Ghazal Baare : Hari Kishan Ratan

ਗ਼ਜ਼ਲ ਬਾਰੇ : ਹਰੀ ਕਿਸ਼ਨ 'ਰਤਨ'

ਉਰਦੂ ਦਾ ਜਨਮ:-

ਭਾਰਤ ਵਿਚ ਮੁਸਲਮਾਨਾਂ ਦੇ ਆਉਣ ਨਾਲ ਇਕ ਬੜੀ ਕ੍ਰਾਂਤੀ ਜਿਹੀ ਹੋ ਗਈ। ਇਹ ਕ੍ਰਾਂਤੀ ਨਾ ਕੇਵਲ ਰਾਜਸੀ ਖੇਤਰ ਵਿਚ ਹੀ ਰੂਪਮਾਨ ਹੋਈ ਬਲਕਿ ਸਾਹਿੱਤਕ ਖੇਤਰ ਵੀ ਇਸ ਤੋਂ ਨਾ ਬਚ ਸਕਿਆ। ਭਾਸ਼ਾ-ਵਿਗਿਆਨ ਦਾ ਇਹ ਇਕ ਅਟੱਲ ਅਸੂਲ ਹੈ ਕਿ ਜਦ ਦੋ ਕੌਮਾਂ ਆਪਸ ਵਿਚ ਮਿਲਦੀਆਂ ਹਨ ਤਾਂ ਉਹਨਾਂ ਵਿਚ ਭਾਂਵੇਂ ਕਿਸੇ ਹੋਰ ਚੀਜ਼ ਦਾ ਵਟਾਂਦਰਾ ਨਾ ਵੀ ਹੋਵੇ ਪਰ ਅਪਣੀ ਅਪਣੀ ਬੋਲੀਆਂ ਦੇ ਸ਼ਬਦ ਉਹ ਜ਼ਰੂਰ ਇਕ ਦੂਜੀ ਨੂੰ ਦੇ ਜਾਂਦੀਆਂ ਹਨ। ਇਹੀ ਗਲ ਮੁਸਲਮਾਨਾਂ ਦੀ ਆਮਦ ਨਾਲ ਹੋਈ। ਮੁਸਲਮਾਨ ਅਰਬੀ, ਫਾਰਸੀ, ਤੁਰਕੀ ਤੇ ਪਸ਼ਤੋ ਆਦਿ ਬੋਲੀਆਂ ਬੋਲਦੇ ਸਨ। ਜਦੋਂ ਉਹ ਭਾਰਤ ਵਿਚ ਆਏ ਤਾਂ ਇਥੇ ਦੇ ਲੋਕਾਂ ਦੀ ਬੋਲੀ ਸਿੱਖੀ। ਕੁਝ ਅਪਣੀਆਂ ਬੋਲੀਆਂ ਦੇ ਸ਼ਬਦ ਲੈਕੇ ਤੇ ਕੁਝ ਭਾਰਤੀ ਬੋਲੀਆਂ ਨੂੰ ਸਿੱਖ ਕੇ ਉਨ੍ਹਾਂ ਨੇ ਅਪਣਾ ਕੱਮ ਟਪਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਹਿੰਦੂ ਅਤੇ ਮੁਸਲਮਾਨ ਦੋਨਾਂ ਦੇ ਮੇਲ ਨਾਲ ਭਾਰਤ ਵਿਚ ਇਕ ਨਵੀਂ ਬੋਲੀ ਨੇ ਜਨਮ ਲਿਆ ਜਿਸ ਨੂੰ ਬਾਅਦ ਵਿਚ ਉਰਦੂ ਦਾ ਨਾਂ ਮਿਲ ਗਿਆ। ਫਾਰਸੀ ਵਿਚ ਉਰਦੂ ਫੌਜ ਜਾਂ ਲਸ਼ਕਰ ਨੂੰ ਆਖਦੇ ਹਨ ਚੂੰਕਿ ਮੁਸਲਮਾਨ ਵਧੇਰੇ ਫੌਜੀ ਹੀ ਸਨ ਅਤੇ ਉਨ੍ਹਾਂ ਦੀਆਂ ਛਾਉਣੀਆਂ ਵਿਚ ਹੀ ਇਸ ਬੋਲੀ ਦੀ ਬਹੁਤੀ ਵਰਤੋਂ ਕੀਤੀ ਜਾਂਦੀ ਸੀ ਇਸ ਲਈ ਇਸ ਮਿੱਸੀ ਜਿਹੀ ਬੋਲੀ ਦਾ ਨਾਂ ਉਰਦੂ ਪੈ ਗਿਆ। ਹੌਲੀ ਹੌਲੀ ਇਹ ਬੋਲੀ ਉਨੱਤ ਹੁੰਦੀ ਗਈ ਅਤੇ ਇਸ ਵਿਚ ਸਾਹਿੱਤ ਵੀ ਰਚਿਆ ਜਾਣ ਲਗਾ। ਪਹਿਲਾਂ ਇਸ ਬੋਲੀ ਨੂੰ ਬਹੁਤਾ ਮੁਸਲਮਾਨ ਹੀ ਵਰਤਦੇ ਰਹੇ ਇਸ ਲਈ ਇਸ ਵਿਚ ਅਰਬੀ, ਫਾਰਸ਼ੀ ਅਤੇ ਤੁਰਕੀ ਦੇ ਸ਼ਬਦਾਂ ਦੀ ਭਰਮਾਰ ਹੋ ਗਈ। ਇਸ ਦਾ ਲਿਖਣ ਢੰਗ ਵੀ ਫਾਰਸੀ ਲਿਪੀ ਵਾਂਗ ਸੱਜੇ ਤੋਂ ਖੱਬੇ ਨੂੰ ਟੁਰਦਾ ਹੈ। ਸਾਹਿੱਤ ਵਿਚ ਵੀ ਉਰਦੂ ਨੇ ਫਾਰਸੀ ਦਾ ਹੀ ਅਨੁਕਰਣ ਕੀਤਾ ਅਤੇ ਜਿਸ ਪ੍ਰਕਾਰ ਦਾ ਸਾਹਿੱਤ ਫਾਰਸੀ ਵਿਚ ਮੌਜੂਦ ਸੀ ਉਸੇ ਤਰ੍ਹਾਂ ਦਾ ਉਰਦੂ ਵਿਚ ਪਰਚਲਤ ਹੋ ਗਿਆ। ਇਸ ਬੋਲੀ ਨੂੰ ਮੁਸਲਮਾਨ ਰਾਜ ਦਰਬਾਰਾਂ ਦੀ ਸਹਾਇਤਾ ਪ੍ਰਾਪਤ ਸੀ ਜਿਸ ਦੇ ਕਾਰਨ ਇਹ ਬਹੁਤ ਛੇਤੀ ਉੱਨਤ ਹੋ ਗਈ। ਜਿਹੜੀ ਬੋਲੀ ਕਿਸੇ ਰਾਜ ਦਰਬਾਰ ਵਿਚ ਮਾਣ ਪ੍ਰਾਪਤ ਕਰ ਲੈਂਦੀ ਹੈ ਉਹ ਛੇਤੀ ਹੀ ਮਾਂਝੀ ਸੰਵਾਰੀ ਜਾਂਦੀ ਹੈ ਅਤੇ ਉਸ ਦੀ ਕਦਰ ਵੀ ਜਨਤਾ ਦੇ ਦਿਲਾਂ ਵਿਚ ਵੱਧ ਜਾਂਦੀ ਹੈ।

