Dunian Yaad Rakhugi : Varinder Singh Aulakh

ਦੁਨੀਆਂ ਯਾਦ ਰੱਖੂਗੀ : ਵਰਿੰਦਰ ਸਿੰਘ ਔਲਖ


ਦੂਣਾ ਹੋ ਕੇ ਆਇਆ ਹਾਂ

ਪਹਿਲਾਂ ਤੋਂ ਵੀ ਦੂਣਾ ਹੋ ਕੇ ਆਇਆ ਹਾਂ। ਡੁੱਲ੍ਹਾਂਗਾ ਨਹੀਂ ਊਣਾ ਹੋ ਕੇ ਆਇਆ ਹਾਂ। ਆਇਆ ਹਾਂ ਇੱਕ ਹੋਕੇ ਹੀਰ ਮੈਂ ਵਾਰਿਸ ਦੀ, ਸ਼ਿਵ ਦੀ ਯਾਰੋ ਲੂਣਾ ਹੋ ਕੇ ਆਇਆ ਹਾਂ। ਜਿਸ ਜੋਗੀ ਨੇ ਸਾਰਾ ਜੱਗ ਤਪਾਇਆ ਏ, ਉਸ ਜੋਗੀ ਦਾ ਧੂਣਾ ਹੋ ਕੇ ਆਇਆ ਹਾਂ। ਆਪਣੇ ਰੰਗ ਵਿੱਚ ਰੰਗ ਲੈ ਭੈੜੇ ਔਲਖ ਨੂੰ, ਹੁਣ ਤਾਂ ਰੰਗ ਵਿਹੂਣਾ ਹੋ ਕੇ ਆਇਆ ਹਾਂ।

ਲਿਖਾਂਗੇ ਜ਼ਰੂਰ

ਹਨੇਰੇ ‘ਚ ਗਵਾਚੇ ਕਿਸੇ ਚਿਹਰੇ ਬਾਰੇ ਲਿਖਾਂਗੇ। ਲਿਖਾਂਗੇ ਜ਼ਰੂਰ ਕੁੱਝ ਤੇਰੇ ਬਾਰੇ ਲਿਖਾਂਗੇ। ਦਾਦੇ ਦੀਆਂ ਬਾਤਾਂ ਉਹ ਸੌਗਾਤਾਂ ਬਾਰੇ ਲਿਖਾਂਗੇ, ਕੌਲੀਆਂ ਪਰਾਤਾਂ ਤੇ ਦਵਾਤਾਂ ਬਾਰੇ ਲਿਖਾਂਗੇ, ਦਸੀ ਪੰਜੀ ਧੇਲੀ ਤੇ ਚਵਾਨੀ ਬਾਰੇ ਲਿਖਾਂਗੇ, ਕਿਸ਼ਤਾਂ ‘ਚ ਆਈ ਜੋ ਜਵਾਨੀ ਬਾਰੇ ਲਿਖਾਂਗੇ, ਬੰਦੇ ਉਹ ਮੁਸੀਬਤਾਂ ਨਾ ਘੇਰੇ ਬਾਰੇ ਲਿਖਾਂਗੇ, ਲਿਖਾਂਗੇ ਜ਼ਰੂਰ ਕੁੱਝ ਤੇਰੇ ਬਾਰੇ ਲਿਖਾਂਗੇ। ਛੱਲੇ-ਮੁੰਦੀਆਂ ਤੇ ਆਖਰੀ ਨਿਸ਼ਾਨੀ ਤੱਕ ਲਿਖਾਂਗੇ, ਝਾਂਜਰਾਂ ਤੋਂ ਲੈਕੇ ਗਲ ਗਾਨੀ ਤੱਕ ਲਿਖਾਂਗੇ, ਹਾਰ ਟਿੱਕਾ ਕੰਗਣਾ ਪਰਾਂਦੇ ਬਾਰੇ ਲਿਖਾਂਗੇ, ਝੰਗ ਵੱਲ ਰਾਹੀਂ ਇੱਕ ਜਾਂਦੇ ਬਾਰੇ ਲਿਖਾਂਗੇ, ਜੋਗੀ ਬਣ ਪਾਏ ਸੀ ਜੋ ਫੇਰੇ ਬਾਰੇ ਲਿਖਾਂਗੇ, ਲਿਖਾਂਗੇ ਜ਼ਰੂਰ ਕੁੱਝ ਤੇਰੇ ਬਾਰੇ ਲਿਖਾਂਗੇ। ਧਰਤੀ ਤੇ ਲਿਖੇ ਜਿਵੇਂ ਫੁੱਲ-ਬੂਟੇ ਰੱਬ ਨੇ, ਸਾਡੇ ਵੀ ਤਾਂ ਐਸੇ ਕਦੇ ਬਣਨੇ ਸਬੱਬ ਨੇ, ਚੜ੍ਹਦਿਆਂ ਸੂਰਜਾਂ ਦੀ ਲਾਲੀ ਬਾਰੇ ਲਿਖਾਂਗੇ, ਲਾਲੀ ਪਿੱਛੋਂ ਪਈ ਰਾਤ ਕਾਲੀ ਬਾਰੇ ਲਿਖਾਂਗੇ, ਕਿੰਝ ਹੋਏ ਸੁਰਖ ਸਵੇਰੇ ਬਾਰੇ ਲਿਖਾਂਗੇ, ਲਿਖਾਂਗੇ ਜ਼ਰੂਰ ਕੁੱਝ ਤੇਰੇ ਬਾਰੇ ਲਿਖਾਂਗੇ। ਨੈਣ ਤੇਰੇ ਚੋਰ ਤੇਰੀ ਤੋਰ ਅਜੇ ਬਾਕੀ ਏ, ਬੜਾ ਕੁੱਝ ਲਿਖਣਾ ਨੀ ਹੋਰ ਅਜੇ ਬਾਕੀ ਏ, ਸੂਲਾਂ ਉੱਤੇ ਮੈਨੂੰ ਤੁਰਨਾ ਤੇ ਸਿੱਖ ਲੈਣ ਦੇ, ਅਜੇ ਮੈਨੂੰ ਮੇਰੇ ਲੋਕਾਂ ਬਾਰੇ ਲਿਖ ਲੈਣ ਦੇ ਕੇਰਾਂ ਇਸ ਚਾਰ-ਚੁਫ਼ੇਰੇ ਬਾਰੇ ਲਿਖਾਂਗੇ ਲਿਖਾਂਗੇ ਜ਼ਰੂਰ ਕੁੱਝ ਤੇਰੇ ਬਾਰੇ ਲਿਖਾਂਗੇ।

ਹੋਰ ਹੁੰਦੇ ਨੇ

ਉਹਦੇ ਭਾਸ਼ਨ ਸਟੇਜਾਂ ਤੇ, ਬੜੇ ਪੁਰਜ਼ੋਰ ਹੁੰਦੇ ਨੇ। ਅੰਬਾਲੇ ਹੋਰ ਹੁੰਦੇ ਨੇ,ਬਟਾਲੇ ਹੋਰ ਹੁੰਦੇ ਨੇ। ਜਿਹੜੇ ਚੋਰਾਂ ਨੂੰ ਪੈਂਦੇ ਨੇ, ਉਹ ਵੀ ਤਾਂ ਸਾਧ ਨਹੀਂ ਹੁੰਦੇ, ਇਹੇ ਜੋ ਮੋਰ ਹੁੰਦੇ ਨੇ, ਇਹ ਵੀ ਤਾਂ ਚੋਰ ਹੁੰਦੇ ਨੇ। ਕੱਲ੍ਹ ਕੁਝ ਔਰਤਾਂ ਸੁਣੀਆਂ ਗੁਫ਼ਤਗੂ ਕਰਦਿਆਂ ਯਾਰੋ, ਇਹੇ ਬੰਦੇ ਜੋ ਹੁੰਦੇ ਨੇੰ, ਜਵਾਂ ਹੀ ਢੋਰ ਹੁੰਦੇ ਨੇ। ਅਸਾਡੀ ਚੁੱਪ ਨੂੰ ਕਿਧਰੇ ਅਸਾਂ ਦਾ ਖ਼ੋਫ ਨਾ ਸਮਝੀਂ, ਜਿਹੜੇ ਕਮਜ਼ੋਰ ਹੁੰਦੇ ਨੇ, ਉਹ ਕਰਦੇ ਸ਼ੋਰ ਹੁੰਦੇ ਨੇ। ਇਹੇ ਜ਼ਰਖੇਜ ਧਰਤੀ ਤਾਂ, ਨਸੀਬਾਂ ਵਿੱਚ ਨਹੀਂ ਸਭ ਦੇ, ਕਿਤੇ ਗੁਲਮੋਹਰ ਹੁੰਦੇ ਨੇ,ਕਿਤੇ ਪਰ ਥੋਰ ਹੁੰਦੇ ਨੇ।

ਐਦਾਂ ਤੇ ਨਹੀਂ ਕਰਦੇ

ਉਹਨੂੰ ਫਰਕ ਨਹੀਂ ਪੈਣਾ ਯਾਰ ਦੁਹਾਈਆਂ ਨਾ'। ਅੱਜਕੱਲ੍ਹ ਉਹਦਾ ਉੱਠਣ ਬੈਹਣ ਕਸਾਈਆਂ ਨਾ'। ਗੁੰਡਿਆਂ ਨੂੰ ਤਾਂ ਸਿਸਟਮ ਐਦਾਂ ਰੱਖਦਾ ਏ, ਜਿੱਦਾਂ ਸਹੁਰੇ ਆਉਂਦੇ ਪੇਸ਼ ਜਵਾਈਆਂ ਨਾ'। ਰੋਟੀ ਪਕਦੀ ਹੋਗੀ ਜਦ ਦੀ ਦੇਵਰ ਦੀ ਅੱਜਕੱਲ੍ਹ ਗੱਲ ਨੀ ਕਰਦਾ ਉਹ ਭਰਜਾਈਆਂ ਨਾ'। ਢਿੱਡ ਤੇ ਮਾਵਾਂ ਨਾਲ ਹੀ ਫੋਲਿਆ ਜਾਂਦਾ ਏ, ਰਸਮੀਂ ਗੱਲਾਂ ਹੁੰਦੀਆਂ ਚਾਚੀਆਂ-ਤਾਈਆਂ ਨਾ’। ਬੱਚਿਆਂ ਨੂੰ ਉਹਦਾ ਖਾਣ-ਪੀਣ ਵੀ ਚੁਭਦਾ ਏ, ਸ਼ੌਂਕ ਪੂਰਦਾ ਮਰ ਗਿਆ ਜਿਹੜਾ ਕਮਾਈਆਂ ਨਾ'। ਸੁਪਨੇ ਸਾਨੂੰ ਦਿਖਾ ਕੇ ਸੋਹਣੀ ਦੁਨੀਆਂ ਦੇ, ਤੁਰਦਾ ਰਿਹਾ ਹਮੇਸ਼ਾ ਉਹੋ ਤਬਾਹੀਆਂ ਨਾ'। ਵੈਰੀ ਕਦੇ ਕਚਿਹਰੀ ਰੱਬਾ ਜਾਵੇ ਨਾ, ਦੁਸ਼ਮਣ ਦਾ ਵੀ ਵਾਹ ਨਾ ਪਵੇ ਦਵਾਈਆਂ ਨਾ'। ਉਮਰੋਂ ਪਹਿਲਾਂ ਛੱਡਕੇ ਸਾਨੂੰ ਤੁਰ ਗਿਆਂ ਏਂ, ਐਦਾਂ ਤੇ ਨਹੀਂ ਕਰਦੇ ਹੁੰਦੇ ਭਾਈਆਂ ਨਾ'।

ਦੁਨੀਆਂ ਯਾਦ ਰੱਖੂਗੀ

ਦੇਖੋ ਕਿਸ ਤਰ੍ਹਾਂ ਇਹ ਮਸਤੀਆਂ ਵਿੱਚ ਸ਼ਹਿਰ ਡੁੱਬਿਆ ਏ। ਕਿੱਡਾ ਕਹਿਰ ਹੈ ਜੀ ਜ਼ਹਿਰ ਦੇ ਵਿੱਚ ਜ਼ਹਿਰ ਡੁੱਬਿਆ ਏ। ਜੇ ਕੋਈ ਦੋਸਤੀ ਕਮਾਉਂਦਾ ਤੇਰੇ ਕੰਮ ਆਉਣੀ ਸੀ, ਤੈਨੂੰ ਸਾਗਰਾਂ ਵਿੱਚ ਲੈਕੇ ਤੇਰਾ ਵੈਰ ਡੁੱਬਿਆ ਏ। ਕਿਸੇ ਝਗੜੇ ਜਾਂ ਰੰਜਿਸ਼ ਦੀ ਗੁੰਜਾਇਸ਼ ਹੀ ਨਹੀਂ ਏ, ਉਹ ਬੰਦਾ ਪਾਣੀਆਂ ਦੀ ਮੰਗਦਾ ਮੰਗਦਾ ਖ਼ੈਰ ਡੁੱਬਿਆ ਏ। ਜੀਹਦੀ ਲਾਸ਼ ਵੀ ਸਮੁੰਦਰ ਪਚਾਅ ਨਹੀਂ ਸਕਿਆ, ਹੁਣ ਸੁਨਾਮੀਆਂ ਕਰਦੈ ਜ਼ਰੂਰ ਕੋਈ ਸ਼ਾਇਰ ਡੁੱਬਿਆ ਏ। ਉਹ ਏਦਾਂ ਵੇਂਹਦਿਆਂ ਹੀ ਅੱਖੀਆਂ ਤੋਂ ਓਝਲ ਹੋਇਆ, ਜਿੱਦਾਂ ਲਾਲੀਆਂ ਵਿੱਚ ਸੂਰਜ ਪਿਛਲੇ ਪਹਿਰ ਡੁੱਬਿਆ ਏ। ਗੋਤਾਖੋਰਾਂ ਨੂੰ ਆਖੋ ਕਿ ਆਪਣੇ ਫਰਜ਼ ਨੂੰ ਸਮਝਣ, ਮਤਲਬ ਇਹ ਨਹੀਂ ਕਿ ਆਪਣਾਂ ਜਾਂ ਗ਼ੈਰ ਡੁੱਬਿਆ ਏ। ਮੇਰੇ ਸਾਹੋ ਤੁਸੀਂ ਕਿਓਂ ਹਰਕਤ ਬੰਦ ਕਰ ਦਿੱਤੀ, ਅਜੇ ਤੱਕ ਤਾਂ ਕੇਵਲ ਇਹ ਮੇਰਾ ਪੈਰ ਡੁੱਬਿਆ ਏ। ਸਮੇਂ ਦੀ ਲਹਿਰ ਵੀ ਉੱਚੀ ਮੈਂ ਵੀ ਨਹੀਂ ਹੌਂਸਲਾ ਛੱਡਣਾ, ਇਹ ਦੁਨੀਆਂ ਯਾਦ ਰੱਖੂਗੀ ਆਖਰ ਤੱਕ ਤੈਰ ਡੁੱਬਿਆ ਏ।

ਅਸਮਾਨ ਤੇ ਸਾਰਾ ਹੀ ਖਾਲੀ ਏ

ਤੇਰੀ ਸੋਚ ਵੀ ਇਹੇ ਨਿਰਾਲੀ ਏ। ਜਿਹੜੀ ਜ਼ਿਹਨ ‘ਚ ਬੈਠਾ ਪਾਲੀ ਏ। ਤੂੰ ਰਮਤੇ-ਰਮਤੇ ਤੁਰਿਆ ਜਾਹ, ਐਡੀ ਵੀ ਕਿਹੜੀ ਕਾਹਲੀ ਏ। ਰੱਜ-ਰੱਜ ਕੇ ਜੋਤੇ ਰੂਹਾਂ ਨੂੰ, ਜਿਹੜਾ ਹਿਜ਼ਰ ਵਿਛੋੜਾ ਹਾਲੀ ਏ। ਤੇਰੀ ਹਾਲਤ ਖ਼ੂਬ ਬਿਆਨ ਕਰੇ, ਜਿਹੜੀ ਅੱਖਾਂ ਦੇ ਵਿੱਚ ਲਾਲੀ ਏ। ਕੀ ਤੈਥੋਂ ਕਿਸੇ ਨੇ ਲੈ ਜਾਣਾ, ਤੂੰ ਦੋਵੇਂ ਹੱਥੀਂ ਖਾਲੀ ਏਂ। ਖ਼ੁਦ ਦੇਂਦਾ ਏ ਖ਼ੁਦ ਲੈ ਜਾਂਦਾ, ਖ਼ੁਦ ਬੂਟਾ ਏ ਖ਼ੁਦ ਮਾਲੀ ਏ। ਤੂੰ ਮੌਲਾ ਬਣਕੇ ਤੁਰਿਆ ਜਾਹ, ਉਹਦਾ ਹਲ਼ ਤੇ ਉਹਦੀ ਪੰਜਾਲੀ ਏ। ਉਸਤਾਦਾਂ ਆਪੇ ਈ ਦੱਸ ਦੇਣਾ, ਕੀ ਅਸਲੀ ਏ ਕੀ ਜਾਲ੍ਹੀ ਏ। ਤੂੰ ਦੇਖ ਕਿ ਕਿਤਨਾ ਉੱਡ ਸਕਦੈਂ, ਅਸਮਾਨ ਤੇ ਸਾਰਾ ਹੀ ਖਾਲੀ ਏ।

ਕਲਮਾਂ ਵਾਲਿਓ

ਦਾਮਨ ਬੁੱਲ੍ਹਾ ਤੇ ਵਾਰਿਸ਼ ਸ਼ਾਹ ਪੜ੍ਹਕੇ। ਫੇਰ ਪੰਨੇ ਇਤਿਹਾਸ ਦੇ ਫੋਲਿਓ ਵੇ। ਜੋੜੀ ਗ਼ਜ਼ਲ ਦੀ ਲਫਜ਼ਾਂ ਨਾਲ ਫ਼ੱਬਦੀ, ਤੁਸੀਂ ਦਗ਼ਾ ਨਾਂ ਕਰਿਓ ਵਿਚੋਲਿਓ ਵੇ । ਮਾਂ ਬੋਲੀ ਦੇ ਵੱਲ ਨੂੰ ਪਿੱਠ ਕਰਕੇ, ਲੈ ਕੇ ਮੰਗਵੀ ਜ਼ੁਬਾਨ ਨਾਂ ਬੋਲਿਓ ਵੇ। ਬਹੁਤਾ ਫ਼ਰਕ ਨਹੀਂ ਮਿਸ਼ਰੀ ਫਟਕੜੀ ਵਿੱਚ, ਸੋਚ ਸਮਝ ਕੇ ਏਸ ਨੂੰ ਘੋਲਿਓ ਵੇ। ਕਿੰਨੇ ਸ਼ਬਦ ਕਿਤਾਬਾਂ ਦੀ ਕੈਦ ਅੰਦਰ, ਤੁਸੀਂ ਖੋਲਿਓ ਜਾਂ ਨਾ ਖੋਲਿਓ ਵੇ। ਥੋਡਾ ਇੱਕ-ਇੱਕ ਅੱਖਰ ਇਤਿਹਾਸ ਵਰਗਾ, ਕਲਮਾਂ ਵਾਲਿਓ ਕੁਫ਼ਰ ਨਾ ਤੋਲਿਓ ਵੇ।

ਤੂੰ ਹੈ ਪਿਆਰੀ

ਇੱਕ ਤੂੰ ਹੈਂ ਪਿਆਰੀ ਦੂਜੇ ਫੁੱਲ ਬੂਟੇ। ਜੇ ਦੋਵੇਂ ਹੀ ਮਿਲਜੋਂ ਤਾਂ ਸੁਰਗਾਂ ਦੇ ਝੂਟੇ। ਮੈਂ ਆਪਣੇ ਹੀ ਲੱਭਦਾਂ ਹਾਂ ਐਬ ਅਨੂਠੇ, ਮੈਂ ਨਜ਼ਰਾਂ ਚੋਂ ਲਾਉਂਦਾ ਹਾਂ ਹੁਸਨਾਂ ਦੇ ਸੂਟੇ। ਇਹ ਸੂਟੇ ਹੀ ਠੂਠੇ ਫੜਾਉਂਦੇ ਨੇ ਅਕਸਰ, ਮੈਂ ਤਰਕਾਂ ਦਾ ਤਾਲਿਬ ਤੇ ਤੱਥਾਂ ਦਾ ਤਸਕਰ। ਜਵਾਕਾਂ ਦਾ ਬੇਲੀ ਚਲਾਕਾਂ ਦਾ ਵੈਰੀ, ਅਨੋਖੇ ਤਜ਼ਰਬੇ ਅਨੋਖੀ ਹੀ ਸ਼ਾਇਰੀ। ਮੈਂ ਡਾਇਰੀ 'ਚ ਲਿਖਲੀ ਐ ਸ਼ਾਇਰੀ ਕੋਈ ਗਹਿਰੀ, ਉਡੀਕਾਂ ਤਰੀਕਾਂ ਮੈਂ ਵੇਲਾ ਸੁਨਿਹਰੀ। ਚਿਹਰੇ ਬਥੇਰੇ ਮੈਂ ਜ਼ੇਰੇ ਵੀ ਪਰਖੇ, ਬਥੇਰੇ ਚਲਾਏ ਨੇ ਅਕਲਾਂ ਦੇ ਚਰਖੇ। ਬਥੇਰੇ ਜੋ ਮੇਰੇ ਨੇ ਸ਼ਬਦਾ ਤੇ ਹਰਖੇ, ਮੈਂ ਭਰਕੇ ਜੀ ਵਰਕੇ ਤੇ ਭੱਜਿਆ ਨੀ ਡਰਕੇ। ਕੱਕੇ ਨੂੰ ਕੰਨਾਂ ਤੇ ਲੱਲੇ ਦੇ ਲਾਵਾਂ, ਕਾਲਿਆ ਕਾਵਾਂ ਨੇ ਦਿੱਤੀਆਂ ਸਲ੍ਹਾਵਾਂ। ਆਜਾ ਸਿਖਾਵਾਂ ਮੈਂ ਤੈਨੂੰ ਅਦਾਵਾਂ, ਚਾਵਾਂ ਨੂੰ ਵੇਚਾਂ ਤੇ ਪੈਸਾ ਕਮਾਵਾਂ। ਝੱਜੇ ਨੂੰ ਅੱਧਕ ਤੇ ਲੱਲੇ ਦੇ ਲਾਵਾਂ, ਝੱਲੇ ਦੇ ਪੱਲੇ ਤਾਂ ਪਈਆਂ ਦੁਆਵਾਂ। ਦੁਆਵਾਂ ਦਾ ਦਿੱਤਾ ਕਦੇ ਵੀ ਨਹੀਂ ਥੁੜ੍ਹਦਾ. ਮੈਨੂੰ ਪਤਾ ਏ ਮੈਂ ਖਾਲੀ ਨੀ ਮੁੜਦਾ।

ਏਹੀ ਤਾਂ ਮੈਨੂੰ ਦੁੱਖ ਨੇ

ਅੰਦਰ ਰਹੇ ਜੋ ਧੁੱਖ ਨੇ ਏਹੀ ਤਾਂ ਮੈਨੂੰ ਦੁੱਖ ਨੇ। ਵੀਰਾ ਜ਼ਮੀਰਾਂ ਵੇਚੀਆਂ ਬੱਸ ਪੈਸਿਆਂ ਦੀ ਭੁੱਖ ਨੇ। ਬਿੱਲਕੁਲ ਹੀ ਬਦਲੇ ਲੋਕ ਨੇ, ਸ਼ਰਬਤ ਨੂੰ ਖਾਧਾ ਕੋਕ ਨੇ, ਲੱਸੀ ਵੀ ਨੱਸੀ ਇਸ ਤਰ੍ਹਾਂ, ਤੌੜੀ ਏ ਦੌੜੀ ਜਿਸ ਤਰ੍ਹਾਂ, ਬੰਦੇ ਬਿਮਾਰੀ ਹੋ ਗਏ, ਵੱਡੇ ਵਪਾਰੀ ਹੋ ਗਏ, ਚੋਰੀ ਨਾ ਗੰਨੇ ਚੂਪਦੇ, ਵੇਖੋ ਨੇ ਚਰਚੇ ਰੂਪ ਦੇ, ਆਪੇ ਨੂੰ ਐਪਾਂ ਖਾ ਗਈਆਂ, ਹੱਥਾਂ ‘ਚ ਸੱਥਾਂ ਆਗੀਆਂ, ਫਾਹਿਆ ਏ ਫੇਸਬੁੱਕ ਨੇ, ਏਹੀ ਤਾਂ ਮੈਨੂੰ ਦੁੱਖ ਨੇ। ਉੱਡੀਆਂ ਫਲੈਟਾਂ ਸੋਹਣਿਆਂ, ਹੁੰਦੀਆਂ ਨੇ ਚੈਟਾਂ ਸੋਹਣਿਆਂ, ਕੰਮਾਂ 'ਚ ਦਿਨ ਤਾਂ ਲੰਘਿਆ, ਕਿੱਥੇ ਸੀ ਨਾਈਟਾਂ ਸੋਹਣਿਆ, ਕੁੰਡਿਆਂ ਨੂੰ ਜਿੰਦੇ ਵੱਜ ਗਏ, ਕਿੱਧਰ ਪਰਿੰਦੇ ਭੱਜ ਗਏ, ਹੁੰਦੀਆਂ ਨੇ ਇਹ ਮਜ਼ਬੂਰੀਆਂ, ਨਹੀਂ ਕੌਣ ਛੱਡਦੈ ਚੂਰੀਆਂ, ਵਿਹਲੇ ਨਾ ਵਿੱਚ ਇਹ ਵੀਕ ਦੇ, ਪੁੱਤਰਾਂ ਨੂੰ ਮਾਪੇ ‘ਡੀਕਦੇ, ਨਦੀਆਂ ਕਿਨਾਰੇ ਰੁੱਖ ਨੇ, ਏਹੀ ਤਾਂ ਮੈਨੂੰ ਦੁੱਖ ਨੇ। ਵੇਖੀਂ ਤੂੰ ਰੱਬਾ ਮੇਰਿਆ, ਕਾਵਾਂ ਨੇ ਕਿੱਦਾਂ ਘੇਰਿਆ, ‘ਕੱਲੀ ਇਕਹਿਰੀ ਕੂੰਜ ਨੂੰ, ਕਿਸੇ ਝਾਂਜਰਾਂ ਦੀ ਗੂੰਜ ਨੂੰ, ਉਹਦੀ ਅਖੀਰੀ ਚੀਕ ਦਾ, ਮੈਂ ਦਰਦ ਪਿਆ ਉਲੀਕਦਾ, ਉਸੇ ਹੀ ਦਿਨ ਤਰੀਕ ਦਾ, ਇਨਸਾਫ਼ ਨੂੰ ਉਡੀਕਦਾ, ਗਾਲ੍ਹਾਂ ਤੇ ਮੁੰਡੇ ਨੱਚਦੇ, ਵੇਖੋ ਲਿਖਾਰੀ ਸੱਚ ਦੇ, ਵੇਂਹਦੇ ਹਵਾ ਦਾ ਰੁੱਖ ਨੇ, ਏਹੀ ਤਾਂ ਮੈਨੂੰ ਦੁੱਖ ਨੇ। ਬਚਿਆ ਜੋ ਨਸ਼ਾ ਸਰਿੰਜ ਦਾ, ਤੇ ਮਾਂ ਦੇ ਅੱਖ ਦੀ ਹਿੰਞ ਦਾ, ਇੱਕੋ ਹੀ ਮਾਪ ਤੋਲ ਹੈ,ਕੈਸਾ ਇਹ ਮੇਲ ਜੋਲ ਹੈ, ਲੀਡਰ ਬਣਾਉਂਦੇ ਚਾਂਦੀਆਂ, ਸਿਵਿਆਂ ਨੂੰ ਮਾਵਾਂ ਜਾਂਦੀਆਂ, ਰੋਂਦੀ ਨੂੰ ਦੰਦਲਾ ਪੈਂਦੀਆਂ, ਅਖ਼ੀਰ ਇਹੀ ਕਹਿੰਦੀਆਂ, ਪੁੱਛਦੀ ਹਾਂ ਰੱਬਾ ਹੰਭ ਕੇ, ਗਲਤੀ ਕੀ ਇਹਨੂੰ ਜੰਮ ਕੇ, ਕੀਤੀ ਏ ਮੇਰੀ ਕੁੱਖ ਨੇ, ਏਹੀ ਤਾਂ ਮੈਨੂੰ ਦੁੱਖ ਨੇ। ਜੰਮਦਾ ਹੀ ਕਰਜੇ ਹੇਠ ਸੀ, ਉੱਤੋਂ ਇਹ ਪਾਪੀ ਪੇਟ ਸੀ, ਪਹਿਲਾਂ ਹੀ ਬਹੁਤਾ ਲੇਟ ਸੀ, ਅਜੇ ਹੋਰ ਕਰਦਾ ਵੇਟ ਸੀ, ਕਿ ਆਉਣਗੇ ਜੋ ਚਾਹੁਣਗੇ, ਮੇਰਾ ਵੀ ਮੁੱਲ ਤਾਂ ਪਾਉਣਗੇ, ਮੈਨੂੰ ਨਾ ਰਾਹਾਂ ਦਿੱਤੀਆਂ, ਸਭ ਨੇ ਸਲਾਹਾਂ ਦਿੱਤੀਆਂ, ਯਾਰਾਂ ਨੇ ਫੇਰੇ ਮੁੱਖ ਨੇ, ਏਹੀ ਤਾਂ ਮੈਨੂੰ ਦੁੱਖ ਨੇ।

