Ghazal Guljar : Hari Kishan Ratan
ਗ਼ਜ਼ਲ ਗੁਲਜ਼ਾਰ (ਗ਼ਜ਼ਲ ਸੰਗ੍ਰਹਿ) : ਹਰੀ ਕਿਸ਼ਨ 'ਰਤਨ'
ਇਨਸਾਨ ਹਾਂ
ਆਇਆ ਇਥੇ ਬਣ ਕੇ ਇਕ ਮਿਹਮਾਨ ਹਾਂ, ਕਰ ਰਿਹਾ ਸਦੀਆਂ ਦਾ ਪਰ ਸਾਮਾਨ ਹਾਂ। ਆਦਮੀ ਹਾਂ— ਸ੍ਰਿਸ਼ਟ ਦੀ ਮੈਂ ਸ਼ਾਨ ਹਾਂ, ਅੱਜ ਭਾਵੇਂ ਬਣ ਰਿਹਾ ਹੈਵਾਨ ਹਾਂ। ਕੋਈ ਮੈਨੂੰ ਕੁਝ ਵੀ ਆਖੇ ਪਿਆ, ਮੈਂ ਨਾ ਹਿੰਦੂ ਹਾਂ ਨਾ ਮੁੱਸਲਮਾਨ ਹਾਂ। ਮੇਰੇ ਅੱਗੇ ਸੀ ਫ਼ਰਿਸ਼ਤੇ ਵੀ ਝੁਕੇ, ਭਾਵੇਂ ਅਜ ਘੱਟੀਆ ਜਿਹਾ ਇਨਸਾਨ ਹਾਂ । ਜ਼ੋਰ ਕੁਝ ਚਲਦਾ ਨਹੀਂ ਤਦਬੀਰ ਦਾ, ਕਰ ਰਿਹਾ ਤਕਦੀਰ ਨੂੰ ਪਰਵਾਨ ਹਾਂ। ਓਸ ਨੇ ਪੁਛਿਆ ਕਦੇ ਮੇਰਾ ਨਾ ਹਾਲ, ਵਾਰਦਾ ਜਿਸ ਤੇ ਰਿਹਾ ਮੈਂ ਜਾਨ ਹਾਂ। ਵੱਜਦੀ ਹੈ ਏਸ ਜੀਵਨ ਦੀ ਸਤਾਰ, ਗਾ ਰਿਹਾ ਹਾਂ ਭਾਵੇਂ ਕੁਝ ਬੇਤਾਨ ਹਾਂ ॥ ਮੇਰਾ ਦਿਲ ਹੈ ਇਕ ਖਜ਼ਾਨਾ ਪਿਆਰ ਦਾ, ਹੋਰ ਸਾਰੇ ਔਗਣਾਂ ਦੀ ਖਾਨ ਹਾਂ। ਅਪਣੇ ਆਪੇ ਦੀ ਖ਼ਬਰ ਕੋਈ ਨਹੀਂ, ਫ਼ਲਸਫ਼ੀ ਭਾਵੇਂ ਬੜਾ ਵਿਦਵਾਨ ਹਾਂ। ਭੁੱਖ ਹੈ ਬਸ ਇਕ ਤੇਰੇ ਪਿਆਰ ਦੀ, ਮੰਗਦਾ ਨਾ ਹੋਰ ਕੋਈ ਦਾਨ ਹਾਂ। ਮੈਂ ਨਿਮਾਣਾ ਤੇਰੇ ਦਰ ਦਾ ਹਾਂ ਫ਼ਕੀਰ, ਅਪਣੇ ਘਰ ਵਿਚ ਭਾਵੇਂ ਮੈ ਸੁਲਤਾਨ ਹਾਂ। ਗ਼ਜ਼ਲ ਪੰਜਾਬੀ ਦੇ ਵਿਚ ਲਿਖ ਕੇ ‘ਰਤਨ’, ਕਰ ਰਿਹਾ ਤੱਈਆਰ ਇੱਕ ਮੈਦਾਨ ਹਾਂ।
ਅਨੋਖਾ ਰੰਗ ਹੈ ?
ਅੱਜ ਦੁਨੀਆਂ ਦਾ ਅਨੋਖਾ ਰੰਗ ਹੈ ਸੁਲਹ ਦਾ ਚਰਚਾ ਹੈ ਕਿਧਰੇ ਜੰਗ ਹੈ। ਐਸ਼ ਵਿਚ ਗ਼ਲਤਾਨ ਦਿਸਦਾ ਹੈ ਅਮੀਰ, ਭੁੱਜਦੀ ਮਜ਼ਦੂਰ ਦੇ ਘਰ ਭੰਗ ਹੈ। ਭੇਦ ਕੁਦਰਤ ਦੇ ਅਜੇ ਵੀ ਭੇਦ ਹਨ, ਆਦਮੀ ਦੀ ਅਕਲ ਇਥੇ ਦੰਗ ਹੈ । ਤੂੰ ਦੁਆ ਹੀ ਮੰਗ ਦੁਨੀਆਂ ਵਾਸਤੇ, ਹੱਥ ਹੈ ਜੋ ਤੰਗ ਦਿਲ ਵੀ ਤੰਗ ਹੈ । ਦਿਲ ਦਾ ਸ਼ੀਸ਼ਾ ਟੁੱਟ ਕੇ ਜੁੜਦਾ ਨਹੀਂ, ਜਿਸ ਤਰਾਂ ਟੁਟੀ ਨਾ ਜੁੜਦੀ ਵੰਗ ਹੈ। ਪ੍ਰੇਮ ਜੀਵਨ ਵਿਚ ਭਰਦਾ ਸੁਆਦ, ਪ੍ਰੇਮ ਬਿਨ ਇਹ ਜ਼ਿੰਦਗੀ ਬੇਰੰਗ ਹੈ । ਇਕ ਤੇਰੇ ਦਰਸ਼ਣਾਂ ਦੀ ਭੁੱਖ ਹੈ, ਹੋਰ ਇਸ ਬੰਦੇ ਦੀ ਕਿਹੜੀ ਮੰਗ ਹੈ । ਨਾਲ ਗ਼ੈਰਾਂ ਦੇ ਤੁਸੀਂ ਹਸਦੇ ਰਹੇ, ਪਰ ਅਸਾਥੋਂ ਲੱਗਦੀ ਕਿਉਂ ਸੰਗ ਹੈ ? ਜਿਸ ਤੇ ਮੰਤਰ ਦਾ ਅਸਰ ਦਿਸਦਾ ਨਹੀਂ, ਇਸ਼ਕ ਦਾ ਕੁਝ ਇਸ ਤਰ੍ਹਾਂ ਦਾ ਡੰਗ ਹੈ । ਅੱਖਾਂ ਅੱਖਾਂ ਵਿਚ ਹੀ ਦਿਲ ਲੈ ਗਏ, ਦੇਖਿਆ ਚੋਰੀ ਦਾ ਇਹ ਵੀ ਢੰਗ ਹੈ । ਰੱਬ ਦਾ ਸੰਸਾਰ ਖੁਲ੍ਹਾ ਹੈ ਬਹੁਤ, ਪੈਰ ਨਾ ਦਰਵੇਸ਼ ਦਾ ਜੇ ਲੰਗ* ਹੈ। ਕੱਢ ਹੀ ਲੈਂਦਾ ਹਾਂ ਮੈਂ ਦਿਲ ਦਾ ਉਬਾਲ, ਗ਼ਜ਼ਲ ਦਾ ਮੈਦਾਨ ਭਾਵੇਂ ਤੰਗ ਹੈ। ਹੋਰ ਵੀ ਸ਼ਾਇਰ ਗ਼ਜ਼ਲ ਲੈਂਦੇ ਨੇ ਲਿਖ ‘ਰਤਨ’ਤੇਰਾ ਰੰਗ ਅਪਣਾ ਰੰਗ ਹੈ। *ਲੰਗੜਾ ।
ਪਿਆਰ ਕਰਦੇ ਨੇ
ਕੌਣ ਕਹਿੰਦਾ ਏ ਪਿਆਰ ਕਰਦੇ ਨੇ, ਐਵੇਂ ਦਿਲ ਨੂੰ ਸ਼ਿਕਾਰ ਕਰਦੇ ਨੇ। ਕੋਈ ਦੁਸ਼ਮਣ ਨਾ ਇੰਝ ਕਰਦਾ ਹੈ, ਜਿਸ ਤਰ੍ਹਾਂ ਅੱਜ ਯਾਰ ਕਰਦੇ ਨੇ। ਉਸ ਨੇ ਮੂੰਹ ਤੋਂ ਕਦੀ ਨਾ ਚੁਕਿਆ ਘੁੰਡ, ਭਾਵੇਂ ਤਰਲੇ ਹਜ਼ਾਰ ਕਰਦੇ ਨੇ। ਅਪਣੀ ਆਮਦ ਦੇ ਨਾਲ ਉਹ ਪ੍ਰੀਤਮ, ਪੱਤਝੜਾਂ ਨੂੰ ਬਹਾਰ ਕਰਦੇ ਨੇ । ਲੈ ਕੇ ਦਿਲ ਸਾਨੂੰ ਉਹ ਭੁਲਾ ਬੈਠੇ, ਹੁਣ ਨਾ ਅੱਖਾਂ ਵੀ ਚਾਰ ਕਰਦੇ ਨੇ। ਪ੍ਰੇਮ ਦਾ ਨਿਕਲੇਗਾ ਕੀ ਸਿੱਟਾ, ਇਹ ਨਾ ਆਸ਼ਿਕ ਵਿਚਾਰ ਕਰਦੇ ਨੇ। ਕਹਿਣ ਵਾਲੇ ਤਾਂ ਲੱਖ ਕਹਿੰਦੇ ਨੇ; ਕਰਨ ਵਾਲੇ ਤਾਂ ਪਿਆਰ ਕਰਦੇ ਨੇ। ਘਾਟੇ ਵਾਧੇ ਨਾ ਸੋਚਦੇ ਨੇ ਉਹ, ਇਸ਼ਕ ਦਾ ਜੋ ਵਪਾਰ ਕਰਦੇ ਨੇ। ਨਾਮ ਜਪਦੇ ਨੇ ਸੁਰਗ ਦੀ ਖ਼ਾਤਰ, ਭਗਤ ਜੀ ਵੀ ਵਪਾਰ ਕਰਦੇ ਨੇ। ‘ਰਤਨ' ਹੋਰੀਂ ਤਾਂ ਸ਼ਿਅਰ ਲਿਖਦੇ ਨੇ, ਹੋਰ ਕੀ ਕੰਮ ਕਾਰ ਕਰਦੇ ਨੇ।
ਅੱਖ ਵੀ ਚੁਰਾਈ ਹੈ
ਸਾਡੀ ਬੁਰਾਈ ਭਾਈ ਹੈ, ਕਿਥੋਂ ਉਸ ਨੇ ਇ (ਹ) ਮੱਤ ਪਾਈ ਹੈ । ਇਸ਼ਕ ਦੀ ਅੱਗ ਆਪ ਲਗਦੀ ਹੈ, ਮੁੜ ਨਾ ਬੁਝਦੀ ਇ (ਹ) ਪਰ ਬੁਝਾਈ ਹੈ । ਓਸ ਸੁਹਣੇ ਦਾ ਹਾਲ ਕੀ ਦੱਸਾਂ, ਦਿਲ ਬੁਰਾ ਅੱਖ ਵੀ ਚੁਰਾਈ ਹੈ । ਚੰਦ ਤੱਕ ਤਾਂ ਮੈਂ ਪੁੱਜ ਸਕਦਾ ਹਾਂ, ਔਖੀ ਪਰ ਯਾਰ ਤਕ ਰਸਾਈ ਹੈ। ਭੋਲਾ ਦਿਲ ਹੁਣ ਨਾ ਪਾ ਸਕੇਗਾ ਕਦੇ, ਜ਼ੁਲਫ਼ ਦੀ ਕੈਦ ਤੋਂ ਰਿਹਾਈ ਹੈ। ਝਾੜ ਪੱਲਾ ਅਖ਼ੀਰ ਟੁਰਦਾ ਹੈ, ਬੰਦਾ ਕਰਦਾ ਬੜੀ ਕਮਾਈ ਹੈ। ਅੱਖ ਖੁਲ੍ਹੀ ਨਾ ਮੁੜ ਕਦੇ ਉਸ ਦੀ, ਮੌਤ ਦੀ ਜਿਸ ਨੂੰ ਨੀਂਦ ਆਈ ਹੈ। ਇਸ਼ਕ ਦਾ ਤੀਰ ਹੈ ਕਿ ਜਿਸ ਹੱਥੋਂ, ਜਾਨ ਬੱਚਦੀ ਨਹੀਂ ਬਚਾਈ ਹੈ। ਹੈ ਸੁਆਰਥ ਦਾ ਪਿਆਰ ਦੁਨੀਆਂ ਵਿਚ, ਗੱਲ ਅਕਸਰ ਇਹ ਆਜ਼ਮਾਈ ਹੈ। ਉਠਾਂਗੇ ਹੁਣ ਮੁਰਾਦ ਪਾ ਕੇ ਹੀ, ਧੂਣੀ ਦਰ ਤੇਰੇ ਆ ਰਮਾਈ ਹੈ। ਬਿੱਜ ਪੈਂਦੀ ਹੈ ਆ ਅਕਾਸ਼ਾਂ ਤੋਂ, ਬਸਤੀ ਦਿਲ ਦੀ ਜਦੋਂ ਬਸਾਈ ਹੈ। ਜਾਨ ਲੈ ਕੇ ਵੀ ਨਾ ਕਹੇਂ ਅਪਣਾ, ਯਾਰ ਇਹ ਤੇਰੀ ਬੇਵਫ਼ਾਈ ਹੈ। ਪ੍ਰੇਮ ਨੂੰ ਸਾਡੇ ਜੀਭ ਮਿਲ ਨਾ ਸਕੀ, ਪ੍ਰੀਤ ਕੀਤੀ, ਨਾ ਪਰ ਜਤਾਈ ਹੈ। ਫੁੱਲ ਸਾਰੇ ਉਦਾਸ ਦਿਸਦੇ ਨੇ, ਇਹ ਅਨੋਖੀ ਬਹਾਰ ਆਈ ਹੈ। ਨਬਜ਼ ਫੜ ਫੜ ਹਕੀਮ ਕੀ ਦੇਖੇਂ, ਇਸ਼ਕ ਦੀ ਵੀ ਕੋਈ ਦਵਾਈ ਹੈ ? ਇਥੇ ਜਿਸ ਚੀਜ਼ ਨੂੰ ਕਿਹਾ ਅਪਣੀ, ਮੌਤ ਕਹਿੰਦੀ ਹੈ ਇਹ ਪਰਾਈ ਹੈ । ਇਸ਼ਕ ਨੇ ਸਾਨੂੰ ਕੀਤਾ ਹੈ ਬਦਨਾਮ, ਪਿਆਰ ਹੈ ਇਹ ਕਿ ਜੱਗ ਹਸਾਈ ਹੈ ? ਸਾਨੂੰ ਭਾਵੇਂ ਮਿਲਾਪ ਦੀ ਸੀ ਆਸ, ਪੈ ਗਈ ਪੱਲੇ ਪਰ ਜੁਦਾਈ ਹੈ। ਭਾਈ ਸੁਰਗਾਂ ਦੇ ਗੀਤ ਗਾਂਦਾ ਹੈ, ਗੱਲ ਭਾਵੇਂ ਸੁਣੀ ਸੁਣਾਈ ਹੈ। ਰੱਬ ਦਾ ਨਾਂ ਜ਼ਬਾਨ ਲੈਂਦੀ ਹੈ, ਦਿਲ ਦੇ ਅੰਦਰ ਨਾ ਪਰ ਸਫ਼ਾਈ ਹੈ। ਕਾਰੀਗਰ ਉਹ ਕਮਾਲ ਕਾਰੀਗਰ, ਜਿਸ ਨੇ ਸੂਰਤ ਤਿਰੀ ਬਣਾਈ ਹੈ। ਰੱਬ ਦਾ ਭੇਦ ਕੀ ਮੈਂ ਦੱਸਾਂਗਾ, ਮੈਨੂੰ ਅਪਣੀ ਸਮਝ ਨਾ ਆਈ ਹੈ । ਦਿਲ ਦੇ ਦੁਸ਼ਮਣ, ਇ (ਹ) ਜਾਨ ਦੇ ਦੁਸ਼ਮਣ, ਨਾਲ ਸੁਹਣਿਆਂ ਨੇ ਵੀ ਅੱਤ ਚਾਈ ਹੈ। ‘ਰਤਨ' ਉਸ ਨੂੰ ਜੇ ਦਿਲ ਹਾਂ ਦੇ ਬੈਠੇ, ਇਸ ਦੇ ਅੰਦਰ ਵੀ ਕੀ ਬੁਰਾਈ ਹੈ ?