ਗਜ਼ਲ ਕਿਸ ਨੂੰ ਆਖਦੇ ਹਨ:-

ਫਾਰਸੀ ਵਿਚ ਜਿਥੇ ਤੀਕ ਕਵਿਤਾ ਦਾ ਸੰਬੰਧ ਹੈ ਹੇਠ ਲਿਖੀਆਂ ਕਿਸਮਾਂ ਵਧੇਰੇ ਮਿਲਦੀਆਂ ਹਨ। ਕਸੀਦਾ, ਗ਼ਜ਼ਲ, ਰੁਬਾਈ, ਮਸਨਵੀ। ਕਸੀਦੇ ਵਿਚ ਕਿਸੇ ਬਾਦਸ਼ਾਹ ਜਾਂ ਕਦੇ ਕਦੇ ਕਿਸੇ ਮੌਸਮ ਆਦਿ ਦੀ ਉਸਤਤੀ ਹੁੰਦੀ ਹੈ। ਮਸਨਵੀ ਵਿਚ ਲੰਮੇ ਲੰਮੇ ਕਿੱਸੇ ਬਿਆਨ ਕੀਤੇ ਜਾਂਦੇ ਹਨ। ਰੁਬਾਈ ਚਾਰ ਸਤਰਾਂ ਦੀ ਹੁੰਦੀ ਹੈ ਜਿਸ ਵਿਚ ਇਕ ਵਿਚਾਰ ਬਹੁਤ ਪ੍ਰਧਾਨ ਹੁੰਦਾ ਹੈ। ਇਨ੍ਹਾਂ ਤਿੰਨਾਂ ਕਿਸਮਾਂ ਨਾਲ ਸਾਡੇ ਵਿਸ਼ੇ ਦਾ ਬਹੁਤਾ ਸੰਬੰਧ ਨਹੀਂ ਹੈ।

ਹੁਣ ਅਸੀਂ ਗਜ਼ਲ ਬਾਰੇ ਕੁਝ ਵਿਚਾਰ ਕਰਦੇ ਹਾਂ।

ਗਜ਼ਲ ਕਵਿਤਾ ਦੀ ਉਹ ਕਿਸਮ ਹੈ ਜਿਸ ਵਿਚ ਇਸ਼ਕ ਜਾਂ ਪ੍ਰੇਮ ਦਾ ਵਰਣਨ ਹੁੰਦਾ ਹੈ। ਗ਼ਜ਼ਲ ਦਾ ਅਰਥ ਹੈ ਤੀਵੀਆਂ ਨਾਲ ਪ੍ਰੇਜ਼ ਦੀ ਵਾਰਤਾਲਾਪ ਕਰਨੀ ਅਤੇ ਗਜ਼ਲ ਦਾ ਮੁੱਖ ਵਿਸ਼ਾ ਪ੍ਰੇਮ ਹੀ ਹੁੰਦਾ ਹੈ। ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ 'ਮਤਲਾ' ਆਖਦੇ ਹਨ। ਜਿਸ ਵਿਚ ਦੋਨੋਂ ਸਤਰਾਂ ਦਾ ਤੁਕਾਂਤ ਜਾਂ ਕਾਫੀਆ ਮਿਲਦਾ ਹੈ। ਬਾਕੀ ਜਿੰਨੇ ਸ਼ਿਅਰ ਹੁੰਦੇ ਹਨ, ਉਨ੍ਹਾਂ ਦੀ ਹਰ ਦੂਜੀ ਸਤਰ ਦਾ ਤੁਕਾਂਤ ਪਹਿਲੇ ਸ਼ਿਅਰ ਦੀ ਦੂਜੀ ਸਤਰ ਦੇ ਤੁਕਾਂਤ ਨਾਲ ਮੇਚ ਖਾਂਦਾ ਹੈ। ਹਰ ਸ਼ਿਅਰ ਵਿਚ ਕਵੀ ਇਕ ਨਵਾਂ ਖਿਆਲ ਲੋਕਾਂ ਦੇ ਸਾਹਮਣੇ ਰਖਦਾ ਹੈ ਅਤੇ ਅਖੀਰਲੇ ਸ਼ਿਅਰ ਨੂੰ ਮੁਕਤਾਅ ਆਖਦੇ ਹਨ। ਇਸ ਸ਼ਿਅਰ ਵਿਚ ਕਵੀ ਅਪਣਾ ਉਪਨਾਮ ਭੀ ਵਰਤ ਲੈਂਦਾ ਹੈ ਅਤੇ ਗਜ਼ਲ ਦਾ ਭੋਗ ਪੈ ਜਾਂਦਾ ਹੈ। ਮੇਰੀ ਇਕ ਗਜ਼ਲ ਦਾ ਪਹਿਲਾ ਸ਼ਿਅਰ ਹੈ:-

ਕੁਟੀਆ ਤੇ ਇਸ ਫਕੀਰ ਦੀ ਆਓ ਕਦੇ ਕਦੇ।
ਸੁੱਤੇ ਹੋਏ ਨਸੀਬ ਜਗਾਓ ਕਦੇ ਕਦੇ।

ਇਸ ਸ਼ਿਅਰ ਵਿਚ ਆਓ ਅਤੇ ਜਗਾਓ ਨੂੰ ਕਾਫੀਆ ਜਾਂ ਤੁਕਾਂਤ ਆਖਾਂਗੇ ਅਤੇ 'ਕਦੇ ਕਦੇ' ਨੂੰ ਰਦੀਫ਼ ਆਖਿਆ ਜਾਂਦਾ ਹੈ।

ਗ਼ਜ਼ਲ ਦੇ ਸ਼ਿਅਰਾਂ ਦੀ ਆਮ ਕਰਕੇ ਗਿਣਤੀ ਨੌ ਮਿਥੀ ਗਈ ਹੈ ਪਰ ਇਹ ਕੋਈ ਜ਼ਰੂਰੀ ਨਹੀਂ। ਇਹ ਤਾਂ ਕਵੀ ਦੀ ਅਪਣੀ ਇਛਿਆ ਦੀ ਗੱਲ ਹੈ ਕਈ ਬੜੇ ਬੜੇ ਕਵੀਆਂ ਦੀਆਂ ਕੇਵਲ ਚਾਰ ਚਾਰ ਜਾਂ ਪੰਜ ਪੰਜ ਸ਼ਿਅਰਾਂ ਦੀਆਂ ਗ਼ਜ਼ਲਾਂ ਮਿਲਦੀਆਂ ਹਨ। ਅਤੇ ਇਹ ਵੀ ਕੋਈ ਬੰਦਸ਼ ਨਹੀਂ ਕਿ ਹਰ ਗਜ਼ਲ ਵਿਚ ਪਹਿਲੇ ਸ਼ਿਅਰ ਦੀਆਂ ਦੋਨੋਂ ਤੁਕਾਂ ਦਾ ਤੁਕਾਂਤ ਮਿਲਦਾ ਹੋਵੇ। ਨਾ ਹੀ ਇਹ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਅਖੀਰਲੇ ਸ਼ਿਅਰ ਵਿਚ ਕਵੀ ਜ਼ਰੂਰ ਹੀ ਅਪਣਾ ਨਾਮ ਜਾਂ ਉਪਨਾਮ ਲਿਆਵੇ। ਇਸ ਸੰਗ੍ਰਹਿ ਵਿਚ ਤੁਹਾਨੂੰ ਇਸ ਪਰਕਾਰ ਦੀਆਂ ਗ਼ਜ਼ਲਾਂ ਵੀ ਮਿਲਣਗੀਆਂ ਜਿਨ੍ਹਾਂ ਵਿਚ ਉਪਨਾਮ ਦੀ ਵਰਤੋਂ ਨਹੀਂ ਕੀਤੀ ਗਈ। ਗ਼ਜ਼ਲ ਵਿਚ ਇਹ ਵੀ ਜ਼ਰੂਰੀ ਨਹੀਂ ਕਿ ਇਕ ਕਾਫੀਏ ਦਾ ਕੇਵਲ ਇਕ ਹੀ ਸ਼ਿਅਰ ਹੋਵੇ ਚੰਗੇ ਚੰਗੇ ਕਵੀਆਂ ਦੀਆਂ ਗ਼ਜ਼ਲਾਂ ਦੇ ਵਿਚ ਵੀ ਇਕ ਇਕ ਕਾਫੀਏ ਦੇ ਕਈ ਕਈ ਸ਼ਿਅਰ ਮਿਲ ਜਾਂਦੇ ਹਨ। ਉਰਦੂ ਵਿਚ ਗ਼ਜ਼ਲ ਲਿਖਣ ਦਾ ਰਿਵਾਜ ਫਾਰਸੀ ਦੇ ਅਨੁਕਰਣ ਨਾਲ ਪਿਆ ਅਤੇ ਥੋੜੇ ਬਹੁਤ ਫਰਕ ਨਾਲ ਉਰਦੂ ਗ਼ਜ਼ਲ ਦਾ ਵਿਸ਼ਾ ਵੀ ਫਾਰਸੀ ਗ਼ਜ਼ਲ ਦੇ ਵਿਸ਼ੇ ਨਾਲ ਮਿਲਦਾ ਜੁਲਦਾ ਹੀ ਹੈ।

