ਪੰਜਾਬੀ ਲੋਕ ਧਾਰਾ ਦਾ ਜੀਵੰਤ ਵਿਸ਼ਵ ਕੋਸ਼ ਹੈ ਗੀਤਕਾਰ ਬਾਬੂ ਸਿੰਘ ਮਾਨ : ਗੁਰਭਜਨ ਗਿੱਲ
ਸਾਡੇ ਵਿੱਚੋਂ ਬਹੁਤੇ ਕਵਿਤਾ ਲਿਖਣ ਵਾਲੇ ਲੇਖਕ ਗੀਤਕਾਰਾਂ ਨੂੰ ਕਿਸੇ ਸਤਿਕਾਰਤ ਸੂਚੀ ਵਿੱਚ ਨਹੀਂ ਰੱਖਦੇ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅਕਾਦਮਿਕ ਪਾਠਕ੍ਰਮ ਵਿੱਚ ਗੀਤਕਾਰੀ ਦਾ ਉਹ ਸਥਾਨ ਨਹੀਂ, ਜੋ ਹੋਣਾ ਚਾਹੀਦਾ ਸੀ। ਸਾਡੇ ਕੋਲ ਪੁਰਾਤਨ ਸਮਿਆਂ ਤੋਂ ਹੀ ਗੀਤ ਸਾਹਿਤ ਦੀ ਵੱਡੀ ਪਰੰਪਰਾ ਹੈ ਜੋ ਸੀਨਾ ਬ ਸੀਨਾ ਤੁਰਦੀ ਤੁਰਦੀ ਸਾਡੇ ਤੀਕ ਅੱਪੜੀ ਹੈ।
ਸਰੋਦੀ ਕਾਵਿ ਵਿੱਚ ਗੀਤ ਦਾ ਰੁਤਬਾ ਲੋਕ ਮਨ ਵਿੱਚ ਸਰਵੋਤਮ ਹੈ। ਰਿਕਾਰਡਿੰਗ ਨਾਲ ਬਹੁਤ ਗੀਤ ਸਾਂਭੇ ਗਏ। ਅੱਜ ਸਾਡੇ ਕੋਲ ਕਈ ਅਜਿਹੇ ਗੀਤ ਹਨ ਜੋ ਕਿਤਾਬਾਂ ਵਿੱਚ ਨਹੀਂ ਲੱਭਦੇ ਪਰ ਪੁਰਾਣੀਆਂ ਰੀਕਾਰਡਿੰਗਜ਼ ਵਿੱਚ ਸੁਰੱਖਿਅਤ ਪਏ ਹਨ। ਗਿਆਨ ਚੰਦ ਧਵਨ, ਹਰਚਰਨ ਸਿੰਘ ਪਰਵਾਨਾ, ਨੰਦ ਲਾਲ ਨੂਰਪੁਰੀ, ਕਰਤਾਰ ਸਿੰਘ ਬਲੱਗਣ, ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਦੀਦਾਰ ਸੰਧੂ,ਚੰਨ ਜੰਡਿਆਲਵੀ, ਹਰਦੇਵ ਦਿਲਗੀਰ , ਪਾਲੀ ਦੇਤਵਾਲੀਆ ਦੇ ਅਜਿਹੇ ਕਈ ਗੀਤ ਨੇ ਜੋ ਕਿਤਾਬਾਂ ਵਿੱਚੋਂ ਨਹੀਂ ਮਿਲਦੇ। ਬਹੁਤੇ ਗੀਤਕਾਰਾਂ ਦੀਆਂ ਤਾਂ ਕਿਤਾਬਾਂ ਵੀ ਨਹੀਂ ਲੱਭਦੀਆਂ। ਉਹ ਭਾਈ ਚਤਰ ਸਿੰਘ ਜੀਵਨ ਸਿੰਘ ਜਾਂ ਭਾਪੇ ਦੀ ਹੱਟੀ ਵਾਲੇ ਅੰਬਰਸਰੋਂ ਛਾਪਦੇ ਹੁੰਦੇ ਸਨ ਪਰ ਹੁਣ ਮੇਲਿਆਂ ਮਸਾਹਦਿਆਂ ਵਿੱਚੋਂ ਇਹ ਚਿੱਠੇ ਜਾਂ ਗੀਤ ਕਿਤਾਬਾਂ ਨਹੀਂ ਮਿਲਦੀਆਂ। ਇਹ ਚਿੱਠੇ ਗੀਤਕਾਰੀ ਦੇ ਖੋਜਕਾਰਾਂ ਕੋਲ ਕਿਤੇ ਪਏ ਹੋਣ ਤਾਂ ਪਤਾ ਨਹੀਂ।
ਕੱਲ੍ਹ ਰਾਤੀਂ ਯੂ ਟਿਊਬ ਤੇ ਫੋਲਾ ਫਾਲੀ ਕਰਦਿਆਂ ਬਹੁਤ ਸੁਰੀਲੇ ਤੇ ਪੁਰਾਣੇ ਗਾਇਕ ਹਰਨੇਕ ਸਿੰਘ ਰਾਣਾ ਦਾ ਗਾਇਆ ਤੇ ਬਾਬੂ ਸਿੰਘ ਮਾਨ ਦੀ ਇਹ ਗੀਤ ਮੇਰੇ ਸਾਹਾਂ ‘ਚ ਸੁਗੰਧੀਆਂ ਘੋਲ਼ ਗਿਆ। ਗੀਤ ਕਾਹਦਾ ਹੈ, ਨਿੱਕੀ ਦੇਸੀ ਮਧੂ ਮੱਖੀ ਦੇ ਚੁਆਵੇਂ ਸ਼ਹਿਦ ਦੀਆਂ ਘੁੱਟਾਂ ਹੀ ਨੇ। ਵੇਖਿਉ ਕਿਤੇ ਮੈਂ ਝੂਠ ਤਾਂ ਨਹੀਂ ਮਾਰਦਾ।
ਰੰਗ ਦੇ ਦੁਪੱਟਾ ਮੇਰਾ ਲਾਲ
ਰੰਗ ਦੇ ਦੁਪੱਟਾ ਮੇਰਾ ਲਾਲ ਵੇ ਲਲਾਰੀਆ...
ਚੀਚ-ਵਹੁਟੀਆਂ ਦੇ ਰੰਗ ਨਾਲ ਵੇ
ਲਲਾਰੀਆ।
ਰੰਗ ਦੇ ਦੁਪੱਟਾ ਮੇਰਾ ਲਾਲ ... ।
ਬੁੱਲ੍ਹਾਂ ਉੱਤੇ ਖੇਡਦੇ ਨੇ ਸੁਰਖ-ਸਵੇਰੇ
ਮੇਰੇ ਹਾਸਿਆਂ 'ਚ ਚਿੱਟੀਆਂ ਦੁਪਹਿਰਾਂ।
ਮੁੱਖੜੇ ’ਤੇ ਵੱਸਣ ਬਹਾਰਾਂ ਦੀਆਂ ਰੁੱਤਾਂ,
ਮੇਰੀ ਮੁੱਠੀ 'ਚ ਸਮਾਈਆਂ ਸੱਤੇ ਖੈਰਾਂ।
ਨੈਣਾਂ ਵਿੱਚ ਨੀਲੇ ਨੀਲੇ ਆਥਣਾਂ ਦਾ ਰੰਗ ਮੇਰੇ,
ਮੱਸਿਆ ਦੀ ਰਾਤ ਜਿਹੇ ਵਾਲ।
ਵੇ ਲਲਾਰੀਆ
ਰੰਗ ਦੇ ਦੁਪੱਟਾ ਮੇਰਾ ਲਾਲ।
ਅੱਖਾਂ ਵਿਚੋਂ ਡੁੱਲ੍ਹਦੇ ਖੁਮਾਰ ਡੀਕ ਡੀਕ
ਹੋਈਆਂ ਫਿਰਨ ਹਵਾਵਾਂ ਮਧ-ਮੱਤੀਆਂ।
ਸੂਹੇ ਬੁੱਲ੍ਹਾਂ ਉੱਤੇ ਵੇਖ ਹਾਸੇ ਦੀ ਲਕੀਰ
ਨੀਵੀਂ ਪੌਂਦੀਆਂ ਗੁਲਾਬ ਦੀਆਂ ਪੱਤੀਆਂ।
ਬੋਲ ਬਣ ਜਾਣ ਰਸ ਭਿੰਨੜਾ ਸੰਗੀਤ
ਪਾ ਕੇ ਜੱਫੀਆਂ ਸੁਗੰਧੀਆਂ ਦੇ ਨਾਲ।
ਵੇ ਲਲਾਰੀਆ
ਰੰਗ ਦੇ ਦੁਪੱਟਾ ਮੇਰਾ ਲਾਲ।
ਨੂਰ ਦੀਆਂ ਨਦੀਆਂ ਸੁਹੱਪਣਾਂ ਦੇ ਸਾਗਰਾਂ ਦਾ
ਸਭ ਕੁਝ ਸਾਡੇ ਪੱਲੇ ਪੈ ਗਿਆ।
ਮਹਿਕਾਂ ਨਾਲ ਲੱਦੀ ਹੋਈ ਪੌਣ ਦੇ ਫਰ੍ਹਾਟੇ ਨਾਲ
ਮੁੱਖ ਤੋਂ ਦੁਪੱਟਾ ਇੰਝ ਲਹਿ ਗਿਆ।
ਸੋਨੇ-ਰੰਗੇ ਸਰਘੀ ਦੇ ਥਾਲ ਤੋਂ ਸਰਕਦੇ ਜਿਉਂ
ਬੱਦਲਾਂ ਦੇ ਰੇਸ਼ਮੀ ਰੁਮਾਲ।
ਵੇ ਲਲਾਰੀਆ...
