Door Bahut Door : Rajinder Pardesi

ਦੂਰ-ਬਹੁਤ-ਦੂਰ (ਕਾਵਿ ਸੰਗ੍ਰਹਿ) : ਰਾਜਿੰਦਰ ਪਰਦੇਸੀ

ਆਪੇ ਬੇਬੇ ਮੱਥਾ ਟੇਕਦੀ

ਪੰਜਾਬ ਖ਼ਾਸ ਕਰਕੇ ਮਾਲਵੇ ਦੇ ਖਿੱਤੇ ਵਿਚ ਇਹ ਅਖਾਣ ਆਮ ਹੀ ਪ੍ਰਚੱਲਤ ਹੈ ਕਿ,

ਆਪੇ ਬੇਬੇ ਮੱਥਾ ਟੇਕਦੀ
ਆਪੇ ਈ ਬੁੱਢ ਸੁਹਾਗਣ

ਇਸ ਅਖਾਣ ਅਨੁਸਾਰ ਮੈਂ ਵੀ ਆਪਣੇ ਬਾਰੇ ਆਪਣੀ ਕਵਿਤਾ ਦੇ ਬਾਰੇ ਆਪ ਹੀ ਗੱਲ ਕਰਨ ਲੱਗਾ ਹਾਂ ਪਰ ਮੈਂ ਆਪਣੇ ਆਪ ਨੂੰ (ਆਪੇ ਬੇਬੇ ਮੱਥਾ ਟੇਕਦੀ) ਤੱਕ ਹੀ ਸੀਮਤ ਰੱਖਾਂਗਾ ਅਤੇ ਬੁੱਢ ਸੁਹਾਗਣ ਕਹਿਣ ਦਾ ਨਾ ਕਹਿਣ ਦਾ ਅਧਿਕਾਰ ਆਪ ਸਭਨਾਂ ਦੀ ਸੋਚ ਅਤੇ ਇੱਛਾ ਤੇ ਨਿਰਭਰ ਹੈ।

ਪਿਛਲੇ ਪੰਜ ਦਹਾਕਿਆਂ ਤੋਂ ਮੈਂ ਕਾਵਿ ਸਿਰਜਣਾ ਨਿਰੰਤਰ ਕਰਦਾ ਆ ਰਿਹਾ ਹਾਂ ਕਵਿਤਾ ਲਿਖਦਿਆਂ, ਕਵਿਤਾਵਾਂ ਬਾਰੇ ਪੜ੍ਹਦਿਆ ਮੈਂ ਜੋ ਮਹਿਸੂਸਦਾ ਹਾਂ ਉਸ ਅਨੁਸਾਰ ਤਾਂ ਇਉਂ ਕਿਹਾ ਜਾ ਸਕਦਾ ਹੈ ਕਿ ਛੱਪੜ ਦੇ ਪਾਣੀ ਵਿਚ ਬੈਠੀ ਮੱਝ, ਤੂਫ਼ਾਨੀ ਛੱਲਾਂ ਪੈਦਾ ਕਰ ਸਕਦੀ ਹੈ ਬੌਖਲਾਹਟਾਂ ਪੈਦਾ ਕਰ ਸਕਦੀ ਹੈ ਡੱਡੂਆਂ ਨੂੰ ਛੜੱਪੇ ਮਾਰਨ ਵੀ ਲਾ ਸਕਦੀ ਹੈ ਅਤੇ ਇਹ ਵੀ ਕਿ ਫਿਰ ਪਾਣੀ ਭਾਵੇਂ ਛੱਪੜ ਦਾ ਹੋਵੇ, ਸਰੋਵਰ ਦਾ ਹੋਵੇ, ਨਹਿਰ ਦਾ ਹੋਵੇ, ਦਰਿਆ ਦਾ ਹੋਵੇ ਜਾਂ ਸਮੁੰਦਰ ਦਾ, ਮੱਝਾਂ ਦਾ ਆਪਣਾ ਕਿਰਦਾਰ ਹੈ ਪਾਣੀਆਂ ਵਿਚ ਉਕਸਾਹਟਾਂ ਬੀਜਣਾ। ਸ਼ਾਇਰੀ ਤਾਂ ਜ਼ਿਹਨ ਵਿਚ ਸੰਗੀਤਕ ਸਰਸਰਾਹਟ ਪੈਦਾ ਹੋਣ ਤੇ ਹੀ ਜਨਮਦੀ ਹੈ ਪਨਪਦੀ ਹੈ ਅਤੇ ਸੰਗੀਤਕ ਸਰਸਰਾਹਟ ਤਾਂ ਸਿਰਫ਼ ਅਤੇ ਸਿਰਫ਼ ਪਾਣੀਆਂ ਵਿਚ ਮਛਲੀਆਂ ਹੀ ਪੈਦਾ ਕਰ ਸਕਦੀਆਂ ਨੇ, ਤੁਸੀਂ ਕਦੇ ਪਾਣੀ ਦੀ ਉਪਰਲੀ ਸਤਹ ਤੇ ਮਛਲੀਆਂ ਨੂੰ ਤੈਰਦੇ ਹੋਏ ਵੇਖਿਐ? ਨਹੀਂ ਤਾਂ ਵੇਖਣਾ ਜਦੋਂ ਉਹ ਪਾਣੀ ਦੀ ਉਪਰਲੀ ਸਤਹ ਤੇ ਤਰਦਿਆਂ ਅਛੋਪਲੇ ਜਹੇ ਹੌਲੀ-ਹੌਲੀ ਮੂੰਹ ਖੋਲ੍ਹ ਖੋਲ੍ਹ ਕੇ ਬੰਦ ਕਰ ਰਹੀਆਂ ਹੋਣ ਤਾਂ ਨੀਝ ਲਾ ਕੇ ਵੇਖਣਾ ਉਹ ਤੁਹਾਨੂੰ ਗੀਤ, ਕਵਿਤਾ ਜਾਂ ਗ਼ਜ਼ਲ ਕਹਿੰਦੀਆਂ ਮਹਿਸੂਸ ਹੋਣਗੀਆਂ।

ਬੱਸ ਅਜੇਹੇ ਹੀ ਪਲਾਂ ਨੂੰ ਧੁਰ ਅੰਦਰ ਤੱਕ ਸਮੋ ਕੇ ਕਵਿਤਾਉਣ ਨੂੰ ਹੀ ਕਵਿਤਾ ਕਿਹਾ ਜਾ ਸਕਦਾ ਹੈ ਇਹ ਹੀ ਮੇਰੀਆਂ ਕਵਿਤਾਵਾਂ ਦੀ ਜੜ੍ਹ ਹੈ, ਹਾਂ ਪਰ ਕਈ ਵਾਰ ਕੁਝ ਅਜੇਹੇ ਪਲਾਂ ਨਾਲ ਵੀ ਦੋ ਚਾਰ ਹੋਣਾ ਪੈਦਾ ਹੈ ਜੋ ਫੋਰੀ ਤੌਰ ਤੇ ਤੁਹਾਡੀ ਪਕੜ ਵਿਚ ਨਹੀਂ ਆਉਂਦੇ ਲੰਮੇ ਅੰਤਰਾਲ ਤੋਂ ਬਾਅਦ ਜਦੋਂ ਉਹ ਪਲ਼ ਤੁਹਾਡੇ ਦਿਲ ਦੇ ਸਾਗਰ ਦੀਆਂ ਲਹਿਰਾਂ ਨਾਲ ਅਠਖੇਲੀਆਂ ਕਰਨ ਲੱਗਦੇ ਹਨ ਤਾਂ ਤੁਸੀਂ ਉਹਨਾਂ ਪਲਾਂ ਨੂੰ ਕਵਿਤਾਉਣ ਲਈ ਫ਼ਿਕਰਮੰਦ ਨਹੀਂ ਹੁੰਦੇ ਸਗੋਂ ਉਹ ਪਲ ਖ਼ੁਦ ਹੀ ਕਵਿਤਾਏ ਜਾਣ ਲਈ ਉਤਾਵਲੇ ਹੋ ਜਾਂਦੇ ਹਨ ਖ਼ੁਸ਼ੀ ਵਿਚ ਖ਼ੀਵੇ ਹੋਏ ਹੋਏ, ਇਹਨਾਂ ਕਾਵਿਕ ਪਲਾਂ ਨੂੰ ਮੈਂ ਇਉਂ ਮਹਿਸੂਸਦਾ ਹਾਂ ਕਿ ਜਿਵੇਂ ਤੁਸੀਂ ਜਦ ਉਚੀੳ ੁਚੀ ਖਿੜ ਖਿੜਾ ਕੇ ਹੱਸਦੇ ਹੋ ਤਾਂ ਤੁਹਾਡੇ ਪਹਿਨੇ ਹੋਏ ਗਹਿਣੇ ਮੁਸਕਰਾ ਮੁਸਕਰਾ ਕੇ ਤੁਹਾਡੇ ਹਾਸਿਆਂ ਨੂੰ ਸ਼ਿੰਗਾਰਦੇ ਸੰਵਾਰਦੇ ਹਨ ਜਿਵੇਂ ਕਿਸੇ ਕਵਿਤਾ ਦੇ ਬਿੰਬ, ਪਰ ਗਹਿਣੇ ਓਨੀ ਖ਼ੂਬਸੂਰਤੀ ਪੈਦਾ ਨਹੀਂ ਕਰਦੇ ਜਿੰਨੀ ਖ਼ੂਬਸੂਰਤੀ ਤੁਹਾਡੀ ਮੁਸਕਰਾਹਟ ਪੈਦਾ ਕਰਦੀ ਹੈ ਕਿਉਂਕਿ ਸਮਾਜਿਕ ਅਤੇ ਕੁਦਰਤੀ ਰਿਸ਼ਤਿਆਂ ਦੀ ਖਣ ਖਣ ਜਦੋਂ ਸੰਗੀਤ ਪੈਦਾ ਕਰਦੀ ਹੈ ਤਾਂ ਸੰਗੀਤ ਕਵਿਤਾ ਨੂੰ ਜਨਮ ਦੇਂਦਾ ਹੈ ਅਤੇ ਕਵਿਤਾ ਦੇ ਜਨਮ ਤੋਂ ਬਾਅਦ ਉਸ ਨੂੰ ਪੁਸਤਕ ਦਾ ਰੂਪ ਦੇਣ ਲਈ ਇਵੇਂ ਹੀ ਫਿਕਰਮੰਦ ਹੋਣਾ ਪੈਂਦਾ ਹੈ ਜਿਵੇਂ ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਪਾਲਣ ਪੋਸ਼ਣ, ਪੜ੍ਹਾਉਣ ਲਿਖਾਉਣ ਅਤੇ ਵਿਆਹ ਸ਼ਾਦੀ ਲਈ ਇਸ ਫ਼ਿਕਰ ਤੋਂ ਮੈਨੂੰ ਬੇ-ਫ਼ਿਕਰ ਕੀਤਾ ਤਾਂ ਮੇਰੀ ਹੋਣਹਾਰ ਸ਼ਾਗਿਰਦ-ਸਵਿੰਦਰ ਸੰਧੂ ਦੇ ਉਪਰਾਲੇ ਨੇ।

ਕਵਿਤਾ ਲਿਖਣ ਬਾਰੇ ਮੈਂ ਇਹ ਵੀ ਹਮੇਸ਼ਾ ਹੀ ਮਹਿਸੂਸਦਾ ਹਾਂ ਕਿ ਆਪਣੀ ਮੁਸਕਰਾਹਟ ਨੂੰ ਆਪਣੇ ਹਾਸਿਆਂ ਨੂੰ ਆਪਣੇ ਮੂੰਹ ਦੀ ਬਾਲਕੋਨੀ ਵਿਚ ਕੈਦ ਕਰ ਲੈਣਾ ਆਪਣੇ ਚਿਹਰੇ ਤੇ ਸੋਗਮਈ ਦਫ਼ਤਰ ਖੋਲ੍ਹਣ ਵਰਗਾ ਹੁੰਦਾ ਹੈ ਅਤੇ ਜੇ ਤੁਸੀਂ ਅਜੇਹਾ ਦਫ਼ਤਰ ਖੋਲ੍ਹਣ ਤੋਂ ਕਿਨਾਰਾਕਸ਼ੀ ਕਰਨ ਵਿਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਹਾਡੇ ਦਿਲ ਦੇ ਅੰਦਰ ਦਰਦ ਦਾ ਵਿਸਥਾਰ ਇਸ ਸਲੀਕੇ ਨਾਲ ਹੁੰਦਾ ਤੁਰਿਆ ਜਾਂਦਾ ਹੈ ਕਿ ਤੁਸੀਂ ਆਪਣੇ ਦਿਲ ਦੀ ਚੌਖਟ ਤੇ ਲੋਕ ਦਰਦ ਦਾ ਦਫ਼ਤਰ ਖੋਲ੍ਹ ਲੈਂਦੇ ਹੋ ਫਿਰ ਇਸ ਦਫ਼ਤਰ ਵਿਚ ਕੰਮ ਕਰਦਿਆਂ ਕਰਦਿਆਂ ਬਹੁਤ ਸਾਰੇ ਲੋਕਾਂ ਦੇ ਦਰਦਾਂ ਦਾ, ਦੁੱਖਾਂ ਦਾ, ਲੋੜਾਂ ਥੋੜਾਂ ਦਾ, ਰਿਸ਼ਤਿਆਂ ਦੀ ਟੁੱਟ-ਭੱਜ ਦਾ ਵਿਸ਼ਲੇਸ਼ਣਾਤਿਮਕ ਅਧਿਐਨ ਕਰਦਿਆਂ ਉਸ ਦੇ ਸਾਰ ਅੰਸ਼ ਨੂੰ ਛੁਹਣ ਦੇ ਸਮਰੱਥ ਹੋ ਜਾਂਦੇ ਹੋ ਤਾਂ ਤੁਸੀਂ ਕਵਿਤਾ ਜਾਂ ਕਵਿਤਾ ਦੀਆਂ ਬਹੁਤ ਸਾਰੀਆਂ ਵੰਨਗੀਆਂ ਨੂੰ ਆਪਣੀ ਆਗੋਸ਼ ਵਿਚ ਸਮਾਅ ਲੈਣ ਵਿਚ ਸਫ਼ਲ ਹੋ ਜਾਂਦੇ ਹੋ ਬਸ਼ਰਤੇ ਕਿ ਕਵਿਤਾ ਨੂੰ ਤੁਹਾਡੀ ਕਲਮ ਆਪਣੇ ਨਾਲ ਉਂਗਲ ਲਾ ਕੇ ਤੋਰ ਲਵੇ ਅਜੇਹੀ ਕਵਿਤਾ ਹੀ ਪਾਠਕ ਨੂੰ ਆਪਣੇ ਨਾਲ ਉਂਗਲ ਲਾ ਕੇ ਤੋਰ ਸਕਦੀ ਹੈ ਕਿਉਂ ਕਿ ਅਜੇਹੀ ਕਵਿਤਾ ਆਪਣੇ ਵੇਲੇ ਦਾ ਸ਼ੀਸ਼ਾ ਹੁੰਦੀ ਹੈ ਕਵਿਤਾ ਆਪਣੇ ਵੇਲੇ ਦੇ ਹਾਕਮ ਦੀ ਹਾਕਮੀਅਤ ਆਪਣੇ ਵੇਲੇ ਦੇ ਸੱਭਿਆਚਾਰ, ਆਪਣੇ ਵੇਲੇ ਦਾ ਆਰਥਿਕ ਪ੍ਰਬੰਧ, ਆਪਣੇ ਵੇਲੇ ਦੀ ਸਮਾਜਕ ਬਣਤਰ ਅਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੀਆਂ ਗੁੰਝਲਾਂ ਦੀ ਨਿਸ਼ਾਨਦੇਹੀ ਕਰਦਿਆਂ ਨਾਲੋ ਨਾਲ ਕਵੀ ਦੀ ਜ਼ਮੀਰ ਦੀ ਆਵਾਜ਼ ਦੀ ਨਿਸ਼ਾਨਦੇਹੀ ਵੀ ਚੁੱਪ ਚੁਪੀਤੇ ਹੀ ਕਰ ਜਾਂਦੀ ਹੈ ਕਵਿਤਾ।

ਕਵਿਤਾ ਵਿਚ ਜੇ ਔਰਤ ਦੀ ਗੱਲ ਕਰੀਏ ਤਾਂ ਔਰਤ ਦੀ ਇਹ ਤਰਾਸਦੀ ਰਹੀ ਹੈ ਕਿ ਉਹ ਜਣਨੀ ਵੀ ਹੈ, ਮਾਂ ਵੀ ਹੈ, ਭੈਣ ਵੀ ਹੈ, ਪਤਨੀ ਵੀ ਹੈ ਅਤੇ ਮਾਸ਼ੂਕ ਵੀ, ਪਰ ਉਸ ਨੂੰ ਇਹਨਾਂ ਸਾਰਿਆਂ ਰਿਸ਼ਤਿਆਂ ਦੀ ਵਲਗਣ ਵਿਚ ਕੈਦ ਕਰ, ਇਹਨਾਂ ਰਿਸ਼ਤਿਆਂ ਦੀ ਪੂਜਾ ਤਾਂ ਕਰਵਾਈ ਜਾਂਦੀ ਰਹੀ ਨਾਲ ਹੀ ਰਿਸ਼ਤਿਆਂ ਦੀ ਪਵਿਤਰਤਾ ਦੀ ਪਵਿਤਰਤਾ ਲਈ ਆਹੂਤੀ ਵੀ ਦਿੱਤੀ ਜਾਂਦੀ ਰਹੀ ਦੁਨੀਆ ਦੇ ਜਿੰਨੇ ਵੀ ਪੀਰ ਪੈਗੰਬਰ ਸਮਾਜ ਸੁਧਾਰਨ, ਬੁੱਧੀਮਾਨ ਪੈਦਾ ਹੋਏ ਹਨ ਉਹ ਸਾਰੀ ਹਯਾਤੀ ਹੱਕ ਸੱਚ ਤੇ ਚੱਲਣ ਦਾ ਹੋਕਾ ਦਿੰਦੇ ਰਹੇ ਪਰ ਹੱਕ ਸੱਚ ਦੀ ਕਮਾਈ ਦਾ ਨਿਤਾਰਾ ਅਤੇ ਔਰਤ ਦੇ ਹੱਕ ਵਿਚ ਜੇ ਆਵਾਜ਼ ਬੁਲੰਦ ਕੀਤੀ ਤਾਂ ਬਾਬਾ ਗੁਰੂ ਨਾਨਕ ਦੇਵ ਜੀ ਨੇ ਅਤੇ ਹੱਕ ਸੱਚ ਦੀ ਰਾਖੀ ਕਰਨ ਲਈ, ਜ਼ੁਲਮ ਅੱਗੇ ਡਟਣ ਦਾ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਿੜੀਆਂ ਤੋਂ ਬਾਜ ਤੁੜਵਾਉਣ ਦਾ ਤਹੱਈਆ ਕਰਕੇ। ਗੁਰੂ ਗੋਬਿੰਦ ਸਿੰਘ ਜੀ ਬਾਰੇ ਕਵਿਤਾ ਵਿਚ ਮੈਂ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਰੈਡ ਕਰਾਸ ਦਾ ਝੰਡਾ, ਭਾਈ ਕਨ੍ਹੱਈਆ ਜੀ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਸਭ ਤੋਂ ਪਹਿਲਾਂ ਝੁਲਾਇਆ। ਰੈਡ ਕਰਾਸ ਦੇ ਬਾਨੀ ਗੁਰੂ ਗੋਬਿੰਦ ਸਿੰਘ ਜੀ ਹੀ ਸਨ। ਇਸ ਪੁਸਤਕ ਵਿਚ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਦਰਜ ਕਵਿਤਾਵਾਂ ਤੁਹਾਡਾ ਸਭਨਾ ਦਾ ਧਿਆਨ ਜ਼ਰੂਰ ਖਿੱਚਣਗੀਆਂ ਆਪਣੇ ਵੱਲ।

ਇਤਹਾਸ ਦਾ, ਜ਼ਿੰਦਗੀ ਦਾ, ਸਮਾਜ ਦਾ, ਦੁਨੀਆ ਦਾ ਮੈਂ ਜਿੰਨਾ ਵੀ ਮੁਤਾਲਿਆ ਕੀਤਾ ਹੈ ਮੈਨੂੰ ਇਕ ਸਾਰ ਕੁਝ ਵੀ ਨਜ਼ਰ ਨਹੀਂ ਆਇਆ, ਆਪਣੇ ਮੁਲਕ ਦੀ ਤਰੱਕੀ, ਦੇਸ਼ ਦੇ ਰਾਖਿਆਂ ਦੇ ਰਾਖਿਆਂ ਦੀ ਮੁਸੀਬਤਾਂ ਭਰੀ ਕਾਰਗੁਜ਼ਾਰੀ ਅਤੇ ਦੇਸ਼ ਦਾ ਵਿਸਥਾਰ ਵੇਖ ਕੇ ਹਰ ਵਤਨ ਪ੍ਰਸਤ ਦਾ ਸਿਰ, ਆਪਣੇ ਆਪ ਨੂੰ ਮਾਣ ਨਾਲ ਉਚਾ ਉਚਾ ਮਹਿਸੂਸ ਹੁੰਦਾ ਹੈ ਪਰ ਹੋਰ ਵੀ ਬਹੁਤ ਸਾਰੇ ਪਹਿਲੂਆਂ ਨੂੰ ਅੱਖੋਂ ਪਰੋਖੇ ਵੀ ਨਹੀਂ ਕਰਿਆ ਜਾ ਸਕਦਾ, ਗਰਮ ਲੂਅ ਅਤੇ ਗ਼ੁਬਾਰ ਭਰੇ ਨਸ਼ਿਆਂ ਦੇ ਤੂਫ਼ਾਨਾ ਨੇ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ ਜਿਸ ਵਿਚ ਖ਼ਾਸ ਕਰਕੇ ਸਾਡਾ ਭਾਰਤ ਮਹਾਨ ਅਤੇ ਇਸ ਦਾ ਗੌਰਵਮਈ ਇਤਹਾਸਕ ਸੂਬਾ ਪੰਜਾਬ ਵੀ ਮੁਹਰਲੀ ਕਤਾਰ ਵਿਚ ਨਜ਼ਰ ਆ ਰਿਹਾ ਹੈ ਨਿੱਤ ਦਿਨ ਮਾਪੇ ਆਪਣੇ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੇ ਕਰਦੇ ਆਪਣੇ ਰੋਹ ਦੇ ਜ਼ਹਿਰ ਦਾ ਆਪ ਹੀ ਸ਼ਿਕਾਰ ਹੋਈ ਜਾ ਰਹੇ ਹਨ, ਸਰਕਾਰਾਂ ਖ਼ਾਨਾ ਪੂਰਤੀ ਕਰ ਰਹੀਆਂ ਹਨ ਨਸ਼ਾ ਛੁਡਾਉ ਕੇਂਦਰਾਂ ਰਾਹੀਂ। ਨਸ਼ਿਆਂ ਦੇ ਵਿਉਪਾਰੀ ਬੁਲ੍ਹਬੁਲੀਆਂ ਮਾਰਦੇ ਦਨਦਨਾਉਂਦੇ ਫਿਰ ਰਹੇ ਆਪਣੀਆਂ ਤਿਜੋਰੀਆਂ ਦਾ ਆਕਾਰ ਵੱਡਾ ਅਤੇ ਹੋਰ ਵੱਡਾ ਕਰੀ ਜਾ ਰਹੇ ਹਨ।

