Ghazal Naal Saanjh : Pali Khadim

ਗ਼ਜ਼ਲ ਨਾਲ਼ ਸਾਂਝ : ਪਾਲੀ ਖ਼ਾਦਿਮ

'ਗ਼ਜ਼ਲ' ਅਰਬੀ ਸ਼ਬਦ ਹੈ। ਅਰਬੀ ਵਿੱਚ ਹਿਰਨ ਨੂੰ 'ਗ਼ਜ਼ਾਲ' ਕਿਹਾ ਜਾਂਦਾ ਹੈ। ਜਦੋਂ ਉਹ ਚੌਕੜੀਆਂ ਭਰਦਾ ਹੈ ਤਾਂ ਇੱਕ ਤੋਂ ਦੂਜੇ ਤੱਕ ਦੀ ਵਿੱਥ ਅਕਸਰ ਬਰਾਬਰ ਹੁੰਦੀ ਹੈ। ਇਹ ਗੱਲ ਗ਼ਜ਼ਲ ਦੀ ਬਣਤਰ ਵੱਲ ਇਸ਼ਾਰਾ ਕਰਦੀ ਹੈ। ਸੱਯਦ ਆਬਿਦ ਅਲੀ ਅਨੁਸਾਰ,"ਸ਼ਿਕਾਰੀ ਕੁੱਤੇ ਜਦ ਹਿਰਨ ਦਾ ਪਿੱਛਾ ਕਰਦੇ ਹਨ ਅਤੇ ਹਿਰਨ ਆਪਣੀ ਜਾਣ ਬਚਾਉਣ ਲਈ ਅਤਿ ਦਰਦਨਾਕ ਆਵਾਜ਼ ਪੈਦਾ ਕਰਦਾ ਹੈ। ਇਸ ਆਵਾਜ਼ ਨੂੰ 'ਗ਼ਜ਼ਲ' ਕਿਹਾ ਜਾਂਦਾ ਹੈ"(ਸਾਹਿਤ ਕੋਸ਼, ਪੰਨਾ ੨੪੭)
ਗ਼ਜ਼ਲ ਤੋਂ ਵਿਕਸਿਤ ਹੋਏ ਪਦ 'ਤਗ਼ੱਜ਼ੁਲ' ਜਿਸ ਦਾ ਅਰਥ ਹੈ ਔਰਤਾਂ ਨਾਲ਼ ਗੱਲਾਂ ਕਰਨਾ ਰਸ਼ੀਦ-ਉਦ-ਦੀਨ ਵਤਵਾਤ ਆਪਣੀ ਪੁਸਤਕ ਵਿੱਚ ਲਿਖਦਾ ਹੈ "ਤਸ਼ਬੀਬ ਮਾਸ਼ੂਕ ਦੀ ਹਾਲਤ ਦਾ ਬਿਆਨ ਅਤੇ ਉਸ ਦੇ ਇਸ਼ਕ ਵਿੱਚ ਆਪਣੀ ਵਾਰਦਾਤ ਦਾ ਨਾਂ ਹੈ ਅਤੇ ਇਸ ਨੂੰ 'ਨਸੀਬ' ਅਤੇ 'ਗ਼ਜ਼ਲ' ਵੀ ਕਹਿੰਦੇ ਹਨ।(ਖ਼ਲੀਲ ਅਹਦ ਖਾਂ,ਉਰਦੂ ਗ਼ਜ਼ਲ ਕੇ ਪਚਾਸ ਸਾਲ, ਪੰਨਾ ੨੭)

ਗ਼ਜ਼ਲ ਕਵਿਤਾ ਦੀ ਬੜੀ ਹੀ ਸੂਖ਼ਮ ਸਿਨਫ਼ ਹੈ। ਇੱਥੇ ਗ਼ਜ਼ਲ ਦੀ ਬਣਤਰ ਦੀ ਗੱਲ ਕਰਨੀ ਲਾਜ਼ਮੀ ਸਮਝਦਾ ਹਾਂ ਕਿਓਕਿ ਗ਼ਜ਼ਲ ਨਾਲ਼ ਸਬੰਧਤ ਕਈ ਅਜਿਹੇ ਸ਼ਬਦ ਮੇਰੀਆਂ ਗ਼ਜ਼ਲਾਂ ਵਿੱਚ ਆਉਂਣਗੇ ,ਜਿੰਨ੍ਹਾਂ ਦਾ ਸੰਬੰਧ ਗ਼ਜ਼ਲ ਦੀ ਬਣਤਰ ਨਾਲ਼ ਹੈ ਜਿਵੇਂ ਮਿਸਰਾ, ਮਤਲਾ, ਮਕਤਾ, ਆਦਿ।