ਰੰਗ ਦੇ ਦੁਪੱਟਾ
ਸੀਨੇ ਵਿੱਚ ਲੈਂਦੇ ਅੰਗੜਾਈਆਂ ਅਰਮਾਨ
ਚੜ੍ਹੀ ਹਿੱਕ ਉੱਤੇ ਜੋਬਨੇ ਦੀ ਕਾਂਗ ਵੀ।
ਨੈਣ ਡੁੱਬ ਜਾਣੇ ਚਾਹੁਣ ਘੁੰਡ ਦਾ ਸਹਾਰਾ ,
ਨਾਲੇ ਮੰਗਦੀ ਸੰਧੂਰ ਮੇਰੀ ਮਾਂਗ ਵੀ ।
ਕਿਸੇ ਨੂੰ ਕੀ ਦੱਸਾਂ ‘ਕੱਲੀ ਬੈਠ ਬੈਠ ਹੱਸਾਂ ,
ਡਾਹਢੇ ਮਿੱਠੇ ਮਿੱਠੇ ਔਂਦੇ ਨੇ ਖਿਆਲ।
ਵੇ ਲਲਾਰੀਆ...
ਰੰਗ ਦੇ ਦੁਪੱਟਾ ਮੇਰਾ ਲਾਲ।
ਪੰਜਾਬੀ ਗੀਤਕਾਰੀ ਵਿੱਚ ਸ. ਬਾਬੂ ਸਿੰਘ ਮਾਨ ਦਾ ਨਾਂ ਬਹੁਤ ਉਚੇਰਾ ਹੈ। ਅਦਬੀ ਮਹੱਤਵ ਵਾਲੇ ਗੀਤਾਂ ਦੀ ਥਾਂ ਉਨ੍ਹਾਂ ਦੇ ਪ੍ਰਚੱਲਤ ਤੇ ਲੋਕ ਪ੍ਰਵਾਨ ਗੀਤ ਵਧੇਰੇ ਸਾਹਮਣੇ ਆਏ ਹਨ।
ਮੁਹਾਵਰੇਦਾਰ ਪੰਜਾਬੀ ਗੀਤਕਾਰੀ ਵਿੱਚ ਉਹ ਆਪਣੇ ਤੋਂ ਵਡੇਰੇ ਗੁਰਦੇਵ ਸਿੰਘ ਮਾਨ ਤੇ ਸਮਕਾਲੀ ਦੀਦਾਰ ਸੰਧੂ ਵਾਂਗ ਪੰਜਾਬ ਦੇ ਪੇਂਡੂ ਮੁਹਾਵਰੇ ਦੇ ਸਫ਼ਲ ਪੇਸ਼ਕਾਰ ਹਨ। ਮੇਰੀ ਉਮਰ ਤੋਂ ਲੈ ਕੇ ਹੁਣ ਤੀਕ ਦੇ ਗੱਭਰੂਆਂ ਨੂੰ ਉਹ ਪਿਛਲੇ ਸੱਠ ਸਾਲ ਤੋਂ ਲੋਕ ਗੀਤਾਂ ਵਰਗੇ ਗੀਤ ਲਿਖ ਲਿਖ ਜਵਾਨ ਰੱਖਦੇ ਰਹੇ ਹਨ। ਮਾਨ ਸਾਹਿਬ ਦਾ ਪਹਿਲਾ ਰੀਕਾਰਡ ਗੀਤ ਹੀ ਵੇਖੋ, ਪੀਡੀ ਗੁੰਦੀ ਗੁੱਤ ਜਾਂ ਕਣਕ ਦੀ ਬੱਲੀ ਵਰਗਾ ਗੀਤ ਹੈ ਇਹ।
ਆ ਗਿਆ ਵਣਜਾਰਾ ਨੀ
ਚੜ੍ਹਾ ਲੈ ਭਾਬੀ ਚੂੜੀਆਂ।
ਗੁੱਸਾ ਡਾਹਢਾ ਭਾਰਾ
ਦਿਓਰਾ ਵੇ ਤੇਰੇ ਵੀਰ ਦਾ।
ਫੁੱਲਾਂ ਉੱਤੇ ਕਾਟੋ ਹਰਦਮ ਨਹੀਂ ਖੇਡਦੀ ਰਹਿਣੀ।
ਬੱਤੀਆਂ ਦੰਦਾਂ ਵਿੱਚੋਂ ਮੰਗ ਲੈ ਜਿਹੜੀ ਵੀ ਸ਼ੈਅ ਲੈਣੀ।
ਪਲਟਣ ਵਿਚੋਂ ਛੁੱਟੀ ਆਇਆ
ਕਹਿੰਦਾ ਦਿਓਰ ਕੁਆਰਾ
ਨੀ ਚੜ੍ਹਾ ਲੈ ਭਾਬੀ ਚੁੜੀਆਂ।
ਖੰਭਾਂ ਦੀ ਉਸ ਡਾਰ ਬਣਾਉਣੀ ਮੂੰਹ ਕਰ ਲੈਣਾ ਮੋਟਾ।
ਪਲ ਵਿਚ ਅੱਖੀਆਂ ਫੇਰ ਲਵੇਂਗਾ ਤੂੰ ਏਂ ਨਹੁੰ ਨਹੁੰ ਖੋਟਾ।
ਕੌਣ ਉਤਾਰਨ ਵਾਲਾ ਜੰਮਿਆਂ
ਚੜ੍ਹ ਜਾਂਦਾ ਜਦ ਪਾਰਾ।
ਦਿਓਰਾ ਵੇ ਤੇਰੇ ਵੀਰ ਦਾ।
ਚੜ੍ਹੇ ਮਹੀਨੇ ਦਸਾਂ ਦਸਾਂ ਦੇ ਮਿਲਦੇ ਨੋਟ ਗਿਆਰਾਂ।
ਤੈਥੋਂ ਨਿੱਕੀਆਂ ਹੋ ਗਈਆਂ ਨੇ ਭਰ ਜੋਬਨ ਮੁਟਿਆਰਾਂ।
ਮੈਨੂੰ ਵੀ ਕੋਈ ਸਾਕ ਲਿਆਦੇ
ਕਰਦੇ ਪਾਰ ਉਤਾਰਾ।
ਨੀ ਚੜ੍ਹਾ ਲੈ ਭਾਬੀ ਚੂੜੀਆਂ।
ਸਭ 'ਤੇ ਪਾਣੀ ਫੇਰੇ ਤੇਰੇ ਵੀਰੇ ਦੀ ਅੜਬਾਈ।
ਸਿਫਤਾਂ ਦੇ ਪੁਲ ਬੰਨ੍ਹੇ ਬਾਪੂ ਨੂੰ ਚੋਖੀ ਵਾਹ ਲਾਈ।
ਕਹਿੰਦਾ ਬੀਬੀ ਵੇਖ ਕੇ ਮੱਖੀ
ਖਾਂਦਾ ਕੌਣ ਦੋਬਾਰਾ।
ਦਿਓਰਾ ਵੇ ਤੇਰੇ ਵੀਰ ਦਾ।
ਗੁੱਸਾ ਡਾਢਾ ਭਾਰਾ।
ਪੰਜੇ ਉਂਗਲਾਂ ਇੱਕੋ ਜਹੀਆਂ ਹੋਣ ਕਦੇ ਨਾ ਭਾਬੀ।
ਨੀਵੀਂ ਥਾਂ ਬਿਠਾ ਲਈਂ ਜੇਕਰ ਨਿਕਲੇ ਜ਼ਰਾ ਖਰਾਬੀ।
ਸੌ ਮਾਰੀਂ ਤੇ ਇੱਕ ਗਿਣੀ,
ਜੇ ਕੁਸਕੇ ਮਾਨ ਵਿਚਾਰਾ...
ਨੀ ਚੜ੍ਹਾ ਲੈ ਭਾਬੀ ਚੂੜੀਆਂ।
ਪੈਰਾਂ ਹੇਠਾਂ ਹੱਥ ਦੇਂਦਿਆਂ ਉਮਰ ਲੰਘਾ ਲਈ ਸਾਰੀ।
ਕੱਲ੍ਹ ਗਲ ਜਾਣੇ ਨੇ ਮੌਰਾਂ ਵਿੱਚ ਸਲੰਘ ਘੁਮਾਕੇ ਮਾਰੀ।
ਮੇਰਾ ਈ ਜੇਰਾ ਪਾਣੀ ਵਾਂਗੂੰ
ਪੀ ਗਈ ਗੁੱਸਾ ਸਾਰਾ।
ਦਿਓਰਾ ਵੇ ਤੇਰੇ ਵੀਰ ਦਾ।
ਗੁੱਸਾ ਡਾਢਾ ਭਾਰਾ।
ਬਹੁਤੇ ਲੋਕਾਂ ਲਈ ਇਹ ਗੱਲ ਸ਼ਾਇਦ ਮੰਨਣਯੋਗ ਨਾ ਹੋਵੇ ਪਰ ਇਹ ਅੱਖਰ ਅੱਖਰ ਸੱਚ ਹੈ ਕਿ ਬਾਬੂ ਸਿੰਘ ਮਾਨ ਨੂੰ ਔਖੀ ਸ਼ਬਦਾਵਲੀ ਵਾਲੀ ਕਵਿਤਾ ਦੀ ਜਿੱਲ੍ਹਣ ਚੋਂ ਕੱਢ ਕੇ ਲੋਕ ਸੰਗੀਤ ਦੇ ਅੰਬਰ ਵਿੱਚ ਤਾਰੀਆਂ ਲਾਉਣ ਦੇ ਰਾਹ ਪਾਉਣ ਵਾਲੇ ਪ੍ਰਸਿੱਧ ਪੰਜਾਬੀ ਨਾਵਲਕਾਰ ਤੇ ਬਰਜਿੰਦਰਾ ਕਾਲਿਜ ਫ਼ਰੀਦਕੋਟ ਵਿੱਚ ਸ. ਬਾਬੂ ਸਿੰਘ ਮਾਨ ਦੇ ਅੰਗਰੇਜ਼ੀ ਅਧਿਆਪਕ ਪ੍ਰੋ. ਸੁਰਿੰਦਰ ਸਿੰਘ ਨਰੂਲਾ ਸਨ।
ਉਨ੍ਹਾਂ ਹੀ ਮਾਨ ਸਾਹਿਬ ਦੀ ਭਾਰੀ ਭਰਤੀ ਸ਼ਬਦਾਵਲੀ ਵਾਲੀ ਕਵਿਤਾ ਸੁਣ ਕੇ ਪੁੱਛਿਆ ਸੀ ਕਿ ਪੁੱਤਰਾ! ਤੂੰ ਕਿੱਥੋਂ ਪੜ੍ਹਨ ਆਉਂਦੈ?
ਮਾਨ ਸਾਹਿਬ ਨੇ ਆਪਣਾ ਪਿੰਡ ਮਰਾੜ ਦੱਸਿਆ। ਨਰੂਲਾ ਸਾਹਿਬ ਬੋਲੇ,ਜੇ ਤੁਸੀਂ ਪੇਂਡੂ ਮੁੰਡੇ ਵੀ ਪੰਡਤਾਊ ਕਿਤਾਬੀ ਕਵਿਤਾ ਲਿਖਣ ਲੱਗ ਪਏ ਤਾਂ ਪਿੰਡ ਦੀ ਜ਼ਬਾਨ ਕੌਣ ਸੰਭਾਲੇਗਾ?
ਉਹ ਦਿਨ ਜਾਵੇ ਤੇ ਅੱਜ ਦਾ ਆਵੇ, ਮਾਨ ਸਾਹਿਬ ਨੇ ਇਹ ਸਬਕ ਅੱਜ ਤੀਕ ਨਹੀਂ ਵਿਸਾਰਿਆ।
ਮਿਸਾਲ ਵਜੋਂ ਬਾਬੂ ਸਿੰਘ ਮਾਨ ਦੇ ਲਿਖੇ ਤੇ ਨਰਿੰਦਰ ਬੀਬਾ ਜੀ ਦੇ ਗਾਏ ਓਪੇਰਾ ਸੱਸੀ ਪੁੰਨੂ ਦਾ ਇਹ ਇਹ ਗੀਤ ਵੇਖੋ।
ਮੇਰੀਏ ਨੀ ਮਾਏ
ਮੇਰੇ ਮਨ ਦੀਏ ਮਹਿਰਮੇ ਨੀ
ਬੁੱਝ ਮੇਰੀ ਮੁੱਠੀ ਵਿੱਚ ਕੀ
ਹੁਣ ਮੈਨੂੰ ਗੁੱਡੀਆਂ ਪਟੋਲਿਆਂ ਦੀ ਖੇਡ ਉੱਤੇ ,
ਕਦੇ ਕਦੇ ਹਾਸਾ ਜਿਹਾ ਆਏ।
ਚੌਦਾਂ ਦਿਨ ਹੋਏ ਪੂਰੇ, ਚੰਦ ਦੇ ਆਕਾਰ ਨੂੰ ਮੈਂ ,
ਨਿੱਤ ਵਿੰਹਦੀ ਰਹਿਨੀ ਆਂ ਨੀ ਮਾਏ।
ਚਿੱਤ ਕਰੇ ਰਿਸ਼ਮਾ ਦੇ ਨੂਰ ਦਾ ਸੁਨਹਿਰੀ ਕਾਸਾ,
ਡੀਕ ਲਾ ਕੇ ਜਾਵਾਂ ਸਾਰਾ ਪੀ।
ਬੁੱਝ ਮੇਰੀ ਮੁੱਠੀ ਵਿੱਚ ਕੀ...
ਨਿੱਕੇ ਜੇਹੇ ਮੂੰਹ 'ਚੋ ਪਹਾੜ ਜਿੱਡੀ ਗੱਲ ,
ਤੈਥੋਂ ਦੱਸ ਮਾਏ ਪੁੱਛਾਂ ਕਿ ਮੈਂ ਨਾ।
ਫੇਰ ਕੀ ਤੂੰ ਦੇਵੇਂਗੀ ਜਵਾਬ ਮਾਏ ਮੇਰੀਏ ਨੀ,
ਜੇ ਮੈਂ ਭਲਾ ਪੁੱਛ ਵੀ ਲਵਾਂ।
ਗਿੱਠ ਗਿੱਠ ਲਾਲੀਆਂ ਕੁਆਰੇ ਅੰਗਾਂ ਉੱਤੇ ਆਈਆਂ ,
ਕੋਠੇ ਜਿੱਡੀ ਹੋਈ ਤੇਰੀ ਧੀ।
ਬੁੱਝ ਮੇਰੀ ਮੁੱਠੀ ਵਿੱਚ ਕੀ...