ਗ਼ਜ਼ਲ ਦਾ ਵਿਸ਼ਾ:-

ਜਿਦਾਂ ਕਿ ਪਹਿਲਾਂ ਦੱਸਿਆ ਜਾ ਚੁਕਿਆ ਹੈ ਗ਼ਜ਼ਲ ਦਾ ਪਰਧਾਨ ਵਿਸ਼ਾ ਇਸ਼ਕ ਜਾਂ ਪ੍ਰੇਮ ਹੈ। ਦੁਨੀਆਂ ਵਿਚ ਆਦਮੀ ਅਤੇ ਤੀਵੀਂ ਦਾ ਪ੍ਰੇਮ ਸੁਭਾਵਕ ਹੈ ਪਰ ਆਦਮੀ ਦਾ ਆਦਮੀ ਨਾਲ ਪ੍ਰੇਮ ਵੀ ਸੁਭਾਵਕ ਹੈ ਅਤੇ ਇਸ ਪਰੇਮ ਦੇ ਵੱਖ ਵੱਖ ਰੂਪਾਂ ਨੂੰ ਹੀ ਗ਼ਜ਼ਲ ਵਿਚ ਵਿਸਥਾਰ ਪੂਰਵਕ ਪੇਸ਼ ਕੀਤਾ ਜਾਂਦਾ ਹੈ। ਪਹਿਲਾਂ ਪਹਿਲ ਤਾਂ ਗ਼ਜ਼ਲ ਵਿਚ ਕੇਵਲ ਇਸ਼ਕੀਆ ਮਜ਼ਮੂਨ ਹੀ ਲਿਆਏ ਜਾਂਦੇ ਸਨ ਪਰ ਫੇਰ ਇਸਦਾ ਘੇਰਾ ਜ਼ਰਾ ਚੁਡੇਰਾ ਕਰ ਦਿੱਤਾ ਗਿਆ ਅਤੇ ਇਸ ਵਿਚ ਹਰ ਕਿਸਮ ਦੇ ਮਜ਼ਮੂਨ ਆਉਣ ਲਗ ਗਏ ਜਿੱਦਾਂ ਹਾਫਿਜ਼ ਅਤੇ ਹੋਰ ਕਵੀਆਂ ਨੇ ਉਨ੍ਹਾਂ ਪਰਹੇਜ਼ਗਾਰਾਂ, ਜ਼ਾਹਿਦਾਂ ਅਤੇ ਵਾਇਜ਼ਾਂ ਦਾ ਕੱਚਾ ਚਿੱਠਾ ਖੋਲ੍ਹਣਾ ਆਰੰਭ ਕੀਤਾ ਜਿਹੜੇ ਬਗਲੇ ਭਗਤ ਸਨ, ਕਹਿੰਦੇ ਕੁਝ ਹੋਰ ਸਨ ਅਤੇ ਕਰਦੇ ਕੁਝ ਹੋਰ ਸਨ। ਯਾ ਗ਼ਜ਼ਲ ਵਿਚ ਕਿਸੇ ਮੌਸਮ ਦਾ ਹਾਲ ਜਾਂ ਕਿਸੇ ਬਾਗ਼ ਦਾ ਹਾਲ ਜਾਂ ਨੇਚਰ ਦੇ ਸੁਹਪੱਣ ਦਾ ਜ਼ਿਕਰ ਕਰਨ ਲਗ ਪਏ। ਉਰਦੂ ਦੇ ਕਈ ਨਵੀਨ ਕਵੀਆਂ ਨੇ ਦੇਸ਼ ਭਗਤੀ ਨੂੰ ਵੀ ਗ਼ਜ਼ਲ ਦਾ ਮਜ਼ਮੂਨ ਬਣਾਇਆ ਹੈ। ਫਾਰਸੀ ਦੀ ਉਚੇ ਦਰਜੇ ਦੀ ਗ਼ਜ਼ਲ ਵਿਚ ਤਸੱਵਫ Mysticism (ਰਿਹੱਸਵਾਦ)ਜਾਂ ਫਲਸਫਾ ਜਾਂ ਮਾਅਰਫਤ (ਅਧਿਆਤਮਵਾਦ) spiritualism ਮਿਲਦਾ ਹੈ। ਉਰਦੂ ਦੇ ਪਹਿਲੇ ਕਵੀਆਂ ਨੇ ਅਪਣੇ ਪ੍ਰੀਤਮ ਦੀ ਖੂਬਸੂਰਤੀ ਦਾ ਜ਼ਿਕਰ ਵੀ ਬਹੁਤ ਖੋਲ੍ਹ ਕੇ ਕੀਤਾ ਹੈ ਅਤੇ ਉਸ ਦੇ ਸ਼ਰੀਰਕ ਅੰਗਾਂ, ਲਿਬਾਸ ਜਾਂ ਹੋਰ ਪਾਨ ਆਦਿ ਚੱਬਣ ਦਾ ਹਾਲ ਵੀ ਲਿਖਿਆ ਹੈ ਪਰ ਹੁਣ ਇਹ ਰਿਵਾਜ ਨਹੀਂ ਰਿਹਾ ਬਲਕਿ ਕਿਸੇ ਸੁਹਣੇ ਦੇ ਅੰਗਾਂ ਜਾਂ ਲਿਬਾਸ ਦਾ ਵਰਣਨ ਬੁਰਾ ਸਮਝਿਆ ਜਾਣ ਲਗ ਪਿਆ ਹੈ। ਅੱਜ-ਕਲ ਤਾਂ ਬਹੁਤ ਸਾਰੇ ਸਿਆਸੀ ਮਜ਼ਮੂਨ ਵੀ ਗ਼ਜ਼ਲ ਰਾਹੀਂ ਲੋਕਾਂ ਦੇ ਸਾਹਮਣੇ ਰਖੇ ਜਾਂਦੇ ਹਨ। ਆਦਮੀ ਨੂੰ ਆਦਮੀ ਨਾਲ ਪਿਆਰ ਹੋ ਸਕਦਾ ਹੈ ਅਤੇ ਆਦਮੀ ਨੂੰ ਰੱਬ ਨਾਲ ਵੀ ਪਿਆਰ ਹੋ ਸਕਦਾ ਹੈ ਇਸ ਰੱਬੀ ਪਿਆਰ ਨੂੰ ਇਸ਼ਕੇ-ਹਕੀਕੀ ਕਿਹਾ ਜਾਂਦਾ ਹੈ। ਏਸ ਹਕੀਕੀ ਇਸ਼ਕ ਨੂੰ ਵੀ ਬਹੁਤ ਸਾਰੇ ਸੂਫੀ ਕਵੀਆਂ ਨੇ ਅਪਣੀਆਂ ਗ਼ਜ਼ਲਾਂ ਵਿਚ ਰੂਪਮਾਨ ਕੀਤਾ ਹੈ ਪਰ ਇਸ ਦਾ ਰੰਗ ਦੁਨੀਆਵੀ (ਜਿਸ ਨੂੰ ਇਸ਼ਕੇ-ਮਿਜਾਜ਼ੀ ਕਿਹਾਜਾਂਦਾ ਹੈ) ਹੀ ਰੱਖਿਆ ਹੈ। ਜਿੱਦਾਂ ਕਿ ਗ਼ਾਲਿਬ ਨੇ ਅਪਣੇ ਇਕ ਸ਼ਿਅਰਵਿਚ ਕਿਹਾ ਹੈ।

