ਹਰਿੰਦਰ ਕੌਰ ਸੋਹਲ Harinder Kaur Sohal
ਡਾ. ਹਰਿੰਦਰ ਕੌਰ ਸੋਹਲ ਦੀ ਲੋਕ ਧਾਰਾ ਲੋਕ ਗਾਇਕੀ, ਲੋਕ ਨਾਚ ਤੇ ਧਰਤੀ ਦੀ ਮਰਯਾਦਾ ਵਿੱਚ ਵਿਸ਼ੇਸ਼ ਦਿਸਚਸਪੀ ਹੈ। ਤਰਨਤਾਰਨ ਦੀ ਮਿੱਟੀ ਵਿੱਚ ਜਿੱਥੇ ਗੁਰੂ ਸਾਹਿਬਾਨ ਦੀਆਂ ਅਮਿਟ ਪੈੜਾਂ ਨੇ, ਉਥੇ ਮਾਈ ਭਾਗੋ ਦੀ ਬਹਾਦਰੀ, ਸਿਦਕ ਦਿਲੀ ਤੇ ਸਮਰਪਿਤ ਭਾਵਨਾ ਵੀ ਵਿੱਦਮਾਨ ਹੈ। ਹਰਿੰਦਰ ਨੇ ਇਸ ਵਿੱਚੋਂ ਬਹੁਤ ਕੁਝ ਗੁੜ੍ਹਤੀ ਵਾਂਗ ਜੀਵਨ ਵਿਹਾਰ ਚ ਰਮਾਇਆ ਹੈ। ਡਾ: ਹਰਿੰਦਰ ਕੌਰ ਸੋਹਲ ਦਾ ਜਨਮ ਪਿੰਡ ਚੁਤਾਲਾ( ਤਰਨਤਾਰਨ) ਵਿਖੇ ਸ: ਗੁਰਦੀਪ ਸਿੰਘ ਸੋਹਲ ਦੇ ਘਰ ਮਾਤਾ ਸਰਦਾਰਨੀ ਸਤਵੰਤ ਕੌਰ ਦੀ ਕੁੱਖੋਂ 12 ਜੂਨ 1979 ਨੂੰ ਹੋਇਆ। ਸ: ਜਸਬੀਰ ਸਿੰਘ ਸੰਧੂ ਦੀ ਜੀਵਨ ਸਾਥਣ ਹਰਿੰਦਰ ਇਕਲੌਤੇ ਸਪੁੱਤਰ ਕੁੰਵਰ ਪ੍ਰਤਾਪ ਸਿੰਘ ਸੰਧੂ ਦੀ ਮਾਂ ਹੈ। ਉਸ ਦੇ ਪੇਕੇ ਸਹੁਰੇ ਦੋਵੇਂ ਹੀ ਤਰਨਤਾਰਨ ਵਿੱਚ ਹੀ ਹਨ।
ਹਰਿੰਦਰ ਪੰਜਾਬੀ ਭਾਸ਼ਾ ਤੇ ਸਾਹਿੱਤ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿੱਚ ਸੇਵਾ ਨਿਭਾ ਰਹੀ ਹੈ। ਡਾਃ ਹਰਿੰਦਰ ਕੌਰ ਸੋਹਲ ਖੋਜ ਕਾਰਜਾਂ ਦੇ ਨਾਲ ਨਾਲ ਕਾਵਿ ਸਾਹਿੱਤ ਸਿਰਜਣਾ ਵੀ ਕਰਦੀ ਹੈ। ਹਰਿੰਦਰ ਕੌਰ ਸੋਹਲ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਖਾਲਸਾ ਕਾਲਿਜ ਫਾਰ ਵਿਮੈੱਨ ਅੰਮ੍ਰਿਤਸਰ,ਖਾਲਸਾ ਕਾਲਿਜ ਅੰਮ੍ਰਿਤਸਰ ਗੁਰੂ ਗੋਬਿੰਦ ਸਿੰਘ ਕਾਲਿਜ ਸਰਹਾਲੀ ਤੇ ਹਿੰਦੂ ਕਾਲਿਜ ਅੰਮ੍ਰਿਤਸਰ ਚ ਵੀ ਹੁਣ ਤੀਕ ਚੌਦਾਂ ਸਾਲ ਪੜ੍ਹਾ ਚੁਕੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਏ(ਆਨਰਜ਼), ਮੈਰਿਟ ਨਾਲ ਕਰ ਕੇ ਐੱਮ ਏ(ਆਨਰਜ਼) ਪੰਜਾਬੀ ਵੀ ਗੋਲਡ ਮੈਡਲਿਸਟ ਵਜੋਂ ਕੀਤੀ। ਐਮ.ਫਿਲ ਤੋਂ ਬਾਅਦ ਯੂ.ਜੀ.ਸੀ ਸਕਾਲਰਸ਼ਿਪ ਤੇ ਪੀ. ਐਚ. ਡੀ (ਪੰਜਾਬੀ ਗਾਇਕੀ ਬਦਲਦਾ ਸਰੂਪ) ਡਾ: ਗੁਰਮੀਤ ਸਿੰਘ ਦੀ ਅਗਵਾਈ ਹੇਠ ਕੀਤੀ। ਗੁਰੂ ਨਾਨਕ ਯੂਨੀਵਰਸਿਟੀ ਤੋਂ ਹੀ ਐਮ .ਏ (ਧਾਰਮਿਕ ਅਧਿਐਨ) ਵੀ ਮੈਰਿਟ 'ਚ ਰਹਿ ਕੇ ਕੀਤੀ। ਖੋਜ ਸਬੰਧੀ ਵਿਸ਼ਾਲ ਤੇ ਵੱਡ ਆਕਾਰੀ ਪੁਸਤਕ ਪੰਜਾਬੀ ਗਾਇਕੀ ਵਿਭਿੰਨ ਪਾਸਾਰ 2012 ਤੋਂ ਇਲਾਵਾ ਲੋਕ ਕਾਵਿ:ਨਾਰੀ ਦ੍ਰਿਸ਼ਟੀ(2016) ਮਹੱਤਵ ਪੂਰਨ ਪੇਸ਼ਕਾਰੀ ਹੈ। 25 ਤੋਂ ਵੱਧ ਖੋਜ ਪੱਤਰ ਤੇ ਅਨੇਕਾਂ ਰੇਡੀਉ ਟੀ ਵੀ ਵਾਰਤਾਵਾਂ ਤੇ ਵਿਚਾਰ ਵਟਾਂਦਰੇ ਉਸ ਦੀ ਲਿਆਕਤ ਦਾ ਲੋਹਾ ਮੰਨਵਾਉਂਦੇ ਹਨ। ਵੱਖ ਵੱਖ ਯੂਨੀਵਰਸਿਟੀਆਂ ਚ ਗਿੱਧੇ ਦੀ ਨਿਰਣਾਇਕ ਵਜੋਂ ਉਸ ਦੀ ਪਛਾਣ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਰਵੋਤਮ ਗਿੱਧਾ ਡਾਂਸਰ ਰਹਿਣ ਕਾਰਨ ਉਸ ਨੂੰ ਇਹ ਮਾਣ ਮਿਲਦਾ ਹੈ। ਡਾ: ਹਰਿੰਦਰ ਕੌਰ ਸੋਹਲ ਦੀਆਂ ਕਵਿਤਾਵਾਂ ਚੋਂ ਮਿੱਟੀ, ਰੁੱਖ, ਰਵਾਇਤ ਤੇ ਲੋਕ ਧਾਰਾ ਦੇ ਲੁਕਵੇਂ ਹਵਾਲੇ ਪ੍ਰਤੱਖ ਅਪ੍ਰਤੱਖ ਰੂਪ ਚ ਪ੍ਰਗਟ ਹੁੰਦੇ ਤੁਸੀਂ ਮਹਿਸੂਸ ਕਰ ਸਕਦੇ ਹੋ।- ਗੁਰਭਜਨ ਗਿੱਲ