Dohre : Khwaja Ghulam Farid Part (2)

ਦੋਹੜੇ : ਖ਼ਵਾਜਾ ਗ਼ੁਲਾਮ ਫ਼ਰੀਦ (ਭਾਗ-੨)


ਰੁਤੂੰ ਵਾਲੀਆਂ, ਰੱਬ ਲਾਏ ਨੀਂ ਸਾਵਣ,
ਕਾਈ ਮੀਂਹ ਮੇਹਰ ਦੇ ਵੱਸ ਗਏ ।

ਟੁਰ ਗਏ ਯਾਰ ਦਿਨਾਂ ਦੇ,
ਨ ਕੋਈ ਪਤਾ ਨਿਸ਼ਾਨੀ ਦੱਸ ਗਏ ।

ਊਂਹਾ ਵੇਲੇ ਸਾਨੂੰ ਚੇਤੇ ਆਵਣ,
ਜਦੂੰ ਨਾਲ ਅਸਾਂ ਦੇ ਹੱਸ ਗਏ ।

ਗੁਲਾਮ ਫ਼ਰੀਦ ਉਹ ਸਜਣ ਨਾਹ ਨੀਂ,
ਜਿਹੜੇ ਛੋੜ ਸੁਤੀ ਨੂੰ ਨੱਸ ਗਏ ।


ਕਾਸਦ ਪਠਾਂ ਯਾ ਮੈਂ ਆਪ ਵੰਝਾਂ,
ਲਿੱਖਾਂ ਚਿੱਠੀਆਂ ਜਾਂ ਹਾਲ ਪਵਾਵਾਂ ।

ਪਾੜ ਕੇ ਚੋਲਾ, ਲਾਜ ਵਾਲਾ,
ਗਲ ਕਫ਼ਨੀਂ ਪ੍ਰੀਤ ਦੀ ਪਾਵਾਂ ।

ਛੋੜ ਕੇ ਝੇੜੇ ਖੇੜਿਆਂ ਵਾਲੇ,
ਬੂਹੇ ਯਾਰ ਦੇ ਅਲਖ ਜਗਾਵਾਂ ।

ਆਪਣੀ ਤੋੜ ਫ਼ਰੀਦ ਨਿਭਾਵਾਂ,
ਅਗੂੰ ਭਾਵਾਂ ਖਾਹ ਨਾ ਭਾਵਾਂ ।


ਆ ਵੇ ਮਾਹੀ ਤੈਂ ਕੂੰ ਅਲ੍ਹਾ ਘਿਨ ਆਵੇ,
ਕਿਉਂ ਚਾਤੋਂ ਚਿਲ ਕੁਹਾੜੀ ।

ਉਮੈਦ ਹਾਈ ਲੱਖਾਂ ਦੀ ਮੈਕੂੰ,
ਤੈਂ ਤਾਂ ਹਿਕਾਂ ਤੋੜ ਨ ਚਾਹੜੀ ।

ਡੇਖ ਕੇ ਹਾਲ ਗਰੀਬੀ ਦਾ,
ਖਿਲ ਹੱਸ ਮਰੇਨਾ ਏਂ ਤਾੜੀ ।

ਮੰਦਾ ਥੀਵੇ ਫ਼ਰੀਦ ਉਨ੍ਹਾਂ ਦਾ,
ਜਿਨ੍ਹਾਂ ਵੱਸਦੀ ਝੋਕ ਉਜਾੜੀ ।


ਮੁਫ਼ਤ ਖਰੀਦ ਕਰੇ ਕੋਈ ਸਾਕੁੰ,
ਜਿਹੜਾ ਹਾਲ ਡਿਵੇ ਸਜਨਾਂ ਦਾ ।

ਜੈਂ ਡੇਹੁੰਦੇ ਲੰਘ ਸਜਣ ਸਧਾਣੇਂ,
ਵੈਂਦਾ ਜੋਫ਼ ਜਿਗਰ ਨੂੰ ਖਾਂਦਾ ।

ਮਲ੍ਹਮਾਂ ਪੱਟੀਆਂ ਤਾਂ ਮੈਂ ਬੱਧ-ਬੱਧ ਥੱਕੀਆਂ,
ਮੇਰਾ ਡੇਹੁੰ ਡੇਹੁੰ ਫੁਟ ਚਚਲਾਂਦਾ ।

ਆਖ ਗ਼ੁਲਾਮ ਸੋਹਣੇ ਯਾਰ ਸਾਨੂੰ,
ਸਾਡੀਆਂ ਖ਼ਬਰਾਂ ਕੋਈ ਨ ਲਾਹੰਦਾ ।


ਦੁਆ ਸਲਾਮ ਡਵਾਹਿਏ ਚਾ ਮੈਂਡਾ,
ਸਾਂਵਲ ਯਾਰ ਪੁੰਨਣ ਨੂੰ ।

