Dohre : Baba Bullhe Shah

ਦੋਹੜੇ : ਬਾਬਾ ਬੁੱਲ੍ਹੇ ਸ਼ਾਹ


ਆਪਣੇ ਤਨ ਦੀ ਖ਼ਬਰ ਨਾ ਕਾਈ, ਸਾਜਨ ਦੀ ਖ਼ਬਰ ਲਿਆਵੇ ਕੌਣ।
ਨਾ ਹੂੰ ਖ਼ਾਕੀ ਨਾ ਹੂੰ ਆਤਸ਼ , ਨਾ ਹੂੰ ਪਾਣੀ ਪਉਣ ।
ਕੁੱਪੇ ਵਿਚ ਰੋੜ ਖੜਕਦੇ , ਮੂਰਖ ਆਖਣ ਬੋਲੇ ਕੌਣ ।
ਬੁੱਲ੍ਹਾ ਸਾਈਂ ਘਟ ਘਟ ਰਵਿਆ,ਜਿਉਂ ਆਟੇ ਵਿਚ ਲੌਣ ।

ਅੱਲ੍ਹਾ ਤੋਂ ਮੈਂ ਤੇ ਕਰਜ਼ ਬਣਾਇਆ, ਹੱਥੋਂ ਤੂੰ ਮੇਰਾ ਕਰਜ਼ਾਈ ।
ਓਥੇ ਤਾਂ ਮੇਰੀ ਪ੍ਰਵਰਿਸ਼ ਕੀਤੀ, ਜਿੱਥੇ ਕਿਸੇ ਨੂੰ ਖ਼ਬਰ ਨਾ ਕਾਈ ।
ਓਥੋਂ ਤਾਂਹੀਂ ਆਏ ਏਥੇ , ਜਾਂ ਪਹਿਲੋਂ ਰੋਜ਼ੀ ਆਈ ।
ਬੁੱਲ੍ਹੇ ਸ਼ਾਹ ਹੈ ਆਸ਼ਕ ਉਸਦਾ, ਜਿਸ ਤਹਿਕੀਕ ਹਕੀਕਤ ਪਾਈ ।

ਅਰਬਾ-ਅਨਾਸਰ ਮਹਿਲ ਬਣਾਯੋ, ਵਿਚ ਵੜ ਬੈਠਾ ਆਪੇ ।
ਆਪੇ ਕੁੜੀਆਂ ਆਪੇ ਨੀਂਗਰ, ਆਪੇ ਬਣਨਾ ਏਂ ਮਾਪੇ ।
ਆਪੇ ਮਰੇਂ ਤੇ ਆਪੇ ਜੀਵੇਂ, ਆਪੇ ਕਰੇਂ ਸਿਆਪੇ ।
ਬੁੱਲ੍ਹਿਆ ਜੋ ਕੁਝ ਕੁਦਰਤ ਰੱਬ ਦੀ, ਆਪੇ ਆਪ ਸਿੰਞਾਪੇ ।

ਭੱਠ ਨਮਾਜ਼ਾਂ ਤੇ ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ, ਭੁੱਲੀ ਫਿਰੇ ਲੁਕਾਈ ।

ਬੁੱਲ੍ਹਾ ਕਸਰ ਨਾਮ ਕਸੂਰ ਹੈ, ਓਥੇ ਮੂੰਹੋਂ ਨਾ ਸਕਣ ਬੋਲ ।
ਓਥੇ ਸੱਚੇ ਗਰਦਨ ਮਾਰੀਏ, ਓਥੇ ਝੂਠੇ ਕਰਨ ਕਲੋਲ ।

ਬੁੱਲ੍ਹੇ ਚਲ ਬਾਵਰਚੀਖਾਨੇ ਯਾਰ ਦੇ, ਜਿੱਥੇ ਕੋਹਾ ਕੋਹੀ ਹੋ ।
ਓਥੇ ਮੋਟੇ ਕੁੱਸਣ ਬੱਕਰੇ, ਤੂੰ ਲਿੱਸਾ ਮਿਲੇ ਨਾ ਢੋ ।

ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ ।
ਵਿਚ ਮਸੀਤਾਂ ਕੀ ਕੁਝ ਹੁੰਦਾ, ਜੋ ਦਿਲੋਂ ਨਮਾਜ਼ ਨਾ ਕੀਤੀ ।
ਬਾਹਰੋਂ ਪਾਕ ਕੀਤੇ ਕੀ ਹੁੰਦਾ, ਜੇ ਅੰਦਰੋਂ ਨਾ ਗਈ ਪਲੀਤੀ ।
ਬਿਨ ਮੁਰਸ਼ਦ ਕਾਮਲ ਬੁੱਲ੍ਹਿਆ,ਤੇਰੀ ਐਵੇਂ ਗਈ ਇਬਾਦਤ ਕੀਤੀ।

ਬੁੱਲ੍ਹੇ ਕੋਲੋਂ ਚੁੱਲ੍ਹਾ ਚੰਗਾ, ਜਿਸ ਪਰ ਤਾਅਮ ਪਕਾਈ ਦਾ ।
ਰਲ ਫ਼ਕੀਰਾਂ ਮਜਲਿਸ ਕੀਤੀ, ਭੋਰਾ ਭੋਰਾ ਖਾਈ ਦਾ ।

ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ ।
ਨਾ ਕੋਈ ਸਾਡੀ ਕਦਰ (ਜ਼ਾਤ) ਪਛਾਣੇ, ਨਾ ਕੋਈ ਸਾਨੂੰ ਮੰਨੇ ।
੧੦
ਬੁੱਲ੍ਹੇ ਸ਼ਾਹ ਉਹ ਕੌਣ ਹੈ, ਉਤਮ ਤੇਰਾ ਯਾਰ ।
ਓਸੇ ਕੇ ਹਾਥ ਕੁਰਾਨ ਹੈ, ਓਸੇ ਗਲ ਜ਼ੁੰਨਾਰ ।
੧੧
ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ ।
ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ ।
੧੨
ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ ।
ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ ।
੧੩
ਬੁੱਲ੍ਹਿਆ ਆਉਂਦਾ ਸਾਜਨ ਵੇਖ ਕੇ, ਜਾਂਦਾ ਮੂਲ ਨਾ ਵੇਖ ।
ਮਾਰੇ ਦਰਦ ਫਰਾਕ ਦੇ, ਬਣ ਬੈਠੇ ਬਾਹਮਣ ਸ਼ੇਖ ।
੧੪
ਬੁੱਲ੍ਹਿਆ ਚਲ ਸੁਨਿਆਰ ਦੇ, ਜਿੱਥੇ ਗਹਿਣੇ ਘੜੀਏ ਲਾਖ ।
ਸੂਰਤ ਆਪੋ ਆਪਣੀ, ਤੂੰ ਇਕੋ ਰੂਪਾ ਆਖ ।
੧੫
ਬੁੱਲ੍ਹਿਆ ਚੇਰੀ ਮੁਸਲਮਾਨ ਦੀ, ਹਿੰਦੂ ਤੋਂ ਕੁਰਬਾਨ ।
ਦੋਹਾਂ ਤੋਂ ਪਾਣੀ ਵਾਰ ਪੀ, ਜੋ ਕਰੇ ਭਗਵਾਨ ।
੧੬