ਹਰ ਚੰਦ ਹੋ ਮੁਸ਼ਾਹਦਾਏ ਹੱਕ ਕੀ ਗੁਫ਼ਤਗੂ,
ਬਨਤੀ ਨਹੀਂ ਹੈ ਸਾਗਰ ਓ ਮੀਨਾ ਕਹੇ ਬਗ਼ੈਰ।

ਅਰਥ:-ਭਾਵੇਂ ਇਸ਼ਵਰ-ਦਰਸ ਦੀ ਕਰਦੇ ਹਾਂ ਗੱਲ
ਮਦਰਾ-ਪਿਆਲੇਬਿਨ ਕਹੇ ਹੁੰਦੀ ਨਹੀਂ ਗੁਜ਼ਰ।

ਇਸ ਲਈ ਕੁਦਰਤੀ ਤੌਰ ਤੇ ਗ਼ਜ਼ਲ ਦੇ ਬਹੁਤ ਸਾਰੇ ਸ਼ਿਅਰਾਂ ਦਾ ਅਰਥ ਦੋਨੋਂ ਪਾਸੇ ਲਗ ਜਾਂਦਾ ਹੈ ਭਾਵੇਂ ਰੱਬੀ ਇਸ਼ਕ ਸਮਝ ਲਵੋ ਭਾਵੇਂ ਦੁਨੀਆਵੀ। ਗ਼ਜ਼ਲ ਦਾ ਮੁੱਖ ਵਿਸ਼ਾ ਪ੍ਰੇਮ ਹੀ ਹੈ ਪਰ ਗ਼ਜ਼ਲ ਨੂੰ ਕੇਵਲ ਸ਼ਿੰਗਾਰ ਰਸੀ ਕਵਿਤਾ ਕਹਿਣਾ ਵੀ ਇਕ ਭੁਲ ਹੈ। ਇਸ਼ਕ ਤੋਂ ਇਲਾਵਾ ਗ਼ਜ਼ਲ ਵਿਚ ਸ਼ਰਾਬ ਅਤੇ ਉਸ ਦੇ ਬਾਕੀ ਅੰਗਾਂ ਸਾਕੀ, ਸ਼ਰਾਬਖ਼ਾਨਾ, ਜਾਮ, ਸੁਰਾਹੀ ਆਦਿ ਦਾ ਵੀ ਜ਼ਿਕਰ ਆਉਂਦਾ ਹੈ ਪਰ ਇਥੇ ਮੈਂ ਇਹ ਗੱਲ ਵੀ ਜ਼ਰਾ ਖੋਲ੍ਹ ਕੇ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਜ਼ਰੂਰੀ ਨਹੀਂ ਕਿ ਹਰ ਕਵੀ ਸ਼ਰਾਬ ਪੀਵੇ। ਸੂਫ਼ੀਆਂ ਦੀ ਪ੍ਰੀਭਾਸ਼ਾ ਵਿਚ ਸ਼ਰਾਬ ਸੂਚਕ ਹੈ ਉਸ ਸਰੂਰ ਦੀ ਜਿਹੜਾ ਕਿ ਕਿਸੇ ਜੋਰੀ ਨੂੰ ਪ੍ਰੀਤਮ ਪ੍ਰਭੂ ਨਾਲ ਜੁੜ ਕੇ ਆਉਂਦਾ ਹੈ। ਅਤੇ ਜੋ ਵਿਯਕਤੀ ਇਸ ਰਸਤੇ ਤੇ ਚਲਾਉਂਦਾ ਹੈ ਉਸ ਨੂੰ 'ਸਾਕੀ' ਕਿਹਾ ਜਾਂਦਾ ਹੈ। ਸਾਕੀ ਦਾ ਕੰਮ ਹੈ ਸ਼ਰਾਬ ਪਿਲਾਣਾ ਭਾਵੇਂ ਉਹ ਸ਼ਰਾਬ ਵਿਸਕੀ ਹੋਵੇ ਭਾਵੇਂ ਉਹ ਹੋਵੇ ਜਿਸ ਦੇ ਬਾਰੇ ਆਮ ਗੱਲ ਮਸ਼ਹੂਰ ਹੈ ਕਿ 'ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ' ਇਸ ਲਈ ਜਿਥੇ ਗ਼ਜ਼ਲ ਵਿਚ ਸ਼ਰਾਬ ਦਾ ਮਜ਼ਮੂਨ ਆਉਂਦਾ ਹੈ ਉਥੇ ਦੁਨੀਆਵੀ ਸ਼ਰਾਬ ਹੀ ਮੁਰਾਦ ਨਹੀਂ ਲੈਣੀ ਚਾਹੀਦੀ। ਇਸੇ ਤਰ੍ਹਾਂ ਕਿਸੇ ਸੁਹਣੇ ਦੇ ਪ੍ਰੇਮ ਦਾ ਵਰਣਨ, ਹਿਜਰ (ਜੁਦਾਈ) ਦੀ ਵੇਦਨਾ ਜਾਂ ਮਿਲਾਪ (ਵਿਸਾਲ) ਦੇ ਆਨੰਦ ਤੋਂ ਇਹ ਭਾਵ ਨਹੀਂ ਕਿ ਉਹ ਸੁਹਣਾ ਜ਼ਰੂਰ ਹੱਡ ਚੱਮ ਦਾ ਬਣਿਆ ਬੁੱਤ ਹੀ ਹੈ। ਸੂਫੀ ਕਵੀ ਅਪਣੇ ਰੱਬੀ ਇਸ਼ਕ ਨੂੰ ਲੁਕਾ ਕੇ ਰਖਦੇ ਹਨ ਅਤੇ ਗ਼ਜ਼ਲ ਦੇ ਰੰਗ ਵਿਚ ਇਹ ਇਲਾਹੀ ਪ੍ਰੇਮ ਚੰਗਾ ਛੁਪਾਕੇ ਪ੍ਰਗਟ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋ ਵਿਸ਼ਿਆਂ ਤੋਂ ਇਲਾਵਾ ਗ਼ਜ਼ਲ ਵਿਚ ਜੀਵਨ ਦੀ ਕਸ਼ਮਕਸ਼, ਆਦਮੀ ਦੇ ਛਿਨ ਭੰਗਰ ਹੋਣ ਆਦਿ ਦਾ ਵੀ ਵਰਣਨ ਹੁੰਦਾ ਹੈ ਅਤੇ ਕਿਤੇ ਕਿਤੇ ਦੁਨੀਆਂ ਦੀ ਨਾਂਸ਼ਵਾਨਤਾ ਦਰਸਾ ਕੇ ਕੋਈ ਨਸੀਹਤ ਵੀ ਮਿਲ ਜਾਂਦੀ ਹੈ। ਫਲਸਫੇ ਦੇ ਗੁਝੇ ਭੇਦ ਵੀ ਗ਼ਜ਼ਲ ਦਾ ਮਜ਼ਮੂਨ ਬਣ ਜਾਂਦੇ ਹਨ ਅਤੇ ਹੁਣ ਤਾਂ ਬਹੁਤ ਸਾਰੇ ਕਵੀ ਰਾਜਸੀ ਮਸਲਿਆਂ ਨੂੰ ਵੀ ਗ਼ਜ਼ਲ ਦਾ ਵਿਸ਼ਾ ਬਣਾਉਣ ਲਗ ਪਏ ਹਨ। ਸੋ ਇਸ ਸਾਰੀ ਗੱਲ ਬਾਤ ਦਾ ਸਿੱਟਾ ਇਹ ਨਿਕਲਿਆ ਕਿ ਭਾਵੇਂ ਗ਼ਜ਼ਲ ਵਿਚ ਪਰਧਾਨਤਾ ਇਸ਼ਕੀਆਂ ਮਜ਼ਮੂਨ ਦੀ ਹੀ ਹੁੰਦੀ ਹੈ ਪਰ ਹੋਰ ਹਰ ਕਿਸਮ ਦੇ ਮਜ਼ਮੂਨਾਂ ਲਈ ਵੀ ਇਸ ਦਾ ਦਰ ਖੁਲ੍ਹਾ ਹੈ।

