Gandhan : Baba Bullhe Shah

ਗੰਢਾਂ : ਬਾਬਾ ਬੁੱਲ੍ਹੇ ਸ਼ਾਹ

ਕਹੋ ਸੁਰਤੀ ਗੱਲ ਕਾਜ ਦੀ ਮੈਂ ਗੰਢਾਂ ਕੇਤੀਆਂ ਪਾਊਂ।
ਸਾਹੇ ਤੇ ਜੰਜ ਆਵਸੀ ਹੁਣ ਚਾਲੀ ਗੰਢ ਘਤਾਊਂ।

ਬਾਬਲ ਆਖਿਆ ਆਣ ਕੇ ਤੈਂ ਸਹੁਰਿਆਂ ਘਰ ਜਾਣਾ।
ਰੀਤ ਓਥੇ ਦੀ ਔਰ ਹੈ ਮੁੜ ਪੈਰ ਨਾ ਏਥੇ ਪਾਣਾ।

ਗੰਢ ਪਹਿਲੀ ਨੂੰ ਖੋਲ੍ਹ ਕੇ ਮੈਂ ਬੈਠੀ ਬਰਲਾਵਾਂ।
ਓੜਕ ਜਾਵਣ ਜਾਵਣਾ ਹੁਣ ਮੈਂ ਦਾਜ ਰੰਗਾਵਾਂ।
ਦੇਖੂੰ ਤਰਫ਼ ਬਾਜ਼ਾਰ ਦੀ ਸਭ ਰਸਤੇ ਲਾਗੇ।
ਪੱਲੇ ਨਾਹੀਂ ਰੋਕੜੀ ਸਭ ਮੁਝ ਸੇ ਭਾਗੇ।੧।

ਦੂਜੀ ਖੋਹਲੂੰ ਕਿਆ ਕਹੂੰ ਦਿਨ ਥੋੜ੍ਹੇ ਰਹਿੰਦੇ।
ਸੂਲ ਸੱਭੇ ਰਲ ਆਂਵਦੇ ਸੀਨੇ ਵਿਚ ਬਹਿੰਦੇ।
ਝਲ ਵਲੱਲੀ ਮੈਂ ਹੋਈ ਤੰਦ ਕੱਤ ਨਾ ਜਾਣਾ।
ਜੰਜ ਇਵੇਂ ਰਲ ਆਵਸੀ ਜਿਉਂ ਚੜ੍ਹਦਾ ਠਾਣਾ।੨।

ਤੀਜੀ ਖੋਹਲੂੰ ਦੁੱਖ ਸੇ ਰੋਂਦੇ ਨੈਣ ਨਾ ਹੱਟਦੇ।
ਕਿਸ ਨੂੰ ਪੁੱਛਾਂ ਜਾਇ ਕੇ ਦਿਨ ਜਾਂਦੇ ਘਟਦੇ।
ਗੁਣ ਵਾਲੀਆਂ ਸਭ ਪਿਆਰੀਆਂ ਮੈਂ ਕੋ ਗੁਣ ਨਾਹੀਂ।
ਹੱਥ ਮਲੇ ਮਲ ਸਿਰ ਧਰਾਂ ਮੈਂ ਰੋਵਾਂ ਢਾਈਂ।੩।

ਚੌਥੀ ਕਿਆ ਹੂਆ ਰਲ ਆਵਣ ਸਈਆਂ।
ਦਰਦ ਕਿਸੇ ਨਾ ਕੀਤਿਆ ਸਭ ਭਜ ਘਰ ਗਈਆਂ।
ਵਤਨ ਬੇਗਾਨਾ ਵੇਖਣਾ ਕੀ ਕਰੀਏ ਮਾਣਾਂ।
ਬਾਬਲ ਪਕੜ ਚਲਾਵਸੀ ਦਾਈ ਬਿਨ ਜਾਣਾ।੪।

