍ਰਭਾਵ ਸਦਕਾ ਵੀ 'ਇਸ਼ਕ' ਦੇ ਵਿਸ਼ੇ ਵਲ ਵਧੇਰੇ ਆਕਰਸ਼ਤ ਹੋਇਆ ਹੋਵੇ।ਭਾਵੇਂ ਉਸ ਦੀ ਰੁਚੀ ਇਸ਼ਕ 'ਤੇ ਵਧੇਰੇ ਕੇਂਦ੍ਰਤ ਅਤੇ ਮੁਗਧ ਰਹਿੰਦੀ ਹੈ, ਪਰ ਉਸ ਦੀ ਸੁਚੇਤ ਅੱਖ ਸਮਕਾਲੀ ਸਮਾਜਕ-ਦਸ਼ਾ ਵਲ ਹਮੇਸ਼ਾ ਖੁੱਲ੍ਹੀ ਰਹਿੰਦੀ ਹੈ।ਉਂਜ ਵੀ ਉਮਰ ਦੀਆਂ ਪੌੜੀਆਂ ਚੜ੍ਹਨ ਦੇ ਨਾਲ-ਨਾਲ ਉਸ ਦੀ ਅੱਖ ਵਧੇਰੇ ਖੁੱਲ੍ਹ ਕੇ ਸਮਾਜਕ-ਦਸ਼ਾ ਅਤੇ ਸਮਾਜਕ-ਸੰਕਟਾਂ ਨੂੰ ਘੋਖਣ-ਬਿਆਨਣ 'ਤੇ ਟਕੋਰਨ ਵੱਲ ਵਧ ਰਹੀ ਹੈ।ਉਸ ਦੀਆਂ ਨਵੀਨਤਮ ਗ਼ਜ਼ਲਾਂ, ਏਸ ਤੱਥ ਦੀ ਗਵਾਹੀ ਭਰਨ ਲਈ ਇਸ ਦੀ ਪਿੱਠ ਤੇ ਖਲੋਤੀਆਂ ਹਨ। ਰਤਾ ਗ਼ੌਰ ਕਰੋ: ਜੇ ਮੈਂ ਕੋਈ ਨੇਤਾ ਹੁੰਦਾ, ਜਾਂ ਨੇਤਾ ਦਾ ਜਾਇਆ ਹੁੰਦਾ। ਸੋਹਣਾ ਬੰਗਲਾ ਹਿੱਲ-ਸਟੇਸ਼ਨ ਉੱਤੇ ਹੁਣ ਨੂੰ ਪਾਇਆ ਹੁੰਦਾ। ਤੇਰੀ ਜ਼ੁਲਫ਼ ਸੰਵਾਰਨ ਜੋਗੇ ਬੋਝੇ ਦੇ ਵਿਚ ਪੈਸੇ ਹੁੰਦੇ, ਕਾਸ਼! ਕਦੇ 'ਬੋਫ਼ੋਰਸ' ਵਰਗਾ ਸੌਦਾ ਮੈਂ ਕਰਵਾਇਆ ਹੁੰਦਾ। ਕੁੱਝ ਵੀ ਹੋਵੇ, 'ਨੂਰ' ਦੇ ਉਛਲਦੇ ਅਤੇ ਠਾਠਾਂ ਮਾਰਦੇ ਜਜ਼ਬੇ ਗ਼ਜ਼ਲ ਅਨੁਸ਼ਾਸਨ ਦੀਆਂ ਸ਼ੀਮਾਵਾਂ ਦੇ ਅੰਦਰ ਹੀ ਅੰਦਰ ਰਹਿੰਦੇ ਹੋਏ, ਤੋਲ-ਤੁਕਾਂਤ ਦਾ ਪੂਰਾ-ਪੂਰਾ ਮਾਨ ਅਤੇ ਸਤਿਕਾਰ ਕਰਦੇ ਨਜ਼ਰ ਆਉਂਦੇ ਹਨ।ਗੱਲ ਕੀ, ਉਸ ਦੀਆਂ ਗ਼ਜ਼ਲਾਂ ਦਾ ਕਲਾ-ਪੱਖ ਉਸ ਦੀ ਨਿਪੁੰਨਤਾ ਦਾ ਲਖਾਇਕ ਹੈ।ਗ਼ਜ਼ਲ-ਤੋਲ ਵਿਚ ਉਕਾਈ-ਖਾਣਾ , ਛੇਤੀ-ਛੇਤੀ ਉਸ ਦੀਆਂ ਗ਼ਜ਼ਲਾਂ ਵਿਚ ਕਿਧਰੇ ਵੇਖਣ ਨੂੰ ਨਹੀਂ ਮਿਲਦਾ।ਇਸ ਸਫ਼ਲਤਾ ਦਾ ਸਿਹਰਾ ਉਸ ਦੇ ਸਵਰਗ-ਵਾਸੀ ਸੁੱਘੜ-ਉਸਤਾਦ ਪ੍ਰਿੰਸੀਪਲ ਤਖ਼ਤ ਸਿੰਘ ਦੇ ਸਿਰ ਨੂੰ ਜਾਂਦਾ ਹੈ।ਮਾਲਵੇ ਦੇ ਪਿੰਡਾਂ ਦੀ, ਖ਼ਾਸਕਰ ਵਾਹੀਕਾਰਾਂ ਦੀ ਸ਼ਬਦਾਵਲੀ, ਉਸ ਦੀ ਗ਼ਜ਼ਲ ਨੂੰ, 'ਸੱਗੀ-ਫੁੱਲਾਂ' ਵਾਂਗ ਸ਼ਿੰਗਾਰਦੀ ਅਤੇ ਉਸ ਦਾ ਠੁੱਕ ਬੰਨ੍ਹਦੀ ਹੈ।ਕੁੱਝ ਸ਼ੇਅਰ ਦੇਖੋ: ਗੇੜ ਰਹੇ ਸਾਂ ਹਲਟ ਅਸੀਂ ਤਾਂ ਯਾਦਾਂ ਦਾ, ਲੱਕ-ਲੱਕ ਤੱਕ ਹੰਝੂਆਂ ਦਾ ਪਾਣੀ ਪਹੁੰਚ ਗਿਆ। ਉੱਗ ਪਵੇਗੀ ਆਪੇ ਫ਼ਸਲ ਮੁਹੱਬਤ ਦੀ, ਸੋਚ-ਸਮਝ ਕੇ ਕੱਲਰ ਦਿਲ ਹੈ ਵਾਹੀਦਾ। ਨਵੀਨਤਮ ਅਤੇ ਮੌਲਿਕ ਚਿੰਨ, ਅਲੰਕਾਰ ਅਤੇ ਸ਼ਬਦ ਵਰਤ ਕੇ, ਉਸ ਨੇ ਪੰਜਾਬੀ ਦੇ ਗ਼ਜ਼ਲ ਖੇਤਰ ਵਿਚ ਨਵੇਂ ਤਜਰਬੇ ਕਰਨ ਦੀ ਸਮਰੱਥਾ ਅਤੇ ਸਾਹਸ ਦਾ ਸਬੂਤ ਦਿੱਤਾ ਹੈ ਜਿਹੜਾ 'ਸ਼ਿਵ ਕੁਮਾਰ' ਦੇ ਜਤਨ ਵਾਂਗ ਪੁਰਾਤਨ ਵਿਸ਼ਿਆਂ ਵਿਚ ਵੀ ਰੋਚਕਤਾ ਉਤਪੰਨ ਕਰ ਧਰਦੇ ਹਨ ਜਿਸ ਨਾਲ ਮੇਰੇ ਵਰਗੇ ਗ਼ਜ਼ਲ ਦੇ ਸਾਧਾਰਨ ਪਾਠਕ ਦਾ ਮਨ ਕੇਵਲ ਮੁਘਧ ਹੀ ਨਹੀਂ ਸਗੋ ਮੂਰਛਿਤ ਵੀ ਹੋ ਜਾਂਦਾ ਹੈ: ਘੇਰਾ ਐਨਾ ਛੋਟਾ ਨਾ ਕਰ ਬਾਹਾਂ ਦਾ। ਦਾਗ਼ ਦਵਾਂਗਾ ਰੌਕਿਟ-ਲਾਂਚਰ ਆਹਾਂ ਦਾ। ਨਜ਼ਰਾਂ ਦੀ 'ਏ. ਕੇ. ਸੰਤਾਲੀ' ਚੱਲਣੀ ਨਹੀਂ, ਇਹ 'ਦਿਲ' ਖੋਜੀ-ਕੁੱਤਾ ਭੇਤੀ ਰਾਹਾਂ ਦਾ। ਮਨ ਦੀ ਸੈਟੀ-ਲਾਈਟ ਟਿਕਾ ਕੇ ਪਰਖਾਂਗੇ, ਕਿਸ 'ਤੇ ਸੁੱਟਦਾ ਏਂ ਤੂੰ ਬੰਬ ਨਿਗਾਹਾਂ ਦਾ। ਇਹ ਪਹਿਲ-ਪਲੇਠੀ ਦਾ ਗ਼ਜ਼ਲ-ਸੰਗ੍ਰਿਹ ਹੋਣ ਕਰ ਕੇ ਸਾਨੂੰ 'ਨੂਰ' ਤੋਂ ਬਹੁਤ ਸੰਭਾਵਨਾਵਾਂ ਹਨ।ਉਸ ਦਾ ਸਮਾਜਕ-ਸੂਝ ਵਲ ਵਧਣ ਵਾਲਾ ਵਿਕਾਸ, ਉਸ ਦੀ ਗ਼ਜ਼ਲ ਨੂੰ ਬਹੁਤ ਛੇਤੀ ਪਕੇਰਾ ਅਤੇ ਲੋਕ-ਪ੍ਰਿਆ ਹੋਣ ਵਿਚ ਸਹਾਈ ਹੋਵੇਗਾ।ਇਹ ਮੇਰੀ ਰੀਝ ਹੈ, ਆਸ ਹੈ ਅਤੇ ਦ੍ਰਿੜ ਵਿਸ਼ਵਾਸ ਵੀ ਹੈ। ਗੁਰਚਰਨ ਸਿੰਘ 'ਸਾਕੀ' (ਡਾ) ਸੰਪਾਦਕ-"ਸੂਲ ਸੁਰਾਹੀ" ਮਾਰਚ ੫, ੧੯੯੦
ਸੋਚਾਂ ਦੇ ਸੱਥਰ
ਨੂਰ ਮੁਹੰਮਦ 'ਨੂਰ' ਗ਼ਜ਼ਲ ਦੀ ਸ਼ਾਹ-ਰਾਹ ਉੱਤੇ ਇੱਕ ਮੰਜ਼ਿਲ ਮਾਰ ਆਇਆ ਹੈ।ਉਸ ਦੇ ਸਵਰਗਵਾਸੀ ਸੁੱਘੜ-ਉਸਤਾਦ, ਪ੍ਰਿੰਸੀਪਲ ਤਖ਼ਤ ਸਿੰਘ ਹੋਰਾਂ ਦਾ ਅਸ਼ੀਰਵਾਦ ਉਸ ਦੇ ਅੰਗ-ਸੰਗ ਹੈ! ਅਪਣੀ ਕਾਬਲੀਅਤ ਅਤੇ ਕਲਾ ਦੇ ਕਮਾਲ ਸਦਕਾ ਅੱਜ ਉਹ ਦੂਜੀ ਮੰਜ਼ਿਲ ਦੇ ਰੂ-ਬ-ਰੂ ਹੈ! ਪਹਿਲੀ ਮੰਜ਼ਿਲ ਦੇ ਸਫ਼ਰ ਦੌਰਾਨ ਉਸ ਦੇ ਭੂਤ-ਕਾਲ ਦੀਆਂ 'ਯਾਦਾਂ' ਸਿਰ ਚੁੱਕਦੀਆਂ ਰਹੀਆਂ ਹਨ। ਇਨ੍ਹਾਂ ਯਾਦਾਂ ਨੂੰ ਉਹ ਅੱਖਰਾਂ ਵਿਚ ਗੁੰਦ-ਗੁੰਦ ਕੇ, 'ਯਾਦਾਂ ਦੇ ਅੱਖਰ' ਪੰਜਾਬੀ ਪਾਠਕਾਂ ਦੀ ਨਜ਼ਰ ਕਰ ਚੁੱਕਿਆ ਹੈ।ਦੂਜੀ ਮੰਜ਼ਿਲ ਉੱਤੇ ਅੱਪੜਦਿਆਂ, ਉਸ ਦੀਆਂ ਯਾਦਾਂ ਨੇ 'ਸੋਚਾਂ' ਨੂੰ ਟੁੰਬ ਜਗਾਇਆ ਹੈ।ਹੁਣ ਉਹ ਇਨ੍ਹਾਂ 'ਸੋਚਾਂ' ਦੇ 'ਸੱਥਰ' ਲਾ-ਲਾ ਕੇ ਪੰਜਾਬੀ ਜਗਤ ਨੂੰ ਸਮਰਪਤ ਕਰ ਰਿਹਾ ਹੈ। ਉਸ ਦੀਆਂ ਯਾਦਾਂ ਭੂਤ-ਕਾਲ ਦੇ ਰਲੇ-ਮਿਲੇ ਅਥਵਾ ਮਿੱਸੇ ਜਿਹੇ ਅਨੁਭਵਾਂ ਚੋਂ ਉੱਭਰਦੀਆਂ ਹਨ।ਪਰ 'ਸੋਚਾਂ' ਇਨ੍ਹਾਂ ਅਨੁਭਵਾਂ ਦੇ ਨਾਲ-ਨਾਲ ਕਿਸੇ ਇੱਕੋ, ਬਿੰਦੂ ਜਿਹੇ ਮੂੰਹ-ਮੁਹਾਂਦਰੇ ਉੱਤੇ ਜ਼ਿਆਦਾ ਕੇਂਦਰਤ ਹੋ ਕੇ ਰਹਿ ਗਈਆਂ ਲੱਗਦੀਆਂ ਹਨ। 'ਨੂਰ' ਨੇ ਸੱਥਰ 'ਸ਼ਬਦ' ਨੂੰ, ਕਿਸਾਨ ਹੋਣ ਦੇ ਨਾਤੇ ਵੱਡੀ ਸਾਰੀ ਭਰੀ ਜਾਂ ਵੱਡੇ ਢੇਰ ਦੇ ਅਰਥਾਂ ਵਿਚ ਵਰਤ ਕੇ, ਹੱਥਲੀ ਪੁਸਤਕ ਲਈ ਸਿਰਲੇਖ, ਅਥਵਾ ਅਪਣੇ ਵਿਚਾਰਾਂ-ਭਾਵਾਂ ਨੂੰ 'ਸੋਚਾਂ ਦੇ ਢੇਰ' ਜਾਂ 'ਸੋਚਾਂ ਦੀਆਂ ਪੰਡਾਂ' ਦਾ ਨਾਂ ਦਿੱਤਾ ਹੈ।ਪਰ ਇਸ ਪੁਸਤਕ ਦੇ ਗਹੁ ਨਾਲ ਕੀਤੇ ਸਮੁੱਚੇ ਅਧਿਐਨ ਤੋਂ ਤਾਂ ਇਹ 'ਯਾਰੜੇ ਦੇ ਸੱਥਰ' ਹੀ ਸਿੱਧ ਹੁੰਦੀ ਹੈ।ਸਬੂਤ ਇਹ ਹੈ ਕਿ ਪਹਿਲੇ ਗ਼ਜ਼ਲ-ਸੰਗ੍ਰਹਿ 'ਯਾਦਾਂ ਦੇ ਅੱਖਰ' ਵਿਚ 'ਨੂਰ' ਦੀ ਕਲਪਨਾ ਬਾਹਰਮੁਖੀ ਵਧੇਰੇ ਰਹਿ ਕੇ, ਆਲੇ-ਦੁਆਲੇ ਅਥਵਾ ਸਮਾਜ ਵਿਚ ਵਿਚਰਦੀ ਨਜ਼ਰ ਆਉਂਦੀ ਸੀ।ਤਦੇ ਹੀ ਸਮਾਜਕ ਵਰਤ-ਵਰਤਾਰੇ, ਇਸ ਦੇ ਦੁੱਖਾਂ-ਦਰਦਾਂ ਦੀਆਂ ਭਾਵਨਾਵਾਂ ਦਾ ਬਿਆਨ ਉਸ ਵਿਚ ਵੇਖਣ ਨੂੰ ਵਧੇਰੇ ਮਿਲਦਾ ਸੀ।ਪਰ ਹਥਲੇ ਗ਼ਜ਼ਲ ਸੰਗ੍ਰਹਿ 'ਸੋਚਾਂ ਦੇ ਸੱਥਰ' ਵਿਚਲੀ ਰਚਨਾ ਇਸ ਗੱਲ ਦਾ ਪਰਤੱਖ ਸਬੂਤ ਹੈ ਕਿ ਉਸ ਦੀ ਕਲਪਨਾ ਪਹਿਲਾਂ ਨਾਲੋਂ ਕੁੱਝ ਅੰਤਰਮੁਖੀ ਹੋ ਗਈ ਹੈ।ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਉਸ ਦੀ ਕਲਪਨਾ ਜਾਂ 'ਸੋਚ' ਕਿਸੇ ਯਾਰੜੇ ਦੇ ਦਰ 'ਤੇ ਧੂਣੀ ਰਮਾ ਕੇ, 'ਤੇ ਸੱਥਰ ਘੱਤ ਬੈਠੀ ਹੈ।ਤਾਹੀਉਂ ਇਹ ਉਸੇ ਦੇ ਕਸੀਦੇ, ਉਸੇ ਦੇ ਗੀਤ ਅਤੇ ਉਸੇ ਲਈ ਗ਼ਜ਼ਲਾਂ ਲਿਖਦਾ-ਗਾਉਂਦਾ ਹੈ; ਹਰ ਰੋਜ਼ ਜਿਸ ਦੀ ਖ਼ਾਤਰ ਲਿਖਦਾ ਹੈ 'ਨੂਰ' ਗ਼ਜ਼ਲਾਂ, ਉਸ ਬੇ-ਵਫ਼ਾ ਦੇ ਸੇਜਲ ਨੈਣਾਂ ਦਾ ਨੀਰ ਹਾਂ ਮੈਂ। ਰੋਂਦਾ ਹਾਂ ਕਤਲ ਕੀਤੇ ਕੁਝ ਕੀਮਤੀ ਪਲਾਂ ਨੂੰ, ਉਸ ਬੇ-ਵਫ਼ਾ ਦੀ ਖ਼ਾਤਰ ਲਿਖ ਕੇ ਹਜ਼ਾਰ ਗ਼ਜ਼ਲਾਂ। 