ਮੈਂ ਅੱਜ ਦੇ ਮਨੁੱਖ ਦੀ ਸੱਭਿਆਚਾਰਕ ਪੀੜਾ ਮਾਨਸਿਕ ਪੀੜਾ, ਸਮਾਜਿਕ, ਰਾਜਨੀਤਕ, ਧਾਰਮਿਕ ਦਵੰਧ, ਵਤਨ ਪ੍ਰਸਤੀ ਅਤੇ ਆਰਥਿਕਤਾ ਨੂੰ ਰੂਪਮਾਨ ਕਰਨ ਲੱਗਿਆ, ਆਪਣੇ ਆਪ ਨੂੰ ਈਮਾਨਦਾਰੀ ਨਾਲ ਸੁਚੇਤ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਨਾਲ ਹੀ ਮੈਂ ਇਹ ਵੀ ਮਹਿਸੂਸ ਕੀਤਾ ਹੈ ਕਿ ਨਜ਼ਮ ਹੋਵੇ, ਗੀਤ ਹੋਵੇ ਜਾਂ ਗ਼ਜ਼ਲ ਹੋਵੇ ਜੇ ਰਚਨਾ ’ਚੋਂ ਮੁਹੱਬਤ ਮਨਫ਼ੀ ਹੈ ਤਾਂ ਸਮਝੋ ਜ਼ਿੰਦਗੀ ਮਨਫ਼ੀ, ਜ਼ਿੰਦਗੀ ਨੂੰ ਜਿੰਦਗਾਨੀ ਮੁਹੱਬਤ ਹੀ ਤਾਂ ਬਣਾਉਂਦੀ ਹੈ ਮੁਹੱਬਤ ਦੇ ਅਹਿਸਾਸ ਨੂੰ ਸ਼ਿੱਦਤ ਨਾਲ ਪਕੜਨਾ, ਚਿਤਰਨਾ, ਜ਼ਿੰਦਗੀ ਦੀ ਗਾਨੀ ਬਣਾਉਣਾ, ਇਸ ਨੂੰ ਹੀ ਸ਼ਾਇਰੀ ਕਿਹਾ ਜਾਂਦਾ ਹੈ ਅਤੇ ਲੋਕ ਦਿਲਾਂ ਦੀ ਧੜਕਣ ਵੀ ਉਹ ਹੀ ਸ਼ਾਇਰੀ ਬਣ ਸਕਦੀ ਹੈ ਜੋ ਪੂਰੀ ਦੁਨੀਆ ਨੂੰ ਮੁਹੱਬਤ ਦਾ ਸੰਦੇਸ਼ ਦੇਵੇ ਸੱਚਾਈ ਦਾ ਸੰਦੇਸ਼ ਦੇਵੇ, ਕਿਉਂਕਿ ਅੱਜ ਦੇ ਮਨੁੱਖ ਦੇ ਵਸਤਰ ਵੀ ਸ਼ੀਸ਼ੇ ਦੇ ਅਤੇ ਘਰ ਵੀ ਸ਼ੀਸ਼ੇ ਦੇ ਜਿਹਨਾਂ ਵਿਚੋਂ ਸਭ ਕੁਝ ‘ਦੂਰ-ਬਹੁਤ-ਦੂਰ’ ਤੋਂ ਸਪੱਸ਼ਟ ਵਿਖਾਈ ਦੇਂਦਾ ਹੈ।

-ਰਾਜਿੰਦਰ ਪਰਦੇਸੀ


ਕਵਿਤਾਵਾਂ

ਦੂਰ-ਬਹੁਤ-ਦੂਰ

ਦੂਰ ਬਹੁਤ ਦੂਰ ਚਲਾ ਜਾਣਾ ਚਾਹੁੰਦਾ ਹੈ ਮਨ ਤਨ ਦੇ ਜੰਗਲ ਵਿਚ ਚਿਤਕਬਰੀ ਜਹੀ ਚਾਨਣੀ ਰਾਤੇ ਰੁੱਖ ਦੀ ਸ਼ਾਖ ਬਣ ਕੇ ਖੁੱਲੀ ਅਤੇ ਸਬਜ਼ ਸਬਜ਼ ਆਜ਼ਾਦਾਨਾ ਫ਼ਿਜ਼ਾ ਵਿਚ ਕੁਦਰਤ ਦੇ ਸਾਹਮਣੇ ਕੁਦਰਤ ਦੇ ਨਾਲ ਨਾਲ ਜਿਉਂਦੇ ਜਾਗਦੇ ਸਾਹਾਂ ਦਾ ਆਦਾਨ ਪ੍ਰਦਾਨ ਕਰਨ ਲਈ ਦੂਰ ਬਹੁਤ ਦੂਰ ਚਲਾ ਜਾਣਾ ਚਾਹੁੰਦਾ ਹੈ ਮਨ ਇਸ ਪਿੰਜਰੇ ਵਰਗੇ ਘਰ ਵਿਚ ਤਾਂ ਬੱਸ ਸਿਰਫ਼ ਹੁਣ ਫੜ ਫੜਾਇਆ ਹੀ ਜਾ ਸਕਦੈ ਪੰਛੀਆਂ ਵਾਂਗ ਦੂਰ ਬਹੁਤ ਦੂਰ ਦੀ ਗੱਲ ਹੈ ਮਨ ਦੀ ਮਰਜ਼ੀ ਤਾਂ ਕਿਉਂਕਿ ਘਰ ਵਿਚ ਹੁਣ ਲੋੜਾਂ ਦੇ ਹੀ ਲੋੜਵੰਦ ਹਨ ਰਿਸ਼ਤੇ ਸਿਰਫ਼ ਲੋੜਾਂ ਦੀ ਹੀ ਪ੍ਰਧਾਨਤਾ ਹੈ ਇਸ ਜਿੰਦ ਦੇ ਦੁੱਖ ਦਰਦ ਦੇ ਸਾਂਝੀ ਅਤੇ ਜਜ਼ਬਾਤਾਂ ਦੇ ਕੋਈ ਵੀ ਤਾਂ ਤਰਜਮਾਨ ਨਹੀਂ। ਇਸ ਲਈ ਮਤਲਬੀ ਲੋਕਾਂ ਤੋਂ ਦੂਰ ਬਹੁਤ ਦੂਰ ਚਲਾ ਜਾਣਾ ਚਾਹੁੰਦਾ ਹੈ ਮਨ।

ਦੀਵਾਲੀ

ਤੁਸੀਂ ਸਵਾਲ ਕਰ ਸਕਦੇ ਹੋ ਤੁਹਾਨੂੰ ਇਹ ਹੱਕ ਹੈ। ਪਰ ਦੀਵਾਲੀ ਦੀਵਿਆਂ ਨਾਲ ਹੀ ਤਾਂ ਨਹੀਂ ਹੁੰਦੀ ਮਨ ਦੀ ਰੌਸ਼ਨੀ ਵੀ ਜਗਮਗਾਉਣੀ ਚਾਹੀਦੀ ਹੈ। ਅੱਗ ਅਤੇ ਦੀਵਿਆਂ ਦੀ ਲੋਅ ਵਿਚ ਬੜਾ ਅੰਤਰ ਹੁੰਦਾ ਏ। ਮੱਸਿਆ ਦੀ ਰਾਤ ਨੂੰ ਦੀਵਿਆਂ ਨਾਲ ਪੁੰਨਿਆਂ ਕਰਨਾ ਚਾਨਣ ਤਾਂ ਬਖ਼ੇਰ ਸਕਦਾ ਹੈ ਪਰ ਚਾਨਣੀ ਦੀ ਠੰਡਕ ਨਹੀਂ। ਰੁੱਤਾਂ ਤਾਂ ਕਦੀ ਵੀ ਉਦਾਸ ਨਹੀਂ ਹੁੰਦੀਆਂ ਆਪਣੀਆਂ ਉਦਾਸੀਆਂ ਨਾਲ ਅਸੀਂ ਰੁੱਤਾਂ ਉਦਾਸ ਕਰ ਦੇਂਦੇ ਹਾਂ ਦੀਵੇ ਉਦਾਸ ਕਰ ਦਿੰਦੇ ਹਾਂ ਦੀਵਾਲੀਆਂ ਉਦਾਸ ਕਰ ਲੈਂਦੇ ਹਾਂ ਪਰ ਜਜ਼ਬਿਆਂ ਦੇ ਅੰਧਰਾਤੇ ਦੀਆਂ ਫੁੱਲ ਝੜੀਆਂ ਹਾਣੀ ਨਹੀਂ ਹੋ ਸਕਦੀਆਂ। ਚੱਕਰੀਆਂ ਦੀ ਨੱਚਦੀ ਰੌਸ਼ਨੀ ਆਤਿਸ਼ਬਾਜ਼ੀ ਦੀ ਆਸਮਾਨੀ ਅੱਗ ਹਰ ਕਿਸੇ ਦੀ ਦੀਵਾਲੀ ਨਹੀਂ ਹੋ ਸਕਦੀ ਤੁਸੀਂ ਸਵਾਲ ਕਰ ਸਕਦੇ ਹੋ ਦੋਸਤੋ ਪਰ ਦੀਵਾਲੀ ਦੀਵਿਆਂ ਨਾਲ ਹੀ ਤਾਂ ਨਹੀਂ ਹੁੰਦੀ ਮਨ ਦੀ ਰੌਸ਼ਨੀ ਵੀ ਤਾਂ ਜਗਮਗਾਉਣੀ ਚਾਹੀਦੀ ਹੈ।

ਕਿਹੜਾ ਨਵਾਂ ਕੋਰੋਨਾ ਆਇਆ

ਸੁਣ ਲੈ ਭਾਈ ਸੁਣ ਲੈ ਮਾਈ ਐਵੇਂ ਕਾਹਨੂੰ ਚਿੱਤ ਡੁਲਾਇਆ ਸਦੀਆਂ ਤੋਂ ਇਸ ਦੀ ਸਰਦਾਰੀ ਕਿਹੜਾ ਨਵਾਂ ਕੋਰੋਨਾ ਆਇਆ.... ਧਰਮ ਇੱਥੇ ਖੂੰਖਾਰ ਕੋਰੋਨਾ ਮਜ਼ਹਬੀ ਕਾਰੋਬਾਰ ਕੋਰੋਨਾ ਪਾਲ਼ਾਂ ਬੰਨ, ਜਾਤਾਂ ਪਾਤਾਂ ਦਾ ਜ਼ਹਿਰ ਸਦਾ ਇਸ ਨੇ ਵਰਤਾਇਆ ਸਦੀਆਂ ਤੋਂ ਇਸ ਦੀ ਸਰਦਾਰੀ ਕਿਹੜਾ ਨਵਾਂ ਕੋਰੋਨਾ ਆਇਆ.... ਰੋਜ਼ੀ ਲਈ ਪਰਵਾਸ ਕੋਰੋਨਾ ਪੂਜਾ, ਅੰਧ ਵਿਸ਼ਵਾਸ ਕੋਰੋਨਾ ਧੋਖੇਬਾਜ਼ੀ, ਵਲਛਲ ਵਲਛਲ ਕਦ ਕਦ ਨਹੀਂ ਕੋਰੋਨਾ ਛਾਇਆ ਸਦੀਆਂ ਤੋਂ ਇਸ ਦੀ ਸਰਦਾਰੀ ਕਿਹੜਾ ਨਵਾਂ ਕੋਰੋਨਾ ਆਇਆ.... ਨਕਲੀ ਦੁੱਧ ਤੇ ਦਹੀਂ ਕੋਰੋਨਾ ਕਿੱਥੇ ਕਿੱਥੇ ਹੈ ਨਹੀਂ ਕੋਰੋਨਾ ਪਹਿਲਾਂ ਵੀ ਇਹ ਜਾਨ ਦਾ ਖੌਅ ਸੀ ਹੁਣ ਵੀ ਸਿਰ ਤੇ ਮੌਤ ਦਾ ਸਾਇਆ ਮੁੱਦਤ ਤੋਂ ਇਸ ਦੀ ਸਰਦਾਰੀ ਕਿਹੜਾ ਨਵਾਂ ਕੋਰੋਨਾ ਆਇਆ.... ਬੈਂਕਾਂ ਦੇ ਵਿਚ ਦਰਜ ਕੋਰੋਨਾ ਕਿਰਸਾਨੀ ਸਿਰ ਕਰਜ ਕੋਰੋਨਾ ਜ਼ਹਿਰਾਂ ਪੀਵਣ, ਰੁੱਖੀਂ ਲਟਕਣ ਇਹ ਕੋਰੋਨਾ ਕੀ ਬਾਹਰ ਦਾ ਜਾਇਆ? ਮੁੱਦਤ ਤੋਂ ਇਸ ਦੀ ਸਰਦਾਰੀ ਕਿਹੜਾ ਨਵਾਂ ਕੋਰੋਨਾ ਆਇਆ.... ਡੇਰਾਵਾਦ ਦਾ ਰਾਜ ਕੋਰੋਨਾ ਘਾਤਕ ਬੇ-ਆਵਾਜ਼ ਕੋਰੋਨਾ ਸਰਕਾਰਾਂ ਪ੍ਰਫੁੱਲਤ ਕੀਤਾ ਨੰਗਾ, ਗੰਦਾ, ਨਾਚ ਨਚਾਇਆ ਮੁੱਦਤ ਤੋਂ ਇਸ ਦੀ ਸਰਦਾਰੀ ਕਿਹੜਾ ਨਵਾਂ ਕੋਰੋਨਾ ਆਇਆ.... ਰਾਜਨੀਤੀ ਵਿਚਕਾਰ ਕੋਰੋਨਾ ਦੋ-ਧਾਰੀ ਤਲਵਾਰ ਕੋਰੋਨਾ ਅਕਲਾਂ, ਸੋਚਾਂ ਨੂੰ ਵੱਢ ਟੁੱਕ ਕੇ ਮੁਲਕ ਨੂੰ ਮੌਤ ਦੇ ਮੂੰਹ ਵਿਚ ਪਾਇਆ ਮੁੱਦਤ ਤੋਂ ਇਸ ਦੀ ਸਰਦਾਰੀ ਕਿਹੜਾ ਨਵਾਂ ਕੋਰੋਨਾ ਆਇਆ... ਹੱਥ ਧੁਆ ਧੁਆ ਕੇ ਮੱਤ ਮਾਰੀ ਸਭ ਦੇ ਮੂੰਹ ਤੇ ਛਿੱਕਲ਼ੀ ਚਾੜ੍ਹੀ ਅੰਦਰੀਂ ਤਾੜੇ ਭੁੱਖੇ ਭਾਣੇ ਸਬਰ ਗਿਆ ਐਦਾਂ ਆਜ਼ਮਾਇਆ ਮੁੱਦਤ ਤੋਂ ਇਸ ਦੀ ਸਰਦਾਰੀ ਕਿਹੜਾ ਨਵਾਂ ਕੋਰੋਨਾ ਆਇਆ.... ਦਿਨ ਨੂੰ ਕੋਰੋਨਾ ਰਾਤ ਕੋਰੋਨਾ ਬਣ ਗਈ ਇੱਕ ਜਮਾਤ ਕੋਰੋਨਾ ‘ਪਰਦੇਸੀ’ ਮਜ਼ਦੂਰਾਂ ਨੂੰ ਇਸ ਭੁੱਖਿਆਂ ਰੇਲਾਂ ਹੇਠ ਮਰਾਇਆ ਮੁੱਦਤ ਤੋਂ ਇਸ ਦੀ ਸਰਦਾਰੀ ਕਿਹੜਾ ਨਵਾਂ ਕੋਰੋਨਾ ਆਇਆ...... ਸੁਣ ਲੈ ਭਾਈ ਸੁਣ ਲੈ ਮਾਈ ਐਵੇਂ ਕਾਹਨੂੰ ਚਿੱਤ ਡੁਲਾਇਆ ਸਦੀਆਂ ਤੋਂ ਇਸ ਦੀ ਸਰਦਾਰੀ ਕਿਹੜਾ ਨਵਾਂ ਕੋਰੋਨਾ ਆਇਆ........

ਖ਼ਤ ਲਿਖਣਾ ਹੈ

ਸੂਰਜ ਦੀ ਇਕ ਸਾਖ਼ ਨੂੰ ਘੜ ਕੇ ਪੁੰਨਿਆਂ ਤੋਂ ਰੋਸ਼ਨਾਈ ਫੜ ਕੇ ਖ਼ਤ ਲਿਖਣਾ ਹੈ ਬਾਬੇ ਨਾਨਕ ਨੂੰ ਮੈਂ ਅੱਜ ਇਹ ਖ਼ਤ ਲਿਖਣਾ ਹੈ ਕਿਰਤੀ ਹੁਣ ਵੀ ਭੁੱਖਾ ਮਰਦਾ ਵਿਹਲੜ ਖੋਹ ਖੋਹ ਖਾਵੇ ਬਾਬਾ ਰਾਤ ਦਿਨੇ ਜੋ ਲੁੱਟੇ ਸੁਬਹਾ ਤੈਥੋਂ ਭੁੱਲ ਬਖਸ਼ਾਵੇ ਬਾਬਾ ਜਿਉਂ ਕੌਡੇ ਨੂੰ ਇਓਂ ਹੀ ਸਭ ਨੂੰ ਬਖ਼ਸ਼ੀ ਜਾਵੇਂ ਬਖ਼ਸ਼ੀ ਜਾਵੇਂ ਸਿਰ ਫਿਰਿਆਂ ਦੇ ਸਿਰ ਦੇ ਅੰਦਰੋਂ ਮੱਕਾ ਕੌਣ ਘੁਮਾਵੇ ਬਾਬਾ ਖ਼ਤ ਲਿਖਣਾ ਹੈ ਬਾਬੇ ਨਾਨਕ ਨੂੰ ਮੈਂ ਅੱਜ ਇਹ ਖ਼ਤ ਲਿਖਣਾ ਹੈ ਜਿਸ ਔਰਤ ਨੂੰ ਤੂੰ ਵਡਿਆਇਆ ਤੇਰੀ ਮਹਿਮਾ ਕਰਨ ਨੂੰ ਤਰਸੇ ਤੇਰੇ ਹੀ ਉਹ ਹਰੀ ਮੰਦਰ ਵਿਚ ਤੇਰੀ ਬਾਣੀ ਉਹ ਪੜ੍ਹਨ ਨੂੰ ਤਰਸੇ ਤੇਰੇ ਕੁਝ ਪੈਰੋਕਾਰਾਂ ਨੇ ਐਸੀ ਬਣਤ ਬਣਾਈ ਬਾਬਾ ਤੇਰੇ ਦਰ ਦੀ ਗੋਲਕ ਤੇ ਹੈ ਸਰਪ ਛਾਇਆ ਦਰਸਾਈ ਬਾਬਾ ਖ਼ਤ ਲਿਖਣਾ ਹੈ ਬਾਬੇ ਨਾਨਕ ਨੂੰ ਮੈਂ ਅੱਜ ਇਹ ਖ਼ਤ ਲਿਖਣਾ ਹੈ ਮਾਨਵਤਾ ਦੀ ਟੋਪੀ ਲੈ ਤੂੰ ਸਾਂਝ ’ਚ ਰੰਗੀ ਦੁਨੀਆ ਸਾਰੀ ਬਦਲੀ ਜਾਂਦੇ ਤੇਰੇ ਹੀ ਘਰ ਮਾਨਵਤਾ ਦੇ ਰੰਗ ਲਲਾਰੀ ਸਾਂਝੀ ਵਾਲ ਸਦਾਇਣ ਸੱਭੇ ਇਹਨਾਂ ਨੂੰ ਜੇ ਕਹਿ ਨਈਂ ਸਕਦਾ ਮੇਰੇ ਵਰਗਾ ਮੂਰਖ ਵੀ ਫਿਰ ਇਹ ਤਬਦੀਲੀ ਸਹਿ ਨਈਂ ਸਕਦਾ ਖ਼ਤ ਲਿਖਣਾ ਹੈ ਬਾਬੇ ਨਾਨਕ ਨੂੰ ਮੈਂ ਅੱਜ ਇਹ ਖ਼ਤ ਲਿਖਣਾ ਹੈ ਪਤਾ ਲੱਗਾ ਜਦ ਇਹ ਮਰਦਾਨੇ ਨੂੰ ਮੈਂ ਹੈ ਖ਼ਤ ਲਿਖਣਾ ਬਾਬੇ ਨੂੰ ਭੁੱਬਾਂ ਮਾਰ ਕੇ ਕਹਿੰਦਾ ਮੇਰਾ ਇਹ ਦਰਦ ਪਹੁੰਚਾ ਦੇਣਾ ਬਾਬੇ ਨੂੰ ਜਿਸ ਰਬਾਬੀ ਨੇ ਤੇਰੀ ਗੁਰਬਾਣੀ ਤੁਧ ਤੋਂ ਹੈ ਲੋਕਾਂ ਤੱਕ ਪਰੋਈ ਉਸ ਦੀ ਵੰਸ਼ ਨੂੰ ਤੇਰੇ ਦਰ ਤੇ ਕੀਰਤਨ ਵੀ ਕਰਨ ਨਾ ਦਿੰਦਾ ਕੋਈ ਖ਼ਤ ਲਿਖਣਾ ਹੈ ਬਾਬੇ ਨਾਨਕ ਨੂੰ ਮੈਂ ਅੱਜ ਇਹ ਖ਼ਤ ਲਿਖਣਾ ਹੈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਇਹ ਤਾਂ ਲੋਕ ਪੁਕਾਰੀ ਜਾਂਦੇ ਪਰ ਦਾਜ ਦੇ ਦੈਂਤਾਂ ਤੋਂ ਡਰ ਮਾਪੇ ਧੀਆਂ ਕੁਖੀਂ ਨੇ ਮਾਰੀ ਜਾਂਦੇ ਮਾਰੀ ਜਾਂਦੇ ਨਾ ਜਦ ਏਥੇ ਕੰਗਲੇ ਜੰਮਣੇ ਨਾ ਹੀ ਜੰਮਣੇ ਰਾਜਾਨ ਹੇ ਬਾਬਾ ਫਿਰ ਕਿਸ ਨੇ ਦੱਸ ਬਾਣੀ ਪੜ੍ਹਨੀ ਕਿਸ ਨੇ ਸੁਣਨੀ ਆਜ਼ਾਨ ਹੇ ਬਾਬਾ ਖ਼ਤ ਲਿਖਣਾ ਹੈ ਬਾਬੇ ਨਾਨਕ ਨੂੰ ਮੈਂ ਅੱਜ ਇਹ ਖ਼ਤ ਲਿਖਣਾ ਹੈ।