ਬੁੱਲ੍ਹਿਆ ਧਰਮਸਾਲਾ ਧੜਵਾਈ ਰਹਿੰਦੇ, ਠਾਕੁਰ ਦੁਆਰੇ ਠੱਗ ।
ਵਿਚ ਮਸੀਤਾਂ ਕੁਸੱਤਈਏ ਰਹਿੰਦੇ, ਆਸ਼ਕ ਰਹਿਣ ਅਲੱਗ ।
੧੭
ਬੁੱਲ੍ਹਿਆ ਧਰਮਸਾਲਾ ਵਿਚ ਨਾਹੀਂ, ਜਿੱਥੇ ਮੋਮਨ ਭੋਗ ਪਵਾਏ।
ਵਿੱਚ ਮਸੀਤਾਂ ਧੱਕੇ ਮਿਲਦੇ, ਮੁੱਲਾਂ ਤਿਊੜੀ ਪਾਏ ।
ਦੌਲਤਮੰਦਾਂ ਨੇ ਬੂਹਿਆਂ ਉੱਤੇ, ਰੋਬਦਾਰ ਬਹਾਏ ।
ਪਕੜ ਦਰਵਾਜ਼ਾ ਰੱਬ ਸੱਚੇ ਦਾ,ਜਿੱਥੋਂ ਦੁੱਖ ਦਿਲ ਦਾ ਮਿਟ ਜਾਏ।
੧੮
ਬੁੱਲ੍ਹਿਆ ਗ਼ੈਨ ਗ਼ਰੂਰਤ ਸਾੜ ਸੁੱਟ, ਤੇ ਮਾਣ ਖੂਹੇ ਵਿਚ ਪਾ ।
ਤਨ ਮਨ ਦੀ ਸੁਰਤ ਗਵਾ ਵੇ, ਘਰ ਆਪ ਮਿਲੇਗਾ ਆ ।
੧੯
ਬੁੱਲ੍ਹਿਆ ਹਰ ਮੰਦਰ ਮੇਂ ਆਇਕੇ, ਕਹੋ ਲੇਖਾ ਦਿਓ ਬਤਾ ।
ਪੜ੍ਹੇ ਪੰਡਿਤ ਪਾਂਧੇ ਦੂਰ ਕੀਏ, ਅਹਿਮਕ ਲੀਏ ਬੁਲਾ ।
੨੦
ਬੁੱਲ੍ਹਿਆ ਹਿਜਰਤ ਵਿਚ ਇਸਲਾਮ ਦੇ, ਮੇਰਾ ਨਿੱਤ ਹੈ ਖ਼ਾਸ ਅਰਾਮ ।
ਨਿੱਤ ਨਿੱਤ ਮਰਾਂ ਤੇ ਨਿੱਤ ਨਿੱਤ ਜੀਵਾਂ, ਮੇਰਾ ਨਿੱਤ ਨਿੱਤ ਕੂਚ ਮੁਕਾਮ ।
੨੧
ਬੁੱਲ੍ਹਿਆ ਇਸ਼ਕ ਸਜਣ ਦੇ ਆਏ ਕੇ, ਸਾਨੂੰ ਕੀਤੋ ਸੂ ਡੂਮ ।
ਉਹ ਪ੍ਰਭਾ ਅਸਾਡਾ ਸਖ਼ੀ ਹੈ, ਮੈਂ ਸੇਵਾ ਕਨੂੰ ਸੂਮ ।
੨੨
ਬੁੱਲ੍ਹਿਆ ਜੈਸੀ ਸੂਰਤ ਐਨ ਦੀ, ਤੈਸੀ ਸੂਰਤ ਗ਼ੈਨ।
ਇਕ ਨੁੱਕਤੇ ਦਾ ਫੇਰ ਹੈ , ਭੁੱਲਾ ਫਿਰੇ ਜਹਾਨ ।
੨੩
ਬੁੱਲ੍ਹਿਆ ਜੇ ਤੂੰ ਗ਼ਾਜ਼ੀ ਬਣਨੈਂ, ਲੱਕ ਬੰਨ੍ਹ ਤਲਵਾਰ।
ਪਹਿਲੋਂ ਰੰਘੜ ਮਾਰ ਕੇ , ਪਿੱਛੋਂ ਕਾਫਰ ਮਾਰ ।
੨੪
ਬੁੱਲ੍ਹਿਆ ਕਣਕ ਕੌਡੀ ਕਾਮਨੀ, ਤੀਨੋਂ ਹੀ ਤਲਵਾਰ ।
ਆਏ ਥੇ ਨਾਮ ਜਪਨ ਕੋ, ਔਰ ਵਿੱਚੇ ਲੀਤੇ ਮਾਰ ।
੨੫
ਬੁੱਲ੍ਹਿਆ ਕਸੂਰ ਬੇਦਸਤੂਰ, ਓਥੇ ਜਾਣਾ ਬਣਿਆ ਜ਼ਰੂਰ ।