'ਨੂਰ' ਦੀ ਇਸ ਅੰਤਰਮੁਖਤਾ ਦੇ ਦੋ ਹੀ ਕਾਰਣ ਹੋ ਸਕਦੇ ਹਨ, ਜਾਂ ਤਾਂ ਜੀਵਨ-ਸੰਘਰਸ਼ ਵਿਚ ਉਸ ਨੂੰ ਕੋਈ ਠੋਕਰ ਜਾਂ ਅਸਫਲਤਾ ਪ੍ਰਾਪਤ ਹੋਈ ਹੋਵੇਗੀ ਅਤੇ ਜਾਂ ਕਿਸੇ ਅੰਤ੍ਰੀਵ ਆਕਰਸ਼ਣ ਨੇ ਉਸ ਨੂੰ ਅੰਦਰ ਧੁਹ ਲਿਆ ਹੋਵੇਗਾ।ਇਥੇ ਦੂਜੇ ਕਾਰਣ ਦਾ ਪ੍ਰਭਾਵ ਪਿਆ ਲਗਦਾ ਹੈ।ਭਾਵ ਇਹ, ਕਿ 'ਸੁਲਤਾਨ ਬਾਹੂ' ਦੇ ਕਥਨ ਵਾਂਗ-"ਅੰਦਰ ਬੂਟੀ ਮੁਸਕ ਮਚਾਇਆ, ਜਾਂ ਫੁੱਲਣ ਪਰ ਆਈ ਹੂ"।ਸੋ ਕਿਸੇ ਪਿਆਰੜੇ ਦੁਆਰਾ, 'ਨੂਰ' ਦੇ ਅੰਦਰ ਲਾਈ ਹੋਈ 'ਇਸ਼ਕ-ਚੰਬੇ ਦੀ ਬੂਟੀ' ਦੀ ਮਹਿਕ ਉਸ ਦੇ ਅੰਦਰ ਅਜਿਹੀ ਖਿਲਰ ਗਈ ਕਿ ਉਸ ਦਾ ਮਨ–ਮਿਰਗਾਵਲਾ ਉਸ ਕਥੂਰੀ ਦੀ ਮਹਿਕ 'ਤੇ ਹੀ ਮੁਗਧ ਹੋ ਕੇ ਰਹਿ ਗਿਆ।ਇਸੇ ਕਾਰਨ-ਵਸ ਉਹਦੀ ਸੋਚ ਅਪਣੇ ਆਲੇ-ਦੁਆਲੇ ਤੋਂ, ਵਧੇਰੇ ਕਰਕੇ ਬੇ-ਨਿਆਜ਼ ਹੋ ਬੈਠੀ, 'ਤੇ ਉਹ 'ਮੱਚਦੇ ਰੋਮ' ਦੇ ਸਾਮ੍ਹਣੇ ਬੈਠ, 'ਨੀਰੋ' ਸਮਾਨ ਬੰਸਰੀ ਦੀ ਤਾਨ ਕੱਢਣ ਵਿਚ ਮੁਗਧ ਹੋ ਗਿਆ।ਸਿੱਟੇ ਵਜੋਂ ਉਹਦੀ ਕਾਵ-ਕਲਾ, ਗ਼ਜ਼ਲ ਦੇ ਅਧੁਨਿਕਤਮ ਰੰਗ ਜੋ 'ਯਾਦਾਂ ਤੇ ਅੱਖਰ' ਵਿਚ ਪ੍ਰਾਪਤ ਸੀ, ਤੋਂ ਰਤਾ ਵਿਰਵੀ ਹੋ ਕੇ ਪਰੰਪਰਾਈ ਲੀਹ ਵੱਲ ਨੂੰ ਝੁਕਾਅ ਖਾ ਗਈ ਹੈ।'ਯਾਦਾਂ ਦੇ ਅੱਖਰ' ਨਾਲੋਂ ਇਹ ਉਲਾਰ ਪਰਤੱਖ ਹੈ। ਪਰ 'ਰੋਮ' ਵਾਲੇ 'ਨੀਰੋ' ਵਾਂਗ, ਸਾਡੇ ਇਸ ਨੀਰੋ ਦੀਆਂ ਅੱਖੀਆਂ ਪੂਰੀ ਤਰ੍ਹਾਂ ਬੇ-ਨਿਆਜ਼ ਅਤੇ ਬੰਦ ਤਾਂ ਨਹੀਂ ਹੋਈਆਂ ਲੱਗਦੀਆਂ।ਇਹ ਤਾਂ ਕਦੇ-ਕਦਾਈਂ ਮੱਚਦੇ ਰੋਮ ਦਾ ਝਲਕਾਰਾ ਪ੍ਰਾਪਤ ਕਰ ਹੀ ਲੈਂਦੀਆਂ ਹਨ।ਸੋ 'ਨੂਰ' ਸਮਾਜ ਵੱਲੋਂ ਰਤਾ ਨਿਰਮੋਹੀ ਜ਼ਰੂਰ ਹੋਇਆ ਲੱਗਦਾ ਹੈ, ਉੱਕਾ ਕੋਰਾ ਨਹੀਂ ਹੋਇਆ।ਇਸੇ ਲਈ ਜਦ ਵੀ ਕਦੇ ਉਹਦੀ ਅੱਖ ਉੱਘੜਦੀ ਹੈ, ਉਹ ਸਮਾਜ ਦੇ ਦੁਖਾਂ-ਦਰਦਾਂ'ਤੇ ਕਸੀਸ ਵੱਟ ਕੇ ਰਹਿ ਜਾਂਦਾ ਹੈ; ਕਰਦੇ ਹੋ ਸ਼ਾਜ਼ਿਸ਼ਾਂ ਕਿਉਂ ਦੁਨੀਆਂ ਦੇ ਵਾਸੀਉ, ਕੀ ਖੋਹ ਲਿਆ ਤੁਹਾਡਾ ਮੇਰੇ ਪੰਜਾਬ ਨੇ। ਆ ਬੈਠੀ ਘਰ ਮੇਰੇ ਸਾਰੀ ਲੋਕਾਂ ਦੀ। ਕੱਠੀ ਹੋ ਕੇ ਖੱਜਲ-ਖ਼ੁਆਰੀ ਲੋਕਾਂ ਦੀ। ਕੱਲੀ –ਕਾਰੀ ਹੁੰਦੀ ਦਾਰੂ ਦੇ ਦਿੰਦਾ, ਮੈਂ ਕੱਲਾ ਹਾਂ ਲੱਖ ਬਿਮਾਰੀ ਲੋਕਾਂ ਦੀ। ਖ਼ੈਰ ਇਸ ਸੰਗ੍ਰਹਿ ਵਿੱਚ ਬਹੁਤ ਸਾਰੀਆਂ ਅਜਿਹੀਆਂ ਗ਼ਜ਼ਲਾਂ ਵੀ ਹਨ ਜਿਨ੍ਹਾਂ ਵਿਚ ਨੂਰ ਮੁਹੰਮਦ 'ਨੂਰ' ਉੱਕਾ ਹੀ ਨੀਰੋ ਸਿੱਧ ਨਹੀਂ ਹੁੰਦਾ, ਸਗੋਂ ਅਪਣੇ ਸਮਕਾਲੀ ਸਮਾਜ ਵਿਚ ਵਾਪਰਣ ਵਾਲੀਆਂ ਘਟਨਾਵਾਂ ਨੂੰ ਬਰਾਬਰ ਦੇਖ ਰਿਹਾ ਹੈ ਅਤੇ ਬੇਧੜਕ ਉਲੀਕ ਰਿਹਾ ਹੈ।ਹੇਠਲੇ ਸ਼ੇਅਰਾਂ ਵਿਚ ਪੰਜਾਬ ਦੀ ਸਥਿੱਤੀ ਬਾਰੇ ਉਸ ਦੇ ਖ਼ਿਆਲ ਦੇਖੋ; ਝਾਕਣ ਥੰਮਾਂ ਵਰਗੇ ਨੇਰ੍ਹੇ, ਕੋਲ ਖਲੋਤੇ ਬਾਬੇ ਦੇ। ਇੱਕ-ਇੱਕ ਕਰਕੇ ਮੁੱਕਦੇ ਜਾਂਦੇ ਪੁੱਤ-ਪੜੋਤੇ ਬਾਬੇ ਦੇ। ਦਿਸਦਾ ਨਾ ਕੋਈ ਤੱਤਾ-ਤੱਤਾ ਆਖਣ ਵਾਲਾ ਬਲਦਾਂ ਨੂੰ, ਮਿਰਗਾਂ ਵਰਗੇ ਬਹਿੜੇ ਰੰਭਣ ਹਲ ਨੂੰ ਜੋਤੇ ਬਾਬੇ ਦੇ। ਇੱਥੇ ਲੇਖਕ ਦੇ ਅੰਦਰੋਂ, ਪੰਜਾਬ ਦਾ ਹੰਢਾਇਆ ਹੋਇਆ ਦਰਦ ਸ਼ਬਦਾਂ ਦਾ ਰੂਪ ਧਾਰ ਕੇ ਲਾਵੇ ਵਾਂਗ ਫੁੱਟ ਨਿਕਲਦਾ ਜਾਪਦਾ ਹੈ।ਕਾਸ਼!ਕਿਤੇ ਉਹ ਏਸੇ ਤਰ੍ਹਾਂ 'ਰੋਮਾਨੀ-ਬੰਸਰੀ' ਦੀਆਂ ਤਾਨਾਂ ਛੱਡ ਕੇ ਮਾਤ-ਭੁਮੀ ਦੇ ਰਿਸਦੇ ਫੱਟਾਂ ਨੂੰ ਗਿਣਦਾ-ਮਿਣਦਾ ਤੇ ਪਲੋਸਦਾ ਰਹੇ ।ਉਡੀਕ ਕਰਦੇ ਹਾਂ ਕਿ ਕਦ ਉਸ ਦੀ ਅੰਤ੍ਰੀਵ-ਲਿਵ ਟੁੱਟ ਕੇ, ਕਦੋਂ ਉਸ ਦੇ ਲੋਇਣ ਉਘੇੜਦੀ ਹੈ, ਅਤੇ ਉਹ ਮੁੜ ਸਮਾਜ ਦੀ ਧੜਕਣ ਨਾਲ ਅਪਣੇ ਹਿਦਰੇ ਦੀ ਧੜਕਣ ਨੂੰ ਇਕ-ਸੁਰ ਕਰਦਾ ਹੈ। ਗੁਰਚਰਨ ਸਿੰਘ 'ਸਾਕੀ' ਪੀ. ਐਚ. ਡੀ.ਬਰ
ਪੀੜਾਂ ਦੇ ਪੱਥਰਰੋਸ਼ਨੀਆਂ ਦੀ ਬਾਤ
ਗ਼ਜ਼ਲ ਦੀ ਸ਼ਾਇਰੀ ਵਿਚ ਨੂਰ ਮੁਹੰਮਦ 'ਨੂਰ' ਹੋਰਾਂ ਦਾ ਨਾਂ ਕੋਈ ਨਵਾਂ ਨਾਂ ਨਹੀਂ।ਇਸ ਤੋਂ ਪਹਿਲਾਂ ਉਹ ਪਾਠਕਾਂ ਨੂੰ ਦੋ ਗ਼ਜ਼ਲ-ਸੰਗ੍ਰਹਿ ਦੇ ਕੇ ਉਨ੍ਹਾਂ ਕੋਲੋਂ ਦਾਦ ਪ੍ਰਾਪਤ ਕਰ ਚੁੱਕੇ ਹਨ।'ਯਾਦਾਂ ਦੇ ਅੱਖਰ' ਅਤੇ ਸੋਚਾਂ ਦੇ ਸੱਥਰ' ਦੋਵੇਂ ਸੰਗ੍ਰਹਿ ਗ਼ਜ਼ਲ ਦੀ ਸ਼ਾਇਰੀ ਵਿਚ ਇੱਕ ਉੱਚਾ ਮੁਕਾਮ ਰੱਖਦੇ ਹਨ।ਬਹੁਤ ਸਾਰੇ ਪਾਠਕਾਂ ਨੇ ਉਨ੍ਹਾਂ ਦੇ ਵਿਚਾਰਾਂ ਤੋਂ ਲਾਭ ਲਿਆ ਹੈ।ਹੱਥਲੇ ਪਰਾਗੇ 'ਪੀੜਾਂ ਦੇ ਪੱਥਰ' ਵਿਚ ਆਖਦੇ ਨੇ ; ਹਰ ਆਦਮੀ ਨੇ ਕੀਤੇ ਮੇਰੇ ਵਿਚਾਰ 'ਕੱਠੇ, ਜਿੱਥੇ ਵੀ ਮੈਂ ਖਿਲਾਰੇ ਮੋਤੀ ਅਮੋਲ ਜਾ ਕੇ। ਕਿਸੇ ਸ਼ਾਇਰ ਦਾ ਫ਼ਨ ਪਰਖਣ ਲਈ ਅਸੀਂ ਇਹ ਵੇਖਣਾ ਹੁੰਦਾ ਏ ਕਿ ਉਹਨੇ ਅਪਣਿਆਂ ਵਿਸ਼ਿਆਂ ਨਾਲ ਕਿੱਥੇ ਤਾਈਂ ਇਨਸਾਫ਼ ਕੀਤਾ ਏ ? ਇਹ ਵਿਸ਼ੇ ਸਿਆਸੀ ਹੋਣ ਜਾਂ ਮੁਆਸ਼ੀ, ਜ਼ਾਤੀ ਲੋੜਾਂ-ਥੋੜਾਂ ਹੋਣ ਜਾਂ ਪੂਰੇ ਮੁਆਸ਼ਰੇ ਦੀ ਗੱਲ।ਉਹਨੇ ਅਪਣੇ ਮਹਿਸੂਸਾਤ ਅਪਣੇ ਪਾਠਕਾਂ ਤਾਈਂ ਅਪੜਾਉਣ ਲਈ ਕਿਹੋ ਜੇਹਾ ਅਸਲੂਬ ਅਖ਼ਤਿਆਰ ਕੀਤਾ ਏ।ਉਹਦੇ ਲਫ਼ਜ਼ਾਂ ਦੀ ਚੋਣ ਅਤੇ ਖ਼ਿਆਲ-ਉਡਾਰੀ ਕਿਸ ਢੰਗ ਦੀ ਏ ? ਸ਼ਾਇਰ ਦੀ ਸਭ ਤੋਂ ਪਹਿਲੀ ਅਤੇ ਆਖ਼ਰੀ ਕੋਸ਼ਿਸ਼ ਅਪਣੀ ਜ਼ਾਤ ਦੀ ਤਸਕੀਨ ਹੁੰਦੀ ਏ।ਜੇ ਉਹ ਇਹਦੇ ਵਿਚ ਕਾਮਿਆਬ ਏ ਤਾਂ ਉਹ ਇਕ ਕਾਮਿਆਬ ਸ਼ਾਇਰ ਵੀ ਏ।'ਨੂਰ ਮੁਹੰਮਦ ਨੂਰ' ਹੋਰੀਂ ਇਸ ਨੁਕਤੇ ਤੋਂ ਵਾਕਿਫ਼ ਨੇ।ਉਹ ਆਖਦੇ ਨੇ; ਮੈਂ ਦੁਨੀਆ ਦਾ ਸਭ ਤੋਂ ਵੱਡਾ ਸ਼ਾਇਰ ਹਾਂ, ਮੇਰੇ ਬਾਝੋਂ ਹਰ ਸ਼ਾਇਰ ਦਾ ਦਾਅਵਾ ਹੈ। 'ਨੂਰ ਮੁਹੰਮਦ ਨੂਰ' ਹੋਰਾਂ ਦੀ ਸ਼ਾਇਰੀ ਦਾ ਫ਼ਨ ਰਾਹਵਾਂ ਵਿਚ ਪੜਾਅ ਕਰਦਾ ਕਰਦਾ ਬੜੀ ਛੇਤੀ ਛੇਤੀ ਅਪਣੀ ਮੰਜ਼ਿਲ ਵੱਲ ਤੁਰਿਆ ਜਾ ਰਿਹਾ ਏ।ਉਹਨਾਂ ਨੇ ਅਪਣਾ ਇਹ ਸਫ਼ਰ 'ਯਾਦਾਂ ਦੇ ਅੱਖਰ' ਤੋਂ ਸ਼ੁਰੂ ਕੀਤਾ ਸੀ।ਯਾਦਾਂ ਦੇ ਇਨ੍ਹਾਂ ਅੱਖਰਾਂ ਨੇ ਤਜਰਬੇ ਦੀ ਭੱਠੀ ਵਿਚ ਪੱਕ ਕੇ ਸੋਚਾਂ ਦਾ ਰੂਪ ਧਾਰ ਲਿਆ ਅਤੇ ਉਨ੍ਹਾਂ ਨੇ ਸੋਚਾਂ ਦੇ ਸੱਥਰ ਲਾ ਦਿੱਤੇ।ਜਦੋਂ ਸੋਚਾਂ ਬਹੁਤ ਵਧ ਜਾਣ ਅਤੇ ਡੂੰਘੀਆਂ ਹੋ ਜਾਣ ਤਾਂ ਉਹ ਪੀੜਾਂ ਬਣ ਕੇ ਸ਼ਾਇਰ ਦੀ ਨਸ-ਨਸ ਵਿਚ ਵਸ ਜਾਂਦੀਆਂ ਨੇ ਅਤੇ ਸ਼ਾਇਰ ਦੇ ਅਹਿਸਾਸਾਤ ਉੱਤੇ ਪੱਥਰਾਂ ਵਾਂਗੂੰ ਲਗਦੀਆਂ ਨੇ।ਫੇਰ ਸ਼ਾਇਰ ਇਹ ਪੀੜਾਂ ਦੇ ਪੱਥਰ ਦੂਜਿਆਂ ਦੇ ਮੁਲਾਹਜੇ ਲਈ ਵੀ ਪੇਸ਼ ਕਰ ਦਿੰਦਾ ਹੈ।ਇਨ੍ਹਾਂ ਤਿੰਨਾਂ ਸੰਗ੍ਰਿਹਾਂ ਦੇ ਨਾਵਾਂ ਤੋਂ ਵੀ ਸ਼ਾਇਰ ਦੇ ਫ਼ਨ ਦੇ ਇਰਤਕਾਅ (ਵਿਕਾਸ)ਦਾ ਅੰਦਾਜ਼ਾ ਹੋ ਜਾਂਦਾ ਹੈ। ਗ਼ਜ਼ਲ ਲਈ ਮੌਜ਼ੂੰ (ਢੁਕਵੀਂ)ਤਬੀਅਤ,ਵਸੀਹ ਮੁਤਾਲਆ, ਅਤੇ ਇਹਦੇ ਨਿੱਕ-ਸੁੱਕ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਏ।ਮੌਜੂੰ ਤਬੀਅਤ ਤੇ ਅੱਲਾਹ-ਤਆਲਾ ਦੀ ਅਤਾ ਕੀਤੀ ਹੁੰਦੀ ਏ।ਪਰ ਮੁਤਾਅਲਾ ਇਨਸਾਨ ਦੀ ਅਪਣੀ ਕੋਸ਼ਿਸ਼ ਹੁੰਦੀ ਏ।ਗ਼ਜ਼ਲ ਦੀ ਰਵਾਇਤ ਉਰਦੂ ਵਿੱਚੋਂ ਪੰਜਾਬੀ ਵਿਚ ਆਈ ਏ,ਪ੍ਰੰਤੂ ਚੜ੍ਹਦੇ ਪੰਜਾਬ ਦੀ ਨੋਜਵਾਨ ਪੀੜ੍ਹੀ ਉਰਦੂ ਤੋਂ ਨਾ-ਆਸ਼ਨਾ ਹੋਣ ਦੀ ਵਜਾਹ ਕਰਕੇ, ਉਰਦੂ ਗ਼ਜ਼ਲ ਦਾ ਮੁਤਾਲਆ ਨਹੀਂ ਕਰ ਸਕਦੀ ।ਇਸ ਕਰ ਕੇ ਉਹ ਗ਼ਜ਼ਲ ਦੀਆਂ ਫ਼ਨੀ-ਖ਼ੂਬੀਆਂ ਨਹੀਂ ਜਾਣ ਸਕਦੀ।'ਨੂਰ' ਦੀਆਂ ਗ਼ਜ਼ਲਾਂ ਪੜ੍ਹ ਕੇ ਅੰਦਾਜ਼ਾ ਹੁੰਦਾ ਹੈ ਕਿ ਉਸ ਨੇ ਉਰਦੂ ਗ਼ਜ਼ਲ ਨੂੰ ਪੜ੍ਹਿਆ ਹੋਇਆ ਹੈ।ਉਹ ਇਸ ਦੇ ਅਸਰਾਰ ਅਤੇ ਬਾਰੀਕੀਆਂ ਤੋਂ ਭਲੀ-ਪ੍ਰਕਾਰ ਜਾਣੂ ਨੇ। aੁੱਚ–ਸ਼ਾਇਰੀ ਦੀ ਇਕ ਪਹਿਚਾਣ ਇਹ ਵੀ ਹੁੰਦੀ ਏ ਕਿ ਉਹ ਸਾਡੇ ਜਜ਼ਬਿਆਂ ਅਤੇ ਅਹਿਸਾਸਾਂ ਦੀ ਤਰਜ਼ਮਾਨੀ ਕਰਦੀ ਨਜ਼ਰ ਆਉਂਦੀ ਏ।ਜਿਸ ਸ਼ਾਇਰੀ ਵਿਚ ਇਹ ਖ਼ੂਬੀ ਹੋਵੇ ਉਸ ਦਾ ਮਿਆਰ ਬਹੁਤ ਉੱਚਾ ਹੋਵੇਗਾ।ਸ਼ਾਇਰੀ ਹਿਆਤੀ ਦੀ ਤਫ਼ਸੀਰ ਏ, ਇਸ ਲਈ ਸ਼ਾਇਰੀ ਵਿਚ ਸਾਡੀ ਜ਼ਿੰਦਗੀ ਦੀਆਂ ਪਰਛਾਈਆਂ ਦਾ ਹੋਣਾ ਜ਼ਰੂਰੀ ਏ।'ਨੂਰ'ਹੋਰਾਂ ਦੀ ਸ਼ਾਇਰੀ ਇਸ ਮਿਆਰ 'ਤੇ ਪੂਰੀ ਉਤਰਦੀ ਏ।ਉਨ੍ਹਾਂ ਦਾ ਹਰ ਸ਼ਿਅਰ ਬੇਇਨਸਾਫ਼ੀ,ਮੁਆਸ਼ਰੇ ਦੀ ਅਣ-ਪੱਧਰਤਾ ਅਤੇ ਥੋੜਾਂ ਦੇ ਮਾਰੇ ਲੋਕਾਂ ਦੀ ਤਰਜਮਾਨੀ ਕਰਦਾ ਏ।ਉਨ੍ਹਾਂ ਨੇ ਸ਼ਾਇਰੀ ਦਾ ਮਵਾਦ ਅਪਣੇ ਆਲੇ-ਦੁਆਲੇ ਤੋਂ ਲਿਆ ਏ ਇਸ ਲਈ ਉਨ੍ਹਾਂ ਦੀਆਂ ਸ਼ੁਰੂ ਦੀਆਂ ਗ਼ਜ਼ਲਾਂ ਵਿਚ ਪੇਂਡੂ-ਰਹਿਤਲ, ਖੇਤ-ਖਲਿਆਨਾਂ ਦਾ ਮਾਹੌਲ,ਹਲਟ ਦੀ ਟਿੱਕ-ਟਿੱਕ, ਪਿੰਡ ਦੀਆਂ ਗਲੀਆਂ ਦੀ ਧੂੜ,ਰੁੱਖਾਂ ਦੀ ਗੂੜ੍ਹੀ ਅਤੇ ਠੰਢੀ ਛਾਂ ਅਤੇ ਫ਼ਸਲਾਂ ਦੀ ਸੋਂਦੀ-ਸੋਂਦੀ ਮਹਿਕ ਮਿਲਦੀ ਏ।ਜਿਵੇਂ-ਜਿਵੇਂ ਇਨ੍ਹਾਂ ਦਾ ਮੁਤਾਲਆ ਵਧਦਾ ਗਿਆ, ਇਨ੍ਹਾਂ ਦੀ ਸ਼ਾਇਰੀ ਦਾ ਕੈਨਵਸ ਵੀ ਵਿਸ਼ਾਲ ਹੁੰਦਾ ਗਿਆ।ਇਨ੍ਹਾਂ ਦੀ ਸ਼ਾਇਰੀ ਵਿਚ ਇਕ ਨਵੇਕਲਾਪਣ ਏ।ਇਨ੍ਹਾਂ ਨੇ ਅਪਣਾ ਇੱਕ ਅਸਲੂਬ ਬਣਾ ਕੇ ਅਪਣੀ ਵੱਖਰੀ ਪਛਾਣ ਬਣਾਈ ਏ।ਰਤਾ ਇਨ੍ਹਾਂ ਦੀ ਸੋਚ ਦੇਖੋ; ਦਿਲ ਲੋਚਦਾ ਹੈ ਨਵੀਆਂ ਲੀਹਾਂ ਈਜਾਦ ਕਰੀਏ, ਲਿਖਦੇ ਰਹਾਂਗੇ ਕਦ ਤੱਕ ਪੁਰਖਾਂ ਦੀ ਬਹਿਰ ਵਰਗਾ। ਉਹ ਦੂਜਿਆਂ ਦੀਆਂ ਬਣਾਈਆਂ ਲੀਹਾਂ 'ਤੇ ਤੁਰਨ ਦੇ ਕਾਇਲ ਨਹੀਂ ਸਗੋਂ ਨਵੀਆਂ-ਨਵੀਆਂ ਰਾਹਾਂ ਲੱਭਣ ਕਰਕੇ ਅਪਣੀ ਗ਼ਜ਼ਲ-ਕਲਾ ਦਾ ਸਵਾਦ ਮਾਣਦੇ ਨੇ; ਚੁਸਤ ਖ਼ਿਆਲਾਂ ਵਾਲੀ ਗ਼ਜ਼ਲ ਸੁਣਾਉ 'ਨੂਰ', ਤਾਹੀਉਂ ਲੋਕਾਂ ਕੋਲੋਂ ਮਿਲਣੀ ਵਾਹਵਾ ਹੈ। 'ਨੂਰ' ਹੋਰੀਂ ਤਖ਼ੱਈਅਲ ਦੇ ਸਾਰੇ ਮੁਬਾਲਗੇ ਤੋਂ ਕੰਮ ਨਹੀਂ ਲੈਂਦੇ ਜਿਵੇਂ ਲਖਨਊ-ਸ਼ਾਇਰੀ ਦੇ ਸਕੂਲ ਦੇ ਸ਼ਾਇਰ ਕਰਿਆ ਕਰਦੇ ਸਨ।ਉਹ ਸਿਰਫ਼ ਲਫ਼ਜ਼ਾਂ ਦੀਆਂ ਮੂਰਤੀਆਂ ਹੀ ਬਣਾਉਂਦੇ ਹੁੰਦੇ ਸਨ ਜਿਨ੍ਹਾਂ ਦਾ ਮਤਲਬ ਕੁੱਝ ਵੀ ਨਹੀਂ ਹੁੰਦਾ ਸੀ।ਪਰ 'ਨੂਰ' ਹੋਰੀਂ ਮੁਸ਼ਾਹਿਦੇ (ਅੱਖੀਂ ਡਿੱਠੇ) ਤੇ ਯਕੀਨ ਰੱਖਦੇ ਨੇ।ਇਸ ਲਈ ਉਹ ਜੋ ਕੁੱਝ ਦੇਖਦੇ ਨੇ ਉਸ ਵਿਚ ਅਪਣੇ ਤਖ਼ਈਅਲ ਦੀ ਰਲਤ ਕਰ ਕੇ ਸ਼ੇਅਰਾਂ ਵਿਚ ਢਾਲ ਦਿੰਦੇ ਨੇ।ਇਸ ਤਰ੍ਹਾਂ ਉਨ੍ਹਾਂ ਦੀ ਗ਼ਜ਼ਲ ਹਕੀਕਤ ਦੀ ਤਰਜਮਾਨੀ ਕਰ ਕੇ ਹਿਆਤੀ ਦੇ ਬਹੁਤ ਨੇੜੇ ਆ ਜਾਂਦੀ ਏ।ਕਿਉਂ ਜੋ ਅੱਜ ਗ਼ਜ਼ਲ ਗੁਲ ਅਤੇ ਬੁਲਬੁਲ ਦੀ ਕਹਾਣੀ ਨਹੀਂ ਸਗੋਂ ਇਨਸਾਨ ਦੀਆਂ ਲੋੜਾਂ-ਥੋੜਾਂ ਦਾ ਬਿਆਨ ਵੀ ਕਰਦੀ ਏ।ਹੁਣ ਇਹ ਮਹਿਬੂਬ ਦਾ ਹੁਸਨ ਬਿਆਨ ਕਰਨ ਲਈ ਹੀ ਨਹੀਂ, ਮੁਆਸ਼ਰੇ ਦੇ ਕੋਹਝਾਂ ਦੀ ਵੀ ਨਿਸ਼ਾਨ-ਦੇਹੀ ਕਰਦੀ ਏ; ਲਿਖਦੇ ਰਹੋਗੇ ਕਦ ਤੱਕ ਮਹਿਬੂਬ ਦੇ ਕਸੀਦੇ, ਦੁਨੀਆ ਦਾ ਅਕਸ ਝਾਕੇ ਜਿਸ ਵਿਚ ਉਹ ਬਹਿਰ ਲੱਭੋ। 'ਨੂਰ ਮੁਹੰਮਦ ਨੂਰ' ਹੋਰਾਂ ਨੇ ਗ਼ਜ਼ਲ ਨੂੰ ਇਕ ਨਵੀਂ ਸ਼ਬਦਾਵਲੀ ਅਤਾ ਕੀਤੀ ਏ।ਜੋ ਜ਼ਿੰਦਗੀ ਦੀ ਤਸਵੀਰ ਦੇ ਹਰ ਰੁਖ਼ ਵਿਚ ਇਕ ਨਵਾਂ ਰੰਗ ਭਰ ਕੇ ਉਸ ਨੂੰ ਹੋਰ ਸੋਹਣਾ ਅਤੇ ਮਨ-ਖਿਚਵਾਂ ਬਣਾ ਦਿੰਦੀ ਏ।ਉਨ੍ਹਾਂ ਦੇ ਕਲਾਮ ਵਿਚ ਫ਼ਨੀ ਪੁਖ਼ਤਗੀ, ਤਬੀਅਤ ਦਾ ਸੁਹੱਪਣ, ਖ਼ਿਆਲਾਂ ਦੀ ਉਚਿਆਈ ਅਤੇ ਮਾਅਨਿਆਂ ਦੀ ਡੂੰਘਿਆਈ ਨਜ਼ਰ ਆਉਂਦੀ ਏ।ਉਹ ਉੱਚੇ ਤੇ ਸੁੱਚੇ ਜਜ਼ਬਿਆਂ ਦੇ ਸ਼ਾਇਰ ਨੇ; ਭਟਕੋਗੇ 'ਨੂਰ' ਕਦ ਤੱਕ ਗੂੜ੍ਹੇ ਹਨੇਰਿਆਂ ਵਿਚ, ਚਾਨਣ ਮੁਨਾਰਿਆਂ ਦੀ ਟੀਸੀ 'ਤੇ ਠਹਿਰ ਲੱਭੋ। ਬਰਜਸਤਗੀ, ਰਵਾਨੀ ਅਤੇ ਸਲਾਸਤ ਉਨ੍ਹਾਂ ਦੀ ਸ਼ਾਇਰੀ ਦੀ ਖ਼ੂਬੀ ਏ।ਉਨ੍ਹਾਂ ਨੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਇਨਸਾਨਾਂ ਦੀਆਂ ਕਲਪਦੀਆਂ ਰੂਹਾਂ ਦੀ ਤਰਜਮਾਨੀ ਕੀਤੀ ਏ।ਉਹ ਬਾ-ਸ਼ਊਰ, ਹੱਸਾਸ ਅਤੇ ਅਵਾਮੀ ਉਮੰਗਾਂ ਦੇ ਸ਼ਾਇਰ ਨੇ।ਉਹ ਬੇ-ਅਮਲੀ ਅਤੇ ਇਨਸਾਨਾਂ ਵਿਚ ਇਕ-ਦੂਜੇ ਲਈ ਨਫ਼ਰਤ ਦੇ ਜਜ਼ਬੇ ਨੂੰ ਮਿਟਾਉਣਾ ਚਾਹੁੰਦੇ ਨੇ; ਅਮਨਾਂ ਦੀ ਬਾਤ ਹੋਵੇ ਜਿੱਥੇ ਉਹ ਸ਼ਹਿਰ ਲੱਭੋ! ਨਫ਼ਰਤ ਨੂੰ ਮਾਰ ਦੇਵੇ ਜਿਹੜੀ ਉਹ ਜ਼ਹਿਰ ਲੱਭੋ! ਮਾਰਾਂਗੇ ਹਾਅ ਦਾ ਨਾਅਰਾ ਹਰ ਜ਼ਿੰਦਗੀ ਦੀ ਖ਼ਾਤਰ, ਹੁੰਦਾ ਹੈ ਜਿਸ ਜਗ੍ਹਾ ਵੀ ਦੁਨੀਆ 'ਤੇ ਕਹਿਰ ਲੱਭੋ! ਸ਼ਾਇਰ ਅਪਣੀ ਦੁਨੀਆ ਦਾ ਖ਼ੁਦ ਖ਼ਾਲਿਕ ਹੁੰਦਾ ਏ।ਉਹ ਜੋ ਕੁੱਝ ਵੀ ਤਖ਼ਲੀਕ ਕਰਦਾ ਏ,ਉਹਨੂੰ ਦਿਲੋਂ ਪਿਆਰ ਕਰਦਾ ਏ।ਉਹ ਆਪ ਹੀ ਉਹਦੀ ਕਦਰ-ਕੀਮਤ ਦਾ ਅੰਦਾਜ਼ਾ ਲਾ ਸਕਦਾ ਏ।ਇਸੇ ਲਈ 'ਨੂਰ'ਹੋਰੀ ਅੱਲਾਹ ਦੀ ਬਣਾਈ ਦੁਨੀਆ ਨਾਲ ਅਟੁੱਟ ਪਿਆਰ ਕਰਦੇ ਨੇ।ਉਨ੍ਹਾਂ ਦੀ ਨਜ਼ਰ ਵਿਚ ਰੱਬ ਸੋਹਣੇ ਦੀ ਬਣਾਈ ਹੋਈ ਹਰ ਤਖ਼ਲੀਕ ਦਾ ਕੋਈ ਮਕਸਦ ਜ਼ਰੂਰ ਹੁੰਦਾ ਏ।ਉਨ੍ਹਾਂ ਦੀ ਅਜ਼ਮਤ ਦੇਖੋ; ਭਾਵੇਂ ਲੰਘਾ ਰਿਹਾ ਹਾਂ ਥੋੜਾਂ 'ਚ ਉਮਰ ਅਪਣੀ, ਤਾਂ ਵੀ ਜਹਾਨ ਰੱਬ ਦਾ ਲਗਦਾ ਹਸੀਨ ਕਿਉਂ ਹੈ? 'ਨੂਰ ਮੁਹੰਮਦ ਨੂਰ' ਹੋਰਾਂ ਨੇ ਹੁਣ ਅਪਣੇ ਦੁਆਲੇ ਦੇ ਮਾਹੌਲ ਚੋਂ ਨਿਕਲ ਕੇ ਪੂਰੀ ਦੁਨੀਆ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ।ਆਲਮੀ ਸਿਆਸਤ ਵੀ ਉਨ੍ਹਾਂ ਦੀ ਸ਼ਾਇਰੀ ਦਾ ਹਿੱਸਾ ਬਣ ਚੁੱਕੀ ਏ।ਏਸੇ ਲਈ ਮੈਂ ਅਰਜ਼ ਕੀਤੀ ਸੀ ਕਿ ਉਨ੍ਹਾਂ ਦੀ ਸ਼ਾਇਰੀ ਦਾ ਕੈਨਵਸ ਵਿਸ਼ਾਲ ਹੁੰਦਾ ਜਾ ਰਿਹਾ ਏ।ਅੱਜ ਦੀ ਤਾਰੀਖ਼ ਵਿਚ ਦੁਨੀਆ ਉੱਤੇ ਜੋ ਕੁੱਝ ਵਾਪਰ ਰਿਹਾ ਏ ਉਹਦੇ ਉੱਤੇ ਉਨ੍ਹਾਂ ਦੀ ਬਹੁਤ ਗਹਿਰੀ ਨਜ਼ਰ ਏ।ਦੁਨੀਆ ਵਿਚ ਫ਼ੈਲੀ ਹੋਈ ਬੇਚੈਨੀ, ਪੈਸੇ ਦੀ ਦੌੜ 'ਤੇ ਨਫ਼ਸਾ-ਨਫ਼ਸੀ ਨੇ ਇਨਸਾਨਾਂ ਨੂੰ ਮਸ਼ੀਨ ਬਣਾ ਦਿੱਤਾ ਏ।