ਡਿਹਾਂ ਰਾਤ ਮੈਂ ਇਵੇਂ ਤੱਕਾਂ
ਜਿਵਂ ਲੋਕ ਤਕੈਂਦੇ ਚੰਨ ਨੂੰ ।

ਅੰਦਰ ਸਾਡਾ ਫੋਲ ਕੇ ਡੇਖੋ,
ਜਿਵੇਂ ਰੂੜਾ ਪਵਨੁ ਬੰਨ ਨੂੰ ।

ਆਖ ਫ਼ਰੀਦ ਮਿਲ ਯਾਰ ਵੰਝੇ ਤਾਂ,
ਆਇਆ ਵੇਲਾ ਵਖ਼ਤ ਮਰਨ ਨੂੰ ।


ਲੋਕ ਕਹਿਣ ਜੋ ਮਜਨੂੰ ਨੂੰ,
ਤੇਰੀ ਲੈਲਾ ਕਾਲੀ ਮੱਸ ਏ ।

ਮਜਨੂੰ ਮੋੜ ਜਵਾਬ ਦਿਤੋ ਸੇ,
ਮੱਸ ਕੀਤਾ ਬੇ-ਵੱਸ ਏ ।

ਮੱਸ ਲਿਖੇਂਦੀ ਕੁਰਾਨ-ਕਤਾਬਾਂ,
ਮੱਸ ਲਿਖੇਂਦੀ ਖੱਤ ਏ ।

ਆਖ ਫ਼ਰੀਦ ਜੋ ਮੱਸ ਨ ਹੋਂਦੀ,
ਕੌਣ ਲਿਖੇਂਦਾ ਖੱਤ ਏ ।


ਮੁੱਦਤ ਹੋਈ ਲੈਲਾ ਮੋਈ,
ਮਜਨੂੰ ਆਣ ਖੜਾ ਕਬਰ ਤੇ ।

ਹਾਲ ਫ਼ਕੀਰੀ ਸ਼ੌਕ ਮਿਲਨ ਦਾ,
ਆਣ ਖੜਾ ਚੁਪ ਕਰ ਤੇ ।

ਲੈਲਾ ਦੇ ਹੱਥ ਦੋਵੇਂ ਕਾਦਰ,
ਉਠੀ ਖਲੀ ਕਲਮਾਂ ਪੜ ਤੇ ।

ਆਖ ਗ਼ੁਲਾਮ ਅਜੇਹਾ ਯਾਰ ਹੋਵੀ,
ਜਿਹੜਾ ਪੁਹਤੇ ਆਣ ਕਬਰ ਤੇ ।


ਸੂਰਤ ਵਾਲੇ ਮਾਣ ਕਰੇਂਦੇ,
ਟੁਰਦੇ ਸੀਨਾ ਕਢ ਕੇ ।

ਸੂਰਤ ਦੀ ਮਗਰੂਰੀ ਕੋਲੂੰ,
ਸਾਡੀ ਗਲ ਨ ਸੁਣਦੇ ਖੜ੍ਹਕੇ ।

ਲਗਨੀ ਭਾਹ ਤੇ ਹੋਵਨ ਸੁਆਹ,
ਸ਼ਾਲਾ ! ਜਾਵੀ ਸੀਨਾ ਸੜ ਕੇ ।

ਆਖ ਫ਼ਰੀਦ ਜਿਨ੍ਹਾਂ ਯਾਰ ਰਿੰਝਾਏ,
ਉਹ ਸੇਜ ਨ ਮਾਨਣ ਚੜ੍ਹ ਕੇ ।


ਅੱਖੀਂ ਦੇ ਨਾਲ ਅੱਖੀਆਂ ਰਲੀਆਂ,
ਵੰਝ ਇਸ਼ਕ ਦੀ ਮੌਜ ਨੂੰ ਵੜੀਆਂ ।

ਪਾਣੀ ਦੇ ਵਿਚ ਜਾਲ ਜਿਨ੍ਹਾਂ ਦੀ,
ਆਖਣ ਸੜੀਆਂ ਸੜੀਆਂ ।

ਯਾਰ ਜਿਨ੍ਹਾਂ ਦੇ ਨਿੱਤ ਪਰਦੇਸੀ,
ਉਹ ਰਾਹ ਭੁਲੇਂਦੀਆਂ ਨੁ ਖੜੀਂਆਂ ।

ਆਖ ਫ਼ਰੀਦ ਸੜਨ ਉਹ ਅੱਖੀਆਂ,
ਜੋ ਲੱਗੀਆਂ ਤੋੜ ਨ ਚੜ੍ਹੀਆਂ, ਕਰਮਾਂ ਸੜੀਆਂ ।

੧੦
ਲੋਕੀ ਆਹੁੰਦੇ ਲੰਮਾ ਭੈੜਾ,
ਤੇ ਲੋਕ ਲੰਮੇਂ ਦੇ ਬਾਂਦੇ ।