ਗ਼ਜ਼ਲ ਦੀ ਬੋਲੀ:-

ਗ਼ਜ਼ਲ ਕਿਸੇ ਸੁਹਣੇ ਦੇ ਸੁਹਪੱਣ ਦੀ ਵਿਆਖਿਆ ਕਰਦੀ ਹੈ ਇਸੇ ਲਈ ਇਸ ਦੀ ਅਪਣੀ ਖੂਬਸੂਰਤੀ ਇਹ ਮੰਗ ਕਰਦੀ ਹੈ ਕਿ ਕਵੀ ਇਸ ਦੀ ਸ਼ਕਲ ਵੀ ਸੁਹਣੇ ਸੁਹਣੇ, ਮਿਠੇ ਮਿਠੇ ਅਤੇ ਪਿਆਰੇ ਪਿਆਰੇ ਸ਼ਬਦਾਂ ਨਾਲ ਉਲੀਕੇ। ਖਰਵੇ, ਭੱਦੇ, ਬਜ਼ਾਰੀ, ਗੰਵਾਰੂ ਅਤੇ ਫੁਹਸ਼ ਸ਼ਬਦ ਗ਼ਜ਼ਲ ਦੇ ਹੁਸਨ ਨੂੰ ਖਰਾਬ ਕਰ ਦਿੰਦੇ ਹਨ। ਸਿਆਣਾ ਕਵੀ ਸ਼ਬਦਾਂ ਦੀ ਨਜ਼ਾਕਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਗਜ਼ਲ ਵਿਚ ਮਾਂਝੇ ਸੰਵਾਰੇ ਅਤੇ ਤਰਾਸ਼ੇ ਹੋਏ ਸ਼ਬਦ ਹੀ ਵਰਤਦਾ ਹੈ। ਗ਼ਜ਼ਲ ਦਾ ਵਿਸ਼ਾ ਜਿਸ ਪ੍ਰਕਾਰ ਕਸੀਦੇ, ਰੁਬਾਈ ਅਤੇ ਮਸਨਵੀ ਨਾਲੋਂ ਵੱਖਰਾ ਹੈ ਉਸੇ ਤਰਾਂ ਇਸ ਦੀ ਬੋਲੀ ਵੀ ਉਨ੍ਹਾਂ ਨਾਲੋਂ ਵੱਖਰੀ ਹੈ। ਮੈਨੂੰ ਇਥੇ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਅਜੇ ਸਾਡੇ ਪੰਜਾਬੀ ਕਵੀਆਂ ਨੇ ਗ਼ਜ਼ਲ ਦੀ ਬੋਲੀ ਵਲ ਬਹੁਤਾ ਧਿਆਨ ਨਹੀਂ ਦਿਤਾ ਅਤੇ ਕਈ ਵਾਰ ਇਸ ਪ੍ਰਕਾਰ ਦੇ ਅੱਖੜ ਜਿਹੇ ਸ਼ਬਦ ਵਰਤ ਜਾਂਦੇ ਹਨ ਜਿਹੜੇ ਕੰਨਾ ਨੂੰ ਬਹੁਤ ਖਰ੍ਹਵੇ ਲਗਦੇ ਹਨ। ਜਿਸ ਪਰਕਾਰ ਵਾਰ ਦੇ ਸ਼ਬਦਾਂ ਵਿਚ ਇਕ ਪਰਕਾਰ ਦਾ ਕਰਾਰਾਪਣ ਹੋਣਾ ਚਾਹੀਦਾ ਹੈ ਉਸੇ ਤਰ੍ਹਾਂ ਗ਼ਜ਼ਲ ਵਿਚ ਇਕ ਪ੍ਰਕਾਰ ਦਾ ਲੋਚ ਹੋਣਾ ਜ਼ਰੂਰੀ ਹੈ ਤਾਂ ਜੋ ਗ਼ਜ਼ਲ ਦੀ ਨਜ਼ਾਕਤ ਬਰਕਰਾਰ ਰਹੇ। ਅਸੀਂ ਗ਼ਜ਼ਲ ਵਿਚ ਉਰਦੂ ਫਾਰਸੀ ਦੇ ਸ਼ਬਦਾਂ ਨੂੰ ਅਕਸਰ ਵਰਤ ਲੈਂਦੇ ਹਾਂ ਪਰ ਬਹੁਤ ਔਖੇ ਔਖੇ ਉਰਦੂ ਫਾਰਸੀ ਜਾਂ ਸੰਸਕ੍ਰਿਤ ਆਦਿ ਦੇ ਸ਼ਬਦਾਂ ਨਾਲ ਗ਼ਜ਼ਲ ਦੀ ਖੂਬਸੂਰਤੀ ਵਿਚ ਫਰਕ ਆ ਜਾਂਦਾ ਹੈ। ਗ਼ਜ਼ਲ ਵਿਚ ਮੁਹਾਵਰੇ ਦੀ ਵਰਤੋਂ ਵਿਵਰਜਤ ਨਹੀਂ ਪਰ ਇਸ ਦੇ ਮੱਲੋ ਮੱਲੀ ਲਿਆਉਣ ਨਾਲ ਗ਼ਜ਼ਲ ਬੜੀ ਭਾਰੀ ਜਿਹੀ ਜਾਪਦੀ ਹੈ। ਜੇ ਮੁਹਾਵਰਾ ਅਪਣੇ ਆਪ ਬੱਝ ਜਾਵੇ ਤਦ ਤਾਂ ਚੰਗੀ ਗੱਲ ਹੈ, ਇਸ ਨਾਲ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਅਸੀਂ ਕਈ ਵਾਰ ਅਰਥਾਂ ਦੇ ਵੇਗ ਵਿਚ ਸ਼ਬਦਾਂ ਵਲ ਧਿਆਨ ਦੇਣਾ ਭੁਲ ਜਾਂਦੇ ਹਾਂ। ਤੁਸੀਂ ਜਰਾ ਵਿਚਾਰ ਕਰੋ ਕਿ ਜੇ ਮੂੰਹ ਦੀ ਥਾਂ ਬੂਥਾ ਜਾਂ ਬਥਾੜ ਕਹੀਏ ਜਾਂ ਕਪੜੇ ਪਾ ਲਵੋ ਦੀ ਥਾਂ ਲੀੜੇ ਪਾ ਲਵੋ ਜਾਂ ਰੋਟੀ ਖਾ ਲੈ ਦੀ ਥਾਂ ਰੋਟੀ ਝੁਲਸ ਲੈ ਕਹੀਏ ਤਾਂ ਗੱਲ ਕਿੱਥੇ ਦੀ ਕਿੱਥੇ ਜਾ ਪੈਂਦੀ ਹੈ। ਸ਼ਬਦਾਂ ਦੀ ਗ਼ਲਤ ਵਰਤੋਂ ਤਾਂ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਪਰ ਅਸੀਂ ਬਹੁਤ ਵਰ ਇਸ ਪ੍ਰਕਾਰ ਦੇ ਵਾਕ ਉਚਾਰਦੇ ਹਾਂ, 'ਉਸ ਨੇ ਮੇਰੀ ਗੱਲ ਦਾ ਕੋਈ ਅਸਰ ਨਾ ਕੀਤਾ' ਮੈਂ ਇਸ ਪ੍ਰਕਾਰ ਦੇ ਵਾਕਾਂ ਨੂੰ ਗ਼ਲਤ ਸਮਝਦਾ ਹਾਂ ਇਸੇ ਤਰ੍ਹਾਂ ਸ਼ਬਦਾਂ ਨੂੰ ਵਿਗਾੜ ਕੇ ਵਰਤਣਾ ਵੀ ਕੰਨਾਂ ਨੂੰ ਸੁਖਦਾਇਕ ਪਰਤੀਪ ਨਹੀਂ ਹੁੰਦਾ। ਸੋ ਗ਼ਜ਼ਲ ਦੀ ਬੋਲੀ ਸਾਫ ਸੁਥਰੀ, ਮਾਂਝੀ ਸੰਵਾਰੀ ਹੋਣੀ ਚਾਹੀਦੀ ਹੈ।