ਉਹ ਏਸ ਤਬਦੀਲੀ ਦੀ ਵਜ੍ਹਾ ਪੁੱਛਦੇ ਨੇ ; ਪਹਿਲਾਂ ਤਾਂ ਤੋਰਦਾ ਸੀ ਗੱਡੇ ਦੇ ਵਾਂਗ ਜੀਵਨ, ਇਨਸਾਨ ਇਸ ਸਮੇਂ ਦਾ ਬਣਿਆ ਮਸ਼ੀਨ ਕਿਉਂ ਹੈ ? ਇਸੇ ਤਰ੍ਹਾਂ ਆਲਮੀ ਸਿਆਸਤ ਵਿਚ ਹੋਣ ਵਾਲੀਆਂ ਤਬਦੀਲੀਆਂ ਵੀ ਉਨ੍ਹਾਂ ਦੀ ਸ਼ਾਇਰੀ ਦਾ ਹਿੱਸਾ ਬਣ ਚੁੱਕੀਆਂ ਨੇ।ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖ ਕੇ ਹੀ ਉਹ ਲੋਕਾਂ ਨੂੰ ਅਪਣੀਆਂ ਸੋਚਾਂ ਨੂੰ ਬਦਲਣ ਦਾ ਦਰਸ ਦਿੰਦੇ ਨੇ ; ਛੱਡੋ ਕਿੱਸੇ ਦੇਵਤਿਆਂ ਦੇ, ਇਸ ਦੁਨੀਆ ਦੀ ਬਾਤ ਕਰੋ ! ਸੱਜਰੀਆਂ ਘਟਨਾਵਾਂ ਦੇਖੋ, ਬੋਸਨੀਆ ਦੀ ਬਾਤ ਕਰੋ ! ਪਾਉਂਦੇ ਨੇ ਕਿਸ ਲਈ ਉਹ ਮੁਲਕਾਂ ਦੇ ਵਿਚ ਪੁਆੜੇ, ਇਹ ਬਾਤ ਕੌਣ ਪੁੱਛੇ, ਦੁਨੀਆਂ ਦੇ ਅਫ਼ਸਰਾਂ ਨੂੰ । 'ਨੂਰ ਮੁਹੰਮਦ ਨੂਰ' ਹੋਰੀਂ ਇਨਸਾਨਾਂ ਨੂੰ ਮੁਹੱਬਤ ਦੇ ਰਿਸ਼ਤੇ ਵਿਚ ਬੰਨ੍ਹਿਆ ਹੋਇਆ ਦੇਖਣਾ ਚਾਹੁੰਦੇ ਨੇ।ਉਨ੍ਹਾਂ ਦੇ ਨੇੜੇ ਆਪਸ ਦੀ ਮੁਹੱਬਤ ਸਭ ਦੁੱਖਾਂ ਦਾ ਇਲਾਜ ਏ।ਉਨ੍ਹਾਂ ਨੂੰ ਨਫ਼ਰਤ ਦੀਆਂ ਹਨੇਰੀਆਂ ਨਾਲ ਨਫ਼ਰਤ ਏ।ਉਹ ਅਪਣੀਆਂ ਅਤੇ ਦੂਜਿਆਂ ਦੀਆਂ ਰਾਹਵਾਂ, ਦੋਸਤੀਆਂ ਦੇ ਚਾਨਣ ਨਾਲ ਜਗਮਗਾਉਣਾ ਚਾਹੁੰਦੇ ਨੇ।ਇਹ ਸ਼ਾਇਰ ਦੇ ਕਲਾਮ ਦੀ ਅਜ਼ਮਤ ਅਤੇ ਇਨਸਾਨੀਅਤ ਦੀ ਮਿਅਰਾਜ ਏ ; ਵਰ੍ਹਿਆਂ ਪਿੱਛੋਂ ਪਰਤ ਰਿਹਾ ਹੈ ਮਹਿਰਮ 'ਨੂਰ ਮੁਹੰਮਦ' ਦਾ, ਛੱਤਾਂ ਉੱਤੇ ਦੀਪ ਜਲਾਓ ਰੋਸ਼ਨੀਆਂ ਦੀ ਬਾਤ ਕਰੋ। ਪ੍ਰੋ. ਆਸ਼ਿਕ 'ਰਹੀਲ' ੬,ਖ਼ੈਬਰਪਾਰਕ,ਲਾਹੌਰ ਪਾਕਿਸਤਾਨ
ਨੂਰ ਮੁਹੰਮਦ ਨੂਰ ਗ਼ਜ਼ਲ ਅਤੇ ਅਪਣੀ ਗ਼ਜ਼ਲ ਬਾਰੇ
ਯਾਦਾਂ ਦੇ ਅੱਖਰਅਪਣੀ ਗੱਲ
“ਯਾਦਾਂ ਦੇ ਅੱਖਰ ਦਿਲ ਉੱਤੇ ਲਿਖ ਕੇ ਦੇਖ, ਪੰਗਤੀਆਂ ਮੇਰਾ ਸਿਰਨਾਵਾਂ ਹੋਣਗੀਆਂ!" ਮੇਰੀ ਜਾਚੇ, ਕਿਸੇ ਵੀ ਲੇਖਕ ਨੂੰ ਅਪਣੇ ਬਾਰੇ ਆਪ ਲਿਖਣਾ ਸਭ ਤੋਂ ਔਖਾ ਕੰਮ ਹੁੰਦਾ ਹੋਵੇਗਾ, ਜਦੋਂ ਕਿ ਬਚਪਨ ਵਿਚ ਉਸ ਦਾ ਵਾਸਤਾ ਪੜ੍ਹਨ ਦੇ ਨਾਲ-ਨਾਲ ਮੱਝਾਂ ਚਾਰਣ, ਢੱਗੇ ਹੱਕਣ ,ਵਾਹੀ ਅਤੇ ਗੋਡੀ ਕਰਨ ਦੇ ਨਾਲ ਜੁੜਿਆ ਰਿਹਾ ਹੋਵੇ।ਏਹੋ ਹਾਲ ਇਸ ਪੜਾਅ ਉੱਤੇ ਆ ਕੇ ਮੇਰਾ ਹੈ। ਮੇਰਾ ਬਚਪਨ ਪਿੰਡ ਦੀਆਂ ਗਲੀਆਂ ਵਿਚ ਗੁਜ਼ਰਿਆ ਹੈ।ਕਿਸਾਨ ਪਰਿਵਾਰ ਦਾ ਜੰਮਪਲ ਹੋਣ ਕਰ ਕੇ ਮੈਂ ਬਚਪਨ ਵਿਚ ਮੱਝਾਂ ਵੀ ਚਾਰੀਆਂ ਹਨ ਅਤੇ ਟਿੱਕ-ਟਿੱਕ ਕਰਦੇ ਹਲਟ ਦੀ ਗਾਧੀ ਉੱਤੇ ਬੈਠ ਕੇ ਝੂਟੇ ਵੀ ਲਏ ਹਨ।ਗਾਹ ਹੱਕਦੇ, ਪਿਤਾ ਦੀ ਉਂਗਲੀ ਫੜ ਕੇ ਲਾਂਗਾ ਵੀ ਲਤਾੜਿਆ ਹੈ ਅਤੇ ਸਮੇਂ ਦੇ ਬਦਲਣ ਨਾਲ, 'ਧੁੱਕ-ਧੁੱਕ' ਕਰਦਾ ਇੰਜਨ ਚਲਾ ਕੇ ਸਿੰਚਾਈ ਵੀ ਕੀਤੀ ਹੈ।ਅੱਧੀ-ਅੱਧੀ ਰਾਤ ਨੂੰ ਧਾਨਾਂ ਦੇ ਖੇਤਾਂ ਨੂੰ ਪਾਣੀ ਵੀ ਲਾਇਆ ਹੈ ਅਤੇ ਅਪਣੇ ਨਾਲ ਕੰਮ ਕਰਦੇ ਮਜ਼ਦੂਰਾਂ ਦੇ ਪਸੀਨੇ ਨੂੰ, ਨੇੜੇ ਹੋ ਕੇ ਸੁੰਘਿਆ ਅਤੇ ਘੋਖਿਆ ਵੀ ਹੈ।ਉਮਰ ਦੇ ਪਹਿਲੇ ਪੰਝੀ ਵਰ੍ਹਿਆਂ ਵਿਚ ਪੜ੍ਹਾਈ ਦੇ ਨਾਲ-ਨਾਲ ਇਹ ਸਾਰੇ ਕੰਮ ਮੈਂ ਅਪਣੇ ਹੱਥੀਂ ਕੀਤੇ ਹਨ।ਇਸੇ ਕਰ ਕੇ ਮੇਰੀਆਂ ਗ਼ਜ਼ਲਾਂ ਵਿਚ ਭਾਵੇਂ ਮੈਂ ਗੱਲਾਂ ਮਾਸ਼ੂਕ ਨਾਲ ਹੀ ਕਰ ਰਿਹਾ ਹੋਵਾਂ, ਉਪਰੋਕਤ ਕਿੱਤੇ ਨਾਲ ਸਬੰਧਤ ਚਿੰਨਾਵਲੀ ਅਤੇ ਸ਼ਬਦਾਵਲੀ ਅਪਣੇ-ਆਪ ਹੀ ਔੜਦੀ ਰਹਿੰਦੀ ਹੈ :- ਰੀਝ ਤਿਰੀ ਦੇ ਖੂਹ ਵਿਚ ਦਿਸਦਾ ਪਾਣੀ ਨਹੀਂ। ਦਿਲ ਦੀ ਬੰਜਰ ਭੂਮੀ ਸਿੰਜੀ ਜਾਣੀ ਨਹੀਂ। ਮੇਰੀਆਂ ਆਸਾਂ ਦੇ ਲਾਂਗੇ ਨੂੰ ਗਾਹ ਲੈ, ਪਰ- ਲੋਕਾਂ ਨੂੰ ਇਹ ਲੱਗਣੀ ਗੱਲ ਸਿਆਣੀ ਨਹੀਂ। ਗੇੜ ਰਹੇ ਸਾਂ ਹਲਟ ਅਸੀਂ ਤਾਂ ਯਾਦਾਂ ਦਾ, ਲੱਕ-ਲੱਕ ਤੱਕ ਹੰਝੂਆਂ ਦਾ ਪਾਣੀ ਪਹੁੰਚ ਗਿਆ। ਮੇਰੀ ਝੁੱਗੀ ਤੋਂ ਮਹਿਲਾਂ ਤੱਕ ਹਰ ਮਿਹਨਤ-ਕਸ਼, ਢਿੱਡ ਵਿਚ ਮੁੱਕੀਆਂ ਦੇ ਕੇ ਰੋਵੇ ਭੁੱਖਾਂ ਨੂੰ। ਪੰਝੀਆਂ ਤੋਂ ਪੈਂਤੀਆਂ ਤੱਕ ਦਾ ਪੂਰਾ ਦਹਾਕਾ ਮੈਂ ਯਾਤਰੀ ਬਣ ਕੇ ਗੁਜ਼ਾਰਿਆ ਹੈ।ਰੋਜ਼ ਸਵੇਰੇ 'ਮਾਲੇਰ ਕੋਟਲਾ' ਤੋਂ 'ਲੁਧਿਆਣੇ' ਜਾਂਦਾ ਹਾਂ ਅਤੇ ਸ਼ਾਮ ਨੂੰ ਵਾਪਸ ਪਰਤ ਆਉਂਦਾ ਹਾਂ।'ਲੁੱਧਿਆਣੇ' ਸ਼ਹਿਰ ਦੇ ਸਭ ਤੋਂ ਸੁੰਦਰ ਇਲਾਕੇ ਵਿਚ ਸਥਿਤ ਦਫ਼ਤਰ ਵਿਚ ਨੌਕਰੀ ਕਰਦਾ ਹਾਂ।ਏਥੇ ਨੌਕਰੀ ਕਰਦਿਆਂ ਅਤੇ ਰਸਤਿਆਂ ਵਿਚ ਅਨੇਕਾਂ ਦੋਸਤਾਂ ਨਾਲ ਦੋਸਤੀਆਂ ਲੱਗੀਆਂ ਅਤੇ ਟੁੱਟੀਆਂ।ਸ਼ਾਇਦ ਇਹ ਇਨ੍ਹਾਂ ਹੀ ਦਸ ਵਰ੍ਹਿਆਂ ਦਾ ਪ੍ਰਭਾਵ ਹੈ ਕਿ ਮੈਂ ਆਸ਼ਕਾਨਾ ਅੰਦਾਜ਼ ਵਿਚ ਗ਼ਜ਼ਲਾਂ ਲਿਖਣ ਲੱਗ ਗਿਆ ਹਾਂ:- ਨੈਣ ਜਦੋਂ ਹੋ ਜਾਣ ਅਵਾਰਾ, ਕੀ ਕਰੀਏ? ਚੜ੍ਹ ਜਾਵੇ ਇਸ਼ਕੇ ਦਾ ਪਾਰਾ ਕੀ ਕਰੀਏ? ਅੱਥਰੂ ਭਿੱਜੀ ਜਦ ਮੇਰੀ ਤਹਿਰੀਰ ਛਪੀ, ਇੱਕ ਹੁਸੀਨਾ ਦੀ ਉੱਪਰ ਤਸਵੀਰ ਛਪੀ। ਉੱਥੇ ਰਹੀਏ ਜਿੱਥੇ ਰੂਪ ਨਸ਼ੀਲਾ ਹੋਵੇ। ਪਿਆਰ ਕਰਨ ਦਾ ਜਿੱਥੇ ਕੋਈ ਹੀਲਾ ਹੋਵੇ। ਕੀ ਹੋਵੇ ਉਹ ਹੱਸੇ ਮੇਰੇ ਕੋਲ ਖਲੋ ਕੇ, ਮੌਸਮ ਉਸ ਦੇ ਨਾਲੋਂ ਵੀ ਸ਼ਰਮੀਲਾ ਹੋਵੇ। ਫ਼ਾਸਲੇ ਦਿਲ ਦੇ ਲਮੇਰੇ ਕੀ ਕਰਾਂ? ਬੈਠ ਕੇ ਮੈਂ ਨਾਲ ਤੇਰੇ ਕੀ ਕਰਾਂ? ਫੇਰ ਮਿਲਣ ਦੇ ਲਾਰੇ ਦੇ ਦੇ। ਦੋ-ਪਲ ਹੋਰ ਉਧਾਰੇ ਦੇ ਦੇ। ਚੌਗਿਰਦੇ ਵਿਚ ਵਾਪਰਣ ਵਾਲੀਆਂ ਘਟਨਾਵਾਂ ਤੋਂ ਵੀ ਮੈਂ ਅਵੇਸਲਾ ਨਹੀਂ ਹਾਂ ਉਨ੍ਹਾਂ ਨੂੰ ਵੀ ਮੇਰੀ ਕਲਮ ਘੋਖਦੀ, ਪਰਖਦੀ ਅਤੇ ਬਰਾਬਰ ਲਿਖਦੀ ਰਹਿੰਦੀ ਹੈ।ਇਸੇ ਕਰਕੇ ਸਮਕਾਲੀ ਸਮਾਜ ਵਿਚ ਵਾਪਰਣ ਵਾਲੀਆਂ ਘਟਨਾਵਾਂ ਦੇ ਚਿੰਨ ਜਿਵੇਂ 'ਬੋਫ਼ੋਰਸ', 'ਰੌਕਟ-ਲਾਂਚਰ','ਏ. ਕੇ. ਸੰਤਾਲੀ' ਆਦਿ ਮੇਰੀਆਂ ਗ਼ਜ਼ਲਾਂ ਵਿਚ ਆਉਂਦੇ ਰਹਿੰਦੇ ਹਨ।ਰੋਜ਼ਾਨਾ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਪੜ੍ਹ ਕੇ ਮਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਅਤੇ ਕੌਣ ਕਰ ਰਿਹਾ ਹੈ:- ਕਿਸ ਝੱਲੇ ਦੇ ਸਿਰ ਤੇ ਥੱਪਾਂ, ਕਾਰਾ ਅੱਤਿਆਚਾਰਾਂ ਦਾ। ਰੋਜ਼ ਸਵੇਰੇ ਸੂਹਾ ਦਿਸਦਾ, ਹਰ ਵਰਕਾ ਅਖ਼ਬਾਰਾਂ ਦਾ। ਛੱਡੋ ਕਿੱਸੇ ਦੇਵਤਿਆਂ ਦੇ, ਇਸ ਦੁਨੀਆ ਦੀ ਬਾਤ ਕਰੋ। ਸੱਜਰੀਆਂ ਘਟਨਾਵਾਂ ਦੇਖੋ, ਚੇਚਨੀਆ ਦੀ ਬਾਤ ਕਰੋ। ਕਿੰਨੇ ਸੁਫ਼ਨੇ ਮੋਏ ਗਿਣ ਕੇ ਦੱਸਾਂ ਗੇ, ਕੰਮ ਅਜੇ ਜਾਰੀ ਹੈ ਲੋਥਾਂ ਭਾਲਣ ਦਾ। ਗ਼ਜ਼ਲ ਦੇ ਪਿੜ ਵਿਚ ਉਤਰਨ ਦੀ ਇਹ ਮੇਰੀ ਪਹਿਲੀ ਕੋਸ਼ਿਸ ਹੈ।ਅਪਣੇ ਕਲਾਮ ਬਾਰੇ ਮੈਂ ਕੋਈ ਦਾਅਵਾ ਨਹੀਂ ਕਰਦਾ।ਇਹ ਪਾਠਕਾਂ ਅਤੇ ਬੁੱਧੀ-ਜੀਵੀਆਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਮੇਰੇ ਕਲਾਮ ਬਾਰੇ ਕੀ ਰਾਏ ਰੱਖਦੇ ਹਨ।ਉਨ੍ਹਾਂ ਦੀਆਂ ਉਸਾਰੂ ਦਲੀਲਾਂ ਸੁਣਨ ਲਈ ਮੈਂ ਸਦਾ ਉਤਾਵਲਾ ਰਹਾਂਗਾ। ਮੈਂ ਧੰਨਵਾਦੀ ਹਾਂ ਅਪਣੇ ਸ਼ਾਇਰ ਭਰਾ 'ਅੰਜੁਮ ਕਾਦਰੀ' ਜੀ ਦਾ ਜਿੰਨਾਂ ਨੇ ਮੈਨੂੰ ਸਹੀ ਮਾਅਣਿਆਂ ਵਿਚ ਗ਼ਜ਼ਲ ਲਿਖਣ ਦੇ ਗੁਰ ਸਮਝਾਏ ਅਤੇ ਨਾਲ ਹੀ ਸਰਦਾਰ ਗੁਰਚਰਨ ਸਿੰਘ 'ਸਾਕੀ' ਜੀ ਦਾ ਜਿੰਨਾਂ ਨੇ ਮੇਰਾ ਇਹ ਪਲੇਠੀ ਦਾ ਗ਼ਜ਼ਲ ਸੰਗ੍ਰਹਿ ਛਪਵਾਉਣ ਦਾ ਉਪਰਾਲਾ ਕੀਤਾ। ਨੂਰ ਮੁਹੰਮਦ 'ਨੂਰ' ਮਿਤੀ-੧੧ ਮਾਰਚ ੧੯੯੦