ਪੰਜਵੀਂ ਖੋਹਲੂੰ ਕੂਕ ਕੇ ਕਰ ਸ਼ੋਰ ਪੁਕਾਰਾਂ।
ਪਹਿਲੀ ਰਾਤ ਡਰਾਵਣੀ ਕਿਉਂ ਦਿਲੋਂ ਵਿਸਾਰਾਂ?
ਮੁੱਦਤ ਥੋਹੜੀ ਆ ਰਹੀ ਕਿਵੇਂ ਦਾਜ ਬਣਾਵਾਂ?
ਜਾ ਆਖੋ ਘਰ ਸਾਹਵਰੇ ਗੰਢ ਲਾਗ ਵਧਾਵਾਂ।੫।

ਗੰਢ ਛੇਵੀਂ ਮੈਂ ਖੋਲ੍ਹ ਕੇ ਜੱਗ ਦੇਂਦੀ ਹੋਕਾ।
ਘਰ ਆਣ ਪਈ ਮਹਿਮਾਨ ਹਾਂ ਕੀ ਕਰੀਐ ਲੋਕਾ।
ਲੱਗਾ ਫ਼ਿਕਰ ਫ਼ਰਾਕ ਦਾ ਕੀ ਕਰੀਏ ਕਾਰਾ।
ਰੋਵਣ ਅੱਖੀਆਂ ਮੇਰੀਆਂ ਜਿਉਂ ਵੱਗਣ ਝਲਾਰਾਂ।੬।

ਸੱਤਵੀਂ ਗੰਢ ਚਾ ਖੋਹਲੀਆ ਮੈਂ ਓਸੇ ਹੀਲੇ।
ਰੋ ਰੋ ਹਾਲ ਵੰਜਾਇਆ ਰੰਗ ਸਾਵੇ ਪੀਲੇ।
ਸੂਲ ਅਸਾਂ ਨਾਲ ਖੇਡਦੇ ਨਹੀਂ ਹੋਸ਼ ਸੰਭਾਲੇ।
ਹੁਣ ਦੱਸੋ ਸੰਗ ਸਹੇਲੀਓ ਕੋਈ ਚਲਸੋ ਨਾਲੇ।੭।

ਅੱਠਵੀਂ ਨੂੰ ਹੱਥ ਡਾਲਿਆ ਮੈਂ ਤਾਂ ਹੋ ਦੀਵਾਨੀ।
ਜਿਵੇਂ ਮਿਸਲ ਕਬਾਬ ਹੈ ਮਛਲੀ ਬਿਨ ਪਾਣੀ।
ਦੁੱਖ ਦਰਦ ਅਵੱਲੇ ਆਣ ਕੇ ਹੁਣ ਲਹੂ ਪੀਂਦੇ।
ਬਿਰਹੋਂ ਦੀ ਦੁਕਾਨ ਤੇ ਸਾਡੇ ਘਾੜ ਘੜੀਂਦੇ।੮।

ਨਾਵੀਂ ਨੂੰ ਚਾ ਖੋਹਿਲਆ ਦਿਨ ਰਹਿੰਦੇ ਥੋੜ੍ਹੇ।
ਮੈਂ ਪੂਣੀ ਕੱਤ ਨਾ ਜਾਤੀਆ ਅਜੇ ਰਹਿੰਦੇ ਗੋਹੜੇ।
ਮੈਂ ਤਰਲੇ ਲੈਂਦੀ ਡਿਗ ਪਈ ਕੋਈ ਢੋ ਨਾ ਹੋਇਆ।
ਗ਼ਫ਼ਲਤ ਘਰ ਉਜਾੜਿਆ ਅੱਗੋਂ ਖੇਡ ਵਿਗੋਇਆ।੯।