ਇਸ਼ਾਰੇ ਕਦੇ ਕਦੇ
ਕਿਸਮਤ ਦੇ ਦੇਖੇ ਹੱਥ ਕਰਾਰੇ ਕਦੇ ਕਦੇ, ਬਾਜ਼ੀ ਨੂੰ ਜਿੱਤ ਵੀ ਅਸੀਂ ਹਾਰੇ ਕਦੇ ਕਦੇ । ਦਿਲ ਦਾ ਹੀ ਸਭ ਕਸੂਰ ਹੈ-ਇਹ ਗੱਲ ਝੂਠ ਹੈ, ਹੁੰਦੇ ਨੇ ਓਧਰੋਂ ਵੀ ਇਸ਼ਾਰੇ ਕਦੇ ਕਦੇ। ਕਰਦੇ ਨੇ ਜਿਹੜੇ ਦੂਰ ਹਨੇਰਾ ਜਹਾਨ ਦਾ, ਚੜ੍ਹਦੇ ਨੇ ਇਸ ਤਰ੍ਹਾਂ ਦੇ ਸਿਤਾਰੇ ਕਦੇ ਕਦੇ। ਮਿੱਟੀ ਦੇ ਵਿਚ ਸਾਰੀ ਮੁਹੱਬਤ ਨੇ ਰੋਲਦੇ, ਅੱਖਾਂ ਨੇ ਫੇਰ ਲੈਂਦੇ ਪਿਆਰੇ ਕਦੇ ਕਦੇ । ਆਉਂਦਾ ਹੈ ਕੰਮ ਉਥੇ ਤਦ ਅਪਣਾ ਹੀ ਹੌਸਲਾ, ਜਾਂਦੇ ਨੇ ਛੱਡ ਸਾਰੇ ਸਹਾਰੇ ਕਦੇ ਕਦੇ। ਸੁਣਦਾ ਹੈ ਕੌਣ ਆਸ਼ਕਾਂ ਦੀ ਦੁਖ ਭਰੀ ਕਥਾ, ਫ਼ਰਿਆਦ ਜੇ ਕਰਨ ਵੀ ਵਿਚਾਰੇ ਕਦੇ ਕਦੇ। ਦਰ ਤਕ ਪਹੁੰਚ ਕੇ ਵੀ ਨਾ ਮਿਟੀ ਦਰਸ਼ਣਾਂ ਦੀ ਭੁੱਖ, ਬਾਜ਼ੀ ਨੂੰ ਜਿੱਤ ਇੰਜ ਵੀ ਹਾਰੇ ਕਦੇ ਕਦੇ। ਯਾਦਾਂ ਦੇ ਨਾਲ ਅੱਜ ਵੀ ਪਰਚਾ ਰਹੇ ਹਾਂ ਜੀ, ਉਸ ਸ਼ੋਖ ਨਾਲ ਦਿਨ ਜੋ ਗੁਜ਼ਾਰੇ ਕਦੇ ਕਦੇ। ਤਕਦੀਰ ਸਾਡੀ ਪਿੱਠ ਤੇ ਧਰਦੀ ਕਦੇ ਹੈ ਹੱਥ, ਕਿਸ਼ਤੀ ਨੂੰ ਲੱਭ ਪੈਂਦੇ ਕਿਨਾਰੇ ਕਦੇ ਕਦੇ। ਮਿਲਦਾ ਹੈ ਕੁਝ ਧਰਾਸ ਤਾਂ ਇਸ ਨਾਲ ਵੀ ਜ਼ਰੂਰ, ਲਾਂਦਾ ਵੀ ਹੈ ਜੋ ਸ਼ੋਖ਼ ਉਹ ਲਾਰੇ ਕਦੇ ਕਦੇ। ਭਰਦੇ ਗ਼ਰੀਬ ਠੰਡੀਆਂ ਆਹਾਂ ਜੋ ਰਾਤ ਦਿਨ, ਇਹਨਾਂ 'ਚੋਂ ਫੁੱਟ ਪੈਂਦੇ ਸ਼ਰਾਰੇ ਕਦੇ ਕਦੇ। ਇਕ ਪੱਲ ਦੇ ਵਿਚ ਨਾਲ ਉਹ ਮਿੱਟੀ ਦੇ ਮਿਲ ਗਏ, ਆਸਾਂ ਦੇ ਜੋ ਮਹਿਲ ਸੀ ਉਸਾਰੇ ਕਦੇ ਕਦੇ। ਗੱਲਾਂ ਇਹ ਗ਼ੈਰ ਨਾਲ ਤੇ ਸਾਡੇ ਹੀ ਸਾਹਮਣੇ, ਚੱਲੇ ਨੇ ਦਿਲ ਤੇ ਇੰਜ ਵੀ ਆਰੇ ਕਦੇ ਕਦੇ। ਕੀਤੀ ‘ਰਤਨ ਨਾ ਹਾਲ ਤੇ ਸਾਡੇ ਕਦੇ ਨਜ਼ਰ, ਪਹੁੰਚੇ ਅਸੀਂ ਜੇ ਉਸ ਦੇ ਦੁਆਰੇ ਕਦੇ ਕਦੇ ।
ਹੀਲਾ ਨਹੀਂ ਗੁਜ਼ਰਾਨ ਦਾ