ਸੋਚਾਂ ਦੇ ਸੱਥਰਅਪਣੀ ਗੱਲ
ਮਾਯੂਸ ਹੋ ਕੇ ਪਰਤੇ ਜਿਸ ਨੂੰ ਮਿਟਾਉਣ ਵਾਲੇ, ਸੱਜਣਾਂ ਦੇ ਦਿਲ 'ਤੇ ਉਕਰੀ ਐਸੀ ਲਕੀਰ ਹਾਂ ਮੈਂ। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਕਿ ਮੇਰੀ ਗ਼ਜ਼ਲ ਜਿਹੜੀ 'ਯਾਦਾਂ ਦੇ ਅੱਖਰ' ਵਿਚ ਪਿੰਡ ਦੀਆਂ ਪਗ-ਡੰਡੀਆਂ ਅਤੇ ਖੇਤਾਂ ਦੀਆਂ ਵੱਟਾਂ ਉੱਤੇ ਮੇਲ੍ਹਦੀ ਨਜ਼ਰ ਆਉਂਦੀ ਸੀ ਉਹ ਕੁਦਰਤ-ਰਾਣੀ ਦੀ ਹਰੀ- ਭਰੀ ਗੋਦ ਛੱਡ ਕੇ ਸ਼ਹਿਰ ਦੀ ਅਖੋਤੀ ਚਮਕ-ਦਮਕ ਵਿਚ ਆਣ ਖਲੋਤੀ ਹੈ।ਉਸ ਦੇ ਦੀਦਿਆਂ ਨੂੰ ਸ਼ਹਿਰ ਦੀ ਜਗਮਗਾਉਂਦੀ ਰੋਸ਼ਨੀ ਨੇ ਚੁੰਧਿਆ ਦਿੱਤਾ ਹੈ ਅਤੇ ਉਹ ਸੁੰਦਰਤਾ ਦੇ ਇਸ਼ਕ-ਪੇਚਿਆਂ ਨਾਲ ਅੱਖ-ਮਟੱਕੇ ਲਾਉਂਦੀ ਨਜ਼ਰ ਆ ਰਹੀ ਹੈ। ਗੱਲ ਏਹੋ ਹੋਈ ਹੈ! ਹੱਥ ਵਿਚਲੇ ਗ਼ਜ਼ਲ ਸੰਗ੍ਰਹਿ ਦੀਆਂ ਸਾਰੀਆਂ ਗ਼ਜ਼ਲਾਂ ਮੈਂ ਅਪਣੇ ਦਿਲ ਦੇ ਨਾਜ਼ੁਕ ਪਿੰਡੇ ਉੱਤੇ ਹੰਢਾ ਕੇ ਲਿੱਖੀਆਂ ਹਨ।ਇਸ ਨੂੰ ਮੇਰੀ ਪਿਛਲੇ ਦੋ ਸਾਲਾਂ ਦੀ ਹੱਡ-ਬੀਤੀ ਕਿਹਾ ਜਾ ਸਕਦਾ ਹੈ।ਉਨ੍ਹਾਂ ਸਾਥੀਆਂ ਦੀਆਂ ਵਫ਼ਾਵਾਂ ਅਤੇ ਬੇ-ਵਫ਼ਾਈਆਂ ਹਨ ਜਿਹੜੇ ਮੇਰੇ ਨਾਲ ਰੇਲ-ਗੱਡੀ ਵਿਚ ਮਾਲੇਰ ਕੋਟਲਾ ਤੋਂ ਲੁੱਧਿਆਣਾ ਤੱਕ ਸਫ਼ਰ ਕਰਿਆ ਕਰਦੇ ਹਨ।ਜਾਂ ਮੇਰੇ ਸ਼ਰੀਕਾਂ ਨਾਲ ਸ਼ੁਰੂ ਹੋਏ ਜਾਇਦਾਦ ਦੇ ਝਗੜਿਆਂ-ਝੇੜਿਆਂ ਦਾ ਅਸਰ ਹੈ। 'ਯਾਦਾਂ ਦੇ ਅੱਖਰ' ਛਪਣ ਤੋਂ ਬਾਅਦ ਮੈਨੂੰ ਕੁੱਝ ਇੰਜ ਵੀ ਮਹਿਸੂਸ ਹੋਇਆ ਸੀ ਕਿ ਮੇਰੀਆਂ ਗ਼ਜ਼ਲਾਂ ਵਿਚ ਪੇਂਡੂ ਸ਼ਬਦਾਵਲੀ ਦੀ ਬਹੁਤਾਤ ਹੈ।ਅਜਿਹੀਆਂ ਗ਼ਜ਼ਲਾਂ ਨੂੰ ਪੜ੍ਹਣ, ਸੁਨਣ ਅਤੇ ਗਾਉਣ ਵਾਲੇ ਪਸੰਦ ਨਹੀਂ ਕਰਦੇ।ਸੋ ਮੈਂ ਅਪਣੀ ਇਸ ਸੋਚ ਨੂੰ ਨੇਪਰੇ ਚਾੜ੍ਹਣ ਲਈ ਜਾਣ-ਬੁੱਝ ਕੇ ਅਪਣੇ ਕਲਾਮ ਦੀ ਇਸ ਦਿੱਖ ਨੂੰ ਬਦਲਣ ਲੱਗ ਗਿਆ ਸਾਂ।ਭਾਵੇਂ, ਇਸ ਕਾਰਜ ਨੂੰ ਨੇਪਰੇ ਚਾੜ੍ਹਣ ਲਈ ਮੇਰਾ ਸਾਥ ਮੇਰੇ ਸਾਥੀਆਂ ਦੇ ਵਰਤਾਉ ਨੇ ਵੀ ਦਿੱਤਾ। ਪ੍ਰੰਤੂ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਮੈਂ ਅਪਣੇ ਚੌਗਿਰਦੇ ਵਿਚ ਵਾਪਰਣ ਵਾਲੀਆਂ ਘਟਨਾਵਾਂ ਨੂੰ ਵਿਸਾਰ ਕੇ ਮਹਿਬੂਬ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹਾਂ।ਭਾਵੇਂ ਮੇਰੀ ਗ਼ਜ਼ਲ ਰੁਮਾਂਸਵਾਦੀ ਜਾਪਣ ਲੱਗ ਗਈ ਹੈ ਪ੍ਰੰਤੂ ਇਹ ਦੁਨੀਆ ਦੀ ਹਰ ਸਮੱਸਿਆ ਉੱਤੇ ਵੀ ਅੱਖ ਟਿਕਾਈ ਬੈਠੀ ਹੈ, ਚਾਹੇ ਉਹ ਪੰਜਾਬ ਵਿਚ ਫ਼ੈਲਿਆ ਅੱਤਵਾਦ ਦਾ ਸੰਤਾਪ ਹੋਵੇ ਜਾਂ 'ਬਰਲਨ' ਦੀ ਦੀਵਾਰ ਗਿਰਾਉਣ ਦੀ ਗੱਲ! ਮੈਂ ਆਸ ਕਰਦਾ ਹਾਂ ਕਿ 'ਸੋਚਾਂ ਦੇ ਸੱਥਰ' ਵਿਚਲੀਆਂ ਗ਼ਜ਼ਲਾਂ ਦਾ ਇਹ ਬਦਲਿਆ ਰੂਪ, ਮੇਰੇ ਹਾਲਾਤ ਮੁਤਾਬਿਕ ਸੋਚ ਕੇ, ਪਾਠਕਾਂ ਨੂੰ ਜ਼ਰੂਰ ਪਸੰਦ ਆਵੇਗਾ। ਨੂਰ ਮੁਹੰਮਦ 'ਨੂਰ' ਮਿਤੀ-੪ ਮਈ ੧੯੯੩
ਬਿਰਹਾ ਦੇ ਖੱਖਰਮੇਰੀ ਗ਼ਜ਼ਲ
ਬੱਚੇ ਪਾਲ ਭਰਿੰਡਾਂ ਤਾਂ ਉੱਡ ਗਈਆਂ ਨੇ, ਸਾਡੇ ਕੋਲ ਬਚੇ ਬਿਰਹਾ ਦੇ ਖੱਖਰ ਨੇ। ਗ਼ਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ ਵਿਦਵਾਨਾਂ ਨੇ ਜਿਸ ਦੇ ਅਰਥ ਕਈ ਵੰਨਗੀਆਂ ਵਿਚ ਕੀਤੇ ਹਨ।ਇਸ ਦੇ ਡਿਕਸ਼ਨਰੀ ਵਾਲੇ ਅਰਥ ਹਨ ਉੱਨ ਕੱਤਣਾ,ਉੱਨ ਨੂੰ ਤਾਰ-ਤਾਰ ਕਰਨਾ,ਧਾਗਾ ਬਨਾਉਣਾ ਜਾਂ ਧਾਗਾ ਵੱਟਣਾ।ਗ਼ਜ਼ਲ ਦੇ ਅਰਥ ਤੀਵੀਆਂ ਅਤੇ ਮੁਟਿਆਰਾਂ ਨਾਲ ਗੱਲਾਂ ਕਰਨ ਜਾਂ ਉਨ੍ਹਾਂ ਦੇ ਹੁਸਨ ਨੂੰ ਸਲਾਹੁਣ ਦੇ ਵੀ ਲਏ ਜਾਂਦੇ ਹਨ।ਇੱਕ ਹੋਰ ਥਾਂ ਉੱਤੇ ਗ਼ਜ਼ਲ ਦੇ ਅਰਥ ਹੁਸਨ ਅਤੇ ਇਸ਼ਕ ਦੀ ਸ਼ਾਇਰੀ ਦੇ ਵੀ ਲਏ ਗਏ ਹਨ।ਕਈ ਥਾਂ ਇਸ ਨੂੰ ਇਸ਼ਕ ਬਾਜ਼ੀ ਦੇ ਅਰਥਾਂ ਵਿਚ ਵੀ ਲਿਆ ਜਾਂਦਾ ਹੈ।ਉਹ ਸ਼ੇਅਰ ਜਿੰਨ੍ਹਾਂ ਵਿਚ ਹੁਸਨ,ਇਸ਼ਕ,ਵਸਲ,ਹਿਜਰ ਜਾਂ ਉਹ ਗੱਲਾਂ ਜਿਹੜੀਆਂ ਇਸ਼ਕ ਬਾਜ਼ੀ ਨਾਲ ਸਬੰਧਤ ਹੋਣ ਦੇ ਸਮੂਹ ਨੂੰ ਵੀ ਗ਼ਜ਼ਲ ਕਿਹਾ ਜਾਂਦਾ ਹੈ।ਮੁੱਕਦੀ ਗੱਲ ਇਹ ਕਿ ਗ਼ਜ਼ਲ ਸਾਹਿਤ ਦੀ ਉਹ ਵੰਨਗੀ ਹੈ ਜਿਸ ਵਿਚ ਤੀਵੀਆਂ ਨਾਲ ਗੱਲਾਂ ਕਰਨੀਆਂ,ਉਨ੍ਹਾਂ ਦੇ ਹੁਸਨ ਦੀ ਚਰਚਾ ਕਰਨੀ,ਉਨ੍ਹਾਂ ਨਾਲ ਇਸ਼ਕ-ਮੁਹੱਬਤ ਦੀ ਗੱਲ ਕਰਨੀ,ਮਿਲਾਪ ਅਤੇ ਜੁਦਾਈ ਦਾ ਬਿਆਨ ਕਰਨਾ,ਸ਼ਰਾਬ ਅਤੇ ਕਬਾਬ ਦੇ ਸ਼ੋਹਲੇ ਗਾਉਣਾ ਆਦਿ ਨੂੰ ਉਲੀਕਿਆ ਜਾਂਦਾ ਹੈ। ਗ਼ਜ਼ਲ ਦੀ ਹੋਂਦ ਬਾਰੇ ਵਿਦਵਾਨਾਂ ਦੇ ਕਹੇ ਉਪਰੋਕਤ ਵਿਚਾਰ ਉਸ ਸਮੇਂ ਦੀ ਤਸਵੀਰ ਪੇਸ਼ ਕਰਦੇ ਹਨ ਜਦੋਂ ਗ਼ਜ਼ਲ ਅਪਣੀ ਹੋਂਦ ਦੇ ਮੁੱਢਲੇ ਦੌਰ ਵਿੱਚੋਂ ਲੰਘ ਰਹੀ ਸੀ।ਉਸ ਸਮੇਂ ਮਨੁੱਖ ਦੀਆਂ ਲੋੜਾਂ ਮਹਿਦੂਦ ਸਨ।ਅੱਜ ਦੇ ਯੁੱਗ ਵਿਚ ਜਦੋਂ ਦੁਨੀਆ ਸੁੰਗੜ ਕੇ ਟੱਬਰ ਦਾ ਰੂਪ ਧਾਰ ਚੁੱਕੀ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਗ਼ਜ਼ਲ ਨੂੰ ਪੁਰਾਣੀਆਂ ਰਵਾਇਤਾਂ ਅਨੁਸਾਰ ਹੀ ਲਿਖਿਆ ਜਾਵੇ ਜਾਂ ਸਮੇਂ ਦਾ ਹਾਣੀ ਬਣਾਉਣ ਲਈ ਇਸ ਵਿਚ ਨਵੇਂ ਵਿਸ਼ਿਆਂ ਨੂੰ ਭਰਤੀ ਕੀਤਾ ਜਾਵੇ।ਕੀ ਗ਼ਜ਼ਲ ਦੇ ਸ਼ੇਅਰਾਂ ਰਾਹੀਂ ਮਹਿਬੂਬ ਦੀਆਂ ਜ਼ੁਲਫ਼ਾਂ ਨੂੰ ਹੀ ਸੰਵਾਰਿਆ ਜਾਵੇ ਜਾਂ ਉਨ੍ਹਾਂ ਲੋਕਾਂ ਦਾ ਹੌਸਲਾ ਵਧਾਉਣ ਲਈ ਸ਼ਬਦ ਉਲੀਕੇ ਜਾਣ ਜਿਹੜੇ ਨਿੱਤ ਦਿਨ ਦੀਆਂ ਲੋੜਾਂ,ਤੋੜਾਂ ਅਤੇ ਥੋੜਾਂ ਹੱਥੋਂ ਮਰ ਰਹੇ ਹਨ।ਕੀ ਫੁੱਲਾਂ ਅਤੇ ਬਹਾਰਾਂ ਦੀ ਖ਼ੂਬਸੂਰਤੀ ਦੇ ਚਰਚੇ ਹੀ ਕੀਤੇ ਜਾਣ ਜਾਂ ਉਸ ਮਾਲੀ ਦੀ ਵੀ ਸਾਰ ਲਈ ਜਾਵੇ ਜਿਸ ਨੇ ਇੰਨ੍ਹਾਂ ਬਹਾਰਾਂ ਨੂੰ ਬੀਜਿਆ,ਗੁੱਡਿਆ,ਸਿੰਜਿਆ ਅਤੇ ਰਖਵਾਲੀ ਕੀਤੀ ਹੈ। ਕੀ ਮਹਿਬੂਬ ਦੀਆਂ ਜ਼ੁਲਫ਼ਾਂ ਵਿਚ ਟੰਗਣ ਲਈ ਤਾਰੇ ਤੋੜ ਕੇ ਲਿਆਉਣ ਦੀ ਝੂਠੀ ਪ੍ਰਸੰਸਾ ਹੀ ਕੀਤੀ ਜਾਵੇ ਜਾਂ ਸੱਚ-ਮੁੱਚ ਚੰਦ ਉੱਤੇ ਪਹੁੰਚ ਕੇ ਪਾਣੀ ਲੱਭਣ ਵਾਲੇ ਲੋਕਾਂ ਦਾ ਗੁਣ-ਗਾਣ ਕੀਤਾ ਜਾਵੇ।ਭਾਵੇਂ ਅੱਜ ਦੀ ਗ਼ਜ਼ਲ ਉਪਰੋਕਤ ਰਵਾਇਤੀ ਪਗਡੰਡੀਆਂ ਨੂੰ ਛੱਡ ਕੇ ਸੜਕਾਂ ਉੱਤੇ ਤੁਰਦੀ ਨਜ਼ਰ ਆਉਣ ਲੱਗ ਗਈ ਹੈ।ਇਸ ਨੇ ਜ਼ਿੰਦਗੀ ਦੇ ਦੁੱਖ-ਸੁੱਖ ਅਪਣੀ ਝੋਲੀ ਵਿਚ ਪਾਉਣੇ ਸ਼ੁਰੂ ਕਰ ਦਿੱਤੇ ਹਨ।