ਕੂਲੇ ਕੂਲੇ ਸੁੱਚੇ ਸੁੱਚੇ ਮਹਿਕ-ਭਿੰਨੇ ਖਿਆਲ,
ਮੇਰੇ ਸਿਰ ਉੱਤੇ ਹੋਏ ਅਸਵਾਰ।
ਅੱਸੂ ਦੇ ਮਹੀਨੇ ਜਿਵੇਂ ਬਾਜਰੇ ਦੇ ਸਿੱਟਿਆਂ ਤੇ ,
ਹਰੇ ਹਰੇ ਤੋਤਿਆਂ ਦੀ ਡਾਰ।
ਮਿੱਠੀ ਮਿੱਠੀ ਨਿੱਘੀ ਨਿੱਘੀ ਅੱਸੂ ਦੀ ਦੁਪਹਿਰ ਵਿੱਚ
ਉਡੂੰ ਉਡੂੰ ਕਰੇ ਮੇਰਾ ਜੀ।
ਬੁੱਝ ਮੇਰੀ ਮੁੱਠੀ ਵਿੱਚ ਕੀ...
ਚਿੱਟੀ ਚਿੱਟੀ ਪੱਗ ਮੇਰੇ ਬਾਬਲੇ ਦੇ ਸਿਰ ਉੱਤੇ,
ਜੁੱਗ ਜੁੱਗ ਜੀਣ ਮੇਰੇ ਵੀਰ।
ਮਾਏ ਤੇਰੇ ਮੱਥੇ ਦੀ ਤਿਓੜੀ ਵੇਖ ਵੇਖ ਮੇਰਾ
ਪਾਣੀ ਪਾਣੀ ਹੋ ਗਿਆ ਸਰੀਰ।
ਵਾਸਤਾ ਈ ਮਾਏ ਸਾਡਾ ਸੁੱਚੀਆਂ ਸੁਗੰਧੀਆਂ ਦਾ,
ਕਲ੍ਹੀਆਂ ਦੇ ਬੁੱਲ੍ਹਾਂ ਨੂੰ ਨਾ ਸੀ।
ਸਮਰੱਥ ਗੀਤਕਾਰ ਸ. ਬਾਬੂ ਸਿੰਘ ਮਾਨ ਦਾ ਜਨਮ 10 ਅਕਤੂਬਰ 1942 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਰ੍ਹਾੜ ਵਿੱਚ ਸ. ਇੰਦਰ ਸਿੰਘ ਤੇ ਮਾਤਾ ਜੀ ਆਸ ਕੌਰ ਦੇ ਘਰ ਪੈਦਾ ਹੋਏ ਬਾਬੂ ਸਿੰਘ ਮਾਨ ਨੇ ਨੇੜਲੇ ਪਿੰਡ ਜੰਡ ਸਾਹਿਬ ਤੋਂ ਮੁੱਢਲੀ ਸਿੱਖਿਆ ਹਾਸਲ ਕਰਕੇ ਉਚੇਰੀ ਸਿੱਖਿਆ ਬਰਜਿੰਦਰਾ ਕਾਲਿਜ ਫ਼ਰੀਦਕੋਟ ਤੋਂ ਹਾਸਲ ਕੀਤੀ।
ਕਰਤਾਰ ਸਿੰਘ ਬਲੱਗਣ ਦੇ ਸਾਹਿੱਤਕ ਮੈਗਜ਼ੀਨ “ਕਵਿਤਾ” ਵਿੱਚ ਬਾਬੂ ਸਿੰਘ ਮਾਨ ਦਾ ਪਹਿਲਾ ਗੀਤ” ਦੁੱਧ ਕਾੜ੍ਹ ਕੇ ਜਾਗ ਨਾ ਲਾਵਾਂ, ਤੇਰੀਆਂ ਉਡੀਕਾਂ ਹਾਣੀਆਂ “ ਛਪਿਆ। ਉਨ੍ਹਾਂ ਦਾ ਪਹਿਲਾ ਗੀਤ ਸੰਗ੍ਰਹਿ “ ਗੀਤਾਂ ਦਾ ਵਣਜਾਰਾ “ 1963 ਵਿੱਚ ਛਪਿਆ।
ਹੁਣ ਤੀਕ ਪੁਸਤਕਾਂ,ਰੀਕਾਰਡਜ਼, ਸੀ ਡੀਜ਼ ਤੇ ਹੋਰ ਮਾਧਿਅਮਾਂ ਵਿੱਚ ਆਪ ਦੇ ਹਜ਼ਾਰਾਂ ਗੀਤ ਰੀਕਾਰਡ ਹੋ ਚੁਕੇ ਹਨ। ਪੰਜਾਬੀ ਫ਼ਿਲਮ ਸਾਜ਼ ਤੇ ਕਹਾਣੀਕਾਰ ਵਜੋਂ ਵੀ ਆਪ ਨੇ ਮਹੱਤਵਪੂਰਨ ਪਛਾਣ ਬਣਾਈ ਹੈ।
ਸ. ਬਾਬੂ ਸਿੰਘ ਮਾਨ ਨੂੰ ਇਸ ਗੱਲ ਦਾ ਬਹੁਤ ਹਿਰਖ ਹੈ ਕਿ ਉਨ੍ਹਾਂ ਦੇ ਗੀਤਾਂ ਦੇ ਸ਼ਬਦਾਂ ਨਾਲ ਅਰਥੋਂ ਅਨਰਥ ਕਈ ਲੋਕ ਗੀਤ ਦਾ ਹੁਲੀਆ ਤੇ ਅਰਥ ਵਿਗਾੜ ਦੇਂਦੇ ਹਨ। ਉਨ੍ਹਾਂ ਦਾ ਬਹੁਤ ਹੀ ਖ਼ੂਬਸੂਰਤ ਗੀਤ ਹੈ,-
ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਂਹਦਾ ਆਈਂ,
ਚੀਰੇ ਵਾਲਿਆ ਢੂੰਡ ਕੇ ਲਿਆਈਂ ਵੇ।
ਮੇਰਾ ਲੌਂਗ ਗੁਆਚਾ, ਨਿਗ੍ਹਾ ਮਾਰਦਾ ਆਈਂ ਵੇ।
ਇਸ ਗੀਤ ਨੂੰ ਪਾਕਿਸਤਾਨ ਮੂਲ ਦੀ ਹੈਮਿਲਟਨ (ਕੈਨੇਡਾ) ਵੱਸਦੀ ਰਹੀ ਗਾਇਕਾ ਸਵਰਗੀ ਮੁਸੱਰਤ ਨਜ਼ੀਰ ਨੇ ਇੰਜ ਗਾ ਕੇ ਸਦਾ ਲਈ ਸਰੋਤੇ ਕੁਰਾਹੇ ਪਾ ਦਿੱਤੇ।
ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ,
ਚੀਰੇ ਵਾਲਿਆ ਢੂੰਡ ਕੇ ਲਿਆਈਂ ਵੇ।
ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ।
ਮਾਨ ਸਾਹਿਬ ਪੁੱਛਦੇ ਹਨ ਕਿ ਭਾਈ ਬੀਬੀ! “ਪੈੜ” ਵੇਖਿਆਂ ਤਾਂ ਲੌਂਗ ਲੱਭ ਸਕਦੈ ਪਰ “ਚਾਲ” ਵੇਖਿਆਂ ਕਿਵੇਂ ਲੱਭੂ?