ਤੇਰੇ ਸਭ ਆਸ਼ਕਾਂ

ਸ਼ਿਕਾਰੀ ਬਹੁਤ ਨੇ ਏਥੇ ਮੈਂ ਉਸਨੂੰ ਬੋਲ ਦਿੱਤਾ ਏ। ਏਨਾਂ ਕਹਿਕੇ ਤੇ ਫਿਰ ਪਿੰਜਰੇ ਦਾ ਬੂਹਾ ਖੋਲ੍ਹ ਦਿੱਤਾ ਏ। ਮੇਰੀ ਜ਼ਿੰਦਗੀ ਦੀ ਪਿਕਚਰ ਵਿੱਚ, ਓਹਦਾ ਕੀ ਰੋਲ ਹੈ ਯਾਰੋ, ਓਹਦੇ ਇੱਕ ਰੋਲ ਨੇ ਸਾਰਾ ਹੀ ਜੀਵਨ ਰੋਲ ਦਿੱਤਾ ਏ। ਮੈਂ ਪੁੱਛਿਆ ਗੋਲ ਹੈ ਦੁਨੀਆਂ ਉਹ ਕਹਿੰਦਾ ਖ਼ੂਬਸੂਰਤ ਹੈ, ਮੇਰੀ ਇਸ ਗੱਲ ਦਾ ਉੱਤਰ ਵੀ ਉਸਨੇ ਗੋਲ ਦਿੱਤਾ ਏ। ਮੈਂ ਤੇਰੀ ਯਾਦ ਵਿੱਚ ਬਹਿਕੇ, ਤੇ ਦਾਰੂ ਪੀਣ ਲੱਗਾ ਸੀ, ਪਹਿਲਾਂ ਛਿੱਟਾ ਜਿਹਾ ਕੱਢਿਆ ਤੇ ਪੈੱਗ ਵੀ ਡੋਲ੍ਹ ਦਿੱਤਾ ਏ। ਸਟੇਟਸ ਚੇਂਜ ਕੀ ਕੀਤਾ ਨੀ ਤੂੰ ਸਿੰਗਲ ਤੋਂ ਮੈਰਿਡ ਦਾ, ਤੇਰੇ ਸਭ ਆਸ਼ਕਾਂ ਠੇਕੇ ਤੇ ਧਾਵਾ ਬੋਲ ਦਿੱਤਾ ਏ।

ਤੈਨੂੰ ਦੱਸਾਂਗੇ

ਕਿਉਂ ਕੀਤਾ ਏ ਪੰਗਾ ਤੈਨੂੰ ਦੱਸਾਂਗੇ। ਉਹ ਕਿਉਂ ਕੀਤਾ ਨੰਗਾ ਤੈਨੂੰ ਦੱਸਾਂਗੇ। ਕੀਹਨੇ ਧਰਮ ਦੇ ਨਾਂ ਤੇ ਰੋਟੀ ਸੇਕੀ ਏ, ਕਿਓਂ ਹੋਇਆ ਏ ਦੰਗਾ ਤੈਨੂੰ ਦੱਸਾਂਗੇ। ਓਹ ਜੋ ਸਭ ਨੂੰ ਮਾੜਾ ਮਾੜਾ ਕਹਿੰਦਾ ਏ, ਖ਼ੁਦ ਕਿੰਨਾ ਕੁ ਚੰਗਾ ਤੈਨੂੰ ਦੱਸਾਂਗੇ।

ਮਿਲਕੇ ਗਿਆਂ ਮਹੀਨਾਂ

ਸੰਗ ਕੇ ਆਈ ਤ੍ਰੇਲੀ ਸਾਫ ਪਸੀਨਾ ਨਹੀਂ ਹੋਇਆ। ਅਜੇ ਤੇ ਤੈਨੂੰ ਮਿਲਕੇ ਗਿਆਂ ਮਹੀਨਾਂ ਨਹੀਂ ਹੋਇਆ। ਇਹ ਗੱਲ ਤੇਰੀ ਝੂਠ ਨਹੀਂ ਮੈਂ ਬਦਲ ਗਿਆ ਹਾਂ, ਸ਼ਰੀਫ ਰਿਹਾ ਨੀ ਪਰ ਮੈਂ ਅਜੇ ਕਮੀਨਾ ਨਹੀਂ ਹੋਇਆ। ਸਾਰੀ ਉਮਰ ਲੰਘਾ ਲਈ ਉਹਨੇ ਹੀਰਿਆਂ ਦੇ ਸੰਗ ਪੱਥਰ ਸੀ ਤੇ ਪੱਥਰ ਰਿਹਾ ਨਗੀਨਾ ਨਹੀਂ ਹੋਇਆ।

ਉਹ ਚੰਗੀ ਸੀ

ਪਹਿਲੀ ਵਾਰੀ ਵੇਖ ਕੇ ਜਦ ਓਹ ਸੰਗੀ ਸੀ, ਉਹ ਚੰਗੀ ਸੀ, ਤੇ ਦੂਜੀ ਵਾਰੀ ਹੱਸ ਕੇ ਕੋਲੋਂ ਲੰਘੀ ਸੀ, ਉਹ ਚੰਗੀ ਸੀ। ਬੇਸ਼ੱਕ ਅੱਜਕੱਲ੍ਹ ਰੰਗ ਢੰਗ ਜਿਹੇ ਬਦਲੀ ਫਿਰਦੀ ਏ, ਕਦੇ ਸਾਡੇ ਰੰਗ ਵਿੱਚ ਰੰਗੀ ਸੀ, ਉਹ ਚੰਗੀ ਸੀ। ਹੁਣ ਤਾਂ ਐਵੇਂ ਦਿਨ ਕਟੀਆਂ ਜਿਹੀਆਂ ਕਰਦੇ ਫਿਰਦੇ ਹਾਂ, ਉਹਦੇ ਨਾਲ ਜੋ ਜ਼ਿੰਦਗੀ ਲੰਘੀ ਸੀ, ਉਹ ਚੰਗੀ ਸੀ। ਲੱਖ ਦਰਜੇ ਓਹ ਠੀਕ ਸੀ ਰੱਬਾ ਬੇਰੱਸ ਜ਼ਿੰਦਗੀ ਨਾਲੋਂ, ਤੇਰੇ ਦਰ ਤੋਂ ਮੌਤ ਜੋ ਮੰਗੀ ਸੀ, ਉਹ ਚੰਗੀ ਸੀ। ਇਹਨਾਂ ਤੰਗ-ਦਿਲਿਆਂ ਲੋਕਾਂ ਵਿੱਚ ਰਹਿ ਕੇ ਜਾਪਣ ਲੱਗਾ ਏ, ਮੇਰੇ ਘਰ ਵਿੱਚ ਜਿਹੜੀ ਤੰਗੀ ਸੀ, ਉਹ ਚੰਗੀ ਸੀ।

ਭੁੱਲ ਜਾਂਦੇ ਨੇ

ਜਿਹਨੂੰ ਵਿੰਹਦੇ ਨੇ ਓਸੇ ‘ਤੇ ਹੀ ਅਕਸਰ ਡੁੱਲ੍ਹ ਜਾਂਦੇ ਨੇ। ਇਹ ਤਾਲੇ ਚਾਬੀਆਂ ਲਾਇਆਂ ਬਿਨਾਂ ਹੀ ਖੁੱਲ੍ਹ ਜਾਂਦੇ ਨੇ। ਬੜਾ ਨੇ ਬੋਲਦੇ ਤੇ ਖੋਲ੍ਹਦੇ ਨੇ ਭੇਦ ਹੋਰਾਂ ਦੇ, ਇਨ੍ਹਾਂ ਦੇ ਆਪਣੀ ਵਾਰੀ 'ਤੇ ਸੀਤੇ ਬੁੱਲ੍ਹ ਜਾਂਦੇ ਨੇ। ਜਦੋਂ ਕੋਈ ਦਿਲ ਦਾ ਜਾਨੀ ਬੇ-ਇਮਾਨੀ ਤੇ ਉਤਰ ਆਵੇ, ਇਹ ਧਰਤੀ ਪਾਟ ਜਾਂਦੀ ਏ ਤੇ ਝੱਖੜ ਝੁੱਲ ਜਾਂਦੇ ਨੇ। ਉਹ ਕਹਿੰਦਾ ਮਰ ਗਿਆ ਹਾੜਾ ਕਦੇ ਕੋਈ ਫੁੱਲ ਨਾ ਤੋੜੀਂ, ਉਹਦੇ ਘਰ 'ਚੋਂ ਰੋਜ਼ਾਨਾਂ ਕਤਲ ਹੋਕੇ ਫੁੱਲ ਜਾਂਦੇ ਨੇ। ਦੁਨੀਆਂ ਜਾਣਦੀ ਨਾ ਟਿੱਚ ਗ਼ੈਰਤਮੰਦ ਲੋਕਾਂ ਨੂੰ, ਅਣਖ ਨੂੰ ਵੇਚਕੇ ਤੇ ਫੇਰ ਵੱਟੇ ਮੁੱਲ ਜਾਂਦੇ ਨੇ। ਜਵਾਂ ਹੀ ਖੂਹ ਦੀ ਟਿੰਡ ਵਰਗਾ ਹੁੰਦਾ ਜੀਵਨ ਅਦੀਬਾਂ ਦਾ, ਹਜ਼ਾਰਾਂ ਵਾਰ ਭਰਦੇ ਦਿਨ ‘ਚ ਤੇ ਫਿਰ ਡੁੱਲ ਜਾਂਦੇ ਨੇ। ਅਸਾਂ ਨੂੰ ਯਾਦ ਹੈ ਉਸਦੀ ਅਜੇ ਤੱਕ ਮਹਿਕ ਵੀ ਯਾਰੋ, ਉਹ ਕੈਸੇ ਲੋਕ ਨੇ ਯਾਰਾਂ ਨੂੰ ਜਿਹੜੇ ਭੁੱਲ ਜਾਂਦੇ ਨੇ।

ਕਰੀਬੀ ਯਾਰ

ਰਿਹਾ ਤੰਗੀ ‘ਚ ਥੋੜੀ ਦੇਰ ਮੈਂ। ਕਰੀਬੀ ਯਾਰ ਪਰਖੇ ਫੇਰ ਮੈਂ। ਮੁਥਾਜੀ ਦੇਖ ਲਈ ਏ ਅੰਨ ਦੀ, ਤੇ ਵੇਖੇ ਦੌਲਤਾਂ ਦੇ ਢੇਰ ਮੈਂ। ਜ਼ਿਗਰ ਨੂੰ ਕਰ ਲਿਆ ਪੱਥਰ ਜਿਹਾ, ਤੇ ਫਿਰ ਜਜ਼ਬਾਤ ਮਾਰੇ ਘੇਰ ਮੈਂ। ਜ਼ਮੀਰਾਂ ਵੇਚਕੇ ਵੇਖੇ ਬੜੇ ਨੇ, ਲਗਾਉਂਦੇ ਦੌਲਤਾਂ ਦੇ ਢੇਰ ਮੈਂ। ਹਿਰਨ ਹਿੱਕਾਂ ਨੂੰ ਡਾਹਕੇ ਲੜ ਗਏ, ਬਚਾਉਂਦੇ ਮਾਸ ਵੇਖੇ ਸ਼ੇਰ ਮੈਂ। ਉਹ ਥਾਂ ਨੂੰ ਵੇਖਕੇ ਦਿਲ ਟੁੱਟਿਆ, ਕਦੇ ਜਿੱਥੇ ਸੀ ਤੋੜੇ ਬੇਰ ਮੈਂ। ਹੁਣੇ ਕਹਿ ਲੈ ਜੋ ਕਹਿਣਾ ਯਾਰ ਨੂੰ, ਨਹੀਂ ਤੈਨੂੰ ਮਿਲਾਂਗਾ ਫੇਰ ਮੈਂ।

ਫਜ਼ੂਲ ਦੀਆਂ ਗੱਲਾਂ

ਕਿਹੜੇ ਕਨੂੰਨ ਕਿਹੜੇ ਰੂਲ ਦੀਆਂ ਗੱਲਾਂ। ਛੱਡ ਪਰੇ ਸਭ ਨੇ ਫਜ਼ੂਲ ਦੀਆਂ ਗੱਲਾਂ। ਲਾਸ਼ਾਂ ਤੇ ਲੀਡਰ ਖਲੋਕੇ ਨਿੱਤ ਕਰਦੇ ਨੇ, ਭਾਰਤ ਦੇ ਝੰਡੇ ਵਾਂਗੂੰ ਝੂਲਦੀਆਂ ਗੱਲਾਂ। ਤਲਾਕ ਤਲਾਕ ਤਲਾਕ ਨਾਲੋਂ ਚੰਗੀਆਂ ਨੇ, ਕਬੂਲ ਕਬੂਲ ਤੇ ਕਬੂਲ ਦੀਆਂ ਗੱਲਾਂ। ਬੰਦਿਆਂ ਤੂੰ ਕਦੇ ਤਾਂ ਬੰਦਿਆਂ ਦੀ ਗੱਲ ਕਰ, ਫੇਰ ਓਹੀ ਰਾਮ ਤੇ ਰਸੂਲ ਦੀਆਂ ਗੱਲਾਂ। ਕਾਤਿਲ ਤਾਂ ਨਿੱਤ ਦਿਨ ਸ਼ਰੇਆਮ ਕਰਦਾ ਏ, ਬੇਕਸੂਰ ਮਰੇ ਮਕਤੂਲ ਦੀਆਂ ਗੱਲਾਂ।

ਰੱਬਾ

ਏਸ ਵਾਰੀ ਰੱਬਾ ਜਦੋਂ ਦੁਨੀਆਂ ਤੇ ਆਵੇਂਗਾ। ਰੋਵੇਂਗਾ ਉਦਾਸ ਹੋ ਕੇ ਬੜਾ ਪਛਤਾਵੇਂਗਾ। ਗ਼ਰੀਬ ਜਿਹੇ ਘਰ ਜੇ ਤੂੰ ਪੈਦਾ ਅਵਤਾਰ ਹੋਵੇਂ, ਹੋਰਾਂ ਵਾਂਗੂੰ ਤੂੰ ਵੀ ਭੁੱਖਮਰੀ ਦਾ ਸ਼ਿਕਾਰ ਹੋਵੇਂ, ਕੰਸ ਤੋਂ ਜ਼ਿਆਦਾ ਤੈਨੂੰ ਡਾਕਟਰਾਂ ਦਾ ਡਰ ਹੋਣਾ, ਟੀਕੇ ਸੂਈਆਂ ਲਾਉਣੇ ਤੈਥੋਂ ਕੁਝ ਵੀ ਨਾ ਕਰ ਹੋਣਾ, ਮਾਤਾ ਜੀ ਯਸ਼ੋਧਰਾ ਨੂੰ ਦੁੱਖੜਾ ਸੁਣਾਏਂਗਾ, ਏਸ ਵਾਰੀਂ ਰੱਬਾ ਜਦੋਂ ਦੁਨੀਆਂ ਤੇ ਆਏਂਗਾ। ਛੋਟੀ ਉਮਰੇ ਹੀ ਸਕੂਲੇ ਤੈਨੂੰ ਪਾਉਣਗੇ, ਤੇਰੇ ਨਾਲੋਂ ਭਾਰਾ ਤੈਨੂੰ ਬਸਤਾ ਚੁਕਾਉਣਗੇ, ਨਵੇਂ ਉਸਤਾਦ ਗੱਲਾਂ ਨਵੀਂਆਂ ਸਿਖਾਉਣਗੇ ਅੱਠ ਅੱਠ ਪਾਂਧੇ ਤੈਨੂੰ ਸਬਕ ਪੜ੍ਹਾਉਣਗੇ, ਕਿਹੜੇ ਕਿਹੜੇ ਪਾਂਧੇ ਨੂੰ ਤੂੰ ਸਿੱਧੇ ਰਾਹ ਤੇ ਪਾਏਂਗਾ, ਏਸ ਵਾਰੀ ਰੱਬਾ ਜਦੋਂ ਦੁਨੀਆਂ ਤੇ ਆਏਂਗਾ, ਹੋਵੇਂਗਾ ਉਦਾਸ ਹੋਕੇ ਬੜਾ ਪਛਤਾਏਂਗਾ। ਏਸ ਵਾਰੀਂ ਰੱਬਾ ਜਦੋਂ ਦੁਨੀਆਂ ਤੇ ਆਏਂਗਾ.. ਬਾਪ ਹੈ ਗ਼ਰੀਬ ਕਿੱਥੋਂ ਪੈਸੇ ਦੇਊ ਵਪਾਰ ਨੂੰ, ਮਿਲ ਵੀ ਜੇ ਗਏ, ਕਿਹੜੇ ਜਾਏਂਗਾ ਬਜ਼ਾਰ ਨੂੰ, ਰੱਜੇ-ਪੁੱਜੇ ਸਾਧੂ ਤੈਨੂੰ ਮਿਲਣਗੇ ਕਾਰਾਂ ਵਾਲੇ, ਮਿਲਣਗੇ ਗ਼ਰੀਬ ਬੱਚੇ ਪਾਟਿਆਂ ਲੰਗਾਰਾਂ ਵਾਲੇ, ਸੱਚਾ ਸੌਦਾ ਕਰ ਕੀਹਨੂੰ ਭੋਜਨ ਛਕਾਏਂਗਾ, ਏਸ ਵਾਰੀਂ ਰੱਬਾ ਜਦੋਂ ਦੁਨੀਆਂ ਤੇ ਆਏਂਗਾ। ਦੁੱਧ ਘਿਓ ਮਹਿੰਗਾ ਨਾਲੇ ਉਹਦੇ ‘ਚ ਮਿਲਾਵਟਾਂ, ਅੱਗੇ ਜਾ ਕੇ ਹੋਰ ਤੈਨੂੰ ਸੈਂਕੜੇ ਰੁਕਾਵਟਾਂ, ਮਾਪੇ ਤੇਰੇ ਦੁੱਧ ਚਾਹ ਜੋਗਾ ਹੀ ਲਿਆਉਣਗੇ, ਮੱਖਣ ਚੁਰਾਉਣ ਵਾਲੇ ਦਿਨ ਯਾਦ ਆਉਣਗੇ, ਫੇਰ ਕਿਹੜੀ ਡੇਅਰੀ ਜਾਕੇ ਮੱਖਣ ਚੁਰਾਏਂਗਾ? ਏਸ ਵਾਰੀਂ ਰੱਬਾ ਜਦੋਂ ਦੁਨੀਆਂ ਤੇ ਆਏਂਗਾ। ਬਾਬਰ ਨੂੰ ਜ਼ਾਬਰ ਤੂੰ ਕਹਿ ਕੇ ਤਾਂ ਵੇਖ ਲਈਂ, ਸੱਚ ਦਾ ਸਟੈਂਡ ਅੱਜ ਲੈ ਕੇ ਤਾਂ ਵੇਖ ਲਈ, ਜਾਂ ਤਾਂ ਤੇਰੀ ਕਲਮ ਖ਼ਮੋਸ਼ ਕਰ ਦੇਣਗੇ, ਜਾਂ ਤੈਨੂੰ ਤੇਰੇ ਹੀ ਬੇਹੋਸ਼ ਕਰ ਦੇਣਗੇ, ਸੱਚ ਨੂੰ ਤੂੰ ਦਿਲ ਵਿੱਚੋਂ ਕਿੱਦਾਂ ਭੁੱਲ ਜਾਏਂਗਾ, ਏਸ ਵਾਰੀ ਰੱਬਾ ਜਦੋਂ ਦੁਨੀਆਂ ਤੇ ਆਏਂਗਾ। ਸੀਤਾ ਜੈਸੀ ਪਤਨੀ ਯਸ਼ੋਧਾ ਜੈਸੀ ਮਾਤਾ ਨਾ, ਨਾਨਕੀ ਜਿਹੀ ਭੈਣ ਤੇ ਭਰਤ ਜਹੇ ਭਰਾਤਾ ਨਾ, ਬੀਰ ਹਨੂੰਮਾਨ ਜਿਹਾ ਪਿਆਰ ਨਹੀਂਓ ਲੱਭਣਾ, ਸੁਦਾਮੇ ਜਿਹਾ ਹੁਣ ਤੈਨੂੰ ਯਾਰ ਨਹੀਓ ਲੱਭਣਾ, ਹੁਣ ਮਰਦਾਨਾ ਕਿੱਥੋਂ ਲੱਭ ਕੇ ਲਿਆਏਂਗਾ, ਏਸ ਵਾਰੀਂ ਰੱਬਾ ਜਦੋਂ ਦੁਨੀਆਂ ਤੇ ਆਏਂਗਾ। ਇੱਕ ਅੱਧਾ ਜਦੋਂ ਚਮਤਕਾਰ ਤੂੰ ਵਿਖਾਵੇਂਗਾ, ਦੁਨੀਆਂ ਚ ਏਦਾਂ ਤੂੰ ਸਟਾਰ ਬਣ ਜਾਵੇਂਗਾ, ਦੇਸ਼ ਦੇ ਅਮੀਰ ਸਾਰੇ ਨੇੜੇ ਤੇਰੇ ਆਉਣਗੇ, ਪਾਰਟੀ ਬਣਾਕੇ ਤੈਨੂੰ ਵੋਟਾਂ ‘ਚ ਫਸਾਉਣਗੇ, ਜਿੱਤਿਆ ਤਾਂ ਸਾਰੇ ਤੇਰੇ ਨਾਲ-ਨਾਲ ਰਹਿਣਗੇ, ਹਾਰਿਆ ਤਾਂ ਕੱਲ੍ਹਾ ਬੈਠਾ ਤਾਰੇ ਗਿਣੀ ਜਾਏਂਗਾ। ਏਸ ਵਾਰੀ ਰੱਬਾ ਜਦੋਂ ਦੁਨੀਆਂ ਤੇ ਆਏਂਗਾ, ਰੋਵੇਂਗਾ ਉਦਾਸ ਹੋ ਕੇ ਬੜਾ ਪਛਤਾਵੇਂਗਾ।

ਨਵਾਬ ਹੁੰਦੇ ਸੀ

ਇੱਕੋ ਪੰਜਾਬ ਸੀ ਸਾਡਾ ਨਾ ਦੋ ਪੰਜਾਬ ਹੁੰਦੇ ਸੀ। ਲੰਘੇ ਵੇਲਿਆਂ 'ਚ ਅਸੀਂ ਵੀ ਨਵਾਬ ਹੁੰਦੇ ਸੀ। ਵੱਡੀ ਕੀਮਤ ਚੁਕਾਈ ਏ, ਨਾ ਸਾਨੂੰ ਰਾਸ ਆਈ ਏ, ਇਹ ਜੋ ਵੇਖਦੇ ਹੋ ਕਾਂਗਿਆਰੀ ਅੱਜ ਆਈ ਏ, ਵੈਸੇ ‘ਵੁੱਡ ਰੋਜ਼’ ਤੋਂ ਪਹਿਲਾਂ ਏਥੇ ਗੁਲਾਬ ਹੁੰਦੇ ਸੀ, ਲੰਘੇ ਵੇਲਿਆਂ ‘ਚ ਅਸੀਂ ਵੀ ਨਵਾਬ ਹੁੰਦੇ ਸੀ। ਸਾਡਾ ਰਾਜ ਹੁੰਦਾ ਸੀ ਤੇ ਸਿਰ ਤੇ ਤਾਜ ਹੁੰਦਾ ਸੀ, ਨਗਾਰਾ ਸਾਜ ਹੁੰਦਾ ਸੀ ਜਦੋਂ ਆਗਾਜ਼ ਹੁੰਦਾ ਸੀ, ਵੱਡੇ ਤਖਤਾਂ ਦੇ ਮਾਲਕ ਵੀ, ਨਾ ਝੱਲਦੇ ਤਾਬ ਹੁੰਦੇ ਸੀ, ਲੰਘੇ ਵੇਲਿਆਂ ਚ ਅਸੀਂ ਵੀ ਨਵਾਬ ਹੁੰਦੇ ਸੀ। ਤੁਸੀਂ ਹਜ਼ੂਰ ਦੱਸਦੇ ਓ, ਗੱਲਾਂ ਜ਼ਰੂਰ ਦੱਸਦੇ ਓ, ਕੋਹਿਨੂਰ ਦੱਸਦੇ ਓ, ਬੜਾ ਮਸ਼ਹੂਰ ਦੱਸਦੇ ਓ, ਹੀਰੇ ਨਲੂਏ ਜਿਹੇ ਇਹਦੇ ਤੋਂ ਵੀ ਨਯਾਬ ਹੁੰਦੇ ਸੀ, ਲੰਘੇ ਵੇਲਿਆਂ 'ਚ ਅਸੀਂ ਵੀ ਨਵਾਬ ਹੁੰਦੇ ਸੀ। ਦੱਰ੍ਰਾ ਖੈਬਰ ਤੋਂ ਸਾਡੀ ਧਾਂਕ ਤਿੱਬਤ ਤੀਕ ਹੁੰਦੀ ਸੀ, ਓਧਰ ਕਸ਼ਮੀਰ ਤੱਕ ਰਾਜੇ ਨੇ ਖਿੱਚੀ ਲੀਕ ਹੁੰਦੀ ਸੀ। ਸਾਡੇ ਵੱਡਿਆਂ ਦੇ ਵੱਡੇ ਹੀ ਯਾਰੋਂ ਖੁਆਬ ਹੁੰਦੇ ਸੀ। ਲੰਘੇ ਵੇਲਿਆਂ 'ਚ ਅਸੀਂ ਵੀ ਨਵਾਬ ਹੁੰਦੇ ਸੀ।

ਵੱਖਰੀ ਵੱਖਰੀ ਸ਼ੈਅ

ਦਿਲ ਤਾਂ ਬੜੀਆਂ ਕਹਿਣ ਨੂੰ ਫਿਰਦਾ ਹਰ ਗੱਲ ਕਿੱਥੇ ਕਹਿ ਹੁੰਦੀ ਆ। ਆਸ਼ਕ ਦੀ ਹੋਣੀ ਤਾਂ ਮਿੱਤਰਾਂ ਪਹਿਲਾਂ ਤੋਂ ਹੀ ਤਹਿ ਹੁੰਦੀ ਆ। ਧਰਮ ਦੇ ਮਸਲੇ ਉੱਤੇ ਜਿਹੜੇ ਉੱਚੀ ਉੱਚੀ ਚੀਕਾਂ ਮਾਰਨ, ਧਰਮ ਦੀ ਹੱਤਿਆ ਪਿੱਛੇ ਅਕਸਰ ਉਹਨਾ ਦੀ ਹੀ ਸ਼ਹਿ ਹੁੰਦੀ ਆ। ਦਿਲ ਦਾ ਛੰਨਾ ਛਲਕ ਹੀ ਜਾਂਦਾ ਹੰਝੂਆਂ ਦਾ ਫਿਰ ਮੀਂਹ ਵਰ੍ਹਦਾ ਏ, ਦਰਦਾਂ ਦੇ ਨਾਲ ਜਦ ਕਦੇ ਵੀ ਯਾਦ ਦੀ ਬਦਲੀ ਖਹਿ ਹੁੰਦੀ ਆ। ਜੇ ਗੁਸਤਾਖੀ ਹੋ ਜਾਵੇ ਤਾਂ ਝੁਕ ਕੇ ਮਾਫੀ ਮੰਗ ਲੈਂਦੇ ਆਂ। ਪਰ ਕੋਈ ਆਖੇ ਗੱਲ ਨਹੱਕੀ ਕਿੱਥੇ ਮਿੱਤਰਾ ਸਹਿ ਹੁੰਦੀ ਆ। ਖ਼ੁਦ ਨੂੰ ਆਸ਼ਕ ਕਹਿਣ ਵਾਲਿਆ ਤੂੰ ਦੱਸ ਤੈਨੂੰ ਕੀ ਹੋਇਆ ਏ, ਖਿੱਚ ਪਿਆਰ ਤੇ ਇਸ਼ਕ ਮੁਹੱਬਤ ਵੱਖੋ ਵੱਖਰੀ ਸ਼ੈਅ ਹੁੰਦੀ ਆ।

