Dr. Navjot Kaur
ਡਾ. ਨਵਜੋਤ ਕੌਰ

ਡਾ. ਨਵਜੋਤ ਕੌਰ ਸਮਾਜਿਕ ਚੇਤਨਾ ਨਾਲ ਭਰਪੂਰ ਕਵਿੱਤਰੀ ਹੈ ਜਿਸਨੂੰ ਇਹ ਸੋਚ ਆਪਣੇ ਬਾਬਲ ਸ: ਸਵਿੰਦਰ ਸਿੰਘ ਜੀ (ਲੈਕਚਰਰ ਅੰਗਰੇਜ਼ੀ) ਤੇ ਮਾਤਾ ਜੀ ਸਰਦਾਰਨੀ ਅਮਰੀਕ ਕੌਰ(ਹੈਡਮਿਸਟਰੈੱਸ) ਤੋਂ ਗੁੜ੍ਹਤੀ ਵਿੱਚ ਮਿਲੀ। 4 ਅਕਤੂਬਰ 1965 ਨੂੰ ਪਿੰਡ ਭੰਗਾਲਾ( ਨੇੜੇ ਮੁਕੇਰੀਆਂ ) ਜ਼ਿਲ੍ਹਾ ਹੋਸ਼ਿਆਰਪੁਰ ਚ ਜਨਮੀ ਨਵਜੋਤ ਕੌਰ ਨੇ ਦਸੂਹਾ ਤੋਂ ਦਸਵੀਂ ਪਾਸ ਕਰਕੇ ਅਗਲੇਰੀ ਸਿੱਖਿਆ ਕੰਨਿਆ ਮਹਾਂ ਵਿਦਿਆਲਯ ਜਲੰਧਰ ਤੋਂ ਹਾਸਲ ਕੀਤੀ। ਗੌਰਮਿੰਟ ਕਾਲਿਜ ਹੋਸ਼ਿਆਰਪੁਰ ਤੋਂ ਐੱਮ ਏ ਪੰਜਾਬੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਫਿੱਲ ਲਈ ਜਸਵੰਤ ਸਿੰਘ ਵਿਰਦੀ ਦੇ ਨਾਵਲ ਅੱਧੀ ਰਾਤ ਬਾਰੇ ਖੋਜ ਪ੍ਰਬੰਧ ਲਿਖਿਆ। ਜਿਸ ਕੰਨਿਆ ਮਹਾਂ ਵਿਦਿਆਲਯ ਤੋਂ ਗਰੈਜੂਏਸ਼ਨ ਕੀਤੀ ਸੀ ਉਸੇ ਕਾਲਿਜ ਚ ਹੀ 1988 ਤੋਂ 2016 ਤੀਕ ਪੰਜਾਬੀ ਵਿਭਾਗ ਦੇ ਅਧਿਆਪਕ ਤੇ ਮੁਖੀ ਬਣਨ ਦਾ ਮਾਣ ਮਿਲਿਆ। ਇਥੇ ਪੜ੍ਹਾਉਂਦਿਆਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਰਿਭਜਨ ਹਲਵਾਰਵੀ ਤੇ ਅਮਰਜੀਤ ਚੰਦਨ : ਵਿਚਾਰਧਾਰਕ ਅਧਿਐਨ ਵਿਸ਼ੇ ਤੇ ਡਾ: ਬਲਜੀਤ ਕੌਰ ਜੀ ਦੀ ਅਗਵਾਈ ਹੇਠ ਡਾਕਟਰੇਟ ਦੀ ਡਿਗਰੀ ਕੀਤੀ।

2016 ਤੋਂ ਡਾ. ਨਵਜੋਤ ਕੌਰ ਲਾਇਲਪੁਰ ਖ਼ਾਲਸਾ ਕਾਲਿਜ ਫਾਰ ਵਿਮੈੱਨ ਜਲੰਧਰ ਦੀ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਹੈ। ਵੱਖ ਵੱਖ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਔਰਤ ਸ਼ਕਤੀਕਰਨ, ਸਿੱਖਿਆ, ਸਾਹਿੱਤ, ਸਭਿਆਚਾਰ ਤੋਂ ਇਲਾਵਾ ਸਮਾਜਿਕ ਮੁੱਦਿਆਂ ਤੇ ਲੇਖ ਲਿਖਣੇ ਉਸ ਦੇ ਸ਼ੌਕ ਦਾ ਹਿੱਸਾ ਹੈ। ਡੀ ਏ ਵੀ ਕਾਲਿਜ ਜਲੰਧਰ ਚ ਪ੍ਰੋਫੈਸਰ ਪ੍ਰੋ. ਕਮਲਦੀਪ ਸਿੰਘ ਜੀ ਦੀ ਜੀਵਨ ਸਾਥਣ ਡਾ. ਨਵਜੋਤ ਕੌਰ ਦੋ ਧੀਆਂ ਸੁਮੇਲ ਕਮਲ ਤੇ ਗੁਰਨਿਹਮਤ ਕੌਰ ਦੀ ਮਾਂ ਹੈ। ਕਵਿਤਾ ਲਿਖਣ ਤੋਂ ਇਲਾਵਾ ਡਾ. ਨਵਜੋਤ ਕੌਰ ਦੀ ਖੋਜ ਬਿਰਤੀ ਵੀ ਪ੍ਰਬਲ ਹੈ। ਉਸ ਦੀਆਂ ਲਿਖੀਆਂ ਕੁਝ ਖੋਜ ਪੁਸਤਕਾਂ ਵਿੱਚੋਂ ਪ੍ਰਮੁੱਖ ਅਮਰਜੀਤ ਚੰਦਨ-ਹਰਿਭਜਨ ਹਲਵਾਰਵੀ ਕਾਵਿ ਸਾਂਝ ਤੇ ਨਿਖੇੜਾ, ਪ੍ਰਤੀਬੱਧਤਾ ਦਾ ਪ੍ਰਮਾਣ ਹਲਵਾਰਵੀ ਕਾਵਿ, ਅਮਰਜੀਤ ਚੰਦਨ ਕਾਵਿ ਦਾ ਵਿਚਾਰਧਾਰਕ ਅਧਿਐਨ, ਕੰਮੀਆਂ ਦਾ ਸ਼ਾਇਰ: ਸੰਤ ਰਾਮ ਉਦਾਸੀ, ਲੋਕ ਰੋਹ ਦਾ ਰੂਪਾਂਤਰਣ: ਸੰਤ ਰਾਮ ਉਦਾਸੀ ਕਾਵਿ ਤੇ ਲੋਕ ਬੋਲੀਆਂ ਦਾ ਪੰਜਾਬੀ ਸਭਿਆਚਾਰ ਪ੍ਰਮੁੱਖ ਹਨ। ਉਸ ਦੀ ਕਵਿਤਾ ਉਨ੍ਹਾਂ ਲੋਕਾਂ ਦੀ ਆਵਾਜ਼ ਹੈ ਜੋ ਹਾਸ਼ੀਏ ਤੋਂ ਬਾਹਰ ਕੱਢ ਦਿੱਤੇ ਗਏ ਹਨ।