ਨਾ ਕੋਈ ਪੁੰਨ ਨਾ ਦਾਨ ਹੈ, ਨਾ ਕੋਈ ਲਾਗ ਦਸਤੂਰ ।
੨੬
ਬੁੱਲ੍ਹਿਆ ਖਾ ਹਰਾਮ ਤੇ ਪੜ੍ਹ ਸ਼ੁਕਰਾਨਾ, ਕਰ ਤੌਬਾ ਤਰਕ ਸਵਾਬੋਂ ।
ਛੋੜ ਮਸੀਤ ਤੇ ਪਕੜ ਕਿਨਾਰਾ , ਤੇਰੀ ਛੁੱਟਸੀ ਜਾਨ ਅਜ਼ਾਬੋਂ ।
ਉਹ ਹਰਫ਼ ਨਾ ਪੜ੍ਹੀਏ ਮਤ , ਰਹਿਸੀ ਜਾਨ ਜਵਾਬੋਂ ।
ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਮਨ੍ਹਾ ਨਾ ਕਰਨ ਸ਼ਰਾਬੋਂ ।
੨੭
ਬੁੱਲ੍ਹਿਆ ਮਨ ਮੰਜੋਲਾ ਮੁੰਜ ਦਾ, ਕਿਤੇ ਗੋਸ਼ੇ ਬਹਿਕੇ ਕੁੱਟ ।
ਇਹ ਖਜ਼ਾਨਾ ਤੈਨੂੰ ਅਰਸ਼ ਦਾ, ਤੂੰ ਸੰਭਲ ਸੰਭਲ ਕੇ ਲੁੱਟ ।
੨੮
ਬੁੱਲ੍ਹਿਆ ਮੈਂ ਮਿੱਟੀ ਘੁਮਿਆਰ ਦੀ, ਗੱਲ ਆਖ ਨਾ ਸਕਦੀ ਏਕ ।
ਤਤੜ ਮੇਰਾ ਕਿਉਂ ਘੜਿਆ, ਮਤ ਜਾਏ ਅਲੇਕ ਸਲੇਕ ।
੨੯
ਬੁੱਲ੍ਹਿਆ ਮੁੱਲਾਂ ਅਤੇ ਮਸਾਲਚੀ, ਦੋਹਾਂ ਇੱਕੋ ਚਿੱਤ ।
ਲੋਕਾਂ ਕਰਦੇ ਚਾਨਣਾ, ਆਪ ਹਨੇਰੇ ਵਿਚ ।
੩੦
ਬੁੱਲ੍ਹਿਆ ਪੈਂਡੇ ਪੜੇ ਪ੍ਰੇਮ ਕੇ, ਕੀਆ ਪੈਂਡਾ ਆਵਾਗੌਣ ।
ਅੰਧੇ ਕੋ ਅੰਧਾ ਮਿਲ ਗਿਆ, ਰਾਹ ਬਤਾਵੇ ਕੌਣ ।
੩੧
ਬੁੱਲ੍ਹਿਆ ਪਰਸੋਂ ਕਾਫ਼ਰ ਥੀ ਗਇਉਂ, ਬੁੱਤ ਪੂਜਾ ਕੀਤੀ ਕੱਲ੍ਹ ।
ਅਸੀਂ ਜਾ ਬੈਠੇ ਘਰ ਆਪਣੇ, ਓਥੇ ਕਰਨ ਨਾ ਮਿਲੀਆ ਗੱਲ ।
੩੨
ਬੁੱਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ, ਹੇਠ ਬਾਲ ਹੱਡਾਂ ਦੀ ਅੱਗ ।
ਚੋਰੀ ਕਰ ਤੇ ਭੰਨ ਘਰ ਰੱਬ ਦਾ, ਓਸ ਠੱਗਾਂ ਦੇ ਠੱਗ ਨੂੰ ਠੱਗ ।
੩੩
ਬੁੱਲ੍ਹਿਆ ਕਾਜ਼ੀ ਰਾਜ਼ੀ ਰਿਸ਼ਵਤੇ, ਮੁੱਲਾਂ ਰਾਜ਼ੀ ਮੌਤ ।
ਆਸ਼ਕ ਰਾਜ਼ੀ ਰਾਗ ਤੇ, ਨਾ ਪਰਤੀਤ ਘਟ ਹੋਤ ।
੩੪