ਅੱਜ ਦੇ ਸ਼ਾਇਰਾਂ ਨੇ ਗ਼ਜ਼ਲ ਨੂੰ ਅਪਣੇ ਆਲੇ-ਦੁਆਲੇ ਦੀ ਤਸਵੀਰ ਅਤੇ ਵੇਲੇ ਦੀ ਤਵਾਰੀਖ਼ ਬਣਾਉਣਾ ਸ਼ੁਰੂ ਕਰ ਦਿੱਤਾ ਹੈ।ਇਹ ਕਾਫ਼ੀ ਹੱਦ ਤੱਕ ਵੇਲੇ ਦੀ ਨੁਮਾਇੰਦਗੀ ਕਰਦੀ ਅਤੇ ਰਵਾਇਤੀ ਸ਼ਬਦਾਵਲੀ ਨਾਲੋਂ ਰਿਸ਼ਤਾ ਤੋੜਦੀ ਨਜ਼ਰ ਆ ਰਹੀ ਹੈ ਪਰ ਦੁਨੀਆ ਦੇ ਸਾਰੇ ਮਾਮਲੇ ਅਜੇ ਵੀ ਇਸ ਵਿਚ ਨਹੀਂ ਉਲੀਕੇ ਜਾ ਰਹੇ।ਇਸ ਨੂੰ ਹੋਰ ਮਨੁੱਖੀ ਜੀਵਨ ਦੇ ਨੇੜੇ ਲਿਆਉਣ ਦੀ ਲੋੜ ਹੈ। ਰੱਬ ਸੱਚੇ ਨੇ ਬੰਦੇ ਨੂੰ ਦੁਨੀਆਂ ਉੱਤੇ ਘੱਲਣ ਦੇ ਨਾਲ-ਨਾਲ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਵੀ ਦੱਸਿਆ ਹੈ।ਹੁਣ ਇਹ ਬੰਦੇ ਦੀ ਅਪਣੀ ਸੋਚ ਉੱਤੇ ਨਿਰਭਰ ਕਰਦਾ ਹੈ ਕਿ ਉਹ ਅਪਣੀ ਇਸ ਅਮੁੱਲੀ ਦਾਤ ਨੂੰ ਕਿਸ ਤਰਾਂ੍ਹ ਬਤੀਤ ਕਰਨਾ ਚਾਹੁੰਦਾ ਹੈ।ਆਜ਼ਾਦੀ ਨਾਲ ਜੀਣਾ ਚਾਹੁੰਦਾ ਹੈ ਜਾਂ ਗ਼ੁਲਾਮੀ ਨਾਲ।ਉਹ ਕਿਸੇ ਮਕਸਦ ਦੇ ਤਹਿਤ ਜੀਵਨ ਨੂੰ ਬਿਤਾਉਣਾ ਚਾਹੁੰਦਾ ਹੈ ਜਾਂ ਬੇ-ਮਕਸਦ ਹੀ ਇਸ ਨੂੰ ਗਵਾਉਣਾ ਚਾਹੁੰਦਾ ਹੈ।ਸਾਹਿਤਕਾਰ ਹੋਣ ਦੇ ਨਾਤੇ ਉਹ ਗ਼ਜ਼ਲ ਵਰਗੀ ਸਾਹਿਤ ਦੀ ਸੋਹਲ ਵੰਨਗੀ ਰਾਹੀਂ ਅਜੋਕੇ ਦੌਰ ਦੀ ਮਨੁੱਖਤਾ ਦੇ ਭਲੇ ਲਈ ਕੋਈ ਨਵੀਂ ਸੇਧ ਦੇਣੀ ਚਾਹੁੰਦਾ ਹੈ ਜਾਂ ਮਹਿਬੂਬ ਦੀਆਂ ਜ਼ੁਲਫ਼ਾਂ ਦੀ ਛਾਂ ਹੇਠਾਂ ਹੀ ਮਨੁੱਖਤਾ ਨੂੰ ਰੁਲਦੀ ਦੇਖਣੀ ਚਾਹੁੰਦਾ ਹੈ। ਗ਼ਜ਼ਲ ਦਾ ਸ਼ਾਇਰ ਹੋਣ ਦੇ ਨਾਤੇ ਮੈਂ ਸਾਹਿਤ ਦੀ ਇਸ ਵੰਨਗੀ ਨੂੰ ਸਮਕਾਲੀ ਮਨੁੱਖ ਦੇ ਦੁੱਖਾਂ,ਦਰਦਾਂ,ਲੋੜਾਂ,ਤੋੜਾਂ ਥੋੜਾਂ ਅਤੇ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਉਜਾਗਰ ਕਰਨ ਲਈ ਵਰਤਦਾ ਆ ਰਿਹਾ ਹਾਂ। ਜਿੱਥੋਂ ਤੱਕ ਜੱਗ ਉੱਤੇ ਮੇਰੀ ਹੋਂਦ ਦਾ ਸਬੰਧ ਹੈ ਮੈਂ ਜ਼ਿੰਦਗੀ ਨੂੰ ਇਸ ਮਕਸਦ ਦੇ ਤਹਿਤ ਹੀ ਗੁਜ਼ਾਰਿਆ ਹੈ ਅਤੇ ਅੱਗੇ ਨੂੰ ਵੀ ਗੁਜ਼ਾਰਣਾ ਚਾਹੁੰਦਾ ਹਾਂ।ਮੇਰਾ ਜਨਮ ਖੇਤੀ-ਬਾੜੀ ਕਰਨ ਵਾਲੇ ਪੇਂਡੂ ਕਿਸਮ ਦੇ ਸ਼ਹਿਰੀ ਪਰਵਾਰ ਵਿਚ ਹੋਇਆ ਹੈ।ਕਿਰਸਾਣ-ਪਰਵਾਰ ਦਾ ਜੰਮਪਲ ਹੋਣ ਕਰਕੇ ਮੈਂ ਬਚਪਨ ਵਿਚ ਮੱਝਾਂ ਚਾਰੀਆਂ ਹਨ। ਟਿਕ ਟਿਕ ਕਰਦੇ ਹਲਟ ਦੀ ਗਾਧੀ ਉੱਤੇ ਬੈਠ ਕੇ ਝੂਟੇ ਲਏ ਹਨ ਅਤੇ ਬਲਦਾਂ ਨੂੰ ਹੱਕਿਆ ਹੈ।ਗਾਹ ਹੱਕਦੇ ਪਿਤਾ ਦੀ ਉਂਗਲੀ ਫੜਕੇ ਲਾਂਗਾ ਵੀ ਲਤਾੜਿਆ ਹੈ ਅਤੇ ਸਮੇਂ ਦੇ ਬਦਲਣ ਨਾਲ ਧੁੱਕ ਧੁੱਕ ਕਰਦਾ ਇੰਜਨ ਚਲਾ ਕੇ ਸਿੰਜਾਈ ਵੀ ਕੀਤੀ ਹੈ।ਅੱਧੀ ਅੱਧੀ ਰਾਤ ਨੂੰ ਧਾਨਾਂ ਦੇ ਖੇਤਾਂ ਨੂੰ ਪਾਣੀ ਵੀ ਲਾਇਆ ਹੈ ਅਤੇ ਵੱਡੇ ਵੱਡੇ ਡੰਗਾਂ ਵਾਲੇ ਮੱਛਰਾਂ ਨਾਲ ਗੂੜ੍ਹੀਆਂ ਯਾਰੀਆਂ ਗੰਢੀਆਂ ਹਨ।ਭਾਦੋਂ ਦੀ ਹੁੰਮਸ ਭਰੀ ਧੁੱਪ ਵਿਚ ਨਿਸਰਣ ਤੇ ਆਈ ਮੱਕੀ ਦੇ ਖੇਤਾਂ ਨੂੰ ਗੁੱਡਿਆ ਹੈ ਅਤੇ ਗੰਨੇ ਦੇ ਖੇਤਾਂ ਨੂੰ ਵੱਟਾਂ ਮਾਰੀਆਂ ਹਨ।ਧੁੱਪਾਂ ਵਿਚ ਅਪਣੇ ਨਾਲ ਕੰਮ ਕਰਦੇ ਮਜ਼ਦੂਰਾਂ ਦੇ ਪਸੀਨੇ ਨੂੰ ਨੇੜੇ ਹੋ ਕੇ ਸੁੰਘਿਆ ਅਤੇ ਘੋਖਿਆ ਹੈ।ਹਲਟਾਂ ਅਤੇ ਗਾਹਾਂ ਦਾ ਯੁੱਗ ਮੇਰੇ ਦੇਖਦੇ ਦੇਖਦੇ ਬੰਬੀਆਂ ਅਤੇ ਕੰਬਾਇਨਾਂ ਵਿਚ ਬਦਲ ਗਿਆ ਹੈ ਪਰ ਇਨ੍ਹਾਂ ਅਲੋਪ ਹੋ ਚੁੱਕੀਆਂ ਵਸਤਾਂ ਦੀਆਂ ਚੋਭਾਂ ਅਜੇ ਵੀ ਮੇਰੀਆਂ ਯਾਦਾਂ ਦੇ ਢੇਰਾਂ ਵਿਚ ਸਲਾਮਤ ਹਨ; ਢੱਗੇ ਹੱਕਦੇ ਬਾਪੂ ਨੂੰ ਕਹਿ ਦਿੰਦੇ ਸਾਂ, ਜੋਤ ਮੈਨੂੰ ਵੀ ਮੈਂ ਵੀ ਲਾਂਗਾ ਗਾਹਵਾਂ ਨਾਲ। ਬਹਿਕੇ ਟਿੱਕ-ਟਿੱਕ ਕਰਦੇ ਹਲਟ ਦੀ ਗਾਧੀ ਤੇ, ਹੱਕਿਐ ਬਲਦਾਂ ਨੂੰ ਬਚਪਨ ਵਿਚ ਚਾਵਾਂ ਨਾਲ। ਚੱਕਲੇ, ਮਾਲ੍ਹਾਂ, ਟਿੰਡਾਂ, ਬੈੜ ਅਤੇ ਹਲਟਾਂ, ਮੈਂ ਮੁਕਦੇ ਦੇਖੇ ਨੇ ਅੰਤਮ ਸਾਹਵਾਂ ਨਾਲ। ਯਾਦ ਆਉਂਦਾ ਹੈ ਉਹ ਨੱਕੇ ਮੋੜਨਾ, ਪੋਹ ਦੀਆਂ ਰਾਤਾਂ ਦੇ ਵਿਚ ਫੜ ਕੇ ਕਹੀ। ਦਸੰਬਰ ੧੯੭੯ ਤੋਂ ਬੈਂਕ ਵਿਚ ਨੋਕਰੀ ਕਰਦਿਆ ਵੱਡੇ ਸ਼ਹਿਰਾਂ ਦੇ ਸੁੰਦਰ ਇਲਾਕਿਆਂ ਦੇ ਵਸਨੀਕਾਂ ਦੀ ਬਨਾਵਟੀ ਜ਼ਿੰਦਗੀ ਨੂੰ ਬਹੁਤ ਨੇੜਿਉਂ ਦੇਖਿਆ ਹੈ।ਉੱਚ ਸੁਸਾਇਟੀ ਦੀ ਵਿਖਾਵੇ ਭਰੀ ਜ਼ਿੰਦਗੀ ਦੀਆਂ ਤੈਹਾਂ ਤੱਕ ਪਹੁੰਚਿਆ ਹਾਂ।ਕਈ ਕਿਸਮ ਦੀਆਂ ਆਫ਼ਰਾਂ ਠੁਕਰਾਈਆਂ ਹਨ ਪਰ ਅਪਣੀ ਅਣਖ ਨੂੰ ਸਿੱਕੇ ਨਹੀਂ ਟੰਗਿਆ। ਕੀ ਕੁੱਝ ਡਿੱਠਾ ਸ਼ਹਿਰ ਦੀਆਂ ਦੀਵਾਰਾਂ ਕੋਲ। ਬਾਤ ਕਰਾਂਗੇ ਇਸ ਦੀ ਜਾ ਕੇ ਯਾਰਾਂ ਕੋਲ। ਜਿੰਨਾਂ ਪੈਸਾ ਵਧਦਾ ਜਾਵੇ ਬੋਝੇ ਵਿਚ, ਉੱਨੇ ਕੱਪੜੇ ਘਟਦੇ ਜਾਵਣ ਨਾਰਾਂ ਕੋਲ। ਪਾਣ ਚੜ੍ਹੀ ਹੋਈ ਹੈ ਸਭ ਤੇ ਪੱਛਮ ਦੀ, ਦੇਸੀ ਮੁੱਖੜੇ ਹੁਣ ਕਿੱਥੇ ਮੁਟਿਆਰਾਂ ਕੋਲ। ਮੁਲਾਜ਼ਮ ਜਥੇਬੰਦੀ ਵਿਚ ਅਹੁਦਿਆਂ ਤੇ ਰਹਿੰਦਿਆਂ ਨਿਧੜਕ ਹੋ ਕੇ ਕੰਮ ਕੀਤਾ ਹੈ ਭਾਵੇਂ ਬਾਅਦ ਵਿਚ ਇਸ ਦਾ ਖਮਿਆਜ਼ਾ ਦੂਰ-ਦਰਾਜ਼ ਦੇ ਇਲਾਕਿਆਂ ਵਿਚ ਬਦਲੀਆਂ ਦੇ ਰੂਪ ਵਿਚ ਹੀ ਕਿਉਂ ਨਾ ਭੁਗਤਣਾ ਪਿਆ ਹੋਵੇ।ਜਦੋਂ ਕੁੱਝ ਉਪਰਲਿਆਂ ਦੀਆਂ ਆਪ ਮੁਹਾਰੀਆਂ ਹਰਕਤਾਂ ਨੇ ਮੇਰੇ ਵੱਕਾਰ ਨੂੰ ਠੇਸ ਪੁਚਾਣ ਦੀ ਕੋਸ਼ਿਸ਼ ਕੀਤੀ, ਤਾਂ ਬਾਤ ਬਰਦਾਸ਼ਤ ਤੋਂ ਬਾਹਰ ਹੁੰਦੀ ਦੇਖ ਕੇ ,ਨੌਕਰੀ ਦੇ ਅੱਠ ਸਾਲ ਰਹਿੰਦਿਆਂ ਮੈਂ ਅਸਤੀਫ਼ਾ ਦੇ ਦਿੱਤਾ ਪਰ ਅਪਣੀ ਅਣਖ ਨੂੰ ਆਂਚ ਨਹੀਂ ਆਉਣ ਦਿੱਤੀ। ਭਰਕੇ ਜ਼ਹਿਰ ਪਿਆਲਾ ਪੀਵਾਂ ਐਨਾ ਵੀ ਮਜਬੂਰ ਨਹੀਂ। ਕੋਈ ਰਸਤਾ ਲੱਭ ਪਵੇ ਗਾ ਦਿੱਲੀ ਬਹੁਤੀ ਦੂਰ ਨਹੀਂ। ਕੁੱਝ ਦਿਨ ਖ਼ਾਤਰ ਰੱਬ ਸੱਚੇ ਤੋਂ ਮੰਗ ਉਧਾਰ ਲਿਆਇਆ ਹਾਂ, ਮੇਰਾ ਜੀਵਨ ਕੋਈ ਜੀਵੇ ਇਹ ਮੈਨੂੰ ਮਨਜ਼ੂਰ ਨਹੀਂ। ਨੌਕਰੀ ਛੱਡਣ ਤੋਂ ਬਾਅਦ ਜੀਵਨ ਦੀ ਗੱਡੀ ਲੀਹੋਂ ਉਤਰ ਗਈ।ਜਿਹੜੇ ਕਾਰੋਬਾਰ ਦੇ ਸਿਰ ਤੇ ਨੌਕਰੀ ਨੂੰ ਤਿਆਗਿਆ ਸੀ ਉਹ ਬੇਗਮ ਦੀ ਬੀਮਾਰੀ ਕਾਰਣ ਚੌਪਟ ਹੋ ਗਿਆ।ਨਵੰਬਰ ੨੦੦੭ ਵਿਚ ਬੇਗਮ ਅਤੇ ਮਾਂ ਦੇ ਸਦੀਵੀ ਵਿਛੋੜਿਆਂ ਪਿੱਛੋਂ,ਮੈਂ ਅਤੇ ਮੇਰੇ ਬੱਚੇ ਮਾਵਾਂ ਦੀਆਂ ਛਾਵਾਂ ਤੋਂ ਸੱਖਣੇ ਹੋ ਗਏ।ਬਚਾਅ ਲਈ ਸੀਨਾ ਤਾਣ ਕੇ ਖਲੋ ਜਾਣ ਵਾਲੀ ਕੋਈ ਢਾਲ ਨਾ ਹੋਣ ਕਰਕੇ,ਅਪਣਿਆਂ ਅਤੇ ਰਿਸ਼ਤੇਦਾਰਾਂ ਨੇ ਰੱਜਵੀਆਂ ਤਕਲੀਫ਼ਾਂ ਦਿੱਤੀਆਂ।ਜ਼ਿੰਦਗੀ ਦੇ ਇਸ ਭੈੜੇ ਦੌਰ ਦੀਆਂ ਕੌੜੀਆਂ ਅਤੇ ਕਸੈਲੀਆਂ ਯਾਦਾਂ ਦੀ ਸਾਂਭ-ਸੰਭਾਲ ਲਈ ਸ਼ਾਇਰੀ ਵਿੱਚ ਵੀ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਆਏ।ਜ਼ਿੰਦਗੀ ਇਕੱਲੀ ਮਹਿਸੂਸ ਹੋਣ ਲੱਗੀ,ਪਰ ਵਿੱਛੜਿਆਂ ਦੀਆਂ ਯਾਦਾਂ ਨੇ ਇਕੱਲਾਪਣ ਮਹਿਸੂਸ ਨਹੀਂ ਹੋਣ ਦਿੱਤਾ।