ਕੋਈ ਕੌਤਕ ਓਸ ਮੁਕਾਬਲ ਨਾ

ਕੋਈ ਕੌਤਕ ਓਸ ਮੁਕਾਬਲ ਨਾ ਦਸਮੇਸ਼ ਨੇ ਜੋ ਦਿਖਲਾ ਦਿੱਤਾ ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ ਪਟਨਾ ਹੈ ਕਿਸਮਤ ਵਾਲਾ ਇਹ, ਇਹ ਧਰਤੀ ਭਾਗਾਂ ਵਾਲੀ ਏ ਉਸ ਕਲਗੀ ਵਾਲੇ ਪ੍ਰੀਤਮ ਦੀ ਇਹ ਕਲਗੀ ਦੀ ਮਤਵਾਲੀ ਏ ਪਟਨੇ ਵਿਚ ਉਸ ਦੀ ਰੰਗਤ ਹੈ ਪਟਨੇ ਵਿਚ ਉਸ ਦੀ ਖੁਸ਼ਬੋਈ ਇਹ ਮਾਣ ਹੈ ਇਸ ਦੀ ਧਰਤੀ ਨੂੰ ਇਸ ਸ਼ਮ੍ਹਾਂ ਬਗ਼ਾਵਤ ਬਾਲੀ ਏ ਕੇਸਰੀ ਪਰਚਮ ਦੁਨੀਆ ਭਰ ਵਿਚ ਪਟਨੇ ਨੇ ਲਹਿਰਾ ਦਿੱਤਾ ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ ਕੋਈ ਕੌਤਕ ਓਸ ਮੁਕਾਬਲ ਨਾ ਦਸਮੇਸ਼ ਨੇ ਜੋ ਦਿਖਲਾ ਦਿੱਤਾ ਬੁਜ਼ਦਿਲ, ਬੇ-ਅਖਣੇ, ਬੇ-ਗ਼ੈਰਤ ਥਾਪੀ ਦੇ ਗ਼ੈਰਤਮੰਦ ਕੀਤੇ ਰਾਹ ਕੁਰਬਾਨੀ ਦਾ ਦੱਸਣ ਲਈ ਪੇਸ਼ ਅਪਣੇ ਵੀ ਫ਼ਰਜ਼ੰਦ ਕੀਤੇ ਬੰਦਾ ਸਿੰਘ ਬਹਾਦਰ ਸਿਰਜਣ ਲਈ ਜਦ ਬਖ਼ਸ਼ੇ ਤੀਰ ਬੈਰਾਗੀ ਨੂੰ ਸੁਣ ਸੁਣ ਹੈਰਤ ਅੰਗੇਜ਼ ਹੈ ਜੱਗ ਜੋ ਕ੍ਰਿਸ਼ਮੇ ਉਸ ਸਰਹੰਦ ਕੀਤੇ ਜ਼ੁਲਮਾਂ ਦੇ ਜ਼ਾਲਮ ਛੱਤ ਪਿੰਡ ਨੂੰ ਪਲ ਵਿਚ ਬੇ-ਛੱਤ ਬਣਾ ਦਿੱਤਾ ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ ਕੋਈ ਕੌਤਕ ਓਸ ਮੁਕਾਬਲ ਨਾ ਦਸਮੇਸ਼ ਨੇ ਜੋ ਦਿਖਲਾ ਦਿੱਤਾ ਹੈ ਪੰਜਾਂ ਦੇ ਵਿਚ ਪਰਮੇਸ਼ਵਰ ਕਹਿ ਸਾਜੇ ਪੰਜ ਪਿਆਰੇ ਨੇ ਸਭ ਜਾਤਾਂ ਪਾਤਾਂ ਮੇਟਣ ਲਈ ਸਭਨਾਂ ’ਚੋਂ ਪੰਜ ਨਿਤਾਰੇ ਨੇ ਪੰਜਾਂ ਤਾਈਂ ਛਕਾ ਕੇ ਅੰਮਿ੍ਰਤ ਫਿਰ ਪੰਜਾਂ ਤੋਂ ਛਕਿਆ ਆਪ ਆਪ ਗੁਰੂ ਤੇ ਆਪੇ ਚੇਲਾ ਤੇਰੇ ਰੰਗ ਨਿਆਰੇ ਨੇ ਚਿੜੀਆਂ ਵੰਗਾਰਨ ਬਾਜਾਂ ਨੂੰ ਕਹਿਰਾਂ ਦਾ ਜੋਸ਼ ਜਗਾ ਦਿੱਤਾ ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ ਕੋਈ ਕੌਤਕ ਓਸ ਮੁਕਾਬਲ ਨਾ ਦਸਮੇਸ਼ ਨੇ ਜੋ ਦਿਖਲਾ ਦਿੱਤਾ ਜਿਸ ਦੇ ਸਿਰ ਕਲਗੀ ਲੱਗ ਜਾਂਦੀ ਉਹ ਮਰਦੇ ਦਮ ਤਕ ਲਹੁੰਦਾ ਨੲ੍ਹੀਂ ਕੋਈ ਸੰਗਤ ਸਿੰਘ ਦੇ ਸਿਰ ਉਤੇ ਗੁਰੂ ਗੋਬਿੰਦ ਵਾਂਗ ਸਜਾਉਂਦਾ ਨੲ੍ਹੀਂ ਸਦੀਆਂ ਤੋਂ, ਯੋਧੇ, ਪੈਗੰਬਰ ਜ਼ੁਲਮਾਂ ਸੰਗ ਲੜਦੇ ਆਏ ਨੇ ਕੋਈ ਆਪ ਸ਼ਹੀਦ ਤਾਂ ਹੋ ਸਕਦੈ ਪ੍ਰੀਵਾਰ ਸ਼ਹੀਦ ਕਰਾਉਂਦਾ ਨਈਂ ਦੁਨੀਆ ਦੇ ਨਕਸ਼ੇ ਤੇ ਵੱਖਰਾ ਸਿਖਿਅਤ ਸੰਸਾਰ ਵਸਾ ਦਿੱਤਾ ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ ਕੋਈ ਕੌਤਕ ਓਸ ਮੁਕਾਬਲ ਨਾ ਦਸਮੇਸ਼ ਨੇ ਜੋ ਦਿਖਲਾ ਦਿੱਤਾ ਸੀਸ ਤਲੀ ਤੇ ਧਰ ਕੇ ਇਉਂ ਕ੍ਰਿਸ਼ਮਾ ਵਿਖਲਾਉਂਦੇ ਜੰਗ ਵਿਚੋਂ ਧੜ ਲੜਦਾ ਰਵ੍ਹੇ, ਪਰ ਅੰਮਿ੍ਰਤਸਰ ਸਿਰ ਹਨ ਪਹੁੰਚਾਉਂਦੇ ਜੰਗ ਵਿਚੋਂ ਜੱਗ ਦੀਪਕ ਬਾਬਾ ਦੀਪ ਸਿੰਘ ਜਿਸ ਚਾਨਣ ਕੀਤਾ ਖ਼ਲਕਤ ਨੂੰ ਉਹ ਕੌਮਾਂ, ਮੁਲਕ ਨਹੀਂ ਬਚਦੇ ਜੋ ਸੀਸ ਬਚਾਉਂਦੇ ਜੰਗ ਵਿਚੋਂ ਸਿਰਦਾਰ, ਸਦਾ ਸਰਦਾਰ ਜਗਤ ਦੁਨੀਆ ਨੂੰ ਇਹ ਸਮਝਾ ਦਿੱਤਾ ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ ਕੋਈ ਕੌਤਕ ਓਸ ਮੁਕਾਬਲ ਦਾ ਦਸਮੇਸ਼ ਨੇ ਜੋ ਦਿਖਲਾ ਦਿੱਤਾ ਜੰਗ ਹਕੂਕਾਂ ਦੀ, ਦੁਸ਼ਮਣ ਦੇ ਜ਼ਖਮੀਂ ਮਲ੍ਹਮ ਲਗਾਉਂਦੈ ਕੌਣ ਮੌਤ ਮੂੰਹ ਪਹੁੰਚੇ ਦੁਸ਼ਮਣ ਦੇ ਇਉਂ ਮੂੰਹ ਵਿਚ ਪਾਣੀ ਪਉਂਦੈ ਕੌਣ ਮੈਦਾਨ-ਏ-ਜੰਗ ਕੱਨ੍ਹਈਏ ਨੂੰ ਹਰ ਰੂਪ ’ਚ ਗੋਬਿੰਦ ਦਿਸਦਾ ਸੀ ਮਾਨੁੱਖਤਾ ਦੀ ਖ਼ਾਤਿਰ ਸੋਨਾ ਤੀਰਾਂ ਉਤੇ ਲਉਂਦੈ ਕੌਣ ਪਰਚਮ ‘‘ਪਰਦੇਸੀ’’ ਰੈਡ ਕਰਾਸ ਇਉਂ ਦੁਨੀਆ ਤੇ ਲਹਿਰਾ ਦਿੱਤਾ ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ ਕੋਈ ਕੌਤਕ ਓਸ ਮੁਕਾਬਲ ਨਾ ਦਸਮੇਸ਼ ਨੇ ਜੋ ਦਿਖਲਾ ਦਿੱਤਾ ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ।

ਧਰਤੀ ਅੰਬਰਸਰ ਦੀ

(ਸ਼ਹੀਦ, ਮਦਨ ਲਾਲ ਢੀਂਗਰਾ) ਹੁੰਦੀ ਹਦ ਜਾਂ ਜ਼ੁਲਮ ਦੀ ਤਦ ਹੈ ਖ਼ੂਨ ਖੌਲਦਾ ਜਦ ਖ਼ੂਨ ਖੌਲਦਾ ਦਾ ਹੈ ਤਾਂ ਵਿਗਸਣ ਸ਼ਹਾਦਤਾਂ ਗ਼ਲ ’ਚੋਂ ਗ਼ੁਲਾਮੀ ਲਾਹੁਣ ਨੂੰ ਬਣਦੇ ਨੇ ਸਿਰ ਮਸ਼ਾਲ ਪੈਦਾ ਹੈ ਹੁੰਦਾ ਫਿਰ ਕਿਤੇ ਮਦਨ ਲਾਲ ਢੀਂਗਰਾ। ਦੇਸ਼ ਦੀ ਖ਼ਾਤਿਰ ਜੂਝਣ ਵਾਲੇ ਫ਼ਿਕਰ ਨਾ ਕਰਦੇ ਘਰ ਦੀ ਯੋਧੇ ਪੈਦਾ ਕਰਦੀ ਆਈ ਧਰਤੀ ਅੰਬਰਸਰ ਦੀ ਸੰਨ ਅਠਾਰਾਂ ਸੌ ਸਤਾਸੀ ਹੈ ਅੱਠ ਫਰਵਰੀ ਪਿਆਰੀ ‘‘ਸੰਤੋ’’ ਮਾਂ ਦੀ ਗੋਦੀ ਮਾਰੀ ਮਦਨ ਲਾਲ ਕਿਲਕਾਰੀ ‘‘ਦਿੱਤਾ ਮੱਲ’’ ਪਿਤਾ ਸੀ ਰੱਖਦਾ, ਗੋਰਿਆਂ ਸੰਗ ਹਮਦਰਦੀ ਦੇਸ਼ ਦੀ ਖ਼ਾਤਿਰ ਜੂਝਣ ਵਾਲੇ ਫ਼ਿਕਰ ਨਾ ਕਰਦੇ ਘਰ ਦੀ ਯੋਧੇ ਪੈਦਾ ਕਰਦੀ ਆਈ ਧਰਤੀ ਅੰਬਰਸਰ ਦੀ ਮਦਨ ਲਾਲ ਜੀ ਢੀਂਗਰਾ ਨੇ ਜਦ ਸੁਰਤ ਸੰਭਾਲੀ ਅਪਣੀ ਗੋਰੇ ਵੇਖੇ, ਲੁੱਟੀ ਜਾਂਦੇ ਦੌਲਤ ਖ਼ੂਬ ਵਤਨ ਦੀ ਆਜ਼ਾਦੀ ਦੀ ਚਿਣਗ ਸਦਾ ਸੀਨੇ ਅੰਗੜਾਈਆਂ ਭਰਦੀ ਦੇਸ਼ ਦੀ ਖ਼ਾਤਿਰ ਜੂਝਣ ਵਾਲੇ ਫ਼ਿਕਰ ਨਾ ਕਰਦੇ ਘਰ ਦੀ ਯੋਧੇ ਪੈਦਾ ਕਰਦੀ ਆਈ ਧਰਤੀ ਅੰਬਰਸਰ ਦੀ ਮਾਂ ਪਿਉ ਭੈਣ ਭਰਾਵਾਂ ਦੀ ਤਕ ਨਾਲ ਫ਼ਰੰਗੀਆਂ ਯਾਰੀ ਮਦਨ ਲਾਲ ਜੀ ਢੀਂਗਰਾ ਕੀਤੀ ਵੱਲ ਵਲੈਤ ਤਿਆਰੀ ਜੁਲਾਈ ਉਨੀ ਸੌ ਛੇ ਦੇ ਵਿਚ ਲੰਡਨ ਪਹੁੰਚੇ ਦੇਸ਼ ਦੇ ਦਰਦੀ ਦੇਸ਼ ਦੀ ਖ਼ਾਤਿਰ ਜੂਝਣ ਵਾਲੇ ਫ਼ਿਕਰ ਨਾ ਕਰਦੇ ਘਰ ਦੀ ਯੋਧੇ ਪੈਦਾ ਕਰਦੀ ਆਈ ਧਰਤੀ ਅੰਬਰਸਰ ਦੀ ਲੰਡਨ ਦੇ ਇੰਜੀਨੀਅਰਿੰਗ ਕਾਲਜ ਓਸ ਪੜ੍ਹਾਈ ਕਰਕੇ ਜਾਰੀ ‘‘ਇੰਡੀਆ ਹਾਊਸ’’ ’ਚ ਮਿਸ਼ਨ ਆਪਣੇ ਦੀ ਕੀਤੀ ਫਿਰ ਓਸ ਤਿਆਰੀ ਹਾਸਿਲ ਕੀਤੀ ਅਗਵਾਈ ਫਿਰ ਉਸ ਨੇ ਸਾਵਰਕਰ ਦੀ ਦੇਸ਼ ਦੀ ਖ਼ਾਤਿਰ ਜੂਝਣ ਵਾਲੇ ਫ਼ਿਕਰ ਨਾ ਕਰਦੇ ਘਰ ਦੀ ਯੋਧੇ ਪੈਦਾ ਕਰਦੀ ਆਈ ਧਰਤੀ ਅੰਬਰਸਰ ਦੀ ਇੱਕ ਜੁਲਾਈ ਉਨੀ ਸੌ ਨੌਂ ਯਾਦ ਫਰੰਗੀਆਂ ਨੂੰ ਹਾਲੀ ਇਸ ਦਿਨ ਗੋਲੀਆਂ ਨਾਲ ਉਡਾਇਆ ਸੀ ‘‘ਸਰ-ਕਰਜ਼ਨ-ਵਾਇਲੀ’’ ਅਗਸਤ ਸਤਾਰਾਂ ਉਨੀ ਸੌ ਨੌਂ ਹੋਈ ਸ਼ਹਾਦਤ ਨਰ ਦੀ ਯੋਧੇ ਪੈਦਾ ਕਰਦੀ ਆਈ ਧਰਤੀ ਅੰਬਰਸਰ ਦੀ ਦੇਸ਼ ਦੀ ਖ਼ਾਤਿਰ ਜੂਝਣ ਵਾਲੇ ਫ਼ਿਕਰ ਨਾ ਕਰਦੇ ਘਰ ਦੀ ਮਦਨ ਲਾਲ ਜੀ ਢੀਂਗਰਾ ਨੇ ਇਹ ਹੈ ਇਤਿਹਾਸ ਰਚਾਇਆ ਨਾਲ ਸ਼ਹਾਦਤ ਦੇ ਹੈ ਆਪਣੇ ਦੇਸ਼ ਦਾ ਨਉਂ ਚਮਕਾਇਆ ਗ਼ੈਰਤਮੰਦਾਂ ਦਾ ‘‘ਪਰਦੇਸੀ’’ ਜਿੱਤ ਹੈ ਪਾਣੀ ਭਰਦੀ ਦੇਸ਼ ਦੀ ਖ਼ਾਤਿਰ ਜੂਝਣ ਵਾਲੇ ਫ਼ਿਕਰ ਨਾ ਕਰਦੇ ਘਰ ਦੀ ਯੋਧੇ ਪੈਦਾ ਕਰਦੀ ਆਈ ਧਰਤੀ ਅੰਬਰਸਰ ਦੀ ਦੇਸ਼ ਦੀ ਖ਼ਾਤਿਰ ਜੂਝਣ ਵਾਲੇ ਫ਼ਿਕਰ ਨਾ ਕਰਦੇ ਘਰ ਦੀ

ਵਿਸਾਖ਼ੀ

ਪਾਉਂਦੇ ਹਾਂ ਬਾਤ ਤੇਰੀ ਸੁਣਦੇ ਨੇ ਲੋਕ ਸਾਰੇ ਆ ਜਾ ਵਿਸਾਖ਼ੀਏ ਨੀ ਬਹਿ ਕੇ ਤੂੰ ਭਰ ਹੁੰਗਾਰੇ ਇਸ ਆਰ ਹੈ ਵਿਸਾਖ਼ੀ ਉਸ ਪਾਰ ਹੈ ਵਿਸਾਖ਼ੀ ਖ਼ੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਹੈ ਵਿਸਾਖ਼ੀ ਮਹਿਲਾਂ ਦੀ ਹੈ ਇਹ ਰਾਣੀ ਮਾਲਕ ਨੇ ਇਸ ਦੇ ਢਾਰੇ ਪਾਉਂਦੇ ਹਾਂ ਬਾਤ ਤੇਰੀ ਸੁਣਦੇ ਨੇ ਲੋਕ ਸਾਰੇ ਆ ਜਾ ਵਿਸਾਖ਼ੀਏ ਨੀ ਬਹਿ ਕੇ ਤੂੰ ਭਰ ਹੁੰਗਾਰੇ ਗੋਬਿੰਦ ਨੇ ਇਸੇ ਦਿਨ ਸੀ ਖਾਲਸਾ ਸਜਾਇਆ ਮਜ਼ਲੂਮਾਂ ਹੱਥੀਂ ਖੰਡਾ ਏਸੇ ਹੀ ਦਿਨ ਫੜਾਇਆ ਚਮਕੇ ਸੀ ਏਸੇ ਹੀ ਦਿਨ ਇਸ ਮੁਲਕ ਦੇ ਸਿਤਾਰੇ ਪਾਉਂਦੇ ਹਾਂ ਬਾਤ ਤੇਰੀ ਸੁਣਦੇ ਨੇ ਲੋਕ ਸਾਰੇ ਆ ਜਾ ਵਿਸਾਖ਼ੀਏ ਨੀ ਬਹਿ ਕੇ ਤੂੰ ਭਰ ਹੁੰਗਾਰੇ ਅੰਬਰ ਦੀ ਭੈੜੀ ਨਜ਼ਰੋਂ ਬਚ ਕੇ ਘਰਾਂ ਨੂੰ ਆ ਜਾ ਸ਼ਾਹਾਂ ਤੋਂ ਪਤ ਅਸਾਡੀ ਕਣਕੇ ਨੀ ਤੂੰ ਬਚਾ ਜਾ ਪਰਜਾ ਨੂੰ ਰਾਜਿਆਂ ਨੂੰ ਤੇਰੇ ਹੀ ਹੁਣ ਸਹਾਰੇ ਪਾਉਂਦੇ ਹਾਂ ਬਾਤ ਤੇਰੀ ਸੁਣਦੇ ਨੇ ਲੋਕ ਸਾਰੇ ਆ ਜਾ ਵਿਸਾਖ਼ੀਏ ਨੀ ਬਹਿ ਕੇ ਤੂੰ ਭਰ ਹੁੰਗਾਰੇ ਚੋਲਾ ਸੁਨਹਿਰੀ ਪਾ ਕੇ ਆਇਆ ਵਿਸਾਖ਼ ਮਾਹੀ ਪੂਰਾਂਗਾ ਸ਼ੌਕ ਤੇਰੇ ਹੁਣ ਤੇ ਇਹ ਆਖ਼ ਮਾਹੀ ਭਰਵੀਂ ਫ਼ਸਲ ਤੇ ਸੱਜਣਾ ਲਾਵੀਂ ਨਾ ਹੋਰ ਲਾਰੇ ਬਹਿ ਕੇ ਵਿਸਾਖ਼ੀਏ ਨੀ ਤੂੰ ਵੀ ਤਾਂ ਭਰ ਹੁੰਗਾਰੇ ਪਾਉਂਦੇ ਹਾਂ ਬਾਤ ਤੇਰੀ ਸੁਣਦੇ ਨੇ ਲੋਕ ਸਾਰੇ ‘‘ਪਰਦੇਸੀ’’ ਲੱਖ ਮਨਾਈਏ ਪਰਦੇਸ ਵਿਚ ਵਿਸਾਖੀ ਪਰ ਮਨ ਨੂੰ ਭਉਂਦੀ ਅਪਣੇ ਹੀ ਦੇਸ਼ ਵਿਚ ਵਿਸਾਖ਼ੀ ਭੰਗੜੇ ਤੇ ਢੋਲ ਲਗਦੇ ਅਪਣੇ ਹੀ ਪਿਆਰੇ ਪਿਆਰੇ ਬਹਿ ਕੇ ਵਿਸਾਖ਼ੀਏ ਨੀ ਹੱਸ ਹੱਸ ਤੂੰ ਭਰ ਹੁੰਗਾਰੇ ਪਾਉਂਦੇ ਹਾਂ ਬਾਤ ਤੇਰੀ ਸੁਣਦੇ ਨੇ ਲੋਕ ਸਾਰੇ ਆ ਜਾ ਵਿਸਾਖ਼ੀਏ ਨੀ ਹੱਸ ਹੱਸ ਤੂੰ ਭਰ ਹੁੰਗਾਰੇ ਬਹਿ ਕੇ ਤੂੰ ਕੋਲ ਮੇਰੇ ਤੱਕ ਤੱਕ ਕੇ ਭਰ ਹੁੰਗਾਰੇ ਤੱਕ ਤੱਕ ਕੇ ਗੀਤ ਗਾ ਗਾ ਹੱਸ ਹੱਸ ਕੇ ਭਰ ਹੁੰਗਾਰੇ।

ਸ਼ਬਦਾਂ ਦਾ ਭੱਖੜਾ

ਮੈਂ ਜਦ ਵੀ ਤੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹਾਂ ਤੇਰੇ ਸ਼ਬਦਾਂ ਦਾ ਭੱਖੜਾ ਮੇਰੇ ਪੈਰਾਂ ਤੱਕ ਮੋਰੀਆਂ ਕਰ ਜਾਂਦਾ ਹੈ ਦਿਲ ਤੋਂ ਸਫਰ ਕਰਦਿਆਂ ਕਰਦਿਆਂ ਮੈਂ ਪੀੜ ਨਾਲ ਕਰਾਹ ਉਠਦਾ ਹਾਂ ਪਰ ਤੈਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੋਇਆ ਇਕ ਜਨਮ ਤੋਂ ਮੈਂ ਪੀੜਾਂ ਨਾਲ ਪਰਨਾਇਆ ਦਰਦ ਨੂੰ ਆਪਣੇ ਅੰਦਰ ਸਮੇਟਦਿਆਂ ਹੁਣ ਮੈਂ ਲੰਗੜਾਓਣ ਲੱਗ ਪਿਆ ਹਾਂ ਲੰਗ ਮਾਰਦਿਆਂ ਮਾਰਦਿਆਂ ਹੁਣ ਮੈਨੂੰ ਸਿੱਧਾ ਤੁਰਨ ਦੀ ਆਦਤ ਹੀ ਨਹੀਂ ਰਹੀ।

ਸ਼ਹਾਦਤ

ਤੁਸੀਂ ਬੁੱਤਾਂ ਨੂੰ ਨਤਮਸਤਕ ਹੋ ਸ਼ਹੀਦਾਂ ਦੇ ਬੁੱਤਾਂ ਨੂੰ ਤੁਸੀਂ ਇਹਨਾਂ ਬਾਰੇ ਕੁਝ ਵੀ ਕਹਿ ਸਕਦੇ ਹੋ ਤੁਹਾਨੂੰ ਪਤੈ ਕੇ ਇਹ ਕੁਝ ਵੀ ਨਹੀਂ ਕਹਿਣਗੇ ਕੁਝ ਵੀ ਨਹੀਂ ਬੋਲਣਗੇ ਜਦੋਂ ਇਹ ਕੁਝ ਕਹਿੰਦੇ ਸਨ ਤੁਸੀਂ ਇਹਨਾਂ ਨੂੰ ਸੁਣਿਆ ਤੱਕ ਨਹੀਂ ਸਿਰਫ਼ ਅਤੇ ਸਿਰਫ਼ ਬੁੱਤ ਬਣ ਕੇ ਵਿਚਰਦੇ ਰਹੇ ਸ਼ਹੀਦ ਕੌਮ ਜਾਂ ਮੁਲਕ ਜਾਂ ਮੁਲਕਾਂ ਦੇ ਹੀ ਨਹੀਂ ਹੁੰਦੇ ਬੇ-ਮੁਲਕੇ ਲੋਕਾਂ ਦੇ ਵੀ ਸ਼ਹੀਦ ਹੁੰਦੇ ਹਨ ਕਿਸਮਾਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੀਆਂ ਆਪਣੇ ਆਪਣੇ ਘਰੇ ਬੇ-ਘਰੇ ਜਿਉਂਦੇ ਜਾਗਦੇ ਸ਼ਹੀਦ ਵੀ ਹੁੰਦੇ ਨੇ ਆਪਣੇ ਘਰਦਿਆਂ ਬੁੱਤਾਂ ਵਿਚਾਲੇ ਵਿਚਰਦੇ ਇਹ ਸ਼ਹੀਦ ਰਿਸ਼ਤਿਆਂ ਦੀ ਸੂਲੀ ਤੇ ਟੰਗਿਆਂ ਪਲ ਪਲ ਸ਼ਹਾਦਤ ਦਿੰਦੇ ਰਹਿੰਦੇ ਹਨ ਆਪਣੇ ਫ਼ਰਜ਼ਾ ਦੀ ਪੂਰਤੀ ਲਈ ਤੁਸੀਂ ਬੁੱਤਾਂ ਨੂੰ ਨਤਮਸਤਕ ਹੋ ਸ਼ਹੀਦਾਂ ਦੇ ਬੁੱਤਾਂ ਨੂੰ ਤੁਸੀਂ ਇਹਨਾਂ ਬਾਰੇ ਕੁਝ ਵੀ ਕਹਿ ਸਕਦੇ ਹੋ ਕਿਉਂਕਿ ਇਹ ਕੁਝ ਵੀ ਨਹੀਂ ਕਹਿਣਗੇ ਕੁਝ ਵੀ ਨਹੀਂ ਬੋਲਣਗੇ

