Punjabi Poetry : Dr. Harinder Kaur Sohal

ਪੰਜਾਬੀ ਕਵਿਤਾਵਾਂ : ਡਾ. ਹਰਿੰਦਰ ਕੌਰ ਸੋਹਲ1. ਅੱਜ ਸੁਣਿਆ ਸੁਕਰਾਤ ਹੈ ਮੋਇਆ

ਅੱਜ ਸੁਣਿਆ ਸੁਕਰਾਤ ਹੈ ਮੋਇਆ। ਪਾ ਕੀਰਨੇ ਅੰਬਰ ਰੋਇਆ। ਕਰਨ ਸਿਆਪੇ ਰੋਈਆਂ ਪੌਣਾਂ ਬਿਰਖ਼ਾਂ ਬਿਰਹਾ ਪੀੜ ਦਾ ਛੋਹਿਆ। ਦਿਨ ਦੀਵੀਂ ਹੈ ਕੂੜ ਪੁੱਗਿਆ ਕੁਫ਼ਰ ਦਲ੍ਹੀਜੇ ਮਹੁਰਾ ਬੋਇਆ। ਕੁਫ਼ਰ ਤੇ ਕਾਫ਼ਰ ਜੌੜੇ ਜੰਮੇ, ਤਾਂ ਹੀ ਦਰਦ ਵਿਆਪਕ ਹੋਇਆ। ਨੀਤਾਂ ਮੂੰਹ ਲਗਾਮ ਰਹੀ ਨਾ, ਬਦਨੀਤਾਂ ਕਾਨੂੰਨ ਨੂੰ ਕੋਹਿਆ। ਸਾਮਰਾਜ ਨੇ ਰੂਪ ਬਦਲਿਆ ਧਾਹਾਂ ਮਾਰ ਵਤਨ ਹੈ ਰੋਇਆ। ਫਿਰ ਪੁੱਛਦੇ ਹੋ ਇਹ ਕੀ ਹੋਇਆ। ਕੁਰਸੀ ਦਾ ਵਿਸ਼ਵਾਸ ਹੈ ਮੋਇਆ।

2. ਕੀ ਦੱਸਾਂ ਔਕਾਤ ਉਨ੍ਹਾਂ ਦੀ

ਕੀ ਦੱਸਾਂ ਔਕਾਤ ਉਨ੍ਹਾਂ ਦੀ। ਕਿਹੜਾ ਦੱਸੇ ਜ਼ਾਤ ਉਨ੍ਹਾਂ ਦੀ। ਦੇ ਕੇ ਜ਼ਖ਼ਮ ਮਲ੍ਹਮ ਨੇ ਲਾਉਂਦੇ ਕੀ ਦੱਸਾਂ ਮੈਂ ਬਾਤ ਉਨ੍ਹਾਂ ਦੀ। ਪਾਉਣ ਹਨ੍ਹੇਰ ਜਗਦੀਆਂ ਜੂਹੀਂ ਕਿੱਦਾਂ ਦੀ ਪਰਭਾਤ ਉਨ੍ਹਾਂ ਦੀ। ਮਰੀ ਜ਼ਮੀਰ ਨੂੰ ਚੁੱਕੀ ਫਿਰਦੇ, ਕੀ ਪੁੱਛਦੇ ਹੋ ਬਾਤ ਉਨ੍ਹਾਂ ਦੀ। ਕੁਰਸੀ ਖ਼ਾਤਰ ਬਣਨ ਜੁਰਾਬਾਂ, ਇਹ ਹੀ ਕਲਮ ਦਵਾਤ ਉਨ੍ਹਾਂ ਦੀ। ਦੂਸਰਿਆਂ ਦਾ ਹੱਕ ਖਾ ਜਾਂਦੇ, ਆਦਤ ਲਾਉਣਾ ਘਾਤ ਉਨ੍ਹਾਂ ਦੀ। ਪਹਿਨ ਪੌਸ਼ਾਕਾਂ ਸਦਾ ਰੇਸ਼ਮੀ, ਲੀਰਾਂ ਕਰਨ ਦੀ ਚਾਹਤ ਉਨ੍ਹਾਂ ਦੀ। ਸਿਖ਼ਰ ਦੁਪਹਿਰੇ ਤਾਂਹੀਂਉਂ ਲੁੱਟਦੇ, ਸਿੱਧੀ ਹੈ ਦਿੱਲੀ ਬਾਤ ਉਨ੍ਹਾਂ ਦੀ।