ਮਿਸਰਾ:- ਸ਼ਿਅਰ ਦੀ ਇੱਕ ਤੁਕ ਨੂੰ ਮਿਸਰਾ ਕਿਹਾ ਜਾਂਦਾ ਹੈ।

ਸ਼ਿਅਰ:- ਦੋ ਤੁਕਾਂ ਜਾਂ ਮਿਸਰਿਆਂ ਨੂੰ ਮਿਲਾ ਕੇ ਇੱਕ ਸ਼ਿਅਰ ਬਣਦਾ ਹੈ।ਜਿਸ ਵਿੱਚ ਕਾਫ਼ੀਆ, ਰਦੀਫ਼, ਅਤੇ ਬਹਿਰ/ਤੋਲ ਨਿਸ਼ਚਿਤ ਕਰ ਲਏ ਜਾਂਦੇ ਹਨ। ਇੱਕ ਗ਼ਜ਼ਲ ਵਿੱਚ ਕਿੰਨੇ ਸ਼ਿਅਰ ਕਹੇ ਜਾਂਦੇ ਹਨ।ਇਸ ਬਾਰੇ ਵੱਖ-ਵੱਖ ਵਿਦਵਾਨਾਂ ਦੀ ਰਾਇ ਵੀ ਵੱਖ-ਵੱਖ ਹੈ ਜਿਵੇਂ:-
ਮੌਲਾਨਾ ਅਲਤਾਫ਼ ਹੁਸੈਨ ਅਨੁਸਾਰ:-੫ ਤੋਂ ੧੭ ਸ਼ਿਅਰ
ਡਾ.ਹਮਦਰਦ ਅਨੁਸਾਰ:- ੯ ਤੋਂ ੧੧ ਸ਼ਿਅਰ
ਜਨਾਬ ਦੀਪਕ ਜੈਤੋਈ ਅਨੁਸਾਰ:- ਗ਼ਜ਼ਲ ਵਿੱਚ ਵੱਧ ਤੋਂ ਵੱਧ ਸ਼ਿਅਰ ੧੫ ਹੋਣੇ ਚਾਹੀਦੇ ਹਨ। ਪੰਦਰਾਂ ਸ਼ਿਅਰਾਂ ਤੋਂ ਵੱਧ ਵਾਲ਼ੀ ਗ਼ਜ਼ਲ , ਗ਼ਜ਼ਲ ਨਹੀਂ ਰਹਿੰਦੀ 'ਕਸੀਦਾ' ਅਖਵਾਉਂਦਾ ਹੈ।
ਇੱਕ ਸ਼ਿਅਰ ਸੰਪੂਰਨ ਕਾਵਿ-ਇਕਾਈ ਹੁੰਦਾ ਹੈ।ਇੱਕ ਸ਼ਿਅਰ ਦਾ ਵਿਸ਼ਾ ਦੂਸਰੇ ਸ਼ਿਅਰ ਨਾਲ਼ ਸੰਬੰਧ ਨਹੀਂ ਰੱਖਦਾ, ਇਸ ਲਈ ਇੱਕ ਸ਼ਿਅਰ ਨੂੰ 'ਨਜ਼ਮ' ਵੀ ਕਿਹਾ ਜਾ ਸਕਦਾ ਹੈ।

ਮਤਲਾ:- ਗ਼ਜ਼ਲ ਦੀਆਂ ਪਹਿਲੀਆਂ ਦੋ ਤੁਕਾਂ ਜਾਂ ਮਿਸਰਿਆਂ ਨੂੰ ਗ਼ਜ਼ਲ ਦਾ ਮਤਲਾ ਕਿਹਾ ਜਾਂਦਾ ਹੈ। ਮਤਲੇ ਵਿੱਚ ਦੋਹਾਂ ਤੁਕਾਂ ਦਾ ਦੁਮੇਲ (ਕਾਫ਼ੀਆ ਰਦੀਫ਼) ਹੁੰਦਾ ਹੈ। ਆਮ ਪਾਠਕ ਨੂੰ ਕਾਫ਼ੀਆ ਰਦੀਫ਼ ਬਾਰੇ ਬਹੁਤਾ ਗਿਆਨ ਨਹੀਂ ਇਸ ਲਈ ਆਪਣੇ ਸ਼ਿਅਰ ਦਾ ਇੱਕ ਮਤਲਾ ਪੇਸ਼ ਕਰ ਰਿਹਾ ਹਾਂ :-
