Dupehar Khiri : Navroop Kaur
ਦੁਪਹਿਰ ਖਿੜੀ (ਕਾਵਿ-ਸੰਗ੍ਰਹਿ) : ਨਵਰੂਪ ਕੌਰ
ਵਕਤ
ਸੁਣਿਆ ਸੀ ਕਿ ਵਕਤ ਕਿਸੇ ਲਈ ਨਹੀਂ ਠਹਿਰਦਾ ਪਰ ਮੈਂ ਵਕਤ ਨੂੰ ਰੁਕਦੇ ਵੇਖਿਆ ਹੈ ਕਈ ਵਾਰ ਵਕਤ ਮੇਰੇ ਐਨ ਸਾਹਮਣੇ ਆਣ ਖਲੋ ਜਾਂਦਾ ਹੈ ਮੇਰੀਆਂ ਨੀਲੀਆਂ ਅੱਖਾਂ 'ਚ ਝਾਕਦਾ ਹੈ ਤੇ ਕਹਿੰਦਾ ਹੈ: ''ਤੇਰੇ ਹਾਸੇ ਦੀਆਂ ਟੁਣਕਦੀਆਂ ਟੱਲੀਆਂ ਨੂੰ ਸੁਣਨ ਲਈ ਰੁਕ ਗਿਆ ਸਾਂ'' ਵਕਤ ਮੇਰੀ ਪਿੱਠ ਪਛਾਣਦਾ ਪਿੱਛੇ-ਪਿੱਛੇ ਤੁਰਦਾ ਹੈ ਕਦੇ ਰਾਹ–ਦਸੇਰਾ ਬਣ ਕੇ ਅੱਗੇ ਅੱਗੇ ਦੌੜਦਾ ਹੈ ਕਦੇ ਹਮਸਫ਼ਰ ਬਣ ਕੇ ਨਾਲ਼ ਨਾਲ਼ ਵੀ ਤੁਰ ਪੈਂਦਾ ਹੈ ਵਕਤ ਮੇਰੀ ਸਿਫ਼ਤ ਸਲਾਹ ਕਰਦਾ ਆਖਦਾ ਹੈ ਮੈਨੂੰ : “ਤੇਰੀ ਤਕਣੀ ਵਰਗੀ ਮੇਰੇ ਕੋਲ ਨਜ਼ਰ ਨਹੀਂ ਹੈ ਤੇਰੀ ਤੋਰ ਵਰਗੀ ਮੇਰੇ ਕੋਲ ਝਾਂਜਰ ਨਹੀਂ ਹੈ ਤੇਰੇ ਬੋਲਾਂ ਜਿਹਾ ਮੇਰੇ ਕੋਲ ਕੋਈ ਘੁੰਗਰੂ ਨਹੀਂ ਹੈ” ਵਕਤ ਦੇ ਇਹ ਬੋਲ ਸੁਣਕੇ ਮੈਂ ਖੁਸ਼ੀ 'ਚ ਖੀਵੀ ਹੋਈ ਫ਼ੈਲ ਜਾਂਦੀ ਹਾਂ ਸਾਰੇ ਖਲਾਅ ਵਿਚ ਸੰਦਲੀ ਹਵਾ ਬਣਕੇ... ...
ਕੁੱਝ ਕਰ...
ਜ਼ਿੰਦਗੀ ਦਾ ਸੱਚ ਤਾਂ ਕੁੱਝ ਹੋਰ ਹੈ ਕੁੜੀਏ! ਕੋਮਲ ਜਿਹੀ, ਸੋਹਲ ਜਿਹੀ ਬਣਕੇ ਐਵੇਂ ਤਰਸ ਦੀ ਪਾਤਰ ਨਾ ਬਣ ਕੁੱਝ ਕਰ ਦਿਖਾਉਣ ਦੀ ਹਿੰਮਤ ਰੱਖ ਖ਼ੁਦ ਉੱਤੇ ਰੱਖ ਵਿਸ਼ਵਾਸ ਬਣਾ ਆਪਣੀ ਜ਼ਿੰਦਗੀ ਨੂੰ ਖ਼ਾਸ ਐਵੇਂ ਪੱਥਰ ਦਾ ਬੁੱਤ ਬਣ ਕੇ ਨੁਮਾਇਸ਼ ਨਾ ਬਣ ਪੱਥਰਾਂ ਨੂੰ ਕੱਟਣਾ ਸਿੱਖ ਕਿਸੇ ਫਰਿਹਾਦ ਦੀ ਉਡੀਕ ਨਾ ਕਰ ਸੱਸੀ ਬਣ, ਭਾਵੇਂ ਹੀਰ ਪਰ ਸਾਹਿਬਾਂ ਬਣ ਕੇ ਜੰਡ 'ਤੇ ਤਰਕਸ਼ ਨਾ ਟੰਗ ਤੀਰ ਅਤੇ ਕਮਾਨ ਦੋਵੇਂ ਆਪਣੇ ਹੱਥਾਂ 'ਚ ਫੜ੍ਹ ਨਿਸ਼ਾਨੇ ਉੱਪਰ ਤਿਰਛੀ ਨਜ਼ਰ ਨਾਲ਼ ਸ਼ਿਸ਼ਤ ਬੰਨ੍ਹ ਸੁਬਕ ਜਿਹੀ ਕੁੜੀਏ ! ਐਵੇਂ ਤਰਸ ਦਾ ਪਾਤਰ ਨਾ ਬਣ।
ਪਰੰਪਰਾ
ਘਸੀ ਪਿਟੀ ਪਰੰਪਰਾ ਪ੍ਰੇਤ ਬਣ ਮੇਰੇ ਬੂਹੇ ਬਾਰੀਆਂ ਨੂੰ ਭੰਨਦੀ ਡਰ ਸਹਿਮ ਮੇਰੇ ਅੰਦਰ ਭਰਦੀ ਲਾਲ ਸੰਧੂਰੀ ਪੀਲੀਆਂ ਵਸਤਾਂ ਮੇਰੇ ਵਿਹੜੇ 'ਚ ਖੰਡਾਉਂਦੀ ਖ਼ਾਮ-ਖਾਹ ਮੈਨੂੰ ਡਰਾਉਂਦੀ ਹਰ ਰੋਜ਼ ਮੇਰਾ ਪੱਕਾ ਘੜਾ ਕੱਚੇ 'ਚ ਬਦਲਦੀ ਕਦੇ ਅੱਖਾਂ ਦਿਖਾਉਂਦੀ ਅਣਚਾਹੇ ਹੁਕਮ ਚਲਾਉਂਦੀ ਨਹੀਂ ਜਾਣਦੀ ਉਹ ਇਕ ਦਿਨ ਮੈਂ ਇਸ ਨੂੰ ਸ਼ੀਸ਼ੀ 'ਚ ਪਾਉਣਾ ਜਿਥੋਂ ਮੁੜ ਨਾ ਸਕੇ ਉਸ ਥਾਂ 'ਤੇ ਦਫ਼ਨਾਉਣਾ।