ਗ਼ਜ਼ਲ ਦਾ ਪ੍ਰਭਾਵ:-

ਗ਼ਜ਼ਲ ਦੇ ਹਰ ਸ਼ਿਅਰ ਦਾ ਜੁਦਾ ਜੁਦਾ ਅਰਥ ਹੁੰਦਾ ਹੈ ਇਸ ਲਈ ਹਰ ਸ਼ਿਅਰ ਦਾ ਪਰਭਾਵ ਸੁਨਣ ਵਾਲੇ ਤੇ ਅਡੋ ਅਡਰਾ ਪੈਂਦਾ ਹੈ। ਇਸ ਤੋਂ ਕੋਈ ਆਦਮੀ ਇਨਕਾਰ ਨਹੀਂ ਕਰ ਸਕਦਾ ਕਿ ਅੱਜ ਵੀ ਅਸੀਂ ਜੀਵਨ ਦੇ ਕਾਰਵਿਹਾਰ ਵਿਚ ਲੋਕਾਂ ਨੂੰ ਗ਼ਜ਼ਲ ਦੇ ਸ਼ਿਅਰਾਂ ਦੀ ਵਰਤੋਂ ਕਰਦੇ ਹੋਏ ਦੇਖਦੇ ਹਾਂ ਅਤੇ ਕਈ ਵਾਰ ਤਾਂ ਇਕ ਮੌਕੇ ਤੇ ਬੋਲਿਆ ਹੋਇਆ ਸ਼ਿਅਰ ਸਾਰੀ ਮਹਿਫਿਲ ਵਿਚ ਜਾਨ ਪਾ ਦਿੰਦਾ ਹੈ। ਜੋ ਚੀਜ਼ ਗ਼ਜ਼ਲ ਦੇ ਪਰਭਾਵ ਨੂੰ ਜਨਮ ਦਿੰਦੀ ਹੈ ਉਹ ਹੈ ਗ਼ਜ਼ਲ ਦੀ ਸ਼ੋਖੀ। ਸ਼ਿਅਰ ਜਿਨਾ ਜ਼ਿਆਦਾ ਸ਼ੋਖ ਹੋਵੇਗਾ ਉਨੀ ਹੀ ਜ਼ਿਆਦਾ ਗਰਮੀ ਪੈਦਾ ਕਰ ਸਕੇਗਾ। ਪਰ ਇਸ ਪਰਕਾਰ ਦੇ ਸ਼ਿਅਰ ਹਰ ਇਕ ਕਵੀ ਦੀ ਕਵਿਤਾ ਵਿਚ ਨਹੀਂ ਮਿਲਦੇ। ਕਈ ਵਾਰ ਸ਼ਿਅਰ ਵਿਚ ਦੋ ਅਡੋ ਅੱਡ ਹਾਲਤਾਂ ਨੂੰ ਇਕੱਠਾ ਕਰਨ ਨਾਲ ਜਾਂ ਕਿਸੇ ਮਜ਼ਮੂਨ ਵਿਚੋਂ ਕੁਝ ਹਿੱਸਾ ਛੱਡ ਦੇਣ ਨਾਲ ਜਿਸ ਨੂੰ ਪਾਠਕ ਅਪਣੇ ਆਪ ਸਮਝ ਸਕਦੇ ਹੋਣ ਦੀ ਸ਼ਿਅਰ ਵਿਚ ਨਵੀਂ ਜਾਨ ਆ ਜਾਂਦੀ ਹੈ।

ਪੰਜਾਬੀ ਵਿਚ ਗ਼ਜ਼ਲ:-

ਜਿਦਾਂ ਕਿ ਪਹਿਲਾਂ ਦੱਸ ਆਏ ਹਾਂ ਗ਼ਜ਼ਲ ਉਰਦੂ ਫਾਰਸੀ ਦਾ ਮਾਲ ਹੈ। ਪੰਜਾਬੀ ਦੇ ਪੁਰਾਤਨ ਕਵੀਆਂ ਨੇ ਇਸ ਨੂੰ ਹੱਥ ਨਹੀਂ ਪਾਇਆ। ਪਹਿਲਾਂ ਪਹਿਲ ਧਨੀ ਰਾਮ ਚਾਤ੍ਰਿਕ, ਮੌਲਾ ਬਖਸ਼ ਕੁਸ਼ਤਾ ਆਦਿ ਪੁਰਾਣੇ ਉਸਤਾਦਾਂ ਨੇ ਉਰਦੂ ਵਾਲਿਆਂ ਦੀ ਦੇਖਾ ਦੇਖੀ ਗ਼ਜ਼ਲ ਵੱਲ ਧਿਆਨ ਦਿੱਤਾ ਅਤੇ ਕੁਝ ਗ਼ਜ਼ਲਾਂ ਉਰਦੂ ਤਰਜ਼ ਤੇ ਲਿਖਣੀਆਂ ਅਰੰਭੀਆਂ। ਕੁਸ਼ਤਾਂ ਹੋਰਾਂ ਨੂੰ ਤਾਂ ਇਹ ਫ਼ਖ਼ਰ ਵੀ ਰਿਹਾ ਹੈ ਕਿ ਪੰਜਾਬੀ ਵਿਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਗ਼ਜ਼ਲ ਦਾ ਦੀਵਾਨ ਤਿਆਰ ਕੀਤਾ ਹੈ। ਭਾਵੇਂ ਚਾਤ੍ਰਿਕ ਹੋਰਾਂ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਉਨ੍ਹਾਂ ਦੀਆਂ ਪੁਸਤਕਾਂ ਚੰਦਨ ਵਾੜੀ ਅਤੇ ਸੂਫੀ ਖਾਨਾ ਵਿਚ ਪ੍ਰਕਾਸ਼ਤ ਹੋਈਆਂ ਮਿਲਦੀਆਂ ਹਨ ਪਰ ਉਨ੍ਹਾਂ ਨੇ ਗ਼ਜ਼ਲ ਦਾ ਕੋਈ ਅੱਡ ਦੀਵਾਨ ਨਹੀਂ ਛਪਵਾਇਆ। ਅੱਜ ਕਲ ਪੰਜਾਬੀ ਕਵੀ ਗ਼ਜ਼ਲ ਵੱਲ ਕਾਫੀ ਧਿਆਨ ਦੇ ਰਹੇ ਹਨ ਅਤੇ ਪੰਜਾਬੀ ਦੇ ਹਰ ਰਸਾਲੇ ਵਿਚ ਕਿਸੇ ਨਾ ਕਿਸੇ ਕਵੀ ਦੀ ਕੋਈ ਨਾ ਕੋਈ ਗ਼ਜ਼ਲ ਜ਼ਰੂਰ ਹੁੰਦੀ ਹੈ ਪਰ ਅਜੇ ਤਕ ਕੋਈ ਗਜ਼ਲਾਂ ਦਾ ਵਿਸ਼ੇਸ਼ ਸੰਗ੍ਰਹਿ ਮੇਰੀ ਨਜ਼ਰ 'ਚੋਂ ਨਹੀਂ ਲੰਘਿਆ। ਪਰ ਜਿਸ ਰਫਤਾਰ ਨਾਲ ਸਾਡੇ ਕਵੀ ਗ਼ਜ਼ਲਾਂ ਲਿਖ ਰਹੇ ਹਨ ਉਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਛੇਤੀ ਹੀ ਗ਼ਜ਼ਲ ਦੀਆਂ ਕਈ ਪੁਸਤਕਾਂ ਪਰਕਾਸ਼ਤ ਹੋਕੇ ਸਾਡੇ ਸਾਹਮਣੇ ਆ ਜਾਣਗੀਆਂ।