3. ਹਾਕਮ ਵਿੱਚ ਗ਼ਰਜ਼ਾਂ ਦੇ ਉਲਝੇ

ਕੇਹੀ ਰੁੱਤ ਹੈ ਕੈਸਾ ਮੌਸਮ, ਹਾਕਮ ਵਿੱਚ ਗ਼ਰਜ਼ਾਂ ਦੇ ਉਲਝੇ। ਸਾਡੀ ਜਾਨ ਸਿਕੰਜੇ ਅੰਦਰ, ਸੋਚਣ,ਬੈਠਣ ਉਲਝਣ ਸੁਲਝੇ। ਸਾਹ ਸਤ ਹੀਣੀਆਂ ਹੋਈਆਂ ਰਾਤਾਂ। ਮੰਗਣ ਸਦਾ ਹੁੰਗਾਰਾ ਬਾਤਾਂ। ਹੁਕਮਰਾਨ ਹੀ ਵੰਡ ਰਹੇ ਨੇ, ਟੁਕੜੇ ਕਰਕੇ ਵਿੱਚ ਜਮਾਤਾਂ। ਤੰਦ ਸਾਹਾਂ ਦੀ ਟੁੱਟ ਚੱਲੀ ਹੈ ਖ਼ੌਫ਼ ਹਵਾ ਵਿੱਚ ਜ਼ਹਿਰੀ ਰੁਮਕੇ। ਰਾਜ ਮਹਿਲ ਵਿੱਚ ਸੁਣਿਆ ਹੈ ਮੈਂ, ਚੱਲਦੇ ਨੇ ਝਾਂਜਰ ਤੇ ਠੁਮਕੇ। ਕਿਸ ਦਹਿਲੀਜ਼ ਤੇ ਬਹਿ ਕੇ ਰੋਵਣ ਦਰਦ ਪਰੁੱਚੀਆਂ ਮੇਰੀਆਂ ਸਧਰਾਂ। ਪੱਥਰ ਦੀ ਅੱਖ ਕੰਨ ਵੀ ਬੰਦ ਨੇ, ਰੂਪ ਬਣਾਇਆ ਕੀ ਬੇਕਦਰਾਂ। ਕੋਈ ਨਾ ਭਰੇ ਹੁੰਗਾਰਾ ਮੈਨੂੰ ਜਿੰਦ ਚੱਲੀ ਹੈ ਬੂਹਿਉਂ ਮੁੜ ਕੇ। ਪਤਾ ਨਹੀਂ ਕਦ ਬਹੁਕਰ ਬਣਨਾ, ਇਕ ਦੂਜੀ ਸੰਗ ਤੀਲਾਂ ਜੁੜ ਕੇ।

4. ਸਿਸਕੀ ਖੜ੍ਹੀ ਬਰੂਹਾਂ ਉੱਤੇ

ਸਿਸਕੀ ਖੜ੍ਹੀ ਬਰੂਹਾਂ ਉੱਤੇ ਸ਼ਗਨ ਮਨਾਉਂਦੀ ਵਾਰ ਕੇ ਪਾਣੀ। ਮੈਂ ਮੌਲੀ ਬੰਨ੍ਹ ਰੀਝ ਵਿਹਾਝੀ, ਸੰਸੇ ਮੇਰੀ ਰੀਝ ਦੇ ਹਾਣੀ। ਸੰਸੇ ਮੁੱਕਣ ਸੋਹਿਲੇ ਗਾਈਏ, ਛੰਦ ਜੋੜ ਕੇ ਕਹੀਏ ਕਹਾਣੀ। ਲੰਮੀਆਂ ਹੇਕਾਂ ਮਰ ਮੁੱਕ ਗਈਆਂ ਜਿੰਦ ਤੜਫ਼ਦੀ ਫਿਰੇ ਨਿਤਾਣੀ। ਖਾ ਗਈ ਸਿਉਂਕ ਚੁਗਾਠਾਂ ਘਰ ਨੂੰ, ਉਮਰੋਂ ਲੰਮੀ ਹੈ ਦਰਦ ਕਹਾਣੀ। ਦਾਵਾਨਲ ਅਗਨ ਦਾ ਪਹਿਰਾ, ਕੌਣ ਤਰੌਂਕੇ ਇਸ ਤੇ ਪਾਣੀ।