ਕੱਚਾ ਕੋਠਾ
ਬਾਹਰੋਂ ਆਈ ਮੇਰੀ ਧੀ ਨੂੰ ਮੇਰਾ ਕੱਚਾ ਜਿਹਾ ਕੋਠਾ ਬਹੁਤ ਪਸੰਦ ਹੈ ਉਸ ਨੂੰ ਇਸ ਦੀ ਮਿੱਟੀ 'ਚੋਂ ਵੱਖਰੀ ਜਿਹੀ ਸੁਗੰਧ ਆਉਂਦੀ ਹੈ ਉਹ ਹਮੇਸ਼ਾ ਆਖਦੀ ਹੈ ਬੇਬੇ ! ਤੇਰਾ ਇਹ ਕੱਚਾ ਕੋਠਾ ਕਿੰਨੀ ਬਰਕਤ ਵਾਲਾ ਹੈ ਜਿੰਨੇ ਮਰਜ਼ੀ ਮਹਿਮਾਨ ਆ ਜਾਣ ਤੂੰ ਇਸ ਦੀ ਝਲਾਨੀ 'ਚ ਸਭ ਲਈ ਖਾਣਾ ਪਕਾ ਲੈਨੀਂ ਏਂ ਜਿੰਨੇ ਮਰਜ਼ੀ ਪ੍ਰਾਹੁਣੇ ਆ ਜਾਣ ਤੂੰ ਸਭਨਾਂ ਲਈ ਸੌਣ ਦੀ ਥਾਂ ਬਣਾ ਲੈਨੀਂ ਏਂ ਤੇ ਬਾਹਰ ਤਾਂ... ਵਿਦੇਸ਼ੋਂ ਆਈ ਮੇਰੀ ਧੀ ਚੁੱਪ ਕਰ ਜਾਂਦੀ ਹੈ।
ਘਰ
ਖ਼ੂਬਸੂਰਤ ਹੈ ਉਹੀ ਘਰ ਜਿਥੇ ਪਿਆਰ, ਸਤਿਕਾਰ ਸੱਧਰਾਂ, ਉਮੀਦਾਂ, ਸੁਫ਼ਨਿਆਂ ਦੇ ਰੰਗ-ਬਿਰੰਗੇ ਫੁੱਲ ਟਹਿਕਣ ਪਿਓ—ਇਕ ਮਜ਼ਬੂਤ ਛੱਤ ਮਾਂ—ਇਕ ਨਿੱਘੀ ਰਸੋਈ ਬੱਚੇ—ਘਰ ਦੇ ਵੇਲ ਬੂਟੇ ਘਰ ਦਾ ਬਗ਼ੀਚਾ ਮਹਿਕ ਉੱਠਦਾ ਹੈ ਆਪਣੇ ਹੱਥੀਂ ਲਗਾਏ ਰੰਗ-ਬਿਰੰਗੇ ਖ਼ੂਬਸੂਰਤ ਪੌਦਿਆਂ ਨਾਲ਼ ਇਕ-ਇਕ ਇਕਾਈ ਮਿਲ ਕੇ ਘਰ ਨੂੰ ਸੰਪੂਰਨ ਬਣਾਉਂਦੀ ਹੈ ਮਹਿਕਦੇ ਝੂਮਦੇ ਬੱਚਿਆਂ ਨੂੰ ਵੇਖ ਮਾਂ-ਪਿਓ, ਖ਼ੁਸ਼ੀ ਨਾਲ਼ ਖੀਵੇ ਹੋ ਜਾਂਦੇ ਘਰ ਦਾ ਕੋਈ ਜੀਅ ਉਦਾਸ ਹੁੰਦਾ ਤਾਂ ਘਰ ਦੇ ਚਿਹਰੇ 'ਤੇ ਪਤਝੜ ਛਾ ਜਾਂਦੀ ਦੋਸਤੋ ! ਖ਼ੂਬਸੂਰਤ ਇਮਾਰਤਾਂ ਘਰ ਨਹੀਂ ਹੁੰਦੀਆਂ ਸੋਹਣੇ ਕਲੀਨ, ਪੇਟਿੰਗਜ਼, ਫੁੱਲਦਾਨ ਘਰ ਨੂੰ ਸਜਾ ਤਾਂ ਸਕਦੇ ਪਰ ਵਸਾ ਨਹੀਂ ਸਕਦੇ ਨਿੱਕੀਆਂ-ਨਿੱਕੀਆਂ ਇੱਟਾਂ ਨੂੰ ਚਿਣ ਕੇ ਉਸਰਦੇ ਨੇ ਮਕਾਨ ਨੰਨ੍ਹੀਆਂ-ਨੰਨ੍ਹੀਆਂ ਰੀਝਾਂ ਪਰੋਅ ਕੇ ਘਰ ਬਣਦਾ ਹੈ ਜਦੋਂ ਮਜ਼ਬੂਰੀਆਂ ਘਰ ਦੇ ਜੀਆਂ ਨੂੰ ਅਣਗਾਹੇ ਸਫ਼ਰ 'ਤੇ ਤੋਰਦੀਆਂ ਮਾਂ ਕਿਧਰੇ ਵੀ ਦਿਖਾਈ ਨਾ ਦਿੰਦੀ ਪਿਓ ਕਿਸੇ ਹੋਰ ਅਣਦੱਸੀ ਥਾਂ ਚਲਾ ਜਾਂਦਾ ਬੱਚੇ ਆਪਣੇ ਭਵਿੱਖ ਨੂੰ ਲੱਭਦੇ ਅਣਦੇਖੇ ਸਫ਼ਰ 'ਤੇ ਤੁਰ ਪੈਂਦੇ...ਸੱਤ ਸਮੁੰਦਰੋਂ ਪਾਰ ਤਾਂ ਉਦੋਂ ਘਰ ਬਹੁਤ ਉਦਾਸ ਹੋ ਜਾਂਦਾ ਖੰਡਰ ਜਿਹਾ ਮਹਿਸੂਸ ਕਰਦਾ ਤੇ ਸੁੰਨੇ ਘਰ ਉੱਤੇ ਟਿਕ ਜਾਂਦੀਆਂ ਬੇਗ਼ਾਨੀਆਂ ਨਜ਼ਰਾਂ...