ਦਸਵੀਂ ਗੰਢ ਜਾਂ ਮੈਂ ਖੋਹਲੀ ਕਿਉਂ ਜੰਮਦੀ ਆਹੀ।
ਸਭ ਕਬੀਲਾ ਦੇਸ ਥੀਂ ਦੇ ਵੇਸ ਤਰਾਹੀਂ।
ਆਂਬੜ ਘੁੱਟੀ ਦੇਂਦੀਏ ਜੇ ਜ਼ਹਿਰ ਰੁਲਾਵੇਂ।
ਮੈਂ ਛੁੱਟਦੀ ਏਸ ਅਜ਼ਾਬ ਤੋਂ ਤੂੰ ਜਿੰਦ ਛੁਡਾਵੇਂ।੧੦।

ਯਾਹਰਾਂ ਗੰਢੀਂ ਖੋਹਲੀਆਂ ਮੈਂ ਹਿਜਰੇ ਮਾਰੀ।
ਗਈਆਂ ਸਈਆਂ ਸਾਹਵਰੇ ਹੁਣ ਮੇਰੀ ਵਾਰੀ।
ਬਾਂਹ ਸਰਾਹਣੇ ਦੇ ਕਦੀ ਅਸੀਂ ਮੂਲ ਨਾ ਸਾਉਂਦੇ।
ਫੱਟਾਂ ਉੱਤੇ ਲੂਣ ਹੈ ਫੱਟ ਸਿੰਮਦੇ ਲਾਉਂਦੇ।੧੧।

ਗੰਢ ਖੋਹਲੀ ਮੈਂ ਬਾਹਰਵੀਂ ਕੀ ਹੋਗ ਤਮਾਸ਼ਾ।
ਜਿਸ ਲਾਗੀ ਤਿਸ ਪੀੜ ਹੈ ਜੱਗ ਜਾਣੇ ਹਾਸਾ।
ਇਕ ਗਏ ਨਾ ਬਾਹੁੜੇ ਜਿਤ ਜਿਤ ਕੇ ਹਰਦੀ।
ਇਨਹੀਂ ਅੱਖੀਂ ਵੇਖਿਆ ਹੋਇ ਖ਼ਾਕ ਕਬਰ ਦੀ।੧੨।

ਤੇਰ੍ਹਾਂ ਗੰਢੀਂ ਖੋਹਲੀਆਂ ਨੈਣ ਲਹੂ ਰੋਂਦੇ।
ਹੋਇਆ ਸਾਥ ਉਤਾਵਲਾ ਧੋਬੀ ਕਪੜੇ ਧੋਂਦੇ।
ਸਜਣ ਚਾਦਰ ਤਾਣ ਕੇ ਸੋਇਆ ਵਿਚ ਹੁਜਰੇ।
ਅਜੇ ਭੀ ਨਾ ਉਹ ਜਾਗਿਆ ਜੁੱਗ ਕਿਤਨੇ ਗੁਜ਼ਰੇ।੧੩।

ਚੌਧਾਂ ਗੰਢੀਂ ਖੋਹਲੀਆਂ ਲਹੂ ਪੀਣਾ ਖਾਣਾ।
ਜਿਨ ਰਾਹਾਂ ਵਿਚ ਧਾੜਵੀ ਤਿਨ੍ਹੀਂ ਰਾਹੀਂ ਜਾਣਾ।
ਲੱਗੀ ਚੋਟ ਫ਼ਰਾਕ ਦੀ ਦੇ ਕੌਣ ਦਿਲਾਸਾ।
ਸਖ਼ਤ ਮੁਸੀਬਤ ਇਸ਼ਕ ਦੀ ਰੱਤ ਰਹੀ ਨਾ ਮਾਸਾ।੧੪।