ਬੁੱਲ੍ਹਿਆ ਰੰਗ ਮਹੱਲੀਂ ਜਾ ਚੜ੍ਹਿਉਂ, ਲੋਕੀ ਪੁੱਛਣ ਆਖਣ ਖੈਰ ।
ਅਸਾਂ ਇਹ ਕੁਝ ਦੁਨੀਆਂ ਤੋਂ ਵੱਟਿਆ,ਮੂੰਹ ਕਾਲਾ ਤੇ ਨੀਲੇ ਪੈਰ ।
੩੫
ਬੁੱਲ੍ਹਿਆ ਸਭ ਮਜਾਜ਼ੀ ਪੌੜੀਆਂ, ਤੂੰ ਹਾਲ ਹਕੀਕਤ ਵੇਖ ।
ਜੋ ਕੋਈ ਓਥੇ ਪਹੁੰਚਿਆ ਚਾਹੇ, ਭੁੱਲ ਜਾਏ ਸਲਾਮਅਲੇਕ ।
੩੬
ਬੁੱਲ੍ਹਿਆ ਵਾਰੇ ਜਾਈਏ ਉਨ੍ਹਾਂ ਤੋਂ,ਜਿਹੜੇ ਗੱਲੀਂ ਦੇਣ ਪ੍ਰਚਾ ।
ਸੂਈ ਸਲਾਈ ਦਾਨ ਕਰਨ, ਤੇ ਆਹਰਣ ਲੈਣ ਛੁਪਾ ।
੩੭
ਬੁੱਲ੍ਹਿਆ ਵਾਰੇ ਜਾਈਏ ਉਹਨਾਂ ਤੋਂ,ਜਿਹੜੇ ਮਾਰਨ ਗੱਪ ਸੜੱਪ ।
ਕਉਡੀ ਲੱਭੀ ਦੇਣ ਚਾ, ਤੇ ਬੁਗ਼ਚਾ ਘਊ-ਘੱਪ ।
੩੮
ਫਿਰੀ ਰੁੱਤ ਸ਼ਗੂਫਿਆਂ ਵਾਲੀ, ਚਿੜੀਆਂ ਚੁਗਣ ਨੂੰ ਆਈਆਂ ।
ਇਕਨਾ ਨੂੰ ਜੁਰਿਆਂ ਲੈ ਖਾਧਾ, ਇਕਨਾ ਨੂੰ ਫਾਹੀਆਂ ਲਾਈਆਂ ।
ਇਕਨਾ ਨੂੰ ਆਸ ਮੁੜਨ ਦੀ ਆਹੀ, ਇਕ ਸੀਖ ਕਬਾਬ ਚੜ੍ਹਾਈਆਂ ।
ਬੁੱਲ੍ਹੇ ਸ਼ਾਹ ਕੀ ਵੱਸ ਉਨ੍ਹਾਂ ਦੇ, ਉਹ ਕਿਸਮਤ ਮਾਰ ਵਸਾਈਆਂ ।
੩੯
ਹੋਰ ਨੇ ਸੱਭੇ ਗਲੜੀਆਂ, ਅੱਲ੍ਹਾ ਅੱਲ੍ਹਾ ਦੀ ਗੱਲ ।
ਕੁਝ ਰੌਲਾ ਪਾਇਆ ਆਲਮਾਂ, ਕੁਝ ਕਾਗਜ਼ ਪਾਯਾ ਝੱਲ ।
੪੦
ਇਨ ਕੋ ਮੁੱਖ ਦਿਖਲਾਏ ਹੈ, ਜਿਨ ਸੋ ਇਸ ਕੀ ਪ੍ਰੀਤ ।
ਇਨ ਕੋ ਹੀ ਮਿਲਤਾ ਹੈ, ਵੋਹ ਜੋ ਇਸ ਕੇ ਹੈਂ ਮੀਤ ।
੪੧
ਇਸ ਕਾ ਮੁੱਖ ਇਕ ਜੋਤ ਹੈ, ਘੁੰਘਟ ਹੈ ਸੰਸਾਰ ।
ਘੁੰਘਟ ਮੇਂ ਵੋਹ ਛੁੱਪ ਗਿਆ, ਮੁੱਖ ਪਰ ਆਂਚਲ ਡਾਰ ।
੪੨
ਇੱਟ ਖੜਿਕੇ ਦੁੱਕੁੜ ਵੱਜੇ, ਤੱਤਾ ਹੋਵੇ ਚੁੱਲ੍ਹਾ ।
ਆਵਣ ਫ਼ਕੀਰ ਤੇ ਖਾ ਖਾ ਜਾਵਣ,ਰਾਜ਼ੀ ਹੋਵੇ ਬੁੱਲ੍ਹਾ ।
੪੩
ਕਣਕ ਕੌਡੀ ਕਾਮਨੀ, ਤੀਨੋਂ ਹੀ ਤਲਵਾਰ ।
ਆਇਆ ਸੈਂ ਜਿਸ ਬਾਤ ਕੋ, ਭੂਲ ਗਈ ਵੋਹ ਬਾਤ ।