ਪਹਿਲਾਂ ਉਨ੍ਹਾਂ ਦੇ ਸਾਥ ਲਈ ਜਿਉਂਦਾ ਰਹਿਣਾ ਚਾਹੁੰਦਾ ਸਾਂ,ਹੁਣ ਉਨ੍ਹਾਂ ਦੀ ਅਮਾਨਤ ਬਾਲ-ਬੱਚਿਆਂ ਦੀ ਸਾਂਭ-ਸੰਭਾਲ ਲਈ,ਉਨ੍ਹਾਂ ਦੀਆਂ ਖ਼ਾਹਸ਼ਾਂ ਮੁਤਾਬਕ ਅਧੂਰੇ ਰਹੇ ਕੰਮਾਂ ਨੂੰ ਪੂਰਾ ਕਰਨ ਲਈ,ਉਨ੍ਹਾਂ ਦੀਆਂ ਯਾਦਾਂ ਨੂੰ ਉਕਰਣ ਲਈ ਅਤੇ ਉਨ੍ਹਾਂ ਨਾਲ ਕੀਤੇ ਬਚਨਾਂ ਨੂੰ ਨਿਭਾਉਣ ਲਈ ਲੰਬੀ ਉਮਰ ਜਿਉਣ ਦੀ ਕਾਮਨਾ ਕਰਦਾ ਹਾਂ; ਕਬਰਾਂ ਵਿੱਚ ਦੁਆਵਾਂ ਲੱਭਦੇ ਫਿਰਦੇ ਨੇ। ਪਿਉ ਪੁੱਤ ਦੋਵੇਂ ਮਾਵਾਂ ਲੱਭਦੇ ਫਿਰਦੇ ਨੇ। ਰਿਸ਼ਤੇਦਾਰਾਂ,ਭੈਣ- ਭਰਾਵਾਂ ਕੀ ਕੀਤੀ, ਯਾਦਾਂ ਚੋਂ ਘਟਨਾਵਾਂ ਲੱਭਦੇ ਫਿਰਦੇ ਨੇ। ਰੋਜ਼ ਨਵੇਂ ਪੱਛ ਖਾਵਾਂ ਰਿਸ਼ਤੇਦਾਰਾਂ ਤੋਂ, ਸਾਥੀ ਬਾਝੋਂ ਬਣਦਾ ਕੋਈ ਢਾਲ ਨਹੀਂ। ਨਿਰਧਨ ਹੈ ਤਾਹੀਉਂ ਆ ਕੇ ਮਿਲ ਜਾਂਦਾ ਹੈ, ਰਿਸ਼ਤੇਦਾਰਾਂ ਜਿੰਨਾਂ ਮਾਲਾ-ਮਾਲ ਨਹੀਂ। ਸ਼ਾਇਰਾਂ ਬਾਰੇ ਇਕ ਗੱਲ ਆਮ ਕਹੀ ਜਾਂਦੀ ਹੈ ਕਿ ਉਹ ਪਾਗਲ ਹੁੰਦੇ ਹਨ।ਸਿਰ ਫਿਰੇ ਹੁੰਦੇ ਹਨ।ਇਹ ਗੱਲ ਕੁੱਝ ਹੱਦ ਤੱਕ ਸੱਚ ਵੀ ਜਾਪਦੀ ਹੈ ਕਿਉਂਕਿ ਕੋਈ ਪਾਗਲ ਜਾਂ ਸਿਰ ਫਿਰਾ ਨਿਧੜਕ ਇਨਸਾਨ ਹੀ ਅੱਜ ਦੇ ਮਾਹੌਲ ਵਿਚ ਸੱਚੀ ਗੱਲ ਕਹਿ ਸਕਦਾ ਹੈ।ਸ਼ਾਇਰ ਹੀ ਉਹ ਲੋਕ ਹੁੰਦੇ ਹਨ ਜਿਹੜੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣੋਂ ਨਹੀਂ ਝਿਜਕਦੇ।ਜੋ ਅੱਖੀਂ ਤੱਕਦੇ ਹਨ ਸ਼ੇਅਰਾਂ ਵਿਚ ਉਲੀਕ ਦਿੰਦੇ ਹਨ।ਇਹ ਗੱਲ ਮੇਰੇ ਉੱਤੇ ਸੋਲਾਂ ਆਨੇ ਸਹੀ ਉਤਰਦੀ ਹੈ,ਨਹੀਂ ਤਾਂ ਕਿਸ ਦੀ ਹਿੰਮਤ ਕਿ ਲਾਲ ਕਿਲੇ ਦੇ ਆਜ਼ਾਦੀ ਦਿਵਸ ਤੇ ਹੋਣ ਵਾਲੇ ਸਰਕਾਰੀ ਕਵੀ ਦਰਬਾਰ ਵਿਚ,ਜਿੱਥੇ ਦੇਸ ਦੇ ਪਰਧਾਨ ਮੰਤਰੀ ਨੂੰ ਵੀ ਬੋਲਣ ਸਮੇਂ ਸੈਂਕੜੇ ਬੰਦਸ਼ਾਂ ਦਾ ਖ਼ਿਆਲ ਰੱਖਣਾ ਪੈਂਦਾ ਹੈ, ਮੇਰੇ ਵਰਗਾ ਸ਼ਾਇਰ ਉਹ ਕੁੱਝ ਆਖ ਜਾਂਦਾ ਹੈ ਜੋ ਕਿਸੇ ਦੇ ਚਿੱਤ-ਚੇਤੇ ਵਿਚ ਵੀ ਨਹੀਂ ਹੁੰਦਾ।ਜੀ ਹਾਂ, ਇਹ ਗੱਲ ਜਨਵਰੀ ੧੯੯੯ ਦੀ ਹੈ ਜਦੋਂ ਦੇਸ ਦੀ ਸਿਆਸਤ ਉੱਤੇ ਬੋਫ਼ੋਰਸ ਕਾਂਡ ਸਾਉਣ ਦੇ ਬੱਦਲਾਂ ਦੀ ਤਰਾਂ ਮੰਡਲਾ ਰਿਹਾ ਸੀ,ਮੈਂ ਪਰਬੰਧਕਾਂ ਵੱਲੋਂ ਲਾਈਆਂ ਗਈਆਂ ਬੰਦਸਾਂ ਨੂੰ ਅਣਗੌਲਿਆ ਕਰਦਿਆਂ,ਲੋਕਾਂ ਦੀ ਖ਼ਾਹਸ਼ ਨੂੰ ਪੂਰਨ ਲਈ ਬੇਝਿਜਕ ਇਹ ਸ਼ੇਅਰ ਪੜ੍ਹ ਗਿਆ ਸਾਂ; ਜੇ ਮੈਂ ਕੋਈ ਨੇਤਾ ਹੁੰਦਾ , ਜਾਂ ਨੇਤਾ ਦਾ ਜਾਇਆ ਹੁੰਦਾ । ਸੋਹਣਾ ਬੰਗਲਾ ਹਿੱਲ- ਸ਼ਟੇਸਨ ਉੱਤੇ ਹੁਣ ਨੂੰ ਪਾਇਆ ਹੁੰਦਾ। ਤੇਰੀ ਜ਼ੁਲਫ਼ ਸਵਾਰਨ ਜੋਗੇ , ਬੋਝੇ ਦੇ ਵਿਚ ਪੈਸੇ ਹੁੰਦੇ, ਕਾਸ਼ ਕਦੇ ! ਬੋਫ਼ੋਰਸ ਵਰਗਾ ਸੌਦਾ ਮੈਂ ਕਰਵਾਇਆ ਹੁੰਦਾ । 'ਨੂਰ' ਕਦੇ ਬਣ ਜਾਂਦਾ ਪਿੱਠੂ, ਜੇ ਤੂੰ ਕੌਮ - ਫ਼ਰੋਸ਼ਾਂ ਦਾ, 'ਸਵਿਟਜਰ ਲੈਂਡ' ਦਿਆਂ ਬੈਂਕਾਂ ਵਿਚ ਤੇਰਾ ਵੀ ਸਰਮਾਇਆ ਹੁੰਦਾ। ਅੱਜ ਦਾ ਦੌਰ ਹਫ਼ੜਾ-ਦਫ਼ੜੀ ਅਤੇ ਭੱਜ-ਨੱਠ ਦਾ ਦੌਰ ਹੈ।ਜਿਵੇਂ ਜਿਵੇਂ ਸਰਮਾਏਦਾਰ ਅਪਣੇ ਹੱਕਾਂ ਨੂੰ ਸੁਰੱਖਿਅਤ ਰੱਖਣ ਲਈ ਸੁਚੇਤ ਹੁੰਦਾ ਜਾ ਰਿਹਾ ਹੈ,ਮਜ਼ਦੂਰ ਵੀ aੁੱਠ ਖਲੋਤਾ ਹੈ।ਉਹ ਵੀ ਅਪਣੇ ਹੱਕਾਂ ਦੀ ਖ਼ਾਤਰ ਜਥੇਬੰਦਕ ਸ਼ੰਘਰਸ਼ ਵਿੱਢਣ ਤੋੰ ਗੁਰੇਜ਼ ਨਹੀਂ ਕਰਦਾ।ਏਹੋ ਕਾਰਣ ਹੈ ਨਿੱਤ ਦਿਨ ਜਲੂਸ,ਜਲਸੇ,ਚੱਕਾ ਜਾਮ ਆਦਿ ਜਿਹੀਆਂ ਲਾਹਨਤਾਂ ਦੇਖਣ ਨੂੰ ਸਾਮ੍ਹਣੇ ਆ ਰਹੀਆਂ ਹਨ।ਭਾਰਤ ਦੇ ਕਈ ਇਲਾਕਿਆਂ ਵਿਚ ਤਾਂ ਇਹ ਜਥੇਬੰਦੀਆਂ ਬੰਦੁਕਾਂ ਚੁੱਕ ਖਲੋਈਆਂ ਹਨ ਜੋ ਸਰਕਾਰ ਨੂੰ ਅਪਣੀ ਹੋਂਦ ਦਾ ਇਹਸਾਸ ਕਰਵਾਉਂਣ ਲਈ ਰਾਤ-ਬਰਾਤੇ ਗ਼ਰੀਬਾਂ,ਮਜ਼ਦੂਰਾਂ,ਬੇਕਸੂਰਾਂ ਦਾ ਅੰਨ੍ਹੇਵਾਹ ਖ਼ੂਨ-ਖ਼ਰਾਬਾ ਕਰ ਰਹੀਆਂ ਹਨ।ਏਥੇ ਹੀ ਬੱਸ ਨਹੀਂ ਜੇ ਦੁਨੀਆ ਤੇ ਝਾਤ ਮਾਰੀਏ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਆਪਸਦਾਰੀ ਖ਼ਤਮ ਹੁੰਦੀ ਜਾ ਰਹੀ ਹੈ।ਤਕੜੇ ਮੁਲਕ ਮਿਲਕੇ ਅਪਣੇ ਆਰਥਕ ਹਿੱਤਾਂ ਲਈ ਕਮਜ਼ੋਰ ਮੁਲਕਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਘੜਕੇ ਖ਼ੂਨਖ਼ਰਾਬਾ ਕਰਨੋਂ ਭੋਰਾ ਵੀ ਝਿਜਕ ਮਹਿਸੂਸ ਨਹੀਂ ਕਰਦੇ।ਖ਼ਾਸ ਤੋਰ ਤੇ ਇਸ ਆਫ਼ਤ ਦਾ ਸ਼ਿਕਾਰ ਉਹ ਮੁਲਕ ਹਨ ਜਿਹੜੇ ਤੇਲ ਦੀ ਦੌਲਤ ਨਾਲ ਮਾਲਾਮਾਲ ਹਨ ਅਤੇ ਅੰਦਰੂਨੀ ਫੁੱਟ ਦਾ ਸ਼ਿਕਾਰ ਹਨ। ਸੰਸਾਰ ਦੇ ਅਖੋਤੀ ਚੌਧਰੀਆਂ ਦੇ ਅੱਗੇ ਅਪਣੀ ਅਣਖ ਨੂੰ ਕਾਇਮ ਰੱਖਣ ਲਈ ਅੱਖ ਚੁੱਕਣ ਦੀ ਹਿੰਮਤ ਕਰ ਬੈਠੇ ਹਨ।ਅਜਿਹੀ ਸਥਿਤੀ ਵਿਚ ਕੋਈ ਵੀ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਆਖਣ ਵਾਲਾ ਸ਼ਾਇਰ ਕਿਵੇਂ ਨਿਚਲਾ ਬੈਠ ਸਕਦਾ ਹੈ; ਝੁੰਡ ਦਿਸਣ ਆਕਾਸੀਂ ਗਿਰਝਾਂ ਕਾਵਾਂ ਦੇ, ਚੰਗਾ ਹੈ ਹਾਲੇ ਕੁੱਝ ਸਬਰ ਇਰਾਕ ਕਰੇ। ਉਹ ਜੰਗਲੀ ਰਾਜੇ ਦਾ ਵੱਡਾ ਪੁੱਤਰ ਹੈ, ਜਿੰਨੀ ਮਰਜ਼ੀ ਖਰਮਸਤੀ 'ਸ਼ੀਰਾਕ' ਕਰੇ। ਕੀ ਹੁੰਦਾ ਹੈ ਕੁੱਲੀਆਂ,ਝੁੱਗੀਆਂ,ਝਾਨਾਂ ਨਾਲ। ਭਾਂਬੜ ਰਲ ਜਾਂਦੇ ਨੇ ਜਦ ਤੂਫ਼ਾਨਾਂ ਨਾਲ। ਰੋਜ਼ ਨਵੇਂ ਹਥਿਆਰ ਬਣਾਉਂਦੇ ਨੇ ਵੱਡੇ, ਖੇਡਨ ਨੂੰ ਛੋਟੇ ਮੁਲਕਾਂ ਵਿਚ ਜਾਨਾਂ ਨਾਲ। ਇਕ ਗੱਲ ਜਿਹੜੀ ਮੇਰੇ ਮਨ ਨੂੰ ਹਮੇਸ਼ਾ ਰੜਕਦੀ ਹੈ ਉਹ ਹੈ ਪੰਜਾਬੀ ਸ਼ਾਇਰਾਂ ਦਾ ਦੂਜੀਆਂ ਭਾਸ਼ਾਵਾਂ ਦੀ ਔਖੀ ਸ਼ਬਦਾਵਲੀ ਨੂੰ ਵਰਤਣਾ। ਪੰਜਾਬੀ ਦੇ ਕੁੱਝ ਵੱਡੇ ਗ਼ਜ਼ਲਕਾਰ ਇਸ ਰੁਝਾਨ ਵਿਚ ਖਾਸਾ ਅੱਗੇ ਚੱਲ ਰਹੇ ਦਿਸਦੇ ਹਨ।ਪਤਾ ਨਹੀਂ ਉਹ ਦੂਜੀਆਂ ਭਾਸ਼ਾਵਾਂ ਦੇ ਅਜਿਹੇ ਔਖੇ ਸ਼ਬਦ ਵਰਤ ਕੇ ਅਪਣੀ ਵਿਦਵਤਾ ਦੀ ਧਾਕ ਬਿਠਾਉਣਾ ਚਾਹੁੰਦੇ ਹਨ ਜਾਂ ਛੋਟੇ ਲਿਖਾਰੀਆਂ ਉੱਤੇ ਰੋਅਬ ਜਮਾਉਣਾ ਚਾਹੁੰਦੇ ਹਨ।ਪਛਮੀ ਪੰਜਾਬ ਦੇ ਗ਼ਜ਼ਲਕਾਰ ਤਾਂ ਇਸ ਤੋਂ ਵੀ ਕਈ ਕਦਮ ਅੱਗੇ ਹਨ।ਪਹਿਲੀ ਭਾਸ਼ਾ ਉਰਦੂ ਹੋਣ ਕਰਕੇ ਅਤੇ ਲਿੱਪੀ ਵੀ ਉਰਦੂ ਦੀ ਹੀ ਵਰਤਣ ਕਰਕੇ ਕੁਝ ਤਾਂ ਉਰਦੂ,ਫ਼ਾਰਸੀ ਦੇ ਸ਼ਬਦਾਂ ਦਾ ਆਉਣਾ ਸੁਭਾਵਕ ਵੀ ਹੈ।ਜੇ ਉਹ ਚਾਹੁਣ ਤਾਂ ਇਸ ਤੋਂ ਗੁਰੇਜ਼ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬੀ ਬੋਲੀ ਵਿਚ ਇਸ ਤੋਂ ਵੀ ਸ਼ੁੰਦਰ ਅਤੇ ਢੁਕਵੇਂ ਸ਼ਬਦ ਮੌਜੂਦ ਹਨ।ਪਰ ਫੇਰ ਵੀ ਕਈ ਗ਼ਜ਼ਲਕਾਰ ਬਹੁਤ ਸੋਹਣੀ ਠੇਠ ਪੰਜਾਬੀ ਵਿਚ ਗ਼ਜ਼ਲਾਂ ਲਿਖ ਰਹੇ ਹਨ।