ਸ. ਬਾਬੂ ਸਿੰਘ ਮਾਨ ਨੇ ਹਰ ਮੌਸਮ ਨੂੰ ਹੁੰਗਾਰਾ ਭਰਿਆ ਹੈ। ਉਨ੍ਹਾਂ ਦੇ ਗੀਤਾਂ ਤੋਂ ਪ੍ਰਭਾਵਤ ਦੋ ਗੀਤਕਾਰ ਜਨਕ ਸ਼ਰਮੀਲਾ ਤੇ ਸੁਰੇਸ਼ ਬਾਂਸਲ ਬਾਪਲੇ ਵਾਲਾ ਤਾਂ ਹੂ ਬਰੂ ਓਹੀ ਰੰਗ ਨਿਭਾਉਂਦੇ ਹਨ। ਮਾਨ ਸਾਹਿਬ ਦੇ ਬਹੁਤੇ ਗੀਤਾਂ ਵਾਂਗ ਇਨ੍ਹਾਂ ਦੋ ਗੀਤਕਾਰਾਂ ਦੇ ਗੀਤ ਵੀ ਮੁਹੰਮਦ ਸਦੀਕ ਤੇ ਰਣਜੀਤ ਕੋਰ ਨੇ ਗਾਏ ਨੇ। ਪੰਜਾਬ ਵਿੱਚ ਤਪਦੇ ਮੌਸਮ ਵੇਲੇ ਸ. ਬਾਬੂ ਸਿੰਘ ਮਾਨ ਨੇ ਬਹੁਤ ਹੀ ਮੁੱਲਵਾਨ ਗੀਤ “ਮੈਂ ਪੰਜਾਬ ਬੋਲਦਾ ਹਾਂ” ਲਿਖਿਆ ਜਿਸ ਨੂੰ ਹਰਭਜਨ ਮਾਨ ਨੇ ਗਾ ਕੇ ਘਰ ਘਰ ਪਹੁੰਚਾਇਆ। ਗੀਤ ਇੰਜ ਸੀਃ
ਹਿੰਦੂ ਮੁਸਲਿਮ ਸਿੰਘ ਸਰਦਾਰੋ
ਭੈਣ ਭਰਾਵੋ ਬਰਖੁਰਦਾਰੋ
ਮੇਰੀ ਸੁਣੋ ਕਹਾਣੀ ਯਾਰੋ
ਮੈਂ ਪੰਜਾਬ ਬੋਲਦਾ ਹਾਂ
ਮੇਰੀ ਗਹੁ ਨਾਲ ਗੱਲ ਵਿਚਾਰੋ
ਮੈਂ ਪੰਜਾਬ ਬੋਲਦਾ ਹਾਂ
ਇੱਕ ਵਾਰੀ ਮੈਂ ਉੱਨੀ ਸੌ ਸੰਤਾਲੀ ਵਿੱਚ ਸਾਂ ਰੋਇਆ
ਦੂਜੀ ਵਾਰੀ ਫੇਰ ਜਦੋਂ ਮੇਰੀ ਹੋਂਦ ਤੇ ਹਮਲਾ ਹੋਇਆ
ਤੀਜੀ ਵਾਰੀ ਅਖ਼ਬਾਰਾਂ ਵਿੱਚ ਪੜ੍ਹ ਪੜ੍ਹ ਅੱਖੀਆਂ ਰੋਈਆਂ
ਕਿੰਨੇ ਪੁੱਤ ਮਰੇ ਅੱਜ ਕਿੰਨੀਆਂ ਧੀਆਂ ਵਿਧਵਾ ਹੋਈਆਂ
ਪਹਿਲਾਂ ਚੀਰ ਦਿੱਤੇ ਪੰਜ-ਪਾਣੀ
ਦੂਜੀ ਵਾਰ ਹੋਈ ਵੰਡ ਕਾਣੀ
ਮੇਰੀ ਪੀੜ ਕਿਸੇ ਨਾ ਜਾਣੀ
ਮੈਂ ਪੰਜਾਬ ਬੋਲਦਾ ਹਾਂ
ਦਿਲ ਵਿਚ ਦਰਦ ਅੱਖਾਂ ਵਿੱਚ ਪਾਣੀ
ਮੈਂ ਪੰਜਾਬ ਬੋਲਦਾ ਹਾਂ
ਭਾਰਤ ਮਾਂ ਦੀ ਖੜਗ-ਭੁਜਾ ਹਾਂ ਜਾਣੇ ਕੁੱਲ ਲੋਕਾਈ
ਪਰ ਇਹ ਵਤਨ-ਪ੍ਰਸਤੀ ਮੇਰੀ ਕੰਮ ਕਿਸੇ ਨਾ ਆਈ
ਵੱਡੇ ਵੱਡੇ ਨਿੱਤ ਦਾਅਵੇ ਕਰਦੇ ਦੇਸ਼ ਦੇ ਭਾਗ ਵਿਧਾਤੇ
ਐਧਰ ਆਤਮ-ਹੱਤਿਆ ਕਰ ਕਰ ਮਰੀ ਜਾਣ ਅੰਨਦਾਤੇ
ਹੋਈਆਂ ਖ਼ਤਮ ਕੀਮਤੀ ਜਾਨਾਂ
ਯਾਰ ਮਰਾੜ੍ਹਾਂ ਵਾਲਿਆ ਮਾਨਾਂ
ਮੇਰਾ ਕੌਣ ਸੁਣੂ ਅਫਸਾਨਾ
ਮੈਂ ਪੰਜਾਬ ਬੋਲਦਾ ਹਾਂ
ਭਾਰਤ ਮਾਂ ਦਾ ਪੁੱਤ ਬੇਗਾਨਾ
ਮੈਂ ਪੰਜਾਬ ਬੋਲਦਾ ਹਾਂ
ਪੀਰ ਪੈਗੰਬਰ ਰਿਸ਼ੀ ਮੁਨੀ ਅਵਤਾਰਾਂ ਦੀ ਇਹ ਧਰਤੀ
ਹਿੰਦੂ, ਮੁਸਲਿਮ, ਯੋਧੇ ਸਿੰਘ ਸਰਦਾਰਾਂ ਦੀ ਇਹ ਧਰਤੀ
ਕਹਿੰਦੇ ਜਿਹੜੀ ਕੌਮ ਆਪਣੇ ਵਿਰਸੇ ਨੂੰ ਭੁੱਲ ਜਾਂਦੀ
ਇੱਜ਼ਤ ਅਣਖ ਆਬਰੂ ਉਹਦੀ ਮਿੱਟੀ ਵਿਚ ਰੁਲ ਜਾਂਦੀ
ਮੇਰੇ ਗੱਭਰੂ ਛੈਲ-ਛਬੀਲੇ
ਯੋਧੇ ਸੂਰਬੀਰ ਅਣਖੀਲੇ
ਵੇਖੋ ਨਸ਼ਿਆਂ ਕਰੇ ਨਸ਼ੀਲੇ
ਮੈਂ ਪੰਜਾਬ ਬੋਲਦਾ ਹਾਂ
ਸਾਰੇ ਸੁੱਕ ਸੁੱਕ ਹੋਏ ਤੀਲੇ
ਮੈਂ ਪੰਜਾਬ ਬੋਲਦਾ ਹਾਂ
ਇਹ ਪੰਜਾਬ ਦੀ ਨਵੀਂ ਜਵਾਨੀ ਵਹਿਣ ਕਿਹੜੇ ਵਿੱਚ ਵਹਿ ਗਈ
ਨਾ ਕੋਈ ਲੱਜਿਆ ਨਾ ਮਰਯਾਦਾ ਸ਼ਰਮ ਹਯਾ ਨਾ ਰਹਿ ਗਈ
ਸਾਂਝਾ ਸਭਿਆਚਾਰ ਸੀ ਸਾਡਾ ਸਾਂਝੀਆਂ ਧੀਆਂ ਭੈਣਾਂ
ਜੇਕਰ ਸ਼ਰਮ ਹਯਾ ਨਹੀਂ ਫਿਰ ਅਸੀਂ ਜੀ ਕੇ ਵੀ ਕੀ ਲੈਣਾ
ਮੈਨੂੰ ਸਮਝ ਕੋਈ ਨਾ ਆਏ
ਮੇਰੀ ਅੰਦਰੋਂ ਰੂਹ ਕੁਰਲਾਏ
ਕੋਈ ਜਵਾਨੀ ਨੂੰ ਸਮਝਾਏ