੪੪
ਮੂੰਹ ਦਿਖਲਾਵੇ ਔਰ ਛਪੇ, ਛਲ ਬਲ ਹੈ ਜਗ ਦੇਸ ।
ਪਾਸ ਰਹੇ ਔਰ ਨਾ ਮਿਲੇ, ਇਸ ਕੇ ਬਿਸਵੇ ਭੇਸ ।
੪੫
ਨਾ ਖ਼ੁਦਾ ਮਸੀਤੇ ਲਭਦਾ, ਨਾ ਖ਼ੁਦਾ ਵਿਚ ਕਾਅਬੇ ।
ਨਾ ਖ਼ੁਦਾ ਕੁਰਾਨ ਕਿਤਾਬਾਂ, ਨਾ ਖ਼ੁਦਾ ਨਮਾਜ਼ੇ ।
੪੬
ਨਾ ਖ਼ੁਦਾ ਮੈਂ ਤੀਰਥ ਡਿੱਠਾ, ਐਵੇਂ ਪੈਂਡੇ ਝਾਗੇ ।
ਬੁੱਲ੍ਹਾ ਸ਼ਹੁ ਜਦ ਮੁਰਸ਼ਦ ਮਿਲ ਗਿਆ, ਟੁੱਟੇ ਸਭ ਤਗਾਦੇ ।
੪੭
ਰੰਘੜ ਨਾਲੋਂ ਖਿੰਘਰ ਚੰਗਾ, ਜਿਸ ਪਰ ਪੈਰ ਘਸਾਈਦਾ ।
ਬੁੱਲ੍ਹਾ ਸ਼ਹੁ ਨੂੰ ਸੋਈ ਪਾਵੇ , ਜੋ ਬੱਕਰਾ ਬਣੇ ਕਸਾਈ ਦਾ ।
੪੮
ਠਾਕੁਰ ਦੁਆਰੇ ਠੱਗ ਬਸੇਂ, ਭਾਈ ਦਵਾਰ ਮਸੀਤ ।
ਹਰਿ ਕੇ ਦਵਾਰੇ ਭਿੱਖ ਬਸੇਂ, ਹਮਰੀ ਇਹ ਪਰਤੀਤ ।
੪੯
ਉਹ ਹਾਦੀ ਮੇਰੇ ਅੰਦਰ ਬੋਲਿਆ, ਰੁੜ੍ਹ ਪੁੜ੍ਹ ਗਏ ਗੁਨਾਹਾਂ ।
ਪਹਾੜੀਂ ਲੱਗਾ ਬਾਜਰਾ, ਸ਼ਹਿਤੂਤ ਲੱਗੇ ਫਰਵਾਹਾਂ ।
੫੦
ਵਹਦਤ ਦੇ ਦਰਿਆ ਦਸੇਂਦੇ, ਮੇਰੀ ਵਹਦਤ ਕਿਤ ਵਲ ਧਾਈ।
ਮੁਰਸ਼ਦ ਕਾਮਿਲ ਪਾਰ ਲੰਘਾਇਆ , ਬਾਝ ਤੁਲ੍ਹੇ ਸਰਨਾਹੀ ।
੫੧
ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜਿਚਰ ਦਿਲੋਂ ਨਾ ਆਪ ਮੁਕਾਈਏ ।
ਗੰਗਾ ਗਿਆਂ ਗੱਲ ਮੁਕਦੀ ਨਾਹੀਂ, ਭਾਵੇਂ ਸੌ ਸੌ ਗ਼ੋਤੇ ਲਾਈਏ ।
ਗਇਆ ਗਇਆਂ ਗੱਲ ਮੁਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ ।
ਬੁਲ੍ਹਾ ਸ਼ਾਹ ਗੱਲ ਮੁਕਦੀ ਤਾਹੀਂ, ਜਦ ਮੈਂ ਨੂੰ ਖੜੇ ਲੁਟਾਈਏ ।

  • ਮੁੱਖ ਪੰਨਾ : ਮੁਕੰਮਲ ਕਲਾਮ ਬਾਬਾ ਬੁੱਲ੍ਹੇ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