ਬੜਾ ਕੁੱਝ ਹੋਣਾ ਏ

ਕਈ ਕੰਮ ਬੜੇ ਹੀ ਕਮਾਲ ਹੋਣ ਲੱਗ ਪਏ, ਲੀਡਰਾਂ ਨੂੰ ਹੁਣ ਤਾਂ ਸਵਾਲ ਹੋਣ ਲੱਗ ਪਏ, ਸੌੜੀਆਂ ਸੋਚਾਂ ਨੂੰ ਲਾਹਕੇ ਸੁੱਟਿਆ ਏ ਪਾਸੇ, ਹੁਣ ਖੁੱਲੇ-ਖੁੱਲੇ ਸਭ ਦੇ ਖ਼ਿਆਲ ਹੋਣ ਲੱਗ ਪਏ, ਅੱਗੇ ਹਜੇ ਇਹਦੇ 'ਚ ਮੈਂ ਸਭ ਹੀ ਪਰੋਣਾ ਏ, ਹੌਂਸਲਾ ਤੇ ਰੱਖੋ ਅਜੇ ਬੜਾ ਕੁੱਝ ਹੋਣਾ ਏ। ਬੜਾ ਕੁੱਝ ਮਾੜਾ ਬੜਾ ਚੰਗਾ ਹੋਈ ਜਾਂਦਾ ਏ, ਚਿਹਰਾ ਕੱਲੇ ਕੱਲੇ ਦਾ ਜੀ ਨੰਗਾ ਹੋਈ ਜਾਂਦਾ ਏ, ਰਾਜਿਆਂ ਦੇ ਰਾਜ਼ ਵੀ ਖੁੱਲ੍ਹੇ ਆ ਯਾਰੋ ਨੈੱਟ ਤੇ, ਨੈੱਟ ਤੇ ਤਾਂ ਰੋਜ ਹੁਣ ਪੰਗਾ ਹੋਈ ਜਾਂਦਾ ਏ, ਬੜਿਆਂ ਨੇ ਹੱਸਣਾ ਤੇ ਬੜਿਆਂ ਨੇ ਰੋਣਾ ਏ, ਹੌਂਸਲਾ ਤੇ ਰੱਖੋਂ ਅਜੇ ਬੜਾ ਕੁੱਝ ਹੋਣਾ ਏ। ਲੋਕੀਂ ਰਾਠੀ ਤੇ ਰਵੀਸ਼ ਸਮਦੀਸ਼ ਸੁਣਦੇ, ਅੱਜ ਕੱਲ ਨਹੀਂਓ ਰੀਸੋ ਰੀਸ ਸੁਣਦੇ, ਕਿਹੜਾ ਬੰਦਾ ਸੱਚ ਕਿਹੜਾ ਝੂਠ ਬੋਲਦਾ, ਉਹ ਤਾਂ ਕਰਕੇ ਜੀ ਪੂਰੀ ਤਫ਼ਤੀਸ਼ ਸੁਣਦੇ, ਮੀਡੀਆ ਤੇ ਲੱਗਾ ਦਾਗ ਕਿਸੇ ਨੇ ਤਾ ਧੋਣਾ ਏ ਹੌਂਸਲਾ ਤੇ ਰੱਖੋਂ ਅਜੇ ਬੜਾ ਕੁੱਝ ਹੋਣਾ ਏ। ਹੋਣੋ ਪਹਿਲਾਂ ਮਿੱਤਰੋ ਤਬਾਹੀ ਰੁੱਕ ਗਈ, ਵੱਡੇ ਠੇਕੇਦਾਰਾਂ ਦੀ ਵੀ ਮੰਜੀ ਠੁੱਕ ਗਈ, ਜਿਹੜੀ ਸਰਕਾਰ ਨਹੀਂ ਸੀ ਗੱਲ ਸੁਣਦੀ, ਦੇਸ਼ ਦੇ ਕਿਸਾਨਾਂ ਅੱਗੇ ਉਹ ਵੀ ਝੁੱਕ ਗਈ, ਇੰਝ ਲੱਗੇ ਮਿੱਟੀ ਹੋਣੋਂ ਬਚ ਗਿਆ ਸੋਨਾਂ ਏਂ, ਹੌਂਸਲਾ ਤੇ ਰੱਖੋਂ ਅਜੇ ਬੜਾ ਕੁੱਝ ਹੋਣਾ ਏ। ਮੁੰਡੇ ਲੱਕ ਵੀ ਹਿਲਾਉਣ ਲੱਗੇ ਬੇਸੁਰੇ ਵੀ ਗਾਉਣ ਲੱਗੇ, ਲੀਡਰ ਵੀ ਜਾਕੇ ਹੁਣ ਸੰਸਦ ਚ ਸੌਣ ਲੱਗੇ, ਔਲਖ ਦੀ ਸ਼ਾਇਰੀ ਦਾ ਮੁੱਲ ਲੋਕੀ ਪਾਉਣ ਲੱਗੇ, ਚਾਹੁਣ ਤੇ ਸਲਾਹੁਣ ਲੱਗੇ ਲਾਈਕ ਬੜੇ ਆਉਣ ਲੱਗੇ, ਰੱਬ ਹੱਥ ਅੱਗੇ ਆਪਾ ਹੱਸਣਾ ਜਾ ਰੋਣਾ ਏ, ਹੌਂਸਲਾ ਤੇ ਰੱਖੋਂ ਅਜੇ ਬੜਾ ਕੁੱਝ ਹੋਣਾ ਏ।

ਰੋਂਦੇ ਨੇ

ਬਹੁਤੇ ਨਹੀਂ ਤਾਂ ਥੋੜੇ-ਥੋੜੇ ਰੋਂਦੇ ਨੇ। ਤੱਕ ਕੇ ਤੋਹਫ਼ੇ ਵਾਪਸ ਮੋੜੇ ਰੋਂਦੇ ਨੇ। ਪੈਰਾਂ ਦੇ ਵਿੱਚ ਜੂੜ ਪਵਾਕੇ ਦੌੜੇ ਸੀ, ਖੱਚਰਾਂ ਕੋਲੋਂ ਹਰਕੇ ਘੋੜੇ ਰੋਂਦੇ ਨੇ। ਅੱਗ ਹਿਜ਼ਰ ਦੀ ਅੰਦਰੋਂ ਸੇਕਾ ਦਿੰਦੀ ਏ, ਬਾਹਰੋਂ ਦੋ ਨੈਣਾ ਦੇ ਜੋੜੇ ਰੋਂਦੇ ਨੇ। ਹੱਸਦੇ ਨੇ ਪਰ ਦੱਸਦੇ ਨਹੀਂ ਦੁੱਖ ਅੰਦਰ ਦਾ ਇਸ਼ਕ ਨੇ ਜੋ ਵੀ ਅੰਦਰੋਂ ਤੋੜੇ ਰੋਂਦੇ ਨੇ।

ਠੀਕ ਹੈ

ਤੇਰੀ ਹੀ ਖਿੱਚੀ ਲੀਕ ਹੈ ਤਾਂ ਠੀਕ ਹੈ। ਮਸਲਾ ਬੜਾ ਬਰੀਕ ਹੈ ਤਾਂ ਠੀਕ ਹੈ। ਮੈਂ ਠੀਕ ਹਾਂ ਤੇਰੇ ਬਿਨਾ ਵੀ ਠੀਕ ਹਾਂ, ਤੂੰ ਵੀ ਅਗਰ ਜੇ ਠੀਕ ਹੈਂ ਤਾਂ ਠੀਕ ਹੈ। ਜਿਹਦੇ ਹਰ ਦੁੱਖ ਤੇ ਮੈਂ ਸੁੱਖ ‘ਚ ਸ਼ਰੀਕ ਸਾਂ, ਉਹੀ ਜੇ ਮੇਰਾ ਸ਼ਰੀਕ ਹੈ ਤਾਂ ਠੀਕ ਹੈ।

ਮਾਸ ਛੱਡਦਾ ਏ

ਕਰ ਲ਼ਚਾਰ ਬੰਦੇ ਨੂੰ, ਜਦੋਂ ਕੋਈ ਖ਼ਾਸ ਛੱਡਦਾ ਏ। ਕਰਨਾ ਫੇਰ ਹੀ ਸਭ ਤੇ, ਜੀ ਉਹ ਵਿਸ਼ਵਾਸ ਛੱਡਦਾ ਏ। ਇਸ਼ਕ ਆਸ਼ਕ ਨੂੰ ਛੱਡਦਾ ਨਹੀਂ ਉਹ ਸਾਹਾਂ ਨਾਲ ਨਿਭਦਾ ਏ, ਜਦੋਂ ਪਰ ਯਾਰ ਛੱਡਦਾ ਏ ਤਾਂ ਕਰਕੇ ਲਾਸ਼ ਛੱਡਦਾ ਏ। ਉਹਨੇ ਕੁਝ ਇਸ ਤਰ੍ਹਾਂ ਛੱਡਿਆ ਜਵਾਂ ਅਹਿਸਾਸ ਨਹੀਂ ਹੋਇਆ, ਬੁਢੇਪੇ ਵਿੱਚ ਜਿੱਦਾਂ ਹੱਡੀਆਂ ਨੂੰ ਮਾਸ ਛੱਡਦਾ ਏ।

ਫ਼ਰਕ

ਸ਼ਬਦ-ਸ਼ਬਦ ਵਿੱਚ ਬੜਾ ਹੀ ਫ਼ਰਕ ਹੁੰਦਾ ਕੋਈ ਬੋਲਿਆ ਜਾਂਦਾ ਕੋਈ ਬਕਿਆ ਜਾਂਦਾ। ਭੋਜਨ-ਭੋਜਨ ਵਿੱਚ ਬੜਾ ਹੀ ਫ਼ਰਕ ਹੁੰਦਾ, ਕੋਈ ਝੁਲਸਿਆ ਜਾਂਦਾ ਕੋਈ ਛਕਿਆ ਜਾਂਦਾ। ਪੈਰ-ਪੈਰ 'ਚ ਬੜਾ ਹੀ ਫ਼ਰਕ ਹੁੰਦਾ, ਕੋਈ ਖੁਰੜੇ ਤੇ ਕੋਈ ਚਰਨ ਹੁੰਦੇ। ਕੋਈ ਥਾਂ-ਥਾਂ ਧੱਕੇ ਖਾਂਵਦੇ ਨੇ, ਕਈ ਪਏ ਗੁਰਾਂ ਦੀ ਸ਼ਰਨ ਹੁੰਦੇ। ਆਸ਼ਕ-ਆਸ਼ਕ ਵਿੱਚ ਬੜਾ ਫ਼ਰਕ ਹੁੰਦਾ, ਕੋਈ ਦਗ਼ਾ ਕੋਈ ਕਰਦਾ ਵਫ਼ਾ ਹੁੰਦਾ। ਮਹਿਮਾਨਾਂ ਦੀਆਂ ਕਿਸਮਾਂ ਬਹੁਤ ਹੁੰਦੀਆਂ, ਕੋਈ ਰੁਖਸਤ ਤੇ ਕੋਈ ਦਫ਼ਾ ਹੁੰਦਾ। ਵਾਲਾਂ-ਵਾਲਾਂ 'ਚ ਬੜਾ ਹੀ ਫ਼ਰਕ ਹੁੰਦਾ। ਕਈ ਝਾਟੇ ਤੇ ਕਈ ਕੇਸ ਹੁੰਦੇ। ਚਿਹਰੇ ਚਿਹਰੇ ਚ ਬਹੁਤ ਫ਼ਰਕ ਹੁੰਦਾ। ਕਈ ਬੂਥੇ ਤੇ ਕਈ ਫੇਸ ਹੁੰਦੇ। ਜੀਭ-ਜੀਭ ਵਿੱਚ ਬੜਾ ਹੀ ਫ਼ਰਕ ਹੁੰਦਾ। ਕੋਈ ਲੁਤਰੋ ਕੋਈ ਜੁਬਾਨ ਹੁੰਦੀ। ਔਰਤ-ਔਰਤ ਚ ਵੀ ਬਹੁਤ ਫ਼ਰਕ ਹੁੰਦਾ ਕੋਈ ਕੁੱਢਰ ਕੋਈ ਰਕਾਨ ਹੁੰਦੀ। ‘ਵਰਿੰਦਰਾ’ ਇੱਕ ਸਵਾਲ ਦੇ ਜੁਵਾਬ ਬਹੁਤੇ। ਕੋਈ ਗਲਤ ਤੇ ਕੋਈ ਠੀਕ ਹੁੰਦਾ ਆਦਮੀ-ਆਦਮੀ ਚ ਵੀ ਬੜਾ ਫ਼ਰਕ ਹੁੰਦਾ, ਕੋਈ ਬੰਦਾ ਕੋਈ ਨੌਂ ਤਰੀਕ ਹੁੰਦਾ। ਸਾਹਿਤ-ਸਾਹਿਤ ਚ ਬੜਾ ਹੀ ਫਰਕ ਹੁੰਦਾ, ਕੋਈ ਰਵਾ ਹਸਾ ਕੋਈ ਜਗਾ ਦਿੰਦਾ। ਔਲਖਾਂ ਵਾਲਿਆ ਅਸਲ ਜੋ ਸਾਹਿਤ ਹੁੰਦਾ, ਉਹ ਤਾਂ ਮੁਰਦਿਆਂ ਤੋਂ ਵਾਹ-ਵਾਹ ਕਰਾ ਦਿੰਦਾ।

ਨਹੀਂ ਲਿਖਦਾ

ਮੈਂ ਲੈਕੇ ਡੋਜ਼ ਨਹੀਂ ਲਿਖਦਾ। ਬਣਾ ਕੇ ਪੋਜ਼ ਨਹੀਂ ਲਿਖਦਾ। ਮੈਂ ਕਰਕੇ ਖੋਜ਼ ਲਿਖਦਾ ਹਾਂ, ਜੀ ਲੈਕੇ ਬੋਝ ਨਹੀਂ ਲਿਖਦਾ। ਲਿਖਾਂ ਤਾਂ ਦਿਲ ਤੋਂ ਲਿਖਦਾ ਹਾਂ, ਵੈਸੇ ਮੈਂ ਰੋਜ਼ ਨਹੀਂ ਲਿਖਦਾ।

ਕੀ ਕੁੱਝ ਮਾਰ ਬੈਠੇ ਆਂ

ਤੈਨੂੰ ਲੱਗਦੈ ਹਾਰ ਬੈਠੇ ਆਂ। ਕੁਝ ਤਾਂ ਮਨ ਵਿੱਚ ਧਾਰ ਬੈਠੇ ਆਂ। ਤੂੰ ਤੇ ਝੱਲਿਆ ਸ਼ੈਅ ਈ ਕੁੱਝ ਨਹੀਂ, ਚਾਹ ਦੇ ਬਿਨ ਵੀ ਸਾਰ ਬੈਠੇ ਆਂ। ਦਿਲ ਵਿੱਚ ਪਾ ਕੇ ਝਾਤ ਵੇਖ ਲੈ, ਐਨ ਉਹਦੇ ਵਿਚਕਾਰ ਬੈਠੇ ਆਂ। ਬੈਠ ਬਰੂਦ ਦੀ ਢੇਰੀ ਉੱਤੇ, ਅੱਗਾਂ ਨੂੰ ਲਲਕਾਰ ਬੈਠੇ ਆਂ। ਬਾਵਰਿਆਂ ਦੀਆਂ ਚੋਣਾ ਹੋਈਆ, ਆਪਾਂ ਵਿੱਚ ਸਰਕਾਰ ਬੈਠੇ ਆਂ। ਕਿਸ ਇੱਜ਼ਤ ਦੀ ਰਾਖੀ ਖ਼ਾਤਰ, ਵੀਰ ਜ਼ਮੀਰ ਨੂੰ ਮਾਰ ਬੈਠੇ ਆਂ। ਉਹ ਔਲਖ ਨਹੀਂ ਮੁੜਕੇ ਮਿਲਣਾ, ਦਿਲ 'ਚੋਂ ਕੱਢ ਪਿਆਰ ਬੈਠੇ ਆਂ। ਜਿਉਂਦੇ ਰਹਿਣ ਲਈ ਲੋਕੋ ਆਪਾਂ, ਅੰਦਰੋਂ ਕੀ ਕੁੱਝ ਮਾਰ ਬੈਠੇ ਆਂ।

ਵੱਡਾ ਲਿਖਾਰੀ

ਵਪਾਰੀ ਹੋ ਨਹੀਂ ਸਕਿਆ ਬਜ਼ਾਰੀ ਹੋ ਨਹੀਂ ਸਕਿਆ। ਤੇਰੀ ਨਜ਼ਰਾਂ 'ਚ ਮੈਂ ਵੱਡਾ ਲਿਖਾਰੀ ਹੋ ਨਹੀਂ ਸਕਿਆ। ਦਵਾਈਆਂ ਵਰਗੀਆਂ ਲਿਖੀਆਂ ਮੈਂ ਗਜ਼ਲਾਂ ਬਹੁਤ ਸੋਹਣਿਆਂ, ਮੇਰੀ ਜ਼ਮੀਰ ਨਹੀਂ ਮੰਨੀ ਬਿਮਾਰੀ ਹੋ ਨਹੀਂ ਸਕਿਆ। ਸੁਲਫ਼ੀ ਹਾਸਿਆਂ ਦਾ ਮੈ ਬੜਾ ਸ਼ਿਕਾਰ ਹੋਇਆ ਹਾਂ, ਰਹੀ ਗ਼ਲਤੀ ਕਦੇ ਮੈਂ ਖ਼ੁਦ ਸ਼ਿਕਾਰੀ ਹੋ ਨਹੀਂ ਸਕਿਆ। ਬੜਾ ਮਜ਼ਬੂਤ ਹਾਂ ਸੱਜਣਾਂ ਬੜੇ ਤੂਫ਼ਾਨ ਦੇਖੇ ਆ, ਕਦੇ ਵੀ ਹੱਥ ਨਹੀਂ ਅੱਡੇ ਭਿਖਾਰੀ ਹੋ ਨਹੀਂ ਸਕਿਆ।

ਹੋਰ ਦੀ ਏ

ਉਹਦੀ ਤੋਰ ਹੋਰ ਜਿਵੇਂ ਮੋਰ ਦੀ ਏ, ਉਹਦੀ ਅੱਖ ਵੀ ਬੇਟੀ ਚੋਰ ਦੀ ਏ, ਉਹ ਤੈਥੋਂ ਪਹਿਲਾਂ ਹੋਰ ਦੀ ਸੀ, ਉਹ ਤੈਥੋਂ ਮਗਰੋਂ ਹੋਰ ਦੀ ਏ। ਉਹ ਹੱਸਦੀ-ਹੱਸਦੀ ਦਸਦੀ ਏ, ਉਹ ਬਿਨਾਂ ਫਸਾਇਆ ਫਸਦੀ ਏ, ਇਹ ਨਾ ਚਾਹੁੰਦੇ ਵੀ ਹੋ ਜਾਂਦਾ, ਰਹੀ ਗੱਲ ਨਾ ਉਹਦੇ ਵੱਸ ਦੀ ਏ, ਉਹ ਅੱਖਾਂ ਨਾ' ਅਖਰੋਟ ਭੰਨੇ, ਅੱਡੀਆਂ ਨਾ' ਪਤਾਸੇ ਭੋਰਦੀ ਏ। ਉਹ ਤੈਥੋਂ ਪਹਿਲਾਂ ਹੋਰ ਦੀ ਸੀ, ਉਹ ਤੈਥੋਂ ਮਗਰੋਂ ਹੋਰ ਦੀ ਏ। ਕੋਈ ਦਾਰੂ ਚੋਂ ਚਾਹ ਮਾਰੂ ਚੋਂ, ਕੋਈ ਲਵੇ ਜੌਬ ਸਰਕਾਰੂ ਚੋਂ, ਕੋਈ ਅਹੁਦੇ ਤੋਂ ਕੋਈ ਸੌਦੇ ਤੋਂ, ਮੈਂ ਲਵਾਂ ਸਕੂਨ ਜੀ ਪੌਦੇ ਤੋਂ, ਇਹ ਦੁਨੀਆਂ ਵਾਲੇ ਜਾਣਦੇ ਨਹੀਂ, ਇਹ ਗੱਲ ਤਾਂ ਸਾਰੀ ਲੋਰ ਦੀ ਏ। ਉਹਦੀ ਤੋਰ ਹੋਰ ਜਿਵੇਂ ਮੋਰ ਦੀ ਏ, ਉਹਦੀ ਅੱਖ ਵੀ ਬੇਟੀ ਚੋਰ ਦੀ ਏ।

ਚੰਗੇ ਮਾੜੇ

ਮੇਰੇ ਅੰਦਾਜ਼ੇ ਬੜੇ ਬੇਢੰਗੇ ਨਿੱਕਲੇ। ਚੰਗੇ ਮਾੜੇ ਨਿੱਕਲੇ ਮਾੜੇ ਚੰਗੇ ਨਿੱਕਲੇ। ਚਿੱਟਾ ਝੂਠ ਸੀ ਤੇ ਕਾਲਾ ਸੱਚ ਹੁੰਦਾ ਸੀ, ਲੋਕ ਜਦ ਗਹੁ ਨਾ’ ਵੇਖੇ ਰੰਗ ਬਿਰੰਗੇ ਨਿੱਕਲੇ।

ਇਸ਼ਕ ਮਸਾਲਾ

ਮੰਨਿਆ ਸਾਡੀ ਵੀ ਬਰਬਾਦੀ ਹੋ ਗਈ ਏ। ਉਹ ਵੀ ਮੇਰੇ ਪਿਆਰ ਦੀ ਆਦੀ ਹੋ ਗਈ ਏ। ਜਦ ਦਾ ਉਹਨੇ ਇਸ਼ਕ ਮਸਾਲਾ ਪਾਇਆ ਏ, ਹੁਣ ਤੇ ਜਿੰਦਗੀ ਹੋਰ ਸਵਾਦੀ ਹੋ ਗਈ ਏ।

ਮੈਂ ਜਿਉਂਦਾ ਹਾਂ

ਮੇਰੇ ਨਾਲ ਕੀ ਕੁੱਝ ਹੋਇਆ ਨਹੀਂ। ਇੱਕ ਮੈਂ ਹੀ ਸੀ ਜੋ ਰੋਇਆ ਨਹੀਂ। ਮੇਰੀ ਹਾਰ ਦਾ ਜਸ਼ਨ ਮਨਾਉਂਦੇ ਹੋ, ਮੈਂ ਜਿਉਂਦਾ ਹਾਂ ਅਜੇ ਮੋਇਆ ਨਹੀਂ। ਦਰ ਦੁਨੀਆਂ ਦੇ ਸਭ ਬੰਦ ਹੋਏ, ਇੱਕ ਮਾਲਕ ਬੂਹਾ ਢੋਇਆ ਨਹੀਂ। ਮੇਰੀ ਮਿਹਨਤ ਰੰਗ ਵਿਖਾਉਂਦੀ ਗਈ, ਸਭ ਮਿਲਿਆ ਏ ਕੁੱਝ ਖੋਇਆ ਨਹੀਂ। ਮੇਰੇ ਜਿੰਨੇ ਲੋਕ ਵੀ ਨੇੜੇ ਸੀ, ਦੱਸ ਕੀਹਨੇ ਖੰਜ਼ਰ ਖੁਭੋਇਆ ਨਹੀਂ। ਕੁੱਝ ਛੱਡ ਦਿੱਤੇ ਕੁੱਝ ਛੱਡ ਗਏ ਸੀ, ਪਰ ਅੱਖ ਚੋਂ ਹੰਝੂ ਚੋਇਆ ਨਹੀਂ। ਸਭ ਕੁੱਝ ਮੈਂ ਦਾਅ ਤੇ ਲਾ ਦਿੱਤਾ, ਇੱਕ ਦੀਨ ਇਮਾਨ ਜੋ ਖੋਇਆ ਨਹੀਂ। ਮੈਂ ਹੁਣ ਤੱਕ ਜੋ ਕੁੱਝ ਕੀਤਾ ਏ, ਇਹ ਇੱਕ ਦਿਨ ਵਿੱਚ ਤਾਂ ਹੋਇਆ ਨਹੀਂ।

ਸਾਦਗੀ

ਤੇਰੀ ਸਾਦਗੀ ਕੁੱਲ ਕਾਇਨਾਤ ਵਰਗੀ, ਸਭ ਹਾਰ ਸ਼ਿੰਗਾਰ ਵੀ ਹਾਰ ਜਾਂਦੇ। ਹਾਸੇ ਫਿਰਦੇ ਓ ਸੋਹਣਿਓ ਦਾਨ ਕਰਦੇ, ਸਾਡੇ ਸਬਰ ਦਾ ਮੁੱਲ ਵੀ ਤਾਰ ਜਾਂਦੇ। ਤੇਰਾ ਪਿਆਰ ਵੇ ਯਾਰ ਇੱਕ ਵਾਰ ਮਿਲਜੇ, ਸਾਡੇ ਦਿਲ ਦੀ ਰੀਝ ਹੋਰ ਹੈ ਵੀ ਕੀ, ਇਸ਼ਕ ਬਾਝ ਉਏ ਏਸ ਜਹਾਨ ਅੰਦਰ, ਦੱਸ ਕੰਮ ਦੀ ਚੀਜ਼ ਹੋਰ ਹੈ ਵੀ ਕੀ।

ਕਾਤਲ ਨਾਲ ਗਵਾਹ

ਕਰਕੇ ਸਾਰੇ ਸਲਾਹ ਆਏ ਸੀ। ਮੈਨੂੰ ਕਰਨ ਤਬਾਹ ਆਏ ਸੀ। ਰੂਹ ਮਕਤੂਲ ਦੀ ਭੁੱਬੀ ਰੋਈ, ਕਾਤਲ ਨਾਲ ਗਵਾਹ ਆਏ ਸੀ।

ਪਿਆਲਾ

ਥੋੜ੍ਹਾ ਲਿਖਿਆ ਬਾਹਲਾ ਲਿਖਿਆ। ਮਾਣ ਏ ਕੁੱਝ ਨਿਰਾਲਾ ਲਿਖਿਆ। ਏਹਦੇ ਵਿੱਚ ਤੂੰ ਕੁੱਝ ਵੀ ਪਾ ਲੈ, ਮੈਂ ਤਾਂ ਸਿਰਫ਼ ਪਿਆਲਾ ਲਿਖਿਆ।

ਵਾਲ ਦੀ ਖੱਲ੍ਹ

ਮੈਂ ਜਿੱਤਾਂਗਾ ਜਾਂ ਹਾਰਾਂਗਾ। ਜੋ ਵੀ ਹੋਵੇ ਸਵੀਕਾਰਾਂਗਾ। ਆਈ ਉੱਤੇ ਆ ਗਿਆ ਤਾਂ ਵਾਲ ਦੀ ਖੱਲ੍ਹ ਉਤਾਰਾਂਗਾ, ਇਹ ਗੱਲ ਲਿਖਕੇ ਦੇ ਸਕਦਾਂ, ਮਰਿਆਂ ਨੂੰ ਨਹੀਂ ਮਾਰਾਂਗਾ। *** ਕਿਹੜੇ ਹਾਲ 'ਚ ਵੱਸਦੇ ਆਂ। ਅਗਲੇ ਸ਼ੇਅਰ 'ਚ ਦੱਸਦੇ ਆਂ। ਖੁਸ਼ੀਆਂ ਵੇਚੀ ਫਿਰਦੇ ਆਂ, ਫੋਟੋਆਂ ਵਿੱਚ ਹੀ ਹਸਦੇ ਆਂ। *** ਦੰਦੋੜਿੱਕਾ ਵੱਜਦਾ ਕਿੰਨੀ ਸਰਦੀ ਏ। ਤਪਦੀ ਭੱਠੀ ਰੂਹ ਦੀ ਫੇਰ ਨਾ ਠਰਦੀ ਏ। ਦਾਨਿਸ਼ਵਰ ਵੀ ਬੇਥਵੀਆਂ ਜਿਹੀਆਂ ਮਾਰਨ ਲੱਗਦੇ ਨੇ, ਅੰਦਰ ਜਾ ਕੇ ਦਾਰੂ ਕੁੱਝ ਤਾਂ ਕਰਦੀ ਏ।