ਪੰਦਰਾਂ ਪੁੰਨੇ ਰੋਜ਼ ਨੇ ਕਰਾਂ ਨਾਅਰੇ ਆਹੀਂ।
ਸ਼ਹਿਰ ਖਮੋਸ਼ਾਂ ਜਾਵਣਾ ਖ਼ਾਮੋਸ਼ ਹੋ ਜਾਈਂ।੧੫।

ਸੋਲਾਂ ਗੰਢੀਂ ਖੋਹਲੀਆਂ ਮੈਂ ਹੋਈ ਨਿਮਾਣੀ।
ਏਥੇ ਪੇਸ਼ ਕਿਸੇ ਨਾ ਜਾਸੀਆ ਨਾ ਅੱਗੇ ਜਾਣੀ।
ਏਥੇ ਆਵਣ ਕੇਹਾ ਏ ਹੋਇਆ ਜੋਗੀ ਦਾ ਫੇਰਾ।
ਅੱਗੇ ਜਾ ਕੇ ਮਾਰਨਾ ਵਿਚ ਕੱਲਰ ਡੇਰਾ।੧੬।

ਸਤਾਰਾਂ ਗੰਢੀਂ ਖੋਹਲੀਆਂ ਸੂਲਾਂ ਦੇ ਹਾੜੀ।
ਮੋਇਆਂ ਨੂੰ ਦੁੱਖ ਮਾਰਦਾ ਫੜ ਜ਼ੁਲਮ ਕਟਾਰੀ।
ਤਨ-ਹੋਲਾਂ ਸੂਲਾਂ ਵੈਰੀਆਂ ਰੰਗ ਜਿਉਂ ਫੁੱਲ ਤੋਰੀ।
ਆਏ ਏਸ ਜਹਾਨ ਤੇ ਇਹੋ ਕੀਤੀ ਚੋਰੀ।੧੭।

ਖੋਹਲਾਂ ਗੰਢ ਅਠਾਰਵੀਂ ਦਿਲ ਕਰਕੇ ਰਾਜ਼ੀ।
ਇਹ ਚਾਰ ਦਿਨਾਂ ਦੀ ਖੇਡ ਹੈ ਹਿਜਰੇ ਦੀ ਬਾਜ਼ੀ।
ਜਿਨ੍ਹਾਂ ਇਹ ਫ਼ਰਾਕ ਹੈ ਉਹ ਵਿੰਹਦੇ ਮਰਦੇ।
ਨਕਾਰੇ ਵੱਜਣ ਕੂਚ ਦੇ ਮੈਂ ਸਿਰ ਪਰ ਬਰਦੇ।੧੮।

ਉੱਨੀ ਗੰਢੀਂ ਖੋਹਲੀਆਂ ਮੈਂ ਸੂਲ ਪਸਾਰਾ।
ਹੁਣ ਇਹ ਦੇਸ ਬਿਦਾਰਿਆ ਵੇਖ ਹਾਲ ਹਮਾਰਾ।
ਕਿੰਨੀ ਭੈਣੀ ਚਾਚੀਆਂ ਉੱਠ ਕੋਲੋਂ ਗਈਆਂ।
ਕੋਈ ਦੱਸ ਨਾ ਪਾਉਂਦਾ ਉਹ ਕੈਂ ਵੱਲ ਗਈਆਂ।੧੯।

ਵੀਹ ਗੰਢੀਂ ਫੋਲ ਖੋਲ੍ਹੀਆਂ ਹੁਣ ਕਿਤ ਵੱਲ ਭਾਗੂੰ।
ਲੱਗੀ ਚੇਟਕ ਔਰ ਹੈ ਸੋਊਂ ਨਾ ਜਾਗੂੰ।
ਪੰਜ ਮਹਿਮਾਨ ਸਿਰ ਉੱਤੇ ਸੋ ਪੰਜੇ ਬਾਕੀ।
ਜਿਸ ਮੁਸੀਬਤ ਇਹ ਬਣੀ ਤਿਸ ਬਖ਼ਤ ਫਰਾਕੀ।੨੦।

