Punjabi Kavita
  

Punjabi Poetry : Dr. Navjot Kaur

ਡਾ. ਨਵਜੋਤ ਕੌਰ ਪੰਜਾਬੀ ਕਵਿਤਾਵਾਂ1. ਮੁੱਕੇਗੀ ਜ਼ਰੂਰ ਇਹ ਕੁਲਹਿਣੀ ਰਾਤ

ਬੇਅੰਤ ਉਦਾਸ ਹਾਂ ਪਰ ਬਿਲਕੁਲ ਨਹੀਂ ਨਿਰਾਸ਼ ਨਾ ਕਿਣਕਾ ਮਾਤਰ ਹਤਾਸ਼.... ਆਸ ਦੀ ਇੱਕ ਕਿਰਨ ਚੱਲ ਰਹੀ ਹੈ ਨਾਲ ਨਾਲ। ਛੱਤੀ ਸਾਲ ਪਹਿਲਾਂ ਵੀ ਤਾਂ ਆਈ ਸੀ ਅੰਨ੍ਹੀ ਬੋਲ਼ੀ ਕਾਲ਼ੀ ਰਾਤ..... ਪਰ ਇਹ ਵੱਧ ਖੌਫਨਾਕ.... ਉਹ ਕਾਲਖ ਵੀ ਤਾਂ ਘੜੀ ਸੀ ਖ਼ੁਦ ਇਨਸਾਨ ਨੇ.... ਅੱਜ ਵੀ ਉਹੀ ਫੇਰ...... ਦੁਨੀਆਂ ਤੇ ਕਾਬਜ਼ ਹੋਣ ਦਾ ਸਾਜ਼ ਓ -ਸਮਾਨ.. ਲਾਲਸਾ ਬਲਵਾਨ ਹਾਂ ਲਾਲਸਾ ਹੀ ਮੰਡੀ ਦਾ ਸਾਮਾਨ ਉਸ ਵਕਤ ਮਾਂ ਦਾ ਨਸੀਹਤ ਕਰਦਾ ਖ਼ਤ ਚੇਤੇ ਆਇਆ ਹੋਸਟਲ ਤੋਂ ਬਾਹਰ ਪੈਰ ਵੀ ਨਾ ਧਰੀਂ। ਪਰ ਅੱਜ ਅਲੋਕਾਰ ਦਹਿਸ਼ਤ..... ਦਿਲ ਦਿਮਾਗ ਹੈਰਾਨ ਪਰੇਸ਼ਾਨ ਚਿੰਤਾ ਕੁਲ ਆਲਮ ਚ ਵੱਸਦੇ ਧੀਆਂ ਪੁੱਤਰਾਂ ਦੀ ਮਾਂ ਬਣ ਕੇ ਹੀ ਹੋਇਆ ਮਮਤਾ ਦਾ ਇਹਸਾਸ ਯਕ਼ੀਨ ਹੈ, ਧਰਵਾਸ ਵੀ ਦਿਨ ਫਿਰਨਗੇ , ਸਦਾ ਨਹੀਂ ਰਹਿਣੀ ਇਹ ਕਾਲੀ ਰਾਤ ਜਲਦ ਆਵੇਗੀ ਫਿਰ ਪ੍ਰਭਾਤ.. ਉਦਾਸ ਹਾਂ, ਹਾਂ ਉਦਾਸ ਹਾਂ ਤੇ ਫ਼ਿਕਰਮੰਦ ਵੀ...... .. ਫਿਕਰ ਹੱਥੀਂ ਲਾਏ ਹਰੇ ਕਚੂਰ ਬਿਰਖ਼ਾਂ ਲਈ... ਸੁਰਖ਼ ਗੁਲਾਬਾਂ ਲਈ........ ਜਿਨ੍ਹਾਂ ਨੂੰ ਬੀਜਿਆ ਸਿੰਜਿਆ ਮੇਰੇ ਆਪਣੇ ਸੁਪਨਿਆਂ ਨੇ.. ਪਲ ਪਲ ਪਾਲਿਆ, ਸੰਭਾਲਿਆ। ਪੋਟਾ ਪੋਟਾ ਵਧਦੇ ਦੇਖ ਰੂਹ ਹੋਈ ਸੀ ਸ਼ਰਸ਼ਾਰ... ਹਰ ਸਵੇਰ ਪਾਉਂਦੀ ਉਨ੍ਹਾਂ ਨਾਲ ਦਿਲ ਦੀਆਂ ਬਾਤਾਂ। ਸੁਰਖ਼ ਸੂਹੇ ਮੇਰੇ ਰਾਜ਼ਦਾਰ.... ਹਾਇ ਉਹ ਸੋਹਣੇ ਫੁੱਲ ਲੰਮ ਸਲੰਮੀਆਂ ਮੁਟਿਆਰ ਵੇਲਾਂ.. ਹੋ ਨਾ ਜਾਵਣ ਕਿਧਰੇ ਜ਼ਰਦ ਉਹ ਤਾਂ ਹੋਣਗੀਆਂ ਮੈਥੋਂ ਵੀ ਵੱਧ ਉਦਾਸ.. ਉਥੇ ਨਾ ਪੈਂਦੀ ਹੋਣੀ ਜ਼ਿੰਦਗੀ ਦੀ ਬਾਤ... ਨਾ ਸਜੀ ਸੰਵਰੀ ਪ੍ਰਭਾਤ.. ਹਾਇ ਬੱਸ ਰਾਤ ਹੀ ਰਾਤ. ਬੇਸ਼ੱਕ ਮੈਂ ਉਦਾਸ ਹਾਂ ਪਰ ਮੇਰੇ ਵੇਲ ਬੂਟਿਓ! ਤੁਸੀਂ ਨਾ ਹੋਣਾ ਉਦਾਸ..... ਯਤੀਮ ਹੋਣ ਦਾ ਨਾ ਕਰਨਾ ਕਿਆਸ... ਗੱਲਾਂ ਕਰੋ ਆਪਣੇ ਅੰਤਰ ਮਨ ਨਾਲ.... ਹੋ ਜਾਵੋ ਅੰਤਰ ਧਿਆਨ...... ਫਿਜ਼ਾ ਨੂੰ ਕਰਨਾ ਪਿਆਰ... ਬੱਸ ਕੁਝ ਦਿਨਾਂ ਦੀ ਗੱਲ ਹੈ..... ਕਰਾਂਗੇ ਫਿਰ ਸਰਗੋਸ਼ੀਆਂ..... ਪਾਵਾਂਗੇ ਮੁੜ ਦਿਲ ਦੀ ਬਾਤ...... ਬੱਸ ਕੁਝ ਦਿਨਾਂ ਦੀ ਰਾਤ। ਮੁੜ ਹੋਊ ਪ੍ਰਭਾਤ। ਮੁੱਕੇਗੀ ਜ਼ਰੂਰ ਇਹ ਕੁਲਹਿਣੀ ਰਾਤ.... ਮਿਲੇਗੀ ਜਿੰਦ ਨੂੰ ਖੂਬਸੂਰਤ ਸੌਗ਼ਾਤ।

2. ਸਿੱਲ ਪੱਥਰ

ਦੀਵੇ ਨੂੰ ਵਧਾ ਸੱਪ ਸਪੋਲੀਏ ਵਾਲੀ ਛੰਨ 'ਚੋਂ ਵਾਹੋ ਦਾਹੀ ਭੱਜਦੇ ਮੇਰੇ ਪੈਰ ਨਾ ਸਿਰਫ਼ ਪੈਰ ਭੱਜ ਰਿਹਾ ਹੈ ਦਿਲ ਦਿਮਾਗ ਨਾਲ ਨਾਲ। ਮਾਂ ਦੀ ਦਿੱਤੀ ਵਰੀ ਦੀ ਸਾੜੀ ਮੇਰੇ ਤਨ ਬਦਨ ਤੇ ਇਸ ਨੂੰ ਤਾਂ ਮੈਂ ਮਲਮਲ ਚ ਲਪੇਟ ਸਾਂਭਦੀ ਰਹਿੰਦੀ ਸਾਂ ਹਰ ਪਲ ਕਦੇ ਕਦੇ ਧੁੱਪ ਲਵਾ ਫਿਰ ਸਾਂਭ ਦਿੰਦੀ ਸੀ ਸੰਦੂਕ ਵਿੱਚ। ਮੁਦਤਾਂ ਤੋਂ ਸਾਂਭੀ ਜਗੀਰ ਅੱਜ ਹੋ ਗਈ ਲੀਰੋ ਲੀਰ ਤੇ ਉਹ ਸੰਦੂਕ ਮੇਰੇ ਸਿਰ ਤੇ ਹੈ। ਪਿੱਛੇ ਝਾਤੀ ਮਾਰਦੀ ਹਾਂ ਲੱਗਦਾ ਸਾਰੀ ਕਾਇਨਾਤ ਮੇਰੇ ਪਿੱਛੇ ਕੀ ਮਾਂ -ਪ੍ਰਧਾਨ ਯੁੱਗ ਆ ਗਿਆ? ਕੀ ਮੇਰੀ ਰਾਹ ਨੁਮਾਈ ਚ ਤੁਰ ਰਿਹਾ ਇਹ ਕਾਫ਼ਿਲਾ? ਮਨ ਚ ਉੱਠਦਾ ਹੈ ਇੱਕ ਸਵਾਲ? ਪਰ ਕਿੱਦਾਂ ਦੀ ਕਾਲੀ ਬੋਲੀ ਰਾਤ ਹੈ ਮੌਤ ਵਰਗੀ ਚੁੱਪ ਸੰਨਾਟਾ ਹੈ ਪਸਰਿਆ ਚਾਰ ਚੁਫ਼ੇਰੇ ਕਿੰਨੇ ਸੂਰਜ ਹਰ ਰੋਜ਼ ਚੜ੍ਹੇ ਤੇ ਸ਼ਾਮ ਦੇ ਸਮੁੰਦਰ ਚ ਡੁੱਬ ਗਏ ਸਭ ਕਾਸੇ ਤੋਂ ਅਣਜਾਣ ਤੁਰੀ ਜਾ ਰਿਹਾ ਹੈ ਕਾਫ਼ਿਲਾ ਜੰਗਲ ਹੀ ਜੰਗਲ ਦਨਦਨਾਉਂਦੇ ਖ਼ੂੰਖ਼ਾਰ ਜਾਨਵਰ ਨਾ ਰਾਤ ਮੁੱਕਦੀ ਹੈ ਨਾ ਸਫ਼ਰ ਦੀ ਲਾਮਡੋਰ। ਮਿੱਟੀ ਚ ਲਿੱਬੜੇ ਪੈਰ ਬਿਆਈਆਂ ਪਾਟੇ ਛਾਲਿਆਂ ਨਾਲ ਭਰੇ ਹੱਥਾਂ ਤੇ ਰੱਟਣ ਦਰਦ ਭੋਰਾ ਵੀ ਨਾ ਤਾਂਘ ਹੈ ਘਰ ਪੁੱਜਣ ਦੀ ਕਰਦੀ ਲਗਾਤਾਰ ਅਵਾਜ਼ਾਰ ਘਰ ਤੋਂ ਪਹਿਲਾਂ ਨਾ ਕੋਈ ਮੁਕਾਮ ਤੁਰਦਿਆਂ ਤੁਰਦਿਆਂ ਖਾਲੀ ਪੇਟ ਨੇ ਪਾਇਆ ਘਮਸਾਨ ਇੱਕ ਸੰਘਣੇ ਦਰਖ਼ਤ ਥੱਲੇ ਬਾਲ ਚੁੱਲ੍ਹਾ ਅਜੇ ਤਵੇ ਤੇ ਪਾਈ ਹੀ ਸੀ ਪਹਿਲੀ ਰੋਟੀ ਕਿ ਨਜ਼ਰ ਪਈ ਰੁੱਖ ਦੇ ਦੂਜੇ ਬੰਨੇ ਚੀਕ ਉੱਠੀ ਹਾਂ ਇਹ ਕੌਣ ਹੈ ਜੋ ਲਟਕ ਰਿਹਾ ਟਾਹਣੀਆਂ ਤੇ ਲਗਾਤਾਰ ਜ਼ਿੰਦਗੀ ਵਿਸਾਰ ਹਾਏ ਮੇਰੀ ਮਾਸੂਮ ਗੁੱਡੀ ਵੀ ਇਹਦੇ ਨਾਲ ਜੋ ਬਚਪਨ ਤੋਂ ਲੈ ਕੇ ਹੋਸਟਲ ਤੱਕ ਹਰ ਪਲ ਰਹੀ ਮੇਰੇ ਨਾਲ ਨਾਲ ਤ੍ਰਭਕ ਕੇ ਉੱਠਦੀ ਹਾਂ ਗਹਿਰੀ ਨੀਂਦਰ ਚੋਂ ਸੋਚ ਰਹੀ ਹਾਂ ਕੀ ਨੀਂਦਰ ਦੇ ਭਾਰ ਹੇਠ ਮੇਰੇ ਪੋਟੇ ਸੁੰਨ ਨੇ ਜਾਂ ਮੈਂ ਸੱਚੀਂ ਹੋ ਗਈ ਹਾਂ ਅਹਿੱਲ ਸਿੱਲ ਪੱਥਰ? ਕਿਓਂ ਮੇਰੀ ਮੁੱਕੀ ਉੱਠਦੀ ਨਹੀਂ ਜਬਰ ਸਿਤਮ ਦੇ ਖ਼ਿਲਾਫ਼ ਕਿਓਂ ਨਹੀਂ ਕਰਦੀ ਇਹ ਵਕਤ ਨੂੰ ਸਵਾਲ ? ਕਿਉਂ ਲਟਕਦਾ ਹੈ ਬੱਚੀ ਤੇ ਬੀਵੀ ਸਮੇਤ ਰੁੱਖਾਂ ਨਾਲ ਬਾਪ? ਪੁੱਛੋ ਖ਼ੁਦ ਨੂੰ ਸਵਾਲ ਆਪ।

3. ਆਤਮ ਚਿੰਤਨ ਦਾ ਇਹ ਵੇਲਾ

ਬੇਸ਼ੱਕ ਚਾਰ ਚੁਫੇਰੇ ਆਦਮ ਬੋ ਆਦਮ ਬੋ ਠੰਡੀਆਂ ਯਖ ਸੜਕਾਂ ਮੌਤ ਰਹੀਆਂ ਨੇ ਢੋਅ ਵਹਿਸ਼ੀ ਢੰਗ ਦੀ ਚੁੱਪ ਹੈ, ਜ਼ਿੰਦਗੀ ਗਈ ਖਲੋ । ਬੇਰੰਗ ਜਿਹੀ ਜ਼ਿੰਦਗੀ 'ਚ ਇੱਕ ਗੱਲ ਚੰਗੀ ਹੋਈ ਗਰਜ਼ਾਂ ਬੱਝੇ ਰਿਸ਼ਤੇ ਗਏ ਲੋਪ ਨੇ ਹੋ । ਵੱਧ ਰਿਹਾ ਰਿਸ਼ਤਿਆਂ ਦਾ ਨਿੱਘ ਫ਼ੈਲ ਰਹੀ ਖੁਸ਼ਬੋ । ਨਾ ਕੋਈ ਆਵੇ ਨਾ ਕੋਈ ਜਾਵੇ ਫਿਰ ਵੀ ਹੈ ਧਰਵਾਸ ਬੰਨਾਉਂਦਾ । ਫ਼ਿਕਰਮੰਦੀ ਹੈ ਇੱਕ ਦੂਜੇ ਲਈ ਹਰ ਕੋਈ ਵਿਸ਼ਵਾਸ਼ ਦਿਵਾਉਂਦਾ । ਨਾ ਕੋਈ ਸ਼ਿਕਵਾ ਨਾ ਹੀ ਸ਼ਿਕਾਇਤ ਚੁੱਪ ਚੁਪੀਤੇ ਇੱਕ ਦੂਜੇ ਦੀ ਖ਼ੈਰ ਮਨਾਉਂਦਾ । ਐਨੀ ਛੇਤੀ ਐਨਾ ਅੰਤਰ? ਮੁੱਦਤ ਤੋਂ ਸਹਿਕਦੇ ਰਿਸ਼ਤੇ ਧੜਕਣ ਲੱਗੇ ਦਿਲ ਦੇ ਅੰਦਰ, ਬਣ ਕੇ ਮਹਿਕ ਦੇ ਰਿਸ਼ਤੇ । ਖੌਲਦਾ ਇੱਕ ਸਮੁੰਦਰ ਮੇਰੇ ਕਿਧਰੇ ਧੁਰ ਅੰਦਰ ਸੋਚ ਮੇਰੀ ਹੈਰਾਨ ਬੜੀ ਹੈ । ਨਹੀਂ ਨਹੀਂ ਸਭ ਅੱਛਾ ਨਹੀਂ ਇਸ ਤਸਵੀਰ ਦਾ ਦੂਜਾ ਪਾਸਾ, ਮੇਰੇ ਅੰਦਰ ਖ਼ੌਰੂ ਪਾਉਂਦਾ ਜਨ ਮਾਣਸ ਦੀ ਪੀੜ ਦੀ ਗਣਨਾ ਧਰਮ ਦੇ ਨਾਂ ਤੇ ਵੰਡੀਆਂ ਪਾਉਂਦੀ, ਰਾਜਨੀਤਕਾਂ ਦੀ ਬਦਨੀਤੀ । ਹਿੰਦੂ ਵਾਰਡ ਮੁਸਲਿਮ ਵਾਰਡ ਹਿੰਦੂ ਸਬਜ਼ੀ ਮੁਸਲਿਮ ਸਬਜ਼ੀ ਹਿੰਦੂ ਫ਼ਲ ਤੇ ਮੁਸਲਿਮ ਫ਼ਲ ਹੈ । ਰੂਹ ਮੇਰੀ ਹੈ ਕੰਬ ਕੰਬ ਜਾਂਦੀ । ਅੰਤਹਕਰਣ ਡਰਾਉਂਦੀ ਡਾਢਾ । ਕਿੰਨਾ ਖ਼ਤਰਨਾਕ ਇਹ ਵਾਇਰਸ ਇਸ ਦਾ ਨਾਮਕਰਨ ਨਾ ਕੋਈ ਮੇਰੀ ਚਿੰਤਾ ਵਧਦੀ ਜਾਂਦੀ ਅੰਦਰੋ ਅੰਦਰੀ ਸੋਚ ਮੇਰੀ ਜ਼ਖਮੀ ਅੱਧਮੋਈ ਵਾਇਰਸ ਕਹਿਰ ਕਰੋਨਾ ਤੋਂ ਕਿਧਰੇ ਹੈ ਮਾੜੀ ਥਾਲੀ ਕਦੇ ਵਜਾਓ ਤਾਲੀ ਜ਼ਹਿਰ ਦਿਲਾਂ ਵਿਚ ਜਾਂਦੀ ਘੋਲ਼ੀ ਆਤਮ ਚਿੰਤਨ ਦਾ ਇਹ ਵੇਲਾ ਗੰਗਾ -ਜਮੁਨੀ ਤਹਿਜ਼ੀਬ ਨਾ ਭੁੱਲਿਓ । ਚੇਤੇ ਰਖਿਓ ! ਕੱਲ ਅਜੇ ਹੀ ਹਿੰਦੂ ਮਾਂ ਦੀ ਦੇਹੀ ਮੁਸਲਿਮ ਪੁੱਤ ਨੇ ਲੇਖੇ ਲਾਈ ਬੁਲੰਦ ਸ਼ਹਿਰ ਦੀ ਦੇਖ ਬੁਲੰਦੀ ਰਵੀ ਸ਼ੰਕਰ ਦੀ ਅਰਥੀ ਖਾਨ ਭਰਾਵਾਂ ਚੁੱਕੀ । ਆਤਮ ਚਿੰਤਨ ਦਾ ਇਹ ਵੇਲਾ ਮਨਫ਼ੀ ਹੁੰਦਾ ਹਰ ਦਿਨ ਕਹਿੰਦਾ ਵਕਤੀ ਨੇ ਇਕਲਾਪੇ ਇਹ ਤਾਂ ਮੁੱਕ ਜਾਣੇ ਸੰਨਾਟੇ ਇਹ ਤਾਂ ਵਕਤ ਕਦੇ ਇਕਸਾਰ ਨਾ ਰਹਿੰਦਾ ਬੁਰਾ ਵਕਤ ਵੀ ਲੰਘ ਹੀ ਜਾਣਾ ਇਹ ਪਿੰਜਰਾ ਵੀ ਟੁੱਟ ਹੀ ਜਾਣਾ ਪਰ ਤੈਨੂੰ ਇੱਕ ਅਰਜ਼ ਹੈ ਬੰਦਿਆਂ ਬੰਦਾ ਬਣ ਕੇ ਜੀਣਾ ਪੈਣਾ । ਮੁੜ ਕੇ ਨਾ ਫਿਰ ਪੁਰਾਣੇ ਰਾਹ ਤੇ ਤੁਰ ਕੇ ਤੂੰ ਹੈਵਾਨ ਕਹਾਉਣਾ ।