ਕਿਹੜਾ ਪੁੱਛਦਾ

ਸਾਡੀ ਸਾਦਗੀ ਨਾਲ ਮਜ਼ਾਕ ਕੀਤਾ, ਚੰਗਾ ਦਿੱਤਾ ਈ ਸਾਨੂੰ ਇਨਾਮ ਯਾਰਾ। ਖੁਦ ਉਜਾੜ ਕੇ ਖੁਦ ਹੀ ਹਾਲ ਪੁੱਛੇਂ, ਖੁਦ ਇਸ਼ਕ ਦਾ ਕੀਤਾ ਗੁਲਾਮ ਯਾਰਾ। ਤੇਰੇ ਵੱਲੀਂ ਜੋ ਸੂਰਜ ਚੜ੍ਹਿਆ ਏ, ਉਹੀ ਕਰਕੇ ਗਿਆ ਸਾਡੀ ਸ਼ਾਮ ਯਾਰਾ । ਤੁਸੀਂ ਸੂਰਜਾਂ ਨਾਲ ਲਾ ਕੇ ਖਾਸ ਹੋ ਗਏ ਅਸੀਂ ਅੱਜ ਵੀ ਉਹੀ ਹਾਂ ਆਮ ਯਾਰਾ। ਇੱਥੇ ਔਲਖ ਦੇ ਹੱਥਾਂ ਚ ਕਲਮ ਦੇ ਕੇ, ਤੇਰੇ ਹੱਥਾਂ ‘ਚ ਛਲਕਦੇ ਜ਼ਾਮ ਯਾਰਾ। ਕਿਹੜਾ ਪੁੱਛਦਾ ਭੁੱਜਿਆਂ ਛੋਲਿਆਂ ਨੂੰ, ਜਦੋਂ ਮਿਲਦੇ ਹੋਣ ਬਦਾਮ ਯਾਰਾ।

ਜਹਿਰਾਂ ਦੇ ਵਿੱਚੋਂ ਦਵਾਈ

ਕਈ ਰੱਬ ਦੇ ਵਿੱਚੋਂ ਵੀ ਬੁਰਾਈ ਲੱਭ ਲੈਂਦੇ ਨੇ। ਕਈ ਪੱਥਰਾਂ ਦੇ ਵਿੱਚੋਂ ਵੀ ਖੁਦਾਈ ਲੱਭ ਲੈਂਦੇ ਨੇ। ਇਸ ਕਦਰ ਪੜ੍ਹਦੇ ਨੇ ਖ਼ਤਾਂ ਨੂੰ ਆਸ਼ਿਕ, ਕਿ ਲੱਖਾਂ ਚੋਂ ਯਾਰ ਦੀ ਲਿਖਾਈ ਲੱਭ ਲੈਂਦੇ ਨੇ। ਇਤਿਹਾਸ ਲਿਖਣ ਵਾਲੇ ਬੰਦੇ ਆਮ ਨਹੀਓਂ ਹੁੰਦੇ, ਉਹ ਖ਼ੁਦ ਦੇ ਹੀ ਖ਼ੂਨ ਚੋਂ ਸਿਆਹੀ ਲੱਭ ਲੈਂਦੇ ਨੇ। ਦਿਖਾਵੇ ਨੇ ਪੱਟਤੀ ਏ ਦੁਨੀਆ ਇਹ ਯਾਰੋ, ਕਿ ਜਾਗੋ ਵੀ ਬਣੀ ਬਣਾਈ ਲੱਭ ਲੈਂਦੇ ਨੇ। ਜੋਗੀਆਂ ਦੇ ਵਾਂਗੂੰ ਸਿੱਖ ਲੱਭਣਾ ‘ਵਰਿੰਦਰਾ’ ਤੂੰ, ਉਹ ਜ਼ਹਿਰਾਂ ਦੇ ਵਿੱਚੋਂ ਦਵਾਈ ਲੱਭ ਲੈਂਦੇ ਨੇ।

ਮਸ਼ੀਨ ਨਹੀਂ ਹਾਂ

ਬਹੁਤਾ ਵੀ ਸ਼ੌਕੀਨ ਨਹੀਂ ਹਾਂ। ਪਰ ਮੈਂ ਬੁੱਧੀਹੀਨ ਨਹੀਂ ਹਾਂ। ਜਿੱਥੇ ਪਿਆਰ ਦਾ ਬੀਜ਼ ਨਾਂ ਪੁੰਗਰੇ, ਬੰਜ਼ਰ ਕੋਈ ਜ਼ਮੀਨ ਨਹੀਂ ਹਾਂ। ਕਿਸੇ ਦਾ ਹੱਕ ਮਾਰਕੇ ਖਾਵਾਂ, ਐਨਾ ਵੀ ਕਮੀਨ ਨਹੀਂ ਹਾਂ। ਤੇਰੇ ਤਰਸ ਦਾ ਪਾਤਰ ਨਹੀਂ ਮੈਂ, ਨਾ ਨਾ ਮੈਂ ਮਸਕੀਨ ਨਹੀਂ ਹਾਂ। ਸ਼ਬਦਾਂ ਦੀ ਮਰਯਾਦਾ ਹਾਂ ਮੈਂ, ਸ਼ਬਦਾਂ ਦੀ ਤੌਹੀਨ ਨਹੀਂ ਹਾਂ। ਕੰਮ ਸਿਵਾ ਕਿਉਂ ਕੁੱਝ ਨਾ ਸੋਚਾਂ, ਬੰਦਾ ਹਾਂ ਮਸ਼ੀਨ ਨਹੀਂ ਹਾਂ।

ਖਰਾਬ ਕੀਤਾ ਏ

ਮੇਰੇ ਇੱਕ ਦਿਲ ਦੀਵਾਨੇ ਨੇ ਮੈਨੂੰ ਖ਼ਰਾਬ ਕੀਤਾ ਏ। ਦੂਜਾ ਤੇਰੇ ਮੁਸਕਰਾਨੇ ਨੇ ਮੈਨੂੰ ਖਰਾਬ ਕੀਤਾ ਏ। ਤੂੰ ਤੇ ਸਹਿ ਸੁਭਾਅ ਹੀ ਗੁਜ਼ਰ ਗਈ ਉਸ ਬਾਗ਼ ਦੇ ਵਿੱਚੋਂ, ਫੁੱਲਾਂ ਦੇ ਟਹਿਕ ਜਾਣੇ ਨੇ ਮੈਨੂੰ ਖ਼ਰਾਬ ਕੀਤਾ ਏ। ਬਦਮਾਸ਼ਾਂ ਵੈਲੀਆਂ ਤੇ ਵਿਗੜਿਆ ਤੋਂ ਵਿਗੜਿਆ ਨਹੀਂ ਮੈਂ, ਕਿਸੇ ਬਹੁਤੇ ਸਿਆਣੇ ਨੇ ਮੈਨੂੰ ਖ਼ਰਾਬ ਕੀਤਾ ਏ। ਬਹੁਤ ਆਏ ਚੰਗੇ ਮਾੜੇ ਉਸਤੋਂ ਬਾਅਦ ਵੀ ਉਂਝ ਤਾਂ, ਕਿਸੇ ਭੇਤੀ ਪੁਰਾਣੇ ਨੇ ਮੈਨੂੰ ਖ਼ਰਾਬ ਕੀਤਾ ਏ। ਯਾਰੀ ਉੱਚੀ ਥਾਂ ਲਾ ਕੇ ਤੇ ਹੁਣ ਰੋਂਦਾ ਏ ਕਰਮਾਂ ਨੂੰ, ਕਿ ਉਸ ਵੱਡੇ ਘਰਾਣੇ ਨੇ ਮੈਨੂੰ ਖ਼ਰਾਬ ਕੀਤਾ ਏ। ਵਰਿੰਦਰ ਵਿਗੜਿਆ ਤਾਂ ਮਰਜ਼ੀਆਂ ਦੇ ਨਾਲ ਵਿਗੜਿਆ, ਤੇ ਹੁਣ ਕਹਿੰਦਾ ਜ਼ਮਾਨੇ ਨੇ ਮੈਨੂੰ ਖ਼ਰਾਬ ਕੀਤਾ।

ਨਹੀਂ ਆਉਂਦਾ

ਆਉਂਦਾ ਸੀ ਅੱਜ ਕੱਲ੍ਹ ਨਹੀਂ ਆਉਂਦਾ। ਹੁਣ ਉਹ ਮੇਰੇ ਵੱਲ ਨਹੀਂ ਆਉਂਦਾ। ਅਪਣੇ ਆਪ ਤੇ ਤਰਸ ਆਉਂਦਾ ਏ, ਕਿਉਂ ਮੈਨੂੰ ਵੱਲ ਛੱਲ ਨਹੀਂ ਆਉਂਦਾ। ਇੱਕ ਤਾਂ ਮੈਨੂੰ ਚੈਨ ਨਹੀਂ ਆਉਂਦਾ, ਘੜੀ ਨਹੀਂ ਆਉਂਦਾ ਪਲ ਨਹੀਂ ਆਉਂਦਾ। ਹਲਚਲ ਹੁੰਦੀ ਸਾਰਿਆਂ ਦੇ ਵਿੱਚ, ਪਰ ਕਿਸੇ ਨੂੰ ਹੱਲ ਨਹੀਂ ਆਉਂਦਾ।

ਗੱਲ ਗੱਲ ਤੇ

ਗੱਲ ਗੱਲ ਤੇ ਬਾਪ ਦਾ ਜ਼ਿਕਰ ਕਰਦਾ, ਉਹੋ ਬਹੁਤ ਪਰਿਵਾਰ ਦਾ ਫ਼ਿਕਰ ਕਰਦਾ। ਉਹ ਗੋਰਿਆਂ ਨਾਲ ਬਹੁਤਾ ਖੁੱਲ੍ਹਿਆ ਨਹੀਂ, ਉਹ ਅਜੇ ਪੰਜਾਬ ਨੂੰ ਭੁੱਲਿਆ ਨਹੀਂ। ਹੱਸ ਹੱਸ ਉਹ ਦੁੱਖਾਂ ਨੂੰ ਟਾਲਦਾ ਏ, ਕਦੇ ਟਾਹਲੀ ਦੀਆਂ ਦਾਤਨਾਂ ਭਾਲਦਾ ਏ। ਉਂਝ ਮਨਾ ਲੈਂਦਾ ਵੀਕ ਐਂਡ ਯਾਰੋ, ਹੁਣ ਬਹੁਤੀ ਨਹੀਂ ਕਰਦਾ ਹਿੰਢ ਯਾਰੋ। ਆ ਕੇ ਵਿੱਚ ਵਲੈਤ ਜੀਅ ਇਹਦਾ, ਹੁਣ ਥਾਲੀ ਦੇ ਪਾਣੀ ਵਾਂਗੂੰ ਡੋਲਦਾ ਏ। ਰਾਤੀਂ ਸੁੱਤਾ ਵੀ ਸੁਪਨੇ ਵਿੱਚ ਯਾਰੋ, ਬੱਸ ਵਾਹਿਗੁਰੂ ਵਾਹਿਗੁਰੂ ਬੋਲਦਾ ਏ। *** ਤੋਰ ਤੇ ਉਹਦੀ ਤੋਰ ਹੀ ਆ। ਅੱਖ ਦੀ ਗੱਲ ਵੀ ਹੋਰ ਈ ਆ। ਐਵੇਂ ਕਿਹੜਾ ਸੁਣਦਾ ਏ, ਸ਼ਬਦਾਂ ਵਿੱਚ ਵੀ ਲੋਰ ਈ ਆ। *** ਸੁਭਾਅ ਉਹ ਸਖ਼ਤ ਵਾਲਾ ਏ। ਤਾਜ਼ੋ ਤਖ਼ਤ ਵਾਲਾ ਏ। ਕੀ ਮੇਰਾ ਹਾਲ ਪੁੱਛਦੇ ਓ, ਵਕਤ ਵੀ ਵਖ਼ਤ ਵਾਲਾ ਏ। *** ਮੈਨੂੰ ਮੇਰੇ ਯਾਰ ਨੇ ਉਪਾਧੀ ਇਹ ਅਜੀਬ ਦੇਣੀ। ਨਾਲੇ ਮੈਨੂੰ ਰੱਬ ਕਹਿਣਾ ਨਾਲ ਹੀ ਸਲੀਬ ਦੇਣੀ। ਦਰਦਾਂ ਦੀ ਕਿਸੇ ਨਾ ਦਵਾਈ ਦਿੱਤੀ ਸੋਹਣਿਆਂ ਵੇ, ਸਾਰੇ ਹੀ ਸਿਖਾਉਂਦੇ ਰਹੇ ਦੰਦਾ ਥੱਲੇ ਜੀਭ ਦੇਣੀ। *** ਫੱਟ ਫਟਾਫਟ ਸੀਂਦੇ ਕਿਓਂ ਨਹੀਂ, ਮਰੇ ਨਹੀਂ ਓਂ ਜੀਂਦੇ ਕਿਓਂ ਨਹੀਂ। ਲਹੂ ਤੇ ਸਭ ਦਾ ਪੀ ਲੈਂਦੇ ਓ, ਇਹ ਦੱਸੋ ਕਿ ਪੀਂਦੇ ਕਿਉਂ ਨਹੀਂ। ***

ਗਰਜ਼ਾਂ

ਉਹ ਗਰਜ਼ਾਂ ਦਾ ਮਾਰਾ ਤਾ ਹਰ ਥਾਂ ਹੀ ਝੁੱਕਦਾ, ਉਹਦੇ ਸਜ਼ਦੇ ਨੂੰ ਐਵੇਂ ਇਬਾਦਤ ਨਾ ਸਮਝੀਂ। ਜੋ ਸੱਤਾ ਦੀ ਰਾਖੀ ਲਈ ਮਰਿਆ ਕਰਿੰਦਾ, ਉਹਦੀ ਮੌਤ ਨੂੰ ਹਾੜਾ ਸ਼ਹਾਦਤ ਨਾਂ ਸਮਝੀਂ। ਤੈਨੂੰ ਰੂਹ ਤੱਕ ਪਹੁੰਚਣ ਲਈ ਰਸਤਾ ਜੋ ਦਿੱਤਾ ਏ, ਇਹਨੂੰ ਖੇਡਣ ਦੀ ਦਿਲ ਨਾ’ ਇਜ਼ਾਜਤ ਨਾ ਸਮਝੀਂ। ਉਹ ਬਿੱਲੀਓਂ ਬਚਾ ਕੇ ਕਬੂਤਰ ਨੂੰ ਰੱਖਦੈ, ਪਰ ਪਿੰਜਰੇ ਚ ਰੱਖਦੈ ਹਿਫਾਜ਼ਤ ਨਾ ਸਮਝੀਂ।

ਕੁੱਝ ਹੋਰ ਕਰਦੇ ਹਾਂ

ਕੀ ਚੁੱਪ ਵਿੱਚ ਰੱਖਿਆ, ਚੱਲ ਸ਼ੋਰ ਕਰਦੇ ਹਾਂ, ਅੱਜ ਕੰਮ ਤੋਂ ਇਲਾਵਾ ਕੁੱਝ ਹੋਰ ਕਰਦੇ ਹਾਂ, ਤੂੰ ਜਿੱਤਣ ਲਈ ਹੀ ਬਣਿਆ, ਐਂਵੇ ਹਰ ਕੇ ਬਹਿ ਨਾ ਜਾਵੀਂ, ਦੁਨੀਆ ਨੇ ਕਹਿੰਦੇ ਰਹਿਣਾ, ਤੂੰ ਡਰ ਕੀ ਬਹਿ ਨਾ ਜਾਵੀਂ, ਚੱਲ ਮਸਤ ਹਾਥੀਆਂ ਜਿਹੀ ਅੱਜ ਤੋਰ ਕਰਦੇ ਹਾਂ, ਅੱਜ ਕੰਮ ਤੋਂ ਇਲਾਵਾ ਕੁੱਝ ਹੋਰ ਕਰਦੇ ਹਾਂ। ਜਜ਼ਬਾਤ ਨੇ ਜੋ ਕੋਮਲ ਇਹ ਸੱਟਾਂ ਸਹਿ ਨਹੀਂ ਸਕਦੇ, ਕੱਚ ਪੱਥਰਾਂ ਨਾਲ ਭਿੜ ਕੇ ਸਾਬੂਤ ਰਹਿ ਨਹੀਂ ਸਕਦੇ, ਚੱਲ ਖ਼ੁਦ ਨੂੰ ਥੋੜ੍ਹੇ ਸਖ਼ਤ ਤੇ ਕਠੋਰ ਕਰਦੇ ਹਾਂ, ਅੱਜ ਕੰਮ ਤੋਂ ਇਲਾਵਾ ਕੁੱਝ ਹੋਰ ਕਰਦੇ ਹਾਂ। ਕੀ ਖੱਟਿਆ ਏ ਵਰਿੰਦਰਾ ਕੀ ਦੁਨੀਆਂ ਨੂੰ ਲੁਟਾਇਆ, ਕੋਈ ਤੇਰੇ ਕਰਕੇ ਹੱਸਿਆ ਜਾਂ ਕਿਸਦਾ ਦਿਲ ਦੁਖਾਇਆ, ਆਪਣੇ ਗੁਨਾਹਾਂ ਵੱਲ ਵੀ ਅੱਜ ਗੌਰ ਕਰਦੇ ਹਾਂ, ਅੱਜ ਕੰਮ ਤੋਂ ਇਲਾਵਾ ਕੁਝ ਹੋਰ ਕਰਦੇ ਹਾਂ। **** ਨਵੀਆਂ ਸਕੀਮਾਂ ਨਿੱਤ ਕਰਦੇ ਨੇ ਰਹਿੰਦੇ, ਕੀਹਨੂੰ ਕਿਵੇਂ ਜਾਲ ‘ਚ ਫਸਾਉਣਾ ਗੱਲਾਂ ਹੁੰਦੀਆਂ। ਕਿਸੇ ਲਈ ਸਟੇਟ ਵਾਲ ਕਿਸੇ ਦੇ ਲਈ ਪੱਫ ਕੀਤੇ, ਕਿਸੇ ਲਈ ਪਰਾਂਦੇ ਗੁੱਤਾਂ ਕਿਸੇ ਦੇ ਲਈ ਗੁੰਦੀਆਂ। ਉਹ ਵੀ ਅੱਗੋਂ ਕਿਸੇ ਦੇ ਲਈ ਰੱਖਦੇ ਫਰੈਂਚ ਯਾਰੋ, ਕਿਸੇ ਦੇ ਲਈ ਪੱਗਾਂ ਮੁੱਛਾਂ ਕਿਸੇ ਦੇ ਲਈ ਕੁੰਢੀਆਂ। ਕਿਹੜੀ ਕਿੱਥੇ ਪਾ ਕੇ ਜਾਣੀ ਇਹ ਵੀ ਭੁੱਲ ਜਾਂਦੇ ਆ ਜੀ, ਸੁੱਖ ਨਾਲ ਐਨੀਆਂ ਵਟਾਈ ਬੈਠੇ ਮੁੰਦੀਆਂ। ਸੋਚਾਂ ਦੇ ਸਮੁੰਦਰਾਂ ਨੂੰ ਤੈਰ ਕੇ ਵਰਿੰਦਰਾ ਤੂੰ ਓਸ ਦੇਸ਼ ਜਾਵੀਂ ਜਿੱਥੇ ਸਾਜਿਸ਼ਾਂ ਨੀ ਹੁੰਦੀਆਂ। ***

ਮਸ਼ਕਾਂ ਦੇ ਭਾਅ

ਅੱਗ ਲੱਗੀ ਤੋਂ ਮਸ਼ਕਾਂ ਦੇ ਭਾਅ ਨਹੀਂ ਪੁੱਛੀਦੇ। ਫੱਕਰ ਬੰਦਿਆਂ ਨੂੰ ਸ਼ਹਿਰ ਗਰਾਂ ਨਹੀਂ ਪੁੱਛੀਦੇ। ਜਿਹੜੇ ਖ਼ੁਦ ਹੀ ਥੱਕ ਕੇ ਬੈਠ ਜਾਂਦੇ, ਉਹਨਾਂ ਕੋਲੋਂ ਮੰਜ਼ਿਲਾਂ ਦੇ ਰਾਹ ਨਹੀਂ ਪੁੱਛੀਦੇ। ਔਲਖਾਂ ਵਾਲਿਆ ਜਿੱਥੇ ਯਾਰੀ ਲੱਗ ਜਾਵੇ, ਉਥੇ ਜਾਤਾਂ ਤੇ ਧਰਮਾਂ ਦੇ ਨਾਂਅ ਨਹੀਂ ਪੁੱਛੀਦੇ।

ਵੋਟਾਂ

ਚਿੱਟੀ ਚੁੰਨੀ ਦੇ ਵਾਂਗੂੰ ਪੰਜਾਬ ਹੋਇਆ, ਵੇਖੋ ਚਾੜ੍ਹਦੀਆਂ ਫਿਰਦੀਆਂ ਰੰਗ ਵੋਟਾਂ। ਵੋਟਾਂ ਵਰਿੰਦਰਾ ਵੋਟਾਂ ਨਹੀਂ ਰਹਿਗੀਆਂ ਨੇ, ਹੁਣ ਬਣ ਗਈਆਂ ਮੈਦਾਨ-ਏ-ਜੰਗ ਵੋਟਾਂ। ਹੁਣ ਕਈਆਂ ਦੇ ਪੋਲ ਇਹ ਖੋਲਦੀਆਂ ਨੇ, ਕਈਆਂ ਲੀਡਰਾਂ ਦੇ ਖੋਲਦੀਆਂ ਸੰਘ ਵੋਟਾਂ। ਕਈ ਪੈਸੇ ਤੇ ਨਸ਼ੇ ਵੀ ਲੈਂਦੀਆਂ ਨੇ, ਯਾਰੋ ਭੋਰਾ ਨਾ ਮੰਨਦੀਆਂ ਸੰਗ ਵੋਟਾਂ। ਪੁਲਿਸ ਵਾਲਿਆਂ ਮਾਸਟਰਾਂ ਫੌਜੀਆਂ ਨੂੰ, ਚੌਵੀ ਘੰਟੇ ਹੀ ਕਰਦੀਆਂ ਤੰਗ ਵੋਟਾਂ। ਹੁਣ ਗਧੇ ਨੂੰ ਬਾਪੂ ਆਖਦੇ ਨੇ, ਹੱਥ ਜੋੜ ਕੇ ਰਹੇ ਨੇ ਮੰਗ ਵੋਟਾਂ। ਚਾਰ ਦਿਨ ਹੀ ਵੱਜਣੀਆਂ ਪੀਪਣੀਆਂ ਨੇ, ਵੇਖੀਂ ਉਡਦੀਆਂ ਲਾ ਕੇ ਖੰਭ ਵੋਟਾਂ। ਪੱਕੀ ਗੋਭੀ ਦੇ ਵਾਂਗੂੰ ਕਿਸੇ ਪੁੱਛਣਾ ਨਹੀਂ, ਔਲਖਾਂ ਵਾਲਿਆ ਗਈਆਂ ਜਦੋਂ ਲੰਘ ਵੋਟਾਂ।

ਜਵਾਨੀ ਆ

ਜੇ ਤੂੰ ਮੈਨੂੰ ਛੱਡਕੇ ਜਾਣ ਦੀ ਠਾਣੀ ਆ। ਇਹਦੇ ਵਿੱਚ ਵੀ ਮਿੱਤਰਾ ਤੇਰੀ ਹਾਨੀ ਆ। ਅੱਜ ਦੇ ਸਮੇਂ ਚ ਸਮਾਂ ਜੋ ਕਿਸੇ ਨੂੰ ਦੇ ਦੇਵੇ, ਮੈਨੂੰ ਲੱਗਦਾ ਸਭ ਤੋਂ ਵੱਡਾ ਦਾਨੀ ਆ। ਵੇਖਣ ਨੂੰ ਹੀ ਔਲਖ ਲੱਗਦਾ ਭੋਲਾ ਜਿਹਾ, ਮਿਲ ਕੇ ਵੇਖੀ ਬੰਦਾ ਬੜਾ ਤੂਫਾਨੀਂ ਆ। ਅੱਖ ਭੈੜੀ ਵੀ ਬਾਜ਼ ਨਹੀਂ ਆਉਂਦੀ ਕੰਮਾਂ ਤੋਂ, ਦੱਸ ਅਸੀਂ ਕੀ ਕਰੀਏ ਯਾਰ ਜਵਾਨੀ ਆ।

ਪੜ੍ਹਕੇ ਰੋਂਦੇ ਨੇ

ਮੇਰੇ ਦੇਸ਼ ਦੇ ਲੜਕੀਆਂ ਲੜਕੇ ਪੜ੍ਹਕੇ ਰੋਂਦੇ ਨੇ। ਹੱਥਾਂ ਵਿੱਚ ਡਿਗਰੀਆਂ ਫੜਕੇ ਖੜ੍ਹਕੇ ਰੋਂਦੇ ਨੇ। ਉਹਨਾਂ ਆਪੇ ਈ ਛੱਡੇ ਮਾਪੇ ਸਿਆਪੇ ਰੋਟੀ ਦੇ, ਰੋਂਦੇ ਨੇ ਜਹਾਜ਼ੀ ਚੜ੍ਹਕੇ ਜੀ ਛੱਡ ਕੇ ਰੋਂਦੇ ਨੇ। ਕਰ ਯਾਦ ਦਾਤੀਆਂ ਕਹੀਆਂ ਕੱਚੀਆਂ ਪਹੀਆਂ, ਤੇ ਜਾਂਦੇ ਨੇ ਸਟੇਰਿੰਗ ਫੜਕੇ ਜੀ ਸੜਕੇ ਰੋਂਦੇ ਨੇ। ਪੀ ਰਾਤੀਂ ਮਨ ਸਮਝਾਉਂਦੇ ਤੇ ਫਿਰ ਸੋਂਦੇ ਨੇ, ਉਹ ਰੋਂਦੇ ਨੇ ਅੰਦਰ ਵੜਕੇ ਜੀ ਤੜਕੇ ਰੋਂਦੇ ਨੇ। ਉਹਦੀਆਂ ਲਿਖੀਆਂ ਔਲਖ ਜੀ ਜਦ ਪੜ੍ਹਦੇ ਨੇ, ਦਿਲ ਜ਼ੋਰ ਜ਼ੋਰ ਨਾਲ ਧੜ੍ਹਕੇ ਪੜ੍ਹਕੇ ਰੋਂਦੇ ਨੇ।

ਬਿਸਤਰ ਤੇ

ਕੀ ਹੋਇਆ ਤੇਰੀ ਜ਼ੁਬਾਨ ਤੋਂ ਜੇ ਸਾਡਾ ਜ਼ਿਕਰ ਗਿਆ। ਚਿਹਰਾ ਤਾਂ ਤੇਰਾ ਸੋਹਣਿਆਂ ਪਹਿਲਾਂ ਤੋਂ ਨਿੱਖਰ ਗਿਆ। ਉਮਰਾਂ ਲੰਘੀਆਂ ਅਜੇ ਤੱਕ ਮੁਹੱਬਤ ਨਹੀਂ ਟੱਕਰੀ, ਚੰਗਾ ਹੋਇਆ ਟੁੱਟ ਜਾਣ ਦਾ ਦਿਲ ਚੋਂ ਫਿਕਰ ਗਿਆ। ਅੱਜ ਮੰਜ਼ਿਲਾਂ ਤੇ ਬੈਠ ਕੇ ਰਾਹਾਂ ਨੂੰ ਭੰਡਦਾ ਏ , ਉਹ ਖ਼ਾਕ ਤੇ ਨਾਚੀਜ਼ ਸੀ ਐਥੋਂ ਹੀ ਸਿਖ਼ਰ ਗਿਆ। ਆਪਣੇ ਦਿਲੋ ਦਿਮਾਗ਼ ਤੇ ਸਾਡਾ ਬੋਝ ਨਾ ਰੱਖੀਂ , ਆਖਾਂਗੇ ਸਾਡਾ ਯਾਰ ਸੀ ਜੋ ਅੱਜ ਕੱਲ੍ਹ ਵਿਛੜ ਗਿਆ। ਜਾਹ ਇਹ ਇਸ਼ਕ ਕਮਾਉਣਾ ਤੇਰੇ ਵੱਸ ਦੀ ਗੱਲ ਨਹੀਂ, ਐਨਾ ਕੁ ਤੇਰਾ ਪਿਆਰ ਸੀ ਬਿਸਤਰ ਤੇ ਬਿਖ਼ਰ ਗਿਆ।