ਇਸ਼ਕ ਵਿਚ ਜੋ ਡਰ ਹੈ ਤੈਨੂੰ ਜਾਨ ਦਾ, ਤਦ ਨਹੀਂ ਤੂੰ ਮਰਦ ਇਸ ਮੈਦਾਨ ਦਾ । ਸਾਨੂੰ ਮਹਿਫ਼ਲ ਚੋਂ ਨਾ ਕਢੋ ਇਸ ਤਰ੍ਹਾਂ, ਹੁੰਦਾ ਹੈ ਸਤਿਕਾਰ ਕੁਝ ਮਹਿਮਾਨ ਦਾ। ਕਿਉਂ ਇਹ ਸਮਝੇ ਨੀਚ ਅਪਣੇ ਆਪ ਨੂੰ ਆਦਮੀ ਤਾਂ ਅਕਸ ਹੈ ਭਗਵਾਨ ਦਾ। ਇਸ਼ਕ ਦਾ ਦਰਿਆ ਹੈ ਠਾਠਾਂ ਮਾਰਦਾ, ਮੋੜਦਾ ਹੈ ਮੂੰਹ ਇ(ਹ) ਹਰ ਬਲਵਾਨ ਦਾ। ਦੇ ਕੇ ਧੇਲਾ ਸੁਰਗ ਦੀ ਹੈ ਲਾਲਸਾ, ਮੰਗਦਾ ਹੈਂ ਮੁੱਲ ਅਪਣੇ ਦਾਨ ਦਾ ? ਦਿਲ ਹੀ ਮੇਰਾ ਸੀ, ਸੋ ਤੇਰੀ ਹੈ ਨਜ਼ਰ, ਭੇਟ ਨਿਰਧਨ ਦੀ ਹੈ ਪੱਤਾ ਪਾਨ ਦਾ। ਰੱਬ ਦੀ ਭਗਤੀ ਦਾ ਫਿਰ ਕੀ ਲਾਭ ਹੈ, ਪਿਆਰ ਜੋ ਦਿਲ ਵਿਚ ਨਹੀਂ ਇਨਸਾਨ ਦਾ । ਮੇਰਿਆਂ ਸ਼ਿਅਰਾਂ ਦੀ ਕੁਝ ਤਾਂ ਪਰਖ ਕਰ, ਮੁੱਲ ਪਾ ਕੁਝ ਹੀਰਿਆਂ ਦੀ ਖਾਂਨ ਦਾ। ‘ਰਤਨ' ਮਨ ਦੀ ਮੌਜ ਵਿਚ ਲਿਖਦਾ ਹੈ ਸ਼ਿਅਰ, ਸ਼ਾਇਰੀ ਹੀਲਾ ਨਹੀਂ ਗੁਜ਼ਰਾਨ ਦਾ।
ਸ਼ਰਮਾਂਦੇ ਰਹੇ !
ਚਾਰ ਦਿਨ ਰੌਲਾ ਜਿਹਾ ਪਾਂਦੇ ਰਹੇ, ਹੱਸਦੇ ਰੋਂਦੇ, ਕਦੀ ਗਾਂਦੇ ਰਹੇ। ਸਿੱਧੇ ਮੂੰਹ ਜਿਸ ਨੇ ਬੁਲਾਇਆ ਨਾ ਕਦੇ, ਓਸ ਦੇ ਦਰ ਤੇ ਸਦਾ ਜਾਂਦੇ ਰਹੇ। ਦਿਲਾ ਗਿਲਾ ਤਕਦੀਰ ਦਾ ਕਰਦਾ ਰਿਹਾ, ਅਪਣਾ ਕੀਤਾ ਹੀ ਸਦਾ ਪਾਂਦੇ ਰਹੇ। ਉਮਰ ਨੇ ਕਿਸ ਨਾਲ ਕੀਤੀ ਹੈ ਵਫ਼ਾ, ਫੇਰ ਵੀ ਧੋਖਾ ਸਦਾ ਖਾਂਦੇ ਰਹੇ। ਦਿਲ ਗੁਨਾਹਾਂ ਤੋਂ ਗਿਆ ਨਾ ਮੋੜਿਆ, ਤੋੜ ਤੋਬਾ, ਫੇਰ : ਪਛਤਾਂਦੇ ਰਹੇ । ਵਾਹ ਵਾਹ ਸਾਕੀ ਦੀਆਂ ਸਰਮਸਤੀਆਂ, ਜਾਮ ਅੱਖਾਂ ਦੇ ਵੀ ਨਸ਼ਿਆਂਦੇ ਰਹੇ। ਕੀ ਨਜ਼ਰ ਲੱਗਣ ਦਾ ਹੈ ਡਰ ਪੈ ਗਿਆ, ਘੁੰਡ ਚੁੱਕਣ ਤੋਂ ਜੋ ਸ਼ਰਮਾਂਦੇ ਰਹੇ। ਹੋਰ ਕੀ ਜੀਵਨ ਸਰਾਂ ਦਾ ਲਾਭ ਹੈ, ਲੋਕ ਆ ਕੁਝ ਦੇਰ ਸੁਸਤਾਂਦੇ ਰਹੇ। ‘ਰਤਨ' ਦਾ ਉਹਨਾਂ ਕਦੇ ਪੁਛਿਆ ਨਾ ਹਾਲ, ਸ਼ਿਅਰ ਭਾਵੇਂ ਓਸ ਦੇ ਗਾਂਦੇ ਰਹੇ।
ਕੱਚੇ ਤੇ ਤਰਦੀ ਹੈ !