ਆਸ-ਧਰਵਾਸ
ਕਾਸ਼ ! ਲੋਕਾਈ ਦੇ ਵੱਡੇ ਫ਼ਿਕਰਾਂ ਵਿਚ ਰਚ ਜਾਣ ਮੇਰੇ ਨਿੱਕੇ-ਨਿੱਕੇ ਸੰਸੇ ਬੰਦੇ ਦੀਆਂ ਜ਼ਰੂਰੀ ਲੋੜਾਂ ਅੱਗੇ ਸਿਮਟ ਜਾਣ ਮੇਰੀਆਂ ਬਾਰੀਕ ਤੋਟਾਂ ਜ਼ਿੰਦਗੀ ਦੇ ਲੰਮੇਂ ਪੈਂਡਿਆਂ ਵਿਚ ਮਿਲ ਜਾਵੇ ਨਿੱਕੀ ਜਿਹੀ ਪਗਡੰਡੀ ਕਾਸ਼ ! ਅਥਾਹ ਸਾਗਰ ਵਿਚ ਵਿਲੀਨ ਹੋ ਜਾਵੇ ਨੀਲੀ ਨਦੀ ਚੈਨ ਦੀ ਮਿੱਠੀ ਚਾਨਣੀ ਵਿਚ ਘੁਲ਼ ਜਾਵੇ ਤਾਰਿਆਂ ਦੀ ਲੋਅ ਰੁੱਖਾਂ ਦੀਆਂ ਟਹਿਣੀਆਂ ਉੱਤੇ ਉੱਗ ਆਉਣ ਪੰਛੀਆਂ ਦੇ ਆਲ੍ਹਣੇ ਕਾਸ਼ ! ਆਪਾਂ ਵੀ ਇਕ ਵਾਰ ਘਰ ਪਰਤ ਆਈਏ ਫਿਰ ਤੋਂ ਅਗਲੀਆਂ ਉਦਾਸੀਆਂ 'ਤੇ ਜਾਣ ਲਈ...
ਰੁੱਖ ਨਾ ਕਦੇ ਇਕੱਲਾ
ਜਦ ਤੱਕ ਜੜ੍ਹਾਂ ਸਲਾਮਤ ਰੁੱਖ ਨਾ ਕਦੇ ਉਦਾਸ...ਰੁੱਖ ਨਾ ਕਦੇ ਇਕੱਲਾ ਨਾਲ਼-ਨਾਲ਼ ਰਹਿੰਦੀਆਂ ਚਾਰੇ ਰੁੱਤਾਂ ਕੋਲ-ਕੋਲ ਬਹਿੰਦੀਆਂ ਛਾਵਾਂ-ਧੁੱਪਾਂ ਧੀਆਂ-ਪੁੱਤਾਂ ਜਿਹੇ ਫਲ਼-ਫੁੱਲ-ਪੱਤੇ ਛਾਂਗਣ ਤੋਂ ਬਾਅਦ ਵੀ ਰੁੱਖ ਸੀਨਾ ਤਾਣ ਕੇ ਖੜ੍ਹਦਾ ਰੁੱਖ ਕੋਲ ਕਿੰਨਾ ਕੁੱਝ ਹੋਰਾਂ ਨੂੰ ਵੰਡਣ ਲਈ ਹੁੰਦਾ ਰੁੱਖ ਨਾ ਕਦੇ ਇਕੱਲਾ ਆਲ੍ਹਣੇ ਹੁੰਦੇ ਪੰਛੀਆਂ ਦੇ ਰੁੱਖਾਂ ਦੀਆਂ ਟਹਿਣੀਆਂ 'ਤੇ ਸਜੇ ਹੋਏ ਚਿੜੀਆਂ, ਘੁੱਗੀਆਂ, ਗੁਟਾਰਾਂ ਚਹਿਕਦੀਆਂ ਕੁਦਰਤ ਦੇ ਗੀਤ ਗਾਉਂਦੀਆਂ ਘਰ ਦੇ ਜੀਆਂ ਵਾਂਗ ਹਰ ਮੌਸਮ 'ਚ ਭਾਈਵਾਲ ...ਰੁੱਖ ਨਾ ਕਦੇ ਇਕੱਲਾ ਹਵਾਵਾਂ ਆਉਂਦੀਆਂ ਰਿਸ਼ਤੇਦਾਰਨੀਆਂ ਬਣ ਕੇ ਪੱਤਿਆਂ ਨੂੰ ਗਾਉਣਾ ਸਿਖਾਉਂਦੀਆਂ ਹਵਾਵਾਂ ਆਉਂਦੀਆਂ ਰੁੱਖ ਨਾਲ਼ ਦੁੱਖ-ਸੁੱਖ ਕਰਨ ਬਰਫ਼ ਬਣ ਕੇ ਲੂਸੇ ਪੱਤਿਆਂ ਨੂੰ ਸਕੂਨ ਦਿੰਦੀਆਂ ਤੇਜ਼ ਹਵਾਵਾਂ ਵੀ ਆਉਂਦੀਆਂ ਕਦੇ-ਕਦੇ ਰੁੱਖਾਂ ਤੋਂ ਝੜੇ ਸੁੱਕੇ ਪੱਤਿਆਂ ਨੂੰ ਆਪਣੀ ਜੇਬ 'ਚ ਪਾ ਕੇ ਤੁਰ ਜਾਂਦੀਆਂ ਰੁੱਖ ਕੋਲ ਆਰੀ ਲੈ ਕੇ ਕਦੇ ਵੀ ਨਹੀਂ ਆਉਂਦੇ ਮੌਸਮ ਰੁੱਖ ਨਾ ਕਦੇ ਇਕੱਲਾ ਰੁੱਖ ਸਰਵੋਤਮ ਜੂਨੀ ਹੰਢਾਉਂਦਾ ਪਰ ਆਦਮੀ ਅਕ੍ਰਿਤਘਣ ਸਭ ਕੁੱਝ ਮੁਫ਼ਤ ਲੈ ਕੇ ਜੜ੍ਹਾਂ 'ਚ ਆਰੀ ਫੇਰਦਾ ਫੇਰ ਵੀ... ਰੁੱਖ ਨਾ ਕਦੇ ਇਕੱਲਾ ਜਾਣ ਵੇਲੇ ਆਪਣੇ ਬੀਜ ਪਿੱਛੇ ਛੱਡ ਜਾਂਦਾ ਤਿੱਖੀਆਂ ਧੁੱਪਾਂ 'ਚ ਛਾਵਾਂ ਵੰਡਦਾ ਭੁੱਖ ਵੇਲੇ ਫਲ਼ ਬਖ਼ਸ਼ਦਾ ਫੁੱਲ-ਕਲੀਆਂ ਨਾਲ਼ ਧਰਤੀ ਨੂੰ ਸੁਹਾਗਣ ਰੱਖਦਾ ਆਰੀਆਂ ਵਾਲਿਓ ! ਕੁਹਾੜੀਆਂ ਵਾਲਿਓ ! ਮੇਰੀ ਹਸਤੀ ਕਿੰਜ ਮਿਟਾਉਗੇ ! ਮੈਂ ਤਾਂ ਤੁਹਾਨੂੰ ਰੁਖ਼ਸਤ ਕਰਨ ਵੇਲ਼ੇ ਵੀ ਤੁਹਾਡੇ ਨਾਲ਼ ਖੜ੍ਹਾ ਹਾਂ...
ਤਨ ਦੀ ਪੰਡ ਪੁਰਾਣੀ
ਜੀਅ ਕਰਦਾ ਹੈ ਮਨ ਤੋਂ ਲਾਹਾਂ ਤਨ ਦੀ ਪੰਡ ਪੁਰਾਣੀ ਪੌਣਾਂ ਦੇ ਵਿਚ ਸਾਹ ਰਲ ਜਾਵਣ ਪਾਣੀ ਦੇ ਵਿਚ ਪਾਣੀ ਇਕ ਪੂਣੀ ਵੀ ਕੱਤ ਨਾ ਸਕੀ ਸਖੀਆਂ ਦੇ ਸੰਗ ਰਲ ਕੇ ਟੁੱਟ ਟੁੱਟ ਜਾਵੇ ਤੰਦ ਸਾਹਾਂ ਦੀ ਕੈਸੀ ਉਲਝੀ ਤਾਣੀ ਨਾਲ਼ ਦੀਆਂ ਸਭ ਸਹੁਰੇ ਚੱਲੀਆਂ ਮੈਂ ਕੀ ਕਰਨਾ ਪੇਕੇ ਜਿਥੇ ਮੇਰਾ ਰਾਂਝਣ ਵੱਸੇ ਮੇਰੀ ਉਥੇ ਆਉਣੀ-ਜਾਣੀ ਕਿਸ ਵਿਧ ਵੇਖਾਂ ਬਿਨ ਅਮਲਾਂ ਤੋਂ ਸੋਹਣੇ ਜੱਗ ਦਾ ਮੇਲਾ ਨਾ ਕੋਈ ਟਕਾ ਦੇਹੀ ਦੇ ਖੀਸੇ ਨਾ ਕੋਈ ਰੂਹ ਦਾ ਹਾਣੀ ਜੀਅ ਕਰਦਾ ਹੈ ਮਨ ਤੋਂ ਲਾਹਾਂ ਤਨ ਦੀ ਪੰਡ ਪੁਰਾਣੀ ਪੌਣਾਂ ਦੇ ਵਿਚ ਸਾਹ ਰਲ ਜਾਵਣ ਪਾਣੀ ਦੇ ਵਿਚ ਪਾਣੀ
ਵਿਪਰੀਤ ਸੁਰਾਂ ਦੀ ਨਜ਼ਮ
ਜਦੋਂ ਮੈਂ ਪਤਝੜ ਨਾਲ਼ ਗੱਲਾਂ ਕਰਨ ਲੱਗੀ ਤਾਂ ਇਕ ਹਰਾ-ਭਰਾ ਰੁੱਖ ਮੇਰੇ ਕੋਲ ਆ ਬੈਠਾ ਜਦੋਂ ਮੈਂ ਨੰਗੇ ਪੈਰੀਂ ਕੰਡਿਆਂ 'ਤੇ ਤੁਰ ਪਈ ਤਾਂ ਰਾਹ ਵਿਚ ਅੱਧ-ਖਿੜਿਆ ਫੁੱਲ ਮਿਲ ਗਿਆ ਜਦੋਂ ਮੈਂ ਉੱਡਦੀ ਅੱਗ ਨੂੰ ਨਿਗਾਹਾਂ 'ਚ ਭਰਿਆ ਤਾਂ ਹਰ ਬੰਜਰ ਅੱਖ 'ਚੋਂ ਪਾਣੀ ਸਿੰਮ ਆਇਆ ਜਦੋਂ ਮੈਂ ਟੁੱਟੇ ਖੰਭ ਤਲੀ ਉੱਤੇ ਰੱਖੇ ਤਾਂ ਚੇਤਿਆਂ ਵਿਚ ਪਰਵਾਜ਼ ਭਰ ਗਈ ਜਦੋਂ ਮੈਂ ਨਿਰਮੋਹੇ ਪੱਥਰਾਂ ਉੱਪਰ ਚੌਂਕੜੀ ਮਾਰ ਬੈਠ ਗਈ ਤਾਂ ਮੇਰੇ ਮਨ ਦਾ ਸ਼ੀਸ਼ਾ ਨਿਰਮਲ ਹੁੰਦਾ ਚਲਾ ਗਿਆ...