ਸ਼ਰੀਫ ਹੁੰਦੇ

ਮੇਰੇ ਕੁੱਝ ਯਾਰ ਬੇਲੀ ਬੜੇ ਹੀ ਲਤੀਫ਼ ਹੁੰਦੇ ਸੀ। ਮੇਰੇ ਹਰਫ਼ਾਂ ਨੂੰ ਉਹ ਸਮਝਦੇ ਹਰੀਫ਼ ਹੁੰਦੇ ਸੀ। ਮੇਰੀ ਗ਼ਜ਼ਲ ਦਾ ਹਰ ਸ਼ੇਅਰ ਲੱਗਦਾ ਜ਼ਹਿਰ ਜਿਨ੍ਹਾਂ ਨੂੰ, ਇਹਨਾਂ ਹੀ ਗਜ਼ਲਾਂ ਦੀ ਕਰਦੇ ਕਦੇ, ਤਰੀਫ਼ ਹੁੰਦੇ ਸੀ। ਪੁੜਿਆ ਕੱਚ ਜੋ ਪੈਰੀ, ਉਹਨਾਂ ਦੀ ਮਿਹਰਬਾਨੀ ਹੈ, ਜਿਨ੍ਹਾਂ ਦੇ ਵਾਸਤੇ ਸਹਿੰਦੇ ਅਸੀਂ ਤਕਲੀਫ਼ ਹੁੰਦੇ ਸੀ। ਕਦੇ ਨਹੁੰ ਮਾਸ ਦਾ ਰਿਸ਼ਤਾ ਐਨਾ ਕੁ ਗੂੜ੍ਹਾ ਹੁੰਦਾ ਸੀ, ਅਸੀਂ ਜੇ ਕਾਫ਼ੀਏ ਹੁੰਦੇ ਤੇ ਉਹ ਰਦੀਫ਼ ਹੁੰਦੇ ਸੀ। ਇਹ ਜੋ ਗੁੰਡਿਆਂ ਦੀ ਸਲਤਨਤ ਦੇ ਰਾਜੇ ਕਹਾਉਂਦੇ ਨੇ, ਕੋਈ ਵੇਲਾ ਸੀ ਜਦ ਇਹ ਲੋਕ ਵੀ ਸ਼ਰੀਫ ਹੁੰਦੇ।

ਅੱਥਰੇ ਅਲਫ਼ਾਜ਼

ਨਾ ਉਹ ਚੁੱਪ ਲਿਖਦਾ ਨਾ ਲਿਖੇ ਸ਼ਾਂਤੀ, ਉਹੋ ਕੜਕਦੀ ਇੱਕ ਅਵਾਜ਼ ਲਿਖਦਾ। ਖੰਭ ਕੱਟ ਸੁੱਟੇ ਅਸੀ ਪਰਿੰਦਿਆਂ ਦੇ, ਉਹੋ ਪਤਾ ਨਹੀਂ ਕਿਹੜਾ ਪ੍ਰਵਾਜ਼ ਲਿਖਦਾ। ਹੁੰਦਾ ਤੂੰਬਾ ਤਾਂ ਤਾਰ ਕੱਲੀ ਤੋੜ ਦਿੰਦੇ, ਉਹ ਤਾਂ ਰਾਂਝੇ ਦੀ ਵੰਝਲੀ ਸਾਜ਼ ਲਿਖਦਾ। ਹੋਰ ਪਤਾ ਨਹੀਂ ਕਿੰਨਾ ਕੁੱਝ ਲਿਖੂ ਹਾਲੇ, ਇਹਨਾਂ ਗੱਲਾਂ ਨੂੰ ਅਜੇ ਅਗਾਜ਼ ਲਿਖਦਾ। ਸਾਨੂੰ ਲਿਖਦਾ ਸੈਨਾ ਉਹ ਹਿਜੜਿਆਂ ਦੀ, ਸਾਡੇ ਰਾਜ ਨੂੰ ਕੁਫ਼ਰ ਦਾ ਰਾਜ ਲਿਖਦਾ। ਸਾਡੇ ਪੈਰ ਦੀ ਜੁੱਤੀ ਨੇ ਲੋਕ ਜਿਹੜੇ, ਉਹਨਾਂ ਲਈ ਉਹ ਤਖ਼ਤ ਤੇ ਤਾਜ ਲਿਖਦਾ। ਕਦੇ ਬਖਸ਼ੇ ਨਾ ਸਾਡੀਆਂ ਖ਼ਾਮੀਆਂ ਨੂੰ, ਖੋਲ੍ਹ-ਖੋਲ੍ਹ ਸਾਡੇ ਨਿੱਤ ਪਾਜ਼ ਲਿਖਦਾ। ਉਹਦੀ ਕਲਮ ਤੋੜੋ ਜਾਂ ਉਹਦੇ ਹੱਥ ਭੰਨੋ, ਉਹ ਅੱਥਰੇ ਬੜੇ ਅਲਫ਼ਾਜ਼ ਲਿਖਦਾ।

ਜੱਟ

ਤੈਨੂੰ ਸੁਣਦਾ ਨਹੀਂ ਵਿਲਕਦਾ ਜੱਟ ਸੱਜਣਾਂ, ਤੈਨੂੰ ਸੁਣਦਾ ਵਿਸਾਖੀ ਤੇ ਢੋਲ ਵੱਜਦਾ। ਕਿੰਝ ਜੱਟ ਦੇ ਸੀਨੇ ਵਿੱਚ ਹੌਲ ਪੈਂਦੇ, ਪੱਕੀ ਫਸਲ ਤੋਂ ਜਦੋਂ ਅਸਮਾਨ ਗੱਜਦਾ। ਲੋਕੀਂ ਸਾਂਭ ਕਮਾਈਆਂ ਰੱਖਦੇ ਨੇ, ਲਾਉਂਦੇ ਚਾਬੀਆਂ ਵਿੱਚ ਤਿਜ਼ੋਰੀਆਂ ਦੇ। ਇਹ ਤਾਂ ਰੱਬ ਦੇ ਆਸਰੇ ਰੱਖ ਛੱਡਦਾ, ਜਿੰਨਾ ਚਿਰ ਨੀ ਪੈਂਦੀ ਵਿੱਚ ਬੋਰੀਆਂ ਦੇ। ਲਲਕਾਰੇ ਸੁਣਦੇ ਆ ਸੁਣਦੇ ਨਹੀਂ ਹੌਂਕੇ, ਜਦੋਂ ਕਦੇ ਵੀ ਜੱਟ ਦਾ ਜ਼ਿਕਰ ਹੁੰਦਾ। ਲੋਕ ਪਤਾ ਨਹੀਂ ਕੀ ਕੀ ਸਮਝ ਬੈਠੇ, ਪਰ ਮੈਨੂੰ ਤਾਂ ਜੱਟ ਦਾ ਫ਼ਿਕਰ ਹੁੰਦਾ

ਗੱਲਾਂ

ਇਹ ਜੋ ਖੱਟੀਆਂ ਮਿੱਠੀਆਂ ਤੇ ਕੁੱਝ ਕਰਾਰੀਆਂ ਗੱਲਾਂ। ਮੈਨੂੰ ਮਨਜ਼ੂਰ ਨੇ ਸੱਜਣਾ ਇਹ ਤੇਰੀਆਂ ਸਾਰੀਆਂ ਗੱਲਾਂ। ਲੜਾਈਆਂ ਵਿੱਚ ਲੜਦੇ ਹਾਰਦੇ ਹਥਿਆਰ ਹੁੰਦੇ ਨੇ, ਕਦੋਂ ਨੇ ਜੰਗ ਵਿੱਚ ਗਈਆਂ ਕਦੋਂ ਨੇ ਹਾਰੀਆਂ ਗੱਲਾਂ। ਗੱਲ ਸੁਣ ਸੋਹਣੀਏ ਕੁੜੀਏ ਕਿ ਮੂੰਹ ਚੋ ਫੁੱਲ ਕਿਰਦੇ ਨੇ, ਹਾਏ ਤੂੰ ਕਿੰਝ ਕਰਦੀ ਏਂ ਏਨੀਆਂ ਪਿਆਰੀਆਂ ਗੱਲਾਂ। ਕਿਸੇ ਤੇ ਤੰਜ ਕਰਕੇ ਹੱਸਣਾ ਤਾਂ ਬਹੁਤ ਸੌਖਾ ਏ, ਗੱਲ ਜਦ ਆਪ ਤੇ ਆਵੇ ਨਾ ਜਾਣ ਸਹਾਰੀਆਂ ਗੱਲਾਂ। ਜਦੋਂ ਜਵਾਨ ਹੁੰਦੇ ਸੀ ਇਹ ਗੱਲਾਂ ਬਹੁਤ ਕਰਦੇ ਸੀ, ਕਬੀਲਦਾਰੀਆਂ ਨੇ ਮਾਰੀਆਂ ਨੇ ਸਾਰੀਆਂ ਗੱਲਾਂ। ਬੱਚੇ ਹੋਣ ਦਾ ਵੀ ਆਪਣਾ ਅਨੰਦ ਹੈ ਔਲਖ, ਕਦੇ ਤਾਂ ਛੱਡਿਆ ਕਰ ਸੋਹਣਿਆਂ ਇਹ ਭਾਰੀਆਂ ਗੱਲਾਂ। ਇਹ ਜੋ ਲਿਖਿਆ ਮੈਂ ਲਿਖ ਕੇ ਕੁਝ ਵੀ ਅਜ਼ਬ ਨਹੀਂ ਕੀਤਾ, ਪਹਿਲਾਂ ਵੀ ਲਿਖੀਆਂ ਲਿਖਾਰੀਆਂ ਨੇ ਸਾਰੀਆਂ ਗੱਲਾਂ।

ਬੱਸ ਏਨਾ ਹੀ ਕਾਫੀ ਏ

ਡਰਾਇਆ ਸੀ ਡਰੇ ਨਹੀਂ ਬੱਸ ਏਨਾ ਹੀ ਕਾਫ਼ੀ ਏ। ਅਣਖ਼ ਦੇ ਸੌਦੇ ਕਰੇ ਨਹੀਂ ਬੱਸ ਏਨਾ ਹੀ ਕਾਫ਼ੀ ਏ। ਤੂੰ ਵੀ ਯਾਦ ਰੱਖੀਂ ਭਰ ਕੇ ਅਕਸਰ ਡੁੱਲ੍ਹਿਆ ਕਰਦੇ ਨੇ, ਅਸੀਂ ਨੱਕੋ ਨੱਕ ਭਰੇ ਨਹੀਂ ਬੱਸ ਏਨਾ ਹੀ ਕਾਫ਼ੀ ਏ। ਗੱਲ ਇਹ ਜ਼ੁਦਾ ਹੈ ਕਿ ਯਾਰ ਖ਼ੁਦਦਾਰੀ ‘ਚ ਸੁੱਕ ਗਏ ਹਾਂ, ਅਸੀਂ ਸ਼ਰਤਾਂ ਤੇ ਹਰੇ ਨਹੀਂ ਬੱਸ ਏਨਾ ਹੀ ਕਾਫ਼ੀ ਏ। ਜਿਹੋ ਜਿਹਾ ਦੌਰ ਚੱਲਦਾ ਏ ਮੇਰੇ ਇਸ ਦੇਸ਼ ਅੰਦਰ, ਜਿਉਂਦੇ ਹਾਂ ਜੀ ਮਰੇ ਨਹੀਂ ਬੱਸ ਏਨਾ ਹੀ ਕਾਫ਼ੀ ਏ।

ਕੀ ਦੱਸਾਂ

ਮੈਂ ਉਸ ਡਾਢੇ ਤੋਂ ਕੀ ਲੈਂਦਾ ਹਾਂ ਕੀ ਦੱਸਾਂ। ਦਿਨ ਵਿੱਚ ਕਿੰਨਾ ਜੀਅ ਲੈਂਦਾ ਹਾਂ ਕੀ ਦੱਸਾਂ। ਫੱਟ ਬੜੇ ਹੀ ਘੱਟ ਦਿਖਾਏ ਲੋਕਾਂ ਨੂੰ, ਮੈਂ ਸ਼ਾਇਰੀ ਦੇ ਨਾਲ ਸੀ' ਲੈਂਦਾ ਹਾਂ ਕੀ ਦੱਸਾਂ। ਪੀ ਲੈਂਦਾ ਹਾਂ ਨੈਣਾ ਵਾਲੀ ਅਕਸਰ ਹੀ, ਮੈਂ ਸੋਫੀ ਹਾਂ ਜਾਂ ਪੀ ਲੈਂਦਾ ਹਾਂ ਕੀ ਦੱਸਾਂ। ਪੰਜਾਂ ਦਾ ਵੀ ਸੱਚਾ ਸੌਦਾ ਨਹੀ ਹੁੰਦਾ, ਘਰੋਂ ਤਾਂ ਮੈਂ ਵੀ ਵੀਹ ਲੈਂਦਾ ਹਾਂ ਕੀ ਦੱਸਾਂ।

ਭੁੱਲ ਗਿਆ

ਸੂਰਤ ਜੋ ਜਾਣੀ ਪਹਿਚਾਣੀ ਭੁੱਲ ਗਿਆ। ਭੁੱਲਦਾ-ਭੁੱਲਦਾ ਮੈਂ ਮਰਜਾਣੀ ਭੁੱਲ ਗਿਆ। ਮੇਰੇ ਨਾਲ ਜਿੰਨ੍ਹਾਂ ਵੀ ਕੀਤੀਆਂ ਬਦਖੋਈਆਂ, ਪਾਤਰ ਸਾਰੇ ਯਾਦ ਕਹਾਣੀ ਭੁੱਲ ਗਿਆ। ਪਿਆਰ ਤੋਂ ਜ਼ਿਆਦਾ ਪੈਸਾ ਮਾਇਨੇ ਰੱਖਦਾ ਨਹੀਂ, ਐਦਾਂ ਕਿੱਦਾਂ ਰੂਹ ਦੇ ਹਾਣੀ ਭੁੱਲ ਗਿਆ। ਕਿਸੇ ਨਾ' ਕੀਤਾ ਵਾਅਦਾ ਵੀ ਕਦੇ ਭੁੱਲਿਆ ਨਹੀ, ਪਰ ਅੱਜ-ਕੱਲ੍ਹ ਤਾਂ ਮੈਂ ਰੋਟੀ ਖਾਣੀ ਭੁੱਲ ਗਿਆ।

ਰੱਬ ਕੀ ਏ

ਰੱਬ ਕੀ ਏ ਤੇ ਮੌਲਾ ਕੀ ਏ। ਸੱਚ ਕੀ ਏ ਤੇ ਝੌਲਾ ਕੀ ਏ। ਇੱਕ ਦਿਨ ਤਾਂ ਤੂੰ ਸਮਝ ਜਾਵੇਂਗਾ, ਸਾਰਾ ਰੌਲਾ-ਗੌਲਾ ਕੀ। ਸੱਚ ਦਾ ਬੀੜਾ ਚੁੱਕਿਆ ਏ ਤਾਂ, ਫਿਰ ਭਾਰਾ ਜਾਂ ਹੌਲਾ ਕੀ ਏ। ਮਰ ਕੇ ਮੰਗਣ ਤੁਰਿਆਂ ਏ ਤਾਂ, ਕਾਸਾ ਕੀ ਏ ਕੌਲਾ ਕੀ ਏ। ਹਾਂ ਕਰਦੇ ਜਾਂ ਨਾਂਹ ਹੀ ਕਰਦੇ, ਕਰਦਾ ਟਾਲ-ਮਟੋਲਾ ਕੀ ਏ। ਬਾਦਸ਼ਾਹਾਂ ਨਾਲ ਰਹਿੰਦਾਂ ਏ ਤੂੰ, ਤੇਰੇ ਲਈ ਇਹ ਗੋਲਾ ਕੀ ਏ। ਨਵਾਂ ਪੋਸ਼ ਇਹ ਕਦ ਸਮਝੇਗਾ, ਮਾਹੀਆ ਕੀ ਏ ਢੋਲਾ ਕੀ ਏ। ਸਮੇਂ ਦੀ ਇੱਕੋ ਮਾਰ ਦੇ ਅੱਗੇ, ਇਹ ਠੱਗਾਂ ਦਾ ਟੋਲਾ ਕੀ ਏ। ਮੈਂ ਵੀ ਬਹੁਤਾ ਚੰਗਾ ਨਹੀਂ ਆਂ, ਤੇਰੇ ਕੋਲੋਂ ਓਹਲਾ ਕੀ ਏ।

ਹੱਕ ਲਵਾਂਗਾ

ਬਾਹੋਂ ਫੜਕੇ ਡੱਕ ਲਵਾਂਗਾ। ਮੈਂ ਤਾਂ ਅਪਣਾ ਹੱਕ ਲਵਾਂਗਾ। ਕਹਿੰਦੇ ਨੇ ਸੱਚ ਕੌੜਾ ਹੁੰਦਾ, ਲੈ ਆਵੀਂ ਮੈਂ ਚੱਖ ਲਵਾਂਗਾ। ਪੁੱਛੀਂ ਨਾ ਕੁਝ ਉਹਦੇ ਬਾਰੇ, ਨਹੀਂ ਤਾਂ ਭਰ ਮੈਂ ਅੱਖ ਲਵਾਂਗਾ। ਕੇਰਾਂ ਮੇਰਾ ਵਖ਼ਤ ਆਉਣਦੇ, ਉਹਨੂੰ ਪੀ ਏ ਰੱਖ ਲਵਾਂਗਾ। ਜਦੋਂ ਹਿਸਾਬ ਲੈਣ ਤੇ ਆਇਆ, ਸਭ ਤੋਂ ਵੱਖੋ ਵੱਖ ਲਵਾਂਗਾ।

ਮਰੀਆਂ ਪਰੀਆਂ ਨੇ

ਤੇਰੇ ਨਾਲ ਜੋ ਗੱਲਾਂ ਕਰੀਆਂ ਖਰੀਆਂ ਨੇ। ਰੂਪ ਤੇਰੇ ਨੂੰ ਵੇਖਕੇ ਮਰੀਆਂ ਪਰੀਆਂ ਨੇ। ਵੈਸੇ ਕੋਈ ਪਰਵਾਹ ਨਹੀਂ ਉਸਦੇ ਜਾਣੇ ਦੀ, ਪਤਾ ਨਹੀਂ ਕਿਉਂ ਅਖੀਆਂ ਭਰੀਆਂ-ਭਰੀਆਂ ਨੇ। ਮੈਨੂੰ ਡਰ ਸੀ ਡੋਲ ਨਾ ਜਾਵਾਂ ਸਿਦਕਾਂ ਤੋ, ਮੇਰੇ ਤੋਂ ਹਥਕੜੀਆਂ ਖੜੀਆਂ ਡਰੀਆਂ ਨੇ। ਰੰਗ ਲਹੂ ਦਾ ਗੂੜਾ ਲਾਲ ਕਿਸਾਨਾਂ ਦਾ, ਕਣਕ ਸੁਨਿਹਰੀ ਚਰੀਆਂ ਹਰੀਆਂ ਭਰੀਆਂ ਨੇ। ਹੋਰ ਕੋਈ ਹੁੰਦਾ ਕਦ ਦਾ ਕੀ ਕੁਝ ਹੋ ਜਾਂਦਾ, ਪਰ ਤੂੰ ਸੱਜਣਾ ਜੋ ਵੀ ਕਰੀਆਂ ਜ਼ਰੀਆਂ ਨੇ।

ਪਰਵਾਹ ਨਹੀਂ ਮੈਨੂੰ ਦੁਨੀਆਂ ਦੀ

ਓਹੀ ਲਿਖਦਾਂ ਜੋ ਕੁੱਝ ਮਨ ਨੂੰ ਭਾਉਂਦਾ ਏ। ਮੈਨੂੰ ਵੀ ਉਂਞ ਸਭ ਕੁੱਝ ਲਿਖਣਾ ਆਉਂਦਾ ਏ। ਅਜੇ ਤਾਂ ਕੇਵਲ ਉੱਡਦੀਆਂ ਧੂੜਾਂ ਹੀ ਦਿਸੀਆਂ ਨੇ, ਅਜੇ ਤੇ ਵੇਖਿਓ ਪਿੱਛੇ ਲਸ਼ਕਰ ਆਉਂਦਾ ਏ। ਅਜੇ ਤੇ ਕੋਈ ਪਰਵਾਹ ਨਹੀਂ ਮੈਨੂੰ ਦੁਨੀਆਂ ਦੀ, ਅਜੇ ਤੇ ਮੇਰਾ ਬਾਪੂ ਸਿਰ ਤੇ ਜਿਉਂਦਾ ਏ। ਅਜੇ ਤੇ ਕੱਢਣਾ ਵਹਿਮ ਏ ਕਿੰਨਿਆ ਲੋਕਾਂ ਦਾ, ਸਮਝਦੇ ਨੇ ਜੋ ਕੇਵਲ ਮਨ ਪ੍ਰਚਾਉਂਦਾ ਏ। ਅਜੇ ਤੇ ਲਾਉਣੀਆਂ ਠਿੱਬੀਆਂ ਕਿੰਨਿਆ ਲੋਕਾਂ ਨੇ, ਜਿੰਨਾ ਨੂੰ ਮੇਰਾ ਇੱਕ ਵੀ ਸ਼ੇਅਰ ਡਰਾਉਂਦਾ ਏ। ਹੁਣ ਤਾ ਬੂਹੇ ਭੇੜ ਕੇ ਡੱਕਿਆ ਜਾਣਾ ਨਹੀਂ, ਅੱਜ ਕੱਲ੍ਹ ਔਲਖ ਸੁਪਨਿਆਂ ਵਿੱਚ ਵੀ ਆਉਂਦਾ ਏ।

ਅਫਵਾਹਾਂ ਸੀ

ਨਾ ਮੰਜ਼ਿਲ ਸੀ ਨਾ ਰਾਹਾਂ ਸੀ ਅਫ਼ਵਾਹਾਂ ਸੀ। ਸਭ ਕਹਿਣ ਕਿ ਰੱਬ ਉਤਾਹਾਂ ਸੀ ਅਫ਼ਵਾਹਾਂ ਸੀ। ਸਾਨੂੰ ਛੱਡਗੇ ਅੱਧ ਵਿਚਕਾਰੇ ਓ ਹੰਕਾਰੇ ਓਹ, ਜੋ ਸੱਜੀਆਂ ਖੱਬੀਆਂ ਬਾਹਾਂ ਸੀ, ਅਫ਼ਵਾਹਾਂ ਸੀ। ਰਾਂਝੇ ਤਾਂ ਮੱਜੀਆਂ ਚਾਰੀਆਂ ਸੀ, ਦਿਲਦਾਰੀਆਂ ਸੀ, ਕਦ ਹੀਰ ਨੇ ਮਾਰੀਆਂ ਧਾਹਾਂ ਸੀ ਅਫ਼ਵਾਹਾਂ ਸੀ।

ਵਾਹ ਵਾਹ

ਕੰਧਾਂ ਵਿੱਚ ਵੱਜਦਾ ਏ, ਕੌਲਿਆਂ ਨਾਲ ਖਹਿ ਛੱਡਦਾ। ਰੁਜ਼ਗਾਰ ਤਾਂ ਮਿਲਦਾ ਨਹੀਂ ਮੋੜਾਂ ਤੇ ਬਹਿ ਛੱਡਦਾ। ਸਮਾਂ ਕਾਬੂ ਕਰਨੇ ਦੀ, ਉਹ ਤਾਕ ‘ਚ ਬੈਠਾ ਏ, ਜਿਹੜਾ ਦੁੱਖ ਤਕਲੀਫਾਂ ਨੂੰ ਹੱਸ ਹੱਸ ਕੇ ਸਹਿ ਛੱਡਦਾ। ਤੈਨੂੰ ਯਾਦ ਤਾਂ ਕਰਦਾ ਏ, ਪਰ ਹਿੰਝ ਵੀ ਨਹੀਂ ਸੁੱਟਦਾ। ਕਮਾਲ ਦਾ ਬੰਦਾ ਏ ਬੱਸ ਹਾਉਂਕਾ ਲੈ ਛੱਡਦਾ। ਉਹ ਸਭ ਕੁਝ ਜਾਣਦਾ ਏ, ਸਿਖਾਉਣ ਦੀ ਲੋੜ ਨਹੀਂ, ਕੁਝ ਨਾਜ਼ੁਕ ਮਸਲਿਆਂ ਤੇ ਉਹ ਚੁੱਪ ਹੀ ਰਹਿ ਛੱਡਦਾ। ਲੜਾਈਆਂ ਵਿੱਚ ਹਾਰ ਜਾਂਦਾ, ਉਹ ਯੁੱਧ ਨੂੰ ਜਿੱਤਣ ਲਈ, ਉਹਦਾ ਘੋਲ ਹੈ ਆਪਣਿਆਂ 'ਨਾ ਇਸ ਕਰਕੇ ਢਹਿ ਛੱਡਦਾ। ਲੱਖ ਲਾਹਣਤ ਕਲਮਾਂ ਨੂੰ, ਜੇ ਕੁਝ ਪੱਲੇ ਪਾਇਆ ਨਹੀਂ, ਮੈਂ ਕਵਿਤਾ ਲਿਖ ਛੱਡਦਾਂ ਉਹ ਵਾਹ ਵਾਹ ਕਹਿ ਛੱਡਦਾਂ।

ਸਕ੍ਰੀਨਸ਼ਾਟ

ਦਿਲ ਤੋਂ ਦਿਮਾਗ ਤੱਕ ਦੀ ਸਾਨੂੰ ਰੋਜ਼ ਵਾਟ ਮਾਰਦੀ। ਖੁੱਲ੍ਹ ਕੇ ਕਦੇ ਨਹੀਂ ਕਹਿ ਸਕੇ, ਇਹੀ ਤਾਂ ਘਾਟ ਮਾਰਦੀ। ਮੇਰੇ ਤੇ ਕਮਲੀ ਇਸ ਤਰ੍ਹਾਂ ਯਕੀਨ ਕਰਨੋਂ ਹਟ ਗਈ, ਕਿ ਰੋਜ਼ ਮੇਰੀ ਚੈਟ ਦੇ ਸਕ੍ਰੀਨਸ਼ਾਟ ਮਾਰਦੀ।

ਖੇਡ ਕੀਤੀ ਏ

ਕੁਦਰਤ ਨੇ ਕਿਆ ਖੇਡ ਕੀਤੀ ਏ, ਮੇਰੇ ਨਾਲ ਕੀ ਝੇਡ ਕੀਤੀ ਏ। ਮੈਨੂੰ ਜੋ ਸ਼ੈਅ ਮਿਲਣੀ ਨਹੀਂ ਏ, ਉਹ ਕਿਉਂ ਮੇਰੇ ਨੇੜ ਕੀਤੀ ਏ। ਅਸਲੇ ਜਿਹੀਆਂ ਕਿਤਾਬਾਂ ਲੱਭੀਆਂ, ਅਣ-ਛਪੀਆਂ ਕਵਿਤਾਵਾਂ ਕਈ, ਕੱਲ ਰਾਤੀਂ ਪ੍ਰਸ਼ਾਸਨ ਵਾਲਿਆਂ, ਉਹਦੇ ਘਰ ਵਿੱਚ ਰੇਡ ਕੀਤੀ ਏ। ਦੁਨੀਆਂ ਤੋਂ ਵਿਸ਼ਵਾਸ ਉੱਠ ਗਿਆ, ਹਰ ਇੱਕ ਤੇ ਹੁਣ ਸ਼ੱਕ ਹੁੰਦਾ ਏ, ਕੱਲ੍ਹ ਇੱਕ ਗੱਲ ਮੈਂ ਆਪਣੇ ਆਪ ਨਾ', ਬੂਹੇ ਬਾਰੀਆਂ ਭੇੜ ਕੀਤੀ ਏ। ਪਤਾ ਨਹੀਂ ਮੇਰਾ ਗੁਨਾਹ ਕਿੰਨਾ ਸੀ, ਕਿੰਨਾ ਕੁ ਨੁਕਸਾਨ ਉਹਦਾ। ਜਿੰਨੀ ਕਰ ਸਕਿਆ ਭਰਪਾਈ, ਹੰਝੂਆਂ ਦਾ ਖੂਹ ਗੇੜ ਕੀਤੀ ਏ। ਛਲੀਏ ਲੋਕਾਂ ਤੋਂ ਤੰਗ ਆ ਕੇ, ਬੈਠ ਗਿਆ ਹਾਂ ਧੋਖਾ ਖਾ ਕੇ। ਕੱਲੇ ਰਹਿਣ ਦੀ ਅੱਜ ਸ਼ੁਰੂਆਤ ਮੈਂ, ਦਿਲ ਦਾ ਬੂਹਾ ਭੇੜ ਕੀਤੀ ਏ। ਸੁਣਿਆਂ ਤੈਨੂੰ ਨਗ਼ਮੇਂ ਮੇਰੇ, ਅੱਜ ਕੱਲ੍ਹ ਚੰਗੇ ਲੱਗਣੋ ਹਟ ਗਏ। ਦੱਸ ਮੈਂ ਕਿਹੜੀ ਗਲਤੀ ਮਿੱਤਰਾ, ਸੱਚ ਦੇ ਨਗਮੇਂ ਛੇੜ ਕੀਤੀ ਏ।