ਮੈਂ ਪੰਜਾਬ ਬੋਲਦਾ ਹਾਂ
ਕਿਧਰੋਂ ਤੁਰੀ ਕਿਧਰ ਨੂੰ ਜਾਏ
ਮੈਂ ਪੰਜਾਬ ਬੋਲਦਾ ਹਾਂ
ਬਾਬੂ ਸਿੰਘ ਮਾਨ ਜੀ ਦੀ ਸਮਕਾਲ ਤੇ ਪੂਰੀ ਪੀਡੀ ਪਕੜ ਹੈ। ਮਾਂ ਬੋਲੀ ਦੀ ਬੇਹੁਰਮਤੀ ਬਾਰੇ ਬਰੁਤ ਹੀ ਬੁਲੰਦ ਗੀਤ ਲਿਖ ਕੇ ਉਨ੍ਹਾਂ ਧਰਤੀ ਪੁੱਤਰ ਹੋਣ ਦਾ ਸਬੂਤ ਦਿੱਤਾ। ਮਾਂ ਬੋਲੀ ਪੰਜਾਬੀ ਬਾਰੇ ਨਿਹੋਰੇ ਭਰਿਆ ਗੀਤ ਵੀ ਹਰਭਜਨ ਮਾਨ ਨੇ ਹੀ ਗਾਇਆ। ਗੀਤ ਏਦਾਂ ਹੈ।
ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ
ਮਾਂ ਦੀ ਮਮਤਾ ਵਰਗੀ ਮਿੱਠੀ
ਦੁੱਧ ਵਿੱਚ ਮਿਸ਼ਰੀ ਘੋਲੀ
ਰੱਜ ਰੱਜ ਲਾਡ ਲਡਾਇਆ ਤੈਨੂੰ
ਲੋਰੀਆਂ ਨਾਲ ਖਿਡਾਇਆ ਤੈਨੂੰ
ਮੈਂ ਹੀ ਬੋਲਣ ਲਾਇਆ ਤੈਨੂੰ
ਭੁੱਲ ਗਿਉਂ ਮੇਰਾ ਪਿਆਰ
ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ
ਮੈਨੂੰ ਇਉਂ ਨਾ ਮਨੋਂ ਵਿਸਾਰ
ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ
ਦੁਨੀਆਂ ਵਾਲੇ ਕਹਿੰਦੇ ਸਨ ਮੈਨੂੰ
ਪੰਜ ਨਦੀਆਂ ਦੀ ਰਾਣੀ
ਪਾਣੀ ਵਿੱਚ ਲਾਕੀਰਾਂ ਵਾਹ ਕੇ
ਚੀਰ ਦਿੱਤੇ ਗਏ ਪਾਣੀ
ਖਿੰਡ ਗਏ ਮੋਤੀ ਮੈਂ ਤੱਤੜੀ ਦੇ
ਟੁੱਟ ਗਿਆ ਰਾਣੀ ਹਾਰ...
ਵੇ ਮੈਂ ਤੇਰੀ...
ਕਲਮ ਤੇਰੀ ਤੋਂ ਏ. ਬੀ. ਸੀ. ਨੇ
ਖੋਹ ਲਿਆ ਊੜਾ ਆੜਾ
ਸੁਣ ਪੁੱਤਰਾ ਮੇਰੇ ਦਿਲ 'ਚੋਂ ਨਿਕਲਿਆ
ਹਾਉਕੇ ਵਰਗਾ ਹਾੜ੍ਹਾ
ਕਈ ਵਰ੍ਹਿਆਂ ਤੋਂ ਵਿਲਕ ਰਹੀ
ਮਾਂ ਖੜ੍ਹੀ ਦਫਤਰੋਂ ਬਾਹਰ
ਵੇ ਮੈਂ ਤੇਰੀ...
ਜੰਮੇ-ਜਾਏ ਗੋਦ ਖਿਡਾਏ।
ਰੀਝਾਂ ਨਾਲ ਪੜ੍ਹਾਏ।
ਜਿਉਂ ਜਿਉਂ ਵੱਡੇ ਬਣਦੇ ਗਏ।
ਮੈਥੋਂ ਹੁੰਦੇ ਗਏ ਪਰਾਏ।
ਵੇ ‘ਮਾਨਾਂ’ ਨਾ ਹੋਈਂ ਬੇਗਾਨਾ
ਤੂੰ ਤੇ ਸੋਚ ਵਿਚਾਰ
ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ।
ਮੇਰੇ ਬਚਪਨ ਵੇਲੇ ਤੋਂ ਇੱਕ ਗੀਤ ਮੇਰੇ ਸਦਾ ਅੰਗ ਸੰਗ ਰਿਹਾ। ਬਹੁਤ ਮਗਰੋਂ ਪਤਾ ਲੱਗਾ ਕਿ ਇਹ ਗੀਤ ਵੀ ਸ. ਬਾਬੂ ਸਿੰਘ ਮਾਨ ਜੀ ਦਾ ਹੀ ਲਿਖਿਆ ਹੋਇਆ ਹੈ। ਅਮਰਜੀਤ ਗੁਰਦਾਸਪੁਰੀ ਜੀ ਇਸ ਨੂੰ ਅਕਸਰ ਆਕਾਸ਼ਵਾਣੀ ਜਲੰਧਰ ਤੋਂ ਗਾਉਂਦੇ ਹੁੰਦੇ ਸਨ। ਇਸ ਦੀ ਰਿਕਾਰਡਿੰਗ ਲੱਖ ਚਾਹੁਣ ਦੇ ਬਾਵਜੂਦ ਮੈਨੂੰ ਅੱਜ ਤੀਕ ਨਹੀਂ ਲੱਭੀ। ਜੇ ਕਿਸੇ ਕੋਲ ਹੋਵੇ ਤਾਂ ਦੱਸਿਓ। ਗੀਤ ਇੰਜ ਸੀ -
ਵੇ ਪੁੰਨਣਾ, ਵੇ ਜ਼ਾਲਮਾ
ਮੇਰੇ ਦਿਲਾਂ ਦਿਆ ਮਹਿਰਮਾ
ਵੇ ਮਹਿਰਮਾਂ, ਵੇ ਬੱਦਲਾ
ਕਿੰਨਾ ਚਿਰ ਹੋਰ ਤੇਰੀ ਛਾਂ
ਕਹਿਰ ਦੀ ਦੁਪੈਹਰ ਭੈੜੀ ਮੌਤ ਨਾਲੋਂ ਚੁੱਪ
ਹੋਇਆ ਟਿੱਬਿਆਂ ਦਾ ਭੂਰਾ ਭੂਰਾ ਰੰਗ ਵੇ
ਸ਼ਾਲਾ ! ਡੁੱਬ ਜਾਣ ਤੇਰੀ ਬੇੜੀ ਦੇ ਮੁਹਾਣੇ
ਗਿਉਂ ਅੱਗ ਦੇ ਸਮੁੰਦਰਾਂ ਨੂੰ ਲੰਘ ਵੇ
ਕੱਚਾ ਘੜਾ ਜ਼ਿੰਦਗੀ ਦਾ ਲੋਕਾਂ ਦੇ ਤੂਫਾਨ
ਠਾਠਾਂ ਮਾਰੇ ਬਾਲੂ ਰੇਤ ਦਾ ਝਨਾਂਅ...
ਵੇ ਪੁੰਨਣਾਂ...