ਇੱਕੀ ਖੋਹਲੂੰ ਕਿਉਂ ਨਹੀਂ ਮੇਰੇ ਮਗਰ ਪਿਆਦੇ।
ਤੇਲ ਚੜ੍ਹਾਇਆ ਸੋਜ਼ ਦਾ ਅਸਾਂ ਹੋਰ ਤਕਾਦੇ।
ਜੀਵਨ ਜੀਣਾ ਸਾੜਦਾ ਮਾਇਆ ਮੂੰਹ ਪਾਏ।
ਐਸੀ ਪੁੰਨੀ ਵੇਖ ਕੇ ਉਦਾਸੀ ਆਏ।੨੧।

ਬਾਈ ਖੋਹਲੂੰ ਪਹੁੰਚ ਕੇ ਸਭ ਮੀਰਾਂ-ਮਲਕਾਂ।
ਓਹਨਾਂ ਡੇਰਾ ਕੂਚ ਹੈ ਮੈਂ ਖੋਹਲਾਂ ਪਲਕਾਂ।
ਅਪਣਾ ਰਹਿਣਾ ਕੀ ਕਰਾਂ ਕਿਹੜੇ ਬਾਗ਼ ਦੀ ਮੂਲੀ।
ਖ਼ਾਲੀ ਜਗ ਵਿਚ ਆਇਕੇ ਸੁਫ਼ਨੇ ਪਰ ਭੂਲੀ।੨੨।

ਤੇਈ ਜੇ ਕਹੂੰ ਖੋਹਲੀਆਂ ਵਿਚ ਆਪ ਸਮਾਨਾ।
ਹੱਥੋਂ ਸੱਟਾਂ ਟੋਰ ਕੇ ਕਿਵੇਂ ਵੇਖ ਪਛਾਣਾ।
ਉਲਟੀ ਫਾਹੀ ਪੈ ਗਈ ਦੂਜਾ ਸਾਥ ਪੁਕਾਰੇ।
ਪੁਰਜ਼ੇ ਪੁਰਜ਼ੇ ਮੈਂ ਹੋਈ ਦਿਲ ਪਾਰੇ ਪਾਰੇ।੨੩।

ਚੱਵੀ ਖੋਹਲੂੰ ਖੋਲ੍ਹਦੀ ਚੁਕ ਪਵਣ ਨਬੇੜੇ।
ਸਹਮ ਜਿਨ੍ਹਾਂ ਦੇ ਮਾਰੀਆਂ ਸੋਈ ਆਏ ਨੇੜੇ।
ਤਿਓਰ ਹੋਰ ਨਾ ਹੋਇਆ ਨਾ ਜ਼ੇਵਰ ਨਾ ਗਹਿਣੇ।
ਤਾਨ੍ਹੇ ਦੇਣੇ ਦੇਵਰਾਂ ਚੁੱਪ ਕੀਤਿਆਂ ਸਹਿਣੇ।੨੪।

ਮੈਂ ਖੋਲ੍ਹਾਂ ਗੰਢ ਪਚੀਸਵੀਂ ਦੁੱਖਾਂ ਵਲ ਮੇਲਾਂ।
ਹੰਝੂਆਂ ਦੀ ਗਲ ਹਾਰਨੀ ਅਸਾਂ ਦਰਦ ਹਮੇਲਾਂ।
ਵਟਨਾ ਮਲਿਆ ਸੋਜ਼ ਦਾ ਤਲਖ਼ ਤੁਰਸ਼ ਸਿਆਪੇ।
ਨਾਲ ਦੋਹਾਂ ਦੇ ਚਲਣਾ ਬਣ ਆਇਆ ਜਾਪੇ।੨੫।