5. ਵੰਝਲੀ ਕੂਕੇ

ਵੰਝਲੀ ਕੂਕੇ ਜੰਗਲ ਰੋਵੇ, ਸੱਪਾਂ ਚੰਦਨ ਡੱਸ ਲਿਆ ਏ। ਕਿੱਦਾਂ ਚੜ੍ਹਨ ਆਕਾਸ਼ ਤੇ ਪੀਂਘਾਂ, ਬਿਰਖਾਂ ਟਲ਼ਣਾ ਸਿੱਖ ਲਿਆ ਏ। ਆ ਜਾ ਬਹਿ ਜਾ ਸਾਡੀ ਸੁਣ ਜਾ ਆਪਣੀ ਕਹਿ ਜਾ। ਬਿਰਖਾਂ ਦੇ ਮੁੱਢ ਸਿਉਂਕ ਤੇ ਵਰਮੀ ਨਾਗ ਨਿਵਾਸੀਂ ਜਿੰਦ ਕੁਰਲਾਵੇ। ਫ਼ਸਲ ਨਿਰੀ ਹਾਉਕੇ ਤੇ ਹਾਵੇ। ਮਹਿਕ ਦੀ ਰੁੱਤੇ ਸੁਪਨੇ ਮੋਏ। ਵਣਜ ਵਿਹਾਜ ਗਏ ਵਣਜਾਰੇ। ਭਰਮ ਜਾਲ ਵਿੱਚ ਸਾਨੂੰ ਪਾ ਗਏ। ਬੇਕਿਰਕੀ ਦਾ ਚੋਗਾ ਪਾ ਗਏ। ਪੌਣਾਂ ਅੰਦਰ ਜ਼ਹਿਰਾਂ ਭਰ ਗਏ। ਜ਼ਿੰਦਾ ਨੂੰ ਅਧਮੋਇਆ ਕਰ ਗਏ।

6. ਅੱਖੀਆਂ ਬਾਤ ਝਨਾਂ ਦੀ

ਅੱਖੀਆਂ ਬਾਤ ਝਨਾਂ ਦੀ ਪਾਵਣ ਮੈਂ ਇਨ੍ਹਾਂ ਨੂੰ ਕਿੰਜ ਸਮਝਾਵਾਂ। ਪਲਕਾਂ ਬੂਹੇ ਉੱਡਣ ਰੇਤੇ, ਤੇ ਮੈਂ ਸਹਿਮ ਦੇ ਸੋਹਿਲੇ ਗਾਵਾਂ। ਝੱਖੜ ਝੁੱਲਦਾ, ਰਾਤ ਸ਼ੂਕਦੀ, ਪਲੋ ਪਲੀ ਮੈਂ ਤਪਦੀ ਜਾਵਾਂ। ਕਰਾਂ ਦੁਆ ਜੇ ਮੰਨੇ ਦਰਿਆ, ਦੀਦ ਸੱਜਣ ਦੀ ਕਰ ਕੇ ਆਵਾਂ। ਯਾ ਰੱਬ ਮੁਰਸ਼ਦ ਆਪ ਮਿਲਾ ਦੇ, ਕੱਖੋਂ ਨਾ ਕਿਤੇ ਹੌਲੀ ਹੋ ਜਾਵਾਂ। ਅੱਖੀਆਂ ਬਾਤ ਝਨਾਂ ਦੀ ਪਾਵਣ, ਕਿਸ ਬੂਹੇ ਤੇ ਅਲਖ ਜਗਾਵਾਂ।

7. ਚੱਲ ਮਨਾ ਓਥੇ ਚੱਲ ਚੱਲੀਏ

ਚੱਲ ਮਨਾ ਓਥੇ ਚੱਲ ਚੱਲੀਏ ਜਿੱਥੇ ਸੁੰਨਾ ਚਰਖ਼ਾ ਚੂਕੇ। ਤੰਦ ਕੁਰਲਾਵੇ ਪੂਣੀ ਵਿਲਕੇ, ਰਲ ਪੀੜ ਹੱਡਾਂ ਵਿੱਚ ਕੂਕੇ। ਗਲੋਟੇ ਖਿੱਲਰੇ ਤਿੜਕੀਆਂ ਰੀਝਾਂ ਜਿੰਦ ਪਈ ਤਰਲੇ ਪਾਵੇ। ਕਰੋ ਨੀ ਸਈਓ ਟੂਣਾ ਟਾਮਣ ਮੇਰੀ ਤੰਦ ਅਟੇਰਨ ਬੱਝੇ। ਤੱਕਲੇ ਜੁੜ ਜੇ ਕਰਮ ਦੀ ਪੂਣੀ ਮੇਰੇ ਲੇਖੀਂ ਜੁੜ ਜਾਣ ਲੀਕਾਂ। ਮੇਰੇ ਮੱਥੇ ਚੜ੍ਹ ਜੇ ਪੂਛਲ ਤਾਰਾ ਮੈਂ ਜਦ ਮਨ ਵਿਲਕੇ ਵੇਖਾਂ। ਮੈਂ ਸੁੱਖਾਂ ਮੰਗਾਂ ਮੇਰੀ ਪੂਣੀ ਬੱਝੇ ਮੇਰੀਆਂ ਸੁੱਕੀਆਂ ਵੱਸਣ ਧਰੇਕਾਂ।