ਪੰਜਾਬੀ ਗ਼ਜ਼ਲ ਦੀਆਂ ਔਖਿਆਈਆਂ:-

ਪੰਜਾਬੀ ਇਕ ਪ੍ਰਾਂਤਕ ਬੋਲੀ ਹੈ। ਇਸ ਨੂੰ ਕਿਸੇ ਰਾਜ ਦਰਬਾਰ ਦਾ ਮਾਣ ਪਰਾਪਤ ਨਹੀਂ ਹੋਇਆ ਅਤੇ ਨਾਂ ਹੀ ਪੜ੍ਹੇ ਲਿਖੇ ਲੋਕਾਂ ਨੇ ਇਸ ਵੱਲ ਧਿਆਨ ਦਿੱਤਾ। ਉਰਦੂ ਅੰਗਰੇਜ਼ੀ ਦੇ ਹੜ੍ਹ ਨੇ ਪੰਜਾਬੀ ਨੂੰ ਸਿਰ ਚੁਕਣ ਦਾ ਮੌਕਾ ਹੀ ਨਾ ਦਿੱਤਾ ਇਸ ਕਰਕੇ ਇਹ ਬੋਲੀ ਬਹੁਤ ਘੜੀ ਛਿੱਲੀ ਨਹੀਂ ਗਈ। ਇਸ ਦਾ ਸ਼ਬਦ ਭੰਡਾਰ ਵੀ ਥੋੜਾ ਹੈ ਅਤੇ ਗ਼ਜ਼ਲ ਲਿਖਣ ਲਈ ਜਦੋਂ ਕੋਈ ਕਵੀ ਕਾਫੀਏ ਲੱਭਦਾ ਹੈ ਤਾਂ ਅਕਸਰ ਵਿਚਾਰੇ ਦਾ ਕਾਫੀਆ ਤੰਗ ਹੋ ਜਾਂਦਾ ਹੈ। ਏਸ ਕਰਕੇ ਬਹੁਤ ਵਾਰ ਤਾਂ ਸਾਡੇ ਕਵੀ ਪੰਜਾਬੀ ਵਿਚ ਵੀ ਠੇਠ ਉਰਦੂ ਫਾਰਸੀ ਦੇ ਕਾਫੀਏ ਹੀ ਵਰਤ ਲੈਂਦੇ ਹਨ। ਪਰ ਮੈਂਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਵਿਚ ਗ਼ਜ਼ਲਾਂ ਅਤੇ ਰੁਬਾਈਆਂ ਲਿਖਣ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਇਹ ਵੀ ਇਕ ਜੀਉਂਦੀ ਜਾਗਦੀ ਬੋਲੀ ਲਈ ਅੱਤ ਜ਼ਰੂਰੀ ਹੈ ਕਿ ਉਹ ਦੂਜੀਆਂ ਬੋਲੀਆਂ ਦੇ ਸਾਹਿੱਤ ਨੂੰ ਅਪਣੇ ਰੰਗ ਵਿਚ ਰੰਗ ਦੇਵੇ। ਗ਼ਜ਼ਲਾਂ ਦੀਆਂ ਪੁਸਤਕਾਂ ਦੀ ਅਣਹੋਂਦ ਦੇ ਕਾਰਨ ਅਸੀਂ ਗ਼ਜ਼ਲ ਦੀ ਪੂਰੀ ਪੂਰੀ ਪੜਚੋਲ ਨਹੀਂ ਕਰ ਸਕਦੇ ਪਰ ਜਦੋਂ ਕੁਝ ਪੁਸਤਕਾਂ ਬਾਜ਼ਾਰ ਵਿਚ ਆ ਜਾਣਗੀਆਂ ਤਦ ਹੀ ਕਿਸੇ ਕਵੀ ਦੀ ਗ਼ਜ਼ਲ ਬਾਰੇ ਠੀਕ ਠੀਕ ਨਿਸ਼ਚਾ ਕੀਤਾ ਜਾ ਸਕੇਗਾ।

ਮੇਰੀਆਂ ਪੰਜਾਬੀ ਗ਼ਜ਼ਲਾਂ:-

ਮੈਂ ਅਪਣੀਆਂ ਪੰਜਾਬੀ ਗ਼ਜ਼ਲਾਂ ਦਾ ਇਹ ਸੰਗ੍ਰਹਿ ਅਪਣੇ ਪਿਆਰੇ ਪਾਠਕਾਂ ਦੀ ਸੇਵਾ ਵਿਚ ਭੇਂਟ ਕਰ ਰਿਹਾ ਹਾਂ। ਮੈਨੂੰ ਕੋਈ ਉਸਤਾਦੀ ਦਾ ਦਾਅਵਾ ਨਹੀਂ ਅਤੇ ਨਾ ਹੀ ਮੈਂ ਅਪਣੇ ਆਪ ਨੂੰ ਕੋਈ ਵੱਡਾ ਕਵੀ ਸਮਝਦਾ ਹਾਂ। ਜੋ ਕੁਝ ਸ਼ਿਅਰ ਮੇਰੇ ਮਨ ਦੀ ਮੌਜ ਨਾਲ ਲਿਖੇ ਗਏ ਉਹ ਹਾਜ਼ਰ ਹਨ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਬੋਲੀ ਦੇ ਪਿਆਰਿਆਂ ਨੇ ਮੇਰੀ ਪਹਿਲੀ ਪੁਸਤਕ 'ਸਿੱਧੇ ਰਾਹ' ਨੂੰ ਅਪਣਾ ਕੇ ਮੇਰਾ ਹੌਸਲਾ ਦੂਣਾ ਕਰ ਦਿੱਤਾ ਹੈ ਨਹੀਂ ਤਾਂ ਕਿਤਾਬ ਆਪ ਪਰਕਾਸ਼ਤ ਕਰਨਾ ਬਹੁਤ ਔਖਾ ਕੰਮ ਹੈ। 'ਸਿੱਧੇ ਰਾਹ' ਤੋਂ ਮਗਰੋਂ ਇਹ ਗ਼ਜ਼ਲਾਂ ਦੀ ਪੁਸਤਕ ਤੁਹਡੀ ਸੇਵਾ ਵਿਚ ਘਲ ਰਿਹਾ ਹਾਂ। ਜੇ ਤੁਸੀਂ ਮੇਰੀ ਪਹਿਲੀ ਪੁਸਤਕ ਦੀ ਕਦਰ ਨਾ ਕਰਦੇ ਤਾਂ ਸ਼ਾਇਦ ਮੈਂ ਇਹ ਦੂਜੀ ਪੁਸਤਕ ਤਿਆਰ ਕਰਨ ਦਾ ਕਦੀ ਵੀ ਹੌਸਲਾ ਨਾ ਕਰਦਾ। ਮੈਂ ਅੱਜ ਇਸ ਪੁਸਤਕ ਦੀ ਭੂਮਕਾ ਲਿਖਦਾ ਹੋਇਆ ਉਨ੍ਹਾਂ ਸਾਰੇ ਸੱਜਣਾ ਦਾ ਦਿਲ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਪਹਿਲੀ ਪੁਸਤਕ 'ਸਿੱਧੇ ਰਾਹ' ਨੂੰ ਖਰੀਦਿਆ ਅਤੇ ਉਨ੍ਹਾਂ ਦੀ ਹੀ ਮਿਹਰਬਾਨੀ ਹੈ ਕਿ ਇਹ ਦੂਜੀ ਕਿਤਾਬ ਪੰਜਾਬੀ ਸਾਹਿੱਤ ਦੀ ਸੇਵਾ ਲਈ ਉਪਸਥਿਤ ਹੋ ਗਈ ਹੈ।