ਰਿਸ਼ਤੇ

ਐ ਮੇਰੀ ਹਮਸਫ਼ਰ ਤੂੰ ਨਹੀਂ ਜਾਣਦੀ ਕਿ ਰਿਸ਼ਤਿਆਂ ਦੀ ਮੌਤ ਕਦੇ ਵੀ ਨਹੀਂ ਹੁੰਦੀ ਰਿਸ਼ਤੇ ਸਾਰੀ ਉਮਰ ਸਹਿਕਦੇ ਰਹਿੰਦੇ ਨੇ ਜ਼ਖ਼ਮਾਂ ਦੀ ਤਾਬ ਝਲਦਿਆਂ ਝਲਦਿਆਂ। ਇਹਨਾਂ ਪੂਜਾ ਸਥਲਾਂ ਤੇ ਪੂਜਾ ਨਹੀਂ ਹੁੰਦੀ ਰਿਸ਼ਤਿਆਂ ਦੀ ਬਲਾਤਕਾਰ ਹੁੰਦਾ ਹੈ ਰਿਸ਼ਤਿਆਂ ਦਾ ਅਤੇ ਫਿਰ ਰਿਸ਼ਤੇ ਬਦਹਵਾਸ ਹੋ ਜਾਂਦੇ ਨੇ ਤਿੜਕ ਤਿੜਕ ਜਾਂਦੇ ਨੇ ਰਿਸ਼ਤੇ ਤਿੜਕੇ ਹੋਏ ਰਿਸ਼ਤਿਆਂ ਦੀ ਨਕਸੀਰ ਫੁੱਟਦੀ ਹੀ ਰਹਿੰਦੀ ਹੈ ਅਕਸਰ ਪੱਥਰਾਂ ਵਾਂਗ ਕਈ ਵਾਰ ਅਡੋਲ ਵੀ ਹੋ ਜਾਂਦੇ ਨੇ ਅਤੇ ਡੋਲ ਵੀ ਜਾਂਦੇ ਨੇ ਪਾਣੀਆਂ ਵਾਂਗ ਰਿਸ਼ਤੇ ਪਾਣੀਆਂ ਵਿਚ ਤਾਂ ਕੁਝ ਵੀ ਘੋਲਿਆ ਜਾ ਸਕਦੈ ਅੰਮਿ੍ਰਤ ਵੀ ਜ਼ਹਿਰ ਵੀ ਰਿਸ਼ਤੇ ਚੁੱਪ ਚਾਪ ਪੀ ਲੈਂਦੇ ਨੇ ਜੋ ਵੀ ਪਿਲਾ ਦਿਓ ਐ ਮੇਰੀ ਹਮਸਫ਼ਰ ਤੂੰ ਨਹੀਂ ਜਾਣਦੀ ਕਿ ਰਿਸ਼ਤਿਆਂ ਦੀ ਮੌਤ ਕਦੇ ਵੀ ਨਹੀਂ ਹੁੰਦੀ ਰਿਸ਼ਤੇ ਸਾਰੀ ਉਮਰ ਸਹਿਕਦੇ ਰਹਿੰਦੇ ਨੇ ਜ਼ਖ਼ਮਾਂ ਦੀ ਤਾਬ ਝਲਦਿਆਂ ਝਲਦਿਆਂ।

ਚਿਹਰੇ ਦੀ ਇਬਾਰਤ

ਚਿਹਰੇ ਨੂੰ ਪੜ੍ਹ ਲੈਣ ਤੋਂ ਬਾਅਦ ਕੋਈ ਵੀ ਸਵਾਲ ਕਰਨਾ ਸੱਚ ਨੂੰ ਫਾਹੇ ਲਾਉਣ ਦੇ ਤੁਲ ਹੁੰਦਾ ਏ ਚਿਹਰੇ ਮਨੁੱਖ ਦੇ ਅੰਦਰਲਾ ਸ਼ੀਸ਼ਾ ਹੁੰਦੇ ਨੇ ਹਜ਼ੂਰ ਸਾਹਾਂ ਨੂੰ ਆਪਣੇ ਨੱਕ ਵਿਚ ਕੈਦ ਨਹੀਂ ਕਰ ਸਕਦੇ ਤੁਸੀਂ ਕਿਉਂਕਿ ਸਾਹ ਸੱਚਾਈ ਦਾ ਮਨੁੱਖ ਦੇ ਜਿਉਂਦਾ ਹੋਣ ਦਾ ਪ੍ਰਮਾਣ ਹੁੰਦੇ ਨੇ ਜਨਾਬ ਜਜ਼ਬਾਤਾਂ ਦਾ ਰਿਸ਼ਤਾ ਦਿਮਾਗ ਨਾਲ ਨਹੀਂ ਦਿਲ ਨਾਲ ਹੁੰਦਾ ਹੈ ਅਤੇ ਦਿਲ ਕਦੀ ਵੀ ਤੁਹਾਡੀਆਂ ਨਾਕਾਰਤਮਿਕ ਸੋਚਾਂ ਨੂੰ ਮਨਫ਼ੀ ਕਰਨ ਦਾ ਐਲਾਨ ਨਹੀਂ ਕਰ ਸਕਦਾ ਤੁਸੀਂ ਆਪਣੇ ਜਜ਼ਬਾਤਾਂ ਨੂੰ ਆਪਣੇ ਚਿਹਰੇ ਦੀ ਬਾਲਕੋਨੀ ਵਿਚ ਲੁਕੋ ਵੀ ਨਹੀਂ ਸਕਦੇ ਕਿਉਂਕਿ ਤੁਹਾਡੇ ਚਿਹਰੇ ਦੀ ਇਬਾਰਤ ਤਾਂ ਇਸ਼ਤਿਹਾਰ ਵਾਂਗ ਏ

ਦਰਦ ਦੀ ਤਸਵੀਰ

ਤੁਸੀਂ ਹੱਸ ਰਹੇ ਹੋ ਨਾ ਮੈਂ ਵੀ ਹੱਸ ਰਿਹਾ ਹਾਂ ਅਸੀਂ ਕਦੇ ਇਕ ਦੂਜੇ ਨੂੰ ਰੋਂਦੇ ਨਹੀਂ ਵੇਖਿਆ ਕਿਉਂਕਿ ਹੱਸਿਆਂ ਤਾਂ ਹਰ ਗੱਲ ਤੇ ਜਾ ਸਕਦੈ ਬਗ਼ੈਰ ਹਾਸੇ ਵਾਲੀ ਗੱਲ ਤੋਂ ਵੀ ਪਰ ਰੋਣ ਇਸ ਤਰ੍ਹਾਂ ਨਹੀਂ ਆਉਂਦਾ ਹਾਸਿਆਂ ਵਾਂਗ ਚਲੋ ਤੁਸੀਂ ਹੁਣ ਰੋ ਕੇ ਵਿਖਾਵੋ ਜਿਵੇਂ ਹੁਣੇ ਹੁਣੇ ਹੱਸ ਰਹੇ ਸੀ ਇਹ ਅਦਾਕਾਰੀ ਹੈ ਹਜ਼ੂਰ ਰੋਣ ਮਜ਼ਾਕੀਆ ਨਹੀਂ ਹੁੰਦਾ ਹਾਸਿਆਂ ਵਾਂਗ ਰੋਣ ਤਾਂ ਮਨੁੱਖ ਦੇ ਅੰਦਰਲੇ ਦਰਦ ਦੀ ਤਸਵੀਰ ਹੁੰਦਾ ਏ ਜਨਾਬ

ਨਾ ਮੁਮਕਿਨ ਨਹੀਂ

ਸ਼ੁਰੂਆਤ ਜ਼ੋਖ਼ਮ ਭਰੀ ਹੀ ਤਾਂ ਹੁੰਦੀ ਏ ਹਮੇਸ਼ਾਂ ਚਲੋ ਜ਼ੋਖ਼ਮ ਉਠਾਉਣ ਦੀ ਹਿੰਮਤ ਕਰੀਏ ਮੰਨ ਲਿਆ ਫੈਸਲੇ ਲੈਣੇ ਸੌਖੇ ਨਹੀਂ ਹੁੰਦੇ ਪਰ ਫੈਸਲੇ ਤਾਂ ਲੈਣੇ ਹੀ ਪੈਣਗੇ ਨਾ ਜੀਵਨ ਤਾਂ ਖ਼ਿਸਕਦੇ ਹੀ ਚਲੇ ਜਾਣਾ ਹੈ ਇਸ ਨੂੰ ਮਾਨਣ ਲਈ ਬੰਨ ਤਾਂ ਲਾਉਣਾ ਹੀ ਪਵੇਗਾ ਪਾਵੇ ਨਾਲ ਕਾਲ ਬੰਨਣ ਅਤੇ ਰਾਮ ਯੁੱਧ ਅੱਜ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹੋ ਸਕਦੇ ਰਾਜਿਆਂ ਦੀ ਰਾਣੀਆਂ ਲਈ ਜੰਗ ਹੋਰ ਗੱਲ ਹੁੰਦੀ ਸੀ ਪਰ ਮਨੁੱਖਤਾ ਲਈ ਮੁਹੱਬਤਾਈ ਜੰਗ ਮਨੁੱਖਤਾਈ ਜੰਗ ਹਥਿਆਰਾਂ ਨਾਲ ਨਹੀਂ ਵਿਚਾਰਾਂ ਨਾਲ ਲੜਨ ਲਈ ਸੰਘਰਸ਼ਸ਼ੀਲ ਤਾਂ ਹੋਣਾ ਹੀ ਪਵੇਗਾ ਨਾ ਇਸ ਦੀ ਸ਼ੁਰੂਆਤ ਜ਼ੋਖ਼ਮ ਭਰੀ ਤਾਂ ਹੋ ਸਕਦੀ ਏ ਪਰ ਨਾ ਮੁਮਕਿਨ ਨਹੀਂ

ਜੇਲ੍ਹ

ਬਹੁਤ ਹੀ ਮਹਿਬੂਬ ਰਿਸ਼ਤਿਆਂ ਦੀ ਦੋਸਤਾਨਾਂ ਦੁਸ਼ਮਣੀ ਤੋਂ ਬੇ-ਖ਼ਬਰ ਮਹਿਕਾਂ ਦੀ ਭਾਲ਼ ਵਿਚ ਹਨੇਰਿਆਂ ਦਾ ਸੀਨਾ ਲਤਾੜਦਿਆਂ ਕੰਡਿਆਲੇ ਰਾਹਾਂ ਤੇ ਅਗਰਬੱਤੀਆਂ ਦੀ ਸੁਗੰਧੀ ਦਾ ਅਹਿਸਾਸ ਕਰਦਿਆਂ ਕਰਦਿਆਂ ਦਹਾਕਿਆਂ ਦੇ ਸਫ਼ਰ ਪਿੱਛੋਂ ਜੀਵਨ ਦੇ ਉਸ ਪੜਾ ਤੇ ਆ ਗਿਆ ਹਾਂ ਜਿੱਥੋਂ ਜ਼ਿੰਦਗੀ ਬਹੁ ਦਿਸ਼ਾਵੀ ਹੋ ਜਾਂਦੀ ਹੈ ਹਰ ਦਿਸ਼ਾ ਦੇ ਸਾਹਮਣੇ ਇਕ ਜੇਲ੍ਹ ਹੈ ਜੇਲ੍ਹ ਜੋ ਮਨੁੱਖ ਦੇ ਅੰਦਰ ਵੀ ਹੁੰਦੀ ਹੈ ਬੇਚਾਰਗੀ ਅਧੀਨਗੀ ਅਤੇ ਬੇ-ਆਵਾਜ਼ ਅਣਗਿਣਤ ਪਿੰਜਰਾਂ ਨਾਲ ਭਰੀ ਹੋਈ ਪਰ ਤੂੰ ਨਿਧੜਕ ਹੋ ਕੇ ਆਪਣਾ ਸਫ਼ਰ ਜਾਰੀ ਰੱਖ ਕਿਉਂਕਿ ਤੂੰ ਤਾਂ ਇਕ ਆਵਾਜ਼ ਹੈਂ ਆਵਾਜ਼ ਜਿਸ ਨੂੰ ਕੋਈ ਵੀ ਜੇਲ੍ਹ ਕੈਦ ਵਿਚ ਨਹੀਂ ਰੱਖ ਸਕਦੀ ਕਿਉਂਕਿ ਤੇਰੀ ਆਵਾਜ਼ ਬਹੁ ਦਿਸ਼ਾਵੀ ਹੈ

ਦੇਸ਼ ਉਸਾਰੀ- ਦੇਸ਼ ਪਿਆਰ

ਸਾਡਾ ਦੇਸ਼ ਬੱਲੇ ਬੱਲੇ

ਸਾਡਾ ਦੇਸ਼ ਬੱਲੇ ਬੱਲੇ ਵਿਸਥਾਰ ਬੱਲੇ ਬੱਲੇ ਨੀਤੀ ਘਾੜਿਆਂ ਦੇ ਜਾਈਏ ਬਲਿਹਾਰ ਬੱਲੇ ਬੱਲੇ ਸਾਰੇ ਸਿਹਤਮੰਦ ਰਹਿਣ ਸਾਡੇ ਦੇਸ਼ ਦੇ ਪ੍ਰਾਣੀ ਪਿੰਡ ਪਿੰਡ ਘਰ ਘਰ ਹੈ ਪੁਚਾਉਣਾ ਸ਼ੁੱਧ ਪਾਣੀ ਥਾਂ ਥਾਂ ਟੂਟੀਆਂ ਲਵਾਈਆਂ ਟਿਊਬਵੈਲ ਲਗਵਾਏ ਵੇਖੋ ਪਿੰਡਾਂ ਦੀਆਂ ਤ੍ਰੀਮਤਾਂ ਤੋਂ ਘੜੇ ਛੁਡਵਾਏ ਨਾਰਾਂ ਨੱਚਦੀਆਂ ਹੋ ਹੋ ਪੱਬਾਂ ਭਾਰ ਬੱਲੇ ਬੱਲੇ ਸਾਡਾ ਦੇਸ਼ ਬੱਲੇ ਬੱਲੇ ਵਿਸਥਾਰ ਬੱਲੇ ਬੱਲੇ ਬੇ-ਸਮਝੀ ’ਚ ਐਵੇਂ ਰੋੜ੍ਹੀ ਜਾਂਦੇ ਹਾਂ ਬੇ-ਕਾਰ ਬਿਨ ਪਾਣੀ ਤੋਂ ਹੋ ਜਾਊ ਫਿਰ ਇਹ ਜੀਣਾ ਦੁਸ਼ਵਾਰ ਸਾਂਭੋ ਪਾਣੀਆਂ ਦੀ ਪ੍ਰੀਤ ਮੇਰਾ ਬਣਦਾ ਹੈ ਕਹਿਣ ਆਉਣ ਵਾਲੀਆਂ ਜੋ ਨਸਲਾਂ ਪਿਆਸੀਆਂ ਨਾ ਰਹਿਣ ਆਉ ਰਲ ਮਿਲ ਕਰੋ ਇਕਰਾਰ ਬੱਲੇ ਬੱਲੇ ਸਾਡਾ ਦੇਸ਼ ਬੱਲੇ ਬੱਲੇ ਵਿਸਥਾਰ ਬੱਲੇ ਬੱਲੇ ਨੀਲੇ ਅੰਬਰਾਂ ਨੂੰ ਛੋਂਹਦੀਆਂ ਇਮਾਰਤਾਂ ਨੇ ਮੂਕ ਧਾਰੇ ਖੇਡਾਂ ਦੇ ਮੈਦਾਨਾਂ ਨੇ ਸਟੇਡੀਅਮ ਰੂਪ ਹੋਊ ਦੁਨੀਆ ਹੈਰਾਨ ਵੇਖ ਗੱਭਰੂ ਸਲਿੱਮ ਥਾਂ ਥਾਂ ਕਸਰਤਾਂ ਵਾਸਤੇ ਨੇ ਖੁੱਲ੍ਹੀ ਜਾਂਦੇ ਜਿੰਮ ਚੜ੍ਹੀ ਜਾਵੇ ਖੁਸ਼ਹਾਲੀ ਦਾ ਖ਼ੁਮਾਰ ਬੱਲੇ ਬੱਲੇ ਨੀਤੀ ਘਾੜਿਆਂ ਦੇ ਜਾਈਏ ਬਲਿਹਾਰ ਬੱਲੇ ਬੱਲੇ ਵੇਖ ਨਾਗ਼ਾਂ ਜਹੀਆਂ ਸੜਕਾਂ ਤੇ ਸੋਨੇ ਰੰਗੇ ਲਾਟੂ ਪੁੱਤ ਆਪਣੈ ਇਹ ਸ਼ਹਿਰ ਮੈਨੂੰ ਪੁੱਛੇ ਮੇਰਾ ਬਾਪੂ ਜਦੋਂ ਵੰਡਦੇ ਨੇ ਮਹਿਕਾਂ ਖਿੜੇ ਪਾਰਕਾਂ ’ਚ ਫੁੱਲ ਬੱਚੇ ਬੁੱਢੇ ਤੇ ਜਵਾਨ ਵੇਖ ਆਪਾ ਜਾਂਦੇ ਭੁੱਲ ਬੂਟੇ ਸੜਕਾਂ ਕਿਨਾਰੇ ਫ਼ਲਦਾਰ ਬੱਲੇ ਬੱਲੇ ਨੀਤੀ ਘਾੜਿਆਂ ਦੇ ਜਾਈਏ ਬਲਿਹਾਰ ਬੱਲੇ ਬੱਲੇ ਜੀਹਦੇ ਸਿਹਤਮੰਦ ਲੋਕ ਓਹੋ ਸਿਹਤਮੰਦ ਦੇਸ਼ ਸਿਹਤਮੰਦ ਦੇਸ਼ ਹੁੰਦਾ ਹੈ ਤਰੱਕੀਆਂ ਦਾ ਭੇਤ ਜਿੱਥੇ ਹੋਵੇ ਸ਼ੁੱਧ ਪੌਣ ਜਿੱਥੇ ਹੋਵੇ ਸ਼ੁੱਧ ਪਾਣੀ ਓਥੇ ਮੌਲਣ ਮੁਹੱਬਤਾਂ ਇਹ ਗੱਲ ਸੱਚ ਜਾਣੀ ਰਵ੍ਹੇ ਚਿਹਰਿਆਂ ਤੇ ਖਿੜੀ ਗੁਲਜ਼ਾਰ ਬੱਲੇ ਬੱਲੇ ਸਾਡਾ ਦੇਸ਼ ਬੱਲੇ ਬੱਲੇ ਵਿਸਥਾਰ ਬੱਲੇ ਬੱਲੇ ਗੱਲ ‘‘ਪਰਦੇਸੀ’’ ਪਿੰਡਾਂ ਅਤੇ ਸ਼ਹਿਰਾਂ ਦੀ ਹੈ ਸੁਣ ਸਾਰੇ ਪਾਸਿਓਂ ਹੀ ਅਸੀਂ ਹੈ ਵਿਕਾਸ ਕੀਤਾ ਹੁਣ ਕਿੰਨੇ ਉਚੇ ਉਚੇ ਲੰਮੇ ਲੰਮੇ ਬਣ ਰਹੇ ਨੇ ਪੁਲ ਵੇਖ ਚੌਕਾਂ ’ਚ ਫੁਹਾਰੇ ਸਭ ਕੁਝ ਜਾਈਏ ਭੁੱਲ ਸਾਡੇ ਮਿਸਤਰੀਆਂ ਦੇ ਉਪਕਾਰ ਬੱਲੇ ਬੱਲੇ ਨੀਤੀ ਘਾੜਿਆਂ ਦੇ ਜਾਈਏ ਬਲਿਹਾਰ ਬੱਲੇ ਬੱਲੇ ਸਾਡਾ ਦੇਸ਼ ਬੱਲੇ ਬੱਲੇ ਵਿਸਥਾਰ ਬੱਲੇ ਬੱਲੇ ਨੀਤੀ ਘਾੜਿਆਂ ਦੇ ਜਾਈਏ ਬਲਿਹਾਰ ਬੱਲੇ ਬੱਲੇ

ਉਡਿਆ ਰੰਗ ਗੁਲਾਬੀ

ਮੁੱਖੜਿਆਂ ਤੇ ਨੂਰ ਰਿਹਾ ਨਾ ਉਡਿਆ ਰੰਗ ਗੁਲਾਬੀ ਇਸ ਰੰਗਲੇ ਪੰਜਾਬ ਦੀ ਕਰਤੀ ਨਸ਼ਿਆਂ ਨੇ ਬਰਬਾਦੀ ਜੋ ਮੁੱਛਾਂ ਤੇ ਵੱਟ ਚੜ੍ਹਾ ਕੇ ਡੌਲ਼ੇ ਸੀ ਫਰਕਾਂਦੇ ਉਹਨਾਂ ਹੀ ਡੌਲ਼ਿਆਂ ਤੇ ਹੁਣ ਨਸ਼ਿਆਂ ਦੇ ਟੀਕੇ ਲਾਂਦੇ ਡਿੱਕੋ ਡੋਲੇ ਖਾਂਦੇ ਰਹਿੰਦੇ ਜੀਕਣ ਹੋਣ ਸ਼ਰਾਬੀ ਇਸ ਰੰਗਲੇ ਪੰਜਾਬ ਦੀ ਕਰਤੀ ਨਸ਼ਿਆਂ ਨੇ ਬਰਬਾਦੀ ਤਿੰਨ ਤਿੰਨ ਤੋਂ ਵੱਧ ਇੱਕੋ ਮੋਟਰਸਾਈਕਲ ਤੇ ਕਾਲਜ ਆਉਂਦੇ ਕੰਟੀਨਾਂ ਤੇ ਬਹਿ ਕੇ ਫਿਰ ਚਰਸਾਂ ਦੇ ਸੂਟੇ ਲਾਉਂਦੇ ਭੈਣਾਂ ਨੂੰ ਵੀ ਹੀਰਾਂ ਦੱਸਣ ਜਦ ਹੋ ਜਾਣ ਉਨਾਭੀ ਮੁੱਖੜਿਆਂ ਤੇ ਨੂਰ ਰਿਹਾ ਨਾ ਉਡਿਆ ਰੰਗ ਗੁਲਾਬੀ ਭੈਣ ਦੀ ਚੁੰਨੀ ਬਦਲੇ ਜੋ ਸੀ ਦਿੰਦੇ ਗੁੱਟ ਉਤਾਰ ਉਹ ਗੁੱਟ ਹੀ ਹੁਣ ਝੱਲ ਨਈਂ ਸਕਦੇ ਰੱਖੜੀ ਦਾ ਵੀ ਭਾਰ ਸਾਂਝਾਂ ਦੇ ਛੱਪੜ ਤੇ ਤਰਦੀ ਨਸ਼ਿਆਂ ਦੀ ਮੁਰਗਾਬੀ ਇਸ ਰੰਗਲੇ ਪੰਜਾਬ ਦੀ ਕਰਤੀ ਨਸ਼ਿਆਂ ਨੇ ਬਰਬਾਦੀ ਪੁੱਤ ਲਡਿੱਕੇ ਮਾਵਾਂ ਦੇ ਸਿਵਿਆਂ ਨੂੰ ਤੁਰਦੇ ਜਾਂਦੇ ਚਿੱਟਿਆ ਅਤੇ ਸਮੈਕਾਂ ਦੇ ਵਿਉਪਾਰੀ ਦਨਾ-ਦਨਾਂਦੇ ਨਸ਼ਿਆਂ ਦੀ ਗੱਡੀ ਦੀ ਹੈ ਨੇਤਾ ਦੇ ਖ਼ੀਸੇ ਚਾਬੀ ਇਸ ਰੰਗਲੇ ਪੰਜਾਬ ਦੀ ਕਰਤੀ ਨਸ਼ਿਆਂ ਨੇ ਬਰਬਾਦੀ ਜੇ ਨਾ ਰੋਕੇ ਇਸ ਧਰਤੀ ਤੇ ਨਸ਼ਿਆਂ ਦੇ ਦਰਿਆ ਸਿਸਕੇਗਾ ਹਰ ਇਕ ਮਾਂ ਦਾ ਫਿਰ ਅਗਲੀ ਬਾਝ ਸਿਵਾ ‘‘ਪਰਦੇਸੀ’’ ਤਾਰੇ ਸੌਂ ਜਾਣੇ ਜੇ ਨਾ ਦੁਨੀਆ ਜਾਗੀ ਇਸ ਰੰਗਲੇ ਪੰਜਾਬ ਦੀ ਕਰਤੀ ਨਸ਼ਿਆਂ ਨੇ ਬਰਬਾਦੀ ਮੁੱਖੜਿਆਂ ਤੇ ਨੂਰ ਰਿਹਾ ਨਾ ਉਡਿਆ ਰੰਗ ਗੁਲਾਬੀ ਇਸ ਰੰਗਲੇ ਪੰਜਾਬ ਦੀ ਕਰਤੀ ਨਸ਼ਿਆਂ ਨੇ ਬਰਬਾਦੀ