ਜਿੱਥੋਂ ਤੱਕ ਮੇਰੀ ਪੰਜਾਬੀ ਦਾ ਸਬੰਧ ਹੈ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮਾਂ ਬੌਲੀ ਨੂੰ ਵੱਧ ਤੋਂ ਵੱਧ ਠੇਠਤਾ ਦੇਵਾਂ ਪਰ ਕਈ ਥਾਈਂ ਅਚਨ-ਚੇਤੇ ਅਜਿਹੇ ਸ਼ਬਦ ਲਿਖ ਹੋ ਜਾਂਦੇ ਹਨ ਜਿਹੜੇ ਸਮਾਜ ਵਿਚ ਆਮ ਪਰਚੱਲਤ ਹਨ ਅਤੇ ਮੈਨੂੰ ਪੜ੍ਹਨ ਵੇਲੇ ਹੀ ਚੂਭਣ ਦਾ ਇਹਸਾਸ ਕਰਵਾਉਂਦੇ ਹਨ। ਪਾਕਿਸਤਾਨ ਦੇ ਇਕ ਅਲੋਚਕ ਨੇ ਸ਼ਾਇਰਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ।ਪਹਿਲੀ ਕਿਸਮ ਦੇ ਉਹ ਸ਼ਾਇਰ ਹਨ ਜਿਹੜੇ ਅਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ।ਇਹ ਅਜਿਹੇ ਲੋਕ ਹੁੰਦੇ ਹਨ ਜਿਹੜੇ ਕਈ ਕਈ ਜ਼ੁਬਾਨਾ ਦੇ ਜਾਣੂ ਹੋਣ ਦੇ ਬਾਵਜ਼ੂਦ ਮਾਂ ਬੋਲੀ ਨੂੰ ਪਿਆਰ ਕਰਦੇ ਹਨ ਅਤੇ ਉਸ ਵਿਚ ਲਿਖਣ ਨੂੰ ਅਪਣਾ ਫ਼ਰਜ਼ ਵੀ ਸਮਝਦੇ ਹਨ ਅਤੇ ਜ਼ਰੂਰਤ ਵੀ।ਦੂਜੀ ਕਿਸਮ ਦੇ ਉਹ ਸ਼ਾਇਰ ਹੁੰਦੇ ਹਨ ਜਿਹੜੇ ਸ਼ਹਿਰਾਂ ਤੋਂ ਦੂਰ ਪੇਂਡੂ ਇਲਾਕਿਆਂ ਦੇ ਜਮਪਲ ਹੁੰਦੇ ਹਨ।ਘੱਟ ਪੜ੍ਹੇ-ਲਿਖੇ ਹੋਣ ਕਰਕੇ ਉਹ ਕੁਦਰਤ ਵੱਲੋਂ ਮਿਲੀ ਇਸ ਦਾਤ ਨੂੰ ਲੋਕਾਂ ਤੱਕ ਪਹੁੰਚਦੀ ਕਰਨ ਲਈ ਅਪਣੀ ਮਾਂ ਬੋਲੀ ਤੋਂ ਬਿਨਾਂ ਉਹਨਾਂ ਕੋਲ ਕੋਈ ਚਾਰਾ ਹੀ ਨਹੀਂ ਹੁੰਦਾ।ਉਹ ਜਿਹੜੀ ਰਚਨਾ ਕਰਦੇ ਹਨ ਉਨ੍ਹਾਂ ਦੀਆਂ ਡਾਇਰੀਆਂ ਤੱਕ ਹੀ ਸੀਮਤ ਰਹਿੰਦੀ ਹੈ,ਛਪਦੀ ਨਹੀਂ।ਸ਼ਹਿਰਾਂ ਵਿਚ ਹੋਣ ਵਾਲੇ ਮੁਸ਼ਾਇਰਿਆਂ ਤੱਕ ਉਹਨਾਂ ਦੀ ਪਹੁੰਚ ਨਹੀਂ ਹੁੰਦੀ।ਉਹਨਾਂ ਦਾ ਕਲਾਮ ਖੁੰਢਾਂ ਉੱਤੇ ਬੈਠਣ ਵਾਲੀਆਂ ਢਾਣੀਆਂ ਜਾਂ ਸੱਥਾਂ ਵਿਚ ਖੜ੍ਹੇ ਬਰੋਟਿਆਂ ਹੇਠ ਲੱਗਣ ਵਾਲੀਆਂ ਮਹਿਫ਼ਲਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ ਅਤੇ ਉਨ੍ਹਾਂ ਦੀ ਮੌਤ ਦੇ ਨਾਲ ਹੀ ਇੱਕ-ਅੱਧ ਦਹਾਕੇ ਬਾਅਦ ਇੰਨ੍ਹਾਂ ਦੀ ਸ਼ਾਇਰੀ ਵੀ ਦਫ਼ਨ ਹੋ ਜਾਂਦਾ ਹੈ।ਤੀਜੀ ਕਿਸਮ ਦੇ ਉਹ ਸ਼ਾਇਰ ਹੁੰਦੇ ਹਨ ਜਿਹੜੇ ਚੰਗੇ ਪੜ੍ਹੇ-ਲਿਖੇ ਹੋਣ ਦੇ ਨਾਲ-ਨਾਲ ਚੰਗੀਆਂ ਹੈਸ਼ੀਅਤਾਂ ਦੇ ਮਾਲਕ ਵੀ ਹੁੰਦੇ ਹਨ।ਉਹ ਪਹਿਲਾਂ ਕਿਸੇ ਇੱਕ ਜ਼ੁਬਾਨ ਵਿਚ ਸ਼ਾਇਰੀ ਕਰਨੀ ਸ਼ੁਰੂ ਕਰਦੇ ਹਨ ਅਤੇ ਲੋਕਾਂ ਵੱਲੋਂ ਹਾਂ ਪੱਖੀ ਹੁੰਘਾਰਾ ਨਾ ਮਿਲਣ ਤੇ,ਅਸਫਲ ਹੋਣ ਦੀ ਸੂਰਤ ਵਿਚ ਉਸ ਨੂੰ ਤਿਆਗ ਦਿੰਦੇ ਹਨ ਅਤੇ ਦੂਜੀ ਭਾਸ਼ਾ ਵਿਚ ਹਿਜਰਤ ਕਰ ਜਾਂਦੇ ਹਨ।ਉਹਨਾਂ ਦੀ ਕਿਸੇ ਇਕ ਜ਼ੁਬਾਨ ਉੱਤੇ ਚੰਗੀ ਪਕੜ ਨਹੀਂ ਹੁੰਦੀ।"ਧੋਬੀ ਦਾ ਕੁੱਤਾ ਨਾ ਘਰ ਦਾ,ਨਾ ਘਾਟ ਦਾ,"ਵਾਲੀ ਕਹਾਵਤ ਮੁਤਾਬਕ ਉਹ ਨਾ ਅਪਣੀ ਮਾਂ ਬੋਲੀ ਜੋਗੇ ਰਹਿੰਦੇ ਹਨ ਅਤੇ ਨਾ ਮਤਰੇਈ ਜੋਗੇ।ਜਿੱਥੋਂ ਤੱਕ ਮੇਰੀ ਗ਼ਜ਼ਲ ਦਾ ਸਬੰਧ ਹੈ ਮੈਂ ਪਹਿਲੀ ਕਿਸਮ ਦੇ ਸ਼ਾਇਰਾਂ ਦੀ ਵੰਨਗੀ ਦਾ ਅਨੁਆਈ ਹਾਂ ਅਤੇ ਜਦ ਤੋਂ ਇਸ ਵਿਚ ਸ਼ਾਮਿਲ ਹੋਇਆ ਹਾਂ ਕਦੇ ਐਧਰ-ਉਧਰ ਹੱਥ ਪੱਲਾ ਮਾਰਨ ਦੀ ਹਿੰਮਤ ਨਹੀਂ ਕੀਤੀ। ਅੱਜ ਸੰਸਾਰ ਮੰਦੇ ਦੀ ਮਾਰ ਝੱਲ ਰਿਹਾ ਹੈ ।ਵੱਡੇ ਵੱਡੇ ਅਮੀਰ ਦੇਸਾਂ ਨੂੰ ਆਰਥਕਤਾ ਨੇ ਹਿਲਾ ਕੇ ਰੱਖ ਦਿੱਤਾ ਹੈ।ਅਪਣੀ ਹਾਲਤ ਨੂੰ ਸੁਧਾਰਣ ਲਈ ਇਹ ਦੇਸ ਹੱਥ-ਪੱਲੇ ਮਾਰ ਰਹੇ ਹਨ।ਵੱਡਿਆਂ ਦਾ ਸੰਤੁਲਨ ਵਿਗੜਣ ਨਾਲ ਛੋਟੇ ਦੇਸਾਂ ਦੇ ਪੂੰਜੀਪੱਤੀਆਂ ਉੱਤੇ ਵੀ ਇਸ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ।ਭਾਵੇਂ ਉਹਨਾਂ ਦੇ ਰਹਿਣ-ਸਹਿਣ ਉੱਤੇ ਇਸ ਦਾ ਅਸਰ ਬਹੁਤਾ ਨਜ਼ਰ ਨਹੀਂ ਆ ਰਿਹਾ।ਉਨ੍ਹਾਂ ਦੇ ਕਾਰੋਬਾਰ ਉਵੇਂ ਹੀ ਚੱਲ ਰਹੇ ਹਨ ਪਰ ਮਾਰ ਪੈ ਰਹੀ ਹੈ ਉਨ੍ਹਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ,ਜਿੰਨ੍ਹਾਂ ਨੂੰ ਮੰਦੇ ਦਾ ਬਹਾਨਾ ਬਣਾਕੇ ਨੋਕਰੀਉਂ ਵਿਹਲਾ ਕੀਤਾ ਜਾ ਰਿਹਾ ਹੈ।ਇਹ ਲੋਕ ਅਪਣੀਆਂ ਲੋੜਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ ਪਰ ਇਸ ਸਰਮਾਏਦਾਰੀ ਦੇ ਯੁੱਗ ਵਿਚ ਇਨ੍ਹਾਂ ਨੂੰ ਸਫਲਤਾ ਘੱਟ ਹੀ ਮਿਲ ਰਹੀ ਹੈ।ਲੱਕ ਤੋੜਵੀਂ ਮਹਿੰਗਾਈ ਅਤੇ ਭੁੱਖੇ ਬੱਚੇ,ਅਜਿਹੀ ਸਥਿਤੀ ਨੂੰ ਕੋਈ ਸ਼ਾਇਰ ਹੀ ਸਮਝ ਸਕਦਾ ਹੈ।ਭਾਵੇਂ ਉਹ ਬੰਦੂਕ ਤਾਂ ਨਹੀਂ ਫੜ ਸਕਦਾ ਪਰ ਅਪਣੇ ਸ਼ੇਅਰਾਂ ਰਾਹੀਂ ਲੋਕਾਂ ਨੂੰ ਇਸ ਉੱਤੇ ਬਹਾਦਰੀ ਨਾਲ ਕਾਬੂ ਪਾਉਣ ਲਈ ਉਤਸਾਹਿਤ ਕਰ ਸਕਦਾ ਹੈ। ਮੋਟੇ ਸੰਗਲ ਪਾ ਕੇ ਬੰਨ੍ਹੋਂ , ਪਿੰਡੋਂ ਦੂਰ ਬਰੋਟੇ ਨਾਲ। ਇੰਝ ਹੀ ਸਿੰਝਨਾਂ ਪੈਣਾ ਹੈ ਹੁਣ ਮਹਿੰਗਾਈ ਦੇ ਝੋਟੇ ਨਾਲ। ਅਪਣੇ ਹੱਕ ਦੀ ਕੁੱਲੀ, ਗੁੱਲੀ, ਜੁੱਲੀ ਦੇ ਪ੍ਰਬੰਧ ਲਈ ਕੁੱਦਣਾ ਪੈਣੈਂ ਇਸ ਜੱਗ ਰੂਪੀ ਖਾੜੇ ਵਿਚ ਲੰਗੋਟੇ ਨਾਲ। ਇਹ ਮੇਰਾ ਚੌਥਾ ਗ਼ਜ਼ਲ ਸੰਗ੍ਰਿਹ ਹੈ।ਇਸ ਤੋਂ ਪਹਿਲਾਂ ਜਿੱਥੇ 'ਯਾਦਾਂ ਦੇ ਅੱਖਰ' ਵਿਚ ਮੈਂ ਪੇਂਡੂ ਜ਼ਿੰਦਗੀ ਦੇ ਬਹੁਤ ਨੇੜੇ ਸਾਂ ਉੱਥੇ 'ਸੋਚਾਂ ਦੇ ਸੱਥਰ' ਵਿਚ ਰੁਮਾਂਟਿਕ ਨਜ਼ਰ ਆਉਣ ਲੱਗ ਗਿਆ ਸਾਂ।'ਪੀੜਾਂ ਦੇ ਪੱਥਰ'ਵਿਚ ਫੇਰ ਠੇਠਤਾ ਵਲ ਕੁੱਝ ਬਦਲਾਉ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਹੱਥਲੇ ਸੰਗ੍ਰਿਹ ਵਿਚ ਨਿਰੋਲ ਠੇਠਤਾ ਦੇ ਨਾਲ ਨਾਲ ਕੁੱਝ ਅੱਖੜ ਕਿਸਮ ਦੀ ਪੁਰਾਤਨ ਸ਼ਬਦਾਵਲੀ ਵੀ ਨਜ਼ਰ ਆਉਣ ਲੱਗ ਪਈ ਹੈ।ਭਾਵੇਂ ਕੁੱਝ ਦੋਸਤ ਗ਼ਜ਼ਲਕਾਰ ਇਸ ਨੂੰ "ਇਹ ਗ਼ਜ਼ਲ ਦੀ ਬੋਲੀ ਨਹੀਂ"ਕਹਿ ਰਹੇ ਹਨ ,ਪਰ ਮੇਰੀ ਜਾਚੇ ਬੋਲੀ ਤਾਂ ਬੋਲੀ ਹੀ ਹੁੰਦੀ ਹੈ।ਫੇਰ ਉਸ ਦੇ ਪਰਚੱਲਤ ਅਤੇ ਸੱਭਿਆਚਾਰਕ ਸ਼ਬਦਾਂ ਨੂੰ ਕਿਵੇਂ ਵਰਤਣੋ ਰੁਕਿਆ ਜਾ ਸਕਦਾ ਹੈ।ਜੇ ਇਨ੍ਹਾਂ ਨੂੰ ਵਰਤਣ ਤੋਂ ਗੁਰੇਜ਼ ਕਰਾਂਗੇ ਤਾਂ ਇਕ ਨਾ ਇੱਕ ਦਿਨ ਇਹ ਮਾਂ ਬੋਲੀ ਦੇ ਭੰਡਾਰਾਂ ਚੋਂ ਅਲੋਪ ਹੋ ਜਾਣਗੇ ਅਤੇ ਸਾਡੀਆਂ ਨਵੀਆਂ ਪੀੜ੍ਹੀਆਂ ਇਨ੍ਹਾਂ ਤੋਂ ਉਸ ਤਰਾਂ੍ਹ ਹੀ ਵਾਂਝੀਆਂ ਹੋ ਜਾਣਗੀਆਂ ਜਿਵੇਂ ਟਿਊਬਵੈਲਾਂ ਦੇ ਆਉਣ ਨਾਲ ਸਾਡੇ ਬਾਬਿਆਂ ਵੇਲੇ ਚੱਲਣ ਵਾਲੇ ਖੁਹਾਂ ਦੇ ਹਲਟਾਂ ਚੱਕਲਿਆਂ ਬੈੜਾਂ,ਟਿੰਡਾਂ ,ਮਾਲ੍ਹਾਂ,ਆਦਿ ਨੂੰ ਦੇਖਣ ਲਈ ਤਰਸ਼ ਰਹੇ ਹਾਂ । ਇਸ ਪਰਾਗੇ ਨੂੰ ਛਾਪਣ ਵਿਚ ਮੈਂ ਕਿਸੇ ਯਾਰ-ਮਿੱਤਰ ਦੀ ਬਹੁਤੀ ਸਲਾਹ ਨਹੀਂ ਲਈ।ਜੇ ਕਿਸੇ ਮੇਹਰਬਾਨ ਨੇ ਸ਼ਬਦਾਵਲੀ ਬਾਰੇ ਕੁੱਝ ਕਿਹਾ ਵੀ ਹੈ ਤਾਂ ਹਾਂ ਕਰ ਕੇ "ਪੰਚਾਂ ਦਾ ਕਿਹਾ ਸਿਰ-ਮੱਥੇ,ਪਨਾਲਾ ਉੱਥੇ ਦਾ ਉੱਥੇ"ਵਾਲੀ ਕਹਾਵਤ ਹੀ ਅਪਣਾਈ ਹੈ।ਹੁਣ ਭਾਵੇਂ ਤੁਸੀਂ ਇਸ ਨੂੰ ਮੇਰੀ ਜ਼ਿੱਦ ਸਮਝੋ ਜਾਂ ਖ਼ੁੱਦਾਰੀ।ਮੈਂ ਅਪਣੇ ਅੰਦਰ ਦੀ ਗੱਲ ਬਿਨਾ ਕਿਸੇ ਮਿਲਾਵਟ ਦੇ,ਦਿਲ ਖੋਲ੍ਹ ਕੇ ਤੁਹਾਡੇ ਸਾਮ੍ਹਣੇ ਰੱਖਣੀ ਚਾਹੁੰਦਾ ਸਾਂ ਅਤੇ ਰੱਖ ਦਿੱਤੀ ਹੈ। ਨੂਰ ਮੁਹੰਮਦ 'ਨੂਰ'