ਛੱਬੀਂ ਗੰਢੀਂ ਇਮਾਮ ਹੈ ਕਦੀ ਫੇਰਾ ਪਾਇਆ।
ਉਮਰ ਤੋਸ਼ਾ ਪੰਜ ਰੋਜ਼ ਹੈ ਸੋ ਲੇਖੇ ਆਇਆ।
ਪਿਆਲੇ ਆਏ ਮੌਤ ਦੇ ਇਹ ਸਭ ਨੇ ਪੀਣੇ।
ਇਹ ਦੁੱਖ ਅਸਾਡੇ ਨਾਲ ਹੈ ਸਹੋ ਜੀਓ ਕਮੀਨੇ।੨੬।

ਸਤਾਈ ਖੋਲ੍ਹ ਸਹੇਲੀਓ ਸਭ ਜਤਨ ਸਿਧਾਇਆ।
ਦੋ ਨੈਣਾਂ ਨੇ ਰੋਂਦਿਆਂ ਮੀਂਹ ਸਾਵਨ ਲਾਇਆ।
ਇਕ ਇਕ ਸਾਇਤ ਦੁੱਖ ਦੀ ਸੌ ਜਤਨ ਗੁਜ਼ਾਰੀ।
ਅੱਗੇ ਜਾਣਾ ਦੂਰ ਹੈ ਸਿਰ ਗਠੜੀ ਭਾਰੀ।੨੭।

ਅਠਾਈ ਗੰਢੀਂ ਖੋਲ੍ਹੀਆਂ ਨਹੀਂ ਅਕਲ ਅਸਾਥੀ।
ਸਖ਼ਤੀ ਆਈ ਜ਼ੋਰ ਦੀ ਧਰ ਚਸ਼ਮਾ ਮਾਥੀ।
ਸੁੱਖਾਂ ਤੋਂ ਟੋਟੀ ਆ ਗਈ ਦੁੱਖਾਂ ਤੋਂ ਲਾਹੀ।
ਬੇਚਾਰੀ ਬੇਹਾਲ ਹਾਂ ਵਿਚ ਸੋਜ਼ ਕੜਾਹੀ।੨੮।

ਉਨੱਤੀ ਗੰਢੀਂ ਖੋਲ੍ਹੀਆਂ ਨਹੀਂ ਸਖ਼ਤੀ ਹਟਦੀ।
ਲੱਗਾ ਸੀਨੇ ਬਾਣ ਹੈ ਸਿਰ ਵਾਲਾਂ ਪੱਟਦੀ।
ਇਤ ਵਲ ਫੇਰਾ ਪਾਇਕੇ ਇਹ ਹਾਸਲ ਆਇਆ।
ਤਨ ਤਲਵਾਰੀਂ ਤੋੜਿਆ ਇਕ ਰੂਪ ਉਡਾਇਆ।੨੯।

ਖੋਲ੍ਹੀ ਗੰਢ ਮੈਂ ਤੀਸਵੀਂ ਦੁੱਖ ਦਰਦ ਰੰਜਾਣੀ।
ਕਦੀ ਸਿਰੋਂ ਨਾ ਮੁੱਕਦੀ ਇਹ ਰਾਮ ਕਹਾਣੀ।
ਮੁੜ ਮੁੜ ਫੇਰ ਨਾ ਜੀਵਨਾ ਨਾ ਤਨ ਛੱਪਦਾ ਲੁੱਕਦਾ।
ਬ੍ਰਿਹੋਂ ਅਜੇ ਖਿਆਲ ਹੈ ਇਹ ਸਿਰ ਤੇ ਢੁੱਕਦਾ।੩੦।

ਇੱਕ ਇੱਕ ਗੰਢ ਨੂੰ ਖੋਹਲਿਆਂ ਇਕਤੀ ਹੋਈਆਂ।
ਮੈਂ ਕਿਸ ਦੀ ਪਾਣੀਹਾਰ ਹਾਂ ਏਥੇ ਕੇਤੀਆਂ ਰੋਈਆਂ।
ਮੈਂ ਵਿਚ ਚਤਰ ਖਡਾਰ ਸਾਂ ਦਾਅ ਪਿਆ ਨਾ ਕਾਰੀ।
ਬਾਜ਼ੀ ਖੇਡਾਂ ਜਿੱਤ ਪਰ ਮੈਂ ਏਥੇ ਹਾਰੀ।੩੧।