8. ਗੂੰਗੇ

ਲੋਕ ਗੂੰਗੇ ਹੋ ਗਏ, ਹਾਲਾਤ ਗੂੰਗੇ ਹੋ ਗਏ। ਆਈ ਜਦ ਘਰਾਂ ਨੂੰ ਅੱਗ ਤਾਂ ਕਿਰਦਾਰ ਗੂੰਗੇ ਹੋ ਗਏ। ਗੂੰਗਿਆਂ ਦੀ ਮੰਡੀ ਵਿਚ ਭਰੇ ਨਾ ਹੁੰਗਾਰਾ ਕੋਈ, ਰੂਹ ਦੀ ਕੂਕ ਸੁਣੇ ਕਿਹੜਾ, ਦਿਲਦਾਰ ਗੂੰਗੇ ਹੋ ਗਏ। ਸਮੇਂ ਨੂੰ ਪੈ ਗਈਆਂ ਦੰਦਲਾਂ, ਰੂਹੇ-ਰਾਜ਼ ਗੂੰਗੇ ਹੋ ਗਏ। ਮੋਹ ਦੀਆਂ ਤੰਦਾਂ ਟੁੱਟ ਗਈਆਂ ਮੋਹ-ਦਾਰ ਗੂੰਗੇ ਹੋ ਗਏ। ਹੱਕ ਜਮਾਈਏ ਕਿਨ੍ਹਾਂ ਤੇ, ਹੱਕਦਾਰ ਗੂੰਗੇ ਹੋ ਗਏ। ਪੱਤਣਾਂ ਤੇ ਡੋਬ ਕੇ ਬੇੜੀਆਂ, ਪਤਵਾਰ ਗੂੰਗੇ ਹੋ ਗਏ। ਕਲਮਾਂ ਨੂੰ ਫਨੀਅਰ ਡਸ ਗਿਆ, ਕਲਮਕਾਰ ਗੂੰਗੇ ਹੋ ਗਏ।

9. ਸਈਓ ਨੀ

ਸਈਓ ਨੀ ਮੈਂ ਗੀਟੇ ਖੇਡਾਂ ਅੱਗ ਉਗਲਦੀ ਰੁੱਤੇ। ਚਾਵਾਂ ਦਾ ਮੈਂ ਸੱਥਰ ਪਾਉਂਦੀ ਤਪਦੀ ਰੂਹ ਦੇ ਉੱਤੇ। ਸਾਉਣ ਭਾਦਰੋਂ ਕਿਣ ਮਿਣ ਕਣੀਆਂ ਤਪਦੀ ਲੋਹ ਦੇ ਉੱਤੇ। ਸੱਪਾਂ ਦੀ ਵੱਟ ਲੱਜ ਪਕੇਰੀ ਪੀਂਘ ਪਾਈ ਰੁੱਖ ਉੱਤੇ। ਪੀਂਘਾਂ ਚਾੜ੍ਹੀਆਂ ਦਰਦ ਹੰਢਾਇਆ ਕੋਮਲ ਜਿੰਦੜੀ ਉੱਤੇ। ਮੇਰੇ ਪਿੰਡੇ ਦੱਭ ਉੱਗ ਆਈ ਇਹ ਕੀ ਹੋਇਆ ਸੁੱਤੇ? ਝੱਖੜ ਚੜ੍ਹਿਆ ਕੰਧਾਂ ਕੋਠੇ ਇਹ ਕੀ ਮੌਸਮ ਆਇਆ? ਪੌਣਾਂ ਦੇ ਵਿੱਚ ਜ਼ਹਿਰਾਂ ਘੁਲ਼ੀਆਂ ਨਾਗਾਂ ਧਰੋਹ ਕਮਾਇਆ। ਸਈਉ ਨੀ ਮੈਂ ਜੋਬਨ ਰੁੱਤ ਨੂੰ ਵੇਖੋ ਕਿਵੇਂ ਹੰਢਾਇਆ?

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