ਸਬਜ਼ ਸੰਵੇਦਨਾ
ਫੁੱਲ ਕੋਈ ਪੱਥਰ ਦੇ ਖਿਡੌਣੇ ਨਹੀਂ ਹੁੰਦੇ ਅਤਿ ਸਲੀਕੇ ਅਤੇ ਸੰਵੇਦਨਾ ਸੰਗ ਪੇਸ਼ ਹੋਣਾ ਹੁੰਦਾ ਹੈ ਫੁੱਲਾਂ ਦੇ ਸਨਮੁੱਖ ਫੁੱਲਾਂ 'ਚ ਸੂਈਆਂ ਖੁਭੋਅ ਕੇ ਧਾਗਿਆਂ 'ਚ ਨਾ ਪਰੋਅ ਕਮਲ਼ੀਏ ! ਇਹਨਾਂ ਦੇ ਕਾਇਨਾਤੀ ਰੰਗਾਂ 'ਚ ਘੁਲ ਜਾਣ ਦਾ ਹੁਨਰ ਸਿੱਖ ਗੁਲਾਬੀ ਫੁੱਲਾਂ ਨੂੰ ਤੋੜ ਖੇਰੂੰ-ਖੇਰੂੰ ਨਾ ਕਰ ਚੰਦਰੀਏ ! ਇਹਨਾਂ ਦੀ ਨਿਮਰਤਾ ਅੱਗੇ ਪੱਤੀ-ਪੱਤੀ ਹੋ ਕੇ ਝੁਕਣਾ ਸਿੱਖ ਕੋਮਲ ਫੁੱਲਾਂ ਨੂੰ ਪੱਥਰਾਂ ਦੇ ਪੈਰਾਂ 'ਚ ਨਾ ਧਰ ਭੋਲੀਏ ! ਟਹਿਣੀ 'ਤੇ ਖਿੜਿਆਂ ਨੂੰ ਸੌ-ਸੌ ਵਾਰ ਸਲਾਮ ਆਖ ਨਾਜ਼ੁਕ ਫੁੱਲਾਂ ਨੂੰ ਨੂੜ ਕੇ ਗੁਲਦਸਤਿਆਂ 'ਚ ਨਾ ਡੱਕ ਮਾਲਣੇ ! ਆਪਣੇ ਅਹਿਸਾਸ ਦੇ ਸਾਰੇ ਰੰਗ ਇਨ੍ਹਾਂ ਦੀ ਪਿਆਜ਼ੀ ਮੁਸਕਾਨ ਦੇ ਨਾਂ ਕਰ ਫੁੱਲਾਂ ਨੂੰ ਉਛਾਲ ਕੇ ਪੈਰਾਂ ਹੇਠ ਨਾ ਮਿੱਥ ਭਾਗਵਾਨੇ! ਖਿੜੇ ਹੋਏ ਫੁੱਲਾਂ ਦੇ ਗਲ ਦਾ ਹਾਰ ਬਣ ਕੇ ਵੇਖ ਫੁੱਲ ਕੋਈ ਪੱਥਰ ਦੇ ਖਿਡੌਣੇ ਨਹੀਂ ਹੁੰਦੇ ਅਤਿ ਸਲੀਕੇ ਅਤੇ ਸੰਵੇਦਨਾ ਸੰਗ ਪੇਸ਼ ਹੋਣਾ ਹੁੰਦਾ ਹੈ ਫੁੱਲਾਂ ਦੇ ਸਨਮੁੱਖ ਤਾਂ...
ਮੈਂ ਹਾਜ਼ਰ ਹਾਂ
ਹੁਣੇ ਹੁਣੇ ਯਾਦ ਕੀਤਾ ਸੀ ਤੂੰ ਮੈਨੂੰ ਤੇ ਮੈਂ ਹਾਜ਼ਰ ਹਾਂ ਚੇਤਿਆਂ ਦੀ ਚੰਗੇਰ 'ਚ ਸਾਂਭੀਆਂ ਸੱਜਰੀਆਂ ਯਾਦਾਂ ਸਮੇਤ ਤੇਰੇ ਨਾਲ਼-ਨਾਲ਼ ਹੀ ਤਾਂ ਤੁਰਦੀ ਹਾਂ ਪਰਛਾਈ ਵਾਂਗ ਪਰ ਕਲਾਵੇ 'ਚ ਨਹੀਂ ਆਉਂਦੀ ਫੁੱਲਾਂ ਦੀ ਸੁਗੰਧ ਵਾਂਗ ਬੱਸ, ਧੁੱਪ ਵਾਂਗ ਮਹਿਸੂਸ ਹੁੰਦੀ ਹਾਂ ਛਾਂ ਬਣ ਰੁੱਖਾਂ ਹੇਠ ਬਹਿ ਜਾਂਦੀ ਹਾਂ ਪੈੜ ਬਣ ਰਾਹਾਂ 'ਚ ਵਿਛ ਜਾਂਦੀ ਹਾਂ ਹਰੀਆਂ ਭਰੀਆਂ ਕਰ ਦਿੰਦੀ ਹਾਂ ਸੁੱਕੀਆਂ ਟਹਿਣੀਆਂ ਨੂੰ ਵੀ ਰੰਗ-ਬਿਰੰਗੇ ਫੁੱਲਾਂ 'ਚ ਸੱਜਰੀ ਮਹਿਕ ਭਰ ਦਿੰਦੀ ਹਾਂ ਇਹ ਨਾ ਪੁੱਛ ਕਿ ਹੁਣ ਤੱਕ ਕਿਥੇ ਸੀ ਮੈਂ... ? ਮੈਂ ਤਾਂ ਬੱਸ ਇਥੇ ਹੀ ਕਿਤੇ ਸਾਂ ਮਨ ਦੇ ਮੌਸਮਾਂ 'ਚ ਗੁਆਚੀ ਤਪਦੇ ਥਲਾਂ 'ਚ ਭਟਕਦੀ ਮਾਰੂਥਲ 'ਚੋਂ ਕਸਤੂਰੀ ਲੱਭਦੀ ਸ਼ਬਦ ਨਹੀਂ ਸਿਰਫ਼ ਭਾਵ ਨੇ ਮੇਰੇ ਕੋਲ ਇਨ੍ਹਾਂ ਮਣਕਿਆਂ ਨੂੰ ਪਰੋ ਲੈ ਤੂੰ ਆਂਦਰਾਂ ਦੀ ਡੋਰ ਵਿਚ ਤੇ ਅਰਥ-ਅਰਥ ਜਪ ਲੈ ਮੈਨੂੰ ਹੁਣੇ-ਹੁਣੇ ਯਾਦ ਕੀਤਾ ਸੀ ਤੂੰ ਤੇ ਮੈਂ ਹਾਜ਼ਰ ਹਾਂ...
ਹੋਂਦ-ਨਿਰਹੋਂਦ
ਵਗਦੇ ਪਾਣੀਆਂ 'ਚ ਸਾਰੀ ਦੀ ਸਾਰੀ ਰੁੜ੍ਹ ਕੇ ਵੀ ਬੈਠੀ ਰਹੀ ਮੇਰੀ ਪਰਛਾਈ ਨਦੀ ਕਿਨਾਰੇ ਬਲਦੀ ਅੱਗ ਵਿਚ ਸਾਰੀ ਦੀ ਸਾਰੀ ਮੱਚ ਕੇ ਵੀ ਖੜ੍ਹੀ ਰਹੀ ਮੈਂ ਚਿਖ਼ਾ ਸਿਰ੍ਹਾਣੇ ਮੈਂ ਬੈਠੀ ਰਹੀ ਕਿਣਕਿਆਂ ਦੀ ਧੜਕਣ ਵਿਚ ਰਾਹਾਂ 'ਚੋਂ ਆਪਣੀਆਂ ਸਾਰੀਆਂ ਪੈੜਾਂ ਹੂੰਝ ਕੇ ਉੱਤਰ ਜਾਂਦੀ ਰਹੀ ਖ਼ਾਮੋਸ਼ੀ ਦੀਆਂ ਕੰਦਰਾਂ ਵਿਚ ਗੁੰਬਦਾਂ 'ਚੋਂ ਆਪਣੀਆਂ ਸਾਰੀਆਂ ਚੀਕਾਂ ਸਮੇਟ ਕੇ ਉਂਜ ਮੈਂ ਸ਼ਬਦਾਂ ਦੇ ਤਿੱਖੇ ਵਾਰ ਸਹਿ ਕੇ ਵੀ ਸੁਰੱਖਿਅਤ ਰਹੀ ਅਰਥਾਂ ਦੀ ਓਟ ਉਹਲੇ ਬੋਲਾਂ ਦੀ ਜ਼ੱਦ ਤੋਂ ਪਾਰ ਵੀ ਬਹੁਤ ਕੁੱਝ ਸਾਂਭਣਾ ਹੁੰਦਾ ਮੂੰਹ ਜ਼ੁਬਾਨੀ...ਚੁੱਪ ਜਿਹਾ...ਕੁੱਝ ਅਣਕਿਹਾ ਹੱਸਣ ਤੋਂ ਬਿਨਾਂ ਵੀ ਬਹੁਤ ਕੁੱਝ ਰੱਖਣਾ ਹੁੰਦਾ ਕੋਲ ਅੱਥਰੂ ਜਿਹਾ......ਹਿਚਕੀ ਜਿਹਾ......ਹੁਬਕੀ ਜਿਹਾ ਇਨ੍ਹਾਂ ਦੁੱਖਾਂ-ਸੁੱਖਾਂ ਵਿਚ ਤੂੰ ਮੇਰਾ ਧਰਵਾਸ ਬਣਿਆ ਰਿਹਾ ਅਜਿਹੇ ਵੇਲਿਆਂ 'ਚ ਮੈਂ ਤੈਨੂੰ ਰੱਬ ਤੋਂ ਪਹਿਲਾਂ ਯਾਦ ਕਰਦੀ ਰਹੀ...