ਬੱਤੀ ਗੰਢਾਂ ਖੋਲ੍ਹੀਆਂ ਜੋ ਖੋਲ੍ਹੀ ਬਣਦੀ।
ਅੱਟੀ ਇੱਕ ਅਟੇਰ ਕੇ ਫਿਰਾਂ ਤਾਣਾ ਤਣਦੀ।
ਤਾਣਾ ਹੋਇਆ ਪੁਰਾਣਾ ਹੁਣ ਕੀਕਰ ਲਾਹਵਾਂ।
ਕਹੂੰ ਖੱਟੂ ਨਾ ਬਾਵਰੀ ਕਿੱਥੋਂ ਲੈਸਾਂ ਲਾਵਾਂ।੩੨।

ਬਹਿ ਪਰਛਾਵੀਂ ਖੋਲ੍ਹੀਆਂ ਹੁਣ ਹੋਈਆਂ ਤੇਤੀ।
ਏਥੇ ਦੋ ਤਿੰਨ ਰੋਜ਼ ਹਾਂ ਫਿਰ ਸਹੁਰਿਆਂ ਸੇਤੀ।
ਰੰਙਣ ਚੜ੍ਹੀ ਰਸੂਲ ਦੀ ਸਭ ਦਾਜ ਰੰਙਾਵੇ।
ਜਿਸ ਦੇ ਮੱਥੇ ਭਾਗ ਹੈ ਉਹ ਰੰਗ ਘਰ ਜਾਵੇ।੩੩।

ਚੌਤੀਂ ਗੰਢੀਂ ਖੋਲ੍ਹੀਆਂ ਦਿਨ ਆਏ ਨੇੜੇ।
ਮਾਹੀ ਦੇ ਵਲ ਜਾਵਸਾਂ ਰਉਂ ਕੀਤੇ ਕਿਹੜੇ।
ਓੜਕ ਵੇਲਾ ਜਾਣ ਕੇ ਮੈਂ ਨੇਹੁੰ ਲਗਾਇਆ।
ਇਸ ਤਨ ਹੋਣਾ ਖ਼ਾਕ ਸੀ ਮੈਂ ਜਾ ਉਡਾਇਆ।੩੪।

ਬੁੱਲ੍ਹਾ ਪੈਂਤੀ ਖੋਲ੍ਹਦੀ ਸ਼ਹੁ ਨੇੜੇ ਆਏ।
ਬਦਲੇ ਏਸ ਅਜ਼ਾਬ ਦੇ ਮੱਤ ਮੁੱਖ ਦਿਖਲਾਏ।
ਅੱਗੇ ਥੋੜ੍ਹੀ ਪੀੜ ਸੀ ਨੇਹੁੰ ਕੀਤਾ ਦੀਵਾਨੀ।
ਪੀ ਗਲੀ ਅਸਾਡੀ ਆ ਵੜੇ ਤਾਂ ਹੋਗ ਅਸਾਨੀ।੩੫।

ਛੱਤੀ ਖੋਹਲੂੰ ਹੱਸ ਕੇ ਨਾਲ ਅਮਰ ਈਮਾਨੀ।
ਸੁੱਖਾਂ ਘਾਟਾ ਡਾਲਿਆ ਦੁੱਖਾਂ ਤੂਲਾਨੀ।
ਘੁੱਲੀ ਵਾ ਪ੍ਰੇਮ ਦੀ ਮਰਨੇ ਪਰ ਮਰਨੇ।
ਟੂਣੇ ਕਾਮਣ ਮੀਤ ਨੂੰ ਅਜੇ ਰਹਿੰਦੇ ਕਰਨੇ।੩੬।