ਦੇਸ਼ ਮੇਰਾ ਗੁਲਜ਼ਾਰ

ਦੇਸ਼ ਮੇਰਾ ਗੁਲਜ਼ਾਰ ਸੁਣੀਂਦਾ ਦੇਸ਼ ਮੇਰਾ ਗੁਲਜ਼ਾਰ ਚਾਰ ਚੁਫੇਰੇ ਮਹਿਕਾਂ ਵੰਡਦੇ ਬੂਟੇ ਫ਼ਲ ਫੁੱਲਦਾਰ ਦੇਸ਼ ਮੇਰਾ ਗੁਲਜ਼ਾਰ ਸੁਣੀਂਦਾ ਦੇਸ਼ ਮੇਰਾ ਗੁਲਜ਼ਾਰ ਝੂਮਣ ਕਣਕਾਂ ਸਰਵਾਂ ਟਹਿਕਣ ਕਲੀਆਂ ਮਹਿਕਣ ਤਿਤਲੀਆਂ ਚਹਿਕਣ ਲਾਲ ਗੁਲਾਬੀ ਭਾਅ ਮਾਰਦੇ ਮਹਿਕ ਭਰੇ ਰੁਖ਼ਸਾਰ ਦੇਸ਼ ਮੇਰਾ ਗੁਲਜ਼ਾਰ ਸੁਣੀਂਦਾ ਦੇਸ਼ ਮੇਰਾ ਗੁਲਜ਼ਾਰ ਜੋ ਮਹਿਕਾਂ ਦਾ ਗੀਤ ਸਮਝ ਗਏ ਜੀਵਨ ਦਾ ਸੰਗੀਤ ਸਮਝ ਗਏ ਇਸ ਧਰਤੀ ਤੇ ਥਾਂ ਥਾਂ ਵਸਦੇ ਬੁਲਬੁਲ ਦੇ ਪ੍ਰੀਵਾਰ ਦੇਸ਼ ਮੇਰਾ ਗੁਲਜ਼ਾਰ ਸੁਣੀਂਦਾ ਦੇਸ਼ ਮੇਰਾ ਗੁਲਜ਼ਾਰ ਅੰਬਰ ਤੱਕ ਇਸ ਦੀ ਫ਼ੁਲਵਾੜੀ ਚੰਦਰਮਾ ਤੇ ਮਹਿਕ ਖਿਲਾਰੀ ਹੁਣ ਮੰਗਲ ਤੇ ਜਾ ਕੇ ਕਰਨੈ ਆਪਾਂ ਮੰਗਲਾ ਚਾਰ ਦੇਸ਼ ਮੇਰਾ ਗੁਲਜ਼ਾਰ ਸੁਣੀਂਦਾ ਦੇਸ਼ ਮੇਰਾ ਗੁਲਜ਼ਾਰ ਓਸ ਵਿਖਾਏ ਰਫ਼ਲਾ, ਨੇਜੇ ਅਸਾਂ ਮੁਹੱਬਤ ਦੇ ਖ਼ਤ ਭੇਜੇ ਜਾਗ ਪਊ ‘‘ਪਰਦੇਸੀ’’ ਇਕ ਦਿਨ ਉਸ ਦੇ ਦਿਲ ਵੀ ਪਿਆਰ ਦੇਸ਼ ਮੇਰਾ ਗੁਲਜ਼ਾਰ ਸੁਣੀਂਦਾ ਦੇਸ਼ ਮੇਰਾ ਗੁਲਜ਼ਾਰ ਚਾਰ ਚੁਫੇਰੇ ਮਹਿਕਾਂ ਵੰਡਦੇ ਬੂਟੇ ਫ਼ਲ ਫੁਲਦਾਰ ਦੇਸ਼ ਮੇਰਾ ਗੁਲਜ਼ਾਰ ਸੁਣੀਂਦਾ ਦੇਸ਼ ਮੇਰਾ ਗੁਲਜ਼ਾਰ

ਬੰਦੂਕ ਨਾਲ ਲਾਵਾਂ (ਦੋ-ਗਾਣਾ)

ਸਾਡੇ ਰਹਿੰਦੇ ਅੰਗ ਸੰਗ ਦੇਸ਼ ਭਗਤੀ ਦੇ ਰੰਗ ਤੇਰਾ ਨਿੱਘਾ ਨਿੱਘਾ ਪਿਆਰ ਸਾਡੀ ਲਾਹੀ ਜਾਵੇ ਠੰਢ ਜਿੰਦ ਹਿੰਦ ਉਤੋਂ ਸੋਹਣੀਏਂ ਮੈਂ ਘੋਲ ਘੁਮਾਵਾਂ ਇਕ ਤੇਰੇ ਨਾਲ ਦੂਜੀਆਂ ਬੰਦੂਕ ਨਾਲ ਲਾਵਾਂ ਨ ਕਰੀਂ ਨਾਰ ਦਾ ਫ਼ਿਕਰ ਨ ਘਰਬਾਰ ਦਾ ਫ਼ਿਕਰ ਮੈਂ ਹੈ ਕੀਤਾ ਹੋਇਆ ਸਾਰੇ ਪ੍ਰੀਵਾਰ ਦਾ ਫ਼ਿਕਰ ਮੈਂ ਜ਼ੁੰਮੇਵਾਰੀਆਂ ਨੇ ਸਭ ਲਈਆਂ ਚੱਕ ਫ਼ੌਜੀਆਂ ਤੂੰ ਰੱਖ ਸਰਹੱਦ ਉਤੇ ਬਸ ਬਾਜ-ਅੱਖ ਫ਼ੌਜੀਆਂ ਅਬਦੁਲ ਹਮੀਦ ਦਾ ਕਮਾਲ ਸਾਡੀ ਫ਼ੌਜ ਲਈ ਮਿਸਾਲ ਰਾਣੀ ਝਾਂਸੀ ਦੀ ਸ਼ਹੀਦੀ ਰਹਿੰਦੇ ਨੇਤਾ ਜੀ ਵੀ ਨਾਲ ਬਾਜੀ ਜਿੰਦ ਦੀ ਹਾਂ ਹਿੰਦ ਲਈ ਲਗਾਉਣੀ ਜਾਣਦੇ ਭਗਤ ਸਿੰਘ ਵਾਂਗੂੰ ਦੁਨੀਆ ਹਿਲੌਣੀ ਜਾਣਦੇ ਗੱਲ ਫੋਨ ਤੇ ਤੂੰ ਕੀਤੀ ਤੇਰੀ ਖੁਸ਼ ਸੁਰਜੀਤੀ ਚੰਨਾ ਤੇਰਾ ਮੇਰਾ ਪਿਆਰ ਖ਼ੁਸ਼ ਨਿੱਕੀ ਜਹੀ ਪ੍ਰੀਤੀ ਤੇਰੀ ਸ਼ਰਧਾ ਤੇ ਪਿਆਰ ਨੂੰ ਸਲੂਟ ਫ਼ੌਜੀਆਂ ਤੇਰੇ ਮੋਢੇ ਉਤੇ ਫੱਬਦੀ ਬੰਦੂਕ ਫ਼ੌਜੀਆਂ ਸਾਡੀ ਜਿੰਦ ਸਾਡੀ ਜਾਨ ਸਾਡਾ ਭਾਰਤ ਮਹਾਨ ਅਸੀਂ ਦੁਨੀਆ ’ਚ ਉਚੀ ਇਹਦੀ ਰੱਖਣੀ ਹੈ ਸ਼ਾਨ ਗਹਿਰੀ ਅੱਖੀਂ ‘‘ਪਰਦੇਸੀ’’ ਕੋਈ ਵੇਖ਼ ਕੇ ਵਿਖਾਵੇ ਵੇਖੀਂ ਪਲਾਂ ਵਿਚ ਆਉਂਦੇ ਉਹਨੂੰ ਉਪਰੋਂ ਬੁਲਾਵੇ ਜਿੰਦ ਭਾਰਤ ਤੋਂ ਸੋਹਣੀਏਂ ਮੈਂ ਘੋਲ ਘੁਮਾਵਾਂ ਇਕ ਤੇਰੇ ਨਾਲ ਦੂਜੀਆਂ ਬੰਦੂਕ ਨਾਲ ਲਾਵਾਂ ਸੁੱਤੇ ਹੋਇਆ ਨੂੰ ਜਗਾਉਂਦੇ ਤੇਰੇ ਬੂਟ ਫ਼ੌਜੀਆਂ ਤੇਰੀ ਜ਼ਿੰਦਾ ਦਿਲੀ ਪਿਆਰ ਨੂੰ ਸਲੂਟ ਫ਼ੌਜੀਆਂ ਜਿੰਦ ਹਿੰਦ ਉਤੋਂ ਸੋਹਣੀਏਂ ਮੈਂ ਘੋਲ ਘੁਮਾਵਾਂ ਇਕ ਤੇਰੇ ਨਾਲ ਦੂਜੀਆਂ ਬੰਦੂਕ ਨਾਲ ਲਾਵਾਂ

ਕਰ ਕਰ ਕੇ ਦੁਆਵਾਂ

ਕਰ ਕਰ ਕੇ ਦੁਆਵਾਂ ਬਾਰ ਬਾਰ ਮੰਗਿਆ ਸਾਂਝੀਵਾਲਤਾ ਤੇ ਦੇਸ਼ ’ਚ ਪਿਆਰ ਮੰਗਿਆ ਜਦੋਂ ਲਾਲ ਕਿਲੇ ਉਤੇ ਫ਼ੌਜੀ ਬੈਂਡ ਵੱਜਦੇ ਸਾਡੇ ਦਿਲਾਂ ਦੇ ਬਨੇਰਿਆਂ ਤੇ ਮੋਰ ਨੱਚਦੇ ਅਸੀਂ ਝੂਮ ਝੂਮ ਜੱਗ ਇਕਸਾਰ ਮੰਗਿਆ ਸਾਂਝੀਵਾਲਤਾ ਤੇ ਦੇਸ਼ ’ਚ ਪਿਆਰ ਮੰਗਿਆ ਖਿੜ ਖਿੜ ਜਾਣ ਰੂਹਾਂ ਫੁੱਟ ਫੁੱਟ ਪੈਣ ਹਾਸੇ ਜਦੋਂ ਪੌਣਾ ’ਚ ਤਰੰਗਿਆ ਤੂੰ ਭਰਦੈਂ ਫਰਾਟੇ ਅਸੀਂ ਮੌਲਾ ਕੋਲੋਂ ਤੇਰਾ ਹੀ ਦੀਦਾਰ ਮੰਗਿਆ ਕਰ ਕਰ ਕੇ ਦੁਆਵਾਂ ਬਾਰ ਬਾਰ ਮੰਗਿਆ ਜਦੋਂ ਕਰਦੇ ਨੇ ਸਾਡੀ ਉਹ ਤਰੱਕੀ ਦੀਆਂ ਗੱਲਾਂ ਓਦੋਂ ਸਾਗਰਾਂ ਦੇ ਦਿਲਾਂ ਵਿੱਚੋਂ ਉਠਦੀਆਂ ਛੱਲਾਂ ਅਸੀਂ ਅਮਨ ਸਦਾ ਹੀ ਸਰਕਾਰ ਮੰਗਿਆ ਕਰ ਕਰ ਕੇ ਦੁਆਵਾਂ ਬਾਰ ਬਾਰ ਮੰਗਿਆ ਅਸੀਂ ਰੱਖਣੀ ਹੈ ਉਚੀ ਤੇਰੀ ਸ਼ਾਨ ਜੱਗ ਤੇ ਤਿੰਨ ਰੰਗਿਆ ਤੂੰ ਸਾਡੀ ਪਹਿਚਾਨ ਜੱਗ ਤੇ ਤੇਰਾ ਉਚਾ ‘‘ਪਰਦੇਸੀ’’ ਨੇ ਉਭਾਰ ਮੰਗਿਆ ਕਰ ਕਰ ਕੇ ਦੁਆਵਾਂ ਬਾਰ ਬਾਰ ਮੰਗਿਆ ਕਰ ਕਰ ਕੇ ਦੁਆਵਾਂ ਬਾਰ ਬਾਰ ਮੰਗਿਆ ਸਾਂਝੀਵਾਲਤਾ ਤੇ ਦੇਸ਼ ’ਚ ਪਿਆਰ ਮੰਗਿਆ

ਅਸੀਂ ਮਰ ਮਿਟ ਵਿਖਾਵਾਂਗੇ

ਅਸੀਂ ਮਰ ਮਿਟ ਵਿਖਾਵਾਂਗੇ ਇਹ ਇਸ ਜਿੰਦ ਜਾਨ ਦੀ ਸਹੁੰ ਹੈ ਵਤਨ ਤੋਂ ਜਿੰਦ ਲੁਟਾਵਾਂਗੇ ਇਹ ਇਸ ਜਿੰਦ ਜਾਨ ਦੀ ਸਹੁੰ ਹੈ ਕਰਾਂਗੇ ਦੇਸ਼ ਦੀ ਰਾਖੀ ਤਲੀ ਤੇ ਸੀਸ ਧਰ ਕੇ ਵੀ ਇਹ ਗਣਤੰਤਰ ਬਚਾਵਾਂਗੇ ਇਹ ਇਸ ਜਿੰਦ ਜਾਨ ਦੀ ਸਹੁੰ ਹੈ ਮੁਹੱਬਤ ਦੇ ਅਸੀਂ ਰਾਖੇ ਅਸੀਂ ਹਾਂ ਪਿਆਰ ਦੇ ਰਾਹੀ ਅਸੀਂ ਨਫ਼ਰਤ ਜਲਾਵਾਂਗੇ ਇਹ ਇਸ ਜਿੰਦ ਜਾਨ ਦੀ ਸਹੁੰ ਹੈ ਸ਼ਹੀਦਾਂ ਦੀ ਕਸਮ ਸਾਨੂੰ ਭਿੜਾਂਗੇ ਮੁਸ਼ਕਿਲਾਂ ਦੇ ਨਾਲ ਤੇ ਫਿਰ ਵੀ ਮੁਸਕਰਾਵਾਂਗੇ ਇਹ ਇਸ ਜਿੰਦ ਜਾਨ ਦੀ ਸਹੁੰ ਹੈ ਪਰੋਸਾਂਗੇ ਸੁਗੰਧੀਆਂ ਹੀ ਤੇ ਵਰਤਾਵਾਂਗੇ ਮਹਿਕਾਂ ਹੀ ਸਦਾ ਖੁਸ਼ਬੂ ਖਿੰਡਾਵਾਂਗੇ ਇਹ ਇਸ ਜਿੰਦ ਜਾਨ ਦੀ ਸਹੁੰ ਹੈ ਕਰਾਂਗੇ ਇਸ਼ਕ ਆਜ਼ਾਦੀ ਨੂੰ ਅਪਣੇ ਆਖਰੀ ਦਮ ਤੱਕ ਇਧੇ ਆਸ਼ਕ ਕਹਾਵਾਂਗੇ ਇਹ ਇਸ ਜਿੰਦ ਜਾਨ ਦੀ ਸਹੁੰ ਹੈ ਕਸਮ ਪਾਈ ਸੀ ‘‘ਪਰਦੇਸੀ’’ ਵਤਨ ਤੋਂ ਮਰ ਮਿਟਣ ਦੀ ਤੂੰ ਅਸੀਂ ਇਹ ਸਹੁੰ ਨਿਭਾਵਾਂਗੇ ਇਹ ਇਸ ਜਿੰਦ ਜਾਨ ਦੀ ਸਹੁੰ ਹੈ ਅਸੀਂ ਮਰ ਮਿਟ ਵਿਖਾਵਾਂਗੇ ਇਹ ਇਸ ਜਿੰਦ ਜਾਨ ਦੀ ਸਹੁੰ ਹੈ ਵਤਨ ਤੋਂ ਜਿੰਦ ਲੁਟਾਵਾਂਗੇ ਇਹ ਇਸ ਜਿੰਦ ਜਾਨ ਦੀ ਸਹੁੰ ਹੈ

ਮੈਂ ਭਾਰਤ ਮਾਂ

ਮੈਂ ਸਾਂਝੀਵਾਲਤਾ ਦਾ ਹਰ ਘੜੀ ਪੈਗ਼ਾਮ ਦਿੰਦੀ ਹਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਸਾਂਝੀਵਾਲਤਾ ਦਾ ਹਰ ਘੜੀ ਪੈਗ਼ਾਮ ਦਿੰਦੀ ਹਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਰਿਸ਼ੀਆਂ ਨੂੰ ਜਨਮ ਦਿੱਤਾ ਮੈਂ ਪੀਰਾਂ ਨੂੰ ਜਨਮ ਦਿੱਤਾ ਮੈਂ ਖ਼ੁਸ਼ ਹਾਂ ਸਭਨਾ ਧਰਮਾਂ ਨੂੰ ਮਨੁੱਖਤਾ ਦਾ ਕਰਮ ਦਿੱਤਾ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੇਰੀ ਧਰਤੀ ਤੇ ਖੁਸ਼ਬੋਆਂ ਮੇਰੇ ਅੰਬਰ ਤੇ ਖੁਸ਼ਬੋਆਂ ਮੈਂ ਮਹਿਕਾਂ ਵੰਡਦੀ ਹਰ ਪਲ ਮੈਂ ਖ਼ੁਸ਼ੀਆਂ ਨੂੰ ਜਨਮ ਦਿੱਤਾ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੇਰੇ ਅਜ ਹਾਸਿਆਂ ਉਤੇ ਕਿਸੇ ਖ਼ੰਜ਼ਰ ਚਲਾ ਦਿੱਤੇ ਜੰਜ਼ੀਰਾਂ ਵਿਚ ਨਰੜ ਮੈਨੂੰ ਮੇਰੇ ਸਭ ਚਾਅ ਦਬਾ ਦਿੱਤੇ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਤਵਾਰੀਖ਼ਾਂ ਗਵਾਹ ਨੇ ਮੈਂ ਸਿਤਮ ਕਰਦੀ ਨਾ ਸਹਿੰਦੀ ਹਾਂ ਜਦੋਂ ਮੈਂ ਉਠ ਖਲੋਂਦੀ ਹਾਂ ਨਾ ਸੌਂਦੀ ਹਾਂ ਨਾ ਬਹਿੰਦੀ ਹਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਅੱਜ ਇਹ ਅਹਿਦ ਕਰਦੀ ਹਾਂ ਮੈਂ ਅੱਜ ਇਹ ਅਹਿਦ ਕਰਦੀ ਹਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਲੋਕੋਂ ਜਨਮ ਦੇਵਾਂਗੀ ਅਜੇਹੇ ਸੂਰਬੀਰਾਂ ਨੂੰ ਜੋ ਤੋੜਨਗੇ ਦੀਵਾਰਾਂ ਨੂੰ ਤੇ ਕੱਟਣਗੇ ਜੰਜ਼ੀਰਾਂ ਨੂੰ ਇਹੀ ਮੈਂ ਅਹਿਦ ਕੀਤਾ ਹੈ ਇਹੀ ਮੈਂ ਅਹਿਦ ਕੀਤਾ ਹੈ ਮੈਂ ਭਾਰਤ ਮੈਂ ਭਾਰਤ ਮਾਂ ਮੈਂ ਭਾਰਤ ਮਾਂ ਮੈਂ ਭਾਰਤ ਮਾਂ

ਰੂਹਾਂ ਦੀ ਉਮੰਗ (ਦੋ-ਗਾਣਾ)

ਸਾਡੇ ਦਿਲ ਦੀ ਉਮੰਗ ਸਾਨੂੰ ਕਰੇ ਡਾਢਾ ਤੰਗ ਕਿੱਥੇ ਨਿੱਘਾ ਨਿੱਘ ਪਿਆਰ ਕਿੱਥੇ ਅੰਤਾਂ ਦੀ ਠੰਢ ਸਾਡਾ ਸਰਹੱਦ ਉਤੇ ਕੀ ਹੈ ਤੈਨੂੰ ਦੱਸੀਏ ਕੀ ਹਾਲ ਜਿਵੇਂ ਲਾਵਾਂ ਲਈਆਂ ਹੋਣ ਨੀ ਬੰਦੂਕ ਦੇ ਵੀ ਨਾਲ ਗੱਲ ਫੋਨ ਤੇ ਤੂੰ ਕੀਤੀ ਖ਼ੁਸ਼ ਬੜੀ ਤੇਰੀ ਜੀਤੀ ਤੇਰਾ ਮੇਰਾ ਪਿਆਰ ਚੰਨਾ ਸਾਰੇ ਭਾਰਤ ਦੀ ਪ੍ਰੀਤੀ ਤੈਨੂੰ ਖਿੱਚ ਖਿੱਚ ਮਾਰਾਂ ਮੈਂ ਸਲੂਟ ਫ਼ੌਜੀਆਂ (ਹਾਣੀਆਂ) ਖੱਬੇ ਮੋਢੇ ਉਤੇ ਟੰਗ ਕੇ ਬੰਦੂਕ ਫ਼ੌਜੀਆਂ (ਹਾਣੀਆਂ) ਆਉਂਦੈ ਬਾਪੂ ਦਾ ਖ਼ਿਆਲ ਬੇਬੇ ਰਹਿੰਦੀ ਨਾਲ ਨਾਲ ਖੇਡਣੇ ਨੂੰ ਲੋਚਦੇ ਜੋ ਪੋਤੇ ਪੋਤੀਆਂ ਦੇ ਨਾਲ ਵੈਰੀ ਜਾਣਦਾ ਨਾ ਦਿਲਾਂ ਦੀ ਉਮੰਗ ਗੋਰੀਏ (ਹਾਨਣੇ) ਸਾਡਾ ਭਾਰਤ ਨਾ ਚਾਹੇ ਭਾਵੇਂ ਜੰਗ ਗੋਰੀਏ (ਹਾਨਣੇ) ਪੂਰੇ ਹੋਣੇ ਫ਼ੌਜੀਆਂ ਵੇ ਬੇਬੇ ਬਾਪੂ ਜੀ ਦੇ ਚਾਅ ਹੁੰਦੀ ਨਣਦ ਉਦਾਸ ਮੈਂ ਹਾਂ ਸੀਨੇ ਲੈਂਦੀ ਲਾਅ ਜੀਣਾ ਅਣਖਾਂ ਬਗ਼ੈਰ ਹੁੰਦਾ ਕੀ ਫ਼ੌਜੀਆਂ ਮੈਂ, ਮਾਤਾ ਸਾਹਿਬ ਕੌਰ ਝਾਂਸੀ ਦੀ ਧੀ ਫ਼ੌਜੀਆਂ ਇਹ ਹੈ ਰੂਹਾਂ ਦੀ ਉਮੰਗ ਹੋਵੇ ਕਦੀ ਵੀ ਨਾ ਜੰਗ ਵੱਸੇ ‘‘ਪਰਦੇਸੀ’’ ਦੁਨੀਆ ਮੁਹੱਬਤਾਂ ਦੇ ਸੰਗ ਕਦੇ ਦੁੱਖਾਂ ਦੀ ਨਾ ਆਵੇ ਕਿਤੋਂ ਹੂਕ ਬੇਲੀਓ ਨਾ ਹੀ ਮੋਢਿਆਂ ਤੇ ਟੰਗੀਏ ਬੰਦੂਕ ਬੇਲੀਓ ਸਾਡੇ ਦਿਲਾਂ ਦੀ ਉਮੰਗ ਸਾਨੂੰ ਕਰੇ ਡਾਢਾ ਤੰਗ ਕਿੱਥੇ ਨਿੱਘਾ ਨਿੱਘਾ ਪਿਆਰ ਕਿੱਥੇ ਅੰਤਾਂ ਦੀ ਠੰਡ ਸਾਡਾ ਸਰਹੱਦ ਉਤੇ ਕੀ ਹੈ ਤੈਨੂੰ ਦੱਸੀਏ ਕੀ ਹਾਲ ਜਿਵੇਂ ਲਾਵਾਂ ਲਈਆਂ ਹੋਣ ਇਹ ਬੰਦੂਕ ਦੇ ਵੀ ਨਾਲ