ਮਲ੍ਹਿਆਂ ਕਰੀਰਾਂ ਗਲ ਲੱਗ ਲੱਗ ਰੁੰਨੀ
ਤਿੱਖੇ ਕੰਡਿਆਂ ਨੇ ਪੁੱਛਿਆ ਸਰੀਰ ਨੂੰ
ਆਪਣੇ ਹੀ ਜਦੋਂ ਮੁੱਖ ਫੇਰ ਜਾਣ ਦੱਸ
ਕੀ ਮਨਾਵਾਂ ਰੁੱਸੀ ਹੋਈ ਤਕਦੀਰ ਨੂੰ
ਮਿਟ ਚੱਲੇ ਡਾਚੀ ਦੀਆਂ ਪੈੜਾਂ ਦੇ ਨਿਸ਼ਾਨ
ਕੱਕੇ ਰੇਤਿਆਂ ਨੂੰ ਚੁੰਮਦੀ ਫਿਰਾਂ...
ਵੇ ਪੁੰਨਣਾਂ...
ਫਿਰਦੀ ਭਟਕਦੀ ਉਜਾੜਾਂ 'ਚ ਇਕੱਲੀ
ਜਿਵੇਂ ਦੋਜ਼ਕਾਂ 'ਚ ਰਿਸ਼ੀਆਂ ਦੀ ਆਤਮਾ
ਸੁੱਤਿਆਂ ਯਸ਼ੋਧਰਾ ਨੂੰ ਛੱਡ ਜਾਣ ਵਾਲਿਆ
ਵੇ ਧੰਨ ਤੇਰਾ ਜਿਗਰਾ ਮਹਾਤਮਾ
ਹੰਝੂਆਂ ਦੀ ਆਰਤੀ ਉਤਾਰਾਂ ਡਾਚੀ ਵਾਲਿਆ
ਮੈਂ ਹਾਉਕਿਆਂ ਦਾ ਜਾਪ ਕਰਾਂ...
ਵੇ ਪੁੰਨਣਾਂ...
ਮਹਿੰਦੀ ਰੰਗੇ ਪੈਰਾਂ ਵਿਚੋਂ ਰਿਸਦਾ ਏ ਖ਼ੂਨ
ਮੋਹਰਾਂ ਰੱਤੀਆਂ ਥਲਾਂ ਦੇ ਵਿਚ ਲੱਗੀਆਂ
ਹੰਭ ਗਏ ਵਰੋਲੇ ਪਰ ਮਿਟੇ ਨਾ ਕਲੰਕ
ਲੱਖਾਂ ਪੌਣਾਂ ਕਹਿਰਵਾਨ ਹੋ ਹੋ ਵੱਗੀਆਂ
ਠਹਿਰ ਜ਼ਰਾ ਮੌਤੇ ਪੁੱਜ ਲੈਣ ਤਾਂ ਦੇ ਪਾਪਣੇ ਨੀ
ਚੰਦਰੇ ਬਲੋਚ ਦੇ ਗਿਰਾਂ ...
ਵੇ ਪੁੰਨਣਾਂ...
ਤੁਸੀਂ ਹੈਰਾਨ ਹੋਵੋਗੇ ਕਿ ਇਸ ਗੀਤ ਦਾ ਲੇਖਕ ਬਾਬੂ ਸਿੰਘ ਮਾਨ ਤੇ ਗਾਇਕ ਅਮਰਜੀਤ ਗੁਰਦਾਸਪੁਰੀ ਸਾਰੀ ਉਮਰ ਕਦੇ ਇੱਕ ਮਿੰਟ ਵੀ ਨਹੀਂ ਮਿਲੇ। ਇਹ ਗੀਤ “ਕਵਿਤਾ “ ਮੈਗਜ਼ੀਨ ਵਿੱਚ ਛਪਿਆ ਸੀ ਜਿੱਥੋਂ ਪੜ੍ਹ ਕੇ ਗੁਰਦਾਸਪੁਰੀ ਜੀ ਨੇ ਗਾਇਆ।
ਸ. ਬਾਬੂ ਸਿੰਘ ਮਾਨ ਕੋਲ ਧਰਮ, ਵਿਰਾਸਤ ਤੇ ਧਰਤੀ ਦੀ ਮਰਯਾਦਾ ਦਾ ਗੂੜ੍ਹ ਗਿਆਨ ਹੈ। ਉਸ ਦੇ ਗੀਤਾਂ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦੀ ਘੋੜੀ ਕਮਾਲ ਦੀ ਰਚਨਾ ਹੈ। ਲੋਕ ਤਰਜ਼ ਨੂੰ ਧਾਰਮਿਕ ਵਿਸ਼ੇ ਵਿੱਚ ਗੁੰਨਣ ਤੇ ਲਿਖਣ ਵਿੱਚ ਕਮਾਲ ਕਰ ਵਿਖਾਈ ਹੈ। ਉਸ ਨੂੰ ਮੁਹੰਮਦ ਸਦੀਕ ਦੀ ਵਜਾਈ ਤੂੰਬੀ ਨਾਲ ਬੀਬੀ ਰਣਜੀਤ ਕੌਰ ਨੇ ਕਮਾਲ ਦਾ ਗਾਇਆ ਹੈ। ਜੀਅ ਕਰਦਾ ਹੈ, ਬਾਰ ਬਾਰ ਸੁਣੀ ਜਾਈਏ। ਬਟਾਲਾ ਇਲਾਕੇ ਦਾ ਜੰਮਪਲ ਹੋਣ ਕਾਰਨ ਸਾਡੇ ਲਈ ਇਸ ਗੀਤ ਦੀ ਮਹੱਤਤਾ ਹੋਰ ਵੀ ਵਧੇਰੇ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਬਟਾਲੇ ਵਿਆਹੁਣ ਆਏ ਸਨ ਵੱਡੀ ਭੈਣ ਬੀਬੀ ਨਾਨਕੀ ਦੇ ਸਹੁਰੇ ਪਿੰਡ ਸੁਲਤਾਨਪੁਰੋਂ। ਹੁਣ ਤੀਕ ਵੀ ਇਸ ਵਿਆਹ ਪੁਰਬ ਨੂੰ “ਬਾਬੇ ਦਾ ਵਿਆਹ” ਨਾਮ ਹੋਠ ਹਰ ਸਾਲ ਮਨਾਇਆ ਜਾਂਦਾ ਹੈ। ਬਾਬੂ ਸਿੰਘ ਮਾਨ ਜੀ ਦੀ ਲਿਖੀ ਗੁਰੂ ਸਾਹਿਬ ਦੀ ਸ਼ਾਨ ਵਿੱਚ ਲਿਖੀ “ਘੋੜੀ” ਇੰਜ ਹੈ। ਵੇਖਿਓ,ਇੰਜ ਨਹੀਂ ਲੱਗਦੈ ਜਿਵੇਂ ਭੈਣ ਨਾਨਕੀ ਵੀਰੇ ਦੀਆਂ ਘੋੜੀਆਂ ਗਾ ਰਹੀ ਹੋਵੇ।
ਲਟਕੇਂਦੇ ਵਾਲ਼ ਸੋਨੇ ਦੀਆਂ ਲੜੀਆਂ
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀ ਆਂ।
ਤੇਰੀ ਅੱਖੀਆਂ ‘ਚ ਨਾਮ ਸਰੂਰ ਵੀਰਾ ਵੇ।
ਤੇਰੇ ਮੁੱਖੜੇ ਤੇ ਰੱਬ ਦਾ ਨੂਰ ਵੀਰਾ।
ਤੂੰ ਅਣਦਿਸਦੇ ਮੰਜ਼ਿਲ ਦਾ ਰਾਹੀ,
ਤੂੰ ਇੱਕ ਜਗਦੀ ਜੋਤ ਇਲਾਹੀ,
ਨਾਨਕ ਵੀਰਾ
ਮੈਂ ਤੈਨੂੰ ਘੋੜੀ ਚੜ੍ਹੇਨੀ ਆਂ।
ਤੇਰੀ ਸਭ ਤੋਂ ਨਿਰਾਲੀ ਸ਼ਾਨ ਵੀਰਾ।
ਤੇਰੀ ਰਮਜ਼ਾਂ ਤੋਂ ਜੱਗ ਕੁਰਬਾਨ ਵੀਰਾ।
ਸਾਥੀ ਬਾਲਾਂ ਤੇ ਮਰਦਾਨਾ,