ਮੁਹੱਬਤ ਜ਼ਿੰਦਗੀ ਅੰਦਰ ਨਵਾਂ ਹੀ ਰੰਗ ਭਰਦੀ ਹੈ ਇਹ ਸੌਦਾ ਸਿਰ ਦਾ ਕਰਦੀ ਹੈ ਤੇ ਮੌਤੋਂ ਵੀ ਨਾ ਡਰਦੀ ਹੈ । ਜਦੋਂ ਸੱਸੀ ਥਲਾਂ ਅੰਦਰ ਹੈ ਅਪਣਾ ਆਪ ਭੁੱਲ ਜਾਂਦੀ, ਉਹ ਉਸ ਵੇਲੇ ਵੀ ਪੁਨੂੰ ਨੂੰ ਹੀ ਦੇਖੋ ਯਾਦ ਕਰਦੀ ਹੈ। ਕਦੇ ਸ਼ਾਇਦ ਦੁਬਾਰਾ ਰਾਂਝਣੇ ਦੀ ਦੀਦ ਹੋ ਜਾਵੇ, ਵਿਛੋੜੇ ਦੇ ਤਸੀਹੇ ਹੀਰ ਖੁਸ਼ੀਆਂ ਨਾਲ ਜ਼ਰਦੀ ਹੈ। ਹਨੇਰੀ ਰਾਤ ਹਿਜਰਾਂ ਦੀ ਤੇ ਝਖੜ ਗ਼ਮ ਦਾ ਜ਼ੋਰਾਂ ਤੇ, ਇਕੱਲੀ ਜਾਨ ਆਸ਼ਿਕ ਦੀ ਨਾ ਕੋਈ ਪਾਸ ਦਰਦੀ ਹੈ। ਹੈ ਹੌਕੇ ਭਰ ਰਹੀ, ਅੱਖਾਂ ਵੀ ਹਨ ਪਥਰਾਈਆਂ ਦੇਖੋ, ਹੈ ਮਾਰੀ ਦਰਦ ਦੀ ਬਿਰਹਨ, ਨਾ ਜੀਂਦੀ ਹੈ ਨਾ ਮਰਦੀ ਹੈ। ਇਹ ਮਜਨੂੰ, ਸੁੱਕ ਕੇ ਕਿਉਂ ਇੰਜ ਤੀਲ੍ਹੇ ਵਾਂਗ ਬਣਿਆ ਹੈ। ਅਕਲ ਗੁਮ ਹੋ ਗਈ ਤੇ ਛਾ ਗਈ ਚਿਹਰੇ ਤੇ ਜ਼ਰਦੀ ਹੈ। ਹਨੇਰੀ ਰਾਤ, ਹੈ ਕੱਚਾ ਘੜਾ, ਦਰਿਆ ਦੀਆਂ ਠਾਠਾਂ, ਹੈ ਕਿਸ ਦੀ ਖਿਚ, ਸੁਹਣੀ ਕਿਸ ਲਈ ਕੱਚੇ ਤੇ ਤਰਦੀ ਹੈ। ਮੁਹੱਬਤ ਰੋਗ ਹੈ ਤੇ ਰੋਗ ਦਾ ਦਾਰੂ ਵੀ ਹੈ ਇਸ ਵਿਚ, ਕਦੇ ਦੁੱਖਾਂ ਨੂੰ ਉਪਜਾਂਦੀ, ਕਦੇ ਦਰਦਾਂ ਨੂੰ ਹਰਦੀ ਹੈ। ‘ਰਤਨ’ ਦੁਨੀਆਂ ਦੇ ਵਾਅਦੇ ਝੂਠ ਹੀ ਸਾਨੂੰ ਨਜ਼ਰ ਆਏ, ਹੈ ਮੂੰਹ ਤੇ ਹੋਰ ਕਹਿੰਦੀ, ਪਰ ਇਹ ਦੁਨੀਆਂ ਹੋਰ ਕਰਦੀ ਹੈ।
ਮਿਲਦਾ ਨਾ ਕੁਝ ਅਰਾਮ ਹੈ
ਸਾਕੀਆ ! ਬਖਸ਼ੀਸ਼ ਤੇਰੀ ਆਮ ਹੈ, ਇਕ ਪਰ ਸਾਨੂੰ ਨਾ ਮਿਲਿਆ ਜਾਮ ਹੈ। ਯਾਰ ਦੇ ਦਰਸ਼ਣ ਨਾ ਸਾਨੂੰ ਹੋ ਸਕੇ, ਹੋ ਗਈ ਜੀਵਨ ਦੀ ਭਾਵੇਂ ਸ਼ਾਮ ਹੈ। ਸਾੜਦੇ ਹਨ ਅੱਗ ਵਿਚ ਰਲ ਮਿਲ ਕੇ ਯਾਰ, ਮਰ ਕੇ ਵੀ ਮਿਲਦਾ ਨਾ ਕੁਝ ਆਰਾਮ ਹੈ। ਹੁਸਨ ਦਾ ਰੌਲਾ ਹੈ ਸਭ ਸੰਸਾਰ ਵਿਚ ਇਸ਼ਕ ਦਾ ਤਾਂ ਨਾਮ ਹੀ ਬਦਨਾਮ ਹੈ। ਮੁੱਲ ਦਿਲ ਦਾ ਕੱਖ ਵੀ ਤੇ ਲੱਖ ਵੀ, ਜੈਸਾ ਗਾਹਕ ਉਸ ਤਰਾਂ ਦਾ ਦਾਮ ਹੈ। ਭੇਦ ਖੁਲ੍ਹ ਜਾਂਦੇ ਨੇ ਸਭ ਸੰਸਾਰ ਦੇ, ਮੇਰਾ ਦਿਲ ਜਮਸ਼ੇਦ ਦਾ ਹੀ ਜਾਮ ਹੈ । ਸਮਝਦੇ ਹਨ ਸ਼ਿਅਰ ਮੇਰੇ ਖਾਸ ਖਾਸ, ਚਰਚਾ ਦੁਨੀਆਂ ਵਿਚ ਭਾਵੇਂ ਆਮ ਹੈ। ਘਰ ਦੀ ਬਰਬਾਦੀ ਤੇ ਤਾਹਨੇ ਜੱਗ ਦੇ, ਇਸ਼ਕ ਦਾ ਇਹੀ 'ਰਤਨ' ਇਨਆਮ ਹੈ। 'ਰਤਨ' ਦੇ ਸੁਣ ਸ਼ਿਅਰ ਲੋਕੀਂ ਆਖਦੇ, ਇਹ ਕਵੀ ਅੱਛਾ ਹੈ ਪਰ ਗੁੰਮਨਾਮ ਹੈ ।
ਸਵੇਰਾ ਹੈ !