"ਵਫ਼ਾ ਦੀ ਬਾਤ ਦਾ ਤੈਥੋਂ ਹੁੰਗਾਰਾ ਭਰ ਨਹੀਂ ਹੋਣਾ।
ਪਤੈ ਮੈਨੂੰ ਤਲੀ 'ਤੇ ਸੀਸ ਤੈਥੋਂ ਧਰ ਨਹੀਂ ਹੋਣਾ।"
ਉਪਰੋਕਤ ਮਤਲੇ ਵਿੱਚ 'ਭਰ' ਤੇ 'ਧਰ' ਕਾਫ਼ੀਏ ਹਨ ਅਤੇ 'ਨਹੀਂ ਹੋਣਾ' ਰਦੀਫ਼ ਹੈ ਜੋ ਕਿ ਪੂਰੀ ਗ਼ਜ਼ਲ ਵਿੱਚ ਸਥਿਰ ਰਹੇਗਾ।
ਇੱਕ ਗ਼ਜ਼ਲ ਵਿੱਚ ਇੱਕ ਤੋਂ ਵੱਧ ਮਤਲੇ ਵੀ ਕਹੇ ਜਾ ਸਕਦੇ ਹਨ। ਉਸਨੂੰ ਮਤਲਾ ਸਾਨੀ ਜਾਂ ਹੁਸਨ-ਏ-ਮਤਲਾ ਵੀ ਕਿਹਾ ਜਾਂਦਾ ਹੈ। ਮਤਲਾ ਸਾਨੀ ਵਿੱਚ ਕਾਫ਼ੀਆ/ਰਦੀਫ਼ ਦਾ ਨਿਭਾ ਜ਼ਰੂਰੀ ਹੁੰਦਾ ਹੈ।

ਮਕਤਾ:- ਉਹ ਸ਼ਿਅਰ ਜਿਸ ਵਿੱਚ ਸ਼ਾਇਰ ਦਾ ਨਾਂ ਲਿਖਿਆ ਹੁੰਦਾ ਹੈ। ਉਸਨੂੰ ਮਕਤਾ ਸ਼ਿਅਰ ਕਿਹਾ ਜਾਂਦਾ ਹੈ।

ਜ਼ਮੀਨ:- ਜ਼ਮੀਨ ਤੋਂ ਭਾਵ ਗ਼ਜ਼ਲ ਵਿੱਚ ਵਰਤੇ ਕਾਫ਼ੀਏ, ਰਦੀਫ਼ ਅਤੇ ਬਹਿਰ ਤੋਂ ਹੁੰਦਾ ਹੈ।

ਪੁਸਤਕ ਵਿੱਚ ਗ਼ਜ਼ਲ ਦੇ ਹੋਰ ਕਈ ਰੂਪ ਮਿਲਣਗੇ ਜਿੰਨ੍ਹਾਂ ਬਾਰੇ ਆਮ ਪਾਠਕ ਨੂੰ ਜਾਣਕਾਰੀ ਦੇਣੀ ਬਣਦੀ ਹੈ:-
੧. ਮੁਸਤਜ਼ਾਦ :- ਮੁਸਤਜ਼ਾਦ ਦਾ ਅਰਥ ਹੈ ਵਾਧਾ ਕਰਨਾ। ਜਦੋਂ ਕਿਸੇ ਬਹਿਰ ਦੇ ਆਮ ਰੁਕਨਾ ਵਿੱਚ ਇੱਕ/ਦੋ ਰੁਕਨ ਜੋੜ ਕੇ ਗ਼ਜ਼ਲ ਕਹੀ ਜਾਵੇ ਤਾਂ ਉਸਨੂੰ ਮੁਸਤਜ਼ਾਦ ਕਿਹਾ ਜਾਂਦਾ ਹੈ।