ਚਸ਼ਮੇ

ਜਦੋਂ ਵੀ ਟਾਕਰੇ ਹੋਏ ਤਾਂ ਸਮਝੋ ਹੋਣਗੇ ਫਸਮੇਂ। ਇਹ ਗੱਲ ਬੱਸ ਕਹਿਣ ਦੀ ਨਹੀਂ ਏ ਓ ਸੱਚੇ ਰੱਬ ਦੀ ਕਸਮੇਂ। ਹੁੰਦੇ ਨੇ ਭੱਜਦਿਆਂ ਨੂੰ ਆਖਦੇ ਨੇ ਵਾਹਣ ਇੱਕੋ ਜੇ, ਉਹਨੇ ਸ਼ਿੰਗਾਰ ‘ਲੇ ਘੋੜੇ ਅਸੀਂ ਵੀ ਬੰਨ੍ਹ ਲਏ ਤਸਮੇ਼। ਕਿਸੇ ਨੇ ਪੁਛਿਆ ਉਸਨੂੰ ਪਿਆਸੇ ਹੋਣ ਦਾ ਕਾਰਣ, ਉਹਦੇ ਚਸ਼ਮੇਂ ਦੇ ਹੇਠੋਂ ਫੁੱਟ ਪੇ ਪਾਣੀ ਦੇ ਦੋ ਚਸ਼ਮੇ।

ਪੰਜਾਬ ਕਿੱਥੇ ਵੇਖਿਆ

ਵੇਖੇ ਹੋਣੇ ਤੁਪਕੇ ਤਲਾਬ ਕਿੱਥੇ ਵੇਖਿਆ। ਹਜੇ ਤੂੰ ਦਿੱਲੀਏ ਪੰਜਾਬ ਕਿੱਥੇ ਵੇਖਿਆ। ਤੇਰੀਆਂ ਸੰਗੀਨਾਂ ਜੋ ਜ਼ਮੀਨਾਂ ਸਾਹਵੇਂ ਆਈਆਂ ਨੇ, ਲੱਗਦਾ ਹਸੀਨਾਂ ਜਿਉਂ ਸ਼ੌਕੀਨਾਂ ਸਾਹਵੇਂ ਆਈਆਂ ਨੇ, ਕੀਤੇ ਨੇ ਸਵਾਲ ਤੂੰ ਜਵਾਬ ਕਿੱਥੇ ਵੇਖਿਆ, ਹਜੇ ਤਾਂ ਤੂੰ ਦਿੱਲੀਏ ਪੰਜਾਬ ਕਿੱਥੇ ਵੇਖਿਆ। ਲਗਦਾ ਏ ਤੈਨੂੰ ਇਹ ਤਾਂ ਹੈ ਨਹੀਂ ਏਨੇ ਜੋਗਰੇ, ਅਜੇ ਤਾਂ ਤੂੰ ਵੇਖੇ ਆ ਧਿਆਨ ਸਿੰਘ ਡੋਗਰੇ, ਜੱਸਾ ਸਿੰਘ ਸਾਡਾ ਤੂੰ ਨਵਾਬ ਕਿੱਥੇ ਵੇਖਿਆ, ਹਜੇ ਤਾਂ ਤੂੰ ਦਿਲੀਏ ਪੰਜਾਬ ਕਿੱਥੇ ਵੇਖਿਆ। ਤਵੀ ਕਦੇ ਤਖ਼ਤ ਤੇ ਬਹਿਣਾ ਸਾਨੂੰ ਆਉਂਦਾ ਏ ਬਾਬਰ ਨੂੰ ਜ਼ਾਬਰ ਵੀ ਕਹਿਣਾ ਸਾਨੂੰ ਆਉਂਦਾ ਏ ਵੇਖੀ ਏ ਰਬਾਬ ਸਾਡਾ ਤਾਬ ਕਿੱਥੇ ਵੇਖਿਆ, ਹਜੇ ਤਾਂ ਤੂੰ ਦਿੱਲੀਏ ਪੰਜਾਬ ਕਿੱਥੇ ਵੇਖਿਐ। ਨਸ਼ਿਆਂ ਜਾਂ ਰੱਸਿਆਂ ਦੀ ਸੁਣੀਂ ਏ ਕਹਾਣੀ ਤੂੰ ਹਜੇ ਤੱਕ ਵੇਖਿਆ ਏ ਅੱਖ ਵਾਲਾ ਪਾਣੀ ਤੂੰ ਅੱਖਾਂ ਦੇ ਖਵ਼ਾਬ ਤੇ ਤੇਜ਼ਾਬ ਕਿੱਥੇ ਵੇਖਿਆ, ਹਜੇ ਤਾਂ ਤੂੰ ਦਿੱਲੀਏ ਪੰਜਾਬ ਕਿੱਥੇ ਵੇਖਿਆ।

ਤਖ਼ਤ

ਲੜਦੇ ਚਿੜੀਆਂ ਦੇ ਨਾਲ ਬਾਜ਼, ਜੇ ਹੋਜੇ ਹਾਕਮ ਬੇਲਿਹਾਜ਼, ਰਾਜ ਤੋਂ ਲੋਕੀ ਹੋਣ ਨਰਾਜ਼, ਪਾਜ਼ ਸਭ ਖੋਲ੍ਹਣ ਲਗਦੇ ਨੇ, ਜਦ ਬੋਲਣ ਲੱਗਦੈ ਵਖ਼ਤ, ਤਖ਼ਤ ਵੀ ਡੋਲਣ ਲੱਗਦੇ ਨੇ। ਜਦ ਸੁਣਦੇ ਨਹੀਂ ਫਰਿਆਦ ਯਾਦ ਫਿਰ ਆਉਂਦੇ ਭਗਤ ਅਜ਼ਾਦ, ਬਾਅਦ ਵਿੱਚ ਆਉਂਦਾ ਹੋਰ ਸਵਾਦ ਤੇ ਝੰਡੇ ਝੂਲਣ ਲੱਗਦੇ ਨੇ ਜਦ ਬੋਲਣ ਲੱਗਦੈ ਵਖ਼ਤ, ਤਖ਼ਤ ਵੀ ਡੋਲਣ ਲੱਗਦੇ ਨੇ। ਹਾਰ ਵੀ ਹਾਰ ਕਰੇ ਸਵੀਕਾਰ, ਤੇ ਜਿੱਥੇ ਅੜ ਜਾਂਦੇ ਸਰਦਾਰ, ਕੰਬਣ ਲੱਗ ਜਾਂਦੀ ਸਰਕਾਰ, ਇਹ ਸਾਰੇ ਟੀਵੀ ਤੇ ਅਖ਼ਬਾਰ ਕੁਫ਼ਰ ਜਦ ਤੋਲਣ ਲੱਗਦੇ ਨੇ ਜਦ ਬੋਲਣ ਲੱਗਦੈ ਵਖਤ, ਤਖ਼ਤ ਵੀ ਡੋਲਣ ਲੱਗਦੇ ਨੇ। ਵਾਹਿਗੁਰੂ ਅੱਲ੍ਹਾ ਯਿਸੂ ਤੇ ਰਾਮ, ਕੱਠਾ ਹੁੰਦਾ ਜਦੋਂ ਅਵਾਮ, ਜਾਮ ਫਿਰ ਲੱਗ ਜਾਂਦੇ ਨੇ ਆਮ ਹੋਣ ਅੰਦੋਲਨ ਲੱਗਦੇ ਨੇ, ਜਦ ਬੋਲਣ ਲੱਗਦੈ ਵਖਤ, ਤਖ਼ਤ ਵੀ ਡੋਲਣ ਲੱਗਦੇ ਨੇ। ਦਿੰਦੇ ਮੱਤ ਨੇ ਕਰਕੇ ਵੱਤ, ਜਦੋਂ ਨੇ ਜ਼ਾਲਮ ਚੁਕਦੇ ਅੱਤ, ਜੀ ਅਪਣੇ ਦੇਸ਼ ਦੀ ਆਪੇ ਪੱਤ, ਪੁੱਤ ਜਦ ਰੋਲਣ ਲਗਦੇ ਨੇ, ਜਦ ਬੋਲਣ ਲਗਦੈ ਵਖ਼ਤ, ਤਖ਼ਤ ਵੀ ਡੋਲਣ ਲਗਦੇ ਨੇ। ਹੁੰਦਾ ਪੈਰ ਪੈਰ ਤੇ ਕਹਿਰ, ਨਾ ਹੋਵੇ ਠਹਿਰ ਤੇ ਉੱਠਦੀ ਲਹਿਰ, ਜੀ ਜਦ ਵੀ ਅਮ੍ਰਿਤ ਦੇ ਵਿੱਚ ਜ਼ਹਿਰ, ਗ਼ੈਰ ਸਭ ਘੋਲਣ ਲਗਦੇ ਨੇ, ਜਦ ਬੋਲਣ ਲਗਦੈ ਵਖ਼ਤ, ਤਖ਼ਤ ਵੀ ਡੋਲਣ ਲਗਦੇ ਨੇ।

ਲੋਕ ਤੱਥ

ਸੋਫੀਆਂ ਨੂੰ ਦਾਰੂ ਦੀ ਸੁਲਾਹ ਨਾ ਮਾਰੀਏ, ਜਿੰਦ ਹਾਰ ਜਾਈਏ ਨਾ ਜ਼ੁਬਾਨੋ ਹਾਰੀਏ, ਹੁੰਦਾ ਨਹੀਂ ਭਰੋਸਾ ਇੱਕ ਕਾਲੇ ਧੰਦੇ ਦਾ ਆਖਿਆ ਨਹੀ ਮੋੜੀਦਾ ਸਿਆਣੇ ਬੰਦੇ ਦਾ ਕਰਕੇ ਸਲਾਮ ਲੰਘੀਏ ਜੀ ਸੱਥ ਨੂੰ ਸੁਣ ਕੇ ਵਿਸਾਰੀਏ ਨਾ ਲੋਕ ਤੱਥ ਨੂੰ.... ਲਾਹਨਤ ਜੋ ਕਰਕੇ ਜ਼ੁਬਾਨ ਮੁੱਕਰੇ, ਦੁੱਕੀ ਦਾ ਨੀ ਕਹਿਕੇ ਜਿਹੜਾ ਦਾਨ ਮੁੱਕਰੇ, ਤੀਰ ਕਿਵੇਂ ਚੱਲੂ ਜੇ ਕਮਾਨ ਮੁੱਕਰੇ, ਨਿਕਲਜੇ ਜਾਨ ਜੇ ਰਕਾਨ ਮੁੱਕਰੇ, ਲਹਿੰਗਾ ਚੂੜਾ ਪਾ ਲਏ ਹੋਰ ਦੀ ਜੇ ਨੱਥ ਨੂੰ, ਸੁਣ ਕੇ ਵਿਸਾਰੀਏ ਨਾ ਲੋਕ ਤੱਥ ਨੂੰ। ਕਰੀਏ ਭਰੋਸਾ ਸਦਾ ਅੱਖੀਂ ਵੇਖ ਕੇ, ਖਿੱਚੀਏ ਨਾ ਲੱਤਾਂ ਜੀ ਤਰੱਕੀ ਵੇਖ ਕੇ, ਅੜ ਜਾਣਾ ਚੰਗਾ ਏ ਜੀ ਸੱਚੀ ਗੱਲ ਤੇ, ਪੈਸੇ ਲੈ ਕੇ ਹਰ ਜੇ ਇਹ ਮੇਹਣਾ ਮੱਲ ਤੇ ਮੇਹਨਤ ਹੀ ਰੋਹੜੇ ਜਿੰਦਗੀ ਦੇ ਰੱਥ ਨੂੰ ਸੁਣ ਕੇ ਵਿਸਾਰੀਏ ਨਾ ਲੋਕ ਤੱਥ ਨੂੰ। ਜਖ਼ਮੀ ਨੂੰ ਚੁੱਕੀਏ, ਨਹੀਂ ਲਾਈਵ ਕਰੀਦਾ, ਹੈੱਡਫੋਨ ਲਾ ਕੇ ਨਹੀਂ ਡਰਾਈਵ ਕਰੀਦਾ, ਬਣਦਾ ਮਹਾਨ ਨਹੀਂ ਕੋਈ ਗਾਲ੍ਹਾਂ ਕੱਢ ਕੇ, ਲੀਡਰਾਂ ਨੂੰ ਪੁੱਛੀਏ ਸਵਾਲ ਗੱਡ ਕੇ, ਆਖਦੇ ਵਡੇਰੇ ਹੱਥ ਹੁੰਦਾ ਹੱਥ ਨੂੰ, ਸੁਣ ਕੇ ਵਿਸਾਰੀਏ ਨਾ ਲੋਕ ਤੱਥ ਨੂੰ। ਮਾੜਿਆਂ ਦੇ ਨਾਲ ਯਾਰੀਆ ਵੀ ਮਾੜੀਆਂ, ਲਾ ਲਾ ਕੇ ਟੀਕੇ ਵਿੰਨੀਆਂ ਨੇ ਨਾੜੀਆਂ, ਕਲਾਕਾਰ ਲਈ ਨੇ ਬੱਸ ਏਹੀ ਹਾੜੀਆਂ, ਸੁਣਕੇ ਜੋ ਗੀਤ ਵੱਜਦੀਆਂ ਤਾੜੀਆ, ਔਲਖਾ ਵਰਜ ਦਈਏ ਬੰਦੇ ਲੱਥ ਨੂੰ, ਸੁਣਕੇ ਵਿਸਾਰੀਏ ਨਾ ਲੋਕ ਤੱਥ ਨੂੰ।

ਲੋਕ ਤੱਥ

ਸੁਣੀਆਂ ਸੁਣਾਈਆਂ ਨੀ ਇਹ ਹੋਈਆਂ ਬੀਤੀਆਂ। ਹੁੰਦੀਆਂ ਲੜਾਈਆਂ ਉੱਤੇ ਰਾਜ ਨੀਤੀਆਂ। ਪਿੰਡ ਮਾੜੀ ਹਿੰਡ ਤੇ ਲੜੀ ਭਰਿੰਡ ਜੀ। ਰੁਖਾਂ ਬਾਝ ਹੁੰਦਾ ਪ੍ਰਧਾਨ ਰਿੰਡ ਜੀ। ਮਾੜਾ ਹੁੰਦਾ ਮੇਹਣਾ ਮਾਰਨਾ ਜ਼ਮੀਨ ਦਾ। ਭੁੱਲਕੇ ਨਾ ਐਬ ਪਾਲੀ ਨਿੱਤ ਪੀਣ ਦਾ। ਮਾੜੀ ਹੁੰਦੀ ਹਾਅ ਲੱਗਜੇ ਗ਼ਰੀਬ ਦੀ। ਤਾਰ ਜਾਂਦੀ ਇੱਕ ਵੀ ਅਸੀਸ ਜ਼ੀਭ ਦੀ। ਭਗਤੀ ਜਿਹੀ ਖੇਡ ਸਦਾ ਹੁੰਦੀ ਕੁਸ਼ਤੀ। ਮਾੜੇ ਹੁੰਦੇ ਯਾਰ ਜੋ ਵਖਾਓਂਦੇ ਚੁਸਤੀ। ਵਿਆਹ ਕਰਵਾਕੇ ਹਜੇ ਖੇਡੇ ਪਬਜੀ। ਟਿੱਕਟੋਕ ਵਾਲੀ ਨੇ ਮਚਾਤੀ ਸਬਜੀ। ਸੌਂਦਾ ਪਸਤੌਲ ਸੀ ਸਿਰ੍ਹਾਣੇ ਰੱਖਕੇ। ਪਤਾ ਵੀ ਨਾ ਲੱਗਾ ਕਦੋਂ ਲੈ ਗਏ ਚੱਕ ਕੇ। ਲੱਖਾਂ ਵਿੱਚ ਜੱਫੇ ਲੱਖਾਂ ਹੁੰਦੇ ਰੇਡ ਦੇ। ਟੀਕਿਆਂ ਦੇ ਬਿਨਾਂ ਵੀ ਖਿਡਾਰੀ ਖੇਡਦੇ।

ਹੱਸਾਂ ਕੇ ਰੋਵਾਂ

ਦੱਸ ਹੱਸਾਂ ਕੇ ਰੋਵਾਂ ਮੈਂ ਪਾਗਲ ਨਾ ਹੋਵਾਂ। ਮੈਂ ਹਾਸੇ ਬਣ ਖਿੰਡਾਂ ਜਾਂ ਹੰਝੂ ਬਣ ਚੋਵਾਂ। ਮੈਂ ਟੱਲ ਖੜਕਾਵਾਂ ਕੇ ਚਾਦਰ ਚੜ੍ਹਾਵਾਂ, ਮੈਂ ਕਿਸ ਕਿਸ ਦੀ ਸਰਦਲ ਤੇ ਮੱਥੇ ਘਸਾਵਾਂ, ਮੈਂ ਆਇਤਾਂ ਸੁਣਾਵਾਂ ਕੇ ਭਜਨਾਂ ਨੂੰ ਗਾਵਾਂ, ਨੀ ਹੀਲੇ ਵਸੀਲੇ ਕਰ ਤੈਨੂੰ ਮੈਂ ਪਾਵਾਂ, ਇੱਕ ਵਾਰੀ ਮਿਲ ਜਾਏਂ ਤਾਂ ਕਦੇ ਨਾ ਖੋਵਾਂ, ਦੱਸ ਹੱਸਾਂ ਕੇ ਰੋਵਾਂ ਮੈਂ ਪਾਗਲ ਨਾ ਹੋਵਾਂ, ਮੈਂ ਹਾਸੇ ਬਣ ਖਿੰਡਾਂ ਜਾਂ ਹੰਝੂ ਬਣ ਚੋਵਾਂ। ਤੂੰ ਮੇਰੀ ਗੁਜ਼ਾਰਿਸ਼ ਜੇ ਇੱਕ ਵਾਰੀ ਮੰਨੇ, ਨੀ ਬਾਗ਼ ਫਰੋਲਾਂ ਮੈਂ ਵੰਨ ਸੁਵੰਨੇ, ਤੇ ਖੁਸ਼ੀਆਂ ਨੂੰ ਲੱਭਾਂ ਮੈਂ ਸਾਗਰ ਦੇ ਬੰਨ੍ਹੇ, ਮੈਂ ਖ਼ਾਰਾ ਵੀ ਪੀ ਜਾਉਂਗਾ ਭਰ ਭਰ ਕੇ ਛੰਨੇ, ਨੀ ਤੈਨੂੰ ਵੀ ਸ਼ਬਦਾਂ ਦੇ ਨਾਲੇ ਪਰੋਵਾਂ, ਦੱਸ ਹੱਸਾਂ ਕੇ ਰੋਵਾਂ ਮੈਂ ਪਾਗਲ ਨਾ ਹੋਵਾਂ, ਮੈਂ ਹਾਸੇ ਬਣ ਖਿੰਡਾਂ ਕੇ ਹੰਝੂ ਬਣ ਚੋਵਾਂ। ਮੈਂ ਕਹਿ ਦੇਊਂ ਕਿ ਸੂਰਜ ਵੀ ਪੱਛਮ ਚੋਂ ਚੜਦੈ, ਮੈਂ ਕਹਿ ਦੇਊਂ ਕਿ ਕਾਫ਼ਿਰ ਨਮਾਜ਼ਾਂ ਵੀ ਪੜਦੈ, ਤੂੰ ਚੁੰਨੀ ਸਰਕਾਵੀਂ, ਦਿਖਾਵੀਂ ਨਾ ਬੁੰਦੇ, ਮੈਂ ਕਹਿ ਦੇਊਂ ਕਿ ਆਸ਼ਿਕ ਦੀਵਾਨੇ ਨਹੀਂ ਹੁੰਦੇ, ਤੂੰ ਜਿੱਥੇ ਵੀ ਆਖੇਂ ਮੈਂ ਓਥੇ ਖਲੋਵਾਂ, ਦੱਸ ਹੱਸਾਂ ਕੇ ਰੋਵਾਂ ਮੈਂ ਪਾਗਲ ਨਾ ਹੋਵਾਂ, ਮੈਂ ਹਾਸੇ ਬਣ ਖਿੰਡਾਂ ਕੇ ਹੰਝੂ ਬਣ ਚੋਵਾਂ। ਇਹ ਸ਼ਾਇਰਾਂ ਦੇ ਵਿਹੜੇ ਤਾਂ ਅਕਸਰ ਹੀ ਢੁੱਕਦਾ, ਇਹ ਅੱਖਾਂ ਚੋਂ ਵਗਦੈ ਤਾਂ ਛੇਤੀ ਨਹੀਂ ਸੁੱਕਦਾ, ਇਹ ਇਸ਼ਕੇ ਦਾ ਚਾਨਣ ਮੁਕਾਇਆ ਨਹੀਂ ਮੁੱਕਦਾ, ਇਹ ਸ਼ਰਮਾ ਦੀ ਚਾਦਰ ਦੇ ਓਹਲੇ ਨਹੀਂ ਲੁੱਕਦਾ, ਤੂੰ ਆਖੇਂ ਲਕੋ ਲੈ ਮੈਂ ਕਿੱਦਾਂ ਲਕੋਵਾਂ, ਦੱਸ ਹੱਸਾਂ ਕੇ ਰੋਵਾਂ ਮੈਂ ਪਾਗਲ ਨਾ ਹੋਵਾਂ, ਮੈਂ ਹਾਸੇ ਬਣ ਖਿੰਡਾਂ ਕੇ ਹੰਝੂ ਬਣ ਚੋਵਾਂ।

ਕੁਵਾਰੇ ਕੁਵਾਰੇ ਨਹੀਂ ਹੁੰਦੇ

ਜਿਹੋ ਜਿਆ ਮੈਂ ਹਾਂ ਨੀ ਸਾਰੇ ਨਹੀਂ ਹੁੰਦੇ। ਫੱਕਰਾਂ ਦੇ ਝੱਲੀਏ ਚੁਬਾਰੇ ਨਹੀਂ ਹੁੰਦੇ। ਹੁੰਦੇ ਨਹੀਂ ਮਾਪੇ ਔਲਾਦਾਂ ਦੇ ਵੈਰੀ ਤੇ ਕੀਹਨੂੰ ਇਹ ਪੁੱਤਰ ਪਿਆਰੇ ਨਹੀਂ ਹੁੰਦੇ। ਰੋਂਦੇ ਅਖੀਰੀ ਨੇ ਭੇੜ ਕੇ ਬੂਹੇ, ਜਿੰਨ੍ਹਾ ਨੇ ਪਹਿਲਾਂ ਸੁਧਾਰੇ ਨਹੀਂ ਹੁੰਦੇ। ਜਿੰਨ੍ਹਾਂ ਦੇ ਜੱਗ ਤੇ ਸਹਾਰੇ ਨਹੀਂ ਹੁੰਦੇ। ਉਹ ਸਾਰੇ ਦੇ ਸਾਰੇ ਵਿਚਾਰੇ ਨਹੀਂ ਹੁੰਦੇ। ਉੱਡਣ ਲਈ ਖੰਭਾਂ ਦੀ ਹੁੰਦੀ ਜ਼ਰੂਰਤ, ਜੀ ਬਹੁਤਾ ਚਿਰ ਉੱਡਦੇ ਗ਼ੁਬਾਰੇ ਨਹੀਂ ਹੁੰਦੇ। ਜਿੰਨ੍ਹਾਂ ਨੇ ਧਰਤੀ ਨਾ' ਕੀਤਾ ਏ ਧੋਖਾ, ਜੀ ਬਣਦੇ ਉਹ ਅੰਬਰ ਦੇ ਤਾਰੇ ਨਹੀਂ ਹੁੰਦੇ। ਉੱਚੇ ਦਾ ਮਤਲਬ ਜੀ ਚੰਗਾ ਨਹੀਂ ਹੁੰਦਾ, ਤੇ ਅੰਦਰੋਂ ਜੋ ਖ਼ਾਲੀ ਨੇ ਭਾਰੇ ਨਹੀਂ ਹੁੰਦੇ। ਜਿੱਤਾਂ ਦੇ ਮੁੱਲ ਨੂੰ ਕੀ ਜਾਣਨ ਉਹ ਬੰਦੇ, ਜ਼ਿੰਦਗੀ ਚ ਜਿਹੜੇ ਨੀ ਹਾਰੇ ਨਹੀਂ ਹੁੰਦੇ। ਬਖਸ਼ਿਸ ਤੇ ਰਹਿਮਤ ਦਾ ਖੇਡ ਹੈ ਸਾਰਾ, ਸਾਰੇ ਤਾਂ ਲੋਕੀ ਨਿਆਰੇ ਨਹੀਂ ਹੁੰਦੇ। ਸਵਾਦੀ ਤਾਂ ਹੁੰਦੇ ਨੇ ਹੋਰਾਂ ਦੇ ਖਾਣੇ, ਤੇਰੇ ਜਿਹੇ ਝੱਲੀਏ ਕਰਾਰੇ ਨਹੀਂ ਹੁੰਦੇ। ਬਹੁਤਾ ਪੜ੍ਹ-ਪੜ੍ਹ ਕੇ ਵੀ ਲਿਖਿਆ ਨਹੀਂ ਜਾਂਦਾ, ਮਿਲਦੇ ਇਹ ਅੱਖ਼ਰ ਉਧਾਰੇ ਨਹੀਂ ਹੁੰਦੇ। ਕਿਹੜੇ ਤੂੰ ਵਕਤਾਂ ਚ ਫਿਰਦਾ ਏ ਰੁੱਲਿਆ, ਕਿ ਅੱਜ ਕੱਲ ਕੁਵਾਰੇ ਕੁਵਾਰੇ ਨਹੀਂ ਹੁੰਦੇ। ਸਿੱਧੀਆਂ ਹੀ ਹੁੰਦੀਆਂ ਨੇ ਇੰਸਟਾਂ ਤੇ ਚੈਟਾਂ, ਅੱਖਾਂ ਨਾ’ ਅੱਜ-ਕੱਲ੍ਹ ਇਸ਼ਾਰੇ ਨਹੀਂ ਹੁੰਦੇ। ਯਾਰਾਂ ਦੇ ਦਿੱਤੇ ਹੋਏ ਜ਼ਖਮਾਂ ਨੂੰ ਜਾਣਨ ਕੀ, ਸੀਨੇ ਤੇ ਜਿਨ੍ਹਾਂ ਸਹਾਰੇ ਨਹੀਂ ਹੁੰਦੇ। ਸ਼ਾਇਰਾਂ ਦੀ ਦੁਨੀਆਂ ‘ਚ ਨਫ਼ਰਤ ਨਹੀਂ ਹੁੰਦੀ, ਏਥੇ ਸਮੁੰਦਰ ਵੀ ਖਾਰੇ ਨਹੀਂ ਹੁੰਦੇ। ਇਹਨਾਂ ਦੇ ਪਿੱਛੇ ਕੋਈ ਮੰਤਵ ਵੀ ਹੁੰਦਾ ਏ, 'ਕੱਲੇ ਇਹ ਨਾਹਰੇ ਜੈਕਾਰੇ ਨਹੀਂ ਹੁੰਦੇ। ਦਿਲ ਤੋਂ ਜੋ ਲਾਉਂਦੇ ਨਿਭਾਉਂਦੇ ਨੇ ਲੋਕੀਂ, ਉਹਨਾਂ ਦੇ ਮੂੰਹਾਂ ਤੇ ਲਾਰੇ ਨਹੀਂ ਹੁੰਦੇ। ਮੁੜਦੇ ਨਹੀਂ ਹੋ ਕੇ ਜੋ ਤੁਰ ਗਏ ਜਹਾਨੋਂ, ਜਿਹੜੇ ਕੰਮ ਹੋ ਗਏ ਦੁਬਾਰੇ ਨਹੀਂ ਹੁੰਦੇ।