ਹਾਸ- ਵਿਅੰਗ

ਨਾਰਾਂ ਦੋ-ਦੋ

ਸਾਢੇ ਪੰਜ ਪੰਜ ਫੁੱਟ ਦੀਆਂ ਘਰ ਨਾਰਾਂ ਦੋ-ਦੋ ਇਕ ਮਯਾਨ ਵਿਚਾਰਾ ਤੇ ਤਲਵਾਰਾਂ ਦੋ-ਦੋ ਇਕ ਫੜ੍ਹ ਲੈਂਦੀ ਲੱਤੋਂ ਦੂਜੀ ਵਾਲਾਂ ਤੋਂ ਇੱਕ ਮੰਤਰੀ ਸੇਵਾ ਵਿਚ ਸਰਕਾਰਾਂ ਦੋ-ਦੋ ਵੰਝ ਤੇ ਟੰਗੀ ਰੱਖਦੀ ਹੈ ਸਾਨੂੰ ਤਾਂ ਇੱਕੋ ਨੇਤਾ ਜੀ ਨੇ ਰੱਖੀ ਫਿਰਦੇ ਨਾਰਾਂ ਦੋ-ਦੋ ਅੱਜ ਆਥਣ ਨੂੰ ਪੁੱਛੀਏ ਜਾਂ ਕੱਲ੍ਹ ਤੜਕੇ ਤੜਕੇ ਛਿਤਰੋਂ ਡਰਦੇ ਆਸ਼ਕ ਕਰਨ ਵਿਚਾਰਾਂ ਦੋ-ਦੋ ਘੂਰਮ-ਘੂਰੀ ਹੁੰਦੇ ਹੁੰਦੇ ਹੱਸ ਪਏ ਉਹ ਇਕ ਖੰਭ ਤੋਂ ਹੀ ਬਣ ਗਈਆਂ ਫਿਰ ਡਾਰਾਂ ਦੋ-ਦੋ ਜਦ ਤਿੰਨ ਚਾਰ ਜੁਆਕਾਂ ਨੂੰ ਲੈ ਆਵੇ ਨਾਲ ਚਿਤ ਕਰਦੈ ਫਿਰ ਖਿੱਚ ਖਿੱਚ ਧੌਲਾਂ ਮਾਰਾਂ ਦੋ-ਦੋ ਘਰ ਦੀ ਨੂੰ ਪੈਦਲ ਤੋਰੇਂ ਬਾਹਰ ਵਾਲੀ ਲਈ ਲੈ ਕੇ ਰੱਖੀਆਂ ਹੋਈਆਂ ਨੇ ਤੂੰ ਕਾਰਾਂ ਦੋ-ਦੋ ਭੁੱਖ ਦੇ ਮਾਰੇ ਕੱਟੇ ਜਹੇ ਐਵੇਂ ਨੲ੍ਹੀਂ ਹੋ ਗਏ ਸਾਡੇ ਤੇ ਵੀ ਆਸ਼ਕ ਸਨ ਮੁਟਿਆਰਾਂ ਦੋ-ਦੋ ਕੁੜੀਆਂ ਪਾਵਣ ਜੀਨਾਂ ਪਾਵਣ ਕੈਪਰੀਆਂ ਹੁਣ ਮੁੰਡੇ ਪਾਈ ਫਿਰਦੇ ਨੇ ਸਲਵਾਰਾਂ ਦੋ-ਦੋ ਵਧਦੀ ਆਬਾਦੀ ਦੀ ਚਿੰਤਾ ਕਰਦੇ ਵਤਨੀਂ ‘‘ਪਰਦੇਸੀ’’ ਪਰਦੇਸੀਂ ਰੱਖਦੇ ਨਾਰਾਂ ਦੋ-ਦੋ

ਮੁਹੱਬਤ ਵੀ ਅਜੂਬਾ ਹੈ

ਮੁਹੱਬਤ ਵੀ ਅਜੂਬਾ ਹੈ ਅਜਬ ਹੀ ਦਾਸਤਾਂ ਵਰਗਾ ਮੁਹੱਬਤਣ ਝੋਟੀਆਂ ਵਰਗੀ ਮੁਹੱਬਤੀ ਕਟਰੂਆਂ ਵਰਗਾ ਤੇਰੇ ਇਸ਼ਕੇ ਨੇ ਕਰ ਦਿੱਤਾ ਏ ਚੱਟ ਚੱਟ ਕਾਰਟੂਨਾਂ ਵਾਂਗ ਕਦੀ ਹੁੰਦਾ ਸੀ ਇਹ ਬੂਥਾ ਅਸਾਡਾ ਮੂਰਤਾਂ ਵਰਗਾ ਤੂੰ ਹੈਂ ਕਿਸ ਖ਼ੇਤ ਦੀ ਮੂਲੀ ਅਸੀਂ ਹਾਂ ਗੋਂਗਲੂ ਪੱਕੇ ਰਿਝਾ ਸਕਦਾ ਨਹੀਂ ਵਾਅਦਾ ਇਹ ਤੇਰਾ ਤੋਰੀਆਂ ਵਰਗਾ ਨਾ ਹੱਸ ਹੱਸ ਕੇ ਵਿਖਾ ਐਵੇਂ ਇਹ ਉਚੇ ਦੰਦ ਕੱਢ ਕੱਢ ਕੇ ਤੇਰਾ ਬੂਥਾ ਤਾਂ ਰਹਿਣਾ ਏਂ ਇਹ ਫਿਰ ਵੀ ਰੋਗਣਾਂ ਵਰਗਾ ਨਚਾਉਂਦੀ ਸੀ ਜੋ ਸਾਨੂੰ ਨੱਚਦੀ ਹੁਣ ਉਂਗਲਾਂ ਉਤੇ ਮਦਾਰੀ ਬਣ ਕੇ ਮੰਤਰ ਮਾਰਿਆ ਜਦ ਡੁਗਡੁਗੀ ਵਰਗਾ ਨਾ ਗੰਜਾ ਹੀ ਕਰਾ ਦੇਵੇ ਇਹ ਬੜ੍ਹਕਾਂ ਮਾਰਨੇ ਦੀ ਲਤ ਤੂੰ ਪੀ, ਪਰ ਹੈਲਮਟ ਰੱਖ ਕੇ ਤੇ ਲੱਗ ਵੀ ਸੋਫ਼ੀਆਂ ਵਰਗਾ ਨਾ ਕਰ ਬੇ-ਰਾਮ ਲੋਕਾਂ ਨੂੰ ਤੂੰ ਦੇ ਬੇ-ਵਕਤੀਆਂ ਬਾਂਗਾਂ ਤੇਰਾ ਝਟਕਾ ਕਰਾਊਗਾ ਇਹ ਚਸਕਾ ਮੁਰਗਿਆਂ ਵਰਗਾ ਬਿਠਾ ਕੇ ਕੋਲ ਘਰਵਾਲੀ ਨੂੰ ਪੀਵੋ ਤੇ ਪਿਲਾਵੋ ਵੀ ਨਹੀਂ ਹੁੰਦਾ ਇਹ ਚੰਗਾ ਖੜਕਾ ਦੜਕਾ ਦੁਸ਼ਮਣਾ ਵਰਗਾ ਤੂੰ ਇਕ ਦਿਨ ਦੇਂਨੀ ਏਂ ਆਂਡਾ ਤੇ ਦੂਜੇ ਦਿਨ ਹੀ ਨਾਂਹ ਤੇਰੀ ਐ ਮੇਰੀ ਜਾਨ ਰੱਖਿਆ ਕਰ ਤੂੰ ਜਿਗਰਾ ਮੁਰਗੀਆਂ ਵਰਗਾ ਜਦੋਂ ਘੁੱਟ ਪੀ ਕੇ ਆਉਂਦਾ ਹਾਂ ਉਦੋਂ ਐ ਮੇਰੀ ਗੁਲਬਾਨੋਂ ਤੇਰੇ ਝਾੜੂ ਦਾ ਮੁੱਠਾ ਵੀ ਹੈ ਲੱਗਦਾ ਪਾਪੜਾਂ ਵਰਗਾ ਕਦੀ ਹਰਖ਼ੀ ਕਦੀ ਪਸਮੀਂ ਛੜਾਂ ਨੂੰ ਮਾਰ ਦੇਨੀ ਏਂ ਸੁਭਾ ਤੇਰਾ ਮਖਾਂ ਕਿਉਂ ਹੋ ਗਿਆ ਏ ਤੋਕੜਾਂ ਵਰਗਾ ਉਹ ਦਿਲ ਦੀ ਕਾਲ਼ੀ ਦੀ ਖ਼ਾਤਿਰ ਕਰਾ ਬੈਠਾ ਏ ਮੂੰਹ ਕਾਲ਼ਾ ਕਦੀ ਹੁੰਦਾ ਸੀ ‘‘ਪਰਦੇਸੀ’’ ਜੋ ਚਿੱਟਾ ਬਗ਼ਲਿਆਂ ਵਰਗਾ

ਰਹਿੰਦਾ ਹਾਂ ਸੋਚਾਂ ਸੋਚਦਾ

ਰਹਿੰਦਾ ਹਾਂ ਸੋਚਾਂ ਸੋਚਦਾ ਕੀ ਬਣਤ ਬਣਾਵਾਂ ਘਰ ਵਾਲੀ ਨੂੰ ਭੇਜ ਕੈਨੇਡਾ ਸ਼ੁਕਰ ਮਨਾਵਾਂ ਨੂੰਹ ਤੇ ਮੁੰਡਾ ਸੱਦਣ ਨਾ ਨਾ ਕੁੜੀਆਂ ਸੱਦਣ ਵੱਢ ਵੱਢ ਖਾਣੇ ਨਰਮ ਸੁਭਾ ਤੋਂ ਡਰਦੇ ਭੱਜਣ ਇਉਂ ਫਿਰੇ ਦੁਲੱਤੇ ਮਾਰਦੀ ਜਿਉਂ ਜੇਲ੍ਹ ਦੀ ਡਿਪਟੀ ਜੋ ਇਸ ਜੇਲ੍ਹੋਂ ਭੱਜਾਂ ਫੇਰ ਦੁਲੱਤੇ ਖਾਵਾਂ ਰਹਿੰਦਾ ਹਾਂ ਸੋਚਾਂ ਸੋਚਦਾ ਕੀ ਬਣਤ ਬਣਾਵਾਂ ਇਸ ਨੂੰ ਭੇਜ ਕੈਨੇਡਾ ਰੱਬ ਦਾ ਸ਼ੁਕਰ ਮਨਾਵਾਂ ਏ.ਜੀ, ਏ.ਜੀ ਕਰਦੀ ਇਉਂ ਅੰਗਰੇਜੀ ਦੇ ਵਿਚ ਹੈ ਆਖ ਰਹੀ ਜਿਉਂ ‘‘ਐ ਗਧੇ’’ ਪੰਜਾਬੀ ਦੇ ਵਿਚ ਹਾਂ ਜੀ, ਹਾਂ ਜੀ, ਕਰਦੇ ਕਰਦੇ ਜੀਭ ਹੈ ਸੁੱਕਦੀ ਮੈਂ ਫਿਰ ਵੀ ਵਾਂਗ ਗਧੇ ਦੇ ਢੂਆ ਕੁਟਵਾਵਾਂ ਰਹਿੰਦਾ ਹਾਂ ਸੋਚਾਂ ਸੋਚਦਾ ਕੀ ਬਣਤ ਬਣਾਵਾਂ ਇਸ ਨੂੰ ਭੇਜ ਕੈਨੇਡਾ ਰੱਬ ਦਾ ਸ਼ੁਕਰ ਮਨਾਵਾਂ ਹਨ ਉਮਰ ਕੈਦ ਤੋਂ ਵਧ ਕੇ ਚਾਲੀ ਸਾਲ ਗੁਜ਼ਾਰੇ ਰਾਤੀਂ ਸੂਰਜ ਵੇਖਿਆ ਵੇਖੇ ਦਿਨ ਨੂੰ ਤਾਰੇ ਦੁੱਧ ’ਚ ਕਾਲੀਆਂ ਤੋਰੀਆਂ ਨੂੰ ਲਾਏ ਤੜਕੇ ਕੀ ਬਿੱਲੂ ਨੇ ਖੱਟਿਆ, ਸੱਤੀਏ ਲੈ ਕੇ ਲਾਵਾਂ ਰਹਿੰਦਾ ਹਾਂ ਸੋਚਾਂ ਸੋਚਦਾ ਕੀ ਬਣਤ ਬਣਾਵਾਂ ਘਰ ਵਾਲੀ ਨੂੰ ਭੇਜ ਕੈਨੇਡਾ ਸ਼ੁਕਰ ਮਨਾਵਾਂ ਇਸ ਦਾ ਉਡਣਾ ਜ੍ਹਾਜ ਨਈਂ ਡੁੱਬਣਾ ਜ੍ਹਾਜ ਹੈ ਮੇਰਾ ਸੁੱਥਣਾ ਸੁਕਣੇ ਪਾਉਣੀਆਂ ਕੰਮ ਕਾਜ ਹੈ ਮੇਰਾ ਅਲ਼ਕ ਵਛੇਰੀ ਵਾਂਗ ਹੈ ਘੁੰਮਦੀ ਖੇਤੋਂ ਖੇਤੀ ਫੁੱਲੀਆਂ ਫੁੱਲੀਆਂ ਅੱਖੀਆਂ ਵਿਚ ਸਰ੍ਹੋਂ ਫੁਲਾਵਾਂ ਰਹਿੰਦਾ ਹਾਂ ਸੋਚਾਂ ਸੋਚਦਾ ਕੀ ਬਣਤ ਬਣਾਵਾਂ ਇਸ ਨੂੰ ਭੇਜ ਕੈਨੇਡਾ ਰੱਬ ਦਾ ਸ਼ੁਕਰ ਮਨਾਵਾਂ ਸਾਹ ਰੱਬਾ ਇਸ ਉਮਰੇ ਹੀ ਸੌਖਾ ਜਿਹਾ ਆਵੇ ਕੂਚ ਕੇ ਅੱਡੀਆਂ ਕੂਚ ਕਰੇ ਪਰਦੇਸ ਨੂੰ ਜਾਵੇ ਰੀਸੋ ਰੀਸੀ ‘‘ਪਰਦੇਸੀ’’ ਸੀ ਵਿਆਹ ਕਰਵਾਇਆ ਲੱਖ ਲਾਹਣਤ ਹੈ ਜਿਉਂਦੇ ਜੀ ਹੁਣ ਨਰਕ ਹੰਢਾਵਾਂ ਰਹਿੰਦਾ ਹਾਂ ਸੋਚਾਂ ਸੋਚਦਾ ਕੀ ਬਣਤ ਬਣਾਵਾਂ ਘਰ ਵਾਲੀ ਨੂੰ ਭੇਜ ਕੈਨੇਡਾ ਜਸ਼ਨ ਮਨਾਵਾਂ

ਚੌਮਿਸਰਾ

ਬਸ ਬੋਲਦੀ ਹੈ ਕੱਬਾ ਦਿਲ ਦੀ ਨਹੀਂ ਹੈ ਮਾੜੀ ਐਦਾਂ ਚਪੇੜਾਂ ਮਾਰੇ ਜਿੱਦਾਂ ਵਜਾਵੇ ਤਾੜੀ ਆਖਾਂ ਮਜ਼ਾਕ ਵਿਚ ਜੇ ਖਾਣਾ ਹਵੇਲੀ ਖਾਈਏ ਬਿਨ ਪੇਟੀ ਕੋਟ ਤੋਂ ਹੀ ਝੱਟ ਬੰਨ੍ਹ ਲੈਂਦੀ ਸਾੜ੍ਹੀ

ਗੀਤ

ਕਿਰਸਾਨ ਬੱਲੇ ਬੱਲੇ

ਇਹ ਪੰਜਾਬੀ ਯੋਧਿਆਂ ਦੀ ਪਹਿਚਾਨ, ਬੱਲੇ ਬੱਲੇ ਦਿੱਲੀ ਪੜ੍ਹਨੇ ਪਾ ਦਿੱਤੀ ਕਿਰਸਾਨ ਬੱਲੇ ਬੱਲੇ ਬੱਲੇ ਬੱਲੇ ਇਹ ਬੁਢਾਪਾ ਬੱਲੇ ਬੱਲੇ ਇਹ ਜਵਾਨੀ ਜਿਨ੍ਹਾਂ ਜਿੱਦੀ ਸਰਕਾਰ ਨੂੰ ਕਰਾ ਤੀ ਯਾਦ ਨਾਨੀ ਆਉਣ ਵਾਲੇ ਸਮਿਆਂ ਨੂੰ ਇਹ ਹੈ ਦੱਸਣਾ ਸਮੇਂ ਨੇ ਕਿੰਜ ਬਲਕਾਰੀ ਹਾਰੇ ਖੱਬੀ-ਖਾਨ ਬੱਲੇ ਬੱਲੇ ਦਿੱਲੀ ਪੜ੍ਹਨੇ ਪਾ ਦਿੱਤੀ ਕਿਰਸਾਨ ਬੱਲੇ ਬੱਲੇ ਭੇਖ਼ ਜੋਗੀਆਂ ਜਹੇ ਤੇ ਕੰਮ ਨਾਗਾਂ ਜਹੇ ਜ਼ਹਿਰਾਂ ਵੰਡੇਂ ਦਿੱਲੀਏ ਤੂੰ ਪੂੰਜੀਪਤੀਆਂ ਕਹੇ ਤੇਰੇ ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਮਿੱਧ ਕੇ ਆਹ ਲੈ ਤੇਰੇ ਕੋਲ ਪਹੁੰਚ ਗਏ ਕਿਸਾਨ ਬੱਲੇ ਬੱਲੇ ਇਹ ਪੰਜਾਬੀ ਯੋਧਿਆਂ ਦੀ ਪਹਿਚਾਣ ਬੱਲੇ ਬੱਲੇ ਅੰਨ ਦੇਵਤੇ ਨੂੰ ਜਣੇਂ ਜੋ ਭਗਤ ਬਣ ਕੇ ਢਿੱਡ ਸਾਰਿਆਂ ਦਾ ਭਰੇ ਜੋ ਭਗਤ ਬਣ ਕੇ ਉਹਦੀ ਭਗਤੀ ਦਾ ਮੁੱਲ ਇਹ ਤੂੰ ਪਾਇਆ ਸਰਕਾਰੇ ਭੁੱਖੇ ਮਾਰਨ ਦੇ ਕਾਲ਼ੇ ਫ਼ਰਮਾਨ ਬੱਲੇ ਬੱਲੇ! ਵੇਖੀਂ ਦਿੱਲੀਏ ਨੀ ਪੈਂਦਾ ਘਮਾਸਾਨ ਬੱਲੇ ਬੱਲੇ ਏਸ ਧਰਤੀ ਤੇ ਜਦੋਂ ਜਦੋਂ ਵੀ ਲੁਟੇਰੇ ਆਏ ਇਹਨਾਂ ਪੰਜਾਬੀਆਂ ਹੀ ਛੋਲੇ ਉਹਨਾਂ ਨੂੰ ਚਬਾਏ ਏਥੇ ਜੰਮਦੇ ਨੇ ਊਧਮ, ਭਗਤ ਸਿੰਘ ਹੀ ਕਰ ਦਿੰਦੇ ਉਹ ਹੀ ਲੈਂਦੇ ਨੇ ਜੋ ਠਾਨ ਬੱਲੇ ਬੱਲੇ ਇਹ ਪੰਜਾਬੀ ਯੋਧਿਆਂ ਦੀ ਪਹਿਚਾਣ ਬੱਲੇ ਬੱਲੇ ਹੁਣ ਮੁੜਾਂਗੇ ਮੁੜਾਂਗੇ ਲੈ ਕੇ ਹੱਕ ਦਿੱਲੀਏ ਸਾਡੇ ਵੀ ਨੇ ਇਹ ਇਰਾਦੇ ਪਰਤੱਖ ਦਿੱਲੀਏ ਕੱਠੇ ਭਾਰਤ ਦੇ ਹੋ ਗਏ ਕਿਰਸਾਨ ‘ਪਰਦੇਸੀ’ ਤੇਰੀ ਸੋਚ ਦਾ ਘੁੰਮੇਂਗਾ ਅਸਮਾਨ ਬੱਲੇ ਬੱਲੇ ਦਿੱਲੀ ਪੜ੍ਹਨੇ ਪਾ ਦਿੱਤੀ ਕਿਰਸਾਨ ਬੱਲੇ ਬੱਲੇ ਇਹ ਪੰਜਾਬੀ ਯੋਧਿਆਂ ਦੀ ਪਹਿਚਾਨ, ਬੱਲੇ ਬੱਲੇ ਦਿੱਲੀ ਪੜ੍ਹਨੇ ਪਾ ਦਿੱਤੀ ਕਿਰਸਾਨ ਬੱਲੇ ਬੱਲੇ

ਨਵੇਂ ਵਰ੍ਹੇ ਤੇ ਦੁਆ

ਆਓ ਮਿੱਤਰੋ ਸਾਰੇ ਰਲ ਕੇ ਮੰਗੀਏ ਇਹ ਦੁਆ ਨਵੇਂ ਸਾਲ ਵਿਚ ਵਗੇ ਨਾ ਕੋਈ ਆਫ਼ਤ ਦਾ ਦਰਿਆ ਗ਼ਰਕਜਾਣੇ ਇਹ ਗਰਕਣ ਸੱਭੇ ਬਾਰੂਦਾਂ ਦੇ ਢੇਰ ਦੁਨੀਆ ਤੇ ਅਮਨਾ ਦੀ ਚਮਕੇ ਨਿੱਤ ਹੀ ਨਵੀਂ ਸਵੇਰ ਝਗੜੇ ਝੇੜੇ ਅਤੇ ਨਫ਼ਰਤਾਂ ਸਭ ਹੋ ਜਾਣ ਵਿਦਾ ਆਓ ਮਿੱਤਰੋ ਸਾਰੇ ਰਲ ਕੇ ਮੰਗੀਏ ਇਹ ਦੁਆ ਹੱਕਾਂ ਖ਼ਾਤਿਰ ਲੜਨ ਜੁਝਾਰੂ ਜਿੱਤ ਦੇ ਗੱਡਣ ਝੰਡੇ ਕਰਨ ਬਗ਼ਾਵਤ ਮੇਰੇ ਮੌਲਾ ਸਰਕਾਰਾਂ ਦੇ ਡੰਡੇ ਲੋਕਾਂ ਦੇ ਅੰਦਰੋਂ ਮਿਟ ਜਾਵੇ ਲੁੱਟ ਦਾ ਖ਼ੌਫ਼ ਜਿਹਾ ਨਵੇਂ ਸਾਲ ਵਿਚ ਵਗੇ ਨਾ ਕੋਈ ਆਫ਼ਤ ਦਾ ਦਰਿਆ ਨੰਗਿਆਂ ਹਿੱਸੇ ਕੱਪੜਾ ਆਵੇ ਤੇ ਭੁੱਖਿਆਂ ਦੇ ਰੋਟੀ ਉਹਨਾਂ ਨੂੰ ਉਹ ਅਕਲਾਂ ਬਖ਼ਸ਼ੇ ਨੀਤ ਜਿਨ੍ਹਾਂ ਦੀ ਖੋਟੀ ਬੇ-ਘਰਿਆ ਲਈ ਖੁੱਲੇ ‘‘ਯਾ-ਰੱਬ’’ ਘਰ ਘਰ ਦਾ ਬੂਹਾ ਆਓ ਮਿੱਤਰੋ ਸਾਰੇ ਰਲ ਕੇ ਮੰਗੀਏ ਇਹ ਦੁਆ ਕਰਨ ਬਗ਼ਾਵਤ ਬਾਂਦਰੀਆਂ ਸਭ ਮੰਨਣ ਹਾਰ ਮਦਾਰੀ ਤੋੜਨ ਜਾਲ਼ ਕਬੂਤਰ ਸੱਭੇ ਹੋਣ ਮਾਯੂਸ ਸ਼ਿਕਾਰੀ ਆਜ਼ਾਦੀ ਦੀ ਖ਼ੁਸ਼ਬੂ ਵੰਡੇ ਠੰਢੀ ਠਾਰ ਹਵਾ ਨਵੇਂ ਵਰ੍ਹੇ ਵਿਚ ਵਗੇ ਨਾ ਕੋਈ ਆਫ਼ਤ ਦਾ ਦਰਿਆ ਸੁੱਖੀਂ ਸਾਂਦੀ ਘਰ ਪਰਤਣ ਪਰਦੇਸਾਂ ਤੋਂ ‘‘ਪਰਦੇਸੀ’’ ਕਰਨ ਤਰੱਕੀਆਂ ਖ਼ੁਸ਼ੀਆਂ ਵੰਡਣ ਸਭ ਦੇ ਬੇਟਾ ਬੇਟੀ ਰਹੇ ਮਹਿਕਦਾ ਕੰਨਿਆਵਾਂ ਦੀ ਖ਼ੁਸ਼ਬੂ ਨਾਲ ਵਰ੍ਹਾ ਆਓ ਮਿੱਤਰੋ ਸਾਰੇ ਰਲ ਕੇ ਮੰਗੀਏ ਇਹ ਦੁਆ ਨਵੇਂ ਵਰ੍ਹੇ ਵਿਚ ਵਗੇ ਨਾ ਕੋਈ ਆਫ਼ਤ ਦਾ ਦਰਿਆ ਆਓ ਮਿੱਤਰੋ ਸਾਰੇ ਰਲ ਕੇ ਮੰਗੀਏ ਇਹ ਦੁਆ

ਰੱਖੜੀ

ਮਸਾਂ ਮਸਾਂ ਸਾਲ ਪਿੱਛੋਂ ਆਈ ਰੱਖੜੀ ਸਾਡੇ ਸੋਹਣੇ ਵੀਰ ਨੇ ਬੰਨ੍ਹਾਈ ਰੱਖੜੀ ਬੰਨ ਵੀਰਾ ਰੱਖੜੀ ਜਵਾਨੀ ਮਾਣ ਵੇ ਭੈਣਾਂ ਦਾ ਇਵੇਂ ਹੀ ਰੱਖੀਂ ਮਾਣ-ਤਾਣ ਵੇ ਚੁੰਮ ਚੁੰਮ ਅੱਖਾਂ ਨੂੰ ਹੈ ਲਾਈ ਰੱਖੜੀ ਮੇਰੇ ਸੋਹਣੇ ਵੀਰ ਨੇ ਬੰਨ੍ਹਾਈ ਰੱਖੜੀ ਖ਼ੈਰਾਂ ਮੰਗਦੀਆਂ ਹੱਥ ਜੋੜ ਜੋੜ ਵੇ ਤੈਨੂੰ ਵੀਰਾ ਆਵੇ ਨਾ ਕੋਈ ਵੀ ਥੋੜ ਵੇ ਦੂਰ ਕਰੇ ਸਾਲ ਦੀ ਜੁਦਾਈ ਰੱਖੜੀ ਮਸਾਂ ਮਸਾਂ ਸਾਲ ਪਿੱਛੋਂ ਆਈ ਰੱਖੜੀ ਵੀਰ ਦਾ ਭਾਬੀ ਦਾ ਚੰਗਾ ਲੱਗੇ ਹੱਸਣਾ ਭੈਣਾਂ ਦੇ ਸਿਰਾਂ ਤੇ ਸਦਾ ਹੱਥ ਰੱਖਣਾ ਸਾਡੇ ਭਾਅ ਦੀ ਵੀਰਿਆ ਖ਼ੁਦਾਈ ਰੱਖੜੀ ਮਸਾਂ ਮਸਾਂ ਸਾਲ ਪਿੱਛੋਂ ਆਈ ਰੱਖੜੀ ਰੱਚੂ ਅਤੇ ਰਾਵੀ ਆਈਆਂ ਭੈਣਾਂ ਤੇਰੀਆਂ ਮੂੰਹ ਮਿੱਠਾ ਕਰ ਲੈ ਲਾਵੀਂ ਨਾ ਦੇਰੀਆਂ ਬੰਨ ਵੀਰਾ ਪੁੰਨਿਆਂ ਦੀ ਜਾਈ ਰੱਖੜੀ ਸਾਡੇ ਸੋਹਣੇ ਵੀਰ ਨੇ ਬੰਨ੍ਹਾਈ ਰੱਖੜੀ ਚੰਨ ਨਾਲੋਂ ਸੋਹਣੇ ‘‘ਪਰਦੇਸੀ’’ ਵੀਰਿਆ ਜੁੱਗੀਂ ਚਮਕੇਂ ਵੇ ਸਾਡੀ ਮਾਂ ਦੇ ਹੀਰਿਆ ਤੈਨੂੰ ਹੋਵੇ ਵੀਰਨਾ ਵਧਾਈ ਰੱਖੜੀ ਸਾਡੇ ਸੋਹਣੇ ਵੀਰ ਨੇ ਬੰਨ੍ਹਾਈ ਰੱਖੜੀ ਮਸਾਂ ਮਸਾਂ ਸਾਲ ਪਿੱਛੋਂ ਆਈ ਰੱਖੜੀ ਸਾਡੇ ਸੋਹਣੇ ਵੀਰ ਨੇ ਬੰਨ੍ਹਾਈ ਰੱਖੜੀ

ਜੋ ਸੀ ਪ੍ਰੀਤਾਂ ਦਾ ਸਰਮਾਇਆ

ਜੋ ਸੀ ਪ੍ਰੀਤਾਂ ਦਾ ਸਰਮਾਇਆ ਜੋ ਸੀ ਸਾਂਝਾਂ ਦਾ ਤਿਰਹਾਇਆ ਸੱਜਣਾ ਉਹ ਸਾਵਣ ਨਾ ਆਇਆ ਸੱਜਣਾ ਉਹ ਸਾਵਣ ਨਾ ਆਇਆ ਰੁੱਖਾਂ ਬਿਨ ਹਰ ਪੀਂਘ ਉਦਾਸੀ ਹਰ ਇਕ ਮਨ ਦੀ ਰੀਝ ਪਿਆਸੀ ਉਡਦੀ ਰਹਿੰਦੀ ਧੂੜ ਪਹੇ ’ਚੋਂ ਇਸ ਰੁੱਤ ਵੀ ਪੱਤਝੜ ਦੇ ਵਾਸੀ ਚੜ੍ਹੀਆਂ ਤੱਕ ਘਨਘੋਰ ਘਟਾਵਾਂ ਜਦ ਮੋਰਾਂ ਸੀ ਰੌਲ਼ਾ ਪਾਇਆ ਸੱਜਣਾ ਉਹ ਸਾਵਣ ਨਾ ਆਇਆ ਸੱਜਣਾ ਉਹ ਸਾਵਣ ਨਾ ਆਇਆ ਮਹਿਕ ਵਿਹੂਣੀ ਰਾਤ ਦੀ ਰਾਣੀ ਮਰ ਮਰ ਪੈਂਦੀ ਰਾਤ ਲੰਘਾਣੀ ਬਾਦਲ ਬਾਦਲ ਗਉਂਦੇ ਹਾਰੇ ਇਸ ਸਾਵਣ ਬਿਜਲੀ ਨਾ ਪਾਣੀ ਪੌਣਾ ਦੇ ਗਲ਼ ਲੱਗ ਕੇ ਨੱਚ ਨੱਚ ਜੋ ਸੀ ਤੇਰੇ ਨਾਲ ਬਿਤਾਇਆ ਸੱਜਣਾ ਉਹ ਸਾਵਣ ਨਾ ਆਇਆ ਸੱਜਣਾ ਉਹ ਸਾਵਣ ਨਾ ਆਇਆ ਇਹ ਤਾਂ ਹੈ ਬੱਸ ਨਾਂ ਦਾ ਸਾਵਣ ਬੱਸ ਨਿਰੀ ਚੁੱਪ-ਚਾਂ ਦਾ ਸਾਵਣ ਜਿਸ ਨੇ ਸਾਡੇ ਜਜ਼ਬੇ ਭੁੰਨ ਤੇ ਦੱਸ ਇਹ ਕਿਹੜੀ ਥਾਂ ਦਾ ਸਾਵਣ ਜਦ ਤੇਰੀ ਬੁੱਕਲ ਵਿਚ ਭਿੱਜ ਭਿੱਜ ਅੰਬੀ ਦਾ ਸੀ ਚੂਸਾ ਲਾਇਆ ਸੱਜਣਾ ਉਹ ਸਾਵਣ ਨਾ ਆਇਆ ਸੱਜਣਾ ਉਹ ਸਾਵਣ ਨਾ ਆਇਆ ਰੁੱਖ ਹਨ ਤਾਂ ਸੰਸਾਰ ਹੈ ਸਾਵਣ ਝਾਂਜਰ ਦੀ ਝਨਕਾਰ ਹੈ ਸਾਵਣ ਕੋਇਲ ਦੇ ਹਨ ਗੀਤ ਵਣਾਂ ਸੰਗ ਤੀਆਂ ਹਨ, ਤਿਉਹਾਰ ਹੈ ਸਾਵਣ ‘‘ਪਰਦੇਸੀ’’ ਨੂੰ ਫਿਰ ਕਿਸ ਕਹਿਣੈ ਤੂੰ ਸਾਨੂੰ ਐਨਾ ਤੜਪਾਇਆ ਸੱਜਣਾ ਉਹ ਸਾਵਣ ਨਾ ਆਇਆ ਸੱਜਣਾ ਉਹ ਸਾਵਣ ਨਾ ਆਇਆ ਜੋ ਸੀ ਪ੍ਰੀਤਾਂ ਦਾ ਸਰਮਾਇਆ ਜੋ ਸੀ ਸਾਂਝਾਂ ਦਾ ਤਿਰਹਾਇਆ ਸੱਜਣਾ ਉਹ ਸਾਵਣ ਨਾ ਆਇਆ ਸੱਜਣਾ ਉਹ ਸਾਵਣ ਨਾ ਆਇਆ

ਸਾਡੀ ਬੋਲੀ ਹੈ ਪੰਜਾਬੀ

ਸਾਡੀ ਬੋਲੀ ਹੈ ਪੰਜਾਬੀ ਸਾਡਾ ਪਿਆਰ ਹੈ ਪੰਜਾਬੀ ਸਾਡੇ ਹਾਸਿਆਂ ਦੇ ਵਿਚ ਟੁਣਕਾਰ ਹੈ ਪੰਜਾਬੀ ਮਾਣ ਨਾਲ ਸਿਰ ਉਚਾ ਕਰ ਬੋਲੀਏ ਪੰਜਾਬੀ ਜਦੋਂ ਜਾਈਏ ਪਰਦੇਸੀਂ ਓਥੋਂ ਟੋਲੀਏ ਪੰਜਾਬੀ ਅਸੀਂ ਰੰਗ ਦਿੱਤਾ ਸਾਰਾ ਸੰਸਾਰ ਹੈ ਪੰਜਾਬੀ ਸਾਡੀ ਬੋਲੀ ਹੈ ਪੰਜਾਬੀ ਸਾਡਾ ਪਿਆਰ ਹੈ ਪੰਜਾਬੀ ਸਾਡੇ ਹਾਸਿਆਂ ਦੇ ਵਿਚ ਟੁਣਕਾਰ ਹੈ ਪੰਜਾਬੀ ਸ਼ਾਹ ਹੁਸੈਨ ਅਤੇ ਬਾਹੂ ਹੈ ਫ਼ਰੀਦ ਜੀ ਦੀ ਬੋਲੀ ਬਾਬੇ ਨਾਨਕ ਤੇ ਬੁੱਲੇ ਸ਼ਾਹ ਦੀ ਹੈ ਇਹ ਹਮਜੋਲੀ ਪੀਲੂ, ਵਾਰਸ ਦਾ ਸੋਹਣਾ ਸ਼ਾਹਕਾਰ ਹੈ ਪੰਜਾਬੀ ਸਾਡੀ ਬੋਲੀ ਹੈ ਪੰਜਾਬੀ ਸਾਡਾ ਪਿਆਰ ਹੈ ਪੰਜਾਬੀ ਸਾਡੇ ਹਾਸਿਆਂ ਦੇ ਵਿਚ ਟੁਣਕਾਰ ਹੈ ਪੰਜਾਬੀ ਪੰਜਾਬੀ ਵਿਚ ਝਿੜਕਾਂ ਤੇ ਪੰਜਾਬੀ ਵਿਚ ਲੋਰੀਆ ਇਹ ਦੇ ਵਿਚ ਗਉਣ ਭੈਣਾਂ ਵੀਰਾਂ ਦੀਆਂ ਘੋੜੀਆਂ ਰੋਸੇ, ਖ਼ੁਸ਼ੀਆਂ, ਗ਼ਮਾਂ ਦਾ, ਇਜ਼ਹਾਰ ਹੈ ਪੰਜਾਬੀ ਸਾਡੀ ਬੋਲੀ ਹੈ ਪੰਜਾਬੀ ਸਾਡਾ ਪਿਆਰ ਹੈ ਪੰਜਾਬੀ ਸਾਡੇ ਹਾਸਿਆਂ ਦੇ ਵਿਚ ਟੁਣਕਾਰ ਹੈ ਪੰਜਾਬੀ ਇਹ ਹੈ ਯੋਧਿਆਂ ਦੀ ਬੋਲੀ ਭਾਈਚਾਰਿਆਂ ਦੀ ਬੋਲੀ ਸਾਂਝੇ ਪਿੱਪਲਾਂ ਤੇ ਪੀਂਘਾਂ ਦੇ ਹੁਲਾਰਿਆਂ ਦੀ ਬੋਲੀ ਰੂਪ ਰੰਗ ‘‘ਪਰਦੇਸੀ’’ ਦਿਲਦਾਰ ਹੈ ਪੰਜਾਬੀ ਸਾਡੀ ਬੋਲੀ ਹੈ ਪੰਜਾਬੀ ਸਾਡਾ ਪਿਆਰ ਹੈ ਪੰਜਾਬੀ ਸਾਡੇ ਹਾਸਿਆਂ ਦੇ ਵਿਚ ਟੁਣਕਾਰ ਹੈ ਪੰਜਾਬੀ ਸਾਡੀ ਬੋਲੀ ਹੈ ਪੰਜਾਬੀ ਸਾਡਾ ਪਿਆਰ ਹੈ ਪੰਜਾਬੀ।

ਗੀਤ ਸੁਣਾਵਾਂ ਪਰਦੇ ਨਾਲ

ਸੁਣ ਮੈਂ ਤੈਨੂੰ ਗੀਤ ਸੁਣਾਵਾਂ ਪਰਦੇ ਨਾਲ ਅੱਥਰੇ ਦਿਲ ਨੂੰ ਇਉਂ ਸਮਝਾਵਾਂ ਪਰਦੇ ਨਾਲ ਪਰਦਾ ਰਖਦੀ ਸੱਸੀ, ਥਲ ਵਿਚ ਭੁੱਜ ਗਈ ਪਰਦਾ ਰੱਖ ਦਰਿਆ ਵਿਚ ਸੋਹਣੀ ਡੁੱਬ ਗਈ ਸਮਝ ਮੈਂ ਤੈਨੂੰ ਗੱਲ ਸਮਝਾਵਾਂ ਪਰਦੇ ਨਾਲ ਸੁਣ ਤੈਨੂੰ ਇਕ ਗੀਤ ਸੁਣਾਵਾਂ ਪਰਦੇ ਨਾਲ ਫੁੱਟ ਗਈ ਸੀ ਰਾਂਝੇ ਦੀ ਤਕਦੀਰ ਉਦੋਂ ਖੇੜਿਆਂ ਦੀ ਡੋਲੀ ਵਿਚ ਚੜ੍ਹ ਗਈ ਹੀਰ ਜਦੋਂ ਰਾਂਝਾ ਕਿੰਜ ਪੁੱਛਦਾ ਸਿਰਨਾਵਾਂ ਪਰਦੇ ਨਾਲ ਤੈਨੂੰ ਇਹ ਵੀ ਦਰਦ ਸੁਣਾਵਾਂ ਪਰਦੇ ਨਾਲ ਮਿਰਜ਼ੇ ਦੀ ਫਿਰ ਗੱਲ ਕੀ ਰਹਿ ਗਈ ਪਰਦੇ ਨਾਲ ਸਾਹਿਬਾਂ ਜਦ ਘੋੜੀ ਤੇ ਬਹਿ ਗਈ ਪਰਦੇ ਨਾਲ ਮੌਤ ਵੀ ਬਹਿ ਗਈ ਕਰਕੇ ਛਾਵਾਂ ਪਰਦੇ ਨਾਲ ਅੱਥਰੇ ਦਿਲ ਨੂੰ ਇਉਂ ਸਮਝਾਵਾਂ ਪਰਦੇ ਨਾਲ ਹਾਣ ਵਿਹੂਣੇ ਵੇਖ ਤੂੰ ਕਿੰਨੇ ਹਾਣ ਗਏ ਪਰਦੇ ਵਿਚਦੀ ਵੀ ‘‘ਪਰਦੇਸੀ’’ ਜਾਣ ਗਏ ਮੈਂ ਉਸ ਦੇ ਘਰ ਆਵਾਂ ਜਾਵਾਂ ਪਰਦੇ ਨਾਲ ਅੱਥਰੇ ਦਿਲ ਨੂੰ ਇਉਂ ਸਮਝਾਵਾਂ ਪਰਦੇ ਨਾਲ ਸੁਣ ਤੈਨੂੰ ਮੈਂ ਗੀਤ ਸੁਣਾਵਾਂ ਪਰਦੇ ਨਾਲ ਮੁੜ ਮੁੜ ਕੇ ਦਿਲ ਨੂੰ ਸਮਝਾਵਾਂ ਪਰਦੇ ਨਾਲ

ਦੁਪਿਹਿਰੇ ਡਾਕਾ ਪੈ ਗਿਆ

ਆਪਣੇ ਮੁਬਾਈਲ ’ਚ ਲੁਕੋ ਕੈ ਤੈਨੂੰ ਲੈ ਗਿਆ ਅਕਲਾਂ ਦੀ ਅੰਨ੍ਹੀਏਂ ਦੁਪਿਹਿਰੇ ਡਾਕਾ ਪੈ ਗਿਆ ਗੁੱਝਾ ਗੁੱਝਾ ਹੱਸਣਾ ਤੇ ਵੱਟਣੀਆਂ ਘੂਰੀਆਂ ਕੋਲ ਕੋਲ ਹੁੰਦਿਆਂ ਵੀ ਰੱਖਣੀਆਂ ਦੂਰੀਆਂ ਚੂਰੀ ਦੀ ਖਿਡਾਰਨੇ ਨੀ ਰਾਂਝਾ ਬਾਜੀ ਲੈ ਗਿਆ ਅਕਲਾਂ ਦੀ ਅੰਨ੍ਹੀਏਂ ਦੁਪਿਹਿਰੇ ਡਾਕਾ ਪੈ ਗਿਆ ਚੰਦ ਜੇਹੇ ਹੋ ਕੇ ਵਾਂਗ ਸੂਰਜ ਦੇ ਮੱਚਣਾ ਅੰਬੀਏ ਨਾ ਠੀਕ ਤੀਰ ਤੋਤਿਆਂ ਤੇ ਕੱਸਣਾ ਜਾਣਾ ਨਾ ਉਡਾਇਆ ਤੋਤਾ ਅੰਬੀ ਤੇ ਜਾਂ ਬਹਿ ਗਿਆ ਅਕਲਾਂ ਦੀ ਅੰਨ੍ਹੀਏ ਦੁਪਿਹਿਰੇ ਡਾਕਾ ਪੈ ਗਿਆ ਟੱਪੂੰ ਟੱਪੂੰ ਕਰਦੀ ਐਂ ਨਹਿਰ ਕੰਢੇ ਡੱਡੀਏ ਸੋਚੇਂਗੀ ਫਿਰ ਬਗਲੇ ਕਿਉਂ ਧੌਣੋਂ ਫੜ ਛੱਡੀਏ ਹੱਥ ਪੱਲੇ ਹੁਣ ਕੀ ਰਕਾਨੇ ਤੇਰੇ ਰਹਿ ਗਿਆ ਅਕਲਾਂ ਦੀ ਅੰਨ੍ਹੀਏਂ ਦੁਪਿਹਿਰੇ ਡਾਕਾ ਪੈ ਗਿਆ ਲੱਭਦਾ ਮਸਾਂ ਹੈ ਸਾਥ ਹਾਸਿਆਂ ਦੇ ਹਾਣ ਦਾ ਇਹ ਹੈ ‘‘ਪਰਦੇਸੀ’’ ਤੇਰੀ ਜਾਣ ਦਾ ਪਛਾਣ ਦਾ ਉਡਦੀ ਫਿਰੇਂਗੀ ਜਦੋਂ ਵਤਨਾਂ ਨੂੰ ਲੈ ਗਿਆ ਦਿਲ ਦੇ ਤਹਿਖਾਨੇ ’ਚ ਲੁਕੋ ਕੇ ਜਦੋਂ ਬਹਿ ਗਿਆ ਅਕਲਾਂ ਦੀ ਅੰਨ੍ਹੀਏਂ ਦੁਪਿਹਿਰੇ ਡਾਕਾ ਪੈ ਗਿਆ ਆਪਣੇ ਮੁਬਾਈਲ ’ਚ ਲੁਕੋ ਕੇ ਤੈਨੂੰ ਲੈ ਗਿਆ ਫੋਟੋ ਤੇਰੀ ਤੇਰੇ ਉਹ ਪਰਸ ਵਿੱਚੋਂ ਲੈ ਗਿਆ ਅਕਲਾਂ ਦੀ ਅੰਨ੍ਹੀਏਂ ਦੁਪਿਹਿਰੇ ਡਾਕਾ ਪੈ ਗਿਆ

ਜਿੰਦ ਪੱਤਿਆਂ ਵਾਂਗੂੰ ਝੜ ਗਈ

ਝੜ ਗਈ ਝੜ ਗਈ ਝੜ ਗਈ ਵੇ ਜਿੰਦ ਪੱਤਿਆਂ ਵਾਂਗੂੰ ਝੜ ਗਈ ਖੜ੍ਹ ਗਈ ਖੜ੍ਹ ਗਈ ਖੜ੍ਹ ਗਈ ਵੇ ਹਾਇ ਦਿਲ ਦੀ ਧੜਕਣ ਖੜ੍ਹ ਗਈ ਇਹ ਲੁੱਕਣ ਮੀਟੀ ਸਾਹਾਂ ਦੀ ਗੱਲ ਸਮਝ ਨਾ ਆਵੇ ‘ਗਾਹਾਂ ਦੀ ਹੋ ਚੱਲੀ ਤਿਆਰੀ ‘ਤਾਹਾਂ ਦੀ ਕੀ ਇਸ਼ਕ ਦਮੂੰਹੀਂ ਲੜ ਗਈ ਝੜ ਗਈ ਝੜ ਗਈ ਝੜ ਗਈ ਵੇ ਜਿੰਦ ਪੱਤਿਆਂ ਵਾਂਗੂੰ ਝੜ ਗਈ ਲੱਗ ਤਾਲੂ ਨਾਲ ਜ਼ੁਬਾਨ ਗਈ ਮੈਂ ਦੋ ਪਲ ਦੀ ਮਹਿਮਾਨ, ਗਈ ਜੋ ਕਰਦੀ ਸੀ ਅਭਿਮਾਨ, ਗਈ ਇਉਂ ਲੱਗਦੈ ਨਬਜ਼ ਜਿਉਂ ਖੜ੍ਹ ਗਈ ਖੜ੍ਹ ਗਈ ਖੜ੍ਹ ਗਈ ਖੜ੍ਹ ਗਈ ਵੇ ਹਾਇ ਦਿਲ ਦੀ ਧੜਕਣ ਖੜ੍ਹ ਗਈ ਗੀਤਾਂ ਨੇ ਦਰਦ ਪਰੋਏ ਵੇ ਪੱਥਰਾਂ ਵੀ ਅੱਥਰ ਚੋਏ ਵੇ ਤੇਰੇ ਨਾ ਦਰਸ਼ਨ ਹੋਏ ਵੇ ਜਿੰਦ ਅੰਤਮ ਪੌੜੀ ਚੜ੍ਹ ਗਈ ਝੜ ਗਈ ਝੜ ਗਈ ਝੜ ਗਈ ਵੇ ਜਿੰਦ ਪੱਤਿਆਂ ਵਾਂਗੂੰ ਝੜ ਗਈ ਇਹ ਕੀ ‘‘ਪਰਦੇਸੀ’’ ਹੋਇਆ ਵੇ ਜਦ ਕੋਲ ਤੂੰ ਆਣ ਖਲੋਇਆ ਵੇ ਮੇਰਾ ਸਾਹ ਮੁੜਦਾ ਹੋਇਆ ਵੇ ਤੇਰੇ ਆਉਣ ਦੀ ਖ਼ੁਸ਼ੀ ਜਹੀ ਚੜ੍ਹ ਗਈ ਮੈਂ ਮਰਦੀ ਮਰਦੀ ਖੜ੍ਹ ਗਈ ਵੇ ਮੈਂ ਮਰਦੀ ਮਰਦੀ ਖੜ੍ਹ ਗਈ ਜਿੰਦ ਹੀਰੇ ਮੋਤੀ ਜੜ ਗਈ ਵੇ ਜਿੰਦ ਹੀਰੇ ਮੋਤੀ ਜੜ ਗਈ ਮੈਂ ਮਰਦੀ ਮਰਦੀ ਖੜ੍ਹ ਗਈ ਵੇ ਮੈਂ ਮਰਦੀ ਮਰਦੀ ਖੜ੍ਹ ਗਈ