ਇਸ ਕਿਤਾਬ ਵਿੱਚ ਜੋ ਮੁਸਤਜ਼ਾਦ ਗ਼ਜ਼ਲ ਕਹੀ ਗਈ ਹੈ ਉਹ 'ਹਜ਼ਜ਼ ਬਹਿਰ' ਵਿੱਚ ਹੈ। ਜਿਸਦੇ ਆਮ ਤੋਰ 'ਤੇ ਚਾਰ ਰੁਕਨ (ਮੁਫ਼ਾਈਲੁਨ, ਮੁਫ਼ਾਈਲੁਨ, ਮੁਫ਼ਾਈਲੁਨ, ਮੁਫ਼ਾਈਲੁਨ) ਹੁੰਦੇ ਹਨ ਪਰ ਇਸ ਵਿੱਚ ਦੋ ਰੁਕਨਾਂ ਦਾ ਵਾਧਾ ਕੀਤਾ ਗਿਆ ਹੈ ਇੰਝ ਇਹ ਗ਼ਜ਼ਲ ਮੁਫ਼ਾਈਲੁਨ ਣ ੬ (ਇੱਕ ਮਿਸਰੇ ਵਿੱਚ) ਦੀ ਹੋ ਗਈ ਹੈ।
੨. ਟੁੱਕੜੀਆਂ ਵਾਲ਼ੀ ਗ਼ਜ਼ਲ:- ਜਿਸ ਗ਼ਜ਼ਲ ਵਿੱਚ ਸ਼ਬਦ ਟੁੱਕੜੀਆਂ ਹੋਣ ਉਸਨੂੰ ਟੁੱਕੜੀਆਂ ਵਾਲ਼ੀ ਗ਼ਜ਼ਲ ਆਖਦੇ ਹਨ।
੩. ਆਦਿ ਕਾਫ਼ੀਆ ਗ਼ਜ਼ਲ:- ਜਿਸ ਗ਼ਜ਼ਲ ਵਿੱਚ ਵਰਤਿਆ ਗਿਆ ਕਾਫ਼ੀਆ ਪਹਿਲੇ ਮਿਸਰੇ ਦੇ ਸ਼ੁਰੂ ਵਿੱਚ ਵੀ ਵਰਤਿਆ ਜਾਵੇ। ਉਸ ਨੂੰ ਆਦਿ ਕਾਫ਼ੀਆ ਗ਼ਜ਼ਲ ਕਿਹਾ ਜਾਂਦਾ ਹੈ।
੪. ਤਜ਼ਮੀਨ:- ਤਜ਼ਮੀਨ ਤੋਂ ਭਾਵ ਹੈ ਕਿਸੇ ਦੀ ਕਹੀ ਗਈ ਗੱਲ ਵਿੱਚ ਵਾਧਾ ਕਰਨਾ। ਪਿੱਛੇ ਇੱਕ ਤਜ਼ਮੀਨ ਕਹੀ ਗਈ ਹੈ। ਜਿਸ ਵਿੱਚ ਪਹਿਲੇ ਦੋ ਸ਼ਿਅਰ ਕਹਿ ਕੇ 'ਅਮਰ ਸੂਫ਼ੀ' ਜੀ ਦੀ ਗੱਲ ਵਿੱਚ ਮੇਰੇ ਵੱਲੋਂ ਵਾਧਾ ਕੀਤਾ ਗਿਆ ਹੈ।
੫. ਬੱਯਕ ਕਾਫ਼ੀਆ ਗ਼ਜ਼ਲ:- ਬੱਯਕ ਕਾਫ਼ੀਆ ਗ਼ਜ਼ਲ ਵਿੱਚ ਮਤਲੇ ਤੋਂ ਬਾਅਦ ਇੱਕੋ ਕਾਫ਼ੀਏ ਨਾਲ਼ ਗ਼ਜ਼ਲ ਕਹੀ ਜਾਂਦੀ ਹੈ।
੬. ਤ੍ਰੈ ਕਾਫ਼ੀਆ ਗ਼ਜ਼ਲ:- ਇਸ ਤਰ੍ਹਾਂ ਦੀ ਗ਼ਜ਼ਲ ਦੇ ਇੱਕ ਮਿਸਰੇ ਵਿੱਚ ਤਿੰਨ ਕਾਫ਼ੀਏ ਆਉਂਦੇ ਹਨ ।
੭. ਅਖਾਣਾਂ ਵਾਲ਼ੀ ਗ਼ਜ਼ਲ:- ਇਸ ਤਰ੍ਹਾਂ ਦੀ ਗ਼ਜ਼ਲ ਵਿੱਚ ਵੱਖ-ਵੱਖ ਤਰ੍ਹਾਂ ਦੇ ਅਖਾਣ ਹਰ ਸ਼ਿਅਰ ਵਿੱਚ ਕਹੇ ਜਾਂਦੇ ਹਨ।