ਸੈਂਤੀ ਗੰਢੀਂ ਖੋਲ੍ਹੀਆਂ ਮੈਂ ਮਹਿੰਦੀ ਲਾਈ।
ਮਲਾਇਮ ਦੇਹੀ ਮੈਂ ਕਰਾਂ ਮਤ ਗਲੇ ਲਗਾਈ।
ਉਹਾ ਘੜੀ ਸੁਲੱਖਣੀ ਜਾਂ ਮੈਂ ਵੱਲ ਆਵੇ।
ਤਾਂ ਮੈਂ ਗਾਵਾਂ ਸੋਹਿਲੇ ਜੇ ਮੈਨੂੰ ਰਾਵੇ।੩੭।

ਅਠੱਤੀ ਗੰਢੀਂ ਖੋਲ੍ਹੀਆਂ ਕੀ ਕਰਨੇ ਲੇਖੇ।
ਨਾ ਹੋਵੇ ਕਾਜ ਸੁਹਾਵਣਾ ਬਿਨ ਤੇਰੇ ਵੇਖੇ।
ਤੇਰਾ ਭੇਤ ਸੁਹਾਗ ਹੈ ਮੈਂ ਉਸ ਕਿਹ ਕਰਸਾਂ।
ਲੈਸਾਂ ਗਲੇ ਲਗਾਇਕੇ ਪਰ ਮੂਲ ਨਾ ਡਰਸਾਂ।੩੮।

ਉਨਤਾਲੀ ਗੰਢੀਂ ਖੋਲ੍ਹੀਆਂ ਸਭ ਸਈਆਂ ਰਲ ਕੇ।
ਇਨਾਇਤ ਸੇਜ ਤੇ ਆਵਸੀ ਹੁਣ ਮੈਂ ਵਲ ਫੁੱਲ ਕੇ।
ਚੂੜਾ ਬਾਹੀਂ ਸਿਰ ਧੜੀ ਹੱਥ ਸੋਹੇ ਕੰਗਣਾ।
ਰੰਗਣ ਚੜ੍ਹੀ ਸ਼ਹੁ ਵਸਲ ਦੀ ਮੈਂ ਮਨ ਤਨ ਰੰਗਣਾ।੩੯।

ਕਰ ਬਿਸਮਿੱਲ੍ਹਾ ਖੋਲ੍ਹੀਆਂ ਮੈਂ ਗੰਢਾਂ ਚਾਲੀ।
ਜਿਸ ਆਪਣਾ ਆਪ ਵੰਜਾਇਆ ਸੋ ਸੁਰਜਨ ਵਾਲੀ।

ਜੰਜ ਸੋਂਹਣੀ ਮੈਂ ਭਾਉਂਦੀ ਲਟਕੇਂਦਾ ਆਵੇ।
ਜਿਸ ਨੂੰ ਇਸ਼ਕ ਹੈ ਲਾਲ ਦਾ ਸੋ ਲਾਲ ਹੋ ਜਾਵੇ।
ਅਕਲ ਫ਼ਿਕਰ ਸਭ ਛੋੜ ਕੇ ਸ਼ਹੁ ਨਾਲ ਸੁਧਾਏ।
ਬਿਨ ਕਹਿਣੋਂ ਗੱਲ ਗ਼ੈਰ ਦੀ ਅਸਾਂ ਯਾਦ ਨਾ ਕਾਏ।

ਹੁਣ ਇਨ ਅੱਲ੍ਹਾ ਆਖ ਕੇ ਤੁਮ ਕਰੋ ਦੁਆਈਂ।
ਪੀਆ ਹੀ ਸਭ ਹੋ ਗਿਆ ਅਬਦੁੱਲ੍ਹਾ ਨਾਹੀਂ।੪੦।

  • ਮੁੱਖ ਪੰਨਾ : ਮੁਕੰਮਲ ਕਲਾਮ ਬਾਬਾ ਬੁੱਲ੍ਹੇ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