ਇਹ ਲੋਕ
ਇਹੋ ਜਿਹਾ ਕੀ ਹੈ ਮੇਰੇ 'ਚ ਕਿ ਲੋਕ ਮੇਰੇ ਨਾਲ਼ ਖ਼ਾਰ ਖਾਣ ਲੱਗ ਪਏ ਨੇ ਤਿਰਸ਼ੀਆਂ ਨਜ਼ਰਾਂ ਨਾਲ਼ ਟੇਢਾ ਟੇਢਾ ਝਾਕਦੇ ਨੇ ਆਪਣੇ ਹੀ ਪਾਲ਼ਿਆਂ 'ਚ ਠਰ੍ਹਨ ਲੱਗ ਪਏ ਨੇ ਆਪਣੀ ਹੀ ਅੱਗ ਵਿਚ ਸੜਨ ਲੱਗ ਪਏ ਨੇ ਕੋਈ ਤਾਂ ਹੋਵੇਗਾ ਭੇਤ ਕੋਈ ਤਾਂ ਹੋਵੇਗਾ ਰਾਜ਼ ਨਹੀਂ ਜਾਣਦੀ ਮੈਂ ਇਹ ਤਾਂ ਉਹੀ ਜਾਣਦੇ ਨੇ ਧੂੰਆਂ ਉੱਠਿਆ ਹੈ ਕਿਤੇ ਤਾਂ ਮੱਚੀ ਹੋਵੇਗੀ ਅੱਗ ਹਵਾ ਵਿਚ ਚੰਗਿਆੜੀਆਂ ਐਵੇਂ ਤਾਂ ਨਹੀਂ ਉੱਠ ਰਹੀਆਂ ਕੋਈ ਤਪਸ਼ ਜ਼ਰੂਰ ਹੈ ਮੇਰੇ ਅੰਦਰ ਜੋ ਤਪਾ ਰਹੀ ਹੈ ਸਭ ਨੂੰ ਅੱਜਕੱਲ੍ਹ ਮੈਨੂੰ ਕੀ ਹੋ ਗਿਆ ਹੈ ਅੱਜਕੱਲ੍ਹ ਉਨ੍ਹਾਂ ਨੂੰ ਕੀ ਹੋ ਗਿਆ ਹੈ ਹਰ ਜੀਅ ਮੇਰੇ ਨਾਲ਼ ਖ਼ਫ਼ਾ ਹੋ ਗਿਆ ਹੈ ਕੋਈ ਤਬਦੀਲੀ ਤਾਂ ਹੈ ਮੇਰੇ ਵਿਚ ਵੀ ਕੋਈ ਪਰਿਵਰਤਨ ਤਾਂ ਹੈ ਉਹਨਾਂ ਵਿਚ ਵੀ ਕੱਲ੍ਹ ਜੋ ਮੇਰੇ ਆਪਣੇ ਸੀ ਅੱਜ ਉਹ ਵਿੱਥਾਂ ਸਿਰਜ ਖੜ੍ਹੇ ਨੇ ਕੱਲ੍ਹ ਜੋ ਸਾਹਾਂ 'ਚ ਸਾਹ ਘੋਲ਼ਦੇ ਸੀ ਉਨ੍ਹਾਂ ਦੇ ਵੀ ਮਨਾਂ 'ਚ ਫ਼ਾਸਲੇ ਬੜੇ ਨੇ।
ਰੱਦੀ ਦੀ ਕਿਤਾਬ ਦੀ
ਅੱਜ ਨਜ਼ਮਾਂ ਦੀ ਇਹ ਖ਼ੂਬਸੂਰਤ ਕਿਤਾਬ ਬਹੁਤ ਉਦਾਸ ਹੋਈ ਸੀ ਏਨਾ ਤਾਂ ਉਹ ਕਦੇ ਵੀ ਨਹੀਂ ਸੀ ਰੋਈ ਜਿੰਨਾ ਉਹ ਅੱਜ ਰੋਈ ਸੀ ਅੱਜ ਉਹ ਘਰ ਦੀ ਖ਼ਾਸ ਅਲਮਾਰੀ 'ਚੋਂ ਨਿਕਲ ਬਾਹਰ ਜਾ ਖਲੋਈ ਸੀ ‘ਕੌਣ ਪੜ੍ਹਦਾ ਹੈ ਕਵਿਤਾ' ਇਹ ਆਖ ਕੇ ਨਜ਼ਮਾਂ ਦੀ ਖ਼ੂਬਸੂਰਤ ਕਿਤਾਬ ਬਾਸੀ ਅਖ਼ਬਾਰਾਂ ਦੇ ਨਾਲ਼ ਕਬਾੜੀਏ ਦੀ ਤੱਕੜੀ 'ਚ ਤੋਲੀ ਜਾ ਰਹੀ ਸੀ ਜਿਲਦ ਤੋਂ ਵੱਖ ਕਰਕੇ ਵਰਕਾ ਵਰਕਾ ਬੋਰੀ 'ਚ ਤੁੰਨੀ ਜਾ ਰਹੀ ਸੀ ਏਨੀ ਵਜ਼ਨਦਾਰ ਕਵਿਤਾ ਹੁਣ ਗਰਾਮਾਂ 'ਚ ਤਬਦੀਲ ਹੋ ਗਈ ਸੀ ਨਾ ਕਿਸੇ ਨੇ ਇਸ ਕਵਿਤਾ ਦੀਆਂ ਪਲਕਾਂ 'ਚ ਅੱਥਰੂ ਵੇਖੇ ਨਾ ਕਿਸੇ ਨੇ ਇਸ ਕਵਿਤਾ ਦੀ ਅੱਖ ਵਿਚ ਸੁਰਮਾ ਤੱਕਿਆ ਕੱਲ੍ਹ ਨੂੰ ਇਹ ਕਵਿਤਾ ਪੰਨਾ ਪੰਨਾ ਹੋ ਕੇ ਕੁਲਚਿਆਂ ਦੇ ਭਾਰ ਹੇਠ ਦਬ ਜਾਏਗੀ ਜਾਂ ਪਕੌੜਿਆਂ ਲਈ ਲਿਫ਼ਾਫ਼ਾ ਬਣ ਜਾਏਗੀ ਇਸ ਕਿਤਾਬਾਂ ਵਾਲੀ ਅਲਮਾਰੀ ਵਿਚ ਚਿਣ ਦਿੱਤੀਆਂ ਗਈਆਂ ਕੁੱਝ ਰੰਗਦਾਰ ਸ਼ੀਸ਼ੀਆਂ ਤੇ ਸਜਾ ਦਿੱਤੇ ਗਏ ਪੈਮਾਨੇ-ਜਾਮ ਅਤੇ ਬੀਅਰ ਮੱਘ ਰੱਦੀ ਵਾਲਾ ਮੁੰਡਾ ਖ਼ੁਸ਼ ਹੈ ਚਲੋ, ਇਸ ਘਰ ਵਿਚ ਅੱਗੋਂ ਵੀ ਆਉਣ-ਜਾਣ ਬਣਿਆ ਰਹੇਗਾ ਖ਼ਾਲੀ ਬੋਤਲਾਂ ਦੇ ਬਹਾਨੇ ਪਰ ਅੱਜ ਨਜ਼ਮਾਂ ਦੀ ਇਹ ਖ਼ੂਬਸੂਰਤ ਕਿਤਾਬ ਬਹੁਤ ਉਦਾਸ ਹੋਈ ਸੀ ਇੰਨਾ ਤਾਂ ਉਹ ਕਦੇ ਵੀ ਨਹੀਂ ਸੀ ਰੋਈ ਜਿੰਨਾ ਅੱਜ ਰੋਈ ਸੀ।
ਪਿਛਾਂਹ ਪਰਤਦੀਆਂ ਪੈੜਾਂ
ਪਰਤ ਕੇ ਵੇਖਿਆ ਪਿੱਛੇ ਪੈੜਾਂ ਸਨ ਉੱਘੜ ਦੁੱਘੜੀਆਂ ਕੁੱਝ ਮੱਧਮ ਕੁੱਝ ਗੂੜ੍ਹੀਆਂ ਧਰਤੀ ਸੀ ਉੱਚੀ ਨੀਵੀਂ ਵੰਨ-ਸੁਵੰਨੀਆਂ ਫਸਲਾਂ ਉਗਾਉਂਦੀ ਕੁੱਝ ਰੁੱਖ ਫਲ਼ਦਾਰ ਕੁੱਝ ਕੌੜੇ ਰੀਠਿਆਂ ਜਿਹੇ ਕਦੇ ਨਾ ਹੋਏ ਮਿੱਠੇ ਵੇਲਾਂ ਸਨ ਖ਼ਰਬੂਜ਼ਿਆਂ ਦੀਆਂ ਵਿੱਚੇ-ਵਿੱਚ ਕੌੜਤੂੰਮੇਂ ਸੋਚਦਿਆਂ ਹੁਣ ਵੀ ਚਿੱਤ ਮਤਲਾ ਜਾਂਦਾ ਫ਼ਰਾਕਾਂ ਪਾਉਣ ਦੀ ਉਮਰੇ ਮਨ ਚੀਰਿਆ ਗਿਆ ਖ਼ਰਬੂਜ਼ੇ ਦੀ ਫਾੜੀ ਵਾਂਗ ਤਨ ਉਡਿਆ ਤੁੰਬਾ-ਤੁੰਬਾ ਅੱਕ-ਕੁੱਕੜੀ ਦੇ ਫ਼ੰਭੇ ਵਾਂਗ ਕਿੱਥੇ ਆ ਟਿਕਿਆ ਪਤਾ ਹੀ ਨਾ ਲੱਗਾ ਮਿੱਟੀ ਮੁੜ ਗੁੰਨ੍ਹੀ ਅਤੇ ਪਕਾਈ ਮੱਥੇ ਵਿੱਚ ਕਰੜਾਈ ਸਾਹ ਵਿੱਚ ਨਰਮਾਈ ਕਦੋਂ ਗਈ ਕਦੋਂ ਆਈ ਪਤਾ ਹੀ ਨਾ ਲੱਗਿਆ ਪਿੱਛੇ ਰਹਿ ਗਈਆਂ ਪੈੜਾਂ ਵੇਖਣ ਦੀ ਰੀਝ ਤੁਰਦੀ ਰਹੀ ਮੇਰੇ ਨਾਲ਼-ਨਾਲ਼ ਮਾਂ ਸਦਾ ਇਹੀ ਸਮਝਾਉਂਦੀ : “ਮੁੜ-ਮੁੜ ਕੇ ਨਹੀਂ ਵੇਖੀਦਾ ਮਾੜੇ ਸੁਫ਼ਨੇ ਆਉਂਦੇ ਰਾਹੀਆਂ ਨੂੰ ਰਾਹ ਭੁੱਲ ਜਾਂਦੇ” ਅੱਗੇ ਜਾਣ ਦੇ ਲਾਲਚ ਵਿਚ ਬਹੁਤ ਕੁੱਝ ਪਿੱਛੇ ਰਹਿ ਗਿਆ ਕਿਣਕਾ-ਕਿਣਕਾ...ਭੋਰਾ-ਭੋਰਾ ਯਾਦਾਂ, ਸੁਫ਼ਨੇ, ਪੈੜਾਂ ਜਿਹਾ ਗੁੱਡੀਆਂ, ਗੀਟਿਆਂ, ਪਟੋਲਿਆਂ ਜਿਹਾ ਅੱਥਰੂ, ਹਾਉਕੇ, ਸਿਸਕੀਆਂ ਜਿਹਾ ਅੱਖ ਬਚਾ ਕੇ ਮਾਂ ਤੋਂ ਚੋਰੀ ਵੇਖਣ ਗਈ ਪੈੜਾਂ ਜਿਉਂ ਦੀਆਂ ਤਿਉਂ ਪਈਆਂ ਮੈਨੂੰ ਸੀ ਉਡੀਕ ਰਹੀਆਂ ਸੱਜਰੇ ਜ਼ਖ਼ਮਾਂ ਵਾਂਗ ਟੱਸ-ਟੱਸ ਕਰਦੀਆਂ ਨਹੀਂ ਸੌਂਦੀਆਂ ਦਿਨ-ਰਾਤ ਪੀੜਾਂ ਦੀਆਂ ਇਹ ਜਾਗਦੀਆਂ ਪੈੜਾਂ ਵਕਤ ਬੀਤ ਰਿਹਾ ਹੈ...ਹਾਉਕੇ ਵਾਂਗ।