੮. ਚਹੁੰ ਕਾਫ਼ੀਆ ਗ਼ਜ਼ਲ:- ਚਹੁੰ ਕਾਫ਼ੀਆ ਗ਼ਜ਼ਲ ਬਹੁਤ ਘੱਟ ਕਹੀ ਗਈ ਹੈ। ਇਸ ਵਿੱਚ ਇੱਕ ਮਿਸਰੇ ਵਿੱਚ ਚਾਰ ਕਾਫ਼ੀਏ ਵਰਤੇ ਜਾਂਦੇ ਹਨ।
੯. ਸਹਿ-ਗ਼ਜ਼ਲਾਂ/ ਤਿਗ਼ਜ਼ਲ:- ਸਹਿ-ਗ਼ਜ਼ਲਾਂ ਜਾਂ ਤਿਗ਼ਜ਼ਲ ਵਿੱਚ ਤਿੰਨ ਗ਼ਜ਼ਲਾਂ ਹੁੰਦੀਆਂ ਹਨ ਦੋ ਗ਼ਜ਼ਲਾਂ ਆਪਣੇ ਆਪ ਵਿੱਚ ਸੰਪੂਰਨ ਗ਼ਜ਼ਲਾਂ ਹੁੰਦੀਆਂ ਹਨ ਜਦੋਂ ਕਿ ਤੀਸਰੀ ਗ਼ਜ਼ਲ ਦੋਹਾਂ ਨੂੰ ਇਕੱਠਿਆਂ ਜੋੜ ਕੇ ਪੜ੍ਹਨ 'ਤੇ ਸੰਪੂਰਨ ਹੁੰਦੀ ਹੈ।

ਰੁਬਾਈ/ਚੌਬਰਗਾ ਕੀ ਹੈ? -ਜਿਸ ਦੀਆਂ ਚਾਰ ਤੁਕਾਂ ਹੋਣ ਉਸਨੂੰ ਉਰਦੂ ਵਾਲ਼ੇ ਰੁਬਾਈ ਆਖਦੇ ਹਨ ਤੇ ਪੰਜਾਬੀ 'ਚ ਚੌਬਰਗਾ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਤੇ ਪ੍ਰੋ. ਮੋਹਨ ਸਿੰਘ ਨੇ ਕਈ ਚੌਬਰਗੇ ਲਿਖੇ।

ਨਜ਼ਮ ਕੀ ਹੈ?-ਨਜ਼ਮ ਗ਼ਜ਼ਲ ਵਾਂਗ ਹੀ ਹੁੰਦੀ ਹੈ ਪਰ ਸਮੁੱਚੀ ਨਜ਼ਮ ਦਾ ਵਿਸ਼ਾ ਇੱਕ ਹੁੰਦਾ ਹੈ ਪਰ ਗ਼ਜ਼ਲ ਦਾ ਹਰ ਸ਼ਿਅਰ ਵੱਖੋ-ਵੱਖਰੇ ਵਿਸ਼ੇ ਦਾ ਹੁੰਦਾ ਹੈ।

ਕਵਿਤਾ ਤੇ ਖੁੱਲ੍ਹੀ ਕਵਿਤਾ ਕੀ ਹੈ?- ਪਿੰਗਲ ਦੇ ਨਿਯਮਾਂ ਅਨੁਸਾਰ ਲਿਖੀ ਰਚਨਾ ਕਵਿਤਾ ਅਖਵਾਉਂਦੀ ਹੈ ਜਿਵੇਂ ਭਾਈ ਵੀਰ ਸਿੰਘ ਦੀ ਰਚਨਾ ਕਵਿਤਾ ਦਾ ਹੀ ਰੂਪ ਹੈ। ਪ੍ਰੋ.