ਐ ਬੰਜ਼ਰ ਜ਼ਮੀਨੇ

ਐ ਬੰਜ਼ਰ ਜ਼ਮੀਨੇ, ਕੁੱਝ ਹੋਰ ਨੇ ਮਹੀਨੇ, ਤੂੰ ਦੇਖੀਂ ਕਿ ਇੱਕ ਦਿਨ ਬਹਾਰ ਆਉਗੀ। ਫੁੱਲਾਂ ਨੇ ਆ ਕੇ ਇੱਕ ਦਿਨ, ਤੇਰੀ ਹਿੱਕ ਤੇ ਡੇਰਾ ਲਾਉਣਾ, ਕੋਇਲਾਂ ਨੇ ਕੋਲ ਬਹਿ ਕੇ, ਤੈਨੂੰ ਗੀਤ ਕੋਈ ਸੁਣਾਉਣਾ, ਤੈਨੂੰ ਚੋਗਾ ਪਾਉਣ ਦੇ ਲਈ ਇੱਕ ਡਾਰ ਆਊਗੀ, ਐ ਬੰਜ਼ਰ ਜ਼ਮੀਨੇ, ਕੁੱਝ ਹੋਰ ਨੇ ਮਹੀਨੇ, ਤੂੰ ਦੇਖੀਂ ਕਿ ਇੱਕ ਦਿਨ ਬਹਾਰ ਆਉਗੀ। ਥੋਹਰਾਂ ਨੂੰ ਨਾ ਤੂੰ ਭੁੱਲੀਂ, ਹੋਰਾਂ ਤੇ ਵੀ ਨਾਂ ਡੁੱਲ੍ਹੀਂ, ਜੀ ਸਦਕੇ ਮਹਿਲੀਂ ਜਾਵੀਂ, ਭੁੱਲੀਂ ਨਾ ਸਾਡੀ ਕੁੱਲੀਂ, ਥ੍ਹੋਰਾਂ ਦੀ ਯਾਦ ਮਿਟਾਵਣ ਗੁਲਜ਼ਾਰ ਆਉਗੀ, ਐ ਬੰਜ਼ਰ ਜ਼ਮੀਨੇ, ਕੁੱਝ ਹੋਰ ਨੇ ਮਹੀਨੇ, ਤੂੰ ਦੇਖੀਂ ਕਿ ਇੱਕ ਦਿਨ ਬਹਾਰ ਆਉਗੀ। ਔਹ ਬੱਦਲੀ ਦਾ ਪਾਣੀ ਤੇਰੀ ਵੇਖ ਕੇ ਜਵਾਨੀ, ਧਰਤੀ ਤੇ ਆ ਕੇ ਛੇੜੂ ਮੁਹੱਬਤ ਦੀ ਕਹਾਣੀ, ਇਹ ਪੌਣ ਕਰਕੇ ਮਹਿਕਾਂ ਦਾ, ਸ਼ਿੰਗਾਰ ਆਉਗੀ, ਐ ਬੰਜ਼ਰ ਜ਼ਮੀਨੇ, ਕੁੱਝ ਹੋਰ ਨੇ ਮਹੀਨੇ, ਤੂੰ ਦੇਖੀਂ ਕਿ ਇੱਕ ਦਿਨ ਬਹਾਰ ਆਉਗੀ। ਉਹ ਖੁਸ਼ਗਵਾਰ ਮੌਸਮ ਸ਼ਾਇਰਾਂ ਨੂੰ ਬਹੁਤ ਭਾਉਣਾ, ਮੇਰੇ ਵਰਗਿਆਂ ਕਈਆਂ ਨੇ ਇੱਥੇ ਆ ਕੇ ਡੇਰਾ ਲਾਉਣਾ, ਹਰ ਸ਼ੈਅ ਤੇਰੀ ਹੋ ਕੇ ਤਲ਼ਬਦਾਰ ਆਉਗੀ, ਐ ਬੰਜ਼ਰ ਜ਼ਮੀਨੇ ਕੁੱਝ ਹੋਰ ਨੇ ਮਹੀਨੇ , ਤੂੰ ਦੇਖੀਂ ਕਿ ਇੱਕ ਦਿਨ ਬਹਾਰ ਆਊਗੀ। ਮੇਰੀ ਤਬੀਅਤ ਚ ਹੈ ਨਹੀਂ ਦਰਬਾਰਾਂ ਦੇ ਲਈ ਗਾਉਣਾ, ਉਹਦੀ ਅਗ਼ੋਸ਼ ਵਿੱਚ ਬਹਿ ਕੇ ਮੈਂ ਉਸੇ ਨੂੰ ਸੁਣਾਉਣਾ, ਜੇ ਤਲਬ ਹੋਈ ਖੁਦ ਚੱਲ ਕੇ ਸਰਕਾਰ ਆਉਗੀ, ਐ ਬੰਜ਼ਰ ਜ਼ਮੀਨੇ ਕੁੱਝ ਹੋਰ ਨੇ ਮਹੀਨੇ, ਤੂੰ ਵੇਖੀਂ ਕਿ ਇੱਕ ਦਿਨ ਬਹਾਰ ਆਊਗੀ।

ਬਹੱਤਰ ਕਲੀਆ ਛੰਦ

ਇੱਕ ਹੋਰ ਮਾਰਤਾ ਜੀ, ਲੱਗੀ ਸੀ ਖ਼ਬਰ, ਹੋਵੇ ਕਿੰਝ ਸਬਰ, ਜਿੰਨ੍ਹਾਂ ਦਾ ਪੁੱਤ ਸੀ, ਜ਼ੋਬਨ ਦੀ ਰੁੱਤ ਸੀ, ਰਾਖ਼ ਬਣ ਰਹਿ ਗਿਆ। ਇਹ ਲੀਡਰ ਲੈਂਦੇ ਨੇ, ਥੋਡੇ ਤੋਂ ਲਾਹੇ, ਪੰਜਾਬ ਕੁਰਾਹੇ, ਕਿੱਧਰ ਨੂੰ ਪੈ ਗਿਆ। ਕਾਹਤੋਂ ਬੰਨ੍ਹੀ ਫਿਰਦੇ ਹੋ ਪੱਲੇ ਵਿੱਚ ਲੂਣ ਨਾ ਮਿਲੇ ਸਕੂਨ ਜੀ ਬੜਾ ਜਨੂੰਨ ਅੱਖਾ ਵਿੱਚ ਖ਼ੂਨ ਜਮ੍ਹਾਂ ਨਹੀਂ ਟਲਦੇ। ਸੁਣੋ ਪੁੱਤਰੋ ਪੰਜਾਬ ਦਿਓ, ਆਪ ਕਿਓਂ ਮਰਦੇ ਜਮਾ ਨੀ ਡਰਦੇ, ਫ਼ੈਰ ਜਿਹੇ ਵੱਜਣ ਸਿਵੇ ਨਿੱਤ ਬਲਦੇ। ਸੌਂਹ ਖਾ ਕੇ ਮੁੱਕਰ ਗਏ, ਦੇਸ ਦੇ ਰਾਜੇ, ਯਾਦ ਜੇ ਆਜੇ, ਕਸਦਿਓ ਪੇਚ, ਝੱਗੇ ਦਾ ਮੇਚ ਤੁਸੀਂ ਵੀ ਲੈ ‘ਲੋ। ਜਿਹੜੇ ਲੁਟਦੇ ਲੋਕਾਂ ਨੂੰ, ਮਾਰਦੇ ਠੱਗੀਆਂ, ਪਾੜਦਿਓ ਝੱਗੀਆਂ, ਉਹਨਾਂ ਨਾਲ ਖਹਿ ਲੋ। ਥੋਨੂੰ ਵੇਚੀ ਜਾਂਦੇ ਨੇ, ਸਿਰਾਂ ਦੇ ਉੱਤੇ ਆ, ਬਠਾ ਲਏ ਕੁੱਤੇ ਆ, ਮਾਰਦੇ ਜੁੱਤੇ ਆ, ਲੋਕ ਪਏ ਸੁੱਤੇ ਆ, ਜਮਾਂ ਨੀ ਹਲਦੇ। ਸੁਣੋ ਪੁਤਰੋ ਪੰਜਾਬ ਦਿਓ ਆਪ ਕਿਉਂ ਮਰਦੇ ਜਵਾਂ ਨਹੀਂ ਡਰਦੇ, ਫੈਰ ਜਿਹੇ ਵੱਜਣ ਸਿਵੇ ਨਿੱਤ ਬਲਦੇ। ਥੋਨੂੰ ਚਾੜ੍ਹੀ ਜਾਂਦੇ ਨੇ ਇਹ ਨਵੀਂ ਪਿਓਂਦ, ਪਟੇ ਵਿੱਚ ਰੌਂਦ, ਰੌਂਦ ਵਿੱਚ ਮੌਤ, ਹੋ ਗਿਆ ਫੌਤ, ਭੈਣਾਂ ਦਾ ਭਾਈ। ਫਿਰ ਮੀਡੀਆ ਵਾਲਿਆਂ ਨੂੰ, ਕਈਆਂ ਨੇ ਦੱਸਿਆ, ਛੇਤੀ ਚੱਲ ਵੱਸਿਆ, ਨਾ ਉਮਰ ਹੰਢਾਈ। ਪੈਂਦਾ ਅਸਰ ਗਾਣਿਆਂ ਦਾ, ਮੰਨੋ ਨਾ ਮੰਨੋ, ਮੇਰਿਓ ਚੰਨੋ, ਗੀਤ ਜੋ ਗਾਉਂਦੇ, ਥੋਨੂੰ ਉਕਸਾਉਂਦੇ, ਜੋ ਹਰ ਥਾਂ ਚੱਲਦੇ। ਸੁਣੋ ਪੁਤਰੋ ਪੰਜਾਬ ਦਿਓ, ਆਪ ਕਿਉਂ ਮਰਦੇ ਜਮਾਂ ਨਹੀਂ ਡਰਦੇ, ਫੈਰ ਜਿਹੇ ਵੱਜਣ ਸਿਵੇ ਨਿੱਤ ਬਲਦੇ। ਹੁੰਦੀ ਸਦਾ ਗਭਰੂਓ ਵੇ, ਅੰਨ੍ਹੀ ਤੇ ਬੋਲੀ, ਬੰਦੂਕ ਦੀ ਗੋਲੀ, ਨਾ ਸੁਣਦੀ ਵੈਣ, ਚੇਤੇ ਨਾ ਰਹਿਣ, ਪਿੱਛੇ ਘਰ ਵਾਲੇ। ਕਿਓ ਚੌਧਰ ਬਾਜੀ ਦੀ, ਚੜੇ ਹੋ ਰੱਟ ਤੇ, ਕਿੰਨੇ ਘਰ ਪੱਟ ‘ਤੇ, ਕਿੰਨੇ ਪੁੱਤ ਖਾ ‘ਲੇ। ਔਲਖ ਦੇ ਚੁੱਭੀਆਂ ਨੇ, ਚੋਭਾਂ ਇਹ ਤਿੱਖੀਆਂ, ਤਾਹੀਓਂ ਤਾਂ ਲਿਖੀਆਂ, ਗੱਲਾਂ ਸਭ ਸੱਚ ਨੇ, ਜਿਹੜੇ ਗਏ ਬਚ ਨੇ, ਨਾਲ ਨੀ ਰਲਦੇ। ਸੁਣੋ ਪੁੱਤਰੋ ਪੰਜਾਬ ਦਿਓ, ਆਪ ਕਿਓਂ ਮਰਦੇ, ਜਵਾਂ ਨਹੀਂ ਡਰਦੇ, ਫੈਰ ਜਿਹੇ ਵੱਜਣ, ਸਿਵੇ ਨਿੱਤ ਬਲਦੇ।

ਸਰਤਾਜ਼ ਛੰਦ

ਦੋ ਦੋ ਕਰਕੇ ਵਾਰੇ, ਪੁੱਤਰ ਚਾਰੇ, ਲਾਉਣ ਜੈਕਾਰੇ, ਗੁਰੂ ਪਿਆਰੇ। ਜ਼ਜਬੇ ਹਿੰਮਤ ਅਤੇ ਦਲੇਰੀ, ਮਿਲਦੇ ਨਹੀ ਉਧਾਰੇ, ਸੁਣ ਲਓ ਸਾਰੇ। ਛੋਟੇ ਦੋਵੇਂ ਕਲਗ਼ੀ ਲਾ ਕੇ ਇੰਝ ਸਜਾਏ ਦਾਦੀ, ਜੀਕਣ ਸ਼ਾਦੀ, ਸੂਰਤ ਸਾਦੀ। ਮੁਗਲਾਂ ਦੀ ਸਰਕਾਰ ਸੀ ਹੋਈ, ਜ਼ੁਲਮ ਕਰਨ ਦੀ ਆਦੀ ਤੇ ਬਰਬਾਦੀ ਦੀ ਸੌਂਹ ਖਾਦੀ। ਉਮਰਾਂ ਭਾਵੇਂ ਨਿੱਕੀਆਂ ਸੀ, ਪਰ ਪੱਕੇ ਬਹੁਤ ਇਰਾਦੇ, ਵਾਂਗਰ ਦਾਦੇ, ਖੌਫ਼ ਨਾ ਖਾਦੇ। ਮੁਗਲਾਂ ਭਾਣੇ ਮੰਨ ਜਾਵਣਗੇ, ਦੇ ਕੇ ਲਾਲਚ ਜ਼ਿਆਦੇ, ਸਿੱਧੇ ਸਾਦੇ, ਸਾਹਿਬਜ਼ਾਦੇ। ਠੰਡੇ ਬੁਰਜ਼ ਦੇ ਵਿੱਚ ਰੱਖਿਆ ਤੇ ਦੇਣ ਤਸੀਹੇ ਭਾਰੇ, ਪਰ ਨਾ ਹਾਰੇ, ਰਾਜ ਦੁਲਾਰੇ। ਦੋ ਦੋ ਕਰਕੇ ਵਾਰੇ, ਪੁੱਤਰ ਚਾਰੇ, ਲਾਉਣ ਜੈਕਾਰੇ, ਗੁਰੂ ਪਿਆਰੇ, ਜ਼ਜਬੇ ਹਿੰਮਤ ਅਤੇ ਦਲੇਰੀ ਮਿਲਦੇ ਨਹੀ ਉਧਾਰੇ, ਸੁਣ ਲਓ ਸਾਰੇ। ਵੱਡੇ ਦੋ ਚਮਕੌਰ ਗੜੀ ਵਿੱਚ, ਜਾਨ ਦੀ ਬਾਜ਼ੀ ਲਾ ਗਏ, ਮੌਤ ਵਿਆਹ ਗਏ, ਖ਼ੂਨ ਵਹਾ ਗਏ। ਅੱਖੀਂ ਵੇਖਣ ਪੁੱਤਰ ਲੜਦੇ, ਗੁਰੂ ਕਿਲੇ ਤੇ ਆ ਗਏ, ਸਿਦਕ ਨਿਭਾ ਗਏ, ਫਤਹਿ ਬੁਲਾ ਗਏ। ਦੁਸ਼ਮਣ ਦੇ ਖੇਮੇ ਵਿੱਚ ਓਦੋਂ, ਮੱਚ ਗਈ ਸੀ ਤਰਥੱਲੀ, ਜਦ ਸੀ ਚੱਲੀ, ਤੇਗ ਅਵੱਲੀ। ਅਜੀਤ ਅਤੇ ਜੁਝਾਰ ਦੀ ਜਾਂਦੀ, ਝਾਲ ਨਹੀਂ ਸੀ ਝੱਲੀ, ਫਿਰਦੀ ਹੱਲੀ, ਫੌਜ ਨਿਠੱਲੀ। ਅੱਖਾਂ ਸਾਹਵੇਂ ਬਾਪ ਨੇ ਤੋਰੇ, ਦੋਵੇਂ ਪੁੱਤ ਪਿਆਰੇ, ਅੱਖ ਦੇ ਤਾਰੇ, ਪਰ ਨਾ ਹਾਰੇ। ਦੋ ਦੋ ਕਰਕੇ ਵਾਰੇ, ਪੁੱਤਰ ਚਾਰੇ, ਲਾਓਣ ਜੈਕਾਰੇ, ਗੁਰੂ ਪਿਆਰੇ। ਜ਼ਜਬੇ ਹਿੰਮਤ ਅਤੇ ਦਲੇਰੀ, ਮਿਲਦੇ ਨਹੀ ਉਧਾਰੇ, ਸੁਣ ਲਓ ਸਾਰੇ। ਅਜੀਤ ਗਿਆ ਨਾ ਜਿੱਤਿਆ ਸੀ ਤੇ ਜੰਗ ਚ ਜੌਹਰ ਦਿਖਾਤੇ, ਗਰਦੇ ਠਾ' ਤੇ, ਕਈ ਖਪਾਤੇ। ਔਲਖਾਂ ਵਾਲਿਆ ਯਾਦਾਂ ਦੇ ਵਿੱਚ, ਮੇਲੇ ਕਈ ਲਗਾਤੇ, ਗੀਤ ਵੀ ਗਾਤੇ, ਦਿਲੋਂ ਭੁਲਾਤੇ। ਜੂਝਿਆ ਬੜਾ ਜੂਝਾਰ ਤੇ ਕੀਤੇ ਵਾਰ, ਸੀ ਕਈ ਹਜ਼ਾਰ, ਜੀ ਦਿੱਤੇ ਮਾਰ ਤੇ ਆਹੂ ਲਾਹਤੇ, ਖ਼ੁਦ ਦੀ ਜਾਨ ਲਗਾਕੇ ਯਾਰੋ, ਮਹਿਲ ਜ਼ੁਲਮ ਦੇ ਢਾਹ ਤੇ, ਸਿੱਖ ਸਿਖਾਤੇ, ਰਾਹੇ ਪਾਤੇ, ਜ਼ਾਲਮ ਨੂੰ ਰਣ ਤੱਤੇ ਅੰਦਰ, ਦਿਨੇ ਦਿਖਾਉਂਦੇ ਤਾਰੇ, ਜਿਵੇਂ ਸ਼ਰਾਰੇ, ਪਾਉਣ ਖਿਲਾਰੇ। ਦੋ ਦੋ ਕਰਕੇ ਵਾਰੇ, ਪੁੱਤਰ ਚਾਰੇ, ਲਾਓਣ ਜੈਕਾਰੇ, ਗੁਰੂ ਪਿਆਰੇ। ਜ਼ਜਬੇ ਹਿੰਮਤ ਅਤੇ ਦਲੇਰੀ ਮਿਲਦੇ ਨਹੀ ਉਧਾਰੇ, ਸੁਣ ਲਓ ਸਾਰੇ। ਜ਼ੋਰਾਵਰ ਤੇ ਜ਼ੋਰ ਨਾ ਚੱਲਿਆ, ਥੱਕ ਗਏ ਸੀ ਸਮਝਾ ਕੇ, ਬੜਾ ਵਰਾਕੇ, ਤੇ ਲਲਚਾ ਕੇ। ਜਿਹੜੇ ਕਹਿੰਦੇ ਸੀ ਛੱਡਾਂਗੇ, ਇਹਨੂੰ ਈਨ ਮਨਾ ਕੇ, ਪੈਰੀਂ ਪਾ ਕੇ, ਅਸੀ ਝੁਕਾ ਕੇ। ਫਤਿਹ ਸਿੰਘ ਨੇ ਫਤਹਿ ਬੁਲਾਈ, ਅਪਣੀ ਦਾਦੀ ਮਾਂ ਨੂੰ, ਠੰਡੀ ਛਾਂ ਨੂੰ, ਤੁਰੇ ਅਗਾਂਹ ਨੂੰ। ਜਾਦੇਂ ਜਾਂਦੇ ਲਾਲ ਗੁਰੂ ਦੇ, ਦੱਸ ਗਏ ਗੱਲ ਜਹਾਂ ਨੂੰ, ਝੁਕਦੇ ਕਾਹਨੂੰ, ਧੋਣ ਉਤਾਂਹ ਨੂੰ, ਮਿਟ ਗਏ ਆਪ ਵਰਿੰਦਰਾ, ਜਿਹੜੇ ਮਿਟਾਉਂਦੇ ਸੀ ਹਤਿਆਰੇ, ਪਾਸੇ ਚਾਰੇ, ਜੈ ਜੈ ਕਾਰੇ। ਦੋ ਦੋ ਕਰਕੇ ਵਾਰੇ, ਪੁੱਤਰ ਚਾਰੇ, ਲਾਓਣ ਜੈਕਾਰੇ, ਗੁਰੂ ਪਿਆਰੇ। ਜਜਬੇ ਹਿੰਮਤ ਅਤੇ ਦਲੇਰੀ ਮਿਲਦੇ ਨਹੀ ਉਧਾਰੇ, ਸੁਣ ਲਓ ਸਾਰੇ।