ਇਥੇ ਕੁਝ ਰੋਜ਼ ਦਾ ਬਸੇਰਾ ਹੈ, ਘਰ ਨਾ ਤੇਰਾ ਹੈ ਇਹ ਨਾ ਮੇਰਾ ਹੈ। ਇਲਮ ਸੰਸਾਰ ਭਰ ਦਾ ਪੜ੍ਹ ਕੇ ਵੀ, ਦਿਲ ਦੇ ਅੰਦਰ ਅਜੇ ਹਨੇਰਾ ਹੈ। ਥਾਂ ਨਾ ਦਿਲ ਲਾਣ ਦੀ ਹੈ ਇਹ ਦੁਨੀਆਂ, ਜੋਗੀ ਵਾਲਾ ਹੀ ਇਥੇ ਫੇਰਾ ਹੈ। ਮਹਿਲ ਪੱਕੇ ਬਣਾ ਬਣਾ ਕੇ ਵੀ, ਚੁਕਣਾ ਪੈਂਦਾ ਫੇਰ ਡੇਰਾ ਹੈ । ਸੱਤ ਜੰਦਰੇ ਵੀ ਮਾਰੀਏ ਭਾਵੇਂ, ਮੌਤ ਪਾ ਲੈਂਦੀ ਆਣ ਘੇਰਾ ਹੈ। ਨੇਕ ਅਮਲਾਂ ਦੀ ਬੰਨ੍ਹ ਲੈ ਗਠੜੀ, ਪੰਧ ਜੀਵਨ ਦਾ ਨਾ ਲੰਮੇਰਾ ਹੈ । ਮੌਤ ਮੱਛੀ ਦੀ ਹੈ ਫਸਾ ਲੈਂਦੀ, ਜਾਲ ਜਦ ਸੁਟਦਾ ਮਛੇਰਾ ਹੈ। ਫ਼ਸ ਕੇ ਲੱਖਾਂ ਹੀ ਦਿਲ ਨੇ ਰਹਿ ਜਾਂਦੇ, ਜ਼ੁਲਫ਼ ਦਾ ਐਸਾ ਸਖ਼ਤ ਘੇਰਾ ਹੈ। ਸਾਨੂੰ ਮੰਜ਼ਿਲ ਹੈ ਮਾਰਦੀ ਹਾਕਾਂ, ‘ਰਤਨ' ਜਾਗੋ ਅਜੇ ਸਵੇਰਾ ਹੈ।
ਦੂਰ ਹੈ
ਥੱਕ ਕੇ ਹੋਇਆ ਮੁਸਾਫਿਰ ਚੂਰ ਹੈ, ਏਸ ਦੀ ਮੰਜ਼ਿਲ ਅਜੇ ਪਰ ਦੂਰ ਹੈ । ਰੌਸ਼ਨੀ ਬਿਜਲੀ ਨੇ ਕੀਤੀ ਹੈ ਬੜੀ, ਆਦਮੀ ਦਾ ਦਿਲ ਅਜੇ ਬੇਨੂਰ ਹੈ । ਸਾਰੀ ਦੁਨੀਆਂ ਖੁਸ਼ ਨਜ਼ਰ ਹੈ ਆ ਰਹੀ, ਦਿਲ ਖੁਸ਼ੀ ਦੇ ਨਾਲ ਜੇ ਭਰਪੂਰ ਹੈ । ਜਿਸ ਦੇ ਦਿਲ ਦੀ ਅੱਖ ਰੌਸ਼ਨ ਹੋ ਗਈ, ਜ਼ੱਰਾ ਜ਼ੱਰਾ ਓਸ ਨੂੰ ਕੋਹਤੂਰ ਹੈ । ਜਦ ਕਿਸੇ ਦੇ ਨਾਲ ਅੱਖਾਂ ਲਗੀਆਂ, ਹੋ ਗਈ ਸਭ ਨੀਂਦ ਵੀ ਕਾਫ਼ੂਰ* ਹੈ। ਸ਼ੈਖ ਦੁਨੀਆਂ ਤੋਂ ਬੜਾ ਉਪਰਾਮ ਹੈ, ਬਸ ਗਈ ਦਿਲ ਵਿਚ ਬਹਿਸ਼ਤੀ ਹੂਰ ਹੈ। ਆਸ ਰਾਜ਼ੀ ਹੋਣ ਦੀ ਦਿਸਦੀ ਨਹੀਂ, ਜ਼ਖ਼ਮ ਦਿਲ ਦਾ ਬਣ ਗਿਆ ਨਾਸੂਰ ਹੈ । ਚੰਦ ਸੂਰਜ ਦੀ ‘ਰਤਨ' ਇਹ ਰੌਸ਼ਨੀ, ਮੇਰੇ ਪ੍ਰੀਤਮ ਦਾ ਹੀ ਦਿਸਦਾ ਨੂਰ ਹੈ। *ਉਡ ਗਈ ਹੈ ।
ਖਾ ਬੈਠੇ
ਤੀਰ ਦਿਲ ਤੇ ਅਸੀਂ ਹਾਂ ਖਾ ਬੈਠੇ, ਅੱਖ ਉਸ ਨਾਲ ਹਾਂ ਲੜਾ ਬੈਠੇ। ਕੀ ਗਿਲਾ ਉਸ ਦੀ ਬੇਧਿਆਨੀ ਦਾ, ਅਪਣਾ ਕੀਤਾ ਹੀ ਯਾਰ ਪਾ ਬੈਠੇ। ਸਮਝ ਕੇ ਉਸ ਨੂੰ ਕੌਲ ਦਾ ਪੂਰਾ, ਐਵੇਂ ਧੋਖਾ ਜਿਹਾ ਹਾਂ ਖਾ ਬੈਠੇ। ਬੇ-ਮੁਰਾਦੇ ਨਾ ਉਠ ਜਾਵਾਂਗੇ, ਦਰ ਤੇ ਧੂਣੀ ਹਾਂ ਜਦ ਰਮਾ ਬੈਠੇ । ਮੰਦਰਾਂ ਮਸਜਿਦਾਂ ਦੀ ਕੀ ਪਰਵਾਹ, ਜੋਤ ਦਿਲ ਵਿਚ ਅਸੀਂ ਜਗਾ ਬੈਠੇ। ਤੇਰਾ ਗ਼ਮ ਜਦ ਤੋਂ ਪੈ ਗਿਆ ਪੱਲੇ, ਸਾਰੀ ਦੁਨੀਆਂ ਦਾ ਗ਼ਮ ਭੁਲਾ ਬੈਠੇ। ਮੁੱਲਾਂ ਮਸਜਿਦ ਦਾ ਵਿਗੜਿਆ ਕੀ ਹੈ, ਦੋ ਘੜੀ ਰਿੰਦ* ਵੀ ਜੇ ਆ ਬੈਠੇ। ਉਸ ਦਾ ਰੋਸਾ ਨਾ ਦੂਰ ਹੁੰਦਾ ਹੈ, ਮਿੰਨਤਾਂ ਕਰ ਅਸੀਂ ਮਨਾ ਬੈਠੇ। ਕਰ ਸਕੀ ਜਦ ਦਵਾ ਨਾ ਕੋਈ ਅਸਰ, ਕਰਦੇ ਰਹਿੰਦੇ ਹਾਂ ਹੁਣ ਦੁਆ ਬੈਠੇ। ਕੰਮ ਆਈ ਨਾ ਜਦ ਕੋਈ ਤਦਬੀਰ, ਤੱਕਦੇ ਹਾਂ ਤਿਰੀ ਰਜ਼ਾ ਬੈਠੇ। ਰਹਿ ਗਿਆ ਹੁਣ ਕੀ ਜ਼ਿੰਦਗੀ ਦਾ ਮਜ਼ਾ, ਦਿਲ ਦੀ ਦੁਨੀਆਂ ਹੀ ਜਦ ਲੁਟਾ ਬੈਠੇ । ਜਦ ਕਿਸੇ ਨਾਲ ਸ਼ੈਖ ਦੀ ਨਾ ਬਣੀ, ਫੜ ਕੇ ਮਾਲਾ ਇਹ ਹੋ ਜੁਦਾ ਬੈਠੇ । ਸਾਡੇ ਦਿਲ ਤੋਂ ਤਾਂ ਜਾ ਨਹੀਂ ਸਕਦੇ, ਸਾਨੂੰ ਭਾਵੇਂ ਉਹ ਹਨ ਭੁਲਾ ਬੈਠੇ। ਦਿਲ ਤਾਂ ਹੱਥੋਂ ਗਿਆ ਹੀ ਸੀ ਅਪਣੇ, ਅਕਲ ਤੇ ਹੋਸ਼ ਵੀ ਗੰਵਾ ਬੈਠੇ। ਦਿਲ ਤੋਂ ਨਿੱਕਲ ਕੇ ਜਾਓਗੇ ਕਿਥੇ, ਇਕ ਵਾਰੀ ਜਾਂ ਦਿਲ 'ਚ ਆ ਬੈਠੇ। ਉਸ ਦਾ ਹੋਵੇਗਾ ਇਹ ਵੀ ਇਕ ਇਹਸਾਨ, ਭੁੱਲ ਕੇ ਜੇ ਕਦੇ ਬੁਲਾ ਬੈਠੇ । ਕੀਤਾ ਇਹ ਵੀ ਬੜਾ ਕਸੂਰ ਅਸੀਂ, ਭੁੱਲ ਕੇ ਪਿਆਰ ਜੇ ਜਤਾ ਬੈਠੇ। ਛੁੱਟੀ ਦੁਨੀਆਂ ਤੋਂ ਆਦਮੀ ਪਾਵੇ, ਪਾਈ ਪਾਈ ਜਦੋਂ ਚੁਕਾ ਬੈਠੇ । ਸਾਡੇ ਵੱਲ ਕਦ ਨਿਗਾਹ ਉਠਦੀ ਹੈ, ਤੱਕਦੇ ਹਾਂ ਤਿਰੀ ਹਵਾ ਬੈਠੇ । ਉਸ ਨੂੰ ਅਪਣਾ ਬਣਾ ਹੀ ਲੈਂਦੇ ਹਾਂ, ਕੋਲ ਜਿਸ ਦੇ ਕਦੇ ਜ਼ਰਾ ਬੈਠੇ । ਮੰਨਿਆ ਯਾਰ ਵੀ ਨਹੀਂ ਸਾਥੋਂ, ਰੱ ਰੱਬ ਨੂੰ ਵੀ ਅਸੀਂ ਰੁਸਾ ਬੈਠੇ । ਦਰਦ ਦਿੱਤਾ ਹੈ ਇਸ਼ਕ ਦਾ ਜਿਸ ਨੇ, ਉਸ ਨੂੰ ਦਿੰਦੇ ਹਾਂ ਹੁਣ ਦੁਆ ਬੈਠੇ। ਕੁਫ਼ਰ ਤੇ ਦੀਨ ਦੇ ਪੁਆੜੇ ਨੂੰ, ਇਸ਼ਕ ਵਿਚ ਹਾਂ ਅਸੀਂ ਮੁਕਾ ਬੈਠੇ। ਉਥੇ ਹੁੰਦਾ ਹੈ ਚਰਚਾ ਸ਼ਿਅਰਾਂ ਦਾ, ਜਿਹੜੀ ਮਹਿਫ਼ਿਲ 'ਚ ‘ਰਤਨ' ਜਾ ਬੈਠੇ । *ਮਸਤ, ਸ਼ਰਾਬੀ ।