ਪੂਰਨ ਸਿੰਘ ਦੀ ਸਾਰੀ ਕਵਿਤਾ ਛੰਦ ਰਹਿਤ ਹੈ ਜਿਸਨੂੰ ਕਿ ਖੁੱਲ੍ਹੀ ਕਵਿਤਾ ਕਿਹਾ ਜਾਂਦਾ ਹੈ, ਇਸ ਵਿੱਚ ਛੰਦ-ਵਿਧਾਨ ਦੀ ਵਰਤੋਂ ਨਹੀਂ ਹੁੰਦੀ ਪਰ ਇਸ ਤਰ੍ਹਾਂ ਦੀ ਕਵਿਤਾ ਵਿੱਚ ਵੀ ਲੈਅ-ਪ੍ਰਬੰਧ ਹੁੰਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਵਿਤਾ ਈਸ਼ਵਰੀ ਦਾਤ ਹੈ। ਪਿੰਗਲ ਤੇ ਅਰੂਜ਼ ਕਿਸੇ ਨੂੰ ਧੱਕੇ ਨਾਲ ਸ਼ਾਇਰ ਨਹੀਂ ਬਣਾ ਸਕਦੇ। ਗ਼ਜ਼ਲ ਇੱਕ ਕਰਾਫ਼ਟਮੈਨਸ਼ਿੱਪ (ਸ਼ਿਲਪ ਕਲਾ) ਹੈ। ਗ਼ਜ਼ਲ ਵਿੱਚ ਵਜ਼ਨ ਬਹਿਰ ਦਾ ਹੋਣਾ ਲਾਜ਼ਮੀ ਹੈ ਪਰ ਸਿਰਫ਼ ਵਜ਼ਨ/ਬਹਿਰ ਨਾਲ਼ ਕੋਈ ਰਚਨਾ ਗ਼ਜ਼ਲ ਨਹੀਂ ਬਣਦੀ। ਗ਼ਜ਼ਲ ਵਿੱਚ ਅਹਿਸਾਸ ਜਾਂ ਵਿਚਾਰਾਂ ਦਾ ਹੋਣਾ ਵੀ ਲਾਜ਼ਮੀ ਹੈ। ਅਸਲ 'ਚ ਵਜ਼ਨ/ਬਹਿਰ ਅਤੇ ਅਹਿਸਾਸ ਦੇ ਸੁਮੇਲ ਨਾਲ਼ ਹੀ ਗ਼ਜ਼ਲ ਜਨਮ ਲੈਂਦੀ ਹੈ।
ਸਾਹਿਤ ਦੀ ਸਿਰਜਣਾ ਇੱਕ ਸਮਾਜਿਕ ਵਰਤਾਰਾ ਹੈ। ਸਮਾਜਿਕ ਪਰਿਵਰਤਨ ਸਾਹਿਤ ਦੇ ਪਰਿਵਰਤਨ ਦਾ ਮੂਲ ਕਾਰਨ ਹਨ। ਜਦੋਂ ਅਸੀਂ ਪੁਰਾਤਨ ਸਾਹਿਤ ਵੱਲ ਝਾਤੀ ਮਾਰਦੇ ਹਾਂ ਤਾਂ ਪਤਾ ਲੱਗਦੈ ਕਿ ਸਾਹਿਤ ਵਿੱਚ ਕਦੇ "ਮਹਾਂ –ਕਾਵਿ" ਦਾ ਸ਼੍ਰੋਮਣੀ ਸਥਾਨ ਸੀ। ਅੱਜ ਦੀ ਜਟਿੱਲ , ਬਹੁ-ਰੰਗੀ, ਬਹੁ-ਦਿਸ਼ਾਵੀਂ, ਬਹੁ-ਪਰਤੀ ਤੀਖਣ ਤੇ ਫਸਵੀ ਟੱਕਰ ਵਾਲ਼ੀ ਜ਼ਿੰਦਗੀ ਵਿੱਚ ਮਨੁੱਖ ਜਿੱਥੇ ਵਿਗਿਆਨਕ ਹੋ ਗਿਆ ਹੈ ਉੱਥੇ ਨਾਲ਼ ਹੀ ਸਾਹਿਤ ਤੇ ਕਲਾ ਵਿੱਚ ਨਵੀਆਂ ਸਿਖਰਾਂ ਛੂਹਣ ਲਈ ਨਵੇਂ ਕਲਮਕਾਰ ਤਤਪਰ ਹਨ। ਕਈ ਰਵਾਇਤੀ ਬੰਦਿਸ਼ਾਂ ਤੋਂ ਮੁਕਤ ਹੋ ਕੇ ਵਿਚਰਨਾ ਚਾਹੁੰਦੇ ਹਨ ਤੇ ਵਿਚਰ ਵੀ ਰਹੇ ਹਨ।

ਡਾ.ਐਸ ਤਰਸੇਮ ਅਨੁਸਾਰ "ਆਧੁਨਿਕ ਗ਼ਜ਼ਲ ਦੇ ਕਿਸੇ ਸ਼ਿਅਰ ਦਾ ਕਾਵਿ-ਬਿੰਬ ਯਥਾਰਥ ਬੋਧ ਦੇ ਸਮੁੱਚ ਦਾ ਕਲਾਤਮਕ ਰੂਪ ਹੁੰਦਾ ਹੈ ਜਿਹੜਾ ਰਾਜਨੀਤਕ, ਸਮਾਜਿਕ-ਸਾਂਸਕ੍ਰਿਤਕ, ਧਾਰਮਿਕ, ਇਤਿਹਾਸਿਕ, ਕੌਮੀ, ਕੌਮਾਂਤਰੀ, ਸਥਿਤੀਆਂ/ਪ੍ਰਸਥਿਤੀਆਂ ਦੀਆਂ ਸੰਗਤੀਆ/ਵਿਸੰਗਤੀਆਂ ਵਿੱਚੋਂ ਹੋਂਦ ਗ੍ਰਹਿਣ ਕਰਦਾ ਹੈ।"
ਕੋਈ ਕਵੀ ਸਹਿਤ ਦੀ ਕਿਸੇ ਨਾ ਕਿਸੇ ਪ੍ਰਵਿਰਤੀ ਨਾਲ਼ ਸਬੰਧਤ ਜ਼ਰੂਰ ਹੁੰਦਾ ਹੈ। ਯਥਾਰਥਵਾਦ, ਰੁਮਾਂਸਵਾਦ, ਪ੍ਰਗਤੀਵਾਦ, ਰਹੱਸਵਾਦ, ਜੁਝਾਰਵਾਦੀ, ਆਦਿ ਇਹਨਾਂ ਪ੍ਰਵਿਰਤੀਆਂ ਵਿੱਚੋਂ ਕਿਸੇ ਨਾ ਕਿਸੇ ਦਾ ਪ੍ਰਭਾਵ ਕਵੀ ਦੇ ਮਨ ਨੂੰ ਜ਼ਰੂਰ ਛੂਹਦਾ ਹੈ। ਕਲਪਨਾ ਦੀ ਪਰਵਾਜ਼ 'ਚੋ ਸ਼ਬਦਾਂ ਨੂੰ ਲੜੀਬੱਧ ਪਰੋਅ ਕੇ ਕਵਿਤਾ ਨੂੰ ਜਨਮ ਦਿੰਦਾ ਹੈ ਤੇ ਪਾਠਕ ਦਾ ਮਨ ਉਸ ਕਵਿਤਾ ਦੇ ਨਾਲ਼ ਹੋ ਤੁਰਦਾ ਹੈ।
ਸ਼ਾਇਰੀ ਦੇ ਦੋ ਰੰਗ ਹਨ ਖ਼ਾਰਜੀਅਤ ਅਤੇ ਦਾਖ਼ਲੀਅਤ। ਖ਼ਾਰਜੀਅਤ ਉਹ ਸ਼ਾਇਰੀ ਹੈ ਜਿਸ ਵਿੱਚ ਮਹਿਬੂਬ ਦੇ ਹੁਸਨ ਦੀ ਤਾਰੀਫ਼ ਹੁੰਦੀ ਹੈ। ਆਧੁਨਿਕ ਗ਼ਜ਼ਲ ਵਿੱਚ ਇਸ ਦਾ ਇੱਕ ਹੋਰ ਰੂਪ ਸਾਹਮਣੇ ਆਇਆ ਹੈ। ਜਿਸ ਨੂੰ 'ਸਰਾਪਾ' ਵੀ ਕਿਹਾ ਜਾਂਦਾ ਹੈ। 'ਸਰਾਪਾ' ਇੱਕ ਅਜਿਹੀ ਗ਼ਜ਼ਲ ਹੁੰਦੀ ਹੈ, ਜਿਸ ਵਿੱਚ ਤਾਰੀਫ਼ ਕੀਤੀ ਜਾਂਦੀ ਹੈ, ਚਾਹੇ ਉਹ ਤਾਰੀਫ਼ ਸਿਰ ਤੋਂ ਲੈ ਕੇ ਪੈਰਾਂ ਤੱਕ ਮਹਿਬੂਬ ਦੀ ਹੋਵੇ ਜਾਂ ਕੁਦਰਤ ਦੀ।
ਜਦੋਂ ਅਸੀਂ ਦੂਸਰੀ ਤਰ੍ਹਾਂ ਦੀ ਸ਼ਾਇਰੀ ਦੀ ਗੱਲ ਕਰਦੇ ਹਾਂ ਜਿਸਨੂੰ ਕਿ ਦਾਖ਼ਲੀਅਤ ਕਿਹਾ ਜਾਂਦਾ ਹੈ ਇਸ ਵਿੱਚ ਦਿਲ ਦੀ ਗੱਲ, ਦਿਲ ਦੇ ਦਰਦਾਂ ਦੀ ਗੱਲ, ਦਿਲ ਦੀ ਜ਼ੁਬਾਨ ਦੀ ਗੱਲ ਕੀਤੀ ਜਾਂਦੀ ਹੈ।
ਗ਼ਜ਼ਲ ਕਹਿਣ ਲੱਗਿਆਂ ਇਸ਼ਾਰੀਅਤ ਅਤੇ ਰਮਜ਼ੀਅਤ ਦਾ ਪ੍ਰਯੋਗ ਕਰਨ ਵਾਲ਼ੇ ਅਸਲ ਸ਼ਾਇਰ ਅਖਵਾਉਂਦੇ ਹਨ।
ਗ਼ਜ਼ਲ ਕਹਿਣੀ ਬੜੀ ਔਖੀ ਹੈ। ਸੌਖੇ ਢੰਗ ਨਾਲ਼ ਕਹਿਣੀ ਹੋਰ ਵੀ ਔਖੀ ਹੈ। ਮੈਂ ਆਪਣਾ ਪਹਿਲਾ ਗ਼ਜ਼ਲ-ਸੰਗ੍ਰਹਿ ਲੈ ਕੇ ਹਾਜ਼ਰ ਹੋਇਆ ਸੀ, ਜਿਸਦਾ ਤੀਸਰਾ ਸੰਸਕਰਣ ਪਾਠਕਾਂ ਨੂੰ ਸੌਂਪਣ ਜਾ ਰਿਹਾ ਹਾਂ। ਪਹਿਲਾ ਸੰਸਕਰਣ ਛਾਪਣ ਲੱਗਿਆ ਅਕਸਰ ਸੁਣਦਾ ਸਾਂ ਕਿ ਕਵਿਤਾ ਦੇ ਪਾਠਕ ਘੱਟ ਹਨ ਤੇ ਗ਼ਜ਼ਲ ਦੇ ਤਾਂ ਉਸ ਤੋਂ ਵੀ ਘੱਟ ਪਰ ਮੈਨੂੰ ਅਜਿਹਾ ਕੁਝ ਵੀ ਮਹਿਸੂਸ ਨਹੀਂ ਹੋਇਆ। ਵਿਧਾ ਆਪਣੇ ਪਾਠਕ ਆਪ ਭਾਲਦੀ ਹੈ ਤੇ ਪਾਠਕ ਚੰਗੀ ਰਚਨਾ ਦੀ ਸ਼ੁਰੂ ਤੋਂ ਕਦਰ ਕਰਦੇ ਆਏ ਹਨ।
ਆਸ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ। ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਾਲੀ ਖ਼ਾਦਿਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