ਮੇਰੀਆਂ ਇਨ੍ਹਾਂ ਗ਼ਜ਼ਲਾਂ ਵਿਚ ਉਰਦੂ ਫਾਰਸੀ ਦੇ ਕੁਝ ਸ਼ਬਦ ਵੀ ਵਰਤੇ ਮਿਲਣਗੇ। ਇਸ ਦਾ ਇਕ ਕਾਰਣ ਤਾਂ ਇਹ ਹੈ ਕਿ ਗ਼ਜ਼ਲ ਚੀਜ਼ ਹੀ ਉਰਦੂ ਫਾਰਸੀ ਦੀ ਹੈ ਇਸ ਲਈ ਸਾਕੀ, ਮੈਖਾਨਾ, ਨਦਾਮਤ, ਪੈਮਾਨਾ, ਮੈਖਾਰ, ਇਸ਼ਕ, ਹੁਸਨ ਆਦਿ ਸ਼ਬਦ ਮੱਲੋ ਮੱਲੀ ਹੀ ਆ ਵੜਦੇ ਹਨ। ਦੂਜੀ ਗੱਲ ਇਹ ਹੈ ਕਿ ਇਨ੍ਹਾਂ ਫਾਰਸੀ ਸ਼ਬਦਾਂ ਦੇ ਮੁਕਾਬਲੇ ਵਿਚ ਜਦੋਂ ਮੈਂ ਹਿੰਦੀ ਪੰਜਾਬੀ ਸ਼ਬਦਾਂ ਵੱਲ ਨਜ਼ਰ ਮਾਰੀ ਤਾਂ ਮੈਨੂੰ ਉਹ ਸ਼ਬਦ ਬਹੁਤੇ ਸੁਹਣੇ ਨਾ ਜਾਪੇ ਜਿਦਾਂ ਮੈਖਾਨੇ ਦੀ ਥਾਂ ਠੇਕਾ ਸ਼ਬਦ ਮੈਨੂੰ ਨਾ ਜਚਿਆ। ਇਸ਼ਕ ਅਤੇ ਪ੍ਰੇਮ ਦਾ ਅਰਥ ਭਾਵੇਂ ਇਕੋ ਲਿਆ ਜਾਂਦਾ ਹੈ ਪਰ ਜੋ ਗਰਮੀ ਸ਼ਬਦ ਇਸ਼ਕ ਵਿਚ ਹੈ ਉਹ ਪ੍ਰੇਮ ਵਿਚ ਨਹੀਂ ਹੈ ਇਸੇ ਤਰ੍ਹਾਂ ਹੁਸਨ ਸ਼ਬਦ ਜਿੱਨਾ ਹੁਸੀਨ ਹੈ ਉਨਾ ਕੋਈ ਹੋਰ ਸ਼ਬਦ ਮੈਨੂੰ ਮਿਲ ਨਹੀਂ ਸਕਿਆ। ਨਾਲੇ ਉਮਰ ਦਾ ਬਹੁਤ ਸਾਰਾ ਹਿੱਸਾ ਉਰਦੂ ਫਾਰਸੀ ਦੇ ਪਠਣ ਪਾਠਣ ਵਿਚ ਲੰਘਣ ਦੇ ਕਾਰਨ ਫਾਰਸੀ ਸ਼ਬਦਾਂ ਦਾ ਜੀਭ ਉਤੇ ਮੱਲੋ ਮੱਲੀ ਚੜ੍ਹ ਜਾਣਾ ਕੁਦਰਤੀ ਹੈ।

ਇਨ੍ਹਾਂ ਗ਼ਜ਼ਲਾਂ ਵਿਚ ਅਕਸਰ ਸ਼ਰਾਬ, ਸਾਕੀ, ਮੈਖਾਨੇ ਆਦਿ ਦਾ ਜ਼ਿਕਰ ਆਉਂਦਾ ਹੈ। ਮੈਨੂੰ ਕਦੇ ਵਿਸਕੀ ਬਰਾਂਡੀ ਆਦਿ ਪੀਣ ਦਾ ਤਾਂ ਇਤਫਾਕ ਨਹੀਂ ਹੋਇਆ ਪਰ ਮਹਾਂਪੁਰਸ਼ਾਂ ਕੋਲ ਬੈਠਕੇ ਮਾਅਰਫਤ ਦੀ ਸ਼ਰਾਬ ਪੀਣ ਦਾ ਮੌਕਾ ਜ਼ਰੂਰ ਮਿਲਿਆ ਹੈ ਅਤੇ ਉਸ ਦਾ ਮੈਨੂੰ ਮਾਣ ਹੈ। ਉਸੇ ਸ਼ਰਾਬ ਦਾ ਨਸ਼ਾ ਇਨ੍ਹਾਂ ਸ਼ਿਅਰਾਂ ਵਿਚੋਂ ਤੁਹਾਨੂੰ ਵੀ ਪਰਤੀਤ ਹੋਵੇਗਾ।

ਮੈਂ ਇਸ਼ਕ ਨੂੰ ਇਕ ਰੱਬੀ ਦਾਤ ਸਮਝਦਾ ਹਾਂ ਅਤੇ ਮੇਰਾ ਨਿਸ਼ਚਾ ਹੈ ਕਿ ਬੇਗ਼ਰਜ਼ ਮੁਹੱਬਤ ਆਦਮੀ ਨੂੰ ਦੇਵਤਾ ਬਣਾ ਸਕਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਰੱਬ ਨੂੰ ਅਪਣਾ ਹੁਸਨ ਦੇਖਣ ਦਾ ਇਸ਼ਕ ਪੈਦਾ ਹੋਇਆ ਇਸ ਲਈ ਉਸ ਨੇ ਇਹ ਜਗਤ ਰਚਨਾ ਕੀਤੀ। ਮੇਰੇ ਇਨ੍ਹਾਂ ਸ਼ਿਅਰਾਂ ਵਿਚ ਇਨ੍ਹਾਂ ਰਮਜ਼ਾਂ ਬਾਰੇ ਕੁਝ ਇਸ਼ਾਰੇ ਮਿਲਦੇ ਹਨ। ਮੈਨੂੰ ਪੂਰੀ ਆਸ ਹੈ ਕਿ ਸਾਹਿੱਤ ਪ੍ਰੇਮੀ ਅਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਮਿੱਤਰ ਇਨ੍ਹਾਂ ਗ਼ਜ਼ਲਾਂ ਨੂੰ ਪਸੰਦ ਕਰਨਗੇ। ਇਨ੍ਹਾਂ ਗ਼ਜ਼ਲਾਂ ਵਿਚ ਕਿਤੇ ਕਿਤੇ ਮੇਰੀ, ਤੇਰੀ ਆਦਿ ਨੂੰ ਮਿਰੀ, ਤਿਰੀ ਦੀ ਸੂਰਤ ਵਿਚ ਵਰਤਿਆ ਗਿਆ ਹੈ। ਏਸੇ ਤਰ੍ਹਾਂ ਨਹੀਂ ਸ਼ਬਦ ਨੂੰ ਵੀ ਕਿਤੇ ਕਿਤੇ ਨਈਂ ਹੀ ਪੜ੍ਹਨ ਨਾਲ ਵਜ਼ਨ ਠੀਕ ਰਹਿ ਸਕੇਗਾ। 'ਵਿਚ' ਸ਼ਬਦ ਦੀ ਥਾਂ ('ਚ) ਵੀ ਵਰਤਿਆ ਗਿਆ ਹੈ ਅਤੇ ਮੇਰਾ ਵਿਚਾਰ ਹੈ ਕਿ ਇਸ ਸ਼ਬਦ ਨੂੰ ਗ਼ਜ਼ਲ ਵਿਚ ਇਸ ਰੂਪ ਵਿਚ ਵਰਤ ਲੈਣ ਦਾ ਕੋਈ ਹਰਜ ਨਹੀਂ।

ਆਸ ਹੈ ਕਿ ਸਿਆਣੇ ਪਾਠਕ ਇਨ੍ਹਾਂ ਗੱਲਾਂ ਨੂੰ ਸਾਹਮਣੇ ਰਖਕੇ ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹਨਗੇ ਅਤੇ ਏਸ ਪੁਸਤਕ ਵਿਚੋਂ ਕੁਝ ਆਨੰਦ ਪਰਾਪਤ ਕਰਨਗੇ।

ਧੰਨਵਾਦ:-

ਮੈਂ ਅਪਣੇ ਮਿਤਰ ਮਾਨਯੋਗ ਪ੍ਰਿੰਸੀਪਲ ਸਿਰੀ ਰਾਮ ਜੀ ਦਾ ਅਤੇ ਅਪਣੇ ਪਿਆਰੇ ਦੋਸਤ ਮਹਿਤਾ ਦੇਸ਼ ਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਉਤਸ਼ਾਹ ਦੇਣ ਕਰਕੇ ਇਹ ਗ਼ਜ਼ਲਾਂ ਕਿਤਾਬ ਦੀ ਸੂਰਤ ਵਿਚ ਤੁਹਾਡੇ ਸਾਹਮਣੇ ਆ ਰਹੀਆਂ ਹਨ।

ਹਰੀ ਕਿਸ਼ਨ 'ਰਤਨ'
ਰਤਨ ਪਬਲਿਸ਼ਿੰਗ ਹਾਉਸ, ਖੰਨਾ।
ਪਹਿਲੀ ਫਰਵਰੀ ੧੯੫੬

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਰੀ ਕਿਸ਼ਨ 'ਰਤਨ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