ਜੇਕਰ ਲੰਮਾ ਭੈੜਾ ਹੋਂਦਾ,
ਦਰਿਆ ਲੰਮੇ ਕਿਉਂ ਵਾਹੁੰਦੇ ।

ਜੇਕਰ ਲੰਮਾਂ ਭੈੜਾ ਹੋਂਦਾ,
ਦੇਹੁੰ ਲੰਮੇਂ ਕਿਉਂ ਲਾਹੁੰਦੇ ।

ਆਖ ਫ਼ਰੀਦ ਸਾਨੂੰ ਲੰਮਾ ਚੰਗਾ,
ਸਾਡੇ ਯਾਰ ਜੁ ਲੰਮੇਂ ਰਾਹੰਦੇ ।

੧੧
ਹਾਲ ਮੈਂਡਾ ਅੱਲਾ ਪਾਕ ਜਾਣੇਂ,
ਤੇ ਮੈਨੂੰ ਲੋਕ ਕਹਿਣ ਪਰਮੇਹੇ ।

ਆਖ ਗਏ ਤੇ ਵਲ ਨ ਆਏ,
ਸਾਡੇ ਯਾਰ ਵੀ ਈਹੋ ਜੇਹੇ ।

ਕੂੜੇ ਕੌਲ ਇਕਰਾਰ ਕੀਤੋ ਨੇਂ,
ਤੇਰੇ ਬੇ-ਇਤਬਾਰ ਸੁਨੇਹੇ ।

ਆਖ਼ ਫ਼ਰੀਦ ਜਿਥੇ ਨੇਹੁੰ ਲੱਗਾ,
ਓਥੇ ਲੇਖੇ ਕਰਨੇਂ ਕੇਹੇ ।

੧੨
ਅੱਧੀ ਅੱਧੀ ਰਾਤੀਂ ਨ ਛੇੜ ਮਹੀਂ ਨੂੰ,
ਮੈਂ ਹੀਰ ਹੁੜੇਨੀਆਂ ਤੈਨੂੰ ।

ਬੂਟੇ ਬੂਟੇ ਨਾਗ ਪਲਮਦੇ,
ਮੱਤਾਂ ਡੰਗ ਮਰੇਨੀਂ ਤੈਨੂੰ ।

ਚੂਚਕ ਬਾਬਲ ਦਾ ਕੀ ਕੁਝ ਵੈਸੀ,
ਮੀਆਂ ਬਾਲ ਰੰਡੇਪਾ ਮੈਨੂੰ ।

ਗ਼ੁਲਾਮ ਫ਼ਰੀਦ ਤੂੰ ਦਿਲ ਦਾ ਮਾਹਰਮ,
ਮੈਂ ਹਾਲ ਸੁਣੈਸਾਂ ਕੈਹਨੂੰ ।

੧੩
ਮੈਂ ਸੁੰਞੀ ਮੇਰੀ ਕਿਸਮਤ ਸੁੰਞੀ,
ਤੂੰ ਤਾਰਾ ਹੇਂ ਫ਼ਜ਼ਰ ਦਾ ।

ਤੈਨੂੰ ਮਾਣ ਹੁਸਨ ਦਾ ਜੀਵੇਂ,
ਮੈਂ ਕੂੰ ਮਾਣ ਸੱਬਰ ਦਾ ।

ਡਾਢਾ ਇਸ਼ਕ ਕੁਵਲੜਾ ਹੋਂਦਾ ਏ,
ਜਿਵੇਂ ਹੋਂਦਾ ਡੁਖ ਕਬਰ ਦਾ ।

ਆਖ ਗ਼ੁਲਾਮ ਢਠੀ ਦਰ ਤੇਰੇ,
ਤੂੰ ਹੇਂ ਹਾਦੀ ਏਸ ਬਸ਼ਰ ਦਾ ।

(ਨੋਟ: ਇਹ ੧-੧੩ ਤੱਕ ਦੋਹੜੇ
ਕਰਤਾਰ ਸਿੰਘ ਸ਼ਮਸ਼ੇਰ ਹੋਰਾਂ ਦੀ
ਸੰਪਾਦਿਤ ਕਿਤਾਬ 'ਨੀਲੀ ਤੇ ਰਾਵੀ'
ਵਿੱਚੋਂ ਲਏ ਗਏ ਹਨ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਖ਼ਵਾਜਾ ਗ਼ੁਲਾਮ ਫ਼ਰੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