ਛੰਦ ਲੀਡਰਾਂ ਦਾ

ਕੈਪਟਨ ਰਿਆਸਤੀ ਤੇ ਬਾਦਲ ਸਿਆਸਤੀ, ਜੀ ਇਹਨਾਂ ਦੀ ਜੋ ਹਸਤੀ, ਏ ਲੋਕ ਸਭ ਜਾਣਦੇ। ਸਿੱਧੂ ਦੇ ਜੋ ਛੱਕੇ, ਲੋਕ ਰਹਿਣ ਹੱਕੇ ਬੱਕੇ ਯਾਰੋ, ਸ਼ਾਇਰ ਨੇ ਜੋ ਪੱਕੇ ਓਹ ਤਾਂ ਦੁੱਧੋੰ ਪਾਣੀ ਛਾਣਦੇ। ਮਾਨ ਦਾ ਕਰੇਜ਼, ਦੂਜਾ ਪੈੱਗ ਤੋਂ ਪ੍ਰਹੇਜ਼ ਬਾਹਲਾ, ਕੁੱਟਦਾ ਏ ਮੇਜ਼ ਬਾਹਲਾ, ਪੁੱਜ ਕੇ ਹਸਾਉਂਦਾ ਏ। ਮੁਹੰਮਦ ਸਦੀਕ, ਥੋੜਾ ਹਿੰਦੀ ਵਿੱਚ ਵੀਕ, ਯਾਰੋ ਬੰਦਾ ਉਞਂ ਠੀਕ, ਪਰ ਸੰਸਦ ਚ ਸੌਂਦਾ ਏ। ਮਾਰਦੇ ਨੇ ਚੋਟ ਯਾਰੋ, ਦਿਲਾਂ ਵਿੱਚ ਖੋਟ ਯਾਰੋ, ਆਪੇ ਪਾਈ ਵੋਟ, ਕੀ ਜੀ ਕਿਸੇ ਨੂੰ ਉਲ੍ਹਾਮਾ ਏ। ਕੱਢਿਆ ਮੈਂ ਸਿੱਟਾ ਬੜਾ, ਬੋਲਦਾ ਏ ਬਿੱਟਾ ਬੜਾ, ਮਜੀਠੀਏ ਦਾ ਚਿੱਟਾ ਬੜਾ, ਕੁੜਤਾ ਪਜ਼ਾਮਾ ਏ। ਸੁੱਖੇ ਦੇ ਜੀ ਗੱਪ ਅੱਪ, ਹੱਦਾਂ ਬੰਨ੍ਹੇ ਜਾਂਦੇ ਟੱਪ, ਲੀਡਰਾਂ ਦੀ ਖੱਪ, ਰਹਿੰਦੀ ਸੰਸਦ 'ਚ ਪੈਂਦੀ ਏ। ਲਾਇਆ ਇੱਕ ਟੇਵਾ, ਸਭ ਲੁੱਟਦੇ ਆ ਮੇਵਾ, ਉਞਂ ਰਾਜ ਨਹੀਂਓਂ ਸੇਵਾ, ਇਹ ਤਾਂ ਨੰਨ੍ਹੀ ਛਾਂ ਵੀ ਕਹਿੰਦੀ ਏ। ਗਊ ਮਾਂ ਦੀ ਪੱਟੀ, ਜੋਗੀ ਜਾਂਦਾ ਨਿੱਤ ਰੱਟੀ, ਉਹਨੇ ਯਾਦਵਾਂ ਦੀ ਫੱਟੀ, ਓਥੇ ਰੱਖ ਦਿੱਤੀ ਪੋਚ ਕੇ। ਰਾਜਾ ਬਈ ਵੜਿੰਗ ਕਿੰਗ, ਰੋਜ਼ ਹੀ ਫ਼ਸਾਉਂਦਾ ਸਿੰਗ, ਬੋਲਦਾ ਏ ਤਿੰਗ ਤਿੰਗ, ਬੋਲੇ ਨਾ ਜੀ ਸੋਚ ਕੇ। ਮਾਰੇ ਲੀਡਰਾਂ ਨੇ ਡਾਕੇ, ਮੱਲੀ ਬੈਠੇ ਆ ਇਲਾਕੇ, ਇਹ ਪੰਜਾਬੀਆਂ ਦੇ ਕਾਕੇ, ਜੀ ਸਿਆਸਤਾਂ ਤੋਂ ਦੂਰ ਨੇ। ਖ਼ੂਨ ਦੇ ਪਿਆਸੇ, ਫਿਰਦੇ ਨੇ ਆਸੇ ਪਾਸੇ ਯਾਰੋ, ਬੈਂਸ ਦੇ ਖੁਲਾਸੇ, ਖਾਸੇ ਹੁੰਦੇ ਮਸ਼ਹੂਰ ਨੇ। ਗਈ ਪਾਰਟੀ ਏ ਵੰਡੀ, ਕਦੇ ਪੂਰੀ ਸੀ ਜੀ ਝੰਡੀ, ਖੁੱਡੀਆ ਤੇ ਤਲਵੰਡੀ, ਜਗਦੇਵ ਜਦੋਂ ਯਾਰ ਸੀ। ਸਿਆਸਤ ਦੀ ਚਾਲ, ਲੈਂਦੀ ਆਪੇ ਮੋਹਰੇ ਭਾਲ, ਹਰਚੰਦ ਲੌਂਗੋਵਾਲ, ਦਿੱਤਾ ਗੋਲੀਆਂ ਨਾ' ਮਾਰ ਸੀ। ਟੌਹੜਾ ਬਰਨਾਲਾ, ਸੰਤ ਭਿੰਡਰਾਂ ਓਹ ਵਾਲਾ, ਜਦੋਂ ਦੌਰ ਸੀ ਜੀ ਕਾਲਾ, ਇਹ ਪੰਜਾਬ ਸਾਰਾ ਜਾਣਦਾ। ਆਪਣਾ ਬਰੈਂਡ, ਮੰਗੇ ਸਿੱਖ ਹੋਮਲੈਂਡ, ਇਸ ਗੱਲ ਤੇ ਸਟੈਂਡ ਪੂਰਾ,ਸਿਮਰਨਜੀਤ ਮਾਨ ਦਾ,। ਮਿਲਦੀ ਨਹੀਂ ਚਾਲ, ਜਗਮੀਤ ਵੀ ਕਮਾਲ, ਇੱਕ ਖਹਿਰਾ ਸੁਖਪਾਲ, ਯਾਰੋ ਮੁੱਢ ਤੋਂ ਹੀ ਬਾਗੀ ਆ। ਛੋਟੇਪੁਰ ਛਾਇਆ, ਨਵੀਂ ਪਾਰਟੀ ਲਿਆਇਆ, ਉੱਤੇ ਦੋਸ਼ ਵੱਡਾ ਲਾਇਆ, ਮਾਇਆ ਕਿਸਨੇ ਤਿਆਗੀ ਆ। ਇੱਕ ਵੀਡੀਓ ਸਤਾਇਆ, ਯਾਰੋ ਸੁੱਚਾ ਤੇ ਘੁਬਾਇਆ, ਜੀ ਵਿਵਾਦਾਂ ਵਿੱਚ ਆਇਆ, ਖੌਰੇ ਝੂਠਾ ਸੀ ਕਿ ਸੱਚਾ ਸੀ। ਸਾਰੇ ਨਾਕੇ ਤੋਂ ਲੰਘਾਦੂੰ, ਮੈਂ ਤਾਂ ਜੁੱਲੀਆਂ ਚੁਕਾਦੂੰ, ਨਾਲੇ ਬਦਲੀ ਕਰਾਦੂੰ, ਚਲੋ ਛੱਡੋ ਜੀ ਓਹ ਬੱਚਾ ਸੀ। ਕੇਜਰੀ ਏ ਵਾਲ, ਜੀਹਨੂੰ ਮਿਲੇ ਪੰਜ ਸਾਲ, ਯਾਰੋ ਕਰਤਾ ਕਮਾਲ, ਹਾਲ ਦਿੱਲੀ ਜਾ ਕੇ ਵੇਖ ਲਓ। ਸਿਰੇ ਦੇ ਦੋ ਠੱਗ, ਪਿੱਛੇ ਭਗਤਾਂ ਦਾ ਵੱਗ, ਲਾਈ ਦੇਸ਼ ਵਿੱਚ ਅੱਗ, ਹੁਣ ਆਪੇ ਤੁਸੀਂ ਸੇਕ ਲਓ। ਚੌਟਾਲਿਆਂ ਦਾ ਬੋਲ ਬਾਲਾ, ਦੇਵੀ ਲਾਲ ਜੀ ਚੋਟਾਲਾ, ਜੇ ਬੀ ਟੀ ਦਾ ਘੋਟਾਲਾ, ਉਹਦੇ ਮੁੰਡੇ ਨੂੰ ਫਸਾ ਗਿਆ। ਓਮ ਪ੍ਰਕਾਸ਼ ਹੋਇਆ ਬੁੱਢਾ, ਯਾਰੋ ਖੱਟੜ ਤੇ ਹੁੱਡਾ, ਇੱਕ ਚਾਬੀ ਵਾਲਾ ਗੁੱਡਾ, ਗੁੱਡੀ ਆਪਣੀ ਚੜ੍ਹਾ ਗਿਆ। ਮੌਲਾਨਾ ਜੀ ਅਜਾਦ, ਯ਼ਾਦ ਆਇਆ ਚਿਰਾਂ ਬਾਅਦ, ਇੱਕ ਲਾਲੂ ਪ੍ਰਸਾਦ, ਚਾਰਾ ਗਾਵਾਂ ਦਾ ਵੀ ਖਾ ਗਿਆ। ਐਨੀ ਸਾਫ ਨਹੀਂ ਸੀ ਪਿੱਚ, ਮਹਾਂਰਾਸ਼ਟਰ ਦੇ ਵਿੱਚ, ਸ਼ਿਵ ਸੈਨਾ ਗਈ ਖਿੱਚ, ਉੱਥੇ ਠਾਕਰੇ ਸੀ ਆ ਗਿਆ। ਵੱਖਰਾ ਸੀ ਸੂਬਾ, ਕਸ਼ਮੀਰ ਵੀ ਅਜੂਬਾ ਜਿੱਥੇ ਰਹਿੰਦੀ ਮਹਿਬੂਬਾ, ਯਾਰੋ ਸੱਯਦਾਂ ਦੀ ਕੁੜੀ ਆ। ਉਮਰ ਅਬਦੁੱਲਾ ਓਦੋਂ ਛੱਡਿਆ ਨਹੀਂ ਖੁੱਲ੍ਹਾ, ਗੱਲ ਆਈ ਉੱਤੇ ਬੁੱਲਾਂ, ਫੇਰ ਮੁੜਕੇ ਨਾ ਮੁੜੀ ਆ। ਇੱਕ ਭੈਣ ਮਾਇਆਵਤੀ, ਦੀਦੀ ਮਮਤਾ ਦੀ ਗਤੀ, ਨਾ ਵਿਆਹੀ ਨਾ ਹੀ ਪਤੀ, ਸਤੀ ਹੋਈ ਰਾਜਨੀਤੀ 'ਚ। ਇੱਕ ਬੰਦਾ ਏ ਮਹਾਨ, ਜੀ ਅਵੱਲੇ ਜਿਹੇ ਬਿਆਨ, ਪਿਓ ਨੂੰ ਪਿਤਾ ਦੇ ਸਮਾਨ, ਕਹੀ ਜਾਂਦਾ ਖਾਧੀ ਪੀਤੀ 'ਚ। ਵਾਜਾਂ ਮਾਰੀਆਂ ਬੁਲਾਇਆ, ਹੱਥ ਕਈਆਂ ਨਾ ਮਿਲਾਇਆ, ਹੰਸ ਰਾਜ ਨੇ ਸੁਣਾਇਆ, ਇਹ ਤਾਂ ਫੱਕਰਾਂ ਦੀ ਮੌਜ਼ ਐ। ਪਾ ਲਓ ਭਗਵੇਂ ਉਏ ਚੋਲੇ, ਸੱਚ ਮੀਡੀਆ ਨਾ ਬੋਲੇ, ਉਹਲੇ ਰੱਖੇ ਘੱਟ ਤੋਲੇ, ਲਾਈ ਥਾਂ ਥਾਂ ਤੇ ਫੌਜ ਐ। ਕਵੀ ਅਟੱਲ ਬਿਹਾਰੀ, ਅਡਵਾਨੀ ਨਾਲ ਯਾਰੀ, ਬਾਜੀ ਐਟਮ ਦੀ ਮਾਰੀ, ਸਾਰੀ ਗੱਲ ਰੱਖੀ ਓਹਲੇ ਚ। ਮੋਦੀ ਦੇ ਕਨੂੰਨ, ਖੋਹਿਆ ਚੈਨ ਤੇ ਸਕੂਨ, ਯਾਰੋ ਵੱਖਰਾ ਜ਼ਨੂੰਨ, ਹੁੰਦਾ ਸੰਘੀਆਂ ਦੇ ਟੋਲੇ ਚ। ਨਹਿਰੂ ਤੇ ਪਟੇਲ, ਕੱਟੀ ਦੋਹਾਂ ਨੇ ਹੀ ਜੇਲ, ਇਹ ਸਿਆਸਤ ਦਾ ਖੇਲ, ਨਹੀਂ ਬੱਚਿਆਂ ਨਦਾਨਾਂ ਦਾ। ਕੀਹਨੇ ਮਾਰਿਆ ਸੁਭਾਸ਼, ਨਾ ਹੀ ਮਿਲੀ ਓਹਦੀ ਲਾਸ਼, ਕਹਿੰਦੇ ਹੋ ਵਿਨਾਸ਼, 'ਕਾਸ਼ 'ਚ ਵਿਮਾਨਾਂ ਦਾ। ਅਮਰੀਕਾ ਲਈ ਓਸਾਮਾ, ਜਿਵੇ ਚੀਨ ਲਈ ਏ ਲਾਮਾਂ, ਅਪਰਾਧ ਦਾ ਪਿਤਾਮਾ, ਜਿਵੇਂ ਇੰਡੀਆ ਨੂੰ ਦਾਊਦ ਐ। ਪਰਵੇਜ਼ ਨੂੰ ਜੀ ਕੇਸ ਵਿੱਚ, ਫਾਂਸੀ ਹੋਈ ਦੇਸ਼ ਵਿੱਚ, ਬੈਠਾ ਏ ਵਿਦੇਸ਼ ਵਿੱਚ, ਮਾਲੀਆ ਦੀ ਮੌਜ਼ ਐ। ਛੀ ਜਿਨਪਿੰਗ, ਯਾਰੋ ਚੀਨ ਦਾ ਏ ਕਿੰਗ, ਇੱਕ ਕੋਰੀਆ ਦਾ ਕਿੰਮ, ਦੇਸ਼ ਮਾਰਦਾ ਏ ਚੀਕਾਂ ਜੀ। ਬਰਾਕ ਓਬਾਮਾ, ਜੀਹਨੇ ਮਾਰਿਆ ਓਸਾਮਾ, ਉਂਝ ਬੰਦਾ ਪੂਰਾ ਕਾਮਾ, ਰਹਿੰਦਾ ਵਿੱਚ ਅਮਰੀਕਾ ਜੀ। ਡੋਨਾਲਡ ਟਰੰਪ, ਦੇਖੋ ਮਾਰਦਾ ਏ ਜੰਪ ਜੀ ਮਿਸਾਈਲ ਕਰੇ ਜੰਪ, ਉਹਨੇ ਸੁਲੇਮਾਨੀ ਮਾਰਿਆ। ਅੱਗੋਂ ਆਇਤੁੱਲਾ ਕਹਿੰਦਾ, ਹੁਣ ਚੁੱਪ ਨਹੀਂਓਂ ਬਹਿੰਦਾ, ਦੇਸ਼ ਜ਼ੁਲਮ ਨਹੀਂ ਸਹਿੰਦਾ, ਨਹੀਂ ਇਰਾਨ ਹਜੇ ਹਾਰਿਆ। ਗੱਲ ਰਸ਼ੀਆ ਤੋਂ ਤੁਰੀ, ਫੇਰ ਚੀਨ ਵੱਲ ਮੁੜੀ ਇਹੇ ਸਾਥੀਆਂ ਦੀ ਪੁੜੀ, ਜਦੋਂ ਖੁੱਲ੍ਹੀ ਓਦੋਂ ਵੇਖਾਂਗੇ। ਛੱਡੋ ਲੋਕਤੰਤਰ, ਇਹ ਮਾਰਕਸ ਦਾ ਮੰਤਰ, ਜੀ ਮਹਿਲਾਂ ਨੂੰ ਬਸੰਤਰ, ਲਾ ਫੇਰ ਆਪਾਂ ਸੇਕਾਂਗੇ। ਸਭ ਛੱਡ ਗਏ ਸੀ ਪੱਲਾ, ਰੂਸ ਰਹਿ ਗਿਆ ਇਕੱਲਾ, ਜੀ ਸਟਾਲਿਨ ਓਹ ਝੱਲਾ, ਕਹਿੰਦਾ ਸਾਰਿਆਂ ਨੂੰ ਵੇਖ ਲਊਂ। ਪੂਰਾ ਲੈਂਦਾ ਏ ਅਨੰਦ, ਰਾਜੇ ਦਾ ਜੋ ਫਰਜ਼ੰਦ, ਬੜੀ ਸ਼ਾਇਰੀ ਏ ਪਸੰਦ ਜੀ ਦੁਬੱਈ ਵਾਲੇ ਸ਼ੇਖ ਨੂੰ। ਯੋਗਦਾਨ ਬਾਪ ਮਾਂ ਦਾ, ਦਾਦੇ ਕੱਤਰ ਸਿਹਾਂ ਦਾ, ਦੱਸ ਗਿਆ ਜਾਂਦਾ ਜਾਂਦਾ, ਬਾਪੂ ਰਾਜ ਵੱਡੇ ਵੱਡੇ ਆ। ਰੱਬ ਨੇ ਜੇ ਚਾਹਿਆ ਫੇਰ, ਆਪਾਂ ਮਿਲਾਂਗੇ ਦੁਬੇਰ, ਉਞੰ ਪਹਿਲਾਂ ਵੀ ਕਈ ਸ਼ੇਅਰ, ਮੈਂ ਤਾ ਲਿਖ ਲਿਖ ਛੱਡੇ ਆ।

ਕਿੱਤਿਆਂ ਦਾ ਛੰਦ

ਆਪੋ ਆਪਣੇ ਜੀ ਕਿੱਤੇ ਰੱਬ ਨੇ ਆ ਸਾਨੂੰ ਦਿੱਤੇ, ਰਹਿਣਾ ਪੈਂਦਾ ਰੱਖੇ ਜਿੱਥੇ ਗੱਲਾਂ ਨੇ ਪੁਰਾਣੀਆਂ। ਪੈਂਦਾ ਮਿਹਨਤਾਂ ਦਾ ਮੁੱਲ, ਤੂੰ ਤਾਂ ਲੈ ਕੇ ਪਿਆ ਜੁੱਲ, ਇੰਝ ਮੰਜ਼ਿਲਾਂ ਬਈ ਕੁੱਲ ਜਿੱਤੀਆਂ ਨਹੀਂ ਜਾਣੀਆਂ। ਪਹਿਲਾਂ ਸਭ ਤੋਂ ਕਿਸਾਨ, ਖੇਤੀਂ ਜਾਣ ਤੇ ਉਗਾਣ, ਲੋਕ ਅੰਨ ਜਿਹੜਾ ਖਾਣ, ਭਾਵੇਂ ਔਖਾ ਸੌਖਾ ਸਾਰਦੇ। ਇੱਕ ਉੱਤੋਂ ਸਰਕਾਰ, ਨਵਾਂ ਪਾਈ ਜਾਂਦੀ ਭਾਰ ਪਰ ਮੰਨਦੇ ਨਹੀਂ ਹਾਰ ਏਨੀ ਛੇਤੀ ਨਹੀਂਓ ਹਾਰਦੇ। ਰਹਿੰਦੇ ਭਾਲਦੇ ਨਿਊਜ਼, ਬੱਸ ਲਾਈਕ ਤੇ ਵਿਊਜ਼, ਸੂਝ-ਬੂਝ ਨਾ ਹੀ ਯੂਸ ਕਦੇ ਵਿਚਾਰ ਜੀ। ਕਈ ਰੱਖਦੇ ਜੋ ਦਮ, ਕਰਦੇ ਨੇ ਚੰਗਾ ਕੰਮ, ਚੌਥਾ ਦੇਸ਼ ਦਾ ਨੇ ਥੰਮ ਇਹ ਪੱਤਰਕਾਰ ਜੀ। ਟੀਚਰਾਂ ਨੂੰ ਛੁੱਟੀ ਦਾ, ਮੁਨੀਮ ਨੂੰ ਜੀ ਗੁੱਟੀ ਦਾ, ਲਿਖਾਈ ਟੁੱਟੀ ਫੁੱਟੀ ਦਾ, ਜੀ ਡਾਕਟਰਾਂ ਨੂੰ ਵੱਲ ਆ। ਚੱਕਦੇ ਉਦਾਸੀਆਂ ਨੂੰ, ਵੰਡਦੇ ਨੇ ਹਾਸੀਆਂ ਨੂੰ, ਜੀ ਭੰਡਾਂ ਮਰਾਸੀਆਂ ਨੂੰ, ਆਉਂਦੀ ਬੜੀ ਗੱਲ ਆ। ਆਰੀ ਤੇਸੇ ਰੰਦੇ ਦੀ ਤਰਖਾਣਾਂ ਦੇ ਜੀ ਧੰਦੇ ਦੀ, ਪਛਾਣ ਹੁੰਦੀ ਬੰਦੇ ਦੀ, ਸਦਾ ਹੀ ਉਹਦੀ ਪੱਗ ਨਾ'। ਹੱਥ ਜੀ ਲੋਹਾਰ ਦੇ, ਔਜ਼ਾਰ ਨੂੰ ਸਵਾਰਦੇ, ਤੇ ਲੋਹੇ ਨੂੰ ਪੰਘਾਰਦੇ, ਹੁੰਦੇ ਆ ਯਾਰੋ ਅੱਗ ਨਾ। ਸ਼ਾਮ ਜ਼ਾਮ ਦੇ ਹੀ ਨਾਮ, ਬੜੇ ਹੋਏ ਬਦਨਾਮ, ਉਸ ਮਹਿਕਮੇ ਦਾ ਨਾਮ, ਹੈ ਪੁਲਿਸ ਵਾਲੇ ਜੀ। ਭਾਵੇਂ ਫੇਰਦੇ ਆ ਸੋਟੀ, ਤੇ ਕਮਾਈ ਵੀ ਆ ਮੋਟੀ ਚੌਵੀ ਘੰਟੇ ਆ ਡਿਊਟੀ, ਟੈਂਸ਼ਨਾਂ ਨੇ ਖਾ'ਲੇ ਜੀ। ਕਰਿਆਨੇ ਦੀ ਦੁਕਾਨ, ਪੈਂਦਾ ਰੱਖਣਾ ਧਿਆਨ, ਪੂਰਾ ਹੁੰਦਾ ਨਹੀਂ ਸਮਾਨ, ਤੇ ਉਧਾਰ ਮਾਰਜੇ। ਮਹਿੰਗਾ ਹੋਈ ਜਾਵੇ ਥੋਕ ਯਾਰੋ ਬਿਨਾ ਰੋਕ-ਟੋਕ, ਉੱਤੋਂ ਟੈਕਸ ਜਿਹੇ ਠੋਕ ਸਰਕਾਰ ਮਾਰਜੇ। ਹੁੰਦੀ ਪੂਰੀ ਸਰਦਾਰੀ, ਜਿਹਦੀ ਜੌਬ ਸਰਕਾਰੀ, ਪਟਵਾਰੀ ਤੇ ਲਿਖਾਰੀ ਦੋਵੇਂ ਕਲਮਾਂ ਨਾ' ਮਾਰਦੇ। ਬੰਦਾ ਹੁੰਦਾ ਏ ਜਲੀਲ, ਜੀ ਕਚਿਹਰੀਆਂ ਚ ਡੀਲ, ਕਾਲੇ ਕੋਟ 'ਚ ਵਕੀਲ ਵੱਡੇ ਵੱਡਿਆਂ ਨੂੰ ਚਾਰਦੇ। ਢਾਬਿਆਂ ਤੇ ਸੌਣਾ ਨਹਾਉਣਾ, ਨਾਲੇ ਗੱਡੀਆਂ ਚਲਾਉਣਾ, ਯਾਰੋ ਲਿਖਣਾ ਮੈਂ ਚਾਹੁੰਣਾ, ਹਾਂ ਡਰੈਵਰਾਂ ਦੀ ਅੱਖ ਤੇ। ਪੈਂਦੇ ਸ਼ਬਦ ਵੀ ਥੋੜੇ, ਕਿੰਨੇ ਕੂਹਣੀ ਮੋੜ ਮੋੜੇ, ਯਾਰੋ ਟੈਰਾਂ ਦੇ ਕਈ ਜੋੜੇ, ਵੀ ਘਸਾਕੇ ਇਹਨਾ ਰੱਖਤੇ। ਕਦੇ ਦਿੰਦੇ ਆ ਵਧਾਈ, ਕਦੇ ਦੁੱਖ ਚ ਸਹਾਈ ਯਾਰੋ, ਨਾਈ ਹਲਵਾਈ, ਕੰਮ ਵਿਆਹਾਂ ਵਿੱਚ ਆਉਂਦੇ ਆ। ਕੈਂਚੀਆਂ ਮਸ਼ੀਨਾਂ ਨਾਲ, ਜਿਹੜੇ ਕੱਟਦੇ ਆ ਵਾਲ, ਦੱਸਾਂ ਉਹਨਾਂ ਦਾ ਵੀ ਹਾਲ, ਜੋ ਸੈਲੂਨ ਨੂੰ ਚਲਾਉਂਦੇ ਆ। ਬਾਬੇ ਰਿਸ਼ਕਾ ਕਈ ਵਾਹੂੰਦੇ, ਰੋਜ਼ੀ ਰੋਟੀ ਆ ਕਮਾਉਂਦੇ, ਕਈ ਆਟੋ ਵੀ ਚਲਾਉਂਦੇ, ਬਾਈ ਆਟੋ ਵਾਲੇ ਜੀ। ਹੋਲੀ ਬਾਈਕ ਨੀ ਚਲਾਉਂਦੇ, ਨਾ ਚਾਹੁੰਦੇ ਵੀ ਭਜਾਉਂਦੇ, ਛੇਤੀ ਆਰਡਰ ਪਹੁੰਚਾਉਂਦੇ, ਆ ਜੋਮਾਟੋ ਵਾਲੇ ਜੀ। ਸਮਾਈਲ ਜੀ ਪਲੀਜ਼, ਇੱਕ ਵਾਰੀ ਆਖੋ ਚੀਜ਼, ਲਾਉਂਦੇ ਫੋਟੋ ਉੱਤੇ ਰੀਝ, ਫੋਟੋ ਵਾਲੇ ਬਾਈ ਜੀ। ਲਾਡੀ ਰਵਨੇ ਜਿਹੇ ਨੈਸ਼, ਕੱਲੀ ਮਾਰਦੇ ਫਲੈਸ਼, ਮੋਟੀ ਚੱਕਦੇ ਆ ਕੈਸ਼, ਕਰਦੇ ਕਮਾਈ ਜੀ। ਕੱਫ਼ ਕਾਲਰ ਕਤੀਰਾ, ਚੀਰਾ ਦੇ ਕੇ ਕੱਟੇ ਤੀਰਾ, ਔਖਾ ਕੰਮ ਹੁੰਦਾ ਵੀਰਾ, ਸਦਾ ਤੁਰਪਾਈ ਦਾ। ਨਾ ਫੂਕੀਏ ਐਨਰਜ਼ੀ ਨੂੰ, ਰੁੱਝੇ ਹੋਏ ਦਰਜੀ ਨੂੰ, ਅੱਕੇ ਹੋਏ ਸਰ ਜੀ ਨੂੰ, ਨਹੀਂ ਬੁਲਾਈ ਦਾ। ਵੱਖਰੇ ਤਰੀਕੇ ਦੀ ਜੀ, ਰਣਨੀਤੀ ਪੀ ਕੇ ਦੀ, ਤੇ ਨਰਸਾਂ ਦੇ ਟੀਕੇ, ਦੀ ਮਾਸਾ ਨਾ ਲੱਗੇ ਪੀੜ ਜੀ। ਕਮਾਈ ਵੀ ਏ ਲ੍ਹੋੜਿਆਂ ਦੀ, ਕੱਲਿਆਂ ਤੇ ਜੋੜਿਆਂ ਦੀ, ਕੁੱਤਿਆਂ ਤੇ ਘੋੜਿਆਂ ਦੀ, ਵੇਚਦੇ ਬ੍ਰੀਡ ਜੀ। ਮੋਚੀਆਂ ਦਾ ਕੰਮ ਤੇ ਸਿਊਂਦੇ ਨਿੱਤ ਚੰਮ, ਰੱਬਾ ਦੇਵੀਂ ਨਾ ਕੋਈ ਗ਼ਮ, ਝੋਲੀ ਖੁਸ਼ੀਆਂ ਨਾ ਭਰਦੇ। ਕਰੀਂ ਮੇਹਰ ਇਨਸਾਨਾਂ ਤੇ ਤੂੰ ਉਹਨਾਂ ਵੀ ਜਵਾਨਾਂ ਤੇ, ਜੋ ਲੱਗੇ ਆ ਦੁਕਾਨਾਂ ਤੇ ਬੜਾ ਹੀ ਕੁੱਝ ਜਰਦੇ। ਲੀਡਰਾਂ ਦੇ ਲਾਰੇ, ਕਈ ਜਿੱਤੇ ਕਈ ਹਾਰੇ, ਸਰਕਾਰੇ ਦਰਬਰੇ ਫੁੱਲ ਹੁੰਦੀ ਸੁਣਵਾਈ ਜੀ। ਕਈ ਪਾ ਗਏ ਆ ਚੁਬਾਰੇ, ਕਈ ਉੱਜੜੇ ਵਿਚਾਰੇ, ਕਈ ਮਾਰਦੇ ਰਹੇ ਨਾਹਰੇ, ਕਈ ਕਰਗੇ ਚੜਾਈ ਜੀ। ਪੜਾਕੂਆ ਦੇ ਐਨਕ, ਜੀ ਸੰਦਾਂ ਨਾ ਮਕੈਨਕ, ਤੇ ਬਾਡਰ ਤੇ ਸੈਨਿਕ, ਬੰਦੂਕ ਨਾਲ ਜੱਚਦੇ। ਜੰਗ ਵਿੱਚ ਜਾਕੇ, ਲੜਦੇ ਆ ਹਿੱਕਾਂ ਡਾਹ ਕੇ, ਤੇ ਸ਼ਹੀਦੀਆਂ ਕਈ ਪਾਕੇ ਇਤਿਹਾਸ ਨਵਾਂ ਰਚਦੇ। ਕੱੜਛੀ ਕੜਾਹੀ ਛਾਬੇ, ਤੇ ਚਲਾਉਂਦੇ ਆ ਕਈ ਢਾਬੇ, ਕਈ ਡੇਰੇਆਂ ਚ ਬਾਬੇ ਕਾਰੋਬਾਰ ਕਰੀ ਜਾਂਦੇ ਆ। ਬਜਾਜੀ ਦੀ ਦੁਕਾਨ, ਰਹਿੰਦੇ ਖਿੱਲਰੇ ਆ ਥਾਨ, ਬਦਲੀ ਟ੍ਰੈਂਡ ਜਾਣ, ਏਸੇ ਗੱਲੋਂ ਡਰੀ ਜਾਂਦੇ ਆ। ਸੁਨਿਆਰ ਘੁਮਿਆਰ ਠਠਿਆਰ ਤੇ ਲੋਹਾਰ, ਚਾਰੇ ਕਿੱਤੇ ਇਹੇ ਯਾਰ, ਸਾਡੇ ਵਿਰਸੇ ਨਾ ਜੁੜੇ ਆ। ਪਹਿਲਾਂ ਵਾਲੀ ਗੱਲ, ਕਿੱਥੇ ਰਹਿ ਗਈ ਅੱਜ ਕੱਲ੍ਹ, ਹੈ ਨੀ ਘਰ-ਘਰ ਮੱਲ, ਲੰਘੇ ਵੇਲੇ ਕਿੱਥੇ ਮੁੜੇ ਆ। ਬਾਈ ਆਤਮੇ ਨਾ ਯਾਰੀ, ਕਰੇ ਘਰਾਂ ਦੀ ਉਸਾਰੀ, ਗੱਲ ਕਰਦੇ ਕਰਾਰੀ, ਜਿਹੜੀ ਮਾੜੀ ਲੱਗੇ ਨਾ। ਫਿਕਰਾਂ ਨਾ ਚਿੱਟੀ ਦਾੜੀ ਜਿਹੜੇ ਕਰਦੇ ਦਿਹਾੜੀ, ਲੱਗੇ ਕਿਸਮਤ ਮਾੜੀ ਜੇ ਦਿਹਾੜੀ ਲੱਗੇ ਨਾ। ਹੋਏ ਵਤਨਾਂ ਤੋਂ ਦੂਰ, ਦੇਸ਼ ਭੁੱਲੇ ਨਾ ਹਜ਼ੂਰ, ਥੱਕ ਟੁੱਟ ਚੂਰ-ਚੂਰ, ਬਣ ਗਏ ਮਸ਼ੀਨ ਜੀ। ਪਹੀਆਂ ਮੋਟਰਾਂ ਕਮਾਦ, ਏਸ ਪਾਣੀ ਦਾ ਸਵਾਦ, ਫੇਰ ਆਂਵਦੀ ਏ ਯਾਦ, ਪਿੰਡ ਦੀ ਜ਼ਮੀਨ ਜੀ। ਇੱਕ ਪੱਟੀਏ ਨਾ ਰੁੱਖ, ਦੂਜੀ ਹੁੰਦੀ ਕੀ ਏ ਭੁੱਖ, ਫੇਰ ਪਤਾ ਲੱਗੇ ਦੁੱਖ, ਜੇ ਹੰਢਾਇਆ ਹੋਵੇ ਆਪ ਨੇ। ਬੜਾ ਕੁਝ ਜ਼ਰਿਆ ਜੀ, ਜਿੱਤ ਜਿੱਤ ਹਰਿਆ, ਤੇ ਮਾੜਾ ਨਹੀਂ ਕਰਿਆ, ਕਿਸੇ ਦਾ ਮੇਰੇ ਬਾਪ ਨੇ। ਦੱਸ ਜਾਵਾਂ ਜਾਣ ਲੱਗੇ ਥੋਨੂੰ ਚੰਗੀ ਸ਼ਾਇਦ ਲੱਗੇ, ਆਪ ਲੰਘੀਏ ਨਾ ਅੱਗੇ, ਜੀ ਕਿਸੇ ਨੂੰ ਪਿੱਛੇ ਰੋਕ ਕੇ। ਵਰਿੰਦਰ ਦੇ ਛੰਦ ਸੁਣ ਆਊਗਾ ਅਨੰਦ, ਪਾਈਏ ਸ਼ੌਂਕ ਦੇ ਹੀ ਤੰਦ, ਗੱਲ ਕਰੀਏ ਜੀ ਠੋਕ ਕੇ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਵਰਿੰਦਰ ਸਿੰਘ ਔਲਖ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