ਵੀਰਾ ਬੰਨ੍ਹ ਸ਼ਗਨਾਂ ਦਾ ਗਾਨਾ,
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀ ਆਂ।
ਦਿੱਤਾ ਸਤਿ ਸੰਤੋਖ ਦਾ ਦਾਜ ਵੀਰਾ ਵੇ,
ਜਿਹੜੀ ਬੰਨ੍ਹੀ ਦਾ ਤੂੰ ਸਿਰਤਾਜ ਵੀਰਾ ਵੇ,
ਉਹ ਤੇ ਗਿਆਨ ਧਿਆਨ ਦੀ ਸੀਤਾ,
ਮਾਂ ਨੇ ਵਾਰ ਕੇ ਪਾਣੀ ਪੀਤਾ,
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀ ਆਂ।
ਤੇਰੀ ਦੁਨੀਆਂ ਦੇ ਵਿੱਚ ਜੈ ਜੈ ਕਾਰ ਹੋਵੇ।
ਸਭ ਲੋਕ ਤੇਰਾ ਪਰਿਵਾਰ ਹੋਵੇ।
“ਮਾਨਾ” ਸੂਰਜ ਚੰਨ ਸਿਤਾਰੇ,
ਤੇਰੇ ਬਣਨ ਬਰਾਤੀ ਸਾਰੇ,
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀ ਆਂ।
ਸ. ਬਾਬੂ ਸਿੰਘ ਮਾਨ ਕੋਲ ਧਾਰਮਿਕ ਗੀਤ ਬੀੜਨ ਦੀ ਬਹੁਤ ਵੱਡੀ ਸਮਰੱਥਾ ਹੈ। ਉਹ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਬਾਰੇ ਲਿਖਦਿਆਂ ਪੂਰੀ ਸ਼ਕਤੀ ਭਰ ਦਿੰਦੇ ਹਨ। ਇਹ ਗੀਤ ਮੇਰੀ ਗੱਲ ਦੀ ਗਵਾਹੀ ਭਰੇਗਾ।
ਜਾਵੋ ਨੀ ਜਾਵੋ ਸਈਓ
ਸ਼ਰਧਾ ਨਾਲ ਜਾ ਕੇ ਕਹੀਓ
ਦੇਵੋ ਸੰਦੇਸ਼ਾ
ਨੀਲੇ ਦੇ ਸ਼ਾਹ ਅਸਵਾਰ ਨੂੰ
ਸੰਤ ਸਿਪਾਹੀ ਬਣ ਕੇ ਜਿਸਨੇ
ਖੇਡੀ ਖੇਡ ਨਿਆਰੀ-
ਮੈਂ ਬਲਿਹਾਰੀ
ਅਜੇ ਤੀਕ ਵੀ ਝੁਕ ਝੁਕ ਸਜਦੇ
ਕਰੇ ਸ੍ਰਿਸ਼ਟੀ ਸਾਰੀ-ਸੌ ਸੌ ਵਾਰੀ
ਪਰਮ-ਪੁਰਖ ਗੁਰੂ-ਰੂਪ-ਖਾਲਸਾ
ਪੰਥ ਦੇ ਸਿਰਜਨਹਾਰ ਨੂੰ...
ਜਾਵੋ ਨੀ ਜਾਵੋ ਸਹੀਓ ...
ਧਰਮ-ਹੇਤ ਪਰਿਵਾਰ ਵਾਰ
ਜਿਸ ਰੱਬ ਦਾ ਸ਼ੁਕਰ ਮਨਾਇਆ-ਕਰਜ਼ ਚੁਕਾਇਆ
ਸਭ ਕੁਝ ਮੌਤ ਦੇ ਮੂੰਹ ਵਿੱਚ ਦੇ ਕੇ
ਮਹਾਂਬਲੀ ਮੁਸਕਾਇਆ-
ਨੲ੍ਹੀਂ ਘਬਰਾਇਆ।
ਨਮਸਕਾਰ ਲੱਖ ਵਾਰ ਮੇਰਾ
ਉਸ ਪੂਰਨ ਗੁਰ -ਅਵਤਾਰ ਨੂੰ
ਜਾਵੋ ਨੀ ਜਾਵੋ ਸਹੀਓ...
ਸੱਭੇ ਸਾਂਝੀਵਾਲ ਸਦਾਇਨ ਦਾ
ਜਿਸ ਦਿੱਤਾ ਨਾਹਰਾ-
ਬੜਾ ਪਿਆਰਾ
‘ਮਾਨ’ ਉਹਦੇ ਉਪਦੇਸ਼ਾਂ ਨੂੰ ਅੱਜ
ਭੁਲਿਆ ਆਲਮ ਸਾਰਾ-
ਫੇਰ ਦੋ ਬਾਰਾ
ਜਗਤ ਜਲੰਦਾ ਯਾਦ ਕਰੇਂਦਾ
ਦੁਸ਼ਟ-ਦਮਨ ਦਾਤਾਰ ਨੂੰ
ਜਾਵੋ ਨੀ ਜਾਵੋ ਸਈਓ ..
ਮੈਂ ਤਾਂ ਬਾਬੂ ਸਿੰਘ ਮਾਨ ਦੇ ਗੀਤਾਂ ਵਿੱਚੋਂ ਲੋਕ ਧਾਰਾ ਦੇ ਨਿਰੰਤਰ ਚੱਲਦੇ ਪ੍ਰਵਾਹ ਵਿੱਚੋਂ ਬਰੁਤ ਕੁਝ ਮਾਣਦਾ ਹੀ ਜਵਾਨ ਹੋਇਆ ਸਾਂ। ਉਹ ਮੇਰੇ ਤੋਂ ਦਸ ਸਾਲ ਅੱਗੇ ਅੱਗੇ ਲਾਲਟੈਣ ਲੈ ਕੇ ਤੁਰਦੇ ਰਾਹ ਦਿਸੇਰੇ ਵਾਂਗ ਜਾਪਦੇ ਹਨ। ਉਨ੍ਹਾਂ ਦੀ ਸੰਗਤ ਵਿੱਚ ਹਾਸਿਆਂ ਦੇ ਅਨਾਰ ਫੁੱਟਦੇ ਹਨ, ਨਿੱਕੀ ਇਲਾਇਚੀ ਚਿੱਥਣ ਦੀ ਮਹਿਕ ਵਰਗਾ ਆਨੰਦ ਵਰਗਾ ਮਜ਼ਾ ਆਉਂਦਾ ਹੈ। ਉਨ੍ਹਾਂ ਦੇ ਅੰਗ ਸੰਗ ਵਿਚਰਨਾ ਹੀ ਮਹਿਕ ਦੇ ਬੁੱਲੇ ਨੂੰ ਮਾਨਣ ਵਰਗਾ ਅਹਿਸਾਸ ਹੈ।
ਸ. ਬਾਬੂ ਸਿੰਘ ਮਾਨ ਇਸ ਵੇਲੇ ਬਹੁਤਾ ਵਕਤ ਮੋਹਾਲੀ ਵਿੱਚ ਤੇ ਕੁਝ ਸਮਾਂ ਆਪਣੇ ਜੱਦੀ ਪਿੰਡ ਮਰਾੜ(ਫਰੀਦਕੋਟ) ਵਿੱਚ ਆਪਣੇ ਪਰਿਵਾਰ ਨਾਲ ਗੁਜ਼ਾਰਦੇ ਹਨ। ਮੇਰੇ ਵਰਗੇ ਅਨੇਕਾਂ ਲਿਖਣ ਵਾਲਿਆਂ ਲਈ ਉਹ ਜ਼ਬਾਨ ਦਾਨੀ ਪੱਖੋਂ ਰੌਸ਼ਨ ਮੀਨਾਰ ਹਨ। ਉਨ੍ਹਾਂ ਦੀ ਲੰਮੀ ਤੇ ਸਿਹਤਯਾਬ ਉਮਰ ਦੀ ਅਰਦਾਸ ਹੈ।
ਗੁਰਭਜਨ ਸਿੰਘ ਗਿੱਲ (ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