ਸਾਡੀ ਨੀਂਦਰ ਚੁਰਾਈ

ਸਈਓ ਸੁੱਕਣੇ ਪਾ ਦਿੱਤੀ ਜਿੰਦ ਜਾਨ ਰਾਂਝਣੇ ਸਾਡੀ ਨੀਂਦਰ ਚੁਰਾਈ ਬੇਈਮਾਨ ਰਾਂਝਣੇ ਦਿਲ ਡੁੱਬ ਡੁੱਬ ਜਾਵੇ ਸਾਹ ਔਖਾ ਔਖਾ ਆਵੇ ਜਦੋਂ ਝੂਠੀ ਮੂਠੀ ਖੰਘੇ ਨਾਲ ਸੈਨਤਾਂ ਬੁਲਾਵੇ ਐਸੀ ਮਹਿਕੀ ਮਹਿਕੀ ਸੁੱਟੀ ਮੁਸਕਾਨ ਰਾਂਝਣੇ ਸਾਡੀ ਨੀਂਦਰ ਚੁਰਾਈ ਬੇਈਮਾਨ ਰਾਂਝਣੇ ਸਈਓ ਸੁੱਕਣੇ ਪਾ ਦਿੱਤੀ ਜਿੰਦ ਜਾਨ ਰਾਂਝਣੇ ਲਾ ਕੇ ਸ਼ਿਸ਼ਤ ਗੁਲਾਬੀ ਅੱਖਾਂ ਨਾਲ ਵੇਖ਼ਦਾ ਸਾਡੀ ਹਿੱਕ ਤੇ ਖੜੱਪਾ ਸੱਪ ਰਹਿੰਦਾ ਲੇਟਦਾ ਡਾਢਾ ਕੀਤਾ ਹੋਇਆ ਸਾਨੂੰ ਪਰੇਸ਼ਾਨ ਰਾਂਝਣੇ ਸਾਡੀ ਨੀਂਦਰ ਚੁਰਾਈ ਬੇਈਮਾਨ ਰਾਂਝਣੇ ਸਈਓ ਸੁੱਕਣੇ ਪਾ ਦਿੱਤੀ ਜਿੰਦ ਜਾਨ ਰਾਂਝਣੇ ਉਹਦੇ ਨਾਲ ਜਿਸ ਦਿਨ ਦੀਆਂ ਹੋਈਆਂ ਅੱਖਾਂ ਚਾਰ ਸਾਡੇ ਪਿੰਡੇ ਉਤੇ ਨਿੰਮਾ ਨਿੰਮਾ ਰਹਿੰਦਾ ਏ ਬੁਖ਼ਾਰ ਸੀਨੇ ਅੱਗ ਜੇਹੀ ਬਾਲ਼ ਤੀ ਸ਼ੈਤਾਨ ਰਾਂਝਣੇ ਸਾਡੀ ਨੀਂਦਰ ਚੁਰਾਈ ਬੇਈਮਾਨ ਰਾਂਝਣੇ ਸਈਓ ਸੁੱਕਣੇ ਪਾ ਦਿੱਤੀ ਜਿੰਦ ਜਾਨ ਰਾਂਝਣੇ ਆਇਆ ਸਾਹਵੇਂ ‘‘ਪਰਦੇਸੀ’’ ਬਾਗ਼ੀ ਹੋਇਆ ਅੰਗ ਅੰਗ ਪਹਿਲਾਂ ਦਿਲ ਲੁੱਟ ਹੋਇਆ ਫੇਰ ਲੁੱਟ ਹੋਈ ਸੰਗ ਸਾਡਾ ਲੁੱਟ ਲਿਆ ਸਾਰਾ ਹੀ ਜਹਾਨ ਰਾਂਝਣੇ ਸਾਡੀ ਨੀਂਦਰ ਚੁਰਾਈ ਬੇਈਮਾਨ ਰਾਂਝਣੇ ਸਈਓ ਸੁੱਕਣੇ ਪਾ ਦਿੱਤੀ ਜਿੰਦ ਜਾਨ ਰਾਂਝਣੇ ਸਾਡੀ ਨੀਂਦਰ ਚੁਰਾਈ ਬੇਈਮਾਨ ਰਾਂਝਣੇ

ਰੱਬ ਝੂਠ ਨਾ ਬੁਲਾਵੇ

ਤੈਨੂੰ ਦੱਸੀਏ ਕੀ ਯਾਰ ਰੱਬ ਝੂਠ ਨਾ ਬੁਲਾਵੇ ਜਿੰਨਾ ਤੇਰੇ ਨਾਲ ਪਿਆਰ ਰੱਬ ਝੂਠ ਨਾ ਬੁਲਾਵੇ ਤੇਰੀ ਤਿੱਲੇਦਾਰ ਜੁੱਤੀ ਤੇਰਾ ਲਹਿੰਗਾ ਤਿੱਲੇਦਾਰ ਅਸੀਂ ਰੂਪ ਦੇ ਗ਼ੁਲਾਮ ਰੂਪ ਦੀ ਤੂੰ ਸਰਕਾਰ ਤੂੰ ਹੈਂ ਰੱਬ ਦਾ ਦੀਦਾਰ ਰੱਬ ਝੂਠ ਨਾ ਬੁਲਾਵੇ ਜਿੰਨਾ ਤੇਰੇ ਨਾਲ ਪਿਆਰ ਰੱਬ ਝੂਠ ਨਾ ਬੁਲਾਵੇ ਡੁੱਬੇ ਸੋਚਾਂ ’ਚ ਆਕਾਸ਼ ਤੇਰੀ ਵੇਖ ਫੁਲਕਾਰੀ ਏਸ ਧਰਤੀ ਤੇ ਕਿਸ ਨੇ ਨਕਲ ਮੇਰੀ ਮਾਰੀ ਮੰਨੀ ਅੰਬਰ ਨੇ ਹਾਰ ਰੱਬ ਝੂਠ ਨਾ ਬੁਲਾਵੇ ਤੈਨੂੰ ਦੱਸੀਏ ਕੀ ਯਾਰ ਰੱਬ ਝੂਠ ਨਾ ਬੁਲਾਵੇ ਤੇਰੇ ਪਟਿਆਲਾ ਸ਼ਾਹੀ ਲੌਂਗ ਅਤੇ ਸਲਵਾਰ ਦਿੰਦੇ ਜੀਵਨ ਕਿਸੇ ਨੂੰ ਦਿੰਦੇ ਕਈਆਂ ਤਾਈਂ ਮਾਰ ਯਾਰਾ ਰੱਖ ਭਾਵੇਂ ਮਾਰ ਰੱਬ ਝੂਠ ਨਾ ਬੁਲਾਵੇ ਤੈਨੂੰ ਦੱਸੀਏ ਕੀ ਯਾਰ ਰੱਬ ਝੂਠ ਨਾ ਬੁਲਾਵੇ ਬਣ ਜਾਉ ਬੁੱਲ੍ਹੀਆਂ ਤੇ ਫੁੱਲਾਂ ਜੇਹੀ ਮੁਸਕਾਨ ਰੱਖ ਲਵੋ ਦਿਲ ਵਿਚ ‘‘ਪਰਦੇਸੀ’’ ਮਹਿਮਾਨ ਬੈਠਾ ਵਤਨ ਇਹ ਵਿਸਾਰ ਰੱਬ ਝੂਠ ਨਾ ਬੁਲਾਵੇ ਜਿੰਨਾ ਤੇਰੇ ਨਾਲ ਪਿਆਰ ਰੱਬ ਝੂਠ ਨਾ ਬੁਲਾਵੇ ਤੈਨੂੰ ਦੱਸੀਏ ਕੀ ਯਾਰ ਰੱਬ ਝੂਠ ਨਾ ਬੁਲਾਵੇ ਜਿੰਨਾ ਤੇਰੇ ਨਾਲ ਪਿਆਰ ਰੱਬ ਝੂਠ ਨਾ ਬੁਲਾਵੇ

ਜਿਉਣ ਜੋਗਿਆ

ਦੋ ਪਲ ਖੜ੍ਹ ਜਾ ਜਿਉਣ ਜੋਗਿਆ ਜਿਉਣ ਜੋਗੀ ਕਰ ਜਾ ਜਿਉਣ ਜੋਗਿਆ ਕੀਤੀਆਂ ਸਮੇਂ ਨੇ ਸਦਾ ਮਨ-ਮਾਨੀਆਂ ਰੱਬ ਦੀਆਂ ਹੋਈਆਂ ਅੱਜ ਮਿਹਰਬਾਨੀਆਂ ਤੂੰ ਵੀ ਮਿਹਰਾਂ ਕਰ ਜਾ ਜਿਉਣ ਜੋਗਿਆ ਦੋ ਪਲ ਖੜ੍ਹ ਜਾ ਜਿਉਣ ਜੋਗਿਆ ਹੱਸ ਜਾ ਹਸਾ ਜਾ ਹਾਲ ਚਾਲ ਦੱਸ ਜਾ ਚੰਨਾਂ ਤੇਰੇ ਹਾਸਿਆਂ ’ਚ ਰੱਬ ਵੱਸਦਾ ਹਾਸਿਆਂ ’ਚ ਭਰ ਜਾ ਜਿਉਣ ਜੋਗਿਆ ਜਿਉਣ ਜੋਗੀ ਕਰ ਜਾ ਜਿਉਣ ਜੋਗਿਆ ਅਜੇ ਤਾਂ ਨੇ ਸੱਧਰਾਂ ਕਲੋਲ ਕਰਨੇ ਅਜੇ ਅਸਾਂ ਚਾਨਣੀ ਦੇ ਘੁੱਟ ਭਰਨੇ ਹਾਲੇ ਨਾ ਤੂੰ ਘਰ ਜਾ ਜਿਉਣ ਜੋਗਿਆ ਜਿਉਣ ਜੋਗੀ ਕਰ ਜਾ ਜਿਉਣ ਜੋਗਿਆ ਤੈਨੂੰ ਤੱਕ ਤੱਕ ਹੁੰਦਾ ਨਹੀਓਂ ਰੱਜ ਮੱਖਣਾ ‘‘ਪਰਦੇਸੀ’’ ਬਿਨ ਰੂਹ ਦਾ ਕੀ ਏ ਹੱਜ ਮੱਖਣਾ ਰੂਹ ਦਾ ਹੱਜ ਕਰ ਜਾ ਜਿਉਣ ਜੋਗਿਆ ਜਿਉਣ ਜੋਗੀ ਕਰ ਜਾ ਜਿਉਣ ਜੋਗਿਆ ਦੋ ਪਲ ਖੜ੍ਹ ਜਾ ਜਿਉਣ ਜੋਗਿਆ ਜਿਉਣ ਜੋਗੀ ਕਰ ਜਾ ਜਿਉਣ ਜੋਗਿਆ

ਅੱਖੀਆਂ ਨੇ ਇਕ ਨਾ ਸੁਣੀ

ਦਿਲ ਪਾਉਂਦਾ ਰਿਹਾ ਹਾਲ ਦੁਹਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਡੁੱਬ ਜਾਣੀਆਂ ਨਾ ਹਟੀਆਂ ਹਟਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਦਿਲ ਪਾਉਂਦਾ ਰਿਹਾ ਹਾਲ ਦੁਹਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਇਹ ਤਾਂ ਸੁਪਨੇ ਸਜਾਉਣੋ ਹੀ ਨਾ ਹੱਟੀਆਂ ਪੱਟ ਜਾਣੀਆਂ ਪਲਾਂ ’ਚ ਗਈਆਂ ਪੱਟੀਆਂ ਜਦੋਂ ਵਗੀਆਂ ਪੁਰੇ ਤੋਂ ਪੁਰਵਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਦਿਲ ਪਾਉਂਦਾ ਰਿਹਾ ਹਾਲ ਦੁਹਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਇਹ ਹੀ ਅੱਖੀਆਂ ਨੂੰ ਸਨ ਮਗ਼ਰੂਰੀਆਂ ਦਿਲ ਕਰੇਗਾ, ਕਰੇਗਾ, ਜੀ ਹਜ਼ੂਰੀਆਂ ਦਿਲ ਕੋਲੋਂ ਮਨ-ਆਈਆਂ ਕਰਵਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਦਿਲ ਪਾਉਂਦਾ ਰਿਹਾ ਹਾਲ ਦੁਹਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਕਦੇ ਹੱਸਦੀਆਂ ਕਦੇ ਸ਼ਰਮਾਉਂਦੀਆਂ ਰਾਤ ਚਾਨਣੀ ਕਜਲ ਮਟਕਾਉਂਦੀਆਂ ਸਿੱਖ ਗਈਆਂ ਨੇ ਇਹ ਲੁਕਣ ਮਚਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਦਿਲ ਪਾਉਂਦਾ ਰਿਹਾ ਹਾਲ ਦੁਹਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਤੱਕ ਲਿਆ ‘‘ਪਰਦੇਸੀ’’ ਦਿਲਦਾਰ ਨੂੰ ਝੱਟ ਗੀਤ ਗਉਣੇ ਆ ਗਏ ਸਰਕਾਰ ਨੂੰ ਜਦੋਂ ਅੱਡੀਆਂ ਪੰਜ਼ੇਬਾਂ ਛਣਕਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਦਿਲ ਪਾਉਂਦਾ ਰਿਹਾ ਹਾਲ ਦੁਹਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਡੁੱਬ ਜਾਣੀਆਂ ਨਾ ਹਟੀਆਂ ਹਟਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ ਦਿਲ ਪਾਉਂਦਾ ਰਿਹਾ ਹਾਲ ਦੁਹਾਈਆਂ ਨੀ ਅੱਖੀਆਂ ਨੇ ਇਕ ਨਾ ਸੁਣੀ

ਕਿੱਕਲੀ

ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ ਧੌਣ ਮੇਰੀ ਮੋਰਾਂ ਦਾ ਕਲੇਜਾ ਜਾਵੇ ਚੀਰਦੀ ਨੱਚਦੇ ਨਾ ਮੋਰ ਨਾ ਹੀ ਕਿੱਕਲੀ ’ਚ ਮੋਰਨੀ ਚਾਰੇ ਪਾਸੇ ਸੁਣੀਂਦੇ ਬੇ-ਸੁਰਿਆਂ ਦੇ ਸ਼ੋਰ ਨੀ ਸਾਵਣ ਦੀ ਝੜੀ ਵੀ ਕੋਰੋਨਾਂ ਦੇ ਹੀ ਨੀਰ ਦੀ ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ ਲੋਕਾਂ ਅੱਗੇ ਲੋੜਾਂ ਤੇ ਜ਼ਰੂਰਤਾਂ ਹੀ ਭਉਣ ਨੀ ਜਾਂਦੇ ਨੇ ਗਵਾਚੀ ਸਭ ਕਿੱਕਲੀ ਦੇ ਗਉਣ ਨੀ ਜੋਰਾਵਰੀ ਯੁੱਗ ਹੋ ਗਈ ਕਿੱਕਲੀ ਜਗੀਰ ਦੀ ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ ਡਰ ਕੇ ਜਵਾਈਆਂ ਕੋਲੋਂ ਝੱਟ ਹੋ ਲੰਘਾਈ ਦਾ ਔਖਾ ਹੋਇਆ ਕਹਿਣਾ ਹੁਣ ‘‘ਫਿੱਟੇ ਮੂੰਹ ਜਵਾਈ ਦਾ’’ ਰੱਖੀਏ ਬਚਾ ਕੇ ਮਸਾਂ ਮਸਾਂ ਪੱਗ ਵੀਰ ਦੀ ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ ਜੁੜਦੇ ਸੀ ਹੱਥ ਅਤੇ ਪੈਰ ਵੀ ਸੀ ਜੁੜਦੇ ਬਾਪੂ ਦੇ ਖੰਗੂਰੇ ਨਾਲ ਘਰਾਂ ਨੂੰ ਸੀ ਮੁੜਦੇ ਮਾਵਾਂ ਸਮਝਾਉਂਦੀਆਂ ਸੀ ਗੱਲ ਸਾਂਝ ਸੀਰ ਦੀ ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ ਕਿੱਕਲੀ ਸੀ ਪੈਂਦੀ ਜਦੋਂ ਘੁੰਮਦੀ ਸੀ ਧਰਤੀ ਐਸੀ ਘੁੰਮੀ ਧਰਤੀ ਉਹ ਕਿੱਕਲੀ ਨਾ ਪਰਤੀ ਐਨੀ ਕੁ ਕਹਾਣੀ ਕਿੱਕਲੀ ਦੀ ਤਕਦੀਰ ਦੀ ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ ‘‘ਪਰਦੇਸੀ’’ ਕਿੱਕਲੀ ਧਰਮ ਸੀ ਕਰਮ ਸੀ ਸਿਰਾਂ ਉਤੇ ਚੁੰਨੀਆਂ ਤੇ ਅੱਖਾਂ ’ਚ ਸ਼ਰਮ ਸੀ ਸੱਸੀ, ਸੋਹਣੀ, ਸਾਹਿਬਾਂ ਅਤੇ ਗੱਲ ਛੱਡੋ ਹੀਰ ਦੀ ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ ਧੌਣ ਮੇਰੀ ਮੋਰਾਂ ਦਾ ਕਲੇਜਾ ਜਾਵੇ ਚੀਰ ਦੀ ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਰੱਖੀਏ ਬਚਾ ਕੇ ਮਸਾਂ ਮਸਾਂ ਪੱਗ ਵੀਰ ਦੀ ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ ਜੋਰਾਵਰੀ ਯੁੱਗ ਵਿਚ ਕਿੱਕਲੀ ਜਗੀਰ ਦੀ ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ

ਵਣਜਾਰੇ

ਮਨ ਦੀਆਂ ਮਨ ਵਿਚ ਥੱਕੇ ਹਾਰੇ ਵੰਗਾਂ ਵੇਚ ਮੁੜੇ ਵਣਜਾਰੇ ਲਾਲ ਪੀਲੀਆਂ ਨੀਲੀਆਂ ਹਰੀਆਂ ਗੋਰੀਆਂ ਗੋਰੀਆਂ ਬਾਹਾਂ ਭਰੀਆਂ ਘਰ ਵਾਲੀ ਦੀਆਂ ਸੁੰਨੀਆਂ ਬਾਹਾਂ ਫਿਰ ਆਥਣ ਨੂੰ ਬਣਨ ਸਹਾਰੇ ਵੰਗਾਂ ਵੇਚ ਮੁੜੇ ਵਣਜਾਰੇ ਮਨ ਦੀਆਂ ਮਨ ਵਿਚ ਥੱਕੇ ਹਾਰੇ ਜਦ ਜਦ ਫੜੀਆਂ ਨਰਮ ਕਲਾਈਆਂ ਚੇਤੇ ਆਈਆਂ ਪਾਟੀਆਂ ਬਿਆਈਆਂ ਗ਼ਰਜ਼ਾਂ ਦੇ ਅੰਗਿਆਰਾਂ ਲੂਹ ਤੇ ਜਦ ਵੀ ਚਾਵਾਂ ਖੰਭ ਖਿਲਾਰੇ ਮਨ ਦੀਆਂ ਮਨ ਵਿਚ ਥੱਕੇ ਹਾਰੇ ਵੰਗਾਂ ਵੇਚ ਮੁੜੇ ਵਣਜਾਰੇ ਇਕ ਸੂਰਤ ਨੇ ਸੁਰਤਾਂ ਲੁੱਟੀਆਂ ਦੂਜੀ ਮੂਰਤ ਮੁਸ਼ਕਾਂ ਕੱਸੀਆਂ ਸੱਧਰਾਂ ਦੱਬੀਆਂ ਰੋਟੀ ਰੋਜ਼ੀ ਅੱਖੀਆਂ ਅੱਗੇ ਘੁੰਮਣ ਤਾਰੇ ਵੰਗਾਂ ਵੇਚ ਮੁੜੇ ਵਣਜਾਰੇ ਮਨ ਦੀਆਂ ਮਨ ਵਿਚ ਥੱਕੇ ਹਾਰੇ ਜਿਹੜੀਆਂ ਪਿਆਰ ਜਤਾਉਂਦੀਆਂ ਵੰਗਾਂ ਵਿਰਲਿਆਂ ਹਿੱਸੇ ਆਉਂਦੀਆਂ ਵੰਗਾਂ ਉਸ ਦੇ ਨੈਣਾਂ ਦੇ ਵਿਚ ਟੁੱਟੀਆਂ ਜਿਸ ਨੂੰ ਪਿਆਰੇ ਲਾਏ ਲਾਰੇ ਮਨ ਦੀਆਂ ਮਨ ਵਿਚ ਥੱਕੇ ਹਾਰੇ ਵੰਗਾਂ ਵੇਚ ਮੁੜੇ ਵਣਜਾਰੇ ਗਲ਼ੀਏ ਗਲ਼ੀਏ ਤਿੜਕਣ ਵੰਗਾਂ ਨਾ ਉਹ ਸ਼ਰਮਾਂ ਨਾ ਉਹ ਸੰਗਾਂ ਖ਼ਣਕਣ ਕਿਧਰੇ ਟੁੱਟਣ ਕਿਧਰੇ ਤੱਕ ਵੰਗਾਂ ਦੇ ਰੰਗ ਨਿਆਰੇ ਵੰਗਾਂ ਵੇਚ ਮੁੜੇ ਵਣਜਾਰੇ ਮਨ ਦੀਆਂ ਮਨ ਵਿਚ ਥੱਕੇ ਹਾਰੇ ਵੰਗਾਂ ਸ਼ੌਕ ਤੇ ਵੰਗਾਂ ਚਾਅ ਬੱਸ ‘‘ਪਰਦੇਸੀ’’ ਹੀ ਬੇ-ਪਰਵਾਹ ਬੱਸ ਵੰਗਾਂ ਦੀ ਰੁੱਤ ਆਵੇ ਸਭ ਤੇ ਯਾ-ਰੱਬ ਵੰਗਾਂ ਦੇਣ ਹੁਲਾਰੇ ਵੰਗਾਂ ਵੇਚ ਮੁੜੇ ਵਣਜਾਰੇ ਮਨ ਦੀਆਂ ਮਨ ਵਿਚ ਥੱਕੇ ਹਾਰੇ ਵੰਗਾਂ ਵੇਚ ਮੁੜੇ ਵਣਜਾਰੇ ਵੰਗਾਂ ਵੇਚ ਮੁੜੇ ਵਣਜਾਰੇ

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਾਜਿੰਦਰ ਪ੍ਰਦੇਸੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